26.7 C
Jalandhar
Sunday, April 5, 2026
spot_img
Home Blog Page 50

ਮੋਰਚਾ ਗੁਰੂ ਕਾ ਬਾਗ

0

ਮੋਰਚਾ ਗੁਰੂ ਕਾ ਬਾਗ

ਪਿਆਰਾ ਸਿੰਘ ਪਦਮ

ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਸੀ, ਜਿਸ ਨਾਲ ਇਕ ਸਾਲ ਪਹਿਲਾਂ ਕਮੇਟੀ ਦਾ ਸਮਝੌਤਾ ਹੋ ਗਿਆ ਸੀ ਤੇ ਮਹੰਤ ਨੇ ਅੰਮ੍ਰਿਤਪਾਨ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ।  ਸਿੰਘਾਂ ਉੱਤੇ ਸਰਕਾਰੀ ਸਖ਼ਤੀ ਦਾ ਦੌਰ ਵੇਖ ਕੇ ਮਹੰਤ ਵੀ ਆਪਣੀ ਤੋਰ ਬਦਲ ਬੈਠਾ।  ਉਸ ਨੇ ਸਮਝਿਆ ਕਿ ਹੁਣ ਮੁੜ ਜਾਇਦਾਦ ਆਪਣੇ ਕਬਜ਼ੇ ਕੀਤੀ ਜਾ ਸਕੇਗੀ।  ਪਹਿਲਾਂ ਵਾਂਗ 8 ਅਗਸਤ ਨੂੰ ਪੰਜ ਸਿੰਘ ਗੁਰੂ ਕੇ ਬਾਗ ਦੀ ਜ਼ਮੀਨ ਵਿੱਚੋਂ, ਜੋ ਸਮਝੌਤੇ ਅਨੁਸਾਰ ਕਮੇਟੀ ਦੇ ਪ੍ਰਬੰਧ ਹੇਠ ਆ ਚੁੱਕੀ ਸੀ, ਲੱਕੜਾਂ ਲੈਣ ਗਏ, ਕਿਸੇ ਨੇ ਕੁਛ ਨਾ ਆਖਿਆ ਤੇ ਨਾ ਹੀ ਮਹੰਤ ਨੇ ਰਿਪੋਰਟ ਕੀਤੀ। ਹਾਂ, ਇਸ ਗੱਲ ਦੀ ਇਤਲਾਹ ਬੇਦੀ ਬ੍ਰਿਜ ਲਾਲ ਨੇ ਪੁਲਿਸ ਨੂੰ ਪਹੁੰਚਾਈ, ਜਿਸ ’ਤੇ 9 ਅਗਸਤ ਨੂੰ ਪੁਲਿਸ ਇਨ੍ਹਾਂ ਪੰਜਾਂ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਤੇ 10 ਅਗਸਤ ਨੂੰ ਛੇ ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ।  ਸਰਕਾਰ ਨੇ ਅਜਿਹਾ ਕਿਉਂ ਕੀਤਾ ਜਦੋਂ ਕਿ ਕਮੇਟੀ ਦੇ ਆਦਮੀ ਗੁਰਦੁਆਰੇ ਦੀ ਮਲਕੀਅਤ ਵਿੱਚੋਂ ਹੀ ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਂਦੇ ਸਨ, ਇਸ ਦਾ ਸਰਕਾਰ ਨੂੰ ਵੀ ਕੋਈ ਗਿਆਨ ਨਹੀਂ ਸੀ, ਪਰ ਸਰਕਾਰ ਤਾਂ ਜਾਣ ਬੁੱਝ ਕੇ ਲੱਤ ਅੜਾ ਰਹੀ ਸੀ ਤਾਂ ਕਿ ਅਕਾਲੀਆਂ ਨੂੰ ਕਿਵੇਂ ਨਾ ਕਿਵੇਂ ਜੇਲ੍ਹੀਂ ਭੇਜਿਆ ਜਾ ਸਕੇ।  ਜੇ ਇਹ ਬੇਕਾਨੂੰਨੀ ਕਰ ਰਹੇ ਸਨ ਤਾਂ ਮਹੰਤ ਸੁੰਦਰ ਦਾਸ ਦੀ ਰਿਪੋਰਟ ’ਤੇ ਹੀ ਪੁਲਿਸ ਨੂੰ ਉੱਥੇ ਪਹੁੰਚਣ ਦੀ ਲੋੜ ਸੀ, ਪਰ ਅਸਲੀਅਤ ਇਹ ਹੈ ਕਿ ਗੋਰੀ ਸਰਕਾਰ ਦਾ ਆਪਣਾ ਹੀ ਸੀਨਾ ਕਾਲ਼ਾ ਸੀ ਤੇ ਉਹ ਕਿਸੇ ਨਾ ਕਿਸੇ ਬਹਾਨੇ ਨਾਮਿਲਵਰਤਨੀਏ ਸਿੱਖਾਂ ਨੂੰ ਦਬਕਾਉਣ ਧਮਕਾਉਣ ਦੀਆਂ ਵਿਉਂਤਾਂ ਬਣਾ ਰਹੀ ਸੀ।  ਅਗਲੀਆਂ ਘਟਨਾਵਾਂ ਇਸ ਗੱਲ ਨੂੰ ਹੋਰ ਸਾਫ਼ ਕਰਦੀਆਂ ਹਨ।

 10 ਤੋਂ 22 ਅਗਸਤ ਤੱਕ ਪੁਲਿਸ ਚੁੱਪ ਕਰਕੇ ਬੈਠੀ ਰਹੀ ਪਰ ਗ੍ਰਿਫ਼ਤਾਰੀ ਕੋਈ ਨਾ ਹੋਈ।  ਅਖੀਰ ਉਤਲੇ ਹੁਕਮ ਅਨੁਸਾਰ 22 ਤਰੀਕ ਤੋਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ।  ਮਿ: ਡੰਟ, ਡਿਪਟੀ ਕਮਿਸ਼ਨਰ ਅੰਮ੍ਰਿਤਸਰ 25 ਅਗਸਤ ਨੂੰ ਸ਼ਿਮਲੇ ਤੋਂ ਖ਼ਾਸ ਹਦਾਇਤਾਂ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਤੇ ਅੱਗੋਂ ਤੋਂ ਮਾਰ-ਕੁਟਾਈ ਦਾ ਕੰਮ ਵੀ ਸ਼ੁਰੂ ਹੋ ਗਿਆ।  26 ਅਗਸਤ 1922 ਨੂੰ ਸ਼੍ਰੋਮਣੀ ਕਮੇਟੀ ਦੇ ਮੀਟਿੰਗ ਕਰ ਰਹੇ ਅੰਤਰਿੰਗ ਮੈਂਬਰ ਸ. ਮਹਿਤਾਬ ਸਿੰਘ (ਪ੍ਰਧਾਨ), ਭਗਤ ਜਸਵੰਤ ਸਿੰਘ (ਜਨਰਲ ਸਕੱਤਰ), ਪ੍ਰੋ. ਸਾਹਿਬ ਸਿੰਘ (ਮੀਤ ਸਕੱਤਰ), ਸ. ਸਰਮੁਖ ਸਿੰਘ ਝਬਾਲ (ਪ੍ਰਧਾਨ ਅਕਾਲੀ ਦਲ), ਮਾਸਟਰ ਤਾਰਾ ਸਿੰਘ, ਬਾਬਾ ਕੇਹਰ ਸਿੰਘ ਪੱਟੀ, ਸ. ਰਵੇਲ ਸਿੰਘ ਵੀ ਫੜ ਲਏ ਗਏ।  ਸਰਕਾਰ ਨੇ ਗੁਰੂ ਕੇ ਬਾਗ ਹੋਰ ਪੁਲਿਸ ਵਧਾ ਦਿੱਤੀ ਤੇ ਪਾੱਲਸੀ ਇਹ ਧਾਰਨ ਕੀਤੀ ਕਿ ਜੋ ਵੀ ਸਿੰਘ, ਲੱਕੜਾਂ ਲੈਣ ਜਾਂ ਵੈਸੇ ਆਏ, ਉਸ ਦੀ ਖ਼ੂਬ ਡਾਂਗਾਂ ਨਾਲ ਮਾਰ ਕੁਟਾਈ ਕੀਤੀ ਜਾਵੇ। ਸਿੰਘਾਂ ਨੇ ਅਕਾਲ ਤਖ਼ਤ ਸਾਮ੍ਹਣੇ ਭਰੇ ਦੀਵਾਨ ਵਿੱਚ ਐਲਾਨ ਕੀਤਾ ਕਿ ‘ਗੁਰੂ ਕਾ ਬਾਗ’ ਸਿੱਖ ਕੌਮ ਦੀ ਮਲਕੀਅਤ ਹੈ, ਜੇ ਸਰਕਾਰ ਨੇ ਆਪਣਾ ਦਖ਼ਲ ਨਾ ਛੱਡਿਆ ਤਾਂ ਇਸੇ ਤਰ੍ਹਾਂ ਸ਼ਾਂਤਮਈ ਸੱਤਿਆਗ੍ਰਹਿ ਦਾ ਅੰਦੋਲਨ ਜਾਰੀ ਰਹੇਗਾ।

ਇਸ ਸਮੇਂ ਸਿਵਲ ਨਾਫੁਰਮਾਨੀ ਦੀ ਲਹਿਰ ਸਰਕਾਰ ਨੇ ਦਬਾਅ ਛੱਡੀ ਸੀ, ਇਸ ਲਈ ਉਸ ਨੂੰ ਅਭਿਮਾਨ ਸੀ ਕਿ ਇਹ ਖਾਲਸਈ ਜੋਸ਼ ਵੀ ਮਾਰ-ਕੁਟਾਈ ਨਾਲ ਠੰਢਾ ਪਾ ਦਿੱਤਾ ਜਾਵੇਗਾ ਪਰ ਉਸ ਦਾ ਇਹ ਅਨੁਮਾਨ ਗ਼ਲਤ ਨਿਕਲਿਆ।  30 ਅਗਸਤ ਨੂੰ 60 ਕੁ ਸਿੱਖਾਂ ਦਾ ਜੱਥਾ ਗੁਰੂ ਕੇ ਬਾਗ ਵੱਲ ਰਵਾਨਾ ਹੋਇਆ, ਰਾਹ ਵਿੱਚ ਰਾਤ ਪੈ ਜਾਣ ’ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਿਸ ਨੇ ਸੁੱਤੇ ਪਏ ਜੱਥੇ ਉੱਤੇ ਵੀ ਮਾਰ ਕੁਟਾਈ ਕੀਤੀ।  31 ਅਗਸਤ ਤੋਂ ਹਰ ਰੋਜ਼ ਸੌ ਸੌ ਸਿੰਘਾਂ ਦਾ ਜੱਥਾ ਅਕਾਲ ਤਖ਼ਤ ਤੋਂ ਅਰਦਾਸਾ ਸੋਧ ਕੇ ਜਾਣ ਲੱਗਾ।  ਰਸਤੇ ਵਿੱਚ ਹੀ ਜੱਥੇ ਉੱਤੇ ਸਖ਼ਤ ਮਾਰ ਕੁਟਾਈ ਹੁੰਦੀ ਤੇ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰ ਕੇ ਸੁੱਟ ਦਿੱਤਾ ਜਾਂਦਾ।  ਬਾਅਦ ਵਿੱਚ ਕਮੇਟੀ ਵੱਲੋਂ ਮੋਟਰਾਂ ਜਾਂਦੀਆਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਆ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ। ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਰੋਜ਼ਾਨਾ ਤਿੰਨ ਹਜ਼ਾਰ ਰੁਪਿਆ ਖ਼ਰਚ ਪੈਂਦਾ ਸੀ ਪਰ ਬਾਵਜੂਦ ਇੰਨੀ ਸਖ਼ਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤਿੱਗਿਆ ਨਾ ਤੋੜੀ।  2 ਸਤੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸੰਸਾ ਅਤੇ ਹਮਦਰਦੀ ਕੀਤੀ।  3 ਸਤੰਬਰ ਨੂੰ ਮੁਸਲਮਾਨਾਂ ਖ਼ੈਰ ਦੀਨ ਦੀ ਮਸਜਿਦ ਵਿੱਚ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ ਗਈ।  9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉੱਠਾ ਲਈ ਤੇ ਰਸਤੇ ਵਿੱਚ ਕੀਤੀ ਜਾਂਦੀ ਮਾਰ-ਕੁਟਾਈ ਬੰਦ ਕਰ ਦਿੱਤੀ ਤੇ ਜੱਥਾ ਸਿੱਧਾ ਗੁਰੂ ਕੇ ਬਾਗ ਵਿੱਚ ਪਹੁੰਚਿਆ।  ਮਿਸਟਰ ਬੀ. ਟੀ. (ਡਿਪਟੀ ਸੁਪਰਡੰਟ ਪੁਲਿਸ) ਨੇ ਖ਼ੂਬ ਕੁਟਾਈ ਕਰਵਾਈ ਪਰ ਸਿੰਘਾਂ ਦੀ ਕੁਰਬਾਨੀ ਤੇ ਧਾਰਮਕ ਉਤਸ਼ਾਹ ਵੀ ਲਾਸਾਨੀ ਸੀ। ਉਹ ਡਾਂਗਾਂ ਦੀਆਂ ਮਾਰਾਂ ਖਾਂਦੇ ‘ਵਾਹਿਗੁਰੂ ਵਾਹਿਗੁਰੂ’ ਆਖਦੇ ਤੇ ਕਈ ਵੇਰ ਇਹ ਵੀ ਕਹਿੰਦੇ ‘ਹੋਰ ਗੱਫੇ ਬਖ਼ਸ਼ੋ।’ ਸਿੱਖਾਂ ਦੀ ਅਜਿਹੀ ਸਪਿਰਟ ਦੇਖ ਦੇਖ ਹਰ ਗ਼ੈਰ ਸਿੱਖ ਨੇ ਵੀ ਸਿੰਘਾਂ ਦੀ ਪ੍ਰਸੰਸਾ ਕੀਤੀ।

‘ਮੁਸਲਮ ਆਊਟ ਲੁਕ’ 7 ਸਤੰਬਰ 1922 ਦੇ ਪਰਚੇ ਵਿੱਚ ਲਿੱਖਦਾ ਹੈ, ਜਿਤਨੀ ਦੇਰ ਮਾਰ ਪੈਂਦੀ ਰਹੀ, ਨਗਾਰਾ ਵੱਜਦਾ ਰਿਹਾ, ਅਕਾਲੀ ਜ਼ਮੀਨ ’ਤੇ ਬੈਠ ਗਏ, ਉਨ੍ਹਾਂ ਦੀ ਪਿੱਠ, ਟੰਗਾਂ, ਗਿੱਟਿਆਂ ਤੇ ਕਈ ਹੋਰ ਹਿੱਸਿਆਂ ਤੇ ਡਾਂਗਾਂ ਮਾਰੀਆਂ ਗਈਆਂ। ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ-ਭਰੀ ਸੀ, ਇਸ ਨੂੰ ਵੇਖਿਆ ਨਹੀਂ ਸੀ ਜਾ ਸਕਦਾ। ਇਸੇ ਤਰ੍ਹਾਂ ਡਾ. ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਕ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਦੇ ਕਹਿੰਦੇ ਹਨ, ‘ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ, ਨਾ ਹੀ ਇਨ੍ਹਾਂ ਵਿੱਚ ਆਮ ਮਨੁੱਖਾਂ ਵਾਲੀ ਰੂਹ ਸੀ।  ਇਨ੍ਹਾਂ ਦੀ ਸਰੀਰ ਤੇ ਰੂਹਾਨੀ ਸ਼ਕਤੀ ਸੱਚ ਮੁੱਚ ਅੰਦਾਜ਼ੇ ਤੋਂ ਬਾਹਰ ਸੀ।’ ਇਸੇ ਤਰ੍ਹਾਂ ਖਿਲਾਫਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਬੇਗ ਜਿਨ੍ਹਾਂ ਕਾਫ਼ੀ ਅਰਸਾ ਜ਼ਖ਼ਮੀਆਂ ਦੀ ਡਾਕਟਰੀ ਸੇਵਾ ਕੀਤੀ, ਲਿਖਦੇ ਹਨ, ‘ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖ਼ਤ ਜਾਨ ਹਨ। ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ’ਤੇ ਪਿਆ ਹੁੰਦਾ ਤਾਂ ਉਹ ਬਹੁਤ ਦੁੱਖ ਮੰਨਦੀ। ਮੈਂ ਕਿਸੇ ਆਦਮੀ ਨੂੰ ਮਾਰ ਪੈਣ ਤੇ ‘ਹਾਇ ਹਾਇ’ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।  ਪਰਤੱਖ ਤੱਕਿਆ ਕਿ ਪੁਲਿਸ ਅੰਦਰ ਜ਼ੁਲਮ ਅਤੇ ਅਕਾਲੀਆਂ ਵਿੱਚ ਰੱਬ ਵੱਸਦਾ ਸੀ।

12 ਸਤੰਬਰ ਨੂੰ ਪਾਦਰੀ ਸੀ. ਐਫ. ਐਂਡ੍ਰਿਊਜ਼ ਨੇ ਆਪ ਆ ਕੇ ਮਾਰ-ਕੁਟਾਈ ਹੁੰਦੀ ਤੱਕੀ ਤੇ ਇਸ ਬਾਰੇ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਸੈਂਕੜੇ ਈਸਾ ਮਸੀਹ ਰੋਜ਼ਾਨਾ ਤਸੀਹਿਆਂ ਦਾ ਸ਼ਿਕਾਰ ਹੋ ਰਹੇ ਹਨ, ਜੋ ਸੰਸਾਰ ਨੂੰ ਸ਼ਾਂਤਮਈ ਤੇ ਸਾਹਸ ਦਾ ਨਵਾਂ ਸਬਕ ਸਿਖਾ ਰਹੇ ਹਨ।  13 ਸਤੰਬਰ ਨੂੰ ਗਵਰਨਰ ਸਰ ਐਡਵਰਡ ਮੈਕਲੇਗਨ ਵੀ ਗੁਰੂ ਕੇ ਬਾਗ ਪਹੁੰਚਿਆ। ਉਸ ਦੇ ਹੁਕਮ ਨਾਲ ਅੱਗੇ ਤੋਂ ਮਾਰ ਕੁਟਾਈ ਬੰਦ ਹੋ ਗਈ ਤੇ ਗ੍ਰਿਫ਼ਤਾਰੀਆਂ ਹੋਣ ਲੱਗੀਆਂ। ਹੁਣ ਤੱਕ 1300 ਦੇ ਲਗਭਗ ਗ੍ਰਿਫ਼ਤਾਰੀ ਹੋ ਚੁੱਕੀ ਸਨ। ਪਹਿਲੇ 20-20 ਸਿੰਘਾਂ ਦਾ ਜੱਥਾ ਜਾਂਦਾ ਰਿਹਾ ਅਤੇ 10 ਅਕਤੂਬਰ ਤੋਂ ਸੌ ਸੌ ਦਾ ਜੱਥਾ ਰੋਜ਼ਾਨਾ ਜਾਣ ਲੱਗਾ।  25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਜੀ ਜਥੇਦਾਰੀ ਹੇਠ ਸੌ ਫੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗਿਆ।  ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ ਜਾਂਦੇ ਸਨ।  ਸੱਯਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸੱਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ। ਗ੍ਰਿਫ਼ਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਦੇ ਜੇਲ੍ਹ ਖਾਨਿਆਂ ਵਿੱਚ ਸੁੱਟਦੀ ਜਾ ਰਹੀ ਸੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਸਰਕਾਰੀ ਜ਼ੁਲਮ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਕੋਈ ਖ਼ਾਲੀ ਥਾਂ ਨਹੀਂ ਸੀ ਰਿਹਾ।

ਸਾਕੇ ਵਿੱਚ ਸਾਕਾ

30 ਅਕਤੂਬਰ 1922 ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਿਜਾਈ ਜਾ ਰਹੀ ਸੀ। ਪੰਜਾ ਸਾਹਿਬ ਦੇ ਸਿੰਘਾਂ ਨੇ ਇਨ੍ਹਾਂ ਕੈਦੀ ਭਰਾਵਾਂ ਨੂੰ ਦੁੱਧ, ਪਾਣੀ ਛਕਾਉਣ ਦਾ ਵਿਚਾਰ ਬਣਾਇਆ।  ਸਟੇਸ਼ਨ ਮਾਸਟਰ ਗੱਡੀ ਖੜ੍ਹੀ ਕਰਨਾ ਨਾ ਮੰਨਿਆ।  ਕਈ ਸਿੰਘ ਗੱਡੀ ਮੂਹਰੇ ਬੈਠ ਗਏ, ਉਨ੍ਹਾਂ ਕਿਹਾ, ‘ਸਾਡਾ ਭਾਵੇਂ ਸਰੀਰ ਲੱਥ ਜਾਵੇ, ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਟਹਿਲ ਕਰਨੀ ਹੈ।’ ਇੰਜਨ ਚੱਲਦਾ ਲੰਘ ਗਿਆ ਤੇ ਗੱਡੀ ਖੜ੍ਹੀ ਹੋ ਗਈ।  ਭਾਈ ਪਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ ਜੋ ਯਾਤਰਾ ਲਈ ਆਏ ਸਨ, ਦੋਵੇਂ ਸਿੰਘ ਥਾਂ ’ਤੇ ਸ਼ਹੀਦ ਹੋ ਗਏ ਤੇ 6 ਸਿੰਘ ਬਹੁਤ ਜ਼ਖ਼ਮੀ ਹੋ ਗਏ।

ਇਉਂ ਹਰ ਥਾਂ ਸਿੰਘਾਂ ਦੇ ਮਨ ਵਿੱਚ ਕੁਰਬਾਨੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ।  ਇਧਰ ਬੀ. ਟੀ. ਦੀਆਂ ਡਾਂਗਾਂ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਨ ਦਾ ਮੁਕਾਬਲਾ ਹੋ ਰਿਹਾ ਸੀ। ਸਿੱਖਾਂ ਨੂੰ ਜਾਨ ਨਾਲੋਂ ਧਰਮ ਦੀ ਕੀਮਤ ਸਾਫ਼ ਵੱਧ ਨਜ਼ਰ ਆਉਂਦੀ ਸੀ।

ਗੁਰੂ ਕੇ ਬਾਗ ਦਾ ਸੱਤਿਆਗ੍ਰਹਿ, ਮਾਰ ਕੁਟਾਈ ਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ 17 ਨਵੰਬਰ ਨੂੰ ਖ਼ਤਮ ਹੋਇਆ ਜਦੋਂ ਹਾਰੀ ਹੋਈ ਸਰਕਾਰ ਨੇ ਸਰ ਗੰਗਾ ਰਾਮ ਨੂੰ ਆਖਿਆ ਕਿ ਉਹ ਗੁਰੂ ਕੇ ਬਾਗ ਦੀ ਜ਼ਮੀਨ ਠੇਕੇ ’ਤੇ ਲੈ ਲਵੇ।  ਇਹ ਤਾਂ ਇੱਕ ਬਹਾਨਾ ਸੀ। ਗੰਗਾ ਰਾਮ ਨੇ ਜ਼ਮੀਨ ਠੇਕੇ ’ਤੇ ਲਿਖਾ ਲਈ ਤੇ ਪੁਲਿਸ ਨੂੰ ਕਿਹਾ, ‘ਜਾਓ, ਮੈਨੂੰ ਤੁਹਾਡੀ ਲੋੜ ਨਹੀਂ।’ ਇਉਂ ਗੁਰੂ ਕੇ ਬਾਗ ਦਾ ਮੋਰਚਾ ਖ਼ਤਮ ਹੋਇਆ।  ਕੁੱਲ 5605 ਸਿੰਘ ਕੈਦ ਹੋਏ, ਜਿਸ ਵਿੱਚ 30 ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ।

ਸਮੁੰਦਰ-ਸਤਿਗੁਰੂ ਨੂੰ ਘੜੇ ’ਚ ਬੰਦ ਕਰਦੀ ਫੋਕਟ ਵਿਦਵਾਨ ਮੰਡਲੀ

0

ਸਮੁੰਦਰ-ਸਤਿਗੁਰੂ ਨੂੰ ਘੜੇ ’ਚ ਬੰਦ ਕਰਦੀ ਫੋਕਟ ਵਿਦਵਾਨ ਮੰਡਲੀ

ਗਿਆਨੀ ਅਵਤਾਰ ਸਿੰਘ

ਗੁਰਬਾਣੀ; ਗੁਰਸਿੱਖ ਲਈ ਰੂਹ ਦੀ ਖ਼ੁਰਾਕ ਹੈ ਕਿਉਂਕਿ ਇਹ ਰੂਹਾਨੀਅਤ ਨੂੰ ਜ਼ਿੰਦਾ ਰੱਖਦੀ ਹੈ, ਪਰ ਇਹ ਖ਼ੁਰਾਕ ਤਦ ਹੀ ਲਾਭ ਦੇਂਦੀ ਹੈ ਜੇਕਰ ਮਨੁੱਖ, ਹਮੇਸ਼ਾਂ ਸਿੱਖ ਭਾਵ ਸਿੱਖਿਆਰਥੀ ਬਣਿਆ ਰਹੇ। ਹਿਰਦੇ ’ਚ ਸਦਾ ਕੁੱਝ ਸਿੱਖਣ ਦੀ ਭਾਵਨਾ ਬਣਨ ਨਾਲ਼ ਨਵੀਂ ਸੋਚ ਉਪਜਦੀ ਰਹਿੰਦੀ ਹੈ ਅਤੇ ਸਿਖਾਂਦਰੂ (ਸ਼ਗਿਰਦ) ਅੰਦਰ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ’’ (ਮਹਲਾ /੬੬੦) ਵਾਲ਼ਾ ਅਹਿਸਾਸ ਜਨਮ ਲੈਂਦਾ ਜਾਂਦਾ ਹੈ।

ਉਕਤ ਅਵਸਥਾ ਬਣਨ ਦੇ ਰਾਹ ’ਚ ਅਸਲ ਰੁਕਾਵਟ ਮਨੁੱਖੀ ਮਨ ਦਾ ਆਪਹੁਦਰਾਪਣ ਹੈ, ਜਿਸ ਨੂੰ ਮਾਰਨਾ; ਆਸਾਨ ਨਹੀਂ ਹੁੰਦਾ। ਇਹ, ਮਨੁੱਖ ਦੀ ਅਕਲ ਨੂੰ ਆਪਣੇ ਮੁਤਾਬਕ ਘੜ ਲੈਂਦਾ ਹੈ। ਜੋ ਅਕਲ; ਆਪਹੁਦਰੇ ਮਨ ਦੁਆਰਾ ਘੜੀ ਹੋਵੇ, ਉਹ ਆਪਣੇ ਮਨ ਨੂੰ ਘੜਨਯੋਗ ਨਹੀਂ ਰਹਿੰਦੀ। ਰੂਹਾਨੀਅਤ (ਸਚਖੰਡ) ਪੱਖੋਂ ਇਉਂ ਭੀ ਕਹਿ ਸਕਦੇ ਹਾਂ ਕਿ ਰੱਬੀ ਜੋਤਿ ਰੂਪ ਸਰਬ ਵਿਆਪਕ ਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣਾ ਹੂ-ਬਹੂ ਪ੍ਰਕਾਸ਼ ਨਹੀਂ ਕਰਦਾ ਕਿਉਂਕਿ ਜਿਵੇਂ ਸੂਰਜ ਗ੍ਰਹਿਣ ਸਮੇਂ ਧਰਤੀ ਅਤੇ ਸੂਰਜ ਵਿਚਕਾਰ ਚੰਦ੍ਰਮਾ ਆਉਂਦਾ ਹੈ; ਓਵੇਂ ਹੀ ਸਰਬ ਵਿਆਪਕ ਜੋਤਿ-ਪ੍ਰਕਾਸ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆਉਂਦਾ ਹੈ। ਮਨ ਦੀ ਇਸ ਕਾਲ਼ਖ਼ ਨੂੰ ‘ਅੰਤਹਿਕਰਣ, ਜਨਮ ਜਨਮ ਕੀ ਮੈਲ਼, ਕੂੜੈ ਪਾਲਿ (ਭਾਵ ਝੂਠ ਦਾ ਪਰਦਾ), ਹਉਮੈ ਰੂਪ ਕਠੋਰ ਕੰਧ’ ਭੀ ਕਿਹਾ ਹੈ। ਪਾਵਨ ਵਚਨ ਹਨ ‘‘ਕਿਵ ਕੂੜੈ ਤੁਟੈ ਪਾਲਿ (ਜਪੁ), ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ (ਮਹਲਾ /੧੨੬੩), ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਮਨ ਦੀ ਕਾਲ਼ਖ਼ (ਭਾਵ ਪਰਛਾਈ); ਮਨੁੱਖੀ ਅਕਲ ਨੂੰ ਸਦਾ ਅਸਪਸ਼ਟ, ਲਾਚਾਰ, ਮੱਧਮ ਕਰੀ ਰੱਖਦੀ ਹੈ। ਭਾਈ ਗੁਰਦਾਸ ਜੀ ਨੇ ਇਸ ਨੂੰ ਧੁੰਦ ਕਿਹਾ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਵਾਰ ਪਉੜੀ ੨੭)

ਦੂਸਰੇ ਪਾਸੇ ਸਤਿਗੁਰੂ ਦੇ ਮਨ ’ਚ ਕਾਲ਼ਖ਼ ਨਹੀਂ ਹੁੰਦੀ, ਜਿਸ ਕਾਰਨ ਉਨ੍ਹਾਂ ਦੀ ਅਕਲ ’ਤੇ ਰੱਬੀ ਜੋਤਿ ਦਾ ਹੂ-ਬਹੂ ਪ੍ਰਕਾਸ਼ ਪਿਆ ਰਹਿੰਦਾ ਹੈ। ਇਹ, ਸਤਿਗੁਰੂ ਦਾ ਅਨੁਭਵ-ਗਿਆਨ ਅਖਵਾਉਂਦਾ ਹੈ। ਇਸ ਬੌਧਿਕ ਗਿਆਨ ਬਾਬਤ ਜੋ ਦ੍ਰਿੜ੍ਹਤਾ ਸਤਿਗੁਰੂ ਜੀ ਦੇ ਹਿਰਦੇ ’ਚ ਹੋਵੇਗੀ ਉਹ ਕਿਸੇ ਸਿਖਾਂਦਰੂ ਸਿੱਖ ਅੰਦਰ ਨਹੀਂ ਹੋ ਸਕਦੀ ਕਿਉਂਕਿ ਸਿੱਖ ਨੇ ਸਤਿਗੁਰੂ ਦੀ ਸਿੱਖਿਆ ਅਤੇ ਬਖ਼ਸ਼ਸ਼ ਨਾਲ਼ ਆਪਣੇ ਮਨ ਦੀ ਕਾਲ਼ਖ਼ ਨੂੰ ਆਪਣੇ ਅੰਤਮ ਸੁਆਸ ਤੱਕ ਸਾਫ਼ ਕਰਦੇ ਰਹਿਣਾ ਹੁੰਦਾ ਹੈ ਭਾਵ ਸਿੱਖ ਅੰਦਰ ਸਤਿਗੁਰੂ ਵਾਙ ਪੂਰਨ ਚਾਨਣ (ਸਪਸ਼ਟਤਾ) ਕਦੇ ਨਹੀਂ ਹੋਏਗਾ। ਇਸ ਰੂਹਾਨੀਅਤ ਮਾਰਗ ਤੋਂ ਖੁੰਝਣ ਦਾ ਕਾਰਨ ਸਤਿਗੁਰੂ ਜੀ ਦੇ ਰੌਸ਼ਨ ਦਿਮਾਗ਼ ’ਚੋਂ ਉਪਜੇ ਇਲਾਹੀ ਬੋਲਾਂ ਨੂੰ ਇੰਨ-ਬਿੰਨ ਸਮਝਣ ’ਚ ਆਪਹੁਦਰੇ ਮਨ ਦੁਆਰਾ ਖਾਧੀ ਗਈ ਕੁਤਾਹੀ ਹੀ ਹੁੰਦਾ ਹੈ ਕਿਉਂਕਿ ਸਤਿਗੁਰੂ ਦੁਆਰਾ ਬਿਆਨੀ ਪੂਰਨ ਸਚਾਈ ’ਤੇ ਹੰਕਾਰੀ ਮਨ ਨੇ ਆਪਣੀ ਅਕਲ ਨੂੰ ਭਰੋਸਾ ਕਰਨ ਲਾਇਕ ਨਹੀਂ ਛੱਡਿਆ ‘‘ਅੰਤਰਿ ਅਗਿਆਨੁ, ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ’’ (ਮਹਲਾ /੬੫੨) ਸਤਿਗੁਰੂ ਦੇ ਵਚਨਾਂ ’ਤੇ ਪ੍ਰਤੀਤ ਕਿਉਂ ਨਾ ਬਣੀ ? ਜਵਾਬ : ਸਤਿਗੁਰੂ ਦੇ ਰੌਸ਼ਨ ਦਿਮਾਗ਼ ਅਤੇ ਮਨੁੱਖੀ ਅਕਲ ਵਿਚਕਾਰ ਆਪਹੁਦਰਾ ਮਨ ਆ ਗਿਆ, ਜਿਸ ਨੇ ਪਿਘਲ਼ ਕੇ ਪਾਰਦਰਸ਼ੀ ਹੋਣਾ ਹੁੰਦੈ ‘‘ਮੁਸਲਮਾਣੁ; ਮੋਮ ਦਿਲਿ ਹੋਵੈ   ਅੰਤਰ ਕੀ ਮਲੁ; ਦਿਲ ਤੇ ਧੋਵੈ ’’ (ਮਹਲਾ /੧੦੮੪) ਤਾਂ ਜੋ ਸਰਵ ਵਿਆਪਕ ਜੋਤਿਪ੍ਰਕਾਸ਼; ਮਨੁੱਖੀ ਅਕਲ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਾ ਸਕੇ

ਇੱਕ ਵਿਦਿਆਰਥੀ; ਆਪਣੇ ਅਧਿਆਪਕ ਦੀ ਯੋਗਤਾ ਨੂੰ ਭਲੀ-ਭਾਂਤ ਨਹੀਂ ਜਾਣ ਸਕਦਾ; ਇਸੇ ਤਰ੍ਹਾਂ ਸਤਿਗੁਰੂ ਦੀ ਅਸੀਮ ਸਮਝ/ਸਮਰੱਥਾ ਤੋਂ ਸਿੱਖਿਆਰਥੀ-ਸਿੱਖ ਕਦੇ ਜਾਣੂ ਨਹੀਂ ਹੋ ਸਕਦਾ ਤਾਹੀਓਂ ਗੁਰਬਾਣੀ ਅੰਦਰ ਭੱਟ ਸਾਹਿਬਾਨ ਅਤੇ ਸੱਤਾ ਬਲਵੰਡ ਜੀ ਦਾ ਨਾਨਕ ਜੋਤਿ ਬਾਰੇ ਨਜ਼ਰੀਆ; ਗੁਰਬਾਣੀ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ‘‘ਇਕ ਦੂ ਇਕੁ ਸਿਆਣਾ ’’ (ਜਪੁ) ਰੋਗ ਤੋਂ ਪੀੜਤ ਆਪਹੁਦਰੇ ਮਨ ਨੂੰ ਨਾਨਕ ਜੋਤਿ ਨੂੰ ਵੇਖਣ ਦਾ ਚੱਜ ਆਉਂਦਾ ਰਹੇ।

ਭਾਈ ਸੱਤਾ-ਬਲਵੰਡ ਜੀ ਅਤੇ ਭੱਟ ਮਥੁਰਾ ਜੀ ਆਦਿਕ ਦੇ ਵਚਨ ਹਨ ਕਿ ਸਿੱਖਾਂ ਨੇ ਆਪਣੇ ਸਤਿਗੁਰੂ ਨੂੰ ਰੱਬ ਦੇ ਸਮਾਨ ਵੇਖਿਆ ਹੈ, ਨਾ ਕਿ ਕਿਸੇ ਵਿਸ਼ੇਸ਼ ਮਨੁੱਖ ਸਮਾਨ‘‘ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ (ਸਤਾ ਬਲਵੰਡ ਜੀ/੯੬੮), ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਗੁਰੂ ਸਾਹਿਬਾਨ ਦੀ ਆਪਣੀ ਬਾਣੀ ਭੀ ਗੁਰੂ ਅਤੇ ਰੱਬ ਨੂੰ ਹੀ ਅਭੁੱਲ ਮੰਨਦੀ ਹੈ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ’’ (ਮਹਲਾ /੬੧) ਸਤਿਗੁਰੂ ਦੀ ਸੋਚ ਅਤੇ ਰੱਬ ਦੀ ਸੋਚ ਇੱਕ ਸਮਾਨ ਹੈ ‘‘ਗੁਰੁ ਪਰਮੇਸਰੁ ਏਕੋ ਜਾਣੁ ’’ (ਮਹਲਾ /੮੬੪) ਤਾਂ ਤੇ ਸਤਿਗੁਰੂ ਦੀ ਬਾਣੀ ਨੂੰ ਪੜ੍ਹਨਾ/ਵਿਚਾਰਨਾ; ਇੱਕ ਸਿੱਖ ਨੂੰ ਸਦਾ ਆਪਣੀਆਂ ਊਣਤਾਈਆਂ ਅਤੇ ਭੁੱਲਣ ਅੰਦਰ ਹੋਣ ਦਾ ਅਹਿਸਾਸ ਕਰਾਏਗਾ। ਇਹੀ ਸਿੱਖੀ ਮਾਰਗ ਹੈ ਕਿ ਸਦਾ ਆਪਣੇ ਮਨ ਨੂੰ ਸਤਿਗੁਰੂ ਦੀ ਕਸੌਟੀ ’ਤੇ ਪਰਖਿਆ ਜਾਵੇ। ਸਵੈ ਪੜਚੋਲ ਕਰਦਿਆਂ-ਕਰਦਿਆਂ (ਭਾਵ ਆਪਹੁਰਦੇਪਣ ਨੂੰ ਪਿਘਲ਼ਾਉਂਦਿਆਂ-ਪਿਘਲ਼ਾਉਂਦਿਆਂ) ਅੰਦਰੋਂ ਹਰੀ ਦੇ ਦਰਸ਼ਨ ਹੋਣ ਤੋਂ ਇਹੀ ਭਾਵ ਹੈ ਕਿ ਪਾਰਦਰਸ਼ੀ ਹੋ ਚੁੱਕੇ ਮਨ ਰਾਹੀਂ ਸਰਬ ਵਿਆਪਕ ਜੋਤਿ-ਪ੍ਰਕਾਸ਼ ਦਾ ਮਨੁੱਖੀ ਅਕਲ ਨੂੰ ਅਹਿਸਾਸ ਹੋਵੇ। ਆਪਹੁਦਰਾ ਮਨ ਇਸ ਨੂੰ ਕਾਲਪਨਿਕ ਖ਼ਿਆਲ ਮੰਨ ਕੇ ਸਵੈ ਪੜਚੋਲ ਕਰਨ ਤੋਂ ਨੱਠੇਗਾ। ਉਹ, ਗੁਰਬਾਣੀ ਦੇ ਅਰਥ ਭੀ ਇਉਂ ਕਰੇਗਾ ਤਾਂ ਜੋ ਆਪਣੀ ਅਕਲ ’ਤੇ ਦਬਾਅ ਨਾ ਆਵੇ। ਅਕਲ ਨੂੰ ਪਛੁਤਾਵਾ ਨਾ ਹੋਵੇ, ਆਪਣੇ ਧੁੰਦਲੇਪਣ ਦਾ ਅਹਿਸਾਸ ਨਾ ਹੋਵੇ। ਉਸ ਲਈ ਸ਼ਬਦ (ਗੁਰੂ) ਗਿਆਨ ਵੀ ਸਕੂਲ ਦੇ ਸਿਲੇਬਸ ਵਾਙ ਹੈ, ਜਿਸ ਨੂੰ ਸਮਝਣਾ ਤੇ ਹੋਰਾਂ ਨੂੰ ਪੜ੍ਹਾਉਣਾ ਕੋਈ ਮੁਸ਼ਕਲ ਨਹੀਂ।

ਸਤਿਗੁਰੂ ਦੇ ਇਲਾਹੀ ਬੋਲ (ਮੰਤਵ) ਜਾਣਨ ਲਈ ਗੁਰਬਾਣੀ ਦੀ ਲਿਖਣਸ਼ੈਲੀ (ਵਿਆਕਰਨਿਕ ਵਿਧੀ) ਬੜੀ ਅਹਿਮ ਹੈ। ਪਿਛਲੇ ਕੁੱਝ ਸਮੇਂ ਤੋਂ ਸਿੱਖਾਂ ਅੰਦਰ ਇਸ ਨੂੰ ਸਿੱਖਣ ਦੀ ਲਗਨ ਪੈਦਾ ਹੋਈ ਹੈ, ਜੋ ਕਿ ਸ਼ੁੱਭ ਸੰਕੇਤ ਹੈ; ਤਾਂ ਤੇ ਹਰ ਸਿੱਖ-ਪਾਠਕ ਨੂੰ ਇਹ ਜਾਣ ਲੈਣਾ ਭੀ ਜ਼ਰੂਰੀ ਹੈ ਕਿ ਸਤਿਗੁਰੂ ਅਤੇ ਸਿੱਖ-ਪਾਠਕ ਵਿਚਕਾਰ ਵਿਚੋਲਗੀ ਨਿਭਾ ਰਿਹਾ ਵਿਆਕਰਨਿਕ ਵਿਦਵਾਨ; ਨਾਨਕ ਜੋਤਿ ਨੂੰ ਭੱਟ ਸਾਹਿਬਾਨ ਦੀ ਨਜ਼ਰ ਨਾਲ਼ ਵੇਖਦਾ ਪਿਆ ਹੈ ਜਾਂ ਆਪਹੁਦਰੇ ਮਨ ਦੁਆਰਾ ਘੜੀ ਆਪਣੀ ਅਕਲ ਨਾਲ਼। ਕਿਸੇ ਵਿਚੋਲਗਿਰੀ ਉਸਤਾਦ ਦਾ ਨਾਨਕ ਜੋਤਿ ਬਾਰੇ ਬਣਿਆ ਨਜ਼ਰੀਆ ਸਾਫ਼ ਹੁੰਦਿਆਂ ਹੀ ਉਸ ਦੇ ਲੱਗੇ ਚਸ਼ਮਾ ਦਾ ਰੰਗ ਉਘੜ ਆਉਂਦਾ ਹੈ। ਆਪਣੇ ਉਸਤਾਦ ਦਾ ਨਜ਼ਰੀਆ ਜਾਣਨ ਤੋਂ ਬਿਨਾਂ; ਉਸ ਪਾਸੋਂ ਵਿਆਕਰਨ ਸਮਝਣ ਲਈ ਬਣੀ ਲਗਨ ਭੀ ਕੁਰਾਹੇ ਪਾਏਗੀ। ਪੰਜਾਬੀ ਦੀ ਇੱਕ ਕਹਾਵਤ ਹੈ ‘ਭੱਠ ਪਵੇ ਸੋਨਾ, ਜਿਹੜਾ ਕੰਨਾਂ ਨੂੰ ਖਾਵੇ’। ਗੁਰਮਤਿ ਨੂੰ ਜਾਣਨ ਲਈ ਹੈ ‘ਵਿਆਕਰਨ’, ਪਰ ਜੇ ਇਸ ਨੂੰ ਜਾਣਨ ਉਪਰੰਤ ਭੀ ਗੁਰਮਤਿ ਸਮਝ ਨਾ ਆਵੇ ਤਾਂ ਇਹ ਵਿੱਦਿਆ ਭੀ ‘ਭੱਠ ਪਵੇ ਸੋਨੇ’ ਵਰਗੀ ਹੈ ਕਿਉਂਕਿ ਇਹ ਭੀ ਆਪਹੁਦਰੇ ਮਨ ’ਚ ਹੋਰ ਹਵਾ ਹੀ ਭਰੇਗੀ।

