18.8 C
Jalandhar
Tuesday, April 7, 2026
spot_img
Home Blog Page 226

ਪੰਜਾਬ ਦੀ ਧਾਰਮਿਕ ਧਰਤੀ ’ਤੇ ਵੱਧ ਰਿਹਾ ਪਤਿਤਪੁਣਾ

0

ਪੰਜਾਬ ਦੀ ਧਾਰਮਿਕ ਧਰਤੀ ’ਤੇ ਵੱਧ ਰਿਹਾ ਪਤਿਤਪੁਣਾ

ਬਲਬੀਰ ਸਿੰਘ ਬੱਬੀ, ਪਿੰਡ-ਤੱਖਰਾਂ (ਲੁਧਿਆਣਾ)- 92175-92531

ਅੱਜ ਗੁਰਾਂ ਦੇ ਨਾਮ ਹੇਠ ਵਸ ਰਹੇ ਮੇਰੇ ਪੰਜਾਬ ਵਿੱਚ ਇਕੋ ਨਹੀਂ ਅਨੇਕਾਂ ਹੀ ਬੁਰਾਈਆਂ ਨੇ ਜਨਮ ਲੈ ਲਿਆ ਹੈ। ਪੰਜਾਬ ਵਿੱਚ ਬੁਰਾਈਆਂ ਵੀ ਇਹੋ ਜਿਹੀਆਂਪੜ੍ਹਦੇ-ਸੁਣਦੇ ਹਾਂ ਜੋ ਪੂਰੀ ਦੁਨੀਆਂ ਵਿੱਚ ਸ਼ਾਇਦ ਹੀ ਹੋਣ। ਜਦੋਂ ਕਦੀ ਸਿਆਣੇ ਬਜ਼ੁਰਗਾਂ ਕੋਲ ਬੈਠ ਕੇ ਅੱਜ ਦੇ ਪੰਜਾਬ ਦੀਆਂ ਕਈ ਘਟਨਾਵਾਂ ਦੀ ਚਰਚਾ ਕਰਦੇ ਹਾਂ ਤਾਂ ਅਜੀਬ ਗੱਲਾਂ ਸੁਣ ਕੇ ਕਈ ਬਜ਼ੁਰਗਾਂ ਦੇ ਵੀ ਹੰਝੂ ਤੱਕ ਨਿਕਲਦੇ ਹਨ ਤੇ ਉਹ ਉਦਾਸੀ ਵਿੱਚ ਕਹਿੰਦੇ ਹਨ, ਕਿ ਇਹੋ ਜਿਹਾ ਤਾਂ ਸੁਪਨਾ ਵੀ ਕਦੀ ਨਹੀਂ ਸੋਚਿਆ ਸੀ ਜੋ ਅੱਜ ਸਾਡੀ ਸਰ ਜ਼ਮੀਨ ’ਤੇ ਹੋ ਰਿਹਾ ਹੈ। ਹੋਰ ਸਾਰੀਆਂ ਗੱਲਾਂ ਛੱਡ, ਅੱਜ ਪੰਜਾਬ ਦੀ ਧਰਤੀ ਉੱਤੇ ਸਿੱਖ ਧਰਮ ਵਿੱਚ ਵੱਧ ਰਹੇ ਪਤਿਤਪੁਣ ਬਾਰੇ ਗੱਲ ਕਰਦੇ ਹਾਂ।

ਪੰਜਾਬ ਦੀ ਧਰਤੀ ਦਾ ਨਾਮ ਧਰਮ ਨਾਲ ਵਿਸ਼ੇਸ਼ ਤੌਰ ’ਤੇ ਜੁੜਿਆ ਹੋਇਆ ਹੈ, ਜੁੜੇ ਵੀ ਕਿਉਂ ਨਾ ਇਹ ਧਰਤੀ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦੀ ਹੈ। ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ਇੱਕ ਨਵਾਂ ਇਨਕਲਾਬ ਪੈਦਾ ਕੀਤਾ। ਸਮੁੱਚੀ ਦੁਨੀਆਂ ਵਿੱਚ ਧਰਮ ਦੇ ਨਾਂ ਹੇਠ ਹੋ ਰਹੇ ਪਾਖੰਡ ਨੂੰ ਨੰਗਾ ਕੀਤਾ, ਅੱਗੋਂ ਦਸਾਂ ਗੁਰੂਆਂ ਨੇ ਸਿੱਖੀ ਨੂੰ ਨਵੇਂ ਰੰਗ-ਢੰਗ ਵਿੱਚ ਪੇਸ਼ ਕੀਤਾ। ਅਨੇਕਾਂ ਭਗਤਾਂ, ਸੂਰਬੀਰ ਯੋਧਿਆਂ, ਸਿੱਖ ਜਰਨੈਲਾਂ ਨੇ ਸਿੱਖੀ ਲਈ ਆਪਾ ਵਾਰ ਕੇ ਇਹੋ ਜਿਹੀਆਂਕੁਰਬਾਨੀਆਂ ਕੀਤੀਆਂ ਤੇ ਪੂਰੀ ਦੁਨੀਆਂ ਦਾ ਧਿਆਨ ਖਿੱਚ ਕੇ ਅਜੀਬ ਗਾਥਾਵਾਂ ਪੇਸ਼ ਕੀਤੀਆਂ। ਇਹ ਸਭ ਕੁਝ ਸਿੱਖੀ ਦੇ ਵਿਹੜੇ ਦਾ ਹੀ ਸ਼ਿੰਗਾਰ ਬਣਿਆ। ਕੁਝ ਅਨੋਖੀਆਂ ਗੱਲਾਂ ਅੱਖਾਂ ਅੱਗੇ ਲਿਆ ਕੇ ਤੱਕੋ ਕਿ ਇਹ ਸਭ ਕਿਵੇਂ ਹੋ ਸਕਦਾ ਸੀ, ਗੁਰੂਆਂ ਦੀ ਅਪਾਰ ਬਖ਼ਸ਼ਿਸ਼, ਬਾਣੀ-ਬਾਣੇ ’ਚ ਪ੍ਰਪੱਕ ਰੂਹਾਂ ਨੇ ਬੜਾ ਕੁਝ ਰਚਿਆ, ਇਤਿਹਾਸ ਬਣਿਆ ਤੇ ਇਤਿਹਾਸ ਵੀ ਸਭ ਤੋਂ ਅਲੱਗ।

ਅੱਜ ਗੁਰੂਆਂ ਦੇ ਵਾਰਸ ਭਾਵ ਅਸੀਂ ਕਿਹੜੇ ਨਵੇਂ ਪਾਸੇ ਨੂੰ ਤੁਰ ਪਏ ਹਾਂ ਤੇ ਨਵੇਂ ਪੂਰਨੇ ਪਾ ਰਹੇ ਹਾਂ। ਜਿੱਥੇ ਇਹ ਗੱਲ ਫ਼ਿਕਰ ਕਰਨ ਵਾਲੀ ਹੈ, ਉੱਥੇ ਸੋਚਣ ਵਾਲੀ ਵੀ ਹੈ। ਅੱਜ ਦੇ ਮੌਜੂਦਾ ਸਮੇਂ ਵੱਲ ਤੱਕ ਕੇ ਅੱਜ ਦੀ ਨੌਜੁਆਨੀ ਬਾਰੇ ਗੱਲ ਕਰੀਏ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਇਹ ਗੁਰਾਂ ਦੇ ਨਾਂ ਹੇਠ ਵੱਸਣ ਵਾਲੇ ਪੰਜਾਬ ਦੀ ਧਰਤੀ ਹੈ। ਕਿਉਂਕਿ ਅੱਜ ਵੱਡੇ ਪੱਧਰ ’ਤੇ ਨੌਜੁਆਨੀ, ਨੌਜੁਆਨੀ ਤੋਂ ਉੱਪਰਲਾ ਵਰਗ ਤੇ ਕਈ ਸਿਆਣੀ ਉਮਰ ਵਾਲੇ ਵੀ ਆਪ ਪੂਰੀ ਤਰ੍ਹਾਂ ਸਿਰ ਤੇ ਦਾੜ੍ਹੀ ਦੇ ਵਾਲਾਂ ਤੋਂ ਪਤਿਤ ਭਾਵ ਘੋਨ-ਮੋਨ ਹਨ। ਜਦੋਂ ਘਰਾਂ ਦੇ ਵਡੇਰੇ ਹੀ ਪੂਰੀ ਤਰ੍ਹਾਂ ਪਤਿਤ ਹੋਣ ਤਾਂ ਉਹ ਕਿਵੇਂ ਛੋਟੇ ਬੱਚਿਆਂ ਤੇ ਨੌਜੁਆਨਾਂ ਨੂੰ ਵਾਲ ਰੱਖਣ ਲਈ ਪ੍ਰੇਰ ਸਕਦੇ ਹਨ। ਅੱਜ ਸਾਡੇ ਘਰਾਂ ਦੀਆਂ ਔਰਤਾਂ ਤੇ ਖ਼ਾਸ ਕਰ ਨਵੀਆਂ ਬੀਬੀਆਂ ਬੱਚਿਆਂ ਦੇ ਵਾਲ ਸਾਂਭਣ ਖੁਣੋਂ ਹੀ ਕਟਵਾ ਕੇ ਰਾਜੀ ਹਨ। ਪਿੱਛਲੇ ਦਿਨੀ ਮੈਂ ਮੇਰੀ ਜਾਣਕਾਰ ਅਧਿਆਪਕ ਬੀਬੀ ਦੇ ਘਰ ਗਿਆ ਤਾਂ ਛੇਵੀਂ ’ਚ ਪੜ੍ਹਦੇ ਉਸ ਦੇ ਲੜਕੇ ਦੇ ਵਾਲ ਕੱਟੇ ਤੱਕ ਕੇ ਮੈਂ ਪ੍ਰਸ਼ਨ ਕਰ ਬੈਠਾ ਜੋ ਉਸ ਨੇ ਜਵਾਬ ਦਿੱਤਾ ਮੈਂ ਸੁਣ ਕੇ ਸੁੰਨ ਹੋ ਗਿਆ। ਅਖੇ ਵੀਰ ਜੀ, ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਆਪਣੀ ਡਿਊਟੀ ਜਾਣ ਦਾ ਫ਼ਿਕਰ ਹੁੰਦਾ ਹੈ ਤੇ ਨਾਲ ਹੀ ਬੱਚਿਆਂ ਦੀ ਸਕੂਲ ਵੈਨ ਵੀ ਜਲਦੀ ਆ ਜਾਂਦੀ ਹੈ, ਹੁਣ ਦੱਸੋਂ ਕਿੱਥੇ ਮੇਰੇ ਕੋਲ ਬੱਚਿਆਂ ਦੀਆਂ ਮੀਢੀਆਂ ਗੁੰਦਣ ਦਾ ਟਾਇਮ ? ਹੁਣ ਸੋਚੋ ਜਦੋਂ ਇੱਕ ਅਧਿਆਪਕ ਦੇ ਆਪਣੇ ਬੱਚੇ ਬਾਰੇ ਇਹ ਖਿਆਲ ਹਨ ਤਾਂ ਕਦੋਂ ਉਹ ਸਕੂਲੀ ਬੱਚਿਆਂ ਨੂੰ ਕੇਸ ਰੱਖਣ ਲਈ ਪ੍ਰੇਰਨਾ ਦੇ ਸਕਦੀ ਹੈ?

ਅੱਜ ਵਾਲ ਨਾ ਰੱਖਣ ਦੇ ਬਹਾਨੇ ਵੀ ਅਜੀਬ ਹਨ, ਅਸੀਂ ਤਾਂ ਜੀ ਕਬੱਡੀ ਦੇ ਖਿਡਾਰੀ ਹਾਂ ਜਦੋਂ ਜੱਫਾ ਪੈਦਾ ਤਾਂ ਵਾਲਾ ਕਾਰਨ ਹੀ ਕੰਮ ਖਰਾਬ ਹੁੰਦਾ ਹੈ। ਸਾਡੇ ਮੁੰਡੇ ਦਾ ਤਾਂ ਅੱਧਾ ਸਿਰ ਦਰਦ ਰਹਿੰਦਾ ਹੈ, ਕਿਸੇ ਦੇ ਪੱਗ ਬੰਨਣ ਕਾਰਨ ਸਿਕਰੀ ਪੈਦੀ ਹੈ ਤੇ ਕਿਸੇ ਦੇ ਜੂੰਆਂ, ਹੋਰ ਤਾਂ ਹੋਰ ਅਖੇ ਸਾਡੇ ਮੁੰਡੇ ਦੇ ਮੀਢੀ ਤੇ ਜੂੜ੍ਹਾ ਗੁੰਦਣ ਕਾਰਨ ਵਾਲ ਤੋੜ ਫਿਨਸੀਆਂ ਨਾਲ ਸਿਰ ਭਰ ਜਾਂਦਾ ਹੈ। ਇਹ ਸਭ ਬਹਾਨੇ ਨਹੀਂ ਹਨ ਤਾਂ ਹੋਰ ਕੀ ਹੈ ?

ਇਕੋ ਹੋਰ ਵੱਡਾ ਕਾਰਨ ਜੋ ਕਿ ਦਿਨ-ਬ-ਦਿਨ ਕਿਸੇ ਖ਼ਾਸ ਬਿਮਾਰੀ ਵਾਂਗ ਵੱਧਦਾ ਹੀ ਜਾਂਦਾ ਹੈ ਉਹ ਹੈ ਅੱਜ ਦੀ ਚੱਲ ਰਹੀ ਗਲਤ ਤੇ ਲੱਚਰ ਗਾਇਕੀ, ਅੱਜ ਬਹੁ-ਗਿਣਤੀ ਪੰਜਾਬੀ ਗਾਇਕ ਕਲਾਕਾਰ ਵੀ ਸਿਰ-ਦਾੜ੍ਹੀ ਤੋਂ ਪੂਰੀ ਤਰ੍ਹਾਂ ਘੋਨ-ਮੋਨ ਹਨ। ਗਾਇਕ ਦਾੜ੍ਹੀ ਤੇ ਵਾਲਾਂ ਦੇ ਵੀ ਅਜੀਬ ਜਿਹੇ ਫੈਸ਼ਨ ਬਣਾ ਕੇ ਪੇਸ਼ ਹੁੰਦੇ ਹਨ ਤੇ ਉਨ੍ਹਾਂ ਦੀ ਰੀਸ ਅੱਜ ਦੀ ਮੰਡੀਰ ਕਰ ਰਹੀ ਹੈ, ਗਾਇਕਾਂ ਜਿਹੇ ਵਾਲ ਬਣਾ ਕੇ ਅੱਜ ਨੌਜੁਆਨ ਪਿੰਡਾਂ ਤੇ ਸ਼ਹਿਰਾਂ ਤੋਂ ਬਿਨਾਂ ਵਿੱਦਿਅਕ ਅਦਾਰਿਆਂ ਵਿੱਚ ਵੀ ਵਿਚਰ ਰਹੇ ਹਨ ਜੋ ਕਿ ਅੱਜ ਪਤਿਤਪੁਣੇ ਦਾ ਵੱਡਾ ਕਾਰਨ ਹੈ। ਜਿਨ੍ਹਾਂ ਗਾਇਕਾਂ ਨੂੰ ਰੋਲ ਮਾਡਲ ਸਮਝ ਕੇ ਅੱਜ ਦੀ ਨੌਜੁਆਨੀ ਵਿਚਰ ਰਹੀ ਹੈ ਜੇ ਉਨ੍ਹਾਂ ’ਚੋ ਕੁਝ ਕੁ ਗਾਇਕ ਹੀ ਪੱਗ ਬੰਨਣੀ ਸ਼ੁਰੂ ਕਰ ਦੇਣ ਤਾਂ ਮੈਂ ਦਾਅਵਾ ਕਰਦਾ ਹਾਂ ਕਿ ਪਤਿਤਪੁਣੇ ਨੂੰ ਕਾਫੀ ਹੱਦ ਤੱਕ ਠੱਲ ਪਾਈ ਜਾ ਸਕਦੀ ਹੈ।

