16.3 C
Jalandhar
Tuesday, April 7, 2026
spot_img
Home Blog Page 225

ਆਨੰਦ ਕਾਰਜ

1

ਆਨੰਦ ਕਾਰਜ

ਸਤਵੀਰ ਸਿੰਘ, ਸੁਨਾਮ (ਸੰਗਰੂਰ)-97807-01984

ਧਰਤੀ ’ਤੇ ਵੱਖ-ਵੱਖ ਪੈਗੰਬਰਾਂ ਦੇ ਆਉਣ ਨਾਲ ਹਰ ਧਰਮ ਦੇ ਅਪਣੇ ਵੱਖਰੇ-ਵੱਖਰੇ ਰਿਤੀ ਰਿਵਾਜ ਰਸ਼ਮ ਹਨ। ਜਿਸ ਤਰ੍ਹਾਂ ਮਨੁੱਖੀ ਜਿੰਦਗੀ ਦੇ ਇੱਕ ਅਹਿਮ ਮੋੜ ਵਿਆਹ ਦੀ ਰਸ਼ਮ ਨੂੰ ਮੁਸਲਿਮ ਭਾਈ ਚਾਰੇ ਵਿੱਚ ਨਿਕਾਹ ਕਿਹਾ ਜਾਂਦਾ ਹੈ। ਹਿੰਦੂਆਂ ’ਚ ਫੇਰਿਆਂ ਦੀ ਰਸਮ ਅਤੇ ਸਿੱਖ ਜਗਤ ਵਿੱਚ ਇਸ ਰਸਮ ਨੂੰ ‘ਆਨੰਦ ਕਾਰਜ’ ਦੀ ਰਸਮ ਕਿਹਾ ਜਾਂਦਾ ਹੈ। ‘ਆਨੰਦ’ ਦਾ ਅਰਥ ਹੈ: ‘ਖੇੜਾ, ਖੁਸ਼ੀ ਦੀ ਰਸਮ’ ਆਦਿ। ਉਹ ਕਾਰਜ ਜਿਸ ਵਿੱਚ ਕਦੇ ਮਲੀਨਤਾ ਨਹੀਂ, ਵਿਛੋੜਾ ਨਹੀਂ, ਜੋ ਕਦੇ ਪੁਰਾਣੀ ਨਹੀਂ ਹੁੰਦੀ, ਦੁਖਦਾਈ ਨਹੀਂ, ਜੋ ਕਦੇ ਗਮੀਂ ਵਿੱਚ ਨਹੀਂ ਬਦਲਦੀ। ਸਿੱਖ ਜਗਤ ਵਿੱਚ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰਕੇ ਇਮਾਨਦਾਰੀ ਦੀ ਕਮਾਈ ਤੇ ਦਸਾਂ ਨਹੁੰਆਂ ਦੀ ਕਮਾਈ ਨਾਲ ਪਰਿਵਾਰ ਦੀ ਪਾਲਣਾ ਕਰਨ ਉਪਰੰਤ ਪਰਉਪਕਾਰਤਾ ਨੂੰ ਵੀ ਅਹਿਮ ਰੁਤਬਾ ਦਿੱਤਾ ਗਿਆ ਹੈ: ‘‘ਸਤਿਗੁਰ ਸਿਖਨ ਕਉ ਰਾਖਤ ਗ੍ਰਿਹਸਤ ਮੈ, ਸੰਪਦਾ ਸਮੂਹ ਸੁਖ ਲੁਡੇ ਤੇ ਲਡਾਵਈ।’’ (ਭਾਈ ਗੁਰਦਾਸ ਜੀ: ਕਬਿੱਤ ੪੮੧) ਪਰ ਵਰਤਮਾਨ ਸਮੇਂ ਆਨੰਦ ਕਾਰਜ ਦੀ ਰਸਮ, ਕੇਵਲ ਆਰਜ਼ੀ ਰਸਮ ਬਣਨ ਕਾਰਨ ਆਪਣੇ ਮੂਲ ਤੋਂ ਕੋਹਾਂ ਦੂਰ ਜਾਂਦੀ ਨਜ਼ਰ ਆ ਰਹੀ ਹੈ। ‘ਆਨੰਦ ਕਾਰਜ’ ਦਾ ਸੰਬੰਧ ਗੁਰੂ ਨਾਲ ਹੈ, ਗੁਰੂ ਤੋਂ ਬਗੈਰ ਵਕਤੀ ਖੁਸ਼ੀ ਤਾਂ ਹੋ ਸਕਦੀ ਹੈ: ‘‘ਆਨੰਦੁ ਆਨੰਦੁ ਸਭੁ ਕੋ..॥’’ (ਮ: ੩/੯੧੭) ਪਰ ਸਦੀਵੀ ਅਨੰਦ ਨਹੀਂ ਕਿਉਂਕਿ ਸਦੀਵੀ ਅਨੰਦਿਤ ਜੀਵਨ ਦਾ ਸਰੋਤ ‘ਗੁਰੂ’ ਹੈ: ‘‘..ਆਨੰਦੁ ਗੁਰੂ ਤੇ ਜਾਣਿਆ ॥’’ (ਮ: ੩/੯੧੭)

ਵਰਤਮਾਨ ਸਮੇਂ ’ਚ ਸਿੱਖਾਂ ਦੀ ਬਹੁਤਾਤ ਗਿਣਤੀ ਉਹ ਹੈ ਜੋ ਆਨੰਦ ਕਾਰਜ ਦੇ ਦਿਨ ਤੋਂ ਪੰਦਰਾਂ ਵੀਹ ਦਿਨ ਪਹਿਲਾਂ ਹੀ ਸਹਿਜ ਪਾਠ ਜਾਂ ਅਖੰਡ ਪਾਠ ਆਰੰਭ ਕਰਵਾ ਲੈਂਦੇ ਹਨ ਤਾਂ ਜੋ ਵਿਆਹ ਵਾਲੇ ਦਿਨ ਮਸਤੀ ਮਨ੍ਹਾ ਲਈ ਜਾਵੇ। ਗੁਰੂ ਦੀ ਮੱਤ ਅਨੁਸਾਰ ਚੱਲਣਾ ਪਏਗਾ, ਗੁਰੂ ਨੇ ਜਿਹੜੀਆਂ ਚੀਜ਼ਾਂ ਤੋਂ ਵਰਜਿਆ ਹੈ, ਸ਼ਰਾਬ ਆਦਿ ਨਸ਼ਿਆਂ ਨੂੰ ਘਰ ਵਿੱਚ ਨਹੀਂ ਵਾੜ ਸਕਦੇ। ਲੜਕੀ ਵਾਲੇ ਮਾਪੇ ਦੇਖੋ ਦੇਖੀ ਆਪਣੀ ਆਰਥਿਕ ਹਾਲਤ ਨੂੰ ਨਾ ਦੇਖਦੇ ਹੋਏ ਲੋਕਾਂ ਵਿੱਚ ਝੂਠੀ ਇੱਜ਼ਤ ਬਣਾਉਣ ਲਈ ਕਰਜ਼ਾ ਚੁੱਕ ਕੇ ਵਿਆਹ ਕਰਦੇ ਹਨ ਤੇ ਆਪਣੇ ਬੱਚਿਆਂ ਨੂੰ ਸਦਾ ਲਈ ਕਰਜ਼ੇ ਦੇ ਭਾਰ ਥੱਲੇ ਦੱਬ ਦਿੰਦੇ ਹਨ। ਭਾਰੀ ਦਾਜ (ਲੈਣ-ਦੇਣ) ਦੀ ਸਮੱਸਿਆ ਜਿੱਥੇ ਅੱਜ ਭਰੂਣ ਹੱਤਿਆ ਦਾ ਕਾਰਨ ਬਣ ਜੰਗਲ ਦੀ ਅੱਗ ਵਾਂਗ ਵਧਦੀ ਜਾ ਰਹੀ ਹੈ ਉੱਥੇ ਵਧ ਰਹੇ ਘਰੇਲੂ ਕਲੇਸ਼ ਤੇ ਖੁਦਕੁਸ਼ੀਆਂ, ਕਤਲਾਂ ਦਾ ਕਾਰਨ ਵੀ ਬਣਦੀ ਜਾ ਰਹੀ ਹੈ। ਮਨੁੱਖਤਾ ਲੋਕ-ਲਾਜ ਕਾਰਨ ਗੁਰੂ ਦੀ ਸਿੱਖਿਆ ਨੂੰ ਅੱਖੋਂ ਓਹਲੇ ਕਰ ਰਹੀ ਹੈ।

ਲੜਕੇ ਵਾਲਿਆਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਜਿੰਨੀ ਵੱਡੀ ਜਾਇਦਾਤ ਦਾ ਮਾਲਕ ਉਨੀ ਵੱਡੀ ਹੀ ਮੰਗ। ਲੱਖਾਂ ਕਰੋੜਾਂ ਦੀ ਜਾਇਦਾਤ ਦਾ ਮਾਲਕ ਬਣ ਕੇ ਵੀ ਮੰਗਤੇ ਹੀ ਬਣਦੇ ਜਾ ਰਹੇ ਹਨ। ਜੰਞ ਦੇ ਆਉਣ ਦਾ ਕੋਈ ਸਮਾਂ ਹੀ ਮੁਕਰਰ ਨਹੀਂ ਰਿਹਾ। ਪੈਲੇਸਾਂ ਵਿੱਚ ਜੰਞ 12 ਵਜੇ 1 ਵਜੇ ਪਹੁੰਚਦੀ ਹੈ। ਭੁੱਖੇ ਬਰਾਤੀ ਹਾਬੜਿਆਂ ਵਾਂਗੂੰ ਸਟਾਲਾਂ ’ਤੇ ਟੁੱਟ ਕੇ ਪੈਂਦੇ ਹਨ। ਇਸ ਤਰ੍ਹਾਂ ਦੀ ਜੰਞ ਨੂੰ ਵੇਖ ਕੇ ਬਾਬੇ ਨਾਨਕ ਦੇ ਸ਼ਬਦ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ ॥’’ (ਮ: ੧/੭੨੨) ਯਾਦ ਆਉਂਦੇ ਹਨ ਜਿਸ ਵਿੱਚ ਵਿਆਹ ਵਾਲਾ ਲਾੜਾ ਬਾਬਰ ਅਤੇ ਬਰਾਤੀ ਉਸ ਦੀ ਫੌਜ ਬਣੇ ਹੁੰਦੇ ਹਨ ਅਤੇ ਲੜਕੀ ਵਾਲਿਆਂ ਤੋਂ ਜੋਰ ਨਾਲ ਦਾਨ ਮੰਗਦੇ ਹਨ। ਦੋ ਤਿੰਨ ਵਜੇ ਆਨੰਦ ਕਾਰਜ ਦੀ ਰਸਮ ਲਈ ਗੁਰਦੁਆਰੇ ਜਾਂਦੇ ਹਨ। ਫਿਰ ਗ੍ਰੰਥੀ ਸਿੰਘਾਂ ਨੂੰ ਕਿਹਾ ਜਾਂਦਾ ਹੈ ਕਿ ਜਲਦੀ ਕਰੋ, ਸਮਾਂ ਬਹੁਤ ਘੱਟ ਹੈ।

ਆਨੰਦ ਕਾਰਜ ਦੀ ਰਸਮ ਵਿੱਚ ਗੁਰੂ ਸਾਹਿਬ ਦੀ ਪਰਿਕਰਮਾ ਕੀਤੀ ਜਾਂਦੀ ਹੈ ਜਿਸ ਦਾ ਮਤਲਬ ਹੈ ਕਿ ਗੁਰੂ ਦੀ ਸਿੱਖਿਆ ਸਾਡੇ ਜੀਵਨ ਦਾ ਕੇਂਦਰ ਬਿੰਦੂ ਰਹੇ ਅਤੇ ਅਸੀਂ ਆਪਣਾ ਸਾਰਾ ਜੀਵਨ ਗੁਰੂ ਦੀ ਸਿੱਖਿਆ ਅਧੀਨ ਬਤੀਤ ਕਰਦੇ ਰਹੀਏ ਪਰ ਇਸ ਦੇ ਉਲਟ ਸਾਰਾ ਜੀਵਨ ਤਾਂ ਬੜੀ ਦੂਰ ਦੀ ਗੱਲ, ਇਸ ਆਰੰਭ ਦਿਨ ਹੀ ਦਾਰੂ ਸ਼ਰਾਬ ਦੇ ਖੁੱਲੇ ਦੌਰ ਚੱਲਦੇ ਹਨ। ਪੈਸੇ ਦੇ ਕੇ ਔਰਤਾਂ ਦੇ ਨਾਚ ਨਚਾਏ ਜਾਂਦੇ ਹਨ। ਇਹਨਾਂ ਨਾਚਾਂ ਨੂੰ ਸਿਆਣੇ ਬਜ਼ੁਰਗ ਤੇ ਮਾਤਾਵਾਂ ਵੀ ਬੜੀ ਨਿਗਾਹ ਲਾ ਲਾ ਕੇ ਦੇਖਦੇ ਹਨ। ਪਰਿਵਾਰ ਦੀਆਂ ਧੀਆਂ ਵੀ ਅਜਿਹੇ ਲੱਚਰ ਗੀਤਾਂ ’ਤੇ ਨੱਚਦੀਆਂ ਹਨ ਜਿਹਨਾਂ ਨੂੰ ਪਰਿਵਾਰ ਵਿੱਚ ਇਕੱਠੇ ਬਹਿ ਕੇ ਸੁਨਣਾ ਵੀ ਔਖਾ ਹੈ। ਮਰੀ ਹੋਈ ਜ਼ਮੀਰ ਵਾਲਾ ਪਿਓ ਉਪਰੋਂ ਪੈਸੇ ਸੁੱਟਦਾ ਹੈ ਕਿ ਮੇਰੀਆਂ ਧੀਆਂ ਭੈਣਾਂ ਲੋਕਾਂ ਨੂੰ ਨਾਚ ਦਿਖਾ ਰਹੀਆਂ ਹਨ।

ਸੋ, ਲੋੜ ਹੈ ਲੱਚਰਤਾ ਦੀ ਗੰਦਗੀ ਅਤੇ ਫੋਕੇ ਰਿਵਾਜਾਂ ਦੇ ਚੱਕਰਾਂ ਵਿੱਚ ਉਲਝਦੇ ਪੰਜਾਬ ’ਚ ਸਾਫ ਸੁਥਰਾ ਸਭਿਆਚਾਰ ਮੁੜ ਸੁਰਜੀਤ ਕਰਨ ਦੀ। ਇਹ ਤਾਂ ਹੀ ਸੰਭਵ ਹੈ ਜੇਕਰ ਗੁਰੂ ਦੀ ਸਿੱਖਿਆ ਦੇ ਅਨੁਸਾਰੀ ਹੋ ਕੇ ਜੀਵਨ ਜਾਚ ਧਾਰਨ ਕੀਤੀ ਜਾਵੇ। ‘ਅਨੰਦ ਕਾਰਜ’ ਤੋਂ ਖੁੰਝਿਆ ਜੀਵਨ ਸਾਰੀ ਉਮਰ ਸ਼ਾਂਤੀ ਦੀ ਭਾਲ ਕਰਦਾ ਰਹਿੰਦਾ ਹੈ, ਜੋ ਨਸੀਬ ਨਹੀਂ ਹੁੰਦੀ। ਇਸ ਲਈ ਜੇਕਰ ਵਿਆਹ ਦੀ ਰਸਮ ਅਤੇ ਗ੍ਰਹਿਸਤ ਜੀਵਨ ਨੂੰ ਆਨੰਦਿਤ ਕਰਨਾ ਹੈ ਤਾਂ ‘ਅਨੰਦ ਕਾਰਜ’ ਵਰਗੇ ਪਵਿੱਤਰ ਦਿਨ ਦੀ ਅਹਿਸੀਅਤ ਨੂੰ ਸਮਝਣਾ ਪਵੇਗਾ, ਜੋ ਸੂਝ ਗੁਰੂ ਦਰ ਤੋਂ ਨਸੀਬ ਹੋਵੇਗੀ। ਝੂਠੀ ਸ਼ਾਨ ਤੇ ਫੋਕੀਆਂ ਰੀਤਾਂ ਨੂੰ ਤਿਆਗ ਕੇ ਸੱਚੇ ਆਨੰਦਮਈ ਜੀਵਨ ਲਈ ‘ਗੁਰੂ’ ਦੇ ਲੜ ਲੱਗਣਾ ਮੁੱਢਲੀ ਤੇ ਪਹਿਲੀ ਸ਼ਰਤ ਹੈ। ਗੁਰੂ ਜੀ ਮਿਹਰ ਕਰਨ, ਸਾਨੂੰ ਵਕਤ ਰਹਿੰਦੇ ਸੋਝੀ ਆ ਜਾਵੇ।

