ਗੁਰਦੁਆਰਿਆਂ ਦਾ ਅਸਲ ਅਰਥ ਸਮਝਣ ਅਤੇ ਸਮਝਾਉਣ ਦੀ ਲੋੜ

0
262

ਗੁਰਦੁਆਰਿਆਂ ਦਾ ਅਸਲ ਅਰਥ ਸਮਝਣ ਅਤੇ ਸਮਝਾਉਣ ਦੀ ਲੋੜ

ਭਾਈ ਜਸਵੀਰ ਸਿੰਘ ਚਾਕਰ (ਮੰਡੀ ਗੋਬਿੰਦਗੜ)-96468-00131

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੋਰਠਿ ਰਾਗ ਅੰਦਰ ਪਾਵਨ ਬਚਨ ਹੈ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ   ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ’’ (ਮਹਲਾ /੬੩੩) ਭਾਵ ਜੋ ਮਨੁੱਖ ਸਰੀਰਕ ਦੁੱਖਾਂ ਵਿੱਚ ਦੁੱਖੀ ਨਹੀਂ ਰਹਿੰਦਾ। ਜਿਸ ਦੇ ਹਿਰਦੇ ਵਿੱਚ ਸੁੱਖਾਂ ਦੀ ਕਾਮਨਾ ਤੇ ਡਰ ਨਹੀਂ ਅਤੇ ਸੋਨੇ ਅਤੇ ਮਿੱਟੀ ਨੂੰ ਬਰਾਬਰ ਸਮਝਦਾ ਹੈ (ਭਾਵ ਅਮੀਰੀ ਗ਼ਰੀਬੀ ਦੇ ਹਾਲਾਤਾਂ ਵਿੱਚ ਰਜ਼ਾ ਮੰਨਦਾ ਹੋਇਆ ਇੱਕੋ ਜਿਹਾ ਖ਼ੁਸ਼ ਰਹਿੰਦਾ ਹੈ, ਓਹੀ ਰੱਬ ’ਚ ਲੀਨ ਹੋ ਸਕਦਾ ਹੈ। ਗੁਰੂ ਵਰਗਾ ਬਣ ਸਕਦਾ ਹੈ)।

ਇਸ ਪੂਰੇ ਸ਼ਬਦ ਅੰਦਰ ਮਨੁੱਖੀ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਜਾਂ ਬ੍ਰਹਮ ਵਿੱਚ ਪਾਣੀ ਦੀ ਤਰ੍ਹਾਂ ਲੀਨ ਹੋਣ ਲਈ ਗੁਰੂ ਤੇਗ਼ ਬਹਾਦਰ ਜੀ ਨੇ ਸੰਸਾਰਕ ਲਾਲਸਾਵਾਂ ਅਤੇ ਪੀੜਾ ਤੋਂ ਉੱਪਰ ਉੱਠਣ ਦੇ ਕਈ ਸੰਕੇਤ ਦਿੱਤੇ ਹਨ। ਜੋ ਵੀ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰੇਗਾ ਉਹੀ ਗੁਰ ਕਿਰਪਾ ਦਾ ਪਾਤਰ ਬਣ ਕੇ ‘‘ਨਾਨਕ ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ’’ (ਮਹਲਾ /੬੩੩) ਵਾਲੀ ਅਵਸਥਾ ਪ੍ਰਾਪਤ ਕਰਦਾ ਹੈ। ਇਨ੍ਹਾਂ ਸੰਕੇਤਾਂ ’ਚੋ ਇੱਕ ਹੈ ਕਿ ਮਨੁੱਖ ‘‘ਕੰਚਨ ਮਾਟੀ ਮਾਨੈ ’’ ਭਾਵ ਸੋਨਾ ਅਤੇ ਮਿੱਟੀ ਨੂੰ ਇੱਕ ਸਮਾਨ ਸਮਝੇ।

