ਮੱਕੀ ਦੇ ਫ਼ਾਇਦੇ

0
431

ਮੱਕੀ ਦੇ ਫ਼ਾਇਦੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ (ਪਟਿਆਲਾ)-0175-2216783

ਜਦੋਂ ਸਾਡੇ ਆਪਣੇ ਸੱਤੂ ਅਮਰੀਕਾ ਵੱਲੋਂ ਓਟਸ ਕਹਿ ਕੇ ਛੇ ਗੁਣਾ ਵੱਧ ਰੇਟ ਉੱਤੇ ਵੇਚੇ ਜਾਣ ਤਾਂ ਸਾਨੂੰ ਬਹੁਤ ਚੰਗਾ ਜਿਹਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਖਾ ਕੇ ਆਪਣੇ ਆਪ ਨੂੰ ਅਗਾਂਹਵਧੂ ਮਹਿਸੂਸ ਕਰਨ ਲੱਗ ਪੈਂਦੇ ਹਾਂ। ਇੰਜ ਹੀ ਸਾਨੂੰ ਸੜਕ ਦੇ ਕਿਨਾਰੇ ’ਤੇ ਖੜ੍ਹੇ ਛੱਲੀ ਚੱਬਦਿਆਂ ਉਜੱਡ (ਸ਼ਰਮਿੰਦਾ) ਲੱਗਦਾ ਹੈ ਜਦਕਿ ਨਾਂ ਬਦਲ ਕੇ 10 ਗੁਣਾ ਮਹਿੰਗੇ ਕੌਰਨ 5 ਤਾਰਾ ਹੋਟਲ ਵਿੱਚ ਬਹਿ ਕੇ ਖਾਣੇ ਚੰਗੇ ਲੱਗਦੇ ਹਨ।

ਅਮਰੀਕਾ ਵਿੱਚ ਮੱਕੀ ਦੇ ਦਾਣਿਆਂ ਨੂੰ ਲਗਭਗ ਹਰ ਕਿਸਮ ਦੇ ਖਾਣੇ ਵਿੱਚ ਵਰਤਿਆ ਜਾਣ ਲੱਗ ਪਿਆ ਹੈ। ਮੱਕੀ ਵਿੱਚ ਕੁਦਰਤੀ ਸ਼ੱਕਰ ਤੇ ਕਾਰਬੋਹਾਈਡਰੇਟ ਕਾਫ਼ੀ ਹਨ। ਪੌਪਕੌਰਨ ਵਜੋਂ ਬਹੁਤ ਮਸ਼ਹੂਰ ਹੋਈ ਮੱਕੀ ਅਮਰੀਕਾ, ਕਨੇਡਾ, ਯੂਰਪ ਵਿੱਚ ਸੌਸ ਜਾਂ ਹੋਰ ਖਾਣਿਆਂ ਨੂੰ ਗਾੜ੍ਹਾ ਕਰਨ ਲਈ ਕੌਰਨ ਫਲੋਰ ਵਜੋਂ ਵਰਤੀ ਜਾ ਰਹੀ ਹੈ। ਚਿੱਪਸ, ਟੌਰਟਿਲਾ, ਕਰੈਕਰ ਆਦਿ ਵਿੱਚ ਵਰਤੀ ਜਾ ਰਹੀ ਮੱਕੀ ਦੁਨੀਆਂ ਦੇ ਲਗਭਗ ਹਰ ਹਿੱਸੇ ਵਿੱਚ ਬੱਚੇ ਤੋਂ ਬਜ਼ੁਰਗ ਤੱਕ ਵਰਤੀ ਜਾ ਰਹੀ ਹੈ।

ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਪਰ ਦਸ ਹਜ਼ਾਰ ਸਾਲ ਪਹਿਲਾਂ ਮੈਕਸੀਕੋ ਵਿੱਚ ਜੰਗਲੀ ਘਾਹ ‘ਤੀਓਸਿੰਤੇ’ ਤੋਂ ਮੱਕੀ ਦੇ ਦਾਣੇ ਕੱਢੇ ਜਾਂਦੇ ਸਨ। ਹੌਲ਼ੀ-ਹੌਲ਼ੀ ਇਸ ਨੂੰ ਉਗਾਉਣ ਦੇ ਢੰਗ ਬਦਲਦੇ ਰਹੇ ਤੇ ਮੌਜੂਦਾ ਮੱਕੀ ਹੋਂਦ ਵਿੱਚ ਆ ਗਈ। ਅਮਰੀਕਾ ਵਿੱਚ ਵੱਡੀ ਤਾਦਾਦ ਵਿੱਚ ਉੱਗਦੀ ਮੱਕੀ ਵੇਖ ਇੰਗਲੈਂਡ ਦੇ ਕੁੱਝ ਕਿਸਾਨਾਂ ਨੇ ਇਸ ਨੂੰ ਇੰਗਲੈਂਡ ’ਚ ਵੀ ਬੀਜਣਾ ਸ਼ੁਰੂ ਕਰ ਦਿੱਤਾ।

ਸੰਨ 1621 ਵਿੱਚ ਸ਼ੁਕਰਾਨੇ ਵਜੋਂ ਕੀਤੇ ਰਾਤ ਦੇ ਖਾਣੇ ਵਿੱਚ ਮੱਕੀ ਦੀ ਵਰਤੋਂ ਕੀਤੀ ਗਈ। ਇਸ ਦੇ ਬੀਜ ਅੰਦਰ ਪਾਣੀ ਦੀ ਇੱਕ ਬੂੰਦ ਹੁੰਦੀ ਹੈ ਜੋ ਭੁੰਨੇ ਜਾਣ ਉੱਤੇ ਫਟ ਕੇ ਵਿਚਕਾਰਲਾ ਹਿੱਸਾ ਬਾਹਰ ਕੱਢ ਦਿੰਦੀ ਹੈ ਤੇ ਇਹੀ ਉਛਲਦੇ ਕੁੱਦਦੇ ਦਾਣਿਆਂ ਨੇ ਉਦੋਂ ਜਸ਼ਨ ਨੂੰ ਦੁੱਗਣਾ ਕਰ ਦਿੱਤਾ।

