ਆਨੰਦ ਕਾਰਜ

1
767

ਆਨੰਦ ਕਾਰਜ

ਸਤਵੀਰ ਸਿੰਘ, ਸੁਨਾਮ (ਸੰਗਰੂਰ)-97807-01984

ਧਰਤੀ ’ਤੇ ਵੱਖ-ਵੱਖ ਪੈਗੰਬਰਾਂ ਦੇ ਆਉਣ ਨਾਲ ਹਰ ਧਰਮ ਦੇ ਅਪਣੇ ਵੱਖਰੇ-ਵੱਖਰੇ ਰਿਤੀ ਰਿਵਾਜ ਰਸ਼ਮ ਹਨ। ਜਿਸ ਤਰ੍ਹਾਂ ਮਨੁੱਖੀ ਜਿੰਦਗੀ ਦੇ ਇੱਕ ਅਹਿਮ ਮੋੜ ਵਿਆਹ ਦੀ ਰਸ਼ਮ ਨੂੰ ਮੁਸਲਿਮ ਭਾਈ ਚਾਰੇ ਵਿੱਚ ਨਿਕਾਹ ਕਿਹਾ ਜਾਂਦਾ ਹੈ। ਹਿੰਦੂਆਂ ’ਚ ਫੇਰਿਆਂ ਦੀ ਰਸਮ ਅਤੇ ਸਿੱਖ ਜਗਤ ਵਿੱਚ ਇਸ ਰਸਮ ਨੂੰ ‘ਆਨੰਦ ਕਾਰਜ’ ਦੀ ਰਸਮ ਕਿਹਾ ਜਾਂਦਾ ਹੈ। ‘ਆਨੰਦ’ ਦਾ ਅਰਥ ਹੈ: ‘ਖੇੜਾ, ਖੁਸ਼ੀ ਦੀ ਰਸਮ’ ਆਦਿ। ਉਹ ਕਾਰਜ ਜਿਸ ਵਿੱਚ ਕਦੇ ਮਲੀਨਤਾ ਨਹੀਂ, ਵਿਛੋੜਾ ਨਹੀਂ, ਜੋ ਕਦੇ ਪੁਰਾਣੀ ਨਹੀਂ ਹੁੰਦੀ, ਦੁਖਦਾਈ ਨਹੀਂ, ਜੋ ਕਦੇ ਗਮੀਂ ਵਿੱਚ ਨਹੀਂ ਬਦਲਦੀ। ਸਿੱਖ ਜਗਤ ਵਿੱਚ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰਕੇ ਇਮਾਨਦਾਰੀ ਦੀ ਕਮਾਈ ਤੇ ਦਸਾਂ ਨਹੁੰਆਂ ਦੀ ਕਮਾਈ ਨਾਲ ਪਰਿਵਾਰ ਦੀ ਪਾਲਣਾ ਕਰਨ ਉਪਰੰਤ ਪਰਉਪਕਾਰਤਾ ਨੂੰ ਵੀ ਅਹਿਮ ਰੁਤਬਾ ਦਿੱਤਾ ਗਿਆ ਹੈ: ‘‘ਸਤਿਗੁਰ ਸਿਖਨ ਕਉ ਰਾਖਤ ਗ੍ਰਿਹਸਤ ਮੈ, ਸੰਪਦਾ ਸਮੂਹ ਸੁਖ ਲੁਡੇ ਤੇ ਲਡਾਵਈ।’’ (ਭਾਈ ਗੁਰਦਾਸ ਜੀ: ਕਬਿੱਤ ੪੮੧) ਪਰ ਵਰਤਮਾਨ ਸਮੇਂ ਆਨੰਦ ਕਾਰਜ ਦੀ ਰਸਮ, ਕੇਵਲ ਆਰਜ਼ੀ ਰਸਮ ਬਣਨ ਕਾਰਨ ਆਪਣੇ ਮੂਲ ਤੋਂ ਕੋਹਾਂ ਦੂਰ ਜਾਂਦੀ ਨਜ਼ਰ ਆ ਰਹੀ ਹੈ। ‘ਆਨੰਦ ਕਾਰਜ’ ਦਾ ਸੰਬੰਧ ਗੁਰੂ ਨਾਲ ਹੈ, ਗੁਰੂ ਤੋਂ ਬਗੈਰ ਵਕਤੀ ਖੁਸ਼ੀ ਤਾਂ ਹੋ ਸਕਦੀ ਹੈ: ‘‘ਆਨੰਦੁ ਆਨੰਦੁ ਸਭੁ ਕੋ..॥’’ (ਮ: ੩/੯੧੭) ਪਰ ਸਦੀਵੀ ਅਨੰਦ ਨਹੀਂ ਕਿਉਂਕਿ ਸਦੀਵੀ ਅਨੰਦਿਤ ਜੀਵਨ ਦਾ ਸਰੋਤ ‘ਗੁਰੂ’ ਹੈ: ‘‘..ਆਨੰਦੁ ਗੁਰੂ ਤੇ ਜਾਣਿਆ ॥’’ (ਮ: ੩/੯੧੭)

