22.7 C
Jalandhar
Sunday, April 5, 2026
spot_img
Home Blog Page 52

ਕੁਝ ਸਾਵਲ ਜਵਾਬ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਲਈ

0

ਕੁਝ ਸਾਵਲ ਜਵਾਬ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਲਈ

 ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਆਪ ਨੂੰ ਯਾਦ ਹੋਵੇਗਾ ਕਿ 1 ਜੂਨ ਨੂੰ ਆਪਣੇ ਪੱਤਰ ਵਿਚ, ਮੈਨੂੰ ਇਕ ਈਮੇਲ ਪੜ੍ਹਨ ਲਈ ਭੇਜੀ ਸੀ,

“ਪਾਲ ਸਿੰਘ ਪੁਰੇਵਾਲ ਵੱਲੋਂ ਕੈਲੰਡਰ ਪਾਸ ਕਰਵਾਉਣ ਲਈ ਕਮੇਟੀ ਦੇ ਮੈਂਬਰਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਕੀ ਕੀ ਭੇਟ ਕੀਤਾ ਇਹ ਉਸ ਦੀ ਜ਼ਬਾਨੀ ਉਸ ਦੇ ਆਪਣੇ ਭਾਈ ਵੱਲੋੰ ਇੰਟਨੈੱਟ ਤੇ 2003 ਦਾ ਹੀ ਪਾ ਦਿੱਤਾ ਸੀ ਜੇ ਹਾਲੇ ਤੱਕ ਨਹੀਂ ਪੜਿਆ ਤਾਂ ਉਹ ਵੀ ਪੜ੍ਹ ਲੈਣਾ। (Please see the attachment)”।

> From: RajinderSingh Purewal <rajindersinghpurewal@yahoo.com
 
> Tolearning zone <learning_zonenews@yahoogroups.com>;

Sgpc <shiromanicommitteee@yahoogroups.com>;

sikh agenda<sikh_agenda@yahoogroups.com>;

Sikh Cyber sangat<sikhcybersangat@yahoogroups.com>;

Sikh News Discussion <sikh_news_discussion@yahoogroups.com

> Subject: [shiromanicommitteee] Pal Singh Purewal’s calender 

> Date: Wednesday, May 07, 2003   8:03PM

Dear Members, I have been following news about so-called Nanakshahi calender, prepared by one of my cousins. We Purewals are well known in the western world. Tarsem Singh (killed in Southall, London), Rajinder Singh (Punjab Times), Makhan Singh (www.sikhmarg.com), Pal Singh (calender wala), Balbir Singh M.P. all of us belong to the same clan. Tarsem was a specialperson. Makhan Singh Purewal too is serving the Panth in his own way. In fact www.sikh-history.comwww.badhni.com and www.sikhmarg.com are making great contribution. Similarly sikh agenda, learning zone, sikh cyber sangat, shiromani committee, intjsa, gurmat discussions and some other yahoo discussion groups are doing yoeman’s service to the Panth. But, the issue of Sikh calender is very serious. Last week Pal Singh boasted of a very shocking thing. He told one of his close relatives as to how did he got through support for this calender. He revealed that he pleased Dr Kharak Singh by buying him a computer, a digital camera to Kiranjot Kaur, a computer for Professior Dhillon (Gurdarshan Singh Chandigarh or Balwant Singh Amritsar). He presented a camera to Roop Singh (editor Gurmat Parkash magazine), a PC to Ranvir Singh (PA Tohra). Similarly he presented gifts to hardev Singh Virk. This was his style of winning support for his calender. It is shocking that he bribed the members of calender committee. Now we can understand the secrets of passing of this calender. The Sikh Panth should not fall into the trap of such conspiracies.

Rajinder Singh Purewal

ਕਰਨਲ ਨਿਸ਼ਾਨ ਜੀ, ਮੈਂ ਇਸ ਈ ਮੇਲ ਨੂੰ ਪੜ੍ਹ ਕੇ, ਤੁਹਾਨੂੰ ਇਕ ਸਵਾਲ ਕੀਤਾ ਸੀ ਕਿ, “ਮੈਂ ਉਹ Email ਪੜ੍ਹ ਲਈ ਹੈ। ਹੁਣ ਤੁਸੀਂ ਇਹ ਦੱਸੋ, ਕਿ ਉਸ ਤੇ ਵਿਚਾਰ ਕਰਨੀ ਹੈ ਜਾਂ ਉਸ ਨੂੰ ਵਾਪਸ ਲੈਣਾ ਹੈ ?”  ਆਪ ਨੇ ਕੋਈ ਜਵਾਬ ਨਹੀਂ ਦਿੱਤਾ।

 ਕਰਨਲ ਨਿਸ਼ਾਨ ਜੀ, ਮੈਂ ਆਪਣੇ ਪੱਤਰ ਵਿੱਚ ਇਸ਼ਾਰਾ ਵੀ ਕੀਤਾ ਸੀ ਕਿ ਅਜੇਹੀ ਈ ਮੇਲ ਮੇਰੇ ਪਾਸ ਪਹਿਲਾਂ ਵੀ ਹੈ। (ਸਬੂਤ ਨੱਥੀ ਹੈ) ਜਦੋਂ ਮੈਂ ਉਸ ਈ ਮੇਲ ਨੂੰ, ਤੁਹਾਡੇ ਵੱਲੋਂ ਭੇਜੀ ਗਈ ਈ ਮੇਲ ਨਾਲ ਮੇਲ ਕੇ ਪੜ੍ਹਿਆ ਤਾਂ ਤੁਹਾਡਾ ਝੂਠ ਬਹੁਤ ਹੀ ਉੱਘੜ ਕੇ ਸਾਹਮਣੇ ਆ ਗਿਆ। ਤੁਹਾਡੇ ਵਾਲੀ ਈ ਮੇਲ ਵਿੱਚ, ਤੁਹਾਡੇ ਰਾਜਿੰਦਰ ਸਿੰਘ ਪੁਰੇਵਾਲ ਨੇ Calender ਲਿਖਿਆ ਹੈ ਅਤੇ ਅਨੁਰਾਗ ਸਿੰਘ ਦੇ ਰਾਜਿੰਦਰ ਸਿੰਘ ਨੇ calendar ਲਿਖਿਆ ਹੈ। ਇਸੇ ਤਰ੍ਹਾਂ ਹੀ, I have been following ਨੂੰ I have seen following, www.sikhmarg.com ਨੂੰ   sikhmarg.com, Southall ਨੂੰ South hall ਆਦਿ ਲਿਖਿਆ ਹੈ। ਅਨੁਰਾਗ ਸਿੰਘ ਵਾਲੀ ਈ ਮੇਲ ਵੀ ਅਸਲੀ ਨਹੀਂ ਹੈ, ਉਹ ਵੀ Fake ਹੈ। ਪਰ ਤੁਸੀਂ ਤਾਂ ਉਸ ਤੋਂ ਵੀ ਦੋ ਕਦਮ ਅੱਗੇ ਲੰਘ ਗਏ। ਉਪ੍ਰੋਕਤ ਲਿਖਤ ਵਿਚ ਲਾਲ ਰੰਗ ਵਾਲੀ ਲਿਖਤ, ਅਨੁਰਾਗ ਸਿੰਘ ਵਾਲੀ ਈ ਮੇਲ ਵਿੱਚ ਨਹੀਂ ਹੈ। ਜਦੋਂ ਕਿ ਦੋਵਾਂ ਉੱਪਰ ਭੇਜਣ ਦਾ ਸਮਾ 8:03 PM ਹੀ ਹੈ।

ਮੈਂ ਤਾਂ ਸਮਝਦਾ ਸੀ ਕਿ ਅਨੁਰਾਗ ਸਿੰਘ ਹੀ ਝੂਠਾ `ਤੇ ਬੇਈਮਾਨ ਹੈ ਪਰ ਤੁਸੀਂ ਤਾਂ ਉਸ ਨੂੰ ਵੀ ਪਿੱਛੇ ਛੱਡ ਗਏ। ਜਦੋਂ ਸ. ਪਾਲ ਸਿੰਘ ਪੁਰੇਵਾਲ ਦੇ ਸਾਹਮਣੇ ਤੁਹਾਡਾ ਕੈਲੰਡਰ ਗਿਆਨ ਟਿਕ ਨਹੀਂ ਸਕਿਆ ਤਾਂ ਤੁਸੀਂ ਏਨੀਆਂ ਘਟੀਆਂ ਹਰਕਤਾਂ ਤੇ ਉਤਰ ਆਏ? Shame on You! ਵੱਡੇ ਕੈਲੰਡਰ ਵਿਗਿਆਨੀ ਨੂੰ ਇਹ ਵੀ ਨਹੀਂ ਪਤਾ ਕਿ ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦਾ ਆਰੰਭ 1 ਚੇਤ ਤੋਂ ਹੁੰਦਾ ਕਿ ਚੇਤ ਸੁਦੀ ਏਕਮ ਤੋਂ ? (ਪੰਨਾ 8486)                                                       

 ਕਰਨਲ ਨਿਸ਼ਾਨ ਜੀ, ਤੁਹਾਡੇ ਵੱਲੋਂ ਭੇਜੀ ਗਈ ਈ ਮੇਲ, 5 ਜਥੇਬੰਦੀਆਂ ਨੂੰ ਭੇਜੀ ਗਈ ਸੀ;

learning zone <learning_zonenews@yahoogroups.com>;

Sgpc <shiromanicommitteee@yahoogroups.com>;

Sikh agenda<sikh_agenda@yahoogroups.com>;

Sikh Cyber sangat<sikhcybersangat@yahoogroups.com>;

Sikh News Discussion sikh_news_discussion@yahoogroups.com

ਪਰ ਅਨੁਰਾਗ ਸਿੰਘ ਵਾਲੀ ਈ ਮੇਲ, ਸਿਰਫ ਇਕ ਜਥੇਬੰਦੀ ਨੂੰ ਭੇਜੀ ਗਈ ਸੀ।

Sikh News Discussion sikhnews_discussion@yahoogroups.com

 ਜਦੋਂ ਕਿ ਦੋਵਾਂ ਉੱਪਰ ਭੇਜਣ ਦਾ ਸਮਾਂ (8:03 PM) ਇੱਕ ਹੀ ਹੈ। ਹੇਠ ਲਿਖੀਆਂ ਪੰਗਤੀਆਂ ਵੀ ਅਨੁਰਾਗ ਸਿੰਘ ਵਾਲੀ True copy (?) ਵਿੱਚ ਨਹੀਂ ਹਨ।

“Makhan Singh Purewal too is serving the Panth in his own way. In fact www.sikh-history.comwww.badhni.com and www.sikhmarg.com are making great contribution. Similarly sikh agenda, learning zone, sikh cyber sangat, shiromani committee, intjsa, gurmat discussions and some other yahoo discussion groups are”

 ਕਰਨਲ ਨਿਸ਼ਾਨ ਜੀ, ਹੁਣ ਇਹ ਦੱਸੋ ਕਿ ਤੁਹਾਡੇ ਵੱਲੋਂ ਭੇਜੀ ਗਈ ਈ ਮੇਲ ਜਾਹਲੀ ਹੈ ਜਾਂ ਅਨੁਰਾਗ ਸਿੰਘ ਵੱਲੋਂ ਭੇਜੀ ਗਈ ਈ ਮੇਲ? ਮੇਰਾ ਮੰਨਣਾ ਹੈ ਕਿ ਇਹ ਦੋਵੇਂ ਹੀ Fake ਹਨ ਅਤੇ ਕਿਸੇ ਕਮੀਨੇ ਬੰਦੇ ਦੇ ਦਿਮਾਗ ਦੀ ਉਪਜ ਹਨ। ਮੈਂ ਆਪਣੀ ਪਿਛਲੀ ਈ ਮੇਲ (ਜੂਨ 5) ਰਾਹੀ ਤੁਹਾਨੂੰ ਇਹ ਜਾਹਲੀ ਈ ਮੇਲ ਵਾਪਸ ਲੈਣ ਦਾ ਸੁਝਾਓ ਦਿੱਤਾ ਸੀ। ਦਿੱਤੀ ਗਈ ਸਮਾਂ ਸੀਮਾ (9 ਜੂਨ ਦਿਨ ਬੁੱਧਵਾਰ) ਵਿੱਚ, ਤੁਸੀਂ ਮੇਰੇ ਸੁਝਾਓ ਵੱਲ ਧਿਆਨ ਨਹੀਂ ਦਿੱਤਾ। ਤੁਸੀਂ ਤਾਂ ਸੋਚਿਆ ਹੋਣਾ ਕਿ 18 ਸਾਲ ਪੁਰਾਣਾ ਝੂਠ ਕਿੱਥੇ ਕਿਸੇ ਤੋਂ ਫੜਿਆ ਜਾਣਾ? ਲਓ! ਤੁਹਾਡਾ ਇਹ ਝੂਠ ਵੀ ਫੜਿਆ ਗਿਆ। ਹੁਣ ਦੱਸੋ ਅੱਗੋਂ ਦਾ ਕੀ ਪ੍ਰੋਗਰਾਮ ਹੈ ?

ਜੀਉ ਪਾਇ ਤਨੁ ਸਾਜਿਆ (ਸਲੋਕੁ ਮ: ੧, ਅੰਗ ੧੩੮)

0

ਗੁਰਬਾਣੀ ਪਰਿਪੇਖ ਵਿੱਚ ‘ਟੇਕ ਏਕ ਰਘੁਨਾਥ’

0

ਗੁਰਬਾਣੀ ਪਰਿਪੇਖ ਵਿੱਚ ‘ਟੇਕ ਏਕ ਰਘੁਨਾਥ’

ਗਿਆਨੀ ਜਗਤਾਰ ਸਿੰਘ ਜਾਚਕ

ਕਾਦਰ ਦੀ ਕੁਦਰਤ ਵਿੱਚ ਸਰਬ ਕਲਾ ਸਮਰਥ ਸੈਭੰ ਪ੍ਰਭੂ ਤੋਂ ਬਿਨਾਂ ਕੋਈ ਹੋਰ ਜੜ੍ਹ ਜਾਂ ਚੇਤੰਨ ਵਸਤੂ ਨਹੀਂ, ਜਿਸ ਨੂੰ ਜੀਵਨ ਸੰਘਰਸ਼ ਦੌਰਾਨ ਆਸਰਾ, ਆਧਾਰ ਜਾਂ ਟੇਕ (support) ਬਣਾਇਆ ਜਾ ਸਕੇ। ਗਹੁ ਨਾਲ ਵਾਚਿਆਂ ਇਸ ਕੁਦਰਤੀ ਵਰਤਾਰੇ ਦਾ ਸੱਚ ਵੀ ਅਸੀਂ ਅੱਖੀਂ ਵੇਖ ਸਕਦੇ ਹਾਂ ਕਿ ਜਿਸ ਵਿਅਕਤੀ ਨੂੰ ਅਸੀਂ ਆਪਣਾ ਸਹਾਰਾ ਮੰਨਦੇ ਹਾਂ, ਉਹ ਆਪ ਸਿੱਧੇ ਜਾਂ ਅਸਿੱਧੇ ਰੂਪ ’ਚ ਸਾਡਾ ਸਹਾਰਾ ਭਾਲ ਰਹਿਆ ਹੁੰਦਾ ਹੈ। ਕਿਰਤੀ, ਗ੍ਰਹਿਸਥੀਆਂ ਦੇ ਘਰੋਂ ਮੰਗ ਕੇ ਖਾਣ ਵਾਲੇ ਗੁਰੂ ਬਣੇ ਬੈਠੇ ਡੇਰਦਾਰ ਭੇਖੀ-ਸਾਧਾਂ, ਪੀਰਾਂ, ਫਕੀਰਾਂ ਅਤੇ ਜੋਗੀਆਂ ਤੇ ਜੋਤਸ਼ੀਆਂ ਦੀ ਗੱਲ ਤਾਂ ਛੱਡੋ, ਇੱਥੇ ਤਾਂ ਸ਼ਕਤੀਸ਼ਾਲੀ ਬਾਦਸ਼ਾਹਾਂ ਨੂੰ ਵੀ ਪਰਜਾ ਦਾ ਰੁਖ ਵੇਖ ਕੇ ਆਪਣੇ ਫ਼ੈਸਲੇ ਬਦਲਣੇ ਪੈਂਦੇ ਹਨ। ਉਹ ਜਾਣ ਚੁੱਕੇ ਹੁੰਦੇ ਹਨ ਕਿ ਸਾਡੀ ਸ਼ਕਤੀ ਅਤੇ ਚੌਧਰ ਦਾ ਆਧਾਰ ਵੀ ਇਹੀ ਲੋਕ ਹਨ । ਗੁਰਵਾਕ ਹੈ ‘‘ਜਿਨਾ ਪਿਛੈ ਹਉ ਗਈ; ਸੇ ਮੈ ਪਿਛੈ ਭੀ ਰਵਿਆਸੁ   ਜਿਨਾ ਕੀ ਮੈ ਆਸੜੀ; ਤਿਨਾ ਮਹਿਜੀ ਆਸ ’’ (ਮਹਲਾ /੧੦੯੭)

ਅਰਥ :- (ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ, ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ । ਜਿਨ੍ਹਾਂ ਦੀ ਮੈਂ ਆਸ ਰੱਖੀ ਫਿਰਦਾ ਹਾਂ, ਉਹ ਆਪ ਮੈਥੋਂ ਆਸ ਬਣਾਈ ਬੈਠੇ ਹਨ।

ਭਾਰਤੀ ਮਿਥਿਹਾਸ ਇਸ ਹਕੀਕਤ ਦੀ ਗਵਾਹੀ ਭਰਦਾ ਹੈ ਕਿ ਜ਼ਿੰਦਗੀ ਦੇ ਸੰਘਰਸ਼ ਵਿੱਚ ਸਧਾਰਨ ਮਨੁਖ ਤਾਂ ਕੀ, ਸ੍ਰਿਸ਼ਟੀ ਦੇ ਕਰਤਾ, ਧਰਤਾ ਤੇ ਹਰਤਾ ਮੰਨੇ ਜਾਂਦੇ ਬ੍ਰਹਮਾ, ਵਿਸ਼ਨੂੰ ਵਰਗੇ ਦੇਵਤੇ ਅਤੇ ਅਯੁੱਧਿਆ ਦੇ ਰਾਜੇ ਤੇ ਤ੍ਰੇਤੇ ਯੁਗ ਦੇ ਅਵਤਾਰ ਸ੍ਰੀ ਰਾਮਚੰਦਰ ਵਰਗੇ ਰਾਜੇ ਵੀ ਬਿਪਤ-ਕਾਲ ਵਿੱਚ ਘਬਰਾ ਗਏ ਸਨ। ਜੀਵਨ ਵਿੱਚ ਆਈਆਂ ਮੁਸੀਬਤਾਂ ਵੇਲੇ ਉਨ੍ਹਾਂ ਦਾ ਹੰਕਾਰ ਟੁੱਟਾ ਤੇ ਅਹਿਸਾਸ ਹੋਇਆ ਕਿ ਅਸੀਂ ਅਸਮਰਥ ਹਾਂ । ਉਨ੍ਹਾਂ ਵਿੱਚੋਂ ਕਈਆਂ ਨੂੰ ਆਪਣੀ ਸਹਾਇਤਾ ਲਈ ਰੱਬ ਅੱਗੇ ਹੱਥ ਜੋੜਨੇ ਪਏ ਅਤੇ ਕਈਆਂ ਨੂੰ ਵਿਅਕਤੀਗਤ ਸਹਾਇਤਾ ਲੈਣੀ ਪਈ । ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਸੋਝੀ ਕਰਾਉਣ ਲਈ ਦੋ ਮਿਥਿਹਾਸਕ ਕਹਾਣੀਆਂ ਦਾ ਸਹਾਰਾ ਲਿਆ ਹੈ, ਜੋ ਭਾਰਤੀ ਭਾਈਚਾਰੇ ਵਿੱਚ ਆਮ ਪ੍ਰਚਲਿਤ ਸਨ । ਗੁਰਵਾਕ ਹਨ (ੳ). ‘‘ਬ੍ਰਹਮੈ, ਗਰਬੁ ਕੀਆ; ਨਹੀ ਜਾਨਿਆ   ਬੇਦ ਕੀ ਬਿਪਤਿ ਪੜੀ; ਪਛੁਤਾਨਿਆ   ਜਹ ਪ੍ਰਭ ਸਿਮਰੇ; ਤਹੀ ਮਨੁ ਮਾਨਿਆ ’’ (ਮਹਲਾ /੨੨੪)

ਅਰਥ :-  ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿੱਚੋਂ ਕਿਵੇਂ ਜੰਮ ਸਕਦਾ ਹਾਂ ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ । (ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉੱਤੇ ਆ ਪਈ ਤਾਂ ਉਹ ਪਛੁਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ) ਜਦੋਂ (ਇਸ ਬਿਪਤਾ ’ਚ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਹੋਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ)।

(ਅ). ਮਨ ਮਹਿ ਝੂਰੈ ਰਾਮਚੰਦੁ; ਸੀਤਾ ਲਛਮਣ ਜੋਗੁ   ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ   ਭੂਲਾ ਦੈਤੁ ਸਮਝਈ; ਤਿਨਿ ਪ੍ਰਭ ਕੀਏ ਕਾਮ   ਨਾਨਕ  ! ਵੇਪਰਵਾਹੁ ਸੋ; ਕਿਰਤੁ ਮਿਟਈ ਰਾਮ ’’ (ਮਹਲਾ /੧੪੧੨)

ਅਰਥ:-  ਹੇ ਭਾਈ ! ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ ਰਾਮਚੰਦ੍ਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ)। ਰਾਮਚੰਦ (ਜੀ) ਪਾਸੋਂ ਭਾਵੀ ਨਾ ਮਿਟ ਸਕੀ । (ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿੱਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿੱਚ ਲਛਮਣ ਬਰਛੀ ਨਾਲ ਮੂਰਛਿਤ ਹੋਇਆ) । (ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ (ਭਾਵ ਸਹਾਇਤਾ ਲਈ ਬੁਲਾਇਆ, ਜੋ ਪਰਮਾਤਮਾ ਵੱਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ । ਮੂਰਖ ਰਾਵਣ (ਭੀ ਅਹੰਕਾਰ ਵਿੱਚ) ਇਹ ਗੱਲ ਨਾ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ ।

ਇਹ ਵੀ ਕਥਾ ਹੈ ਕਿ ਬਾਲੀ; ਕਿਸ਼ਕਿੰਧ੍ਯਾ ਦਾ ਰਾਜਾ ਸੀ, ਜੋ ਰਾਮ ਤੇ ਰਾਵਣ ਤੋਂ ਵੀ ਸ਼ਕਤੀਸ਼ਾਲੀ ਯੋਧਾ ਸੀ, ਪਰ ਭਾਵੀ ਕਾਰਨ ਉਸ ਨੂੰ ਭਰਾ ਦੇ ਰੂਪ ਵਿੱਚ ਸੁਗਰੀਵ ਮਿਲਿਆ, ਜੋ ਰਾਜਸੱਤਾ ਦੀ ਲਾਲਸਾ ਕਾਰਨ ਸਦਾ ਆਪਣੇ ਭਰਾ ਵਿਰੁਧ ਸਾਜ਼ਸ਼ਾਂ ਰਚਦਾ ਰਹਿੰਦਾ ਸੀ । ਬਾਲਮੀਕੀ ਰਮਾਇਣ ਮੁਤਾਬਕ ਰਾਵਣ ਵੀ ਲੰਕਾ ਦਾ ਅਜਿੱਤ ਰਾਜਾ ਸੀ, ਜਿਹੜਾ ਆਪਣੀ ਜ਼ਿੰਦਗੀ ਵਿੱਚ ਬਾਲੀ ਤੋਂ ਬਗੈਰ ਕਿਸੇ ਹੋਰ ਤੋਂ ਨਹੀਂ ਸੀ ਹਾਰਿਆ, ਪਰ ਮਾੜੀ ਕਿਸਮਤ ਨਾਲ ਉਸ ਨੂੰ ਵੀ ਭਭੀਖਣ ਵਰਗਾ ਭਰਾ ਮਿਲਿਆ, ਜਿਹੜਾ ਰਾਜਸੱਤਾ ਦੇ ਲਾਲਚ ਵਿੱਚ ਰਾਵਣ ਦੀ ਮੌਤ ਦਾ ਕਾਰਨ ਬਣਿਆ।

ਪ੍ਰਸੰਗ ਹੈ ਕਿ ਜਦੋਂ ਸ੍ਰੀ ਰਾਮਚੰਦ ਨੇ ਆਪਣੀ ਸੁਪਤਨੀ ਸੀਤਾ ਨੂੰ ਚੁੱਕਣ ਦਾ ਬਦਲਾ ਲੈਣ ਲਈ ਰਾਵਣ ’ਤੇ ਹਮਲਾ ਕਰਨਾ ਚਾਹਿਆ ਤਾਂ ਉਸ ਨੇ ਆਪਣੇ ਆਪ ਨੂੰ ਕਮਜ਼ੋਰ ਜਾਣਦਿਆਂ ਸਹਾਇਤਾ ਲਈ ਇੱਕ ਪਾਸੇ ਬਾਲੀ ਦੇ ਭਰਾ ਸੁਗਰੀਵ ਪਾਸੋਂ ਅਤੇ ਦੂਜੇ ਪਾਸੇ ਰਾਵਣ ਦੇ ਭਰਾ ਭਭੀਖਣ ਪਾਸੋਂ ਮਦਦ ਮੰਗੀ ਤਾਂ ਜੋ ਰਾਵਣ ਨੂੰ ਹਰਾਇਆ ਜਾ ਸਕੇ । ਸੁਗਰੀਵ ਅਤੇ ਭਭੀਖਣ ਨੇ ਰਾਜ-ਤਖ਼ਤਾਂ ਦੇ ਲਾਲਚ ਵਿੱਚ ਆਪਣੇ ਭਰਾਵਾਂ ਦੇ ਵਿਰੁਧ ਸ੍ਰੀ ਰਾਮਚੰਦ ਦਾ ਸਾਥ ਦਿੱਤਾ ।

ਸੋ ਪਹਿਲਾਂ ਤਾਂ ਕੁਟਿਲ ਨੀਤੀ ਰਾਹੀਂ ਸ੍ਰੀ ਰਾਮ ਨੇ ਲੁਕ ਕੇ ਜ਼ਹਿਰੀਲੇ ਤੀਰ ਨਾਲ ਬਾਲੀ ਨੂੰ ਮਾਰਿਆ ਤਾਂ ਜੋ ਸੁਗਰੀਵ ਨੂੰ ਰਾਜ ਤਖ਼ਤ ਦਿਵਾ ਕੇ ਕਿਸ਼ਕਿੰਧ੍ਯਾ ਦੇ ਰਾਜ ਦੀ ਸਾਰੀ ਸ਼ਕਤੀ ਆਪਣੇ ਲਈ ਵਰਤੀ ਜਾ ਸਕੇ। ਐਵੇਂ ਤਾਂ ਬਾਲੀ ਨੇ ਸ੍ਰੀ ਰਾਮ ਦੀ ਸੈਨਾ ਨੂੰ ਲੰਕਾ ’ਤੇ ਚੜ੍ਹਾਈ ਕਰਨ ਲਈ ਆਪਣੇ ਰਾਜ ਵਿੱਚੋਂ ਲੰਘਣ ਨਹੀਂ ਸੀ ਦੇਣਾ । ਫਿਰ ਸੁਗਰੀਵ, ਹਨੂਮਾਨ ਤੇ ਭਭੀਖਣ ਦੀ ਸਹਾਇਤਾ ਨਾਲ ਸ੍ਰੀ ਰਾਮ ਨੇ ਰਾਵਣ ਨੂੰ ਮਾਰਿਆ ਤੇ ਕੀਤੇ ਵਾਅਦੇ ਮੁਤਾਬਕ ਉਥੋਂ ਦਾ ਰਾਜ ਭਭੀਭਣ ਨੂੰ ਸੌਂਪਿਆ । ਰਿਸ਼ੀ ਬਾਲਮੀਕ ਨੇ ਲਿਖਿਆ ਹੈ ਕਿ ਜਦੋਂ ਸ਼੍ਰੀ ਰਾਮ ਨੇ ਛੁਪ ਕੇ ਬਾਲੀ ਨੂੰ ਤੀਰ ਮਾਰਿਆ ਤਾਂ ਉਸ ਨੇ ਮਰਦੇ ਹੋਏ ਆਖਿਆ  ‘ਹੇ ਨਿੰਦਤ ਕਰਮ ਕਰਨ ਵਾਲੇ ਕਸ਼ਤ੍ਰੀ  ! ਮਰਣਾ, ਜੰਗ ਵਿੱਚ ਹਾਰਣਾ ਤੇ ਰਾਜ ਦਾ ਨਸ਼ਟ ਹੋਣਾ ਆਦਿਕ ਮੁੱਢ ਤੋਂ ਹੁੰਦੇ ਆਏ ਹਨ, ਪਰ ਜਦੋਂ ਲੋਕ ਪ੍ਰਸ਼ਨ ਕਰਨਗੇ ਕਿ ਨਿਰਪਰਾਧ ਬਾਲੀ ਨੂੰ ਲੁਕ ਕੇ ਕਿਉਂ ਮਾਰਿਆ  ? ਤਾਂ ਇਸ ਦਾ ਮੁਨਾਸਬ ਉੱਤਰ ਹੁਣੇ ਸੋਚ ਰੱਖ ।’ (ਦੇਖੋ, ਕਾਂਡ 4, ਅ. 17)

ਅਸਲ ਵਿੱਚ ਅਜਿਹੇ ਕਾਰਨ ਸਨ, ਜਿਨ੍ਹਾਂ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਮਨੁੱਖਤਾ ਨੂੰ ਕਥਿਤ ਦੇਵੀ-ਦੇਵਤਿਆਂ, ਅਵਤਾਰਾਂ, ਭੇਖੀ ਡੇਰੇਦਾਰਾਂ ਤੇ ਹੋਰ ਵਿਅਕਤੀਗਤ ਸਹਾਰੇ ਛੱਡ ਕੇ ਇੱਕ ਅਕਾਲ ਪੁਰਖ ਦੇ ਆਸਰੇ ਜੀਊਣ ਦਾ ਉਪਦੇਸ਼ ਦਿੱਤਾ ਹੈ ਕਿਉਂਕਿ ਸਦਾ ਥਿਰ ਰਹਿਣ ਵਾਲਾ ਤੇ ਸਭ ਥਾਈਂ ਸਹਾਇਕ ਹੋਣ ਵਾਲਾ ਆਸਰਾ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ; ਜਿਹੜਾ ਮਨੁੱਖ ਨੂੰ ਹਰੇਕ ਥਾਂ ਅਤੇ ਹਰੇਕ ਹਾਲਤ ਵਿੱਚ ਅਡੋਲ ਰੱਖ ਸਕਦਾ ਹੈ । ਇਸ ਸੰਬੰਧ ਵਿੱਚ ਗੁਰਵਾਕ ਹਨ (ੳ). ‘‘ਧਰ ਜੀਅਰੇ ਇਕ ਟੇਕ ਤੂ; ਲਾਹਿ ਬਿਡਾਨੀ ਆਸ   ਨਾਨਕ  ! ਨਾਮੁ ਧਿਆਈਐ; ਕਾਰਜੁ ਆਵੈ ਰਾਸਿ ’’ (ਮਹਲਾ /੨੫੭)

ਅਰਥ :- ਹੇ ਮੇਰੀ ਜਿੰਦੇ ! ਸਿਰਫ਼ ਪਰਮਾਤਮਾ ਦਾ ਆਸਰਾ ਲੈ, ਉਸ ਤੋਂ ਬਿਨਾਂ ਕਿਸੇ ਹੋਰ (ਦੀ ਸਹਾਇਤਾ) ਦੀ ਆਸ ਲਾਹ ਦੇ । ਹੇ ਨਾਨਕ ! ਸਦਾ ਪ੍ਰਭੂ ਦੀ ਯਾਦ; ਮਨ ਵਿੱਚ ਦ੍ਰਿੜ੍ਹ ਕਰਨੀ ਚਾਹੀਦੀ ਹੈ, ਇਉਂ ਹਰੇਕ ਕੰਮ ਸਿਰੇ ਚੜ੍ਹ ਜਾਂਦਾ ਹੈ।

(ਅ). ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ   ਦੇਵਨ ਕਉ ਏਕੈ ਭਗਵਾਨੁ   ਜਿਸ ਕੈ ਦੀਐ; ਰਹੈ ਅਘਾਇ   ਬਹੁਰਿ ਤ੍ਰਿਸਨਾ ਲਾਗੈ ਆਇ   ਮਾਰੈ ਰਾਖੈ; ਏਕੋ ਆਪਿ   ਮਾਨੁਖ ਕੈ, ਕਿਛੁ ਨਾਹੀ ਹਾਥਿ ’’ (ਮਹਲਾ /੨੮੧)

ਅਰਥ :- (ਹੇ ਮਨ !) ਹਰ ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ। ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ ਦਾਤਾਂ) ਦੇਣ ਯੋਗ ਹੈ; ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ । ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ, ਪਾਲਦਾ ਹੈ ਤਾਂ ਤੇ ਮਨੁੱਖ ਦੇ ਵੱਸ ਕੁਝ ਨਹੀਂ ਹੈ।

ਕਈ  ਪੁਰਾਣਿਕ-ਮੱਤੀ ਸਿੱਖ ਪ੍ਰਚਾਰਕ ਅਜਿਹੇ ਗੁਰਵਾਕਾਂ ਦੇ ਹੁੰਦਿਆਂ ਵੀ ਸਿੱਖ ਜਗਤ ਨੂੰ ਗੁਮਰਾਹ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮਨੋਰਥ ਲਈ ਉਹ ਗੁਰਬਾਣੀ ਵਿਚਲੇ ਮਿਥਿਹਾਸਕ ਹਵਾਲਿਆਂ ਤੇ ਜੋਤਿ-ਸਰੂਪ ਪਭੂ-ਪਾਤਸ਼ਾਹ ਦੇ ਅਰਥਾਂ ਵਿੱਚ ਵਰਤੇ ਗਏ ‘ਰਘੁਨਾਥੁ’, ‘ਰਘੁਰਾਇਆ’ ਤੇ ‘ਸ੍ਰੀ ਗੋਪਾਲ’ ਆਦਿਕ ਸਰਗੁਣੀ ਨਾਵਾਂ ਦੀ ਦੁਰਵਰਤੋਂ ਕਰਦੇ ਹਨ। ਪੁਰਾਣਿਕ ਸਾਹਿਤ ਵਿੱਚ ਵਰਤੇ ਅਜਿਹੇ ਨਾਵਾਂ ਦੁਆਰਾ ਉਹ ਸਿੱਧ ਕਰਨਾ ਚਾਹੁੰਦੇ ਹਨ ਕਿ ਨਾਨਕ-ਜੋਤਿ ਗੁਰੂ-ਸਾਹਿਬਾਨ ਅਤੇ ਉਨ੍ਹਾਂ ਦੀ ਦ੍ਰਿਸ਼ਟੀ ’ਚ ਪ੍ਰਵਾਨ ਚੜ੍ਹੇ ਭਗਤ ਤੇ ਭੱਟ-ਜਨ ਸ੍ਰੀ ਰਾਮਚੰਦਰ ਤੇ ਸ੍ਰੀ ਕ੍ਰਿਸ਼ਨ ਆਦਿਕ ਅਵਤਾਰਾਂ ਦੇ ਉਪਾਸ਼ਕ ਸਨ ਤਾਂ ਕਿ ਗੁਰੂ ਨਾਨਕ ਸਾਹਿਬ ਦੀ ਬਦੌਲਤ ਬ੍ਰਾਹਮਣੀ ਪ੍ਰਭਾਵ ਹੇਠੋਂ ਨਿਕਲ ਚੁੱਕੇ ਸਿੱਖ ਜਗਤ ਨੂੰ ਮੁੜ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਉਪਾਸ਼ਕ ਬਣਾ ਕੇ ਬਿਪਰਵਾਦੀ ਖਾਰੇ ਸਮੁੰਦਰ ’ਚ ਗਰਕ ਕੀਤਾ ਜਾ ਸਕੇ।

