ਤਾਂ ਵਸਿ ਆਵੀ ਕੰਤੁ 

0
591

ਤਾਂ ਵਸਿ ਆਵੀ ਕੰਤੁ 

ਰਣਜੀਤ ਸਿੰਘ B.Sc., M.A., M.Ed. (ਲੁਧਿਆਣਾ)- 99155-15436

 ੴ ਸਤਿ ਗੁਰ ਪ੍ਰਸਾਦਿ

ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਕੇਵਲ ਤੇ ਕੇਵਲ ਮਨੁੱਖ ਹੀ ਇੱਕ ਸਮਝਦਾਰ ਜੀਵ ਹੈ, ਜਿਸ ਨੂੰ ਆਪਣੀ ਮੰਜ਼ਲ ਸਰ ਕਰਨ ਲਈ ਅਕਾਲ ਪੁਰਖ ਨੇ ਸੰਪੂਰਨ ਵਿਕਸਤ ਕੀਤਾ ਹੋਇਆ ਦਿਮਾਗ਼ ਬਖ਼ਸ਼ਸ਼ ਕੀਤਾ ਹੈ। ਗੁਰੂ ਅਮਰਦਾਸ ਜੀ ‘ਅਨੰਦ’ ਬਾਣੀ ਵਿੱਚ ਫ਼ੁਰਮਾਉਂਦੇ ਹਨ ਕਿ ਜਨਮ ਲੈਣ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਮਨੁੱਖ ਦੀ ਪ੍ਰਮਾਤਮਾ ਨਾਲ ਲਿਵ ਜੁੜੀ ਹੋਈ ਸੀ। ਜਿਉਂ ਹੀ ਉਸ ਦਾ ਜਨਮ ਹੋਇਆ ਲਿਵ ਟੁਟ ਗਈ ਤੇ ਸੰਸਾਰਿਕ ਮੋਹ ਵਿੱਚ ਫਸ ਗਿਆ। ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਲਿਵ ਛੁੜਕੀ ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਮਹਲਾ /੯੨੧) ਇਹ ਟੁੱਟੀ ਹੋਈ ਲਿਵ ਪ੍ਰਮਾਤਮਾ ਨਾਲ ਕਿਵੇਂ ਜੁੜੇ ? ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਬਾਣੀ ਮਨੁੱਖ ਨੂੰ ਇਸ ਪ੍ਰਤੀ ਅਗਵਾਈ ਦਿੰਦੀ ਹੈ। ਦੁਨਿਆਵੀ ਤੌਰ ’ਤੇ ਵੀ ਦੇਖਿਆ ਜਾਏ ਕਿ ਕਿਸੇ ਇੱਕ ਵਿਅਕਤੀ ਦੀ ਪ੍ਰੀਤ ਕਿਸੇ ਦੂਜੇ ਨਾਲ ਕਿਵੇਂ ਬਣ ਸਕਦੀ ਹੈ ਜਾਂ ਇਹ ਕਹਿ ਲਈਏ ਕਿ ਧਨ ਅਤੇ ਪਿਰ ਜਾਂ ਪਤੀ ਅਤੇ ਪਤਨੀ ਦੀ ਪ੍ਰੀਤ ਕਿਵੇਂ ਨਿਭ ਸਕਦੀ ਹੈ ? ਬਾਬਾ ਫ਼ਰੀਦ ਜੀ ਪ੍ਰਸ਼ਨ ਕਰਦੇ ਹਨ ‘‘ਕਵਣੁ ਸੁ ਅਖਰੁ ? ਕਵਣੁ ਗੁਣੁ  ? ਕਵਣੁ ਸੁ ਮਣੀਆ ਮੰਤੁ ?   ਕਵਣੁ ਸੁ ਵੇਸੋ ਹਉ ਕਰੀ ? ਜਿਤੁ ਵਸਿ ਆਵੈ ਕੰਤੁ ੧੨੬’’ (ਬਾਬਾ ਫ਼ਰੀਦ ਜੀ/੧੩੮੪) ਭਾਵ ਮੈਂ ਕਿਹੜੇ ਬੋਲ ਬੋਲਾਂ, ਕਿਹੜੇ ਗੁਣ ਧਾਰਨ ਕਰਾਂ ਅਤੇ ਕਿਹੜਾ ਵੇਸ ਧਾਰਨ ਕਰਾਂ ਤਾਂ ਜੋ ਮੈਂ ਪਿਰ (ਪਤੀ) ਨੂੰ ਰਿਝਾ ਸਕਾਂ। ਇਸ ਦੇ ਜਵਾਬ ਵਿੱਚ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਸਮਝਾਉਂਦੇ ਹਨ ‘‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ   ਤ੍ਰੈ ਭੈਣੇ  ! ਵੇਸ ਕਰਿ; ਤਾਂ ਵਸਿ ਆਵੀ ਕੰਤੁ ੧੨੭’’ (ਬਾਬਾ ਫ਼ਰੀਦ ਜੀ/੧੩੮੪) ਭਾਵ ਨਿਮਰਤਾ ਵਿੱਚ ਰਹਿਣਾ, ਖਿਮਾ ਧਾਰਨ ਕਰਨੀ, ਮੁੱਖ ਤੋਂ ਮਿਠੇ ਬਚਨ ਬੋਲਣੇ ਆਦਿ ਗੁਣ ਧਾਰਨ ਕਰਨ ਨਾਲ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਸਕਦੀ ਹੈ।

ਸੰਸਾਰ ਵਿੱਚ ਰਹਿੰਦੇ ਹੋਏ ਗ੍ਰਹਿਸਤ ਜੀਵਨ ਦੀ ਗੱਡੀ ਚਲਾਉਣ ਲਈ ਵੀ ਇਨ੍ਹਾਂ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਪਤੀ ਪਤਨੀ ਦੋਵੇਂ ਇਨ੍ਹਾਂ ਗੁਣਾਂ ਦੇ ਧਾਰਨੀ ਹੋ ਕੇ, ਪ੍ਰਭੂ ਪਤੀ ਨਾਲ ਪਿਆਰ ਪਾ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਨ ਪ੍ਰੰਤੂ ਜੇ ਅਸੀਂ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਸਾਡਾ ਸਮਾਜ ਮੁੱਢ ਕਦੀਮ ਤੋਂ ਹੀ ਮਰਦ ਪ੍ਰਧਾਨ ਸਮਾਜ ਰਿਹਾ ਹੈ। ਜਿਸ ਵਿੱਚ ਔਰਤ ਦਾ ਦਰਜਾ; ਮਰਦ ਨਾਲੋਂ ਨੀਵੇਂ ਪੱਧਰ ਦਾ ਸਮਝਿਆ ਜਾਂਦਾ ਰਿਹਾ ਹੈ।

