ਮੂਲਮੰਤਰ ਅਤੇ ਬਾਣੀ ਸਿਰਲੇਖ ਦਾ ਸਥਾਨ ਅਤੇ ਵਿਵਾਦ
ਮੂਲਮੰਤਰ ਅਤੇ ਬਾਣੀ ਸਿਰਲੇਖ ਦਾ ਸਥਾਨ ਅਤੇ ਵਿਵਾਦ
ਗੁਰੂ ਗ੍ਰੰਥ ਸਾਹਿਬ ਜੀ ’ਚ ਪਹਿਲਾ ਸਥਾਨ ਮੰਗਲਾਚਰਨ ਦਾ ਹੋਣਾ ਚਾਹੀਦਾ ਹੈ ਜਾਂ ਸਿਰਲੇਖ ਦਾ; ਇਹ ਵਿਵਾਦ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਪ੍ਰਿੰਸੀਪਲ ਹਰਿਭਜਨ ਸਿੰਘ ਜੀ (ਚੰਡੀਗੜ੍ਹ), ਜੋ ਲੰਬਾ ਸਮਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਰਹੇ ਹਨ; ਉਨ੍ਹਾਂ ਨੇ ਆਪਣੀ ਪੁਸਤਕ ‘ਗੁਰਬਾਣੀ ਸੰਪਾਦਨ ਨਿਰਣੈ’ ’ਚ ਹੱਥ ਲਿਖਤ ਬੀੜਾਂ ਦੀਆਂ ਕਾਫ਼ੀ ਉਦਾਹਰਨਾਂ ਦੇ ਕੇ ਇਹ ਸਿੱਧ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੈਲੀ ਇਹ ਹੈ ਕਿ ਮੰਗਲਾਚਰਨ ਨੂੰ ਪੰਨੇ ਦੇ ਸੱਜੇ ਪਾਸੇ ਥੋੜ੍ਹਾ ਉੱਪਰ ਲਿਖ ਕੇ ਪਹਿਲ ਦਿੱਤੀ ਗਈ ਹੈ ਅਤੇ ਸ਼ਬਦ ਜਾਂ ਬਾਣੀ ਦੇ ਸਿਰਲੇਖ; ਹਰ ਪੰਨੇ ਦੇ ਖੱਬੇ ਪਾਸੇ ਥੋੜ੍ਹਾ ਹੇਠਾਂ ਜਾਂ ਕਈ ਵਾਰ ਬਰਾਬਰ ਲਿਖ ਕੇ ਮੰਗਲਾਚਰਨ ਨਾਲੋਂ ਦੂਸਰਾ ਸਥਾਨ ਦਿੱਤਾ ਗਿਆ ਹੈ। ਮੰਗਲਾਚਰਨ ਦਾ ਸਥਾਨ ਗੁਰਬਾਣੀ ਦੇ ਸਿਰਲੇਖ ਤੋਂ ਪਹਿਲੇ ਸਥਾਨ ’ਤੇ ਹੈ, ਇਹ ਤੱਥ ਹੱਥ ਲਿਖਤ ਬੀੜਾਂ ਦੀਆਂ ਕੁਝ ਕੁ ਹੇਠਾਂ ਦਿੱਤੀਆਂ ਫੋਟੋਆਂ ’ਚੋਂ ਵੀ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ :
ਕਰਤਾਰਪੁਰੀ ਬੀੜ
ਕਰਤਾਰਪੁਰੀ ਬੀੜ ਦੀ ਨਕਲ
ਕਹੀ ਜਾਂਦੀ ਬਾਬਾ ਦੀਪ ਸਿੰਘ ਵਾਲੀ ਸੁਨਹਿਰੀ ਜਿਲਦ ਵਾਲੀ ਬੀੜ
ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੀ ਪੁਸਤਕ ‘ਗੁਰਬਾਣੀ ਸੰਪਾਦਨ ਨਿਰਣੈ’ ਦੇ ਭਾਗ ‘ਮੰਗਲ ਪ੍ਰਬੰਧ’ ਦੇ ਸਿਰਲੇਖ ਹੇਠ ਬਹੁਤ ਹੀ ਵਿਸਥਾਰ ਸਹਿਤ ਲਿਖਿਆ ਹੈ ਕਿ ਕਰਤਾਰਪੁਰੀ ਬੀੜ ਦੀ ਸੰਪਾਦਨਾ ਸ਼ੈਲੀ ਇਹ ਸੀ ਕਿ ਪੰਨੇ ਦੇ ਸੱਜੇ ਪਾਸੇ ਦੇ ਅੱਧ ਨੂੰ ਸ੍ਰੇਸ਼ਟ ਮੰਨ ਕੇ ਮੰਗਲ (ਮੂਲ ਮੰਤਰ) ਹਮੇਸ਼ਾਂ ਸੱਜੇ ਅੱਧੇ ਪਾਸੇ ਹੀ ਲਿਖਿਆ ਅਤੇ ਕਦੀ ਵੀ ਖੱਬੇ ਪਾਸੇ ਨਹੀਂ ਆਉਣ ਦਿੱਤਾ ਭਾਵੇਂ ਕਿ ਕਈ ਥਾਂਈਂ ਦੋ ਜਾਂ ਤਿੰਨ ਸਤਰਾਂ ਵਿੱਚ ਹੀ ਕਿਉਂ ਨਾ ਲਿਖਣਾ ਪਵੇ। ਹੱਥ ਲਿਖਤ ਬੀੜਾਂ ’ਚ ਉਨ੍ਹਾਂ ਵੇਖਿਆ ਕਿ ਭਾਵੇਂ ਕਈ ਥਾਂਵਾਂ ’ਤੇ ਮੰਗਲ ਅਤੇ ਸਿਰਲੇਖ ਇੱਕੋ ਲਾਈਨ ’ਚ (ਮੰਗਲ ਸੱਜੇ ਪਾਸੇ ਅਤੇ ਸਿਰਲੇਖ ਖੱਬੇ ਪਾਸੇ) ਲਿਖੇ ਹੋਣ ਕਾਰਨ ਸਿਰਲੇਖ ਪਹਿਲਾਂ ਲਿਖੇ ਮਾਲੂਮ ਹੁੰਦੇ ਹਨ ਪਰ ਐਸਾ ਨਹੀਂ ਹੈ; ਜਿਸ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਕਈ ਵਾਰ ਸਿਰਲੇਖ ਦੇ ਕਿਸੇ ਸ਼ਬਦ ਦਾ ਕੋਈ ਇੱਕ ਅੱਧ ਅੱਖਰ ਪੰਨੇ ਦੇ ਵਿਚਕਾਰ ਜਿਹਾ ਜਾ ਕੇ ਆਪਣੀ ਲਾਈਨ ਤੋਂ ਉੱਪਰ ਜਾਂ ਹੇਠਾਂ ਲਿਖਿਆ ਹੁੰਦਾ ਹੈ ਕਿਉਂਕਿ ਉਸ ਲਾਈਨ ’ਚ ਅਗਾਂਹ (ਸੱਜੇ ਪਾਸੇ) ਤਾਂ ਮੰਗਲਾਚਰਨ; ਸ੍ਰੇਸ਼ਟ ਮੰਨ ਕੇ ਪਹਿਲਾਂ ਹੀ ਲਿਖੇ ਹੁੰਦੇ ਸਨ। ਜੇ ਸੱਜੇ ਪਾਸੇ ਮੰਗਲਾਚਰਨ ਪਹਿਲਾਂ ਨਾ ਲਿਖਿਆ ਹੁੰਦਾ ਤਾਂ ਸਿਰਲੇਖ ਦਾ ਇੱਕ ਅੱਧ ਅੱਖਰ ਉੱਪਰ ਜਾਂ ਹੇਠ ਲਿਖਣ ਦੀ ਲੋੜ ਨਾ ਪੈਂਦੀ ਸਗੋਂ ਸਿੱਧਾ ਇੱਕੋ ਸਤਰ ਵਿੱਚ ਲਿਖਿਆ ਜਾਂਦਾ। ਇਸ ਤੋਂ ਸਾਬਤ ਹੁੰਦਾ ਹੈ ਕਿ ਮੂਲਮੰਤਰ ਨੂੰ ਸਿਰਲੇਖ ਨਾਲੋਂ ਪਹਿਲ ਦਿੱਤੀ ਗਈ। ਮਿਸਾਲ ਵਜੋਂ ‘ਗੁਰਬਾਣੀ ਸੰਪਾਦਨ ਨਿਰਣੈ’ ਦੇ ਪੰਨਾ ਨੰ: 93 ਦੀ ਹੇਠਾਂ ਫੋਟੋ ਵੇਖੀ ਜਾ ਸਕਦੀ ਹੈ।
‘ਗੁਰਬਾਣੀ ਸੰਪਾਦਨ ਨਿਰਣੈ’ ਦੇ ਪੰਨਾ ਨੰ: 93 ਦੇ ਕੁਝ ਹਿੱਸੇ ਦੀ ਫੋਟੋ
ਇਸੇ ਪੰਨੇ ’ਤੇ ਪ੍ਰਿੰ: ਹਰਿਭਜਨ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਕਾਲ ’ਚ ਹੀ ਜਦ ਸੂਝਵਾਨ ਸੁਘੜ ਲਿਖਾਰੀਆਂ ਨੇ ਮੰਗਲਾਚਰਨ ਦੀ ਇਹ ਅਸ਼ੁੱਧ ਤਰਤੀਬ ਵੇਖੀ ਤਾਂ ਉਨ੍ਹਾਂ ਨੇ ਸਾਰੇ ਦੇ ਸਾਰੇ ਮੰਗਲ; ਉੱਪਰ ਕਰਕੇ ਅੰਕਿਤ ਕਰਨੇ ਅਰੰਭ ਕਰ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਹੀ ਲੇਖਕ (ਪ੍ਰਿੰ: ਹਰਿਭਜਨ ਸਿੰਘ) ਨੂੰ ਅਜਿਹੀਆਂ ਸੈਂਕੜੇ ਲਿਖਤੀ ਬੀੜਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ। ਇੱਥੇ ਵਿਸਥਾਰ ਦੇ ਡਰ ਤੋਂ ਕੇਵਲ ਕੁਝ ਕੁ ਬੀੜਾਂ ਦਾ ਵੰਨਗੀ ਮਾਤਰ ਹਵਾਲਾ ਦੇਣਾ ਉਚਿਤ ਸਮਝਦਾ ਹਾਂ।
ਇੱਕ ਬੀੜ ਭਾਈ ਹਰਦਾਸ ਜੀ ਦੀ ਲਿਖੀ ਹੋਈ ਹੈ। ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਮੁੱਖ ਚਹੁੰ ਲਿਖਾਰੀਆਂ ਵਿੱਚੋਂ ਇੱਕ ਉੱਘੇ ਲਿਖਾਰੀ ਸਨ। ਇਸ ਇਤਿਹਾਸਕ ਬੀੜ ’ਚ ਨਾ ਕੇਵਲ ਸਾਰੇ ਮੰਗਲ ਹੀ ਸਿਰਲੇਖਾਂ ਨਾਲੋਂ ਸਪਸ਼ਟ ਪਹਿਲਾਂ ਜਾਂ ਉੱਪਰ ਲਿਖੇ ਹੋਏ ਮਿਲਦੇ ਹਨ ਸਗੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਰੀ ਬਾਣੀ 15 ਰਾਗਾਂ ’ਚ; ਥਾਂ ਸਿਰ ਵੀ ਅੰਕਿਤ ਹੈ। ਇਸ ਪਾਵਨ ਬੀੜ ’ਚ ਜੋ ਸ਼ਬਦ ਲਿਖਾਰੀ ਨੇ ਲਿਖੇ ਹਨ ਉਹ ਗੁਰੂ ਕੇ ਸਿੱਖ ਦੇ ਸਿਦਕ, ਸ਼ਰਧਾ ਅਤੇ ਨਿਮ੍ਰਤਾ ਦੀ ਸਿਖਰ ਹਨ; ਜਿਵੇਂ ਕਿ ‘ਗ੍ਰੰਥ ਸੰਪੂਰਨ ਹੋਆ, ਲਿਖਿਆ ਹਰਿਦਾਸ ਲਿਖਾਰੀ, ਗੁਰੂ ਗੋਬਿੰਦ ਸਿੰਘ ਦੇ ਲਿਖਾਰੀ ਲਿਖਿਆ। ਭੂਲ ਚੂਕ ਹੋਵੇ ਸੋ ਸੋਧਨਾ, ਗੁਲਾਮ ਪਤਿਤ, ਅਘਪਤਿਤ ਮਹਾ ਪਤਿਤ ਹਰਿਦਾਸ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਦਾ।’
ਭਾਈ ਹਰਿਦਾਸ ਜੀ ਵਾਲੀ ਇਹ ਬੀੜ ਇਹ ਮੰਨਣ ਲਈ ਕਾਫ਼ੀ ਹੈ ਕਿ ਸਮੁੱਚੀ ਗੁਰਬਾਣੀ ’ਚ ਮੰਗਲ ਹਮੇਸ਼ਾਂ ਸਿਰਲੇਖਾਂ ਤੋਂ ਪਹਿਲਾਂ ਹੀ ਲਿਖੇ ਗਏ ਸਨ ਅਤੇ ਲਿਖੇ ਜਾਣੇ ਚਾਹੀਦੇ ਹਨ।
‘ਗੁਰਬਾਣੀ ਸੰਪਾਦਨ ਨਿਰਣੈ’ ਦੇ ਪੰਨਾ ਨੰ: 93 ਦੇ ਕੁਝ ਹਿੱਸੇ ਦੀ ਫੋਟੋ
ਪ੍ਰਿੰਸੀਪਲ ਯੋਧ ਸਿੰਘ ਜੀ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਨੇ ਮਿਤੀ 2-12-1951 ਨੂੰ ਕਰਤਾਰਪੁਰ ਵਿਖੇ ਧਾਰਮਕ ਸਲਾਹਕਾਰ ਕਮੇਟੀ ਦੀ ਮੀਟਿੰਗ ਰੱਖੀ ਤਾਂ ਜੋ ਉਹ, ਆਦਿ ਬੀੜ ਦੇ ਦਰਸ਼ਨ ਕਰਕੇ ਇਸ ਸੰਬੰਧੀ ਆਪਣੀ ਰਿਪੋਰਟ ਦੇਵੇ। ਧਾਰਮਕ ਸਲਾਹਕਾਰ ਕਮੇਟੀ ਨੇ ਇੱਕ ਲਿਖਤੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ, ਜਿਸ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਪੂਰੀ ਸੋਚ ਵਿਚਾਰ ਉਪਰੰਤ ਸ਼੍ਰੀ ਕਰਤਾਰਪੁਰ ਵਾਲੀ ਪਾਵਨ ਬੀੜ ਅਨੁਸਾਰ ਮੰਗਲਾਂ ਨੂੰ ਰਾਗਾਂ ਦੇ ਸਿਰਲੇਖ ਨਾਲੋਂ ਪਹਿਲਾਂ ਥਾਂ ਦੇਣ ਬਾਰੇ ਫ਼ੈਸਲਾ ਲਿਆ। ਇਸ ਤਰ੍ਹਾਂ ਕਰਨ ਦਾ ਮਨੋਰਥ ਪਾਵਨ ‘ਆਦਿ ਬੀੜ’ ਦੇ ਮੰਗਲਾਚਰਨ ਦੀ ਤਰਤੀਬ ਦੇ ਉਲਟ ਛਪੀਆਂ ਪ੍ਰਚਲਿਤ ਬੀੜਾਂ ’ਚ ਸਹਿਜ ਸੁਭਾਅ ਆ ਗਈ ਉਕਾਈ ਨੂੰ ਦੂਰ ਕਰਨਾ ਸੀ। ਇਸ ਤੋਂ ਵੱਧ ਹੋਰ ਕੁਝ ਹਰਗਿਜ਼ ਨਹੀਂ ਸੀ। ਇਸ ਰਿਪੋਰਟ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਨੇ 1952 ’ਚ ਬਲਾਕਾਂ ਰਾਹੀਂ ਬੀੜਾਂ ਛਾਪੀਆਂ, ਜਿਸ ਵਿੱਚ ਮੰਗਲਾਂ ਨੂੰ ਪਹਿਲਾ ਸਥਾਨ ਦਿੱਤਾ ਗਿਆ। ਇਹ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਵੱਲੋਂ ‘ਸ਼੍ਰੀ ਕਰਤਾਰਪੁਰ ਵਾਲੀ ਪਰਮ ਪਵਿੱਤਰ ਆਦਿ ਬੀੜ ਨਾਲ ਸੁਧਾਈ ਕਰਕੇ ਦਮਦਮਾ ਸਾਹਿਬ ਵਾਲੀ ਬੀੜ ਅਨੁਸਾਰ ਬਲਾਕਾਂ ਰਾਹੀਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਾਰੇ – ਜ਼ਰੂਰੀ ਵਾਕਫ਼ੀਅਤ’ ਨਾਮ ਹੇਠ ਛਾਪੇ ਗਏ ਕਿਤਾਬਚੇ ’ਚ ਪੂਰੇ ਵੇਰਵੇ ਸਹਿਤ ਦਿੱਤੀ ਗਈ ਹੈ।
ਇਸ ਬੀੜ ਦੀ ਛਪਾਈ ਨਾਲ ਇਹ ਵਿਵਾਦ ਤਕਰੀਬਨ ਹੱਲ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇਸ ਬੀੜ ਦੀ ਛਪਾਈ ਬਜ਼ਾਰੂ ਬੀੜਾਂ ਨਾਲੋਂ ਵਧੀਆ ਕਾਗਜ਼ ਅਤੇ ਸੁੰਦਰ ਪ੍ਰਿੰਟਿੰਗ ’ਚ ਹੋਣ ਤੋਂ ਇਲਾਵਾ ਜਿਲਦ ਵੀ ਬੜੀ ਸ਼ਾਨਦਾਰ ਸੀ ਅਤੇ ਭੇਟਾ ਵੀ ਵਾਜਬ ਸੀ। ਦੂਸਰਾ ਗੁਰਸਿੱਖਾਂ ਵਿੱਚ ਇਹ ਧਾਰਨਾ ਬਣ ਗਈ ਕਿ ਇਸ ਬੀੜ ਦੀ ਕਰਤਾਰਪੁਰੀ ਬੀੜ ਨਾਲ ਸੁਧਾਈ ਹੋਣ ਕਾਰਨ ਬਜ਼ਾਰੂ ਬੀੜਾਂ ਨਾਲੋਂ ਸ਼ੁੱਧ ਹੈ। ਇਹ ਭਾਵਨਾ ਬਣਨ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾ ਰਹੀਆਂ ਬੀੜਾਂ ਦੀ ਮੰਗ ਵਧ ਗਈ ਅਤੇ ਪ੍ਰਾਈਵੇਟ ਛਾਪੇਖਾਨੇ ਦੀਆਂ ਵੱਡੀ ਗਿਣਤੀ ’ਚ ਪਹਿਲਾਂ ਤੋਂ ਛਪੀਆਂ ਬੀੜਾਂ ਇੱਕ ਤਰ੍ਹਾਂ ਬਲਾਕ ਹੋ ਗਈਆਂ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਾਫ਼ੀ ਨੁਕਸਾਨ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਸੰਤ ਸਮਾਜ ਦੇ ਡੇਰੇਦਾਰਾਂ ਦੀ ਹਊਮੈਂ ਨੂੰ ਵੀ ਸੱਟ ਵੱਜ ਰਹੀ ਸੀ ਕਿਉਂਕਿ ਉਹ ਆਪਣੇ (ਅਖੌਤੀ) ਮਹਾਂ ਪੁਰਖਾਂ ਦੇ ਕਥਨ ਅਨੁਸਾਰ ਸਿਰਲੇਖਾਂ ਅਤੇ ਮੰਗਲਾਂ ਦੀ ਬੇ-ਤਰਤੀਬੀ ਵਾਲੀਆਂ ਬੀੜਾਂ ਨੂੰ ਹੀ ਸ਼ੁੱਧ ਮੰਨ ਰਹੇ ਸਨ। ਇੰਨੇ ’ਚ ਸੰਤ ਫ਼ਤਹਿ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਤ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ। ਸੰਤਾਂ ਦੀ ਇਸ ਜੋੜੀ ਤੱਕ ਸੰਤ ਸਮਾਜ ਦੀ ਰਿਸਾਈ ਸੁਖਾਲੀ ਹੋ ਗਈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਪ੍ਰਾਈਵੇਟ ਛਾਪੇਖਾਨੇ ਵਾਲਿਆਂ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 1952 ’ਚ ਛਾਪੀਆਂ ਬੀੜਾਂ ਨਾਲ ਆਰਥਿਕ ਤੌਰ ’ਤੇ ਨੁਕਸਾਨ ਉਠਾਉਣਾ ਪੈ ਰਿਹਾ ਸੀ ਉਨ੍ਹਾਂ ਨੇ ਸੰਤ ਸਮਾਜ ਦੀ ਮੁਹਿੰਮ ਤੇਜ਼ ਕਰਨ ਲਈ ਆਰਥਿਕ ਮਦਦ ਵੀ ਕੀਤੀ। ਇਸ ਤਰ੍ਹਾਂ ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਸੰਨ 1964 ’ਚ ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ (ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੁਖੀ ਸੰਤਾਂ ਦੀ ਰਾਹੀਂ ਪਹਿਲਾਂ ਦੀ ਤਰ੍ਹਾਂ ਮੰਗਲਾਂ ਨੂੰ ਬੇ-ਤਰਤੀਬੀ ’ਚ ਛਪਵਾਉਣ ’ਚ ਸਫਲ ਹੋ ਗਏ। ਸੰਭਵ ਹੈ ਕਿ ਕਿਸੇ ਗੁਰਸਿੱਖ ਦੇ ਘਰ ਹਾਲੀ ਵੀ 1952 ਵਾਲੀ ਬੀੜ ਹੋਵੇ ਪਰ ਹਰ ਵਿਅਕਤੀ ਲਈ ਉਸ ਦੀ ਭਾਲ ਕਰਨੀ ਆਸਾਨ ਕੰਮ ਨਹੀਂ ਹੈ।
ਇੱਕ ਹੱਥ ਲਿਖਤ ਬੀੜ ਦੇ ਪੱਤਰਾ ਨੰ: ੬੪੬ ’ਤੇ ਪ੍ਰਭਾਤੀ ਰਾਗ ’ਚ ਭਗਤ ਬੇਣੀ ਜੀ ਦੇ ਸ਼ਬਦ ‘‘ਤਨਿ ਚੰਦਨੁ ਮਸਤਕਿ ਪਾਤੀ ॥’’ ਵਾਲੇ ਸ਼ਬਦ ਤੋਂ ਬਾਅਦ ਪੱਤਰਾ ਨੰ: ੬੪੭ ’ਤੇ ‘‘ਸਲੋਕ ਸਹਸਕ੍ਰਿਤੀ ਮਹਲਾ ੧’’ ਦੇ ਸਿਰਲੇਖ ਹੇਠ ਬਾਣੀ ਦਰਜ ਹੈ। ਇਹ ਪ੍ਰਤੱਖ ਸਬੂਤ ਹੈ ਕਿ ਇਹ ਬੀੜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੋਣ ਤੋਂ ਪਹਿਲਾਂ ਭਾਵ ਸੰਨ 1675 ਤੋਂ ਪਹਿਲਾਂ ਦੀ ਕਰਤਾਰਪੁਰ ਵਾਲੀ ਕਿਸੇ ਬੀੜ ਦੀ ਨਕਲ ਹੈ। ਹੱਥ ਲਿਖਤ ਇਸ ਬੀੜ ਦੇ ਪਾਵਨ ਅੰਕ ੬੪੬ ’ਤੇ ਮੰਗਲਾਚਰਨ ਅਤੇ ਸਿਰਲੇਖ ਦੀ ਤਰਤੀਬ ਇਸ ਤਰ੍ਹਾਂ ਹੈ ‘‘ੴ ਸਤਿਗੁਰਪ੍ਰਸਾਦਿ ॥ ਪ੍ਰਭਾਤੀਭਗਤਬੇਣੀਜੀਕੀ ॥ ਤਨਿਚੰਦਨੁਮਸਤਕਿਪਾਤੀ ॥’’ ਭਾਵ ਮੰਗਲਾਚਰਨ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ।
————————————————————————————
ਦਮਦਮੀ ਟਕਸਾਲ ਵੱਲੋਂ ਮੌਜੂਦਾ ਛਾਪੀ ਜਾ ਰਹੀ ਸੈਂਚੀ
ਪਰ ਦਮਦਮੀ ਟਕਸਾਲ ਵੱਲੋਂ ਮੌਜੂਦਾ ਛਾਪੀ ਜਾ ਰਹੀ ਸੈਂਚੀ ’ਚ ਤਰਤੀਬ ਇਸ ਤਰ੍ਹਾਂ ਹੈ ‘‘ਪ੍ਰਭਾਤੀਭਗਤਬੇਣੀਜੀਕੀ॥ ੴ ਸਤਿਗੁਰਪ੍ਰਸਾਦਿ ॥ ਤਨਿਚੰਦਨੁਮਸਤਕਿਪਾਤੀ ॥’’ (ਗੁਰੂ ਗ੍ਰੰਥ ਸਾਹਿਬ – ਅੰਗ ੧੩੫੧) ਭਾਵ ਸਿਰਲੇਖ ਨੂੰ ਪਹਿਲੇ ਸਥਾਨ ’ਤੇ ਰੱਖਿਆ ਗਿਆ ਹੈ; ਜੋ ਗੁਰਬਾਣੀ ਦੀ ਲਿਖਣਸ਼ੈਲੀ ਦੇ ਸਰਾਸਰ ਵਿਰੋਧ ’ਚ ਹੈ ਕਿਉਂਕਿ ਗੁਰਬਾਣੀ ਦੀ ਲਿਖਣਸ਼ੈਲੀ ਮੁਤਾਬਕ ਸਿਰਲੇਖ ਮਹਲਾ ੧ ਜਾਂ ੨; ੩ ਆਦਿਕ ਜਾਂ ਕਿਸੇ ਭਗਤ ਸਾਹਿਬਾਨ ਦਾ ਨਾਮ ਲਿਖੇ ਜਾਣ ਉਪਰੰਤ, ਅਗਲੇ ਸਿਰਲੇਖ ਤੱਕ ਸਾਰੀ ਬਾਣੀ ਸਿਰਲੇਖ ਨਾਲ ਸੰਬੰਧਿਤ ਗੁਰੂ ਸਾਹਿਬ ਜਾਂ ਭਗਤ ਸਾਹਿਬ, ਜਿਸ ਦਾ ਨਾਮ ਲਿਖਿਆ ਹੁੰਦਾ ਹੈ, ਉਨ੍ਹਾਂ ਦੀ ਬਾਣੀ ਮੰਨੀ ਜਾਂਦੀ ਹੈ। ਪ੍ਰਚਲਿਤ ਬੀੜਾਂ ’ਚ ‘‘ਪ੍ਰਭਾਤੀਭਗਤਬੇਣੀਜੀਕੀ॥ ੴ ਸਤਿਗੁਰਪ੍ਰਸਾਦਿ ॥’’ ਤਰਤੀਬ ਅਨੁਸਾਰ ਲਿਖਿਆ ਹੋਣ ਕਰਕੇ ‘‘ੴ ਸਤਿਗੁਰਪ੍ਰਸਾਦਿ ॥’’ ਵੀ ਭਗਤ ਬੇਣੀ ਜੀ ਦੀ ਰਚਨਾ ਮੰਨੀ ਜਾਏਗੀ, ਜੋ ਮੰਨਣਯੋਗ ਨਹੀਂ ਕਿਉਂਕਿ ਸਮੁੱਚਾ ਪੰਥ ਮੰਨਦਾ ਹੈ ਕਿ ‘‘ੴ ’’ ਗੁਰੂ ਨਾਨਕ ਸਾਹਿਬ ਜੀ ਦੀ ਹੀ ਰਚਨਾ ਹੈ। ਇਸ ਤੱਥ ਨੇ ਸਿੱਧ ਕਰ ਦਿੱਤਾ ਹੈ ਕਿ ਹਰ ਥਾਂ ਮੰਗਲਾਚਰਨ ਨੂੰ ਪਹਿਲੇ ਸਥਾਨ ’ਤੇ ਰੱਖਿਆ ਜਾਣਾ ਹੀ ਯੋਗ ਹੈ। ਸ਼੍ਰੋਮਣੀ ਕਮੇਟੀ ਦੀਆਂ ਛਪੀਆਂ ਮੌਜੂਦਾ ਬੀੜਾਂ ’ਚ ਮੰਗਲਾਚਰਨ ਅਤੇ ਸਿਰਲੇਖ ਦੀ ਤਰਤੀਬ ਬਦਲੇ ਜਾਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਜਿਸ ਹੱਥ ਲਿਖਤ ਬੀੜ ਨਾਲ ਉਨ੍ਹਾਂ ਸੁਧਾਈ ਕੀਤੀ ਹੋਵੇਗੀ; ਗੁਰਬਾਣੀ ਦੀ ਲਿਖਣਸ਼ੈਲੀ ਅਤੇ ਤਰਤੀਬ ਮੁਤਾਬਕ ਉਸ ਦੇ ਪੰਨੇ ਦੇ ਸੱਜੇ ਪਾਸੇ ਮੰਗਲਾਚਰਨ ਲਿਖ ਕੇ ਪਹਿਲ ਦਿੱਤੀ ਹੋਵੇ ਅਤੇ ਸਿਰਲੇਖ ‘‘ਪ੍ਰਭਾਤੀਭਗਤਬੇਣੀਜੀਕੀ॥’’ ਨੂੰ ਖੱਬੇ ਪਾਸੇ ਲਿਖ ਕੇ ਦੂਸਰੇ ਸਥਾਨ ’ਤੇ ਰੱਖਿਆ ਹੋਵੇ ਪਰ, ਕਿਉਂਕਿ ਗੁਰਮੁਖੀ ਦੀ ਲਿਖਾਈ ਖੱਬੇ ਪਾਸੇ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਨੂੰ ਲਿਖੀ ਜਾਂਦੀ ਹੈ ਇਸ ਲਈ ਉਸ ਤੋਂ ਨਕਲ ਕਰਨ ਵਾਲੇ ਕਿਸੇ ਨੇ ਸਿਰਲੇਖ ਨੂੰ ਮੰਗਲਾਚਰਨ ਤੋਂ ਪਹਿਲਾਂ ਲਿਖ ਦਿੱਤਾ ਅਤੇ ਅੱਗੇ ਤੋਂ ਅੱਗੇ ਨਕਲ ਦਰ ਨਕਲ ਹੁੰਦਿਆਂ ਇਸੇ ਤਰ੍ਹਾਂ ਪ੍ਰਚਲਿਤ ਹੋ ਗਿਆ। ਇਹ ਸਿਰਫ ਇੱਕ ਉਦਾਹਰਨ ਹੈ। ਮੰਗਲਾਚਰਨ ਅਤੇ ਸਿਰਲੇਖਾਂ ਦੇ ਸੈਂਕੜੇ ਫੇਰਬਦਲ ਇਸੇ ਤਰ੍ਹਾਂ ਪ੍ਰਚਲਿਤ ਹੋ ਗਏ।