ਸਿਰਲੇਖ ਮੁਤਾਬਕ ਸਾਡਾ ਮੁਖ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿੱਚ ਦਰਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ ਹੇਠ ਲਿਖੇ ਪਾਵਨ ਸਲੋਕ ਨੂੰ ਵਿਚਾਰਨਾ ਹੈ, ਜਿਸ ਨੂੰ ਸਿੱਖੀ ਖੇਤਰ ਦੇ ਸੰਪਰਦਾਈ ਵਿਦਵਾਨਾਂ, ਪੁਰਾਣਿਕ-ਮੱਤੀ ਹਿੰਦੂ ਪ੍ਰਚਾਰਕਾਂ ਤੇ 20ਵੀਂ ਸਦੀ ਦੀ ਸਿੱਖ ਜਾਗ੍ਰਤੀ ਲਹਿਰ ਵਿਚਲੇ ਬਿਪਰਵਾਦ ਤੋਂ ਮੁਕਤ ਹੋ ਰਹੇ ਟੀਕਾਕਾਰਾਂ ਨੇ ਆਪਣੇ ਆਪਣੇ ਦ੍ਰਿਸ਼ਟੀਕੋਨ ਤੋਂ ਅਰਥਾਇਆ ਹੈ ‘‘ਸੰਗ ਸਖਾ ਸਭਿ ਤਜਿ ਗਏ; ਕੋਊ ਨਿਬਹਿਓ ਸਾਥਿ   ਕਹੁ ਨਾਨਕ ਇਹ ਬਿਪਤਿ ਮੈ; ਟੇਕ ਏਕ ਰਘੁਨਾਥ ’’ (ਮਹਲਾ /੧੪੨੯)

ਸੰਪਰਦਾਈ ਵਿਦਵਾਨਾਂ ਨੇ ਇਸ ਗੁਰਵਾਕ ਨੂੰ ਚੜ੍ਹਦੀ ਕਲਾ ਦੇ ਪੈਗ਼ੰਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ-ਕਾਲ ਨਾਲ ਜੋੜ ਕੇ ਬੜੀ ਉਦਾਸੀਨਤਾ ਤੇ ਨਿਰਾਸ਼ਤਾ ਭਰਪੂਰ ਅਰਥ ਕੀਤੇ ਹਨ। ਉਨ੍ਹਾਂ ਲਿਖਿਆ ਹੈ ਕਿ ਸਤਿਗੁਰੂ ਜੀ ਜਦੋਂ ਚਾਂਦਨੀ ਚੌਂਕ ਦਿੱਲੀ ਦੀ ਕੋਤਵਾਲੀ ਵਿਖੇ ਔਰੰਗਜ਼ੇਬ ਦੀ ਕੈਦ ਵਿੱਚ ਸਖ਼ਤ ਪਹਿਰੇ ਹੇਠ ਲੋਹੇ ਦੇ ਮਜ਼ਬੂਤ ਪਿੰਜਰੇ ਵਿੱਚ ਇਕੱਲੇ ਹੀ ਬੰਦ ਕੀਤੇ ਹੋਏ ਸਨ। ਕੋਈ ਸੰਗੀ ਸਾਥੀ ਉਨ੍ਹਾਂ ਦੇ ਨਾਲ ਨਹੀਂ ਸੀ । ਉਸ ਵੇਲੇ ਹਜ਼ੂਰ ਨੇ ਇਹ ਸਲੋਕ ਉਚਾਰਨ ਉਚਾਰਦਿਆਂ ਆਖਿਆ ‘ਹੇ ਰਘੂ ਕੁਲ ਕੇ ਨਾਥ ਅਕਾਲ ਪੁਰਖ  ! ਭਾਵ ਯੇਹ ਕਿ ਹਮ ਭੀ ਇਸੀ ਕੁਲ ਮੇਂ ਹੈਂ, ਸੋ ਅਬ ਸੰਗੀ ਔਰ ਮਿਤਰ ਸਭ ਤ੍ਯਾਗ ਗਏ ਹੈਂ, ਕੋਈ ਭੀ ਸਾਥ ਨਿਭਤਾ ਨਹੀਂ ਭ੍ਯਾ ਹੈ ॥ ਸ੍ਰੀ ਗੁਰੂ ਜੀ ਕਹਿਤੇ ਹੈਂ : ਐਸੀ ਬਿਪਤ ਕੇ ਸਮ੍ਯ ਮੇਂ ਅਬ ਤੁਮਰਾ ਹੀ ਆਸਰਾ ਹੈ।’ (ਫਰੀਦਕੋਟੀ ਟੀਕਾ)

ਭਾਈ ਮਤੀ ਦਾਸ ਜੀ ਨੂੰ ਸ਼ਹੀਦੀ ਪ੍ਰਾਪਤ ਕਰਦਿਆਂ ਵੇਖ ਕੇ ਸਾਡੇ ਨਾਲ ਰਹਿਣ ਵਾਲੇ ਜੋ ਸਖਾ-ਮਿਤਰ ਸਨ, ਉਹ ਸਾਰੇ ਦੇ ਸਾਰੇ ਸਾਨੂੰ ਛੱਡ ਕੇ ਚਲੇ ਗਏ ਹਨ। ਕੋਈ ਵੀ ਮਿਤਰ ਸਾਡੇ ਨਾਲ ਨਿਭਿਆ ਨਹੀਂ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਇਸ ਬਿਪਤਾ ਵਿਖੇ ਸਾਨੂੰ ਇਕ ਰਘੁਨਾਥ ਪ੍ਰਭੂ ਦੀ ਟੇਕ ਹੈ। ‘ਸੰਪ੍ਰਦਾਈ ਟੀਕਾ- ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਕ੍ਰਿਤ ਸੰਤ ਕ੍ਰਿਪਾਲ ਸਿੰਘ ਸੱਤੋਵਾਲੀ ਗਲੀ ਸ੍ਰੀ ਅੰਮ੍ਰਿਤਸਰ)

ਪੁਰਾਣਿਕ-ਮਤੀ ਹਿੰਦੂ ਪ੍ਰਚਾਰਕਾਂ ਨੇ ਸੰਪਰਦਾਈ ਅਰਥਾਂ ਦਾ ਲਾਭ ਲੈਂਦਿਆਂ ਸਲੋਕ ਦੇ ਇਸ ਵਾਕ ਦੀ ਅੱਧੀ ਤੁਕ ‘ਟੇਕ ਏਕ ਰਘੁਨਾਥੁ’ ਲੈ ਕੇ ਸਿੱਖ ਸੰਗਤਾਂ ਨੂੰ ਭਟਕਾਉਣ ਦਾ ਯਤਨ ਕੀਤਾ ਹੈ। ਉਹ ਕਹਿੰਦੇ ਹਨ ਗੁਰੂ ਸਾਹਿਬਾਨ ਨੇ ਸਾਨੂੰ ਰਘੂ ਕੁਲ ਦੇ ਮਾਲਕ ਸ੍ਰੀ ਰਾਮਚੰਦ੍ਰ ਦੀ ਟੇਕ ਰੱਖ ਕੇ ਜੀਊਣ ਦੀ ਪ੍ਰੇਰਨਾ ਕੀਤੀ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਜਦੋਂ ਕੋਈ ਸਹਾਇਕ ਸਾਥੀ ਨਹੀਂ ਰਹਿ ਜਾਂਦਾ, ਉਦੋਂ ਸਹਾਇਕ ਹੋਣ ਵਾਲੇ ਕੇਵਲ ਸ੍ਰੀ ਰਾਮ ਹਨ । ਕਬੀਰ ਜੀ ਵੀ ਕਹਿੰਦੇ ਹਨ ‘‘ਜਲ ਥਲ ਰਾਖਨ ਹੈ ਰਘੁਨਾਥ ’’ (ਭਗਤ ਕਬੀਰ/੧੧੬੨)

ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ’ ਵਿੱਚ ਉਪਰੋਕਤ ਕਿਸਮ ਦੀਆਂ ਦੋਵੇਂ ਧਾਰਨਾਵਾਂ ਨੂੰ ਗੁਰਬਾਣੀ ਦੀ ਵਿਆਕਰਣਿਕ ਤੇ ਸਿਧਾਂਤਕ ਰੌਸ਼ਨੀ ’ਚ ਸਪਸ਼ਟ ਕੀਤਾ ਹੈ । ਉਨ੍ਹਾਂ ਨੇ ਪਹਿਲੀ ਵਾਰ ਬਿਪਰਵਾਦ ਦਾ ਆਧਾਰ ਮੰਨੀ ਜਾਂਦੀ ਅਵਤਾਰਵਾਦੀ ਵਿਚਾਰਧਾਰਾ ਤੋਂ ਮੁਕਤ ਹੋ ਕੇ ਹੇਠ ਲਿਖੇ ਅਰਥ ਕਰਨ ਦੀ ਹਿੰਮਤ ਵਿਖਾਈ ਹੈ :

ਪਦ-ਅਰਥ : ਸੰਗ-ਸੰਗੀ । ਸਭਿ-ਸਾਰੇ । ਤਜਿ ਗਏ-ਛੱਡ ਗਏ, ਛੱਡ ਜਾਂਦੇ ਹਨ । ਸਾਥਿ-ਨਾਲ । ਇਹ ਬਿਪਤਿ ਮੈ-ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ ।  ਰਘੁਨਾਥ – ਪਰਮਾਤਮਾ (ਰਘੁ-ਪ੍ਰਕਾਸ਼+ਨਾਥੁ-ਮਾਲਕ = ਜੋਤਿ ਸਰੂਪ ਮਾਲਕ ਪ੍ਰਭੂ), ਟੇਕ- ਆਸਰਾ ।

ਤੁਕ-ਅਰਥ : ਹੇ ਨਾਨਕ ! ਆਖ-(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਹੇ ਭਾਈ ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ)। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ

ਸੋ ਇਸ ਪੱਖੋਂ ਸੰਪਰਦਾਈ ਤੇ ਪੁਰਾਣਿਕ-ਮਤੀ ਅਰਥ ਇਤਿਹਾਸਕ ਅਤੇ ਸਿਧਾਂਤਕ ਤੱਥਾਂ ਦੇ ਬਿਲਕੁਲ ਉਲ਼ਟ ਹਨ ‘‘ਤੂ ਸੁਲਤਾਨੁ ਕਹਾ ਹਉ ਮੀਆ; ਤੇਰੀ ਕਵਨ ਵਡਾਈ ’’ (ਮਹਲਾ /੭੯੫) ਗੁਰਵਾਕ ਮੁਤਾਬਕ ਇਹ ਕਿੱਥੋਂ ਦੀ ਸਿਆਣਪ ਤੇ ਵਡਿਆਈ ਮੰਨੀ ਜਾਏਗੀ ਕਿ ਸਾਰੀ ਸ੍ਰਿਸ਼ਟੀ ਦੇ ਸਿਰਜਨਹਾਰ ਤੇ ਮਾਲਕ ਨੂੰ ਕੇਵਲ ਇੱਕ ਰਘੂ ਕੁਲ (ਖ਼ਾਨਦਾਨ) ਦਾ ਨਾਥ (ਮਾਲਕ) ਕਿਹਾ ਜਾਏ ?

ਗੁਰਬਾਣੀ ਵਿੱਚ ‘‘ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ ’’ (ਮਹਲਾ /੬੧੨) ਦਾ ਇਲਾਹੀ ਗੀਤ ਗਾਉਣ ਵਾਲੇ ਸਤਿਗੁਰੂ, ਅਕਾਲ ਪੁਰਖ ਨੂੰ ਸੰਪਰਦਾਈ ਅਰਥਾਂ ਮੁਤਾਬਕ ‘ਰਘੁਨਾਥੁ’ ਕਹਿ ਕੇ ਕਿਵੇਂ ਸੰਬੋਧਨ ਕਰ ਸਕਦੇ ਹਨ ? ਗੁਰਮਤਿ ਦੇ ਅਜੂਨੀ ਸਿਧਾਂਤ ਅਤੇ ਪ੍ਰਕਰਣਿਕ ਦਿਸ਼੍ਰਟੀਕੋਨ ਤੋਂ ‘ਰਘੁਨਾਥੁ’ ਸ਼ਬਦ ਦੇ  ‘ਜੋਤਿ ਸਰੂਪ ਮਾਲਕ ਪ੍ਰਭੂ’ ਅਰਥ ਕਰਨੇ ਹੀ ਦਰੁਸਤ ਹਨ।

ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕੌਣ ਸੱਚ ਮੰਨੇਗਾ ? ਕਿ ਦਿੱਲੀ ਦੀ ਕੋਤਵਾਲੀ ਵਿਖੇ ਨੌਵੇਂ ਸਤਿਗੁਰੂ ਜੀ ਨੂੰ ਜਦੋਂ ਉਨ੍ਹਾਂ ਦੇ ਸ਼ਹੀਦ ਸਿੱਖ ਸਾਥੀਆਂ (ਭਾਈ ਮਤੀਦਾਸ, ਸਤੀਦਾਸ ਤੇ ਦਿਆਲਾ ਜੀ) ਤੋਂ ਵੱਖ ਕਰਕੇ, ਸਖ਼ਤ ਪਹਿਰੇ ਹੇਠ ਲੋਹੇ ਦੇ ਪਿੰਜਰੇ ਵਿੱਚ ਇਕੱਲਿਆਂ ਕੈਦ ਕੀਤਾ ਹੋਇਆ ਸੀ, ਉਦੋਂ ਇਹ ਸਲੋਕ ਉਚਾਰਿਆ । ਜੇ ਇਹ ਸੱਚ ਮੰਨ ਲਿਆ ਜਾਏ ਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਸਲੋਕ ਲਿਖਿਆ ਕਿਵੇਂ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਕਿਵੇਂ  ? ਇਹ ਖ਼ਿਆਲ ਵੀ ਦੋਸ਼ ਭਰਪੂਰ ਹੈ ਕਿ ਸਿੱਖ, ਸਤਿਗੁਰੂ ਜੀ ਦਾ ਸਾਥ ਛੱਡ ਗਏ ਤੇ ਕੋਈ ਵੀ ਉਨ੍ਹਾਂ ਦੇ ਨਾਲ ਨਾ ਨਿਭਿਆ । ਜਿਸ ਕਰਕੇ ਸਤਿਗੁਰੂ ਜੀ ਨੇ ਉਦਾਸੀਨਤਾ ਤੇ ਨਿਰਾਸ਼ਤਾ ਭਰੇ ਸ਼ਬਦਾਂ ਵਿੱਚ ਆਖਿਆ ਕਿ ‘ਹੇ ਰਘੁਨਾਥ  ! ਇਸ ਬਿਪਤਾ ਵਿੱਚ ਹੁਣ ਇੱਕ ਤੇਰਾ ਹੀ ਸਹਾਰਾ ਹੈ’, ਪਰ ਸਚਾਈ ਤਾਂ ਇਹ ਹੈ ਕਿ ਸਿੱਖਾਂ ਨੇ ਸਤਿਗੁਰੂ ਜੀ ਦਾ ਸਾਥ ਨਹੀਂ ਸੀ ਛੱਡਿਆ, ਉਨ੍ਹਾਂ ਨੂੰ ਤਾਂ ਹਕੂਮਤ ਨੇ ਜ਼ਬਰਦਸਤੀ ਵੱਖ ਕੀਤਾ ਸੀ । ਉਨ੍ਹਾਂ ਤਾਂ ਦੇਗ ਵਿੱਚ ਉਬਲਦੇ ਤੇ ਆਰੇ ਨਾਲ ਆਪਣੇ ਸਰੀਰ ਚਿਰਵਾਉਂਦਿਆਂ ਵੀ ਆਪਣਾ ਮੂੰਹ ਸਤਿਗੁਰੂ ਜੀ ਵੱਲ ਰੱਖਿਆ ਤਾਂ ਜੋ ਆਖਰੀ ਸੁਆਸ ਤੱਕ ਸਤਿਗੁਰੂ ਜੀ ਦਾ ਦੀਦਾਰ ਹੁੰਦਾ ਰਹੇ ।

ਇਹ ਘਟਨਾ ਤਾਂ ਬਿਲਕੁਲ ਓਵੇਂ ਦੀ ਹੈ, ਜਿਵੇਂ ਕੋਈ ਮਾਹੀਗੀਰ ਕਿਸੇ ਮੱਛੀ ਨੂੰ ਪਾਣੀ ਵਿੱਚੋਂ ਪਕੜ ਕੇ ਬਾਹਰ ਸੁੱਟ ਦੇਵੇ । ਕੀ ਐਸਾ ਵਾਪਰਨ ’ਤੇ ਪਾਣੀ ਕਹਿ ਸਕਦਾ ਹੈ ਕਿ ਮੱਛੀ ਨੇ ਮੇਰਾ ਸਾਥ ਛੱਡ ਦਿੱਤਾ ਹੈ  ? ਜਾਂ ਅਜਿਹਾ ਮੰਨਿਆ ਜਾ ਸਕਦਾ ਹੈ ਕਿ ਮੱਛੀ ਪਾਣੀ ਨਾਲ ਓੜਕ ਨਹੀਂ ਨਿਭੀ  ? ਨਹੀਂ, ਬਿਲਕੁਲ ਨਹੀਂ ਕਿਉਂਕਿ ਉਹ ਤਾਂ ਕਾਵਿਕ ਦ੍ਰਿਸ਼ਟੀ ਵਿੱਚ ਟੋਟੇ ਟੋਟੇ ਹੋ ਕੇ ਅਤੇ ਅੱਗ ’ਤੇ ਸੜ-ਭੁੱਜ ਕੇ ਕਿਸੇ ਦਾ ਭੋਜਨ ਬਣਨ ਉਪਰੰਤ ਵੀ ਪਾਣੀ-ਪਾਣੀ ਪੁਕਾਰਦੀ ਹੈ। ਪ੍ਰੇਮ ਦੇ ਇਸ ਸਿਖਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਰਵਿਦਾਸ ਜੀ ਮਹਾਰਾਜ ਦੇ ਸ਼ਬਦਾਂ ਵਿੱਚ ਇਉਂ ਪੜ੍ਹਿਆ ਜਾ ਸਕਦਾ ਹੈ ‘‘ਮੀਨੁ ਪਕਰਿ ਫਾਂਕਿਓ ਅਰੁ ਕਾਟਿਓ; ਰਾਂਧਿ ਕੀਓ ਬਹੁ ਬਾਨੀ   ਖੰਡ ਖੰਡ ਕਰਿ ਭੋਜਨੁ ਕੀਨੋ; ਤਊ ਬਿਸਰਿਓ ਪਾਨੀ ’’ (ਭਗਤ ਰਵਿਦਾਸ/੬੫੮)

ਹਰ ਵੇਲੇ ‘‘ਤੂ ਮੇਰਾ ਪਿਤਾ; ਤੂ ਹੈ ਮੇਰਾ ਮਾਤਾ   ਤੂ ਮੇਰੇ ਜੀਅ ਪ੍ਰਾਨ ਸੁਖਦਾਤਾ   ਤੂ ਮੇਰਾ ਠਾਕੁਰੁ; ਹਉ ਦਾਸੁ ਤੇਰਾ   ਤੁਝ ਬਿਨੁ; ਅਵਰੁ ਨਹੀ ਕੋ ਮੇਰਾ ’’ (ਮਹਲਾ /੧੧੪੪) ਵਰਗਾ ਇਲਾਹੀ ਗੀਤ ਗਾਉਣ ਵਾਲੇ, ‘‘ਨਾਨਕ ਭਗਤਾ ਸਦਾ ਵਿਗਾਸੁ ॥’’ (ਜਪੁ) ਵਾਕ ਦੁਆਰਾ ਭਗਤਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਵਾਲੇ ਅਤੇ ‘‘ਦੁਖ ਸੁਖ ਦੋਊ ਸਮ ਕਰਿ ਜਾਨੈ; ਬੁਰਾ ਭਲਾ ਸੰਸਾਰ (ਮਹਲਾ /੧੨੫੬), ਹਰਖ ਸੋਗ ਪਰਸੈ ਜਿਹ ਨਾਹਨਿ; ਸੋ ਮੂਰਤਿ ਹੈ ਦੇਵਾ (ਮਹਲਾ /੨੨੦), ਸੁਖੁ ਦੁਖੁ ਜਿਹ ਪਰਸੈ ਨਹੀ; ਲੋਭੁ ਮੋਹੁ ਅਭਿਮਾਨੁ   ਕਹੁ ਨਾਨਕ ਸੁਨੁ ਰੇ ਮਨਾ ! ਸੋ ਮੂਰਤਿ ਭਗਵਾਨ ’’ (ਮਹਲਾ /੧੪੨੭) ਵਰਗੇ ਕ੍ਰਾਂਤੀਕਾਰੀ ਉਪਦੇਸ਼ ਦੇਣ ਵਾਲ਼ੇ, ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਸ਼ਹੀਦ ਹੋਣ ਲਈ ਆਪ ਹੀ ਚੱਲ ਕੇ ਉਲ਼ਟੀ ਗੰਗਾ ਵਹਾਉਣ ਵਾਲੇ ਪਰਉਪਕਾਰੀ ਸਤਿਗੁਰੂ ਜੀ, ਬਾਰੇ ਐਸਾ ਸੋਚਣਾ ਹੀ ਗੁਨਾਹ ਹੈ ਕਿ ਉਹ ਸਾਥੀਆਂ ਦੇ ਸ਼ਹੀਦ ਹੋਣ ’ਤੇ ਉਦਾਸ ਜਾਂ ਨਿਰਾਸ ਹੋ ਕੇ ਘਬਰਾ ਗਏ ਹੋਣਗੇ ।

‘‘ਧਰ ਜੀਅਰੇ ਇਕ ਟੇਕ ਤੂ; ਲਾਹਿ ਬਿਡਾਨੀ ਆਸ ’’ (ਮਹਲਾ /੨੫੭) ਅਤੇ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ   ਦੇਵਨ ਕਉ ਏਕੈ ਭਗਵਾਨੁ ’’ (ਮਹਲਾ /੨੮੧) ਦਾ ਉਪਦੇਸ਼ ਦੇਣ ਵਾਲੇ ਸਤਿਗੁਰੂ ਜੀ ਬਾਰੇ ਪੁਰਾਣਿਕ-ਮਤੀ ਖ਼ਿਆਲ ਹੀ ਸਹੀ ਨਹੀਂ ਕਿ ਉਨ੍ਹਾਂ ਨੇ ਅਯੁਧਿਆ-ਪਤੀ ਸ੍ਰੀ ਰਾਮ ਚੰਦ੍ਰ ਦੀ ਵਿਅਕਤੀਗਤ ਟੇਕ (ਸਹਾਰਾ) ਰੱਖਣ ਦੀ ਪ੍ਰੇਰਨਾ ਕੀਤੀ ਹੋਵੇਗੀ । ਸੋਚਣ ਦੀ ਲੋੜ ਹੈ ਕਿ ਜਿਹੜਾ ਆਪਣੀ ਪਤਨੀ ਸੀਤਾ ਦੇ ਵਿਛੋੜੇ ਤੇ ਭਰਾ ਲਛਮਣ ਦੇ ਮੂਰਛਤ ਹੋਣ ਦੀ ਬਿਪਤਾ ਤੋਂ ਘਬਰਾ ਕੇ ਝੂਰੇ, ਸੁਗਰੀਵ ਤੇ ਭਭੀਖਣ ਵਰਗੇ ਭਰਾ-ਮਾਰੂ ਲਾਲਚੀਆਂ ਦੀ ਸਹਾਇਤਾ ਲੈਣ ਲਈ ਕੁਟਿਲ ਚਾਲਾਂ ਚੱਲੇ ਅਤੇ ਅਕਾਲ ਪੁਰਖ ਨੂੰ ਛੱਡ ਕੇ ਹਨੂਮਾਨ ਵਰਗੇ ਬਾਂਦਰ-ਸੇਵਕ ਦੀ ਸਹਾਇਕ ਲੈਣ ਲਈ ਅਰਾਧਨਾ ਕਰੇ; ਉਸ ਤੋਂ ਸਹਾਰਾ ਲੈਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ । ਸਤਿਗੁਰਾਂ ਤਾਂ ਇੱਕ ਪੁਰਾਣਿਕ-ਮਤੀ ਪਾਂਡੇ ਨੂੰ ਨਸੀਹਤ ਕਰਦਿਆਂ ਇੱਥੋਂ ਤੱਕ ਕਿਹਾ ਹੈ ਕਿ ਰੱਬ ਨਾਲ ਜੁੜੇ ਰਹਿਣ ਅਤੇ ਉਸ ਦੀ ਟੇਕ ਵਿੱਚ ਜੀਊਣ ਲਈ ਤਨ, ਮਨ ਤੇ ਧਨ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ । ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ ਤੇ ਸਰਬੰਸ ਤੱਕ ਵਾਰਨ ਦੀਆਂ ਮਿਸਾਲਾਂ ਸੰਸਾਰ ਦੇ ਸਾਹਮਣੇ ਇਸ ਹਕੀਕਤ ਦਾ ਪ੍ਰਤੱਖ ਪ੍ਰਮਾਣ ਹਨ । ਗੁਰਵਾਕ ਹੈ ‘‘ਧਨੁ ਗਇਆ ਤਾ ਜਾਣ ਦੇਹਿ; ਜੇ ਰਾਚਹਿ ਰੰਗਿ ਏਕ   ਮਨੁ ਦੀਜੈ ਸਿਰੁ ਸਉਪੀਐ; ਭੀ ਕਰਤੇ ਕੀ ਟੇਕ ’’ (ਮਹਲਾ /੯੩੪) ਅਰਥ : (ਹੇ ਪਾਂਡੇ ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ (ਪਰ ਹਾਂ) ਜੇ ਤੂੰ ਇਕ ਪ੍ਰਭੂ ਦੇ ਪਿਆਰ ਵਿੱਚ ਜੁੜ ਸਕੇਂ (ਤਾਂ ਇਸ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁਝ ਦੇ ਕੇ) ਫਿਰ ਭੀ ਕਰਤਾਰ ਦੀ (ਮਿਹਰ ਦੀ) ਆਸ ਰੱਖਣੀ ਚਾਹੀਦੀ ਹੈ ।

ਪ੍ਰਤੀਤ ਹੁੰਦਾ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਹੁਰਾਂ ਵੀ ਲਿਖਤੀ ਵਿਸਥਾਰ ਤੋਂ ਸੰਕੋਚ ਕਰਦਿਆਂ ਵੀਚਾਰ ਅਧੀਨ ਸਲੋਕ ‘‘ਸੰਗ ਸਖਾ ਸਭਿ ਤਜਿ ਗਏ’’  ਦੇ ਅਰਥ ਕਰਦਿਆਂ ਕੇਵਲ ਇੱਕ ਪੱਖ ਨੂੰ ਹੀ ਪ੍ਰਗਟ ਕੀਤਾ ਹੈ, ਜਿਹੜਾ ਪੁਰਾਣਿਕ ਵਿਚਾਰਧਾਰਾ ਮੁਤਾਬਕ ਮੌਤ ਉਪਰੰਤ ਜੀਵ-ਆਤਮਾ ਦੇ ਇਕੱਲੇਪਨ ਦੀ ਬਿਪਤਾ ਨਾਲ ਸੰਬੰਧਿਤ ਹੈ, ਪਰ ਬਿਪਤਾ ਵੇਲੇ ਸੁਆਰਥੀਆਂ ਵੱਲੋਂ ਸਾਥ ਛੱਡਣ ’ਤੇ ਮਨੁੱਖ ਦੇ ਇਕੱਲੇ ਰਹਿ ਜਾਣ ਦੀ ਮੁਸੀਬਤ ਦਾ ਸੱਚ ਤਾਂ ਹਰੇਕ ਮਨੁੱਖ ਜੀਊਂਦਿਆਂ ਆਪਣੀ ਜ਼ਿੰਦਗੀ ਵਿੱਚ ਵੀ ਵੇਖ ਸਕਦਾ ਹੈ । ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਅਜਿਹਾ ਮਾਨਵੀ ਵਿਉਹਾਰ ਗੁਰਬਾਣੀ ਵਿੱਚ ਇਉਂ ਪ੍ਰਗਟ ਕੀਤਾ ਹੈ ‘‘ਸੁਖ ਮੈ ਆਨਿ ਬਹੁਤੁ ਮਿਲਿ ਬੈਠਤ; ਰਹਤ ਚਹੂ ਦਿਸਿ ਘੇਰੈ   ਬਿਪਤਿ ਪਰੀ ਸਭ ਹੀ ਸੰਗੁ ਛਾਡਿਤ; ਕੋਊ ਆਵਤ ਨੇਰੈ ’’ (ਮਹਲਾ /੬੩੪)

ਭਾਈਚਾਰਕ ਸੁਆਰਥੀ ਵਰਤਾਰੇ ਅਤੇ ਪੁਰਾਣਿਕ-ਮਤੀ ਵਿਚਾਰਧਾਰਾ ’ਤੇ ਆਧਾਰਿਤ, ਭਾਰਤੀ ਭਾਈਚਾਰਾ ਬਿਪਤ-ਕਾਲ ਦੇ ਇਕੱਲੇਪਨ ਦੀ ਮੁਸੀਬਤ ਨੂੰ ਆਮ ਤੌਰ ’ਤੇ ਜੀਵਨ ਵਿਉਹਾਰ ਦੀਆਂ ਸਮਾਜਿਕ ਤੇ ਪਰਾਲੌਕਿਕ ਸਮਸਿਆਵਾਂ ਨਾਲ ਜੋੜ ਕੇ ਵੇਖਦਾ ਰਿਹਾ ਹੈ, ਪਰ ਗੁਰੂ ਸਾਹਿਬਾਨ ਦੀ ਦ੍ਰਿਸ਼ਟੀ ਵਿੱਚ ਸਭ ਤੋਂ ਵੱਡੇ ਇਕੱਲੇਪਨ ਦੀ ਮੁਸੀਬਤ ਮਾਨਸਿਕ ਤਲ ’ਤੇ (ਮਨ ਵਿੱਚ) ਤਦੋਂ ਵਾਪਰਦੀ ਹੈ, ਜਦੋਂ ਕਾਮ, ਕ੍ਰੋਧ ਤੇ ਲੋਭ, ਮੋਹ ਆਦਿਕ ਵਿਕਾਰਾਂ ਦਾ ਹਮਲਾ ਹੁੰਦਾ ਹੈ । ਸਰੀਰਕ ਅਤੇ ਸਮਾਜਿਕ ਬਿਪਤਾ ਵੇਲੇ ਤਾਂ ਕੋਈ ਸਖਾ ਸੰਬੰਧੀ ਸ਼ਰਮੋ-ਕੁਸ਼ਰਮੀ ਸਹਾਇਕ ਕਰ ਵੀ ਸਕਦਾ ਹੈ ਪਰੰਤੂ ਵਿਕਾਰੀ ਹਮਲਾ ਹੋਣ ਵੇਲੇ ਮਾਂ ਬਾਪ, ਭੈਣ ਭਰਾ ਤੇ ਮਿੱਤਰ ਆਦਿਕ ਕਿਸੇ ਵੀ ਵਿਅਕਤੀ ਦਾ ਮਨ ਤੱਕ ਪਹੁੰਚ ਕੇ ਸਹਾਇਕ ਹੋਣਾ, ਬਿਲਕੁਲ ਅਸੰਭਵ ਹੈ। ਉੱਥੇ ਤਾਂ ਮਨੁੱਖੀ ਸਿਆਣਪ ਤੇ ਧਨ-ਪਦਾਰਥ ਵੀ ਕੰਮ ਨਹੀਂ ਆਉਂਦੇ । ਐਸੇ ਵੇਲੇ ਤਾਂ ਕੇਵਲ ਗੁਰਬਾਣੀ ਦੀ ਵਿਚਾਰ ਰੂਪ ਸੰਗਤ ਕਰਕੇ ਪ੍ਰਾਪਤ ਹੋਈ ਗੁਰਮਤਿ ਸੋਝੀ ਹੀ ਮਨੁੱਖ ਦਾ ਸਹਾਰਾ ਬਣ ਸਕਦੀ ਹੈ, ਜਿਸ ਦੀ ਬਦੌਲਤ ਮਨੁੱਖ ਅਡੋਲ ਰਹਿ ਸਕਦਾ ਹੈ । ਗੁਰੂ ਨਾਨਕ ਦ੍ਰਿਸ਼ਟੀ ਵਿੱਚ ਇਹੀ ਹੈ ਜੋਤਿ-ਸਰੂਪ ਅਕਾਲ ਪੁਰਖ ਦੀ ਅਸਲੀ ਟੇਕ । ਗੁਰਵਾਕ ਹੈ ‘‘ਉਨ ਤੇ ਰਾਖੈ; ਬਾਪੁ ਮਾਈ   ਉਨ ਤੇ ਰਾਖੈ; ਮੀਤੁ ਭਾਈ   ਦਰਬਿ ਸਿਆਣਪ ਨਾ ਓਇ ਰਹਤੇ   ਸਾਧਸੰਗਿ; ਓਇ ਦੁਸਟ ਵਸਿ ਹੋਤੇ ’’ (ਮਹਲਾ /੧੮੨)

ਅਰਥ: ਉਹਨਾਂ (ਪੰਜਾਂ ਡਾਕੂਆਂ ਤੋਂ) ਨਾ ਪਿਉ ਬਚਾ ਸਕਦਾ ਹੈ, ਨਾ ਮਾਂ ਬਚਾ ਸਕਦੀ ਹੈ । ਉਹਨਾਂ ਤੋਂ ਨਾ ਕੋਈ ਮਿੱਤਰ ਬਚਾ ਸਕਦਾ ਹੈ, ਨਾ ਕੋਈ ਭਰਾ ਬਚਾ ਸਕਦਾ ਹੈ । ਉਹ ਪੰਜੇ ਡਾਕੂ ਨਾ ਧਨ ਅਤੇ ਨਾ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ । ਉਹ ਪੰਜੇ ਦੁਸ਼ਟ ਸਿਰਫ ਸਾਧ ਸੰਗਤਿ ਵਿੱਚ ਰਿਹਾਂ ਹੀ ਕਾਬੂ ਵਿੱਚ ਆਉਂਦੇ ਹਨ ।

ਇਸ ਲਈ ‘‘ਸੰਗ ਸਖਾ ਸਭਿ ਤਜਿ ਗਏ; ਕੋਊ ਨਿਬਹਿਓ ਸਾਥਿ ’’ ਸਲੋਕ ਦੇ ਭਾਵਾਰਥਾਂ ਨੂੰ ਹੇਠ ਲਿਖੇ ਅਨੁਸਾਰ ਪੇਸ਼ ਕਰਨਾ ਗੁਰਮਤਿ ਦ੍ਰਿਸ਼ਟੀਕੋਨ ਤੋਂ ਵਧੇਰੇ ਸਹੀ ਤੇ ਸਾਰਥਿਕ ਜਾਪਦਾ ਹੈ :

ਹੇ ਨਾਨਕ ! ਆਖ (ਭਾਵ, ਗੁਰੂ ਤੇਗ਼ ਬਹਾਦਰ ਸਾਹਿਬ ਉਪਦੇਸ਼ ਕਰਦੇ ਹਨ ਕਿ ਮਨੁੱਖੀ ਜੀਵਨ ਦੀਆਂ ਪਰਵਾਰਿਕ, ਸਮਾਜਿਕ ਤੇ ਰਾਜਨੀਤਕ ਸਮਸਿਆਵਾਂ ਅਤੇ ਮਾਨਸਿਕ ਤਲ ’ਤੇ ਵਿਕਾਰਾਂ ਨਾਲ ਹੋ ਰਹੇ ਸੰਘਰਸ਼ ਵਿੱਚ, ਜਦੋਂ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਵੀ ਸਾਥ ਨਹੀਂ ਨਿਬਾਉਂਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਸਿਰਫ਼ ਜੋਤਿ-ਸਰੂਪ ਮਾਲਕ ਪ੍ਰਭੂ ਦਾ ਹੀ ਸਹਾਰਾ ਹੁੰਦਾ ਹੈ ।

ਭਾਵ ਅਜਿਹੇ ਬਿਪਤ-ਕਾਲ ਵਿੱਚ ਕੇਵਲ ਇੱਕ ਅਕਾਲ ਪੁਰਖ ਹੀ ਸਹਾਇਕ ਬਣ ਸਕਦਾ ਹੈ ਕਿਉਂਕਿ ਉਹ ਜੋਤਿ ਸਰੂਪ ਹੋ ਕੇ ਸਾਡੇ ਸਾਰਿਆਂ ਅੰਦਰ ਵਸ ਰਿਹਾ ਹੈ । ਇਸ ਲਈ ਸਾਨੂੰ ਸਾਰੇ ਵਿਅਕਤੀਗਤ ਸਹਾਰੇ ਛੱਡ ਕੇ ਗੁਰਬਾਣੀ ਗੁਰ ਸ਼ਬਦ ਦੁਆਰਾ ਕੇਵਲ ਸਰਬ-ਵਿਆਪਕ ਪ੍ਰਭੂ ਜੀ ਨੂੰ ਹੀ ਸਿਮਰਨਾ ਚਾਹੀਦਾ ਹੈ । ਸਤਿਗੁਰੂ ਜੀ ਤਾਂ ਹਰ ਵੇਲੇ ਤੇ ਹਰ ਥਾਂ ਇਹੀ ਹੋਕਾ ਦਿੰਦੇ ਆ ਰਹੇ ਹਨ ‘‘ਇਕੋ ਭਾਈ ਮਿਤੁ ਇਕੁ; ਇਕੋ ਮਾਤ ਪਿਤਾ   ਇਕਸ ਕੀ ਮਨਿ ਟੇਕ ਹੈ; ਜਿਨਿ ਜੀਉ ਪਿੰਡੁ ਦਿਤਾ   ਸੋ ਪ੍ਰਭੁ ਮਨਹੁ ਵਿਸਰੈ; ਜਿਨਿ ਸਭੁ ਕਿਛੁ ਵਸਿ ਕੀਤਾ ’’ (ਮਹਲਾ /੪੫)

ਅੰਨਦਾਤਾ ਮਹਾਨ, ਹਾਕਮ ਬੇਈਮਾਨ.. !

