ਸੰਪ੍ਰਦਾਇਕਤਾ ਦੀ ਕੱਟੜਤਾ ਵਿੱਚ ਜਕੜੀਆਂ ਸੰਪ੍ਰਦਾਵਾਂ ਤਾਂ ਧਰਮੀ-ਰੂਹ ਤੋਂ ਰਹਿਤ ਮੁਰਦਾ ਲਾਸ਼ਾਂ ਵਾਂਗ ਹੁੰਦੀਆਂ ਹਨ : ਗਿਆਨੀ ਜਾਚਕ

0
210

ਸੰਪ੍ਰਦਾਇਕਤਾ ਦੀ ਕੱਟੜਤਾ ਵਿੱਚ ਜਕੜੀਆਂ ਸੰਪ੍ਰਦਾਵਾਂ ਤਾਂ ਧਰਮੀ-ਰੂਹ ਤੋਂ ਰਹਿਤ ਮੁਰਦਾ ਲਾਸ਼ਾਂ ਵਾਂਗ ਹੁੰਦੀਆਂ ਹਨ : ਗਿਆਨੀ ਜਾਚਕ

ਨਿਊਯਾਰਕ, 28 ਮਈ (ਮਨਜੀਤ ਸਿੰਘ) ਸਿੱਖੀ ਦੇ ਚਾਨਣ-ਮੁਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਰੱਬੀ-ਭੱਟ ਮਥਰਾ ਜੀ ਦੇ ਕਥਨ “ਧ੍ਰਮ ਪੰਥੁ, ਧਰਿਓ ਧਰਨੀਧਰ ਆਪਿ ……” (ਪੰਨਾ 1404) ਦੀ ਰੌਸ਼ਨੀ ਵਿੱਚ ਦ੍ਰਿੜਤਾ ਸਹਿਤ ਐਲਾਨ ਕੀਤਾ ਜਾ ਸਕਦਾ ਹੈ ਕਿ ਸਿੱਖੀ ‘ਧਰਮ ਪੰਥ’ ਹੈ, ਸੰਪ੍ਰਦਾਇਕ ਪਗਡੰਡੀ ਨਹੀਂ । ਪਰ, ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਸਥਾਪਿਤ ਹੋਈਆਂ ਸਿੱਖ ਸੰਪ੍ਰਦਾਵਾਂ ਨੇ ਸਿੱਖੀ ਦੇ ਧਰਮ ਪੰਥਨੂੰ ਸੰਪ੍ਰਦਾਇਕ ਪਗਡੰਡੀ ਬਣਾ ਦਿੱਤਾ ਹੈ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਇੱਕ ਲਿਖਤੀ ਪ੍ਰੈਸ-ਨੋਟ ਵਿੱਚ ਕਹੇ ।