ਇਸ ਵਿਚਾਰ ਨਾਲ ਤਕਰੀਬਨ ਸਾਰੇ ਹੀ ਸਹਿਮਤ ਹਨ ਕਿ ਜਿਹੜੀ ਬੀੜ ਮੁੱਢਲੇ ਤੌਰ ’ਤੇ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਭਾਈ ਗੁਰਦਾਸ ਜੀ ਦੁਆਰਾ ਲਿਖਵਾਈ ਸੀ ਉਸ ਵਿੱਚ ਕੋਈ ਵੀ ਉਕਾਈ ਨਹੀਂ ਸੀ, ਪਰ ਉਸ ਦੀ ਨਕਲ ਦਰ ਨਕਲ ਕਰਦਿਆਂ ਸੁਭਾਵਕ ਹੋਣ ਵਾਲੀਆਂ ਗਲਤੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਗੁਰਦੁਆਰਾ ਮੰਜੀ ਸਾਹਿਬ ਦੀ ਸਟੇਜ ਤੋਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਕੋਸਦੇ ਹੋਏ ਕਿਹਾ ਕਿ ਅਮਰੀਕਾ ਦੇ ਕਿਸੇ ਵਿਅਕਤੀ ਨੇ ਮਨਮਰਜ਼ੀ ਦੀਆਂ ਤਬਦੀਲੀਆਂ ਕਰਕੇ ਬੀੜ ਛਾਪ ਦਿੱਤੀ ਹੈ ਪਰ ਇਨ੍ਹਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੇ ਧੁੰਮੇ ਦੇ ਇਨ੍ਹਾਂ ਬੋਲਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਝੱਟ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ’ਚ ਪਾਠ-ਭੇਦ ਅੰਤਰ ਸੰਬੰਧੀ ਚੱਲ ਰਹੇ ਮੌਜੂਦਾ ਵਿਵਾਦ ’ਤੇ ਵੀਚਾਰ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ 3 ਮਈ 2022 ਨੂੰ ਪੰਥਕ ਇਕੱਠ ਸੱਦ ਲਿਆ। ਇਸੇ ਸੰਦਰਭ ’ਚ ਸਿੱਖ ਰਿਸਰਚ ਇੰਸਟੀਚੂਟ ਵੈਨਕੂਵਰ (ਕੈਨੇਡਾ) ਵੱਲੋਂ ਮਿਤੀ 6 ਅਪ੍ਰੈਲ 2022 ਨੂੰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਪੱਤਰ ਲਿਖਿਆ, ਜਿਸ ਦੀਆਂ ਕਾਪੀਆਂ ਉਨ੍ਹਾਂ ਸ: ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ: ਸਤਵੀਰ ਸਿੰਘ (ਸਕੱਤਰ ਸ਼੍ਰੋਮਣੀ ਕਮੇਟੀ), ਡਾ: ਚਮਕੌਰ ਸਿੰਘ (ਕਨਵੀਨਰ ਸਬ ਕਮੇਟੀ), ਸ: ਜਸਪਾਲ ਸਿੰਘ (ਨਿਜੀ ਸਹਾਇਕ ਗਿਆਨੀ ਹਰਪ੍ਰੀਤ ਸਿੰਘ), ਸ: ਥਮਿੰਦਰ ਸਿੰਘ ਅਨੰਦ ਸਿੱਖ ਬੁੱਕ ਕਲੱਬ, ਯੂ.ਐੱਸ.ਏ. ਨੂੰ ਭੇਜੀ ਗਈ। ਸਿੱਖ ਰਿਸਰਚ ਇੰਸਟੀਚੂਟ ਵੈਨਕੂਵਰ ਨੇ ਆਪਣੇ ਪੱਤਰ ’ਚ ਪ੍ਰਾਈਵੇਟ ਛਾਪੇਖਾਨੇ ਵਾਲਿਆਂ ਵੱਲੋਂ ਜਾਰੀ ਕੀਤੀ ਸੂਚੀ ‘ਗਲਤੀਨਾਮਾ ਗੁਰੂ ਗ੍ਰੰਥ ਸਾਹਿਬ’ ਸਮੇਤ ਉਨ੍ਹਾਂ 18 ਵਿਦਵਾਨਾਂ, ਲੇਖਕਾਂ ਦੀ ਸੂਚੀ ਅਤੇ ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ਨੇ ਵੱਖ ਵੱਖ ਹੱਥ ਲਿਖਤ ਬੀੜਾਂ ਦਾ ਮੁਤਾਲਿਆ ਕਰਕੇ ਪਾਠ-ਭੇਦ ਅੰਤਰ ਦੀਆਂ ਸੂਚੀਆਂ ਤਿਆਰ ਕੀਤੀਆਂ ਹਨ। ਇਸ ਸੂਚੀ ਵਿੱਚ ਭਾਈ ਯੋਧ ਸਿੰਘ, ਡਾ: ਗੁਲਜਾਰ ਸਿੰਘ ਕੰਗ, ਡਾ: ਹਰਕੀਰਤ ਸਿੰਘ, ਦਮਦਮੀ ਟਕਸਾਲ ਜਥਾ ਭਿੰਡਰਾਂ ਵੱਲੋਂ ਪ੍ਰਕਾਸ਼ਤ ਗੁਰਬਾਣੀ ਪਾਠ ਦਰਪਣ, ਪ੍ਰੋ: ਸਾਹਿਬ ਸਿੰਘ, ਭਾਈ ਭਗਵਾਨ ਸਿੰਘ ਸੇਵਕ, ਅਕਾਲੀ ਕੌਰ ਸਿੰਘ ਨਿਹੰਗ, ਪ੍ਰੋ: ਪਿਆਰਾ ਸਿੰਘ ਪਦਮ, ਸੰਤ ਟਹਿਲ ਸਿੰਘ, ਡਾ: ਮਾਨ ਸਿੰਘ ਨਿਰੰਕਾਰੀ, ਭਾਈ ਜੋਗਿੰਦਰ ਸਿੰਘ ਤਲਵਾੜਾ, ਗਿਆਨੀ ਹਰਬੰਸ ਸਿੰਘ ਪਟਿਆਲਾ, ਪ੍ਰਿੰ: ਹਰਿਭਜਨ ਸਿੰਘ ਆਦਿ ਦੇ ਨਾਮ ਲਿਖਣ ਤੋਂ ਇਲਾਵਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਪ੍ਰਕਾਸ਼ਤ ਪਾਠ-ਸੈਂਚੀਆਂ; ਗੁਰੂ ਖ਼ਾਲਸਾ ਪ੍ਰੈੱਸ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਕੀਤੇ ਗਏ ਪੋਥੀ ਰੂਪ ਗੁਰੂ ਗ੍ਰੰਥ ਸਾਹਿਬ ਅਤੇ ਸਿੰਘ ਬ੍ਰਦਰਜ਼ ਅਤੇ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਛਪੇ ਪੁਰਾਤਨ ਗੁਟਕਿਆਂ ਵਿੱਚ ਪਾਠ-ਅੰਤਰ ਵੱਲ ਧਿਆਨ ਦਿਵਾਉਂਦਿਆਂ ਬੇਨਤੀ ਕੀਤੀ ਕਿ ਅੰਤਮ ਫ਼ੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਵਿਦਵਾਨਾਂ ਵੱਲੋਂ ਕੀਤੇ ਖੋਜ ਕਾਰਜਾਂ ’ਤੇ ਵੀ ਪਿਆਰ ਅਤੇ ਸਦਭਾਵਨਾਂ ਨਾਲ ਵੀਚਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਬੇਨਤੀ ਕੀਤੀ ਕਿ ਡਾ: ਅਮਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਜਿਨ੍ਹਾਂ ਨੇ ਹੱਥ ਲਿਖਤ ਬੀੜਾਂ ਨੂੰ ਡਿਜ਼ਟੀਲਾਈਜ਼ਡ ਕਰਨ ਸੰਬੰਧੀ ਅਤੇ ਭਾਈ ਭਰਪੂਰ ਸਿੰਘ ਜੀ ਸਾਬਕਾ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਪਾਠ-ਭੇਦਾਂ ਸੰਬੰਧੀ ਖੋਜ ਕਾਰਜ ਕੀਤਾ ਹੈ, ਪੈਦਾ ਹੋਏ ਮਸਲੇ ਦੀ ਪੜਤਾਲ ਕਮੇਟੀ ’ਚ ਸ਼ਾਮਲ ਕੀਤੇ ਜਾਣ ਤਾਂ ਜੋ ਪੰਥ ਪ੍ਰਵਾਨਿਤ ਨਤੀਜੇ ’ਤੇ ਪਹੁੰਚ ਕੇ ਮਸਲੇ ਦਾ ਸਦੀਵੀ ਹੱਲ ਲੱਭਿਆ ਜਾਵੇ। ਆਪਣੇ ਵੱਲੋਂ ਇਹ ਸੁਝਾਅ ਵੀ ਦਿੱਤਾ ਕਿ ਜੇ ਯੋਗ ਸਮਝੋ ਤਾਂ ਸਿੱਖ ਰਿਸਰਚ ਇੰਸਟੀਚੂਟ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਟੀਮ ਦੇ ਮੈਂਬਰ ਡਾ: ਜਸਵੰਤ ਸਿੰਘ ਡਾਇਰੈਕਟਰ ਗੁਰਬਾਣੀ ਰਿਸਰਚ ਅਤੇ ਸ: ਹਰਜਿੰਦਰ ਸਿੰਘ ਰਿਸਰਚ ਐਸੋਸ਼ੀਏਟ ਵੀ ਇਸ ਕਾਰਜ ’ਚ ਸਹਾਈ ਹੋ ਸਕਦੇ ਹਨ।
ਸਿੱਖ ਰਿਸਰਚ ਇੰਸਟੀਚੂਟ ਤੋਂ ਇਲਾਵਾ ਹੋਰਨਾਂ ਕਈ ਸੰਸਥਾਵਾਂ ਵੱਲੋਂ ਵੀ ਇਸ ਤਰ੍ਹਾਂ ਦੇ ਸੁਝਾਅ ਦਿੰਦਿਆਂ ਲਿਖਿਆ ਕਿ ਕੋਈ ਅੰਤਮ ਫ਼ੈਸਲਾ ਲੈਣ ਤੋਂ ਪਹਿਲਾਂ ਹੁਣ ਤੱਕ ਦੇ ਹੋਏ ਖੋਜ ਕਾਰਜਾਂ ਨੂੰ ਧਿਆਨ ’ਚ ਰੱਖਿਆ ਜਾਵੇ, ਪਰ ਜਿਹੜੇ ਆਪਣੇ ਡੇਰਿਆਂ ਦੇ ਮੁਖੀ ਨੂੰ ਗੁਰੂ ਅਰਜਨ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨਾਲੋਂ ਵੀ ਵੱਧ ਮਹੱਤਤਾ ਦਿੰਦੇ ਹੋਣ ਉਨ੍ਹਾਂ ਲਈ ਕਿਸੇ ਵਿਦਵਾਨ ਦੇ ਖੋਜ ਕਾਰਜਾਂ ਨੂੰ ਵੀਚਾਰਨ ਦਾ ਸਮਾਂ ਹੀ ਕਿੱਥੇ ਹੈ ? ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਇਕੱਤਰਤਾ ’ਚ ਜਜ਼ਬਾਤੀ ਭਾਸ਼ਣ ਦੇਣ ਪਿੱਛੋਂ ਤਕਰੀਬਨ ਬਹੁ ਗਿਣਤੀ ਅਵਾਜ਼ ਸੀ ਕਿ ਇਸ ਮੁੱਦੇ ਨੂੰ ਕਮੇਟੀ ਦੇ ਹਵਾਲੇ ਕਰਨਾ ਠੰਡੇ ਬਸਤੇ ’ਚ ਪਾਉਣ ਦੇ ਤੁਲ ਹੈ; ਜੋ ਵੀ ਫ਼ੈਸਲਾ ਲੈਣਾ ਹੈ ਉਹ ਤੁਰੰਤ ਹੁਣੇ ਸੁਣਾਇਆ ਜਾਵੇ। ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇ ਇੱਥੋਂ ਹੁਕਮ ਹੋਵੇ ਤਾਂ ਮੈਂ ਜਾਂ ਸਾਡੇ ਜਥੇ ਦੇ ਸਿੰਘ; ਸਾਡੇ ਪਿਉ ਦੀ ਦਾਹੜੀ ਨੂੰ ਹੱਥ ਪਾਉਣ ਵਾਲੇ ਥਮਿੰਦਰ ਸਿੰਘ ਨੂੰ ਯੂ. ਐੱਸ. ਏ. ਤੋਂ ਧੂ ਕੇ ਇੱਥੇ ਲਿਆ ਸਕਦੇ ਹਨ।
ਅਜਿਹੇ ਜਜ਼ਬਾਤੀ ਬਿਆਨ ਦੇਣ ਵਾਲਿਆਂ ਨੂੰ ਇਹ ਸਵਾਲ ਤਾਂ ਪੁੱਛਣੇ ਹੀ ਬਣਦੇ ਹਨ ਕਿ ਪਿੰਡ ਜਵਾਹਰਕੇ ਦੇ ਗੁਰਦੁਆਰਾ ਸਾਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਵਾਲਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਬਰਗਾੜੀ ਦੀਆਂ ਗਲੀਆਂ ਨਾਲੀਆਂ ’ਚ ਖਿਲਾਰਨ ਵਾਲਿਆਂ ’ਚੋਂ ਕਿੰਨਿਆਂ ਕੁ ਨੂੰ ਤੁਸੀਂ ਧੂ ਕੇ ਲਿਆਂਦਾ ਹੈ ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ੍ਵਾਂਗ ਰਚਣ ਵਾਲੇ ਸੌਦਾ ਸਾਧ ਵਿਰੁੱਧ ਦਰਜ ਕੇਸ ਨੂੰ ਵਾਪਸ ਲੈਣ ਵਾਲਿਆਂ ’ਚੋਂ ਕਿੰਨਿਆਂ ਕੁ ਨੂੰ ਧੂ ਕੇ ਇੱਥੇ ਲਿਆਂਦਾ ਹੈ ? ਉਸ ਸ੍ਵਾਂਗਧਾਰੀ, ਬਲਾਤਕਾਰੀ ਅਤੇ ਕਤਲਾਂ ਦੇ ਦੋਸ਼ੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੰਗਿਆਂ ਮਾਫੀ ਦਿਵਾਉਣ ਵਾਲਿਆਂ ਅਤੇ ਦੇਣ ਵਾਲੇ ਜਥੇਦਾਰਾਂ ’ਚੋਂ ਕਿੰਨਿਆਂ ਕੁ ਨੂੰ ਤੁਸੀਂ ਧੂ ਕੇ ਲਿਆਂਦਾ ਹੈ ? ਹੋਰ ਤਾਂ ਹੋਰ ਅਮਰੀਕਾ ਵਾਸੀ ਉਸ ਥਮਿੰਦਰ ਸਿੰਘ ਨੂੰ ਤਾਂ ਪੰਥ ’ਚੋਂ ਛੇਕਣ ਦਾ ਆਖਰੀ ਹਥਿਆਰ ਚਲਾ ਦਿੱਤਾ ਪਰ ਥਮਿੰਦਰ ਸਿੰਘ ਨੇ ਜੋ ਆਪਣੇ ਵੱਲੋਂ ਸਪਸ਼ਟੀਕਰਨ ਦਿੱਤਾ ਸੀ (ਜਿਸ ਦੀ ਪਹੁੰਚ ਦੀ ਪੁਸ਼ਟੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਕਰਦਿਆਂ ਕਿਹਾ ਸੀ ਕਿ ਉਹ ਜਥੇਦਾਰ ਅਕਾਲ ਤਖ਼ਤ ਨੂੰ ਵੀਚਾਰ ਕਰਨ ਹਿੱਤ ਭੇਜ ਦਿੱਤੀ ਗਈ ਹੈ) ਉਸ ਦਾ ਜ਼ਿਕਰ ਤੱਕ ਨਹੀਂ ਕੀਤਾ। ਕਈ ਹੋਰਾਂ ਵੱਲੋਂ ਇਸ ਮਾਸਲੇ ਦੇ ਗੁਰੂ ਜੁਗਤ ਰਾਹੀਂ ਨਜਿੱਠਣ ਦੇ ਦਿੱਤੇ ਸੁਝਾਵਾਂ ’ਤੇ ਵੀ ਕਿਸੇ ਨੇ ਵੀਚਾਰ ਨਾ ਕੀਤੀ।
ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਸਾਵਧਾਨ ਕਰਨ ਵਾਲੇ ਹਰਨਾਮ ਸਿੰਘ ਧੁੰਮੇ ਦੇ ਪ੍ਰਬੰਧ ਹੇਠ ਚੱਲ ਰਹੀ ਟਕਸਾਲ ਵੱਲੋਂ ਵੀ ਕਈ ਸਾਲਾਂ ਤੋਂ ਗੁਰਬਾਣੀ ’ਚ ਮਨਮਰਜ਼ੀ ਦੀਆਂ ਤਬਦੀਲੀਆਂ ਕਰਕੇ ਗੁਟਕੇ ਤੇ ਪੋਥੀਆਂ ਛਾਪੀਆਂ ਜਾ ਰਹੀਆਂ ਹਨ, ਜਿਸ ਦਾ ਵੇਰਵਾ ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ,
ਪਰ ਕਿਸੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਨੇ ਇਸ ਵੀਡੀਓ ’ਚ ਉਠਾਏ ਗਏ ਨੁਕਤਿਆਂ ’ਤੇ ਵਿਚਾਰ ਤਾਂ ਕੀ ਕਰਨਾ ਸੀ ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਮੇਤ ਬਹੁਤੇ ਬੁਲਾਰੇ ਇਹੀ ਕਹਿੰਦੇ ਸੁਣੇ ਗਏ ਕਿ ਇਨ੍ਹਾਂ ਦਾ ਮਕਸਦ ਟਕਸਾਲ ਨੂੰ ਬਦਨਾਮ ਕਰਨਾ ਹੈ। ਦੂਜੇ ਪਾਸੇ ਜਿਨ੍ਹਾਂ ਸੰਸਥਾਵਾਂ ਅਤੇ ਵਿਅਕਤੀਆਂ ਨੇ ਪਾਠ ਭੇਦ ’ਤੇ ਹੁਣ ਤੱਕ ਹੋਈ ਖੋਜ ਨੂੰ ਧਿਆਨ ’ਚ ਰੱਖ ਕੇ ਫ਼ੈਸਲਾ ਲੈਣ ਦੀ ਸਲਾਹ ਦਿੱਤੀ, ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਥਮਿੰਦਰ ਸਿੰਘ ਦੀ ਮੰਡਲੀ ਦੇ ਹੀ ਵਿਅਕਤੀ ਹਨ, ਇਸ ਲਈ ਉਸ ਦੇ ਹੱਕ ’ਚ ਬੋਲ ਰਹੇ ਹਨ।
ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵੱਲੋਂ ਛਪਵਾਈਆਂ ਗਈਆਂ ਪੋਥੀਆਂ ਵਿੱਚ ਕੀਤੀਆਂ ਗਈਆਂ ਮਨਮਰਜ਼ੀ ਦੀਆਂ ਤਬਦੀਲੀਆਂ, ਜਿਸ ਦੇ ਹਵਾਲੇ ਵਾਲੀ ਵੀਡੀਓ ’ਚ ਜੱਗ ਜ਼ਾਹਰ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈਆਂ ਜਾ ਰਹੀਆਂ ਬੀੜਾਂ ਨਾਲੋਂ ਕਿੱਥੇ ਕਿੱਥੇ ਫ਼ਰਕ ਹੈ। ਉਨ੍ਹਾਂ ਸਾਰੇ ਪਾਠ ਭੇਦਾਂ ਦਾ ਹਵਾਲਾ ਦੇਣਾ ਤਾਂ ਇਸ ਲੇਖ ’ਚ ਸੰਭਵ ਨਹੀਂ ਪਰ ਬੀੜ ਦਾ ਪਹਿਲਾ, ਪਾਵਨ ਅੰਕ ੬੬੧, ੧੩੫੧ ਅਤੇ ਅਖੀਰਲੇ ਪੰਨਾ ੧੪੩੦ ਦੀਆਂ ਫੋਟੋਆਂ ਨਾਲ਼ ਹੀ ਸਾਫ਼ ਹੋ ਜਾਣਾ ਹੈ ਕਿ ਜਿਸ ਦੇ ਆਦਿ, ਮੱਧ ਅਤੇ ਅੰਤ ’ਚ ਏਨਾਂ ਫੇਰ ਬਦਲ ਕੀਤਾ ਹੋਵੇ, ਉਸ ਦੇ ਵਿਚਕਾਰ ਕੀ ਕੁਝ ਕੀਤਾ ਹੋਵੇਗਾ ਉਸ ਦਾ ਅੰਦਾਜ਼ਾ ਲੱਗ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ ਹੀ ਮੰਗਲਾਚਰਨ ਵਜੋਂ ‘‘ੴ ਤੋਂ ਗੁਰਪ੍ਰਸਾਦਿ॥’’ ਤੱਕ ਸੰਪੂਰਨ ਮੂਲ ਮੰਤਰ ਲਿਖਣ ਤੋਂ ਬਾਅਦ ਦੋ ਡੰਡੀਆ (॥) ਹਨ, ਜੋ ਮੂਲਮੰਤਰ ਦੀ ਸੰਪੂਰਨਤਾ ਦਾ ਸੰਕੇਤ ਹੈ। ਇਸ ਤੋਂ ਹੇਠਲੀ ਲਾਈਨ ਦੇ ਵਿਚਕਾਰ ‘॥ਜਪੁ॥’ ਲਿਖ ਕੇ ਇਸ ਦੇ ਦੋਵੇਂ ਪਾਸੇ ਡੰਡੀਆਂ ਲਾਈਆਂ ਹਨ। ਇਹ ਬਾਣੀ ਦਾ ਸਿਰਲੇਖ ਹੈ, ਜਿਸ ਨੂੰ ਸਤਿਕਾਰ ਵਜੋਂ ਜਪੁ ਜੀ ਸਾਹਿਬ ਆਖਿਆ ਜਾਂਦਾ ਹੈ, ਪਰ ਟਕਸਾਲ ਵੱਲੋਂ ਛਾਪੀਆਂ ਜਾ ਰਹੀਆਂ ਪੋਥੀਆਂ ਵਿੱਚ ‘ਜਪੁ’ ਤੋਂ ਪਹਿਲਾਂ ਲੱਗੀਆਂ ਦੋ ਡੰਡੀਆਂ ਹਟਾ ਦਿੱਤੀਆਂ ਹਨ ਤਾਂ ਜੋ ‘‘ਨਾਨਕ ਹੋਸੀ ਭੀ ਸਚੁ॥’’ ਤੱਕ ਸੰਪੂਰਨ ਮੂਲਮੰਤਰ ਮੰਨਿਆ ਜਾਵੇ। ਟਕਸਾਲ ਵਾਲੇ ਸ਼੍ਰੋਮਣੀ ਕਮੇਟੀ ਵੱਲੋਂ ਦੱਸੇ ਜਾ ਰਹੇ ਮੂਲ ਮੰਤਰ ਨੂੰ ਅਧੂਰਾ ਮੰਨਦੇ ਹਨ। ਜੇ ਟਕਸਾਲ ਦੇ ਇਸ ਵਿਚਾਰ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਬਾਣੀ ਦਾ ਸਿਰਲੇਖ ਕੀ ਹੋਵੇਗਾ ? ਕਿਸ ਆਧਾਰ ’ਤੇ ਅਸੀਂ ਮੁੱਢਲੀ ਬਾਣੀ ਨੂੰ ‘ਜਪੁ ਜੀ ਸਾਹਿਬ’ ਕਹਿ ਸਕਦੇ ਹਾਂ ?
