ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ !

0
241

ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ !

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

ਮਾਂ ਦੀ ਅੱਖ ’ਚੋਂ ਕਿਰਿਆ ਹੰਝੂ ਤਕਦੀਰ ਬਦਲ ਦੇਣ ਦੀ ਤਾਕਤ ਰੱਖਦਾ ਹੈ। ਬੱਚੇ ਦੇ ਅੱਖ ’ਚੋਂ ਡਿੱਗਿਆ ਹੰਝੂ ਮਾਂ ਦਾ ਦਿਲ ਵਲੂੰਧਰ ਦਿੰਦਾ ਹੈ। ਬਹੁਤ ਖ਼ੁਸ਼ੀ ਮਿਲ ਜਾਣ ’ਤੇ ਵੀ ਅੱਖਾਂ ’ਚੋਂ ਨੀਰ ਵਹਿ ਤੁਰਦਾ ਹੈ ਅਤੇ ਬਹੁਤ ਜ਼ਿਆਦਾ ਦੁੱਖ ਕਦੇ ਕਦਾਈਂ ਅੱਖਾਂ ਵਿਚਲੇ ਸਾਰੇ ਹੰਝੂ ਸੁਕਾ ਦਿੰਦਾ ਹੈ।

ਬਹੁਤ ਘੱਟ ਜਣਿਆਂ ਨੂੰ ਜਾਣਕਾਰੀ ਹੈ ਕਿ ਡਾਕਟਰੀ ਪੱਖ ਤੋਂ ਹੰਝੂ ਤਿੰਨ ਤਰ੍ਹਾਂ ਦੇ ਲੱਭੇ ਜਾ ਚੁੱਕੇ ਹਨ ਅਤੇ ਤਿੰਨੋ ਕਿਸਮਾਂ ਹੀ ਅੱਖਾਂ ਦੀ ਸਿਹਤ ਲਈ ਵਧੀਆ ਸਾਬਤ ਹੋ ਚੁੱਕੀਆਂ ਹਨ। ਪਹਿਲੀ ਕਿਸਮ ਦੇ ਹੰਝੂ ਅੱਖਾਂ ਗਿੱਲੀਆਂ ਕਰਨ ਲਈ ਅਤੇ ਅੱਖਾਂ ਨੂੰ ਨਮ ਰੱਖ ਕੇ ਮਿੱਟੀ ਘੱਟੇ ਤੋਂ ਬਚਾਉਣ ਲਈ ਲਗਾਤਾਰ ਬਹੁਤ ਘੱਟ ਮਾਤਰਾ ਵਿਚ ਪੁਤਲੀਆਂ ਦੇ ਅੰਦਰ ਅੰਦਰ ਫੈਲ ਕੇ ਜਜ਼ਬ ਹੁੰਦੇ ਰਹਿੰਦੇ ਹਨ। ਇਹ ਹੰਝੂ ਸਭ ਤੋਂ ਅਹਿਮ ਹੁੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਅੱਖ ਨੂੰ ਖ਼ੁਰਾਕ ਵੀ ਪਹੁੰਚਦੀ ਰਹਿੰਦੀ ਹੈ।

ਦੂਜੀ ਕਿਸਮ ਦੇ ਹੰਝੂ ਖ਼ੁਸ਼ੀ ਜਾਂ ਗ਼ਮੀ ਦਾ ਇਹਸਾਸ ਕਰਵਾਉਂਦੇ ਹਨ। ਵਿਗਿਆਨੀਆਂ ਨੇ ਇਸ ਕਿਸਮ ਦੇ ਹੰਝੂਆਂ ਵਿਚ ਕੁੱਝ ਹਾਰਮੋਨਾਂ ਦੇ ਅੰਸ਼ ਵੀ ਲੱਭੇ ਹਨ ਜੋ ਤਣਾਓ ਨਾਲ ਸੰਬੰਧਿਤ ਹੁੰਦੇ ਹਨ। ਇਨ੍ਹਾਂ ਦੇ ਬਾਹਰ ਨਿਕਲ ਜਾਣ ਨਾਲ ਸਰੀਰ ਅੰਦਰੋਂ ਤਣਾਓ ਘਟ ਜਾਣ ਦੇ ਆਸਾਰ ਵਧ ਜਾਂਦੇ ਹਨ। ਇਨ੍ਹਾਂ ਹੰਝੂਆਂ ਦੇ ਵਗਣ ਨਾਲ ਸਰੀਰ ਅੰਦਰ ਐਂਡਰੋਫਿਨ ਨਿਕਲ ਪੈਂਦੇ ਹਨ, ਜੋ ਚੰਗਾ ਮਹਿਸੂਸ ਕਰਵਾਉਣ ਲੱਗ ਪੈਂਦੇ ਹਨ ਅਤੇ ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ। ਕੁਦਰਤ ਦਾ ਕਮਾਲ ਵੇਖੋ ਕਿ ਇਹ ਦੂਜੀ ਕਿਸਮ ਦੇ ਹੰਝੂ ਸਿਰਫ਼ ਇਨਸਾਨ ਹੀ ਵਹਾ ਸਕਣ ਦੇ ਸਮਰੱਥ ਹੁੰਦੇ ਹਨ। ਇਸੇ ਲਈ ਇਨ੍ਹਾਂ ਨੂੰ ਜਜ਼ਬਾਤੀ ਹੰਝੂਆਂ ਦਾ ਨਾਂ ਦੇ ਦਿੱਤਾ ਗਿਆ ਹੈ।

