ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕਰਵਾਉਣ ਪਿੱਛੇ ‘ਧੁੰਮਾ’ ਦੀ ਸਾਜ਼ਸ਼ ਨਾਕਾਮ ਹੋਣ ਕਾਰਨ ‘ਦਮਦਮੀ ਟਕਸਾਲ’ ਤੇ ‘ਸਰਕਾਰੀ ਜਾਂਚ’ ਸ਼ੱਕ ਦੇ ਘੇਰੇ ’ਚ।

0
303

ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕਰਵਾਉਣ ਪਿੱਛੇ ‘ਧੁੰਮਾ’ ਦੀ ਸਾਜ਼ਸ਼ ਨਾਕਾਮ ਹੋਣ ਕਾਰਨ ‘ਦਮਦਮੀ ਟਕਸਾਲ’ ਤੇ ‘ਸਰਕਾਰੀ ਜਾਂਚ’ ਸ਼ੱਕ ਦੇ ਘੇਰੇ ’ਚ।

ਕਿਰਪਾਲ ਸਿੰਘ (ਬਠਿੰਡਾ)-9855480797

ਕ੍ਰੋਧ ਹੰਕਾਰ ਅਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਕੁਝ ਵਿਅਕਤੀਆਂ ਨੇ 17 ਮਈ ਨੂੰ ਕੋਕ/ਫਰੂਟੀਆਂ ਦੀ ਛਬੀਲ ਲਾਉਣ ਦੀ ਆੜ ਵਿੱਚ ਨੀਚਤਾ ਭਰੇ ਜਿਸ ਢੰਗ ਨਾਲ ਸਿੱਖ ਪੰਥ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਜਾਨਲੇਵਾ ਹਮਲਾ ਕੀਤਾ; ਇਨ੍ਹਾਂ ਨੇ ਸਿਰਫ ਭਾਈ ਰਣਜੀਤ ਸਿੰਘ ’ਤੇ ਹੀ ਹਮਲਾ ਨਹੀਂ ਕੀਤਾ ਸਗੋਂ ਲੰਗਰਾਂ/ਛਬੀਲਾਂ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਵਾਲੀ ਸਿੱਖ ਪੰਥ ਦੀ ਲੰਗਰ ਪ੍ਰਥਾ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ, ਵੀਚਾਰਾਂ ਦੀ ਅਜ਼ਾਦੀ ’ਤੇ ਹਮਲਾ ਕਰਨ ਦੇ ਨਾਲ ਸਗੋਂ ਸਿੱਖੀ ਬਾਣੇ ਨੂੰ ਕਲੰਕਤ ਕਰਨ ਤੋਂ ਇਲਾਵਾ ਪੰਥ ’ਚ ਸਤਿਕਾਰਤ ਮੰਨੀ ਜਾ ਰਹੀ ਟਕਸਾਲ ਦੀ ਪੱਗ ਨੂੰ ਵੀ ਬਹੁਤ ਵੱਡਾ ਦਾਗ਼ ਲਾ ਦਿੱਤਾ ਹੈ। ਇਸ ਦਾਗ਼ ਦੇ ਨਿਸ਼ਾਨ ਬੀਤੇ ਦਿਨ ਪੰਜ ਛੇ ਘੰਟੇ ਦੇ ਸਫਰ ਵਿੱਚ ਉਸ ਸਮੇਂ ਵੇਖਣ ਨੂੰ ਮਿਲੇ ਜਦੋਂ ਅੱਤ ਦੀ ਗਰਮੀ ਵਿੱਚ ਪਾਣੀ ਦੀ ਪਿਆਸੀ ਕੋਈ ਸਵਾਰੀ ਡਰਾਈਵਰ ਨੂੰ ਕਹਿੰਦੀ ਹੈ ਕਿ ਜੇ ਕਿਧਰੇ ਪਾਣੀ ਦੀ ਛਬੀਲ ਆਵੇ ਤਾਂ ਗੱਡੀ ਰੋਕ ਲੈਣਾ ਪਾਣੀ ਦੀ ਪਿਆਸ ਹੀ ਬੁਝਾ ਲਵਾਂਗੇ। ਇਹ ਸੁਣਦਿਆਂ ਸਾਰ ਦੂਸਰੀ ਸਵਾਰੀ ਬੋਲ ਪੈਂਦੀ ਰੋਕਣ ਤੋਂ ਪਹਿਲਾਂ ਵੇਖ ਲੈਣਾ ਕਦੀ ਟਕਸਾਲੀਆਂ ਦੀ ਛਬੀਲ ਨਾ ਹੋਵੇ, ਤੀਸਰੀ ਸਵਾਰੀ ਬੋਲ ਪੈਂਦੀ ਇਹ ਵੀ ਵੇਖ ਲੈਣਾ ਕਿ ਛਬੀਲ ਦੇ ਨੇੜੇ ਤੇੜੇ ਕੋਈ ਨਿਹੰਗ ਜਾਂ ਦੁਮਾਲੇ ਵਾਲਾ ਸਿੱਖ ਨਾ ਹੋਵੇ। ਵੇਖਣ ਨੂੰ ਇਹ ਭਾਵੇਂ ਚੁਟਕਲੇ ਲਗਦੇ ਹੋਣ ਪਰ ਇਹ ਅਜਿਹੇ ਚੁਟਕਲਿਆਂ ਰਾਹੀਂ ਹੀ ਤਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਂਦਾ ਹੈ ਜਿਸ ਦਾ ਮੇਰੇ ਸਮੇਤ ਸਾਰੇ ਸਿੱਖ ਹਮੇਸ਼ਾਂ ਵਿਰੋਧ ਕਰਦੇ ਰਹਿੰਦੇ ਹਨ ਅਤੇ ਸਿੱਖ ਹੋਣ ਦੇ ਨਾਤੇ ਕਰਨਾ ਵੀ ਚਾਹੀਦਾ ਹੈ ਪਰ ਇਹ ਚੁਟਲਕੇ ਸੁਣਾਉਣ ਵਾਲੇ ਵੀ ਤਾਂ ਗਲਤ ਨਹੀਂ ਹਨ। ਕੀ ਛਬੀਲ ਦੀ ਆੜ ਵਿੱਚ ਭਾਈ ਰਣਜੀਤ ਸਿੰਘ ’ਤੇ ਜਾਨਲੇਵਾ ਹਮਲਾਵਰਾਂ ਨੇੇ ਚਾਰ ਭੈਣਾਂ ਦੇ ਇਕਲੌਤੇ ਭਰਾ, ਇੱਕ ਨੌਜਵਾਨ ਪਤਨੀ ਦੇ 37 ਸਾਲਾ ਪਤੀ, ਦੋ ਮਸੂਮ ਬੱਚਿਆਂ ਦੇ ਪਿਤਾ, ਬਜੁਰਗ ਮਾਪਿਆਂ ਦੇ ਬੁਢੇਪੇ ਦਾ ਸਹਾਰਾ ਜੋ ਗੁਰਮਤਿ ਦੇ ਪ੍ਰਚਾਰ ਲਈ ਰਾਤ ਦਾ ਦੀਵਾਨ ਲਾਉਣ ਜਾ ਰਹੇ ਭਾਈ ਰਣਜੀਤ ਸਿੰਘ ਨਾਲ ਸਫਰ ਕਰ ਰਹੇ ਸਿੱਖ ਪ੍ਰਚਾਰਕ ਭਾਈ ਭੂਪਿੰਦਰ ਸਿੰਘ ਨੂੰ ਕਤਲ ਕਰਨ ਦੇ ਦੋਸ਼ ਅਧੀਨ ਫੜੇ ਗਏ 8 ਵਿਅਕਤੀਆਂ ਦੀ ਸੂਚੀ ਜਾਰੀ ਕਰਨ ਵਾਲੇ ਵੇਰਵਿਆਂ ਮੁਤਾਬਿਕ 5 ਵਿਅਕਤੀ ਸਿੱਧੇ ਤੌਰ ’ਤੇ ਦਮਦਮੀ ਟਕਸਾਲ ਚੌਕ ਮਹਿਤਾ ਨਾਲ ਸਬੰਧਤ ਨਹੀਂ ਹਨ ? ਕੀ ਛਬੀਲ ’ਤੇ ਸੇਵਾ ਨਿਭਾ ਰਹੇ ਕੁਝ ਕੁ ਨਿਹੰਗ ਬਾਣੇ ਵਿੱਚ ਨਹੀਂ ਸਨ ? ਕੀ ਕਈਆਂ ਨੇ ਦੁਮਾਲੇ ਨਹੀਂ ਸਜਾਏ ਹੋਏ ਸਨ ? ਕੀ ਹਮਲੇ ਦੌਰਾਨ ਵਰਤੀਆਂ ਗੱਡੀਆਂ ਵਿੱਚ ਦੋ ਦੀ ਰਜਿਸਟ੍ਰੇਸ਼ਨ ਹਰਨਾਮ ਸਿੰਘ ਧੁੰਮਾ ਚੌਕ ਮਹਿਤਾ ਦੇ ਨਾਮ ਨਹੀਂ ਹੈ ? ਕੀ ਇੱਕ ਗੱਡੀ ਉੱਤੇ ‘ਕਾਰ ਸੇਵਾ’ ਨਹੀਂ ਲਿਖਿਆ ਹੋਇਆ ? ਇਨ੍ਹਾਂ ਸਾਰੇ ਵੇਰਵਿਆਂ ਨੂੰ ਵੇਖਦਿਆਂ ਕੀ ਕੋਈ ਛੱਕ ਰਹਿ ਜਾਂਦਾ ਹੈ ਕਿ ਇਸ ਹਮਲੇ ਦਾ ਮੁਖ ਸਾਜ਼ਸ਼ਕਾਰ ਪੰਥ ਵਿੱਚ ਵਿਸ਼ੇਸ਼ ਸਤਿਕਾਰ ਦਾ ਪਾਤਰ ਬਣੀ ਟਕਸਾਲ ਦਾ ਮੁਖੀ ਹੀ ਹੈ।