ਸ੍ਰੋਮਣੀ ਕਮੇਟੀ ਬੀੜ ਪਾਵਨ ਅੰਕ ੧
ਦਮਦਮੀ ਟਕਸਾਲ ਸੈਂਚੀ ਅੰਕ ੧
ਵੈਸੇ ਦਮਦਮੀ ਟਕਸਾਲ ਦੀ ਇਸ ਮਨੌਤ ਦਾ ਉਨ੍ਹਾਂ ਦੇ ਆਪਣੇ ਹੀ ਤੱਥ ਖੰਡਨ ਵੀ ਕਰਦੇ ਹਨ। ਉੱਪਰ ਆਪਾਂ ਮੰਨੀ ਜਾਂਦੀ ਬਾਬਾ ਦੀਪ ਸਿੰਘ ਜੀ ਦੀ ਸੁਨਹਿਰੀ ਜਿਲਦ ਵਾਲੀ ਬੀੜ ਦਾ ਪਾਵਨ ਅੰਕ ੧ ਵੇਖ ਆਏ ਹਾਂ, ਜਿਸ ਦੇ ਉੱਪਰ ਮੱਧ ’ਚ ‘‘ੴ ਤੋਂ ਗੁਰਪ੍ਰਸਾਦਿ॥’’ ਤੱਕ ਸੰਪੂਰਨ ਮੂਲ ਮੰਤਰ ਦੋ ਸਤਰਾਂ ’ਚ ਲਿਖਿਆ ਹੈ। ਜਿਸ ਦੇ ਹੇਠਾਂ ਪੰਨੇ ਦੇ ਖੱਬੇ ਪਾਸੇ ‘‘॥ਜਪੁ॥’’ ਸਿਰਲੇਖ ਲਿਖ ਕੇ ਬਿਲਕੁਲ ਨਾਲ ਹੀ ਸਲੋਕ ‘‘ਆਦਿ ਸਚੁ ਤੋਂ ਹੋਸੀ ਭੀ ਸਚੁ॥੧॥’’ ਤੱਕ ਲਿਖਣ ਉਪਰੰਤ ਪਾਉੜੀ ਦੀ ਪਹਿਲੀ ਤੁਕ ‘‘ਸੋਚੈ ਸੋਚਿ ਨ ਹੋਵਈ …..’’ ਸ਼ੁਰੂ ਕੀਤੀ ਹੈ। ਲਿਖਤ ਦਾ ਇਹ ਢੰਗ ਸਿੱਧ ਕਰਦਾ ਹੈ ਕਿ ਮੂਲ ਮੰਤਰ ਗੁਰ ਪ੍ਰਸਾਦਿ ਤੱਕ ਹੈ। ਜਪੁ ਬਾਣੀ ਦਾ ਸਿਰਲੇਖ ਹੈ, ਜਿਸ ਦਾ ਸੰਬੰਧ ਇਸ ਤੋਂ ਅੱਗੇ ਲਿਖੀਆਂ 38 ਪਉੜੀਆਂ ਅਤੇ ਦੋ ਸਲੋਕਾਂ ਨਾਲ਼ ਹੈ, ਨਾ ਕਿ ਇਸ ਤੋਂ ਪਹਿਲਾਂ ਲਿਖੇ ਮੂਲ ਮੰਤਰ ਨਾਲ਼।
ਟਕਸਾਲ ਦੇ ਵਿਦਵਾਨ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲਿਆਂ ਵੱਲੋਂ 1950 ਤੋਂ ਵਰਤੀਆਂ ਜਾ ਰਹੀਆਂ ਸੈਂਚੀਆਂ (ਪੋਥੀਆਂ) ਦੇ ਭਾਗ ੧ ਪੰਨਾ ੧ ਦੀ ਲਿਖਤ (ਜਿਸ ਦੀ ਫੋਟੋ ਹੇਠਾਂ ਵੇਖੀ ਜਾ ਸਕਦੀ ਹੈ) ਵੀ ਹੂਬਹੂ ਬਾਬਾ ਦੀਪ ਸਿੰਘ ਜੀ ਵਾਲੀ ਦੱਸੀ ਜਾ ਰਹੀ ਸੁਨਹਿਰੀ ਬੀੜ ਦੀ ਲਿਖਤ ਨਾਲ਼ ਮਿਲਦੀ ਹੈ। ਇਸ ਪੋਥੀ ’ਚ ਵੀ ਮੂਲ ਮੰਤਰ ‘‘ੴ ਤੋਂ ਗੁਰਪ੍ਰਸਾਦਿ॥’’ ਪੰਨੇ ਦੇ ਮੱਧ ’ਚ ਮੋਟੇ ਅੱਖਰਾਂ ਸਮੇਤ ਦੋ ਸਤਰਾਂ ’ਚ ਲਿਖਣ ਤੋਂ ਬਾਅਦ ਤੀਜੀ ਲਾਈਨ ਦੇ ਬਿਲਕੁਲ ਵਿਚਕਾਰ ਮੋਟੇ ਅੱਖਰਾਂ ’ਚ ‘‘ਜਪ॥’’ ਸਿਰਲੇਖ ਦੇ ਕੇ ਚੌਥੀ ਲਾਈਨ ’ਚ ਸਲੋਕ ਲਿਖਣ ਉਪਰੰਤ ਪਹਿਲੀ ਪਉੜੀ ‘‘ਸੋਚੈ ਸੋਚਿ ਨ ਹੋਵਈ …’’ ਸ਼ੁਰੂ ਕੀਤੀ ਹੈ, ਜਿਸ ਦਾ ਭਾਵ ਹੈ ਕਿ ਇਸ ਬਾਣੀ ਦਾ ਸਿਰਲੇਖ ‘‘॥ਜਪੁ॥’’ ਹੈ, ਜੋ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ ਜਦੋਂ ਕਿ ਹਰਨਾਮ ਸਿੰਘ ਧੁੰਮਾ ਦੇ ਸਮੇਂ (2007) ਤੋਂ ਬਾਅਦ ਛਪ ਰਹੀਆਂ ਪੋਥੀਆਂ ’ਚ ‘‘ੴ ਤੋਂ .. ਹੋਸੀ ਭੀ ਸਚੁ॥੧॥’’ ਤੱਕ ਨੂੰ ਮੂਲ ਮੰਤਰ ਸਾਬਤ ਕਰਨ ਲਈ ਪੰਨੇ ਦੇ ਵਿਚਕਾਰ ਲਾਲ ਅੱਖਰਾਂ ਨਾਲ਼ ਚਾਰ ਸਤਰਾਂ ’ਚ ਲਿਖ ਕੇ ਹੇਠਾਂ ਛੋਟੇ ਅੱਖਰਾਂ ਅਤੇ ਕਾਲੇ ਰੰਗ ’ਚ ਪਹਿਲੀ ਪਉੜੀ ਆਰੰਭ ਕੀਤੀ ਹੈ। ਇਸ ਨਾਲ਼ ਇਹ ਭੁਲੇਖਾ ਪੈਂਦਾ ਹੈ ਕਿ ‘ਜਪੁ’ ਸਿਰਲੇਖ ਸਮੇਤ ‘‘ਆਦਿ ਸਚੁ.. ਤੋਂ ਨਾਨਕ ਹੋਸੀ ਭੀ ਸਚੁ॥੧’’ ਤੱਕ ਯਾਨੀ ਪਹਿਲਾ ਸਲੋਕ ਭੀ ਮੂਲ ਮੰਤਰ ਹੀ ਹੈ। ਸੋ ਸਪਸ਼ਟ ਹੁੰਦਾ ਹੈ ਕਿ ਅਜੋਕਾ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ; ਪੁਰਾਤਨ ਹੱਥ ਲਿਖਤ ਬੀੜਾਂ, ਆਪਣੇ ਪੂਰਬਜ਼ ਟਕਸਾਲ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਨਾਲੋਂ ਵੱਖਰੀ ਗੁਰਬਾਣੀ ਲਿਖਤ ਪੇਸ਼ ਕਰਕੇ ਪੰਥ ’ਚ ਨਵੇਂ ਵਿਵਾਦਾਂ ਨੂੰ ਜਨਮ ਦੇ ਰਿਹਾ ਹੈ।
ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਵੱਲੋਂ 1950 ਤੋਂ ਵਰਤੀਆਂ ਜਾ ਰਹੀਆਂ ਸੈਂਚੀਆਂ ਪੋਥੀਆਂ ਦੇ ਭਾਗ ੧ ਪੰਨਾ ੧ ਦੀ ਲਿਖਤ
ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਬੀੜ ਦੇ ਪਾਵਨ ਅੰਕ ੬੬੧ ’ਤੇ ਸਿਰਲੇਖ ਹੈ ‘ਧਨਾਸਰੀ ਮਹਲਾ ੧॥’ ਪਰ ਦਮਦਮੀ ਟਕਸਾਲ ਵੱਲੋਂ ਇਹ ਸਿਰਲੇਖ ਬਦਲ ਕੇ ‘ਧਨਾਸਰੀ ਮਹਲਾ ੩॥’ ਕਰ ਦਿੱਤਾ। ਜੇਕਰ ਥਮਿੰਦਰ ਸਿੰਘ ਨੇ ਗੁਰਬਾਣੀ ’ਚ ਫੇਰਬਦਲ ਕਰਕੇ ਅਵੱਗਿਆ ਕੀਤੀ ਹੈ ਤਾਂ ਟਕਸਾਲ ਮੁਖੀ ਕੀ ਕਰਦਾ ਪਿਆ ਹੈ ?
ਸ੍ਰੋਮਣੀ ਕਮੇਟੀ ਬੀੜ ਪਾਵਨ ਅੰਕ ੬੬੧
ਦਮਦਮੀ ਟਕਸਾਲ ਸੈਂਚੀ ਅੰਕ ੬੬੧
ਜਿਵੇਂ ਗੁਰਬਾਣੀ ਦੀ ਲਗ ਮਾਤਰ ਜਾਂ ਸਿਰਲੇਖ ਬਦਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਉਸੇ ਤਰ੍ਹਾਂ ਸ਼ਬਦਾਂ ਅਤੇ ਬਾਣੀਆਂ ਦੇ ਅਖੀਰ ’ਤੇ ਦਿੱਤੇ ਅੰਕਾਂ ਨੂੰ ਬਦਲਣ ਦਾ ਵੀ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਅੰਕ ਵੀ ਗੁਰੂ ਸਾਹਿਬ ਜੀ ਨੇ ਇਕ ਖਾਸ ਤਰਤੀਬ ’ਚ ਦਰਜ ਕੀਤੇ ਹਨ, ਜੋ ਇਸ ਗੱਲ ਦਾ ਪ੍ਰਬੰਧ ਯਕੀਨੀ ਬਣਾਉਂਦੇ ਹਨ ਕਿ ਕੋਈ ਵੀ ਵਿਅਕਤੀ ਬਾਣੀ ਵਿੱਚ ਦਰਜ ਸ਼ਬਦਾਂ ’ਚ ਵਾਧ ਘਾਟ ਨਾ ਕਰ ਸਕੇ, ਪਰ ਅੰਤਲੇ ਪੰਨਾ ਨੰ: ੧੪੩੦ ’ਤੇ ਵੇਖ ਸਕਦੇ ਹਾਂ ਕਿ ਜਿੱਥੇ ਸ਼੍ਰੋਮਣੀ ਕਮੇਟੀ ਦੀ ਬੀੜ ’ਚ ਅਖੀਰਲੀ ਤੁੱਕ ‘‘ਅਠਾਰਹ ਦਸ ਬੀਸ’’ ਦੀ ਸਮਾਪਤੀ ਤੇ ਸ਼ਬਦ ਜੋੜ ਅੰਕ ‘॥੧॥੧॥’ ਲਿਖਿਆ ਹੈ ਉੱਥੇ ਦਮਦਮੀ ਟਕਸਾਲ ਵਾਲੀ ਪੋਥੀ ’ਚ ਬਦਲ ਕੇ ਜੋੜ ਅੰਕ ‘॥੧॥੬॥’ ਲਿਖ ਦਿੱਤਾ ਗਿਆ ਹੈ।
ਸ੍ਰੋਮਣੀ ਕਮੇਟੀ ਬੀੜ ਪਾਵਨ ਅੰਕ ੧੪੩੦
ਉਕਤ ਵਿਚਾਰ ਤੋਂ ਬਾਅਦ ਸਾਫ਼ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਦਮਦਮੀ ਟਕਸਾਲ ਦੋਵਾਂ ’ਚੋ ਕੋਈ ਇੱਕ ਗਲਤ ਹੈ, ਇਸ ਲਈ ਜੋ ਸਜ਼ਾ ਥਮਿੰਦਰ ਸਿੰਘ ਨੂੰ ਦਿੱਤੀ ਗਈ ਹੈ ਉਸ ਦੇ ਹੱਕਦਾਰ ਸ਼੍ਰੋਮਣੀ ਕਮੇਟੀ ਜਾਂ ਟਕਸਾਲ ਮੁਖੀ ਭੀ ਹਨ।
ਹੇਠਲੇ ਕੁੱਝ ਨੁਕਤੇ ਵੀ ਧਿਆਨ ਮੰਗਦੇ ਹਨ :
- ਸ਼੍ਰੋਮਣੀ ਕਮੇਟੀ ਨੇ 14 ਸਾਲਾਂ ਦੇ ਲੰਬੇ ਵਿਚਾਰ ਵਟਾਂਦਰੇ ਉਪਰੰਤ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ, ਜੋ ਅੱਜ ਵੀ ਲੱਖਾਂ ਦੀ ਗਿਣਤੀ ’ਚ ਛਪਵਾ ਕੇ ਪ੍ਰਚਾਰ ਹਿੱਤ ਭੇਟਾ ਰਹਿਤ ਸੰਗਤਾਂ ’ਚ ਵੰਡੀ ਜਾ ਰਹੀ ਹੈ ਪਰ ਹੈਰਾਨੀ ਹੁੰਦੀ ਹੈ ਕਿ ਜੋ ਡੇਰੇਦਾਰ ਅਕਾਲ ਤਖ਼ਤ ਸਾਹਿਬ ’ਤੇ 3 ਮਈ ਦੇ ਇਕੱਠ ’ਚ ਅਕਾਲ ਤਖ਼ਤ ਦੇ ਹਰ ਹੁਕਮ ’ਤੇ ਸਿਰ ਦੇਣ ਦੀਆਂ ਸਹੁੰਆਂ ਚੁੱਕ ਰਹੇ ਹਨ ਉਨ੍ਹਾਂ ’ਚੋਂ ਕੋਈ ਵੀ ਡੇਰੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਆਪਣੇ ਡੇਰਿਆਂ ’ਚ ਲਾਗੂ ਕਰਨ ਲਈ ਤਿਆਰ ਨਹੀਂ।
- ਸ਼੍ਰੋਮਣੀ ਕਮੇਟੀ ਨੇ ਮੰਗਲਾਂ ਅਤੇ ਸਿਰਲੇਖਾਂ ਦੇ ਸਹੀ ਸਥਾਨ ਸੰਬੰਧੀ ਲਏ ਸੰਨ 1952 ’ਚ ਫ਼ੈਸਲੇ ਅਨੁਸਾਰ ਬੀੜਾਂ ਛਾਪਣੀਆਂ ਤਾਂ ਦੂਰ ਸਗੋਂ ਡੇਰੇਦਾਰਾਂ ਵੱਲੋਂ 1964 ਤੋਂ ਉਸ ਫ਼ੈਸਲੇ ਦੇ ਉਲ਼ਟ ਬੀੜਾਂ ਛਾਪਣ ਦੀ ਖੁੱਲ੍ਹ ਕਿਉਂ ਦਿੱਤੀ ?
- ਸ਼੍ਰੋਮਣੀ ਕਮੇਟੀ ਨੇ 2003 ’ਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ, ਪਰ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਤੋਂ ਭਗੋੜੇ ਅਤੇ ਗੁਰਬਾਣੀ ’ਚ ਮਨ ਮਰਜ਼ੀ ਦੇ ਫੇਰਬਦਲ ਕਰਨ ਵਾਲ਼ੇ ਡੇਰੇਦਾਰਾਂ ਨੂੰ ਖ਼ੁਸ਼ ਰੱਖਣ ਲਈ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ।
- ਸ਼੍ਰੋਮਣੀ ਕਮੇਟੀ ਪ੍ਰਿੰ: ਤੇਜਾ ਸਿੰਘ ਵੱਲੋਂ ਲਿਖਿਆ ਕਿਤਾਬਚਾ ‘‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂਤਿਕ ਲਗਾਂ ਮਾਤ੍ਰਾ ਦੇ ਗੁੱਝੇ ਭੇਦ’’ ਪਿਛਲੇ ਲੰਬੇ ਸਮੇਂ ਤੋਂ ਛਾਪ ਕੇ ਪ੍ਰਚਾਰ ਹਿਤ ਮੁਫਤ ਵੰਡ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਅਨੁਸਾਰ ਗੁਰਬਾਣੀ ਸੰਥਿਆ ਕਰਵਾਈ ਜਾਂਦੀ ਹੈ। ਇਸ ਵਿੱਚ ਸਪਸ਼ਟ ਹੈ ਕਿ ਗੁਰਬਾਣੀ ਵਿੱਚ ਖ਼ਾਸਕਰ ਸ਼ਬਦ ਦੇ ਮਗਰਲੇ ਅੱਖਰ ਨੂੰ ਲੱਗੀ ਸਿਹਾਰੀ ਅਤੇ ਔਂਕੜ ਅਰਥ ਸਮਝਣ ਲਈ ਹਨ, ਨਾ ਕਿ ਉਚਾਰਨ ਲਈ, ਪਰ ਪਿਛਲੇ ਸਾਲ ਭਵਾਨੀਗੜ੍ਹ ਜ਼ਿਲ੍ਹਾ ਪਟਿਆਲਾ ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੰਸਥਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਹੀ ਕਰਵਾਏ ਗਏ ਇੱਕ ਸੈਮੀਨਾਰ ’ਚ ਕਿਤਾਬਚਾ ਜਾਰੀ ਕੀਤਾ ਗਿਆ, ਜਿਸ ਵਿੱਚ ਗੁਰਬਾਣੀ ਜਿਵੇਂ ਲਿਖੀ ਹੈ ਉਸੇ ਤਰ੍ਹਾਂ ਉਚਾਰਨ ਕੀਤੇ ਜਾਣ ਦੀਆਂ ਹਿਦਾਇਤਾਂ ਸਨ। ਇਹ ਹਿਦਾਇਤਾਂ ਪ੍ਰਿੰ: ਤੇਜਾ ਸਿੰਘ ਵੱਲੋਂ ਲਿਖੇ ਕਿਤਾਬਚੇ ਦੀਆਂ ਭਾਵਨਾਵਾਂ ਦੇ ਬਿਲਕੁਲ ਉਲ਼ਟ ਹੈ।
ਇਹ ਗੱਲਾਂ ਤਾਂ ਸਾਰੇ ਸੰਸਾਰ ’ਚ ਗੁਰਬਾਣੀ ਦਾ ਉਚਾਰਨ ਇਕਸਾਰ ਕਰਨ ਦੀਆਂ ਕਰਦੇ ਹਨ ਪਰ ਆਪਣੀ ਹਾਲਤ ਇਹ ਹੈ ਕਿ ਦਰਬਾਰ ਸਾਹਿਬ ਦੇ ਸਾਰੇ ਗ੍ਰੰਥੀਆਂ ਅਤੇ ਕੀਰਤਨੀਏ ਸਿੰਘਾਂ ਨੂੰ ਜੇ ਇੱਕ ਵੀ ਸ਼ਬਦ ਦਾ ਪਾਠ ਸੁਣਾਉਣ ਲਈ ਕਿਹਾ ਜਾਵੇ ਤਾਂ ਸਭ ਦਾ ਉਚਾਰਨ ਵੱਖਰਾ ਵੱਖਰਾ ਹੋਵੇਗਾ। ਸਰੋਤੇ ਵੀ ਦੰਗ ਰਹਿ ਜਾਂਦੇ ਹਨ ਕਿ ਕਿਸ ਨੂੰ ਸਹੀ ਅਤੇ ਕਿਸ ਨੂੰ ਗਲਤ ਮੰਨਿਆ ਜਾਵੇ।
- ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਜਾਂ ਕਰਵਾਏ ਗਏ ਸਿਆਸੀ ਹੁਕਮਨਾਮੇ, ਜੋ ਵਾਰ ਵਾਰ ਵਾਪਸ ਵੀ ਲੈਣੇ ਪਏ, ਇਨ੍ਹਾਂ ਨਾਲ਼ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਨੂੰ ਲੱਗੀ ਢਾਹ ਲਈ ਜ਼ਿੰਮੇਵਾਰ ਕੌਣ ਹੈ ?
ਸੋ ਸਮੁੱਚੀ ਸਿੱਖ ਕੌਮ ਨੂੰ ਇਕੱਤਰ ਹੋ ਕੇ ਹਰ ਵਿਵਾਦਿਤ ਮਸਲੇ ਲਈ ਸਾਂਝੇ ਫ਼ੈਸਲੇ ਆਪ ਲੈਣੇ ਪੈਣੇ ਹਨ। ਕੋਈ ਵੀ ਸਿਆਸੀ ਵਿੰਗ ਧਰਮ ’ਤੇ ਕਾਬਜ਼ ਹੋ ਕੇ ਗੁਰਬਾਣੀ ਸਿਧਾਂਤ ਅਤੇ ਸਿੱਖ ਕੌਮ ਦੀ ਉੱਨਤੀ ਲਈ ਸੁਹਿਰਦ ਨਹੀਂ ਹੋ ਸਕਦਾ; ਜਿਵੇਂ ਕਿ ਨਾਨਕਸਰ ਸੰਪਰਦਾ ਦੀ ਮਰਿਆਦਾ ਨਾਲ ਗੁਰਬਾਣੀ ਦੇ ਗੁਟਕੇ ਛਾਪਣ ਦੇ ਦੋਸ਼ ਹੇਠ 20.4.1998 ਨੂੰ ਗੁਰਮੁਖ ਸਿੰਘ ਨੂੰ ਪੰਥ ’ਚੋਂ ਛੇਕਿਆ ਗਿਆ ਸੀ। ਹੁਕਮਨਾਮੇ ਦੀ ਕਾੱਪੀ ਇਹ ਹੈ :
ਪਰ ਜਥੇਦਾਰ ਭਾਈ ਰਣਜੀਤ ਸਿੰਘ ਜੀ ਤੋਂ ਬਾਅਦ ਅਕਾਲੀ ਦਲ ਬਾਦਲ ਵੱਲੋਂ ਆਪਣਾ ਨਵਾਂ ਜਥੇਦਾਰ ਨਿਯੁਕਤ ਕਰ ਦੇਣ ਕਾਰਨ ਕਿਸੇ ਨੇ ਇਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੀ ਹਿੰਮਤ ਨਾ ਕੀਤੀ। ਹੁਣ ਵੀ ਉਸੇ (ਨਾਨਕਸਰੀ) ਮਰਿਆਦਾ ਨਾਲ ਗੁਟਕੇ ਛਪ ਰਹੇ ਹਨ ਤੇ ਅਕਾਲੀ ਦਲ ਬਾਦਲ ਵੱਲੋਂ ਥਾਪੇ ਜਥੇਦਾਰਾਂ ਨੇ ਥਮਿੰਦਰ ਸਿੰਘ ਵਿਰੁਧ ਹੁਕਮਨਾਮਾ ਜਾਰੀ ਕਰ ਦਿੱਤਾ। ਸੋਚਣਾ ਬਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਿੱਖ ਕੌਮ ਨੂੰ ਸੇਧ ਦੇਣ ਲਈ ਨਿਰਧਾਰਿਤ ਕੀਤੇ ਅਕਾਲ ਬੁੰਗਾ (ਅਕਾਲ ਤਖ਼ਤ) ਸਾਹਿਬ ਤੋਂ ਜਾਰੀ ਹੁੰਦੇ ਅੱਜ ਹੁਕਮਨਾਮੇ; ਸਿੱਖ ਕੌਮ ’ਤੇ ਦ੍ਰਿੜ੍ਹਤਾ ਨਾਲ਼ ਲਾਗੂ ਕਿਉਂ ਨਹੀਂ ਹੁੰਦੇ ? ਸ਼ਾਇਦ ਇਸ ਲਈ ਹੀ ਹਰਨਾਮ ਸਿੰਘ ਧੁੰਮਾ ਵੱਲੋਂ ਸ਼੍ਰੋਮਣੀ ਕਮੇਟੀ ਨਾਲੋਂ ਵੱਖਰੀਆਂ ਗੁਰਬਾਣੀ ਸੈਂਚੀਆਂ ਤੇ ਗੁਟਕੇ ਸਾਹਿਬ ਛਾਪਣ ਦੇ ਬਾਵਜੂਦ ਵੀ ਇਨ੍ਹਾਂ ਵਿਰੁਧ ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ ਕਿਉਂਕਿ ਇਹ ਵੀ ਕਾਬਜ਼ ਸਿਆਸੀ ਧਿਰਾਂ ਨੇ ਲਾਗੂ ਨਹੀਂ ਹੋਣ ਦੇਣਾ ਸੀ। ਅਜਿਹੇ ਵਿਰੋਧਾਭਾਸੀ ਹੁਕਮਨਾਮਿਆਂ ਨੂੰ ਲਾਗੂ ਕਰਨਾ ਫਿਰ ਵਾਪਸ ਲੈਣਾ ਆਦਿ ਵੇਖ ਵੇਖ ਥਮਿੰਦਰ ਸਿੰਘ ਵਰਗਿਆਂ ’ਤੇ ਭੀ ਕਿੰਨਾ ਕੁ ਇਨ੍ਹਾਂ ਹੁਕਮਨਾਮਿਆਂ ਦਾ ਅਸਰ ਹੋਣ ਵਾਲ਼ਾ ਹੈ ?
