ਸਰਬ ਸਾਂਝੇ ਫ਼ੈਸਲੇ ਲੈਣਾ ਹੀ ਸਿੱਖੀ ਵਿਰਸਾ, ਨਾ ਕਿ ਵਿਅਕਤੀਗਤ ਸੋਚ ’ਤੇ ਪਹਿਰਾ ਦੇਣਾ।
ਸਰਬ ਸਾਂਝੇ ਫ਼ੈਸਲੇ ਲੈਣਾ ਹੀ ਸਿੱਖੀ ਵਿਰਸਾ, ਨਾ ਕਿ ਵਿਅਕਤੀਗਤ ਸੋਚ ’ਤੇ ਪਹਿਰਾ ਦੇਣਾ।
ਕਿਰਪਾਲ ਸਿੰਘ ਬਠਿੰਡਾ 88378-13661
ਤਕਰੀਬਨ ਪਿਛਲੇ ਚਾਰ ਦਹਾਕਿਆਂ ਤੋਂ ਸਾਡੇ ਸਿੱਖ ਨੌਜਵਾਨ ਗੁਰੂ ਦੀ ਸੋਚ ਅਤੇ ਸਿੱਖਿਆ ਨੂੰ ਤਾਂ ਵਿਸਾਰੀ ਬੈਠੇ ਹਨ, ਪਰ ਜਜ਼ਬਾਤਾਂ ਦੇ ਵਹਿਣ ਵਿੱਚ ਆਪਣੇ ਵੱਲੋਂ ਮਿੱਥੇ ਗਏ ਹੀਰੋ ਦੀ ਸੋਚ ’ਤੇ ਠੋਕ ਕੇ ਪਹਿਰਾ ਦੇਣ ਦੇ ਨਾਹਰੇ ਬੜੇ ਜ਼ੋਰ-ਸ਼ੋਰ ਨਾਲ ਲਾਉਂਦੇ ਸੁਣੇ ਜਾ ਸਕਦੇ ਹਨ। ਇਸ ਸੋਚ ਦੀ ਜਨਮ ਦਾਤਾ ਸ਼ਾਇਦ ਉਹ ਟਕਸਾਲ ਹੈ ਜੋ ਪਹਿਲਾਂ ਤਾਂ ਆਪਣਾ ਮੁੱਢ ਸ਼ਾਂਤਮਈ ਰਹਿ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਨਾਲ ਜੋੜਦੇ ਰਹੇ ਹਨ ਪਰ ਪਿਛਲੇ ਚਾਰ ਦਹਾਕਿਆਂ ਤੋਂ ਖੰਡਾ ਖੜਕਾਉਣ ਵਾਲੇ ਬਾਬਾ ਦੀਪ ਸਿੰਘ ਜੀ ਸ਼ਹੀਦ ਨਾਲ ਜੋੜਨ ਲੱਗ ਪਏ ਹਨ। ਅੱਜ ਹਰ ਥਾਂ ਖੰਡਾ ਖੜਕਾਉਣਾ ਜਾਇਜ਼ ਠਹਿਰਾਉਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਚਾਰਿਆ ਅਤੇ ਜ਼ਫ਼ਰਨਾਮੇ ’ਚ ਦਰਜ਼ ਵਾਕ ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥੨੨॥’’ ਸੁਣਾਉਂਦੇ ਹਨ, ਜਿਸ ਦਾ ਭਾਵ ਹੈ ‘ਜਦੋਂ ਸੁਲ੍ਹਾ-ਸਫ਼ਾਈ ਹੋਣ ਦੇ ਸਾਰੇ ਉਪਾਅ ਖ਼ਤਮ ਹੋ ਜਾਣ ਤਾਂ ਤਲਵਾਰ; ਹੱਥ ’ਚ ਧਾਰਨ ਕਰਨੀ ਜਾਇਜ਼ ਹੈ ॥੨੨॥, ਪਰ ਇਹ ਦਲੀਲਾਂ ਦੇਣ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਅਤੇ ਸਿੱਖ ਮਿਸਲਾਂ ਦੇ ਸਮੇਂ; ਰਾਜੇ ਮਹਾਂ ਰਾਜਿਆਂ ਦੀ ਨਿਯੁਕਤੀ ਵੋਟਾਂ ਪਾ ਕੇ ਲੋਕਤੰਤਰਿਕ ਢੰਗ ਨਾਲ ਨਹੀਂ ਬਲਕਿ ਪਿਤਾ ਪੁਰਖੀ ਉੱਤਰਾਧਿਕਾਰੀ ਚੁਣਨ ਜਾਂ ਬਾਹੂ ਬਲ ਨਾਲ ਹੁੰਦੀ ਸੀ। ਰਾਜੇ ਦੇ ਮੂੰਹ ’ਚੋਂ ਨਿਕਲੇ ਬੋਲ ਹੀ ਸਰਕਾਰੀ ਕਾਨੂੰਨ/ਹੁਕਮ ਅਤੇ ਅੰਤਮ ਫ਼ੈਸਲਾ ਹੁੰਦੇ ਸਨ। ਉਸ ਸਮੇਂ ਨਾ ਕੋਈ ਮਨੁੱਖੀ ਅਧਿਕਾਰ ਕਮਿਸ਼ਨ, ਨਾ ਅਦਾਲਤਾਂ ’ਚ ਦਲੀਲ-ਅਪੀਲ ਅਤੇ ਨਾ ਹੀ ਯੂ. ਐੱਨ.ਓ. ਵਰਗੀ ਕੋਈ ਅੰਤਰਰਾਸ਼ਟਰੀ ਸਾਂਝੀ ਸੰਸਥਾ ਹੁੰਦੀ ਸੀ, ਜੋ ਦੇਸ਼ ਦੇ ਵਸ਼ਿੰਦਿਆਂ ’ਤੇ ਢਾਹੇ ਜਾ ਰਹੇ ਉਨ੍ਹਾਂ ਦੀ ਆਪਣੀ ਸਰਕਾਰ ਵੱਲੋਂ ਜਾਂ ਕਿਸੇ ਵਿਦੇਸ਼ੀ ਹਮਲਾਵਰਾਂ ਵੱਲੋਂ ਤਸ਼ੱਦਦ ਵਿਰੁੱਧ ਦਬਾਅ ਪਾਉਂਦੀ ਸੀ, ਇਸ ਲਈ ਉਸ ਸਮੇਂ ਜਦੋਂ ਅਹਿਮਦਸ਼ਾਹ ਅਬਦਾਲੀ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਧਾੜਵੀ ਹਿੰਦੁਸਤਾਨ ਦੀ ਇੱਜਤ-ਆਬਰੂ ਲੁੱਟਦੇ ਅਤੇ ਧਾਰਮਿਕ ਸਥਾਨਾਂ ਨੂੰ ਢਾਹੁੰਦੇ ਤਾਂ ਉਨ੍ਹਾਂ ਨਾਲ ਨਿਪਟਣ ਦਾ ਇੱਕੋ ਇੱਕ ਰਾਹ ਹੁੰਦਾ ਸੀ ‘ਹਥਿਆਰਬੰਦ ਹੋ ਕੇ ਮੁਕਾਬਲਾ ਕਰਨਾ’। ਇਨ੍ਹਾਂ ਹਾਲਾਤਾਂ ’ਚ ਬਾਬਾ ਦੀਪ ਸਿੰਘ ਜੀ ਅਤੇ ਸਿੱਖ ਮਿਸਲਾਂ ਦੇ ਜਥੇਦਾਰਾਂ ਤੇ ਯੋਧਿਆਂ ਵੱਲੋਂ ਖੰਡਾ ਖੜਕਾਉਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ ਹੁੰਦਾ, ਪਰ ਅੱਜ ਦੁਨੀਆਂ ਦੇ ਬਹੁਤਾਤ ਦੇਸ਼ਾਂ ’ਚ ਲੋਕਾਂ ਦੀਆਂ ਵੋਟਾਂ ਨਾਲ ਚੁਣੀਆਂ ਜਾਂਦੀਆਂ ਸਰਕਾਰਾਂ ਹਨ, ਜਿਨ੍ਹਾਂ ਨੂੰ ਸੰਵਿਧਾਨ ਅਨੁਸਾਰ ਨਿਸ਼ਚਿਤ ਸਮੇਂ ਲਈ ਕੰਮ ਕਰਨ ਦੇ ਅਧਿਕਾਰ ਪ੍ਰਾਪਤ ਹੁੰਦੇ ਹਨ। ਨਿਸ਼ਚਿਤ ਸਮੇਂ ਪਿੱਛੋਂ ਦੁਬਾਰਾ ਚੋਣ ਹੁੰਦੀ ਹੈ, ਜਿਸ ਦੌਰਾਨ ਲੋਕਾਂ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਨ੍ਹਾਂ ਨਾਲ ਕੀਤੇ ਵਾਅਦਿਆਂ ’ਤੇ ਪੂਰੀ ਨਾ ਉੱਤਰਨ ਵਾਲੀ ਪਾਰਟੀ ਦੀ ਥਾਂ ਬਹੁਗਿਣਤੀ ਵੋਟਾਂ ਨਾਲ ਕਿਸੇ ਦੂਸਰੀ ਪਾਰਟੀ ਦੀ ਸਰਕਾਰ ਚੁਣ ਸਕਣ।
ਅੱਜ ਦੀਪ ਸਿੱਧੂ ਦੀ ਸੋਚ ’ਤੇ ਠੋਕ ਕੇ ਪਹਿਰਾ ਦੇਣ ਦੇ ਨਾਹਰੇ ਲਾਉਣ ਵਾਲੇ ਨੌਜਵਾਨਾਂ ਅਤੇ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਸਵਾਲ ਬਣ ਜਾਂਦਾ ਹੈ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਸਭ ਤੋਂ ਵੱਡੇ ਵੋਟ ਹਥਿਆਰ ਦੀ, ਕੀ ਉਨ੍ਹਾਂ ਕਦੇ ਯੋਗ ਵਰਤੋਂ ਕਰਨ ਲਈ ਜ਼ਮੀਨ ਤਿਆਰ ਕੀਤੀ ਹੈ ? ਸਿੱਖ ਬੁਧੀਜੀਵੀ ਤੇ ਮੰਨਿਆ ਜਾਂਦਾ ਇਤਿਹਾਸਕਾਰ ਅਜਮੇਰ ਸਿੰਘ ਵੀ ਇਸ ਜਮਾਤ ਨਾਲ ਰਲ਼ ਕੇ ਦੀਪ ਸਿੱਧੂ ਨੂੰ ਬਹੁਤ ਹੀ ਬੁੱਧੀਮਾਨ ਅਤੇ ਦੀਰਘ ਸੋਚ ਵਾਲਾ ਕਿਸਾਨ ਨੌਜਵਾਨ ਨੇਤਾ ਕਹਿੰਦਾ ਪਿਆ ਹੈ, ਜੋ ਕਿਸਾਨ ਮੋਰਚਾ ਸ਼ੁਰੂ ਹੋਣ ਤੋਂ ਸਾਲ ਕੁ ਪਹਿਲਾਂ ਲੋਕ ਸਭਾ ਚੋਣਾਂ ’ਚ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਦਾ ਚੋਣ ਮੈਨੇਜਰ ਰਿਹਾ ਹੈ। ਫਿਲਮਾਂ ’ਚ ਨਲਕੇ ਪੁੱਟਣ ਵਾਲੇ ਸੰਨੀ ਦਿਉਲ ਨੇ ਆਪਣੀ ਸੀਟ ਜਿੱਤਣ ਤੋਂ ਬਾਅਦ ਪੰਜਾਬੀਆਂ ਦੇ ਦੁੱਖਾਂ ਦੀ ਜੜ੍ਹ ਤਾਂ ਕੀ ਪੁੱਟਣੀ ਸੀ ਸਗੋਂ ਆਪਣੇ ਹਲਕੇ ’ਚ ਵੀ ਕਦੇ ਗੇੜਾ ਨਹੀਂ ਮਾਰਿਆ ਅਤੇ ਨਾ ਹੀ ਅਜਮੇਰ ਸਿੰਘ ਵਰਗਿਆਂ ਮੁਤਾਬਕ ਕਿਸਾਨ ਮਾਮਲਿਆਂ ਸੰਬੰਧੀ ਦੀਰਘ ਸੋਚ ਰੱਖਣ ਵਾਲੇ ਦੀਪ ਸਿੱਧੂ ਨੇ ਕਦੇ ਉਸ ਨੂੰ ਚੇਤਾ ਕਰਵਾਇਆ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾਵੇ।
ਖੇਤੀ ਕਾਨੂੰਨਾਂ ਦੇ ਨਾਂ ’ਤੇ ਤਿੰਨ ਕਿਸਾਨ ਮਾਰੂ ਆਰਡੀਨੈਂਸ ਜਾਰੀ ਹੋਣ ਤੋਂ ਲੈ ਕੇ ਲੋਕ ਸਭਾ ’ਚ ਬਿੱਲ ਪੇਸ਼ ਹੋਣ ਅਤੇ ਕਾਨੂੰਨ ਬਣਨ ਤੱਕ ਸੰਨੀ ਦਿਉਲ ਨੇ ਕਦੇ ਮੂੰਹ ਨਹੀਂ ਖੋਲ੍ਹਿਆ ਅਤੇ ਇਨ੍ਹਾਂ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਭਖਵਾਂ ਸੰਘਰਸ਼ ਚਲਾਏ ਜਾਣ ਅਤੇ ਹਰ ਵਰਗ ਵੱਲੋਂ ਇਸ ਅੰਦੋਲ ਨੂੰ ਹਿਮਾਇਤ ਮਿਲਣ ਦੇ ਬਾਵਜੂਦ ਵੀ ਸੰਨੀ ਦਿਉਲ ਨੇ ਆਪਣੀ ਜ਼ਬਾਨ ਬੰਦ ਰੱਖੀ। ਦੀਪ ਸਿੱਧੂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸੰਨ੍ਹੀ ਦਿਉਲ ਦੇ ਘਰ ਜਾ ਬੈਠਦਾ ਤੇ ਉਸ ’ਤੇ ਜ਼ੋਰ ਪਾਉਂਦਾ ਕਿ ਤੈਨੂੰ ਅਸੀਂ ਇਸ ਕਾਰਨ ਨਹੀਂ ਚੁਣਿਆ ਸੀ ਕਿ ਕੇਵਲ ਚੋਣ ਦੌਰਾਨ ਹੀ ਮੋਢੇ ’ਤੇ ਨਲਕਾ ਰੱਖ ਕੇ ਢਾਈ ਕਿੱਲੋ ਦਾ ਹੱਥ ਵਿਖਾ ਕੇ ਫਿਲਮੀ ਡਾਇਲਾਗ ਬੋਲ-ਬੋਲ ਤਾਲੀਆਂ ਵਜਾ ਕੇ ਖੁਸ਼ ਹੁੰਦੇ ਰਹੀਏ। ਹੁਣ ਨਿੱਜੀ ਤੌਰ ’ਤੇ ਮੋਦੀ ਜਾਂ ਅਮਿਤ ਸ਼ਾਹ ਨੂੰ ਮਿਲ ਕੇ ਕਾਨੂੰਨ ਰੱਦ ਕਰਵਾਉਣ ਲਈ ਜ਼ੋਰ ਪਾਉਣ ਅਤੇ ਉਨ੍ਹਾਂ ਵੱਲੋਂ ਨਾ ਮੰਨਣ ਦੀ ਸੂਰਤ ’ਚ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਜਾਂ ਰੋਸ ਵਜੋਂ ਅਸਤੀਫ਼ਾ ਦੇ ਦੇਣ। ਸੰਨ੍ਹੀ ਦਿਉਲ ਵੱਲੋਂ ਇਹ ਸੁਝਾਅ ਮੰਨਣ ਤੋਂ ਇਨਕਾਰੀ ਹੋਣ ’ਤੇ ਦੀਪ ਸਿੱਧੂ ਨੂੰ ਚਾਹੀਦਾ ਸੀ ਕਿ ਗੁਰਦਾਸਪੁਰ ਹਲਕੇ ’ਚੋਂ ਚੋਣਾਂ ਦੌਰਾਨ ਸਮਰਥਨ ਦੇਣ ਵਾਲੇ ਨੌਜਵਾਨਾਂ ਦਾ ਜਥਾ ਲੈ ਕੇ ਮੁੰਬਈ ਵਿਖੇ ਸੰਨ੍ਹੀ ਦਿਉਲ ਦੀ ਰਿਹਾਇਸ਼ ਅੱਗੇ ਧਰਨਾ ਜਾ ਲਾਉਂਦੇ; ਜਿਵੇਂ ਪੰਜਾਬ ਦੇ ਕਿਸਾਨਾਂ ਨੇ ਪਿੰਡ ਬਾਦਲ ਵਿਖੇ ਧਰਨਾ ਲਾ ਕੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਅਤੇ ਅਕਾਲੀ ਦਲ ਬਾਦਲ ਨੂੰ ਭਾਜਪਾ ਨਾਲੋਂ ਢਾਈ ਦਹਾਕੇ ਪੁਰਾਣਾ ਗਠਜੋੜ ਤੋੜਨ ਲਈ ਮਜ਼ਬੂਰ ਕਰ ਦਿੱਤਾ ਸੀ। ਜੇ ਉਹ ਇਹ ਰਾਹ ਅਪਣਾਅ ਲੈਂਦਾ ਤਾਂ ਹਰ ਹਲਕੇ ’ਚ ਭਾਜਪਾ ਅਤੇ ਇਸ ਦੇ ਭਾਈਵਾਲ ਸਾਂਸਦਾਂ ਦੇ ਸਮਰਥਕਾਂ ਵੱਲੋਂ ਇਹ ਮੁਹਿੰਮ ਚਲਾਏ ਜਾਣ ਲਈ ਰਾਹ ਦਸੇਰਾ ਬਣ ਜਾਣਾ ਸੀ, ਜਿਸ ਨਾਲ ਸਰਕਾਰ ’ਤੇ ਦਬਾਅ ਵਧਣਾ ਸੀ, ਪਰ ਦੀਪ ਸਿੱਧੂ ਨੇ ਇਹ ਰਾਹ ਅਪਨਾਉਣ ਦੀ ਥਾਂ, ਜਦ ਪੰਜਾਬ ਦੇ ਕਿਸਾਨ ਰੇਲਾਂ ਦੀਆਂ ਪਟੜੀਆਂ ’ਤੇ ਧਰਨੇ ਲਾਈ ਬੈਠੇ ਸਨ ਤਾਂ ਦਿੱਲੀ ਵੱਲ ਅੱਗੇ ਜਾ ਪੰਜਾਬ ਹਰਿਆਣਾ ਦੇ ਸੰਭੂ ਬਾਰਡਰ ’ਤੇ ਮੋਰਚਾ ਜਾ ਲਾਇਆ। ਨੌਜਵਾਨਾਂ ਦਾ ਤਾਂ ਇਹ ਹਾਲ ਹੁੰਦਾ ਹੈ ਕਿ ਜਿੱਥੇ ਫਿਲਮੀ ਹੀਰੋ ਹੋਣ, ਗਾਇਕ ਹੋਣ ਉੱਥੇ ਇਕੱਠੇ ਹੁੰਦਿਆਂ ਦੇਰ ਨਹੀਂ ਲਗਦੀ। ਦੀਪ ਸਿੱਧੂ, ਜੋ ਖ਼ੁਦ ਫਿਲਮੀ ਹੀਰੋ ਹੈ, ਉਸ ਨਾਲ ਕੁਝ ਨੌਜਵਾਨਾਂ ਦਾ ਜੁੜਨਾ ਸੁਭਾਵਕ ਹੈ।
ਸੰਭੂ ਬਾਰਡਰ ’ਤੇ ਦਿੱਤੇ ਦੀਪ ਸਿੱਧੂ ਦੇ ਭਾਸ਼ਣ ਸੁਣ ਕੇ ਜਾਪਦਾ ਹੈ ਕਿ ਇਹ ਅਜੋਕੀਆਂ ਕਿਸਾਨੀ ਮੰਗਾਂ ਬਾਰੇ ਘੱਟ ਅਤੇ ਦੇਸ਼ ਦੀ ਆਜ਼ਾਦੀ ’ਚ ਸਿੱਖਾਂ ਵੱਲੋਂ ਪਾਏ ਸਭ ਤੋਂ ਵੱਧ ਯੋਗਦਾਨ ਅਤੇ ਉਸ ਤੋਂ ਬਾਅਦ ਹੋਈ ਸਿੱਖਾਂ ਨਾਲ ਬੇਇਨਸਾਫ਼ੀ ਦੀਆਂ ਮਿਸਾਲਾਂ ਦੇ ਦੇ ਕੇ ਸੰਘੀ ਢਾਂਚੇ ਦੇ ਇਰਦ-ਗਿਰਦ ਬੋਲਦਾ ਰਿਹਾ ਭਾਵੇਂ ਕਿ ਇਹ ਭਾਸ਼ਣ ਕਿਸਾਨ ਸੰਘਰਸ਼ ਦੇ ਦਾਇਰੇ ਤੋਂ ਬਾਹਰ ਸਨ, ਪਰ ਨੌਜਵਾਨ ਸਿੱਖਾਂ ਦੇ ਮਨਾਂ ਨੂੰ ਟੁੰਭ ਜਾਂਦੇ ਸਨ।
ਪੰਜਾਬ ਦੇ ਕਿਸਾਨ ਆਗੂਆਂ ਦਾ ਵੀ ਮੰਨਣਾ ਰਿਹਾ ਕਿ ਭਾਵੇਂ ਇਹ ਮੰਗਾਂ ਜਾਇਜ਼ ਹਨ, ਪਰ ਅੱਜ ਸਮੁੱਚੇ ਭਾਰਤ ਦੀਆਂ ਕਿਸਾਨ ਮੰਗਾਂ ਨੂੰ ਫੁੱਟਪਾਊ ਕੇਂਦਰ ਸਰਕਾਰ ਕੇਵਲ ਸਿੱਖਾਂ ਨਾਲ ਜੋੜਦਿਆਂ ਫਿਰਕੂ ਰੰਗਤ ਦੇ ਕੇ ਅੰਦਲਨ ਦੀ ਏਕਤਾ ਦਾ ਨੁਕਸਾਨ ਕਰੇਗੀ; ਜਿਵੇਂ ਕਿ ਅਸੀਂ ਪਿਛਲੇ ਸਮਿਆਂ ’ਚ ਖ਼ਾਸ ਕਰ ਸਿੱਖ ਸੰਘਰਸ਼ਾਂ ਦੌਰਾਨ ਵੇਖ ਚੁੱਕੇ ਹਾਂ। ਇਸ ਲਈ ਕਿਸਾਨ ਆਗੂ ਚਾਹੁੰਦੇ ਸਨ ਕਿ ਕਿਸਾਨ ਸੰਘਰਸ਼ ਨੂੰ ਸਿੱਖਾਂ ਜਾਂ ਪੰਜਾਬ ਦੀਆਂ ਮੰਗਾਂ ਤੱਕ ਸੀਮਤ ਨਾ ਰੱਖਿਆ ਜਾਵੇ ਬਲਕਿ ਪੰਜਾਬ ’ਚੋਂ ਸ਼ੁਰੂ ਕੀਤੇ ਇਸ ਘੋਲ਼ ਨੂੰ ਪੂਰੇ ਦੇਸ਼ ਵਿੱਚ ਫੈਲਾਅ ਕੇ ਸਾਰੇ ਵਰਗਾਂ ਨੂੰ ਨਾਲ ਜੋੜ ਕੇ ਵੱਡਾ ਜਨ ਅੰਦੋਲਨ ਖੜ੍ਹਾ ਕੀਤਾ ਜਾਵੇ ਤਾਂ ਹੀ ਸਫਲਤਾ ਸੰਭਵ ਹੈ। ਕਿਸਾਨਾਂ ਦਾ ਪੱਕਾ ਨਿਸ਼ਚਾ ਸੀ ਕਿ ਜੇ ਅੰਦੋਲਨ ਸ਼ਾਂਤਮਈ ਰਿਹਾ ਤਾਂ ਜਿੱਤ ਅੰਦੋਲਨਕਾਰੀਆਂ ਦੀ ਹੋਵੇਗੀ। ਜੇ ਹਿੰਸਕ ਹੋ ਗਿਆ ਤਾਂ ਯਕੀਨੀ ਤੌਰ ’ਤੇ ਜਿੱਤ ਸਰਕਾਰ ਦੀ ਹੋਵੇਗੀ/ ਮੋਦੀ ਦੀ ਹੋਵੇਗੀ। ਉਕਤ ਸਾਰੇ ਹਾਲਾਤਾਂ ਨੂੰ ਧਿਆਨ ’ਚ ਰੱਖਿਆਂ ਹੀ ਦੀਪ ਸਿੱਧੂ ਦੀਆਂ ਸ਼ੰਭੂ ਮੋਰਚੇ ਤੋਂ ਲਾਲ ਕਿਲ੍ਹੇ ਤੱਕ ਦੀਆਂ ਗਤੀਵਿਧੀਆਂ ਕਿਸਾਨ ਅੰਦੋਲਨ ਵਿਰੁਧ ਭੁਗਤਦੀਆਂ ਪ੍ਰਤੀਤ ਹੋਈਆਂ। ਕਿਸਾਨ ਆਗੂਆਂ ਨੇ ਸ਼ੰਭੂ ਮੋਰਚੇ ਦੌਰਾਨ ਹੀ ਭਾਂਪ ਲਿਆ ਸੀ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਲਈ ਨੁਕਸਾਨ ਦਾਇਕ ਹੋਵੇਗਾ ਇਸੇ ਕਾਰਨ ਉਨ੍ਹਾਂ ਨੇ ਆਰੰਭ ਤੋਂ ਹੀ ਇਸ ਨੂੰ ਆਪਣੀ ਸਟੇਜ਼ ਤੋਂ ਦੂਰ ਰੱਖਿਆ।
ਹਰ ਪੰਜਾਬੀ ਜਾਣਦਾ ਹੈ ਕਿ ਪੰਜਾਬੀ ਸੂਬਾ ਲਹਿਰ ਦੌਰਾਨ ਅਤੇ ਬਾਅਦ ਵਿੱਚ ਜਿੰਨੇ ਵੀ ਮੋਰਚੇ ਲੱਗੇ ਉਨ੍ਹਾਂ ਵਿਰੁੱਧ ਜਨਸੰਘ/ਭਾਜਪਾ ਲੋਹੇ ਦੀ ਲੱਠ ਬਣ ਕੇ ਇਨ੍ਹਾਂ ਮੰਗਾਂ ਦੀ ਪੂਰਤੀ ਵਿੱਚ ਰੋੜਾ ਬਣਦੀ ਰਹੀ ਹੈ। ਦੇਸ਼ ਦੀ ਵੰਡ ਲਈ ਭਾਵੇਂ ਇਹ ਜਮਾਤ ਮੁੱਖ ਤੌਰ ’ਤੇ ਮੁਹੰਮਦ ਜ਼ਿਨਾਹ ਅਤੇ ਜਵਾਹਰ ਲਾਲ ਨਹਿਰੂ ਨੂੰ ਕਸੂਰਵਾਰ ਠਹਿਰਾਉਂਦੀ ਰਹੀ ਹੈ ਪਰ ਬੀ.ਆਰ. ਅੰਬੇਡਕਰ ਦੀਆਂ ਲਿਖਤਾਂ ਪੜ੍ਹਨ ਵਾਲੇ ਜਾਣਦੇ ਹਨ ਕਿ ਆਰ.ਐੱਸ.ਐੱਸ. ਦੇ ਨਫ਼ਰਤੀ ਬਿਆਨ ਅਤੇ 1935 ’ਚ ਹਿੰਦੂ ਰਾਸ਼ਟਰ ਦੀ ਮੰਗ ਕਰਨਾ; ਵੱਧ ਕਸੂਰਵਾਰ ਸੀ। ਇਸ ਲਈ ਪੰਜਾਬੀਆਂ ਦੇ ਹੋਏ ਨੁਕਸਾਨ ਲਈ ਕਾਂਗਰਸ ਦੇ ਨਾਲ-ਨਾਲ ਆਰ.ਐੱਸ.ਐੱਸ./ਭਾਜਪਾ ਵੀ ਜ਼ਿੰਮੇਵਾਰ ਹੈ।
ਫਿਲਮਾਂ ’ਚ ਦੂਸਰਿਆਂ ਦੀ ਲਿਖੀ ਸਕਰਿਪਟ ’ਤੇ ਐਕਟਿੰਗ ਕਰਨਾ ਜਾਂ ਦੂਸਰਿਆਂ ਵੱਲੋਂ ਲਿਖੇ ਡਾਇਲਾਗ ਬੋਲਣਾ; ਕਿਸੇ ਅੰਦੋਲਨ ਦੀ ਅਗਵਾਈ ਕਰਨ ਵਰਗਾ ਨਹੀਂ ਹੁੰਦਾ। ਕਿਸੇ ਪਤਿਤ ਹੀਰੋ ਦੇ ਬੋਲਾਂ ਤੋਂ ਪ੍ਰਭਾਵਤ ਹੋ ਕੇ ਉਸ ਦੀ ਬਹਾਦਰੀ ਨੂੰ ਬਾਬਾ ਬਘੇਲ ਸਿੰਘ ਜੀ ਜਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਬਹਾਦਰੀ ਨਾਲ ਜੋੜ ਬੈਠਣਾ; ਇੱਕ ਟੀਵੀ ਦਰਸ਼ਕ ਦੀ ਸੋਚ ਹੀ ਕਹੀ ਜਾਵੇਗੀ। ਬੜਾ ਦੁੱਖ ਹੁੰਦਾ ਹੈ ਜਦ ਕਿਸੇ ਕੌਮ ਦਾ ਇਤਿਹਾਸਕਾਰ ਜਾਂ ਵਕਤਾ ਵੀ ਅਜਿਹੇ ਦਰਸ਼ਕਾਂ ਦੀ ਕਤਾਰ ’ਚ ਖੜ੍ਹ ਹੁੰਦਾ ਹੈ ਜਦਕਿ ਕੌਮ; ਉਸ ਪਾਸੋਂ ਗਹਿਰੀਆਂ ਉਮੀਦਾਂ ਲਾਈ ਬੈਠੀ ਹੁੰਦੀ ਹੈ। ਜੋ ਸਿੱਖ; ਏਜੰਡੇ ਨਾਲੋਂ ਵਿਅਕਤੀ ਵਿਸ਼ੇਸ਼ ਦੀ ਸੋਚ ਦੀ ਫੋਟੋ ਕਾਪੀ ਬਣ ਕਹਿੰਦੇ ਰਹਿੰਦੇ ਹਨ ਕਿ ‘ਫਲਾਣਿਆ! ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਉਨ੍ਹਾਂ ਨੂੰ ਹੇਠਲੇ ਨੁਕਤਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ :
- ਪੰਜਾਬ ਦੀਆਂ ਜਿਹੜੀਆਂ ਮੰਗਾਂ ਅਤੇ ਵੱਧ ਅਧਿਕਾਰਾਂ ਦੀ ਗੱਲ-ਬਾਤ ਕਾਰਨ ਦੀਪ ਸਿੱਧੂ, ਨੌਜਵਾਨੀ ਲਈ ਰੋਲ ਮਾਡਲ ਬਣਿਆ ਹੈ ਇਹ ਅੱਜ ਦੀਆਂ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਦੀਪ ਸਿੱਧੂ ਕਦੇ ਉਨ੍ਹਾਂ ’ਤੇ ਬੋਲਦਾ ਨਹੀਂ ਵੇਖਿਆ ਗਿਆ। ਆਖ਼ਿਰ ਕਿਉਂ ? ਕੀ ਇਹ ਕਿਸਾਨੀ ਸੰਘਰਸ਼ ਪ੍ਰਤੀ ਬਣੀ ਸਮਾਜਿਕ ਚੇਤਨਾ ਦਾ ਰੁਖ ਬਦਲਣ ਲਈ ਤਾਂ ਨਹੀਂ ?