0

ਅੰਨਦਾਤਾ ਮਹਾਨ, ਹਾਕਮ ਬੇਈਮਾਨ.. !

ਡਾ. ਪ੍ਰਗਟ ਸਿੰਘ ਬੱਗਾ (ਕੈਨੇਡਾ)  ਫੋਨ: 905-531-8901

ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੇ ਮਾਣ ਵਿੱਚ ਇਸ ਲਈ ਵਾਧਾ ਹੋਇਆ ਹੈ ਕਿ ਕਿਸੇ ਸਮੇਂ ਭਾਰਤ ਇੱਕ ਐਸਾ ਦੇਸ਼ ਸੀ, ਜਿਸ ਨੂੰ ਅਨਾਜ ਦੀ ਪੂਰਤੀ ਲਈ ਬਾਹਰਲੇ ਦੇਸ਼ਾਂ ’ਤੇ ਨਿਰਭਰ ਹੋਣਾ ਪੈਂਦਾ ਸੀ, ਪਰ ਅੱਜ ਉਹੀ ਭਾਰਤ ਆਬਾਦੀ ਪੱਖੋਂ ਹੋਏ ਬੇਹੱਦ ਵਾਧੇ ਦੇ ਬਾਵਜੂਦ, ਖ਼ਾਦ-ਪਦਾਰਥਾਂ ਦੇ ਮੁਕਾਬਲੇ ਪੂਰੀ ਤਰ੍ਹਾਂ ਆਤਮ-ਨਿਰਭਰ ਹੋ ਚੁੱਕਾ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ ਸਮੇਤ ਦੇਸ਼ਭਰ ਦੀਆਂ ਅਨੇਕਾਂ ਖਰੀਦ ਏਜੰਸੀਆਂ ਦੇ ਗੋਦਾਮ ਅੰਨ-ਭੰਡਾਰ ਨਾਲ ਮੂੰਹੋਂ-ਮੂੰਹ ਭਰੇ ਪਏ ਹਨ। ਅੱਜ ਅਨਾਜ ਨਾਲ ਭਰੀਆਂ ਕਰੋੜਾਂ ਬੋਰੀਆਂ ਨੀਲੇ ਅਸਮਾਨ ਥੱਲੇ ਰੁਲ਼ਦੀਆਂ ਵੇਖੀਆਂ ਜਾ ਸਕਦੀਆਂ ਹਨ। ਕਦੇ ਸਮਾਂ ਸੀ ਜਦੋਂ ਭਾਰਤ ਨੂੰ ਆਪਣੀਆਂ ਖ਼ਾਦ-ਪਦਾਰਥਾਂ ਦੀ ਪੂਰਤੀ ਲਈ ਅਮਰੀਕਾ ਅੱਗੇ ਹੱਥ ਅੱਡਣੇ ਪਏ ਸਨ। ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੂੰ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦੇਣਾ ਪਿਆ ਸੀ ਤਦ ਜਾ ਕੇ ਪੂਰਾ ਦੇਸ਼ ਇਕਜੁੱਟ ਹੋਇਆ ਸੀ। ਨਤੀਜਤਨ ਪੰਜਾਬ ਦੇ ਮਿਹਨਤੀ ਕਿਸਾਨਾਂ ਦੀ ਹੱਡ-ਭੰਨਵੀ ਮਿਹਨਤ, ਉੱਦਮ-ਸ਼ੀਲਤਾ ਅਤੇ ਪ੍ਰਤੀਬੱਧਤਾ ਸਦਕਾ, ਜਿੱਥੇ ਭਾਰਤ ਨੇ ਪਦਾਰਥਕ ਜ਼ਰੂਰਤਾਂ ਅਤੇ ਆਰਥਿਕ ਪੱਧਰ ’ਤੇ ਪੈਰ ਜਮਾਏ, ਉੱਥੇ ਅਮਰੀਕਾ ਵਰਗੇ ਦੇਸ਼ਾਂ ਨੂੰ ਆਪਣੀਆਂ ਖ਼ਾਦ-ਪਦਾਰਥਾਂ ਦੀ ਪੂਰਤੀ ਲਈ ਅੱਜ ਭਾਰਤ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਤਜਰਬੇ ਸਿੱਧ ਕਰਦੇ ਹਨ ਕਿ ਕਿਸੇ ਦੇਸ਼ ਦੀ ਖ਼ੁਸ਼ਹਾਲੀ ਹਮੇਸ਼ਾਂ ਕਿਸਾਨਾਂ ’ਤੇ ਨਿਰਭਰ ਹੁੰਦੀ ਹੈ।

ਜਿੱਥੇ ਇੱਕ ਪਾਸੇ ਦੇਸ਼ ਦੀ ਆਰਥਿਕਤਾ ਨੂੰ ਉੱਚਾ ਉਠਾਉਣ ਲਈ ਪੰਜਾਬ ਦੇ ਬਹਾਦਰ ਕਿਸਾਨਾਂ ਨੇ ਵਿਸ਼ੇਸ਼ ਮੱਲ੍ਹਾਂ ਮਾਰ ਕੇ ਭਾਰਤ ਵਰਸ਼ ਦਾ ਸਿਰ ਪੂਰੇ ਵਿਸ਼ਵ ਅੰਦਰ ਉੱਚਾ ਕੀਤਾ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਵਿੱਚ ਪੈਦਾ ਹੋਈ ਬੇਚੈਨੀ ਅੱਜ ਕਈਆਂ ਰੂਪਾਂ ਵਿੱਚ ਸਾਹਮਣੇ ਆ ਰਹੀ ਹੈ। ਭਾਰਤ ਦੇ ਮਾਣ ਵਿੱਚ ਵਾਧਾ ਕਰਨ ਵਾਲਾ ਕਿਸਾਨ ਅੱਜ ਦੇਸ਼ ਭਰ ਵਿੱਚ ਰੋਸ-ਮੁਜ਼ਾਹਰਿਆਂ ’ਤੇ ਉੱਤਰ ਆਇਆ ਹੈ। ਦੇਸ਼ਭਰ ਵਿੱਚ ਟ੍ਰੈਫਿਕ ਦਾ ਚੱਕਾ-ਜਾਮ ਅਤੇ ਰੇਲਾਂ ਦੀਆਂ ਪਟਰੀਆਂ ਦੇ ਰੋੜਿਆਂ ’ਤੇ ਭੁੰਜੇ ਬੈਠ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਹੋ ਰਹੇ ਹਨ। ਸਰਕਾਰਾਂ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਕਰਨ ਕਾਰਨ ਪੰਜਾਬ ਦੇ ਕਿਸਾਨਾਂ ਨੇ ਪਿੰਡਾਂ ਤੋਂ ਉੱਠ ਕੇ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ’ਤੇ ਆਣ ਡੇਰੇ ਲਾ ਰੱਖੇ ਹਨ। ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਰੋੜਾਂ ਭਾਰਤੀਆਂ ਦੇ ਭੁੱਖੇ-ਢਿੱਡਾਂ ਨੂੰ ਰਿਜ਼ਕ ਦੇਣ ਵਾਲਾ ਦੇਸ਼ ਦਾ ਅੰਨਦਾਤਾ ਅੱਜ ਨੀਲੇ ਅੰਬਰ ਦੀ ਛੱਤ ਥੱਲੇ, ਦਿੱਲੀ ਦੀਆਂ ਸੜਕਾਂ ’ਤੇ ਰੁਲ਼ ਰਿਹਾ ਹੈ। ਸਰਕਾਰਾਂ ਕਿਤੇ ਭੁਲੇਖੇ ’ਚ ਨਾ ਰਹਿਣ ਕਿਉਂਕਿ ਕਿਸਾਨਾਂ ਬਗ਼ੈਰ ਕਦੇ ਮੁਲਕ ਨਹੀਂ ਚੱਲਦੇ।

ਸਰਕਾਰ ਵੱਲੋਂ ਥੋਪੇ ਗਏ ਤਿੰਨ ਅਰਥਹੀਣ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਪੰਜਾਬ ਦੀ ਧਰਤੀ ਤੋਂ ਝੰਡਾ ਬੁਲੰਦ ਕੀਤਾ ਗਿਆ। ਉਪਰੰਤ ਦੇਸ਼ਭਰ ਦੇ ਪ੍ਰਾਂਤਾਂ ਤੋਂ ਕਿਸਾਨਾਂ ਨੇ ਇਸ ਅੰਦੋਲਨ ਦੀ ਜੰਗ ਵਿੱਚ ਆਪਣੀ ਸ਼ਾਮੂਲੀਅਤ ਕਰਕੇ ਇਕਜੁੱਟਤਾ ਦਾ ਸਬੂਤ ਦਿੱਤਾ। ਅੱਜ ਇਹ ਅੰਦੋਲਨ ਮਹਿਜ਼ ਕਿਸਾਨ ਅੰਦੋਲਨ ਨਾ ਰਹਿ ਕੇ, ਜਨ-ਅੰਦੋਲਨ ਬਣ ਗਿਆ ਹੈ। ਦਿੱਲੀ ਦੇ ਤਖ਼ਤ ’ਤੇ ਬੈਠੇ ਹੁਕਮਰਾਨਾਂ ਵੱਲੋਂ ਅਣਦੇਖੀ ਦੇ ਰੋਸ ਵਜੋਂ ਅੰਦੋਲਨਕਾਰੀ ਕਿਸਾਨਾਂ ਦੇ ਗੁੱਸੇ ਦਾ ਛਲਕ ਜਾਣਾ ਕੋਈ ਜੱਗੋਂ-ਤੇਰ੍ਹਵੀਂ ਗੱਲ ਨਹੀਂ। ਰੋਹ ਵਿੱਚ ਆਏ ਕਿਸਾਨਾਂ ਨੇ ਆਪਣੀਆਂ ਸੋਨੇ-ਰੰਗੀਆਂ ਫ਼ਸਲਾਂ ਨੂੰ ਅੱਗਾਂ ਲਾ ਕੇ ਸਾੜ ਸੁੱਟਿਆ ਹੈ। ਕਿਸਾਨਾਂ ਦੇ ਮਨਾਂ ਵਿੱਚ ਭਰਿਆ ਰੋਸ ਦਾ ਲਾਵਾ ਕਿਸੇ ਨਾ ਕਿਸੇ ਰੂਪ ਵਿੱਚ, ਇਸ ਸੰਘਰਸ਼ ਵਿੱਚੋਂ ਸਪਸ਼ਟ ਵੇਖਿਆ ਜਾ ਸਕਦਾ ਹੈ। ਨਿੱਤ-ਦਿਹਾੜੇ ਮੁਜ਼ਾਹਰੇ, ਕਾਲੇ-ਦਿਵਸ, ਰੋਸ-ਮਾਰਚ, ਚੱਕਾ-ਜਾਮ ਅਤੇ ਕਾਰੋਬਾਰ ਬੰਦ ਰੱਖਣ ਲਈ ਪੂਰੇ ਭਾਰਤ ਵਿੱਚ ਸੱਦੇ ਦਿੱਤੇ ਜਾ ਰਹੇ ਹਨ। ਤਵਾਰੀਖ ਗਵਾਹ ਹੈ ਕਿ ਆਪਣੇ ਹੱਕਾਂ ਲਈ ਮਰ ਮਿਟਣ ਦਾ ਜਜ਼ਬਾ ਅਜਿਹੇ ਜਨ-ਅੰਦੋਲਨਾਂ ਨੂੰ ਕੇਵਲ ਜਨਮ ਹੀ ਨਹੀਂ ਦਿੰਦਾ ਬਲਕਿ ਅਜਿਹੇ ਅੰਦੋਲਨਾਂ ’ਚੋਂ ਭਵਿੱਖ ਵਿੱਚ ਦੇਸ਼ ਦੇ ਕੱਦਾਵਰ ਲੀਡਰ ਵੀ ਜਨਮ ਲੈਂਦੇ ਹਨ।

ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਅੜੀਅਲ ਵਤੀਰੇ ਕਾਰਨ ਕਿਸਾਨਾਂ ਦੀ ਦਸ਼ਾ ਦਿਨ-ਬ-ਦਿਨ ਸੁਧਰਨ ਦੀ ਬਜਾਏ ਵਿਗੜਦੀ ਜਾ ਰਹੀ ਹੈ। ਮੋਦੀ ਸਾਹਿਬ ਜ਼ਮੀਨਾਂ ਨੀਲਾਮ ਕਰਵਾ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਤਾਕ ਵਿੱਚ ਬੈਠੇ ਹਨ। ਜਦਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਚਰਮ ਸੀਮਾ ’ਤੇ ਹੈ। ਇਸ ਅੰਦੋਲਨ ਨੇ ਨਾ ਸਿਰਫ ਮੋਦੀ ਦੇ ਦੁਸ਼ਟ ਫਾਸ਼ੀਵਾਦ ਤੇ ਲੋਕ ਵਿਰੋਧੀ ਰਾਸ਼ਟਰਵਾਦ ਨੂੰ ਹੀ ਲੋਕਾਂ ਸਾਹਮਣੇ ਨੰਗਾ ਕਰਕੇ ਰੱਖ ਦਿੱਤਾ ਹੈ, ਸਗੋਂ ਜਨ-ਸਮੂਹ ਨੂੰ ਜਾਗ੍ਰਿਤ ਕਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਨਿਰਸੰਦੇਹ, ਅਜਿਹੇ ਅੰਦੋਲਨਾਂ ’ਚੋਂ ਹੀ ਖ਼ੁਸ਼ਹਾਲ ਕਿਸਾਨੀ ਅਤੇ ਮਨੁੱਖੀ ਵਿਕਾਸ ਦਾ ਮੁੱਢ ਬੱਝਦਾ ਹੈ। ‘ਅੱਛੇ ਦਿਨ ਆਨੇ ਵਾਲੇ ਹੈਂ’ ਅਤੇ ‘ਆਮਦਨ ਦੁੱਗਣੀ ਹੋਗੀ’ ਵਰਗੇ ਰੰਗ-ਬਰੰਗੇ ਨਾਹਰੇ ਅਤੇ ਲਾਰੇ ਦੇਸ਼ ਦੀ ਜਨਤਾ ਦੀ ਸਮਝ ਤੋਂ ਬਾਹਰ ਹਨ।

ਕਿਸੇ ਮੁਲਕ ਦਾ ਸੰਵਿਧਾਨ ਦੇਸ਼ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਵਿੱਚ ਸਭ ਤੋਂ ਵੱਧ ਸਹਾਈ ਹੁੰਦਾ ਹੈ। ਭਾਰਤੀ ‘ਸੰਵਿਧਾਨ’ ਦਾ ਐਗਰੀਕਲਚਰ ਅਤੇ ਮਾਰਕੀਟ ਦਾ 7ਵਾਂ ਸ਼ੈਡਿਊਲ ਚੀਕ-ਚੀਕ ਕੇ ਦੁਹਾਈ ਦੇ ਰਿਹਾ ਹੈ ਕਿ ‘ਖੇਤੀਬਾੜੀ’ ਅਤੇ ‘ਖੇਤੀਬਾੜੀ ਉਤਪਾਦਨ’ ਦੇ ਮੰਡੀਕਰਨ ਬਾਰੇ ਕੋਈ ਕਾਨੂੰਨ ਬਣਾਉਣਾ ਸਿਰਫ਼ ਤੇ ਸਿਰਫ਼ ਦੇਸ਼ ਦੀਆਂ ਸੂਬਾ ਸਰਕਾਰਾਂ ਦੇ ਅਧਿਕਾਰਿਤ ਖੇਤਰ ਵਿੱਚ ਹੈ। ਜਿਸ ਤਹਿਤ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਦੀ ਉਲੰਘਣਾ ਕਰ ਬਣਾਏ ਗਏ ਖੇਤੀ ਕਾਨੂੰਨਾਂ ਦਾ ਦੇਸ਼ਭਰ ਦੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਪਰ ਸਾਡੇ ਮਹਾਂ ਮੁਸ਼ਤੈਦ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਨੂੰ ਬੁਝਾਰਤਾਂ ਪਾ ਭੰਬਲਭੂਸੇ ’ਚ ਪਾਉਣ ਦੀਆਂ ਕੋਸ਼ਿਸਾਂ ਕਰਦੇ ਪਏ ਹਨ ਕਿ ਇਹ ਖੇਤੀ ਕਾਨੂੰਨ ਕੰਕਰੀਟ ਸੂਚੀ ਅਧੀਨ ਬਣਾਏ ਗਏ ਹਨ। ਐਸੇ ਗੁੰਮਰਾਹਕੁੰਨ ਬਿਆਨ ਦੇ ਕੇ ਕਿਸਾਨਾਂ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਨਹੀਂ ਜਾ ਰਿਹਾ ਤਾਂ ਫਿਰ ਇਸ ਨੂੰ ਹੋਰ ਕੀ ਕਿਹਾ ਜਾ ਸਕਦਾ ਹੈ ? ਦੇਸ਼ ਅੰਦਰ ਕਰੋਨਾ ਸੰਕਟਮਈ ਕਾਲ ਦੌਰਾਨ ਭਾਜਪਾ ਸਰਕਾਰ ਵੱਲੋਂ ਤੀਬਰਤਾ ਦਿਖਾਉਂਦਿਆਂ ਤਿੰਨ ਅਰਥਹੀਣ ਖੇਤੀ ਕਾਨੂੰਨ ਲਾਗੂ ਕਰਨਾ, ਭਾਰਤੀ ਸੰਵਿਧਾਨ ਵਿੱਚ ਅੰਕਿਤ ਮਨੁੱਖੀ ਅਧਿਕਾਰਾਂ ਦੇ ਸੰਕਲਪ ਦੀ ਮੂਲੋਂ ਉਲੰਘਣਾ ਹੈ ਜਦਕਿ ‘ਐਗਰੀਕਲਚਰ ਪ੍ਰੋਡਿਊਸ’ ਸੰਬੰਧੀ ਕੋਈ ਵੀ ਕਾਨੂੰਨ ਬਣਾਉਣ ਦਾ ਸੰਵਿਧਾਨਕ ਅਧਿਕਾਰ ਕੇਂਦਰ ਸਰਕਾਰ ਕੋਲ ਨਹੀਂ ਹੈ।

‘ਫੂਡ ਆਈਟਮਜ਼’ ਅਤੇ ‘ਐਗਰੀਕਲਚਰ ਪ੍ਰੋਡਿਊਸ’ ਵਿੱਚ ਵੱਡਾ ਅੰਤਰ ਜਾਣਨ ਦੇ ਬਾਵਜੂਦ ਮੋਦੀ ਸਾਹਿਬ ਕਾਲੇ ਕਾਨੂੰਨ ਕਿਸਾਨਾਂ ਸਿਰ ਜ਼ਬਰੀ ਥੋਪਣ ਲਈ ਪਤਾ ਨਹੀਂ ਕਿਉਂ ਮਨਹੱਠ ਕਰਦੇ ਪਏ ਹਨ। ਕੌਣ ਨਹੀਂ ਜਾਣਦਾ ਕਿ ਭਾਰਤੀ ਲੋਕਤੰਤਰ ’ਤੇ ਪੂੰਜੀਪਤੀਆਂ ਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੂਰਾ ਗ਼ਲਬਾ ਹੈ: ਓ. ਐਨ. ਜੀ. ਸੀ. ਸਮੇਤ ਅਨੇਕਾਂ ਭਾਰਤ ਦੇ ਅਧਿਕਾਰਤ ਕੁਦਰਤੀ ਸੋਮਿਆਂ ’ਤੇ ਕਾਰਪੋਰੇਟ-ਘਰਾਣਿਆਂ ਦੀ ਅਜ਼ਾਰੇਦਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਦਕਿ ਕਾਲਾ ਬਾਜ਼ਾਰੀ, ਭ੍ਰਿਸ਼ਟਾਚਾਰ, ਹਿਟਲਰਸ਼ਾਹੀ ਅਤੇ ਇਖ਼ਲਾਕੀ ਗਿਰਾਵਟ ਦਾ ਦੌਰ ਸਮੁੱਚੇ ਭਾਰਤ ਨੂੰ ਘੁਣ ਵਾਂਗ ਅੰਦਰੋਂ ਖੋਖਲਾ ਕਰਦਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੰਦਰਾਗਾਂਧੀ ਦੀ ਤਰਜ਼ ’ਤੇ ਅੰਦੋਲਨਕਾਰੀ ਕਿਸਾਨਾਂ ਨੂੰ ਬਨਾਉਟੀ ਕਿਸਾਨ, ਖ਼ਾਲਿਸਤਾਨੀ, ਪਾਕਿਸਤਾਨੀ ਅਤੇ ਅੱਤਵਾਦੀ ਵਰਗੇ ਬਿਰਤਾਂਤ ਘੜ ਕੇ, ਮਨੂੰਵਾਦੀ ਰਾਸ਼ਟਰਵਾਦ ਭੜਕਾ ਕੇ ਕਿਸਾਨ ਅੰਦੋਲਨ ਨੂੰ ਤਹਿਸ-ਨਹਿਸ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਦੇਸ਼ ਦੇ ਅੰਨਦਾਤਾ ਨੂੰ ਬਦਨਾਮ ਕਰਨ ਦੀਆਂ ਸਾਜ਼ਸ਼ਾਂ ਘੜ ਕੇ, ਕਿਸਾਨਾਂ ਦੇ ਹੌਂਸਲੇ ਪਸਤ ਕਰਨ ਦੀਆਂ ਸ਼ਰਾਰਤਾਂ ਨਿਰੰਤਰ ਜਾਰੀ ਹਨ। ਦੂਜੇ ਪਾਸੇ ਪੂਰੀ ਇਮਾਨਦਾਰੀ ਅਤੇ ਸ਼ਾਂਤਮਈ ਢੰਗ ਨਾਲ ਮੰਨੂਵਾਦੀ ਰਾਜਸੀ ਤਾਕਤਾਂ ਨੂੰ ਵੰਗਾਰਨਾ, ਕਿਸਾਨ ਅੰਦੋਲਨ ਦਾ ਮੁੱਖ-ਮੰਤਵ ਬਣ ਚੁੱਕਾ ਹੈ।

ਕਿਸੇ ਦੇਸ਼ ਦੇ ਸੰਵਿਧਾਨ ਦਾ ਲਕਸ਼; ਮੁਲਕ ਦੇ ਨਾਗਰਿਕਾਂ ਨੂੰ ਬਰਾਬਰ ਨਿਆਂ ਦੇਣਾ ਹੁੰਦਾ ਹੈ, ਪਰ ਸੰਵਿਧਾਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਭਾਰਤ ਵਰਗੇ ਲੋਕਤੰਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਰਤੀ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਗ਼ਰੀਬ ਜਨਤਾਂ ਦੇ ਹੱਕਾਂ ’ਤੇ ਡਾਕਾ ਮਾਰਨਾ, ਇਹ ਭਾਰਤੀ ਸੰਵਿਧਾਨ ਦਾ ਦਸਤੂਰ ਨਹੀਂ ਹੈ। ਦੇਸ਼ ਦੇ ਹੁਕਮਰਾਨਾਂ ਦਾ ਕਿਸਾਨਾਂ ਨਾਲ ਟਕਰਾਅ ਦਿਨ-ਬਦਿਨ ਵਧਦਾ ਜਾ ਰਿਹਾ ਹੈ। ਸੰਘਰਸ਼ਸ਼ੀਲ ਕਿਸਾਨਾਂ ਸਮੇਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਡਰਾ-ਧਮਕਾ ਕੇ ਦੇਸ਼ਧ੍ਰੋਹ ਦੇ ਮੁਕੱਦਮੇਂ ਦਾਇਰ ਕਰਕੇ ਮਨੁੱਖੀ ਅਧਿਕਾਰਾਂ ਦੀਆਂ ਸ਼ਰੇਆਮ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ। ਮੋਦੀ  ਵੱਲੋਂ ਅੰਦੋਲਨਕਾਰੀਆਂ ਨੂੰ ਅੰਦੋਲਨਜੀਵੀ, ਪਰਜੀਵੀ, ਟੁਕੜੇ-ਟੁਕੜੇ ਗੈਂਗ ਤੇ ਪਤਾ ਨਹੀਂ ਹੋਰ ਕੀ ਕੀ ਤਲਖ਼-ਤਨਜ਼ਾਂ ਕੱਸ ਕੇ ਬੇਵੱਸ ਤੇ ਮਜਬੂਰ ਕਿਸਾਨਾਂ ਨੂੰ ਹੋਰ ਦੁੱਖੀ ਕੀਤਾ ਜਾ ਰਿਹਾ ਹੈ ਜਦਕਿ ਪੂਰੇ ਵਿਸ਼ਵ ਵਿੱਚ ਕਿਸਾਨ ਵਰਗ ਬੇਹੱਦ ਗ਼ੈਰਤਮੰਦ ਵਰਗ (ਸਵੈਮਾਨ ਵਾਲਾ) ਵਜੋਂ ਜਾਣਿਆ ਜਾਂਦਾ ਹੈ।

ਕਿਸੇ ਦੇਸ਼ ਦੇ ਸੰਵਿਧਾਨ ਨੂੰ ਸਰਵਸ੍ਰੇਸ਼ਟ ਮੰਨਿਆ ਜਾਂਦਾ ਹੈ, ਪਰ ਸੰਵਿਧਾਨ ਨੂੰ ਇੱਕ ਪਾਸੇ ਰੱਖ ਕੇ ਬਣਾਏ ਇਨ੍ਹਾਂ ਵਿਵਾਦਤ ਕਾਨੂੰਨਾਂ ਨੂੰ ਪੂਰਨ ਤੌਰ ’ਤੇ ਰੱਦ ਕਰਨ ਲਈ ਪ੍ਰਧਾਨ ਮੰਤਰੀ ਟੱਸ ਤੋਂ ਮੱਸ ਨਹੀਂ ਹੋ ਰਹੇ। ਉਨ੍ਹਾਂ ਦੇ ਮੰਤਰੀਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ 12 ਮੀਟਿੰਗਾਂ ਬੇਸਿੱਟਾ ਸਾਬਤ ਹੋਈਆਂ ਹਨ ਜਦਕਿ ਖੇਤੀ ਬਿੱਲਾਂ ਵਿੱਚ ਸੋਧਾਂ ਕਰਨ ਦੇ ਰਾਗ ਅਲਾਪਣ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਨਰਿੰਦਰ ਮੋਦੀ 22 ਜਨਵਰੀ ਤੋਂ ਮੋਨਧਾਰੀ ਬੈਠਾ ਹੈ। ਉਸ ਦਾ ਘੇਸਲ ਵੱਟੀ ਰੱਖਣ ਵਾਲਾ ਰਵੱਈਆ ਫਾਂਸੀਵਾਦ ਦਾ ਸੂਚਕ ਹੈ। ਕਿਸੇ ਝੂਠੇ ਵਕਾਰ ਨੂੰ ਮੁੱਛ ਦਾ ਵਾਲ ਬਣਾ ਕੇ ਖ਼ਾਹ-ਮਖ਼ਾਹ ਅੜੇ ਰਹਿਣਾ ਦਿਆਨਤਦਾਰੀ ਨਹੀਂ ਹੁੰਦੀ। ਮੋਦੀ ਜੀ ! ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਦਾ ‘ਰਾਜਾ’ ਹੁੰਦਾ ਹੈ ਅਤੇ ‘ਰਾਜੇ’ ਦਾ ‘ਧਰਮ’ ਆਪਣੀ ਪਰਜਾ ਦੀਆਂ ਅਰਜ਼ਾਂ, ਗ਼ਰਜ਼ਾਂ, ਦਰਦਾਂ ਅਤੇ ਫ਼ਰਜਾਂ ਪ੍ਰਤੀ ਸੁਚੇਤ ਰਹਿਣਾ ਹੁੰਦਾ ਹੈ, ਪਰ ਤੁਸੀਂ ਕਿਸਾਨਾਂ ਦੀ ਗੱਲ ਨਾ ਸੁਣਨ ਦੀ ਆਪਣੀ ਪੁਰਾਣੀ ਆਦਤ ਤੋਂ ਮਜਬੂਰ ਹੋ। ਤੁਹਾਡੇ ਇਸ ਅੜੀਅਲ ਰਵੱਈਏ ਤੋਂ ਸਿਆਣੇ ਰਾਜਨੀਤੀਵੇਤਾ ਹੋਣ ਦੇ ਸੰਕੇਤ ਨਹੀਂ ਮਿਲਦੇ ਬਲਕਿ ਭਾਰਤੀ ਰਾਜਨੀਤਕ ਪ੍ਰਣਾਲੀ ਵਿੱਚ ਭਾਰੀ ਗਿਰਾਵਟ, ਵਿਗਾੜ ਅਤੇ ਅਸੰਤੁਲਨ ਦਿਖਾਈ ਦੇ ਰਿਹਾ ਹੈ।

ਮੋਦੀ ਸਾਹਿਬ !  ਟਕਰਾਅ ਦੀ ਨੀਤੀ ਛੱਡੋ ਅਤੇ ਕਿਸੇ ਸਰਬ ਹਿੱਤ ਪ੍ਰਵਾਣਿਤ ਰਾਹ ਵੱਲ ਵਧਣ ਦਾ ਯਤਨ ਕਰੋ।  ਇਹ ਮੋਰਚਾ ਨਿਰਾ ਕਿਸਾਨਾਂ ਦਾ ਮੋਰਚਾ ਨਹੀਂ ਸਗੋਂ ਸਮੁੱਚੇ ਕਿਰਤੀ ਵਰਗ ਦੇ ਭਵਿੱਖ ਦੀ ਜ਼ਿੰਦਗੀ-ਮੌਤ ਦਾ ਸਵਾਲ ਹੈ। ਅਜਿਹੀਆਂ ਲੋਕ-ਲਹਿਰਾਂ ਸਦਕਾ ਜਨਤਾ ਜਾਗਰੂਕ ਹੁੰਦੀ ਹੈ। ਤੁਸੀਂ ਕਿਸਾਨ ਅੰਦੋਲਨ ਦੀ ਪੂਰਨ-ਜਿੱਤ ਉੱਤੇ ਮੋਹਰ ਲਾਉਣ ਦਾ ਮਤਲਵ ਆਪਣੀ ਰਾਜਸੀ ਮੌਤ ਦਾ ਭਰਮ ਕਿਉਂ ਪਾਲ਼ੀ ਬੈਠੇ ਹੋ ? ਸੋ ਮਿਹਰਬਾਨੀ, ਭਾਰਤੀ ਸੰਵਿਧਾਨ ਦੇ ਉਦੇਸ਼ਾਂ ’ਤੇ ਪਹਿਰਾ ਦੇਣ ਦੀ ਜੁਰਅਤ ਕਰੋ। ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਤਕਨੀਕੀ ਨੁਕਤਿਆਂ ਨਾਲ ਨਹੀਂ ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ ਵਰਨਾ ਕਿਸਾਨੀ ਸੰਘਰਸ਼ ਦੇ ਹੱਲ ਵਿੱਚ ਹੋ ਰਹੀ ਦੇਰੀ ਕਿਤੇ ਜ਼ਿਆਦਾ ਵਿਨਾਸ਼ਕਾਰੀ ਸਾਬਤ ਨਾ ਹੋ ਜਾਏ।

ਪੰਜਵੇਂ ਨਾਨਕ ਦਾ ਦੁਨਿਆਵੀ ਸਫ਼ਰ

0

ਪੰਜਵੇਂ ਨਾਨਕ ਦਾ ਦੁਨਿਆਵੀ ਸਫ਼ਰ

ਗਿਆਨੀ ਅਵਤਾਰ ਸਿੰਘ

ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪਰੈਲ 1563 ਈਸਵੀ ਨੂੰ ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ (ਮਗਰੋਂ ਨਾਂ ਗੁਰੂ ਰਾਮਦਾਸ ਜੀ) ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ ।  ਆਪ ਜੀ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀਚੰਦ ਜੀ (ਸੰਨ 1558-1618 ਈ.) ਅਤੇ ਬਾਬਾ ਮਹਾਂਦੇਵ ਜੀ (ਸੰਨ 1560-1605 ਈ.) ਸਨ। ਆਪ ਜੀ ਦਾ ਬਚਪਨ ਗੋਇੰਦਵਾਲ ਵਿਖੇ ਪਿਤਾ ਗੁਰੂ ਰਾਮਦਾਸ ਜੀ ਅਤੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਬੀਤਿਆ, ਇਸ ਕਾਰਨ ਆਪ ਜੀ ਵਿੱਚ ਨਾਨਾ ਜੀ ਅਤੇ ਪਿਤਾ ਜੀ ਵਾਲ਼ੀਆਂ ਸਾਰੀਆਂ ਖ਼ੂਬੀਆਂ ਸਨ।  ਸੇਵਾ, ਸਿਮਰਨ, ਸਿਆਣਪ, ਇੰਤਜ਼ਾਮ ਦੇ ਗੁਣ ਸਿੱਖਣ ਦੇ ਨਾਲ਼-ਨਾਲ਼ ਆਪ ਨੇ ਚੰਗੀ ਤਾਲੀਮ ਵੀ ਹਾਸਲ ਕੀਤੀ।  ਗੁਰੂ ਅਮਰਦਾਸ ਜੀ ਕੋਲ਼ ਸੰਭਾਲ਼ਿਆ ਹੋਇਆ ਸਮੁੱਚਾ ਗੁਰਬਾਣੀ ਸੰਗ੍ਰਹਿ, ਭਗਤ ਬਾਣੀ ਫ਼ਲਸਫ਼ਾ ਆਦਿ ਆਪ ਜੀ ਨੇ ਸਭ ਵਿਚਾਰ-ਵਿਚਾਰ ਸਮਝ ਲਏ ਸਨ।   11 ਕੁ ਸਾਲ ਦੀ ਉਮਰ ਵਿੱਚ ਹੀ ਆਪ ਉੱਚ ਕੋਟੀ ਦੇ ਵਿਦਵਾਨ ਬਣ ਚੁੱਕੇ ਸਨ।  ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਬਾਲਪਣ ’ਚ ਗਹਿਰੀ ਸਾਹਿਤਕ ਰੁਚੀ ਵੇਖਦਿਆਂ ‘ਦੋਹਤਾ ਬਾਣੀ ਕਾ ਬੋਹਿਥਾ’ ਸ਼ਬਦਾਂ ਨਾਲ਼ ਆਪ ਨੂੰ ਨਿਵਾਜਿਆ ਸੀ।

