ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ! ਜੈਸੇ ਕਾਗਰਾ ਕਰਤ ਬੀਚਾਰੰ ॥ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ, ਪੂਜੀਐ ਕਰਿ ਨਮਸਕਾਰੰ ॥ (ਭਗਤ ਰਵਿਦਾਸ/੧੨੯੩)
ਅਰਥ–ਤਾੜੀ ਦਾ ਰੁੱਖ (ਜਿਸ ਤੋਂ ਸ਼ਰਾਬ ਬਣਦੀ ਹੈ) ਮਾੜਾ ਮੰਨਿਆ ਜਾਂਦਾ ਹੈ। ਉਸ ਤੋਂ ਬਣੇ ਕਾਗਜ਼ ਨੂੰ ਵੀ ਅਪਵਿਤਰ ਮੰਨਦੇ ਹਨ, ਪਰ ਜਦ ਉਸ ਤੋਂ ਬਣੇ ਕਾਗਜ਼ ਉੱਤੇ ਰੱਬ ਦੀ ਸਿਫਤ ਲਿਖੀ ਜਾਵੇ ਤਾਂ ਹਰ ਕੋਈ ਉਸ ਅੱਗੇ ਸਿਰ ਝੁਕਾਉਂਦਾ ਹੈ, ਪੂਜਦਾ ਹੈ।
ਮਨ ਮੇਰੇ ਤਿਨ ਕੀ ਓਟ ਲੇਹਿ॥
ਮਨ ਮੇਰੇ ਤਿਨ ਕੀ ਓਟ ਲੇਹਿ॥
ਮਨ ਮੇਰੇ ! ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ; ਤਿਨ ਜਨ ਦੇਹਿ ॥
ਜਿਨਿ ਜਨਿ; ਅਪਨਾ ਪ੍ਰਭੂ ਪਛਾਤਾ ॥ ਸੋ ਜਨੁ; ਸਰਬ ਥੋਕ ਕਾ ਦਾਤਾ ॥
ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥
ਅਵਰ ਸਿਆਨਪ; ਸਗਲੀ ਛਾਡੁ ॥ ਤਿਸੁ ਜਨ ਕੀ; ਤੂ ਸੇਵਾ ਲਾਗੁ ॥
ਆਵਨੁ ਜਾਨੁ; ਨ ਹੋਵੀ ਤੇਰਾ ॥ ਨਾਨਕ ! ਤਿਸੁ ਜਨ ਕੇ; ਪੂਜਹੁ ਸਦ ਪੈਰਾ ॥੮॥੧੭॥
(ਸੁਖਮਨੀ/ਮਹਲਾ ੫/੨੮੬)
ਵਿਚਾਰ ਅਧੀਨ ਅਨਮੋਲ ਪਾਵਨ ਪੰਕਤੀਆਂ; ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਸੁਖਮਨੀ ਸਾਹਿਬ (ਬਾਣੀ) ਦੀ 17ਵੀਂ ਅਸ਼ਟਪਦੀ ਦੇ ਅੱਠਵੇਂ ਪਦੇ ਦੀਆਂ ਹਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 286 ’ਤੇ ਸੁਭਾਇਮਾਨ ਹੈ। ਇਨ੍ਹਾਂ ਪੰਕਤੀਆਂ ਰਾਹੀਂ ਗੁਰਦੇਵ ਪਿਤਾ ਜੀ ਆਪਣੇ ਮਨ ਨੂੰ ਸਮਝਾਉਂਦੀ ਮਿਸਾਲ ਨਾਲ਼ ਕਹਿ ਰਹੇ ਹਨ ਕਿ ਹੇ ਮੇਰੇ ਮਨ ! ਉਨ੍ਹਾਂ ਮਨੁੱਖਾਂ ਦੀ ਸੰਗਤ ਕਰ, ਜੋ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿੱਚ (ਹਰੀ ਦੇ ਚਰਨਾਂ ਨਾਲ਼ ਜੁੜੇ) ਰਹਿੰਦੇ ਹਨ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸ ਨੂੰ ਸੰਸਾਰ ਵਿੱਚ ਰਹਿਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਿਸੇ ਨ ਕਿਸੇ ਸਾਥ ਦੀ ਲੋੜ ਪੈਂਦੀ ਹੈ। ਜੇ ਧਿਆਨ ਨਾਲ ਵੇਖਿਆ ਜਾਏ ਤਾਂ ਸਰੀਰ ਕਰਕੇ ਇਸ ਨੇ ਆਪਣੇ ਆਲੇ-ਦੁਆਲੇ ਬਹੁਤ ਸੱਜਣ ਮਿੱਤਰ ਬਣਾਏ ਹੋਏ ਹਨ, ਜਿਨ੍ਹਾਂ ਦੇ ਆਸਰੇ ਇਹ ਆਪਣਾ ਜੀਵਨ ਬਤੀਤ ਕਰਦਾ ਹੈ। ਇਨ੍ਹਾਂ ਵਿੱਚ ਰਹਿਣ ਕਰਕੇ ਅਤੇ ਆਪਣੀ ਅਗਿਆਨਤਾ ਕਾਰਨ ਇਨ੍ਹਾਂ ਨੂੰ ਹੀ ਆਪਣਾ ਸਭ ਕੁੱਝ ਸਮਝਣ ਲੱਗ ਪਿਆ ਹੈ, ਪਰ ਜਦੋਂ ਵੱਡੇ ਭਾਗਾਂ ਨਾਲ ਗੁਰਮੁਖ ਜਨਾਂ ਦੀ ਸੰਗਤ ਇਸ ਨੂੰ ਮਿਲਦੀ ਹੈ ਤਾਂ ਉਨ੍ਹਾਂ ਪਾਸੋਂ ਸਤਿਗੁਰੂ ਦੇ ਬਚਨ ਸੁਣ-ਸੁਣ ਕੇ ਇਸ ਦੇ ਮਨ ਅੰਦਰ ਵਿਸ਼ਵਾਸ ਬੱਝ ਜਾਂਦਾ ਹੈ ਕਿ ਹੁਣ ਤੱਕ ਮੈਂ ਜੋ ਕੁੱਝ ਵੀ ਕਰਦਾ ਆਇਆ ਹਾਂ, ਉਹ ਸਭ ਵਿਅਰਥ ਹੀ ਸੀ। ਇਸ ਲਈ ਹੁਣ ਮੈਨੂੰ ਉਹ, ਕਰਨਾ ਚਾਹੀਦਾ ਹੈ, ਜੋ ਸਤਿ ਸੰਗਤ ਵਿੱਚ ਰਹਿ ਕੇ ਗੁਰੂ ਦੇ ਪਿਆਰੇ ਕਹਿੰਦੇ ਅਤੇ ਕਰਦੇ ਹਨ। ਮਨ; ਸਰੀਰ ਰੂਪੀ ਗੱਡੀ ਦਾ ਡਰਾਇਵਰ ਹੈ। ਗੱਡੀ ਨੇ ਓਧਰ ਹੀ ਜਾਣਾ ਹੁੰਦਾ ਹੈ, ਜਿਧਰ ਡਰਾਇਵਰ ਚਾਹੁੰਦਾ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਇਸ ਪਦੇ ਦੀਆਂ ਆਰੰਭਕ ਪੰਕਤੀਆਂ ਵਿੱਚ ਫ਼ੁਰਮਾ ਰਹੇ ਹਨ ‘‘ਮਨ ਮੇਰੇ ! ਤਿਨ ਕੀ ਓਟ ਲੇਹਿ ॥ ਮਨੁ ਤਨੁ ਅਪਨਾ; ਤਿਨ ਜਨ ਦੇਹਿ ॥’’ ਭਾਵ ਹੇ ਮੇਰੇ ਮਨ ! (ਜੋ ਮਨੁੱਖ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ) ਉਨ੍ਹਾਂ ਦੀ ਸ਼ਰਨੀ ਪਓ ਅਤੇ ਆਪਣਾ ਤਨ ਮਨ ਉਨ੍ਹਾਂ ਨੂੰ ਸਦਕੇ ਕਰ ਦੇਹ। ਪ੍ਰਭੂ ਦੀ ਨੇੜਤਾ, ਜਿਨ੍ਹਾਂ ਵਡਭਾਗੀ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਨ੍ਹਾਂ ਅੰਦਰ ਪ੍ਰਭੂ ਵਾਲੇ ਗੁਣ ਪਨਪਨੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਮਨੋਰਥ ਹੀ ਐਸਾ ਬਣ ਜਾਂਦਾ ਹੈ ‘‘ਹਰਿ ਕਾ ਨਾਮੁ ਧਿਆਇ, ਸੁਣਿ; ਸਭਨਾ ਨੋ ਕਰਿ ਦਾਨੁ ॥’’ (ਬਾਰਹਮਾਹਾ/ਮਹਲਾ ੫/੧੩੬) ਯਾਨੀ ਗੁਰੂ ਬਚਨਾਂ ਅਨੁਸਾਰ ਉਹ, ਨਾਮ ਦੀ ਦਾਤ ਹੋਰਾਂ ਨੂੰ ਵੀ ਵੰਡਦੇ ਹਨ।
ਜੋ ਵਸਤੂ ਕਿਸੇ ਕੋਲ਼ ਹੋਵੇਗਾ, ਉਹੀ ਦੂਜੇ ਨੂੰ ਦਿੱਤੀ ਜਾ ਸਕਦੀ ਹੈ; ਜਿਵੇਂ ਫੁੱਲਾਂ ਨਾਲ਼ ਖਿੜੀ ਹੋਈ ਕਿਸੇ ਫੁਲਵਾੜੀ ਕੋਲ, ਕੋਈ ਜਾਵੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਸੁਗੰਧ ਪ੍ਰਾਪਤ ਨਾ ਹੋਵੇ। ਸੁਗੰਧੀ ਤਾਂ ਅਵੱਸ਼ ਮਿਲਣੀ ਹੀ ਹੈ। ਇਸੇ ਤਰ੍ਹਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚੋਂ ਵੀ ਪ੍ਰਭੂ ਦੇ ਗੁਣਾਂ ਦੀ ਖ਼ੁਸ਼ਬੋ ਅਵੱਸ਼ ਮਿਲਦੀ ਹੈ। ਜਿਨ੍ਹਾਂ ਪਾਸੋਂ ਕੁਝ ਮਿਲੇ, ਫਿਰ ਉਸ ਬਦਲੇ ਕੁੱਝ ਦੇਣਾ ਵੀ ਫ਼ਰਜ਼ ਹੁੰਦਾ ਹੈ ਭਾਵੇਂ ਕਿ ਦੇਣ ਵਾਲਿਆਂ ਅੰਦਰ ਬਦਲੇ ’ਚ ਲੈਣ ਦੀ ਲਾਲਸਾ ਰੰਚਕ ਮਾਤਰ ਵੀ ਨ ਹੋਵੇ। ਜੋ ਦਾਤ ਉਨ੍ਹਾਂ ਪਾਸੋਂ ਮਿਲਦੀ ਹੈ ਉਸ ਬਦਲੇ ਜੋ ਵੀ ਕੁੱਝ ਦਿੱਤਾ ਜਾਏ, ਉਹ ਥੋੜ੍ਹਾ ਹੀ ਹੁੰਦਾ ਹ; ਜਿਵੇਂ ਕਿ ਗੁਰੂ ਬਚਨ ਹਨ ‘‘ਮਨੁ ਅਰਪਉ, ਧਨੁ ਰਾਖਉ ਆਗੈ; ਮਨ ਕੀ ਮਤਿ, ਮੋਹਿ ਸਗਲ ਤਿਆਗੀ ॥ ਜੋ ਪ੍ਰਭ ਕੀ ਹਰਿ ਕਥਾ ਸੁਨਾਵੈ; ਅਨਦਿਨੁ ਫਿਰਉ, ਤਿਸੁ ਪਿਛੈ ਵਿਰਾਗੀ ॥’’ (ਮਹਲਾ ੫/੨੦੪)
ਵਿਚਾਰ ਅਧੀਨ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਜਿਸ ਮਨੁੱਖ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ, ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ ‘‘ਜਿਨਿ ਜਨਿ, ਅਪਨਾ ਪ੍ਰਭੂ ਪਛਾਤਾ ॥ ਸੋ ਜਨੁ, ਸਰਬ ਥੋਕ ਕਾ ਦਾਤਾ ॥’’ (ਸੁਖਮਨੀ/ਮਹਲਾ ੫/੨੮੬)
ਮਨੁੱਖ ਦੇ ਜੀਵਨ ਦਾ ਮਨੋਰਥ ਹੀ ਪ੍ਰਭੂ ਨੂੰ ਪਛਾਣਨਾ ਹੈ ਭਾਵ ਉਸ ਵਿੱਚ ਇੱਕ ਮਿਕ ਹੋਣਾ ਹੈ। ਪਰਮਾਤਮਾ ਨੂੰ ਆਪਣੇ ਅੰਗ-ਸੰਗ ਮਹਿਸੂਸ ਕਰਨਾ ਹੀ ਸਫਲ ਮਨੁੱਖੀ ਜੀਵਨ ਹੈ। ਪਰਮਾਤਮਾ ਕੀ ਕਰਦਾ ਹੈ, ਜਦ ਮਨੁੱਖ ਨੂੰ ਆਪਣੇ ਅੰਗ-ਸੰਗ ਮਹਿਸੂਸ ਹੁੰਦਾ ਹੈ। ਇਸ ਪ੍ਰਸ਼ਨ ਦਾ ਜਵਾਬ ਹੈ ਕਿ ਉਹ, ਆਪਣੇ ਪਿਆਰੇ ਭਗਤ ਦਾ ਪੱਖ ਪੂਰਦਾ ਹੈ, ਉਸ ਦੇ ਸਾਰੇ ਕਾਰਜ ਸਿਰੇ ਚਾੜਦਾ ਹੈ ‘‘ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥’’ (ਅਨੰਦ/ਮਹਲਾ ੩/੯੧੭)
ਜਦ ਪਰਮਾਤਮਾ; ਮਨੁੱਖ ਦਾ ਅੰਗੀਕਾਰ ਕਰੇ ਤਾਂ ਮਨੁੱਖ ਨੂੰ ਆਪਣੇ ਜੀਵਨ ਦਾ ਮੰਤਵ ਪ੍ਰਾਪਤ ਹੁੰਦਾ ਹੈ; ਜਿਵੇਂ ਪ੍ਰਭੂ ਦਾ ਸੁਭਾਅ, ਦੇਣਾ ਹੀ ਹੈ, ਇਸੇ ਲਈ ਉਸ ਨੂੰ ਦਾਤਾ ਕਿਹਾ ਜਾਂਦਾ ਹੈ। ਅੱਜ ਤੱਕ ਉਸ ਨੇ ਹਰ ਜੀਵ-ਜੰਤ ਨੂੰ ਬਹੁਤ ਕੁੱਝ ਦਿੱਤਾ ਹੈ ਤੇ ਅੱਗੋਂ ਵੀ ਦੇਂਦਾ ਰਹੇਗਾ। ਇਸ ਅਸ਼ਟਪਦੀ ਦੀ ਅਰੰਭਤਾ ’ਚ ਵਿਸ਼ੇ ਨਾਲ਼ ਸੰਬੰਧਿਤ ਹੀ ਇੱਕ ਸਲੋਕ ਹੈ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭਿ ਸਚੁ; ਨਾਨਕ ! ਹੋਸੀ ਭਿ ਸਚੁ ॥੧॥’’ (ਸੁਖਮਨੀ/ਮਹਲਾ ੫/੨੮੫), ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਭ ਕੁੱਝ ਦੇਣ ਵਾਲ਼ਾ ਪਰਮਾਤਮਾ; ਸ੍ਰਿਸ਼ਟੀ ਦੇ ਆਦਿ ਤੋਂ ਅੰਤ ਤੱਕ ਯਾਨੀ ਸਦੀਵੀ ਸਥਿਰ ਹੈ। ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਪ੍ਰਮਾਤਮਾ; ਕੁਦਰਤਿ ਦੇ ਆਤਿ ਤੋਂ ਅੰਤ ਤੱਕ ਸਥਿਰ ਹੋਣਾ ਵੀ ਚਾਹੀਦਾ ਹੈ। ਐਸੇ ਸੱਚ ਨਾਲ ਜੁੜਿਆ ਹੋਇਆ ਮਨੁੱਖ; ਸੁਭਾਵਕ ਹੀ ਉਸ ਵਰਗਾ ਹੋ ਜਾਏਗਾ।
ਵਿਚਾਰ ਅਧੀਨ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਮਨ ! ਉਸ ਦੀ ਸ਼ਰਨ ਪੈ ਕੇ, ਉਸ ਦਾ ਦੀਦਾਰ ਕਰਕੇ ਤੂੰ ਆਪਣੇ ਸਾਰੇ ਪਾਪ ਦੂਰ ਕਰ ਅਨੰਦ ਪ੍ਰਾਪਤ ਕਰ ਲਏਂਗਾ ‘‘ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥’’ (ਸੁਖਮਨੀ/ਮਹਲਾ ੫/੨੮੬) ਗੁਰੂ ਕੇ ਪਿਆਰੇ ਦੀ ਸ਼ਰਨ ਤੋਂ ਭਾਵ ਗੁਰੂ ਦੀ ਸ਼ਰਨ ਹੀ ਹੈ ਕਿਉਂਕਿ ਅਸਲ ਗੁਰਸਿੱਖ; ਕਿਸੇ ਨੂੰ ਆਪਣੇ ਨਾਲ ਨਹੀਂ, ਗੁਰੂ ਨਾਲ ਜੋੜਦਾ ਹੈ। ਭਾਈ ਗੁਰਦਾਸ ਜੀ ਵੀ ਐਸਾ ਹੀ ਵਚਨ ਕਰਦੇ ਹਨ ‘‘ਗੁਰਮੁਖਿ ਜਨਮ ਸਕਾਰਥਾ; ਗੁਰਸਿਖ ਮਿਲਿ ਗੁਰ ਸਰਣੀ ਆਇਆ। ਆਦਿ ਪੁਰਖ ਆਦੇਸੁ ਕਰਿ; ਸਫਲ ਮੂਰਤਿ ਗੁਰ ਦਰਸਨੁ ਪਾਇਆ।’’ (ਭਾਈ ਗੁਰਦਾਸ ਜੀ/ਵਾਰ ੧੧ ਪਉੜੀ ੩) ਗੁਰੂ ਰਾਮਦਾਸ ਜੀ ਦੇ ਬਚਨ ਵੀ ਗੁਰਸਿਖ ਦੇ ਸੰਬੰਧ ’ਚ ‘ਰਾਗ ਵਡਹੰਸ ਕੀ ਵਾਰ’ ਵਿੰਚ ਅੰਕਿਤ ਹਨ ‘‘ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜੋ ਸਤਿਗੁਰ ਚਰਣੀ ਜਾਇ ਪਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ (ਨੇ) ਹਰਿ ਨਾਮਾ ਮੁਖਿ (ਨਾਲ਼) ਰਾਮੁ ਕਹਿਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਸੁ, ਹਰਿ ਨਾਮਿ+ਸੁਣਿਐ (ਨਾਲ਼), ਮਨਿ (’ਚ) ਅਨਦੁ ਭਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ, ਸਤਿਗੁਰ ਸੇਵਾ ਕਰਿ, ਹਰਿ ਨਾਮੁ ਲਇਆ ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ; ਜੋ ਗੁਰ ਕੈ ਭਾਣੈ (’ਚ), ਗੁਰਸਿਖੁ ਚਲਿਆ ॥੧੮॥’’ (ਮਹਲਾ ੪/੫੯੩) ਕਿਉਂਕਿ ਉਸ ਨੇ ਆਪ ਗੁਰੂ ਦੀ ਰਜ਼ਾ ਵਿੱਚ ਚੱਲ ਕੇ ਸੁੱਖ ਪ੍ਰਾਪਤ ਕੀਤੇ ਹੁੰਦੇ ਹਨ ਤਾਂ ਤੇ ਜੋ ਜਗਿਆਸੂ, ਉਸ ਕੋਲ ਆਏਗਾ ਉਸ ਨੂੰ ਭੀ ਗੁਰੂ ਦੇ ਭਾਣੈ ਵਿੱਚ ਚੱਲਣ ਲਈ ਪ੍ਰੇਰੇਗਾ। ਹਥਲੇ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਸਤਿਗੁਰ ਜੀ ਫ਼ੁਰਮਾ ਰਹੇ ਹਨ ਕਿ ਬਾਕੀ ਚਤੁਰਾਈ ਛੱਡ ਦੇਹ ਅਤੇ ਉਸ ਸੇਵਕ ਦੀ ਸੇਵਾ ਵਿੱਚ ਲੱਗ ਜਾਹ ‘‘ਅਵਰ ਸਿਆਨਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥’’ (ਸੁਖਮਨੀ/ਮਹਲਾ ੫/੨੮੬) ਗੁਰੂ ਅਮਰਦਾਸ ਜੀ ਭੀ ਮਨ ਨੂੰ ਇਉਂ ਹੀ ਸਮਝਾਉਂਦੇ ਹਨ ‘‘ਏ ਮਨ ਚੰਚਲਾ ! ਚਤੁਰਾਈ ਕਿਨੈ ਨ ਪਾਇਆ ॥’’ (ਅਨੰਦ/ਮਹਲਾ ੩/੯੧੮) ਰੂਹਾਨੀਅਤ ਮਾਰਗ ਵਿੱਚ ਸਿਆਣਪਾਂ, ਚਤੁਰਾਈਆਂ ਕੋਈ ਕੰਮ ਨਹੀਂ ਆਉਂਦੀਆਂ, ਇਹ ਤਾਂ ਰੁਕਾਵਟਾਂ ਬਣ ਅੱਗੇ ਖਲੋਦੀਆਂ ਹਨ। ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਪੰਕਤੀਆਂ, ਜੋ ਉਨ੍ਹਾਂ ਨੇ ਸ਼ੇਖ਼ ਸੱਜਣ ਨੂੰ ਸੰਬੋਧਨ ਕਰਦਿਆਂ ਉਚਾਰੀਆਂ ਹਨ, ਅੱਜ ਭੀ ਹਰ ਮਨੁੱਖ ’ਤੇ ਹੂਬਹੂ ਢੁੱਕਦੀਆਂ ਹਨ ‘‘ਚਾਕਰੀਆ ਚੰਗਿਆਈਆ; ਅਵਰ ਸਿਆਣਪ ਕਿਤੁ ॥ ਨਾਨਕ ! ਨਾਮੁ ਸਮਾਲਿ ਤੂੰ; ਬਧਾ ਛੁਟਹਿ ਜਿਤੁ ॥’’ (ਮਹਲਾ ੧/੭੨੯) ਅਰਥ : ਹੇ ਸ਼ੇਖ਼ ਜੀ ! ਦੁਨੀਆਂ ਦੀਆਂ ਖ਼ੁਸ਼ਾਮਦਾਂ, ਬਾਹਰਲੇ ਵਿਖਾਵੇ ਅਤੇ ਹੋਰ ਸਿਆਣਪਾਂ ਕਿਸ ਕੰਮ ਵਿੱਚ ਹਨ ? ਯਾਨੀ ਕੋਈ ਲਾਭ ਨਹੀਂ ਪਹੁੰਚਾਦੀਆਂ, ਇਸ ਲਈ ਤੂੰ ਹਰੀ ਦੇ ਨਾਮ ਨੂੰ ਯਾਦ ਕਰ, ਜਿਸ ਨਾਲ਼ ਤੂੰ (ਇੰਨ੍ਹਾਂ ਬੰਧਨਾਂ ’ਚ) ਫਸਿਆ ਮੁਕਤ ਹੋ ਜਾਵੇਂਗਾ।