ਇਸ ਵਿਸ਼ੇ ਨਾਲ ਧਾਰਮਿਕ ਗੱਲ ਕਰਨੀ ਅਤਿ ਜ਼ਰੂਰੀ ਹੈ। ਅੱਜ ਇੱਕ ਨਹੀਂ ਅਨੇਕਾਂ ਵੱਡੀਆਂ ਛੋਟੀਆਂ ਗੁਰਦੁਆਰਾ ਕਮੇਟੀਆਂ, ਸੰਸਥਾਵਾਂ, ਗੁਰੂ ਘਰ, ਰਾਗੀ-ਢਾਡੀ, ਪ੍ਰਚਾਰਕ ਤੇ ਅਨੇਕਾਂ ਬਾਬਿਆਂ ਤੋਂ ਬਿਨਾਂ ਹੋਰ ਬਹੁਤ ਕੁਝ ਸਿੱਖੀ ਦੇ ਵਿਹੜੇ ਵਿੱਚ ਹੈ ਤੇ ਪ੍ਰਚਾਰ ਲਈ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ ਪਰ ਦੁਖੀ ਮਨ ਨਾਲ ਲਿਖ ਰਿਹਾ ਹਾਂ ਕਿ ਸਭ ਕੁਝ ਇਹ ਹੋ ਕਿਸ ਲਈ ਰਿਹਾ ਹੈ। ਜਿਨ੍ਹਾਂ ਲਈ ਹੋ ਰਿਹਾ ਹੈ ਉਨ੍ਹਾਂ ’ਤੇ ਤਾਂ ਇਸ ਪ੍ਰਚਾਰ ਦਾ ਜ਼ਰਾ ਵੀ ਅਸਰ ਨਹੀਂ ਹੈ। ਜੇ ਅਸਰ ਹੋਵੇ ਤਾਂ ਬਹੁਤਾ ਨਹੀਂ ਤਾਂ ਥੋੜ੍ਹਾ ਜਿਹਾ ਨਤੀਜਾ ਤਾਂ ਅੱਜ ਸਾਡੇ ਸਾਹਮਣੇ ਆਉਣਾ ਚਾਹੀਦਾ ਸੀ ਭਾਵ ਨੌਜੁਆਨੀ ਸਿੱਖੀ ਵੱਲ ਮੁੜੇ ਤੇ ਪਤਿਤਪੁਣਾ ਘਟੇ ਪਰ ਇਹ ਘਟਣ ਦੀ ਜਗ੍ਹਾ ਅੱਜ ਵੱਧ ਹੀ ਰਿਹਾ ਹੈ। ਗੱਲ ਸੋਚ ਤੋਂ ਬਾਹਰ ਹੋ ਜਾਂਦੀ ਹੈ ਜਦੋਂ ਸਾਡੇ ਧਾਰਮਿਕ ਆਗੂਆਂ ਦੇ ਕੁਝ ਬੱਚੇ ਪਤਿਤ ਤੱਕਦੇ ਹਾਂ। ਅੱਜ ਕਈ ਜੱਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਮੁਲਾਜ਼ਮਾਂ, ਰਾਗੀ ਤੇ ਗ੍ਰੰਥੀ ਸਿੰਘਾਂ, ਬਾਬਿਆਂ ਤੇ ਹੋਰ ਪ੍ਰਚਾਰਕਾਂ ਦੇ ਬੱਚੇ ਵੀ ਪਤਿਤਪੁਣੇ ’ਚ ਰੰਗੇ ਹੋਏ ਹਨ, ਮੈਂ ਤਾਂ ਖੁਦ ਸ਼ਰਮ ਜਿਹੀ ਮਹਿਸੂਸ ਕਰਦਾ ਹਾਂ ਜਦੋਂ ਮਾਂ-ਬਾਪ ਦੇ ਉਪਰੋਂ ਦੀ ਗਾਤਰੇ ਕ੍ਰਿਪਾਨਾਂ ਪਾ ਕੇ ਕਾਰਾਂ ’ਚ ਬੈਠੇ ਜਾਂਦੇ ਹਨ ਤੇ ਕਾਰ ਚਲਾ ਰਿਹਾ ਬੱਚਾ ਪੂਰੀ ਤਰ੍ਹਾਂ ਘੋਨ-ਮੋਨ ਤੇ ਕੰਨ ’ਚ ਨੱਤੀਆਂ ਪਾ ਕੇ ਵਿਚਰਦਾ ਹੈ।

ਕੁਝ ਗੱਲ ਰਾਜਨੀਤਿਕ ਪਾਰਟੀਆਂ ਦੀ ਕਰਨੀ ਵੀ ਜ਼ਰੂਰੀ ਹੈ ਪੰਜਾਬ ’ਚ ਅੱਜ ਕਈ ਰਾਜਨੀਤਿਕ ਪਾਰਟੀਆਂ ਵਿਚਰ ਕੇ ਪੰਜਾਬ ਲਈ ਬੜਾ ਕੁਝ ਕਰਨਾ ਲੋਚਦੀਆਂ ਹਨ ਤੇ ਨਿੱਤ ਨਵੇਂ ਪ੍ਰੋਗਰਾਮ ਪੰਜਾਬ ਵਾਸੀਆਂ ਲਈ ਦੇ ਰਹੀਆਂ ਹਨ ਪਰ ਸਿੱਖ ਨੌਜੁਆਨੀ ਵਿਚ ਵੱਧ ਰਹੇ ਪਤਿਤਪੁਣੇ ਬਾਰੇ ਕੋਈ ਵੀ ਗੱਲ ਨਹੀਂ ਕਰ ਰਿਹਾ ਹੋਰ ਕਿਸੇ ਤੋਂ ਤਾਂ ਆਸ ਵੀ ਨਹੀਂ ਹੈ। ਪੰਜਾਬ ਦੀ ਮਾਂ ਪਾਰਟੀ ਅਖਵਾ ਰਹੀ ਅਕਾਲੀ ਦਲ ਨੇ ਵੀ ਇਸ ਵਿਸ਼ੇ ’ਤੇ ਕੋਈ ਫਿਕਰਮੰਦੀ ਨਹੀਂ ਵਿਖਾਈ। ਇਹ ਗੱਲ ਇਤਿਹਾਸਕ ਹੈ ਸ. ਕਪੂਰ ਸਿੰਘ ਸਮਰਾਲੇ ਤੋਂ ਚੋਣ ਲੜ ਰਹੇ ਸਨ ਤੇ ਉਨ੍ਹਾਂ ਨੇ ਲਲਕਾਰ ਕੇ ਕਿਹਾ ਸੀ ਕਿ ਕੋਈ ਵੀ ਪਤਿਤ ਮੈਨੂੰ ਵੋਟ ਨਾ ਪਾਵੇ, ਚਾਹੇ ਮੈਂ ਹਾਰ ਹੀ ਜਾਵਾਂ, ਇਸ ਗੱਲ ਨੂੰ ਅੱਜ ਦੇ ਅਕਾਲੀ ਦਲ ਨਾਲ ਜੋੜ ਕੇ ਵੇਖੋ ਕਿ ਅੱਜ ਦਾ ਅਕਾਲੀ ਦਲ ਘੋਨ-ਮੋਨ ਅਕਾਲੀ ਦਲ ਬਣ ਕੇ ਰਹਿ ਗਿਆ ਹੈ ਕਿੱਥੇ ਗਈ ਸ. ਕਪੂਰ ਸਿੰਘ ਵਾਲੀ ਸੋਚ? ਅੱਜ ਵੱਡੀ ਪੱਧਰ ’ਤੇ ਅਕਾਲੀ ਦਲ ਵਿਚ ਪਤਿਤ ਅਹੁਦੇਦਾਰ ਹਨ ਜੋ ਵਡੇਰੀ ਉਮਰ ਦੇ ਹਨ ਤੇ ਨਵੇਂ ਵੀ। ਸਿੱਖ ਸਟੂਡੈਟ ਫੈਡਰੇਸਨ ਦਾ ਹਰਿਆਵਲ ਦਸਤਾ ਜੋ ਮੁੱਖ ਤੌਰ ’ਤੇ ਸਿੱਖੀ ਦੇ ਪਹਿਰੇਦਾਰ ਵਿਚਰਦੇ ਸਨ ਅੱਜ ਉਹ ਵੀ ਕੁਰਸੀ ਦੇ ਆਨੰਦ ਮਾਣਨ ਵਿਚ ਲੱਗੇ ਹੋਏ ਹਨ ਕੀ ਲੈਣਾ ਸਿੱਖੀ ਤੋਂ। ਅਕਾਲੀ ਦਲ ਵਿਚਲੀ ਨਵੀਂ ਬਣੀ ਵਿੱਦਿਆਰਥੀ ਜੱਥੇਬੰਦੀ, ਕਾਫੀ ਚਿਰ ਤੋਂ ਸਰਗਰਮ ਹੈ ਤੇ ਇਸ ਵਿਚ ਵੱਡੇ ਪੱਧਰ ’ਤੇ ਪਤਿਤ ਨੌਜੁਆਨ ਹਨ ਜੋ ਕਿ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਹਨ। ਕਿੰਨਾ ਚੰਗਾ ਹੁੰਦਾ ਜੇ ਇਸ ਦੇ ਮੈਂਬਰ ਬਣਨ ਲਈ ਪੱਗ ਦੀ ਸ਼ਰਤ ਲਾਜ਼ਮੀ ਕੀਤੀ ਹੁੰਦੀ ਤੇ ਕੁਝ ਕੁ ਫ਼ਰਕ ਤਾਂ ਪਤਿਤਪੁਣੇ ਨੂੰ ਜ਼ਰੂਰ ਹੀ ਪੈਦਾ ਪਰ ਇੱਥੇ ਤਾਂ ਕੁਰਸੀ ਚਾਹੀਦੀ ਹੈ ਕੀ ਲੈਣਾ ਸਿੱਖੀ ਤੋਂ, ਸਭ ਕੁਝ ਸਾਡੇ ਸਾਹਮਣੇ ਹੋ ਰਿਹਾ ਹੈ, ਕਿਸੇ ਨੂੰ ਹੈ ਕੋਈ ਫ਼ਿਕਰ?

ਅੱਜ ਪੇਂਡੂ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਵੱਡੇ-ਵੱਡੇ ਵਿੱਦਿਅਕ ਅਦਾਰਿਆਂ ਵਿਚ ਵੱਡੀ ਗਿਣਤੀ ਵਿਚ ਨੌਜੁਆਨ ਪਤਿਤਪੁਣੇ ਵਿਚ ਰੰਗੇ ਨਜ਼ਰ ਆਉਂਦੇ ਹਨ। ਇਨ੍ਹਾਂ ’ਚੋ ਸਿੱਖ ਵਿੱਦਿਆਰਥੀਆਂ ਤੇ ਗ਼ੈਰ ਸਿੱਖਾਂ ਦੀ ਪਛਾਣ ਸਿਰਫ਼ ਉਨ੍ਹਾਂ ਦੇ ਨਾਮ ਤੋਂ ਹੀ ਹੁੰਦੀ ਹੈ, ਨਾ ਕਿ ਰਹਿਣ-ਸਹਿਣ ਤੇ ਪਹਿਰਾਵੇ ਤੋਂ, ਪਿਛਲੇ ਦਿਨੀਂ ਇਕੋਂਵਿੱਦਿਅਕ ਅਦਾਰੇ ’ਚ ਤੱਕਿਆਂ ਕਿ ਦਸ ਨੌਜੁਆਨਾਂ ਵਿਚੋਂ ਸਿਰਫ ਇਕੋਂ ਹੀ ਪੱਗ ਵਾਲਾ ਤੇ ਨੌ ਜਣੇ ਪਤਿਤ ਭਾਵ ਘੋਨ-ਮੋਨ ਸਨ ਜੋ ਕਿ ਚਿੰਤਾ ਜਨਕ ਹੈ।

ਅੰਤ ਵਿਚ ਮੈਂ ਅੱਜ ਦੀ ਨੌਜੁਆਨੀ ਨੂੰ ਇਕੋਂ ਬੇਨਤੀ ਬਾਰ-ਬਾਰ ਕਰਾਂਗਾ ਕਿ ਸਭ ਕੁਝ ਛੱਡ ਕੇ ਸਿਰਫ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਸਾਕੇ ਵੱਲ ਹੀ ਤੱਕ ਲਵੋ, ਜਿਨਾਂ ਨੇ ਸਿੱਖੀ ਕੇਸਾਂ ਸੰਗ ਨਿਭਾਉਣ ਲਈ ਬਹੁਤ ਵੱਡੀ ਕਰਬਾਨੀ ਦਿੱਤੀ ਜੋ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਨਹੀਂ ਹੋ ਸਕਦੀ। ਚਾਹੀਦਾ ਤਾਂ ਇਹ ਸੀ ਕਿ ਹਰ ਘਰ ਵਿਚ ਭਾਈ ਤਾਰੂ ਸਿੰਘ ਦੀ ਵੱਡੀ ਤਸਵੀਰ ਲੱਗੀ ਹੋਵੇ ਜੋ ਸਾਨੂੰ ਸਿੱਖੀ ਦਾ ਪੈਗ਼ਾਮ ਦਿੰਦੀ ਪਰ ਇੱਥੇ ਤਾਂ ਸਭ ਉਲਟ ਹੈ। ਐ, ਮੇਰੇ ਨੌਜੁਆਨ ਵੀਰੋ! ਜਾਗੋ, ਸਭ ਗਲਤ ਅਲਾਮਤਾਂ ਨਸ਼ੇ ਆਦਿ ਤਿਆਗ ਕੇ ਗੁਰੂ ਲੜ ਲੱਗ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣੋ ਤਾਂ ਕਿ ਸਿੱਖੀ ’ਤੇ ਮਾਣ ਤਾਂ ਹੋਵੇ ਹੀ, ਨਾਲ ਹੀ ਸਾਡੇ ਪੰਜਾਬ ਵਾਸੀ ਸਿੱਖਾਂ ਦੀ ਛਾਤੀ ਵੀ ਚੌੜੀ ਹੋਵੇ ਤੇ ਅਸੀਂ ਮਾਣ ਨਾਲ ਕਹੀਏ ਕਿ ਅਸੀਂ ਅਸਲੀ ਸਿੱਖ ਹਾਂ, ਨਾ ਕਿ……….।

ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਦਾਸਤਾਨ

0

ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਦਾਸਤਾਨ

ਦਿਲਜੀਤ ਸਿੰਘ ਬੇਦ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਧਰਤੀ ਉਪਰੋਂ ਜ਼ੁਲਮ ਦਾ ਖਾਤਮਾ ਕਰ ਕੇ ਧਰਮ ਦੀ ਸਥਾਪਨਾ ਕਰਨ ਹਿੱਤ ਹੋਈਆਂ ਜੰਗਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦਾ ਧਰਮ ਯੁੱਧ ਆਪਣੇ ਅੰਦਰ ਇਕ ਨਿਵੇਕਲੀ ਦਾਸਤਾਨ ਨੂੰ ਸਮੋਈ ਬੈਠਾ ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਚਾਰੇ ਪਾਸਿਉਂ ਮੀਂਹ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ ਪੂਰਤੀ ਦਾ ਇਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖ਼ਾਤਰ ਲੜੀਆਂ ਜੰਗਾਂ ਵਿਚ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਤੇ ਭਾਣੇ ਵਿਚ ਰਹੇ। ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਮੁਕਾਬਲਾ ਕਰਨ ਲਈ ਔਰੰਗਜ਼ੇਬ ਅੱਗੇ ਫ਼ਰਿਆਦ ਕੀਤੀ ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹਿੰਦ ਦੇ ਸੂਬੇਦਾਰਾਂ ਨੂੰ ਫ਼ੁਰਮਾਨ ਜਾਰੀ ਕਰ ਦਿੱਤੇ, ਇਸ ਤਰ੍ਹਾਂ ਲਾਹੌਰ ਸਰਹਿੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਗਏ ਪਰ ਲੰਬੇ ਸਮੇਂ ਤਕ ਨਿੱਤ ਦੀ ਲੜਾਈ ਕਾਰਨ ਖ਼ਾਲਸਾ ਫ਼ੌਜ ਦੀ ਗਿਣਤੀ ਘਟਦੀ ਜਾ ਰਹੀ ਸੀ। ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਕੁਝ ਸਿੰਘਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡ ਦੇਣ ਦੀ ਸਲਾਹ ਵੀ ਦਿੱਤੀ, ਪਰੰਤੂ ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਇਸ ਦੇ ਬਾਵਜੂਦ ਥੋੜ੍ਹੇ ਦਿਨਾਂ ਪਿੱਛੋਂ ਦੁਸ਼ਮਣਾਂ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਜ਼ੋਰ ਦੇਣ ’ਤੇ ਕਿਲ੍ਹਾ ਖ਼ਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ। ਕਿਲ੍ਹਾ ਖ਼ਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫ਼ੌਜਾਂ ਨੇ ਸਭ ਕਸਮਾਂ ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ। ਸਿਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ, ਕੀਮਤੀ ਸਾਹਿਤ ਅਤੇ ਭਾਰੀ ਮਾਤਰਾ ਵਿਚ ਹੋਰ ਮਾਲ-ਅਸਬਾਬ ਕਈ ਸਿੰਘਾਂ ਸਮੇਤ ਸਿਰਸਾ ਵਿਚ ਆਏ ਹੜ ਦੀ ਭੇਂਟ ਚੜ੍ਹ ਗਿਆ।

ਉੱਧਰ ਗੁਰੂ ਜੀ ਤੋਂ ਹਾਲਾਤਾਂ ਕਾਰਨ ਵਿਛੜੇ ਸਿੱਖਾਂ ਦੇ ਘਰ ਪਹੁੰਚਣ ’ਤੇ ਉਨ੍ਹਾਂ ਦੀਆਂ ਮਾਤਾਵਾਂ, ਭੈਣਾਂ ਤੇ ਸੁਪਤਨੀਆਂ ਨੇ ਉਨ੍ਹਾਂ ਨੂੰ ਅਜਿਹੇ ਸਮੇਂ ਗੁਰੂ ਸਾਹਿਬ ਦਾ ਸਾਥ ਮੁੜ ਦੇਣ ਲਈ ਪ੍ਰੇਰਿਆ। ਪਰਿਵਾਰਾਂ ਦਾ ਵੀ ਰੋਹ ਜਾਗਿਆ ਦੇਖ ਕੇ ਸਾਰੇ ਸਿੰਘ ਮੁੜ ਮਾਤਾ ਭਾਗ ਕੌਰ ਜੀ ਸਮੇਤ ਦੁਬਾਰਾ ਗੁਰੂ ਜੀ ਦੀ ਤਲਾਸ਼ ਲਈ ਚੱਲ ਪਏ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ, ਚਮਕੌਰ ਸਾਹਿਬ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਮਿਲ ਰਹੇ ਸਨ। ਸਿੰਘਾਂ ਦਾ ਖ਼ੂਨ ਹੋਰ ਵੀ ਖ਼ੌਲ ਪਿਆ ਅਤੇ ਉਹ ਪੁੱਛਦੇ-ਪੁਛਾਉਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ-ਮਗਰ ਤੁਰ ਪਏ, ਓਧਰ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਕਟਾਣੀ, ਕਨੇਚ, ਆਲਮਗੀਰ, ਮੋਹੀ, ਹੇਰ, ਕਮਾਲਪੁਰ, ਲੰਮੇ, ਸੀਲੋਆਣੀ, ਰਾਏਕੋਟ, ਦੀਨਾ, ਕੋਟਕਪੂਰਾ ਆਦਿ ਹੁੰਦੇ ਹੋਏ ਜਦ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜਥਾ ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ਼ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਉਨ੍ਹਾਂ ਮੁਗ਼ਲ ਫ਼ੌਜਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫ਼ੌਜ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗ਼ਲ ਸੈਨਿਕ ਮਾਰੇ ਗਏ।