- ਜਦ 26 ਜਨਵਰੀ ਤੋਂ ਪਹਿਲਾਂ ਕਿਸਾਨੀ ਮੰਗਾਂ ਬਾਰੇ ਭਾਜਪਾ ਸਰਕਾਰ ਦੀ ਬੋਲੀ ਭਾਂਪ ਲਈ ਗਈ ਸੀ ਕਿ ਇਹ ਕਿਸਾਨ ਸੰਘਰਸ਼ ਨੂੰ ਸਿੱਖ ਸੰਘਰਸ਼ ਜਾਂ ਖਾਲਿਸਤਾਨੀ ਸੰਘਰਸ਼ ਸਾਬਤ ਕਰ ਰਹੀ ਹੈ ਤਾਂ ਲਾਲ ਕਿਲ੍ਹੇ ਵੱਲ ਵਧ ਕੇ ਕਿਸਾਨਾਂ ਸਾਮ੍ਹਣੇ ਕਮਜ਼ੋਰ ਪੈ ਚੁੱਕੀ ਸਰਕਾਰ ਨੂੰ ਮੁੜ ਊਰਜਾ ਦੇਣ ਵਾਲਾ ਕਾਰਜ ਕਿਉਂ ਕੀਤਾ ਗਿਆ ?
- ਲਾਲ ਕਿਲ੍ਹੇ ’ਤੇ ਪਹੁੰਚਣ ਦਾ ਪ੍ਰੋਗਰਾਮ ਅਚਾਨਕ ਹੀ ਨਹੀਂ ਬਣ ਗਿਆ ਬਲਕਿ ਇਸ ਲਈ 25 ਜਨਵਰੀ ਦੀ ਰਾਤ ਨੂੰ ਹੀ ਸੰਯੁਕਤ ਕਿਸਾਨ ਮੰਚ ’ਤੇ ਜਬਰਨ ਕਬਜ਼ਾ ਕਰ ਦਿੱਲੀ ਪੁਲਿਸ ਅਤੇ ਕਿਸਾਨ ਆਗੂਆਂ ਦੁਆਰਾ ਬਣਾਈ ਪੂਰੀ ਪਲਾਨਿੰਗ ਨੂੰ ਫੇਲ੍ਹ ਕੀਤਾ ਗਿਆ। ਦੂਸਰੇ ਪਾਸੇ ਸਰਕਾਰ ਨੇ ਵੀ ਨਿਰਧਾਰਿਤ ਕੀਤੇ ਰੋਡ ਮਾਰਚ ਨੂੰ ਬੰਦ ਕਰ ਲਾਲ ਕਿਲ੍ਹੇ ’ਤੇ ਜਾਣ ਵਾਲੇ ਸਾਰੇ ਰਸਤੇ ਖੋਲ੍ਹ ਦਿੱਤੇ ਗਏ। ਆਖ਼ਿਰ ਕਿਉਂ ? ਵੈਸੇ ਦਿੱਲੀ ਪੁਲਿਸ ਵੀ ਕਿਸਾਨ ਆਗੂਆਂ ਨਾਲ ਮਜਬੂਰੀ ’ਚ ਹੀ 26 ਜਨਵਰੀ ਦੇ ਰੋਡ ਮਾਰਚ ਬਾਰੇ ਗੱਲ-ਬਾਤ ਕਰਦੀ ਪਈ ਸੀ।
- ਜਿਹੜੇ ਕਿਸਾਨ ਆਗੂ ਲਾਲ ਕਿਲ੍ਹੇ ’ਤੇ ਪਹੁੰਚੇ ਹੀ ਨਹੀਂ ਅਤੇ ਉੱਧਰ ਜਾਣ ਵਾਲਿਆਂ ਨੂੰ ਰੋਕਦੇ ਵੀ ਰਹੇ ਉਨ੍ਹਾਂ 37 ਕਿਸਾਨ ਆਗੂਆਂ ਵਿਰੁਧ ਬਾਈ ਨੇਮ ਕੇਸ ਦਰਜ ਕਿਉਂ ਹੋਏ ? ਦੂਸਰੇ ਪਾਸੇ ਦੀਪ ਸਿੱਧੂ ਦੀਆਂ ਭਾਵੇਂ ਲਾਲ ਕਿਲ੍ਹੇ ਜਾਣ ਅਤੇ ਭਾਸ਼ਣ ਦੇਣ ਦੀਆਂ ਵੀਡੀਓ ਵੀ ਮੌਜੂਦ ਹਨ, ਪਰ ਉਸ ਦਾ ਨਾਂ ਤੁਰੰਤ ਲਿਖੀ ਕਿਸੇ ਐੱਫ.ਆਈ.ਆਰ ਵਿੱਚ ਦਰਜ ਨਹੀਂ। ਜਦੋਂ ਮੀਡੀਏ ਵਿੱਚ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਜਿਹੜੇ ਕਿਸਾਨ ਆਗੂ ਲਾਲ ਕਿਲ੍ਹੇ ਵਿੱਚ ਗਏ ਹੀ ਨਹੀਂ ਉਨ੍ਹਾਂ ਦੇ ਨਾਮ ਤਾਂ ਵੱਖ ਵੱਖ ਐੱਫ.ਆਈ.ਆਰ’ਜ਼ ’ਚ ਸ਼ਾਮਲ ਹਨ ਪਰ ਜਿਹੜੇ ਪਹੁੰਚੇ ਅਤੇ ਜਿਨ੍ਹਾਂ ਵੱਲੋਂ ਝੰਡੇ ਲਹਿਰਾਏ ਗਏ ਉਨ੍ਹਾਂ ਦੇ ਨਾਮ ਕਿਸੇ ਵੀ ਐੱਫ.ਆਈ.ਆਰ ਵਿੱਚ ਸ਼ਾਮਲ ਕਿਉਂ ਨਹੀਂ ? ਤਾਂ ਦਬਾਅ ਕਾਰਨ ਦੀਪ ਸਿੱਧੂ ਵਿਰੁਧ ਡੀ.ਡੀ. (ਡੀ.ਡੀ.ਆਰ) ਦਰਜ ਕਰ ਉਸ ਦੀ ਪੜਤਾਲ ਦੇ ਆਧਾਰ ’ਤੇ ਐੱਫ.ਆਈ.ਆਰ. ਨੰ: 96 ਮਿਤੀ 27.1.2021 ਅਧੀਨ ਨਾਮਜ਼ਦ ਕਰ ਦਿੱਤਾ। ਹੁਣ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਰਕਾਰ ਆਪਣੇ ਬੰਦਿਆਂ ਰਾਹੀਂ ਕਿਸਾਨ ਆਗੂਆਂ ’ਤੇ ਦਬਾਅ ਬਣਾਏਗੀ ਤਾਂ ਜੋ ਉਹ ਦੀਪ ਸਿੱਧੂ ਨੂੰ ਰਿਹਾਅ ਕਰਨ ਲਈ ਕੋਈ ਬਿਆਨ ਜਾਰੀ ਕਰਵਾਇਆ ਜਾ ਸਕੇ ਤੇ ਸਰਕਾਰ ਤੁਰੰਤ ਦੀਪ ਸਿੱਧੂ ਨੂੰ ਛੱਡ ਦੇਵੇ।
- ਮਿਤੀ 27.2.2021 ਨੂੰ ਸ਼੍ਰੀ ਗਜ਼ੇਂਦਰ ਸਿੰਘ ਨਾਗਰ ਚੀਫ ਮੈਟਰੋਪੋਲੀਸ਼ਨ ਮੈਜਿਸਟ੍ਰੇਟ ਕੇਂਦਰੀ ਦਿੱਲੀ ਦੀ ਅਦਾਲਤ ’ਚ ਇਸ ਕੇਸ ਵਿੱਚ ਹੋਈ ਜ਼ਿਰਹਾ ਦੌਰਾਨ ਦੀਪ ਸਿੱਧੂ ਨੇ ਲਿਖਤੀ ਜਵਾਬਨਾਮੇ ਵਿੱਚ ਕਿਹਾ ਕਿ ਉਹ 12.00 ਵਜੇ ਤੱਕ ਮੂਰਥਲ ਹੋਟਲ ਵਿੱਚ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ’ਤੇ ਪਹੁੰਚ ਗਏ ਹਨ ਤਾਂ ਉਸ ਨੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਚਲੇ ਜਾਣ ਦੀ ਅਪੀਲ ਕਰਕੇ ਦਿੱਲੀ ਪੁਲਿਸ ਦੀ ਮਦਦ ਕੀਤੀ ਹੈ। ਜੇ ਸਿੱਧੂ ਸੱਚ ਕਹਿ ਰਿਹੈ ਤਾਂ ਜ਼ਰਾ ਸੋਚੋ ਇਹ ਬਿਆਨ ਉਸ ਵੱਲੋਂ 25.1.2021 ਦੀ ਸ਼ਾਮ ਨੂੰ ਸ਼ੰਭੂ ਬਾਰਡਰ ਦੀ ਸਟੇਜ਼ ’ਤੇ ਦਿੱਤੇ ਉਸ ਭਾਸ਼ਣ ਦੇ ਵਿਰੋਧ ਵਿੱਚ ਨਹੀਂ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਅਸੀਂ ਸਰਕਾਰ ਵੱਲੋਂ ਸੁਝਾਏ ਰੂਟ ’ਤੇ ਚੱਲਣ ਦੇ ਪਾਬੰਦ ਨਹੀਂ ਹਾਂ ਅਸੀਂ ਆਪਣਾ ਰਾਹ ਆਪ ਚੁਣਨਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ 25 ਜਨਵਰੀ ਦੀ ਅੱਧੀ ਰਾਤ ਤੱਕ ਪੁਲਿਸ ਦੀਆਂ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰੀ ਦੀਪ ਸਿੱਧੂ ਅਗਲੀ ਸਵੇਰ ਹੀ ਨੌਜਾਵਾਨਾਂ ਨੂੰ ਕਿਸ ਦੇ ਰਹਿਮ ’ਤੇ ਛੱਡ ਕੇ 12.00 ਦੁਪਹਿਰ ਤੱਕ ਹੋਟਲ ਵਿੱਚ ਬੈਠਾ ਰਿਹਾ ਅਤੇ 12.30 ਵਜੇ ਲਾਲ ਕਿਲ੍ਹੇ ਆ ਕੇ ਪੁਲਿਸ ਦੀ ਮਦਦ ਕਰਦਾ ਪਿਆ ਹੈ। ਕਮਾਲ ਹੈ!
ਉਕਤ ਨੁਕਤੇ ਵੀਚਾਰਨ ਉਪਰੰਤ ਫ਼ੈਸਲਾ ਸਭ ਪੰਜਾਬੀਆਂ ਨੇ ਕਰਨਾ ਹੈ ਕਿ ਦੀਪ ਸਿੱਧੂ ਦੀਆਂ ਗਤੀਵਿਧੀਆਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲੀਆਂ ਹਨ ਜਾਂ ਢਾਅ ਲਾਉਣ ਵਾਲੀਆਂ। ਇਸ ਕਿਸਾਨ ਵਿਰੋਧੀ ਲਹਿਰ ਨੂੰ ਜੀਵਤ ਰੱਖਣ ਲਈ ਭੱਜ-ਦੌੜ ਕਰ ਰਹੇ ਸ. ਅਜਮੇਰ ਸਿੰਘ ਮੰਡੀ ਕਲਾਂ ਅਤੇ ਬਾਬਾ ਬਖ਼ਸ਼ੀਸ਼ ਸਿੰਘ ਬਾਰੇ ਵੀ ਕੁਝ ਵਿਚਾਰ ਜ਼ਰੂਰੀ ਹੈ। ਸ. ਅਜਮੇਰ ਸਿੰਘ; ਪੰਜਾਬ ’ਚ ਚੱਲੀ ਪਹਿਲਾਂ ਨਕਸਲਾਈਟ ਲਹਿਰ ਦਾ ਅਤੇ ਫਿਰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਚੱਲੀ ਖਾੜਕੂ ਲਹਿਰ ਦਾ ਸਮਰਥਕ ਰਿਹਾ ਹੈ। ਇਸੇ ਤਰ੍ਹਾਂ ਬਾਬਾ ਬਖ਼ਸ਼ੀਸ਼ ਸਿੰਘ ਖੜਕੂ ਲਹਿਰ ਦਾ ਕੇਵਲ ਸਮਰਥਕ ਹੀ ਨਹੀਂ ਬਲਕਿ ਸਰਗਰਮ ਹਿੱਸੇਦਾਰ ਸੀ। 26 ਜਨਵਰੀ ਦੀਆਂ ਘਟਨਾਵਾਂ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਰਵਨੀਤ ਸਿੰਘ ਡਿਬਡਿਬਾ ਹਮੇਸ਼ਾਂ ਲਈ ਯਾਦ ਰਹਿਣ ਦੇ ਬਿਆਨ ਦੇਣ ਵਾਲੇ ਇਹ ਵੀਰ ਦੱਸਣ ਕਿ ਨਕਸਲਾਈਟ ਲਹਿਰ ਅਤੇ ਖਾੜਕੂ ਲਹਿਰ ਦੌਰਾਨ ਕਿਹੜੇ-ਕਿਹੜੇ ਨੌਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਸ਼ਹੀਦੀਆਂ ਕਾਰਨ ਪੰਜਾਬ ਨੂੰ ਕੀ ਪ੍ਰਾਪਤੀ ਹੋਈ ? ਉਨ੍ਹਾਂ ਖਾੜਕੂ ਲਹਿਰਾਂ ਦੌਰਾਨ ਸਾਰੇ ਸ਼ਹੀਦਾਂ ਦੇ ਨਾਮ ਤਾਂ ਕਿਸੇ ਨੂੰ ਕੀ ਯਾਦ ਹੋਣੇ ਸੀ, ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਆਪਣੀ ਜਾਨ ਦੀ ਕੀਮਤ ’ਤੇ ਲੱਭੀਆਂ ਲਾਵਾਰਸ਼ ਲਾਸ਼ਾਂ ਨੂੰ ਜੇ ਕੋਈ ਇਨਸਾਫ਼ ਵੀ ਅਜਿਹੇ ਬੰਦੇ ਦਿਵਾ ਸਕਦੇ ਤਾਂ ਹੁਣ ਵੀ ਗੱਲ ਮੰਨਣਯੋਗ ਹੁੰਦੀ। ਸੋ ਬਿਨਾਂ ਸੋਚੇ ਸਮਝੇ ਭੜਕਾਊ ਭਾਸ਼ਣ ਦੇ ਦੇ ਸਿੱਖ ਨੌਜਵਾਨੀ ਨੂੰ ਸ਼ਹੀਦ ਕਰਵਾਈ ਜਾਣ; ਕੋਈ ਸਿਆਣਪ ਨਹੀਂ ਕਹੀ ਜਾ ਸਕਦੀ।
ਗੁਰੂ ਅੰਗਦ ਸਾਹਿਬ ਜੀ ਦਾ ਫ਼ੁਰਮਾਨ ਹੈ ਕਿ ਜਿਊਂਦੇ ਨੂੰ ਜਿਊਂਦਾ ਅਤੇ ਮਰ ਚੁੱਕੇ ਨੂੰ ਮਰਿਆ ਮਿਲਦਾ ਹੈ ‘‘ਜੀਵਤੇ ਕਉ ਜੀਵਤਾ ਮਿਲੈ; ਮੂਏ ਕਉ ਮੂਆ ॥’’ (ਮਹਲਾ ੨/੭੮੮) ਦੀਪ ਸਿੱਧੂ ਅੰਦਰ ਦੀਰਘ ਸੋਚ ਵੇਖਣ ਵਾਲੇ ਸ: ਅਜਮੇਰ ਸਿੰਘ ਜੀ ਦੀ ਦੀਰਘ ਸੋਚ ਨੂੰ ਜਾਣਨ ਲਈ ਉਸ ਦੇ ਹੇਠਲੇ ਬਿਆਨ ਧਿਆਨ ਮੰਗਦੇ ਹਨ।
(1). 14 ਫ਼ਰਵਰੀ 2015 ਨੂੰ ਦਿੱਲੀ ’ਚ ਕੇਜਰੀਵਾਲ ਸਰਕਾਰ 70 ਵਿਧਾਨਸਭਾ ਸੀਟਾਂ ’ਚੋਂ 67 ਸੀਟਾਂ ਜਿੱਤ ਕੇ ਸਰਕਾਰ ਬਣਾਉਂਦੀ ਹੈ। ਸ. ਅਜਮੇਰ ਸਿੰਘ ਜੀ 17 ਫ਼ਰਵਰੀ 2015 ਨੂੰ ਇੱਕ ਇੰਟਰਵਿਊ ’ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਬਹੁਤ ਸੂਝਵਾਨ ਅਤੇ ਦੀਰਘ ਸੋਚ ਦੇ ਮਾਲਕ ਆਖਦਾ ਹੈ।
(2). ਮਾਰਚ 2015 ’ਚ ਭਾਵ ਇੱਕ ਮਹੀਨੇ ਅੰਦਰ ਹੀ ਕੇਜਰੀਵਾਲ ਅਤੇ ਯੋਗੇਂਦਰ ਯਾਦਵ ਦਾ ਆਪਸੀ ਵਿਵਾਦ ਹੋ ਗਿਆ। ਸ. ਅਜਮੇਰ ਸਿੰਘ ਜੀ ਨੇ 22 ਮਾਰਚ 2015 ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਮੁਕਾਬਲੇ ਯੋਗੇਂਦਰ ਯਾਦਵ ਬੜੇ ਦੀਰਘ ਅਤੇ ਵਿਆਪਕ ਸੋਚ ਦੇ ਮਾਲਕ ਹਨ।
(3). ਹੁਣ ਕਿਸਾਨ ਆਗੂਆਂ ਵੱਲੋਂ 26 ਜਨਵਰੀ 2021 ਨੂੰ ਲਾਲ ਕਿਲ੍ਹੇ ਜਾਣ ਦੀ ਨਿਖੇਧੀ ਕਰਨ ਕਾਰਨ ਸ. ਅਜਮੇਰ ਸਿੰਘ ਜੀ ਨੇ ਇਸ ਦੇ ਪਿਛੇ ਯੋਗੇਂਦਰ ਯਾਦਵ ਦੀ ਸੰਕੀਰਨ ਅਤੇ ਕਾਮਰੇਡ ਸੋਚ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸ. ਅਜਮੇਰ ਸਿੰਘ ਜੀ ਹਰ ਉਸ ਤਾਕਤ ਨਾਲ ਖੜ੍ਹੇ ਵੇਖੇ ਗਏ ਹਨ ਜੋ (ਸਥਾਪਿਤ ਧਿਰਾਂ ਦੇ ਮੁਕਾਬਲੇ ਨਵੀਂ ਉੱਭਰ ਰਹੀ ਹੁੰਦੀ ਹੈ) ਵਿਰੋਧ ’ਚ ਹੁੰਦੀ ਹੈ। (2015 ’ਚ ਸਥਾਪਿਤ ਧਿਰਾਂ ਕਾਂਗਰਸ ਅਤੇ ਭਾਜਪਾ ਦੇ ਵਿਰੋਧ ’ਚ ਕੇਜਰੀਵਾਲ ਉੱਭਰਿਆ ਤਾਂ ਅਜਮੇਰ ਸਿੰਘ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਿਆਣਪ ਤੇ ਸੋਚ ਨੂੰ ਖ਼ੂਬ ਸਾਲਾਹਿਆ। ਮਹੀਨੇ ਕੁ ਬਾਅਦ ਕੇਜਰੀਵਾਲ ਦਾ ਇਸ ਦੀ ਪਾਰਟੀ ਦੇ ਪ੍ਰਮੁੱਖ ਆਗੂ ਯੋਗੇਂਦਰ ਯਾਦਵ ਤੇ ਪ੍ਰਸਾਂਤ ਭੂਸ਼ਨ ਨਾਲ ਵਿਵਾਦ ਖੜ੍ਹਾ ਹੋਇਆ ਤਾਂ ਅਜਮੇਰ ਸਿੰਘ ਜੀ; ਯੋਗੇਂਦਰ ਯਾਦਵ ਨਾਲ ਸਨ। ਹੁਣ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੁਆਰਾ ਲਏ ਫ਼ੈਸਲਿਆਂ ਦਾ ਵਿਰੋਧ ਕੀਤਾ ਤਾਂ ਦੀਪ ਸਿੱਧੂ ਨਾਲ ਹਨ । ਵੈਸੇ ਜੋ ਵਿਅਕਤੀ ਇੱਕ ਮਹੀਨੇ (ਮਾਰਚ 2015) ’ਚ ਇਕੋ ਬੰਦੇ (ਕੇਜਰੀਵਾਲ/ਭਗਵੰਤ ਮਾਨ) ਨੂੰ ਦੀਰਘ ਸੋਚ ਵਾਲਾ ਅਤੇ ਸੰਕੀਰਨ ਸੋਚ ਵਾਲਾ ਕਹਿ ਸਕਦਾ ਹੋਵੇ ਉਸ ਅਨੁਸਾਰ ਮਾਰਚ 2015 ’ਚ ਦੀਰਘ ਸੋਚ ਵਾਲਾ ਯੋਗੇਂਦਰ ਯਾਦਵ; ਸੰਨ 2021 (6 ਸਾਲ ਬਾਅਦ) ਸੰਕੀਰਨ ਸੋਚ ਦਾ ਮਾਲਕ ਬਣਾ ਦੇਣਾ ਕਿੰਨਾ ਕੁ ਮੁਸ਼ਕਲ ਹੋ ਸਕਦਾ ਹੈ ?
ਸ: ਅਜਮੇਰ ਸਿੰਘ ਜੀ ਦੇ ਉਕਤ ਬਦਲਵੇਂ ਵੀਚਾਰਾਂ ਉਪਰੰਤ ਕੀ ਇਹ ਉਮੀਦ ਰੱਖੀ ਜਾ ਸਕਦੀ ਹੈ ਕਿ ਭਵਿੱਖ ’ਚ ਦੀਪ ਸਿੱਧੂ ਨੂੰ ਸੰਕੀਰਨ ਸੋਚ ਦਾ ਮਾਲਕ ਨਹੀਂ ਕਹਿਣਗੇ ?
ਅਖੀਰ ਵਿੱਚ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡੇ ਸੰਵਿਧਾਨ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਹਰ ਦੇਸ਼ ਦੇ ਸ਼ਹਿਰੀ ਨੂੰ ਇਹ ਹੱਕ ਹੈ ਕਿ ਉਹ ਸ਼ਾਂਤਮਈ ਰਹਿ ਕੇ ਸਰਕਾਰੀ ਹੁਕਮਾਂ/ਕਾਨੂੰਨਾਂ ਦਾ ਵਿਰੋਧ ਕਰ ਸਕਦੇ ਹਨ। ਇਨ੍ਹਾਂ ਸੰਵਿਧਾਨਿਕ ਹੱਕਾਂ ਕਾਰਨ ਹੀ ਸਾਡੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਹੁਕਮ ਕੀਤਾ ਹੈ ਕਿ ਹਰ ਸ਼ਹਿਰੀ ਨੂੰ ਸਰਕਾਰ ਦੇ ਗਲਤ ਫ਼ੈਸਲਿਆਂ ਦਾ ਸ਼ਾਂਤਮਈ ਰਹਿ ਕੇ ਵਿਰੋਧ ਕਰਨ ਦਾ ਹੱਕ ਹਾਸਲ ਹੈ। ਜਦ ਤਕ ਅੰਦੋਲਨਕਾਰੀ ਸ਼ਾਂਤਮਈ ਰਹਿਣਗੇ ਓਨੀ ਦੇਰ ਸਰਕਾਰ; ਜਬਰਨ ਧਰਨਾ ਸਥਲ ਨੂੰ ਖਾਲੀ ਨਹੀਂ ਕਰਵਾ ਸਕਦੀ। ਸਿਰਫ ਸੁਪਰੀਮ ਕੋਰਟ ਹੀ ਨਹੀਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਸਰਕਾਰ ’ਤੇ ਭਾਰੀ ਦਬਾਅ ਹੈ ਕਿ ਉਹ ਕਿਸਾਨ ਸੰਘਰਸ਼ ਨੂੰ ਦਬਾਉਣ ਦਾ ਯਤਨ ਨਾ ਕਰੇ। ਇਸੇ ਕਾਰਨ ਕਿਸਾਨੀ ਸੰਘਰਸ਼ ਹੁਣ ਤੱਕ ਉਹ ਸਫਲਤਾਵਾਂ ਹਾਸਲ ਕਰਨ ਵਿੱਚ ਸਫਲ ਹੋਇਆ ਹੈ ਜਿਹੜੀਆਂ ਕਿ ਪਹਿਲਾਂ ਕਿਸੇ ਸੰਘਰਸ਼ ਸਮੇਂ ਨਹੀਂ ਹੋ ਸਕੀਆਂ। ਕਾਰਨ ਇੱਕੋ ਹੈ ਕਿ ਨਕਸਲਾਈਟ ਲਹਿਰ ਅਤੇ ਸਿੱਖ ਖਾੜਕੂ ਲਹਿਰ ਦੌਰਾਨ ਸਾਨੂੰ ਨਾ ਕਿਸੇ ਅਦਾਲਤ ਤੋਂ ਇਨਸਾਫ਼ ਮਿਲਿਆ ਅਤੇ ਨਾ ਹੀ ਅੰਤਰਰਾਸ਼ਟਰੀ ਪੱਧਰ ’ਤੇ ਕੋਈ ਸਮਰਥਨ ਹਾਸਲ ਹੋਇਆ ਸੀ ਕਿਉਂਕਿ ਹਿੰਸਕ ਸੰਘਰਸ਼ ਨਾਲ ਕੋਈ ਨਹੀਂ ਖੜ੍ਹੇਗਾ। ਕੇਵਲ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਕਿਸਾਨ ਆਗੂਆਂ ਨੂੰ ਪੂਰਨ ਸਹਿਯੋਗ ਦੇਣਾ ਬਣਦਾ ਹੈ।
ਹਰ ਵਰਗ ਦੀ ਭਰਵੀ ਸ਼ਮੂਲੀਅਤ ਤੋਂ ਬਿਨਾਂ ਤਾਨਾਸ਼ਾਹੀ ਮੋਦੀ ਸਰਕਾਰ ਤੋਂ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਸੰਘਰਸ਼ ਨੂੰ ਦਿਲੋਂ ਪਿਆਰ ਕਰਨ ਵਾਲਿਆਂ ’ਚ ਏਕਤਾ ਬਣਾ ਕੇ ਰੱਖਣੀ ਬਣਦੀ ਹੈ। ਦੀਪ ਸਿੱਧੂ ਦੇ ਮੁਕਾਬਲੇ ਲੱਖਾ ਸਿਧਾਣਾ ਪੰਜਾਬ ਦੀ ਮਿੱਟੀ ਨਾਲ ਜੁੜਿਆ, ਕਿਸਾਨ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸ਼ਖ਼ਸ ਹੈ ਜਦੋਂ ਕਿ ਦੀਪ ਸਿੱਧੂ ਦਾ ਆਰਥਿਕ ਖੇਤਰ ਫਿਲਮ ਅਦਾਕਾਰੀ ਕਾਰਨ ਮੁੰਬਈ ਆਧਾਰਿਤ ਹੈ, ਜਿੱਥੇ ਬੜਾ ਸਿਆਸੀ ਦਬਾਅ ਰਹਿੰਦਾ ਹੈ। ਭਾਜਪਾ ਸਰਕਾਰ ਗੁਮਰਾਹਕੁੰਨ ਖ਼ਬਰ ਹਰ ਹੀਲੇ ਫੈਲਾਉਂਦੀ ਆ ਰਹੀ ਹੈ। ਜ਼ਿਆਦਾਤਰ ਗੋਦੀ ਮੀਡੀਆ, ਅਦਾਕਾਰ ਅਤੇ ਖਿਡਾਰੀ; ਇਸ ਦਾ ਸ਼ਿਕਾਰ ਹੋ ਜਾਂਦੇ ਹਨ। 3 ਫ਼ਰਵਰੀ 2021 ਨੂੰ ਸਾਇਨਾ ਨੇਹਵਾਲ ਅਤੇ ਅਕਸ਼ੇ ਕੁਮਾਰ ਦੁਆਰਾ ਕੀਤੇ ਇੱਕੋ ਜਿਹੇ ਟਵੀਟ ਤੋਂ ਇਹ ਸਾਬਤ ਹੋ ਚੁੱਕਾ ਹੈ।
ਲੱਖੇ ਸਿਧਾਣੇ ਸੰਬੰਧੀ ਕਿਸਾਨ ਆਗੂ ਸੁਰਜੀਤ ਸਿੰਘ ਡੱਲੇਵਾਲ ਅਤੇ ਰੁਲਦੂ ਸਿੰਘ ਮਾਨਸਾ ਵਰਗੇ ਵੀ ਕਹਿ ਚੁੱਕੇ ਹਨ ਕਿ ਉਹ ਸਾਡਾ ਹੀ ਬੱਚਾ ਹੈ। ਵੈਸੇ ਵੀ 26 ਜਨਵਰੀ ਵਾਲੀ ਘਟਨਾ ’ਚ ਉਸ ਦਾ ਬਹੁਤ ਰੋਲ ਨਹੀਂ ਸੀ ਜਦਕਿ ਦੀਪ ਸਿੱਧੂ ਬਾਰੇ ਉਨ੍ਹਾਂ ਸਪਸ਼ਟ ਕਿਹਾ ਹੈ ਕਿ ਨਾ ਉਸ ਨਾਲ ਸਾਡਾ ਪਹਿਲਾਂ ਕੋਈ ਸੰਬੰਧ ਸੀ, ਨਾ ਹੁਣ ਹੈ। ਹੁਣ ਲੱਖੇ ਸਿਧਾਣੇ ਨੂੰ ਵੀ ਚਾਹੀਦਾ ਹੈ ਕਿ ਉਹ ਵਾਚੇ ਕਿ ਕਿਤੇ ਗਲਤ ਅਨਸਰ ਉਸ ਨੂੰ ਆਪਣੇ ਕੁਹਾੜੇ ਦਾ ਦਸਤਾ ਤਾਂ ਨਹੀਂ ਬਣਾ ਰਹੇ।
ਪੰਜਾਬ ਅਤੇ ਕਿਸਾਨਾਂ ਦੇ ਸਮੁੱਚੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸਾਂਝੇ ਫ਼ੈਸਲੇ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਬਣਿਆ ਰਹਿਣਾ ਜ਼ਰੂਰੀ ਹੈ। 26 ਜਨਵਰੀ ਦੀਆਂ ਘਟਨਾਵਾਂ ਨੇ ਜਿੱਥੇ ਮੋਰਚੇ ਨੂੰ ਵੱਡੀ ਢਾਅ ਲਾਈ ਹੈ ਉੱਥੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਅਗਵਾਈ ਜੋ ਪਹਿਲਾਂ ਪੰਜਾਬ ਕੋਲ ਸੀ ਉਹ ਕਿਸਾਨ ਆਗੂਆਂ ਅਤੇ ਨੌਜਵਾਨਾਂ ਵਿਚਕਾਰ ਵਧੇ ਤਨਾਅ ਕਾਰਨ ਕੁਝ ਮੱਧਮ ਪਈ ਜਾਪਦੀ ਹੈ। ਇਸ ਨਾਲ ਪੰਜਾਬ ਦਾ ਵੱਧ ਨੁਕਸਾਨ ਹੋਣਾ ਹੈ। ਬਜ਼ੁਰਗ ਕਿਸਾਨ ਆਗੂਆਂ ਅਤੇ ਨੌਜਵਾਨਾਂ ਦੀ ਨੇੜਤਾ ਹੀ ਹੱਠੀ ਸਰਕਾਰ ਲਈ ਚੁਣੌਤੀ ਬਣ ਕੇ ਕਿਸਾਨ ਮੰਗਾਂ ਮਨਵਾਉਣ ’ਚ ਸਫਲ ਸਿੱਧ ਹੋਵੇਗਾ।
ਹੇਠਲੀ ਵੀਡੀਓ ਚ ਸੋਚ ਤੋਂ ਭਾਵ ਏਜੰਡਾ ਹੈ। ਪਹਿਲਾਂ ਕਿਹਾ ਗਿਆ ਹੈ ਕਿ ਲੋਕ ਕਹਿੰਦੇ ਹਨ ਕਿ ਏਜੰਡਾ ਦੀ ਗੱਲ ਹੋਵੇ, ਵਿਅਕਤੀ ਦੀ ਨਹੀਂ, ਪਰ ਫਿਰ ਆਪ ਹੀ ਸੋਚ (ਏਜੰਡੇ) ਲਈ ਇਕੱਠ ਬੁਲਾਉਣ ਅਤੇ ਉਸ ਤੇ ਮੰਥਨ ਕਰਨ ਲਈ ਕਹਿ ਰਿਹਾ ਹੈ ਭਾਵ ਪਹਿਲਾਂ ਏਜੰਡੇ ਨੂੰ ਰੱਦ ਕਰ ਵਿਅਕਤੀ ਨੂੰ ਮਹੱਤਵ ਦੇ ਰਿਹੈ ਫਿਰ ਆਪ ਹੀ ਏਜੰਡੇ ਨੂੰ।
ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਮਨੋਵਿਗਿਆਨ ਤੇ ਕੌਮੀ ਸੰਦੇਸ਼
ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਮਨੋਵਿਗਿਆਨ ਤੇ ਕੌਮੀ ਸੰਦੇਸ਼
ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ, ਮਿਤੀ 10 ਫਰਵਰੀ 2021
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਿਹ।