ਹਾਲੇ ਤੱਕ ਦੀਆਂ ਸੰਭਵ ਹੋ ਚੁੱਕੀਆਂ ਖੋਜਾਂ ਅਨੁਸਾਰ ਜਜ਼ਬਾਤੀ ਹੰਝੂਆਂ ਦੇ ਨਾਲ ਰਲ਼ਦੇ ਮਿਲ਼ਦੇ ਹੰਝੂ ਸਿਰਫ਼ ਹਾਥੀਆਂ ਤੇ ਗੁਰਿੱਲਾ ਵਿਚ ਹੀ ਲੱਭੇ ਗਏ ਹਨ ਪਰ ਇਨ੍ਹਾਂ ਵਿਚ ਹਾਰਮੋਨਾਂ ਦੇ ਓਨੇ ਅੰਸ਼ ਨਹੀਂ ਲੱਭੇ ਜਾ ਸਕੇ ਜਿੰਨੇ ਕਿ ਇਨਸਾਨੀ ਹੰਝੂਆਂ ਵਿਚ ਮਿਲੇ ਹਨ।

ਅੱਖਾਂ ਵਿਚਲੇ ‘ਲੈਕਰਾਈਮਲ ਗਲੈਂਡ’ ਇੱਕ ਹੋਰ ਬਿਲਕੁਲ ਪਾਣੀ ਵਰਗੇ ਹੰਝੂ ਵੀ ਬਣਾਉਂਦੇ ਹਨ, ਜਿਨ੍ਹਾਂ ਨੂੰ ‘ਰਿਫਲੈਕਸ ਹੰਝੂ’ ਕਿਹਾ ਜਾਂਦਾ ਹੈ। ਜੇ ਮੱਖੀ ਜਾਂ ਕੁੱਝ ਹੋਰ ਅੱਖ ’ਚ ਵੱਜੇ ਤਾਂ ਝੱਟ ਇਹ ਪਾਣੀ ਵਰਗੇ ਹੰਝੂ ਛਲਕ ਪੈਂਦੇ ਹਨ ਤਾਂ ਜੋ ਅੱਖ ਝਟਪਟ ਸਾਫ਼ ਹੋ ਜਾਏ ਤੇ ਸੱਟ ਤੋਂ ਵੀ ਬਚ ਜਾਏ।

ਕਈ ਵਾਰ ਅੱਖ ਇੰਜ ਲੱਗਦੀ ਹੈ; ਜਿਵੇਂ ਉਸ ਵਿਚ ਹਲਕੀ ਲਾਲੀ, ਜਲਨ, ਰਗੜ ਮਹਿਸੂਸ ਹੋਣੀ ਜਾਂ ਪੂਰਾ ਸਾਫ਼ ਨਾ ਦਿਸਣਾ ਤੇ ਇੰਜ ਲੱਗਣਾ; ਜਿਵੇਂ ਅੱਖ ਵਿਚ ਕੁੱਝ ਰੜਕ ਰਿਹਾ ਹੋਵੇ, ਪਰ ਹੋਣਾ ਕੁੱਝ ਵੀ ਨਾ। ਇਸ ਤਰ੍ਹਾਂ ਦੀ ਅੱਖ ਵਿਚਲੀ ਹਾਲਤ ਨੂੰ ‘ਡਰਾਈ ਆਈ’ ਯਾਨੀ ਹੰਝੂਆਂ ਦੀ ਕਮੀ ਕਿਹਾ ਜਾਂਦਾ ਹੈ।