ਉੱਧਰ ਦਸਮ ਪਿਤਾ ਇਕ ਉੱਚੀ-ਟਿੱਬੀ ’ਤੇ ਖੜ੍ਹੇ ਸਿੱਖਾਂ ਦੀ ਬੀਰਤਾ ਨੂੰ ਤੱਕ ਰਹੇ ਸਨ ਤੇ ਆਪਣੀ ਕਮਾਨ ਵਿੱਚੋਂ ਅਣੀਆਲੇ ਤੀਰ ਮੁਗ਼ਲ ਸੈਨਾਪਤੀਆਂ ਨੂੰ ਚੁਣ ਚੁਣ ਛੇਦ ਰਹੇ ਸਨ, ਜਿਨ੍ਹਾਂ ਦਾ ਸਾਥ ਗੁਰੂ ਗੋਬਿੰਦ ਸਿੰਘ ਜੀ ਨਾਲ਼ ਚਲ ਰਿਹਾ ਜਥਾ ਵੀ ਦੇ ਰਿਹਾ ਸੀ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖ਼ਮੀ ਹਾਲ ਵਿਚ ਬੈਠੀ ਮਾਤਾ ਭਾਗੋ ਜੀ ਆਪਣੇ ਜ਼ਖ਼ਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਜੀ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਖਿਤਾਬ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ। ਗੁਰੂ ਕਲਗੀਧਰ ਜੀ ਨੇ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਆਪ ਜੀ ਟੁੱਟੀ ਗੰਢ ਲਓ। ਟੁੱਟੀ ਗੰਢਣਹਾਰ ਅਤੇ ਭੁੱਲਾਂ ਬਖ਼ਸ਼ਣਹਾਰ ਸਤਿਗੁਰੂ ਜੀ ਤੁੱਠ ਪਏ। ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਦੇ ‘ਧੰਨ ਸਿੱਖੀ’ ਦੇ ਬੋਲ ਸੁਣ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ‘ਮੁਕਤੀ ਦਾ ਸਰ’ ਹੋਣ ਦਾ ਖਿਤਾਬ ਬਖ਼ਸ਼ਿਆ। ਅੱਜ ਇਹ ਸਥਾਨ ਸੰਸਾਰ ’ਚ ‘ਸ੍ਰੀ ਮੁਕਤਸਰ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਪੰਥਕ ਏਕਤਾ ਅਤੇ ਦੇਸ਼ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਵਾਉਂਦਾ ਹੈ ਅਤੇ ਸਾਨੂੰ ਵੀ ਦੇਸ਼, ਧਰਮ ਦੀ ਰੱਖਿਆ ਖ਼ਾਤਰ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਮੁਕਤਸਰ ਦੇ 40 ਸ਼ਹੀਦ ਮੁਕਤਿਆਂ ਦੇ ਨਾਂ ‘ਸਮੀਰ ਸਿੰਘ, ਸਰਜਾ ਸਿੰਘ, ਸਾਧੂ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲ੍ਹਾ ਸਿੰਘ, ਕੀਰਤ ਸਿੰਘ, ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮੈਯਾ ਸਿੰਘ, ਰਾਇ ਸਿੰਘ ਅਤੇ ਲਛਮਣ ਸਿੰਘ।’

ਛੋਟਾ ਘੱਲੂਘਾਰਾ

0

ਛੋਟਾ ਘੱਲੂਘਾਰਾ

ਸ: ਵਰਿਆਮ ਸਿੰਘ

ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਉਸ ਦੇ ਤਿੰਨਾਂ ਪੁੱਤਰਾਂ ਦੇ ਝਗੜੇ ਕਾਰਨ ਹਕੂਮਤ ਵਿਚ ਆਈ ਕਮਜ਼ੋਰੀ ਨੂੰ ਸਿੱਖਾਂ ਨੇ ਭਾਂਪਿਆ ਅਤੇ ਉਨ੍ਹਾਂ ਨੇ ਫਿਰ ਲਾਹੌਰ ਵੱਲ ਮੂੰਹ ਕੀਤਾ। ਇਤਿਹਾਸਕਾਰ ਹਰੀ ਰਾਮ ਗੁਪਤਾ ਅਨੁਸਾਰ ਸਿੱਖਾਂ ਨੇ ਨੁਸ਼ਹਿਰਾ, ਮਜੀਠਾ ਅਤੇ ਕੁਝ ਹੋਰ ਅਸਥਾਨਾਂ ’ਤੇ ਹਮਲੇ ਕਰ ਕੇ ਸਾਹਿਬ ਰਾਏ, ਰਾਮਾ ਰੰਧਾਵਾ, ਕਰਮਾਂ ਛੀਨਾ, ਹਰ ਭਗਤ ਨਿਰੰਜਨੀਆਂ, ਕਾਜ਼ੀ ਫਜ਼ਲ ਅਹਿਮਦ ਖਾਨ, ਖੋਖਰ, ਸ਼ਮਸ਼ੀਰ ਖਾਨ ਅਤੇ ਕੁਝ ਹੋਰ ਚੌਧਰੀਆਂ-ਮੁਕੱਦਮਾਂ ਨੂੰ, ਜੋ ਸਰਕਾਰ ਦੀ ਮਦਦ ਤੇ ਮੁਖਬਰੀ ਕਰਦੇ ਸਨ, ਇਸ ਸਮੇਂ ਸੋਧਿਆ। ਸਿੱਖਾਂ ਦੇ ਜਥੇ ਰੋੜੀ ਸਾਹਿਤ (ਐਮਨਾਬਾਦ) ਪਹੁੰਚ ਚੁਕੇ ਸਨ। ਜਦ ਇਹ ਖ਼ਬਰ ਲਾਹੌਰ ਪਹੁੰਚੀ ਤਾਂ ਯਾਹੀਆ ਖ਼ਾਨ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ, ਐਮਨਾਬਾਦ ਦੇ ਫੌਜਦਾਰ, ਜਸਪਤ ਰਾਏ ਵੱਲ ਖਾਸ ਹਦਾਇਤਾਂ ਭੇਜੀਆਂ। ਜਸਪਤ ਰਾਏ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖ ਵੀ ਟਾਕਰੇ ਵਿਚ ਡਟ ਗਏ। ਇਸ ਲੜਾਈ ਵਿਚ ਭਾਈ ਨਿਬਾਹੂ ਸਿੰਘ ਨੇ ਹਾਥੀ ਦੀ ਪੂਛ ਪਕੜ ਉਸ ਉੱਪਰ ਚੜ੍ਹ ਕੇ ਫੌਜਦਾਰ ਜਸਪਤ ਰਾਏ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ ਅਤੇ ਇਉਂ ਉਹ ਮਾਰਿਆ ਗਿਆ।

ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਲਖਪਤ ਰਾਏ ਬਹੁਤ ਗੁੱਸੇ ਵਿਚ ਆਇਆ। ਉਸ ਨੇ ਭਰੇ ਦਰਬਾਰ ਵਿਚ ਕਸਮ ਉਠਾਈ ਕਿ ਉਹ ਉਸ ਦਿਨ ਤੱਕ ਸਿਰ ਉੱਪਰ ਪਗੜੀ ਨਹੀਂ ਰੱਖੇਗਾ, ਜਦ ਤਕ ਉਹ ਸਿੱਖਾਂ ਨੂੰ ਖ਼ਤਮ ਨਹੀਂ ਕਰ ਲੈਂਦਾ-

ਜਬ ਸਿੰਘੋਂ ਨੇ ਜਸਪਤ ਮਾਰਾ। ਲੁਟਿਓ ਏਮਨਾਬਾਦ ਨਿਹਾਰਾ।

ਲਖਪਤ ਜਾਇ ਬਿਜੇ ਖਾਂ ਪਾਸ। ਪਗੜੀ ਸਿਰੋਂ ਉਤਾਰੀ ਖਾਸ।

ਕਸਮ ਉਠਾਇ ਕਹਯੋ ਇਮ ਖੀਜ। ਮੈ ਜਬ ਲੌ ਸਿੰਘਹਿ ਨਿਰਬੀਜ।

ਨਹਿ ਕਰ ਲੈਹੋ, ਤਬ ਲੌ ਜਾਣ। ਪਗੜੀ ਧਰਨੀ ਸਿਰ ਮੁਹਿ ਆਣ। (ਪੰਥ ਪ੍ਰਕਾਸ਼, ਗਿ: ਗਿਆਨ ਸਿੰਘ)

ਯਹੀਆ ਖਾਂ ਨੂੰ ਤਾਂ ਪਹਿਲਾਂ ਹੀ ਐਸੇ ਵਿਅਕਤੀ ਦੀ ਜ਼ਰੂਰਤ ਸੀ, ਜੋ ਸਿੰਘਾਂ ਉੱਪਰ ਜ਼ੁਲਮ ਢਾਹ ਸਕੇ। ਉਹ ਲਖਪਤ ਰਾਏ ਦੇ ਇਸ਼ਾਰਿਆਂ ’ਤੇ ਤੁਰਨ ਲੱਗਾ। ਲਖਪਤ ਰਾਏ ਨੇ ਲਾਹੌਰ ਦੇ ਸਾਰੇ ਸਿੱਖ ਪਕੜ ਕੇ ਸ਼ਹੀਦ ਕਰ ਦਿੱਤੇ। ਲਾਹੌਰ ਦੇ ਸਿੱਖਾਂ ਨੂੰ ਸ਼ਹੀਦ ਕਰਨ ਉਪਰੰਤ ਉਹ ਅੰਮ੍ਰਿਤਸਰ ਵੱਲ ਵਧਿਆ। ਅੰਮ੍ਰਿਤਸਰ ਉੱਪਰ ਇਹ ਅਚਾਨਕ ਹੱਲਾ ਹੋ ਜਾਣ ਕਾਰਨ ਸਿੱਖਾਂ ਨੇ ਇਹ ਸੋਚ ਬਣਾਈ ਕਿ ਬਚਾਅ ਲਈ ਕਾਹਨੂੰਵਾਨ ਦੇ ਛੰਭ ਵੱਲ ਚੱਲਿਆ ਜਾਵੇ। ਲਖਪਤ ਰਾਏ ਨੇ ਸਿੱਖਾਂ ਦਾ ਪਿੱਛਾ ਕੀਤਾ, ਉਸ ਨੇ ਸੰਘਣੇ ਜੰਗਲ ਨੂੰ ਕਟਵਾਉਣਾ ਵੀ ਸ਼ੁਰੂ ਕਰ ਦਿੱਤਾ, ਸਿੰਘ ਵੇਲੇ-ਕੁ-ਵੇਲੇ ਵਸਾਹ ਕੇ ਦੁਸ਼ਮਣ ਉੱਪਰ ਟੁੱਟ ਪੈਂਦੇ ਅਤੇ ਉਸ ਨੂੰ ਕਰੜੇ ਹੱਥ ਦਿਖਾਉਂਦੇ ਪਰੰਤੂ, ਕੁਝ ਦਿਨਾਂ ਬਾਅਦ ਉਨ੍ਹਾਂ ਪਾਸ ਅਸਲੇ ਅਤੇ ਹੋਰ ਜ਼ਰੂਰੀ ਸਮੱਗਰੀ ਦੀ ਘਾਟ ਹੋ ਗਈ। ਬਹੁਤ ਸਾਰੇ ਸਿੰਘ ਭੁੱਖ ਅਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋਣ ਲੱਗੇ। ਸਿੱਖਾਂ ਉੱਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ।

ਅਖੀਰ ਵਿਚ ਸਿੰਘਾਂ ਫੈਸਲਾ ਕਰ ਲਿਆ ਕਿ ਝੱਲਾਂ ਵਿਚ ਲੁਕਿਆਂ ਸ਼ਹੀਦੀਆਂ ਪਾਉਣੀਆਂ ਠੀਕ ਨਹੀਂ। ਉਹ ਝੱਲਾਂ ਤੋਂ ਬਾਹਰ ਆ ਗਏ। ਕੁਝ ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਲਖਪਤ ਰਾਏ ਦੀਆਂ ਫੌਜਾਂ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ ਅਤੇ ਉਹ ਫੌਜਾਂ ਦਾ ਮੁਕਾਬਲਾ ਕਰਦੇ ਰਹੇ ਜਦ ਕਿ ਦੂਸਰੇ ਸਿੰਘਾਂ ਨੇ ਕਠੂਆ ਵਾਲੇ ਪਾਸੇ ਨੂੰ ਨਿਕਲਣ ਦਾ ਪ੍ਰੋਗਰਾਮ ਬਣਾ ਲਿਆ। ਇਨ੍ਹਾਂ ਸਿੰਘਾਂ ਦੀ ਬਸੌਲੀ ਦੀਆਂ ਪਹਾੜੀਆਂ ਵਿਚ ਪਨਾਹ ਲੈਣ ਦੀ ਸਕੀਮ ਸੀ ਪਰ ਪਹਾੜੀ ਲੋਕਾਂ ਨੂੰ ਲਾਹੌਰ ਤੋਂ ਸਿੱਖਾਂ ਦੀ ਮਦਦ ਨਾ ਕਰਨ ਦਾ ਸ਼ਾਹੀ ਫ਼ੁਰਮਾਨ ਪਹਿਲਾਂ ਹੀ ਪਹੁੰਚ ਚੁੱਕਾ ਸੀ। ਸੋ ਇਨ੍ਹਾਂ ਲੋਕਾਂ ਨੇ ਸਾਹਮਣਿਓਂ ਸਿੱਖਾਂ ਉੱਪਰ ਪੱਥਰ ਅਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਿੱਖ ਫਿਰ ਚੁਫੇਰਿਓਂ ਘਿਰ ਚੁੱਕੇ ਸਨ। ਸੱਜੇ ਰਾਵੀ, ਪਿੱਛੇ ਫੌਜ, ਸਾਹਮਣੇ ਪਹਾੜੀ ਉੱਪਰੋਂ ਪੱਥਰਾਂ, ਗੋਲੀਆਂ ਦੀ ਵਰਖਾ। ਨਾ ਰਸਦ, ਨਾ ਪਾਣੀ, ਨਾ ਤੋਪਾਂ, ਨਾ ਬਰੂਦ, ਅਤਿ ਦੀ ਥਕਾਵਟ ਅਤੇ ਪਹਾੜ ਦੀਆਂ ਚੜ੍ਹਾਈਆਂ। ਸਿੰਘਾਂ ਨੇ ਸੋਚ-ਵਿਚਾਰ ਦੇ ਬਾਅਦ ਇਹ ਸਕੀਮ ਬਣਾਈ ਕਿ ਜਥੇ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾਵੇ। ਇਕ ਜਥਾ ਪਹਾੜੀ ਚੜ੍ਹੇ, ਦੂਜਾ ਰਾਵੀ ਪਾਰ ਕਰੇ ਅਤੇ ਤੀਜਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਦੀ ਅਗਵਾਈ ਹੇਠ ਦੁਸ਼ਮਣ ਦਾ ਟਾਕਰਾ ਕਰੇ।

ਰਾਵੀ ਦਾ ਵਹਾਓ ਇਤਨਾ ਤੇਜ਼ ਸੀ ਕਿ ਡੱਲੇਵਾਲੀਆ ਦੋਵਾਂ ਭਰਾਵਾਂ ਨੇ ਸਭ ਤੋਂ ਪਹਿਲਾਂ ਘੋੜੇ ਠੇਲ੍ਹੇ ਹੀ ਸਨ ਕਿ ਉਨ੍ਹਾਂ ਦਾ ਪਾਣੀ ਵਿਚ ਕੋਈ ਥਹੁ-ਪਤਾ ਹੀ ਨਾ ਲੱਗ ਸਕਿਆ। ਰਾਵੀ ਲੰਘਣੀ ਬਹੁਤ ਮੁਸ਼ਕਿਲ ਗੱਲ ਸੀ। ਸੋ ਇਹ ਵਿਚਾਰ ਬਣੀ ਕਿ ਪੈਦਲ ਜਥੇ ਪਹਾੜੀਆਂ ਟੱਪ ਕੇ ਕੁੱਲੂ ਤੇ ਮੰਡੀ ਵੱਲ ਨਿਕਲ ਜਾਣ ਅਤੇ ਜੋ ਘੋੜਿਆਂ ਉੱਪਰ ਹਨ, ਉਹ ਪਿੱਛੇ ਮੁੜ ਕੇ ਟਾਕਰਾ ਕਰਨ। ਸੋ ਇਸ ਤਰ੍ਹਾਂ ਕੁਝ ਸਿੰਘ ਤਾਂ ਪਹਾੜੀਆਂ ਉੱਪਰ ਚੜ੍ਹ ਗਏ ਤੇ ਮੁਸੀਬਤਾਂ ਝਾਗ ਕੇ ਛੇ-ਸੱਤ ਮਹੀਨੇ ਬਾਅਦ ਕੀਰਤਪੁਰ ਵਿਖੇ ਸਿੱਖਾਂ ਨੂੰ ਆਣ ਮਿਲੇ। ਜੋ ਸਿੰਘ ਬਾਕੀ ਬਚੇ, ਉਨ੍ਹਾਂ ਨੇ ਦੁਸ਼ਮਣ ਦੀਆਂ ਫੌਜਾਂ ਉੱਪਰ ਸਿੱਧਾ ਹੱਲਾ ਬੋਲ ਦਿੱਤਾ ਅਤੇ ਭਖਵੀਂ ਲੜਾਈ ਕੀਤੀ।