ਕਾਦਰ ਦੀ ਕੁਦਰਤ ਦਾ ਇੱਕ ਅਟੱਲ ਨਿਯਮ ਹੈ ਕਿ ਹਰੇਕ ਵਸਤੂ ਆਪਣੇ ਕੇਂਦਰ ਨਾਲ ਜੁੜ ਕੇ ਅਤੇ ਆਪਣੀ ਬਝਵੀਂ ਚਾਲ ਵਿੱਚ ਤੁਰ ਕੇ ਹੀ ਆਪਣੀ ਹੋਂਦ ਨੂੰ ਕਾਇਮ ਰੱਖ ਸਕਦੀ ਹੈ । ਪ੍ਰਤੱਖ ਤੌਰ ’ਤੇ ਵੇਖਿਆ ਜਾ ਸਕਦਾ ਹੈ ਕਿ ਅਕਾਸ਼ ਮੰਡਲ ਦਾ ਕੋਈ ਸਿਤਾਰਾ ਜਦੋਂ ਆਪਣੇ ਧੁਰੇ ਤੋਂ ਟੁੱਟਦਾ ਤੇ ਬਝਵੀਂ ਚਾਲੋਂ ਭਟਕਦਾ ਹੈ ਤਾਂ ਉਹ ਧਰਤੀ ਦੀ ਗਰੂਤਾ ਖਿੱਚ ਦਾ ਖਿੱਚਿਆ ਧਰਤੀ ਵੱਲ ਵਧਦਾ ਤੇ ਹਵਾਵਾਂ ਦੇ ਲਫੇੜੇ ਖਾਂਦਾ ਸੜ ਕੇ ਸੁਆਹ ਹੋ ਜਾਂਦਾ ਹੈ । ‘ਬਲਿਹਾਰੀ ਕੁਦਰਤਿ ਵਸਿਆ’ ਦਾ ਇਲਾਹੀ ਨਗ਼ਮਾ ਗਾਉਣ ਵਾਲੇ ਗੁਰੂ ਨਾਨਕ ਸਾਹਿਬ ਨੇ ਕੁਦਰਤ ਦੇ ਉਪਰੋਕਤ ਨਿਯਮ ਨੂੰ ਮਾਨਵੀ ਜੀਵਨ ਨਾਲ ਸੰਬੰਧਿਤ ਕਰਦਿਆਂ ਬੜੇ ਹੀ ਸੁਖਾਲੇ ਢੰਗ ਨਾਲ ਸਮਝਾਇਆ ਹੈ। ਹਜ਼ੂਰ ਕਹਿੰਦੇ ਹਨ, ਬੜੀ ਵਿਸਮਾਦ ਜਨਕ ਘਟਨਾ ਹੈ ਕਿ ਜਦੋਂ ਕੋਈ ਵਿਅਕਤੀ ਚੱਕੀ ਦੇ ਦੋਵੇਂ ਪੁੜ ਰੱਖ ਕੇ ਦਾਣਿਆਂ ਨੂੰ ਪੀਹਣ ਲਈ ਆ ਬੈਠਦਾ ਹੈ ਤਾਂ ਜਿਹੜੇ ਦਾਣੇ ਦਰ ਨਾਲ, ਧੁਰੇ ਨਾਲ ਭਾਵ ਕਿੱਲੀ ਦੇ ਨੇੜੇ ਰਹਿੰਦੇ ਹਨ, ਉਹ ਪੱਥਰਾਂ ’ਚ ਦਬਣ ਤੋਂ (ਪੀਸਣੋਂ) ਬਚ ਜਾਂਦੇ ਹਨ ਪਰੰਤੂ ਜੋ ਕਿੱਲੀ ਨੂੰ ਛੱਡ ਕੇ ਪੁੜਾਂ ਹੇਠ ਆ ਜਾਂਦੇ ਹਨ, ਉਹ ਪੀਸ ਕੇ ਆਟਾ ਬਣ ਜਾਂਦੇ ਹਨ; ਉਵੇਂ ਹੀ ਜਿਹੜੇ ਮਨੁੱਖ ਪ੍ਰਭੂ ਦੇ ਦਰ ’ਤੇ ਟਿਕੇ ਰਹਿੰਦੇ ਹਨ, ਉਹ ਜੀਵਨ ਪੰਧ ਵਿੱਚ ਵਿਕਾਰਾਂ ਦੇ ਪੁੜਾਂ ਦੀ ਮਾਰ ਤੋਂ ਬਚੇ ਰਹਿੰਦੇ ਹਨ। ਗੁਰਵਾਕ ਹੈ ‘‘ਦੁਇ ਪੁੜ ਚਕੀ ਜੋੜਿ ਕੈ; ਪੀਸਣ ਆਇ ਬਹਿਠੁ ॥ ਜੋ ਦਰਿ ਰਹੇ, ਸੁ ਉਬਰੇ; ਨਾਨਕ ! ਅਜਬੁ ਡਿਠੁ ॥’’ (ਮਹਲਾ ੧/੧੪੨)
ਸ਼ਾਇਰੇ-ਮਸ਼ਰਿਕ ਮੌਲਾਨਾ ਮੁਹੰਮਦ ਇਕਬਾਲ (ਨਵੰਬਰ 1877-ਅਪ੍ਰੈਲ 1938) ਦਾ ਕਥਨ ਹੈ ਕਿ ਕੌਮਾਂ ਲਈ ਆਪਣੇ ਕੇਂਦਰੀ ਧੁਰੇ (ਮਰਕਜ਼) ਤੋਂ ਵੱਖ ਹੋਣਾ ਮੌਤ ਤੁੱਲ ਹੈ ਅਤੇ ਆਪਣੇ ਮਰਕਜ਼ ਨਾਲ ਜੁੜੇ ਰਹਿਣ ਦਾ ਫ਼ਖ਼ਰ ਖ਼ੁਦਾਈ ਤੁਲ। ਭਾਵ ਰੱਬ ਵਰਗੀ ਮਲਕੀਅਤ ਦਾ ਗੌਰਵ । ਉਸ ਦਾ ਪ੍ਰਸਿੱਧ ਸ਼ੇਅਰ ਹੈ ‘ਕੌਮੇਂ ਕੇ ਲੀਏ ਮੌਤ ਹੈ, ਮਰਕਜ਼ ਸੇ ਜੁਦਾਈ । ਹੋ ਸਾਹਿਬਿ ਮਰਕਜ਼, ਤੋ ਖ਼ੁਦੀ ਕਿਆ ਹੈ ? ਖ਼ੁਦਾਈ ।’ ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਹਕੂਮਤ ਸਿੱਖ ਕੌਮ ’ਤੇ ਹਮਲਾਵਰ ਹੋਈ, ਉਸ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਕੇਂਦਰੀ ਧਰਮ ਸਥਾਨ ਮੰਨਦਿਆਂ ਗੁਰਸਿੱਖਾਂ ਨੂੰ ਗੁਰਦੁਆਰੇ ਨਾਲੋਂ ਤੋੜਣ ਦਾ ਯਤਨ ਕੀਤਾ ਪਰੰਤੂ ਇਤਿਹਾਸ ਗਵਾਹ ਹੈ ਕਿ ਗੁਰਸਿੱਖਾਂ ਨੇ ਵੀ ਜਾਨਾਂ ਹੂਲ ਕੇ ਵੀ ਸਦਾ ਗੁਰਦੁਆਰੇ ਨਾਲ ਜੁੜੇ ਰਹਿਣ ਨੂੰ ਪਹਿਲ ਦਿੱਤੀ ਕਿਉਂਕਿ ‘‘ਗੁਰ ਤੇ ਬੂਝੈ; ਤਾ ਦਰੁ ਸੂਝੈ ॥’’ (ਮਹਲਾ ੩/੧੦੪੪) ਅਥਵਾ ‘‘ਖੋਜਤ ਖੋਜਤ ਦੁਆਰੇ ਆਇਆ ॥ ਤਾ ਨਾਨਕ ! ਜੋਗੀ ਮਹਲੁ ਘਰੁ ਪਾਇਆ ॥’’ (ਮਹਲਾ ੫/੮੮੬) ਆਦਿਕ ਗੁਰਵਾਕਾਂ ਦੇ ਚਾਨਣ ਵਿੱਚ ਗੁਰੂ ਦਾ ਦਰ (ਗੁਰਦੁਆਰਾ) ਹੀ ਉਨ੍ਹਾਂ ਨੂੰ ਰੱਬੀ ਦਰ ਦਿੱਸਦਾ ਹੈ। ਇਸੇ ਲਈ ਗੁਰੂ-ਕਾਲ ਤੋਂ ਲੈ ਕੇ ਹੁਣ ਤਕ ਪੰਥ ਗੁਰੂ-ਚਰਨ-ਛੋਹ ਪ੍ਰਾਪਤ ਇਤਿਹਾਸਕ ਗੁਰਧਾਮਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸਾਹਿਬਾਨ ਨਾਲ ਜੁੜਿਆ ਆ ਰਿਹਾ ਹੈ; ਭਾਵੇਂ ਕਿ ਉਸ ਨੂੰ ਅਤਿਅੰਤ ਮੁਸੀਬਤਾਂ ਦਾ ਸਾਹਮਣਾ ਵੀ ਕਰਨ ਪਿਆ ਹੈ।
ਅਠਾਰਵੀਂ ਸਦੀ ਵਿੱਚ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਹੁਰਮਤੀ ਕਰਨ ਵਾਲੇ ਚੌਧਰੀ ਮੱਸੇ ਰੰਘੜ ਨੂੰ ਸੋਧਣਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਤੇ ਜਥੇਦਾਰ ਬਾਬਾ ਗੁਰਬਖ਼ਸ਼ ਸਿੰਘ ਵਰਗਿਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਅਬਦਾਲੀ ਤੇ ਦੁਰਾਨੀ ਵਰਗੇ ਅਨਮਤੀਆਂ ਦੇ ਕਬਜ਼ੇ ’ਚੋਂ ਮੁਕਤ ਕਰਾਉਣ ਲਈ ਸਿਰ ਤਲੀ ’ਤੇ ਧਰ ਕੇ ਜੂਝਣਾ, ਉਪਰੋਕਤ ਹਕੀਕਤ ਦੀਆਂ ਅਕੱਟ ਗਵਾਹੀਆਂ ਹਨ। ਸਿੱਖ ਰਾਜ ਦੇ ਪਤਨ ਅਤੇ ਅੰਗਰੇਜ਼ੀ ਹਕੂਮਤ ਹੋਣ ਉਪਰੰਤ ਕੌਮੀ ਜਾਗ੍ਰਤੀ ਲਈ ਸੰਨ 1873 ਵਿੱਚ ਉਪਜੀ ‘ਸਿੰਘ ਸਭਾ ਲਹਿਰ’ ਅਤੇ ਉਸ ’ਚੋਂ ਪ੍ਰਗਟ ਹੋਈ ਗੁਰਦੁਆਰਾ ਪ੍ਰਬੰਧ-ਸੁਧਾਰ ਲਹਿਰ (ਅਕਾਲੀ ਲਹਿਰ) ਨੂੰ ਵੀ ਉਪਰੋਕਤ ਭਾਵ ’ਚ ਹੀ ਵਿਚਾਰਨ ਦੀ ਲੋੜ ਹੈ, ਨਾ ਕਿ ਅਕਾਲੀਆਂ ਦੁਆਰਾ ਗੁਰਦੁਆਰਿਆਂ ’ਤੇ ਕਾਬਜ਼ ਹੋਣ ਦੀਆਂ ਘਟਨਾਵਾਂ ਦੇ ਰੂਪ ਵਿੱਚ। ਅਸਲੀਅਤ ਇਹ ਹੈ ਕਿ ਹਕੂਮਤਾਂ ਵੀ ਗੁਰਬਾਣੀ ਵਿੱਚ ਪ੍ਰਗਾਏ ਸਿੱਖ-ਮਨੋਵਿਗਿਆਨ ਨੂੰ ਸਮਝਦੀਆਂ ਸਨ ਕਿ ‘‘ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ, ਗੁਰ ਬਿਨੁ ਮਰਿ ਜਾਈ ॥’’ (ਮਹਲਾ ੪/੭੫੭) ਅਤੇ ਗੁਰਸਿੱਖ ਵੀ ਆਪਣਾ ਜੀਵਨ ਗੁਰਬਾਣੀ ਗੁਰੂ ਦੇ ਪਾਠ-ਦੀਦਾਰ ਵਿੱਚ ਹੀ ਵੇਖਦੇ ਸਨ ਕਿਉਂਕਿ ‘‘ਗੁਰ ਕਾ ਦਰਸਨੁ; ਦੇਖਿ ਦੇਖਿ ਜੀਵਾ ॥’’ (ਮਹਲਾ ੫/੨੩੯) ਦੇ ਇਲਾਹੀ ਸੰਗੀਤ ਦੀ ਝੁਣਕਾਰ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਸਦਾ ਹੀ ਰੁਮਕਦੀ ਰਹਿੰਦੀ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਦੀਦਾਰ ਦਾ ਧਿਆਨ ਧਰ ਕੇ ਵਾਹਿਗੁਰੂ ਨਾਲ ਜੁੜਣ ਦੀ ਤਾਂਘ ਵੀ ਉਪਰੋਕਤ ਰੂਹਾਨੀ ਧਾਰਨਾ ਵਿੱਚੋਂ ਪ੍ਰਗਟ ਹੋਈ ਹੈ, ਜੋ ਹੁਣ ਪੰਥਕ ਅਰਦਾਸ ਦਾ ਇੱਕ ਮਹੱਤਵ ਪੂਰਨ ਭਾਗ ਬਣ ਚੁੱਕੀ ਹੈ।
ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿਤਸਰ ਅਤੇ ਦਸੰਬਰ 1920 ਨੂੰ ‘ਸ਼੍ਰੋਮਣੀ ਅਕਾਲੀ ਦਲ’ ਦੀ ਸਥਾਪਨਾ ਦਾ ਅਸਲ ਮਨੋਰਥ ਵੀ ਉਪਰੋਕਤ ਅਕਾਲੀ ਲਹਿਰ ਨੂੰ ਹੋਰ ਸੁਚਾਰੂ ਢੰਗ ਨਾਲ ਸਫਲਤਾ ਦੇ ਸਿਖਰ ਵੱਲ ਵਧਾਉਣ ਦੀ ਪ੍ਰਕਿਰਿਆ ਹੀ ਮੰਨਿਆ ਜਾਂਦਾ ਹੈ। ਇਸ ਦਾ ਮੁਖ ਕਾਰਨ ਹੈ ਕਿ ਅਕਾਲੀ ਸਿੱਖ ਗੁਰਦੁਆਰਿਆਂ ’ਚੋਂ ਮੂਰਤੀਆਂ ਦੇ ਰੂਪ ਵਿੱਚ ਦੇਵ-ਪੂਜਾ ਤੇ ਛੂਤ-ਛਾਤ ਵਰਗੀਆਂ ਬ੍ਰਾਹਮਣੀ ਰੀਤਾਂ ਰਸਮਾਂ ਨੂੰ ਹਟਾ ਕੇ ਗੁਰਮਤਿ ਮਰਯਾਦਾ ਲਾਗੂ ਕਰਨੀ ਚਹੁੰਦੇ ਸਨ। ਉਹ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਸਰਦਾਰਾਂ ਦੁਆਰਾ ਗੁਰਧਾਮਾਂ ਦੀਆਂ ਲੋੜਾਂ ਦੀ ਪੂਰਤੀ ਲਈ ਦਿੱਤੀਆਂ ਜ਼ਮੀਨਾਂ ਤੇ ਸਾਲਾਨਾ ਜਾਗੀਰਾਂ ਨੂੰ ਪੰਥ ਦੀ ਸਾਂਝੀ ਸੰਪਤੀ ਬਣਾਉਣ ਦੇ ਇਛੁਕ ਸਨ ਕਿਉਂਕਿ ਕਾਬਜ਼ ਪੁਜਾਰੀ ਮਹੰਤ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਉਨ੍ਹਾਂ ਨੂੰ ਆਪਣੀ ਮਲਕੀਅਤ ਸਮਝ ਕੇ ਵੰਡ ਵੇਚ ਰਹੇ ਸਨ। ਇਸ ਤੋਂ ਇਲਾਵਾ ਕਈ ਮਹੰਤ ਮਾਇਆ ਮਦ ਵਿੱਚ ਆਚਰਨ, ਨੈਤਿਕਤਾ ਗਵਾ ਕੇ ਅਯਾਸ਼ਪੁਣੇ ਵੱਲ ਵਧ ਰਹੇ ਸਨ।
ਉਸ ਵੇਲੇ ਸਭ ਤੋਂ ਵਧੇਰੇ ਜ਼ਮੀਨ ਤੇ ਜਗੀਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਾਨਕਾਣਾ ਸਾਹਿਬ ਦੇ ਨਾਂ ਸੀ। ਇਕ ਵੇਰਵੇ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਰਾਇ ਬੁਲਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੀ ਗਈ ਕੁੱਲ ਜ਼ਮੀਨ 18750 ਏਕੜ ਹੈ ਅਤੇ ਸਿੱਖ ਰਾਜ ਵੇਲੇ ਦੀ ਇੱਕ ਲੱਖ ਦੀ ਸਾਲਾਨਾ ਜਾਗੀਰ ਵੀ ਹੈ। ਅਕਾਲੀਆਂ ਨੇ ਸ਼ਾਂਤਮਈ ਸੰਘਰਸ਼ ਦੀ ਵਿਓਂਤਬੰਦੀ ਕੀਤੀ ਅਤੇ ਸਾਰੇ ਮਹੰਤਾਂ ਨੂੰ ਅਦਬ ਸਹਿਤ ਕੁਰੀਤੀਆਂ ਦੂਰ ਕਰਕੇ ਗੁਰਦੁਆਰਾ ਪ੍ਰਬੰਧ ਸੁਧਾਰਨ ਲਈ ਸੁਹਿਰਦ ਸੁਨੇਹੇ ਵੀ ਭੇਜੇ। ਬਹੁਤ ਸਾਰੇ ਮਹੰਤ ਤਾਂ ਉਪਰੋਕਤ ਸ਼ਰਤਾਂ ਪ੍ਰਵਾਨ ਕਰਕੇ ਆਪਣੀਆਂ ਸੇਵਾਵਾਂ ਜਾਰੀ ਰੱਖਣਾ ਚਾਹੁੰਦੇ ਸਨ, ਪਰ ਸਰਕਾਰ ਅਜਿਹਾ ਨਹੀਂ ਸੀ ਚਾਹੁੰਦੀ। ਇਹੀ ਕਾਰਨ ਸੀ ਕਿ 26 ਜਨਵਰੀ 1921 ਨੂੰ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਪ੍ਰਬੰਧ ਤਾਂ ਭਾਵੇਂ 15 ਮੈਂਬਰੀ ਸਥਾਨਕ ਕਮੇਟੀ ਰਾਹੀਂ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਗਿਆ। ਪਰੰਤੂ ਆਪਸੀ ਫ਼ੈਸਲੇ ਦੇ ਬਾਵਜੂਦ ਵੀ ਉਥੋਂ ਦੇ ਗੁੰਡੇ ਮਹੰਤਾਂ ਪਾਸੋਂ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਨਾਂ ਦੇ ਦੋ ਸਿੰਘਾਂ ਨੂੰ ਸ਼ਹੀਦ ਹੋਣਾ ਪਿਆ ਤੇ 17 ਦੇ ਲੱਗਭਗ ਅਕਾਲੀਆਂ ਨੂੰ ਸਰੀਰਾਂ ਦੇ ਕਰਾਰੇ ਫੱਟ ਸਹਿਣੇ ਪਏ। ਅਜਿਹਾ ਹੋਣ ’ਤੇ ਬਾਕੀ ਗੁਰੂ ਸਥਾਨਾਂ ਦੇ ਮਹੰਤ ਵੀ ਚੁਕੰਨੇ ਹੋ ਗਏ। ਉਨ੍ਹਾਂ ਨੇ ਅਖਾੜਿਆਂ ਦੇ ਰੂਪ ਵਿੱਚ ਜਿੱਥੇ ਆਪਣੇ ਟਿਕਾਣੇ ਬਣਾਉਣੇ ਸ਼ੁਰੂ ਕੀਤੇ, ਉੱਥੇ ਆਪੋ ਆਪਣੇ ਕਬਜ਼ੇ ਜਮਾਈ ਰੱਖਣ ਲਈ ਗੈਰਸਿੱਖ ਪ੍ਰੈਸ ਤੇ ਅਣਸਿੱਖ ਸੰਸਥਾਵਾਂ ਦਾ ਸਹਿਯੋਗ ਹਾਸਲ ਕਰਨ ਦੇ ਕੋਝੇ ਯਤਨ ਵੀ ਆਰੰਭ ਦਿੱਤੇ । ਮਹੰਤ ਨਰੈਣੂ ਨੇ ਲਾਲਾ ਲਾਜਪਤ ਰਾਇ ਦੀ ਅਖ਼ਬਾਰ ‘ਬੰਦੇ ਮਾਤਰਮ’ ਲਈ 3000 ਰੁਪੈ ਦਾ ਸਹਾਇਤਾ ਫੰਡ ਦਿੱਤਾ ਸੀ ਅਤੇ ਉਸ ਦੀ ਸਲਾਹ ਮੁਤਾਬਕ ਗੁਰਦੁਆਰਾ ਜਨਮ ਅਸਥਾਨ ਨਾਨਕਾਣਾ ਸਾਹਿਬ ਤੇ ਇਸ ਨਾਲ ਸੰਬੰਧਿਤ ਹੋਰ ਜਾਇਦਾਦ ਦਾ ਇੱਕ ਟ੍ਰਸਟ ਬਣਾਉਣਾ ਵੀ ਪ੍ਰਵਾਨ ਕਰ ਲਿਆ।
ਸੋ ਇਸ ਪ੍ਰਕਾਰ ਇੱਕ ਪਾਸੇ ਅੰਗਰੇਜ਼ ਹਾਕਮ ਸੰਨ 1877 ਤੋਂ ਮਹੰਤਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਕੇਂਦਰੀ ਅਸਥਾਨਾਂ ਨੂੰ ਨੀਲਾਮ ਕਰਕੇ ਗੈਰਸਿੱਖਾਂ ਨੂੰ ਮਾਲਕ ਬਣਾਉਣ ਦੀਆਂ ਸਕੀਮਾਂ ਘੜ ਰਹੇ ਸਨ। ਦੂਜੇ ਪਾਸੇ ਉਨ੍ਹਾਂ ਦੇ ਸਹਿਯੋਗੀ ਬਣ ਕੇ ਆਰੀਆ ਸਮਾਜੀ ਹਿੰਦੂ ਕੁਟਿਲ ਚਾਲਾਂ ਚੱਲ ਰਹੇ ਸਨ ਤਾਂ ਕਿ ਗੁਰਸਿੱਖੀ ਨੂੰ ਬਿਪਰਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਕਰ ਲਿਆ ਜਾਏ। ਅਜਿਹੀ ਖ਼ਤਰਨਾਕ ਸਥਿਤੀ ਵਿੱਚ ਅਤਿਅੰਤ ਜ਼ਰੂਰੀ ਸੀ ਕਿ ਸਿੱਖੀ ਦੇ ਸੋਮੇ ਮੰਨੇ ਜਾਂਦੇ ਗੁਰਧਾਮਾਂ ਨੂੰ ਉਪਰੋਕਤ ਕਿਸਮ ਦੇ ਲੋਕਾਂ ਦੀ ਗ੍ਰਿਫ਼ਤ ’ਚੋਂ ਛੇਤੀ ਅਜ਼ਾਦ ਕਰਵਾਇਆ ਜਾਏ। ਕੇਂਦਰੀ ਗੁਰ ਅਸਥਾਨ ਸ੍ਰੀ ਦਰਬਾਰ ਅੰਮ੍ਰਿਤਸਰ ਤੋਂ ਪਿੱਛੋਂ ਸਭ ਤੋਂ ਮਹੱਤਵ ਪੂਰਨ ਗੁਰਧਾਮ ਸੀ ‘ਜਨਮ ਅਸਥਾਨ ਸ੍ਰੀ ਨਾਨਕਾਣਾ ਸਾਹਿਬ’। ਇਸ ਆਸ਼ੇ ਨੂੰ ਮੁਖ ਰੱਖ ਕੇ ਉੱਥੋਂ ਦੇ ਮੁਖੀ ਮਹੰਤ ਨਰਾਇਣ ਦਾਸ ਦੀ ਸਲਾਹ ਨਾਲ 5 ਤੇ 6 ਮਾਰਚ ਨੂੰ ਉੱਥੇ ਇੱਕ ਵਿਸ਼ੇਸ਼ ਅਕਾਲੀ ਕਾਨਫਰੰਸ ਸੱਦੀ ਗਈ। ਇਸ ਦਾ ਮਨੋਰਥ ਸੀ ਮਹੰਤਾਂ ਸਮੇਤ ਸਾਰੀਆਂ ਧਿਰਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣਾ ਤਾਂ ਕਿ ਸਾਰੇ ਗੁਰਧਾਮਾਂ ਦਾ ਪ੍ਰਬੰਧ ਸ਼ਾਂਤੀਪੂਰਵਕ ਤੇ ਸੁਭਾਵਕ ਹੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਜਾਵੇ।
ਚਾਲਬਾਜ਼ ਮਹੰਤ ਨੇ ਅਕਾਲੀਆਂ ਨਾਲ ਸੁਲ੍ਹਾ ਦੀ ਗੱਲਬਾਤ ਵੀ ਜਾਰੀ ਰੱਖੀ ਅਤੇ ਸਰਕਾਰ ਦੀ ਸਰਪ੍ਰਸਤੀ ਹੇਠ ਕਾਨਫਰੰਸ ਮੌਕੇ ਮੁਖੀ ਅਕਾਲੀਆਂ ਨੂੰ ਕਤਲ ਕਰਵਾਉਣ ਦੀ ਵਿਓਂਤਬੰਦੀ ਵੀ ਸ਼ੁਰੂ ਕਰ ਦਿੱਤੀ। ਅਜਿਹੀ ਖ਼ਤਰਨਾਕ ਸੂਹ ਜਦੋਂ ਭਾਈ ਕਰਤਾਰ ਸਿੰਘ ‘ਝੱਬਰ’ ਤੱਕ ਪਹੁੰਚੀ ਤਾਂ ਉਸ ਨੇ ਬਾਰ ਖ਼ਾਲਸਾ ਦੀਵਾਨ ਦੇ ਜਥੇਦਾਰ ਲਛਮਣ ਸਿੰਘ ਤੇ ਭਾਈ ਟਹਿਲ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਤੇ ਸੰਤ ਤੇਜਾ ਸਿੰਘ ਲਾਇਲਪੁਰ ਅਤੇ ਭਾਈ ਦਲੀਪ ਸਿੰਘ ਸਾਹੋਵਾਲ ਵਰਗੇ ਆਪਣੇ ਸਾਥੀਆਂ ਨਾਲ ਗੁਪਤ ਫ਼ੈਸਲਾ ਕੀਤਾ ਕਿ ਪੰਜ ਕੁ ਹਜ਼ਾਰ ਸਿੰਘਾਂ ਦੇ ਜਥੇ ਨਾਲ 20 ਫ਼ਰਵਰੀ ਨੂੰ ਗੁਰਦੁਆਰਾ ਜਨਮ ਅਸਥਾਨ ਦਾ ਕਬਜ਼ਾ ਲੈ ਲਿਆ ਜਾਵੇ ਕਿਉਂਕਿ ਉਸ ਦਿਨ ਮਹੰਤ ਲਹੌਰ ਵਿਖੇ ‘ਸਨਾਤਨ ਸਿੱਖ ਕਾਨਫਰੰਸ’ ਵਿੱਚ ਸ਼ਾਮਲ ਹੋਵੇਗਾ। 18 ਫ਼ਰਵਰੀ ਦੇ ਲਗਭਗ ਲਾਇਲਪੁਰ ਵਿਖੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਤੇ ਸ੍ਰ. ਤੇਜਾ ਸਿੰਘ ‘ਸਮੁੰਦਰੀ’ ਨੂੰ ਜਦੋਂ ਝੱਬਰ ਜੀ ਅਤੇ ਮਹੰਤ ਦੀ ਵਿਓਂਤਬੰਦੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਭੱਜ-ਦੌੜ ਕਰਕੇ ਥਾਉਂ-ਥਾਈਂ ਜਥਿਆਂ ਨੂੰ ਰੋਕਣ ਦਾ ਯਤਨ ਕੀਤਾ। ਭਾਈ ਦਲੀਪ ਸਿੰਘ ਸਾਹੋਵਾਲ ਦੀ ਰਾਹੀਂ ਉਹ ਜਥੇਦਾਰ ਲਛਮਣ ਸਿੰਘ ਧਾਰੋਵਾਲ ਨੂੰ ਛੱਡ ਕੇ ਬਾਕੀ ਦੇ ਸਾਰੇ ਜਥਿਆਂ ਨੂੰ ਰੋਕਣ ਵਿੱਚ ਸਫਲ ਹੋ ਗਏ ।
ਸਿੱਟੇ ਵਜੋਂ 20 ਫ਼ਰਵਰੀ ਨੂੰ ਗੁਰਦੁਆਰਾ ਜਨਮ ਸਥਾਨ ਸ੍ਰੀ ਨਾਨਕਾਣਾ ਸਾਹਿਬ ਵਿਖੇ 150 ਦੇ ਲਗਭਗ ਸਿੰਘਾਂ ਨੂੰ ਸ਼ਹੀਦੀ ਜਾਮ ਪੀਣਾ ਪਿਆ। ਉਨ੍ਹਾਂ ’ਚੋਂ ਕੇਵਲ 86 ਸਿੰਘਾਂ ਦੇ ਨਾਵਾਂ ਦੀ ਹੀ ਪਛਾਣ ਹੋ ਸਕੀ, ਜਿਨ੍ਹਾਂ ਦੇ ਨਾਵਾਂ ਦੀ ਪਲੇਟ ਸ਼ਹੀਦ ਗੰਜ ਦੇ ਮੁੱਖ ਦਰਵਾਜ਼ੇ ਨਾਲ ਲੱਗੀ ਹੋਈ ਹੈ ਪਰੰਤੂ 21 ਫ਼ਰਵਰੀ ਨੂੰ ਸਰਕਾਰ ਨੇ ਗੁਰਦੁਆਰੇ ਦੀਆਂ ਚਾਬੀਆਂ ਜਥੇਦਾਰ ਕਰਤਾਰ ਸਿੰਘ ਝੱਬਰ ਰਾਹੀਂ ਸਿੱਖ ਕੌਮ ਨੂੰ ਸੌਂਪ ਦਿੱਤੀਆਂ। ਸ਼ਹੀਦਾਂ ਦੀ ਅੰਤਮ ਅਰਦਾਸ ਮੌਕੇ ਗਾਂਧੀ ਨੇ ਇਸ ਸ਼ਹੀਦੀ ਸਾਕੇ ਨੂੰ ਜਲਿਆਂਵਾਲੇ ਬਾਗ਼ ਤੋਂ ਵੀ ਖ਼ੌਫਨਾਕ ਦੱਸਿਆ। ਲੁਧਿਆਣੇ ਦੇ ਤੇਜ਼-ਤਰਾਰ ਅਕਾਲੀ ਬਜ਼ੁਰਗ ਸ੍ਰ ਹਰਜੀਤ ਸਿੰਘ ਪਾਸੋਂ ਮੈਂ ਇਹ ਵੀ ਸੁਣਿਆਂ ਸੀ ਕਿ 12 ਅਕਤੂਬਰ 1921 ਨੂੰ ਮਹੰਤ ਤੇ ਉਸ ਦੇ ਕੁਝ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਗਈ ਤੇ ਕੁਝ ਨੂੰ ਸੱਤਾਂ ਸਾਲਾਂ ਲਈ ਕਾਲੇ ਪਾਣੀ ਜੇਲ੍ਹ ਵਿੱਚ ਵੀ ਭੇਜਿਆ, ਪਰ ਮਹੰਤ ਦੇ ਖ਼ਾਸ ਸਲਾਹਕਾਰ ਲਾਲਾ ਲਾਜਪਤ ਰਾਇ ਦੀ ਗਵਾਹੀ ਦੇ ਬਹਾਨੇ ਉਸ ਨੂੰ ਚੁੱਪ-ਚਪੀਤੇ ਰਿਹਾਅ ਕਰ ਦਿੱਤਾ ਅਤੇ ਦੇਸ਼ ਦੀ ਅਜ਼ਾਦੀ ਪਿੱਛੋਂ ਭਾਰਤ ਸਰਕਾਰ ਨੇ 1971 ਵਿੱਚ ਉਸ ਦੀ ਮੌਤ ਤਕ ਉਤਰਾਖੰਡ ਦੇ ਕਿਸੇ ਇਲਾਕੇ ਵਿੱਚ ਸੁਰਖਿਅਤ ਰੱਖਿਆ। ਕਿਸੇ ਅਖ਼ਬਾਰ ਵਿੱਚ ਮੈਂ ਇਹ ਵੀ ਪੜ੍ਹਿਆ ਸੀ ਕਿ ਉਸ ਦੀ ਮੌਤ ਡੇਰ੍ਹਾਦੂਨ (ਯੂ.ਪੀ) ਵਿਖੇ ਹੋਈ ।