ਹੁਣ ਛੱਲੀ ਕਈ ਰੰਗਾਂ ਵਿੱਚ ਮਿਲਦੀ ਹੈ। ਲਾਲ, ਚਿੱਟੇ, ਜਾਮਨੀ, ਨੀਲੇ, ਕਾਲੇ ਤੇ ਸੁਨਿਹਰੀ ਰੰਗ ਵਿੱਚ। ਇੱਕ ਚਿੱਟੇ ਤੇ ਪੀਲੇ ਦਾ ਸੁਮੇਲ ‘ਡੈਂਟ ਕੌਰਨ’ ਜ਼ਿਆਦਾਤਰ ਜਾਨਵਰਾਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ ਜਾਂ ਟੌਰਟਿਲਾ ਚਿੱਪਸ ਬਣਾਉਣ ਲਈ।

ਪੁਰਾਣੇ ਸਮਿਆਂ ਵਿੱਚ ਜਿਉਂ ਜਿਉਂ ਇਸ ਦੀ ਵਰਤੋਂ ਵਧਦੀ ਗਈ ਤਿਉਂ-ਤਿਉਂ ਹੀ ਅੰਤੜੀਆਂ ਦਾ ਕੈਂਸਰ ਘਟਦਾ ਗਿਆ। ਹੁਣ ਇਸ ਦੇ ਕਾਰਨਾਂ ਦੀ ਸਮਝ ਆ ਚੁੱਕੀ ਹੈ। ਦਰਅਸਲ ਮੱਕੀ ਅੰਤੜੀਆਂ ਵਿੱਚ ਬੈਠੇ ਚੰਗੇ ਬੈਕਟੀਰੀਆ ਦੀ ਖ਼ੁਰਾਕ ਹੁੰਦੀ ਹੈ। ਚੰਗੇ ਬੈਕਟੀਰੀਆ ਮੱਕੀ ਨੂੰ ਖਾ ਕੇ ਵਧ ਫੁੱਲ ਜਾਂਦੇ ਹਨ ਤੇ ਮਾੜੇ ਕੀਟਾਣੂਆਂ ਨੂੰ ਸੌਖਿਆਂ ਢਾਅ ਲੈਂਦੇ ਹਨ। ਇੰਜ ਮਾੜੇ ਬੈਕਟੀਰੀਆ ‘ਕੋਲਨ ਕੈਂਸਰ’ ਵਰਗੀ ਬੀਮਾਰੀ ਕਰ ਹੀ ਨਹੀਂ ਸਕਦੇ।

ਫਾਈਬਰ ਭਰਪੂਰ ਮੱਕੀ ਖਾਣ ਨਾਲ ਦਿਲ ਦੇ ਰੋਗ ਤੇ ਟਾਈਪ 2 ਸ਼ੱਕਰ ਰੋਗ ਹੋਣ ਦਾ ਖ਼ਤਰਾ ਵੀ ਟਲ ਜਾਂਦਾ ਹੈ। ਇਸ ਵਿੱਚ ਵਿਟਾਮਿਨ ਸੀ ਵੀ ਹੈ, ਜੋ ਐਂਟੀਆਕਸੀਡੈਂਟ ਹੋਣ ਕਰ ਕੇ ਸੈੱਲਾਂ ਦੀ ਟੁੱਟ ਫੁੱਟ ਤੋਂ ਵੀ ਬਚਾਅ ਕਰ ਦਿੰਦਾ ਹੈ। ਪੀਲੀ ਮੱਕੀ ਵਿਚਲੇ ਕੈਰੋਟੀਨਾਇਡ-ਲਿਓਟੀਨ ਅਤੇ ਜ਼ੀਜ਼ੈਂਥੀਨ ਅੱਖਾਂ ਦੀ ਸਿਹਤ ਲਈ ਬਹੁਤ ਵਧੀਆ ਹਨ। ਇਹ ਚਿੱਟਾ ਮੋਤੀਆ ਹੋਣ ਤੋਂ ਵੀ ਕੁੱਝ ਹਦ ਤੱਕ ਬਚਾਅ ਕਰ ਦਿੰਦੇ ਹਨ।

ਵਿਟਾਮਿਨ ਬੀ, ਈ ਅਤੇ ਕੇ ਦੇ ਨਾਲ-ਨਾਲ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵੀ ਮੱਕੀ ਵਿੱਚ ਹੁੰਦੇ ਹਨ। ਵੱਖੋ-ਵੱਖ ਰੰਗਾਂ ਦੇ ਆਧਾਰ ’ਤੇ ਵੱਖ-ਵੱਖ ਤੱਤ ਹੁੰਦੇ ਹਨ। ਨੀਲੀ ਛੱਲੀ ਵਿੱਚ ਫਾਈਟੋਨਿਊਟਰੀਐਂਟ ਵੱਧ ਹੁੰਦੇ ਹਨ। ਇਨ੍ਹਾਂ ਨੂੰ ਚਿੱਪਸ ਜਾਂ ਟਾਕੋ ਵਿੱਚ ਵਰਤਿਆ ਜਾਂਦਾ ਹੈ।

ਛੱਲੀ ਵਿੱਚ ਕਾਰਬੋਹਾਈਡਰੇਟ ਤੇ ਸ਼ੱਕਰ ਹੁੰਦੇ ਹਨ। ਜੇ ਵੱਧ ਮਾਤਰਾ ਵਿੱਚ ਨਾ ਖਾਧੀ ਜਾਏ ਤਾਂ ਇਨ੍ਹਾਂ ਦਾ ਏਨਾ ਨੁਕਸਾਨ ਨਹੀਂ ਹੈ। ਕੁੱਝ ਸਾਲਾਂ ਤੋਂ ਛੱਲੀ ਨੂੰ ਜੈਨੇਟਿਕ ਢੰਗ ਨਾਲ ਤਬਦੀਲ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਕੀੜਾ ਨਾ ਲੱਗੇ। ਹਾਲੇ ਤੱਕ ਇਸ ਜੈਨੇਟਿਕ ਤਬਦੀਲੀ ਨਾਲ ਮਾੜੇ ਅਸਰ ਦਿਸਣੇ ਸ਼ੁਰੂ ਨਹੀਂ ਹੋਏ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਤਬਦੀਲੀ ਨਾਲ ਚੰਗੇ ਅਸਰ, ਜੋ ਸਰੀਰ ਉੱਤੇ ਪੈਂਦੇ ਸਨ, ਉਹ ਘੱਟ ਗਏ ਹਨ ਜਾਂ ਵਧੇ ਹਨ।

