ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਰਹੰਦ ਫ਼ਤਿਹ।

0
419

ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਰਹੰਦ ਫ਼ਤਿਹ।

ਸ਼ਮਸ਼ੇਰ ਸਿੰਘ ਜੇਠੂਵਾਲ

ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤੱਕ ਸਹਿਣ ਨਹੀਂ ਕੀਤੀ ਜਾਂਦੀ। ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਜਿਵੇਂ ਸਿੱਧੇ ਸ਼ਬਦਾਂ ’ਚ ਕਹਿ ਲਓ ਕਿ ਪਾਪ ਦਾ ਭਾਂਡਾ ਜਲਦੀ ਭਰ ਜਾਂਦਾ ਹੈ। ਇਸੇ ਕੜੀ ਦਾ ਹੀ ਇਕ ਹਿੱਸਾ ਹੈ ‘ਸਰਹਿੰਦ ਫ਼ਤਿਹ’, ਜਿਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੰਘਾਂ ਨਾਲ ਜ਼ਾਲਮਾਂ ਨੂੰ ਸੋਧਾ ਲਗਾ ਕੇ ਸਰਹਿੰਦ ਫ਼ਤਿਹ ਕੀਤੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕੇ ਆਪਣੇ ਸਿੱਖਾਂ ਨਾਲ ਤੋਰਿਆ ਤਾਂ ਇਕ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਬੰਦਾ ਸਿੰਘ  ! ਜ਼ਾਲਮਾਂ ਨੂੰ ਸੋਧਣ ਦੇ ਨਾਲ-ਨਾਲ ਅਕਾਲ ਪੁਰਖ ਨੂੰ ਨਾ ਵਿਸਾਰ ਦੇਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਸ਼ੀਰਵਾਦ ਲੈ ਕੇ ਜਦੋਂ ਪੰਜਾਬ ਵੱਲ ਰਵਾਨਗੀ ਪਾਈ ਤਾਂ ਸਿੰਘਾਂ ਦਾ ਜੋਸ਼ ਵੇਖਣ ਵਾਲਾ ਸੀ।

ਸਭ ਤੋਂ ਪਹਿਲੋਂ ਬੰਦਾ ਸਿੰਘ ਬਹਾਦਰ ਨੇ ਸਿਹਰੀ, ਸੋਨੀਪਤ, ਕੈਥਲ ’ਤੇ ਕਬਜ਼ਾ ਕੀਤਾ।  ਕੈਥਲ ਦੇ ਆਮਿਲ ਨੂੰ ਈਨ ਮਨਵਾ ਕੇ ਉਸ ਪਾਸੋਂ ਅਸਲਾ ਘੋੜੇ ਅਤੇ ਬਹੁਤ ਸਾਰਾ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖਜ਼ਾਨਾ, ਜੋ ਦਿੱਲੀ ਲਿਜਾਇਆ ਜਾ ਰਿਹਾ ਸੀ, ਲੁਟ ਕੇ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦਿੱਤਾ। ਇੱਥੋ ਦੇ ਆਮਿਲ ਨੂੰ ਦੀਨ ਮਨਾ ਕੇ ਬਹੁਤ ਸਾਰਾ ਅਸਲਾ ਘੋੜੇ ’ਤੇ ਮਾਲ ਉਸ ਤੋਂ ਭੀ ਲੈ ਲਏ। ਇੱਥੇ ਖ਼ਬਰ ਮਿਲੀ ਕਿ ਮੁਗਲਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਗੁਰੂ ਸਾਹਿਬ ’ਤੇ ਵਾਰ ਕਰ ਦਿੱਤਾ। ਇਹ ਖ਼ਬਰ ਸੁਣਦੇ ਸਾਰ ਬੰਦਾ ਬਹਾਦਰ ’ਚ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’ਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਨ੍ਹਾਂ ਦੇ ਜੀਵਨ ਦਾ ਇਸ ਤਰ੍ਹਾਂ ਦਾ ਕੋਈ ਮਕਸਦ ਸੀ। ਬੰਦਾ ਬਹਾਦਰ ਨੂੰ ਉਨ੍ਹਾਂ ਨੇ ਥਾਪੜਾ ਦੇ ਕੇ ਜ਼ਾਲਮ ਹਕੂਮਤ ਨਾਲ ਟੱਕਰ ਕਰਨ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਭੇਜਿਆ ਸੀ, ਨਾ ਕਿ ਕਿਸੇ ਬਦਲੇ ਵਾਸਤੇ ਪਰ ਕਿਸੇ ਇਨਸਾਨ ਦਾ ਦਿਲ ਇੰਨਾ ਵੱਡਾ ਨਹੀਂ ਹੋ ਸਕਦਾ, ਜਿਸ ਦੀ ਸੋਚ ਰੱਬੀ ਨੂਰ ਦੀ ਸੋਚ ਦਾ ਮੁਕਾਬਲਾ ਕਰੇ। ਜ਼ੁਲਮਾਂ ਦੇ ਬਦਲੇ ਦੀ ਭਾਵਨਾ ਬੰਦਾ ਬਹਾਦਰ ਵਿੱਚ ਸੀ, ਜਿਸ ਲਈ ਉਸ ਨੇ ਆਪਣੇ ਆਪ ਨੂੰ ਕਸੂਰ ਵਾਰ ਠਹਿਰਾਇਆ ਅਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁੱਲ ਬਖ਼ਸ਼ਵਾਈ।