ਇਸ ਸ਼ਹੀਦੇ ਸਾਕੇ ਨੇ 17ਵੀਂ ਤੇ 18ਵੀਂ ਸਦੀ ਦੇ ਉਨ੍ਹਾਂ ਸ਼ਹੀਦ ਸਿੱਖਾਂ ਦੀ ਯਾਦ ਨੂੰ ਮੁੜ ਤਾਜ਼ਾ ਕਰ ਦਿੱਤਾ, ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਦੇਗਾਂ ਵਿੱਚ ਉਬਾਲ਼ੇ ਖਾਧੇ, ਬੰਦ ਬੰਦ ਕਟਵਾਏ ਤੇ ਚਰਖੜੀਆਂ ਤੇ ਚੜੇ੍ਹ। ਸਿੱਖ ਚਿੰਤਕਾਂ ਦਾ ਮੱਤ ਹੈ ਕਿ 20ਵੀਂ ਸਦੀ ਦੇ ਆਰੰਭਕ ਦਹਾਕਿਆਂ ਦੇ ਅਕਾਲੀਆਂ ਦੀ ਗੁਰਦੁਆਰਾ ਪ੍ਰਬੰਧ-ਸੁਧਾਰ ਲਹਿਰ ਨਾਲ ਸੰਬੰਧਿਤ ਉਪਰੋਕਤ ਘਟਨਾਵਾਂ ਦਾ ਸਹੀ ਲਾਭ ਤਾਂ ਹੀ ਉਠਾਇਆ ਜਾ ਸਕਦਾ ਹੈ, ਜੇਕਰ ਉਨ੍ਹਾਂ ਤੋਂ ਸੇਧ ਲੈ ਕੇ ਅਜੋਕੇ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਦਿਆਂ ਸਿੱਖ ਜਥੇਬੰਦੀਆਂ ਵਿੱਚ ਆਪਸੀ ਤਾਲਮੇਲ ਤੇ ਪ੍ਰਬੰਧ ਪੈਦਾ ਕੀਤਾ ਜਾ ਸਕੇ। ਜੇ ਪੰਥ-ਦਰਦੀ ਦ੍ਰਿਸ਼ਟੀ ਤੋਂ ਮੁਤਾਲਿਆ ਕੀਤਾ ਜਾਵੇ ਤਾਂ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਜੋਕੇ ਗੁਰਦੁਆਰਾ ਸਾਹਿਬਾਨ ਗੁਰਮਤਿ ਪ੍ਰਚਾਰ ਕੇਂਦਰ ਨਾ ਹੋ ਕੇ ਕੇਵਲ ਧੜੇਬੰਦੀ, ਰਾਜਨੀਤੀ ਦੇ ਅੱਡੇ ਬਣ ਕੇ ਰਹਿ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪ੍ਰਮੁਖ ਸੰਵਿਧਾਨਕ ਸੰਸਥਾਵਾਂ ਕੇਵਲ ਰਾਜਸੀ-ਸੱਤਾ ਪ੍ਰਾਪਤੀ ਦਾ ਪੜੁੱਲ ਬਣ ਚੁੱਕੀਆਂ ਹਨ। ਗੁਰਦੁਆਰਿਆਂ ਦੇ ਅਹੁਦੇਦਾਰ ਆਗੂ ਗੁਰੂ ਕੀ ਗੋਲਕ ਨੂੰ ਮਹੰਤਾਂ ਵਾਂਗ ਆਪਣੇ ਧੜਿਆਂ ਦੀ ਮਜ਼ਬੂਤੀ ਤੇ ਅਯਾਸ਼ਪੁਣੇ ਲਈ ਵਰਤਣ ਤੋਂ ਵੀ ਸੰਕੋਚ ਨਹੀਂ ਕਰਦੇ। ਅਜਿਹੇ ਵੋਟ ਬਟੋਰੂ ਸਿੱਖ ਆਗੂਆਂ ਦੀ ਬਦੌਲਤ ਦੇਹਧਾਰੀ ਗੁਰੂ-ਦੰਭ ਦੇ ਪ੍ਰਚਾਰਕ ਸਿੱਖ ਡੇਰੇਦਾਰ, ਗੁਰਦੁਆਰਿਆਂ ਦੇ ਨਾਂ ਹੇਠ ਆਪਣੇ ਆਪਣੇ ਵਿਅਕਤੀਗਤ ਡੇਰਿਆਂ ਨੂੰ ਪ੍ਰਫੁਲਿਤ ਕਰੀ ਜਾ ਰਹੇ ਹਨ। ਇਹ ਇੱਕ ਐਸਾ ਪੰਥ-ਧ੍ਰੋਹੀ ਧੋਖਾ ਹੈ, ਜਿਸ ਪ੍ਰਤੀ ਸਿੱਖ ਸੰਗਤ ਲਈ ਜਾਗਰੂਕ ਹੋਣਾ ਅਤੇ 20ਵੀਂ ਸਦੀ ਦੇ ਅਰੰਭਕ ਦੌਰ ਵਾਲੀ ਗੁਰਦੁਆਰਿਆਂ ਦੀ ਪ੍ਰਬੰਧਕੀ ਸੁਧਾਰ ਲਹਿਰ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਲਾਜ਼ਮੀ ਹੈ।
ਹੁਣ ਜਦੋਂ ਸੰਸਾਰਭਰ ਦੀ ਸਮੁੱਚੀ ਸਿੱਖ ਸੰਗਤ ਸ੍ਰੀ ਨਾਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਉਣ ਦੀ ਤਿਆਰੀ ਵਿੱਚ ਹੈ ਤਾਂ ਉਸ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਸ਼ਹੀਦੀ ਸਾਕੇ ਦੇ ਕੌਮੀ ਸੁਨੇਹਿਆਂ ਨੂੰ ਜ਼ਰੂਰ ਧਿਆਨ ਵਿੱਚ ਰੱਖੇ। ਸਭ ਤੋਂ ਪਹਿਲਾ ਸੁਨੇਹਾ ਇਹੀ ਮਿਲਦਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਪੰਥਕ ਮਰਯਾਦਾ ਅਤੇ ਮਨੋਰਥ ਦੀ ਪੂਰਤੀ ਕੇਵਲ ਉਨ੍ਹਾਂ ਗੁਰਸਿੱਖਾਂ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੋ ਸਕਦੀ ਹੈ ਜਿਹੜੇ ਗੁਰਮਤਿ ਦੇ ਧਾਰਨੀ ਹੋਣ, ਨਾ ਕਿ ਸਾਬਤ-ਸੂਰਤ ਸਿੱਖਾਂ ਦੇ ਭੇਖ ਵਿੱਚ ਉਦਾਸੀਆਂ, ਰਾਮਰਾਈਆਂ ਤੇ ਮੀਣਿਆਂ ਵਰਗੇ ਡੇਰੇਦਾਰਾਂ ਜਾਂ ਲਾਲਾ ਲਾਜਪਤ ਰਾਇ ਵਰਗੇ ਪੰਥ-ਵਿਰੋਧੀ ਅਨਮਤੀ ਅਨੁਯਾਈਆਂ ਦੇ ਪ੍ਰਬੰਧ ਹੇਠ, ਜੋ ਆਪਣਾ ਕਬਜ਼ਾ ਜਮਾਈ ਰੱਖਣ ਲਈ ਨਰੈਣੂ ਮਹੰਤ ਵਾਂਗ ਸਮਕਾਲੀ ਹਾਕਮਾਂ ਦੇ ਹੱਥ ਠੋਕੇ ਬਣ ਕੇ ਵਰਤਣ।
ਦੂਜਾ ਸਥਾਨਕ ਸਿੱਖ ਜਥਿਆਂ ਲਈ ਪੰਥ-ਪ੍ਰਸਤ ਸਿਰਮੌਰ ਜਥੇਬੰਦੀ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤੇ ਵਿਰੋਧੀ ਧਿਰ ਦੀ ਸ਼ਕਤੀ ਤੇ ਤਿਆਰੀ ਬਾਰੇ ਪੂਰਨ ਜਾਣਕਾਰੀ ਹਾਸਲ ਕਰਕੇ ਹੋਸ਼ ਪੂਰਵਕ ਕੋਈ ਕਾਰਵਾਈ ਕਰਨੀ ਚਾਹੀਦੀ ਹੈ, ਨਾ ਕਿ ਕੇਵਲ ਪੰਥਕ ਜੋਸ਼ ਤੇ ਜਜ਼ਬੇ ਅਧੀਨ ਜਿਸ ਨਾਲ ਵਧੇਰੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਵਧਣ।
ਤੀਜਾ ਤੇ ਸਭ ਤੋਂ ਅਹਿਮ ਨੁਕਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਢਲੀ ਸਥਾਪਨਾ ਵੇਲੇ ਅਪਣਾਈ ਸਰਬਤ ਖ਼ਾਲਸੇ ਵਾਲੀ ਪ੍ਰੰਪਰਾਗਤ ਪੰਥਕ-ਜੁਗਤਿ ਅਧੀਨ ਸਿੱਖ ਆਗੂ ਉਹ ਚੁਣੇ ਜਾਣ, ਜਿਹੜੇ ਜਥੇਦਾਰ ਕਰਤਾਰ ਸਿੰਘ ‘ਝੱਬਰ’ ਵਾਂਗ ਗੁਰਦੁਆਰਿਆਂ ਦੇ ਪ੍ਰਬੰਧਕੀ ਪੱਖ ਨੂੰ ਸੁਧਾਰਨ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਤੋਂ ਵੀ ਨਾ ਝਿਜਕਣ, ਗੁਰਮਤਿ ਸਿਧਾਂਤਾਂ ਨੂੰ ਭਲੀਭਾਂਤ ਸਮਝਣ ਅਤੇ ਪੰਥਕ ਫ਼ੈਸਲਿਆਂ ਨੂੰ ਮੰਨਣ ਦੇ ਪਾਬੰਦ ਵੀ ਹੋਣ ਪਰੰਤੂ ਇਹ ਵੀ ਸੱਚ ਹੈ ਕਿ ਹੁਣ ਜਦੋਂ ਪੰਥਕ ਤੌਰ ’ਤੇ ਪ੍ਰਵਾਨ ਕੀਤੇ ਦੇਸ਼ ਦੇ ਸੰਵਿਧਾਨਕ ਤੇ ਇਲੈਕਸ਼ਨ ਸਿਸਟਿਮ ਅਧੀਨ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਸਿਰ ’ਤੇ ਹਨ ਤਾਂ ਅਜਿਹੇ ਮੌਕੇ ਹੰਗਾਮੀ ਤੌਰ ’ਤੇ ਉਪਰੋਕਤ ਕਿਸਮ ਦਾ ਗੁਰਮਤੀ ਸਲੈਕਸ਼ਨ ਸਿਸਟਿਮ ਅਪਣਉਣਾ ਜੇ ਅਸੰਭਵ ਹੈ ਤਾਂ ਘੱਟੋ-ਘੱਟ ਐਸਾ ਕੌਮੀ ਯਤਨ ਤਾਂ ਜ਼ਰੂਰ ਹੋਵੇ ਕਿ ਉਹੀ ਗੁਰਸਿੱਖ ਵਿਅਕਤੀ ਮੈਂਬਰ ਚੁਣੇ ਜਾਣ, ਜਿਹੜੇ ਲਿਖਤੀ ਐਲਾਨ ਕਰਨ ਕਿ ਉਹ ਆਪਣੀ ਸੇਵਾ ਦਰਮਿਆਨ ਕੋਈ ਵੀ ਰਾਜਸੀ ਚੋਣ ਨਹੀਂ ਲੜਣਗੇ ਅਤੇ ਨਾ ਹੀ ਕਿਸੇ ਲਾਭਦਾਇਕ ਰਾਜਸੀ ਅਹੁਦੇ ਲਈ ਨਾਮਜ਼ਦ ਹੋਣਗੇ। ਬਰਾਦਰੀਵਾਦ ਤੇ ਪਰਵਾਰਵਾਦ ਤੋਂ ਮੁਕਤ ਰਹਿਣਗੇ। ਕੌਮੀ ਸੰਪਤੀ ਨੂੰ ਧੜੇਬੰਦਕ ਟ੍ਰਸਟ ਬਣਾ ਕੇ ਨਹੀਂ ਹੜੱਪਣਗੇ ਭਾਵੇਂ ਕਿ ਇਹ ਪੱਖ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਚੋਣ ਸਿਸਟਿਮ ਕੋਈ ਵੀ ਹੋਵੇ, ਉਹ ਸਫਲ ਤਾਂ ਹੀ ਹੋ ਸਕਦਾ ਹੈ ਜੇ ਸਾਰੇ ਵੋਟਰ ਹਰੇਕ ਪੱਖੋਂ ਜਾਗਰੂਕ ਹੋਣ ਤੇ ਧਰਮ ਨੂੰ ਧੜਾ ਬਣਾਉਣ । ਗੁਰਵਾਕ ਹੈ ‘‘ਹਮ ਹਰਿ ਸਿਉ ਧੜਾ ਕੀਆ, ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ; ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥’’ (ਮਹਲਾ ੪/੩੬੬)
ਭੁੱਲ-ਚੁੱਕ ਮੁਆਫ਼ ਕਰਨੀ ਜੀ !
ਹੋਲੇ ਮਹੱਲੇ ਦੀ ਤਾਰੀਖ਼ ਚੇਤ ਸੁਦੀ 1 ਜਾਂ 1 ਚੇਤ
ਹੋਲੇ ਮਹੱਲੇ ਦੀ ਤਾਰੀਖ਼ ਚੇਤ ਸੁਦੀ 1 ਜਾਂ 1 ਚੇਤ
ਬੰਦੀ ਛੋੜ ਦਿਵਸ ਦੀ ਸਹੀ ਤਾਰੀਖ਼ ਨਾ ਹੋਣ ਵਾਙ ਹੀ ਹੋਲੇ ਮਹੱਲੇ ਦੀ ਵੀ ਕੋਈ ਪ੍ਰਮਾਣਿਕ ਤਾਰੀਖ਼ ਸਾਡੇ ਪਾਸ ਨਹੀਂ ਹੈ; ਜਿਵੇਂ ਕਿ
- ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ : ਅਨੰਦਪੁਰ ਦਾ ਇੱਕ ਕਿਲਾ। ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ 1757, ਚੇਤ ਬਦੀ 1 (ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ – ਸ਼ੁੱਕਰਵਾਰ, 17 ਚੇਤ ਸੰਮਤ 1757; 14 ਮਾਰਚ 1701 ਜੂਲੀਅਨ) ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ।
ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਰੀਖ਼ਾਂ ਲਿਖਦੇ ਹਨ। (ਇਸ ਤਾਰੀਖ਼ ’ਤੇ ਸੰਦੇਹ ਕੀਤਾ ਜਾ ਸਕਦਾ ਹੈ ਕਿ ਕਿਲ੍ਹੇ ਦਾ ਨਾਮ ਹੋਲਗੜ੍ਹ ਰੱਖੇ ਜਾਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਸਥਾਨ ’ਤੇ ਹੋਲਾ ਮਹੱਲਾ ਪਹਿਲਾਂ ਹੀ ਖੇਡਿਆ ਜਾਂਦਾ ਸੀ।) ਮਹਾਨ ਕੋਸ਼ ਵਿੱਚ ਹੀ ਦਰਜ ਹੈ ਕਿ ਸੰਮਤ 1746 ਵਿੱਚ ਕਲਗੀਧਰ ਨੇ ਇਸ ਨਗਰ (ਅਨੰਦਪੁਰ) ਦੀ ਰੱਖਯਾ ਲਈ ਪੰਜ ਕਿਲ੍ਹੇ (ੳ) ਅਨੰਦਗੜ੍ਹ (ਅ) ਲੋਹਗੜ੍ਹ (ੲ) ਫ਼ਤਹਿਗੜ੍ਹ (ਸ) ਕੇਸਗੜ੍ਹ (ਹ) ਹੋਲਗੜ੍ਹ ਦੀ ਉਸਾਰੀ ਕੀਤੀ ਸੀ। ਇਸ ਦਾ ਭਾਵ ਹੈ ਕਿ ਹੋਲਾ ਮਹੱਲਾ ਖੇਡਣ ਦੀ ਰੀਤ ਸੰਮਤ 1746 ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ।)
- ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ’ਚ (ਮਹੱਲਾ ਸਿਰਲੇਖ ਹੇਠ) ਅਤੇ ਗੁਰਮਤਿ ਮਾਰਤੰਡ (ਭਾਗ ਪਹਿਲਾ ਪੰਨਾ 110 ਉੱਪਰ
ਸ਼ਸਤਰ ਵਿਦਿਆ ਸਿਰਲੇਖ ਦੇ ਫੁੱਟ ਨੋਟ) ਦੋਵਾਂ ਹੀ ਪੁਸਤਕਾਂ ਵਿੱਚ ਕੇਵਲ ਚੇਤ ਵਦੀ 1 ਨੂੰ ਹੋਲਾ ਮਹੱਲਾ ਹੁੰਦਾ ਹੈ, ਦਰਜ ਕਰਨ ਤੋਂ ਇਲਾਵਾ ਹੋਰ ਕੋਈ ਵੀ ਸੰਨ ਜਾਂ ਸੰਮਤ ਨਹੀਂ ਲਿਖਿਆ ।
- ਡਾ: ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ 1, ਸੰਮਤ 1742/1 ਮਾਰਚ 1686 ਤੋਂ ਪਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ ।
- ਡਾ: ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾਂ ਨੰ: 301 ’ਤੇ ਲਿਖਦੇ ਹਨ ‘3 ਮਾਰਚ 1683 ਦੇ ਦਿਨ ਗੁਰੂ
ਸਾਹਿਬ ਨੇ ਚੱਕ ਨਾਨਕੀ ਵਿੱਚ ਹੋਲਾ ਮਹੱਲਾ ਮਨਾਇਆ। ਇਸ ਮੌਕੇ ’ਤੇ ਘੋੜ-ਦੌੜ, ਕੁਸ਼ਤੀਆਂ, ਗਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਕਰਵਾਏ ਗਏ । ਇਸ ਰਸਮ ਨੂੰ ਹਿੰਦੂ ਤਿਉਹਾਰ ਹੋਲੀ ਦੇ ਦਿਨਾਂ ਵਿੱਚ ਸ਼ੁਰੂ ਕਰਨਾ ਇੱਕ ਪਾਸੇ ਤਾਂ ਲੋਕਾਂ ਨੂੰ ਹੋਲੀ ਵਿੱਚ ਰੰਗ ਪਾਉਣ ਦੀ ਬੇਹੂਦਾ ਤੇ ਬੇਮਾਅਨਾ ਰਸਮ ਤੋਂ ਹਟਉਣਾ ਹੈ ਅਤੇ ਦੂਜੇ ਪਾਸੇ ਸਿੱਖਾਂ ਨੂੰ ਜਿਸਮਾਨੀ ਤੇ ਫ਼ੌਜੀ ਪੱਖੋਂ ਤਕੜੇ ਕਰਨਾ ਵੀ ਸੀ ।’
ਨੋਟ : ਭਾਵੇਂ ਡਾ: ਦਿਲਗੀਰ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਨੇ ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ 1 ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਦੀਆਂ ਅਗਲੀਆਂ ਪਿਛਲੀਆਂ ਸਾਖੀਆਂ ਦੇ ਹਿਸਾਬ ਸੰਮਤ 1739 ਬਣਦਾ ਹੈ (ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਚੇਤ ਵਦੀ 1, ਚੇਤ 5 ਸੰਮਤ 1739; 3 ਮਾਰਚ 1683 ਬਣਦਾ ਹੈ।) ਇਸ ਸਾਖੀ ਵਿੱਚ ਲਿਖਿਆ ਹੈ ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ । ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ । 37 ।
- ਅੱਗੇ ਜਾ ਕੇ ਪੰਨਾ ਨੰ: 326 ’ਤੇ ਡਾ: ਦਿਲਗੀਰ ਲਿਖਦਾ ਹੈ : ‘ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ‘ਹੋਲਾ ਮਹੱਲਾ’ ਮਨਾਇਆ’ ।
ਨੋਟ : 1. (3 ਮਾਰਚ 1702 ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਮੰਗਲਵਾਰ, ਫੱਗਣ ਸੁਦੀ ਪੂਰਨਮਾਸ਼ੀ, 5 ਚੇਤ 1758 । ਫੱਗਣ ਦੀ ਪੂਰਨਮਾਸ਼ੀ ਨੂੰ ਹਿੰਦੂਆਂ ਦੀ ਹੋਲੀ ਦਾ ਤਿਉਹਾਰ ਹੁੰਦਾ ਹੈ । ਇਸ ਤੋਂ ਅਗਲੇ ਦਿਨ 4 ਮਾਰਚ ਨੂੰ ਤਬਦੀਲ ਕੀਤਿਆਂ ਬੁੱਧਵਾਰ, ਚੇਤ ਵਦੀ 2, 6 ਚੇਤ 1758 ਭਾਵ ਉਸ ਸਾਲ ਚੇਤ ਵਦੀ 1 ਖ਼ੈ ਹੋ ਗਈ ਸੀ ਜਿਵੇਂ ਕਿ 2019 ਵਿੱਚ ਹੋਈ ਸੀ, ਜਿਸ ਕਾਰਨ ਨਿਹੰਗ ਸਿੰਘਾਂ ਨੇ ਹੋਲਾ ਮਹੱਲਾ 22 ਮਾਰਚ, ਚੇਤ ਵਦੀ 2 ਨੂੰ ਮਨਾਇਆ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰ (ਬਿਕਰਮੀ ਕੈਲੰਡਰ) ਮੁਤਾਬਕ ਫੱਗਣ ਦੀ ਪੂਰਨਮਾਸ਼ੀ ਨੂੰ 21 ਮਾਰਚ ਵਾਲੇ ਦਿਨ ਮਨਾਇਆ । ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪਹਿਲੀ ਵਾਰ 3 ਮਾਰਚ 1702 ਨੂੰ ਪੂਰਨਮਾਸ਼ੀ ਵਾਲੇ ਦਿਨ ਹੀ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਹੁੰਦੀ ਤਾਂ ਉਸ ਦਿਨ ਹਿੰਦੂਆਂ ਦੀ ਹੋਲੀ ਹੋਣ ਕਰਕੇ ਹੋਲੇ ਮਹੱਲੇ ਨੂੰ ਹੋਲੀ ਤੋਂ ਇੱਕ ਦਿਨ ਪਿੱਛੋਂ ਨਹੀਂ ਕਹਿ ਸਕਦੇ; ਫਿਰ ਤਾਂ ਇਹੀ ਕਹਿਣਾ ਪਵੇਗਾ ਕਿ ਹੋਲੀ ਵਾਲੇ ਦਿਨ ਸਿੱਖ ਹੋਲਾ ਮਹੱਲਾ ਮਨਾਉਂਦੇ ਹਨ, ਪਰ ਜੇ ਮੰਨ ਲਿਆ ਜਾਵੇ ਕਿ ਡਾ: ਦਿਲਗੀਰ ਤੋਂ ਤਾਰੀਖ਼ਾਂ ਦੀ ਤਬਦੀਲੀ ਕਰਦੇ ਸਮੇਂ ਗ਼ਲਤੀ ਨਾਲ 3 ਮਾਰਚ ਲਿਖਿਆ ਗਿਆ, ਜਿਸ ਨੂੰ ਅਸਲ ਵਿੱਚ ਉਹ 4 ਮਾਰਚ ਲਿਖਣਾ ਚਾਹੁੰਦੇ ਸਨ ਤਾਂ ਉਸ ਸਾਲ 4 ਮਾਰਚ ਨੂੰ ਚੇਤ ਵਦੀ 1 ਨਹੀਂ ਬਲਕਿ ਚੇਤ ਵਦੀ 2 ਸੀ । ਇਸ ਲਈ ਇਹ ਕਹਿਣਾ ਅਤੇ ਲਿਖਣਾ ਗ਼ਲਤ ਹੋਵੇਗਾ ਕਿ ਹੋਲੀ ਤੋਂ ਇੱਕ ਦਿਨ ਬਾਅਦ ਚੇਤ ਵਦੀ 1 ਨੂੰ ਸਿੱਖਾਂ ਦਾ ਹੋਲਾ ਮਹੱਲਾ ਹੁੰਦਾ ਹੈ ਕਿਉਂਕਿ ਪਹਿਲੀ ਵਾਰ ਤਾਂ ਇਹ ਚੇਤ ਵਦੀ 2 ਨੂੰ ਮਨਾਇਆ ਗਿਆ ਸੀ, ਇਸ ਲਈ ਹੋਲਾ ਮਹੱਲੇ ਦੀ ਤਾਰੀਖ਼ ਚੇਤ ਵਦੀ 2 ਹੀ ਨਿਸ਼ਚਿਤ ਕਰਨੀ ਪਵੇਗੀ ।)
ਨੋਟ : ਨੰਬਰ 2. ਭਾਵੇਂ ਇੱਥੇ ਵੀ ਡਾ: ਦਿਲਗੀਰ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਦੀ ਪੁਸਤਕ ਦੇ ਪੰਨਾ ਨੰ: 143, ਸਾਖੀ ਨੰ: 93 ‘ਸਾਖੀ ਕਿਲਾ ਅਨੰਦਗੜ੍ਹ ਸੇ ਹੋਲਾ ਮਹੱਲਾ ਚਢਨੇ ਕੀ ਚਾਲੀ’ ਸਿਰਲੇਖ ਹੇਠ ਬਹੁਤ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ ਜਿਸ ਵਿੱਚੋਂ ਕੇਵਲ ਟੂਕ ਮਾਤਰ ਕੁਝ ਸਤਰਾਂ ਇਸ ਤਰ੍ਹਾਂ ਹਨ : ‘ਇਸੀ ਵਰਖ (ਭਾਵ ਇਸ ਸਾਖੀ ਤੋਂ ਪਹਿਲੀ ਸਾਖੀ ਨੰ: 92 ਵਿੱਚ ਸੰਮਤ ਸਤਰਾਂ ਸੈ ਅਠਾਵਨ ਲਿਖਿਆ ਹੈ ਇਸ ਲਈ ਇਸੀ ਵਰਖ ਦਾ ਭਾਵ ਸੰਮਤ 1758 ਹੈ।) ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲਾ ਹੋਲਗੜ੍ਹ ਕੇ ਨਜ਼ਦੀਕ ਬੜੀ ਚਹਿਲ ਪਹਿਲ ਹੋਈ । ਖ਼ਾਲਸਾ ਆਪਸ ਮੇਂ ਟੋਲੀਆਂ ਬਨਾਏ ਫਲਗੁਨ ਸੁਦੀ ਅਸ਼ਟਮੀ ਸੇ ਪੂਰਨਮਾ ਤੱਕ ਹੋਲੀ ਖੇਲਨੇ ਲਾਗਾ । ……. ਅਗਲੇ ਦਿਵਸ ਚੇਤ ਵਦੀ ਏਕਮ ਕੇ ਦਿਹੁੰ ਤੀਜੇ ਪਹਰ ਗੁਰੂ ਜੀ ਕਾ ਬਚਨ ਪਾਇ ਸਾਰੇ ਸਿੱਖ ਕਿਲਾ ਅਨੰਦਗੜ ਕੇ ਸਾਮ੍ਹੇ ਆਏ । (ਸੰਮਤ 1758 ਵਿੱਚ ਹੋਲੀ ਫੱਗਣ ਸੁਦੀ ਪੂਰਨਮਾਸ਼ੀ, 3 ਮਾਰਚ 1702 ਨੂੰ ਸੀ । ਜਿਸ ਤਰ੍ਹਾਂ ਉੱਪਰ ਦੱਸਿਆ ਗਿਆ ਹੈ ਸੰਮਤ 1758 ਵਿੱਚ ਚੇਤ ਵਦੀ 1 ਵੀ 3 ਮਾਰਚ 1702 ਨੂੰ ਹੀ ਸੀ । ਅਗਲੇ ਦਿਨ 4 ਮਾਰਚ ਨੂੰ ਚੇਤ ਵਦੀ 1 ਨਹੀਂ ਬਲਕਿ ਚੇਤ ਵਦੀ 2 ਸੀ, ਇਸ ਲਈ ਅਗਲਾ ਦਿਨ ਲਿਖਿਆ ਜਾਣਾ ਢੁੱਕਵਾਂ ਨਹੀਂ ਹੈ।) ਇਸ ਤੋਂ ਸਿੱਧ ਹੁੰਦਾ ਹੈ ਡਾ: ਦਿਲਗੀਰ ਨੇ ਭਾਵੇਂ ਹਵਾਲਾ ਨਹੀਂ ਦਿੱਤਾ ਪਰ ਉਨ੍ਹਾਂ ਨੇ ਹੋਲੇ ਮਹੱਲੇ ਦੀਆਂ ਦੋਵੇ ਤਾਰੀਖ਼ਾਂ 3 ਮਾਰਚ 1683 ਅਤੇ 3 ਮਾਰਚ 1702 ਗੁਰੂ ਕੀਆਂ ਸਾਖੀਆਂ ਪੁਸਤਕਾਂ ਵਿੱਚੋਂ ਹੀ ਲਈਆਂ ਹਨ। ਇੱਕੋ ਹੀ ਲੇਖਕ ਵੱਲੋਂ ਇੱਕ ਹੀ ਤਿਉਹਾਰ ਸ਼ੁਰੂ ਹੋਣ ਦੀਆਂ ਦੋ ਵੱਖ ਵੱਖ ਤਾਰੀਖ਼ਾਂ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਹੋਲਾ ਮਹੱਲਾ ਸ਼ੁਰੂ ਹੋਣ ਦੀਆਂ ਤਾਰੀਖ਼ਾਂ ਸੰਬੰਧੀ ਉਸ ਨੂੰ ਪੂਰਨ ਜਾਣਕਾਰੀ ਨਹੀਂ ਹੈ।
- ਸੂਰਜ ਪ੍ਰਕਾਸ਼ ਦੀ ਰੁੱਤ 3 ਅਸੂ 2 ਵਿੱਚ ਹੋਲੇ ਮਹੱਲੇ ਦਾ ਜ਼ਿਕਰ ਇੰਝ ਕੀਤਾ ਹੈ: ‘ਆਯੋ ਫਾਗੁਣ ਮਾਸ ਸੁਹਾਵਤਿ । ਗਾਵਤਿ ਰਿਦੈ ਪ੍ਰਮੋਦ ਬਧਾਵਤਿ । ਸਭ ਮਹਿਂ ਕਰਿ ਬਸੰਤ ਪਰਧਾਨ । ਅਪਰ ਰਾਗ ਸਭਿ ਗਾਇਂ ਸੁਜਾਨ ॥ 2 ॥ ਪੁਰਿ ਅਨੰਦ ਆਨੰਦ ਬਿਲੰਦ੍ਯੋ । ਜਹਿਂ ਕਹਿਂ ਗਾਵਹਿਂ ਗੁਰ ਪਦ ਬੰਦ੍ਯੋ । ਚਲਿ ਆਯਹੁ ਹੋਲੇ ਕਾ ਮੇਲਾ । ਚਹੁਂ ਦਿਸ਼ਿ ਤੇ ਨਰ ਭਏ ਸਕੇਲਾ ॥ 3 ॥’