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਵਿਵਾਦਿਤ ਮੁੱਦਿਆਂ ’ਤੇ ਆਪਸੀ ਸਾਂਝ ਸਥਾਪਿਤ ਕਰਿਆ ਕਰੇ ਤਾਂ ਜੋ ਕੌਮ ਅੰਦਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਮੁੜ ਪਹਿਲਾਂ ਵਾਲ਼ਾ ਸਤਿਕਾਰ ਕਾਇਮ ਹੋ ਸਕੇ। ਵਿਵਾਦਿਤ ਮਸਲਿਆਂ ਨੂੰ ਲੰਬਾ ਲਟਕਾਉਣਾ ਭੀ ਕੌਮ ਦੀ ਏਕਤਾ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਪਿਛਲੇ 70 ਸਾਲਾਂ ਤੋਂ ਗੁਰਬਾਣੀ ਪਾਠ ਭੇਦ ਦੇ ਅੰਤਰ ਬਾਰੇ ਵਿਦਵਾਨਾਂ ਵੱਲੋਂ ਕੀਤੀ ਖੋਜ ਅਤੇ ਤਿਆਰ ਕੀਤੀਆਂ ਪਾਠ-ਭੇਦ ਸੂਚੀਆਂ ’ਤੇ ਵੀਚਾਰ ਕਰਕੇ ਹੀ ਇਹ ਮਸਲਾ ਸਦਾ ਲਈ ਹੱਲ ਹੋ ਸਕਦਾ ਹੈ।
ਅੱਜ ਗੁਰਬਾਣੀ ਲਿਖਤ ’ਚ ਇਕਸਾਰਤਾ ਅਤੇ ਸਿੱਖ ਰਹਿਤ ਮਰਯਾਦਾ ਨੂੰ ਕੌਮ ਵਿੱਚ ਲਾਗੂ ਕਰਨ ਦੀ ਸਖ਼ਤ ਜ਼ਰੂਰਤ ਹੈ। ਸੋ ਸਮੁੱਚੀ ਸਿੱਖ ਕੌਮ ਨੂੰ ਇਕੱਤਰ ਹੋ ਕੇ ਹਰ ਵਿਵਾਦਿਤ ਮਸਲੇ ਲਈ ਆਪ ਸਾਂਝੇ ਫ਼ੈਸਲੇ ਲੈਣੇ ਪੈਣੇ ਹਨ। ਜੋ ਵੀ ਵਿਅਕਤੀ ਜਾਂ ਪਾਰਟੀ; ਸਿਆਸੀ ਹਿੱਤਾਂ ਲਈ ਫ਼ੈਸਲੇ ਲੈਂਦੀ ਹੈ, ਉਸ ਵਿਰੁਧ ਲਾਮਬੰਦ ਹੋਣਾ ਚਾਹੀਦਾ ਹੈ।
ਵਿਗਿਆਨ, ਧਰਮ (ਗੁਰਮਤਿ) ਅਤੇ ਬ੍ਰਾਹਮਣਵਾਦ
ਵਿਗਿਆਨ, ਧਰਮ (ਗੁਰਮਤਿ) ਅਤੇ ਬ੍ਰਾਹਮਣਵਾਦ
ਗਿਆਨੀ ਅਵਤਾਰ ਸਿੰਘ
ਧਰਮ ਨੂੰ ਮੰਨਣ ਵਾਲ਼ਾ ਹੋਵੇ ਜਾਂ ਨਾ ਮੰਨਣ ਵਾਲ਼ਾ; ਧਾਰਮਿਕ ਚਰਚਾ ’ਚ ਆਪਣੀ ਰਾਏ ਦੇਣ ਨੂੰ ਹਰ ਕੋਈ ਤਿਆਰ ਰਹਿੰਦਾ ਹੈ। ਵੈਸੇ ਜਿਵੇਂ ਸਰੀਰਕ ਬਣਤਰ ਇੱਕ ਸਮਾਨ ਨਹੀਂ ਹੁੰਦੀ ਓਵੇਂ ਧਾਰਮਿਕ ਸੂਝ ਤੇ ਉਸ ਦਾ ਅਹਿਸਾਸ ਭੀ ਸਾਰਿਆਂ ’ਚ ਇੱਕ ਸਮਾਨ ਨਹੀਂ ਹੁੰਦਾ, ਨਹੀਂ ਹੋ ਸਕਦਾ। ਇੱਕੋ ਧਰਮ ਦੇ ਪੈਰੋਕਾਰ ਆਪਣੇ ਧਰਮ ਬਾਰੇ ਵੱਖ ਵੱਖ ਰਾਏ ਰੱਖਦੇ ਹਨ। ਧਰਮ ਦੀ ਵਿਆਖਿਆ; ਦਰਖ਼ਤ ਦੇ ਪਸਾਰੇ ਵਾਙ ਕਈ ਭਾਗਾਂ ’ਚ ਵੰਡੀ ਹੁੰਦੀ ਹੈ। ਅਗਰ ਧਾਰਮਿਕ ਬੰਦੇ ਅੰਦਰ ਰੁੱਖ ਦੀਆਂ ਟਹਿਣੀਆਂ ਜਾਂ ਪੱਤਿਆਂ ਦੀ ਤਰ੍ਹਾਂ ਕੇਵਲ ਬਾਹਰੀ ਮਤਭੇਦ ਹੋਣ ਤਾਂ ਬਹੁਤੀ ਚਿੰਤਾ ਨਹੀਂ, ਪਰ ਜੇਕਰ ਧਰਮ ਦੇ ਮੂਲ (ਅਸੂਲ) ਬਾਰੇ ਹੀ ਮਤਭੇਦ ਹੋਣ ਤਾਂ ਆਪਣੇ ਹੀ ਕੌਮੀ ਪਹਿਰਾਵੇ ’ਚ ਵਿਚਰਦਾ ਬੰਦਾ ਕੌਮ ਦੇ ਦੁਸ਼ਮਣਾਂ ਨਾਲ਼ੋਂ ਵੱਧ ਨੁਕਸਾਨ ਕਰਦਾ ਹੈ। ਆਪਣੇ ਵਰਗਾ ਸਰੂਪ ਹੋਣ ਕਾਰਨ ਕਿਸੇ ਨੂੰ ਪਤਾ ਭੀ ਨਹੀਂ ਲੱਗਦਾ ਕਿਉਂਕਿ ਜ਼ਿਆਦਾਤਰ ਲੋਕ ਧਰਮ ਤੋਂ ਜਾਣੂ ਨਹੀਂ ਹੁੰਦੇ। ਧਰਮ; ਪੜ੍ਹਨ ਨਾਲੋਂ ਭਰੋਸਾ ਕਰਨ ਨਾਲ਼ ਵਧੇਰੇ ਜੁੜਿਆ ਵਿਸ਼ਾ ਹੈ। ਇਸ ਭਰੋਸੇ ਨੂੰ ਵਧਾਉਣ ਲਈ ਨਿਤਨੇਮ (ਦਾ ਪਾਠ) ਨਿਰਧਾਰਿਤ ਕੀਤਾ ਜਾਂਦਾ ਹੈ।
ਜੀਵ ਵਿਗਿਆਨ ਮੁਤਾਬਕ ਬੰਦਾ; ਚਿੰਪੈਂਜ਼ੀ ਦਾ ਵਿਕਸਿਤ ਰੂਪ ਹੈ। ਧਰਮ ਬਾਰੇ ਇਸ ਦੀ ਪਕੜ ਬਹੁਤੀ ਪੁਰਾਣੀ ਨਹੀਂ। ਸਾਢੇ ਤਿੰਨ ਜਾਂ ਚਾਰ ਕੁ ਹਜ਼ਾਰ ਸਾਲ ਤੋਂ ਧਰਮ ਬਾਰੇ ਕੁੱਝ ਲਿਖਿਆ ਮਿਲਦਾ ਹੈ। ਕਹਿੰਦੇ ਹਨ ਕਿ ਜਦ ਬੰਦਾ; ਆਪਣੇ ਆਪ ਨੂੰ ਨੰਗਾ ਵੇਖ ਸ਼ਰਮਿੰਦਾ ਹੋਣ ਲੱਗਾ ਤਾਂ ਹੀ ਸਮਾਜਿਕਤਾ ਦਾ ਜਨਮ ਹੋਇਆ, ਜਿਸ ਤੋਂ ਬਾਅਦ ਧਰਮ ਬਾਰੇ ਲਗਨ ਵਧਣ ਲੱਗੀ। ਸ਼ੁਰੂਆਤ ਵਿੱਚ ਇਹ ਆਪਣੇ ਕਬੀਲੇ ਦੇ ਸਰਦਾਰ ਨੂੰ ਹੀ ਸਰਬ ਸ੍ਰੇਸ਼ਟ (ਯਾਨੀ ਰੱਬ) ਮੰਨਦਾ ਰਿਹਾ। ਮਰਨ ਉਪਰੰਤ ਉਸ ਦੀ ਮੂਰਤੀ; ਭਗਵਾਨ ਵਜੋਂ ਪੂਜੀ ਗਈ। ਦੁਨੀਆ ’ਚ ਸਭ ਤੋਂ ਪੁਰਾਣੇ ਦੋ ਧਰਮ; ‘ਹਿੰਦੂ ਮੱਤ’ (1500 ਤੋਂ 1000 ਪੂਰਵ ਈਸਵੀ ਤੋਂ) ਅਤੇ ‘ਯਹੂਦੀ ਮੱਤ’ (1571 ਪੂਰਵ ਈਸਵੀ ਤੋਂ) ਹਨ। ਇਨ੍ਹਾਂ ਦੇ ਧਾਰਮਿਕ ਅਸੂਲ; ਆਪਣੇ ਕਬੀਲਿਆਂ ਦੇ ਸਰਦਾਰਾਂ ਦਾ ਇਤਿਹਾਸ ਹੀ ਹਨ, ਜਿਨ੍ਹਾਂ ਨੂੰ ਪੜ੍ਹਨਾ ਤੇ ਹੋਰਾਂ ਨੂੰ ਪੜ੍ਹਾਉਣਾ ਧਰਮ ਦਾ ਪ੍ਰਚਾਰ ਹੈ; ਜਿਵੇਂ ਕਿ ਰਿਗ ਵੇਦ ’ਚ ਇੰਦਰ ਦੇ ਜੀਵਨ ਦਾ ਵਰਣਨ ਹੈ, ਮਹਾਭਾਰਤ ਅਤੇ ਰਾਮਾਇਣ ਧਾਰਮਿਕ ਗ੍ਰੰਥ ਭੀ ਇਤਿਹਾਸਕ ਸਰੋਤ ਹੀ ਹਨ। ਅੱਜ ਵੀ ਉੱਤਰੀ ਕੋਰੀਆ ਵਰਗੇ ਦੇਸਾਂ ’ਚ ਆਪਣੇ ਰਾਜੇ ਦੀ ਪੂਜਾ ਕਰਨ ਸੰਬੰਧੀ; ਸਕੂਲਾਂ ’ਚ ਪੜ੍ਹਾਇਆ ਜਾਂਦਾ ਹੈ। ਹਿੰਦੂ ਧਰਮ ’ਚ ਇਨ੍ਹਾਂ ਰਾਜਿਆਂ ਨੂੰ ਦੇਵਤੇ ਕਿਹਾ ਹੈ, ਵਿਸ਼ਨੂੰ ਦੇ ਅਵਤਾਰ ਮੰਨਿਆ ਹੈ। ਪਾਵਨ ਵਚਨ ਹਨ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮਹਲਾ ੩/੪੨੩) ਜਦ ਜਨਤਾ ਆਪਣੇ ਸਰਦਾਰਾਂ ਨੂੰ ਸਰਵੋਤਮ ਮੰਨੇ, ਰੱਬ ਬਣਾ ਕੇ ਪੂਜਾ ਕਰੇ ਤਾਂ ਝੋਲ਼ੀ ਚੁੱਕ; ਸੁਆਰਥ, ਅਗਿਆਨਤਾ ਅਤੇ ਡਰ ਕਾਰਨ ਉਸ ਦੀ ਰਹਿਣੀ ਨੂੰ ਹੋਰ ਚਾਰ ਚੰਨ ਲਾ ਦਿੰਦੇ ਹਨ ਯਾਨੀ ਕਿ ਅਨੋਖੇ ਬਣਾਉਣ ’ਚ ਕਸਰ ਨਹੀਂ ਛੱਡਦੇ, ਇਸ ਲਈ ਪੁਰਾਤਨ ਧਰਮਾਂ ’ਚ ਬਹੁਤ ਕੁੱਝ ਹਕੀਕਤ ਨਹੀਂ, ਮਿੱਥ ਹੈ। ਜਿਸ ਨੂੰ ਲੋਕਾਂ ਨੇ ਸਦੀਆਂ ਤੋਂ ਸੱਚ ਕਰਕੇ ਜਾਣਿਆ ਹੈ ਭਾਵੇਂ ਕਿ ਅਸਲ ’ਚ ਧਰਮ; ਇੱਕ ਸਚਾਈ ਹੈ, ਜੋ ਮਿੱਥ ਨਹੀਂ ਹੋ ਸਕਦੀ।
ਅਜੋਕੇ ਵਿਗਿਆਨਿਕ ਯੁੱਗ ਦੀ ਸ਼ੁਰੂਆਤ ਜੇਕਰ ਗੁਰੂ ਨਾਨਕ ਸਾਹਿਬ ਜੀ ਤੋਂ ਮੰਨੀਏ ਤਾਂ ਗ਼ਲਤ ਨਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਾਰਤ ’ਚ ਪੈਦਾ ਹੋਈ ਭਗਤੀ ਲਹਿਰ ਅਤੇ ਇਸਲਾਮ ’ਚੋਂ ਪੈਦਾ ਹੋਈ ਸੂਫ਼ੀ ਲਹਿਰ ਦੁਆਰਾ ਧਰਮ ਦੀ ਕੀਤੀ ਵਿਆਖਿਆ ਭੀ ਸੱਚ ਆਧਾਰਿਤ ਹੈ ਯਾਨੀ ਕਿ ਮਿੱਥ ਨਹੀਂ, ਕਾਲਪਨਿਕ ਖ਼ਿਆਲ ਨਹੀਂ ਹਨ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਭਗਤਾਂ ਦੀ ਇਲਾਹੀ ਬਾਣੀ ਨੂੰ ਭੀ ਇਕੱਤਰ ਕਰ ਆਪਣੀ ਰਚਨਾ ’ਚ ਸ਼ਾਮਲ ਕਰ ਲਿਆ, ਜੋ ਬਾਅਦ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ। ਗੁਰਬਾਣੀ ਵਿੱਚ ਜਿੱਥੇ ਪ੍ਰਚਲਿਤ ਦੰਦ ਕਥਾਵਾਂ, ਮਿਥਿਹਾਸ, ਇਤਿਹਾਸ ਆਦਿਕ ਹਵਾਲਿਆਂ ਨਾਲ਼ ਮਨੁੱਖ ਨੂੰ ਸੱਚ ਨਾਲ਼ ਜੋੜਿਆ ਹੈ ਓਥੇ ਤੱਥਾਂ ਆਧਾਰਿਤ ਵਿਗਿਆਨਿਕ ਹਵਾਲੇ ਭੀ ਦਿੱਤੇ ਹਨ, ਜਿਨ੍ਹਾਂ ਨੂੰ ਆਧੁਨਿਕ ਸਾਇੰਸ ਭੀ ਸਦੀਆਂ ਤੱਕ ਨਹੀਂ ਸਮਝ ਸਕਦੀ।
ਅੱਜ ਸਾਇੰਸ ਯੁੱਗ ਹੈ। ਕੁੱਝ ਸਿੱਖ ਸਮੁੱਚੀ ਗੁਰਬਾਣੀ ਨੂੰ ਅਜੋਕੀ ਵਿਗਿਆਨਿਕ ਖੋਜ ਸਮਾਨ ਮੰਨਣ ’ਚ ਮਾਣ ਮਹਿਸੂਸ ਕਰਦੇ ਹਨ ਅਤੇ ਕਈ ਪ੍ਰਚਲਿਤ ਮਿਥਿਹਾਸ ਯਾਨੀ ਕਬੀਲਿਆਂ ਦੇ ਸਰਦਾਰਾਂ ਦੇ ਕਾਲਪਨਿਕ ਇਤਿਹਾਸ ਨੂੰ ਭੀ ਸੱਚ ਸਾਬਤ ਕਰਨ ’ਚ ਲੱਗੇ ਹਨ। ਪ੍ਰਾਚੀਨ ਰਾਜਿਆਂ ਨੂੰ ਭੀ ਭਗਵਾਨ ਆਖਦੇ ਹਨ ਭਾਵੇਂ ਕਿ ਇਹ ਦੋਵੇਂ ਗ਼ਲਤ ਹਨ। ਮਿਥਿਹਾਸ ’ਤੇ ਭਰੋਸਾ; ਅੰਧ ਭਗਤੀ ਹੈ ਅਤੇ ਨਿਰਾ ਵਿਗਿਆਨਿਕ ਤਰਕ; ਨਾਸਤਿਕਵਾਦ ਹੈ।
ਧਰਮ ਨੂੰ ਜਾਣਨ ਲਈ ਸਮੁੱਚੀ ਗੁਰਬਾਣੀ ਦੇ ਤਿੰਨ ਹਿੱਸੇ ਬਣਾ ਲੈਣਾ, ਸਹੀ ਹੈ (ੳ). ਜ਼ਿੰਦਗੀ (ਵਿਕਾਰ, ਮੌਤ ਆਦਿ) ਦਾ ਵਿਸ਼ਲੇਸ਼ਣ। (ਅ). ਕੁਦਰਤ (ਸੰਸਾਰ/ਬ੍ਰਹਿਮੰਡ) ਦਾ ਵਿਸ਼ਲੇਸ਼ਣ। (ੲ). ਨਿਰਾਕਾਰ ਦੀ ਵਿਆਖਿਆ। ਦਰਖ਼ਤ ਦੇ ਫੈਲਾਅ ਵਾਙ ਧਰਮ ਦੀ ਵਿਆਖਿਆ ਹੁੰਦੀ ਹੈ। ਪਹਿਲੇ ਦੋ ਭਾਗ (ੳ, ਅ); ਦਰਖ਼ਤ (ਧਰਮ) ਦੇ ਪੱਤੇ, ਟਹਿਣੀਆਂ, ਫਲ਼, ਫੁੱਲ ਆਦਿ ਹਨ, ਜਿਨ੍ਹਾਂ ਨੂੰ ਅਜੋਕੀ ਵਿਗਿਆਨਿਕ ਖੋਜ ਨਾਲ਼ ਸਮਝਣਾ ਭੀ ਗ਼ਲਤ ਨਹੀਂ, ਪਰ ‘ੲ’ ਨੂੰ ਸਮਝਣ ਲਈ ਵਿਗਿਆਨਕ ਟੇਕ ਨਹੀਂ ਲਈ ਜਾ ਸਕਦੀ। ਵੈਸੇ ਗੁਰਬਾਣੀ ਅਨੁਸਾਰ ਇਹ ‘ੲ’ ਹੀ ਧਰਮ ਹੈ, ਜੋ ਨਿਰਾਕਾਰ ਦਾ ਨਾਮ ਜਪਾਉਂਦਾ ਹੈ ‘‘ਰਾਮ ਰਾਮ; ਬੋਲਿ ਰਾਮ ਰਾਮ ॥ ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥… (ਇਹੀ) ਸਗਲ ਧਰਮ ਮਹਿ; ਊਤਮ ਧਰਮ ॥ ਕਰਮ ਕਰਤੂਤਿ ਕੈ ਊਪਰਿ, ਕਰਮ ॥ (ਮਹਲਾ ੫/੧੧੮੨), ਸਰਬ ਧਰਮ ਮਹਿ; ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; (ਹੁੰਦਾ) ਨਿਰਮਲ ਕਰਮੁ (ਯਾਨੀ ਸਾਫ਼ ਕਿਰਦਾਰ ਬਣਦਾ)॥’’ (ਸੁਖਮਨੀ/ਮਹਲਾ ੫/੨੬੬), ਜਦ ਧਰਮ; ਨਿਰਾਕਾਰ ਨਾਲ਼ ਜੁੜਿਆ ਵਿਸ਼ਾ ਹੀ ਹੈ ਤਾਂ ਤੇ ਹਿਰਦੇ ’ਚ ਉਸ ਪ੍ਰਤੀ ਭਰੋਸਾ ਬਣਨਾ; ਧਰਮ ਦੀ ਪਹਿਲੀ ਤੇ ਆਖ਼ਰੀ ਪਉੜੀ ਹੈ ਤਾਹੀਓਂ ਸਿੱਖ; ਸਤਿਗੁਰੂ ਅਤੇ ਅਕਾਲ ਪੁਰਖ ਪਾਸੋਂ ਨਿੱਤ ਅਰਦਾਸ ਰਾਹੀਂ ਭਰੋਸਾ ਦਾਨ ਮੰਗਦੇ ਹਨ ਭਾਵੇਂ ਕਿ ਸਾਇੰਸਦਾਨਾਂ ਮੁਤਾਬਕ ਇਹ ਪਾਣੀ ਰਿੜਕਣਾ ਹੈ ਕਿਉਂਕਿ ਵਿਗਿਆਨ; ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਦੇ ਦਾਇਰੇ ’ਚ ਰਹਿ ਕੇ ਕੀਤੀ ਖੋਜ ਹੁੰਦਾ ਹੈ, ਪਰ ਧਰਮ; ਅਨੁਭਵ ਨਾਲ਼ ਜੁੜਿਆ ਹੈ। ਸਿੱਖ ਇਸ ਵਾਕ ‘‘ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥’’ (ਸੁਖਮਨੀ/ਮਹਲਾ ੫/੨੭੭) ’ਤੇ ਭਰੋਸਾ ਕਰੇਗਾ, ਸਾਇੰਸਦਾਨ ਨਹੀਂ। ਸਾਰੀ ਗੁਰਬਾਣੀ ਨੂੰ ਵਿਗਿਆਨ ਆਧਾਰਿਤ ਸਾਬਤ ਕਰਨ ਵਾਲ਼ੇ ਸਿੱਖਾਂ ਲਈ ਇਹ ਵਾਕ ਭੀ ਬ੍ਰਾਹਮਣ ਦਾ ਮਿੱਥ ਹੈ, ਪਰ ਇਹ ਅਸ਼ਰਧਾ ਦਾ ਪ੍ਰਤੀਕ ਹੈ। ਜਿਸ ਅੰਦਰ ਭਰੋਸਾ ਨਹੀਂ, ਜਿਸ ਲਈ ਸਾਰੀ ਗੁਰਬਾਣੀ; ਗਿਆਨ ਇੰਦ੍ਰਿਆਂ ਨਾਲ਼ ਸੰਬੰਧਿਤ ਵਿਸ਼ਾ ਹੈ, ਉਸ ਲਈ ਗੁਰੂ ਦੀ ਮਿਹਰ ਭੀ ਸ਼ਾਬਦਿਕ ਗਿਆਨ ਹੀ ਹੈ ਜਦਕਿ ਧਰਮ (ਨਿਰਾਕਾਰ ਨਾਲ਼ ਜੁੜਨਾ); ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ (ਅਗੰਮ, ਅਗੋਚਰ) ਹੈ, ਜਿਸ ਤੱਕ ਪਹੁੰਚ ਗੁਰੂ ਦੀ ਮਿਹਰ ਕਰਾਉਂਦੀ ਹੈ। ਪਾਵਨ ਵਚਨ ਹਨ ‘‘ਅਗਮ ਅਗੋਚਰੁ ਰਹੈ ਨਿਰੰਤਰਿ; ਗੁਰ ਕਿਰਪਾ ਤੇ ਲਹੀਐ ॥ (ਭਗਤ ਕਬੀਰ/੩੩੩), ਅਗਮੁ ਅਗੋਚਰੁ ਨਾਮੁ ਹਰਿ ਊਤਮੁ; ਹਰਿ, ਕਿਰਪਾ ਤੇ ਜਪਿ ਲਇਆ ॥ (ਮਹਲਾ ੪/੧੨੬੪), ਅਗਮ ਅਗੋਚਰੁ ਸੁਆਮੀ ਅਪੁਨਾ; ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥’’ (ਮਹਲਾ ੫/੧੦੧) ਆਦਿ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦ ਧਰਮ ‘ੲ’ ਹੈ ਤਾਂ ਪਹਿਲੇ ਦੋ ਹਿੱਸੇ (ੳ, ਅ); ਕਿਉਂ ਸ਼ਾਮਲ ਕੀਤੇ, ਜੋ ਪੰਜ ਗਿਆਨ ਇੰਦ੍ਰਿਆਂ ਦੀ ਪਕੜ ਦਾ ਵਿਸ਼ਾ ਹੈ ?