ਬੰਦਾ ਸਿੰਘ ਦਾ ਮੁਖ ਮਕਸਦ ਸਰਹੰਦ ਦੇ ਵਜੀਰ ਨੂੰ ਮਾਰਨਾ ਸੀ ਕਿਉਂਕਿ ਸਰਹੰਦ ਇਕ ਤਾਕਤਵਰ ਸੂਬਾ ਸੀ ਅਤੇ ਉਸ ਦੀ ਆਪਣੀ ਫ਼ੌਜ ਵੀ ਕਾਫ਼ੀ ਸੀ। ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਲੈ ਸਕਦਾ ਸੀ। ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਬਾਂਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣਾ ਪੁੱਜਾ, ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦੀਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ। ਇਹ, ਮੁਗਲ ਰਾਜ ਦੀ ਧਾਰਮਿਕ ਅਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਸੀ। ਸਯੀਦਾਂ ਦਾ ਤਕੜਾ ਗੜ੍ਹ ਅਤੇ ਮਹੱਤਵ ਪੂਰਨ ਅਸਥਾਨ ਸੀ। ਇੱਥੇ 22 ਸ਼ਹੀਦ ਪਰਿਵਾਰ ਰਹਿੰਦੇ ਸਨ। ਹਰ ਇਕ ਕੋਲ ਆਪੋ-ਆਪਣੀ ਫ਼ੌਜ ਸੀ, ਜਿਸ ਨੂੰ ਜਿੱਤਣਾ ਸੌਖਾ ਨਹੀਂ ਸੀ। ਇੱਥੇ ਘਮਸਾਨ ਦਾ ਯੁੱਧ ਹੋਇਆ, ਹਜ਼ਾਰਾਂ ਮੁਗਲ ਫ਼ੌਜੀ ਸਿੰਘਾਂ ਦੀਆਂ ਤਲਵਾਰਾਂ ਦੀ ਭੇਟ ਚੜ੍ਹੇ ।  24 ਘੰਟਿਆਂ ਦੇ ਅੰਦਰ-ਅੰਦਰ ਸਮਾਣੇ ’ਤੇ ਕਬਜ਼ਾ ਕਰ ਲਿਆ। ਤਿੰਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜ਼ਾ ਦੇ ਕੇ ਕਤਲ ਕਰ ਦਿੱਤਾ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ।