ਨਵਾਬ ਕਪੂਰ ਸਿੰਘ ਜੀ ਜਥੇ ਦੀ ਅਗਵਾਈ ਕਰ ਰਹੇ ਸਨ। ਸ. ਜੱਸਾ ਸਿੰਘ ਇਕ ਸਿਰੇ ਨੂੰ ਸੰਭਾਲ ਰਹੇ ਸਨ ਅਤੇ ਸਰਦਾਰ ਸੁੱਖਾ ਸਿੰਘ ਮੂਹਰਲਾ ਪੱਖ ਤੋੜ ਰਹੇ ਸਨ। ਸਰਦਾਰ ਸੁੱਖਾ ਸਿੰਘ, ਲਖਪਤ ਰਾਏ ਦੇ ਸਾਹਮਣੇ ਹੋ ਗਏ, ਪਰ ਉਨ੍ਹਾਂ ਦਾ ਘੋੜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸ. ਜੱਸਾ ਸਿੰਘ ਦੇ ਪੱਟ ਵਿਚ ਗੋਲੀ ਲੱਗ ਗਈ ਪਰੰਤੂ ਬਹਾਦਰ ਜਰਨੈਲ ਯੋਧਾ ਪੱਟ ਨੂੰ ਹੰਨੇ ਨਾਲ ਬੰਨ੍ਹ ਕੇ ਉਸੇ ਤਰ੍ਹਾਂ ਲੜਦਾ ਰਿਹਾ ਜਿਵੇਂ ਸੱਟ ਲੱਗੀ ਹੀ ਨਹੀਂ ਹੁੰਦੀ। ਨਵਾਬ ਕਪੂਰ ਸਿੰਘ ਜੀ ਉੱਪਰ ਵੀ ਕਿਧਰੋਂ ਵਾਰ ਹੋਇਆ ਪਰ ਉਹ ਹੁਸ਼ਿਆਰੀ ਨਾਲ ਬਚ ਗਏ। ਇਸ ਤਰ੍ਹਾਂ ਸਿੰਘ ਜੂਝਦੇ, ਕੱਟਦੇ-ਕਟੀਂਦੇ ਰਾਵੀ ਪਾਰ ਕਰ ਗਏ।

ਖੁਸ਼ਵੰਤ ਰਾਏ ਸਿੱਖਾਂ ਉੱਪਰ ਟੁੱਟੇ ਇਸ ਮੁਸੀਬਤਾਂ ਦੇ ਪਹਾੜ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ: ‘‘ਲਖਪਤ ਰਾਏ ਨੇ ਸਿੰਘਾਂ ਦੇ ਬਚ ਕੇ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਉਸ ਨੇ ਗੁਫਾਵਾਂ ਤੇ ਹੋਰ ਲੁਕਵੀਆਂ ਥਾਵਾਂ ਤੋਂ ਸਿੰਘਾਂ ਨੂੰ ਪਕੜ ਕੇ ਸ਼ਹੀਦ ਕਰ ਦਿੱਤਾ ਜਾਂ ਕੈਦ ਕਰ ਲਿਆ। ਉਸ ਨੇ ਕੈਦ ਕੀਤੇ ਸਿੰਘਾਂ ਦੀਆਂ ਕੇਸਾਂ ਸਣੇ ਖੋਪੜੀਆਂ ਉਤਰਵਾਈਆਂ ਅਤੇ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ। ਮਿਲਟਰੀ ਦੇ ਦਸਤੇ ਸਿੰਘਾਂ ਦੀ ਭਾਲ ਵਿਚ ਇਧਰ-ਉਧਰ ਨਿਕਲਦੇ ਅਤੇ ਜਿੱਥੇ ਵੀ ਕੋਈ ਸਿੱਖ ਦਿੱਸਦਾ, ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ। ਲਖਪਤ ਰਾਏ ਨੇ ਇਕ ਸਿੰਘ ਦੇ ਸਿਰ ਦੀ ਪੰਜ ਰੁਪੈ ਕੀਮਤ ਰੱਖੀ।’’

ਇਸ ਕਤਲੇਆਮ ਤੋਂ ਜੋ ਸਿੰਘ ਬਚੇ, ਉਨ੍ਹਾਂ ਬਿਆਸ ਵੱਲ ਚਾਲੇ ਪਾ ਦਿੱਤੇ। ਜੇਠ ਦਾ ਮਹੀਨਾ, ਰੇਤਲੇ ਮੈਦਾਨ, ਬਿਆਸ ਤੱਕ ਪੁੱਜਣਾ ਬਹੁਤ ਮੁਸ਼ਕਲ ਕੰਮ ਸੀ। ਸਿੱਖਾਂ ਕੱਪੜੇ ਉਤਾਰ ਪੈਰਾਂ ਨਾਲ ਬੱਧੇ ਅਤੇ ਹੌਸਲਾ ਧਾਰ ਕੇ ਵਾਹੋ-ਦਾਹੀ ਅੱਗੇ ਹੀ ਅੱਗੇ ਤੁਰ ਗਏ। ਸ੍ਰੀ ਹਰਿਗੋਬਿੰਦਪੁਰ ਦੇ ਪਾਸੋਂ ਬਿਆਸਾ ਪਾਰ ਕੀਤੀ। ਕਈ ਦਿਨਾਂ ਤੋਂ ਭੁੱਖੇ ਸਿੰਘਾਂ ਨੇ ਤੱਤੀ ਰੇਤ ਉੱਪਰ ਢਾਲਾਂ ਰੱਖ ਕੇ ਰੋਟੀ ਪਕਾਉਣੀ ਆਰੰਭੀ ਹੀ ਸੀ ਕਿ ਅਦੀਨਾ ਬੇਗ ਨੇ ਆਣ ਹਮਲਾ ਕੀਤਾ। ਇਸ ਦੇ ਨਾਲ ਹੀ ਸੂਹ ਮਿਲ ਗਈ ਕਿ ਲਖਪਤ ਰਾਏ ਦੀ ਫੌਜ ਵੀ ਪਿੱਛੇ ਆ ਰਹੀ ਹੈ। ਸੋ ਸਿੱਖ ਸਤਲੁਜ ਪਾਰ ਕਰਨ ਲਈ ਅਲੀਵਾਲ ਦੀ ਤਰਫ਼ ਭੱਜ ਉੱਠੇ ਅਤੇ ਸਤਲੁਜ ਪਾਰ ਕਰਕੇ ਮਾਲਵਾ ਦੀ ਧਰਤੀ ਜਾ ਪੁੱਜੇ। ਲਖਪਤ ਰਾਏ ਇਥੋਂ ਵਾਪਸ ਪਰਤ ਗਿਆ, ਕਿਉਂਕਿ ਉਹ ਸਮਝਦਾ ਸੀ ਕਿ ਸਿੱਖਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਹ ਘੱਲੂਘਾਰਾ ੩੦ ਜੂਨ ੧੭੬੪ ਈ. ਤੱਕ ਹੁੰਦਾ ਰਿਹਾ ਅਤੇ ਤਕਰੀਬਨ ਦਸ ਹਜ਼ਾਰ ਸਿੰਘ ਇਸ ਵਿਚ ਸ਼ਹੀਦ ਹੋਏ।

ਪੰਜ ਜਥੇਦਾਰਾਂ ਵੱਲੋਂ ਤਮਾਮ ਗੁਰਮਤਿ ਕਾਲਜਾਂ ਦਾ ਸਿਲੇਬਸ ਇੱਕ ਕਰਨ ਬਾਬਤ ਮਿਤੀ 16-5-2016 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਉੱਤੇ ਫੇਸਬੁੱਕ ਰਾਹੀਂ ਆਪਣੀ-ਆਪਣੀ ਪ੍ਰਤਿਕਿਰਿਆ ਦੇਣ ਵਾਲੇ ਸੱਜਣਾਂ ਦੇ ਵਿਚਾਰ-

0

ਪੰਜ ਜਥੇਦਾਰਾਂ ਵੱਲੋਂ ਤਮਾਮ ਗੁਰਮਤਿ ਕਾਲਜਾਂ ਦਾ ਸਿਲੇਬਸ ਇੱਕ ਕਰਨ ਬਾਬਤ ਮਿਤੀ 16-5-2016 ਨੂੰ ਜਾਰੀ ਕੀਤੇ ਗਏ ਹੁਕਮਨਾਮੇ ਉੱਤੇ ਫੇਸਬੁੱਕ ਰਾਹੀਂ ਆਪਣੀ-ਆਪਣੀ ਪ੍ਰਤਿਕਿਰਿਆ ਦੇਣ ਵਾਲੇ ਸੱਜਣਾਂ ਦੇ ਵਿਚਾਰ-

(1). ਜਸਵਿੰਦਰ ਸਿੰਘ ਐਡਵੋਕੈਟ   ਅੱਜ ਅਕਾਲ ਤਖਤ ਤੋਂ ਇੱਕ ਪਰਵਾਨਾ ਸੰਗਤ ਦੇ ਨਾਂ ਤੇ ਆਇਆ ਹੈ।
ਜਿਸ ਵਿੱਚ ਮਿਸ਼ਨਰੀ/ਗੁਰਮਤਿ ਕਾਲਜਾਂ ਦੇ ਸਿਲੇਬਸ ਅਤੇ ਮਾਨਤਾ ਬਾਰੇ ਗੱਲ ਕੀਤੀ ਗਈ ਹੈ।

ਮੇਰਾ ਸਵਾਲ

ਪਹਿਲਾਂ ਜਥੇਦਾਰ ਪੰਥ ਕੋਲੋਂ ਅਾਪਣੀ ਮਾਨਤਾ ਲੈਣ ਅਤੇ ਅਾਪਣੇ ਆਪ ਨੂੰ ਸੂਰਖਰੂ ਕਰਨ।

ਮਿਸ਼ਨਰੀ/ਗੁਰਮਤਿ ਕਾਲਜਾਂ ਦੇ ਸਿਲੇਬਸ ਤਾਂ ਚੈੱਕ ਹੀ ਨੇ, ਉਹ ਤਾਂ ਪਹਿਲਾ ਹੀ ਸਿੱਖ ਰਹਿਤ ਮਰਿਆਦਾ (ਸ਼੍ਰੋਮਣੀ ਕਮੇਟੀ) ਅਨੁਸਾਰ ਹੀ ਪੜਾਉਂਦੇ ਹਨ, ਪਰ ਡੇਰਿਆਂ ਨੂੰ ਕੋਣ ਪੁੱਛੇਗਾ ?  ਜਿੱਥੇ ਹਰੇਕ ਦੀ ਅਪਣੀ ਮਰਿਆਦਾ ਹੈ, ਜਿੱਥੇ ਗੁਰਪੁਰਬ ਘੱਟ ਤੇ ਵੱਡੇ ਬਾਬਿਆਂ ਦੇ ਦਿਨ ਜਿਆਦਾ ਮਨਾਏ ਜਾਂਦੇ ਹਨ, ਜਿੱਥੇ ਹਵਾਲੇ ਬਾਬਿਆਂ ਦੇ ਜੀਵਨ ਵਿਚੋ ਦਿੱਤੇ ਜਾਂਦੇ ਹਨ ਗੁਰ ਇਤਿਹਾਸ ਵਿਚੋ ਨਹੀਂ, ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਣ ਨੂੰ ਕਹਿਣ ਦੀ ਥਾਂ, ਮਹਾਂਪੁਰਖਾਂ ਦੀਆਂਖੜਾਵਾਂ, ਪਾਖ਼ਾਨਿਆਂ ਆਦਿ ਤੇ ਵਿਸ਼ਵਾਸ ਰੱਖਣ/ਮੱਥਾ ਟੇਕਣ ਨੂੰ ਕਿਹਾ ਜਾਂਦਾ ਹੈ, ਉਨਾਂ ਨੂੰ ਕੋਣ ਪੁੱਛੇਗਾ, ਤੁਸੀਂ ਤਾਂ ਪੁੱਛਣਾ ਨਹੀਂ, ਜਿਹੜਾ ਪੁੱਛਦਾ ਹੈ। ਉਹਦਾ ਪਾੜਾ ਪੜ ਦਿਉ। ਪਹਿਲਾ ਸਵੈ ਪੜਚੋਲ ਕਰੋ।             

(2). Satnam Singh montreal 514-219-2525  ਥੁੱਕ ਕੇ ਚੱਟਣ ਨੂੰ ਟਾਈਮ ਨਹੀਂ ਲਾਉਂਦੀ ਸਿੱਖ ਕੌਮ

ਲਉ ਜੀ, ਜੋ ਲੋਕੀਂ ਕੱਲ੍ਹ ਤੱਕ ਅਖੌਤੀ ਜਥੇਦਾਰਾਂ ਦੇ ਪੁਤਲੇ ਸਾੜਦੇ ਸੀ, ਜੁਤੀਆਂ ਮਾਰਦੇ ਸੀ, ਗਾਲ਼ਾ ਕੱਡਦੇ ਸੀ ਅੱਜ ਉਹਨਾਂ ਮੂਹਰੇ ਛਕਾਇਤ ਲਈ ਖੜੇ ਹਨ, ਅੱਗੋਂ ਜਥੇਦਾਰ ਵੀ ਸਿਰੇ ਦੇ ਬੇਸ਼ਰਮ ਹਨ, ਜਿਹੜੀ ਕੌਮ ਤੋਂ ਕੱਲ੍ਹ ਤੱਕ ਛਿੱਤਰ ਖਾ ਰਹੇ ਸੀ ਅੱਜ ਉਸੇ ਕੌਮ ਨੂੰ ਸੰਦੇਸ਼ ਦੇ ਰਹੇ ਹੈ।
ਨੋਟ- ਹਾਲੇ ਤਿੰਨ ਕੁ ਜਥੇਦਾਰ ਤਖਤਾਂ ਤੇ ਧੱਕੇ ਖਾਂਦੇ ਵੀ ਫਿਰ ਰਹੇ ਹਨ।

ਉਏ ਮੂਰਖੋ ਸਿਲੇਬਸ ਹੀ ਚੈੱਕ ਕਰਨਾ ਹੈ ਤਾਂ ਟਕਸਾਲ ਦਾ ਕਰੋ ਜਿਹੜੇ ਅਪਣੇ ਕਛਹਿਰੇ ਤੇ ਵੀ ਹਨੂੰਮਾਨ ਦਾ ਸਟਿੱਕਰ ਲਾਈ ਫਿਰਦੇ ਹਨ, ਸਿਲੇਬਸ ਚੈੱਕ ਨੰਦਸਰੀਆਂ ਦਾ ਕਰੋ ਜਿਹੜੇ ਔਰਤ ਨੂੰ ਤਾਂ ਕੀ ਗ੍ਰਹਿਸਤੀ ਬੰਦੇ ਨੂੰ ਵੀ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆਂ ਨਹੀਂ ਜਾਣ ਦਿੰਦੇ, ਰਾੜੇ ਵਾਲਿਆਂ ਦਾ ਸਿਲੇਬਸ ਚੈੱਕ ਕਰੋ, ਜਿੱਥੋਂ ਤੁਹਾਨੂੰ ਮਰ ਚੁੱਕੇ ਬਾਬੇ ਦੀ ਇਤਿਹਾਸਿਕ ਟੋਆਇਲਟ ਵੀ ਮਿਲ਼ ਸਕਦੀ ਹੈ, 99% ਗੁਰਮਤਿ ਤੋਂ ਉਲਟ ਕੂੜ ਨਾਲ ਭਰੇ ਪਏ ਡੇਰਿਆਂ ਦੇ ਸਿਲੇਬਸ ਚੈੱਕ ਕਰੋ, ਜਿੱਥੋਂ ਤੁਹਾਨੂੰ ਕੁਝ ਮਿਲਣਾ ਹੈ, ਮਿਸ਼ਨਰੀ ਕਾਲਜਾਂ ਵਿੱਚੋਂ ਤੁਹਾਨੂੰ ਕੀ ਮਿਲਣਾ ਹੈ, ਜਿਨ੍ਹਾਂ ਵਿਚਾਰਿਆਂ ਦਾ ਤਾਂ ਗਲਾ ਬੈਠਾ ਹੋਇਆ ਹੈ ਸਿੱਖ ਰਹਿਤ ਮਰਿਆਦਾ ਦਾ ਹੋਕਾ ਦਿੰਦਿਆਂ ਦਾ।  

(3). ਵਰਿੰਦਰ ਸਿੰਘ (ਗੋਲਡੀ)ਵਰਜੀਨੀਆਂ ਦੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਅੰਮ੍ਰਿਤ ਸੰਚਾਰ ਕੀਤਾ ! ਓਥੇਇਹਨਾਂ ਦੀ ਕੋਈ ਵਾਹ ਨਹੀਂ ਗਈ ਤਾਂ ਆਹ ਗੋਂਗਲੂਆਂ ਤੋਂ ਮਿੱਟੀ ਪੰਜਾਬ ਵਿੱਚ ਝਾੜ ਦਿੱਤੀ ! ਓਏਟਕਸਾਲੀ ਸਕੂਲ ਕਿਵੇਂ ਇਸ ਨੂੰ ਲਾਗੂ ਕਰਣਗੇ ਕਿਉਂਕੇ ਉੱਥੇ ਤਾਂ ਸਿਲੇਬਸ ਨਾਗਪੁਰ ਤੋਂ ਆਉਂਦਾ ਹੈ ਜਾਂ ਹੁਣ ਤੁਸੀ ਮਿਸ਼ਨਰੀ ਕਾਲਜਾਂ ਵਿੱਚ ਵੀ ਨਾਗਪੁਰ ਵਾਲਾ ਸਿਲੇਬਸ ਲਾਗੂ ਕਰਵਾਓਗੇ ?