ਮਨੁੱਖ ਦੇ ਉੱਤੇ ਔਰਤ ਜਾਤੀ ਦਾ ਵੱਡਾ ਪਰਉਪਕਾਰ ਰਿਹਾ ਹੈ। ਕਦੀ ਮਾਂ ਦੇ ਰੂਪ ਵਿੱਚ, ਕਦੀ ਭੈਣ ਦੇ ਰੂਪ ਵਿੱਚ, ਕਦੀ ਧੀ ਬਣ ਕੇ ਤੇ ਕਦੀ ਪਤਨੀ ਬਣ ਕੇ ਇਸ ਨੇ ਮਰਦ ਦੀ ਹਰ ਤਰ੍ਹਾਂ ਸੇਵਾ ਕੀਤੀ ਪਰ ਫਿਰ ਉਸ ਨੂੰ ਵੀ ਕਦੀ ਧੀ ਬਣ ਕੇ ਤੇ ਕਦੀ ਨੂੰਹ ਬਣ ਕੇ ਬਣਦਾ ਸਤਿਕਾਰ ਨਾ ਮਿਲਿਆ ਸਗੋਂ ਤ੍ਰਿਸ਼ਕਾਰਿਆ ਹੀ ਗਿਆ। ਔਰਤ ਨਾਲ ਇਸ ਤਰ੍ਹਾਂ ਦੀ ਬੇਇਨਸਾਫੀ ਤੇ ਧੱਕਾ ਜਿੱਥੇ ਸਮਾਜ ਵੱਲੋਂ ਕੀਤਾ ਗਿਆ ਉੱਥੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਅਤੇ ਧਰਮ ਦਾ ਚੋਲ਼ਾ ਪਹਿਨਣ ਵਾਲੇ ਪੀਰਾਂ ਫ਼ਕੀਰਾਂ ਨੇ ਵੀ ਔਰਤ ਨੂੰ ਦੁਰਕਾਰਿਆ।

ਈਸਾਈ ਧਰਮ ਅਨੁਸਾਰ ਸਾਰੇ ਗੁਨਾਹਾਂ ਤੇ ਪਾਪਾਂ ਦੀ ਅਸਲ ਜੜ੍ਹ ਇਸਤਰੀ ਹੈ, ਜੋ ਮਨੁੱਖ ਨੂੰ ਕੁਰਾਹੇ ਪਾਉਂਦੀ ਹੈ। ਉਹ ਇਸਤਰੀ ਨੂੰ ਰੱਬ ਦੀ ਗਲਤੀ ਵਜੋਂ ਮੰਨਦੇ ਹਨ। ਹਿੰਦੂ ਧਰਮ ਵਿੱਚ ਮੰਨੂ ਸਿਮਰਤੀ ਦਾ ਸਥਾਨ ਬੜਾ ਉੱਚਾ ਮੰਨਿਆ ਜਾਂਦਾ ਹੈ। ਇਸ ਵਿੱਚ ਮੰਨੂ ਜੀ ਕਹਿੰਦੇ ਹਨ ਕਿ ਇਸਤਰੀ ਸਭ ਦੁੱਖਾਂ ਦਾ ਮੂਲ ਕਾਰਨ ਹੈ, ਇਸ ਲਈ ਇਸਤਰੀ ਤੋਂ ਦੂਰ ਰਹਿਣਾ ਚਾਹੀਦਾ ਹੈ। ਪੁਰਾਣਾ ਵਿੱਚ ਇਸਤਰੀ ਨੂੰ ਨਸ਼ੀਲੀ ਸ਼ਰਾਬ ਤੇ ਸਭ ਤੋਂ ਮਾਰੂ ਜ਼ਹਿਰ ਕਰਕੇ ਲਿਖਿਆ ਗਿਆ ਹੈ। ਜੈਨ ਮੱਤ ਨੇ ਵੀ ਇਸਤਰੀ ਨਾਲ ਇਨਸਾਫ਼ ਨਹੀਂ ਕੀਤਾ। ਸ਼੍ਰੀ ਦਿਗੰਬਰ ਜੈਨ ਲਿਖਦੇ ਹਨ ਕਿ ਔਰਤ ਓਨਾ ਚਿਰ ਤੱਕ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਜਦ ਤੱਕ ਦੁਬਾਰਾ ਮਨੁੱਖਾ ਜਨਮ ਧਾਰਨ ਨਹੀਂ ਕਰਦੀ। ਮਹਾਤਮਾ ਬੁੱਧ ਵੀ ਕਹਿੰਦੇ ਹਨ ਕਿ ਔਰਤ ਨੂੰ ਬੋਧੀ ਭਿਕਸ਼ੂਆਂ ਵਿੱਚ ਦਾਖਲ ਕਰਨ ਨਾਲ ਧਰਮ ਦੀ ਆਯੂ ਘਟ ਜਾਵੇਗੀ। ਇਸਲਾਮ ਧਰਮ ਵਿੱਚ ਤਾਂ ਔਰਤ ਮਸਜਿਦ ਵਿੱਚ ਜਾ ਕੇ ਨਮਾਜ ਵੀ ਨਹੀਂ ਪੜ੍ਹ ਸਕਦੀ ਅਤੇ ਔਰਤ ਨੂੰ ਘਟੀਆ ਦੱਸਣ ਲਈ ਦੋ ਔਰਤਾਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ ਮੰਨੀ ਜਾਂਦੀ ਹੈ। ਸੁਕਰਾਤ ਵੀ ਲਿਖਦਾ ਹੈ ਕਿ ਮਰਦ ਦੀ ਖੁਸ਼ੀ ਹੁਕਮ ਕਰਨ ਵਿੱਚ ਅਤੇ ਔਰਤ ਦੀ ਖੁਸ਼ੀ ਹੁਕਮ ਮੰਨਣ ਵਿੱਚ ਹੈ।