ਸੋ ਅਸਫਲ ਮਨੁੱਖੀ ਜੀਵਨ ਹੋਣ ਦਾ ਮੂਲ ਕਾਰਨ, ਬੰਦੇ ਦੀ ਨਾਸਮਝੀ ਹੁੰਦੀ ਹੈ, ਜੋ ਆਪਣੀ ਅਰਥਹੀਣ ਚਤੁਰਾਈ ਨਾਲ਼ ਗੁਣਕਾਰੀ ਗੁਰੂ ਗਿਆਨ ਦਾ ਵੀ ਵਿਰੋਧ ਕਰ ਬੈਠਦੀ ਹੈ। ਇਸ ਸੰਬੰਧ ’ਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਮਤਿ ਥੋੜੀ; ਸੇਵ ਗਵਾਈਐ ॥੧੦॥’’ (ਆਸਾ ਕੀ ਵਾਰ/ਮਹਲਾ ੧/੪੬੮) ਜਿੰਨੀ ਦੇਰ ਤੱਕ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਤਦ ਤੱਕ ਦੂਸਰੇ ਦੁਆਰਾ ਕੀਤੀ ਜਾਂਦੀ ਸੇਵਾ-ਭਗਤੀ ਤੋਂ ਲਾਭ ਲੈਣ ਲਈ ਉਸ ਨਾਲ਼ ਨੇੜਤਾ ਨਹੀਂ ਬਣਾ ਸਕਦਾ, ਉਸ ਦੀ ਸੰਗਤ ਨਹੀਂ ਮਾਣ ਸਕਦਾ ਭਾਵੇਂ ਕਿ ਸਾਨੂੰ ਗੁਰੂ ਰਾਮਦਾਸ ਜੀ ਦੇ ਨਿਮਰਤਾ ਭਰੇ ਇਹ ਬਚਨ ਭੀ ਕਿਉਂ ਨਾ ਸੇਧ ਬਖ਼ਸਦੇ ਹੋਣ ‘‘ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ; ਹਰਿ ਦਇਆ ਧਾਰਿ ਜਗੰਨਾਥਾ !॥’’ (ਮਹਲਾ ੪/੬੯੬) ਹਥਲੇ ਪਦੇ ਦੀਆਂ ਅੰਤਮ ਪੰਕਤੀਆਂ ’ਚ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਹੇ ਮਨ ! ਉਸ (ਭਗਤੀ ਕਰਨ ਵਾਲ਼ੇ) ਜਨ ਦੇ ਸਦਾ ਪੈਰਾਂ ਨੂੰ ਪੂਜ ਤਾਂ ਜੋ ਤੇਰਾ ਵੀ ਜੀਵਨ ਸਫਲ ਹੋ ਜਾਵੇ ਤੇ ਤੈਨੂੰ ਸੰਸਾਰ ਵਿੱਚ ਵਾਰ-ਵਾਰ ਜਨਮ ਨਾ ਲੈਣਾ ਪਵੇ ‘‘ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ ! ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥’’ (ਸੁਖਮਨੀ/ਮਹਲਾ ੫/੨੮੬)
ਕੀਰਤਨ ਦੀ ਮਹੱਤਤਾ
ਕੀਰਤਨ ਦੀ ਮਹੱਤਤਾ
ਗਿਆਨੀ ਬਲਜੀਤ ਸਿੰਘ ਜੀ (ਡਾਇਰੈਕਟਰ ਐਜੁਕੇਸ਼ਨ)
ਜਿਸ ਪਵਿੱਤਰ ਪੰਗਤੀ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥’’ (ਮਹਲਾ ੫/੧੦੭੫) ਦੀ ਵੀਚਾਰ ਪੰਜਾਬੀ ਵਾਰਤਾ ਰਾਹੀਂ ਅੱਜ ਅਸੀਂ ਸਾਂਝੀ ਕਰ ਰਹੇ ਹਾਂ ਉਹ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ‘ਮਾਰੂ ਰਾਗ’ ਅੰਦਰ ‘ਸੋਹਿਲੇ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1075 ’ਤੇ ਸੁਭਾਇਮਾਨ ਹੈ।
ਸਮਾਂ ਆਪਣੇ ਤਿੱਖੇ ਵੇਗ ਨਾਲ ਚੱਲਦਾ ਹੈ। ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ‘ਰਹੀ ਵਾਸਤੇ ਘਤ ਸਮੇਂ ਨੇ ਇਕ ਨ ਮੰਨੀ। ਫੜਿ ਫੜਿ ਰਹੀ ਧਰੀਕ ਸਮੇਂ ਖਿਸਕਾਈ ਕੰਨੀ।’ ਕੱਲ੍ਹ ਦੇ ਰਸਮੋਂ ਰਿਵਾਜ ਅੱਜ ਪੁਰਾਣੇ ਹੋ ਜਾਂਦੇ ਹਨ। ਅੱਜ ਦੀ ਸੋਚ ਕੱਲ੍ਹ ਨੂੰ ਪੂਰੀ ਨਹੀਂ ਉਤਰਦੀ। ਸਮਾਂ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ। ਸੰਸਾਰ ਵਿੱਚ ਕਿੰਨੀਆਂ ਸੰਸਕ੍ਰਿਤੀਆਂ ਪੈਦਾ ਹੋਈਆਂ ਤੇ ਮਿਟ ਗਈਆਂ। ਸਮਾਂ ਪੁਰਾਣੇ ਵੀਚਾਰ ਜਾਂ ਸੋਚ ਨੂੰ ਇਵੇਂ ਹੀ ਪਾਸੇ ਕਰ ਦਿੰਦਾ ਹੈ; ਜਿਵੇਂ ਦਰਖ਼ਤ ਨੂੰ ਪੱਤਿਆਂ ਨਾਲ ਕਿੰਨਾ ਵੀ ਮੋਹ ਹੋਵੇ, ਪਰ ਪੱਤਝੜ ਦੀ ਰੁੱਤ ਵਿੱਚ ਪੱਤੇ ਝੱੜ ਹੀ ਜਾਂਦੇ ਹਨ।
ਪਹਿਲਾਂ ਮਨੁੱਖ ਕੋਲ ਸਮਾਂ ਵਧੇਰੇ ਸੀ। ਸੁਆਸਾਂ ਨੂੰ ਰੋਕ ਕੇ ਲਮੇਂ ਸਮੇਂ ਤੱਕ ਸੁੰਨ ਪੈ ਰਹਿਣਾ। ਲੱਖਾਂ ਵਾਰੀ ਕਿਸੇ ਵਿਸ਼ੇਸ਼ ਮੰਤ੍ਰ ਦਾ ਜਾਪ ਕਰਨਾ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਤਪ ਸਾਧਣੇ ਆਦਿ ਜੀਵਨ ਦਾ ਮਨੋਰਥ ਸੀ। ਅਜੋਕਾ ਮਨੁੱਖੀ ਜੀਵਨ ਬਹੁਤ ਰੁਝੇਵਿਆਂ ਭਰਿਆ ਹੈ। ਇਸ ਨਾਲ ਭਾਸ਼ਾ, ਰਹਿਣ ਸਹਿਣ, ਖਾਨ ਪਾਨ, ਸਭ ਕੁਝ ਬਦਲਿਆ ਹੈ। ਜੀਵਨ ਦੀਆਂ ਲੋੜਾਂ ਇੰਨੀਆਂ ਵਧ ਗਈਆਂ ਹਨ ਕਿ ਮਨੁੱਖ ਇਨ੍ਹਾਂ ਦੀ ਪੂਰਤੀ ਲਈ ਰੁੱਝਿਆ ਰਹਿੰਦਾ ਹੈ। ਅਜੋਕਾ ਮਨੁੱਖ ਉਸ ਧਰਮ ਜਾਂ ਜੀਵਨ ਜਾਚ ਨੂੰ ਲੋਚਦਾ ਹੈ, ਜੋ ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬) ਜੋੜੀ ਰੱਖੇ। ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਨਵੀਨ ਵਿਚਾਰਧਾਰਾ ਨੂੰ ਜਨਮ ਦਿੱਤਾ ‘‘ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਤਾਂ ਕਿ ਘੱਟ ਸਮੇਂ ਵਿੱਚ ਜੀਵਨ ਸਫਲ ਕੀਤਾ ਜਾ ਸਕੇ।
ਸਤਿਗੁਰੂ ਨੇ ਫ਼ੁਰਮਾਇਆ ਹੈ ਕਿ ਜੇ ਚੱਲ ਰਹੀ ਵਿਚਾਰਧਾਰਾ ਅਨੁਸਾਰ ਸਮੇਂ ਦੀ ਵੰਡ ਸਤਿਜੁਗ, ਤ੍ਰੇਤਾ, ਦੁਆਪਰ, ਕਲਿਯੁਗ ਨੂੰ ਮੰਨ ਲਿਆ ਜਾਏ ਤਾਂ ਵੀ ਸਾਨੂੰ ਇਸ ਫ਼ੈਸਲੇ ’ਤੇ ਪੁੱਜਣਾ ਪੈਂਦਾ ਹੈ ‘‘ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ ਅਨ ਰੂਤਿ ਨਾਹੀ ਨਾਹੀ ॥ ਮਤੁ, ਭਰਮਿ ਭੂਲਹੁ ਭੂਲਹੁ ॥ (ਮਹਲਾ ੫/੧੧੮੫), ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥’’ (ਭਗਤ ਰਵਿਦਾਸ/੩੪੬)
ਗੁਰੂ ਅਮਰਦਾਸ ਜੀ ਨੇ ਫ਼ੁਰਮਾਨ ਕੀਤਾ ਹੈ ‘‘ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ; ਕਲਿ ਮਹਿ ਕੀਰਤਿ ਹਰਿ ਨਾਮਾ ॥’’ (ਮਹਲਾ ੩/੭੯੭) ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਵੇਰ, ਦੁਪਹਿਰ ਤੇ ਸ਼ਾਮ ਸਮੇਂ ਗਾਏ ਜਾਣ ਵਾਲੇ 19 ਰਾਗਾਂ ਵਿੱਚ ਖਸਮ ਕੀ ਬਾਣੀ ਨੂੰ ਗਾਇਨ ਕੀਤਾ। ਭਾਈ ਮਰਦਾਨਾ ਜੀ ਨੂੰ ਗੁਰੂ ਕੀ ਹਜ਼ੂਰੀ ਵਿਚ ਪਹਿਲੇ ਕੀਰਤਨੀਏ ਹੋਣ ਦਾ ਮਾਣ ਪ੍ਰਾਪਤ ਹੋਇਆ, ਜਿਨਾਂ ਨੇ ਲਗਭਗ 47 ਸਾਲ ਇਹ ਸੇਵਾ ਨਿਭਾਈ। ਗੁਰਬਾਣੀ ਦੇ ਕੀਰਤਨ ਦੀ ਮਹੱਤਤਾ ਇਹ ਹੈ ਕਿ ਇਸ ਵਿੱਚ ਸੰਗੀਤ, ਕਵਿਤਾ ਅਤੇ ਫ਼ਿਲਾਸਫ਼ੀ; ਤਿੰਨੇ ਗੱਲਾਂ ਦਾ ਸੁਮੇਲ ਹੈ। ਰਾਗ ਦੀ ਪ੍ਰਧਾਨਤਾ ਨਹੀਂ ਬਲਕਿ ਵਿਚਾਰਧਾਰਾ ਨੂੰ ਮੁੱਖ ਰੱਖਿਆ ਹੈ। ਫ਼ੁਰਮਾਨ ਕੀਤਾ ਹੈ ‘‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ! ਜਿਤੁ ਵਸਿਆ ਮਨਿ ਆਇ ॥’’ (ਮਹਲਾ ੪/੧੪੨੩) ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਕੀਰਤਨ ਰਾਹੀਂ ਹੀ ‘‘ਸਬਦ ਸੁਰਤਿ ਕੀਨੀ ਵਰਖਾਈ ॥’’ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬) ਭਾਵ ਧਰਮ ਪ੍ਰਚਾਰ ਦੀ ਸੇਵਾ ਨਿਭਾਈ। ਗੁਰੂ ਅਮਰਦਾਸ ਜੀ ਨੇ ਪਹਿਲੀ ਪਾਤਿਸ਼ਾਹੀ ਦੁਆਰਾ ਗਾਏ ਗਏ 19 ਰਾਗਾਂ ਵਿੱਚੋਂ 17 ਰਾਗਾਂ ਵਿੱਚ ਗੁਰਬਾਣੀ ਉਚਾਰਨ ਕੀਤੀ ਤੇ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ ॥’’ (ਅਨੰਦ/ਮਹਲਾ ੩/੯੨੦) ਵਚਨਾਂ ਰਾਹੀਂ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥’’ ਦੀ ਪਿਰਤ ਪਾਈ। ਗੁਰੂ ਰਾਮਦਾਸ ਜੀ ਨੇ ਸਿੱਖੀ ਜੀਵਨ ਜਾਚ ਦੀ ਪਰਿਭਾਸ਼ਾ ਅੰਕਿਤ ਕਰ ‘‘ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ.. ॥’’ (ਮਹਲਾ ੪/੩੦੫) ਦੀ ਸਖ਼ਤ ਤਾਕੀਦ ਕੀਤੀ। ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ।
ਪੰਜਵੇਂ ਪਾਤਿਸ਼ਾਹ ਜੀ ਨੂੰ ਭੱਟਾਂ ਨੇ ‘‘ਕਲਜੁਗਿ ਜਹਾਜੁ ਅਰਜੁਨੁ ਗੁਰੂ..॥’’ (ਭਟ ਮਥੁਰਾ/੧੪੦੮) ਕਹਿ ਕੇ ਸਨਮਾਨਿਆ। ਪਾਤਿਸ਼ਾਹ ਜੀ ਨੇ ‘‘ਸਬਦੁ ਗੁਰੂ ਪਰਕਾਸਿਓ’’ (ਭਟ ਕਲੵ/੧੪੦੭) ਦੀ ਰਹਿਮਤ ਕੀਤੀ। ਆਪ ਜੀ ਦੀ ਬਾਣੀ ਸਾਰੇ ਗੁਰੂ ਸਾਹਿਬਾਨ ਤੋਂ ਵਧੇਰੇ ਹੈ। ਸਾਹਿਬ ਜੀ ਨੇ ਤੁਲਨਾਤਮਿਕ ਅਧਿਐਨ ਰਾਹੀਂ ਇਹ ਸੱਚ ਜਗਤ ਲੋਕਾਈ ਸਾਮ੍ਹਣੇ ਉਜਾਗਰ ਕੀਤਾ ਕਿ ਵੀਚਾਰ ਕੇ ਸਮਝਣ ਤੋਂ ਬਿਨਾਂ ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ.. ॥’’ (ਮਹਲਾ ੫/੬੪੧) ਆਦਿ ਰਸਮੀ ਗੱਲਾਂ ਨਾਲ ‘‘ਪਿਆਰੇ ਇਨ ਬਿਧਿ ਮਿਲਣੁ ਨ ਜਾਈ; ਮੈ ਕੀਏ ਕਰਮ ਅਨੇਕਾ ॥’’ (ਮਹਲਾ ੫/੬੪੧) ਵਚਨ ਉਚਾਰ ਕੇ ਸਾਹਿਬ ਜੀ ਇਸ ਨਿਰਨੇ ’ਤੇ ਪੁੱਜੇ ਕਿ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ! ਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ; ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ; ਹਰਿ ਹਰਿ ਕੀਰਤਨਿ, ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥’’ (ਮਹਲਾ ੫/੬੪੨) ਫਿਰ ਜੋਦੜੀ ਕੀਤੀ ‘‘ਸੋ ਅਸਥਾਨੁ ਬਤਾਵਹੁ ਮੀਤਾ !॥ ਜਾ ਕੈ; ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥’’ (ਮਹਲਾ ੫/੩੮੫) ਸਭ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ‘‘ਸਾਧਸੰਗਿ, ਹਰਿ ਕੀਰਤਨੁ ਗਾਈਐ ॥ ਇਹੁ ਅਸਥਾਨੁ; ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥’’ (ਮਹਲਾ ੫/੩੮੫) ਕਿਉਂਕਿ ਕੀਰਤਨ ਦੀ ਮਹੱਤਤਾ ਹੈ ‘‘ਮੀਚੁ ਹੁਟੈ ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ॥’’ (ਮਹਲਾ ੫/੨੯੭) ਭਾਵ ਜ਼ਿੰਦਗੀ ਵਿੱਚੋਂ ਮੌਤ ਦਾ ਡਰ ਵੀ ਮੁੱਕ ਜਾਂਦਾ ਹੈ, ਜਿਸ ਹਿਰਦੇ ਵਿੱਚ ਕੀਰਤਨ ਪ੍ਰਵੇਸ਼ ਕਰ ਜਾਏ ‘‘ਜਹ ਸਾਧੂ ਗੋਬਿਦ ਭਜਨੁ; ਕੀਰਤਨੁ ਨਾਨਕ ਨੀਤ ॥ ਣਾ ਹਉ, ਣਾ ਤੂੰ, ਣਹ ਛੁਟਹਿ; ਨਿਕਟਿ ਨ ਜਾਈਅਹੁ ਦੂਤ ॥’’ (ਮਹਲਾ ੫/੨੫੬) ਬੜੀ ਦ੍ਰਿੜ੍ਹਤਾ ਨਾਲ ਫ਼ੁਰਮਾਇਆ ‘‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਮਹਲਾ ੫/੭੪੭) ਪੰਜਵੇਂ ਪਾਤਿਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਤਾ ਤੇ ਬਲਵੰਡ ਜੀ; ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਸਾਹਿਬ ਜੀ ਆਪ ਸਰੰਦੇ ਨਾਲ ਧੁਰ ਕੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ। ਆਪ ਜੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਦੀਆਂ ਚਾਰ ਚੌਂਕੀਆਂ; ਜਿਵੇਂ ਅੰਮ੍ਰਿਤ ਵੇਲੇ ‘ਆਸਾ ਕੀ ਵਾਰ’, ਸਵਾ ਪਹਿਰ ਦਿਨ ਚੜ੍ਹੇ ‘ਚਰਨ ਕੰਵਲ ਬਿਲਾਵਲ ਦੀ ਚੌਂਕੀ’, ਆਥਣ ਵੇਲੇ ‘ਸੋ ਦਰ ਦੀ ਚੌਂਕੀ’ ਅਤੇ ਚਾਰ ਘੜੀਆਂ ਰਾਤ ਬੀਤੀ ‘ਕਲਿਆਣ ਦੀ ਚੌਂਕੀ’ ਦੀ ਪਰੰਪਰਾ ਆਰੰਭ ਕੀਤੀ।