ਅਕਾਲ ਪੁਰਖ ਦੇ ਬਣਾਏ ਹੋਏ ਸੰਸਾਰ ਅੰਦਰ ਮਾਇਆ ਦੇ ਅਨੇਕਾਂ ਰੂਪ ਅਤੇ ਕੀਮਤੀ ਪਦਾਰਥ ਹਨ, ਜਿਨ੍ਹਾਂ ’ਚੋਂ ਮਾਇਆ ਦਾ ਹੀ ਇੱਕ ਰੂਪ ਹੈ ‘ਧਾਤ ਸੋਨਾ’। ਗੁਰਬਾਣੀ ਅੰਦਰ ਇਸ ਨੂੰ ‘ਸੋਨ, ਸੁਇਨਾ, ਸੁਵਰਨ, ਕੰਚਨ, ਕਨਿਕ’ ਆਦਿ ਵੀ ਕਿਹਾ ਹੈ। ਮਨੁੱਖੀ ਸੋਚ ਹਰ ਕੀਮਤੀ ਵਸਤੂ ਤੋਂ ਸੁਭਾਵਕ ਹੀ ਪ੍ਰਭਾਵਤ ਹੋ ਜਾਂਦੀ ਹੈ। ਜਦੋਂ ਮਨੁੱਖ ਨੇ ਹੋਸ਼ ਸੰਭਾਲੀ ਤਾਂ ਇਸ ਨੇ ਹਰ ਕੀਮਤੀ ਵਸਤੂ ’ਤੇ ਆਪਣਾ ਅਧਿਕਾਰ ਜਮਾਉਣਾ ਚਾਹਿਆ। ਫਿਰ ਚਾਹੇ ਉਹ ਜਮੀਨ ਹੋਵੇ, ਪਾਣੀ ਹੋਵੇ, ਖ਼ਜ਼ਾਨਾ ਹੋਵੇ, ਪੈਸਾ ਜਾਂ ਹੋਰ ਕੋਈ ਕੀਮਤੀ ਸ਼ੈਅ ਹੋਵੇ। ਗੁਰੂ ਸਾਹਿਬ ਜੀ ਮਨੁੱਖ ਦੀ ਇਸ ਕਮਜੋਰੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਮਾਇਆਵੀ ਪਦਾਰਥਾਂ ਦਾ ਮੋਹ ਹੌਲ਼ੀ ਹੌਲ਼ੀ ਲੜਾਈ ਝਗੜੇ ਜਾਂ ਕਲੇਸ਼ ਦਾ ਕਾਰਨ ਬਣਦਾ ਹੈ। ਜਿਉਂ ਜਿਉਂ ਮਨੁੱਖ ਕੋਲ ਦੁਨਿਆਵੀ ਪਦਾਰਥ ਵਧਦੇ ਹਨ, ਤਿਉਂ ਤਿਉਂ ਮਨ ਅੰਦਰ ਉਨ੍ਹਾਂ ਦਾ ਅਹੰਕਾਰ ਵੀ ਵਧਦਾ ਹੈ । ਇਸ ਅਹੰਕਾਰ ਕਾਰਨ ਆਪਣੇ ਮਾਲਕ ਤੋਂ ਦੂਰੀ ਵੀ ਵਧਦੀ ਜਾਂਦੀ ਹੈ। ਧਾਰਮਕ ਸਿੱਖਿਆ ਤੋਂ ਅਣਜਾਣ ਬੰਦੇ ਦੀ ਇਸ ਕਮਜੋਰੀ ਦਾ ਫ਼ਾਇਦਾ ਉਠਾਉਂਦੀ ਹੈ ਧਰਮ ਦੀ ਠੇਕੇਦਾਰ ਬਣੀ ਬੈਠੀ ਚਾਲਾਕ ਤੇ ਸ਼ਾਤਰ ਪੁਜਾਰੀ ਜਮਾਤ, ਜੋ ਸ਼ਰਧਕ ਮਨੁੱਖ ਨੂੰ ਇਸ ਦੇ ਪਾਪਾਂ ਦੀ ਮੈਲ ਧੋਣ, ਨਰਕ ਤੋਂ ਬਚਾਉਣ, ਸਵਰਗ ’ਚ ਲੈ ਜਾਣ, ਰੱਬ ਨਾਲ ਮਿਲਾਪ ਭਾਵ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਭਰੋਸਾ ਦੇ ਦੇ ਕੇ ਇਸ ਕੋਲੋਂ ਮਿਹਨਤ ਨਾਲ ਕਮਾਇਆ ਧਨ, ਦੌਲਤ, ਜਮੀਨ, ਸੋਨਾ, ਚਾਂਦੀ, ਗਹਿਣਾ ਗੱਟਾ ਆਦਿ ਨੂੰ ਲੁੱਟ ਲੈਂਦੀ ਹੈ। ਇਸ ਦਾ ਪਤਾ ਲੁੱਟੇ ਜਾ ਰਹੇ ਬੰਦੇ ਨੂੰ ਵੀ ਨਹੀਂ ਲੱਗਦਾ ਕਿਉਂਕਿ ਇਹ ਸਾਰਾ ਕੁਝ ਧਰਮ ਦੇ ਨਾਂ ’ਤੇ ਹੋ ਰਿਹਾ ਹੁੰਦਾ ਹੈ। ਉਪਰੋਂ ਤ੍ਰਾਸਦੀ ਇਹ ਕਿ ਸਦੀਆਂ ਤੋਂ ਹੁੰਦੀ ਆ ਰਹੀ ਇਹ ਲੁੱਟ ਹੁਣ ਧਰਮ ਦਾ ਹੀ ਅੰਗ ਬਣ ਚੁੱਕੀ ਹੈ। ਮੰਦਿਰਾਂ ’ਚ ਇਕੱਤਰ ਕੀਤਾ ਹਜ਼ਾਰਾਂ ਟਨ ਸੋਨਾ ਇਸ ਦੀ ਮਿਸਾਲ ਹੈ। ਸਦੀਆਂ ਤੋਂ ਸੋਨੇ ਦਾ ਦਾਨ ਸਭ ਤੋਂ ਉੱਪਰ ਮੰਨਿਆ ਗਿਆ ਹੈ, ਇਸ ਲਈ ਗੁਰਬਾਣੀ ਅੰਦਰ ਸੋਨੇ ਚਾਂਦੀ ਨੂੰ ਹੀ ਕੋਈ ਅਹਿਮੀਅਤ ਨਹੀਂ ਦਿੱਤੀ ਗਈ; ਜਿਵੇਂ ਕਿ

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ..

ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ (ਮਹਲਾ /੧੫)

ਕੂੜੁ ਸੁਇਨਾ ਕੂੜੁ ਰੁਪਾ; ਕੂੜੁ ਪੈਨ੍ਣਹਾਰੁ (ਮਹਲਾ /੪੬੮)

ਪਰ ਨਿੰਦਾ ਉਸਤਤਿ ਨਹ ਜਾ ਕੈ; ਕੰਚਨ ਲੋਹ ਸਮਾਨੋ (ਮਹਲਾ /੬੮੫)

ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ (ਮਹਲਾ /੧੪੨੭

ਕੰਚਨ ਸਿਉ ਪਾਈਐ ਨਹੀ ਤੋਲਿ   ਮਨੁ ਦੇ; ਰਾਮੁ ਲੀਆ ਹੈ ਮੋਲਿ (ਭਗਤ ਕਬੀਰ/੩੨੭)

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ; ਰਾਮ ਨਾਮ ਸਰਿ ਤਊ ਪੂਜੈ

ਆਤਮ ਜਉ ਨਿਰਮਾਇਲੁ ਕੀਜੈ; ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ਤਊ ਪੂਜੈ (ਭਗਤ ਨਾਮਦੇਵ/੯੭੩)

ਿਨੁ ਹਰਿ ਨਾਮ ਕੋ ਮੁਕਤਿ ਪਾਵੈ; ਬਹੁ ਕੰਚਨੁ ਦੀਜੈ ਕਟਿ ਕਾਟ (ਮਹਲਾ /੯੮੬)