ਜਵਾਬ : (1). ਗੁਰਬਾਣੀ ਮੁਤਾਬਕ ‘ੲ’ (ਨਿਰਾਕਾਰ ਦੀ ਵਿਆਖਿਆ/ਉਸ ਦਾ ਨਿਵਾਸ ਸਥਾਨ); ਹਰ ਜ਼ਿੰਦਗੀ ਸਮੇਤ ਸਮੁੱਚੀ ਕੁਦਰਤਿ (ੳ, ਅ) ਵਿੱਚ ਹੈ। ਇਨ੍ਹਾਂ ਦੀ ਘੋਖ-ਪੜਚੋਲ ਕਰਦਿਆਂ ਕਰਦਿਆਂ ਨਿਰਾਕਾਰ ਦਾ ਦਰਸ਼ਨ ਹੁੰਦਾ ਹੈ। ਕੁਦਰਤਿ ’ਚੋਂ ਨਿਰਾਕਾਰ ਨੂੰ ਪ੍ਰਗਟਾਉਂਦੇ ਪਾਵਨ ਵਚਨ ਹਨ ‘‘ਬਲਿਹਾਰੀ ਕੁਦਰਤਿ (’ਚ) ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ (ਸਮਝਿਆ)॥੧॥ ਰਹਾਉ ॥ (ਆਸਾ ਕੀ ਵਾਰ/ਮਹਲਾ ੧/੪੬੯), ਕੁਦਰਤਿ ਕਰਿ ਕੈ ਵਸਿਆ; ਸੋਇ (ਉਹ ਨਿਰਾਕਾਰ)॥ (ਮਹਲਾ ੧/੮੩), ਸਾਚੇ ਸਾਹਿਬ ਸਿਉ; ਮਨੁ ਮਾਨਿਆ ॥ ਹਰਿ, ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥’’ (ਮਹਲਾ ੫/੬੨੯) ਆਦਿ।
(2). ਜ਼ਿੰਦਗੀ ਅਤੇ ਕੁਦਰਤਿ ਦਾ ਕੀਤਾ ਗਿਆ ਤੱਥਾਂ ਆਧਾਰਿਤ ਲਾਜਵਾਬ ਵਿਸ਼ਲੇਸ਼ਣ (ੳ, ਅ); ਗਿਆਨ ਇੰਦ੍ਰਿਆਂ ਨੂੰ ਤਸੱਲੀ ਕਰਾ ਜਾਂਦਾ ਹੈ ਕਿ ਇਹੀ ਸੱਚਾ ਗਿਆਨ ਹੈ, ਜਿਸ ਤੋਂ ਬਾਅਦ ਨਿਰਾਕਾਰ ਦੀ ਕੀਤੀ ਗਈ ਵਿਆਖਿਆ (ੲ) ’ਤੇ ਭਰੋਸਾ ਕਰਨ ’ਚ ਮਦਦ ਮਿਲਦੀ ਹੈ। ਜੇਕਰ ਇਸ (ੳ, ਅ) ਦੇ ਕੀਤੇ ਵਿਸ਼ਲੇਸ਼ਣ ’ਚ ਅੱਜ ਸਾਇੰਸ ਦੀ ਖੋਜ ਕੋਈ ਤਰੁਟੀ ਕੱਢ ਦਿੰਦੀ (ਜਿਵੇਂ ਕਿ ਬਾਈਬਲ ’ਚ ਕਿਹਾ ਹੈ ਕਿ ਸੂਰਜ; ਧਰਤੀ ਦੇ ਦੁਆਲੇ ਘੁੰਮਦਾ ਹੈ, ਨੂੰ ਸਾਇੰਸ ਨੇ ਰੱਦ ਕਰ ਦਿੱਤਾ) ਤਾਂ ਨਿਰਾਕਾਰ ਦੀ ਵਿਆਖਿਆ (‘ੲ’ ਦੀ ਸਚਾਈ) ਨੂੰ ਮੰਨਣ ਲਈ ਭੀ ਹਿਰਦੇ ਅੰਦਰ ਸੰਦੇਹ ਪੈਦਾ ਹੁੰਦਾ, ਜੋ ਨਹੀਂ ਹੋਇਆ ਤਾਂ ਤੇ ਅਫ਼ਸੋਸ ਹੈ ਕਿ ਫਿਰ ਭੀ ਕਈ ਸਿੱਖ ਨਿਰਾਕਾਰ ਦੇ ਵਜੂਦ ਨੂੰ ਮੰਨਣ ਤੋਂ ਇਨਕਾਰੀ ਹਨ ਜਾਂ ਨਿਰਾਕਾਰ ਨੂੰ ਪ੍ਰਗਟਾਉਂਦੇ ਗੁਰੂ ਵਚਨਾਂ ਦੇ ਮਨਘੜਤ ਅਰਥ ਕਰ ਸਿੱਖ ਹੋਣ ਦਾ ਸਬੂਤ ਦਿੰਦੇ ਰਹਿੰਦੇ ਹਨ। ਐਸੇ ਨਿੰਮੋਝੂਣੇਪਣ ਦਾ ਕਾਰਨ ਨਿਰਾਕਾਰ ਦੀ ਵਿਆਖਿਆ ਨੂੰ ਸਮਝਣ ਲਈ ਭੀ ਵਿਗਿਆਨ ’ਤੇ ਨਿਰਭਰ ਹੋਣਾ ਹੈ ਜਾਂ ਬ੍ਰਾਹਮਣ ਦੇ ਮਿੱਥ ’ਤੇ। ਸੋਚਣਾ ਬਣਦਾ ਹੈ ਕਿ 500 ਸਾਲ ਪਹਿਲਾਂ ਕਿਸ ਵਿਗਿਆਨਿਕ ਖੋਜ ਨਾਲ਼ ਗੁਰੂ ਨਾਨਕ ਸਾਹਿਬ ਜੀ ਦੇ ਇਹ ਵਚਨ ਸਮਝ ਆਏ ਹੋਣਗੇ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮਹਲਾ ੧/੧੯) ਅਰਥ : ਸਦੀਵੀ ਸਥਿਰ (ਨਿਰਾਕਾਰ) ਤੋਂ ਹਵਾ (ਆਕਸੀਜਨ ਤੇ ਹਾਈਡ੍ਰੋਜਨ ਗੈਸ) ਬਣੀ। ਹਵਾ ਤੋਂ ਪਾਣੀ ਹੋਇਆ। ਪਾਣੀ ਤੋਂ ਤਿੰਨੇ ਲੋਕਾਂ ਦੇ ਜੀਵ ਯਾਨੀ ਪਾਣੀ ਵਾਲ਼ੇ ਜੀਵ, ਧਰਤੀ ’ਤੇ ਚੱਲਣ ਵਾਲ਼ੇ ਅਤੇ ਅਕਾਸ਼ ’ਚ ਉੱਡਣ ਵਾਲ਼ੇ ਜੀਵ ਪੈਦਾ ਹੋਏ। ਇਨ੍ਹਾਂ ਸਾਰਿਆਂ ਅੰਦਰ (ਉਹੀ ਸੱਚਾ) ਜੋਤਿ ਸਰੂਪ ਵਜੋਂ ਵਿਆਪਕ ਹੈ।
ਉਕਤ ਵਾਕ ਉਚਾਰਨ ਤੋਂ ਲਗਭਗ 300 ਸਾਲ ਬਾਅਦ ਹੈਨਰੀ ਕੈਵੇਂਡਿਸ਼ (ਬ੍ਰਿਟਿਸ਼, Henry Cavendish 1731-1810) ਨੇ ਸੰਨ 1783 ਵਿੱਚ ਇਹ ਖੋਜ ਕੀਤੀ ਕਿ ਹਵਾ (ਹਾਈਡ੍ਰੋਜਨ ਅਤੇ ਆਕਸੀਜਨ) ਤੋਂ ਪਾਣੀ ਬਣਦਾ ਹੈ। ਜੇਕਰ ਅੱਜ ਸਿੱਖ; ਹੈਨਰੀ ਕੈਵੇਂਡਿਸ਼ ਦੀ ਇਸ ਖੋਜ ਨਾਲ਼ ‘‘ਪਵਨੈ ਤੇ ਜਲੁ ਹੋਇ ॥’’ ਵਾਕ ਨੂੰ ਸਮਝਣ ਦੀ ਬਜਾਇ ਗੁਰੂ ਨਾਨਕ ਸਾਹਿਬ ਜੀ ਦੇ ਵਚਨਾਂ ’ਤੇ ਭਰੋਸਾ ਕਰ ਆਪ ਖੋਜ ਕਰਨਾ ਸਿੱਖਦੇ ਤਾਂ ਇਹ ਖੋਜ ਕਿਸੇ ਸਿੱਖ ਦੇ ਨਾਂ ਹੁੰਦੀ, ਨਾ ਕਿ ਹੈਨਰੀ ਕੈਵੇਂਡਿਸ਼ ਦੇ ਨਾਂ। ਐਸੀਆਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਗੁਰਬਾਣੀ ’ਚ ਦਰਜ ਕੀਤੀਆਂ ਅਨੇਕਾਂ ਵਿਗਿਆਨਿਕ ਮਿਸਾਲਾਂ (ਕੁਦਰਤਿ ਦੇ ਵਿਸ਼ਲੇਸ਼ਣ ਵਜੋਂ) ਹਨ, ਜਿਨ੍ਹਾਂ ਬਾਰੇ ਸਾਇੰਸ ਨੇ ਅਜੇ ਖੋਜ ਕਰਨੀ ਹੈ। ਇਨ੍ਹਾਂ ਵਿੱਚੋਂ ਕੁੱਝ ਕੁ ਹਨ ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ॥ (ਮਹਲਾ ੧/੪੭੨), ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਨ ਕੋਇ ॥ (ਮਹਲਾ ੧/੪੭੨), ਕਉਣੁ ਮਾਸੁ ਕਉਣੁ ਸਾਗੁ ਕਹਾਵੈ ? ਕਿਸੁ ਮਹਿ ਪਾਪ ਸਮਾਣੇ ॥’’ (ਮਹਲਾ ੧/੧੨੮੯) ਆਦਿ। ਅਫ਼ਸੋਸ ਤਾਂ ਇਹ ਹੈ ਕਿ ਤੱਤਵੇਤਾ (ਅਸਲੀਅਤ ਨੂੰ ਜਾਣ ਚੁੱਕੇ) ਅਖਵਾਉਂਦੇ ਸਿੱਖ; ਅਜੇ ਇਸ ‘ਜੀਉ/ਜੀਅ’ ਦਾ ਅਰਥ ‘ਆਤਮਾ, ਜਿੰਦ, ਰੂਹ’ ਮੰਨਣ ਤੋਂ ਮੁਨਕਰ ਹਨ ਅਤੇ ਕਈ ਸਿੱਖ; ਸਾਗ ਅਤੇ ਮਾਸ ਵਿੱਚ ਇੱਕ ਸਮਾਨ ‘ਜੀਉ/ਜੀਅ’ ਹੈ, ਇਸ ਤੋਂ ਇਨਕਾਰੀ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ 35 ਮਹਾਂ ਪੁਰਸ਼ਾਂ ਤੋਂ ਇਲਾਵਾ ਦੁਨੀਆ ਵਿੱਚ ਜਿੰਨੇ ਵੀ ਧਰਮ ਪ੍ਰਚਲਿਤ ਹੋਏ, ਉਨ੍ਹਾਂ ਵਿੱਚੋਂ ਕਿਸੇ ਵੀ ਰਹਿਬਰ, ਪੈਗ਼ੰਬਰ ਨੇ ਆਪਣੇ ਇਲਾਹੀ ਬੋਲ ਆਪ ਨਹੀਂ ਲਿਖੇ ਸਗੋਂ ਉਨ੍ਹਾਂ ਦੀ ਮੌਤ ਤੋਂ ਬਾਅਦ, ਕੁੱਝ ਤਾਂ ਸਦੀਆਂ ਬਾਅਦ; ਜਿਵੇਂ ਕਿ ਵੇਦ; 1200 ਸਾਲ ਬਾਅਦ ਵੇਦ ਵਿਆਸ ਜੀ ਨੇ ਲਿਖੇ ਹਨ। ਮਨੌਤ ਹੈ ਕਿ ਈਸਾ ਮਸੀਹ ਦੇ ਦੇਹਾਂਤ ਤੋਂ 60 ਸਾਲ ਬਾਅਦ 40 ਲੇਖਕਾਂ ਨੇ ‘ਅੰਜੀਲ’ ਪੁਸਤਕ ਲਿਖੀ, ਪਰ ਇਸ ਵਿੱਚ ਈਸਾ ਦੀ ਮੌਤ ਤੋਂ 70 ਸਾਲ ਬਾਅਦ ਦੀਆਂ (ਸੰਤ ਮਾਰਕ ਨਾਂ ਦੇ ਪੁਰਸ਼ ਵੱਲੋਂ ਲਿਖੀਆਂ) ਅੰਜੀਲਾਂ ਭੀ ਦਰਜ ਹਨ। ਵੈਸੇ ਈਸਾ ਮਸੀਹ ਦੀ ਮੌਤ ਤੋਂ ਤਕਰੀਬਨ 400 ਸਾਲ ਬਾਅਦ ਅੰਜੀਲ ਨੂੰ ਲਿਖਤੀ ਰੂਪ ਦਿੱਤਾ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਅਣਪੜ੍ਹ ਸਨ। ਉਨ੍ਹਾਂ ਨੂੰ ਨਾਜ਼ਿਲ ਹੋਏ ਇਲਾਹੀ ਪੈਗ਼ਾਮ ਉਨ੍ਹਾਂ ਦੀ ਮੌਤ ਤੋਂ ਬਾਅਦ ਲਿਖੇ ਗਏ ਹਨ। ਮਹਾਤਮਾ ਬੁੱਧ (ਗੌਤਮ ਬੁੱਧ ਜਾਂ ਸਿਧਾਰਥ) ਦੀ ਮੌਤ ਤੋਂ 446 ਸਾਲ ਬਾਅਦ ਲੰਕਾ ਦੇ ਰਾਜੇ ਵਿਰਦਗਾਮਨੀ ਨੇ ਉਨ੍ਹਾਂ ਦੇ ਬੋਲਾਂ ਨੂੰ ਲਿਖਤੀ ਰੂਪ ਦਿੱਤਾ, ਆਦਿ। ਹੁਣ ਜਦ ਇਹ ਸਾਫ਼ ਹੈ ਕਿ ਰਹਿਬਰ ਦੇ ਇਲਾਹੀ ਬੋਲ ਹੀ ਉਨ੍ਹਾਂ ਆਪ ਨਹੀਂ ਲਿਖੇ ਤਾਂ ਫਿਰ ਇਹ ਵੀ ਗ਼ਲਤ ਨਹੀਂ ਹੋਵੇਗਾ ਕਿ ਉਨ੍ਹਾਂ ਇਲਾਹੀ ਬੋਲਾਂ ਦਾ ਕੱਢਿਆ ਗਿਆ ਮਤਲਬ ਵੀ ਸਾਰੇ ਧਰਮਾਂ ਦੇ ਪੈਰੋਕਾਰਾਂ ਨੇ ਆਪਣੀ ਆਪਣੀ ਸੂਝ ਮੁਤਾਬਕ ਲਿਆ ਹੈ, ਜੋ ਜੀਵਨ ਦੇ ਅਨੁਭਵ, ਸਮਾਜਿਕ ਗਿਆਨ ਅਤੇ ਹੋਰਾਂ ਧਰਮਾਂ ਦੇ ਹੋਏ ਪ੍ਰਚਾਰ-ਪ੍ਰਸਾਰ ਨਾਲ਼ ਬਦਲਿਆ ਭੀ ਹੈ ਜਾਂ ਕਹਿ ਲਈਏ ਕਿ ਸੱਚ ਆਧਾਰਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਦਾ ਪ੍ਰਭਾਵ ਹਰ ਧਰਮ ਦੇ ਗ੍ਰੰਥ ਦੀ ਕੀਤੀ ਜਾ ਰਹੀ ਵਿਆਖਿਆ ’ਤੇ ਪਿਆ ਹੈ। ਨਹੀਂ ਤਾਂ ਸੋਚਣਾ ਬਣਦਾ ਕਿ ਹਿੰਦੂ ਮਿਥਿਹਾਸ ਅਨੁਸਾਰ ਰਾਮ ਚੰਦਰ ਜੀ ਦਾ ਜਨਮ; 20 ਅਪਰੈਲ 2013 ਤੋਂ 8 ਲੱਖ 80 ਹਜ਼ਾਰ ਇੱਕ ਸੌ ਤੇਰ੍ਹਾਂ (8,80,113) ਸਾਲ ਪਹਿਲਾਂ ਹੋਇਆ ਹੈ, ਪਰ ਉਨ੍ਹਾਂ ਦੀ ਜੀਵਨ ਕਥਾ; ਤੁਲਸੀ ਦਾਸ ਜੀ (ਸੰਨ 1497-1623) 15ਵੀਂ ਸਦੀ ’ਚ ਲਿਖਦੇ ਹਨ। ਐਨੀ ਪਿਛੋਂ ਆਈ ਇਸ ਲਿਖਤ ’ਚ ਕਿਆਸਾਂ ਤੋਂ ਇਲਾਵਾ ਰਾਮ ਚੰਦਰ ਜੀ ਦੀ ਜੀਵਨੀ ਕਿੰਨੀ ਕੁ ਸਹੀ ਹੋਵੇਗੀ ?
12ਵੀਂ ਸਦੀ ਤੋਂ ਪ੍ਰਗਟ ਹੋਈ ਸੱਚ ਆਧਾਰਿਤ ਭਗਤੀ ਲਹਿਰ ਅਤੇ ਸੂਫ਼ੀ ਲਹਿਰ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਅਗਾਂਹ ਬਹੁਤ ਪ੍ਰਚੰਡ ਕਰ ਦਿੱਤਾ ਸੀ, ਉਸ ਦਾ ਅਸਰ; ਹਰ ਧਰਮ ਦੇ ਗ੍ਰੰਥ ਦੀ ਕੀਤੀ ਗਈ ਵਿਆਖਿਆ ’ਤੇ ਪਿਆ ਹੈ। ਮਿਸਾਲ ਦੇ ਤੌਰ ’ਤੇ ਦੇਵਤਿਆਂ ਦੀ ਪੂਜਾ ਕਰਨ ਵਾਲ਼ੇ ਹਿੰਦੂ ਭਗਤ ਭੀ ਅੱਜ ਧਾਰਮਿਕ ਪੰਡਾਲਾਂ ’ਚ ਇਹ ਭਜਨ ਗਾਉਂਦੇ ਵੇਖੇ ਜਾ ਸਕਦੇ ਹਨ ਕਿ ‘ਤੂੰ ਵੱਸਦੀ ਹੈ ਘਟ ਘਟ ਅੰਦਰ ਮਾਂ, ਹਮ ਢੂੰਡਤੇ ਰਹਿ ਗਏ ਮੰਦਿਰ ਮੇਂ’ ਜਦਕਿ ਨਿਰਾਕਾਰ ਦੇ ਇਸ ਸਰਬ ਵਿਆਪਕ ਸਰੂਪ ਦੀ ਵਿਆਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਹੈ। ਭਾਰਤ ’ਤੇ ਕਾਬਜ਼ ਹੋਣ ਕਾਰਨ ਈਸਾਈਆਂ ’ਤੇ ਭੀ ਸੱਚ ਆਧਾਰਿਤ ਗੁਰਬਾਣੀ ਸਿਧਾਂਤਾਂ ਦਾ ਅਸਰ ਪਿਆ ਹੈ, ਜਿਸ ਦਾ ਮਹੱਤਵ ਉਹ, ਬਾਈਬਲ ਦੇ ਅਰਥ ਬਦਲ ਬਦਲ ਉਸ ਨੂੰ ਦਿੰਦੇ ਹਨ ਵਰਨਾ ਈਸਾ ਮਸੀਹ ਨੇ ਤਾਂ ਆਪਣੇ ਮੱਤ (ਧਰਮ) ਦਾ ਪ੍ਰਚਾਰ ਕੇਵਲ 3 ਸਾਲ (ਉਮਰ 30 ਤੋਂ 33 ਤੱਕ) ਹੀ ਥੋੜ੍ਹਾ ਬਹੁਤ ਕੀਤਾ ਸੀ। ਰੂੜ੍ਹੀਵਾਦੀ ਸੋਚ ਵਾਲ਼ੇ ਅੱਜ ਭੀ ਕੈਥੋਲਿਕ ਈਸਾਈ ਅਖਵਾਉਂਦੇ ਹਨ ਤੇ ਨਵੇਂ ਵਿਚਾਰਾਂ ਵਾਲ਼ੇ ਪ੍ਰੋਟੈਸਟੈਂਟ ਯਾਨੀ ਵਿਰੋਧੀ।
ਅਕਬਰ ਬਾਦਸ਼ਾਹ ਨੇ ਨਵੇਂ ਧਰਮ (ਦੀਨ ਏ ਇਲਾਹੀ) ਦੀ ਸਥਾਪਨਾ 1581 ਈਸਵੀ ’ਚ ਕੀਤੀ। ਇਸ ਧਰਮ ਦੇ ਕਈ ਅਸੂਲ; ਗੁਰਬਾਣੀ ਦੇ ਇਸ ਸਿਧਾਂਤ ਨਾਲ਼ ਮੇਲ਼ ਖਾਂਦੇ ਹਨ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਕਿਉਂਕਿ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ॥’’ (ਮਹਲਾ ੫/੧੩੮੧) ਅਰਥ : ਖ਼ੁਦਾ; ਆਪਣੀ ਪਰਜਾ ਵਿੱਚ ਵੱਸਦਾ ਹੈ ਤੇ ਪਰਜਾ; ਖ਼ੁਦਾ ਅੰਦਰ ਵੱਸਦੀ ਹੈ ਯਾਨੀ ਖ਼ੁਦਾ ਤੇ ਪਰਜਾ; ਇੱਕ ਦੂਜੇ ਤੋਂ ਭਿੰਨ ਨਹੀਂ। ਜਦ ਉਸ (ਖ਼ੁਦਾ) ਤੋਂ ਇਲਾਵਾ ਕੋਈ ਹੋਰ ਨਹੀਂ ਤਾਂ ਮਾੜਾ ਕਿਸ ਨੂੰ ਕਿਹਾ ਜਾਵੇ ਯਾਨੀ ਸਭ ਨਾਲ਼ ਪਿਆਰ ਕਰਨਾ ਬਣਦਾ ਹੈ। ਅਕਬਰ ਬਾਦਸ਼ਾਹ ਉੱਤੇ ਗੁਰਬਾਣੀ ਦਾ ਇਹ ਪ੍ਰਭਾਵ ਤਦ ਪਿਆ ਜਦ ਸੰਨ 1566 ’ਚ ਹਿੰਦੂ ਪੁਰੋਹਿਤਾਂ ਦੀ ਸ਼ਿਕਾਇਤ ’ਤੇ ਗੁਰੂ ਰਾਮਦਾਸ ਜੀ ਨੇ ਲਾਹੌਰ ਵਿਖੇ ਉਸ ਦੇ ਦਰਬਾਰ ’ਚ ਜਾ ਕੇ ਉਸ ਨੂੰ ਹਿੰਦੂ ਧਰਮ ਨਾਲ਼ੋਂ ਗੁਰਬਾਣੀ ਦੀ ਵਿਲੱਖਣਤਾ ਸਮਝਾਈ। ਇਸ ਤੋਂ ਬਾਅਦ ਅਕਬਰ ਬਾਦਸ਼ਾਹ; ਸੰਨ 1571 ’ਚ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ। ਜਿੱਥੇ ਪੰਗਤ ’ਚ ਬੈਠ ਕੇ ਲੰਗਰ ਛਕਿਆ ਤੇ ਕੁੱਝ ਜ਼ਮੀਨ ਗੁਰੂ ਦੇ ਲੰਗਰਾਂ ਲਈ ਦਾਨ ਦੇਣੀ ਚਾਹੀ, ਪਰ ਗੁਰੂ ਸਾਹਿਬ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਲੰਗਰ; ਸੰਗਤਾਂ ਦੇ ਦਸਵੰਧ ਤੇ ਪਿਆਰ ਨਾਲ਼ ਚੱਲਣੇ ਹੀ ਸਹੀ ਹੁੰਦੇ ਹਨ। ਸਰਕਾਰੀ ਮਦਦ ਨਾਲ਼ ਸੰਗਤਾਂ ’ਚ ਪਿਆਰ ਨਹੀਂ ਉਪਜਦਾ। ਗੁਰੂ ਸਾਹਿਬ ਜੀ ਨੇ ਅਕਬਰ ਨੂੰ ਭਾਰਤ ’ਚੋਂ ਸਤੀ ਪ੍ਰਥਾ ਬੰਦ ਕਰਨ ਲਈ ਕਿਹਾ, ਜੋ ਉਨ੍ਹਾਂ ਨੇ ਤੁਰੰਤ ਮੰਨ ਕੇ ਸਖ਼ਤਾਈ ਨਾਲ਼ ਬੰਦ ਕਰਵਾਈ। ਇਸ ਤੋਂ ਬਾਅਦ ਭੀ ਅਕਬਰ; 24 ਨਵੰਬਰ 1598 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ। ਇਸ ਤੋਂ ਸਾਫ਼ ਹੈ ਕਿ ਗੁਰਬਾਣੀ ਸਿਧਾਂਤਾਂ ਦਾ ਲੋਕਾਂ ’ਤੇ ਵਿਆਪਕ ਅਸਰ ਪੈ ਰਿਹਾ ਸੀ।
ਆਰੀਆ ਸਮਾਜੀ ਸਵਾਮੀ ਦਯਾ ਨੰਦ (1824-1883) ਨੇ ਭੀ ਪੰਜਾਬੀ ਹੋਣ ਕਾਰਨ ਗੁਰਬਾਣੀ ਸਿਧਾਂਤਾਂ ਤੋਂ ਕੁੱਝ ਪ੍ਰਭਾਵਤ ਹੋ ਕੇ ਹਿੰਦੂ ਧਰਮ ਨੂੰ ਸੰਨ 1874 ਤੋਂ ਨਵੇਂ ਅਰਥ (ਥੋੜ੍ਹਾ ਗੁਰਬਾਣੀ ਸਿਧਾਂਤਾਂ ਦੇ ਆਸ ਪਾਸ ਰਹਿ ਕੇ) ਦਿੱਤੇ, ਜਿਨ੍ਹਾਂ ਨੂੰ ਰੂੜ੍ਹੀਵਾਦੀ ਹਿੰਦੂ ਅੱਜ ਭੀ ਨਹੀਂ ਮੰਨਦੇ। ਦਯਾ ਨੰਦ ਭਾਵੇਂ ਤਰਕਵਾਦੀ ਸੀ, ਪਰ ਗੁਰਬਾਣੀ ਦੇ ਸਿਧਾਂਤ ਪੁਨਰਜਨਮ ਨੂੰ ਮੰਨਦਾ ਸੀ। ਜਦ ਕੋਈ ਦੂਸਰੀ ਕੌਮ ਦੇ ਕੁੱਝ ਸਿਧਾਂਤ ਚੁਰਾ ਕੇ ਕੁੱਝ ਆਪਣੇ ਸ਼ਾਮਲ ਕਰ ਨਵੀਂ ਵਿਚਾਰਧਾਰਾ ਮਨੁੱਖਤਾ ’ਚ ਲਾਗੂ ਕਰ ਭਰਮ ਫੈਲਾਉਂਦਾ ਹੈ ਤਾਂ ਹੀ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਇਸ ਰਲ਼ਗੱਡ ਨੂੰ ਨੰਗਾ ਕਰਨ ਲਈ ਸੰਘਰਸ਼ ਕੀਤਾ। ਜੇਕਰ ਦਯਾ ਨੰਦ; ਨਿਰੋਲ ਹਿੰਦੂ ਮੱਤ (ਧਰਮ) ਦਾ ਪ੍ਰਚਾਰ ਕਰਦਾ ਤਾਂ ਗਿਆਨੀ ਦਿੱਤ ਸਿਘ ਨੂੰ ਉਸ ਦੇ ਰਾਹ ’ਚ ਆਉਣ ਦੀ ਬਿਲਕੁਲ ਜ਼ਰੂਰਤ ਨਾ ਪੈਂਦੀ ਕਿਉਂਕਿ ਹਰ ਇੱਕ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ।
ਜਿਸ ਤਰ੍ਹਾਂ ਕਿਸੇ ਫਲ਼ਦਾਰ ਰੁੱਖ ਦਾ ਲਾਭ ਉਸ ਨੂੰ ਲੱਗੇ ਫਲ਼ ਕਾਰਨ ਹੁੰਦਾ ਹੈ ਉਸੇਂ ਤਰ੍ਹਾਂ ਧਰਮ ਦਾ ਅਸਲ ਲਾਭ; ਜ਼ਿੰਦਗੀ ਦੇ ਮੁਕਤ ਹੋਣ ਨਾਲ਼ ਹੈ। ਵਿਕਾਰਾਂ ਤੋਂ ਮੁਕਤੀ, ਸਮਾਜਿਕ ਪਦਾਰਥਾਂ ਵੱਲੋਂ ਨਿਰਮੋਹ ਹੋਣਾ ਜਾਂ ਮਰਨ ਉਪਰੰਤ ਆਵਾਗਮਣ ਤੋਂ ਮੁਕਤ ਹੋਣਾ ਆਦਿ। ਇਹ ਮੁਕਤੀ ਜਾਂ ਨਿਰਮੋਹ ਹੋਣਾ ਹੀ ਬੰਦੇ ਦੇ ਜੀਵਨ ਨੂੰ ਸਮਾਜ ’ਚ ਆਦਰਸ਼ਵਾਦੀ ਬਣਾਉਂਦਾ ਹੈ। ਗੁਰਬਾਣੀ ’ਚ ਇਸ ਨੂੰ ‘‘ਮਨਿ ਜੀਤੈ ਜਗੁ ਜੀਤੁ ॥ (ਜਪੁ/ਮਹਲਾ ੧), ਮਨੁ ਜੀਤੇ ਜਗੁ ਜੀਤਿਆ; ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥’’ (ਭਗਤ ਕਬੀਰ/੧੧੦੩) ਕਿਹਾ ਹੈ। ਆਤਮਾ, ਰੂਹ, ਜਿੰਦ, ਜੀਉ ਜਾਂ ਜੀਅ ਦਾ ਮਰਨ ਉਪਰੰਤ ਮੁਕਤ ਹੋਣਾ; ਗੁਰਬਾਣੀ ਦੁਆਰਾ ਦਰਸਾਇਆ ਗਿਆ ਸਾਰੇ ਪ੍ਰਚਲਿਤ ਧਰਮਾਂ ਤੋਂ ਵੱਖਰਾ ਹੈ। ਯਹੂਦੀ, ਪਾਰਸੀ, ਈਸਾਈ ਅਤੇ ਇਸਲਾਮ ਧਰਮ; ਮੌਤ ਉਪਰੰਤ ਜਿੰਦ (ਆਤਮਾ) ਨੂੰ ਪ੍ਰਲੋਕ ਦੇ ਉਸ ਪੁਰਸਲਾਤ (ਪੁਲ ਸਿਰਾਤ) ਪੁਲ ’ਤੇ ਸਫ਼ਰ ਕਰਾਉਂਦੇ ਹਨ, ਜੋ ਨਰਕ ਦੀ ਅੱਗ ’ਤੇ ਬਾਲ ਨਾਲ਼ੋਂ ਬਾਰੀਕ ਤੇ ਤਲਵਾਰ ਦੀ ਧਾਰ ਨਾਲ਼ੋਂ ਤਿੱਖਾ ਹੈ, ਜਿਸ ਦੇ ਦੋਵੇਂ ਪਾਸੇ ਤਿੱਖੇ ਕੰਡੇ ਹਨ, ਜੋ ਜਿੰਦ ਨੂੰ ਇੱਧਰ ਓਧਰ ਨਹੀਂ ਹਿੱਲਣ ਦਿੰਦੇ। ਧਰਮੀ ਇਸ ਪੁਲ ਤੋਂ ਛੇਤੀ ਲੰਘ ਜਾਂਦੇ ਹਨ, ਪਰ ਪਾਪੀ ਇਸ ਨਰਕ ਦੀ ਅੱਗ ’ਚ ਡਿੱਗ ਪੈਂਦੇ ਹਨ। ਪਾਰਸੀ ਇਸ ਪੁਲ ਨੂੰ ‘ਚਿਨਵਤ ਪੇਰੇਤੂ’ ਆਖਦੇ ਹਨ; ਜਿਵੇਂ ਕਿ ਗੁਰਬਾਣੀ ਵਾਕ ਹੈ ‘‘ਮਲਕੁ ਜਿ ਕੰਨੀ ਸੁਣੀਦਾ; ਮੁਹੁ ਦੇਖਾਲੇ ਆਇ ॥ ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥… ਵਾਲਹੁ ਨਿਕੀ ਪੁਰਸਲਾਤ; ਕੰਨੀ ਨ ਸੁਣੀ ਆਇ ॥ ਫਰੀਦਾ ! ਕਿੜੀ ਪਵੰਦੀਈ; ਖੜਾ ਨ ਆਪੁ ਮੁਹਾਇ ॥’’ (ਬਾਬਾ ਫਰੀਦ ਜੀ/੧੩੭੭) ਅਰਥ : ਜਿਹੜਾ ਮੌਤ ਦਾ ਫ਼ਰਿਸ਼ਤਾ (ਮਲਕ); ਪਹਿਲਾਂ ਕੰਨਾਂ ਨਾਲ਼ ਕੇਵਲ ਸੁਣਿਆ ਸੀ ਉਹ ਆ ਕੇ ਮੂੰਹ ਵਿਖਾਉਂਦਾ ਹੈ ਯਾਨੀ ਜਿਸ ਦੀ ਮੌਤ ਹੋਣੀ ਹੈ ਬੰਦੇ ਨੂੰ ਮਾਰਦਾ ਹੈ। ਉਹ ਹੱਡਾਂ ਨੂੰ ਭੰਨ ਤੋੜ ਕਰ (ਨਿਤਾਣਾ ਬਣਾ) ਵਿੱਚੋਂ ਵਿਚਾਰੀ ਜਿੰਦ ਕੱਢ ਕੇ ਲੈ ਜਾਂਦਾ ਹੈ। ਹੇ ਫਰੀਦ! ਤੈਂ ਬਾਲ ਤੋਂ ਬਾਰੀਕ ਪੁਰਸਲਾਤ (ਨਰਕ ਦਾ ਪੁਲ) ਕੰਨਾਂ ਨਾਲ਼ ਨਹੀਂ ਸੁਣਿਆ (ਕਿ ਕਿੰਨਾ ਭਿਆਨਕ ਹੈ) ? ਓਥੇ ਚੀਕਾਂ ਪੈਂਦੀਆਂ ਹਨ ਤਾਂ ਤੇ ਇਸ ਜਨਮ ’ਚ ਸਾਵਧਾਨ ਰਹਿ। ਆਪਣੇ ਆਪ ਨੂੰ (ਆਪਣੇ ਸੁਆਸ ਰੂਪ ਗੁਣਾਂ ਨੂੰ) ਵਿਕਾਰਾਂ ਤੋਂ ਲੁਟਾ ਨਾ।