ਵੀਚਾਰ ਅਧੀਨ ਪੰਕਤੀ ਤੋਂ ਪਹਿਲੇ ਪਦੇ ਵਿੱਚ ਜਿੱਥੋਂ ਇਹ ‘ਸੋਲਿਹਾ’ ਸ਼ੁਰੂ ਹੁੰਦਾ ਹੈ। ਸਾਹਿਬ ਜੀ ਨੇ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ॥’’ ਨੂੰ ਹੀ ਦੋਹਰਾ ਬਚਨ ਕੀਤਾ ‘‘ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ, ਸੋ ਬੰਧਨੁ ਪੈਰੇ ॥’’ (ਮਹਲਾ ੫/੧੦੭੫) ਭਾਵ ਕਿ ਜੋ ਮਨੁੱਖਤਾ ਵਿੱਚ ਅਨੇਕ ਰਸਮੀ ਕਰਮ ਕੀਤੇ, ਉਹ ਜੀਵਨ ਦੌਰਾਨ ਪੈਰਾਂ ਲਈ ਬੰਧਨ ਹੀ ਬਣ ਗਏ। ਇਹ ਸਾਰਾ ਕੁੱਝ ਉਸ ਬੇਸਮਝ ਕਿਰਸਾਨ ਦੇ ਉੱਦਮ ਵਾਂਗ ਵਿਅਰਥ ਹੋ ਗਿਆ, ਜਿਸ ਨੇ ਰੁੱਤ ਦੀ ਪਹਿਚਾਣ ਤੋਂ ਬਿਨਾਂ ਹੀ ਬੇਰੱੁਤੀ ਫਸਲ ਬੀਜ ਦਿੱਤੀ ਪਰ ‘‘ਕੁਰੁਤਾ ਬੀਜੁ, ਬੀਜੇ ਨਹੀ ਜੰਮੈ; ਸਭੁ ਲਾਹਾ ਮੂਲੁ ਗਵਾਇਦਾ ॥’’ (ਮਹਲਾ ੫/੧੦੭੫) ਇਸ ਲਈ ‘‘ਸਭ ਤੇ ਵਡਾ ਸਤਿਗੁਰੁ ਨਾਨਕੁ… ॥’’ (ਮਹਲਾ ੫/੭੫੦) ਜੀ ਦੇ ਵੱਡਮੁਲੇ ਸਿਧਾਂਤ ‘‘ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ ਅਨ ਰੂਤਿ ਨਾਹੀ ਨਾਹੀ ॥’’ (ਮਹਲਾ ੫/੧੧੮੫) ਦਾ ਹੋਕਾ ਦੇਣ ਲਈ ਫ਼ੁਰਮਾਇਆ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ ਪਤਿ ਸਿਉ ਜਾਇਦਾ ॥’’ (ਮਹਲਾ ੫/੧੦੭੬)
ਸੋ ਆਓ ਜ਼ਿੰਦਗੀ ਨੂੰ ਸਫਲ ਕਰਨ ਲਈ ਅਰਦਾਸ ਕਰੀਏ ‘‘ਸੁਣਿ ਬੇਨੰਤੀ ਸੁਆਮੀ ਅਪੁਨੇ; ਨਾਨਕੁ ਇਹੁ ਸੁਖੁ ਮਾਗੈ ॥ ਜਹ ਕੀਰਤਨੁ ਤੇਰਾ ਸਾਧੂ ਗਾਵਹਿ; ਤਹ ਮੇਰਾ ਮਨੁ ਲਾਗੈ ॥’’ (ਮਹਲਾ ੫/੬੧੦) ਕਿਉਂਕਿ ‘‘ਕੀਰਤਨੁ ਨਿਰਮੋਲਕ ਹੀਰਾ ॥ ਆਨੰਦ ਗੁਣੀ ਗਹੀਰਾ ॥’’ (ਮਹਲਾ ੫/੮੯੩) ਹੈ, ਪਰ ਇਸ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਮੰਨਣਾ ਹੀ ਪਵੇਗਾ ‘‘ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ ਪਤਿ ਸਿਉ ਜਾਇਦਾ ॥’’ (ਮਹਲਾ ੫/੧੦੭੬)
ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਰਹੰਦ ਫ਼ਤਿਹ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਰਹੰਦ ਫ਼ਤਿਹ।
ਸ਼ਮਸ਼ੇਰ ਸਿੰਘ ਜੇਠੂਵਾਲ
ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤੱਕ ਸਹਿਣ ਨਹੀਂ ਕੀਤੀ ਜਾਂਦੀ। ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਜਿਵੇਂ ਸਿੱਧੇ ਸ਼ਬਦਾਂ ’ਚ ਕਹਿ ਲਓ ਕਿ ਪਾਪ ਦਾ ਭਾਂਡਾ ਜਲਦੀ ਭਰ ਜਾਂਦਾ ਹੈ। ਇਸੇ ਕੜੀ ਦਾ ਹੀ ਇਕ ਹਿੱਸਾ ਹੈ ‘ਸਰਹਿੰਦ ਫ਼ਤਿਹ’, ਜਿਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੰਘਾਂ ਨਾਲ ਜ਼ਾਲਮਾਂ ਨੂੰ ਸੋਧਾ ਲਗਾ ਕੇ ਸਰਹਿੰਦ ਫ਼ਤਿਹ ਕੀਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕੇ ਆਪਣੇ ਸਿੱਖਾਂ ਨਾਲ ਤੋਰਿਆ ਤਾਂ ਇਕ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਬੰਦਾ ਸਿੰਘ ! ਜ਼ਾਲਮਾਂ ਨੂੰ ਸੋਧਣ ਦੇ ਨਾਲ-ਨਾਲ ਅਕਾਲ ਪੁਰਖ ਨੂੰ ਨਾ ਵਿਸਾਰ ਦੇਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਸ਼ੀਰਵਾਦ ਲੈ ਕੇ ਜਦੋਂ ਪੰਜਾਬ ਵੱਲ ਰਵਾਨਗੀ ਪਾਈ ਤਾਂ ਸਿੰਘਾਂ ਦਾ ਜੋਸ਼ ਵੇਖਣ ਵਾਲਾ ਸੀ।
ਸਭ ਤੋਂ ਪਹਿਲੋਂ ਬੰਦਾ ਸਿੰਘ ਬਹਾਦਰ ਨੇ ਸਿਹਰੀ, ਸੋਨੀਪਤ, ਕੈਥਲ ’ਤੇ ਕਬਜ਼ਾ ਕੀਤਾ। ਕੈਥਲ ਦੇ ਆਮਿਲ ਨੂੰ ਈਨ ਮਨਵਾ ਕੇ ਉਸ ਪਾਸੋਂ ਅਸਲਾ ਘੋੜੇ ਅਤੇ ਬਹੁਤ ਸਾਰਾ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖਜ਼ਾਨਾ, ਜੋ ਦਿੱਲੀ ਲਿਜਾਇਆ ਜਾ ਰਿਹਾ ਸੀ, ਲੁਟ ਕੇ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦਿੱਤਾ। ਇੱਥੋ ਦੇ ਆਮਿਲ ਨੂੰ ਦੀਨ ਮਨਾ ਕੇ ਬਹੁਤ ਸਾਰਾ ਅਸਲਾ ਘੋੜੇ ’ਤੇ ਮਾਲ ਉਸ ਤੋਂ ਭੀ ਲੈ ਲਏ। ਇੱਥੇ ਖ਼ਬਰ ਮਿਲੀ ਕਿ ਮੁਗਲਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਗੁਰੂ ਸਾਹਿਬ ’ਤੇ ਵਾਰ ਕਰ ਦਿੱਤਾ। ਇਹ ਖ਼ਬਰ ਸੁਣਦੇ ਸਾਰ ਬੰਦਾ ਬਹਾਦਰ ’ਚ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਨ੍ਹਾਂ ਦੇ ਜੀਵਨ ਦਾ ਇਸ ਤਰ੍ਹਾਂ ਦਾ ਕੋਈ ਮਕਸਦ ਸੀ। ਬੰਦਾ ਬਹਾਦਰ ਨੂੰ ਉਨ੍ਹਾਂ ਨੇ ਥਾਪੜਾ ਦੇ ਕੇ ਜ਼ਾਲਮ ਹਕੂਮਤ ਨਾਲ ਟੱਕਰ ਕਰਨ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਭੇਜਿਆ ਸੀ, ਨਾ ਕਿ ਕਿਸੇ ਬਦਲੇ ਵਾਸਤੇ ਪਰ ਕਿਸੇ ਇਨਸਾਨ ਦਾ ਦਿਲ ਇੰਨਾ ਵੱਡਾ ਨਹੀਂ ਹੋ ਸਕਦਾ, ਜਿਸ ਦੀ ਸੋਚ ਰੱਬੀ ਨੂਰ ਦੀ ਸੋਚ ਦਾ ਮੁਕਾਬਲਾ ਕਰੇ। ਜ਼ੁਲਮਾਂ ਦੇ ਬਦਲੇ ਦੀ ਭਾਵਨਾ ਬੰਦਾ ਬਹਾਦਰ ਵਿੱਚ ਸੀ, ਜਿਸ ਲਈ ਉਸ ਨੇ ਆਪਣੇ ਆਪ ਨੂੰ ਕਸੂਰ ਵਾਰ ਠਹਿਰਾਇਆ ਅਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁੱਲ ਬਖ਼ਸ਼ਵਾਈ।
ਬੰਦਾ ਸਿੰਘ ਦਾ ਮੁਖ ਮਕਸਦ ਸਰਹੰਦ ਦੇ ਵਜੀਰ ਨੂੰ ਮਾਰਨਾ ਸੀ ਕਿਉਂਕਿ ਸਰਹੰਦ ਇਕ ਤਾਕਤਵਰ ਸੂਬਾ ਸੀ ਅਤੇ ਉਸ ਦੀ ਆਪਣੀ ਫ਼ੌਜ ਵੀ ਕਾਫ਼ੀ ਸੀ। ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਲੈ ਸਕਦਾ ਸੀ। ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਬਾਂਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣਾ ਪੁੱਜਾ, ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦੀਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ। ਇਹ, ਮੁਗਲ ਰਾਜ ਦੀ ਧਾਰਮਿਕ ਅਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਸੀ। ਸਯੀਦਾਂ ਦਾ ਤਕੜਾ ਗੜ੍ਹ ਅਤੇ ਮਹੱਤਵ ਪੂਰਨ ਅਸਥਾਨ ਸੀ। ਇੱਥੇ 22 ਸ਼ਹੀਦ ਪਰਿਵਾਰ ਰਹਿੰਦੇ ਸਨ। ਹਰ ਇਕ ਕੋਲ ਆਪੋ-ਆਪਣੀ ਫ਼ੌਜ ਸੀ, ਜਿਸ ਨੂੰ ਜਿੱਤਣਾ ਸੌਖਾ ਨਹੀਂ ਸੀ। ਇੱਥੇ ਘਮਸਾਨ ਦਾ ਯੁੱਧ ਹੋਇਆ, ਹਜ਼ਾਰਾਂ ਮੁਗਲ ਫ਼ੌਜੀ ਸਿੰਘਾਂ ਦੀਆਂ ਤਲਵਾਰਾਂ ਦੀ ਭੇਟ ਚੜ੍ਹੇ । 24 ਘੰਟਿਆਂ ਦੇ ਅੰਦਰ-ਅੰਦਰ ਸਮਾਣੇ ’ਤੇ ਕਬਜ਼ਾ ਕਰ ਲਿਆ। ਤਿੰਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜ਼ਾ ਦੇ ਕੇ ਕਤਲ ਕਰ ਦਿੱਤਾ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ।
ਇਨ੍ਹਾਂ ਸਾਰੀਆਂ ਜਿੱਤਾਂ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਲੋਕ, ਜੋ ਮੁਗਲ ਹਕੂਮਤ ਤੋਂ ਦੁੱਖੀ ਸਨ, ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਬੰਦਾ ਬਹਾਦਰ ਦੇ ਆਉਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਧਮਾਕੇ ਨੂੰ ਮੁਸਲਮਾਨ ਲਿਖਾਰੀ ‘ਅਜਲ ਬਲਾ’ ਲਿਖਦੇ ਹਨ ਕਿ ਪੰਜਾਬ ਦੀ ਸਿਆਸਤ ਵਿੱਚ ਉਹ ਹਲਚਲ ਮਚਾਈ ਕਿ ਇਕ ਵਾਰੀ ਤਾਂ ਧਰਤੀ ਨੂੰ ਕਾਂਬਾ ਛਿੜ ਗਿਆ। ਉੱਥੋਂ ਸਢੋਰੇ ਵੱਲ ਨੂੰ ਤੁਰ ਪਏ। ਇੱਥੋਂ ਦੇ ਹਾਕਮ ਓਸਮਾਨ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ, ਕਹਿੰਦੇ ਹਨ ਕਿ ਓਸਮਾਨ ਖਾਨ ਨੂੰ ਉਸ ਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸ ਗੜ੍ਹ ਦਾ ਕਿਲ੍ਹਾ ਫ਼ਤਿਹ ਕਰ ਲਿਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ।
ਉਸ ਤੋਂ ਉਪਰੰਤ ਅੰਬਾਲਾ-ਛਤ-ਬਨੂੜ, ਜੋ ਜ਼ੁਲਮ ਤੇ ਜਬਰ ਦੇ ਗੜ੍ਹ ਸੀ, ’ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਉਹ ਖਰੜ ਵੱਲ ਨੂੰ ਤੁਰ ਪਏ। ਬੰਦਾ ਸਿੰਘ ਦਾ ਆਉਣਾ ਸੁਣ ਕੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਸਨ। ਮਾਝੇ ਅਤੇ ਦੁਆਬੇ ਦੇ ਸਿੱਖਾਂ ਨੇ ਮੁਗਲ ਹਕੂਮਤ ਵਿਰੁਧ ਬਗਾਵਤ ਕਰ ਦਿੱਤੀ। ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹੰਦ ਵੱਲ ਕੂਚ ਕਰ ਦਿੱਤਾ। ਰੋਪੜ ਦੇ ਸਥਾਨ ’ਤੇ ਇਨ੍ਹਾਂ ਸਿੰਘਾਂ ਨਾਲ ਸ਼ਾਹੀ ਫ਼ੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖਾਨ ਦੇ ਹੁਕਮ ’ਤੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ ਖਾਨ) ਅਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ) ਸਮੇਤ ਸਿੱਖਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸਿੱਖਾਂ ਦੀ ਮਲੇਰ ਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ। ਦੋ ਦਿਨ ਖੂਨ ਡੋਲਵੀ ਲੜਾਈ ਵਿੱਚ ਖਿਜਰ ਖਾਨ, ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖ਼ਤ ਜ਼ਖ਼ਮੀ ਹੋ ਗਿਆ। ਸਿੰਘ ਇਹ ਲੜਾਈ ਜਿੱਤ ਕੇ ਬੰਦਾ ਸਿੰਘ ਬਹਾਦਰ ਨਾਲ ਆਣ ਮਿਲੇ।
ਇਹ ਸਾਰੀਆਂ ਜਿੱਤਾਂ ਆਉਣ ਵਾਲੀ ਸਰਹੰਦ ਦੀ ਵੱਡੀ ਮੁਹਿਮ ਦਾ ਆਧਾਰ ਬਣੀਆਂ। ਜਿੱਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹੰਦ ਦਾ ਸੂਬੇਦਾਰ ਵਜੀਰ ਖਾਨ ਨੂੰ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ ਉਹ ਖ਼ੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ ਅਤੇ 10000 ਘੋੜ ਸਵਾਰ, 5000 ਪਿਆਦਾ ਫੌਜ, ਅਨਗਿਣਤ ਬੰਦੂਕਾਂ, ਦਾਰੂ ਸਿਕਾ ਅਤੇ ਰਸਦ ਦੇ ਭੰਡਾਰ ਇੱਕਠੇ ਕੀਤੇ ਹੋਏ ਸੀ। ਰਾਜੇ ਰਜਵਾੜਿਆਂ ਨੂੰ ਬੁਲਾ ਲਿਆ, ਜੇਹਾਦ ਦਾ ਨਾਅਰਾ ਲਗਾ ਕੇ ਨਵਾਬਾਂ ਅਤੇ ਜਗੀਰਦਾਰਾਂ ਦੀਆਂ ਫ਼ੌਜਾਂ ਇੱਕਠੀਆਂ ਕਰ ਲਈਆਂ। ਸਰਹੰਦ ਨੂੰ ਬਚਾਣ ਲਈ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਪਹੁੰਚੇ ਹੋਏ ਸਨ। 20000 ਉਸ ਦੀ ਆਪਣੀ ਫੌਜ਼ ਸੀ। ਵੱਡੀ ਗਿਣਤੀ ’ਚ ਹਾਥੀ, ਘੋੜ-ਚੜੇ ਬੰਦੂਕਚੀ, ਨੇਜਾ ਬਰਦਾਰ ਤੇ ਤਲਵਾਰ-ਬਾਜ਼ ਸ਼ਾਮਲ ਸਨ।