40 ਸ਼ਹੀਦ ਮੁਕਤੇ ਚਮਕੌਰ ਸਾਹਿਬ ਤੇ 40 ਸ਼ਹੀਦ ਮੁਕਤੇ ਮੁਕਤਸਰ ਦੇ ਨਾਂ

0

40 ਸ਼ਹੀਦ ਮੁਕਤੇ ਚਮਕੌਰ ਸਾਹਿਬ ਤੇ 40 ਸ਼ਹੀਦ ਮੁਕਤੇ ਮੁਕਤਸਰ ਦੇ ਨਾਂ

ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਚਾਲੀ ਮੁਕਤੇ ਦੋ ਅਸਥਾਨਾਂ ’ਤੇ ਸ਼ਹੀਦ ਹੋਏ ਹਨ, ਪਹਿਲੇ ਚਮਕੌਰ ਸਾਹਿਬ ਵਿਖੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਹ ਵਿੱਚ ਇਉਂ ਕੀਤਾ ਹੈ ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ॥ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ॥੧੯॥’’ ਭਾਵ ਮੇਰੇ 40 ਭੁੱਖੇ ਭਾਣੇ ਵਿਅਕਤੀ ਕੀ ਕਰ ਸਕਦੇ ਹਨ ਜਦੋਂ ਉਨ੍ਹਾਂ ਉੱਤੇ 10 ਲੱਖ ਸੈਨਿਕ ਟੁੱਟ ਕੇ ਆ ਪਏ ਹੋਣ ? ਇਨ੍ਹਾਂ 40 ਮੁਕਤਿਆਂ ਦੇ ਨਾਂ ਹਨ: ‘ਸਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲ ਸਿੰਘ (ਉਹੀ ਗੁਰੂ ਪਿਆਰਾ ਜੋ ਕਸ਼ਮੀਰੀ ਪੰਡਿਤਾਂ ਦੀ ਅਗਵਾਈ ਦੇ ਰੂਪ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਅਨੰਦਪੁਰ ਸਾਹਿਬ ਵਿਖੇ ਔਰੰਗਜ਼ੇਬ ਦੇ ਅਤਿਆਚਾਰ ਵਿਰੁਧ ਫ਼ਰਿਆਦੀ ਬਣ ਕੇ ਹਾਜ਼ਰ ਹੋਇਆ ਸੀ), ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕ ਸਿੰਘ, ਦਿਆਲ ਸਿੰਘ, ਦਾਮੋਦਰ ਸਿੰਘ, ਨਰਾਇਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸਨ ਸਿੰਘ, ਭਗਵਾਨ ਸਿੰਘ, ਮਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ ਅਤੇ ਰਤਨ ਸਿੰਘ।’

ਮੁਕਤਸਰ ਦੇ 40 ਸ਼ਹੀਦ ਮੁਕਤੇ – ‘ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲ੍ਹਾ ਸਿੰਘ, ਕੀਰਤ ਸਿੰਘ, ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ ਅਤੇ ਲਛਮਣ ਸਿੰਘ।’

ਭਾਈ ਕਾਹਨ ਸਿੰਘ ਨਾਭਾ (ਮਹਾਨ ਕੋਸ਼, ਪੰਨਾ 735)

ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕਰਵਾਉਣ ਪਿੱਛੇ ‘ਧੁੰਮਾ’ ਦੀ ਸਾਜ਼ਸ਼ ਨਾਕਾਮ ਹੋਣ ਕਾਰਨ ‘ਦਮਦਮੀ ਟਕਸਾਲ’ ਤੇ ‘ਸਰਕਾਰੀ ਜਾਂਚ’ ਸ਼ੱਕ ਦੇ ਘੇਰੇ ’ਚ।

0

ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕਰਵਾਉਣ ਪਿੱਛੇ ‘ਧੁੰਮਾ’ ਦੀ ਸਾਜ਼ਸ਼ ਨਾਕਾਮ ਹੋਣ ਕਾਰਨ ‘ਦਮਦਮੀ ਟਕਸਾਲ’ ਤੇ ‘ਸਰਕਾਰੀ ਜਾਂਚ’ ਸ਼ੱਕ ਦੇ ਘੇਰੇ ’ਚ।

ਕਿਰਪਾਲ ਸਿੰਘ (ਬਠਿੰਡਾ)-9855480797

ਕ੍ਰੋਧ ਹੰਕਾਰ ਅਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਕੁਝ ਵਿਅਕਤੀਆਂ ਨੇ 17 ਮਈ ਨੂੰ ਕੋਕ/ਫਰੂਟੀਆਂ ਦੀ ਛਬੀਲ ਲਾਉਣ ਦੀ ਆੜ ਵਿੱਚ ਨੀਚਤਾ ਭਰੇ ਜਿਸ ਢੰਗ ਨਾਲ ਸਿੱਖ ਪੰਥ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕੀਤਾ; ਇਨ੍ਹਾਂ ਨੇ ਸਿਰਫ ਭਾਈ ਰਣਜੀਤ ਸਿੰਘ ’ਤੇ ਹੀ ਹਮਲਾ ਨਹੀਂ ਕੀਤਾ ਸਗੋਂ ਲੰਗਰਾਂ/ਛਬੀਲਾਂ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਵਾਲੀ ਸਿੱਖ ਪੰਥ ਦੀ ਲੰਗਰ ਪ੍ਰਥਾ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ, ਵੀਚਾਰਾਂ ਦੀ ਅਜ਼ਾਦੀ ’ਤੇ ਹਮਲਾ ਕਰਨ ਦੇ ਨਾਲ ਸਗੋਂ ਸਿੱਖੀ ਬਾਣੇ ਨੂੰ ਕਲੰਕਤ ਕਰਨ ਤੋਂ ਇਲਾਵਾ ਪੰਥ ’ਚ ਸਤਿਕਾਰਤ ਮੰਨੀ ਜਾ ਰਹੀ ਟਕਸਾਲ ਦੀ ਪੱਗ ਨੂੰ ਵੀ ਬਹੁਤ ਵੱਡਾ ਦਾਗ਼ ਲਾ ਦਿੱਤਾ ਹੈ। ਇਸ ਦਾਗ਼ ਦੇ ਨਿਸ਼ਾਨ ਬੀਤੇ ਦਿਨ ਪੰਜ ਛੇ ਘੰਟੇ ਦੇ ਸਫਰ ਵਿੱਚ ਉਸ ਸਮੇਂ ਵੇਖਣ ਨੂੰ ਮਿਲੇ ਜਦੋਂ ਅੱਤ ਦੀ ਗਰਮੀ ਵਿੱਚ ਪਾਣੀ ਦੀ ਪਿਆਸੀ ਕੋਈ ਸਵਾਰੀ ਡਰਾਈਵਰ ਨੂੰ ਕਹਿੰਦੀ ਹੈ ਕਿ ਜੇ ਕਿਧਰੇ ਪਾਣੀ ਦੀ ਛਬੀਲ ਆਵੇ ਤਾਂ ਗੱਡੀ ਰੋਕ ਲੈਣਾ ਪਾਣੀ ਦੀ ਪਿਆਸ ਹੀ ਬੁਝਾ ਲਵਾਂਗੇ। ਇਹ ਸੁਣਦਿਆਂ ਸਾਰ ਦੂਸਰੀ ਸਵਾਰੀ ਬੋਲ ਪੈਂਦੀ ਰੋਕਣ ਤੋਂ ਪਹਿਲਾਂ ਵੇਖ ਲੈਣਾ ਕਦੀ ਟਕਸਾਲੀਆਂ ਦੀ ਛਬੀਲ ਨਾ ਹੋਵੇ, ਤੀਸਰੀ ਸਵਾਰੀ ਬੋਲ ਪੈਂਦੀ ਇਹ ਵੀ ਵੇਖ ਲੈਣਾ ਕਿ ਛਬੀਲ ਦੇ ਨੇੜੇ ਤੇੜੇ ਕੋਈ ਨਿਹੰਗ ਜਾਂ ਦੁਮਾਲੇ ਵਾਲਾ ਸਿੱਖ ਨਾ ਹੋਵੇ। ਵੇਖਣ ਨੂੰ ਇਹ ਭਾਵੇਂ ਚੁਟਕਲੇ ਲਗਦੇ ਹੋਣ ਪਰ ਇਹ ਅਜਿਹੇ ਚੁਟਕਲਿਆਂ ਰਾਹੀਂ ਹੀ ਤਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਂਦਾ ਹੈ ਜਿਸ ਦਾ ਮੇਰੇ ਸਮੇਤ ਸਾਰੇ ਸਿੱਖ ਹਮੇਸ਼ਾਂ ਵਿਰੋਧ ਕਰਦੇ ਰਹਿੰਦੇ ਹਨ ਅਤੇ ਸਿੱਖ ਹੋਣ ਦੇ ਨਾਤੇ ਕਰਨਾ ਵੀ ਚਾਹੀਦਾ ਹੈ ਪਰ ਇਹ ਚੁਟਲਕੇ ਸੁਣਾਉਣ ਵਾਲੇ ਵੀ ਤਾਂ ਗਲਤ ਨਹੀਂ ਹਨ। ਕੀ ਛਬੀਲ ਦੀ ਆੜ ਵਿੱਚ ਭਾਈ ਰਣਜੀਤ ਸਿੰਘ ’ਤੇ ਜਾਨਲੇਵਾ ਹਮਲਾਵਰਾਂ ਨੇੇ ਚਾਰ ਭੈਣਾਂ ਦੇ ਇਕਲੌਤੇ ਭਰਾ, ਇੱਕ ਨੌਜਵਾਨ ਪਤਨੀ ਦੇ 37 ਸਾਲਾ ਪਤੀ, ਦੋ ਮਸੂਮ ਬੱਚਿਆਂ ਦੇ ਪਿਤਾ, ਬਜੁਰਗ ਮਾਪਿਆਂ ਦੇ ਬੁਢੇਪੇ ਦਾ ਸਹਾਰਾ ਜੋ ਗੁਰਮਤਿ ਦੇ ਪ੍ਰਚਾਰ ਲਈ ਰਾਤ ਦਾ ਦੀਵਾਨ ਲਾਉਣ ਜਾ ਰਹੇ ਭਾਈ ਰਣਜੀਤ ਸਿੰਘ ਨਾਲ ਸਫਰ ਕਰ ਰਹੇ ਸਿੱਖ ਪ੍ਰਚਾਰਕ ਭਾਈ ਭੂਪਿੰਦਰ ਸਿੰਘ ਨੂੰ ਕਤਲ ਕਰਨ ਦੇ ਦੋਸ਼ ਅਧੀਨ ਫੜੇ ਗਏ 8 ਵਿਅਕਤੀਆਂ ਦੀ ਸੂਚੀ ਜਾਰੀ ਕਰਨ ਵਾਲੇ ਵੇਰਵਿਆਂ ਮੁਤਾਬਿਕ 5 ਵਿਅਕਤੀ ਸਿੱਧੇ ਤੌਰ ’ਤੇ ਦਮਦਮੀ ਟਕਸਾਲ ਚੌਕ ਮਹਿਤਾ ਨਾਲ ਸਬੰਧਤ ਨਹੀਂ ਹਨ ? ਕੀ ਛਬੀਲ ’ਤੇ ਸੇਵਾ ਨਿਭਾ ਰਹੇ ਕੁਝ ਕੁ ਨਿਹੰਗ ਬਾਣੇ ਵਿੱਚ ਨਹੀਂ ਸਨ ? ਕੀ ਕਈਆਂ ਨੇ ਦੁਮਾਲੇ ਨਹੀਂ ਸਜਾਏ ਹੋਏ ਸਨ ? ਕੀ ਹਮਲੇ ਦੌਰਾਨ ਵਰਤੀਆਂ ਗੱਡੀਆਂ ਵਿੱਚ ਦੋ ਦੀ ਰਜਿਸਟ੍ਰੇਸ਼ਨ ਹਰਨਾਮ ਸਿੰਘ ਧੁੰਮਾ ਚੌਕ ਮਹਿਤਾ ਦੇ ਨਾਮ ਨਹੀਂ ਹੈ ? ਕੀ ਇੱਕ ਗੱਡੀ ਉੱਤੇ ‘ਕਾਰ ਸੇਵਾ’ ਨਹੀਂ ਲਿਖਿਆ ਹੋਇਆ ? ਇਨ੍ਹਾਂ ਸਾਰੇ ਵੇਰਵਿਆਂ ਨੂੰ ਵੇਖਦਿਆਂ ਕੀ ਕੋਈ ਛੱਕ ਰਹਿ ਜਾਂਦਾ ਹੈ ਕਿ ਇਸ ਹਮਲੇ ਦਾ ਮੁਖ ਸਾਜ਼ਸ਼ਕਾਰ ਪੰਥ ਵਿੱਚ ਵਿਸ਼ੇਸ਼ ਸਤਿਕਾਰ ਦਾ ਪਾਤਰ ਬਣੀ ਟਕਸਾਲ ਦਾ ਮੁਖੀ ਹੀ ਹੈ।