ਨੋਟ : ‘ਚਲਿ ਆਯਹੁ ਹੋਲੇ ਕਾ ਮੇਲਾ ।’ (ਇਸ ਤੁਕ ਦਾ ਭਾਵ ਹੈ ਕਿ ਹੋਲੇ ਦਾ ਮੇਲਾ ਪਹਿਲਾਂ ਹੀ ਪ੍ਰਚਲਿਤ ਸੀ, ਜਿਸ ਮੇਲੇ ’ਤੇ ਸਿੱਖ ਚਹੁੰ ਦਿਸ਼ਾਵਾਂ ਤੋਂ ਆ ਕੇ ਇਕੱਠੇ ਹੋਏ । ਭਾਵੇਂ ਇੱਥੇ ਸੰਮਤ ਦਾ ਜ਼ਿਕਰ ਨਹੀਂ ਕੀਤਾ ਪਰ ਇਸ ਤੋਂ ਪਿਛਲੀ ਰੁੱਤ 2, ਦਾ (ਆਖਰੀ) ਅੰਸੂ 50 ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਸੰਮਤ 1755 ਲਿਖਿਆ ਹੈ । ਅੰਮ੍ਰਿਤ ਛਕਾਉਣ ਦਾ ਜ਼ਿਕਰ ਇਸ ਤੋਂ ਪਿੱਛੋਂ ਰੁੱਤ 3, ਅਸੂ 19 ਵਿੱਚ ਦਰਜ ਹੈ, ਇਸ ਲਈ ਇਨ੍ਹਾਂ ਦੋਵਾਂ ਤਾਰੀਖ਼ਾਂ ਦੇ ਵਿਚਕਾਰ ਚੇਤ ਵਦੀ 1, ਸੰਮਤ 1755 ਦੀ ਹੀ ਹੋ ਸਕਦੀ ਹੈ। ਇਸ ਨੂੰ ਜੂਲੀਅਨ ਤਾਰੀਖ਼ਾਂ ਵਿੱਚ ਬਦਲਣ ’ਤੇ ਇਹ 6 ਮਾਰਚ 1699 ਬਣਦਾ ਹੈ । ਜਿਸ ਦਾ ਸਾਫ਼ ਭਾਵ ਹੈ ਕਿ ਹੋਲਾ ਮਹੱਲਾ ਸੰਨ 1699 ਦੀ ਵੈਸਾਖੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ।)
- ‘ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ’ ’ਚ ਸਭ ਤੋਂ ਪਹਿਲਾਂ ਹੋਲਾ ਮਹੱਲਾ ਮਨਾਏ ਜਾਣ ਦਾ ਭਾਵੇਂ ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਕੋਈ ਸੰਮਤ ਨਹੀਂ ਲਿਖਿਆ ਪਰ ਚੱਲ ਰਹੇ ਪ੍ਰਸੰਗਾਂ ਦੀ ਲੜੀ ਵਿੱਚ ਉਨ੍ਹਾਂ ਨੇ ਵੀ ਹੋਲੇ ਦਾ ਪ੍ਰਸੰਗ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਦਰਜ ਕੀਤਾ ਹੈ ।
ਨੋਟ : ਦੂਸਰਾ ਨੁਕਤਾ ਇਹ ਹੈ ਕਿ ਉਨ੍ਹਾਂ ਮੁਤਾਬਕ ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ ਅਤੇ ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ । ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ । ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਦੌਰਾਨ ਤਾਂ ਅਸਲੀ ਲੜਾਈਆਂ ਹੀ ਚੱਲ ਰਹੀਆਂ ਸਨ ਤਾਂ ਉਸ ਸਮੇਂ ਦੌਰਾਨ ਮਨਸੂਹੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫਬਦਾ ਨਹੀਂ। ਸੋ ਲਾਜ਼ਮੀ ਤੌਰ ’ਤੇ ਮਨਸੂਈ ਯੁੱਧਾਂ ਦੇ ਅਭਿਆਸ ਲਈ ਹੋਲੇ ਮਹੱਲੇ ਦਾ ਤਿਉਹਾਰ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਹੋਵੇਗਾ, ਜੋ ਪ੍ਰਵਿਸ਼ਟਾ 1 ਚੇਤ, ਚੇਤ ਵਦੀ 1 ਸੰਮਤ 1753; 26 ਫ਼ਰਵਰੀ 1697 ਵੀ ਹੋ ਸਕਦਾ ਹੈ।
ਉਪਰੋਕਤ ਸਾਰਿਆਂ ਨੂੰ ਵਾਚ ਕੇ ਸਾਡੇ ਪਾਸ ਜੋ ਸੰਨ ਅਤੇ ਸੰਮਤ ਮਿਲਦੇ ਹਨ ਉਹ ਇਸ ਤਰ੍ਹਾਂ ਹਨ (ੳ) ਸੰਮਤ 1739 ਬਿਕਰਮੀ/ ਸੰਨ 1683 ਜੂਲੀਅਨ (ਅ) ਸੰਮਤ 1742 ਬਿਕਰਮੀ/ ਸੰਨ 1686 (ੲ) ਸੰਮਤ 1756/ ਸੰਨ 1699 ਦੀ ਵੈਸਾਖੀ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ (ਸ) ਸੰਮਤ 1757 ਬਿਕਰਮੀ/ ਸੰਨ 1701 ਜੂਲੀਅਨ (ਹ) ਸੰਮਤ 1758 ਬਿਕਰਮੀ/ ਸੰਨ 1702 ਜੂਲੀਅਨ । (ਭਾਵੇਂ ਡਾ: ਦਿਲਗੀਰ ਨੇ ਹੋਲਾ ਮਹੱਲਾ ਦੀਆਂ ਆਪਣੇ ਵੱਲੋਂ ਦਰਜ ਕੀਤੀਆਂ ਦੋਵੇਂ ਹੀ ਤਾਰੀਖ਼ਾਂ ਦੇ ਸਮਰਥਨ ਵਿੱਚ ਕੋਈ ਸੋਮਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਇਤਿਹਾਸ ਦਾ ਮੂਲ ਸੋਮਾ ਹੀ ਭੱਟ ਵਹੀਆਂ ਹਨ । ਜੇਕਰ ਉਨ੍ਹਾਂ ਇਹ ਤਾਰੀਖ਼ਾਂ ਭੱਟ ਵਹੀਆਂ ਵਿੱਚੋਂ ਹੀ ਲਿਖੀਆਂ ਹਨ ਤਾਂ ਇਸ ਦਾ ਭਾਵ ਹੈ ਕਿ ਭੱਟ ਵਹੀਆਂ ਕਈ ਪ੍ਰਕਾਰ ਦੀਆਂ ਹਨ, ਜਿਨ੍ਹਾਂ ਵਿੱਚ ਇੱਕ ਹੀ ਘਟਨਾ ਦੀਆਂ ਵੱਖ ਵੱਖ ਤਾਰੀਖ਼ਾਂ ਲਿਖੀਆਂ ਹਨ । ਜੇ ਐਸਾ ਹੈ ਤਾਂ ਕਿਸ ਵਹੀ ਨੂੰ ਸਹੀ ਮੰਨਿਆ ਜਾਵੇ ਇਹ ਇੱਕ ਵੱਡੀ ਸਮੱਸਿਆ ਹੈ।)
ਉਪਰੋਕਤ ਸਾਰੀਆਂ ਤਾਰੀਖ਼ਾਂ ਵਿੱਚੋਂ ਕਿਹੜੀ ਠੀਕ ਹੈ ਅਤੇ ਕਿਹੜੀ ਗ਼ਲਤ, ਇਸ ਦਾ ਨਿਤਾਰਾ ਕਿਵੇਂ ਕੀਤੇ ਜਾਵੇ?, ਇਸ ਲਈ ਠੀਕ ਗ਼ਲਤ ਦੇ ਚੱਕਰ ਵਿੱਚ ਨਾ ਪੈਂਦੇ ਹੋਏ ਆਓ ਇਹ ਵੀਚਾਰ ਕਰੀਏ ਕਿ ਭਾਰਤੀ ਸਭਿਆਚਾਰ ਵਿੱਚ ਕਿਹੜੇ ਕਿਹੜੇ ਤਿਉਹਾਰ ਕਿਹੜੀਆਂ ਕਿਹੜੀਆਂ ਰੁੱਤਾਂ ਵਿੱਚ ਮਨਾਏ ਜਾਂਦੇ ਹਨ; ਉਸ ਹਿਸਾਬ ਨਾਲ ਹੋਲੀ ਹਿਮਕਰ (ਬਰਫ਼ਾਨੀ) ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਆਮਦ ਦਾ ਸੁਨੇਹਾ ਦੇਣ ਵਾਲਾ ਤਿਉਹਾਰ ਹੈ। ਦੂਸਰਾ ਇਹ ਬਿਕਰਮੀ ਚੰਦਰ ਸਾਲ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ। (ਪੁਰਾਤਨ ਭਾਰਤ ਵਿੱਚ ਸੂਰਜੀ/ਚੰਦਰ ਕੈਲੰਡਰ (Lunisolar calendar) ਲਾਗੂ ਸੀ । ਸੂਰਜੀ ਕੈਲੰਡਰ ਦੇ 12 ਮਹੀਨੇ ਹੁੰਦੇ ਹਨ ਅਤੇ ਪਹਿਲਾ ਵੈਸਾਖ ਅਤੇ ਅਖੀਰਲਾ ਮਹੀਨਾ ਚੇਤ ਹੁੰਦਾ ਹੈ ਜਦੋਂ ਕਿ ਚੰਦਰ ਕੈਲੰਡਰ ਵਿੱਚ ਉਨ੍ਹਾਂ ਹੀ ਨਾਵਾਂ ਵਾਲੇ 12 ਮਹੀਨੇ ਹੁੰਦੇ ਹਨ ਜਿਸ ਦਾ ਪਹਿਲਾ ਮਹੀਨਾ ਚੇਤ ਅਤੇ ਅਖੀਰਲਾ ਫੱਗਣ ਹੁੰਦਾ ਹੈ । ਚੰਦਰ ਸਾਲ ਦੇ ਹਰ ਮਹੀਨੇ ਵਿੱਚ 2 ਪੱਖ – ਸੁਦੀ ਪੱਖ ਅਤੇ ਵਦੀ ਪੱਖ ਹੁੰਦੇ ਹਨ । ਅਮਾਵਸ ਤੋਂ ਬਾਅਦ ਸੁਦੀ ਪੱਖ ਸ਼ੁਰੂ ਹੁੰਦਾ ਹੈ ਜਿਸ ਨੂੰ ਚਾਨਣਾ ਪੱਖ ਕਿਹਾ ਜਾਂਦਾ ਹੈ; ਇਸ ਪੱਖ ਵਿੱਚ ਚੰਦਰਮਾ ਥੋੜ੍ਹਾ ਥੋੜ੍ਹਾ ਕਰਕੇ ਵਧਦਾ ਜਾਂਦਾ ਹੈ ਅਤੇ ਪੂਰਨਮਾਸ਼ੀ (ਪੂਰਾ ਚੰਦ) ਹੋਣ ਤੱਕ 14/15 ਦਿਨ ਲੱਗ ਜਾਂਦੇ ਹਨ। ਪੂਰਨਮਾਸ਼ੀ ਤੋਂ ਬਾਅਦ ਵਦੀ ਪੱਖ ਆਰੰਭ ਹੁੰਦਾ ਹੈ, ਜਿਸ ਨੂੰ ਹਨ੍ਹੇਰਾ ਪੱਖ ਕਹਿੰਦੇ ਹਨ। ਇਸ ਪੱਖ ਵਿੱਚ ਚੰਦਰਮਾ ਥੋੜ੍ਹਾ ਥੋੜ੍ਹਾ ਕਰਕੇ ਘਟਦਾ ਜਾਂਦਾ ਹੈ ਜੋ 14/15 ਦਿਨ ਪਿੱਛੋਂ ਅਮਾਵਸ (ਨਵਾਂ ਚੰਦਰਮਾ) ਤੱਕ ਪਹੁੰਚ ਜਾਂਦਾ ਹੈ। ਚੰਦਰ ਕੈਲੰਡਰ ਦੇ ਮਹੀਨੇ ਦੋ ਕਿਸਮਾਂ ਦੇ ਹੁੰਦੇ ਹਨ, ਅਮੰਤਾ ਅਤੇ ਪੂਰਨਮੰਤਾ । ਅਮੰਤਾ ਮਹੀਨੇ (ਜਿਸ ਦਾ ਅਰਥ ਹੈ ਅਮਾਵਸ-ਅੰਤ) ਅਮਾਵਸ (ਨਵਾਂ ਚੰਦ) ਤੋਂ ਅਮਾਵਸ ਤੱਕ, ਜਦੋਂ ਕਿ ਪੂਰਨਮੰਤਾ (ਜਿਸ ਦਾ ਅਰਥ ਪੂਰਨਮਾਸ਼ੀ-ਅੰਤ) ਮਹੀਨੇ ਪੂਰਨਮਾਸ਼ੀ ਤੋਂ ਪੂਰਨਮਾਸ਼ੀ (ਪੂਰੇ ਚੰਦਰਮਾ) ਤੱਕ ਹੁੰਦੇ ਹਨ।
ਪੰਜਾਬ ਸਮੇਤ ਬਹੁਤੇ ਉੱਤਰੀ ਭਾਰਤ ਵਿੱਚ ਪੂਰਨਮੰਤਾ ਪ੍ਰਣਾਲੀ ਵਰਤੀ ਜਾ ਰਹੀ ਹੈ, ਜਦੋਂ ਕਿ ਦੱਖਣੀ ਭਾਰਤ ਵਿੱਚ ਅਮੰਤਾ ਸਿਸਟਮ ਵਰਤਿਆ ਗਿਆ ਹੈ। ਪੰਜਾਬ ਦੇ ਨਿਯਮਾਂ ਅਨੁਸਾਰ ਚੇਤ ਦਾ ਮਹੀਨਾ ਵੰਡਿਆ ਜਾਂਦਾ ਹੈ ਭਾਵ ਪਹਿਲਾ ਅੱਧਾ ਭਾਗ (ਵਦੀ ਪੱਖ) ਪਿਛਲੇ ਸਾਲ ਵਿੱਚ ਰਹਿ ਜਾਂਦਾ ਹੈ ਅਤੇ ਦੂਸਰਾ ਅੱਧਾ ਭਾਗ (ਸੁਦੀ ਪੱਖ) ਨਵੇਂ ਸਾਲ ਵਿੱਚ ਕਿਉਂਕਿ ਨਵਾਂ ਸਾਲ ਚੇਤ ਸੁਦੀ 1 ਤੋਂ ਸ਼ੁਰੂ ਹੁੰਦਾ ਹੈ। ਚੇਤ ਦੀ ਪੂਰਨਮਾਸ਼ੀ ’ਤੇ ਚੇਤ ਦਾ ਮਹੀਨਾ ਪੂਰਾ ਹੋਣ ਤੋਂ ਬਾਅਦ ਵੈਸਾਖ ਦਾ ਮਹੀਨਾ ਵਦੀ 1 ਤੋਂ ਸ਼ੁਰੂ ਹੋ ਜਾਂਦਾ ਹੈ, ਪਰ ਦੱਖਣੀ ਭਾਰਤ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ।
ਦੱਖਣੀ ਭਾਰਤ ਵਿੱਚ ਪ੍ਰਕਾਸ਼ਤ ਜੰਤਰੀਆਂ ਵਿੱਚ ਫੱਗਣ ਦੀ ਮੱਸਿਆ ਨੂੰ ਸਾਲ ਸਮਾਪਤ ਹੋ ਜਾਂਦਾ ਤੇ ਨਵਾਂ ਸਾਲ ਚੇਤ ਸੁਦੀ 1 ਤੋਂ ਸ਼ੁਰੂ ਹੁੰਦਾ ਹੈ । ਚੇਤਰ ਮਹੀਨੇ ਦੀ ਪੂਰਨਮਾਸ਼ੀ ਤੋਂ ਬਾਅਦ ਚੇਤ ਵਦੀ ਮੱਸਿਆ ’ਤੇ ਮਹੀਨਾ ਖ਼ਤਮ ਹੋ ਕੇ ਫਿਰ ਵੈਸਾਖ ਸੁਦੀ ਪੱਖ ਸ਼ੁਰੂ ਹੁੰਦਾ ਹੈ। ਨਤੀਜਾ ਇਹ ਨਿਕਲਿਆ ਕਿ ਸੁਦੀ ਪੱਖ ਤਾਂ ਦੱਖਣੀ ਭਾਰਤ ਅਤੇ ਉੱਤਰੀ ਭਾਰਤ ਵਿੱਚ ਬਰਾਬਰ ਬਰਾਬਰ ਚੱਲਦੇ ਹਨ, ਪਰ ਵਦੀ ਪੱਖ ਵਿੱਚ ਇੱਕ ਮਹੀਨੇ ਦਾ ਫ਼ਰਕ ਹੁੰਦਾ ਹੈ ਭਾਵ ਉੱਤਰੀ ਭਾਰਤ ਦੇ ਵੈਸਾਖ ਵਦੀ ਪੱਖ ਦੇ ਬਰਾਬਰ ਦੱਖਣੀ ਭਾਰਤ ਦਾ ਚੇਤ ਵਦੀ ਪੱਖ; ਉੱਤਰੀ ਭਾਰਤ ਦੇ ਜੇਠ ਵਦੀ ਪੱਖ ਦੇ ਬਰਾਬਰ ਦੱਖਣੀ ਭਾਰਤ ਦਾ ਵੈਸਾਖ ਵਦੀ ਪੱਖ, ਇਸੇ ਤਰ੍ਹਾਂ ਚਲਦਾ ਚਲਦਾ ਸਾਲ ਦਾ ਆਖਰੀ ਮਹੀਨਾ ਉੱਤਰੀ ਭਾਰਤ ਦੇ ਚੇਤ ਵਦੀ ਪੱਖ ਦੇ ਬਰਾਬਰ ਦੱਖਣੀ ਭਾਰਤ ਦਾ ਫੱਗਣ ਵਦੀ ਪੱਖ; ਜਿਵੇਂ ਕਿ ਹੇਠਾਂ ਬਣਾਈ ਸਾਰਣੀ ਤੋਂ ਸਪਸ਼ਟ ਹੈ :
ਇਹ ਹਮੇਸ਼ਾਂ ਅਜਿਹਾ ਨਹੀਂ ਸੀ ਹੁੰਦਾ। ਉੱਤਰੀ ਭਾਰਤ ਵਿੱਚ, ਹਾਲਾਂਕਿ ਮਹੀਨੇ ਪੂਰਨਮੰਤੇ ਸਨ ਪਰ ਚੇਤ ਦਾ ਮਹੀਨਾ ਵੰਡਿਆ
ਨਹੀਂ ਸੀ ਜਾਂਦਾ ਅਤੇ ਸਾਲ ਫੱਗਣ ਸੁਦੀ 15 ਯਾਨੀ ਪੂਰਨਮਾਸ਼ੀ ਨੂੰ ਖ਼ਤਮ ਹੋਇਆ ਕਰਦਾ ਸੀ। ਇਸ ਹਿਸਾਬ ਨਾਲ ਹੋਲੀ ਦਾ ਤਿਉਹਾਰ ਸਾਲ ਦੇ ਆਖਰੀ ਦਿਨ ਫੱਗਣ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ। ਅਗਲੇ ਦਿਨ ਚੇਤ ਵਦੀ 1 ਤੋਂ ਨਵਾਂ ਸਾਲ ਸ਼ੁਰੂ ਹੋ ਜਾਵੇਗਾ।
ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ, ਭਾਰਤ ਸਰਕਾਰ, 1955, ਪੰ: 161 ਵਿੱਚ ਵੀ ਇਹੋ ਤੱਥ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ : ‘ਹਿੰਦੀ ਕੈਲੰਡਰ ਵਿੱਚ ਨਾਗਰਿਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ – ਕਿਉਂਕਿ ਇਹ ਮਹੀਨੇ ਗੌਣਮਾਨ ਹਨ, ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਆਉਂਦਾ ਹੈ ਤਾਹੀਓਂ ਸਾਲ ਦਾ ਅਖ਼ੀਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹੋਲੀ) ਹੁੰਦੀ ਹੈ। ਤੁਜ਼ਕ-ਏ ਜਹਾਂਗੀਰੀ ਵਿੱਚ ਅੰਕਿਤ ਹੈ ਕਿ ਸਾਲ ਦੇ ਆਖ਼ਰੀ ਦਿਨ ਹੋਲੀ ਹੁੰਦੀ ਹੈ : “Thursday is the Holi, which in their belief is the last day of the year.” – Tuuzk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi.
ਹੋਲੇ ਮਹੱਲੇ ਦੀ ਤਾਰੀਖ਼ ਸੰਬੰਧੀ ਅਨਿਸ਼ਚਿਤਾ ਹੋਣ ਦੀ ਸੂਰਤ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ਚੇਤ ਵਦੀ 1 ਦੀ ਥਾਂ ਪ੍ਰਵਿਸ਼ਟਾ 1 ਚੇਤ/14 ਮਾਰਚ ਨਿਸ਼ਚਿਤ ਕੀਤੇ ਜਾਣ ਦੇ ਪਿੱਛੇ ਹੇਠ ਲਿਖੇ ਕੁਝ ਕਾਰਨ ਹਨ :
(1). ਚੰਦਰ ਸਾਲ ਦੇ ਅਖੀਰਲੇ ਦਿਨ ਫੱਗਣ ਸੁਦੀ ਪੁੰਨਿਆਂ ਨੂੰ ਹਿੰਦੂ ਹੋਲੀ ਮਨਾਉਂਦੇ ਹਨ। ਹੋਲਾ ਮਹੱਲਾ ਕਿਉਂਕਿ ਹੋਲੀ ਤੋਂ ਇਕ ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ, ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਦੇ ਪਹਿਲੇ ਦਿਨ ਚੇਤ ਵਦੀ 1 ਭਾਵ ਨਵੇਂ ਚੰਦਰ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ 1 ਚੇਤ ਤੋਂ ਸ਼ੁਰੂ ਹੁੰਦਾ ਹੈ ਤਾਹੀਓਂ ਹੋਲਾ ਮਹੱਲਾ ਨਵੇਂ ਸਾਲ ਦੇ ਆਰੰਭਤਾ ਵਾਲੇ ਦਿਨ 1 ਚੇਤ/14 ਮਾਰਚ ਨੂੰ ਹੀ ਮਨਾਇਆ ਜਾਣਾ ਢੁੱਕਵਾਂ ਹੈ।
(2). ਦਿਲਚਸਪ ਇਤਫ਼ਾਕ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ 1 ਅਤੇ ਪ੍ਰਵਿਸ਼ਟਾ ਚੇਤ 1, ਸੰਮਤ 1753 ਬਿਕਰਮੀ; ਦੋਵੇਂ ਹੀ 26 ਫ਼ਰਵਰੀ ਨੂੰ ਆਏ ਸਨ ਅਤੇ 1998 ਈਸਵੀ ਵਿੱਚ, ਜਿਸ ਸਾਲ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਹੋਣ ਉਪਰੰਤ ਪਹਿਲੀ ਵਾਰ 1999 ਦੀ ਵੈਸਾਖੀ ਤੋਂ ਲਾਗੂ ਕਰਨ ਲਈ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਤ ਕੀਤਾ ਗਿਆ ਸੀ, ਉਸ ਸਾਲ ਵੀ ਹੋਲਾ ਮਹੱਲਾ ਚੇਤ ਵਦੀ 1 ਅਤੇ ਚੇਤ 1 ਸੰਮਤ 2055 ਨੂੰ ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ।
(3). ਇਹ ਇਕ ਹੋਰ ਇਤਫ਼ਾਕ ਹੈ ਕਿ ਪ੍ਰਚਲਿਤ ਧਾਰਨਾਵਾਂ ਅਨੁਸਾਰ ਪਹਿਲਾ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਮਨਾਇਆ ਗਿਆ ਉਸ ਦਿਨ ਚੇਤ ਵਦੀ 1, 1757 ਬਿਕਰਮੀ ਵਾਲੇ ਦਿਨ 14 ਮਾਰਚ, 1701 ਜੂਲੀਅਨ ਹੀ ਸੀ।
(4). ਜਿਸ ਤਰ੍ਹਾਂ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਹੋਲੀ ਇੱਕ ਮੌਸਮੀ ਤਿਉਹਾਰ ਹੈ, ਜੋ ਹਿਮਕਰ ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਸ਼ੁਰੂਆਤ ਦਾ ਇੱਕ ਸੁਨੇਹਾ ਹੈ। ਗੁਰਬਾਣੀ ਵਿੱਚ ਦਰਜ ਰੁੱਤੀ ਸਲੋਕ ਅਨੁਸਾਰ ਵੀ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ : ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ ॥ (ਰਾਮਕਲੀ ਰੁਤੀ/ਮਹਲਾ ੫/੯੨੭), ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥’’ (ਤੁਖਾਰੀ ਬਾਰਹਮਾਹਾ/ਮਹਲਾ ੧/੧੧੦੭) ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ 1 ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੀ ਆਰੰਭਤਾ ਵਾਲੇ ਦਿਨ ਮਨਾਇਆ ਜਾਇਆ ਕਰੇਗਾ।
(5). ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕਰਮੀ ਕੈਲੰਡਰ ਵਿੱਚ ਦਰਜ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ ਸਨ, ਉਨ੍ਹਾਂ ਅਨੁਸਾਰ ਇਨ੍ਹਾਂ ਤਿਉਹਾਰਾਂ ਦਾ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਜਾਣ ਦਾ ਅਰਥ ਨਹੀਂ ਸੀ; ਜਿਵੇਂ ਕਿ ਲੋਹੜੀ ਇੱਕ ਅਜਿਹਾ ਤਿਉਹਾਰ ਹੈ ਜੋ ਮਾਘੀ – ਮਕਰ ਸੰਕਰਾਂਤੀ ਤੋਂ ਇਕ ਦਿਨ ਪਹਿਲਾਂ ਮਾਘੀ ਦੀ ਪੂਰਵ ਸੰਧਿਆ ’ਤੇ ਮਨਾਈ ਜਾਂਦੀ ਹੈ। ਵਿਦਵਾਨਾਂ ਨੇ ਮਕਰ ਸੰਕ੍ਰਾਂਤੀ ਨੂੰ ਉਸ ਦਿਨ ਹੋਣ ਲਈ ਨਿਸ਼ਚਿਤ ਕੀਤਾ ਜਦੋਂ ਸੂਰਜ ਆਪਣੀ (ਉੱਤਰਾਯਣ) ਉੱਤਰ-ਪੂਰਬ ਯਾਤਰਾ ਆਰੰਭ ਕਰਦਾ ਹੈ, ਜਿਸ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋਣੇ ਹਨ। ਇਹ ਦਿਨ ਪੂਰੀ ਦੁਨੀਆ ਦੇ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ। ਲੋਕ ਸੂਰਜ ਦੀ ਦੱਖਣ ਵੱਲ ਯਾਤਰਾ ਤੋਂ ਵਾਪਸੀ ਦੀ ਆਰੰਭਤਾ ਦਾ ਜਸ਼ਨ ਮਨਾਉਣ ਲਈ ਅੱਗ ਦੇ ਨੇੜੇ ਬੈਠ ਜਾਂਦੇ ਸਨ। 532 ਈ: ਜੂਲੀਅਨ ਵਿੱਚ ਜਦੋਂ 18 ਦਸੰਬਰ ਨੂੰ ਲੋਹੜੀ ਅਤੇ 19 ਦਸੰਬਰ ਨੂੰ ਮਾਘੀ ਸੀ ਉਸ ਸਮੇਂ ‘ਉਤਰਾਇਣ’ ਵੀ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬਿਕਰਮੀ ਕੈਲੰਡਰ ਦਾ ਰੁੱਤੀ ਸਾਲ ਨਾਲੋਂ ਅੰਤਰ ਹੋਣ ਕਰਕੇ, ਅੱਜ ਕੱਲ੍ਹ ਲੋਹੜੀ 12 ਜਾਂ 13 ਜਨਵਰੀ ਅਤੇ ਮਾਘੀ 13/14 ਜਨਵਰੀ ਨੂੰ ਆ ਰਹੀ ਹੈ ਜਦੋਂ ਕਿ ‘ਉੱਤਰਾਇਣ’ ਅਜੇ ਵੀ 21/22 ਦਸੰਬਰ ਦੇ ਆਸ ਪਾਸ ਸ਼ੁਰੂ ਹੁੰਦਾ ਹੈ ਭਾਵ ਲਗਭਗ 24-25 ਦਿਨਾਂ ਦਾ ਅੰਤਰ ਪੈ ਗਿਆ ਹੈ। ਸੰਨ 3000 ਈ: ਵਿੱਚ ਲੋਹੜੀ 27 ਜਨਵਰੀ ਅਤੇ ਮਾਘੀ 28 ਜਨਵਰੀ ਨੂੰ ਆਵੇਗੀ। ਇਸ ਹਿਸਾਬ ਜਦੋਂ ਭਵਿੱਖ ਵਿੱਚ ਲੋਹੜੀ ਮਈ ਵਿੱਚ ਹੋਣ ਲੱਗ ਪਏਗੀ ਤਾਂ ਕੀ ਸੋਚਿਆ ਜਾਏਗਾ ? ਕੀ ਉਸ ਸਮੇਂ ਲੋਹੜੀ ਮਨਾਉਣ ਲਈ ਅੱਗ ਦੇ ਨੇੜੇ ਇਕੱਠ ਕੀਤਾ ਜਾਏਗਾ ਜਾਂ ਏਅਰ-ਕੰਡੀਸ਼ਨਡ ਛੱਤਾਂ ਦੇ ਹੇਠਾਂ ਲੋਹੜੀ ਮਨਾਉਣੀ ਪਵੇਗੀ?