ਸ਼ੱਕ ਦੀ ਸੂਈ ਟਕਸਾਲ ਦੇ ਮੁਖੀ ਵੱਲ ਘੁੰਮਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਪਿਛਲੇ ਸਮੇਂ ਹਰਨਾਮ ਸਿੰਘ ਧੁੰਮਾ ਨੇ ਇੱਕ ਵੀਡੀਓ ਜਾਰੀ ਕਰਕੇ ਭਾਈ ਢੱਡਰੀਆਂ ਵਾਲੇ ਦੀ ਪੱਗ ਦੇ ਰੰਗ ਬਦਲਣ ਅਤੇ ਟਕਸਾਲੀ ਗੋਲ ਪੱਗ ਬੰਨ੍ਹਣ ਦੀ ਥਾਂ ਮਿਸ਼ਨਰੀਆਂ ਵਾਲੀ ਨੋਕਦਾਰ ਪੱਗ ਬੰਨ੍ਹਣ ’ਤੇ ਬਿਨਾਂ ਮਤਲਬ ਦੀਆਂ ਟਿੱਪਣੀਆਂ ਕਰਕੇ ਆਪਣੇ ਮਨ ਦੀ ਭੜਾਸ ਕੱਢੀ ਸੀ। ਇੱਕ ਭਰਵੇਂ ਦੀਵਾਨ ਵਿੱਚ ਧੁੰਮੇ ਵੱਲੋਂ ਉਠਾਏ ਇਨ੍ਹਾਂ ਇਤਰਾਜਾਂ ਦਾ ਜਵਾਬ ਦਿੰਦਿਆਂ ਭਾਈ ਢੱਡਰੀਆਂ ਵਾਲੇ ਨੇ ਟਕਸਾਲ ਲਈ ਤਾਂ ਸਤਿਕਾਰਤ ਸ਼ਬਦ ਹੀ ਵਰਤੇ ਪਰ ਧੁੰਮੇ ਦਾ ਨਾਮ ਲੈ ਕੇ ਅਤੇ ‘ਸਰਕਾਰੀ ਸੰਤ’ ਕਹਿ ਕੇ ਸਖਤ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਪੱਗ ਦੇ ਰੰਗ ਜਾਂ ਬੰਧੇਜ ਬਦਲਣ ਨਾਲ ਤਾਂ ਪੱਗ ਦੀ ਲਾਜ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਪੱਗ ਨੂੰ ਹਾਲੀ ਤੱਕ ਕੋਈ ਦਾਗ਼ ਨਹੀਂ ਲੱਗਿਆ ਪਰ ਜੇ ਕੋਈ ਮੇਰੀ ਪੱਗ ’ਤੇ ਲੱਗੇ ਦਾਗ਼ ਦਾ ਸਬੂਤ ਦੇ ਦੇਵੇ ਤਾਂ ਮੈਂ ਇਸ ਸੰਗਤ ਦੇ ਭਰਵੇਂ ਇਕੱਠ ਵਿੱਚ ਐਲਾਨ ਕਰਦਾ ਹਾਂ ਕਿ ਮੇਰੀ ਪੱਗ ’ਤੇ ਲਗਿਆ ਦਾਗ਼ ਸਾਬਤ ਕਰਨ ਵਾਲੇ ਨੂੰ ਹੱਕ ਹੈ ਕਿ ਉਹ ਭਰੀ ਸੰਗਤ ਵਿੱਚ ਮੈਨੂੰ ਗੋਲ਼ੀ ਮਾਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਧੇ ਤੌਰ ’ਤੇ ਧੁੰਮੇ ਨੂੰ ਸੰਬੋਧਨ ਹੁੰਦੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਮੈਂ ਸਤਿਕਾਰ ਕਰਦਾ ਹਾਂ ਉਨ੍ਹਾਂ ਦੀ ਪੱਗ ਬੇਦਾਗ਼ ਸੀ ਪਰ ਚੇਤੇ ਰੱਖ ਅੱਜ ਸੰਤ ਜਰਨੈਲ ਸਿੰਘ ਵਾਲੀ ਪੱਗ ਤੇਰੇ ਸਿਰ ’ਤੇ ਹੈ ਇਸ ਪੱਗ ਦੀ ਜਿੰਮੇਵਾਰੀ ਨਿਭਾ ਪਰ ਪ੍ਰਚਾਰ ਕਰਨ ਦੀ ਥਾਂ ਜਮੀਨਾਂ ਅਤੇ ਗੁਰਦੁਆਰਿਆਂ ’ਤੇ ਕਬਜ਼ੇ ਕਰਨ ਦੀ ਨੀਅਤ ਨਾਲ ਸਰਕਾਰੀ ਸੰਤ ਬਣ ਕੇ ਸਰਕਾਰ ਦੀ ਚਮਚਾਗਿਰੀ ਕਰ ਕੇ ਇਸ ਜਿੰਮੇਵਾਰੀ ਵਾਲੀ ਪੱਗ ਨੂੰ ਦਾਗ਼ ਨਾ ਲਾ। ਇਸ ਦੇ ਨਾਲ ਹੀ ਬਹਿਬਲ ਕਾਂਡ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਦੀ ਵੀ ਚੰਗੀ ਖਿਚਾਈ ਕੀਤੀ ਸੀ। ਭਾਈ ਢੱਡਰੀਆਂ ਵਾਲੇ ਦੁਆਰਾ ਜਨਤਕ ਤੌਰ ’ਤੇ ਦਿੱਤੇ ਇਸ ਜਵਾਬ ਨੇ ਧੁੰਮੇ ਦੇ ਸਿਖਰਾਂ ’ਤੇ ਚੜ੍ਹੇ ਹੰਕਾਰ ਨੂੰ ਚਕਨਾਚੂਰ ਕਰ ਦਿੱਤਾ ਅਤੇ ਉਸ ਵਿੱਚ ਈਰਖਾ ਦੀ ਅੱਗ ਲੱਟ ਲੱਟ ਕਰਕੇ ਬਲਣ ਲੱਗੀ। ਗੁਰੂ ਸਾਹਿਬ ਜੀ ਦੇ ਇਹ ਬਚਨ ਉਸ ’ਤੇ ਪੂਰੀ ਤਰ੍ਹਾਂ ਸਹੀ ਢੁਕਦੇ ਹਨ: ‘‘ਜਿਨਾ ਅੰਦਰਿ ਕੂੜੁ ਵਰਤੈ, ਸਚੁ ਨ ਭਾਵਈ ।। ਜੇ ਕੋ ਬੋਲੈ ਸਚੁ, ਕੂੜਾ ਜਲਿ ਜਾਵਈ ।। ਕੂੜਿਆਰੀ ਰਜੈ ਕੂੜਿ, ਜਿਉ ਵਿਸਟਾ ਕਾਗੁ ਖਾਵਈ ।।’’ (੬੪੬) ਇਸ ਲਈ ਭਾਈ ਢੱਡਰੀਆਂ ਵਾਲੇ ਦੀ ਆਵਾਜ਼ ਸਦਾ ਲਈ ਬੰਦ ਕਰਨ ਦੀ ਸਾਜਿਸ਼ ਘੜੀ ਗਈ, ਜਾਪਦੀ ਹੈ, ਜੋ ਛਬੀਲ ਦਾ ਸਹਾਰਾ ਲੈ ਕੇ 17 ਮਈ ਨੂੰ ਸਿਰੇ ਚਾੜ੍ਹਨ ਦਾ ਯਤਨ ਕੀਤਾ। ਭਾਵੇਂ ਕਿ ਸਾਜਿਸ਼ ਘੜਨ ਵਾਲੇ ਦੀ ਰਚੀ ਸਾਜਿਸ਼ ਮੁਤਾਬਿਕ ਹਮਲੇ ਦੀ ਯੋਜਨਾ ਬਹੁਤ ਹੀ ਕਮਾਲ ਦੀ ਸੀ ਅਤੇ ਹਮਲਾ ਵੀ ਬਹੁਤ ਭਿਆਨਕ ਸੀ ਪਰ ਗੁਰੂ ਸਾਹਿਬ ਦੇ ਬਚਨ ਮੁਤਾਬਿਕ: ‘‘ਜਿਸ ਦਾ ਸਾਹਿਬੁ, ਡਾਢਾ ਹੋਇ ।। ਤਿਸ ਨੋ, ਮਾਰਿ ਨ ਸਾਕੈ ਕੋਇ ।। ਸਾਹਿਬ ਕੀ, ਸੇਵਕੁ ਰਹੈ ਸਰਣਾਈ ।। ਆਪੇ ਬਖਸੇ, ਦੇ ਵਡਿਆਈ ।। ਤਿਸ ਤੇ ਊਪਰਿ, ਨਾਹੀ ਕੋਇ ।। ਕਉਣੁ ਡਰੈ, ਡਰੁ ਕਿਸ ਕਾ ਹੋਇ  ?।।’’ (੮੪੨), ‘‘ਜਿਸ ਕਾ ਸਾਸੁ, ਨ ਕਾਢਤ ਆਪਿ ।। ਤਾ ਕਉ ਰਾਖਤ, ਦੇ ਕਰਿ ਹਾਥ ।। ਮਾਨਸ ਜਤਨ ਕਰਤ, ਬਹੁ ਭਾਤਿ ।। ਤਿਸ ਕੇ ਕਰਤਬ, ਬਿਰਥੇ ਜਾਤਿ ।। ਮਾਰੈ ਨ ਰਾਖੈ, ਅਵਰੁ ਨ ਕੋਇ ।। ਸਰਬ ਜੀਆ ਕਾ ਰਾਖਾ ਸੋਇ ।।’’ (੨੮੬)