ਸ਼ੱਕ ਦੀ ਸੂਈ ਟਕਸਾਲ ਦੇ ਮੁਖੀ ਵੱਲ ਘੁੰਮਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਪਿਛਲੇ ਸਮੇਂ ਹਰਨਾਮ ਸਿੰਘ ਧੁੰਮਾ ਨੇ ਇੱਕ ਵੀਡੀਓ ਜਾਰੀ ਕਰਕੇ ਭਾਈ ਢੱਡਰੀਆਂ ਵਾਲੇ ਦੀ ਪੱਗ ਦੇ ਰੰਗ ਬਦਲਣ ਅਤੇ ਟਕਸਾਲੀ ਗੋਲ ਪੱਗ ਬੰਨ੍ਹਣ ਦੀ ਥਾਂ ਮਿਸ਼ਨਰੀਆਂ ਵਾਲੀ ਨੋਕਦਾਰ ਪੱਗ ਬੰਨ੍ਹਣ ’ਤੇ ਬਿਨਾਂ ਮਤਲਬ ਦੀਆਂ ਟਿੱਪਣੀਆਂ ਕਰਕੇ ਆਪਣੇ ਮਨ ਦੀ ਭੜਾਸ ਕੱਢੀ ਸੀ। ਇੱਕ ਭਰਵੇਂ ਦੀਵਾਨ ਵਿੱਚ ਧੁੰਮੇ ਵੱਲੋਂ ਉਠਾਏ ਇਨ੍ਹਾਂ ਇਤਰਾਜਾਂ ਦਾ ਜਵਾਬ ਦਿੰਦਿਆਂ ਭਾਈ ਢੱਡਰੀਆਂ ਵਾਲੇ ਨੇ ਟਕਸਾਲ ਲਈ ਤਾਂ ਸਤਿਕਾਰਤ ਸ਼ਬਦ ਹੀ ਵਰਤੇ ਪਰ ਧੁੰਮੇ ਦਾ ਨਾਮ ਲੈ ਕੇ ਅਤੇ ‘ਸਰਕਾਰੀ ਸੰਤ’ ਕਹਿ ਕੇ ਸਖਤ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਪੱਗ ਦੇ ਰੰਗ ਜਾਂ ਬੰਧੇਜ ਬਦਲਣ ਨਾਲ ਤਾਂ ਪੱਗ ਦੀ ਲਾਜ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਪੱਗ ਨੂੰ ਹਾਲੀ ਤੱਕ ਕੋਈ ਦਾਗ਼ ਨਹੀਂ ਲੱਗਿਆ ਪਰ ਜੇ ਕੋਈ ਮੇਰੀ ਪੱਗ ’ਤੇ ਲੱਗੇ ਦਾਗ਼ ਦਾ ਸਬੂਤ ਦੇ ਦੇਵੇ ਤਾਂ ਮੈਂ ਇਸ ਸੰਗਤ ਦੇ ਭਰਵੇਂ ਇਕੱਠ ਵਿੱਚ ਐਲਾਨ ਕਰਦਾ ਹਾਂ ਕਿ ਮੇਰੀ ਪੱਗ ’ਤੇ ਲਗਿਆ ਦਾਗ਼ ਸਾਬਤ ਕਰਨ ਵਾਲੇ ਨੂੰ ਹੱਕ ਹੈ ਕਿ ਉਹ ਭਰੀ ਸੰਗਤ ਵਿੱਚ ਮੈਨੂੰ ਗੋਲ਼ੀ ਮਾਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਧੇ ਤੌਰ ’ਤੇ ਧੁੰਮੇ ਨੂੰ ਸੰਬੋਧਨ ਹੁੰਦੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਮੈਂ ਸਤਿਕਾਰ ਕਰਦਾ ਹਾਂ ਉਨ੍ਹਾਂ ਦੀ ਪੱਗ ਬੇਦਾਗ਼ ਸੀ ਪਰ ਚੇਤੇ ਰੱਖ ਅੱਜ ਸੰਤ ਜਰਨੈਲ ਸਿੰਘ ਵਾਲੀ ਪੱਗ ਤੇਰੇ ਸਿਰ ’ਤੇ ਹੈ ਇਸ ਪੱਗ ਦੀ ਜਿੰਮੇਵਾਰੀ ਨਿਭਾ ਪਰ ਪ੍ਰਚਾਰ ਕਰਨ ਦੀ ਥਾਂ ਜਮੀਨਾਂ ਅਤੇ ਗੁਰਦੁਆਰਿਆਂ ’ਤੇ ਕਬਜ਼ੇ ਕਰਨ ਦੀ ਨੀਅਤ ਨਾਲ ਸਰਕਾਰੀ ਸੰਤ ਬਣ ਕੇ ਸਰਕਾਰ ਦੀ ਚਮਚਾਗਿਰੀ ਕਰ ਕੇ ਇਸ ਜਿੰਮੇਵਾਰੀ ਵਾਲੀ ਪੱਗ ਨੂੰ ਦਾਗ਼ ਨਾ ਲਾ। ਇਸ ਦੇ ਨਾਲ ਹੀ ਬਹਿਬਲ ਕਾਂਡ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਦੀ ਵੀ ਚੰਗੀ ਖਿਚਾਈ ਕੀਤੀ ਸੀ। ਭਾਈ ਢੱਡਰੀਆਂ ਵਾਲੇ ਦੁਆਰਾ ਜਨਤਕ ਤੌਰ ’ਤੇ ਦਿੱਤੇ ਇਸ ਜਵਾਬ ਨੇ ਧੁੰਮੇ ਦੇ ਸਿਖਰਾਂ ’ਤੇ ਚੜ੍ਹੇ ਹੰਕਾਰ ਨੂੰ ਚਕਨਾਚੂਰ ਕਰ ਦਿੱਤਾ ਅਤੇ ਉਸ ਵਿੱਚ ਈਰਖਾ ਦੀ ਅੱਗ ਲੱਟ ਲੱਟ ਕਰਕੇ ਬਲਣ ਲੱਗੀ। ਗੁਰੂ ਸਾਹਿਬ ਜੀ ਦੇ ਇਹ ਬਚਨ ਉਸ ’ਤੇ ਪੂਰੀ ਤਰ੍ਹਾਂ ਸਹੀ ਢੁਕਦੇ ਹਨ: ‘‘ਜਿਨਾ ਅੰਦਰਿ ਕੂੜੁ ਵਰਤੈ, ਸਚੁ ਨ ਭਾਵਈ ।। ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ ।। ਕੂੜਿਆਰੀ ਰਜੈ ਕੂੜਿ, ਜਿਉ ਵਿਸਟਾ ਕਾਗੁ ਖਾਵਈ ।।’’ (੬੪੬) ਇਸ ਲਈ ਭਾਈ ਢੱਡਰੀਆਂ ਵਾਲੇ ਦੀ ਆਵਾਜ਼ ਸਦਾ ਲਈ ਬੰਦ ਕਰਨ ਦੀ ਸਾਜਿਸ਼ ਘੜੀ ਗਈ, ਜਾਪਦੀ ਹੈ, ਜੋ ਛਬੀਲ ਦਾ ਸਹਾਰਾ ਲੈ ਕੇ 17 ਮਈ ਨੂੰ ਸਿਰੇ ਚਾੜ੍ਹਨ ਦਾ ਯਤਨ ਕੀਤਾ। ਭਾਵੇਂ ਕਿ ਸਾਜਿਸ਼ ਘੜਨ ਵਾਲੇ ਦੀ ਰਚੀ ਸਾਜਿਸ਼ ਮੁਤਾਬਿਕ ਹਮਲੇ ਦੀ ਯੋਜਨਾ ਬਹੁਤ ਹੀ ਕਮਾਲ ਦੀ ਸੀ ਅਤੇ ਹਮਲਾ ਵੀ ਬਹੁਤ ਭਿਆਨਕ ਸੀ ਪਰ ਗੁਰੂ ਸਾਹਿਬ ਦੇ ਬਚਨ ਮੁਤਾਬਿਕ: ‘‘ਜਿਸ ਦਾ ਸਾਹਿਬੁ, ਡਾਢਾ ਹੋਇ ।। ਤਿਸ ਨੋ, ਮਾਰਿ ਨ ਸਾਕੈ ਕੋਇ ।। ਸਾਹਿਬ ਕੀ, ਸੇਵਕੁ ਰਹੈ ਸਰਣਾਈ ।। ਆਪੇ ਬਖਸੇ, ਦੇ ਵਡਿਆਈ ।। ਤਿਸ ਤੇ ਊਪਰਿ, ਨਾਹੀ ਕੋਇ ।। ਕਉਣੁ ਡਰੈ, ਡਰੁ ਕਿਸ ਕਾ ਹੋਇ  ?।।’’ (੮੪੨), ‘‘ਜਿਸ ਕਾ ਸਾਸੁ, ਨ ਕਾਢਤ ਆਪਿ ।। ਤਾ ਕਉ ਰਾਖਤ, ਦੇ ਕਰਿ ਹਾਥ ।। ਮਾਨਸ ਜਤਨ ਕਰਤ, ਬਹੁ ਭਾਤਿ ।। ਤਿਸ ਕੇ ਕਰਤਬ, ਬਿਰਥੇ ਜਾਤਿ ।। ਮਾਰੈ ਨ ਰਾਖੈ, ਅਵਰੁ ਨ ਕੋਇ ।। ਸਰਬ ਜੀਆ ਕਾ ਰਾਖਾ ਸੋਇ ।।’’ (੨੮੬)

ਇਸ ਭਿਆਨਕ ਹਮਲੇ ਵਿੱਚ ਗੁਰੂ ਦੀ ਕ੍ਰਿਪਾ ਨਾਲ ਭਾਈ ਢੱਡਰੀਆਂ ਵਾਲੇ ਦਾ ਤਾਂ ਵਾਲ ਵਿੰਗਾ ਨਾ ਹੋਇਆ। ਸ਼ਾਇਦ ਉਨ੍ਹਾਂ ਤੋਂ ਗੁਰੂ ਸਾਹਿਬ ਜੀ ਨੇ ਗੁਰਮਤਿ ਪ੍ਰਚਾਰ ਦਾ ਹੋਰ ਕੰਮ ਲੈਣਾ ਸੀ ਪਰ ਦੁਖਦਾਈ ਖ਼ਬਰ ਇਹ ਹੈ ਕਿ ਉਨ੍ਹਾਂ ਦਾ ਨੇੜਲਾ ਸਾਥੀ ਭਾਈ ਭੂਪਿੰਦਰ ਸਿੰਘ ਗੁਰੂ ਚਰਨਾਂ ਵਿੱਚ ਜਾ ਨਿਵਾਜ਼ੇ। ਸ਼ਾਇਦ ਇਹ ਵੀ ਗੁਰੂ ਅਤੇ ਅਕਾਲ ਪੁਰਖ ਨੂੰ ਭਾਉਂਦਾ ਸੀ ਕਿਉਂਕਿ ਜੇ ਉਹ ਸ਼ਹੀਦੀ ਨਾ ਪਾਉਂਦੇ ਤਾਂ ਸ਼ਾਇਦ ਸਾਜ਼ਸ਼ਕਾਰ ਇਤਨੀ ਜਲਦੀ ਬੇਪਰਦ ਨਾ ਹੁੰਦਾ ਅਤੇ ਪੜਤਾਲੀਆ ਏਜੰਸੀਆਂ ਨੇ ਲੁੱਟ ਖੋਹ ਦਾ ਹਲਕਾ ਜਿਹਾ ਕੇਸ ਬਣਾ ਕੇ ਅਸਲ ਦੋਸ਼ੀਆਂ ’ਤੇ ਪਰਦਾ ਪਾ ਦੇਣਾ ਸੀ ਤੇ ਸੰਤ ਲਿਬਾਸ ’ਚ ਛੁਪੇ ਬੈਠੇ ਬਨਾਰਸ ਦੇ ਠੱਗ, ਸੰਗਤਾਂ ਸਾਹਮਣੇ ਕਦੇ ਨਾ ਨੰਗੇ ਹੁੰਦੇ, ਜਿਵੇਂ ਕਿ ਭਗਤ ਕਬੀਰ ਜੀ ਸੰਕੇਤ ਦੇ ਰਹੇ ਹਨ: ‘‘ਤਬ ਜਾਨਹੁਗੇ, ਜਬ ਉਘਰੈਗੋ ਪਾਜ ।।’’ (ਭਗਤ ਕਬੀਰ/੩੨੪)

ਮੌਤ ਦੇ ਮੂੰਹ ਵਿੱਚੋਂ ਬਚੇ ਭਾਈ ਢੱਡਰੀਆਂ ਵਾਲੇ ਜਿੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ ਉੱਥੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਦ੍ਰਿੜ ਹਨ। ਇਸ ਦੇ ਨਾਲ ਹੀ ਭਰਾ ਮਾਰੂ ਜੰਗ ਨੂੰ ਹਰ ਹੀਲੇ ਟਾਲਣ ਦੇ ਵੀ ਭਰਪੂਰ ਯਤਨ ਕਰਦੇ ਹੋਏ ਆਪਣੇ ਸਮਰਥਕਾਂ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਬਿਲਕੁਲ ਸ਼ਾਂਤ ਰਹਿਣ ਦੀਆਂ ਅਪੀਲਾਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੜਤਾਲ ਕਰਨ ਵਾਲੀ ਪੁਲਿਸ ਨੇ ਉਨ੍ਹਾਂ ਨੂੰ ਅਸਲ ਸਾਜ਼ਸ਼ਕਾਰ ਦਾ ਨਾਮ ਦੱਸ ਦਿੱਤਾ (ਜਿਸ ਦਾ ਪਹਿਲਾਂ ਹੀ ਕੋਈ ਸ਼ੱਕ ਨਹੀਂ ਹੈ) ਪਰ ਇਹ ਬੇਨਤੀ ਵੀ ਕੀਤੀ ਹੈ ਕਿ ਹਾਲੀ ਪੁਲਿਸ ਨੂੰ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਪੂਰੇ ਦਸਤਾਵੇਜ਼ ਇਕੱਤ੍ਰ ਕਰਨ ਉਪਰੰਤ ਹੀ ਅਸਲ ਦੋਸ਼ੀਆਂ ਅਤੇ ਸਾਜ਼ਸ਼ਕਾਰ ਦਾ ਨਾਮ ਨਸ਼ਰ ਕਰਨਗੇ। ਪ੍ਰੈੱਸ ਨੂੰ ਦਿੱਤੀ ਇੰਟਰਵਿਊ ਵਿੱਚ ਭਾਈ ਢੱਡਰੀਆਂ ਵਾਲੇ ਇਹ ਕਹਿੰਦੇ ਵੀ ਸੁਣੇ ਗਏ ਕਿ ਪੁਲਿਸ ਨੇ ਉਨ੍ਹਾਂ ’ਤੇ ਹਮਲੇ ਦੀ ਸਾਜ਼ਸ਼ ਘੜਨ ਵਾਲੇ ਦਾ ਨਾਮ ਦੱਸ ਦਿੱਤਾ ਹੈ ਪਰ ਪੜਤਾਲ ਪੂਰੀ ਕਰਨ ਤੱਕ ਇਸੇ ਨਸ਼ਰ ਨਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਉਹ ਖ਼ੁਦ ਵੀ ਕਿਸੇ ਦਾ ਨਾਮ ਲੈ ਕੇ ਭਰਾ ਮਾਰੂ ਜੰਗ ਦਾ ਮੁੱਢ ਨਹੀਂ ਬੰਨਣਾ ਚਾਹੁੰਦੇ ਪਰ ਮੰਗ ਕਰਦੇ ਹਨ ਕਿ ਸਰਕਾਰ ਜਾਂ ਪੁਲਿਸ ਖ਼ੁਦ ਸਾਜ਼ਸ਼ਕਾਰ ਦਾ ਨਾਮ ਲੈ ਕੇ ਉਸ ਵਿਰੁੱਧ ਐੱਫ. ਆਈ. ਆਰ. ਦਰਜ ਕਰਕੇ ਉਚਿਤ ਕਾਰਵਾਈ ਕਰੇ। ਉਨ੍ਹਾਂ ਆਪਣੇ ਸਮੱਰਥਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਦਾ ਨਾਂ ਨਾ ਲੈਣ; ਪੁਲਿਸ ਕੋਲ ਬਹੁਤ ਸਾਰੇ ਸਬੂਤ ਆ ਚੁੱਕੇ ਹਨ, ਉਨ੍ਹਾਂ ਨੂੰ ਕੁੱਝ ਸਮਾਂ ਦੇਣ ਦੀ ਜ਼ਰੂਰਤ ਹੈ ਪਰ ਜੇ ਸਰਕਾਰ ਭਾਈ ਭੁਪਿੰਦਰ ਸਿੰਘ ਦੇ ਭੋਗ ਤੱਕ ਢੁਕਵੀਂ ਕਾਰਵਾਈ ਨਹੀਂ ਕਰਦੀ ਤਾਂ ਸਾਰੇ ਪ੍ਰਚਾਰਕਾਂ ਅਤੇ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਕੋਈ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ਤੇ ਉਹ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੋਵੇਗਾ ਕੋਈ ਹੁਲੜਬਾਜੀ, ਟ੍ਰੈਫਿਕ ਵਿੱਚ ਰੋਕ ਜਾਂ ਪੰਜਾਬ ਬੰਦ ਵਰਗੀ ਕੋਈ ਕਾਰਵਾਈ ਕਰਨ ਦੀ ਜ਼ਰੂਰ ਨਹੀਂ।

ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਤਸੱਲੀਬਖ਼ਸ਼ ਕਾਰਵਾਈ ਨਾ ਹੁੰਦੀ ਵੇਖ ਕੇ ਆਖਰ ਸਵਰਗੀ ਭਾਈ ਭੁਪਿੰਦਰ ਸਿੰਘ ਦੇ ਭੋਗ ਵਾਲੇ ਦਿਨ 26 ਮਈ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵਾਅਦੇ ਅਨੁਸਾਰ ਬਿਲਕੁਲ ਸ਼ਾਂਤਮਈ ਅਤੇ ਸੁਲਝੇ ਹੋਏ ਢੰਗ ਦਾ ਪ੍ਰੋਗਰਾਮ ਦਿੱਤਾ ਜਿਸ ਅਨੁਸਾਰ (1) 30 ਮਈ ਨੂੰ ਹਰ ਜ਼ਿਲ੍ਹੇ ਦੀ ਸੰਗਤ ਬਿਲਕੁਲ ਸ਼ਾਂਤ ਰਹਿ ਕੇ ਆਪਣੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸਮੁਚੇ ਕੇਸ ਦੀ ਸੀਬੀਆਈ ਪੜਤਾਲ ਦੀ ਮੰਗ ਕਰੇਗੀ। (2) ਇੱਕ ਸਾਲ ਤੱਕ ਹਰ ਮਹੀਨੇ ਪੰਜਾਬ ਦੇ ਕਿਸੇ ਇੱਕ ਜ਼ਿਲ੍ਹੇ ਵਿੱਚ ਸ਼ਹੀਦ ਭਾਈ ਭੂਪਿੰਦਰ ਸਿੰਘ ਦੀ ਯਾਦ ਵਿੱਚ ਦੋ ਦਿਨਾਂ ਸਮਾਗਮ ਕਰਵਾਏ ਜਾਣਗੇ ਜਿਸ ਦੌਰਾਨ ਹਮਮਲਾਵਰਾਂ ਵੱਲੋਂ ਕੌਮ ਨੂੰ ਭਰਾ ਮਾਰੂ ਜੰਗ ਵੱਲ ਧੱਕਣ ਦੀ ਕੋਸ਼ਿਸ਼ ਅਤੇ ਕਾਰਨਾਂ ਦਾ ਵਿਸ਼ਲੇਸ਼ਣ ਕਰਕੇ ਸੰਗਤ ਨੂੰ ਜਾਣੂ ਕਰਵਾਇਆ ਜਾਇਆ ਕਰੇਗਾ। (3) ਸਿਰਸਾ ਕੇਸ ਵਿੱਚ ਪੰਥ ਵੱਲੋਂ ਨਕਾਰੇ ਗਏ ਜਥੇਦਾਰਾਂ ਵੱਲੋਂ ਵਿਚੋਲਗੀ ਨੂੰ ਸਿਰੇ ਤੋਂ ਰੱਦ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵਿਚੋਲਗੀ ਦੀ ਪੇਸ਼ਕਸ਼ ਕਰ ਰਹੀਆਂ ਸਖ਼ਸ਼ੀਅਤਾਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਅਤੇ ਹਮਲਾਵਰ ਧਿਰ ਨੂੰ ਇੱਕ ਸਮਾਨ ਸੰਬੋਧਨ ਕਰਨ ਦੀ ਥਾਂ ਇਹ ਨਿਖੇੜਾ ਜਰੂਰ ਕਰਨ ਕਿ ਝਗੜੇ ਦਾ ਮੁੱਢ ਕਿਸ ਨੇ ਬੰਨ੍ਹਿਆਂ, ਨਿਹੱਤੇ ਪ੍ਰਚਾਰਕ ’ਤੇ ਛਬੀਲ ਦੀ ਆੜ ਵਿੱਚ ਹਮਲਾ ਕਰਕੇ ਸਿੱਖ ਭਰਾ ਨੂੰ ਕਤਲ ਕਿਸ ਨੇ ਕੀਤਾ, ਧਮਕੀਆਂ ਕੌਣ ਦੇ ਰਿਹਾ ਹੈ, ਕਾਤਲਾਂ ਦੀ ਨਿੰਦਾ ਕਰਨ ਦੀ ਥਾਂ ਉਨ੍ਹਾਂ ’ਤੇ ਫੁੱਲ ਵਰਸਾ ਕੇ ਸਨਮਾਨਤ ਕਿਹੜੀ ਜਥੇਬੰਦੀ ਕਰ ਰਹੀ ਹੈ ? ਅਤੇ ਪੀੜਤ ਹੋਣ ਦੇ ਬਾਵਜੂਦ ਸ਼ਾਂਤਮਈ ਰਹਿਣ ਅਤੇ ਭਰਾਮਾਰੂ ਜੰਗ ਤੋਂ ਬਚਣ ਦੀਆਂ ਅਪੀਲਾਂ ਕੌਣ ਕਰ ਰਿਹਾ ਹੈ ?