ਸੰਨ 1947 ’ਚ ਅਜ਼ਾਦੀ ਸਮੇਂ ਭਾਰਤ ਦੀਆਂ ਸੀਮਾਵਾਂ (ਪੰਜਾਬ, ਬੰਗਾਲ) ’ਚ ਧਰਮ ਦੇ ਨਾਂ ’ਤੇ ਦੰਗੇ ਹੋਏ। ਉਨ੍ਹਾਂ ਨੇ ਮਨੁੱਖਤਾ ਅੰਦਰ ਧਰਮ ਪ੍ਰਤੀ ਨਫ਼ਰਤ ਭਰੀ ਤਾਹੀਓਂ ਇਨ੍ਹਾਂ ਹੀ ਥਾਂਵਾਂ ’ਤੇ ਕਾਮਰੇਡ ਸੋਚ ਪਨਪੀ। ਹੁਣ ਭਾਵੇਂ ਪੰਜਾਬ ’ਚ ਸਿਆਸੀ ਕਾਮਰੇਡ ਨਹੀਂ, ਪਰ ਬੇਲੋੜੇ ਤਰਕ ਨੇ ਅੱਜ ਭੀ ਕਈ ਸਿੱਖਾਂ ਦੀ ਜ਼ਿੰਦਗੀ ਨਰਕ ਬਣਾਈ, ਵੇਖੀ ਜਾ ਸਕਦੀ ਹੈ। ਕਈ ਇਸੇ ਤਰਕ ਨੂੰ ਵਿਦਵਤਾ ਕਹਿ ਹੋਰ ਹਵਾ ਭਰਦੇ ਰਹਿੰਦੇ ਹਨ।

ਤਰਕ ਦਾ ਸਰੋਤ ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ ਦੁਆਰਾ ਮਿਲਦਾ ਗਿਆਨ) ਹੁੰਦੇ ਹਨ ਜਦਕਿ ਧਰਮ ਕਮਾਉਣ ਲਈ ਹਿਰਦੇ ’ਚ ਸ਼ਰਧਾ, ਵਿਸ਼ਵਾਸ, ਭਰੋਸੇ ਦਾ ਹੋਣਾ ਭੀ ਜ਼ਰੂਰੀ ਹੈ, ਇਸ ਲਈ ਸਿੱਖ; ਅਰਦਾਸ ਰਾਹੀਂ ਸਤਿਗੁਰੂ ਪਾਸੋਂ ਰੋਜ਼ਾਨਾ ‘ਭਰੋਸਾ ਦਾਨ’ ਮੰਗਦੇ ਹਨ। ਵੈਸੇ ਹੈ ਭੀ ਸਹੀ ਕਿ ਜੋ ਸਤਿਗੁਰੂ; ਰੱਬ ਵਰਗੀ ਸੋਚ ਦਾ ਮਾਲਕ ਹੋਵੇ, ਉਨ੍ਹਾਂ ਦਾ ਇਲਾਹੀ ਵਚਨ, ਬਿਨਾਂ ਭਰੋਸਾ ਕੀਤਿਆਂ ਕਿਵੇਂ ਪਕੜਿਆ ਜਾ ਸਕੇਗਾ ? ਤਰਕ ਤਾਂ ਉਸ ਅਸਪਸ਼ਟ ਬੁੱਧੀ ਦਾ ਖ਼ਿਆਲ ਹੈ, ਜੋ ਪੰਜ ਗਿਆਨ ਇੰਦ੍ਰਿਆਂ ਰਾਹੀਂ ਆਪਹੁਦਰੇ ਮਨ ਨੇ ਘੜੀ ਹੈ। ਤਰਕਵਾਦੀ ਬੰਦਾ ਸਦਾ ਨਾਪੱਖੀ ਤੇ ਅਸ਼ਾਂਤ ਰਹਿੰਦਾ ਹੈ, ਨਾ ਕਿ ਅਨੰਦਿਤ। ਦੁਨੀਆਂ ’ਚ ਤਰਕਵਾਦੀਆਂ ਦੇ ਲੰਗਰ ਨਹੀਂ ਚਲਦੇ ਹੁੰਦੇ।

ਅੱਜ ਪੰਥ ਦਰਦੀ ਸਿੱਖਾਂ ਸਾਮ੍ਹਣੇ ਦੋ ਮੁੱਖ ਚੁਣੌਤੀਆਂ ਹਨ (1). ਸੰਤ ਸਮਾਜ ਦੁਆਰਾ ਮਨਘੜਤ ਸਾਖੀਆਂ ਨਾਲ਼ ਗੰਧਲਾ ਕੀਤਾ ਸਿੱਖ ਇਤਿਹਾਸ ਅਤੇ (2). ਗੁਰਮਤਿ ਦੇ ਸ਼ਰਧਾ ਭਰਪੂਰ ਵਿਸ਼ਿਆਂ ’ਤੇ ਕੀਤਾ ਜਾਂਦਾ ਤਰਕ। ਇਨ੍ਹਾਂ ਦੋਵਾਂ ਨੂੰ ਪਛਾਣਨਾ ਹਰ ਸਿੱਖ ਲਈ ਜ਼ਰੂਰੀ ਹੈ। ਗੰਧਲਾ ਇਤਿਹਾਸ ਤਾਂ ਗੁਰਮਤਿ ਦੀ ਕਸੌਟੀ ’ਤੇ ਲਗਾ ਕੇ ਫਿਰ ਭੀ ਪਰਖਿਆ ਜਾ ਸਕਦਾ ਹੈ, ਪਰ ਗੁਰਮਤਿ (ਕੌਮੀ ਸਿਧਾਂਤ) ਵਿਗੜਨ ਤੋਂ ਬਾਅਦ ਇਸ ਨੂੰ ਦਰੁਸਤ ਕਰਨਾ ਅਸੰਭਵ ਹੈ।  ਅਰਦਾਸ ਰਾਹੀਂ ਮੰਗਿਆ ਜਾਂਦਾ ‘ਭਰੋਸਾ ਦਾਨ’; ਤਰਕਵਾਦੀ ਲਈ ਗਿਆਨ ਇੰਦ੍ਰਿਆਂ ਦਾ ਵਿਸ਼ਾ ਹੈ, ਨਾ ਕਿ ਅਨੁਭਵ ਦਾ।  ਬੇਲੋੜੇ ਤਰਕ ਨਾਲ਼ ਗੁਰਮਤਿ ਸਿਧਾਂਤ ਅਤੇ ਗੁਰੂ ਇਤਿਹਾਸ ’ਚ ਪੈਂਦੇ ਫ਼ਰਕ ਦੀਆਂ ਦੋ ਕੁ ਮਿਸਾਲਾਂ :

(ੳ). ਸ਼ਿਰੋਮਣੀ ਸਿੱਖ ਇਤਿਹਾਸ (ਕਿਤਾਬ) ਦੇ ਲਿਖਾਰੀ (ਡਾ. ਸੁਖਦਿਆਲ ਸਿੰਘ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤਿ ਸਮਾਉਣਾ; 22 ਸਤੰਬਰ 1540 ਲਿਖਿਆ ਹੈ ਭਾਵੇਂ ਕਿ ਗੁਰੂ ਨਾਨਕ ਜੀ ਦੇ ਜੋਤੀ ਜੋਤਿ ਸਮਾਉਣ ਦੀ ਅਸਲ ਤਾਰੀਖ਼ 7 ਸਤੰਬਰ 1539 ਹੈ।

ਇਸ ਬਾਰੇ ਉਕਤ ਸੱਜਣ ਦਾ ਤਰਕ ਹੈ ਕਿ ਗੁਰੂ ਨਾਨਕ ਜੀ ਨੇ ‘‘ਆਵਨਿ ਅਠਤਰੈ ਜਾਨਿ ਸਤਾਨਵੈ’’  ਵਾਕ ਆਪਣੇ ਜੀਵਤ ਰਹਿੰਦਿਆਂ (ਸੰਮਤ 1597/ਸੰਨ 1540 ’ਚ) ਉਚਾਰਿਆ ਹੈ, ਨਾ ਕਿ ਸੰਮਤ 1578 (ਸੰਨ 1521) ’ਚ ਸੈਦਪੁਰ (ਏਮਨਾਬਾਦ/ਪਾਕਿਸਤਾਨ) ਵਿਖੇ। ਇਸ ਲੇਖਕ ਨੇ ਇਹ ਜ਼ਰੂਰ ਮੰਨਿਆ ਹੈ ਕਿ ਮੁਗ਼ਲ ਬਾਦਸ਼ਾਹ ਹਮਾਯੂੰ (ਬਾਬਰ ਦਾ ਪੁੱਤਰ/ਅਕਬਰ ਦਾ ਪਿਤਾ); ਸੰਨ 1540 ’ਚ ਸ਼ੇਰ ਸ਼ਾਹ ਸੂਰੀ ਤੋਂ ਰਣ ਭੂਮੀ ’ਚ ਹਾਰ ਕੇ ਵਾਪਸ ਆਪਣੇ ਦੇਸ਼ (ਅਫ਼ਗਾਨਿਸਤਾਨ) ਵੱਲ ਭੱਜਿਆ ਸੀ। ਇਸ ਦੇ ਸਬੂਤ ਵਜੋਂ ‘‘ਜਾਨਿ ਸਤਾਨਵੈ’’ ਸ਼ਬਦ ਮੰਨ ਕੇ ਹੀ ਗੁਰੂ ਨਾਨਕ ਜੀ ਦਾ ਜੋਤੀ ਜੋਤਿ ਸਮਾਉਣਾ; 22 ਸਤੰਬਰ 1540 ਲਿਖਿਆ ਹੈ।

ਵਿਚਾਰ : ਗੁਰਬਾਣੀ ਦੇ ਇਸ ਪੂਰੇ ਸ਼ਬਦ ’ਚ ਸੈਦਪੁਰ ਦੇ ਨਿਵਾਸੀ ਭਾਈ ਲਾਲੋ ਜੀ ਨੂੰ 7 ਵਾਰ ਸੰਬੋਧਨ ਕੀਤਾ ਹੈ, ਜਿਨ੍ਹਾਂ ਦੀ ਸੰਸਾਰਕ ਯਾਤ੍ਰਾ ਸੰਨ 1452 ਤੋਂ ਸੰਨ 1531 ਤੱਕ ਸੀ ਭਾਵ ਭਾਈ ਲਾਲੋ ਜੀ 1531 ’ਚ ਸਰੀਰਕ ਚੋਲ਼ਾ ਛੱਡ ਗਏ ਸਨ ਫਿਰ 9 ਸਾਲ ਬਾਅਦ ਸੰਨ 1540 ’ਚ ਗੁਰੂ ਨਾਨਕ ਜੀ ਕਿਹੜੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਦੇ ਆਖਦੇ ਹਨ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ  !  ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ  !  ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ  !’’ (ਮਹਲਾ /੭੨੩)  ? ਸੋ ਇਹ ਸ਼ਬਦ ਸੰਨ 1540/ਸੰਮਤ 1597 ’ਚ ਨਹੀਂ, ਸੰਨ 1521/ਸੰਮਤ 1578 ’ਚ ਹੀ ਉਚਾਰਿਆ ਜਾਪਦਾ ਹੈ, ਇਸ ਲਈ ਗੁਰੂ ਨਾਨਕ ਜੀ ਦਾ ਜੋਤੀ ਜੋਤਿ ਸਮਾਉਣਾ ਭੀ 22 ਸਤੰਬਰ 1540 ਨਹੀਂ ਹੋ ਸਕਦਾ। ਇਸ ਵਿਦਵਾਨ ਨੇ ਗੁਰੂ ਨਾਨਕ ਜੀ ਦਾ ਜੋਤੀ ਜੋਤ ਸਮਾਉਣਾ ਇਸ ਲਈ ਇੱਕ ਸਾਲ ਅੱਗੇ ਕੀਤਾ ਕਿਉਂਕਿ ਗੁਰੂ ਨਾਨਕ ਜੀ ਦੁਆਰਾ 19 ਸਾਲ ਪਹਿਲਾਂ ਕੀਤੀ ਭਵਿੱਖਬਾਣੀ ’ਤੇ ਇਸ ਦਾ ਭਰੋਸਾ ਨਹੀਂ।

(ਅ). ਡਾ. ਚਮਕੌਰ ਸਿੰਘ ਬਰਾੜ ਨੇ ਆਪਣੇ ਫੇਸਬੁੱਕ ਪੇਜ (ਗੁਰਬਾਣੀ ਵਿਆਕਰਣ) ’ਤੇ 24 ਜੂਨ 2021 ਨੂੰ ਇਹੀ ਸ਼ਬਦ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ’’ (ਮਹਲਾ /੭੨੨) ਦੀ ਵਿਚਾਰ ਕਰਦਿਆਂ ਲਿਖਿਆ ਹੈ ਕਿ ‘‘ਆਵਨਿ ਅਠਤਰੈ ਜਾਨਿ ਸਤਾਨਵੈ. ’’  ਦਾ ਮਤਲਬ ਮੁਗ਼ਲ ਬਾਦਸ਼ਾਹ ਬਾਬਰ ਵਰਗੇ 78 ਆਉਂਦੇ ਹਨ ਅਤੇ 97 ਚਲੇ ਜਾਂਦੇ ਹਨ । ਸੋ ਇਹ ਸੱਜਣ ਭੀ ਗੁਰੂ ਨਾਨਕ ਜੀ ਦੁਆਰਾ ਕੀਤੀ 19 ਸਾਲ ਪਹਿਲਾਂ ਭਵਿੱਖਬਾਣੀ ਨੂੰ ਨਹੀਂ ਮੰਨਦਾ ਭਾਵੇਂ ਕਿ ਸਾਰੇ ਹੀ ਪ੍ਰਚਲਿਤ ਟੀਕਾਕਾਰਾਂ ਨੇ ਮੰਨਿਆ ਹੈ, ਲਿਖਿਆ ਹੈ।

ਵਿਚਾਰ : ਕੋਈ ਭੀ ਸੰਖਿਅਕ ਮੁਹਾਵਰਾ 33 ਆਏ 33 ਗਏ ਜਾਂ 3600 ਆਉਂਦੇ ਹਨ, 3600 ਜਾਂਦੇ ਹਨ; ਤਾਂ ਹੋ ਸਕਦਾ ਹੈ, ਪਰ 78 ਆਏ, 97 ਗਏ, ਨਹੀਂ ਹੋ ਸਕਦਾ। ਕਮਰੇ ’ਚ 2 ਆਏ ਤਾਂ 3 ਕਿਵੇਂ ਜਾਣਗੇ, 2 ਹੀ ਜਾਣਗੇ ? ਜੇਕਰ ਵਾਕ ਆਵਨਿ ਅਠਤਰੈ ਜਾਨਿ ਅਠਤਰੈ ..’’ ਜਾਂ ‘‘ਆਵਨਿ ਸਤਾਨਵੈ ਜਾਨਿ ਸਤਾਨਵੈ..’’  ਹੁੰਦਾ ਤਾਂ ਮੰਨਿਆ ਭੀ ਜਾ ਸਕਦਾ ਸੀ ਕਿ ਇਹ ਕੋਈ ਮੁਹਾਵਰਾ ਹੋਏਗਾ।

ਇਸ ਸੱਜਣ ਦੀ ਦਲੀਲ ਹੈ ਕਿ ਜੇਕਰ ਇਹ ਵਾਕ ਸੰਮਤ 1578 (ਸੰਨ 1521) ’ਚ ਸੈਦਪੁਰ ਵਿਖੇ ਉਚਾਰਿਆ ਹੁੰਦਾ ਅਤੇ ਸੰਮਤ 1597 ਵੱਲ ਸੰਕੇਤ ਕਰਦਾ ਹੁੰਦਾ ਤਾਂ ‘‘ਜਾਨਿ ਸਤਾਨਵੈ’’  ਦੀ ਥਾਂ ‘‘ਜਾਨਸਿ ਸਤਾਨਵੈ’’  ਹੁੰਦਾ ਕਿਉਂਕਿ ਗੁਰਬਾਣੀ ਅੰਦਰ ਭਵਿੱਖਵਾਚੀ ਸ਼ਬਦਾਂ ਦੇ ਅੰਤ ’ਚ ‘ਸੁ, ਸਿ, ਸੀ’ ਹੋਣਾ ਜ਼ਰੂਰੀ ਹੈ। ਇਸ ਨੇ ਆਵਨਿ ਅਤੇ ਜਾਨਿ ਕਿਰਿਆਵਾਚੀ ਸ਼ਬਦਾਂ ਨੂੰ ਬਹੁ ਵਚਨ, ਵਰਤਮਾਨ ਕਿਰਿਆਵਾਂ ਮੰਨ ਕੇ 78 ਆਉਂਦੇ ਅਤੇ 97 ਜਾਂਦੇ ਹਨ, ਅਰਥ ਕੀਤੇ ਹਨ।

ਵਿਚਾਰ : ਉਕਤ ਦਲੀਲ ਭਾਵੇਂ ਗ਼ਲਤ ਨਹੀਂ, ਪਰ ਇਸ ਸ਼ਬਦ ’ਚ ਭਵਿੱਖਵਾਚੀ ਹੋਰ ਕਿਰਿਆਵਾਂ ਭੀ ਹਨ ‘ਕਰੇਗੁ (ਕਰੇਗਾ), ਹੋਸੀ (ਹੋਏਗਾ), ਸਮਾਲਸੀ (ਯਾਦ ਕਰਦਾ ਰਹੇਗਾ), ਉਠਸੀ (ਉਠੇਗਾ), ਸੁਣਾਇਸੀ (ਸੁਣਾਉਂਦਾ ਰਹੇਗਾ); ਜਿਵੇਂ ‘‘ਸਚਾ ਸੋ ਸਾਹਿਬੁ, ਸਚੁ ਤਪਾਵਸੁ (ਇਨਸਾਫ਼); ਸਚੜਾ ਨਿਆਉ ਕਰੇਗੁ ਮਸੋਲਾ   ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ   ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ ’’ (ਮਹਲਾ /੭੨੩), ਐਨੇ ਭਵਿੱਖ ਸੂਚਕ ਸ਼ਬਦਾਂ ਤੋਂ ਜਾਪਦੈ ਕਿ ਇਹ ਸ਼ਬਦ ਆਉਣ ਵਾਲ਼ੇ ਸਮੇਂ ਵੱਲ ਇਸ਼ਾਰਾ ਜ਼ਰੂਰ ਕਰਦਾ ਪਿਆ ਹੈ ਤਾਹੀਓਂ ਸ਼ਬਦ ਦਾ ਉਚਾਰਨ ਸਮਾਂ ਸੰਨ 1521 (ਸੰਮਤ 1578) ਵਿੱਚ ਬਾਬਰ ਦੁਆਰਾ ਕੀਤੇ ਸੈਦਪੁਰ ਦੇ ਹਮਲੇ ਨਾਲ਼ ਜੁੜਦਾ ਹੈ।

ਅੱਧੀ ਦਰਜਨ ਭਵਿੱਖ ਸੂਚਕ ਸ਼ਬਦਾਂ ਨੂੰ ਅਣਡਿੱਠ ਕਰ ਕੇਵਲ ‘ਜਾਨਿ’ ਨੂੰ (ਜਾਨਸਿ ਵਜੋਂ) ਆਧਾਰ ਬਣਾ ਤੁਕ (ਆਵਨਿ ਅਠਤਰੈ, ਜਾਨਿ ਸਤਾਨਵੈ) ਦੇ ਅਰਥ ‘ਬਾਬਰ ਵਰਗੇ 78 ਆਉਂਦੇ ਹਨ, 97 ਚਲੇ ਜਾਂਦੇ ਹਨ’ ਕਰਨਾ; ਸੁਨਹਿਰੇ ਇਤਿਹਾਸ ਅਤੇ ਵਿਲੱਖਣ ਸਿਧਾਂਤ ਨੂੰ ਬਦਲ ਰਿਹਾ ਹੈ।

ਗੁਰਬਾਣੀ ਇੱਕ ਕਾਵਿਮਈ ਰਚਨਾ ਹੈ। ਕਾਵਿ-ਤੋਲ ਨੂੰ ਪੂਰਾ ਕਰਨ ਲਈ ਕਈ ਸ਼ਬਦਾਂ ਨੂੰ ਸੰਖੇਪ ਕਰ ਲਿਆ ਜਾਂਦਾ ਹੈ; ਜਿਵੇਂ ਕਿ ‘ਬਹੁਤ’ ਨੂੰ ‘ਬਹੁ’, ‘ਕਲਿਯੁਗ’ ਨੂੰ ‘ਕਲਿ’, ‘ਨਾ’ ਨੂੰ ‘ਨ’ ਆਦਿ। ਇਸ ਤਰ੍ਹਾਂ ਹੀ ‘ਜਾਨਸਿ’ ਨੂੰ ਸੰਖੇਪ ’ਚ ‘ਜਾਨਿ’ ਕਿਉਂ ਨਹੀਂ ਕੀਤਾ ਜਾ ਸਕਦਾ  ? ਇਸ ਨੂੰ ਸੰਖੇਪ ਕਰਨ ਦਾ ਕਾਰਨ ਜਾਣਨ ਲਈ ਹਥਲੇ ਸ਼ਬਦ ’ਚੋਂ ਕੇਵਲ ਦੂਜੇ ਬੰਦ (6 ਤੁਕਾਂ) ਦੀ ਪਿੰਗਲ ਸੰਖਿਆ ਵਾਚਣੀ ਮਦਦ ਕਰੇਗੀ। ਇਨ੍ਹਾਂ ’ਚ ਲਘੂ ਲਗਾਂ (ਮੁਕਤਾ, ਔਂਕੜ, ਸਿਹਾਰੀ, ਲਾਂ, ਹੋੜਾ) ਨੂੰ 1-1 ਅੰਕ ਅਤੇ ਦੀਰਘ ਲਗਾਂ (ਕੰਨਾ, ਦੁਲੈਂਕੜ, ਬਿਹਾਰੀ, ਦੁਲਾਵਾਂ, ਕਨੌੜਾ) ਨੂੰ 2-2 ਅੰਕ ਦਿੱਤੇ ਗਏ ਹਨ। ਪਿੰਗਲ ਦੀ ਕੁੱਲ ਸੰਖਿਆ ’ਚ ਇੱਕ ਅੰਕ ਵਧਣਾ ਜਾਂ ਘਟਣਾ, ਗ਼ਲਤ ਨਹੀਂ ਮੰਨਿਆ ਜਾਂਦਾ :

ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ, ਆਖੁ ਮਸੋਲਾ-29

ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ-28

ਸਚਾ ਸੋ ਸਾਹਿਬੁ ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ ਮਸੋਲਾ-30

ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ-30

ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ-34

ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ-31 (ਮਹਲਾ /੭੨੩)

ਉਕਤ ਬੰਦ ’ਚ ਪਹਿਲੀ ਅਤੇ ਦੂਜੀ ਤੁਕ ਦੀ ਅੰਕ ਸੰਖਿਆ 29/28 ਹੈ। ਤੀਜੀ ਤੇ ਚੌਥੀ ਤੁਕ ਦੀ ਗਿਣਤੀ 30/30 ਹੈ। ਸੋ ਇਨ੍ਹਾਂ ਚਾਰੇ ਤੁਕਾਂ ’ਚ ਪਿੰਗਲ ਤੁਕਾਂਤ ਸਹੀ ਹੈ, ਪਰ ਪੰਜਵੀਂ ਤੁਕ ਦਾ ਜੋੜ 34 ਅਤੇ ਛੇਵੀਂ ਦਾ ਜੋੜ 31 ਹੈ ਯਾਨੀ 3 ਅੰਕਾਂ ਦਾ ਅੰਤਰ। ਜੇਕਰ ਪੰਜਵੀਂ ਤੁਕ ’ਚ ‘ਜਾਨਿ’ ਦੀ ਥਾਂ ‘ਜਾਨਸਿ’ ਹੁੰਦਾ ਤਾਂ ਇਹ ਸੰਖਿਆ 35 ਹੁੰਦੀ ਤੇ ਅੰਤਰ ਵਧ ਕੇ 4 ਅੰਕ ਹੋ ਜਾਣਾ ਸੀ, ਜੋ ਕਿ ਕਾਵਿਕ ਤੋਲ ਲਈ ਸਹੀ ਨਹੀਂ।

ਜੇਕਰ ਗੁਰਬਾਣੀ ਨੂੰ ਕੇਵਲ ਵਿਆਕਰਨਿਕ ਅੱਖ ਨਾਲ਼ ਵੇਖੀਏ ਤਾਂ ਹੇਠਲੀਆਂ ਤੁਕਾਂ ’ਚ ‘ਬਹੁ’ ਅਤੇ ‘ਕਲਿ’ ਅੰਤ ਮੁਕਤ ਹੋਣੇ ਚਾਹੀਦੇ ਹਨ ਕਿਉਂਕਿ ‘ਬਹੁ’; ਬਹੁ ਵਚਨ ਦਾ ਸੂਚਕ ਹੈ ਅਤੇ ‘ਕਲਿ’ ਨਾਲ਼ ਸੰਬੰਧਕੀ ‘ਕੀ’ ਚਿੰਨ੍ਹ ਹੈ ‘‘ਤੇਰੇ ਅਨੇਕ ਤੇਰੇ ਅਨੇਕ; ਪੜਹਿ ਬਹੁ ਸਿਮ੍ਰਿਤਿ ਸਾਸਤ ਜੀ.. (ਸੋ ਪੁਰਖੁ/ਮਹਲਾ /੧੧), ਜੇ ਕੋ ਨਾਉ ਲਏ ਬਦਨਾਵੀ; ‘ਕਲਿਕੇ ਲਖਣ ਏਈ ’’ (ਮਹਲਾ /੯੦੨) ਜਦਕਿ ਸਚਾਈ ਇਹ ਹੈ ਕਿ ਇੱਥੇ ਕਾਵਿਕ ਤੁਕਾਂਤ ਵਜੋਂ ਬਹੁਤੁ ਨੂੰ ‘ਬਹੁ’ ਅਤੇ ਕਲਿਯੁਗੁ ਨੂੰ ‘ਕਲਿ’ ਸੰਖੇਪ ਕੀਤਾ ਹੈ ਜਿਸ ਕਾਰਨ ‘ਬਹੁ’ ਦੀ ਅੰਤ ਔਂਕੜ ਅਤੇ ‘ਕਲਿ’ ਦੀ ਅੰਤ ਸਿਹਾਰੀ ਮੂਲਕ (ਸ਼ਬਦ ’ਚ ਆਪਣੀਆਂ) ਲਗਾਂ ਹਨ (ਨਾ ਕਿ ਲਿਖਣਸ਼ੈਲੀ ਨਿਯਮ ਵਜੋਂ), ਇਸ ਕਾਰਨ ਇਨ੍ਹਾਂ ’ਤੇ ਵਿਆਕਰਨਿਕ ਨਿਯਮ ਲਾਗੂ ਨਹੀਂ ਹੋਏ। ਜੇਕਰ ਇਹੀ ਸ਼ਬਦ; ਆਪਣੇ ਅਸਲ ਸਰੂਪ ’ਚ (ਬਹੁਤੁ, ਕਲਿਯੁਗੁ) ਹੁੰਦੇ ਤਾਂ ਵਿਆਕਰਨਿਕ ਨਿਯਮ ਭੀ ਲਾਗੂ ਹੋ ਜਾਂਦੇ ਤਾਂ ਤੇ ‘ਜਾਨਸਿ’ ਨੂੰ ਕਾਵਿਕ ਤੁਕਾਂਤ ਵਜੋਂ ‘ਜਾਨਿ’ ਸੰਖੇਪ ਕੀਤਿਆਂ ਇਸ ਦੇ ਅੰਤ ’ਚ ਭੀ ਭਵਿੱਖ ਸੂਚਕ (ਸੁ, ਸਿ, ਸੀ) ਵੇਖਣਾ ਸਹੀ ਨਹੀਂ। ਸੋ ਇਹ ਕਹਿਣਾ ਕਿ ਕੇਵਲ ‘ਜਾਨਿ’ ਦਾ ਸਰੂਪ ‘ਜਾਨਸਿ’ ਨਾ ਹੋਣ ਕਾਰਨ ਪੂਰਾ ਸ਼ਬਦ ਹੀ ਭਵਿੱਖ ਸੂਚਕ ਨਹੀਂ, ਗੁਰਬਾਣੀ ਲਿਖਤ ਬਾਰੇ ਅਧੂਰੀ ਜਾਣਕਾਰੀ ਨੂੰ ਦਰਸਾਉਂਦਾ ਹੈ।

ਉਕਤ ਦੂਸਰੇ ਬੰਦ (6 ਤੁਕਾਂ) ਦੇ ਪ੍ਰਚਲਿਤ ਅਰਥ ਹਨ ‘(ਸੰਮਤ 1578/ਸੰਨ 1521 ’ਚ ਸੈਦਪੁਰ ਵਿਖੇ ਬਾਬਰ ਦੀ ਫ਼ੌਜ ਦੁਆਰਾ ਮਾਰੇ ਅਨੇਕਾਂ ਲੋਕਾਂ ਦੀਆਂ) ਲੋਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਭੀ ਨਾਨਕ ਉਸ ਮਾਲਕ ਦੇ ਗੁਣ ਗਾਉਂਦਾ ਹੈ (ਭਾਵ ਰੱਬ ਦੀ ਯਾਦ ਇਸ ਨਰਸੰਘਾਰ ’ਚ ਭੀ ਭੁੱਲੀ ਨਹੀਂ, ਹੇ ਭਾਈ ਲਾਲੋ  ! ਤੂੰ ਭੀ ਉਸ ਰੱਬ ਦੇ ਗੁਣ) ਉਚਾਰ, ਜੋ ਅਸਲ ਸੱਚ ਹੈ। ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਮਾਇਆ-ਰੰਗ ’ਚ ਮਸਤ ਕੀਤੀ।  ਉਹ ਆਪ ਇਸ ਮਾਇਆਵੀ ਰੰਗ (ਝਗੜਿਆਂ) ਤੋਂ ਵੱਖਰਾ ਬੈਠਾ ਇਹ ਸਭ ਕੁੱਝ ਵੇਖ ਰਿਹਾ ਹੈ। ਉਹ ਸੱਚਾ ਮਾਲਕ ਅਟੱਲ ਹੈ। ਉਸ ਦਾ ਇਨਸਾਫ਼-ਨਿਆਂ ਵੀ ਅਟੱਲ ਹੈ (ਭਾਵ ਜ਼ਰੂਰ ਹੁੰਦੈ) ਜ਼ਰੂਰ ਕਰੇਗਾ। (ਜਿੱਥੇ ਮਾਲਕ ਸਥਿਰ ਹੈ ਓਥੇ ਦੁਨਿਆਵੀ) ਸਰੀਰ ਰੂਪੀ ਕੱਪੜਾ ਟੁਕੜਾ-ਟੁਕੜਾ ਹੋ ਫਟਦੈ (ਭਾਵ ਕਦੇ ਸਥਿਰ ਨਹੀਂ ਰਹਿੰਦਾ) ਇਸ ਘਟਨਾ ਨੂੰ ਹਿੰਦੋਸਤਾਨ ਚੇਤੇ ਰੱਖੇਗਾ (ਯਾਨੀ ਇਹ ਨਰਸੰਘਾਰ ਛੋਟੀ-ਮੋਟੀ ਘਟਨਾ ਨਹੀਂ ਵਾਪਰੀ। ਮੁਗ਼ਲ ਬਾਦਸ਼ਾਹ ਬਾਬਰ ਆਪਣੇ ਜਰਨੈਲਾਂ ਸਮੇਤ) ਸੰਮਤ 1578 ਵਿੱਚ ਹਿੰਦੋਸਤਾਨ ਵੱਲ ਆ ਰਹੇ ਹਨ/ਆ ਗਏ, ਪਰ ਸੰਮਤ 1597 ਵਿੱਚ ਵਾਪਸ ਚਲੇ ਜਾਣਗੇ ਕਿਉਂਕਿ ਹੋਰ ਵੀ ਕੋਈ ਮਰਦ ਦਾ ਚੇਲਾ (ਸੂਰਮਾ/ਸ਼ੇਰ ਸ਼ਾਹ ਸੂਰੀ) ਪੈਦਾ ਹੋ ਜਾਣਾ ਹੈ। ਸੱਚੇ ਮਾਲਕ ਦੀ ਬੋਲੀ (ਸਚਾਈ ਭਰਪੂਰ ਬਾਣੀ) ਨਾਨਕ ਬੋਲਦਾ ਹੈ, ਬੋਲਦਾ ਰਹੇਗਾ ਕਿ ਸੱਚੇ ਮਾਲਕ ਦੀ ਉਸਤਤ ਕਰਨ ਦਾ ਸਮਾਂ ਹੈ (ਤਾਂ ਜੋ ਮਾਇਆਵੀ ਝਗੜਿਆਂ ਕਾਰਨ ਮਨੁੱਖਤਾ ਨੂੰ ਕਸ਼ਟ ਨਾ ਸਹਿਣੇ ਪੈਣ)।

ਦੂਜੇ ਪਾਸੇ ਡਾ. ਚਮਕੌਰ ਸਿੰਘ ਦੁਆਰਾ ਕੀਤੇ ‘‘ਆਵਨਿ ਅਠਤਰੈ ਜਾਨਿ ਸਤਾਨਵੈ’’  ਦੇ ਮਨਮਤੀ ਅਰਥ ‘ਬਾਬਰ ਵਰਗੇ 78 ਆਉਂਦੇ ਹਨ ਤੇ 97 ਚਲੇ ਜਾਂਦੇ ਹਨ’ ਤੋਂ ਇਲਾਵਾ ਇਸ ਸ਼ਬਦ ’ਚੋਂ ਦੋ ਕੁ ਹੋਰ ਤੁਕਾਂ ਦੇ ਅਰਥ ਵਾਚਣੇ ਭੀ ਇਸ ਸੱਜਣ ਦੀ ਗੁਰਮਤਿ ਬਾਰੇ ਸਮਝ ਸਪਸ਼ਟ ਕਰਦੇ ਹਨ (1). ਮਾਸ ਪੁਰੀ ਵਿਚਿ, ਆਖੁ ਮਸੋਲਾ   ਅਰਥ : ਹੇ ਲਾਲੋ ! ਤੂੰ ਵੀ ਇਸ ਪ੍ਰਭੂ ਦੇ ਨਿਯਮ ਬਾਬਤ ਕਹੁ, ਜੋ ਮਾਸਪੁਰੀ ਵਿੱਚ ਹੋਇਆ ਹੈ। (ਡਾ. ਚਮਕੌਰ ਸਿੰਘ)

ਵਿਚਾਰ : ਗੁਰੂ ਨਾਨਕ ਜੀ ਰੱਬ ਦੇ ਗੁਣ ਗਾਉਂਦੇ ਹਨ ਪਰ ਭਾਈ ਲਾਲੋ ਜੀ ਤੋਂ ਸੈਦਪੁਰ ’ਚ ਵਾਪਰੀ ਘਟਨਾ ਬਾਰੇ ਪੁੱਛਦੇ ਪਏ ਹਨ। ਅਜਿਹਾ ਕਿਵੇਂ ਸੰਭਵ ਹੈ ?

(2). ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ  ਅਰਥ : ਜਿਸ ਨੇ ਇਹ ਮਾਇਆ ਰਚਾਈ ਹੈ ਉਹ ਤਾਂ ਪਾਸੇ ਇਸ ਸਾਰੀ ਖੇਡ ਨੂੰ ਇਕਲਾ ਬੈਠਾ ਦੇਖ ਰਿਹਾ ਹੈ (ਉਹ ਇਸ ਵਿਚ ਦਖਲ ਨਹੀਂ ਦੇ ਰਿਹਾ)। (ਡਾ. ਚਮਕੌਰ ਸਿੰਘ)

ਵਿਚਾਰ : ਜਿਸ ਨੇ ਦੁਨੀਆਂ ਬਣਾਈ ਹੈ, ਜੇਕਰ ਉਹ ਇਸ ਵਿੱਚ ਦਖ਼ਲ ਨਹੀਂ ਦਿੰਦਾ ਤਾਂ ਵੇਖ ਕਿਉਂ ਰਿਹੈ ? ਜਦਕਿ ਗੁਰਮਤਿ ਸਪਸ਼ਟ ਹੈ ਕਿ ਬੰਦਾ ਆਪਣੇ ਨਸੀਬ ਭੋਗਦੈ ਅਤੇ ਰੱਬ ਵੇਖਦੈ ਕਿ ਨਸੀਬਾਂ ਮੁਤਾਬਕ ਹਰ ਇੱਕ ਨੂੰ ਮਿਲ ਰਿਹਾ ਹੈ ਜਾਂ ਨਹੀਂ। ਜੇਕਰ ਨਹੀਂ ਤਾਂ ਦਖ਼ਲ ਦਿੰਦੈ ਤਾਹੀਓਂ ਵਚਨ ਕੀਤੇ ਗਏ ‘‘ਸੰਤਾ ਕੈ ਕਾਰਜਿ (’) ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ’’ (ਮਹਲਾ / ੭੮੩)

ਗੁਰੂ ਨਾਨਕ ਜੀ; ‘ਸਚਖੰਡਿ’ ਅਸਵਥਾ ਦੀ ਵਿਆਖਿਆ ਕਰਦੇ ‘ਜਪੁ’ ਬਾਣੀ ਦੀ 37ਵੀਂ ਪਉੜੀ ਦੇ ਅੰਤ ’ਚ ਸਮਝਾਉਂਦੇ ਹਨ ਕਿ ਕਰਤਾਰ; ਆਪਣੀ ਕੁਦਰਤਿ ’ਚ ਵਾਪਰਨ ਵਾਲ਼ੀ ਹਰ ਹਰਕਤ ਨੂੰ ਗਹੁ ਨਾਲ਼ ਵੇਖਦਾ ਹੈ ਤੇ ਖ਼ੁਸ਼ ਹੁੰਦੈ (ਨੋਟ : ਰੱਬ ਖ਼ੁਸ਼ ਤਦ ਹੀ ਹੋਵੇਗਾ ਜਦ ਸਭ ਕੁਝ ਉਸ ਮੁਤਾਬਕ ਹੀ ਹੋ ਰਿਹਾ ਹੋਵੇਗਾ) ਭਾਵੇਂ ਕਿ ਇਹ ਰੱਬੀ ਭਾਵਨਾ ਬਿਆਨ ਕਰਨੀ ਮੁਸ਼ਕਲ ਹੈ ‘‘ਵੇਖੈ, ਵਿਗਸੈ; ਕਰਿ ਵੀਚਾਰੁ   ਨਾਨਕ  ! ਕਥਨਾ ਕਰੜਾ ਸਾਰੁ ੩੭’’ (ਜਪੁ) ਹੁਣ ਜੇਕਰ ਡਾ. ਚਮਕੌਰ ਸਿੰਘ ਵਾਙ ਮੰਨ ਲਈਏ ਕਿ ਉਹ ਵੇਖਦਾ ਹੈ, ਪਰ ਕੋਈ ਦਖ਼ਲ ਨਹੀਂ ਦਿੰਦਾ ਤਾਂ ਤੇ ਖ਼ੁਸ਼ ਭੀ ਨਹੀਂ ਹੋਣਾ ਚਾਹੀਦਾ। ਰੱਬ ਦਾ ਖ਼ੁਸ਼ ਹੋਣਾ, ਦਰਸਾਉਂਦਾ ਹੈ ਕਿ ਉਹ ਨਿਰਜਿੰਦ ਜਾਂ ਲਾਚਾਰ ਨਹੀਂ ਕਿ ਆਪਣੀ ਕੁਦਰਤਿ ਵਿੱਚ ਦਖ਼ਲ-ਅੰਦਾਜ਼ੀ ਨਾ ਕਰ ਸਕੇ।

ਅੰਤ ’ਚ ਡਾ. ਸਾਹਿਬ ਲਿਖਦੇ ਹਨ ਕਿ ਇਸ ਸ਼ਬਦ ਦੀ ਸਿੱਖਿਆ – ਹੇ ਭਾਈ ਲਾਲੋ ! ਮੇਰੀ ਤਾਂ ਇਹ ਸਮਝ ਹੈ, ਸੁਣ ਅਤੇ ਤੂੰ ਵੀ ਇਸ ਦੀ ਵਿਚਾਰ ਕਰੀ। ਇਹ ਜੋ ਬਾਬਰ ਨੇ ਕਾਬਲ ਤੋਂ ਪਾਪਾਂ ਦੀ ਪੰਡ ਬੰਨ ਕੇ ਹਮਲਾ ਕੀਤਾ ਹੈ, ਜੋਰਾ ਜਰਬੀ ਕਰਦਾ ਹੈ, ਇਹ ਸਿਰਫ ਜੁਲਮ ਹੀ ਜੁਲਮ ਹੈ। (ਡਾ. ਚਮਕੌਰ ਸਿੰਘ)

ਇਸ ਸੱਜਣ ਦੁਆਰਾ ਗੁਰਬਾਣੀ ਦੇ ਉਕਤ ਕੀਤੇ ਅਰਥ ਪੜ੍ਹ ਕੇ ਜਾਪਦਾ ਹੈ ਕਿ ਗੁਰੂ ਨਾਨਕ ਜੀ ਦੀ ਸੋਚ; ਰੱਬ ਦੀ ਸੋਚ ਵਰਗੀ ਨਹੀਂ ਅਤੇ ਉਨ੍ਹਾਂ ਨੇ ਇਸ ਘਟਨਾ ਦੌਰਾਨ ਕੋਈ ਖ਼ਾਸ ਭੂਮਿਕਾ ਨਹੀਂ ਨਿਭਾਈ।  ਕੇਵਲ ਭਾਈ ਲਾਲੋ ਜੀ ਦਾ ਧਿਆਨ ਇਧਰੋਂ ਹਟਾ ਕੇ ਆਪਣੇ ਜੀਵਤ ਰਹਿਣ ਅਤੇ ਮਨ ਦੀ ਸ਼ਾਂਤੀ ਲਈ ਉਪਦੇਸ਼ ਦਿੰਦੇ ਪਏ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਜੀ ਨੇ ਬਾਬਰ ਨੂੰ ਉਸ ਦੇ ਮੂੰਹ ’ਤੇ ਜਾਬਰ (ਜ਼ੁਲਮ ਕਰਨ ਵਾਲ਼ਾ) ਕਿਹਾ ਹੈ ਕਿਉਂਕਿ ਗੁਰੂ ਨਾਨਕ ਜੀ ਦੇ ਹਿਰਦੇ ਅੰਦਰ ਦ੍ਰਿੜ੍ਹ ਨਿਸ਼ਚਾ ਹੈ ‘‘ਜੀਆ ਮਾਰਿ ਜੀਵਾਲੇ ਸੋਈ; ਅਵਰੁ ਕੋਈ ਰਖੈ (ਮਹਲਾ /੧੫੦), ਹਰਿ ਬਿਨੁ, ਕੋਈ ਮਾਰਿ ਜੀਵਾਲਿ ਸਕੈ; ਮਨ ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ’’ (ਮਹਲਾ /੫੯੪) ਆਦਿ।

ਦਰਅਸਲ ਉਕਤ ਦੋਵੇਂ ਸੱਜਣਾਂ ਸਮੇਤ ਕਈ ਹੋਰ ਵਿਦਵਾਨ ਸਿੱਖ ਭੀ ਇਹ ਮੰਨਣ ਤੋਂ ਇਨਕਾਰੀ ਹਨ ਕਿ ਕੋਈ ਵਿਅਕਤੀ ਭਾਵੇਂ ਗੁਰੂ ਨਾਨਕ ਜੀ ਹੋਣ, ਇਹ ਕਿਵੇਂ ਦੱਸ ਸਕਦਾ ਹੈ ਕਿ 19 ਸਾਲ ਬਾਅਦ ਆਹ ਵਾਪਰਨ ਵਾਲ਼ਾ ਹੈ ਭਾਵੇਂ ਕਿ ਸੈਦਪੁਰ ਦੀ ਇਹ ਇਤਿਹਾਸਕ ਘਟਨਾ 19 ਸਾਲ ਬਾਅਦ ਸੰਨ 1540 ’ਚ ਸੱਚ ਸਾਬਤ ਭੀ ਹੋ ਚੁੱਕੀ ਹੈ ਜਦ ਹਮਾਯੂੰ ਜੂਨ 1540 (ਸੰਮਤ 1597) ’ਚ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਗਿਆ ਤੇ ਆਪਣੇ ਵਤਨ ਵਾਪਸ ਪਰਤਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ’ਚ ਆਇਆ। ਗੁਰੂ ਜੀ ਵੱਲੋਂ ਵਿਸ਼ੇਸ਼ ਧਿਆਨ ਨਾ ਦੇਣ ਕਾਰਨ ਕ੍ਰੋਧਿਤ ਹੋ ਕੇ ਉਸ ਨੇ ਗੁਰੂ ਸਾਹਿਬ ਉੱਤੇ ਤਲਵਾਰ ਕੱਢੀ। ਜਾਣੀਜਾਣ ਸਤਿਗੁਰੂ ਜੀ ਨੇ ਕਿਹਾ ਕਿ ਇਹ ਤਲਵਾਰ ਜੰਗ ਭੂਮੀ ’ਚ ਸ਼ੇਰ ਸ਼ਾਹ ਸੂਰੀ ਸਾਮ੍ਹਣੇ ਕੱਢਣੀ ਸੀ, ਜਿੱਥੋਂ ਤੂੰ ਭੱਜ ਆਇਆ ਹੈਂ। ਇਸ ਸਾਹਸ ਭਰੀ ਬੁਲੰਦ ਆਵਾਜ਼ ਨੂੰ ਸੁਣ ਕੇ ਉਹ ਆਪਣੀ ਗ਼ਲਤੀ ’ਤੇ ਪਛੁਤਾਇਆ ਭੀ ਸੀ।  ਹੁਣ ਜੇਕਰ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣਾ 22 ਸਤੰਬਰ 1540 ਮੰਨ ਲਈਏ ਤਾਂ ਇਹ ਘਟਨਾ ਜੂਨ 1540 ’ਚ ਗੁਰੂ ਅੰਗਦ ਸਾਹਿਬ ਜੀ ਨਾਲ਼ ਕਿਵੇਂ ਵਾਪਰੀ ਹੋ ਸਕਦੀ ਹੈ ?