ਲੋਹਾ ਕੰਚਨੁ ਸਮ ਕਰਿ ਜਾਨਹਿ; ਤੇ ਮੂਰਤਿ ਭਗਵਾਨਾ (ਭਗਤ ਕਬੀਰ/੧੧੨੩) ਆਦਿ।

ਹੁਣ ਵਿਚਾਰਨ ਵਾਲਾ ਨੁਕਤਾ ਹੈ ਕਿ ਜਿਸ ਸੋਨੇ ਨੂੰ ਗੁਰਬਾਣੀ ਕੂੜ (ਝੂਠ), ਜ਼ਹਿਰ, ਸੁਆਹ, ਰਸ, ਲੋਹਾ, ਮਿੱਟੀ ਆਦਿਕ ਮੰਨਦੀ ਹੈ ਉਸ ਨੂੰ ਗੁਰੂ ਦੇ ਨਾਂ ਹੇਠ ਗੁਰਦਵਾਰਿਆਂ ਦੀ ਕਾਰ ਸੇਵਾ ਦੇ ਨਾਂ ’ਤੇ ਸੰਗਤ ਕੋਲੋਂ ਇਕੱਠਾ ਕਰ ਗੁੰਬਦਾਂ, ਪਾਲਕੀਆਂ, ਛੱਬਿਆਂ, ਚੌਰ ਸਾਹਿਬ ਆਦਿਕ ’ਤੇ ਲਾਉਣਾ, ਕੀ ਸਹੀ ਹੈ ? ਦੂਸਰੇ ਪਾਸੇ ਸੰਗਤਾਂ, ਜੋ ਸੋਨਾ ਆਦਿ ਦਾਨ ਕਰਦੀਆਂ ਹਨ ਉਨ੍ਹਾਂ ਨੇ ਕਦੇ ‘‘ਕੰਚਨ ਸਿਉ ਪਾਈਐ ਨਹੀ ਤੋਲਿ   ਮਨੁ ਦੇ; ਰਾਮੁ ਲੀਆ ਹੈ ਮੋਲਿ ’’ ਪਾਵਨ ਵਾਕ ਨਹੀਂ ਸੁਣੇ ?

ਬੇਸ਼ੱਕ ਦੁਨਿਆਵੀ ਪੱਖ ਤੋਂ ਸੋਨਾ ਇੱਕ ਮਹਿੰਗੀ ਧਾਤ ਹੈ, ਜਿਸ ਨੂੰ ਅਮੀਰ ਲੋਕ ਜਾਂ ਖ਼ਾਸ ਕਰ ਬੀਬੀਆਂ ਵੱਲੋਂ ਸ਼ਿੰਗਾਰ ਵਜੋਂ ਦਿਖਾਵੇ ਮਾਤਰ ਪਹਿਨਿਆ ਜਾਂਦਾ ਹੈ ਅਤੇ ਕਿਸੇ ਬਿਪਤਾ ਜਾਂ ਔਖ ਵੇਲੇ ਪੈਸਿਆਂ ਲਈ ਵੇਚ ਕੇ ਆਰਥਿਕ ਕੰਮ ਵੀ ਸਾਰਿਆ ਜਾਂਦਾ ਹੈ। ਕਈ ਵਾਰ ਸੋਨੇ ਪਿੱਛੇ ਘਰੇਲੂ ਝਗੜੇ ਵੀ ਹੋ ਜਾਂਦੇ ਹਨ। ਸੋਨੇ ਦੀਆਂ ਲੁੱਟਾਂ ਖੋਹਾਂ, ਚੋਰੀਆਂ ਤਾਂ ਆਮ ਗੱਲਾਂ ਹੋ ਗਈਆਂ ਹਨ। ਵਿਆਹ ਸ਼ਾਦੀਆਂ ਵੇਲੇ ਸੋਨੇ ਦਾ ਲੈਣ ਦੇਣ, ਦਾਜ-ਦਹੇਜ ਵਜੋਂ ਵਰਤਿਆ ਜਾਂਦਾ ਹੈ। ਅਫ਼ਸੋਸ ਇਹ ਸਭ ਕੁਝ ਸਾਡੇ ਇਰਦ-ਗਿਰਦ ਸਿੱਖ ਸਮਾਜ ’ਚ ਵੀ ਹੁੰਦਾ ਪਿਆ ਹੈ।

ਹਿੰਦੋਸਤਾਨ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਸ ਲਾਲਚ ਲਈ ਹੀ 800 ਸਾਲ ਮੁਗਲਾਂ ਨੇ ਰਾਜ ਕੀਤਾ, ਜੋ ਮੰਦਰਾਂ ਦੇ ਪਤਨ ਦਾ ਕਾਰਨ ਬਣਿਆ। ਇੱਥੋਂ ਦੇ ਮੰਦਰਾਂ ਅੰਦਰ ਬੇਸ਼ੁਮਾਰ ਸੋਨਾ ਚਾਂਦੀ ਕੀਮਤੀ ਗਹਿਣੇ ਤੇ ਖ਼ਜ਼ਾਨੇ ਸਨ। ਮੂਰਤੀਆਂ ਸੋਨੇ ਦੀਆਂ ਦਰਵਾਜ਼ੇ ਸੋਨੇ ਦੇ, ਮੰਦਰਾਂ ਦੇ ਗੁੰਬਦ ਸੋਨੇ ਦੇ ਆਦਿ, ਪਰ ਇਸ ਦੀ ਰੱਖਿਆ ਕਰਨ ਵਾਲੇ ਮਰਦ ਸੂਰਮੇ ਪੈਦਾ ਨਾ ਹੋਏ, ਜਿਸ ਕਾਰਨ 712 ਈਸਵੀ ’ਚ ਮੁਹੰਮਦ ਬਿਨ ਕਾਸਮ; ਮੁੱਠੀਭਰ ਧਾੜਵੀ ਲਿਆ ਕੇ ਇੱਥੇ ਲੁਟ ਮਚਾ ਕੇ ਚਲਾ ਗਿਆ। ਅੱਗੋਂ ਕੋਈ ਮਰਦ ਸੂਰਮਾ ਨਾ ਉਠਿਆ ਰੋਕਣ ਲਈ, ਫਲਸਰੂਪ ਸੋਨੇ ਦੀ ਲੁੱਟ ਦਾ ਇਹ ਸਿਲਸਿਲਾ ਚੱਲਦਾ ਚੱਲਦਾ ਭਾਰਤੀ ਲੋਕਾਂ ਪੱਲੇ 800 ਸਾਲ ਦੀ ਗੁਲਾਮੀ ਪਾ ਗਿਆ।