ਇਸ ਭਿਆਨਕ ਹਮਲੇ ਵਿੱਚ ਗੁਰੂ ਦੀ ਕ੍ਰਿਪਾ ਨਾਲ ਭਾਈ ਢੱਡਰੀਆਂ ਵਾਲੇ ਦਾ ਤਾਂ ਵਾਲ ਵਿੰਗਾ ਨਾ ਹੋਇਆ। ਸ਼ਾਇਦ ਉਨ੍ਹਾਂ ਤੋਂ ਗੁਰੂ ਸਾਹਿਬ ਜੀ ਨੇ ਗੁਰਮਤਿ ਪ੍ਰਚਾਰ ਦਾ ਹੋਰ ਕੰਮ ਲੈਣਾ ਸੀ ਪਰ ਦੁਖਦਾਈ ਖ਼ਬਰ ਇਹ ਹੈ ਕਿ ਉਨ੍ਹਾਂ ਦਾ ਨੇੜਲਾ ਸਾਥੀ ਭਾਈ ਭੂਪਿੰਦਰ ਸਿੰਘ ਗੁਰੂ ਚਰਨਾਂ ਵਿੱਚ ਜਾ ਨਿਵਾਜ਼ੇ। ਸ਼ਾਇਦ ਇਹ ਵੀ ਗੁਰੂ ਅਤੇ ਅਕਾਲ ਪੁਰਖ ਨੂੰ ਭਾਉਂਦਾ ਸੀ ਕਿਉਂਕਿ ਜੇ ਉਹ ਸ਼ਹੀਦੀ ਨਾ ਪਾਉਂਦੇ ਤਾਂ ਸ਼ਾਇਦ ਸਾਜ਼ਸ਼ਕਾਰ ਇਤਨੀ ਜਲਦੀ ਬੇਪਰਦ ਨਾ ਹੁੰਦਾ ਅਤੇ ਪੜਤਾਲੀਆ ਏਜੰਸੀਆਂ ਨੇ ਲੁੱਟ ਖੋਹ ਦਾ ਹਲਕਾ ਜਿਹਾ ਕੇਸ ਬਣਾ ਕੇ ਅਸਲ ਦੋਸ਼ੀਆਂ ’ਤੇ ਪਰਦਾ ਪਾ ਦੇਣਾ ਸੀ ਤੇ ਸੰਤ ਲਿਬਾਸ ’ਚ ਛੁਪੇ ਬੈਠੇ ਬਨਾਰਸ ਦੇ ਠੱਗ, ਸੰਗਤਾਂ ਸਾਹਮਣੇ ਕਦੇ ਨਾ ਨੰਗੇ ਹੁੰਦੇ, ਜਿਵੇਂ ਕਿ ਭਗਤ ਕਬੀਰ ਜੀ ਸੰਕੇਤ ਦੇ ਰਹੇ ਹਨ: ‘‘ਤਬ ਜਾਨਹੁਗੇ, ਜਬ ਉਘਰੈਗੋ ਪਾਜ ।।’’ (ਭਗਤ ਕਬੀਰ/੩੨੪)