ਵਜ਼ੀਰ ਖਾਨ ਨੇ ਖਾਲਿਸਾਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿੱਤੀ। ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ। ਗੋਲ਼ੀ ਸਿੱਕਾ ਬਾਰੂਦ ਨਾਲ ਕੋਠੇ ਭਰ ਲਏ। ਵਜੀਰ ਖਾਨ ਨੇ ਸਰਹੰਦ ਤੋਂ ਬੰਦਾ ਸਿੰਘ ਬਹਾਦਰ ਨੂੰ ਇੱਕ ਚਿੱਠੀ ਭੇਜੀ, ਜਿਸ ਵਿੱਚ ਲਿਖਿਆ ਕਿ ਤੈਨੂੰ ਸਿੱਖਾਂ ਦੇ ਉਸ ਗੁਰੂ ਨੇ ਭੇਜਿਆ ਹੈ, ਜਿਸ ਦੇ ਪੁੱਤਰਾਂ ਨੂੰ ਮੈਂ ਕੋਹ-ਕੋਹ ਕੇ ਮਾਰਿਆ ਹੈ। ਗੁਰੂ ਨੂੰ ਚਮਕੋਰ ਦੀ ਗੜੀ ਵਿੱਚੋਂ ਭਜਾ ਦਿੱਤਾ। ਮੇਰੀ ਫ਼ੌਜ ਦੇ ਫੋਲਾਦੀ ਦੰਦ ਹਨ, ਤੈਨੂੰ ਤਾਂ ਕੱਚਾ-ਚਬਾ ਜਾਣਗੇ। ਬੰਦਾ ਸਿੰਘ ਬਹਾਦੁਰ ਨੇ ਚਿੱਠੀ ਦਾ ਜਵਾਬ ਦਿੱਤਾ ਕਿ ਫੌਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀਂ ਚਬਾਏ ਜਾਂਦੇ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਹੰਦ ਦਾ ਸੂਬਾ ਫਕਰ ਨਾਲ ਕਹਿ ਰਿਹਾ ਹੈ ਕਿ ਉਸ ਨੇ 5-7 ਸਾਲ ਦੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਿਆ ਹੈ। ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫ਼ਸੋਸ ਜਾਂ ਪਛੁਤਾਵਾ ਨਹੀਂ ਸੀ। ਉਸ ਦੀ ਜ਼ਮੀਰ ਨੇ ਕਦੀ ਉਸ ਨੂੰ ਝੰਝੋੜਿਆ ਨਹੀਂ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਮੁਗਲ ਹਕੂਮਤ ਵਹਿਸ਼ੀਆਨਾ ’ਤੇ ਦਰਿੰਦਗੀ ਨਾਲ ਜ਼ੁਲਮ ਕਰਦੇ ਕਰਦੇ ਹੁਣ ਤੱਕ ਐਨੀ ਆਦੀ ਤੇ ਪਰਪੱਕ ਹੋ ਚੁੱਕੀ ਸੀ ਕਿ ਜ਼ੁਲਮ ਕਰਨਾ ਉਨ੍ਹਾਂ ਦਾ ਪੈਸਾ, ਸਿਆਸੀ ਨੀਤੀ ’ਤੇ ਨਿਸ਼ਾਨਾ ਬਣ ਚੁੱਕਾ ਸੀ। ਸਰਹੰਦ ਕੂਚ ਕਰਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਖਾਲਿਸਾਈ ਫ਼ੌਜਾਂ ਨਾਲ ਇੱਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ, ਜਿਸ ਨਾਲ ਖਾੱਲਸਾਈ ਫ਼ੌਜ ਦੀ ਤਾਕਤ ਵਿੱਚ ਵਾਧਾ ਹੋ ਗਿਆ। ਬੰਦਾ ਸਿੰਘ ਬਹਾਦਰ ਕੋਲ ਸਿਰਫ਼ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਅਤੇ ਕੁਝ ਮਰਜੀਵੜੇ ਸਿੱਖ ਸਨ, ਜੋ ਜਾਨ ਤਲੀ ’ਤੇ ਰੱਖ ਕੇ ਲੜਨਾ ਮਰਨਾ ਜਾਣਦੇ ਸਨ। ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਜੀ ਦਾ ਥਾਪੜਾ ਅਤੇ ਆਸ਼ੀਰਵਾਦ ਉਨ੍ਹਾਂ ਦੇ ਨਾਲ ਸੀ। ਚੱਪੜ-ਚਿੜੀ ਦੇ ਮੈਦਾਨ ਵਿੱਚ ਦੋਨਾਂ ਫ਼ੌਜਾਂ ਆ ਡੱਟੀਆਂ। ਬੰਦਾ ਸਿੰਘ ਬਹਾਦਰ ਨੇ ਆਪਣੀ ਫ਼ੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇਕ ਜੱਥਾ, ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਤੇ ਦੂਸਰੇ ਜੱਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ ਸਨ।
12 ਮਈ 1710 ਨੂੰ ਚੱਪੜ-ਚਿੜੀ ਦੇ ਮੈਦਾਨ ਵਿੱਚ, ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋਂ ਕੋਈ 10 ਕੋਹ ਦੀ ਦੂਰੀ ’ਤੇ ਭਾਰੀ ਯੁੱਧ ਹੋਇਆ। ਲੜਾਈ ਸ਼ੁਰੂ ਹੋਣ ਤੋਂ ਪਹਿਲੋਂ ਵਜ਼ੀਰ ਖਾਨ ਨੇ ਇੱਕ ਚਾਲ ਚਲੀ। ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿੱਚ ਭਗਦੜ ਮਚਾਨ ਵਾਸਤੇ। ਸੁੱਚਾ ਨੰਦ ਦੇ ਭਤੀਜੇ ਗੰਡਾ ਮਲ ਨੂੰ 1000 ਫ਼ੌਜ ਦੇ ਕੇ ਬੰਦਾ ਸਿੰਘ ਬਹਾਦਰ ਕੋਲ ਭੇਜਿਆ, ਜਿਸ ਨੇ ਆ ਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ’ਤੇ ਬੇਹੱਦ ਸ਼ਰਮਿੰਦਾ ਹਾਂ, ਮੈਂ ਤੁਹਾਡੀ ਫ਼ੌਜ ਵਿੱਚ ਭਰਤੀ ਹੋ ਕੇ ਉਨ੍ਹਾਂ ਦੀ ਇਸ ਭੁੱਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਫ਼ੌਜ ਵਿੱਚ ਭਰਤੀ ਤਾਂ ਕਰ ਲਿਆ, ਪਰ ਬਾਜ ਸਿੰਘ ਨੂੰ ਕਹਿ ਦਿੱਤਾ ਕਿ ਇਸ ’ਤੇ ਨਜ਼ਰ ਰੱਖੀ ਜਾਏ। ਲੜਾਈ ਸ਼ੁਰੂ ਹੋਣ ’ਤੇ ਉਸ ਨੇ ਬੰਦਾ ਸਿੰਘ ਦੇ ਫ਼ੌਜੀ ਮਰਵਾਣੇ ਸ਼ੁਰੂ ਕਰ ਦਿੱਤੇ। ਬਾਜ ਸਿੰਘ ਨੇ ਇੱਕੋ ਝੱਟਕੇ ਨਾਲ ਉਸ ਦੀ ਗਰਦਨ ਉਤਾਰ ਦਿੱਤੀ ਤੇ ਬਾਕੀ ਧਾੜਵੀ ਉਸ ਦੇ ਸਾਥੀ ਸਭ ਖਿਸਕ ਗਏ।
ਲੜਾਈ ਸ਼ੁਰੂ ਹੋਈ। ਸਿੱਖਾਂ ਕੋਲ ਤੋਪਾਂ ਨਹੀਂ ਸਨ। ਦੁਸ਼ਮਣ ਦੀਆਂ ਤੋਪਾਂ ਨਾਲ ਮੁਕਾਬਲਾ ਕਰਨਾ ਔਖਾ ਸੀ। ਸੋ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਦੀ ਹਦਾਇਤ ਅਨੁਸਾਰ ਸਿੱਖ ਦੁਸ਼ਮਣ ਦੀਆਂ ਤੋਪਾਂ ’ਤੇ ਟੁੱਟ ਪਏ ਅਤੇ ਸਾਰੀਆਂ ਤੋਪਾਂ ਖੋਹ ਲਈਆਂ। ਹੱਥੋ-ਹੱਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ। ਖੰਡੇ ਨਾਲ ਖੰਡਾ ਖੜਕਿਆ। ਲੋਥਾਂ ਦੇ ਢੇਰ ਲੱਗ ਗਏ ਖੂਨ ਦੀਆਂ ਨਦੀਆਂ ਬਹਿ ਨਿਕਲੀਆਂ। ਵਜ਼ੀਰ ਖਾਨ ਨੇ ਸਿੱਖਾਂ ’ਤੇ ਕਾਬੂ ਪਾਉਣ ਲਈ ਆਪਣਾ ਹਾਥੀ ਅਗਲੀ ਪਾਲ ਵਿੱਚ ਲਿਆ ਕੇ ਗਾਜ਼ੀਆਂ ਨੂੰ ਹੱਲਾ ਸ਼ੇਰੀ ਦੇਣ ਲਗਾ। ਬਾਬਾ ਬੰਦਾ ਸਿੰਘ ਇਕ ਉਚੀ ਟਿੱਬੀ ’ਤੇ ਬੈਠ ਕੇ ਦੋਨੋਂ ਫ਼ੌਜਾਂ ਦਾ ਜਾਇਜ਼ਾ ਲੈ ਰਿਹਾ ਸੀ। ਇੱਕ ਦੰਮ ਉਠਿਆ ਅਤੇ ਮੁਹਰਲੀ ਕਤਾਰ ਵਿੱਚ ਆ ਕੇ ਵੈਰੀਆਂ ’ਤੇ ਬਿਜਲੀ ਵਾਂਗ ਟੁੱਟ ਪਿਆ। ਸਿੱਖਾਂ ਦੇ ਹੌਂਸਲੇ ਵਧ ਗਏ ਅਤੇ ਜੋਸ਼ ਚਰਮ ਸੀਮਾਂ ਤੱਕ ਪਹੁੰਚ ਗਿਆ। ਵਜ਼ੀਰ ਖਾਨ; ਬਾਜ ਸਿੰਘ ਤੇ ਫਤਿਹ ਸਿੰਘ ਵਿੱਚ ਘਿਰ ਗਏ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਅਤੇ ਉਸ ਦੀ ਬਾਂਹ ਕੱਟ ਦਿੱਤੀ। ਉਹ ਧਰਤੀ ’ਤੇ ਡਿੱਗ ਪਿਆ। ਵਜ਼ੀਰ ਖਾਨ ਨੂੰ ਜਿੰਦਾ ਦਬੋਚ ਲਿਆ ਗਿਆ। ਸ਼ਾਹੀ ਫੌਜ ਵਿੱਚ ਹਫੜਾ-ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ ਨਸ ਗਏ ਸਭ ਕੁਝ ਧਨ, ਮਾਲ, ਤੋਪਾਂ ਘੋੜੇ, ਰਸਦ ਸਿੱਘਾਂ ਦੇ ਹੱਥ ਆ ਗਏ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛੱਡੇ ਗਏ। ਨਗਾਰਾ ਵਜਿਆ। ਅਗਲੇ ਦਿਨ ਸਿੰਘਾਂ ਦੀ ਮਰਹਮ ਪੱਟੀ ਕੀਤੀ ਗਈ, ਸ਼ਹੀਦਾਂ ਦੇ ਸਸਕਾਰ ਕਰਕੇ ਸਰਹੰਦ ਸ਼ਹਿਰ ਨੂੰ ਘੇਰ ਲਿਆ।
ਸਿੱਖਾਂ ਨੇ ਸਰਹੰਦ ਵਿੱਚ ਪ੍ਰਵੇਸ਼ ਕੀਤਾ। ਵਜ਼ੀਰ ਖਾਨ ਦੀਆਂ ਲੱਤਾਂ ਨੂੰ ਰਸੇ ਨਾਲ ਬੰਨ ਦਿੱਤਾ। ਮੂੰਹ ਕਾਲਾ ਕਰਕੇ, ਘੋੜੇ ਪਿੱਛੇ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਘਸੀਟਿਆ ਗਿਆ। ਉਸ ਦੀ ਲਾਸ਼ ਚੀਲਾਂ ਅਤੇ ਕਾਂਵਾਂ ਵਾਸਤੇ ਦਰਖ਼ਤਾਂ ’ਤੇ ਲਟਕਾ ਦਿੱਤੀ। ਸੁੱਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿੱਤੀ। ਸੁੱਚਾ ਨੰਦ ਦੇ ਨੱਕ ਵਿੱਚ ਨਕੇਲ ਪਾ ਕੇ ਦਰ-ਦਰ ਤੋਂ ਭੀਖ ਮੰਗਵਾਈ। ਉਹ ਲੋਕਾਂ ਤੋਂ ਸਿਰ ਵਿੱਚ ਜੁੱਤੀਆਂ ਖਾਂਦਾ ਖਾਂਦਾ ਮਰ ਗਿਆ। ਵਜ਼ੀਰ ਖਾਨ ਦਾ ਵੱਡਾ ਪੁੱਤਰ ਡਰ ਕੇ ਦਿੱਲੀ ਭੱਜ ਗਿਆ। ਸਿੱਖਾਂ ਅਤੇ ਗਰੀਬ ਜਨਤਾ ’ਤੇ ਜ਼ੁਲਮ ਢਾਹੁਣ ਤੇ ਲੁੱਟ ਘਸੁੱਟ ਕਰਨ ਵਾਲੇ ਅਹਿਲਕਾਰਾਂ ’ਤੇ ਲਹੁ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿੱਤਾ ਗਿਆ। ਇਹ ਗੋਰਵਸ਼ਾਲੀ ਜਿੱਤ ’ਤੇ ਸੁਨਹਿਰੀ ਯਾਦਗਾਰ, ਜਿਸ ਨੇ ਖਾਲਸੇ ਪੰਥ ਦੇ ਮਨ-ਮਸਤਕ ’ਤੇ ਕਈ ਖਾਬ ਸਿਰਜੇ, ਜੋ ਹਕੀਕਤ ਵਿੱਚ ਤਬਦੀਲ ਹੋਏ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫ਼ੌਜ ਅਤੇ ਇਲਾਕੇ ਦੀਆਂ ਸੰਗਤਾ ਨੇ ਇਕ ਵੱਡੇ ਇਕੱਠ ਵਿੱਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸਰਬ ਸਾਂਝੇ ਸਿੱਖ ਰਾਜ ਦਾ ਐਲਾਨ ਕੀਤਾ। ਸਿੱਖ ਰਾਜ ਦਾ ਝੰਡਾ ਉੱਥੇ ਲਹਿਰਾਇਆ, ਜਿੱਥੇ ਗੁਰੂ ਸਾਹਿਬ ਜੀ ਦੇ ਦੋਨੋਂ ਬੱਚੇ ਸ਼ਹੀਦ ਕੀਤੇ ਗਏ ਸਨ। ਬੰਦਾ ਸਿੰਘ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਨੂੰ ਉਸ ਦਾ ਵਜ਼ੀਰ ਥਾਪਿਆ ਗਿਆ।
ਜਿੱਤਾਂ ਦਾ ਸਿਲਸਲਾ ਚੱਲਦਾ ਰਿਹਾ। ਜੁਲਾਈ 1710 ਵਿੱਚ ਬੰਦਾ ਬਹਾਦਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ’ਤੇ ਫ਼ਤਿਹ ਕਰ ਲਈ। ਅਕਤੂਬਰ 1710 ਵਿੱਚ ਕਿਲਾ ਭਗਵੰਤ ਰਾਇ ਅਤੇ ਭਿਲੋਵਾਲ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ-ਨਾਲ ਆਪਣੇ ਜਿੱਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ। ਭਾਈ ਅਲੀ ਸਿੰਘ ਨੂੰ ਸਮਾਣੇ ਦਾ, ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿੱਤਾ ਗਿਆ।
‘ੴ’ ਦੇ ਗੁਰਮੁਖੀ ਸੰਕੇਤ ਦਾ ਲਿਖਤੀ ਤੇ ਉਚਾਰਨਿਕ ਰੂਪ
‘ੴ’ ਦੇ ਗੁਰਮੁਖੀ ਸੰਕੇਤ ਦਾ ਲਿਖਤੀ ਤੇ ਉਚਾਰਨਿਕ ਰੂਪ
ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ 20ਵੀਂ ਸਦੀ ਦੀ ਮਸ਼ੀਨੀ ਛਪਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ‘ੴ’ ਦਾ ਵਖਰੇਵੇਂ-ਜਨਕ ਸਥਾਪਿਤ ਕੀਤਾ ਚਿੰਨ੍ਹਾਤਮਕ ਲਫ਼ਜ਼ 21ਵੀਂ ਸਦੀ ਦੇ ਮੁੱਢਲੇ ਦੌਰ ਸੰਨ 2004 ਤੋਂ ‘ੴ’ ਦਾ ਜੁੜਵਾਂ ਰੂਪ ਇਖ਼ਤਿਆਰ ਕਰ ਚੁੱਕਾ ਹੈ।
ਦੀ ਉਪਰਲੀ ਕਾਰ ਰੂਪ ਰੇਖਾ ਦਾ ਆਕਾਰ ਵੀ ਘਟ ਚੁੱਕਾ ਹੈ । ਗੁਰਬਾਣੀ ਦੇ ਖੋਜੀ ਵਿਦਵਾਨਾਂ ਦਾ ਮੱਤ ਹੈ ਕਿ ਗੁਰਮੁਖੀ ਦੇ ਇਸ ਪ੍ਰਤੀਕਾਤਮਿਕ ਲਫ਼ਜ਼ ਦੀ ਘਾੜਤ ਗੁਰੂ ਨਾਨਕ ਸਾਹਿਬ ਜੀ ਦੀ ਨਿਰੋਲ ਆਪਣੀ ਮੌਲਿਕ ਰਚਨਾ ਹੈ। ਇਸ ਦਾ ਪ੍ਰੰਪਰਾਗਤ, ਪ੍ਰਚਲਿਤ ਤੇ ਸਰਬ-ਪ੍ਰਵਾਣਿਤ ਪ੍ਰਮਾਣੀਕ ਉਚਾਰਨ ਹੈ : ਇੱਕ-ਓਅੰਕਾਰ (ਇਕੁ ਓਅੰਕਾਰੁ) । ਨਾ ਤਾਂ ਇਸ ਦੀ ਬਣਤਰ ਲਈ ਸੰਸਕ੍ਰਿਤ ਦੇ ਲਫ਼ਜ਼ਾਂ ਦੀ ਧੂਹ-ਘੜੀਸ ਕਰਦਿਆਂ ਕਾਰ (
) ਨੂੰ ਵੱਖਰੇ ਰੂਪ ਵਿੱਚ ਵੇਖਣ ਤੇ ਸਮਝਾਉਣ ਦੀ ਲੋੜ ਹੈ ਅਤੇ ਨਾ ਹੀ ਉਚਾਰਨ ਪੱਖੋਂ ਇਸ ਨੂੰ ‘ਇੱਕ-ਓ’ ‘ਇੱਕੋ, ‘ਇੱਕ-ਓਮ’, ‘ਏਕੰਕਾਰ’ ਤੇ ‘ਏਕਮ-ਕਾਰ’ ਵਰਗੇ ਮਨਮਤੀ ਤੇ ਅਸ਼ੁਧ ਰੂਪਾਂ ਵਿੱਚ ਦਰਸਾਉਣ ਤੇ ਪ੍ਰਚਾਰਣ ਦੀ ਲੋੜ ਹੈ।
ਇਸ ਸਚਾਈ ਦਾ ਵੱਡਾ ਕਾਰਨ ਹੈ ਗੁਰੂ ਕੇ ਸਮਕਾਲੀ ਵਿਦਵਾਨ, ਹਜ਼ੂਰੀ ਲਿਖਾਰੀ ਤੇ ਗੁਰਬਾਣੀ ਦੇ ਮੋਢੀ ਵਿਆਖਿਆਕਾਰ ਭਾਈ ਗੁਰਦਾਸ ਜੀ ਦੁਆਰਾ ‘ੴ’ ਦੇ ਚਿੰਨ੍ਹਾਤਮਕ ਲਫ਼ਜ਼ ਦੀ ਵਿਆਖਿਆ, ਜਿਸ ਰਾਹੀਂ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ‘ੴ’ ਦਾ ਸੰਕੇਤ ‘ਏਕੰਕਾਰ’ ਤੇ ‘ਓਅੰਕਾਰ’ ਦੇ ਲਫ਼ਜ਼ੀ ਵਖਰੇਵੇਂ ਦੇ ਬਾਵਜੂਦ ਵੀ ਇੱਕ ਅਨਿਖੜਵਾਂ ਸੁਮੇਲ ਹੈ । ਏਕਾ (੧), ਏਕੰਕਾਰੁ ਦਾ ਪ੍ਰਤੀਕ ਹੈ ਅਤੇ ਊੜਾ (ੳ), ਓਅੰਕਾਰੁ ਦਾ । ਭਾਈ ਸਾਹਿਬ ਜੀ ਦੇ ਲਿਖਤ ਰੂਪ ਵਿੱਚ ਅਨਮੋਲ ਬੋਲ ਹਨ :
ਏਕਾ; ਏਕੰਕਾਰੁ ਲਿਖਿ ਦੇਖਾਲਿਆ। ਊੜਾ; ਓਅੰਕਾਰੁ ਪਾਸਿ ਬਹਾਲਿਆ। (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧੫)
ਏਕੰਕਾਰੁ ਇਕਾਂਗ ਲਿਖਿ; ਊੜਾ ਓਅੰਕਾਰੁ ਲਿਖਾਇਆ। (ਭਾਈ ਗੁਰਦਾਸ ਜੀ/ਵਾਰ ੩੯ ਪਉੜੀ ੧)