ਲੱਗਦਾ ਹੈ ਕਿ ਸਿੱਖਾਂ ਨੇ ਵੀ ਬੀਤ ਚੁੱਕੇ ਸਮੇਂ ਤੋਂ ਕੁਝ ਨਹੀਂ ਸਿੱਖਿਆ। ਧਾਰਮਿਕ ਅਸਥਾਨਾਂ ’ਤੇ ਚੜਦਾ ਸੋਨਾ ਗੁਰੂ ਸਾਹਿਬ ਜੀ ਦੇ ਬਚਨਾਂ ‘‘ਕੰਚਨ ਮਾਟੀ ਮਾਨੈ’’ ਵਾਲ਼ੀ ਤਿਆਗ ਭਾਵਨਾ ਦੇ ਉਲ਼ਟ ਮਾਇਆਵੀ ਵਿਖਾਵੇ ਨੂੰ ਹੀ ਸਭ ਕੁੱਝ ਮੰਨ ਲਿਆ ਹੈ। ਸ਼ਾਇਦ ਬ੍ਰਾਹਮਣਵਾਦੀ ਸੋਚ ਹੀ ਰੂਪ ਬਦਲ ਕੇ ਸਾਡੇ ਮਨਾਂ ਅੰਦਰ ਬੈਠ ਗਈ ਹੈ। ਗੁਰਬਾਣੀ ਦੇ ਸੁਨਹਿਰੇ ਬਚਨ ਹੋਣ ਦੇ ਬਾਵਜੂਦ ਵੀ ਅਸੀਂ ‘‘ਕਰਮ ਧਰਮ ਪਾਖੰਡ..’’ (ਮਹਲਾ /੭੪੭) ਦੀ ਦਲਦਲ ’ਚੋਂ ਨਹੀਂ ਨਿਕਲ ਰਹੇ। ਅਜਿਹੀ ਸੇਵਾ ਦੀ ਥਾਂ ਸਾਡੇ ਲਈ ਗੁਰੂ ਸਾਹਿਬਾਨ ਨੇ ਇਹ ਸੇਵਾ ਸਮਝਾਈ ਹੈ ‘‘ਗੁਰ ਕੀ ਸੇਵਾ ਸਬਦੁ ਵੀਚਾਰੁ ’’ (ਮਹਲਾ /੨੨੩)

ਇਸ ਦਾ ਇਹ ਮਤਲਬ ਨਹੀਂ ਕਿ ਗੁਰਦੁਆਰਿਆਂ ਨੂੰ ਸੁੰਦਰ ਨਾ ਬਣਾਇਆ ਜਾਵੇ। ਗੁਰੂ ਘਰ ਵੱਡੇ ਤੇ ਵਧੀਆ ਹੋਣੇ ਚਾਹੀਦੇ ਹਨ, ਜਿੱਥੇ ਬੈਠ ਕੇ ਸੰਗਤਾਂ ਬੇਫਿਕਰੀ ਨਾਲ ਇਲਾਹੀ ਕਥਾ ਕੀਰਤਨ ਦਾ ਆਨੰਦ ਮਾਣ ਸਕਣ। ਜਿੱਥੇ ਬੈਠ ਕੇ ਗੁਰੂ ਦੀ ਗੱਲ ਸੁਣਨ ਅਤੇ ਸੁਣਾਉਣ ਵਾਲੇ ਨੂੰ ਮਾਣ ਮਹਿਸੂਸ ਹੋਵੈ। ਗੁਰਵਾਕ ਹਨ ‘‘ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ; ਤੇਰੇ ਭਗਤ ਸੋਹਹਿ ਦਰਬਾਰੇ (ਮਹਲਾ /੬੭੦), ਵਡਾ ਤੇਰਾ ਦਰਬਾਰੁ; ਸਚਾ ਤੁਧੁ ਤਖਤੁ ’’ (ਮਹਲਾ /੯੬੪) ਆਦਿ।

ਗੁਰੂ ਦਰਬਾਰ ਸੈਲਾਨੀਆਂ ਦੇ ਘੁੰਮਣ ਵਾਲੀ ਜਗ੍ਹਾ ਨਹੀਂ ਹੁੰਦੀ ਬਲਕਿ ਮਨੁੱਖਤਾ ਨੂੰ ਰੂਹਾਨੀਅਤ ਅਤੇ ਸਰੀਰਕ ਸੁਵਿਧਾਵਾਂ ਉਪਲਬਧ ਕਰਵਾਉਣ ਵਾਲਾ ਗੁਰੂ ਆਸਰਾ ਹੁੰਦਾ ਹੈ। ਲੋੜਵੰਦ ਲਈ ਭੋਜਨ, ਰਾਤ ਬਿਤਾਉਣ ਦੀ ਜਗ੍ਹਾ, ਬਜ਼ੁਰਗਾਂ ਲਈ ਆਸ਼ਰਮ, ਬੱਚਿਆਂ ਲਈ ਸਿੱਖਿਆ ਦਾ ਕੇਂਦਰ ਅਤੇ ਸੰਗਤਾਂ ਨੂੰ ਅਨੰਦਿਤ ਕਰਨ ਲਈ ਗੁਰੂ ਦਰਬਾਰ ਹੀ ਗੁਰਦੁਆਰਾ ਸਾਹਿਬ ਅਖਵਾ ਸਕਦਾ ਹੈ ਕਿਉਂਕਿ ‘‘ਸਿਖੀ ਸਿਖਿਆ ਗੁਰ ਵੀਚਾਰਿ ॥’’ (ਮਹਲਾ ੧/੪੬੫) ਦੀ ਸਮਝ ਵੀ ਗੁਰੂ ਘਰਾਂ ’ਚੋਂ ਹੀ ਆਉਣੀ ਹੈ।