ਅੱਜ ਕੱਲ੍ਹ ਕੌਰਨ ਫਲੋਰ, ਕੌਰਨ ਮੀਲ, ਕੌਰਨ ਸਿਰਪ ਅਤੇ ਕੌਰਨ ਤੇਲ ਕਾਫ਼ੀ ਵਿਕਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਦੀ ਖਰਬਾਂ ਰੁਪਏ ਦੀ ਮਾਰਕਿਟ ਬਣ ਚੁੱਕੀ ਹੈ। ਇੰਟਰਨੈੱਟ ਭੀ ਇਨ੍ਹਾਂ ਦੀ ਤਾਰੀਫ਼ ਕਰਦਿਆਂ ਥੱਕਦਾ ਨਹੀਂ ਕਿਉਂਕਿ ਆਮ ਛੱਲੀ ਨੂੰ 600 ਗੁਣਾ ਮਹਿੰਗਾ ਕਰ ਕੇ ਵੇਚਣਾ ਜੋ ਹੋਇਆ।

100 ਗ੍ਰਾਮ ਉਬਲੀ ਪੀਲੀ ਛੱਲੀ ਵਿੱਚ 96 ਕੈਲਰੀਆਂ ਹੁੰਦੀਆਂ ਹਨ, 9.4 ਗ੍ਰਾਮ ਪ੍ਰੋਟੀਨ, 74.26 ਗ੍ਰਾਮ ਕਾਰਬੋਹਾਈਡ੍ਰੇਟ, 4.5 ਗ੍ਰਾਮ ਖੰਡ, 73 ਫੀਸਦੀ ਪਾਣੀ, 7.3 ਗ੍ਰਾਮ ਫਾਈਬਰ ਅਤੇ 1.5 ਗ੍ਰਾਮ ਥਿੰਦਾ ਹੁੰਦਾ ਹੈ।

ਖੰਡ ਵਾਧੂ ਮਾਤਰਾ ਵਿੱਚ ਭਾਵੇਂ ਹੈ, ਪਰ ਗਲਾਈਸੀਮਿਕ ਇੰਡੈਕਸ ਘੱਟ ਹੋਣ ਸਦਕਾ ਸ਼ੱਕਰ ਰੋਗੀ ਵੀ ਇਸ ਨੂੰ ਖਾ ਸਕਦੇ ਹਨ। ਖਾਣ ਤੋਂ ਬਅਦ ਇਕਦਮ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਵਧਦੀ ਨਹੀਂ। ਇਸੇ ਲਈ ਇਸ ਨੂੰ ਸਿਹਤਮੰਦ ਖ਼ੁਰਾਕ ਗਿਣਿਆ ਜਾਂਦਾ ਹੈ।

ਘੱਟ ਖੁਰਨ ਵਾਲੇ ਫਾਈਬਰ ਹੈਮੀਸੈਲੂਲੋਜ਼, ਸੈਲੂਲੋਜ਼ ਤੇ ਲਿਗਨਿਨ ਹੀ ਪੀਲੀ ਛੱਲੀ ਨੂੰ ਅੰਤੜੀਆਂ ਲਈ ਵਧੀਆ ਸਾਬਤ ਕਰਦੇ ਹਨ। ਛੱਲੀ ਵਿਚਲੀ ਪ੍ਰੋਟੀਨ ‘ਜ਼ੀਨ’ ਬਹੁਤੀ ਵਧੀਆ ਕਿਸਮ ਦੀ ਨਹੀਂ ਹੁੰਦੀ ਕਿਉਂਕਿ ਇਸ ਵਿੱਚ ਕੁੱਝ ਵਧੀਆ ਅਮਾਈਨੋ ਏਸਿਡ ਨਹੀਂ ਹੁੰਦੇ। ਕਈ ਫੈਕਟਰੀਆਂ ਛੱਲੀ ਵਿਚਲੇ ਜ਼ੀਨ ਨੂੰ ਵਰਤ ਕੇ ਉਸ ਵਿੱਚੋਂ ਗੂੰਦ, ਸਿਆਹੀ, ਟਾਫੀਆਂ ਜਾਂ ਸੁੱਕੇ ਮੇਵਿਆਂ ਉੱਤੇ ਚਾੜ੍ਹੀ ਖੰਡ, ਦਵਾਈਆਂ ਉੱਤੇ ਚਾੜ੍ਹੀ ਖੰਡ ਆਦਿ ਤਿਆਰ ਕਰਦੇ ਹਨ।

ਰਿਫਾਈਨਲਡ ਕੌਰਨ ਤੇਲ ਬਹੁਤ ਮਹਿੰਗੇ ਭਾਅ ਵਿਕਦਾ ਹੈ। ਇਸ ਵਿੱਚ ਛੱਲੀ ਵਿਚਲੇ ਲਿਨੋਲਿਕ ਏਸਿਡ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਵਿਟਾਮਿਨ ਈ, ਯੂਬੀ ਕਉਈਨੋਨ ਤੇ ਫਾਈਟੋਸਟੀਰੋਲ ਭਰਪੂਰ ਹੁੰਦੇ ਹਨ ਅਤੇ ਕੋਲੈਸਟਰੋਲ ਘਟਾਉਂਦੇ ਹਨ। ਵਿਟਾਮਿਨ ਤੇ ਮਿਨਰਲ; ਛੱਲੀ ਵਿੱਚ ਕਾਫ਼ੀ ਭਰੇ ਪਏ ਹਨ ਇਸੇ ਲਈ ਮੱਕੀ ਦਾ ਆਟਾ ਕਾਫ਼ੀ ਸਿਹਤਮੰਦ ਗਿਣਿਆ ਜਾਂਦਾ ਹੈ।