ਪਹਿਲੀ ਸਤੰਬਰ 1574 ਨੂੰ ਗੁਰੂ ਅਮਰਦਾਸ ਜੀ; ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਆਪ ਜੋਤਿ ਜੋਤ ਸਮਾ ਗਏ। ਇਸ ਤੋਂ ਛੇਤੀ ਹੀ ਬਾਅਦ ਗੁਰੂ ਰਾਮਦਾਸ ਜੀ (ਪਰਿਵਾਰ ਸਮੇਤ) ਗੋਇੰਦਵਾਲ ਤੋਂ ਗੁਰੂ ਕੇ ਚੱਕ (ਅੰਮ੍ਰਿਤਸਰ ਸਾਹਿਬ) ਆ ਗਏ। ਪਿਤਾ ਜੀ ਅੰਗ ਸੰਗ ਰਹਿੰਦਿਆਂ ਆਪ ਜੀ ਨੇ ਨਗਰ ਦੀ ਉਸਾਰੀ ’ਚ ਵਿਸ਼ੇਸ਼ ਯੋਗਦਾਨ ਪਾਇਆ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਜਾਂਦੀ ਆਪਸੀ ਗੱਲਬਾਤ ਨੂੰ ਆਪ ਨੇ ਬਹੁਤ ਨੇੜਿਓਂ ਸੁਣਿਆ ਸੀ।   19 ਜੂਨ 1589 ਦੇ ਦਿਨ (ਉਮਰ 26 ਸਾਲ 2 ਮਹੀਨੇ 5 ਦਿਨ) ਆਪ ਜੀ ਦਾ ਵਿਆਹ ਲਾਹੌਰ ਦੇ ਭਾਈ ਸੰਗਤ ਰਾਓ ਦੀ ਬੇਟੀ (ਮਾਤਾ) ਗੰਗਾ ਜੀ ਨਾਲ਼ ਹੋਇਆ, ਜਿਨ੍ਹਾਂ ਦੇ ਉਦਰ ਤੋਂ 19 ਜੂਨ 1595 ਦੇ ਦਿਨ (ਗੁਰੂ) ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

47 ਸਾਲ ਦੀ ਸੰਸਾਰਕ ਯਾਤਰਾ ਸਫਲ ਕਰ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪ ਕੇ ਗੁਰੂ ਰਾਮਦਾਸ ਜੀ 1 ਸਤੰਬਰ 1581 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ।  ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਣ ਉਪਰੰਤ ਆਪ ਜੀ ਦੇ ਸਭ ਤੋਂ ਵੱਡੇ ਭਰਾ ਪ੍ਰਿਥੀਚੰਦ ਅੰਦਰ ਦਿਨ ਪ੍ਰਤੀ ਦਿਨ ਸੜਨ ਵਧਦੀ ਗਈ, ਜਿਸ ਦਾ ਸਭ ਤੋਂ ਪਹਿਲਾ ਮੋਹਰਾ ਬਣਿਆ ਮੁਗ਼ਲ ਜਰਨੈਲ ਸੁਲਹੀ ਖ਼ਾਨ, ਜੋ ਪ੍ਰਿਥੀਚੰਦ ਦੁਆਰਾ ਕੰਨ ਭਰੇ ਜਾਣ ’ਤੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਆ ਰਿਹਾ ਸੀ, ਪਰ ਅਕਾਲ ਪੁਰਖ ਦੀ ਰਹਿਮਤ ਸਦਕਾ ਰਸਤੇ ਵਿੱਚ ਹੀ ਘੋੜੇ ਦੇ ਬੇਕਾਬੂ ਹੋ ਜਾਣ ’ਤੇ ਇੱਕ ਬਲਦੇ ਭੱਠੇ ਵਿੱਚ ਡਿੱਗ ਕੇ ਜਿਊਂਦਾ ਸੜ ਗਿਆ।  ਮੁਸਲਮਾਨ ਲਈ ਅੱਗ ’ਚ ਸੜ ਕੇ ਮਰਨਾ ਬਦਕਿਸਮਤੀ ਮੰਨਿਆ ਜਾਂਦਾ ਹੈ ਭਾਵੇਂ ਕਿ ਪ੍ਰਿਥੀਚੰਦ ਨੂੰ ਫਿਰ ਨਾ ਅਕਲ ਆਈ।  ਹੁਣ ਉਹ, ਸੁਲਹੀ ਖ਼ਾਨ ਦੇ ਭਤੀਜੇ ਸੁਲਭੀ ਖ਼ਾਨ ਨੂੰ ਨਾਲ਼ ਲੈ ਕੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਚੱਲ ਪਿਆ।  ਉਹ ਵੀ ਰਸਤੇ ਵਿੱਚ ਆਪਣੇ ਹੀ ਇੱਕ ਸਿਪਾਹੀ ਨਾਲ਼ ਝਗੜਾ ਕਰਦਿਆਂ ਗੋਲ਼ੀ ਲੱਗਣ ਨਾਲ਼ ਮਰ ਗਿਆ।  ਗੁਰੂ ਘਰ ’ਤੇ ਹਮਲਾਵਰ ਹੋ ਕੇ ਆਏ ਇਨ੍ਹਾਂ ਦੁਸ਼ਮਣਾਂ ਨਾਲ਼ ਗੱਲਬਾਤ ਕਰਨ ਜਾਂ ਮੁਕਾਬਲਾ ਕਰਨ ਲਈ ਮੁਖੀ ਸਿੱਖਾਂ ਨੇ ਗੁਰੂ ਜੀ ਨਾਲ਼ ਸਲਾਹ ਮਸ਼ਵਰਾ ਕੀਤਾ, ਜਿਸ ਦਾ ਜਵਾਬ ਆਪ ਨੇ ਇਉਂ ਦਿੱਤਾ ‘‘ਪ੍ਰਥਮੇ ਮਤਾ (ਪਹਿਲੀ ਸਲਾਹ); ਜਿ ਪਤ੍ਰੀ ਚਲਾਵਉ ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ਮੈ ਸਭੁ ਕਿਛੁ ਛੋਡਿ; ਪ੍ਰਭ  ! ਤੁਹੀ ਧਿਆਇਆ ’’ (ਆਸਾ, ਮਹਲਾ , ਅੰਕ ੩੭੧)

ਪ੍ਰਿਥੀਚੰਦ ਨੇ 1585 ਈਸਵੀ ’ਚ ਇੱਕ ਵਾਰ ਫਿਰ ਅਕਬਰ ਬਾਦਸ਼ਾਹ (1556-1605) ਦੇ ਵਜ਼ੀਰ ਮਹੇਸ਼ ਚੰਦਰ ਭੱਟ (ਪ੍ਰਸਿੱਧ ਨਾਂ ਬੀਰਬਲ 1528-1586) ਨਾਲ਼ ਗੰਢ-ਸੰਢ ਕੀਤੀ, ਜੋ ਅਕਬਰ ਦੀ ਰਾਜਪੂਤ ਬੀਬੀ ਅਤੇ ਜੋਧਪੁਰ ਦੇ ਹਿੰਦੂ ਰਾਜਪੂਤ ਰਾਜੇ ਦੀ ਧੀ, ਨਾਲ਼ ਦਾਜ ਵਿੱਚ ਆਇਆ ਸੀ। ਅਕਬਰ ਨੇ ਬੀਰਬਲ ਨੂੰ ਦਿੱਲੀ ਤੋਂ ਸਰਹੱਦੀ ਸੂਬੇ (ਲਾਹੌਰ) ਵੱਲ ਭੇਜਿਆ ਜਿੱਥੇ ਪਠਾਣਾਂ ਨੇ ਬਗ਼ਾਵਤ ਕਰ ਰੱਖੀ ਸੀ। ਚੱਲਣ ਤੋਂ ਪਹਿਲਾਂ ਬੀਰਬਲ ਨੇ ਅਕਬਰ ਬਾਦਸ਼ਾਹ ਪਾਸੋਂ ਰਸਤੇ ਦਾ ਖ਼ਰਚ ਕੱਢਣ ਲਈ ਸਾਰੇ ਖੱਤਰੀਆਂ ਤੋਂ ਟੈਕਸ ਵਸੂਲਣ ਦੀ ਅਨੁਮਤੀ ਲੈ ਲਈ।  ਗੋਇੰਦਵਾਲ ਦੇ ਪੱਤਣ ਤੋਂ ਲੰਘਦਿਆਂ ਪ੍ਰਿਥੀਚੰਦ ਦੀ ਸ਼ਹਿ ’ਤੇ ਬੀਰਬਰ ਨੇ ਆਪਣੇ ਏਲਚੀ; ਗੁਰੂ ਜੀ ਪਾਸੋਂ ਟੈਕਸ ਲੈਣ ਲਈ ਗੁਰੂ ਕੇ ਚੱਕ ਭੇਜੇ।  ਗੁਰੂ ਜੀ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਕਿ ਸਿੱਖ; ਹਿੰਦੂ ਨਹੀਂ ਹੁੰਦੇ।  ਗੁਰੂ ਜੀ ਦਾ ਇਹ ਜਵਾਬ ਏਲਚੀਆਂ ਰਾਹੀਂ ਬੀਰਬਰ ਨੂੰ ਮਿਲਣ ’ਤੇ ਉਹ ਗੁੱਸੇ ਹੋਇਆ ਅਤੇ ਅਮਾਨਤ ਖ਼ਾਨ ਦੀ ਸਰ੍ਹਾਂ ਤੋਂ ਦੁਬਾਰਾ ਆਪਣੇ ਏਲਚੀ ਭੇਜ ਕੇ ਗੁਰੂ ਜੀ ਨੂੰ ਧਮਕੀ ਦਿੱਤੀ ਕਿ ਟੈਕਸ ਦੇਓ ਜਾਂ ਵਾਪਸੀ ’ਤੇ ਹਮਲਾ ਕਰ ਦਿਆਂਗਾ।  ਅਕਾਲ ਪੁਰਖ ਦੀ ਮੁੜ ਰਹਿਮਤ ਹੋਈ ਕਿ ਬੀਰਬਲ ਵੀ ਇਨ੍ਹਾਂ ਪਠਾਣਾਂ ਨਾਲ਼ ਲੜਦਿਆਂ ਫ਼ਰਵਰੀ 1586 ’ਚ ਮਰ ਗਿਆ। ਪ੍ਰਿਥੀਚੰਦ ਦੀਆਂ ਕੋਝੀਆਂ ਸਾਜ਼ਸ਼ਾਂ ਇੱਕ ਵਾਰ ਰੁਕ ਗਈਆਂ ਤੇ ਉਹ ਆਪਣੇ ਸਹੁਰੇ ਘਰ ਜ਼ਿਲ੍ਹਾ ਲਾਹੌਰ ਚਲਾ ਗਿਆ।

ਗੁਰੂ ਸਾਹਿਬ ਨੇ ਇਸੇ ਸਾਲ (1586 ’ਚ) ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕੀਤਾ।  ਦੋ ਸਾਲ ਬਾਅਦ ਸੰਤੋਖਸਰ ਸਰੋਵਰ ਪੱਕਾ ਕੀਤਾ ਗਿਆ।  3 ਜਨਵਰੀ 1588 ਨੂੰ ਆਪ ਨੇ ਅੰਮ੍ਰਿਤਸਰ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ। 

(ਨੋਟ : ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਮੁਤਾਬਕ ਦਰਬਾਰ ਸਾਹਿਬ ਦੀ ਰੱਖੀ ਇਸ ਨੀਂਹ ਤੋਂ ਲਗਭਗ 200-250 ਸਾਲ ਬਾਅਦ ਭਾਵ 19ਵੀਂ ਸਦੀ ’ਚ ਲਿਖਾਰੀ ਬੂਟੇ ਸ਼ਾਹ ਨੇ ਪਹਿਲੀ ਵਾਰ ਸਾਈਂ ਮੀਆਂ ਮੀਰ ਜੀ ਪਾਸੋਂ ਦਰਬਾਰ ਸਾਹਿਬ ਦੀ ਨੀਂਹ ਰੱਖੇ ਜਾਣ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ।)

ਗੁਰੂ ਜੀ ਦੀ ਸ਼ਾਦੀ (19 ਜੂਨ 1589) ਨੂੰ ਹੋਣ ਤੋਂ ਬਾਅਦ ਸੰਨ 1590 ’ਚ ਆਪ ਨੇ ਤਰਨਤਾਰਨ ਸਰੋਵਰ ਦੀ ਪੁਟਾਈ ਸ਼ੁਰੂ ਕਰਵਾਈ।  ਲੋਕਾਂ ਦੀ ਤਕਲੀਫ਼ ਨੂੰ ਵੇਖਦਿਆਂ ਸੰਨ 1592 ’ਚ ਗੁਰੂ ਕੀ ਵਡਾਲੀ ਲਾਗੇ ਛੇ ਹਰਟਾਂ ਵਾਲ਼ਾ ਖੂਹ ਲਵਾਇਆ ।  ਹੁਣ ਇਸ ਆਬਾਦੀ ਦਾ ਨਾਂ ਹੀ ਛੇਹਰਟਾ ਸਾਹਿਬ ਹੈ।  ਸੰਨ 1593 ’ਚ ਆਪ ਨੇ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖੀ।  ਸੰਨ 1597 ’ਚ ਆਪ ਨੇ ਪਿੰਡ ਰੁਹੀਲਾ ਦੀ ਜਗ੍ਹਾ ਗੋਬਿੰਦਪੁਰ (ਹੁਣ ਹਰਿਗੋਬਿੰਦਪੁਰ) ਨਗਰ ਦੀ ਨੀਂਹ ਰੱਖੀ।  ਸੰਨ 1599 ’ਚ ਲਾਹੌਰ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਸਥਾਨ (ਚੂਨਾ ਮੰਡੀ) ’ਚ ਬਾਉਲੀ ਬਣਵਾਈ ਗਈ।  ਗੁਰੂ ਕਾ ਚੱਕ ਵਿਖੇ ਸੰਗਤਾਂ ਦੀ ਨਫ਼ਰੀ ਵਧਦੀ ਵੇਖ ਆਪ ਨੇ ਸੰਨ 1602 ’ਚ ਰਾਮਦਾਸ ਸਰੋਵਰ (ਤੀਸਰਾ ਸਰੋਵਰ) ਤਿਆਰ ਕਰਵਾਇਆ।  ਪਿੰਡ ਘੁੰਕੇਵਾਲ਼ੀ ’ਚ ਇੱਕ ਬਾਗ਼ ਵੀ ਲਗਵਾਇਆ, ਜਿਸ ਨੂੰ ਹੁਣ ਗੁਰੂ ਕਾ ਬਾਗ਼ ਕਿਹਾ ਜਾਂਦਾ ਹੈ, ਇਸ ਦੀ ਆਜ਼ਾਦੀ ਲਈ ਸੰਨ 1922 ’ਚ ਮੋਰਚਾ ਵੀ ਲੱਗਾ ਸੀ।  ਤਰਨਤਾਰਨ ਵਿੱਚ ਇਕ ਕੋਹੜੀ ਆਸ਼ਰਮ ਵੀ ਬਣਾਇਆ ਗਿਆ। ਇਉਂ ਗੁਰੂ ਜੀ ਤਕਰੀਬਨ 15 ਸਾਲ ਤੱਕ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਨਾਲ਼ ਨਾਲ਼ ਆਮ ਜਨਤਾ ਦੀਆਂ ਤਕਲੀਫ਼ਾਂ ਸੁਣਦਿਆਂ ਨਗਰ, ਬਾਉਲੀਆਂ, ਖੂਹ ਅਤੇ ਸਰੋਵਰ ਆਦਿ ਬਣਾਉਂਦੇ ਰਹੇ।  ਸੰਨ 1595 ’ਚ ਰਾਵੀ ਅਤੇ ਝਨਾਂ ਵਿਚਕਾਰ ਕਾਲ ਪੈ ਗਿਆ, ਜਿੱਥੇ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਨਾਲ਼ ਲੰਗਰ ਲਗਾ ਕੇ ਲੋਕਾਂ ਦੀ ਬੜੀ ਮਦਦ ਕੀਤੀ।  ਗੁਰੂ ਜੀ ਇੱਥੇ 8 ਮਹੀਨੇ ਰਹੇ ਤੇ ਇਨ੍ਹੀਂ ਦਿਨੀਂ ਅਕਬਰ ਬਾਦਸ਼ਾਹ ਵੀ ਇੱਧਰ (ਲਾਹੌਰ ਵੱਲ) ਆਇਆ ਹੋਇਆ ਸੀ। ਉਸ ਨੇ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ। ਸਾਰਾ ਮਾਝਾ, ਜੋ ਪਹਿਲਾਂ ਗੁੱਗੇ, ਸਖੀ ਸਰਵਰ, ਪੀਰਾਂ-ਫਕੀਰਾਂ, ਕਾਲਪਨਿਕ ਦੇਵਤਿਆਂ ਦਾ ਪੈਰੋਕਾਰ ਸੀ, ਹੁਣ ਗੁਰੂ ਕਾ ਮਾਝਾ ਬਣ ਗਿਆ ਸੀ।

2 ਨਵੰਬਰ 1598 ਨੂੰ ਅਕਬਰ ਦਿੱਲੀ ਤੋਂ ਦੁਬਾਰਾ ਪਿਸ਼ਾਵਰ ਵੱਲ ਜਾਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਕਰਨ ਲਈ ਦੂਜੀ ਵਾਰ ਗੋਇੰਦਵਾਲ ਆਇਆ (ਪਹਿਲੀ ਵਾਰ 1571 ’ਚ ਵੀ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਇੱਥੇ ਆਇਆ ਸੀ), ਜਿਸ ਦੇ ਨਾਲ਼ ਉਸ ਦਾ ਵਜ਼ੀਰ ਅਬੂ ਫ਼ਜ਼ਲ ਵੀ ਸੀ। ਅਹਿਲਕਾਰਾਂ ਨੇ ਬਾਦਸ਼ਾਹ ਦੇ ਬੈਠਣ ਲਈ ਗਲੀਚੇ ਵਿਛਾ ਦਿੱਤੇ, ਜੋ ਅਕਬਰ ਨੇ ਆਪਣੇ ਹੱਥੀਂ ਚੁੱਕਦਿਆਂ ਕਿਹਾ ਕਿ ਰੂਹਾਨੀਅਤ ਦਰਬਾਰ ਵਿੱਚ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ। ਬਾਦਸ਼ਾਹ ਨੇ ਆਮ ਸੰਗਤ ਨਾਲ਼ ਬੈਠ ਕੇ ਲੰਗਰ ਛਕਿਆ। ਜਾਣ ਲੱਗਿਆਂ ਗੁਰੂ ਕੇ ਲੰਗਰ ਲਈ ਕੁਝ ਜ਼ਮੀਨੀ ਪੱਟਾ ਦੇਣਾ ਚਾਹਿਆ ਪਰ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸੰਗਤਾਂ ਦੇ ਦਸਵੰਧ ਨਾਲ਼ ਚੱਲਣ ਨੂੰ ਹੀ ਸਹੀ ਕਿਹਾ। ਇਹੀ ਪ੍ਰਥਾ ਹੁਣ ਤੱਕ ਗੁਰੂ ਘਰਾਂ ਵਿੱਚ ਪ੍ਰਚਲਿਤ ਹੈ ਜਦਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਤਰਜ਼ ’ਤੇ ਬਣਾਏ ਗਏ ਦੁਰਗਿਆਣਾ ਮੰਦਿਰ ’ਚ ਲੰਗਰ ਸਮੇਤ ਹਰ ਸੁਵਿਧਾ ਸਰਕਾਰੀ ਗ੍ਰਾਂਟਾਂ ਨਾਲ ਚੱਲਦੀ ਹੈ, ਇਸ ਲਈ ਹਿੰਦੂਆਂ ਦਾ ਵੀ ਵਧੇਰੇ ਰੁਝਾਨ ਗੁਰੂ ਘਰ (ਦਰਬਾਰ ਸਾਹਿਬ) ਵੱਲ ਹੁੰਦਾ ਹੈ।  ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਤੋਂ ਇਹ ਐਲਾਨ ਜ਼ਰੂਰ ਕਰਵਾਇਆ ਕਿ ਸਿੱਖ; ਹਿੰਦੂ ਨਹੀਂ, ਇਨ੍ਹਾਂ ’ਤੇ ਜਜ਼ੀਆ (ਧਾਰਮਿਕ ਟੈਕਸ) ਨਹੀਂ ਲੱਗਣਾ ਚਾਹੀਦਾ। ਕੁਝ ਸਮੇਂ ਬਾਅਦ ਅਕਬਰ ਨੇ ਹਿੰਦੂਆਂ ’ਤੇ ਲਗਾਇਆ ਜਜ਼ੀਆ ਕਾਨੂੰਨ ਵੀ ਹਟਾ ਲਿਆ।

ਦੂਜੇ ਧਰਮ ਦੇ ਆਗੂਆਂ ਨਾਲ਼ ਵੀ ਗੁਰੂ ਸਾਹਿਬ ਦੇ ਚੰਗੇ ਸੰਬੰਧ ਸਨ।  ਸਾਈਂ ਮੀਆਂ ਮੀਰ ਜੀ (1550-11.8.1635), ਜੋ ਇਸਲਾਮ ਦੇ ਖ਼ਲੀਫ਼ੇ ਉਮਰ ਦੇ ਖ਼ਾਨਦਾਨ ਨਾਲ਼ ਸੰਬੰਧ ਰੱਖਦੇ ਸਨ ਤੇ ਉਨ੍ਹਾਂ ਦਾ ਪਿਛੋਕੜ ਸੀਸਤਾਨ (ਇਰਾਨ) ਦਾ ਸੀ, ਹੁਣ ਲਾਹੌਰ ਦੇ ਵਸਨੀਕ ਸਨ, ਨਾਲ਼ ਆਪ ਜੀ ਦੇ ਚੰਗੇ ਸੰਬੰਧ ਸਨ।  ਸਾਈਂ ਮੀਆਂ ਜੀ ਅਤੇ ਗੁਰੂ ਜੀ ਵਿਚਕਾਰ ਅਕਸਰ ਹੀ ਰੂਹਾਨੀ ਨੁਕਤਿਆਂ ’ਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ। ਬਾਦਸ਼ਾਹ ਅਕਬਰ;  ਸਾਈ ਮੀਆਂ ਮੀਰ ਜੀ ਤੋਂ ਬੜਾ ਪ੍ਰਭਾਵਤ ਸੀ।  ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਉਣ ’ਚ ਸਾਈਂ ਮੀਆਂ ਜੀ ਦਾ ਅਹਿਮ ਯੋਗਦਾਨ ਸੀ ਭਾਵੇਂ ਕਿ ਕੁਝ ਸਮੇਂ ਲਈ ਭਾਵ ਅਕਬਰ ਦੀ ਮੌਤ (16 ਅਕਤੂਬਰ 1605) ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਣ ਤੱਕ ਜਹਾਂਗੀਰ ਉੱਤੇ ਸ਼ੈਖ ਅਹਿਮਦ ਸਾਹਰਿੰਦੀ (ਸਹਰਿੰਦੀ) ਵਰਗੇ ਫਿਰਕੂ ਮੌਲਵੀਆਂ ਦਾ ਪ੍ਰਭਾਵ ਰਿਹਾ, ਇਸ ਦਾ ਇੱਕ ਕਾਰਨ ਜਹਾਂਗੀਰ ਦਾ ਰਾਜਸੀ ਹਿੱਤ ਵੀ ਸੀ, ਜਿਸ ਨੂੰ ਆਪਣੇ ਹੀ ਘਰੋਂ ਪੁੱਤਰ ਖੁਸਰੋ (ਜੋ ਨੇਕ ਇਨਸਾਨ ਸੀ) ਵੱਲੋਂ ਚੁਣੌਤੀ ਮਿਲ ਰਹੀ ਸੀ, ਇਸ ਕਾਰਨ ਜਹਾਂਗੀਰ ਨੂੰ ਵੀ ਫਿਰਕੂ ਮੌਲਵੀਆਂ ਦੀ ਮਦਦ ਦੀ ਲੋੜ ਸੀ, ਅਜਿਹੇ ਹਾਲਾਤਾਂ ’ਚ ਗੁਰੂ ਘਰ ਦੇ ਦੋਖੀ ਚੰਦੂ ਦੀ ਚੁਗ਼ਲੀ ਵੀ ਮਚਦੀ ’ਤੇ ਘੀ ਪਾਉਂਦੀ ਹੈ।

ਆਦਿ ਗ੍ਰੰਥ ਦੀ ਸੰਪਾਦਨਾ: ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ 5869 ਸ਼ਬਦ ਹਨ, ਜਿਨ੍ਹਾਂ ’ਚੋਂ 2312 ਸ਼ਬਦ ਕੇਵਲ ਗੁਰੂ ਅਰਜਨ ਸਾਹਿਬ ਜੀ ਦੇ ਹਨ। ਨਾਵੇਂ ਪਾਤਿਸ਼ਾਹ ਜੀ ਦੁਆਰਾ ਰਚੇ 116 ਸ਼ਬਦ ਬਾਅਦ (ਸੰਨ 1679) ’ਚ ਦਸਮੇਸ਼ ਪਿਤਾ ਜੀ ਨੇ (ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਿਖੇ) ਦਰਜ ਕੀਤੇ। ਸਮੁੱਚੀ ਗੁਰਬਾਣੀ ’ਚੋਂ ਬਾਕੀ ਰਹੀ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ, 11 ਭੱਟਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ ਦੇ ਸ਼ਬਦ ਸੰਗ੍ਰਹਿ (ਕੁੱਲ 5869-2312-116 =) 3441 ਸ਼ਬਦਾਂ ਦਾ ਬਾਰੀਕੀ ਨਾਲ਼ ਅਧਿਐਨ ਕਰਦਿਆਂ ਤੇ ਗੁਰਬਾਣੀ ਦਾ ਸੰਪਾਦਨ (ਖਰੜੇ ਦੀ ਸੁਧਾਈ ਤੇ ਤਰਤੀਬ ਦੇਣਾ) ਕਰਦਿਆਂ ਵੀ ਕੁਝ ਕੁ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣ ਕਾਰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ’ਚ ਕੁਝ ਵਾਧਾ ਹੋਇਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਗੁਰਬਾਣੀ ਸੰਗ੍ਰਹਿ ਨੂੰ ਇੱਕ ਜਿਲਦ ’ਚ ਲਿਆਉਣ ਲੱਗਿਆਂ ਉਸ ਦੀ ਸ਼ਬਦ ਤਰਤੀਬ, ਵਿਸ਼ਾ ਤਰਤੀਬ, ਰਾਗ ਤਰਤੀਬ, ਮੂਲ ਮੰਤਰ ਤਰਤੀਬ, ਅੰਕ ਸੰਖਿਆ ਕ੍ਰਮ, ਆਦਿ ਪੱਖ ਵਾਚਨੇ ਬੜੀ ਵੱਡੀ ਅਤੇ ਮਹੱਤਵ ਪੂਰਨ ਜ਼ਿੰਮੇਵਾਰੀ ਹੁੰਦੀ ਹੈ।  ਸੰਨ 1601 ’ਚ ਜਦ ਰਾਮਸਰ ਸਰੋਵਰ ਤਿਆਰ ਕੀਤਾ ਗਿਆ ਤਾਂ ਉਸ ਦੇ ਕਿਨਾਰੇ ਹੀ ਇੱਕ ਨਿਵੇਕਲਾ ਕਮਰਾ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਬਣਾਇਆ ਗਿਆ। ਇਹ ਮਹਾਨ ਕਾਰਜ ਭਾਈ ਗੁਰਦਾਸ ਜੀ ਦੀ ਮਦਦ ਨਾਲ਼ ਸੰਪੂਰਨ ਕੀਤਾ ਗਿਆ ਤੇ ਇਸ ਦੇ ਅੰਤ ਵਿੱਚ ਮੁੰਦਵਣੀ (ਮੋਹਰ) ਵੀ ਲਾਈ ਗਈ ਤਾਂ ਜੋ ਕਦੀਂ ਕੱਚੀ ਬਾਣੀ ਜੋੜਨ ਦੀ ਗੁਜਾਇਸ਼ ਨਾ ਬਚੇ।  ਇਸੇ ਮੁੰਦਾਵਣੀ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੀ ਤਾਂ ਜੋ ਮੁੰਦਾਵਣੀ ‘ਆਦਿ ਗ੍ਰੰਥ ਸਾਹਿਬ’ ਦੇ ਅੰਤ ’ਚ ਹੀ ਰਹੇ। ਇਹ ਕਾਰਜ 31 ਜੁਲਾਈ 1604 ਤੱਕ ਮੁਕੰਮਲ ਹੋ ਗਿਆ।  16 ਅਗਸਤ 1604 ਨੂੰ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ ਗਿਆ ਤੇ ਪਹਿਲਾ ਪਾਠ ਕਰਨ ਦਾ ਮਾਣ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ।  ਗੁਰੂ ਗ੍ਰੰਥ ਸਾਹਿਬ ਦੀ ਦਾ ਅਰੰਭਕ ਨਾਂ ‘ਆਦਿ ਗ੍ਰੰਥ’ ਸੀ।

ਗੁਰੂ ਸਾਹਿਬ ਜੀ ਦੀ ਸ਼ਹੀਦੀ : ਗੁਰੂ ਜੀ ਨੇ ਸੰਨ 1581 ’ਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ਼ੀ।  25 ਸਾਲ ਦੇ ਆਪਣੇ ਦੁਨਿਆਵੀ ਸਫਰ ਦੌਰਾਨ 4 ਨਵੇਂ ਨਗਰ ਵਸਾਏ, ਕਈ ਬਾਉਲੀਆਂ ਤੇ ਖੂਹ ਖੁਦਵਾਏ, ਕਈ ਸਮਾਜਕ ਸੇਵਾ ਦੇ ਪ੍ਰਾਜੈਕਟ (ਕੋੜੀ ਆਸ਼ਰਮ, ਦਵਾਖ਼ਾਨੇ, ਕਾਲ ਪੈ ਜਾਣ ’ਤੇ ਜਗ੍ਹਾ-ਜਗ੍ਹਾ ਲੰਗਰ ਆਦਿ ਲਗਾਉਣਾ) ਨੇਪਰੇ ਚਾੜ੍ਹੇ। ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਵੀ ਹੁੰਦਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਕਿਸੇ ਦੀ ਨੀਵੀਂ ਜਾਤ ਜਾਂ ਉੱਚ ਜਾਤ ਨਹੀਂ ਵੇਖੀ ਗਈ ਬਲਕਿ ਸਿਧਾਂਤ ਨੂੰ ਸਿਰਮੌਰਤਾ ਦਿੱਤੀ ਤਾਂ ਜੋ ਮਾਨਵਤਾ ਦੇ ਭਲੇ ਲਈ, ਸਮਾਜਕ ਸੇਵਾ ਵਿੱਚ ਸਾਰੇ ਹੀ ਇੱਕ ਦੂਸਰੇ ਦਾ ਸਾਥ ਦੇਣ ਅਤੇ ਆਪਸੀ ਪਿਆਰ ਵਧੇ।  ਅਜਿਹੇ ਸਾਂਝੇ ਅਸੂਲਾਂ ਕਾਰਨ ਫ਼ਿਰਕੂ ਹਿੰਦੂ ਅਤੇ ਪੱਖਪਾਤੀ ਮੌਲਵੀਆਂ ਅੰਦਰ ਸੜਨ ਪੈਦਾ ਹੋਣਾ ਸੁਭਾਵਕ ਸੀ।  16 ਅਕਤੂਬਰ 1605 ਨੂੰ ਅਕਬਰ ਬਾਦਸ਼ਾਹ ਦੀ ਮੌਤ ਹੋ ਗਈ। ਅਕਬਰ ਦੀ ਸੁਲਹਕੁਲ ਪਾਲਿਸੀ ਛੱਡ ਜਹਾਂਗੀਰ; ਗ਼ੈਰ ਮੁਸਲਮਾਨਾਂ ਨਾਲ਼ ਧੱਕਾ ਕਰਨ ਲੱਗਾ।  ਆਪਣੇ ਨਾਨਕੇ ਰਾਜਪੂਤਾਂ (ਜੋਧਪੁਰੀਆਂ) ਤੋਂ ਇਲਾਵਾ ਮੁੜ ਹਰ ਜਗ੍ਹਾ ਜਜ਼ੀਆ ਲਾ ਦਿੱਤਾ ਗਿਆ ਤੇ ਮੰਦਿਰ ਢਾਹੁਣੇ ਸ਼ੁਰੂ ਕਰ ਦਿੱਤੇ।

(ਨੋਟ : ਇਹ ਜੋਧਪੁਰੀਏ ਰਾਜਪੂਤ ਉਹੀ ਸਨ, ਜਿਨ੍ਹਾਂ ਦੀ ਅਕਬਰ ਨਾਲ਼ ਵਿਆਹੀ ਧੀ ਨਾਲ਼ ਬੀਰਬਲ ਦਹੇਜ ਵਜੋਂ ਆਇਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਘਰਸ਼ ਦੌਰਾਨ ਇਨ੍ਹਾਂ ਕੋਲ਼ ਆਪਸੀ ਸੁਲਹਾ ਲਈ ਭੇਜੇ ਸਿੱਖ-ਦੂਤਾਂ ਨੂੰ ਇਨ੍ਹਾਂ ਨੇ ਮਾਰ ਦਿੱਤਾ ਸੀ।)