ਬਹੁਤੇ ਹੰਝੂ ਤਾਂ ਲੈਕਰਾਈਮਲ ਗਲੈਂਡ ਵਿੱਚੋਂ ਹੀ ਨਿਕਲਦੇ ਹਨ। ਅੱਖ ਵਿਚਲੇ ‘ਮੇਬੋਮੀਅਨ ਗਲੈਂਡ ਹਲਕਾ ਤੇਲ ਕੱਢਦੇ ਹਨ। ਇੱਕ ਹੋਰ ਸੈੱਲ, ਗੋਬਲੈੱਟ ਸੈੱਲ, ਹੰਝੂ ਤੇ ਤੇਲ ਦਾ ਮਿਸ਼ਰਨ ਸਹੀ ਰੱਖਣ ਵਿਚ ਮਦਦ ਕਰਦੇ ਹਨ। ਜੇ ਇਹ ਮਿਸ਼ਰਨ ਸਹੀ ਨਾ ਰਹੇ ਜਾਂ ਘੱਟ ਬਣਨ ਲੱਗ ਪਵੇ ਤਾਂ ਅੱਖ ਸੁੱਕੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ। ਲੈਕਰਾਈਮਲ ਗਲੈਂਡ ਵਿਚ ਸੋਜ਼ ਹੋ ਜਾਣੀ, ਮੇਬੋਮੀਅਨ ਗਲੈਂਡ ਦਾ ਘੱਟ ਕੰਮ ਕਰਨਾ, ਕੁੱਝ ਕਿਸਮਾਂ ਦੀਆਂ ਦਵਾਈਆਂ, ਹਾਰਮੋਨਾਂ ਵਿਚ ਤਬਦੀਲੀ ਆਦਿ, ਅਨੇਕ ਕਾਰਨ ਹਨ, ਜਿਨ੍ਹਾਂ ਕਰਕੇ ਹੰਝੂਆਂ ਵਿਚ ਕਮੀ ਆ ਸਕਦੀ ਹੈ।

ਹੁਣ ਬਜ਼ਾਰ ਵਿਚ ਕੰਪਨੀਆਂ ਵੱਲੋਂ ਬਣਾਏ ਨਕਲੀ ਹੰਝੂ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਡਾਕਟਰੀ ਸਲਾਹ ਨਾਲ ਦਿਨ ਵਿਚ ਚਾਰ ਵਾਰ ਤੱਕ ਵਰਤਿਆ ਜਾ ਸਕਦਾ ਹੈ। ਕੁੱਝ ਲੋਕਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਅੰਦਰਲੇ ਕੋਨੇ ਵਿਚਲੇ ਸੁਰਾਖ਼, ਜਿਨ੍ਹਾਂ ਵਿੱਚੋਂ ਹੰਝੂ ਨੱਕ ਵੱਲ ਨਿਕਲਣ ਦਾ ਕੁਦਰਤੀ ਰਾਹ ਹੁੰਦਾ ਹੈ, ਉਸ ਰਾਹ ਨੂੰ ਬੰਦ ਕਰ ਕੇ ਵੀ ਸੁੱਕੀਆਂ ਅੱਖਾਂ ਠੀਕ ਕੀਤੀਆਂ ਜਾ ਸਕਦੀਆਂ ਹਨ ਤੇ ਕੁਦਰਤੀ ਹੰਝੂ ਦੇਰ ਤੱਕ ਅੱਖਾਂ ਨੂੰ ਨਮ ਰੱਖ ਸਕਦੇ ਹਨ। ਜਦੋਂ ਰੋਣਾ ਆਏ ਤਾਂ ਨੱਕ ਰਾਹੀਂ ਵੀ ਪਾਣੀ ਵਗਣ ਲੱਗ ਪੈਂਦਾ ਹੈ। ਇਹ ਪਾਣੀ ਅੱਖਾਂ ਵੱਲੋਂ ਹੀ ਨੱਕ ਵੱਲ ਗਏ ਹੰਝੂ ਹੁੰਦੇ ਹਨ। ਇਸ ਰਾਹ ਨੂੰ ‘ਟੀਅਰ ਡੱਕਟ’ ਯਾਨੀ ਹੰਝੂਆਂ ਦੀ ਨਾਲੀ ਕਿਹਾ ਜਾਂਦਾ ਹੈ। ਕੁੱਝ ਡਾਕਟਰ ਇਸ ਨੂੰ ‘ਨੇਜ਼ੋਲੈਕਰਾਈਮਲ ਡੱਕਟ’ ਵੀ ਕਹਿੰਦੇ ਹਨ।