ਉਪਰੋਕਤ ਹਲਾਤਾਂ ਨੂੰ ਵੇਖਦੇ ਹੋਏ ਇੱਕ ਪੰਥਕ ਅਖਵਾਉਣ ਵਾਲੀ ਜਥੇਬੰਦੀ ਵੱਲੋਂ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰ ਰਹੀ ਦੂਸਰੀ ਪੰਥਕ ਜਥੇਬੰਦੀ ਪ੍ਰਤੀ ਨਿਭਾਇਆ ਗਿਆ ਰੋਲ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਹੀ ਨੁਕਸਾਨਦੇਹ ਤੇ ਨਿੰਦਣਜੋਗ ਹੈ, ਇਸ ਲਈ ‘ਗੁਰਮਤਿ’ ਦੇ ਸਿਧਾਂਤਕ ਵਿਰੋਧਾਭਾਸ ਕਾਰਨ ਉਪਜੀ ਈਰਖਾ, ਜੋ ਕਿ ਕਿਸੇ ਵੀ ਕੌਮ ਨੂੰ ਬਦਨਾਮ ਕਰਨ ਦਾ ਕਾਰਨ ਬਣਦੀ ਹੈ, ਦੇ ਹਰ ਪਹਿਲੂ ਨੂੰ ਵਿਚਾਰਨਾ ਤੇ ਇਸ ਦਾ ਢੁਕਵਾਂ ਹੱਲ ਲੱਭਣ ਲਈ ਆਪਣੇ ਆਪਣੇ ਸੁਝਾਵ ਹਰ ਸਿੱਖ ਅਤੇ ਇਸਾਨੀਅਤ ਨੂੰ ਪਿਆਰ ਕਰਨ ਵਾਲੇ ਵਿਅਕਤੀ ਤੇ ਸੰਸਥਾਵਾਂ ਨੂੰ ਜ਼ਰੂਰ ਸਮਾਜ ਸਾਹਮਣੇ ਰੱਖਣੇ ਚਾਹੀਦੇ ਹਨ; ਮੇਰੀ ਨਜ਼ਰ ’ਚ ਕੁੱਝ ਕੁ ਕਾਰਨ ਇਹ ਹੋ ਸਕਦੇ ਹਨ:

(1). ਇਸ ਘਿਨਾਉਣੀ ਕਾਰਵਾਈ ਨੂੰ ਅੰਜਾਮ ਦੇਣ ਦਾ ਮੂਲ ਕਾਰਨ ਭਾਈ ਰਣਜੀਤ ਸਿੰਘ ਜੀ ਦੁਆਰਾ ਕੀਤਾ ਜਾਂਦਾ ਸਿੱਖ ਰਹਿਤ ਮਰਿਆਦਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਹੈ, ਜੋ ਕਿ ਟਕਸਾਲ ਸਮੇਤ ਸਮੁੱਚੇ ਡੇਰੇਦਾਰਾਂ ਨੂੰ ਮਾਫ਼ਕ ਨਹੀਂ। ਇਹ ਦਲੀਲ ਕਿ ਭਾਈ ਢੱਡਰੀਆ ਵਾਲੇ ਦੀ ਪੱਗ ਦਾ ਰੰਗ ਭਿੰਨ ਭਿੰਨ ਹੈ, ਗੁਰਮਤਿ ਅਨੁਸਾਰ ਅਧਾਰਹੀਣ ਤੇ ਈਰਖਾ ਦਾ ਪ੍ਰਤੀਕ ਹੈ ਕਿਉਂਕਿ ਅਸਲ ਕਾਰਨ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਹੀ, ਜਾਪਦਾ ਹੈ, ਸੋ ਇਸ ਸਿਧਾਂਤ ’ਤੇ ਪਹਿਰਾ ਦੇਣ ਵਾਲੀਆਂ ਤਮਾਮ ਜਥੇਬੰਦੀਆਂ ਨੂੰ ਭਾਈ ਢੱਡਰੀਆ ਵਾਲੇ ਦੀ ਹਮਾਇਤ ਕਰਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ।

(2). ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਜਥੇਬੰਦੀਆਂ ਤੋਂ ਇਲਾਵਾ ਸੰਤ ਅਖਵਾਉਣ ਵਾਲਿਆਂ ਨੂੰ ਵੀ ਉਕਤ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕਰਨੀ ਚਾਹੀਦੀ ਹੈ ਕਿਉਂਕਿ ਇਸ ਕਾਰਵਾਈ ਨੇ ਸੰਤ, ਬ੍ਰਹਮਗਿਆਨੀ ਅਖਵਾਉਣ ਵਾਲਿਆਂ ਦੇ ਕਿਰਦਾਰ ਨੂੰ ਵੀ ਕਲੰਕਤ ਕੀਤਾ ਹੈ ਕਿਉਂਕਿ ਗੁਰਮਤਿ ਅਨੁਸਾਰ ‘ਸੰਤ’ ਕਿਰਦਾਰ ਉਸ ਪਿੱਪਲ ਵਾਂਗ ਹੈ, ਜੋ ਇੱਕ ਮਿੱਥ ਅਨੁਸਾਰ ਵਿਕਾਰੀ ਪਲਾਸ (ਤਾਮਸ, ਕਰੋਧੀ ਸੁਭਾਅ ਸਮਾਜ) ’ਚ ਪ੍ਰਗਟ ਹੋਣ ਦੇ ਬਾਵਜੂਦ ਵੀ ਉਸ ਦੇ ਤਮਾਮ ਐਬਾਂ ਨੂੰ ਨਾ ਚਿਤਾਰਦਾ ਹੋਇਆ ਆਪਣੇ ਵਿੱਚ ਸਮਾ ਕੇ ਉਸ ਦੀ ਵਿਕਾਰੀ ਹੋਂਦ ਨੂੰ ਹੀ ਖ਼ਤਮ ਕਰ ਦਿੰਦਾ ਹੈ: ‘‘ਸੰਗਤਿ ਸੰਤ ਸੰਗਿ ਲਗਿ ਊਚੇ; ਜਿਉ ਪੀਪ ਪਲਾਸ ਖਾਇ ਲੀਜੈ ।।’’ (ਮ: ੪/੧੩੨੫) ਆਦਿ, ਕੀ ਸੰਤ ਕਹਾਉਣ ਵਾਲਿਆਂ ਲਈ ਗੁਰੂ ਬਚਨਾਂ ਨੂੰ ਆਧਾਰ ਬਣਾ ਕੇ ਆਪਸੀ ਗੱਲਬਾਤ ਰਾਹੀਂ ਸਿੱਖ ਰਹਿਤ ਮਰਿਆਦਾ ਜਾਂ ਨਾਨਕਸ਼ਾਹੀ ਕੈਲੰਡਰ ਆਦਿ ਮਸਲੇ ਹੱਲ ਨਹੀਂ ਕਰਨੇ ਚਾਹੀਦੇ ਜਿਸ ਕਾਰਨ ਭਰਾ ਭਾਰੂ ਜੰਗ ਜਾਂ ਸਮਾਜ ’ਚ ਸਿੱਖ ਕੌਮ ਦੀ ਬਦਨਾਮੀ ਹੋ ਰਹੀ ਹੈ ?

ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਵੀ ਆਪਣਾ ਬਣਦਾ ਫਰਜ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

(3). ਨਿਹੰਗ ਜਥੇਬੰਦੀਆਂ, ਦੁਮਾਲਾ ਸਜਾਉਣ ਦਾ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ; ਛਬੀਲਾਂ/ਲੰਗਰ ਲਾਉਣ ਵਾਲੀਆਂ ਸੰਗਤਾਂ/ਸੰਸਥਾਵਾਂ, ਕਾਰ ਸੇਵਾ ਸੰਸਥਾਵਾਂ ਆਦਿ, ਜਿਨ੍ਹਾਂ ਦੀ ਪਹਿਚਾਣ 17 ਮਈ ਦੀ ਇਖ਼ਲਾਕ ਤੋਂ ਡਿੱਗੀ ਕਾਰਵਾਈ ’ਚ ਵਰਤੀ ਗਈ, ਕਾਰਨ ਹੀ ਸਿੱਖਾਂ ਦੇ ਚੁਟਕਲੇ ਬਣਦੇ ਹਨ, ਇਸ ਲਈ ਇਨ੍ਹਾਂ ਤਮਾਮ ਜਥੇਬੰਦੀਆਂ ਨੂੰ ਉਕਤ ਘਟਨਾ ਦੀ ਨਿਖੇਧੀ ਕਰਨੀ ਬਣਦੀ ਹੈ।

(4). ਸੰਤ ਭਿੰਡਰਾਂਵਾਲਿਆਂ ਦਾ ਸਤਿਕਾਰ ਕਰਨ ਵਾਲੇ ਸਮੂਹ ਸਿੱਖ ਭਾਈਚਾਰਾ ਅਤੇ ਖ਼ਾਸ ਕਰਕੇ ਟਕਸਾਲੀ ਅਖਵਾਉਣ ਵਾਲਿਆਂ ਨੂੰ ਵੀ ਵੱਡੇ ਪੱਧਰ ’ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਾਲਿਆਂ ਦੀ ਮੂਹਰਲੀ ਕਤਾਰ ਵਿੱਚ ਖੜ੍ਹਨ ਦਾ ਬਣਦਾ ਫਰਜ ਨਿਭਾਉਣਾ ਚਾਹੀਦਾ ਹੈ ਕਿਉਂਕਿ ਧੁੰਮੇ ਦੀ ਕਾਰਵਾਈ ਸਮੁੱਚੀ ਟਕਸਾਲ ਨੂੰ ਦਾਗ਼ਦਾਰ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਭਿੰਡਰਾਂ ਵਾਲੇ ਕਾਰਨ ਬਣੀ ਟਕਸਾਲ ਦੀ ਪ੍ਰਸਿੱਧੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।

(5). ਸਰਬਤ ਖ਼ਾਲਸਾ ਸੱਦਣ ਵਾਲੀਆਂ ਸਮੂਹ ਭਾਈਵਾਲ ਜਥੇਬੰਦੀਆਂ, ਕਿਉਂਕਿ ਪਿਛਲੇ ਸਾਲ ਤਰਨ ਤਾਰਨ ਦੇ ਨੇੜੇ ਪਿੰਡ ਚੱਬੇਵਾਲ ਵਿਖੇ ਸੱਦੇ ਗਏ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਹਿਜੋਗੀ ਪ੍ਰਚਾਰਕਾਂ ਅਤੇ ਸੰਸਥਾਵਾਂ ਨੇ ਸਪਸ਼ਟ ਤੌਰ ’ਤੇ ਨਾਂਹ ਕਰ ਦਿੱਤੀ ਸੀ, ਉਸ ਸਮੇਂ ਸਰਬੱਤ ਖ਼ਾਲਸਾ ਦੇ ਸਮਰਥਕਾਂ ਨੇ ਇਨ੍ਹਾਂ ਦੋਵਾਂ ਪ੍ਰਚਾਰਕਾਂ ਵਿਰੱਧ ਤਾਬੜਤੋੜ ਹਮਲੇ ਕਰਦੇ ਇਨ੍ਹਾਂ ਨੂੰ ਪੰਥ ਦੋਖੀ ਅਤੇ ਗਦਾਰ ਦੀ ਉਪਾਧੀ ਦਿੱਤੀ ਸੀ ਭਾਵੇਂ ਕਿ ਮੈਂ ਇਸ ਗੱਲ ਨੂੰ ਮੰਨਣ ਲਈ ਬਿਲਕੁਲ ਤਿਆਰ ਨਹੀਂ ਪਰ ਬਹੁਤ ਸਾਰੇ ਸਿੱਖ ਸ਼ੱਕ ਜ਼ਾਹਰ ਕਰ ਰਹੇ ਹਨ ਕਿ ਉਸ ਸਮੇਂ ਦੀ ਕੁੜੱਤਣ ਕਾਰਨ ਇਹ ਜਥੇਬੰਦੀਆਂ ਵੀ ਧੁੰਮੇ ਨਾਲ ਮਿਲ ਕੇ ਸਾਜ਼ਸ਼ ਵਿੱਚ ਸ਼ਾਮਲ ਹੋ ਸਕਦੇ ਹਨ। ਸੋ ਜੇ ਇਸ ਹਮਲੇ ਵਿਰੁੱਧ ਸਰਬੱਤ ਖ਼ਾਲਸਾ ਧਿਰਾਂ ਚੁੱਪ ਰਹਿੰਦੀਆਂ ਹਨ ਤਾਂ ਲੋਕਾਂ ਦੇ ਇਹ ਸ਼ੰਕੇ ਵਧਣ ਦੇ ਆਸਾਰ ਹਨ ਕਿ ਇਨ੍ਹਾਂ ਜਥੇਬੰਦੀਆਂ ਵੱਲੋ ਧੁੰਮੇ ਨੂੰ ਲੁਕਵਾਂ ਸਮਰਥਨ ਦੇ ਕੇ ਅਸਿੱਧੇ ਤੌਰ ’ਤੇ ਸਮਰਥਨ ਦਿੱਤਾ ਹੈ, ਪਰ ਮੇਰਾ ਮੰਨਣਾ ਹੈ ਕਿ ‘ਧੁੰਮਾ’ ਸਰਕਾਰੀ ਸੰਤ ਹੋਣ ਦੇ ਨਾਤੇ ਸਰਬਤ ਖ਼ਾਲਸਾ ਧਿਰਾਂ ਉਸ ਨੂੰ ਕਿਸੇ ਤਰ੍ਹਾਂ ਦਾ ਸਿੱਧਾ ਅਸਿੱਧਾ ਸਮਰੱਥਨ ਨਹੀਂ ਦੇ ਸਕਦੇ। ਸੋ ਉਹ ਇਸ ਸਰਕਾਰੀ ਸੰਤ ਵਿਰੁੱਧ ਸਰਬੱਤ ਖ਼ਾਲਸਾ ਦੇ ਆਗੂ ਸਖਤ ਸਟੈਂਡ ਲੈ ਕੇ ਲੋਕਾਂ ਦੇ ਮਨਾਂ ਵਿੱਚੋਂ ਸ਼ੰਕੇ ਉਤਪਨ ਹੋਣ ਤੋਂ ਰੋਕਣ ਅਤੇ ਭਰਾ ਮਾਰੂ ਜੰਗ ਹੋਣ ਤੋਂ ਹਰ ਹਾਲਤ ਬਚਾਉਣ ਲਈ ਆਪਣਾ ਪੰਥਕ ਫਰਜ ਅਦਾ ਕਰਨ।