ਜਹਾਂਗੀਰ ਦੀ ਥਾਂ ਮੁਗ਼ਲ ਹਾਕਮ ਆਪ ਬਣਨ ਲਈ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗ਼ਾਵਤ ਕਰ ਦਿੱਤੀ। ਜੀਵਦਿਆਂ ਅਕਬਰ ਵੀ ਚਾਹੁੰਦਾ ਸੀ ਕਿ ਉਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਪੋਤਰਾ ਖੁਸਰੋ ਹੀ ਤਖ਼ਤ ’ਤੇ ਬੈਠੇ ਕਿਉਂਕਿ ਜਹਾਂਗੀਰ ਅੱਯਾਸ਼ੀ ਸੀ, ਪਰ ਅਜਿਹਾ ਨਾ ਹੋ ਸਕਿਆ।  ਜਹਾਂਗੀਰ, ਬਾਗ਼ੀ ਖੁਸਰੋ ਨੂੰ ਕੈਦ ਕਰਨਾ ਚਾਹੁੰਦਾ ਸੀ। ਉਹ ਮਥਰਾ ਤੋਂ ਆਪਣੀਆਂ ਫ਼ੌਜਾਂ ਸਮੇਤ ਲਾਹੌਰ ਵੱਲ ਨਿਕਲ ਪਿਆ।  ਗੋਇੰਦਵਾਲ ਕੋਲ਼ੋਂ ਬਿਆਸ ਦਰਿਆ ਪਾਰ ਕਰਦਿਆਂ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਮਿਲਿਆ ਹੋਵੇ। ਉਹ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਸਫਲਤਾ ਨਾ ਮਿਲੀ ਤੇ ਆਖ਼ਿਰ ਪਹਿਲੀ ਮਈ 1606 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜਹਾਂਗੀਰ ਵੀ ਲਾਹੌਰ ਆ ਗਿਆ। ਖੁਸਰੋ ਦੀ ਮਦਦ ਕਰਨ ਵਾਲ਼ਿਆਂ ਦੀ ਤਲਾਸ਼ ਸ਼ੁਰੂ ਹੋਈ। ਕਈਆਂ ਨੇ ਬਦਲਾਖ਼ੋਰੀ ’ਚ ਝੂਠੀਆਂ ਸ਼ਿਕਾਈਤਾਂ ਵੀ ਕੀਤੀਆਂ। ਇਨੀਂ ਦਿਨੀਂ ਕਲਾਨੌਰ ਦਾ ਇੱਕ ਖੱਤਰੀ ਚੰਦੂ ਵੀ ਮੁਗ਼ਲਾਂ ਦਾ ਜੀਅ ਹਜ਼ੂਰ ਸੀ, ਜਿਸ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ ਸੀ, ਪਰ ਉਸ ਦੀ ਅਹੰਕਾਰੀ ਬਿਰਤੀ ਵੇਖ ਸੰਗਤਾਂ ਦੇ ਕਹਿਣ ’ਤੇ ਇਹ ਰਿਸ਼ਤਾ ਮੋੜ ਦਿੱਤਾ ਸੀ।  ਚੰਦੂ ਨੇ ਇਸ ਈਰਖਾ ਕਾਰਨ ਗੁਰੂ ਸਾਹਿਬ ਜੀ ਵੱਲੋਂ ਖੁਸਰੋ ਨੂੰ ਅਸ਼ੀਰਵਾਦ ਦੇਣ ਬਾਰੇ ਝੂਠੀ ਚੁਗ਼ਲੀ ਜਹਾਂਗੀਰ ਪਾਸ ਕੀਤੀ। ਚੰਦੂ ਨੂੰ ਇਸ ਅਪਰਾਧ ਵਿੱਚੋਂ ਸੁਰਖ਼ਰੂ ਕਰਨ ਲਈ ਬਾਅਦ ’ਚ ਚੰਦੂ ਦੀ ਨੂੰਹ/ਧੀ ਦੇ ਨਾਂ ਹੇਠ ਇਹ ਕਹਾਣੀ ਘੜੀ ਗਈ ਕਿ ਜਦ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਸਿਰ ’ਤੇ ਰੇਤ ਪਾਈ ਜਾ ਰਹੀ ਸੀ ਤਾਂ ਚੰਦੂ ਦੀ ਧੀ ਨੇ ਠੰਡਾ ਪਾਣੀ ਪਿਲਾਇਆ ਸੀ, ਇਸ ਕਾਰਨ ਹੀ ਅੱਜ ਛਬੀਲਾਂ ਲਾਈਆਂ ਜਾਂਦੀਆਂ ਹਨ, ਪਰ ਇਹ ਝੂਠ ਹੈ ਕਿਉਂਕਿ ਤਸੀਹੇ ਦੇਣ ਵੇਲ਼ੇ ਕੋਲ ਖੜ੍ਹਾ ਚੰਦੂ ਇਸ ਹੁਕਮ ਦਾ ਵਿਰੋਧ ਵੀ ਕਰ ਸਕਦਾ ਸੀ।

ਪਹਿਲੀ ਮਈ 1606 ਨੂੰ ਲਾਹੌਰ ਵਿਖੇ ਹੋਈ ਖੁਸਰੋ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 26 ਅਪਰੈਲ 1606 ਨੂੰ ਜਹਾਂਗੀਰ ਗੋਇੰਦਵਾਲ ਤੋਂ ਬਿਆਸ ਦਰਿਆ ਪਾਰ ਕਰਕੇ ਰਾਤ ਵੇਲ਼ੇ ਝਬਾਲ ਦੀ ਸਰਾਂ ਵਿੱਚ ਰੁਕਿਆ ਸੀ। ਇਸ ਵੇਲੇ ਤੱਕ ਉਸ ਨੇ ਗੁਰੂ ਸਾਹਿਬ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੁਣੀ ਸੀ। ਹਾਲਾਂ ਕਿ ਉਹ ਖੁਸਰੋ ਦੀ ਜ਼ਰਾ-ਮਾਸਾ ਵੀ ਮਦਦ ਕਰਨ ਵਾਲ਼ੇ ਹਰ ਸ਼ਖ਼ਸ ਨੂੰ ਸਜ਼ਾ ਸੁਣਾ ਰਿਹਾ ਸੀ।  ਅਜਿਹਾ ਜਾਪਦਾ ਹੈ ਕਿ ਗੁਰੂ ਜੀ ਦੇ ਖ਼ਿਲਾਫ਼ ਜਹਾਂਗੀਰ ਦੇ ਕੰਨ ਲਾਹੌਰ ’ਚ ਬੈਠੇ ਫ਼ਿਰਕੂ ਮੌਲਵੀਆਂ ਤੇ ਕਰਮਕਾਂਡੀ ਬ੍ਰਾਹਮਣਾਂ ਨੇ ਭਰੇ ਸਨ, ਇਨ੍ਹਾਂ ਵਿੱਚ ਚੰਦੂ ਤੇ ਸ਼ੈਖ਼ ਅਹਿਮਦ ਸਾਹਰਿੰਦੀ ਪ੍ਰਮੁੱਖ ਸਨ।  22 ਮਈ ਨੂੰ ਲਾਹੌਰ ਤੋਂ ਜਹਾਂਗੀਰ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਸੁਣਾਇਆ।  ਗੁਰੂ ਸਾਹਿਬ ਨੂੰ ਇਸ ਦਾ ਪਤਾ ਅਗਲੇ ਹੀ ਦਿਨ ਲੱਗਾ।  ਗੁਰੂ ਜੀ ਨੇ 25 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਆਪ ਖ਼ੁਦ ਹੀ ਅਗਲੇ ਦਿਨ 26 ਮਈ ਨੂੰ ਲਾਹੌਰ ਪੁੱਜ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ-ਓ-ਸਿਆਸਤ ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ।  ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਦਾ, ਮੁਤਾਬਕ ਗੁਰੂ ਜੀ ਨੂੰ ਚਾਰ ਦਿਨ ਰਾਵੀ ਨਦੀ ਦੇ ਕੰਢੇ ‘ਤੱਤੀ ਤਵੀ ਵਾਂਗ’ ਤਪਦੀ ਹੋਈ ਰੇਤ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ। ਮਗਰੋਂ, ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਰਾਵੀ ਦਰਿਆ ਵਿੱਚ ਰੋੜ੍ਹ ਦਿੱਤਾ ਗਿਆ। (ਚੈਪਟਰ 5, ਬੰਦ 137-39), ਜਹਾਂਗੀਰ ‘ਤੁਜ਼ਕਿ-ਜਹਾਂਗੀਰ’ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਦਾ ਖੁਸਰੋ ਨਾਲ਼ ਮੇਲ਼ ਹੋਇਆ ਅਤੇ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਿਹਾ ਸੀ।  ਇਸ ਲਈ ਜਹਾਂਗੀਰ ਨੇ ਗੁਰੂ ਘਰ ਨੂੰ ਝੂਠ ਦੀ ਦੁਕਾਨ ਵੀ ਕਿਹਾ ਸੀ।

ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥

0

ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥

ਗਿਆਨੀ ਬਲਜੀਤ ਸਿੰਘ (ਡਾਰੈਕਟਰ ਆਫ ਐਜੁਕੇਸ਼ਨ)

ੴ ਸਤਿ ਗੁਰ ਪ੍ਰਸਾਦਿ

ਜਨਮ ਤੇ ਮੌਤ ਅਕਾਲ ਪੁਰਖ ਦੇ ਨਿਯਮਾਂ ਵਿੱਚ ਇੱਕ ਅਟੱਲ ਸਚਾਈ ਹੈ। ਗੁਰਸਿੱਖ ਪਿਆਰੇ ਇਸ ਨੂੰ ‘‘ਭਾਣੈ ਆਵੈ ਜਾਇ ’’ (ਮਹਲਾ /੪੭੨) ਮਹਾਂ ਵਾਕ ਅਨੁਸਾਰ ਖਿੜੇ ਮੱਥੇ ਪ੍ਰਵਾਨ ਕਰਕੇ ਜੀਵਨ ਜਿਊਂਦੇ ਹਨ। ਜਿੱਥੇ ਸੱਚ ਤੋਂ ਮੁਨਕਰ ਮਨੁੱਖ ਕੇਵਲ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ’’ (ਮਹਲਾ /੧੨੫੪) ਦੀ ਆਪਹੁਦਰੀ ਜ਼ਿੰਦਗੀ ਜਿਊਂਦਾ ਹੈ। ਉੱਥੇ ਗੁਰਸਿੱਖ ‘‘ਸਭਨਾ ਮਰਣਾ ਆਇਆ; ਵੇਛੋੜਾ ਸਭਨਾਹ ’’ (ਮਹਲਾ /੫੯੫) ਦੀ ਸਚਾਈ ਹਮੇਸ਼ਾਂ ਕਬੂਲ ਕਰਦਾ ਹੈ। ਗੁਰਮਤਿ ਨੇ ਮਨੁੱਖ ਨੂੰ ਹਮੇਸ਼ਾਂ ਸਵੈ ਪੜਚੋਲ ਕਰਨ ਦੀ ਪ੍ਰੇਰਨਾ ਕੀਤੀ ਹੈ ਤਾਂ ਜੋ ਹਰ ਰੋਜ਼ ਮਨੁੱਖ ਪੜਚੋਲ ਕਰਦਾ ਰਹੇ ‘‘ ਸਰੀਰਾ ਮੇਰਿਆ  ! ਇਸੁ ਜਗ ਮਹਿ ਆਇ ਕੈ; ਕਿਆ ਤੁਧੁ ਕਰਮ ਕਮਾਇਆ  ?  ਕਿ ਕਰਮ ਕਮਾਇਆ ਤੁਧੁ ਸਰੀਰਾ  ! ਜਾ ਤੂ ਜਗ ਮਹਿ ਆਇਆ ’’ (ਅਨੰਦ/ਮਹਲਾ /੯੨੨) ਮਨੁੱਖਾ ਜੀਵਨ ਪ੍ਰਾਪਤ ਕਰਨ ਉਪਰੰਤ ਵੀ ਮਹੱਤਵ ਕੇਵਲ ਚੰਗੀ ਕਰਣੀ ਜਾਂ ਉੱਚੇ ਕਰਮ ਦਾ ਹੀ ਹੁੰਦਾ ਹੈ। ਮਨੁੱਖਤਾ ਦੀ ਸੇਵਾ ਤੇ ਗੁਰਮਤਿ ਨੂੰ ਜੀਵਨ ਵਿੱਚ ਹੰਢਾਣਾ, ਹੀ ਅਸਲ ਪ੍ਰਾਪਤੀ ਹੈ। ਗੁਰਸਿੱਖ ਸਮਾਜ ਸੰਸਾਰ ਜਾਂ ਪਰਿਵਾਰ ਤੋਂ ਭਗੌੜੇ ਹੋ ਕੇ ਪਾਖੰਡਵਾਦ ਤੇ ਸਮਾਂ ਅਜਾਈਂ ਨਹੀਂ ਗਵਾਉਂਦਾ ਸਗੋਂ ਕਿਰਤ ਕਰਦਿਆਂ ਨਾਮ ਜਪਦਾ ਹੈ ਅਤੇ ਕਿਰਤ ਨੂੰ ਲੋੜਵੰਦਾਂ ਨਾਲ ਵੰਡ ਛੱਕਦਾ ਹੈ। ਜਿੱਥੇ ਗੁਰਸਿੱਖ ਆਪ ਸੁਰਖਰੂ ਜ਼ਿੰਦਗੀ ਰਾਹੀਂ ਗੁਰ ਚਰਨਾਂ ਦਾ ਪਿਆਰ ਪ੍ਰਾਪਤ ਕਰਦੇ ਹਨ, ਉੱਥੇ ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ   ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ’’ (ਬਾਬਾ ਫਰੀਦ/੧੩੮੨) ਬਚਨਾਂ ਦੀ ਜੀਵਨ ਜੁਗਤੀ ਰਾਹੀਂ ਇੱਕ ਚੁੰਬਕੀ ਸ਼ਖ਼ਸੀਅਤ ਦੇ ਮਾਲਕ ਬਣ ਜਾਂਦੇ ਹਨ ‘‘ਜੋ ਹਰਿ ਕਾ ਪਿਆਰਾ; ਸੋ ਸਭਨਾ ਕਾ ਪਿਆਰਾ.. ’’ (ਮਹਲਾ /੫੫੫) ਦੀ ਪਦਵੀ ਹਾਸਲ ਕਰ ਲੈਂਦੇ ਹਨ। ਗੂਰੂ ਸਬਦ ਵੀਚਾਰ ਹੀ ਹਰ ਮਨੁੱਖ ਮਾਤਰ ਲਈ ਜੀਵਨ ਪਵਿੱਤ੍ਰਤਾ ਦਾ ਸਾਧਨ ਹੈ।

 ਸਨਮਾਨਯੋਗ ਵੀਰ ਸ. ਜਸਪਾਲ ਸਿੰਘ ਜੀ ਮੁੰਬਈ ਵਾਲੇ, ਜਿਨ੍ਹਾਂ ਨੇ ਸਾਰੀ ਉਮਰ ਜਿੱਥੇ ਦੁਨਿਆਵੀ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ ਓਥੇ ਕੌਮੀ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਸਮਝਦਿਆਂ ਆਪਣੀ ਜ਼ਿੰਦਗੀ ਦੇ ਅੰਤਮ ਸੁਆਸ ਤੱਕ ਧਰਮ ਲਈ ਦਿੱਤੇ। ਆਪਣਾ ਸਮੁੱਚਾ ਜੀਵਨ ਗੁਰਮਤਿ ਪ੍ਰਚਾਰ ਦੇ ਲੇਖੇ ਲਾਇਆ। ਵੱਡੀਆਂ ਵੱਡੀਆਂ ਪੰਥਕ ਸੰਸਥਾਵਾਂ ਅਰਬਾਂ ਕਰੋੜਾਂ ਰੁਪਇਆ ਖ਼ਰਚ ਕੇ ਵੀ ਉਹ ਕਾਰਜ ਨਾ ਕਰ ਸਕੀਆਂ, ਜੋ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਰ ਵਿਖਾਏ। ਗੁਰਮਤਿ ਕਲਾਸਾਂ ਰਾਹੀਂ ਹਜ਼ਾਰਾ ਬੱਚੇ ਬੱਚੀਆਂ, ਵੀਰ ਭੈਣਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਆਪ ਜੀ ਹਮੇਸ਼ਾਂ ਕੌਮੀ ਭਵਿੱਖ ਲਈ ਚਿੰਤਾਤੁਰ ਰਹਿੰਦੇ ਸਨ। ਆਪਣੀ ਕੌਮੀ ਵਿਰਾਸਤ (ਪੀੜੀ) ਨੂੰ ਸੰਭਾਲਣ ਲਈ ਜਗ੍ਹਾ ਜਗ੍ਹਾ ਗੁਰਮਤਿ ਕੈਂਪ, ਗੁਰਮਤਿ ਲਿਟਰੇਚਰ ਦੀਆਂ ਸਟਾਲਾਂ ਲਗਾ ‘‘ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ ਗੁਰਮੁਖਿ ਨਾਮੁ ਧਿਆਇਆ ’’ (ਮਹਲਾ /੭੯) ਬਚਨਾਂ ਅਨੁਸਾਰ ਪੂਰਨੇ ਪਾਏ। ਆਪ ਜੀ ਜਿੱਥੇ ਵੱਖ ਵੱਖ ਸੰਸਥਾਵਾਂ ਦੇ ਮੁੱਢਲੇ ਮੈਂਬਰ ਬਣ ਸੇਵਾ ਨਿਭਾਉਂਦੇ ਰਹੇ, ਉੱਥੇ ਉਹ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ਼ ਚੌਂਤਾ ਕਲਾਂ ਦੇ ਫਾਉਂਡਰ ਮੈਂਬਰ ਸਮੇਤ ਪੰਚਾਇਤ ਮੈਂਬਰ ਵੀ ਸਨ, ਜੋ ਹਮੇਸ਼ਾਂ ਨਿੱਗਰ ਤੇ ਚੰਗੀ ਸੋਚ ਵਿਉਂਤਬੰਦੀ ਬਣਾ ਕਾਲਜ ਨੂੰ ਹਮੇਸ਼ਾਂ ਅੱਗੇ ਵਧਦਾ ਵੇਖਣਾ ਲੋਚਦੇ ਸਨ। ਆਪ ਜੀ ਆਪਣੀ ਚੁੰਬਕੀ ਸ਼ਖ਼ਸੀਅਤ ਨਾਲ ਹਰ ਇੱਕ ਨੂੰ ਆਪਣਾ ਬਣਾ ਲੈਣ ਦੇ ਸਮਰੱਥ ਸਨ। ਆਪ ਜੀ ਦੇ ਪਰਿਵਾਰ ਨੇ ਹਮੇਸ਼ਾਂ ਆਪ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ।  ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਯੋਗਦਾਨ ਪਾਇਆ। ਗੁਰ ਸ਼ਬਦ ਦੁਆਰਾ ਤਰਾਸ਼ਿਆ ਹੀਰਾ, ਅੱਜ ਸਾਥੋਂ ਸਰੀਰਕ ਤੌਰ ’ਤੇ ਵਿਛੜ ਚੁੱਕਾ ਹੈ, ਪਰ ਉਹ ਆਪਣੀ ਕਰਣੀ ਦੇ ਪਾਏ ਪੂਰਨਿਆਂ ਕਰਕੇ ਹਮੇਸ਼ਾਂ ਅਮਰ ਹੋ ਗਏ ਹਨ।

ਇਸੇ ਤਰ੍ਹਾਂ ਹੀ ਸਨਮਾਨਯੋਗ ਸ. ਹਰਭਜਨ ਸਿੰਘ ਜੀ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲੇ, ਜੋ ਪਿੱਛਲੇ ਦਿਨੀਂ ਛੋਟੀ ਜਿਹੀ ਬਿਮਾਰੀ ਉਪਰੰਤ ਕੌਮੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਆਪ ਨੇ ਗੁਰਮਤਿ ਕਲਾਸਾਂ, ਵਖਿਆਨਾ ਤੇ ਖ਼ਾਸ ਕਰ ਗੁਰਮਤਿ ਲਿਟਰੇਚਰ, ਜੋ ਲਗਭਗ 400 ਤੋਂ ਉੱਪਰ ਪ੍ਰਕਾਸ਼ਨਾਵਾਂ ਹਨ, ਪੰਥ ਦੀ ਝੋਲ਼ੀ ’ਚ ਪਾ ਗਏ। ਸਾਡੀਆਂ ਸ਼੍ਰੋਮਣੀ ਸੰਸਥਾਵਾਂ ਕਰੋੜਾਂ ਰੁਪਏ ਖ਼ਰਚ ਕੇ ਵੀ ਐਨਾ ਵਿਸ਼ਾਲ ਗਿਆਨ ਭੰਡਾਰ ਪੈਦਾ ਨਹੀਂ ਕਰ ਸਕੀਆਂ, ਜਿੰਨਾ ਪ੍ਰਿੰਸੀਪਲ ਸਾਹਿਬ ਆਪਣਾ ਯੋਗਦਾਨ ਪਾ ਗਏ ਹਨ। ਭਾਵੇਂ ਪ੍ਰਿਸੀਪਲ ਸਾਹਿਬ ਜੀ ਦੇ ਅੱਖਾਂ ਸਾਮ੍ਹਣੇ ਪੁੱਤਰ ਦਾ ਅਸਹਿ ਵਿਚੋੜਾ ਹੋਵੇ ਜਾਂ ਸਰੀਰਕ ਬਿਮਾਰੀ, ਆਪ ਨੇ ਕਦੇ ਵੀ ਇਨ੍ਹਾਂ ਕਸ਼ਟਾਂ ਨੂੰ ਗੁਰਮਤਿ ਪ੍ਰਚਾਰ ਦੇ ਮਾਰਗ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਸਗੋਂ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ ’’ (ਮਹਲਾ /੧੦੯੬) ਮੁਤਾਬਕ ਗੁਰਮਤਿ ਟੀਚਾ ਲੈ ਕੇ ਅੱਗੇ ਵਧਦੇ ਗਏ। ਉਹ ਵੀ ਅੱਜ ਸਾਥੋਂ ਸਦੀਵੀ ਵਿਛੋੜਾ ਗਏ ਹਨ, ਪਰ ਕੀਤੇ ਮਹਾਨ ਕਾਰਜਾਂ ਦੀ ਸੇਵਾ ਕਾਰਨ ਅਸੀਂ ਸਾਰੇ ਉਨ੍ਹਾਂ ਦੇ ਰਿਣੀ ਰਹਾਂਗੇ। ਉਹ ਹਮੇਸ਼ਾਂ ਕੌਮ ਵਿੱਚ ਯਾਦ ਰੱਖੇ ਜਾਣਗੇ। ਹੁਣ ਬਤੌਰ ਚੇਅਰਮੈਨ ਜੀ ਦੀ ਸੇਵਾ ਭਾਈ ਹਰਜੀਤ ਸਿੰਘ ਜੀ ਜਲੰਧਰ ਵਾਲਿਆਂ ਨੂੰ ਪੰਥ ਦਰਦੀਆਂ ਨੇ ਸੌਂਪੀ ਹੈ। ਅਰਦਾਸ ਕਰਦੇ ਹਾਂ ਵਾਹਿਗੁਰੂ ਅੰਗ ਸੰਗ ਸਹਾਈ ਹੋ ਕੇ ਆਪਣੇ ਇਸ ਸੇਵਕ ਪਾਸੋਂ ਵੀ ਵੈਸੀ ਹੀ ਸੇਵਾ ਲੈ ਕੇ ਧਰਮ ਪ੍ਰਚਾਰ ਅਤੇ ਹੋਰ ਸਾਹਿਤਕ ਕਾਰਜਾਂ ਨੂੰ ਸਦਾ ਚੜਦੀਕਲਾ ਬਖ਼ਸ਼ਣਗੇ।

   ਤੀਜੀ ਸ਼ਖ਼ਸੀਅਤ, ਜੋ ਪੰਥਕ ਦਰਦ ਨੂੰ ਹਮੇਸ਼ਾਂ ਆਪਣੇ ਅੰਦਰ ਮਹਿਸੂਸ ਕਰਦੀ ਅਤੇ ਮਨੁੱਖਤਾ ਦੀ ਸੇਵਾ ਲਈ ਸਦਾ ਤਤਪਰ ਰਹਿੰਦੀ ਸੀ, ਮੇਰੀ ਮੁਰਾਦ ਸ. ਤਰਸੇਮ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੈ, ਸਾਨੂੰ ਸਦੀਵੀ ਵਿਛੋੜਾ ਦੇ ਗਈ ਹੈ। ਜਦੋਂ ਦੋ ਸਾਲ ਪਹਿਲਾਂ ਰੋਪੜ ਇਲਾਕੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਤਾਂ ਦਿੱਲੀ ਤੋਂ ਆਪਣੀ ਟੀਮ ਲੈ ਕੇ ਭਾਈ ਸਾਹਿਬ ਪੁੱਜੇ ਸਨ। ਖਾਣਾ, ਦਾਲ਼ਾਂ, ਬਸਤਰ ਤੇ ਹੋਰ ਲੋੜੀਂਦਾ ਸਮਾਨ ਕਾਲਜ ਮੈਂਬਰਾਂ ਨੂੰ ਨਾਲ ਲੈ ਕੇ ਘਰ ਘਰ ਪਹੁੰਚਾਇਆ। ਮੈਂ ਤਾਂ ਸਮਝਦਾ ਹਾਂ ਕਿ ਆਪ ਜੀ ਸੁੱਤਿਆਂ ਨੂੰ ਜਗਾਉਣ ਵਾਲੇ ਸਨ। ਆਪ ਜੀ ਨੇ ਸਾਰਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ। ਕੁੱਝ ਮਹੀਨੇ ਪਹਿਲਾਂ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ, ਜਿੱਥੇ ਉਹ ਕਾਲਜ ਦੇ 1980 ਦੇ ਦਹਾਕਿਆਂ ਤੋਂ ਮੁੱਢਲੇ ਮੈਂਬਰਾਂ ਵਿੱਚੋਂ ਸਨ, ਉੱਥੇ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਸਨ। ਕੌਮ ਸਦਾ ਉਨ੍ਹਾਂ ਨੂੰ ਪੰਥ ਦਰਦੀ ਦੇ ਰੂਪ ਵਿੱਚ ਯਾਦ ਕਰਦੀ ਰਹੇਗੀ।

   ਚੌਥੀ ਪੰਥਕ ਸ਼ਖ਼ਸੀਅਤ ਸਾਥੋਂ ਵਿਛੜੀ ਹੈ ‘ਸ. ਜਰਨੈਲ ਸਿੰਘ ਜੀ ਪੱਤਰਕਾਰ ਦਿੱਲੀ’, ਜੋ ਕਿੱਤੇ ਪੱਖੋਂ ਮਹਾਨ ਪੱਤਰਕਾਰ ਸਨ, ਜਿਨ੍ਹਾਂ ਅੰਦਰ ਕੌਮੀ ਤੇ ਮਨੁੱਖੀ ਦਰਦ ਸਮੋਇਆ ਹੋਇਆ ਸੀ। ਜਦੋਂ ਕਾਂਗਰਸੀ ਨੇਤਾ ਚਿਦੰਬਰਮ ਨੇ ਲੈਕਚਰ ਕਰਦਿਆਂ ਇਹ ਕਿਹਾ ਕਿ ਸਿੱਖਾਂ ਨੂੰ 1984 ਦਾ ਘੱਲੂਘਾਰਾ ਭੁੱਲ ਜਾਣਾ ਚਾਹੀਦਾ ਹੈ ਤਾਂ ਆਪ ਜੀ ਨੇ ਰੋਸ ਵਜੋਂ ਆਪਣਾ ਜੋੜਾ ਉਤਾਰ ਕੇ ਉਸ ਵੱਲ ਵਗ੍ਹਾ ਕੇ ਮਾਰਿਆ, ਜਿਸ ਦੀ ਚਰਚਾ ਅੰਤਰਰਾਸ਼ਟਰੀ ਪੱਧਰ ’ਤੇ ਹੋਈ। ਆਪ ਜੀ ਨੂੰ ਜੇਲ੍ਹ ਦਾ ਸੰਕਟ ਵੀ ਹੰਢਾਉਣਾ ਪਿਆ। ਆਪ ਜੀ ‘ਆਮ ਆਦਮੀ ਪਾਰਟੀ’ ਵੱਲੋਂ ਐਮ. ਐਲ. ਏ. ਵੀ ਚੁਣੇ ਗਏ। ਆਪ ਜੀ ਜਦੋਂ ਵੀ ਸੰਸਦ ਵਿੱਚ ਬੋਲਦੇ ਨਿਧੱੜਕ ਹੋ ਕੇ ‘‘ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩) ਦੇ ਪੂਰਨਿਆਂ ’ਤੇ ਪਹਿਰਾ ਦਿੰਦੇ। ਇਉਂ ਸਾਡੇ ਲਈ ਸੱਚ ਕਹਿਣ ਵਾਲੇ ਇੱਕ ਪ੍ਰੇਰਨਾ ਸ੍ਰੋਤ ਬਣੇ। ਕੌਮ ਇਨ੍ਹਾਂ ਗੁਰੂ ਪਿਆਰਿਆਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਭਵਿੱਖ ਨੂੰ ਉਜਲਾ ਕਰ ਇਨਾਂ ਦੀ ਅਭੁਲ ਯਾਦ ਹਮੇਸਾਂ ਆਪਣੇ ਹਿਰਦੇ ਵਿੱਚ ਸਮੋ ਕੇ ਰੱਖੇਗੀ।

ਪਿੱਛਲੇ ਸਾਲ ਵੀ ਗੁਰਮਤਿ ਪ੍ਰਚਾਰ ਦੀਆਂ ਬੜੀਆਂ ਪਵਿੱਤਰ ਰੂਹਾਂ ਸੰਸਾਰ ਨੂੰ ਅਲਵਿਦਾ ਕਹਿ ਗਈਆਂ, ਜਿਹਨਾਂ ਵਿੱਚੋਂ ਸਤਿਕਾਰਯੋਗ ਗਿ. ਸੁਰਜੀਤ ਸਿੰਘ ਜੀ ਦਿੱਲੀ ਵਾਲੇ, ਜੋ ਆਪਣੇ ਆਪ ਵਿੱਚ ਇੱਕ ਸੰਸਥਾ ਹੀ ਸਨ। ਆਪ ਮਿਸ਼ਨਰੀ ਲਹਿਰ ਦੇ ਮੋਢੀਆਂ ਵਿੱਚੋਂ ਸਨ। ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਮਤਿ ਸੰਬੰਧੀ ਲੇਖ ਲਿਖੇ ਤੇ ਕਿਤਾਬਚੇ ਛਪਵਾ ਕੇ ਵੰਡੇ, ਜਿਨ੍ਹਾਂ ਨੇ ਆਪਣੇ ਆਖਰੀ ਦਿਨ ਵੀ ਭਗਤ ਬਾਣੀ ਦੀ ਕਲਾਸ ਲੈ ਕੇ ਹੀ ਅੰਤਿਮ ਸਾਹ ਲਏ। ਮਿਸ਼ਨਰੀ ਪਰਿਵਾਰ ਉਨ੍ਹਾਂ ਦੀ ਦੇਣ ਨੂੰ ਕਦੇ ਨਹੀਂ ਭੁਲਾ ਸਕਦਾ। ਇਸੇ ਤਰ੍ਹਾਂ ਭਾਈ ਚੰਨਣ ਸਿੰਘ ਜੀ ਟਾਂਡਾ ਸਰਕਲ ਦੇ ਅਣਥੱਕ ਸੇਵਕ ਸਨ, ਜੋ ਮੋਢੀ ਸਿਰੜੀ ਮਿਸ਼ਨਰੀਆਂ ਵਿੱਚੋਂ ਇੱਕ ਸਨ। ਲਿਟਰੇਚਰ ਵੰਡਣ, ਵੱਖ-ਵੱਖ ਥਾਵਾਂ ’ਤੇ ਪਹੁੰਚਾਣ, ਗੁਰਮਤਿ ਸਮਾਗਮਾਂ ਤੇ ਸੇਵਾ ਸੰਭਾਲ, ਮਿਸ਼ਨਰੀ ਸੇਧਾਂ ਦੀ ਬੁਕਿੰਗ ਆਦਿ ਕਈ ਇਹੋ ਜਿਹੇ ਕਾਰਜ ਹਨ, ਜਿਨ੍ਹਾਂ ਨੂੰ ਨਿਭਾਉਂਦਿਆਂ ਸ. ਚੰਨਣ ਸਿੰਘ ਜੀ ਨੂੰ ਚਾਅ ਚੜ੍ਹਦਾ ਸੀ। ਇਹੋ ਜਿਹੇ ਵਿਰਲੇ ਹੀ ਫੀਲਡ ਵਰਕਰ ਹੁੰਦੇ ਹਨ। ਆਪ ਵੀ ਕਾਲਜ ਦੇ ਮੋਢੀਆਂ ਵਿੱਚੋਂ ਇੱਕ ਸਨ।

ਇਸੇ ਲੜੀ ਵਿੱਚ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਸਿਧਾਂਤ ਦੇ ਉਪਾਸ਼ਕ ‘‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ’’ (ਮਹਲਾ /੬੪੬) ਨੂੰ ਸਮਰਪਿਤ ਹਸਤੀ ਦਾ ਨਾਂ ਸੀ ਸ. ਸੁਖਦੇਵ ਸਿੰਘ ਬਠਿੰਡਾ। ਸ. ਸੁਖਦੇਵ ਸਿੰਘ ਜੀ ਕਾਲਜ ਦੀ ਸਥਾਪਨਾ ਵੇਲੇ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ ਸਨ। ਆਪ ਜੀ ਸੁਆਸ ਸੁਆਸ ਗੁਰੂ ਗਰੰਥ ਅਤੇ ਪੰਥ ਨੂੰ ਸਮਰਪਿਤ ਸਨ। ਦੂਰ ਅੰਦੇਸ਼ੀ ਅਤੇ ਤਜਰਬਾ ਵਿਸ਼ਾਲ ਹੋਣ ਕਾਰਨ ਆਪ ਮੁੱਖ ਸਲਾਹਕਾਰ ਵੀ ਰਹੇ। ਉਲਝੇ ਮਸਲੇ ਸੁਲਝਾਉਣ ਵਿੱਚ ਆਪ ਨੂੰ ਦੇਰੀ ਨਹੀਂ ਲੱਗਦੀ ਸੀ। ਉਨ੍ਹਾਂ ਦੀ ਮਿੱਠੀ, ਨਿਮਰ ਪਰ ਰੋਹਬਦਾਰ ਸ਼ਖ਼ਸੀਅਤ ਸੀ, ਜੋ ਕਈ ਸੰਸਥਾਂਵਾਂ ਨਾਲ ਜੁੜ ਕੇ ਪੰਥਕ ਸੇਵਾਵਾਂ ਲਈ ਤੱਤਪਰ ਰਹਿੰਦੇ ਸਨ।

ਇਸੇ ਤਰ੍ਹਾਂ ਗਿ. ਜਗਜੀਤ ਸਿੰਘ ਜੀ ਸਿਦਕੀ ਦੀ ਪਿਆਰੀ ਸਪੁੱਤਰੀ ਭੈਣ ਮਨਰਾਜ ਕੌਰ ਜੀ ਸਨ, ਜੋ ਬੜੀ ਮਿੱਠ ਬੋਲੜੀ, ਚੜ੍ਹਦੀ ਕਲਾ ਵਿੱਚ ਰਹਿਣ ਵਾਲੀ, ਦਿਲੋਂ ਗੁਰਮਤਿ ਸਮਝਣ ਤੇ ਸਮਝਾਉਣ ਵਾਲੀ, ਬੱਚਿਆਂ ਨਾਲ ਬੱਚਾ ਬਣ ਗੁਰਮਤਿ ਦੀ ਗੁੜ੍ਹਤੀ ਦੇਣ ਵਾਲੀ, ਜੋਸ਼ੀਲੀ ਵਕਤਾ ਤੇ ਨੇਕ ਦਿਲ ਸ਼ਖ਼ਸੀਅਤ ਸੀ। ਆਪ ਵੀ ਕੈਂਸਰ ਦਾ ਖ਼ੁਸ਼ੀ ਖ਼ੁਸੀ ਜੂਝਦਿਆਂ ਹੋਇਆਂ ਆਪਣੇ ਕੀਮਤੀ ਸਾਹ ਸਫਲ ਕਰ ਸਾਨੂੰ ਅਲਵਿਦਾ ਕਹਿ ਗਏ।