ਮੌਤ ਦੇ ਮੂੰਹ ਵਿੱਚੋਂ ਬਚੇ ਭਾਈ ਢੱਡਰੀਆਂ ਵਾਲੇ ਜਿੱਥੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ ਉੱਥੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਦ੍ਰਿੜ ਹਨ। ਇਸ ਦੇ ਨਾਲ ਹੀ ਭਰਾ ਮਾਰੂ ਜੰਗ ਨੂੰ ਹਰ ਹੀਲੇ ਟਾਲਣ ਦੇ ਵੀ ਭਰਪੂਰ ਯਤਨ ਕਰਦੇ ਹੋਏ ਆਪਣੇ ਸਮਰਥਕਾਂ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਬਿਲਕੁਲ ਸ਼ਾਂਤ ਰਹਿਣ ਦੀਆਂ ਅਪੀਲਾਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੜਤਾਲ ਕਰਨ ਵਾਲੀ ਪੁਲਿਸ ਨੇ ਉਨ੍ਹਾਂ ਨੂੰ ਅਸਲ ਸਾਜ਼ਸ਼ਕਾਰ ਦਾ ਨਾਮ ਦੱਸ ਦਿੱਤਾ (ਜਿਸ ਦਾ ਪਹਿਲਾਂ ਹੀ ਕੋਈ ਸ਼ੱਕ ਨਹੀਂ ਹੈ) ਪਰ ਇਹ ਬੇਨਤੀ ਵੀ ਕੀਤੀ ਹੈ ਕਿ ਹਾਲੀ ਪੁਲਿਸ ਨੂੰ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਪੂਰੇ ਦਸਤਾਵੇਜ਼ ਇਕੱਤ੍ਰ ਕਰਨ ਉਪਰੰਤ ਹੀ ਅਸਲ ਦੋਸ਼ੀਆਂ ਅਤੇ ਸਾਜ਼ਸ਼ਕਾਰ ਦਾ ਨਾਮ ਨਸ਼ਰ ਕਰਨਗੇ। ਪ੍ਰੈੱਸ ਨੂੰ ਦਿੱਤੀ ਇੰਟਰਵਿਊ ਵਿੱਚ ਭਾਈ ਢੱਡਰੀਆਂ ਵਾਲੇ ਇਹ ਕਹਿੰਦੇ ਵੀ ਸੁਣੇ ਗਏ ਕਿ ਪੁਲਿਸ ਨੇ ਉਨ੍ਹਾਂ ’ਤੇ ਹਮਲੇ ਦੀ ਸਾਜ਼ਸ਼ ਘੜਨ ਵਾਲੇ ਦਾ ਨਾਮ ਦੱਸ ਦਿੱਤਾ ਹੈ ਪਰ ਪੜਤਾਲ ਪੂਰੀ ਕਰਨ ਤੱਕ ਇਸੇ ਨਸ਼ਰ ਨਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਉਹ ਖ਼ੁਦ ਵੀ ਕਿਸੇ ਦਾ ਨਾਮ ਲੈ ਕੇ ਭਰਾ ਮਾਰੂ ਜੰਗ ਦਾ ਮੁੱਢ ਨਹੀਂ ਬੰਨਣਾ ਚਾਹੁੰਦੇ ਪਰ ਮੰਗ ਕਰਦੇ ਹਨ ਕਿ ਸਰਕਾਰ ਜਾਂ ਪੁਲਿਸ ਖ਼ੁਦ ਸਾਜ਼ਸ਼ਕਾਰ ਦਾ ਨਾਮ ਲੈ ਕੇ ਉਸ ਵਿਰੁੱਧ ਐੱਫ. ਆਈ. ਆਰ. ਦਰਜ ਕਰਕੇ ਉਚਿਤ ਕਾਰਵਾਈ ਕਰੇ। ਉਨ੍ਹਾਂ ਆਪਣੇ ਸਮੱਰਥਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਦਾ ਨਾਂ ਨਾ ਲੈਣ; ਪੁਲਿਸ ਕੋਲ ਬਹੁਤ ਸਾਰੇ ਸਬੂਤ ਆ ਚੁੱਕੇ ਹਨ, ਉਨ੍ਹਾਂ ਨੂੰ ਕੁੱਝ ਸਮਾਂ ਦੇਣ ਦੀ ਜ਼ਰੂਰਤ ਹੈ ਪਰ ਜੇ ਸਰਕਾਰ ਭਾਈ ਭੁਪਿੰਦਰ ਸਿੰਘ ਦੇ ਭੋਗ ਤੱਕ ਢੁਕਵੀਂ ਕਾਰਵਾਈ ਨਹੀਂ ਕਰਦੀ ਤਾਂ ਸਾਰੇ ਪ੍ਰਚਾਰਕਾਂ ਅਤੇ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਕੋਈ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ਤੇ ਉਹ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੋਵੇਗਾ ਕੋਈ ਹੁਲੜਬਾਜੀ, ਟ੍ਰੈਫਿਕ ਵਿੱਚ ਰੋਕ ਜਾਂ ਪੰਜਾਬ ਬੰਦ ਵਰਗੀ ਕੋਈ ਕਾਰਵਾਈ ਕਰਨ ਦੀ ਜ਼ਰੂਰ ਨਹੀਂ।

ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਤਸੱਲੀਬਖ਼ਸ਼ ਕਾਰਵਾਈ ਨਾ ਹੁੰਦੀ ਵੇਖ ਕੇ ਆਖਰ ਸਵਰਗੀ ਭਾਈ ਭੁਪਿੰਦਰ ਸਿੰਘ ਦੇ ਭੋਗ ਵਾਲੇ ਦਿਨ 26 ਮਈ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵਾਅਦੇ ਅਨੁਸਾਰ ਬਿਲਕੁਲ ਸ਼ਾਂਤਮਈ ਅਤੇ ਸੁਲਝੇ ਹੋਏ ਢੰਗ ਦਾ ਪ੍ਰੋਗਰਾਮ ਦਿੱਤਾ ਜਿਸ ਅਨੁਸਾਰ (1) 30 ਮਈ ਨੂੰ ਹਰ ਜ਼ਿਲ੍ਹੇ ਦੀ ਸੰਗਤ ਬਿਲਕੁਲ ਸ਼ਾਂਤ ਰਹਿ ਕੇ ਆਪਣੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸਮੁਚੇ ਕੇਸ ਦੀ ਸੀਬੀਆਈ ਪੜਤਾਲ ਦੀ ਮੰਗ ਕਰੇਗੀ। (2) ਇੱਕ ਸਾਲ ਤੱਕ ਹਰ ਮਹੀਨੇ ਪੰਜਾਬ ਦੇ ਕਿਸੇ ਇੱਕ ਜ਼ਿਲ੍ਹੇ ਵਿੱਚ ਸ਼ਹੀਦ ਭਾਈ ਭੂਪਿੰਦਰ ਸਿੰਘ ਦੀ ਯਾਦ ਵਿੱਚ ਦੋ ਦਿਨਾਂ ਸਮਾਗਮ ਕਰਵਾਏ ਜਾਣਗੇ ਜਿਸ ਦੌਰਾਨ ਹਮਮਲਾਵਰਾਂ ਵੱਲੋਂ ਕੌਮ ਨੂੰ ਭਰਾ ਮਾਰੂ ਜੰਗ ਵੱਲ ਧੱਕਣ ਦੀ ਕੋਸ਼ਿਸ਼ ਅਤੇ ਕਾਰਨਾਂ ਦਾ ਵਿਸ਼ਲੇਸ਼ਣ ਕਰਕੇ ਸੰਗਤ ਨੂੰ ਜਾਣੂ ਕਰਵਾਇਆ ਜਾਇਆ ਕਰੇਗਾ। (3) ਸਿਰਸਾ ਕੇਸ ਵਿੱਚ ਪੰਥ ਵੱਲੋਂ ਨਕਾਰੇ ਗਏ ਜਥੇਦਾਰਾਂ ਵੱਲੋਂ ਵਿਚੋਲਗੀ ਨੂੰ ਸਿਰੇ ਤੋਂ ਰੱਦ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵਿਚੋਲਗੀ ਦੀ ਪੇਸ਼ਕਸ਼ ਕਰ ਰਹੀਆਂ ਸਖ਼ਸ਼ੀਅਤਾਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਅਤੇ ਹਮਲਾਵਰ ਧਿਰ ਨੂੰ ਇੱਕ ਸਮਾਨ ਸੰਬੋਧਨ ਕਰਨ ਦੀ ਥਾਂ ਇਹ ਨਿਖੇੜਾ ਜਰੂਰ ਕਰਨ ਕਿ ਝਗੜੇ ਦਾ ਮੁੱਢ ਕਿਸ ਨੇ ਬੰਨ੍ਹਿਆਂ, ਨਿਹੱਤੇ ਪ੍ਰਚਾਰਕ ’ਤੇ ਛਬੀਲ ਦੀ ਆੜ ਵਿੱਚ ਹਮਲਾ ਕਰਕੇ ਸਿੱਖ ਭਰਾ ਨੂੰ ਕਤਲ ਕਿਸ ਨੇ ਕੀਤਾ, ਧਮਕੀਆਂ ਕੌਣ ਦੇ ਰਿਹਾ ਹੈ, ਕਾਤਲਾਂ ਦੀ ਨਿੰਦਾ ਕਰਨ ਦੀ ਥਾਂ ਉਨ੍ਹਾਂ ’ਤੇ ਫੁੱਲ ਵਰਸਾ ਕੇ ਸਨਮਾਨਤ ਕਿਹੜੀ ਜਥੇਬੰਦੀ ਕਰ ਰਹੀ ਹੈ ? ਅਤੇ ਪੀੜਤ ਹੋਣ ਦੇ ਬਾਵਜੂਦ ਸ਼ਾਂਤਮਈ ਰਹਿਣ ਅਤੇ ਭਰਾਮਾਰੂ ਜੰਗ ਤੋਂ ਬਚਣ ਦੀਆਂ ਅਪੀਲਾਂ ਕੌਣ ਕਰ ਰਿਹਾ ਹੈ ?

ਉਪਰੋਕਤ ਹਲਾਤਾਂ ਨੂੰ ਵੇਖਦੇ ਹੋਏ ਇੱਕ ਪੰਥਕ ਅਖਵਾਉਣ ਵਾਲੀ ਜਥੇਬੰਦੀ ਵੱਲੋਂ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰ ਰਹੀ ਦੂਸਰੀ ਪੰਥਕ ਜਥੇਬੰਦੀ ਪ੍ਰਤੀ ਨਿਭਾਇਆ ਗਿਆ ਰੋਲ ‘ਗੁਰਮਤਿ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਹੀ ਨੁਕਸਾਨਦੇਹ ਤੇ ਨਿੰਦਣਜੋਗ ਹੈ, ਇਸ ਲਈ ‘ਗੁਰਮਤਿ’ ਦੇ ਸਿਧਾਂਤਕ ਵਿਰੋਧਾਭਾਸ ਕਾਰਨ ਉਪਜੀ ਈਰਖਾ, ਜੋ ਕਿ ਕਿਸੇ ਵੀ ਕੌਮ ਨੂੰ ਬਦਨਾਮ ਕਰਨ ਦਾ ਕਾਰਨ ਬਣਦੀ ਹੈ, ਦੇ ਹਰ ਪਹਿਲੂ ਨੂੰ ਵਿਚਾਰਨਾ ਤੇ ਇਸ ਦਾ ਢੁਕਵਾਂ ਹੱਲ ਲੱਭਣ ਲਈ ਆਪਣੇ ਆਪਣੇ ਸੁਝਾਵ ਹਰ ਸਿੱਖ ਅਤੇ ਇਸਾਨੀਅਤ ਨੂੰ ਪਿਆਰ ਕਰਨ ਵਾਲੇ ਵਿਅਕਤੀ ਤੇ ਸੰਸਥਾਵਾਂ ਨੂੰ ਜ਼ਰੂਰ ਸਮਾਜ ਸਾਹਮਣੇ ਰੱਖਣੇ ਚਾਹੀਦੇ ਹਨ; ਮੇਰੀ ਨਜ਼ਰ ’ਚ ਕੁੱਝ ਕੁ ਕਾਰਨ ਇਹ ਹੋ ਸਕਦੇ ਹਨ:

(1). ਇਸ ਘਿਨਾਉਣੀ ਕਾਰਵਾਈ ਨੂੰ ਅੰਜਾਮ ਦੇਣ ਦਾ ਮੂਲ ਕਾਰਨ ਭਾਈ ਰਣਜੀਤ ਸਿੰਘ ਜੀ ਦੁਆਰਾ ਕੀਤਾ ਜਾਂਦਾ ਸਿੱਖ ਰਹਿਤ ਮਰਿਆਦਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਹੈ, ਜੋ ਕਿ ਟਕਸਾਲ ਸਮੇਤ ਸਮੁੱਚੇ ਡੇਰੇਦਾਰਾਂ ਨੂੰ ਮਾਫ਼ਕ ਨਹੀਂ। ਇਹ ਦਲੀਲ ਕਿ ਭਾਈ ਢੱਡਰੀਆ ਵਾਲੇ ਦੀ ਪੱਗ ਦਾ ਰੰਗ ਭਿੰਨ ਭਿੰਨ ਹੈ, ਗੁਰਮਤਿ ਅਨੁਸਾਰ ਅਧਾਰਹੀਣ ਤੇ ਈਰਖਾ ਦਾ ਪ੍ਰਤੀਕ ਹੈ ਕਿਉਂਕਿ ਅਸਲ ਕਾਰਨ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਹੀ, ਜਾਪਦਾ ਹੈ, ਸੋ ਇਸ ਸਿਧਾਂਤ ’ਤੇ ਪਹਿਰਾ ਦੇਣ ਵਾਲੀਆਂ ਤਮਾਮ ਜਥੇਬੰਦੀਆਂ ਨੂੰ ਭਾਈ ਢੱਡਰੀਆ ਵਾਲੇ ਦੀ ਹਮਾਇਤ ਕਰਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ।

(2). ਸਿੱਖ ਰਹਿਤ ਮਰਿਆਦਾ ਨੂੰ ਸਮਰਪਿਤ ਜਥੇਬੰਦੀਆਂ ਤੋਂ ਇਲਾਵਾ ਸੰਤ ਅਖਵਾਉਣ ਵਾਲਿਆਂ ਨੂੰ ਵੀ ਉਕਤ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕਰਨੀ ਚਾਹੀਦੀ ਹੈ ਕਿਉਂਕਿ ਇਸ ਕਾਰਵਾਈ ਨੇ ਸੰਤ, ਬ੍ਰਹਮਗਿਆਨੀ ਅਖਵਾਉਣ ਵਾਲਿਆਂ ਦੇ ਕਿਰਦਾਰ ਨੂੰ ਵੀ ਕਲੰਕਤ ਕੀਤਾ ਹੈ ਕਿਉਂਕਿ ਗੁਰਮਤਿ ਅਨੁਸਾਰ ‘ਸੰਤ’ ਕਿਰਦਾਰ ਉਸ ਪਿੱਪਲ ਵਾਂਗ ਹੈ, ਜੋ ਇੱਕ ਮਿੱਥ ਅਨੁਸਾਰ ਵਿਕਾਰੀ ਪਲਾਸ (ਤਾਮਸ, ਕਰੋਧੀ ਸੁਭਾਅ ਸਮਾਜ) ’ਚ ਪ੍ਰਗਟ ਹੋਣ ਦੇ ਬਾਵਜੂਦ ਵੀ ਉਸ ਦੇ ਤਮਾਮ ਐਬਾਂ ਨੂੰ ਨਾ ਚਿਤਾਰਦਾ ਹੋਇਆ ਆਪਣੇ ਵਿੱਚ ਸਮਾ ਕੇ ਉਸ ਦੀ ਵਿਕਾਰੀ ਹੋਂਦ ਨੂੰ ਹੀ ਖ਼ਤਮ ਕਰ ਦਿੰਦਾ ਹੈ: ‘‘ਸੰਗਤਿ ਸੰਤ ਸੰਗਿ ਲਗਿ ਊਚੇ; ਜਿਉ ਪੀਪ ਪਲਾਸ ਖਾਇ ਲੀਜੈ ।।’’ (ਮ: ੪/੧੩੨੫) ਆਦਿ, ਕੀ ਸੰਤ ਕਹਾਉਣ ਵਾਲਿਆਂ ਲਈ ਗੁਰੂ ਬਚਨਾਂ ਨੂੰ ਆਧਾਰ ਬਣਾ ਕੇ ਆਪਸੀ ਗੱਲਬਾਤ ਰਾਹੀਂ ਸਿੱਖ ਰਹਿਤ ਮਰਿਆਦਾ ਜਾਂ ਨਾਨਕਸ਼ਾਹੀ ਕੈਲੰਡਰ ਆਦਿ ਮਸਲੇ ਹੱਲ ਨਹੀਂ ਕਰਨੇ ਚਾਹੀਦੇ ਜਿਸ ਕਾਰਨ ਭਰਾ ਭਾਰੂ ਜੰਗ ਜਾਂ ਸਮਾਜ ’ਚ ਸਿੱਖ ਕੌਮ ਦੀ ਬਦਨਾਮੀ ਹੋ ਰਹੀ ਹੈ ?

ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਵੀ ਆਪਣਾ ਬਣਦਾ ਫਰਜ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

(3). ਨਿਹੰਗ ਜਥੇਬੰਦੀਆਂ, ਦੁਮਾਲਾ ਸਜਾਉਣ ਦਾ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ; ਛਬੀਲਾਂ/ਲੰਗਰ ਲਾਉਣ ਵਾਲੀਆਂ ਸੰਗਤਾਂ/ਸੰਸਥਾਵਾਂ, ਕਾਰ ਸੇਵਾ ਸੰਸਥਾਵਾਂ ਆਦਿ, ਜਿਨ੍ਹਾਂ ਦੀ ਪਹਿਚਾਣ 17 ਮਈ ਦੀ ਇਖ਼ਲਾਕ ਤੋਂ ਡਿੱਗੀ ਕਾਰਵਾਈ ’ਚ ਵਰਤੀ ਗਈ, ਕਾਰਨ ਹੀ ਸਿੱਖਾਂ ਦੇ ਚੁਟਕਲੇ ਬਣਦੇ ਹਨ, ਇਸ ਲਈ ਇਨ੍ਹਾਂ ਤਮਾਮ ਜਥੇਬੰਦੀਆਂ ਨੂੰ ਉਕਤ ਘਟਨਾ ਦੀ ਨਿਖੇਧੀ ਕਰਨੀ ਬਣਦੀ ਹੈ।

(4). ਸੰਤ ਭਿੰਡਰਾਂਵਾਲਿਆਂ ਦਾ ਸਤਿਕਾਰ ਕਰਨ ਵਾਲੇ ਸਮੂਹ ਸਿੱਖ ਭਾਈਚਾਰਾ ਅਤੇ ਖ਼ਾਸ ਕਰਕੇ ਟਕਸਾਲੀ ਅਖਵਾਉਣ ਵਾਲਿਆਂ ਨੂੰ ਵੀ ਵੱਡੇ ਪੱਧਰ ’ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਾਲਿਆਂ ਦੀ ਮੂਹਰਲੀ ਕਤਾਰ ਵਿੱਚ ਖੜ੍ਹਨ ਦਾ ਬਣਦਾ ਫਰਜ ਨਿਭਾਉਣਾ ਚਾਹੀਦਾ ਹੈ ਕਿਉਂਕਿ ਧੁੰਮੇ ਦੀ ਕਾਰਵਾਈ ਸਮੁੱਚੀ ਟਕਸਾਲ ਨੂੰ ਦਾਗ਼ਦਾਰ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਭਿੰਡਰਾਂ ਵਾਲੇ ਕਾਰਨ ਬਣੀ ਟਕਸਾਲ ਦੀ ਪ੍ਰਸਿੱਧੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।