ਇਨ੍ਹਾਂ ਸਾਰੀਆਂ ਜਿੱਤਾਂ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਲੋਕ, ਜੋ ਮੁਗਲ ਹਕੂਮਤ ਤੋਂ ਦੁੱਖੀ ਸਨ, ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਬੰਦਾ ਬਹਾਦਰ ਦੇ ਆਉਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਧਮਾਕੇ ਨੂੰ ਮੁਸਲਮਾਨ ਲਿਖਾਰੀ ‘ਅਜਲ ਬਲਾ’ ਲਿਖਦੇ ਹਨ ਕਿ ਪੰਜਾਬ ਦੀ ਸਿਆਸਤ ਵਿੱਚ ਉਹ ਹਲਚਲ ਮਚਾਈ ਕਿ ਇਕ ਵਾਰੀ ਤਾਂ ਧਰਤੀ ਨੂੰ ਕਾਂਬਾ ਛਿੜ ਗਿਆ। ਉੱਥੋਂ ਸਢੋਰੇ ਵੱਲ ਨੂੰ ਤੁਰ ਪਏ। ਇੱਥੋਂ ਦੇ ਹਾਕਮ ਓਸਮਾਨ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ, ਕਹਿੰਦੇ ਹਨ ਕਿ ਓਸਮਾਨ ਖਾਨ ਨੂੰ ਉਸ ਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸ ਗੜ੍ਹ ਦਾ ਕਿਲ੍ਹਾ ਫ਼ਤਿਹ ਕਰ ਲਿਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ।

ਉਸ ਤੋਂ ਉਪਰੰਤ ਅੰਬਾਲਾ-ਛਤ-ਬਨੂੜ, ਜੋ ਜ਼ੁਲਮ ਤੇ ਜਬਰ ਦੇ ਗੜ੍ਹ ਸੀ, ’ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਉਹ ਖਰੜ ਵੱਲ ਨੂੰ ਤੁਰ ਪਏ। ਬੰਦਾ ਸਿੰਘ ਦਾ ਆਉਣਾ ਸੁਣ ਕੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਸਨ। ਮਾਝੇ ਅਤੇ ਦੁਆਬੇ ਦੇ ਸਿੱਖਾਂ ਨੇ ਮੁਗਲ ਹਕੂਮਤ ਵਿਰੁਧ ਬਗਾਵਤ ਕਰ ਦਿੱਤੀ। ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹੰਦ ਵੱਲ ਕੂਚ ਕਰ ਦਿੱਤਾ। ਰੋਪੜ ਦੇ ਸਥਾਨ ’ਤੇ ਇਨ੍ਹਾਂ ਸਿੰਘਾਂ ਨਾਲ ਸ਼ਾਹੀ ਫ਼ੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖਾਨ ਦੇ ਹੁਕਮ ’ਤੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ ਖਾਨ) ਅਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ) ਸਮੇਤ ਸਿੱਖਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸਿੱਖਾਂ ਦੀ ਮਲੇਰ ਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ। ਦੋ ਦਿਨ ਖੂਨ ਡੋਲਵੀ ਲੜਾਈ ਵਿੱਚ ਖਿਜਰ ਖਾਨ, ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖ਼ਤ ਜ਼ਖ਼ਮੀ ਹੋ ਗਿਆ। ਸਿੰਘ ਇਹ ਲੜਾਈ ਜਿੱਤ ਕੇ ਬੰਦਾ ਸਿੰਘ ਬਹਾਦਰ ਨਾਲ ਆਣ ਮਿਲੇ।

ਇਹ ਸਾਰੀਆਂ ਜਿੱਤਾਂ ਆਉਣ ਵਾਲੀ ਸਰਹੰਦ ਦੀ ਵੱਡੀ ਮੁਹਿਮ ਦਾ ਆਧਾਰ ਬਣੀਆਂ। ਜਿੱਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ   ਸਰਹੰਦ ਦਾ ਸੂਬੇਦਾਰ ਵਜੀਰ ਖਾਨ ਨੂੰ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ ਉਹ ਖ਼ੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ ਅਤੇ 10000 ਘੋੜ ਸਵਾਰ, 5000 ਪਿਆਦਾ ਫੌਜ, ਅਨਗਿਣਤ ਬੰਦੂਕਾਂ, ਦਾਰੂ ਸਿਕਾ ਅਤੇ ਰਸਦ ਦੇ ਭੰਡਾਰ ਇੱਕਠੇ ਕੀਤੇ ਹੋਏ ਸੀ। ਰਾਜੇ ਰਜਵਾੜਿਆਂ ਨੂੰ ਬੁਲਾ ਲਿਆ, ਜੇਹਾਦ ਦਾ ਨਾਅਰਾ ਲਗਾ ਕੇ ਨਵਾਬਾਂ ਅਤੇ ਜਗੀਰਦਾਰਾਂ ਦੀਆਂ ਫ਼ੌਜਾਂ ਇੱਕਠੀਆਂ ਕਰ ਲਈਆਂ। ਸਰਹੰਦ ਨੂੰ ਬਚਾਣ ਲਈ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਪਹੁੰਚੇ ਹੋਏ ਸਨ। 20000 ਉਸ ਦੀ ਆਪਣੀ ਫੌਜ਼ ਸੀ। ਵੱਡੀ ਗਿਣਤੀ ’ਚ ਹਾਥੀ, ਘੋੜ-ਚੜੇ ਬੰਦੂਕਚੀ, ਨੇਜਾ ਬਰਦਾਰ ਤੇ ਤਲਵਾਰ-ਬਾਜ਼ ਸ਼ਾਮਲ ਸਨ।