ਇਹੋ ਜਿਹੀਆਂ ਗੁਰਸਿੱਖ ਆਤਮਾਵਾਂ ਦਾ ਜ਼ਿਕਰ ਹੀ ਭਾਈ ਗੁਰਦਾਸ ਜੀ ਕਰਦੇ ਹਨ। ਉਨ੍ਹਾਂ ਦੀ ਰਚਨਾ ਸਭ ਨਾਲ ਸਾਂਝੀ ਕਰਨੀ ਚਾਹਾਂਗਾ ਤਾਂ ਕਿ ਅੱਗੋਂ ਵੀ ਕੌਮ ਅੰਦਰ ਵੀਰ ਜਸਪਾਲ ਸਿੰਘ ਜੀ ਮੰਬਈ, ਸ. ਹਰਭਜਨ ਸਿੰਘ ਜੀ ਪ੍ਰਿਸੀਪਲ, ਸ. ਤਰਸੇਮ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਕਮੇਟੀ ਅਤੇ ਸ. ਜਰਨੈਲ ਸਿੰਘ ਜੀ ਪੱਤਰਕਾਰ ਆਦਿ ਮਹਾਨ ਸ਼ਖ਼ਸੀਅਤਾਂ ਕੌਮ ਵਿੱਚ ਸਦਾ ਪੈਦਾ ਹੁੰਦੀਆਂ ਰਹਿਣ ‘‘ਸਤਿਗੁਰ ਸਰਣੀ ਜਾਇ; ਸੀਸੁ ਨਿਵਾਇਆ ਗੁਰ ਚਰਣੀ ਚਿਤੁ ਲਾਇ; ਮਥਾ ਲਾਇਆ ਗੁਰਮਤਿ ਰਿਦੈ ਵਸਾਇ; ਆਪੁ ਗਵਾਇਆ ਗੁਰਮੁਖਿ ਸਹਜਿ ਸੁਭਾਇ; ਭਾਣਾ ਭਾਇਆ ਸਬਦ ਸੁਰਤਿ ਲਿਵ ਲਾਇ; ਹੁਕਮੁ ਕਮਾਇਆ ਸਾਧ ਸੰਗਤਿ ਭੈ ਭਾਇ; ਨਿਜ ਘਰਿ ਪਾਇਆ ਚਰਨ ਕਵਲ ਪਤੀਆਇ; ਭਵਰੁ ਲੁਭਾਇਆ ਸੁਖ ਸੰਪਟ ਪਰਚਾਇ; ਅਪਿਓ ਪੀਆਇਆ ਧੰਨ ਜਣੇਦੀ ਮਾਇ; ਸਹਿਲਾ ਆਇਆ ੨੦ (ਭਾਈ ਗੁਰਦਾਸ ਜੀ/ਵਾਰ ਪਉੜੀ ੨੦)

 ਸੱਚ-ਮੁੱਚ ਹੀ ਅਜਿਹੇ ਗੁਰੂ ਪਿਆਰੇ ਜਿੱਥੇ ਆਪਿ ਜਪੈ’’ ਬਚਨਾਂ ਰਾਹੀਂ ਆਪ ਸੁਰਖ਼ਰੂ ਹੋ ਨਿਬੜੇ ਹਨ, ਉੱਥੇ ‘‘ਅਵਰਹ ਨਾਮੁ ਜਪਾਵੈ.. ’’ (ਮਹਲਾ /੧੨੦੬) ਬਚਨਾਂ ਵਾਲੇ ਅਮੋਲਕ ਫ਼ਰਜ਼ ਵੀ ਨਿਭਾ ਗਏ ਹਨ। ਅਰਦਾਸ ਹੈ ਪਰਮਾਤਮਾ ਇਨ੍ਹਾਂ ਮਰਜੀਵੜਿਆਂ ਦੀ ਸੇਵਾ ਥਾਂਇ ਕਬੂਲ ਕਰਨ ਅਤੇ ਸਾਨੂੰ ਸਾਰਿਆਂ, ਪਰਿਵਾਰਕ ਰਿਸ਼ਤੇਦਾਰਾਂ, ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਅਖੀਰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਸਰੀਰ ਵਿਛੋੜੇ ਦੇ ਪਲਾਂ ਨੂੰ ਮਹਿਸੂਸ ਕਰਦਿਆਂ ਭਾਈ ਵੀਰ ਸਿੰਘ ਜੀ ਦੇ ਬਚਨਾਂ ਨਾਲ ਆਪਣੀ ਵਿਚਾਰ ਨੂੰ ਸਮਾਪਤ ਕਰਦਾ ਹਾਂ ਮੀਂਹ ਪੈ ਹਟਿਆਂ ਤਾਰ ਨਾਲ, ਇਕ ਤੁਪਕਾ ਸੀ ਲਟਕੰਦਾ ਡਿਗਦਾ ਜਾਪੇ ਪਰ ਡਿਗੇ, ਪੁਛਿਆਂ ਰੋਇ ਸੁਣੰਦਾ ਅਰਸ਼ੋਂ ਅਸੀਂ ਲੱਖਾਂ ਹੀ ਸਾਥੀ, ਇਕੱਠੇ ਹੋ ਸਾਂ ਆਏ ਕਿਤ ਵਲ ਯਾਰ ਲੋਪ ਉਹ ਹੋ ਗਏ, ਨੀਝ ਲਾ ਮੈਂ ਤਕੰਦਾ’ (ਭਾਈ ਵੀਰ ਸਿੰਘ ਜੀ)

ਗੁਰਦੁਆਰਿਆਂ ਦਾ ਅਸਲ ਅਰਥ ਸਮਝਣ ਅਤੇ ਸਮਝਾਉਣ ਦੀ ਲੋੜ

0

ਗੁਰਦੁਆਰਿਆਂ ਦਾ ਅਸਲ ਅਰਥ ਸਮਝਣ ਅਤੇ ਸਮਝਾਉਣ ਦੀ ਲੋੜ

ਭਾਈ ਜਸਵੀਰ ਸਿੰਘ ਚਾਕਰ (ਮੰਡੀ ਗੋਬਿੰਦਗੜ)-96468-00131

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੋਰਠਿ ਰਾਗ ਅੰਦਰ ਪਾਵਨ ਬਚਨ ਹੈ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ   ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ’’ (ਮਹਲਾ /੬੩੩) ਭਾਵ ਜੋ ਮਨੁੱਖ ਸਰੀਰਕ ਦੁੱਖਾਂ ਵਿੱਚ ਦੁੱਖੀ ਨਹੀਂ ਰਹਿੰਦਾ। ਜਿਸ ਦੇ ਹਿਰਦੇ ਵਿੱਚ ਸੁੱਖਾਂ ਦੀ ਕਾਮਨਾ ਤੇ ਡਰ ਨਹੀਂ ਅਤੇ ਸੋਨੇ ਅਤੇ ਮਿੱਟੀ ਨੂੰ ਬਰਾਬਰ ਸਮਝਦਾ ਹੈ (ਭਾਵ ਅਮੀਰੀ ਗ਼ਰੀਬੀ ਦੇ ਹਾਲਾਤਾਂ ਵਿੱਚ ਰਜ਼ਾ ਮੰਨਦਾ ਹੋਇਆ ਇੱਕੋ ਜਿਹਾ ਖ਼ੁਸ਼ ਰਹਿੰਦਾ ਹੈ, ਓਹੀ ਰੱਬ ’ਚ ਲੀਨ ਹੋ ਸਕਦਾ ਹੈ। ਗੁਰੂ ਵਰਗਾ ਬਣ ਸਕਦਾ ਹੈ)।

ਇਸ ਪੂਰੇ ਸ਼ਬਦ ਅੰਦਰ ਮਨੁੱਖੀ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਜਾਂ ਬ੍ਰਹਮ ਵਿੱਚ ਪਾਣੀ ਦੀ ਤਰ੍ਹਾਂ ਲੀਨ ਹੋਣ ਲਈ ਗੁਰੂ ਤੇਗ਼ ਬਹਾਦਰ ਜੀ ਨੇ ਸੰਸਾਰਕ ਲਾਲਸਾਵਾਂ ਅਤੇ ਪੀੜਾ ਤੋਂ ਉੱਪਰ ਉੱਠਣ ਦੇ ਕਈ ਸੰਕੇਤ ਦਿੱਤੇ ਹਨ। ਜੋ ਵੀ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰੇਗਾ ਉਹੀ ਗੁਰ ਕਿਰਪਾ ਦਾ ਪਾਤਰ ਬਣ ਕੇ ‘‘ਨਾਨਕ ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ’’ (ਮਹਲਾ /੬੩੩) ਵਾਲੀ ਅਵਸਥਾ ਪ੍ਰਾਪਤ ਕਰਦਾ ਹੈ। ਇਨ੍ਹਾਂ ਸੰਕੇਤਾਂ ’ਚੋ ਇੱਕ ਹੈ ਕਿ ਮਨੁੱਖ ‘‘ਕੰਚਨ ਮਾਟੀ ਮਾਨੈ ’’ ਭਾਵ ਸੋਨਾ ਅਤੇ ਮਿੱਟੀ ਨੂੰ ਇੱਕ ਸਮਾਨ ਸਮਝੇ।

ਅਕਾਲ ਪੁਰਖ ਦੇ ਬਣਾਏ ਹੋਏ ਸੰਸਾਰ ਅੰਦਰ ਮਾਇਆ ਦੇ ਅਨੇਕਾਂ ਰੂਪ ਅਤੇ ਕੀਮਤੀ ਪਦਾਰਥ ਹਨ, ਜਿਨ੍ਹਾਂ ’ਚੋਂ ਮਾਇਆ ਦਾ ਹੀ ਇੱਕ ਰੂਪ ਹੈ ‘ਧਾਤ ਸੋਨਾ’। ਗੁਰਬਾਣੀ ਅੰਦਰ ਇਸ ਨੂੰ ‘ਸੋਨ, ਸੁਇਨਾ, ਸੁਵਰਨ, ਕੰਚਨ, ਕਨਿਕ’ ਆਦਿ ਵੀ ਕਿਹਾ ਹੈ। ਮਨੁੱਖੀ ਸੋਚ ਹਰ ਕੀਮਤੀ ਵਸਤੂ ਤੋਂ ਸੁਭਾਵਕ ਹੀ ਪ੍ਰਭਾਵਤ ਹੋ ਜਾਂਦੀ ਹੈ। ਜਦੋਂ ਮਨੁੱਖ ਨੇ ਹੋਸ਼ ਸੰਭਾਲੀ ਤਾਂ ਇਸ ਨੇ ਹਰ ਕੀਮਤੀ ਵਸਤੂ ’ਤੇ ਆਪਣਾ ਅਧਿਕਾਰ ਜਮਾਉਣਾ ਚਾਹਿਆ। ਫਿਰ ਚਾਹੇ ਉਹ ਜਮੀਨ ਹੋਵੇ, ਪਾਣੀ ਹੋਵੇ, ਖ਼ਜ਼ਾਨਾ ਹੋਵੇ, ਪੈਸਾ ਜਾਂ ਹੋਰ ਕੋਈ ਕੀਮਤੀ ਸ਼ੈਅ ਹੋਵੇ। ਗੁਰੂ ਸਾਹਿਬ ਜੀ ਮਨੁੱਖ ਦੀ ਇਸ ਕਮਜੋਰੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਮਾਇਆਵੀ ਪਦਾਰਥਾਂ ਦਾ ਮੋਹ ਹੌਲ਼ੀ ਹੌਲ਼ੀ ਲੜਾਈ ਝਗੜੇ ਜਾਂ ਕਲੇਸ਼ ਦਾ ਕਾਰਨ ਬਣਦਾ ਹੈ। ਜਿਉਂ ਜਿਉਂ ਮਨੁੱਖ ਕੋਲ ਦੁਨਿਆਵੀ ਪਦਾਰਥ ਵਧਦੇ ਹਨ, ਤਿਉਂ ਤਿਉਂ ਮਨ ਅੰਦਰ ਉਨ੍ਹਾਂ ਦਾ ਅਹੰਕਾਰ ਵੀ ਵਧਦਾ ਹੈ । ਇਸ ਅਹੰਕਾਰ ਕਾਰਨ ਆਪਣੇ ਮਾਲਕ ਤੋਂ ਦੂਰੀ ਵੀ ਵਧਦੀ ਜਾਂਦੀ ਹੈ। ਧਾਰਮਕ ਸਿੱਖਿਆ ਤੋਂ ਅਣਜਾਣ ਬੰਦੇ ਦੀ ਇਸ ਕਮਜੋਰੀ ਦਾ ਫ਼ਾਇਦਾ ਉਠਾਉਂਦੀ ਹੈ ਧਰਮ ਦੀ ਠੇਕੇਦਾਰ ਬਣੀ ਬੈਠੀ ਚਾਲਾਕ ਤੇ ਸ਼ਾਤਰ ਪੁਜਾਰੀ ਜਮਾਤ, ਜੋ ਸ਼ਰਧਕ ਮਨੁੱਖ ਨੂੰ ਇਸ ਦੇ ਪਾਪਾਂ ਦੀ ਮੈਲ ਧੋਣ, ਨਰਕ ਤੋਂ ਬਚਾਉਣ, ਸਵਰਗ ’ਚ ਲੈ ਜਾਣ, ਰੱਬ ਨਾਲ ਮਿਲਾਪ ਭਾਵ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਭਰੋਸਾ ਦੇ ਦੇ ਕੇ ਇਸ ਕੋਲੋਂ ਮਿਹਨਤ ਨਾਲ ਕਮਾਇਆ ਧਨ, ਦੌਲਤ, ਜਮੀਨ, ਸੋਨਾ, ਚਾਂਦੀ, ਗਹਿਣਾ ਗੱਟਾ ਆਦਿ ਨੂੰ ਲੁੱਟ ਲੈਂਦੀ ਹੈ। ਇਸ ਦਾ ਪਤਾ ਲੁੱਟੇ ਜਾ ਰਹੇ ਬੰਦੇ ਨੂੰ ਵੀ ਨਹੀਂ ਲੱਗਦਾ ਕਿਉਂਕਿ ਇਹ ਸਾਰਾ ਕੁਝ ਧਰਮ ਦੇ ਨਾਂ ’ਤੇ ਹੋ ਰਿਹਾ ਹੁੰਦਾ ਹੈ। ਉਪਰੋਂ ਤ੍ਰਾਸਦੀ ਇਹ ਕਿ ਸਦੀਆਂ ਤੋਂ ਹੁੰਦੀ ਆ ਰਹੀ ਇਹ ਲੁੱਟ ਹੁਣ ਧਰਮ ਦਾ ਹੀ ਅੰਗ ਬਣ ਚੁੱਕੀ ਹੈ। ਮੰਦਿਰਾਂ ’ਚ ਇਕੱਤਰ ਕੀਤਾ ਹਜ਼ਾਰਾਂ ਟਨ ਸੋਨਾ ਇਸ ਦੀ ਮਿਸਾਲ ਹੈ। ਸਦੀਆਂ ਤੋਂ ਸੋਨੇ ਦਾ ਦਾਨ ਸਭ ਤੋਂ ਉੱਪਰ ਮੰਨਿਆ ਗਿਆ ਹੈ, ਇਸ ਲਈ ਗੁਰਬਾਣੀ ਅੰਦਰ ਸੋਨੇ ਚਾਂਦੀ ਨੂੰ ਹੀ ਕੋਈ ਅਹਿਮੀਅਤ ਨਹੀਂ ਦਿੱਤੀ ਗਈ; ਜਿਵੇਂ ਕਿ

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ..

ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ (ਮਹਲਾ /੧੫)

ਕੂੜੁ ਸੁਇਨਾ ਕੂੜੁ ਰੁਪਾ; ਕੂੜੁ ਪੈਨ੍ਣਹਾਰੁ (ਮਹਲਾ /੪੬੮)

ਪਰ ਨਿੰਦਾ ਉਸਤਤਿ ਨਹ ਜਾ ਕੈ; ਕੰਚਨ ਲੋਹ ਸਮਾਨੋ (ਮਹਲਾ /੬੮੫)

ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ (ਮਹਲਾ /੧੪੨੭

ਕੰਚਨ ਸਿਉ ਪਾਈਐ ਨਹੀ ਤੋਲਿ   ਮਨੁ ਦੇ; ਰਾਮੁ ਲੀਆ ਹੈ ਮੋਲਿ (ਭਗਤ ਕਬੀਰ/੩੨੭)

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ ਪੂਜੈ

ਆਤਮ ਜਉ ਨਿਰਮਾਇਲੁ ਕੀਜੈ; ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ਤਊ ਪੂਜੈ (ਭਗਤ ਨਾਮਦੇਵ/੯੭੩)

ਿਨੁ ਹਰਿ ਨਾਮ ਕੋ ਮੁਕਤਿ ਪਾਵੈ; ਬਹੁ ਕੰਚਨੁ ਦੀਜੈ ਕਟਿ ਕਾਟ (ਮਹਲਾ /੯੮੬)

ਲੋਹਾ ਕੰਚਨੁ ਸਮ ਕਰਿ ਜਾਨਹਿ; ਤੇ ਮੂਰਤਿ ਭਗਵਾਨਾ (ਭਗਤ ਕਬੀਰ/੧੧੨੩) ਆਦਿ।

ਹੁਣ ਵਿਚਾਰਨ ਵਾਲਾ ਨੁਕਤਾ ਹੈ ਕਿ ਜਿਸ ਸੋਨੇ ਨੂੰ ਗੁਰਬਾਣੀ ਕੂੜ (ਝੂਠ), ਜ਼ਹਿਰ, ਸੁਆਹ, ਰਸ, ਲੋਹਾ, ਮਿੱਟੀ ਆਦਿਕ ਮੰਨਦੀ ਹੈ ਉਸ ਨੂੰ ਗੁਰੂ ਦੇ ਨਾਂ ਹੇਠ ਗੁਰਦਵਾਰਿਆਂ ਦੀ ਕਾਰ ਸੇਵਾ ਦੇ ਨਾਂ ’ਤੇ ਸੰਗਤ ਕੋਲੋਂ ਇਕੱਠਾ ਕਰ ਗੁੰਬਦਾਂ, ਪਾਲਕੀਆਂ, ਛੱਬਿਆਂ, ਚੌਰ ਸਾਹਿਬ ਆਦਿਕ ’ਤੇ ਲਾਉਣਾ, ਕੀ ਸਹੀ ਹੈ ? ਦੂਸਰੇ ਪਾਸੇ ਸੰਗਤਾਂ, ਜੋ ਸੋਨਾ ਆਦਿ ਦਾਨ ਕਰਦੀਆਂ ਹਨ ਉਨ੍ਹਾਂ ਨੇ ਕਦੇ ‘‘ਕੰਚਨ ਸਿਉ ਪਾਈਐ ਨਹੀ ਤੋਲਿ   ਮਨੁ ਦੇ; ਰਾਮੁ ਲੀਆ ਹੈ ਮੋਲਿ ’’ ਪਾਵਨ ਵਾਕ ਨਹੀਂ ਸੁਣੇ ?

ਬੇਸ਼ੱਕ ਦੁਨਿਆਵੀ ਪੱਖ ਤੋਂ ਸੋਨਾ ਇੱਕ ਮਹਿੰਗੀ ਧਾਤ ਹੈ, ਜਿਸ ਨੂੰ ਅਮੀਰ ਲੋਕ ਜਾਂ ਖ਼ਾਸ ਕਰ ਬੀਬੀਆਂ ਵੱਲੋਂ ਸ਼ਿੰਗਾਰ ਵਜੋਂ ਦਿਖਾਵੇ ਮਾਤਰ ਪਹਿਨਿਆ ਜਾਂਦਾ ਹੈ ਅਤੇ ਕਿਸੇ ਬਿਪਤਾ ਜਾਂ ਔਖ ਵੇਲੇ ਪੈਸਿਆਂ ਲਈ ਵੇਚ ਕੇ ਆਰਥਿਕ ਕੰਮ ਵੀ ਸਾਰਿਆ ਜਾਂਦਾ ਹੈ। ਕਈ ਵਾਰ ਸੋਨੇ ਪਿੱਛੇ ਘਰੇਲੂ ਝਗੜੇ ਵੀ ਹੋ ਜਾਂਦੇ ਹਨ। ਸੋਨੇ ਦੀਆਂ ਲੁੱਟਾਂ ਖੋਹਾਂ, ਚੋਰੀਆਂ ਤਾਂ ਆਮ ਗੱਲਾਂ ਹੋ ਗਈਆਂ ਹਨ। ਵਿਆਹ ਸ਼ਾਦੀਆਂ ਵੇਲੇ ਸੋਨੇ ਦਾ ਲੈਣ ਦੇਣ, ਦਾਜ-ਦਹੇਜ ਵਜੋਂ ਵਰਤਿਆ ਜਾਂਦਾ ਹੈ। ਅਫ਼ਸੋਸ ਇਹ ਸਭ ਕੁਝ ਸਾਡੇ ਇਰਦ-ਗਿਰਦ ਸਿੱਖ ਸਮਾਜ ’ਚ ਵੀ ਹੁੰਦਾ ਪਿਆ ਹੈ।

ਹਿੰਦੋਸਤਾਨ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਸ ਲਾਲਚ ਲਈ ਹੀ 800 ਸਾਲ ਮੁਗਲਾਂ ਨੇ ਰਾਜ ਕੀਤਾ, ਜੋ ਮੰਦਰਾਂ ਦੇ ਪਤਨ ਦਾ ਕਾਰਨ ਬਣਿਆ। ਇੱਥੋਂ ਦੇ ਮੰਦਰਾਂ ਅੰਦਰ ਬੇਸ਼ੁਮਾਰ ਸੋਨਾ ਚਾਂਦੀ ਕੀਮਤੀ ਗਹਿਣੇ ਤੇ ਖ਼ਜ਼ਾਨੇ ਸਨ। ਮੂਰਤੀਆਂ ਸੋਨੇ ਦੀਆਂ ਦਰਵਾਜ਼ੇ ਸੋਨੇ ਦੇ, ਮੰਦਰਾਂ ਦੇ ਗੁੰਬਦ ਸੋਨੇ ਦੇ ਆਦਿ, ਪਰ ਇਸ ਦੀ ਰੱਖਿਆ ਕਰਨ ਵਾਲੇ ਮਰਦ ਸੂਰਮੇ ਪੈਦਾ ਨਾ ਹੋਏ, ਜਿਸ ਕਾਰਨ 712 ਈਸਵੀ ’ਚ ਮੁਹੰਮਦ ਬਿਨ ਕਾਸਮ; ਮੁੱਠੀਭਰ ਧਾੜਵੀ ਲਿਆ ਕੇ ਇੱਥੇ ਲੁਟ ਮਚਾ ਕੇ ਚਲਾ ਗਿਆ। ਅੱਗੋਂ ਕੋਈ ਮਰਦ ਸੂਰਮਾ ਨਾ ਉਠਿਆ ਰੋਕਣ ਲਈ, ਫਲਸਰੂਪ ਸੋਨੇ ਦੀ ਲੁੱਟ ਦਾ ਇਹ ਸਿਲਸਿਲਾ ਚੱਲਦਾ ਚੱਲਦਾ ਭਾਰਤੀ ਲੋਕਾਂ ਪੱਲੇ 800 ਸਾਲ ਦੀ ਗੁਲਾਮੀ ਪਾ ਗਿਆ।

ਲੱਗਦਾ ਹੈ ਕਿ ਸਿੱਖਾਂ ਨੇ ਵੀ ਬੀਤ ਚੁੱਕੇ ਸਮੇਂ ਤੋਂ ਕੁਝ ਨਹੀਂ ਸਿੱਖਿਆ। ਧਾਰਮਿਕ ਅਸਥਾਨਾਂ ’ਤੇ ਚੜਦਾ ਸੋਨਾ ਗੁਰੂ ਸਾਹਿਬ ਜੀ ਦੇ ਬਚਨਾਂ ‘‘ਕੰਚਨ ਮਾਟੀ ਮਾਨੈ’’ ਵਾਲ਼ੀ ਤਿਆਗ ਭਾਵਨਾ ਦੇ ਉਲ਼ਟ ਮਾਇਆਵੀ ਵਿਖਾਵੇ ਨੂੰ ਹੀ ਸਭ ਕੁੱਝ ਮੰਨ ਲਿਆ ਹੈ। ਸ਼ਾਇਦ ਬ੍ਰਾਹਮਣਵਾਦੀ ਸੋਚ ਹੀ ਰੂਪ ਬਦਲ ਕੇ ਸਾਡੇ ਮਨਾਂ ਅੰਦਰ ਬੈਠ ਗਈ ਹੈ। ਗੁਰਬਾਣੀ ਦੇ ਸੁਨਹਿਰੇ ਬਚਨ ਹੋਣ ਦੇ ਬਾਵਜੂਦ ਵੀ ਅਸੀਂ ‘‘ਕਰਮ ਧਰਮ ਪਾਖੰਡ..’’ (ਮਹਲਾ /੭੪੭) ਦੀ ਦਲਦਲ ’ਚੋਂ ਨਹੀਂ ਨਿਕਲ ਰਹੇ। ਅਜਿਹੀ ਸੇਵਾ ਦੀ ਥਾਂ ਸਾਡੇ ਲਈ ਗੁਰੂ ਸਾਹਿਬਾਨ ਨੇ ਇਹ ਸੇਵਾ ਸਮਝਾਈ ਹੈ ‘‘ਗੁਰ ਕੀ ਸੇਵਾ ਸਬਦੁ ਵੀਚਾਰੁ ’’ (ਮਹਲਾ /੨੨੩)

ਇਸ ਦਾ ਇਹ ਮਤਲਬ ਨਹੀਂ ਕਿ ਗੁਰਦੁਆਰਿਆਂ ਨੂੰ ਸੁੰਦਰ ਨਾ ਬਣਾਇਆ ਜਾਵੇ। ਗੁਰੂ ਘਰ ਵੱਡੇ ਤੇ ਵਧੀਆ ਹੋਣੇ ਚਾਹੀਦੇ ਹਨ, ਜਿੱਥੇ ਬੈਠ ਕੇ ਸੰਗਤਾਂ ਬੇਫਿਕਰੀ ਨਾਲ ਇਲਾਹੀ ਕਥਾ ਕੀਰਤਨ ਦਾ ਆਨੰਦ ਮਾਣ ਸਕਣ। ਜਿੱਥੇ ਬੈਠ ਕੇ ਗੁਰੂ ਦੀ ਗੱਲ ਸੁਣਨ ਅਤੇ ਸੁਣਾਉਣ ਵਾਲੇ ਨੂੰ ਮਾਣ ਮਹਿਸੂਸ ਹੋਵੈ। ਗੁਰਵਾਕ ਹਨ ‘‘ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ; ਤੇਰੇ ਭਗਤ ਸੋਹਹਿ ਦਰਬਾਰੇ (ਮਹਲਾ /੬੭੦), ਵਡਾ ਤੇਰਾ ਦਰਬਾਰੁ; ਸਚਾ ਤੁਧੁ ਤਖਤੁ ’’ (ਮਹਲਾ /੯੬੪) ਆਦਿ।

ਗੁਰੂ ਦਰਬਾਰ ਸੈਲਾਨੀਆਂ ਦੇ ਘੁੰਮਣ ਵਾਲੀ ਜਗ੍ਹਾ ਨਹੀਂ ਹੁੰਦੀ ਬਲਕਿ ਮਨੁੱਖਤਾ ਨੂੰ ਰੂਹਾਨੀਅਤ ਅਤੇ ਸਰੀਰਕ ਸੁਵਿਧਾਵਾਂ ਉਪਲਬਧ ਕਰਵਾਉਣ ਵਾਲਾ ਗੁਰੂ ਆਸਰਾ ਹੁੰਦਾ ਹੈ। ਲੋੜਵੰਦ ਲਈ ਭੋਜਨ, ਰਾਤ ਬਿਤਾਉਣ ਦੀ ਜਗ੍ਹਾ, ਬਜ਼ੁਰਗਾਂ ਲਈ ਆਸ਼ਰਮ, ਬੱਚਿਆਂ ਲਈ ਸਿੱਖਿਆ ਦਾ ਕੇਂਦਰ ਅਤੇ ਸੰਗਤਾਂ ਨੂੰ ਅਨੰਦਿਤ ਕਰਨ ਲਈ ਗੁਰੂ ਦਰਬਾਰ ਹੀ ਗੁਰਦੁਆਰਾ ਸਾਹਿਬ ਅਖਵਾ ਸਕਦਾ ਹੈ ਕਿਉਂਕਿ ‘‘ਸਿਖੀ ਸਿਖਿਆ ਗੁਰ ਵੀਚਾਰਿ ॥’’ (ਮਹਲਾ ੧/੪੬੫) ਦੀ ਸਮਝ ਵੀ ਗੁਰੂ ਘਰਾਂ ’ਚੋਂ ਹੀ ਆਉਣੀ ਹੈ।

ਮਹਾਨਕੋਸ਼ ਅੰਦਰ ਭਾਈ ਕਾਹਨ ਸਿੰਘ ਜੀ ਨਾਭਾ ਗੁਰਦੁਆਰਾ ਦੇ ਅਰਥਾਂ ’ਚ ਲਿਖਦੇ ਹਨ ‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮਜਗਿਆਸਾ ਵਾਲਿਆਂ ਲਈ ਗਿਆਨਉਪਦੇਸ਼ਕ ਆਚਾਰੀਆ, ਰੋਗੀਆਂ ਲਈ ਸਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।

ਗੁਰਦੁਆਰਿਆਂ ਨੂੰ ਗੁਰੂ ਸਾਹਿਬਾਨ ਸਮੇਂ ਧਰਮਸ਼ਾਲ ਕਿਹਾ ਜਾਂਦਾ ਸੀ ਭਾਵ ਧਰਮ ਕਮਾਉਣ ਦੀ ਜਗ੍ਹਾ ਹੀ ਸਿੱਖਾਂ ਦਾ ਗੁਰਦੁਆਰਾ ਹੈ। ਇਹ ਵੀ ਸਚਾਈ ਹੈ ਕਿ ਗੁਰਦੁਆਰਿਆਂ ਨੂੰ ਆਧੁਨਿਕ ਬਣਾਉਣ ਦੇ ਚੱਕਰ ਵਿੱਚ ਅਸੀਂ ਆਪਣੀਆਂ ਸਾਰੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਨੂੰ ਆਪ ਹੀ ਖ਼ਤਮ ਕਰ ਬੈਠੇ ਹਾਂ। ਆਪਣੇ ਹੀ ਪੈਸਿਆਂ ਨਾਲ ਕਾਰ ਸੇਵਾ ਵਾਲਿਆਂ ਰਾਹੀਂ ਸਾਰੇ ਗੁਰਦੁਆਰਿਆਂ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਸਭ ਪੁਰਾਤਨ ਸਮੱਗਰੀ ਸਾਡੀਆਂ ਅੱਖਾਂ ਦੇ ਸਾਹਮਣੇ ਨਸ਼ਟ ਹੁੰਦੀ ਅਸੀਂ ਖ਼ੁਸ਼ੀ ਖ਼ੁਸ਼ੀ ਸਵੀਕਾਰੀ ਹੈ। ਜੇਕਰ ਗੁਰੂ ਉਪਦੇਸ਼ਾਂ ਰਾਹੀਂ ਇੰਨੀ ਸੁੰਦਰਤਾ ਆਪਣੇ ਸਰੀਰ ਅੰਦਰ ਲਿਆਉਣ ਲਈ ਯਤਨਸ਼ੀਲ ਹੁੰਦੇ ਤਾਂ ਬਾਹਰੀ ਵਿਖਾਵੇ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਸੀ। ਗੁਰੂ ਅਮਰਦਾਸ ਜੀ ਸਿੱਖ ਨੂੰ ਵਾਰ ਵਾਰ ਇਹ ਸਮਝਾਉਂਦੇ ਹਨ ਕਿ ਅਸਲ ਮੰਦਿਰ ਜਾਂ ਗੁਰਦੁਆਰਾ ਤਾਂ ਮਨੁੱਖ ਦਾ ਸਰੀਰ ਹੀ ਹੈ, ਜੋ ਮਾਲਕ ਦਾ ਨਿਵਾਸ ਸਥਾਨ ਹੈ ‘‘ਹਰਿ ਕਾ ਮੰਦਰੁ ਆਖੀਐ; ਕਾਇਆ ਕੋਟੁ ਗੜੁ (ਮਹਲਾ /੯੫੨), ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ; ਹਰਿ ਹਰਿ ਨਾਮੁ ਦਿੜੁ ’’ (ਮਹਲਾ /੯੫੨) ਆਦਿ।

 ਸਿੱਖਾਂ ਨੇ ਕਦੀਂ ਸੋਚਿਆ ਹੈ ਕਿ ਈਸਾਈਆਂ ਦੇ ਗਿਰਜਾ ਘਰ ਕਿੰਨੇ ਕੁ ਆਲੀਸ਼ਾਨ ਹਨ ? ਸੰਗਮਰਮਰ ਜਾਂ ਸੋਨੇ ਨਾਲ ਸਜਾਏ ਹੋਏ ਹਨ ? ਜਾਂ ਓਥੇ ਕਿੰਨਾ ਕੁ ਚੜਾਵਾ ਚੜਦਾ ਹੈ ? ਜਵਾਬ ਮਿਲੇਗਾ ਬਿਲਕੁਲ ਵੀ ਨਹੀਂ, ਪਰ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਗਿਣਤੀ ਈਸਾਈਆਂ ਦੀ ਹੈ। ਪੜ੍ਹੇ ਲਿਖੇ ਤੇ ਸਭ ਤੋਂ ਵੱਧ ਨੋਬਲ ਪੁਰਸਕਾਰ ਜਿੱਤਣ ਵਾਲੇ ਜਹੂਦੀ ਹਨ। ਧਰਮ ਨੂੰ ਪਿਆਰ ਕਰਨ ਵਿੱਚ ਮੁਸਲਮਾਨ ਵੀ ਘੱਟ ਨਹੀਂ। ਕੀ ਮਸਜਿਦਾਂ ਉੱਤੇ ਵੀ ਸੋਨਾ ਲੱਗਿਆ ਵੇਖਿਆ ਹੈ ? ਸਚਾਈ ਇਹ ਹੈ ਕਿ ਉਹ ਲੋਕ ਧਨ ਦੌਲਤ ਨੂੰ ਸਾਡੇ ਵਾਂਗ ਧਾਰਮਿਕ ਇਮਾਰਤਾਂ ਉੱਤੇ ਨਹੀਂ ਬਲਕਿ ਆਪਣੀ ਨਸਲ ਅਤੇ ਕੌਮ ਦੀ ਭਲਾਈ ਉੱਤੇ ਖਰਚ ਕਰਦੇ ਹਨ। ਸਿਹਤ ਸਹੂਲਤਾਂ ਅਤੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਖਰਚਦੇ ਹਨ। ਲੋੜਵੰਦਾਂ ਤੇ ਗ਼ਰੀਬਾਂ ਦੀ ਮਦਦ ਲਈ ਖਰਚਦੇ ਹਨ। ਇਨ੍ਹਾਂ ਕਾਰਜਾਂ ਕਰਕੇ ਉਹ ਸਾਡੇ ਨਾਲੋਂ ਵੱਧ ਸਿਆਣੇ ਤੇ ਅਗਾਂਹਵਧੂ ਮੰਨੇ ਜਾਂਦੇ ਹਨ।

ਦਸਵੇਂ ਪਾਤਸ਼ਾਹ ਦੇ ਜੀਵਨ ਦੀਆਂ ਦੋ ਅਹਿਮ ਘਟਨਾਵਾਂ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਪਹਿਲੀ ਘਟਨਾ- ਜਦੋਂ ਪਟਨਾ ਸਾਹਿਬ ਦੀ ਧਰਤੀ ਉੱਤੇ ਇਕ ਪ੍ਰੇਮੀ ਵੱਲੋਂ ਭੇਟ ਕੀਤੇ ਦੋ ਸੋਨੇ ਦੇ ਕੰਗਣ (ਕੜੇ) ਗੰਗਾ ਨਦੀ ਵਿੱਚ ਸੁੱਟ ਦਿੱਤੇ ਤਾਂ ਮਾਤਾ ਗੁਜਰੀ ਜੀ ਦੇ ਪੁੱਛਣ ’ਤੇ ਕਿਹਾ ਕਿ ਤੁਸੀਂ ਹੀ ਸਾਨੂੰ ਗੁਰੂ ਪਿਤਾ ਜੀ ਦੇ ਬਚਨ ਰੋਜ਼ ਰਾਤ ਨੂੰ ਲੋਰੀ ਦੇ ਰੂਪ ਵਿੱਚ ਸੁਣਾਉਂਦੇ ਰਹੇ ਹੋ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ   ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ’’ (ਮਹਲਾ /੬੩੩)  ਸੋ ਮਾਤਾ ਜੀ ਇਹ ਕੰਗਣ ਤਾਂ ਮਿੱਟੀ ਦੀ ਨਿਆਈਂ ਹਨ। ਅਸੀਂ ਤਾਂ ਆਪਣੇ ਸਿੱਖਾਂ ਨੂੰ ਸਰਬ ਲੋਹੇ ਦੇ ਕੜੇ ਪੁਆਉਣੇ ਹਨ, ਜਿਨ੍ਹਾਂ ਨੂੰ ਪਹਿਣ ਕੇ ਸਿੱਖ ਨੂੰ ਮਾਣ ਮਹਿਸੂਸ ਹੋਵੇਗਾ ਕਿ ਇਹ ਕੜਾ ਮੇਰੇ ਗੁਰੂ ਦੇ ਪਿਆਰ ਦੀ ਨਿਸ਼ਾਨੀ ਹੈ। ਅਫ਼ਸੋਸ ਕਿ ਅੱਜ ਬਹੁਤੇ ਸਿੱਖ ਸਰਬਲੋਹ ਦੀ ਥਾਂ ਸੋਨੇ ਦਾ ਕੜਾ ਪਹਿਣ ਕੇ ਵਧੇਰੇ ਮਾਣ ਮਹਿਸੂਸ ਕਰਦੇ ਹਨ। ਫੋਕੀ ਸ਼ੋਹਰਤ ਅਤੇ ਦਿਖਾਵਾ ਸਾਡੇ ਦਿਮਾਗ਼ ’ਚੋਂ ਬਾਹਰ ਨਹੀਂ ਹੁੰਦਾ ਜਾਪਦਾ।