(6). ਨਾਨਕਸ਼ਾਹੀ ਕੈਲੰਡਰ ਵਿੱਚ ਲੋਹੜੀ ਹਮੇਸ਼ਾਂ ਲਈ 30 ਪੋਹ/12 ਜਨਵਰੀ ਅਤੇ ਮਾਘੀ (1 ਮਾਘ) 13 ਜਨਵਰੀ ਨੂੰ ਪੱਕੇ ਤੌਰ ’ਤੇ ਨਿਰਧਾਰਿਤ ਕੀਤੀ ਹੈ।
ਪੋਪ ਗ੍ਰੈਗਰੀ ਅਨੁਸਾਰ ਰੁੱਤਾਂ ਅਨੁਸਾਰ ਮਨਾਏ ਜਾਣ ਵਾਲੇ ਤਿਉਹਾਰਾਂ ਨੂੰ ਹੋਰ ਬਦਲਣਾ ਨਹੀਂ ਚਾਹੀਦਾ ਅਤੇ ਰੁੱਤਾਂ ਦੇ ਨਾਲ ਉਨ੍ਹਾਂ ਦੇ ਮੌਜੂਦਾ ਸੰਗਠਨਾਂ ਵਿੱਚ ਰਿਹਾ ਜਾਣਾ ਚਾਹੀਦਾ ਹੈ। ਇਸੇ ਕਾਰਨ ਉਨ੍ਹਾਂ ਨੇ 1582 ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ 5 ਅਕਤੂਬਰ ਤੋਂ 14 ਅਕਤੂਬਰ ਤੱਕ ਦੀਆਂ 10 ਤਾਰੀਖ਼ਾਂ ਖਤਮ ਕਰਕੇ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਕਰ ਦਿੱਤਾ । ਅੱਗੇ ਤੋਂ ਕੈਲੰਡਰ ਦਾ ਰੁੱਤਾਂ ਨਾਲ ਸੰਬੰਧ ਬਣਾਈ ਰੱਖਣ ਲਈ ਲੀਪ ਸਾਲ ਦੇ ਨਿਯਮਾਂ ਵਿੱਚ ਇਸ ਤਰ੍ਹਾਂ ਤਬਦੀਲੀ ਕੀਤੀ ਕਿ ਹੁਣ 400 ਸਾਲਾਂ ਵਿੱਚ 100 ਲੀਪ ਦੇ ਸਾਲ ਆਉਣ ਦੀ ਬਜਾਇ 97 ਲੀਪ ਦੇ ਸਾਲ ਹੀ ਆਇਆ ਕਰਨਗੇ। ਨਵੇਂ ਲੀਪ ਨਿਯਮ ਅਨੁਸਾਰ ਜਿਹੜੀ ਸਦੀ 400 ’ਤੇ ਪੂਰੀ ਨਾ ਵੰਡੀ ਜਾ ਸਕੇ ਉਹ ਭਾਵੇਂ 4 ’ਤੇ ਪੂਰੀ ਪੂਰੀ ਵੰਡੀ ਜਾਂਦੀ ਹੈ ਤਾਂ ਵੀ ਉਹ ਲੀਪ ਦਾ ਸਾਲ ਨਹੀਂ ਹੋਣਗੇ। ਇਸ ਹਿਸਾਬ ਨਾਲ 1700, 1800, 1900, 2100, 2200 ……… ਆਦਿ ਲੀਪ ਦੇ ਸਾਲ ਨਹੀਂ ਹੁੰਦੇ ਪਰ 1600, 2000, 2400, 2800 ਆਦਿ ਜਿਹੜੇ 400 ’ਤੇ ਪੂਰੇ ਪੂਰੇ ਵੰਡੇ ਜਾਂਦੇ ਹਨ ਉਹ ਸਾਲ ਲੀਪ ਦੇ ਸਾਲ ਹੁੰਦੇ ਹਨ। ਇਸ ਸੋਧ ਮਗਰੋਂ ਇਸ ਨੂੰ ਗ੍ਰੈਗੋਰੀਅਨ ਕੈਲੰਡਰ ਦਾ ਨਾਮ ਦੇ ਕੇ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਸੋਧ ਨੂੰ ਕੈਥੋਲਿਕ ਚਰਚ ਅਧੀਨ ਆਉਂਦੇ ਸਾਰੇ ਦੇਸ਼ਾਂ ਨੇ ਪ੍ਰਵਾਨ ਕਰ ਲਿਆ ਸੀ ਭਾਵੇਂ ਕਿ ਪ੍ਰੋਟੈਸਟੈਂਟ ਚਰਚ ਨੇ ਇਸ ਨੂੰ 170 ਸਾਲ ਬਾਅਦ 1752 ਵਿੱਚ 11 ਦਿਨਾਂ ਦੀ ਸੋਧ ਨਾਲ ਲਾਗੂ ਕੀਤਾ। ਅੱਜ ਕੱਲ੍ਹ ਤਕਰੀਬਨ ਸਾਰੀ ਦੁਨੀਆਂ ਵਿੱਚ ਗ੍ਰੈਗੋਰੀਅਨ ਕੈਲੰਡਰ ਹੀ ਨਾਗਰਿਕ ਅਤੇ ਪ੍ਰਸਾਸ਼ਨਿਕ ਕੰਮਾਂ ਲਈ ਵਰਤਿਆ ਜਾਂਦਾ ਹੈ।
(7). ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਜੀ ਦੇ ਜੋਤੀ ਜੋਤ ਸਮਾਉਣ ਅਤੇ ਖ਼ਾਲਸਾ ਸਾਜਨਾ ਦਿਵਸ ਵੈਸਾਖੀ ਦੀਆਂ ਹੀ ਪ੍ਰਮਾਣਿਕ ਤਾਰੀਖ਼ਾਂ ਹਨ, ਜਿਨ੍ਹਾਂ ਸੰਬੰਧੀ ਤਕਰੀਬਨ ਸਾਰੇ ਇਤਿਹਾਸਕਾਰ ਇੱਕ ਮੱਤ ਹਨ। ਬਾਕੀ ਦੀਆਂ ਤਾਰੀਖ਼ਾਂ ਇਨ੍ਹਾਂ ਪ੍ਰਮਾਣਿਕ ਤਾਰੀਖ਼ਾਂ ਤੋਂ ਅੱਗੇ ਪਿੱਛੇ ਦੇ ਸਮੇਂ ਦਾ ਹਿਸਾਬ ਕਿਤਾਬ ਕਰਕੇ ਹੀ ਲੱਭੀਆਂ ਗਈਆਂ ਹਨ। ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਹੈ ਕਿ ਪੁਰਾਤਨ ਬਜ਼ੁਰਗ; ਕਿਸੇ ਵੱਡੀ ਘਟਨਾ ਤੋਂ ਕਿੰਨੇ ਸਾਲ ਪਹਿਲਾਂ ਜਾਂ ਪਿੱਛੋਂ ਦੇ ਹਿਸਾਬ ਨਾਲ ਹੀ ਤਾਰੀਖ਼ਾਂ ਦੱਸਦੇ ਹਨ, ਜਿਵੇਂ ਕਿ ਰੌਲ਼ਿਆਂ ਗੌਲਿਆਂ (1947 ਦੀ ਵੰਡ) ਜਾਂ ਪਲੇਗ ਦੀ ਬੀਮਾਰੀ ਵੇਲੇ ਇਹ ਮੁੰਡਾ 1 ਸਾਲ ਦਾ ਸੀ ਜਾਂ ਐਨੇ ਸਾਲ ਪਹਿਲਾਂ ਜਾਂ ਪਿਛੋਂ ਇਸ ਦਾ ਜਨਮ ਹੋਇਆ ਸੀ । ਅਜਿਹਾ ਗਣਿਤ ਕਰਦੇ ਸਮੇਂ ਗ਼ਲਤੀਆਂ ਹੋਣ ਦੀ ਕਾਫ਼ੀ ਸੰਭਾਵਨਾ ਬਣੀ ਰਹਿੰਦੀ ਹੈ; ਜਿਵੇਂ ਕਿ ਸ: ਕਰਮ ਸਿੰਘ ਹਿਸਟੋਰੀਅਨ, ਕਵੀ ਸੰਤੋਖ ਸਿੰਘ ਦਾ ਹਵਾਲਾ ‘ਦਵਾਦਸ ਬਰਖ ਟਿਕੇ ਗੁਰਗਾਦੀ । ਖਸਟ ਮਾਸ ਨੌ ਦਿਨ ਐਹਲਾਦੀ ।’ ਦੇ ਕੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦੀ ਤਿੱਥ ਚੇਤ ਸੁਦੀ 6, 1609 ’ਚੋਂ ਕੁਲ ਗੁਰਿਆਈ ਦਾ ਸਮਾਂ 12 ਸਾਲ 6 ਮਹੀਨੇ 9 ਦਿਨ ਘਟਾਉਣ ਦੀ ਬਜਾਏ ਗ਼ਲਤੀ ਨਾਲ 12 ਸਾਲ 9 ਮਹੀਨੇ 6 ਦਿਨ ਘਟਾ ਕੇ ਅੱਸੂ ਦੀ ਥਾਂ ਹਾੜ ਮਹੀਨੇ ਦੀ ਗ਼ਲਤ ਤਾਰੀਖ਼ ਲਿਖ ਬੈਠੇ। ਇਸ ਤੋਂ ਵੇਖ ਕੇ ਬਾਕੀ ਵਿਦਵਾਨਾਂ ਨੇ ਵੀ ਇਸੇ ਤਰ੍ਹਾਂ ਗ਼ਲਤ ਲਿਖਣ ਕਾਰਨ ਗ਼ਲਤ ਤਾਰੀਖ਼ ਪਰਚਾਰੀ ਜਾ ਰਹੀ ਹੈ, ਜੋ ਕਿ ਮੰਨਣਯੋਗ ਨਹੀਂ ਕਿਉਂਕਿ ਇਹ ਤਾਰੀਖ਼ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਤੋਂ ਤਕਰੀਬਨ 3 ਮਹੀਨੇ ਪਹਿਲਾਂ ਦੀ ਬਣਦੀ ਹੈ ਜਦੋਂ ਕਿ ਸਾਰੇ ਮੰਨਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ 5 ਤਿੱਥਾਂ ਪਹਿਲਾਂ ਬਾਬਾ ਲਹਿਣਾ ਜੀ ਨੂੰ ਗੁਰਗੱਦੀ ’ਤੇ ਸਥਾਪਿਤ ਕਰ ਗੁਰੂ ਅੰਗਦ ਦਾ ਨਾਮ ਦਿੱਤਾ। ਇਹ ਉਦਾਹਰਨ ਦੇਣ ਤੋਂ ਮੇਰਾ ਭਾਵ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਖ਼ਾਲਸਾ ਸਾਜਣਾ ਦਿਵਸ ਦੇ ਸੰਨ 1699 ’ਚੋਂ 2 ਸਾਲ ਘਟਾਉਣ ਦੀ ਬਜਾਏ ਕਿਸੇ ਵਿਦਵਾਨ ਨੇ ਗ਼ਲਤੀ ਨਾਲ ਦੋ ਸਾਲ ਜੋੜ ਕੇ ਹੋਲੇ ਮਹੱਲੇ ਦਾ ਸੰਨ 1697 ਦੀ ਬਜਾਏ 1701 ਲਿਖ ਦਿੱਤਾ ਹੋਵੇ ਅਤੇ ਭਾਈ ਕਾਨ੍ਹ ਸਿੰਘ ਨਾਭਾ ਸਮੇਤ ਬਾਕੀ ਵਿਦਵਾਨਾਂ ਨੇ ਇੱਕ ਦੂਜੇ ਤੋਂ ਵੇਖ ਕੇ ਸੰਨ 1701/ਸੰਮਤ 1757 ਲਿਖ ਅਤੇ ਪ੍ਰਚਲਿਤ ਕਰ ਦਿੱਤਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਅਸਲੀ ਸੰਨ 1697 ਹੀ ਹੋਵੇ। ਇਹ ਚੇਤੇ ਰੱਖਣਯੋਗ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ 1 ਅਤੇ ਪ੍ਰਵਿਸ਼ਟਾ ਚੇਤ 1, ਸੰਮਤ 1753 ਬਿਕਰਮੀ ਨੂੰ ਦੋਵੇਂ ਇੱਕ ਹੀ ਤਾਰੀਖ਼ 26 ਫ਼ਰਵਰੀ ਨੂੰ ਆਏ ਸਨ। ਗੁਰੂ ਸਾਹਿਬ ਜੀ ਦਾ ਰੁਝਾਨ ਸੂਰਜੀ ਪ੍ਰਵਿਸ਼ਟਿਆਂ ਦੀਆਂ ਤਾਰੀਖ਼ਾਂ ਵੱਲ ਵਧ ਗਿਆ ਸੀ, ਇਸੇ ਕਾਰਨ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਦਿਨ ਗੋਇੰਦਵਾਲ ਵਿਖੇ 1 ਵੈਸਾਖ ਨੂੰ ਵੈਸਾਖੀ ਜੋੜ ਮੇਲੇ ਦੇ ਤੌਰ ’ਤੇ ਮਨਾਉਣਾ ਸ਼ੁਰੂ ਕਰਨਾ, ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਕੀਰਤਪੁਰ ਵਸਾਉਣ ਲਈ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਪ੍ਰਵਿਸ਼ਟੇ 2 ਹਾੜ ਦੀ ਚੋਣ ਕਰਨੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਮੁੱਢਲਾ ਨਾਮ ਚੱਕ ਨਾਨਕੀ ਆਪਣੀ ਮਾਤਾ ਜੀ ਦੇ ਨਾਮ ’ਤੇ ਰੱਖਣਾ ਤੇ ਇਸ ਦੀ ਮੋੜ੍ਹੀ ਗੱਡਣ ਲਈ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ 21 ਹਾੜ ਚੁਣਨਾ ਅਤੇ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਖ਼ਾਲਸਾ ਸਾਜਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ 1 ਵੈਸਾਖ ਦੀ ਚੋਣ ਕਰਨੀ ਆਦਿ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਹਨ। ਇਸ ਹਿਸਾਬ ਨਾਲ ਭਾਵੇਂ ਯੁੱਧ ਵਿਦਿਆ/ਸਰੀਰਕ ਅਭਿਆਸ ਤਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਨਿਰੰਤਰ ਜਾਰੀ ਸੀ। (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰਾਂ ਦਾ ਅਭਿਆਸ ਕਰਾਉਣ ਲਈ ਗੁਰੂ ਅਰਜਨ ਸਾਹਿਬ ਜੀ ਵੱਲੋਂ ਬਾਬਾ ਬੁੱਢਾ ਜੀ ਦੀ ਡਿਊਟੀ ਲਾਉਣਾ ਵੀ ਸਿੱਧ ਕਰਦਾ ਹੈ ਕਿ ਬਾਬਾ ਬੁੱਢਾ ਜੀ ਨੇ ਸ਼ਸਤਰਾਂ ਦਾ ਅਭਿਆਸ ਬੁਢੇਪੇ ਵਿੱਚ ਤਾਂ ਸਿੱਖਿਆ ਨਹੀਂ ਹੋਣਾ, ਜ਼ਰੂਰ ਹੀ ਇਹ ਉਨ੍ਹਾਂ ਦੇ ਜੁਆਨੀ ਦੇ ਸਮੇਂ; ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਦੇਖ ਰੇਖ ਵਿੱਚ ਗੁਜਰਿਆ, ਉਸ ਸਮੇਂ ਤੋਂ ਹੀ ਅਭਿਆਸ ਜਾਰੀ ਹੋਣਗੇ। ਇਸ ਲਈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੰਗੀ ਅਭਿਆਸ ਤਾਂ ਪਹਿਲਾਂ ਤੋਂ ਹੀ ਜਾਰੀ ਸਨ ਭਾਵੇਂ ਉਹ ਪਾਉਂਟਾ ਸਾਹਿਬ ਹੋਣ ਤੇ ਭਾਵੇਂ ਅਨੰਦਪੁਰ ਸਾਹਿਬ, ਪਰ ਉਸ ਨੂੰ ਪਰੰਪਰਾਗਤ/ਸੰਸਥਾਗਤ ਤੌਰ ’ਤੇ ਹਰ ਸਾਲ ਮਨਾਉਣ ਦਾ ਆਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੂਆਂ ਦੀ ਹੋਲੀ ਤੋਂ ਇੱਕ ਦਿਨ ਪਿੱਛੋਂ 1 ਚੇਤ ਸੰਮਤ 1753/26 ਫ਼ਰਵਰੀ 1697 ਤੋਂ ਹੀ ਕੀਤਾ ਹੋਵੇਗਾ । ਇਹ ਗੁਰੂ ਮਹਾਰਾਜ ਦੀ ਦੀਰਘ ਸੋਚ ਦਾ ਹਿੱਸਾ ਹੋ ਸਕਦਾ ਹੈ ਕਿ 1699 ਦੀ ਵੈਸਾਖੀ ਵਾਲੇ ਦਿਨ ਵੱਡਾ ਇਕੱਠ ਕਰਨ ਲਈ ਅਪਣਾਈ ਨੀਤੀ ਦੇ ਹਿੱਸੇ ਵਜੋਂ ਦੋ ਸਾਲ ਪਹਿਲਾਂ ਉੱਥੇ ਹੋਲੇ ਮਹੱਲੇ ਦਾ ਵੱਡਾ ਤਿਉਹਾਰ ਮਨਾਉਣਾ ਸ਼ੁਰੂ ਕਰ ਦਿੱਤਾ ਹੋਵੇ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸੁਨੇਹੇ ਪਹੁੰਚਾਉਣ ਦੇ ਹੋਰ ਕੋਈ ਸਾਧਨ ਤਾਂ ਹੈ ਨਹੀਂ ਸਨ। ਹੋਲੇ ਮਹੱਲੇ ’ਤੇ ਆਈ ਹੋਈ ਸੰਗਤ ਰਾਹੀਂ ਅੱਗੇ ਤੋਂ ਅੱਗੇ ਇਹ ਸੁਨੇਹੇ ਪਹੁੰਚਾਏ ਜਾਣੇ ਸਨ ।
ਸੋ ਨਾਨਕਸ਼ਾਹੀ ਕੈਲੰਡਰ ਬਣਾਉਣ ਸਮੇਂ ਇਹ ਧਿਆਨ ਰੱਖਿਆ ਗਿਆ ਹੈ ਕਿ ਮੌਸਮੀ ਤਿਉਹਾਰ ਉਨ੍ਹਾਂ ਹੀ ਰੁੱਤਾਂ ’ਚ ਆਉਣ ਜਿਨ੍ਹਾਂ ਲਈ ਉਹ ਨਿਸ਼ਚਿਤ ਕੀਤੇ ਗਏ ਸਨ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਰੁੱਤਾਂ ਨਾਲੋਂ ਬਿਕਰਮੀ ਕੈਲੰਡਰ ਦੀਆਂ ਰੁੱਤਾਂ ਦੀ ਗ਼ਲਤੀ ਲਗਭਗ 16 ਦਿਨ ਸੀ, ਜੋ ਅੱਜ ਵਧ ਕੇ 24 ਦਿਨਾਂ ਦੀ ਹੋ ਗਈ, ਇਸ ਨੂੰ ਹੋਰ ਵਧਣ ਤੋਂ ਰੋਕਿਆ ਜਾਵੇ। ਇਸ ਦੇ ਪਿੱਛੇ ਕੈਲੰਡਰ ਦਾ ਇਤਿਹਾਸ, ਖਗੋਲ–ਵਿਗਿਆਨ ਦਾ ਬੋਧ ਅਤੇ ਸਭ ਤੋਂ ਵੱਧ ਗੁਰਬਾਣੀ ’ਚ ਮਹੀਨਿਆਂ ਅਨੁਸਾਰ ਦਰਸਾਈਆਂ ਗਈਆਂ ਰੁੱਤਾਂ ਤੋਂ ਨਿਰਦੇਸ਼ ਲੈਣ ਦਾ ਯਤਨ ਕੀਤਾ ਹੈ।
ਸੰਸਦੀ ਮਰਯਾਦਾ ਦੀ ਉਲੰਘਣਾ, ਲੋਕਤੰਤਰ ਦਾ ਕਤਲੇਆਮ.. !
ਸੰਸਦੀ ਮਰਯਾਦਾ ਦੀ ਉਲੰਘਣਾ, ਲੋਕਤੰਤਰ ਦਾ ਕਤਲੇਆਮ.. !
ਫੋਨ: 905 531 8901
ਪਿਛਲੇ ਦਿਨੀਂ ਸਾਡੇ ਦੇਸ਼ ਦੀ ਸੰਸਦ ਦੀ ਕਾਰਵਾਈ ਦੌਰਾਨ ਜੋ ਤਮਾਸ਼ਾ ਦੇਖਣ ਨੂੰ ਮਿਲਿਆ ਉਸ ਨੇ ਸੰਸਦ ਦੀਆਂ ਰਵਾਇਤਾਂ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਦੇਸ਼ ਵਿੱਚ ਲਗਭਗ ਪਿਛਲੇ ਚਾਰ ਮਹੀਨਿਆਂ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਜ਼ਬਰਦਸਤ ਹੰਗਾਮਾਂ ਹੋਇਆ ਅਤੇ ਅਭੱਦਰ ਭਾਸ਼ਾ ਇਸਤੇਮਾਲ ਕਰਨ ਤੱਕ ਨੌਬਤ ਆਈ। ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਵਿਘਨ ਪੈਣ ਕਾਰਨ ਲੰਮੇ ਸਮੇਂ ਤੱਕ ਬਹਿਸ ਰੋਕਣੀ ਪਈ। ਐਸਾ ਲੱਗਦਾ ਹੈ ਕਿ ਇਨਾਂ ਰਾਜਸੀ-ਨੀਤੀਵਾਨਾਂ ਨੇ ਸੰਸਦ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਹੈ। ਸਿਆਸੀ ਮਨੋਵਿਗਿਆਨ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਸਿਆਸਤਦਾਨ ਜਾਂ ਇਤਿਹਾਸ ਦੀ ਫ਼ਿਲਾਸਫ਼ੀ ਨੂੰ ਵਿਵੇਕ ਨਜ਼ਰੀਏ ਨਾਲ ਸਮਝਣ ਵਾਲੇ ਸਮਾਜ-ਸ਼ਾਸਤਰੀ ਇਸ ਗੱਲ ਨਾਲ ਸਹਿਜੇ ਹੀ ਸਹਿਮਤ ਹੋਣਗੇ ਕਿ ਸੱਤਾਧਾਰੀ ਧੜਿਆਂ ਅਤੇ ਵਿਰੋਧੀ ਪਾਰਟੀਆਂ ਦੁਆਰਾ ਆਪਣੀਆਂ ਰਾਜਨੀਤਿਕ ਸਹੂਲਤਾਂ ਲਈ ਸੰਸਦ ਨੂੰ ਮਨਮਾਨੇ ਢੰਗ ਨਾਲ ਇਸਤੇਮਾਲ ਕਰਨ ਦੀ ਇਸ ਤੋਂ ਵੱਡੀ ਮਿਸਾਲ ਸ਼ਾਇਦ ਹੀ ਹੋਰ ਕਿੱਧਰੇ ਮਿਲੇ। ਦੇਸ਼ ਦੇ ਲੀਡਰਾਂ ਵੱਲੋਂ ਆਪਣੇ ਸੌੜੇ ਹਿੱਤਾਂ ਖ਼ਾਤਰ ਵਾਰ ਵਾਰ ਸਦਨ ਦੀ ਕਾਰਵਾਈ ਨੂੰ ਰੋਕੀ ਰੋਕਣਾ, ਜਿੱਥੇ ਭਾਰਤੀ ਸੰਵਿਧਾਨ ਉੱਤੇ ਸਿੱਧਾ ਹਮਲਾ ਹੈ, ਉੱਥੇ ਲੋਕਤੰਤਰ ਦਾ ਕਤਲ-ਏ-ਆਮ ਵੀ ਹੈ।
ਪਿਛਲੇ ਦਿਨੀਂ ਸੰਸਦ ਵਿੱਚ ਦੇਸ਼ ਦੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੌਰਾਨ ਬਹਿਸ ਮੁੱਖ ਤੌਰ ’ਤੇ ਤਿੰਨ ਨਵੇਂ ਖੇਤੀ ਕਾਨੂੰਨਾਂ ’ਤੇ ਹੀ ਕੇਂਦਰਿਤ ਰਹੀ। ਵਿਰੋਧੀ ਪਾਰਟੀਆਂ ਵੱਲੋਂ ਸਾਂਝੇ ਤੌਰ ’ਤੇ ਖੇਤੀ ਕਾਨੂੰਨਾਂ ਦਾ ਡਟਕੇ ਵਿਰੋਧ ਕੀਤਾ ਗਿਆ। ‘ਰਾਜ-ਸਭਾ’ ਅਤੇ ‘ਲੋਕ-ਸਭਾ’ ਵਿੱਚ ਵਿਰੋਧੀ ਧਿਰਾਂ ਵੱਲੋਂ ਨੁਕਤਾ-ਦਰ-ਨੁਕਤਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਲੀਲਾਂ ਰੱਖੀਆਂ। ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਤਿੰਨੇ ਖੇਤੀ ਕਾਨੂੰਨ ਸੰਵਿਧਾਨਕ ਨਿਯਮਾਂ ਮੁਤਾਬਕ ਤੁਰੰਤ ਰੱਦ ਕਰਨ ’ਤੇ ਜ਼ੋਰ ਦਿੱਤਾ ਗਿਆ। ਬੜੇ ਲੰਬੇ ਅਰਸੇ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਸੰਸਦ ਵਿੱਚ ਇਕ-ਜੁੱਟ ਨਜ਼ਰ ਆਈਆਂ। ਕਾਂਗਰਸ ਸਮੇਤ ਹੋਰ ਪ੍ਰਮੁੱਖ ਵਿਰੋਧੀ ਧਿਰਾਂ ਟੀ. ਐਮ. ਸੀ. ਦੀ ਮਹੂਆ ਮੋਇਤਰਾ, ਸਪਾ ਦੇ ਅਖ਼ਿਲੇਸ਼ ਯਾਦਵ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਸਭਨਾ ਵੱਲੋਂ ਇਕ ਆਵਾਜ਼ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ‘ਕਿਸਾਨ ਅੰਦੋਲਨ’ ਨੂੰ ਵਾਜ਼ਬ ਕਰਾਰ ਦਿੱਤਾ।
ਦੂਜੇ ਪਾਸੇ ਸਾਡੇ ਮਹਾਂ-ਮੁਸ਼ਤੈਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਵੱਡੇ ਸੰਵਿਧਾਨਕ ਮੰਚਾਂ ਤੋਂ ਅਸਿੱਧੇ ਤੌਰ ’ਤੇ ਸਾਫ਼ ਲਫਜ਼ਾਂ ਵਿੱਚ ਸੰਕੇਤ ਦਿੰਦਿਆਂ ਕਿਹਾ ਕਿ ਤਿੰਨੇ ਖੇਤੀ ਕਾਨੰਨ ਵਾਪਸ ਨਹੀਂ ਹੋਣਗੇ। ਉਨ੍ਹਾਂ ਨੇ ਆਪਣਾ ਭਾਸ਼ਣ ਤਕਰੀਬਨ ਇੱਕ ਘੰਟਾ ਖੇਤੀ ਕਾਨੂੰਨਾਂ ’ਤੇ ਕੇਂਦਰਿਤ ਰੱਖਿਆ। ਭਾਜਪਾਈ ਨੀਤੀਆਂ ਅਨੁਸਾਰ ਨਵੇਂ ਖੇਤੀ ਕਾਨੂੰਨਾਂ ਦੇ ਖ਼ੂਬ ਗੁਣ-ਗਾਇਣ ਕੀਤੇ ਗਏ। ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਵਾਰ ਵਾਰ ਮੇਜ ਥੱਪ-ਥਪਾ ਕੇ ਜ਼ਬਰਦਸਤ ਹੰਗਾਮੇ ਕੀਤੇ ਗਏ। ਨੌਬਤ ਇੱਥੋ ਤੱਕ ਆ ਗਈ ਕਿ ਕਾਂਗਰਸ ਪਾਰਟੀ ਵੱਲੋਂ ‘ਕਾਲੇ ਕਾਨੂੰਨ ਵਾਪਸ ਲਵੋ’ ਦੇ ਨਾਅਰੇ ਲਾਉਂਦਿਆਂ ਸਦਨ ’ਚੋਂ ਵਾਕ-ਆਊਟ ਕੀਤਾ ਗਿਆ। ਵਰਣਨਯੋਗ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਵਾਰ ਵਾਰ ਤਾਬੜਤੋੜ ਹੰਗਾਮਿਆਂ ਦੇ ਤਿੱਖੇ ਹਮਲੇ ਵੇਖ ਕੇ ਯਕੀਨ ਕੀਤਾ ਜਾ ਸਕਦਾ ਹੈ ਕਿ ਦੇਸ਼ ਦੀ ਵਿਰੋਧੀ ਧਿਰ ਅਜੇ ਜ਼ਿੰਦਾ ਹੈ।
ਪ੍ਰਧਾਨ ਮੰਤਰੀ ਨੇ ਹੇਠਲੇ ਸਦਨ ਨੂੰ ਸੰਬੋਧਨ ਕਰਦਿਆਂ ਆਪਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਸਹੀ ਅਰਥਾਂ ਵਿਚ ‘ਖੇਤੀ ਸੁਧਾਰ’ ਕਾਨੂੰਨ ਹਨ, ਜੋ ਨੇੜ ਭਵਿੱਖ ਵਿੱਚ ਕਿਸਾਨਾਂ ਦੀ ਕਾਇਆ-ਕਲਪ ਦੇ ਜਾਮਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਬਣਨ ਤੋਂ ਬਾਅਦ ਨਾ ਤਾਂ ਕੋਈ ਮੰਡੀ ਬੰਦ ਹੋਣੀ ਹੈ ਅਤੇ ਨਾ ਹੀ ਕੋਈ ਐਮ. ਐਸ. ਪੀ. ਖ਼ਤਮ ਹੋਣੀ ਹੈ ਬਲਕਿ ਐਮ. ਐਸ. ਪੀ ਤਹਿਤ ਖ਼ਰੀਦ ਵਧੀ ਵੀ ਹੈ। ਰੋਹ ਵਿੱਚ ਆ ਕੇ ਵਿਰੋਧੀ ਧਿਰਾਂ ਵੱਲੋਂ ਸਦਨ ਅੰਦਰ ਜ਼ਬਰਦਸਤ ਹੰਗਾਮਾ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਦੋ ਵਾਰ ਰੌਲੇ-ਰੱਪੇ ਦੌਰਾਨ ਭਾਸ਼ਣ ਬੰਦ ਕਰਕੇ, ਆਪਣੀ ਸੀਟ ’ਤੇ ਮੁੜ ਬੈਠਣ ਲਈ ਮਜ਼ਬੂਰ ਹੋਣਾ ਪਿਆ। ਇਸ ਸੰਸਦ ਦੀ ਕਾਰਵਾਈ ਦੌਰਾਨ ਸੱਤਾਧਾਰੀ ਪਾਰਟੀਆਂ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਇਕ ਦੂਜੇ ਵਿਰੁੱਧ ਤਿੱਖੇ ਹਮਲੇ ਕਰਕੇ ਜੋ ਜ਼ਹਰ ਉੱਗਲਿਆ ਗਿਆ ਹੈ, ਬਿਨਾਂ ਸ਼ੱਕ ਇਸ ਨਾਲ ਸੰਸਦੀ ਮਰਯਾਦਾ ਨੇ ਭੱਦੀ ਸ਼ਕਲ ਅਖ਼ਤਿਆਰ ਕੀਤੀ ਹੈ। ਸੰਸਦ ਦੀ ਕਾਰਵਾਈ ਦੌਰਾਨ ਅੱਡੀਆਂ ਚੁੱਕ-ਚੁੱਕ ਕੇ ਤੇ ਬਾਹਾਂ ਉਲਾਰ-ਉਲਾਰ ਕੇ ਇਕ-ਦੂਜੇ ਵਿਰੁੱਧ ਨਿੱਜੀ ਦੂਸ਼ਣਬਾਜ਼ੀ ਕਰਕੇ ਸਾਡੇ ਆਗੂ ਸਦਨ ਦੇ ਮਾਹੌਲ ਨੂੰ ਗੰਧਲ਼ਾ ਕਰ ਰਹੇ ਹਨ। ਇਸ ਤੋਂ ਵੱਧ ਅਫ਼ਸੋਸ ਜਨਕ ਪਹਿਲੂ ਇਹ ਹੈ ਕਿ ਜਦੋਂ ਦੇਸ਼ ਦਾ ਆਮ ਨਾਗਰਿਕ ਅਜਿਹਾ ਸਭ ਕੁੱਝ ਅਖ਼ਬਾਰਾਂ ਜਾਂ ਦੂਸਰੇ ਸੰਚਾਰ ਮਾਧਿਅਮਾਂ ਰਾਹੀਂ ਵੇਖ-ਸੁਣ ਰਿਹਾ ਹੁੰਦਾ ਹੋਵੇਗਾ ਤਾਂ ਉਸ ਦੀ ਮਨੋ-ਸਥਿਤੀ ਕਿਹੋ ਜਿਹੀ ਹੁੰਦੀ ਹੋਵੇਗੀ?
ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ 275 ਤੋਂ ਵੱਧ ਮਨੁੱਖੀ ਜਾਨਾਂ ਜਾਣ ਅਤੇ 24 ਤੋਂ ਵੱਧ ਖ਼ੁਦਕੁਸ਼ੀਆਂ ਦੇ ਦੁਖਾਂਤ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਉਨ੍ਹਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਮੰਤਰੀਆਂ ਵੱਲੋਂ ਅਸੰਵੇਦਨਸ਼ੀਲਤਾ ਵਿਖਾਈ ਜਾ ਰਹੀ ਹੈ। ਸਗੋਂ ਅੰਦੋਲਨ ਕਰਨ ਵਾਲੇ ਕਿਸਾਨਾਂ ’ਤੇ ਸ਼ੈਤਾਨੀ-ਤਨਜ਼ਾਂ ਕੱਸੀਆਂ ਜਾ ਰਹੀਆਂ ਹਨ ਅਤੇ ਅੰਦੋਲਨਜੀਵੀ, ਟੁਕੜੇ-ਟੁਕੜੇ ਗੈਂਗ ਅਤੇ ਪਰਜੀਵੀ (ਪੈਰਾਸਾਈਟ) ਵਰਗੇ ਭੱਦੇ ਵਿਸ਼ੇਸ਼ਣਾਂ ਦਾ ਖ਼ਿਤਾਬ ਦੇ ਕੇ, ਸੰਘਰਸ਼ ਨਾਲ ਜੂਝਦੇ ਕਿਸਾਨਾਂ ਦਾ ਮਜ਼ਾਕ ਉਡਾਇਆ ਹੈ। ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਜੈਸੇ ਸਨਮਾਨਯੋਗ ਅਹੱੁਦੇ ’ਤੇ ਵਿਰਾਜਮਾਨ ਵਿਅਕਤੀ ਦੇ ਮੂੰਹੋਂ ਐਨੇ ਨੀਵੇਂ ਪੱਧਰ ’ਤੇ ਟਿੱਪਣੀਆਂ ਕਰਨਾ, ਭਾਰਤ ਵਰਗੇ ਸੱਭਿਅਕ ਦੇਸ਼ ਦੀ ਸੰਸਦੀ ਵਿਵਸਥਾ ਦੀ ਘੋਰ ਉਲੰਘਣਾ ਹੈ। ਸ਼੍ਰੀ ਮੋਦੀ ਵੱਲੋਂ ਦਾਗ਼ੀਆਂ ਟਿੱਪਣੀਆਂ ਦੇ ਹੜ੍ਹਾਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਤਵਾਜ਼ਨ ਵਿਗਾੜ ਕੇ ਰੱਖ ਦਿੱਤਾ ਹੈ। ਅਜਿਹਾ ਕਰਕੇ ਪ੍ਰਧਾਨ ਮੰਤਰੀ ਜੀ ਦੂਸਰਿਆਂ ਲਈ ਤਾਂ ਕੀ, ਆਪਣਿਆਂ ਵਿੱਚ ਵੀ ਪ੍ਰਭਾਵਹੀਣ ਹੁੰਦੇ ਜਾ ਰਹੇ ਹੈ।
ਅਖ਼ਬਾਰਾਂ ਦੀਆਂ ਸੁਰਖ਼ੀਆਂ ਚੀਖ-ਚੀਖ ਬਿਆਨ ਕਰਦੀਆਂ ਹਨ ਕਿ ਦੇਸ਼ ’ਤੇ ਪਿਛਲੇ ਸੱਤ ਸਾਲਾਂ ਤੋਂ ਰਾਜ ਕਰਨ ਵਾਲੀ ਵਰਤਮਾਨ ਭਾਜਪਾ ਸਰਕਾਰ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਵਜਾਰਤੀ ਸਾਥੀਆਂ ਨੇ ਭ੍ਰਿਸ਼ਟਾਚਾਰ, ਧੱਕੇਸ਼ਾਹੀ, ਨਿੱਜਵਾਦ, ਚੋਰ-ਬਾਜ਼ਾਰੀ ਅਤੇ ਸਮਾਜਿਕ-ਸ਼ੋਸ਼ਣ ਦਾ ਬਾਜ਼ਾਰ ਖ਼ੂਬ ਗਰਮ ਕੀਤਾ ਹੋਇਆ ਹੈ। ਦੇਸ਼ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਨਵੇਂ ਤਿੰਨੇ ਖੇਤੀ ਕਾਨੂੰਨਾਂ ਨੂੰ ਦੋਵਾਂ ਸਦਨਾਂ ’ਚੋਂ ਪਾਸ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਯੋਗ ਢੰਗ ਨਾਲ ਨਾ ਅਪਣਾਏ ਜਾਣ ਦੇ ਦੋਸ਼ ਵਿੱਚ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਵਿਰੋਧੀਆਂ ਨੇ ਕਿਹਾ ਕਿ ਇਹ ਦੇਸ਼ ਦਾ ਸਭ ਤੋਂ ਵੱਡਾ ‘ਘੁਟਾਲਾ’ ਹੈ, ਜਿਸ ਲਈ ਸਿੱਧੇ ਤੌਰ ’ਤੇ ਸ਼੍ਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ, ਪਰ ਐਸਾ ਲੱਗਦਾ ਹੈ ਕਿ ਆਪਣੀਆਂ ਨੀਤੀਆਂ ਅਨੁਸਾਰ ਸੱਤਾਧਾਰੀ ਭਾਜਪਾ ਸਰਕਾਰ ਲੋਕਾਂ ਦੀ ਗੱਲ ਨਾ ਸੁਣਨ ਦੀ ਆਦਤ ਤੋਂ ਮਜ਼ਬੂਰ ਹੈ।
ਕਦੇ ਸਮਾਂ ਸੀ ਜਦੋਂ ਕਾਂਗਰਸੀ ਲੀਡਰ ਆਪਣੀਆਂ ਕੀਤੀਆਂ-ਅਕੀਤੀਆਂ ਅਤੇ ਨੀਤੀਆਂ-ਬਦਨੀਤੀਆਂ ’ਤੇ ਸ਼ਰਮਿੰਦਗੀ ਮਹਿਸੂਸ ਕਰਦੇ ਹੁੰਦੇ ਸਨ ਸਗੋਂ ਇੱਥੋਂ ਤੱਕ ਕਿ ਕਾਂਗਰਸ ਹਮੇਸ਼ਾਂ ਆਪਣੇ-ਆਪ ਨੂੰ ਦੇਸ਼ ਦੀ ਜਨਤਾ ਅੱਗੇ ਜਵਾਬਦੇਹ ਸਮਝਦੀ ਹੁੰਦੀ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਉਸ ਸਮੇਂ ਕਾਂਗਰਸੀ ਲੀਡਰ ਆਪ-ਖ਼ੁਦ ਤਿਆਗ ਤੇ ਤਪੱਸਿਆ ਦਾ ਮੁਜੱਸਮਾਂ ਹੁੰਦੇ ਸਨ। ਜ਼ਿਕਰਯੋਗ ਹੈ ਕਿ ਛੇਵੇਂ ਦਹਾਕੇ ਦੇ ਸ਼ੁਰੂਆਤ ਵਿੱਚ ਲੋਕ-ਸਭਾ ਦੇ ਸਿਲਸਿਲੇ ਵਿੱਚ ਜਦੋਂ ਇਕ ਵਾਰ ਖ਼ਤਰਨਾਕ ਮੋੜ ਆ ਗਿਆ ਸੀ ਤਾਂ ਤਤਕਾਲੀ ਲੋਕ-ਸਭਾ ਸਪੀਕਰ ਸ਼੍ਰੀ ਮਾਵਲੰਕਰ ਨੇ ਸਥਿੱਤੀ ’ਤੇ ਕਾਬੂ ਪਾਉਣ ਲਈ ਸਖ਼ਤ ਰੁਖ ਅਖ਼ਤਿਆਰ ਕੀਤਾ ਸੀ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਭਾਰਤ ਦੇ ਸੰਸਦੀ-ਜਮਹੂਰੀਅਤ ਦੇ ਪਿਤਾਮਾ ਕਹਿਲਾਉਣ ਵਾਲੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਬੜੇ ਫ਼ਖ਼ਰ ਨਾਲ ਮੁਆਫ਼ੀ ਮੰਗ ਕੇ ਸੰਸਦੀ ਰਿਵਾਇਤਾਂ ਨੂੰ ਬਾਕਾਇਦਾ ਕਾਇਮ ਰੱਖਿਆ ਸੀ। ਇਤਿਹਾਸ ਗਵਾਹ ਹੈ ਕਿ ਸਾਡੇ ਪੁਰਖਿਆਂ ਨੇ ਦੇਸ਼ ਦੀ ਸੰਸਦ ਨੂੰ ਦੇਸ਼ ਦੇ ਵਿਕਾਸ-ਸ਼ੀਲ ਅਤੇ ਜੀਵਤ-ਲੋਕਤੰਤਰ ਦੇ ਇਕ ਮਜ਼ਬੂਤ ਥੰਮ ਦੇ ਰੂਪ ਵਿੱਚ ਕਾਇਮ ਰੱਖਿਆ ਹੋਇਆ ਸੀ, ਪਰ ਅੱਜ ਤਾਂ ਅਗਰ-ਮਗ਼ਰ ਜਾਂ ਕਿੰਤੂ-ਪ੍ਰੰਤੂ ਵਾਲੀ ਕੋਈ ਗੱਲ ਹੀ ਨਹੀਂ ਰਹੀ। ਅਜੋਕੇ ਸਿਆਸੀ ਲੀਡਰ ਸੰਸਦ ਨਾਲ ਸਿਰਫ਼ ਭੱਦਾ ਮਜ਼ਾਕ ਹੀ ਨਹੀਂ ਕਰ ਰਹੇ ਸਗੋਂ ਸੰਸਦੀ ਕਾਰਵਾਈ ਦੌਰਾਨ ਪੂਰੇ ਜੋਸ਼ ਤੇ ਅਕਰੋਸ਼ ਨਾਲ ਹੁਲੜਬਾਜ਼ੀ ਮਚਾ ਕੇ ਸੰਸਦ ਦੀ ਅਹਿਮੀਅਤ ਨੂੰ ਵੀ ‘ਸਿਫ਼ਰ’ ਕਰਨ ’ਤੇ ਤੁਲੇ ਹੋਏ ਹਨ। ਇਸ ਤਰ੍ਹਾਂ ਕੇਵਲ ਸੰਸਦ ਦੀ ਮਰਯਾਦਾ ਹੀ ਭੰਗ ਨਹੀਂ ਹੁੰਦੀ ਸਗੋਂ ਸਮਰੱਥਾ ਤੇ ਅਧਿਕਾਰਾਂ ਨੂੰ ਵੀ ਕਰਾਰੀ ਸੱਟ ਵਜਦੀ ਹੈ। ਇਕ ਸਮਾਂ ਸੀ ਜਦੋਂ ਸਰਵ ਸ਼੍ਰੀ ਮੋਤੀ ਲਾਲ ਨਹਿਰੂ, ਮਦਨ ਮੋਹਨ ਮਾਲਵੀਆ, ਸਰਦਾਰ ਬਲਭ ਭਾਈ ਪਟੇਲ, ਸੀ. ਆਰ. ਦਾਸ, ਸਤਿਆ ਮੂਰਤੀ, ਮੁਹੰਮਦ ਜਿਨਾਹ ਅਤੇ ਬਾਬੂ ਭਾਈ ਦੇਸਾਈ ਵਰਗੀਆਂ ਮਹਾਨ ਹਸਤੀਆਂ ਦਰਮਿਆਨ ਸੰਸਦੀ ਸਮਾਗਮਾਂ ਦੌਰਾਨ ਜ਼ੋਰਦਾਰ ਤਕਰਾਰ ਹੋਇਆ ਕਰਦਾ ਸੀ, ਪਰ ਆਨ, ਸ਼ਾਨ ਤੇ ਸੁਚੱਜਤਾ ਦੀ ਮਰਯਾਦਾ ਨੂੰ ਬਕਾਇਦਾ ਬਰਕਰਾਰ ਰੱਖਿਆ ਜਾਂਦਾ ਸੀ। ਕਦੇ ਭੁੱਲ ਕੇ ਵੀ ਗ਼ੈਰ-ਸਸਦੀ ਭਾਸ਼ਾਂ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਸਿਆਸੀ ਪਾਰਟੀਆਂ ਦੇ ਪ੍ਰਮੁੱਖ ਲੀਡਰ ਆਪਣੀਆਂ ਕੀਤੀਆਂ-ਅਕੀਤੀਆਂ ’ਤੇ ਸ਼ਰਮਿੰਦਗੀ ਮਹਿਸੂਸ ਕਰਦੇ ਸਨ, ਪਰ ਅੱਜ ਹਾਲਾਤ ਇਹ ਹਨ ਕਿ ਅਜੋਕੇ ਰਾਜਸੀ ਲੀਡਰਾਂ ਨੇ ਸੰਸਦ ਨੂੰ ਸਰਕਸ ਦੀ ਖੇਡ ਬਣਾ ਦਿੱਤਾ ਹੈ। ਬੇਹੁਰਮਤੀ ਅਤੇ ਬੇਹਿਯਾਈ ਪੂਰੇ ਸਿਖ਼ਰਾਂ ’ਤੇ ਹੈ ਪਰ ਸ਼ਰਮ-ਹਯਾ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ।
ਅਰਬੀ ਦੀ ਇਕ ਕਹਾਵਤ ਹੈ ‘ਜਦੋਂ ਘਰ ਦੇ ਵਡੇਰੇ ਹੀ ਤਬਲੇ ਬਜਾਉਣ ਲੱਗ ਜਾਣ ਤਾਂ ਛੋਟਿਆਂ ਨੂੰ ਨੱਚਣੋ ਬੰਦ ਨਹੀਂ ਕਰਨਾ ਚਾਹੀਦਾ’। ਜੇਕਰ ਸਾਡੇ ਦੇਸ਼ ਦੇ ਰਹਿਨੁਮਾ ਹੀ ਸੰਸਦੀ ਮਰਯਾਦਾ ਦੀ ਉਲੰਘਣਾ ਕਰੀ ਜਾਣ, ਪ੍ਰਮੁੱਖ ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂ ਹੀ ਲੋਕਤੰਤਰ ਦੇ ਸਿਧਾਂਤਕ ਦੀਵਾਲੀਆਪਣ ਦਾ ਸ਼ਿਕਾਰ ਹੋ ਜਾਣ ਤਾਂ ਅਜੋਕੀ ਰਾਜਨੀਤੀ ਦਾ ਪੂਰੇ ਦੇਸ਼ ਅੰਦਰ ਜੋ ਭਵਿੱਖ ਹੋਵੇਗਾ, ਇਸ ਦਾ ਅੰਦਾਜ਼ਾ ਹਰ ਸਮਝਦਾਰ ਵਿਅਕਤੀ ਸਹਿਜੇ ਹੀ ਲਗਾ ਸਕਦਾ ਹੈ। ਜੇਕਰ ਦੇਸ਼ ’ਤੇ ਰਾਜ ਕਰਨ ਵਾਲੇ ਲੀਡਰਾਂ ਦੀ ਸੋਚ ਹੀ ਇਸ ਹੱਦ ਤੱਕ ਨਿੱਘਰ ਗਈ ਹੋਵੇ ਤਦ ਤਾਂ ਫਿਰ ਅਜਿਹੇ ‘ਭਾਰਤ’ ਦਾ ਰੱਬ ਹੀ ਰਾਖਾ ਹੈ ! ਅਜੋਕੇ ਲੀਡਰਾਂ ਨੂੰ ਤਾਂ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਿ ਸੰਸਦ ਦੇ ਦੋਵੇਂ ਸਦਨਾਂ ਦੀ ਬੈਠਕ ਚਲਾਉਣ ਲਈ ਦੇਸ਼ ਦੇ ਟੈਕਸ ਦੇਣਦਾਰਾਂ ਦਾ ਕਿੰਨਾਂ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ। ਇਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਸੰਸਦ ਦੇ ਸਮਾਗਮਾਂ ’ਤੇ 25 ਲੱਖ ਰੁਪਏ (ਪ੍ਰਤੀ ਘੰਟਾ) ਤੋਂ ਵੀ ਵੱਧ ਖ਼ਰਚ ਹੁੰਦੇ ਹਨ, ਜਿਸ ਵਿੱਚ ਲਿਖਤੀ ਸਮੱਗਰੀ ਦੀ ਲਿਖਾਈ-ਛਪਾਈ, ਸੰਸਦ ਮੈਂਬਰਾਂ ਦੇ ਹਵਾਈ ਸਫ਼ਰ ਦੇ ਭਾੜੇ ਅਤੇ ਰੋਜ਼ਾਨਾਂ ਦੇ ਭੱਤਿਆਂ ਦਾ ਵੇਰਵਾ ਸ਼ਾਮਲ ਨਹੀਂ ਹੈ। ਕੀ ਫਿਰ ਦੇਸ਼ ਦੀ ਜਨਤਾ ਨੂੰ ਐਨਾ ਵੀ ਹੱਕ ਨਹੀਂ ਕਿ ਉਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਸਿਰਫ਼ ਇੰਨਾ ਹੀ ਪੁੱਛ ਸਕਣ ਕਿ ਉਨ੍ਹਾਂ ਦੇ ਖ਼ੂਨ-ਪਸੀਨੇ ਦੀ ਕਮਾਈ ਦਾ ਪੈਸਾ ਅਜਾਈਂ ਕਿਉ ਗੁਆ ਰਹੇ ਹੋ?
ਐਸਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਸਿਆਸਤ; ਘਟਨਾਵਾਂ ਤੇ ਦੁਰ-ਘਟਨਾਵਾਂ ਤੋਂ ਉਡਾਨਾ ਭਰ ਰਹੀ ਹੈ। ਦੂਸਰਿਆਂ ਦੀਆਂ ਗ਼ਲਤੀਆਂ ਜਾਂ ਨਰਾਜ਼ਗੀਆਂ ਤੋਂ ਨਿੱਜੀ ਲਾਭ ਲੈਣਾ ਅਜੋਕੇ ਰਾਜਸੀ ਨੇਤਾਵਾਂ ਦੀ ਫ਼ਿਤਰਤ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਮਾਫੀਆ-ਗਰੋਹਾਂ ਅਤੇ ਪੂੰਜੀ-ਪਤੀਆਂ ਵੱਲੋਂ ਦੇਸ਼ ਦੀ ਵਿਰਾਸਤੀ ਕੌਮੀ ਸੰਪਤੀ ਅਤੇ ਕੁਦਰਤੀ ਜ਼ਖ਼ੀਰੇ ਜਲ, ਜੰਗਲ, ਜ਼ਮੀਨ ਨਜਾਇਜ਼ ਢੰਗਾਂ ਨਾਲ ਹਥਿਆਏ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਵੱਲੋਂ ਸਰਕਾਰੀ-ਅਰਧ ਸਰਕਾਰੀ ਅਦਾਰਿਆਂ ਦੀ ਲੁੱਟ-ਖਸੁੱਟ ਅਤੇ ਰਾਫੇਲ ਘੁਟਾਲਾ, ਕਾਲੇ ਧਨ ਦੀ ਇਜ਼ਾਰੇਦਾਰੀ, ਕੇਂਦਰੀ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਵਰਗੇ ਗ਼ੈਰ-ਲੋਕਤੰਤਰਿਕ ਵਰਤਾਰਿਆਂ ਨੇ ਭਾਰਤੀ ਲੋਕਤੰਤਰ ਨੂੰ ਜ਼ਰਜ਼ਰਾ ਕਰਕੇ ਰੱਖ ਦਿੱਤਾ ਹੈ। ਇਸ ਦੇ ਬਾਵਜੂਦ ਦੇਸ਼ ਦੇ ਹੁਕਮਰਾਨਾਂ ਵੱਲੋਂ ਲੋਕਤੰਤਰ ਦੀ ਮਿੱਟੀ ਜਿਸ ਤਰ੍ਹਾਂ ਪਲੀਤ ਕੀਤੀ ਜਾ ਰਹੀ ਹੈ, ਉ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਪਰ ਕੀ ਸੁਹਿਰਦ ਵਾਤਾਵਰਣ ਅੰਦਰ ਰਹਿ ਕੇ ਸੰਸਦ ਦੀ ਕਾਰਵਾਈ ਸਾਰਥਕ ਢੰਗ ਨਾਲ ਨਹੀਂ ਚਲਾਈ ਜਾ ਸਕਦੀ?
ਮਰਣੈ ਤੇ ਜਗਤੁ ਡਰੈ
ਮਰਣੈ ਤੇ ਜਗਤੁ ਡਰੈ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
ਮਰਨ ਤੋਂ ਸਾਰਾ ਸੰਸਾਰ ਡਰਦਾ ਹੈ। ਹਰ ਕੋਈ ਜੀਊਣਾ ਚਾਹੁੰਦਾ ਹੈ। ਭਗਤ ਕਬੀਰ ਜੀ ਅਨੁਸਾਰ ਮਰਦਾ ਤਾਂ ਸੰਸਾਰ ਦਾ ਹਰ ਬੰਦਾ ਹੈ ਪਰ ਕਿਸੇ ਨੇ ‘ਸੱਚੇ’ ਮਰਨ ਦੀ ਜਾਚ ਨਹੀਂ ਸਿੱਖੀ ‘‘ਕਬੀਰਾ ਮਰਤਾ ਮਰਤਾ ਜਗੁ ਮੁਆ; ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ; ਬਹੁਰਿ ਨ ਮਰਨਾ ਹੋਇ ॥’’ (ਭਗਤ ਕਬੀਰ ਜੀ/੫੫੫)
ਇਸ ਜਗ ਵਿੱਚ ਭੈਅ ਦਾ ਹੀ ਵਪਾਰ ਚੱਲਦਾ ਹੈ। ਇਹ ਭੈਅ ਰੋਜ਼ੀ ਰੋਟੀ ਖੁੱਸਣ ਦਾ, ਸਿਹਤ ਦੀ ਖ਼ਰਾਬੀ ਦਾ, ਪ੍ਰੋਮੋਸ਼ਨ ਨਾ ਹੋਣ ਦਾ, ਵੱਡਾ ਘਰ ਨਾ ਮਿਲਣ ਦਾ, ਰੁਤਬਾ ਉੱਚਾ ਕਰਨ ਦਾ, ਪੁੱਤਰ ਪੋਤਰੇ ਨਾ ਹੋਣ ਦਾ, ਵਪਾਰ ਵਿੱਚ ਘਾਟੇ ਦਾ ਤੇ ਕਦੇ ਨਾ ਖ਼ਤਮ ਹੋਣ ਵਾਲੀ ਤ੍ਰਿਸ਼ਨਾ ਦਾ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਵਿੱਚ ਕੋਈ ਯਾਦ ਹੀ ਨਹੀਂ ਰੱਖਦਾ ਕਿ ਇਹ ਚੀਜ਼ਾਂ ਤਾਂ ਹੀ ਸੰਭਵ ਹਨ ਜੇ ਜ਼ਿੰਦਗੀ ਰਹੀ !
ਜ਼ਿੰਦਗੀ ਜਦੋਂ ਇੱਕਦਮ ਹੱਥੋਂ ਖਿਸਕਣ ਲੱਗਦੀ ਹੈ, ਉਦੋਂ ਹੀ ਸਮਝ ਆਉਂਦੀ ਹੈ ਕਿ ਬੇਲੋੜੀ ਚਿੰਤਾ ਤੇ ਸੰਸਾਰੀ ਚੀਜ਼ਾਂ ਵਿੱਚੋਂ ਕੋਈ ਸ਼ੈਅ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦੀ। ਉਸ ਆਖ਼ਰੀ ਮੌਕੇ ਸਮਝ ਆਉਂਦੀ ਹੈ ਕਿ ਬਾਕੀ ਸਭ ਚੀਜ਼ਾਂ ਤੋਂ ਮਹੱਤਵ ਪੂਰਨ ਸੀ ‘ਜ਼ਿੰਦਗੀ ਜਿਊਣੀ’। ਅਫ਼ਸੋਸ ਕਿ ਉਸ ਪਲ ਦੀ ਆਈ ਸਮਝ ਦਾ ਉੱਕਾ ਹੀ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਬਚਿਆ ਹੁੰਦਾ ਤੇ ਬਾਕੀ ਜਣੇ ਤ੍ਰਿਸ਼ਨਾ ਦੇ ਚੱਕਰਵਿਊ ਵਿੱਚ ਫਸੇ ਹੋਏ ਸਮਝਣਾ ਨਹੀਂ ਚਾਹੁੰਦੇ ਹੁੰਦੇ !
ਵੱਡੇ-ਵੱਡੇ ਰਾਜਿਆਂ ਤੇ ਸ਼ਕਤੀਸ਼ਾਲੀ ਲੋਕਾਂ ਦੀ ਮੌਤ ਨੇ ਵੀ ਕਦੇ ਕਿਸੇ ਦੀ ਤ੍ਰਿਸ਼ਨਾ ਨਹੀਂ ਘਟਾਈ। ਇਸ ਗੱਲ ਨੂੰ ਕੋਈ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਜੀਵਨ ਵਿੱਚ ਸਭ ਤੋਂ ਜ਼ਰੂਰੀ ਚੀਜ਼; ਸਾਹ ਹਨ ! ਜੇ ਜ਼ਿੰਦਾ ਹਾਂ ਤਾਂ ਸਭ ਚੀਜ਼ਾਂ ਮਾਣੀਆਂ ਜਾ ਸਕਦੀਆਂ ਹਨ। ਜੇ ਜ਼ਿੰਦਾ ਹੀ ਨਹੀਂ ਤਾਂ ਬਾਕੀ ਚੀਜ਼ਾਂ ਤਾਂ ਹੋਰ ਜਣੇ ਹੀ ਵਰਤਣਗੇ।
ਰੱਬ ਦੀ ਹੋਂਦ ਵੀ ਲੋੜ ਵੇਲੇ ਹੀ ਮਹਿਸੂਸ ਹੁੰਦੀ ਹੈ। ਜਦੋਂ ਨੁਕਸਾਨ ਹੁੰਦਾ ਸਾਹਮਣੇ ਦਿਸੇ ਜਾਂ ਮੌਤ ਸਾਹਮਣੇ ਦਿਸੇ, ਉਸ ਵੇਲੇ ਜ਼ਬਾਨ ਉੱਤੇ ਦੋ ਹੀ ਨਾਂ ਆਉਂਦੇ ਹਨ ‘ਹਾਏ ਮਾਂ ਜਾਂ ਹਾਏ ਰੱਬਾ !’
ਉਸ ਤੋਂ ਬਾਅਦ ਸ਼ੁਰੂ ਹੁੰਦੇ ਹਨ ਧਾਰਮਿਕ ਗੇੜੇ, ਆਪਣੇ ਮਨ ਨੂੰ ਸ਼ਾਂਤ ਕਰਨ ਲਈ ! ਕੱਟੜ ਤੋਂ ਕੱਟੜ ਨਾਸਤਿਕ ਵੀ ਮੌਤ ਸਾਹਮਣੇ ਵੇਖ ਇਕ ਵਾਰ ਤਾਂ ਰੱਬ ਨੂੰ ਧਿਆ ਲੈਂਦਾ ਹੈ ਤੇ ਉਸ ਨੂੰ ਲਾਹਣਤਾਂ ਵੀ ਪਾ ਦਿੰਦਾ ਹੈ ਕਿ ਮੈਂ ਹੀ ਕਿਉਂ?
ਗੁਰਬਾਣੀ ਵਿੱਚ ਵਾਰ-ਵਾਰ ਮੌਤ ਬਾਰੇ ਚੇਤੰਨ ਕੀਤਾ ਗਿਆ ਹੈ। ਇਹ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਮੌਤ ਕਿਵੇਂ ਹੋਣੀ ਹੈ ਭਾਵੇਂ ਕਿ ਇਹ ਪੱਕਾ ਹੈ ਕਿ ਮਰਨਾ ਸਭ ਨੇ ਹੈ, ਫਿਰ ਵੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ। ਜੇ ਮੌਤ ਸੁਖਾਲੀ ਕਰਨੀ ਹੋਵੇ ਤਾਂ ਚਿੰਤਾ ਲਾਹੁਣੀ ਹੀ ਪੈਂਦੀ ਹੈ। ਦੂਜਾ ਪਾਸਾ ਹੈ, ਜੇ ਅਣਖ ਮਾਰ ਲਈ ਹੋਵੇ ਜਾਂ ਚੁੱਪ ਚੁਪੀਤੇ ਜ਼ੁਲਮ ਸਹਾਰਿਆ ਜਾ ਰਿਹਾ ਹੋਵੇ ਜਾਂ ਜ਼ੁਲਮ ਹੁੰਦਾ ਵੇਖ ਜ਼ਮੀਰ ਮਾਰ ਕੇ ਪਾਸਾ ਮੋੜ ਰਿਹਾ ਹੋਵੇ ਤਾਂ ਅਜਿਹਾ ਇਨਸਾਨ ਮੁਰਦਾ ਹੀ ਗਿਣਿਆ ਜਾਂਦਾ ਹੈ ‘‘ਕਿਆ ਜਾਣਾ ਕਿਵ ਮਰਹਗੇ ? ਕੈਸਾ ਮਰਣਾ ਹੋਇ ?॥ ਜੇ ਕਰਿ ਸਾਹਿਬੁ ਮਨਹੁ ਨ ਵੀਸਰੈ; ਤਾ ਸਹਿਲਾ ਮਰਣਾ ਹੋਇ ॥’’ (ਮਹਲਾ ੩/੫੫੫)
ਹੁਣ ਸਵਾਲ ਉੱਠਦਾ ਹੈ ਕਿ ਜਦੋਂ ਮੌਤ ਦੇ ਭੈਅ ਉੱਤੇ ਫ਼ਤਿਹ ਪਾ ਲਈ ਜਾਵੇ ਤਾਂ ਕੀ ਵਾਪਰਦਾ ਹੈ ਤੇ ਜੇ ਲਗਾਤਾਰ ਮੌਤ ਤੋਂ ਭੈਅ ਹੀ ਆਉਂਦਾ ਰਹੇ ਤਾਂ ਕੀ ਵਾਪਰਦਾ ਹੈ?