ਮਹਾਨਕੋਸ਼ ਅੰਦਰ ਭਾਈ ਕਾਹਨ ਸਿੰਘ ਜੀ ਨਾਭਾ ਗੁਰਦੁਆਰਾ ਦੇ ਅਰਥਾਂ ’ਚ ਲਿਖਦੇ ਹਨ ‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮਜਗਿਆਸਾ ਵਾਲਿਆਂ ਲਈ ਗਿਆਨਉਪਦੇਸ਼ਕ ਆਚਾਰੀਆ, ਰੋਗੀਆਂ ਲਈ ਸਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।

ਗੁਰਦੁਆਰਿਆਂ ਨੂੰ ਗੁਰੂ ਸਾਹਿਬਾਨ ਸਮੇਂ ਧਰਮਸ਼ਾਲ ਕਿਹਾ ਜਾਂਦਾ ਸੀ ਭਾਵ ਧਰਮ ਕਮਾਉਣ ਦੀ ਜਗ੍ਹਾ ਹੀ ਸਿੱਖਾਂ ਦਾ ਗੁਰਦੁਆਰਾ ਹੈ। ਇਹ ਵੀ ਸਚਾਈ ਹੈ ਕਿ ਗੁਰਦੁਆਰਿਆਂ ਨੂੰ ਆਧੁਨਿਕ ਬਣਾਉਣ ਦੇ ਚੱਕਰ ਵਿੱਚ ਅਸੀਂ ਆਪਣੀਆਂ ਸਾਰੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਨੂੰ ਆਪ ਹੀ ਖ਼ਤਮ ਕਰ ਬੈਠੇ ਹਾਂ। ਆਪਣੇ ਹੀ ਪੈਸਿਆਂ ਨਾਲ ਕਾਰ ਸੇਵਾ ਵਾਲਿਆਂ ਰਾਹੀਂ ਸਾਰੇ ਗੁਰਦੁਆਰਿਆਂ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਸਭ ਪੁਰਾਤਨ ਸਮੱਗਰੀ ਸਾਡੀਆਂ ਅੱਖਾਂ ਦੇ ਸਾਹਮਣੇ ਨਸ਼ਟ ਹੁੰਦੀ ਅਸੀਂ ਖ਼ੁਸ਼ੀ ਖ਼ੁਸ਼ੀ ਸਵੀਕਾਰੀ ਹੈ। ਜੇਕਰ ਗੁਰੂ ਉਪਦੇਸ਼ਾਂ ਰਾਹੀਂ ਇੰਨੀ ਸੁੰਦਰਤਾ ਆਪਣੇ ਸਰੀਰ ਅੰਦਰ ਲਿਆਉਣ ਲਈ ਯਤਨਸ਼ੀਲ ਹੁੰਦੇ ਤਾਂ ਬਾਹਰੀ ਵਿਖਾਵੇ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਸੀ। ਗੁਰੂ ਅਮਰਦਾਸ ਜੀ ਸਿੱਖ ਨੂੰ ਵਾਰ ਵਾਰ ਇਹ ਸਮਝਾਉਂਦੇ ਹਨ ਕਿ ਅਸਲ ਮੰਦਿਰ ਜਾਂ ਗੁਰਦੁਆਰਾ ਤਾਂ ਮਨੁੱਖ ਦਾ ਸਰੀਰ ਹੀ ਹੈ, ਜੋ ਮਾਲਕ ਦਾ ਨਿਵਾਸ ਸਥਾਨ ਹੈ ‘‘ਹਰਿ ਕਾ ਮੰਦਰੁ ਆਖੀਐ; ਕਾਇਆ ਕੋਟੁ ਗੜੁ (ਮਹਲਾ /੯੫੨), ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ; ਹਰਿ ਹਰਿ ਨਾਮੁ ਦਿੜੁ ’’ (ਮਹਲਾ /੯੫੨) ਆਦਿ।