ਸਪਸ਼ਟ ਹੈ ਕਿ ਭਾਈ ਸਾਹਿਬ ਜੀ ਨੇ ‘ੴ’ ਦੇ ਉਪਰੋਕਤ ਰੂਹਾਨੀ ਚਿੰਨ੍ਹ ਨੂੰ ਕੇਵਲ ਗੁਰਮੁਖੀ ਗਿਣਤੀ ਦੇ ਪਹਿਲੇ ਹਿੰਦਸੇ ਇੱਕ (੧) ਅਤੇ ਗੁਰਮੁਖੀ ਭਾਸ਼ਾ ਦੀ ਪੈਂਤੀ ਦੇ ਪਹਿਲੇ ਅੱਖਰ ਊੜਾ (ੳ) ਦੇ ਰੂਪ ਵਿੱਚ ਵੱਖ ਵੱਖ ਪ੍ਰਗਟਾਇਆ ਹੈ। ਊੜੇ ਹੋੜਾ ਮੰਨੇ ਜਾਂਦੇ ਖੁਲ੍ਹੇ ਮੂੰਹ ਵਾਲੇ ‘ਓ’ ਦੇ ਰੂਪ ਵਜੋਂ ਨਹੀਂ, ਜਿਸ ਨੂੰ ਆਧਾਰ ਬਣਾ ਕੇ ਸਭ ਤੋਂ ਪਹਿਲਾਂ ਵੈਨਕੂਵਰ (ਕਨੇਡਾ) ਨਿਵਾਸੀ ਨਿਰਮਲ ਸਿੰਘ ਕਲਸੀ ਨੇ ‘ੴ’ ਨੂੰ ‘ਇੱਕ-ਓ..’ (੧ਓ) ਦੇ ਧੁੰਨਿਆਤਮਕ ਉਚਾਰਨ ਵਜੋਂ ਪੇਸ਼ ਕੀਤਾ । ਉਸ ਤੋਂ ਬਾਅਦ ਗੁਰੂ ਨਾਨਕ ਵਿਚਾਰਧਾਰਾ ਨੂੰ ‘ਨਨਕਾਇਣ ਫ਼ਿਲਾਸਫ਼ੀ’ ਦਾ ਨਾਂ ਦੇਣ ਵਾਲੇ ਮੌਂਟਰੀਅਲ (ਕਨੇਡਾ) ਨਿਵਾਸੀ ਤੇ ਅਕਾਦਮਿਕ ਖੇਤਰ ਦੇ ਪ੍ਰਸਿੱਧ ਸਾਇੰਸਦਾਨ ਡਾ. ਦੇਵਿੰਦਰ ਸਿੰਘ ‘ਚਾਹਲ’ ਨੇ ‘ਇੱਕੋ’ ਦੇ ਸੰਖਿਆਤਮਕ ਹਿੰਦਸੇ ਵਜੋਂ ਪ੍ਰਚਾਰਿਆ ਹੈ । ਸ੍ਰ. ਨਿਰਮਲ ਸਿੰਘ ‘ਕਲਸੀ’ ਨੇ ਆਪਣੇ ਪੱਖ ਦੀ ਪਰਪੱਕਤਾ ਵਜੋਂ ‘ੴ’ ਦੇ ਵੱਖਰੇ ਵੱਖਰੇ ਨਵੀਨ ਤੇ ਪ੍ਰਾਚੀਨ ਹੱਥ-ਲਿਖਤੀ ਰੂਪਾਂ ਨੂੰ ਦਰਸਾਉਂਦੀ ਇੱਕ ਪੁਸਤਕ ਵੀ ਪ੍ਰਕਾਸ਼ਤ ਕੀਤੀ ਹੈ। ਡਾ. ‘ਚਾਹਲ’ ਜੀ ਦਾ ‘ੴ’ ਦੇ ਉਚਾਰਨ ਪੱਖੋਂ ਲਿਖਿਆ ਲੇਖ ਉਨ੍ਹਾਂ ਦੁਆਰਾ ਸੰਪਾਦਤ ਕੀਤੇ ਜਾਂਦੇ ਇੱਕ ਅੰਗਰੇਜ਼ੀ ਦੇ ਪੱਤਰ ‘ਅੰਡਰਸਟੈਡਿੰਗ ਸਿੱਖਇਜ਼ਮ – ਦਾ ਰੀਸਰਚ ਜਰਨਲ’ ਵਿੱਚ ਅਤੇ ਸ੍ਰ. ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੁਆਰਾ ਸੰਪਾਦਤ ਕੀਤੇ ਜਾਂਦੇ ਰਹੇ ‘ਸਿੱਖ ਮਾਰਗ’ ਮੈਗਜ਼ੀਨ ਵਿੱਚ ਵੀ ਛਪਿਆ, ਜਿਸ ਨੇ ਸੰਪਰਦਾਇਕਤਾ ਅਤੇ ਬਿਪਰਵਾਦ ਦੀ ਖ਼ਿਲਾਫ਼ਤ ਕਰਨ ਵਾਲੇ ਸਿੱਖ ਲੇਖਕਾਂ ਨੂੰ ਉਸ ਸਮੇਂ ਕਾਫ਼ੀ ਪ੍ਰਭਾਵਤ ਕੀਤਾ।
ਗੁਰਬਾਣੀ ਦੇ ਚਾਨਣ ਅਤੇ ਭਾਈ ਗੁਰਦਾਸ ਜੀ ਦੁਆਰਾ ‘ੴ’ ਦੀ ਉਪਰੋਕਤ ਵਿਆਖਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਰੂਹਾਨੀ ਚਿੰਨ੍ਹ ਦੇ ਭਾਵਾਰਥ ਨੂੰ ਕੁਝ ਇਉਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ :
ਸ੍ਰਿਸ਼ਟੀ ਦਾ ਮੂਲ ਸ੍ਰੋਤ (ਜਿੱਥੋਂ ਸਭ ਕੁਝ ਪੈਦਾ ਹੋ ਰਿਹਾ ਹੈ) ਅਕਾਲ ਪੁਰਖ ਇੱਕ ਹੈ ਅਤੇ ਉਸ ਨੂੰ ਨਿਰਗੁਣ ਤੇ ਸਰਗੁਣ ਦੋ ਵਖ ਵਖ ਰੂਪਾਂ ਵਿੱਚ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ; ਜਿਵੇਂ ਕਿ ਕਿਸੇ ਪੌਦੇ ਦੀ ਜੜ੍ਹ ਤੇ ਉਸ ਦੇ ਤਣੇ ਨੂੰ, ਸਮੁੰਦਰ ਤੇ ਸਮੁੰਦਰ ਦੇ ਪਾਣੀ ਵਿੱਚ ਉੱਠਦੀਆਂ ਲਹਿਰਾਂ ਨੂੰ ਅਤੇ ਸੋਨੇ ਤੇ ਸੋਨੇ ਤੋਂ ਬਣੇ ਗਹਿਣਿਆਂ ਨੂੰ ਵੱਖ ਵੱਖ ਨਹੀਂ ਵੇਖ ਸਕਦੇ। ਭਾਰਤੀ ਫ਼ਲਸਫ਼ੇ ਵਿੱਚ ਨਿਰਗੁਣ ਬ੍ਰਹਮ ਦਾ ਅਰਥ ਹੈ : ਰੱਬ ਦਾ ਨਾ ਦਿੱਸਣ ਵਾਲਾ ਉਹ ਰੂਪ, ਜਦੋਂ ਉਹ ਆਪਣੇ ਆਪ ਵਿੱਚ ਇਕੱਲਾ ਹੁੰਦਾ ਹੈ। ਸੰਸਾਰ ਦੇ ਰੂਪ ਵਿੱਚ ਧਰਤੀ, ਅਕਾਸ਼, ਸੂਰਜ, ਚੰਦਰਮਾ, ਜੀਅ ਜੰਤ ਆਦਿਕ ਕੁਝ ਵੀ ਪੈਦਾ ਨਹੀਂ ਹੋਏ ਹੁੰਦੇ । ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੇ ਅਜਿਹੇ ਨਿਰਗੁਣ ਰੂਪ ਨੂੰ ਆਪਣੇ ਸ਼ਬਦਾਂ ਵਿੱਚ ਇਉਂ ਪ੍ਰਗਟ ਕੀਤਾ ਹੈ ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ; ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥੧॥ ਖਾਣੀ ਨ ਬਾਣੀ; ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ; ਨਦੀ ਨ ਨੀਰੁ ਵਹਾਇਦਾ ॥੨॥’’ (ਮਹਲਾ ੧/੧੦੩੬)
ਪੌਰਾਣਿਕ ਦ੍ਰਿਸ਼ਟੀ ਤੋਂ ਮੰਨਿਆ ਜਾਂਦਾ ਹੈ ਕਿ ਐਸਾ ਅਦ੍ਰਿਸ਼ਟ, ਨਿਰਗੁਣ ਬ੍ਰਹਮ, ਜਦੋਂ ਸੰਸਾਰ ਦੀ ਸਿਰਜਣਾ ਕਰਦਾ ਹੈ ਤਾਂ ਜਾਣੋ ਕਿ ਉਹ ਆਪਣੇ ਆਪ ਨੂੰ ਦਿੱਸਣ ਵਾਲੇ ਸਰਗੁਣ ਰੂਪ ਵਿੱਚ ਪ੍ਰਗਟ ਕਰ ਲੈਂਦਾ ਹੈ। ਇਸੇ ਲਈ ਆਖਿਆ ਜਾਂਦਾ ਹੈ ਕਿ ਸੰਸਾਰ; ਨਿਰੰਕਾਰ ਦਾ ਸਰਗੁਣ ਸਰੂਪ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਵਾਲੇ ਭਾਰਤੀ ਫ਼ਲਸਫ਼ੇ ਦੇ ਉਪਨਿਸ਼ਦ-ਕਾਲ ਵਿੱਚ ਬ੍ਰਹਮ ਦੇ ਨਿਰਗੁਣ ਰੂਪ ਨੂੰ ਪ੍ਰਗਟਾਉਣ ਲਈ ‘ਏਕੰਕਾਰ’ ਅਤੇ ਸਰਗੁਣ ਲਈ ‘ਓਅੰਕਾਰ’ ਲਫ਼ਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹ ਵੀ ਮੰਨਿਆ ਜਾਂਦਾ ਸੀ ਕਿ ਬ੍ਰਹਮ ਦੇ ਇਹ ਦੋਵੇਂ ਰੂਪ ਵੱਖ ਵੱਖ ਹਨ। ਇਸੇ ਲਈ ਨਿਰਗੁਣ ਬ੍ਰਹਮ ਨੂੰ ‘ਪਾਰਬ੍ਰਹਮ’ ਵੀ ਆਖਿਆ ਜਾਂਦਾ ਸੀ ਕਿਉਂਕਿ ਉਸ ਨੂੰ ਸੰਸਾਰ ਤੋਂ ਪਰੇ ਕਿਸੇ ਵੱਖਰੀ ਥਾਂ ਵੇਖਿਆ ਜਾ ਰਿਹਾ ਸੀ। ਅਜਿਹੀ ਵਿਚਾਰਧਾਰਾ ਨੂੰ ਹੀ ਦਵੈਤਵਾਦ ਜਾਂ ਦਵੰਦਮਈ ਦ੍ਰਿਸ਼ਟੀਕੋਣ ਕਿਹਾ ਜਾਂਦਾ ਹੈ ।
ਅਸਲ ਵਿੱਚ ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ‘ਨਿਰਗੁਣ’ ਤੇ ‘ਸਰਗੁਣ’ ਬ੍ਰਹਮ ਦਾ ਸੁਮੇਲ ਕਰਦਿਆਂ ‘ਏਕੰਕਾਰ’ ਤੇ ‘ਓਅੰਕਾਰ’ ਦੇ ਸਾਂਝੇ ਤੇ ਗੁਰਮੁਖੀ ਪ੍ਰਤੀਕ ‘ੴ’ ਦੀ ਨਵੀਨ ਘਾੜਤ ਘੜੀ । ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਐਸਾ ਧਰਮ ਗ੍ਰੰਥ ਹੈ, ਜਿਸ ਦਾ ਅਰੰਭ ਰੱਬੀ ਏਕਤਾ ਦੇ ਪ੍ਰਤੀਕ ‘ਏਕੇ’ ਦੇ ਹਿੰਦਸੇ ਨਾਲ ਹੁੰਦਾ ਹੈ । ਕਾਰਨ ਹੈ ਕਿ ਸਤਿਗੁਰੂ ਜੀ ਦਾ ਮੱੁਖ ਮਨੋਰਥ ਮਨੁੱਖਤਾ ਨੂੰ ਇਹ ਸੋਝੀ ਕਰਵਾਉਣਾ ਸੀ ਕਿ ਜਿੱਥੋਂ ਅਸੀਂ ਸਾਰੇ ਪੈਦਾ ਹੋ ਰਹੇ ਹਾਂ ਅਤੇ ਜਿਸ ਵਿੱਚ ਮੁੜ ਸਾਰੇ ਲੀਨ ਹੋ ਰਹੇ ਹਾਂ, ਉਹ ਮੂਲ-ਸ੍ਰੋਤ ਅਕਾਲ ਪੁਰਖ ਇੱਕ ਹੈ । ਉਸ ਨੂੰ ਨਿਰਗੁਣ ਤੇ ਸਰਗੁਣ; ਦੋ ਵੱਖ ਵੱਖ ਜਾਂ ਸ਼ਿਵ ਸ਼ਕਤੀ ਆਦਿਕ ਕਈ ਹੋਰ ਹਿਸਿਆਂ ਵਿੱਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ; ਤਾਂ ਕਿ ਮਨੁੱਖੀ ਭਾਈਚਾਰੇ ਵਿਚਲੀ ਨਸਲੀ, ਸ਼ਕਲੀ ਤੇ ਦੇਸ਼-ਦੇਸਾਂਤਰਾਂ ਦੀ ਭਿੰਨਤਾ ਦੇ ਬਾਵਜੂਦ ਵੀ ਮਾਨਵ-ਏਕਤਾ ਸਥਾਪਿਤ ਹੋ ਸਕੇ। ਲੋਕ ਰੱਬ ਦੀ ਰੂਹਾਨੀ ਸੱਤਾ (ਜੋਤਿ) ਨੂੰ ਆਪਣੇ ਤੋਂ ਵੱਖਰੇ ਕਿਸੇ ਅਕਾਸ਼, ਸਮੁੰਦਰ ਜਾਂ ਮਨੋ-ਕਲਪਿਤ ਸਵਰਗੀ ਸਚਖੰਡ ਆਦਿਕ ਵਿੱਚ ਮੰਨਣ ਦੀ ਥਾਂ ਆਪਣੇ ਸਮੇਤ ਸਾਰੇ ਸੰਸਾਰ ਵਿੱਚ ਵਿਆਪਕ ਵੇਖਦੇ ਅਤੇ ਉਸ ਦੇ ਨਿਰਮਲ-ਭਉ ਵਿੱਚ ਜਿਊਂਦੇ ਹੋਏ ਇੱਕ ਪਰਵਾਰ ਵਜੋਂ ਵਿਚਰ ਸਕਣ । ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੰਜਵੇਂ ਰੂਪ ਵਿੱਚ ਵਿਆਖਿਆਤਮਕ ਐਲਾਨ ਕੀਤਾ ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ ॥ ਕਲਾ ਧਾਰਿ; ਜਿਨਿ ਸਗਲੀ ਮੋਹੀ ॥’’ (ਸੁਖਮਨੀ/ਮਹਲਾ ੫/੨੮੮)
ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿੱਚ ਇੱਕ ਅਕਾਲ ਪੁਰਖ ਤੋਂ ਬਗੈਰ ਦੂਜਾ ਕੋਈ ਹੋਰ ਹੈ ਹੀ ਨਹੀਂ ‘‘ਦੂਜਾ ਕਉਣੁ ਕਹਾ; ਨਹੀ ਕੋਈ ॥ ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥ (ਮਹਲਾ ੧/੨੨੩), ਸਿਵ ਸਕਤਿ ਆਪਿ ਉਪਾਇ ਕੈ; ਕਰਤਾ ਆਪੇ ਹੁਕਮੁ ਵਰਤਾਏ ॥’’ (ਅਨੰਦ/ਮਹਲਾ ੩/੯੨੦) ਕਹਿ ਕੇ ਹਜ਼ੂਰ ਨੇ ਦਵੰਦਮਈ ਤੇ ਦੇਵ-ਵਾਦੀ ਪੌਰਾਣਿਕ ਵਿਚਾਰਧਾਰਾ ਦੀਆਂ ਜੜ੍ਹਾਂ ਹੀ ਕੱਟ ਦਿੱਤੀਆਂ । ਤਦੇ ਤਾਂ ਮਾਨਵ-ਹਿਤਕਾਰੀ ਵਿਦਵਾਨ ਮੰਨਦੇ ਹਨ ਕਿ ‘ੴ’ ਵਿੱਚ ਛੁਪਿਆ ਹੈ ਰਾਜ਼, ਅਜੋਕੇ ਦੌਰ ਦੀ ਸਰਬਨਾਸ਼ ਦੇ ਕਿਨਾਰੇ ਖੜ੍ਹੀ ਮਨੁਖਤਾ ਨੂੰ ਬਚਾਉਣ ਦਾ; ਕਿਉਂਕਿ ਜਦੋਂ ਉਹ ਇੱਕ ਪਰਮਾਤਮਾ ਹੀ ਸਾਰੇ ਰੂਪਾਂ ਵਿੱਚ ਵਿਆਪਕ ਵਰਤ ਰਿਹਾ ਹੈ ਤਾਂ ਕਿਸ ਨੂੰ ਮੰਦਾ ਕਿਹਾ ਜਾਏ ? ਰੰਗ ਰੂਪ ਨਸਲ ਕਰਕੇ ਕਿਸ ਨਾਲ ਵਿਤਕਰਾ ਕੀਤਾ ਜਾਏ ? ਕਿਸ ਨਾਲ ਧੱਕਾ ਜਾਂ ਨਫ਼ਰਤ ਕੀਤੀ ਜਾਏ ? ਕਿਸ ਨਾਲ ਠੱਗੀ ਮਾਰੀ ਜਾਏ ? ਹਕੀਕਤ ਤਾਂ ਇਹ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਅਜਿਹਾ ਦੁਰਵਿਹਾਰ ਤਦੋਂ ਹੀ ਹੁੰਦਾ ਹੈ, ਜਦੋਂ ਉਸ ਨੂੰ ਸੰਸਾਰ ਦਾ ਇੱਕੋ-ਇੱਕ ਮੂਲ ਅਕਾਲ ਪੁਰਖ ਸਾਰਿਆਂ ਵਿੱਚ ਵਿਆਪਕ ਨਹੀਂ ਦਿੱਸਦਾ । ਗੁਰਦੇਵ ਜੀ ਦੇ ਅੰਮ੍ਰਿਤ ਬਚਨ ਹਨ ‘‘ਆਪਿ ਉਪਾਏ ਨਾਨਕਾ ! ਆਪੇ ਰਖੈ ਵੇਕ ॥ ਮੰਦਾ ਕਿਸ ਨੋ ਆਖੀਐ; ਜਾਂ ਸਭਨਾ ਸਾਹਿਬੁ ਏਕੁ ॥’’ (ਮਹਲਾ ੨/੧੨੩੮) ਪਦ ਅਰਥ : ਵੇਕ-ਵੱਖ ਵੱਖ ਰੂਪ ਤੇ ਸੁਭਾਅ ਵਾਲੇ ਜੀਅ-ਜੰਤ।
ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜਿਹੀ ਸਪਟਸ਼ਤਾ ਦੇ ਬਾਵਜੂਦ ਵੀ ਪੌਰਾਣਿਕ-ਮਤੀ ਤੇ ਸੱਤਾਧਾਰੀ ਬਿਪਰਵਾਦੀ ਪ੍ਰਚਾਰਕਾਂ ਦੇ ਜ਼ੋਰਦਾਰ ਅਤੇ ਨੀਤੀਗਤ ਵਿਆਪਕ ਪ੍ਰਚਾਰ ਤੋਂ ਭੈ-ਭੀਤ ਹੋ ਕੇ ਕੁਝ-ਕੁ ਸਿੱਖ ਵਿਦਵਾਨ, ਲੇਖਕ ਤੇ ਪ੍ਰਚਾਰਕ ਸੱਜਣ ‘ੴ’ ਦੇ ਉਚਾਰਣ ਪੱਖੋਂ ਡਾ. ਚਾਹਲ ਦੇ ਪਿਛਲੱਗੂ ਬਣ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉਚਾਰਨ ਦੀ ਵਕਾਲਤ ਕਰ ਰਹੇ ਹਨ। ਹੈਰਾਨਗੀ ਹੈ ਕਿ ਪ੍ਰੋ. ਇੰਦਰ ਸਿੰਘ ‘ਘੱਗੇ’ ਵਰਗੇ ਪੜਚੋਲੀਏ ਤੇ ਤਰਕਸ਼ੀਲ ਲੇਖਕ ਵੀ ਉਪਰੋਕਤ ਵਰਗ ਵਿੱਚ ਸ਼ੁਮਾਰ ਹੋ ਕੇ ਅਗਵਾਈ ਕਰਦੇ ਜਾਪਦੇ ਹਨ। ‘ਗੁਰਮਤਿ ਦੀ ਕਸਵੱਟੀ ਤੇ ਪੌਰਾਣਕ ਕਥਾਂਵਾਂ ਦਾ ਅੰਤ’ ਨਾਂ ਦੀ ਪੁਸਤਕ (ਪਹਿਲੀ ਕਿਸ਼ਤ) ਵਿੱਚ ਇਨ੍ਹਾਂ ਦੁਆਰਾ ਹੇਠ ਲਿਖੇ ਵਿਚਾਰਾਂ ਨਾਲ ਸਾਰੇ ਵਿਦਵਾਨ ਸਹਿਮਤ ਹਨ ਕਿ ‘ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਨਵੇਂ ਨਿਵੇਕਲੇ ਦਿੱਤੇ ਹਨ, ਪਰ ਮੁਹਾਵਰਾ (ਸਮਝਾਉਣ ਦਾ ਢੰਗ) ਪੰਜਾਬੀ ਹਿੰਦੂ ਪੌਰਾਣਕ ਰੰਗ ਵਾਲਾ ਹੈ। ਗੁਰਬਾਣੀ ਦਾ ਤੱਤਸਾਰ ਸਮਝਣ ਵਾਲੇ ਤੇ ਲੰਮਾ ਸਮਾਂ ਗੁਰਬਾਣੀ ਦੇ ਸੰਪਾਦਨ ਕਾਰਜ ਪੂਰੇ ਕਰਨ ਵਾਲੇ ਭਾਈ ਗੁਰਦਾਸ ਜੀ ਜਦੋਂ ਆਪਣੀ ਰਚਨਾ ਵਾਰਾਂ ਤੇ ਕਬਿਤ ਲਿਖ ਕੇ ਸਿੱਖ ਜਗਿਆਸੂਆਂ ਅੱਗੇ ਰੱਖਦੇ ਹਨ ਤਾਂ ਉਸ ਦਾ ਬਹੁਤ ਹਿੱਸਾ ਸੁਤੇ ਸਿੱਧ ਸਮਝ ਆ ਜਾਂਦਾ ਹੈ ।’ ਪਰ ਇੱਥੇ ਇੱਕ ਬੜਾ ਮਹੱਤਵ ਪੂਰਨ ਸੁਆਲ ਖੜ੍ਹਾ ਹੁੰਦਾ ਹੈ ਕਿ ਘੱਗਾ ਜੀ ਦੇ ਪ੍ਰਗਟਾਏ ਅਜਿਹੇ ਸਿਧਾਂਤਕ, ਇਤਿਹਾਸਕ ਅਤੇ ਸਰਬ-ਪ੍ਰਵਾਣਿਤ ਸੱਚ ਦੇ ਸਨਮੁਖ ਫਿਰ ਭਾਈ ਗੁਰਦਾਸ ਜੀ ਦੁਆਰਾ ‘ੴ’ ਦੀ ਉਪਰੋਕਤ ਚਿੰਨ੍ਹਾਤਮਕ ਵਿਆਖਿਆ ਨੂੰ ਮੰਨਣ ਵਿੱਚ ਹਿਚਕਾਹਟ ਕਿਉਂ ? ਜਿਹੜੀ ਹੁਣ ਤੱਕ ਦੀਆਂ ਸਾਰੀਆਂ ਸਿੱਖ ਸੰਪਰਦਾਵਾਂ ਅਤੇ ਸਾਰੇ ਸਿੱਖ ਮਿਸ਼ਨਰੀ ਕਾਲਜਾਂ ਵਿੱਚ ‘ੴ’ ਦੇ ਪ੍ਰੰਪਰਾਗਤ ਉਚਾਰਨ ਦਾ ਆਧਾਰ ਬਣਦੀ ਆਈ ਹੈ। ਵੱਡੀ ਗੱਲ ਇਹ ਹੈ ਕਿ ਇਸ ਅੰਦਰਲਾ ‘ਏਕੇ’ ਦਾ ਹਿੰਦਸਾ,‘ਓਮ’ ਅਤੇ ‘ਓਅੰਕਾਰ’ ਪਦਾਂ ਦੀ ਪੌਰਾਣਿਕ-ਮਤੀ ਤੀਨ-ਦੇਵੀ ਤੇ ਅਵਤਾਰਵਾਦੀ ਵਿਆਖਿਆ ਦਾ ਵੀ ਅੰਤ ਕਰਦਾ ਹੈ, ਜਿਸ ਤੋਂ ਭੈ-ਭੀਤ ਹੋ ਕੇ ‘ਇੱਕ-ਓਅੰਕਾਰ’ ਦੀ ਥਾਂ ‘ਇੱਕੋ’ ਉੱਚਾਰਨ ਦੀ ਵਕਾਲਤ ਕੀਤੀ ਜਾ ਰਹੀ ਹੈ; ਜਿਵੇਂ ਕਿ ‘ਘੱਗਾ’ ਜੀ ਲਿਖਦੇ ਹਨ ‘ਭਾਵੇਂ ਅਗੇਤਰ ਵਿੱਚ ‘੧’ (ਇੱਕ) ਗੁਰੂ ਜੀ ਨੇ ਓਅੰਕਾਰ ਦੇ ਤਿੰਨ ਦੇਵਾਂ ਵਾਲੀ ਤ੍ਰਿਕੜੀ ਦਾ ਖਾਤਮਾ ਕੀਤਾ ਹੈ । ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ‘ਓਅੰਕਾਰ’ ਸ਼ਬਦ ਪੌਰਾਣਕ ਗ੍ਰੰਥਾਂ ਵਿਚੋਂ ਸਾਡੇ ਗਲ ਆ ਪਿਆ ਹੈ । ਅਸਲ ਵਿੱਚ ਇਹ ਊੜਾ ਖੁੱਲ੍ਹੇ ਮੂੰਹ ਵਾਲਾ (ਓ) ਸੀ । ਇਸ ਦੇ ਅੱਗੇ ਏਕਾ ਲਾ ਕੇ ਜਦੋਂ ਆਮ ਪੰਜਾਬੀ ਵਿੱਚ ਉਚਾਰਣ ਕਰਾਂਗੇ ਤਾਂ ਬਣੇਗਾ ‘ਇੱਕੋ’ (੧+ਓ) । ਇਹ ‘ਕਾਰ (