ਦੂਜੀ ਘਟਨਾ ਵਿੱਚ ਦਸਮੇਸ਼ ਪਿਤਾ ਸੋਨੇ ਨਾਲ ਪਰਉਪਕਾਰ ਕਰਨਾ ਸਿਖਾਉਂਦੇ ਹਨ। ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਦਸਮੇਸ਼ ਪਿਤਾ ਆਪਣੇ ਤੀਰਾਂ ’ਤੇ ਸੋਨਾ ਲਗਾ ਕੇ ਚਲਾਉਂਦੇ ਸਨ ਤਾਂ ਜੋ ਵੈਰੀ ਨੂੰ ਕਫ਼ਨ ਲਈ ਜਾਂ ਜ਼ਖ਼ਮੀ ਹੋਏ ਦੁਸ਼ਮਣ ਨੂੰ ਇਲਾਜ ਲਈ ਕੋਈ ਆਰਥਿਕ ਤੰਗੀ ਨਾ ਰਹੇ। ਇਸ ਘਟਨਾ ਤੋਂ ਇਹੀ ਭਾਵ ਲਿਆ ਜਾ ਸਕਦਾ ਹੈ ਕਿ ਸੋਨੇ ਜਾਂ ਮਾਇਆ ਨੂੰ ਲੋੜਵੰਦਾਂ ਦੀ ਮਦਦ ਲਈ ਵਰਤਣਾ ਚਾਹੀਦਾ ਹੈ, ਨਾ ਕਿ ਫੋਕਟ ਦਿਖਾਵੇ ਜਾਂ ਕਿਸੇ ਪ੍ਰਸਿੱਧੀ ਵਾਸਤੇ।

ਦਰਅਸਲ ਗੁਰੂ ਸਾਹਿਬਾਨ ਸਾਨੂੰ ਵਿਕਾਰਾਂ ’ਚ ਗ੍ਰਸਤ ਲੋਹੇ ਵਾਂਗ ਜੰਗਾਲ਼ ਨਾਲ ਖ਼ਤਮ ਹੋਇਆਂ ਨੂੰ ਸੋਨੇ ਵਰਗਾ ਸਦੀਵੀ ਚਮਕ ਦੇਣ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਹਨ। ਬਿਲਕੁਲ ਸ਼ੁੱਧ, ਜੋ ਵਿਕਾਰਾਂ ਦੀ ਮੈਲ਼ ਤੋਂ ਰਹਿਤ ਹੋਵੇ, ਸੋਨੇ ਵਾਂਗ ਚਮਕ ਦੇਵੇ। ਆਦਰਸ਼ਵਾਦੀ ਹੋਵੇ। ਆਮ ਮਨੁੱਖ ਲੋਹੇ ਤੋਂ ਸੋਨਾ ਭਾਵ ਮਨਮੁਖ ਤੋਂ ਗੁਰਮੁਖ ਬਣਦਾ ਵੇਖ ਹੀ ਗੁਰੂ ਨਾਨਕ ਜੀ ਨੇ ‘‘ਹੀਰੇ ਜੈਸਾ ਜਨਮੁ’’ ਕਿਹਾ ਹੈ ‘‘ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥’’ (ਮਹਲਾ ੧/੧੫੬) ਇਨ੍ਹਾਂ ਵਿਚਾਰਾਂ ਦੀ ਗਵਾਹੀ ਬਾਕੀ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਵੀ ਭਰਦੇ ਹਨ; ਜਿਵੇਂ ਕਿ

ਤੁਮ੍ ਚੇ ਪਾਰਸੁ ਹਮ ਚੇ ਲੋਹਾ; ਸੰਗੇ ਕੰਚਨੁ ਭੈਇਲਾ ॥ (ਭਗਤ ਨਾਮਦੇਵ/੧੩੫੧)

ਕਚਹੁ ਕੰਚਨੁ ਭਇਅਉ; ਸਬਦੁ ਗੁਰ ਸ੍ਰਵਣਹਿ ਸੁਣਿਓ ॥ (ਭਟ ਨਲੵ/੧੩੯੯)

ਸਤਿਗੁਰ ਕੀ ਜੇ ਸਰਣੀ ਆਵੈ; ਫਿਰਿ ਮਨੂਰਹੁ ਕੰਚਨੁ ਹੋਹਾ ॥ (ਮਹਲਾ ੫/੯੬੦)

ਸਤਿਗੁਰੁ ਮਿਲਿਐ ਕੰਚਨੁ ਹੋਈਐ; ਜਾਂ ਹਰਿ ਕੀ ਹੋਇ ਰਜਾਇ ॥ (ਮਹਲਾ ੩/੧੨੭੬)

ਜਿਉ ਲੋਹਾ ਪਾਰਸਿ ਭੇਟੀਐ; ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥ (ਮਹਲਾ ੪/੩੦੩)

ਗੁਰ ਪਾਰਸ, ਹਮ ਲੋਹ; ਮਿਲਿ ਕੰਚਨੁ ਹੋਇਆ ਰਾਮ ॥ (ਮਹਲਾ ੪/੧੧੧੪) ਆਦਿ।

ਸੋ ਆਪ ਸੋਨਾ (ਸ਼ੁੱਧ, ਵਿਕਾਰਾਂ ਤੋਂ ਰਹਿਤ, ਗੁਰਮੁਖੀ ਜੀਵਨ) ਬਣਨ ਦੀ ਥਾਂ ਇਮਾਰਤਾਂ ਨੂੰ ਸੋਨਾ ਲਗਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਸੁਚੱਜੇ ਢੰਗ ਨਾਲ ਨਹੀਂ ਹੋਣ ਵਾਲਾ। ਸਾਡਾ ਭਵਿੱਖ ਰੌਸ਼ਨ ਨਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਇਕੱਤਰ ਨਹੀਂ ਹੁੰਦੀ ‘‘ਪਾਪਾ ਬਾਝਹੁ ਹੋਵੈ ਨਾਹੀ.. ’’ (ਮਹਲਾ /੪੧੭)  ਹੁਣ ਸਵਾਲ ਪੈਦਾ ਹੋਣਾ ਹੈ ਕਿ ਕੀ ਪਾਪਾਂ ਨਾਲ ਇਕੱਤਰ ਕੀਤੀ ਕਮਾਈ (ਪੂੰਜੀ) ਨਾਲ ਅਸੀਂ ਧਾਰਮਿਕ ਅਦਾਰਿਆਂ ’ਤੇ ਸੋਨਾ ਲਗਾ ਰਹੇ ਹਾਂ ?

ਗੁਰਸਿੱਖ ਦੀ ਕਿਰਤ; ਪਾਪਾਂ ਨਾਲ ਕੀਤੀ ਕਮਾਈ ਨਹੀਂ ਹੁੰਦੀ ਤਾਂ ਜੋ ਫ਼ਜ਼ੂਲ ਖ਼ਰਚੀ ਕੀਤੀ ਜਾਵੇ। ਇਹ ਵੀ ਸੱਚ ਹੈ ਕਿ ਮਾਇਆ ਤੋਂ ਬਿਨਾਂ ਗੁਰੂ ਘਰਾਂ ਦੇ ਕਾਰਜ ਅਤੇ ਲੋੜਵੰਦਾਂ ਦੀ ਮਦਦ ਨਹੀਂ ਹੋ ਸਕਦੀ। ਜਿੱਥੇ ਦਸਾਂ ਨੌਹਾਂ ਨਾਲ ਕੀਤੀ ਹੱਕ-ਸੱਚ ਦੀ ਕਮਾਈ ਕਰਨੀ ਹੈ ਓਥੇ ਲੋੜਵੰਦਾਂ ਲਈ ਦਸਵੰਧ ਕੱਢਣਾ ਵੀ ਗੁਰੂ ਨਾਨਕ ਜੀ ਦਾ ਹੀ ਵਚਨ ਹੈ ‘‘ਘਾਲਿ ਖਾਇ ਕਿਛੁ ਹਥਹੁ ਦੇਇ ’’ (ਮਹਲਾ /੧੨੪੫) ਇਸ ਵਿਸ਼ੇ ਨੂੰ ਵਿਚਾਰਨ ਦਾ ਮਕਸਦ, ਨਾ ਤਾਂ ਦਾਨ ਦੇਣ ਦੀ ਮਨਾਹੀ ਹੈ ਅਤੇ ਨਾ ਹੀ ਦਸਵੰਧ ਨੂੰ ਲੋੜਵੰਦਾਂ ਲਈ ਨਾ ਵਰਤਣਾ ਹੈ। ਦਸਵੰਧ ਦੀ ਯੋਗ ਵਰਤੋਂ ਕਰਨ ਅਤੇ ਹਰ ਲੋੜਵੰਦ ਦੀ ਮਦਦ ਕਰਨ ਦੀ ਲੋੜ ਹੈ ਤਾਂ ਜੋ ਕੌਮ ਆਪਣੇ ਵਿਰਸੇ ਨਾਲ ਪਿਆਰ ਕਰੇ। ਗੁਰੂ ਪ੍ਰਤਿ ਸਨੇਹ ਵਧੇ।

ਪਿਛਲੇ ਦਿਨੀਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਗੁਰੂ ਘਰ ਲਈ ਇਕੱਤਰ ਹੋਏ ਸੋਨੇ ਨੂੰ ਕੌਮ ਦੀ ਨਸਲ ਅਤੇ ਭਵਿੱਖ ਨੂੰ ਮੁੱਖ ਰੱਖਦਿਆਂ ਚੰਗੇ ਸਕੂਲ, ਮੈਡੀਕਲ ਕਾਲਜ ਅਤੇ ਵਧੀਆ ਹਸਪਤਾਲ ਬਣਾਉਣ ਲਈ ਵਰਤਣ ਦੇ ਸੰਕੇਤ ਦਿੱਤੇ ਹਨ, ਜੋ ਕਿ ਸਲਾਘਾਯੋਗ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਇਮਾਰਤਾਂ ਅਤੇ ਗੁਰਦੁਆਰਿਆਂ ’ਤੇ ਬਹੁਤ ਸੋਨਾ ਅਤੇ ਪੱਥਰ ਲਾ ਚੁੱਕੇ ਹਾਂ। ਸੋਨੇ ਦੇ ਛੱਬੇ ਜਾਂ ਪੱਤਰੇ ਵੀ ਬਹੁਤ ਲਾ ਲਏ ਹਨ, ਪਰ ਹੁਣ ਸਮੇਂ ਦੀ ਮੰਗ ਹੈ ਕਿ ਕੌਮ ਦਾ ਕੀਮਤੀ ਪੈਸਾ ਚੰਗੇ ਪੜ੍ਹੇ ਲਿਖੇ ਗੁਰਸਿੱਖ ਤਿਆਰ ਕਰਨ ’ਤੇ ਖ਼ਰਚੀਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਾਬਾ ਕੁਲਵੰਤ ਸਿੰਘ ਜੀ ਵਾਂਗ ਦੀਰਘਕਾਲੀ ਫ਼ੈਸਲੇ ਲੈਣ ਦੀ ਜ਼ਰੂਰਤ ਹੈ, ਪਰ ਇਹ ਤਾਂ ਹੀ ਸੰਭਵ ਹੈ ਜਦ ਸਿੱਖ ਸੰਸਥਾਵਾਂ ਸਿਆਸਤ ਤੋਂ ਮੁਕਤ ਹੋਣਗੀਆਂ।

ਸੋ ਆਓ ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੇ ਦੁਆਰਾ ਦਿੱਤੇ ਦਸਵੰਧ ਦੀ ਯੋਗ ਵਰਤੋਂ ਕਰਵਾਉਣ ਲਈ ਲਾਮਬੰਦ ਹੋਈਏ ਤਾਂ ਜੋ ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਮਤਲਬ ਸਮੁੱਚੀ ਮਾਨਵਤਾ ਨੂੰ ਸਮਝਾ ਸਕੀਏ। ਆਰਥਿਕ ਪੱਖੋਂ ਰੁਲ਼ਦੇ ਫਿਰਦੇ ਆਪਣੇ ਕੌਮ ਦੇ ਹੀਰਿਆਂ ਦੀ ਬਾਂਹ ਫੜੀਏ। ਅਜਿਹੇ ਕਾਰਜ ਹੀ ਸਾਡੀ ਸੋਚ ਅਤੇ ਆਤਮਾ ਨੂੰ ਸੋਨੇ ਵਾਂਗ ਸ਼ੁੱਧ ਤੇ ਚਮਕਦਾਰ ਬਣਾਉਣਗੇ ਅਤੇ ਸਤਿਗੁਰੂ ਜੀ ਆਪਣੇ ਬੱਚਿਆਂ ’ਤੇ ਪ੍ਰਸੰਨ ਹੋਣਗੇ।

ਕਿੰਜ ਦੱਸਾਂ ਤੇਰੇ ਬਿਨ, ਕਿੰਨੇ ਇਕੱਲੇ ਹੋ ਗਏ।

0

ਗ਼ਜ਼ਲ

ਰਾਤ ਭਰ ਸੀਨੇ ਚ ਮਚਲੇ, ਕਿਉਂ ਨਿਚੱਲੇ ਹੋ ਗਏ।

ਆਠਰੇ ਸੀ ਜ਼ਖ਼ਮ ਦਿਲ ਦੇ ਫਿਰ ਤੋਂ ਅੱਲੇ ਹੋ ਗਏ।

ਦਰਦ, ਪੀੜਾਂ, ਹੌਕੇ, ਹਾਵੇ ਸਭ ਤੇਰੀ ਸੌਗਾਤ ਨੇ,

ਜ਼ਿੰਦੜੀ ਮਲੂਕ ਉੱਤੇ, ਫਿਰ ਇਹ ਹੱਲੇ ਹੋ ਗਏ।

ਦਰਸ ਦੀ ਸਿੱਕ ਹਾਲੇ ਤੱਕ ਵੀ ਦਿਲ ਮੇਰੇ ਮਹਿਫ਼ੂਜ਼ ਹੈ,

ਵੇਖ ਹੁਣ ਵੀ ਨੈਣ ਤਰਸਣ ਕਿੰਨੇ ਝੱਲੇ ਹੋ ਗਏ।

ਵੇਖ ਲੈ, ਮੰਡੀ ’ਚ ਵਿਕਦਾ ਜੋ ਵਿਕਾਊ ਮਾਲ ਹੈ,

ਸੱਖਣੀ ਰੂਹ ਭਟਕਦੀ ਤੇ ਭਾਰੇ ਗੱਲੇ ਹੋ ਗਏ।

ਚੁੱਪ ਪਸਰੀ ਚਾਰੇ ਪਾਸੇ ਰਾਤ ਵੀ ਖ਼ਾਮੋਸ਼ ਹੈ,

ਜਗ ਰਹੇ ਦੀਵੇ ਦੁਆਲੇ ਜੁਗਨੂੰ ਝੱਲੇ ਹੋ ਗਏ।

ਸੱਜਰੇ ਅਹਿਸਾਸ, ਅਕਲਾਂ ਰੋਲਦੇ ਨੇ ਬੇਸ਼ਨਾਸ,

ਚੰਦ ਸਿੱਕੇ ਵੇਖ ਲੈ ਤੂੰ ਜਿਸ ਦੇ ਪੱਲੇ ਹੋ ਗਏ।

ਪੰਜ ਤੱਤ ਵਿੱਛੜੇ ਜਦੋਂ, ਅਗਨੀ ’ਚ ਪੈਣਾ ਪੈ ਗਿਆ,

ਕਿੰਜ ਦੱਸਾਂ ਤੇਰੇ ਬਿਨ, ਕਿੰਨੇ ਇਕੱਲੇ ਹੋ ਗਏ।

(ਪਦ ਅਰਥ : ਬੇਸ਼ਨਾਸ – ਬੇਕਦਰ)

ਬੀਬੀ ਨਵਗੀਤ ਕੌਰ (ਲੁਧਿਆਣਾ)

ਗੁਰਸਿੱਖੀ ਦਾ ਨਿਰਮੋਲਕ ਹੀਰਾ : ਸ. ਜਸਪਾਲ ਸਿੰਘ ਜੀ ਮੁੰਬਈ

0

ਗੁਰਸਿੱਖੀ ਦਾ ਨਿਰਮੋਲਕ ਹੀਰਾ : ਸ. ਜਸਪਾਲ ਸਿੰਘ ਜੀ ਮੁੰਬਈ

ਗਿਆਨੀ ਕੇਵਲ ਸਿੰਘ

ਧੰਨ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਨਿਰਮਲ ਨਿਆਰੇ ਪੰਥ ਦਾ ਬਾਨਣੂੰ ਬੰਨਦਿਆਂ ਮਨੁੱਖ ਦੇ ਸਾਹਮਣੇ ਦੋ ਸਵਾਲ ਰੱਖ ਕੇ ਜੀਵਨ ਉਸਾਰੀ ਦੀ ਸੋਝੀ ਸਾਡੀ ਝੋਲ਼ੀ ’ਚ ਪਾਈ ਹੈ। ਪਹਿਲਾ ਸਵਾਲ ਹੈ ‘‘ਕਿਵ ਸਚਿਆਰਾ ਹੋਈਐ ?’’ ਅਤੇ ਦੂਜਾ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ ?’’ ਸੰਸਾਰ ਅੰਦਰ ਜੇਕਰ ਮਨੁੱਖ ਇਨ੍ਹਾਂ ਦੋਵਾਂ ਸਵਾਲਾਂ ਨੂੰ ਮੁੱਖ ਰੱਖ ਕੇ ਖ਼ੁਦ ਦੀ ਜੀਵਨ ਉਸਾਰੀ ਅੰਦਰ ਸੰਘਰਸ਼ਮਈ ਰਹੇਗਾ ਤਾਂ ਸੰਸਾਰ  ਅੰਦਰੋਂ ਬਦੀ, ਧੱਕਾ, ਬੇਇਨਸਾਫ਼ੀ, ਵਿਤਕਰੇਬਾਜ਼ੀ, ਅਬਰਾਬਰੀ ਆਦਿ ਦਾ ਬੀਜ ਨਾਸ ਹੋਵੇਗਾ। ਸਤਿਗੁਰੂ ਜੀ ਵੱਲੋਂ ਬਖ਼ਸ਼ੇ ਇਨ੍ਹਾਂ ਸਵਾਲਾਂ ਦੇ ਸਨਮੁਖ ਰਹਿ ਕੇ ਜੀਵਨ ਜਿਊਣ ਵਾਲੇ ਵਿਅਕਤੀ ਦਾ ਨਾਂ ਹੀ ਸਿੱਖ ਹੈ। ਇਹ ਸੱਚ ਹੈ ਕਿ ਜ਼ਿੰਦਗੀ ਦੇ ਆਦਿ ਤੋਂ ਅੰਤ ਤੱਕ ਇਨ੍ਹਾਂ ਸਵਾਲਾਂ ਦੇ ਰੂ-ਬਰੂ ਰਹਿ ਕੇ ਸਦਾ ਮਨੁੱਖ ਜਗਿਆਸੂ ਤਥਾ ਸਿੱਖਿਆਰਥੀ ਬਣਿਆ ਰਹਿੰਦਾ ਹੈ। ਨਾਲ ਦੇ ਨਾਲ ਐਸੇ ਸਿੱਖ ਸਿੱਖਿਆਰਥੀ ਦੀ ਸੁਰਤਿ ਦਾ ਕੇਂਦਰ ਗੁਰੂ ਵੱਲੋਂ ਬਖ਼ਸ਼ੇ ਉਸ ਨੁਸਖੇ ’ਤੇ ਨਿਰਭਰ ਰਹਿੰਦਾ ਹੈ, ਜੋ ਸਚਿਆਰ ਬਣਨ ਲਈ ਅਤੇ ਕੂੜ ਦੀ ਪਾਲਿ ਤੋੜਨ ਲਈ ਅਗਲੇਰੀ ਗੁਰੂ ਪੰਕਤੀ ਵਿੱਚ ਬਖ਼ਸ਼ਸ਼ ਕੀਤਾ ਹੈ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ’’

ਕਰੋੜਾਂ ਦੀ ਗਿਣਤੀ ਅੰਦਰ ਗੁਰੂ ਦੁਆਰਾ ਬਖ਼ਸ਼ੇ ਇਸ ਗੁਰੂ ਚੇਤਨਾ ਦੇ ਰਾਹ ’ਤੇ ਹੁਣ ਤੱਕ ਤੁਰਨ ਵਾਲ਼ੇ ਹੋ ਚੁੱਕੇ ਹਨ। ਕਰੋੜਾਂ ਹੀ ਭਵਿੱਖ ਵਿੱਚ ਹੋਣੇ ਹਨ। ਅੱਜ ਦੇ ਵਰਤਮਾਨ ਵਿੱਚ ਵੀ ਹਨ। ਹਾਂ ਜਦੋਂ ਅਸੀਂ ਕਰੋੜਾਂ ਦੀ ਗੱਲ ਕਰਦੇ ਹਾਂ ਤਾਂ ਇਹ ਬੀਤੀਆਂ ਸਦੀਆਂ ਦਾ ਸਾਂਝਾ ਅੰਕੜਾ ਹੈ। ਇਸ ਤਰਜ਼ ’ਤੇ ਅੱਜ ਬਾਰੇ ਭਾਵੇਂ ਕਿ ਇਹ ਅੰਕੜਾ ਬੜਾ ਥੋੜ੍ਹਾ ਹੀ ਹੈ। ਇਸ ਬਾਬਤ ਹੀ ਗੁਰਬਾਣੀ ਅੰਦਰ ਗੁਰੂ ਜੀ ਸੇਧ ਦਿੰਦੇ ਹਨ ‘‘ਹੈਨਿ ਵਿਰਲੇ ਨਾਹੀ ਘਣੇ..’’ (ਮਹਲਾ /੧੪੧੧)

ਕਿੰਨੇ ਖ਼ੁਸ਼ਕਿਸਮਤ ਹਨ ਉਹ ਗੁਰੂ ਨਦਰਿ ਦੇ ਪਾਤਰ, ਜਿਨ੍ਹਾਂ ਨੂੰ ਉਪਰੋਕਤ ਦੋਵਾਂ ਸਵਾਲਾਂ ਦੀ ਮਹੱਤਤਾ ਦਾ ਹਕੀਕੀ (ਅਸਲ) ਬੋਧ ਹੋ ਜਾਂਦਾ ਹੈ। ਮੁੜ ਉਹ ਪਿਛਾਂਹ ਭੌਂ ਕੇ ਨਹੀਂ ਦੇਖਦੇ। ਉਹ ਇਹ ਸਵਾਲ ਔਖੇ ਦੀ ਗੱਲ ਵੀ ਨਹੀਂ ਕਰਦੇ। ਉਹ ਜਾਣਦੇ ਹਨ ਕਿ ਮੈਂ ਕੌਣ ਹੁੰਦਾ ਹਾਂ ਇਨ੍ਹਾਂ ਨੂੰ ਹੱਲ ਕਰਨ ਵਾਲ਼ਾ ਤਾਹੀਓਂ ਉਹ ਪੂਰੀ ਟੇਕ ਹੀ ਸਤਿਗੁਰੂ ’ਤੇ ਟਿਕਾਅ ਲੈਂਦੇ ਹਨ। ਉਨ੍ਹਾਂ ਦੇ ਵਿਸ਼ਵਾਸ ਅੰਦਰ ਇਹ ਗੁਰੂ ਬਚਨ ਵਸ ਜਾਂਦਾ ਹੈ ‘‘ਸਤਿਗੁਰੁ ਖੋਟਿਅਹੁ ਖਰੇ ਕਰੇ; ਸਬਦਿ ਸਵਾਰਣਹਾਰੁ ’’ (ਮਹਲਾ /੧੪੩) ਉਨ੍ਹਾਂ ਦੀ ਸੁਰਤਿ ਸਾਈਂ ਦੀ ਮਿਹਰ ਉੱਤੇ ਅਡਿੱਗ ਟਿਕ ਜਾਂਦੀ ਹੈ। ਅੰਦਰੋਂ ਹੁਕਮਿ ਰਜਾਈ ਦਾ ਸੰਦੇਸ਼ ਛਿਨ ਛਿਨ ਅਗਵਾਈ ਕਰਦਾ ਮਹਿਸੂਸ ਹੁੰਦਾ ਹੈ।

ਸਤਿਗੁਰੂ ਜੀ ਨੂੰ ਸਮਝਣ ਵਾਲ਼ੀਆਂ ਟਾਵੀਆਂ ਰੂਹਾਂ, ਕਿਸੇ ਜੰਗਲ਼, ਬੀਆਬਾਨ, ਪਹਾੜ ਦੀਆਂ ਚੋਟੀਆਂ ਜਾਂ ਕੰਦਰਾਂ ਅੰਦਰ ਖ਼ੁਦ ਨੂੰ ਬੰਦ ਨਹੀਂ ਕਰਦੀਆਂ। ਤਨ ’ਤੇ ਕਿਸੇ ਵਿਖਾਵੇਕਾਰੀ ਭੇਖ ਦਾ ਅਡੰਬਰ ਵੀ ਨਹੀਂ ਕਰਦੀਆਂ। ਉਹ ਗੁਰਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗ਼ੈਰ ਕਿਸੇ ਸ਼ਖ਼ਸੀ ਪ੍ਰਭਾਵ ਨੂੰ ਨੇੜੇ ਨਹੀਂ ਫਟਕਣ ਦਿੰਦੇ। ਉਨ੍ਹਾਂ ਲਈ ਘਰ, ਗ੍ਰਹਿਸਤ ਕਿਸੇ ਤਰ੍ਹਾਂ ਦਾ ਕੈਦਖ਼ਾਨਾ ਨਹੀਂ ਦਿਖਾਈ ਦੇਂਦਾ। ਕਿਰਤ ਦਾ ਖੇਤਰ ਉਨ੍ਹਾਂ ਵਾਸਤੇ ਮਾਇਆ ਜਾ ਜੰਜਾਲ ਨਹੀਂ ਹੁੰਦਾ। ਸਮਾਜਿਕ ਸਰੋਕਾਰ ਸਚਿਆਰ ਬਣਨ ਦੇ ਰਾਹ ਦਾ ਰੋੜਾ ਨਹੀਂ ਬਣਦੇ। ਦੂਜੇ ਨੂੰ ਇਸ ‘‘ਕਿਵ ਸਚਿਆਰਾ ਹੋਈਐ’’ ਵਾਲ਼ੇ ਮਾਰਗ ’ਤੇ ਤੁਰਨ ਦੀ ਦੱਸ ਪਾਉਣੀ ਜਾਂ ਪ੍ਰੇਰਨਾ ਦੇਣੀ ਆਪਣਾ ਨੁਕਸਾਨ ਕਰ ਬੈਠਣ ਵਾਲ਼ਾ ਕਰਮ ਨਹੀਂ ਭਾਸਦਾ। ਇਹ ਗੁਰੂ ਦੇ ਨਿਵਾਜੇ ਬੜੇ ਸਹਜ ਵਿੱਚ ਰਹਿੰਦੇ ਹਨ। ਸੱਜੇ ਖੱਬੇ ਚੰਗਾ ਮੰਦਾ ਜੋ ਘਟਦਾ ਹੈ ਉਸ ਤੋਂ ਸ਼ਬਦ ਗੁਰੂ ਦੀ ਗਿਆਨ ਸ਼ਕਤੀ ਨਾਲ਼ ਖ਼ੁਦ ਨੂੰ ਨਿਰਲੇਪ ਰੱਖਦੇ ਹਨ। ਇਨ੍ਹਾਂ ਖ਼ੂਬੀਆਂ ਨਾਲ਼ ਹੀ ਤਾਂ ਉਹ ਏਨੇ ਸੁਗੰਧਦਾਰ ਹੋ ਜਾਂਦੇ ਹਨ ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ, ਉਹ ਵੀ ‘‘ਕਿਵ ਸਚਿਆਰਾ ਹੋਈਐ’’ ਦੇ ਸਵਾਲ ਨੂੰ ਆਪਣੀ ਸੁਰਤਿ ਦੀ ਮੁਹਾਰਨੀ ਬਣਾ ਲੈਂਦਾ ਹੈ। ਐਸੀਆਂ ਤਜਰਬੇਕਾਰ ਰੂਹਾਂ ਦੇ ਸੰਗ ਲੱਗ ਅਗਿਆਨਤਾ ਦੀ ਨਦੀ ਤਰਦਾ ਹੈ; ਜਿਵੇਂ ਲੋਹਾ ਲਕੜ ਦੇ ਸੰਗ ਪਾਰ ਉਤਰਦਾ ਹੈ। ਆਮ ਕਰਕੇ ਮਨੁੱਖ ਦੀ ਤਰਾਸਦੀ ਇਹ ਹੈ ਕਿ ਉਹ ਉਪਰੋਕਤ ਜਗਿਆਸਾ ਦਾ ਖ਼ੁਦ ਪਾਤਰ ਨਹੀਂ ਹੁੰਦਾ, ਜਿਸ ਕਾਰਨ ਦੂਜਿਆਂ ਦੀਆਂ ਅਨੁਭਵੀ ਪ੍ਰਾਪਤੀਆਂ ਦੀ ਸੋਝੀ ਵੀ ਨਹੀਂ ਲੈ ਪਾਉਂਦਾ।

ਆਪਾਂ ਗੱਲ ਸ. ਇੰਦਰਜੀਤ ਸਿੰਘ ਜੀ ਦੇ ਪੁੱਤਰ ਸ. ਜਸਪਾਲ ਸਿੰਘ ਜੀ ਦੀ ਕਰਨਾ ਚਾਹ ਰਹੇ ਹਾਂ। ਇਸ ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਸ਼ਹਿਰ ਨਾਲ਼ ਹੈ। ਕਾਰੋਬਾਰੀ ਸਿਲਸਿਲੇ ਕਾਰਨ ਮੁੰਬਈ ਸ਼ਹਿਰ ਦੇ ਵਾਸੀ ਬਣੇ। ਦਾਸ ਦੀ ਸਾਂਝ ਇਸ ਪਰਿਵਾਰ ਨਾਲ਼ 1985 ਵਿੱਚ ਤਦ ਬਣੀ ਜਦੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਖਾਰ-ਬਾਂਦਰਾ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਲਈ ਪਰਖ ਦੇਣ ਗਿਆ ਸੀ। ਸਮਾਂ ਤਾਂ ਸੱਤ ਕੁ ਦਿਨਾਂ ਦਾ ਸੀ, ਪਰ ਇਸ ਮੌਕੇ ਜੋ ਰੂਹਾਂ ਮਿਲੀਆਂ ਉਹ ਸਦਾ ਮਿਲੀਆਂ ਹੀ ਰਹੀਆਂ। ਸੰਗਤ ਵਿੱਚ ਸ. ਹਿੰਮਤ ਸਿੰਘ ਜੀ, ਸ. ਹਰਨਾਮ ਸਿੰਘ ਜੀ ਵੋਹਰਾ, ਸ. ਨਿਰਮਲ ਸਿੰਘ ਜੀ, ਸ. ਹਰਸਿੰਦਰ ਸਿੰਘ ਜੀ, ਸ. ਗੁਰਬਖ਼ਸ਼ ਸਿੰਘ ਜੀ ਗਾਂਧੀ, ਸ. ਅਰਜਨ ਸਿੰਘ ਜੀ ਮਠਾਰੂ, ਸ. ਮੋਹਨ ਸਿੰਘ ਜੀ, ਸ. ਮਹਿਮਾ ਸਿੰਘ ਜੀ, ਨੌਜਵਾਨਾਂ ਵਿੱਚੋਂ ਸ. ਇੰਦਰਜੀਤ ਸਿੰਘ ਜੀ, ਸ. ਜਸਪਾਲ ਸਿੰਘ ਜੀ, ਸ. ਦਵਿੰਦਰ ਸਿੰਘ ਜੀ, ਸ. ਪ੍ਰਤਿਪਾਲ ਸਿੰਘ ਜੀ, ਸ. ਜੋਗਿੰਦਰ ਸਿੰਘ ਜੀ, ਸ. ਮਨਮੋਹਨ ਸਿੰਘ ਜੀ, ਸ. ਮਹਿੰਦਰਜੀਤ ਸਿੰਘ ਜੀ, ਭੈਣਾਂ ਵਿੱਚੋਂ ਭੈਣ ਅਜੀਤ ਕੌਰ ਜੀ, ਭੈਣ ਜੋਗਿੰਦਰ ਕੌਰ ਜੀ, ਭੈਣ ਤੇਜ ਕੌਰ ਜੀ, ਭੈਣ ਸੁਰਜੀਤ ਕੌਰ ਜੀ, ਭੈਣ ਰਮਨਜੀਤ ਕੌਰ ਜੀ, ਭੈਣ ਜਸਪਾਲ ਕੌਰ ਜੀ ਆਦਿ। ਇੱਥੇ ਇੱਕ ਮਿਸ਼ਨਰੀ ਪਰਿਵਾਰ ਦਾ ਪ੍ਰਫੁਲਿਤ ਬੂਟਾ ਸੁਗੰਧ ਵੰਡ ਰਿਹਾ ਸੀ। ਇਸ ਬੂਟੇ ਨੂੰ ਲਾਇਆ ਸੀ ਗਿਆਨੀ ਜੀਤ ਸਿੰਘ ਜੀ ਨੇ। ਕਮਾਲ ਦਾ ਕਾਫ਼ਲਾ ਸੀ ਜੋ ਗੁਰਮਤਿ ਸਿਧਾਂਤਾਂ ਪ੍ਰਤੀ ਬੜਾ ਹੀ ਸਜਗ (ਤਿਆਰ ਬਰ ਤਿਆਰ) ਹੋ ਪਹਿਰੇਦਾਰੀ ਕਰਦਾ ਸੀ। ਖ਼ਾਸ ਤੌਰ ’ਤੇ ਆਪਣੀ ਅਗਲੀ ਪੀੜੀ ਨੂੰ ਗੁਰਮਤਿ ਨਾਲ ਜੋੜਨ ਲਈ ਬੁੱਧਵਾਰ ਅਤੇ ਸਨਿੱਚਰਵਾਰ ਹਫ਼ਤਾਵਾਰੀ ਦੋ ਸਮਾਗਮ ਘਰੋਂ ਘਰੀ ਕਰਦੇ ਸਨ। ਇਸ ਭੱਜ ਨੱਠ ਵਾਲ਼ੇ ਸ਼ਹਿਰ ਵਿੱਚ ਜਿਸ ਨੂੰ ਮਾਇਆ ਨਗਰੀ ਵੀ ਆਖਿਆ ਜਾਂਦਾ ਸੀ, ਵਿੱਚ ਐਸਾ ਗੁਰਮਤਿ ਸਿਧਾਂਤਾਂ ਲਈ ਉਦਮ ਕੱਲਰ ਵਿੱਚ ਕਵਲ ਫੁੱਲ ਉਗਾਉਣਾ ਸੀ। ਭਾਵੇਂ ਦਾਸ ਲਈ ਹਾਲ ਦੀ ਘੜੀ ਬੜਾ ਅਜਨਬੀ ਜਿਹਾ ਸ਼ਹਿਰ ਅਤੇ ਅਜਨਬੀ ਹੀ ਮਾਹੌਲ ਸੀ ਮਗਰ ਇਸ ਮਿਸ਼ਨਰੀ ਕਾਫ਼ਲੇ ਨੇ ਇਸ ਨੂੰ ਅਪਣੱਤ ਦੀ ਮਿਠਾਸ ਨਾਲ ਅਤਿ ਰਸਦਾਇਕ ਬਣਾ ਕੇ ਦਾਸ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈ ਲਿਆ।