ਵਜ਼ੀਰ ਖਾਨ ਨੇ ਖਾਲਿਸਾਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿੱਤੀ। ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ। ਗੋਲ਼ੀ ਸਿੱਕਾ ਬਾਰੂਦ ਨਾਲ ਕੋਠੇ ਭਰ ਲਏ। ਵਜੀਰ ਖਾਨ ਨੇ ਸਰਹੰਦ ਤੋਂ ਬੰਦਾ ਸਿੰਘ ਬਹਾਦਰ ਨੂੰ ਇੱਕ ਚਿੱਠੀ ਭੇਜੀ, ਜਿਸ ਵਿੱਚ ਲਿਖਿਆ ਕਿ ਤੈਨੂੰ ਸਿੱਖਾਂ ਦੇ ਉਸ ਗੁਰੂ ਨੇ ਭੇਜਿਆ ਹੈ, ਜਿਸ ਦੇ ਪੁੱਤਰਾਂ ਨੂੰ ਮੈਂ ਕੋਹ-ਕੋਹ ਕੇ ਮਾਰਿਆ ਹੈ। ਗੁਰੂ ਨੂੰ ਚਮਕੋਰ ਦੀ ਗੜੀ ਵਿੱਚੋਂ ਭਜਾ ਦਿੱਤਾ। ਮੇਰੀ ਫ਼ੌਜ ਦੇ ਫੋਲਾਦੀ ਦੰਦ ਹਨ, ਤੈਨੂੰ ਤਾਂ ਕੱਚਾ-ਚਬਾ ਜਾਣਗੇ। ਬੰਦਾ ਸਿੰਘ ਬਹਾਦੁਰ ਨੇ ਚਿੱਠੀ ਦਾ ਜਵਾਬ ਦਿੱਤਾ ਕਿ ਫੌਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀਂ ਚਬਾਏ ਜਾਂਦੇ। 

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਹੰਦ ਦਾ ਸੂਬਾ ਫਕਰ ਨਾਲ ਕਹਿ ਰਿਹਾ ਹੈ ਕਿ ਉਸ ਨੇ 5-7 ਸਾਲ ਦੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਿਆ ਹੈ। ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫ਼ਸੋਸ ਜਾਂ ਪਛੁਤਾਵਾ ਨਹੀਂ ਸੀ। ਉਸ ਦੀ ਜ਼ਮੀਰ ਨੇ ਕਦੀ ਉਸ ਨੂੰ ਝੰਝੋੜਿਆ ਨਹੀਂ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਮੁਗਲ ਹਕੂਮਤ ਵਹਿਸ਼ੀਆਨਾ ’ਤੇ ਦਰਿੰਦਗੀ ਨਾਲ ਜ਼ੁਲਮ ਕਰਦੇ ਕਰਦੇ ਹੁਣ ਤੱਕ ਐਨੀ ਆਦੀ ਤੇ ਪਰਪੱਕ ਹੋ ਚੁੱਕੀ ਸੀ ਕਿ ਜ਼ੁਲਮ ਕਰਨਾ ਉਨ੍ਹਾਂ ਦਾ ਪੈਸਾ, ਸਿਆਸੀ ਨੀਤੀ ’ਤੇ ਨਿਸ਼ਾਨਾ ਬਣ ਚੁੱਕਾ ਸੀ। ਸਰਹੰਦ ਕੂਚ ਕਰਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਖਾਲਿਸਾਈ ਫ਼ੌਜਾਂ ਨਾਲ ਇੱਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ, ਜਿਸ ਨਾਲ ਖਾੱਲਸਾਈ ਫ਼ੌਜ ਦੀ ਤਾਕਤ ਵਿੱਚ ਵਾਧਾ ਹੋ ਗਿਆ। ਬੰਦਾ ਸਿੰਘ ਬਹਾਦਰ ਕੋਲ ਸਿਰਫ਼ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਅਤੇ ਕੁਝ ਮਰਜੀਵੜੇ ਸਿੱਖ ਸਨ, ਜੋ ਜਾਨ ਤਲੀ ’ਤੇ ਰੱਖ ਕੇ ਲੜਨਾ ਮਰਨਾ ਜਾਣਦੇ ਸਨ। ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਜੀ ਦਾ ਥਾਪੜਾ ਅਤੇ ਆਸ਼ੀਰਵਾਦ ਉਨ੍ਹਾਂ ਦੇ ਨਾਲ ਸੀ। ਚੱਪੜ-ਚਿੜੀ ਦੇ ਮੈਦਾਨ ਵਿੱਚ ਦੋਨਾਂ ਫ਼ੌਜਾਂ ਆ ਡੱਟੀਆਂ। ਬੰਦਾ ਸਿੰਘ ਬਹਾਦਰ ਨੇ ਆਪਣੀ ਫ਼ੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇਕ ਜੱਥਾ, ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਤੇ ਦੂਸਰੇ ਜੱਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ ਸਨ।