ਜੋ ਮਾਨ ਸਨਮਾਨ ਅਤੇ ਸਤਿਕਾਰਯੋਗ ਅਸਥਾਨ ਸਿੱਖ ਧਰਮ ਨੇ ਔਰਤ ਨੂੰ ਦਿੱਤਾ ਹੈ, ਉਹ ਹੋਰ ਕਿਸੇ ਧਰਮ ਦੇ ਹਿੱਸੇ ਨਹੀਂ ਆਇਆ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸਮਾਜ ਵਿੱਚ ਆਪਣੇ ਨਵੀਨ ਤੇ ਨਰੋਏ ਵਿਚਾਰਾਂ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਆਰਥਿਕ ਕ੍ਰਾਂਤੀ ਲਿਆਂਦੀ ਉੱਥੇ ਔਰਤ ਦੇ ਹੱਕ ਵਿੱਚ ਵੀ ਆਪਣੀ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਪੁਰਸ਼ ਜਾਂ ਇਸਤਰੀ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਚੰਗੇ ਕਰਮਾਂ ਦਾ ਹੀ ਮੁੱਲ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬੁਲੰਦ ਅਵਾਜ਼ ਕਰਦਿਆਂ ਕਿਹਾ ਕਿ ਵੱਡੇ ਵੱਡੇ ਰਾਜਿਆਂ, ਮਹਾਂ ਰਾਜਿਆਂ, ਯੋਧਿਆਂ, ਸਾਇੰਸਦਾਨਾਂ, ਵਿਦਵਾਨਾਂ, ਗੁਰੂਆਂ, ਪੀਰਾਂ ਨੂੰ ਜਨਮ ਇਸਤਰੀ ਹੀ ਦਿੰਦੀ ਹੈ। ਜੇ ਇਹ ਸਾਰੇ ਲੋਕ ਚੰਗੇ ਤੇ ਵਡਿਆਈ ਦੇ ਪਾਤਰ ਹਨ ਤਾਂ ਉਨ੍ਹਾਂ ਦੀ ਜਣਨੀ ਇਸਤਰੀ ਕਿਵੇਂ ਮੰਦੀ ਹੋ ਸਕਦੀ ਹੈ ? ਆਸਾ ਕੀ ਵਾਰ ਵਿੱਚ ਆਪ ਫ਼ੁਰਮਾਉਂਦੇ ਹਨ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩)

ਇਸਤਰੀ ਤੇ ਪੁਰਸ਼ ਦੀ ਬਰਾਬਰੀ ਨੂੰ ਸਪਸ਼ਟ ਕਰਦਿਆਂ ਹੋਇਆਂ ਆਪ ਨੇ ਫ਼ੁਰਮਾਇਆ ਕਿ ਸਾਰਿਆਂ ਅੰਦਰ ਜੀਵ ਆਤਮਾ ਇਸਤਰੀ ਰੂਪ ਹੀ ਹੈ ਤੇ ਉਨ੍ਹਾਂ ਦਾ ਮਾਲਕ ਜਾਂ ਖਸਮ ਪ੍ਰਮਾਤਮਾ ਆਪ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧)

ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਉਮਰ ਆਪਣੇ ਮਾਤਾ, ਭੈਣ ਤੇ ਪਤਨੀ ਦਾ ਸਤਿਕਾਰ ਕੀਤਾ ਤੇ ਸਾਡੇ ਲਈ ਪੂਰਨੇ ਪਾਏ। ਅਜਿਹੀਆਂ ਇਸਤਰੀਆਂ ਨੂੰ ਗੁਰਮਤਿ ਵਿੱਚ ਸੁਹਾਗਣ ਕਹਿ ਕੇ ਵਡਿਆਇਆ ਗਿਆ ਹੈ।

ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਬੀਬੀ ਖੀਵੀ ਜੀ, ਜੋ ਸੇਵਾ ਦੀ ਮੂਰਤ ਸਨ ਅਤੇ ਲੰਗਰ ਵਿੱਚ ਘਿਓ ਵਾਲੀ ਖੀਰ ਤਿਆਰ ਕਰਕੇ ਵਰਤਾਉਂਦੇ ਰਹੇ ਸਨ, ਦਾ ਨਾਂ ਭਾਈ ਸੱਤੇ ਤੇ ਬਲਵੰਡ ਜੀ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ   ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ’’ (ਬਲਵੰਡ ਸਤਾ/੯੬੭)

ਗੁਰੂ ਅਰਜਨ ਦੇਵ ਜੀ ਨੇ ਤਾਂ ਇਸਤਰੀ ਜਾਤੀ ਨੂੰ ਬੱਤੀ ਸੁਲੱਖਣੀ ਭਾਵ ਸਦ ਗੁਣਾਂ ਨਾਲ ਭਰਪੂਰ ਆਖ ਕੇ ਸਨਮਾਨ ਦਿੱਤਾ ਹੈ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਸਦਗੁਣਾਂ ਨਾਲ ਭਰਪੂਰ ਇਸਤਰੀ ਜਿਸ ਘਰ ਵਿੱਚ ਆਵੇਗੀ ਉੱਥੇ ਸੁੱਖ ਸ਼ਾਂਤੀ, ਖੁਸ਼ਹਾਲੀ ਅਤੇ ਖੇੜਾ ਬਣਿਆ ਰਹੇਗਾ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਬਤੀਹ ਸੁਲਖਣੀ; ਸਚੁ ਸੰਤਤਿ ਪੂਤ   ਆਗਿਆਕਾਰੀ ਸੁਘੜ ਸਰੂਪ   ਇਛ ਪੂਰੇ ਮਨ ਕੰਤ ਸੁਆਮੀ   ਸਗਲ ਸੰਤੋਖੀ ਦੇਰ ਜੇਠਾਨੀ   ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ   ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ   ਜਨ ਨਾਨਕ ! ਸੁਖੇ ਸੁਖਿ ਵਿਹਾਇ ’’ (ਮਹਲਾ /੩੭੧)

ਭਾਈ ਕਾਨ੍ਹ ਸਿੰਘ ਨਾਭਾ ਕਰਤਾ ਮਹਾਨ ਕੋਸ਼ ਨੇ ਇਸਤਰੀ ਦੇ 32 ਗੁਣ ਇਹ ਦਰਸਾਏ ਹਨ – ਸੁੰਦਰਤਾ, ਸਵੱਛਤਾ, ਲੱਜਾ, ਚਤੁਰਾਈ, ਵਿੱਦਿਆ, ਸੇਵਾ, ਪਤੀ-ਭਗਤੀ, ਦਇਆ, ਸਤਯ, ਪ੍ਰਿਯਬਾਣੀ, ਪ੍ਰਸੰਨਤਾ, ਨਿਮਰਤਾ, ਨਿਸ਼ਕਪਟਤਾ, ਏਕਤਾ, ਧੀਰਜ, ਧਰਮਨਿਸ਼ਠਾ, ਸੰਜਮ, ਉਦਾਰਤਾ, ਗੰਭੀਰਤਾ, ਉਦਮ, ਸੂਰਵੀਰਤਾ, ਰਾਗ ਕਾਵਯ, ਚਿਤ੍ਰ, ਔਸ਼ਧੀ, ਰਸੋਈ, ਸਿਊਣ-ਪਰੋਣ ਦੀ ਵਿੱਦਿਆ, ਘਰ ਦੀਆਂ ਵਸਤਾਂ ਦਾ ਯਥਾ-ਯੋਗ ਸ਼ਿੰਗਾਰਣਾ, ਬਜੁਰਗਾਂ ਦਾ ਮਾਨ, ਘਰ ਆਏ ਪ੍ਰਹੁਣਿਆਂ ਦਾ ਸਨਮਾਨ ਅਤੇ ਸੰਤਾਨ ਦਾ ਪਾਲਣਾ ਆਦਿ।