ਦੂਜੇ ਪਾਸੇ ਹਿੰਦੂ ਪੁਰਾਣਾਂ ਅਨੁਸਾਰ ਯਮਲੋਕ ਦੇ ਉਰਲੇ ਪਾਸੇ ਇੱਕ ਵੈਤਰਨੀ ਨਦੀ ਹੈ, ਜੋ ਦੋ ਯੋਜਨ ਚੌੜੀ ਹੈ ਯਾਨੀ 8 ਕੋਹ/12 ਕਿਲੋਮੀਟਰ ਚੌੜੀ ਹੈ। ਇਹ ਦੁਰਗੰਧ ਨਾਲ਼ ਭਰੀ ਹੈ। ਇਸ ਵਿੱਚ ਅੱਗ ਵਰਗਾ ਗਰਮ ਪਾਣੀ ਵਹਿੰਦਾ ਹੈ। ਇਸ ਨੂੰ ਪਾਰ ਕਰਨ ਲਈ ਗਊ ਦਾਨ ਕੀਤੀ ਜਾਂਦੀ ਹੈ। ਵੈਤਰਨੀ ਦਾ ਅਰਥ ਹੈ ‘ਵਿਤਰਣ ਯਾਨੀ ਦਾਨ’ ਭਾਵ ਗਊ ਦਾਨ ਕਰਨ ਉਪਰੰਤ ਪਾਰ ਹੋਣ ਵਾਲ਼ੀ ਨਦੀ। ਦਸਮ ਗ੍ਰੰਥ ਵਿੱਚ ਇਸ ਦਾ ਜ਼ਿਕਰ ਹੈ ‘‘ਸ੍ਰੋਨਤ ਕੀ ਸਰਤਾ ਤਹਾ; ਚਲੀ ਮਹਾ ਅਰਿਰਾਇ ॥ ਮੇਦ ਮਾਸ ਮਜਿਯਾ ਬਹੁਤ; ਬੈਤਰੁਨੀ ਕੇ ਭਾਇ ॥੧੬੦੭॥’’ (੨੪ ਅਵਤਾਰ ਕ੍ਰਿਸਨ) ਅਰਥ : ਓਥੇ ਲਹੂ-ਪੀਕ ਦੀ ਵੈਤਰਨੀ ਨਦੀ ਖ਼ੂਬ ਸ਼ੋਰ ਮਚਾ ਕੇ ਵਗਦੀ ਹੈ, ਜਿਸ ਵਿੱਚ ਚਰਬੀ, ਮਿੱਝ, ਮਾਸ ਆਦਿ ਬਹੁਤ ਹੈ।
ਸੋ ਉਕਤ ਸਾਰੇ ਪ੍ਰਚਲਿਤ ਰੂੜ੍ਹੀਵਾਦੀ ਧਰਮਾਂ ਮੁਤਾਬਕ ਜਿੰਦ (ਰੂਹ/ਆਤਮਾ); ਸਰੀਰਕ ਮੌਤ ਉਪਰੰਤ ਕਸ਼ਟ ਭੋਗਦਾ ਹੈ, ਪਰ ਗੁਰਬਾਣੀ ਆਤਮਾ ਨੂੰ ਰੱਬ ਦੀ ਜੋਤਿ ਮੰਨਦੀ ਹੈ, ਜਿਸ ਉੱਤੇ ਅੱਗ, ਮੌਤ, ਕਸ਼ਟ ਆਦਿ ਦਾ ਅਸਰ ਨਹੀਂ ਹੁੰਦਾ ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ?॥ ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥ … ਨਾ ਇਸੁ ਪਿੰਡੁ (ਸਰੀਰ); ਨ ਰਕਤੂ ਰਾਤੀ ॥ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤ੍ਰੀ)॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ; ਨ ਮਰਤਾ ਦੇਖੁ ॥ ਇਸੁ ਮਰਤੇ ਕਉ; ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ (ਨਾਲ਼); ਮੈ ਡਗਰੋ (ਸਹੀ ਰਾਹ) ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ! ਇਹੁ ਰਾਮ ਕੀ ਅੰਸੁ ॥ ਜਸ (ਜਿਵੇਂ) ਕਾਗਦ ਪਰ ਮਿਟੈ ਨ ਮੰਸੁ (ਸਿਆਹੀ; ਇਉਂ ਇਹ ਅਮਰ ਹੈ)॥੪॥ (ਭਗਤ ਕਬੀਰ/੮੭੧), ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥’’ (ਮਹਲਾ ੧/੪੨੧) ਅਰਥ : ਜਿਨ੍ਹਾਂ ਨੇ ਆਪਣੇ ਸਰੀਰ ਅੰਦਰਲੇ ਆਤਮ ਨੂੰ ਪਛਾਣ ਲਿਆ ਓਹੀ ਪਰਮਾਤਮਾ ਦਾ ਰੂਪ ਬਣ ਗਿਆ ਕਿਉਂਕਿ ਆਤਮਾ ਹੈ ਹੀ ਰੱਬ ਦੀ ਜੋਤਿ, ਰੱਬ ਦਾ ਵਜੂਦ, ਰੱਬ ਦਾ ਦਰਸ਼ਨ।
ਉਕਤ ਗੁਰਮਤਿ ਸਚਾਈ ਤੋਂ ਅਣਜਾਣ ਕਈ ਸਿੱਖ ਉਲ਼ਟਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਪ੍ਰਚਲਿਤ ਧਾਰਮਿਕ ਰਹੁਰੀਤਾਂ ਦਾ ਪ੍ਰਭਾਵ ਪਿਆ ਮੰਨਦੇ ਹਨ, ਜੋ ਕਿ ਸਹੀ ਨਹੀਂ। ਧਿਆਨ ਦੇਣਯੋਗ ਹੈ ਕਿ ਕੌਮੀ ਫ਼ਲਸਫ਼ੇ ਦਾ ਸੱਚ; ਉਸ ਦੇ ਗ੍ਰੰਥ ’ਚੋਂ ਪ੍ਰਗਟ ਹੁੰਦਾ ਹੈ, ਨਾ ਕਿ ਪੈਰੋਕਾਰਾਂ (ਸਿੱਖਾਂ) ਦੇ ਕਿਰਦਾਰਾਂ ਤੋਂ। ਕਈ ਸਿੱਖ; ਜੇਕਰ ਬ੍ਰਾਹਮਣੀ ਪ੍ਰਭਾਵ ਨੂੰ ਕਬੂਲਦੇ ਨਜ਼ਰ ਆ ਰਹੇ ਹਨ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਗੁਰਬਾਣੀ ਫ਼ਲਸਫ਼ੇ ’ਚ ਕੋਈ ਘਾਟ ਆ ਚੁੱਕੀ ਹੈ।
ਸੋ ਨਿਰਾਕਾਰ ਦੀ ਵਿਆਖਿਆ ਹੀ ਗੁਰਮਤਿ ਦੀ ਵਿਲੱਖਣਤਾ ਹੈ ਅਤੇ ਗੁਰੂ ਸਾਹਿਬਾਨ ਦੇ ਪੂਰਨ ਗੁਰੂ ਹੋਣ ਦਾ ਸਬੂਤ ਹੈ, ਜਿਨ੍ਹਾਂ ਨੇ ਪੰਜ ਗਿਆਨ ਇੰਦ੍ਰਿਆਂ ਤੋਂ ਪਰੇ ਅਦ੍ਰਿਸ਼ ਵੱਸਦੇ ਨਿਰਾਕਾਰ ਦਾ ਪੰਜ ਗਿਆਨ ਇੰਦ੍ਰਿਆਂ ਅਧੀਨ ਵਿਚਰਦੇ ਮਨੁੱਖ ਨੂੰ (ਕੁਦਰਤਿ ਅਤੇ ਜ਼ਿੰਦਗੀ ਦੇ ਤੱਥਾਂ ਆਧਾਰਿਤ ਕੀਤੇ ਵਿਸ਼ਲੇਸ਼ਣ ਦੁਆਰਾ) ਭਰੋਸਾ ਕਰਾ ਦਿੱਤਾ। ਅਜੋਕਾ ਸਾਇੰਸ ਅਤੇ ਬ੍ਰਾਹਮਣ ਦਾ ਮਿੱਥ; ਗੁਰਮਤਿ ਦੀ ਇਸ ਵਿਲੱਖਣਤਾ ਤੋਂ ਕੋਹਾਂ ਦੂਰ ਹੈ। ਇਸ ਸਚਾਈ ਦੇ ਬਲ ਨਾਲ਼ ਹੀ ਗੁਰੂ ਸਾਹਿਬਾਨ ਨੇ ਪ੍ਰਚਲਿਤ ਧਰਮਾਂ ਦੇ ਕੇਂਦਰਾਂ ’ਤੇ ਜਾ ਕੇ ਉਨ੍ਹਾਂ ਨੂੰ ਧਰਮ ਦੇ ਅਸਲ ਅਰਥ ਸਮਝਾਏ। ਇਹ ਕੰਮ ਕੋਈ ਨਕਲੀ ਗੁਰੂ ਜਾਂ ਨਕਲੀ ਚੇਲਾ ਨਹੀਂ ਕਰ ਸਕਦਾ ਸੀ।
ਜਗਨਨਾਥ ਪੁਰੀ ’ਚ ਹੁੰਦੀ ਪੱਥਰ-ਮੂਰਤੀ ਅੱਗੇ ਆਰਤੀ ਦੇ ਮੁਕਾਬਲੇ ਕੁਦਰਤਿ ’ਚ ਹੁੰਦੀ ਨਿਰੰਤਰ ਆਰਤੀ ਦਾ ਵਰਣਨ ਕਰਨਾ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥ ਧੂਪੁ ਮਲਆਨਲੋ; ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ !!॥ ਭਵ ਖੰਡਨਾ! ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥’’ (ਸੋਹਿਲਾ/ਮਹਲਾ ੧/੧੩) ਅਰਥ : ਹੇ ਆਵਾਗਮਣ ਚੱਕਰ ਮੁਕਾਉਣ ਵਾਲ਼ੇ ਜੋਤਿ ਸਰੂਪ! ਆਵਾਗਮਣ ਵਾਲ਼ੀ ਕੁਦਰਤਿ ’ਚ ਤੇਰੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ!! ਅਕਾਸ਼; ਥਾਲ ਹੈ, ਜਿਸ ਵਿੱਚ ਚੰਦ, ਸੂਰਜ ਦੀਵੇ ਹਨ ਤੇ ਤਾਰਿਆਂ ਦਾ ਸਮੂਹ ਜਾਣੋ (ਥਾਲ ’ਚ ਰੱਖੇ) ਮੋਤੀ ਹਨ। ਮਲ੍ਯ ਪਹਾੜ ਵੱਲੋਂ ਆਉਂਦੀ ਚੰਦਨ-ਸੁਗੰਧੀ; ਧੂਫ਼ ਹੈ ਤੇ ਹਵਾ; ਚੌਰ ਕਰਦੀ ਪਈ ਹੈ। ਸਾਰੀ ਬਨਸਪਤੀ; ਤੇਰੀ ਜੋਤਿ ਸਰੂਪ ਨਿਰਾਕਾਰ ਹਸਤੀ ਲਈ ਫੁੱਲ ਭੇਟ ਕਰ ਰਹੀ ਹੈ।
ਹਰਿਦੁਆਰ ਵਿਖੇ ਪਾਣੀ ਪੂਰਵ ਵੱਲੋਂ ਚੜਦੇ ਸੂਰਜ ਨੂੰ ਦੇਣ ਦੀ ਬਜਾਇ ਦੱਖਣ ਵੱਲ ਦੇਣਾ। ਮੱਕੇ ਜਾ ਕੇ ਕਹਿਣਾ ਕਿ ਜਿੱਧਰ ਅੱਲ੍ਹਾ ਨਹੀਂ ਓਧਰ ਮੇਰੇ ਪੈਰ ਕਰ ਦਿਓ। ਗ੍ਰਹਿਸਤ ਤਿਆਗ ਜੰਗਲ਼ਾਂ ’ਚ ਗਏ ਜੋਗੀਆਂ ਨੂੰ ਗ੍ਰਹਿਸਤੀ ਫ਼ਰਜ਼ ਤੋਂ ਭਗੌੜੇ ਸਾਬਤ ਕਰਨਾ। ਬਾਬਰ ਨੂੰ ਮੂੰਹ ’ਤੇ ਜਾਬਰ ਕਹਿਣਾ। ਏਮਨਾਬਾਦ ਵਿਖੇ ਤਰਖਾਣ ਭਾਈ ਲਾਲੋ ਦੇ ਘਰ ਠਹਿਰ ਕੇ ਮਲਕ ਭਾਗੋ ਦੇ ਸ਼ਾਹੀ ਭੋਜਨ ਨੂੰ ਪਾਪ ਦੀ ਕਮਾਈ ਸਾਬਤ ਕਰਨਾ ਅਤੇ ਬਾਬਰ ਦੁਆਰਾ ਕੀਤੇ ਹਿੰਦੋਸਤਾਨ ’ਤੇ ਪਹਿਲੇ ਹਮਲੇ (ਸੰਨ 1521/ਸੰਮਤ 1578) ਸਮੇਂ ਹੀ ਕਹਿ ਦੇਣਾ ਕਿ ਇਹ ਮੁਗ਼ਲ 19 ਸਾਲ ਬਾਅਦ (ਸੰਨ 1540/ਸੰਮਤ 1597) ’ਚ ਹਾਰ ਕੇ ਵਾਪਸ ਆਪਣੇ ਵਤਨ ਜਾਣਗੇ ‘‘ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥’’ (ਮਹਲਾ ੧/੭੨੩), ਜੋ ਸ਼ੇਰ ਸ਼ਾਹ ਸੂਰੀ ਤੋਂ ਮੁਗ਼ਲ ਬਾਦਸ਼ਾਹ ਹਮਾਯੂੰ ਦੇ ਹਾਰਨ ਨਾਲ਼ ਸੱਚ ਸਾਬਤ ਹੋਇਆ ਆਦਿਕ ਘਟਨਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਪੂਰਨ ਗੁਰੂ ਹੋਣ ਦੇ ਸਬੂਤ ਹਨ, ਜਿਨ੍ਹਾਂ ਦੁਆਰਾ ਆਪ ਲਿਖਤੀ ਰੂਪ ’ਚ ਸੰਭਾਲੇ ਆਪਣੇ ਇਲਾਹੀ ਅਤੇ ਅਲੌਕਿਕ ਬੋਲਾਂ ਨੂੰ ਅੱਜ ਅਸੀਂ ਕਬੀਲਿਆਂ ਦੇ ਸਰਦਾਰਾਂ ਦੇ ਕਾਲਪਨਿਕ ਇਤਿਹਾਸ ਨਾਲ਼ ਮੇਲ਼ ਕੇ ਜਾਂ ਅਧੂਰੀ ਸਾਇੰਸ ਖੋਜ ਦੀ ਟੇਕ ਨਾਲ਼ ਸਮਝਣ ਦਾ ਯਤਨ ਕਰਦੇ ਹਾਂ, ਜੋ ਸਾਡੇ ਅੰਨ੍ਹੇਪਣ ਦਾ ਪ੍ਰਤੱਖ ਸਬੂਤ ਹੈ।
ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ) ਨੇ ਗੁਰਬਾਣੀ ਸੰਪਾਦਨਾ ਵਿਧੀ ਨੂੰ ਦਿੱਤੀ ਚੁਣੌਤੀ
ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ) ਨੇ ਗੁਰਬਾਣੀ ਸੰਪਾਦਨਾ ਵਿਧੀ ਨੂੰ ਦਿੱਤੀ ਚੁਣੌਤੀ
ਪਿਛਲੇ ਕਈ ਸਾਲਾਂ ਤੋਂ ਅਸੀਂ ਕੁਝ ਸਿੱਖ; ਆਪਣੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਸੰਥਿਆ ਪਾਠ ਦੀਆਂ ਕਲਾਸਾਂ ’ਚ ਭਾਗ ਲੈਂਦੇ ਆ ਰਹੇ ਹਾਂ। ਇਨ੍ਹਾਂ ਕਲਾਸਾਂ ’ਚੋਂ ਮਿਲਦੀ ਸਿੱਖਿਆ ਨਾਲ਼ ਵਧੇਰੇ ਪ੍ਰਭਾਵਤ ਗੁਰੂ ਅਰਜਨ ਸਾਹਿਬ ਜੀ ਦੀ ਸੰਪਾਦਨ ਕਲਾ ਤੋਂ ਹੋਏ ਹਾਂ। ਬਲਿਹਾਰ ਹਾਂ ਗੁਰੂ ਸਾਹਿਬ ਜੀ ਦੀ ਇਸ ਕਲਾ ਤੋਂ, ਜਿਨ੍ਹਾਂ ਨੇ ਇੱਕ ਵੀ ਤੁਕ ਬੇਨਾਮੀ ਨਹੀਂ ਲਿਖੀ; ਜਿਵੇਂ ਕਿ ਭਗਤ ਸੂਰਦਾਸ ਜੀ ਦੁਆਰਾ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੇਵਲ ਇੱਕ ਤੁਕ ਹੈ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ ਅਰਥ : ਹੇ ਮਨ ! ਹਰੀ ਤੋਂ ਬੇਮੁਖ ਹੋਏ ਬੰਦਿਆਂ ਦਾ ਸਾਥ ਛੱਡ ਦੇਹ। ਸਮੁੱਚੀ ਗੁਰਬਾਣੀ ਦੀ ਸਬਦ ਸੰਖਿਆ ਮੁਤਾਬਕ ਇਹ ਤੁਕ ਵੀ ਇੱਕ ਸ਼ਬਦ ਹੈ। ਇਸ ਦੇ ਸਿਰਲੇਖ ’ਚ ਜਾਂ ਤੁਕ ਦੀ ਸਮਾਪਤੀ ’ਚ ਕਿਸੇ ਰਚੇਤਾ ਭਗਤ ਦਾ ਨਾਂ ਦਰਜ ਨਹੀਂ ਤਾਂ ਜੋ ਲੇਖਕ ਬਾਰੇ ਪਤਾ ਲੱਗ ਸਕਦਾ। ਇਹ ਤੁਕ ਕਿਨ੍ਹਾਂ ਦੁਆਰਾ ਉਚਾਰਨ ਕੀਤੀ ਹੈ, ਇਸ ਨੂੰ ਸਪਸ਼ਟ ਕਰਨ ਲਈ ਅਗਲੇ ਹੀ ਸ਼ਬਦ ਦਾ ਸਿਰਲੇਖ ਹੈ ‘‘ਸਾਰੰਗ ਮਹਲਾ ੫ ਸੂਰਦਾਸ ॥’’, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸ਼ਬਦ ਭਾਵੇਂ ਗੁਰੂ ਅਰਜਨ ਸਾਹਿਬ ਜੀ ਦਾ ਹੈ, ਪਰ ਇਸ ਦਾ ਸਿੱਧਾ ਸੰਬੰਧ ਪਿਛਲੇ ਸ਼ਬਦ (ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥) ਨਾਲ ਹੈ ਤਾਂ ਜੋ ਕਿਸੇ ਨੂੰ ਇਸ ਦੇ ਲਿਖਾਰੀ ਦੇ ਨਾਂ ਬਾਰੇ ਅਤੇ ਸ਼ਬਦ ਵਿਸ਼ੇ ਨੂੰ ਸਮਝਣ ’ਚ ਕੋਈ ਭੁਲੇਖਾ ਨਾ ਰਹੇ ਕਿ ਬੇਮੁਖਾਂ ਦਾ ਸਾਥ ਕਿਵੇਂ ਛੱਡਣਾ ਹੈ। ਆਪਣੇ ਇਸ ਸ਼ਬਦ ਰਾਹੀਂ ਗੁਰੂ ਸਾਹਿਬ ਜੀ; ਭਗਤ ਸੂਰਦਾਸ ਜੀ ਨੂੰ ਸੰਬੋਧਨ ਕਰ ਕੇ ‘‘ਹਰਿ ਬਿਮੁਖਨ ਕੋ ਸੰਗੁ’’ ਛੱਡਣ ਦੀ ਯੁਕਤੀ ਦੱਸਦੇ ਹਨ ਕਿ ਜਿਉਂ ਜਿਉਂ ‘‘ਹਰਿ ਕੇ ਸੰਗ ਬਸੇ ਹਰਿ ਲੋਕ’’ ਤਿਉਂ ਤਿਉਂ ‘‘ਆਨ ਬਸਤੁ ਸਿਉ ਕਾਜੁ ਨ ਕਛੂਐ’’ ਯਾਨੀ ਹਰੀ ਦੇ ਨੇੜੇ ਰਹਿਣ ਨਾਲ਼ ਸੁਤੇ ਹੀ ਹਰੀ ਤੋਂ ਬੇਮੁਖਾਂ ਦਾ ਸਾਥ ਭੀ ਛੁੱਟ ਜਾਂਦਾ ਹੈ ਕਿਉਂਕਿ ਹਰੀ ਦੇ ਭਗਤਾਂ ਅੰਦਰ ਹਰੀ ਤੋਂ ਬੇਮੁਖਾਂ ਨਾਲ ਸੰਬੰਧ ਬਣਾਨ ਵਾਲ਼ੀ ਕੋਈ ਚਾਹਤ ਹੀ ਨਹੀਂ ਰਹਿੰਦੀ।
ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਦੋ ਬੰਦਾਂ ਵਾਲਾ ਹੈ ਅਤੇ ਇੱਕ ਰਹਾਉ ਪਦਾ ਹੈ, ਜੋ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਪੂਰੇ ਸ਼ਬਦ ਨੂੰ ਵਿਚਾਰਨ ਨਾਲ਼ ਭਗਤ ਜੀ ਦੀ ਉਕਤ ਤੁਕ ਦਾ ਭਾਵਾਰਥ ਸਪਸ਼ਟ ਹੋ ਜਾਂਦਾ ਹੈ। ਗੁਰੂ ਜੀ ‘ਰਹਾਉ’ ਬੰਦ ’ਚ ਫ਼ੁਰਮਾਉਂਦੇ ਹਨ ਕਿ (ਬੇਮੁਖਾਂ ਦਾ ਸਾਥ ਛੱਡ ਕੇ) ਹਰੀ ਦੇ ਨੇੜੇ ਵੱਸਣ ਵਾਲ਼ੇ ਲੋਕ; ਆਪਣਾ ਤਨ ਮਨ ਆਦਿ ਸਭ ਕੁੱਝ (ਆਪਣੇ ਪਿਆਰੇ ਤੋਂ) ਵਾਰ ਕੇ ਅਨੰਦ ਦਾ ਹੁਲਾਰਾ, ਸਹਿਜਤਾ ਦਾ ਝੂਟਾ ਲੈਂਦੇ ਰਹਿੰਦੇ ਹਨ ‘‘ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ, ਸਰਬਸੁ ਸਭੁ ਅਰਪਿਓ ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥’’, ਇਸ ਲਈ ਬੇਮੁਖਾਂ ਦੇ ਨਾਲ਼ ਨਹੀਂ ਰਹਿੰਦੇ।
ਸ਼ਬਦ ਦੇ ਪਹਿਲੇ ਬੰਦ ’ਚ ਗੁਰੂ ਜੀ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਹੈ ਕਿ ਹਰੀ ਦੇ ਸੁੰਦਰ ਮੁਖ ਦਾ ਦਰਸ਼ਨ ਕਰਕੇ ਭਗਤ-ਜਨ ਵਿਕਾਰ ਮੁਕਤ ਹੋ ਜਾਂਦੇ ਹਨ। ਉਨ੍ਹਾਂ ਨੇ ਸਾਰੇ ਪਦਾਰਥ ਪਾ ਲਏ ਹੁੰਦੇ ਹਨ। ਮਾਇਆਵੀ ਪਦਾਰਥ ਨਾਲ਼ ਕੋਈ ਸੰਬੰਧ ਨਹੀਂ ਬਚਦਾ ‘‘ਦਰਸਨੁ ਪੇਖਿ, ਭਏ ਨਿਰਬਿਖਈ; ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ; ਸੁੰਦਰ ਬਦਨ ਅਲੋਕ ॥੧॥’’, ਇਸ ਲਈ ਬੇਮੁਖਾਂ ਦੇ ਨਾਲ਼ ਨਹੀਂ ਰਹਿੰਦੇ।
ਸ਼ਬਦ ਦੇ ਦੂਜੇ ਯਾਨੀ ਅੰਤਮ ਬੰਦ ’ਚ ਵਚਨ ਹਨ ਕਿ ਸੋਹਣੇ ਸਾਂਵਲੇ ਪਿਆਰੇ (ਪ੍ਰਭੂ) ਨੂੰ ਭੁਲਾ ਕੇ ਜੋ ਹੋਰ ਹੋਰ ਪਦਾਰਥਾਂ ਵੱਲ ਖਿੱਚ ਰੱਖਦੇ ਹਨ, ਉਹ ਲੋਕ ਉਸ ਜੋਕ ਵਰਗੇ ਹਨ, ਜਿਹੜੀ ਇੱਕ ਕੋਹੜੀ ਦੇ ਸਰੀਰ ’ਚੋਂ (ਗੰਦਾ ਖ਼ੂਨ ਚੂਸਦੀ ਹੈ), ਪਰ ਹੇ ਸੂਰਦਾਸ ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪਣੇ ਵੱਸ ਵਿੱਚ ਕਰ ਲਿਆ, ਉਨ੍ਹਾਂ ਲਈ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ ਦਿੱਤੇ ਯਾਨੀ ਉਹ ਲੋਕ ਪਰਲੋਕ ’ਚ ਖ਼ੁਸ਼ ਰਹਿੰਦੇ ਹਨ ‘‘ਸਿਆਮ ਸੁੰਦਰ ਤਜਿ, ਆਨ ਜੁ ਚਾਹਤ ; ਜਿਉ, ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ; ਦੀਨੋ ਇਹੁ ਪਰਲੋਕ ॥੨॥੧॥੮॥’’ (ਮਹਲਾ ੫/੧੨੫੩)
ਨੋਟ : ਭਗਤ ਸੂਰਦਾਸ ਜੀ ਦੀ ਉਕਤ ਤੁਕ ਤੋਂ ਪਹਿਲਾਂ ਭਗਤ ਬਾਣੀ ਦੀ ਚਲਦੀ ਲੜੀ ’ਚ ਭਗਤ ਪਰਮਾਨੰਦ ਜੀ ਦਾ ਸ਼ਬਦ ਹੈ, ਜਿਸ ਦੇ ਤਿੰਨ ਬੰਦ ਹਨ। ਤੀਸਰੇ ਯਾਨੀ ਅੰਤਮ ਬੰਦ ਦੀ ਸਮਾਪਤੀ ’ਚ ਸ਼ਬਦ ਸੰਖਿਆ ਇਉਂ ਹੈ ‘‘ਪਰਮਾਨੰਦ ਸਾਧਸੰਗਤਿ ਮਿਲਿ; ਕਥਾ ਪੁਨੀਤ ਨ ਚਾਲੀ ॥੩॥੧॥੬॥’’ (੧੨੫੩), ਇਸ ਸ਼ਬਦ ਗਿਣਤੀ (॥੩॥੧॥੬॥) ਤੋਂ ਬਾਅਦ ਹੈ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ॥’’ ਅਤੇ ਇਸ ਤੋਂ ਬਾਅਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਉਕਤ ਸ਼ਬਦ, ਜਿਸ ਦੀ ਸਮਾਪਤੀ ’ਚ ਸ਼ਬਦ ਸੰਖਿਆ ਹੈ ॥੨॥੧॥੮॥ , ਇਸ ਗਿਣਤੀ ਦਾ ਮਤਲਬ ਹੈ ਕਿ ਅੰਕ ੨; ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਦੇ ਦੋ ਬੰਦ ਹਨ, ਬਾਰੇ ਜਾਣਕਾਰੀ ਦਿੰਦਾ ਹੈ। ਅੰਕ ੧; ਭਗਤ ਸੂਰਦਾਸ ਜੀ ਦੇ ਸ਼ਬਦ ਦਾ ਸੂਚਕ ਹੈ। ਅੰਕ ੮ ਤੋਂ ਭਾਵ ਹੈ ਕਿ ਸਾਰੰਗ ਰਾਗ ’ਚ ਭਗਤ ਬਾਣੀ ਦੇ ਅੱਠ ਸ਼ਬਦ ਹਨ ਯਾਨੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਵੀ ਭਗਤ ਬਾਣੀ ਦਾ ਹਿੱਸਾ ਹੈ; ਜਿਵੇਂ ਕਿ ਭਗਤ ਕਬੀਰ ਜੀ ਅਤੇ ਬਾਬਾ ਫ਼ਰੀਦ ਜੀ ਦੇ ਸਲੋਕਾਂ ’ਚ ਗੁਰੂ ਸਾਹਿਬਾਨ (ਮਹਲਾ ੧, ਮਹਲਾ ੩, ਮਹਲਾ ੫) ਦੁਆਰਾ ਭਗਤ ਸਾਹਿਬਾਨ ਦੇ ਵਿਸ਼ਿਆਂ ਨੂੰ ਹੋਰ ਸਪਸ਼ਟ ਕਰਨ ਲਈ ਰਚੇ ਸਲੋਕ ਭੀ ਭਗਤ ਬਾਣੀ ਹੀ ਅਖਵਾਉਂਦੇ ਹਨ।