12 ਮਈ 1710 ਨੂੰ ਚੱਪੜ-ਚਿੜੀ ਦੇ ਮੈਦਾਨ ਵਿੱਚ, ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋਂ ਕੋਈ 10 ਕੋਹ ਦੀ ਦੂਰੀ ’ਤੇ ਭਾਰੀ ਯੁੱਧ ਹੋਇਆ। ਲੜਾਈ ਸ਼ੁਰੂ ਹੋਣ ਤੋਂ ਪਹਿਲੋਂ ਵਜ਼ੀਰ ਖਾਨ ਨੇ ਇੱਕ ਚਾਲ ਚਲੀ। ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿੱਚ ਭਗਦੜ ਮਚਾਨ ਵਾਸਤੇ। ਸੁੱਚਾ ਨੰਦ ਦੇ ਭਤੀਜੇ ਗੰਡਾ ਮਲ ਨੂੰ 1000 ਫ਼ੌਜ ਦੇ ਕੇ ਬੰਦਾ ਸਿੰਘ ਬਹਾਦਰ ਕੋਲ ਭੇਜਿਆ, ਜਿਸ ਨੇ ਆ ਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ’ਤੇ ਬੇਹੱਦ ਸ਼ਰਮਿੰਦਾ ਹਾਂ, ਮੈਂ ਤੁਹਾਡੀ ਫ਼ੌਜ ਵਿੱਚ ਭਰਤੀ ਹੋ ਕੇ ਉਨ੍ਹਾਂ ਦੀ ਇਸ ਭੁੱਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਫ਼ੌਜ ਵਿੱਚ ਭਰਤੀ ਤਾਂ ਕਰ ਲਿਆ, ਪਰ ਬਾਜ ਸਿੰਘ ਨੂੰ ਕਹਿ ਦਿੱਤਾ ਕਿ ਇਸ ’ਤੇ ਨਜ਼ਰ ਰੱਖੀ ਜਾਏ। ਲੜਾਈ ਸ਼ੁਰੂ ਹੋਣ ’ਤੇ ਉਸ ਨੇ ਬੰਦਾ ਸਿੰਘ ਦੇ ਫ਼ੌਜੀ ਮਰਵਾਣੇ ਸ਼ੁਰੂ ਕਰ ਦਿੱਤੇ। ਬਾਜ ਸਿੰਘ ਨੇ ਇੱਕੋ ਝੱਟਕੇ ਨਾਲ ਉਸ ਦੀ ਗਰਦਨ ਉਤਾਰ ਦਿੱਤੀ ਤੇ ਬਾਕੀ ਧਾੜਵੀ ਉਸ ਦੇ ਸਾਥੀ ਸਭ ਖਿਸਕ ਗਏ।