 ਸਿੱਖਾਂ ਨੇ ਕਦੀਂ ਸੋਚਿਆ ਹੈ ਕਿ ਈਸਾਈਆਂ ਦੇ ਗਿਰਜਾ ਘਰ ਕਿੰਨੇ ਕੁ ਆਲੀਸ਼ਾਨ ਹਨ ? ਸੰਗਮਰਮਰ ਜਾਂ ਸੋਨੇ ਨਾਲ ਸਜਾਏ ਹੋਏ ਹਨ ? ਜਾਂ ਓਥੇ ਕਿੰਨਾ ਕੁ ਚੜਾਵਾ ਚੜਦਾ ਹੈ ? ਜਵਾਬ ਮਿਲੇਗਾ ਬਿਲਕੁਲ ਵੀ ਨਹੀਂ, ਪਰ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਗਿਣਤੀ ਈਸਾਈਆਂ ਦੀ ਹੈ। ਪੜ੍ਹੇ ਲਿਖੇ ਤੇ ਸਭ ਤੋਂ ਵੱਧ ਨੋਬਲ ਪੁਰਸਕਾਰ ਜਿੱਤਣ ਵਾਲੇ ਜਹੂਦੀ ਹਨ। ਧਰਮ ਨੂੰ ਪਿਆਰ ਕਰਨ ਵਿੱਚ ਮੁਸਲਮਾਨ ਵੀ ਘੱਟ ਨਹੀਂ। ਕੀ ਮਸਜਿਦਾਂ ਉੱਤੇ ਵੀ ਸੋਨਾ ਲੱਗਿਆ ਵੇਖਿਆ ਹੈ ? ਸਚਾਈ ਇਹ ਹੈ ਕਿ ਉਹ ਲੋਕ ਧਨ ਦੌਲਤ ਨੂੰ ਸਾਡੇ ਵਾਂਗ ਧਾਰਮਿਕ ਇਮਾਰਤਾਂ ਉੱਤੇ ਨਹੀਂ ਬਲਕਿ ਆਪਣੀ ਨਸਲ ਅਤੇ ਕੌਮ ਦੀ ਭਲਾਈ ਉੱਤੇ ਖਰਚ ਕਰਦੇ ਹਨ। ਸਿਹਤ ਸਹੂਲਤਾਂ ਅਤੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਖਰਚਦੇ ਹਨ। ਲੋੜਵੰਦਾਂ ਤੇ ਗ਼ਰੀਬਾਂ ਦੀ ਮਦਦ ਲਈ ਖਰਚਦੇ ਹਨ। ਇਨ੍ਹਾਂ ਕਾਰਜਾਂ ਕਰਕੇ ਉਹ ਸਾਡੇ ਨਾਲੋਂ ਵੱਧ ਸਿਆਣੇ ਤੇ ਅਗਾਂਹਵਧੂ ਮੰਨੇ ਜਾਂਦੇ ਹਨ।

ਦਸਵੇਂ ਪਾਤਸ਼ਾਹ ਦੇ ਜੀਵਨ ਦੀਆਂ ਦੋ ਅਹਿਮ ਘਟਨਾਵਾਂ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਪਹਿਲੀ ਘਟਨਾ- ਜਦੋਂ ਪਟਨਾ ਸਾਹਿਬ ਦੀ ਧਰਤੀ ਉੱਤੇ ਇਕ ਪ੍ਰੇਮੀ ਵੱਲੋਂ ਭੇਟ ਕੀਤੇ ਦੋ ਸੋਨੇ ਦੇ ਕੰਗਣ (ਕੜੇ) ਗੰਗਾ ਨਦੀ ਵਿੱਚ ਸੁੱਟ ਦਿੱਤੇ ਤਾਂ ਮਾਤਾ ਗੁਜਰੀ ਜੀ ਦੇ ਪੁੱਛਣ ’ਤੇ ਕਿਹਾ ਕਿ ਤੁਸੀਂ ਹੀ ਸਾਨੂੰ ਗੁਰੂ ਪਿਤਾ ਜੀ ਦੇ ਬਚਨ ਰੋਜ਼ ਰਾਤ ਨੂੰ ਲੋਰੀ ਦੇ ਰੂਪ ਵਿੱਚ ਸੁਣਾਉਂਦੇ ਰਹੇ ਹੋ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ   ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ’’ (ਮਹਲਾ /੬੩੩)  ਸੋ ਮਾਤਾ ਜੀ ਇਹ ਕੰਗਣ ਤਾਂ ਮਿੱਟੀ ਦੀ ਨਿਆਈਂ ਹਨ। ਅਸੀਂ ਤਾਂ ਆਪਣੇ ਸਿੱਖਾਂ ਨੂੰ ਸਰਬ ਲੋਹੇ ਦੇ ਕੜੇ ਪੁਆਉਣੇ ਹਨ, ਜਿਨ੍ਹਾਂ ਨੂੰ ਪਹਿਣ ਕੇ ਸਿੱਖ ਨੂੰ ਮਾਣ ਮਹਿਸੂਸ ਹੋਵੇਗਾ ਕਿ ਇਹ ਕੜਾ ਮੇਰੇ ਗੁਰੂ ਦੇ ਪਿਆਰ ਦੀ ਨਿਸ਼ਾਨੀ ਹੈ। ਅਫ਼ਸੋਸ ਕਿ ਅੱਜ ਬਹੁਤੇ ਸਿੱਖ ਸਰਬਲੋਹ ਦੀ ਥਾਂ ਸੋਨੇ ਦਾ ਕੜਾ ਪਹਿਣ ਕੇ ਵਧੇਰੇ ਮਾਣ ਮਹਿਸੂਸ ਕਰਦੇ ਹਨ। ਫੋਕੀ ਸ਼ੋਹਰਤ ਅਤੇ ਦਿਖਾਵਾ ਸਾਡੇ ਦਿਮਾਗ਼ ’ਚੋਂ ਬਾਹਰ ਨਹੀਂ ਹੁੰਦਾ ਜਾਪਦਾ।

ਦੂਜੀ ਘਟਨਾ ਵਿੱਚ ਦਸਮੇਸ਼ ਪਿਤਾ ਸੋਨੇ ਨਾਲ ਪਰਉਪਕਾਰ ਕਰਨਾ ਸਿਖਾਉਂਦੇ ਹਨ। ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਦਸਮੇਸ਼ ਪਿਤਾ ਆਪਣੇ ਤੀਰਾਂ ’ਤੇ ਸੋਨਾ ਲਗਾ ਕੇ ਚਲਾਉਂਦੇ ਸਨ ਤਾਂ ਜੋ ਵੈਰੀ ਨੂੰ ਕਫ਼ਨ ਲਈ ਜਾਂ ਜ਼ਖ਼ਮੀ ਹੋਏ ਦੁਸ਼ਮਣ ਨੂੰ ਇਲਾਜ ਲਈ ਕੋਈ ਆਰਥਿਕ ਤੰਗੀ ਨਾ ਰਹੇ। ਇਸ ਘਟਨਾ ਤੋਂ ਇਹੀ ਭਾਵ ਲਿਆ ਜਾ ਸਕਦਾ ਹੈ ਕਿ ਸੋਨੇ ਜਾਂ ਮਾਇਆ ਨੂੰ ਲੋੜਵੰਦਾਂ ਦੀ ਮਦਦ ਲਈ ਵਰਤਣਾ ਚਾਹੀਦਾ ਹੈ, ਨਾ ਕਿ ਫੋਕਟ ਦਿਖਾਵੇ ਜਾਂ ਕਿਸੇ ਪ੍ਰਸਿੱਧੀ ਵਾਸਤੇ।