ਹਥਲੇ ਵਿਸ਼ੇ ਦਾ ਸੰਬੰਧ ਕਿਸੇ ਵਿਅਕਤੀ ਵਿਸ਼ੇਸ ਤੱਕ ਨਹੀਂ ਬਲਕਿ ਹੋਰ ਕਈਆਂ ਨੇ ਭੀ ਅਜਿਹਾ ਕੁੱਝ ਕਿਤਾਬਾਂ ’ਚ ਲਿਖ ਰੱਖਿਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਇਤਿਹਾਸ ਬ੍ਰਾਹਮਣਾਂ ਦੁਆਰਾ ਲਿਖਿਆ ਗਿਐ ਕਿਉਂਕਿ ਸਿੱਖ ਬਹੁਤਾ ਸਮਾਂ ਜੰਗਲ਼ਾਂ ’ਚ ਰਹੇ, ਪਰ ਇਹ ਸਾਰੇ ਲਿਖਾਰੀ ਤਾਂ ਸਿੱਖ ਹਨ, ਜਿਨ੍ਹਾਂ ਅੰਦਰ ਗੁਰੂ ਜੀ ਦੀ ਭੈ-ਭਾਵਨੀ ਹੋਣੀ ਚਾਹੀਦੀ ਸੀ, ਪਰ ਅਫ਼ਸੋਸ ਕਿ ਇਨ੍ਹਾਂ ਪੜ੍ਹਿਆਂ ਨੇ ਵੀ ਗੁਰਮਤਿ ਅਤੇ ਸਿੱਖ ਇਤਿਹਾਸ ਨੂੰ ਵਿਗਾੜਦਿਆਂ ਗੁਰੂ ਸਾਹਿਬਾਨ ਦੁਆਰਾ ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ’’ (ਭਾਈ ਗੁਰਦਾਸ ਜੀ, ਵਾਰ ਪਉੜੀ ੪੫) ਮੰਤਵ ਲਈ ਕੀਤੀਆਂ ਸੰਘਰਸ਼ਮਈ ਯਾਤ੍ਰਾਵਾਂ ਅਤੇ ਕੁਰਬਾਨੀਆਂ ਨੂੰ ਗਹੁ ਨਾਲ਼ ਨਹੀਂ ਵਾਚਿਆ ਜਦਕਿ ਗੁਰੂ ਨਾਨਕ ਸਾਹਿਬ ਦੁਨੀਆਂ ’ਚ ਪਹਿਲੇ ਰਹਿਬਰ ਹੋਏ ਹਨ, ਜਿਨ੍ਹਾਂ ਨੇ 5 ਸਦੀਆਂ ਪਹਿਲਾਂ ਦੱਸ ਦਿੱਤਾ ਸੀ ਕਿ ਹਵਾ ਤੋਂ ਪਾਣੀ ਬਣਿਆ।  ਪਾਣੀ ਤੋਂ ਜੀਵ-ਰਚਨਾ ਹੋਈ। ਇਸ ਰਚਨਾ ਵਿੱਚ ਉਹ ਮਾਲਕ ਆਪ ਜੋਤਿ ਰੂਪ ਵਜੋਂ ਵਿਆਪਕ ਹੈ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ’’ (ਮਹਲਾ /੧੯)  ਗੁਰੂ ਨਾਨਕ ਜੀ ਨੇ ਬ੍ਰਹਿਮੰਡ ਬਾਰੇ ਕਿਹਾ ਕਿ ਇੱਕੋ ਹੁਕਮ ਨਾਲ਼ ਰਚਨਾ ਬਣੀ ਹੈ, ਨਾ ਕਿ ਈਸਾਈ ਮੱਤ ਵਾਙ ਇੱਕ ਹਫ਼ਤੇ ’ਚ ‘‘ਕੀਤਾ ਪਸਾਉ ਏਕੋ ਕਵਾਉ ’’ (ਜਪੁ), ਪੰਡਿਤ; ਧਰਤੀ ਨੂੰ ਸਫ਼ੈਦ (ਧੌਲ਼ੇ) ਬਦਲ਼ ਦੇ ਸਿੰਗ ’ਤੇ ਟਿਕੀ ਮੰਨਦਾ ਰਿਹਾ। ਸਤਿਗੁਰੂ ਨੇ ਇਸ ਧਾਰਨਾ ਨੂੰ ਗ਼ਲਤ ਕਿਹਾ ਭਾਵੇਂ ਕਿ ਉਸ ਸਮੇਂ ਤੱਕ ਸਾਇੰਸਦਾਨਾਂ ਨੂੰ ਵੀ ਐਨੀ ਸਮਝ ਨਹੀਂ ਸੀ।

ਜੇਕਰ ਮੰਨ ਲਈਏ ਕਿ ਗੁਰੂ ਨਾਨਕ ਜੀ 19 ਸਾਲ ਬਾਅਦ ਵਾਪਰਨ ਵਾਲ਼ੀ ਕਿਸੇ ਸਮਾਜਿਕ ਘਟਨਾ ਤੋਂ ਜਾਣੂ ਨਹੀਂ ਸਨ ਤਾਂ ਇਨ੍ਹਾਂ ਵਚਨ ’ਤੇ ਯਕੀਨ ਕਿਵੇਂ ਹੋਣੈ ਕਿ ਕੁਦਰਤ ਬਣਨ ਤੋਂ ਪਹਿਲਾਂ ਯਾਨੀ 13.8 ਅਰਬ ਸਾਲ ਪਹਿਲਾਂ ਕੇਵਲ ਅੰਧਕਾਰ ਹੀ ਸੀ ‘‘ਅਰਬਦ ਨਰਬਦ ਧੁੰਧੂਕਾਰਾ   ਧਰਣਿ ਗਗਨਾ; ਹੁਕਮੁ ਅਪਾਰਾ   ਨਾ ਦਿਨੁ ਰੈਨਿ ਚੰਦੁ ਸੂਰਜੁ; ਸੁੰਨ ਸਮਾਧਿ ਲਗਾਇਦਾ (ਮਹਲਾ /੧੦੩੫)  ਅਤੇ ਕੁਦਰਤ ਦੇ ਵਿਨਾਸ਼ (ਕਿਆਮਤ) ਉਪਰੰਤ ਕੇਵਲ ਸੱਚਾ ਮਾਲਕ ਹੀ ਸਦੀਵੀ ਰਹੇਗਾ ‘‘ਨਾਨਕ  ! ਹੋਸੀ ਭੀ ਸਚੁ ’’ (ਜਪੁ), ਇਸ ਵਾਕ ’ਚ ਤਾਂ ‘ਹੋਸੀ’ ਦੇ ਅਰਥ ਭੀ ਵਰਤਮਾਨ ’ਚ ਨਹੀਂ ਹੋ ਸਕਦੇ ਕਿਉਂਕਿ ਅੰਤ ‘ਸਿ’ ਹੈ, ਜੋ ਭਵਿੱਖ ਸੂਚਕ ਹੈ।

ਸਰਵ ਵਿਆਪਕ ਰੱਬੀ ਜੋਤਿ-ਪ੍ਰਕਾਸ਼; ਗੁਰੂ ਨਾਨਕ ਸਾਹਿਬ ਜੀ ਦੇ ਦਿਮਾਗ਼ ’ਚ ਹੂ-ਬਹੂ ਪ੍ਰਗਟ ਹੋਣ ਦਾ ਹੀ ਸਬੂਤ ਹੈ ਕਿ ਉਨ੍ਹਾਂ ਐਨੀ ਦ੍ਰਿੜ੍ਹਤਾ ਨਾਲ਼ ‘ਰੱਬੀ ਜੋਤਿ-ਸੱਤਾ’ ਦੀ ਜ਼ਰਰੇ-ਜ਼ਰਰੇ (ਸ੍ਰਿਸ਼ਟੀ, ਬਨਸਪਤੀ, ਬ੍ਰਹਿਮੰਡ, ਤ੍ਰਿਲੋਕ, ਚਾਰੇ ਖਾਣੀਆਂ, ਅੱਗ, ਪਾਣੀ, ਚੰਦ, ਸੂਰਜ’ ਆਦਿ) ਵਿੱਚ ਮੌਜੂਦਗੀ ਹੇਠਲੇ ਵਾਕਾਂ ਰਾਹੀਂ ਖੁਲ੍ਹ ਕੇ ਬਿਆਨ ਕੀਤੀ ਹੈ ਭਾਵੇਂ ਕਿ ਆਧੁਨਿਕ ਵਿਗਿਆਨ ਅਜੇ ਭੀ ਇਸ ਤੋਂ ਜਾਣੂ ਨਹੀਂ :

ਜਾਤਿ (ਸ੍ਰਿਸ਼ਟੀ) ਮਹਿ ਜੋਤਿ, ਜੋਤਿ ਮਹਿ ਜਾਤਾ (ਭਾਵ ਜੋਤਿ ’ਚੋਂ ਰੱਬ ਜਾਣੀਦਾ ਹੈ);

ਅਕਲ ਕਲਾ ਭਰਪੂਰਿ ਰਹਿਆ ॥ (ਮਹਲਾ ੧/੪੬੯)

ਸਭ ਮਹਿ ਜੋਤਿ; ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ ੧/੧੩)

ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ (ਓਥੇ ਹੀ ਰੱਬ)॥ (ਮਹਲਾ ੧/੮੭੬)

ਤ੍ਰਿਭਵਣ (’ਚ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)

ਅਗਨਿ ਪਾਣੀ ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)

ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)

ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਭਾਵ ਉਨ੍ਹਾਂ ’ਚ ਜੋਤਿ ਰੱਖੀ)॥ (ਮਹਲਾ ੧/੧੨੭੯)

ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ ੧/੧੩੪੨), ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ ੧/੪੧੧), ਇਸੇ ਵਿਸ਼ੇ ਦੇ ਸੰਬੰਧ ’ਚ ਹੈ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨) ਇਹ ਹੈ ਭੀ ਸੱਚ ਕਿ ਜੇਕਰ ਪਾਣੀ ਬੇਜਾਨ ਹੁੰਦਾ ਤਾਂ ਉਸ ਤੋਂ ਪੈਦਾ ਹੋਣ ਵਾਲ਼ੇ ਜੀਵ; ਜਾਨਦਾਰ ਕਿਵੇਂ ਹੁੰਦੇ ? ਭੋਜਨ; ਜੀਵਨ ਦਾ ਆਧਾਰ ਹੈ ਤਾਂ ਤੇ ‘ਪਾਣੀ/ਭੋਜਨ’ ਨਿਰਜਿੰਦ ਨਹੀਂ ‘‘ਜੇਤੇ ਦਾਣੇ ਅੰਨ ਕੇ; ਜੀਆ (ਜ਼ਿੰਦਗੀ) ਬਾਝੁ ਕੋਇ ’’ (ਮਹਲਾ /੪੭੨)

ਪੂਰੀ ਕੁਰਦਤਿ ’ਚ ਰੱਬੀ ਜੋਤਿ ਨੂੰ ਪ੍ਰਗਟਾਉਂਦੇ ਉਕਤ ਵਚਨਾਂ ਤੋਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਨੇ ਇਹੀ ‘ਨਿਰਮਲ ਪੰਥ’ (ਵਿਚਾਰਧਾਰਾ) ਸਮਝਾਉਣ ਲਈ ਸੰਸਾਰ ਦਾ ਭਰਮਣ ਕੀਤਾ ਹੈ। ਇਸ ਬਾਬਤ ਜਾਣਨ ਲਈ ਹੀ ਜੋਗੀਆਂ ਦੇ ਹੇਠਲੇ ਸਵਾਲ ਗਵਾਹੀ ਭਰਦੇ ਹਨ :

ਸਵਾਲ ਨੰਬਰ 30 : ਕਿਤੁ ਬਿਧਿ ਜੋਤਿ ਨਿਰੰਤਰਿ ਪਾਈ  ? ॥ (ਗੋਸਟਿ/ਮਹਲਾ ੧/੯੪੦)

ਜਵਾਬ : ਗੁਰਮੁਖਿ ਜੋਤਿ ਨਿਰੰਤਰਿ ਪਾਈ ॥ (ਮਹਲਾ ੧/੯੪੦)

ਅਰਥ : ਗੁਰੂ (ਯਾਨੀ ਰੱਬ) ਪਾਸੋਂ (ਉਸ ਦੀ) ਜੋਤਿ; ਜ਼ਰਰੇ-ਜ਼ਰਰੇ ’ਚ ਸਮਝੀ ਹੈ।

ਨੋਟ : ਇੱਥੇ ਗੁਰਮੁਖਿ ਤੋਂ ਭਾਵ ਮੁਖੀ ਗੁਰੂ (ਭਾਵ ਰੱਬ) ਹੈ; ਜੋ ‘ਜੋਤਿ ਸਰੂਪ’ ਹੈ। ਗੁਰੂ ਨਾਨਕ ਜੀ ਦੇ ਹੀ ਵਚਨ ਹਨ ਕਿ ਸਭ ਜੋਤਾਂ ਦੇ ਸੰਗ੍ਰਹਿ (ਜੋਤੀ/ਰੱਬ) ਲਈ ਸਮੁੱਚੀ ਕੁਦਰਤਿ ਆਰਤੀ ਕਰਦੀ ਪਈ ਹੈ ‘‘ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ (ਭਾਵ ਜੋਤਿ ਸੂਰਪ ਲਈ) (ਸੋਹਿਲਾ/ਮਹਲਾ /੧੩) ਗੁਰੂ ਨਾਨਕ ਜੀ ਆਪਣੇ ਗੁਰੂ ਬਾਰੇ ਭੀ ਸਪਸ਼ਟ ਕਰਦੇ ਪਏ ਹਨ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ  ! ਗੁਰੁ ਮਿਲਿਆ ਸੋਈ ਜੀਉ ’’ (ਮਹਲਾ /੫੯੯)

ਸਵਾਲ ਨੰਬਰ 86 : ਰਕਤੁ ਬਿੰਦੁ ਕੀ ਮੜੀ ਨ ਹੋਤੀ; ਮਿਤਿ ਕੀਮਤਿ ਨਹੀ ਪਾਈ  ? ॥ (ਗੋਸਟਿ/ਮਹਲਾ ੧/੯੪੫)

ਅਰਥ : ਮਾਤਾ ਦੇ ਖ਼ੂਨ ਅਤੇ ਪਿਤਾ ਦੇ ਬਿੰਦ ਤੋਂ ਬਣਿਆ ਜਦ ਸਰੀਰ ਨਹੀਂ ਸੀ ਤਾਂ ਜੋਤਿ ਸਰੂਪ ਦਾ ਅੰਦਾਜ਼ਾ ਕਿਵੇਂ ਲੱਗ ਸਕਦਾ ਸੀ ?

ਜਵਾਬ : ਗਉਨੁ ਗਗਨੁ ਜਬ ਤਬਹਿ ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥ (ਮਹਲਾ ੧/੯੪੫)

ਅਰਥ : ਜਦ ਦੁਨੀਆਂ, ਆਕਾਸ਼ ਨਹੀਂ ਸਨ ਤਦੋਂ ਤਿੰਨੇ ਭਵਨਾਂ (ਪਤਾਲ ਲੋਕ, ਮਾਤ ਲੋਕ ਤੇ ਸੁਰਗ ਲੋਕ) ’ਚ ਵਿਆਪਕ ਜੋਤਿ;  ਅਕਾਰ ਰਹਿਤ ਰੂਪ ’ਚ ਆਪ ਹੀ ਆਪ (ਜੋਤਿ ਸਰੂਪ ਕੇਵਲ ਰੱਬ ਹੀ) ਸੀ।

ਕੁੱਝ ਸੱਜਣ ਗੁਰਬਾਣੀ ਦੀ ਟੇਕ ਲੈਂਦਿਆਂ ਆਵਾਗਮਣ ਨੂੰ ਇਸ ਦਲੀਲ ਨਾਲ਼ ਰੱਦ ਕਰਦੇ ਹਨ ਕਿ ਧਰਮ; ਜਿਉਂਦਿਆਂ ਕਮਾਉਣ ਦਾ ਵਿਸ਼ਾ ਹੈ। ਸਾਨੂੰ ਪ੍ਰਲੋਕ ਬਾਰੇ ਨਹੀਂ ਸੋਚਣਾ ਚਾਹੀਦਾ। ਜ਼ਰਾ ਵਿਚਾਰੀਏ ਕਿ ਕਿਹੜਾ ਸਿੱਖ; ਗੁਰਦੁਆਰੇ ਪ੍ਰਲੋਕ ਸੁਧਾਰਨ ਲਈ ਆਉਂਦੈ ? ਨਿਤਨੇਮ ਅਤੇ ਅਰਦਾਸ ਵਿੱਚ ਕਿੱਥੇ ਪ੍ਰਲੋਕ ਦਾ ਜ਼ਿਕਰ ਆਉਂਦਾ ਹੈ ? ਕਿਸੇ ਦੇ ਮਰਨ ਉਪਰੰਤ ਭੀ ਉਸ ਦੇ ਪਰਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਜਾਂਦੀ ਹੈ। ਇੱਥੇ ਆਵਾਗਵਣ ਦਾ ਜ਼ਿਕਰ ਇਸ ਲਈ ਕਰਨਾ ਪਿਆ ਕਿਉਂਕਿ ਆਵਾਗਮਣ ਤੋਂ ਇਨਕਾਰੀ ਹੋਣਾ ਭਾਵ ਰੱਬ ਦੇ ਸਰਬ ਵਿਆਪਕ ਜੋਤਿ ਸਰੂਪ ਤੋਂ ਇਨਕਾਰੀ ਹੋਣਾ ਹੈ। ਰੱਬ ਦੇ ਜੋਤਿ ਰੂਪ ਵਜੂਦ ਤੋਂ ਇਨਕਾਰੀ ਹੋਣ ਨਾਲ਼ ਰੱਬ ਅਤੇ ਗੁਰੂ ਦੀ ਮਨੁੱਖਤਾ ਉੱਤੇ ਹੁੰਦੀ ਬਖ਼ਸ਼ਸ਼ ਤੋਂ ਭੀ ਇਨਕਾਰੀ ਹੋ ਜਾਈਦਾ ਹੈ। ਗੁਰੂ ਨਾਨਕ ਸਾਹਿਬ; ਕੇਵਲ ਸਰਬ ਵਿਆਪਕ ਰੱਬੀ ਜੋਤਿ-ਪ੍ਰਕਾਸ਼ (ਭਾਵ ਆਤਮ ਪ੍ਰਕਾਸ਼) ਕਰਕੇ ਹੀ ਜ਼ਿੰਦਗੀ ਅਤੇ ਕੁਦਰਤਿ ਦਾ ਸੱਚ ਆਧਾਰਿਤ ਵਿਸ਼ਲੇਸ਼ਣ ਕਰਦਿਆਂ-ਕਰਦਿਆਂ ਅਦ੍ਰਿਸ਼-ਨਿਰਾਕਾਰ ਸ਼ਕਤੀ ਨੂੰ ਪ੍ਰਗਟ ਕਰਨ ’ਚ ਕਾਮਯਾਬ ਹੋਏ ਹਨ, ਨਾ ਕਿ ਮਨੁੱਖੀ ਮਨ ਦੁਆਰਾ ਘੜੀ ਜਾਂਦੀ ਕਿਸੇ ਅਕਲ ਨਾਲ਼। ਗੁਰਮਤਿ ਦੇ ਇਹ ਸਭ ਅਲੌਕਿਕ ਵਿਸ਼ੇ ਸਿੱਖਾਂ ਦੁਆਰਾ ‘ਭਰੋਸਾ ਦਾਨ’ ਮੰਗਣ ਨਾਲ਼ ਸੰਬੰਧਿਤ ਹਨ।

ਚੇਤੇ ਰਹੇ ਕਿ ਕਿਸੇ ਕੌਮੀ ਸਿਧਾਂਤ ਦੀ ਵਿਆਖਿਆ ਸਮਾਜਿਕ ਵਤੀਰੇ ’ਚੋਂ ਨਹੀਂ, ਧਾਰਮਕ ਗ੍ਰੰਥਾਂ ’ਚੋਂ ਕਰਨੀ ਬਣਦੀ ਹੈ। ਜ਼ਮੀਨੀ ਪੱਧਰ ’ਤੇ ਤਾਂ ਕਈ ਅਗਿਆਨੀ ਸਿੱਖ ਭੀ ਪ੍ਰਲੋਕ ’ਚ ਆਪਣੇ ਮਰ ਚੁੱਕਿਆਂ ਲਈ ਹਰ ਸਾਲ ਵਸਤੂਆਂ ਭੇਜਦੇ ਮਿਲ ਜਾਣਗੇ। ਉਨ੍ਹਾਂ ਨੂੰ ਆਧਾਰ ਬਣਾ ਕੇ ਗੁਰਮਤਿ ਦੇ ਅਰਥ ਨਹੀਂ ਬਦਲ ਸਕਦੇ।

ਭਗਤ ਨਾਮਦੇਵ ਜੀ ਦੇ ਇਹ ਵਚਨ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ’’ (ਭਗਤ ਨਾਮਦੇਵ/੮੭੫) ਸਿੱਖਾਂ ਉੱਤੇ ਭੀ ਲਾਗੂ ਹਨ। ਜੋ, ਸਤਿਗੁਰੂ ਦੇ ਰੌਸ਼ਨ-ਦਿਮਾਗ਼ ਨੂੰ ਆਪਹੁਦਰੇ ਮਨ ਨਾਲ਼ ਪੜ੍ਹਦੇ/ਸਮਝਦੇ ਪਏ ਹਨ। ਪੰਡਿਤ ਨੇ ਵੀ ਆਪਣੇ ਈਸਟ ’ਤੇ ਅਵਿਸ਼ਵਾਸ ਹੀ ਪ੍ਰਗਟਾਇਆ ਸੀ, ਜਿਸ ਬਾਬਤ ਨਾਮਦੇਵ ਜੀ ਨੂੰ ਇਹ ਦਰਜ ਕਰਨਾ ਪਿਆ। ਅੰਨ੍ਹੇਪਣ ਦੀ ਵਿਆਖਿਆ ਗੁਰਬਾਣੀ ਇਉਂ ਕਰਦੀ ਹੈ‘‘ਅੰਧੇ ਅਕਲੀ ਬਾਹਰੇ; ਕਿਆ ਤਿਨ ਸਿਉ ਕਹੀਐ  ?  ਬਿਨੁ ਗੁਰ ਪੰਥੁ ਸੂਝਈ; ਕਿਤੁ ਬਿਧਿ ਨਿਰਬਹੀਐ (ਸਾਥ ਨਿਭੇ) ? (ਮਹਲਾ /੨੨੯), ਅੰਧੇ ਅਕਲੀ ਬਾਹਰੇ; ਮੂਰਖ ਅੰਧ ਗਿਆਨੁ   ਨਾਨਕਨਦਰੀ ਬਾਹਰੇ (ਬਖ਼ਸ਼ਸ਼ ਤੋਂ ਸੱਖਣੇ); ਕਬਹਿ ਪਾਵਹਿ ਮਾਨੁ ’’ (ਮਹਲਾ /੭੮੯)

ਸੋ ਸਿੱਖ ਲਈ ਨਿਤਨੇਮ ਬਣਾਇਆ ਹੀ ਇਸ ਲਈ ਹੈ ਤਾਂ ਜੋ ਸਤਿਗੁਰ ਦੁਆਰਾ ਕੀਤੀ ‘ਰੱਬ ਦੀ ਵਿਆਖਿਆ, ਉਸ ਦੇ ਹੁਕਮ ਅਤੇ ਜੀਵਾਂ ਨੂੰ ਮਿਲਦੀਆਂ ਦਾਤਾਂ ’ਤੇ ਭਰੋਸਾ ਬਣੇ। ਤਰਕ ਇਹ ਭੀ ਕਹਿ ਸਕਦੈ ਕਿ ਨਿਤਨੇਮ ਰੁਜ਼ਾਨਾ ਪੜ੍ਹਨ ਦਾ ਕੀ ਫ਼ਾਇਦੈ; ਵਿਚਾਰ ਕੇ ਅਮਲ ਕਰੋ। ਅਮਲ ਦੀ ਕਿਹੜਾ ਕੋਈ ਡਿਗਰੀ ਹੈ, ਜਿਸ ਨੇ ਵੇਖਣੀ ਹੈ ਜਾਂ ਕਿਸੇ ਨੂੰ ਵਿਖਾਉਣੀ ਜ਼ਰੂਰ ਹੈ। ਜੇਕਰ ਪੰਥਕ ਜਥੇਬੰਦੀਆਂ ਗੁਰਮਤਿ ਦੇ ਰੂਹਾਨੀਅਤ ਵਿਸ਼ਿਆਂ ’ਤੇ ਗੋਸਟੀਆਂ-ਚਰਚਾਵਾਂ ਕਰਾ ਉਸ ਦਾ ਲਾਇਵ ਪ੍ਰਸਾਰਨ ਕਰਿਆ ਕਰਨ ਤਾਂ ਜਿੱਥੇ ਗੁਰਮਤਿ ਬਾਰੇ ਭਰਮ-ਭੁਲੇਖੇ ਦੂਰ ਹੋਣ ਓਥੇ ਫੋਕਟ ਵਿਦਵਤਾ ਪੱਤਝੜ ਦੇ ਪੱਤਿਆਂ ਵਾਙ ਝੜਦੀ/ਕਿਰਦੀ ਨਜ਼ਰ ਵੀ ਆਵੇ ਕਿਉਂਕਿ ਅੱਜ ਭੀ ਸਿੱਖ ਕੌਮ ’ਚ ਗੁਰਮਤਿ ਤੋਂ ਜਾਣੂ ਅਤੇ ਇਸ ਦੀ ਕਮਾਈ ਕਰਨ ਵਾਲ਼ਿਆਂ ਦੀ ਘਾਟ ਨਹੀਂ ਹੈ। ਦੂਜੇ ਪਾਸੇ ਗੁਰਮਤਿ ਤੋਂ ਸੱਖਣੇ; 20 ਸਾਲ ਵਾਹਿਗੁਰੂ-ਵਾਹਿਗੁਰੂ ਜਪਣ ਵਾਲ਼ੇ ਭੀ ਨਾਸਤਿਕ ਬਣਦੇ ਵੇਖੇ ਗਏ ਹਨ।

ਸਿਦਕੀ ਸਿੱਖ ਸ਼ਹੀਦ ‘ਭਾਈ ਤਾਰੂ ਸਿੰਘ ਜੀ’

0

ਸਿਦਕੀ ਸਿੱਖ ਸ਼ਹੀਦ ‘ਭਾਈ ਤਾਰੂ ਸਿੰਘ ਜੀ’

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਇਤਿਹਾਸਕਾਰ ਵਿਦਵਾਨ ਗੁਰਸਿੱਖ ਸੱਜਣਾ ਨੇ ਹੁਣ ਤੱਕ ਦੇ ਸਿੱਖ ਇਤਿਹਾਸ ਨੂੰ 10 ਭਾਗਾਂ ਵਿੱਚ ਵੰਡਿਆ ਹੈ। ਸਿੱਖੀ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੱਕ (1469-1606 ਈ.) ਦੇ ਕਾਲ ਨੂੰ ਗੁਰਬਾਣੀ ਯੁੱਗ।  ਛੇਵੇਂ ਪਾਤਸ਼ਾਹ ਤੋਂ ਦਸਮ ਗੁਰੂ ਤੱਕ (1606-1708 ਈ.) ਕੁਰਬਾਨੀ ਯੁੱਗ। ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖ ਸ਼ਹੀਦੀਆਂ ਤੋਂ ਛੋਟੇ ਘੱਲੂਘਾਰੇ ਤੱਕ (1708-1748 ਈ.) ਪਰੀਖਿਆ ਯੁੱਗ।  ਸਿੱਖ ਮਿਸਲਾਂ ਦੀ ਬਣਤਰ ਅਤੇ ਅਬਦਾਲੀ ਵੱਲੋਂ ਵਰਤਾਏ ਵੱਡੇ ਘੱਲੂਘਾਰੇ ਤੋਂ ਲਾਹੌਰ ਦੇ ਕਬਜ਼ੇ ਤੱਕ (1748 ਤੋਂ 1765 ਈ.) ਚੜ੍ਹਦੀ ਕਲਾ ਯੁੱਗ।  ਸੰਨ 1765 ਤੋਂ 1799 ਤੱਕ ਸਰਦਾਰੀ ਯੁੱਗ।  ਸੰਨ 1799-1849 ਤੱਕ ਦੇ ਮਹਾਰਾਜਾ ਰਣਜੀਤ ਸਿੰਘ ਰਾਜ ’ਚੋਂ 1764 ਤੋਂ 1948 ਤੱਕ ਫੂਲਕਿਆਂ ਦੇ ਰਾਜ ਘਰਾਣੇ ਤੇ ਹੋਰ ਸਿੱਖ ਰਿਆਸਤਾਂ ਦੇ ਕਾਲ ਨੂੰ ਰਾਜ-ਭਾਗ ਯੁੱਗ।  ਸੰਨ 1849-1910 ਤੱਕ ਦੇ ਨਿਰੰਕਾਰੀ, ਨਾਮਧਾਰੀ ਤੇ ਸਿੰਘ ਸਭਾ ਲਹਿਰ ਦੇ ਕਾਲ ਨੂੰ ਪੁਨਰ-ਜਾਗ੍ਰਤੀ ਯੁੱਗ। ਸੰਨ 1910 ਤੋਂ 1925 ਤੱਕ ਗਦਰ ਪਾਰਟੀ ਤੇ ਅਕਾਲੀ ਲਹਿਰ ਦੇ ਕਾਲ ਨੂੰ ਇਨਕਲਾਬੀ ਯੁੱਗ। ਸੰਨ 1925 ਤੋਂ 1984 ਤੱਕ ਸਵਰਾਜ ਯੁੱਗ ਅਤੇ 1984 ਤੋਂ ਹੁਣ ਤੱਕ ਨੂੰ ਪੁਨਰ-ਅਜ਼ਾਦੀ ਸੰਘਰਸ਼ ਯੁੱਗ।

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਪਰੀਖਿਆ ਯੁੱਗ (1708-1748) ਦੇ ਉਹ ਸੂਰਬੀਰ ਤੇ ਸਿਦਕੀ ਸਿੱਖ ਹੋਏ ਹਨ, ਜਿਨ੍ਹਾਂ ਨੂੰ ਕਿਰਤ ਕਰਨ, ਵੰਡ ਕੇ ਛਕਣ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਉੱਤਮ ਨਮੂਨੇ ਵਜੋਂ ਪਹਿਚਾਣਿਆ ਜਾਂਦਾ ਹੈ।  ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ (1716) ਪਿੱਛੋਂ ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖ਼ਾਂ ਵੇਲੇ ਦਾ ਇਹ ਉਹ ਯੁੱਗ ਸੀ, ਜਦੋਂ ਅਜ਼ਾਦੀ ਦੇ ਪ੍ਰਵਾਨੇ ਸਿੱਖ ਸੂਰਮੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਂਦੇ ਹੋਏ ਜੰਗਲਾਂ ਵਿੱਚ ਭਟਕ ਰਹੇ ਸਨ। ਕਿਸੇ ਵੱਲੋਂ ਇਨ੍ਹਾਂ ਦੀ ਸਹਾਇਤਾ ਕਰਨੀ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਣਾ ਸੀ।  ਮੱਸੇ ਰੰਘੜ ਨੂੰ ਸੋਧਣ ਵਾਲੇ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਅਤੇ ਜਥੇਦਾਰ ਸ਼ਾਮ ਸਿੰਘ ਕ੍ਰੋੜੀ ਮਿਸਲ ਦੇ ਦੋਹਤਰੇ ਭਾਈ ਰਤਨ ਸਿੰਘ ਭੰਗੂ ਆਪਣੀ ਕ੍ਰਿਤ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ :

ਜੋ ਸਿੰਘਨ ਕੌ ਕੋਊ ਲੁਕਾਵੈ। ਸੋ ਵਹਿ ਅਪਣੀ ਜਾਨ ਗੁਵਾਵੈ।

ਆਏ ਸਿੰਘ, ਬਤਾਵੈ ਨਾਂਹੀ। ਵੈ ਭੀ ਆਪਣੀ ਜਿੰਦ ਗੁਵਾਹੀ।

ਜੋ ਸਿੰਘਨ ਕੋ ਦੇਵੈ ਨਾਜ। ਮੁਸਲਮਾਨ ਕਰੈਂ, ਤਿਸ ਕਾਜ। (ਪੰਨਾ 269/ਐਡੀਸ਼ਨ 1993), ਪਰ ਅਜਿਹੇ ਭਿਆਨਕ ਵੇਲੇ ਵੀ ਬਹੁਤ ਸਾਰੇ ਐਸੇ ਵੀ ਕਿਰਤੀ ਸਿੱਖ ਪਰਿਵਾਰ ਸਨ, ਜਿਹੜੇ ਬੇਘਰ ਹੋਏ ਸੰਘਰਸ਼ੀ ਸਿੰਘ ਜੋਧਿਆਂ ਨੂੰ ਲੁਕ-ਛਿਪ ਕੇ ਰਸਦ ਪਾਣੀ ਤੇ ਕੱਪੜੇ ਵਗੈਰਾ ਪਹੁੰਚਾਂਦੇ ਭਾਵੇਂ ਕਿ ਆਪ ਉਨ੍ਹਾਂ ਨੂੰ ਨੰਗੇ ਤੇ ਭੁੱਖੇ ਵੀ ਕਿਉਂ ਨਾ ਰਹਿਣਾ ਪੈਂਦਾ।  ਐਸਾ ਸੀ ਗੁਰਸਿੱਖਾਂ ਅੰਦਰ ਪੰਥਕ ਪਿਆਰ ਤੇ ਜਜ਼ਬਾ। ਭਾਈ ਸਾਹਿਬ ਨੇ ਲਿਖਿਆ ਹੈ:

ਐਸੇ ਐਸੇ ਸਿੰਘ ਜਗ ਮਾਂਹੀ। ਸਿੰਘ ਛਕਾਇ ਪੀਐਂ ਨਿਜ ਖਾਹੀਂ।

ਆਪ ਸਹੈਂ ਵੈ ਨੰਗ ਅਰ ਭੁੱਖ। ਦੇਖ ਸਕੈਂ ਨਹਿਂ ਸਿੰਘਨ ਦੁੱਖ।

ਆਪ ਗੁਜ਼ਾਰੈਂ ਅਗਨੀ ਨਾਲ। ਸਿੰਘਨ ਘੱਲੈਂ ਪੁਸ਼ਕ ਸਿਵਾਲ।

ਬਾਣ ਬੱਟ ਕਈ ਕਰੈਂ ਮਜ਼ੂਰੀ। ਭੇਜੈਂ ਸਿੰਘਨ ਪਾਸ ਜ਼ਰੂਰੀ। (ਪੰਨਾ 269)

ਐਸੇ ਪੰਥ-ਦਰਦੀ ਤੇ ਪੰਥ ਸੇਵਕ ਗੁਰਸਿੱਖ ਪਰਿਵਾਰਾਂ ਵਿੱਚੋਂ ਇੱਕ ਸਨ ‘ਭਾਈ ਸਾਹਿਬ ਭਾਈ ਤਾਰੂ ਸਿੰਘ ਜੀ’ ਤੇ ਉਨ੍ਹਾਂ ਦੀ ਮਾਤਾ ਅਤੇ ਭੈਣ, ਜੋ ਅਜੋਕੇ ਪੰਜਾਬ ਮੁਤਾਬਕ ਜ਼ਿਲ੍ਹਾ ਤਰਨਤਾਰਨ ਅਤੇ ਤਹਿਸੀਲ ਪੱਟੀ ਦੇ ਭਿੱਖੀਵਿੰਡ ਕਸਬੇ ਨੇੜਲੇ ਪਿੰਡ ਪੂਹਲਾ ਦੇ ਵਸਨੀਕ ਸਨ।  ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲੇ ਚੌਧਰੀ ਮੱਸੇ ਰੰਗੜ ਦੇ ਕਤਲ ਹੋਣ ਪਿੱਛੋਂ ਜ਼ਕਰੀਆਂ ਖ਼ਾਂ ਸੜ ਬਲ਼ਿਆ ਅਤੇ ਕ੍ਰੋਧਿਤ ਹੋਏ ਨੇ ਇਲਾਕੇ ਦੇ ਚੌਧਰੀਆਂ ਨੂੰ ਤਾੜਨਾ ਕੀਤੀ ਕਿ ਜਿਹੜਾ ਵੀ ਸਿੱਖ ਪਰਿਵਾਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਬਾਗ਼ੀ ਲੋਕਾਂ ਦੀ ਸਹਾਇਤਾ ਕਰਦਾ ਹੈ, ਉਸ ਦੀ ਸੂਚਨਾ ਦਿਓ ਤੇ ਇਨਾਮ ਪਾਵੋ।  ਐਸੇ ਗਦਾਰ ਚੌਧਰੀਆਂ ਵਿੱਚੋਂ ਇੱਕ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਮੰਜੀਦਾਰ ਪ੍ਰਚਾਰਕ ਸਿੱਖ ਭਾਈ ਹੰਦਾਲ ਦੇ ਉਪਨਾਮ ’ਤੇ ਚਲਾਈ ਨਿਰੰਜਨੀ ਸੰਪਰਦਾ ਦਾ ਮਹੰਤ ‘ਹਰਿਭਗਤ’।  ਇਸੇ ਲਈ ਇਹ ਨੀਚ ਹਰਿਭਗਤ ਨਿਰੰਜਨੀ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਨੇ ਸਿੰਘਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਦੀ ਅਯੋਗ ਸਹਾਇਤਾ ਕੀਤੀ ਤੇ ਸਿੰਘਾਂ ਦਾ ਘਾਣ ਕਰਵਾਇਆ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਸ ਪ੍ਰਕਾਰ ਦੇ 95% ਸੰਪਰਦਾਈ ਡੇਰੇ ਹੁਣ ਵੀ ਸੱਤਾਧਾਰੀ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ-ਠੋਕੇ ਬਣੇ ਹੋਏ ਹਨ ਤਾਂ ਕਿ ਉਨ੍ਹਾਂ ਦੇ ਅਪਰਾਧੀ ਠੱਗ ਵਾੜੇ ਪੁਲੀਸ ਦੀ ਮਾਰ ਤੋਂ ਸੁਰੱਖਿਅਤ ਰਹਿ ਸਕਣ।  ਸਰਕਾਰੀ ਸਿਫ਼ਾਰਸ਼ਾਂ ਕਰਾਉਣ ਦੇ ਚੱਕਰ ਵਿੱਚ ਆਲੇ-ਦੁਆਲੇ ਦੇ ਲੋਕ ਚੇਲਿਆਂ ਦੇ ਰੂਪ ਵਿੱਚ ਉਨ੍ਹਾਂ ਦੀ ਦੁਕਾਨਦਾਰੀ ਚਲਾਈ ਰੱਖਣ।