ਵਰਤਮਾਨ ਸਮੇਂ ’ਚ ਸਿੱਖਾਂ ਦੀ ਬਹੁਤਾਤ ਗਿਣਤੀ ਉਹ ਹੈ ਜੋ ਆਨੰਦ ਕਾਰਜ ਦੇ ਦਿਨ ਤੋਂ ਪੰਦਰਾਂ ਵੀਹ ਦਿਨ ਪਹਿਲਾਂ ਹੀ ਸਹਿਜ ਪਾਠ ਜਾਂ ਅਖੰਡ ਪਾਠ ਆਰੰਭ ਕਰਵਾ ਲੈਂਦੇ ਹਨ ਤਾਂ ਜੋ ਵਿਆਹ ਵਾਲੇ ਦਿਨ ਮਸਤੀ ਮਨ੍ਹਾ ਲਈ ਜਾਵੇ। ਗੁਰੂ ਦੀ ਮੱਤ ਅਨੁਸਾਰ ਚੱਲਣਾ ਪਏਗਾ, ਗੁਰੂ ਨੇ ਜਿਹੜੀਆਂ ਚੀਜ਼ਾਂ ਤੋਂ ਵਰਜਿਆ ਹੈ, ਸ਼ਰਾਬ ਆਦਿ ਨਸ਼ਿਆਂ ਨੂੰ ਘਰ ਵਿੱਚ ਨਹੀਂ ਵਾੜ ਸਕਦੇ। ਲੜਕੀ ਵਾਲੇ ਮਾਪੇ ਦੇਖੋ ਦੇਖੀ ਆਪਣੀ ਆਰਥਿਕ ਹਾਲਤ ਨੂੰ ਨਾ ਦੇਖਦੇ ਹੋਏ ਲੋਕਾਂ ਵਿੱਚ ਝੂਠੀ ਇੱਜ਼ਤ ਬਣਾਉਣ ਲਈ ਕਰਜ਼ਾ ਚੁੱਕ ਕੇ ਵਿਆਹ ਕਰਦੇ ਹਨ ਤੇ ਆਪਣੇ ਬੱਚਿਆਂ ਨੂੰ ਸਦਾ ਲਈ ਕਰਜ਼ੇ ਦੇ ਭਾਰ ਥੱਲੇ ਦੱਬ ਦਿੰਦੇ ਹਨ। ਭਾਰੀ ਦਾਜ (ਲੈਣ-ਦੇਣ) ਦੀ ਸਮੱਸਿਆ ਜਿੱਥੇ ਅੱਜ ਭਰੂਣ ਹੱਤਿਆ ਦਾ ਕਾਰਨ ਬਣ ਜੰਗਲ ਦੀ ਅੱਗ ਵਾਂਗ ਵਧਦੀ ਜਾ ਰਹੀ ਹੈ ਉੱਥੇ ਵਧ ਰਹੇ ਘਰੇਲੂ ਕਲੇਸ਼ ਤੇ ਖੁਦਕੁਸ਼ੀਆਂ, ਕਤਲਾਂ ਦਾ ਕਾਰਨ ਵੀ ਬਣਦੀ ਜਾ ਰਹੀ ਹੈ। ਮਨੁੱਖਤਾ ਲੋਕ-ਲਾਜ ਕਾਰਨ ਗੁਰੂ ਦੀ ਸਿੱਖਿਆ ਨੂੰ ਅੱਖੋਂ ਓਹਲੇ ਕਰ ਰਹੀ ਹੈ।

