ਕਿੰਜ ਦੱਸਾਂ ਤੇਰੇ ਬਿਨ, ਕਿੰਨੇ ਇਕੱਲੇ ਹੋ ਗਏ।

0
307

ਗ਼ਜ਼ਲ

ਰਾਤ ਭਰ ਸੀਨੇ ਚ ਮਚਲੇ, ਕਿਉਂ ਨਿਚੱਲੇ ਹੋ ਗਏ।

ਆਠਰੇ ਸੀ ਜ਼ਖ਼ਮ ਦਿਲ ਦੇ ਫਿਰ ਤੋਂ ਅੱਲੇ ਹੋ ਗਏ।

ਦਰਦ, ਪੀੜਾਂ, ਹੌਕੇ, ਹਾਵੇ ਸਭ ਤੇਰੀ ਸੌਗਾਤ ਨੇ,

ਜ਼ਿੰਦੜੀ ਮਲੂਕ ਉੱਤੇ, ਫਿਰ ਇਹ ਹੱਲੇ ਹੋ ਗਏ।

ਦਰਸ ਦੀ ਸਿੱਕ ਹਾਲੇ ਤੱਕ ਵੀ ਦਿਲ ਮੇਰੇ ਮਹਿਫ਼ੂਜ਼ ਹੈ,

ਵੇਖ ਹੁਣ ਵੀ ਨੈਣ ਤਰਸਣ ਕਿੰਨੇ ਝੱਲੇ ਹੋ ਗਏ।

ਵੇਖ ਲੈ, ਮੰਡੀ ’ਚ ਵਿਕਦਾ ਜੋ ਵਿਕਾਊ ਮਾਲ ਹੈ,

ਸੱਖਣੀ ਰੂਹ ਭਟਕਦੀ ਤੇ ਭਾਰੇ ਗੱਲੇ ਹੋ ਗਏ।

ਚੁੱਪ ਪਸਰੀ ਚਾਰੇ ਪਾਸੇ ਰਾਤ ਵੀ ਖ਼ਾਮੋਸ਼ ਹੈ,

ਜਗ ਰਹੇ ਦੀਵੇ ਦੁਆਲੇ ਜੁਗਨੂੰ ਝੱਲੇ ਹੋ ਗਏ।

ਸੱਜਰੇ ਅਹਿਸਾਸ, ਅਕਲਾਂ ਰੋਲਦੇ ਨੇ ਬੇਸ਼ਨਾਸ,

ਚੰਦ ਸਿੱਕੇ ਵੇਖ ਲੈ ਤੂੰ ਜਿਸ ਦੇ ਪੱਲੇ ਹੋ ਗਏ।

ਪੰਜ ਤੱਤ ਵਿੱਛੜੇ ਜਦੋਂ, ਅਗਨੀ ’ਚ ਪੈਣਾ ਪੈ ਗਿਆ,

ਕਿੰਜ ਦੱਸਾਂ ਤੇਰੇ ਬਿਨ, ਕਿੰਨੇ ਇਕੱਲੇ ਹੋ ਗਏ।

(ਪਦ ਅਰਥ : ਬੇਸ਼ਨਾਸ – ਬੇਕਦਰ)

ਬੀਬੀ ਨਵਗੀਤ ਕੌਰ (ਲੁਧਿਆਣਾ)