16.5 C
Jalandhar
Sunday, April 5, 2026
spot_img
Home Blog Page 49

ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ

0

ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ

ਕਿਰਪਾਲ ਸਿੰਘ ਬਠਿੰਡਾ 88378-13661

ਬਹੁਤ ਲੰਬੇ ਸਮੇਂ ਤੋਂ ਬਾਅਦ ਪੰਥ ਦੇ ਮਸਲੇ ਵਿਚਾਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ 27 ਜੁਲਾਈ ਨੂੰ ਹੋਈ; ਜੋ ਇੱਕ ਸ਼ੁਭ ਸੰਕੇਤ ਹੋਣੀ ਚਾਹੀਦੀ ਸੀ ਪਰ ਜਿਵੇਂ ਕਿ ਸੱਤਾਧਾਰੀ ਧਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੀ ਆਈ ਹੈ, ਉਹੀ ਇਸ ਵਾਰ ਹੋਇਆ ਜਿਸ ਕਾਰਨ ਪੰਥਕ ਧਿਰਾਂ ਦੀ ਏਕਤਾ ਵੱਲ ਵਧਣ ਦੀ ਥਾਂ ਇਸ ਦਾ ਉਲਟਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਇਸ ਪਲੇਠੀ ਮੀਟਿੰਗ ਦੇ ਅਸਫਲ ਰਹਿਣ ਦੇ ਹੇਠ ਲਿਖੇ ਕਾਰਨ ਹਨ :

  1. ਪਹਿਲੀ ਘਾਟ ਤਾਂ ਮੀਟਿੰਗ ਲਈ ਸੱਦਾ ਦੇਣ ਵਿੱਚ ਹੀ ਵਿਖਾਈ ਦਿੱਤੀ ਕਿਉਂਕਿ ਸੱਦਾ ਕੇਵਲ ਇੱਕ ਧੜੇ ਦੀਆਂ ਸੰਸਥਾਵਾਂ ਨੂੰ ਦਿੱਤਾ ਗਿਆ। ਦੂਸਰੇ ਪੱਖ ਨੂੰ ਪੂਰੀ ਤਰ੍ਹਾਂ ਵਿਸਾਰੇ ਜਾਣ ਕਾਰਨ ਫੁੱਟ ਦੀਆਂ ਦੂਰੀਆਂ ਘਟਣ ਦੀ ਥਾਂ ਵਧਣ ਦਾ ਸੰਕੇਤ ਹੈ।
  2. ਜਿਹੜੇ ਸੱਦੇ ਵੀ ਗਏ ਉਨ੍ਹਾਂ ਵਿੱਚੋਂ ਵੀ ਕੁਝ ਸੁਹਿਰਦ ਸੱਜਣਾਂ ਨੇ ਚੰਗੇ ਸੁਝਾਉ ਵੀ ਦਿੱਤੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ। ਮਿਸਾਲ ਦੇ ਤੌਰ ’ਤੇ ਡਾ: ਹਰਸਿਮਰਨਜੀਤ ਸਿੰਘ ਨੇ ਸੁਝਾਉ ਦਿੱਤਾ ਕਿ ਕਿਸੇ ਵੀ ਸਮੱਸਿਆ ਦੇ ਪਹਿਲਾਂ ਕਾਰਨ ਲੱਭਣੇ ਪੈਣਗੇ, ਫਿਰ ਉਸ ਨੂੰ ਦੂਰ ਕਰਨ ਦੇ ਉਪਾਉ ਅਤੇ ਤੀਸਰੇ ਨੰਬਰ ’ਤੇ ਉਨ੍ਹਾਂ ਉਪਾਵਾਂ ਨੂੰ ਵਰਤਣ ਦਾ ਸਹੀ ਤਰੀਕਾ। ਦੂਸਰਾ ਸੁਝਾਉ ਸੀ ਕਿ ਜਦ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸੰਸਥਾ ਦੇ ਅਧੀਨ ਰਹੇਗਾ ਤਦ ਤੱਕ ਇਹ ਸੁਤੰਤਰ ਰੂਪ ’ਚ ਨਹੀਂ ਆ ਸਕਦਾ ਅਤੇ ਜਦ ਤੱਕ ਇਹ ਸੁਤੰਤਰ ਨਹੀਂ ਤਦ ਤੱਕ ਇਹ ਸਮੁੱਚੇ ਪੰਥ ਨੂੰ ਸਹੀ ਸੇਧ ਦੇਣ ਦੇ ਸਮਰੱਥ ਨਹੀਂ ਹੋ ਸਕਦਾ। ਇਸ ਲਈ ਜਰੂਰੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸੁਤੰਤਰਤਾ ਵਾਲਾ ਰੁਤਬਾ ਬਹਾਲ ਹੋਵੇ।

ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਭਾਈ ਰਾਮ ਸਿੰਘ ਸੰਗਰਾਂਵਾ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੀ ਧਿਰ ਜਾਂ ਸਿੱਖ ਬਾਗੀ ਨਹੀਂ ਪਰ ਆਮ ਤੌਰ ’ਤੇ ਇੱਥੇ ਤਾਂ ਇੱਕ ਧੜੇ ਨੂੰ ਨੁੰਮਾਇੰਦਗੀ ਦਿੱਤੀ ਜਾ ਰਹੀ ਹੈ। ਜਥੇਦਾਰ ਸਾਹਿਬ ਸਰਬਸਾਂਝੇ ਬਣ ਕੇ ਵਿਖਾਉਣ ਤਾਂ ਕੋਈ ਵੀ ਸਿੱਖ ਬਾਗੀ ਹੋਣ ਦੀ ਜੁਰ੍ਹਤ ਨਹੀਂ ਕਰ ਸਕਦਾ।

ਸੰਤਾ ਤੇਜਾ ਸਿੰਘ ਐੱਮ.ਏ. ਖੁੱਡੇ ਵਾਲੇ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲੀ ਵਾਰ ਨਹੀਂ ਹੋਈ ਸਗੋਂ ਪਹਿਲਾਂ ਵੀ ਹੁੰਦੀਆਂ ਆਈਆਂ, ਜੋ ਸਾਡੇ ਰਾਜ ’ਚ ਵੀ ਹੋਈਆਂ ਤੇ ਦੂਸਰਿਆਂ ਦੇ ਰਾਜ ਵਿੱਚ ਵੀ। ਅਸੀਂ ਦੂਸਰਿਆਂ ਤੋਂ ਇਨਸਾਫ਼ ਤਾਂ ਮੰਗਦੇ ਹਾਂ ਪਰ ਆਪਣਿਆਂ ਤੋਂ ਕਿਉਂ ਨਹੀਂ !

  1. ਸਨਮਾਨਯੋਗ ਉਪ੍ਰੋਕਤ ਤਿੰਨ੍ਹਾਂ ਹੀ ਵਿਅਕਤੀਆਂ ਨੇ ਬਹੁਤ ਹੀ ਨਿੱਗਰ ਸੁਝਾਉ ਦਿੱਤੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਪਰ ਬਦਕਿਸਮਤੀ ਇਹ ਰਹੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਸਮੇਤ ਕਿਸੇ ਵੀ ਬੁਲਾਰੇ ਨੇ ਇਨ੍ਹਾਂ ਸੁਝਾਵਾਂ ਦੀ ਪ੍ਰੋੜਤਾ ਕਰਨ ਵੱਲ ਸੰਕੇਤ ਮਾਤ੍ਰ ਨਹੀਂ ਦਿੱਤਾ।
  2. ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਂ ਲੰਘਣ ਤੋਂ ਬਾਅਦ ਹਰ ਧਰਮ ਦੇ ਅਸੂਲਾਂ ’ਤੇ ਕੁਝ ਗਰਦੇ ਦੀ ਧੂੜ ਜੰਮ ਜਾਂਦੀ ਹੈ। ਲੋੜ ਹੁੰਦੀ ਹੈ ਕਿ ਕਿਸੇ ਨਰਮ ਬੁਰਸ਼ ਨਾਲ ਇਹ ਧੂੜ ਸਾਫ਼ ਕੀਤੀ ਜਾਵੇ ਪਰ ਸਾਡੀ ਬਦਕਿਸਮਤੀ ਹੈ ਕਿ ਇੱਕ ਧੜੇ ਨੇ ਤਾਂ ਉਸ ਧੂੜ ਨੂੰ ਹੀ ਧਰਮ ਮੰਨ ਲਿਆ ਤੇ ਉਨ੍ਹਾਂ ਇਸੇ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਦੂਸਰੇ ਧੜੇ ਨੇ ਨਰਮ ਬੁਰਸ਼ ਫੜਨ ਦੀ ਥਾਂ ਤਾਰਾਂ ਵਾਲਾ ਬੁਰਸ਼ ਫੜ ਲਿਆ ਤੇ ਆਹ ਵੀ ਗਲਤ, ਓਹ ਵੀ ਗਲਤ, ਇਹ ਸਭ ਕੁਝ ਹੀ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਹ ਸਿਰਫ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਾੜਾ ਨਹੀਂ ਕਹਿੰਦੇ ਬਲਕਿ ਸਾਡੀਆਂ ਪੁਰਾਤਨ ਸੰਪ੍ਰਦਾਵਾਂ ਤੇ ਉਨ੍ਹਾਂ ਦੇ ਮੁਖੀ ਮਹਾਂ ਪੁਰਸ਼ਾਂ ਨੂੰ ਵੀ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਾਡਾ ਆਪਸ ’ਚ ਟਕਰਾਅ ਵਧਦਾ ਗਿਆ । ਇਹੀ ਵੱਡੇ ਨੁਕਸਾਨ ਦਾ ਕਾਰਨ ਹੈ।
  3. ਚੰਗਾ ਹੁੰਦਾ ਜੇ ਜਥੇਦਾਰ ਸਾਹਿਬ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਵੀ ਕਰ ਦਿੰਦੇ ਪਰ ਬਦਕਿਸਮਤੀ ਇਹ ਰਹੀ ਕਿ ਉਨ੍ਹਾਂ ਨੇ ਇਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਸ਼ਾਇਦ ਸਿੱਖੀ ਸਿਧਾਂਤਾਂ ’ਤੇ ਜੰਮੀ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਕਰਨੀ ਉਨ੍ਹਾਂ ਦੇ ਏਜੰਡੇ ਵਿੱਚ ਹੀ ਨਹੀਂ ਸੀ। ਜਥੇਦਾਰ ਸਾਹਿਬ ਨੇ ਤਾਂ ਵਿਆਖਿਆ ਨਹੀਂ ਕੀਤੀ ਪਰ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਇਆ ਮੈਂ ਥੋੜਾ ਖੋਲ੍ਹਣ ਦਾ ਯਤਨ ਕੀਤਾ ਹੈ :

(ੳ) ਮਿਸ਼ਨਰੀ ਸੋਚ ਵਾਲੇ ਪ੍ਰਚਾਰਕਾਂ ਦਾ ਮੱਤ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਪੁਰੀ ਦੇ ਪੁਜਾਰੀਆਂ ਵੱਲੋਂ ਥਾਲੀ ਵਿੱਚ ਦੀਵੇ ਅਤੇ ਹੋਰ ਸਮਗਰੀ ਰੱਖ ਕੇ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਦੀ ਬਜਾਏ ਇਸ ਸ਼ਬਦ ਦਾ ਗਾਇਨ ਕੀਤਾ ਸੀ : “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ (ਸੋਹਿਲਾ ਧਨਾਸਰੀ ਮਃ ੧/੧੩)  ਇਹ ਸ਼ਬਦ ਦੀਵਿਆਂ ਵਾਲੀ ਆਰਤੀ ਦਾ ਪ੍ਰਤੱਖ ਖੰਡਨ ਕਰਦਾ ਹੈ ਪਰ ਸਾਡੇ ਦੋ ਤਖ਼ਤਾਂ ਅਤੇ ਬਹੁਤ ਸਾਰੇ ਡੇਰਿਆਂ ’ਚ ਹਿੰਦੂ ਪੁਜਾਰੀਆਂ ਦੀ ਤਰਜ਼ ’ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੀ ਦੀਵਿਆਂ ਨਾਲ ਭਰਿਆ ਥਾਲ ਘੁਮਾ ਕੇ ਆਰਤੀ ਕੀਤੀ ਜਾਂਦੀ ਹੈ।

(ਅ) ਸਿੱਖ ਮੱਤ ਦਾ ਦ੍ਰਿੜ ਵਿਸ਼ਵਾਸ਼ ਹੈ ਕਿ ਦੇਵੀ ਦੇਵਤਿਆਂ ਅੱਗੇ ਜਾਨਵਰਾਂ ਦੀ ਬਲੀ ਦੇਣ ਵਾਲੇ ਧਰਮੀ ਨਹੀਂ ਹੋ ਸਕਦੇ। ਬਲੀ ਦੇਣ ਦਾ ਖੰਡਨ ਕਰਦਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੰਨਾ ਨੰ: ੧੧੦੩ ’ਤੇ ਇਉਂ ਦਰਜ ਹੈ : “ਜੀਅ ਬਧਹੁ ਸੁ ਧਰਮੁ ਕਰਿ ਥਾਪਹੁ, ਅਧਰਮੁ ਕਹਹੁ ਕਤ ਭਾਈ   ਆਪਸ ਕਉ ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ ਪਰ ਇਸ ਪਾਵਨ ਵਚਨ ਨੂੰ ਅਣਡਿੱਠ ਕਰ ਇੱਕ ਤਖ਼ਤ ’ਤੇ ਹੀ ਮਨਮਤਿ ਸ਼ਰੇਆਮ ਹੁੰਦੀ ਵੇਖੀ ਜਾ ਸਕਦੀ ਹੈ।

(ੲ) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਬੀਰ ਸਾਹਿਬ ਜੀ ਦਾ ਸ਼ਬਦ ਦਰਜ ਹੈ : “ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ (੩੩੨) ਸਦੀਆਂ ਤੋਂ ਇਹ ਸ਼ਬਦ ਪੜ੍ਹਨ ਸੁਣਨ ਵਾਲੇ ਸਾਡੇ ਬਹੁਤੇ ਸਿੱਖ ਆਪਣੇ ਮਰ ਚੁੱਕੇ ਪੁਰਖਿਆਂ ਨੂੰ ਭੋਜਨ ਪਹੁੰਚਾਉਣ ਲਈ ਹਰ ਸਾਲ ਸ਼ਰਾਧ ਕਰਦੇ ਅਤੇ ਸਾਡੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਸ਼ਰਾਧ ਛੱਕਣ ਜਾਂਦੇ ਹਨ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਆਪਣੇ ਪਿਤਾ ਮਹਿਤਾ ਕਾਲ਼ੂ ਜੀ ਦਾ ਸ਼ਰਾਧ ਕਰਦੇ ਵਿਖਾਇਆ ਗਿਆ ਹੈ।

(ਸ) ਉੱਚੀ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਮੂਰਖ ਕਿਹਾ ਹੈ: “ਜਾਤਿ ਕਾ ਗਰਬੁ ਨ ਕਰੀਅਹੁ ਕੋਈ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ਰਹਾਉ (ਮਹਲਾ ੩/੧੧੨੮) ਪਰ ਇਸ ਦੇ ਬਾਵਜੂਦ ਸਿੱਖ ਧਰਮ ਦਾ ਅਤੁੱਟ ਅੰਗ ਕਹਾਉਣ ਵਾਲੇ ਕੁਝ ਡੇਰਿਆਂ ’ਚ ਮੰਨੂੰ ਸਿਮ੍ਰਿਤੀ ਦੁਆਰਾ ਘੋਸ਼ਿਤ ਕੀਤੀਆਂ ਦਲਿਤ ਜਾਤੀਆਂ ਦੇ ਸਿੱਖਾਂ ਲਈ ਗੁਰੂ ਕੇ ਲੰਗਰਾਂ ’ਚ ਵੱਖਰੀਆਂ ਪੰਕਤੀਆਂ ਤੇ ਵੱਖਰੇ ਭਾਂਡੇ ਰੱਖੇ ਜਾਂਦੇ ਹਨ। ਉਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੇ ਪਾਠ ਕਰਨ ਦੀ ਮਨਾਹੀ ਹੈ। ਬਠਿੰਡਾ ਨੇੜੇ ਪਿੰਡ ਲਹਿਰਾ ਖਾਨਾ ’ਚ ਇੱਕ ਦਲਿਤ ਲੜਕੀ ਦੇ ਇੱਕ ਡੇਰੇ ਦੇ ਪ੍ਰਬੰਧ ਅਧੀਨ ਗੁਰਦੁਆਰੇ ’ਚ ਅਨੰਦ ਕਾਰਜ਼ ਕਰਨ ਤੋਂ ਨਾਹ ਕਰ ਦਿੱਤੀ। ਉਸ ਵੇਲੇ ਪੰਜਾਬ ’ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਕਹਾਉਣ ਵਾਲੇ ਬਾਦਲ ਦਲ ਦੀ ਸਰਕਾਰ ਸੀ। ਕਿਸੇ ਦਲਿਤ ਨਾਲ ਜਾਤੀ ਦੇ ਆਧਾਰ ’ਤੇ ਅਜਿਹਾ ਵਿਤਕਰਾ ਕਰਨ ਦੀ ਨਾ ਗੁਰੂ ਗ੍ਰੰਥ ਸਾਹਿਬ ਇਜ਼ਾਜਤ ਦਿੰਦਾ ਹੈ ਅਤੇ ਨਾ ਹੀ ਦੇਸ਼ ਦਾ ਸੰਵਿਧਾਨ। ਪੀੜਤ ਪਰਵਾਰ ਸਰਕਾਰੇ ਦਰਬਾਰੇ ਅਤੇ ਸ਼੍ਰੀ ਆਕਾਲ ਤਖ਼ਤ ਸਾਹਿਬ ’ਤੇ ਗੇੜੇ ਮਾਰਦਾ ਥੱਕ ਗਿਆ ਪਰ ਇਨਸਾਫ਼ ਦੇਣਾ ਤਾਂ ਇੱਕ ਪਾਸੇ ਰਿਹਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਨੰਦਗੜ੍ਹ ਤੋਂ ਬਿਨਾਂ ਕਿਸੇ ਹੋਰ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਮੰਤਰੀ, ਮੁੱਖ ਮੰਤਰੀ ਕਿਸੇ ਨੇ ਵੀ ਪੀੜਤ ਪਰਵਾਰ ਅਤੇ ਦਲਿਤ ਸਮਾਜ ਦੇ ਹੱਕ ਵਿੱਚ ਹਾਅ-ਦਾ-ਨਾਰ੍ਹਾ ਨਹੀਂ ਮਾਰਿਆ।

(ਹ) ਗੁਰੂ ਗੋਬਿੰਦ ਸਿੰਘ ਜੀ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫ (1708 ਈ:) ਨੂੰ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਮੂਹ ਸਿੱਖਾਂ ਨੂੰ ਹੁਕਮ ਕੀਤਾ: ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ’। ਇਸੇ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹੈ: “ਸਾਹਿਬੁ ਮੇਰਾ ਏਕੋ ਹੈ ਏਕੋ ਹੈ, ਭਾਈ ਏਕੋ ਹੈ ਰਹਾਉ (ਮਹਲਾ ੧/੩੫੦), “ਗੁਰੁ ਪੂਰਾ, ਮੇਰਾ ਗੁਰੁ ਪੂਰਾ (ਮਹਲਾ ੫/੯੦੧) ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ’ਚ ਗੁਰਦੁਆਰੇ ਸਿਰਲੇਖ ਹੇਠ ਭੀ ਇਸ ਤਰ੍ਹਾਂ ਅੰਕਤ ਹੈ : ਮਦ (ਹ) ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਪਰ ਬਦਕਿਸਮਤੀ ਨਾਲ ਉਸੇ ਤਖ਼ਤ ਸਾਹਿਬ ਸਮੇਤ ਹੋਰਨਾਂ ਕਈ ਸੰਪ੍ਰਦਾਵਾਂ ਦੇ ਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਬਿਲਕੁਲ ਉਸੇ ਮਰਿਆਦਾ ਨਾਲ ਪ੍ਰਕਾਸ਼ ਕਰਕੇ ਬਕਾਇਦਾ ਉਸ ’ਚੋਂ ਭੀ ਹੁਕਮਨਾਮੇ ਲਏ ਜਾਂਦੇ ਹਨ ਅਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ। ਮਿਸ਼ਨਰੀ ਵਿਚਾਰਧਾਰਾ ਵਾਲੇ ਪ੍ਰਚਾਰਕਾਂ ਦਾ ਮੰਨਣਾ ਹੈ ਕਿ ਐਸਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ, ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਭਾਰੀ ਉਲੰਘਨਾ ਅਤੇ ਆਪਣੇ ਗੁਰੂ ਨੂੰ ਅਧੂਰਾ ਸਿੱਧ ਕਰਨ ਦੇ ਤੁਲ ਹੈ।

  1. ਸ਼੍ਰੋਮਣੀ ਕਮੇਟੀ ਅਤੇ ਪੰਥਕ ਵਿਦਵਾਨਾਂ ਦੇ ਡੇਢ ਦਹਾਕੇ ਦੇ ਲੰਬੇ ਵਿਚਾਰ ਵਟਾਂਦਰੇ ਪਿੱਛੋਂ 2003 ਦੀ ਵੈਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕੀਤਾ ਅਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ। ਇਸ ਕੈਲੰਡਰ ਵਿੱਚ ਸਾਰੇ ਦਿਹਾੜੇ ਗੁਰੂ ਕਾਲ ਸਮੇਂ ਪ੍ਰਚਲਿਤ ਬਿਕ੍ਰਮੀ ਕੈਲੰਡਰ ਦੇ ਸੂਰਜੀ ਪ੍ਰਵਿਸ਼ਟਿਆਂ, ਜੋ ਪੁਰਾਤਨ ਸੋਮਿਆਂ ’ਚ ਦਰਜ ਤਾਰੀਖ਼ਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ, ਮੁਤਾਬਕ ਨਿਸ਼ਚਿਤ ਕੀਤੇ ਗਏ। ਹੋਰ ਤਸੱਲੀ ਵਾਲੀ ਗੱਲ ਇਹ ਹੈ ਕਿ ਹਰ ਸਾਲ ਸਾਰੇ ਗੁਰ ਪੁਰਬ ਅਤੇ ਹੋਰ ਦਿਹਾੜੇ 365/66 ਦਿਨਾਂ ਪਿੱਛੋਂ ਉਨ੍ਹਾਂ ਹੀ ਪ੍ਰਵਿਸ਼ਟਿਆਂ ਅਨੁਸਾਰ, ਸਾਰੀ ਦੁਨੀਆਂ ’ਚ ਪ੍ਰਚਲਿਤ ਸਾਂਝੇ ਕੈਲੰਡਰ ਦੀਆਂ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/ 5 ਜਨਵਰੀ, ਹੋਲਾ ਮਹੱਲਾ ੧ ਚੇਤ/ 14 ਮਾਰਚ, ਵੈਸਾਖੀ ੧ ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੨ ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੧੧ ਮੱਘਰ/ 24 ਨਵੰਬਰ ਆਦਿਕ। ਇਸ ਤਰ੍ਹਾਂ ਕਿਸੇ ਵੀ ਕੈਲੰਡਰ ਦੀ ਤਾਰੀਖ਼ ਯਾਦ ਰੱਖੀ ਜਾ ਸਕਦੀ ਹੈ। ਹਰ ਦਿਹਾੜੇ ਨਾਲ ਸਬੰਧਿਤ ਤਾਰੀਖ਼ ਅਗਾਂਹ ਭੀ ਉਸੇ ਹੀ ਰੁੱਤ ਵਿੱਚ ਆਵੇਗੀ ਜਿਸ ਵਿੱਚ ਅੱਜ ਕੱਲ੍ਹ ਆ ਰਹੀ ਹੈ। ਇਹ ਯਾਦ ਰੱਖਣੀਆਂ ਬਹੁਤ ਹੀ ਆਸਾਨ ਹਨ ਜਦੋਂ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੁਝ ਦਿਹਾੜੇ ਚੰਦਰਮਾਂ ਦੀਆਂ ਤਿਥਾਂ ਮੁਤਾਬਕ, ਕੁਝ ਸੂਰਜੀ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਸਾਂਝੇ ਕੈਲੰਡਰ ਦੀਆ ਤਾਰੀਖ਼ਾਂ ਮੁਤਾਬਕ ਨਿਸ਼ਚਿਤ ਕੀਤੇ ਜਾਣ ਕਾਰਨ ਹਮੇਸ਼ਾਂ ਰੋਲ ਘਚੋਲਾ ਤੇ ਦੁਬਿਧਾ ਬਣੀ ਰਹਿੰਦੀ ਹੈ ਕਿ ਕਿਹੜਾ ਦਿਹਾੜਾ ਕਦੋਂ ਆਵੇਗਾ ? ਬਿਕਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਤਾਂ ਰੁੱਤਾਂ ਦਾ ਸੰਬੰਧ ਵੀ ਅਸਲੀ ਰੁੱਤਾਂ ਨਾਲੋਂ ਬਹੁਤ ਤੇਜੀ ਨਾਲ ਦੂਰ ਹੋ ਰਿਹਾ ਹੈ ਜਿਸ ਕਾਰਨ ਅੱਜ ਕੱਲ੍ਹ ਗਰਮੀਆਂ ਦੀ ਰੁੱਤ ਵਿੱਚ ਆਉਣ ਵਾਲੇ ਦਿਹਾੜੇ 13000 ਸਾਲ ਬਾਅਦ ਅੱਜ ਨਾਲੋਂ 6 ਮਹੀਨੇ ਦੇ ਫ਼ਰਕ ਨਾਲ ਭਾਵ ਸਰਦ ਰੁੱਤ ’ਚ ਆਉਣਗੇ। ਇਸ ਦੇ ਬਾਵਜੂਦ ਡੇਰੇਵਾਦੀ ਸੋਚ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਅਧੀਨ ਉਪਰੋਂ ਆਏ ਹੁਕਮਾਂ ਅਨੁਸਾਰ ਅਕਾਲ ਤਖ਼ਤ ’ਤੇ ਬਿਰਾਜਮਾਨ ਜਥੇਦਾਰਾਂ ਅਤੇ ਉਸੇ ਸ਼੍ਰੋਮਣੀ ਕਮੇਟੀ ਨੇ 2010 ’ਚ ਆਪਣੇ ਫੈਸਲੇ ਉਲਟਾ ਕੇ ਮੁੜ ਮਿਲਗੋਭਾ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਥੋਪ ਦਿੱਤਾ ਹਾਲਾਂ ਕਿ ਉਨ੍ਹਾਂ ਪਾਸ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਅਨੁਸਾਰ ਦਿਹਾੜੇ ਨਿਸ਼ਚਿਤ ਕਰਨ ਦਾ ਆਧਾਰ ਗੁਰਬਾਣੀ ਜਾਂ ਸਿੱਖ ਇਤਿਹਾਸ ’ਚੋਂ ਇੱਕ ਵੀ ਨਹੀਂ ਮਿਲਦਾ।

(7) ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਸਵਾਲ ਹਨ :

(ੳ) ਕੀ ਤੁਹਾਡੀਆਂ ਨਜ਼ਰਾਂ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਕਤ ਸਿੱਖੀ ਸਿਧਾਂਤਾਂ ਅਤੇ ਅਕਾਲ ਤਖ਼ਤ ਤੋਂ ਪ੍ਰਵਾਣਿਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਹਿੱਤ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਨਾ ਹੀ ਤਾਰਾਂ ਵਾਲਾ ਬੁਰਸ਼ ਹੈ ?

(ਅ) ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਸਿੱਖੀ ਦੇ ਨਿਰਮਲ ਸਿਧਾਂਤਾਂ ’ਤੇ ਜੰਮ ਰਹੀ ਧੂੜ ਇੰਨੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਕਿ : “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ਵਾਲੀ ਹਾਲਤ ਬਣ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਸਿੱਖੀ ਸਿਧਾਂਤਾਂ ’ਤੇ ਜੰਮ ਰਹੀ ਇਸ ਧੂੜ ਨੂੰ ਸਾਫ਼ ਕਰਨ ਲਈ ਜਲਦੀ ਤੋਂ ਜਲਦੀ ਉੱਦਮ ਕਰਨ, ਨਹੀਂ ਤਾਂ ਹਾਲਤ “ਖੰਨਲੀ ਧੋਤੀ ਉਜਲੀ ਨ ਹੋਵਈ, ਜੇ ਸਉ ਧੋਵਣਿ ਪਾਹੁ (ਮਹਲਾ ੩/੬੫੧) ਵਾਲੀ ਬਣ ਜਾਵੇਗੀ।

(ੲ) ਤੁਸੀਂ ਕਈ ਵਾਰ ਆਪਣੇ ਇਸ ਅਦੇਸ਼ ਨੂੰ ਦੁਹਰਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਿਆਸਤ ਲਈ ਨਾ ਵਰਤਿਆ ਜਾਵੇ। ਸਵਾਲ ਹੈ ਕਿ ਬਾਦਲ ਦਲ ਪਿਛਲੇ 37 ਸਾਲਾਂ ਤੋਂ 1984 ਦੀਆਂ ਮੰਦ ਘਟਨਾਵਾਂ ਨੂੰ ਹਰ ਚੋਣ ਦੌਰਾਨ ਆਪਣੀ ਸਿਆਸਤ ਲਈ ਉਛਾਲਦੇ ਆ ਰਹੇ ਹਨ ਤਾਂ ਹੁਣ 2015 ਦੀਆਂ ਘਟਨਾਵਾਂ ਨੂੰ ਵਿਰੋਧੀ ਧਿਰਾਂ ਵੱਲੋਂ ਵਰਤੇ ਜਾਣ ’ਤੇ ਇਤਰਾਜ਼ ਕਿਉਂ ? ਕੀ ਜਥੇਦਾਰ ਸਾਹਿਬ ਦਾ ਇਹ ਦੂਹਰਾ ਮਿਆਰ ਨਹੀਂ ?

(ਸ). ਸ਼੍ਰੀ ਖੱਟੜਾ ਜੀ ਦੇ ਜਿਸ ਬਿਆਨ ਦੇ ਆਧਾਰ ’ਤੇ ਤੁਸੀਂ ਭਾਈ ਰੁਪਿੰਦਰ ਸਿੰਘ ਵਿਰੁੱਧ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਉਸ ਬਿਆਨ ਨੂੰ ਉਨ੍ਹਾਂ ਨੇ ਸਬੂਤਾਂ ਸਹਿਤ ਝੂਠਾ ਸਿੱਧ ਕਰ ਕੇ ਖੱਟੜਾ ਜੀ ਨੂੰ ਚੈਲੰਜ ਕਰ ਦਿੱਤਾ ਹੈ ਕਿ ਜੇ ਉਹ ਆਪਣੇ ਬਿਆਨ ਨੂੰ ਸਹੀ ਸਿੱਧ ਕਰ ਦਿੰਦੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇਫੇ ’ਚ ਟੰਗ ਕੇ ਲੈ ਗਿਆ ਅਤੇ ਖੱਟੜਾ ਜੀ ਨੇ ਮੇਰੇ ਘਰੋਂ ਬਹੁਤ ਹੀ ਭੈੜੀ ਹਾਲਤ ’ਚ ਆਂਡਿਆਂ ਵਾਲੀ ਟਰੇਅ ’ਚੋਂ ਬਰਾਮਦ ਕੀਤੇ ਹਨ ਤਾਂ ਮੈਂ ਆਪਣੀ ਧੌਣ ਕਟਵਾ ਦੇਵਾਂਗਾਂ ਜੇਕਰ ਨਹੀਂ ਕਰ ਸਕਦੇ ਤਾਂ ਅਕਾਲ ਤਖ਼ਤ ’ਤੇ ਬੋਲੇ ਗਏ ਝੂਠ ਦੇ ਦੋਸ਼ ਹੇਠ ਆਪਣੀ ਧੌਣ ਕਟਵਾਉਣਾ ਪ੍ਰਵਾਨ ਕਰਨ (ਸੁਣੋ ਇਹ ਵੀਡੀਓ)। https://www.youtube.com/watch?v=AhgA0U_zZ_o । ਜਥੇਦਾਰ ਸਾਹਿਬ ! ਸ਼੍ਰੀ ਅਕਾਲ ਤਖ਼ਤ ਸਾਹਿਬ ਸੱਚ ਦਾ ਤਖ਼ਤ ਹੈ ਅਤੇ ਇੱਥੇ ਸ਼ਰੇਆਮ ਝੂਠ ਬੋਲੇ ਜਾਣਾ ਕੌਮ ਨੇ ਕਦਾਚਿਤ ਪ੍ਰਵਾਣ ਨਹੀਂ ਕੀਤਾ ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਆਪੋ ਆਪਣੇ ਸਬੂਤਾਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾ ਕੇ ਸੱਚ ਝੂਠ ਦਾ ਨਿਤਾਰਾ ਕਰ ਝੂਠੇ ਬੰਦੇ ਨੂੰ ਮਿਸਾਲੀ ਸਜਾ ਦਿੱਤੀ ਜਾਵੇ, ਨਹੀਂ ਤਾਂ ਤੁਹਾਡੇ ’ਤੇ ਇਹ ਦੋਸ਼ ਲੱਗਣਗੇ ਕਿ ਤੁਸੀਂ ਵੀ ਗਿਆਨੀ ਗੁਰਬਚਨ ਸਿੰਘ ਵਾਙ ਬਾਦਲ ਦੇ ਬੁਲਾਰੇ ਵਜੋਂ ਬੋਲ ਰਹੇ ਹੋ !

(ਹ) ਜਿਨ੍ਹਾਂ ਪ੍ਰਚਾਰਕਾਂ ਲਈ ਜਥੇਦਾਰ ਸਾਹਿਬ ਨੇ ਤਾਰਾਂ ਵਾਲੇ ਬੁਰਸ਼ ਫੜਨ ਵਾਲੇ ਸ਼ਬਦ ਵਰਤੇ ਹਨ ਉਨ੍ਹਾਂ ਲਈ ਹੀ ਸਾਬਕਾ ਆਈ. ਪੀ. ਐੱਸ. ਅਧਿਕਾਰੀ ਰਣਬੀਰ ਖਟੜਾ ਜੀ ਨੇ (So called) ਅਖੌਤੀ ਪ੍ਰਚਾਰਕ ਸ਼ਬਦ ਵਰਤਿਆ ਸੀ ਕਿਉਂਕਿ ਉਨ੍ਹਾਂ ਪ੍ਰਚਾਰਕਾਂ ਨੇ ਹੀ ਸਭ ਤੋਂ ਪਹਿਲਾਂ ਕੋਟਕਪੂਰਾ ਵਿਖੇ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰਦਿਆਂ ਧਰਨਾ ਲਾਇਆ ਸੀ। ਸ਼੍ਰੀ ਖਟੜਾ ਜੀ ਨੇ ਮਾਝੀ ਜੀ ਬਾਰੇ ਇਹ ਵੀ ਬੋਲਿਆ ਕਿ ਉਹ ਚੰਗੇ ਵਿਦਵਾਨ ਹਨ ਜਿਨ੍ਹਾਂ ਦੇ ਪਿੰਡ ਬੁਰਜ ਜਵਾਹਰਕੇ ਵਿਖੇ ਲੱਗੇ ਦੀਵਾਨ ਸੁਣ ਕੇ ਬਹੁਤ ਸਾਰੇ ਸੌਦਾ ਪ੍ਰੇਮੀਆਂ ਨੇ ਆਪਣੇ ਗਲ਼ਾਂ ’ਚੋ ਲਾਕਟ ਉਤਾਰਰੇ। ਮੇਰਾ ਖ਼ਿਆਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਐਸੇ ਪ੍ਰਚਾਰਕ, ਪ੍ਰਧਾਨ ਜਾਂ ਜਥੇਦਾਰ ਦਾ ਨਾਂ ਨਹੀਂ ਲਿਆ ਜਾ ਸਕਦਾ ਜਿਸ ਦਾ ਕੇਵਲ ਪ੍ਰਚਾਰ ਸੁਣ ਕੇ ਕਿਸੇ ਵੀ ਡੇਰੇ ਦੇ ਸ਼ਰਧਾਲੂ ਨੇ ਆਪਣੇ ਡੇਰੇ ਨੂੰ ਤਲਾਂਜਲੀ ਦੇ ਸਿੱਖੀ ਵੱਲ ਮੂੰਹ ਕੀਤਾ ਹੋਵੇ। ਤੁਹਾਡੇ ਲਈ ਸਵਾਲ ਹੈ ਕਿ ਜਿਸ ਵਿਦਵਾਨ ਦਾ ਪ੍ਰਚਾਰ ਸੁਣ ਕੇ ਸੌਦਾ ਪ੍ਰੇਮੀਆਂ ਨੇ ਵੀ ਆਪਣੇ ਗਲ਼ਾਂ ’ਚੋਂ ਲਾਕਟ ਉਤਾਰੇ ਹੋਣ ਤੁਸੀਂ ਦੂਸਰੇ ਹੀ ਸਾਹ ਅਜਿਹੇ ਵਿਦਵਾਨਾਂ ਨੂੰ ਅਖੌਤੀ ਵਿਦਵਾਨ ਕਿਸ ਆਧਾਰ ’ਤੇ ਕਿਹਾ ਹੈ ?

  1. ਇਸ ਤਰ੍ਹਾਂ ਦੇ ਬੇਤੁਕੇ ਦੋਸ਼ ਲਾਉਣ ਵਿੱਚ ਬੀਬੀ ਜੰਗੀਰ ਕੌਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਖੱਟੜਾ ਤੋਂ ਵੀ ਅੱਗੇ ਨਿਕਲ ਗਈ। ਉਨ੍ਹਾਂ ਨੇ ਬਹੁਤ ਨਫ਼ਰਤ ਭਰੀ ਕੜਕਵੀਂ ਆਵਾਜ਼ ’ਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀ ਇਹ ਪ੍ਰਚਾਰਕ ਹੀ ਹਨ ਜਿਨ੍ਹਾਂ ਨੇ ਧਰਨਾ ਲਾਇਆ ਤੇ ਰੁਪਿੰਦਰ ਸਿੰਘ ਨੂੰ ਛੁਡਾਉਣ ਲਈ ਖੂਨ ਦੇ ਪਿਆਲੇ ਭਰ ਭਰ ਲੈ ਕੇ ਗਏ। ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਮਾਝੀ ਸਾਝੀ ਜਿਹੜਾ ਉੱਥੇ ਬਹੁਤ ਬੋਲਦਾ ਸੀ, ਵਰਗੇ ਸ਼ਬਦ ਬੋਲਣਾ ਅਤੇ ਬੇਅਦਬੀ ਦੇ ਅਸਲ ਦੋਸ਼ੀ ਸੌਦਾ ਪ੍ਰੇਮੀਆਂ ਤੇ ਉਨ੍ਹਾਂ ਦੇ ਅਖੌਤੀ ਗੁਰੂ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਬੇਲਗਾਮ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਵਾਲਿਆਂ ਵਿਰੁੱਧ ਇੱਕ ਵੀ ਸ਼ਬਦ ਨਾ ਬੋਲਣਾ, ਸਿੱਧ ਕਰਦਾ ਹੈ ਕਿ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਸ ਇਕੱਤਰਤਾ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ ਵਾਰ ਹੋ ਰਹੀ ਬੇਅਦਬੀ ਰੋਕਣਾ ਨਹੀਂ ਬਲਕਿ ਇਸ ਵਿਰੁੱਧ ਆਵਾਜ਼ ਉਠਾਉਣ ਵਾਲੀਆਂ ਪੰਥਕ ਧਿਰਾਂ ਨੂੰ ਦੋਸ਼ੀ ਠਹਿਰਾ ਕੇ ਅਸਲ ਦੋਸ਼ੀਆਂ ਨੂੰ ਬਚਾਉਣਾ ਸੀ। ਬੀਬੀ ਜੰਗੀਰ ਕੌਰ ਦੇ ਇਹ ਗੁੰਮਰਾਹਕੁਨ ਸ਼ਬਦ ਦੋਸ਼ੀਆਂ ਲਈ ਅਦਾਲਤ ’ਚ ਬਹੁਤ ਸਹਾਈ ਹੋਣਗੇ ਕਿਉਂਕਿ ਉਹ ਦਲੀਲ ਦੇਣਗੇ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਤਾਂ ਸਿੱਖ ਪ੍ਰਚਾਰਕਾਂ ਨੂੰ ਦੋਸ਼ੀ ਗਰਦਾਨਦੀ ਪਈ ਹੈ, ਸਾਨੂੰ ਤਾਂ ਉਨ੍ਹਾਂ ਦੇ ਦਬਾਅ ਹੇਠ ਖਾਹ ਮਖਾਹ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
  2. ਬੀਬੀ ਜੰਗੀਰ ਕੌਰ ਦਾ ਮੋੜਵਾਂ ਉੱਤਰ ਦਿੰਦਿਆਂ ਭਾਈ ਮਾਝੀ ਨੇ ਕਿਹਾ ਕਿ 25 ਜੂਨ 2021 ਨੂੰ ਪਿੰਡ ਜੌਲੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ 4 ਦਿਨ ਬਾਅਦ 29 ਜੂਨ ਨੂੰ ਓਥੇ ਪਹੁੰਚੀ ਬੀਬੀ ਜੰਗੀਰ ਕੌਰ ਨੂੰ ਚਾਰ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਦੇ ਉਨ੍ਹਾਂ ਨੇ ਲਿਖਤੀ ਜਵਾਬ ਦੇਣ ਦਾ ਵਾਅਦਾ ਕੀਤਾ ਸੀ, ਜੋ ਮਹੀਨਾ ਲੰਘ ਜਾਣ ਤੋਂ ਬਾਅਦ ਅੱਜ ਤੱਕ ਭੀ ਨਹੀਂ ਆਇਆ ਪਰ ਗੁੱਸੇ ਵਿੱਚ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਭੜਾਸ ਕੱਢੀ ਹੈ। ਭਾਈ ਮਾਝੀ ਜੀ ਵੱਲੋਂ ਪੁੱਛੇ ਚਾਰ ਸਵਾਲਾਂ ਹਨ :

(ੳ) ਗਿਆਨੀ ਗੁਰਮੁਖ ਸਿੰਘ ਨੇ ਕਿਹਾ ਸੀ ਕਿ ਬਾਦਲਾਂ ਨੇ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਆਪਣੀ ਕੋਠੀ ਵਿੱਚ ਸੱਦ ਕੇ ਕਿਹਾ ਸੀ ਕਿ ਸੌਦਾ ਸਾਧ ਨੂੰ ਮੁਆਫ ਕਰ ਦੇਵੋ। ਇਸ ਬਿਆਨ ਪਿੱਛੋਂ ਉਸ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਬਦਲ ਕੇ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਲਾ ਦਿੱਤਾ। ਜਦੋਂ ਉਹ ਆਪਣੇ ਭਰਾ ਰਾਹੀਂ ਇਸ ਬਿਆਨ ਤੋਂ ਮੁੱਕਰੇ ਤਾਂ ਉਸ ਨੂੰ ਬਦਲ ਕੇ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਲਾ ਦਿੱਤਾ ਗਿਆ। ਗਿਆਨੀ ਗੁਰਮੁਖ ਸਿੰਘ ਦੇ ਇਨ੍ਹਾਂ ਦੋ ਬਿਆਨਾਂ ’ਚੋਂ ਇੱਕ ਤਾਂ ਝੂਠਾ ਹੈ ਹੀ ਫਿਰ ਐਡੇ ਝੂਠੇ ਬੰਦੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਕਿਸ ਤਰ੍ਹਾਂ ਲਗਾ ਦਿੱਤਾ ਗਿਆ ?

(ਅ) ਜਦੋਂ ਬਿਨਾਂ ਮੰਗਿਆਂ ਸੌਦਾ ਸਾਧ ਨੂੰ ਮੁਆਫੀ ਦੇ ਦਿੱਤੀ ਗਈ ਤਾਂ ਸੰਗਤਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਇਸ ਵਿਰੋਧ ਨੂੰ ਦਬਾਉਣ ਲਈ ਗੁਰੂ ਦੀ ਗੋਲਕ ’ਚੋਂ 90 ਲੱਖ ਰੁਪਏ ਤੋਂ ਵੱਧ ਦੇ ਇਸ਼ਤਿਹਾਰ ਦਿੱਤੇ ਗਏ, ਪਰ ਸੰਗਤਾਂ ਦੇ ਵਧਦੇ ਵਿਰੋਧ ਨੂੰ ਵੇਖਦਿਆਂ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਾ ਹੁਕਮਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫਿਰ ਵਾਪਸ ਭੀ ਲੈ ਲਿਆ ਗਿਆ। ਸੰਗਤਾਂ ਨੂੰ ਦੱਸਿਆ ਜਾਵੇ ਕਿ ਸੰਗਤਾਂ ਵੱਲੋਂ ਪਿਆਰ ’ਚ ਭਿੱਜ ਕੇ ਭੇਟ ਕੀਤੇ ਪੈਸੇ ਦੀ ਭਰਪਾਈ ਸ਼੍ਰੋਮਣੀ ਕਮੇਟੀ ਵੱਲੋਂ ਕਿਸ ਪਾਸੋਂ ਅਤੇ ਕਿਸ ਢੰਗ ਨਾਲ ਕੀਤੀ ਜਾਵੇਗੀ ?

(ੲ) ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੁੰਦੀ ਹੈ ਉੱਥੋਂ 328 ਸਰੂਪਾਂ ਦਾ ਹਿਸਾਬ ਕਿਤਾਬ ਨਹੀਂ ਮਿਲ ਰਿਹਾ; ਉਸ ਸੰਬੰਧੀ ਮੈਮੋਰੰਡਮ ਦੇਣ ਲਈ ਦੱਸੋ ਅਸੀਂ ਕਿਸ ਪਾਸ ਜਾਈਏ ?

(ਸ) ਗਿਆਨੀ ਗੁਰਬਚਨ ਸਿੰਘ ਦੇ ਦਸਤਖਤਾਂ ਹੇਠ ਕੁਝ ਬੰਦਿਆਂ ਨੂੰ ਪੱਤਰ ਦਿੱਤਾ ਗਿਆ ਕਿ ਇਹ ਬ੍ਰਿਧ ਸਰੂਪਾਂ ਨੂੰ ਇਕੱਤਰ ਕਰਕੇ ਗੋਇੰਦਵਾਲ ਸਾਹਿਬ ਪਹੁੰਚਾਉਣ ਦੀ ਸੇਵਾ ਕਰ ਸਕਦੇ ਹਨ। ਜਿਸ ਪੱਤਰ ’ਤੇ ਗਿਆਨੀ ਗੁਰਬਚਨ ਸਿੰਘ ਦੇ ਦਸਤਖਤ ਹਨ ਉਸ ’ਤੇ ਨਾ ਕਿਸੇ ਸੰਸਥਾ ਦਾ ਨਾਂ, ਨਾ ਵੇਰਵਾ ਅਤੇ ਨਾ ਹੀ ਕੋਈ ਥਹੁ ਪਤਾ ਦਰਜ ਹੈ। ਇਹ ਬੰਦੇ ਮਲੇਰ ਕੋਟਲਾ ਹਲਕੇ ’ਚੋਂ ਗੁਰੂ ਗ੍ਰੰਥ ਸਾਹਿਬ ਦੇ 35 ਸਰੂਪ ਅਤੇ 250 ਤੋਂ ਵੱਧ ਪੋਥੀਆਂ ਨੂੰ ਇਕੱਠੀਆਂ ਕਰਕੇ ਲੈ ਗਏ। ਸੰਗਤਾਂ ਨੂੰ ਦੱਸਿਆ ਜਾਵੇ ਕਿ ਇਹ ਸਰੂਪ ਕਿੱਥੇ ਅਤੇ ਕਿਸ ਹਾਲਤ ’ਚ ਹਨ ?

  1. ਭਾਈ ਮਾਝੀ ਨੇ ਬੀਬੀ ਜੰਗੀਰ ਕੌਰ ਨੂੰ ਚੈਲੰਜ ਕੀਤਾ ਕਿ ਉਹ ਬੇਅਦਬੀ ਦੇ ਮੁੱਦੇ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ, ਮੰਜੀ ਸਾਹਿਬ ਦੀਵਾਨ ਹਾਲ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਕਿਸੇ ਵੀ ਸਥਾਨ ਜਾਂ ਹੋਰ ਕਿਸੇ ਸਥਾਨ, ਜਿੱਥੇ ਵੀ ਉਹ ਠੀਕ ਸਮਝਣ ਉੱਥੇ ਕਿਸੇ ਵੀ ਸਮੇਂ ਇਸ ਮੁੱਦੇ ’ਤੇ ਖੁਲ੍ਹੀ ਚਰਚਾ ਕਰਨ ਲਈ ਤਿਆਰ ਹਨ, ਜੇ ਉਸ ’ਚ ਹਿੰਮਤ ਹੈ ਤਾਂ ਮੇਰਾ ਚੈਲੰਜ ਪ੍ਰਵਾਨ ਕਰਨ (ਸੁਣੋ ਇਹ ਵੀਡੀਓ) https://www.youtube.com/watch?v=LV_A36J2POA & https://www.youtube.com/watch?v=QEvm-GN5kTw ਸਿੱਧੇ ਰੂਪ ਵਿੱਚ ਆਪ ਭਾਵੇਂ ਬੇਅਦਬੀ ਨਾ ਵੀ ਕਰਵਾਈ ਹੋਵੇ ਤਾਂ ਵੀ ਸਿੱਖ ਸੰਗਤਾਂ ਵੱਲੋਂ ਬਾਦਲ ਪਰਵਾਰ ’ਤੇ ਸ਼ੱਕ ਕਰਨ ਦੇ ਹੇਠ ਲਿਖੇ ਬਹੁਤ ਸਾਰੇ ਕਾਰਨ ਹਨ।

(ੳ) 2007 ’ਚ ਸਲਾਬਤਪੁਰਾ, ਜ਼ਿਲਾ ਬਠਿੰਡਾ, ਵਿਚਲੇ ਡੇਰੇ ਵਿਚ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਰਚਨ ਦੇ ਵਿਰੋਧ ’ਚ ਉਸ ਖਿਲਾਫ 20 ਮਈ 2007 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਚ FIR ਨੰਬਰ 262 IPC ਦੀ ਧਾਰਾ 153 A ਅਤੇ 295 A ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਪੌਣੇ ਪੰਜ ਸਾਲ ਤੱਕ ਵੀ ਚਲਾਣ ਪੇਸ਼ ਨਾ ਕੀਤਾ ਤੇ ਉਲਟਾ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ ਪੰਜ ਦਿਨ ਪਹਿਲਾਂ 25 ਜਨਵਰੀ 2012 ਨੂੰ ਉਸ ਵੇਲੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਪੁਲਿਸ ਵੱਲੋਂ ਅਦਾਲਤ ’ਚ ਕੈਂਸਲੇਸ਼ਨ ਰਿਪੋਰਟ ਦਾਖ਼ਲ ਕਰ ਦਿੱਤੀ, ਜਿਸ ਦਾ ਉਦੇਸ਼ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ। ਜੁਲਾਈ 2014 ’ਚ ਸੌਦਾ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ’ਚ ਇਕ ਹੋਰ ਅਰਜੀ ਪਾ ਦਿਤੀ ਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ; ਇਸੇ ਆਧਾਰ ’ਤੇ ਕੇਸ ਖਾਰਜ ਕਰ ਦਿੱਤਾ।

(ਅ) 25 ਜੂਨ 2015 ਨੂੰ ਪਿੰਡ ਬੁਰਜ ਜਵਾਹਰਕਾ ਦੇ ਗੁਰਦੁਆਰਾ ਸਾਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ। ਪੁਲਿਸ ਵੱਲੋਂ ਦੋ ਮੋਨੇ ਸੰਭਾਵੀ ਦੋਸ਼ੀਆਂ ਦੇ ਸਕੈਚ ਵੀ ਜਾਰੀ ਕੀਤੇ ਗਏ, ਪਰ ਬਾਦਲ ਸਰਕਾਰ ਨੇ 2017 ਤੱਕ ਦੇ ਆਪਣੇ ਰਾਜ ਦੌਰਾਨ ਕਿਸੇ ਵੀ ਮੋਨੇ ਵਿਅਕਤੀ ਦੀ ਕੋਈ ਪੁੱਛਗਿੱਛ ਤੱਕ ਨਹੀਂ ਕੀਤੀ ਪਰ ਅੰਮ੍ਰਿਤਧਾਰੀ ਤੇ ਕੇਸਾਧਾਰੀ ਸਿੱਖਾਂ ’ਤੇ ਪੁਲਿਸ ਤਸ਼ੱਦਦ ਕਰਦੀ ਰਹੀ।

(ੲ) 23 ਸਤੰਬਰ 2015 ਨੂੰ ਗੁਰਦੁਆਰਾ ਬਰਗਾੜੀ ਦੀ ਦੀਵਾਰ ’ਤੇ ਸੌਦਾ ਪ੍ਰੇਮੀਆਂ ਵੱਲੋਂ ਹੱਥ ਲਿਖਤ ਪੋਸਟਰ ਲਾਏ ਗਏ ਕਿ ਜੇ ਉਨ੍ਹਾਂ ਦੇ ਗੁਰੂ ਦੀ ਫਿਲਮ ਐੱਮ. ਐੱਸ. ਜੀ. ਨਾ ਲੱਗਣ ਦਿੱਤੀ ਤਾਂ ਤੁਹਾਡਾ ਗੁਰੂ ਸਾਡੇ ਪਾਸ ਹੈ ਉਸ ਨੂੰ ਗਲੀਆਂ, ਰੂੜੀਆਂ ’ਤੇ ਖਿਲਾਰ ਦੇਵਾਂਗੇ; ਇਸ ਦੇ ਬਾਵਜੂਦ ਬਾਦਲ ਸਰਕਾਰ ਸਮੇਂ ਕਿਸੇ ਪ੍ਰੇਮੀ ਤੋਂ ਕੋਈ ਪੁੱਛਗਿੱਛ ਤੱਕ ਨਾ ਕੀਤੀ ਗਈ।

(ਸ) ਬੇਅਦਬੀ ਦੇ ਰੋਸ ’ਚ ਸ਼ਾਂਤਮਈ ਬੈਠੇ ਗੁਰਬਾਣੀ ਪੜ੍ਹ ਰਹੇ ਸਿੱਖਾਂ ’ਤੇ 15 ਅਕਤੂਬਰ 2015 ਨੂੰ ਅਕਾਰਨ ਹੀ ਗੋਲ਼ੀ ਤੇ ਪਾਣੀ ਦੀਆਂ ਬੁਛਾੜਾਂ ਨਾਲ ਪੁਲਿਸ ਵੱਲੋਂ ਹਮਲਾ ਕਰ ਦਿੱਤਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਵੱਲੋ ਕੀਤੀ ਫ਼ਾਇਰਿੰਗ ’ਚ ਦੋ ਸਿੰਘ ਸ਼ਹੀਦ ਹੋ ਗਏ। ਦੋਸ਼ੀ ਪੁਲਿਸੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਕੇਸ ਖੂਹ ਖਾਤੇ ਪਾਉਣ ਲਈ ਐੱਫ. ਆਈ. ਆਰ. ਵੀ ਅਣਪਛਾਤਿਆਂ ਵਿਰੁੱਧ ਦਰਜ ਕੀਤੀ ਗਈ।

(ੲ) ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਪੇਸ਼ ਕੀਤੇ ਚਲਾਨ ਅਦਾਲਤ ਵੱਲੋਂ ਰੱਦ ਕੀਤੇ ਜਾਣ ਦੀ ਓਨੀ ਖ਼ੁਸ਼ੀ ਪੁਲਿਸ ਅਧਿਕਾਰੀਆਂ ਨੇ ਨਹੀਂ ਮਨਾਈ, ਜਿੰਨੀ ਬਾਦਲ ਦਲ ਨੇ ਮਨਾਈ। ਇਸ ਤੋਂ ਪਤਾ ਲਗਦਾ ਹੈ ਕਿ ਬਾਦਲ ਦਲ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣਾ ਹੀ ਇੱਕ ਕਾਰਨ ਹੈ ਕਿ ਬੇਅਦਬੀ ਕਰਨ ਦੇ ਦੋਸ਼ੀਆਂ ਦੇ ਹੌਂਸਲੇ ਵਧੇ ਹਨ, ਇਸ ਲਈ ਉਹ ਵਾਰ ਵਾਰ ਬੇਅਦਬੀਆਂ ਕਰਦੇ ਰਹਿੰਦੇ ਹਨ।

ਪੰਥ ਦਰਦੀਆਂ ਲਈ ਬੇਨਤੀ

0

ਪੰਥ ਦਰਦੀਆਂ ਲਈ ਬੇਨਤੀ

ਗੁਰੂ ਪਿਆਰਿਓ, ਇਹ ਵੈਬਸਾਇਟ (gurparsad.com) ਸੰਨ 2014 ਤੋਂ ਨਿਰੰਤਰ ਅਪਲੋਡ ਹੁੰਦੀ ਆ ਰਹੀ ਹੈ, ਜੋ ਨਿਰੋਲ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਕ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੈ। ਮੈਨੂੰ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ, ਜਿਨਾਂ ਨੇ ਆਪਣਾ ਕੀਮਤ ਸਮਾਂ ਕੱਢ ਕੇ ਇੱਥੇ ਪਾਈ ਜਾਂਦੀ ਹਰ ਲਿਖਤ ਨੂੰ ਵਾਚਿਆ ਹੈ। ਮੈਂ ਉਨਾਂ ਦਾ ਧੰਨਵਾਦ ਕਰਦਾ ਹਾਂ।

ਮੇਰਾ ਮੰਨਣਾ ਹੈ ਕਿ ਵੈਬਸਾਇਟਾਂ ਦੋ ਕਾਰਨਾਂ ਕਰਕੇ ਹੀ ਲੰਬਾ ਸਮਾਂ ਚੱਲ ਸਕਦੀਆਂ ਹਨ (1). ਆਰਥਿਕ ਕਮਾਈ ਦੇ ਸਾਧਨ ਕਾਰਨ (2). ਸਮਾਜਿਕ ਜਾਂ ਪੰਥਕ ਦਰਦ ਕਾਰਨ । ਇਸ ਦੂਸਰੇ ਨੰਬਰ ਲਈ ਹਮਖਿਆਲੀ ਲੇਖਕਾਂ ਦਾ ਸਾਥ ਹੋਣਾ ਬੜਾ ਜ਼ਰੂਰੀ ਹੁੰਦਾ ਹੈ, ਪਰ ਸਿੱਖ ਕੌਮ ਵਿਚੋਂ ਸੁਹਿਰਦ ਅਤੇ ਗੁਰਮਤਿ ਦੇ ਗਿਆਤਾ (ਖੋਜੀ) ਲੇਖਕ ਮਿਲਣੇ, ਤੂੜੀ ਦੇ ਢੇਰ ਚੋਂ ਸੂਈ ਲੱਭ ਲੈਣ ਵਾਙ ਕਠਿਨ ਹੈ।

ਮੈਂ ਆਪਣਾ ਹਰ ਲੇਖ ਕੁੱਝ ਗੁਰਮੁਖ ਪਿਆਰਿਆਂ ਨੂੰ ਪੜਾਉਣ ਉਪਰੰਤ ਹੀ ਪੋਸਟ ਕਰਦਾ ਹਾਂ ਤਾਂ ਜੋ ਗੁਰਮਤਿ ਨੂੰ ਢਾਹ ਲਾਉਣ ਦਾ ਭਾਗੀ ਨਾ ਬਣ ਜਾਵਾਂ। ਗੁਰਮਤਿ ਵਰਗੇ ਵਿਸ਼ਾਲ ਵਿਸ਼ਿਆਂ ਨੂੰ ਪ੍ਰਗਟ ਕਰਨ ਲਈ ਅਨੇਕਾਂ ਲੇਖਕਾਂ ਦੀ ਜ਼ਰੂਰਤ ਹੈ ਤਾਂ ਜੋ ਸਾਹਿਤਕ ਰੁਚੀ ਰੱਖਣ ਵਾਲੇ ਗੁਰਸਿੱਖ ਪਾਠਕ ਤਿਆਰ ਹੋਣ। ਇਸ ਘਾਟ ਵੱਲ ਸ਼ਾਇਦ ਪੰਥ ਦਰਦੀਆਂ ਦਾ ਅਜੇ ਤੱਕ ਧਿਆਨ ਨਹੀਂ ਗਿਆ ਹੈ। ਇਕ ਸੁਹਿਰਦ ਲੇਖਕ ਹਿਰਦੇ ਗੁਰਮਤਿ ਦਾ ਬਹੁ ਪੱਖੀ ਗਿਆਨ ਹੋਣ ਦੇ ਨਾਲ ਨਾਲ ਹਾਪੱਖੀ ਅਤੇ ਆਸਾਵਾਦੀ ਸੋਚ ਉਪਜਣੀ ਭੀ ਜ਼ਰੂਰੀ ਹੈ। ਵੈਸੇ ਭੀ ਗੁਰਮਤਿ ਅਨੁਸਾਰੀ ਵਿਚਾਰ ਲਿਖਣ ਲਈ ਬਹੁਤ ਸਮਾਂ ਅਤੇ ਅਥਾਹ ਗੁਰੂ ਪਿਆਰ ਚਾਹੀਦਾ ਹੈ। ਸੁਹਿਰਦ ਪਾਠਕ ਇਹ ਸਭ ਜਾਣਦੇ ਹਨ।

ਮੇਰੀ ਆਪ ਜੀ ਨੂੰ ਇਕੋ ਬੇਨਤੀ ਹੈ ਕਿ ਲੇਖ ਨੂੰ ਪੜਨ ਤੋਂ ਪਹਿਲਾਂ ਹੀ ਪਸੰਦ ਕਰਨ ਵਾਲਾ ਬਟਨ ਨਾ ਦਬਾਇਆ ਜਾਵੇ ਕਿਉਂਕਿ ਹਰ ਲੇਖ ਨੂੰ ਕੀਤੇ ਲਾਇਕ ਤੋਂ ਹੀ ਜਾਣਕਾਰੀ ਮਿਲਦੀ ਹੈ ਕਿ ਪਾਠਕ ਨੂੰ ਲੇਖ ਸਮਝਣਾ ਕਿੰਨਾ ਕੁ ਮੁਸ਼ਕਲ ਜਾਂ ਆਸਾਨ ਰਿਹਾ ਹੈ ਤਾਂ ਜੋ ਦੂਸਰੀ ਵਾਰ ਉਸ ਵਿਸ਼ੇ ਨੂੰ ਹੋਰ ਸਰਲ ਤੇ ਸਪਸ਼ਟ ਕਰ ਸਕਾਂ। ਮੈਂ ਵੇਖਿਐ ਕਿ ਮੇਰੇ ਦੁਆਰਾ ਸ਼ੇਅਰ ਕਰਨ ਤੋਂ 10 ਕੁ ਸੈਕਿੰਡ ਦੇ ਅੰਦਰ-ਅੰਦਰ ਹੀ ਕੁਝ ਵੀਰ ਲਾਇਕ ਕਰ ਦਿੰਦੇ ਹਨ, ਇਸ ਨਾਲ ਲੇਖ ਨੂੰ ਪੜਨ ਅਤੇ ਪਸੰਦ ਕਰਨ ਵਾਲਿਆਂ ਦੀ ਸਹੀ ਜਾਣਕਾਰੀ ਨਹੀਂ ਮਿਲਦੀ। ਜੇਕਰ ਲੇਖ ਪੜਨ ਉਪਰੰਤ ਕਿਸੇ ਨੂੰ ਪਸੰਦ ਆਵੇ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ, ਇਸ ਨਾਲ ਹੌਂਸਲਾ ਵਧਦਾ ਹੈ।

ਪਿਛਲੇ 7 ਸਾਲਾਂ ਵਿਚ ਕਿਸੇ ਇੱਕ ਗੁਰੂ ਪਿਆਰੇ ਨੇ ਇਸ ਵੈਬਸਾਇਟ ਲਈ ਹੁੰਦੇ ਖ਼ਰਚ ਅਤੇ ਮਿਹਨਤ ਨੂੰ ਧਿਆਨ ‘ਚ ਰੱਖਦਿਆਂ 15 ਹਜ਼ਾਰ ਰੁਪਏ ਵੈਬਸਾਇਟ ਉਤੇ ਦਿੱਤੇ ਅਕਾਉਂਟ ‘ਚ ਪਾਏ ਹਨ, ਮੈਂ ਉਸ ਸੱਜਣ ਦਾ ਭੀ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ।

ਗਿਆਨੀ ਅਵਤਾਰ ਸਿੰਘ

ਵਿਅੰਗਮਈ ਕਵਿਤਾਵਾਂ

0

ਕਾਵਿ-ਵਿਅੰਗ        ਘਾਟ

ਮੌਤ ਆਪਣੀ ਮਰਨ ਤੋਂ ਲੋਕ ਡਰਦੇ, ਖ਼ਾਤਰ ਕਿਸੇ ਦੀ ਮਰਦਾ ਹੈ ਕੌਣ ਇੱਥੇ।

ਹੁੰਦੇ ਜਿਸ ਦੀ ਜੇਬ ਵਿੱਚ ਚਾਰ ਪੈਸੇ, ਲੰਘਦਾ ਅਕੜਾਕੇ ਹੈ ਉਹ ਧੌਣ ਇੱਥੇ।

ਆਕਸੀਜਨ ਦੀ ਘਾਟ ਕਿੰਜ ਹੋਏ ਪੂਰੀ, ਦੂਸ਼ਿਤ ਹੋ ਗਏ ਪਾਣੀ ਤੇ ਪੌਣ ਇੱਥੇ।

ਸੂਝ ਬੂਝ ਤੋਂ ਸੱਖਣੇ ਆਪ ਜਿਹੜੇ, ਆਉਂਦੇ ‘ਚੋਹਲੇ’ ਨੂੰ ਉਹ ਸਮਝਾਉਣ ਇੱਥੇ।

             

      ਸਤਿਕਾਰ

ਜਿੱਥੇ ਝੁਠ ਦਾ ਹੁੰਦਾ ਹੈ ਬੋਲਬਾਲਾ, ਉੱਥੇ ਸੱਚ ਉਚਾਰਦਾ ਹੈ ਕੋਈ ਕੋਈ।

ਬਣੀ ਆਪਣੀ ਕੱਟੇ ਹਰੇਕ ਬੰਦਾ, ਕਿਸੇ ਦੇ ਕਸ਼ਟ ਨਿਵਾਰਦਾ ਕੋਈ ਕੋਈ।             

ਸਹਿਣਸ਼ੀਲਤਾ ਜਦੋਂ ਜਵਾਬ ਦੇ ਜੇ, ਕਿਸੇ ਦੀ ਗੱਲ ਸਹਾਰਦਾ ਕੋਈ ਕੋਈ।

ਧਨਵਾਨ ਨੂੰ ਮਿਲੇ ਸਤਿਕਾਰ ‘ਚੋਹਲਾ’, ਨਿਰਧਨ ਸਤਿਕਾਰਦਾ ਕੋਈ ਕੋਈ।

ਰਮੇਸ਼ ਬੱਗਾ ਚੋਹਲਾ (ਲੁਧਿਅਣਾ)-9463132719        

ਸੰਗਤ, ਪ੍ਰਬੰਧਕ ਅਤੇ ਗ੍ਰੰਥੀ ਦੀ ਭੂਮਿਕਾ

0

ਸੰਗਤ, ਪ੍ਰਬੰਧਕ ਅਤੇ ਗ੍ਰੰਥੀ ਦੀ ਭੂਮਿਕਾ

ਸੁਖਜੀਤ ਸਿੰਘ, ਗੁਰਮਤਿ ਪ੍ਰਚਾਰਕ/ਕਥਾਵਾਚਕ (ਕਪੂਰਥਲਾ)-98720-76876

ਅੱਜ ਅਸੀਂ ਜਦੋਂ ਸਿੱਖੀ ਦੀ ਨਿਘਰ ਰਹੀ ਹਾਲਤ ਬਾਰੇ ਕਿਤੇ ਵੀ ਆਪਸ ਵਿੱਚ ਚਰਚਾ ਕਰਦੇ ਹਾਂ ਤਾਂ ਸਾਡੀ ਵਿਚਾਰ ਚਰਚਾ ਅਜੋਕੇ ਗ੍ਰੰਥੀ/ਪਾਠੀ ਸਿੰਘਾ ਦੀ ‘‘ਰੋਟੀਆ ਕਾਰਣਿ ਪੂਰਹਿ ਤਾਲ ॥ (ਮਹਲਾ ੧/੪੬੫) ਵਾਲੀ ਗੱਲ ’ਤੇ ਆ ਕੇ ਖ਼ਤਮ ਹੋ ਜਾਂਦੀ ਹੈ। ਅਸੀਂ ਗ੍ਰੰਥੀ/ਪਾਠੀ ਸਿੰਘਾਂ ਨੂੰ ਦੋਸ਼ੀ ਠਹਿਰਾ ਕੇ ਆਪ ਸੁਰਖਰੂ ਹੋਣ ਦਾ ਯਤਨ ਕਰਦੇ ਹਾਂ ਜਦਕਿ ਇਹ, ਤਸਵੀਰ ਦਾ ਕੇਵਲ ਇਕ ਪਾਸਾ ਹੈ।

ਇਸ ਤਸਵੀਰ ਦੇ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਸ਼੍ਰੇਣੀ ਹੈ, ਜੋ ਕਿ ਗ੍ਰੰਥੀ/ਪਾਠੀ ਸਿੰਘਾਂ ਨਾਲੋ ਬੇਹੱਦ ਤਾਕਤਵਰ ਹੈ। ਅੱਜ ਹਾਲਤ ਇਹ ਹੈ ਕਿ ਗ੍ਰੰਥੀ ਸਿੰਘ ਪ੍ਰਬੰਧਕ ਨਹੀਂ ਬਦਲ ਸਕਦਾ, ਪ੍ਰਬੰਧਕ ਗ੍ਰੰਥੀ ਨੂੰ ਬਦਲਣ ਦੀ ਤਾਕਤ ਜ਼ਰੂਰ ਰੱਖਦੇ ਹਨ। ਜਿੱਥੇ ਅਜੋਕੇ  ਗ੍ਰੰਥੀ (ਸਾਰੇ ਨਹੀਂ) ਗੁਰਮਤਿ ਦੀ ਸੂਝ-ਬੂਝ ਤੋਂ ਕੋਰੇ ਹਨ। ਇਸ ਲਈ ਮੁੱਖ ਦੋਸ਼ੀ ਧਿਰ ਪ੍ਰਬੰਧਕ ਹਨ। ਜੋ ਆਪ ਗੁਰਮਤਿ ਤੋ ਕੋਰੇ ਹੁੰਦੇ ਹਨ। ਜੇਕਰ ਗ੍ਰੰਥੀ ਗੁਰਮਤਿ ਦੀ ਜਾਣਕਾਰੀ ਵਾਲਾ ਵੀ ਹੋਵੇ ਤਾਂ ਵੀ ਉਸ ਨੂੰ ਗੁਰਮਤਿ ’ਤੇ ਪਹਿਰੇਦਾਰੀ ਕਰਨ ਨਹੀਂ ਦਿੰਦੇ। ਅੱਜ ਦੇ ਬਹੁ ਗਿਣਤੀ ਪ੍ਰਬੰਧਕ ਜਦੋਂ ਗ੍ਰੰਥੀ ਸਿੰਘ ਦੀ ਨਿਯੁਕਤੀ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਤਾਂ ਪਾਠੀ, ਕਥਾ ਵਾਚਕ, ਕੀਰਤਨੀਆ, ਪਰਵਾਰ ਸਮੇਤ ਗੁਰਦੁਆਰੇ ਰਿਹਾਇਸ਼ ਰੱਖ ਕੇ ਚੌਕੀਦਾਰੀ ਕਰਨ ਵਾਲਾ ਭਾਵ ‘ਫੋਰ ਇਨ ਵਨ’ ਭਾਲਦੇ ਹਨ ਭਾਵੇਂ ਕਿ ਸਭ ਤੋਂ ਅਹਿਮ ਜ਼ਿੰਮੇਵਾਰੀ, ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਲਈ ਕੋਈ ਵੀ ਸ਼ਰਤ ਨਹੀਂ ਰੱਖੀ ਹੁੰਦੀ। ਪ੍ਰਬੰਧਕਾਂ ਵੱਲੋਂ ਗ੍ਰੰਥੀ ਸਿੰਘ ਨੂੰ ਇਸ ਸਭ ਬਦਲੇ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ।

ਅੱਜ ਆਮ ਤੌਰ ’ਤੇ ਦੇਖਣ ਵਿੱਚ ਆਉਦਾ ਹੈ ਕਿ ਬਹੁਗਿਣਤੀ ਸੰਗਤ ਅੱਜ ਗੁਰਦੁਆਰਾ ਪ੍ਰਬੰਧ ਦੇ ਇਸ ਕਾਰਜ ਨੂੰ ਝੰਜਟ ਸਮਝਦੀ ਹੋਈ ‘ਸਾਨੂੰ ਕੀ’ ਆਖ ਕੇ ਪਾਸੇ ਰਹਿਣ ਦਾ ਯਤਨ ਕਰਦੀ ਹੈ। ਜੇ ਪੁੱਛਿਆ ਜਾਏ ਤਾਂ ਉੱਤਰ ਮਿਲਦਾ ਹੈ ‘ਕੀ ਕਰਨਾ ਗੁਰਦੁਆਰੇ ਜਾ ਕੇ ਉੱਥੇ ਤਾਂ ਬਹੁਗਿਣਤੀ ਪ੍ਰਬੰਧਕ ਸੇਵਾ ਦੇ ਨਾਂ ਹੇਠ ਲੜਦੇ ਹੀ ਰਹਿੰਦੇ ਹਨ।’ ਐਸਾ ਜਵਾਬ ਸੁਣ ਕੇ ਭਾਈ ਗੁਰਦਾਸ ਜੀ ਦਾ ਬਚਨ ‘‘ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ  ?॥੫੪੪॥’’ (ਭਾਈ ਗੁਰਦਾਸ ਜੀ/ਕਬਿੱਤ ੫੪੪) ਯਾਦ ਆਉਦਾ ਹੈ। ਲੱਗਦਾ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਚਾਹੁੰਦੇ ਹੋਣ ਕਿ ਗੁਰਦੁਆਰਾ ਪ੍ਰਬੰਧਕ ਇੱਕ ਦਿਨ ਅਜੋਕੇ ਹਾਲਾਤਾਂ ਮੁਤਾਬਕ ਨਾ ਬਣ ਜਾਣ, ਇਸ ਲਈ ਪਹਿਲਾਂ ਹੀ ਸੁਚੇਤ ਕਰਨ ਦੀ ਜ਼ਿੰਮੇਵਾਰੀ ਉਨ੍ਹਾ ਨੇ ਬਾਖ਼ੂਬੀ ਨਿਭਾਅ ਦਿੱਤੀ ਪਰੰਤੂ ਸੋਚਣ ਦਾ ਵਿਸ਼ਾ ਹੈ-ਕੀ ਅਸੀਂ ਸੁਚੇਤ ਹੋਏ ?

ਗੁਰਮਤਿ ਕਸਵੱਟੀ ’ਤੇ ਪਰਖ ਕੇ ਵੇਖੀਏ ਤਾਂ ਸਪਸ਼ਟ ਹੈ ਕਿ ਸੇਵਾ ਦੇ ਨਾਮ ਉੱਪਰ ਤਾਂ ਕਦੀ ਲੜਾਈ-ਝਗੜਾ-ਵਿਰੋਧ ਨਹੀਂ ਹੋ ਸਕਦਾ। ਇੱਥੇ ਗੱਲ ਕੁਝ ਹੋਰ ਹੈ ? ਇਸ ਵਿਸ਼ੇ ’ਤੇ ਇੱਕ ਛੋਟੇ ਜਿਹੇ ਬੱਚੇ ਦੇ ਕਹੇ ਹੋਏ ਅਨਭੋਲ ਸ਼ਬਦ ਦਾਸ ਨੂੰ ਨਹੀਂ ਭੁੱਲਦੇ। ਆਪਣੇ ਰਿਸ਼ਤੇਦਾਰਾ ਦੇ ਪਿੰਡ ਦੇ ਗੁਰਦੁਆਰੇ ਆਏ ਬੱਚੇ ਨੇ ਪ੍ਰਬੰਧਕਾਂ ਨੂੰ ਝਗੜਾ ਕਰਦੇ ਵੇਖ ਕੇ ਹੈਰਾਨੀ ਪ੍ਰਗਟ ਕੀਤੀ ਤਾਂ ਕਿਸੇ ਨੇ ਬੱਚੇ ਨੂੰ ਪੁੱਛਿਆ ‘ਕੀ ਬੇਟਾ  ! ਤੁਹਾਡੇ ਪਿੰਡ ਕਦੀ ਇਸ ਤਰ੍ਹਾਂ ਲੜਾਈ ਝਗੜਾ ਨਹੀਂ ਹੁੰਦਾ ?’ ਬੱਚੇ ਦਾ ਜਵਾਬ ਸੀ ‘ਸਾਡੇ ਪਿੰਡ ਗੁਰਦੁਆਰਾ ਹੀ ਕੋਈ ਨਹੀ।’ ਜ਼ਰਾ ਸੋਚੀਏ ! ਸੁਚੇਤ ਸੰਗਤਾਂ ਦੀ ਗੁਰਦੁਆਰੇ ਦੀ ਹਾਜ਼ਰੀ ਪ੍ਰਤੀ ਨਿਰਾਸ਼ਤਾ ਲਈ ਅੱਜ ਜਿੰਮੇਵਾਰ ਕੌਣ ਹੈ ? ਜਿਸ ਗੁਰਦੁਆਰੇ ਦੇ ਵਿੱਚੋਂ ਪਰਾਇਆ ਹੱਕ ਨਾਂ ਖਾਣ ਦਾ ‘‘ਚੋਰ ਕੀ ਹਾਮਾ ਭਰੇ ਕੋਇ ’’ (ਮਹਲਾ /੬੬੨) ਦਾ ਸੰਦੇਸ਼ ਮਿਲਣਾ ਹੈ, ਉੱਥੇ ਅੱਜ ਹਰ ਗੁਰਦੁਆਰੇ ਵਿੱਚ ਗੋਲਕਾਂ ਨੂੰ ਲੱਗੇ ਵਡੇ-ਵਡੇ ਜਿੰਦਰੇ ਕੁਝ ਹੋਰ ਹੀ ਸੋਚਣ ’ਤੇ ਮਜਬੂਰ ਕਰਦੇ ਹਨ। ਦਾਸ ਇੱਕ ਗੁਰਦੁਆਰੇ ਵਿੱਚ ਕਥਾ ਕਰਨ ਤੋਂ ਬਾਅਦ ਸਮਾਪਤੀ ’ਤੇ ਪ੍ਰਬੰਧਕਾਂ ਨਾਲ ਬੈਠਾ ਸੀ ਤਾਂ ਗ੍ਰੰਥੀ ਸਿੰਘ ਨੇ ਆਪਣੇ ਬੱਚਿਆ ਦੀ ਪੜ੍ਹਾਈ, ਕਿਤਾਬਾ, ਫੀਸਾਂ ਆਦਿ ਦੇ ਖ਼ਰਚੇ ਦਾ ਵਾਸਤਾ ਪਾ ਕੇ ਪ੍ਰਬੰਧਕਾਂ ਨੂੰ ਤਨਖਾਹ ਵਧਾਉਣ ਦੀ ਬੇਨਤੀ ਕੀਤੀ। ਪ੍ਰਬੰਧਕਾ ਦਾ ਜਵਾਬ ਸੀ ‘ਬਾਬਾ ਤੈਨੂੰ ਕੌਣ ਕਹਿੰਦਾ ਬੱਚੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਾ, ਸਰਕਾਰੀ ਸਕੂਲ ਵਿੱਚ ਪੜ੍ਹਾ ਲੈ।’ ਦਾਸ ਕੋਲੋਂ ਪ੍ਰਬੰਧਕਾਂ ਦਾ ਐਸਾ ਜਵਾਬ ਸੁਣ ਕੇ ਰਿਹਾ ਨਾ ਗਿਆ। ਦਾਸ ਨੇ ਉਨ੍ਹਾਂ ਨੂੰ ਮੁਖਾਤਬ ਹੋ ਕੇ ਕਿਹਾ ‘ਭਾਈ ਸਾਹਿਬ ! ਤੁਸੀਂ ਇਸ ਨੂੰ ਕੇਵਲ ਗ੍ਰੰਥੀ ਰੂਪ ਵਿੱਚ ਹੀ ਕਿਉਂ ਵੇਖਦੇ ਹੋ ? ਇਹ ਇੱਕ ਬਾਪ ਵੀ ਹੈ। ਜੇ ਇਸ ਬਾਪ ਦੀ ਇੱਛਾ ਵੀ ਸਾਡੇ ਵਾਂਗ ਆਪਣੇ ਬੱਚਿਆ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾ ਕੇ ਚੰਗੀ ਵਿਦਿਆ ਦੇਣ ਦੀ ਹੈ ਤਾਂ ਇਸ ਵਿੱਚ ਕੀ ਹਰਜ ਹੈ। ਤੁਸੀਂ ਤਨਖਾਹ ਵਧਾਉਣੀ ਹੈ ਜਾਂ ਨਹੀਂ ਇਹ ਤਾਂ ਅਲੱਗ ਵਿਸ਼ਾ ਹੈ। ਘੱਟੋ ਘੱਟ ਇੱਕ ਬਾਪ ਦੀਆਂ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਲਈ ਇੱਛਾਵਾਂ ਦਾ ਤ੍ਰਿਸਕਾਰ ਤਾਂ ਨਾ ਕਰੋ।’

ਸੋ ਸਪਸ਼ਟ ਹੈ ਕਿ ਅਜੋਕੇ ਸਮੇਂ ਦੇ ਗ੍ਰੰਥੀ/ਪਾਠੀ ਸਿੰਘਾਂ ਦੇ ਹਾਲ ਲਈ ਦੋਸ਼ ਕੇਵਲ ਇੱਕ ਧਿਰ ਨੂੰ ਦੇਣਾ ਕਿਸੇ ਤਰ੍ਹਾਂ ਵਾਜਬ ਨਹੀਂ ਹੈ। ਮਹਿੰਗਾਈ ਤਾਂ ਮਹਿੰਗਾਈ ਹੈ, ਜੋ ਕਿਸੇ ਦਾ ਲਿਹਾਜ ਨਹੀਂ ਕਰਦੀ। ਜੇਕਰ ਅਸੀਂ ਗ੍ਰੰਥੀ ਸਿੰਘਾਂ ਦੀ ਚੋਣ ਲਈ ਇਤਿਹਾਸਿਕ ਪੱਖ ਦੇਖਣਾ ਹੋਵੇ ਤਾਂ ਸਾਨੂੰ ਅਗਵਾਈ ਮਿਲਦੀ ਹੈ ਕਿ ਜੇ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਉੱਚੀ-ਸੁੱਚੀ ਸੋਚ ਵਾਲੇ ਹੋਣਗੇ ਤਾਂ ਹੀ ਬਾਬਾ ਬੁੱਢਾ ਜੀ ਵਰਗੇ ਗੁਰੂ ਕੇ ਵਜ਼ੀਰ ਦੀ ਚੋਣ ਹੋ ਸਕਦੀ ਹੈ, ਪਰ ਅੱਜ ਦੇ ਸਮੇਂ ਨਾ ਬਹੁਗਿਣਤੀ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਸੋਚ ਵਾਲੇ, ਨਾ ਗ੍ਰੰਥੀ ਬਾਬਾ ਬੁੱਢਾ ਜੀ ਵਰਗੇ ਹਨ। ਕਹਿਣ ਨੂੰ ਅਸੀਂ ਗ੍ਰੰਥੀ ਸਿੰਘ ਨੂੰ ‘ਗੁਰੂ ਕਾ ਵਜ਼ੀਰ’ ਆਖਦੇ ਹਾਂ, ਪਰ ਕੀ ਮੰਨਦੇ ਵੀ ਹਾਂ ? ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚੋਂ ਹਵਾਲੇ ਮਿਲਦੇ ਹਨ ਕਿ ਪਹਿਲੇ ਪ੍ਰਕਾਸ਼ ਦਿਹਾੜੇ (1604 ਈਸਵੀ) ਸਮੇਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਕੇ ਕਿਹਾ ‘ਬੁਢਾ ਸਾਹਿਬ ਖੋਲੋ ਗ੍ਰੰਥ। ਲਈ ਅਵਾਜ ਸੁਨੈ ਸਭ ਪੰਥ।’ ਬਾਬਾ ਜੀ ਨੇ ਪਹਿਲਾ ਹੁਕਮਨਾਮਾ ਲਿਆ। ਸਮਾਪਤੀ ਉੱਪਰ ਬਾਬਾ ਜੀ ਨੇ ਆਪਣੇ ਮਨ ਦੀ ਬਾਤ ਰੱਖੀ ‘ਸਤਿਗੁਰੂ ਜੀ ! ਮੈ ਤਾਂ ਆਪ ਦਾ ਨਿਮਾਣਾ ਜਿਹਾ ਸੇਵਕ ਹਾਂ, ਤੁਸੀਂ ਮੈਨੂੰ ਸਾਹਿਬ ਆਖ ਕੇ ਕਿਉਂ ਸੰਬੋਧਨ ਕੀਤਾ ਹੈ ?’ ਪੰਚਮ ਪਾਤਸ਼ਾਹ ਨੇ ਜਵਾਬ ਦਿੱਤਾ ‘ਬਾਬਾ ਜੀ  ! ਤੁਸੀਂ ਮੇਰੇ ਤੋਂ ਵੀ ਵੱਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਤਾਂ ਤੁਸੀਂ ਮੇਰੇ ਵੀ ਸਾਹਿਬ ਹੋ ਗਏ।’ ਅਜੋਕੇ ਬਹੁ ਗਿਣਤੀ ਪ੍ਰਬੰਧਕ ਜਿਹੜੇ ਗ੍ਰੰਥੀ ਸਿੰਘ ਨੂੰ ਕਹਿੰਦੇ ਤਾਂ ਗੁਰੂ ਕੇ ਵਜ਼ੀਰ ਹਨ, ਪਰ ਦਿਲੋਂ ਮੰਨਦੇ ਨਹੀਂ। ਇਤਿਹਾਸਕ ਘਟਨਾਵਾਂ ਦੇ ਸੰਦਰਭ ਵਿੱਚ ਪੜਚੋਲ ਕਰਨ ਦੀ ਲੋੜ ਹੈ।

ਅਜੋਕੇ ਸਮੇਂ ਅੰਦਰ ਜਦੋਂ ਅਸੀਂ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਕੇਵਲ ਪ੍ਰਬੰਧਕ ਜਾਂ ਗ੍ਰੰਥੀ ਹੀ ਐਸੀ ਦੁਰਦਸ਼ਾ ਲਈ ਜ਼ਿੰਮੇਵਾਰ ਨਹੀਂ, ਇੱਕ ਹੱਦ ਤੱਕ ਸੰਗਤ ਵੀ ਜ਼ਿੰਮੇਵਾਰ ਹੈ। ਪਾਠ ਅਰੰਭ ਕਰਨ ਸਮੇਂ ਅਤੇ ਸਮਾਪਤੀ ਸਮੇਂ ਤਾਂ ਘਰ ਦੇ ਚਾਰ ਸਰੀਰ ਭਾਵੇਂ ਹਾਜ਼ਰ ਹੋ ਜਾਣ ਬਾਕੀ ਸਮਾਂ ਪਰਵਾਰਕ ਮੈਬਰ ਹਾਜ਼ਰੀ ਸੰਬੰਧੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ। ਅੱਜ ਪਾਠ ਅਰੰਭ ਕਰਨ ਤੋਂ ਪਹਿਲਾ ਪਾਠੀ ਸਿੰਘਾਂ ਨੂੰ ਹਦਾਇਤਾਂ ਦਿੰਦੇ ਹਾਂ ‘ਬਾਬਾ ਜੀ ! ਪਾਠ ਧਿਆਨ ਨਾਲ ਕਰਿਓ, ਨਹੀਂ ਤਾਂ ਪਾਪ ਲੱਗੂ’। ਕੋਈ ਪਾਠੀ ਗੁਰਮਤਿ ਤੋ ਜਾਣੂ ਹੋਵੇ ਤਾਂ ਸਵਾਲ ਕਰੇ ‘ਜੇ ਪਾਠ ਧਿਆਨ ਨਾਲ ਨਾ ਕਰਾਂ ਤਾਂ ਪਾਪ ਕਿਸ ਨੂੰ ਲੱਗੂ, ਜੇ ਧਿਆਨ ਨਾਲ ਕਰਾਂ ਤਾਂ ਪੁੰਨ ਕਿਸ ਨੂੰ ਲੱਗੂ ?  ਪਰਵਾਰ ਦਾ ਜਵਾਬ ਹੁੰਦਾ ‘ਬਾਬਾ ਜੀ ! ਪਾਪ ਤੁਹਾਨੂੰ ਲੱਗੂ ਅਤੇ ਪੁੰਨ ਪਰਵਾਰ ਨੂੰ ਲੱਗੂ।’ ਸੋਚਣ ਦਾ ਵਿਸ਼ਾ ਹੈ ਕਿ ਜੇ ਪਾਪ, ਪਾਠੀ ਨੂੰ ਲੱਗੂ ਤਾਂ ਪੁੰਨ ਵੀ ਪਾਠੀ ਨੂੰ ਹੀ ਲੱਗੇਗਾ।

ਅੱਜ ਸਾਡੇ ਬਹੁ ਗਿਣਤੀ ਘਰਾਂ ਵਿੱਚ ਅਖੰਡ ਪਾਠ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਲਾਪ੍ਰਵਾਹੀ ਸੰਬੰਧੀ ਸ੍ਰ. ਜਸਵੰਤ ਸਿੰਘ ਖਡੂਰ ਸਾਹਿਬ ਦੀ ਕਵਿਤਾ ‘ਬਾਬਾ ਜੀ ਕੱਲੇ’ ਪੜ੍ਹਨਯੋਗ ਹੈ। ਇਸ ਕਵਿਤਾ ਦੀਆ ਚਾਰ ਕੁ ਲਾਇਨਾ ਪੇਸ਼ ਹਨ ਪੂਰੇ ਸਤਿਗੁਰੂ ਮੇਹਰ ਜਾਂ ਕੀਤੀ, ਸ਼ਾਦੀ ਦਾ ਦਿਨ ਆਇਆ  ਸਤਿਗੁਰੂ ਦੇ ਧੰਨਵਾਦ ਵਾਸਤੇ, ਅਖੰਡ ਪਾਠ ਰਖਵਾਇਆ ਅਖੰਡ ਪਾਠ ਦੇ ਕਮਰੇ ਲਾਗੇ, ਟੈਲੀਵੀਜਨ   ਚੱਲੇ ਸਾਰਾ ਟੱਬਰ ਟੀ. ਵੀ. ਅੱਗੇ, ਬਾਬਾ ਜੀ ਨੇ ਕੱਲੇ

 ਇਨ੍ਹਾਂ ਸਾਰੀਆ ਕਮਜੋਰੀਆ ਤੋਂ ਨਿਜਾਤ ਪਾਉਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਲਈ, ਸਿੱਖ ਪ੍ਰੰਪਰਾਵਾਂ ਦੇ ਸ਼ਾਨਾਮੱਤੇ ਇਤਿਹਾਸਕ ਵਿਰਸੇ ਨੂੰ ਮੁੜ ਉਜਾਗਰ ਕਰਨ ਲਈ ਜਿੱਥੇ ਕੁਝ ਸੱਜਣ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਓਥੇ ਅਸੀਂ ਆਪ ਭੀ ਸੰਗਤ ਰੂਪ ਵਿੱਚ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਹੋ ਕੇ ਆਪਣੀਆਂ-2 ਜ਼ਿੰਮੇਵਾਰੀਆਂ ਦੀ ਪਛਾਣ ਕਰੀਏ। ਜੇ ਸੰਗਤਾਂ ਸੁਚੇਤ ਹੋਣਗੀਆਂ ਤਾਂ ਸੰਗਤਾਂ ਵਿੱਚੋ ਹੀ ਸਹੀ ਪ੍ਰਬੰਧਕਾਂ ਦੀ ਚੋਣ ਹੋਵੇਗੀ। ਚੰਗੇ ਪ੍ਰਬੰਧਕਾਂ ਰਾਹੀਂ ਸੁਚੱਜੀ ਜੀਵਨ ਜਾਚ ਭਰਪੂਰ, ਗੁਰਮਤਿ ਸੋਝੀ ਵਾਲੇ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਹੋਵੇਗੀ। ਸੁਚੱਜੇ ਗ੍ਰੰਥੀ ਸਿੰਘਾਂ ਦੁਆਰਾ ਕੀਤੇ ਜਾਣ ਵਾਲੇ ਗੁਰਮਤਿ ਪ੍ਰਚਾਰ ਰਾਹੀਂ ਗੁਰਦੁਆਰੇ ਸਹੀ ਅਰਥਾਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਵਜੋਂ ਸਾਹਮਣੇ ਆਉਣਗੇ। ਸਿੱਖੀ ਦੇ ਪ੍ਰਚਾਰ ਦਾ ਅਸਰ ਤਾਂ ਹੀ ਦਿਖਾਈ ਦੇਵੇਗਾ ਜੇਕਰ ‘ਸੰਗਤ, ਪ੍ਰਬੰਧਕ ਤੇ ਗ੍ਰੰਥੀ’ ਤਿੰਨੋਂ ਸਹੀ ਰੂਪ ਵਿੱਚ ਸਿੱਖੀ ਨੂੰ ਸਮਰਪਿਤ ਹੋ ਕੇ ਚੱਲਣਗੇ।

ਆਓ ਸਿੱਖ ਕੌਮ ਦੇ ਉਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਇਸ ਮੁਹਿਮ ਲਈ ਅਸੀਂ ਆਪਣੇ ਨਿੱਜ ਤੋਂ ਯਤਨ ਆਰੰਭ ਕਰੀਏ। ‘ਸਾਨੂੰ ਕੀ’ ਵਾਲੇ ਨਿਰਾਸ਼ਤਾ ਭਰੇ ਪੱਖ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ। ਐਸਾ ਅਮਲੀ ਰੂਪ ਵਿੱਚ ਹੋਣ ਨਾਲ ਹੀ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦੇ ਸਾਰਥਕ ਹੱਲ ਨਿਕਲ ਦੀ ਉਮੀਦ ਬੱਝੇਗੀ।

ਮਹਾਂ ਸ਼ਕਤੀ

0

ਮਹਾਂ ਸ਼ਕਤੀ

ਗਿਆਨੀ ਸੰਤ ਸਿੰਘ ਮਸਕੀਨ

ਪ੍ਰਮਾਤਮਾ ਇਕ ਸ਼ਕਤੀ ਹੈ-ਵਿਅਕਤੀ ਨਹੀਂ। ਉਸ ਅਗੰਮੀ ਸ਼ਕਤੀ ਦਾ ਬੋਧ ਤਾਂ ਪ੍ਰਾਚੀਨ ਸਮੇਂ ਤੋਂ ਰਿਹਾ ਹੈ, ਪਰ ਉਹ ਸ਼ਕਤੀ ਕੀ ਹੈ ? ਕਿੱਥੇ ਹੈ ? ਇਸ ਦਾ ਪੂਰਨ ਬੋਧ ਨਾ ਹੋਣ ਕਰ ਕੇ ਧਾਰਮਕ ਭਟਕਣਾ ਰਹੀ ਹੈ। ਵਗਦੇ ਦਰਿਆਵਾਂ ਦੇ ਵੇਗ ਵਿੱਚ ਸ਼ਕਤੀ ਦਾ ਪ੍ਰਵਾਹ ਵੇਖ, ਮਨੁੱਖ ਨੇ ਦਰਿਆਵਾਂ, ਨਦੀ ਨਾਲਿਆਂ ਦੀ ਪੂਜਾ ਕੀਤੀ । ਕੁਛ ਪਾਣੀ ਦਾ ਵਿਸ਼ੇਸ਼ ਗੁਣ-ਧਰਮ ਵੇਖ, ਝੀਲਾਂ ਤੇ ਸਾਗਰ ਵੀ ਪੂਜੇ ਗਏ । ਕਿਸੇ ਦਰਖ਼ਤ ਦੇ ਡਾਲ, ਪੱਤੇ ਜਾਂ ਜੜ੍ਹਾਂ; ਬੀਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਵੇਖ; ਦਰਖ਼ਤਾਂ ਦੀ ਵੀ ਪੂਜਾ ਚਲ ਪਈ। ਫ਼ਨੀਅਰ ਸੱਪ ਵਿੱਚ ਆਪਣੀ ਮੌਤ ਵੇਖ, ਭੈ-ਭੀਤ ਹੋ, ਨਾਗਾਂ ਨੂੰ ਪੂਜਣ ਲੱਗ ਪਿਆ । ਨਾਗ ਭਗਵਾਨ ਜਾਂ ਦੇਵਤਾ ਬਣ ਗਿਆ । ਗਊ, ਹਾਥੀ, ਹੰਸ, ਮੋਰ ਪੂਜੇ ਗਏ ਤੇ ਹੁਣ ਵੀ ਪੂਜਾ ਚੱਲ ਰਹੀ ਹੈ । ਚੰਦਰਮਾਂ, ਰਾਤ ਦੇ ਹਨੇਰੇ ਨੂੰ ਦੂਰ ਕਰ ਦੇਂਦਾ ਸੀ । ਦਿਨ, ਤਿਉਹਾਰ ਦੀ ਯਾਦ ਚੰਦਰਮਾਂ ਕਰ ਕੇ ਬਣੀ । ਪੂਰਨਮਾਸ਼ੀ ਭਾਵ ਪੂਰਨਮਾਸ਼ ਜਦ ਚੰਦਰਮਾਂ ਪੂਰਨ ਹੋ ਜਾਵੇ ਤਾਂ ਮਹੀਨਾ ਪੂਰਾ ਸਮਝਿਆ ਜਾਣ ਲੱਗ ਪਿਆ । ਸਹਿਜੇ ਸਹਿਜੇ ਪਤਾ ਚੱਲਿਆ, ਚੰਦਰਮਾਂ ਕੋਲ ਰੌਸ਼ਨੀ ਸੂਰਜ ਦੀ ਹੈ ਤਾਂ ਸੂਰਜ ਭਗਵਾਨ ਦੇਵਤਾ ਹੋ ਗਿਆ ਤੇ ਪੂਜਾ ਆਰੰਭ ਹੋ ਗਈ ।

ਕਿਸੇ ਮਨੁੱਖ ਅੰਦਰ ਦੈਵੀ ਗੁਣਾਂ ਦੀ ਸੰਪਦਾ ਵੇਖ, ਮਨੁੱਖ ਨੂੰ ਪੂਜਿਆ ਗਿਆ। ਜਦ ਉਹ ਨਾਂ ਰਿਹਾ-ਮਰ ਗਿਆ ਤਾਂ ਉਸ ਦੀ ਮੜੀ ਜਾਂ ਕਬਰ ਪੂਜੀ ਗਈ ਜਾਂ ਫਿਰ ਉਸ ਦੀ ਮੂਰਤੀ (ਤਸਵੀਰ) ਬਣਾ ਕੇ ਪੂਜਣਾ ਆਰੰਭ ਹੋਇਆ। ਬੋਧ ਅੰਦਰ ਇਹ ਤਾਂ ਸੀ ਕਿ ਕੋਈ ਕਰਤਾ ਹੈ ਇਸ ਕ੍ਰਿਤ ਮੰਡਲ ਦਾ, ਪਰ ਉਹ ਕਰਤਾ ਕੀ ਹੈ  ? ਕਿੱਥੇ ਹੈ  ? ਬੋਧ ਨ ਹੋਣ ਕਰ ਕੇ ਕ੍ਰਿਤ ਪੂਜੀ ਗਈ ਤੇ ਕ੍ਰਿਤ ਨੂੰ ਹੀ ਕਰਤਾ ਸਮਝਿਆ ਗਿਆ ।

ਸਮਾਜਿਕ, ਆਰਥਿਕ ਤੇ ਜਿਸਮਾਨੀ ਵਿਕਾਸ ਦੇ ਨਾਲ ਨਾਲ ਧਾਰਮਿਕ ਵਿਕਾਸ ਵੀ ਆਰੰਭ ਹੋਇਆ ਤੇ ਆਖ਼ਿਰ ਮਨੁੱਖ ਇੱਥੇ ਟਿਕਿਆ ਕਿ ਘੱਟ ਤੋਂ ਘੱਟ ਮੈਂ ਆਪਣੇ ਤੋਂ ਥੱਲੇ ਦੀ ਪੂਜਾ ਨਹੀਂ ਕਰਨੀ ਤਾਂ ਮਨੁੱਖੀ ਪੂਜਾ ’ਤੇ ਹੀ ਸਾਰੀ ਮਨੁੱਖਤਾ ਰੁਕ ਗਈ । ਜੋ ਗੁਣਾਂ ਕਰ ਕੇ ਭਾਵੇਂ ਘੱਟ ਹੈ ਜਾਂ ਵੱਧ ਹੈ, ਪਰ ਕਮ-ਸੇ-ਕਮ ਮੇਰੇ ਵਰਗਾ ਤਾਂ ਹੈ । ਸੋ ਪ੍ਰਮਾਤਮਾ ਦਾ ਸਰੂਪ ਵਿਅਕਤੀ ਹੋ ਗਿਆ ਤੇ ਵਿਅਕਤੀ ਦੀ ਪੂਜਾ ਕਿਸੇ ਨ ਕਿਸੇ ਰੂਪ ਵਿੱਚ ਟਿਕ ਕੇ ਰਹਿ ਗਈ। ਇਸ ਤੋਂ ਮਨੁੱਖ ਅਜੇ ਤੱਕ ਵੀ ਪੂਰਨ ਤੌਰ ’ਤੇ ਉੱਚਾ ਨਹੀਂ ਉੱਠ ਸਕਿਆ।

ਅਕਾਲ ਪੁਰਖ ਇੱਕ ਵਿਅਕਤੀ ਨਹੀਂ ਬਲਕਿ ਸ਼ਕਤੀ ਹੈ । ਅਗਰ ਵਿਅਕਤੀ ਮੰਨ ਲਈਏ ਤਾਂ ਉਸ ਦੀ ਸੀਮਾ ਮੰਨਣੀ ਪਵੇਗੀ ਤੇ ਪ੍ਰਮਾਤਮਾ ਅਸੀਮ ਹੈ ‘‘ਕੋਇ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ’’ (ਸੋ ਦਰੁ, ਮਹਲਾ , ਪੰਨਾ ), ਅਨੰਤ ਹੈਂ ਮਹੰਤ ਹੈਂ (ਜਾਪੁ ਸਾਹਿਬ) ਉਹ ਕਿੱਥੋਂ ਸ਼ੁਰੂ ਹੁੰਦਾ ਹੈ ? ਕਿੱਥੇ ਜਾ ਕੇ ਖ਼ਤਮ ਹੁੰਦਾ ਹੈ  ? ਇਹ ਬੋਧ ਕਿਸੇ ਨੂੰ ਨਹੀਂ । ਅਗਰ ਵਿਅਕਤੀ ਮੰਨੀਏ ਤਾਂ ਪ੍ਰਮਾਤਮਾ ਦਾ ਜਨਮ ਵੀ ਮੰਨਣਾ ਪਵੇਗਾ ਔਰ ਜਿਸ ਦਾ ਜਨਮ ਹੈ, ਉਸ ਦਾ ਮਰਨ ਵੀ ਹੈ। ਜਗਤ ਵਿੱਚ ਦੁੱਤ ਹੈ । ਦੋ-ਤਰਫੀ ਘਟਨਾ ਘਟਦੀ ਹੈ। ਹੱਸਣਾ ਹੈ ਤਾਂ ਰੋਣਾ ਵੀ ਹੈ। ਤੰਦਰੁਸਤੀ ਹੈ-ਬਿਮਾਰੀ ਵੀ ਹੈ। ਨਫ਼ਾ ਹੈ-ਨੁਕਸਾਨ ਵੀ ਹੈ। ਇਸ ਤਰ੍ਹਾਂ ਜਨਮ; ਮਰਨ ਦੇ ਨਾਲ ਜੁੜਿਆ ਹੋਇਆ ਹੈ। ਪ੍ਰਮਾਤਮਾ; ਜਨਮ ਮਰਨ ਤੋਂ ਰਹਿਤ ਹੈ  ‘‘ਅਜਨਮ ਹੈਂ ਅਬਰਨ ਹੈਂ ’’ (ਜਾਪੁ ਸਾਹਿਬ)

ਵਿਅਕਤੀ ਨੂੰ ਮੰਨਣ ਨਾਲ ਉਸ ਦੇ ਮਾਂ ਬਾਪ ਵੀ ਮੰਨਣੇ ਪੈਣਗੇ ਤੇ ਫਿਰ ਜਾਤ-ਪਾਤ ਦਾ ਵੀ ਸਵਾਲ ਖੜ੍ਹਾ ਹੋਵੇਗਾ ਜਦਕਿ ਅਕਾਲ ਪੁਰਖ ‘‘ ਤਾਤ ਹੈਂ ਮਾਤ ਹੈਂ ਜਾਤ ਹੈਂ ਪਾਤ ਹੈਂ ’’ (ਅਕਾਲ ਉਸਤਤ) ਵਿਅਕਤੀ ਸਰਬ ਠੌਰ ਨਹੀਂ ਹੈ । ਸਰਬ ਕਾਲ ਵੀ ਨਹੀਂ ਹੈ। ਅਸੀਂ ਇੱਕ ਥਾਂ ’ਤੇ ਹਾਂ, ਪਰ ਦੂਜੀ ਥਾਂ ’ਤੇ ਨਹੀਂ। ਅੱਜ ਹਾਂ, ਕੱਲ੍ਹ ਨਹੀਂ ਹੋਵਾਂਗੇ । ਅੱਜ ਹਾਂ, ਅੱਜ ਤੋਂ ਕੁੱਛ ਸਮਾਂ ਪਹਿਲੇ ਨਹੀਂ ਸੀ ਤੇ ਵਿਅਕਤੀ ਦੇ ਸਾਰੇ ਦੂਸ਼ਨ; ਪ੍ਰਮਾਤਮਾ ਵਿੱਚ ਹੀ ਨਿਰੂਪਣ ਕਰਨੇ ਪੈਣਗੇ ।

ਵਿਅਕਤੀ ਦੇ ਦੋ ਰੂਪ ਹਨ-ਇਸਤਰੀ ਤੇ ਪੁਰਸ਼, ਤਾਂ ਫਿਰ ਇਹ ਵੀ ਮੰਨਣਾ ਪਵੇਗਾ ਕਿ ਪ੍ਰਮਾਤਮਾ ਪੁਰਸ਼ ਹੈ ਜਾਂ ਨਾਰੀ ਹੈ ਜਦਕਿ ਉਹ ਤਾਂ ‘‘ ਨਰ ਹੈਂ ਨਾਰ ਹੈਂ (ਅਕਾਲ ਉਸਤਤ), ਸੁੰਨ ਮੰਡਲ ਇਕੁ ਜੋਗੀ ਬੈਸੇ   ਨਾਰਿ ਪੁਰਖੁ; ਕਹਹੁ ਕੋਊ ਕੈਸੇ  ?’’ (ਮਹਲਾ , ਪੰਨਾ ੬੮੫)  ਸੁੰਨ-ਸਮਾਧ ਨਿਰਵਿਚਾਰ ਅਵਸਥਾ ਵੀ ਜਦ ਜ਼ਰਰੇ ਜ਼ਰਰੇ ਨਾਲ ਜੁੜਿਆ ਹੋਇਆ ਪ੍ਰਮਾਤਮਾ ਦਿਖਾਈ ਦੇਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਉਹ ਨਾਰ ਤੇ ਪੁਰਖ ਨਹੀਂ ਹੈ ਤਾਂ ਫਿਰ ਉਹ ਕੀ ਹੈ ‘‘ਤ੍ਰਿਭਵਣ ਜੋਤਿ ਰਹੇ ਲਿਵ ਲਾਈ   ਸੁਰਿ ਨਰ ਨਾਥ ਸਚੇ ਸਰਣਾਈ ’’ (ਮਹਲਾ , ਪੰਨਾ ੬੮੫) ਪ੍ਰਮਾਤਮਾ ਇੱਕ ਪ੍ਰਕਾਸ਼ ਦੀ ਤਰ੍ਹਾਂ ਵਿਖਾਈ ਦੇਂਦਾ ਹੈ । ਉਹ ਇੱਕ ਮਹਾਂ ਚਾਨਣ ਹੈ । ਅਗਰ ਪ੍ਰਮਾਤਮਾ ਪ੍ਰਕਾਸ਼ ਹੈ ਤਾਂ ਫਿਰ ਉਹ ਇਕ ਸ਼ਕਤੀ ਹੈ-ਵਿਅਕਤੀ ਨਹੀਂ।

ਸ਼ਮਸ-ਤਬਰੇਜ਼ ਨੇ ਬੁਲੰਦ ਬਾਂਗ ਇਹ ਆਖਿਆ ਕਿ ਮੈਂ ਮੁਸਲਮਾਨ, ਈਸਾਈ, ਪਾਰਸੀ, ਯਹੂਦੀ ਨਹੀਂ ਹਾਂ । ਈਰਾਨੀ ਤੇ ਈਰਾਕੀ ਵੀ ਨਹੀਂ ਹਾਂ । ਮੈਂ ਤਨ ਵਿੱਚ ਸੁਆਸ ਤੇ ਅੱਗ, ਪਾਣੀ, ਪਵਨ, ਧਰਤੀ, ਆਕਾਸ਼ ਭੀ ਨਹੀਂ ਹਾਂ। ਮੈਂ ਤਾਂ ਉਸ ਦੇ ਵਿੱਚ ਹਾਂ, ਜੋ ਚੱਕ੍ਰ ਚਿਹਨ ਤੋਂ ਨਿਆਰਾ, ਦੇਸ਼-ਕਾਲ ਵਸਤੂ ਤੋਂ ਪਰੇ ਤੇ ਵਿਆਪਕ ਸੱਤਾ ਹੈ। ਮੈਂ ਉਸ ਵਿੱਚ ਹਾਂ। ਹੁਣ ਤਾਂ ਬੱਸ ਉਹੀ ਹੈ-ਮੈਂ ਨਹੀਂ ਹਾਂ ਚਿ ਤਦਬੀਰੇ ਦੇ ਮੁਸਲਮਾਨਮ ਕਿ ਮਨ ਖ਼ੁਦ ਰਾ ਨਮੇ ਦਾਨਮ ਤਰਸਾਓ ਯਹੂਦੀਅਮ ਗਿਬਰਮ ਮੁਸਲਮਾਨਮ ਸ਼ਰਦੀਅਮ ਗ਼ਰਬੀਅਮ ਬੁਹੇਰੀਅਮ ਤਰੀਅਮ ਅਜ਼ ਮੁਲਕੇ ਇਰਾਕੀ ਨੇ ਅਜ਼ ਖ਼ਾਕੇ ਖੁਰਾਸਾਨਮ ਅਜ਼ ਆਬਮ ਅਜ਼ ਖ਼ਾਕਮ, ਅਜ਼ ਆਤਿਸ਼ੇ ਅਜ਼ ਹਵਾ ਤਨ ਬਾਸ਼ਦ, ਜਾਂ ਬਾਸ਼ਦ, ਬਾਸ਼ਦ ਇਸ਼ਕੇ ਜਾਨਾਨਮ   ਮੈਂ ਇਹ ਸਭ ਕੁਛ ਨਹੀਂ ਹਾਂ । ਫਿਰ ਕੀ ਹੈ  ? ਤਾਂ ਜੋ ਜਵਾਬ ਹੈ, ਉਹ ਪ੍ਰਮਾਤਮਾ ਦੀ ਸਹੀ ਰੂਪ-ਰੇਖਾ ਸਾਮ੍ਹਣੇ ਰੱਖਦਾ ਹੈ ਮਕਾਂ ਰਾ ਲਾ ਮਕਾਂ ਬਾਸ਼ਦ ਨਿਸ਼ਾਨਮ ਬੇ ਨਿਸ਼ਾਂ ਬਾਸ਼ਦ ਦੂਈ ਰਾ ਚੂੰ ਬਦਰ ਕਰਦਮ ਦੋ ਆਲਮ ਰਾ ਯਕੇ ਦੀਦਮ ’ (ਸ਼ਮਸ ਤਬਰੇਜ਼)

 ਜਿਸ ਦਾ ਕੋਈ ਚੱਕ੍ਰ-ਚਿਹਨ ਨਹੀਂ, ਰੰਗ ਰੂਪ ਨਹੀਂ, ਕੋਈ ਵਿਸ਼ੇਸ਼ ਥਾਂ ਨਹੀਂ, ਮੈਂ ਉਸ ਵਿੱਚ ਵਾਸ ਕਰਦਾ ਹਾਂ । ਜਿਸ ਦਿਨ ਦੀ ਦੁਬਿਧਾ ਮਿਟੀ, ਹੁਣ ਉਸ ਇੱਕ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦੇਂਦਾ।

ਕਲਗੀਧਰ ਪਾਤਿਸ਼ਾਹ ਤਾਂ ਫ਼ੁਰਮਾਨ ਕਰਦੇ ਹਨ ਕਿ ਉਸ ਦਾ ਕੋਈ ਵਿਸ਼ੇਸ਼ ਨਾਮ ਨਹੀਂ ਤੇ ਥਾਉਂ ਨਹੀਂ ‘‘ਅਨਾਮ ਹੈ ਅਠਾਮ ਹੈਂ ’’ (ਜਾਪੁ ਸਾਹਿਬ) ਆਰਥਿਕ, ਬੌਧਿਕ, ਸਮਾਜਿਕ ਤੇ ਨੈਤਿਕ ਵਿਕਾਸ ਤਾਂ ਹਰ ਪੱਖੋਂ ਹੋਇਆ ਹੈ, ਪਰ ਧਾਰਮਕ ਵਿਕਾਸ ਅਜੇ ਵੀ ਪੂਰਨ ਤੌਰ ’ਤੇ ਨਹੀਂ ਹੋ ਸਕਿਆ । ਸਦੀਆਂ ਪੁਰਾਣੀਆਂ ਧਾਰਨਾਵਾਂ ਅੱਜ ਵੀ ਧਾਰਮਕ ਦੁਨੀਆਂ ਨਾਲ ਸੰਬੰਧਿਤ ਹਨ । ਤੇਤੀਸ ਕਰੋੜ ਦੇਵਤਿਆਂ ਦੀ ਧਾਰਨਾ ਤੋਂ ਬਾਅਦ ਨਵੇਂ ਦੇਵੀ ਦੇਵਤੇ ਬਣਾਏ ਜਾ ਰਹੇ ਹਨ।

ਅਗਰ ਇੱਕ ਪੁਰਸ਼, ਪ੍ਰਮਾਤਮਾ ਨੂੰ ਨਾਰੀ ਜਾਣ ਕੇ ਉਸ ਦੀ ਪੂਜਾ ਕਰੇ ਤਾਂ ਉਸ ਦੇ ਸੰਸਕਾਰ ਨਾਰੀ ਦੇ ਬਣਨਗੇ ਔਰ ਸੰਸਕਾਰ ਹੀ ਅਗਲੇ ਜਨਮ ਦਾ ਬੀਜ ਹਨ। ਸੋ ਉਸ ਦਾ ਅਗਲਾ ਜਨਮ ਨਾਰੀ ਦਾ ਹੋਵੇਗਾ ‘‘ਮਹਾ ਮਾਈ ਕੀ ਪੂਜਾ ਕਰੈ ॥  ਨਰ ਸੈ ਨਾਰਿ ਹੋਇ ਅਉਤਰੈ ॥’’ (ਭਗਤ ਨਾਮਦੇਵ ਜੀ, ਪੰਨਾ ੮੭੪) ਅਗਰ ਪੁਰਸ਼, ਨਾਰੀ ਦਾ ਚਿੰਤਨ ਕਰੇ ਤਾਂ ਅਗਲੇ ਜਨਮ ਵਿੱਚ ਨਾਰੀ ਬਣਦਾ ਹੈ ਜਾਂ ਇਸ ਤੋਂ ਉਲਟ ਵੀ ਹੋ ਸਕਦਾ ਹੈ । ਅਗਰ ਕੋਈ ਨਾਰੀ, ਪ੍ਰਮਾਤਮਾ ਨੂੰ ਪੁਰਸ਼ ਮੰਨ ਲਵੇ ਤਾਂ ਉਸ ਦਾ ਅਗਲਾ ਜਨਮ ਪੁਰਸ਼ ਦਾ ਹੋਵੇਗਾ ਤਾਂ ਇਸ ਤਰ੍ਹਾਂ ਜਨਮ ਮਰਨ ਦਾ ਗੇੜ, ਜੋ ਸੰਸਾਰ ਦੇ ਦੁੱਖਾਂ ਦਾ ਗੇੜ ਹੈ, ਉਹ ਨਾ ਮੁੱਕਿਆ । ਜੇ ਗੇੜ ਹੀ ਨਹੀਂ ਮੁੱਕਿਆ ਤਾਂ ਮੁਕਤੀ ਕਿੱਥੇ ? ਔਰ ਮੁਕਤ ਹੋਏ ਬਿਨਾਂ ਸੁੱਖ ਕਿੱਥੇ ? ਪ੍ਰਮਾਤਮਾ ਇਕ ਪਰਮ ਸ਼ਕਤੀ ਹੈ । ਉਹ ਸ਼ਕਤੀ ਨਿਰਗੁਣ ਤੇ ਸਰਗੁਣ ਰੂਪ ਵਿੱਚ ਵਿਆਪਕ ਹੈ । ਉਹ ਸਰਗੁਣ ਕਰ ਕੇ ਫੁੱਲ ਹੈ, ਪਰ ਨਿਰਗੁਣ ਕਰ ਕੇ ਸੁਗੰਧੀ ਹੈ। ਸੁਗੰਧ ਤੇ ਫੁੱਲ ਵੱਖ ਵੱਖ ਨਹੀਂ ਹਨ । ਨਿਰਗੁਣ ਤੇ ਸਰਗੁਣ ਵੀ ਵੱਖ ਵੱਖ ਨਹੀਂ ਹਨ, ਪਰ ਸਰਗੁਣ ਬੱਝਿਆ ਹੋਇਆ ਹੈ, ਇੱਕ ਥਾਂ ’ਤੇ ਹੈ । ਸੁਗੰਧ ਆਜ਼ਾਦ ਹੈ-ਫੁੱਲ ਦੇ ਵਿੱਚ ਵੀ ਰਹਿ ਸਕਦੀ ਹੈ ਤੇ ਫੁੱਲਾਂ ਤੋਂ ਬਾਹਰ ਵੀ ਵਿਚਰ ਸਕਦੀ ਹੈ । ਇਸ ਵਾਸਤੇ ਸਤਿਗੁਰੂ ਜੀ ਨੇ ਨਿਰਗੁਣ ਬ੍ਰਹਮ ਦੀ ਪੂਜਾ ਦੱਸੀ ਹੈ ‘‘ਬਿਨੁ ਕਰਤਾਰ ਨ ਕਿਰਤਮ ਮਾਨੋ ॥

ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸੁਰ ਜਾਨੋ ॥੧॥ ਰਹਾਉ ॥’’ (ਸ਼ਬਦ ਹਜ਼ਾਰੇ, ਪਾਤਿਸ਼ਾਹੀ ੧੦) ਸਾਗਰ ਦੇ ਉਛਾਲ ਵਿੱਚ ਉਹੀ ਹੈ, ਬੱਦਲਾਂ ਦੀ ਗਰਜਨਾ ਤੇ ਸੂਰਜ ਦੀ ਚਮਕ ਵਿੱਚ ਉਹੀ ਹੈ। ਉਸ ਦੇ ਚਾਨਣ ਨਾਲ ਹੀ ਸਭ ਵਿੱਚ ਚਾਨਣਾ ਹੁੰਦਾ ਹੈ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥  (ਸੋਹਿਲਾ, ਮਹਲਾ ੧, ਪੰਨਾ ੧੩)

ਬਾਹਰ ਜੋ ਸ਼ਕਤੀ ਕੰਮ ਕਰ ਰਹੀ ਹੈ, ਉਹ ਸੂਰਜ ਦੀ ਹੈ । ਅਗਰ ਸੂਰਜ ਠੰਡਾ ਪੈ ਜਾਵੇ ਤਾਂ ਸਭ ਕੁਛ ਠੰਡਾ ਹੋ ਜਾਵੇਗਾ, ਪਰ ਸੂਰਜ ਵੀ ਕਿਸੇ ਮਹਾਂ ਸੂਰਜ ਦੀ ਰੌਸ਼ਨੀ ਨਾਲ ਰੌਸ਼ਨ ਹੈ । ਉਹ ਮਹਾਂ ਚਾਨਣ ਪ੍ਰਮਾਤਮਾ ਹੈ। ਉਹ ਮਹਾਂ ਸ਼ਕਤੀ ਅਕਾਲ ਪੁਰਖ ਹੈ।

ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ

0

ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਜਿਹੜਾ ਵੀ ਜਣਾ ਪਟਿਆਲੇ ਦੂਖ ਨਿਵਾਰਨ ਗੁਰਦੁਆਰੇ ਗਿਆ ਹੋਵੇਗਾ, ਉਨ੍ਹਾਂ ਵਿੱਚੋਂ ਸ਼ਾਇਦ ਇੱਕ ਫੀਸਦੀ ਤੋਂ ਵੀ ਘੱਟ ਨੂੰ ਪਤਾ ਹੋਵੇਗਾ ਕਿ ਉਸ ਥਾਂ ਤੋਂ 200 ਮੀਟਰ ਦੂਰ ਮਿਹਰ ਸਿੰਘ ਕਲੋਨੀ ਹੈ, ਜਿੱਥੇ ਇੱਕ ਘਰ ਵਿੱਚ ਜਾਂਬਾਜ਼ ਬੱਬਰ ਸ਼ੇਰ ਰਹਿੰਦਾ ਸੀ, ਜਿਸ ਨੇ ਇੱਕ ਨਹੀਂ, ਦੋ ਨਹੀਂ, ਅਨੇਕ ਰਿਕਾਰਡ ਤੋੜ ਕੇ ਆਪਣਾ ਨਾਂ ਇਤਿਹਾਸ ਵਿੱਚ ਅਮਰ ਕਰ ਲਿਆ ਹੋਇਆ ਹੈ।

ਮੋਟੀਆਂ ਅੱਖਾਂ, ਦਗ-ਦਗ ਕਰਦਾ ਚਿਹਰਾ ਤੇ ਚੌੜੀ ਛਾਤੀ ਵਾਲੇ ਮਿਹਰ ਸਿੰਘ ਉੱਤੇ ਰੱਬ ਦੀ ਅਪਾਰ ਕਿਰਪਾ ਸੀ। ਜਿਸ ਤਰੀਕੇ ਉਹ ਹਰ ਕਿਸੇ ਦੇ ਦਿਲ ਵਿੱਚ ਥਾਂ ਬਣਾ ਲੈਂਦਾ ਸੀ ਤੇ ਔਖੇ ਤੋਂ ਔਖੇ ਕੰਮ ਨੂੰ ਆਸਾਨੀ ਨਾਲ ਕਰ ਲੈਂਦਾ ਸੀ। ਸਾਰੇ ਸਾਥੀ ਉਸ ਨੂੰ ਪਿਆਰ ਤੇ ਸਤਿਕਾਰ ਨਾਲ ‘ਮਿਹਰ ਬਾਬਾ’ ਕਹਿ ਕੇ ਬੁਲਾਉਂਦੇ ਸਨ। ਭਾਰਤੀ ਏਅਰ ਫੋਰਸ ਦਾ ‘ਬਾਬਾ ਬੋਹੜ’ ਜਾਣਿਆ ਜਾਂਦਾ ਮਿਹਰ ਸਿੰਘ 20 ਮਾਰਚ 1915 ਨੂੰ ਫੈਸਲਾਬਾਦ ਪਾਕਿਸਤਾਨ ਵਿੱਚ ਸ੍ਰ. ਤਰਲੋਕ ਸਿੰਘ ਜੀ ਦੇ ਘਰ ਪੈਦਾ ਹੋਇਆ ਸੀ।

ਦੂਜੀ ਵਿਸ਼ਵ ਜੰਗ ਅਤੇ ਹਿੰਦ ਪਾਕ ਜੰਗ (1947-48) ਵਿੱਚ ਜੌਹਰ ਵਿਖਾਉਣ ਵਾਲਾ ਮਿਹਰ ਸਿੰਘ ਉੱਚ ਕੋਟੀ ਦਾ ਲਿਖਾਰੀ ਵੀ ਸੀ। ਜੰਗੀ ਪਾਇਲਟ ਮਿਹਰ ਬਾਬਾ ਨੇ 1936 ਤੋਂ 1948 ਤੱਕ ਸੈਨਾ ਵਿੱਚ ਸੇਵਾ ਨਿਭਾਈ।

ਭਾਰਤ ਸਰਕਾਰ ਵੱਲੋਂ ਉਸ ਨੂੰ ‘ਉੱਤਮ ਹਵਾਈ ਸਿੱਖ’ ਜਾਂ ‘ਉੱਡਣਾ ਸਿੱਖ’ ਵਜੋਂ ਕਹਿ ਕੇ ਸਨਮਾਨਿਆ ਜਾਂਦਾ ਰਿਹਾ। ਭਾਰਤ ਸਰਕਾਰ ਦੇ ਰਿਕਾਰਡ ਵਿੱਚ ਇਹ ਵੀ ਦਰਜ ਹੈ ਕਿ ਹਵਾਈ ਕਲਾਬਾਜ਼ੀਆਂ ਦੇ ਨਾਲ-ਨਾਲ ਹਵਾਈ ਜਹਾਜ਼ ਨੂੰ ਉਡਾਉਂਦਿਆਂ ਮਿਹਰ ਸਿੰਘ ਉਸੇ ਦਾ ਹੀ ਇੱਕ ਹਿੱਸਾ ਯਾਨੀ ਮਸ਼ੀਨ ਦਾ ਹੀ ਪੁਰਜ਼ਾ ਬਣ ਜਾਂਦਾ ਸੀ ਤੇ ਅਜਿਹੀਆਂ ਔਖੀਆਂ ਉਡਾਣਾਂ ਭਰਦਾ ਸੀ ਕਿ ਬਾਕੀ ਜਣੇ ਦੰਦਾਂ ਥੱਲੇ ਉਂਗਲਾਂ ਦਬਾਅ ਲੈਂਦੇ ਸਨ।

ਉਸ ਸਮੇਂ ਦੇ ਇੱਕੋ-ਇੱਕ ਮਹਾਨ ਹਵਾਈ ਯੋਧੇ ਵਜੋਂ ਜਾਣੇ ਜਾਂਦੇ ਮਿਹਰ ਸਿੰਘ ਬਾਰੇ ਜਨਰਲ ਵਿਲੀਅਮ ਸਲਿਮ ਦੇ ਵਿਚਾਰ ਸਨ-‘ਸਕੂਐਡਰਨ ਲੀਡਰ ਮਿਹਰ ਸਿੰਘ ਤੋਂ ਮੈਨੂੰ ਬਹੁਤ ਆਸਾਂ ਹਨ। ਉਸ ਦੇ ਕੰਮ ਕਰਨ ਦੀ ਲਗਨ, ਵਿਹਾਰ ਤੇ ਲੀਡਰਸ਼ਿਪ ਦੀ ਬੇਮਿਸਾਲ ਜੁਗਤ ਨੇ ਮੈਨੂੰ ਏਨਾ ਪ੍ਰਭਾਵਤ ਕੀਤਾ ਕਿ ਮੈਂ ਇਹ ਮੰਨਦਾ ਹਾਂ, ਉਸ ਦੇ ਨਾਲ ਕੰਮ ਕਰਨ ਵਾਲੇ ਗਰੁੱਪ ਦੇ ਲੋਕ ਬਹੁਤ ਖੁਸ਼ਕਿਸਮਤ ਹਨ।’

ਕਮਾਲ ਦੀ ਗੱਲ ਇਹ ਹੈ ਕਿ ਇਸ ਹਵਾਈ ਜੋਧੇ ਨੇ ਅਣਖ ਤੇ ਗ਼ੈਰਤ ਨਾਲ ਨੌਕਰੀ ਕਰਦਿਆਂ ਜੋ ਇੱਜ਼ਤ ਕਮਾਈ, ਉਸ ਦਾ ਹਾਲੇ ਤੱਕ ਕੋਈ ਸਾਨੀ ਨਹੀਂ ਬਣ ਸਕਿਆ। ਭਾਰਤੀ ਹਵਾਈ ਫ਼ੌਜ ਦਾ ਇੱਕੋ ਇੱਕ ਸਰਵਉੱਚ ਸੇਵਾ ਸਨਮਾਨ ਮਾਰਚ 1944 ਵਿੱਚ ਕਾਰਜਕਾਰੀ ਲੀਡਰ ਮਿਹਰ ਸਿੰਘ ਨੂੰ ਹੀ ਦਿੱਤਾ ਗਿਆ ਸੀ।

ਸੰਨ 1933 ਵਿੱਚ ਕਰਾਚੀ ਵਿੱਚ ਕਾਇਮ ਹੋਈ ਸਕੂਐਡਰਨ ਵਿੱਚ 1936 ਵਿੱਚ ਇੱਕੋ ਇੱਕ ਭਾਰਤੀ ਸਕੂਐਡਰਨ ਲੀਡਰ ਬਤੌਰ ਪਾਇਲਟ ਸ਼ਾਮਲ ਹੋਣ ਵਾਲਾ ਮਿਹਰ ਸਿੰਘ ਹੀ ਸੀ। ਉਸ ਸਮੇਂ ਦੇ ਸਭ ਤੋਂ ਵੱਡੇ ਅਫਸਰ ਐੱਚ.ਐੱਮ. ਗਰੇਵ, ਏਅਰ ਵਾਈਸ ਮਾਰਸ਼ਲ ਵੱਲੋਂ, ਰਾਇਲ ਏਅਰ ਫੋਰਸ ਕਾਲਜ ਵਿੱਚ ਮਿਹਰ ਸਿੰਘ ਬਾਰੇ ਲਿਖਿਆ- ‘ਅੰਗਰੇਜ਼ ਕੈਡਿਟਾਂ ਨਾਲ ਮੁਕਾਬਲਾ ਕਰਨਾ ਕੋਈ ਖਾਲਾ ਜੀ ਦਾ ਘਰ ਨਹੀਂ ਹੁੰਦਾ। ਜਿਸ ਕਿਸਮ ਦਾ ਸਿਰੜੀ, ਮਿਹਨਤੀ, ਸਿਦਕੀ ਅਤੇ ਜ਼ਾਂਬਾਜ਼ ਹਵਾਬਾਜ਼ ਮਿਹਰ ਸਿੰਘ ਹੈ, ਉਸ ਦਾ ਵਾਕਈ ਕੋਈ ਮੁਕਾਬਲਾ ਨਹੀਂ !

ਬਾਕਮਾਲ ਹੌਸਲਾ ! ਜਿੱਥੇ ਉਹ ਆਪਣੇ ਪੇਸ਼ੇ ਵਿੱਚ ਉੱਚ ਚੋਟੀ ਦਾ ਪਾਇਲਟ ਮੰਨਿਆ ਗਿਆ ਹੈ, ਉੱਥੇ ਹਾਕੀ ਦੇ ਖਿਡਾਰੀ ਵਜੋਂ ਵੀ ਉਸ ਦਾ ਕੋਈ ਸਾਨੀ ਨਹੀਂ। ਸਭ ਤੋਂ ਉੱਤਮ ਗੱਲ ਇਹ ਹੈ ਕਿ ਉਸ ਵਰਗਾ ਖ਼ੁਸ਼ ਦਿਲ ਤੇ ਹਰਮਨ ਪਿਆਰਾ ਕੋਈ ਹੋਰ ਹੈ ਹੀ ਨਹੀਂ। ਉਹ ਸਚਮੁੱਚ ਇੱਕ ਵਧੀਆ ਧਾਰਮਿਕ ਮਨੁੱਖ ਤੇ ਬੇਮਿਸਾਲ ਖਿਡਾਰੀ ਹੈ !’

 ਮਿਹਰ ਸਿੰਘ ਨੂੰ ਬਚਪਨ ਤੋਂ ਹੀ ਮਾਪਿਆਂ ਤੋਂ ਸਿੱਖੀ ਦੀ ਦਾਤ ਮਿਲੀ ਹੋਈ ਸੀ। ਇਸੇ ਲਈ ਮਿਹਰ ਸਿੰਘ ਸਰਬਤ ਦਾ ਭਲਾ ਮੰਗਦਿਆਂ ਹੀ ਵੱਡਾ ਹੋਇਆ ਸੀ। ਭਾਵੇਂ ਬੀ. ਐਸ. ਸੀ. ਪੜ੍ਹਦਿਆਂ ਹੀ ਉਸ ਨੂੰ ਅੰਗਰੇਜ਼ੀ ਭਾਰਤੀ ਏਅਰ ਫੋਰਸ ਵਿੱਚ ਕਮਿਸ਼ਨ ਮਿਲ ਗਿਆ ਸੀ ਤੇ ਦੁਨੀਆ ਦੇ ਚੋਟੀ ਦੇ ਹਵਾਈ ਸੈਨਾ ਟ੍ਰੇਨਿੰਗ ਸਕੂਲ ਕਰਾਨਵੈਲ, ਰਾਇਲ ਏਅਰ ਫੋਰਸ ਕਾਲਜ ਵਿੱਚ ਟ੍ਰੇਨਿੰਗ ਕਰਨ ਦਾ ਮੌਕਾ ਮਿਲਿਆ, ਪਰ ਫਿਰ ਵੀ ਉਹ ਸਿੱਖੀ ਸਿਦਕ ਨਾਲ ਭਰਪੂਰ ਨਿਮਰਤਾ ਤੇ ਨਿਡਰਤਾ ਦਾ ਅਜਬ ਸੁਮੇਲ ਸੀ।

ਟ੍ਰੇਨਿੰਗ ਦੌਰਾਨ ਇੱਕ ਵੀ ਅਜਿਹਾ ਅਧਿਕਾਰੀ ਨਹੀਂ ਸੀ, ਜਿਸ ਨੇ ਮਿਹਰ ਸਿੰਘ ਦੀ ਦਲੇਰੀ ਅਤੇ ਹੌਸਲੇ ਦੀ ਤਾਰੀਫ਼ ਨਾ ਕੀਤੀ ਹੋਵੇ। ਅੱਜ ਤੱਕ ਦੇ ਰਿਕਾਰਡ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਵੀ ਅਫ਼ਸਰ ਨੂੰ ਆਪਣੇ ਕੈਡਟ ਤੋਂ ਕਦੇ ਸ਼ਿਕਾਇਤ ਨਾ ਹੋਈ ਹੋਵੇ, ਪਰ ਮਿਹਰ ਸਿੰਘ ਦੇ ਵਿਹਾਰ ਤੇ ਸਖ਼ਤ ਮਿਹਨਤੀ ਸੁਭਾਅ ਨੇ ਹਰ ਕਿਸੇ ਨੂੰ ਕੀਲ ਲਿਆ ਸੀ।

ਸੰਨ 1937 ਵਿੱਚ ਜਦੋਂ ਕਬਾਇਲੀਆਂ ਨੇ ਮਿਹਰ ਸਿੰਘ ਦੇ ਹਵਾਈ ਜਹਾਜ਼ ਉੱਤੇ ਹੱਲਾ ਬੋਲਿਆ ਤੇ ਜਹਾਜ਼ ਨੂੰ ਅੱਗ ਲੱਗ ਗਈ ਤਾਂ ਮਿਹਰ ਸਿੰਘ ਨੇ ਜਿਸ ਦਲੇਰਾਨਾ ਢੰਗ ਨਾਲ ਵਾਪੀਤੀ ਵਿਖੇ ਕਰੈਸ਼ ਲੈਂਡਿੰਗ ਕਰਦਿਆਂ ਪਹਾੜੀ ਇਲਾਕੇ ਵਿੱਚ ਜਹਾਜ਼ ਉਤਾਰਿਆ, ਅਫਸਰਾਂ ਨੂੰ ਯਕੀਨ ਹੀ ਨਹੀਂ ਸੀ ਕਿ ਉਹ ਜ਼ਿੰਦਾ ਬਚ ਸਕਦਾ ਸੀ।

ਉਸ ਸੂਰਮੇ ਨੇ ਆਪਣੀ ਬੰਦੂਕ ਨਾਲ ਲੈ ਕੇ, ਪਹਾੜੀ ਗੁਫ਼ਾ ਵਿੱਚ ਲੁਕ ਕੇ ਨਾ ਸਿਰਫ਼ ਕਬਾਇਲੀਆਂ ਦਾ ਸਾਹਮਣਾ ਕੀਤਾ, ਬਲਕਿ ਬਿਨਾਂ ਨਕਸ਼ੇ ਦੇ, ਪੈਦਲ ਤੁਰ ਕੇ ਪਹਾੜੀ ਰਾਹ ਵਿੱਚੋਂ ਵਾਪਸ ਆਪਣੇ ਇਲਾਕੇ ਵਿੱਚ ਪਹੁੰਚ ਕੇ ਵਿਖਾ ਦਿੱਤਾ !

ਜਨਰਲ ਵਿਲਿਅਮ ਸਲਿਮ ਲਈ ਇਹ ਕਰਾਮਾਤ ਤੋਂ ਘੱਟ ਨਹੀਂ ਸੀ। ਇਸੇ ਲਈ ਮਜਬੂਰ ਹੋ ਕੇ ਉਸ ਨੂੰ ਲਿਖਣਾ ਪਿਆ ‘ਨੌਜਵਾਨ ਸਿੱਖ ਸਕੂਐਡਰਨ ਲੀਡਰ ਮਿਹਰ ਸਿੰਘ ਨੂੰ ਭਾਰਤੀ ਹਵਾਈ ਫੌਜ ਦੀਆਂ ਅੱਖਾਂ ਦਾ ਖ਼ਿਤਾਬ ਮਿਲਣਾ ਚਾਹੀਦਾ ਹੈ ! ਇਹ ਪਾਇਲਟ ਕਿੱਥੇ ਹੈ, ਇਹ ਤਾਂ ਜਹਾਜ਼ ਦਾ ਹੀ ਇੱਕ ਪੁਰਜ਼ਾ ਬਣ ਕੇ ਜੰਗ ਲੜਦਾ ਹੈ। ਇਸ ਦੇ ਅਧੀਨ ਕੰਮ ਕਰਦੀ ਪੂਰੀ ਯੂਨਿਟ ਹੀ ਬਹੁਤ ਖ਼ੁਸ਼, ਅਸਰਦਾਰ ਤੇ ਮਿਸਾਲੀ ਬਣ ਜਾਂਦੀ ਹੈ।’ ਹਵਾਈ ਸੈਨਾ ਦੇ ਪਹਿਲੇ 6 ਚੋਟੀ ਦੇ ਚੁਣੇ ਅਫ਼ਸਰਾਂ ਵਿੱਚੋਂ ਇੱਕ ਮਿਹਰ ਸਿੰਘ ਸੀ।

ਮਿਹਰ ਸਿੰਘ ਅਧੀਨ ਕੰਮ ਕਰਦੀ 6 ਸਕੂਐਡਰਨ ਇੰਡੀਅਨ ਏਅਰ ਫੋਰਸ ਤੇ ਹਾਕਰ ਹਰੀਕੇਨ ਹਵਾਈ ਜਹਾਜ਼ ਨੂੰ ਵਾਕਈ ਉਸ ਸਮੇਂ ‘ਫ਼ੌਜ ਦੀਆਂ ਅੱਖਾਂ’ ਹੀ ਮੰਨ ਲਿਆ ਗਿਆ ਸੀ। ਉਸ ਸਮੇਂ ਵੀ ਕਮਾਂਡਰ, ਜਨਰਲ ਵਿਲੀਅਮ ਸਲਿਮ ਹੀ ਸੀ।

ਗੱਲ ਹਿੰਦ ਪਾਕ ਜੰਗ, 1947-48 ਦੀ ਕਰੀਏ ਤਾਂ ਮਿਹਰ ਸਿੰਘ ਨੇ ਜੋ ਕਮਾਲ ਵਿਖਾਇਆ, ਪੂਰੇ ਹਿੰਦੁਸਤਾਨ ਨੂੰ ਉਸ ਉੱਤੇ ਨਾਜ਼ ਹੋ ਗਿਆ।

26 ਅਕਤੂਬਰ 1947 ਨੂੰ ਸਿੱਖ ਰੈਜਮੈਂਟ ਯੂਨਿਟ ਨੂੰ ਸ੍ਰੀਨਗਰ ਪਹੁੰਚਾਉਣਾ ਸੀ। ਇਸ ਦਾ ਮੁਖੀ ਲੈਫ. ਕਰਨਲ ਦੀਵਾਨ ਰਣਜੀਤ ਰਾਏ ਸੀ। ਪੂਰੀ ਦੀ ਪੂਰੀ ਬ੍ਰਿਗੇਡ ਨੂੰ ਉੱਥੇ ਹਵਾਈ ਜਹਾਜ਼ ਰਾਹੀਂ ਪਹੁੰਚਾਉਣ ਦੀ ਜ਼ਿੰਮੇਵਾਰੀ ਮਿਹਰ ਸਿੰਘ ਨੂੰ ਦਿੱਤੀ ਗਈ। ਇਸ ਤਰ੍ਹਾਂ ਮਿਹਰ ਸਿੰਘ ਪਹਿਲਾ ਪਾਇਲਟ ਬਣ ਗਿਆ, ਜਿਸ ਨੇ ਉੱਥੇ 5 ਦਿਨਾਂ ਵਿੱਚ ਸਾਰਾ ਕੰਮ ਮੁਕੰਮਲ ਕਰ ਦਿੱਤਾ।

ਲਾਰਡ ਮਾਊਂਟਬੈਟਨ ਨੂੰ ਉਸ ਸਮੇਂ ਮਜਬੂਰ ਹੋ ਕੇ ਕਹਿਣਾ ਪਿਆ ਕਿ ਉਸ ਨੇ ਪੂਰੀ ਉਮਰ ਅਜਿਹਾ ਜਾਂਬਾਜ਼ ਹਵਾਈ ਸਿੱਖ ਨਹੀਂ ਵੇਖਿਆ ਜਿਸ ਨੇ ਏਨੀ ਫੁਰਤੀ ਨਾਲ ਕੰਮ ਨਬੇੜਿਆ ਹੋਵੇ। ਉਸ ਤੋਂ ਬਾਅਦ ਮਿਹਰ ਸਿੰਘ ਨੇ ਹਵਾਈ ਪੁਲ ਤਿਆਰ ਕੀਤਾ ਤੇ ਪਹਿਲਾ ਹਵਾਈ ਜਹਾਜ਼ ਪੂੰਛ ਏਅਰਪੋਰਟ ਉੱਤੇ ਉਤਾਰਿਆ। ਇਹ ਹੁਣ ਤੱਕ ਦੀ ਸਭ ਤੋਂ ਔਖੀ ਉਡਾਣ ਮੰਨੀ ਜਾ ਚੁੱਕੀ ਹੈ, ਜਿਸ ਦੇ ਤਿੰਨ ਪਾਸੇ ਦਰਿਆ ਤੇ ਚੌਥੇ ਪਾਸੇ ਤਿੱਖੀ ਢਲਾਣ ਸੀ।

ਉਸ ਜਹਾਜ਼ ਵਿੱਚ, ਜਿਸ ਵਿੱਚ ਸਿਰਫ਼ ਇੱਕ ਟਨ ਭਾਰ ਚੁੱਕਿਆ ਜਾ ਸਕਦਾ ਸੀ, ਮਿਹਰ ਸਿੰਘ ਨੇ ਤਿੰਨ ਟਨ ਭਾਰ ਲੱਦ ਕੇ, ਬਿਨਾਂ ਕਿਸੇ ‘ਲੈਂਡਿੰਗ ਏਡ’ ਦੇ, ਬਿਨਾਂ ਸਹਾਇਕ ਦੇ, ਰਾਤ ਨੂੰ ਤੇਲ ਦੇ ਦੀਵਿਆਂ ਦੇ ਸਹਾਰੇ ਉਸ ਔਖੀ ਥਾਂ ਉੱਤੇ ਜਹਾਜ਼ ਉਤਾਰ ਦਿੱਤਾ।

ਚੁਫ਼ੇਰੇ ਇਸ ਬਹਾਦਰੀ ਦੇ ਕਾਰਨਾਮੇ ਦੀ ਰੱਜ ਕੇ ਚਰਚਾ ਵੀ ਹੋਈ ਤੇ ਬੱਲੇ ਬੱਲੇ ਵੀ। ਲੇਹ ਲੱਦਾਖ ਵਿਖੇ ਜਹਾਜ਼ ਉਤਾਰਨ ਦਾ ਢੰਗ ਵੀ ਮਿਹਰ ਸਿੰਘ ਨੇ ਪਹਿਲੀ ਉਡਾਣ ਭਰ ਕੇ ਸਭ ਨੂੰ ਸਿਖਾਇਆ।

ਉਸ ਦੀ ਹਿੰਮਤ ਤੇ ਉੱਡਣ ਕਲਾ ਨੂੰ ਪ੍ਰਤੱਖ ਵੇਖਣ ਲਈ ਮੇਜਰ ਜਨਰਲ ਕੇ.ਐੱਸ ਥਿਮਈਆ ਨੇ ਆਪ ਮਿਹਰ ਸਿੰਘ ਦੇ ਨਾਲ ਬਹਿ ਕੇ ਹਿਮਾਲਿਆ ਦਾ ਦੌਰਾ ਕੀਤਾ ਤੇ 24,000 ਫੁੱਟ ਦੀ ਉੱਚੀ ਉਡਾਣ ਦੇ ਰਾਹੀਂ ਜੋਜ਼ੀਲਾ ਪਾਸ ਵੇਖ ਅਸ਼ ਅਸ਼ ਕਰ ਉੱਠੇ। ਅਤਿ ਤਾਂ ਉਦੋਂ ਹੋਈ ਜਦੋਂ ਬਿਨਾਂ ਨਕਸ਼ੇ ਦੇ, ਬਿਨਾਂ ਬਰਫ਼ ਪਿਘਲਾਉਣ ਵਾਲੇ ਜੰਤਰਾਂ ਦੇ ਅਤੇ ਬਿਨਾਂ ਕੈਬਿਨ ਅੰਦਰਲਾ ਦਬਾਓ ਘਟਾਇਆਂ, 11,540 ਫੁੱਟ ਉੱਤੇ ਇੰਡਸ ਦਰਿਆ ਦੇ ਨਾਲ ਨਿਰੋਲ ਰੇਤਲੀ ਪੱਟੀ ਉੱਤੇ ਹਵਾਈ ਜਹਾਜ਼ ਉਤਾਰ ਕੇ ਵਿਖਾ ਦਿੱਤਾ।

ਇਸ ਤਰ੍ਹਾਂ ਦੀ ਕਲਾ ਸਿਰਫ਼ ਕੋਈ ਕ੍ਰਾਂਤੀਕਾਰੀ ਯੋਧਾ ਹੀ ਵਿਖਾ ਸਕਦਾ ਸੀ। ਇਸੇ ਲਈ ਹਾਲੇ ਤੱਕ ਮਿਹਰ ਸਿੰਘ ਦਾ ਕੋਈ ਸਾਨੀ ਨਹੀਂ ਬਣ ਸਕਿਆ।

ਸਰਵ-ਉੱਚ ਸੇਵਾ ਸਨਮਾਨ, ਜੋ ਮਾਰਚ 1944 ਨੂੰ ਮਿਹਰ ਸਿੰਘ ਨੂੰ ਦਿੱਤਾ ਗਿਆ, ਉਹ ਹਾਲੇ ਤੱਕ ਸਿਰਫ਼ ਉਸੇ ਦੇ ਹਿੱਸੇ ਆਇਆ ਹੈ। ਹੋਰ ਕਿਸੇ ਭਾਰਤੀ ਹਵਾਬਾਜ਼ ਨੂੰ ਇਹ ਨਹੀਂ ਦਿੱਤਾ ਗਿਆ। ਉਸ ਨੂੰ ਦਿੱਤੇ ਸਨਮਾਨ ਪੱਤਰ ਵਿੱਚ ਲਿਖਿਆ ਸੀ ‘ਇਸ ਅਫਸਰ ਨੇ ਅਣਗਿਣਤ ਔਖੇ ਅਪਰੇਸ਼ਨਾਂ ਨੂੰ ਸਫਲਤਾ-ਪੂਰਵਕ ਨੇਪਰੇ ਚੜ੍ਹਾਇਆ ਹੈ। ਜਿਸ ਕਲਾ, ਹਿੰਮਤ, ਦ੍ਰਿੜ੍ਹਤਾ, ਉਤਸਾਹ ਤੇ ਬਹਾਦਰੀ ਦਾ ਪ੍ਰਗਟਾਵਾ ਮਿਹਰ ਸਿੰਘ ਨੇ ਕੀਤਾ, ਉਸ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਲੀਡਰ ਸਾਬਤ ਕਰ ਦਿੱਤਾ ਹੈ। ਇਸ ਜੁਝਾਰੂ ਅਫ਼ਸਰ ਨੇ ਸਭ ਤੋਂ ਵਡਮੁੱਲੀ ਸੇਵਾ ਕਰ ਕੇ ਆਪਣਾ ਤੇ ਦੇਸ਼ ਦਾ ਨਾਂ ਉੱਚਾ ਕਰ ਦਿੱਤਾ ਹੈ।’

26 ਜਨਵਰੀ 1950 ਨੂੰ ਏਅਰ ਕਮਾਂਡਰ ਮਿਹਰ ਸਿੰਘ ਨੂੰ ਭਾਰਤੀ ਹਥਿਆਬੰਦ ਸੈਨਾ ਵਿੱਚ ਵਿਲੱਖਣ ਪਛਾਣ ਕਾਇਮ ਕਰਨ ਸਦਕਾ ਦੂਜੇ ਸਭ ਤੋਂ ਵੱਡੇ ਤਮਗ਼ੇ-‘ਮਹਾਵੀਰ ਚੱਕਰ’ ਦੇ ਕੇ ਸਨਮਾਨਿਤ ਕੀਤਾ ਗਿਆ।

ਉਸ ਸਨਮਾਨ ਪੱਤਰ ਵਿੱਚ ਲਿਖਿਆ ਗਿਆ ‘ਜੰਮੂ ਕਸ਼ਮੀਰ ਵਿੱਚ ਏਅਰ ਕਮਾਂਡਰ ਮਿਹਰ ਸਿੰਘ ਨੇ ਲਾਮਿਸਾਲ ਬਹਾਦਰੀ ਵਿਖਾਉਂਦਿਆਂ, ਖ਼ਤਰਿਆਂ ਨਾਲ ਜੂਝਦਿਆਂ, ਦ੍ਰਿੜ੍ਹਤਾ-ਪੂਰਵਕ ਅਗਵਾਈ ਕਰਦਿਆਂ ਜੋ ਪੂਰੀ ਸੈਨਾ ਲਈ ਮਿਸਾਲ ਕਾਇਮ ਕੀਤੀ ਹੈ, ਉਸ ਦਾ ਕੋਈ ਸਾਨੀ ਨਹੀਂ। ਪੂੰਛ ਤੇ ਲੇਹ ਵਿਖੇ ਹਵਾਈ ਜਹਾਜ਼ ਉਡਾਉਣ ਵਾਲਾ ਤੇ ਐਮਰਜੈਂਸੀ ਲੈਂਡਿੰਗ ਕਰਨ ਵਾਲਾ ਪਹਿਲਾ ਪਾਇਲਟ ਮਿਹਰ ਸਿੰਘ ਹੈ, ਜਿਸ ਨੇ ਇਹ ਵੇਖਦਿਆਂ ਕਿ ਜਾਨ ਨੂੰ ਖ਼ਤਰਾ ਹੈ, ਆਪਣੇ ਜੂਨੀਅਰ ਪਾਇਲਟਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਦੀ ਥਾਂ ਆਪ ਗੰਭੀਰ ਖ਼ਤਰਾ ਸਹੇੜਿਆ। ਉਸ ਨੇ ਆਪਣੀ ਜਾਨ ਹਥੇਲੀ ਉੱਤੇ ਧਰ, ਆਪਣੀ ਡਿਊਟੀ ਦਾ ਹਿੱਸਾ ਨਾ ਹੁੰਦਿਆਂ ਹੋਇਆਂ ਵੀ ਇਹ ਕਾਰਜ ਨੇਪਰੇ ਚਾੜ੍ਹ ਕੇ ਆਪਣੇ ਸਾਥੀਆਂ ਤੇ ਹੇਠਲਿਆਂ ਵਿੱਚ ਵਿਸ਼ਵਾਸ ਤੇ ਜੋਸ਼ ਪੈਦਾ ਕਰ ਦਿੱਤਾ।’

ਏਨੀ ਪ੍ਰਤਿਭਾ ਤੇ ਪ੍ਰਸੰਸਾ ਹੋਰਨਾਂ ਤੋਂ ਕਿੱਥੇ ਜਰੀ ਜਾਂਦੀ ਹੈ। ਏਸੇ ਲਈ ਮਿਹਰ ਸਿੰਘ ਤੋਂ ਉੱਚੇ ਅਹੁਦੇ ਉੱਤੇ ਬੈਠਿਆਂ ਨੂੰ ਸਾੜਾ ਲੱਗਣ ਲੱਗ ਪਿਆ। ਜਦੋਂ ਕਿਸੇ ਪਾਸਿਓਂ ਅੜਿੱਕੇ ਨਾ ਆਇਆ ਤਾਂ ਫਿਰਕੂ ਭਾਵਨਾਵਾਂ ਉਜਾਗਰ ਕਰ ਕੇ ਫੌਜ ਦੀ ਨਿੱਕੀ ਮੋਟੀ ਖ਼ਰੀਦ ਵਿੱਚ ਹੇਰ ਫੇਰ ਦਾ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਫਿਰ ਫੌਜ ਵਿੱਚ ਨਿਯਮਾਂ ਤੋਂ ਉਲਟ ਬਦਲੀਆਂ ਕਰਨ ਦਾ ਇਲਜ਼ਾਮ ਲਾਇਆ ਜੋ ਸਿੱਧ ਨਾ ਹੋ ਸਕਿਆ। ਉਸ ਤੋਂ ਬਾਅਦ ਫੌਜ ਵਿਚਲਾ ‘ਡਸਿਪਲਿਨ’ ਅਤੇ ਮਜ਼ਬੂਤੀ ਕਾਇਮ ਨਾ ਰੱਖ ਸਕਣ ਬਾਰੇ ਗੱਲ ਚੁੱਕੀ ਤਾਂ ਮਿਹਰ ਸਿੰਘ ਨੇ ਇਸ ਕਲੇਸ਼ ਵਿੱਚ ਸੀਨੀਅਰ ਅਫ਼ਸਰਾਂ ਨਾਲ ਉਲਝਣ ਨਾਲੋਂ ਅਸਤੀਫ਼ਾ ਦੇਣਾ ਬਿਹਤਰ ਸਮਝਿਆ।

ਮਿਹਰ ਸਿੰਘ ਦੀ ਜ਼ਿੰਦਗੀ ਦਾ ਇਹ ਸਭ ਤੋਂ ਔਖਾ ਨਿਰਣਾ ਸੀ। ਜਾਨ ਜੋਖ਼ਮ ਵਿੱਚ ਪਾਉਣ ਵਾਲਾ ਤੇ ਬਿਨਾਂ ਸੋਚੇ ਸਮਝੇ ਅੱਗ ਵਿੱਚ ਕੁੱਦ ਜਾਣ ਵਾਲਾ ਮਿਹਰ ਸਿੰਘ ਆਪਣੀ ਅਣਖ ਬਰਕਰਾਰ ਰੱਖਣ ਵਾਸਤੇ ਦਿਲ ਉੱਤੇ ਪੱਥਰ ਰੱਖ ਕੇ ਹਵਾਈ ਫੌਜ ਨੂੰ ਅਲਵਿਦਾ ਕਹਿ ਗਿਆ। ਸਾਥੀਆਂ ਦਾ ਮਨੋਬਲ ਉੱਚਾ ਚੁੱਕਣ ਵਾਲਾ, ਹਵਾਈ ਫੌਜ ਨੂੰ ਮਾਨ ਸਨਮਾਨ ਦਵਾਉਣ ਵਾਲਾ ਤੇ ਉੱਤਮ ਗੁਣਾਂ ਨਾਲ ਭਰਪੂਰ, ਸੂਰਮਿਆਂ ਦਾ ਸੂਰਮਾ, ਮੌਤ ਨੂੰ ਮਖੌਲਾਂ ਕਰਨ ਵਾਲਾ ਮਿਹਰ ਸਿੰਘ ਆਪਣੀ ਪ੍ਰਤਿਸ਼ਠਾ ਅਤੇ ਈਮਾਨਦਾਰੀ ਨੂੰ ਦਾਗ਼ੀ ਹੋਣ ਤੋਂ ਬਚਾਉਣ ਲਈ ਅਸਤੀਫ਼ਾ ਦੇਣ ਲਈ ਮਜਬੂਰ ਹੋ ਗਿਆ।

ਏਨੇ ਪ੍ਰਤਿਸ਼ਠਿਤ ਹਵਾਈ ਸਿੱਖ ਨੂੰ ਝਟਪਟ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਆਪਣੇ ਨਾਲ ਬਤੌਰ ਨਿਜੀ ਐਡਵਾਈਜ਼ਰ ਰੱਖ ਲਿਆ।

ਏਅਰ ਮਾਰਸ਼ਲ ਅਸਗਰ ਖ਼ਾਨ, ਹਿੰਦ-ਪਾਕ ਵੰਡ ਤੋਂ ਪਹਿਲਾਂ ਮਿਹਰ ਸਿੰਘ ਦੇ ਅਧੀਨ ਹੀ ਕੰਮ ਸਿੱਖਦੇ ਰਹੇ ਸਨ। ਵੰਡ ਤੋਂ ਬਾਅਦ ਉਹ ਪਾਕਿਸਤਾਨ ਏਅਰ ਫੋਰਸ ਦੇ ਚੀਫ਼ ਆਫ ਏਅਰ ਸਟਾਫ਼ ਬਣੇ। ਉਨ੍ਹਾਂ ਲਿਖਿਆ ‘ਸਿਵਾਏ ਮਿਹਰ ਸਿੰਘ ਜੀ ਦੇ, ਇੱਕ ਵੀ ਅਜਿਹਾ ਕੋਈ ਹੋਰ ਜਾਂਬਾਜ਼ ਸਕੂਐਡਰਨ ਲੀਡਰ ਨਹੀਂ ਸੀ, ਜਿਸ ਨੂੰ ਵੱਡੇ-ਛੋਟੇ, ਸਭ ਨਾਲ ਇੱਜ਼ਤ ਨਾਲ ਪੇਸ਼ ਆਉਣ ਦਾ ਵੱਲ ਆਉਂਦਾ ਹੋਵੇ। ਹਰ ਕਿਸੇ ਨੂੰ ਮੁਹੱਬਤ ਕਰਦਿਆਂ, ਮਿਸਾਲੀ ਦਲੇਰੀ ਵਿਖਾ ਕੇ ਪ੍ਰੇਰਣਾ, ਹਿੰਮਤ, ਵਿਸ਼ਵਾਸ ਤੇ ਭਰੋਸੇ ਨਾਲ ਲਬਾਲਬ ਕਰਨ ਵਾਲੀ ਸ਼ਖ਼ਸੀਅਤ ਸਨ ਮਿਹਰ ਸਿੰਘ !’

ਪਰਮ ਵਸ਼ਿਸ਼ਟ-ਸ੍ਰੇਸ਼ਠ ਸਿੱਖ ਏਅਰ ਕਮਾਂਡਰ ਮਿਹਰ ਸਿੰਘ ਨੇ ਮਹਾਰਾਜਾ ਪਟਿਆਲਾ ਨਾਲ ਰਹਿ ਕੇ ਸ਼ਾਨਦਾਰ ਸੇਵਾ ਨਿਭਾਈ। ਮਿਹਰ ਸਿੰਘ ਦੇ ਨਾਲ ਤੇ ਮਾਤਹਿਤ ਕੰਮ ਕਰਦੇ ਅਫ਼ਸਰ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚੇ ਵੀ ਅੱਜ ਤਾਈਂ ਮਿਹਰ ਸਿੰਘ ਵਰਗੀ ਸ਼ਖ਼ਸੀਅਤ ਨੂੰ ਨਹੀਂ ਭੁਲਾ ਸਕੇ।

ਮਿਹਰ ਸਿੰਘ ਬਾਰੇ ਇਹ ਲਿਖਿਆ ਮਿਲਦਾ ਹੈ ਕਿ 16 ਮਾਰਚ ਸੰਨ 1952 ਨੂੰ ਰਾਤ ਵੇਲੇ ਜੰਮੂ ਤੋਂ ਦਿੱਲੀ ਵੱਲ ਹਵਾਈ ਜਹਾਜ਼ ਉਡਾਉਂਦਿਆਂ ਰਾਹ ਵਿੱਚ ਤਗੜੇ ਤੂਫ਼ਾਨ ਦਾ ਸਾਹਮਣਾ ਕਰਦਿਆਂ ਮਿਹਰ ਸਿੰਘ ਨੂੰ ਰੱਬ ਨੇ ਸਾਡੇ ਕੋਲੋਂ ਖੋਹ ਲਿਆ।

ਪ੍ਰਭਾਵਸ਼ਾਲੀ, ਪ੍ਰਤਿਭਾਵਾਨ ਤੇ ਮਾਣਮੱਤੀ ਸ਼ਖ਼ਸੀਅਤ, ਜਿਸ ਨੇ ਮਹਿਜ਼ 12 ਸਾਲਾਂ ਦੀ ਫੌਜੀ ਨੌਕਰੀ ਵਿੱਚ ਏਨੇ ਸਨਮਾਨ ਜਿੱਤੇ ਕਿ ਕੋਈ ਉਸ ਦੀ ਹਾਲੇ ਤੱਕ ਬਰਾਬਰੀ ਨਹੀਂ ਕਰ ਸਕਿਆ, ਦੀ ਯਾਦ ਨੂੰ ਸਦੀਵੀ ਬਣਾਉਣ ਲਈ ਏਅਰ ਕਮਾਂਡਰ ਮਿਹਰ ਸਿੰਘ ਦੇ ਨਾਂ ਉੱਤੇ ਭਾਰਤੀ ਹਵਾਈ ਸੈਨਾ ਨੇ ਐਵਾਰਡ ਰੱਖ ਦਿੱਤਾ ਹੈ।

ਸੰਨ 2018 ਵਿੱਚ ‘ਮਿਹਰ ਬਾਬਾ ਐਵਾਰਡ’ ਜਾਰੀ ਕੀਤਾ ਗਿਆ, ਜਿਹੜਾ ਹਰ ਸਾਲ ਉਸ ਵਿਦਵਾਨ ਫੌਜੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਡਰੋਨ ਬਣਾਉਣ ਦੀ ਕਲਾ ਵਿੱਚ ਅਣਕਿਆਸੀ ਮੁਹਾਰਤ ਹਾਸਲ ਕੀਤੀ ਹੋਵੇ।

ਭਾਰਤੀ ਹਵਾਈ ਫੌਜ ਨੇ ਤਾਂ ਮਿਹਰ ਸਿੰਘ ਦੀ ਅਦੁੱਤੀ ਬਹਾਦਰੀ ਨੂੰ ਅਮਰ ਕਰ ਦਿੱਤਾ। ਸਵਾਲ ਇਹ ਉੱਠਦਾ ਹੈ ਕਿ ਆਖ਼ਿਰ ਕਦੋਂ ਤੱਕ ਸਾੜੇ ਦੇ ਭਰੇ ਕੁੱਝ ਲੋਕ ਭਾਰਤ ਦੀ ਹਿੱਕ ਉੱਤੇ, ਮੈਦਾਨ-ਏ-ਜੰਗ ਵਿੱਚ ਜੂਝਣ ਵਾਲੇ ਜੁਝਾਰੂ ਜੋਧਿਆਂ ਦੇ ਮਾਨ ਸਨਮਾਨ ਉੱਤੇ ਵੱਟਾ ਲਾ ਕੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਰਹਿਣਗੇ ? ਸਵਾਲ ਤਾਂ ਇਹ ਵੀ ਹੈ ਕਿ ਅਸੀਂ ਮਿਹਰ ਸਿੰਘ ਵਰਗੇ ਹੀਰੇ ਦੀ ਲਿਸ਼ਕ ਫਿੱਕੀ ਤਾਂ ਨਹੀਂ ਪਾ ਦਿੱਤੀ ?

ਕੀ ਅਸੀਂ ਮਿਹਰ ਸਿੰਘ ਕਲੋਨੀ ਵੱਲ ਕਦੇ ਗੇੜਾ ਮਾਰਿਆ ? ਕੀ ਅਸੀਂ ਜਾਂਬਾਜ਼ ਬੱਬਰ ਸ਼ੇਰ ਬਾਰੇ ਆਪਣੀ ਕੌਮ ਨਾਲ ਪਲ ਸਾਂਝੇ ਕੀਤੇ ? ਕੀ ਉਸ ਦੀ ਯਾਦ ਤਾਜ਼ਾ ਰੱਖਣ ਲਈ ਕੋਈ ਉਪਰਾਲਾ ਕੀਤਾ ? ਕੀ ਹਮੇਸ਼ਾ ਹੀ ਜਦੋਂ ਕੋਈ ਸਿੱਖ ਵਿਲੱਖਣ ਹਿੰਮਤ ਵਿਖਾਉਣ ਸਦਕਾ ਉਚੇਰੀ ਪਦਵੀ ਹਾਸਲ ਕਰੇਗਾ, ਤਾਂ ਹਰ ਵਾਰ ਫਿਰਕੂ ਭਾਵਨਾਵਾਂ ਦਾ ਹੀ ਸ਼ਿਕਾਰ ਹੁੰਦਾ ਰਹੇਗਾ ?

ਆਓ ਮਨਾਂ ਵਿਚਲੇ ਪਾੜ ਮਿਟਾ ਕੇ, ਇਕਜੁੱਟ ਹੋ ਕੇ, ਕੌਮ ਦੀ ਚੜ੍ਹਦੀ ਕਲਾ ਵਿੱਚ ਆਪੋ ਆਪਣਾ ਯੋਗਦਾਨ ਪਾਈਏ ਅਤੇ ਆਪਣੇ ਮਾਣਮੱਤੇ ਪਿਛੋਕੜ ਵਿਚਲੇ ‘ਹੀਰੋ’ ਨੂੰ ਹਮੇਸ਼ਾ ਯਾਦ ਰੱਖੀਏ !

ਅਗਸਤ 2021 ’ਚ ਆਉਣ ਵਾਲੇ ਗੁਰ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ

0

ਅਗਸਤ 2021 ’ਚ ਆਉਣ ਵਾਲੇ ਗੁਰ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ

ਕਿਰਪਾਲ ਸਿੰਘ (ਬਠਿੰਡਾ)-88378-13661

ਸ਼੍ਰੋਮਣੀ ਕਮੇਟੀ ਕੈਲੰਡਰ ਕਾਰਨ ਦੁਬਿਧਾਵਾਂ : ਸ਼੍ਰੋਮਣੀ ਕਮੇਟੀ ਆਪਣਾ ਕੈਲੰਡਰ, ਜਿਸ ਨੂੰ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਕਿਹਾ ਜਾਂਦਾ ਹੈ; ਹਰ ਸਾਲ 1 ਚੇਤ/ 14 ਮਾਰਚ ਤੋਂ 30 (ਲੀਪ ਦੇ ਸਾਲ ’ਚ 31) ਫੱਗਣ/ 13 ਮਾਰਚ ਤੱਕ 365/366 ਦਿਨਾਂ ਦਾ ਛਾਪਿਆ ਜਾਂਦਾ ਹੈ। ਇਸ ਕੈਲੰਡਰ ’ਤੇ ਨਾ ਹੀ ਕਿਧਰੇ ਬਿਕ੍ਰਮੀ ਸੰਮਤ ਲਿਖਿਆ ਹੁੰਦਾ ਹੈ ਅਤੇ ਨਾ ਹੀ ਚੰਦਰਮਾਂ ਦੇ ਹਿਸਾਬ ਨਾਲ ਤਿਥਾਂ ਦਰਜ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਹ ਭੁਲੇਖਾ ਪੈਂਦਾ ਹੈ ਕਿ ਸ਼੍ਰੋਮਣੀ ਕਮੇਟੀ ਸੂਰਜੀ ਸਾਲ ਅਨੁਸਾਰ ਕੈਲੰਡਰ ਛਾਪਦੀ ਹੈ, ਜਿਸ ਦਾ ਬਿਕ੍ਰਮੀ ਸੰਮਤ ਨਾਲ ਕੋਈ ਸੰਬੰਧ ਨਹੀਂ, ਪਰ ਜਦੋਂ ਸ਼੍ਰੋਮਣੀ ਕਮੇਟੀ ਦੇ ਇਸ ਅਖੌਤੀ ਸੋਧੇ ਕੈਲੰਡਰ ਨਾਲ ਬਿਕ੍ਰਮੀ ਸੰਮਤ ਦੀ ਜੰਤਰੀ ਮਿਲਾਈਏ ਤਾਂ ਪਤਾ ਚੱਲਦਾ ਕਿ ਸਾਰੇ ਗੁਰ ਪੁਰਬ ਤੇ ਕੁਝ ਹੋਰ ਦਿਹਾੜੇ ਚੰਦਰਮਾ ਦੀਆਂ ਤਿੱਥਾਂ ਮੁਤਾਬਕ ਅਤੇ ਕੁਝ ਸੰਗਰਾਂਦਾਂ ਦੇ ਹਿਸਾਬ ਨਾਲ ਹੁੰਦੇ ਹਨ, ਪਰ ਲਿਖਿਆ ਕੇਵਲ ਪ੍ਰਵਿਸ਼ਟਾ (ਸੰਗਰਾਂਦ ਦੇ ਹਿਸਾਬ ਤਾਰੀਖ਼ਾਂ) ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਇਤਿਹਾਸ ’ਚ ਦਰਜ ਤਾਰੀਖ਼ਾਂ ਮੁਤਾਬਕ ਗੁਰੂ ਹਰਿਕ੍ਰਿਸ਼ਨ ਸਾਹਬਿ ਜੀ ਦਾ ਪ੍ਰਕਾਸ਼ ਸਾਵਣ ਵਦੀ 10, 8 ਸਾਵਣ ਸੰਮਤ 1713 / 7 ਜੁਲਾਈ 1656 ਸੀਈ ਲਿਖਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ’ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰ ਪੁਰਬ 18 ਸਾਵਣ ਲਿਖਿਆ ਹੈ, ਜਿਸ ਦਿਨ 2 ਅਗਸਤ ਬਣਦੀ ਹੈ ਜਦੋਂ ਕਿ ਇਤਿਹਾਸ ਦੇ ਕਿਸੇ ਵੀ ਪੁਰਾਤਨ ਸਰੋਤ ਜਾਂ ਨਵੀਨ ਪੁਸਤਕ ’ਚ ਇਨ੍ਹਾ ਦੋਵਾਂ ਹੀ ਤਾਰੀਖ਼ਾਂ ’ਚੋਂ ਕੋਈ ਵੀ ਤਾਰੀਖ਼ ਦਰਜ ਨਹੀਂ। ਦੂਜੇ ਪਾਸੇ ਜਿਸ ਚੰਦਰਮਾਂ ਦੀ ਤਿੱਥ ਮੁਤਾਬਕ ਇਹ ਤਿਥਾਂ ਦਰਜ ਹਨ, ਉਹ ਕੈਲੰਡਰ ਵਿੱਚ ਕਿਤੇ ਵੀ ਦਰਜ ਨਹੀਂ।

ਅਜਿਹੇ ਭੁਲੇਖੇ ਦਾ ਨੁਕਸਾਨ ਇਹ ਹੈ ਕਿ ਪਿਛਲੇ 500 ਸਾਲਾਂ ’ਚ ਵੀ ਸਾਨੂੰ ਆਪਣੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ (ਜਨਮ ਦਿਨ) ਯਾਦ ਨਹੀਂ ਹੋ ਸਕੇ। ਜੇ ਸ਼੍ਰੋਮਣੀ ਕਮੇਟੀ ਨੇ ਕੈਲੰਡਰ ’ਚ ਸਾਰੇ ਗੁਰ ਪੁਰਬਾਂ ਦੀਆਂ ਤਾਰੀਖ਼ਾਂ ਸੰਗਰਾਂਦ ਦੇ ਹਿਸਾਬ ਨਾਲ ਸਾਵਣ ਭਾਦੋਂ ਹੀ ਲਿਖਣੀਆਂ ਹਨ ਤਾਂ ਕਿੰਨਾ ਚੰਗਾ ਹੋਵੇ ਜੇ ਹਰ ਸਾਲ ਗੁਰੂ ਹਰਿਕ੍ਰਿਸ਼ਨ ਸਾਹਬਿ ਜੀ ਦਾ ਪ੍ਰਕਾਸ਼ ਦਿਹਾੜਾ 8 ਸਾਵਣ ਲਿਖ ਦੇਵੇ ਤਾਂ ਹੁਣ ਤੱਕ ਸਭ ਨੂੰ ਯਾਦ ਵੀ ਹੋ ਜਾਣਾ ਸੀ।

ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਇਹੀ ਫ਼ਾਇਦਾ ਹੋਣਾ ਹੈ ਕਿ 8 ਸਾਵਣ ਹਰ ਸਾਲ 23 ਜੁਲਾਈ ਨੂੰ ਹੀ ਆਵੇਗਾ, ਜਿਸ ਨੂੰ ਯਾਦ ਰੱਖਣਾ ਆਸਾਨ ਹੋ ਜਾਂਦਾ ਹੈ, ਪਰ ਜੇ ਬਿਕ੍ਰਮੀ ਕੈਲੰਡਰ ਵੇਖੀਏ ਤਾਂ ਸੰਨ 1656 ’ਚ 8 ਸਾਵਣ ਨੂੰ 7 ਜੁਲਾਈ ਸੀ, ਸੰਨ 2021 ’ਚ 23 ਜੁਲਾਈ ਅਤੇ ਸੰਨ 3000 ’ਚ 6 ਅਗਸਤ ਹੋਵੇਗੀ।

ਸ਼੍ਰੋਮਣੀ ਕਮੇਟੀ ਦੁਆਰਾ ਲਾਗੂ ਕੀਤੇ ਜਾਂਦੇ ਕੈਲੰਡਰ ਦਾ ਇਹ ਭੁਲੇਖਾ ਹਿੰਦੂ ਰੀਤਾਂ ਮੁਤਾਬਕ ਕੈਲੰਡਰ ਜਾਰੀ ਕਰਨਾ ਹੈ, ਜਿਸ ਵਿੱਚ ਕਈ ਵਾਰ ਇੱਕ ਹੀ ਗੁਰੂ ਸਾਹਿਬਾਨ ਅਤੇ ਇਕ ਹੀ ਸਥਾਨ ਨਾਲ ਸੰਬੰਧਿਤ ਕੁਝ ਦਿਹਾੜੇ ਚੰਦਰਮਾਂ ਦੀਆਂ ਤਿੱਥਾਂ ਅਤੇ ਕੁਝ ਸੂਰਜੀ ਮਹੀਨੇ ਦੀਆਂ ਸੰਗਰਾਂਦਾਂ ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ; ਜਿਵੇਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਤ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਥਾਪਨਾ ਦਿਵਸ ਸੂਰਜੀ ਪ੍ਰਵਿਸ਼ਟੇ ਮੁਤਾਬਕ ਅਤੇ ਮੀਰੀ ਪੀਰੀ ਦਿਵਸ; ਚੰਦਰਮਾਂ ਦੀ ਤਿੱਥ ਮੁਤਾਬਕ। ਇਸੇ ਤਰ੍ਹਾਂ ਬੰਦੀਛੋੜ ਦਿਵਸ ਕਿਸੇ ਸਾਲ ਕੱਤਕ ਵਦੀ ਚਉਦਸ ਨੂੰ ਅਤੇ ਕਦੀ ਮੱਸਿਆ ਨੂੰ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪ੍ਰਗਟ ਦਿਵਸ ਵੈਸਾਖੀ ਸੂਰਜੀ ਮਹੀਨੇ ਦੀ ਸੰਗਰਾਂਦ ਨੂੰ ਅਤੇ ਹੋਲਾ ਮਹੱਲਾ ਚੰਦਰਮਾਂ ਦੀ ਤਿੱਥ ਚੇਤ ਵਦੀ 1 ਨੂੰ ਮਨਾਏ ਜਾਣ ਸਦਕਾ ਕਿਸੇ ਸਾਲ ਹੋਲਾ ਮਹੱਲਾ ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਇੱਕ ਵਾਰ ਵੀ ਨਹੀਂ ਆਉਂਦਾ। ਇਸ ਕੈਲੰਡਰ ਦੇ ਜ਼ਿਆਦਾਤਰ ਸਮਰਥਕਾਂ ਨੂੰ ਸ਼ਾਇਦ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਬਿ ਜੀ ਦਾ ਸੰਪੂਰਨਤਾ ਦਿਵਸ, ਗੁਰੂ ਗ੍ਰੰਥ ਸਾਹਬਿ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ; ਚੰਦਰਮਾਂ ਦੀਆਂ ਤਿਥਾਂ ਅਨੁਸਾਰ ਹਨ ਜਾਂ ਸੰਗਰਾਂਦਾਂ ਦੇ ਹਿਸਾਬ ਪ੍ਰਵਿਸ਼ਟਿਆਂ ਮੁਤਾਬਕ ?

ਸਿੱਖਾਂ ਦਾ ਫ਼ਰਜ਼ ਹੈ ਕਿ ਇਸ ਦਾ ਕੋਈ ਹੱਲ ਲੱਭਿਆ ਜਾਏ, ਨਹੀਂ ਤਾਂ ਆਪਣੇ ਤੌਰ ’ਤੇ ਹੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਰੇ ਗੁਰ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਣੇ ਸ਼ੁਰੂ ਹੋ ਜਾਣਗੇ। ਕੈਲੰਡਰ ਦੇ ਅਜਿਹੇ ਹੋਰ ਕਈ ਭੁਲੇਖਿਆਂ ਨੂੰ ਜਾਣਨ ਲਈ ਪੁਸਤਕ ‘ਗੁਰਪੁਰਬ ਨਿਰਣੈ ਅਤੇ ਨਾਨਕਸ਼ਾਹੀ ਕੈਲੰਡਰ ਸੰਮਤ 553 (2021-22)’ ਪੜ੍ਹਨਯੋਗ ਹੈ, ਜਿਸ ਦੇ ਮਿਲਣ ਦਾ ਪਤਾ ਹੇਠ ਲਿਖੇ ਅਨੁਸਾਰ ਹੈ :

  1. ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ (ਅੰਮ੍ਰਿਤਸਰ)-ਸੰਪਰਕ 99150 48004
  2. ਅਕਾਲ ਪੁਰਖ ਕੀ ਫੌਜ, ਅਕਾਲ ਹਾਊਸ, ਰੂਪ ਨਗਰ, ਭਗਤਾਂ ਵਾਲਾ ਗੇਟ (ਅੰਮ੍ਰਿਤਸਰ)-ਸੰਪਰਕ 9216 222 000
  3. ਸ: ਰਸ਼ਪਾਲ ਸਿੰਘ, ਸ਼ੁਭ ਕਰਮਨ ਭਵਨ, ਟਾਂਡਾ ਰੋਡ (ਹੁਸ਼ਿਆਰਪੁਰ) ਸੰਪਰਕ 98554-40151
  4. ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ, ਰੋਪੜ-140001 ਸੰਪਰਕ ਨੰ: 0188 124 7033, 94170-18531
  5. ਗਿਆਨੀ ਅਵਤਾਰ ਸਿੰਘ (ਜਲੰਧਰ) 98140-35202
  6. (ੳ) ਸਿੱਖ ਮਿਸ਼ਨਰੀ ਕਾਲਜ (ਰਜਿ:) 1051/14, ਫ਼ੀਲਡ ਗੰਜ, ਲੁਧਿਆਣਾ-141008 ਸੰਪਰਕ 0164-5021815, 99144-21815

(ਅ) ਸੀ-135, ਮਾਨ ਸਰੋਵਰ ਗਾਰਡਨ, ਨਵੀਂ ਦਿੱਲੀ – 110015. ਸੰਪਰਕ 011-6533 0502

(ੲ). ਕੰਵਰ ਸਤਨਾਮ ਸਿੰਘ ਚੈਰੀਟੇਬਲ ਕੰਪਲੈਕਸ, ਮਾਡਲ ਹਾਊਸ ਰੋਡ ਬਸਤੀ ਸ਼ੇਖ, ਜਲੰਧਰ-144002, ਸੰਪਰਕ 0181-2430547

(ਸ) ਸ: ਸੁਰਜੀਤ ਸਿੰਘ, 36, ਗੁਰਦੁਆਰਾ ਸਿੰਘ ਸਭਾ ਕੰਪਲੈਕਸ, ਸੈਕਟਰ-2, ਗੁਰੂ ਨਾਨਕ ਨਗਰ, ਜੰਮੂ (ਜੇ ਐਂਡ ਕੇ) ਸੰਪਰਕ 0191-2439489, 94191-42765

  1. ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ਼ ਜਵੱਦੀ, ਲੁਧਿਆਣਾ, ਸੰਪਰਕ 0161 -2521700, 9814635655
  2. ਸ: ਆਰ.ਪੀ. ਸਿੰਘ, ਅਖੰਡ ਕੀਰਤਨੀ ਜਥਾ, ਮਕਾਨ ਨੰ: 194, ਫ਼ੇਜ਼-7, ਐਸ. ਏ. ਐਸ. ਨਗਰ (ਮੋਹਾਲੀ) ਸੰਪਰਕ 93577-23874
  3. ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰ: 1, ਸੈਕਟਰ 28-ਏ, ਚੰਡੀਗੜ੍ਹ. ਸੰਪਰਕ 93161-07093

ਰਾਜਨੀਤੀ ਦਾ ਡਿੱਗਦਾ ਮਿਆਰ

0

ਰਾਜਨੀਤੀ ਦਾ ਡਿੱਗਦਾ ਮਿਆਰ

ਕਿਰਪਾਲ ਸਿੰਘ ਬਠਿੰਡਾ 88378-13661

ਭਾਰਤੀ ਰਾਜਨੀਤੀ ’ਚ ਦੇਸ਼ ਸੇਵਾ ਦੀ ਭਾਵਨਾ ਖ਼ਤਮ ਹੋ ਚੁੱਕੀ ਹੈ। ਇਹ ਕੇਵਲ ਵਾਪਾਰ ਬਣ ਕੇ ਰਹਿ ਗਈ ਹੈ; ਭਾਵ ਪਹਿਲਾਂ ਪੈਸਾ ਖ਼ਰਚ ਕੇ ਚੋਣਾਂ ਜਿੱਤਣਾ ਅਤੇ ਜਿੱਤ ਕੇ ਪੈਸਾ ਕਮਾਉਣਾ ਰਾਜਨੀਤੀ ਦਾ ਮੁੱਢਲਾ ਨਿਯਮ ਬਣ ਚੁੱਕਾ ਹੈ। ਇਸੇ ਕਾਰਨ ਰਾਜਨੀਤੀ ’ਤੇ ਭ੍ਰਿਸ਼ਟਾਚਾਰ ਤੇ ਪਰਵਾਰਵਾਦ ਪੂਰੀ ਤਰ੍ਹਾਂ ਭਾਰੂ ਰਹਿੰਦਾ ਹੈ। ਮਿਸਾਲ ਦੇ ਤੌਰ ’ਤੇ ਕਾਂਗਰਸ ਪਾਰਟੀ ’ਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਉਸ ਦੀ ਪੁੱਤਰੀ ਇੰਦਰਾ ਗਾਂਧੀ ਅੱਗੋਂ ਪੁੱਤਰ ਰਾਜੀਵ ਗਾਂਧੀ, ਨੂੰਹ ਸੋਨੀਆ ਗਾਂਧੀ ਭਾਵ ਨਹਿਰੂ-ਗਾਂਧੀ ਪਰਵਾਰ ਕਾਬਜ਼ ਹੈ, ਜੋ ਅੱਗੋਂ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਸਥਾਪਿਤ ਕਰਨ ਦੀ ਤਾਕ ’ਚ ਹੈ। ਜੰਮੂ ਕਸ਼ਮੀਰ ’ਚ ਇੱਕ ਪਾਸੇ ਸ਼ੇਖ਼ ਅਬਦੁੱਲਾ, ਫਾਰੂਖ਼ ਅਬਦੁੱਲਾ, ਉਮਰ ਅਬਦੁੱਲਾ ਅਤੇ ਦੂਸਰੇ ਪਾਸੇ ਮੁਫ਼ਤੀ ਮੁਹੰਮਦ ਸਈਅਦ, ਮਹਿਬੂਬਾ ਮੁਫ਼ਤੀ। ਹਰਿਆਣਾ ’ਚ ਦੇਵੀ ਲਾਲ ਚੌਟਾਲਾ, ਓਮ ਪ੍ਰਕਾਸ਼ ਚੌਟਾਲਾ, ਅਭੈ ਸਿੰਘ ਚੌਟਾਲਾ, ਅਜੈ ਸਿੰਘ ਚੁਟਾਲਾ, ਨੈਨਾ ਸਿੰਘ ਚੌਟਾਲਾ, ਦੁਸ਼ਯੰਤ ਚੌਟਾਲਾ। ਯੂ. ਪੀ. ’ਚ ਮੁਲਾਇਮ ਸਿੰਘ ਯਾਦਵ, ਅਖ਼ਲੇਸ਼ ਯਾਦਵ। ਬਿਹਾਰ ’ਚ ਲਾਲੂ ਯਾਦਵ, ਤੇਜਸਵੀ ਯਾਦਵ। ਇਸੇ ਤਰ੍ਹਾਂ ਬਾਕੀ ਦੇ ਸੂਬਿਆਂ ’ਚ ਰਾਜੇ ਮਹਾਂਰਾਜਿਆਂ ਵਾਙ ਇੱਕ ਵਾਰ ਸਥਾਪਤ ਹੋਏ ਆਗੂ ਤੋਂ ਬਾਅਦ ਉਸ ਦੇ ਪੁੱਤਰ ਪੋਤਰੇ ਜਾਂ ਪਤਨੀਆਂ, ਪੁੱਤਰੀਆਂ ਹੀ ਵਾਰਸ ਬਣਦੀਆਂ ਆ ਰਹੀਆਂ ਹਨ। ਇੱਥੋਂ ਤੱਕ ਕਿ ਗੁਰਦੁਆਰਾ ਸੁਧਾਰ ਲਹਿਰ ’ਚ ਪੰਥਕ ਜਜ਼ਬੇ ਅਧੀਨ ਮਹਾਨ ਕੁਰਬਾਨੀਆਂ ਦੇਣ ਉਪਰੰਤ ਜਨਮ ਲੈਣ ਵਾਲੇ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਬਾਦਲ ਪਰਵਾਰ ਆਪਣਾ ਏਕਾ ਅਧਿਕਾਰ ਜਮਾਈ ਬੈਠਾ ਹੈ। ਭਾਵੇਂ ਆਪਣੀ ਪਾਰਟੀ ਦੇ ਮੁੱਢਲੇ ਸਿਧਾਂਤਾਂ ਤੋਂ ਥਿੜਕਣ, ਭ੍ਰਿਸ਼ਟਾਚਾਰ ਤੇ ਆਪਣੇ ਪਰਵਾਰਕ ਮੈਂਬਰਾਂ/ਰਿਸ਼ਤੇਦਾਰਾਂ ਨੂੰ ਰਾਜਨੀਤੀ ’ਚ ਸਥਾਪਿਤ ਕਰਨ ਦੇ ਮਾਮਲੇ ’ਚ ਕੋਈ ਵੀ ਕੌਮੀ ਜਾਂ ਸੂਬਾਈ ਆਗੂ ਘੱਟ ਨਹੀਂ ਰਿਹਾ ਪਰ ਜੋ ਹੱਦਾਂ ਬਾਦਲ ਪਰਵਾਰ ਨੇ ਪਾਰ ਕੀਤੀਆਂ ਹਨ, ਇਸ ਦੀ ਮਿਸਾਲ ਘੱਟ ਹੀ ਵੇਖਣ ਨੂੰ ਮਿਲਦੀ ਹੈ।

ਇਨ੍ਹਾਂ ਪਾਰਟੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਕੇਂਦਰੀ ਕਮਾਂਡ ਭਾਵੇਂ ਨਹਿਰੂ-ਗਾਂਧੀ ਪਰਵਾਰ ਦੇ ਹੱਥ ਹੋਵੇ, ਫਿਰ ਵੀ ਸੂਬਾਈ ਪੱਧਰ ’ਤੇ ਖ਼ਾਸ ਖ਼ਾਸ ਆਗੂ ਦਹਾਕਿਆਂ ਤੋਂ ਆਪਣਾ ਏਕਾਧਿਕਾਰ ਜਮਾਈ ਬੈਠੇ ਹਨ; ਜਿਵੇਂ ਕਿ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ’ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ’ਚ ਕਮਲ ਨਾਥ ਆਦਿਕ, ਜੋ ਨਵੀਂ ਪੀੜ੍ਹੀ ਦੇ ਆਗੂਆਂ ਦੇ ਅੱਗੇ ਵਧਣ ਦੇ ਰਾਹ ਨੂੰ ਹਰ ਜਾਇਜ਼ ਨਜਾਇਜ਼ ਢੰਗ ਨਾਲ ਰੋਕਣ ਲਈ ਯਤਨਸ਼ੀਲ ਰਹਿੰਦੇ ਹਨ। ਕਿਆਸਅਰਾਈਆਂ ਹਨ ਕਿ ਰਾਹੁਲ ਗਾਂਧੀ ਦੀ ਨੀਤੀ ਨੌਜਵਾਨ ਲੀਡਰਸ਼ਿੱਪ ਉਭਾਰਨ ਦੀ ਰਹੀ ਹੈ ਪਰ ਬੁੱਢੀ ਲੀਡਰਸ਼ਿੱਪ ਨੇ ਉਸ ਦੀ ਹੁਣ ਤੱਕ ਚੱਲਣ ਨਹੀਂ ਦਿੱਤੀ; ਜਿਵੇਂ ਕਿ ਮੱਧ ਪ੍ਰਦੇਸ਼ ’ਚ ਜਯੋਤਿਰਾਦਿਤਿਆ ਸਿੰਧੀਆ ਨੂੰ ਕਮਲਨਾਥ ਨੇ ਉਸ ਦਾ ਬਣਦਾ ਯੋਗ ਸਥਾਨ ਦੇਣ ਤੋਂ ਨਾ ਕੀਤੀ ਤਾਂ ਆਖ਼ਿਰ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਭਾਜਪਾ ’ਚ ਚਲਾ ਗਿਆ ਜੋ ਕਮਲਨਾਥ ਸਰਕਾਰ ਡਿੱਗਣ ਦਾ ਕਾਰਨ ਬਣਿਆ। ਰਾਜਸਥਾਨ ’ਚ ਅਸ਼ੋਕ ਗਹਿਲੋਤ ਇਹੋ ਵਤੀਰਾ ਰਾਜੇਸ਼ ਪਾਇਲਾਟ ਨਾਲ ਕਰ ਰਿਹਾ ਤੇ ਕਦੀ ਵੀ ਮੱਧ ਪ੍ਰਦੇਸ਼ ਵਾਲੀ ਸਥਿਤੀ ਬਣ ਸਕਦੀ ਹੈ। ਕਾਂਗਰਸ ਪਿਛੋਕੜ ਵਾਲੇ ਭਾਜਪਾ ਦੇ ਚਾਰ ਵਾਰ ਸਾਂਸਦ ਰਹਿ ਚੁੱਕੇ ਤੇਜ ਤਰਾਟ ਆਗੂ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ਗਾਂਧੀ ਅਤੇ ਉਸ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਕਾਂਗਰਸ ’ਚ ਸ਼ਾਮਲ ਕਰਵਾਇਆ। ਕਿਹਾ ਜਾਂਦਾ ਹੈ ਕਿ ਕਾਂਗਰਸ ’ਚ ਸ਼ਾਮਲ ਕਰਨ ਸਮੇਂ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਭਰੋਸਾ ਦਿੱਤਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਕਾਂਗਰਸ ’ਚ ਸ਼ਾਮਲ ਹੋਣ ਸਮੇਂ ਵੀ ਵਿਰੋਧਤਾ ਕੀਤੀ ਅਤੇ ਉਪ ਮੁੱਖ ਮੰਤਰੀ ਬਣਾਉਣ ਦੀ ਥਾਂ ਇੱਕ ਮੰਤਰੀ ਪਦ ਹੀ ਦਿੱਤਾ।

ਇਮਰਾਨ ਖਾਂਨ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਕ੍ਰਿਕਟ ਖੇਡਣ ਦੇ ਸਮੇਂ ਦੇ ਮਿੱਤਰ ਹੋਣ ਦੇ ਨਾਤੇ ਸਿੱਧੂ ਨੂੰ ਸੱਦਾ ਭੇਜਿਆ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਉਸ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਦਾ ਹੀ ਅੰਦਰਖਾਤੇ ਵਿਰੋਧ ਕੀਤਾ ਫਿਰ ਸਮਾਗਮ ਦੌਰਾਨ ਸਿੱਧੂ ਵੱਲੋਂ ਪਾਕਿਸਤਾਨੀ ਫ਼ੌਜ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਜੱਫੀ ਪਾਉਣ ਨੂੰ ਦੇਸ਼ ਵਿਰੋਧੀ ਕਾਰਵਾਈ ਦੱਸਿਆ ਭਾਵੇਂ ਕਿ ਕਿਸੇ ਦੇ ਘਰ ਮਹਿਮਾਨ ਬਣ ਪਹੁੰਚਣ ’ਤੇ ਮਿਲਣ ਸਮੇਂ ਖੁਸ਼ੀ ’ਚ ਜੱਫੀਆਂ ਪਾਉਣਾ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਿਹਾ ਹੈ ਅਤੇ ਦੂਸਰਾ ਸਿੱਧੂ ਨੇ ਸਪਸ਼ਟੀਕਰਨ ਦਿੱਤਾ ਕਿ ਜਨਰਲ ਬਾਜਵਾ ਨੇ ਉਸ ਨੂੰ ਖ਼ਬਰ ਦੱਸੀ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਕਰਤਾਰਪੁਰ ਰਸਤਾ ਖੋਲ੍ਹ ਸਕਦੀ ਹੈ; ਇਹ ਖ਼ਬਰ ਸੁਣ ਕੇ ਉਸ ਨਾਲ ਜੱਫੀ ਪਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤਾਂ ਇਸ ’ਚ ਕੁਝ ਵੀ ਗਲਤ ਨਹੀਂ ਹੈ। ਇਹ ਦੱਸਣਯੋਗ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੀ ਸਮਾਪਤੀ ਉਪਰੰਤ ਨਾਨਕਸ਼ਾਹੀ ਸੰਮਤ 54/1522 ਈਸਵੀ ’ਚ ਕਰਤਾਰਪੁਰ ਨਗਰ ਵਸਾਇਆ ਅਤੇ ਨਾਨਕਸ਼ਾਹੀ ਸੰਮਤ 71/1539 ਈਸਵੀ ’ਚ ਜੋਤੀ ਸਮਾਉਣ ਵੇਲੇ ਤੱਕ ਆਪਣਾ ਅੰਤਲਾ 17 ਸਾਲ ਦਾ ਸਮਾਂ ਓਥੇ ਬਿਤਾਇਆ। ਗੁਰੂ ਸਾਹਿਬ ਜੀ ਨੇ ਕਰਤਾਰਪੁਰ ਵਿਖੇ ਧਰਮਸ਼ਾਲਾ ਕਾਇਮ ਕਰਨ ਤੋਂ ਇਲਾਵਾ ਖ਼ੁਦ ਹੱਥੀਂ ਖੇਤੀ ਕਰਕੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਅਮਲੀ ਰੂਪ ਵਿੱਚ ਸੁਨੇਹਾ ਦਿੱਤਾ, ਇਸ ਲਈ ਕਰਤਾਰਪੁਰ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਖ਼ਾਸ ਕਰ ਸਿੱਖਾਂ ਲਈ ਵਿਸ਼ੇਸ਼ ਮਹੱਤਵ ਪੂਰਨ ਸਥਾਨ ਹੈ। ਸੰਨ 1947 ਦੀ ਵੰਡ ਸਮੇਂ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਿਤ ਪ੍ਰਮੁੱਖ ਸਥਾਨ (ਉਨ੍ਹਾਂ ਦੀ ਜਨਮ ਭੂਮੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਅਤੇ ਕਰਤਾਰਪੁਰ ਸਾਹਿਬ ਆਦਿ) ਪਾਕਿਸਤਾਨ ’ਚ ਰਹਿ ਗਏ ਜਦੋਂ ਕਿ ਨਾਨਕ ਨਾਮ ਲੇਵਾ ਸਿੱਖਾਂ ਦੀ ਵੱਡੀ ਗਿਣਤੀ ਭਾਰਤ ਵਿੱਚ ਪਹਿਲਾਂ ਤੋਂ ਮੌਜੂਦ ਸੀ ਅਤੇ ਬਾਕੀ ਵੰਡ ਉਪਰੰਤ ਪਾਕਿਸਤਾਨ ’ਚੋਂ ਸ਼ਿਫਟ ਹੋਣ ਸਦਕਾ ਉਨ੍ਹਾਂ ਦੀ ਚਿਰਾਂ ਤੋਂ ਤੀਬਰ ਮੰਗ ਰਹੀ ਕਿ ਦੋਵੇਂ ਦੇਸ਼ਾਂ ਦੇ ਆਪਸੀ ਮਿੱਤਰਤਾ ਵਾਲੇ ਸੰਬੰਧ ਰਹਿਣ ਤਾਂ ਕਿ ਆਪਣੇ ਜਾਨ ਤੋਂ ਪਿਆਰੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਅਤੇ ਆਪਣੇ ਵਿਛੜੇ ਪਰਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਮਿਲਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸੇ ਲਈ ‘ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ’ ਦੀ ਮੰਗ ਨੂੰ ਸਿੱਖ ਪੰਥ ਨੇ ਆਪਣੀ ਨਿੱਤ ਦੀ ਅਰਦਾਸ ਦਾ ਹਿੱਸਾ ਬਣਾਇਆ ਹੋਇਆ ਹੈ। ਇਹ ਮੰਗ ਪੂਰੀ ਹੋਣ ਦਾ ਸੁਨੇਹਾ ਦੇਣ ਵਾਲੇ ਸਿੱਧੂ ਦੀ ਪੰਜਾਬ ’ਚ ਹਰਮਨ ਪਿਆਰਤਾ ਵਧੀ ਹੈ। ਸਮੇਂ ਸਮੇਂ ’ਤੇ ਕੈਪਟਨ ਪਾਕਿਸਤਾਨ ਵਿਰੋਧੀ ਬਿਆਨ ਦਿੰਦਾ ਰਹਿੰਦਾ ਹੈ; ਉਹ ਤਾਂ ਸਿੱਧੂ ਵੱਲੋਂ ਅਹੁਦਾ ਸੰਭਾਲ ਸਮਾਗਮ ’ਚ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਭਾਰਤ ’ਚ ਸਾਰੀ ਗੜਬੜ ਦਾ ਠੀਕਰਾ ਪਾਕਿਸਤਾਨ ਸਿਰ ਭੰਨ ਕੇ ਉਨ੍ਹਾਂ ਕਿਹਾ ਚੀਨ ਤੋਂ ਲੈ ਕੇ ਗੁਜਰਾਤ ਤੱਕ ਬਾਰਡਰ ਦੀ ਸੁਰੱਖਿਆ ਸਾਡੇ ਲੋਕਾਂ ਨੇ ਕਰਨੀ ਹੈ। ਇਹ ਬਿਆਨ ਪੰਜਾਬ ਦੇ ਲੋਕ ਜਿਹੜੇ ਪਾਕਿਸਤਾਨ ਨਾਲ ਸੁਖਾਵੇਂ ਸੰਬੰਧ ਚਾਹੁੰਦੇ ਹਨ, ਉਨ੍ਹਾਂ ਨੂੰ ਨਹੀਂ ਭਾਉਂਦੇ, ਹਾਂ ਭਾਜਪਾ ਨੂੰ ਖੁਸ਼ ਕਰਨ ਲਈ ਜ਼ਰੂਰ ਕਹੇ ਜਾ ਸਕਦੇ ਹਨ। ਪੰਜਾਬ ਦੇ ਲੋਕ ਤਾਂ ਪੁੱਛਦੇ ਹਨ ਕਿ ਦੇਸ਼ ਦੀ ਸੁਰੱਖਿਆ ਲਈ ਪੰਜਾਬੀਆਂ ਨੇ ਤਾਂ ਹਮੇਸ਼ਾਂ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ, ਪਰ ਇਸ ਦੇ ਬਦਲੇ ਕੇਂਦਰ ਸਰਕਾਰ ਪੰਜਾਬ ਨੂੰ ਕੰਗਾਲ ਕਰਨ ਦੀ ਕੋਈ ਕਸਰ ਨਹੀਂ ਛੱਡਦੀ। ਇਸ ਦਾ ਜਵਾਬ ਸ਼ਾਇਦ ਕੈਪਟਨ ਕੋਲ ਵੀ ਨਹੀਂ ਹੈ, ਇਸੇ ਕਾਰਨ ਉਸ ਦੀ ਲੋਕਪ੍ਰਿਅਤਾ ਦਿਨੋ ਦਿਨ ਘੱਟ ਰਹੀ ਹੈ।

ਦੂਸਰਾ ਮੁੱਖ ਕਾਰਨ ਹੈ ਕਿ 2015 ਈਸਵੀ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਘੋਰ ਬੇਅਦਬੀ ਅਤੇ ਇਸ ਬੇਅਦਬੀ ਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ/ਸਜ਼ਾ ਦੀ ਮੰਗ ਲਈ ਬੈਠੇ ਸ਼ਾਂਤਮਈ ਧਰਨਾਕਾਰੀਆਂ ’ਤੇ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੇ ਕਥਿਤ ਦੋਸ਼ੀਆਂ ਅਤੇ ਪੰਜਾਬ ’ਚ ਨਸ਼ਾ ਤਸ਼ਕਰੀ ਅਤੇ ਰੇਤਾ ਬੱਜਰੀ ਦੀ ਨਜਾਇਜ਼ ਖਨਨ ਕਰਨ ਦੇ ਦੋਸ਼ੀਆਂ ਨੂੰ ਸੁਰੱਖਿਆ ਛਤਰੀ ਪ੍ਰਦਾਨ ਕਰਨ ਵਾਲੀ ਬਾਦਲ ਸਰਕਾਰ ਵਿਰੁੱਧ ਸਮੁੱਚੇ ਪੰਜਾਬੀ ਭਾਈਚਾਰੇ ’ਚ ਭਾਰੀ ਰੋਸ ਸੀ/ਹੈ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਭ ਲੈਣ ਲਈ 2016 ’ਚ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੁਹਿੰਮ ਦਾ ਆਗਾਜ਼ ਕਰਦੇ ਸਮੇਂ ਬਠਿੰਡਾ ਵਿਖੇ ਕੀਤੀ ਆਪਣੀ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੱਥ ’ਚ ਗੁਟਕਾ ਫੜ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਚਾਰ ਹਫਤਿਆਂ ’ਚ ਨਸ਼ਾ ਖ਼ਤਮ ਕਰਨ, ਨਜਾਇਜ਼ ਖਨਨ ਨੂੰ ਨੱਥ ਪਾਉਣ, ਘਰ-ਘਰ ਨੌਕਰੀ ਦੇਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵੱਡੇ ਵਾਅਦੇ ਕੀਤੇ, ਜਿਸ ਕਾਰਨ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਿਆ। ਮੁੱਖ ਮੰਤਰੀ ਬਣਨ ਉਪਰੰਤ ਉਸ ਨੇ ਇਹ ਸਾਰੇ ਵਾਅਦੇ ਪੂਰੇ ਕਰਨ ਲਈ ਕੋਈ ਵੀ ਅਸਰਦਾਰ ਕਦਮ ਨਹੀਂ ਚੁੱਕਿਆ, ਜਿਸ ਨੇ ਪੰਜਾਬੀਆਂ ਦੇ ਪਹਿਲਾਂ ਤੋਂ ਹੀ ਪਨਪ ਰਹੇ ਸ਼ੱਕ ਨੂੰ ਹੋਰ ਪ੍ਰਪੱਕ ਕੀਤਾ ਕਿ ਕੈਪਟਨ-ਬਾਦਲ ਆਪਸ ’ਚ ਮਿਲੇ ਹੋਏ ਹਨ। ਦੋਵੇਂ ਮਿਲ ਕੇ ਛੱਕਦੇ ਹਨ। ਮੁਸ਼ਕਲ ’ਚ ਫਸੇ ਇੱਕ ਦੂਸਰੇ ਦੀ ਸਹਾਇਤਾ ਕਰਦੇ ਹਨ ਅਤੇ ਇੱਕ ਦੂਸਰੇ ਲਈ ਰਾਜ-ਗੱਦੀ ਪ੍ਰਾਪਤ ਕਰਨ ਲਈ ਵਾਰੋ ਵਾਰੀ ਰਾਹ ਪੱਧਰਾ ਕਰਦੇ ਰਹਿੰਦੇ ਹਨ। ਸਾਰਾ ਰਾਜ ਪ੍ਰਬੰਧ ਅਫਸਰਸ਼ਾਹੀ ਦੇ ਹੱਥ ’ਚ ਦੇਣ, ਵਿਧਾਇਕਾਂ ਅਤੇ ਇੱਥੋਂ ਤੱਕ ਕਿ ਪਾਰਟੀ ਸੂਬਾ ਪ੍ਰਧਾਨ ਨੂੰ ਵੀ ਮਿਲਣ ਦਾ ਸਮਾਂ ਨਾ ਦੇਣ ਕਾਰਨ ਵਿਧਾਇਕਾਂ ਤੇ ਕਾਂਗਰਸੀ ਵਰਕਰਾਂ ਵਿੱਚ ਰੋਸ ਵੱਧਦਾ ਗਿਆ ਪਰ ਬੇਵੱਸ ਸਨ ਕਿਉਂਕਿ ਕਾਂਗਰਸ ਹਾਈ ਕਮਾਂਡ ਕਮਜੋਰ ਹੋਣ ਕਾਰਨ ਉਹ ਵੀ ਕੈਪਟਨ ਤੋਂ ਆਪਣੀ ਗੱਲ ਮੰਨਵਾਉਣ ਵਿੱਚ ਅਸਫਲ ਰਹਿੰਦੀ ਸੀ ਤੇ ਕੈਪਟਨ ਆਪਣੀ ਮਨਮਾਨੀ ਕਰਨ ਲਈ ਬਜ਼ਿਦ ਸੀ। ਸਾਰੀ ਕਾਂਗਰਸ ’ਚ ਕੇਵਲ ਨਵਜੋਤ ਸਿੰਘ ਸਿੱਧੂ ਹੀ ਇੱਕੋ ਇੱਕ ਆਗੂ ਹੈ ਜਿਹੜਾ ਸਮੇਂ ਸਮੇਂ ’ਤੇ ਕੈਪਟਨ ਨੂੰ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਜਨਤਕ ਤੌਰ ’ਤੇ ਚੇਤੇ ਕਰਵਾਉਂਦਾ ਰਹਿੰਦਾ ਹੈ ਇਸੇ ਕਾਰਨ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ’ਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਰੈਲੀ ਦੌਰਾਨ ਸਿੱਧੂ ਵੱਲੋਂ ਕੀਤੀ ਇੱਕ ਤਿੱਖੀ ਟਿੱਪਣੀ ਨੂੰ ਕੁਝ ਹਲਕਿਆਂ ’ਚ ਕਾਂਗਰਸ ਦੀ ਹਾਰ ਦਾ ਠੀਕਰਾ ਭੰਨ ਸਜ਼ਾ ਦੇ ਤੌਰ ’ਤੇ ਉਸ ਦਾ ਮਹਿਕਮਾ ਤਬਦੀਲ ਕਰ ਦਿੱਤਾ ਤੇ ਇਸ ਦੇ ਰੋਸ ਵਜੋਂ ਸਿੱਧੂ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ। ਲੱਖ ਯਤਨਾਂ ਦੇ ਬਾਵਜੂਦ ਵੀ ਹਾਈ ਕਮਾਂਡ ਸਿੱਧੂ ਦਾ ਰੁਤਬਾ ਬਹਾਲ ਕਰਵਾਉਣ ’ਚ ਨਾ-ਕਾਮਯਾਬ ਰਹੀ।

ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਅਪ੍ਰੈਲ 2021 ’ਚ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਪਿੱਛੋਂ ਸਿੱਧੂ ਨੇ ਕੈਪਟਨ ਸਰਕਾਰ ਵਿਰੁੱਧ ਟਵੀਟਾਂ ਰਾਹੀਂ ਹਮਲੇ ਤੇਜ ਕਰ ਦਿੱਤੇ, ਜਿਸ ਦਾ ਕੈਪਟਨ ਪਾਸ ਕੋਈ ਜਵਾਬ ਨਹੀਂ ਸੀ। ਕੁਝ ਹੀ ਸਮੇਂ ਬਾਅਦ ਕੈਪਟਨ ਸਰਕਾਰ ਦੇ ਸੀਨੀਅਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਦਿਕ ਨੇ ਵੀ ਮੋਰਚਾ ਖੋਲ੍ਹ ਦਿੱਤਾ, ਜਿਸ ’ਚ ਇੱਕ ਸਮੇਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਅਤੇ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਸਮੇਤ ਕੁਝ ਵਿਧਾਇਕ ਵੀ ਸ਼ਾਮਲ ਹੁੰਦੇ ਗਏ। ਸਮੁੱਚੀ ਪੰਜਾਬ ਕਾਂਗਰਸ ਇਕਾਈ ਨੂੰ ਇੱਕਮੁੱਠ ਰੱਖਣ ਦੇ ਯਤਨਾਂ ਵਜੋਂ ਕਾਫ਼ੀ ਰਿੜਕਾ ਰਿੜਕਾਈ ਉਪਰੰਤ ਹਾਈ ਕਮਾਂਡ ਨੇ ਫਾਰਮੂਲਾ ਤਿਆਰ ਕੀਤਾ ਕਿ ਕੈਪਟਨ ਨੂੰ ਮੁੱਖ ਮੰਤਰੀ ਬਣੇ ਰਹਿਣ ਦਿੱਤਾ ਜਾਵੇ ਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤਾ ਜਾਵੇ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਕੈਪਟਨ ਸਖ਼ਤ ਵਿਰੁੱਧ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਸਿੱਧੂ ਹੁਣ ਪ੍ਰਧਾਨ ਬਣ ਗਿਆ ਤਾਂ 2022 ਦੀ ਚੋਣਾਂ ’ਚ ਮੁੱਖ ਮੰਤਰੀ ਦਾ ਚਿਹਰਾ ਵੀ ਉਹੀ ਹੋਵੇਗਾ ਜਦੋਂ ਕਿ ਕੈਪਟਨ ਹਰ ਹਾਲਤ ਦੂਜੀ ਵਾਰ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਸਿੱਧੂ ਦਾ ਰਾਹ ਰੋਕਣ ਲਈ ਕੈਪਟਨ ਕਦੀ ਹਿੰਦੂ ਪੱਤਾ ਖੇਡਦਾ ਕਿ ਜੇ ਮੁੱਖ ਮੰਤਰੀ ਸਿੱਖ ਹੈ ਤਾਂ ਪ੍ਰਧਾਨ ਹਿੰਦੂ ਚਿਹਰਾ ਹੋਣਾ ਚਾਹੀਦਾ ਹੈ। ਕਦੀ ਦਲਿਤਾਂ ਦੀ ਗੱਲ ਕਰਦਾ। ਆਖ਼ਿਰ ਜਦੋਂ ਮਾਮਲਾ ਹੱਥੋਂ ਜਾਂਦਾ ਦਿੱਸਿਆ ਤਾਂ ਪ੍ਰਤਾਪ ਸਿੰਘ ਬਾਜਵਾ, ਜਿਸ ਤੋਂ ਇਸੇ ਤਰ੍ਹਾਂ ਦੇ ਕਾਟੋ ਕਲੇਸ਼ ’ਚ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਸਮੇਂ ਉਸ ਵਿਰੁੱਧ ਕਈ ਗੰਭੀਰ ਦੋਸ਼ਾਂ ਵਾਲੇ ਪੱਤਰ ਹਾਈ ਕਮਾਂਡ ਨੂੰ ਲਿਖੇ ਸਨ ਅਤੇ ਕੈਪਟਨ ਦੇ ਮੁੱਖ ਮੰਤਰੀ ਬਣਨ ਪਿੱਛੋਂ ਬਾਜਵਾ ਸਿੱਧੂ ਨਾਲੋਂ ਵੀ ਸਖ਼ਤ ਭਾਸ਼ਾ ’ਚ ਦੋਸ਼ ਕੈਪਟਨ ਸਰਕਾਰ ’ਤੇ ਲਾਉਂਦਾ ਰਿਹਾ; ਉਸ ਨੂੰ ਕੈਪਟਨ ਨੇ ਰਾਤ ਦੇ ਖਾਣੇ ’ਤੇ ਘਰ ਸੱਦ ਲਿਆ ਤੇ ਉਸ ਨੂੰ ਕਿਹਾ ਹੁਣ ਆਪਣੇ ਪੁਰਾਣੇ ਗੁੱਸੇ ਗਿੱਲੇ ਖ਼ਤਮ; ਜੇਕਰ ਸਿੱਧੂ ਹੀ ਪ੍ਰਧਾਨ ਬਣ ਗਿਆ ਤਾਂ ਤੁਹਾਨੂੰ ਮੇਰੇ ਵਿਰੋਧ ’ਚੋਂ ਕੀ ਪ੍ਰਾਪਤੀ ਹੋਵੇਗਾ ਇਸ ਲਈ ਨਵੇਂ ਕਾਂਗਰਸੀ ਅਤੇ ਟਕਸਾਲੀ ਕਾਂਗਰਸੀਆਂ ਦਾ ਸਵਾਲ ਖੜ੍ਹਾ ਕਰਨ ਦਾ ਫ਼ਾਰਮੂਲਾ ਦੱਸਿਆ ਕਿ ਮੇਰਾ ਵਿਰੋਧ ਛੱਡ ਤੇ ਪੰਜਾਬ ਤੋਂ ਸਾਰੇ ਸਾਂਸਦਾਂ ਨੂੰ ਲੈ ਕੇ ਸੋਨੀਆਂ ਗਾਂਧੀ ਨੂੰ ਮਿਲ ਕੇ ਪ੍ਰਧਾਨਗੀ ਦੇ ਅਹੁਦੇ ਲਈ ਆਪਣਾ ਹੱਕ ਪੇਸ਼ ਕਰ, ਮੈਂ ਤੇਰੀ ਉਮੀਦਵਾਰੀ ਦਾ ਸਮਰਥਨ ਕਰਾਂਗਾਂ। ਇਹ ਨਿੱਘਰੀ ਹੋਈ ਸਿਆਸਤ ਦਾ ਪ੍ਰਤੱਖ ਤੌਰ ’ਤੇ ਨੰਗਾ ਰੂਪ ਸੀ ਕਿ ਜਿਸ ਕੈਪਟਨ ਨਾਲ ਕਾਫ਼ੀ ਲੰਬੇ ਸਮੇਂ ਤੋਂ ਬਾਜਵਾ ਦਾ ਛੱਤੀ ਦਾ ਆਂਕੜਾ ਚੱਲਦਾ ਰਿਹਾ ਹੈ ਅਤੇ ਰਵਨੀਤ ਸਿੰਘ ਬਿੱਟੂ ਜਿਹੜਾ ਕੁਝ ਦਿਨ ਪਹਿਲਾਂ ਹੀ ਕੈਪਟਨ ਦੇ ਵਿਰੋਧ ਵਿੱਚ ਬਿਆਨ ਦਿੰਦਾ ਰਹਿੰਦਾ ਸੀ ਕਿ ਸਾਡੀ ਸਰਕਾਰ ਨੇ ਕੀਤਾ ਹੀ ਕੁਝ ਨਹੀਂ ਅਸੀਂ ਪਿੰਡਾਂ ਵਿੱਚ ਕਿਹੜਾ ਮੂੰਹ ਲੈ ਕੇ ਵੋਟਾਂ ਮੰਗਣ ਜਾਵਾਂਗੇ, ਉਹੀ ਆਗੂ ਕੈਪਟਨ ਦੇ ਹੱਕ ’ਚ ਖੜ੍ਹ ਗਏ ਤੇ ਸਾਂਸਦਾਂ ਦੇ ਗਰੁੱਪ ਸਮੇਤ ਮਿਲਣ ਲਈ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਤੋਂ ਸਮਾਂ ਮੰਗ ਲਿਆ।  ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਜਿਹੜਾ ਆਪ ਦਾ ਵਿਧਾਇਕ ਹੁੰਦਾ ਕੈਪਟਨ ਵਿਰੁੱਧ ਸਿੱਧੂ ਨਾਲੋਂ ਵੀ ਕਿਤੇ ਵੱਧ ਦੋਸ਼ ਲਾਉਂਦਾ ਰਿਹੈ; ਆਪ ਤੋਂ ਬਾਗੀ ਹੋਣ ਪਿੱਛੋਂ ਸਿੱਧੂ ਨੂੰ ਸੱਦਾ ਦਿੰਦਾ ਕਹਿੰਦਾ ਸੀ ਕਿ ਪੰਜਾਬ ਦੇ ਭਲੇ ਲਈ ਕਾਂਗਰਸ ਨੂੰ ਛੱਡ ਕੇ ਆਪਣੀ ਪਾਰਟੀ ਬਣਾਉ ਤਾਂ ਅਸੀਂ ਤੁਹਾਡੀ ਅਗਵਾਈ ਕਬੂਲਣ ਲਈ ਤਿਆਰ ਹਾਂ; ਉਹੀ ਖਹਿਰਾ ਆਪਣੇ ਦੋ ਹੋਰ ਸਾਥੀ ਬਾਗੀ ਵਿਧਾਇਕਾਂ ਸਮੇਤ ਕੁਝ ਹੀ ਦਿਨ ਪਹਿਲਾਂ ਕੈਪਟਨ ਦੀ ਅਗਵਾਈ ਹੇਠ ਕਾਂਗਰਸ ’ਚ ਸ਼ਾਮਲ ਹੋਇਆ ਤੇ ਸਿੱਧੂ ਨੂੰ ਪ੍ਰਧਾਨ ਐਲਾਨੇ ਜਾਣ ਤੋਂ ਕੁਝ ਹੀ ਘੰਟੇ ਪਹਿਲਾਂ ਸਿੱਧੂ ਦੇ ਵਿਰੋਧ ਅਤੇ ਕੈਪਟਨ ਦੇ ਹੱਕ ’ਚ 10 ਵਿਧਾਇਕਾਂ ਨਾਲ ਮਿਲ ਕਿ ਸੋਨੀਆਂ ਗਾਂਧੀ ਨੂੰ ਪੱਤਰ ਲਿਖ ਦਿੱਤਾ।

ਸਿਆਸੀ ਮਾਹਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਗੁਪਤ ਸਰਵੇ ਕਰਵਾਇਆ ਸੀ, ਜਿਸ ਦੀ ਰਿਪੋਰਟ ਸੀ ਕਿ ਮੌਜੂਦਾ ਹਾਲਤ ’ਚ ਕਾਂਗਰਸ ਦੇ ਦੁਬਾਰਾ ਸੱਤਾ ’ਚ ਆਉਣ ਦੇ ਆਸਾਰ ਨਹੀਂ, ਮੁੱਖ ਮੁਕਾਬਲਾ ਆਪ ਤੇ ਅਕਾਲੀ ਦਲ ਵਿਚਕਾਰ ਹੋਵੇਗਾ ਤੇ ਕਿਸੇ ਦੀ ਵੀ ਸਰਕਾਰ ਬਣ ਸਕਦੀ ਹੈ। ਜੇਕਰ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਕੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਦੇ ਦੁਬਾਰਾ ਸੱਤਾ ’ਚ ਆਉਣ ਦੇ ਆਸਾਰ ਬਣ ਸਕਦੇ ਹਨ। ਜੇਕਰ ਸਿੱਧੂ ਆਪ ’ਚ ਚਲਾ ਜਾਂਦਾ ਹੈ ਤਾਂ ਆਪ ਦੇ ਆਸਾਰ ਕਾਫ਼ੀ ਵਧ ਜਾਣਗੇ। ਇਸ ਰਿਪੋਰਟ ਦੀ ਘੋਖ ਕਰਨ ਉਪਰੰਤ ਹਾਈ ਕਮਾਂਡ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਤਕਰੀਬਨ ਫ਼ੈਸਲਾ ਲੈ ਚੁੱਕੀ ਸੀ ਪਰ ਕੋਈ ਐਸਾ ਫ਼ਾਰਮੂਲਾ ਤਿਆਰ ਕਰ ਰਹੀ ਸੀ ਕਿ ਕੈਪਟਨ ਧੜਾ ਵੀ ਸਹਿਮਤ ਹੋ ਜਾਵੇ ਤੇ ਉਹ ਹਾਲਾਤਾਂ ਦੇ ਮੱਦੇਨਜ਼ਰ ਸਿੱਧੂ ਨੂੰ ਪ੍ਰਧਾਨ ਵਜੋਂ ਸਵੀਕਾਰ ਕਰ ਲਵੇ ਤਾਂ ਕਿ 2022 ਦੀਆਂ ਚੋਣਾਂ ਕਾਂਗਰਸ ਇੱਕਮੁੱਠ ਹੋ ਕੇ ਲੜੇ ਤੇ ਮੁੜ ਸੱਤਾ ਹਾਸਲ ਕਰ ਸਕੇ, ਪਰ ਜਦੋਂ ਬਾਜਵਾ ਅਤੇ ਖਹਿਰਾ ਦੀਆਂ ਸਰਗਰਮੀਆਂ ਵਧਦੀਆਂ ਵੇਖੀਆਂ ਤਾਂ ਸੋਨੀਆਂ ਗਾਂਧੀ ਨੇ ਇਸ ਧੜੇਬਾਜੀ ਨੂੰ ਵਧਣ ਤੋਂ ਰੋਕਣ ਲਈ ਤੁਰੰਤ ਉਸੇ ਰਾਤ ਸਿੱਧੂ ਨੂੰ ਪ੍ਰਧਾਨ ਵਜੋਂ ਐਲਾਨ ਦਿੱਤਾ ਅਤੇ ਉਸ ਨਾਲ ਜੱਟ, ਹਿੰਦੂ, ਦਲਿਤ ਅਤੇ ਪਛੜੀ ਸ਼੍ਰੇਣੀ ਨਾਲ ਸੰਬੰਧਿਤ ਚਾਰ ਕਾਰਜਕਾਰੀ ਪ੍ਰਧਾਨ ਲਾ ਕੇ ਸਭਨਾ ਵਰਗਾਂ ਨੂੰ ਨੁੰਮਾਇੰਦਗੀ ਦੇਣ ਦਾ ਯਤਨ ਕੀਤਾ। ਹਾਲੀ ਵੀ ਆਪਣੀ ਜ਼ਿੱਦ ’ਤੇ ਕਾਇਮ ਰਹਿਣ ਦਾ ਸੰਕੇਤ ਦਿੰਦਿਆਂ ਕੈਪਟਨ ਨੇ ਟਵੀਟ ਕੀਤਾ ਕਿ ਜਦ ਤੱਕ ਸਿੱਧੂ ਮੇਰੀ ਸਰਕਾਰ ਵਿਰੁੱਧ ਕੀਤੀਆਂ ਟਿੱਪਣੀਆਂ ਦੀ ਜਨਤਕ ਤੌਰ ’ਤੇ ਮੁਆਫੀ ਨਹੀਂ ਮੰਗਦਾ ਤਦ ਤੱਕ ਉਹ ਸਿੱਧੂ ਨੂੰ ਨਹੀਂ ਮਿਲੇਗਾ। 20 ਜੁਲਾਈ ਨੂੰ ਬ੍ਰਹਮ ਮਹਿੰਦਰਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਸਿੱਧੂ ਦੇ ਪ੍ਰਧਾਨ ਬਣਨ ਦਾ ਸਵਾਗਤ ਪਰ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਕੈਪਟਨ ਨਾਲ ਮਸਲੇ ਨਹੀਂ ਨਿਬੇੜਦੇ। ਇਸ ਤੋਂ ਲੱਗਦਾ ਸੀ ਕਿ ਪੰਜਾਬ ’ਚ ਕਾਂਗਰਸ ਦੀ ਧੜੇਬੰਦੀ ਹੋਰ ਵਧੇਗੀ।

ਹਾਈ ਕਮਾਂਡ ਦੀਆਂ ਹਿਦਾਇਤਾਂ ’ਤੇ ਸਿੱਧੂ ਨੇ ਤਾਂ ਇੱਕ ਦਿਨ ਪਹਿਲਾਂ ਹੀ ਵਿਧਇਕਾਂ ਤੇ ਸਾਬਕਾ ਪ੍ਰਧਾਨਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਸੀ ਪਰ ਜਿਉਂ ਹੀ 18 ਜੁਲਾਈ ਦੀ ਰਾਤ ਨੂੰ ਪ੍ਰਧਾਨ ਐਲਾਨਿਆ ਗਿਆ ਤਾਂ ਸਿੱਧੂ ਦਾ ਕਾਫਲਾ ਪਲ ਪਲ ਵਧਦਾ ਗਿਆ।  21 ਜੁਲਾਈ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ, ਬਾਲਮੀਕੀ ਮੰਦਰ ਰਾਮ ਤੀਰਥ ਅਤੇ ਦੁਰਗਿਆਨਾ ਮੰਦਰ ’ਚ ਮੱਥਾ ਟੇਕਣ ਤੋਂ ਪਹਿਲਾਂ ਸਿੱਧੂ ਦੇ ਘਰ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਸਮੇਤ 60 ਤੋਂ ਵੱਧ ਵਿਧਾਇਕਾਂ ਨੇ ਬੰਦ ਕਮਰੇ ’ਚ ਮੀਟਿੰਗ ਕੀਤੀ, ਜਿਸ ’ਚ ਬਹੁ ਸੰਮਤੀ ਵਿਧਾਇਕਾਂ ਦੀ ਰਾਇ ਸੀ ਕਿ ਸਿੱਧੂ ਨੇ ਕੈਪਟਨ ’ਤੇ ਕੋਈ ਨਿੱਜੀ ਦੋਸ਼ ਨਹੀਂ ਲਾਏ ਬਲਕਿ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀਆਂ ਕੀਤੀਆਂ ਹਨ ਜੋ ਜਾਇਜ਼ ਵੀ ਹਨ ਤਾਂ ਮੁਆਫੀ ਕਿਸ ਗੱਲ ਦੀ? ਦੂਸਰੇ ਫੈਸਲੇ ਅਨੁਸਾਰ 23 ਜੁਲਾਈ ਨੂੰ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸਿੱਧੂ ਵੱਲੋਂ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਅਹੁਦਾ ਸੰਭਾਲ ਸਮਾਗਮ ’ਚ ਸ਼ਾਮਲ ਹੋਣ ਲਈ ਕੈਪਟਨ ਨੂੰ ਸੱਦਾ ਪੱਤਰ ਦੇਣ ਲਈ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਡਿਊਟੀ ਲਾਈ ਗਈ, ਜਿਸ ’ਤੇ ਪੰਜ ਮੰਤਰੀਆਂ ਅਤੇ 55 ਵਿਧਾਇਕਾਂ ਦੇ ਦਸਤਖਤ ਹਨ। ਜਿਹੜਾ ਕੈਪਟਨ ਪਹਿਲਾਂ ਸਿੱਧੂ ਤੋਂ ਮੁਆਫੀ ਮੰਗਵਾਉਣ ਦੀ ਸ਼ਰਤ ’ਤੇ ਦ੍ਰਿੜ੍ਹ ਸੀ ਉਹ 60 ਵਿਧਾਇਕਾਂ ਦੇ ਦਸਤਖਤ ਵੇਖ ਹੈਰਾਨ ਰਹਿ ਗਿਆ ਤੇ ਇਹ ਚਿੰਤਾ ਕਰਨ ਲੱਗਾ ਕਿ ਜੇ ਮੈਂ ਬਹੁਤੀ ਜ਼ਿੱਦ ਕੀਤੀ ਤਾਂ 2022 ਤਾਂ ਦੂਰ ਇਹ ਤਾਂ ਮੈਨੂੰ ਹੁਣੇ ਅਹੁਦੇ ਤੋਂ ਲਾਹੁਣ ਲਈ ਮਤਾ ਪਾਸ ਕਰ ਨਵਾਂ ਆਗੂ ਚੁਣ ਸਕਦੇ ਹਨ; ਤਾਂ ਬਿਨਾਂ ਕਿਸੇ ਹੀਲ ਹੱੁਜ਼ਤ ਸੱਦਾ ਪ੍ਰਵਾਨ ਕਰਦਿਆਂ ਇਸ ਸਮਾਗਮ ਤੋਂ ਪਹਿਲਾਂ ਸਿੱਧੂ ਸਮੇਤ ਸਾਰੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੂੰ ਆਪਣੇ ਵੱਲੋਂ ਚਾਹ ’ਤੇ ਪਹੁੰਚਣ ਦਾ ਸੱਦਾ ਵੀ ਦਿੱਤਾ।  23 ਮਾਰਚ ਨੂੰ ਸਿੱਧੂ ਵੱਲੋਂ ਅਹੁਦਾ ਸੰਭਾਲ ਸਮਾਗਮ ਦੌਰਾਨ ਕੈਪਟਨ ਨੇ ਸਿੱਧੂ ਪਰਵਾਰ ਨਾਲ ਆਪਣੇ ਪੁਰਾਣੇ ਰਿਸ਼ਤਿਆਂ ਨੂੰ ਯਾਦ ਕਰਦਿਆਂ ਨਵਜੋਤ ਸਿੰਘ ਸਿੱਧੂ ਸਮੇਤ ਚਾਰੇ ਕਾਰਜਕਾਰੀ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਹੁਣ ਮੈਂ ਅਤੇ ਸਿੱਧੂ ਦੇਸ਼ ਦੀ ਸਿਆਸਤ ਵਿੱਚ ਇਕੱਠੇ ਚਲਾਂਗੇ। ਇਸ ਤਰ੍ਹਾਂ ਹਾਈ ਕਮਾਂਡ ਜਿੱਥੇ ਸਾਰੇ ਸੀਨੀਅਰ ਆਗੂਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਵਿੱਚ ਸਫਲ ਰਹੀ ਉੱਥੇ ਸਿੱਧੂ ਦੀ ਸਰਦਾਰੀ ਕਾਇਮ ਰਹੀ। ਹੁਣ ਦੇਖਣਾ ਇਹ ਹੈ ਕਿ ਕੀ ਹਾਈ ਕਮਾਂਡ ਵੱਲੋਂ ਕੈਪਟਨ ਨੂੰ ਦਿੱਤੇ 18 ਨੁਕਾਤੀ ਪ੍ਰੋਗਰਾਮ ਜੋ ਇੱਕ ਤਰ੍ਹਾਂ ਸਿੱਧੂ ਵੱਲੋਂ ਕੈਪਟਨ ਸਰਕਾਰ ’ਤੇ ਕੀਤੀਆਂ ਟਿੱਪਣੀਆਂ ਦਾ ਹੀ ਪ੍ਰਤੀਬਿੰਬ ਹਨ ਅਤੇ ਕੈਪਟਨ ਲਈ ਸਿਰਦਰਦੀ ਦਾ ਕਾਰਨ ਹਨ ਉਨ੍ਹਾਂ ਨੂੰ ਲਾਗੂ ਕਰਵਾ ਸਕਦੇ ਹਨ ਜਾਂ ਨਹੀਂ?

ਹੁਣ ਤੱਕ ਸਿੱਧੂ ਦੀ ਇਮਾਨਦਾਰ ਛਵੀ ਦਿੱਸਦੀ ਹੋਣ ਕਰਕੇ ਲੋਕਾਂ ਨੂੰ ਉਸ ’ਤੇ ਭਰੋਸਾ ਹੈ ਅਤੇ ਇਸੇ ਭਰੋਸੇ ਕਾਰਨ ਹਾਈ ਕਮਾਂਡ ਨੇ ਉਸ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਸੌਂਪੀ ਹੈ ਪਰ ਉਸ ਨੂੰ ਯਾਦ ਰੱਖਣਾ ਪਏਗਾ ਕਿ ਪੰਜਾਬ ਦੇ ਲੋਕ ਹੁਣ ਪਹਿਲਾਂ ਵਾਲੇ ਨਹੀਂ ਰਹੇ ਕਿ ਸਟੇਜ ’ਤੇ ਤਿੱਖੇ ਭਾਸ਼ਣ ਸੁਣ ਕੇ ਸੰਤੁਸ਼ਟ ਹੋ ਜਾਣਗੇ ਬਲਕਿ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੰਨਾ ਕੁ ਜਾਗਰੂਕ ਤੇ ਸੁਚੇਤ ਕਰ ਦਿੱਤਾ ਹੈ ਕਿ ਉਹ ਅਮਲੀ ਰੂਪ ਵਿੱਚ ਨਤੀਜਿਆਂ ਦੀ ਮੰਗ ਕਰਦੇ ਹਨ। ਜੇਕਰ ਸਿੱਧੂ ਆਪਣੇ ਵਾਅਦੇ ਨਿਭਾਉਣ ਵਿੱਚ ਸਫਲ ਹੁੰਦਾ ਦਿੱਸਿਆ ਤਾਂ ਉਹ ਅਵੱਛ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਸਕਦਾ ਹੈ, ਨਹੀਂ ਤਾਂ ਉਸ ਨੂੰ ਯਾਦ ਰੱਖਣਾ ਪਏਗਾ ਕਿ ਉਸ ਦਾ ਹਸ਼ਰ ਵੀ ਭਾਜਪਾ ਦੇ ਆਗੂਆਂ ਵਰਗਾ ਹੀ ਹੋਵੇਗਾ ਜਿਸ ਦੇ ਟਰੇਲਰ ਉਹ ਖਟਕਲਾਂ ਅਤੇ ਚਮਕੌਰ ਸਾਹਿਬ ਵਿਖੇ ਵੇਖ ਚੁੱਕਾ ਹੈ, ਜਿੱਥੇ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਾ ਦੇਣ ’ਤੇ ਅਤੇ ਆਪਣੇ ਆਪ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਦੱਸਣ ਵਾਲ਼ੇ ਬਿਆਨ ਦੇ ਪ੍ਰਤੀਕਰਮ ਵਜੋਂ ਉਸ ਨੂੰ ਘਿਰਾਉ ਦਾ ਸਾਹਮਣਾ ਕਰਨਾ ਪਿਆ ਸੀ।

ਭਾਜਪਾ ਜਿਹੜੀ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਨਾਹਰਾ ਦੇ ਕੇ ਸੱਤਾ ’ਚ ਆਈ ਸੀ ਉਸ ਦੀ ਹਾਲਤ ਸਭ ਪਾਰਟੀਆਂ ਨਾਲੋਂ ਨਿਘਰਦੀ ਵਿਖਾਈ ਦੇ ਰਹੀ ਹੈ। ਵਿਰੋਧੀਆਂ ਨੂੰ ਚੁੱਪ ਕਰਵਾਉਣ ਜਾਂ ਦਲਬਦਲੀ ਰਾਹੀਂ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਸੀ. ਬੀ. ਆਈ., ਈ. ਡੀ. ਵਰਗੀਆਂ ਏਜੰਸੀਆਂ ਨੂੰ ਵਰਤਦੀ ਹੈ ਅਤੇ ਆਪਣੀ ਪਾਰਟੀ ਵਿੱਚ ਸ਼ਾਮਲ ਹੋਏ ਭ੍ਰਿਸ਼ਟ ਆਗੂਆਂ ਨੂੰ ਕਲੀਨ ਚਿੱਟ ਦਿਵਾਉਣ ਲਈ ਇਨ੍ਹਾਂ ਹੀ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ। ਉਸ ਦੀਆਂ ਵੈਸੇ ਤਾਂ ਅਨੇਕਾਂ ਉਦਾਹਰਨਾਂ ਹਨ ਪਰ ਇੱਥੇ ਮਿਸਾਲਾਂ ਸਿਰਫ ਦੋ ਹੀ ਹਨ। ਪਹਿਲੀ ਘਟਨਾ ਮਹਾਂਰਾਸ਼ਟਰ ਦੀ ਹੈ ਜਿੱਥੇ 2019 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭਾਜਪਾ ਅਤੇ ਸ਼ਿਵਸੈਨਾ ਦਾ ਗਠਜੋੜ ਟੁੱਟ ਜਾਣ ਤੋਂ ਬਾਅਦ ਕੋਈ ਵੀ ਪਾਰਟੀ ਆਪਣੀ ਸਰਕਾਰ ਬਣਾਉਣ ਦੇ ਸਮਰਥ ਨਹੀਂ ਸੀ। ਸ਼ਿਵਸੈਨਾ ਨੇ ਹੁਣ ਤੱਕ ਵਿਰੋਧੀ ਰਹੀਆਂ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨ. ਸੀ. ਪੀ. ਅਤੇ ਗਾਂਧੀ ਪਰਵਾਰ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨਾਲ ਗੱਠ-ਜੋੜ ਕਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ, ਪਰ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਜੋ ਐਨ. ਸੀ. ਪੀ. ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ ਉਸ ਨਾਲ ਰਾਤੋ ਰਾਤ ਮਿਲ ਕੇ 23 ਨਵੰਬਰ 2019 ਸਵੇਰੇ 7.30 ਵਜੇ ਭਾਜਪਾ ਦੇ ਦਵਿੰਦਰ ਫਡਨਾਵੀਸ ਨੇ ਮੁੱਖ ਮੰਤਰੀ ਵਜੋਂ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸੇ ਦੌਰਾਨ ਬਹੁਤ ਹੀ ਕਾਹਲੀ ਵਿੱਚ ਉਸ ਨੂੰ 25 ਨਵੰਬਰ ਨੂੰ ਸਿੰਚਾਈ ਘੁਟਾਲੇ ਦੇ ਦੋਸ਼ਾਂ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਅਤੇ ਪੂਨੇ ਜ਼ਿਲ੍ਹਾ ਕਰੈਡਿਟ ਕੋ-ਅਪ੍ਰੇਟਿਵ (PDCC) ਬੈਂਕ, ਜਿਸ ਦਾ ਅਜੀਤ ਪਵਾਰ ਡਾਇਰੈਕਟਰ ਸੀ, ਦੇ ਖਾਤੇ ’ਚ ਅਨ-ਅਕਾਊਂਟਡ 500 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਦੋਸ਼ ’ਚ ਕਲੀਨ ਚਿੱਟ ਦੇ ਦਿੱਤੀ। ਦੋਵਾਂ ਕੇਸਾਂ ਵਿੱਚ ਕਲੀਨ ਚਿੱਟ ਲੈਣ ਉਪਰੰਤ ਤੁਰੰਤ ਹੀ 26 ਨਵੰਬਰ ਨੂੰ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਆਪਣਾ ਸਮਰਥਨ ਵਾਪਸ ਲੈ ਲਿਆ। ਆਪਣੀਆਂ ਏਜੰਸੀਆਂ ਦੀਆਂ ਵਾਸ਼ਿੰਗ ਮਸ਼ੀਨਾਂ ਰਾਹੀਂ ਭ੍ਰਿਸ਼ਟਾਚਾਰ ਦੇ ਦਾਗ਼ ਧੋਣ ਵਾਲੀ ਭਾਜਪਾ ਦਾ ਮੁੱਖ ਮੰਤਰੀ ਚਲਾ ਗਿਆ। ਕੇਵਲ ਇੱਕ ਮਹੀਨੇ ਬਾਅਦ ਉਸੇ ਅਜੀਤ ਪਵਾਰ ਨੇ 30 ਦਸੰਬਰ ਨੂੰ ਆਪਣੇ ਚਾਚੇ ਦੀ ਪਾਰਟੀ ਦੇ ਕੋਟੇ ’ਚ ਊਦਵ ਠਾਕਰੇ ਦੀ ਸਰਕਾਰ ’ਚ ਫਿਰ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ।

ਦੂਸਰੀ ਉਦਾਹਰਨ ਬੰਗਾਲ ਦੀ ਹੈ ਜਿੱਥੇ ਮਮਤਾ ਨੂੰ ਹਰਾ ਕੇ ਸਰਕਾਰ ਬਣਾਉਣ ਦੇ ਜਨੂੰਨ ’ਚ ਅੰਨ੍ਹੀ ਹੋਈ ਭਾਜਪਾ ਨੇ ਸੀ ਬੀ ਆਈ ਦਾ ਡਰ ਵਿਖਾ ਕੇ ਟੀ. ਐੱਮ. ਸੀ. ਦੇ ਮੁਕੁਲ ਰੌਇ ਅਤੇ ਸਵੇਂਧੂ ਅਧਿਕਾਰੀ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਆਪਣੀ ਪਾਰਟੀ ’ਚ ਸ਼ਾਮਲ ਕਰ ਲਏ। ਜਿਨ੍ਹਾਂ ਨੇ ਭਾਜਪਾ ਦਾ ਡਰ ਮੰਨਣ ਤੋਂ ਇਨਕਾਰ ਕਰਦਿਆਂ ਸ਼ਾਮਲ ਹੋਣ ਤੋਂ ਨਾਂਹ ਕੀਤੀ ਉਨ੍ਹਾਂ ’ਚੋਂ ਮਮਤਾ ਸਰਕਾਰ ਦੇ ਦੋ ਮੰਤਰੀਆਂ ਸਮੇਤ ਚਾਰ ਟੀ. ਐੱਮ. ਸੀ. ਆਗੂਆਂ ਨੂੰ ਸੀ. ਬੀ. ਆਈ. ਨੇ ਨਾਰਦਾ ਸਟਿੰਗ ਅਪ੍ਰੇਸ਼ਨ ’ਚ ਗ੍ਰਿਫ਼ਤਾਰ ਕਰ ਲਿਆ ਪਰ ਭਾਜਪਾ ਦਾ ਪੱਲਾ ਫੜਨ ਵਾਲੇ ਉਸੇ ਕੇਸ ਵਿੱਚ ਸ਼ਾਮਲ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸਵੇਂਧੂ ਅਧਿਕਾਰੀ ਅਤੇ ਭਾਜਪਾ ਉੱਪ ਪ੍ਰਧਾਨ ਮੁਕੁਲ ਰੌਇ ਨੂੰ ਹੱਥ ਨਹੀਂ ਪਾਇਆ। ਸੀ. ਬੀ. ਆਈ. ਦੀ ਕਾਰਵਾਈ ਉਪਰੰਤ ਮੁਕੁਲ ਰੌਇ ਨੇ ਭਾਜਪਾ ਤੋਂ ਅਸਤੀਫ਼ਾ ਦੇ ਕੇ ਮੁੜ ਟੀ. ਐੱਮ. ਸੀ. ’ਚ ਸ਼ਾਮਲ ਹੋ ਭਾਜਪਾ ਨੂੰ ਅੰਗੂਠਾ ਵਿਖਾ ਦਿੱਤਾ ਭਾਵ ਜੇ ਮੁਕੁਲ ਰੌਇ ਵਿਰੁੱਧ ਕਾਰਵਾਈ ਕਰਦੇ ਹਨ ਤਾਂ ਭਾਜਪਾ ਆਗੂ ਸਵੇਂਧੂ ਅਧਿਕਾਰੀ ਵਿਰੁੱਧ ਵੀ ਕਾਰਵਾਈ ਕਰਨੀ ਪੈਣੀ ਹੈ, ਜੋ ਉਸ ਲਈ ਅਸੰਭਵ ਜਾਪਦੀ ਹੈ। ਜਾਂਚ ਕਰਨ ਵਾਲੀਆਂ ਇਨ੍ਹਾਂ ਸੰਵਿਧਾਨਕ ਏਜੰਸੀਆਂ ਅਤੇ ਲੋਕਾਂ ਦੇ ਪੈਸੇ ਨਾਲ ਖ਼ਰੀਦੀ ਪੈਗਾਸਸ ਜਸੂਸੀ ਐਪ ਦੀ ਜਿਸ ਤਰ੍ਹਾਂ ਆਪਣੀਆਂ ਪਾਰਟੀ ਦੀਆਂ ਸਰਕਾਰਾਂ ਬਣਾਉਣ ਅਤੇ ਲੋਕ ਹਿੱਤਾਂ ’ਚ ਬੋਲਣ ਤੇ ਲਿਖਣ ਵਾਲੇ ਆਗੂਆਂ ਤੇ ਪੱਤਰਕਾਰਾਂ ਨੂੰ ਆਪਣੀ ਸਰਕਾਰ ਦੇ ਵਿਰੁੱਧ ਸਮਝ ਕੇ ਵਰਤੋਂ ਹੋ ਰਹੀ ਹੈ, ਇਹ ਲੋਕ ਹੱਕਾਂ ’ਤੇ ਡਾਕਾ ਹੈ, ਜਿਸ ਨੂੰ ਲੋਕ ਕਦੀ ਮੁਆਫ ਨਹੀਂ ਕਰਨਗੇ।

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਪਹਿਲਾ)

0

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਅਗਰ ਸਰੀਰ ਵਿੱਚ ਰੂਹ ਨਾ ਹੋਵੇ ਤਾਂ ਸਰੀਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਇਸੇ ਤਰ੍ਹਾਂ ਅਗਰ ਕਿਸੇ ਭਾਈਚਾਰੇ (ਸਮੁਦਾਇ) ਕੋਲ਼ ਧਰਮ ਗ੍ਰੰਥ ਨਾ ਹੋਵੇ ਤਾਂ ਧਰਮ ਦੀ ਬੁਨਿਆਦ ਹੀ ਨਹੀਂ ਰੱਖੀ ਜਾ ਸਕਦੀ।  ਸੰਸਾਰਕ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ਲਈ ‘ਧਰਮ ਗ੍ਰੰਥ’ ਪਾਣੀ ਦੇ ਠੰਡੇ ਮਿੱਠੇ ਝਰਨੇ ਹੁੰਦੇ ਹਨ, ਜੋ ਠੰਡੀਆਂ ਮਿੱਠੀਆਂ ਛਾਂਵਾਂ ਬਣ ਕੇ ਮਨੁੱਖਤਾ ਦਾ ਦਰਦ ਆਪਣੇ ਸੀਨੇ ਨਾਲ਼ ਲਾ ਕੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਹਨ।  ਕਿਸੇ ਵੀ ਸਮੁਦਾਇ ਦੇ ਪੈਗ਼ੰਬਰ, ਗੁਰੂ, ਮਹਾਤਮਾ ਜਾਂ ਧਰਮ ਬਾਨੀ (ਭਾਵ ਮੱਤ ਦੀ ਬੁਨਿਆਦ ਰੱਖਣ ਵਾਲ਼ੇ) ਨੇ ਜੋ ਰੱਬੀ ਨਾਦ ਸੁਣਿਆ, ਉਸ ਦੇ ਸੰਗ੍ਰਹਿਤ ਰੂਪ ਨੂੰ ‘ਧਰਮ ਗ੍ਰੰਥ’ ਕਿਹਾ ਜਾਂਦਾ ਹੈ।  ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਰੱਬੀ ਨਾਦ (ਆਵਾਜ਼) ਸੁਣਨ ਨੂੰ ਸਵੀਕਾਰਿਆ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ  ! ’’ (ਮਹਲਾ /੭੨੨)

ਮਾਨਵਤਾ ਦੇ ਕਲਿਆਣ ਲਈ ਸਦੀਆਂ ਤੋਂ ਇਹ ਰੱਬੀ ਨਾਦ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ (ਨਾਜ਼ਰ) ਹੁੰਦਾ ਆਇਆ ਹੈ।  ਆਰੰਭਕ ਕਾਲ ’ਚ ਆਮ ਤੌਰ ’ਤੇ ਇਨ੍ਹਾਂ ਨੂੰ ਮੌਖਿਕ (ਮੂੰਹ-ਜ਼ਬਾਨੀ, ਅਣਲਿਖਤ) ਰੱਖਿਆ ਜਾਂਦਾ ਸੀ; ਜਿਵੇਂ ਕਿ

(1). ‘ਵੇਦ’ ਅੱਜ ਤੋਂ ਲਗਭਗ 3500 ਸਾਲ ਪਹਿਲਾਂ ਰਚੇ ਗਏ, ਜਿਨ੍ਹਾਂ ਨੂੰ 1200 ਸਾਲ ਮੌਖਿਕ ਰੱਖਣ ਉਪਰੰਤ 300 ਈਸਵੀ ਪੂਰਵ (ਭਾਵ ਮਾਤ੍ਰ 2300 ਵਰ੍ਹੇ ਪਹਿਲਾਂ) ਵੇਦ ਵਿਆਸ ਜੀ ਨੇ ਲਿਖਤੀ ਰੂਪ ’ਚ ਸੰਭਾਲ਼ਿਆ ਹੈ।

(2). ਜੈਨ ਮੱਤ ਦੇ ਆਚਾਰੀਆ (ਗੁਰੂ) ਨੂੰ ਤੀਰਥੰਕਰ ਕਿਹਾ ਜਾਂਦਾ ਹੈ ਤੇ ਪਹਿਲੇ ਤੀਰਥੰਕਰ ਰਾਜਾ ਰਿਸ਼ਭਦੇਵ ਜੀ ਸਨ, ਜਿਨ੍ਹਾਂ ਦੇ ਪੁੱਤਰ ਰਾਜਾ ‘ਭਰਤ’ ਤੋਂ ‘ਭਾਰਤ’ ਨਾਂ ਪ੍ਰਸਿੱਧ ਹੋਇਆ।  ਭਗਵਾਨ ਮਹਾਂਵੀਰ ਜੀ ਤੋਂ ਪਹਿਲਾਂ 23 ਤੀਰਥੰਕਰ ਹੋ ਚੁੱਕੇ ਸਨ ਤੇ ਇਹ 24ਵੇਂ ਸਨ, ਜਿਨ੍ਹਾਂ ਦਾ ਜਨਮ (ਬਿਹਾਰ ’ਚ) 599 ਈਸਵੀ ਪੂਰਵ ਹੋਇਆ।  ਅਗਰ ਇਨ੍ਹਾਂ ਦੇ ਜਨਮ ਤੋਂ ਹੀ ਇਨ੍ਹਾਂ ਦੇ ਮੌਖਿਕ ਬਚਨਾਂ ਦੀ ਸ਼ੁਰੂਆਤ ਮੰਨੀਏ ਤਾਂ ਇਹ ਪੰਜਵੀਂ ਸਦੀ ਤੱਕ ਮੌਖਿਕ ਰਹੇ ਭਾਵ ਇਸ ਅਣਲਿਖਤ ਰਚਨਾ ਨੂੰ 973 ਸਾਲਾਂ ਬਾਅਦ ਲਿਖਤੀ ਰੂਪ ਦਿੱਤਾ ਗਿਆ।

(3). ਮਹਾਤਮਾ ਬੁੱਧ (ਗੌਤਮ ਬੁੱਧ ਜਾਂ ਸਿਧਾਰਥ) ਦਾ ਜਨਮ 566 ਈਸਵੀ ਪੂਰਵ (ਬਿਹਾਰ ’ਚ) ਹੋਇਆ। ਇਨ੍ਹਾਂ ਨੂੰ 35 ਸਾਲ ਦੀ ਉਮਰ (ਭਾਵ 531 ਈਸਵੀ ਪੂਰਵ) ’ਚ ਜੋ ਗਿਆਨ ਪ੍ਰਾਪਤ ਹੋਇਆ ਤੇ ਉਨ੍ਹਾਂ 80 ਸਾਲ ਦੀ ਉਮਰ ਤੱਕ ਇਸ ਦਾ ਪ੍ਰਚਾਰ ਵੀ ਕੀਤਾ, ਫਿਰ ਵੀ ਲਿਖਤੀ ਸੰਗ੍ਰਹਿ ਨਾ ਬਣ ਸਕਿਆ।  ਇਨ੍ਹਾਂ ਮੌਖਿਕ ਬਚਨਾਂ ਨੂੰ 85 ਈਸਵੀ ਪੂਰਵ (ਭਾਵ 446 ਸਾਲਾਂ ਬਾਅਦ) ਲੰਕਾ ਦੇ ਰਾਜੇ ਵਿਰਦਗਾਮਨੀ ਦੁਆਰਾ ਲਿਖਤੀ ਰੂਪ ਦਿੱਤਾ ਗਿਆ, ਆਦਿ।

ਉਕਤ ਦਿੱਤੀਆਂ ਕੁੱਝ ਕੁ ਮਿਸਾਲਾਂ ਵਾਙ ਹੀ ‘ਪਾਰਸੀ, ਯਹੂਦੀ, ਈਸਾਈ, ਇਸਲਾਮ’ ਇਤਿਆਦਿਕ ‘ਧਰਮ’ ਹਨ, ਜਿਨ੍ਹਾਂ ਦੇ ਪਵਿੱਤਰ ਗ੍ਰੰਥਾਂ ਨੂੰ ਈਸ਼ਵਰੀ ਬੋਲ ਮੰਨਿਆ ਜਾਂਦਾ ਹੈ, ਜੋ ‘ਅਪੁਰਸ਼’ ਰਚਨਾ ਹੈ ਭਾਵ ਇਨ੍ਹਾਂ ਦਾ ਕਰਤਾ ਕੋਈ ਮਨੁੱਖ ਨਹੀਂ। ਇਹ ਸਿੱਧੇ ਆਕਾਸ਼ ਤੋਂ ਧਰਤੀ ’ਤੇ ਉਤਰੇ ਹਨ, ਪਰ ਜਿਨ੍ਹਾਂ ਨੂੰ ਇਹ ਬੋਲ ਨਾਜ਼ਰ ਹੋਏ ਉਨ੍ਹਾਂ ਦੁਆਰਾ ਲਿਖਿਆ ਹੋਇਆ ਇੱਕ ਵੀ ਅੱਖਰ ਮੌਜੂਦ ਨਹੀਂ। ਪ੍ਰਚਲਿਤ ਰਵਾਇਤਾਂ ਤੇ ਮੌਖਿਕ ਬਚਨਾਂ ਨੂੰ ਆਧਾਰ ਮੰਨ ਕੇ ਹੀ ਉਨ੍ਹਾਂ ਦੇ ਪੈਰੋਕਾਰਾਂ ਨੇ ਇਨ੍ਹਾਂ ਮੌਖਿਕ ਬਚਨਾਂ ਨੂੰ ਲਿਖਤੀ ਰੂਪ ਦਿੱਤਾ ਹੋਇਆ ਹੈ।  ਮੌਖਿਕ ਰੂਪ ’ਚ ਬਦਲਾਅ ਦੀ ਸੰਭਾਵਨਾ ਨੂੰ ਕਿਸੇ ਵੀ ਹਾਲਤ ’ਚ ਰੋਕਿਆ ਨਹੀਂ ਜਾ ਸਕਦਾ ਤੇ ਪਵਿੱਤਰ ਪ੍ਰਵਚਨਾਂ ’ਚ ਵੱਡੇ ਫੇਰ ਬਦਲ ਹੋਏ ਹੋਣਗੇ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਭਲੀ-ਭਾਂਤ ਜਾਣੂ ਸਨ, ਇਸ ਲਈ ਉਨ੍ਹਾਂ ਆਪਣੀ ਰਚਨਾ ਨੂੰ ਆਪ ਲਿਖਤੀ ਰੂਪ ’ਚ ਸੰਭਾਲ਼ਿਆ ਤੇ ਫ਼ੁਰਮਾਇਆ ‘‘ਲਿਖੇ ਬਾਝਹੁ ਸੁਰਤਿ ਨਾਹੀ; ਬੋਲਿ ਬੋਲਿ ਗਵਾਈਐ ’’ (ਮਹਲਾ /੫੬੬)

‘ਧਰਮ’ ਦਾ ਅਰਥ ਹੈ ‘ਪਰਮਾਤਮਾ ਜਾਂ ਆਕਾਲ ਪੁਰਖ’ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈਣਾ ਹੈ। ਇਹ ਸ਼ਾਂਤੀਮਈ ਪਦ ਕੁਦਰਤ ਵਿੱਚੋਂ ਕੇਵਲ ਮਨੁੱਖ ਜਾਤੀ ਨੂੰ ਨਸੀਬ ਹੋਇਆ ਹੈ ਕਿਉਂਕਿ ‘ਧਰਮ’ ਦਾ ਸੰਬੰਧ ਬਾਕੀ ਜੂਨਾਂ ਨਾਲ਼ ਨਹੀਂ, ਇਸ ਲਈ ‘ਧਰਮ’ ਸ਼ਬਦ ਦੀ ਵਿਆਖਿਆ ਅਲੱਗ-ਅਲੱਗ ਦ੍ਰਿਸ਼ਟੀਕੋਣ ਤੋਂ ਹੁੰਦੀ ਆਈ ਹੈ।  ਸੰਸਾਰ ’ਚ ਮੌਜੂਦ ਹਰ ਧਰਮ ਦੇ ਅਨੁਯਾਈ ਲਈ ਆਪਣੇ-ਆਪਣੇ ਗੁਰੂ, ਪੀਰ, ਅਚਾਰੀਆ, ਇਸ਼ਟ ਆਦਿ ਦੁਆਰਾ ਦਿੱਤੀ ਗਈ (ਪੂਰਨ ਜਾਂ ਅਪੂਰਨ) ਸਿੱਖਿਆ ਉੱਤੇ ਵਿਸ਼ਵਾਸ ਧਾਰਨਾ ਤੇ ਉਸ ਦਾ ਪ੍ਰਚਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦਾ ਹੈ।  ਵਿਰਲੀਆਂ ਰੂਹਾਂ ਹੁੰਦੀਆਂ ਹਨ, ਜੋ ਪ੍ਰਚਲਿਤ ਅਨੇਕਾਂ ਗ਼ਲਤ ਧਾਰਨਾਵਾਂ ਤੋਂ ਮੁਕਤ ਹੋ ਸਚਾਈ ਦੀ ਤਲਾਸ਼ ਕਰਦੀਆਂ ਹਨ।

ਸਿੱਖਾਂ ਲਈ ਸਦਾਚਾਰ (ਨੈਤਿਕਤਾ) ਦਾ ਖ਼ਜ਼ਾਨਾ ‘ਗੁਰੂ ਗ੍ਰੰਥ ਸਾਹਿਬ’ ਜੀ ਹਨ। ਜਿਸ ਵਿੱਚ ਸੰਸਾਰ ਦੇ ਅਲੱਗ-ਅਲੱਗ ਇਲਾਕਿਆਂ ਨਾਲ਼ ਸੰਬੰਧਿਤ ਜਗਤ ਪ੍ਰਸਿੱਧ 35 ਮਹਾਂ ਪੁਰਸ਼ਾਂ (15 ਭਗਤ, 11 ਭੱਟ, 3 ਗੁਰਸਿੱਖ ਤੇ 6 ਗੁਰੂ ਸਾਹਿਬਾਨਾਂ) ਦੁਆਰਾ ਰਚੀ ਗਈ ਪਵਿੱਤਰ ਕਲਾਮ ਦਰਜ ਹੈ, ਜੋ ਸਮੂਹਿਕ ਮਾਨਵਤਾ ਲਈ ਰੂਹਾਨੀਅਤ ਦੇ ਨਾਲ਼-ਨਾਲ਼ ‘ਪਰਿਵਾਰਕ, ਸਮਾਜਿਕ, ਰਾਜਨੀਤਿਕ (ਕੂਟਨੀਤੱਗ), ਸਭਿਆਚਾਰਕ (ਸੰਸਿਤਕ), ਆਰਥਿਕ, ਦਾਰਸ਼ਨਿਕ’ ਆਦਿ ਵਿਸ਼ਿਆਂ ਦੀ ਢੁੱਕਵੀਂ ਤੇ ਤਰਕ ਸੰਗਤ ਨਜ਼ਰੀਏ ਨਾਲ਼ ਵਿਆਖਿਆ ਕਰਦੀ ਹੈ ਤਾਂ ਜੋ ਪੂਰਾ ਵਿਸ਼ਵ ਭੇਦ-ਭਾਵ ਮੁਕਤ ਆਪਸੀ ਪ੍ਰੇਮ ਕਾਇਮ ਕਰਦਾ ਹੋਇਆ ਸਰਬੋਤਮ ਜੂਨੀ ਦਾ ਮਾਲਕ (ਇਨਸਾਨ) ਕੁਦਰਤ ਦੇ ਨਿਰੰਤਰ ਵਿਕਾਸ ’ਚ ਮਹੱਤਵ ਪੂਰਨ ਰੋਲ ਅਦਾ ਕਰ ਸਕੇ ਕਿਉਂਕਿ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੀ ਰਚਨਾ (ਪਰਿਵਾਰ) ਹੈ।

ਧਰਮੀ ਵਿਅਕਤੀ ਲਈ ਹਰ ਧਰਮ ਦੀਆਂ ਚੰਗਿਆਈਆਂ ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਹਰ ਇਨਸਾਨ ਨਾਲ਼ ਪਿਆਰ ਤੇ ਆਪਣੇ ਸਿਧਾਂਤ ਦੀ ਵਿਲੱਖਣਤਾ ਦਾ ਅੰਤਰ ਪਛਾਣਿਆ ਜਾ ਸਕੇ, ਇਸ ਲਈ ਹੇਠਾਂ ਸੰਖੇਪ ’ਚ ਅਨਮਤ ਦੁਆਰਾ ‘ਧਰਮ’ ਦੀ ਕੀਤੀ ਵਿਆਖਿਆ ਨੂੰ ਵੀ ਵਿਚਾਰਿਆ ਜਾ ਰਿਹਾ ਹੈ।

(1). ‘ਪਾਰਸੀ ਧਰਮ’- ਇਸ ਦੇ ਸੰਚਾਲਕ (ਮੋਢੀ ਜਾਂ ਗੁਰੂ) ਮਹਾਂਰਿਸ਼ੀ ਜ਼ਰਤੁਸ਼ਤ (ਸਪਿਤਸਮਾ) ਜੀ ਸਨ, ਜੋ 600 ਈਸਵੀ ਪੂਰਵ ਈਰਾਨ ’ਚ ਪੈਦਾ ਹੋਏ।  15 ਸਾਲ ਦੀ ਉਮਰ ’ਚ ਇਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਪਰ ਇਨ੍ਹਾਂ 20 ਕੁ ਸਾਲ ਦੀ ਉਮਰ ’ਚ ਗ੍ਰਹਿਸਤੀ ਤਿਆਗ ਕੇ ਸਾਧੂ ਲਿਬਾਸ ਧਾਰਨ ਕਰ ਲਿਆ।  15 ਸਾਲ ਇਕਾਂਤ ’ਚ ਸਮਾਧੀ ਲਾਉਣ ਉਪਰੰਤ ਜੋ ਪ੍ਰਕਾਸ਼ ਹੋਇਆ, ਉਸ ਬਾਰੇ ਇਨ੍ਹਾਂ ਬਚਨ ਕੀਤਾ ਮੈਂ ਮਰ ਭਾਵੇਂ ਜਾਵਾਂ ਮੇਰੀਆਂ ਹੱਡੀਆਂ ਬੇਸ਼ੱਕ ਖਿੰਡਣ ਪੁੰਡਣ ਤੇ ਰੁਲ਼ ਜਾਣ ਪਰ ਮੈਂ ਕਦੇ ਵੀ ਆਪਣਾ ਭਰੋਸਾ ਨੇਕੀ (ਹੁਰਮਜ਼ਦ) ਦੇ ਪ੍ਰੇਮ ਤੋਂ ਨਹੀਂ ਹਟਾਵਾਂਗਾ

ਈਰਾਨੀ ਲੋਕ ਪਹਾੜਾਂ ਉੱਤੇ ਚੜ੍ਹ ਕੇ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਜਾਨਵਰਾਂ ਤੇ ਔਰਤਾਂ ਦੀ ਕੁਰਬਾਨੀ ਦੇਂਦੇ ਸਨ। ਜਿਸ ਨੂੰ ਇਨ੍ਹਾਂ ਨੇ ਵਿਰੋਧ ਕਰ ਬੰਦ ਕਰਵਾਇਆ, ਜੋਤਿਸ਼, ਭੂਤ-ਪ੍ਰੇਤ ਕੱਢਣ ਆਦਿ ਦਾ ਭਰਮ ਤੋੜਿਆ।  ਈਰਾਨੀ ਲੋਕ ‘ਸੂਰਜ, ਚੰਨ, ਧਰਤੀ, ਅਗਨੀ, ਪਾਣੀ, ਹਵਾ, ਆਕਾਸ਼’ ਆਦਿ ਨੂੰ ਦੇਵਤਾ ਮੰਨਦੇ ਸਨ/ਹਨ।  ਬੇਸ਼ੱਕ ‘ਪਾਰਸੀ ਧਰਮ’ ਨੇ ਦੇਵ ਪੂਜਾ ਬੰਦ ਕਰਾ ਕੇ ਰੱਬ ਨੂੰ ਹੀ ਸਰਬ ਸ਼ਕਤੀਮਾਨ ਮੰਨਿਆ ਪਰ ਇਹ ਆਪ ਅੱਜ ਵੀ ਅਗਨੀ ਪੂਜਾ ਨੂੰ ਪ੍ਰਮੁੱਖਤਾ ਦੇਂਦੇ ਹਨ।  ਲੀਬੀਆ ਦੇ ਰਾਜੇ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਅਨੇਕਾਂ ਪਾਰਸੀ ਲੋਕਾਂ ਸਮੇਤ ‘ਜ਼ਰਤੁਸ਼ਤ’ ਜੀ ਦੀ ਵੀ ਮੌਤ ਹੋ ਗਈ, ਬਾਕੀ ਬਚੇ ਜ਼ਿਆਦਾਤਰ ਪਾਰਸੀ ਭਾਰਤ ’ਚ ਆ ਵਸੇ।  ਹੁਣ ਵੱਡੇ ਵੱਡੇ ਅਮੀਰ ਲੋਕ ਇਸ ਧਰਮ ਦੇ ਅਨੁਯਾਈ ਹਨ, ਜਿਨ੍ਹਾਂ ਦੀ ਨਫ਼ਰੀ ‘ਬੰਬਈ, ਸੂਰਤ, ਗੁਜਰਾਤ’ ਆਦਿ ’ਚ ਪਾਈ ਜਾਂਦੀ ਹੈ।  ਇਹ ਮਨੁੱਖ, ਔਰਤ ਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਿਸੇ ਖੁਲ੍ਹੀ ਜਗ੍ਹਾ ਰੱਖ ਦਿੰਦੇ ਹਨ ਤਾਂ ਜੋ ਜਾਨਵਰ ਖਾ ਲੈਣ।

ਇਸ ‘ਧਰਮ’ ਅਨੁਸਾਰ ਦੋ ਸ਼ਕਤੀਆਂ (ਨੇਕੀ ਤੇ ਬਦੀ) ਆਦਿ ਕਾਲ ਤੋਂ ਨਾਲ਼ ਨਾਲ਼ ਚਲਦੀਆਂ ਹਨ।  ‘ਨੇਕੀ’ ਨੂੰ ਇਹ ‘ਹੁਰਮਜ਼ਦ’ ਤੇ ਬਦੀ ਨੂੰ ‘ਅਹੁਰਿਮਾਂ’ ਮੰਨਦੇ ਹਨ।  ਇਨ੍ਹਾਂ ਅਨੁਸਾਰ ਅੰਤ ਨੂੰ ‘ਅਹੁਰਿਮਾਂ’ ਦੀ ਹਾਰ ਤੇ ‘ਹੁਰਮਜ਼ਦ’ ਦੀ ਜਿੱਤ ਹੋਵੇਗੀ।  ਗੁਰਬਾਣੀ ਇਸ ਵਿਚਾਰ ਨੂੰ ਇਉਂ ਲੈਂਦੀ ਹੈ ‘‘ਕੂੜ ਨਿਖੁਟੇ ਨਾਨਕਾ  !  ਓੜਕਿ (ਅੰਤ ਨੂੰ) ਸਚਿ ਰਹੀ ’’ (ਮਹਲਾ /੯੫੩)

(2). ‘ਬੁੱਧ ਤੇ ਜੈਨ ਧਰਮ’- ‘ਬੁੱਧ ਧਰਮ’ ਦਾ ਸੰਚਾਲਕ ‘ਗੌਤਮ ਬੁੱਧ’ (ਜਨਮ 566 ਈਸਵੀ ਪੂਰਵ) ਤੇ ‘ਜੈਨ ਧਰਮ’ ਦਾ ਸੰਚਾਲਕ (ਆਮ ਤੌਰ ’ਤੇ) ‘ਭਗਵਾਨ ਮਹਾਂਵੀਰ’ ਜੀ (ਜਨਮ 599 ਈਸਵੀ ਪੂਰਵ) ਨੂੰ ਮੰਨਿਆ ਜਾਂਦਾ ਹੈ।  ‘ਵਰਧਮਾਨ’ ਜਾਂ ‘ਮਹਾਂਵੀਰ’ ਨਾਮ ਇਨ੍ਹਾਂ ਨੂੰ ਸਤਿਕਾਰ ਵਜੋਂ ਮਿਲਿਆ ਹੈ ਜਦਕਿ ਇਨ੍ਹਾਂ ਦੇ ਅਸਲ ਨਾਂ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ।  ‘ਮਹਾਂਵੀਰ’ ਦਾ ਅੱਖਰੀਂ ਅਰਥ ਹੈ ‘ਵਿਕਾਰਾਂ ਉੱਤੇ ਫ਼ਤਿਹ ਪਾਉਣ ਵਾਲ਼ਾ ਯੋਧਾ’।  ਛੋਟੀ ਉਮਰ ’ਚ ਹੀ ਇੱਕ ਬ੍ਰਾਹਮਣ ਸੋਮਦਤ ਦੇ ਮੰਗਣ ’ਤੇ ਇਨ੍ਹਾਂ ਨੇ ਆਪਣਾ ਕੀਮਤੀ ਬਸਤਰ ਉਤਾਰ ਕੇ ਉਸ ਨੂੰ ਦਾਨ ਕਰ ਦਿੱਤਾ ਫਿਰ ਸਾਰੀ ਉਮਰ ਨਿਰ ਬਸਤਰ (ਨੰਗੇ) ਹੀ ਵਿਚਰਦੇ ਰਹੇ।  ਉਕਤ ਦੋਵੇਂ ਮਹਾਤਮਾ ਦਾ ਜਨਮ ਬਿਹਾਰ ’ਚ ਹੋਇਆ ਹੈ।

ਬੁਢੇਪੇ ਤੇ ਮੌਤ ਨੂੰ ਵੇਖ ਕੇ ਅਸ਼ਾਂਤ ਹੋਏ ਮਨ ਵਾਸਤੇ ਸ਼ਾਂਤੀ ਦੀ ਤਲਾਸ਼ ਕਰਦਿਆਂ ‘ਗੌਤਮ ਬੁੱਧ’ ਨੇ 28 ਸਾਲ ਦੀ ਉਮਰ ’ਚ ਆਪਣਾ ਰਾਜ ਘਰਾਣਾ ਤਿਆਗ ਕੇ ਜੰਗਲ਼ਾਂ ’ਚ ਜਾਣ ਦਾ ਫ਼ੈਸਲਾ ਕਰ ਲਿਆ। ਇਨ੍ਹਾਂ ਦੀ ਮਾਤਾ ਕੇਵਲ 7 ਦਿਨਾਂ ਦੇ ਨੂੰ ਛੱਡ ਕੇ ਹੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਸੀ, ਇਨ੍ਹਾਂ ਦਾ ਪਾਲਣ-ਪੋਸ਼ਣ ਦਾਸੀਆਂ ਨੇ ਕੀਤਾ ਸੀ। 

ਦੂਸਰੇ ਪਾਸੇ ਮਾਤਾ ਪਿਤਾ ਦੀ ਮੌਤ ਉਪਰੰਤ ਵੱਡੇ ਭਰਾ ਤੋਂ ਆਗਿਆ ਲੈ ਕੇ ‘ਮਹਾਂਵੀਰ’ ਜੀ ਨੇ ਵੀ ਜੰਗਲ਼ ਨੂੰ ਆਪਣਾ ਘਰ ਬਣਾ ਲਿਆ।  ਇਨ੍ਹਾਂ ਫ਼ੈਸਲਿਆਂ ਦੌਰਾਨ ‘ਮਹਾਤਮਾ ਬੁੱਧ’ ਜੀ ਦਾ ਇੱਕ ਪੁੱਤਰ (ਰਾਹੁਲ) ਸੀ ਤੇ ‘ਮਹਾਂਵੀਰ’ ਜੀ ਦੀ ਇੱਕ ਬੇਟੀ (ਪ੍ਰਿਆਦਰਸ਼ਨ) ਸੀ ਭਾਵ ਦੋਵੇਂ ਗ੍ਰਹਿਸਤੀ ਪਰਵਾਰ ਸਨ।

‘ਮਹਾਤਮਾ ਬੁੱਧ’ ਜੀ ਨੇ 7 ਸਾਲ ਅਤੇ ‘ਮਹਾਂਵੀਰ’ ਜੀ ਨੇ 12 ਸਾਲ ਜੰਗਲ਼ ਦੇ ਇਕਾਂਤ ’ਚ ਭੁੱਖੇ-ਭਾਣੇ ਰਹਿ ਕੇ, ਜੋ ਗਿਆਨ ਰਸ ਪ੍ਰਾਪਤ ਕਰਨ ’ਚ ਸਫਲਤਾ ਪਾਈ, ਉਸ ਅਵਸਥਾ ਨੂੰ ‘ਮਹਾਤਮਾ ਬੁੱਧ’ ਜੀ ਨੇ ‘ਨਿਰਵਾਣ’ (ਸੰਸਾਰਕ ਬੰਧਨਾਂ ਤੋਂ ਮੁਕਤੀ) ਤੇ ‘ਮਹਾਂਵੀਰ’ ਜੀ ਨੇ ‘ਕੈਵਲਯ’ (ਕੇਵਲ ਏਕਤਾ) ਵਰਣਨ ਕੀਤਾ, ਜਿਸ ਵਿੱਚ ‘ਅਹਿੰਸਾ, ਸ਼ਾਂਤੀ, ਤਿਆਗ, ਮਨ ਦੀ ਸ਼ੁੱਧਤਾ ਤੇ ਉੱਚੀ ਅਕਲ’ ਆਦਿ ਗੁਣਾਂ ਦੀ ਵਿਆਖਿਆ ਹੈ।

ਉਕਤ ਦੋਵੇਂ ‘ਧਰਮਾਂ’ ਨੂੰ ਮਿਲਾ ਕੇ ਵਿਚਾਰਨ ਦਾ ਮਤਲਬ ਇਹ ਸੀ ਕਿ ਇਨ੍ਹਾਂ ’ਚ ਕੁੱਝ ਕੁ ਸਿਧਾਂਤਕ ਸਮਾਨਤਾ ਹੈ; ਜਿਵੇਂ ਕਿ ‘ਦੋਵੇਂ ਹੀ ਧਰਮ, ਰੱਬੀ ਹੋਂਦ ਅਤੇ ਉਸ ਦੀ ਬਖ਼ਸ਼ਸ਼ ਉੱਤੇ ਵਿਸ਼ਵਾਸ ਨਹੀਂ ਰੱਖਦੇ।,  ਵਰਤ, ਜਾਤ-ਪਾਤ, ਵਹਿਮ-ਭਰਮ, ਦੇਵ ਤੇ ਪੱਥਰ ਪੂਜਾ ਆਦਿ ਦੋਵਾਂ ਲਈ ਵਰਜਿਤ ਹਨ।, ਆਪਸੀ ਪ੍ਰੇਮ, ਔਰਤ ਦਾ ਸਤਿਕਾਰ ਤੇ ਉਦਾਰਤਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ।  ‘ਬੁੱਧ ਧਰਮ’ ਗ੍ਰਹਿਸਤ (‘ਮਧ ਮਾਰਗ’, ਨਾ ਬਹੁਤੇ ਭੋਗ, ਨਾ ਤਿਆਗ) ਧਰਮ ਹੈ ਜਦਕਿ ‘ਜੈਨ ਧਰਮ’ ਗ੍ਰਹਿਸਤ ਅਤੇ ਤਿਆਗ (ਸੰਨਿਆਸ) ਦਾ ਹਿਮਾਇਤੀ ਹੈ।  ਪੱਕੇ ‘ਜੈਨੀ ਸਾਧੂ’ ਆਪਣੇ ਆਪ ਨੂੰ ‘ਮਹਾਂਵੀਰ’ ਜੀ ਵਾਙ ਨੰਗਾ (ਦਿਗੰਬਰ) ਰਹਿਣਾ, ਬਿਨਾਂ ਮੰਗਿਆਂ ਮਿਲਿਆ ਭੋਜਨ ਛੱਕਣਾ ਤੇ ਕੁੰਭ ਇਸ਼ਨਾਨ ਆਦਿ ਕਰਨਾ, ਜ਼ਰੂਰੀ ਮੰਨਦੇ ਹਨ ਜਦਕਿ ਦੂਜੀ ਸ਼੍ਰੇਣੀ ਵਾਲ਼ੇ ਜੈਨੀ, ਸਰੀਰ ਉੱਤੇ ਬਸਤਰ ਪਹਿਨਦੇ ਹਨ ਤੇ ਗ੍ਰਹਿਸਤੀ ਜੀਵਨ ’ਚ ਯਕੀਨ ਰੱਖਦੇ ਹਨ।  ਜੈਨੀ ਲੋਕ ਮੰਦਿਰਾਂ ਦੀ ਬਜਾਏ ਮੱਠਾਂ ਨਾਲ਼ ਜੁੜੇ ਹਨ।

ਗ੍ਰਹਿਸਤੀ ਦਾ ਤਿਆਗ ਕਰਨ ਵਾਲ਼ੇ ਜੈਨੀ ਸਾਧੂ, ਆਮ ਤੌਰ ’ਤੇ ਗ੍ਰਹਿਸਤੀ ਜੈਨੀਆਂ ਦੇ ਪ੍ਰਚਾਰਕ ਹਨ।  ਕਈ ਜੰਗਲ਼ ਨਿਵਾਸੀਆਂ ਨੂੰ ਭੋਜਨ ਦੀ ਕਮੀ ਰਹਿੰਦੀ ਹੈ ਤੇ ਉਹ ਮੰਗਣ ਤੋਂ ਸੰਕੋਚ ਕਰਦੇ ਹਨ, ਜੂਠੀ ਰਹਿੰਦ-ਖੂੰਹਦ ਨਾਲ਼ ਹੀ ਜੀਵਨ ਬਸਰ ਕਰਦੇ ਹਨ।  ਅਹਿੰਸਾ ਦੇ ਪੂਜਾਰੀ ਹੋਣ ਕਾਰਨ ਪਾਣੀ ਨਾਲ਼ ਇਸ਼ਨਾਨ ਨਹੀਂ ਕਰਦੇ ਤਾਂ ਜੋ ਕੋਈ ਜੀਵ ਹੱਤਿਆ ਨਾ ਹੋ ਜਾਵੇ। ਇਸ ਕੁਚੀਲ ਜ਼ਿੰਦਗੀ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ‘‘ਇਕਿ ਜੈਨੀ ਉਝੜ ਪਾਇ; ਧੁਰਹੁ ਖੁਆਇਆ   ਤਿਨ ਮੁਖਿ ਨਾਹੀ ਨਾਮੁ ਤੀਰਥਿ ਨ੍ਾਇਆ   ਹਥੀ ਸਿਰ ਖੋਹਾਇ ਭਦੁ ਕਰਾਇਆ (ਨਾ ਸਿਰ ਮਨਾਉਂਦੇ  ਕੁਚਿਲ ਰਹਹਿ ਦਿਨ ਰਾਤਿਸਬਦੁ ਭਾਇਆ (ਅਕਲ ਨਾ ਪਸੰਦ)  ਤਿਨ ਜਾਤਿ , ਪਤਿ ਕਰਮੁ; ਜਨਮੁ ਗਵਾਇਆ   ਮਨਿ ਜੂਠੈ ਵੇਜਾਤਿ; ਜੂਠਾ ਖਾਇਆ   ਬਿਨੁ ਸਬਦੈ; ਆਚਾਰੁ , ਕਿਨ ਹੀ ਪਾਇਆ   ਗੁਰਮੁਖਿ; ਓਅੰਕਾਰਿ ਸਚਿ ਸਮਾਇਆ ’’ (ਮਹਲਾ /੧੨੮੫)

(3). ਵੈਦਿਕ ਧਰਮ ਜਾਂ ਹਿੰਦੂ ਧਰਮ-ਇਸ ਧਰਮ ਦਾ ਪਿਛੋਕੜ ਵੀ ਈਰਾਨ ਦੇ ਆਰੀਅਨ ਲੋਕ ਹਨ, ਜੋ 1500 ਤੋਂ 1000 ਈਸਵੀ ਪੂਰਵ ਭਾਰਤ ’ਚ ਆਏ।  ਇਨ੍ਹਾਂ ਵਿੱਚ ਜ਼ਿਆਦਾਤਰ ਸਿਆਸੀ ਸੋਚ ਰੱਖਣ ਵਾਲ਼ੇ ਲੋਕ ਸਨ, ਜੋ ਈਰਾਨ ਦੀ ਲੜਾਈ ’ਚ ਹਾਰਨ ਕਾਰਨ ਆਪਣਾ ਦੇਸ਼ (ਈਰਾਨ) ਛੱਡ ਆਏ ਸਨ।  ਭਾਰਤ ਦੇ ਮੂਲ ਵਾਸੀ ਦਰਾਵੜ ਲੋਕ, ਜਿਨ੍ਹਾਂ ਨੂੰ ਭਾਰਤ ਦਾ ਪ੍ਰਾਚੀਨ ਵਰਗ ਕਿਹਾ ਜਾਂਦਾ ਹੈ, ਨਾਲ਼ ਸਦੀਆਂ ਤੱਕ ਇਨ੍ਹਾਂ ਆਰੀਅਨ ਲੋਕਾਂ ਨੇ ਰਾਜਨੀਤਿਕ ਸੰਘਰਸ਼ ਕੀਤਾ, ਜਿਸ ਦਾ ਵਰਣਨ ‘ਵੇਦਾਂ’ (ਰਿਗਵੇਦ ਆਦਿਕ) ’ਚ ਦਰਜ ਹੈ। ਇਹੀ ‘ਵੈਦਿਕ ਧਰਮ’ ਦਾ ਆਧਾਰ ਹਨ।

(ੳ). ‘ਰਿਗ ਵੇਦ’- ‘ਰਿਗ’ ਦਾ ਅਰਥ ਹੈ: ‘ਉਪਮਾ’।  ਇਹ ਉਪਮਾ ‘ਅਗਨਿ, ਸੂਰਜ ਤੇ ਇੰਦਰ’ ਦੇਵਤੇ ਅੱਗੇ ਕੀਤੀ ਪ੍ਰਾਰਥਨਾ ਹੈ। ‘ਇੰਦਰ’ ਆਰੀਅਨ ਰਾਜਾ ਸੀ, ਜੋ ਰਾਜਾ ਵਾਮਨ (ਬੌਣਾ) ਦਾ ਵੱਡਾ ਭਰਾ ਸੀ, ਜਿਸ ਨੇ ਢਾਈ ਕਦਮ ਨਾਲ਼ ਸਾਰੀ ਧਰਤੀ ਨਾਪੀ, ਮੰਨੀ ਗਈ ‘‘ਕਰਉ ਅਢਾਈ, ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ’’ (ਮਹਲਾ /੧੩੪੪)

‘ਵੈਦਿਕ ਧਰਮ’ ’ਚ ‘ਰਿਗ ਵੇਦ’ ਪਹਿਲੀ ਸਾਹਿਤਕ ਰਚਨਾ ਹੈ, ਜਿਸ ਨੂੰ ਕਈ ਪੀੜ੍ਹੀਆਂ ’ਚ 4 ਪਰੋਹਤਾਂ (ਵਿਸ਼ਵਾਮਿਤਰ ‘ਇਲਾਕਾ ਆਗਰਾ’, ਵਸ਼ਿਸ਼ਟ ‘ਇਲਾਕਾ ਮੇਰਠ ਤੋਂ ਅੰਬਾਲਾ’, ਭਾਰਦ੍ਵਾਜ ‘ਇਲਾਕਾ ਆਗਰੇ ਤੋਂ ਰੁਹੇਲ ਖੰਡ’ ਤੇ ਗੋਤਮ ਰਿਸ਼ੀ) ਦੁਆਰਾ ਲਿਖੇ ਮੰਤ੍ਰਾਂ ਨਾਲ਼ ਸੰਪੂਰਨ ਕੀਤਾ ਗਿਆ, ਇਹ ਕਾਲ 1500 ਈਸਵੀ ਪੂਰਵ ਸੀ, ਜੋ ਰਾਮਚੰਦ੍ਰ ਜੀ ਦਾ ਸਮਾਂ ਹੈ। ਵਸ਼ਿਸ਼ਟ ਰਿਸ਼ੀ; ਰਾਮਚੰਦ੍ਰ ਜੀ ਦੇ ਗੁਰੂ ਅਤੇ ਵਿਸ਼ਵਾਮਿਤਰ ਰਿਸ਼ੀ ਰਾਮਚੰਦ੍ਰ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ਉਸਤਾਦ ਭੀ ਸਨ।

‘ਰਿਗ ਵੇਦ’ ਦੇ ਅਖੀਰ ’ਚ ਇੱਕ ਈਸ਼੍ਵਰਵਾਦ (ਅਦ੍ਰਿਸ਼ ਸ਼ਕਤੀ) ਦੀ ਹੋਂਦ ਨੂੰ ਭੀ ਸਵੀਕਾਰਿਆ ਗਿਆ ਹੈ ਸ਼ਾਇਦ ਇਸ ਨੂੰ ਬਾਅਦ ’ਚ ਦਰਜ ਕੀਤਾ ਗਿਆ ਹੋਵੇ।  ਗੁਰਬਾਣੀ ਇਨ੍ਹਾਂ ਗੁਣਕਾਰੀ ਵਿਚਾਰਾਂ ਬਾਰੇ ਆਪਣੀ ਗਵਾਹੀ ਇਉਂ ਭਰਦੀ ਹੈ ‘‘ਵੇਦਾ ਮਹਿ ਨਾਮੁ ਉਤਮੁ, ਸੋ ਸੁਣਹਿ ਨਾਹੀ; ਫਿਰਹਿ ਜਿਉ ਬੇਤਾਲਿਆ ’’ (ਮਹਲਾ /੯੧੯)

(ਅ). ਯਜੁਰ ਵੇਦ- ‘ਯਜੁਰ’ ਦਾ ਅਰਥ ਹੈ: ‘ਕੁੱਛ ਦੇਣਾ ਜਾਂ ਯੱਗ ਕਰਨਾ’।  ਇਸ ਅੰਦਰ ਯੱਗ ਅਤੇ ਬਲੀਦਾਨ ਦੇਣ ਸਮੇਂ ਪੜ੍ਹੇ ਜਾਣ ਵਾਲ਼ੇ ਮੰਤਰ ਤੇ ਕੀਤੀਆਂ ਜਾਣ ਵਾਲ਼ੀਆਂ ਰਸਮਾਂ ਦਾ ਜ਼ਿਕਰ ਹੈ।

(ੲ). ਸਾਮ ਵੇਦ-‘ਸਮਨ’ ਦੇ ਅਰਥ ਹਨ: ‘ਗਾਉਣਾ’।  ਇਸ ਵੇਦ ’ਚ ਰਿਗ ਵੇਦ ਦੇ ਮੰਤ੍ਰਾਂ ਨੂੰ ਬਹੁਤ ਸਾਰੇ ਭਜਨ-ਰਾਗਾਂ ਅਨੁਸਾਰ ਤਰਤੀਬ ਦਿੱਤੀ ਗਈ ਹੈ।  ਇਸ ਵੇਦ ਨੂੰ ਭਾਰਤੀ ਰਾਗਾਂ ਦਾ ਪ੍ਰਾਚੀਨ ਸ੍ਰੋਤ ਕਿਹਾ ਜਾ ਸਕਦਾ ਹੈ।

(ਸ). ਅਥਰਵ (ਜਾਂ ਅਥਰਵਣ) ਵੇਦ-‘ਅਥਰਵ’ ਦਾ ਅਰਥ ਹੈ: ‘ਹਵਨ ਕਰਵਾਉਣ ਵਾਲ਼ਾ’।  ਇਸ ਸਭ ਤੋਂ ਛੋਟੇ ਵੇਦ ’ਚ ਯੱਗ, ਹੋਮ ਆਦਿ ਕਰਨ ਦੀ ਵਿਧੀ ਤੇ ਯੱਗ ਕਰਵਾਉਣ ਵਾਲ਼ਿਆਂ ਦੀਆਂ ਕਿਸਮਾਂ ਦਾ ਜ਼ਿਕਰ ਹੈ।

ਉਕਤ ਕੀਤੀ ਗਈ ਵੇਦਾਂ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਵੇਦ;  ਸੰਸਾਰ ਅਤੇ ਭਾਰਤ ਦਾ ਪ੍ਰਾਚੀਨ ਇਤਿਹਾਸ ਹੈ, ਨਾ ਕਿ ਰੂਹਾਨੀਅਤ ਮਾਰਗ-ਦਰਸ਼ਨ।  ਵੈਦਿਕ ਧਰਮ ਦੁਆਰਾ ਉਲੀਕੇ ਚਾਰੇ ਯੁੱਗ (ਸਤਿਯੁੱਗ, ਤ੍ਰੇਤਾ, ਦੁਆਪਰ ਤੇ ਕਲਿਯੁੱਗ) ਵੀ 5000 ਸਾਲ ਤੋਂ ਪੁਰਾਣੇ ਨਹੀਂ।  ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ‘ਹਿੰਦੂ ਧਰਮ’ ਦਾ ਆਧਾਰ ਆਰੀਅਨ ਲੋਕ ਹਨ ਜਦਕਿ ਨਿਰਾਕਾਰ ਦੀ ਭਗਤੀ ਪਰੰਪਰਾ ਦਾ ਬੀਜ ਸਭ ਤੋਂ ਪਹਿਲਾਂ ਭਾਰਤ ’ਚ ਬੋਇਆ ਗਿਆ ਹੈ। ਇਸੇ ਲਹਿਰ ਦੇ 15 ਭਗਤਾਂ ਦੀ ਬਾਣੀ; ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹੈ। ਹਿੰਦੂ ਧਰਮ ਅਤੇ ਸਨਾਤਨ ਧਰਮ ਦੋ ਭਿੰਨ ਭਿੰਨ ਵਿਚਾਰਧਾਰਾ ਵਾਲ਼ੇ ਧਰਮ ਹਨ। ਸਨਾਤਨ ਧਰਮ ’ਚੋਂ ਨਿਰਾਕਾਰ ਦੀ ਭਗਤੀ ਲਹਿਰ ਉਪਜੀ ਹੈ ਅਤੇ ਹਿੰਦੂ ਧਰਮ; ਆਕਾਰ (ਮੂਰਤੀ, ਦੇਵਤਿਆਂ ਆਦਿ) ਦਾ ਪੂਜਾਰੀ ਹੈ।

‘ਸਨਾਤਨ ਧਰਮ’ ਨਾਲ਼ ਸੰਬੰਧਿਤ ਲਗਭਗ 200 ਉਪਨਿਸ਼ਦਾਂ ਹਨ, ਜਿਨ੍ਹਾਂ ਦੀ ਰਚਨਾ ਦਾਰਸ਼ਨਿਕ ਲੋਕਾਂ ਦੁਆਰਾ ਲਗਭਗ 2500 ਵਰ੍ਹੇ ਪਹਿਲਾਂ ਹੋਈ ਭਾਵ ਵੇਦਾਂ ਤੋਂ 1000 ਸਾਲ ਬਾਅਦ ’ਚ।  ਇਸ 1000 ਸਾਲ ਵਿੱਚ ਹੀ ਬ੍ਰਾਹਮਣਾਂ ਦੁਆਰਾ ਅਨੇਕਾਂ ਲਿਖਤਾਂ ਲਿਖੀਆਂ ਗਈਆਂ, ਜਿਨ੍ਹਾਂ ਰਾਹੀਂ ਲੁਕਾਈ ਨੂੰ ਜਾਦੂ, ਟੂਣੇ, ਜੰਤਰ-ਮੰਤ੍ਰ, ਵਹਿਮ-ਭਰਮ ਆਦਿ ਬਣਾ ਕੇ ਡਰਾਇਆ ਗਿਆ, ਪਰ ਕੁੱਝ ਉਪਨਿਸ਼ਦਾਂ ਦੇ ਲੇਖਕ ਬੜੇ ਤੱਤਵੇਤਾਂ ਸਨ, ਜਿਨ੍ਹਾਂ ਨੇ ਸਮਾਜ ਨੂੰ ਇਸ ਅੰਧਵਿਸ਼ਵਾਸ ’ਚੋਂ ਬਚਾਉਣ ਦਾ ਯਤਨ ਕੀਤਾ; ਜਿਵੇਂ ਕਿ ਬ੍ਰਿਹਦਾਰਣਯਕ ਉਪਨਿਸ਼ਦ ਦੇ ਕਰਤਾ ਯਾਗਵਲਕ ਜੀ (600 ਈਸਵੀ ਪੂਰਵ) ਲਿਖਦੇ ਹਨ ਕਿ ‘ਜੋ ਆਤਮਾ ਤੋਂ ਬਿਨਾਂ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਕਰਦਾ ਹੈ, ਉਹ ਦੇਵਤਿਆਂ ਦਾ ਪਾਲਤੂ ਪਸ਼ੂ ਹੈ।’  ਇਨ੍ਹਾਂ ਹੋਰ ਲਿਖਿਆ ਕਿ ‘ਬ੍ਰਹਮ ਦੇ ਦੋ ਰੂਪ ਹਨ ‘ਸਰਗੁਣ ਤੇ ਨਿਰਗੁਣ’, ਇੱਕ ਨਾਸਵੰਤ ਤੇ ਦੂਸਰਾ ਅਬਿਨਾਸ਼ੀ;  ਨਾ ਉਹ ਲੰਮਾ ਨਾ ਚੌੜਾ, ਨਾ ਉਹ ਰੂਪ, ਰਸ, ਗੰਧ, ਅੱਖ, ਕੰਨ, ਮਨ, ਬਾਣੀ (ਬੋਲੀ), ਪ੍ਰਾਣਾਂ (ਸੁਆਸਾਂ) ਤੇ ਮੂੰਹ ਵਾਲ਼ਾ ਹੈ’।  ਗੁਰਬਾਣੀ ਇਨ੍ਹਾਂ ਵਿਚਾਰਾਂ ਨੂੰ ਇਉਂ ਸਪਸ਼ਟ ਕਰਦੀ ਹੈ ‘‘ਆਪੇ ਸੂਰੁ, ਕਿਰਣਿ ਬਿਸਥਾਰੁ   ਸੋਈ ਗੁਪਤੁ, ਸੋਈ ਆਕਾਰੁ   ਸਰਗੁਣ, ਨਿਰਗੁਣ; ਥਾਪੈ ਨਾਉ   ਦੁਹ ਮਿਲਿ, ਏਕੈ ਕੀਨੋ ਠਾਉ (ਮਹਲਾ /੩੮੭), ਰੂਪੁ , ਰੇਖ , ਰੰਗੁ ਕਿਛੁਤ੍ਰਿਹੁ ਗੁਣ ਤੇ ਪ੍ਰਭ ਭਿੰਨ ’’ (ਮਹਲਾ /੨੮੩) ਆਦਿ।  ਕਈ ਉਪਨਿਸ਼ਦਾਂ ’ਚ ਯੱਗਾਂ ਤੇ ਦੇਵਤਿਆਂ ਦੀ ਨਿਖੇਧੀ ਕੀਤੀ ਗਈ ਹੈ। ਅਜਿਹਾ ਜਾਪਦੈ ਕਿ ਹਿੰਦੂ (ਆਰੀਅਨ) ਧਰਮ ਅਤੇ ਸਨਾਤਨ ਧਰਮ ’ਚ ਲੰਮੇ ਸਮੇਂ ਤੋਂ ਧਾਰਮਕ ਸੰਘਰਸ਼ ਵੀ ਹੁੰਦਾ ਆਇਐ ਜੋ ਹੁਣ ਵੀ ਜਾਰੀ ਹੈ। ਜ਼ਿਆਦਾਤਰ ਉਪਨਿਸ਼ਦਾਂ ਦਾ ਭਾਵਾਰਥ ‘ਆਤਮਾ ਤੇ ਬ੍ਰਹਮ’ ਦਾ ਗਿਆਨ ਹੈ। ਕਈ ਉਪਨਿਸ਼ਦ ਸਿਧਾਂਤ ਵਿਗਾੜਨ ਲਈ ਹਿੰਦੂ ਪੰਡਿਤਾਂ ਦੁਆਰਾ ਲਿਖੇ ਹੋ ਸਕਦੇ ਹਨ।  ‘ਬ੍ਰਹਮ’ ਤੋਂ ਭਾਵ ਪਰਮ-ਆਤਮਾ ਜਾਂ ਈਸ਼ਵਰ (ਰੱਬ) ਹੈ ਤੇ ‘ਆਤਮਾ’ ਤੋਂ ਭਾਵ ਮਨੁੱਖ ਦਾ ਆਪਾ ਹੈ, ਜਿਸ ਨੂੰ ਜੀਵਾਤਮਾ ਕਿਹਾ ਜਾਂਦਾ ਹੈ।

ਆਰੀਅਨ ਲੋਕ ਕੂਟਨੀਤੱਗ (ਨੀਤੀਵਾਨ) ਲੋਕ ਸਨ, ਜੋ ਆਪਣਾ ਨਫ਼ਾ-ਨੁਕਸਾਨ ਪੂਰਾ ਕਰਨਾ ਜਾਣਦੇ ਸਨ, ਇਨ੍ਹਾਂ ਨੇ ਪਰੋਹਤ ਸ਼੍ਰੇਣੀ ਰਾਹੀਂ 6 ਸ਼ਾਸਤਰ ਤੇ 27 ਸਿਮਰਤੀਆਂ ਲਿਖਵਾ ਦਿੱਤੀਆਂ, ਜੋ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ਲਈ ਹੋਰ ਗਰਮ ਹਵਾਵਾਂ ਸਾਬਤ ਹੋਈਆਂ।  ‘ਧਰਮ’ ਦੇ ਨਾਂ ’ਤੇ ਲਿਖੀਆਂ ਇਨ੍ਹਾਂ ਕਿਤਾਬਾਂ ’ਚ ਆਰੀਅਨ ਤੇ ਦਰਾਵੜ (ਸਨਾਤਨੀ) ਲੋਕਾਂ ਦੇ ਆਪਸੀ ਸੰਘਰਸ਼ ’ਚ ਮਾਰੇ ਗਏ ਆਰੀਅਨ ਰਾਜਿਆਂ ਨੂੰ ਦੇਵਤੇ ਬਣਾ ਲਿਆ ਗਿਆ, ਜਿਨ੍ਹਾਂ ਦੀ ਗਿਣਤੀ 33 ਕਰੋੜ ਹੋ ਗਈ।  ਗੁਰਬਾਣੀ ਵੀ ਇਸ ਦੀ ਗਵਾਹੀ ਭਰਦੀ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਦੂਸਰੇ ਪਾਸੇ ਦਰਾਵੜਾਂ ’ਚ ਵੰਡੀਆਂ ਪਾਉਣ ਲਈ ਜਾਤ-ਪਾਤ ਨੂੰ ਆਧਾਰ ਬਣਾਇਆ ਗਿਆ। ਬ੍ਰਹਮਾ ਦੇ ਮੂੰਹ ’ਚੋਂ ਪੈਦਾ ਹੋਣ ਵਾਲ਼ਾ ਬ੍ਰਾਹਮਣ (ਪੰਡਿਤ), ਭੁਜਾਂ (ਬਾਂਹਾਂ) ’ਚੋਂ ਪੈਦਾ ਹੋਣ ਵਾਲ਼ਾ ਖੱਤਰੀ, ਜਾਂਗ (ਪੱਟਾਂ) ’ਚੋਂ ਹੈਦਾ ਹੋਣ ਵਾਲ਼ਾ ਵੈਸ਼ ਤੇ ਪੈਰਾਂ ’ਚੋਂ ਪੈਦਾ ਹੋਣ ਵਾਲ਼ਾ ਸ਼ੂਦਰ (ਦਰਾਵੜ, ਪ੍ਰਾਚੀਨ ਭਾਰਤੀ) ਐਲਾਨਿਆ ਗਿਆ।  ਇਨ੍ਹਾਂ ਦੇ ਜਨਮ (ਜੰਝੂ ਧਾਰਨ ਤੋਂ ਲੈ ਕੇ) ਮਰਨ (ਪਿਤਰ ਕਿਰਿਆ ਤੱਕ) ਭਾਵ ਸ਼ਗਨ-ਅਪਸ਼ਗਨ (ਸੂਤਕ-ਪਾਤਕ) ਕਾਰਜਾਂ ’ਚ ਅੰਤਰ ਰੱਖਿਆ ਗਿਆ।

(ੳ). ਸ਼ਾਸਤਰਾਂ ਅਨੁਸਾਰ ਜਨੇਊ (ਜੰਝੂ) ਧਾਰਨ ਵਾਲ਼ਾ ਅਨੁਪਾਤ (ਵਿਤਕਰਾ) ਇਹ ਹੈ :

(1). ਬ੍ਰਾਹਮਣ ਲਈ ਜਨੇਊ ਕਪਾਸ (ਕਪਾਹ) ਦਾ ਹੋਵੇ, ਖੂਹ ’ਤੇ ਬੈਠ ਕੇ ਵੱਟ ਚਾੜਿਆ ਹੋਵੇ।  ਕਾਲੇ ਹਿਰਨ ਦੀ ਖੱਲ ਪਹਿਨੀ ਹੋਵੇ, ਬਸੰਤ ਰੁੱਤ ਹੋਵੇ ਤੇ ਉਮਰ 8 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ।

(2). ਖੱਤਰੀ ਲਈ ਸਣ ਦਾ ਜਨੇਊ ਹੋਵੇ, ਲਾਲ ਮਿਰਗ ਦੀ ਖੱਲ ਪਹਿਨੀ ਹੋਵੇ, ਗਰਮ ਰੁੱਤ ਤੇ ਉਮਰ 11 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ।

(3). ਵੈਸ਼ ਲਈ ਮੀਢੇ (ਭੇਡੂ) ਦੀ ਉੱਨ (ਜੱਤ) ਦਾ ਜਨੇਊ ਹੋਵੇ, ਬੱਕਰੇ ਦੀ ਖੱਲ ਪਹਿਨੀ ਹੋਵੇ, ਸ਼ਰਦ ਰੁੱਤ ਤੇ ਉਮਰ 12 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ, ਆਦਿ।  ਇਨ੍ਹਾਂ ਸ਼੍ਰੇਣੀਆਂ ’ਚ ਸ਼ੂਦਰ ਤੇ ਔਰਤ ਨੂੰ ਜਨੇਊ ਧਾਰਨ ਕਰਨ ਦਾ ਅਧਿਕਾਰ ਨਹੀਂ ਕਿਉਂਕਿ ਇਨ੍ਹਾਂ ਲਈ ਮਰਨ ਉਪਰੰਤ, ਦੁਬਾਰਾ ਉਕਤ ਤਿੰਨੇ ਸ਼੍ਰੇਣੀਆਂ ’ਚੋਂ ਕਿਸੇ ਇੱਕ ’ਚ ਜਨਮ ਲੈਣ ਜ਼ਰੂਰੀ ਹੈ ਤਾਂ ਜੋ ਮੁਕਤੀ ਹੋ ਸਕੇ।  ਤਦ ਤੱਕ ਇਹ ਲੋਕ ਉਕਤ ਤਿੰਨੇ ਸ਼੍ਰੇਣੀਆਂ ਦੀ ਸੇਵਾ ਕਰਨਗੇ, ਜਿਨ੍ਹਾਂ ਦੇ ਧਾਰਮਿਕ ਕਰਮ ਹਨ: ‘ਬ੍ਰਾਹਮਣ ਨੇ ਵਿੱਦਿਆ ਪੜ੍ਹਾਉਣੀ ਤੇ ਦਾਨ ਲੈਣਾ।, ਖੱਤਰੀ ਨੇ ਵਿੱਦਿਆ ਪੜ੍ਹਨੀ, ਬ੍ਰਾਹਮਣ ਨੂੰ ਦਾਨ ਦੇਣਾ ਤੇ ਜਨਤਾ ਦੀ ਹਿਫ਼ਾਜ਼ਤ ਕਰਨੀ ਅਤੇ ਵੈਸ਼ ਨੇ ਖੇਤੀ, ਵਾਪਾਰ ਆਦਿ ਕਰਮ ਕਰਨੇ’।

(ਅ). ਸਿਮਰਤੀਆਂ ਮੁਤਾਬਕ ਸੂਤਕ-ਪਾਤਕ ਦੌਰਾਨ ਹੋਣ ਵਾਲ਼ੀ ਅਸ਼ੁੱਧੀ ਦੀ ਮਿਆਦ :

(1). ਬ੍ਰਾਹਮਣ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 11 ਦਿਨ ਅਸ਼ੁੱਧੀ ਤੇ ਕਿਸੇ ਦੇ ਮਰਨ ਉਪਰੰਤ 10 ਦਿਨ ਅਸ਼ੁੱਧੀ ਰਹੇਗੀ।

(2). ਖੱਤਰੀ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 13 ਦਿਨ ਅਸ਼ੁੱਧੀ ਤੇ ਮਰਨ ਉਪਰੰਤ 12 ਦਿਨ ਅਸ਼ੁੱਧੀ ਰਹੇਗੀ।

(3). ਵੈਸ਼ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 17 ਦਿਨ ਅਸ਼ੁੱਧੀ ਤੇ ਮਰਨ ਉਪਰੰਤ 15 ਦਿਨ ਅਸ਼ੁੱਧੀ ਰਹੇਗੀ।

(4). ਸ਼ੂਦਰ ਦੇ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 30 ਦਿਨ ਅਸ਼ੁੱਧੀ ਤੇ ਮਰਨ ਉਪਰੰਤ 30 ਦਿਨ ਅਸ਼ੁੱਧੀ ਰਹੇਗੀ।

ਉਕਤ ਕੀਤੀ ਗਈ ਧਾਰਮਕ ਵੰਡ ’ਚ ਬ੍ਰਾਹਮਣ ਸ਼੍ਰੇਣੀ ਨੇ ਖੱਤਰੀ (ਰਾਜੇ) ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ ਅਤੇ ਰਣਨੀਤੀ ਤਹਿਤ ਰਾਜਿਆਂ ਨੇ ਬ੍ਰਾਹਮਣ ਨੂੰ ਅੱਗੇ ਰੱਖਿਆ ਹੈ; ਜਿਵੇਂ ਕਿ ਅਜੋਕੇ ਰਾਜੇ (ਲੀਡਰ) ਜਨਤਾ ਨੂੰ ਗੁਮਰਾਹ ਕਰਨ ਲਈ ਪੂਜਾਰੀਆਂ ਨੂੰ ਅੱਗੇ ਕਰਕੇ ਆਪਣੇ ਹੁਕਮ ਜਨਤਾ ’ਤੇ ਠੋਸ ਦੇਂਦੇ ਹਨ ਤਾਂ ਜੋ ਜਨਤਾ ’ਚ ਇਹ ਸੰਦੇਸ਼ ਜਾਵੇ ਕਿ ਇਹ ਫ਼ੈਸਲਾ ਧਾਰਮਕ ਹੈ, ਨਾ ਕਿ ਰਾਜਨੀਤਿਕ।  ਸ਼ਾਸਤਰਾਂ ਤੇ ਸਿਮਰਤੀਆਂ ਰਾਹੀਂ ਆਮ ਰਾਜਿਆਂ ਨੂੰ ਦਿੱਤੀ ਗਈ ਇਸ ਦੇਵ ਉਪਾਧੀ ਬਾਰੇ ਗੁਰਬਾਣੀ ਫ਼ੁਰਮਾਨ ਹੈ ‘‘ਦੇਵੀ ਦੇਵਾ ਮੂਲੁ ਹੈ ਮਾਇਆ   ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ’’ (ਮਹਲਾ /੧੨੯) ਭਾਵ ਰਾਜਿਆਂ ਨੂੰ ਦੇਵਤੇ ਬਣਾਉਣ ਪਿੱਛੇ ਮਾਇਆਵੀ ਸੋਚ ਹੈ, ਜਿਸ (ਲਾਲਚ) ਨੇ ਸਿਮਰਤੀਆਂ, ਸ਼ਾਸਤਰਾਂ ਰਾਹੀਂ (ਇਨ੍ਹਾਂ ਦੀ ਹੋਂਦ) ਯਕੀਨਨ ਬਣਾ ਦਿੱਤੀ।

ਉਕਤ ਕੀਤੀ ਗਈ ਵਿਚਾਰ ਕਿ ‘ਵੇਦ’ ਰਚਨਾ ਭਾਰਤੀ ਇਤਿਹਾਸ ਹੈ, ਨੂੰ ਨਵੇਂ ਸਿਰਿਓ ਸਿਮਰਤੀਆਂ ਰਾਹੀਂ ‘ਵੈਦਿਕ ਧਰਮ’ ਸਾਬਤ ਕਰਨਾ ਚਾਹਿਆ ਜਿਸ ਦੀ ਅਸਲੀਅਤ ਨੂੰ ਭਗਤ ਕਬੀਰ ਜੀ ਵਰਗੇ ਮਹਾਤਮਾ ਨੇ ਸਪਸ਼ਟ ਕੀਤਾ ਕਿ ਇਨ੍ਹਾਂ ’ਚ ਨਵਾਂ ਕੁੱਝ ਵੀ ਨਹੀਂ, ਵੇਦਾਂ ਵਾਙ ਇਹ ਵੀ ਇਤਿਹਾਸ ਹੈ, ਜੋ ਭੋਲ਼ੀ-ਭਾਲ਼ੀ ਜਨਤਾ ਲਈ ਅਧਰਮ (ਅਗਿਆਨਤਾ) ਰੂਪ ਬੇੜੀ (ਜ਼ੰਜੀਰ) ਹੋਵੇਗੀ, ਜੋ ਧਰਮ ਦਾ ਭੁਲੇਖਾ ਪਾਵੇਗੀ ‘‘ਬੇਦ ਕੀ ਪੁਤ੍ਰੀ; ਸਿੰਮ੍ਰਿਤਿ, ਭਾਈ !   ਸਾਂਕਲ ਜੇਵਰੀ, ਲੈ ਹੈ ਆਈ ’’ (ਭਗਤ ਕਬੀਰ/੩੨੯)

ਵੈਦਿਕ ਪੰਡਿਤਾਂ ਦੁਆਰਾ ਮਹਾਂਭਾਰਤ ਅਤੇ ਰਮਾਇਣ ਸਮੇਤ 18 ਪੁਰਾਣ ਵੀ ਲਿਖਵਾਏ ਗਏ, ਜਿਨ੍ਹਾਂ ਦੇ 18 ਉਪ ਪੁਰਾਣ ਵੀ ਆ ਗਏ।  ਇਹ ਰਚਨਾ ਸੰਨ 500 ਈਸਵੀ ’ਚ ਕੀਤੀ ਗਈ, ਜਿਨ੍ਹਾਂ ’ਚ ਭੂਤਾਂ-ਪ੍ਰੇਤਾਂ ਦੀ ਵਿਆਖਿਆ ਤੋਂ ਇਲਾਵਾ ਮਿਥਿਹਾਸ ਭੀ ਦਰਜ ਹੈ, ਜੋ ਜੋਤਿਸ਼ੀਆਂ ਵਾਙ ਕਿਆਮਤ ਤੱਕ ਦਾ ਨਕਸ਼ਾ ਉਲੀਕਦਾ ਹੈ।  ਹਿੰਦੂ ਇਨ੍ਹਾਂ ਨੂੰ ਪੰਜਵਾਂ ਵੇਦ ਮੰਨਦੇ ਹਨ।  ‘ਦਸਮ ਗ੍ਰੰਥ’ ਦਾ ਬਹੁਤਾ ਭਾਗ ਇਨ੍ਹਾਂ ਰਚਨਾਵਾਂ ਦਾ ਅਨੁਵਾਦ ਹੈ, ਜਿਸ ਦੇ ਰਚੇਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਐਲਾਨਿਆ ਜਾ ਰਿਹਾ ਹੈ।

ਉਕਤ ਕੀਤੀ ਗਈ ਸਮੁੱਚੀ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਜੋ ਲੋਕ ਆਪਣੇ-ਆਪਣੇ ਧਰਮਾਂ ’ਚ ਦਰਜ ਵਿਚਾਰਾਂ ਨੂੰ ‘ਅਪੁਰਸ਼ ਰਚਨਾ’ ਕਹਿ ਕਿ ਸਪਸ਼ਟ ਕਰਦੇ ਹਨ ਕਿ ‘ਇਨ੍ਹਾਂ ਦਾ ਕਰਤਾ ਕੋਈ ਮਨੁੱਖ ਨਹੀਂ, ਇਹ ਸਿੱਧੇ ਆਕਾਸ਼ ਤੋਂ ਧਰਤੀ ’ਤੇ ਉਤਰੇ ਹਨ’, ਉਨ੍ਹਾਂ ’ਚ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਹੈ :

(1). ਰਾਜਨੀਤਿਕ ਸੋਚ ਅਧੀਨ ਲਿਖੇ ਜਾਂ ਲਿਖਾਏ ਗਏ ਆਪਣੀ ਤਾਰੀਫ਼ ’ਚ ਗ੍ਰੰਥ, ਜਿਨ੍ਹਾਂ ਵਿੱਚ ‘ਪਾੜੋ ਤੇ ਰਾਜ ਕਰੋ’ ਰਣਨੀਤੀ ਮੁਤਾਬਕ ਦਰਾਵੜ ਸਮਾਜ ਨੂੰ ‘ਜਾਤ-ਪਾਤ, ਵਹਿਮ-ਭਰਮ, ਸਵਰਗਾਂ ਦੇ ਲਾਲਚ, ਨਰਕਾਂ ਦੇ ਡਰ, ਆਧਾਰਹੀਣ ਕਹਾਣੀਆਂ (ਜੋਤਿਸ਼ ਵਿੱਦਿਆ), ਕੁਦਰਤੀ ਸ਼ਕਤੀਆਂ (ਅਗਨਿ, ਹਵਾ, ਪਾਣੀ, ਆਕਾਸ਼, ਸੂਰਜ, ਚੰਦ੍ਰਮਾ, ਦਰਖ਼ਤ, ਪਸ਼ੂ, ਪੰਛੀ ਆਦਿ) ਦੀ ਪੂਜਾ, ਸਮਕਾਲੀ ਰਾਜਿਆਂ ਨੂੰ ਦੇਵੀ, ਦੇਵਤੇ ਪਦ ਨਿਵਾਜਣਾ ਅਤੇ ਮਰਨ ਉਪਰੰਤ ਉਨ੍ਹਾਂ ਦੀ ਪੱਥਰ ਪੂਜਾ’ ਆਦਿ ਅਧਰਮ ਨਾਲ਼ ਕੇਵਲ ਸਮਾਜਿਕ (ਮਨੁੱਖਾ ਜੀਵਨ ਦਾ) ਨੁਕਸਾਨ ਹੀ ਨਹੀਂ ਕੀਤਾ ਬਲਕਿ ਇਸ ਰਾਹੀਂ ਆਰਥਕ ਕਮਾਈ ਵੀ ਕੀਤੀ।

(2). ਸੰਸਾਰਕ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ’ਚੋਂ ਕੁੱਝ ਨੇ ਆਪਣਾ ਗ੍ਰਹਿਸਤੀ ਜੀਵਨ ਤਿਆਗ ਕੇ ਜੰਗਲ਼ਾਂ ਦੇ ਇਕਾਂਤ ’ਚ ਭੁੱਖੇ-ਭਾਣੇ ਰਹਿ ਕੇ ਧਿਆਨ ਸਾਧਨਾ ਰਾਹੀਂ ਜੋ ਸਕੂਨ (ਅਰਾਮ) ਪ੍ਰਾਪਤ ਕੀਤਾ, ਉਸ ਨੂੰ ਉਨ੍ਹਾਂ ਸਮਾਜ ਨਾਲ਼ ਸਾਂਝਾ ਕੀਤਾ।  ਇਸ ਵਿੱਚ ਉਕਤ ਬਿਆਨ ਕੀਤੀ ਗਈ ਅਗਿਆਨਤਾ ਤੋਂ ਛੁਟਕਾਰਾ ਦਿਲਵਾਉਣ ਦੇ ਨਾਲ਼-ਨਾਲ਼ ‘ਕਿਰਤ ਕਰਨੀ, ਆਪਸੀ ਪਿਆਰ, ਹਮਦਰਦੀ, ਦੂਸਰਿਆਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣਾ’ ਆਦਿ ਗੁਣ ਸ਼ਾਮਲ ਸਨ/ਹਨ।  ਜਿਸ ਤਰ੍ਹਾਂ ਅੱਜ ਦੇਸ਼ਾਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਕੀਤੀ ਤਾਂ ਜੋ ਸਮਾਜਿਕ ਸ਼ਾਂਤੀ ਤੇ ਪਿਆਰ ਬਣਿਆ ਰਹੇ, ਇਸੇ ਤਰ੍ਹਾਂ ‘ਧਰਮ’ ਦੇ ਨਾਂ ’ਤੇ ‘ਅਧਰਮ’ ਦੀ ਕੀਤੀ ਗਈ ਉਕਤ ਵਿਆਖਿਆ, ਜਿਸ ਦੇ ਪਿੱਛੇ ਰਾਜਨੀਤਿਕ ਸੋਚ ਸੀ, ਦੇ ਵਿਰੋਧ ’ਚ ਕੁੱਝ ਸਦਾਚਾਰੀ ਰਾਜਿਆਂ ਨੇ ਅੱਗੇ ਆ ਕੇ ਇਸ ਮਾਨਵ ਹਿੱਤਕਾਰੀ ਵਿਚਾਰਧਾਰਾ ਨੂੰ ਆਪ ਅਪਣਾਇਆ ਅਤੇ ਇਸ ਦਾ ਪ੍ਰਚਾਰ ਵੀ ਕੀਤਾ; ਜਿਵੇਂ ਕਿ

(1). ‘ਪਾਰਸੀ ਧਰਮ’ ਦਾ ਪ੍ਰਚਾਰ ਕਰਨ ਵਾਲ਼ੇ ਰਾਜੇ ਸਨ : ‘ਬਾਖਤਰੀਆ ਦਾ ਰਾਜਾ ਵਿਸ਼ਤਾਸਪ, ਈਰਾਨ ਦਾ ਬਾਦਸ਼ਾਹ ਸੀਹਿਯਸ਼, ਬਾਦਸ਼ਾਹ ਅਰਦਸੀਹ ਬਾਬਕਾਨ’ ਆਦਿਕ।

(2). ‘ਮਹਾਤਮਾ ਬੁੱਧ’ ਧਰਮ ਦੇ ਗ੍ਰੰਥ ਤਿਆਰ ਕਰਵਾਉਣ ਵਾਲ਼ਾ ਪਹਿਲਾ ਰਾਜਾ ਸ਼੍ਰੀ ਲੰਕਾ ਦਾ ‘ਵਿਰਦਗਾਮਨੀ’ ਸੀ, ਜਿਸ ਦਾ ਪਿੱਛੋਂ ‘ਮਹਾਰਾਜਾ ਅਸ਼ੋਕ ਤੇ ਉਸ ਦੀ ਲੜਕੀ’ ਨੇ ਬਾਖ਼ੂਬੀ ਪ੍ਰਚਾਰ ਕੀਤਾ।  ਇਸ ਕਾਰਨ ਹੀ ਇਹ ਧਰਮ ‘ਭਾਰਤ ਤੋਂ ਇਲਾਵਾ ਤਿੱਬਤ, ਬਰ੍ਹਮਾ, ਥਾਈਲੈਂਡ, ਯੂਰਪ, ਅਫਰੀਕਾ’ ਆਦਿ ਤੱਕ ਫੈਲਿਆ ਕਿਉਂਕਿ ਮਹਾਰਾਜ ਅਸ਼ੋਕ ਦਾ ਆਪਣਾ ਰਾਜ ਵੀ ਭਾਰਤ ਤੋਂ ਅਫ਼ਗਾਨਿਸਤਾਨ ਤੱਕ ਸੀ।  ਮਹਾਰਾਜਾ ਅਸ਼ੋਕ ਤੋਂ ਬਾਅਦ ਮਹਾਰਾਜਾ ਕਨਿਸ਼ਕ ਨੇ 25 ਸਾਲ (ਸੰਨ 102 ਈਸਵੀ) ਤੱਕ ਇਸ ਮੱਤ ਦਾ ਪ੍ਰਚਾਰ ਕੀਤਾ ਆਦਿ। 

(3). ਉਕਤ ਦੋਵੇਂ ਧਾਰਮਕ ਵਿਚਾਰਾਂ ਤੋਂ ਇਲਾਵਾ ਇੱਕ ‘ਭਗਤੀ ਲਹਿਰ’ ਨੇ ਵੀ ‘ਧਰਮ’ ਦੀ ਵਿਆਖਿਆ ਕਰਨੀ ਜਾਰੀ ਰੱਖੀ, ਜਿਸ ਦਾ ਜ਼ਿਕਰ ਉਪਨਿਸ਼ਦਾਂ ’ਚ ਕੀਤਾ ਗਿਆ ਹੈ।  ‘ਉਪਨਿਸ਼ਦ’ ਦਾ ਅਰਥ ਹੈ: ‘ਗੁਰੂ ਦੇ ਪਾਸ ਉਪਦੇਸ਼ ਸੁਣਨ ਲਈ ਬੈਠਣਾ’।  ਬੇਸ਼ੱਕ ਅੱਜ ਇਨ੍ਹਾਂ ਦੀ ਗਿਣਤੀ 200 ਤੋਂ ਉੱਪਰ ਹੋ ਚੁੱਕੀ ਹੈ, ਪਰ ਮਹਾਨ ਕੋਸ਼ ਅਨੁਸਾਰ ਇਹ 170 ਹਨ, ਜਿਨ੍ਹਾਂ ’ਚੋਂ ਮੁੱਖ 10 ਹੀ ਹਨ।  ਭਾਰਤ ਦੇ ਪੁਰਾਤਨ ਤੱਥਾਂ ਨੂੰ ਵੇਖਦਿਆਂ ਇਹ ਕਹਿਣਾ ਵੀ ਸਹੀ ਹੈ ਕਿ ਇਨ੍ਹਾਂ ਵਿੱਚ ਵੀ ਬਹੁਤ ਕੁਝ ‘ਧਰਮ’ ਦੇ ਨਾਂ ’ਤੇ ਰਾਜਨੀਤਿਕ ਪੱਖ ਵਧੇਰੇ ਹਨ।

(ਨੋਟ : ਉਕਤ ਨੰਬਰ 2 ’ਚ ਕੀਤੀ ਗਈ ‘ਧਰਮ’ ਦੀ ਵਿਆਖਿਆ, ਜਿਸ ਵਿੱਚ ਮਾਨਵਤਾ ਲਈ ‘ਪਿਆਰ, ਹਮਦਰਦੀ’ ਆਦਿ ਗੁਣਾਂ ਦਾ ਜ਼ਿਕਰ ਹੈ, ਇਸ ਵਿੱਚ ਗੁਰਬਾਣੀ ਨੇ ਹੋਰ ਵਾਧਾ ਕੀਤਾ ਹੈ ਕਿ ‘ਜਿਸ ਤਰ੍ਹਾਂ ਕਿਸੇ ਬੱਚੇ ਨੂੰ ਪਿਆਰ ਕਰਨ ਨਾਲ਼ ਉਸ ਦੇ ਮਾਤਾ ਪਿਤਾ ਦਾ ਪਿਆਰ ਵੀ ਵਿੱਚੇ ਆ ਜਾਂਦਾ ਹੈ, ਉਸੇ ਤਰ੍ਹਾਂ ਮਾਨਵਤਾ ਨਾਲ਼ ਪਿਆਰ ਕਰਨ ਨਾਲ਼ ‘ੴ’ ਦਾ ਪਿਆਰ ਮੁਨਾਫ਼ੇ ’ਚ ਮਿਲਦਾ ਹੈ ਜਦਕਿ ਗੁਰਬਾਣੀ ਦਾ ਇਹ ਪੱਖ ਇਨ੍ਹਾਂ ਉਕਤ ਧਰਮਾਂ ’ਚ ਦਰਜ ਹੀ ਨਹੀਂ, ਜਿਸ ਕਾਰਨ ਇਹ ਸਾਰੇ ਧਰਮ ਨਿਰਾਕਾਰ ਰੱਬ ਦੇ ਵਜੂਦ ਅਤੇ ਉਸ ਦੀ ਬਖ਼ਸ਼ਸ਼ ’ਤੇ ਯਕੀਨ ਨਹੀਂ ਰੱਖਦੇ।)

ਇੰਨੇ ਵਿਸਥਾਰ ਪੂਰਵਕ ਵੇਰਵੇ ਦੇਣ ਦਾ ਮਤਲਬ ਇਹ ਸਪਸ਼ਟ ਕਰਨਾ ਹੈ ਕਿ ‘ਆਰੀਅਨ ਲੋਕਾਂ’ ਦੁਆਰਾ ਕੀਤੀ ਜਾਂ ਕਰਾਈ ਗਈ ‘ਵੈਦਿਕ ਧਰਮ’ ਦੇ ਨਾਂ ’ਤੇ ਵਿਆਖਿਆ ਕੇਵਲ ਰਾਜਨੀਤਿਕ ਇਤਿਹਾਸ ਹੈ।  ਇਸ ਰਣਨੀਤੀ ਦੇ ਮੁਕਾਬਲੇ ’ਚ ਕੁਝ ਸੁਧਾਰਵਾਦੀ ਮਹਾਰਾਜੇ ਅੱਗੇ ਆਏ, ਜਿਨ੍ਹਾਂ ਨੇ ‘ਪਾਰਸੀ, ਮਹਾਤਮਾ ਬੁੱਧ, ਜੈਨ ਧਰਮ’ ਆਦਿਕ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਆਰੰਭ ਕੀਤਾ। 

ਰਣਨੀਤੀਕਾਰ ਆਰੀਅਨ ਲੋਕਾਂ ਦੀ ਇਹ ਬਦਨੀਤੀ ਹੀ ਹੈ ਕਿ ਉਨ੍ਹਾਂ ਨਿਰਾਕਾਰ ਦੇ ਭਗਤ ‘ਰਾਮਾਨੰਦ’ ਜੀ ਨੂੰ ਵੀ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਤੇ ਰੱਬ ਨੂੰ ਨਾ ਮੰਨਣ ਵਾਲ਼ੇ ਮਹਾਂਵੀਰ ਜੀ ਨੂੰ ਵਿਸ਼ਨੂੰ ਦਾ 24 ਵਾਂ ਅਵਤਾਰ ਬਣਾ ਦਿੱਤਾ।  ਨਿਰਾਕਾਰ ਦੇ ਉਪਾਸ਼ਕ ‘ਗੁਰੂ, ਭਗਤਾਂ, ਫ਼ਕੀਰਾਂ’ ਆਦਿ ਦੀਆਂ ਮੂਰਤੀਆਂ ਬਣਾ ਦਿੱਤੀਆਂ ਤਾਂ ਜੋ ਉਨ੍ਹਾਂ ਦੇ ਸ਼ਰਧਾਲੂ ਪ੍ਰਿਤੀ ਰਚੇਤਾ ਨਿਰਾਕਾਰ ਨੂੰ ਰੱਬ ਮੰਨਣ ਦੀ ਬਜਾਏ ਪ੍ਰਿਤੀ ਨਾਲ਼ ਜੁੜ ਜਾਣ ਤੇ ਉਨ੍ਹਾਂ ਦਾ ਵਿਰੋਧ ਆਪਣੇ ਆਪ ਹੀ ਬੰਦ ਹੋ ਜਾਵੇ।  ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਰਾਜਨੀਤਿਕਾਂ ਲਈ ‘ਧਰਮ’ ਕੋਈ ਅਰਥ ਨਹੀਂ ਰੱਖਦਾ।  ਆਰੀਅਨ ਲੋਕ ਅੱਜ ਵੀ ਭਾਰਤ ’ਚੋਂ ਗਏ ਨਹੀਂ ਬਲਕਿ ਸਨਾਤਮ ਭਾਰਤੀਆਂ ਨੇ ਉਨ੍ਹਾਂ ਨੂੰ ਭਾਰਤੀ ਮੰਨ ਲਿਆ ਤੇ ਹੁਣ ਆਪਣੀ ਰਣਨੀਤੀ ਲਾਗੂ ਕਰਦਿਆਂ ਪਛਾਣ ਵੀ ਨਹੀਂ ਹੋ ਸਕਦੀ।

ਮਨੁੱਖਤਾ; ਧਰਮ ਪਾਸੋਂ ਸਮਾਨਤਾ, ਪਿਆਰ, ਹਮਦਰਦੀ, ਵਿਕਾਰਾਂ ਨਾਲ਼ ਲੜਨ ਦੀ ਸ਼ਕਤੀ ਆਦਿ ਦੀ ਉਮੀਦ ਰੱਖਦੀ ਹੈ ਤਾਂ ਜੋ ਅੰਦਰਲੀ ਤਪਸ਼ ਨੂੰ ਘਟਾਇਆ ਜਾ ਸਕੇ।  ਗੁਰੂ ਨਾਨਕ ਸਾਹਿਬ ਜੀ ਨੇ ਜੋ ‘ਗੁਰੂ’ ਸਿਲਸਿਲਾ ਆਰੰਭ ਕੀਤਾ ਉਹ ਕੇਵਲ ਗਿਆਨ ਦੇਣ ਤੱਕ ਸੀਮਤ ਨਹੀਂ ਬਲਕਿ ਨਿਰਾਕਾਰ ਕਰਤੇ ਨਾਲ਼ ਜੋੜਦਾ ਵੀ ਹੈ। ਜੋ ਆਪ ਨਿਰਾਕਾਰ ਨਾਲ਼ ਜੁੜਿਆ ਹੈ ਓਹੀ ਹੋਰਾਂ ਨੂੰ ਉਸ ਨਾਲ਼ ਜੋੜੇਗਾ, ਜੋ ਆਪ ਨਿਰਾਕਾਰ ਤੋਂ ਟੁੱਟਿਆ ਹੈ ਉਸ ਤੋਂ ਕਾਹਦੀ ਉਮੀਦ ?  ਗੁਰੂ ਜੀ ਨੇ ਹਰੀ ਦੇ ਪਿਆਰ ਨੂੰ ਹੀ ਅਸਲ ਭਗਤੀ ਮੰਨਿਆ ਹੈ ‘‘ਹਰਿ ਭਗਤਿ, ਹਰਿ ਕਾ ਪਿਆਰੁ ਹੈ; ਜੇ ਗੁਰਮੁਖਿ ਕਰੇ ਬੀਚਾਰੁ ’’ (ਮਹਲਾ /੨੮) ਜੇਕਰ ਮਨੁੱਖਤਾ ਇੱਕ ਨੂੰ ਮਿੱਤਰ ਬਣਾ ਲਵੇ ਤਾਂ ਸਾਰਾ ਸੰਸਾਰ ਆਪਣਾ ਵਿਖਾਈ ਦੇਵੇਗਾ, ਨਹੀਂ ਤਾਂ ਸਾਰੇ ਦੁਸ਼ਮਣ ਜਾਪਣਗੇ ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ ਸਭਿ ਵਾਦਿ ’’ (ਮਹਲਾ /੯੫੭) ਇਹੀ ‘‘ਮਨਿ ਜੀਤੈ, ਜਗੁ ਜੀਤੁ ’’ ਅਖਵਾਉਂਦਾ ਹੈ ਪਰ ਇਹ ਅਵਸਥਾ ਤਦ ਬਣਦੀ ਹੈ ਜਦ ਬੰਦੇ ਦੀ ਕਥਨੀ ਤੇ ਕਰਨੀ ਇੱਕ ਸਮਾਨ ਹੋਵੇ।  ਜੇ ਮਨ ’ਚ ਕੁੱਝ ਛਲ-ਕਪਟ ਹੈ ਤਾਂ ਇਹ ਅਵਸਥਾ ਨਹੀਂ ਬਣ ਸਕਦੀ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ   ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ’’ (ਬਾਬਾ ਫਰੀਦ ਜੀ/੪੮੮)  ਗੁਰਬਾਣੀ ’ਚ ਇਸ ਪਦ ਨੂੰ ‘ਸਚਖੰਡਿ’ ਤੇ ‘ਬੇਗਮਪੁਰਾ’ ਕਿਹਾ ਹੈ; ਜਿੱਥੇ ਕੋਈ ਤਪਸ਼ ਨਹੀਂ ‘‘ਬੇਗਮ ਪੁਰਾ; ਸਹਰ ਕੋ ਨਾਉ   ਦੂਖੁ ਅੰਦੋਹੁ (ਚਿੰਤਾ) ਨਹੀ; ਤਿਹਿ ਠਾਉ   ਨਾਂ ਤਸਵੀਸ (ਘਬਰਾਹਟ); ਖਿਰਾਜੁ (ਕਰ, ਚੁੰਗੀ) ਮਾਲੁ   ਖਉਫੁ (ਡਰ) ਖਤਾ (ਪਾਪ); ਤਰਸੁ ਜਵਾਲੁ (ਘਾਟਾ)  ਅਬ ਮੋਹਿ; ਖੂਬ ਵਤਨਗਹ (ਰਿਹਾਇਸ਼) ਪਾਈ   ਊਹਾਂ ਖੈਰਿ ਸਦਾ; ਮੇਰੇ ਭਾਈ  ! ਰਹਾਉ ’’ (ਭਗਤ ਰਵਿਦਾਸ/੩੪੫) ਇਸ ਠੰਡੇ ਮਿੱਠੇ ਝਰਨਿਆਂ ’ਚੋਂ ਅਨੰਦ ਪ੍ਰਾਪਤ ਕਰਨ ਲਈ ਕੋਈ ਘਰ-ਬਾਰ ਜਾਂ ਗ੍ਰਹਿਸਤੀ ਛੱਡ ਜੰਗਲ਼ਾਂ ’ਚ ਜਾਣ ਦੀ ਲੋੜ ਨਹੀਂ, ਕੇਵਲ ‘ੴ’ ਨੂੰ ਯਾਦ ਕਰੋ ‘‘ਹਿਰਦੈ ਨਾਮੁ ਵਸਾਇਹੁ   ਘਰਿ ਬੈਠੇ; ਗੁਰੂ ਧਿਆਇਹੁ   ਗੁਰਿ ਪੂਰੈ; ਸਚੁ ਕਹਿਆ   ਸੋ ਸੁਖੁ; ਸਾਚਾ ਲਹਿਆ ’’ (ਮਹਲਾ /੬੨੧)

ਗੁਰਮਤ ਨੇ ਉਕਤ ਅਵਸਥਾ ਦੀ ਪ੍ਰਾਪਤੀ ਲਈ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ’ ਨੂੰ ਆਧਾਰ ਬਣਾਇਆ ਹੈ।

(1). ‘ਕਿਰਤ ਕਰਨੀ’ ਤੋਂ ਭਾਵ ਹੱਥੀਂ ਮਿਹਨਤ ਕਰਨ ਦੌਰਾਨ ਪਰਾਇਆ ਹੱਕ ਨਹੀਂ ਮਾਰਨਾ।

(2). ‘ਨਾਮ ਜਪਣਾ’ ਤੋਂ ਭਾਵ ਪ੍ਰਿਤੀ ਦੀ ਤਾਰੀਫ਼ ਨਹੀਂ ਬਲਕਿ ਪ੍ਰਿਤੀ ਨੂੰ ਬਣਾਉਣ ਵਾਲ਼ੇ ਨੂੰ ਯਾਦ ਕਰਨਾ ਹੈ।

(3).  ‘ਵੰਡ ਛਕਣਾ’ ਤੋਂ ਭਾਵ ਕੇਵਲ ਸਰੀਰਕ ਖ਼ੁਰਾਕ ਨਹੀਂ ਬਲਕਿ ਮਾਨਸਿਕ ਖ਼ੁਰਾਕ ਤੇ ਬੇਸਹਾਰਿਆਂ ਦਾ ਸਹਾਰਾ ਭੀ ਬਣਨਾ ਹੈ।

ਅੰਤ ’ਚ ਇਨ੍ਹਾਂ ਸ਼ਬਦਾਂ ਨਾਲ਼ ਵਿਸ਼ੇ ਨੂੰ ਸਮਾਪਤ ਕਰਦਾ ਹਾਂ ਕਿ ‘ਨੇਕੀ’ ਤੇ ‘ਬਦੀ’; ਆਦਿ ਤੋਂ ਅੰਤ ਕਾਲ ਤੱਕ ਜੀਵਤ ਰਹਿਣੇ ਹਨ।  ਮਾਨਵ ਹਿਤਕਾਰੀ ਮਹਾਂ ਪੁਰਸ਼ ਭੀ ਬਦੀ ਦੀ ਮਾਰ ਤੋਂ ਨਹੀਂ ਬਚ ਸਕੇ।  ਜਦ ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ’ਚ ਕਿਹਾ ਕਿ ਜਿੱਧਰ ਅੱਲਾ ਨਹੀਂ, ਮੇਰੇ ਪੈਰ ਉਸ ਦਿਸ਼ਾ ਵੱਲ ਕਰ ਦਿਓ, ਗੁਰੂ ਜੀ ਨੂੰ ‘ਬਦੀ’ ਨੇ ਉੱਥੇ ਵੀ ਘੇਰਿਆ।  ਜਦ ਗੁਰੂ ਜੀ ਨੇ ਹਰਿਦੁਆਰ ਕੁੰਭ ਦੇ ਮੇਲੇ ’ਤੇ ਭਾਰੀ ਭੀੜ ’ਚ ਖੜ੍ਹ ਕੇ ਪਾਣੀ ਸੂਰਜ (ਪੂਰਬ ਵੱਲ) ਨੂੰ ਦੇਣ ਦੀ ਬਜਾਏ ਪੱਛਮ ਵੱਲ ਨੂੰ ਦੇਣਾ ਸ਼ੁਰੂ ਕੀਤਾ ਤਾਂ ‘ਬਦੀ’ ਉੱਥੇ ਵੀ ਖੜ੍ਹੀ ਸੀ।, ਜਦ ਗੁਰੂ ਜੀ ਜਗਨਨਾਥ ਪੁਰੀ ਵਿਖੇ ਥਾਲ ’ਚ ਰੱਖੇ ਦੀਵਿਆਂ ਵਾਲ਼ੀ ਆਰਤੀ ਦਾ ਇਹ ਕਹਿ ਕਿ ਖੰਡਨ ਕਰ ਰਹੇ ਸਨ ਕਿ ਨਿਰਾਕਾਰ ਦੀ ਆਰਤੀ ਨਿਰੰਤਰ ਹੋ ਰਹੀ ਹੈ, ਮੈਂ ਉਸ ਵਿੱਚ ਹਰ ਸਮੇਂ ਸ਼ਾਮਲ ਰਹਿੰਦਾ ਹਾਂ ਤਾਂ ‘ਬਦੀ’ ਉੱਥੇ ਵੀ ਮੌਜੂਦ ਸੀ।  ‘ਬਦੀ’ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਦਿੱਤਾ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਦਿੱਲੀ ’ਚ ਸ਼ਹੀਦ ਕਰਵਾ ਦਿੱਤਾ। ਅਨੇਕਾਂ ਸਿੰਘਾਂ-ਸਿੰਘਣੀਆਂ ਨੇ ‘ਬਦੀ’ ਨਾਲ਼ ਮੁਕਾਬਲਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਮਾਨਸਿਕ ਸ਼ਕਤੀ ਦੇ ਸਰੋਤ ਅਤੇ ਦਾਤਾਰ ਹਨ ‘ਗੁਰੂ ਗ੍ਰੰਥ ਸਾਹਿਬ’ ਜੀ; ਜਿਨ੍ਹਾਂ ‘ੴ’ ਦੀ ਵਿਆਖਿਆ ਸਰਬ ਕਾਲ ਸੱਚ ‘‘ਆਦਿ ਸਚੁ, ਜੁਗਾਦਿ ਸਚੁ   ਹੈ ਭੀ ਸਚੁ, ਨਾਨਕ  !  ਹੋਸੀ ਭੀ ਸਚੁ ’’ ਕੀਤੀ ਅਤੇ ਸਰਬ ਵਿਆਪਕ ਕੀਤੀ ‘‘ਸਰਬ ਨਿਵਾਸੀ, ਸਦਾ ਅਲੇਪਾ; ਸਭ ਮਹਿ ਰਹਿਆ ਸਮਾਇਓ ’’ (ਮਹਲਾ /੬੧੭) ਤਾਂ ਤੇ ਉਸ ਨਾਲ਼ ਜੁੜਿਆਂ ਹੀ ਮਨੁੱਖਤਾ ’ਚ ਸਮਾਨਤਾ, ਪਿਆਰ ਆਦਿਕ ਸਦਾਚਾਰੀ ਗੁਣ ਆਉਣੇ ਹਨ ਕਿਉਂਕਿ ਓਹੀ ਬੇਸਹਾਰਿਆਂ ਦਾ ਸਹਾਰਾ ਬਣ ਸਕਦੇ ਹਨ।  ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ 1 ਸਤੰਬਰ ਨੂੰ ਮਨਾਈਦਾ ਹੈ।  ਸਮੁੱਚੀ ਮਾਨਵਤਾ ਨੂੰ ਇੱਥੋਂ ਰੂਹਾਨੀਅਤ ਖ਼ੁਰਾਕ ਮਿਲਦੀ ਹੋਣ ਕਾਰਨ ਲੱਖ ਲੱਖ ਵਧਾਈ ਹੋਵੇ। 

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਦੂਜਾ)

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)

Most Viewed Posts