ਹੰਝੂ ਘੱਟ ਆਉਣ ਦੇ ਕਾਰਨ :-

  1. ਵਧਦੀ ਉਮਰ।
  2. ਸ਼ੋਗਰਨ ਸਿੰਡਰੋਮ-ਸਰੀਰ ਅੰਦਰ ਤਰਲ ਦਾ ਘੱਟ ਬਣਨਾ।
  3. ਅੱਖਾਂ ਦੀ ਐਲਰਜੀ।
  4. ਰਿਊਮੈਟਾਇਰਡ ਆਰਥਰਾਈਟਸ।
  5. ਲੂਪਸ ਬੀਮਾਰੀ।
  6. ਸਕਲਿਰੋਡਰਮਾ ਬੀਮਾਰੀ।
  7. ਅੰਗ ਟਰਾਂਸਪਲਾਂਟ ਤੋਂ ਬਾਅਦ।
  8. ਸਾਰਕਾਇਡ ਬੀਮਾਰੀ।
  9. ਥਾਇਰਾਇਡ ਦੇ ਰੋਗ।
  10. ਵਿਟਾਮਿਨ ਏ ਦੀ ਕਮੀ ਆਦਿ।

ਲਗਾਤਾਰ ਅੱਖਾਂ ਦੀ ਵਰਤੋਂ, ਜਿਵੇਂ ਘੰਟਿਆਂ ਬੱਧੀ ਕੰਪਿਊਟਰ ਜਾਂ ਮੋਬਾਈਲ ਨਾਲ ਚਿਪਕਣਾ, ਹਵਾਈ ਜਹਾਜ਼ ਦਾ ਲੰਮਾ ਸਫ਼ਰ, ਏਅਰ ਕੰਡੀਸ਼ਨ ਕਮਰਾ, ਮੋਟਰਸਾਈਕਲ ਬਿਨਾਂ ਐਣਕ ਦੇ ਚਲਾਉਣਾ ਆਦਿ, ਅੱਖਾਂ ਵਿਚਲੀ ਨਮੀ ਘਟਾ ਕੇ ਅੱਖਾਂ ਵਿਚ ਰੜਕ, ਰਗੜ ਜਾਂ ਸੁੱਕਾਪਨ ਮਹਿਸੂਸ ਕਰਵਾ ਸਕਦੇ ਹਨ। ਇੰਜ ਕਈ ਵਾਰ ਅੱਖਾਂ ਨੂੰ ਰੌਸ਼ਨੀ ਵੀ ਚੁੱਭਦੀ ਮਹਿਸੂਸ ਹੋਣ ਲੱਗ ਪੈਂਦੀ ਹੈ, ਧੁੰਧਲਾ ਜਾਂ ਦੋ ਦੋ ਦਿਸਣ ਲੱਗ ਸਕਦੇ ਹਨ ਤੇ ਅੱਖਾਂ ਵੀ ਥੱਕੀਆਂ ਮਹਿਸੂਸ ਹੁੰਦੀਆਂ ਹਨ।

ਜੇ ਅੱਖਾਂ ਵਿਚਲੀ ਨਮੀ ਘੱਟ ਹੋਵੇ ਤਾਂ ਅੱਗੇ ਦੱਸੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :-