) ਵਾਲਾ ਬ੍ਰਾਹਮਣ’ ਸਿੱਖਾਂ ਦੇ ਪਿੱਛੇ ਚਿਪਕ ਗਿਆ ਹੈ । ਇਸ ‘ਓਅੰਕਾਰ’ ਨੂੰ ਉਤਾਰ ਕੇ ‘ਇੱਕੋ’ ਨੂੰ ਅਪਣਾ ਕੇ ਹੀ ਸਿੱਖ ਪੰਥ ਵੈਦਿਕ ਪ੍ਰੰਪਰਾਵਾਂ ਤੋਂ ਮੁਕਤ ਹੋ ਸਕੇਗਾ । ਪੜ੍ਹੋ ਗੁਰ ਫੁਰਮਾਣ ‘‘ਹਰਿ ਇਕੋ ਕਰਤਾ ਇਕੁ; ਇਕੋ ਦੀਬਾਣੁ ਹਰਿ ॥ ਹਰਿ ਇਕਸੈ ਦਾ ਹੈ ਅਮਰੁ; ਇਕੋ ਹਰਿ ਚਿਤਿ ਧਰਿ ॥’’ (ਮਹਲਾ ੪/੮੩)
ਪਰ ਇੱਥੇ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ੴ ਤੋਂ ਗੁਰ ਪ੍ਰਸਾਦਿ’ ਤੱਕ ਦੇ ਆਦਿ ਮੰਗਲਾਚਰਨ (ਮੂਲ-ਮੰਤ੍ਰ = ਮੁੱਢਲਾ ਗੁਰ ਉਪਦੇਸ਼) ਸਮੇਤ ਕਿਹੜਾ ਰੱਬੀ-ਨਾਂਵ ਹੈ, ਜਿਸ ਦਾ ਪਿਛੋਕੜ ਵੈਦਿਕ ਤੇ ਇਸਲਾਮਕ ਪ੍ਰੰਪਰਾ ਨਾਲ ਨਹੀਂ ਜੁੜਿਆ ? ਇਸ ਲਈ ਲੋੜ ਤਾਂ ਕੇਵਲ ਇਹੀ ਸੀ ਕਿ ਸਿੱਖੀ ਨੂੰ ਬਿਪਰਵਾਦੀ ਪ੍ਰਭਾਵ ਤੋਂ ਮੁਕਤ ਕਰਨ ਲਈ ਗੁਰਬਾਣੀ ਅੰਦਰਲੇ ਪੌਰਾਣਿਕ-ਮਤੀ ਰੱਬੀ-ਨਾਵਾਂ ਦੀ ਗੁਰਮਤੀ ਵਿਆਖਿਆ ਪੇਸ਼ ਕੀਤੀ ਜਾਵੇ, ਨਾ ਕਿ ਬਿਪਰਵਾਦੀ; ਜਿਵੇਂ ਪੌਰਾਣਿਕ-ਮਤੀ ਹਿੰਦੂ ਪ੍ਰਚਾਰਕ ਗੁਰਬਾਣੀ ਵਿੱਚ ਸਭ ਤੋਂ ਵਧੇਰੇ ਵਰਤੇ ‘ਰਾਮ’ ਨਾਮ ਨੂੰ ਹਰੇਕ ਤੁਕ ਵਿਖੇ ਤ੍ਰੇਤੇ ਯੁਗ ਦੇ ਅਵਤਾਰ ਮੰਨੇ ਜਾਂਦੇ ਅਯੁਧਿਆ-ਪਤੀ; ਸ੍ਰੀ ਰਾਮ ਚੰਦਰ ਨਾਲ ਜੋੜਣ ਲਈ ਯਤਨਸ਼ੀਲ ਰਹਿੰਦੇ ਹਨ, ਪ੍ਰੰਤੂ ‘‘ਰਮਤ ਰਾਮੁ ਸਭ ਰਹਿਓ ਸਮਾਇ ॥ (ਮਹਲਾ ੫/੮੬੫), ਰਮਤ ਰਾਮ ਪੂਰਨ ਸ੍ਰਬ ਠਾਂਇ ॥’’ (ਮਹਲਾ ੫/੧੨੩੬) ਆਦਿ ਗੁਰਵਾਕਾਂ ਦੁਆਰਾ ‘ਰਾਮੁ’ ਨਾਂ ਦੀ ਗੁਰਮਤੀ ਪਰਿਭਾਸ਼ਾ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਕਾਰਨ ਹੈ ਕਿ ਅਜਿਹੇ ਗੁਰ ਵਾਕ ਗੁਰਬਾਣੀ ਦੇ ‘ਰਾਮੁ’ ਨੂੰ ਵਿਅਕਤੀਗਤ ਹਸਤੀ ਦੀ ਥਾਂ; ਸਰਬ-ਵਿਆਪਕ ਸ਼ਕਤੀ ਦੇ ਰੂਪ ਵਿੱਚ ਬਿਆਨਦੇ ਹਨ।
ਇਸੇ ਤਰ੍ਹਾਂ ਦੇਵ-ਵਾਦੀ ਪੌਰਾਣਿਕ ਦ੍ਰਿਸ਼ਟੀ ਤੋਂ ‘ਓਅੰਕਾਰ’ ਤੇ ‘ਓਮ’ ਲਫ਼ਜ਼ਾਂ ਨੂੰ ਤੀਨ-ਦੇਵੀ ਤ੍ਰੈਮੂਰਤੀ ਪੱਖੋਂ ਸਮਾਨਾਰਥਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੰਸਕ੍ਰਿਤ ਦੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ 3 ਵਾਰ ਵਰਤੇ ‘ਓਅੰ’ ਲਫ਼ਜ਼ ਨੂੰ ‘ਓਮ’ ਹੀ ਮੰਨਦੇ ਹਨ ਕਿਉਂਕਿ ਉਹ ਪੰਜਾਬੀ ਦੇ ਪ੍ਰਚਲਿਤ ਉਚਾਰਨ ‘ਓ-ਅਙ’ ਦੀ ਥਾਂ ‘ਓ-ਅਮ’ ਉਚਾਰਦੇ ਹਨ, ਪ੍ਰੰਤੂ ਗੁਰੂ ਨਾਨਕ ਸਾਹਿਬ ਜੀ ਦੇ ਗੁਰਵਾਕ ‘‘ਓਅੰਕਾਰਿ; ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ; ਜਿਨਿ ਚਿਤਿ ॥ (ਮਹਲਾ ੧/੯੩੦), ਓਅੰਕਾਰਿ; ਸਭ ਸ੍ਰਿਸਟਿ ਉਪਾਈ ॥’’ (ਮਹਲਾ ੩/੧੦੬੧) ਅਤੇ ਭਗਤ ਕਬੀਰ ਜੀ ਦੇ ਅੰਮ੍ਰਿਤਮਈ ਬਚਨ ‘‘ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥’’ (ਮਹਲਾ ੫/੨੫੦); ਉਨ੍ਹਾਂ ਦੇ ਪ੍ਰਚਾਰ ਨੂੰ ਸਫਲ ਬਣਾਉਣ ਲਈ ਵੱਡੀ ਰੁਕਾਵਟ ਬਣ ਜਾਂਦੇ ਹਨ ਕਿਉਂਕਿ ਉਹ ‘ਓਅੰਕਾਰ’ ਤੇ ‘ਓਮ’ (ਓਅੰ) ਲਫ਼ਜ਼ਾਂ ਨੂੰ ਸਮਾਨਾਰਥਕ ਮੰਨਦੇ ਹੋਏ ਪੌਰਾਣਿਕ-ਮਤੀ ਤ੍ਰੈ-ਦੇਵੀ ਤ੍ਰਿਕੜੀ ਦੀ ਕੈਦ ’ਚੋਂ ਮੁਕਤ ਕਰਦੇ ਹੋਏ ਸ੍ਰਿਸ਼ਟੀ ਦਾ ਮੂਲ-ਕਰਤਾ ਮੰਨਦੇ ਹਨ, ਜੋ ਬ੍ਰਹਮਾ, ਵਿਸ਼ਨੂ ਤੇ ਸ਼ਿਵ ਆਦਿਕ ਕਲਪਿਤ ਦੇਵਤਿਆਂ ਸਮੇਤ ਸਾਰੇ ਸੰਸਾਰ ਨੂੰ ਹੀ ਪੈਦਾ ਕਰਨ ਵਾਲਾ ਹੈ। ਸਰਬਸੰਮਤੀ ਨਾਲ ਮੰਨਿਆ ਜਾਂਦਾ ਹੈ ਕਿ ਸਦਾ ਹੀ ਕਿਸੇ ਤੋਂ ਵੱਡੀ ਹਸਤੀ ਓਹੀ ਮੰਨੀ ਜਾਂਦੀ ਹੈ, ਜੋ ਉਸ ਨੂੰ ਜਨਮ ਦੇਣ ਵਾਲੀ ਹੋਵੇ। ਸ਼ਾਇਦ ਇਹੀ ਕਾਰਨ ਹੈ ਕਿ ਭਗਤ ਕਬੀਰ ਜੀ ਨੇ ਪੌਰਾਣਿਕ-ਮਤੀ ਪ੍ਰਚਾਰਕਾਂ ਸਾਮ੍ਹਣੇ ਬੜੀ-ਬੇਬਾਕੀ ਨਾਲ ਇਹ ਸੁਆਲ ਵੀ ਖੜ੍ਹੇ ਕਰ ਦਿੱਤੇ ਸਨ ਕਿ ਜ਼ਰਾ ਸੋਚੋ ‘‘ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥’’ (ਭਗਤ ਕਬੀਰ/੩੩੧)
ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਰਾਜਸੱਤਾ ਦੇ ਬਲਬੂਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਭਾਸ਼ਾ ਵਿਭਾਗ ਪੰਜਾਬ ਵਰਗੇ ਵਿਦਿਅਕ ਅਦਾਰੇ ਹੁਣ ‘ੴ ’ ਦੇ ਗੁਰਮਤਿ ਮੂਲਕ ਚਿੰਨ੍ਹ ਅਤੇ ‘‘ੴ ਸਤਿ ਗੁਰ ਪ੍ਰਸਾਦਿ’’ ਦੇ ਸੰਖੇਪ ਮੰਗਲਾਚਰਨ ਨੂੰ ਵੈਦਿਕ ਤੇ ਪੌਰਾਣਿਕ-ਮਤੀ ਗ੍ਰੰਥਾਂ ਦੇ ਆਰੰਭ ਵਿੱਚ ਲਿਖ ਕੇ ਅਜਿਹਾ ਸਿੱਧ ਕਰਨ ਦਾ ਅਸਫਲ ਯਤਨ ਕਰ ਰਹੇ ਹਨ ਕਿ ਗੁਰਬਾਣੀ ਦਾ ਉਪਰੋਕਤ ਅਦੁੱਤੀ ਚਿੰਨ੍ਹ ਅਤੇ ਗੁਰਸਿੱਖੀ ਦੀ ਅਧਾਰਸ਼ਿਲਾ ਮੰਨੇ ਜਾਂਦੇ ਮੰਗਲਾਚਰਨ ਤਾਂ ਗੁਰੂ ਨਾਨਕ ਕਾਲ ਤੋਂ ਪਹਿਲਾਂ ਦੇ ਗ੍ਰੰਥਾਂ ਵਿੱਚ ਹੀ ਦਰਸ ਸਨ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਨ੍ਹਾਂ ਦੀ ਨਕਲ ਹੀ ਕੀਤੀ ਹੈ । ਇਸ ਪੱਖੋਂ ਸਭ ਤੋਂ ਮੂਹਰੇ ਹੈ ‘ਪੰਜਾਬੀ ਯੂਨੀਵਰਸਿਟੀ ਪਟਿਆਲਾ’, ਜਿਸ ਨੇ ਪਟਿਆਲੇ ਦੇ ਰਾਜ ਘਰਾਣੇ ਦੀ ਚਾਪਲੂਸੀ ਕਰਦਿਆਂ ਨਿਊਯਾਰਕ ਵਾਸੀ ਰਾਜਾ ਮ੍ਰਗਿੰਦਰ ਸਿੰਘ ਦੀ ਲਿਖਤ ‘ੴ ਜਪੁ ਨੀਸਾਣ’ ਨਾਂ ਦੀ ਪੁਸਤਕ ਸੰਪਾਦਤ ਕੀਤੀ । ਉਸ ਵਿੱਚ ਜਿੱਥੇ ‘ੴ’ ਦਾ ਲਿਖਤੀ ਸਰੂਪ ਵਿਗਾੜ ਕੇ ਉਸ ਨੂੰ ਸੰਸਕ੍ਰਿਤ ਤੇ ਹਿੰਦੀ-ਨੁਮੇ ਅੱਖਰਾਂ ਦਾ ਰੂਪ ਦਿੱਤਾ । ਉੱਥੇ ‘ੴ’ ਦੇ ਮੌਲਿਕ ਚਿੰਨ੍ਹ ਨੂੰ ਰਿਗ ਵੇਦ, ਮੰਡੂਕ ਉਪਨਿਸ਼ਦ ਤੇ ਗੀਤਾ ਆਦਿਕ ਦੇ ਮੰਤਰਾਂ ਦੇ ਆਰੰਭ ਵਿੱਚ ਲਿਖਿਆ ਦਰਸਾਇਆ, ਜੋ ਕਿ ਬਿਲਕੁਲ ਹੀ ਕੋਰਾ ਝੂਠ ਹੈ । ਕਾਰਨ ਹੈ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਮੰਤਰਾਂ ਦਾ ਆਰੰਭ ‘ਓਮ’ ਲਫ਼ਜ਼ ਨਾਲ ਹੀ ਹੁੰਦਾ ਹੈ । ‘ਗੀਤਾ’ ਦੀਆਂ ਹੱਥ ਲਿਖਤਾਂ ਵਿੱਚ ਵੀ ‘ੴ’ ਦੀ ਹੋਂਦ ਕਿਧਰੇ ਨਹੀਂ ਲੱਭਦੀ ।
ਭਾਸ਼ਾ ਵਿਭਾਗ ਪੰਜਾਬ ਦੀ ‘ਭਾਸ਼ਾ ਵਿਭਾਗ ਹਵਾਲਾ ਲਾਇਬ੍ਰੇਰੀ ਦੇ ਹੱਥ ਲਿਖਤ ਗ੍ਰੰਥਾਂ ਦੀ ਵਿਵਰਣਾਤਮਕ ਸੂਚੀ’ ਨਾਂ ਦੀ ਪੁਸਤਕ ਵਿੱਚ 700 ਦੇ ਲਗਭਗ ਪ੍ਰਾਚੀਨ ਗ੍ਰੰਥਾਂ ਦਾ ਆਰੰਭਕ ਤੇ ਅੰਤਕ ਵੇਰਵਾ ਦਰਜ ਹੈ। ਇਨ੍ਹਾਂ ਵਿੱਚ ਬਹੁਤ ਹੱਥ ਲਿਖਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਅਰੰਭ ਵਿੱਚ ਪੌਰਾਣਿਕ ਮਤੀ ਹਿੰਦੂ ਲਿਖਾਰੀਆਂ ਨੇ ‘ੴ’ ਨਾਲ ਸਨਾਤਨੀ ਮੰਗਲਾਂ ਦੀ ਰਲ਼ਗਢ ਕਰਕੇ ਨਕਲੀ ਮੰਗਲਾਚਰਨ ਸਥਾਪਿਤ ਕੀਤੇ ਹੋਏ ਹਨ । ਖ਼ਤਰਾ ਹੈ ਕਿ ਭਵਿੱਖ ਵਿੱਚ ਐਸੀਆਂ ਲਿਖਤਾਂ ਨੂੰ ਆਧਾਰ ਬਣ ਕੇ ਪ੍ਰਚਾਰਿਆ ਜਾਵੇ ਕਿ ‘ੴ’ ਵਰਗਾ ਗੁਰਬਾਣੀ ਤੇ ਗੁਰਸਿੱਖੀ ਦਾ ਅਦੁੱਤੀ ਤੇ ਆਧਾਰ-ਰੂਪ ਮੂਲਕ ਚਿੰਨ੍ਹ ਗੁਰੂ ਨਾਨਕ ਸਾਹਿਬ ਜੀ ਦੀ ਮੌਲਿਕ ਰਚਨਾ ਨਹੀਂ । ਇਸ ਪੱਖੋਂ ਵਿਸਥਾਰ ਲਈ ਵੀਰ ਗੁਰਬੰਸ ਸਿੰਘ ਦੀ ਪੁਸਤਕ ‘ਅਦੁੱਤੀ ਸਵਤੰਤਰ ਸੰਕਲਪੀ ਚਿੰਨ੍ਹ ੴ’ ਪੜ੍ਹੀ ਜਾ ਸਕਦੀ ਹੈ ਭਾਵੇਂ ਕਿ ਉਹ ਵੀ ‘ੴ’ (ਇੱਕ ਓਅੰਕਾਰ) ਦਾ ਸ਼ੁੱਧ ਉਚਾਰਨ ‘ਏਕੰਕਾਰ’ ਹੀ ਮੰਨਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਦੇ ਕਥਨ ਦੀ ਰੌਸ਼ਨੀ ਵਿੱਚ ਸਹੀ ਮੰਨ ਸਕਣਾ ਅਸੰਭਵ ਹੈ।
ਸੋ ਗੁਰੂ ਗ੍ਰੰਥ ਸਾਹਿਬ ਦੇ ਪੰਥ (ਸਿੱਖ ਕੌਮ) ਨੂੰ ਉਪਰੋਕਤ ਪੱਖੋਂ ਅਤਿਅੰਤ ਜਾਗਰੂਕ ਹੋਣ ਦੀ ਲੋੜ ਹੈ। ਯਾਦ ਰੱਖੋ, ਜੋ ਕੌਮਾਂ ਆਪਣੀ ਵਿਰਾਸਤ ਭੁੱਲ ਜਾਂਦੀਆਂ ਹਨ, ਸੰਸਾਰਕ ਮੰਚ ’ਤੇ ਉਨ੍ਹਾਂ ਦਾ ਜ਼ਿੰਦਾ ਰਹਿਣਾ ਅਸੰਭਵ ਹੋ ਜਾਂਦਾ ਹੈ । ਇਕ ਸੂਝਵਾਨ ਸ਼ਾਇਰ ਦਾ ਕਥਨ ਹੈ ਕਿ ਐ ਮਨੁੱਖ ! ਜੇ ਤੂੰ ਆਪਣੇ ਹਿਰਦੇ ਵਿੱਚ ਸਾਂਭੀਆਂ ਯਾਦਾਂ ਨੂੰ ਤਲਖ਼ ਤੇ ਤਾਜ਼ਾ ਰੱਖਣਾ ਚਾਹੁੰਦਾ ਹੈਂ ਤਾਂ ਕਦੀ ਕਦਾਈਂ ਆਪਣੇ ਪੁਰਾਣੇ ਇਤਿਹਾਸਕ ਕਿਸਿਆਂ ਨੂੰ ਫਰੋਲਿਆ ਕਰ। ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਜੀ ਮੁਤਾਬਕ ਅਸਲ ਬੋਲ ਹਨ ‘ਤਾਜ਼ਾ ਖਾਹੀ ਦਾਸਤਨ, ਗਰ ਦਾਗ ਹਾਇ ਸੀਨਾ ਰਾ । ਗਾਹਿ ਗਾਹਿ ਬਾਜ਼ ਖਾਂ ਈਂ, ਕਿੱਸਾ ਹਾਇ ਪਾਰੀਨਾ ਰਾ।’
ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ !
ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ !
ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783
ਮਾਂ ਦੀ ਅੱਖ ’ਚੋਂ ਕਿਰਿਆ ਹੰਝੂ ਤਕਦੀਰ ਬਦਲ ਦੇਣ ਦੀ ਤਾਕਤ ਰੱਖਦਾ ਹੈ। ਬੱਚੇ ਦੇ ਅੱਖ ’ਚੋਂ ਡਿੱਗਿਆ ਹੰਝੂ ਮਾਂ ਦਾ ਦਿਲ ਵਲੂੰਧਰ ਦਿੰਦਾ ਹੈ। ਬਹੁਤ ਖ਼ੁਸ਼ੀ ਮਿਲ ਜਾਣ ’ਤੇ ਵੀ ਅੱਖਾਂ ’ਚੋਂ ਨੀਰ ਵਹਿ ਤੁਰਦਾ ਹੈ ਅਤੇ ਬਹੁਤ ਜ਼ਿਆਦਾ ਦੁੱਖ ਕਦੇ ਕਦਾਈਂ ਅੱਖਾਂ ਵਿਚਲੇ ਸਾਰੇ ਹੰਝੂ ਸੁਕਾ ਦਿੰਦਾ ਹੈ।
ਬਹੁਤ ਘੱਟ ਜਣਿਆਂ ਨੂੰ ਜਾਣਕਾਰੀ ਹੈ ਕਿ ਡਾਕਟਰੀ ਪੱਖ ਤੋਂ ਹੰਝੂ ਤਿੰਨ ਤਰ੍ਹਾਂ ਦੇ ਲੱਭੇ ਜਾ ਚੁੱਕੇ ਹਨ ਅਤੇ ਤਿੰਨੋ ਕਿਸਮਾਂ ਹੀ ਅੱਖਾਂ ਦੀ ਸਿਹਤ ਲਈ ਵਧੀਆ ਸਾਬਤ ਹੋ ਚੁੱਕੀਆਂ ਹਨ। ਪਹਿਲੀ ਕਿਸਮ ਦੇ ਹੰਝੂ ਅੱਖਾਂ ਗਿੱਲੀਆਂ ਕਰਨ ਲਈ ਅਤੇ ਅੱਖਾਂ ਨੂੰ ਨਮ ਰੱਖ ਕੇ ਮਿੱਟੀ ਘੱਟੇ ਤੋਂ ਬਚਾਉਣ ਲਈ ਲਗਾਤਾਰ ਬਹੁਤ ਘੱਟ ਮਾਤਰਾ ਵਿਚ ਪੁਤਲੀਆਂ ਦੇ ਅੰਦਰ ਅੰਦਰ ਫੈਲ ਕੇ ਜਜ਼ਬ ਹੁੰਦੇ ਰਹਿੰਦੇ ਹਨ। ਇਹ ਹੰਝੂ ਸਭ ਤੋਂ ਅਹਿਮ ਹੁੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਅੱਖ ਨੂੰ ਖ਼ੁਰਾਕ ਵੀ ਪਹੁੰਚਦੀ ਰਹਿੰਦੀ ਹੈ।