(5). ਸਰਬਤ ਖ਼ਾਲਸਾ ਸੱਦਣ ਵਾਲੀਆਂ ਸਮੂਹ ਭਾਈਵਾਲ ਜਥੇਬੰਦੀਆਂ, ਕਿਉਂਕਿ ਪਿਛਲੇ ਸਾਲ ਤਰਨ ਤਾਰਨ ਦੇ ਨੇੜੇ ਪਿੰਡ ਚੱਬੇਵਾਲ ਵਿਖੇ ਸੱਦੇ ਗਏ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਹਿਜੋਗੀ ਪ੍ਰਚਾਰਕਾਂ ਅਤੇ ਸੰਸਥਾਵਾਂ ਨੇ ਸਪਸ਼ਟ ਤੌਰ ’ਤੇ ਨਾਂਹ ਕਰ ਦਿੱਤੀ ਸੀ, ਉਸ ਸਮੇਂ ਸਰਬੱਤ ਖ਼ਾਲਸਾ ਦੇ ਸਮਰਥਕਾਂ ਨੇ ਇਨ੍ਹਾਂ ਦੋਵਾਂ ਪ੍ਰਚਾਰਕਾਂ ਵਿਰੱਧ ਤਾਬੜਤੋੜ ਹਮਲੇ ਕਰਦੇ ਇਨ੍ਹਾਂ ਨੂੰ ਪੰਥ ਦੋਖੀ ਅਤੇ ਗਦਾਰ ਦੀ ਉਪਾਧੀ ਦਿੱਤੀ ਸੀ ਭਾਵੇਂ ਕਿ ਮੈਂ ਇਸ ਗੱਲ ਨੂੰ ਮੰਨਣ ਲਈ ਬਿਲਕੁਲ ਤਿਆਰ ਨਹੀਂ ਪਰ ਬਹੁਤ ਸਾਰੇ ਸਿੱਖ ਸ਼ੱਕ ਜ਼ਾਹਰ ਕਰ ਰਹੇ ਹਨ ਕਿ ਉਸ ਸਮੇਂ ਦੀ ਕੁੜੱਤਣ ਕਾਰਨ ਇਹ ਜਥੇਬੰਦੀਆਂ ਵੀ ਧੁੰਮੇ ਨਾਲ ਮਿਲ ਕੇ ਸਾਜ਼ਸ਼ ਵਿੱਚ ਸ਼ਾਮਲ ਹੋ ਸਕਦੇ ਹਨ। ਸੋ ਜੇ ਇਸ ਹਮਲੇ ਵਿਰੁੱਧ ਸਰਬੱਤ ਖ਼ਾਲਸਾ ਧਿਰਾਂ ਚੁੱਪ ਰਹਿੰਦੀਆਂ ਹਨ ਤਾਂ ਲੋਕਾਂ ਦੇ ਇਹ ਸ਼ੰਕੇ ਵਧਣ ਦੇ ਆਸਾਰ ਹਨ ਕਿ ਇਨ੍ਹਾਂ ਜਥੇਬੰਦੀਆਂ ਵੱਲੋ ਧੁੰਮੇ ਨੂੰ ਲੁਕਵਾਂ ਸਮਰਥਨ ਦੇ ਕੇ ਅਸਿੱਧੇ ਤੌਰ ’ਤੇ ਸਮਰਥਨ ਦਿੱਤਾ ਹੈ, ਪਰ ਮੇਰਾ ਮੰਨਣਾ ਹੈ ਕਿ ‘ਧੁੰਮਾ’ ਸਰਕਾਰੀ ਸੰਤ ਹੋਣ ਦੇ ਨਾਤੇ ਸਰਬਤ ਖ਼ਾਲਸਾ ਧਿਰਾਂ ਉਸ ਨੂੰ ਕਿਸੇ ਤਰ੍ਹਾਂ ਦਾ ਸਿੱਧਾ ਅਸਿੱਧਾ ਸਮਰੱਥਨ ਨਹੀਂ ਦੇ ਸਕਦੇ। ਸੋ ਉਹ ਇਸ ਸਰਕਾਰੀ ਸੰਤ ਵਿਰੁੱਧ ਸਰਬੱਤ ਖ਼ਾਲਸਾ ਦੇ ਆਗੂ ਸਖਤ ਸਟੈਂਡ ਲੈ ਕੇ ਲੋਕਾਂ ਦੇ ਮਨਾਂ ਵਿੱਚੋਂ ਸ਼ੰਕੇ ਉਤਪਨ ਹੋਣ ਤੋਂ ਰੋਕਣ ਅਤੇ ਭਰਾ ਮਾਰੂ ਜੰਗ ਹੋਣ ਤੋਂ ਹਰ ਹਾਲਤ ਬਚਾਉਣ ਲਈ ਆਪਣਾ ਪੰਥਕ ਫਰਜ ਅਦਾ ਕਰਨ।