ਇਸ ਨੀਚ ਟਾਊਟ ਨੇ ਜ਼ਕਰੀਆ ਖ਼ਾਂ ਕੋਲ ਭਾਈ ਤਾਰੂ ਸਿੰਘ ਬਾਰੇ ਚੁਗ਼ਲੀ ਕਰਦਿਆਂ ਜੋ ਹੇਠ ਲਿਖੀ ਰਿਪੋਰਟ ਲਿਖਵਾਈ, ਉਸ ਤੋਂ ਭਾਈ ਤਾਰੂ ਸਿੰਘ ਜੀ ਦੇ ਪਰਿਵਾਰ ਅੰਦਰਲੇ ਸਿੱਖੀ ਸਿਦਕ, ਗੁਰੂ ਪ੍ਰਤੀਤ, ਸ਼ਬਦ-ਕੀਰਤਨ ਦੇ ਪਿਆਰ ਤੇ ਪੰਥਕ ਦਰਦ ਦੀ ਝਲਕ ਡੁੱਲ-ਡੁੱਲ ਪੈਂਦੀ ਹੈ; ਜੋ ਸਮੁੱਚੇ ਸਿੱਖ ਜਗਤ ਲਈ ਇੱਕ ਰੌਸ਼ਨ ਮੁਨਾਰਾ ਹੈ।  ਇਹ ਪੜ੍ਹ ਕੇ ਲੋੜ ਹੈ ਉਨ੍ਹਾਂ ਪਰਿਵਾਰਾਂ ਨੂੰ ਵੀ ਸਵੈ-ਪੜਚੋਲ ਕਰਨ ਦੀ, ਜਿਹੜੇ ਗੁਰਸਿੱਖ ਅਖਵਾਉਂਦੇ ਹੋਏ ਵੀ ਜੋਤਸ਼ੀਆਂ, ਪੀਰਾਂ ਦੀਆਂ ਕਬਰਾਂ ਅਤੇ ਮੜੀਆਂ ਮਸਾਣਾਂ ਅਤੇ ਦੇਵੀ-ਦੇਵਤਿਆਂ ਦੇ ਪੂਜਾਰੀ ਬਣੇ ਬੈਠੇ ਹਨ।  ਰਿਪੋਰਟ ਕੁਝ ਇਉਂ ਸੀ :

ਹੈ ਉਸ ਕੇ ਇੱਕ ਭੈਣ ਅਰ ਮਾਈ ॥ ਪੀਸ ਕੂਟ ਵੇ ਕਰੈਂ ਕਮਾਈ॥

ਆਪ ਖਾਇ ਵਹਿ ਰੁੱਖੀ ਮਿੱਸੀ ॥ ਮੋਟਾ ਪਹਿਰ ਆਪ ਰਹਿ ਲਿੱਸੀ॥

ਜੋਊ ਬਚੇ ਸੋ ਸਿੰਘਨ ਦੇਵੈ ॥  ਉਇ ਬਿਨ ਸਿੰਘਨ ਔਰ ਨ ਸੇਵੈ॥

ਬਾਂਗ ਸਲਾਤ ਸੁਨ ਮੂੰਦੇ ਕਾਨ। ਰੋਟ ਸ਼ੀਰਨੀ ਪੀਰ ਨਾ ਖਾਨ।

ਸ਼ਬਦ ਚੌਂਕੀ ਗੁਰ ਅਪਨੇ ਕੀ ਕਰੇ। ਸੋ ਮਰਨੇ ਤੇ ਨੈਕ ਨ ਡਰੇ।

ਗੰਗਾ ਜਮਨਾ ਨਿਕਟ ਨ ਜਾਵੈ। ਪਰ ਆਪਨੇ ਕੀ ਛਪੜੀ ਨ੍ਹਾਵੈ।

ਜਗਨ ਨਾਥ ਕੋ ਟੁੰਡਾ ਆਖੈ। ਰਾਮ ਕਿਸ਼ਨ ਕੋ ਜਾਪ ਨਾ ਭਾਖੈ। (ਪ੍ਰਚੀਨ ਪੰਥ ਪ੍ਰਕਾਸ਼/ਪੰਨਾ 270)

ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਕਿਰਤ ਕਰ ਕੇ ਵੰਡ ਛਕਦੇ। ਉਹ ਗੁਰਬਾਣੀ ਦੇ ਸਿਧਾਂਤ ‘‘ਘਾਲਿ ਖਾਇ ਕਿਛੁ ਹਥਹੁ ਦੇਇ   ਨਾਨਕ ਰਾਹੁ ਪਛਾਣਹਿ ਸੇਇ ’’ (ਮਹਲਾ /੧੨੪੫) ਦੇ ਧਾਰਨੀ ਸਨ।

ਇਸ 25 ਸਾਲਾ ਪੰਥ-ਸੇਵਕ ਤੇ ਪੰਥ-ਦਰਦੀ ਨੌਜਵਾਨ ਦੇ ਉੱਚੇ ਆਚਰਨ ਕਾਰਨ ਇਲਾਕੇ ਦਾ ਕੇਵਲ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਸਾਰੇ ਹਿੰਦੂ ਤੇ ਮੁਸਲਮਾਨ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਇਹ ਹੈ ਸਿੱਖੀ ਆਚਰਨ ਦਾ ਸਿਖਰ। ਸਪਸ਼ਟ ਹੈ ਕਿ ਪੰਥਕ ਰਹਿਣੀ ਰਹਿੰਦੇ ਹੋਏ ਵੀ ਅਸੀਂ ਸਮਾਜਿਕ ਖੇਤਰ ਦੇ ਅਨਮੱਤੀ ਲੋਕਾਂ ਦੀ ਹਮਦਰਦੀ ਤੇ ਪਿਆਰ ਦੇ ਪਾਤਰ ਬਣੇ ਰਹਿ ਸਕਦੇ ਹਾਂ।  ਮਾਨਸਿਕ ਤੌਰ ’ਤੇ ਕਮਜ਼ੋਰ ਰਾਜਨੀਤਕ ਆਗੂਆਂ ਵਾਂਗ ਜ਼ਰੂਰੀ ਨਹੀਂ ਕਿ ਵੋਟਾਂ ਦੀ ਖ਼ਾਤਰ ਆਪਣਾ ਈਮਾਨ ਵੇਚਣਾ ਪਵੇ। ਭਾਈ ਸਾਹਿਬ ਦੇ ਪਰਉਪਕਾਰੀ ਤੇ ਸਮਦ੍ਰਿਸ਼ਟ ਵਰਤਾਰੇ ਦਾ ਹੀ ਸਿੱਟਾ ਸੀ ਕਿ ਜਦੋਂ ਅਹਿਦੀਏ ਅਤੇ ਉਨ੍ਹਾਂ ਦੇ ਸਾਥੀ ਸਿਪਾਹੀ ਇਨ੍ਹਾਂ ਨੂੰ ਪਿੰਡੋਂ ਗ੍ਰਿਫ਼ਤਾਰ ਕਰ ਕੇ ਲਾਹੌਰ ਨੂੰ ਲੈ ਕੇ ਜਾ ਰਹੇ ਸਨ ਤਾਂ ਇਲਾਕੇ ਦੇ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਤਰਸਣ ਲੱਗੇ। ਇਸ ਲਈ ਉਨ੍ਹਾਂ ਨੇ ਇੱਕ ਮੋਟੀ ਰਕਮ ਇਕੱਠੀ ਕਰ ਕੇ ਅਹਿਦੀਆਂ ਨੂੰ ਦਿੱਤੀ ਅਤੇ ਬਦਲੇ ਵਿੱਚ ਭਾਈ ਸਾਹਿਬ ਜੀ ਦੀ ਮਾਤਾ ਤੇ ਭੈਣ ਨੂੰ ਛੁਡਵਾਇਆ। ਲੋਕ ਕਹਿ ਰਹੇ ਸਨ ਸਿੱਖ ਛਡਾਵਨ ਹੈ ਬਡ ਧਰਮ ਗਊ ਬ੍ਰਹਮਨ ਤੇ ਸੌ ਗੁਨੋਂ ਕਰਮ

ਭੜਾਣੇ ਪਿੰਡ ਦੇ ਸਿੱਖਾਂ ਨੇ ਆਪਣੇ ਪਰਿਵਾਰਾਂ ਦੇ ਕਤਲ ਤੇ ਉਜਾੜੇ ਦੀ ਪ੍ਰਵਾਹ ਨਾ ਕਰਦਿਆਂ ਅਹਿਦੀਆਂ ਨੂੰ ਮਾਰ ਕੇ ਭਾਈ ਸਾਹਿਬ ਨੂੰ ਛੁਡਾਉਣ ਦੀ ਗੁਪਤ ਸਕੀਮ ਬਣਾਈ, ਪਰ ਭਾਈ ਤਾਰੂ ਸਿੰਘ ਜੀ ਨੇ ਉਨ੍ਹਾਂ ਨੂੰ ਸਨੇਹਾ ਭੇਜਿਆ ਕਿ ਉਹ ਐਸਾ ਨਾ ਕਰਨ:

ਦੋਹਰਾ -ਸਿੱਖਨ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ। 

ਸੋ ਸਿੱਖ ਹਮ ਉਸ ਗੁਰੂ ਕੇ, ਕਿਮ ਰਾਖੇਂ ਸੀਸ ਬਚਾਏ।

ਮਰਨ ਸਭਨ ਕੇ ਸੀਸ ਪਰ, ਸੁਫਲ ਮਰਨ ਹੈ ਤਾਹਿਂ।

ਧਰਮ ਨਿਭੈ, ਸਿੱਖੀ ਨਿਭੈ, ਸਿਰ ਜ਼ੁਲਮ ਬਿਰੁਧ ਲਗ ਜਾਹਿਂ।

ਆਖ਼ਿਰ 26 ਜੂਨ 1745 ਦੇ ਦਿਹਾੜੇ 25 ਸਾਲ ਦੇ ਇਸ ਨੌਜਵਾਨ ਸਿੰਘ ਨੂੰ ਲਾਹੌਰ ਵਿਖੇ ਜ਼ਕਰੀਏ ਦੀ ਕਚਿਹਰੀ ’ਚ ਪੇਸ਼ ਕੀਤਾ ਗਿਆ।  ਹਰਿਭਗਤ ਨਿਰੰਜਨੀਏ ਦੀ ਦਿੱਤੀ ਸੂਹ ਮੁਤਾਬਕ ਭਾਈ ਸਾਹਿਬ ’ਤੇ ਕਾਜ਼ੀ ਨੇ ਦੋ ਦੋਸ਼ ਲਾਏ। ਇੱਕ ਸੀ ਬਾਗ਼ੀ ਸਿੰਘਾਂ ਦੀ ਸਹਾਇਤਾ ਕਰਨਾ ਅਤੇ ਦੂਜਾ ਸੀ ਪੱਟੀ ਦੇ ਫ਼ੌਜਦਾਰ ਨੂੰ ਮਾਰਨ ਦਾ, ਜਿਸ ਨੇ ਧੱਕੇ ਨਾਲ ਉਥੋਂ ਦੇ ਮਾਛੀ ਰਹੀਮ ਬਖ਼ਸ਼ ਦੀ ਲੜਕੀ ਧੱਕੇ ਨਾਲ ਆਪਣੇ ਘਰ ਬਿਠਾ ਲਈ ਸੀ।

ਭਾਈ ਸਾਹਿਬ ਨੇ ਗੱਜ ਕੇ ਫ਼ਤਹਿ ਬੁਲਾਈ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦਿਆਂ ਇਹ ਸਭ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕੀਤਾ ਤੇ ਆਖਿਆ ਕਿ ਇਹ ਮੇਰਾ ਧਰਮ ਹੈ।  ਨਵਾਬ ਅੰਦਰੋਂ ਜਲ਼-ਬਲ਼ ਕੇ ਕੋਲ਼ਾ ਹੋ ਗਿਆ, ਪਰ ਬਾਹਰੋਂ ਹਿਤਕਾਰੀ ਹੋਣ ਦਾ ਡਰਾਮਾ ਕਰਦਿਆਂ ਉਸ ਨੇ ਭਾਈ ਸਾਹਿਬ ਨੂੰ ਆਖਿਆ ਕਿ ਕੇਸ ਕਤਲ ਕਰਵਾ ਕੇ ਅਤੇ ਇਸਲਾਮ ਕਬੂਲ ਕਰ ਕੇ ਅਜੇ ਵੀ ਤੂੰ ਆਪਣੀ ਜਾਨ ਬਚਾ ਸਕਦਾ ਹੈਂ।  ਸਾਰੇ ਸੰਸਾਰਕ ਸੁੱਖ ਭੋਗ ਸਕਦਾ ਹੈਂ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਹਨ ਫਿਰ ਨਵਾਬ ਐਸੀ ਕਹੀ, ਜਿੰਦ ਚਹੈਂ ਤਾਂ ਆਵਹੁ ਦੀਨ ਔਰ ਜੁ ਚਾਹੈਂ ਮਾਂਗ ਸੋ, ਧਨ ਅਰ ਮੁਲਖ ਜ਼ਮੀਨ ਭਾਈ ਸਾਹਿਬ ਦਾ ਉਤਰ ਸੀ ਤੂੰ ਜੇ ਹਮ ਪੈ ਹੈਂ ਮਿਹਰਬਾਨ ਆਖ, ਕੇਸੀਂ ਸਾਸੀਂ ਹਮੇਂ, ਨਾ ਹੋਹੁ ਮੁਸਲਮਾਨ

ਇਹ ਸੁਣ ਕੇ ਨਵਾਬ ਹੋਰ ਕ੍ਰੋਧਿਤ ਹੋਇਆ ਤੇ ਬੋਲਿਆ ਫਿਰ ਤਾਂ ਤੇਰਾ ਖੋਪਰ ਉਤਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਨਵਾਬ ਦੇ ਇਸ਼ਾਰੇ ’ਤੇ ਕਾਜ਼ੀ ਨੇ ਕੇਸਾਂ ਸਮੇਤ ਖੋਪਰੀ ਉਤਾਰਨ ਦੀ ਸਖ਼ਤ ਸਜ਼ਾ ਸੁਣਾਈ।  ਭਾਈ ਸਾਹਿਬ ਨੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਕਾਸ਼ ਗੁੰਜਾ ਦਿੱਤਾ। ਫਿਰ ਦੇਰ ਨਾ ਲੱਗੀ। ਕਸਾਈ ਮੋਚੀ ਨੇ ਤਿੱਖੀ ਰੰਬੀ ਨਾਲ ਮੱਥੇ ਤੋਂ ਗਿੱਚੀ ਤੱਕ ਦੇ ਕੇਸਾਂ ਸਮੇਤ ਖੋਪਰੀ ਉਤਾਰ ਦਿੱਤੀ।  ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :

ਦੋਹਰਾ : ਪੈਨੀ ਥੀ ਰੰਬੀ ਕਰੀ, ਧਰ ਮਥ੍ਯੋਂ ਦਈ ਦਬਾਇ।

ਮੱਥੇ ਤੇ ਕੰਨਾਂ ਤਈਂ, ਗਿਚੀਓਂ ਦਈ ਪੁਟਾਇ।

ਚੋਪਈ : ਸਿੰਘ ਜੀ ਮੁਖ ਤੇ ਸੀ ਨਾ ਕਰੀ।

ਧੰਨ ਧੰਨ ਗੁਰੂ ਮੁਖ ਕਹਣੀ ਸਰੀ।

ਲੋਕ ਸਿਆਣੇ ਐਸੇ ਕਹੈਂ।  ਪਾਤਸ਼ਾਹੀ ਅਬ ਇਨਕੀ ਨਾ ਰਹੈਂ। (ਅਲੀ-ਉਦ-ਦੀਨ ਦੇ ਇਬਰਤ ਨਾਮੇ, ਸਫਾ 211) ਅਤੇ ਖੁਸ਼ਵਕਤ ਰਾਇ ਦੀ ਤਵਾਰੀਖ਼ (ਸਫਾ 72 ਦੇ ਹਵਾਲੇ ਨਾਲ ਡਾ. ਦਿਲਗੀਰ ਨੇ ਸਿੱਖ ਤਵਾਰੀਖ਼ ਦੇ ਦੂਜੇ ਹਿੱਸੇ ਵਿੱਚ ਲਿਖਿਆ ਹੈ ਕਿ 25 ਜੂਨ 1745 ਦੇ ਦਿਨ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਲਾਹੀ ਤੇ ਉਹ ਪਹਿਲੀ ਜੁਲਾਈ ਨੂੰ ਸ਼ਹੀਦ ਹੋਏ। ਮੱਸੇ ਰੰਘੜ ਨੂੰ ਸੋਧਣ ਵਾਲੇ ਗ੍ਰਿਫ਼ਤਾਰ ਭਾਈ ਮਹਿਤਾਬ ਸਿੰਘ ਨੂੰ ਵੀ ਇਸ ਦਿਨ ਹੀ ਸ਼ਹੀਦ ਕੀਤਾ ਗਿਆ ਸੀ।  ਖ਼ਾਫ਼ੀ ਖਾਂ ਲਿਖਦਾ ਹੈ ਕਿ ਭਾਈ ਸਾਹਿਬ ਜੀ ਦੀ ਖੱਲ ਲਾਹ ਕੇ ਖਾਈ ਵਿੱਚ ਸੁੱਟ ਦਿੱਤੀ ਤਾਂ ਕਿ ਗਿੱਦੜ ਕੁੱਤੇ ਖਾ ਜਾਣ, ਪਰ ਸਿੰਘ ਉਸ ਦਸ਼ਾ ਵਿੱਚ ਬਾਣੀ ਪੜ੍ਹਦਾ ਰਿਹਾ।  ਜ਼ਕਰੀਆਂ ਖ਼ਾਂ ਨੇ ਇਹ ਆਖ਼ਰੀ ਸਿੱਖ ਕਤਲ ਕੀਤੇ ਸਨ ਕਿਉਂਕਿ ਰੱਬ ਦੀ ਕਰਨੀ ਐਸੀ ਵਾਪਰੀ ਕਿ ਖੋਪਰੀ ਲਾਹੁਣ ਦਾ ਹੁਕਮ ਦੇਣ ਵਾਲਾ ਜ਼ਾਲਮ ਜ਼ਕਰੀਆ ਖ਼ਾਂ ਵੀ ਪਿਸ਼ਾਬ ਦਾ ਬੰਨ੍ਹ ਪੈਣ ਕਾਰਨ ਉਸੇ ਦਿਨ ਹੀ ਪਾਣੀਓਂ ਕੱਢੀ ਮੱਛੀ ਵਾਂਗ ਤੜਪ-ਤੜਪ ਕੇ ਮਰਿਆ।

ਪ੍ਰੰਪਰਾਗਤ ਇਤਿਹਾਸ ਵਿੱਚ ਐਸੀ ਵੀ ਚਰਚਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰਨ ਪਿੱਛੋਂ ਰੱਬੀ ਰਜ਼ਾ ਵਿੱਚ ਜਦੋਂ ਜ਼ਕਰੀਆਂ ਖ਼ਾਂ ਦਾ ਪਿਸ਼ਾਬ ਬੰਦ ਹੋ ਗਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਮੈਂ ਸਿੰਘਾਂ ਨੂੰ ਬੇਅੰਤ ਤਸੀਹੇ ਦਿੱਤੇ ਹਨ, ਇਹ ਸਭ ਉਸੇ ਦਾ ਫਲ਼ ਹੈ। ਭਾਈ ਸ਼ੁਬੇਗ ਸਿੰਘ ਕੋਤਵਾਲ ਨੂੰ ਖ਼ਾਲਸੇ ਦੀ ਭੇਟ ਲਈ ਪੰਜ ਹਜ਼ਾਰ ਰੁਪਈਆ ਦੇ ਕੇ ਕਾਹਨੂਵਾਣ ਦੇ ਛੰਭ ਵੱਲ ਭੇਜਿਆ ਗਿਆ। ਸਿੰਘਾਂ ਆਖਿਆ ਭਾਈ ਸਾਹਿਬ ਦੀ ਚਰਨ-ਦਾਸੀ  (ਜੁੱਤੀ) ਤੁਰਕ ਦੇ ਸਿਰ ਨੂੰ ਲਾਈ ਜਾਵੇ ਤਾਂ ਉਸ ਦਾ ਪਿਸ਼ਾਬ ਖੁੱਲ੍ਹ ਸਕਦਾ ਹੈ।  ਇਉਂ 1 ਜੁਲਾਈ 1745 ਨੂੰ ਸਿੰਘਾਂ ਦਾ ਦੋਖੀ ਜੁੱਤੀਆਂ ਖਾਂਦਾ ਮਰ ਗਿਆ ਤੇ ਉਸੇ ਦਿਨ ਭਾਈ ਸਾਹਿਬ ਨੇ ਵੀ ਆਪਣਾ ਜ਼ਖ਼ਮੀ ਚੋਲਾ ਤਿਆਗ ਦਿੱਤਾ।

ਅਤਿਅੰਤ ਲੋੜ ਹੈ ਐਸੀਆਂ ਸ਼ਹੀਦੀ ਸਾਖੀਆਂ, ਗੁਰਸਿੱਖ ਪਰਿਵਾਰਾਂ ਦੇ ਉਨ੍ਹਾਂ ਨੌਜਵਾਨਾਂ ਨੂੰ ਪਿਆਰ ਸਹਿਤ ਸੁਣਾਉਣ ਤੇ ਸਮਝਾਉਣ ਦੀ, ਜਿਹੜੇ ਸਿਰ ਮੂੰਹ ਮੁਨਾ ਕੇ ਸਿੱਖੀ ਤੋਂ ਭਗੌੜੇ ਹੋ ਰਹੇ ਹਨ।  ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਸਿੰਘਾਂ ਦੀਆਂ ਅਜਿਹੀਆਂ ਸ਼ਹਾਦਤੀ ਤੇ ਸਿਦਕੀ ਸਾਖੀਆਂ ਦੀ ਰੌਸ਼ਨੀ ਵਿੱਚ ਉਨ੍ਹਾਂ ਸਿਆਣਿਆਂ ਨੂੰ ਵੀ ਸੋਚਣ ਦੀ ਲੋੜ ਹੈ, ਜਿਹੜੇ ਬੁੱਧੀ ਮੰਡਲਾਂ ਦੀ ਕੈਦ ਵਿੱਚ ਵਿਚਰਦੇ ਹੋਏ ਕਹਿ ਰਹੇ ਹਨ ਕਿ ਕੇਸਾਂ ’ਤੇ ਦਸਤਾਰ ਵਾਲੀ ਸਿੱਖੀ ਦਾ ਭਵਿੱਖ ਉੱਜਲਾ ਨਹੀਂ ਅਤੇ ਪ੍ਰਚਾਰਕਾਂ ਦਾ ਇਹ ਕਹਿਣਾ ਗ਼ਲਤ ਹੈ ਕਿ ਕੇਸ ਗੁਰੂ ਦੀ ਮੋਹਰ ਹਨ।

ਸਮਾਜ ਦਾ ਘਿਨਾਉਣਾ ਰੂਪ

0

 ਸਮਾਜ ਦਾ ਘਿਨਾਉਣਾ ਰੂਪ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ,

ਲੋਅਰ ਮਾਲ (ਪਟਿਆਲਾ)- 0175-2216783

ਗੱਲ ਤੇਲੀਆਂ ਦੀ ਫਰਵਾਹੀ ਪਿੰਡ ਦੀ ਹੈ। ਦਿਹਾੜੀ ਕਰਦੇ ਇਕ ਬੰਦੇ ਨਾਲ ਗੱਲ ਕਰਦਿਆਂ ਜਦੋਂ ਉਹ ਆਪਣਾ ਦਿਲ ਫਰੋਲਣ ਲੱਗਿਆ ਤਾਂ ਮੈਨੂੰ ਉਸ ਦੀਆਂ ਯਾਦਾਂ ਵਿਚਲੀ ਉਡਦੀ ਸੁਆਹ ਵਿੱਚੋਂ ਬਹੁਤ ਕੁੱਝ ਹਾਸਲ ਹੋਇਆ।

ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਅੱਖੀਂ ਵੇਖੇ ਕਈ ਦਰਦਨਾਕ ਸੱਚ ਉਸ ਨੂੰ ਸੁਣਾਏ ਸਨ। ਉਸ ਨੇ ਉਹ ਗੱਲਾਂ ਮੇਰੇ ਨਾਲ ਸਾਂਝੀਆਂ ਕਰਨ ਲੱਗਿਆਂ ਖੌਰੇ ਕਿੰਨੀ ਵਾਰ ਹੰਝੂ ਕੇਰੇ। ਉਸ ਨੇ ਦੱਸਿਆ ਕਿ ਦੇਸ ਦੀ ਵੰਡ ਮੌਕੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਖੂਹੀ ਪੁੱਟਣੀ ਪਈ ਸੀ, ਕਿਉਂਕਿ ਜਿੰਨੇ ਤਗਾੜੇ ਮੁਸਲਮਾਨ ਉੱਥੇ ਰਹਿੰਦੇ ਸਨ ਉਨ੍ਹਾਂ ਸਾਰਿਆਂ ਦੇ ਸਾਰੇ-ਸਾਰੇ ਟੱਬਰ ਵੱਢ ਸੁੱਟੇ ਗਏ ਸਨ। ਗੁਆਂਢੀਆਂ ਨੇ ਹੀ ਘਰ ਬਾਰ ਲੁੱਟਣ ਖ਼ਾਤਰ ਇੱਕ ਘੰਟੇ ਦੇ ਜੰਮੇ ਬੱਚੇ, 5 ਦਿਨਾਂ ਦੇ ਬੱਚੇ, 6 ਮਹੀਨਿਆਂ ਦੀ ਉਮਰ ਦੇ ਬੱਚੇ ਅਤੇ ਜਵਾਨਾਂ ਸਮੇਤ 100 ਸਾਲ ਤੱਕ ਦੇ ਬਜ਼ੁਰਗ ਕੱਟ ਵੱਢ ਕੇ ਇੱਕੋ ਉਸੇ ਖੂਹ ਵਿੱਚ ਦਫ਼ਨ ਕਰ ਦਿੱਤੇ ਸਨ।

ਉਸ ਦੀ ਮਾਂ ਨੇ ਕੁੱਝ ਦਿਲ ਚੀਰਵੇਂ ਦ੍ਰਿਸ਼ ਵੀ ਵੇਖੇ ਸਨ। ਗੁਰਦੁਆਰੇ ਦੀਆਂ ਪੌੜੀਆਂ ਸਾਹਮਣੇ ਦੋ ਮੁਸਲਮਾਨ ਔਰਤਾਂ ਵੱਢੀਆਂ ਪਈਆਂ ਸਨ, ਜਿਨ੍ਹਾਂ ਦੇ ਦੁੱਧ ਪੀਂਦੇ ਬੱਚੇ ਮਾਂ ਦੀ ਲਾਸ਼ ਉੱਤੇ ਛਾਤੀ ਨਾਲ ਚਿੰਮੜੇ ਦੁੱਧ ਚੁੰਘਦੇ ਪਏ ਸਨ। ਆਲੇ-ਦੁਆਲੇ ਗਿਰਝਾਂ ਉਨ੍ਹਾਂ ਉੱਤੇ ਝਪੱਟਾ ਮਾਰਨ ਦੀ ਉਡੀਕ ਕਰ ਰਹੀਆਂ ਸਨ।

ਇੱਕ ਛੋਟੂ ਨਾਂ ਦੇ ਬੰਦੇ ਨੇ ਖਪਰੇ ਨਾਲ ਬਥੇਰੇ ਮੁਸਲਮਾਨ ਬੱਚੇ ਵੱਢੇ। ਉਸ ਦੇ ਤਾਏ ਨੇ ਆ ਕੇ ਉਸ ਨੂੰ ਕੁੱਟ-ਕੁੱਟ ਕੇ ਅਜਿਹਾ ਕਰਨ ਤੋਂ ਹਟਾਇਆ। ਨਤੀਜਾ ਕੀ ਹੋਇਆ ? ਛੋਟੂ, ਜੋ ਕੱਟ ਵੱਢ ਕਰਦਾ ਪਿਆ ਸੀ, ਉਸ ਦੀ ਔਲਾਦ ਅੱਜ ਵੱਡੀਆਂ-ਵੱਡੀਆਂ ਮੱਲੀਆਂ ਹੋਈਆਂ ਕੋਠੀਆਂ ਵਿੱਚ ਐਸ਼ ਕਰ ਰਹੀ ਹੈ ਤੇ ਉਸ ਦੇ ਮਨੁੱਖੀ ਹੱਕਾਂ ਲਈ ਲੜਦੇ ਤਾਏ ਦੇ ਬੱਚੇ ਦਿਹਾੜੀ ਕਰਦੇ ਜਾਂ ਬੱਕਰੀਆਂ ਪਾਲਦੇ ਪਏ ਹਨ ! ਉਸ ਨੇ ਦੱਸਿਆ ਕਿ ਉਹ ਉਸੇ ਤਾਏ ਦੀ ਪੁਸ਼ਤ ਵਿੱਚੋਂ ਹੈ।

ਉਸ ਦੇ ਕੁੱਝ ਰਿਸ਼ਤੇਦਾਰ ਕਾਂਜਲੇ ਪਿੰਡ ਵਿੱਚ ਵੀ ਸਨ ਜਿੱਥੇ 20-20 ਕਿੱਲਿਆਂ ਦੇ ਮਾਲਕ ਮੁਸਲਮਾਨ ਵੀ ਵੱਢੇ ਟੁੱਕੇ ਗਏ ਸਨ। ਕੁੱਝ ਕੁ ਦੀਆਂ ਔਰਤਾਂ ਆਪਣੇ ਬੱਚੇ ਬਚਾ ਕੇ ਮਲੇਰਕੋਟਲੇ ਭੱਜ ਗਈਆਂ ਸਨ। ਉੱਥੇ ਉਹ ਖੌਰੇ ਕਿੰਨੀ-ਕਿੰਨੀ ਵਾਰ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈਆਂ ! ਉਨ੍ਹਾਂ ਦੇ ਬੱਚੇ ਹੁਣ ਦਿਹਾੜੀ ਕਰ ਕੇ ਢਿੱਡ ਪਾਲ ਰਹੇ ਹਨ।

ਉਸ ਦਿਹਾੜੀਦਾਰ ਦੀਆਂ ਅੱਖਾਂ ਇਹ ਸਭ ਸੁਣਾਉਂਦੀਆਂ ਬੜੀ ਵਾਰ ਭਰੀਆਂ ਕਿਉਂਕਿ ਉਹ ਹਾਲੇ ਤੱਕ ਲੰਘ ਚੁੱਕਿਆ ਹਰ ਪਲ ਆਪਣੇ ਪਿੰਡੇ ਉੱਤੇ ਹੰਢਾ ਰਿਹਾ ਸੀ ਤੇ ਉਸ ਦਾ ਵੰਡ ਵੇਲੇ ਦਾ ਜ਼ਖ਼ਮ ਅਜੇ ਤੱਕ ਅੱਲ੍ਹਾ ਸੀ !

ਬੋਲਦਿਆਂ ਬੋਲਦਿਆਂ ਉਹ ਕੁੱਝ ਚਿਰ ਰੁਕ ਕੇ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲਿਆ ‘ਏਨਾ ਯਾਦ ਰੱਖਿਓ ਮੈਂ ਰੁੱਤਾਂ ਬਥੇਰੀਆਂ ਬਦਲਦੀਆਂ ਵੇਖੀਆਂ ਨੇ। ਪੱਤੇ ਝੜਦੇ ਤੇ ਫੇਰ ਨਵੇਂ ਆ ਜਾਂਦੇ ਨੇ ਪਰ ਜੜ੍ਹਾਂ ਉਹੀ ਰਹਿੰਦੀਆਂ ਨੇ। ਇਨਸਾਨਾਂ ਦਾ ਬਿਲਕੁਲ ਇਹੋ ਜਿਹਾ ਹੀ ਹਾਲ ਹੈ। ਮਾੜੇ ਲੋਕ ਕੁਰਸੀਆਂ ਮੱਲ ਲੈਂਦੇ ਨੇ ਤੇ ਪੱਕੀਆਂ ਜੜ੍ਹਾਂ ਵਾਂਗ ਨੇ। ਉਨ੍ਹਾਂ ਦੇ ਮੋਹਰੇ ਪੱਤਿਆਂ ਵਾਂਗ ਝੜਦੇ ਰਹਿੰਦੇ ਹਨ। ਸਾਡੇ ਵਰਗੇ ਆਮ ਲੋਕ ਉਮੀਦਾਂ ਲਾ ਕੇ ਬਹਿ ਜਾਂਦੇ ਨੇ। ਫੇਰ ਨਵੇਂ ਮੋਹਰੇ ਵਖਰੇ ਰੰਗ-ਰੂਪ ਵਿੱਚ ਓਹੋ ਘਾਣ ਕਰਦੇ ਨੇ। ਬਸ ਫੇਰ ਚੱਲ ਸੋ ਚੱਲ ! ਜੜ੍ਹਾਂ ਤਾਂ ਉਹੋ ਨੇ ! ਔਰਤਾਂ ਅਤੇ ਗ਼ਰੀਬਾਂ ਨਾਲ ਹੋ ਰਿਹਾ ਅੱਤਿਆਚਾਰ ਨਾ ਕਦੇ ਘਟਿਆ ਹੈ, ਨਾ ਘਟੇਗਾ।’

ਗੱਲ ਦਿਲਚਸਪ ਸੀ। ਮੈਨੂੰ ਬਿਲਕੁਲ ਸਹੀ ਜਾਪੀ। ਸਮਾਂ ਬਦਲਦਾ ਹੈ, ਥਾਂ ਬਦਲਦੀ ਹੈ। ਨਵੇਂ ਚਿਹਰੇ ਆਉਂਦੇ ਹਨ, ਪਰ ਜ਼ੁਲਮ ਉਂਝ ਦਾ ਉਂਝ ਪਹਿਲਾਂ ਵਾਂਗ ਆਪਣੀ ਚਾਲ ਚੱਲਦਾ ਰਹਿੰਦਾ ਹੈ। ਚੰਗੇ ਲੋਕ ਚੁੱਪੀ ਸਾਧ ਇੰਜ ਹੀ ਜ਼ਿੰਦਗੀ ਬਤੀਤ ਕਰ ਤੁਰ ਜਾਂਦੇ ਹਨ। ਇਸੇ ਲਈ ਜ਼ੁਲਮ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਪਦੀ ਹੈ।

ਮੈਨੂੰ ਅੱਜ ਵੀ ਚੇਤੇ ਹੈ ਕਿ ਮੇਰੀ ਸਕੂਲ ਵੇਲੇ ਦੀ ਸਹੇਲੀ ਨੂੰ ਸਿਰਫ਼ ਇਸ ਲਈ ਸਕੂਲੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਸਾਈਕਲ ਉੱਤੇ ਸਕੂਲ ਆਉਂਦੀ ਨੂੰ ਰਾਹ ਵਿੱਚ ਇੱਕ ਵਾਰ ਇੱਕ ਮੁਸ਼ਟੰਡੇ ਨੇ ਸੀਟੀ ਮਾਰ ਦਿੱਤੀ ਸੀ ਤੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਸੀ।  ਗ਼ਲਤੀ ਕਿਸ ਦੀ ਤੇ ਭੁਗਤਿਆ ਕਿਸ ਨੇ !

ਇੰਨ-ਬਿੰਨ ਇਹੋ ਕੁੱਝ ਮੇਰੇ ਪਤੀ ਦੀਆਂ ਦੋ ਛੋਟੀਆਂ ਮਾਸੀਆਂ ਨਾਲ ਰਾਮਪੁਰਾ ਫੂਲ ਵਿੱਚ ਹੋਇਆ ਸੀ। ਉਨ੍ਹਾਂ ਨੂੰ ਵੀ ਇੱਕ ਮਨਚਲੇ ਦੀ ਸੀਟੀ ਕਾਰਨ ਸਕੂਲ ਬਦਲਣਾ ਪਿਆ ਸੀ। ਹੁਣ ਤੀਹ ਸਾਲ ਬਾਅਦ ਕੀ ਬਦਲਾਓ ਆਇਆ ਹੈ, ਉਸ ਵੱਲ ਵੀ ਝਾਤ ਮਾਰੀਏ ! ਕੀ ਉਸ ਦਿਹਾੜੀਦਾਰ ਦੀ ਕਹੀ ਗੱਲ ਸਹੀ ਨਹੀਂ ਹੈ ?

ਅੱਜ ਦੇ ਦਿਨ ਵੀ ਖ਼ਬਰਾਂ ਅਨੁਸਾਰ 16 ਸਾਲਾ ਸੰਗਰੂਰ ਦੀ ਦਲਿਤ ਬੱਚੀ ਨੂੰ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਣਾ ਪਿਆ ਕਿਉਂਕਿ ਚਾਰ ਜੱਟ ਮੁੰਡਿਆਂ ਨੇ 20 ਦਿਨ ਉਸ ਨੂੰ ਛੇੜ-ਛੇੜ ਕੇ ਉਸ ਦਾ ਜੀਣਾ ਹਰਾਮ ਕਰ ਦਿੱਤਾ। ਉਨ੍ਹਾਂ ਵੱਲੋਂ ਕੀਤੀ ਭੱਦੀ ਛੇੜਛਾੜ ਨੂੰ ਰੋਕਣ ਉੱਤੇ ਉਨ੍ਹਾਂ ਸ਼ਰੇਆਮ ਉਸ ਨੂੰ ਥੱਪੜ ਤੱਕ ਜੜ ਦਿੱਤਾ। ਵਿਚਾਰੀ ਬੱਚੀ ਇਸ ਡਰ ਨੂੰ ਚੁੱਪ ਰਹਿ ਗਈ ਕਿ ਕਿਤੇ ਉਸ ਦਾ ਸਕੂਲ ਜਾਣਾ ਬੰਦ ਨਾ ਹੋ ਜਾਏ। ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ ਤਾਂ ਜੋ ਉਸ ਦੇ ਗ਼ਰੀਬ ਮਾਪਿਆਂ ਲਈ ਕੋਈ ਖ਼ਤਰਾ ਨਾ ਰਹੇ !

ਭਾਰਤ ਦੇ ਨੈਸ਼ਨਲ ਕਰਾਈਮ ਬਿਊਰੋ ਦਾ ਰਿਕਾਰਡ ਦੱਸਦਾ ਹੈ ਕਿ ਅਜਿਹਾ ਕੋਈ ਇੱਕਾ ਦੁੱਕਾ ਕੇਸ ਨਹੀਂ ਹੈ। ਸਿਰਫ਼ ਸੰਨ 2014 ਵਿੱਚ ਹੀ 36,700 ਜਬਰ-ਜ਼ਿਨਾਹ ਦੇ ਕੇਸ ਰਿਪੋਰਟ ਹੋਏ ਹਨ। ਜਿਹੜੇ ਰਿਪੋਰਟ ਨਹੀਂ ਹੋਏ ਜਾਂ ਘਰਾਂ ਵਿੱਚ ਨਾਬਾਲਗ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ਹਨ, ਉਹ ਇਸ ਤੋਂ ਤਿੰਨ ਗੁਣਾ ਤੋਂ ਵੀ ਵੱਧ ਹਨ।

ਲਾਹਨਤ ਵਾਲੀ ਗੱਲ ਇਹ ਹੈ ਕਿ ਭਾਰਤੀ ਨੌਜਵਾਨ ਹੁਣ ਇੱਕ ਔਰਤ ਨੂੰ ਵੀ ਚੱਬਣ ਵਿੱਚ ਇਕੱਲੇ ਤੌਰ ਉੱਤੇ ਘਬਰਾਉਣ ਲੱਗ ਪਏ ਹਨ ਤੇ ਪੂਰੀ ਟੀਮ ਬਣਾ ਕੇ ਹੱਲਾ ਬੋਲਦੇ ਪਏ ਹਨ। ਸੰਨ 2014 ਵਿੱਚ ਪੂਰੇ ਮੁਲਕ ਵਿੱਚ 2300 ਸਮੂਹਕ ਬਲਾਤਕਾਰ ਹੋਏ, ਜਿਨ੍ਹਾਂ ਵਿੱਚੋਂ 570 ਸਿਰਫ਼ ਉੱਤਰ ਪ੍ਰਦੇਸ ਵਿੱਚ ਹੀ ਸਨ। ਹਰਿਆਣਾ ਤੇ ਦਿੱਲੀ ਅਜਿਹੇ ਜ਼ੁਲਮ ਕਰਨ ਵਿੱਚ ਪਹਿਲਾ ਤੇ ਦੂਜਾ ਨੰਬਰ ਕ੍ਰਮਵਾਰ ਲੈ ਕੇ ਬੈਠੇ ਹਨ। ਕਾਰਨ ? ਕੁੜੀਆਂ ਦੀ ਘਟਦੀ ਜਾਂਦੀ ਗਿਣਤੀ !  ਪੰਜਵੇਂ ਨੰਬਰ ਉੱਤੇ ਪੰਜਾਬ ਹੈ !

ਰਾਹ ਚੱਲਦਿਆਂ ਭੱਦੀ ਛੇੜਛਾੜ, ਕੰਮ ਕਾਜ ਵਾਲੀ ਥਾਂ ਉੱਤੇ ਹਵਸ ਦਾ ਸ਼ਿਕਾਰ ਬਣਾਉਣਾ ਅਤੇ ਬੱਸਾਂ ਗੱਡੀਆਂ ਵਿੱਚ ਹੋ ਰਹੀ ਬੇਹਯਾਈ ਦੀ ਗਿਣਤੀ ਕਰਨੀ ਔਖੀ ਹੋਈ ਪਈ ਹੈ। ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ 36,700 ਜਬਰ ਜ਼ਿਨਾਹ ਦੇ ਕੇਸਾਂ ਵਿੱਚੋਂ 197 ਪੁਲਿਸ ਸਟੇਸ਼ਨ ਵਿੱਚ ਪੁਲਿਸ ਦੀ ਦੇਖ-ਰੇਖ ਹੇਠਾਂ ਹੋਏ। ਉੱਤਰ ਪ੍ਰਦੇਸ ਵਿੱਚ ਤਾਂ ਹੱਦ ਬੰਨ੍ਹੇ ਹੀ ਤੋੜ ਦਿੱਤੇ ਗਏ ਕਿਉਂਕਿ ਉੱਥੋਂ ਦੇ 90 ਪ੍ਰਤੀਸ਼ਤ ਬਲਾਤਕਾਰਾਂ ਦੇ ਕੇਸ ਥਾਣਿਆਂ ਅੰਦਰ ਹੀ ਹੋਏ ਹਨ। ਕਾਰਾ ਕਰਨ ਵਾਲੇ ਵੱਡੇ ਘਰਾਂ ਦੇ ਕਾਕੇ ਆਪਣਾ ਅਸਰ ਰਸੂਖ ਵਰਤ ਕੇ ਕੇਸਾਂ ’ਚੋਂ ਝਟ ਬਾਹਰ ਨਿਕਲ ਗਏ !