  1. ਅੱਖਾਂ ਵਿਚ ਸਿੱਧੀ ਹਵਾ ਜਿਵੇਂ ਫਰਾਟਾ ਪੱਖਾ ਆਦਿ ਸਾਹਮਣੇ ਨਹੀਂ ਹੋਣੇ ਚਾਹੀਦੇ।
  2. ਧੁੱਪੇ ਨਿਕਲਣ ਲੱਗਿਆਂ ਕਾਲੀਆਂ ਐਣਕਾਂ ਵਰਤਣੀਆਂ ਚਾਹੀਦੀਆਂ ਹਨ।
  3. ਲਗਾਤਾਰ ਏ. ਸੀ. ਵਿਚ ਬੈਠਣ ਤੋਂ ਬਚਣਾ ਚਾਹੀਦਾ ਹੈ।
  4. ਕੰਪਿਊਟਰ ਜਾਂ ਮੋਬਾਈਲ ਵੇਖਦਿਆਂ ਹਰ 20 ਸਕਿੰਟ ਬਾਅਦ ਅੱਖਾਂ ਨੂੰ ਦੋ ਸਕਿੰਟ ਲਈ ਬੰਦ ਕਰ ਲੈਣਾ ਚਾਹੀਦਾ ਹੈ।
  5. ਕੰਪਿਊਟਰ ਦਾ ਪੱਧਰ ਅੱਖਾਂ ਦੀ ਪੱਧਰ ਤੋਂ ਰਤਾ ਕੁ ਹੇਠਾਂ ਹੋਣਾ ਚਾਹੀਦਾ ਹੈ ਤਾਂ ਜੋ ਸਿੱਧਾ ਅੱਖਾਂ ’ਚ ਰੌਸ਼ਨੀ ਨਾ ਪੈਂਦੀ ਰਹੇ।
  6. ਅੱਖਾਂ ਨੇੜੇ ਕਿਸੇ ਕਿਸਮ ਦਾ ਧੂੰਆਂ ਨਹੀਂ ਹੋਣਾ ਚਾਹੀਦਾ।
  7. ਡਾਕਟਰ ਦੀ ਸਲਾਹ ਨਾਲ ਵਿਟਾਮਿਨ ਏ ਲੈਂਦੇ ਰਹਿਣਾ ਚਾਹੀਦਾ ਹੈ।

ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ :-

  1. ਮੱਛੀ :- ਸਾਲਮਨ ਮੱਛੀ ਵਿਚਲੇ ਓਮੇਗਾ ਤਿੰਨ ਫੈਟੀ ਏਸਿਡ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ।
  2. ਹਰੀਆਂ ਪੱਤੇਦਾਰ ਸਬਜ਼ੀਆਂ :- ਵਿਟਾਮਿਨ ਸੀ ਹੋਣ ਕਾਰਨ ਹਰੀਆਂ ਸਬਜ਼ੀਆਂ ਅੱਖਾਂ ਦੀ ਨਮੀ ਦੇ ਨਾਲ-ਨਾਲ ਸੈੱਲਾਂ ਦੀ ਟੁੱਟ ਫੁੱਟ ਵੀ ਘਟਾਉਂਦੀਆਂ ਹਨ। ਫੋਲੇਟ ਵੀ ਇਨ੍ਹਾਂ ਵਿਚ ਲੋੜ ਅਨੁਸਾਰ ਪੂਰਾ ਹੁੰਦਾ ਹੈ। ਕੇਲ ਪੱਤਾ, ਪਾਲਕ, ਹਰੀਆਂ ਫਲੀਆਂ ਆਦਿ ਖਾਂਦੇ ਰਹਿਣਾ ਚਾਹੀਦਾ ਹੈ।
  3. ਬੀਜ :- ਸ਼ਾਕਾਹਾਰੀਆਂ ਲਈ ਕੀਆ ਬੀਜ, ਫਲੈਕਸ ਬੀਜ ਵੀ ਓਮੇਗਾ ਤਿੰਨ ਫੈੱਟੀ ਏਸਿਡ ਮੁਹੱਈਆ ਕਰਵਾ ਦਿੰਦੇ ਹਨ, ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦੇ ਹਨ।
  4. ਸੁੱਕੇ ਮੇਵੇ :- ਓਮੇਗਾ ਤਿੰਨ ਫੈੱਟੀ ਏਸਿਡ ਤੇ ਵਿਟਾਮਿਨ ਈ ਭਰੇ ਹੋਣ ਸਦਕਾ ਸੁੱਕੇ ਮੇਵੇ ਵੀ ਅੱਖਾਂ ਲਈ ਵਧੀਆ ਹਨ, ਖ਼ਾਸ ਤੌਰ ’ਤੇ ਅਖਰੋਟ ਅਤੇ ਕਾਜੂ। ਗ਼ਰੀਬਾਂ ਲਈ ਮੂੰਗਫਲੀ ਵੀ ਕਾਜੂਆਂ ਵਾਂਗ ਹੀ ਫ਼ਾਇਦੇਮੰਦ ਹੈ !
  5. ਫਲੀਆਂ :- ਫਾਈਬਰ, ਪ੍ਰੋਟੀਨ, ਫੋਲੇਟ, ਜ਼ਿੰਕ ਭਰੇ ਹੋਣ ਸਦਕਾ ਫਲੀਆਂ ਨਾ ਸਿਰਫ਼ ਅੱਖਾਂ ਲਈ ਬਲਕਿ ਪੂਰੇ ਸਰੀਰ ਲਈ ਹੀ ਬਹੁਤ ਵਧੀਆ ਹਨ। ਇਹ ਮੈਲਾਨਿਨ ਬਣਾਉਣ ਵਿਚ ਵੀ ਮਦਦ ਕਰ ਦਿੰਦੀਆਂ ਹਨ।
  6. ਪਾਣੀ :- ਪਾਣੀ ਦੀ ਕਮੀ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਿਰਫ਼ ਹੰਝੂ ਹੀ ਨਹੀਂ ਬਲਕਿ ਸਰੀਰ ਦੇ ਹਰ ਅੰਗ ਦੇ ਸਹੀ ਕੰਮ ਕਾਰ ਲਈ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਹੈ।
  7. ਕੇਲਾ :-ਪੋਟਾਸ਼ੀਅਮ ਭਰਪੂਰ ਹੋਣ ਸਦਕਾ ਕੇਲਾ ਵੀ ਅੱਖਾਂ ਵਿਚਲੇ ਹੰਝੂਆਂ ਲਈ ਅਹਿਮ ਰੋਲ ਅਦਾ ਕਰਦਾ ਹੈ ਤੇ ਹੰਝੂ ਦੀ ਮੋਟੀ ਪਰਤ ਬਣਾਉਣ ਵਿਚ ਸਹਾਈ ਹੁੰਦਾ ਹੈ, ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਕੇਲੇ ਵਿਚ ਵਿਟਾਮਿਨ ਏ ਵੀ ਹੁੰਦਾ ਹੈ, ਜੋ ਅੱਖਾਂ ਲਈ ਜ਼ਰੂਰੀ ਹੈ।
  8. ਕੌਫ਼ੀ :- ਆਮ ਧਾਰਨਾ ਹੈ ਕਿ ਕੌਫ਼ੀ ਪੀਣ ਨਾਲ ਅੱਖਾਂ ਦੀ ਨਮੀ ਉੱਤੇ ਫ਼ਰਕ ਪੈਂਦਾ ਹੈ ਪਰ ਅਜਿਹੀ ਕੋਈ ਗੱਲ ਹਾਲੇ ਤੱਕ ਸਾਬਤ ਨਹੀਂ ਕੀਤੀ ਜਾ ਸਕੀ।