ਦੂਜੀ ਕਿਸਮ ਦੇ ਹੰਝੂ ਖ਼ੁਸ਼ੀ ਜਾਂ ਗ਼ਮੀ ਦਾ ਇਹਸਾਸ ਕਰਵਾਉਂਦੇ ਹਨ। ਵਿਗਿਆਨੀਆਂ ਨੇ ਇਸ ਕਿਸਮ ਦੇ ਹੰਝੂਆਂ ਵਿਚ ਕੁੱਝ ਹਾਰਮੋਨਾਂ ਦੇ ਅੰਸ਼ ਵੀ ਲੱਭੇ ਹਨ ਜੋ ਤਣਾਓ ਨਾਲ ਸੰਬੰਧਿਤ ਹੁੰਦੇ ਹਨ। ਇਨ੍ਹਾਂ ਦੇ ਬਾਹਰ ਨਿਕਲ ਜਾਣ ਨਾਲ ਸਰੀਰ ਅੰਦਰੋਂ ਤਣਾਓ ਘਟ ਜਾਣ ਦੇ ਆਸਾਰ ਵਧ ਜਾਂਦੇ ਹਨ। ਇਨ੍ਹਾਂ ਹੰਝੂਆਂ ਦੇ ਵਗਣ ਨਾਲ ਸਰੀਰ ਅੰਦਰ ਐਂਡਰੋਫਿਨ ਨਿਕਲ ਪੈਂਦੇ ਹਨ, ਜੋ ਚੰਗਾ ਮਹਿਸੂਸ ਕਰਵਾਉਣ ਲੱਗ ਪੈਂਦੇ ਹਨ ਅਤੇ ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ। ਕੁਦਰਤ ਦਾ ਕਮਾਲ ਵੇਖੋ ਕਿ ਇਹ ਦੂਜੀ ਕਿਸਮ ਦੇ ਹੰਝੂ ਸਿਰਫ਼ ਇਨਸਾਨ ਹੀ ਵਹਾ ਸਕਣ ਦੇ ਸਮਰੱਥ ਹੁੰਦੇ ਹਨ। ਇਸੇ ਲਈ ਇਨ੍ਹਾਂ ਨੂੰ ਜਜ਼ਬਾਤੀ ਹੰਝੂਆਂ ਦਾ ਨਾਂ ਦੇ ਦਿੱਤਾ ਗਿਆ ਹੈ।
ਹਾਲੇ ਤੱਕ ਦੀਆਂ ਸੰਭਵ ਹੋ ਚੁੱਕੀਆਂ ਖੋਜਾਂ ਅਨੁਸਾਰ ਜਜ਼ਬਾਤੀ ਹੰਝੂਆਂ ਦੇ ਨਾਲ ਰਲ਼ਦੇ ਮਿਲ਼ਦੇ ਹੰਝੂ ਸਿਰਫ਼ ਹਾਥੀਆਂ ਤੇ ਗੁਰਿੱਲਾ ਵਿਚ ਹੀ ਲੱਭੇ ਗਏ ਹਨ ਪਰ ਇਨ੍ਹਾਂ ਵਿਚ ਹਾਰਮੋਨਾਂ ਦੇ ਓਨੇ ਅੰਸ਼ ਨਹੀਂ ਲੱਭੇ ਜਾ ਸਕੇ ਜਿੰਨੇ ਕਿ ਇਨਸਾਨੀ ਹੰਝੂਆਂ ਵਿਚ ਮਿਲੇ ਹਨ।
ਅੱਖਾਂ ਵਿਚਲੇ ‘ਲੈਕਰਾਈਮਲ ਗਲੈਂਡ’ ਇੱਕ ਹੋਰ ਬਿਲਕੁਲ ਪਾਣੀ ਵਰਗੇ ਹੰਝੂ ਵੀ ਬਣਾਉਂਦੇ ਹਨ, ਜਿਨ੍ਹਾਂ ਨੂੰ ‘ਰਿਫਲੈਕਸ ਹੰਝੂ’ ਕਿਹਾ ਜਾਂਦਾ ਹੈ। ਜੇ ਮੱਖੀ ਜਾਂ ਕੁੱਝ ਹੋਰ ਅੱਖ ’ਚ ਵੱਜੇ ਤਾਂ ਝੱਟ ਇਹ ਪਾਣੀ ਵਰਗੇ ਹੰਝੂ ਛਲਕ ਪੈਂਦੇ ਹਨ ਤਾਂ ਜੋ ਅੱਖ ਝਟਪਟ ਸਾਫ਼ ਹੋ ਜਾਏ ਤੇ ਸੱਟ ਤੋਂ ਵੀ ਬਚ ਜਾਏ।
ਕਈ ਵਾਰ ਅੱਖ ਇੰਜ ਲੱਗਦੀ ਹੈ; ਜਿਵੇਂ ਉਸ ਵਿਚ ਹਲਕੀ ਲਾਲੀ, ਜਲਨ, ਰਗੜ ਮਹਿਸੂਸ ਹੋਣੀ ਜਾਂ ਪੂਰਾ ਸਾਫ਼ ਨਾ ਦਿਸਣਾ ਤੇ ਇੰਜ ਲੱਗਣਾ; ਜਿਵੇਂ ਅੱਖ ਵਿਚ ਕੁੱਝ ਰੜਕ ਰਿਹਾ ਹੋਵੇ, ਪਰ ਹੋਣਾ ਕੁੱਝ ਵੀ ਨਾ। ਇਸ ਤਰ੍ਹਾਂ ਦੀ ਅੱਖ ਵਿਚਲੀ ਹਾਲਤ ਨੂੰ ‘ਡਰਾਈ ਆਈ’ ਯਾਨੀ ਹੰਝੂਆਂ ਦੀ ਕਮੀ ਕਿਹਾ ਜਾਂਦਾ ਹੈ।
ਬਹੁਤੇ ਹੰਝੂ ਤਾਂ ਲੈਕਰਾਈਮਲ ਗਲੈਂਡ ਵਿੱਚੋਂ ਹੀ ਨਿਕਲਦੇ ਹਨ। ਅੱਖ ਵਿਚਲੇ ‘ਮੇਬੋਮੀਅਨ ਗਲੈਂਡ ਹਲਕਾ ਤੇਲ ਕੱਢਦੇ ਹਨ। ਇੱਕ ਹੋਰ ਸੈੱਲ, ਗੋਬਲੈੱਟ ਸੈੱਲ, ਹੰਝੂ ਤੇ ਤੇਲ ਦਾ ਮਿਸ਼ਰਨ ਸਹੀ ਰੱਖਣ ਵਿਚ ਮਦਦ ਕਰਦੇ ਹਨ। ਜੇ ਇਹ ਮਿਸ਼ਰਨ ਸਹੀ ਨਾ ਰਹੇ ਜਾਂ ਘੱਟ ਬਣਨ ਲੱਗ ਪਵੇ ਤਾਂ ਅੱਖ ਸੁੱਕੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ। ਲੈਕਰਾਈਮਲ ਗਲੈਂਡ ਵਿਚ ਸੋਜ਼ ਹੋ ਜਾਣੀ, ਮੇਬੋਮੀਅਨ ਗਲੈਂਡ ਦਾ ਘੱਟ ਕੰਮ ਕਰਨਾ, ਕੁੱਝ ਕਿਸਮਾਂ ਦੀਆਂ ਦਵਾਈਆਂ, ਹਾਰਮੋਨਾਂ ਵਿਚ ਤਬਦੀਲੀ ਆਦਿ, ਅਨੇਕ ਕਾਰਨ ਹਨ, ਜਿਨ੍ਹਾਂ ਕਰਕੇ ਹੰਝੂਆਂ ਵਿਚ ਕਮੀ ਆ ਸਕਦੀ ਹੈ।
ਹੁਣ ਬਜ਼ਾਰ ਵਿਚ ਕੰਪਨੀਆਂ ਵੱਲੋਂ ਬਣਾਏ ਨਕਲੀ ਹੰਝੂ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਡਾਕਟਰੀ ਸਲਾਹ ਨਾਲ ਦਿਨ ਵਿਚ ਚਾਰ ਵਾਰ ਤੱਕ ਵਰਤਿਆ ਜਾ ਸਕਦਾ ਹੈ। ਕੁੱਝ ਲੋਕਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਅੰਦਰਲੇ ਕੋਨੇ ਵਿਚਲੇ ਸੁਰਾਖ਼, ਜਿਨ੍ਹਾਂ ਵਿੱਚੋਂ ਹੰਝੂ ਨੱਕ ਵੱਲ ਨਿਕਲਣ ਦਾ ਕੁਦਰਤੀ ਰਾਹ ਹੁੰਦਾ ਹੈ, ਉਸ ਰਾਹ ਨੂੰ ਬੰਦ ਕਰ ਕੇ ਵੀ ਸੁੱਕੀਆਂ ਅੱਖਾਂ ਠੀਕ ਕੀਤੀਆਂ ਜਾ ਸਕਦੀਆਂ ਹਨ ਤੇ ਕੁਦਰਤੀ ਹੰਝੂ ਦੇਰ ਤੱਕ ਅੱਖਾਂ ਨੂੰ ਨਮ ਰੱਖ ਸਕਦੇ ਹਨ। ਜਦੋਂ ਰੋਣਾ ਆਏ ਤਾਂ ਨੱਕ ਰਾਹੀਂ ਵੀ ਪਾਣੀ ਵਗਣ ਲੱਗ ਪੈਂਦਾ ਹੈ। ਇਹ ਪਾਣੀ ਅੱਖਾਂ ਵੱਲੋਂ ਹੀ ਨੱਕ ਵੱਲ ਗਏ ਹੰਝੂ ਹੁੰਦੇ ਹਨ। ਇਸ ਰਾਹ ਨੂੰ ‘ਟੀਅਰ ਡੱਕਟ’ ਯਾਨੀ ਹੰਝੂਆਂ ਦੀ ਨਾਲੀ ਕਿਹਾ ਜਾਂਦਾ ਹੈ। ਕੁੱਝ ਡਾਕਟਰ ਇਸ ਨੂੰ ‘ਨੇਜ਼ੋਲੈਕਰਾਈਮਲ ਡੱਕਟ’ ਵੀ ਕਹਿੰਦੇ ਹਨ।
ਹੰਝੂ ਘੱਟ ਆਉਣ ਦੇ ਕਾਰਨ :-
- ਵਧਦੀ ਉਮਰ।
- ਸ਼ੋਗਰਨ ਸਿੰਡਰੋਮ-ਸਰੀਰ ਅੰਦਰ ਤਰਲ ਦਾ ਘੱਟ ਬਣਨਾ।
- ਅੱਖਾਂ ਦੀ ਐਲਰਜੀ।
- ਰਿਊਮੈਟਾਇਰਡ ਆਰਥਰਾਈਟਸ।
- ਲੂਪਸ ਬੀਮਾਰੀ।
- ਸਕਲਿਰੋਡਰਮਾ ਬੀਮਾਰੀ।
- ਅੰਗ ਟਰਾਂਸਪਲਾਂਟ ਤੋਂ ਬਾਅਦ।
- ਸਾਰਕਾਇਡ ਬੀਮਾਰੀ।
- ਥਾਇਰਾਇਡ ਦੇ ਰੋਗ।
- ਵਿਟਾਮਿਨ ਏ ਦੀ ਕਮੀ ਆਦਿ।
ਲਗਾਤਾਰ ਅੱਖਾਂ ਦੀ ਵਰਤੋਂ, ਜਿਵੇਂ ਘੰਟਿਆਂ ਬੱਧੀ ਕੰਪਿਊਟਰ ਜਾਂ ਮੋਬਾਈਲ ਨਾਲ ਚਿਪਕਣਾ, ਹਵਾਈ ਜਹਾਜ਼ ਦਾ ਲੰਮਾ ਸਫ਼ਰ, ਏਅਰ ਕੰਡੀਸ਼ਨ ਕਮਰਾ, ਮੋਟਰਸਾਈਕਲ ਬਿਨਾਂ ਐਣਕ ਦੇ ਚਲਾਉਣਾ ਆਦਿ, ਅੱਖਾਂ ਵਿਚਲੀ ਨਮੀ ਘਟਾ ਕੇ ਅੱਖਾਂ ਵਿਚ ਰੜਕ, ਰਗੜ ਜਾਂ ਸੁੱਕਾਪਨ ਮਹਿਸੂਸ ਕਰਵਾ ਸਕਦੇ ਹਨ। ਇੰਜ ਕਈ ਵਾਰ ਅੱਖਾਂ ਨੂੰ ਰੌਸ਼ਨੀ ਵੀ ਚੁੱਭਦੀ ਮਹਿਸੂਸ ਹੋਣ ਲੱਗ ਪੈਂਦੀ ਹੈ, ਧੁੰਧਲਾ ਜਾਂ ਦੋ ਦੋ ਦਿਸਣ ਲੱਗ ਸਕਦੇ ਹਨ ਤੇ ਅੱਖਾਂ ਵੀ ਥੱਕੀਆਂ ਮਹਿਸੂਸ ਹੁੰਦੀਆਂ ਹਨ।
ਜੇ ਅੱਖਾਂ ਵਿਚਲੀ ਨਮੀ ਘੱਟ ਹੋਵੇ ਤਾਂ ਅੱਗੇ ਦੱਸੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :-
- ਅੱਖਾਂ ਵਿਚ ਸਿੱਧੀ ਹਵਾ ਜਿਵੇਂ ਫਰਾਟਾ ਪੱਖਾ ਆਦਿ ਸਾਹਮਣੇ ਨਹੀਂ ਹੋਣੇ ਚਾਹੀਦੇ।
- ਧੁੱਪੇ ਨਿਕਲਣ ਲੱਗਿਆਂ ਕਾਲੀਆਂ ਐਣਕਾਂ ਵਰਤਣੀਆਂ ਚਾਹੀਦੀਆਂ ਹਨ।
- ਲਗਾਤਾਰ ਏ. ਸੀ. ਵਿਚ ਬੈਠਣ ਤੋਂ ਬਚਣਾ ਚਾਹੀਦਾ ਹੈ।
- ਕੰਪਿਊਟਰ ਜਾਂ ਮੋਬਾਈਲ ਵੇਖਦਿਆਂ ਹਰ 20 ਸਕਿੰਟ ਬਾਅਦ ਅੱਖਾਂ ਨੂੰ ਦੋ ਸਕਿੰਟ ਲਈ ਬੰਦ ਕਰ ਲੈਣਾ ਚਾਹੀਦਾ ਹੈ।
- ਕੰਪਿਊਟਰ ਦਾ ਪੱਧਰ ਅੱਖਾਂ ਦੀ ਪੱਧਰ ਤੋਂ ਰਤਾ ਕੁ ਹੇਠਾਂ ਹੋਣਾ ਚਾਹੀਦਾ ਹੈ ਤਾਂ ਜੋ ਸਿੱਧਾ ਅੱਖਾਂ ’ਚ ਰੌਸ਼ਨੀ ਨਾ ਪੈਂਦੀ ਰਹੇ।
- ਅੱਖਾਂ ਨੇੜੇ ਕਿਸੇ ਕਿਸਮ ਦਾ ਧੂੰਆਂ ਨਹੀਂ ਹੋਣਾ ਚਾਹੀਦਾ।
- ਡਾਕਟਰ ਦੀ ਸਲਾਹ ਨਾਲ ਵਿਟਾਮਿਨ ਏ ਲੈਂਦੇ ਰਹਿਣਾ ਚਾਹੀਦਾ ਹੈ।
ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ :-
- ਮੱਛੀ :- ਸਾਲਮਨ ਮੱਛੀ ਵਿਚਲੇ ਓਮੇਗਾ ਤਿੰਨ ਫੈਟੀ ਏਸਿਡ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ।
- ਹਰੀਆਂ ਪੱਤੇਦਾਰ ਸਬਜ਼ੀਆਂ :- ਵਿਟਾਮਿਨ ਸੀ ਹੋਣ ਕਾਰਨ ਹਰੀਆਂ ਸਬਜ਼ੀਆਂ ਅੱਖਾਂ ਦੀ ਨਮੀ ਦੇ ਨਾਲ-ਨਾਲ ਸੈੱਲਾਂ ਦੀ ਟੁੱਟ ਫੁੱਟ ਵੀ ਘਟਾਉਂਦੀਆਂ ਹਨ। ਫੋਲੇਟ ਵੀ ਇਨ੍ਹਾਂ ਵਿਚ ਲੋੜ ਅਨੁਸਾਰ ਪੂਰਾ ਹੁੰਦਾ ਹੈ। ਕੇਲ ਪੱਤਾ, ਪਾਲਕ, ਹਰੀਆਂ ਫਲੀਆਂ ਆਦਿ ਖਾਂਦੇ ਰਹਿਣਾ ਚਾਹੀਦਾ ਹੈ।
- ਬੀਜ :- ਸ਼ਾਕਾਹਾਰੀਆਂ ਲਈ ਕੀਆ ਬੀਜ, ਫਲੈਕਸ ਬੀਜ ਵੀ ਓਮੇਗਾ ਤਿੰਨ ਫੈੱਟੀ ਏਸਿਡ ਮੁਹੱਈਆ ਕਰਵਾ ਦਿੰਦੇ ਹਨ, ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦੇ ਹਨ।
- ਸੁੱਕੇ ਮੇਵੇ :- ਓਮੇਗਾ ਤਿੰਨ ਫੈੱਟੀ ਏਸਿਡ ਤੇ ਵਿਟਾਮਿਨ ਈ ਭਰੇ ਹੋਣ ਸਦਕਾ ਸੁੱਕੇ ਮੇਵੇ ਵੀ ਅੱਖਾਂ ਲਈ ਵਧੀਆ ਹਨ, ਖ਼ਾਸ ਤੌਰ ’ਤੇ ਅਖਰੋਟ ਅਤੇ ਕਾਜੂ। ਗ਼ਰੀਬਾਂ ਲਈ ਮੂੰਗਫਲੀ ਵੀ ਕਾਜੂਆਂ ਵਾਂਗ ਹੀ ਫ਼ਾਇਦੇਮੰਦ ਹੈ !
- ਫਲੀਆਂ :- ਫਾਈਬਰ, ਪ੍ਰੋਟੀਨ, ਫੋਲੇਟ, ਜ਼ਿੰਕ ਭਰੇ ਹੋਣ ਸਦਕਾ ਫਲੀਆਂ ਨਾ ਸਿਰਫ਼ ਅੱਖਾਂ ਲਈ ਬਲਕਿ ਪੂਰੇ ਸਰੀਰ ਲਈ ਹੀ ਬਹੁਤ ਵਧੀਆ ਹਨ। ਇਹ ਮੈਲਾਨਿਨ ਬਣਾਉਣ ਵਿਚ ਵੀ ਮਦਦ ਕਰ ਦਿੰਦੀਆਂ ਹਨ।
- ਪਾਣੀ :- ਪਾਣੀ ਦੀ ਕਮੀ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਿਰਫ਼ ਹੰਝੂ ਹੀ ਨਹੀਂ ਬਲਕਿ ਸਰੀਰ ਦੇ ਹਰ ਅੰਗ ਦੇ ਸਹੀ ਕੰਮ ਕਾਰ ਲਈ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਹੈ।
- ਕੇਲਾ :-ਪੋਟਾਸ਼ੀਅਮ ਭਰਪੂਰ ਹੋਣ ਸਦਕਾ ਕੇਲਾ ਵੀ ਅੱਖਾਂ ਵਿਚਲੇ ਹੰਝੂਆਂ ਲਈ ਅਹਿਮ ਰੋਲ ਅਦਾ ਕਰਦਾ ਹੈ ਤੇ ਹੰਝੂ ਦੀ ਮੋਟੀ ਪਰਤ ਬਣਾਉਣ ਵਿਚ ਸਹਾਈ ਹੁੰਦਾ ਹੈ, ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਕੇਲੇ ਵਿਚ ਵਿਟਾਮਿਨ ਏ ਵੀ ਹੁੰਦਾ ਹੈ, ਜੋ ਅੱਖਾਂ ਲਈ ਜ਼ਰੂਰੀ ਹੈ।
- ਕੌਫ਼ੀ :- ਆਮ ਧਾਰਨਾ ਹੈ ਕਿ ਕੌਫ਼ੀ ਪੀਣ ਨਾਲ ਅੱਖਾਂ ਦੀ ਨਮੀ ਉੱਤੇ ਫ਼ਰਕ ਪੈਂਦਾ ਹੈ ਪਰ ਅਜਿਹੀ ਕੋਈ ਗੱਲ ਹਾਲੇ ਤੱਕ ਸਾਬਤ ਨਹੀਂ ਕੀਤੀ ਜਾ ਸਕੀ।
ਘਰੇਲੂ ਨੁਸਖ਼ੇ :-
* ਬੰਦ ਅੱਖਾਂ ਉੱਤੇ ਕੋਸੇ ਪਾਣੀ ਦੇ ਭਰੇ ਰੂੰ ਰੱਖਣ ਨਾਲ ਵੀ ਥੱਕੀਆਂ ਅੱਖਾਂ ਨੂੰ ਰਾਹਤ ਮਿਲ ਜਾਂਦੀ ਹੈ।
* ਕੱਦੂਕਸ ਕਰ ਕੇ ਖੀਰਾ ਵੀ ਬੰਦ ਅੱਖਾਂ ਉੱਤੇ ਰੱਖਣ ਨਾਲ ਥੱਕੀਆਂ ਤੇ ਨਮੀ ਰਹਿਤ ਅੱਖਾਂ ਨੂੰ ਆਰਾਮ ਮਿਲਦਾ ਹੈ।
ਏਨਾ ਸਾਰਾ ਕੁੱਝ ਜਾਣ ਲੈਣ ਬਾਅਦ ਇੱਕ ਆਖ਼ਰੀ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ। ਹੰਝੂ ਅੱਖਾਂ ਅੰਦਰ ਵੱਗਦੇ ਰਹਿਣ ਤਾਂ ਅੱਖਾਂ ਦੀ ਨਮੀ ਲਈ ਜ਼ਰੂਰੀ ਹਨ, ਪਰ ਕਿਸੇ ਮਾਂ ਜਾਂ ਪਿਓ ਦੀਆਂ ਅੱਖਾਂ ਵਿੱਚੋਂ ਪੁੱਤਰ ਵੱਲੋਂ ਕੀਤੀ ਬੇਕਦਰੀ ਸਦਕਾ ਵਗੇ ਹੰਝੂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਅਜਿਹੇ ਹਰ ਹੰਝੂ ਦੀ ਵੱਖ ਕਹਾਣੀ ਹੁੰਦੀ ਹੈ, ਜੋ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦਾ ਗ੍ਰੰਥ ਤਿਆਰ ਕਰਵਾ ਸਕਦੀ ਹੈ।
ਗੋਂਗਲੂ ਦੇ ਫ਼ਾਇਦੇ
ਗੋਂਗਲੂ ਦੇ ਫ਼ਾਇਦੇ
ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) 0175-2216783
ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਮੁਹਾਵਰਾ ਤਾਂ ਬਥੇਰੀ ਵਾਰ ਸੁਣਿਆ ਸੀ, ਪਰ ਗੋਂਗਲੂਆਂ ਵਿਚ ਭਰੇ ਕਮਾਲ ਦੇ ਤੱਤਾਂ ਬਾਰੇ ਗੂੜ੍ਹ ਗਿਆਨ ਨਹੀਂ ਸੀ। ਜਦੋਂ ਖੋਜ ਰਾਹੀਂ ਪਤਾ ਲੱਗਿਆ ਕਿ 30 ਕਿਸਮਾਂ ਦੇ ਗੋਂਗਲੂ ਜਾਂ ਸ਼ਲਗਮ ਇਸ ਵੇਲੇ ਮੌਜੂਦ ਹਨ, ਜਿਨ੍ਹਾਂ ਵਿਚ ਇੱਕ ਛੋਟੇ ਜਿਹੇ ਸ਼ਲਗਮ ਵਿਚ ਏਨੀ ਤਾਕਤ ਹੈ ਕਿ ਉਸ ਵਿਚਲੇ 233 ਮਿਲੀਗ੍ਰਾਮ ਪੋਟਾਸ਼ੀਅਮ ਸਦਕਾ ਪੱਠੇ ਅਤੇ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲੋ-ਨਾਲ ਬਲੱਡ ਪ੍ਰੈੱਸ਼ਰ ਅਤੇ ਸ਼ੱਕਰ ਰੋਗ ਵੀ ਕਾਬੂ ਵਿਚ ਰੱਖੇ ਜਾ ਸਕਦੇ ਹਨ। ਲੋਕਾਂ ਦੇ ਕੰਨ ਤਾਂ ਉਦੋਂ ਖੜ੍ਹੇ ਹੋਏ ਜਦੋਂ ਖੋਜ ਰਾਹੀਂ ਇਹ ਸਾਬਤ ਹੋਇਆ ਕਿ ਬਹੁਤੇ ਜਣਿਆਂ ਵੱਲੋਂ ਨਾਪਸੰਦ ਕੀਤਾ ਜਾਣ ਵਾਲਾ ਗੋਂਗਲੂ ਆਪਣੇ ਅੰਦਰ ਇੱਕ ਕੈਮੀਕਲ ਗਲੂਕੋਸਿਨੋਲੇਟ ਲੁਕਾਈ ਬੈਠਾ ਹੈ ਜਿਸ ਸਦਕਾ ਛਾਤੀ ਅਤੇ ਗਦੂਦ ਦੇ ਕੈਂਸਰ ਦੇ ਸੈੱਲ ਤੇਜ਼ੀ ਨਾਲ ਫੈਲ ਨਹੀਂ ਸਕਦੇ।
ਸਮੇਂ ਦੇ ਬਥੇਰੇ ਥਪੇੜੇ ਝੱਲਣ ਤੋਂ ਬਾਅਦ ਵੀ ਗੋਂਗਲੂ ਅੱਜ ਸਭ ਤੋਂ ਪੁਰਾਣੀਆਂ ਸਬਜ਼ੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ, ਜੋ ਡਾਇਨਾਸੋਰ ਵੇਲੇ ਤੋਂ ਅੱਜ ਤੱਕ ਇਸ ਧਰਤੀ ਉੱਤੇ ਆਪਣੀ ਹੋਂਦ ਬਚਾਈ ਬੈਠਾ ਹੈ। ਸਾਈਬੇਰੀਆ ਦੀ ਠੰਡ ਵੀ ਗੋਂਗਲੂਆਂ ਨੂੰ ਲੱਖਾਂ ਸਾਲਾਂ ਤੱਕ ਖ਼ਤਮ ਨਹੀਂ ਕਰ ਸਕੀ। ਗ਼ਰੀਬਾਂ ਦੀ ਖ਼ੁਰਾਕ ਮੰਨੇ ਜਾਂਦੇ ਗੋਂਗਲੂ ਵਿਚ ਇੱਕ ਗ੍ਰਾਮ ਪ੍ਰੋਟੀਨ, ਚਾਰ ਗ੍ਰਾਮ ਮਿੱਠਾ, ਸੱਤ ਗ੍ਰਾਮ ਕਾਰਬੋਹਾਈਡ੍ਰੇਟ ਤੋਂ ਇਲਾਵਾ ਕੈਲਸ਼ੀਅਮ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਭਰੇ ਪਏ ਹਨ।