ਇਨ੍ਹਾਂ ਤੋਂ ਇਲਾਵਾ 4200 ਹੋਰ ਕੇਸ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿਚ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਦਿਆਂ ਰਾਹਗੀਰਾਂ ਜਾਂ ਆਂਢੀਆਂ-ਗੁਆਂਢੀਆਂ ਵੱਲੋਂ ਬਚਾ ਲਿਆ ਗਿਆ ਜਾਂ ਔਰਤਾਂ ਨੇ ਆਪਣੀ ਆਬਰੂ ਬਚਾਉਣ ਖ਼ਾਤਰ ਖ਼ੁਦਕੁਸ਼ੀ ਕਰ ਲਈ।

ਨੰਗੇਜ਼ਵਾਦ ’ਚ ਵਾਧਾ ਸਿਖ਼ਰ ਉੱਤੇ ਪਹੁੰਚ ਚੁੱਕਿਆ ਹੈ, ਜਿਸ ਵਿੱਚ ਮੀਡੀਆ, ਮੋਬਾਇਲ, ਲੱਚਰ ਗੀਤ ਸੰਗੀਤ, ਕੰਪਿਊਟਰ, ਇੰਟਰਨੈੱਟ, ਫੇਸਬੁੱਕ ਆਦਿ ਗੱਲ ਕੀ ਹਰ ਜਣਾ ਔਰਤ ਨੂੰ ਨਿਰਵਸਤਰ ਕਰਨ ਦੀ ਹੋੜ ਵਿੱਚ ਪਹਿਲਾ ਨੰਬਰ ਲੈਣ ਦੇ ਜਤਨ ਵਿੱਚ ਲੱਗਿਆ ਹੋਇਆ ਹੈ। ਭਾਰਤ ਵਿਚਲੇ ਅਜਿਹੇ 674 ਕੇਸ ਜੋ ਔਰਤਾਂ ਦੀਆਂ ਕੱਪੜੇ ਬਦਲਦਿਆਂ ਦੀਆਂ ਜਾਂ ਨਹਾਉਂਦਿਆਂ ਦੀਆਂ ਵੀਡੀਓ ਬਣਾਉਣ ਵਾਲੇ ਸਾਹਮਣੇ ਆਏ, ਉਨ੍ਹਾਂ ਵਿੱਚ ਗੋਆ ਪਹਿਲੇ ਨੰਬਰ ਉੱਤੇ ਹੈ ਤੇ ਅਸਾਮ ਦੂਜੇ ਨੰਬਰ ਉੱਤੇ।

ਬੱਚੀਆਂ ਦਾ ਪਿੱਛਾ ਕਰਕੇ ਧਮਕਾਉਣ ਜਾਂ ਅਗਵਾ ਕਰਨ ਦੇ 4600 ਕੇਸ ਸੰਨ 2014 ਵਿੱਚ ਰਿਪੋਰਟ ਹੋਏ ਜਿਸ ਵਿੱਚ ਪਹਿਲਾ ਨੰਬਰ ਉੱਤਰ ਪ੍ਰਦੇਸ (835 ਕੇਸ) ਤੇ ਦੂਜਾ ਮਹਾਰਾਸ਼ਟਰ ਦਾ ਹੈ (797 ਕੇਸ)। ਦਿੱਲੀ ਵਿੱਚ 541 ਕੇਸ ਰਿਕਾਰਡ ਹੋਏ ਪਰ ਆਬਾਦੀ ਦੇ ਹਿਸਾਬ ਨਾਲ ਵੇਖੀਏ ਤਾਂ ਦਿੱਲੀ ਦਾ ਨਾਂ ਪਹਿਲੇ ਨੰਬਰ ਉੱਤੇ ਆ ਜਾਂਦਾ ਹੈ।

ਕੰਮ ਕਾਰ ਵਾਲੀ ਥਾਂ ਉੱਤੇ ਹੋ ਰਹੀ ਔਰਤਾਂ ਨਾਲ ਭੱਦੀ ਛੇੜਛਾੜ ਅਤੇ ਯੌਨ ਉਤਪੀੜਨ ਦੇ ਕੇਸ ਏਨੇ ਜ਼ਿਆਦਾ ਹੋ ਚੁੱਕੇ ਹਨ ਕਿ ਗਿਣਤੀ ਕਰਨੀ ਔਖੀ ਹੋ ਗਈ ਹੈ ਕਿਉਂਕਿ ਡਰਾ ਧਮਕਾ ਕੇ ਜਿਸ ਤਰੀਕੇ ਉਨ੍ਹਾਂ ਔਰਤਾਂ ਦਾ ਮੂੰਹ ਘੁੱਟ ਦਿੱਤਾ ਜਾਂਦਾ ਹੈ, ਉਹ ਕੇਸ ਦਰਜ ਕਰਵਾਉਣ ਅੱਗੇ ਆਉਂਦੀਆਂ ਹੀ ਨਹੀਂ। ਨੈਸ਼ਨਲ ਕਰਾਈਮ ਬਿਊਰੋ ਨੇ ਸਪਸ਼ਟ ਕੀਤਾ ਹੈ ਕਿ ਵਾਕਈ ਲਗਭਗ ਹਰ ਕੰਮ ਕਾਰ ਵਾਲੀ ਥਾਂ ਔਰਤਾਂ ਨਾਲ ਧੱਕਾ ਹੋ ਰਿਹਾ ਹੈ, ਪਰ ਕੇਵਲ 57 ਔਰਤਾਂ ਹੀ ਪੂਰੇ ਭਾਰਤ ਵਿੱਚੋਂ ਕੇਸ ਕਰਨ ਅਗਾਂਹ ਆਈਆਂ। ਬਾਕੀ ਚੁੱਪ ਚਾਪ ਸਹਿ ਰਹੀਆਂ ਹਨ ਤਾਂ ਜੋ ਸਹੁਰੇ-ਪੇਕੇ ਘਰ ਦੀ ਲੱਜ ਢਕੀ ਰਹਿ ਸਕੇ। ਜਦੋਂ ਕੰਮ ਕਾਰ ਵਾਲੀ ਥਾਂ ਉੱਤੇ ਸਮੂਹਕ ਤੌਰ ’ਤੇ ਨੌਕਰੀਪੇਸ਼ਾ ਕੁੜੀ ਉੱਤੇ ਹੱਲਾ ਬੋਲਿਆ ਗਿਆ ਹੋਵੇ ਜਾਂ ਕੰਮ ਕਾਰ ਵਾਲੀ ਥਾਂ ਤੋਂ ਬਾਹਰ ਬੌਸ ਨਾਲ ਹੋਰ ਦੋਸਤ ਰਲ ਕੇ ਨੌਕਰੀ ਕਰਦੀ ਲੋੜਵੰਦ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਹੋਣ ਤਾਂ ਅਜਿਹੇ 469 ਕੇਸ ਜ਼ਰੂਰ ਰਿਪੋਰਟ ਹੋਏ ਹਨ।

ਬੱਸਾਂ, ਰੇਲ ਗੱਡੀਆਂ, ਸੜਕਾਂ ਉੱਤੇ, ਰਾਹ ਵਿੱਚ ਆਉਂਦੇ ਜਾਂਦੇ ਸੀਟੀਆਂ ਮਾਰਨੀਆਂ, ਭੱਦੀ ਛੇੜਛਾੜ, ਗੁੰਡਾਗਰਦੀ, ਚੂੰਡੀਆਂ ਮਾਰਨੀਆਂ, ਸਰੀਰ ਨੂੰ ਟੋਹਣਾ ਆਦਿ ਕੇਸਾਂ ਨੂੰ ਪੁਲਿਸ ਰਿਕਾਰਡ ਕਰਨ ਵਿੱਚ ਵੀ ਆਨਾਕਾਨੀ ਕਰਨ ਲੱਗ ਪਈ ਹੈ ਕਿਉਂਕਿ ਜਿੰਨੇ ਕੇਸ ਅਸਲ ਵਿੱਚ ਵਾਪਰ ਰਹੇ ਹਨ, ਜੇ ਗਿਣਤੀ ਕਰਨੀ ਪੈ ਜਾਏ ਤਾਂ ਭਾਰਤ ਦੀ ਲਗਭਗ ਹਰ ਔਰਤ ਤੇ ਬੱਚੀ ਇਹ ਹਾਮੀ ਭਰੇਗੀ ਕਿ ਉਸ ਨਾਲ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਵਾਰ ਅਜਿਹਾ ਹੋ ਚੁੱਕਿਆ ਹੈ। ਦਿੱਲੀ ਵਰਗੇ ਸ਼ਹਿਰ ਵਿੱਚ, ਜਿਹੜਾ ਔਰਤਾਂ ਲਈ ਸਭ ਤੋਂ ਖ਼ਤਰਨਾਕ ਥਾਂ ਸਾਬਤ ਹੋ ਚੁੱਕਿਆ ਹੈ, ਵਿੱਚ ਸਿਰਫ਼ 8 ਔਰਤਾਂ ਨੇ ਅਜਿਹੀ ਛੇੜਛਾੜ ਦਾ ਕੇਸ ਦਰਜ ਕਰਵਾਇਆ ਹੈ। ਪੂਰੇ ਭਾਰਤ ਵਿੱਚ ਸਿਰਫ਼ 121 ਔਰਤਾਂ ਨੇ ਕੇਸ ਦਰਜ ਕਰਵਾਇਆ ਪਰ ਸਾਰਿਆਂ ਨੇ ਇਹੋ ਮੰਨਿਆ ਕਿ ਕੇਸ ਦਰਜ ਕਰਵਾਉਣ ਤੋਂ ਬਾਅਦ ਵੀ ਉਸੇ ਹਾਲ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਤਬਦੀਲੀ ਮਾਹੌਲ ਵਿੱਚ ਨਹੀਂ ਆਈ ਦਿਸੀ !

ਸੰਨ 2014 ਵਿੱਚ 77,000 ਅਗਵਾ ਦੇ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 31,000 ਬੱਚੀਆਂ ਸਿਰਫ਼ ਵਿਆਹ ਕਰਵਾਉਣ ਲਈ ਛੜਿਆਂ ਵੱਲੋਂ ਚੁਕਵਾਈਆਂ ਗਈਆਂ ਕਿਉਂਕਿ ਕੁੜੀਆਂ ਦੀ ਘਾਟ ਕਾਰਨ ਉਨ੍ਹਾਂ ਦੇ ਵਿਆਹ ਨਹੀਂ ਸਨ ਹੋ ਰਹੇ। ਉੱਤਰ ਪ੍ਰਦੇਸ, ਬਿਹਾਰ ਤੇ ਅਸਾਮ ਵਿਚਲੀਆਂ 50 ਫੀਸਦੀ ਅਗਵਾ ਹੋਈਆਂ ਬੱਚੀਆਂ (ਉੱਤਰ ਪ੍ਰਦੇਸ ਵਿੱਚ 7,338 ਜਵਾਨ ਬੱਚੀਆਂ ਚੁੱਕੀਆਂ ਗਈਆਂ ਯਾਨੀ 60 ਫ਼ੀਸਦੀ ਅਗਵਾ ਹੋਏ ਕੇਸ) ਸਿਰਫ ਵਿਆਹ ਕਰਵਾਉਣ ਲਈ ਚੁੱਕੀਆਂ ਗਈਆਂ।

ਜਿਹੜਾ ਤੱਥ ਸਭ ਤੋਂ ਘਿਨਾਉਣਾ ਹੈ, ਉਹ ਇਹ ਹੈ ਕਿ 47 ਫ਼ੀਸਦੀ ਜਬਰ-ਜ਼ਿਨਾਹ ਦੇ ਕੇਸ 18 ਸਾਲ ਤੋਂ ਛੋਟੀਆਂ ਬੱਚੀਆਂ, ਖਾਸਕਰ 6 ਸਾਲ ਤੋਂ ਵੀ ਛੋਟੀਆਂ ਬੱਚੀਆਂ ਵਿੱਚ ਰਿਕਾਰਡ ਕੀਤੇ ਗਏ ! ਮੱਧ ਪ੍ਰਦੇਸ ਵਿੱਚ 5076 ਤੇ ਹਿਮਾਚਲ ਵਿੱਚ 284 ਰੇਪ ਦੇ ਕੇਸ ਦਰਜ ਹੋਏ ਪਰ ਇਨ੍ਹਾਂ ਵਿੱਚ ਸਭ ਤੋਂ ਵੱਧ ਕੇਸ 6 ਤੋਂ 12 ਅਤੇ ਫੇਰ 12 ਤੋਂ 16 ਸਾਲ ਦੀਆਂ ਨਿੱਕੀਆਂ ਬਾਲੜੀਆਂ ਦੇ ਸਨ ! ਸਾਲ 2014 ਵਿੱਚ 18 ਤੋਂ 30 ਸਾਲ ਦੀਆਂ 97 ਤੇ 30 ਤੋਂ 45 ਸਾਲ ਦੀਆਂ 49 ਔਰਤਾਂ ਨੇ ਰੇਪ ਦਾ ਕੇਸ ਹਿਮਾਚਲ ਪ੍ਰਦੇਸ ਵਿੱਚ ਦਰਜ ਕਰਵਾਇਆ। ਇਨ੍ਹਾਂ ਤੋਂ ਇਲਾਵਾ ਤਿੰਨ ਕੇਸ 60 ਵਰ੍ਹਿਆਂ ਦੀਆਂ ਔਰਤਾਂ ਦੇ ਵੀ ਸਨ ਤੇ 5 ਕੇਸ 8 ਮਹੀਨੇ ਤੋਂ 2 ਸਾਲ ਦੀਆਂ ਬੱਚੀਆਂ ਦੇ ਰਿਕਾਰਡ ਹੋਏ। ਸੰਨ 2010 ਤੋਂ 2015 ਤੱਕ ਬਲਾਤਕਾਰ ਦੇ ਰਿਕਾਰਡ ਕੀਤੇ ਜਾ ਰਹੇ ਕੇਸਾਂ ਵਿੱਚ ਲਗਭਗ ਦੁਗਣਾ ਵਾਧਾ ਹੁੰਦਾ ਜਾ ਰਿਹਾ ਹੈ !

ਹੁਣ ਇਨ੍ਹਾਂ 6 ਜਾਂ 8 ਮਹੀਨਿਆਂ ਦੀਆਂ ਕਿਲਕਾਰੀਆਂ ਮਾਰਦੀਆਂ ਬਾਲੜੀਆਂ ਤੋਂ ਲੈ ਕੇ 60 ਵਰ੍ਹਿਆਂ ਦੀ ਮਾਂ ਦਾ ਚੀਰਹਰਣ ਕਰਨ ਵਾਲਿਆਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੀਏ !

ਪੁਲਿਸ ਦੀ ਤਫ਼ਤੀਸ਼ ਅਨੁਸਾਰ ਸਾਰੇ ਦੇ ਸਾਰੇ ਰਿਕਾਰਡ ਹੋਏ ਕੇਸਾਂ ਵਿੱਚ ਘਿਨਾਉਣਾ ਕਾਰਾ ਕਰਨ ਵਾਲੇ ਬਾਲੜੀਆਂ ਦੇ ਪਿਓ, ਭਰਾ, ਮਾਮੇ, ਚਾਚੇ, ਤਾਏ, ਫੁੱਫੜ ਜਾਂ ਹੋਰ ਨੇੜੇ ਦੇ ਰਿਸ਼ਤੇਦਾਰ ਹੀ ਸਨ ! ਇੱਕ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ ਜਿੱਥੇ ਕਿਸੇ ਬਾਹਰਲੇ ਨੇ ਹੱਦ ਟੱਪੀ ਹੋਵੇ ! ਹਿਮਾਚਲ ਵਿੱਚ ਰਿਪੋਰਟ ਹੋਏ 283 ਕੇਸਾਂ ਵਿੱਚੋਂ 24 ਤਾਂ ਪਿਓ ਹੀ ਗੁਨਾਹਗਾਰ ਸਨ, 5 ਭਰਾ, 16 ਚਾਚੇ-ਤਾਏ ਤੇ 49 ਬਹੁਤ ਨੇੜਲੇ ਗੁਆਂਢੀ। ਇਸੇ ਤਰ੍ਹਾਂ 9 ਕੇਸ ਦਫ਼ਤਰ ਦੇ ਬੌਸ ਵੱਲੋਂ ਕੀਤੀ ਜਿਸਮਾਨੀ ਵਧੀਕੀ ਦੇ ਸਨ !  ਸਭ ਤੋਂ ਘੱਟ ਜਬਰ-ਜ਼ਿਨਾਹ ਦੇ ਕੇਸ ਨਾਗਾਲੈਂਡ (30), ਸਿੱਕਮ  (47) ਤੇ ਮਨੀਪੁਰ (75) ਵਿੱਚ ਰਿਪੋਰਟ ਹੋਏ ਸਨ !

ਭਾਵੇਂ ਵੰਡ ਅਤੇ ਜੰਗਾਂ ਸਮੇਂ ਦੀ ਭਿਆਨਕ ਜ਼ਲਾਲਤ ਸਹਿਣੀ ਪਈ ਹੋਵੇ, ਭਾਵੇਂ ਸਕੂਲਾਂ ਵਿੱਚ ਅਧਿਆਪਕਾਂ ਹੱਥੋਂ ਜਬਰ-ਜ਼ਿਨਾਹ ਦੇ ਕੇਸ ਹੋਣ, ਧਾਰਮਿਕ ਸਥਾਨਾਂ ਉੱਤੇ ਬੇਹਯਾਈ ਕੀਤੀ ਗਈ ਹੋਵੇ, ਕੁੱਖ ਵਿੱਚ ਕਤਲ ਕਰ ਕੁੱਤਿਆਂ ਅੱਗੇ ਸੁੱਟਿਆ ਗਿਆ ਹੋਵੇ, ਗੋਦ ਵਿੱਚ ਮੁਸਕੁਰਾਉਂਦੀ ਕਲੀ ਨੂੰ ਪਿਓ ਜਾਂ ਭਰਾ ਵੱਲੋਂ ਹੀ ਮਿੱਧਿਆ ਗਿਆ ਹੋਵੇ, ਕੰਮਕਾਰ ਵਾਲੀ ਥਾਂ ਔਰਤ ਨੂੰ ਨਿਰਵਸਤਰ ਕੀਤਾ ਗਿਆ ਹੋਵੇ, ਮੀਡੀਆ ਰਾਹੀਂ ਅਸ਼ਲੀਲ ਤਸਵੀਰਾਂ ਨਾਲ, ਭੱਦੇ ਗੀਤ-ਸੰਗੀਤ ਨਾਲ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੋਵੇ ਜਾਂ ਤਾਹਨੇ ਮਿਹਣਿਆਂ ਨਾਲ ਲਫ਼ਜ਼ੀ ਬਲਾਤਕਾਰ ਹੋ ਰਿਹਾ ਹੋਵੇ, ਔਰਤ ਜਾਤ ਨੂੰ ਜ਼ਲੀਲ ਕਰਨ ਵਿੱਚ ਕੋਈ ਪਿਛਾਂਹ ਨਹੀਂ ਰਹਿ ਰਿਹਾ। ਸਹੀ ਕਿਹਾ ਗਿਆ ਹੈ ‘ਇਹ ਦੇਸ ਕੇ ਮੰਦਿਰੋਂ ਮੇਂ ਕਹਾਂ ਦਰਾਰ ਨਹੀਂ। ਸਹੀ ਸਲਾਮਤ ਏਕ ਭੀ ਦੀਵਾਰ ਨਹੀਂ। ਮਤ ਪੂਛੋ ਕਿਸ ਨੇ ਲੂਟਾ ਹੈ ਇਸ ਗੁਲਸ਼ਨ ਕੋ। ਯੇ ਪੂਛੋ ਇਸ ਲੂਟ ਮੇਂ ਕੌਨ ਹਿੱਸੇਦਾਰ ਨਹੀਂ  ?’

ਰਿਪੋਰਟਾਂ ਮੁਤਾਬਕ ਜੇ ਪਿਓ ਗੋਦ ਵਿੱਚ ਪਈ ਧੀ ਦੀ ਪੱਤ ਲੁੱਟਣ ਤੋਂ ਬਿਨਾਂ ਨਹੀਂ ਰਹਿ ਸਕਿਆ ਤੇ ਪੁੱਤਰ; ਮਾਂ ਦਾ ਬਲਾਤਕਾਰ ਕਰਨ ਤੋਂ ਬਗ਼ੈਰ ਨਹੀਂ ਰਹਿ ਸਕਿਆ ਤਾਂ ਔਰਤ ਕਿੱਥੇ ਸੁਰੱਖਿਅਤ ਮੰਨੀ ਜਾਣੀ ਚਾਹੀਦੀ ਹੈ ? ਕੌਣ ਉਸ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਏਗਾ ? ਔਰਤ ਦੇ ਮੁਰਦਾ ਜਿਸਮ ਤੱਕ ਨਾਲ ਕੀਤਾ ਗਿਆ ਬਲਾਤਕਾਰ ਅਨੇਕ ਵਾਰ ਰਿਕਾਰਡ ਹੋ ਚੁੱਕਿਆ ਹੈ।

ਕਮਾਲ ਦਾ ਜਿਗਰਾ ਕਹਿਣਾ ਚਾਹੀਦਾ ਹੈ ਕਿ ਅਜਿਹਾ ਕਾਰਾ ਕਰਨ ਵਾਲੇ ਮਰਦ ਧਾਰਮਿਕ ਸਥਾਨਾਂ ਵਿੱਚ ਦੇਵੀਆਂ ਨੂੰ ਮਾਵਾਂ ਤੇ ਕੰਜਕਾਂ ਦੇ ਨਾਂ ਦੇ ਕੇ ਉੱਚੇ-ਉੱਚੇ ਨਾਅਰੇ ਲਾਉਂਦੇ, ਮੱਥੇ ਤਿਲਕ ਲਾਉਂਦੇ ਤੇ ਉਨ੍ਹਾਂ ਅੱਗੇ ਮੱਥੇ ਰਗੜ ਕੇ ਪਾਪ ਬਖ਼ਸ਼ਾਉਂਦੇ, ਧਨ ਦੌਲਤ ਦੇ ਵਾਧੇ ਲਈ ਦੁਆਵਾਂ ਕਰਦੇ ਵੇਖੇ ਜਾਂਦੇ ਹਨ !

ਪਿੰਡਾਂ ਦੀਆਂ ਪੰਚਾਇਤਾਂ ਫ਼ੈਸਲੇ ਦੇ ਰਹੀਆਂ ਹਨ ਕਿ ਜੇ ਮੁੰਡਾ ਜਾਤੀ ਤੋਂ ਬਾਹਰ ਵਿਆਹ ਕਰਵਾਏਗਾ ਤਾਂ ਉਸ ਦੀਆਂ ਭੈਣਾਂ ਦਾ ਸਮੂਹਿਕ ਬਲਾਤਕਾਰ ਕੀਤਾ ਜਾਵੇਗਾ ! ਕਮਾਲ ਹੀ ਹੋ ਗਈ ਦੋਗਲੇਪਨ ਦੀ ! ਕੋਈ ਹਦ ਬੰਨ੍ਹਾ ਛੱਡਿਆ ਹੀ ਨਹੀਂ ਗਿਆ ! ਕੇਸ ਕੋਈ ਵੀ ਹੋਵੇ, ਫ਼ੈਸਲਾ ਔਰਤ ਦੀ ਪਤ ਲੁੱਟਣ ਦਾ ਸੁਣਾਇਆ ਜਾਵੇਗਾ ! ਦੁਰ ਫਿੱਟੇ ਮੂੰਹ ਇਹੋ ਜਿਹੇ ਸਮਾਜ ਦਾ !

ਅਸਲੀਅਤ ਵਿੱਚ ਇਹ ਸਮਾਜ ਪੂਰਾ ਨੰਗਾ ਹੈ, ਪਰ ਨੰਗਾ ਕਹਾਏ ਜਾਣ ਤੋਂ ਡਰਦਾ ਹੈ। ਪਾਖੰਡ ਦਾ ਨਕਾਬ ਪਹਿਣ ਕੇ ਬੈਠੇ ਬਥੇਰੇ ਲੋਕ ਆਪਣੇ ਮਨ ਅੰਦਰਲੇ ਪਾਪ ਦੇ ਪੁੰਗਰੇ ਬੀਜ ਨੂੰ ਲੁਕਾਉਣ ਖ਼ਾਤਰ ਔਰਤ ਨੂੰ ਹੀ ਔਰਤ ਦਾ ਦੁਸ਼ਮਣ ਕਹਿ ਕੇ ਪਾਸਾ ਵੱਟ ਕੇ ਬਹਿ ਜਾਂਦੇ ਹਨ।

6 ਮਹੀਨਿਆਂ ਦੀ ਬੱਚੀ ਨਾਲ ਕੁਕਰਮ ਕਰਨ ਵਾਲਾ ਪਿਓ, 60 ਸਾਲਾਂ ਦੀ ਮਾਂ ਨਾਲ ਮੂੰਹ ਕਾਲਾ ਕਰਨ ਵਾਲਾ ਪੁੱਤਰ, ਰੱਖੜੀ ਬੰਨ੍ਹਣ ਵਾਲੀ ਭੈਣ ਨਾਲ ਬੇਹਯਾਈ ਕਰਨ ਵਾਲਾ ਭਰਾ, ਫਰੇਬੀ ਮੁਖੌਟਾ ਪਹਿਨੀ ਦਫ਼ਤਰ ਦਾ ਬੌਸ ਆਪਣੇ ਮਾਤਿਹਤ ਕੰਮ ਕਰਦੀ ਔਰਤ ਨੂੰ ਝਪਟਣ ਲਈ ਸ਼ਿੰਕਜਾ ਕਸ ਕੇ ਬੈਠਾ ਤਿਆਰ-ਬਰ-ਤਿਆਰ ਕਿਵੇਂ ਇਹ ਮੰਨੇ ਕਿ ਮਰਦ ਔਰਤ ਦਾ ਦੁਸ਼ਮਨ ਹੈ ? ਆਪਣਾ ਬਘਿਆੜੀ ਰੂਪ ਲੁਕਾਉਣ ਖ਼ਾਤਰ ਕਿੰਨਾ ਸੌਖਾ ਹੈ ਕਿ ਜਿਸ ਉੱਤੇ ਜ਼ੁਲਮ ਕੀਤਾ ਗਿਆ ਹੋਵੇ, ਉਸੇ ਨੂੰ ਗੁਨਾਹਗਾਰ ਸਾਬਤ ਕਰ ਦਿਓ !

ਜਿੰਨੀਆਂ ਮਾਵਾਂ ਤੋਂ ਪੁੱਛਗਿਛ ਕੀਤੀ ਗਈ ਕਿ ਉਨ੍ਹਾਂ ਆਪਣੀਆਂ ਅੱਖਾਂ ਸਾਹਮਣੇ ਆਪਣੀ ਧੀ ਦਾ ਬਲਾਤਕਾਰ ਆਪਣੇ ਪਤੀ ਵੱਲੋਂ ਹੁੰਦਾ ਵੇਖਿਆ ਤਾਂ ਰਿਪੋਰਟ ਦਰਜ ਕਿਉਂ ਨਹੀਂ ਕਰਵਾਈ, ਤਾਂ ਉਨ੍ਹਾਂ ਦਾ ਜਵਾਬ ਸੀ ‘ਘਰ ਤਾਂ ਇੱਕ ਚੱਬ ਰਿਹਾ ਹੈ, ਪਰ ਘਰੋਂ ਬਾਹਰ ਸੈਂਕੜੇ ਸਾਨੂੰ ਨੋਚਣ ਨੂੰ ਤਿਆਰ ਬੈਠੇ ਹਨ ? ਕਿੱਥੇ ਸ਼ਰਨ ਲਈਏ ? ਇਸੇ ਲਈ ਇਹੀ ਜੇਲ੍ਹ ਰੂਪੀ ਨਰਕ ਔਖੇ-ਸੌਖੇ ਕੱਟ ਲੈਂਦੇ ਹਾਂ।’

ਏਨਾ ਸਭ ਕੁੱਝ ਵੇਖ ਸੁਣ ਕੇ, ਮੈਂ ਹਾਲੇ ਵੀ ਨਾ-ਉਮੀਦ ਨਹੀਂ ਹੋਈ। ਬਥੇਰੇ ਮਰਦ ਹਾਲੇ ਵੀ ਇੱਕੋ ਰੱਟ ਨਹੀਂ ਲਗਾ ਕੇ ਬੈਠੇ ਕਿ ਸਿਰਫ਼ ਔਰਤ ਹੀ ਔਰਤ ਦੀ ਦੁਸ਼ਮਣ ਹੈ ਬਲਕਿ ਉਹ ਅਜਿਹਾ ਘਿਨਾਉਣਾ ਕਾਰਾ ਕਰਨ ਵਾਲਿਆਂ ਮਰਦਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ। ਹਾਲੇ ਵੀ ਕਾਨੂੰਨ ਦੇ ਘਾੜੇ ਹਨ ਜੋ ਔਰਤਾਂ ਪ੍ਰਤੀ ਹੋ ਰਹੇ ਘਿਨਾਉਣੇ ਜੁਰਮਾਂ ਅਤੇ ਉਸ ਦੀ ਇੱਜ਼ਤ ਤਾਰ-ਤਾਰ ਕਰਨ ਵਾਲਿਆਂ ਲਈ ਤਕੜੀ ਸਜ਼ਾ ਦੇਣ ਲਈ ਤਿਆਰ ਹਨ। ਬਥੇਰੇ ਡਾਕਟਰ ਵੀ ਹਨ ਜੋ ਜਬਰ-ਜ਼ਿਨਾਹ ਕਰਨ ਵਾਲਿਆਂ ਦਾ ਅੰਗ ਵੱਢ ਕੇ ਨਪੁੰਸਕ ਬਣਾਉਣ ਨੂੰ ਤਿਆਰ ਬੈਠੇ ਹਨ। ਬਥੇਰੇ ਪਿਓ ਵੀ ਹਨ ਜੋ ਦੂਜਿਆਂ ਦੀਆਂ ਧੀਆਂ ਬਚਾਉਣ ਲਈ ਸਭ ਕੁੱਝ ਵਾਰ ਦਿੰਦੇ ਹਨ। ਅਧਿਆਪਕ ਵਰਗ ਵਿੱਚ ਵੀ ਬਥੇਰੇ ਭਲੇ ਮਾਨਸ ਹਨ, ਪਰ ਖ਼ਾਮੋਸ਼ ਰਹਿ ਜਾਣਾ ਉਨ੍ਹਾਂ ਨੂੰ ਜੁਰਮ ਦਾ ਭਾਗੀਦਾਰ ਬਣਾ ਦਿੰਦਾ ਹੈ।

ਇਹ ਸਮਾਜ ਦਰਅਸਲ ਚੰਗੇ ਲੋਕਾਂ ਦੀ ਚੁੱਪੀ ਕਾਰਨ ਵੱਧ ਬੀਮਾਰ ਹੋ ਗਿਆ ਹੈ ! ਕਿਉਂ ਨਹੀਂ ਰਲ਼ ਮਿਲ ਕੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਅਜਿਹਾ ਕਾਰਾ ਕਰਨ ਵਾਲਿਆਂ ਨੂੰ ਫਾਹੇ ਟੰਗ ਦਿੱਤਾ ਜਾਂਦਾ ਤਾਂ ਜੋ ਅੱਗੇ ਤੋਂ ਮਾੜੀ ਸੋਚ ਵਾਲਿਆਂ ਦੇ ਦਿਲ ਦਹਿਲ ਜਾਣ ? ਕਦੇ ਤਾਂ ਉੱਠੀਏ ਮਾਂ ਦੇ ਦੁੱਧ ਦਾ ਕਰਜ਼ ਲਾਹੁਣ ਲਈ !  ਸੁਰਜੀਤ ਪਾਤਰ ਜੀ ਨੇ ਸਹੀ ਹਲੂਣਿਆ ਹੈ ‘ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਪੌਣਾ ਕੁਪੱਤੀਆਂ। ਹਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ। ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ। ਬਾਲ ਜੋਤਾਂ ਆਸ ਭਰੀਆਂ ਮਾਣ ਮੱਤੀਆਂ। ਉੱਠ ਜਗਾ ਦੇ ਮੋਮਬੱਤੀਆਂ। ਮੰਨਿਆ ਕਿ ਰਾਜ ਨ੍ਹੇਰੇ ਦਾ ਹਠੀਲਾ ਪਰ ਅਜੇ ਜੀਊਂਦਾ ਹੈ ਕਿਰਨਾਂ ਦਾ ਕਬੀਲਾ। ਕਾਲਿਆਂ ਸਫ਼ਿਆਂ ਤੇ ਸਤਰਾਂ ਲਾਲ ਰੱਤੀਆਂ। ਉਠ ਜਗਾ ਦੇ ਮੋਮਬੱਤੀਆਂ !’

ਲੋੜ ਹੈ ਅਜਿਹੀ ਇੱਕ-ਇੱਕ ਮੋਮਬੱਤੀ ਜੋੜ ਵੱਡੀ ਲਾਟ ਬਣਾਉਣ ਦੀ, ਜਿਸ ਵਿੱਚ ਜੁਰਮ ਕਰਨ ਵਾਲੇ ਭਸਮ ਕਰ ਦਿੱਤੇ ਜਾਣ ਤੇ ਮਾੜੀ ਸੋਚ ਵੀ ਨਪੁੰਸਕ ਬਣ ਜਾਏ !  ਫੇਰ ਹੀ ਸਮਾਜ ਦਾ ਘਿਨਾਉਣਾ ਰੂਪ ਸੁਧਾਰਿਆ ਜਾ ਸਕੇਗਾ !

ਕੀ ਖੱਟਿਆ ਤੇ ਕੀ ਗਵਾਇਆ ?

0

ਕੀ ਖੱਟਿਆ ਤੇ ਕੀ ਗਵਾਇਆ ?

ਨਵਗੀਤ ਕੌਰ ਲੁਧਿਆਣਾ।

ਪੈਰ ਤੇਰੇ ਦਾ ਪਿੱਛਾ ਕਰਦੇ ਸਾਰੀ ਦੁਨੀਆ ਪੈਰੀਂ ਗਾਹ ’ਤੀ।

ਕਾਮ ਕ੍ਰੋਧ ਦੇ ਧੇਕੇ ਚੜ੍ਹ ਕੇ ਸਾਰੀ ਉਮਰ ਹੀ ਦਾਅ ਤੇ ਲਾ ’ਤੀ।

ਰੱਬ ਰੱਬ ਕਰਨਾ ਜੁਰਮ ਹੋ ਗਿਆ ਯਾਰਾਂ ਸਾਰੇ ਭੰਡੀ ਪਾ ’ਤੀ।

ਕੂੜੀ ਦੁਨੀਆ ਕੁੜ ਵਿਹਾਝੀ ਕੂੜੇ ਲਾਰੇ ਉਮਰ ਲੰਘਾ ’ਤੀ।

ਮੈਂ ਲੋਚਾਂ ਉਸ ਰੱਬ ਦੀਆਂ ਦੀਦਾਂ, ਰੱਬ ਨੇ ਅੱਗਿਓਂ ਵਹੀ ਦਿਖਾ ’ਤੀ।

ਇਸ ਧਰਤੀ ਦਾ ਬੰਦਾ ਰੱਬ ਏ, ਬੰਦੇ ਦੇ ਕਿਸੇ ਕੰਨੀਂ ਪਾ ’ਤੀ।

ਕੀ ਖੱਟਿਆ ਤੇ ਕੀ ਗਵਾਇਆ ? ਏਸ ਗਣਤ ’ਚ ਵਾਟ ਮੁਕਾ ’ਤੀ।

ਆਖ਼ਿਰ ਛੱਡ ਜਹਾਨੋ ਤੁਰਿਆ, ਤਨ ਦੀ ਲੋਈ ਅੱਗ ਨੇ ਲਾਹ ’ਤੀ।

ਪਦ ਅਰਥ: ਦੀਦਾਂ-ਦੀਦਾਰ (ਦਰਸ਼ਨ)

ਜ਼ਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

0

ਜ਼ਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਡਾ. ਹਰਮਿੰਦਰ ਸਿੰਘ ‘ਸਹਿਜ’-97819-93037

ਰਹੀਆਂ ਨਾ ਹੁਣ ਦਿਲ ਦੀਆਂ ਸਾਂਝਾ, ਨਾ ਉਹ ਪਿਆਰ ਕਲ਼ਾਵੇ।

ਜੰਗਲ਼ ਦੇ ਵਿੱਚ ਭੱਜੇ ਫਿਰਦੇ, ਕੋਈ ਨਾ ਕਿਸੇ ਬੁਲਾਵੇ।

ਆਪੋ ਧਾਪੀ ਦੇ ਆਲਮ ਵਿੱਚ, ਚਾਅ ਗਏ ਸਭ ਦੱਬੇ।

ਜਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਜੀਵਨ ਦਾ ਉਹ ਸਮਾਂ ਸੁਨਹਿਰਾ, ਮੁੜ ਕੇ ਕਦੇ ਨਾ ਆਇਆ।

ਓਸ ਸਮੇਂ ਦੀਆਂ ਯਾਦਾਂ ਨੇ ਹੈ, ਧੁਰ ਤਾਈਂ ਦਿਲ ਹਿਲਾਇਆ।

ਪੌਣ ਕੰਧਾੜੇ ਚੜ੍ਹ ਕੇ ਆਵਣ, ਯਾਦਾਂ ਭਰ ਭਰ ਥੱਬੇ।

ਜਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਜਿਸ ਮੌਲਾਂ ਨੇ ਸ੍ਰਿਸ਼ਟੀ ਸਾਜੀ, ਉਸ ਦੀ ਖੇਡ ਨਿਆਰੀ।

ਆਵਣ ਜਾਣਾ ਖੇਲ ਬਣਾਇਆ, ਸੱਚਾ ਹੁਕਮ ਅਪਾਰੀ।

ਉਸ ਦੀ ਮਹਿਮਾ ਉਚਿਓਂ ਉੱਚੀ, ਸਹਿਜ ਉਸੇ ਨੂੰ ਫੱਬੇ।

ਜਿੰਦੇ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਹਾਏ ਨੀ !  ਮੁੜ ਬਚਪਨ ਕਿੱਥੋਂ ਲੱਭੇ।

ਹਾਜਿਰ ਹਜੂਰਿ ਖੁਦਾਇ (ਭਾਗ ਪਹਿਲਾ)

0

ਹਾਜਿਰ ਹਜੂਰਿ ਖੁਦਾਇ (ਭਾਗ ਪਹਿਲਾ)

ਗਿਆਨੀ ਸੰਤ ਸਿੰਘ ‘ਮਸਕੀਨ’

 ਬੇਸੁਮਾਰ ਅਥਾਹ ਅਗਨਤ ਅਤੋਲੈ   ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ (ਗਉੜੀ ਸੁਖਮਨੀ, ਮਹਲਾ , ਪੰਨਾ ੨੯੨) ਬੁਨਿਆਦੀ ਗੱਲ, ਸਾਰੇ ਕਥਾ ਕੀਰਤਨ, ਸੇਵਾ ਸਿਮਰਨ, ਦਾਨ ਪੁੰਨ, ਇਸ ਦਾ ਜੋ ਸਾਰ ਤੱਤ ਹੈ, ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੁਣਨਾ ਸੁਣਾਉਣਾ, ਦਾਨ ਪੁੰਨ, ਸੇਵਾ, ਇਸ ਸਭ ਕੁਝ ਨੂੰ ਬਾਣੀ ਨੇ ਇਸ ਤਰ੍ਹਾਂ ਤਸ਼ਬੀਹ (ਮਿਸਾਲ) ਦਿੱਤੀ ਹੈ; ਜਿਵੇਂ ਇਹ ਬੀਜ ਹੈ, ਫਲ ਨਹੀਂ। ਮਿੱਠੇ ਤੋਂ ਮਿੱਠੇ ਫਲਾਂ ਦਾ ਬੀਜ ਭੀ ਕੌੜਾ ਹੁੰਦਾ ਹੈ। ਸੁੰਦਰ ਤੋਂ ਸੁੰਦਰ ਫੁੱਲਾਂ ਦਾ ਬੀਜ ਭੀ ਕਰੂਪ ਹੁੰਦਾ ਹੈ। ਫੁੱਲ ਦਾ ਬੀਜ ਸੁੰਦਰ ਨਹੀਂ ਹੁੰਦਾ। ਕਿਸੇ ਭੀ ਫੁੱਲ ਦਾ ਬੀਜ ਲੈ ਲਵੋ, ਉਹ ਸੁੰਦਰ ਨਹੀਂ। ਫੁੱਲ ਕੋਮਲ ਹੈ, ਬੀਜ ਕਠੋਰ ਹੈ। ਫੁੱਲ ਸੁੰਦਰ ਹੈ, ਬੀਜ ਕਰੂਪ। ਇਸੇ ਤਰ੍ਹਾਂ ਫਲਾਂ ਦੇ ਬੀਜ ਵਿੱਚ ਮਿਠਾਸ ਨਹੀਂ, ਮਿਠਾਸ ਫਲ਼ ਵਿੱਚ ਹੁੰਦੀ ਹੈ। ਕੋਈ ਦਾਨ ਕਰ ਰਿਹੈ, ਕੋਈ ਪੁੰਨ ਕਰ ਰਿਹੈ, ਕੋਈ ਸੇਵਾ ਕਰ ਰਿਹੈ, ਕੋਈ ਤੀਰਥਾਂ ਦਾ ਰਟਨ ਕਰ ਰਿਹੈ, ਕੋਈ ਮੰਦਿਰ, ਮਸਜਿਦ, ਗੁਰਦੁਆਰੇ ਜਾ ਰਿਹੈ, ਇਹ ਸਭ ਬੀਜ ਰੂਪ ਹੈ, ਰਸ ਨਹੀਂ ਕਿਉਂਕਿ ਬੀਜ ਵਿੱਚ ਰਸ ਨਹੀਂ ਹੁੰਦਾ। ਬੀਜ ਨੂੰ ਖਾਈਏ ਤਾਂ ਕੌੜਾ ਹੁੰਦਾ ਹੈ। ਦਾਨ ਭੀ ਕਰ ਰਿਹੈ, ਪੁੰਨ ਭੀ ਕਰ ਰਿਹੈ। ਸ਼ਾਇਦ ਥੱਕਦਾ ਭੀ ਹੈ, ਟੁੱਟਦਾ ਭੀ ਹੈ, ਇਸ ਸਭ ਕੁਝ ਨੂੰ ਕਰਮਕਾਂਡ ਗੁਰਮਤਿ ਅਨੁਸਾਰ ਕਹਿੰਦੇ ਹਨ। ਸਰੀਰ ਜੋ ਕੁਝ ਭੀ ਕਰੇਗਾ, ਉਹ ਕਰਮ ਹੈ ਅਤੇ ਕਰਮ ਬੀਜ ਹੁੰਦਾ ਹੈ। ਇਸ ਕਰਮ ਬੀਜ ਦਾ ਫਲ ਹੈ ‘ਗਿਆਨ’। ਗਿਆਨ ਤੋਂ ਮੁਰਾਦ ਕਿਧਰੇ ਅੱਖਰੀਂ ਗਿਆਨ ਨਾ ਲੈ ਲੈਣਾ। ਅਨੁਭਵੀ ਗਿਆਨ, ਜੋ ਕਰਮਕਾਂਡ ਦੇ ਬੀਜ ਤੋਂ ਪੈਦਾ ਹੁੰਦੈ। ਕਿਸੇ ਭੀ ਕਰਮਕਾਂਡ ’ਚ ਰਸ ਨਹੀਂ, ਚਾਹੇ ਕੋਈ ਤੀਰਥਾਂ ’ਤੇ ਜਾ ਰਿਹੈ, ਚਾਹੇ ਕੋਈ ਪਾਠ ਪੂਜਾ ਕਰ ਰਿਹੈ। ਇਸ ਦਾ ਇਹ ਮਤਲਬ ਨਹੀਂ ਕਿ ਜੇਕਰ ਬੀਜ ਕਰੂਪ ਹੈ ਤਾਂ ਸਾੜ ਦੇਈਏ, ਗਾਲ਼ ਦੇਈਏ, ਪਰੇ ਸੁੱਟ ਦੇਈਏ। ਨਹੀਂ, ਬੀਜ ਕਠੋਰ ਜ਼ਰੂਰ ਹੈ, ਪਰ ਕੋਮਲਤਾ ਉਸ ਵਿੱਚੋਂ ਹੀ ਪ੍ਰਗਟ ਹੋਣੀ ਹੈ। ਬੀਜ ਕੌੜਾ ਜ਼ਰੂਰ ਹੈ, ਪਰ ਮਿਠਾਸ ਉਸੇ ਵਿੱਚੋਂ ਪ੍ਰਗਟ ਹੁੰਦੀ ਹੈ। ਬੀਜ ਕਰੂਪ ਜ਼ਰੂਰ ਹੈ, ਪਰ ਸੁਹੱਪਣ ਉਸੇ ਵਿੱਚੋਂ ਪ੍ਰਗਟ ਹੁੰਦੈ ‘‘ਫਲ ਕਾਰਨ ਫੂਲੀ ਬਨਰਾਇ   ਫਲੁ ਲਾਗਾ ਤਬ ਫੂਲੁ ਬਿਲਾਇ   ਗਿਆਨੈ ਕਾਰਨ ਕਰਮ ਅਭਿਆਸੁ   ਗਿਆਨੁ ਭਇਆ ਤਹ ਕਰਮਹ ਨਾਸੁ ’’ (ਭੈਰਉ, ਭਗਤ ਰਵਿਦਾਸ, ਪੰਨਾ ੧੧੬੭)