ਤੁਹਾਡੀ ਪਹਿਲਾਂ ਹੀ ਕੋਈ ਬੁੱਕਤ ਨਹੀਂ ਹੈ ਕਿਉਂ ਰਹਿੰਦੀ ਸਹੰਦੀ ਮਿੱਟੀ ਪੁਟਵਾ ਰਹੇ ਹੋ ! ਇਹਪਰਮਜੀਤ ਸਿੰਘ ਖਾਲਸਾ ਤੁਹਾਨੂੰਜੁੱਤੀਆਂ ਪਵਾ ਕੇ ਆਪ ਜਥੇਦਾਰ ਬਨਣ ਨੂੰ ਫਿਰਦਾ ਹੈ !  

(4). Jasbir Singh  ਮੇਰੀ ਬੇਨਤੀ ਹੈ ਪਹਿਲਾਂ ਸਾਰੇ ਜਥੇਦਾਰ ਆਪ ਅਕਾਲ ਤਖਤ ਦੀ ਮਰਿਆਦਾ ਮੰਨਣ ਫਿਰ ਸਾਰੇ ਡੇਰਿਆਂ, ਨਿਹੰਗ ਡੇਰਿਆਂ ਅਤੇ ਸਾਰੇ ਤਖਤਾਂ ਤੇ ਮਰਿਆਦਾ ਲਾਗੂ ਕਰਵਾਣ, ਜੋ ਨਾ ਇਨਾਂ ਦੇ ਵੱਸ ਦਾ ਰੋਗ ਹੈ, ਨਾ ਇਹ ਦਿਲੋਂ ਚਾਹੁੰਦੇ ਹਨ, ਕੀ ਪਰਮਿੰਦਰ ਸਿੰਘ ਆਪ ਅਕਾਲ ਤਖਤ ਦੀਮਰਿਆਦਾ ਨੂੰ ਮੰਨਦਾ ਹੈ ?  ਇਹ ਸਾਰੇ ਕੌਮ ਦੀ ਪਤ ਰੋਲਣ ਨੂੰ ਲੱਗੇ ਹੋਏ ਹਨ ਜੋ ਆਪ ਹੀ ਮਰਿਆਦਾ ਨਹੀਂ ਮੰਨਦੇ, ਉਹਨਾਂ ਨੂੰ ਗੱਲ ਕਰਨ ਦਾ ਹੱਕ ਕਿੰਨੇ ਦੇ ਦਿੱਤਾ ਸ਼ਾਇਦ ਇਹ ਅਕਾਲ ਤਖਤ ਦੇ ਜਥੇਦਾਰੀ ਦੇ ਸੁਪਨੇ ਲੈ ਰਿਹਾ ਹੈ। 

(5). Paramjit Singh   ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਸਰਬਉਚ ਹੈ ਆਰ. ਐੱਸ. ਐੱਸ. ਦੇ ਸਿੱਖੀ ਭੇਖ ਵਿੱਚ ਕੰਮ ਕਰਨ ਵਾਲੇ ਅਨੇਕਾਂ ਡੇਰਿਆਂ ਦੀਆਂ ਮਰਯਾਦਾ ਨੂੰ ਕੌਣ ਇੱਕ ਕਰੇਗਾ ?  ਥੋਡੀਆਂ ਮਾਰੀਆਂ ਜੱਭਲੀਆਂ ਨੂੰ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧਕਾਂ ਨੇ ਕਦੀ ਨਹੀਂ ਮੰਨਿਆ ।  ਉੱਥੇ ਬਿਪਰਵਾਦੀਆਂ ਦੀ ਮਰਯਾਦਾ ਚੱਲਦੀ ਹੈ ਅਤੇ ਇਹੀ ਭੇਡਾਂ ਉੱਥੇ ਨਿੱਤ ਵਿਚਰਦੀਆਂ ਹਨ। 

(6). Gurmeet Singh  ਪਹਿਲਾਂ ਇਹ ਸਾਰੀਆਂ ਟਕਸਾਲਾਂ / ਡੇਰਿਆਂ ਵਿੱਚ ਰਹਿਤ ਮਰਿਆਦਾ ਲਾਗੂ ਕਰਵਾਉਣ ਫਿਰ ਮਿਸ਼ਨਰੀ ਕਾਲਜਾਂ ਵੱਲ ਮੂੰਹ ਕਰਨ, ਵੈਸੇ ਮੇਰੀ ਸੋਚ ਅਨੁਸਾਰ ਕਾਲਜਾਂ ਦੇ ਵਿਦਿਆਰਥੀਆਂ ਦਾ ਗਿਆਨ ਦਾ ਪੱਧਰ ਇਨ੍ਹਾਂ ਲੱਕੜਸਿਰਿਆਂ ਤੋਂ ਬਹੁਤ ਉੱਚਾ ਹੁੰਦਾ ਹੈ, ਉਸਤਾਦਾਂ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। 

(7). Sukhwinder Singh  ਏਨਾਂ ਨੂੰ ਕਾਲਜਾਂ ਦੇ ਸਿਲੇਬਸ ਦੀ ਬੜੀ ਚਿੰਤਾ ਹੈ, ਜਿਹੜੇ ਡੇਰੇ ਸਾਡੀਆ ਧੱਜੀਆ ਉਡਾ ਰਹੇ ਨੇ, ਉਹਨਾਂ ਦਾ ਕੋਈ ਫਿਕਰ ਨਹੀਂ ਹੈ, ਏਹ ਹੁਕਮ ਵੀ ਲਗਦਾ ਉਪਰੋ ਹੀ ਆ ਗਿਆ। 

(8). ਹਰਪ੍ਰੀਤ ਸਿੰਘ ਪਟਿਆਲਾ  ਲਗਦੇ ਹੁਣ ਕਾਲਜਾਂ ਨੂੰ ਨਵਾਂ ਸਿਲੇਬਸ ਦਿੱਤਾ ਜਾਵੇਗਾ ਨਾਗਪੁਰ ਤੋਂ |  ਗੀਤਾ, ਰਮਾਇਣ , ਵੇਦ ਸ਼ਾਸ਼ਤਰ ਸਿਮਰਤੀਆਂ ਮੁੱਖ ਵਿਸ਼ੇ ਦੇ ਤੋਰ ਤੇ ਪੜਾਈਆਂ ਜਾਣਗੀਆਂ ?

(9). ਗਿਆਨੀ ਅਵਤਾਰ ਸਿੰਘ    ਮੇਰੇ ਵਿਚਾਰ ਅਨੁਸਾਰ ਅੱਜ ਮਿਸ਼ਨਰੀ ਕਾਲਜ, ਇਤਨੇ ਕਮਜੋਰ ਨਹੀਂ ਕਿ ਇਨਾਂ ਦੀਆਂ ਮਨਮੱਤੀਆਂ ਮੰਨਣ ਲਈ ਸਿਰ ਝੁਕਾਉਣ।  ਜੋ ਜਥੇਦਾਰ, ਪ੍ਰਧਾਨ ਸਾਹਿਬ ਲਈ ਸੰਦੇਸ਼ ਦੇ ਰਹੇ ਹਨ, ਉਨਾਂ ਦੀ ਹੈਸੀਅਤ ਪ੍ਰਧਾਨ ਦੀਆਂ ਨਜ਼ਰਾਂ ਵਿਚ ਕਿੰਨੀ ਕੁ ਹੈ ?  ਜਾਂ ਜਥੇਦਾਰ ਕੇਵਲ ਵਰਤੇ ਜਾ ਰਹੇ ਹਨ ?

ਬਾਬਾ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਹਮਲਾ

0

 ਬਾਬਾ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਹਮਲਾ

ਗਿਆਨੀ ਅਵਤਾਰ ਸਿੰਘ

 ਜਿਲਾ ਲੁਧਿਆਣਾ ’ਚ ਪੈਂਦੇ ਮੁੱਲਾਂਪੁਰ ਦਾਖਾ ਨੇੜੇ ਪਿੰਡ ਈਸੇਵਾਲ ਵਿਖੇ ਸਿੱਧਵਾਂ ਨਹਿਰ ਉੱਤੇ ਅੱਜ (17 ਮਈ ) ਰਾਤੀਂ ਕਰੀਬ 8 ਵਜੇ ਨਿਹੰਗਾਂ ਦੇ ਪਹਿਰਾਵੇ ਵਿਚ 30-35 ਹਮਲਾਵਰਾਂ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ’ਤੇ ਪਹਿਲਾਂ ਹਾਕੀਆਂ ਨਾਲ ਹਮਲਾ ਕੀਤਾ ਤੇ ਫਿਰ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਜਿਸ ਵਿਚ ਉਨ੍ਹਾਂ ਦੇ ਕਰੀਬੀ ਸਾਥੀ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੇ ਸਿਰ ਵਿਚ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ।

 ਬਾਬਾ ਢੱਡਰੀਆਂ ਵਾਲੇ ਪਿੰਡ ਈਸੇਵਾਲ ਵਿੱਚ ਦੀਵਾਨ ਲਗਾਉਣ ਲਈ ਜਾ ਰਹੇ ਸਨ।  ਹਮਲਾਵਰਾਂ ਨੇ ਨਹਿਰ ਦੇ ਕੰਢੇ ਉੱਤੇ ਸ਼ਾਮ ਤੋਂ ਹੀ ਮਿੱਠੇ ਜਲ ਦੀ ਛਬੀਲ ਲਾਈ ਹੋਈ ਸੀ, ਉਨ੍ਹਾਂ ਨੂੰ ਪਤਾ ਸੀ ਕਿ ਢੱਡਰੀਆਂ ਵਾਲਿਆਂ ਨੇ ਇਸੇ ਰਸਤਿਓਂ ਦੀਵਾਨ ਲਈ ਜਾਣਾ ਹੈ। ਬਾਬੇ ਦੇ ਕਾਫ਼ਲੇ ਨੂੰ ਛਬੀਲ ਪਿਲਾਉਣ ਦੇ ਬਹਾਨੇ ਰੋਕਿਆ ਗਿਆ ਤੇ ਹਮਲਾ ਕਰ ਦਿੱਤਾ।  ਗੋਲ਼ੀਆਂ ਚਲਾਉਣ ਤੋਂ ਬਾਅਦ ਹਮਲਾਵਰਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਏ ।

 ਬਾਬਾ ਢੱਡਰੀਆਂ ਵਾਲੇ ਅਕਸਰ ਕਾਰ ਦੀ ਅਗਲੀ ਸੀਟ ’ਤੇ ਬੈਠਿਆ ਕਰਦੇ ਸਨ, ਪਰ ਅੱਜ ਉਨ੍ਹਾਂ ਦੀ ਥਾਂ ’ਤੇ ਬਾਬਾ ਭੁਪਿੰਦਰ ਸਿੰਘ ਢੱਕੀ ਵਾਲੇ ਬੈਠੇ ਹੋਏ ਸਨ। ਹਮਲਾ ਕਰਨ ਤੋਂ ਬਾਅਦ ਜਦ ਬਾਬੇ ਦੇ ਕਾਫ਼ਲੇ ਦੀਆਂ ਗੱਡੀਆਂ ਤੇਜ਼ੀ ਨਾਲ ਅੱਗੇ ਵਧਾਈਆਂ ਗਈਆਂ ਤਾਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤੇ ਗੱਡੀਆਂ ਦੇ ਟਾਇਰਾਂ ਵਿਚ ਗੋਲ਼ੀਆਂ ਮਾਰੀਆਂ ਗਈਆਂ, ਜਿਸ ਤੋਂ ਅਨੁਮਾਨ ਲੱਗਦਾ ਹੈ ਕਿ ਇਹ ਸਾਜ਼ਸ਼ ਬਹੁਤ ਪਹਿਲਾਂ ਤੋਂ ਬੜੀ ਸੋਚੀ ਸਮਝੀ ਰਣਨੀਤੀ ਤਹਿਤ ਕੀਤੀ ਗਈ ਹੈ।

  ਬੇਸ਼ੱਕ ਪੰਜਾਬ ਸਰਕਾਰ ਵੱਲੋਂ ਜਾਂਚ ਅਰੰਭ ਕੀਤੀ ਗਈ ਹੈ ਪਰ ਇਸ ਘਟਨਾ ਦਾ ਹਸ਼ਰ ਵੀ ਬਰਗਾੜੀ ਵਿਖੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਵਾਙ ਬੇਨਤੀਜਾ ਹੀ ਹੋਵੇਗੀ ਕਿਉਂਕਿ ਘਟਨਾ ਦਾ ਸੰਬੰਧ 2017 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਰਾਜਨੀਤਿਕ ਸੋਚ ਅਤੇ ਗੁਰਮਤਿ ਦੇ ਸਿਧਾਂਤਕ ਮਤਭੇਦ ਦੇ ਆਸ ਪਾਸ ਹੈ, ਜਿਸ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਹਰਿਆਂ ਰਾਹੀਂ ਭਰਮਤ ਕੀਤਾ ਗਿਆ, ਜਾਪਦਾ ਹੈ। ਇਹ ਘਟਨਾ ਸਿੱਖੀ ਨੂੰ ਖ਼ਤਮ ਕਰਨ ਦੀ ਮਨਸ਼ਾ ਦਾ ਪ੍ਰਤੀਕ ਹੈ, ਜਿਸ ਦੀ ਜਿਤਨੀ ਨਿੰਦਾ ਹੋਵੇ ਓਨੀ ਘੱਟ ਹੈ।

ਆਪਣੀਆਂ ਜੜ੍ਹਾਂ ਵੱਲ ਮੁੜਨਾ ਜਰੂਰੀ

0

ਆਪਣੀਆਂ ਜੜ੍ਹਾਂ ਵੱਲ ਮੁੜਨਾ ਜਰੂਰੀ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ) 98554-01843

ਰੁੱਖ ਦੇਖਣ ਨੂੰ ਭਾਵੇਂ ਕਿੰਨਾ ਵੀ ਸੋਹਣਾ ਜਾਂ ਸੁਡੌਲ ਕਿਉਂ ਨਾ ਹੋਵੇ ਪਰ ਅਸਲ ਮਜਬੂਤੀ ਉਸ ਦੀਆਂ ਜੜ੍ਹਾਂ ਦੀ ਧਰਤੀ ਵਿਚ ਡੂੰਘਾਈ ਅਤੇ ਧਰਤੀ ਦੀ ਪਕੜ ਨਾਲ ਹੁੰਦੀ ਹੈ। ਖੋਖਲੀਆਂ ਜੜ੍ਹਾਂ ਜਾਂ ਉਪਰਲੀ ਪਰਤ ਵਿਚਲੀਆਂ ਜੜ੍ਹਾਂ ਵਾਲੇ ਰੁੱਖ ਭਾਦਰੋਂ ਦੀ ਪਹਿਲੀ ਹਨੇਰੀ ਵਿਚ ਹੀ ਮੂਧੇ ਮੂੰਹ ਪਏ ਹੁੰਦੇ ਹਨ।

ਗੁਰੂ ਨਾਨਕ ਪਾਤਸ਼ਾਹ ਦੇ ਹਰ ਸਿੱਖ ਦਾ ਇਸ ਗੱਲ ਵਿਚ ਪੱਕਾ ਯਕੀਨ ਹੈ ਕਿ ਗੁਰੂ ਨਾਨਕ ਦੀ ਸਿੱਖੀ ਦੇ ਰੁੱਖ ਦੀਆਂ ਜੜ੍ਹਾਂ ਉਸ ਧਰਮ ਧਰਤੀ ਵਿਚ ਗਹਿਰੀਆਂ ਲੱਗੀਆਂ ਹੋਈਆਂ ਹਨ ਜਿਸ ਧਰਮ ਦਾ ਜਨਮ ਦਇਆ ਵਿਚੋਂ ਹੋਇਆ ਹੈ ਅਤੇ ਇਸ ਦੀ ਹੋਂਦ ਸਦੀਵ ਹੈ।