ਕੁੱਝ ਜਣੇ ਮੌਤ ਦੇ ਨਾਂ ਤੋਂ ਹੀ ਸਾਰਾ ਦਿਨ ਤ੍ਰਹਿੰਦੇ ਰਹਿੰਦੇ ਹਨ। ਕੁੱਝ ਨੂੰ ਇਹੋ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸੁੱਤਿਆਂ-ਸੁੱਤਿਆਂ ਹੀ ਨਾ ਮਰ ਜਾਣ।
ਜੇ ਮੌਤ ਦਾ ਡਰ ਹੱਦੋਂ ਵੱਧ ਜਾਏ ਤਾਂ ਬੀਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਬੀਮਾਰੀ ਵਿੱਚ ਬਿਸਤਰੇ ਵੱਲ ਜਾਂਦਿਆਂ ਹੀ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਕਿਤੇ ਸੁੱਤਿਆਂ ਮੌਤ ਨਾ ਆ ਜਾਏ। ਇੰਜ ਕਈ ਵਾਰ ਸਾਰੀ-ਸਾਰੀ ਰਾਤ ਜਾਗਦਿਆਂ ਲੰਘ ਜਾਂਦੀ ਹੈ। ਸਵੇਰ ਵੇਲੇ ਘਬਰਾਹਟ ਹੋਣ ਅਤੇ ਨੀਂਦਰ ਆਉਣ ਲੱਗ ਪੈਂਦੀ ਹੈ। ‘ਸੋਮਨੀਫੋਬੀਆ’ ਬੀਮਾਰੀ ’ਚ ਤਾਂ ਕਈ ਵਾਰ ਨੀਂਦਰ ਦਾ ਨਾਮ ਲੈਣ ’ਤੇ ਹੀ ਦਿਲ ਦੀ ਧੜਕਣ ਵੱਧ ਜਾਂਦੀ ਹੈ। ਜਿਉਂ ਹੀ ਸ਼ਾਮ ਪੈਣ ਲੱਗੇ, ਅਜਿਹੇ ਮਰੀਜ਼ਾਂ ਨੂੰ ਘਬਰਾਹਟ ਦੇ ਅਟੈਕ ਹੋਣ ਲੱਗ ਪੈਂਦੇ ਹਨ।
ਕੁੱਝ ਦੀ ਯਾਦਦਾਸ਼ਤ ਘੱਟ ਜਾਂਦੀ ਹੈ ਤੇ ਕੁੱਝ ਮਰੀਜ਼ ਚਿੜਚਿੜੇ ਜਾਂ ਲੜਾਕੇ ਬਣ ਜਾਂਦੇ ਹਨ। ਕਈਆਂ ਨੂੰ ਉਲਟੀਆਂ, ਜੀਅ ਕੱਚਾ, ਢਿੱਡ ਪੀੜ, ਅਫਰੇਵਾਂ, ਛਾਤੀ ਵਿੱਚ ਜਕੜਨ, ਪੀੜ, ਧੜਕਣ ਵਧਣੀ, ਪਸੀਨਾ ਵੱਧ ਆਉਣਾ, ਕਾਂਬਾ ਮਹਿਸੂਸ ਹੋਣਾ, ਲੰਮੇ ਸਾਹ ਖਿੱਚਣੇ, ਰੋਣਾ ਆਉਣਾ, ਤ੍ਰਹਿਣ ਲੱਗ ਪੈਣਾ, ਇਕੱਲੇ ਮਹਿਸੂਸ ਹੁੰਦੇ ਸਾਰ ਘਬਰਾਹਟ ਹੋਣ ਲੱਗ ਪੈਣੀ ਆਦਿ ਵਰਗੇ ਲੱਛਣ ਦਿੱਸਣ ਲੱਗ ਪੈਂਦੇ ਹਨ।
ਕੁੱਝ ਮਰੀਜ਼ ਰਾਤ ਭਰ ਲਾਈਟਾਂ ਜਗਾ ਕੇ ਜਾਂ ਟੀ.ਵੀ., ਸੰਗੀਤ ਆਦਿ ਲਾ ਕੇ ਬੈਠੇ ਰਹਿੰਦੇ ਹਨ ਤਾਂ ਜੋ ਨੀਂਦਰ ਨਾ ਆਵੇ। ਕੁੱਝ ਸ਼ਰਾਬ ਪੀ ਕੇ ਜਾਂ ਨਸ਼ਾ ਕਰ ਕੇ ਡਰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਤਰ੍ਹਾਂ ਦੇ ਕੁੱਝ ਮਰੀਜ਼ਾਂ ਵਿੱਚ ਨੀਂਦਰ ਸਮੇਂ ਮਰ ਜਾਣ ਦਾ ਡਰ ਇਸ ਲਈ ਪੈਦਾ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਰਾਤ ਵੇਲੇ ਅਚਾਨਕ ਜਾਗ ਖੁੱਲ੍ਹ ਜਾਣ ਉੱਤੇ ਜਾਪਦਾ ਹੈ ਕਿ ਉਨ੍ਹਾਂ ਨੂੰ ਲਕਵਾ ਮਾਰ ਗਿਆ ਹੈ। ਕਈਆਂ ਨੂੰ ਡਰਾਵਨੇ ਸੁਫਨੇ ਸੌਣ ਨਹੀਂ ਦਿੰਦੇ ਤੇ ਉਹ ਆਪਣੀ ਹੀ ਮੌਤ ਦਾ ਸੁਫਨਾ ਵੇਖ ਕੇ ਤ੍ਰਭਕ ਕੇ ਜਾਗ ਜਾਂਦੇ ਹਨ ਅਤੇ ਦੁਬਾਰਾ ਸੌਂ ਹੀ ਨਹੀਂ ਸਕਦੇ।
ਕੁੱਝ ਨੇ ਚੋਰ ਜਾਂ ਡਾਕੂਆਂ ਦਾ ਰਾਤ ਵੇਲੇ ਸਾਹਮਣਾ ਕੀਤਾ ਹੁੰਦਾ ਹੈ, ਜੋ ਮਨ ਵਿੱਚ ਸਦੀਵੀ ਡਰ ਜਮਾ ਕਰ ਦਿੰਦਾ ਹੈ। ਕਈਆਂ ਨੇ ਆਪਣੇ ਸਾਹਮਣੇ ਕੋਈ ਕਤਲ ਜਾਂ ਐਕਸੀਡੈਂਟ ਵਿੱਚ ਭਿਆਨਕ ਮੌਤ ਹੁੰਦੀ ਵੇਖਣ ਸਦਕਾ ਘਬਰਾਹਟ ਪਾਲ਼ ਲਈ ਹੁੰਦੀ ਹੈ। ਕੋਈ ਅੱਗ ਜਾਂ ਪਾਣੀ ਦੇ ਹਾਦਸੇ ’ਚੋਂ ਬਚਿਆ ਹੁੰਦਾ ਹੈ।
ਕੁੱਝ ਬੱਚਿਆਂ ਨੂੰ ਮਾਪੇ ਹੀ ਹਨ੍ਹੇਰੇ, ਭੂਤ-ਪ੍ਰੇਤ ਜਾਂ ਵਹਿਮਾਂ-ਭਰਮਾਂ ਨਾਲ ਡਰਾ ਧਮਕਾ ਕੇ ਰੱਖਦੇ ਹਨ। ਇਹ ਡਰ ਵੱਡੇ ਹੋਣ ਤੱਕ ਪੱਕਾ ਹੋ ਜਾਂਦਾ ਹੈ।
ਇਹ ਸਾਰੇ ਕਿਸਮਾਂ ਦੇ ਡਰ ਹੌਲ਼ੀ-ਹੌਲ਼ੀ ਨੀਂਦਰ ਵਿੱਚ ਮਰ ਜਾਣ ਦੇ ਡਰ ਨੂੰ ਪੱਕਾ ਕਰ ਦਿੰਦੇ ਹਨ। ਜੇ ਲਗਾਤਾਰ ਉਨੀਂਦਰਾ ਤੁਰਦਾ ਰਹੇ ਤਾਂ ਦਿਲ ਦੇ ਰੋਗਾਂ ਦੀ ਸ਼ੁਰੂਆਤ ਹੋ ਸਕਦੀ ਹੈ ਤੇ ਹੋਰ ਸਰੀਰਕ ਰੋਗਾਂ ਦੇ ਨਾਲ-ਨਾਲ ਮਾਨਸਿਕ ਰੋਗ ਵੀ ਸ਼ੁਰੂ ਹੋ ਜਾਂਦੇ ਹਨ।
ਬੱਚਿਆਂ ਵਿੱਚ ਕਈ ਵਾਰ ਡਰ ਡੂੰਘਾ ਮਨ ਵਿੱਚ ਬਹਿ ਜਾਏ ਤਾਂ ਉਹ ਸਕੂਲੀ ਪੜ੍ਹਾਈ ਤੋਂ ਵੀ ਪਛੜਨ ਲੱਗ ਪੈਂਦੇ ਹਨ। ਜੇ ਇੰਜ ਹੋ ਜਾਵੇ ਤਾਂ ਬੱਚਿਆਂ ਦਾ ਤੁਰੰਤ ਇਲਾਜ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਰੱਜ ਕੇ ਪਿਆਰ ਕਰਨਾ ਤੇ ਰਾਤ ਨੂੰ ਆਪਣੇ ਨਾਲ ਬਿਠਾ ਕੇ ਵਧੀਆ ਕਹਾਣੀਆਂ ਸੁਣਾ ਕੇ ਜਾਂ ਖ਼ੂਬਸੂਰਤ ਚਿੱਤਰ ਵਿਖਾ ਕੇ ਰਾਤ ਨੂੰ ਸੁਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਵੱਡਿਆਂ ਵਾਸਤੇ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਨਾਲ ਦਵਾਈ ਜ਼ਰੂਰ ਸ਼ੁਰੂ ਕਰ ਲੈਣੀ ਚਾਹੀਦੀ ਹੈ। ਕੁੱਝ ਨੂੰ ਬੀਟਾ ਬਲੌਕਰ ਦਵਾਈਆਂ ਜਾਂ ਹਲਕੀ ਨੀਂਦਰ ਦੀ ਦਵਾਈ ਨਾਲ ਆਰਾਮ ਆ ਜਾਂਦਾ ਹੈ।
ਇਸ ਸਮੇਂ ਵਿਦੇਸ਼ਾਂ ਵਿੱਚ ਇਸ ਬੀਮਾਰੀ ਦਾ 80 ਤੋਂ 100 ਡਾਲਰ ਪ੍ਰਤੀ ਹਫ਼ਤਾ ਅਤੇ 40 ਮਿੰਟ ਹਫ਼ਤੇ ਵਿੱਚ ਇੱਕ ਵਾਰ ਫੋਨ ਉੱਤੇ ਵੀਡੀਓ ਸੈਸ਼ਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।
ਇਲਾਜ ਦੌਰਾਨ ਜੋ ਸਮਝਾਇਆ ਜਾਂਦਾ ਹੈ, ਉਹ ਕੁੱਝ ਇਸ ਤਰ੍ਹਾਂ ਹੈ :
- ਮੌਤ ਦਾ ਫ਼ਿਕਰ ਛੱਡੋ। ਇਹ ਸਭ ਰੱਬ ਦੇ ਹੱਥ ਹੈ। ਰੱਬ ਤੁਹਾਡਾ ਦੁਸ਼ਮਣ ਨਹੀਂ ਹੈ। ਰੋਜ਼ ਹੱਸੋ ਖੇਡੋ ਤੇ ਕਸਰਤ ਕਰ ਕੇ ਸੰਤੁਲਿਤ ਭੋਜਨ ਲਵੋ। ਹੁਣ ਵੇਖਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1057 ’ਤੇ ਗੁਰੂ ਅਮਰ ਦਾਸ ਜੀ ਨੇ ਕੀ ਸਮਝਾਇਆ ਹੈ ‘‘ਆਵਣੁ ਜਾਣਾ ਰਖੈ ਨ ਕੋਈ ॥ ਜੰਮਣੁ ਮਰਣੁ ਤਿਸੈ ਤੇ ਹੋਈ ॥’’ (ਮਹਲਾ ੩/੧੦੫੭) ਭਾਵ ਜਨਮ ਮਰਨ ਦਾ ਚੱਕਰ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੁੰਦਾ ਹੈ। ਉੱਚੀ ਆਤਮਕ ਅਵਸਥਾ ਅਤੇ ਵਿਕਾਰਾਂ ਤੋਂ ਖ਼ਲਾਸੀ ਦੀ ਲੋੜ ਹੁੰਦੀ ਹੈ।
- ਮਨੁੱਖ ਕਿੱਥੋਂ ਆਉਂਦਾ ਹੈ ਤੇ ਮਰ ਕੇ ਕਿੱਥੇ ਜਾਂਦਾ ਹੈ, ਇਸ ਦੀ ਚਿੰਤਾ ਰੱਬ ਉੱਤੇ ਛੱਡ ਕੇ ਸਿਰਫ਼ ਆਪਣੀ ਜ਼ਿੰਦਗੀ ਉੱਤੇ ਕੇਂਦ੍ਰਿਤ ਹੋ ਕੇ ਦੋਸਤੀਆਂ ਗੰਢੋ ਤੇ ਦੂਜਿਆਂ ਦੀ ਮਦਦ ਕਰੋ। ਇੰਜ ਖ਼ੁਸ਼ੀ ਮਹਿਸੂਸ ਹੋਵੇਗੀ। ਹੁਣ ਜ਼ਰਾ ਗੁਰਬਾਣੀ ਦੇ ਅੰਗ 940 ’ਤੇ ਝਾਤ ਮਾਰੀਏ ‘‘ਕਹਾ ਤੇ ਆਵੈ? ਕਹਾ ਇਹੁ ਜਾਵੈ ? ਕਹਾ ਇਹੁ ਰਹੈ ਸਮਾਈ ?॥’’ (ਮਹਲਾ ੧/੯੪੦) ਭਾਵ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਜੀਵ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ ਤੇ ਕਿਵੇਂ ਜੀਵਨ ਬਤੀਤ ਕਰਦਾ ਹੈ, ਇਹ ਕੇਵਲ ਪ੍ਰਭੂ ਹੀ ਜਾਣਦਾ ਹੈ।
- ਸਵਾਰਥ ਛੱਡ ਕੇ ਦਇਆ ਕਰਨ ਨਾਲ ਮਨ ਵਿੱਚ ਚੰਗੇ ਖ਼ਿਆਲ ਆਉਂਦੇ ਹਨ ਤੇ ਮੌਤ ਦਾ ਭੈਅ ਛੱਡਿਆ ਜਾਂਦਾ ਹੈ। ਕੁੱਝ ਇਹੋ ਜਿਹਾ ਹੀ ਗੁਰਬਾਣੀ ਵਿੱਚ ਲਿਖਿਆ ਮਿਲਦਾ ਹੈ ‘‘ਜੀਵਤੁ ਮਰੈ ਤਾ ਸਭੁ ਕਿਛੁ ਸੂਝੈ; ਅੰਤਰਿ ਜਾਣੈ ਸਰਬ ਦਇਆ ॥’’ (ਮਹਲਾ ੧/੯੪੦) ਭਾਵ ਹਉਮੈ ਦਾ ਤਿਆਗ ਕਰ ਕੇ, ਸੁਆਰਥ ਮਿਟਾ ਲਿਆ ਜਾਵੇ ਤਾਂ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ। ਸਾਰੇ ਜੀਵਾਂ ਉੱਤੇ ਦਇਆ ਕਰਨ ਦਾ ਅਸੂਲ ਮਨ ਵਿੱਚ ਪੱਕਾ ਕਰ ਲੈਣਾ ਚਾਹੀਦਾ ਹੈ।
- ਮੌਤ ਦਾ ਭੈਅ ਛੱਡਣ ਲਈ ਮੌਤ ਨੂੰ ਭੁਲਾਉਣਾ ਸਿੱਖਣ ਪਵੇਗਾ। ਆਪਣੇ ਆਪ ਨੂੰ ਆਹਰੇ ਲਾ ਕੇ ਮੌਤ ਦਾ ਖ਼ਿਆਲ ਭੁੱਲ ਜਾਂਦਾ ਹੈ। ਇੰਜ ਮੌਤ ਵੀ ਆਨੰਦਮਈ ਹੋ ਨਿਬੜਦੀ ਹੈ ! ਕਦੋਂ ਆਈ ਪਤਾ ਹੀ ਨਹੀਂ ਲੱਗਦਾ ! ‘‘ਕਬੀਰ ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ॥’’ (ਭਗਤ ਕਬੀਰ/੧੩੬੫) ਭਾਵ ਭਗਤ ਕਬੀਰ ਜੀ ਅਨੁਸਾਰ ਪੂਰਾ ਜਗਤ ਦੁਨੀਆ ਦੇ ਮੋਹ ਨੂੰ ਛੱਡ ਕੇ ਜਾਣ ਤੋਂ ਡਰਦਾ ਹੈ। ਹੋਰਨਾਂ ਮਨੁੱਖਾਂ ਅਤੇ ਧਨ ਪਦਾਰਥਾਂ ਕੋਲੋਂ ਪਰ੍ਹਾਂ ਜਾਣ ਤੋਂ ਤ੍ਰਹਿਦਾ ਹੈ। ਇਸ ਤਰ੍ਹਾਂ ਦੇ ਮੋਹ ਵੱਲੋਂ ਮੂੰਹ ਮੋੜਨਾ ਜਾਂ ਮਰਨਾ ਹੀ ਮੁਕੰਮਲ ਤੌਰ ਉੱਤੇ ਆਨੰਦ ਸਰੂਪ ਹੈ।
ਦੁਨੀਆਭਰ ਦੇ ਮਨੋਵਿਗਿਆਨੀ ਮੌਤ ਦੇ ਡਰ ਨੂੰ ਘਟਾਉਣ ਲਈ, ਜੋ ਰਾਮ ਬਾਣ ਵਰਤਦੇ ਹਨ, ਉਹ ਹੈ ‘ਚੁੱਪ ਚੁਪੀਤੇ ਆਈ ਮੌਤ ਜੇ ਲੈ ਵੀ ਗਈ ਤਾਂ ਕੋਈ ਨਾ, ਅਣਦੇਖੀ ਦੁਨੀਆ ਵਿੱਚ ਰੱਬ ਨਾਲ ਮਿਲਣ ਦਾ ਸਬੱਬ ਹੀ ਬਣਦਾ ਹੈ, ਜਿੱਥੇ ਸਾਡੇ ਵੱਡੇ ਵਡੇਰੇ ਤੇ ਦੋਸਤ ਜਾ ਚੁੱਕੇ ਹਨ, ਪਰ ਜੇ ਕਿਤੇ ਮੌਤ ਨਾਲ ਸਾਹਮਣਾ ਕਰਨਾ ਪੈ ਜਾਏ ਤਾਂ ਗੋਡੇ ਟੇਕ ਕੇ, ਗਿੜਗਿੜਾ ਕੇ ਜਾਂ ਪਿੱਠ ਵਿਖਾ ਕੇ ਭੱਜ ਜਾਣ ਨਾਲੋਂ ਬਹਾਦਰੀ ਨਾਲ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਤੁਰ ਜਾਣ ਬਾਅਦ ਵੀ ਲੋਕ ਸਾਨੂੰ ਭੁਲਾ ਨਾ ਸਕਣ ਅਤੇ ਸਾਡੀ ਮੌਤ ਵੀ ਮਿਸਾਲੀ ਬਣ ਜਾਏ ! ‘‘ਐਸੀ ਮਰਨੀ ਜੋ ਮਰੈ; ਬਹੁਰਿ ਨ ਮਰਨਾ ਹੋਇ ॥’’ (ਭਗਤ ਕਬੀਰ ਜੀ/੫੫੫)
ਸਾਰ :-
ਮੌਤ ਦਾ ਭੈਅ ਦਰਅਸਲ ਹੁੰਦਾ ਹੀ ਉਨ੍ਹਾਂ ਨੂੰ ਹੈ, ਜਿਨ੍ਹਾਂ ਨੂੰ ਆਪਣੇ ਬੇਲੋੜੇ ਇਕੱਠੇ ਕੀਤੇ ਸਮਾਨ ਦੇ ਖੁੱਸ ਜਾਣ ਦਾ ਡਰ ਹੋਵੇ। ਫ਼ਿਕਰ ਫ਼ਾਕੇ ਤੋਂ ਬਗ਼ੈਰ ਸੜਕਾਂ ਕਿਨਾਰੇ ਪਏ ਗ਼ਰੀਬ ਨੂੰ ਇਹ ਚਿੰਤਾ ਨਹੀਂ ਚਿੰਬੜਦੀ। ਇਸੇ ਲਈ ਸਿਆਣੇ ਕਹਿੰਦੇ ਹਨ ‘ਜਿੰਨਾ ਸਮਾਂ ਹੈ ਮਹਿਲ ਮਾੜੀਆਂ ਮਾਣ ਲਵੋ, ਪਰ ਇਨ੍ਹਾਂ ਨਾਲ ਮੋਹ ਨਾ ਪਾਲ਼ੋ’।
ਜੇ ਮੌਤ ਦੇ ਭੈਅ ਤੋਂ ਛੇਤੀ ਛੁਟਕਾਰਾ ਹੋ ਜਾਏ ਅਤੇ ਆਪਣੇ ਮਨ ਨੂੰ ਕਾਬੂ ਕਰਨ ਲਈ ਉੱਪਰ ਦੱਸੇ ਉਪਾਅ ਵਰਤ ਕੇ ਸਹਿਜ ਹੋ ਸਕਦੇ ਹੋਵੋ ਤਾਂ ਭਰਪੂਰ ਜ਼ਿੰਦਗੀ ਜੀਵੀ ਜਾ ਸਕਦੀ ਹੈ। ਜੇ ਨਹੀਂ, ਤਾਂ ਧਾਰਮਿਕ ਅਡੰਬਰਾਂ ਦੇ ਚੱਕਰਵਿਊ ਵਿੱਚ ਫਸ ਜਾਣ ਨਾਲੋਂ ਗੁਰਬਾਣੀ ਵਿੱਚੋਂ ਆਪ ਹੀ ਸੇਧ ਲੈ ਲੈਣੀ ਚਾਹੀਦੀ ਹੈ। ਜੇ ਫਿਰ ਵੀ ਭੈਅ ਰਹਿ ਜਾਵੇ ਤਾਂ ਚੰਗੇ ਮਨੋਵਿਗਿਆਨੀ ਤੋਂ ਇਲਾਜ ਕਰਵਾਇਆ ਜਾ ਸਕਦਾ ਹੈ।
ਇੱਕ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਮੌਤ ਅਟੱਲ ਸੱਚ ਹੈ, ਪਰ ਉਸ ਸਮੇਂ ਤੱਕ ਜਾਣ ਦਾ ਸਫ਼ਰ ਜੇ ਰੱਜ ਕੇ ਜੀਅ ਲਿਆ ਜਾਵੇ ਤੇ ਵਧੀਆ ਯਾਦਾਂ ਨਾਲ ਭਰਪੂਰ ਕਰ ਲਿਆ ਜਾਵੇ ਤਾਂ ਇਹ ਵਧੀਆ ਜ਼ਿੰਦਗੀ ਮੰਨੀ ਜਾਂਦੀ ਹੈ। ਤਿਲ-ਤਿਲ ਕਰ ਕੇ ਮਰਨ ਦੀ ਲੋੜ ਨਹੀਂ ਹੁੰਦੀ। ਹੱਸੋ, ਖੇਡੋ, ਗੁਣਗੁਣਾਓ, ਦੋਸਤੀਆਂ ਗੰਢੋ, ਪਿਆਰ ਵੰਡੋ ਤਾਂ ਵੇਖੋ ਜ਼ਿੰਦਗੀ ਕਿੰਨੀ ਖ਼ੂਬਸੂਰਤ ਜਾਪਣ ਲੱਗ ਪੈਂਦੀ ਹੈ !
ਇੱਕ ਆਖ਼ਰੀ ਗੱਲ ਜ਼ਰੂਰ ਸਾਂਝੀ ਕਰਨੀ ਹੈ। ਮੌਤ ਨੂੰ ਉੱਕਾ ਹੀ ਭੁਲਾ ਦੇਣਾ ਵੀ ਕਈ ਵਾਰ ਠੀਕ ਨਹੀਂ ਰਹਿੰਦਾ। ਇੰਜ ਬੰਦਾ ਆਪਣੇ ਆਪ ਨੂੰ ਅਮਰ ਮੰਨਦਾ ਦੂਜਿਆਂ ਉੱਤੇ ਜ਼ੁਲਮ ਢਾਹੁਣ ਲੱਗ ਪੈਂਦਾ ਹੈ ‘‘ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ ਨ ਜਾਣਾ ॥’’ (ਮਹਲਾ ੧/੬੬੦)
ਬਸ ਏਨੀ ਕੁ ਅਕਲ ਆ ਜਾਏ ਤਾਂ ਝੱਟ ਸਹਿਜ ਅਵਸਥਾ ਮਾਣੀ ਜਾ ਸਕਦੀ ਹੈ !
ਗੁਰਪੁਰਬ ਨਿਰਣੈ ਅਤੇ ਨਾਨਕਸ਼ਾਹੀ ਕੈਲੰਡਰ ਸੰਮਤ 553 (2021-22)
ਗੁਰਪੁਰਬ ਨਿਰਣੈ ਅਤੇ ਨਾਨਕਸ਼ਾਹੀ ਕੈਲੰਡਰ ਸੰਮਤ 553 (2021-22)
ਲੇਖਕ : ਕਿਰਪਾਲ ਸਿੰਘ ਬਠਿੰਡਾ । ਪ੍ਰਕਾਸ਼ਕ ਪੰਥਕ ਤਾਲਮੇਲ ਸੰਗਠਨ ਅੰਮ੍ਰਿਤਸਰ
ਇਸ ਪੁਸਤਕ ਵਿੱਚ ਨਾਨਕਸ਼ਾਹੀ ਕੈਲੰਡਰ 553 (2021-22) ਤੋਂ ਇਲਾਵਾ ਹਰ ਗੁਰਪੁਰਬ ਦੀਆਂ ਵੱਖ ਵੱਖ ਇਤਿਹਾਸਕ ਸੋਮਿਆਂ ਦੀਆਂ ਤਾਰੀਖਾਂ ਦੀ ਸਾਰਣੀ ਬਣਾ ਕੇ ਉਨ੍ਹਾਂ ਦੀ ਕੈਲੰਡਰ ਵਿਗਿਆਨ ਅਤੇ ਇਤਿਹਾਸ ਦੀ ਕਸਵੱਟੀ ’ਤੇ ਪਰਖ ਪੜਚੋਲ ਕਰਕੇ ਸਭ ਤੋਂ ਵੱਧ ਮੰਨਣਯੋਗ ਤਾਰੀਖਾਂ ਦਰਜ ਕੀਤੀਆਂ ਗਈਆਂ ਹਨ । ਨਾਨਕਸ਼ਾਹੀ ਕੈਲੰਡਰ ਸੰਬੰਧੀ ਸੰਗਤਾਂ ਵਿੱਚ ਉਤਪੰਨ ਹੋਏ ਜਾਂ ਜਾਣ ਬੁਝ ਕੇ ਖੜ੍ਹੇ ਕੀਤੇ ਗਏ ਸ਼ੰਕਿਆਂ ਨੂੰ ਬਾਦਲੀਲ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ । ਤਿੰਨ ਦਿਹਾੜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਬੰਦੀ ਛੋੜ ਦਿਵਸ ਅਤੇ ਹੋਲਾ ਮਹੱਲਾ ਜਿਹੜੇ ਚੰਦਰ ਤਿੱਥਾਂ ਮੁਤਾਬਕ ਦੀਵਾਲੀ ਹੋਲੀ ਨਾਲ ਜੋੜੇ ਰੱਖਣ ਲਈ ਕੁਝ ਹਿੱਸੇ ਦੀ ਮਾਨਸਿਕਤਾ ਕਾਰਨ ਨਾਨਕਸ਼ਾਹੀ ਸੂਰਜੀ ਤਾਰੀਖ਼ਾਂ ਮੁਤਾਬਕ ਨਿਸ਼ਚਿਤ ਨਹੀਂ ਕੀਤੇ ਜਾ ਸਕੇ ਉਨ੍ਹਾਂ ਦੀਆਂ ਸੂਰਜੀ ਤਾਰੀਖ਼ਾਂ ਉਜਾਗਰ ਕਰਨ ਲਈ ਵਿਸਤਾਰ ਸਹਿਤ ਵੇਰਵੇ ਦਰਜ ਕੀਤੇ ਗਏ ਹਨ। ਜੇ ਕਰ ਨਾਨਕਸ਼ਾਹੀ ਕੈਲੰਡਰ ਨਾ ਲਾਗੂ ਕੀਤਾ ਗਿਆ ਤਾਂ ਸ: ਪਾਲ ਸਿੰਘ ਪੁਰੇਵਾਲ ਦੀ 1469, 2021 ਅਤੇ 3000 ਦੇ ਸਾਲਾਂ ਦੀ ਜੰਤਰੀ ਵਿੱਚੋਂ ਸੰਗਰਾਂਦਾਂ ਅਤੇ ਗੁਰਪੁਰਬਾਂ ਦੀਆਂ ਤਾਰੀਖਾਂ ਲੈ ਕੇ ਬਣਾਈਆਂ ਸਾਰਣੀਆਂ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡਾ ਮੌਜੂਦਾ ਕੈਲੰਡਰ ਕਿੰਨੀ ਤੇਜ਼ੀ ਨਾਲ ਪੁਰਾਤਨ ਇਤਿਹਾਸਕ ਤਾਰੀਖਾਂ ਅਤੇ ਰੁੱਤਾਂ ਨਾਲੋਂ ਆਪਣਾ ਸੰਬੰਧ ਤੋੜ ਰਿਹਾ ਹੈ ਜੋ ਕਿ ਗੁਰਬਾਣੀ ਵਿੱਚ ਵਰਣਨ ਕੀਤੀਆਂ ਰੁੱਤਾਂ ਨਾਲ ਵੀ ਮੇਲ ਨਹੀਂ ਖਾਵੇਗਾ । ਇਹ ਪੁਸਤਕ ਇਤਿਹਾਸ ਦੇ ਵਿਦਿਆਰਥੀਆਂ ਤੇ ਲੇਖਕਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗੀ, ਜਿਸ ਨਾਲ ਸਿੱਖ ਇਤਿਹਾਸ ਦੀਆਂ ਤਾਰੀਖਾਂ ਦੇ ਵਖਰੇਵਿਆਂ ਨੂੰ ਹੱਲ ਕਰਕੇ ਇਕਸਾਰਤਾ ਲਿਆਉਣ ਵਿੱਚ ਸਹਾਈ ਹੋਵੇਗੀ ।
ਸੇਵਾ ਭੇਟਾ 100/- ਰੁਪਏ (ਪੇਪਰ ਬੈਕ) ਅਤੇ 150/- ਰੁਪਏ (ਸਜਿਲਦ)
ਪ੍ਰਚਾਰ ਹਿੱਤ (ਘੱਟੋ ਘੱਟ 100 ਪੁਸਤਕਾਂ) ਮੁਫਤ ਵੰਡਣ ਜਾਂ ਆਪਣੀਆਂ ਸਟਾਲਾਂ ’ਤੇ ਵਿਕਰੀ ਲਈ ਰੱਖਣ ਵਾਲੀਆਂ ਸੰਸਥਾਵਾਂ ਨੂੰ ਅੱਧੀ ਭੇਟਾ ’ਤੇ ਮੁਹੱਈਆ ਕੀਤੀਆਂ ਜਾ ਸਕਦੇ ਹਨ । ਤੁਹਾਡੇ ਸਹਿਯੋਗ ਦੀ ਭਾਰੀ ਲੋੜ ਹੈ ।
ਪੁਸਤਕਾਂ ਮਿਲਣ ਦਾ ਪਤਾ
- ਸ: ਜਸਵਿੰਦਰ ਸਿੰਘ ਐਡਵੋਕੇਟ, ਪੰਥਕ ਤਾਲਮੇਲ ਸੰਗਠਨ, ਅਕਾਲ ਹਾਊਸ, ਰੂਪ ਨਗਰ, ਭਗਤਾਂ ਵਾਲਾ ਗੇਟ, ਸ੍ਰੀ ਅੰਮ੍ਰਿਤਸਰ । ਸੰਪਰਕ 98148-98802
- ਸ: ਰਸ਼ਪਾਲ ਸਿੰਘ, ਸ਼ੁਭ ਕਰਮਨ ਭਵਨ, ਟਾਂਡਾ ਰੋਡ ਹੁਸ਼ਿਆਰਪੁਰ । ਸੰਪਰਕ 98554-40151
- ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ, ਰੋਪੜ-140001 ਸੰਪਰਕ ਨੰ: 0188 124 7033, 94170-18531
- ਗਿਆਨੀ ਅਵਤਾਰ ਸਿੰਘ ਸੰਪਾਦਕ ਮਿਸ਼ਨਰੀ ਸੇਧਾਂ, 533, ਕਰੋਲ ਬਾਗ਼, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ:ਖਾ: ਚੌਗਿਟੀ, ਜਲੰਧਰ-144009 ਸੰਪਰਕ ਨੰ: 98140-35202
- (ੳ) ਸਿੱਖ ਮਿਸ਼ਨਰੀ ਕਾਲਜ (ਰਜਿ:) 1051/14, ਫ਼ੀਲਡ ਗੰਜ, ਲੁਧਿਆਣਾ-141008 ਸੰਪਰਕ 0164-5021815, 99144-21815
(ਅ) ਸੀ-135, ਮਾਨ ਸਰੋਵਰ ਗਾਰਡਨ, ਨਵੀਂ ਦਿੱਲੀ-110015. ਸੰਪਰਕ 011-65330502.
(ੲ) ਕੰਵਰ ਸਤਨਾਮ ਸਿੰਘ ਚੈਰੀਟੇਬਲ ਕੰਪਲੈਕਸ, ਮਾਡਲ ਹਾਊਸ ਰੋਡ ਬਸਤੀ ਸ਼ੇਖ, ਜਲੰਧਰ-144002, ਸੰਪਰਕ 0181-2430547
(ਸ) ਸ: ਸੁਰਜੀਤ ਸਿੰਘ, 36, ਗੁਰਦੁਆਰਾ ਸਿੰਘ ਸਭਾ ਕੰਪਲੈਕਸ, ਸੈਕਟਰ-2, ਗੁਰੂ ਨਾਨਕ ਨਗਰ, ਜੰਮੂ (ਜੇ ਐਂਡ ਕੇ) ਸੰਪਰਕ 0191-2439489, 94191-42765
- ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ਼ ਜਵੱਦੀ, ਲੁਧਿਆਣਾ, ਸੰਪਰਕ 0161-2521700, 9814635655.
7 ਸ: ਆਰ.ਪੀ. ਸਿੰਘ, ਅਖੰਡ ਕੀਰਤਨੀ ਜਥਾ, ਮਕਾਨ ਨੰ: 194, ਫ਼ੇਜ਼-7, ਐਸ. ਏ. ਐਸ. ਨਗਰ (ਮੋਹਾਲੀ) ਸੰਪਰਕ 93577-23874
- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰ: 1, ਸੈਕਟਰ 28-ਏ, ਚੰਡੀਗੜ੍ਹ. ਸੰਪਰਕ 93161-07093