ਉਕਤ ਵਿਚਾਰ ਤੋਂ ਸਾਫ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਬਦ ਰਾਹੀਂ ਸਪਸ਼ਟ ਕੀਤਾ ਕਿ (1). ਇਹ ਤੁਕ ਭਗਤ ਸੂਰਦਾਸ ਜੀ ਦੁਆਰਾ ਰਚੀ ਗਈ ਹੈ। (2). ਭਗਤ ਸੂਰਦਾਸ ਜੀ ਦੀ ਇਹ ਤੁਕ; ਪੂਰਾ ਸ਼ਬਦ ਹੈ। (2). ਭਗਤ ਜੀ ਦੇ ਪਾਵਨ ਸਿਧਾਂਤ ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ॥’’ ਦਾ ਮਨੁੱਖਾ ਜ਼ਿੰਦਗੀ ਲਈ ਲਾਭ ਅਤੇ ਨੁਕਸਾਨ; ਦੋਵੇਂ ਪੱਖ ਉਜਾਗਰ ਕੀਤੇ ਹਨ। (4). ਭਗਤ ਸੂਰਦਾਸ ਜੀ ਦੇ ਸ਼ਬਦ ਦੀ ਸੰਖਿਆ ॥੧॥੭॥ ਮੰਨੀ ਹੈ।
ਗੁਰੂ ਅਰਜਨ ਸਾਹਿਬ ਜੀ ਦੇ ਇਸ ਸ਼ਬਦ ਤੋਂ ਅਗਲਾ ਦੋ ਬੰਦ ਵਾਲ਼ਾ ਸ਼ਬਦ; ਭਗਤ ਕਬੀਰ ਜੀ ਦਾ ਹੈ, ਜਿਸ ਦੇ ਦੂਜੇ/ਅੰਤਮ ਬੰਦ ਨਾਲ਼ ਇਉਂ ਸ਼ਬਦ ਸੰਖਿਆ ਹੈ ‘‘ਸਗਲ ਧਰਮ ਪੁੰਨ ਫਲ ਪਾਵਹੁ; ਧੂਰਿ ਬਾਂਛਹੁ ਸਭ ਜਨ ਕਾ ॥ ਕਹੈ ਕਬੀਰੁ ਸੁਨਹੁ ਰੇ ਸੰਤਹੁ ! ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥’’ (੧੨੫੩)। ਅੰਕ ੧ ਤੋਂ ਭਾਵ ਕਬੀਰ ਜੀ ਦਾ ਇੱਕ ਸ਼ਬਦ ਹੈ ਅਤੇ ਅੰਕ ੯ ਤੋਂ ਭਾਵ ਭਗਤ ਬਾਣੀ ਦੇ ਸਾਰੰਗ ਰਾਗ ’ਚ ਕੁੱਲ ੯ ਸ਼ਬਦ ਹੋ ਚੁੱਕੇ ਹਨ। ਐਸੀ ਸ਼ਬਦ ਸੰਖਿਆ ਤਰਤੀਬ; ਗੁਰੂ ਗ੍ਰੰਥ ਸਾਹਿਬ ਸ਼ਬਦ ਸੰਗ੍ਰਹਿ ਵਿੱਚ ਕਿਸੇ ਨੂੰ ਇੱਕ ਸ਼ਬਦ ਵਾਧੂ ਜੋੜਨ ਜਾਂ ਕੋਈ ਸ਼ਬਦ ਕੱਢਣ ਦੀ ਅਨੁਮਤੀ ਨਹੀਂ ਦਿੰਦੀ।
ਸ਼ਬਦਾਂ ਦੇ ਸਿਰਲੇਖ ਅਤੇ ਅੰਕ ਜੋੜਾਂ ਦੀ ਇਹ ਕੋਈ ਇਕੱਲੀ ਉਦਾਹਰਨ ਨਹੀਂ ਹੈ। ਅਨੇਕਾਂ ਹੋਰ ਵੀ ਮਿਲ ਜਾਂਦੀਆਂ ਹਨ; ਜਿਨ੍ਹਾਂ ’ਚੋਂ ਕੁਝ ਕੁ ਨੂੰ ਵਿਚਾਰਨਾ ਜ਼ਰੂਰੀ ਹੈ :
(1). ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੩੨੬ ’ਤੇ ਸਿਰਲੇਖ ‘‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥’’ ਵੀ ਵਿਸ਼ੇਸ਼ ਸੰਪਾਦਕੀ ਸੰਕੇਤ ਹੈ, ਜੋ ਇਸ ਰਾਗ ਵਿੱਚ ਚਲਦੀ ਸ਼ਬਦ ਸੰਖਿਆ ਲੜੀ ਮੁਤਾਬਕ ਇਸ ਤੋਂ ਪਹਿਲਾਂ ਅਤੇ ਪਿੱਛੋਂ ਆਏ ਸ਼ਬਦਾਂ ਨਾਲ ਸੰਬੰਧਿਤ ਨਹੀਂ। ਇਸ ਸ਼ਬਦ ਦਾ ਕੇਵਲ ਸਿਰਲੇਖ ਹੀ ਨਹੀਂ ਬਲਕਿ ਸ਼ਬਦ ਜੋੜ ਅੰਕ ਵੀ ਵੱਖਰੇ ਢੰਗ ਨਾਲ ਲਿਖਿਆ ਹੈ। ਇਸ ਤੋਂ ਉਪਰਲੇ ਸ਼ਬਦਾਂ ਦੇ ਸਿਰਲੇਖ ਹਨ ‘ਗਉੜੀ ਕਬੀਰ ਜੀ’ ਅਤੇ ਅੰਕ ਜੋੜ ਹਨ ॥੪॥੧੨॥; ॥੪॥੧੩॥ ਆਦਿ ਅਤੇ ਵਿਚਾਰ ਅਧੀਨ ਸ਼ਬਦ ਤੋਂ ਬਾਅਦ ਵਾਲੇ ਸਿਰਲੇਖਾਂ ਹੇਠ ਆਏ ਸ਼ਬਦਾਂ ਦੇ ਜੋੜ ਹਨ ॥੪॥੧੫॥ ; ॥੪॥੧੬॥ ਆਦਿ, ਇਸ ਲਈ ਉਕਤ ਸ਼ਬਦ ਦਾ ਜਿੱਥੇ ਸਿਰਲੇਖ ਵੱਖਰਾ ਹੈ ਉੱਥੇ ਜੋੜ ਵੀ ਵੱਖਰੇ ਅੰਦਾਜ਼ ’ਚ ਹੈ ॥੪॥੧॥੧੪॥; ਇਸ ਤੋਂ ਸਪਸ਼ਟ ਹੈ ਕਿ ਭਾਵੇਂ ਸਾਰੇ ਸ਼ਬਦ ਚਾਰ ਚਾਰ ਬੰਦਾਂ ਦੇ ਹਨ, ਪਰ ਅੰਕ ੧; ਵੱਖਰਾ ਹੈ, ਜੋ ਪਿਛਲੇ ਜੋੜ ॥੧੩॥ ’ਚ ਮਿਲ ਕੇ ਕੁਲ ॥੧੪॥ ਹੁੰਦਾ ਹੈ।
ਸਿਰਲੇਖ ’ਚ ਇਹ ਦਰਜ ‘‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥’’ ਤੋਂ ਸਪਸ਼ਟ ਹੈ ਕਿ ਇਹ ਸ਼ਬਦ ਨਾ ਤਾਂ ਨਿਰੋਲ ਕਬੀਰ ਸਾਹਿਬ ਜੀ ਦਾ ਹੈ ਅਤੇ ਨਾ ਹੀ ਕੇਵਲ ਮਹਲਾ ੫ (ਗੁਰੂ ਅਰਜਨ ਸਾਹਿਬ ਜੀ) ਦਾ ਯਾਨੀ ਕਿ ਕਬੀਰ ਜੀ ਦੇ ਇਸ ਸ਼ਬਦ ਦੇ ਅੰਤ ’ਚ ਕੁਝ ਹਿੱਸਾ ਮਹਲਾ ੫ ਦਾ ਵੀ ਹੈ। ਅਰਥ ਵਾਚਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਰਹਾਉ ਸਮੇਤ ਪਹਿਲੇ ਤਿੰਨ ਪਦੇ ਕਬੀਰ ਸਾਹਿਬ ਜੀ ਦੇ ਹਨ; ਜਿਵੇਂ ਕਿ ‘‘ਐਸੋ ਅਚਰਜੁ; ਦੇਖਿਓ ਕਬੀਰ ॥ ਦਧਿ ਕੈ ਭੋਲੈ (ਦਹੀਂ ਦੇ ਭੁਲੇਖੇ), ਬਿਰੋਲੈ ਨੀਰੁ ॥੧॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ; ਹੀਗੈ ਮਰੈ ॥੧॥ ਮਾਤਾ ਭੈਸਾ, ਅੰਮੁਹਾ ਜਾਇ ॥ ਕੁਦਿ ਕੁਦਿ ਚਰੈ, ਰਸਾਤਲਿ ਪਾਇ ॥੨॥ ਕਹੁ ਕਬੀਰ, ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥੩॥’’ ਅਰਥ : ਹੇ ਕਬੀਰ ! ਅਜਿਹਾ ਤਮਾਸ਼ਾ ਜਗਤ ’ਚ ਵੇਖਿਆ ਹੈ ਕਿ ਸਾਰਾ ਸੰਸਾਰ; ਦਹੀਂ ਦੇ ਭੁਲੇਖੇ ਯਾਨੀ ਦਹੀਂ ਸਮਝ ਕੇ ਪਾਣੀ ਰਿੜਕ ਰਿਹਾ ਹੈ॥ ਰਹਾਉ॥ ਮਨ ਭਾਉਂਦੇ ਵਿਕਾਰ ਮੂਰਖ ਭੋਗਦਾ ਹੈ। (ਪਛੁਤਾਵੇ ਦੀ ਥਾਂ ਸਗੋਂ) ਰੋਜ਼ਾਨਾ ਸੁਬ੍ਹਾ ਤੋਂ ਹੀ ਹੱਸਦਾ ਹੈ। (ਖੋਤੇ ਵਾਙ) ਹਿਣਕਦਾ ਹੈ; (ਇਉਂ ਆਤਮਕ ਮੌਤ ਵੀ) ਮਰਦਾ ਹੈ॥੧॥ ਮਸਤੇ ਸਾਂਢ ਵਰਗਾ ਮੂਰਖ ਮਨ (ਇਸ ਪਾਸਿਓਂ) ਮੁੜਦਾ ਨਹੀਂ ਸਗੋਂ ਉਛਲ ਉਛਲ ਕੇ (ਵਿਕਾਰਾਂ ਨੂੰ) ਚਰਦਾ ਹੈ, ਮਾਣਦਾ ਹੈ ਭਾਵੇਂ ਕਿ ਗਿਰਾਵਟ ਵੱਲ ਹੀ ਵਧਦਾ ਜਾਂਦਾ ਹੈ॥੨॥ ਹੇ ਕਬੀਰ ! (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿੱਚ ਆ ਗਿਆ ਕਿ ਸੰਸਾਰਕ ਜੀਵਾਂ ਦੀ (ਭੇਡ ਰੂਪ) ਬੁੱਧੀ; (ਲੇਲੇ ਰੂਪ) ਮਨ ਦੇ ਪਿੱਛੇ ਲੱਗੀ ਫਿਰਦੀ ਹੈ (ਜਦਕਿ ਚਾਹੀਦਾ ਹੈ ਕਿ ਲੇਲਾ ਮਨ; ਆਪਣੀ ਮਾਤਾ ਬੁੱਧੀ ਅਨੁਸਾਰ ਚੱਲਦਾ)॥੩॥ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਗਤ ਕਬੀਰ ਜੀ ਨੂੰ ਇਹ ਸਮਝ ਕਿਵੇਂ ਆਈ ? ਇਸ ਨੂੰ ਸਪਸ਼ਟ ਕਰਨ ਲਈ ਹੀ ਇਸ ਸ਼ਬਦ ਦਾ ਚੌਥਾ ਬੰਦ ਗੁਰੂ ਅਰਜਨ ਸਾਹਿਬ ਜੀ ਇਉਂ ਉਚਾਰਦੇ ਹਨ ‘‘ਰਾਮ ਰਮਤ ; ਮਤਿ ਪਰਗਟੀ ਆਈ ॥ ਕਹੁ ਕਬੀਰ, ਗੁਰਿ (ਨੇ) ਸੋਝੀ ਪਾਈ ॥੪॥੧॥੧੪॥’’ (ਪੰਨਾ ੩੨੬) ਅਰਥ : ਸਤਿਗੁਰੂ ਨੇ (ਮਿਹਰ ਕਰਕੇ) ਸਮਝ ਬਖ਼ਸ਼ੀ ਹੈ; (ਉਹ ਸਮਝ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਬੁੱਧੀ ਜਾਗ ਪਈ ਹੈ (ਮਨ ਦੇ ਪਿੱਛੇ ਤੁਰਨੋਂ ਹਟ ਗਈ)।
(2). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੩੦੦ ਤੋਂ ੩੧੮ ਤੱਕ ਗੁਰੂ ਰਾਮਦਾਸ ਜੀ ਦੀ ਗਉੜੀ ਕੀ ਵਾਰ ਹੈ, ਸ਼ੁਰੂ ’ਚ ਇਹ ਵਾਰ ਕੇਵਲ ੨੮ ਪਉੜੀਆਂ ਦੀ ਸੀ। ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਾਰ ਦੀਆਂ ਪੰਜ ਪਉੜੀਆਂ (੨੭, ੨੮, ੨੯, ੩੦, ੩੧) ਆਪਣੇ ਵੱਲੋਂ ਲਿਖੀਆਂ ਹਨ, ਜਿਨ੍ਹਾਂ ਨੂੰ ਨਵਾਂ ਸਿਰਲੇਖ ‘ਪਉੜੀ ੫’ ਜਾਂ ਪਉੜੀ ਮ: ੫’ ਵੀ ਦਿੱਤਾ ਗਿਆ ਹੈ। ਤਾਂ ਜੋ ਗੁਰਸਿੱਖ; ਹਮੇਸ਼ਾਂ ਧਿਆਨ ’ਚ ਰੱਖਣ ਕਿ ਇਹ ਪਉੜੀਆਂ ਦਰਜ ਕਰਨ ਦਾ ਅਸਲ ਮਨੋਰਥ ਕੀ ਹੈ। ਇਨ੍ਹਾਂ ਪੰਜ ਪਉੜੀਆਂ ਸਮੇਤ ਅੱਜ ਇਸ ਦੀਆਂ ੩੩ ਪਉੜੀਆਂ ਹਨ।
(3). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੪੮੭ ’ਤੇ ਆਸਾ ਰਾਗੁ ’ਚ ਭਗਤ ਧੰਨਾ ਜੀ ਦਾ ਸ਼ਬਦ ਹੈ ‘‘ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿ ਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥… ॥੩॥ ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ (ਨੇ) ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥੧॥ (ਭਗਤ ਧੰਨਾ ਜੀ/੪੮੭) ਭਾਵੇਂ ਕਿ ਇਸ ਸ਼ਬਦ ਦੇ ਅੰਤ ’ਚ ਭਗਤ ਧੰਨਾ ਜੀ ਸਪਸ਼ਟ ਕਰਦੇ ਪਏ ਹਨ ਕਿ ਉਨ੍ਹਾਂ ਨੇ ਧਰਤੀ ਦੇ ਆਸਰੇ ਪ੍ਰਭੂ ਦਾ ਨਾਮ-ਧਨ ਸੰਤ ਜਨਾਂ ਨੂੰ ਮਿਲ ਕੇ ਪਾਇਆ ਹੈ, ਨਾ ਕਿ ਪੱਥਰ ਦੀ ਮੂਰਤੀ ਪੂਜ ਕੇ, ਪਰ ਫਿਰ ਵੀ ਕੋਈ ਭੁਲੇਖਾ ਨਾ ਰਹੇ ਇਸ ਦੇ ਨਾਲ ਹੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸ਼ਬਦ ਦੀ ਰਾਹੀਂ ਇਉਂ ਸਪਸ਼ਟ ਵੀ ਕਰ ਦਿੱਤਾ ‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥੨॥ (ਮਹਲਾ ੫/੪੮੮) ਪਦ ਅਰਥ : ਲੀਣਾ- ਲੀਨ ਹੋ ਗਿਆ।, ਲਾਖੀਣਾ- ਲੱਖਾਂ ਦਾ।, ਪ੍ਰੀਤ ਚਰਨ- ਹਰੀ ਦੇ ਚਰਨਾਂ ਨਾਲ਼ ਪ੍ਰੀਤ।, ਕਬੀਰਾ- ਕਬੀਰ ਜੀ ਦੀ।, ਨੀਚ ਕੁਲਾ ਜੋਲਾਹਰਾ- ਛੋਟੀ ਕੁਲ ਦਾ ਜੁਲਾਹਾ (ਤਾਣੀ ਬੁਣਨ ਵਾਲ਼ਾ)।, ਭਇਓ ਗੁਨੀਯ ਗਹੀਰਾ- ਗੁਣਾਂ ਦਾ ਸਾਗਰ ਬਣ ਗਿਆ।, ਢੋਰ- ਮਰੇ ਹੋਏ ਪਸ਼ੂ।, ਬੁਤਕਾਰੀਆ- ਛੋਟੇ ਮੋਟੇ ਕੰਮ ਕਰਨ ਵਾਲ਼ਾ।, ਜਾਟਰੋ- ਧੰਨਾ ਜੱਟ। ਨੋਟ : ਇਸ ਸ਼ਬਦ ਦਾ ਅਸਲ ਮਨੋਰਥ ਇਹ ਸਾਬਤ ਕਰਨਾ ਹੈ ਕਿ ਇਨ੍ਹਾਂ ਸਾਰੇ ਭਗਤਾਂ ਨੇ ਸਾਧ ਸੰਗਤ ’ਚ ਰਹਿੰਦਿਆਂ ਨਿਰਾਕਾਰ ਰੱਬ ਨੂੰ ਪ੍ਰਾਪਤ ਕੀਤਾ ਹੈ ਯਾਨੀ ਸੱਚੇ ਭਗਤ ਸਨ, ਨਾ ਕਿ ਅਖੌਤੀ; ਜਿਵੇਂ ਕਿ ਇਨ੍ਹਾਂ ਦੀ ਜਾਤ ਨੂੰ ਅਖੌਤੀ ਮੰਨਿਆ ਜਾਂਦਾ ਰਿਹਾ ਸੀ।
(4). ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੨੭੮ ਤੋਂ ੧੨੯੧ ਤੱਕ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਮਲਾਰ ਰਾਗ ਦੀ ਵਾਰ ਹੈ, ਜਿਸ ਦੀਆਂ ਹੁਣ ੨੮ ਪਉੜੀਆਂ ਹਨ ਕਿਉਂਕਿ ਸ਼ੁਰੂ ਵਿੱਚ ਇਸ ਦੀਆਂ ਵੀ 27 ਪਉੜੀਆਂ ਸਨ। ਸੰਪਾਦਨਾ ਸਮੇਂ ਪੰਜਵੇਂ ਪਾਤਿਸ਼ਾਹ ਜੀ ਨੇ ੨੭ਵੀਂ ਪਉੜੀ ਆਪਣੇ ਵੱਲੋਂ ਦਰਜ ਕਰਕੇ ਉਸ ਨੂੰ ਸਿਰਲੇਖ ਦਿੱਤਾ ਹੈ ‘ਪਉੜੀ ਨਵੀ ਮ: ੫॥’ ਤਾਂ ਜੋ ਇਸ ਨੂੰ ਦਰਜ ਕਰਨ ਦਾ ਅਸਲ ਮਨੋਰਥ ਬਾਣੀ ਨੂੰ ਧਿਆਨ ਨਾਲ਼ ਪੜ੍ਹਨ ਵਾਲ਼ੇ ਗੁਰਸਿੱਖ ਸਮਝਦੇ ਰਹਿਣ। ਚੇਤੇ ਰਹੇ ਕਿ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵੱਲੋਂ ਜੋ ਜੋ ਰਚਨਾ; ਬਾਕੀ ਬਾਣੀਕਾਰਾਂ ਦੀ ਰਚਨਾ ਦੇ ਸੰਬੰਧ ਵਿੱਚ ਕੀਤੀ ਹੈ, ਉਹ ਜਾਂ ਤਾਂ ਲੰਬੀ ਰਚਨਾ (ਵਾਰਾਂ) ਦੀਆਂ ਤਕਰੀਬਨ ਅੰਤਮ ਪਉੜੀਆਂ ’ਚ ਹੈ ਜਾਂ ਕਿਸੇ ਸ਼ਬਦ ਦੇ ਅਖੀਰ ਵਿੱਚ, ਇਸ ਤੋਂ ਸਾਫ਼ ਹੁੰਦਾ ਹੈ ਕਿ ਗੁਰੂ ਸਾਹਿਬ; ਗੁਰਮਤਿ ਦਾ ਤੱਤਸਾਰ ਹੀ ਹੋਰ ਵਧੀਕ ਸਪਸ਼ਟ ਕਰਦੇ ਹਨ, ਜੋ ਹਰ ਰਚਨਾ ਦੇ ਅੰਤ ’ਚ ਹੁੰਦਾ ਹੈ। ਧਿਆਨ ਰਹੇ ਕਿ ਉਕਤ ਦੋਵੇਂ ਵਾਰਾਂ (ਗਉੜੀ ਅਤੇ ਮਲਾਰ) ਦੀ ਸਮਾਪਤੀ ਪਉੜੀ; ਗੁਰੂ ਅਰਜਨ ਸਾਹਿਬ ਜੀ ਦੁਆਰਾ ਨਹੀਂ ਰਚੀ ਗਈ ਕਿਉਂਕਿ ਗੁਰੂ ਰਾਮਦਾਸ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿਸ਼ੇ ਨੂੰ ਅੰਤ ’ਚ ਬਾਖ਼ੂਬੀ ਸਪਸ਼ਟ ਕੀਤਾ ਹੈ, ਸਮੇਟਿਆ ਹੈ। ਨਹੀਂ ਤਾਂ ਕੁੱਝ ਸਿੱਖ ਇਹ ਵੀ ਭੁਲੇਖਾ ਖਾ ਜਾਂਦੇ ਕਿ ਸ਼ਾਇਦ ਵਾਰਾਂ ਦੀਆਂ ਅੰਤਮ ਪਉੜੀਆਂ ਉਤਾਰਾ ਕਰਦਿਆਂ ਗੁੰਮ ਹੋ ਗਈਆਂ ਹੋਣ ਜਾਂ ਵਾਰਾਂ ਅਧੂਰੀਆਂ ਹੀ ਲਿਖੀਆਂ ਗਈਆਂ ਹੋਣ।
(5). ਭਗਤ ਕਬੀਰ ਜੀ ਅਤੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਕੁੱਝ ਸਲੋਕਾਂ ਦੇ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਗੁਰੂ ਸਾਹਿਬਾਨ (ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ) ਦੁਆਰਾ ਆਪਣੇ ਵੱਲੋਂ ਇਨ੍ਹਾਂ ਭਗਤਾਂ ਨੂੰ ਸੰਬੋਧਨ ਹੁੰਦਿਆਂ ਹੀ ਸਲੋਕ ਲਿਖੇ ਹਨ ਪਰ ਉਨ੍ਹਾਂ ਵਿੱਚ ਸਿਰਲੇਖ ਵਜੋਂ ਮ: ੧, ਮ: ੩, ਮ: ੪, ਮ: ੫, ਲਿਖਿਆ ਮਿਲਦਾ ਹੈ; ਜਿਵੇਂ ਕਿ
ਫਰੀਦਾ ! ਰਤੀ ਰਤੁ ਨ ਨਿਕਲੈ; ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ; ਤਿਨ ਤਨਿ ਰਤੁ ਨ ਹੋਇ ॥੫੧॥ (ਬਾਬਾ ਫ਼ਰੀਦ ਜੀ)
ਮ: ੩ ॥ ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ; ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ; ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ! ਤੇ ਜਨ ਸੋਹਣੇ; ਜਿ ਰਤੇ ਹਰਿ ਰੰਗੁ ਲਾਇ ॥੫੨॥ (ਫਰੀਦ ਜੀ/ਮਹਲਾ ੩/੧੩੮੦)
(6). ਸਲੋਕ ਵਾਰਾਂ ਤੇ ਵਧੀਕ ਮਹਲਾ ੧॥ ਸਿਰਲੇਖ ਹੇਠ ਕੱਲ 33 ਸਲੋਕ ਹਨ, ਜਿਨ੍ਹਾਂ ’ਚ 28ਵਾਂ ਸਲੋਕ ਗੁਰੂ ਅਮਰਦਾਸ ਜੀ ਦਾ ਹੈ; ਜਿਵੇਂ ਕਿ ‘‘ਮਹਲਾ ੩ ॥ ਲਾਹੌਰ ਸਹਰੁ, ਅੰਮ੍ਰਿਤ ਸਰ, ਸਿਫਤੀ ਦਾ ਘਰੁ ॥੨੮॥’’ (ਪੰਨਾ ੧੪੧੨), ਜੋ ਗੁਰੂ ਨਾਨਕ ਸਾਹਿਬ ਜੀ ਦੇ 27ਵੇਂ ਸਲੋਕ (ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥) ਨੂੰ ਹੀ ਵਿਸਥਾਰ ਦਿੰਦਾ ਹੈ, ਪਰ ‘ਮਹਲਾ ੩’ ਦਰਜ ਕਰਕੇ ਸਾਫ਼ ਕੀਤਾ ਗਿਆ ਕਿ ਇਹ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਨਹੀਂ ਹੈ। ਸੋ ਗੁਰਬਾਣੀ ਦੀ ਸੰਪਾਦਨਾ ਦੌਰਾਨ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਨੂੰ ਪੜ੍ਹਨ, ਸਮਝਣ ਵਾਲ਼ੇ ਸਿੱਖ ਲਈ ਕੋਈ ਕੁਤਾਹੀ ਨਹੀਂ ਛੱਡੀ ਤਾਂ ਜੋ ਸਿੱਖ ਨੂੰ ਕਿਸੇ ਹੋਰ ਗ੍ਰੰਥ ਜਾਂ ਕਿਸੇ ਕਾਲਪਨਿਕ ਕਹਾਣੀ ਦੀ ਟੇਕ ਲੈ ਕੇ ਗੁਰੂ ਉਪਦੇਸ਼ ਨੂੰ ਸਮਝਣ ਦੀ ਲੋੜ ਪਵੇ, ਪਰ ਫਿਰ ਵੀ ਕੁੱਝ ਭੁੱਲੜ ਸਿੱਖ ਪ੍ਰਚਾਰਕ; ਗੁਰਬਾਣੀ ਤੋਂ ਬਾਹਰੋਂ ਹਵਾਲੇ ਦੇ ਕੇ ਸੰਗਤਾਂ ’ਚ ਦੁਬਿਧਾ ਫੈਲਾਉਂਦੇ ਵੇਖੇ ਜਾ ਰਹੇ ਹਨ।
8 ਮਈ ਨੂੰ ਗੁਰਦੁਆਰਾ ਮੰਜੀ ਹਾਲ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਟੇਜ ’ਤੇ ਕਥਾ ਕਰਦਿਆਂ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਕਿਹਾ ਕਿ ਅਨੰਦੁ ਸਾਹਿਬ ਦੀਆਂ 38 ਪਾਉੜੀਆਂ; ਗੁਰੂ