ਰੱਬੀ ਲਿਖੇ ਅੰਨ ਜਲ ਕਰਕੇ ਜਦੋਂ ਇਸ ਸਥਾਨ ਦੀ ਸੇਵਾ ਮਿਲ ਗਈ ਤਾਂ ਇਸ ਕਾਫ਼ਲੇ ਨੂੰ ਦਾਸ ਨੇ ਆਪਣਾ ਸਭ ਕੁਝ ਮੰਨ ਲਿਆ। ਸਾਹਾਂ ਨਾਲ ਸਾਹ ਲੈ ਕੇ ਜਿਊਣ ਦਾ ਇਕ ਨਵਾਂ ਹੀ ਰਸ ਭਰਿਆ ਮਾਹੌਲ ਦਾਸ ਦੀ ਝੋਲ਼ੀ ਪਿਆ। ਇਸ ਗੁਰੂ ਘਰ ਵਿਖੇ ਤਿੰਨ ਚਾਰ ਦਿਨ ਗੁਰਬਾਣੀ ਸੰਥਿਆ ਦੀ ਜਮਾਤ ਲੱਗਦੀ ਸੀ, ਜੋ ਸ. ਹਰਮੰਦਰ ਸਿੰਘ ਜੀ, ਸ. ਹਿੰਮਤ ਸਿੰਘ ਜੀ, ਭੈਣ ਅਜੀਤ ਕੌਰ ਜੀ, ਸ. ਜੋਗਿੰਦਰ ਸਿੰਘ ਜੀ, ਭੈਣ ਜਸਪਾਲ ਕੌਰ ਜੀ, ਸ. ਇੰਦਰਜੀਤ ਸਿੰਘ ਜੀ, ਸ. ਜਸਪਾਲ ਸਿੰਘ ਜੀ, ਸ. ਦਵਿੰਦਰ ਸਿੰਘ ਜੀ, ਸ. ਪ੍ਰਤਿਪਾਲ ਸਿੰਘ ਜੀ, ਸ. ਮਹਿੰਦਰਜੀਤ ਸਿੰਘ ਜੀ ਆਦਿ ਮਿਲ ਕੇ ਲਾਉਂਦੇ ਸਨ। ਦਾਸ ਲਈ ਵੀ ਇਹ ਸਕੂਲ ਸੀ ਜਿੱਥੋਂ ਸਿੱਖਣਾ ਚੰਗਾ ਲੱਗਦਾ ਸੀ। ਕੁੱਝ ਅਰਸੇ ਦੇ ਬਾਅਦ ਦਾਸ ਨੂੰ ਭਾਵੇਂ ਇਸ ਸੇਵਾ ਤੋਂ ਛੁੱਟੀ ਲੈਣੀ ਪਈ ਮਗਰ ਮੁੰਬਈ ਨਾ ਛੱਡੀ ਜਾ ਸਕੀ। ਮਹੀਨਾ ਮਹੀਨਾ, ਦੋ ਦੋ ਮਹੀਨੇ ਜਾਂ ਕਦੀ ਤਿੰਨ ਤਿੰਨ ਮਹੀਨੇ ਇਸੇ ਸ਼ਹਿਰ ਅੰਦਰ ਜ਼ਰੂਰ ਰਹਿਣਾ। ਗੁਰਮਤਿ ਸਮਾਗਮ ਚੱਲਦੇ ਰਹਿਣੇ। ਇਸ ਮਿਸ਼ਨਰੀ ਪਰਿਵਾਰ ਨੇ ਜਿਨ੍ਹਾਂ ਵਿੱਚ ਸ. ਜਸਪਾਲ ਸਿੰਘ ਜੀ ਬੜੇ ਸਰਗਰਮ ਰੂਪ ਵਿੱਚ ਸੇਵਾ ਨਿਭਾਉਂਦੇ ਰਹੇ, ਇਨ੍ਹਾਂ ਅੰਦਰ ਦੇਖਿਆ ਕਿ ਸਿੱਖਣ ਦੀ ਸਦਾ ਲਗਨ ਬੜੀ ਸੀ। ਗੁਰਬਾਣੀ ਅਰਥ ਵਿਧੀ ਭਾਵ ਗੁਰਬਾਣੀ ਵਿਆਕਰਣ ਵੱਲ ਬਹੁਤ ਲਗਨ ਸੀ। ਧਾਰਮਿਕ ਸੰਸਕਾਰ ਖ਼ਾਨਦਾਨੀ ਵੀ ਇਨ੍ਹਾਂ ਕੋਲ਼ ਬਹੁਤ ਸਨ, ਜਿਸ ਕਰਕੇ ਲਗਨ ਆਏ ਦਿਨ ਅੱਗੇ ਵੱਲ ਤੁਰਦੀ ਰਹੀ। ਇਨ੍ਹਾਂ ਵੀਰਾਂ ਨੇ ਰਲ਼ ਕੇ ਇੱਕ ਦਵਾਖ਼ਾਨਾ ਵੀ ਮੁੰਬਈ ’ਚ ਸ. ਦਵਿੰਦਰ ਸਿੰਘ ਜੀ ਦੇ ਘਰ ਨੇੜੇ ਖੋਲ੍ਹਿਆ ਸੀ।

ਸ. ਜਸਪਾਲ ਸਿੰਘ ਜੀ ਅੰਦਰ ਗੁਰਮਤਿ ਸਿੱਖਿਆ ਅਗਲੀਆਂ ਪੀੜੀਆਂ ਵਿੱਚ ਵੰਡਣ ਦੀ ਵੱਡੀ ਲਗਨ ਰਹੀ ਹੈ। ਮੁੰਬਈ ਵਿਖੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਸ਼ਾਂਤਾ ਕਰੁਜ ਵਿਖੇ ਗੁਰਮਤਿ ਦੀ ਵਿਸ਼ੇਸ਼ ਸਿੱਖਿਆ ਦਾ ਪ੍ਰਬੰਧ ਇਨ੍ਹਾਂ ਵੱਲੋਂ ਕੀਤਾ ਹੋਇਆ ਸੀ। ਖ਼ਾਸ ਕਰਕੇ ਜਦੋਂ ਗਰਮੀ ਦੀਆਂ ਛੁੱਟੀਆਂ ਆਉਣੀਆਂ ਤਾਂ ਗੁਰਮਤਿ ਦੀਆਂ ਸਿਖਲਾਈ ਜਮਾਤਾਂ ਦਾ ਘੇਰਾ ਨਵੀਂ ਪੁਰਾਣੀ ਮੁੰਬਈ, ਨਾਸਿਕ, ਪੂਨਾ ਆਦਿ ਤੱਕ ਵੀ ਵਧ ਜਾਂਦਾ ਸੀ। ਗੁਰਮਤਿ ਦੇ ਸਿੱਖਿਆ ਕੈਂਪ ਦੂਰ ਦੁਰਾਡੇ ਲਾਉਣ ਦਾ ਉਦਮ ਅਤਿ ਸਲਾਘਾਯੋਗ ਸੀ। ਸ. ਕੁਲਵੰਤ ਸਿੰਘ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਨਗਰ ਮੁੰਬਈ, ਇਸ ਜੱਥੇ ਨਾਲ ਬਹੁਤ ਹੀ ਮਜਬੂਤ ਧਿਰ ਬਣ ਕੇ ਜੁੜੇ ਹੋਏ ਸਨ। ਇਸ ਮਿਸ਼ਨਰੀ ਕਾਫ਼ਲੇ ਦੇ ਵੀਰਾਂ ਦੀ ਸੋਚ ਦਾ ਘੇਰਾ ਬੜਾ ਖੁੱਲ੍ਹਦਿਲੀ ਵਾਲ਼ਾ ਭਾਵ ਖ਼ਿਆਲੀ ਉਡਾਰੀ ਵਿਸ਼ਵ ਭਾਈਚਾਰੇ ਨੂੰ ਕਲਾਵੇ ਵਿੱਚ ਲੈਣ ਵਾਲ਼ੀ ਸੀ। ਸ. ਜਸਪਾਲ ਸਿੰਘ; ਗੁਰਮਤਿ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਖਾਕਾ ਉਮਰ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਲਿਖਦੇ, ਤਿਆਰ ਕਰਦੇ ਅਤੇ ਛਪਾਉਂਦੇ। ਪ੍ਰਬੰਧਕ ਦੇ ਤੌਰ ’ਤੇ ਸ. ਜਸਪਾਲ ਸਿੰਘ ਜੀ ਬਾਕਮਾਲ ਪ੍ਰਬੰਧਕ ਦੇਖੇ ਗਏ। ਸਹਿਯੋਗੀ ਇੰਨੇ ਵੱਡੇ ਕਿ ਕਿਸੇ ਵੀ ਕੰਮ ਲਈ ਨਾਲ ਖਲ੍ਹੋ ਕੇ ਪੂਰੇ ਨਿਭਦੇ। ਦਿਨ ਰਾਤ ਦੀ ਲਗਨ ਸੀ ਇਨ੍ਹਾਂ ਅੰਦਰ। ਇਹ ਨਿਰਮੋਲਕ ਉਹ ਹੀਰੇ ਹੋਏ ਹਨ, ਜੋ ਕਿਰਤ ਕਰਦਿਆਂ ਨਾਮ ਜਪਣ ਦੇ ਅਸਲੀ ਅਮਲ ਨੂੰ ਰੂਹ ਦੇ ਤਲ ’ਤੇ ਜਿਊਂਦੇ ਸਨ। ਬੋਲ ਚਾਲ ਵਿੱਚ ਨਿਮਰਤਾ ਮਿਠਾਸ ਹਲੇਮੀ ਨੱਕੋ ਨੱਕ ਭਰਪੂਰ ਹੀ ਦੇਖੀ ਹੈ। ਏਨਾ ਲੰਬਾ ਸਮਾਂ ਨੇੜੇ ਰਹਿਣ ਦਾ ਮੌਕਾ ਮਿਲਿਆ, ਕਦੀਂ ਕੌੜਾ ਬੋਲਦੇ ਨਹੀਂ ਸੁਣੇ। ਕਿਰਤ ਖੇਤਰ ਦੇ ਸਿਰੜੀ ਇਮਾਨਦਾਰ ਕਿਰਤੀ ਹੋਏ। ਮੁੰਬਈ ਤੋਂ ਪੰਜਾਬ ਆ ਕੇ ਵੀ ਪਹਿਲਾਂ ਇਨ੍ਹਾਂ ਨੇ ਦਵਾਈਆਂ ਦਾ ਕਾਰਖ਼ਾਨਾ ਰੋਪੜ ਤੋਂ ਕੁਰਾਲੀ ਸੜਕ ’ਤੇ ਕੁਰਾਲੀ ਨੇੜੇ ਨਦੀ ਕੰਢੇ ’ਤੇ ਲਾਇਆ। ਦਾਸ ਓਥੇ ਵੀ ਇੱਕ ਦੋ ਵਾਰ ਜਾ ਮਿਲ ਕੇ ਆਇਆ। ਇੱਕ ਵਾਰ ਸੁਆਰਥ ਲਈ ਵੀ ਮਿਲਿਆ। ਛੋਟੇ ਭਰਾ ਸ. ਤ੍ਰਲੋਚਨ ਸਿੰਘ ਜੀ ਨੇ ਬੀ.ਐਸ.ਸੀ. ਕੀਤੀ ਸੀ। ਉਸ ਨੂੰ ਇਨ੍ਹਾਂ ਪਾਸ ਨੌਕਰੀ ’ਤੇ ਲਵਾਇਆ। ਇਨ੍ਹਾਂ ਤੋਂ ਸਿੱਖ ਕੇ ਅੱਜ ਉਹ ਅੱਗੇ ਤੋਂ ਅੱਗੇ ਕੰਮ ਕਰਦਾ ਡੁਬਈ ਪੁੱਜ ਗਿਆ ਹੈ।

ਸ. ਜਸਪਾਲ ਸਿੰਘ ਜੀ ਸਭ ਦੇ ਸਹਿਯੋਗੀ ਬਣ ਕੇ ਸੇਵਾ ਕਰਨ ਨੂੰ ਪਹਿਲ ਦੇਂਦੇ ਰਹੇ ਸਨ। ਉਨ੍ਹਾਂ ਅੰਦਰ ਤਿਆਗ ਦੀ ਭਾਵਨਾ ਬੜੀ ਸੀ। ਕਿਸੇ ਦੀ ਮਦਦ ਕਰਨੀ ਹੈ ਤਾਂ ਮਦਦ ਤੋਂ ਮੂੰਹ ਨਹੀਂ ਮੋੜਦੇ ਸਨ ਬਲਕਿ ਸੇਵਾ ਦੀ ਜੁਗਤਿ ਤਿਆਰ ਕਰਕੇ ਸਭ ਨੂੰ ਹਿੱਸੇਦਾਰੀ ਪਾਉਣ ਲਈ ਆਖਦੇ ਸਨ।

ਆਪ ਜੀ ਦਾ ਘਰ ਬਾਂਦਰਾ ਵਿਖੇ ਪੈਂਦਾ ਸੀ ਖਾਰ ਪਾਲੀ ਸੜਕ ’ਤੇ ‘ਡਨ ਹਿਲ’ ਇਮਾਰਤ। ਦਾਸ ਨੂੰ ਘਰ ਵਿਖੇ ਕਈ ਕਈ ਦਿਨ ਰੁਕਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਭੈਣ ਹਰਿੰਦਰ ਕੌਰ ਜੀ ਸੇਵਾ ਕਰਨ ਵਾਸਤੇ ਹਮੇਸ਼ਾਂ ਤੱਤਪਰ ਰਹਿੰਦੇ ਸਨ। ਹੋਰ ਵੀ ਗੁਣੀ ਗਿਆਨੀ ਇੱਥੇ ਆ ਕੇ ਰੁਕਦੇ ਰਹੇ ਹਨ। ਸੇਵਾ ਬੜੀ ਖਿੜੇ ਮੱਥੇ ਹੁੰਦੀ ਸੀ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨਾਲ ਜੁੜੇ ਸਾਰੇ ਕਾਫ਼ਲੇ ਨੇ ਸ. ਜਸਪਾਲ ਸਿੰਘ ਜੀ ਨੂੰ ਇੱਕ ਨੁਮਾਇੰਦੇ ਦੇ ਤੌਰ ’ਤੇ ਪ੍ਰਬੰਧਕੀ ਜ਼ਿੰਮੇਵਾਰ ਥਾਪਿਆ ਸੀ। ਇਸ ਕੌਮੀ ਸੰਸਥਾ ਦੀ ਨੁਹਾਰ ਬਦਲਣ ਵਿੱਚ ਗੁਰਮਤਿ ਵਿੱਦਿਆ ਦੇ ਉੱਚੇ ਮਿਆਰ ਵਿੱਚ ਸ. ਜਸਪਾਲ ਸਿੰਘ ਜੀ ਦਾ ਮਾਣ ਕਰਨਯੋਗ ਹਿੱਸਾ ਰਿਹਾ ਹੈ। ਲੁਧਿਆਣੇ ਆ ਵੱਸਣ ਤੋਂ ਬਾਅਦ ਇਨ੍ਹਾਂ ਨੇ ਇਸ ਸੰਸਥਾ ਲਈ ਜੋ ਕੰਮ ਕੀਤਾ, ਉਹ ਵਿਆਖਿਆ ਤੋਂ ਪਰੇ ਹੈ; ਜਿਵੇਂ ਕਿ ਇਸ ਲੇਖ ਦੇ ਸਿਰਲੇਖ ਤੋਂ ਹੀ ਇਹ ਸਮਝ ਬਣਾ ਚੁੱਕੇ ਹੋਵੋਗੇ ਕਿ ਵੀਰ ਜਸਪਾਲ ਸਿੰਘ ਜੀ ਨਿਰਮੋਲਕ ਹੀਰਾ ਸਨ। ਇਹ ਕੋਈ ਅਤਿ ਕਥਨੀ ਨਹੀਂ ਹੈ। ਗੁਰੂਕਿਓ ! ਹਕੀਕਤ ਹੈ। ਉਨ੍ਹਾਂ ਦਾ ਸੰਗ ਜਿਸ ਵੀਰ, ਭੈਣ ਨੇ ਗੁਰਮਤਿ ਸਾਂਝ ਪੱਖੋਂ ਮਾਣਿਆ ਹੈ ਉਹ ਸਭ ਦਾਸ ਨਾਲ ਸਹਿਮਤ ਹੋਣਗੇ ਕਿ ਉਹ ਸਭ ਦੇ ਸਾਂਝੇ ਸਨ। ਸਾਰੇ ਆਪਣੇ ਨਾਲ ਉਨ੍ਹਾਂ ਨੂੰ ਵਧੇਰੇ ਨੇੜਿਓਂ ਸਮਝਣ ਦਾ ਮਾਣ ਮਾਣਦੇ ਰਹੇ ਹਨ। ਉਨ੍ਹਾਂ ਲਈ ਸਾਰੀਆਂ ਸੰਸਥਾ ਗੁਰੂ ਪੰਥ ਦੀਆਂ ਸੰਸਥਾਵਾਂ ਸਨ। ਕਿਸੇ ਪ੍ਰਤੀ ਕਦੀ ਮਨ ਅੰਦਰ ਨਫ਼ਰਤ ਜਾਂ ਘਿਰਣਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰੂ ਬਚਨ ‘‘ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ’’ (ਮਹਲਾ /੬੭੧) ਵਾਙ ਉਹ ਸਭ ਦੇ ਹਰਮਨ ਪਿਆਰੇ, ਸਤਿਕਾਰੇ ਹੋ ਕੇ ਰੱਜਵਾਂ ਪਿਆਰ ਵੰਡਦੇ ਰਹੇ।

ਪਿਛਲੇ ਵਰ੍ਹੇ ਜਦੋਂ ਪੰਥਕ ਤਾਲਮੇਲ ਸੰਗਠਨ ਨੇ ਪੰਥਕ ਅਸੈਂਬਲੀ ਕਰਨ ਦਾ ਫ਼ੈਸਲਾ ਕੀਤਾ ਤਾਂ ਲੁਧਿਆਣੇ ਸ਼ਹਿਰ ਅੰਦਰ ਸ. ਜਸਪਾਲ ਸਿੰਘ ਜੀ ਨੇ ਸਰਗਰਮ ਰੂਪ ਵਿੱਚ ਬੜੀਆਂ ਇਕੱਤਰਤਾਵਾਂ ਲਈ ਹਾਜ਼ਰੀ ਭਰੀ। ਕੀਮਤੀ ਸੁਝਾਅ ਦਿੱਤੇ। ਪ੍ਰਚਾਰਕਾਂ ਦਾ ਮਿਆਰ ਉੱਚਾ ਚੁੱਕਣ ਲਈ ਬੜੇ ਹੀ ਫ਼ਿਕਰਮੰਦ ਰਹੇ। ਸੁਧਾਰ ਲਈ ਐਸੀ ਲਗਨ ਸੀ ਕਿ ਕੋਲ਼ ਬੈਠ ਦਲੀਲ ਨਾਲ ਗੱਲ ਹਿਰਦੇ ਤੱਕ ਭੇਜ ਦੇਂਦੇ। ਇਨ੍ਹਾਂ ਦਿਨਾਂ ਅੰਦਰ ਸਿੱਖ ਕੌਮ ਦੇ ਵਿਹੜੇ ਵਿੱਚੋਂ ਬੜੇ ਮੁਦੱਬਿਰ ਸੱਜਣ (ਯੋਗ ਪ੍ਰਬੰਧਕ) ਥੋੜ੍ਹੇ ਥੋੜ੍ਹੇ ਅਰਸੇ ਵਿੱਚ ਤੁਰ ਰਹੇ ਹਨ। ਕੁੱਝ ਕੁ ਸਮਾਂ ਪਹਿਲਾਂ ਸ. ਤਰਸੇਮ ਸਿੰਘ ਜੀ ਦਿੱਲੀ ਕੂਚ ਕਰ ਗਏ। ਪੰਥਕ ਹਲਕਿਆਂ ਅੰਦਰੋਂ ਇੱਕ ਜਾਗਰੂਪ ਪੰਥ ਦਰਦੀ ਤੁਰ ਗਿਆ। ਅਸੀਂ ਅਜੇ ਸੰਭਲੇ ਵੀ ਨਹੀਂ ਸਾਂ ਕਿ ਸਿੱਖ ਮਿਸ਼ਨਰੀ ਲਹਿਰ ਦੇ ਮਜ਼ਬੂਤ ਥੰਮ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਸਾਨੂੰ ਸਭ ਨੂੰ ਵਿਛੋੜਾ ਦੇ ਗਏ। ਮਿਸ਼ਨਰੀ ਲਹਿਰ ਦੇ ਵੀਰਾਂ ਅੰਦਰ ਇੱਕ ਭੁਚਾਲ ਜਿਹਾ ਆ ਗਿਆ। ਇਸ ਸੰਸਥਾ ਦਾ ਭਵਿੱਖ ਕੀ ਹੋਵੇਗਾ ? ਉਨ੍ਹਾਂ ਦੇ ਸੰਸਕਾਰ ਸਮੇਂ ਤੋਂ ਹੀ ਚਰਚਾ ਸ਼ੁਰੂ ਹੋ ਗਈ। ਸੰਸਥਾਵਾਂ ਤੋਂ ਬਾਹਰ ਬੈਠੇ ਪੰਥ ਦਰਦੀਆਂ ਅੰਦਰ ਇਹ ਪੀੜਾ ਬੜੀ ਪ੍ਰਬਲ ਸੀ। ਇਸੇ ਹੀ ਫ਼ਿਕਰ ਦੇ ਮਾਹੌਲ ਅੰਦਰ ਤੁਰਦਿਆਂ ਸ. ਜਰਨੈਲ ਸਿੰਘ ਜੀ ਪੱਤਰਕਾਰ ਦਿੱਲੀ ਦੇ ਤੁਰ ਜਾਣ ਦੀ ਖ਼ਬਰ ਨੇ ਬੁਰੀ ਤਰ੍ਹਾਂ ਹਲੂਣਿਆ। ਜਦੋਂ ਵੀਰ ਜਸਪਾਲ ਸਿੰਘ ਜੀ ਬਾਰੇ ਸਮਾਜਿਕ ਪ੍ਰਸਾਰ ਸਾਧਨ (ਸੋਸ਼ਲ ਮੀਡੀਆ) ’ਤੇ ਖ਼ਬਰ ਪੜ੍ਹੀ, ਸੱਚ ਜਾਣਿਓਂ ਦਾਸ ਇਸ ਸੂਚਨਾ ’ਤੇ ਯਕੀਨ ਨਹੀਂ ਕਰ ਸਕਿਆ। ਜਦੋਂ ਹਕੀਕਤ ਜਾਣਨ ਲਈ ਸ. ਅਮਰਜੀਤ ਸਿੰਘ ਜੀ ਤੇ ਰਾਣਾ ਇੰਦਰਜੀਤ ਸਿੰਘ ਜੀ ਨਾਲ ਵਾਰੋ ਵਾਰੀ ਸੰਪਰਕ ਕੀਤਾ ਤਾਂ ਇਹ ਵੀਰ ਬੇਸੁਧ ਜਿਹੇ ਮਿਲੇ; ਜਿਵੇਂ ਟੁੱਟ ਗਏ ਹੋਣ। ਇਹ ਜੋ ਹੋ ਰਿਹਾ ਹੈ ਇਉਂ ਜਾਪਦਾ ਹੈ ਕਿ ਗੁਰਸਿੱਖੀ ਬਾਗ਼ ਦੇ ਅਤਿ ਸੁੰਦਰ ਫੁੱਲ ਡਿੱਗਦੇ ਜਾ ਰਹੇ ਹਨ। ਕਦੀ ਇਨ੍ਹਾਂ ਵੀਰਾਂ ਨੂੰ ਕਮਜ਼ੋਰ ਦਿਲ ਨਹੀਂ ਦੇਖਿਆ ਮਗਰ ਅੱਜ ਇਹ ਭੁੱਬਾਂ ਮਾਰ ਕੇ ਰੋ ਰਹੇ ਹਨ। ਬਹੁਤ ਹੀ ਫ਼ਿਕਰਮੰਦੀ ਦੇ ਅੱਥਰੂ ਸਨ। ਇਨ੍ਹਾਂ ਦੀਆਂ ਭੁੱਬਾਂ ਤੋਂ ਮਹਿਸੂਸ ਹੁੰਦਾ ਹੈ ਕਿ ਕੌਮ ਦੇ ਕੋਲ਼ ਕੌਮ ਪ੍ਰਸਤ ਸੇਵਾਦਾਰ ਬਹੁਤ ਸੀਮਤ ਹਨ। ਇਹ ਵਾਰੀ ਵਾਰੀ ਯੱਕ ਦਮ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸੰਸਾਰ ਤੋਂ ਵਿਦਾ ਹੋ ਗਏ ਹਨ। ਪੰਥ ਦਰਦੀਆਂ ਨੂੰ ਚਿੰਤਾਤੁਰ ਹੋਣਾ ਸੁਭਾਵਕ ਹੈ। ਇੰਨੀ ਕਾਬਲੀਅਤ ਵਾਲ਼ੇ ਕੌਮੀ ਵਿਦਵਾਨ ਨਿਰੰਤਰ ਤਿਆਰ ਕਰਨ ’ਚ ਅਸੀਂ ਬੁਰੀ ਤਰ੍ਹਾਂ ਪਛੜੇ ਹੋਏ ਹਾਂ।

ਗਿਆਨੀ ਜਗਤਾਰ ਸਿੰਘ ਜੀ ਜਾਚਕ ਅਮਰੀਕਾ ਤੋਂ ਫੋਨ ਕਰਦੇ ਕਰਦੇ ਭਾਵਕ ਹੋ ਗਏ। ਕਹਿੰਦੇ ਖ਼ਾਲੀ ਹੋਈ ਜਾ ਰਹੀ ਹੈ ਕੌਮ ਦੀ ਝੋਲ਼ੀ ਕੌਮੀ ਵਿਦਵਾਨਾਂ ਪੱਖੋਂ। ਕਿਵੇਂ ਪੂਰਾ ਹੋਵੇਗਾ ਇਹ ਖਲਾਅ ਉਨ੍ਹਾਂ ਦੀ ਇਹ ਅਵਸਥਾ ਸੱਚੀਂ ਝੰਜੋੜ ਰਹੀ ਸੀ। ਹਾਲਤ ਇਹ ਹੈ ਕਿ ਦੁੱਖ ਪੀੜਾ ਕੀਹਦੇ ਅੱਗੇ ਰੋਈਏ। ਇਸ ਪਾਸੇ ਤੋਂ ਤਾਂ ਧਿਆਨ ਕੌਮੀ ਪ੍ਰਬੰਧਕੀ ਸੰਸਥਾਵਾਂ ਨੇ ਹੀ ਹਟਾ ਲਿਆ ਹੈ। ਹੋਰ ਹੋਰ ਸਵਾਰਥ ਲੈ ਕੇ ਤੁਰਨਾ ਸ਼ੁਰੂ ਕਰ ਲਿਆ ਹੈ। ਦਾਸਰਾ ਜਦੋਂ ਕੌਮ ਦੇ ਨਿਰਮੋਲਕ ਹੀਰੇ ਭਾਈ ਜਸਪਾਲ ਸਿੰਘ ਜੀ ਬਾਰੇ ਇਹ ਅੱਖਰ ਲਿਖ ਰਿਹਾ ਸੀ ਤਾਂ ਅੱਜ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਦਾ ਫ਼ੋਨ ਆਇਆ ਉਨ੍ਹਾਂ ਦੇ ਮੂੰਹੋਂ ਵੀ ਇਹੀ ਸ਼ਬਦ ਹੀਰੇ ਤੁਰ ਰਹੇ ਨੇ। ਨਵੇਂ ਪੈਦਾ ਨਹੀਂ ਹੋ ਰਹੇ। ਜੋ ਮਾੜੇ ਮੋਟੇ ਹਨ ਉਹ ਬੜੇ ਛੋਟੇ ਨੇ ਤੇ ਬਹੁਤ ਪਿੱਛੇ ਹਨ, ਸੁਣਨ ਨੂੰ ਮਿਲੇ।

ਵੀਰ ਜਸਪਾਲ ਸਿੰਘ ਜੀ ਦੀ ਤੁਰ ਜਾਣ ਵਾਲ਼ੀ ਪੀੜਾ ਭਰੀ ਖ਼ਬਰ ਦੇ ਨਾਲ ਨਾਲ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਬਾਰੇ ਜਾਣਕਾਰੀ ਆਉਣੀ ਸ਼ੁਰੂ ਹੋ ਗਈ। ਚੰਦ ਰੋਜ਼ ਪਹਿਲਾਂ ਉਨ੍ਹਾਂ ਨਾਲ ਇੱਕ ਕੌਮੀ ਮੁੱਦੇ ’ਤੇ ਗੱਲ ਬਾਤ ਕਰਨ ਲਈ ਦੋ ਤਿੰਨ ਵਾਰ ਸੰਪਰਕ ਕੀਤਾ। ਉਨ੍ਹਾਂ ਦੀ ਪਤਨੀ ਅਤੇ ਸਹਾਇਕ ਨਾਲ ਤਾਂ ਗੱਲ ਹੋ ਸਕੀ ਮਗਰ ਗਿਆਨੀ ਵੇਦਾਂਤੀ ਜੀ ਨਾਲ ਨਾ ਹੋ ਸਕੀ। ਵੇਦਾਂਤੀ ਜੀ ਬਾਰੇ ਵੱਖਰਾ ਲਿਖਾਂਗਾ। ਇੱਥੇ ਤਾਂ ਇਹ ਦੱਸਣਾ ਕਾਫ਼ੀ ਹੈ ਕਿ ਗਿਆਨੀ ਵੇਦਾਂਤੀ; ਜੱਥਾ ਭਿੰਡਰਾ ਦੇ ਵਿਦਿਆਰਥੀ ਹੁੰਦਿਆਂ ਪੰਖਕ ਜਾਬਤੇ ਦੇ ਜਾਣਕਾਰ ਹੋਏ। ਸਿੱਖ ਰਹਿਤ ਮਰਿਆਦਾ ਨੂੰ ਸਮਝਦੇ ਵੀ ਸਨ ਅਤੇ ਨਿਭਾਉਣ ਦਾ ਯਤਨ ਵੀ ਕਰਦੇ ਸਨ। ਗਿਆਨੀ ਮੇਵਾ ਸਿੰਘ ਜੀ ਤੋਂ ਬਾਅਦ ਗਿਆਨੀ ਵੇਦਾਂਤੀ ਜੀ ਸਨ, ਜੋ ਗੁਰਬਾਣੀ ਵਿਆਕਰਣ, ਪਾਠ ਭੇਦਾਂ ਬਾਰੇ ਮਹੱਤਵ ਪੂਰਨ ਗਿਆਨ ਰੱਖਦੇ ਸਨ। ਮਿਸ਼ਨਰੀ ਸਿਧਾਂਤ ਨੂੰ ਸਮਝਦੇ ਵੀ ਸਨ। ਕਦਰਦਾਨ ਵੀ ਸਨ। ਸੰਪਰਦਾਈਆਂ ਵਿਚਕਾਰ ਕੜੀ ਦਾ ਕੰਮ ਕਰਦੇ ਸਨ।

ਵੀਰ ਜਸਪਾਲ ਸਿੰਘ ਜੀ ਦੀ ਗੱਲ ਕਰਦਿਆਂ ਖ਼ਿਆਲ ਆ ਰਿਹਾ ਹੈ, ਅਜੇ ਇਹ ਤੁਫ਼ਾਨ ਜਾਰੀ ਹੈ। ਪਤਾ ਨਹੀਂ ਸਾਡੇ ਵਿੱਚੋਂ ਹੋਰ ਕਿੰਨਿਆਂ ਨੇ ਆਏ ਸੱਦੇ ਅਨੁਸਾਰ ਤੁਰ ਜਾਣਾ ਹੈ। ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕਰਨ ਦੀ ਲੋੜ ਹੈ ਨਵੀਂ ਪੀੜੀ ਨੂੰ ਹੌਂਸਲਾ ਵੀ ਮਿਲੇ। ਪਹਿਲਿਆਂ ਵਾਲ਼ੀ ਲਗਨ, ਹਿੰਮਤ ਤੇ ਗਿਆਨ ਦੇ ਵਾਰਸ ਵੀ ਬਣਨ। ਇਸ ਲਈ ਸਿਰ ਜੋੜਨ ਦੀ ਵੱਡੀ ਲੋੜ ਹੈ। ਸਭ ਤੋਂ ਪਹਿਲਾਂ ਬਿਨਾਂ ਵਕਤ ਗਵਾਇਆਂ ਮਿਸ਼ਨਰੀ ਸੰਸਥਾਵਾਂ ਦੇ ਦੋ ਦੋ, ਚਾਰ ਚਾਰ ਮੁੱਖੀ, ਕੇਂਦਰੀ ਸਿੰਘ ਸਭਾ, ਅਕਾਲ ਪੁਰਖ ਕੀ ਫ਼ੌਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਹੋਰ ਹਮ ਖ਼ਿਆਲੀ ਮਿਲ ਕੇ ਬੈਠੀਏ। ਇੱਕ ਦਿਨ ਲੱਗੇ ਜਾਂ ਦੋ ਦਿਨ। ਸਾਰੇ ਪੱਖਾਂ ’ਤੇ ਚਰਚਾ ਕਰਕੇ ਪੈਦਾ ਹੋ ਰਹੇ ਪੰਥਕ ਵਿਦਵਾਨਾਂ ਦੇ ਖਲਾਅ ਦੀ ਪੂਰਤੀ ਲਈ ਹੱਲ ਤਲਾਸ਼ ਕਰਕੇ ਉਠੀਏ ਅਤੇ ਬਿਨਾਂ ਵਕਤ ਗਵਾਇਆਂ ਇਸ ’ਤੇ ਅਮਲ ਕਰੀਏ।

ਸ. ਜਸਵਿੰਦਰ ਸਿੰਘ ਜੀ ਐਡਵੋਕੇਟ ਅੰਮ੍ਰਿਤਸਰ ਇਸ ਵਰਤਮਾਨ ਹਾਲਾਤਾਂ ਤੋਂ ਬਹੁਤ ਹੀ ਫ਼ਿਕਰਮੰਦ ਹਨ। ਸਿੱਖ ਵਿਦਵਾਨਾਂ ਦੀ ਕੌਮ ਨੂੰ ਲੋੜ ਸਾਹਮਣੇ ਰੱਖ ਕੇ ਬਹੁਤ ਕੁੱਝ ਸੋਚਦੇ ਅਤੇ ਕਰਨ ਦੀ ਇੱਛਾ ਰੱਖਦੇ ਹਨ। ਉਦਾਸ ਨਹੀਂ ਹੋਣਾ। ਹੁਕਮੀ ਦਾ ਹੁਕਮ ਮੰਨ ਕੇ ਕੌਮੀ ਫ਼ਰਜ਼ਾਂ ਲਈ ਵੀਰ ਜਸਪਾਲ ਸਿੰਘ ਜੀ ਵਾਙ ਲੱਕ ਬੰਨ੍ਹ ਕੇ ਕੰਮ ਕਰਨਾ, ਸਾਡਾ ਨਿਸ਼ਾਨਾ ਬਣਿਆ ਰਹੇ।

ਭੁੱਲਾਂ ਦੀ ਮੁਆਫ਼ੀ ਮੰਗਦਾ ਹੋਇਆ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ)

Most Viewed Posts