ਅਜਿਹੇ ਗੁਣਾਂ ਦੀ ਮਾਲਕਣ ਇਸਤਰੀ, ਸੱਚ ਦੀ ਧਾਰਨੀ ਬਣੇਗੀ ਭਾਵ ‘ਸਚੁ ਸੰਤਤਿ ਪੂਤ’ ਅਤੇ ‘ਸਭ ਪਰਵਾਰੈ ਮਾਹਿ ਸਰੇਸਟ’ ਹੋਵੇਗੀ ਜੋ ਗਲਤ ਰਾਹ ’ਤੇ ਚੱਲ ਰਹੇ ਦੇਵਰ ਤੇ ਜੇਠ ਨੂੰ ਵੀ ਮੱਤ ਦੇ ਕੇ ਸਿੱਧੇ ਰਾਹ ਪਾਉਣ ਦੇ ਯੋਗ ਹੋਵੇਗੀ। ਅਜਿਹੇ ਗੁਣਾਂ ਭਰਪੂਰ ਇਸਤਰੀ ਜਿੱਥੇ ਵੀ ਰਹੇਗੀ ਉੱਥੇ ‘ਸੁਖੇ ਸੁਖਿ ਵਿਹਾਇ’ ਬਣਾਏਗੀ।

ਅਜਿਹੇ ਗੁਣਾਂ ਭਰਪੂਰ ਇਸਤਰੀ ਆਪਣੇ ਪਰਵਾਰ ਤੇ ਸਮਾਜ ਲਈ ਚਾਨਣ ਮੁਨਾਰਾ ਬਣਦੀ ਹੈ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ, ਜੋ ਅਜਿਹੇ ਗੁਣਾਂ ਭਰਪੂਰ ਸੀ, ਆਪਣੇ ਸਹੁਰੇ ਘਰ ਜਾ ਕੇ ਐਸੀ ਖੁਸ਼ਬੋ ਫੈਲਾਈ, ਜਿਸ ਦੇ ਮੁਖਾਰਬਿੰਦ ਤੋਂ ਬਾਣੀ ਸੁਣ ਕੇ ਚਾਚਾ ਸਹੁਰਾ ਬਾਬਾ ਅਮਰਦਾਸ ਜੀ ਗੁਰੂ ਨਾਨਕ ਜੀ ਦੀ ਗੱਦੀ ਦੇ ਤੀਜੇ ਵਾਰਸ਼ ਗੁਰੂ ਅਮਰਦਾਸ ਜੀ ਬਣੇ। ਇਸ ਤੋਂ ਇਲਾਵਾ ਬੀਬੀ ਭਾਨੀ ਜੀ ਅਤੇ ਮਾਤਾ ਗੁਜਰੀ ਜੀ ਦਾ ਧਰਮੀ ਜੀਵਨ; ਸਾਡੇ ਲਈ ਚਾਨਣ ਮੁਨਾਰੇ ਹਨ। ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਹੀ ਇਸਤਰੀਆਂ ਹੋਈਆਂ ਹਨ, ਜਿਨ੍ਹਾਂ ਨੇ ਵੱਡੀ ਤੋਂ ਵੱਡੀ ਰਾਜਸੀ ਤਾਕਤ ਦੇ ਸਾਹਮਣੇ ਆਪਣੇ ਧਰਮ ਖਾਤਰ ਈਨ ਨਹੀਂ ਮੰਨੀ।

ਅਜਿਹੇ ਗੁਣਾਂ ਭਰਪੂਰ ਔਰਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ‘ਸੁਚੱਜੀ’ ਕਹਿ ਕੇ ਸਤਿਕਾਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਸੁਚਜੀ ਸਿਰਲੇਖ ਹੇਠ ਫ਼ੁਰਮਾਉਂਦੇ ਹਨ ‘‘ਜਾ ਤੂ ਤਾ ਮੈ ਸਭੁ ਕੋ; ਤੂ ਸਾਹਿਬੁ ਮੇਰੀ ਰਾਸਿ ਜੀਉ ਤੁਧੁ ਅੰਤਰਿ ਹਉ ਸੁਖਿ ਵਸਾ; ਤੂੰ ਅੰਤਰਿ ਸਾਬਾਸਿ ਜੀਉ ’’ (ਮਹਲਾ /੭੬੨)

ਵੇਖਣ ਵਿੱਚ ਕਈ ਵਾਰ ਇਹ ਵੀ ਆਉਂਦਾ ਹੈ ਕਿ ਸ਼ੁਭ ਗੁਣਾਂ ਦੀ ਮਾਲਕਣ ਤੇ ਸੁਚੱਜੀ ਹੋਣ ਦੇ ਬਾਵਜੂਦ ਵੀ ਇਸਤਰੀ ਨੂੰ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਪਰ ਉਹ ਹੌਂਸਲਾ ਨਹੀਂ ਛੱਡਦੀ। ਉਹ ਉਸ ਦਾ ਕਾਰਨ ਤੇ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਅਜਿਹੀ ਸੁਚੱਜੀ ਔਰਤ ਨੂੰ ‘ਗੁਣਵੰਤੀ’ ਕਹਿ ਕੇ ਸਲਾਹਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਗੁਣਵੰਤੀ ਸਿਰਲੇਖ ਹੇਠ ਫ਼ੁਰਮਾਉਂਦੇ ਹਨ ‘‘ਮੈ ਬਹੁੜਿ ਤ੍ਰਿਸਨਾ ਭੁਖੜੀ; ਹਉ ਰਜਾ ਤ੍ਰਿਪਤਿ ਅਘਾਇ ਜੀਉ   ਜੋ ਗੁਰ ਦੀਸੈ ਸਿਖੜਾ; ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ’’  (ਸੁਚਜੀ/ਮਹਲਾ /੭੬੩)

ਅਜਿਹੀ ਇਸਤਰੀ ਦੀ ਬੇਕਦਰੀ ਅਤੇ ਉਸ ਨਾਲ ਦਰਿੰਦਗੀ ਦੀ ਸਭ ਤੋਂ ਵੱਡੀ ਮਿਸਾਲ ਸਤੀ ਪ੍ਰਥਾ ਅਤੇ ਵਿਧਵਾ ਨੂੰ ਪੁਨਰ ਵਿਆਹ ਦੀ ਮਨਾਹੀ ਸੀ। ਇਹ ਪ੍ਰਥਾ ਹਿੰਦੂ ਸਮਾਜ ਵਿੱਚ ਪੁਰਾਤਨ ਸਮੇਂ ਤੋਂ ਪ੍ਰਚਲਿਤ ਸੀ। ਇਸ ਤੋਂ ਵੱਡਾ ਤਸੀਹਾ ਤੇ ਜੁਲਮ ਹੋਰ ਕੀ ਹੋ ਸਕਦਾ ਹੈ ?