ਗਿਆਨ ਤਕ ਪਹੁੰਚੇ ਹੋਏ ਅਨੁਭਵੀ ਪੁਰਸ਼ ਨੂੰ ਕਰਮਕਾਂਡ ਦੀ ਲੋੜ ਨਹੀਂ ਰਹਿੰਦੀ ਅਤੇ ਬਹੁਤੇ ਕਰਮਕਾਂਡੀ ਉਸ ਨੂੰ ਨਾਸਤਿਕ ਭੀ ਕਹਿ ਸਕਦੇ ਹਨ। ਬਈ ਇਹ ਤਾਂ ਕਰਮਕਾਂਡ ਕਰਦਾ ਹੀ ਨਹੀਂ। ਹੁਣ ਕੌਣ ਦੱਸੇ ਕਿ ਬੀਜ ਫਲ਼ ਬਣ ਗਿਐ। ਬੀਜ ਦੀ ਕੁੜੱਤਣ ਮਿਠਾਸ ’ਚ ਬਦਲ ਗਈ ਹੈ। ਬੀਜ ਦੀ ਸਖ਼ਤੀ ਕੋਮਲਤਾ ’ਚ ਬਦਲ ਗਈ ਹੈ। ਬੀਜ ਦਾ ਕਰੂਪਪੁਣਾ ਸੁਹੱਪਣ ’ਚ ਬਦਲ ਗਿਆ ਹੈ। ਮੈਂ ਅਰਜ਼ ਕਰਾਂ, ਇਕ ਬੁਨਿਆਦੀ ਨੁਕਤਾ ਇਸ ਵਾਸਤੇ ਰੱਖ ਰਿਹਾ ਹਾਂ ਕਿਉਂਕਿ ਤਿੰਨ ਦਿਨ ਦੀ ਆਪ ਦੀ ਬੜੀ ਮਿਹਨਤ ਹੈ। ਆਪ ਦੂਰ ਦੂਰ ਤੋਂ ਚੱਲ ਕੇ ਆਏ ਹੋ। ਭਾਵੇਂ ਦਸ ਫ਼ੀਸਦੀ ਸੰਗਤ ਇੱਥੇ ਅਲਵਰ ਦੀ ਹੈ, ਬਾਕੀ ਸਭ ਬਾਹਰੋਂ ਆਏ ਹਨ। ਸਮਾਂ ਅਤੇ ਪੈਸਾ ਖ਼ਰਚ ਕਰ ਕੇ ਆਏ ਹਨ। ਇਕ ਬੁਨਿਆਦੀ ਗੱਲ, ਉਹ ਆਪ ਜ਼ਰੂਰ ਲੈ ਜਾਓ, ਇਸ ਵਾਸਤੇ ਮੈਂ ਬਿਆਨ ਕਰ ਰਿਹਾ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਐਸਾ ਫ਼ੁਰਮਾਨ ਹੈ ਕਿ ਇਹ ਸਾਰਾ ਆਕਾਸ਼, ਜੋ ਕੁਝ ਭੀ ਇਨ੍ਹਾਂ ਅੱਖਾਂ ਨਾਲ ਵੇਖਦੇ ਹਾਂ, ਜੜ੍ਹ ਹੈ, ਚੇਤਨ ਹੈ, ਸੂਖਸ਼ਮ ਹੈ, ਅਸਥੂਲ ਹੈ, ਸ਼ਬਦ ਤੋਂ ਆਇਐ, ਆਵਾਜ਼ ਤੋਂ ਆਇਐ ਅਤੇ ਐਸਾ ਕੇਵਲ ਗੁਰੂ ਨਾਨਕ ਜੀ ਨੇ ਹੀ ਨਹੀਂ ਆਖਿਆ, ਲਗਭਗ ਸਾਰੇ ਹੀ ਅਵਤਾਰੀ ਪੁਰਸ਼ਾਂ ਨੇ ਆਖਿਐ। ਇਹ ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਐ। ਜੇਕਰ ਸ਼ਬਦ ਤੋਂ ਆਇਐ ਤਾਂ ਜਿੱਥੋਂ ਆਇਐ, ਉਸੇ ਵਿੱਚ ਹੀ ਪ੍ਰਵੇਸ਼ ਕਰਨੈ, ਤਾਂ ਕਿਸ ਤਰ੍ਹਾਂ ਕਰੇ  ? ਅਕਸਰ ਘਰ ਦੇ ਜਿਸ ਦਰਵਾਜ਼ੇ ਤੋਂ ਬਾਹਰ ਆਈਦਾ ਹੈ, ਉਸੇ ਹੀ ਦਰਵਾਜ਼ੇ ਤੋਂ ਅੰਦਰ ਪ੍ਰਵੇਸ਼ ਕਰੀਦਾ ਹੈ। ਇਵੇਂ ਹੀ ਜੇਕਰ ਸ਼ਬਦ ਤੋਂ ਬ੍ਰਹਿਮੰਡ ਬਾਹਰ ਆਇਐ, ਤਾਂ ਸ਼ਬਦ ਕਰਕੇ ਹੀ ਅੰਦਰ ਪ੍ਰਵੇਸ਼ ਮਿਲੇਗਾ ‘‘ਉਤਪਤਿ ਪਰਲਉ ਸਬਦੇ ਹੋਵੈ   ਸਬਦੇ ਹੀ ਫਿਰਿ ਓਪਤਿ ਹੋਵੈ ’’  (ਮਾਝ, ਮਹਲਾ , ਪੰਨਾ ੧੧੭)

ਇਹ ਉਤਪਤੀ, ਪਸਾਰਾ ਸ਼ਬਦ ਤੋਂ ਹੋਇਐ ਤਾਂ ਉਸ ਵਿੱਚ ਨਿਵਾਸ ਭੀ ਸ਼ਬਦ ਦੁਆਰਾ ਹੀ ਹੋਏਗਾ। ਸ਼ਬਦ ਆਉਣ ਜਾਣ ਦਾ ਇਕ ਜ਼ਰੀਆ ਹੈ। ਜਿਵੇਂ ਇਕ ਘਰ ਦਾ ਦਰਵਾਜ਼ਾ ਹੈ, ਦਰਵਾਜ਼ੇ ਰਾਹੀਂ ਬਾਹਰ ਜਾਣੈ, ਦਰਵਾਜ਼ੇ ਰਾਹੀਂ ਅੰਦਰ ਆਉਣੈ। ਸ਼ਬਦ; ਦੁਆਰ ਹੈ। ਸ਼ਬਦ ਦਰਵਾਜ਼ਾ ਹੈ। ਜੇਕਰ ਪਰਮਾਤਮਾ ਨੂੰ ‘ਘਰ’ ਮੰਨ ਲਈਏ ਤਾਂ ਫਿਰ ਸ਼ਬਦ ਨੂੰ ‘ਦਰ’ ਮੰਨਣਾ ਪਵੇਗਾ। ਸ਼ਬਦ ਦਰ ਹੈ, ਬੁਨਿਆਦੀ ਨੁਕਤਾ ਝੋਲ਼ੀ ’ਚ ਪਾਉਣੈ। ਜੇਕਰ ਪਰਮਾਤਮਾ ਪ੍ਰਕਾਸ਼ ਹੈ ਤਾਂ ਸ਼ਬਦ ਆਵਾਜ਼ ਹੈ, ਧੁਨੀ ਹੈ। ਉਹ ਪਰਮ ਪਿਤਾ, ਪ੍ਰਕਾਸ਼ਮਾਨ ਹੈ। ਉਹੀ ਘਰ ਹੈ, ਸਾਰੀ ਮਖ਼ਲੂਕ (ਰਚਨਾ) ਦਾ ਘਰ ਹੈ, ਜਿਸ ਦਾ ਦਰ ਹੈ ‘ਸ਼ਬਦ’। ਇਸਲਾਮ ਦੀ ਬਾਣੀ ਅਤੇ ਈਸਾਈਅਤ ਦੇ ਜਨਮ-ਦਾਤਾ ਕਹਿੰਦੇ ਹਨ ਕਿ ਜਗਤ; ਲਾਗੋਸ ਨਾਮ ਦੀ ਧੁਨੀ ਤੋਂ, ਕੁਨ ਨਾਮ ਦੀ ਧੁਨੀ ਤੋਂ ਆਇਐ। ਅਰਬ ਦੇ ਸੰਤ ਜਨਾਂ ਦੀ ਗੱਲ ਕਰੀਏ ਜਾਂ ਜੈਨੀਆਂ ਦੀ। ਰਾਜਸਥਾਨ ’ਚ ਚੰਗੀ ਚੋਖੀ ਗਿਣਤੀ ਹੈ ਇਨ੍ਹਾਂ ਦੀ। ਥੋੜ੍ਹੇ ਦਿਨ ਹੋਏ ਸਰਬ ਧਰਮ ਸੰਮੇਲਨ ਭੀ ਹੋਇਆ ਸੀ। ਦਾਸ ਨੂੰ ਭੀ ਬੁਲਾਇਆ ਸੀ ਐਤਕੀਂ। ਉਹ ਕਹਿੰਦੇ ਰਹੇ ਕਿ ਜਦ ਇਹ ਸਮਾਗਮ ਹੋਵੇਗਾ ਸਾਨੂੰ ਦੱਸਣਾ, ਅਸੀਂ ਸਾਰੇ ਆਵਾਂਗੇ। ਅਸੀਂ ਗੁਰੂ ਨਾਨਕ ਦੀ ਬਾਣੀ ਸੁਣਨਾ ਚਾਹੁੰਦੇ ਹਾਂ। ਸਾਨੂੰ ਬੜਾ ਬੋਧ ਮਿਲਿਐ। ਜੈਨ ਧਰਮ ਦੇ ਬਾਨੀ ਸਵਾਮੀ ਮਹਾਂਬੀਰ, ਉਹ ਕਹਿੰਦੇ ਹਨ ਕਿ ਇਹ ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਐ। ਉਪਨਿਸ਼ਦਾਂ ਦੇ ਰਿਸ਼ੀ ਭੀ ਐਸਾ ਹੀ ਕਹਿੰਦੇ ਹਨ। ਵੈਦਿਕ ਰਿਸ਼ੀ, ਸ਼ਬਦ ਦੱਸਦੇ ਹਨ। ਉਪਨਿਸ਼ਦਾਂ ਦੇ ਰਿਸ਼ੀ ‘ਓਮ’ ਦੱਸਦੇ ਹਨ। ‘ਓਮ’ ਬ੍ਰਹਿਮੰਡ ਦੀ ਧੁਨੀ ਹੈ। ਇਸ ਤੋਂ ਜਗਤ ਹੋਇਐ। ਮਹਾਂਬੀਰ ਕਹਿੰਦੇ ਹਨ ਕਿ ਓਂਕਾਰ ਬ੍ਰਹਿਮੰਡ ਦੀ ਧੁਨੀ ਹੈ, ਇਸੇ ਤੋਂ ਜਗਤ ਆਇਐ।

ਚਲੋ, ਇਹ ਤਾਂ ਜਗਤ ਦੇ ਬੇਸ਼ਤਰ (ਬਹੁਤ ਚੰਗੇ) ਮਹਾਂਪੁਰਸ਼ਾਂ ਦਾ ਕਹਿਣਾ ਹੈ, ਪਰ ਮੈਂ ਅਰਜ਼ ਕਰਾਂ, ਇਕ ਮਹਾਂਪੁਰਸ਼ ਜੋ ਕਹੇਗਾ, ਦੂਸਰਾ ਮਹਾਂਪੁਰਸ਼ ਉਸ ਤੋਂ ਉਲਟ ਨਹੀਂ ਕਹਿ ਸਕਦਾ। ਜੇ ਉਲਟ ਕਹਿ ਰਿਹੈ ਤਾਂ ਉਹ ਮਹਾਂਪੁਰਸ਼ ਨਹੀਂ।  ਕਹਾਵਤ ਹੈ ਕਿ ਸੌ ਸਿਆਣੇ ਇੱਕੋ ਮਤਿ। ਸੌ ਸਿਆਣੇ ਇਕ ਸਚਾਈ ਬਿਆਨ ਕਰਨਗੇ ਜਾਂ ਇਕ ਸਿਆਣਾ ਸਚਾਈ ਬਿਆਨ ਕਰੇਗਾ ਤੇ ਨੜ੍ਹਿੰਨਵੇਂ ਸਹਿਮਤ ਹੋ ਜਾਣਗੇ। ਕਹਿੰਦੇ ਹਨ, ਸੋ ਸਿਆਣਿਆਂ ਦਾ ਸਹਿਮਤ ਹੋਣਾ ਸੁਭਾਵਕ ਹੈ। ਦੋ ਮੂਰਖਾਂ ਦਾ ਮੇਲ ਨਾ ਹੋਣਾ, ਆਪਸ ਵਿੱਚ ਸਹਿਮਤ ਨਾ ਹੋਣਾ, ਇਹ ਭੀ ਮੂਰਖਤਾ ਦਾ ਸੁਭਾਅ ਹੈ। ਕਾਰਨ, ਮੂਰਖ ਸੁਣਦਾ ਨਹੀਂ। ਇਕ ਬੋਲ ਰਿਹੈ, ਦੂਸਰਾ ਮੂਰਖ ਸੁਣਦਾ ਨਹੀਂ। ਉਹ ਇਹੀ ਸੋਚ ਰਿਹੈ ਕਿ ਇਹ ਚੁੱਪ ਕਰੇ ਤਾਂ ਮੈਂ ਬੋਲਾਂ। ਨਹੀਂ ਸੁਣਦਾ, ਮੂੜ੍ਹ ਸੁਣਾਣ ਵਿੱਚ ਹੀ ਰਸ ਲੈਂਦਾ ਹੈ। ਕਹਿੰਦੇ ਹਨ ਮਨ ਤਾਂ ਸਦਾ ਹੀ ਬੋਲਦਾ ਹੈ। ਮਨ ਨੂੰ ਖ਼ੁਸ਼ੀ ਮਿਲਦੀ ਹੈ ਵਕਤਾ ਬਣਨ ਵਿੱਚ, ਮਨ ਹਰ ਵਕਤ ਬੋਲ ਰਿਹੈ। ਮੈਂ ਬੇਅਦਬੀ ਨਾ ਕਰਾਂ, ਆਪ ਇੰਨੇ ਸਾਰੇ ਬੈਠੇ ਹੋ, ਕੁਝ ਨਾ ਕੁਝ ਤਾਂ ਮਨ; ਹਰ ਇੱਕ ਦਾ ਬੋਲ ਰਿਹੈ। ਇਹ ਨਹੀਂ ਚੁੱਪ ਕਰਦਾ। ਭਾਵੇਂ ਕੀਰਤਨ ਦੇ ਰਾਹੀਂ ਗੁਰੂ ਨਾਨਕ ਪਏ ਬੋਲਦੇ ਹਨ, ਪਾਠ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਪਏ ਬੋਲਦੇ ਹਨ, ਸ਼ਬਦਾਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਵਾਜ਼ ਪਈ ਗੁੰਜਦੀ ਹੈ, ਪਰ ਮਨ ਆਪਣੇ ਹੀ ਬੋਲ ਸੁਣਾਈ ਜਾ ਰਿਹਾ ਹੈ। ਮਨ ਸੁਣਦਾ ਨਹੀਂ, ਮਨ ਸੁਣਾਂਦੈ। ਸੁਣਨ ਵਿੱਚ ਰੁਚੀ ਨਹੀਂ ਇਸ ਦੀ। ਮਨ ਖ਼ਾਮੋਸ਼ ਹੋ ਜਾਏ ਤਾਂ ਮਨ ਦੀ ਖ਼ਾਮੋਸ਼ੀ ਨੂੰ ਸਮਾਧੀ ਕਹਿੰਦੇ ਹਨ। ਮਨ ਖ਼ਾਮੋਸ਼ ਹੋਏਗਾ ਬਸ਼ਰਤੇ ਕਿ ਇਹ ਸੁਣੇ। ਸੁਣਨਾ ਧਿਆਨ ਪੂਰਬਕ ਹੋਵੇਗਾ। ਸੋ ਧਰਮ ਦੀ ਸਾਰੀ ਸਾਧਨਾ ਧਿਆਨ-ਸਾਧਨਾ ਹੈ। ਸਾਰੇ ਧਰਮ ਕਾਂਡ ਦਾ ਆਖ਼ਰ ਨਿਚੋੜ ਹੈ-ਧਿਆਨ ਦੀ ਇਕਾਗਰਤਾ, ਪਰ ਇਸ ਦਾ ਖੁਲਾਸਾ ਕਰਨ ਤੋਂ ਪਹਿਲੇ ਮੈਂ ਅਰਜ਼ ਕਰਾਂ ‘ਇਹ ਠੀਕ ਹੈ ਕਿ ਸ਼ਬਦ ਦੇ ਰਾਹੀਂ ਜਗਤ ਆਇਐ, ਸ਼ਬਦ ਦੇ ਰਾਹੀਂ ਹੀ ਪ੍ਰਵੇਸ਼ ਹੋਵੇਗਾ। ਸ਼ਬਦ ਨੂੰ ਕੋਈ ਓਮ ਕਹਿੰਦੈ। ਮਹਾਂਬੀਰ ਕਹਿੰਦੇ ਹਨ-ਓਮਕਾਰ ਹੈ। ਗੁਰੂ ਨਾਨਕ ਜੀ ਕਹਿੰਦੇ ਹਨ-ਓਅੰਕਾਰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ-ਓਅੰਕਾਰ। ਭਗਤ ਕਬੀਰ ਜੀ ਕਹਿੰਦੇ ਹਨ-ਓਅੰਕਾਰ।’ ਜਿਹੜੇ ਕਦੀ ਸ਼ਬਦਾਂ ਦੀ ਗਹਿਰਾਈ ਵਿੱਚ ਗਏ ਹਨ ਅਤੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਉੱਥੇ ਆਵਾਜ਼ ਦੀ, ਸ਼ਬਦ ਦੀ ਬੜੀ ਮਹਿਮਾ ਹੈ।

ਨੱਬੇ ਫ਼ੀਸਦੀ ਜੋ ਕੁਝ ਭੀ ਸਾਡੇ ਸਰੀਰ ’ਚ ਜਾਂਦੈ, ਉਹ ਮੂੰਹ ਰਾਹੀਂ ਜਾਂਦੈ। ਪਾਣੀ ਹੈ, ਤਰ੍ਹਾਂ ਤਰ੍ਹਾਂ ਦਾ ਅੰਨ ਹੈ ਜਾਂ ਪਵਨ ਹੈ, ਸੁਆਸ ਭੀ ਜ਼ਿਆਦਾ ਮੂੰਹ ਦੇ ਰਾਹੀਂ ਲੈਂਦੇ ਹਾਂ। ਨੱਬੇ ਫ਼ੀਸਦੀ ਖ਼ੁਰਾਕ ਮੂੰਹ ਦੇ ਰਾਹੀਂ ਅੰਦਰ ਜਾਂਦੀ ਹੈ ਤਾਂ ਅਸੀਂ ਜਿਊਂਦੇ ਹਾਂ, ਵਧਦੇ ਹਾਂ, ਸਰੀਰ ਬਣਦਾ ਰਹਿੰਦੈ ਅਤੇ ਨੱਬੇ ਫ਼ੀਸਦੀ ਹੀ ਅਸੀਂ ਮੂੰਹ ਦੇ ਰਾਹੀਂ ਬੋਲ ਕੇ ਬਾਹਰ ਪ੍ਰਗਟ ਹੁੰਦੇ ਹਾਂ। ਅਸੀਂ ਕੀ ਹਾਂ ? ਸਾਡਾ ਬੋਲਣਾ ਦੱਸਦਾ ਹੈ। ਸੋ ਨੱਬੇ ਫ਼ੀਸਦੀ ਜੋ ਅੰਦਰ ਜਾਂਦੈ, ਮੂੰਹ ਦੇ ਰਾਹੀਂ ਹੀ ਜਾਂਦੈ ਤੇ ਨੱਬੇ ਫ਼ੀਸਦੀ ਸਾਡੀ ਸ਼ਖ਼ਸੀਅਤ ਜੋ ਪ੍ਰਗਟ ਹੁੰਦੀ ਹੈ, ਉਹ ਭੀ ਮੂੰਹ ਦੇ ਰਾਹੀਂ ਹੀ ਪ੍ਰਗਟ ਹੁੰਦੀ ਹੈ। ਕੌੜੇ ਬੋਲ ਬੋਲਣ ਵਾਲਾ ਮਨੁੱਖ ਮਹਾਨ ਨਹੀਂ ਹੁੰਦਾ, ਝੂਠ ਤੇ ਮਿਥਿਆ ਬੋਲਣ ਵਾਲਾ ਮਨੁੱਖ ਮਹਾਨ ਨਹੀਂ ਹੁੰਦਾ। ਬੋਲ ਕੇ ਚੋਟ ਪਹੁੰਚਾਉਣ ਵਾਲਾ ਮਨੁੱਖ ਤਾਂ ਪੱਥਰ ਦੀ ਤਰ੍ਹਾਂ ਹੈ। ਜਿਸ ਦੇ ਬੋਲ ਪੱਥਰ ਹਨ, ਉਹ ਖ਼ੁਦ ਵੀ ਪੱਥਰ ਹੈ, ਜਿਸ ਦੇ ਬੋਲ ਕੌੜੇ ਹਨ, ਸ਼ਾਇਦ ਉਹ ਮਿਰਚ ਹੀ ਹੈ, ਮਿਰਚ ਹੀ ਹੋਵੇਗਾ, ਮਿਰਚ ਭੀ ਕਾਹਨੂੰ ਕਹੀਏ, ਜ਼ਹਿਰ ਹੀ ਹੈ। ਮਹਾਰਾਜ ਤਾਂ ਕਹਿੰਦੇ ਹਨ ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ’’ (ਆਸਾ ਕੀ ਵਾਰ, ਮਹਲਾ , ਪੰਨਾ ੪੭੩)  ਚਾਹੇ ਘਰੇਲੂ ਹਨ, ਚਾਹੇ ਬਾਹਰ ਦੇ, ਨੱਬੇ ਫ਼ੀਸਦੀ ਝਗੜੇ ਬੋਲ ਕਾਰਨ ਹੀ ਹੁੰਦੇ ਹਨ ‘‘ਬੋਲਤ ਬੋਲਤ ਬਢਹਿ ਬਿਕਾਰਾ ’’ (ਗੋਂਡ, ਭਗਤ ਕਬੀਰ, ਪੰਨਾ ੮੭੦)

ਘਰੇਲੂ ਝਗੜਿਆਂ ਦੀ ਤਹਿ ਵਿੱਚ ਭੀ ਜਾਓਗੇ ਤਾਂ ਕਿਸੇ ਨੇ ਕੁਝ ਬੋਲਿਐ, ਦੂਸਰੇ ਨੂੰ ਚੋਟ ਲੱਗੀ ਹੈ। ਚੋਟ ਲੱਗੀ ਤਾਂ ਤਣਾਅ, ਤਕਰਾਰ ਵਧ ਗਿਆ। ਜੇ ਕਿਸੇ ਨੇ ਚੋਟ ਪਹੁੰਚਾਈ ਹੈ ਤਾਂ ਅਗਲਾ ਭੀ ਚੋਟ ਪਹੁੰਚਾਉਣਾ ਚਾਹੁੰਦੈ। ਜੇ ਇਕ ਪੱਥਰ ਦੀ ਤਰ੍ਹਾਂ ਹੈ ਤਾਂ ਦੂਜਾ ਭੀ ਪੱਥਰ ਹੀ ਹੈ। ਕੋਈ ਵਿਰਲਾ ਹੀ ਹੈ ਜੋ ਫੁੱਲ ਹੋਵੇ ਤੇ ਪੱਥਰ ਖਾ ਕੇ ਭੀ ਆਪਣਾ ਸੁਭਾਅ ਨਾ ਛੱਡੇ। ਅਕਾਲੀ ਕੌਰ ਸਿੰਘ ਜੀ ਸ੍ਰੀ ਨਗਰ ਵਾਲੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਤਤਕਰਾ ਲਿਖਿਐ, ਕਈ ਸਾਲ ਮਿਹਨਤ ਕਰਕੇ। ਸਰਦੀ ਗਰਮੀ ਹੋਵੇ, ਉਹ ਗਰਮ ਕੱਪੜੇ ਪਹਿਣਦੇ ਸਨ, ਕਾਲੀ ਉੱਨ ਦੇ ਕੱਪੜੇ। ਇਹ ਨਹੀਂ ਸਮਝ ਆਈ। ਭਾਵੇਂ ਲੂ ਚੱਲਦੀ ਪਈ ਹੈ ਤਾਂ ਵੀ ਉਨ੍ਹਾਂ ਦੇ ਕੱਪੜੇ ਗਰਮ ਹੁੰਦੇ ਸਨ, ਠੰਢ ਵਿੱਚ ਤਾਂ ਹੁੰਦੇ ਹੀ ਸਨ। ਉਨ੍ਹਾਂ ਨੂੰ ਅਕਾਲੀ ਜੀ ਕਹਿ ਕੇ ਬੁਲਾਂਦੇ ਸਨ। ਹਰ ਵਕਤ ਜੁੜੀ ਹੋਈ ਆਤਮਾ ਸੀ। ਇਕ ਦਿਨ ਕੋਈ ਮਨੁੱਖ ਉਨ੍ਹਾਂ ਦੇ ਵੀਚਾਰਾਂ ਨਾਲ ਸਹਿਮਤ ਨਾ ਹੋਇਆ। ਨਗਰ ਦੀ ਗੱਲ ਹੈ। ਗੁਰਦੁਆਰੇ ਤੋਂ ਬਾਹਰ ਆਏ ਤਾਂ ਉਸ ਨੇ ਗਾਲ਼ਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ, ਮਸਤਾਨਾ ਸਮਝ ਕੇ। ਗਰਮੀਆਂ ਦੇ ਦਿਨ ਸਨ। ਕੰਬਲ ਭੀ ਓੜਿਆ ਹੋਇਐ ਤੇ ਕੱਪੜੇ ਭੀ ਗਰਮ। ਜਦ ਉਹ ਬੋਲ ਹਟਿਆ ਤਾਂ ਅਕਾਲੀ ਜੀ ਕਹਿੰਦੇ ਕਿ ਕੁਝ ਹੋਰ ਗੱਫਾ ਹੋਵੇ ਤਾਂ ਮੈਂ ਖੜ੍ਹਾ ਹਾਂ, ਨਹੀਂ ਤਾਂ ਮੈਂ ਜਾਵਾਂ। ਦਰਅਸਲ ਜੋ ਬੋਲ ਸਨ, ਉਹ ਤਾਂ ਫੁੱਲ ਦੀ ਤਰ੍ਹਾਂ ਸਨ ਤੇ ਫੁੱਲ ਪੱਥਰ ਨਹੀਂ ਬਣਦੇ। ਆਪਣਾ ਆਪਣਾ ਸੁਭਾਅ ਹੁੰਦੈ। ਜਿਸ ਦੇ ਬੋਲ ਚੋਟ ਪਹੁੰਚਾਉਣ, ਉਹ ਮਨੁੱਖ ਨਹੀਂ, ਪੱਥਰ ਹੈ। ਜਿਸ ਦੇ ਬੋਲਾਂ ’ਚ ਕੁੜੱਤਣ ਹੈ, ਉਹ ਮਨੁੱਖ ਨਹੀਂ, ਜ਼ਾਹਿਰ (ਪ੍ਰਤੱਖ) ਹੈ ਕਿ ਉਹ ਜ਼ਹਿਰ ਹੈ, ਜਿਹਦੇ ਬੋਲਾਂ ’ਚ ਫਿੱਕਾਪਣ ਹੈ, ਬੜੀ ਫਿਕਿਆਈ ਹੈ। ਮਹਾਰਾਜ ਕਹਿੰਦੇ ਹਨ ‘‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ’’, ਫਿਰ ਸਤਿਗੁਰ ਐਸਾ ਭੀ ਕਹਿੰਦੇ ਹਨ, ਮੁਖ਼ਤਸਰ (ਸੰਖੇਪ ’ਚ) ਅਰਜ਼ ਕਰਾਂ  ‘‘ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ’’ (ਆਸਾ ਕੀ ਵਾਰ, ਮਹਲਾ , ਪੰਨਾ ੪੭੩) ਨੱਬੇ ਫ਼ੀਸਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦੈ। ਜ਼ਹਿਰ ਹੈ ਜਾਂ ਮਨੁੱਖ ਹੈ। ਮੂਰਖ ਹੈ ਕਿ ਮਨੁੱਖ ਹੈ, ਪੱਥਰ ਹੈ ਜਾਂ ਮਨੁੱਖ ਹੈ ? ਫੁੱਲ ਹੈ ਕਿ ਪੱਥਰ ਹੈ, ਕੋਮਲ ਹੈ ਜਾਂ ਕਠੋਰ। ਕੋਈ ਰਸ ਹੈ ਕਿ ਫਿਕਿਆਈ ਹੈ। ਮੂਰਖ ਹੈ ਕਿ ਸਿਆਣਾ, ਨਾਸਤਕ ਹੈ ਕਿ ਆਸਤਕ। ਧਾਰਮਕ ਹੈ ਜਾਂ ਅਧਾਰਮਕ । ਰਾਜਨੀਤਕ ਹੈ ਕਿ ਵਪਾਰੀ। ਬੋਲਣਾ ਸਭ ਕੁਝ ਦੱਸ ਦਿੰਦਾ ਹੈ। ਬੋਲ ਤੋਂ ਮਨੁੱਖ ਦੀ ਕਿਰਤ ਭੀ ਪ੍ਰਗਟ ਹੁੰਦੀ ਹੈ, ਉਸ ਦਾ ਕੰਮ ਧੰਦਾ ਭੀ ਪ੍ਰਗਟ ਹੁੰਦਾ ਹੈ। ਟਰੱਕ ਚਲਾਣ ਵਾਲਾ ਡਰਾਈਵਰ ਗਿਆਨੀ ਅਜੀਤ ਸਿੰਘ ਜਦ ਮੇਰੇ ਨਾਲ ਗੱਡੀ ਚਲਾਂਦਾ ਸੀ ਤਾਂ ਉਸ ਦਾ ਬੋਲ ਅਜੇ ਤਕ ਮੈਨੂੰ ਯਾਦ ਹੈ। ਹੋਟਲ ’ਤੇ ਰੁਕ ਕੇ ਕਹਿੰਦਾ ਹੁੰਦਾ ਸੀ, ਬਈ ਅੱਸੀ ਮੀਲ ਸਪੀਡ ਦੀ ਚਾਹ ਬਣਾ। ਮੈਂ ਉਸ ਨੂੰ ਕਹਿੰਦਾ ਹੁੰਦਾ ਸੀ ਕਿ ਚਾਹ ਦਾ ਸਪੀਡ ਨਾਲ ਕੀ ਮਤਲਬ ? ਚਾਹ ਭੀ ਕੋਈ ਅੱਸੀ ਮੀਲ ਦੀ ਸਪੀਡ ਨਾਲ ਚੱਲਦੀ ਹੈ  ? ਕਹਿਣਾ ਚਾਹੀਦਾ ਹੈ ਕਿ ਚਾਹ ਜ਼ਰਾ ਕੜਕ ਚਾਹੀਦੀ ਹੈ। ਗੱਡੀ ਤੇਜ਼ ਚਲਾਈ ਹੈ। ਸਫ਼ਰ ਜ਼ਿਆਦਾ ਹੈ ਅਤੇ ਸਮੇਂ ਸਿਰ ਪਹੁੰਚਣੈ, ਪਰ ਢਾਬੇ ਵਾਲੇ ਨੂੰ ਕਹਿੰਦੈ ਕਿ ਅੱਸੀ ਮੀਲ ਸਪੀਡ ਦੀ ਚਾਹ ਬਣਾ। ਇਸ ਤੋਂ ਪਤਾ ਚੱਲਦੈ ਕਿ ਡਰਾਈਵਰ ਹੈ। ਹਰ ਵਕਤ ਸਪੀਡ ’ਚ ਰਹਿੰਦੈ, ਗੱਡੀ ਚਲਾਈ ਰੱਖਦੈ। ਮਨੁੱਖ ਦੇ ਬੋਲ-ਚਾਲ ਦੱਸ ਦਿੰਦੇ ਹਨ। ਚਾਹ ਬੜੀ ਸੁਆਦੀ ਹੋਵੇ ਤਾਂ ਪਤੈ ਰਾਗੀ ਸਿੰਘ ਕੀ ਕਹਿੰਦੇ ਹਨ ? ਚਾਹ ਬੜੀ ਸੁਰ ਵਿੱਚ ਬਣੀ ਹੈ, ਬੜੀ ਸੁਰ ਵਿੱਚ ਹੈ। ਚਾਹ ਕੋਈ ਗਾਉਂਦੀ ਹੈ, ਜੋ ਸੁਰ ’ਚ ਬਣੀ ਹੈ ? ਕਿਉਂਕਿ ਹਰ ਵਕਤ ਸੁਰ ਮੰਡਲ ’ਚ ਰਹਿੰਦੇ ਹਨ ਤੇ ਹਰ ਬੇਸੁਆਦੀ ਚੀਜ਼ ਬੇਸੁਰੀ ਪ੍ਰਤੀਤ ਹੁੰਦੀ ਹੈ ਅਤੇ ਹਰ ਚੰਗੀ ਚੀਜ਼ ਸੁਰ ਵਿੱਚ ਹੈ। ਜੋ ਕੱਪੜਾ ਭੀ ਦਰਜੀ ਨੇ ਸੀਤੈ ਤਾਂ ਕਹਿੰਦੇ ਹਨ ਸੁਰ ਵਿੱਚ ਸੀਤੈ। ਹੱਦ ਹੋ ਗਈ, ਸਲਾਈ ਦਾ ਸੁਰ ਨਾਲ ਜਾਂ ਬੇਸੁਰੇਪਣ ਨਾਲ ਕੀ ਮਤਲਬ  ? ਬੋਲ ਤੋਂ ਹੀ ਉਸ ਦੇ ਪੇਸ਼ੇ ਦਾ ਪਤਾ ਚੱਲਦੈ, ਕਿਰਤ ਦਾ ਭੀ ਪਤਾ ਚੱਲਦੈ। ਬੋਲ ਤੋਂ ਉਸ ਦੇ ਸੁਭਾਅ ਦਾ ਭੀ ਪਤਾ ਚੱਲਦੈ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ ਜਾਂ ਸਤੋ ਗੁਣੀ। ਨੱਬੇ ਫ਼ੀਸਦੀ ਮਨੁੱਖ ਆਪਣੇ ਮੂੰਹ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ। ਅਸੀਂ ਇਸੇ ਕਰਕੇ ਜਿਊਂਦੇ ਹਾਂ ਕਿਉਂਕਿ ਨੱਬੇ ਫ਼ੀਸਦੀ ਸਭ ਕੁਝ ਮੂੰਹ ਰਾਹੀਂ ਅੰਦਰ ਜਾਂਦਾ ਹੈ, ਚਾਹੇ ਪਾਣੀ ਹੈ, ਚਾਹੇ ਹਵਾ ਹੈ, ਚਾਹੇ ਭੋਜਨ। ਅਸੀਂ ਜੀਊਂਦੇ ਹਾਂ ਦਸ ਫ਼ੀਸਦੀ ਰੋਮਾਂ ਦੇ ਰਾਹੀਂ, ਇਹ ਸਮਝ ਲਓ। ਨੱਬੇ ਫ਼ੀਸਦੀ ਅਸੀਂ ਆਪਣਾ ਭਾਵ ਮੂੰਹ ਦੇ ਰਾਹੀਂ ਪ੍ਰਗਟ ਕਰਦੇ ਹਾਂ। ਬੋਲਾਂ ਤੋਂ ਪ੍ਰਗਟ ਹੁੰਦੇ ਹਾਂ। ਪਰਮਾਤਮਾ ਦਾ ਨਾਮ ਭੀ 100% ਬੋਲਾਂ ’ਚੋਂ ਪ੍ਰਗਟ ਹੁੰਦਾ ਹੈ, ਇਹ ਭੀ ਮੈਂ ਅਰਜ਼ ਕਰਾਂ। ਜਦ ਕੋਈ ਸੁਣ ਲੈਂਦਾ ਹੈ ਉਸ ਬੋਲ ਨੂੰ, ਕੌਣ ਸੁਣ ਲੈਂਦੈ  ? ਜਿਹਦਾ ਮਨ ਚੁੱਪ ਹੋ ਜਾਂਦਾ ਹੈ। ਬਸ ਇਧਰ ਮਨ ਚੁੱਪ ਹੋਇਆ, ਉਧਰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਬਸ ਇਹੀ ਤਰੀਕਾ ਹੈ, ਇਹੀ ਢੰਗ ਹੈ ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ, ਮਹਲਾ , ਪੰਨਾ ੧੧੬੦)

ਪ੍ਰਭੂ ਦੀ ਆਵਾਜ਼ ਹਰ ਵਕਤ ਗੂੰਜ ਰਹੀ ਹੈ। ਦੂਜੇ ਪਾਸੇ ਮਨ ਹਰ ਵਕਤ ਬੋਲ ਰਿਹੈ। ਇਕ ਮਨ ਹਰ ਵਕਤ ਬੋਲ ਰਿਹੈ, ਇਕ ਪਰਮਾਤਮਾ ਦੀ ਆਵਾਜ਼ ਹਰ ਵਕਤ ਗੂੰਜ ਰਹੀ ਹੈ। ਜਾਂ ਤਾਂ ਮਨ ਸ਼ਕਤੀ ਜੁਟਾਏ, ਰੱਬ ਨੂੰ ਚੁੱਪ ਕਰਾਏ ਜਾਂ ਫਿਰ ਖ਼ੁਦ ਚੁੱਪ ਰਹੇ। ਜਿਹੜਾ ਚੁੱਪ ਕਰ ਜਾਏ, ਕਹਿੰਦੇ ਹਨ ਉਹ ਮਰ ਗਿਆ, ਇਹ ਤਾਂ ਬੋਲਦਾ ਹੀ ਨਹੀਂ। ਪਰਮਾਤਮਾ ਹੈ ਸਦਾ ਜਿਊਣ ਦਾ ਨਾਮ । ਸਦਾ ਜਿਊਣ ਖੜ੍ਹਾ ਹੈ ਸਦੀਵੀ ਬੋਲ ਦੇ ਉੱਤੇ। ਮਧੁਰ ਬੋਲ ਦੇ ਉੱਤੇ। ਜਦ ਮਨ ਚੁੱਪ ਕਰ ਜਾਏ ਤਾਂ ਭੀ ਕਹੀਦੈ ਕਿ ਮਨ ਮਰ ਗਿਆ। ਮਨ ਦੀ ਮੌਤ ਕੀ ਹੈ ? ਮਨ ਦੀ ਮੌਤ ਅਹੰਕਾਰ ਦੀ ਮੌਤ ਹੈ, ਮਨ ਦੀ ਮੌਤ ਲੋਭ ਦੀ ਮੌਤ ਹੈ, ਮਨ ਦੀ ਮੌਤ ਕਾਮ, ਕ੍ਰੋਧ ਤੇ ਮੋਹ ਦੀ ਮੌਤ ਹੈ। ਹੋਰ ਮਨ ਹੈ ਕੀ  ? ਮਨ ਹੈ ਵੀਚਾਰਾਂ ਦਾ ਪ੍ਰਭਾਵ। ਮਨ ਤੋਂ ਮੁਰਾਦ ਸਾਡੇ ਵੀਚਾਰ, ਸਾਡੀ ਸੋਚਣੀ। ਸੋਚਣੀ ਵਿੱਚ ਕੀ ਚੱਲ ਰਿਹੈ, ਵੀਚਾਰਾਂ ਵਿੱਚ ਕੀ ਚੱਲ ਰਿਹੈ ? ਅਹੰਕਾਰ, ਲੋਭ, ਮੋਹ, ਕਾਮ, ਬਸ ਇਹੀ ਚੱਲ ਰਿਹਾ ਹੈ। ਜਿਸ ਤੋਂ ਅਹੰਕਾਰ ਦੀ, ਲੋਭ ਦੀ, ਕਾਮ ਦੀ ਪੂਰਤੀ ਹੋ ਗਈ ਉਸ ਦੇ ਉੱਤੇ ਮੋਹ ਆ ਜਾਂਦਾ ਹੈ ਅਤੇ ਜਿਸ ਨੇ ਰੋਕ ਖੜ੍ਹੀ ਕਰ ਦਿੱਤੀ, ਉਸ ’ਤੇ ਕ੍ਰੋਧ ਆ ਜਾਂਦਾ ਹੈ। ਮਨ ਤਾਂ ਇਹੀ ਕੁਝ ਹੈ। ਮਨ ਦੀ ਮੌਤ ਅਹੰਕਾਰ ਦੀ ਮੌਤ ਹੈ। ਸਰੀਰ ਜਦ ਮਰਦੈ ਤਾਂ ਰਾਖ ਹੋ ਜਾਂਦਾ ਹੈ, ਖ਼ਾਕ ਹੋ ਜਾਂਦਾ ਹੈ, ਪਰ ਮਨ ਜਦ ਮਰਦੈ ਤਾਂ ਯਕੀਨ ਜਾਣੋ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਈਸ਼ਵਰ ਹੋ ਜਾਂਦਾ ਹੈ  ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਆਸਾ/ਮਹਲਾ , ਪੰਨਾ ੪੪੧)