ਲੜਾਈ ਸ਼ੁਰੂ ਹੋਈ। ਸਿੱਖਾਂ ਕੋਲ ਤੋਪਾਂ ਨਹੀਂ ਸਨ। ਦੁਸ਼ਮਣ ਦੀਆਂ ਤੋਪਾਂ ਨਾਲ ਮੁਕਾਬਲਾ ਕਰਨਾ ਔਖਾ ਸੀ। ਸੋ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਦੀ ਹਦਾਇਤ ਅਨੁਸਾਰ ਸਿੱਖ ਦੁਸ਼ਮਣ ਦੀਆਂ ਤੋਪਾਂ ’ਤੇ ਟੁੱਟ ਪਏ ਅਤੇ ਸਾਰੀਆਂ ਤੋਪਾਂ ਖੋਹ ਲਈਆਂ। ਹੱਥੋ-ਹੱਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ। ਖੰਡੇ ਨਾਲ ਖੰਡਾ ਖੜਕਿਆ। ਲੋਥਾਂ ਦੇ ਢੇਰ ਲੱਗ ਗਏ ਖੂਨ ਦੀਆਂ ਨਦੀਆਂ ਬਹਿ ਨਿਕਲੀਆਂ। ਵਜ਼ੀਰ ਖਾਨ ਨੇ ਸਿੱਖਾਂ ’ਤੇ ਕਾਬੂ ਪਾਉਣ ਲਈ ਆਪਣਾ ਹਾਥੀ ਅਗਲੀ ਪਾਲ ਵਿੱਚ ਲਿਆ ਕੇ ਗਾਜ਼ੀਆਂ ਨੂੰ ਹੱਲਾ ਸ਼ੇਰੀ ਦੇਣ ਲਗਾ। ਬਾਬਾ ਬੰਦਾ ਸਿੰਘ ਇਕ ਉਚੀ ਟਿੱਬੀ ’ਤੇ ਬੈਠ ਕੇ ਦੋਨੋਂ ਫ਼ੌਜਾਂ ਦਾ ਜਾਇਜ਼ਾ ਲੈ ਰਿਹਾ ਸੀ। ਇੱਕ ਦੰਮ ਉਠਿਆ ਅਤੇ ਮੁਹਰਲੀ ਕਤਾਰ ਵਿੱਚ ਆ ਕੇ ਵੈਰੀਆਂ ’ਤੇ ਬਿਜਲੀ ਵਾਂਗ ਟੁੱਟ ਪਿਆ। ਸਿੱਖਾਂ ਦੇ ਹੌਂਸਲੇ ਵਧ ਗਏ ਅਤੇ ਜੋਸ਼ ਚਰਮ ਸੀਮਾਂ ਤੱਕ ਪਹੁੰਚ ਗਿਆ। ਵਜ਼ੀਰ ਖਾਨ; ਬਾਜ ਸਿੰਘ ਤੇ ਫਤਿਹ ਸਿੰਘ ਵਿੱਚ ਘਿਰ ਗਏ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਅਤੇ ਉਸ ਦੀ ਬਾਂਹ ਕੱਟ ਦਿੱਤੀ। ਉਹ ਧਰਤੀ ’ਤੇ ਡਿੱਗ ਪਿਆ। ਵਜ਼ੀਰ ਖਾਨ ਨੂੰ ਜਿੰਦਾ ਦਬੋਚ ਲਿਆ ਗਿਆ। ਸ਼ਾਹੀ ਫੌਜ ਵਿੱਚ ਹਫੜਾ-ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ ਨਸ ਗਏ ਸਭ ਕੁਝ ਧਨ, ਮਾਲ, ਤੋਪਾਂ ਘੋੜੇ, ਰਸਦ ਸਿੱਘਾਂ ਦੇ ਹੱਥ ਆ ਗਏ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛੱਡੇ ਗਏ। ਨਗਾਰਾ ਵਜਿਆ। ਅਗਲੇ ਦਿਨ ਸਿੰਘਾਂ ਦੀ ਮਰਹਮ ਪੱਟੀ ਕੀਤੀ ਗਈ, ਸ਼ਹੀਦਾਂ ਦੇ ਸਸਕਾਰ ਕਰਕੇ ਸਰਹੰਦ ਸ਼ਹਿਰ ਨੂੰ ਘੇਰ ਲਿਆ।