ਗੁਰੂ ਅਮਰਦਾਸ ਜੀ ਨੇ ਇਸ ਘੋਰ ਅਨਿਆ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ। ਗੁਰੂ ਸਾਹਿਬ ਨੇ ਪਤੀ ਦੀ ਚਿਖਾ ਵਿੱਚ ਸੜ ਕੇ ਮਰਨ ਵਾਲੀਆਂ ਔਰਤਾਂ ਨੂੰ ਸਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਸਗੋਂ ਲੋਕਾਂ ਨੂੰ ਉਪਦੇਸ਼ ਕੀਤਾ ਕਿ ਅਸਲ ਸਤੀ ਤਾਂ ਉਹ ਹੈ, ਜੋ ਰੱਬ ਤੋਂ ਪਏ ਵਿਛੋੜੇ ਦੀ ਪੀੜਾ ਵਿੱਚ ਜੀਵਨ ਬਸਰ ਕਰਦੀ ਹੈ ਅਤੇ ਸੀਲ ਸੰਤੋਖ ਨਾਲ ਆਪਣਾ ਜੀਵਨ ਬਸਰ ਕਰਦੀ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍   ਨਾਨਕ  ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍   ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍   ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ ’’ (ਮਹਲਾ /੭੮੭)

ਜੋ ਉੱਚਾ ਰੁਤਬਾ ਗੁਰੂ ਸਾਹਿਬ ਨੇ ਇਸਤਰੀ ਜਾਤੀ ਨੂੰ ਬਖਸ਼ਿਆ, ਉਹ ਹੋਰ ਕਿਸੇ ਪੀਰ ਪੈਗ਼ੰਬਰ, ਫ਼ਿਲਾਸਫ਼ਰ ਜਾਂ ਵਿਦਵਾਨ ਦੇ ਹਿੱਸੇ ਨਹੀਂ ਆਇਆ। ਵਿਆਹ ਸਮੇਂ ਲੜਕੀ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਵਿਰੋਧ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ   ਹਰਿ ਪ੍ਰਭ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ’’ (ਮਹਲਾ /੭੯)

ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਸੰਤ ਸਮਰਥ ਰਾਮਦਾਸ ਦੇ ਇਕ ਸੁਆਲ ਦੇ ਜਵਾਬ ਵਿੱਚ ਫ਼ੁਰਮਾਇਆ ਸੀ ਔਰਤ ਈਮਾਨ ਦੌਲਤ ਗੁਜ਼ਰਾਨ ਪੁੱਤਰ ਨਿਸ਼ਾਨ

ਗੁਰਮਤਿ ਸਿਧਾਂਤ ਮਨੁੱਖ ਦੇ ਸੰਸਾਰਕ ਅਤੇ ਅਧਿਆਤਮਕ ਜੀਵਨ ਸੰਗਰਾਮ ਲਈ ਪ੍ਰੇਰਣਾ ਸਰੋਤ ਹੈ। ਜਿੱਥੇ ਗੁਰੂ ਸਾਹਿਬਾਨ ਨੇ ਸੁਚੱਜੀ, ਸੁਹਾਗਣ ਤੇ ਗੁਣਵੰਤੀ ਇਸਤਰੀ ਦਾ ਨਕਸ਼ਾ ਖਿੱਚਿਆ ਹੈ ਉੱਥੇ ਜੇ ਜੀਵ ਇਸਤਰੀ; ਜੀਵਨ ਪੱਧਰ ਤੋਂ ਡਿੱਗ ਪਵੇ ਅਤੇ ਉਸ ’ਤੇ ਔਗਣ ਹਾਵੀ ਹੋ ਜਾਣ ਤਾਂ ਉਸ ਨੂੰ ਸਖਤ ਸ਼ਬਦ ਵਿੱਚ ਤਾੜਨਾ ਵੀ ਕਰਦੇ ਹਨ। ਉਸ ਦੇ ਲਈ ਦੋਹਾਗਣੀ ਤੇ ਕੁਚੱਜੀ ਸ਼ਬਦ ਵੀ ਵਰਤਿਆ ਹੈ। ਜਦੋਂ ਉਸ ਨੂੰ ਦੋਹਾਗਣ ਦੇ ਰੂਪ ਵਿੱਚ ਦੇਖਦੇ ਹਨ ਤਾਂ ਉਸ ਦੇ ਅਵਗੁਣਾਂ ਬਾਰੇ ਇਸ ਤਰ੍ਹਾਂ ਫ਼ੁਰਮਾਉਂਦੇ ਹਨ ‘‘ਦੋਹਾਗਣੀ ਕਿਆ ਨੀਸਾਣੀਆ  ?  ਖਸਮਹੁ ਘੁਥੀਆ; ਫਿਰਹਿ ਨਿਮਾਣੀਆ   ਮੈਲੇ ਵੇਸ ਤਿਨਾ ਕਾਮਣੀ; ਦੁਖੀ ਰੈਣਿ ਵਿਹਾਇ ਜੀਉ ’’ (ਮਹਲਾ /੭੨)

ਜੋ ਜੀਵ ਇਸਤਰੀਆਂ ਪ੍ਰਭੂ ਨੂੰ ਵਿਸਾਰ ਦਿੰਦੀਆਂ ਹਨ ਉਨ੍ਹਾਂ ਬਾਰੇ ਗੁਰੂ ਨਾਨਕ ਜੀ ਦਾ ਫ਼ੁਰਮਾਨ ਹੈ ‘‘ਸਭਿ ਅਵਗਣ ਮੈ; ਗੁਣੁ ਨਹੀ ਕੋਈ   ਕਿਉ ਕਰਿ ਕੰਤ ਮਿਲਾਵਾ ਹੋਈ  ?’’ (ਮਹਲਾ /੭੫੦)