(5). ਖਾਲਸਤਾਨ ਦੀ ਮੰਗ ਕਰਨ ਵਾਲੀਆਂ ਸਮੂਹਿਕ ਜਥੇਬੰਦੀਆਂ ਜਿਹੜੀਆਂ ਦਾਅਵਾ ਕਰਦੀਆਂ ਹਨ ਕਿ ਸੰਭਾਵੀ ਖਾਲਸਤਾਨ ਵਿੱਚ ਹਰ ਧਰਮ ਨੂੰ ਮੰਨਣ ਵਾਲਿਆਂ ਨੂੰ ਪੂਰਨ ਤੌਰ ’ਤੇ ਧਾਰਮਿਕ ਅਜ਼ਾਦੀ ਅਤੇ ਹਰ ਸ਼ਹਿਰੀ ਨੂੰ ਆਪਣੇ ਵੀਚਾਰ ਅਜ਼ਾਦੀ ਨਾਲ ਪ੍ਰਗਟ ਕਰਨ ਅਤੇ ਸਨਮਾਨ ਸਹਿਤ ਰਹਿਣ ਦਾ ਅਧਿਕਾਰ ਹੋਵੇਗਾ, ਕਿਉਂਕਿ ਵਾਰਦਾਤ ਸਮੇਂ ਕਾਤਲਾਂ ਨੇ ‘ਖ਼ਾਲਸਤਾਨ ਜਿੰਦਾਬਾਦ’ ਦੇ ਨਾਹਰੇ ਲਾ ਕੇ ਖਾਲਿਸਤਾਨੀਆਂ ਦੇ ਆਪਸੀ ਏਕਤਾ ਵਾਲੇ ਦਾਅਵੇ ਨੂੰ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਇਸ ਘਟਨਾ ਨਾਲ ਪੰਥ ਦੋਖੀਆਂ ਦੁਆਰਾ ਆਮ ਨਾਗਰਿਕਾਂ ਨੂੰ ਇਹ ਭਰਮਤ ਕਰਨ ਵਾਲੀ ਧਾਰਨਾ ਪ੍ਰਫਲਿਤ ਹੋਈ ਹੈ ਕਿ ਜੇ ਸਾਂਝੇ ਭਾਰਤ ਵਿੱਚ ਹੀ ਕੇਵਲ ਵਿਰੋਧੀ ਵੀਚਾਰਾਂ ਵਾਲੇ ਸਿੱਖ ਅਤੇ ਪ੍ਰਚਾਰਕ ਹੀ ਖਾਲਸਤਾਨੀਆਂ ਹੱਥੋਂ ਸੁਰੱਖਿਅਤ ਨਹੀਂ ਹਨ ਤਾਂ ਅਜ਼ਾਦ ਖਾਲਸਤਾਨ ਵਿੱਚ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਸੁਰੱਖਿਆ ਦੀ ਕੀ ਗਰੰਟੀ ਹੈ ? ਇਸ ਨਾਲ ਖਾਲਸਤਾਨ ਲਹਿਰ ਦਾ ਵੱਡੇ ਪੱਧਰ ’ਤੇ ਵਿਰੋਧ ਹੋਣ ਦੀ ਸੰਭਾਵਨਾ ਹੈ ਜਿਸ ਨਾਲ 1984 ਤੋਂ ਦੋ ਦਹਾਕੇ ਚੱਲੀ ਖੂਨੀ ਨਰਸੰਘਾਰ ਵਰਗੀਆਂ ਸੰਭਾਵਨਾਵਾਂ ਵਧਣਗੀਆਂ ਤੇ ਸਿੱਖਾਂ ਦਾ ਵੱਡੇ ਪੱਧਰ ’ਤੇ ਜਾਨੀ ਮਾਲੀ ਨੁਕਸਾਨ ਹੋਵੇਗਾ। ਬਾਦਲਾਂ ਨਾਲ ਗੱਠਜੋੜ ਕਰਕੇ ਸਰਕਾਰੀ ਸੰਤ ਤੋਂ ਖਾਲਸਤਾਨੀ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਇਸ ਲਈ ਹਮਲਾਵਰਾਂ ਵੱਲੋਂ ਖਾਲਸਤਾਨੀ ਹੋਣ ਦਾ ਭੁਲੇਖਾ ਪਾਉਣਾ ਕੌਮ ਨਾਲ ਵਿਸਾਹਘਾਤ ਹੈ ਜਿਸ ਦਾ ਅਸਲੀ ਖਾਲਤਾਨੀ ਧਿਰਾਂ ਨੂੰ ਵੱਡੀ ਪੱਧਰ ’ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

(6). ਸਮੁੱਚੀ ਮਾਨਵਤਾ ਦਾ ਸਨਮਾਨ ਕਰਨ ਵਾਲੇ ਲੋਕ ਅਤੇ ਇਨਸਾਫ ਪਸੰਦ ਜਥੇਬੰਦੀਆਂ ਨੂੰ ਵੀ ਇਸ ਘਿਨੌਣੀ ਵਾਰਦਾਤ ਦਾ ਖੁਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਵਿਰੋਧੀ ਵੀਚਾਰਾਂ ਵਾਲੇ ਆਪਣੇ ਹੀ ਭਰਾਵਾਂ ਕੋਲੋਂ ਜੀਵਨ ਦਾ ਹੱਕ ਖੋਹਣ ਵਾਲੇ ਕਦੀ ਵੀ ਸਮੁੱਚੀ ਮਾਨਵਤਾ ਦਾ ਸਨਮਾਨ ਅਤੇ ਇਨਸਾਫ ਪਸੰਦ ਨਹੀਂ ਹੋ ਸਕਦੇ। ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਦਾ ਖੁਲ੍ਹ ਕੇ ਵਿਰੋਧ ਕਰਨਾ ਇਨਸਾਫ ਪਸੰਦ ਵਿਅਕਤੀਆਂ ਅਤੇ ਜਥੇਬੰਦੀਆਂ ਦਾ ਮੁੱਢਲਾ ਫਰਜ ਹੈ, ਜੋ ਹਰ ਕਿਸੇ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।

ਵੈਸੇ ਚੁਣਾਵੀ ਮੌਸਮ ਤੇ ਧੁੰਮਾਂ-ਅਕਾਲੀ ਗਠਜੋੜ ਹੋਣ ਕਾਰਨ ਧੁੰਮੇ ਦੇ ਬਾਦਲਾਂ ਨਾਲ ਨੇੜਲੇ ਸਬੰਧ ਹਨ, ਜਿਸ ਕਾਰਨ ਪੰਜਾਬ ਸਰਕਾਰ ਧੁੰਮੇ ਵਿਰੁਧ ਕਾਰਵਾਈ ਨੂੰ ਲਮਕਾ ਕੇ ਠੰਡੇ ਬਸਤੇ ਵਿੱਚ ਪਾਉਣਾ ਚਾਹੇਗੀ ਬੇਸ਼ੱਕ ਪੁਲਿਸ ਹੱਥ ਖ਼ਾਸ ਦਸਤਾਵੇਜ਼ ਲੱਗ ਚੁੱਕੇ ਹਨ, ਜੇ ਉਪ੍ਰੋਕਤ ਕਿਸਮ ਦੀਆਂ ਸਾਰੀਆਂ ਹੀ ਜਥੇਬੰਦੀਆਂ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਕੇ ਏਕਤਾ ਦਾ ਸਬੂਤ ਦਿੰਦੀਆਂ ਇਨਸਾਫ ਦੀ ਮੰਗ ਕਰਨ ਤਾਂ ਸਰਕਾਰ ਨੂੰ ਆਪਣਾ ਨਫਾ-ਨੁਕਸਾਨ ਵੇਖਣ ਦੇ ਮੁਕਾਬਲੇ ਕੋਈ ਠੋਸ ਕਦਮ ਚੁੱਕਣ ਲਈ ਜ਼ਰੂਰ ਮਜ਼ਬੂਰ ਹੋਣਾ ਪਵੇਗਾ, ਜੋ ਪੰਜਾਬ ’ਚ ਸ਼ਾਂਤੀ ਅਤੇ ਸੁਰੱਖਿਆ ਵਾਲਾ ਮਹੌਲ ਸਿਰਜਣ ਲਈ ਲਾਭਕਾਰੀ ਹੋਵੇਗਾ ਤੇ ‘ਗੁਰਮਤਿ’ ਅਨੁਸਾਰੀ ਪ੍ਰਚਾਰਕ ਖੁੱਲ੍ਹ ਕੇ ‘ਗੁਰਮਤਿ’ ’ਤੇ ਪਹਿਰਾ ਦੇ ਸਕਣਗੇ।

ਨਾਉ ਮੈ ਜਉ ਅਗਨਿ ਲਾਗੈ..

0

ਨਾਉ ਮੈ ਜਉ ਅਗਨਿ ਲਾਗੈ..

ਮਾਸਟਰ ਪ੍ਰਭਦਿਆਲ ਸਿੰਘ, ਸੁਨਾਮ (ਸੰਗਰੂਰ)- 94638-65060

2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਪਰ ਹਰ ਪਿੰਡ ਹਰ ਸ਼ਹਿਰ ਵਿੱਚ ਗੁਰਦੁਆਰਿਆਂ ਦੀ ਗਿਣਤੀ ਵੱਧ ਰਹੀ ਹੈ। ਚਿੰਤਜਨਕ ਗੱਲ ਇਹ ਹੈ ਕਿ ਗੁਰਦੁਆਰਿਆਂ ਦੇ ਨਿਰਮਾਣ ਦਾ ਅਧਾਰ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਹੈ ਬਲਕਿ ਜਾਤੀਵਾਦ ਹੈ। ਹਰ ਵੱਖਰੀ ਜਾਤ ਬਰਾਦਰੀ ਦੀ ਸੰਗਤ ਨੂੰ ਵੱਖਰਾ ਗੁਰਦੁਆਰਾ ਚਾਹੀਦਾ ਹੈ। ਇਸੇ ਲਈ ਜੱਟਾਂ ਦਾ ਗੁਰਦੁਆਰਾ, ਕੰਬੋਜ ਬਰਾਦਰੀ ਦਾ ਗੁਰਦੁਆਰਾ, ਰਾਮਦਾਸੀਆਂ ਦਾ ਗੁਰਦੁਆਰਾ, ਛੀਂਬਿਆਂ ਦਾ ਗੁਰਦੁਆਰਾ, ਰਾਮਗੜੀਆਂ ਦਾ ਗੁਰਦੁਆਰਾ ਆਦਿ ਜਾਤ ਅਧਾਰਿਤ ਗੁਰਦੁਆਰੇ ਹਰ ਪਿੰਡ, ਸ਼ਹਿਰ ਵਿੱਚ ਬਣਾਏ ਜਾ ਚੁੱਕੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਇਸ ਜਾਤੀ ਪ੍ਰਥਾ ਨੂੰ ਖਤਮ ਕਰਨ ਲਈ ਪੰਗਤ-ਸੰਗਤ ਦੀ ਪ੍ਰਥਾ ਦਾ ਆਰੰਭ ਕੀਤਾ ਸੀ। ਬਾਕੀ ਗੁਰੂ ਸਾਹਿਬਾਨ ਵੀ ਸਦਾ ਜਾਤੀ ਪ੍ਰਥਾ ਦਾ ਵਿਰੋਧ ਹੀ ਕਰਦੇ ਰਹੇ। ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਦਿਆਂ ਜਾਤੀਵਾਦ ਦਾ ਖਾਤਮਾ ਕਰਦਿਆਂ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ। ਪਰ ਅੱਜ ਇਹ ਜਾਤੀਵਾਦ ਸਿੱਖਾਂ ਵਿੱਚ ਦੁਬਾਰਾ ਹੀ ਪੈਦਾ ਨਹੀਂ ਹੋਇਆ ਸਗੋਂ ਗੁਰੂ ਦੇ ਘਰ ਗੁਰਦੁਆਰਿਆਂ ਵਿੱਚ ਵੀ ਵੜ ਗਿਆ। ਜਾਤੀ ਅਧਾਰਿਤ ਗੁਰਦੁਆਰਿਆਂ ਵਿੱਚ ਸਿੱਖੀ ਸਿਧਾਤਾਂ ਨੂੰ ਲਾਂਭੇ ਕਰਕੇ ਆਪਣੀ ਜਾਤੀ ਨੂੰ ਪਹਿਲ ਦਿੱਤੀ ਜਾਂਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਚੋਣ ਸਮੇਂ ਜਾਤੀ ਮੁੱਖ ਯੋਗਤਾ ਹੁੰਦੀ ਹੈ। ਗੁਰੂ ਘਰ ਦੇ ਕਿਸੇ ਵੀ ਕਾਰਜ ਲਈ ਪਹਿਲਾਂ ਜਾਤ ਬਰਾਦਰੀ ਨੂੰ ਵਾਚਿਆ ਜਾਣ ਲੱਗ ਪਿਆ ਹੈ। ਸ਼ਾਇਦ ਉਹ ਦਿਨ ਵੀ ਦੂਰ ਨਹੀਂ ਜਦੋਂ ਗੁਰਦੁਆਰਿਆਂ ਦੇ ਅੱਗੇ ਬੋਰਡ ਲੱਗ ਜਾਣ ਕਿ ‘ਇਸ ਗੁਰਦੁਆਰੇ ਵਿੱਚ ਕੇਵਲ ਫਲਾਣੀ ਜਾਤ ਦੇ ਬੰਦੇ ਹੀ ਆਉਣ, ਦੂਜੀਆਂ ਜਾਤਾਂ ਦੇ ਬੰਦਿਆਂ ਦਾ ਆਉਣਾ ਸਖ਼ਤ ਮਨਾ ਹੈ।’ ਭਾਈ ਗੁਰਦਾਸ ਜੀ ਇਸ ਵਿਸ਼ੇ ਨੂੰ 4 ਉਦਾਹਰਨਾਂ ਰਾਹੀਂ ਬੜੇ ਹੀ ਸੁਚੱਜੇ ਢੰਗ ਨਾਲ ਸਪਸ਼ਟ ਕਰਦੇ ਹਨ; ਜਿਵੇਂ:

(1). ਸਮੁੰਦਰ ਤੋਂ ਬਾਹਰ ਦੀ ਅੱਗ ਤਾਂ ਨਦੀ ਆਦਿ ਦੇ ਜਲ ਨਾਲ ਬੁਝਾਈ ਜਾ ਸਕਦੀ ਹੈ ਪਰ ਜੇਕਰ ਨਦੀ ਅੰਦਰ ਬੇੜੀ ਨੂੰ ਅੱਗ ਲੱਗ ਜਾਏ ਤਾਂ ਉਹ ਕਿਸ ਤਰ੍ਹਾਂ ਬੁਝਾਈ ਜਾਵੇ ? ਕਿਉਂਕਿ ਪਾਣੀ ਪਾਉਣ ਨਾਲ ਤਾਂ ਬੇੜੀ ਨੇ ਡੁੱਬ ਜਾਣਾ ਹੈ: ‘ਬਾਹਰ ਕੀ ਅਗਨਿ ਬੂਝਤ ਜਲ ਸਰਤ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੇ ਬੁਝਾਈਐ ?’

(2). ਚੋਰਾਂ ਦੇ ਡਰ ਕਾਰਨ ਬਾਹਰ ਭੀੜ ਚੋਂ ਭੱਜ ਕੇ ਜੇਕਰ ਕਿਲ੍ਹੇ ਦੀ ਓਟ ਲਈਏ, ਪਰ ਜੇਕਰ ਕਿਲ੍ਹੇ ਅੰਦਰ ਹੀ ਲੁੱਟ ਲਏ ਜਾਈਏ ਤਾਂ ਦੱਸੋ ਕਿਧਰ ਜਾਵਾਂਗੇ ? ‘ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ ?’

(3). ਅਗਲੀ ਮਿਸਾਲ ਵੀ ਚੋਰਾਂ ਨਾਲ ਸੰਬੰਧਿਤ ਹੈ ਕਿ ਚੋਰਾਂ ਦੇ ਡਰ ਤੋਂ ਰਾਜੇ ਦੀ ਸ਼ਰਨ ਲਈਦੀ, ਪਰ ਜੇਕਰ ਰਾਜਾ ਹੀ ਮਾਰਨ (ਲੁਟਣ) ਨੂੰ ਪਵੇ ਤਾਂ ਕਿਸ ਤਰ੍ਹਾਂ ਜਾਨ ਬਚਾਈਏ: ‘ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੇ ਬਚਾਈਐ ?’

(4). ਇਸੇ ਤਰ੍ਹਾਂ ਅਗਰ ਮਾਇਆ ਦੇ ਡਰ ਤੋਂ ਡਰਦਿਆਂ ਹਾਰ ਕੇ ਗੁਰਦੁਆਰੇ ਜਾਈਦਾ ਹੈ ਪਰ ਓਥੇ ਵੀ ਜੇਕਰ ਮਾਇਆ (ਵਿਕਾਰ, ਕੁਰੀਤੀਆਂ ਆਦਿ) ਦਾ ਪਸਾਰਾ ਹੋ ਜਾਵੇ ਤਾਂ ਫਿਰ ਕਿੱਥੇ ਜਾਈਏ ? ‘ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ ?’