ਛੱਲੀ ਵਿੱਚ ਬਹੁਤ ਜ਼ਿਆਦਾ ਮੈਂਗਨੀਜ਼ ਹੁੰਦਾ ਹੈ, ਜੋ ਹਜ਼ਮ ਨਹੀਂ ਹੰੁਦਾ ਕਿਉਂਕਿ ਛੱਲੀ ਵਿੱਚ ਫਾਈਟਿਕ ਏਸਿਡ ਵੱਧ ਹੁੰਦਾ ਹੈ। ਇਸ ਲਈ ਛੱਲੀ ਉੱਤੇ ਨਮਕ ਅਤੇ ਨਿੰਬੂ ਲਗਾ ਕਰ ਖਾਣਾ ਚਾਹੀਦਾ ਹੈ ਤਾਂ ਜੋ ਫਾਸਫੋਰਸ ਹਜ਼ਮ ਹੋ ਸਕੇ। ਇਹ ਹਜ਼ਮ ਹੋ ਕੇ ਬੱਚੇ ਦੇ ਵਧਣ ਫੁੱਲਣ ਅਤੇ ਸਰੀਰ ਦੇ ਪੱਠਿਆਂ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦਾ ਹੈ। ਭੁੰਨੀ ਛੱਲੀ ਜਾਂ ਪੌਪ ਕੌਰਨ ਵਿੱਚ ਵੀ ਫਾਸਫੋਰਸ ਦੀ ਮਾਤਰਾ ਓਨੀ ਹੀ ਰਹਿੰਦੀ ਹੈ।

ਛੱਲੀ ਵਿਚਲਾ ਮੈਗਨੀਸ਼ੀਅਮ ਦਿਲ ਦੇ ਰੋਗਾਂ ਅਤੇ ਹੋਰ ਵੀ ਕਈ ਕਰੌਨਿਕ ਬੀਮਾਰੀਆਂ ਤੋਂ ਬਚਾਓ ਕਰਦਾ ਹੈ। ਜ਼ਿੰਕ ਭਾਵੇਂ ਛੱਲੀ ਵਿੱਚ ਹੈ, ਪਰ ਇਹ ਵੀ ਫਾਈਟਿਕ ਏਸਿਡ ਸਦਕਾ ਸਰੀਰ ਅੰਦਰ ਜਜ਼ਬ ਨਹੀਂ ਹੁੰਦਾ। ਦਿਲ ਨੂੰ ਸਿਹਤਮੰਦ ਰੱਖਣ ਵਾਲਾ ਕੌਪਰ ਛੱਲੀ ਵਿੱਚੋਂ ਸਰੀਰ ਹਜ਼ਮ ਕਰ ਲੈਂਦਾ ਹੈ।

ਪੈਂਟੋਥੀਨਿਕ ਏਸਿਡ (ਵਿਟਾਮਿਨ ਬੀ 5), ਫੋਲਿਕ ਏਸਿਡ (ਵਿਟਾਮਿਨ ਬੀ 9), ਵਿਟਾਮਿਨ ਬੀ 6, ਨਾਇਆਸਿਨ, ਵਿਟਾਮਿਨ ਬੀ 3 ਤੇ ਪੋਟਾਸ਼ੀਅਮ ਵੀ ਛੱਲੀ ਵਿੱਚ ਹੁੰਦੇ ਹਨ।

ਪੋਟਾਸ਼ੀਅਮ ਦਿਲ ਲਈ ਸਿਹਤਮੰਦ ਹੈ। ਛੱਲੀ ਵਿਚਲਾ ਵਿਟਾਮਿਨ ਬੀ 3, ਸਰੀਰ ਉਦੋਂ ਹੀ ਹਜ਼ਮ ਕਰ ਸਕਦਾ ਹੈ ਜੇ ਛੱਲੀ ਉੱਤੇ ਨਿੰਬੂ ਲਾਇਆ ਗਿਆ ਹੋਵੇ। ਮਿਨਰਲ ਜ਼ਿਆਦਾ ਉਦੋਂ ਹਜ਼ਮ ਹੁੰਦੇ ਹਨ ਜਦੋਂ ਪੌਪ ਕੌਰਨ ਬਣਾ ਕੇ ਖਾਧੇ ਜਾਣ।

ਐਂਟੀਆਕਸੀਡੈਂਟ :- ਇਕ ਖ਼ਾਸ ਗੱਲ ਮੱਕੀ ਵਿੱਚ ਇਹ ਹੈ ਕਿ ਕੁਦਰਤੀ ਤੌਰ ਉੱਤੇ ਐਂਟੀਆਕਸੀਡੈਂਟ ਹੋਰ ਤਰ੍ਹਾਂ ਦੇ ਅੰਨ ਨਾਲੋਂ ਇਸ ਵਿੱਚ ਸਭ ਤੋਂ ਵੱਧ ਹਨ।

  1. ਫੈਰੂਲਿਕ ਏਸਿਡ ਮੱਕੀ ਵਿੱਚ ਕਣਕ, ਸੱਤੂ ਤੇ ਚੌਲਾਂ ਨਾਲੋਂ ਕਿਤੇ ਵੱਧ ਹੈ।
  2. ਐਂਥੋਸਾਇਆਨਿਨ ਛੱਲੀ ਨੂੰ ਨੀਲਾ, ਜਾਮਨੀ ਤੇ ਲਾਲ ਰੰਗ ਦਿੰਦੇ ਹਨ।
  3. ਜ਼ੀਜ਼ੈਂਥੀਨ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਸਹਾਈ ਹੁੰਦੇ ਹਨ।
  4. ਲਿਊਟੀਨ ਕਾਫ਼ੀ ਮਾਤਰਾ ਵਿੱਚ ਛੱਲੀ ਵਿੱਚ ਹੈ, ਜੋ ਅੱਖਾਂ ਨੂੰ ਨੀਲੀ ਲਾਈਟ ਦੇ ਮਾੜੇ ਅਸਰਾਂ ਤੋਂ ਬਚਾਉਂਦੀ ਹੈ।
  5. ਫਾਈਟਿਕ ਏਸਿਡ :- ਇਸ ਦੇ ਹੋਣ ਨਾਲ ਜ਼ਿੰਕ ਅਤੇ ਲੋਹ ਕਣ ਨੂੰ ਹਜ਼ਮ ਕਰਨ ਵਿੱਚ ਦਿੱਕਤ ਆਉਂਦੀ ਹੈ।