ਅਜਿਹੀ ਇਸਤਰੀ ਨੂੰ ਕੁਚੱਜੀ ਕਹਿ ਕੇ ਵੀ ਸੰਬੋਧਨ ਕੀਤਾ ਹੈ ਅਤੇ ਉਸ ਦੇ ਅਵਗੁਣ ਵੀ ਉਸ ਨੂੰ ਦੱਸੇ ਹਨ ਕਿ ਉਸ ਦਾ ਪਿਆਰ ਕੇਵਲ ਮਾਇਕ ਪਦਾਰਥਾਂ ਤੱਕ ਹੀ ਸੀਮਤਿ ਹੈ। ਗੁਰੂ ਨਾਨਕ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੁਇਨਾ ਰੁਪਾ ਰੰਗੁਲਾ; ਮੋਤੀ ਤੈ ਮਾਣਿਕੁ ਜੀਉ   ਸੇ ਵਸਤੂ ਸਹਿ ਦਿਤੀਆ; ਮੈ ਤਿਨ੍ ਸਿਉ ਲਾਇਆ ਚਿਤੁ ਜੀਉ   ਮੰਦਰ ਮਿਟੀ ਸੰਦੜੇ; ਪਥਰ ਕੀਤੇ ਰਾਸਿ ਜੀਉ   ਹਉ ਏਨੀ ਟੋਲੀ ਭੁਲੀਅਸੁ; ਤਿਸੁ ਕੰਤ ਬੈਠੀ ਪਾਸਿ ਜੀਉ ’’ (ਕੁਚਜੀ/ਮਹਲਾ /੭੬੨)

ਸੋ ਸੁਚੱਜੀ, ਸੁਹਾਗਣ ਤੇ ਗੁਣਵੰਤੀ ਇਸਤਰੀ ਜਿੱਥੇ ਗ੍ਰਹਿਸਤ ਜੀਵਨ ਬਤੀਤ ਕਰਦਿਆਂ ਆਪਣੇ ਗੁਣਾਂ ਨਾਲ ਪਤੀ ਨੂੰ ਰਿਝਾ ਲੈਂਦੀ ਹੈ ਉੱਥੇ ਉਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੀ ਹੋਈ ਪ੍ਰਭੂ ਪਤੀ ਵਾਲੇ ਗੁਣ ਗ੍ਰਹਿਣ ਕਰਕੇ ਉਸ ਨਾਲ ਸਾਂਝ ਪਾ ਲੈਂਦੀ ਹੈ।

ਗੁਰਬਾਣੀ ਦੀ ਅਗਵਾਈ ਵਿੱਚ ਰਹਿ ਕੇ ਪ੍ਰਾਪਤ ਕੀਤਾ ਗਿਆਨ ਜਿੱਥੇ ਬਰਾਬਰੀ ਦੀ ਭਾਵਨਾ ਪੈਦਾ ਕਰਦਾ ਹੈ ਉੱਥੇ ਜੀਵਨ ਪੰਧ ਨੂੰ ਸੁਖਾਲਾ ਤੇ ਸਹਿਜ ਵੀ ਬਣਾਉਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੇ ਘਰ ਜਦੋਂ ਪਹਿਲੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦਿਆਂ ਕਿਹਾ ਕਿ ਪੁੱਤਰਾਂ ਦੀ ਜੋੜੀ ਰਲੇ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਾਤਾ ਜੀ ਸਪੁੱਤਰੀ ਹੋਣ ਦੀ ਅਸੀਸ ਬਖ਼ਸ਼ੋ ਤਾਂ ਜੋ ਗ੍ਰਹਿਸਤ ਪੂਰਾ ਹੋਵੇ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਗੁਰੂ ਸਾਹਿਬ ਦੇ ਵਾਕ ਇਸ ਪ੍ਰਕਾਰ ਦਰਜ ਹਨ ਸੀਲ ਖਾਨ ਕੰਨਿਆ ਇਕ ਹੋਵੇ; ਨਹੀਂ ਤੋ ਮਾਂ ਗ੍ਰਹਿਸਤ ਵਿਗੋਵੈ

ਬਾਬੁਲ ਦੇ ਘਰ ਪਿਆਰ ਭਰਿਆ ਜੀਵਨ ਜੀਉਣ ਵਾਲੀ ਬੇਟੀ ਨੂੰ ਉਪਦੇਸ਼ ਦਿੰਦੇ ਹੋਏ ‘ਓਅੰਕਾਰ’ ਬਾਣੀ ਵਿੱਚ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ‘‘ਬਾਬੁਲ ਕੈ ਘਰਿ ਬੇਟੜੀ; ਬਾਲੀ ਬਾਲੈ ਨੇਹਿ   ਜੇ ਲੋੜਹਿ ਵਰੁ ਕਾਮਣੀ; ਸਤਿਗੁਰੁ ਸੇਵਹਿ ਤੇਹਿ ’’ (ਓਅੰਕਾਰ (ਮਹਲਾ /੯੩੫)

ਮਾਦਾ ਗੁਣ ਅਧਿਆਤਮਿਕ, ਸਮਾਜਕ ਤੇ ਗ੍ਰਿਹਸਤ ਜੀਵਨ ਨੂੰ ਉਸਾਰੂ ਬਣਾਉਂਦੇ ਹਨ ਅਤੇ ਨਰ ਗੁਣ ਸਭ ਤਰ੍ਹਾਂ ਦੇ ਸਮਾਜਕ, ਆਰਥਿਕ ਤੇ ਰਾਜਨੀਤਿਕ ਅਨਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਕੇ ਜੀਵਨ ਨੂੰ ਸੰਪੂਰਨਤਾ ਪ੍ਰਦਾਨ ਕਰਦੇ ਹਨ। ਇਸਤ੍ਰੀ ਦਾ ‘ਨਿਵਣੁ ਸੁ ਅਖਰੁ’ ਅਤੇ ‘ਖਵਣੁ ਗੁਣੁ’; ਉਸ ਦੇ ‘ਸਰਬ ਸਰੇਸਟ’ ਹੋਣ ਦੀ ਨਿਸ਼ਾਨੀ ਹੈ।

ਜਿਵੇਂ ਸੁਹਾਗਣ ਇਸਤ੍ਰੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ, ਇਸੇ ਤਰ੍ਹਾਂ ਅਸੀਂ ਵੀ ਸਾਰੀਆਂ ਜੀਵ ਇਸਤ੍ਰੀਆਂ ਨੇ ਇਸ ਸੰਸਾਰ ਰੂਪੀ ਪੇਕਾ ਘਰ ਛੱਡ ਕੇ ਅਕਾਲ ਪੁਰਖ ਰੂਪੀ ਸਹੁਰੇ ਘਰ ਵਿੱਚ ਜਾਣਾ ਹੀ ਹੈ। ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸਭਨਾ ਸਾਹੁਰੈ ਵੰਞਣਾ; ਸਭਿ ਮੁਕਲਾਵਣਹਾਰ   ਨਾਨਕ  ! ਧੰਨੁ ਸੋਹਾਗਣੀ; ਜਿਨ ਸਹ ਨਾਲਿ ਪਿਆਰੁ ’’ (ਮਹਲਾ /੫੧)