ਦਰਅਸਲ ਗੁਰੂ ਸਾਹਿਬਾਨ ਸਾਨੂੰ ਵਿਕਾਰਾਂ ’ਚ ਗ੍ਰਸਤ ਲੋਹੇ ਵਾਂਗ ਜੰਗਾਲ਼ ਨਾਲ ਖ਼ਤਮ ਹੋਇਆਂ ਨੂੰ ਸੋਨੇ ਵਰਗਾ ਸਦੀਵੀ ਚਮਕ ਦੇਣ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਹਨ। ਬਿਲਕੁਲ ਸ਼ੁੱਧ, ਜੋ ਵਿਕਾਰਾਂ ਦੀ ਮੈਲ਼ ਤੋਂ ਰਹਿਤ ਹੋਵੇ, ਸੋਨੇ ਵਾਂਗ ਚਮਕ ਦੇਵੇ। ਆਦਰਸ਼ਵਾਦੀ ਹੋਵੇ। ਆਮ ਮਨੁੱਖ ਲੋਹੇ ਤੋਂ ਸੋਨਾ ਭਾਵ ਮਨਮੁਖ ਤੋਂ ਗੁਰਮੁਖ ਬਣਦਾ ਵੇਖ ਹੀ ਗੁਰੂ ਨਾਨਕ ਜੀ ਨੇ ‘‘ਹੀਰੇ ਜੈਸਾ ਜਨਮੁ’’ ਕਿਹਾ ਹੈ ‘‘ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥’’ (ਮਹਲਾ ੧/੧੫੬) ਇਨ੍ਹਾਂ ਵਿਚਾਰਾਂ ਦੀ ਗਵਾਹੀ ਬਾਕੀ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਵੀ ਭਰਦੇ ਹਨ; ਜਿਵੇਂ ਕਿ

ਤੁਮ੍ ਚੇ ਪਾਰਸੁ ਹਮ ਚੇ ਲੋਹਾ; ਸੰਗੇ ਕੰਚਨੁ ਭੈਇਲਾ ॥ (ਭਗਤ ਨਾਮਦੇਵ/੧੩੫੧)

ਕਚਹੁ ਕੰਚਨੁ ਭਇਅਉ; ਸਬਦੁ ਗੁਰ ਸ੍ਰਵਣਹਿ ਸੁਣਿਓ ॥ (ਭਟ ਨਲੵ/੧੩੯੯)

ਸਤਿਗੁਰ ਕੀ ਜੇ ਸਰਣੀ ਆਵੈ; ਫਿਰਿ ਮਨੂਰਹੁ ਕੰਚਨੁ ਹੋਹਾ ॥ (ਮਹਲਾ ੫/੯੬੦)

ਸਤਿਗੁਰੁ ਮਿਲਿਐ ਕੰਚਨੁ ਹੋਈਐ; ਜਾਂ ਹਰਿ ਕੀ ਹੋਇ ਰਜਾਇ ॥ (ਮਹਲਾ ੩/੧੨੭੬)

ਜਿਉ ਲੋਹਾ ਪਾਰਸਿ ਭੇਟੀਐ; ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥ (ਮਹਲਾ ੪/੩੦੩)

ਗੁਰ ਪਾਰਸ, ਹਮ ਲੋਹ; ਮਿਲਿ ਕੰਚਨੁ ਹੋਇਆ ਰਾਮ ॥ (ਮਹਲਾ ੪/੧੧੧੪) ਆਦਿ।

ਸੋ ਆਪ ਸੋਨਾ (ਸ਼ੁੱਧ, ਵਿਕਾਰਾਂ ਤੋਂ ਰਹਿਤ, ਗੁਰਮੁਖੀ ਜੀਵਨ) ਬਣਨ ਦੀ ਥਾਂ ਇਮਾਰਤਾਂ ਨੂੰ ਸੋਨਾ ਲਗਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਸੁਚੱਜੇ ਢੰਗ ਨਾਲ ਨਹੀਂ ਹੋਣ ਵਾਲਾ। ਸਾਡਾ ਭਵਿੱਖ ਰੌਸ਼ਨ ਨਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਇਕੱਤਰ ਨਹੀਂ ਹੁੰਦੀ ‘‘ਪਾਪਾ ਬਾਝਹੁ ਹੋਵੈ ਨਾਹੀ.. ’’ (ਮਹਲਾ /੪੧੭)  ਹੁਣ ਸਵਾਲ ਪੈਦਾ ਹੋਣਾ ਹੈ ਕਿ ਕੀ ਪਾਪਾਂ ਨਾਲ ਇਕੱਤਰ ਕੀਤੀ ਕਮਾਈ (ਪੂੰਜੀ) ਨਾਲ ਅਸੀਂ ਧਾਰਮਿਕ ਅਦਾਰਿਆਂ ’ਤੇ ਸੋਨਾ ਲਗਾ ਰਹੇ ਹਾਂ ?