ਇਹ ਰੁੱਖ ਘਣਛਾਵਾਂ ਬਣ ਕੇ ਸਰਬਤ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਤਪਦੀ ਤ੍ਰਿਸ਼ਨਾ ਦੀ ਗਰਮੀ ਅਤੇ ਵਿਕਾਰਾਂ ਦੇ ਸੇਕ ਤੋਂ ਬਚਾ ਰਿਹਾ ਹੈ। ਇਸ ਰੁੱਖ ਉਪਰ ਕਈ ਸੰਪਰਦਾਵਾਂ, ਡੇਰਿਆਂ, ਸੰਸਥਾਵਾਂ ਆਦਿ ਨੇ ਆਪਣੇ ਪੱਕੇ ਆਲਣੇ ਵੀ ਬਣਾਏ ਹੋਏ ਹਨ ਜੋ ਆਪਣੀ ਰੋਜ਼ੀ-ਰੋਟੀ ਤਾਂ ਇਸ ਰੁੱਖ ਤੋਂ ਹੀ ਚਲਾਉਂਦੇ ਹਨ ਪਰ ਰੁੱਖ ਨੂੰ ਪਲੀਤ ਵੀ ਕਰਦੇ ਹਨ ਅਤੇ ਅਕਸਰ ਦੇਖਣ ਵਿਚ ਆਇਆ ਹੈ ਕਿ ਜਦੋਂ ਕੋਈ ਇਸ ਰੁੱਖ ਨੂੰ ਵੱਢਣ ਜਾਂ ਨੁਕਸਾਨ ਪਹੁੰਚਾਉਣ ਆਉਂਦਾ ਹੈ ਤਾਂ ਰੁੱਖ ਤੋਂ ਝੱਟ ਉਡਾਰੀ ਮਾਰ ਜਾਂਦੇ ਹਨ। ਕਈ ਤਾਂ ਇਸ ਰੁੱਖ ਦੀ ਕੇਵਲ਼ ਛਾਂ ਮਾਣਨ ਲਈ ਆਏ ਹੀ ਇਸ ਰੁੱਖ ਦੇ ਹੀ ਹੋ ਗਏ ਅਤੇ ਆਪਣਾ ਸਾਰਾ ਕੁੱਝ ਇਸ ਰੁੱਖ ਲਈ ਅਰਪਣ ਕਰ ਦਿੱਤਾ। ਇਹ ਰੁੱਖ ਤਾਂ ਆਪਣੇ ਵੱਢਣ ਵਾਲਿਆਂ ਨੂੰ ਵੀ ਛਾਂ ਦੇਣ ਤੋਂ ਵੀ ਕਦੀ ਇਨਕਾਰੀ ਨਹੀਂ ਹੋਇਆ ਪਰ ਇਸ ਨੂੰ ਪੂਰੀ ਤਰ੍ਹਾਂ ਛਾਂਗਣ ਤੋਂ ਬਾਅਦ ਇਸ ਤੋਂ ਛਾਂ ਦੀ ਉਮੀਦ ਕਰਨ ਵਾਲਿਆਂ ਨੂੰ ਮੂਰਖ ਹੀ ਆਖਿਆ ਜਾ ਸਕਦਾ ਹੈ। ਇਸ ਰੁੱਖ ਨੂੰ ਕਈ ਵਾਰ ਛਾਂਗਿਆ ਵੀ ਗਿਆ ਅਤੇ ਕਈ ਵਾਰ ਇਸ ਦੀਆਂ ਜੜ੍ਹਾਂ ਨੂੰ ਵੀ ਹੱਥ ਪਾਇਆ ਗਿਆ ਪਰ ਦੋਖੀਆਂ ਨੂੰ ਸਫਲਤਾ ਨਾ ਮਿਲੀ ਅਤੇ ਇਹ ਰੁੱਖ ਸਮਾਂ ਰਹਿੰਦਿਆਂ ਫਿਰ ਫਲਿਆ-ਫੁੱਲਿਆ ਅਤੇ ਸਰਬਤ ਦੇ ਭਲੇ ਲਈ ਛਾਂ ਦੇਣ ਲੱਗਾ।

ਸਮੇਂ ਤੇ ਰੁੱਤਾਂ ਮੁਤਾਬਕ ਇਸ ਰੁੱਖ ਵਿਚ ਵੀ ਬਦਲਾਅ ਆਉਂਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਗੁਰੂ ਪੰਥ ਨੇ ਇਸ ਰੁੱਖ ਦਾ ਰਾਜ ਲਿਆਂਦਾ ਤਾਂ ਵਾਹੀਕਾਰਾਂ ਨੂੰ ਉਹਨਾਂ ਦੀਆਂ ਜਮੀਨਾਂ ਦੇ ਹੱਕ ਮਿਲੇ। ਖੂਨ ਚੂਸਣ ਵਾਲਿਆਂ ਨੂੰ ਢੰਡ ਭਰਨੇ ਪਏ। ਸਰਬਤ ਦੇ ਭਲੇ ਲਈ ਹਰ ਤਰ੍ਹਾਂ ਦੇ ਭੇਦ-ਭਾਵ ਮਿਟਾਉਂਣ ਲਈ ਉਪਰਾਲੇ ਕੀਤੇ ਗਏ ਪਰ ਛੇਤੀ ਹੀ ਦੋਖੀਆਂ ਨੇ ਇਸ ਰਾਜ-ਪ੍ਰਬੰਧ ਨੂੰ ਖਤਮ ਕਰਕੇ ਇਸ ਰੁੱਖ ਦੇ ਰਾਖਿਆਂ ਉਪਰ ਜ਼ੁਲਮ ਦੀ ਹਨੇਰੀ ਵਗਾ ਦਿੱਤੀ ਅਤੇ ਇਸ ਰੁੱਖ ਨੂੰ ਪਾਣੀ ਦਾ ਪਰਵਾਹ ਬੰਦ ਕਰ ਦਿੱਤਾ ਪਰ ਇਸ ਰੁੱਖ ਦੇ ਰਾਖਿਆਂ ਨੇ ਆਪਣੇ ਲਹੂ ਨਾਲ ਰੁੱਖ ਨੂੰ ਸਿੰਜਣਾ ਕੀਤਾ ਅਤੇ ਇਸ ਰੁੱਖ ਨੇ ਉਹਨਾਂ ਮਰਜੀਵੜਿਆਂ ਨੂੰ ਆਪਣੀ ਗੋਦ ਵਿਚ ਲੈ ਲਿਆ ਅਤੇ ਉਹ ਸਾਰੇ ‘ਸ਼ਹੀਦ’ ਅਹੁਦੇ ਨਾਲ ਨਿਵਾਜ਼ੇ ਗਏੇ। ਅੰਤ ਇਹਨਾਂ ਸ਼ਹੀਦਾਂ ਦੀ ਰੱਤ ਕੰਮ ਆਈ ਤੇ ਖਾਲਸਾ ਰਾਜ ਸਥਾਪਤ ਹੋਇਆ ਜਿਸ ਵਿਚ ਇਸ ਰੁੱਖ ਦੀ ਆਨ-ਬਾਨ-ਸ਼ਾਨ ਦੇਖਦਿਆਂ ਹੀ ਬਣਦੀ ਸੀ। ਰੁੱਖ ਦੀਆਂ ਛਾਵਾਂ ਦੀ ਧਾਕ ਦੁਨੀਆਂ ਦੇ ਕੋਨੇ-ਕੋਨੇ ਤੱਕ ਪੁੱਜੀ ਪਰ ਹੁਣ ਰੁੱਖ ਨੂੰ ਉਹਨਾਂ ਕੁਹਾੜਿਆਂ ਨੇ ਵੱਢਿਆ ਜਿਹਨਾਂ ਵਿਚ ਦਸਤੇ ਇਸ ਰੁੱਖ ਦੀ ਲੱਕੜੀ ਤੋਂ ਹੀ ਬਣੇ ਦੱਸੀਦੇ ਹਨ ਅਤੇ ਇਹਨਾਂ ਆਪਣੀ ਲੱਕੜੀ ਤੋਂ ਬਣੇ ਦਸਤਿਆਂ ਵਾਲਿਆਂ ਕੁਹਾੜਿਆਂ ਦਾ ਕੰਮ ਅਜੇ ਵੀ ਜਾਰੀ ਹੈ। ਇਸ ਸਮੇਂ ਦੌਰਾਨ ਹੀ ਰੁੱਖ ਦੀਆਂ ਜੜ੍ਹਾਂ ਪਰ ਵੀ ਹਮਲੇ ਕਰਨੇ ਸ਼ੁਰੂ ਕੀਤੇ ਗਏ ਪਰ 500 ਸਾਲ ਤੋਂ ਉਪਰ ਦਾ ਸਮਾਂ ਹੋਣ ਕਾਰਨ ਰੁੱਖ ਨੇ ਆਪਣੀਆਂ ਜੜ੍ਹਾਂ ਹੋਰਨਾਂ ਖਿੱਤਿਆਂ ਅਤੇ ਸਮੁੰਦਰੋਂ ਪਾਰ ਤੱਕ ਪਹੁੰਚਾ ਦਿੱਤੀਆਂ ਹਨ ਅਤੇ ਉਹਨਾਂ ਥਾਂਵਾਂ ਉਪਰ ਵੀ ਛੋਟੇ-ਛੋਟੇ ਰੁੱਖ ਨਿਕਲ ਆਏ ਹਨ ਜੋ ਭੂਗੋਲਿਕ ਤੌਰ ’ਤੇ ਤਾਂ ਆਪਣੇ ਮੂਲ ਤੋਂ ਦੂਰ ਹਨ ਪਰ ਜੜ੍ਹ ਰੂਪ ਵਿਚ ਨਾਲ ਹੀ ਜੁੜੇ ਹੋਏ ਹਨ ਪਰ ਉਹਨਾਂ ਦੀ ਆਪਣੀ ਹੋਂਦ ਹੁੰਦੀ ਹੋਈ ਵੀ ਕੋਈ ਹੋਂਦ ਨਹੀਂ ਜੇਕਰ ਮੂਲ ਰੁੱਖ ਦੀਆਂ ਜੜ੍ਹਾਂ ਤੋਂ ਵੱਖ ਹੋਣ ਦਾ ਯਤਨ ਕਰਨਗੇ ਜਾਂ ਕੀਤੇ ਜਾਣਗੇ।

ਇਸ ਘਣਛਾਵੇਂ ਰੁੱਖ ਨੂੰ ਹੁਣ ਬਹੁਤਾ ਖਤਰਾ ਇਸ ਦੇ ਅਖੌਤੀ ਰਾਖਿਆਂ ਤੋਂ ਹੀ ਬਣਿਆ ਹੋਇਆ ਹੈ। ਕਈ ਰਾਖੇ ਤਾਂ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਕਿ ਇਸ ਰੁੱਖ ਦੀਆਂ ਜੜ੍ਹਾਂ ਐਨੀਆਂ ਡੂੰਘੀਆਂ ਹੋ ਸਕਦੀਆਂ ਹਨ ਅਤੇ ਉਹਨਾਂ ਮੂਰਖਾਂ ਨੇ ਇਸ ਦੀਆਂ ਜੜ੍ਹਾਂ ਫਰੋਲਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਕਿ ਇਹ ਕਿੰਨੀਆਂ ਡੂੰਘੀਆਂ ਹਨ ਅਤੇ ਕਿੱਧਰ-ਕਿੱਧਰ ਨੂੰ ਜਾ ਰਹੀਆਂ ਹਨ। ਇਹਨਾਂ ਤਰਕ ਦੇ ਕਰਿੰਦਿਆਂ ਨੇ ਜੜ੍ਹਾਂ ਉਪਰ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਇਹ ਇਸ ਰੁੱਖ ਦੀਆਂ ਜੜ੍ਹਾਂ ਹਨ ਵੀ ਕਿ ਨਹੀਂ? ਜਿਹੜਾ ਕੰਮ ਦੁਸ਼ਮਣ ਨੇ ਨਹੀਂ ਸੀ ਕੀਤਾ ਉਹ ਅਸੀਂ ਆਪ ਹੀ ਛੇੜ ਲਿਆ ਹੈ ਅਤੇ ਧਰਮ ਦੀ ਮਿੱਟੀ ਪੁੱਟ-ਪੁੱਟ ਕੇ ਜੜ੍ਹਾਂ ਦੇਖਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਸਾਨੂੰ ਗੁਰੂ ਸਾਹਿਬਾਨ ਅਤੇ ਰੁੱਖ ਦੇ ਰਾਖੇ ਸ਼ਹੀਦਾਂ ਉਪਰ ਅਤੇ ਉਹਨਾਂ ਦੇ ਬਚਨਾਂ ਉਪਰ ਸ਼ਾਇਦ ਭਰੋਸਾ ਹੀ ਨਹੀਂ ਰਿਹਾ ? ਅਰਦਾਸ ਵਿਚ ਭਰੋਸਾ ਦਾਨ ਮੰਗਦੇ ਤਾਂ ਹਾਂ ਪਰ ਗੁਰੂ ਪਾਸੋਂ ਮੰਗਣ ਵਿਚ ਹੀ ਭਰੋਸਾ ਨਹੀਂ ਰਿਹਾ ਤਾਂ ਇਹ ਕਿਵੇ ਮਿਲੂ ? ਅਧਿਆਤਮਕ ਜੀਵਨ ਵਿਚ ਸਵਾਲਾਂ ਦੇ ਜਵਾਬ ਕਿਸੇ ਵਿਅਕਤੀ ਕੋਲੋਂ ਲੈਣ ਨਾਲ ਅਧਿਆਤਮਕ ਜੀਵਨ ਦਾ ਮਾਰਗ ਨਹੀਂ ਮਿਲਦਾ ਸਗੋਂ ਗੁਰੂ, ਭਗਤਾਂ ਤੇ ਸ਼ਹੀਦਾਂ ਦੇ ਬਚਨ ਸੁਣ ਕੇ, ਮੰਨ ਕੇ, ਚੱਲਣ ਨਾਲ ਆਪਣੇ ਅੰਦਰੋਂ ਹੀ ਸਵਾਲਾਂ ਦੇ ਜਵਾਬ ਮਿਲਣ ਲੱਗਣ ਤਾਂ ਹੀ ਆਤਮਕ ਜੀਵਨ ਦੀ ਸੋਝੀ ਅਤੇ ਅਰਦਾਸ ਵਿਚ ਮੰਗੇ ਜਾਂਦੇ ਦਾਨ ਮਿਲਦੇ ਹਨ।

ਇਹ ਗੱਲ ਸੱਚ ਹੈ ਕਿ ਰੁੱਖ ਦੀਆਂ ਜੜ੍ਹਾਂ ਵਿਚ ਸਿਉਂਕ ਦਾ ਹਮਲਾ ਵੀ ਹੁੰਦਾ ਰਹਿੰਦਾ ਹੈ ਪਰ ਸ਼ਹੀਦਾਂ ਦੀ ਰੱਤ ਨੇ ਇਸ ਸਿਉਂਕ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਪਰ ਹੁਣ ਇਸ ਸਿਉਂਕ ਦਾ ਹਮਲਾ ਵੱਧ ਲੱਗਦਾ ਹੈ ਕਿਉਂਕਿ ਸ਼ਹੀਦੀ ਦਾ ਨਿਰਛਲ ਲਹੂ ਇਸ ਰੁੱਖ ਦੀਆਂ ਜੜ੍ਹਾਂ ਵਿਚ ਪਾਇਆਂ ਸਮਾਂ ਹੋ ਗਿਆ ਹੈ।

ਸਾਡੇ ਇਸ ਰੁੱਖ ਦੀਆਂ ਜੜ੍ਹਾਂ ਕੀ ਹਨ? ਮੂਲ ਜੜ੍ਹ ਤਾਂ ਦਇਆ ਦੀ ਹੈ ਜਿਸ ਵਿਚੋਂ ਧਰਮ ਰੂਪੀ ਰੁੱਖ ਉਪਜਿਆ ਹੈ। ਇਸ ਨਾਲ ਹੀ ਸਤੁ, ਸੰਤੋਖ ਤੇ ਵਿਚਾਰ ਵੀ ਜੜ੍ਹਾਂ ਦਾ ਹਿੱਸਾ ਹਨ। ਜਪ, ਤਪ, ਹਠ ਤੇ ਸੰਜਮ ਵੀ ਸਾਡੀਆਂ ਜੜ੍ਹਾਂ ਹਨ ਅਤੇ ਇਹਨਾਂ ਨੂੰ ਸੇਵਾ-ਸਿਮਰਨ ਅਤੇ ਗੁਰੂਆਂ ਦੇ ਬਚਨ ਤੇ ਗੁਰੂ ਉਪਰ ਭਰੋਸੇ ਦੀ ਆਬ ਮਿਲਣੀ ਸਦਾ ਜਰੂਰੀ ਹੈ ਜਿਸ ਵਿਚੋਂ ਤਿਆਗ, ਨਿਮਰਤਾ, ਸਹਿਜਤਾ ਤੇ ਨਿਰਛਲਤਾ ਉਪਜਦੀ ਹੈ। ਬਾਕੀ ਸਾਰਾ ਕੁਝ ਜਿਵੇ ਕਿ ਬਾਹਰੀ ਸਰੂਪ, ਸਰੀਰਕ ਸੁਡੌਲਤਾ, ਬਾਣਾ, ਜੁਝਾਰੂਪਣ ਆਦਿ ਤਾਂ ਇਸ ਰੁੱਖ ਦੀਆਂ ਟਹਿਣੀਆਂ, ਪੱਤੇ, ਫੁੱਲ, ਫਲ ਅਤਿਆਦਿਕ ਹਨ।