ਜਿਵੇਂ ਸੁਹਾਗਣੀ ਆਪਣਾ ਆਪ ਤਬਦੀਲ ਕਰਦੀ ਹੈ, ਉਸੇ ਤਰ੍ਹਾਂ ਅਸੀਂ ਆਪਣਾ ਆਪ ਸੰਵਾਰ ਕੇ ਪ੍ਰਭੂ ਪਤੀ ਦੇ ਦਰ ’ਤੇ ਪਰਵਾਣ ਹੋਣਾ ਹੈ। ਜਿਵੇਂ ਇੱਕ ਸੁਹਾਗਣ ਇਸਤ੍ਰੀ ਆਪਣੇ ਪਤੀ ਨੂੰ ਭਾਅ ਜਾਣ ਕਰਕੇ ਸਾਰੇ ਸੁੱਖ ਪ੍ਰਾਪਤ ਕਰਦੀ ਹੈ ਉਸ ਤਰ੍ਹਾਂ ਜੇ ਅਸੀਂ ਵੀ ਪ੍ਰਭੂ ਪਤੀ ਨੂੰ ਭਾਅ ਗਏ ਤਾਂ ਜੀਵਨ ਦੇ ਸਾਰੇ ਸੁੱਖ ਤੇ ਅਨੰਦ ਪ੍ਰਾਪਤ ਹੋ ਜਾਣਗੇ। ਗੁਰੂ ਨਾਨਕ ਸਾਹਿਬ ਦਾ ਫ਼ੁਰਮਾਨ ਹੈ ‘‘ਨਾਨਕ  ! ਧੰਨੁ ਸੁਹਾਗਣੀ; ਜਿਨ ਸਹ ਨਾਲਿ ਪਿਆਰੁ ’’ (ਮਹਲਾ /੧੯)

ਇੱਕ ਸੁਹਾਗਣੀ ਦੀ ਉਦਾਹਰਨ ਦੇ ਕੇ ਸਤਿਗੁਰੂ ਜੀ ਨੇ ਸਭ ਨੂੰ ਰੱਬ ਦੀ ਰਜ਼ਾ ਵਿੱਚ ਰਹਿ ਕੇ ਨਿਜ ਘਰ ਮਹਿਲ ਦਾ ਸਹਜ ਸੁਖ ਮਾਣਨ ਦਾ ਤਰੀਕਾ ਦੱਸਿਆ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਸਾਹੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ   ਨਾਨਕ  ! ਸੋ ਸੋਹਾਗਣੀ; ਜੁ ਭਾਵੈ ਬੇਪਰਵਾਹ ੩੨’’ (੧੩੭੯)

ਸੁਹਾਗਣ ਔਰਤ ਦੀ ਕੀ ਨਿਸ਼ਾਨੀ ਹੈ ? ਇਸ ਬਾਰੇ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਨਾਨਕ  ! ਸੋਹਾਗਣਿ ਕਾ ਕਿਆ ਚਿਹਨੁ ਹੈ ? ਅੰਦਰਿ ਸਚੁ, ਮੁਖੁ ਉਜਲਾ; ਖਸਮੈ ਮਾਹਿ ਸਮਾਇ ’’ (ਮਹਲਾ /੭੮੫)

ਜ਼ਿੰਦਗੀ ਅੰਦਰ ਰਿਸ਼ਤੇ ਤਾਂ ਅਨੇਕਾਂ ਹਨ ਪਰ ਪਤੀ-ਪਤਨੀ ਦੇ ਰਿਸ਼ਤੇ ਨੂੰ ਜੀਵਨ ਸਾਥੀ ਵੀ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪ੍ਰਮਾਤਮਾ ਨਾਲ ਸਾਂਝ ਪਾਉਣ ਲਈ ਇਸ ਰਿਸ਼ਤੇ ਦੇ ਦ੍ਰਿਸ਼ਟਾਂਤ ਦਿੱਤੇ ਗਏ ਹਨ। ਦੁਨਿਆਵੀ ਪ੍ਰੇਮ ਵਿੱਚ ਰਤੀ ਹੋਈ ਸੁਹਾਗਣ ਦਾ ਜੀਵਨ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ, ਜਿਸ ਕਰਕੇ ਉਸ ਨੂੰ ਸਮਝਣਾ ਸੌਖਾ ਹੁੰਦਾ ਹੈ। ਉਸੇ ਤਰ੍ਹਾਂ ਜੀਵ ਰੂਪ ਇਸਤ੍ਰੀ ਦਾ ਪ੍ਰਭੂ ਪਤੀ ਨਾਲ ਰਿਸ਼ਤਾ ਸਮਝਾਇਆ ਗਿਆ ਹੈ ਕਿ ਸੱਚੀ ਸੁਹਾਗਣ ਜੀਵ ਇਸਤ੍ਰੀ ਪ੍ਰਭੂ ਪਤੀ ਦੇ ਘਰ ਕਬੂਲ ਹੋ ਜਾਂਦੀ ਹੈ।