ਗੁਰਸਿੱਖ ਦੀ ਕਿਰਤ; ਪਾਪਾਂ ਨਾਲ ਕੀਤੀ ਕਮਾਈ ਨਹੀਂ ਹੁੰਦੀ ਤਾਂ ਜੋ ਫ਼ਜ਼ੂਲ ਖ਼ਰਚੀ ਕੀਤੀ ਜਾਵੇ। ਇਹ ਵੀ ਸੱਚ ਹੈ ਕਿ ਮਾਇਆ ਤੋਂ ਬਿਨਾਂ ਗੁਰੂ ਘਰਾਂ ਦੇ ਕਾਰਜ ਅਤੇ ਲੋੜਵੰਦਾਂ ਦੀ ਮਦਦ ਨਹੀਂ ਹੋ ਸਕਦੀ। ਜਿੱਥੇ ਦਸਾਂ ਨੌਹਾਂ ਨਾਲ ਕੀਤੀ ਹੱਕ-ਸੱਚ ਦੀ ਕਮਾਈ ਕਰਨੀ ਹੈ ਓਥੇ ਲੋੜਵੰਦਾਂ ਲਈ ਦਸਵੰਧ ਕੱਢਣਾ ਵੀ ਗੁਰੂ ਨਾਨਕ ਜੀ ਦਾ ਹੀ ਵਚਨ ਹੈ ‘‘ਘਾਲਿ ਖਾਇ ਕਿਛੁ ਹਥਹੁ ਦੇਇ ’’ (ਮਹਲਾ /੧੨੪੫) ਇਸ ਵਿਸ਼ੇ ਨੂੰ ਵਿਚਾਰਨ ਦਾ ਮਕਸਦ, ਨਾ ਤਾਂ ਦਾਨ ਦੇਣ ਦੀ ਮਨਾਹੀ ਹੈ ਅਤੇ ਨਾ ਹੀ ਦਸਵੰਧ ਨੂੰ ਲੋੜਵੰਦਾਂ ਲਈ ਨਾ ਵਰਤਣਾ ਹੈ। ਦਸਵੰਧ ਦੀ ਯੋਗ ਵਰਤੋਂ ਕਰਨ ਅਤੇ ਹਰ ਲੋੜਵੰਦ ਦੀ ਮਦਦ ਕਰਨ ਦੀ ਲੋੜ ਹੈ ਤਾਂ ਜੋ ਕੌਮ ਆਪਣੇ ਵਿਰਸੇ ਨਾਲ ਪਿਆਰ ਕਰੇ। ਗੁਰੂ ਪ੍ਰਤਿ ਸਨੇਹ ਵਧੇ।

ਪਿਛਲੇ ਦਿਨੀਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਗੁਰੂ ਘਰ ਲਈ ਇਕੱਤਰ ਹੋਏ ਸੋਨੇ ਨੂੰ ਕੌਮ ਦੀ ਨਸਲ ਅਤੇ ਭਵਿੱਖ ਨੂੰ ਮੁੱਖ ਰੱਖਦਿਆਂ ਚੰਗੇ ਸਕੂਲ, ਮੈਡੀਕਲ ਕਾਲਜ ਅਤੇ ਵਧੀਆ ਹਸਪਤਾਲ ਬਣਾਉਣ ਲਈ ਵਰਤਣ ਦੇ ਸੰਕੇਤ ਦਿੱਤੇ ਹਨ, ਜੋ ਕਿ ਸਲਾਘਾਯੋਗ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਇਮਾਰਤਾਂ ਅਤੇ ਗੁਰਦੁਆਰਿਆਂ ’ਤੇ ਬਹੁਤ ਸੋਨਾ ਅਤੇ ਪੱਥਰ ਲਾ ਚੁੱਕੇ ਹਾਂ। ਸੋਨੇ ਦੇ ਛੱਬੇ ਜਾਂ ਪੱਤਰੇ ਵੀ ਬਹੁਤ ਲਾ ਲਏ ਹਨ, ਪਰ ਹੁਣ ਸਮੇਂ ਦੀ ਮੰਗ ਹੈ ਕਿ ਕੌਮ ਦਾ ਕੀਮਤੀ ਪੈਸਾ ਚੰਗੇ ਪੜ੍ਹੇ ਲਿਖੇ ਗੁਰਸਿੱਖ ਤਿਆਰ ਕਰਨ ’ਤੇ ਖ਼ਰਚੀਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਾਬਾ ਕੁਲਵੰਤ ਸਿੰਘ ਜੀ ਵਾਂਗ ਦੀਰਘਕਾਲੀ ਫ਼ੈਸਲੇ ਲੈਣ ਦੀ ਜ਼ਰੂਰਤ ਹੈ, ਪਰ ਇਹ ਤਾਂ ਹੀ ਸੰਭਵ ਹੈ ਜਦ ਸਿੱਖ ਸੰਸਥਾਵਾਂ ਸਿਆਸਤ ਤੋਂ ਮੁਕਤ ਹੋਣਗੀਆਂ।

ਸੋ ਆਓ ਗੁਰਬਾਣੀ ਦੀ ਰੌਸ਼ਨੀ ਵਿੱਚ ਆਪਣੇ ਦੁਆਰਾ ਦਿੱਤੇ ਦਸਵੰਧ ਦੀ ਯੋਗ ਵਰਤੋਂ ਕਰਵਾਉਣ ਲਈ ਲਾਮਬੰਦ ਹੋਈਏ ਤਾਂ ਜੋ ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਮਤਲਬ ਸਮੁੱਚੀ ਮਾਨਵਤਾ ਨੂੰ ਸਮਝਾ ਸਕੀਏ। ਆਰਥਿਕ ਪੱਖੋਂ ਰੁਲ਼ਦੇ ਫਿਰਦੇ ਆਪਣੇ ਕੌਮ ਦੇ ਹੀਰਿਆਂ ਦੀ ਬਾਂਹ ਫੜੀਏ। ਅਜਿਹੇ ਕਾਰਜ ਹੀ ਸਾਡੀ ਸੋਚ ਅਤੇ ਆਤਮਾ ਨੂੰ ਸੋਨੇ ਵਾਂਗ ਸ਼ੁੱਧ ਤੇ ਚਮਕਦਾਰ ਬਣਾਉਣਗੇ ਅਤੇ ਸਤਿਗੁਰੂ ਜੀ ਆਪਣੇ ਬੱਚਿਆਂ ’ਤੇ ਪ੍ਰਸੰਨ ਹੋਣਗੇ।