(5). ਖਾਲਸਤਾਨ ਦੀ ਮੰਗ ਕਰਨ ਵਾਲੀਆਂ ਸਮੂਹਿਕ ਜਥੇਬੰਦੀਆਂ ਜਿਹੜੀਆਂ ਦਾਅਵਾ ਕਰਦੀਆਂ ਹਨ ਕਿ ਸੰਭਾਵੀ ਖਾਲਸਤਾਨ ਵਿੱਚ ਹਰ ਧਰਮ ਨੂੰ ਮੰਨਣ ਵਾਲਿਆਂ ਨੂੰ ਪੂਰਨ ਤੌਰ ’ਤੇ ਧਾਰਮਿਕ ਅਜ਼ਾਦੀ ਅਤੇ ਹਰ ਸ਼ਹਿਰੀ ਨੂੰ ਆਪਣੇ ਵੀਚਾਰ ਅਜ਼ਾਦੀ ਨਾਲ ਪ੍ਰਗਟ ਕਰਨ ਅਤੇ ਸਨਮਾਨ ਸਹਿਤ ਰਹਿਣ ਦਾ ਅਧਿਕਾਰ ਹੋਵੇਗਾ, ਕਿਉਂਕਿ ਵਾਰਦਾਤ ਸਮੇਂ ਕਾਤਲਾਂ ਨੇ ‘ਖ਼ਾਲਸਤਾਨ ਜਿੰਦਾਬਾਦ’ ਦੇ ਨਾਹਰੇ ਲਾ ਕੇ ਖਾਲਿਸਤਾਨੀਆਂ ਦੇ ਆਪਸੀ ਏਕਤਾ ਵਾਲੇ ਦਾਅਵੇ ਨੂੰ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਇਸ ਘਟਨਾ ਨਾਲ ਪੰਥ ਦੋਖੀਆਂ ਦੁਆਰਾ ਆਮ ਨਾਗਰਿਕਾਂ ਨੂੰ ਇਹ ਭਰਮਤ ਕਰਨ ਵਾਲੀ ਧਾਰਨਾ ਪ੍ਰਫਲਿਤ ਹੋਈ ਹੈ ਕਿ ਜੇ ਸਾਂਝੇ ਭਾਰਤ ਵਿੱਚ ਹੀ ਕੇਵਲ ਵਿਰੋਧੀ ਵੀਚਾਰਾਂ ਵਾਲੇ ਸਿੱਖ ਅਤੇ ਪ੍ਰਚਾਰਕ ਹੀ ਖਾਲਸਤਾਨੀਆਂ ਹੱਥੋਂ ਸੁਰੱਖਿਅਤ ਨਹੀਂ ਹਨ ਤਾਂ ਅਜ਼ਾਦ ਖਾਲਸਤਾਨ ਵਿੱਚ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਸੁਰੱਖਿਆ ਦੀ ਕੀ ਗਰੰਟੀ ਹੈ ? ਇਸ ਨਾਲ ਖਾਲਸਤਾਨ ਲਹਿਰ ਦਾ ਵੱਡੇ ਪੱਧਰ ’ਤੇ ਵਿਰੋਧ ਹੋਣ ਦੀ ਸੰਭਾਵਨਾ ਹੈ ਜਿਸ ਨਾਲ 1984 ਤੋਂ ਦੋ ਦਹਾਕੇ ਚੱਲੀ ਖੂਨੀ ਨਰਸੰਘਾਰ ਵਰਗੀਆਂ ਸੰਭਾਵਨਾਵਾਂ ਵਧਣਗੀਆਂ ਤੇ ਸਿੱਖਾਂ ਦਾ ਵੱਡੇ ਪੱਧਰ ’ਤੇ ਜਾਨੀ ਮਾਲੀ ਨੁਕਸਾਨ ਹੋਵੇਗਾ। ਬਾਦਲਾਂ ਨਾਲ ਗੱਠਜੋੜ ਕਰਕੇ ਸਰਕਾਰੀ ਸੰਤ ਤੋਂ ਖਾਲਸਤਾਨੀ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਇਸ ਲਈ ਹਮਲਾਵਰਾਂ ਵੱਲੋਂ ਖਾਲਸਤਾਨੀ ਹੋਣ ਦਾ ਭੁਲੇਖਾ ਪਾਉਣਾ ਕੌਮ ਨਾਲ ਵਿਸਾਹਘਾਤ ਹੈ ਜਿਸ ਦਾ ਅਸਲੀ ਖਾਲਤਾਨੀ ਧਿਰਾਂ ਨੂੰ ਵੱਡੀ ਪੱਧਰ ’ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

(6). ਸਮੁੱਚੀ ਮਾਨਵਤਾ ਦਾ ਸਨਮਾਨ ਕਰਨ ਵਾਲੇ ਲੋਕ ਅਤੇ ਇਨਸਾਫ ਪਸੰਦ ਜਥੇਬੰਦੀਆਂ ਨੂੰ ਵੀ ਇਸ ਘਿਨੌਣੀ ਵਾਰਦਾਤ ਦਾ ਖੁਲ੍ਹ ਕੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਵਿਰੋਧੀ ਵੀਚਾਰਾਂ ਵਾਲੇ ਆਪਣੇ ਹੀ ਭਰਾਵਾਂ ਕੋਲੋਂ ਜੀਵਨ ਦਾ ਹੱਕ ਖੋਹਣ ਵਾਲੇ ਕਦੀ ਵੀ ਸਮੁੱਚੀ ਮਾਨਵਤਾ ਦਾ ਸਨਮਾਨ ਅਤੇ ਇਨਸਾਫ ਪਸੰਦ ਨਹੀਂ ਹੋ ਸਕਦੇ। ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਦਾ ਖੁਲ੍ਹ ਕੇ ਵਿਰੋਧ ਕਰਨਾ ਇਨਸਾਫ ਪਸੰਦ ਵਿਅਕਤੀਆਂ ਅਤੇ ਜਥੇਬੰਦੀਆਂ ਦਾ ਮੁੱਢਲਾ ਫਰਜ ਹੈ, ਜੋ ਹਰ ਕਿਸੇ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।

ਵੈਸੇ ਚੁਣਾਵੀ ਮੌਸਮ ਤੇ ਧੁੰਮਾਂ-ਅਕਾਲੀ ਗਠਜੋੜ ਹੋਣ ਕਾਰਨ ਧੁੰਮੇ ਦੇ ਬਾਦਲਾਂ ਨਾਲ ਨੇੜਲੇ ਸਬੰਧ ਹਨ, ਜਿਸ ਕਾਰਨ ਪੰਜਾਬ ਸਰਕਾਰ ਧੁੰਮੇ ਵਿਰੁਧ ਕਾਰਵਾਈ ਨੂੰ ਲਮਕਾ ਕੇ ਠੰਡੇ ਬਸਤੇ ਵਿੱਚ ਪਾਉਣਾ ਚਾਹੇਗੀ ਬੇਸ਼ੱਕ ਪੁਲਿਸ ਹੱਥ ਖ਼ਾਸ ਦਸਤਾਵੇਜ਼ ਲੱਗ ਚੁੱਕੇ ਹਨ, ਜੇ ਉਪ੍ਰੋਕਤ ਕਿਸਮ ਦੀਆਂ ਸਾਰੀਆਂ ਹੀ ਜਥੇਬੰਦੀਆਂ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਕੇ ਏਕਤਾ ਦਾ ਸਬੂਤ ਦਿੰਦੀਆਂ ਇਨਸਾਫ ਦੀ ਮੰਗ ਕਰਨ ਤਾਂ ਸਰਕਾਰ ਨੂੰ ਆਪਣਾ ਨਫਾ-ਨੁਕਸਾਨ ਵੇਖਣ ਦੇ ਮੁਕਾਬਲੇ ਕੋਈ ਠੋਸ ਕਦਮ ਚੁੱਕਣ ਲਈ ਜ਼ਰੂਰ ਮਜ਼ਬੂਰ ਹੋਣਾ ਪਵੇਗਾ, ਜੋ ਪੰਜਾਬ ’ਚ ਸ਼ਾਂਤੀ ਅਤੇ ਸੁਰੱਖਿਆ ਵਾਲਾ ਮਹੌਲ ਸਿਰਜਣ ਲਈ ਲਾਭਕਾਰੀ ਹੋਵੇਗਾ ਤੇ ‘ਗੁਰਮਤਿ’ ਅਨੁਸਾਰੀ ਪ੍ਰਚਾਰਕ ਖੁੱਲ੍ਹ ਕੇ ‘ਗੁਰਮਤਿ’ ’ਤੇ ਪਹਿਰਾ ਦੇ ਸਕਣਗੇ।