ਲੜਕੇ ਵਾਲਿਆਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਜਿੰਨੀ ਵੱਡੀ ਜਾਇਦਾਤ ਦਾ ਮਾਲਕ ਉਨੀ ਵੱਡੀ ਹੀ ਮੰਗ। ਲੱਖਾਂ ਕਰੋੜਾਂ ਦੀ ਜਾਇਦਾਤ ਦਾ ਮਾਲਕ ਬਣ ਕੇ ਵੀ ਮੰਗਤੇ ਹੀ ਬਣਦੇ ਜਾ ਰਹੇ ਹਨ। ਜੰਞ ਦੇ ਆਉਣ ਦਾ ਕੋਈ ਸਮਾਂ ਹੀ ਮੁਕਰਰ ਨਹੀਂ ਰਿਹਾ। ਪੈਲੇਸਾਂ ਵਿੱਚ ਜੰਞ 12 ਵਜੇ 1 ਵਜੇ ਪਹੁੰਚਦੀ ਹੈ। ਭੁੱਖੇ ਬਰਾਤੀ ਹਾਬੜਿਆਂ ਵਾਂਗੂੰ ਸਟਾਲਾਂ ’ਤੇ ਟੁੱਟ ਕੇ ਪੈਂਦੇ ਹਨ। ਇਸ ਤਰ੍ਹਾਂ ਦੀ ਜੰਞ ਨੂੰ ਵੇਖ ਕੇ ਬਾਬੇ ਨਾਨਕ ਦੇ ਸ਼ਬਦ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ ॥’’ (ਮ: ੧/੭੨੨) ਯਾਦ ਆਉਂਦੇ ਹਨ ਜਿਸ ਵਿੱਚ ਵਿਆਹ ਵਾਲਾ ਲਾੜਾ ਬਾਬਰ ਅਤੇ ਬਰਾਤੀ ਉਸ ਦੀ ਫੌਜ ਬਣੇ ਹੁੰਦੇ ਹਨ ਅਤੇ ਲੜਕੀ ਵਾਲਿਆਂ ਤੋਂ ਜੋਰ ਨਾਲ ਦਾਨ ਮੰਗਦੇ ਹਨ। ਦੋ ਤਿੰਨ ਵਜੇ ਆਨੰਦ ਕਾਰਜ ਦੀ ਰਸਮ ਲਈ ਗੁਰਦੁਆਰੇ ਜਾਂਦੇ ਹਨ। ਫਿਰ ਗ੍ਰੰਥੀ ਸਿੰਘਾਂ ਨੂੰ ਕਿਹਾ ਜਾਂਦਾ ਹੈ ਕਿ ਜਲਦੀ ਕਰੋ, ਸਮਾਂ ਬਹੁਤ ਘੱਟ ਹੈ।