ਇੱਕ ਨੁਕਤਾ ਬਹੁਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਹਰ ਤਰ੍ਹਾਂ ਦੇ ਅੰਨ ਨਾਲੋਂ ਸਭ ਤੋਂ ਵੱਧ ਉਹ ਐਂਟੀਆਕਸੀਡੈਂਟ ਮੱਕੀ ਵਿੱਚ ਹਨ ਜੋ ਅੱਖਾਂ ਲਈ ਸਿਹਤਮੰਦ ਹੁੰਦੇ ਹਨ।

ਪੌਪ ਕੌਰਨ :-ਭਾਵੇਂ ਪੌਪ ਕੌਰਨ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ ਤੇ ਮਹਿੰਗੇ ਭਾਅ ਵਿਕ ਰਹੇ ਹਨ ਪਰ ਇਨ੍ਹਾਂ ਉੱਤੇ ਲਾਏ ਵਾਧੂ ਲੂਣ ਅਤੇ ਘਿਓ ਜਾਂ ਤੇਲ ਸਦਕਾ ਅਤੇ ਨਾਲ ਪੀਤੇ ਠੰਡੇ (ਕੋਲਡ ਡਰਿੰਕ) ਇਸ ਦੇ ਚੰਗੇ ਅਸਰਾਂ ਨੂੰ ਲਗਭਗ ਖ਼ਤਮ ਹੀ ਕਰ ਦਿੰਦੇ ਹਨ। ਇਸੇ ਲਈ ਘਰ ਵਿੱਚ ਪ੍ਰੈੱਸ਼ਰ ਕੁੱਕਰ ਜਾਂ ਏਅਰ ਫਰਾਇਰ ਵਿੱਚ ਬਿਨਾਂ ਤੇਲ ਜਾਂ ਘਿਓ ਦੇ, ਬਣਾ ਕੇ ਖਾਣੇ ਚਾਹੀਦੇ ਹਨ।

ਅੱਖਾਂ ਲਈ :-ਮੱਕੀ ਵਿਚਲੇ ਭਾਰੀ ਮਾਤਰਾ ਵਿੱਚ ਲਿਊਟੀਨ ਤੇ ਜ਼ੀਜ਼ੈਂਥੀਨ ਸਦਕਾ ਮੈਕੂਲਰ ਡੀਜੈਨਰੇਸ਼ਨ ਅਤੇ ਚਿੱਟਾ ਮੋਤੀਆ ਰੋਕਿਆ ਜਾ ਸਕਦਾ ਹੈ। ਇਨ੍ਹਾਂ ਨੂੰ ਮੈਕੂਲਰ ਪਿਗਮੈਂਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਅੱਖ ਅੰਦਰਲੀ ਪਰਤ ਰੈਟੀਨਾ ਉੱਤੇ ਪਏ ਹੁੰਦੇ ਹਨ ਤੇ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਦੇ ਹਨ।

356 ਲੋਕਾਂ ਨੂੰ ਰੈਗੂਲਰ ਮੱਕੀ ਖੁਆਉਣ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਅੱਖ ਵਿਚਲੀ ਪਰਤ ਦਾ ਸੁੱਕਣਾ 43 ਫੀਸਦੀ ਘਟ ਗਿਆ।

ਅੰਤੜੀਆਂ ਲਈ :-18 ਸਾਲਾਂ ਤੱਕ ਚੱਲੀ ਖੋਜ ਵਿੱਚ 47,228 ਬੰਦੇ ਸ਼ਾਮਲ ਕੀਤੇ ਗਏ, ਜਿਨ੍ਹਾਂ ਨੂੰ ਰੋਜ਼ ਮੱਕੀ ਖੁਆਈ ਗਈ। ਇਨ੍ਹਾਂ ਵਿੱਚ ਅੰਤੜੀਆਂ ਦਾ ਰੋਗ-‘ਡਾਈਵਰਟੀਕੁਲੋਗਿਸ ਬੀਮਾਰੀ’ 28 ਫੀਸਦੀ ਘੱਟ ਹੋ ਗਈ। ਇਸ ਬੀਮਾਰੀ ਵਿੱਚ ਅਫਾਰਾ, ਗੈਸ, ਟੱਟੀ ਵਿੱਚ ਲਹੂ ਆਦਿ ਵੇਖਣ ਨੂੰ ਮਿਲਦਾ ਹੈ।

ਸ਼ੱਕਰ ਰੋਗੀਆਂ ਲਈ :-ਛੱਲੀ ਵਿਚਲੇ ਪੌਲੀਫਿਨੋਲ ਟਾਈਪ-2 ਸ਼ੱਕਰ ਰੋਗ ਤੋਂ ਬਚਾਉਂਦੇ ਹਨ ਕਿਉਂਕਿ ਛੱਲੀ ਕੋਲੈਸਟਰੋਲ ਘਟਾਉਂਦੀ ਹੈ। ਇਰਾਨ ਦੇ ਯੂਨੀਵਰਸਿਟੀ ਔਫ ਮੈਡੀਕਲ ਸਾਈਂਸਿਸ ਵਿੱਚ ਹੋਈ ਖੋਜ ਤੋਂ ਪਤਾ ਲੱਗਿਆ ਕਿ ਛੱਲੀ ਵਿਚਲੇ ਪੌਲੀਫਿਨੋਲ ਲਹੂ ਵਿੱਚੋਂ ਸ਼ੱਕਰ ਦੀ ਮਾਤਰਾ ਘਟਾ ਦਿੰਦੇ ਹਨ ਅਤੇ ਇਨਸੂਲਿਨ ਵਧਾ ਦਿੰਦੇ ਹਨ।