ਇੱਕ ਕੱਪ ਤਾਜ਼ੇ ਕੱਟੇ ਹੋਏ ਗੋਂਗਲੂ ਵਿਚ 6380 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਏ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਲਿਊਟੀਨ ਵੀ ਹੈ, ਜੋ ਅੱਖਾਂ ਦੀ ਰੌਸ਼ਨੀ ਠੀਕ ਰੱਖਣ, ਅੰਦਰਲੀ ਪਰਤ ਤੰਦਰੁਸਤ ਰੱਖਣ, ਚਿੱਟਾ ਮੋਤੀਆ ਰੋਕਣ ਦੇ ਨਾਲ-ਨਾਲ ਮੈਕੂਲਰ ਡੀਜੈਨਰੇਸ਼ਨ ਵੀ ਰੋਕਦਾ ਹੈ। ਭਾਵੇਂ ਹਮੇਸ਼ਾ ਦੁੱਧ ਹੀ ਹੱਡੀਆਂ ਦੀ ਤਾਕਤ ਬਣਾਈ ਰੱਖਣ ਲਈ ਵਧੀਆ ਮੰਨਿਆ ਗਿਆ ਹੈ, ਪਰ ਗੋਂਗਲੂ ਵਿਚਲਾ ਕੈਲਸ਼ੀਅਮ ਵੀ ਹੱਡੀਆਂ ਤਗੜੀਆਂ ਰੱਖਣ ਵਿਚ ਮਦਦ ਕਰਦਾ ਹੈ। ਦਿਲ ਅਤੇ ਪੱਠਿਆਂ ਲਈ ਵੀ ਗੋਂਗਲੂ ਵਧੀਆ ਸਾਬਤ ਹੋ ਚੁੱਕਿਆ ਹੈ।
ਚੀਨ ਵਿਚ ਦੁਨੀਆ ਦੀ ਸਭ ਤੋਂ ਵੱਡੀ ਛਾਤੀ ਦੇ ਕੈਂਸਰ ਉੱਤੇ ਖੋਜ ਹੋ ਚੁੱਕੀ ਹੈ, ਜਿਸ ਨੂੰ ‘ਸ਼ੰਘਾਈ ਬਰੈਸਟ ਕੈਂਸਰ ਸਰਵਾਈਵਲ ਸਟਡੀ’ ਅਧੀਨ ਛਾਪਿਆ ਗਿਆ ਸੀ। ਉਸ ਵਿਚ ਛਾਤੀ ਦੇ ਰੋਗ ਤੋਂ ਪੀੜਤ ਚੀਨੀ ਔਰਤਾਂ ਨੂੰ ਗੋਂਗਲੂ ਰੋਜ਼ ਖਾਣ ਲਈ ਦਿੱਤੇ ਗਏ ਸਨ। ਜਿਸ ਗਰੁੱਪ ਨੂੰ ਗੋਂਗਲੂ ਖਾਣ ਲਈ ਦਿੱਤੇ ਗਏ, ਉਨ੍ਹਾਂ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਉਨ੍ਹਾਂ ਨੇ ਲੰਮੀ ਉਮਰ ਭੋਗੀ। ਇਹ ਖੋਜ ਏਨੀ ਮਹੱਤਵ ਪੂਰਨ ਮੰਨੀ ਗਈ ਕਿ ਅਮਰੀਕਨ ਐਸੋਸੀਏਸ਼ਨ ਫੌਰ ਰੀਸਰਚ ਦੀ 103ਵੀਂ ਸਾਲਾਨਾ ਕਾਨਫਰੰਸ ਵਿਚ ਇਸ ਦਾ ਖ਼ਾਸ ਜ਼ਿਕਰ ਕਰ ਕੇ ਗੋਂਗਲੂਆਂ ਨੂੰ ਬੇਸ਼ਕੀਮਤੀ ਕੁਦਰਤੀ ਦਵਾਈ ਮੰਨ ਲਿਆ ਗਿਆ।
ਛਾਤੀ ਦੇ ਕੈਂਸਰ ਉੱਤੇ ਡਾ. ਸਰਾਹ ਨੇ ਵਾਂਡਰਬਿਲਟ ਯੂਨੀਵਰਸਿਟੀ (ਨੈਸ਼ਵਿਲੇ) ਵਿਖੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਖੋਜ ਕੀਤੀ ਅਤੇ ਸਭ ਨੂੰ 36 ਮਹੀਨੇ ਰੋਜ਼ ਗੋਂਗਲੂ ਖੁਆਏ ਗਏ। ਇਸ ਦੇ ਨਾਲ ਹੀ ਰੋਜ਼ ਕੇਲ ਪੱਤਾ, ਫੁੱਲ ਗੋਭੀ ਤੇ ਬਰੌਕਲੀ ਵੀ ਦਿਨ ਵਿਚ ਇੱਕ ਵਾਰ ਖੁਆਏ ਗਏ। ਇਹ ਵੇਖਣ ਵਿਚ ਆਇਆ ਕਿ ਛਾਤੀ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਮੌਤ ਦਰ ਵੀ ਕਾਫ਼ੀ ਘੱਟ ਹੋਈ ਲੱਭੀ। ਪੰਜ ਸਾਲਾਂ ਤੱਕ ਲਗਾਤਾਰ ਖੋਜ ਜਾਰੀ ਰੱਖਣ ਤੋਂ ਬਾਅਦ ਦਿੱਸਿਆ ਕਿ ਗੋਂਗਲੂ ਖਾਣ ਵਾਲੇ ਮਰੀਜ਼ਾਂ ਵਿਚ ਦੁਬਾਰਾ ਕੈਂਸਰ ਹੋਣ ਦਾ ਖ਼ਤਰਾ 35 ਫ਼ੀਸਦੀ ਘਟ ਗਿਆ ਅਤੇ ਮੌਤ ਦਰ ਵੀ 27 ਤੋਂ 62 ਫ਼ੀਸਦੀ ਘੱਟ ਹੋ ਗਈ।
ਇਹ ਵਧੀਆ ਅਸਰ ਗੋਂਗਲੂ ਵਿਚਲੇ ਆਈਸੋਥਾਇਓਸਾਇਆਨੇਟ ਅਤੇ ਇੰਡੋਲ ਸਦਕਾ ਦਿੱਸੇ। ਜਿਨ੍ਹਾਂ ਨੇ ਰੋਜ਼ ਇਕ ਗੋਂਗਲੂ ਖਾਧਾ, ਉਨ੍ਹਾਂ ਵਿਚ ਮੌਤ ਦਰ 27 ਫ਼ੀਸਦੀ ਘਟੀ, ਪਰ ਜਿਨ੍ਹਾਂ ਨੇ ਰੋਜ਼ ਤਿੰਨ ਗੋਂਗਲੂ ਖਾਧੇ, ਉਨ੍ਹਾਂ ਵਿਚ ਮੌਤ ਦਰ 62 ਫੀਸਦੀ ਘੱਟ ਹੋ ਗਈ। ਇਸ ਤੋਂ ਤਗੜੀ ਖੋਜ ਹਾਲੇ ਤੱਕ ਕਿਤੇ ਨਹੀਂ ਹੋਈ, ਜਿੱਥੇ ਸਪਸ਼ਟ ਰੂਪ ਵਿਚ ਕਿਸੇ ਸਬਜ਼ੀ ਸਦਕਾ ਕੈਂਸਰ ਦੇ ਸੈੱਲਾਂ ਨੂੰ ਫੈਲਣ ਵਿਚ ਰੋਕ ਲੱਗੀ ਵੇਖੀ ਹੋਵੇ।
ਬਲੈਡਰ ਕੈਂਸਰ ਵਿਚ ਵੀ ਗੋਂਗਲੂਆਂ ਦੇ ਨਾਲ ਫੁੱਲਗੋਭੀ, ਪੱਤਗੋਭੀ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਦੇਣ ਨਾਲ ਕੈਂਸਰ ਦੇ ਫੈਲਣ ਦੀ ਸਪੀਡ ਘਟੀ ਹੋਈ ਲੱਭੀ। ਇਹ ਖੋਜ ‘ਕੈਂਸਰ ਐਪੀਡੀਮੀਓਲਿਜੀ ਬਾਇਓਮਾਰਕਰਜ਼’ ਸੰਨ 2008 ਦੇ ਜਰਨਲ ਵਿਚ ਪੰਨਾ 938 ਤੋਂ 944 ਵਿਚ ਦਰਜ ਕੀਤੀ ਗਈ ਹੈ। ਕੁੱਝ ਖੋਜਾਂ ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਉੱਤੇ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿਚ ਗੋਂਗਲੂਆਂ ਨੂੰ ਖਾਣ ਨਾਲ ਸਿਹਤ ਵਿਚ ਸੁਧਾਰ ਹੋਇਆ ਲੱਭਿਆ। ਜੇ ਬਹੁਤ ਤੇਜ਼ਾਬ ਬਣਦਾ ਹੋਵੇ ਤੇ ਪੇਟ ਦੇ ਕੈਂਸਰ ਦਾ ਖ਼ਤਰਾ ਹੋਵੇ ਤਾਂ ਗੋਂਗਲੂ ਰੋਜ਼ ਖਾਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ‘ਮੈਡਸਕੇਪ ਮੈਡੀਕਲ ਨਿਊਜ਼’ ਵਿਚ ਛਪੀ ਖੋਜ ਅਨੁਸਾਰ ਗੋਂਗਲੂ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਣ ਨਾਲ ਢਿੱਡ ਅੰਦਰ ਐਂਟੀਆਕਸੀਡੈਂਟ ਦੀ ਮਾਤਰਾ ਵਧ ਜਾਂਦੀ ਹੈ, ਜੋ ਮਾੜੇ ਸੈੱਲਾਂ ਨੂੰ ਖ਼ਤਮ ਕਰ ਦਿੰਦੀ ਹੈ।
ਜੌਨ ਹੌਪਕਿਨਜ਼ ਯੂਨੀਵਰਸਿਟੀ ਬਾਲਟੀਮੋਰ ਵਿਖੇ ਡਾ. ਜੈਡ ਫਾਹੇ ਨੇ ਚੂਹਿਆਂ ਉੱਤੇ ਖੋਜ ਕਰ ਕੇ ਵੀ ਸਪਸ਼ਟ ਕੀਤਾ ਕਿ ਗੋਂਗਲੂ ਖੁਆਉਣ ਨਾਲ ਚੂਹਿਆਂ ਵਿਚ ਵੀ ਪੇਟ ਦੇ ਕੈਂਸਰ ਹੋਣ ਦਾ ਖ਼ਤਰਾ ਨਾ ਬਰਾਬਰ ਰਹਿ ਗਿਆ। ਇਹ ਖੋਜ ‘ਕੈਂਸਰ ਰਿਸਰਚ’ ਜਰਨਲ ਸੰਨ 2009 ਦੇ ਪੰਨਾ ਨੰਬਰ 353 ਤੋਂ 360 ਤੱਕ ਦਰਜ ਕੀਤੀ ਗਈ ਹੈ। ਡਾ. ਫਾਹੇ ਨੇ ਸਪਸ਼ਟ ਕੀਤਾ ਕਿ ਨਾ ਸਿਰਫ਼ ਜਾਨਵਰਾਂ ਵਿਚ ਬਲਕਿ ਮਨੁੱਖੀ ਸਰੀਰ ਅੰਦਰਲੇ ਕੈਂਸਰ ਦੇ ਸੈੱਲਾਂ ਨੂੰ ਮਾਰਨ ਵਿਚ ਗੋਂਗਲੂ ਵਰਗੀ ਚਮਤਕਾਰੀ ਸਬਜ਼ੀ ਹਾਲੇ ਤੱਕ ਕੋਈ ਹੋਰ ਲੱਭੀ ਨਹੀਂ ਜਾ ਸਕੀ।
ਇੱਕ ਹੋਰ ਖੋਜ ਵਿਚ ਡਾ. ਨੇਚੂਤਾ ਨੇ ਆਪਣੇ ਸਾਥੀਆਂ ਨਾਲ ਸੰਨ 2002 ਤੋਂ 2006 ਤੱਕ 20 ਤੋਂ 75 ਸਾਲਾਂ ਦੀਆਂ 4886 ਔਰਤਾਂ ਸ਼ਾਮਲ ਕੀਤੀਆਂ, ਜਿਨ੍ਹਾਂ ਨੂੰ ਪਹਿਲੀ, ਦੂਜੀ, ਤੀਜੀ ਜਾਂ ਚੌਥੀ ਸਟੇਜ ਦਾ ਛਾਤੀ ਦਾ ਕੈਂਸਰ ਸੀ। ਸਭ ਨੂੰ ਰੋਜ਼ ਤਿੰਨ ਗੋਂਗਲੂ ਖੁਆਏ ਗਏ। ਪਹਿਲਾ ਚੈੱਕਅਪ 18 ਮਹੀਨੇ ਬਾਅਦ ਅਤੇ ਦੂਜਾ 36 ਮਹੀਨੇ ਬਾਅਦ ਕੀਤਾ ਗਿਆ। ਫਿਰ ਤੀਜਾ ਚੈੱਕਅੱਪ ਸਾਢੇ ਪੰਜ ਸਾਲਾਂ ਬਾਅਦ ਕੀਤਾ ਗਿਆ।
ਨਤੀਜੇ ਕੁੱਝ ਇਸ ਤਰ੍ਹਾਂ ਦੇ ਸਨ :-
- ਜਿਨ੍ਹਾਂ ਨੇ 18 ਮਹੀਨੇ ਬਾਅਦ ਗੋਂਗਲੂ ਖਾਣੇ ਛੱਡ ਦਿੱਤੇ, ਉਨ੍ਹਾਂ ਸਾਰੀਆਂ 707 ਔਰਤਾਂ ਦੀ ਮੌਤ ਹੋ ਗਈ।
- ਜਿਨ੍ਹਾਂ ਨੇ ਇੱਕ ਗੋਂਗਲੂ ਰੋਜ਼ ਖਾਧਾ, ਉਨ੍ਹਾਂ 666 ਔਰਤਾਂ ਨੂੰ ਕੈਂਸਰ ਦੁਬਾਰਾ ਹੋਣਾ ਸ਼ੁਰੂ ਹੋ ਗਿਆ।
- ਜਿਨ੍ਹਾਂ ਨੇ ਲਗਾਤਾਰ ਪੰਜ ਸਾਲ ਰੋਜ਼ ਤਿੰਨ ਗੋਂਗਲੂ, ਕੇਲ ਪੱਤਾ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਧੀਆਂ, ਉਨ੍ਹਾਂ ਵਿੱਚੋਂ ਇੱਕ ਦੀ ਵੀ ਮੌਤ ਸਾਢੇ ਪੰਜ ਸਾਲ ਤੱਕ ਨਹੀਂ ਹੋਈ।
ਅਮਰੀਕਨ ਐਸੋਸੀਏਸ਼ਨ ਫੌਰ ਕੈਂਸਰ ਰੀਸਰਚ ਵੱਲੋਂ ਸੰਨ 2012 ਵਿਚ ਇਸ ਖੋਜ ਦੇ ਆਧਾਰ ਉੱਤੇ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦੇ ਹਨ। ਜੇ ਪਹਿਲੀ ਸਟੇਜ ਵਿਚ ਹੀ ਪੂਰਾ ਇਲਾਜ ਕਰਵਾਉਣ ਦੇ ਨਾਲ ਅੱਗੋਂ ਉਮਰਭਰ ਗੋਂਗਲੂ ਖਾਧੇ ਜਾਣ ਤਾਂ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ। ਆਮ ਜਨਤਾ ਲਈ ਵੀ ਸੁਨੇਹਾ ਇਹੋ ਦਿੱਤਾ ਗਿਆ ਕਿ ਜੇ ਕੈਂਸਰ ਵਰਗੀ ਮਨਹੂਸ ਬੀਮਾਰੀ ਤੋਂ ਬਚਣਾ ਹੈ ਤਾਂ ਗੋਂਗਲੂ ਹਰ ਹਾਲ ਰੋਜ਼ ਖਾਣੇ ਹੀ ਪੈਣੇ ਹਨ।
ਧਿਆਨ ਦੇਣ ਯੋਗ ਕੁੱਝ ਗੱਲਾਂ :-
- ਜੇ ਟੱਟੀ ਵਿਚ ‘ਆਕਲਟ ਲਹੂ’ ਦਾ ਟੈਸਟ ਕਰਨਾ ਹੋਵੇ ਤਾਂ ਗੋਂਗਲੂ ਦੇ ਨਾਲ ਬਰੌਕਲੀ ਵੀ ਕੁੱਝ ਦਿਨਾਂ ਲਈ ਖਾਣੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਟੈਸਟ ਰਿਪੋਰਟ ਗ਼ਲਤ ਆ ਸਕਦੀ ਹੈ। ਕਈ ਵਾਰ ਇੰਜ ਜਾਪਦਾ ਹੈ ਜਿਵੇਂ ਟੱਟੀ ਵਿਚ ਲਹੂ ਆ ਰਿਹਾ ਹੈ, ਪਰ ਹੁੰਦਾ ਨਹੀਂ।
- ਜੇ ਲਹੂ ਪਤਲਾ ਕਰਨ ਦੀਆਂ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਿਟਾਮਿਨ ਕੇ ਲਹੂ ਛੇਤੀ ਜਮਾ ਦਿੰਦਾ ਹੈ।
- ਜੇ ਗੁਰਦੇ ਦਾ ਰੋਗ ਹੋਵੇ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਾਧੂ ਪੋਟਾਸ਼ੀਅਮ ਸਰੀਰ ਅੰਦਰ ਜਮਾ ਹੋ ਕੇ ਨੁਕਸਾਨ ਪਹੁੰਚਾ ਸਕਦਾ ਹੈ। ਲੱਤਾਂ ਵਿਚ ਕੜਵੱਲ, ਖਿਚਾਓ ਆਦਿ ਵੀ ਹੋ ਸਕਦੇ ਹਨ ਅਤੇ ਧੜਕਣ ਵੀ ਵਧ ਸਕਦੀ ਹੈ।
- ਸ਼ਲਗਮ ਯੂਰਿਕ ਏਸਿਡ ਵਧਾ ਸਕਦੇ ਹਨ।
ਗੋਂਗਲੂ ਕਿਹੜਾ ਖਾਈਏ :-
- ਛੋਟਾ ਗੋਂਗਲੂ ਵਧੀਆ ਹੁੰਦਾ ਹੈ।
- ਵੱਡਾ ਪੱਕਿਆ ਗੋਂਗਲੂ ਕੌੜਾ ਹੋ ਜਾਂਦਾ ਹੈ ਤੇ ਉਸ ਵਿਚ ਵਧੀਆ ਤੱਥ ਵੀ ਘੱਟ ਹੋ ਜਾਂਦੇ ਹਨ।
- ਢਿੱਲਾ ਪਿਆ ਗੋਂਗਲੂ ਨਹੀਂ ਖਾਣਾ ਚਾਹੀਦਾ।
- ਜੇ ਗੋਂਗਲੂ ਦੇ ਬਾਹਰ ਕਾਲੇ ਜਾਂ ਪੀਲੇ ਨਿਸ਼ਾਨ ਹੋਣ ਤਾਂ ਨਹੀਂ ਖਾਣਾ ਚਾਹੀਦਾ।
ਗੋਂਗਲੂ ਕਿਵੇਂ ਵਰਤੀਏ ?
ਘਰ ਬੀਜੇ ਕੂਲੇ ਛੋਟੇ ਗੋਂਗਲੂ ਤਾਂ ਸਿਰਫ਼ ਚੰਗੀ ਤਰ੍ਹਾਂ ਧੋ ਕੇ ਹੀ ਜੜ੍ਹ ਕੱਟ ਕੇ, ਕੋਮਲ ਮਲੂਕ ਪੱਤਿਆਂ ਸਮੇਤ ਬਿਨਾਂ ਛਿੱਲੇ ਖਾਧੇ ਜਾ ਸਕਦੇ ਹਨ। ਜੇ ਉਸੇ ਵੇਲੇ ਨਹੀਂ ਖਾਣੇ ਤਾਂ ਬਿਨਾਂ ਧੋਤੇ ਹੀ ਸਿਰਫ਼ ਜੜ੍ਹ ਅਤੇ ਪੱਤੇ ਕੱਟ ਕੇ ਕੁੱਝ ਘੰਟੇ ਰੱਖੇ ਜਾ ਸਕਦੇ ਹਨ। ਖਾਣ ਲੱਗਿਆਂ ਹੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਲੋੜ ਹੈ। ਜੇ ਫਰਿੱਜ ਅੰਦਰ ਰੱਖਣੇ ਹੋਣ ਤਾਂ ਬਿਨਾਂ ਛਿੱਲੇ ਇੱਕ ਹਫ਼ਤੇ ਤੱਕ ਰੱਖੇ ਜਾ ਸਕਦੇ ਹਨ। ਜੇ ਗੋਂਗਲੂ ਨਿੱਕਾ ਤੇ ਕੂਲਾ ਨਹੀਂ ਤਾਂ ਛਿੱਲੜ ਲਾਹ ਕੇ ਖਾਣਾ ਚਾਹੀਦਾ ਹੈ। ਗੋਂਗਲੂ ਕੱਚਾ ਜਾਂ ਪਕਾ ਕੇ ਖਾਧਾ ਜਾ ਸਕਦਾ ਹੈ।
- ਗੋਂਗਲੂ ਨੂੰ ਉਬਾਲ ਕੇ ਉਬਲੇ ਆਲੂਆਂ ਨਾਲ ਫੇਹ ਕੇ ਟਿੱਕੀਆਂ ਜਾਂ ਪਰੌਂਠੇ ਵਿਚ ਪਾਇਆ ਜਾ ਸਕਦਾ ਹੈ।
- ਕੱਦੂਕਸ ਕਰ ਕੇ ਕੱਚਾ ਖਾਧਾ ਜਾ ਸਕਦਾ ਹੈ।
- ਗਾਜਰਾਂ ਅਤੇ ਸ਼ਕਰਕੰਦੀ ਨਾਲ ਅੱਗ ਉੱਤੇ ਭੁੰਨ ਕੇ ਸਲਾਦ ਵਾਂਗ ਖਾਧਾ ਜਾ ਸਕਦਾ ਹੈ।
- ਬਹੁਤ ਹਲਕੀ ਅੱਗ ਉੱਤੇ ਇਕੱਲਾ ਵੀ ਭੁੰਨ ਕੇ ਖਾਧਾ ਜਾ ਸਕਦਾ ਹੈ।
- ਪਾਲਕ, ਪੱਤਗੋਭੀ ਨਾਲ ਗੋਂਗਲੂ ਦੇ ਪੱਤੇ ਵੀ ਸਲਾਦ ਵਾਂਗ ਕੱਟ ਕੇ, ਉਨ੍ਹਾਂ ਉੱਤੇ ਓਲਿਵ ਤੇਲ ਅਤੇ ਨਿੰਬੂ ਪਾ ਕੇ ਖਾਧੇ ਜਾ ਸਕਦੇ ਹਨ।
- ਅਚਾਰ ਬਣਾ ਕੇ ਵੀ ਖਾਧਾ ਜਾ ਸਕਦਾ ਹੈ। ਤਲ ਕੇ ਖਾਣ ਨਾਲ ਗੋਂਗਲੂ ਵਿਚਲੇ ਅਸਰ ਘਟ ਜਾਂਦੇ ਹਨ।
ਅੰਤ ਵਿਚ ਇਹੋ ਦੱਸਣਾ ਹੈ ਕਿ ਜਿੰਨੀਆਂ ਖੋਜਾਂ ਕੈਂਸਰ ਲਈ ਵਧੀਆ ਅਸਰ ਵਿਖਾ ਚੁੱਕੀਆਂ ਹਨ, ਉਨ੍ਹਾਂ ਸਾਰੀਆਂ ਵਿਚ ਕੱਚਾ ਸ਼ਲਗਮ ਹੀ ਖਾਣ ਲਈ ਦਿੱਤਾ ਗਿਆ ਸੀ। ਹੁਣ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪਹਿਲਾਂ ਨੱਕ ਮੂੰਹ ਟੇਢਾ ਕਰ ਕੇ ਗੋਂਗਲੂ ਪਰ੍ਹਾਂ ਸੁੱਟ ਦਿੰਦੇ ਸਨ, ਇਸ ਲੇਖ ਨੂੰ ਪੜ੍ਹ ਕੇ ਰੋਜ਼ ਸੁਆਦ ਨਾਲ ਖਾਣਾ ਸ਼ੁਰੂ ਕਰ ਦੇਣਗੇ !