ਹਰੇਕ ਸਿੱਖ ਨੂੰ ਇਕ ਰੁੱਖ ਦੀ ਨਿਆਂਈ ਮੰਨੀਏ ਤਾਂ ਰੁੱਖ ਦੀ ਬਾਹਰੀ ਦਿੱਖ ਦੀ ਸੁੰਦਰਤਾ ਤਾਂ ਆਉਂਦੀ-ਜਾਂਦੀ ਰਹਿੰਦੀ ਹੈ ਪਰ ਜਿੰਨਾਂ ਚਿਰ ਤੱਕ ਇਹ ਰੁੱਖ ਅਣਦਿਸਦੀਆਂ ਜੜ੍ਹਾਂ ਰੂਪੀ ਗੁਣਾਂ ਨਾਲ ਭਰਪੂਰ ਹੈ ਤਾਂ ਇਸ ਰੁੱਖ ਨੂੰ ਕੋਈ ਨੁਕਸਾਨ ਨਹੀਂ। ਕਿਸੇ ਰੁੱਖ ਦੇ ਫਲ-ਫੁੱਲ-ਪੱਤੇ ਵੀ ਅੰਦਰੂਨੀ ਜੜ੍ਹਾਂ ਮੁਤਾਬਕ ਹੀ ਹੁੰਦੇ ਹਨ। ਸਾਡੀਆਂ ਜੜ੍ਹਾਂ ਜੇਕਰ ਦਇਆ, ਸਤੁ, ਸੰਤੋਖ, ਵਿਚਾਰ, ਜਪ, ਤਪ, ਹਠ, ਸੰਜਮ, ਸੇਵਾ-ਸਿਮਰਨ, ਗੁਰੂਆਂ ਦੇ ਬਚਨਾਂ ਉਪਰ ਭਰੋਸਾ, ਤਿਆਗ, ਨਿਮਰਤਾ ਸਹਿਜਤਾ ਤੇ ਨਿਰਛਲਤਾ ਆਦਿ ਸਦਗੁਣ ਹਨ ਤਾਂ ਹੀ ਸਾਡੇ ਫਲ-ਫੁੱਲ-ਪੱਤੇ ਤੇ ਟਹਿਣੀਆਂ ਲੋਕਾਈ ਨੂੰ ਛਾਂ ਦੇ ਸਕਣਗੇ ਅਤੇ ਅਸੀਂ ਸਰਬਤ ਦੇ ਭਲੇ ਲਈ ਸਹੀ ਕਾਰਜ਼ ਕਰ ਸਕਾਂਗੇ।

ਅੱਜ ਲੋੜ ਹੈ ਕਿ ਅਸੀਂ ਆਪਣੇ ਆਪੇ ਨੂੰ ਸੰਕੋਚ ਕੇ, ਬਾਹਰੀ ਵਰਤਾਰੇ ਤੋਂ ਬਚਦੇ ਹੋਏ ਆਪਣੀਆਂ ਜੜ੍ਹਾਂ ਵੱਲ ਨੂੰ ਮੁੜੀਏ ਜਿੱਥੇ ਸਾਡੇ ਲਈ ਪਿਓ-ਦਾਦੇ ਦੇ ਗੁਣਾਂ ਨਾਲ ਭਰਪੂਰ ਖ਼ਜ਼ਾਨਾ ਪਿਆ ਹੈ ਜੋ ਹੀ ਸਾਡੀ ਅਸਲ ਪੂੰਜੀ ਹੈ ਉਸ ਤੋਂ ਬਿਨਾਂ ਹੋਰ ਦੁਨਿਆਵੀ ਮਾਇਆ, ਸ਼ੋਹਰਤ ਤੇ ਦੁਨਿਆਵੀ ਚੌਧਰਾਂ ਦੀ ਭੁੱਖ ਨਾਲ ਅਸੀਂ ਵਿਕਾਰਾਂ ਅਧੀਨ ਤ੍ਰਿਸ਼ਨਾ ਦੀ ਅੱਗ ਵਿਚ ਜਲ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਇਸ ਰੁੱਖ ਦੀ ਛਾਂ ਮਾਣੀਏ ਤੇ ਹੋਰਨਾਂ ਨੂੰ ਵੀ ਇਸ ਦੀ ਛਤਰ-ਛਾਇਆ ਵਿਚ ਲਿਆਈਏ ਪਰ ਗੁਰੂ ਨਾਨਕ ਦੇ ਘਰ ਦੇ ਗੋਲਿਆਂ ਦਾ ਇਹ ਕੰਮ ਨਹੀਂ ਕਿ ਜੜ੍ਹਾਂ ਦੀ ਹੀ ਫਰੋਲਾ-ਫਰਾਲੀ ਸ਼ੁਰੂ ਕਰ ਦਈਏ ਸਗੋਂ ਇਹਨਾਂ ਜੜ੍ਹਾਂ ਦੀ ਜਿੱਥੇ ਰਾਖੀ ਕਰੀਏ ਉੱਥੇ ਆਪਣਾ ਆਪਾ ਗਵਾ ਕੇ ਇਹਨਾਂ ਜੜ੍ਹਾਂ ਦਾ ਹੀ ਹਿੱਸਾ ਬਣੀਏ ਤਾਂ ਜੋ ਜਲੰਦੇ ਜਗਤ ਨੂੰ ਰੱਖਿਆ ਜਾ ਸਕੇ।

ਆਓ ! ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਦਗੁਣਾਂ ਦੀ ਬਖ਼ਸ਼ਿਸ ਕਰੇ ਤਾਂ ਜੋ ਅਸੀਂ ਆਪਣੇ ਆਪ ਨੂੰ ਪਛਾਣ ਕੇ ਗੂਰੂ ਨਾਨਕ ਪਾਤਸ਼ਾਹ ਦੇ ਇਸ ਰੁੱਖ ਦਾ ਅਨਿੱਖੜਵਾਂ ਅੰਗ ਬਣਨ ਦੇ ਕਾਬਲ ਹੋ ਸਕੀਏ।

ਪੜ੍ਹਾਈ

0

ਪੜ੍ਹਾਈ

ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ) =94662 66708,97287 43287

ਪੜ੍ਹਾਈ ਬੱਚਿਆਂ ਦੀ ਵਾਕਈ ਟਫ ਹੋ ਗਈ, ਜਾਂ ਸਕੂਲਾਂ ਵਾਲਿਆਂ ਕੋਈ ਚੱਕਰ ਚਲਾਇਆ ਏ।

ਝੋਲਾ ਬੱਚਿਆਂ ਦੇ ਵਜ਼ਨ ਨਾਲੋਂ ਹੋਇਐ ਭਾਰੀ, ਕਿਤਾਬਾਂ, ਕਾਪੀਆਂ ਜਿਉਂ ਪਿੱਠੂ ਲਗਾਇਆ ਏ।

ਫੁੱਲਾਂ ਵਰਗੇ ਚੇਹਰੇ ਦਿਨੋਂ-ਦਿਨ ਕੁਮਲਾ ਰਹੇ ਨੇ, ਰੌਣਕ ਉਡ ਗਈ ਵੀਰਾਨੀ ਡੇਰਾ ਲਾਇਆ ਏ।

ਫੀਸਾਂ ਮੋਟੀਆਂ ਭਰਕੇ ਫਖਰ ਨਾਲ ਕਹਿਣ ਮਾਪੇ, ਮਸ਼ਹੂਰ ਸਕੂਲ ’ਚ ਦਾਖਲਾ ਕਰਵਾਇਆ ਏ।

ਮਾਂ-ਬਾਪ ਵੀ ਟੈਂਸ਼ਨ ਬੱਚਿਆਂ ਨੂੰ ਦੇਈ ਰੱਖਦੇ, ਨੰਬਰਾਂ ਦੀ ਦੌੜ ਨੇ ਵੀ ਤਾਂ ਖੂਨ ਸੁਕਾਇਆ ਏ।

ਕੰਪੀਟੀਸ਼ਨ ਦਾ ਜ਼ਮਾਨਾ ਕਹਿ-ਕਹਿ ਕੇ, ਬੱਚਿਆਂ ਨੂੰ ਇਕ ਦੂਜੇ ਦਾ ‘ਦੁਸ਼ਮਨ’ ਬਣਾਇਆ ਏ।

ਬੱਚਿਆਂ ਦੇ ਸੁਭਾਅ ’ਚ ਖੱਤਰਨਾਕ ਆਈ ਤਬਦੀਲੀ, ਇੱਧਰ ਧਿਆਨ ਨਾ ਕਿਸੇ ਲਾਇਆ ਏ।

ਕੁਝ ਬੱਚੇ ‘ਸੁਸਾਈਟ’ ਤੱਕ ਵੀ ਕਰ ਜਾਂਦੇ, ਫਸਟ, ਸੈਕੰਡ ਤੇ ਮੈਰਿਟਾਂ ਨੇ ਦਬਾਅ ਬਣਾਇਆ ਏ।

ਅੰਨ੍ਹੀਂ ਦੌੜ ਨੇ ‘ਨੈਤਿਕ ਗੁਣ’ ਭੁਲਾ ਦਿੱਤੇ, ਯੋਗ-ਅਯੋਗ’ ਢੰਗ ਸਭਨਾ ਨੇ ਹੀ ਅਪਣਾਇਆ ਏ।

ਪੜ੍ਹਾਈ ਹੁੰਦੀ ਤੀਜਾ ਨੇਤਰ ਇਨਸਾਨ ਦਾ, ਪਰ ਏਥੇ ਤਾਂ ਪੜ੍ਹਾਈ ਨੇ ਹੀ ਅੰਧੇਰ ਮਚਾਇਆ ਏ।

ਸੰਜਮਤਾ ਜੀਵਨ ’ਚੋਂ ਉੱਡ-ਪੁੱਡ ਹੋ ਗਈ, ਚਿੜਚਿੜਾਪਣ ਤੇ ਗੁੱਸਾਖੋਰੀ ਨੇ ਡੇਰਾ ਲਾਇਆ ਏ।

ਸਮਾਜ ਦਾ ਭਲਾ ਫਿਰ ਕਿੱਥੋਂ ਲੋੜਦੇ ਹਾਂ, ਜਦ ਮਾਹੌਲ ਨੂੰ ਖੁੱਦ ਅਪਣੇ ਹਥੀਂ ਲਾਂਬੂ ਲਾਇਆ ਏ।

ਦਾਖਾਂ ਤੇ ਬਿਜੂਰੀਆਂ ਦਾ ਫਲ ਉਹ ਕਿੱਥੋਂ ਭਾਲੇ, ਜਿਸ ਨੇ ਬਾਗ ਹੀ ਕਿੱਕਰਾਂ ਦਾ ਲਗਾਇਆ ਏ।

ਫਲ ਅੰਮ੍ਰਿਤ ਦੇ ਦੀ ਕਿੱਥੋਂ ਆਸ ਰੱਖਦੇ, ਜਦ ਆਪ ਹੀ ਬੀਜ ਜ਼ਹਿਰੀਲੇ ਬੂਟੇ ਦਾ ਪਾਇਆ ਏ।

‘ਸੁਰਿੰਦਰ ਸਿੰਘਾ’ ਏਹੋ ਜਿਹੀ ਸਿੱਖਿਆ ਤੋਂ ਕੀ ਲੈਣਾ, ਜਿਸ ਨੇ ਉਲਟੀ ਦੌੜ ਸਭ ਨੂੰ ਦੌੜਾਇਆ ਏ।

30 ਸਾਲ ਬਾਅਦ ਖ਼ਾਲਿਸਤਾਨ ਐਲਾਨਨਾਮਾ

0

30 ਸਾਲ ਬਾਅਦ ਖ਼ਾਲਿਸਤਾਨ ਐਲਾਨਨਾਮਾ

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ) 0091-98554-01843

29 ਅਪਰੈਲ 1986 ਨੂੰ ਖਾਲਿਸਤਾਨ ਦਾ ਐਲ਼ਾਨ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸੇ ਵਲੋਂ ਥਾਪੀ ਪੰਥਕ ਕਮੇਟੀ ਨੇ ਕਰ ਦਿੱਤਾ ਸੀ ਅਤੇ ਉਸ ਐਲਾਨਨਾਮੇ ਮੁਤਾਬਕ ਖਾਲਸਾ ਜੀ ਕਾ ਰਾਜ ਸਥਾਪਤ ਕਰ ਲਈ ਸੰਘਰਸ਼ ਕੀਤਾ ਗਿਆ ਜਿਸ ਵਿਚ ਹਜ਼ਾਰਾਂਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ 30 ਸਾਲਾਂ ਦੇ ਲੰਮੇ ਵਕਫੇ ਬਾਅਦ ਅੱਜ ਲੋੜ ਹੈ ਕਿ ਵਰਤਮਾਨ ਬਦਲੇ ਸਮੇਂ ਤੇ ਹਲਾਤ ਮੁਤਾਬਕ ਇਕ ਵਾਰ ਫਿਰ ਗੁਰਮੁਖ ਪਿਆਰੇ ਸਫਾਂ ਬਿਛਾ ਕੇ ਆਪਣੀ ਲਿਵ ਨੂੰ ਗੁਰੂ ਚਰਨਾਂ ਵਿਚ ਜੋੜ-ਬੈਠ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਮਰਕੱਸੇ ਕਰਨ। ਸਾਨੂੰ ਖਾਲਿਸਤਾਨ ਨਾਲ ਜੁੜੀਆਂ ਤੇ ਜੋੜੀਆਂ ਗਈਆਂ ਸਾਰੇ ਤਰ੍ਹਾਂ ਦੀਆਂ ਗੱਲਾਂ ਦੇ ਰੂ-ਬ-ਰੂ ਹੋਣਾ ਚਾਹੀਦਾ ਹੈ। ਪਿਛਲਾ ਮੁਤਾਲਿਆ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਖਾਸ ਗੱਲ ਕਿ 30 ਸਾਲ ਬਾਅਦ ਅੱਜ ਨਵੀਂ ਪੀੜੀ ਜੁਆਨ ਹੋ ਗਈ ਹੈ ਉਹਨਾਂ ਨੂੰ ਹੀ ਅੱਗੇ ਹਰ ਪੱਖ ਤੋਂ ਖਾਲਿਸਤਾਨ ਦੇ ਸੰਘਰਸ਼ ਨੂੰ ਅਗਵਾਈ ਦੇਣੀ ਚਾਹੀਦੀ ਹੈ।

ਖਾਲਸਾ ਅਤੇ ਖਾਲਿਸਤਾਨ:

ਸੂਰਜ ਸਾਰੀ ਦੁਨੀਆਂ ਨੂੰ ਬਿਨਾਂ ਕਿਸੇ ਭਿੰਨ-ਭੇਦ ਦੇ ਰੋਸ਼ਨੀ ਤੇ ਨਿੱਘ ਦਿੰਦਾ ਹੈ। ਉਸ ਦੀਆਂ ਕਿਰਨਾਂ ਬ੍ਰਹਿਮੰਡ ਦੀ ਹਰ ਉਸ ਨੁੱਕਰ ਤੱਕ ਪੁੱਜਣ ਦਾ ਯਤਨ ਕਰਦੀਆਂ ਹਨ ਜਿੱਥੇ ਪੁੱਜਣ ਦੀ ਸੱਤਿਆ ਉਸ ਕੋਲ ਹੁੰਦੀ ਹੈ ਜਾਂ ਜੋ ਵੀ ਉਸ ਦੇ ਸਨਮੁਖ ਆ ਜਾਂਦਾ ਹੈ ਉਹ ਉਸ ਦੀ ਰੌਸ਼ਨੀ ਦਾ ਪਾਤਰ ਬਣ ਜਾਂਦਾ ਹੈ। ਦੇਖਣ ਵਾਲੀ ਗੱਲ ਹੈ ਕਿ ਸੂਰਜ ਨੂੰ ਰੋਸ਼ਨੀ ਦੇਣ ਲਈ ਆਪ ਇਕ ਧੁਰੇ ’ਤੇ ਕਾਇਮ ਰਹਿਣਾ ਪੈਦਾ ਹੈ ਭਾਵੇਂ ਕਿ ਉਹ ਆਪਣੇ-ਆਪ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਭਾਵ ਕਿ ਉਹ ਗਤੀਸ਼ੀਲ ਰਹਿੰਦਾ ਵੀ ਹੈ ਪਰ ਆਪਣੇ ਅਕੀਦੇ ਤੋਂ ਡੋਲਦਾ ਵੀ ਨਹੀਂ।

ਗੁਰੂ ਨਾਨਕ ਸਾਹਿਬ ਨੇ ਦੁਨਿਆਂਈ ਨੂੰ ਸੁਚੱਜੀ ਜੀਵਨ ਜਾਚ ਦਰਸਾਓਣ ਲਈ ਦਸਾਂ ਜਾਮਿਆਂ ਵਿਚ ਵੱਖ-ਵੱਖ ਤਰੀਕਿਆਂ ਨਾਲ ਸਮਝਾਉਣਾ ਕੀਤਾ ਤੇ ਅਕਾਲ ਪੁਰਖ ਦਾ ਮਨੁੱਖਤਾ ਪ੍ਰਤੀ ਸੁਨੇਹਾ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਪ੍ਰਕਾਸ਼ਮਾਨ ਕੀਤਾ ਤੇ ਨਾਲ ਹੀ ਇਕ ਅਜਿਹੇ ਮਨੁੱਖ ਨੂੰ ਪਰਗਟਾਇਆ ਜਿਸ ਨੂੰ ਖਾਲਸਾ ਕਿਹਾ ਜਾਂਦਾ ਹੈ, ਜੋ ਜਿੱਥੇ ਅਕਾਲ ਪੁਰਖ ਦੇ ਬਖਸ਼ੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਪਹਿਰੇਦਾਰ ਹੈ ਉੱਥੇ ਸਬਦ ਗੁਰੂ ਦੁਆਰਾ ਦਰਸਾਈ ਜੀਵਨ-ਜਾਚ ਨੂੰ ਇਕ ਨਮੂਨੇ ਵਜੋਂ ਦੁਨੀਆਂ ਸਾਹਮਣੇ ਪੇਸ਼ ਕਰਨ ਲਈ ਜਿੰਮੇਵਾਰ ਵੀ ਹੈ। ਖਾਲਸੇ ਨੂੰ ਨਾ ਤਾਂ ਕਿਸੇ ਭੂਗੋਲਿਕ ਖਿੱਤੇ ਵਿਚ ਸੀਮਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਦੁਆਲੇ ਕੰਧਾਂ ਕੀਤੀਆਂ ਜਾ ਸਕਦੀਆਂ ਹਨ। ਇਹ ਤਾਂ ਦਰਿਆ ਦੀ ਤਰ੍ਹਾਂ ਵਹਿੰਦਾ ਹੈ, ਬੇ-ਮੁਹਾਰਾ, ਬੇ-ਪਰਵਾਹ, ਅਕਾਲੀ ਮੌਜ ਵਿਚ।

ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਬੁਲੰਦ ਕੀਤਾ। ਇਸ ਦਾ ਮਤਲਬ ਇਹ ਨਹੀਂ ਕਿ ਖ਼ਾਲਸੇ ਦਾ ਕਦੇ ਰਾਜ ਨਹੀਂ ਹੋਇਆ ਜਾਂ ਫਿਰ ਉਹ ਕਿਸੇ ਦਾ ਗੁਲਾਮ ਹੈ, ਨਹੀਂ ਅਜਿਹਾ ਨਹੀਂ, ਕਿਉਂਕਿ ਖ਼ਾਲਸਾ ਤਾਂ ਅਕਾਲ ਪੁਰਖ ਦੀ ਸੱਤਾ ਵਿਚ ਹਮੇਸ਼ਾ ਸਰੀਰਕ, ਮਾਨਸਿਕ ਤੇ ਰੂਹਾਨੀ ਤੌਰ ’ਤੇ ਅਜ਼ਾਦ ਹੈ, ਉਸ ਨੂੰ ਕਦੇ ਵੀ ਗੁਲਾਮ ਨਹੀਂ ਬਣਾਇਆ ਜਾ ਸਕਦਾ। ਅਸਲ ਵਿਚ ‘ਰਾਜ ਕਰੇਗਾ ਖ਼ਾਲਸਾ’ ਸਦੀਵੀ ਸੰਘਰਸ਼ ਦਾ ਲਖਾਇਕ ਹੈ, ਬਦੀ ਦੇ ਖਿਲਾਫ ਨੇਕੀ ਦੀ ਜੰਗ ਦਾ ਐਲਾਨ ਹੈ ‘ਰਾਜ ਕਰੇਗਾ ਖ਼ਾਲਸਾ।’ ਧਰਤੀ ਦੇ ਕਿਸੇ ਖਿੱਤੇ ਵਿਚ ਖਾਲਸਈ ਸਿਧਾਤਾਂ ਨੂੰ ਪ੍ਰਣਾਏ ਲੋਕਾਂ ਦੁਆਰਾ ਦੁਨਿਆਵੀ ਸੱਤਾ ਸਥਾਪਤ ਕਰਨ ਤੋਂ ਬਾਅਦ ਵੀ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ।

‘ਰਾਜ ਕਰੇਗਾ ਖ਼ਾਲਸਾ’ ਦੀ ਪਰਾਪਤੀ ਲਈ ਪੰਥ ਦਾ ਸੰਘਰਸ਼ ਵੱਖ-ਵੱਖ ਰੂਪਾਂ-ਵੇਸਾਂ ਵਿਚ ਚੱਲਦਾ ਰਹਿੰਦਾ ਹੈ, ਕਦੇ ਤਲੀ ਉੱਤੇ ਸੀਸ ਧਰਕੇ ਅਤੇ ਕਦੇ ਤਲੀ ਉੱਤੇ ਸੋਚ ਧਰ ਕੇ। ਕਦੇ ਗੁਰੂ ਅਰਜਨ ਪਾਤਸ਼ਾਹ ਸ਼ਾਤਮਈ ਸ਼ਹਾਦਤ ਦਾ ਜਾਮ ਪੀਂਦੇ ਹਨ ਅਤੇ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਜ਼ ਦਾ ਕਾਰਨ ਬਣਾ ਕੇ ਸਿੱਖਾਂ ਨੂੰ ਜੰਗ ਦਾ ਰੂਹਾਨੀ ਤਜਰਬਾ ਦਿਵਾਉਂਦੇ ਹਨ। ਕਦੇ ਗੁਰੂ ਤੇਗ ਬਹਾਦਰ ਜੀ ਆਪਣਾ ਸੀਸ ਭੇਟ ਕਰਦੇ ਹਨ ਅਤੇ ਕਦੇ ਗੁਰੂ ਗੋਬਿੰਦ ਸਿੰਘ ਜੀ ਕਿਰਪਾਨ ਨਾਲ ਆਪਣੇ ਸਿੱਖਾਂ ਦੇ ਸੀਸ ਲੈ ਕੇ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਦਿੰਦੇ ਹਨ। ਕਦੇ ਤਾਂ ਗੁਰੂ ਦਾ ਲਾਡਲਾ ਪੁੱਤਰ ਬੰਦਾ ਸਿੰਘ ਆਪ ਕਿਰਪਾਨ ਨਾਲ ਦੁਸ਼ਟਾਂ ਨੂੰ ਸੰਘਾਰਦਾ ਹੈ ਅਤੇ ਕਦੇ ਆਪ ਹੀ ਗੁਰੂ-ਪਿਆਰ ਵਿਚ ਜ਼ਾਲਮ ਦੀ ਤਲਵਾਰ ਨੂੰ ਸਿੱਖ ਦੇ ਖੂਨ ਦਾ ਸੁਆਦ ਚਖਣ ਦਿੰਦਾ ਹੋਇਆ ਸ਼ਹਾਦਤ ਦਾ ਜਾਮ ਪੀਂਦਾ ਹੈ। ਕਦੇ ਗੁਰਧਾਮਾਂ ਦੇ ਪ੍ਰਬੰਧ ਨੂੰ ਸੁਧਾਰਨ ਲਈ ਸਿੱਖ ਰੇਲਗੱਡੀਆਂ ਥੱਲੇ ਸੀਸ ਭੇਟ ਕਰਦੇ ਤੇ ਜੰਡਾਂ ਨਾਲ ਬੰਨ ਕੇ ਸਾੜੇ ਜਾਂਦੇ ਹਨ ਅਤੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਯਾਦਾ ਲਈ ਦੁਸ਼ਟ ਫੌਜੀਆਂ ਨੂੰ ਲੋਹੇ ਦੇ ਚਣੇ ਚਬਾਏ ਜਾਂਦੇ ਹਨ।

ਸਰਬੱਤ ਖ਼ਾਲਸੇ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ 29 ਅਪਰੈਲ 1986 ਨੂੰ ਪੰਥਕ ਕਮੇਟੀ ਵਲੋਂ ਖ਼ਾਲਿਸਤਾਨ ਦਾ ਐਲਾਨ ਕਰਕੇ ਕੀਤੀ ਗਈ ਤੇ ਪੰਥ ਨੇਐਲਾਨੀਆ ਰੂਪ ਵਿਚ ਦਿੱਲੀ ਤਖ਼ਤ ਦੇ ਖਿਲਾਫ ਹਥਿਆਰਬੰਦ ਸੰਘਰਸ਼ ਦਾ ਬਿਗਲ ਵਜਾਇਆ। ਖ਼ਾਲਿਸਤਾਨ ਤੋਂ ਭਾਵ ਇਕ ਅਜਿਹੇ ਖਿੱਤੇ ਤੋਂ ਹੈ ਜਿੱਥੇ ਦਸਵੇਂ ਨਾਨਕ ਵਲੋਂ ਪਰਗਟ ਕੀਤੇ ਖ਼ਾਲਸੇ ਦੀ ਤਰਜ਼ੇ-ਜਿੰਦਗੀ ਨੂੰ ਮਾਨਤਾ ਮਿਲੀ ਹੋਵੇ ਤੇ ਜਿੱਥੋਂ ਉੱਠ ਕੇ ਖ਼ਾਲਸਾ ਦੁਨੀਆਂ ਦੇ ਤਮਾਮ ਲੋਕਾਂ ਦੀ ਰੂਹਾਨੀ, ਸਮਾਜਿਕ ਤੇ ਆਰਥਿਕ ਤਰੱਕੀ ਲਈ ਸੂਰਜ ਦੀਆਂ ਕਿਰਨਾਂ ਵਾਂਗ ਪਹੁੰਚੇ।

ਅਸਲ ਵਿਚ ਖਾਲਿਸਤਾਨ ‘ਰਾਜ ਕਰੇਗਾ ਖ਼ਾਲਸਾ’ ਸੰਕਲਪ ਦੀ ਪੂਰਤੀ ਲਈ ਇਕ ਪੜਾਅ ਹੈ ਕਿਉਂਕਿ ਖਾਲਿਸਤਾਨ ਤਾਂ ਅੱਜ ਜਾਂ ਭਲ ਕੇ ਬਣ ਜਾਵੇਗਾ ਤੇਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਜੇਤੂ ਐਲਾਨਿਆ ਜਾਵੇਗਾ ਪਰ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਪੰਥ ਲਗਾਤਾਰ ਜਾਰੀ ਰੱਖੇਗਾ। ਖਾਲਿਸਤਾਨ ਭੁਗੋਲਿਕ ਤੇ ਸਿਆਸੀ ਹੱਦਾਂ ਵਿਚ ਬੰਨਿਆ ਜਾਵੇਗਾ ਪਰ ਰਾਜ ਕਰੇਗਾ ਖ਼ਾਲਸਾ ਦਰਿਆ ਦੀ ਮੌਜ ਵਾਂਗ ਬੇ-ਪਰਵਾਹੀ ਦੇ ਆਲਮ ਵਿਚ ਵਿਚਰੇਗਾ। ਜਿਸ ਤਰ੍ਹਾਂ ਨਿਰੰਕਾਰ ਦੇ ਵਿਚ ਕਈ ਆਕਾਰ ਹਨ ਉਸੇ ਤਰ੍ਹਾਂ ਹੀ ‘ਰਾਜ ਕਰੇਗਾ ਖ਼ਾਲਸਾ’ ਵਿਚ ਹੀ ਖਾਲਿਸਤਾਨ ਹੈ।

ਖ਼ਾਲਿਸਤਾਨ ਦੀ ਸਥਾਪਨਾ ਦੀ ਅਸਲ ਭੁਗੋਲਿਕ ਥਾਂ ਪੰਜ ਦਰਿਆਵਾਂ ਦੀ ਧਰਤੀ ਹੀ ਹੈ ਇਸ ਤੋਂ ਲਾਂਭੇ ਕਿਤੇ ਖ਼ਾਲਿਸਤਾਨ ਦੀ ਸਥਾਪਨਾ ਨਹੀਂ ਹੋ ਸਕਦੀ। ਗੁਰੂਵਰੋਸਾਈ ਧਰਤੀ ਪੰਜਾਬ ਦਾ ਨਾਮ ਬਦਲ ਕੇ ਖ਼ਾਲਿਸਤਾਨ ਰੱਖ ਲੈਣਾ ਵੀ ਖ਼ਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਖ਼ਾਲਿਸਤਾਨ ਦੀ ਲੋੜ ਅਮਰੀਕਾ, ਕੈਨੇਡਾ,ਯੋਰਪ ਜਾਂ ਕਿਸੇ ਹੋਰ ਜਗ੍ਹਾ ਉੱਪਰ ਨਹੀਂ ਪਰ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਹਰ ਥਾਂ ਗੂੰਜਦਾ ਹੈ ਅਤੇ ਗੂੰਜਦਾ ਰਹੇਗਾ ਕਿਉਂਕਿ ਜਦੋਂ ਕੋਈ ਰੂਹਾਨੀ ਤੇ ਨਿਰੰਕਾਰੀ ਆਦਰਸ਼ ਆਪਣਾ ਰੂਪ ਵਟਾ ਕੇ ਆਕਾਰ ਰੂਪ ਲੈਂਦਾ ਹੈ ਤਾਂ ਇਸ ਵਿਚ ਵੀ ਵੱਧ ਜਾਂ ਘੱਟ ਔਗੁਣ ਪ੍ਰਗਟ ਹੋ ਜਾਂਦੇ ਹਨ ਜਿਹਨਾਂ ਨੂੰ ਸੁਧਾਰਨਾ ਜ਼ਰੂਰੀ ਹੂੰਦਾ ਹੈ। ਖਾਲਿਸਤਾਨ ਇਸ ਧਰਤੀ ਉੱਪਰ ਨਵੇਂ ਪ੍ਰਬੰਧ ਦੇਣ ਤੇ ਉਹਨਾਂ ਨੂੰ ਲਾਗੂ ਕਰਨ ਦੀ ਉਦਾਹਰਨ ਹੋਵੇਗਾ, ਇਸ ਵਿਚ ਵੀ ਕੁਝ ਵਿਅਕਤੀਗਤ ਜਾਂ ਢਾਂਚਾਗਤ ਔਗੁਣ ਆ ਸਕਦੇ ਹਨ ਪਰ ‘ਰਾਜ ਕਰੇਗਾ ਖ਼ਾਲਸਾ’ ਦਾ ਅਦਰਸ਼ ਸਦਾ ਹੀ ਆਦਰਸ਼ਕ ਪ੍ਰਾਪਤੀ ਜਾਂ ਨਿਸ਼ਾਨੇ ਵੱਲ ਵੱਧਣ ਲਈ ਪ੍ਰੇਰਨਾ ਦਿੰਦਾ ਰਹੇਗਾ।

ਖਾਲਿਸਤਾਨ ਦੀ ਲੋੜ: 20 ਵੀਂ ਸਦੀ ਦੇ ਚੌਥੇ ਦਹਾਕੇ ਤੋਂ ਦੁਨੀਆਂ ਦੇ ਵੱਖ-ਵੱਖ ਸੱਭਿਆਚਾਰਾਂ ਨੇ ਅਪਾਣੀ ਹੋਂਦ-ਹਸਤੀ ਬਚਾਈ ਰੱਖਣ ਲਈ ਪੱਛਮੀ ਤਰਜ਼ ਉੱਤੇ ਰਾਜ ਸਥਾਪਤ ਕਰਨੇ ਸ਼ੁਰੂ ਕੀਤੇ ਅਤੇ ਉਸ ਸਮੇਂ ਕੌਮਾਂਤਰੀ ਹਲਾਤ ਅਜਿਹੇ ਬਣੇ ਕਿ ਵੱਡੀਆਂ ਸ਼ਕਤੀਆਂ ਨੂੰ ਆਪਣੇ ਅਧੀਨ ਮੁਲਕਾਂ ਨੂੰ ਛੱਡ ਕੇ ਜਾਣਾ ਪਿਆ ਜਿਸ ਤਹਿਤ ਹੀ ਬ੍ਰਿਟਿਸ਼ ਰਾਜ ਪ੍ਰਬੰਧ ਨੇ ਭਾਰਤੀ ਉਪ ਮਹਾਂਦੀਪ ਨੂੰ ਛੱਡ ਕੇ ਜਾਣ ਦਾ ਮਨ ਬਣਾਇਆ ਪਰ ਉਹ ਇਸ ਖਿੱਤੇ ਨੂੰ ਉਸ ਰੂਪ ਵਿਚ ਛੱਡ ਕੇ ਨਾ ਗਏ ਜਿਸ ਰੂਪ ਵਿਚ ਉਹਨਾਂ ਇਸ ਨੂੰ ਪ੍ਰਾਪਤ ਕੀਤਾ ਸੀ ਸਗੋਂ ਉਹਨਾਂ ਨੇ ਆਪਣੇ ਰਾਜ-ਕਾਲ ਦੌਰਾਨ ਇਹਨਾਂ ਵੱਖ-ਵੱਖ ਸੱਭਿਆਚਾਰਾਂ ਨੂੰ ਇਕ ਹੀ ਕਾਨੂੰਨ ਦੇ ਰੱਸੇ ਵਿਚ ਨੂੜ ਦਿੱਤਾ ਸੀ ਤੇ ਭਾਵੇਂ ਕਿ ਅੰਗਰੇਜ਼ ਤਾਂ ਚਲੇ ਗਏ ਪਰ ਉਹ ਇਸ ਖਿੱਤੇ ਦੀ ਵਾਗਡੋਰ ਆਪਣੇ ਉਪਾਸ਼ਕ ਲੋਕਾਂ ਦੇ ਹੱਥਾਂ ਵਿਚ ਫੜਾ ਗਏ ਤਾਂ ਹੀ ਤਾਂ ਅਜੇ ਤੱਕ ਇਸ ਖਿੱਤੇ ਵਿਚ ਕੋਈ ਨਾ ਕੋਈ ਸਮੱਸਿਆ ਖੜੀ ਹੀ ਰਹਿੰਦੀ ਹੈ ਤੇ ਮੌਜੂਦਾ ਰਾਜ ਪ੍ਰਬੰਧ ਤੋਂ ਦੁਖੀ ਲੋਕ ਇਸ ਖਿਲਾਫ ਕਿਸੇ ਨਾ ਕਿਸੇ ਰੂਪ ਵਿਚ ