ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਅਗਰ ਸਰੀਰ ਵਿੱਚ ਰੂਹ ਨਾ ਹੋਵੇ ਤਾਂ ਸਰੀਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਇਸੇ ਤਰ੍ਹਾਂ ਅਗਰ ਕਿਸੇ ਭਾਈਚਾਰੇ (ਸਮੁਦਾਇ) ਕੋਲ਼ ਧਰਮ ਗ੍ਰੰਥ ਨਾ ਹੋਵੇ ਤਾਂ ਧਰਮ ਦੀ ਬੁਨਿਆਦ ਹੀ ਨਹੀਂ ਰੱਖੀ ਜਾ ਸਕਦੀ। ਸੰਸਾਰਕ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ਲਈ ‘ਧਰਮ ਗ੍ਰੰਥ’ ਪਾਣੀ ਦੇ ਠੰਡੇ ਮਿੱਠੇ ਝਰਨੇ ਹੁੰਦੇ ਹਨ, ਜੋ ਠੰਡੀਆਂ ਮਿੱਠੀਆਂ ਛਾਂਵਾਂ ਬਣ ਕੇ ਮਨੁੱਖਤਾ ਦਾ ਦਰਦ ਆਪਣੇ ਸੀਨੇ ਨਾਲ਼ ਲਾ ਕੇ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਹਨ। ਕਿਸੇ ਵੀ ਸਮੁਦਾਇ ਦੇ ਪੈਗ਼ੰਬਰ, ਗੁਰੂ, ਮਹਾਤਮਾ ਜਾਂ ਧਰਮ ਬਾਨੀ (ਭਾਵ ਮੱਤ ਦੀ ਬੁਨਿਆਦ ਰੱਖਣ ਵਾਲ਼ੇ) ਨੇ ਜੋ ਰੱਬੀ ਨਾਦ ਸੁਣਿਆ, ਉਸ ਦੇ ਸੰਗ੍ਰਹਿਤ ਰੂਪ ਨੂੰ ‘ਧਰਮ ਗ੍ਰੰਥ’ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਰੱਬੀ ਨਾਦ (ਆਵਾਜ਼) ਸੁਣਨ ਨੂੰ ਸਵੀਕਾਰਿਆ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ ! ॥’’ (ਮਹਲਾ ੧/੭੨੨)
ਮਾਨਵਤਾ ਦੇ ਕਲਿਆਣ ਲਈ ਸਦੀਆਂ ਤੋਂ ਇਹ ਰੱਬੀ ਨਾਦ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ (ਨਾਜ਼ਰ) ਹੁੰਦਾ ਆਇਆ ਹੈ। ਆਰੰਭਕ ਕਾਲ ’ਚ ਆਮ ਤੌਰ ’ਤੇ ਇਨ੍ਹਾਂ ਨੂੰ ਮੌਖਿਕ (ਮੂੰਹ-ਜ਼ਬਾਨੀ, ਅਣਲਿਖਤ) ਰੱਖਿਆ ਜਾਂਦਾ ਸੀ; ਜਿਵੇਂ ਕਿ
(1). ‘ਵੇਦ’ ਅੱਜ ਤੋਂ ਲਗਭਗ 3500 ਸਾਲ ਪਹਿਲਾਂ ਰਚੇ ਗਏ, ਜਿਨ੍ਹਾਂ ਨੂੰ 1200 ਸਾਲ ਮੌਖਿਕ ਰੱਖਣ ਉਪਰੰਤ 300 ਈਸਵੀ ਪੂਰਵ (ਭਾਵ ਮਾਤ੍ਰ 2300 ਵਰ੍ਹੇ ਪਹਿਲਾਂ) ਵੇਦ ਵਿਆਸ ਜੀ ਨੇ ਲਿਖਤੀ ਰੂਪ ’ਚ ਸੰਭਾਲ਼ਿਆ ਹੈ।
(2). ਜੈਨ ਮੱਤ ਦੇ ਆਚਾਰੀਆ (ਗੁਰੂ) ਨੂੰ ਤੀਰਥੰਕਰ ਕਿਹਾ ਜਾਂਦਾ ਹੈ ਤੇ ਪਹਿਲੇ ਤੀਰਥੰਕਰ ਰਾਜਾ ਰਿਸ਼ਭਦੇਵ ਜੀ ਸਨ, ਜਿਨ੍ਹਾਂ ਦੇ ਪੁੱਤਰ ਰਾਜਾ ‘ਭਰਤ’ ਤੋਂ ‘ਭਾਰਤ’ ਨਾਂ ਪ੍ਰਸਿੱਧ ਹੋਇਆ। ਭਗਵਾਨ ਮਹਾਂਵੀਰ ਜੀ ਤੋਂ ਪਹਿਲਾਂ 23 ਤੀਰਥੰਕਰ ਹੋ ਚੁੱਕੇ ਸਨ ਤੇ ਇਹ 24ਵੇਂ ਸਨ, ਜਿਨ੍ਹਾਂ ਦਾ ਜਨਮ (ਬਿਹਾਰ ’ਚ) 599 ਈਸਵੀ ਪੂਰਵ ਹੋਇਆ। ਅਗਰ ਇਨ੍ਹਾਂ ਦੇ ਜਨਮ ਤੋਂ ਹੀ ਇਨ੍ਹਾਂ ਦੇ ਮੌਖਿਕ ਬਚਨਾਂ ਦੀ ਸ਼ੁਰੂਆਤ ਮੰਨੀਏ ਤਾਂ ਇਹ ਪੰਜਵੀਂ ਸਦੀ ਤੱਕ ਮੌਖਿਕ ਰਹੇ ਭਾਵ ਇਸ ਅਣਲਿਖਤ ਰਚਨਾ ਨੂੰ 973 ਸਾਲਾਂ ਬਾਅਦ ਲਿਖਤੀ ਰੂਪ ਦਿੱਤਾ ਗਿਆ।
(3). ਮਹਾਤਮਾ ਬੁੱਧ (ਗੌਤਮ ਬੁੱਧ ਜਾਂ ਸਿਧਾਰਥ) ਦਾ ਜਨਮ 566 ਈਸਵੀ ਪੂਰਵ (ਬਿਹਾਰ ’ਚ) ਹੋਇਆ। ਇਨ੍ਹਾਂ ਨੂੰ 35 ਸਾਲ ਦੀ ਉਮਰ (ਭਾਵ 531 ਈਸਵੀ ਪੂਰਵ) ’ਚ ਜੋ ਗਿਆਨ ਪ੍ਰਾਪਤ ਹੋਇਆ ਤੇ ਉਨ੍ਹਾਂ 80 ਸਾਲ ਦੀ ਉਮਰ ਤੱਕ ਇਸ ਦਾ ਪ੍ਰਚਾਰ ਵੀ ਕੀਤਾ, ਫਿਰ ਵੀ ਲਿਖਤੀ ਸੰਗ੍ਰਹਿ ਨਾ ਬਣ ਸਕਿਆ। ਇਨ੍ਹਾਂ ਮੌਖਿਕ ਬਚਨਾਂ ਨੂੰ 85 ਈਸਵੀ ਪੂਰਵ (ਭਾਵ 446 ਸਾਲਾਂ ਬਾਅਦ) ਲੰਕਾ ਦੇ ਰਾਜੇ ਵਿਰਦਗਾਮਨੀ ਦੁਆਰਾ ਲਿਖਤੀ ਰੂਪ ਦਿੱਤਾ ਗਿਆ, ਆਦਿ।
ਉਕਤ ਦਿੱਤੀਆਂ ਕੁੱਝ ਕੁ ਮਿਸਾਲਾਂ ਵਾਙ ਹੀ ‘ਪਾਰਸੀ, ਯਹੂਦੀ, ਈਸਾਈ, ਇਸਲਾਮ’ ਇਤਿਆਦਿਕ ‘ਧਰਮ’ ਹਨ, ਜਿਨ੍ਹਾਂ ਦੇ ਪਵਿੱਤਰ ਗ੍ਰੰਥਾਂ ਨੂੰ ਈਸ਼ਵਰੀ ਬੋਲ ਮੰਨਿਆ ਜਾਂਦਾ ਹੈ, ਜੋ ‘ਅਪੁਰਸ਼’ ਰਚਨਾ ਹੈ ਭਾਵ ਇਨ੍ਹਾਂ ਦਾ ਕਰਤਾ ਕੋਈ ਮਨੁੱਖ ਨਹੀਂ। ਇਹ ਸਿੱਧੇ ਆਕਾਸ਼ ਤੋਂ ਧਰਤੀ ’ਤੇ ਉਤਰੇ ਹਨ, ਪਰ ਜਿਨ੍ਹਾਂ ਨੂੰ ਇਹ ਬੋਲ ਨਾਜ਼ਰ ਹੋਏ ਉਨ੍ਹਾਂ ਦੁਆਰਾ ਲਿਖਿਆ ਹੋਇਆ ਇੱਕ ਵੀ ਅੱਖਰ ਮੌਜੂਦ ਨਹੀਂ। ਪ੍ਰਚਲਿਤ ਰਵਾਇਤਾਂ ਤੇ ਮੌਖਿਕ ਬਚਨਾਂ ਨੂੰ ਆਧਾਰ ਮੰਨ ਕੇ ਹੀ ਉਨ੍ਹਾਂ ਦੇ ਪੈਰੋਕਾਰਾਂ ਨੇ ਇਨ੍ਹਾਂ ਮੌਖਿਕ ਬਚਨਾਂ ਨੂੰ ਲਿਖਤੀ ਰੂਪ ਦਿੱਤਾ ਹੋਇਆ ਹੈ। ਮੌਖਿਕ ਰੂਪ ’ਚ ਬਦਲਾਅ ਦੀ ਸੰਭਾਵਨਾ ਨੂੰ ਕਿਸੇ ਵੀ ਹਾਲਤ ’ਚ ਰੋਕਿਆ ਨਹੀਂ ਜਾ ਸਕਦਾ ਤੇ ਪਵਿੱਤਰ ਪ੍ਰਵਚਨਾਂ ’ਚ ਵੱਡੇ ਫੇਰ ਬਦਲ ਹੋਏ ਹੋਣਗੇ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਭਲੀ-ਭਾਂਤ ਜਾਣੂ ਸਨ, ਇਸ ਲਈ ਉਨ੍ਹਾਂ ਆਪਣੀ ਰਚਨਾ ਨੂੰ ਆਪ ਲਿਖਤੀ ਰੂਪ ’ਚ ਸੰਭਾਲ਼ਿਆ ਤੇ ਫ਼ੁਰਮਾਇਆ ‘‘ਲਿਖੇ ਬਾਝਹੁ ਸੁਰਤਿ ਨਾਹੀ; ਬੋਲਿ ਬੋਲਿ ਗਵਾਈਐ ॥’’ (ਮਹਲਾ ੧/੫੬੬)
‘ਧਰਮ’ ਦਾ ਅਰਥ ਹੈ ‘ਪਰਮਾਤਮਾ ਜਾਂ ਆਕਾਲ ਪੁਰਖ’ ਨੂੰ ਆਪਣੇ ਮਨ ਵਿੱਚ ਧਾਰਨ ਕਰ ਲੈਣਾ ਹੈ। ਇਹ ਸ਼ਾਂਤੀਮਈ ਪਦ ਕੁਦਰਤ ਵਿੱਚੋਂ ਕੇਵਲ ਮਨੁੱਖ ਜਾਤੀ ਨੂੰ ਨਸੀਬ ਹੋਇਆ ਹੈ ਕਿਉਂਕਿ ‘ਧਰਮ’ ਦਾ ਸੰਬੰਧ ਬਾਕੀ ਜੂਨਾਂ ਨਾਲ਼ ਨਹੀਂ, ਇਸ ਲਈ ‘ਧਰਮ’ ਸ਼ਬਦ ਦੀ ਵਿਆਖਿਆ ਅਲੱਗ-ਅਲੱਗ ਦ੍ਰਿਸ਼ਟੀਕੋਣ ਤੋਂ ਹੁੰਦੀ ਆਈ ਹੈ। ਸੰਸਾਰ ’ਚ ਮੌਜੂਦ ਹਰ ਧਰਮ ਦੇ ਅਨੁਯਾਈ ਲਈ ਆਪਣੇ-ਆਪਣੇ ਗੁਰੂ, ਪੀਰ, ਅਚਾਰੀਆ, ਇਸ਼ਟ ਆਦਿ ਦੁਆਰਾ ਦਿੱਤੀ ਗਈ (ਪੂਰਨ ਜਾਂ ਅਪੂਰਨ) ਸਿੱਖਿਆ ਉੱਤੇ ਵਿਸ਼ਵਾਸ ਧਾਰਨਾ ਤੇ ਉਸ ਦਾ ਪ੍ਰਚਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦਾ ਹੈ। ਵਿਰਲੀਆਂ ਰੂਹਾਂ ਹੁੰਦੀਆਂ ਹਨ, ਜੋ ਪ੍ਰਚਲਿਤ ਅਨੇਕਾਂ ਗ਼ਲਤ ਧਾਰਨਾਵਾਂ ਤੋਂ ਮੁਕਤ ਹੋ ਸਚਾਈ ਦੀ ਤਲਾਸ਼ ਕਰਦੀਆਂ ਹਨ।
ਸਿੱਖਾਂ ਲਈ ਸਦਾਚਾਰ (ਨੈਤਿਕਤਾ) ਦਾ ਖ਼ਜ਼ਾਨਾ ‘ਗੁਰੂ ਗ੍ਰੰਥ ਸਾਹਿਬ’ ਜੀ ਹਨ। ਜਿਸ ਵਿੱਚ ਸੰਸਾਰ ਦੇ ਅਲੱਗ-ਅਲੱਗ ਇਲਾਕਿਆਂ ਨਾਲ਼ ਸੰਬੰਧਿਤ ਜਗਤ ਪ੍ਰਸਿੱਧ 35 ਮਹਾਂ ਪੁਰਸ਼ਾਂ (15 ਭਗਤ, 11 ਭੱਟ, 3 ਗੁਰਸਿੱਖ ਤੇ 6 ਗੁਰੂ ਸਾਹਿਬਾਨਾਂ) ਦੁਆਰਾ ਰਚੀ ਗਈ ਪਵਿੱਤਰ ਕਲਾਮ ਦਰਜ ਹੈ, ਜੋ ਸਮੂਹਿਕ ਮਾਨਵਤਾ ਲਈ ਰੂਹਾਨੀਅਤ ਦੇ ਨਾਲ਼-ਨਾਲ਼ ‘ਪਰਿਵਾਰਕ, ਸਮਾਜਿਕ, ਰਾਜਨੀਤਿਕ (ਕੂਟਨੀਤੱਗ), ਸਭਿਆਚਾਰਕ (ਸੰਸਿਤਕ), ਆਰਥਿਕ, ਦਾਰਸ਼ਨਿਕ’ ਆਦਿ ਵਿਸ਼ਿਆਂ ਦੀ ਢੁੱਕਵੀਂ ਤੇ ਤਰਕ ਸੰਗਤ ਨਜ਼ਰੀਏ ਨਾਲ਼ ਵਿਆਖਿਆ ਕਰਦੀ ਹੈ ਤਾਂ ਜੋ ਪੂਰਾ ਵਿਸ਼ਵ ਭੇਦ-ਭਾਵ ਮੁਕਤ ਆਪਸੀ ਪ੍ਰੇਮ ਕਾਇਮ ਕਰਦਾ ਹੋਇਆ ਸਰਬੋਤਮ ਜੂਨੀ ਦਾ ਮਾਲਕ (ਇਨਸਾਨ) ਕੁਦਰਤ ਦੇ ਨਿਰੰਤਰ ਵਿਕਾਸ ’ਚ ਮਹੱਤਵ ਪੂਰਨ ਰੋਲ ਅਦਾ ਕਰ ਸਕੇ ਕਿਉਂਕਿ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੀ ਰਚਨਾ (ਪਰਿਵਾਰ) ਹੈ।
ਧਰਮੀ ਵਿਅਕਤੀ ਲਈ ਹਰ ਧਰਮ ਦੀਆਂ ਚੰਗਿਆਈਆਂ ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਹਰ ਇਨਸਾਨ ਨਾਲ਼ ਪਿਆਰ ਤੇ ਆਪਣੇ ਸਿਧਾਂਤ ਦੀ ਵਿਲੱਖਣਤਾ ਦਾ ਅੰਤਰ ਪਛਾਣਿਆ ਜਾ ਸਕੇ, ਇਸ ਲਈ ਹੇਠਾਂ ਸੰਖੇਪ ’ਚ ਅਨਮਤ ਦੁਆਰਾ ‘ਧਰਮ’ ਦੀ ਕੀਤੀ ਵਿਆਖਿਆ ਨੂੰ ਵੀ ਵਿਚਾਰਿਆ ਜਾ ਰਿਹਾ ਹੈ।
(1). ‘ਪਾਰਸੀ ਧਰਮ’- ਇਸ ਦੇ ਸੰਚਾਲਕ (ਮੋਢੀ ਜਾਂ ਗੁਰੂ) ਮਹਾਂਰਿਸ਼ੀ ਜ਼ਰਤੁਸ਼ਤ (ਸਪਿਤਸਮਾ) ਜੀ ਸਨ, ਜੋ 600 ਈਸਵੀ ਪੂਰਵ ਈਰਾਨ ’ਚ ਪੈਦਾ ਹੋਏ। 15 ਸਾਲ ਦੀ ਉਮਰ ’ਚ ਇਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਪਰ ਇਨ੍ਹਾਂ 20 ਕੁ ਸਾਲ ਦੀ ਉਮਰ ’ਚ ਗ੍ਰਹਿਸਤੀ ਤਿਆਗ ਕੇ ਸਾਧੂ ਲਿਬਾਸ ਧਾਰਨ ਕਰ ਲਿਆ। 15 ਸਾਲ ਇਕਾਂਤ ’ਚ ਸਮਾਧੀ ਲਾਉਣ ਉਪਰੰਤ ਜੋ ਪ੍ਰਕਾਸ਼ ਹੋਇਆ, ਉਸ ਬਾਰੇ ਇਨ੍ਹਾਂ ਬਚਨ ਕੀਤਾ ‘ਮੈਂ ਮਰ ਭਾਵੇਂ ਜਾਵਾਂ ਮੇਰੀਆਂ ਹੱਡੀਆਂ ਬੇਸ਼ੱਕ ਖਿੰਡਣ ਪੁੰਡਣ ਤੇ ਰੁਲ਼ ਜਾਣ ਪਰ ਮੈਂ ਕਦੇ ਵੀ ਆਪਣਾ ਭਰੋਸਾ ਨੇਕੀ (ਹੁਰਮਜ਼ਦ) ਦੇ ਪ੍ਰੇਮ ਤੋਂ ਨਹੀਂ ਹਟਾਵਾਂਗਾ।’
ਈਰਾਨੀ ਲੋਕ ਪਹਾੜਾਂ ਉੱਤੇ ਚੜ੍ਹ ਕੇ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਜਾਨਵਰਾਂ ਤੇ ਔਰਤਾਂ ਦੀ ਕੁਰਬਾਨੀ ਦੇਂਦੇ ਸਨ। ਜਿਸ ਨੂੰ ਇਨ੍ਹਾਂ ਨੇ ਵਿਰੋਧ ਕਰ ਬੰਦ ਕਰਵਾਇਆ, ਜੋਤਿਸ਼, ਭੂਤ-ਪ੍ਰੇਤ ਕੱਢਣ ਆਦਿ ਦਾ ਭਰਮ ਤੋੜਿਆ। ਈਰਾਨੀ ਲੋਕ ‘ਸੂਰਜ, ਚੰਨ, ਧਰਤੀ, ਅਗਨੀ, ਪਾਣੀ, ਹਵਾ, ਆਕਾਸ਼’ ਆਦਿ ਨੂੰ ਦੇਵਤਾ ਮੰਨਦੇ ਸਨ/ਹਨ। ਬੇਸ਼ੱਕ ‘ਪਾਰਸੀ ਧਰਮ’ ਨੇ ਦੇਵ ਪੂਜਾ ਬੰਦ ਕਰਾ ਕੇ ਰੱਬ ਨੂੰ ਹੀ ਸਰਬ ਸ਼ਕਤੀਮਾਨ ਮੰਨਿਆ ਪਰ ਇਹ ਆਪ ਅੱਜ ਵੀ ਅਗਨੀ ਪੂਜਾ ਨੂੰ ਪ੍ਰਮੁੱਖਤਾ ਦੇਂਦੇ ਹਨ। ਲੀਬੀਆ ਦੇ ਰਾਜੇ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਅਨੇਕਾਂ ਪਾਰਸੀ ਲੋਕਾਂ ਸਮੇਤ ‘ਜ਼ਰਤੁਸ਼ਤ’ ਜੀ ਦੀ ਵੀ ਮੌਤ ਹੋ ਗਈ, ਬਾਕੀ ਬਚੇ ਜ਼ਿਆਦਾਤਰ ਪਾਰਸੀ ਭਾਰਤ ’ਚ ਆ ਵਸੇ। ਹੁਣ ਵੱਡੇ ਵੱਡੇ ਅਮੀਰ ਲੋਕ ਇਸ ਧਰਮ ਦੇ ਅਨੁਯਾਈ ਹਨ, ਜਿਨ੍ਹਾਂ ਦੀ ਨਫ਼ਰੀ ‘ਬੰਬਈ, ਸੂਰਤ, ਗੁਜਰਾਤ’ ਆਦਿ ’ਚ ਪਾਈ ਜਾਂਦੀ ਹੈ। ਇਹ ਮਨੁੱਖ, ਔਰਤ ਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਿਸੇ ਖੁਲ੍ਹੀ ਜਗ੍ਹਾ ਰੱਖ ਦਿੰਦੇ ਹਨ ਤਾਂ ਜੋ ਜਾਨਵਰ ਖਾ ਲੈਣ।
ਇਸ ‘ਧਰਮ’ ਅਨੁਸਾਰ ਦੋ ਸ਼ਕਤੀਆਂ (ਨੇਕੀ ਤੇ ਬਦੀ) ਆਦਿ ਕਾਲ ਤੋਂ ਨਾਲ਼ ਨਾਲ਼ ਚਲਦੀਆਂ ਹਨ। ‘ਨੇਕੀ’ ਨੂੰ ਇਹ ‘ਹੁਰਮਜ਼ਦ’ ਤੇ ਬਦੀ ਨੂੰ ‘ਅਹੁਰਿਮਾਂ’ ਮੰਨਦੇ ਹਨ। ਇਨ੍ਹਾਂ ਅਨੁਸਾਰ ਅੰਤ ਨੂੰ ‘ਅਹੁਰਿਮਾਂ’ ਦੀ ਹਾਰ ਤੇ ‘ਹੁਰਮਜ਼ਦ’ ਦੀ ਜਿੱਤ ਹੋਵੇਗੀ। ਗੁਰਬਾਣੀ ਇਸ ਵਿਚਾਰ ਨੂੰ ਇਉਂ ਲੈਂਦੀ ਹੈ ‘‘ਕੂੜ ਨਿਖੁਟੇ ਨਾਨਕਾ ! ਓੜਕਿ (ਅੰਤ ਨੂੰ) ਸਚਿ ਰਹੀ ॥’’ (ਮਹਲਾ ੧/੯੫੩)
(2). ‘ਬੁੱਧ ਤੇ ਜੈਨ ਧਰਮ’- ‘ਬੁੱਧ ਧਰਮ’ ਦਾ ਸੰਚਾਲਕ ‘ਗੌਤਮ ਬੁੱਧ’ (ਜਨਮ 566 ਈਸਵੀ ਪੂਰਵ) ਤੇ ‘ਜੈਨ ਧਰਮ’ ਦਾ ਸੰਚਾਲਕ (ਆਮ ਤੌਰ ’ਤੇ) ‘ਭਗਵਾਨ ਮਹਾਂਵੀਰ’ ਜੀ (ਜਨਮ 599 ਈਸਵੀ ਪੂਰਵ) ਨੂੰ ਮੰਨਿਆ ਜਾਂਦਾ ਹੈ। ‘ਵਰਧਮਾਨ’ ਜਾਂ ‘ਮਹਾਂਵੀਰ’ ਨਾਮ ਇਨ੍ਹਾਂ ਨੂੰ ਸਤਿਕਾਰ ਵਜੋਂ ਮਿਲਿਆ ਹੈ ਜਦਕਿ ਇਨ੍ਹਾਂ ਦੇ ਅਸਲ ਨਾਂ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ‘ਮਹਾਂਵੀਰ’ ਦਾ ਅੱਖਰੀਂ ਅਰਥ ਹੈ ‘ਵਿਕਾਰਾਂ ਉੱਤੇ ਫ਼ਤਿਹ ਪਾਉਣ ਵਾਲ਼ਾ ਯੋਧਾ’। ਛੋਟੀ ਉਮਰ ’ਚ ਹੀ ਇੱਕ ਬ੍ਰਾਹਮਣ ਸੋਮਦਤ ਦੇ ਮੰਗਣ ’ਤੇ ਇਨ੍ਹਾਂ ਨੇ ਆਪਣਾ ਕੀਮਤੀ ਬਸਤਰ ਉਤਾਰ ਕੇ ਉਸ ਨੂੰ ਦਾਨ ਕਰ ਦਿੱਤਾ ਫਿਰ ਸਾਰੀ ਉਮਰ ਨਿਰ ਬਸਤਰ (ਨੰਗੇ) ਹੀ ਵਿਚਰਦੇ ਰਹੇ। ਉਕਤ ਦੋਵੇਂ ਮਹਾਤਮਾ ਦਾ ਜਨਮ ਬਿਹਾਰ ’ਚ ਹੋਇਆ ਹੈ।
ਬੁਢੇਪੇ ਤੇ ਮੌਤ ਨੂੰ ਵੇਖ ਕੇ ਅਸ਼ਾਂਤ ਹੋਏ ਮਨ ਵਾਸਤੇ ਸ਼ਾਂਤੀ ਦੀ ਤਲਾਸ਼ ਕਰਦਿਆਂ ‘ਗੌਤਮ ਬੁੱਧ’ ਨੇ 28 ਸਾਲ ਦੀ ਉਮਰ ’ਚ ਆਪਣਾ ਰਾਜ ਘਰਾਣਾ ਤਿਆਗ ਕੇ ਜੰਗਲ਼ਾਂ ’ਚ ਜਾਣ ਦਾ ਫ਼ੈਸਲਾ ਕਰ ਲਿਆ। ਇਨ੍ਹਾਂ ਦੀ ਮਾਤਾ ਕੇਵਲ 7 ਦਿਨਾਂ ਦੇ ਨੂੰ ਛੱਡ ਕੇ ਹੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਸੀ, ਇਨ੍ਹਾਂ ਦਾ ਪਾਲਣ-ਪੋਸ਼ਣ ਦਾਸੀਆਂ ਨੇ ਕੀਤਾ ਸੀ।
ਦੂਸਰੇ ਪਾਸੇ ਮਾਤਾ ਪਿਤਾ ਦੀ ਮੌਤ ਉਪਰੰਤ ਵੱਡੇ ਭਰਾ ਤੋਂ ਆਗਿਆ ਲੈ ਕੇ ‘ਮਹਾਂਵੀਰ’ ਜੀ ਨੇ ਵੀ ਜੰਗਲ਼ ਨੂੰ ਆਪਣਾ ਘਰ ਬਣਾ ਲਿਆ। ਇਨ੍ਹਾਂ ਫ਼ੈਸਲਿਆਂ ਦੌਰਾਨ ‘ਮਹਾਤਮਾ ਬੁੱਧ’ ਜੀ ਦਾ ਇੱਕ ਪੁੱਤਰ (ਰਾਹੁਲ) ਸੀ ਤੇ ‘ਮਹਾਂਵੀਰ’ ਜੀ ਦੀ ਇੱਕ ਬੇਟੀ (ਪ੍ਰਿਆਦਰਸ਼ਨ) ਸੀ ਭਾਵ ਦੋਵੇਂ ਗ੍ਰਹਿਸਤੀ ਪਰਵਾਰ ਸਨ।
‘ਮਹਾਤਮਾ ਬੁੱਧ’ ਜੀ ਨੇ 7 ਸਾਲ ਅਤੇ ‘ਮਹਾਂਵੀਰ’ ਜੀ ਨੇ 12 ਸਾਲ ਜੰਗਲ਼ ਦੇ ਇਕਾਂਤ ’ਚ ਭੁੱਖੇ-ਭਾਣੇ ਰਹਿ ਕੇ, ਜੋ ਗਿਆਨ ਰਸ ਪ੍ਰਾਪਤ ਕਰਨ ’ਚ ਸਫਲਤਾ ਪਾਈ, ਉਸ ਅਵਸਥਾ ਨੂੰ ‘ਮਹਾਤਮਾ ਬੁੱਧ’ ਜੀ ਨੇ ‘ਨਿਰਵਾਣ’ (ਸੰਸਾਰਕ ਬੰਧਨਾਂ ਤੋਂ ਮੁਕਤੀ) ਤੇ ‘ਮਹਾਂਵੀਰ’ ਜੀ ਨੇ ‘ਕੈਵਲਯ’ (ਕੇਵਲ ਏਕਤਾ) ਵਰਣਨ ਕੀਤਾ, ਜਿਸ ਵਿੱਚ ‘ਅਹਿੰਸਾ, ਸ਼ਾਂਤੀ, ਤਿਆਗ, ਮਨ ਦੀ ਸ਼ੁੱਧਤਾ ਤੇ ਉੱਚੀ ਅਕਲ’ ਆਦਿ ਗੁਣਾਂ ਦੀ ਵਿਆਖਿਆ ਹੈ।
ਉਕਤ ਦੋਵੇਂ ‘ਧਰਮਾਂ’ ਨੂੰ ਮਿਲਾ ਕੇ ਵਿਚਾਰਨ ਦਾ ਮਤਲਬ ਇਹ ਸੀ ਕਿ ਇਨ੍ਹਾਂ ’ਚ ਕੁੱਝ ਕੁ ਸਿਧਾਂਤਕ ਸਮਾਨਤਾ ਹੈ; ਜਿਵੇਂ ਕਿ ‘ਦੋਵੇਂ ਹੀ ਧਰਮ, ਰੱਬੀ ਹੋਂਦ ਅਤੇ ਉਸ ਦੀ ਬਖ਼ਸ਼ਸ਼ ਉੱਤੇ ਵਿਸ਼ਵਾਸ ਨਹੀਂ ਰੱਖਦੇ।, ਵਰਤ, ਜਾਤ-ਪਾਤ, ਵਹਿਮ-ਭਰਮ, ਦੇਵ ਤੇ ਪੱਥਰ ਪੂਜਾ ਆਦਿ ਦੋਵਾਂ ਲਈ ਵਰਜਿਤ ਹਨ।, ਆਪਸੀ ਪ੍ਰੇਮ, ਔਰਤ ਦਾ ਸਤਿਕਾਰ ਤੇ ਉਦਾਰਤਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ‘ਬੁੱਧ ਧਰਮ’ ਗ੍ਰਹਿਸਤ (‘ਮਧ ਮਾਰਗ’, ਨਾ ਬਹੁਤੇ ਭੋਗ, ਨਾ ਤਿਆਗ) ਧਰਮ ਹੈ ਜਦਕਿ ‘ਜੈਨ ਧਰਮ’ ਗ੍ਰਹਿਸਤ ਅਤੇ ਤਿਆਗ (ਸੰਨਿਆਸ) ਦਾ ਹਿਮਾਇਤੀ ਹੈ। ਪੱਕੇ ‘ਜੈਨੀ ਸਾਧੂ’ ਆਪਣੇ ਆਪ ਨੂੰ ‘ਮਹਾਂਵੀਰ’ ਜੀ ਵਾਙ ਨੰਗਾ (ਦਿਗੰਬਰ) ਰਹਿਣਾ, ਬਿਨਾਂ ਮੰਗਿਆਂ ਮਿਲਿਆ ਭੋਜਨ ਛੱਕਣਾ ਤੇ ਕੁੰਭ ਇਸ਼ਨਾਨ ਆਦਿ ਕਰਨਾ, ਜ਼ਰੂਰੀ ਮੰਨਦੇ ਹਨ ਜਦਕਿ ਦੂਜੀ ਸ਼੍ਰੇਣੀ ਵਾਲ਼ੇ ਜੈਨੀ, ਸਰੀਰ ਉੱਤੇ ਬਸਤਰ ਪਹਿਨਦੇ ਹਨ ਤੇ ਗ੍ਰਹਿਸਤੀ ਜੀਵਨ ’ਚ ਯਕੀਨ ਰੱਖਦੇ ਹਨ। ਜੈਨੀ ਲੋਕ ਮੰਦਿਰਾਂ ਦੀ ਬਜਾਏ ਮੱਠਾਂ ਨਾਲ਼ ਜੁੜੇ ਹਨ।
ਗ੍ਰਹਿਸਤੀ ਦਾ ਤਿਆਗ ਕਰਨ ਵਾਲ਼ੇ ਜੈਨੀ ਸਾਧੂ, ਆਮ ਤੌਰ ’ਤੇ ਗ੍ਰਹਿਸਤੀ ਜੈਨੀਆਂ ਦੇ ਪ੍ਰਚਾਰਕ ਹਨ। ਕਈ ਜੰਗਲ਼ ਨਿਵਾਸੀਆਂ ਨੂੰ ਭੋਜਨ ਦੀ ਕਮੀ ਰਹਿੰਦੀ ਹੈ ਤੇ ਉਹ ਮੰਗਣ ਤੋਂ ਸੰਕੋਚ ਕਰਦੇ ਹਨ, ਜੂਠੀ ਰਹਿੰਦ-ਖੂੰਹਦ ਨਾਲ਼ ਹੀ ਜੀਵਨ ਬਸਰ ਕਰਦੇ ਹਨ। ਅਹਿੰਸਾ ਦੇ ਪੂਜਾਰੀ ਹੋਣ ਕਾਰਨ ਪਾਣੀ ਨਾਲ਼ ਇਸ਼ਨਾਨ ਨਹੀਂ ਕਰਦੇ ਤਾਂ ਜੋ ਕੋਈ ਜੀਵ ਹੱਤਿਆ ਨਾ ਹੋ ਜਾਵੇ। ਇਸ ਕੁਚੀਲ ਜ਼ਿੰਦਗੀ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ‘‘ਇਕਿ ਜੈਨੀ ਉਝੜ ਪਾਇ; ਧੁਰਹੁ ਖੁਆਇਆ ॥ ਤਿਨ ਮੁਖਿ ਨਾਹੀ ਨਾਮੁ; ਨ ਤੀਰਥਿ ਨ੍ਾਇਆ ॥ ਹਥੀ ਸਿਰ ਖੋਹਾਇ; ਨ ਭਦੁ ਕਰਾਇਆ (ਨਾ ਸਿਰ ਮਨਾਉਂਦੇ) ॥ ਕੁਚਿਲ ਰਹਹਿ ਦਿਨ ਰਾਤਿ; ਸਬਦੁ ਨ ਭਾਇਆ (ਅਕਲ ਨਾ ਪਸੰਦ)॥ ਤਿਨ ਜਾਤਿ ਨ, ਪਤਿ ਨ ਕਰਮੁ; ਜਨਮੁ ਗਵਾਇਆ ॥ ਮਨਿ ਜੂਠੈ ਵੇਜਾਤਿ; ਜੂਠਾ ਖਾਇਆ ॥ ਬਿਨੁ ਸਬਦੈ; ਆਚਾਰੁ ਨ, ਕਿਨ ਹੀ ਪਾਇਆ ॥ ਗੁਰਮੁਖਿ; ਓਅੰਕਾਰਿ ਸਚਿ ਸਮਾਇਆ ॥’’ (ਮਹਲਾ ੧/੧੨੮੫)
(3). ਵੈਦਿਕ ਧਰਮ ਜਾਂ ਹਿੰਦੂ ਧਰਮ-ਇਸ ਧਰਮ ਦਾ ਪਿਛੋਕੜ ਵੀ ਈਰਾਨ ਦੇ ਆਰੀਅਨ ਲੋਕ ਹਨ, ਜੋ 1500 ਤੋਂ 1000 ਈਸਵੀ ਪੂਰਵ ਭਾਰਤ ’ਚ ਆਏ। ਇਨ੍ਹਾਂ ਵਿੱਚ ਜ਼ਿਆਦਾਤਰ ਸਿਆਸੀ ਸੋਚ ਰੱਖਣ ਵਾਲ਼ੇ ਲੋਕ ਸਨ, ਜੋ ਈਰਾਨ ਦੀ ਲੜਾਈ ’ਚ ਹਾਰਨ ਕਾਰਨ ਆਪਣਾ ਦੇਸ਼ (ਈਰਾਨ) ਛੱਡ ਆਏ ਸਨ। ਭਾਰਤ ਦੇ ਮੂਲ ਵਾਸੀ ਦਰਾਵੜ ਲੋਕ, ਜਿਨ੍ਹਾਂ ਨੂੰ ਭਾਰਤ ਦਾ ਪ੍ਰਾਚੀਨ ਵਰਗ ਕਿਹਾ ਜਾਂਦਾ ਹੈ, ਨਾਲ਼ ਸਦੀਆਂ ਤੱਕ ਇਨ੍ਹਾਂ ਆਰੀਅਨ ਲੋਕਾਂ ਨੇ ਰਾਜਨੀਤਿਕ ਸੰਘਰਸ਼ ਕੀਤਾ, ਜਿਸ ਦਾ ਵਰਣਨ ‘ਵੇਦਾਂ’ (ਰਿਗਵੇਦ ਆਦਿਕ) ’ਚ ਦਰਜ ਹੈ। ਇਹੀ ‘ਵੈਦਿਕ ਧਰਮ’ ਦਾ ਆਧਾਰ ਹਨ।
(ੳ). ‘ਰਿਗ ਵੇਦ’- ‘ਰਿਗ’ ਦਾ ਅਰਥ ਹੈ: ‘ਉਪਮਾ’। ਇਹ ਉਪਮਾ ‘ਅਗਨਿ, ਸੂਰਜ ਤੇ ਇੰਦਰ’ ਦੇਵਤੇ ਅੱਗੇ ਕੀਤੀ ਪ੍ਰਾਰਥਨਾ ਹੈ। ‘ਇੰਦਰ’ ਆਰੀਅਨ ਰਾਜਾ ਸੀ, ਜੋ ਰਾਜਾ ਵਾਮਨ (ਬੌਣਾ) ਦਾ ਵੱਡਾ ਭਰਾ ਸੀ, ਜਿਸ ਨੇ ਢਾਈ ਕਦਮ ਨਾਲ਼ ਸਾਰੀ ਧਰਤੀ ਨਾਪੀ, ਮੰਨੀ ਗਈ ‘‘ਕਰਉ ਅਢਾਈ, ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥’’ (ਮਹਲਾ ੧/੧੩੪੪)
‘ਵੈਦਿਕ ਧਰਮ’ ’ਚ ‘ਰਿਗ ਵੇਦ’ ਪਹਿਲੀ ਸਾਹਿਤਕ ਰਚਨਾ ਹੈ, ਜਿਸ ਨੂੰ ਕਈ ਪੀੜ੍ਹੀਆਂ ’ਚ 4 ਪਰੋਹਤਾਂ (ਵਿਸ਼ਵਾਮਿਤਰ ‘ਇਲਾਕਾ ਆਗਰਾ’, ਵਸ਼ਿਸ਼ਟ ‘ਇਲਾਕਾ ਮੇਰਠ ਤੋਂ ਅੰਬਾਲਾ’, ਭਾਰਦ੍ਵਾਜ ‘ਇਲਾਕਾ ਆਗਰੇ ਤੋਂ ਰੁਹੇਲ ਖੰਡ’ ਤੇ ਗੋਤਮ ਰਿਸ਼ੀ) ਦੁਆਰਾ ਲਿਖੇ ਮੰਤ੍ਰਾਂ ਨਾਲ਼ ਸੰਪੂਰਨ ਕੀਤਾ ਗਿਆ, ਇਹ ਕਾਲ 1500 ਈਸਵੀ ਪੂਰਵ ਸੀ, ਜੋ ਰਾਮਚੰਦ੍ਰ ਜੀ ਦਾ ਸਮਾਂ ਹੈ। ਵਸ਼ਿਸ਼ਟ ਰਿਸ਼ੀ; ਰਾਮਚੰਦ੍ਰ ਜੀ ਦੇ ਗੁਰੂ ਅਤੇ ਵਿਸ਼ਵਾਮਿਤਰ ਰਿਸ਼ੀ ਰਾਮਚੰਦ੍ਰ ਨੂੰ ਸ਼ਸਤਰ ਵਿੱਦਿਆ ਦੇਣ ਵਾਲ਼ੇ ਉਸਤਾਦ ਭੀ ਸਨ।
‘ਰਿਗ ਵੇਦ’ ਦੇ ਅਖੀਰ ’ਚ ਇੱਕ ਈਸ਼੍ਵਰਵਾਦ (ਅਦ੍ਰਿਸ਼ ਸ਼ਕਤੀ) ਦੀ ਹੋਂਦ ਨੂੰ ਭੀ ਸਵੀਕਾਰਿਆ ਗਿਆ ਹੈ ਸ਼ਾਇਦ ਇਸ ਨੂੰ ਬਾਅਦ ’ਚ ਦਰਜ ਕੀਤਾ ਗਿਆ ਹੋਵੇ। ਗੁਰਬਾਣੀ ਇਨ੍ਹਾਂ ਗੁਣਕਾਰੀ ਵਿਚਾਰਾਂ ਬਾਰੇ ਆਪਣੀ ਗਵਾਹੀ ਇਉਂ ਭਰਦੀ ਹੈ ‘‘ਵੇਦਾ ਮਹਿ ਨਾਮੁ ਉਤਮੁ, ਸੋ ਸੁਣਹਿ ਨਾਹੀ; ਫਿਰਹਿ ਜਿਉ ਬੇਤਾਲਿਆ ॥’’ (ਮਹਲਾ ੩/੯੧੯)
(ਅ). ਯਜੁਰ ਵੇਦ- ‘ਯਜੁਰ’ ਦਾ ਅਰਥ ਹੈ: ‘ਕੁੱਛ ਦੇਣਾ ਜਾਂ ਯੱਗ ਕਰਨਾ’। ਇਸ ਅੰਦਰ ਯੱਗ ਅਤੇ ਬਲੀਦਾਨ ਦੇਣ ਸਮੇਂ ਪੜ੍ਹੇ ਜਾਣ ਵਾਲ਼ੇ ਮੰਤਰ ਤੇ ਕੀਤੀਆਂ ਜਾਣ ਵਾਲ਼ੀਆਂ ਰਸਮਾਂ ਦਾ ਜ਼ਿਕਰ ਹੈ।
(ੲ). ਸਾਮ ਵੇਦ-‘ਸਮਨ’ ਦੇ ਅਰਥ ਹਨ: ‘ਗਾਉਣਾ’। ਇਸ ਵੇਦ ’ਚ ਰਿਗ ਵੇਦ ਦੇ ਮੰਤ੍ਰਾਂ ਨੂੰ ਬਹੁਤ ਸਾਰੇ ਭਜਨ-ਰਾਗਾਂ ਅਨੁਸਾਰ ਤਰਤੀਬ ਦਿੱਤੀ ਗਈ ਹੈ। ਇਸ ਵੇਦ ਨੂੰ ਭਾਰਤੀ ਰਾਗਾਂ ਦਾ ਪ੍ਰਾਚੀਨ ਸ੍ਰੋਤ ਕਿਹਾ ਜਾ ਸਕਦਾ ਹੈ।
(ਸ). ਅਥਰਵ (ਜਾਂ ਅਥਰਵਣ) ਵੇਦ-‘ਅਥਰਵ’ ਦਾ ਅਰਥ ਹੈ: ‘ਹਵਨ ਕਰਵਾਉਣ ਵਾਲ਼ਾ’। ਇਸ ਸਭ ਤੋਂ ਛੋਟੇ ਵੇਦ ’ਚ ਯੱਗ, ਹੋਮ ਆਦਿ ਕਰਨ ਦੀ ਵਿਧੀ ਤੇ ਯੱਗ ਕਰਵਾਉਣ ਵਾਲ਼ਿਆਂ ਦੀਆਂ ਕਿਸਮਾਂ ਦਾ ਜ਼ਿਕਰ ਹੈ।
ਉਕਤ ਕੀਤੀ ਗਈ ਵੇਦਾਂ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਵੇਦ; ਸੰਸਾਰ ਅਤੇ ਭਾਰਤ ਦਾ ਪ੍ਰਾਚੀਨ ਇਤਿਹਾਸ ਹੈ, ਨਾ ਕਿ ਰੂਹਾਨੀਅਤ ਮਾਰਗ-ਦਰਸ਼ਨ। ਵੈਦਿਕ ਧਰਮ ਦੁਆਰਾ ਉਲੀਕੇ ਚਾਰੇ ਯੁੱਗ (ਸਤਿਯੁੱਗ, ਤ੍ਰੇਤਾ, ਦੁਆਪਰ ਤੇ ਕਲਿਯੁੱਗ) ਵੀ 5000 ਸਾਲ ਤੋਂ ਪੁਰਾਣੇ ਨਹੀਂ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ‘ਹਿੰਦੂ ਧਰਮ’ ਦਾ ਆਧਾਰ ਆਰੀਅਨ ਲੋਕ ਹਨ ਜਦਕਿ ਨਿਰਾਕਾਰ ਦੀ ਭਗਤੀ ਪਰੰਪਰਾ ਦਾ ਬੀਜ ਸਭ ਤੋਂ ਪਹਿਲਾਂ ਭਾਰਤ ’ਚ ਬੋਇਆ ਗਿਆ ਹੈ। ਇਸੇ ਲਹਿਰ ਦੇ 15 ਭਗਤਾਂ ਦੀ ਬਾਣੀ; ‘ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹੈ। ਹਿੰਦੂ ਧਰਮ ਅਤੇ ਸਨਾਤਨ ਧਰਮ ਦੋ ਭਿੰਨ ਭਿੰਨ ਵਿਚਾਰਧਾਰਾ ਵਾਲ਼ੇ ਧਰਮ ਹਨ। ਸਨਾਤਨ ਧਰਮ ’ਚੋਂ ਨਿਰਾਕਾਰ ਦੀ ਭਗਤੀ ਲਹਿਰ ਉਪਜੀ ਹੈ ਅਤੇ ਹਿੰਦੂ ਧਰਮ; ਆਕਾਰ (ਮੂਰਤੀ, ਦੇਵਤਿਆਂ ਆਦਿ) ਦਾ ਪੂਜਾਰੀ ਹੈ।
‘ਸਨਾਤਨ ਧਰਮ’ ਨਾਲ਼ ਸੰਬੰਧਿਤ ਲਗਭਗ 200 ਉਪਨਿਸ਼ਦਾਂ ਹਨ, ਜਿਨ੍ਹਾਂ ਦੀ ਰਚਨਾ ਦਾਰਸ਼ਨਿਕ ਲੋਕਾਂ ਦੁਆਰਾ ਲਗਭਗ 2500 ਵਰ੍ਹੇ ਪਹਿਲਾਂ ਹੋਈ ਭਾਵ ਵੇਦਾਂ ਤੋਂ 1000 ਸਾਲ ਬਾਅਦ ’ਚ। ਇਸ 1000 ਸਾਲ ਵਿੱਚ ਹੀ ਬ੍ਰਾਹਮਣਾਂ ਦੁਆਰਾ ਅਨੇਕਾਂ ਲਿਖਤਾਂ ਲਿਖੀਆਂ ਗਈਆਂ, ਜਿਨ੍ਹਾਂ ਰਾਹੀਂ ਲੁਕਾਈ ਨੂੰ ਜਾਦੂ, ਟੂਣੇ, ਜੰਤਰ-ਮੰਤ੍ਰ, ਵਹਿਮ-ਭਰਮ ਆਦਿ ਬਣਾ ਕੇ ਡਰਾਇਆ ਗਿਆ, ਪਰ ਕੁੱਝ ਉਪਨਿਸ਼ਦਾਂ ਦੇ ਲੇਖਕ ਬੜੇ ਤੱਤਵੇਤਾਂ ਸਨ, ਜਿਨ੍ਹਾਂ ਨੇ ਸਮਾਜ ਨੂੰ ਇਸ ਅੰਧਵਿਸ਼ਵਾਸ ’ਚੋਂ ਬਚਾਉਣ ਦਾ ਯਤਨ ਕੀਤਾ; ਜਿਵੇਂ ਕਿ ਬ੍ਰਿਹਦਾਰਣਯਕ ਉਪਨਿਸ਼ਦ ਦੇ ਕਰਤਾ ਯਾਗਵਲਕ ਜੀ (600 ਈਸਵੀ ਪੂਰਵ) ਲਿਖਦੇ ਹਨ ਕਿ ‘ਜੋ ਆਤਮਾ ਤੋਂ ਬਿਨਾਂ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਕਰਦਾ ਹੈ, ਉਹ ਦੇਵਤਿਆਂ ਦਾ ਪਾਲਤੂ ਪਸ਼ੂ ਹੈ।’ ਇਨ੍ਹਾਂ ਹੋਰ ਲਿਖਿਆ ਕਿ ‘ਬ੍ਰਹਮ ਦੇ ਦੋ ਰੂਪ ਹਨ ‘ਸਰਗੁਣ ਤੇ ਨਿਰਗੁਣ’, ਇੱਕ ਨਾਸਵੰਤ ਤੇ ਦੂਸਰਾ ਅਬਿਨਾਸ਼ੀ; ਨਾ ਉਹ ਲੰਮਾ ਨਾ ਚੌੜਾ, ਨਾ ਉਹ ਰੂਪ, ਰਸ, ਗੰਧ, ਅੱਖ, ਕੰਨ, ਮਨ, ਬਾਣੀ (ਬੋਲੀ), ਪ੍ਰਾਣਾਂ (ਸੁਆਸਾਂ) ਤੇ ਮੂੰਹ ਵਾਲ਼ਾ ਹੈ’। ਗੁਰਬਾਣੀ ਇਨ੍ਹਾਂ ਵਿਚਾਰਾਂ ਨੂੰ ਇਉਂ ਸਪਸ਼ਟ ਕਰਦੀ ਹੈ ‘‘ਆਪੇ ਸੂਰੁ, ਕਿਰਣਿ ਬਿਸਥਾਰੁ ॥ ਸੋਈ ਗੁਪਤੁ, ਸੋਈ ਆਕਾਰੁ ॥੨॥ ਸਰਗੁਣ, ਨਿਰਗੁਣ; ਥਾਪੈ ਨਾਉ ॥ ਦੁਹ ਮਿਲਿ, ਏਕੈ ਕੀਨੋ ਠਾਉ ॥ (ਮਹਲਾ ੫/੩੮੭), ਰੂਪੁ ਨ, ਰੇਖ ਨ, ਰੰਗੁ ਕਿਛੁ; ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥’’ (ਮਹਲਾ ੫/੨੮੩) ਆਦਿ। ਕਈ ਉਪਨਿਸ਼ਦਾਂ ’ਚ ਯੱਗਾਂ ਤੇ ਦੇਵਤਿਆਂ ਦੀ ਨਿਖੇਧੀ ਕੀਤੀ ਗਈ ਹੈ। ਅਜਿਹਾ ਜਾਪਦੈ ਕਿ ਹਿੰਦੂ (ਆਰੀਅਨ) ਧਰਮ ਅਤੇ ਸਨਾਤਨ ਧਰਮ ’ਚ ਲੰਮੇ ਸਮੇਂ ਤੋਂ ਧਾਰਮਕ ਸੰਘਰਸ਼ ਵੀ ਹੁੰਦਾ ਆਇਐ ਜੋ ਹੁਣ ਵੀ ਜਾਰੀ ਹੈ। ਜ਼ਿਆਦਾਤਰ ਉਪਨਿਸ਼ਦਾਂ ਦਾ ਭਾਵਾਰਥ ‘ਆਤਮਾ ਤੇ ਬ੍ਰਹਮ’ ਦਾ ਗਿਆਨ ਹੈ। ਕਈ ਉਪਨਿਸ਼ਦ ਸਿਧਾਂਤ ਵਿਗਾੜਨ ਲਈ ਹਿੰਦੂ ਪੰਡਿਤਾਂ ਦੁਆਰਾ ਲਿਖੇ ਹੋ ਸਕਦੇ ਹਨ। ‘ਬ੍ਰਹਮ’ ਤੋਂ ਭਾਵ ਪਰਮ-ਆਤਮਾ ਜਾਂ ਈਸ਼ਵਰ (ਰੱਬ) ਹੈ ਤੇ ‘ਆਤਮਾ’ ਤੋਂ ਭਾਵ ਮਨੁੱਖ ਦਾ ਆਪਾ ਹੈ, ਜਿਸ ਨੂੰ ਜੀਵਾਤਮਾ ਕਿਹਾ ਜਾਂਦਾ ਹੈ।
ਆਰੀਅਨ ਲੋਕ ਕੂਟਨੀਤੱਗ (ਨੀਤੀਵਾਨ) ਲੋਕ ਸਨ, ਜੋ ਆਪਣਾ ਨਫ਼ਾ-ਨੁਕਸਾਨ ਪੂਰਾ ਕਰਨਾ ਜਾਣਦੇ ਸਨ, ਇਨ੍ਹਾਂ ਨੇ ਪਰੋਹਤ ਸ਼੍ਰੇਣੀ ਰਾਹੀਂ 6 ਸ਼ਾਸਤਰ ਤੇ 27 ਸਿਮਰਤੀਆਂ ਲਿਖਵਾ ਦਿੱਤੀਆਂ, ਜੋ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ਲਈ ਹੋਰ ਗਰਮ ਹਵਾਵਾਂ ਸਾਬਤ ਹੋਈਆਂ। ‘ਧਰਮ’ ਦੇ ਨਾਂ ’ਤੇ ਲਿਖੀਆਂ ਇਨ੍ਹਾਂ ਕਿਤਾਬਾਂ ’ਚ ਆਰੀਅਨ ਤੇ ਦਰਾਵੜ (ਸਨਾਤਨੀ) ਲੋਕਾਂ ਦੇ ਆਪਸੀ ਸੰਘਰਸ਼ ’ਚ ਮਾਰੇ ਗਏ ਆਰੀਅਨ ਰਾਜਿਆਂ ਨੂੰ ਦੇਵਤੇ ਬਣਾ ਲਿਆ ਗਿਆ, ਜਿਨ੍ਹਾਂ ਦੀ ਗਿਣਤੀ 33 ਕਰੋੜ ਹੋ ਗਈ। ਗੁਰਬਾਣੀ ਵੀ ਇਸ ਦੀ ਗਵਾਹੀ ਭਰਦੀ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਦੂਸਰੇ ਪਾਸੇ ਦਰਾਵੜਾਂ ’ਚ ਵੰਡੀਆਂ ਪਾਉਣ ਲਈ ਜਾਤ-ਪਾਤ ਨੂੰ ਆਧਾਰ ਬਣਾਇਆ ਗਿਆ। ਬ੍ਰਹਮਾ ਦੇ ਮੂੰਹ ’ਚੋਂ ਪੈਦਾ ਹੋਣ ਵਾਲ਼ਾ ਬ੍ਰਾਹਮਣ (ਪੰਡਿਤ), ਭੁਜਾਂ (ਬਾਂਹਾਂ) ’ਚੋਂ ਪੈਦਾ ਹੋਣ ਵਾਲ਼ਾ ਖੱਤਰੀ, ਜਾਂਗ (ਪੱਟਾਂ) ’ਚੋਂ ਹੈਦਾ ਹੋਣ ਵਾਲ਼ਾ ਵੈਸ਼ ਤੇ ਪੈਰਾਂ ’ਚੋਂ ਪੈਦਾ ਹੋਣ ਵਾਲ਼ਾ ਸ਼ੂਦਰ (ਦਰਾਵੜ, ਪ੍ਰਾਚੀਨ ਭਾਰਤੀ) ਐਲਾਨਿਆ ਗਿਆ। ਇਨ੍ਹਾਂ ਦੇ ਜਨਮ (ਜੰਝੂ ਧਾਰਨ ਤੋਂ ਲੈ ਕੇ) ਮਰਨ (ਪਿਤਰ ਕਿਰਿਆ ਤੱਕ) ਭਾਵ ਸ਼ਗਨ-ਅਪਸ਼ਗਨ (ਸੂਤਕ-ਪਾਤਕ) ਕਾਰਜਾਂ ’ਚ ਅੰਤਰ ਰੱਖਿਆ ਗਿਆ।
(ੳ). ਸ਼ਾਸਤਰਾਂ ਅਨੁਸਾਰ ਜਨੇਊ (ਜੰਝੂ) ਧਾਰਨ ਵਾਲ਼ਾ ਅਨੁਪਾਤ (ਵਿਤਕਰਾ) ਇਹ ਹੈ :
(1). ਬ੍ਰਾਹਮਣ ਲਈ ਜਨੇਊ ਕਪਾਸ (ਕਪਾਹ) ਦਾ ਹੋਵੇ, ਖੂਹ ’ਤੇ ਬੈਠ ਕੇ ਵੱਟ ਚਾੜਿਆ ਹੋਵੇ। ਕਾਲੇ ਹਿਰਨ ਦੀ ਖੱਲ ਪਹਿਨੀ ਹੋਵੇ, ਬਸੰਤ ਰੁੱਤ ਹੋਵੇ ਤੇ ਉਮਰ 8 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ।
(2). ਖੱਤਰੀ ਲਈ ਸਣ ਦਾ ਜਨੇਊ ਹੋਵੇ, ਲਾਲ ਮਿਰਗ ਦੀ ਖੱਲ ਪਹਿਨੀ ਹੋਵੇ, ਗਰਮ ਰੁੱਤ ਤੇ ਉਮਰ 11 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ।
(3). ਵੈਸ਼ ਲਈ ਮੀਢੇ (ਭੇਡੂ) ਦੀ ਉੱਨ (ਜੱਤ) ਦਾ ਜਨੇਊ ਹੋਵੇ, ਬੱਕਰੇ ਦੀ ਖੱਲ ਪਹਿਨੀ ਹੋਵੇ, ਸ਼ਰਦ ਰੁੱਤ ਤੇ ਉਮਰ 12 ਸਾਲ ਹੋਵੇ ਤਾਂ ਜਨੇਊ ਧਾਰਨ ਕਰ ਸਕਦਾ ਹੈ, ਆਦਿ। ਇਨ੍ਹਾਂ ਸ਼੍ਰੇਣੀਆਂ ’ਚ ਸ਼ੂਦਰ ਤੇ ਔਰਤ ਨੂੰ ਜਨੇਊ ਧਾਰਨ ਕਰਨ ਦਾ ਅਧਿਕਾਰ ਨਹੀਂ ਕਿਉਂਕਿ ਇਨ੍ਹਾਂ ਲਈ ਮਰਨ ਉਪਰੰਤ, ਦੁਬਾਰਾ ਉਕਤ ਤਿੰਨੇ ਸ਼੍ਰੇਣੀਆਂ ’ਚੋਂ ਕਿਸੇ ਇੱਕ ’ਚ ਜਨਮ ਲੈਣ ਜ਼ਰੂਰੀ ਹੈ ਤਾਂ ਜੋ ਮੁਕਤੀ ਹੋ ਸਕੇ। ਤਦ ਤੱਕ ਇਹ ਲੋਕ ਉਕਤ ਤਿੰਨੇ ਸ਼੍ਰੇਣੀਆਂ ਦੀ ਸੇਵਾ ਕਰਨਗੇ, ਜਿਨ੍ਹਾਂ ਦੇ ਧਾਰਮਿਕ ਕਰਮ ਹਨ: ‘ਬ੍ਰਾਹਮਣ ਨੇ ਵਿੱਦਿਆ ਪੜ੍ਹਾਉਣੀ ਤੇ ਦਾਨ ਲੈਣਾ।, ਖੱਤਰੀ ਨੇ ਵਿੱਦਿਆ ਪੜ੍ਹਨੀ, ਬ੍ਰਾਹਮਣ ਨੂੰ ਦਾਨ ਦੇਣਾ ਤੇ ਜਨਤਾ ਦੀ ਹਿਫ਼ਾਜ਼ਤ ਕਰਨੀ ਅਤੇ ਵੈਸ਼ ਨੇ ਖੇਤੀ, ਵਾਪਾਰ ਆਦਿ ਕਰਮ ਕਰਨੇ’।
(ਅ). ਸਿਮਰਤੀਆਂ ਮੁਤਾਬਕ ਸੂਤਕ-ਪਾਤਕ ਦੌਰਾਨ ਹੋਣ ਵਾਲ਼ੀ ਅਸ਼ੁੱਧੀ ਦੀ ਮਿਆਦ :
(1). ਬ੍ਰਾਹਮਣ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 11 ਦਿਨ ਅਸ਼ੁੱਧੀ ਤੇ ਕਿਸੇ ਦੇ ਮਰਨ ਉਪਰੰਤ 10 ਦਿਨ ਅਸ਼ੁੱਧੀ ਰਹੇਗੀ।
(2). ਖੱਤਰੀ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 13 ਦਿਨ ਅਸ਼ੁੱਧੀ ਤੇ ਮਰਨ ਉਪਰੰਤ 12 ਦਿਨ ਅਸ਼ੁੱਧੀ ਰਹੇਗੀ।
(3). ਵੈਸ਼ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 17 ਦਿਨ ਅਸ਼ੁੱਧੀ ਤੇ ਮਰਨ ਉਪਰੰਤ 15 ਦਿਨ ਅਸ਼ੁੱਧੀ ਰਹੇਗੀ।
(4). ਸ਼ੂਦਰ ਦੇ ਘਰ ਪੈਦਾ ਹੋਣ ਵਾਲ਼ੇ ਬੱਚੇ ਸਮੇਂ 30 ਦਿਨ ਅਸ਼ੁੱਧੀ ਤੇ ਮਰਨ ਉਪਰੰਤ 30 ਦਿਨ ਅਸ਼ੁੱਧੀ ਰਹੇਗੀ।
ਉਕਤ ਕੀਤੀ ਗਈ ਧਾਰਮਕ ਵੰਡ ’ਚ ਬ੍ਰਾਹਮਣ ਸ਼੍ਰੇਣੀ ਨੇ ਖੱਤਰੀ (ਰਾਜੇ) ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ ਅਤੇ ਰਣਨੀਤੀ ਤਹਿਤ ਰਾਜਿਆਂ ਨੇ ਬ੍ਰਾਹਮਣ ਨੂੰ ਅੱਗੇ ਰੱਖਿਆ ਹੈ; ਜਿਵੇਂ ਕਿ ਅਜੋਕੇ ਰਾਜੇ (ਲੀਡਰ) ਜਨਤਾ ਨੂੰ ਗੁਮਰਾਹ ਕਰਨ ਲਈ ਪੂਜਾਰੀਆਂ ਨੂੰ ਅੱਗੇ ਕਰਕੇ ਆਪਣੇ ਹੁਕਮ ਜਨਤਾ ’ਤੇ ਠੋਸ ਦੇਂਦੇ ਹਨ ਤਾਂ ਜੋ ਜਨਤਾ ’ਚ ਇਹ ਸੰਦੇਸ਼ ਜਾਵੇ ਕਿ ਇਹ ਫ਼ੈਸਲਾ ਧਾਰਮਕ ਹੈ, ਨਾ ਕਿ ਰਾਜਨੀਤਿਕ। ਸ਼ਾਸਤਰਾਂ ਤੇ ਸਿਮਰਤੀਆਂ ਰਾਹੀਂ ਆਮ ਰਾਜਿਆਂ ਨੂੰ ਦਿੱਤੀ ਗਈ ਇਸ ਦੇਵ ਉਪਾਧੀ ਬਾਰੇ ਗੁਰਬਾਣੀ ਫ਼ੁਰਮਾਨ ਹੈ ‘‘ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ॥’’ (ਮਹਲਾ ੩/੧੨੯) ਭਾਵ ਰਾਜਿਆਂ ਨੂੰ ਦੇਵਤੇ ਬਣਾਉਣ ਪਿੱਛੇ ਮਾਇਆਵੀ ਸੋਚ ਹੈ, ਜਿਸ (ਲਾਲਚ) ਨੇ ਸਿਮਰਤੀਆਂ, ਸ਼ਾਸਤਰਾਂ ਰਾਹੀਂ (ਇਨ੍ਹਾਂ ਦੀ ਹੋਂਦ) ਯਕੀਨਨ ਬਣਾ ਦਿੱਤੀ।
ਉਕਤ ਕੀਤੀ ਗਈ ਵਿਚਾਰ ਕਿ ‘ਵੇਦ’ ਰਚਨਾ ਭਾਰਤੀ ਇਤਿਹਾਸ ਹੈ, ਨੂੰ ਨਵੇਂ ਸਿਰਿਓ ਸਿਮਰਤੀਆਂ ਰਾਹੀਂ ‘ਵੈਦਿਕ ਧਰਮ’ ਸਾਬਤ ਕਰਨਾ ਚਾਹਿਆ ਜਿਸ ਦੀ ਅਸਲੀਅਤ ਨੂੰ ਭਗਤ ਕਬੀਰ ਜੀ ਵਰਗੇ ਮਹਾਤਮਾ ਨੇ ਸਪਸ਼ਟ ਕੀਤਾ ਕਿ ਇਨ੍ਹਾਂ ’ਚ ਨਵਾਂ ਕੁੱਝ ਵੀ ਨਹੀਂ, ਵੇਦਾਂ ਵਾਙ ਇਹ ਵੀ ਇਤਿਹਾਸ ਹੈ, ਜੋ ਭੋਲ਼ੀ-ਭਾਲ਼ੀ ਜਨਤਾ ਲਈ ਅਧਰਮ (ਅਗਿਆਨਤਾ) ਰੂਪ ਬੇੜੀ (ਜ਼ੰਜੀਰ) ਹੋਵੇਗੀ, ਜੋ ਧਰਮ ਦਾ ਭੁਲੇਖਾ ਪਾਵੇਗੀ ‘‘ਬੇਦ ਕੀ ਪੁਤ੍ਰੀ; ਸਿੰਮ੍ਰਿਤਿ, ਭਾਈ ! ॥ ਸਾਂਕਲ ਜੇਵਰੀ, ਲੈ ਹੈ ਆਈ ॥’’ (ਭਗਤ ਕਬੀਰ/੩੨੯)
ਵੈਦਿਕ ਪੰਡਿਤਾਂ ਦੁਆਰਾ ਮਹਾਂਭਾਰਤ ਅਤੇ ਰਮਾਇਣ ਸਮੇਤ 18 ਪੁਰਾਣ ਵੀ ਲਿਖਵਾਏ ਗਏ, ਜਿਨ੍ਹਾਂ ਦੇ 18 ਉਪ ਪੁਰਾਣ ਵੀ ਆ ਗਏ। ਇਹ ਰਚਨਾ ਸੰਨ 500 ਈਸਵੀ ’ਚ ਕੀਤੀ ਗਈ, ਜਿਨ੍ਹਾਂ ’ਚ ਭੂਤਾਂ-ਪ੍ਰੇਤਾਂ ਦੀ ਵਿਆਖਿਆ ਤੋਂ ਇਲਾਵਾ ਮਿਥਿਹਾਸ ਭੀ ਦਰਜ ਹੈ, ਜੋ ਜੋਤਿਸ਼ੀਆਂ ਵਾਙ ਕਿਆਮਤ ਤੱਕ ਦਾ ਨਕਸ਼ਾ ਉਲੀਕਦਾ ਹੈ। ਹਿੰਦੂ ਇਨ੍ਹਾਂ ਨੂੰ ਪੰਜਵਾਂ ਵੇਦ ਮੰਨਦੇ ਹਨ। ‘ਦਸਮ ਗ੍ਰੰਥ’ ਦਾ ਬਹੁਤਾ ਭਾਗ ਇਨ੍ਹਾਂ ਰਚਨਾਵਾਂ ਦਾ ਅਨੁਵਾਦ ਹੈ, ਜਿਸ ਦੇ ਰਚੇਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਐਲਾਨਿਆ ਜਾ ਰਿਹਾ ਹੈ।
ਉਕਤ ਕੀਤੀ ਗਈ ਸਮੁੱਚੀ ਵਿਚਾਰ ਦਾ ਤੱਤ-ਸਾਰ ਇਹ ਹੈ ਕਿ ਜੋ ਲੋਕ ਆਪਣੇ-ਆਪਣੇ ਧਰਮਾਂ ’ਚ ਦਰਜ ਵਿਚਾਰਾਂ ਨੂੰ ‘ਅਪੁਰਸ਼ ਰਚਨਾ’ ਕਹਿ ਕਿ ਸਪਸ਼ਟ ਕਰਦੇ ਹਨ ਕਿ ‘ਇਨ੍ਹਾਂ ਦਾ ਕਰਤਾ ਕੋਈ ਮਨੁੱਖ ਨਹੀਂ, ਇਹ ਸਿੱਧੇ ਆਕਾਸ਼ ਤੋਂ ਧਰਤੀ ’ਤੇ ਉਤਰੇ ਹਨ’, ਉਨ੍ਹਾਂ ’ਚ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਹੈ :
(1). ਰਾਜਨੀਤਿਕ ਸੋਚ ਅਧੀਨ ਲਿਖੇ ਜਾਂ ਲਿਖਾਏ ਗਏ ਆਪਣੀ ਤਾਰੀਫ਼ ’ਚ ਗ੍ਰੰਥ, ਜਿਨ੍ਹਾਂ ਵਿੱਚ ‘ਪਾੜੋ ਤੇ ਰਾਜ ਕਰੋ’ ਰਣਨੀਤੀ ਮੁਤਾਬਕ ਦਰਾਵੜ ਸਮਾਜ ਨੂੰ ‘ਜਾਤ-ਪਾਤ, ਵਹਿਮ-ਭਰਮ, ਸਵਰਗਾਂ ਦੇ ਲਾਲਚ, ਨਰਕਾਂ ਦੇ ਡਰ, ਆਧਾਰਹੀਣ ਕਹਾਣੀਆਂ (ਜੋਤਿਸ਼ ਵਿੱਦਿਆ), ਕੁਦਰਤੀ ਸ਼ਕਤੀਆਂ (ਅਗਨਿ, ਹਵਾ, ਪਾਣੀ, ਆਕਾਸ਼, ਸੂਰਜ, ਚੰਦ੍ਰਮਾ, ਦਰਖ਼ਤ, ਪਸ਼ੂ, ਪੰਛੀ ਆਦਿ) ਦੀ ਪੂਜਾ, ਸਮਕਾਲੀ ਰਾਜਿਆਂ ਨੂੰ ਦੇਵੀ, ਦੇਵਤੇ ਪਦ ਨਿਵਾਜਣਾ ਅਤੇ ਮਰਨ ਉਪਰੰਤ ਉਨ੍ਹਾਂ ਦੀ ਪੱਥਰ ਪੂਜਾ’ ਆਦਿ ਅਧਰਮ ਨਾਲ਼ ਕੇਵਲ ਸਮਾਜਿਕ (ਮਨੁੱਖਾ ਜੀਵਨ ਦਾ) ਨੁਕਸਾਨ ਹੀ ਨਹੀਂ ਕੀਤਾ ਬਲਕਿ ਇਸ ਰਾਹੀਂ ਆਰਥਕ ਕਮਾਈ ਵੀ ਕੀਤੀ।
(2). ਸੰਸਾਰਕ ਰੇਗਿਸਤਾਨ ਦੀ ਤਪਸ਼ ’ਚ ਭੁੱਜ ਰਹੀ ਮਾਨਵਤਾ ’ਚੋਂ ਕੁੱਝ ਨੇ ਆਪਣਾ ਗ੍ਰਹਿਸਤੀ ਜੀਵਨ ਤਿਆਗ ਕੇ ਜੰਗਲ਼ਾਂ ਦੇ ਇਕਾਂਤ ’ਚ ਭੁੱਖੇ-ਭਾਣੇ ਰਹਿ ਕੇ ਧਿਆਨ ਸਾਧਨਾ ਰਾਹੀਂ ਜੋ ਸਕੂਨ (ਅਰਾਮ) ਪ੍ਰਾਪਤ ਕੀਤਾ, ਉਸ ਨੂੰ ਉਨ੍ਹਾਂ ਸਮਾਜ ਨਾਲ਼ ਸਾਂਝਾ ਕੀਤਾ। ਇਸ ਵਿੱਚ ਉਕਤ ਬਿਆਨ ਕੀਤੀ ਗਈ ਅਗਿਆਨਤਾ ਤੋਂ ਛੁਟਕਾਰਾ ਦਿਲਵਾਉਣ ਦੇ ਨਾਲ਼-ਨਾਲ਼ ‘ਕਿਰਤ ਕਰਨੀ, ਆਪਸੀ ਪਿਆਰ, ਹਮਦਰਦੀ, ਦੂਸਰਿਆਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣਾ’ ਆਦਿ ਗੁਣ ਸ਼ਾਮਲ ਸਨ/ਹਨ। ਜਿਸ ਤਰ੍ਹਾਂ ਅੱਜ ਦੇਸ਼ਾਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਕੀਤੀ ਤਾਂ ਜੋ ਸਮਾਜਿਕ ਸ਼ਾਂਤੀ ਤੇ ਪਿਆਰ ਬਣਿਆ ਰਹੇ, ਇਸੇ ਤਰ੍ਹਾਂ ‘ਧਰਮ’ ਦੇ ਨਾਂ ’ਤੇ ‘ਅਧਰਮ’ ਦੀ ਕੀਤੀ ਗਈ ਉਕਤ ਵਿਆਖਿਆ, ਜਿਸ ਦੇ ਪਿੱਛੇ ਰਾਜਨੀਤਿਕ ਸੋਚ ਸੀ, ਦੇ ਵਿਰੋਧ ’ਚ ਕੁੱਝ ਸਦਾਚਾਰੀ ਰਾਜਿਆਂ ਨੇ ਅੱਗੇ ਆ ਕੇ ਇਸ ਮਾਨਵ ਹਿੱਤਕਾਰੀ ਵਿਚਾਰਧਾਰਾ ਨੂੰ ਆਪ ਅਪਣਾਇਆ ਅਤੇ ਇਸ ਦਾ ਪ੍ਰਚਾਰ ਵੀ ਕੀਤਾ; ਜਿਵੇਂ ਕਿ
(1). ‘ਪਾਰਸੀ ਧਰਮ’ ਦਾ ਪ੍ਰਚਾਰ ਕਰਨ ਵਾਲ਼ੇ ਰਾਜੇ ਸਨ : ‘ਬਾਖਤਰੀਆ ਦਾ ਰਾਜਾ ਵਿਸ਼ਤਾਸਪ, ਈਰਾਨ ਦਾ ਬਾਦਸ਼ਾਹ ਸੀਹਿਯਸ਼, ਬਾਦਸ਼ਾਹ ਅਰਦਸੀਹ ਬਾਬਕਾਨ’ ਆਦਿਕ।
(2). ‘ਮਹਾਤਮਾ ਬੁੱਧ’ ਧਰਮ ਦੇ ਗ੍ਰੰਥ ਤਿਆਰ ਕਰਵਾਉਣ ਵਾਲ਼ਾ ਪਹਿਲਾ ਰਾਜਾ ਸ਼੍ਰੀ ਲੰਕਾ ਦਾ ‘ਵਿਰਦਗਾਮਨੀ’ ਸੀ, ਜਿਸ ਦਾ ਪਿੱਛੋਂ ‘ਮਹਾਰਾਜਾ ਅਸ਼ੋਕ ਤੇ ਉਸ ਦੀ ਲੜਕੀ’ ਨੇ ਬਾਖ਼ੂਬੀ ਪ੍ਰਚਾਰ ਕੀਤਾ। ਇਸ ਕਾਰਨ ਹੀ ਇਹ ਧਰਮ ‘ਭਾਰਤ ਤੋਂ ਇਲਾਵਾ ਤਿੱਬਤ, ਬਰ੍ਹਮਾ, ਥਾਈਲੈਂਡ, ਯੂਰਪ, ਅਫਰੀਕਾ’ ਆਦਿ ਤੱਕ ਫੈਲਿਆ ਕਿਉਂਕਿ ਮਹਾਰਾਜ ਅਸ਼ੋਕ ਦਾ ਆਪਣਾ ਰਾਜ ਵੀ ਭਾਰਤ ਤੋਂ ਅਫ਼ਗਾਨਿਸਤਾਨ ਤੱਕ ਸੀ। ਮਹਾਰਾਜਾ ਅਸ਼ੋਕ ਤੋਂ ਬਾਅਦ ਮਹਾਰਾਜਾ ਕਨਿਸ਼ਕ ਨੇ 25 ਸਾਲ (ਸੰਨ 102 ਈਸਵੀ) ਤੱਕ ਇਸ ਮੱਤ ਦਾ ਪ੍ਰਚਾਰ ਕੀਤਾ ਆਦਿ।
(3). ਉਕਤ ਦੋਵੇਂ ਧਾਰਮਕ ਵਿਚਾਰਾਂ ਤੋਂ ਇਲਾਵਾ ਇੱਕ ‘ਭਗਤੀ ਲਹਿਰ’ ਨੇ ਵੀ ‘ਧਰਮ’ ਦੀ ਵਿਆਖਿਆ ਕਰਨੀ ਜਾਰੀ ਰੱਖੀ, ਜਿਸ ਦਾ ਜ਼ਿਕਰ ਉਪਨਿਸ਼ਦਾਂ ’ਚ ਕੀਤਾ ਗਿਆ ਹੈ। ‘ਉਪਨਿਸ਼ਦ’ ਦਾ ਅਰਥ ਹੈ: ‘ਗੁਰੂ ਦੇ ਪਾਸ ਉਪਦੇਸ਼ ਸੁਣਨ ਲਈ ਬੈਠਣਾ’। ਬੇਸ਼ੱਕ ਅੱਜ ਇਨ੍ਹਾਂ ਦੀ ਗਿਣਤੀ 200 ਤੋਂ ਉੱਪਰ ਹੋ ਚੁੱਕੀ ਹੈ, ਪਰ ਮਹਾਨ ਕੋਸ਼ ਅਨੁਸਾਰ ਇਹ 170 ਹਨ, ਜਿਨ੍ਹਾਂ ’ਚੋਂ ਮੁੱਖ 10 ਹੀ ਹਨ। ਭਾਰਤ ਦੇ ਪੁਰਾਤਨ ਤੱਥਾਂ ਨੂੰ ਵੇਖਦਿਆਂ ਇਹ ਕਹਿਣਾ ਵੀ ਸਹੀ ਹੈ ਕਿ ਇਨ੍ਹਾਂ ਵਿੱਚ ਵੀ ਬਹੁਤ ਕੁਝ ‘ਧਰਮ’ ਦੇ ਨਾਂ ’ਤੇ ਰਾਜਨੀਤਿਕ ਪੱਖ ਵਧੇਰੇ ਹਨ।
(ਨੋਟ : ਉਕਤ ਨੰਬਰ 2 ’ਚ ਕੀਤੀ ਗਈ ‘ਧਰਮ’ ਦੀ ਵਿਆਖਿਆ, ਜਿਸ ਵਿੱਚ ਮਾਨਵਤਾ ਲਈ ‘ਪਿਆਰ, ਹਮਦਰਦੀ’ ਆਦਿ ਗੁਣਾਂ ਦਾ ਜ਼ਿਕਰ ਹੈ, ਇਸ ਵਿੱਚ ਗੁਰਬਾਣੀ ਨੇ ਹੋਰ ਵਾਧਾ ਕੀਤਾ ਹੈ ਕਿ ‘ਜਿਸ ਤਰ੍ਹਾਂ ਕਿਸੇ ਬੱਚੇ ਨੂੰ ਪਿਆਰ ਕਰਨ ਨਾਲ਼ ਉਸ ਦੇ ਮਾਤਾ ਪਿਤਾ ਦਾ ਪਿਆਰ ਵੀ ਵਿੱਚੇ ਆ ਜਾਂਦਾ ਹੈ, ਉਸੇ ਤਰ੍ਹਾਂ ਮਾਨਵਤਾ ਨਾਲ਼ ਪਿਆਰ ਕਰਨ ਨਾਲ਼ ‘ੴ’ ਦਾ ਪਿਆਰ ਮੁਨਾਫ਼ੇ ’ਚ ਮਿਲਦਾ ਹੈ ਜਦਕਿ ਗੁਰਬਾਣੀ ਦਾ ਇਹ ਪੱਖ ਇਨ੍ਹਾਂ ਉਕਤ ਧਰਮਾਂ ’ਚ ਦਰਜ ਹੀ ਨਹੀਂ, ਜਿਸ ਕਾਰਨ ਇਹ ਸਾਰੇ ਧਰਮ ਨਿਰਾਕਾਰ ਰੱਬ ਦੇ ਵਜੂਦ ਅਤੇ ਉਸ ਦੀ ਬਖ਼ਸ਼ਸ਼ ’ਤੇ ਯਕੀਨ ਨਹੀਂ ਰੱਖਦੇ।)
ਇੰਨੇ ਵਿਸਥਾਰ ਪੂਰਵਕ ਵੇਰਵੇ ਦੇਣ ਦਾ ਮਤਲਬ ਇਹ ਸਪਸ਼ਟ ਕਰਨਾ ਹੈ ਕਿ ‘ਆਰੀਅਨ ਲੋਕਾਂ’ ਦੁਆਰਾ ਕੀਤੀ ਜਾਂ ਕਰਾਈ ਗਈ ‘ਵੈਦਿਕ ਧਰਮ’ ਦੇ ਨਾਂ ’ਤੇ ਵਿਆਖਿਆ ਕੇਵਲ ਰਾਜਨੀਤਿਕ ਇਤਿਹਾਸ ਹੈ। ਇਸ ਰਣਨੀਤੀ ਦੇ ਮੁਕਾਬਲੇ ’ਚ ਕੁਝ ਸੁਧਾਰਵਾਦੀ ਮਹਾਰਾਜੇ ਅੱਗੇ ਆਏ, ਜਿਨ੍ਹਾਂ ਨੇ ‘ਪਾਰਸੀ, ਮਹਾਤਮਾ ਬੁੱਧ, ਜੈਨ ਧਰਮ’ ਆਦਿਕ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਆਰੰਭ ਕੀਤਾ।
ਰਣਨੀਤੀਕਾਰ ਆਰੀਅਨ ਲੋਕਾਂ ਦੀ ਇਹ ਬਦਨੀਤੀ ਹੀ ਹੈ ਕਿ ਉਨ੍ਹਾਂ ਨਿਰਾਕਾਰ ਦੇ ਭਗਤ ‘ਰਾਮਾਨੰਦ’ ਜੀ ਨੂੰ ਵੀ ਵਿਸ਼ਨੂੰ ਦਾ ਅਵਤਾਰ ਬਣਾ ਦਿੱਤਾ ਤੇ ਰੱਬ ਨੂੰ ਨਾ ਮੰਨਣ ਵਾਲ਼ੇ ਮਹਾਂਵੀਰ ਜੀ ਨੂੰ ਵਿਸ਼ਨੂੰ ਦਾ 24 ਵਾਂ ਅਵਤਾਰ ਬਣਾ ਦਿੱਤਾ। ਨਿਰਾਕਾਰ ਦੇ ਉਪਾਸ਼ਕ ‘ਗੁਰੂ, ਭਗਤਾਂ, ਫ਼ਕੀਰਾਂ’ ਆਦਿ ਦੀਆਂ ਮੂਰਤੀਆਂ ਬਣਾ ਦਿੱਤੀਆਂ ਤਾਂ ਜੋ ਉਨ੍ਹਾਂ ਦੇ ਸ਼ਰਧਾਲੂ ਪ੍ਰਿਤੀ ਰਚੇਤਾ ਨਿਰਾਕਾਰ ਨੂੰ ਰੱਬ ਮੰਨਣ ਦੀ ਬਜਾਏ ਪ੍ਰਿਤੀ ਨਾਲ਼ ਜੁੜ ਜਾਣ ਤੇ ਉਨ੍ਹਾਂ ਦਾ ਵਿਰੋਧ ਆਪਣੇ ਆਪ ਹੀ ਬੰਦ ਹੋ ਜਾਵੇ। ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਰਾਜਨੀਤਿਕਾਂ ਲਈ ‘ਧਰਮ’ ਕੋਈ ਅਰਥ ਨਹੀਂ ਰੱਖਦਾ। ਆਰੀਅਨ ਲੋਕ ਅੱਜ ਵੀ ਭਾਰਤ ’ਚੋਂ ਗਏ ਨਹੀਂ ਬਲਕਿ ਸਨਾਤਮ ਭਾਰਤੀਆਂ ਨੇ ਉਨ੍ਹਾਂ ਨੂੰ ਭਾਰਤੀ ਮੰਨ ਲਿਆ ਤੇ ਹੁਣ ਆਪਣੀ ਰਣਨੀਤੀ ਲਾਗੂ ਕਰਦਿਆਂ ਪਛਾਣ ਵੀ ਨਹੀਂ ਹੋ ਸਕਦੀ।
ਮਨੁੱਖਤਾ; ਧਰਮ ਪਾਸੋਂ ਸਮਾਨਤਾ, ਪਿਆਰ, ਹਮਦਰਦੀ, ਵਿਕਾਰਾਂ ਨਾਲ਼ ਲੜਨ ਦੀ ਸ਼ਕਤੀ ਆਦਿ ਦੀ ਉਮੀਦ ਰੱਖਦੀ ਹੈ ਤਾਂ ਜੋ ਅੰਦਰਲੀ ਤਪਸ਼ ਨੂੰ ਘਟਾਇਆ ਜਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਜੋ ‘ਗੁਰੂ’ ਸਿਲਸਿਲਾ ਆਰੰਭ ਕੀਤਾ ਉਹ ਕੇਵਲ ਗਿਆਨ ਦੇਣ ਤੱਕ ਸੀਮਤ ਨਹੀਂ ਬਲਕਿ ਨਿਰਾਕਾਰ ਕਰਤੇ ਨਾਲ਼ ਜੋੜਦਾ ਵੀ ਹੈ। ਜੋ ਆਪ ਨਿਰਾਕਾਰ ਨਾਲ਼ ਜੁੜਿਆ ਹੈ ਓਹੀ ਹੋਰਾਂ ਨੂੰ ਉਸ ਨਾਲ਼ ਜੋੜੇਗਾ, ਜੋ ਆਪ ਨਿਰਾਕਾਰ ਤੋਂ ਟੁੱਟਿਆ ਹੈ ਉਸ ਤੋਂ ਕਾਹਦੀ ਉਮੀਦ ? ਗੁਰੂ ਜੀ ਨੇ ਹਰੀ ਦੇ ਪਿਆਰ ਨੂੰ ਹੀ ਅਸਲ ਭਗਤੀ ਮੰਨਿਆ ਹੈ ‘‘ਹਰਿ ਭਗਤਿ, ਹਰਿ ਕਾ ਪਿਆਰੁ ਹੈ; ਜੇ ਗੁਰਮੁਖਿ ਕਰੇ ਬੀਚਾਰੁ ॥’’ (ਮਹਲਾ ੩/੨੮) ਜੇਕਰ ਮਨੁੱਖਤਾ ਇੱਕ ਨੂੰ ਮਿੱਤਰ ਬਣਾ ਲਵੇ ਤਾਂ ਸਾਰਾ ਸੰਸਾਰ ਆਪਣਾ ਵਿਖਾਈ ਦੇਵੇਗਾ, ਨਹੀਂ ਤਾਂ ਸਾਰੇ ਦੁਸ਼ਮਣ ਜਾਪਣਗੇ ‘‘ਇਕੁ ਸਜਣੁ, ਸਭਿ ਸਜਣਾ; ਇਕੁ ਵੈਰੀ ਸਭਿ ਵਾਦਿ ॥’’ (ਮਹਲਾ ੫/੯੫੭) ਇਹੀ ‘‘ਮਨਿ ਜੀਤੈ, ਜਗੁ ਜੀਤੁ ॥’’ ਅਖਵਾਉਂਦਾ ਹੈ ਪਰ ਇਹ ਅਵਸਥਾ ਤਦ ਬਣਦੀ ਹੈ ਜਦ ਬੰਦੇ ਦੀ ਕਥਨੀ ਤੇ ਕਰਨੀ ਇੱਕ ਸਮਾਨ ਹੋਵੇ। ਜੇ ਮਨ ’ਚ ਕੁੱਝ ਛਲ-ਕਪਟ ਹੈ ਤਾਂ ਇਹ ਅਵਸਥਾ ਨਹੀਂ ਬਣ ਸਕਦੀ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ॥ ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ॥’’ (ਬਾਬਾ ਫਰੀਦ ਜੀ/੪੮੮) ਗੁਰਬਾਣੀ ’ਚ ਇਸ ਪਦ ਨੂੰ ‘ਸਚਖੰਡਿ’ ਤੇ ‘ਬੇਗਮਪੁਰਾ’ ਕਿਹਾ ਹੈ; ਜਿੱਥੇ ਕੋਈ ਤਪਸ਼ ਨਹੀਂ ‘‘ਬੇਗਮ ਪੁਰਾ; ਸਹਰ ਕੋ ਨਾਉ ॥ ਦੂਖੁ ਅੰਦੋਹੁ (ਚਿੰਤਾ) ਨਹੀ; ਤਿਹਿ ਠਾਉ ॥ ਨਾਂ ਤਸਵੀਸ (ਘਬਰਾਹਟ); ਖਿਰਾਜੁ (ਕਰ, ਚੁੰਗੀ) ਨ ਮਾਲੁ ॥ ਖਉਫੁ (ਡਰ) ਨ ਖਤਾ (ਪਾਪ); ਨ ਤਰਸੁ ਜਵਾਲੁ (ਘਾਟਾ)॥੧॥ ਅਬ ਮੋਹਿ; ਖੂਬ ਵਤਨ–ਗਹ (ਰਿਹਾਇਸ਼) ਪਾਈ ॥ ਊਹਾਂ ਖੈਰਿ ਸਦਾ; ਮੇਰੇ ਭਾਈ ! ॥੧॥ ਰਹਾਉ ॥’’ (ਭਗਤ ਰਵਿਦਾਸ/੩੪੫) ਇਸ ਠੰਡੇ ਮਿੱਠੇ ਝਰਨਿਆਂ ’ਚੋਂ ਅਨੰਦ ਪ੍ਰਾਪਤ ਕਰਨ ਲਈ ਕੋਈ ਘਰ-ਬਾਰ ਜਾਂ ਗ੍ਰਹਿਸਤੀ ਛੱਡ ਜੰਗਲ਼ਾਂ ’ਚ ਜਾਣ ਦੀ ਲੋੜ ਨਹੀਂ, ਕੇਵਲ ‘ੴ’ ਨੂੰ ਯਾਦ ਕਰੋ ‘‘ਹਿਰਦੈ ਨਾਮੁ ਵਸਾਇਹੁ ॥ ਘਰਿ ਬੈਠੇ; ਗੁਰੂ ਧਿਆਇਹੁ ॥ ਗੁਰਿ ਪੂਰੈ; ਸਚੁ ਕਹਿਆ ॥ ਸੋ ਸੁਖੁ; ਸਾਚਾ ਲਹਿਆ ॥’’ (ਮਹਲਾ ੫/੬੨੧)
ਗੁਰਮਤ ਨੇ ਉਕਤ ਅਵਸਥਾ ਦੀ ਪ੍ਰਾਪਤੀ ਲਈ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ’ ਨੂੰ ਆਧਾਰ ਬਣਾਇਆ ਹੈ।
(1). ‘ਕਿਰਤ ਕਰਨੀ’ ਤੋਂ ਭਾਵ ਹੱਥੀਂ ਮਿਹਨਤ ਕਰਨ ਦੌਰਾਨ ਪਰਾਇਆ ਹੱਕ ਨਹੀਂ ਮਾਰਨਾ।
(2). ‘ਨਾਮ ਜਪਣਾ’ ਤੋਂ ਭਾਵ ਪ੍ਰਿਤੀ ਦੀ ਤਾਰੀਫ਼ ਨਹੀਂ ਬਲਕਿ ਪ੍ਰਿਤੀ ਨੂੰ ਬਣਾਉਣ ਵਾਲ਼ੇ ਨੂੰ ਯਾਦ ਕਰਨਾ ਹੈ।
(3). ‘ਵੰਡ ਛਕਣਾ’ ਤੋਂ ਭਾਵ ਕੇਵਲ ਸਰੀਰਕ ਖ਼ੁਰਾਕ ਨਹੀਂ ਬਲਕਿ ਮਾਨਸਿਕ ਖ਼ੁਰਾਕ ਤੇ ਬੇਸਹਾਰਿਆਂ ਦਾ ਸਹਾਰਾ ਭੀ ਬਣਨਾ ਹੈ।
ਅੰਤ ’ਚ ਇਨ੍ਹਾਂ ਸ਼ਬਦਾਂ ਨਾਲ਼ ਵਿਸ਼ੇ ਨੂੰ ਸਮਾਪਤ ਕਰਦਾ ਹਾਂ ਕਿ ‘ਨੇਕੀ’ ਤੇ ‘ਬਦੀ’; ਆਦਿ ਤੋਂ ਅੰਤ ਕਾਲ ਤੱਕ ਜੀਵਤ ਰਹਿਣੇ ਹਨ। ਮਾਨਵ ਹਿਤਕਾਰੀ ਮਹਾਂ ਪੁਰਸ਼ ਭੀ ਬਦੀ ਦੀ ਮਾਰ ਤੋਂ ਨਹੀਂ ਬਚ ਸਕੇ। ਜਦ ਗੁਰੂ ਨਾਨਕ ਸਾਹਿਬ ਜੀ ਨੇ ਮੱਕੇ ’ਚ ਕਿਹਾ ਕਿ ਜਿੱਧਰ ਅੱਲਾ ਨਹੀਂ, ਮੇਰੇ ਪੈਰ ਉਸ ਦਿਸ਼ਾ ਵੱਲ ਕਰ ਦਿਓ, ਗੁਰੂ ਜੀ ਨੂੰ ‘ਬਦੀ’ ਨੇ ਉੱਥੇ ਵੀ ਘੇਰਿਆ। ਜਦ ਗੁਰੂ ਜੀ ਨੇ ਹਰਿਦੁਆਰ ਕੁੰਭ ਦੇ ਮੇਲੇ ’ਤੇ ਭਾਰੀ ਭੀੜ ’ਚ ਖੜ੍ਹ ਕੇ ਪਾਣੀ ਸੂਰਜ (ਪੂਰਬ ਵੱਲ) ਨੂੰ ਦੇਣ ਦੀ ਬਜਾਏ ਪੱਛਮ ਵੱਲ ਨੂੰ ਦੇਣਾ ਸ਼ੁਰੂ ਕੀਤਾ ਤਾਂ ‘ਬਦੀ’ ਉੱਥੇ ਵੀ ਖੜ੍ਹੀ ਸੀ।, ਜਦ ਗੁਰੂ ਜੀ ਜਗਨਨਾਥ ਪੁਰੀ ਵਿਖੇ ਥਾਲ ’ਚ ਰੱਖੇ ਦੀਵਿਆਂ ਵਾਲ਼ੀ ਆਰਤੀ ਦਾ ਇਹ ਕਹਿ ਕਿ ਖੰਡਨ ਕਰ ਰਹੇ ਸਨ ਕਿ ਨਿਰਾਕਾਰ ਦੀ ਆਰਤੀ ਨਿਰੰਤਰ ਹੋ ਰਹੀ ਹੈ, ਮੈਂ ਉਸ ਵਿੱਚ ਹਰ ਸਮੇਂ ਸ਼ਾਮਲ ਰਹਿੰਦਾ ਹਾਂ ਤਾਂ ‘ਬਦੀ’ ਉੱਥੇ ਵੀ ਮੌਜੂਦ ਸੀ। ‘ਬਦੀ’ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਦਿੱਤਾ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਦਿੱਲੀ ’ਚ ਸ਼ਹੀਦ ਕਰਵਾ ਦਿੱਤਾ। ਅਨੇਕਾਂ ਸਿੰਘਾਂ-ਸਿੰਘਣੀਆਂ ਨੇ ‘ਬਦੀ’ ਨਾਲ਼ ਮੁਕਾਬਲਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਮਾਨਸਿਕ ਸ਼ਕਤੀ ਦੇ ਸਰੋਤ ਅਤੇ ਦਾਤਾਰ ਹਨ ‘ਗੁਰੂ ਗ੍ਰੰਥ ਸਾਹਿਬ’ ਜੀ; ਜਿਨ੍ਹਾਂ ‘ੴ’ ਦੀ ਵਿਆਖਿਆ ਸਰਬ ਕਾਲ ਸੱਚ ‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥’’ ਕੀਤੀ ਅਤੇ ਸਰਬ ਵਿਆਪਕ ਕੀਤੀ ‘‘ਸਰਬ ਨਿਵਾਸੀ, ਸਦਾ ਅਲੇਪਾ; ਸਭ ਮਹਿ ਰਹਿਆ ਸਮਾਇਓ ॥’’ (ਮਹਲਾ ੫/੬੧੭) ਤਾਂ ਤੇ ਉਸ ਨਾਲ਼ ਜੁੜਿਆਂ ਹੀ ਮਨੁੱਖਤਾ ’ਚ ਸਮਾਨਤਾ, ਪਿਆਰ ਆਦਿਕ ਸਦਾਚਾਰੀ ਗੁਣ ਆਉਣੇ ਹਨ ਕਿਉਂਕਿ ਓਹੀ ਬੇਸਹਾਰਿਆਂ ਦਾ ਸਹਾਰਾ ਬਣ ਸਕਦੇ ਹਨ। ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ 1 ਸਤੰਬਰ ਨੂੰ ਮਨਾਈਦਾ ਹੈ। ਸਮੁੱਚੀ ਮਾਨਵਤਾ ਨੂੰ ਇੱਥੋਂ ਰੂਹਾਨੀਅਤ ਖ਼ੁਰਾਕ ਮਿਲਦੀ ਹੋਣ ਕਾਰਨ ਲੱਖ ਲੱਖ ਵਧਾਈ ਹੋਵੇ।