ਮਨ ਦਾ ਮਰਨਾ ਇਸ ਤਰ੍ਹਾਂ ਨਹੀਂ; ਜਿਵੇਂ ਕਹੀਏ ਬੀਜ ਮਰ ਗਿਐ ਕਿਉਂਕਿ ਬੀਜ ਮਰਿਆ ਨਹੀਂ ਹੁੰਦਾ, ਜ਼ਮੀਨ ’ਚ ਦਫ਼ਨ ਹੋਇਐ। ਮੁਰਦੇ ਨੂੰ ਜ਼ਮੀਨ ਵਿੱਚ ਦਫ਼ਨ ਕਰਦੇ ਹਨ। ਬੀਜ ਦੀ ਭੀ ਕਬਰ ਬਣਾਉਣੀ ਪੈਂਦੀ ਹੈ। ਹਰ ਬੀਜ ਦੀ ਕਬਰ ਬਣਦੀ ਹੈ। ਐਵੇਂ ਨਹੀਂ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ‘‘ਮੁਰਦਾ ਹੋਇ ਮੁਰੀਦ ਸੋਇ; ਕੋ ਵਿਰਲਾ ਗੁਰ ਗੋਰਿ ਸਮਾਵੈ’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੬) ‘ਗੁਰ ਗੋਰਿ ਸਮਾਵੇ’ ਤੋਂ ਭਾਵ ਜ਼ਿੰਦਾ ਕਬਰ ਵਿੱਚ ਦਫ਼ਨ ਹੋ। ਜੇਕਰ ਬੀਜ ਹੈਂ ਤਾਂ ਕਬਰ ਵਿੱਚ ਦਫ਼ਨ ਹੋ। ਬੀਜ ਜਦ ਜ਼ਮੀਨ ਵਿੱਚ ਦਫ਼ਨ ਹੁੰਦਾ ਹੈ, ਕਬਰ ਬਣਦੈ ਤਾਂ ਇਸ ਕਰੂਪ ਬੀਜ ਨੂੰ ਸੁਹੱਪਣ ਮਿਲ ਜਾਂਦਾ ਹੈ। ਕਠੋਰ ਰੂਪ ਨੂੰ ਕੋਮਲਤਾ ਮਿਲ ਜਾਂਦੀ ਹੈ। ਕੌੜੇ ਬੀਜ ਨੂੰ ਰਸ ਮਿਲ ਜਾਂਦਾ ਹੈ। ਫਲ਼ ਰਸਦਾਇਕ ਹੈ, ਬੀਜ ਕੌੜਾ ਹੈ। ਫੁੱਲ ਕੋਮਲ ਹਨ, ਬੀਜ ਸਖ਼ਤ ਹਨ। ਫੁੱਲ ਸੁੰਦਰ ਹੈ, ਬੀਜ ਕਰੂਪ ਹੈ। ਬੀਜ ਦੀ ਕਬਰ ਬਣੇ, ਬੀਜ ਮਰੇ, ਬੀਜ ਦਾ ਮਰਨਾ ਇੰਝ ਹੈ; ਜਿਵੇਂ ਕਰੂਪਤਾ ਮਰ ਗਈ। ਸੁਹੱਪਣ ਪੈਦਾ ਹੋ ਗਿਆ। ਮਨ ਦੀ ਮੌਤ ਇਸ ਤਰ੍ਹਾਂ ਹੈ; ਜਿਵੇਂ ਕਠੋਰਤਾ ਮਰ ਗਈ ਤੇ ਕੋਮਲਤਾ ਪੈਦਾ ਹੋ ਗਈ। ਮਨ ਦੀ ਮੌਤ; ਮਨ ਦਾ ਨੂਰ ਹੋ ਜਾਣਾ ਹੈ, ਪ੍ਰਕਾਸ਼ਮਈ ਹੋ ਜਾਣਾ ਹੈ। ਗੁਰੂ-ਘਰ ਵਿੱਚ ਪ੍ਰਭੂ ਨੂੰ ਸਮਝਣ ਦਾ ਜ਼ਰੀਆ ਕਥਾ ਹੈ। ਜੁੜਨ ਦਾ ਜ਼ਰੀਆ; ਕੀਰਤਨ ਹੈ। ਕਥਾ ਕੀਰਤਨ ਦੋਵੇਂ ਸੁੱਖ ਦਿੰਦੇ ਹਨ। ਜਿਸ ਨੂੰ ਸਮਝਣੈ, ਉਸ ਨਾਲ ਜੁੜਨੈ। ਜਿਸ ਨਾਲ ਜੁੜਨੈ, ਉਸ ਨੂੰ ਸਮਝਣੈ। ਬਸ ਇੰਨੀ ਕੁ ਗੱਲ ਹੈ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹਨ ਕਿ ਪਹਿਲਾਂ ਸਮਝਣੈ  ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਸਲੋਕ ਵਾਰਾਂ ਤੇ ਵਧੀਕ/ਮਹਲਾ , ਪੰਨਾ ੧੪੧੦) ਪਹਿਲੇ ਸਮਝਣੈ ਫਿਰ ਜੁੜਨੈ। ਇਸ ਵਾਸਤੇ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਵੀਚਾਰ ਕਰਨੀ ਦਿੱਤੀ ‘‘ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ’’ (ਜਪੁ) ਆਪਣੇ ਵੀਚਾਰਾਂ ਵਿੱਚ, ਆਪਣੀ ਸੋਚਣੀ ਵਿੱਚ ਅਤੇ ਆਪਣੀ ਸਮਝ ਵਿੱਚ ਪਰਮਾਤਮਾ ਨੂੰ ਲਿਆ। ਜਿੰਨਾ ਚਿਰ ਤੇਰੇ ਕੋਲ ਸਮਝ ਨਹੀਂ, ਅੰਮ੍ਰਿਤ ਵੇਲਾ ਭੀ ਕੋਈ ਅੰਮ੍ਰਿਤ ਵੇਲਾ ਨਹੀਂ। ਜਿੰਨਾ ਚਿਰ ਤੇਰੇ ਕੋਲ ਸਮਝ ਨਹੀਂ, ਸਤਿਸੰਗ ਭੀ ਕੋਈ ਸਤਿਸੰਗ ਨਹੀਂ।

ਹੁਣ ਮੈਨੂੰ ਕਈਆਂ ਨੇ ਕਿਹੈ ਕਿ ਮੈਂ ਉਨ੍ਹਾਂ ਰਾਗੀ ਸਿੰਘਾਂ ਨੂੰ ਚੁੱਪ ਕਰਾਇਐ, ਜੋ ਕਹਿੰਦੇ ਹਨ, ਗਿਆਨੀ ਜੀ ! ਕਈ ਤਾਂ ਮੱਥਾ ਹੀ ਨਹੀਂ ਟੇਕਦੇ, ਲੰਗਰ ਛੱਕਿਆ ਤੇ ਗਏ। ਜੋ ਮੱਥਾ ਨਹੀਂ ਟੇਕਦੇ, ਉਹ ਕੁਝ ਸੁਣਦੇ ਵੀ ਨਹੀਂ। ਮੈਂ ਉਨ੍ਹਾਂ ਨੂੰ ਕਿਹਾ, ਇਹ ਤੁਸੀਂ ਕਾਹਨੂੰ ਦੇਖਦੇ ਹੋ, ਇਹ ਨਾ ਦੇਖੋ। ਬਾਜ਼ਾਰ ਵਿਚ ਫੁੱਲਾਂ ਦੀ ਦੁਕਾਨ ਭੀ ਹੁੰਦੀ ਹੈ, ਫਲ਼ਾਂ ਦੀ ਦੁਕਾਨ ਭੀ ਹੁੰਦੀ ਹੈ। ਬਜਾਜ (ਕੱਪੜੇ ਦੇ ਵਪਾਰੀ) ਭੀ ਹੁੰਦੇ ਹਨ, ਹੀਰਿਆਂ ਦੀਆਂ ਦੁਕਾਨਾਂ ਭੀ ਹੁੰਦੀਆਂ ਹਨ। ਸਰਾਫ਼ਾਂ ਦੀਆਂ ਭੀ ਦੁਕਾਨਾਂ ਹੁੰਦੀਆਂ ਹਨ। ਕੋਲਾ ਭੀ ਵਿਕਦੈ, ਲੱਕੜ ਭੀ ਵਿਕਦੀ ਹੈ। ਤਰ੍ਹਾਂ ਤਰ੍ਹਾਂ ਦੇ ਗਾਹਕ ਹੁੰਦੇ ਹਨ। ਕਿਸੇ ਨੂੰ ਕੁਝ ਚਾਹੀਦੇ, ਕਿਸੇ ਨੂੰ ਕੁਝ। ਕੋਈ ਕੁਝ ਲੈਂਦੇ, ਕੋਈ ਕੁਝ ਲੈਂਦੇ। ਜੇ ਕੋਈ ਕੋਲਾ ਖ਼ਰੀਦਦਾ ਪਿਐ ਅਤੇ ਇਹ ਆਖੇ ਕਿ ਮੈਂ ਹੀਰੇ ਕਿਉਂ ਖ਼ਰੀਦਾਂ ਤਾਂ ਉਸ ਤੋਂ ਹੀਰਿਆਂ ਦੀ ਖ਼ਰੀਦਦਾਰੀ ਭੀ ਨਾ ਕਰਾਓ। ਬਸ ਤੁਸੀਂ ਹੀਰੇ ਖ਼ਰੀਦਦੇ ਰਹੋ।

ਸੰਸਾਰ ਇੱਕ ਬਾਜ਼ਾਰ ਦੀ ਤਰ੍ਹਾਂ ਹੈ। ਇੱਥੇ ਹਰ ਤਰ੍ਹਾਂ ਦੀ ਦੁਕਾਨ ਹੈ। ਸੰਗਤ ਭੀ ਹੈ ਤੇ ਸਤਿਸੰਗ ਭੀ ਹੈ। ਇੱਥੇ ਉਹ ਸਾਧਨ ਭੀ ਹਨ, ਜਿਸ ਨਾਲ ਮਨੁੱਖ ਸਤਿਸੰਗ ’ਚ ਬੈਠਿਆਂ ਭੀ ਲੋਭ ਵੱਸ ਹੋ ਸਕਦੈ। ਮਨੁੱਖ ਬਾਜ਼ਾਰ ਵਿੱਚ ਵਿਚਰਦਿਆਂ ਭੀ ਸੰਤੁਸ਼ਟ ਹੋ ਸਕਦੈ, ਸੰਤੋਖੀ ਹੋ ਸਕਦੈ, ਆਨੰਦਿਤ ਹੋ ਸਕਦੈ। ਮਨ ਚੁੱਪ ਕਰੇ ਤਾਂ ਪਰਮਾਤਮਾ ਦੀ ਆਵਾਜ਼ ਸੁਣਾਈ ਦੇਵੇ।  ਪਰਮਾਤਮਾ ਹਰ ਵਕਤ ਬੋਲ ਰਿਹੈ ‘‘ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ/ਮਹਲਾ /੧੧੬੦) , ਪਰ ਹਰ ਵਕਤ ਬੋਲ ਰਿਹੈ ਸਾਡਾ ਮਨ। ਜਾਂ ਮਨ ਚੁੱਪ ਕਰੇ ਜਾਂ ਰੱਬ ਚੁੱਪ ਕਰੇ । ਜਿਹੜਾ ਚੁੱਪ ਕਰ ਜਾਏ ਸਮਝੋ ਮਰ ਗਿਆ। ਰੱਬ ਨੇ ਨਹੀਂ ਚੁੱਪ ਕਰਨਾ। ਕਈ ਲੋਗ ਰੱਬ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਪਏ ਹਨ। ਉਸ ਦੀ ਆਵਾਜ਼ ਸਦਾ ਗੂੰਜ ਰਹੀ ਹੈ। ਜਿਨ੍ਹਾਂ ਨੇ ਉਸ ਆਵਾਜ਼ ਨੂੰ ਸੁਣਿਐ, ਸਾਧਨਾ ਬੱਸ ਉਹੀ ਹੈ। ਉਨ੍ਹਾਂ ਦਾ ਆਪਣਾ ਮਨ ਚੁੱਪ ਕਰ ਗਿਆ। ਧਰਮ ਦੀ ਸਾਰੀ ਸਾਧਨਾ ਹੈ ‘ਮਨ ਨੂੰ ਚੁੱਪ ਕਰਾਉਣਾ’। ਧੂੰਆਂਧਾਰ ਕੀਰਤਨ ਦਰਬਾਰ ਹੋ ਰਹੇ ਹਨ। ਬੜੇ ਇਕੱਠ ਹਨ ਪੰਤੂ ਕੋਈ ਇਕ ਅੱਧਾ ਹੀ ਹੈ, ਜਿਸ ਦੇ ਹਿਰਦੇ ਰਸ ਬਣਦਾ ਹੈ। ਜ਼ਿੰਦਗੀ ਵਿੱਚ ਆਨੰਦ ਬਣ ਜਾਂਦਾ ਹੈ। ਕਿਸ ਤਰ੍ਹਾਂ ਸੁਣੀਏ ਉਸ ਆਵਾਜ਼ ਨੂੰ  ? ਇੱਕੋ ਹੀ ਸਾਧਨ ਹੈ ਕਿ ਮਨ ਚੁੱਪ ਕਰ ਜਾਏ। ਮਨ ਚੁੱਪ ਕਿਉਂ ਨਹੀਂ ਕਰਦਾ ਕਿਉਂਕਿ ਮਨ ਵਿੱਚ ਹਰ ਵਕਤ ਮੰਗ ਚੱਲਦੀ ਹੈ। ਜਿਹੜੀ ਮੰਗ ਚੱਲਦੀ ਹੈ, ਉਹ ਯਕਦਮ ਤਾਂ ਪੂਰੀ ਨਹੀਂ ਹੋ ਸਕਦੀ। ਵੱਡੀਆਂ ਵੱਡੀਆਂ ਮੰਗਾਂ ਭੀ ਹਨ। ਸੋ ਮਨ ਚਲਾ ਜਾਂਦਾ ਹੈ ਭਵਿੱਖ ਵਿੱਚ। ਮਨੁੱਖ ਜਿੱਥੇ ਬੈਠਾ ਹੈ, ਮਨ ਉੱਥੇ ਨਹੀਂ ਬੈਠਾ। ਇੰਨੀ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਮਨ ਕਿਧਰੇ ਬੈਠਾ ਭੀ ਹੈ ਤਾਂ ਕਿਧਰੇ ਹਜ਼ਾਰਵਾਂ ਹਿੱਸਾ। ਤਨ ਟੁਕੜਿਆਂ ਵਿੱਚ ਨਹੀਂ ਜੀਅ ਸਕਦਾ। ਤਨ ਦੇ ਦਸ ਟੁਕੜੇ ਕਰ ਦੇਵੋ ਤਾਂ ਮੌਤ। ਮਨ ਤਾਂ ਜਿਊਂਦਾ ਹੀ ਟੁੱਕੜਿਆਂ ਵਿੱਚ ਹੈ। ਇੱਕ ਟੁਕੜਾ ਘਰ ਦੇ ਵਿੱਚ, ਇੱਕ ਟੁਕੜਾ ਬਾਜ਼ਾਰ ਦੇ ਵਿੱਚ, ਇੱਕ ਟੁਕੜਾ ਕਾਰੋਬਾਰ ਦੇ ਵਿੱਚ, ਇੱਕ ਟੁਕੜਾ ਕਿਸੇ ਹੋਰ ਮੁਲਕ ਵਿੱਚ, ਇੱਕ ਟੁਕੜਾ ਕਿਸੇ ਹੋਰ ਸ਼ਹਿਰ ਵਿੱਚ, ਇਕ ਨਿੱਕਾ ਜਿਹਾ ਮਨ ਦਾ ਟੁਕੜਾ ਕਿਧਰੇ ਗੁਰਦੁਆਰੇ ’ਚ ਹੁੰਦੈ, ਮੰਦਿਰ ’ਚ ਹੁੰਦੈ। ਇਸੇ ਤਰ੍ਹਾਂ ਬੀਜ ਨੂੰ ਦਲ ਦੇਈਏ ਤਾਂ ਹਜ਼ਾਰਾਂ ਟੁਕੜੇ ਹੋ ਜਾਣ ਅਤੇ ਬੋਈਏ, ਤਾਂ ਕੁਝ ਉੱਗਦੈ  ? ਕੁਝ ਨਹੀਂ ਉੱਗਦਾ। ਇਹ ਭੀ ਮੈਂ ਅਰਜ਼ ਕਰਾਂ, ਦਾਲ ਕਦੇ ਨਹੀਂ ਉੱਗਦੀ, ਸਾਬਤ ਬੀਜ ਉੱਗਦੈ। ਕਬੀਰ ਜੀ ਕਹਿੰਦੇ ਹਨ ‘‘ਕਬੀਰ ਜਾ ਕੀ ਦਿਲ ਸਾਬਤਿ ਨਹੀ; ਤਾ ਕਉ ਕਹਾਂ ਖੁਦਾਇ  ?’’ (ਸਲੋਕ/ਭਗਤ ਕਬੀਰ, ਪੰਨਾ ੧੩੭੪) ਜਿਸ ਦਾ ਬੀਜ ਹੀ ਸਾਬਤ ਨਹੀਂ, ਉਸ ਦੇ ਲਈ ਖ਼ੁਦਾ ਕਿੱਥੇ  ? ਉਸ ਦੇ ਲਈ ਰੱਬ ਕਿੱਥੇ  ? ਤਨ ਦੇ ਦਸ ਵੀਹ ਟੁਕੜੇ ਹੋ ਜਾਣ ਤਾਂ ਸਿਉਂ ਕੇ ਇੱਕ ਕਰਨਾ ਬੜਾ ਔਖਾ ਹੈ। ਜੇਕਰ ਕਰ ਭੀ ਲਈਏ ਤਾਂ ਤਨ ਮੁਰਦਾ ਹੋ ਜਾਏਗਾ, ਪ੍ਰਾਣ ਨਹੀਂ ਰਹਿ ਸਕਣਗੇ, ਖ਼ਤਮ ਹੋ ਜਾਏਗਾ। ਮਨ ਜ਼ਿੰਦਾ ਹੈ ਟੁਕੜਿਆਂ ਵਿੱਚ। ਮਨ ਦੀ ਮੌਤ ਹੋ ਜਾਂਦੀ ਹੈ ਜਦ ਜੋੜ ਕੇ ਇੱਕ ਕਰ ਦੇਈਏ। ਤਨ ਜ਼ਿੰਦਾ ਹੈ ਤਾਂ ਇੱਕ ਹੈ। ਲੱਤਾਂ ਨਾਲ ਜੁੜੀਆਂ ਹੋਈਆਂ ਹਨ। ਹੱਥ ਨਾਲ ਜੁੜੇ ਹੋਏ ਹਨ।  ਗਰਦਨ ਨਾਲ ਜੁੜੀ ਹੋਈ ਹੈ। ਇੱਕ ਇੱਕ ਅੰਗ ਤੁਸੀਂ ਅਲੱਗ ਕਰ ਦੇਵੇ ਤਾਂ ਫਿਰ ਮੌਤ ਹੈ। ਪੈਰ ਅਲੱਗ ਕਰ ਦੇਵੋ, ਹੱਥ ਅਲੱਗ ਕਰ ਦੇਵੋ, ਗਰਦਨ ਅਲੱਗ ਕਰ ਦੇਵੋ, ਪੇਟ ਅਲੱਗ ਕਰ ਦੇਵੋ, ਉਂਗਲੀਆਂ ਅਲੱਗ ਕਰ ਦੇਵੇ ਤਾਂ, ਕੀ ਰਹਿ ਸਕਦੈ ਇਹ ਤਨ  ? ਤਨ ਜਿਊਂਦਾ ਹੈ ਤਾਂ ਇੱਕ ਹੈ। ਮਨ ਅਨੇਕ ਟੁਕੜਿਆਂ ਵਿੱਚ ਜਿਊਂਦਾ ਹੈ। ਮਰ ਜਾਏਗਾ ਤਨ, ਜੇਕਰ ਦਸ ਵੀਹ ਟੁਕੜੇ ਕਰ ਦੇਈਏ । ਮਰ ਜਾਏਗਾ ਮਨ, ਜੇਕਰ ਇਸ ਦੇ ਹਜ਼ਾਰਾਂ ਟੁਕੜਿਆ ਨੂੰ ਇਕ ਕਰ ਦੇਈਏ, ਜੋੜ ਦੇਈਏ । ਇਕ ਹੋਇਆ ਮਨ ਮਰ ਜਾਂਦਾ ਹੈ, ਟੁਕੜੇ ਟੁਕੜੇ ਹੋਇਆ ਤਨ ਮਰ ਜਾਂਦਾ ਹੈ, ਪਰ ਮੈਂ ਅਰਜ਼ ਕਰਾਂ, ਤਨ ਮਰਦੈ ਤਾਂ ਖਾਕ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ, ਰਾਖ ਹੋ ਜਾਂਦਾ ਹੈ। ਮਨ ਮਰਦੈ ਤਾਂ ਪ੍ਰਮਾਤਮਾ ਹੋ ਜਾਂਦਾ ਹੈ ‘‘ਮਨੁ ਮਰੈ; ਧਾਤੁ ਮਰਿ ਜਾਇ   ਬਿਨੁ ਮਨ ਮੂਏ; ਕੈਸੇ ਹਰਿ ਪਾਇ  ? (ਧਨਾਸਰੀ/ਮਹਲਾ , ਪੰਨਾ ੬੬੫) ਮਨ ਇਸ ਤਰ੍ਹਾਂ ਮਰ ਗਿਆ; ਜਿਵੇਂ ਬੀਜ ਮਰ ਗਿਆ। ਕਬਰ ਵਿੱਚ ਚਲਾ ਗਿਆ ਬੀਜ, ਪਰ ਫੁੱਲ ਬਣ ਕੇ ਪ੍ਰਗਟ ਹੋਇਆ, ਫਲ਼ ਬਣ ਕੇ ਪ੍ਰਗਟ ਹੋਇਐ ਕਬਰ ਵਿੱਚੋਂ। ਜੇਕਰ ਮਰਿਆ ਨਹੀਂ ਤਾਂ ਕਬਰ ਵਿੱਚ ਕਿਸ ਤਰ੍ਹਾਂ ਸਮਾਵੇ ਕਿਉਂਕਿ ਮਨ ਤਾਂ ਪਸਰਿਆ ਹੋਇਐ, ਫੈਲਿਆ ਹੋਇਐ। ਮਨ ਦਾ ਇੱਕ ਹੋ ਜਾਣਾ ਹੀ ਕਬਰ ਦਾ ਪ੍ਰਵੇਸ਼ ਹੈ ਤਾਂ ਇੱਕ ਕਿਸ ਤਰ੍ਹਾਂ ਹੋਵੇ  ? ਮੰਗ ਮਿਟੇ ‘‘ਮਮਾ ਮਾਗਨਹਾਰ ਇਆਨਾ ’’ (ਗਉੜੀ, ਬਾਵਨ ਅਖਰੀ, ਮਹਲਾ , ਪੰਨਾ ੨੫੮)  ਇਆਣਾ ਹੈ, ਮੁਰਖ ਹੈ, ਜਿਸ ਦੇ ਮਨ ਵਿੱਚ ਹਰ ਵਕਤ ਮੰਗ ਚੱਲਦੀ ਹੈ। ਦੁਕਾਨ ’ਤੇ ਬੈਠਾ ਹੈ ਜਾਂ ਬਾਜ਼ਾਰ ਵਿੱਚ ਹੈ, ਮੰਗ ਚੱਲਦੀ ਪਈ ਹੈ ਤਾਂ ਚੱਲਣ ਦੇਵੇ, ਪਰ ਹੱਥ ਵਿੱਚ ਗੁਟਕਾ ਹੈ, ਕੀਰਤਨ ਸੁਣ ਰਿਹੈ। ਜੇਕਰ ਫਿਰ ਭੀ ਮਨ ਵਿੱਚ ਮੰਗ ਚੱਲ ਰਹੀ ਹੈ ਤਾਂ ਨਾ ਕੋਈ ਪਾਠ ਕਰ ਰਿਹੈ, ਨਾ ਕੋਈ ਕੀਰਤਨ ਸੁਣ ਰਿਹੈ, ਨਾ ਕੋਈ ਗੁਰਦੁਆਰੇ ਬੈਠਾ ਹੈ, ਨਾ ਕੋਈ ਮੰਦਿਰ ਵਿੱਚ ਬੈਠਾ ਹੈ। ਉਹ ਜੋ ਮੰਗ ਪਈ ਚੱਲਦੀ ਹੈ, ਬਸ ਉਸ ਮੰਗ ਵਿੱਚ ਹੀ ਬੈਠਾ ਹੈ, ਕਿਸੇ ਮਸਜਿਦ ਮੰਦਿਰ ਵਿੱਚ ਨਹੀਂ ਬੈਠਾ।

ਗੁਰੂ ਨਾਨਕ ਜੀ ਨੇ ਸੁਲਤਾਨਪੁਰ ਦੇ ਨਵਾਬ ਨੂੰ ਕਹਿ ਦਿੱਤਾ ਸੀ ਕਿ ਕੌਣ ਪੜ੍ਹੇ ਤੇਰੇ ਨਾਲ ਨਮਾਜ਼, ਤੂੰ ਤਾਂ ਕਾਬਲ ਵਿੱਚ ਘੋੜੇ ਪਿਆ ਖ਼ਰੀਦਦਾ ਸੀ। ਆਪਾਂ ਕਾਬਲ ਜਾ ਕੇ ਘੋੜੇ ਨਹੀਂ ਖ਼ਰੀਦਣੇ, ਇਸ ਲਈ ਮੈਂ ਨਹੀਂ ਪੜ੍ਹੀ ਤੇਰੇ ਨਾਲ ਨਿਮਾਜ਼ ਕਿਉਂਕਿ ਘੋੜੇ ਮੈਂ ਖ਼ਰੀਦਣੇ ਨਹੀਂ ਸਨ। ਮਨ ਘੋੜੇ ਖ਼ਰੀਦ ਰਿਹਾ ਸੀ। ਮੰਗ ਭਵਿੱਖ ਵਿੱਚ ਲੈ ਜਾਂਦੀ ਹੈ। ਜਿਤਨੀ ਵੱਡੀ ਮੰਗ ਹੋਵੇਗੀ। ਉਤਨਾ ਹੀ ਲੰਬਾ ਭਵਿੱਖ ਹੋਵੇਗਾ। ਮੈਂ ਇੱਕ ਝੁੱਗੀ ਬਣਾਉਣਾ ਚਾਹੁੰਦਾ ਹਾਂ ਤਾਂ ਹੋ ਸਕਦੈ ਦੋ ਘੰਟਿਆਂ ਵਿੱਚ ਬਣ ਜਾਏ, ਪਰ ਮੈਂ ਦਸ ਮੰਜ਼ਲਾ ਮਕਾਨ ਬਣਾਉਣਾ ਚਾਹੁੰਦਾ ਹਾਂ, ਦੋ ਚਾਰ ਘੰਟਿਆਂ ਵਿੱਚ ਨਹੀਂ ਬਣ ਸਕਦਾ, ਕਈ ਮਹੀਨੇ ਲੱਗਣਗੇ, ਕਈ ਸਾਲ ਲੱਗਣਗੇ। ਜਿਤਨੀ ਵੱਡੀ ਮੰਗ, ਉਤਨਾ ਜ਼ਿਆਦਾ ਸਮਾਂ ਚਾਹੀਦਾ ਹੈ, ਭਵਿੱਸ਼ ਚਾਹੀਦੈ। ਸੋ ਫਿਰ ਮਨ ਤਾਂ ਭਵਿੱਸ਼ ਵਿੱਚ ਚਲਾ ਗਿਆ। ਕੌਣ ਬਾਣੀ ਸੁਣੇਗਾ ? ਪਾਠ ਸੁਣੇਗਾ ? ਕੌਣ ਕਥਾ ਕੀਰਤਨ ਸੁਣੇਗਾ  ? ਸਾਧਨ ਇਹ ਹੈ ਕਿ ਮੰਗ ਨਾ ਚੱਲੇ ‘‘ਮਮਾ ਮਾਗਨਹਾਰ ਇਆਨਾ   ਦੇਨਹਾਰ ਦੇ ਰਹਿਓ ਸੁਜਾਨਾ ’’  (ਬਾਵਨ ਅਖਰੀ, ਮਹਲਾ , ਪੰਨਾ ੨੫੮)

ਉੱਦਮ ਕਰ ਪਰ ਮੰਗ ਤੋਂ ਬਿਨਾਂ ਕਰ ਕਿਉਂਕਿ ਬਿਨਾਂ ਮੰਗਿਆਂ ਰੱਬ ਪਵਨ ਦਿੰਦਾ ਪਿਐ। ਮੰਗ ਨੂੰ ਇੱਕ ਪਾਸੇ ਕਰ, ਬਥੇਰਾ ਕੁਝ ਮਿਲਦਾ ਜਾਏਗਾ। ਜੇਕਰ ਮਨ ਨੂੰ ਇੱਕ ਪਾਸੇ ਕਰਕੇ ਮੰਗ ਕਰੇਂ ਤਾਂ ਫਿਰ ਪਰਮਾਤਮਾ ਭੀ ਮਿਲ ਜਾਏਗਾ। ਜੇ ਪਰਮਾਤਮਾ ਮਿਲ ਗਿਆ ਤਾਂ ਸਮਝੋ ਸਭ ਕੁਝ ਮਿਲ ਗਿਆ ਸਭ ਕੁਛ ਖ਼ੁਦਾ ਸੇ ਮਾਂਗ ਲੀਆ, ਖ਼ੁਦਾ ਕੋ ਮਾਂਗ ਕਰ ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਅਦ

ਕਹਿੰਦੈ, ਐ ਰੱਬ  ! ਜਿਸ ਦਿਨ ਦਾ ਤੈਨੂੰ ਮੰਗਿਐ, ਤੂੰ ਮਿਲ ਗਿਐਂ। ਹੁਣ ਹੋਰ ਕੋਈ ਮੰਗ ਪੈਦਾ ਹੀ ਨਹੀਂ ਹੁੰਦੀ। ਮੰਗ ਦੇ ਮਿਟਦਿਆਂ ਹੀ ਮਨ ਆ ਜਾਂਦਾ ਹੈ ਵਰਤਮਾਨ ਵਿੱਚ। ਵਰਤਮਾਨ ਦੇ ਅੱਖਰੀ ਅਰਥ ਹਨ ‘ਜਿਸ ਨੂੰ ਮੈਂ ਵਰਤ ਸਕਦਾ ਹਾਂ, ਉਹ ਵਰਤਮਾਨ ਹੈ।’ ਕੱਲ੍ਹ ਦਾ ਗੁਜ਼ਰਿਆ ਹੋਇਆ ਦਿਨ, ਕੀ ਮੈਂ ਅੱਜ ਵਰਤ ਸਕਦਾ ਹਾਂ  ? ਅੱਜ ਦੀ ਲੰਘੀ ਹੋਈ ਸਵੇਰ ਜਾਂ ਲੰਘੀ ਹੋਈ ਦੁਪਹਿਰ ਦੀ ਕੀ ਮੈਂ ਵਰਤੋਂ ਕਰ ਸਕਦਾ ਹਾਂ ? ਨਹੀਂ। ਦੁਪਹਿਰ ਤਾਂ ਗਈ, ਸਵੇਰ ਵੀ ਗਿਆ। ਸੋ ਮੈਂ ਅਰਜ਼ ਕਰਾਂ, ਦੁਪਹਿਰ ਅਤੇ ਸਵੇਰ ਤਾਂ ਬਹੁਤ ਦੂਰ ਹੈ। ਵਰਤਮਾਨ ਤਾਂ ਬਹੁਤ ਥੋੜ੍ਹਾ ਹੁੰਦਾ ਹੈ, ਬਹੁਤ ਛੋਟਾ ਜਿਹਾ। ਕਿਤਨਾ ਕੁ ਛੋਟਾ  ? ਗੁਰਬਾਣੀ ਕਹਿੰਦੀ ਹੈ ‘ਇਕ ਦਮ, ਸਿਰਫ਼ ਇਕ ਦਮ’। ਇਹ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ, ਇਕ ਦਮ ਹੈ ‘ਵਰਤਮਾਨ’। ਜੇਕਰ ਇਕ ਦਮ ਦਾ ਸਮਾਂ ਗਿਣੀਏ ਤਾਂ ਇਕ ਛਿਨ, ਇਕ ਸੈਕਿੰਡ ਹੀ ਇਕ ਦਮ ਹੈ। ਪਰਮਾਤਮਾ ਜਦ ਭੀ ਮਿਲੇਗਾ ਇੱਕ ਸੈਕਿੰਡ ’ਚ ਮਿਲੇਗਾ। ਵੱਡਾ ਮਹਿਲ ਇੱਕ ਸੈਕਿੰਡ ਵਿੱਚ ਨਹੀਂ ਮਿਲੇਗਾ। ਦਸ-ਮੰਜ਼ਲਾ ਮਕਾਨ ਇੱਕ ਸੈਕਿੰਡ ਵਿੱਚ ਨਹੀਂ ਬਣ ਸਕਦਾ, ਪਰ ਪਰਮਾਤਮਾ ਜਦ ਭੀ ਮਿਲੇਗਾ, ਇੱਕ ਸੈਕਿੰਡ ਵਿੱਚ ਮਿਲੇਗਾ ‘‘ਏਕ ਚਿਤ; ਜਿਹ ਇਕ ਛਿਨ ਧਿਆਇਓ ਕਾਲ ਫਾਸਿ ਕੇ ਬੀਚ ਆਇਓ ੧੦ (ਅਕਾਲ ਉਸਤਤਿ), ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਸੂਹੀ, ਮਹਲਾ , ਪੰਨਾ ੭੪੭)

ਪਦਾਰਥ ਜਦ ਮੈਨੂੰ ਮਿਲਣਗੇ ਇੱਕ ਸੈਕਿੰਡ ’ਚ ਨਹੀਂ ਮਿਲ ਸਕਦੇ। ਬੱਚਾ ਪੰਜ ਸਾਲ ਦਾ ਆਖੇ ਕਿ ਮੈਂ ਇੰਜੀਨੀਅਰ ਬਣਨੈ, ਨਹੀਂ ਬਣ ਸਕਦਾ, ਪਰ ਜੇ ਬੱਚਾ ਆਖੇ ਮੈਂ ਭਗਤ ਬਣਨੈ, ਇੱਕ ਸੈਕਿੰਡ ਵਿੱਚ ਬਣ ਜਾਏਗਾ। ਪ੍ਰਹਿਲਾਦ ਬਣ ਗਿਆ ਸੀ। ਧ੍ਰੂ ਬਣ ਗਿਆ ਸੀ। ਪੰਜ ਸਾਲ ਦਾ ਬੱਚਾ ਡਾਕਟਰ ਨਹੀਂ ਬਣ ਸਕਦਾ, ਇੰਜੀਨੀਅਰ ਨਹੀਂ ਬਣ ਸਕਦਾ, ਲੱਗਣਗੇ ਪੰਦਰਾਂ ਵੀਹ ਸਾਲ। ਪੰਜ ਸਾਲ ਦਾ ਬੱਚਾ ਭਗਤ ਬਣ ਸਕਦੈ, ਲੱਗੇਗਾ ਸਿਰਫ਼ ਇੱਕ ਦਮ, ਇੱਕ ਸੈਕਿੰਡ। ਵਰਤਮਾਨ ਕਿਤਨਾ ਹੈ ‘ਇੱਕ ਨਿਮਖ’। ਜਿਹੜਾ ਦਮ ਮੇਰੇ ਮੂੰਹ ਵਿੱਚ ਹੈ, ਬਸ ਇਹੀ ਵਰਤਮਾਨ ਹੈ। ਮੈਂ ਜਿਧਰ ਚਾਹਵਾਂ ਇਸ ਨੂੰ ਵਰਤ ਸਕਦਾ ਹਾਂ। ਇੱਕ ਦਮ ਵਿੱਚ ਮੈਂ ਮਿਥਿਆ ਭੀ ਬੋਲ ਸਕਦਾ ਹਾਂ। ਇਸ ਇੱਕ ਦਮ ਵਿੱਚ ਮੈਂ ਮਹਾਂ ਮੰਤਰ ਭੀ ਬੋਲ ਸਕਦਾ ਹਾਂ। ਦੁਨੀਆਂ ਦੇ ਸਾਰੇ ਮਹਾਂ ਮੰਤਰ ਇੱਕ ਦਮ ਵਿੱਚ ਖ਼ਤਮ ਹੋ ਜਾਂਦੇ ਹਨ। ਓਮ; ਇਕ ਦਮ ਵਿੱਚ ਉਚਾਰਣ ਹੋ ਜਾਂਦਾ ਹੈ। ਰਾਮ ਅਤੇ ਅੱਲ੍ਹਾ ਹੂ; ਇੱਕ ਦਮ ਵਿੱਚ ਉਚਾਰਣ ਹੋ ਜਾਂਦੇ ਹਨ। ਵਾਹਿਗੁਰੂ, ਇੱਕ ਦਮ ਵਿੱਚ ਉਚਾਰਣ ਹੋ ਜਾਂਦਾ ਹੈ। ਹੁਣ ਮੈਂ ਅਰਜ਼ ਕਰਾਂ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਹੀ ਵਾਹਿਗੁਰੂ ਪ੍ਰਗਟ ਹੁੰਦੈ।

ਭਗਤ ਮਾਲ ਦੀ ਕਥਾ ਹੈ ਕਿ ਤਿੰਨ ਦਫ਼ਾ ਰਾਮ ਕਹਿਲਾ ਕੇ ਲੋਈ ਨੇ ਕਿਧਰੇ ਇੱਕ ਰੋਗੀ ਦਾ ਰੋਗ ਦੂਰ ਕੀਤਾ ਸੀ। ਕਬੀਰ ਕਹਿੰਦੇ ਹਨ ਕਿ ਤੂੰ ‘ਰਾਮ ਨਾਮ’ ਦੀ ਤੌਹੀਨ ਕੀਤੀ ਹੈ। ਇਕ ਦਫ਼ਾ ਰਾਮ ਕਹਿ ਕੇ ਤਾਂ ਜਨਮਾਂ-ਜਨਮਾਂਤਰਾਂ ਦੇ ਰੋਗ ਦੂਰ ਕੀਤੇ ਜਾ ਸਕਦੇ ਹਨ। ਸਾਰੇ ਨਗਰ ਦਾ ਰੋਗ ਦੂਰ ਕੀਤਾ ਜਾ ਸਕਦੈ। ਤੂੰ ਤਿੰਨ ਦਫ਼ਾ ਰਾਮ ਕਹਿਲਾਇਐ। ਇਹ ਰੱਬ ਦੇ ਨਾਮ ਦੀ ਤੌਹੀਨ ਹੈ। ਇਸ ਨੂੰ ਕਿਧਰੇ ਅਤਿਕਥਨੀ ਨਾ ਸਮਝ ਲੈਣਾ। ਕਰੋੜਾਂ ਜਨਮਾਂ ਦੇ ਪਾਪ ਇੱਕ ਛਿਨ ਵਿੱਚ ਮਿਟਣਗੇ। ਕਰੋੜਾਂ ਜਨਮਾਂ ਦੇ ਪਾਪ ਧੋਣ ਲਈ ਕਰੋੜਾਂ ਜਨਮ ਨਹੀਂ ਚਾਹੀਦੇ, ਇੱਕ ਛਿਨ ਚਾਹੀਦੈ। ਕਰੋੜਾਂ ਜਨਮਾਂ ਦੇ ਪਾਪ, ਕਰੋੜਾਂ ਜਨਮਾਂ ਦੇ ਦੁੱਖ, ਕਰੋੜਾਂ ਜਨਮਾਂ ਵਿੱਚ ਨਹੀਂ ਮਿਟਣਗੇ, ਇਕ ਛਿਨ ਵਿੱਚ ਮਿਟਣਗੇ। ਭਗਤ ਕਬੀਰ ਜੀ ਕਹਿੰਦੇ ਹਨ  ‘‘ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭) ਪਦ ਅਰਥ : ਟੁਕੁ ਦਮੁ- ਪਲਕ ਭਰ।, ਕਰਾਰੀ-ਇਕਾਗ੍ਰਤਾ।

ਵਰਤਮਾਨ ਦੇ ਇੱਕ ਦਮ ਵਿੱਚ ਕਿਧਰੇ ਆ ਜਾਓ, ਹਾਜ਼ਰ ਨਾਜ਼ਰ ਪਰਮਾਤਮਾ ਵਿਖਾਈ ਦੇਵੇਗਾ। ਇਹ ਦਮ ਮੇਰੇ ਮੂੰਹ ਵਿੱਚ ਹੈ। ਮੇਰੀ ਮਰਜ਼ੀ ਹੈ ਮੈਂ ਇਸ ਨੂੰ ਜਿਧਰ ਵਰਤਾਂ। ਦਮ ਨਿਕਲ ਗਿਆ, ਮੇਰੇ ਹੱਥ ਵਿੱਚ ਨਹੀਂ, ਉਹ ਤਾਂ ਭੂਤਕਾਲ ਹੋ ਗਿਆ। ਦਮ ਜਿਹੜਾ ਆਇਆ ਨਹੀਂ, ਉਹ ਤਾਂ ਭਵਿਖਕਾਲ ਹੈ ਕਿਉਂਕਿ ਅਜੇ ਆਇਆ ਨਹੀਂ।  ਮੂੰਹ ਵਾਲਾ ਦਮ ਹੀ ਵਰਤਮਾਨ ਹੈ। ਭਵਿੱਸ਼ ਕਿਤਨਾ ਹੈ ? ਬਹੁਤ ਲੰਬਾ, ਬਹੁਤ ਹੀ ਲੰਬਾ। ਭੂਤਕਾਲ ਕਿਤਨਾ ਹੈ ? ਬਹੁਤਾ ਲੰਬਾ, ਬਹੁਤ ਹੀ ਲੰਬਾ। ਪਤਾ ਨਹੀਂ ਅਸੀਂ ਕਦੋਂ ਦੇ ਹਾਂ। ਵਰਤਮਾਨ ਕਿਤਨੈ  ? ਇਕ ਦਮ। ਨਾ ਭੂਤਕਾਲ ਵਿੱਚ ਪਰਮਾਤਮਾ ਮਿਲਣੈ, ਨਾ ਭਵਿਖਕਾਲ ਵਿੱਚ ਮਿਲਣੈ। ਕੇਵਲ ਵਰਤਮਾਨ ਵਿੱਚ ਹੀ ਮਿਲਣੈ ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ’’ (ਭਾਈ ਗੁਰਦਾਸ ਜੀ, ਵਾਰ ੧੮ ਪਉੜੀ ੨੧)