ਅਮਰਦਾਸ ਜੀ ਨੇ ਉਚਾਰੀਆਂ ਹਨ; 39ਵੀਂ ਪਉੜੀ ਗੁਰੂ ਰਾਮਦਾਸ ਜੀ ਦੀ ਅਤੇ 40ਵੀਂ ਪਉੜੀ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨਾ ਸਮੇਂ ਉਚਾਰਨ ਕੀਤੀ ਹੈ ਜਦਕਿ ਗੁਰਬਾਣੀ ਵਿੱਚੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ। ਉਕਤ ਕੀਤੀ ਗਈ ਗੁਰਬਾਣੀ ਸੰਪਾਦਨਾ ਦੀ ਵਿਚਾਰ ਉਪਰੰਤ ਗਿਆਨੀ ਜਗਤਾਰ ਸਿੰਘ ਜੀ ਦਾ ਇਹ ਕਥਨ ਨਿਰੋਲ ਮਨਮਤ ਜਾਪਦਾ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੀ ਸੰਪਾਦਨਾ ਕਰਦਿਆਂ ਪੂਰੀ ਸਾਵਧਾਨੀ ਨਾਲ ਜ਼ਿੰਮੇਵਾਰੀ ਨਿਭਾਈ ਹੈ। ਜੋ ਜੋ ਸ਼ਬਦ ਜਿਸ ਜਿਸ ਬਾਣੀਕਾਰ ਦੁਆਰਾ ਉਚਾਰਨ ਕੀਤੇ ਗਏ ਓਹੀ ਓਹੀ ਉਨ੍ਹਾਂ ਦੇ ਨਾਂ ਹੇਠ ਕਲਮਬੱਧ ਕੀਤੇ ਹੋਏ ਅੱਜ ਵੀ ਪ੍ਰਤੱਖ ਦਰਸ਼ਨ ਦੇ ਰਹੇ ਹਨ।
ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਲੰਬੀਆਂ ਰਚਨਾਵਾਂ ’ਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਜਿਸ ਸਿਰਲੇਖ ਅਧੀਨ ਕੋਈ ਰਚਨਾ ਕੀਤੀ ਗਈ ਹੋਵੇ, ਉਸੇ ਰਚਨਾ ਦੀ ਸਮਾਪਤੀ ਸਮੇਂ ਮੁੜ ਸਿਰਲੇਖ ਵਿਸ਼ਾ ਚੇਤੇ ਕਰਵਾਇਆ ਜਾਂਦਾ ਹੈ; ਜਿਵੇਂ ਕਿ ਇੱਕ ਲੰਬੀ ਰਚਨਾ ਹੈ ‘ਸੁਖਮਨੀ’ (ਸਾਹਿਬ)। ਇਸ ਦੇ ਸਿਰਲੇਖ ਵਜੋਂ ਦਰਜ ‘ਸੁਖਮਨੀ’ ਸ਼ਬਦ; ਪਹਿਲੀ ਅਸਟਪਦੀ ’ਚ ਆਈ ਰਹਾਉ ਦੀ ਤੁਕ ‘‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥’’ (ਪੰਨਾ ੨੬੨) ਵਿੱਚ ਦਰਜ ਹੈ ਜਾਂ ਫਿਰ ਅੰਤਮ (24ਵੀਂ) ਅਸਟਪਦੀ ’ਚ ਦੋ ਵਾਰ ਇਉਂ ਦਰਜ ਹੈ ‘‘ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥… ॥੫॥… ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥ (ਸੁਖਮਨੀ/ਮਹਲਾ ੫/੨੯੬)
ਇਸੇ ਤਰ੍ਹਾਂ ਤੀਸਰੇ ਪਾਤਿਸ਼ਾਹ (ਗੁਰੂ ਅਮਰਦਾਸ ਜੀ) ਦੁਆਰਾ ਲਿਖੀ ਇੱਕ ਲੰਬੀ ਰਚਨਾ ਹੈ ‘ਅਨੰਦੁ’ (ਸਾਹਿਬ), ਜਿਸ ਦੀਆਂ 40 ਪਉੜੀਆਂ ਹਨ। ਇਸ ਬਾਣੀ ’ਚ ਭੀ ‘ਅਨੰਦ’ ਸ਼ਬਦ ਪਹਿਲੀ, ਸੱਤਵੀਂ ਅਤੇ ਅੰਤਮ 40ਵੀਂ ਪਉੜੀ ਵਿੱਚ ਇਉਂ ਆਇਆ ਹੈ :
‘ਅਨੰਦੁ’ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ; ਮਨਿ (’ਚ) ਵਜੀਆ ਵਾਧਾਈਆ ॥ … ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥ ਸਬਦੋ ਤ ਗਾਵਹੁ ਹਰੀ ਕੇਰਾ; ਮਨਿ (’ਚ) ਜਿਨੀ ਵਸਾਇਆ ॥ ਕਹੈ ਨਾਨਕੁ ‘ਅਨੰਦੁ’ ਹੋਆ; ਸਤਿਗੁਰੂ ਮੈ ਪਾਇਆ ॥੧॥ (ਅਨੰਦ/ਮਹਲਾ ੩/੯੧੭)
‘ਆਨੰਦੁ’ ‘ਆਨੰਦੁ’ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ॥ ਜਾਣਿਆ ਆਨੰਦੁ ਸਦਾ ਗੁਰ ਤੇ; ਕ੍ਰਿਪਾ ਕਰੇ ਪਿਆਰਿਆ ॥ ਕਰਿ ਕਿਰਪਾ ਕਿਲਵਿਖ ਕਟੇ; ਗਿਆਨ ਅੰਜਨੁ ਸਾਰਿਆ ॥ ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ, ਸਚੈ (ਨੇ) ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ ॥੭॥ (ਅਨੰਦ/ਮਹਲਾ ੩/੯੧੭)
‘ਅਨਦੁ ਸੁਣਹੁ ਵਡਭਾਗੀਹੋ ! ਸਗਲ ਮਨੋਰਥ ਪੂਰੇ ॥ ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥ ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸ+ਰਸੇ; ਪੂਰੇ ਗੁਰ ਤੇ ਜਾਣੀ ॥ ਸੁਣਤੇ ਪੁਨੀਤ ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥ (ਅਨੰਦ/ਮਹਲਾ ੩/੯੨੨)
ਉਕਤ ਵਿਚਾਰ ਤੋਂ ਸਾਫ਼ ਹੁੰਦਾ ਹੈ ਕਿ ‘ਅਨੰਦੁ’ ਸਿਰਲੇਖ ਅਧੀਨ ਰਚੀ ਬਾਣੀ ਦੀ 7ਵੀਂ ਪਉੜੀ ’ਚ ਅਖੌਤੀ ਅਨੰਦ (‘ਆਨੰਦੁ’ ‘ਆਨੰਦੁ’ ਸਭੁ ਕੋ ਕਹੈ) ਅਤੇ ਸਤਿਗੁਰੂ ਪਾਸੋਂ ਮਿਲਦੇ ਸੱਚੇ ਅਨੰਦ (ਆਨੰਦੁ ਗੁਰੂ ਤੇ ਜਾਣਿਆ) ਨੂੰ ਤੁਲਨਾਤਮਿਕ ਵਿਚਾਰਿਆ ਗਿਆ ਹੈ ਜਦਕਿ ਪਹਿਲੀ ਪਉੜੀ ’ਚ ‘ਅਨੰਦੁ’ ਪ੍ਰਸੰਗ ਸ਼ੁਰੂ ਕਰਕੇ ਅੰਤਮ (40ਵੀਂ) ਪਉੜੀ ’ਚ ਅਨੰਦੁ ਸਿਰਲੇਖ ਵਿਸ਼ੇ ਨੂੰ ਸਮੇਟਿਆ ਗਿਆ ਹੈ। ਸਾਰੀ ਬਾਣੀ ਪੜ੍ਹਨ ਨਾਲ ਸਮਝ ਆਉਂਦੀ ਹੈ ਕਿ ਇੱਕ ਰਸ ਬੱਝਵੀਂ ਲੜੀ ’ਚ ਪ੍ਰੋਤੇ ਹੋਏ ਖਿਆਲਾਂ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਇੱਕ ਹੀ ਗੁਰੂ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਹੁਣ ਜੇਕਰ ਇਹ ਮੰਨੀਏ ਕਿ 39ਵੀਂ ਅਤੇ 40ਵੀਂ ਪਉੜੀ ਤੀਸਰੇ ਪਾਤਿਸ਼ਾਹ ਦੁਆਰਾ ਰਚੀ ਹੋਈ ਨਹੀਂ ਤਾਂ ਇਹ ਗੁਰਬਾਣੀ ਦੀ ਲਿਖਣ ਵਿਧੀ ਦੇ ਉਲ਼ਟ ਹੋਵੇਗਾ। ਕੀ ਕੋਈ ਇਹ ਕਹਿ ਸਕਦਾ ਹੈ ਕਿ ‘ਸੁਖਮਨੀ’ ਬਾਣੀ ਦੀ ਅੰਤਮ (24ਵੀਂ) ਅਸਟਪਦੀ, ਜਿਸ ਵਿੱਚ ਸੁਖਮਨੀ ਸਿਰਲੇਖ ਵਿਸ਼ੇ ਨੂੰ ਸਮੇਟਿਆ ਹੈ, ਪੰਜਵੇਂ ਪਾਤਿਸ਼ਾਹ ਦੁਆਰਾ ਲਿਖੀ ਹੋਈ ਨਹੀਂ ? ਜੇਕਰ ਜਵਾਬ ਨਹੀਂ ਹੈ ਤਾਂ ਅਨੰਦੁ ਸਾਹਿਬ ਦੀ ਅੰਤਮ ਪਉੜੀ, ਜਿਸ ਵਿੱਚ ਅਨੰਦ ਸਿਰਲੇਖ ਵਿਸ਼ੇ ਨੂੰ ਸਮੇਟਿਆ ਹੈ, ਗੁਰੂ ਅਮਰਦਾਸ ਜੀ ਦੁਆਰਾ ਲਿਖੀ ਹੋਈ ਨਹੀਂ, ਕਿਵੇਂ ਮੰਨਿਆ ਜਾ ਸਕਦਾ ਹੈ ?
ਗੁਰੂ ਅਰਜਨ ਸਾਹਿਬ ਜੀ ਦੁਆਰਾ ਉਕਤ ਕੀਤੀ ਸੰਪਾਦਨਾ ਤਰਤੀਬ ਨੂੰ ਧਿਆਨ ’ਚ ਰੱਖਦਿਆਂ ਜੇਕਰ ੩੯ਵੀਂ ਪਉੜੀ ਚੌਥੇ ਪਾਤਸ਼ਾਹ (ਗੁਰੂ ਰਾਮਦਾਸ ਜੀ) ਦੀ ਅਤੇ ੪੦ਵੀਂ ਪਉੜੀ ਪੰਜਵੇਂ ਪਾਤਸ਼ਾਹ (ਗੁਰੂ ਅਰਜਨ ਸਾਹਿਬ) ਜੀ ਦੀ ਹੁੰਦੀ ਤਾਂ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ੩੯ਵੀਂ ਅਤੇ ੪੦ਵੀਂ ਪਉੜੀ ਦੇ ਸਿਰਲੇਖ ’ਚ ਮਹਲਾ ੪ ਅਤੇ ਮਹਲਾ ੫ ਲਿਖ ਦਿੰਦੇ ਅਤੇ 39ਵੀਂ ਪਉੜੀ ਦੀ ਸਮਾਪਤੀ ’ਚ ॥੧॥੩੯ ਅਤੇ 40ਵੀਂ ਪਉੜੀ ਦੀ ਸਮਾਪਤੀ ’ਚ ॥੧॥੧॥੪੦॥ ਲਿਖਿਆ ਹੁੰਦਾ ਕਿਉਂਕਿ ਐਸਾ ਨਹੀਂ ਲਿਖਿਆ, ਇਸ ਲਈ ਸਾਰੀਆਂ 40 ਦੀਆਂ 40 ਪਉੜੀਆਂ ਹੀ ਸ਼ੁਰੂ ’ਚ ਲਿਖੇ ਸਿਰਲੇਖ ‘‘ਰਾਮਕਲੀ ਮਹਲਾ ੩ ਅਨੰਦੁ’’ ਮੁਤਾਬਕ ਤੀਸਰੇ ਪਾਤਸ਼ਾਹ ਦੀਆਂ ਹੀ ਹਨ।
ਕੁੱਝ ਟਕਸਾਲੀ ਸੱਜਣ; ਗਿਆਨੀ ਜਗਤਾਰ ਸਿੰਘ ਜੀ ਦੀਆਂ ਉਕਤ ਮਨਘੜਤ ਗੱਲਾਂ ਨੂੰ ਸਹੀ ਠਹਿਰਾਉਣ ਲਈ ਦਲੀਲ ਦਿੰਦੇ ਹਨ ਕਿ ਗੁਰਬਾਣੀ ਵਿੱਚ ‘ਬਿਨਵੰਤਿ’ ਸ਼ਬਦ; ਕੇਵਲ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਕੀਤਾ ਹੈ, ਗੁਰੂ ਅਮਰਦਾਸ ਜੀ ਦੁਆਰਾ ਨਹੀਂ, ਇਸ ਲਈ ਅਨੰਦ ਸਾਹਿਬ ਦੀ ਅੰਤਮ (40ਵੀਂ) ਪਉੜੀ ’ਚ ਦਰਜ ‘‘ਬਿਨਵੰਤਿ ਨਾਨਕੁ ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥’’ ਪਉੜੀ ਗੁਰੂ ਅਰਜਨ ਸਾਹਿਬ ਜੀ ਦੀ ਹੈ।
ਗੁਰਬਾਣੀ ਵਿੱਚ ‘ਬਿਨਵੰਤਿ’ ਸ਼ਬਦ ਪੰਜ ਰੂਪਾਂ (ਬਿਨਵੰਤ, ਬਿਨਵੰਤਿ, ਬਿਨਵਤਿ, ਬਿਨਵੰਤਾ, ਬਿਨਵਤਾ) ’ਚ 107 ਵਾਰ ਦਰਜ ਹੈ, ਜਿਨ੍ਹਾਂ ਵਿੱਚ ਇੱਕ ਵਾਰ ਭਗਤ ਕਬੀਰ ਜੀ, 2 ਵਾਰ ਗੁਰੂ ਨਾਨਕ ਸਾਹਿਬ ਜੀ, ਇੱਕ ਵਾਰ ਗੁਰੂ ਅਮਰਦਾਸ ਜੀ ਅਤੇ 103 ਵਾਰ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤਾ ਹੈ। ਜੇਕਰ ਗੁਰਬਾਣੀ ਦੀ ਲਿਖਤ ਵਿਧੀ ਅਤੇ ਸਿਧਾਂਤਿਕ ਲੜੀ ਨੂੰ ਅਣਡਿੱਠ ਕਰ ਕੇਵਲ ‘ਬਿਨਵੰਤਿ’ ਸ਼ਬਦ ਨੂੰ ਆਧਾਰ ਬਣਾ ਕੇ ਵਿਚਾਰ ਕਰਨੀ ਹੈ ਤਾਂ ਤੇ ਹੇਠਲੀਆਂ ਪੰਕਤੀਆਂ ਭੀ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀਆਂ ਨਹੀਂ ਹੋ ਸਕਦੀਆਂ :
ਗੁਰ ਚਰਣ ਲਾਗਿ ਹਮ ਬਿਨਵਤਾ; ਪੂਛਤ ਕਹ ਜੀਉ ਪਾਇਆ ॥ (ਭਗਤ ਕਬੀਰ/੪੭੫)
ਬਿਨਵੰਤਿ ਨਾਨਕੁ ਜਾਇ ਸਹਸਾ; ਬੁਝੈ ਗੁਰ ਬੀਚਾਰਾ ॥ (ਮਹਲਾ ੧/੫੬੭)
ਬਿਨਵੰਤਿ ਨਾਨਕੁ ਦਾਸੁ ਹਰਿ ਕਾ; ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥ (ਮਹਲਾ ੧/੫੬੭)
ਦੂਸਰਾ ਤਰਕ ਦਿੱਤਾ ਜਾਂਦਾ ਹੈ ਕਿ ਕਵੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਸੂਰਯ (ਸੂਰਜ ਪ੍ਰਕਾਸ਼) ਗ੍ਰੰਥ ਵਿੱਚ ਇਹੀ ਲਿਖਿਆ ਹੈ ਕਿ ਗੁਰੂ ਅਮਰਦਾਸ ਜੀ ਦੀਆਂ ਪਹਿਲੀਆਂ 38 ਪਉੜੀਆਂ ਹਨ, ਗੁਰੂ ਰਾਮਦਾਸ ਜੀ ਦੀ 39ਵੀਂ ਪਉੜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ 40ਵੀਂ ਪਉੜੀ ਹੈ; ਜਿਵੇਂ ਕਿ ‘ਆਠ ਤੀਸ ਪੌੜੀ ਸਭਿ ਗਾਈ। ਧੁਨ ਊਚੀ ਸੋਂ ਨਰਨ (ਲੋਕਾਂ ਨੂੰ) ਸੁਨਾਈ। ਜਿਨ ਜਿਨ ਸੁਨ੍ਯੋ ਕਾਨ ਮਹਿਂ ਤਬੈ। ਭਗਤਿ ਪ੍ਰਗਟੀ ਉਰ ਸਬੈ।੨੩। ਅਨਂਦ ਮੂਲ ਬਾਣੀ ਸ਼ੁਭ ਕਰੀ। ਭਗਤਿ ਵਿਰਾਗ ਗ੍ਯਾਨ ਸੋਂ ਭਰੀ। ਚਤੁਰਥ ਪਾਤਸਾਹ ਜਬਿ ਭਏ। ਇਕ ਪੌੜੀ ਤਿਨਹੂਂ ਰਚਿ ਕਏ।੨੪। ਇਕ ਸ਼੍ਰੀ ਅਰਜਨ ਤਿਹ ਸੰਗ ਜੋੜੀ। ਅਨਂਦ ਮਹਾਤਮ ਚਾਲਿਸ ਪੌੜੀ। ਅੰਮ੍ਰਿਤ ਸਮੈਂ ਜੁ ਪਠਹਿ ਅਨੰਦ। ਮਿਲਹਿ ਗੁਬਿੰਦ ਮੁਕੰਦ ਅਨੰਦ।੨੫।’
ਸਿੱਖ ਇਤਿਹਾਸ ਵਿੱਚ ਬਹੁਤ ਕੁੱਝ ਗੁਰਮਤਿ ਵਿਰੋਧੀ ਭੀ ਦਰਜ ਹੈ। ਇਹ ਤਾਂ ਹਰ ਗੁਰਸਿੱਖ ਨੇ ਵੇਖਣਾ ਹੈ ਕਿ ਉਹ ਨਿਰੋਲ ਗੁਰਬਾਣੀ ਨੂੰ ਕਸੌਟੀ ਮੰਨਦਾ ਹੈ ਜਾਂ ਕਿਸੇ ਬਾਹਰੀ ਰਚਨਾ ਨੂੰ ਭੀ। ਗਿਆਨੀ ਜਗਤਾਰ ਸਿੰਘ ਜੀ ਨੇ ਕਵੀ ਸੰਤੋਖ ਸਿੰਘ ਜੀ ਦੇ ਹਵਾਲੇ ਨਾਲ਼ ਅਨੰਦ ਸਾਹਿਬ ਜੀ ਦੀ 39ਵੀਂ ਅਤੇ 40ਵੀਂ ਪਉੜੀ ਨੂੰ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਮੰਨਿਆ ਹੈ। ਹੁਣ ਜੇਕਰ ਗੁਰਬਾਣੀ ਤੋਂ ਬਾਹਰੋਂ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਨੂੰ ਕਸੌਟੀ ਮੰਨੀਏ ਤਾਂ ਉਨ੍ਹਾਂ ਦੇ ਇਹ ਵਿਚਾਰ ਵੀ ਮੰਨਣੇ ਚਾਹੀਦੇ ਹਨ :
(1). ਕਵੀ ਸੰਤੋਖ ਸਿੰਘ ਰਾਗਮਾਲਾ ਬਾਰੇ ਲਿਖਦੇ ਹਨ ਕਿ ਇਹ ਗੁਰੂ ਕ੍ਰਿਤ ਨਹੀਂ ‘ਰਾਗ ਮਾਲਾ ਸ੍ਰੀ ਗੁਰੂ ਕ੍ਰਿਤ ਨਹਿ ਹੈ, ਮੁੰਦਾਵਣੀ ਲਗ ਗੁਰਬੈਨ। ਇਸ ਮਹਿ ਨਹਿ ਸੰਸੈ ਕੁਛ ਕਰੀਅਹੁ; ਜੇ ਸੰਸੈ, ਅਵਲੋਕਹੁ ਨੈਨ। ਮਾਧਵਨਲ ਆਲਮ ਕਵਿ ਕੀਨਸਿ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ। ਰਾਗ ਰਾਗਨੀ ਨਾਮ ਗਿਨੇ ਤਹਿ, ਯਾਂਤੇ ਸ੍ਰੀ ਅਰਜਨ ਕ੍ਰਿਤ ਹੈ ਨ। ੪੮। (ਰਾਸ.3. ਅੰਸੂ 48 ਪੰਨਾ 2128)
(2). ਕਵੀ ਸੰਤੋਖ ਸਿੰਘ ਜੀ ਨੇ ਜਪੁ ਬਾਣੀ ਦਾ ਟੀਕਾ ਕੀਤਾ ਹੈ। ਉਸ ਦਾ ਨਾਮ ਰੱਖਿਆ ਹੈ ‘ਗਰਬ ਗਜਨੀ ਟੀਕਾ’। ਇਸ ਦੀ 25ਵੀਂ ਪਉੜੀ ਦੀ ਅੰਤਮ ਪੰਕਤੀ ‘‘ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥੨੫॥’’ ਦੇ ਅਰਥਾਂ ’ਚ ਲਿਖਿਆ ਹੈ ਕਿ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬੁ ਪੂਰੋ ਲਿਖ੍ਯੋ ਗ੍ਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ ਮੈਂ: ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ। ਸਾਹਿਬ ਜੀ ਨੇ ਕਹ੍ਯੋ: ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪੜਿ ਕਰਿ ਅਰਥ ਕੋ ਕਰੈਂਗੇ। ਯਾਂਤੇ ਈਹਾਂ ‘ਪਾਤਿਸ਼ਾਹੀਂ’ ਕੋ ਅਰਥ ਹੋਤ ਹੈ’। (ਕਵੀ ਚੂੜਮਣਿ ਭਾਈ ਸੰਤੋਖ ਸਿੰਘ ਜੀ)
(3). ਕਵੀ ਭਾਈ ਸੰਤੋਖ ਸਿੰਘ ਜੀ (ਪੂਰਬਾਰਧ ਅਧਿਆਇ ੨੯, ਸੂਰਜ ਪ੍ਰਕਾਸ਼ ’ਚ) ਮੂਲ ਮੰਤਰ ਦਾ ਸਰੂਪ ‘‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥’’ ਤੱਕ ਮੰਨਦੇ ਹਨ ਆਦਿ।
ਉਕਤ ਤਿੰਨੇ ਮਿਸਾਲਾਂ ਕਵੀ ਸੰਤੋਖ ਸਿੰਘ ਜੀ ਦੀ ਲਿਖਤ ਵਿੱਚੋਂ ਹਨ। ਗਿਆਨੀ ਜਗਤਾਰ ਸਿੰਘ ਜੀ ਸਮੇਤ ਟਕਸਾਲੀ ਪ੍ਰਚਾਰਕਾਂ ਨੇ ਅਨੰਦੁ ਸਾਹਿਬ ਬਾਰੇ ਲਿਖਤ ਤਾਂ ਸਹੀ ਮੰਨ ਲਈ, ਪਰ ਰਾਗਮਾਲਾ ਬਾਣੀ ਨਹੀਂ, ਗੁਰਬਾਣੀ ਉਚਾਰਨ ਦੌਰਾਨ ਲੋੜ ਮੁਤਾਬਕ ਢੁਕਵੀਂ ਜਗ੍ਹਾ ਅੱਧਕ ਅਤੇ ਬਿੰਦੀ ਲਗਾਉਣ ਦੀ ਹਦਾਇਤ, ਜੋ ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤੀ ਗਈ ਸੀ, ਨੂੰ ਮੰਨਣ ਲਈ ਤਿਆਰ ਨਹੀਂ ਹਨ ਅਤੇ ਕਵੀ ਸੰਤੋਖ ਸਿੰਘ ਦੁਆਰਾ ਲਿਖੇ ਗਏ ਮੂਲਮੰਤਰ ਸਰੂਪ ‘‘ੴ …………. ਗੁਰਪ੍ਰਸਾਦਿ ॥’’ ਨੂੰ ਅਣਡਿੱਠ ਕਰ ਇਹੀ ਲੋਕ ‘‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਜਪੁ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥’’ ਤੱਕ ਮੂਲਮੰਤਰ ਮੰਨਦੇ ਹਨ। ਹੈ ਨਾ ਕਮਾਲ !!
ਸਿੱਖ ਰਹਿਤ ਮਰਿਆਦਾ ’ਚ ਵੀ ਦਰਜ ਹੈ ਕਿ ਭੋਗ ਸਥਾਨਕ ਮਰਿਆਦਾ ਅਨੁਸਾਰ ਮੁੰਦਾਵਣੀ ’ਤੇ ਜਾਂ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ, ਪਰ ਇਸ ਗਿਆਨੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ 4 ਮਈ ਨੂੰ ਕਿਹਾ ਕਿ ਭੋਗ ਰਾਗਮਾਲਾ ’ਤੇ ਹੀ ਪਾਇਆ ਜਾਵੇ, ਜਿਹੜਾ ਰਾਗਮਾਲਾ ਪੜ੍ਹਦਾ ਹੈ, ਉਸ ਦੀ ਚੌਰਾਸੀ ਕੱਟੀ ਜਾਂਦੀ ਹੈ ਭਾਵ ਰਾਗਮਾਲਾ ਦੇ ਸੰਬੰਧ ’ਚ ਇਹ ਸੂਰਜ ਪ੍ਰਕਾਸ਼ ਦੀ ਕ੍ਰਿਤ ਨੂੰ ਨਹੀਂ ਮੰਨਦੇ। ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਦਾ ਮਕਸਦ ਸੰਗਤਾਂ ਨੂੰ ਦੁਬਿਧਾ ਮੁਕਤ ਕਰਨਾ ਨਹੀਂ ਬਲਕਿ ਸੰਗਤਾਂ ’ਚ ਵਧੇਰੇ ਦੁਬਿਧਾ ਪਾਉਣੀ ਹੈ। ਅਜਿਹੇ ਸਿੱਖ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਉਹ ਗੱਲਾਂ ਪੜ੍ਹ ਕੇ ਬੋਲਣ ’ਚ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤੀ ਯੁਕਤੀ ਅਤੇ ਸਿਧਾਂਤਿਕ ਲੜੀ ਨੂੰ ਨੁਕਸਾਨ ਹੁੰਦਾ ਹੋਵੇ ਜਦਕਿ ਗੁਰਬਾਣੀ ਦਾ ਗੁਰਸਿੱਖਾਂ ਲਈ ਸਖ਼ਤ ਉਪਦੇਸ਼ ਹੈ ‘‘ਹੰਸਾ ਹੀਰਾ ਮੋਤੀ ਚੁਗਣਾ; ਬਗੁ ਡਡਾ ਭਾਲਣ ਜਾਵੈ ॥’’ (ਮਹਲਾ ੫/੯੬੦)
