ਸਿੱਖਾਂ ਨੇ ਸਰਹੰਦ ਵਿੱਚ ਪ੍ਰਵੇਸ਼ ਕੀਤਾ। ਵਜ਼ੀਰ ਖਾਨ ਦੀਆਂ ਲੱਤਾਂ ਨੂੰ ਰਸੇ ਨਾਲ ਬੰਨ ਦਿੱਤਾ। ਮੂੰਹ ਕਾਲਾ ਕਰਕੇ, ਘੋੜੇ ਪਿੱਛੇ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਘਸੀਟਿਆ ਗਿਆ। ਉਸ ਦੀ ਲਾਸ਼ ਚੀਲਾਂ ਅਤੇ ਕਾਂਵਾਂ ਵਾਸਤੇ ਦਰਖ਼ਤਾਂ ’ਤੇ ਲਟਕਾ ਦਿੱਤੀ। ਸੁੱਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿੱਤੀ। ਸੁੱਚਾ ਨੰਦ ਦੇ ਨੱਕ ਵਿੱਚ ਨਕੇਲ ਪਾ ਕੇ ਦਰ-ਦਰ ਤੋਂ ਭੀਖ ਮੰਗਵਾਈ। ਉਹ ਲੋਕਾਂ ਤੋਂ ਸਿਰ ਵਿੱਚ ਜੁੱਤੀਆਂ ਖਾਂਦਾ ਖਾਂਦਾ ਮਰ ਗਿਆ। ਵਜ਼ੀਰ ਖਾਨ ਦਾ ਵੱਡਾ ਪੁੱਤਰ ਡਰ ਕੇ ਦਿੱਲੀ ਭੱਜ ਗਿਆ। ਸਿੱਖਾਂ ਅਤੇ ਗਰੀਬ ਜਨਤਾ ’ਤੇ ਜ਼ੁਲਮ ਢਾਹੁਣ ਤੇ ਲੁੱਟ ਘਸੁੱਟ ਕਰਨ ਵਾਲੇ ਅਹਿਲਕਾਰਾਂ ’ਤੇ ਲਹੁ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿੱਤਾ ਗਿਆ। ਇਹ ਗੋਰਵਸ਼ਾਲੀ ਜਿੱਤ ’ਤੇ ਸੁਨਹਿਰੀ ਯਾਦਗਾਰ, ਜਿਸ ਨੇ ਖਾਲਸੇ ਪੰਥ ਦੇ ਮਨ-ਮਸਤਕ ’ਤੇ ਕਈ ਖਾਬ ਸਿਰਜੇ, ਜੋ ਹਕੀਕਤ ਵਿੱਚ ਤਬਦੀਲ ਹੋਏ। 

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫ਼ੌਜ ਅਤੇ ਇਲਾਕੇ ਦੀਆਂ ਸੰਗਤਾ ਨੇ ਇਕ ਵੱਡੇ ਇਕੱਠ ਵਿੱਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸਰਬ ਸਾਂਝੇ ਸਿੱਖ ਰਾਜ ਦਾ ਐਲਾਨ ਕੀਤਾ। ਸਿੱਖ ਰਾਜ ਦਾ ਝੰਡਾ ਉੱਥੇ ਲਹਿਰਾਇਆ, ਜਿੱਥੇ ਗੁਰੂ ਸਾਹਿਬ ਜੀ ਦੇ ਦੋਨੋਂ ਬੱਚੇ ਸ਼ਹੀਦ ਕੀਤੇ ਗਏ ਸਨ। ਬੰਦਾ ਸਿੰਘ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਨੂੰ ਉਸ ਦਾ ਵਜ਼ੀਰ ਥਾਪਿਆ ਗਿਆ।

ਜਿੱਤਾਂ ਦਾ ਸਿਲਸਲਾ ਚੱਲਦਾ ਰਿਹਾ। ਜੁਲਾਈ 1710 ਵਿੱਚ ਬੰਦਾ ਬਹਾਦਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ’ਤੇ ਫ਼ਤਿਹ ਕਰ ਲਈ। ਅਕਤੂਬਰ 1710 ਵਿੱਚ ਕਿਲਾ ਭਗਵੰਤ ਰਾਇ ਅਤੇ ਭਿਲੋਵਾਲ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ-ਨਾਲ ਆਪਣੇ ਜਿੱਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ। ਭਾਈ ਅਲੀ ਸਿੰਘ ਨੂੰ ਸਮਾਣੇ ਦਾ, ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿੱਤਾ ਗਿਆ।