ਵਿਚਾਰ ਕਰਨੀ ਬਣਦੀ ਹੈ ਕਿ ਜਿਹਨਾਂ ਸਮਾਜਿਕ ਕੁਰੀਤੀਆਂ ਦਾ ਗੁਰੂ ਸਾਹਿਬਾਨਾਂ ਨੇ ਖੰਡਨ ਕੀਤਾ। ਅੱਜ ਗੁਰੂ ਦੇ ਸਿੱਖ ਫਿਰ ਉਹਨਾਂ ਕੁਰੀਤੀਆਂ ਵਿੱਚ ਕਿਉਂ ਪਏ ਹੋਏ ਹਨ ? ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਅੱਜ ਅਸੀਂ ਬਾਣੀ ਤੋਂ ਦੂਰ ਹੋ ਗਏ ਹਾਂ। ਅੱਜ ਅਸੀਂ ਪੈਸੇ ਦੇ ਕੇ ਠੇਕੇ ’ਤੇ ਗੁਰੂ ਦੀ ਬਾਣੀ ਪੜ੍ਹਾਉਣ ਦਾ ਰੁਝਾਨ ਫੜ ਲਿਆ ਹੈ। ਅਨੇਕਾਂ ਅਖੰਡ ਪਾਠ ਕੀਤੇ ਜਾਂਦੇ ਹਨ। ਲੰਮੀਆਂ ਲੰਮੀਆਂ ਲੜੀਆਂ ਚਲਾਈਆਂ ਜਾਂਦੀਆਂ ਹਨ। ਗੁਰੂ ਸਾਹਿਬ ਦੇ ਕਿੰਨੇ ਕਿੰਨੇ ਸਰੂਪ ਰੱਖ ਕੇ ਇਕੱਠੇ ਅਖੰਡ ਪਾਠ ਕੀਤੇ ਜਾਂਦੇ ਹਨ। ਪਰ ਬਾਣੀ ਪੜ੍ਹਨ ਤੇ ਵਿਚਾਰਨ ਦੀ ਖੇਚਲ ਸਾਡੇ ਵਿੱਚੋਂ ਕਿੰਨੇ ਕੁ ਸਿੱਖ ਕਰ ਰਹੇ ਹਨ। ਗੁਰਦੁਆਰਿਆਂ ਦੀ ਕਮੇਟੀਆਂ ਵੀ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਹੋਰ ਅਨੇਕਾਂ ਤਰੀਕਿਆਂ ਰਾਹੀਂ ਕੇਵਲ ਮਾਇਆ ਇਕੱਠੀ ਕਰਕੇ ਗੋਲਕ ਭਰਨ ਤੇ ਗੋਲਕ ਸਾਂਭਣ ਵੱਲ ਹੀ ਤੁਰ ਪਈਆਂ ਹਨ। ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਵਿਚਾਰਾਂ ਲਈ ਉਪਰਾਲਿਆਂ ਦੀ ਘਾਟ ਦਿੱਸ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਨੌਜਵਾਨ ਮੁੰਡੇ ਨਾਈ ਦੀ ਦੁਕਾਨ ਵੱਲ ਤੇ ਨਸ਼ਿਆਂ ਵੱਲ ਤੁਰ ਪਏ ਹਨ, ਨੌਜਵਾਨ ਕੁੜੀਆਂ ਬਿਊਟੀ ਪਾਰਲਰ ਵਿੱਚ ਸਮਾਂ ਤੇ ਪੈਸਾ ਦੇ ਰਹੀਆਂ ਹਨ, ਬਜ਼ੁਰਗ ਬਹੁਤਾ ਸਮਾਂ ਗੱਲਾਂ ਬਾਤਾਂ ਵਿੱਚ ਲੰਘਾ ਰਹੇ ਹਨ ਅਤੇ ਔਰਤਾਂ ਕਬਰਾਂ, ਮੜ੍ਹੀਆਂ ਤੇ ਡੇਰਿਆਂ ਵੱਲ ਨੂੰ ਜਾ ਰਹੀਆਂ ਹਨ।

ਇਸ ਵੇਲੇ ਹਰ ਇੱਕ ਸਿੰਘ ਨੂੰ ਪ੍ਰਚਾਰਕ ਬਣ ਕੇ ਆਪਣੇ ਨੇੜੇ-ਤੇੜੇ ਦੇ ਸਿੱਖਾਂ ਨੂੰ ਸਿੱਖੀ ਸਿਧਾਂਤਾਂ ਵੱਲ ਮੁੜਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦਾ ਹੁਕਮ ‘ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’ ਅਤੇ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ’ ਦ੍ਰਿੜ੍ਹ ਕਰਨ ਤੇ ਕਰਵਾਉਣ ਦੀ ਅਤਿ ਜ਼ਰੂਰਤ ਹੈ। ਹਰ ਸਿੱਖ ਆਪਣੇ ਦਸਵੰਧ ਦੀ ਭੇਟਾ ਉਸ ਥਾਂ ਲਗਾਵੇ ਜਿੱਥੋਂ ਸਿੱਖੀ ਸਿਧਾਂਤਾਂ ਤੇ ਗੁਰਬਾਣੀ ਨਾਲ ਜੋੜਣ ਦੇ ਉਪਰਾਲੇ ਹੋ ਰਹੇ ਹੋਣ। ਅੰਨ੍ਹੇਵਾਹ ਗੋਲਕਾਂ ਭਰਨ ਦਾ ਲਾਭ ਨਹੀਂ, ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਨਰੈਣੂ ਮਹੰਤ ਪੈਦਾ ਹੋ ਰਹੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਆਪ ਸਿੱਖੀ ਨਾਲ ਜੁੜ ਕੇ ਆਪਣੀ ਅਸੀਮ ਊਰਜਾ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਵਿੱਚ ਲਾਉਣ ਕਿਉਂਕਿ ਜਿੰਨਾ ਯੋਗਦਾਨ ਨੌਜਵਾਨ ਦੇ ਸਕਦੇ ਹਨ ਉਹਨਾਂ ਹੋਰ ਕੋਈ ਨਹੀਂ ਦੇ ਸਕਦਾ। ਬਾਣੀ ਪੜ੍ਹੀਏ, ਬਾਣੀ ਦੇ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਦਸਵੰਧ ਦੀ ਮਾਇਆ ਦੀ ਸੁਚੱਜੀ ਵਰਤੋ ਕਰੀਏ, ਝੂਠਿਆਂ ਫੈਸ਼ਨਾ ਤੋਂ ਬਚ ਕੇ ਕੇਸਾਂ ਦਾ ਸਤਿਕਾਰ ਕਰੀਏ, ਗੁਰੂ ਸਾਹਿਬਾਂ ਤੇ ਸਿੰਘ-ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਸਮਝੀਏ ਤੇ ਉਹਨਾਂ ਕੁਰਬਾਨੀਆਂ ਦਾ ਮੁੱਲ ਤਾਰੀਏ, ਆਪਸ ਵਿੱਚ ਲੜਾਈ ਝਗੜੇ ਛੱਡ ਇੱਕ ਦੂਜੇ ਦਾ ਅਦਬ ਕਰੀਏ। ਕਿਰਤ ਕਰੀਏ, ਨਾਮ ਜਪੀਏ ਤੇ ਵੰਡ ਸਕੀਏ। ਵਾਹਿਗੁਰੂ ਜੀ ਮਿਹਰ ਕਰਨਗੇ।

ਸੰਪ੍ਰਦਾਇਕਤਾ ਦੀ ਕੱਟੜਤਾ ਵਿੱਚ ਜਕੜੀਆਂ ਸੰਪ੍ਰਦਾਵਾਂ ਤਾਂ ਧਰਮੀ-ਰੂਹ ਤੋਂ ਰਹਿਤ ਮੁਰਦਾ ਲਾਸ਼ਾਂ ਵਾਂਗ ਹੁੰਦੀਆਂ ਹਨ : ਗਿਆਨੀ ਜਾਚਕ

0

ਸੰਪ੍ਰਦਾਇਕਤਾ ਦੀ ਕੱਟੜਤਾ ਵਿੱਚ ਜਕੜੀਆਂ ਸੰਪ੍ਰਦਾਵਾਂ ਤਾਂ ਧਰਮੀ-ਰੂਹ ਤੋਂ ਰਹਿਤ ਮੁਰਦਾ ਲਾਸ਼ਾਂ ਵਾਂਗ ਹੁੰਦੀਆਂ ਹਨ : ਗਿਆਨੀ ਜਾਚਕ

ਨਿਊਯਾਰਕ, 28 ਮਈ (ਮਨਜੀਤ ਸਿੰਘ) ਸਿੱਖੀ ਦੇ ਚਾਨਣ-ਮੁਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਰੱਬੀ-ਭੱਟ ਮਥਰਾ ਜੀ ਦੇ ਕਥਨ “ਧ੍ਰਮ ਪੰਥੁ, ਧਰਿਓ ਧਰਨੀਧਰ ਆਪਿ ……” (ਪੰਨਾ 1404) ਦੀ ਰੌਸ਼ਨੀ ਵਿੱਚ ਦ੍ਰਿੜਤਾ ਸਹਿਤ ਐਲਾਨ ਕੀਤਾ ਜਾ ਸਕਦਾ ਹੈ ਕਿ ਸਿੱਖੀ ‘ਧਰਮ ਪੰਥ’ ਹੈ, ਸੰਪ੍ਰਦਾਇਕ ਪਗਡੰਡੀ ਨਹੀਂ । ਪਰ, ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਸਥਾਪਿਤ ਹੋਈਆਂ ਸਿੱਖ ਸੰਪ੍ਰਦਾਵਾਂ ਨੇ ਸਿੱਖੀ ਦੇ ਧਰਮ ਪੰਥਨੂੰ ਸੰਪ੍ਰਦਾਇਕ ਪਗਡੰਡੀ ਬਣਾ ਦਿੱਤਾ ਹੈ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਇੱਕ ਲਿਖਤੀ ਪ੍ਰੈਸ-ਨੋਟ ਵਿੱਚ ਕਹੇ ।

ਉਨ੍ਹਾਂ ਸਪਸ਼ਟ ਕੀਤਾ ਕਿ ਸਿੱਖੀ ਵਿੱਚ ਅਗਿਆਨਤਾ ਵੱਸ ਪੈਦਾ ਹੋਈ ਸੰਪ੍ਰਦਾਇਕਤਾ ਦਾ ਹੀ ਸਿੱਟਾ ਹੈ ਸੰਪ੍ਰਦਾਈ ਤੇ ਮਿਸ਼ਨਰੀ ਪ੍ਰਚਾਰਕਾਂ ਦੇ ਦੇਸ਼ ਵਿਦੇਸ਼ ਵਿੱਚ ਹੋਣ ਵਾਲੇ ਬਹਿਸ ਮੁਬਾਹਸੇ, ਧੜੇਬੰਦਕ ਲੜਾਈਆਂ, ਧੁੰਮੇ ਵੱਲੋਂ ਢੱਡਰੀਆਂ ਵਾਲਿਆਂ ’ਤੇ ਮਾਰੂ ਹਮਲਾ ਅਤੇ ਹਿੰਦੂ ਵੀਰਾਂ ਦੇ ਸ਼ਰਾਰਤੀ ਟੋਲੇ ‘ਸ਼ਿਵ ਸੈਨਾ’ਵਰਗਿਆਂ ਨਾਲ ਹੋਣ ਵਾਲੇ ਸੰਭਾਵੀ ਟਕਰਾਅ । ਕਿਉਂਕਿ, ਸੰਪ੍ਰਦਾਇਕਤਾ ਦੀ ਕੱਟੜਤਾ ਵਿੱਚ ਜਕੜੀਆਂ ਸੰਪ੍ਰਦਾਵਾਂ ਤਾਂ ਧਰਮੀ-ਰੂਹ ਤੋਂ ਰਹਿਤ ਉਨ੍ਹਾਂ ਮੁਰਦਾ ਲਾਸ਼ਾਂ ਵਾਂਗ ਹੁੰਦੀਆਂ ਹਨ, ਜਿਹੜੀਆਂ ਆਲੇ-ਦੁਆਲੇ ਨੂੰ ਦੁਰਗੰਧਤ ਕਰਕੇ ਉਪਰੋਕਤ ਕਿਸਮ ਦੀਆਂ ਬੀਮਾਰੀਆਂ ਨੂੰ ਜਨਮ ਦਿੰਦੀਆਂ ਹਨ । ਅਜਿਹੀ ਹਾਲਤ ਵਿੱਚ ਧਰਮ ਨੂੰ ਬਚਾਉਣ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸੰਪਰਦਾਈ ਲਾਸ਼ਾਂ ਨੂੰ ਕਿਨਾਰੇ ਲਾਉਣ ਦਾ ਕੋਈ ਬਾਨ੍ਹਣੂ ਬੰਨ੍ਹਿਆਂ ਜਾਏ । ਇਸ ਵੇਲੇ ਸ਼ੀਘਰ ਲੋੜ ਹੈ ਕਿ ਮਾਨਵ-ਹਿਤਕਾਰੀ ਦਾਨੇ ਗੁਰਸਿੱਖ ਮਿਲ ਬੈਠਣ ਤੇ ਧੜੇਬੰਦਕ ਰਾਜਨੀਤੀ ਤੋਂ ਉੱਚਾ ਉੱਠ ਕੇ ਉਪਰੋਕਤ ਟਕਰਾਵਾਂ ਤੋਂ ਬਚਣ ਦਾ ਕੋਈ ਪੱਕਾ ਹੱਲ ਲੱਭਣ । ਕਿਉਂਕਿ, ਅਜਿਹਾ ਟਕਰਾਅ ਮਨੁੱਖੀ ਭਾਈਚਾਰੇ ਦੇ ਸਰਬ-ਪੱਖੀ ਵਿਕਾਸ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤਿਅੰਤ ਹਾਨੀਕਾਰਕ ਹੈ ।

ਗਿਆਨੀ ਜਾਚਕ ਹੁਰਾਂ ਦੱਸਿਆ ਕਿ ਪਿੱਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਨੇ ਨਿੱਜੀ ਤੌਰ ’ਤੇ ਇਸ ਪੱਖੋਂ ਬਹੁਤ ਯਤਨ ਕੀਤੇ ਹਨ ਅਤੇ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਜੇਕਰ ਪੰਥ ਦੇ ਧਾਰਮਿਕ ਤੇ ਰਾਜਨੀਤਕ ਖੇਤਰ ਦੀ ਬੁੱਢੀ ਲੀਡਰਸ਼ਿਪ ਨੂੰ ਆਦਰ ਸਹਿਤ ਹੱਥ ਜੋੜ ਕੇ ਘਰਾਂ ਵਿੱਚ ਬੈਠਾ ਦਿੱਤਾ ਜਾਵੇ ਤਾਂ ਬਾਕੀ ਦੇ ਪੰਥਕ ਆਗੂਆਂ ਲਈ ਮਿਲ ਬੈਠਣਾ ਕੋਈ ਵਧੇਰੇ ਮੁਸ਼ਕਲ ਨਹੀਂ ਹੈ । ਕਿਉਂਕਿ, ਉਪਰੋਕਤ ਕਿਸਮ ਦੇ ਮਸਲਿਆਂ ਦਾ ਇੱਕੋ-ਇੱਕ ਹਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਸਿੱਖ ਰਹਿਤ ਮਰਯਾਦਾ ਦੀ ਪੁਨਰ ਸੰਪਾਦਨਾ ਕਰਕੇ ਕੌਮੀ ਇਕਸਾਰਤਾ ਕਾਇਮ ਕੀਤੇ ਜਾਵੇ । ਇਸ ਮੌਕੇ ਤਾਂ ਦਾਸਰੇ ਦਾ ਇੱਕੋ ਤਰਲਾ ਹੈ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ; ਗੁਰਮੁਖਿ ਬੈਸਹੁ ਸਫਾ ਵਿਛਾਇ ॥” {ਗੁਰੂ ਗ੍ਰੰਥ ਸਾਹਿਬ – ਪੰਨਾ 1185}

‘ਗੁਰੂ ਰਵਿਦਾਸ’ ਜੀ ਦੀ ਬਾਣੀ ਵਿਚ ਕੀਤੀ ਮਿਲਾਵਟ’

0

‘ਗੁਰੂ ਰਵਿਦਾਸ’ ਜੀ ਦੀ ਬਾਣੀ ਵਿਚ ਕੀਤੀ ਮਿਲਾਵਟ’

ਮੇਜਰ ਸਿੰਘ (ਬੁਢਲਾਡਾ) 94176–42327

‘ਡੇਰਾ ਬੱਲਾਂ’ ਦੇ  ਮੁਖੀ ਨਰਿੰਜਣ ਦਾਸ ਜੀ ਨੇ ਸੰਤ ਰਾਮਾ ਨੰਦ ਦੀ ਮੌਤ ਤੋਂ ਬਾਅਦ ਛੇਤੀ ਹੀ ਆਪਣਾ ਨਵਾਂ ‘ਰਵਿਦਾਸੀਆ ਧਰਮ’ ਬਣਾਉਣ ਦਾ ਐਲਾਨ ਕਰਦਿੱਤਾ ਅਤੇ ‘ਅਮ੍ਰਿਤਬਾਣੀ’ ਨਾਂ ਦੀ ਧਾਰਮਿਕ ਪੁਸਤਕ ਆਪਣੇ ਸੇਵਕਾਂ ਲਈ ਜਾਰੀ ਕਰ ਦਿਤੀ। ‘ਅਮ੍ਰਿਤਬਾਣੀ’ ਨਾਂ ਦੀ ਇਸ ਪੁਸਤਕ ਦੀ ਥੋੜੇ ਸਮੇਂ ਬਾਅਦ ਹੀ, ‘ਚੱਕ ਹਕੀਮਾਂ’ (ਫਗਵਾੜਾ ) ਦੇ ਮਹੰਤ ਪ੍ਰਸ਼ੋਤਮ ਦਾਸ ਨੇ ਅਲੋਚਨਾ ਕਰ ਦਿਤੀ ਅਤੇ ਪ੍ਰੈੱਸ ਕਾਨਫ੍ਰੰਸ ਕਰਕੇ ਵੱਖ –ਵੱਖ ਅਖ਼ਬਾਰਾਂ ਵਿਚ ਬਿਆਨ ਦਿੱਤਾ ਕਿ ‘ਚੱਕਹਕੀਮ’ ਵਿਖੇ ‘ਡੇਹਰਾ ਗੁਰੂ ਰਵਿਦਾਸ ਜੀ’ ਦੇ ਪਹਿਲੇ ਸੰਤ ਹੀਰਾ ਦਾਸ ਦੁਆਰਾ 1912 ਵਿਚ ਲਿਖੇ  ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚੋਂ ਵੱਡੀ ਪੱਧਰ ਤੇਰਚਨਾਵਾਂ ਚੋਰੀ ਕਰਕੇ ‘ਅਮ੍ਰਿਤਬਾਣੀ’ ਵਿਚ ਪਾ ਦਿਤੀਆਂ ਅਤੇ ਰਚਨਾਵਾਂ ਵਿਚੋਂ ਸੰਤ ਹੀਰਾ ਦਾਸ ਨਾਮ ਕੱਟ ਕੇ ‘ਰਵਿਦਾਸ ਜੀ’ ਦਾ ਨਾਮ ਲਿਖ ਦਿਤਾ।’ ਇਸਬਾਬਤ ਮਹੰਤ ਪ੍ਰਸ਼ੋਤਮ ਦਾਸ ਨੇ ‘ਡੇਰਾ ਬੱਲਾਂ’ ਉਤੇ ਕੋਰਟ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ।