 ਹੁਣ ਮੰਗ ਸਿਮਟੇ ਤਾਂ ਧਿਆਨ ਇੱਕ ਦਮ ਵਿੱਚ ਆਵੇ। ਮੰਗਾਂ ਜਿਹੜੀਆਂ ਹਨ, ਧਿਆਨ ਨੂੰ ਲੈ ਜਾਂਦੀਆਂ ਹਨ ਭਵਿੱਸ਼ ਦੇ ਵਿੱਚ, ਬਹੁਤ ਦੂਰ ਲੈ ਜਾਂਦੀਆਂ ਹਨ। ਕੋਈ ਗੱਲ ਨਹੀਂ। ਕਮ ਅਜ਼ ਕਮ (ਘੱਟ ਤੋਂ ਘੱਟ) ਜਦ ਸਤਿਸੰਗ ਵਿੱਚ ਬੈਠੇ ਹੋ ਤਾਂ ਵਾਹਿਗੁਰੂ ਆਖੋ। ਜੇਕਰ ਉਦੋਂ ਭੀ ਮੰਗ ਚੱਲਦੀ ਹੈ ਤਾਂ ਇਹ ਵਾਹਿਗੁਰੂ ਨਹੀਂ ਕਹਿਣ ਦੇਵੇਗੀ, ਨਹੀਂ ਆਖ ਸਕੇਗਾ। ਸੋ ਉਸ ਪਰਮਾਤਮਾ ਤੋਂ ਜੋ ਨਾਦ ਪ੍ਰਗਟ ਹੋਇਆ, ਸ਼ਬਦ ਪ੍ਰਗਟ ਹੋਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਉਹ ਓਅੰਕਾਰ ਸੀ ‘‘ਓਅੰਕਾਰ ਆਦਿ ਕਥਨੀ ਅਨਾਦਿ (ਜਾਪੁ ਸਾਹਿਬ), ਓਅੰਕਾਰ; ਆਦਿ ਮੈ ਜਾਨਾ   ਲਿਖਿ ਅਰੁ ਮੇਟੈ; ਤਾਹਿ ਮਾਨਾ ’’  (ਗਉੜੀ ਬਾਵਨ ਅਖਰੀ, ਭਗਤ ਕਬੀਰ, ਪੰਨਾ ੩੪੦) ਕਬੀਰ ਜੀ ਕਹਿੰਦੇ ਹਨ ਕਿ ਪਹਿਲਾ ਬੋਲ ਬ੍ਰਹਿਮੰਡ ਦਾ ਕੀ ਹੈ ? ‘ਓਅੰਕਾਰ’। ਗੁਰੂ ਨਾਨਕ ਵੀ ਕਹਿੰਦੇ ਹਨ ‘ਓਅੰਕਾਰ’। ਦਖਣੀ ਓਅੰਕਾਰ ਆਪ ਜੀ ਨੇ ਲਿਖੀ ਹੈ ‘‘ਓਅੰਕਾਰਿ; ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ   ਓਅੰਕਾਰਿ; ਸੈਲ ਜੁਗ ਭਏ   ਓਅੰਕਾਰਿ; ਬੇਦ ਨਿਰਮਏ ’’ (ਰਾਮਕਲੀ ਓਅੰਕਾਰ, ਮਹਲਾ , ਪੰਨਾ ੯੩੦)

ਸਾਰਾ ਪਸਾਰਾ ਓਅੰਕਾਰ ਤੋਂ ਹੋਇਐ, ਧੁਨੀ ਤੋਂ ਹੋਇਐ, ਸ਼ਬਦ ਤੋਂ ਹੋਇਐ। ਜੇਕਰ ਸਭ ਕੁਝ ਸ਼ਬਦ ਦੇ ਰਾਹੀਂ ਬਾਹਰ ਆਇਐ ਤਾਂ ਸਭ ਕੁਝ ਸ਼ਬਦ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ। ਸੋ ਸ਼ਬਦ ਦੁਆਰ ਹੈ, ਸ਼ਬਦ ਗੁਰੂ ਹੈ। ਗੁਰੂ ਦੁਆਰ ਹੈ, ਦਰਵਾਜ਼ਾ ਹੈ। ਪ੍ਰਮਾਤਮਾ ਘਰ ਹੈ, ਗੁਰੂ ਦਰ ਹੈ। ਪ੍ਰਕਾਸ਼ ਘਰ ਹੈ, ਸ਼ਬਦ ਦਰ ਹੈ। ਸ਼ਬਦ ਦਾ ਜਪ ਕਰੋ ਤੇ ਸਾਰੇ ਜਪ ਇੱਕ ਦਮ ਵਿੱਚ ਪੂਰੇ ਹੋ ਜਾਂਦੇ ਹਨ। ਮਹਾਂ ਮੰਤਰ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ। ਵਾਹਿਗੁਰੂ ਜੇਕਰ ਮੈਂ ਆਖਿਐ, ਪੂਰੇ ਧਿਆਨ ਨਾਲ ਇਸ ਨੂੰ ਸੁਣਿਐ ਤਾਂ ਇੱਕ ਦਫ਼ਾ ਵਾਹਿਗੁਰੂ ਆਖਣ ਨਾਲ ਜਨਮਾਂ-ਜਨਮਾਂਤਰਾਂ ਦੇ ਪਾਪ ਮਿਟ ਜਾਣਗੇ ‘‘ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ’’ (ਆਸਾ, ਮਹਲਾ , ਪੰਨਾ ੩੫੮) ਮਹਾਰਾਜ ਕਹਿੰਦੇ ਹਨ ਕਿ ਲੱਖਾਂ ਮਣ ਲੱਕੜਾਂ ਨੂੰ ਜਲਾਉਣ ਦੀ ਖ਼ਾਤਰ ਕੋਈ ਲੱਖਾਂ ਮਣ ਅੱਗ ਨਹੀਂ ਚਾਹੀਦੀ ਹੁੰਦੀ। ਇੱਕ ਚੰਗਿਆੜੀ ਹੀ ਚਾਹੀਦੀ ਹੈ। ਬੱਸ ਇੱਕ ਚੰਗਿਆੜੀ ਨਾਲ ਜਲ ਜਾਣਗੀਆਂ ਲੱਕੜਾਂ। ਲੱਖਾਂ ਕਰੋੜਾਂ ਪਾਪਾਂ ਨੂੰ ਧੋਣ ਵਾਸਤੇ ਕੋਈ ਲੱਖਾਂ ਪੁੰਨ ਚਾਹੀਦੇ ਹਨ ? ਨਹੀਂ। ਇੱਕ ਦਮ, ਇੱਕ ਦਮ ਵਿੱਚ ਆਖਿਆ ਹੋਇਆ ਇੱਕ ਦਫ਼ਾ ਵਾਹਿਗੁਰੂ, ਬੱਸ ਧੁਲ ਜਾਣਗੇ ਪਾਪ। ਘੰਟਾ ਘੰਟਾ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਅਸੀਂ ਭਵਿੱਖ ਵਿੱਚ ਹੁੰਦੇ ਹਾਂ। ਭੂਤਕਾਲ ਵਿੱਚ ਹੁੰਦੇ ਹਾਂ, ਪਰ ਕਹਿੰਦੇ ਰਹੀਏ ਤਾਂ ਕਿਸੇ ਦਿਨ ਉਹ ਮੂੰਹ ’ਚੋਂ ਵਾਕ ਨਿਕਲੇ, ਜਿਹੜਾ ਇੱਕ ਦਮ ਹੈ ਤੇ ਉਸ ਦਮ ਵਿੱਚ ਜਿਹੜਾ ਵਾਕ ਨਿਕਲੇ, ਉਸੇ ਵਿੱਚ ਹੀ ਸਾਡਾ ਧਿਆਨ ਆ ਜਾਏ, ਉੱਥੇ ਹੀ ਆ ਜਾਏ। ਇਸ ਵਾਸਤੇ ਧਰਮ ਨੂੰ ਕਹਿੰਦੇ ਹਨ ਧਿਆਨ-ਸਾਧਨਾ। ਧਿਆਨ ਜਾਂਦਾ ਹੈ ਭਵਿੱਸ਼ ਵਿੱਚ, ਧਿਆਨ ਜਾਂਦਾ ਹੈ ਭੂਤਕਾਲ ਵਿੱਚ। ਧਿਆਨ ਵਰਤਮਾਨ ਵਿੱਚ ਆਉਂਦਾ ਹੀ ਨਹੀਂ ਤੇ ਵਰਤਮਾਨ ਕੀ ਹੈ, ਇੱਕ ਦਮ। ਇੱਕ ਦਮ ਵਿੱਚ ਕੀ ਮੰਗੋਗੇ ਤੁਸੀਂ  ? ਕਿਹੜੀ ਮੰਗ ਨੂੰ ਜਨਮ ਦਿਓਗੇ  ? ਇੱਕ ਦਮ ਵਿੱਚ ਕੀ ਮਿਲ ਸਕਦੈ  ? ਤੁਸੀਂ ਥੋੜ੍ਹੀ ਜਿਹੀ ਭੀ ਕਲਪਨਾ ਕਰੋ ਕਿ ਇੱਕ ਦਮ ਵਿੱਚ ਕੀ ਮਿਲ ਸਕਦੈ  ? ਜੇਕਰ ਭਵਿੱਸ਼ ਚਾਹੀਦੈ। ਜਿਤਨੀ ਵੱਡੀ ਮੰਗ ਹੋਵੇਗੀ, ਉਤਨਾ ਹੀ ਵੱਡਾ ਭਵਿੱਸ਼ ਹੋਵੇਗਾ। ਹੁਣੇ ਹੀ ਅਰਜ਼ ਕੀਤੀ ਹੈ, ਇੰਜੀਨੀਅਰ ਬਣਨੈ ਤਾਂ ਪੰਦਰਾਂ ਵੀਹ ਸਾਲ ਤਾਂ ਚਾਹੀਦੇ ਹਨ। ਡਾਕਟਰ ਬਣਨੈ, ਪੰਦਰਾਂ ਵੀਹ ਸਾਲ ਤਾਂ ਚਾਹੀਦੇ ਹਨ। ਮੈਂ ਝੁੱਗੀ ਬਣਾਉਣੀ ਹੈ, ਚਲੋ ਦੋ ਚਾਰ ਘੰਟਿਆਂ ਵਿੱਚ ਬਣਾ ਲਵਾਂਗਾ, ਪਰ ਮੈਂ ਅੱਠ-ਮੰਜ਼ਲਾ ਮਕਾਨ ਬਣਾਉਣੇ, ਕਈ ਸਾਲ ਲੱਗਣਗੇ। ਜਿਤਨੀ ਵੱਡੀ ਮੰਗ ਹੋਵੇਗੀ, ਉਤਨਾ ਵੱਡਾ ਭਵਿੱਸ਼। ਮਨ ਭਵਿੱਸ਼ ਦੇ ਵਿੱਚ ਚਲਾ ਜਾਂਦਾ ਹੈ ਜਦਕਿ ਇੱਕ ਦਮ ਵਰਤਮਾਨ ਹੈ ਤੇ ਹੁਣ ਕੋਈ ਇੱਕ ਦਮ ਦੇ ਵਿੱਚ ਆ ਜਾਏ ਅਤੇ ਮੰਗ ਨੂੰ ਪਰੇ ਸੁੱਟੇ। ਇਹ ਇੱਕ ਦਮ ਵਿੱਚ ਨਹੀਂ ਆਉਣ ਦਿੰਦੀ। ਤੁਸੀਂ ਕਰ ਕੇ ਦੇਖਣਾ ਸਾਧਨਾ। ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਸਭ ਤੋਂ ਔਖਾ ਕੰਮ ਇਹੀ ਹੈ ‘‘ਆਖਣਿ ਅਉਖਾ ਸਾਚਾ ਨਾਉ ’’ (ਆਸਾ, ਮਹਲਾ , ਪੰਨਾ ) ਇਹੀ ਔਖੈ, ਇਕ ਦਮ ਵਿੱਚ ਕਿਸ ਤਰ੍ਹਾਂ ਆਖੋਗੇ, ਸਾਧਨਾ ਕਰ ਕੇ ਵੇਖਣਾ। ਰਾਮ ਰਾਮ ਕਹਿ ਰਿਹੈ, ਪਰ ਮੰਗਾਂ ਇਸ ਨੂੰ ਭਵਿੱਸ਼ ਵਿੱਚ ਲੈ ਗਈਆਂ ਹਨ। ਭਵਿੱਸ਼ ਦੀ ਚਿੰਤਾ ਵਿੱਚ ਹੀ ਹੈ। ਮੰਗਾਂ ਦਾ ਜਪ ਪਿਆ ਕਰਦੈ, ਰਾਮ ਦਾ ਜਪ ਨਹੀਂ ਹੋ ਰਿਹਾ। ਕਾਮਨਾਵਾਂ ਦਾ ਜਪ ਪਿਆ ਕਰਦੈ, ਵਾਹਿਗੁਰੂ ਦਾ ਜਪ ਨਹੀਂ ਹੋ ਰਿਹਾ। ਕਾਬਲ ਵਿੱਚ ਘੋੜੇ ਖ਼ਰੀਦਦਾ ਪਿਐ, ਨਮਾਜ਼ ਨਹੀਂ ਪੜ੍ਹਦਾ। ਪਰਮਾਤਮਾ ਤਾਂ ਹੁਣ ਮਿਲੇਗਾ ਵਰਤਮਾਨ ਵਿੱਚ। ਵਰਤਮਾਨ ਨੂੰ ਮੈਂ ਆਪਣੀ ਵਰਤੋਂ ਵਿੱਚ ਲਿਆ ਸਕਦਾ ਹਾਂ। ਇਕ ਦਮ ਜਿਹੜਾ ਮੇਰੇ ਮੂੰਹ ਵਿੱਚ ਹੈ, ਮੈਂ ਕਿਧਰੇ ਭੀ ਵਰਤ ਸਕਦਾ ਹਾਂ। ਇੱਕ ਦਮ ਚਲਾ ਗਿਆ ਤਾਂ ਮੈਂ ਨਹੀਂ ਵਰਤ ਸਕਦਾ। ਇੱਕ ਦਮ ਜਿਹੜਾ ਆਇਆ ਨਹੀਂ, ਮੈਂ ਨਹੀਂ ਵਰਤ ਸਕਦਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਜੇ ਕੋਈ ਮੇਰੇ ਕੋਲੋਂ ਪੁੱਛੇ ਕਿ ਮੇਰੀ ਉਮਰ ਕੀ ਹੈ  ? ‘‘ਹਮ ਆਦਮੀ ਹਾਂ ਇਕ ਦਮੀ.. ’’ (ਧਨਾਸਰੀ, ਮਹਲਾ , ਪੰਨਾ ੬੬੦) ਮੇਰੀ ਉਮਰ ਹੈ ‘ਇਕ ਦਮ’। ਇੰਝ ਕਹਿ ਰਹੇ ਹਨ ਗੁਰੂ ਨਾਨਕ ਜੀ ਕਿ ਆਪਾਂ ਇਕ ਦਮ ਵਿੱਚ ਜਿਊਂਦੇ ਹਾਂ। ਜਿਹੜੀਆਂ ਮੰਗਾਂ ਗੁਜ਼ਰੇ ਹੋਏ ਦਮਾਂ ਵਿੱਚ ਲੈ ਜਾਂਦੀਆਂ ਹਨ, ਜਿਹੜੀਆਂ ਮੰਗਾਂ ਆਉਣ ਵਾਲੇ ਦਮਾਂ ਵਿੱਚ ਲੈ ਜਾਂਦੀਆਂ ਹਨ, ਮਹਾਰਾਜ ਕਹਿੰਦੇ ਹਨ ਮੈਂ ਉਨ੍ਹਾਂ ਦਮਾਂ ਵਿੱਚ ਨਹੀਂ ਜਿਊਂਦਾ। ਉਹ ਤਾਂ ਲੰਘ ਗਏ, ਆਏ ਹੀ ਨਹੀਂ। ਜਿਹੜੇ ਦਮ ਆਏ ਹੀ ਨਹੀਂ, ਉਨ੍ਹਾਂ ਨੂੰ ਮੈਂ ਕਿਸ ਤਰ੍ਹਾਂ ਵਰਤਾਂ  ? ਉਹ ਵਰਤਮਾਨ ਨਹੀਂ ਹਨ ਅਤੇ ਜੋ ਦਮ ਲੰਘ ਗਏ, ਉਨ੍ਹਾਂ ਨੂੰ ਭੀ ਮੈਂ ਕਿਸ ਤਰ੍ਹਾਂ ਵਰਤਾਂ। ਭਾਈ ਨੰਦ ਲਾਲ ਦਾ ਇੱਕ ਵਾਕ ਯਾਦ ਆਇਐ ‘‘ਯੱਕ ਦਮ ਖ਼ੇਸ਼ ਰਾਹ ਬੁਰਦਮ ਕਿ ਕੀਸਤਮ  ?’’ ਇਕ ਨੂੰ ਫ਼ਾਰਸੀ ਵਿਚ ਯੱਕ ਕਹਿੰਦੇ ਹਨ ‘‘ਯੱਕ ਦਮ ਖ਼ੇਸ਼ ਰਾਹ ਬੁਰਦ ਕਿ ਕੀਸਤਮ  ? ਵਾਇ ਨਕਦਿ ਜ਼ਿੰਦਗੀਅਮ ਰਾਇਗਾਂ ਗੁਜ਼ੱਸ਼ਤ’’  ਨਕਦੀ ਕੀ ਹੈ  ? – ‘ਯੱਕ ਦਮ’। ਉਧਾਰ ਕੀ ਹੈ  ? – ‘ਹਜ਼ਾਰਾਂ ਦਮ’, ਜਿਹੜੇ ਅਜੇ ਆਉਣੇ ਹਨ, ਆਏ ਕੋਈ ਨਹੀਂ। ਪਤਾ ਨਹੀਂ ਆਉਣੇ ਭੀ ਹਨ ਕਿ ਨਹੀਂ ਤੇ ਖ਼ਰਚ ਕਿਹੜਾ ਕੀਤੈ  ? ਜਿਹੜੇ ਦਮ ਚਲੇ ਗਏ। ਉਹ ਹੱਥ ਵਿੱਚ ਨਹੀਂ। ਜਿਹੜੇ ਮੈਂ ਖ਼ਰਚ ਕਰ ਦਿੱਤੇ, ਉਹ ਵੀ ਹੱਥ ’ਚ ਨਹੀਂ, ਜਿਹੜੇ ਅਜੇ ਆਉਣੇ ਹਨ ਉਹ ਭੀ ਹੱਥ ’ਚ ਨਹੀਂ। ਹੱਥ ਵਿੱਚ ਹੈ ਇੱਕ ਦਮ। ਮਹਾਰਾਜ ਕਹਿੰਦੇ ਹਨ ‘ਉਮਰ ਇੱਕ ਦਮ ਤੋਂ ਜ਼ਿਆਦਾ ਨਹੀਂ’। ਤੁਸੀਂ ਆਖੋਗੇ ਕਿ ਇੱਕ ਦਮ ਵਿੱਚ ਕੀ ਮਿਲ ਸਕਦੈ  ? ਇੱਕ ਦਮ ਵਿੱਚ ਰੱਬ ਮਿਲ ਸਕਦੈ। ਇੱਕ ਦਮ ਵਿੱਚ ਪਰਮਾਤਮਾ ਮਿਲ ਸਕਦੈ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਸੂਹੀ, ਮਹਲਾ , ਪੰਨਾ ੭੪੭) ਨਿਮਖ, ਇੱਕ ਸੈਕਿੰਡ। ਇੱਕ ਦਮ ਵਿੱਚ ਪਰਮਾਤਮਾ ਮਿਲ ਸਕਦਾ ਹੈ ‘‘ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭) ਸਭ ਪਦਾਰਥਾਂ ਦਾ ਮਿਲਣਾ ਭਾਵ  ਕੁਝ ਭੀ ਨਹੀਂ ਮਿਲਣਾ। ਪਰਮਾਤਮਾ ਦਾ ਮਿਲਣਾ, ਸਭ ਕੁਝ ਦਾ ਮਿਲਣਾ ਹੈ। ਇਸ ਨੂੰ ਇੰਜ ਲੈਣਾ ‘‘ਸਭੇ ਇਛਾ ਪੂਰੀਆ; ਜਾ ਪਾਇਆ ਅਗਮ ਅਪਾਰਾ (ਸੂਹੀ, ਮਹਲਾ , ਪੰਨਾ ੭੪੭) ਪਰਮਾਤਮਾ ਦਾ ਮਿਲਣਾ, ਸਭ ਕੁਝ ਦਾ ਮਿਲਣਾ ਹੈ। ਸਭ ਕੁਝ ਦਾ ਮਿਲਣਾ, ਕੁਝ ਭੀ ਨਹੀਂ ਮਿਲਣਾ ‘‘ਸਗਲ ਸ੍ਰਿਸਟਿ ਕੋ ਰਾਜਾ ਦੁਖੀਆ   ਹਰਿ ਕਾ ਨਾਮੁ ਜਪਤ ਹੋਇ ਸੁਖੀਆ ’’ (ਗਉੜੀ, ਸੁਖਮਨੀ, ਮਹਲਾ , ਪੰਨਾ ੨੬੪) ਮੈਂ ਫਿਰ ਦੁਹਰਾਵਾਂ, ਸਭ ਕੁਝ ਦਾ ਮਿਲਣਾ, ਕੁਝ ਭੀ ਨਹੀਂ ਮਿਲਣਾ, ਪ੍ਰਭੂ ਦਾ ਮਿਲ ਜਾਣਾ, ਸਭ ਕੁਝ ਦਾ ਮਿਲ ਜਾਣਾ ਹੈ ਸਭ ਕੁਝ ਖ਼ੁਦਾ ਸੇ ਮਾਂਗ ਲੀਆ ਖ਼ੁਦਾ ਕੋ ਮਾਂਗ ਕਰ ਉਠਤੇ ਨਹੀਂ ਹੈਂ ਹਾਥ ਮੇਰੇ ਇਸ ਦੁਆ ਕੇ ਬਾਅਦ

ਹੋ ਸਕਦੈ ਕਿ ਇੱਕ ਦਮ ਵਿੱਚ ਮਿਲ ਜਾਵੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਅੰਮ੍ਰਿਤ ਵੇਲੇ ਜਦ ਉੱਠ ਕੇ ਵਾਹਿਗੁਰੂ ਵਾਹਿਗੁਰੂ ਆਖੋ ਤਾਂ ਹੁਣ ਪੂਰੇ ਧਿਆਨ ਨਾਲ ਉਸ ਨੂੰ ਸੁਣੋ। ਪੂਰਾ ਧਿਆਨ ਤਾਂ ਹੀ ਸੁਣ ਸਕੇਗਾ ਜੇਕਰ ਉਸ ਵਕਤ ਕੋਈ ਮੰਗ ਨਾ ਚੱਲੇ, ਫੁਰਨਾ ਹੋਰ ਹੋਵੇ ਹੀ ਨਾ, ਨਹੀਂ ਤਾਂ ਕਾਮਨਾਵਾਂ, ਵਾਸਨਾਵਾਂ, ਮੰਗਾਂ, ਉਸ ਇੱਕ ਦਮ ਵਿੱਚ ਨਹੀਂ ਆਉਣ ਦਿੰਦੀਆਂ। ਜੇਕਰ ਕੋਈ ਆ ਗਿਐ ਇਕ ਦਮ ਵਿੱਚ ਤਾਂ ਉਸੇ ਦਮ ਵਿੱਚ ਖ਼ੁਦਾ ਹਾਜ਼ਰ ਨਾਜ਼ਰ ਵਿਖ ਜਾਂਦਾ ਹੈ। ਇਸੇ ਨੂੰ ਹੀ ਕਬੀਰ ਜੀ ਕਹਿੰਦੇ ਹਨ ‘‘ਬੇਦ ਕਤੇਬ ਇਫਤਰਾ ਭਾਈ ! ਦਿਲ ਕਾ ਫਿਕਰੁ ਜਾਇ   ਟੁਕੁ ਦਮੁ ਕਰਾਰੀ ਜਉ ਕਰਹੁ; ਹਾਜਿਰ ਹਜੂਰਿ ਖੁਦਾਇ ’’ (ਤਿਲੰਗ, ਭਗਤ ਕਬੀਰ, ਪੰਨਾ ੭੨੭)

ਇਹ ਵਿਅਕਤੀਗਤ ਬੰਦਗੀ ਹੈ। ਅੰਮ੍ਰਿਤ ਵੇਲੇ ਉਠ ਕੇ ਪੰਦਰਾਂ ਵੀਹ ਮਿੰਟ ਵਾਹਿਗੁਰੂ ਵਾਹਿਗੁਰੂ ਜਪਣੈ। ਮਸਾਂ ਕਿਧਰੇ ਉਹ ‘ਅਸਲ’, ਇਸ ਦਫ਼ਾ ਦਾ ਵਾਹਿਗੁਰੂ ਆਖਿਆ ਜਾਏ। ਇਕ ਦਮ ਇਕ ਦਫ਼ਾ ਦਾ ਵਾਹਿਗੁਰੂ ਕਿਧਰੇ ਮੂੰਹ ਵਿੱਚੋਂ ਨਿਕਲੇ, ਜਿਸ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ। ਸਭ ਕੁਝ ਦੀ ਪ੍ਰਾਪਤੀ ਲਈ ਬਹੁਤ ਵੱਡਾ ਭਵਿੱਸ਼ ਚਾਹੀਦੈ ਪ੍ਰੰਤੂ ਪਰਮਾਤਮਾ ਦੀ ਪ੍ਰਾਪਤੀ ਲਈ ਇਕ ਨਿਮਖ ਚਾਹੀਦੈ। ਲੰਬੇ ਚੌੜੇ ਭਵਿੱਸ਼ ਵਿੱਚ ਜਾਣਾ ਬੜਾ ਆਸਾਨ ਹੈ, ਇਕ ਦਮ ਵਿੱਚ ਆਉਣਾ ਬੜਾ ਔਖਾ ਹੈ। ਸਭ ਕੁਝ ਜਿਹੜਾ ਇਤਨਾ ਖਲੇਰਿਐ, ਇਹ ਸਭ ਸਮੇਟਣਾ ਪੈਂਦਾ ਹੈ। ਹਾਫ਼ਿਜ਼ ਕਹਿੰਦੈ ਮਰਾ ਦਰ ਮੰਜ਼ਿਲੇ ਜਾਨਾਂ ਚਿ ਅਮਨੇ ਐਸ਼ ਨੂੰ ਹਰ ਦਮ ਜਰਸ ਫ਼ਰੀਆਦ ਮੇਨਾਲਦ ਕਿ ਬਰਬੰਦੇਦ ਮਹਮਿਲਹਾਇਹ ਫ਼ਕੀਰ ਕਹਿੰਦੈ, ਆਪਣਾ ਸਾਮਾਨ ਮੈਂ ਬੜਾ ਖਲੇਰ ਬੈਠਾ ਹਾਂ ਤੇ ਘੜਿਆਲ ਵੱਜ ਗਿਐ। ਪੁਰਾਣੇ ਸਮੇਂ ਕਾਰਵਾਂ ਚੱਲਦੇ ਸਨ। ਊਠਾਂ ਦੇ ਕਾਫ਼ਲੇ, ਰਸਤੇ ਵਿੱਚ ਆਰਾਮ ਕਰਦੇ ਸਨ ਤੇ ਜਦ ਚੱਲਣੈ ਤਾਂ ਉਹ ਘੜਿਆਲ ਵਜਾਂਦੇ ਸਨ, ਬਈ ਅੰਮ੍ਰਿਤ ਵੇਲਾ ਹੋ ਗਿਐ, ਸਾਮਾਨ ਬੰਨ੍ਹ ਤੇ ਊਠਾਂ ’ਤੇ ਲੱਦੋ, ਅਸਾਂ ਚੱਲਣੈ। ਇਹ ਫ਼ਕੀਰ ਕਹਿੰਦੈ, ਦਿਨ ਭਰ ਚੱਲਣਾ, ਸਾਮਾਨ ਖੋਲ੍ਹਣਾ ਤੇ ਅੰਮ੍ਰਿਤ ਵੇਲੇ ਘੜਿਆਲ ਦਾ ਵੱਜਣਾ, ਫਿਰ ਸਾਮਾਨ ਲਪੇਟਣਾ ਤੇ ਫਿਰ ਚੱਲਣਾ, ਇਹ ਕੋਈ ਜ਼ਿੰਦਗੀ ਹੈ  ? ਇਹ ਕੋਈ ਜੀਵਨ ਹੈ  ? ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹਨ ਜਰਸ ਬੇਹੂਦਾ ਮੇਨਾਲਦ, ਕੁਜਾ ਬੰਦੇਮ ਮਹਮਿਲਹਾ

ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹਨ ਕਿ ਹਾਫ਼ਿਜ਼  ! ਇਹ ਘੜਿਆਲ ਬੇਹੂਦਾ ਪਿਆ ਬੋਲਦੈ। ਅਸੀਂ ਇਤਨਾ ਸਾਮਾਨ ਕਦੀ ਲੱਦਿਆ ਹੀ ਨਹੀਂ, ਨਾ ਖਲੇਰਿਐ। ਅਸੀਂ ਤਿਆਰ ਹੀ ਬੈਠੇ ਹਾਂ। ਸਾਡੀ ਨਿੱਤ ਚੱਲਣ ਦੀ ਤਿਆਰੀ ਹੈ। ਤਿਆਰ ਹੀ ਬੈਠੇ ਹਾਂ। ਇਧਰ ਵਾਹਿਗੁਰੂ ਆਖਿਆ ਤੇ ਵਾਹਿਗੁਰੂ ਨਾਲ ਜੁੜ ਗਏ। ਹੁਣ ਜਿਸ ਦਾ ਸਾਮਾਨ ਬਹੁਤ ਖਲੇਰਿਆ ਪਿਐ, ਕਹਿੰਦੇ ਹਨ ਮਨ ਖਿੰਡਿਆ ਹੋਇਐ, ਵਾਹਿਗੁਰੂ ਵਾਹਿਗੁਰੂ ਆਖਦਾ ਪਿਐ। ਪਹਿਲੇ ਸਾਰਾ ਸਾਮਾਨ ਖਲੇਰਿਆ ਹੋਇਆ ਸਮੇਟੋ ਤਾਂ ਸਹੀ, ਇਕੱਠਾ ਤਾਂ ਕਰੋ। ਭਾਈ ਸਾਹਿਬ ਕਹਿੰਦੇ ਹਨ ‘ਅਸੀਂ ਇਤਨਾ ਸਾਮਾਨ ਇਕੱਠਾ ਹੀ ਨਹੀਂ ਕੀਤਾ। ਖਲੇਰਿਆ ਹੀ ਨਹੀਂ। ਇਕ ਦਫ਼ਾ ਵਾਹਿਗੁਰੂ ਆਖਦੇ ਹਾਂ ਤੇ ਜੁੜ ਜਾਂਦੇ ਹਾਂ । ਮਨ ਕਦੀ ਖਿੰਡਾਇਆ ਹੀ ਨਹੀਂ । ਮਨ ਖਿੰਡਾਂਦੀਆਂ ਨੇ ਕਾਮਨਾਵਾਂ, ਮਨ ਖਿੰਡਾਂਦੀਆਂ ਨੇ ਵਾਸਨਾਵਾਂ। ਬਹੁਤ ਦੂਰ ਤਕ ਲੈ ਜਾਂਦੀਆਂ ਹਨ ਮਨ ਨੂੰ। ਘੱਟ ਤੋਂ ਘੱਟ ਇਹ ਧਿਆਨ-ਸਾਧਨਾ, ਜਿਸ ਵਕਤ ਵਾਹਿਗੁਰੂ ਵਾਹਿਗੁਰੂ ਕਰੀਏ, ਉਸ ਸਮੇਂ ਤਾਂ ਸੁਚੇਤ ਰਹੀਏ। ਉਸ ਸਮੇਂ ਤਾਂ ਕੋਈ ਮੰਗ ਨਾ ਹੋਵੇ ਕਿਉਂਕਿ ਉਹ ਤਾਂ ਭਵਿੱਸ਼ ਵਿੱਚ ਲੈ ਜਾਏਗੀ, ਇਕ ਦਮ ਵਿੱਚ ਆਉਣ ਨਹੀਂ ਦੇਵੇਗੀ।

ਮੈਂ ਫਿਰ ਅਰਜ਼ ਕਰਾਂ, ਸਭ ਕੁਝ ਮਿਲਣ ਲਈ ਭਵਿੱਸ਼ ਚਾਹੀਦੈ ਅਤੇ ਪਰਮਾਤਮਾ ਨੂੰ ਮਿਲਣ ਲਈ ਵਰਤਮਾਨ ਚਾਹੀਦੈ। ਸਭ ਕੁਝ ਮੈਨੂੰ ਮਿਲੇ, ਦਸ ਸਾਲ, ਵੀਹ ਸਾਲ, ਪੰਜਾਹ ਸਾਲ ਚਾਹੀਦੇ ਹਨ। ਹੋ ਸਕਦੇ ਮੈਨੂੰ ਨਾ ਮਿਲੇ, ਮੇਰੇ ਪੁੱਤਰਾਂ ਨੂੰ ਮਿਲੇ, ਮੇਰੇ ਪੋਤਰਿਆਂ ਨੂੰ ਮਿਲੇ। ਮੈਂ ਇਕ ਅੰਬ ਦਾ ਬੂਟਾ ਲਾਇਐ ਅੱਜ, ਪਤਾ ਨਹੀਂ ਪੰਦਰਾਂ ਸਾਲ ਬਾਅਦ ਫਲ਼ ਲੱਗਣੇ ਹਨ ਕਿ ਨਹੀਂ, ਮੈਂ ਖਾਣੇ ਹਨ ਕਿ ਨਹੀਂ। ਭਵਿੱਸ਼ ਬੜਾ ਲੰਬਾ ਹੈ, ਸਭ ਕੁਝ ਦੀ ਪ੍ਰਾਪਤੀ ਲਈ ਲੰਬਾ ਚੌੜਾ ਭਵਿੱਸ਼ ਚਾਹੀਦਾ ਹੈ। ਜਿਤਨਾ ਬਹੁਤਾ ਕੁਝ ਚਾਹੀਦਾ ਹੈ, ਉਤਨਾ ਲੰਬਾ ਭਵਿੱਸ਼ ਹੈ। ਪਰਮਾਤਮਾ ਚਾਹੀਦੈ-ਇੱਕ ਦਮ, ਇੱਕ ਸੈਕਿੰਡ। ਲੰਬੇ ਚੌੜੇ ਭਵਿੱਖ ਵਿੱਚ ਚਲੇ ਜਾਣਾ, ਧਿਆਨ ਨੂੰ ਖਿੰਡਾਣਾ ਆਸਾਨ ਹੈ, ਇੱਕ ਦਮ ਵਿੱਚ ਆਉਣਾ ਬੜਾ ਔਖਾ ਹੈ। ਇਹ ਬੁਨਿਆਦੀ ਗੱਲ, ਮੈਂ ਆਪ ਜੀ ਦੇ ਸਾਹਮਣੇ ਰੱਖੀ ਹੈ। ਜਿਤਨੇ ਚਿਰ ਤੱਕ ਮੰਗ ਚੱਲਦੀ ਪਈ ਹੈ, ਰਾਮ ਰਾਮ ਕਰ ਰਿਹੈ, ਵਾਹਿਗੁਰੂ ਵਾਹਿਗੁਰੂ ਕਰ ਰਿਹੈ, ਅੱਲ੍ਹਾ ਅੱਲ੍ਹਾ ਕਰ ਰਿਹੈ। ਕਾਬਲ ਵਿੱਚ ਘੋੜੇ ਖ਼ਰੀਦਦਾ ਪਿਐ, ਕੋਈ ਨਮਾਜ਼ ਨਹੀਂ ਪੜ੍ਹਦਾ, ਕੋਈ ਰਾਮ ਰਾਮ ਨਹੀਂ, ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਰਿਹਾ। ਜਦ ਵਰਤਮਾਨ ਵਿੱਚ ਆ ਗਿਆ ਤਾਂ ਵਾਹਿਗੁਰੂ ਆਖਣਾ ਭੀ ਚੁੱਪ ਹੋ ਜਾਏਗਾ, ਜ਼ਬਾਨ ਚੁੱਪ ਹੋ ਜਾਏਗੀ ਕਿਉਂਕਿ ਉਹ ਵਾਹਿਗੁਰੂ ਦਾ ਰੂਪ ਹੋ ਜਾਏਗਾ ‘‘ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ; ਬਾਹੁੜਿ ਜਨਮਿ ਆਵਾ (ਬਿਲਾਵਲੁ, ਮਹਲਾ , ਪੰਨਾ ੭੯੫), ਸਮਸਤੁਲ ਜੁਬਾਂ ਹੈਂ ਕਿ ਸਾਹਿਬ ਕਿਰਾ ਹੈਂ ’’ (ਜਾਪੁ ਸਾਹਿਬ) ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਪਤਾ ਨਹੀਂ ਕਿਤਨੀਆਂ ਜ਼ਬਾਨਾਂ ਵਿੱਚੋਂ ਮੈਂ ਤੇਰੀ ਆਵਾਜ਼ ਸੁਣ ਰਿਹਾ ਹਾਂ। ਇਸ ਦਾ ਮਤਲਬ ਹੈ ਕਿ ਮਨ ਚੁੱਪ ਕਰ ਗਿਆ ਹੈ। ਹੁਣ ਤਾਂ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ (ਮਲਾਰ, ਮਹਲਾ , ਪੰਨਾ ੧੨੬੫), ਠਾਕੁਰੁ ਹਮਰਾ ਸਦ ਬੋਲੰਤਾ ’’ (ਭੈਰਉ, ਮਹਲਾ , ਪੰਨਾ ੧੧੬੦) ਜਾਂ ਮੈਂ ਬੋਲਾਂ ਜਾਂ ਠਾਕੁਰ ਬੋਲੇ ਜਾਂ ਠਾਕੁਰ ਚੁੱਪ ਕਰੇ ਜਾਂ ਮੈਂ ਚੁੱਪ ਕਰਾਂ। ਨਹੀਂ, ਮੈਂ ਠਾਕੁਰ ਨੂੰ ਸੁਣਨਾ ਹੈ, ਮੈਂ ਹੀ ਚੁੱਪ ਕਰਾਂ ਤਾਂ ਹੀ ਗੱਲ ਬਣੇਗੀ।

ਕਈਆਂ ਨੇ ਇਹ ਸੋਚਿਐ ਕਿ ਚੱਲੋ ਜ਼ਬਾਨ ਨੂੰ ਚੁੱਪ ਕਰਾਈਏ, ਗੱਲ ਬਣ ਜਾਏਗੀ। ਨਹੀਂ, ਮਨ ਨੂੰ ਹੀ ਚੁੱਪ ਕਰਾਉਣਾ ਪਵੇਗਾ। ਜ਼ਬਾਨ ਦੇ ਚੁੱਪ ਹੋਣ ਨਾਲ ਮਨ ਨਹੀਂ ਚੁੱਪ ਹੁੰਦਾ ‘‘ਚੁਪੈ ਚੁਪ ਹੋਵਈ..’’ (ਜਪ), ਸ਼ਬਦ ਦੇ ਜਪ ਨਾਲ ਸਿੱਧਾ ਮਨ ਨੂੰ ਚੁੱਪ ਕਰਾਉਣਾ ਪੈਂਦਾ ਹੈ। ਇਤਨੀ ਗਹਿਰੀ ਸਰੋਤ ਸੁਣਨਾ ਕਿ ਸੁਣਨਾ, ਸਮਝ ਬਣ ਜਾਏ। ਪਤੈ, ਸੁਰਤ ਦੇ ਅਰਥ ਕੀ ਹਨ ? ਜਵਾਬ ਹੈ ‘ਸੁਣਨਾ’।  ਸੁਰਤ ਦੇ ਅਰਥ ਹਨ ‘ਸਮਝਣਾ’। ਸੁਰਤ ਦੇ ਅਰਥ ਹਨ ‘ਜੁੜਨਾ’। ਕੋਈ ਸੁਣ ਰਿਹੈ, ਬਈ ਸੁਰਤ ਵਿੱਚ ਹੈ। ਸਮਝ ਆ ਗਈ, ਇਸ ਨੂੰ ਸੁਰਤ ਆ ਗਈ। ਇਹ ਜੁੜ ਗਿਐ, ਇਸ ਦੀ ਸੁਰਤ ਜੁੜ ਗਈ। ਇੱਕੋ ਹੀ ਸ਼ਬਦ ਹੈ ਅਤੇ ਅਰਥ ਭਿੰਨ ਹਨ ‘ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ’। ਵਾਹਿਗੁਰੂ ਵਾਹਿਗੁਰੂ ਉਚਾਰਣ ਕਰਨੈ, ਇਸ ਨੂੰ ਸੁਣਨੈ, ਤਾਂ ਕਿਧਰੇ ਸੁਣਦਿਆਂ ਸੁਣਦਿਆਂ ਸਮਝ ਆ ਜਾਏ।  ਸੁਣਦਿਆਂ ਸੁਣਦਿਆਂ ਇੱਕ ਦਿਨ ਸਮਝ ਆ ਜਾਏਗੀ। ਮਨ ਜਿਵੇਂ ਜਿਵੇਂ ਸਿਮਟੇਗਾ, ਵਰਤਮਾਨ ਦੀ ਤਰਫ਼ ਆਏਗਾ, ਰਸ ਬਣਦਾ ਜਾਏਗਾ, ਬੋਝ ਕੁਝ ਹਲਕਾ ਹੁੰਦਾ ਜਾਏਗਾ ਤੇ ਜਦੋਂ ਮਨ ਵਰਤਮਾਨ ਵਿੱਚ ਆ ਗਿਆ, ਪਰਮਾਤਮਾ ਪ੍ਰਗਟ ਹੋ ਗਿਆ ਤਾਂ ਸਾਰੇ ਭਾਰ ਲਹਿ ਜਾਂਦੇ ਹਨ। ਸਤਿਗੁਰੁ ਸਾਰਿਆਂ ਦੀ ਐਸੀ ਅਵਸਥਾ ਬਣਾਏ। ਜਿਹੜਾ ਵਰਤਮਾਨ ਵਿੱਚ ਆ ਜਾਂਦਾ ਹੈ, ਉਸ ਦਾ ਭੂਤਕਾਲ ਅਤੇ ਭਵਿੱਸ਼ ਮਿਟ ਜਾਂਦਾ ਹੈ। ਜਨਮ ਮਰਨ ਹੀ ਮਿਟ ਜਾਂਦਾ ਹੈ। ਯਾਤਰਾ ਸਫਲ ਹੋ ਜਾਂਦੀ ਹੈ।  ਸੰਸਾਰ ਦੇ ਉੱਤੇ ਆਇਆ ਸਫਲ ਹੋ ਜਾਂਦਾ ਹੈ।

Most Viewed Posts