ਐਲਜ਼ੀਮਰ ਬੀਮਾਰੀ :-ਅੱਜ ਦੇ ਦਿਨ 5 ਕਰੋੜ ਲੋਕ ਐਲਜ਼ੀਮਰ ਬੀਮਾਰੀ ਤੋਂ ਪੀੜਤ ਹਨ। ਇਹ ਗਿਣਤੀ ਸੰਨ 2030 ਤੱਕ 7.5 ਕਰੋੜ ਤੱਕ ਪਹੁੰਚ ਜਾਣ ਵਾਲੀ ਹੈ, ਜਿਸ ਨਾਲ ਯਾਦਦਾਸ਼ਤ ਦੀ ਘਾਟ ਵਾਲੇ ਮਰੀਜ਼ ਚੁਫ਼ੇਰੇ ਦਿਸਣ ਲੱਗ ਪੈਣੇ ਹਨ। ਛੱਲੀ ਵਿਚਲਾ ਵਿਟਾਮਿਨ ਬੀ-1 (ਥਾਇਆਮੀਨ) ਜਿੱਥੇ ਦਿਮਾਗ਼ ਨੂੰ ਤੰਦਰੁਸਤ ਰੱਖਦਾ ਹੈ, ਉੱਥੇ ਐਸੀਟਾਈਲ ਕੋਲੀਨ ਬਣਾ ਦਿੰਦਾ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਰੋਜ਼ਾਨਾ 1.1 ਮਿਲੀਗ੍ਰਾਮ ਥਾਇਆਮੀਨ 18 ਸਾਲਾਂ ਤੋਂ ਘੱਟ ਉਮਰ ਵਿੱਚ ਚਾਹੀਦੀ ਹੁੰਦੀ ਹੈ। ਸੌ ਗ੍ਰਾਮ ਛੱਲੀ ਵਿੱਚ 0.3 ਮਿਲੀਗ੍ਰਾਮ ਥਾਇਆਮੀਨ ਹੁੰਦੀ ਹੈ।

ਹੱਡੀਆਂ ਦੀ ਤਾਕਤ :-ਛੱਲੀ ਵਿਚਲਾ ਮੈਂਗਨੀਜ਼ ਹੱਡੀਆਂ ਨੂੰ ਸਿਹਤਮੰਦ ਰੱਖਦਾ ਹੈ ਤੇ ਸਰੀਰ ਨੂੰ ਤਾਕਤ ਬਖ਼ਸ਼ਦਾ ਹੈ। ਮੈਂਗਨੀਜ਼ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਵੱਧਣਾ ਫੁੱਲਣਾ ਘੱਟ ਹੋ ਜਾਂਦਾ ਹੈ ਅਤੇ ਸ਼ਕਰਾਣੂਆਂ ਦੀ ਵੀ ਕਮੀ ਹੋ ਜਾਂਦੀ ਹੈ।   100 ਗ੍ਰਾਮ ਛੱਲੀ ਵਿੱਚ 127 ਮਿਲੀਗ੍ਰਾਮ ਮੈਂਗਨੀਜ਼ ਹੁੰਦਾ ਹੈ।

ਕਬਜ਼ ਠੀਕ ਹੋਣੀ :-ਛੱਲੀ ਵਿਚਲੇ ਫਾਈਬਰ ਸਦਕਾ ਕਬਜ਼ ਵੀ ਠੀਕ ਹੋ ਜਾਂਦੀ ਹੈ।

ਵਾਲਾਂ ਲਈ :-ਕੌਰਨ ਤੇਲ ਸਿਰ ਉੱਤੇ ਰੋਜ਼ ਰਾਤ ਝੱਸਣ ਨਾਲ ਸਿਰ ਦੀ ਚਮੜੀ ਸਿਹਤਮੰਦ ਹੋ ਜਾਂਦੀ ਹੈ। ਇਸ ਵਿਚਲਾ ਵਿਟਾਮਿਨ ਸੀ, ਕੋਲਾਜਨ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਵਾਲਾਂ ਨੂੰ ਵੀ ਝੜਨ ਤੋਂ ਰੋਕਦਾ ਹੈ।

ਕੋਲੈਸਟਰੋਲ ਘਟਾਉਣਾ :-ਇੱਕ ਖੋਜ ਵਿੱਚ 54 ਬੰਦਿਆਂ ਅਤੇ ਔਰਤਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਅੱਧਿਆਂ ਨੂੰ ਓਲਿਵ ਤੇਲ ਵਿੱਚ ਪਕਾਇਆ ਖਾਣਾ ਖਾਣ ਲਈ ਦਿੱਤਾ ਗਿਆ ਤੇ ਬਾਕੀਆਂ ਨੂੰ ਕੌਰਨ ਤੇਲ ਵਿਚਲਾ। ਨਤੀਜਿਆਂ ਵਿੱਚ ਪਤਾ ਲੱਗਿਆ ਕਿ ਐਲ.ਡੀ.ਐਲ. ਕੋਲੈਸਟਰੋਲ ਕੌਰਨ ਤੇਲ ਨਾਲ 11 ਫੀਸਦੀ ਘਟ ਗਿਆ ਜਦਕਿ ਓਲਿਵ ਤੇਲ ਨਾਲ ਸਿਰਫ਼ 3.5 ਫੀਸਦੀ।

ਚਮੜੀ ਲਈ : ਛੱਲੀ ਵਿਚਲੇ ਲਾਈਕੋਪੀਨ ਅਤੇ ਵਿਟਾਮਿਨ ਸੀ ਕੋਲਾਜਨ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦੇ ਹਨ ਅਤੇ ਝੁਰੜੀਆਂ ਪੈਣ ਤੋਂ ਰੋਕਦੇ ਹਨ। ਪ੍ਰੋਟੀਨ ਦੀ ਮਾਤਰਾ ਵੀ ਛੱਲੀ ਵਿੱਚ ਕਾਫ਼ੀ ਹੋਣ ਕਾਰਨ ਚਮੜੀ ਲਈ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ।

ਭਰੂਣ ਲਈ :-ਛੱਲੀ ਵਿਚਲੇ ਥਾਇਆਮੀਨ ਤੇ ਪੈਂਟੋਥੀਨਿਕ ਏਸਿਡ, ਜਿੱਥੇ ਜੱਚਾ ਲਈ ਫ਼ਾਇਦੇਮੰਦ ਹਨ ਉੱਥੇ ਭਰੂਣ ਦੇ ਦਿਮਾਗ਼ ਨੂੰ ਵੀ ਸਿਹਤਮੰਦ ਰੱਖਦੇ ਹਨ।