   ਹੁਣ ਜਦੋਂ ਸਬੱਬ ਬਣਿਆ ਤਾਂ ਸੰਤ ਹੀਰਾ ਦਾਸ ਦਾ ਲਿਖਿਆ ‘ਸ਼੍ਰੀ ਗੁਰੂ ਰਵਿਦਾਸ ਦੀਪ ਗਰੰਥ’ ਅਤੇ ਡੇਰਾਂ ਬੱਲਾਂ ਵਲੋਂ ਤਿਆਰ ਕੀਤੀ ‘ਅਮ੍ਰਿਤਬਾਣੀ’ ਨੂੰਸਾਹਮਣੇ ਰੱਖ ਕੇ ‘ਉਪਰੋਕਤ ਸੱਚ’ ਜਾਨਣ ਦੀ ਕੋਸ਼ਿਸ ਕੀਤੀ, ਤਾਂ ਸਾਹਮਣੇ ਆਇਆ ,ਕਿ ਡੇਰਾ ਬੱਲਾਂਵਾਲਿਆਂ ਨੇ ‘ਸ੍ਰੀ ਗੁਰੂ ਰਵਿਦਾਸ ਦੀਪ’ ਗਰੰਥ ਵਿਚੋਂ ਕਾਫੀ ਸਾਰੀਆਂ ਰਚਨਾਵਾਂ ‘ਅਮ੍ਰਿਤਬਾਣੀ’ ਵਿਚਪਾਈਆਂ ਹੋਈਆਂ ਹਨ, ਜਿਸ ਨੂੰ ਦੇਖ ਕੇ ਮਨ ਵਿਚ ਬੜੀ ਭਾਰੀ ਠੇਸ ਪਹੁੰਚੀ, ਕਿਉਕਿ ਗੁਰਬਾਣੀ ਨਾਲਮਾਮੂਲੀ ਜਿਹੀ ਛੇੜ–ਛਾੜ ਹੀ ਬਹੁਤ ਵੱਡਾ ਤੇ ਭਾਰੀ ਜ਼ੁਰਮ ਹੈ। ਇਸ ਸਬੰਧੀ ਅੱਗੇ ਚੱਲਣ ਤੋਂ ਪਹਿਲਾਂਇਤਿਹਾਸ ਵਿਚ ‘ਬਾਣੀ’ ਨਾਲ ਸਬੰਧਤ ਇਕ ਅਹਿਮ ਘਟਨਾ/ਜਾਣਕਾਰੀ ਦਾ ਜਿਕਰ ਕਰਨਾ ਚਾਹਾਂਗਾ।

 ‘ਬਾਣੀ’ ਨਾਲ ਛੇੜ–ਛਾੜ ਦੇ ਸਬੰਧ ਵਿਚ, ਇਤਿਹਾਸ ਵਿਚ ਇਕ ਬੜੀ ਮਸ਼ਹੂਰ ਸਾਖੀ ਹੈ -“ ਇਤਿਹਾਸਕਾਰ ਲਿਖਦੇ ਹਨ ਕਿ-“ਔਰੰਗਜ਼ੇਬ ਨੇ ਗੁਰੂ ‘ਹਰਿ ਰਾਇ’ਸਹਿਬ ਨੂੰ ਦਿੱਲੀ ਆਉਣ ਦਾ ਸੱਦਾਭੇਜਿਆ। ਉਸ ਵੇਲੇ ਤੱਕ ਗੁਰੂ ‘ਹਰਿ ਰਾਇ’ ਜੀ ਮਾਝੇ, ਮਾਲਵੇ ਅਤੇ ਦੁਆਬੇ ਦੇ ਪਿੰਡਾਂ ਦਾ ਚੱਕਰ ਲਾ ਕੇ ‘ਕੀਰਤਪੁਰ’ ਵਾਪਸ ਆ ਚੁੱਕੇ ਸਨ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ‘ਰਾਮ ਰਾਇ’ ਨੂੰ ਆਪਣੀ ਜਗਾ ਔਰੰਗਜ਼ੇਬ ਕੋਲ ਭੇਜ ਦਿੱਤਾ ਕਿਉਕਿ ‘ਬਾਬਾ ਰਾਮਰਾਇ’ ਵੀ ਬੜੇ ਹੁਸ਼ਿਆਰ ਤੇ ਹਾਜਰ–ਜਵਾਬੀ ਸਨ ਤੇ ਨਾਲ ਕੁਝ ਸਿਆਣੇ ਮਸੰਦ (ਪ੍ਰਚਾਰਕ) ਵੀ ਭੇਜ ਦਿੱਤੇ। ਤੁਰਨ ਲੱਗਿਆਂ ਨੂੰ ਗੁਰੂ ਜੀ ਨੇ ਸਿਖਿਆ ਦਿੱਤੀ ਕਿਗੁਰੂ ਆਸਰੇ ਰਹਿਣਾ, ਗੁਰੂ ਨੂੰ ਸਦਾ ਅੰਗ–ਸੰਗ ਸਮਝਣਾ। ਇਤਿਹਾਸਕਾਰ ਲਿਖਦੇ ਹਨ ਕਿ ਔਰੰਗਰੇਜ਼ ਬਾਦਸ਼ਾਹ ਨੇ ਬਾਬਾ ‘ਰਾਮ ਰਾਇ’ ਜੀ ਨੂੰ ਪਰਖਣਵਾਸਤੇ ਕਈ ਅਜ਼ਮਾਇਸ਼ਾਂ ਕੀਤੀਆਂ ਤੇ ਬਾਬਾ ਜੀ ਹਰੇਕ ਅਜ਼ਮਾਇਸ਼ ਵਿਚ ਪੂਰੇ ਉਤਰਦੇ ਰਹੇ, ਜਿਸ ਕਰਕੇ ‘ਔਰੰਗਜ਼ੇਬ’ ਬਾਬਾ ‘ਰਾਮ ਰਾਇ’ ਦਾ ਬੜਾਆਦਰ–ਸਤਿਕਾਰ ਕਰਨ ਲੱਗ ਪਿਆ, ਪਰ ਰਾਜੇ ਦੇ ਦਰਬਾਰੀਆਂ ਨੂੰ ਇਹ ਗੱਲ ਚੰਗੀ ਨਾ ਲੱਗੀ। ਕਾਜ਼ੀਆਂ ਦੀ ਪ੍ਰੇਰਨਾ ਤੇ ਇਕ ਦਿਨ ਔਰੰਗਜ਼ੇਬ ਨੇ ‘ਰਾਮਰਾਇ’ ਜੀ ਤੋਂ ਪੁਛਿਆ, ਕਿ ਗੁਰੂ ਨਾਨਕ ਦੇਵ ਜੀ ਨੇ ਜੋ ਮੁਸਲਮਾਨਾਂ ਬਾਰੇ ਲਿਖਿਆ ਹੈ, “ਮਿਟੀ ਮੁਸਲਮਾਨ ਕੀ ਪੇੜੈ ਪਈ ਕਮ੍ਹਿਆਰ॥”  ਦਾ ਕੀ ਭਾਵ ਹੈ ?  ਬਾਦਸ਼ਾਹ ਔਰੰਗਜ਼ੇਬ ਨਾਲ ਬਣਿਆ ਰਸੂਖ ਕਾਇਮ ਰੱਖਣ ਲਈ, ਬਾਬਾ ‘ਰਾਮ ਰਾਇ’ ਨੇ ਕਹਿ ਦਿੱਤਾ, ਕਿ  “ਗੁਰੂ ਨਾਨਕ ਜੀ ਨੇ ਤਾਂ ਅਸਲ ਵਿਚ “ਮਿਟੀਬੇਈਮਾਨ ਕੀ” ਉਚਾਰਿਆ ਸੀ, ਲਿਖਾਰੀ ਦੀ ਭੁੱਲ ਨਾਲ “ਮਿਟੀ ਮਸੁਲਮਾਨ ਕੀ” ਲਿਖਿਆ ਗਿਆ ਹੈ।”

 ਜਦੋਂ ਇਸ ਗੱਲ ਦਾ ਗੁਰੂ ‘ਹਰਿ ਰਾਇ’ ਜੀ ਨੂੰ ਪਤਾ ਲੱਗਾ, ਤਾਂ ਗੁਰੂ ‘ਹਰਿ ਰਾਇ’ ਜੀ ਨੇ ਉਸੇ ਵਕਤ ਆਪਣੇ ਹੋਣਹਾਰ ਸਿਆਣੇ ਪੁੱਤਰ  ਨੂੰ ਸੁਨੇਹਾ ਘੱਲ ਦਿਤਾ, ਤੁਸਾਂ ਬਾਦਸ਼ਾਹ ਔਰੰਗਜ਼ੇਬ ਨਾਲ ਆਪਣਾ ਰਸ਼ੂਖ ਕਾਇਮ ਰੱਖਣ ਲਈ ‘ਗੁਰੂ ਨਾਨਕ’  ਸਾਹਿਬ ਦੀ ਬਾਣੀ ਬਦਲ ਦਿੱਤੀ, ਇਸ ਲਈ ਸਾਰੀ ਉਮਰ ਮੇਰੇ ਮੱਥੇਨਹੀਂ ਲੱਗਣਾ।”

 ਇਹ ਹੈ ਆਪਣੇ ਗੁਰੂ ਅਤੇ ਉਹਦੀ ਬਾਣੀ ਦਾ ਸਤਿਕਾਰ। ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੂ ਦੀ ਬਾਣੀ ਨਾਲ ਮਾਮੂਲੀ ਛੇੜ–ਛਾੜ ਬਰਦਾਸਤ ਨਹੀਂ ਕੀਤੀ, ਜਿਸ ਦੇ ਬਦਲੇ ਆਪਣੇ ਪੁੱਤਰ ਦਾ ਸਦਾ ਲਈ ਵਿਛੋੜਾ ਬਰਦਾਸਤ ਕਰ ਲਿਆ।   

ਉਪਰੋਕਤ ਘਟਨਾ ਦੇ ਮੁਕਾਬਲੇ ‘ਡੇਰਾ ਬੱਲਾਂ’ ਵਾਲਿਆਂ ਨੇ ਤਾਂ ਇਕ ਅੱਧੇ ਸ਼ਬਦ ਦੀ ਨਹੀਂ  ਸਗੋਂ ਬਹੁਤ ਸਾਰੇ  ਗ਼ੈਰ ਸ਼ਬਦ ‘ਰਵਿਦਾਸ’ ਜੀ ਨਾਲ ਜੋੜ ਕੇ ‘ਬਾਣੀ’ ਵਿਚ ਭਾਰੀ ਮਿਲਾਵਟ ਕਰ ਦਿਤੀ, ਜਿਹਨਾਂ ਵਿਚੋਂ ਇਥੇ ਆਪ ਜੀ ਦੇ ਨਾਲ ਦੋ ਕੁ ਸ਼ਬਦ ਸਾਂਝੇ ਕਰਦਾ ਹਾਂ, ਜੋ ਸਬੂਤ ਵਜੋਂ ਕਾਫੀ ਹਨ –

“ਮੰਗਲਾਚਾਰ ਚੌਥਾ”

 ਮੰਗਲ ਚਾਰ ਆਨੰਦ ਸਖੀ ਮੁਖ ਗਾਇਆ। ਕਾਰਜ ਭਇਆ ਸੁਹੇਲਾ ਹਰਿ ਹਰਿ ਧਿਆਇਆ। ਧੰਨ ਔਰ ਪਿਰ ਕੀ ਪ੍ਰੀਤ ਬਣੀ ਇੱਕ ਸਾਰ ਹੈ। ਘਟਾ ਛਟਾ ਸਮਮਿਲੀ ਮੀਨ ਜਿਉਂ ਵਾਰ ਹੈ॥1॥ਪਿਰ ਸੰਗ ਪਾਇ ਆਨੰਦ ਨਾ ਦੁੱਖ ਕੀ ਲੇਸ ਹੈ। ਪਤੀ ਕੀ ਆਗਿਯਾ ਮੇਂ ਜੋ ਰਹੇ ਹਮੇਸ਼ ਹੈ। ਪਤੀ ਪਰਮੇਸ਼ਵਰ ਕਰਕੇ ਜਿਨ ਧੰਨਜਾਣਿਆ। ਸਦਾ ਸੁਖੀ ਬਹੁ ਨਾਰ ਸਰਬ ਸੁੱਖ ਮਾਣਿਆ॥2॥ ਜਨਿ ਪਰ ਸਤਿਗੁਰ ਦਯਾਲ ਸੁਖੀ ਬਹੁ ਗਾਈਏ। ਮਹਿਮਾ ਅਪਰ ਅਪਾਰ ਨਾ ਕੀਮਤ ਪਾਈਏ।ਤਿਨ੍ਹਾਂ ਕੇ ਸੰਗ ਤਰੇ ਅਵਰ ਵੀ ਕੇਤੜੇ। ਕਰ ਕੇ ਦ੍ਰਿੜ ਪ੍ਰੀਤ ਪ੍ਰੇਮ ਕਰੋ ਜੇਤੜੇ॥3॥ ਕਾਰਜ ਸਭ ਹੀ ਪੂਰੇ ਸਤਿਗੁਰ ਕਰ ਦੀਏ॥ ਪੂਰਬ ਪੁੰਨ ਅਨੇਕ ਫਲ ਤਿਸ ਅਬਲੀਏ॥ ਜਨ ਰਵਿਦਾਸ ਪਿਆਸ ਰਹੇ ਸਦਾ ਨਾਮ ਕੀ॥ ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥4॥

ਇਹ ਸ਼ਬਦ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚ  ਪੰਨਾ ਨੰਬਰ 488/489 ਤੇ ਦਰਜ ਹੈ। ਇਹੋ ਸ਼ਬਦ ਅਮ੍ਰਿਤਬਾਣੀ ਦੇ ਪੰਨਾ ਨੰਬਰ 148 ਤੇ ਦਰਜ਼ ਹੈ। ਇਸਵਿਚੋਂ ਜਿਥੇ “ਹੀਰਾ ਦਾਸ ਸਬ ਜਗਤ ਤੁਛ ਬਿਨ ਨਾਮ ਕੀ॥”  ਪੰਗਤੀ ਨੂੰ ਕੱਟ ਕੇ “ਹਰਿ ਸੰਗ ਰਹੇ ਪ੍ਰੀਤ,ਓਟ ਨਾਮ ਕੀ॥” ਲਿਖ ਦਿਤਾ ਹੈ।

 ਇਸੇ ਤਰਾਂ ‘ਸ੍ਰੀ ਗੁਰੂ ਰਵਿਦਾਸ ਦੀਪ ਗਰੰਥ’ ਵਿਚ ‘ਬਾਰਾਂ ਮਾਸ’ ਪੰਨਾ ਨੰਬਰ 492 ਤੋਂ ਸ਼ੁਰੂ ਹੁੰਦਾ ਹੈ– “॥ਛੰਦ॥ਚੜਿਆ ਚੇਤ ਸੁਲਖਣਾ, ਕਰ ਸੰਤਨ ਸੰਗਪ੍ਰੀਤ। ਗੁਰ ਚਰਨਨ ਚਿਤੁ ਲਾਇ ਕਰ ਰਾਮ ਨਾਮ ਜੱਪ ਨੀਤ। ਗੁਰ ਗੋਬਿੰਦ ਜਹਿ ਗਾਈਏ ਕਰੋ ਸਰਵਣ ਨਿੱਤ ਨੀਤ। ਗੁਰ ਕੇ ਚਰਨਨ ਪ੍ਰੇਮ ਕਰ ਹਿਰਦੇ ਧਰੋਗੁਰ ਮੀਤ। ਬਚਨ ਗੁਰ ਕੇ ਸੁਨਤ ਹੀ ਮਿਟਤ ਭਰਮ ਸਭ ਭੀਤ। ਮਨ ਮੁੱਖ ਸੰਗ ਨਾ ਕੀਜੀਏ, ਗੁਰਮੁਖ ਸੰਗਤ ਧਾਰ। ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤਸਾਰ। ਮਨਮੁੱਖ ਸੰਗਤ ਡੂਬਣੋ ਗੁਰਮੁਖ ਸੰਗਤ ਪਾਰ। ਗੁਰਮੁਖ ਹਿਰਦੈ ਪ੍ਰਗਾਸ ਹੈ ਮਨਮੁੱਖ ਅੰਧ ਗਵਾਰ। ਗੁਰ ਕੇ ਅੰਮ੍ਰਿਤ ਵਚਨ ਸੁਣ ਸ਼ਰਧਾ ਹਿਰਦੇ ਧਾਰ॥ਸਰਵਣ ਭਗਤ ਇਤ ਹੈ ਹਿਰਦੇ ਖੂਬ ਬਿਚਾਰ। ਚੈਤ ਸੁਹਾਵੇ ਤਿਨ੍ਹਾਂ ਨੂੰ ਜੋ ਸਰਵਣ ਸਾਥ ਪਿਆਰ। ਜਨ ਰਵਿਦਾਸ ਗੁਰੂ ਚਰਨ ਕੋ, ਹੀਰਾ ਦਾਸ ਬਲਿਹਾਰ॥1॥”