ਗੁਰਬਾਣੀ ਦੀ ਅਗਵਾਈ ਹੇਠ ਉੱਚਾ, ਸੁੱਚਾ ਤੇ ਅਧਿਆਤਮਕ ਜੀਵਨ ਜਿਊਣ ਵਾਲੀਆਂ ਬੀਬੀਆਂ ਇਸ ਸੰਸਾਰ ਵਿੱਚ ਕਿੰਨੀਆਂ ਕੁ ਹੋਈਆਂ ਹਨ ਤੇ ਉਨ੍ਹਾਂ ਦੇ ਜੀਵਨ ਤੋਂ ਕਿਵੇਂ ਸੇਧ ਲੈਣੀ ਹੈ, ਜਾਣਨ ਲਈ ਸਾਨੂੰ ਸਿੱਖ ਇਤਿਹਾਸ ਦੇ ਪੰਨਿਆਂ ’ਚ ਦਰਜ ਉਨ੍ਹਾਂ ਦੇ ਜੀਵਨ ’ਤੇ ਇੱਕ ਪੰਛੀ ਝਾਤ ਮਾਰਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਨੂੰ ਧਾਰਨ ਕਰਨ ਵਾਲੀ ਪਹਿਲੀ ਔਰਤ ਬੇਬੇ ਨਾਨਕੀ ਸੀ। ਸੇਵਾ ਦੀ ਪੁੰਜ ਪਹਿਲੀ ਇਸਤ੍ਰੀ ਮਾਤਾ ਖੀਵੀ ਜੀ ਸਨ, ਜਿਨ੍ਹਾਂ ਨੂੰ ਨੇਕ ਜ਼ਨ ਕਹਿ ਕੇ ਸਤਕਾਰਿਆ ਗਿਆ ਹੈ। ਬੇਬੇ ਅਮਰੋ ਜੀ, ਜਿਸ ਨੇ ਆਪਣੇ ਸਹੁਰੇ ਘਰ ਜਾ ਕੇ ਗੁਰਬਾਣੀ ਦੀ ਐਸੀ ਜਾਗ ਲਾਈ, ਜਿਸ ਨਾਲ ਬਾਬਾ ਅਮਰਦਾਸ ਜੀ ਤੀਜੇ ਗੁਰੂ ਅਮਰਦਾਸ ਜੀ ਸਥਾਪਿਤ ਹੋਏ। ਬੀਬੀ ਭਾਨੀ ਜੀ ਨੇ ਆਪਣੇ ਪੁੱਤਰ ਨੂੰ ਜੋ ਅਸੀਸ ਦਿੱਤੀ ਇਸ ਦਾ ਵਰਣਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਹੈ ‘‘ਪੂਤਾ  ! ਮਾਤਾ ਕੀ ਆਸੀਸ   ਨਿਮਖ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ਰਹਾਉ ’’ (ਮਹਲਾ /੪੯੬)

ਬੀਬੀ ਰੂਪ ਕੌਰ ਪਹਿਲੀ ਸਿੱਖ ਇਤਿਹਾਸਕਾਰ ਇਸਤਰੀ ਹੋ ਨਿੱਬੜੀ, ਜਿਸ ਨੇ ਛੇਵੇਂ ਗੁਰੂ ਪਾਤਸ਼ਾਹ ਦੇ ਮੁਖਾਰਬਿੰਦ ’ਚੋਂ ਉਚਾਰੇ ਬਚਨਾਂ ਨੂੰ ਲਿਖਤੀ ਰੂਪ ਦਿੱਤਾ। ਮਾਤਾ ਗੁਜਰੀ ਜੀ, ਜਿਸ ਨੇ ਆਪਣੇ ਪਤੀ ਅਤੇ ਪੋਤਰਿਆਂ ਦੇ ਸ਼ਹੀਦ ਹੋਣ ਉਪਰੰਤ ਆਪ ਵੀ ਸ਼ਹਾਦਤ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ, ਪਹਿਲੀ ਸੂਝਵਾਨ ਇਸਤਰੀ ਹੋਈ ਹੈ, ਜਿਸ ਨੇ ਬੰਦਈ ਤੇ ਤੱਤ ਖਾਲਸੇ ਵਿੱਚ ਭੇਦ ਮਿਟਾ ਕੇ ਪੰਥ ਨੂੰ ਏਕੇ ਵਿੱਚ ਪਰੋਇਆ। ਮਾਤਾ ਸਾਹਿਬ ਕੌਰ ਜੀ ਨੇ ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੁਕਮਨਾਮੇ ਜਾਰੀ ਕਰ ਪੰਥ ਦੀ ਅਗਵਾਈ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੀਬੀ ਹਰਸ਼ਰਨ ਕੌਰ; ਰਾਤ ਨੂੰ ਭੇਸ ਬਦਲ ਕੇ ਦੁਸ਼ਮਣ ਦੀਆਂ ਫ਼ੌਜਾਂ ਦੀਆਂ ਖ਼ੁਫ਼ੀਆ ਖ਼ਬਰਾਂ ਖ਼ਾਲਸਾ ਦਰਬਾਰ ਵਿੱਚ ਪਹੁੰਚਾਉਂਦੀ ਸੀ। ਮਾਈ ਭਾਗ ਕੌਰ, ਪਹਿਲੀ ਸਿੱਖ ਜਰਨੈਲ ਹੋਈ, ਜਿਸ ਨੇ ਗੁਰੂ ਤੋਂ ਵਿਛੜੇ ਸਿੱਖਾਂ ਨੂੰ ਖਿਦਰਾਣੇ ਦੀ ਢਾਬ ’ਤੇ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਨਾਲ ਮਿਲਾਇਆ। ਰਾਣੀ ਜ਼ਿੰਦਾ, ਓਨਾ ਚਿਰ ਤੱਕ ਚੈਨ ਨਾਲ ਨਹੀਂ ਬੈਠੀ, ਜਿੰਨਾ ਚਿਰ ਉਸ ਨੇ ਪਤਿਤ ਹੋਏ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਦਾਇਰੇ ਵਿੱਚ ਵਾਪਸ ਨਹੀਂ ਲੈ ਆਂਦਾ। ਰਾਣੀ ਸਦਾ ਕੌਰ ਵਿੱਚ ਰਾਜਨੀਤਿਕ ਤੇ ਪ੍ਰਬੰਧਕੀ ਸੂਝ-ਬੂਝ ਮਰਦਾਂ ਨਾਲੋਂ ਵੀ ਵਧੇਰੇ ਸੀ। ਇਸ ਤੋਂ ਇਲਾਵਾ ਅਨੇਕਾਂ ਹੋਰ ਸੂਰਬੀਰ ਤੇ ਧਰਮੀ ਇਸਤ੍ਰੀਆਂ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੀਆਂ ਹਨ ਜਿਨ੍ਹਾਂ ਆਪਣੇ ਬੱਚਿਆਂ ਦੇ ਟੁਕੜਿਆਂ ਨੂੰ ਗਲਾਂ ਵਿੱਚ ਪੁਆਇਆ, ਪਰ ਆਪਣੇ ਧਰਮ ਅਤੇ ਪਤੀ ਬ੍ਰਤਾ ਜੀਵਨ ਨੂੰ ਆਂਚ ਨਹੀਂ ਆਉਣ ਦਿੱਤੀ।

ਅਜਿਹੀਆਂ ਸੂਝਵਾਨ ਅਤੇ ਉੱਚੇ ਸੁੱਚੇ ਧਾਰਮਿਕ ਕਿਰਦਾਰ ਵਾਲੀਆਂ ਸਦਾ ਸੁਹਾਗਣ ਔਰਤਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਹੀ‘‘ਤਾਂ ਵਸਿ ਆਵੀ ਕੰਤੁ’’  ਵਾਲਾ ਜੀਵਨ ਮਨੋਰਥ ਪੂਰਾ ਹੁੰਦਾ ਹੈ।