ਘਰੇਲੂ ਨੁਸਖ਼ੇ :-

* ਬੰਦ ਅੱਖਾਂ ਉੱਤੇ ਕੋਸੇ ਪਾਣੀ ਦੇ ਭਰੇ ਰੂੰ ਰੱਖਣ ਨਾਲ ਵੀ ਥੱਕੀਆਂ ਅੱਖਾਂ ਨੂੰ ਰਾਹਤ ਮਿਲ ਜਾਂਦੀ ਹੈ।

* ਕੱਦੂਕਸ ਕਰ ਕੇ ਖੀਰਾ ਵੀ ਬੰਦ ਅੱਖਾਂ ਉੱਤੇ ਰੱਖਣ ਨਾਲ ਥੱਕੀਆਂ ਤੇ ਨਮੀ ਰਹਿਤ ਅੱਖਾਂ ਨੂੰ ਆਰਾਮ ਮਿਲਦਾ ਹੈ।

ਏਨਾ ਸਾਰਾ ਕੁੱਝ ਜਾਣ ਲੈਣ ਬਾਅਦ ਇੱਕ ਆਖ਼ਰੀ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ। ਹੰਝੂ ਅੱਖਾਂ ਅੰਦਰ ਵੱਗਦੇ ਰਹਿਣ ਤਾਂ ਅੱਖਾਂ ਦੀ ਨਮੀ ਲਈ ਜ਼ਰੂਰੀ ਹਨ, ਪਰ ਕਿਸੇ ਮਾਂ ਜਾਂ ਪਿਓ ਦੀਆਂ ਅੱਖਾਂ ਵਿੱਚੋਂ ਪੁੱਤਰ ਵੱਲੋਂ ਕੀਤੀ ਬੇਕਦਰੀ ਸਦਕਾ ਵਗੇ ਹੰਝੂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਅਜਿਹੇ ਹਰ ਹੰਝੂ ਦੀ ਵੱਖ ਕਹਾਣੀ ਹੁੰਦੀ ਹੈ, ਜੋ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦਾ ਗ੍ਰੰਥ ਤਿਆਰ ਕਰਵਾ ਸਕਦੀ ਹੈ।