ਆਨੰਦ ਕਾਰਜ ਦੀ ਰਸਮ ਵਿੱਚ ਗੁਰੂ ਸਾਹਿਬ ਦੀ ਪਰਿਕਰਮਾ ਕੀਤੀ ਜਾਂਦੀ ਹੈ ਜਿਸ ਦਾ ਮਤਲਬ ਹੈ ਕਿ ਗੁਰੂ ਦੀ ਸਿੱਖਿਆ ਸਾਡੇ ਜੀਵਨ ਦਾ ਕੇਂਦਰ ਬਿੰਦੂ ਰਹੇ ਅਤੇ ਅਸੀਂ ਆਪਣਾ ਸਾਰਾ ਜੀਵਨ ਗੁਰੂ ਦੀ ਸਿੱਖਿਆ ਅਧੀਨ ਬਤੀਤ ਕਰਦੇ ਰਹੀਏ ਪਰ ਇਸ ਦੇ ਉਲਟ ਸਾਰਾ ਜੀਵਨ ਤਾਂ ਬੜੀ ਦੂਰ ਦੀ ਗੱਲ, ਇਸ ਆਰੰਭ ਦਿਨ ਹੀ ਦਾਰੂ ਸ਼ਰਾਬ ਦੇ ਖੁੱਲੇ ਦੌਰ ਚੱਲਦੇ ਹਨ। ਪੈਸੇ ਦੇ ਕੇ ਔਰਤਾਂ ਦੇ ਨਾਚ ਨਚਾਏ ਜਾਂਦੇ ਹਨ। ਇਹਨਾਂ ਨਾਚਾਂ ਨੂੰ ਸਿਆਣੇ ਬਜ਼ੁਰਗ ਤੇ ਮਾਤਾਵਾਂ ਵੀ ਬੜੀ ਨਿਗਾਹ ਲਾ ਲਾ ਕੇ ਦੇਖਦੇ ਹਨ। ਪਰਿਵਾਰ ਦੀਆਂ ਧੀਆਂ ਵੀ ਅਜਿਹੇ ਲੱਚਰ ਗੀਤਾਂ ’ਤੇ ਨੱਚਦੀਆਂ ਹਨ ਜਿਹਨਾਂ ਨੂੰ ਪਰਿਵਾਰ ਵਿੱਚ ਇਕੱਠੇ ਬਹਿ ਕੇ ਸੁਨਣਾ ਵੀ ਔਖਾ ਹੈ। ਮਰੀ ਹੋਈ ਜ਼ਮੀਰ ਵਾਲਾ ਪਿਓ ਉਪਰੋਂ ਪੈਸੇ ਸੁੱਟਦਾ ਹੈ ਕਿ ਮੇਰੀਆਂ ਧੀਆਂ ਭੈਣਾਂ ਲੋਕਾਂ ਨੂੰ ਨਾਚ ਦਿਖਾ ਰਹੀਆਂ ਹਨ।