ਕੁੱਝ ਮਾੜੇ ਅੰਸ਼ :-1. ਮੱਕੀ ਵਿਚਲੇ ਫਾਈਟੇਟ; ਖ਼ੁਰਾਕ ਵਿੱਚੋਂ ਲੋਹ ਕਣ ਅਤੇ ਜ਼ਿੰਕ ਹਜ਼ਮ ਨਹੀਂ ਹੋਣ ਦਿੰਦੇ। ਇਸੇ ਲਈ ਮੱਕੀ ਨੂੰ ਕੁੱਝ ਦੇਰ ਪਾਣੀ ਵਿੱਚ ਗੁੰਨ ਕੇ ਰੱਖਣ ਨਾਲ ਜਾਂ ਪੁੰਗਰ ਕੇ ਖਾਣ ਨਾਲ ਫਾਈਟੇਟ ਘਟਾਏ ਜਾ ਸਕਦੇ ਹਨ।

  1. ਸਾਂਭ ਕੇ ਰੱਖੀਆਂ ਛੱਲੀਆਂ ਵਿੱਚ ਕਈ ਵਾਰ ਉੱਲੀ (ਮਾਈਕੋਟੌਕਸਿਨ) ਲੱਗ ਸਕਦੀ ਹੈ। ਜ਼ਿਆਦਾ ਮਾਤਰਾ ਵਿੱਚ ਇਹ ਖਾਂਦੇ ਰਹਿਣ ਨਾਲ ਮੌਤ ਹੋ ਸਕਦੀ ਹੈ। ਕੈਂਸਰ ਅਤੇ ਭਰੂਣ ਦੇ ਦਿਮਾਗ਼ ਦੇ ਨੁਕਸ ਵੀ ਵੇਖੇ ਜਾ ਸਕਦੇ ਹਨ। ਏਸੇ ਤਰ੍ਹਾਂ ਦੀ ਛੱਲੀ ਖਾਣ ਨਾਲ ਸੰਨ 2004 ਅਪਰੈਲ ਵਿੱਚ ਕੀਨੀਆ ਵਿੱਚ 125 ਬੰਦੇ ਮਰ ਗਏ ਸਨ। ਇਹੀ ਕਾਰਨ ਹੈ ਕਿ ਮੱਕੀ ਦਾ ਠੀਕ ਢੰਗ ਤੇ ਸਹੀ ਥਾਂ ਉੱਤੇ ਸੁਕਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਵਿਚਲੀ ਨਮੀ ਨਾਲ ਉੱਲੀ ਨਾ ਲੱਗੇ।
  2. ਕਣਕ ਦੀ ਐਲਰਜੀ :- ਆਮ ਤੌਰ ਉੱਤੇ ਕਣਕ ਦੀ ਐਲਰਜੀ ਵਾਲੇ ਮਰੀਜ਼ ਮੱਕੀ ਖਾ ਸਕਦੇ ਹੁੰਦੇ ਹਨ। ਕੁੱਝ ਜਣਿਆ ਵਿੱਚ ਮੱਕੀ ਤੋਂ ਵੀ ਤਗੜੀ ਐਲਰਜੀ ਵੇਖੀ ਗਈ ਹੈ। ਇਹ ਐਲਰਜੀ ਮੱਕੀ ਵਿਚਲੇ ਅੰਸ਼ ‘ਜ਼ੀਨ’ ਕਰ ਕੇ ਹੈ, ਜੋ ਗਲੱਟਨ ਵਾਂਗ ਹੀ ਲੱਛਣ ਵਿਖਾ ਸਕਦਾ ਹੈ ਕਿਉਂਕਿ ਗਲੱਟਨ ਦੇ ਹੀ ਟੱਬਰ ਦਾ ਇੱਕ ਅੰਸ਼ ਹੈ। ਕਈ ਵਾਰ ਬਜ਼ਾਰੋਂ ਲਏ ਮੱਕੀ ਦੇ ਆਟੇ ਵਿੱਚ ਪਹਿਲਾਂ ਤੋਂ ਹੀ ਮੈਦਾ ਜਾਂ ਕਣਕ ਦਾ ਆਟਾ ਮਿਲਾਇਆ ਹੁੰਦਾ ਹੈ, ਜਿਸ ਕਾਰਨ ਸੀਲੀਅਕ ਬੀਮਾਰੀ ਵਾਲੇ ਮਰੀਜ਼ਾਂ ਨੂੰ ਲੱਛਣ ਦਿੱਸਣ ਲੱਗ ਪੈਂਦੇ ਹਨ। ਕੁੱਝ ਜਣਿਆ ਨੂੰ ਮੱਕੀ ਤੋਂ ਐਲਰਜੀ ਹੋ ਸਕਦੀ ਹੈ। ਮੱਕੀ ਖਾਂਦਿਆਂ ਸਾਰ ਉਨ੍ਹਾਂ ਨੂੰ ਅਫ਼ਾਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ ਟੱਟੀਆਂ ਲੱਗ ਸਕਦੀਆਂ ਹਨ।
  3. ਕੌਰਨ ਸਿਰਪ :-ਇਹ ਖੰਡ ਤੋਂ ਵੀ ਵੱਧ ਖ਼ਤਰਨਾਕ ਹੈ। ਇਸ ਦੀ ਵਰਤੋਂ ਨਾਲ ਮੋਟਾਪਾ, ਦਿਲ ਦੇ ਰੋਗ, ਕੈਂਸਰ, ਫੈੱਟੀ ਜਿਗਰ (ਜਿਗਰ ਵਿੱਚ ਥਿੰਦਾ ਜੰਮਣਾ) ਸ਼ੱਕਰ ਰੋਗ ਤੇ ਹੋਰ ਕਈ ਤਰ੍ਹਾਂ ਦੇ ਮਾੜੇ ਰੋਗ ਹੋ ਸਕਦੇ ਹਨ। ਇਸ ਵਿੱਚ ਖ਼ੁਰਾਕੀ ਤੱਤ ਬਚਦੇ ਹੀ ਨਹੀਂ। ਸਿਰਫ਼ ਮਿੱਠਾ ਹੁੰਦਾ ਹੈ ਤੇ ਉਹ ਵੀ ਖੰਡ ਤੋਂ ਦੁਗਣਾ।