ਉਨ੍ਹਾਂ ਸਪਸ਼ਟ ਕੀਤਾ ਕਿ ਸਿੱਖੀ ਵਿੱਚ ਅਗਿਆਨਤਾ ਵੱਸ ਪੈਦਾ ਹੋਈ ਸੰਪ੍ਰਦਾਇਕਤਾ ਦਾ ਹੀ ਸਿੱਟਾ ਹੈ ਸੰਪ੍ਰਦਾਈ ਤੇ ਮਿਸ਼ਨਰੀ ਪ੍ਰਚਾਰਕਾਂ ਦੇ ਦੇਸ਼ ਵਿਦੇਸ਼ ਵਿੱਚ ਹੋਣ ਵਾਲੇ ਬਹਿਸ ਮੁਬਾਹਸੇ, ਧੜੇਬੰਦਕ ਲੜਾਈਆਂ, ਧੁੰਮੇ ਵੱਲੋਂ ਢੱਡਰੀਆਂ ਵਾਲਿਆਂ ’ਤੇ ਮਾਰੂ ਹਮਲਾ ਅਤੇ ਹਿੰਦੂ ਵੀਰਾਂ ਦੇ ਸ਼ਰਾਰਤੀ ਟੋਲੇ ‘ਸ਼ਿਵ ਸੈਨਾ’ਵਰਗਿਆਂ ਨਾਲ ਹੋਣ ਵਾਲੇ ਸੰਭਾਵੀ ਟਕਰਾਅ । ਕਿਉਂਕਿ, ਸੰਪ੍ਰਦਾਇਕਤਾ ਦੀ ਕੱਟੜਤਾ ਵਿੱਚ ਜਕੜੀਆਂ ਸੰਪ੍ਰਦਾਵਾਂ ਤਾਂ ਧਰਮੀ-ਰੂਹ ਤੋਂ ਰਹਿਤ ਉਨ੍ਹਾਂ ਮੁਰਦਾ ਲਾਸ਼ਾਂ ਵਾਂਗ ਹੁੰਦੀਆਂ ਹਨ, ਜਿਹੜੀਆਂ ਆਲੇ-ਦੁਆਲੇ ਨੂੰ ਦੁਰਗੰਧਤ ਕਰਕੇ ਉਪਰੋਕਤ ਕਿਸਮ ਦੀਆਂ ਬੀਮਾਰੀਆਂ ਨੂੰ ਜਨਮ ਦਿੰਦੀਆਂ ਹਨ । ਅਜਿਹੀ ਹਾਲਤ ਵਿੱਚ ਧਰਮ ਨੂੰ ਬਚਾਉਣ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸੰਪਰਦਾਈ ਲਾਸ਼ਾਂ ਨੂੰ ਕਿਨਾਰੇ ਲਾਉਣ ਦਾ ਕੋਈ ਬਾਨ੍ਹਣੂ ਬੰਨ੍ਹਿਆਂ ਜਾਏ । ਇਸ ਵੇਲੇ ਸ਼ੀਘਰ ਲੋੜ ਹੈ ਕਿ ਮਾਨਵ-ਹਿਤਕਾਰੀ ਦਾਨੇ ਗੁਰਸਿੱਖ ਮਿਲ ਬੈਠਣ ਤੇ ਧੜੇਬੰਦਕ ਰਾਜਨੀਤੀ ਤੋਂ ਉੱਚਾ ਉੱਠ ਕੇ ਉਪਰੋਕਤ ਟਕਰਾਵਾਂ ਤੋਂ ਬਚਣ ਦਾ ਕੋਈ ਪੱਕਾ ਹੱਲ ਲੱਭਣ । ਕਿਉਂਕਿ, ਅਜਿਹਾ ਟਕਰਾਅ ਮਨੁੱਖੀ ਭਾਈਚਾਰੇ ਦੇ ਸਰਬ-ਪੱਖੀ ਵਿਕਾਸ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤਿਅੰਤ ਹਾਨੀਕਾਰਕ ਹੈ ।

ਗਿਆਨੀ ਜਾਚਕ ਹੁਰਾਂ ਦੱਸਿਆ ਕਿ ਪਿੱਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਨੇ ਨਿੱਜੀ ਤੌਰ ’ਤੇ ਇਸ ਪੱਖੋਂ ਬਹੁਤ ਯਤਨ ਕੀਤੇ ਹਨ ਅਤੇ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਜੇਕਰ ਪੰਥ ਦੇ ਧਾਰਮਿਕ ਤੇ ਰਾਜਨੀਤਕ ਖੇਤਰ ਦੀ ਬੁੱਢੀ ਲੀਡਰਸ਼ਿਪ ਨੂੰ ਆਦਰ ਸਹਿਤ ਹੱਥ ਜੋੜ ਕੇ ਘਰਾਂ ਵਿੱਚ ਬੈਠਾ ਦਿੱਤਾ ਜਾਵੇ ਤਾਂ ਬਾਕੀ ਦੇ ਪੰਥਕ ਆਗੂਆਂ ਲਈ ਮਿਲ ਬੈਠਣਾ ਕੋਈ ਵਧੇਰੇ ਮੁਸ਼ਕਲ ਨਹੀਂ ਹੈ । ਕਿਉਂਕਿ, ਉਪਰੋਕਤ ਕਿਸਮ ਦੇ ਮਸਲਿਆਂ ਦਾ ਇੱਕੋ-ਇੱਕ ਹਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਸਿੱਖ ਰਹਿਤ ਮਰਯਾਦਾ ਦੀ ਪੁਨਰ ਸੰਪਾਦਨਾ ਕਰਕੇ ਕੌਮੀ ਇਕਸਾਰਤਾ ਕਾਇਮ ਕੀਤੇ ਜਾਵੇ । ਇਸ ਮੌਕੇ ਤਾਂ ਦਾਸਰੇ ਦਾ ਇੱਕੋ ਤਰਲਾ ਹੈ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ; ਗੁਰਮੁਖਿ ਬੈਸਹੁ ਸਫਾ ਵਿਛਾਇ ॥” {ਗੁਰੂ ਗ੍ਰੰਥ ਸਾਹਿਬ – ਪੰਨਾ 1185}