ਇਹੋ ਸ਼ਬਦ ਡੇਰੇ ਵਾਲੀ ‘ਅਮ੍ਰਿਤਬਾਣੀ ਪੁਸਤਕ ਵਿਚ ਪੰਨਾ ਨੰ: 127 ਤੇ ਹੈ, ਫਰਕ ਇਹ ਪਾਇਆ ਗਿਆ ਹੈ, ਜਿਥੇ ਉਪਰੋਕਤ ਸ਼ਬਦ ਦੇ ਅਖੀਰ ਵਿਚ ਤਿੰਨਲਾਇਨਾ “ਸਰਵਣ ਭਗਤ ਏਤ ਹੈ ਹਿਰਦੇ ਖੂਬ ਬਿਚਾਰ। ਚੈਤ ਸੁਹਾਵੇ ਤਿੰਹਾਂ ਨੂੰ ਜੋ ਸਰਵਣ ਸਾਥ ਪਿਆਰ। ਜਨ ਰਵਿਦਾਸ ਗੁਰੂ ਚਰਨ ਕੋ ਹੀਰਾ ਦਾਸਬਲਿਹਾਰ॥1॥” ਨੂੰ ਕੱਟ ਕੇ, ਲਿਖ ਦਿੱਤਾ “ ਰਵਿਦਾਸ ਭਗਤੀ ਇਹੀ ਹੈ, ਹਿਰਦੇ ਖੂਬ ਵਿਚਾਰ॥ ਚੇਤ ਸੁਹਣਾ ਤਿਨ੍ਹਾਂ ਨੂੰ ਜਿਨਾਂ ਸੋਹੰ ਨਾਲ ਪਿਆਰ॥” ਆਦਿ।

  ਉਪਰੋਕਤ ਇਤਿਹਾਸਕ ਸਾਖੀ ਇਕ ਸਚਾਈ ਹੈ। ਇਕ ਪਾਸੇ ਤਾਂ ਗੁਰੂ ‘ਹਰਿ ਰਾਇ’ ਜੀ ਨੇ ਆਪਣੇ ਗੁਰੂ ਦੀ ਬਾਣੀ ਦੀ ਮਾਮੂਲੀ ਬਦਲੀ ਪਿਛੇ ਆਪਣੇ ਹੋਣਹਾਰਪੁੱਤਰ ਬਾਬਾ ‘ਰਾਮ ਰਾਇ’ ਜੀ ਨੂੰ ਮੁੜ ਕੇ ਆਪਣੇ ਮੱਥੇ ਨਹੀਂ ਲੱਗਣ ਦਿੱਤਾ, ਜਦ ਕਿ ਇਕ ਵਾਰ ਗਲਤੀ ਮੁਆਫ਼ ਵੀ ਕੀਤੀ ਜਾ ਸਕਦੀ ਸੀ।

    ਦੂਜੇ ਪਾਸੇ ‘ਡੇਰਾ ਬੱਲਾਂ’ ਦੇ ਮੁਖੀਆਂ ਨੇ ਆਪਣੇ ‘ਗੁਰੂ ਰਵਿਦਾਸ’ ਜੀ ਦੇ ਨਾਲ ‘ਰਵਿਦਾਸ ਦੀਪ ਗਰੰਥ’ ਵਿਚੋਂ ਇਕ–ਅੱਧਾ ਨਹੀਂ ਬਲਕਿ ਪੂਰਾ ਬਾਰਾਂ ਮਾਂਹ,ਮੰਗਲਾਚਰਨ ਆਦਿ ਕੱਚੀ ਬਾਣੀ ਨੂੰ, ਗੁਰੂ ਰਵਿਦਾਸ ਜੀ ਦੀ ਬਾਣੀ ਬਣਾ ਕੇ, ਡੇਰੇ ਵਲੋਂ ਤਿਆਰ ਕੀਤੀ ‘ਅੰਮ੍ਰਿਤਬਾਣੀ’ ਵਿਚ ਸ਼ਾਮਲ ਕਰ ਦਿਤਾ ਅਤੇ ਜਿਹੜਾ ਕੰਮ ਦੁਸ਼ਮਣ ਵੀ (‘ਬਾਣੀ’ ਵਿਚ ਮਿਲਾਵਟ ਕਰਨ ਲੱਗੇ) ਖੌਫ਼ ਮੰਨਦੇ ਸਨ, ਉਹ ਕੰਮ ਗੁਰੂ ਦੇ ਸੇਵਕ ਅਖਵਾਉਣ ਵਾਲਿਆਂ ਨੇ, ਬਿਨਾਂ ਝਿਜਕ ਕਰ ਦਿੱਤਾ ਤੇ ਇਸ ਦੇ ਵਿਰੁਧ ਕੋਈ ਆਵਾਜ਼ ਵੀ ਬੁਲੰਦ ਨਹੀਂ ਕਰਦਾ।    

 ਕਿਸੇ ਦੀ ‘ਮੱਤ  (ਮਨਮਤਿ) ਨੂੰ ‘ਗੁਰੂ’ ਦੀ ‘ਮੱਤ’  (ਗੁਰਮਤਿ) ਬਣਾ ਕੇ ਲੋਕਾਂ ਵਿਚ ਪ੍ਰਚਾਰਨਾ ਮਹਾਂ ਪਾਪ ਹੈ, ਮਹਾਂ ਅਪਰਾਧ ਹੈ, ਜਿਹੜਾ ਕਿ ਗੁਰੂ ਰਵਿਦਾਸ ਜੀਦੇ ਬਹੁਤ ਸਾਰੇ (ਖਾਸ਼ ਕਰਕੇ ਡੇਰਾ ਬੱਲਾਂ ਦੇ) ਸੇਵਕ ਜਾਣੇ–ਅਣਜਾਣੇ ਵਿਚ ਕਰ ਰਹੇ ਹਨ। ਚਾਹੀਦਾ ਤਾਂ ਇਹ ਸੀ ,ਜਦ ‘ਚੱਕ ਹਕੀਮਾਂ ਦੇ ‘ਮਹੰਤ’ ਦਾ ਪ੍ਰੈੱਸ ਵਿਚਬਿਅਨ ਆ ਗਿਆ ਸੀ ਤਾਂ ਤੁਰੰਤ ਡੇਰੇ ਦੇ ਟਰੱਸਟੀ ਅਤੇ ਇਸ ਡੇਰੇ ਨਾਲ ਸਬੰਧਤ ਸੂਝਵਾਨ ਸਿਆਣੇ ਲੋਕ, ਘੋਖ–ਪੜਤਾਲ ਕਰਕੇ ਸੱਚ ਨੂੰ ਸੱਚ ਹੀ ਰਹਿਣ ਦਿੰਦੇ,ਪਰ ਅਫ਼ਸੋਸ ! ਐਸਾ ਹੋਇਆ ਨਹੀਂ । ਉਪਰੋਕਤ ਮਿਲਾਵਟ ਬਾਰੇ ਜਦੋਂ ਗੁਰੂ ਰਵਿਦਾਸ ਜੀ ਦੇ ਸਾਰੇ ਸੂਝਵਾਨ ਸੇਵਕਾਂ ਨੂੰ ਜਾਣਕਾਰੀ ਮਿਲੇਗੀ, ਤਾਂ ਉਹਨਾਂ ਦੇ ਮਨਨੂੰ ਕਿਨੀ ਠੇਸ ਪਹੁੰਚੇਗੀ, ਇਹ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਇਥੇ ਹੋਰ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜੋ ਜਾਣਕਾਰੀ (ਮਿਲਾਵਟ) ਸਾਹਮਣੇ ਆ ਗਈ ਹੈ, ਉਸ ਤੋਂ ਇਲਾਵਾ ਹੋਰ ਵੀ ਕਿਨੀ ਕੁ ‘ਰਵਿਦਾਸ’ ਜੀ ਦੀ ‘ਬਾਣੀ’ ਵਿਚ ਮਿਲਾਵਟ ਕੀਤੀ ਗਈ ਹੋਵੇ ਕਿਉਕਿ ਗੁਰੂ ਗਰੰਥ ਸਹਿਬ ਅੰਦਰ ਬਾਣੀ ਤੋਂ ਪਤਾ ਚਲਦਾ ਕਿ ‘ਰਵਿਦਾਸ’ ਜੀ ਸਮੇਂ ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ‘ਬਾਣੀ’ ਨੂੰ ਰਾਗਾਂ ਵਿਚ ਲਿਖਿਆ ਜਾਂਦਾ ਸੀ ਅਤੇ ਸ਼ਬਦ ਦਾ ਸਾਰ / ਭਾਵ ‘ਰਹਾਉ’ ਦੀ ਤੁਕ ਵਿਚ ਦਿੱਤਾ ਜਾਂਦਾ ਸੀ। ਪਰ ਡੇਰੇ ਵਾਲੀ ਅਮ੍ਰਿਤਬਾਣੀ‘ ਵਿਚ ਸ਼ਾਮਲ ‘ਰਵਿਦਾਸ’ ਜੀ ਦੇ ਨਾਮ ਹੇਠ (ਗੁਰੂ ਗਰੰਥ ਸਹਿਬ ਵਿਚਲੇ ਚਾਲੀ (40) ਸ਼ਬਦ, 16 ਰਾਗਾਂ ਵਿਚ, ਤੋਂ ਬਿਨਾਂ) ਕਿਸੇ ਵੀ ਸ਼ਬਦ ਵਿਚ ‘ਰਹਾਉ’ ਸ਼ਬਦ ਹੀ ਨਹੀਂ ਹੈ। ਇਸ ਲਈ ਸ਼ੱਕ ਪੈਦਾ ਹੁੰਦਾ ਕਿ ਸਾਹਮਣੇ ਆਈ ਮਿਲਾਵਟ ਤੋਂ ਬਿਨਾਂ, ਹੋਰ ਵੀ ਮਿਲਾਵਟ ਹੋ ਸਕਦੀ ਹੈ।

ਇਸ ਲਈ ਸਾਰੇ ਸੂਝਵਾਨ ਬੁੱਧੀਜੀਵੀਆਂ, ਵਿਦਵਾਨ ਸੱਜਣਾਂ ਨੂੰ ਗੁਰੂ ਰਵਿਦਾਸ ਦੇ ਸੇਵਕ ਅਖਵਾਉਣ ਵਾਲੇ ਸਿਆਣੇ ਲੋਕਾਂ ਨੂੰ ਚਾਹੀਦਾ ਹੈ ਕਿ ਏਕਤਾ ਬਣਾ ਕੇ,ਇਸ ਤਰਾਂ ਦੀ ਮਿਲਾਵਟ ਰੋਕਣ ਲਈ ਜੋਰਦਾਰ ਯਤਨ ਕਰਨੇ ਚਾਹੀਦੇ ਹਨ ਅਤੇ ਐਸਾ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕਿਸੇ ਨੂੰ ਇਸ ਤਰਾਂ ਦੀਮਿਲਾਵਟ ਕਰਨ ਦਾ ਹੌਂਸਲਾ ਨਾ ਪਵੇ।

ਬੱਸ ਕਰ ਜੀ ਹੁਣ ਬੱਸ ਕਰ ਜੀ

0

ਬੱਸ ਕਰ ਜੀ ਹੁਣ ਬੱਸ ਕਰ ਜੀ– ਬੁੱਲੇ ਸ਼ਾਹ

ਬੱਸ ਕਰ ਜੀ ਹੁਣ ਬੱਸ ਕਰ ਜੀ,
ਇਕ ਬਾਤ ਅਸਾਂ ਨਾਲ ਹੱਸ ਕਰ ਜੀ ।

ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ,
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵੱਲ ਜਾਸੋ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ, ਖਿੱਦੋ ਵਾਂਙ ਖੂੰਡੀ ਨਿੱਤ ਕੁੱਟਦੇ ਸੀ,
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਓ ਕੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ ਦੇ ਜਕੜੇ ਹੋ,
ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਬੁੱਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

 

ਭੱਠ ਨਮਾਜ਼ਾਂ ਤੇ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ ।
ਬੁੱਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ, ਭੁੱਲੀ ਫਿਰੇ ਲੁਕਾਈ ।

ਕੰਬਦੀ ਕਲਾਈ

0

ਕੰਬਦੀ ਕਲਾਈ– ਭਾਈ ਵੀਰ ਸਿੰਘ

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ, ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸ਼ੀਸ਼ ਨਿਵਾਇਆ, ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨ ਗਈਆ ਕਾਈ,

ਫਿਰ ਲੜ ਫੜਨੇ ਨੂੰ ਉੱਠ ਦਉੜੇ, ਪਰ ਲੜ ਉਹ ‘ਬਿਜਲੀ ਲਹਿਰਾ‘
ਉਡਦਾ ਜਾਂਦਾ, ਪਰ ਉਹ ਅਪਣੀ, ਛੁਹ ਸਾਨੂੰ ਗਯਾ ਲਾਈ,

ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,
ਬਿਜਲੀ ਕੂੰਦ ਗਈ ਥਰਰਾਂਦੀ, ਹੁਣ ਚਕਾਚੂੰਧ ਹੈ ਛਾਈ ।

ਲਾਈਲੱਗ ਮੋਮਨ ਦੇ ਕੋਲੋਂ, ਖੋਜੀ ਕਾਫ਼ਰ ਚੰਗਾ ।

0

ਲਾਈਲੱਗ ਮੋਮਨ ਦੇ ਕੋਲੋਂ, ਖੋਜੀ ਕਾਫ਼ਰ ਚੰਗਾ । – ਪ੍ਰੋਫ਼ੈਸਰ ਮੋਹਨ ਸਿੰਘ

ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ-ਧੰਦਾ
ਖੋਲ੍ਹਣ ਲੱਗਿਆਂ ਪੇਚ ਏਸ ਦੇ, ਕਾਫ਼ਰ ਹੋ ਜਾਏ ਬੰਦਾ ।
ਕਾਫ਼ਰ ਹੋਣੋ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀ
ਲਾਈਲੱਗ ਮੋਮਨ ਦੇ ਕੋਲੋਂ, ਖੋਜੀ ਕਾਫ਼ਰ ਚੰਗਾ ।

 

ਅਪਣੀ ਜ਼ਾਤ ਵਿਖਾਲਣ ਬਦਲੇ, ਰੱਬ ਨੇ ਹੁਸਨ ਬਣਾਇਆ ।
ਵੇਖ ਹੁਸਨ ਦੇ ਤਿੱਖੇ ਜਲਵੇ, ਜ਼ੋਰ ਇਸ਼ਕ ਨੇ ਪਾਇਆ ।
ਫੁਰਿਆ ਜਦੋਂ ਇਸ਼ਕ ਦਾ ਜਾਦੂ, ਦਿਲ ਵਿਚ ਕੁੱਦੀ ਮਸਤੀ ।
ਇਹ ਮਸਤੀ ਜਦ ਬੋਲ ਉਠੀ, ਤਾਂ ਹੜ੍ਹ ਕਵਿਤਾ ਦਾ ਆਇਆ ।

‘ਮਜ਼ਬੂਰੀ‘

0

 ‘ਮਜ਼ਬੂਰੀ’

ਮੇਜਰ ਸਿੰਘ (ਬੁਢਲਾਡਾ) 94176 42327

ਹਰ ਕੋਈ ਚਾਹੁੰਦਾ ਚੰਗਾ ਪੀਣ–ਖਾਣ ਤੇ ਹੰਡਾਉਣ ਨੂੰ।

ਇਥੇ  ਸ਼ੈਰ – ਸਪਾਟਾ  ਚੰਗਾ ਹੁਕਮ ਚਲਾਉਣ ਨੂੰ।

ਮਹਾਨ  ਤੋਂ  ਮਹਾਨ  ਕੰਮ  ਕਰ  ਇਸ  ਦੁਨੀਆਂ  ਤੇ,

ਹਰ   ਕੋਈ   ਚਾਹੁੰਦਾ  ਇਥੇ  ਨਾਂ  ਚਮਕਾਉਣ  ਨੂੰ।

ਹਰ ਕੋਈ ਚਾਹੁੰਦਾ ਮਹਾਰਾਜਿਆ ਦੇ ਵਾਂਗ  ਰਹੀਏ,

ਕੀਹਦਾ  ਚਿੱਤ  ਕਰੇ  ਦਿਨ–ਰਾਤ  ਭਾਰ  ਢੋਣ  ਨੂੰ ?

ਹਰ  ਕੋਈ  ਚਾਹੁੰਦਾ  ਲੰਘੇ  ਖੁਸ਼ੀਆਂ  ‘ਚ ਹਰ ਪਲ,

ਕੀਹਦਾ  ਚਿੱਤ  ਕਰੇ  ਸਮਾਂ ਗ਼ਮਾਂ ‘ਚ ਲੰਘਾਉਣ ਨੂੰ ?

ਪਰ ਮੇਜਰ  ‘ਮਜ਼ਬੂਰੀ’ ਕਰਵਾ  ਦਿੰਦੀ  ਸਭ–ਕੁਝ,

ਕੌਣ  ਚਾਹੁੰਦਾ  ਕਿਸੇ  ਨਾਲੋਂ  ਘੱਟ  ਅਖਵਾਉਣ ਨੂੰ ?

Most Viewed Posts