ਸੋ, ਲੋੜ ਹੈ ਲੱਚਰਤਾ ਦੀ ਗੰਦਗੀ ਅਤੇ ਫੋਕੇ ਰਿਵਾਜਾਂ ਦੇ ਚੱਕਰਾਂ ਵਿੱਚ ਉਲਝਦੇ ਪੰਜਾਬ ’ਚ ਸਾਫ ਸੁਥਰਾ ਸਭਿਆਚਾਰ ਮੁੜ ਸੁਰਜੀਤ ਕਰਨ ਦੀ। ਇਹ ਤਾਂ ਹੀ ਸੰਭਵ ਹੈ ਜੇਕਰ ਗੁਰੂ ਦੀ ਸਿੱਖਿਆ ਦੇ ਅਨੁਸਾਰੀ ਹੋ ਕੇ ਜੀਵਨ ਜਾਚ ਧਾਰਨ ਕੀਤੀ ਜਾਵੇ। ‘ਅਨੰਦ ਕਾਰਜ’ ਤੋਂ ਖੁੰਝਿਆ ਜੀਵਨ ਸਾਰੀ ਉਮਰ ਸ਼ਾਂਤੀ ਦੀ ਭਾਲ ਕਰਦਾ ਰਹਿੰਦਾ ਹੈ, ਜੋ ਨਸੀਬ ਨਹੀਂ ਹੁੰਦੀ। ਇਸ ਲਈ ਜੇਕਰ ਵਿਆਹ ਦੀ ਰਸਮ ਅਤੇ ਗ੍ਰਹਿਸਤ ਜੀਵਨ ਨੂੰ ਆਨੰਦਿਤ ਕਰਨਾ ਹੈ ਤਾਂ ‘ਅਨੰਦ ਕਾਰਜ’ ਵਰਗੇ ਪਵਿੱਤਰ ਦਿਨ ਦੀ ਅਹਿਸੀਅਤ ਨੂੰ ਸਮਝਣਾ ਪਵੇਗਾ, ਜੋ ਸੂਝ ਗੁਰੂ ਦਰ ਤੋਂ ਨਸੀਬ ਹੋਵੇਗੀ। ਝੂਠੀ ਸ਼ਾਨ ਤੇ ਫੋਕੀਆਂ ਰੀਤਾਂ ਨੂੰ ਤਿਆਗ ਕੇ ਸੱਚੇ ਆਨੰਦਮਈ ਜੀਵਨ ਲਈ ‘ਗੁਰੂ’ ਦੇ ਲੜ ਲੱਗਣਾ ਮੁੱਢਲੀ ਤੇ ਪਹਿਲੀ ਸ਼ਰਤ ਹੈ। ਗੁਰੂ ਜੀ ਮਿਹਰ ਕਰਨ, ਸਾਨੂੰ ਵਕਤ ਰਹਿੰਦੇ ਸੋਝੀ ਆ ਜਾਵੇ।

1 COMMENT

  1. ਸਾਡੀਆਂ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਾਡੀ ਲੀਡਰਸ਼ਿਪ ਤੇ ਸਾਡਾ ਪ੍ਰਚਾਰਕ ਢਾਂਚਾ ਇੰਨਾ ਕਮਜ਼ੋਰ, ਡਰਾਕਲ, ਝੂਠਾ, ਲਾਲਚੀ, ਫਰੇਬੀ, ਮਨਮਤੀਆ ਤੇ ਭਟਕਿਆ ਹੋਇਆ ਹੈ ਕਿ ਉਹ ਜੋ ਵੀ ਬੋਲਦੇ ਹਨ, ਕਰਦੇ ਹਨ ਉਸ ਨਾਲ ਗੁਰਮਤਿ, ਬਾਮ੍ਹਣਵਾਦ ਨਾਲ ਸ਼ਿੰਗਾਰੀ ਜਾਂਦੀ ਹੈ।

    ਇਸ ਸਾਡਾ ਬਹੁਤ ਵੱਡਾ ਧਾਰਮਿਕ ਦੁਖਾਂਤ ਤੇ ਪੰਥਕ ਨਿਘਾਰ ਹੈ। ਪੰਥ ਦਰਦੀਆਂ ਨੂੰ ਇਸ ਪਾਸੇ ਬਹੁਤਾ ਧਿਆਨ ਦੇਣ ਦੀ ਲੋੜ ਹੈ।

    ਦਾਸ ਗ੍ਰੰਥੀ, ਗੁਰਮਤਿ ਨੂੰ ਸਮਰਪਿਤ ਇੱਕ ਰਾਗੀ, ਕਥਾਵਾਚਕ ਤੇ ਛੋਟਾ ਮੋਟਾ ਲਿਖਾਰੀ ਹੈ, ਸਾਨੂੰ ਹਰ ਪਾਸੇ ਸਟੇਜਾਂ ਤੋਂ ਗੁਰਮਤਿ ਪ੍ਰਚਾਰ ਕਰਨ ਤੋਂ ਰੋਕਿਆ ਜਾਂਦਾ ਹੈ।

Comments are closed.