ਕੌਰਨ ਵਿੱਚੋਂ ਸਿਰਫ਼ ਇਹ ਵਾਲਾ ਮਿੱਠਾ ਕੱਢ ਕੇ ਉਸ ਨੂੰ ਸ਼ੇਕ, ਪੇਸਟਰੀਆਂ, ਕੇਕ, ਟਾਫੀਆਂ, ਆਈਸਕ੍ਰੀਮ ਆਦਿ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਯੂਰਿਕ ਏਸਿਡ ਵੀ ਵੱਧ ਜਾਂਦਾ ਹੈ।

ਹੋਰ ਕਿਸਮਾਂ :- ਮੱਕੀ ਦੇ ਫ਼ਾਇਦੇ ਵੇਖਦਿਆਂ ਦੁਨੀਆ ਭਰ ਵਿੱਚ ਇਸ ਨੂੰ ਭਾਰੀ ਮਾਤਰਾ ਵਿੱਚ ਉਗਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਇਕੱਲੇ ਅਮਰੀਕਾ ਵਿੱਚ 370 ਮਿਲੀਅਨ ਮੀਟਰਿਕ ਟਨ ਅਤੇ ਚੀਨ ਵਿੱਚ 271 ਮਿਲੀਅਨ ਮੀਟਰਿਕ ਟਨ ਛੱਲੀ ਉਗਾਈ ਜਾਂਦੀ ਹੈ।

ਡੈਂਟ ਕੌਰਨ :- ਜ਼ਿਆਦਾਤਰ ਅਮਰੀਕਾ ਵਿੱਚ ਜਾਨਵਰਾਂ ਲਈ ਉਗਾਇਆ ਜਾਂਦਾ ਹੈ।

ਭਾਰਤੀ ਛੱਲੀ : ਭਾਰਤੀ ਛੱਲੀ ਨੂੰ ‘ਫਿਟ ਕੌਰਨ’ ਕਿਹਾ ਜਾਂਦਾ ਹੈ। ਇਸ ਵਿੱਚ ਕਾਰਬੋਹਾਈਡਰੇਟ ਘੱਟ ਹੁੰਦੇ ਹਨ। ਇਸ ਬਾਰੇ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਪਾਵਨੀ ਕਬੀਲੇ ਵਾਲੇ ਇਸ ਨੂੰ ਈਸਾ ਮਸੀਹ ਤੋਂ 1000 ਸਾਲ ਪਹਿਲਾਂ ਤੋਂ ਹੀ ਵਰਤਦੇ ਰਹੇ ਹਨ। ਇਸ ਨਾਲ ਲਹੂ ਦੀ ਕਮੀ ਠੀਕ ਹੋ ਜਾਂਦੀ ਹੈ ਕਿਉਂਕਿ ਇਸ ਵਿੱਚ ਲੋਹ ਕਣ, ਫੌਲਿਕ ਏਸਿਡ ਤੇ ਵਿਟਾਮਿਨ ਬੀ 6 ਹੁੰਦੇ ਹਨ। ਸੌ ਗ੍ਰਾਮ ਛੱਲੀ ਵਿੱਚ 2.71 ਮਿਲੀਗ੍ਰਾਮ ਲੋਹ ਕਣ ਹੁੰਦੇ ਹਨ।

ਛੱਲੀ ਵਿਚਲਾ ਬੀਟਾ-ਕਰਿਪਟੋਜ਼ੈਂਥੀਨ ਫੇਫੜਿਆਂ ਦੇ ਕੈਂਸਰ ਨੂੰ ਹੋਣ ਤੋਂ ਰੋਕਦਾ ਹੈ। ਕੌਰਨ ਅੰਦਰਲਾ ਫਿਰੂਲਿਕ ਏਸਿਡ ਵੀ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ।

ਟੂਨੀਕੇਟ ਮੱਕੀ ਜਾਂ ਪੌਡ ਕੌਰਨ :- ਦੱਖਣੀ ਅਮਰੀਕਾ ਵਿੱਚ ਜੰਗਲੀ ਉੱਗੀ ਮੱਕੀ ਨੂੰ ਟੂਨੀਕੇਟ ਕਹਿੰਦੇ ਹਨ। ਅੱਜ ਕਲ ਪੈਪਸੀ ਤੇ ਕੋਕਾ ਕੋਲਾ ਵਾਲੇ ਛੱਲੀ ਵਿੱਚੋਂ ਹੀ ਕੌਰਨ ਸਵੀਟਨਰ ਬਣਾ ਕੇ ਉਸ ਵਿੱਚ ਪਾ ਰਹੇ ਹਨ। ਅੱਜ ਦੇ ਦਿਨ ਦੁਨੀਆਂ ਭਰ ਵਿੱਚ ਛੱਲੀ ਤੋਂ ਲਗਭਗ ਵੱਖੋ ਵੱਖਰੀਆਂ 3500 ਚੀਜ਼ਾਂ ਬਣਾਈਆਂ ਜਾ ਰਹੀਆਂ ਹਨ।

ਗਰਮੀਆਂ ਵਿੱਚ ਲੱਗਦੀ ਛੱਲੀ ਬਹੁਤਾ ਪਾਣੀ ਨਹੀਂ ਮੰਗਦੀ। ਦੁਨੀਆਂ ਭਰ ਵਿੱਚ ਡਰਿਪ ਇਰੀਗੇਸ਼ਨ ਨਾਲ ਛੱਲੀਆਂ ਉਗਾਈਆਂ ਜਾ ਰਹੀਆਂ ਹਨ। ਲਗਭਗ ਇੱਕ ਇੰਚ ਪਾਣੀ ਹਰ ਹਫ਼ਤੇ ਸ਼ੁਰੂਆਤੀ ਸਮੇਂ ਵਿੱਚ ਚਾਹੀਦਾ ਹੁੰਦਾ ਹੈ।

ਜੇ ਪੰਜਾਬ ਵਿੱਚ ਝੋਨਾ ਘਟਾ ਕੇ ਛੱਲੀਆਂ ਲਾਉਣੀਆਂ ਵਧਾਈਆਂ ਜਾਣ ਤਾਂ ਜਿੱਥੇ ਪਾਣੀ ਦੀ ਬਚਤ ਹੋਵੇਗੀ, ਉੱਥੇ ਪੰਜਾਬੀਆਂ ਦੀ ਸਿਹਤ ਵੀ ਵਧੀਆ ਹੋ ਸਕਦੀ ਹੈ।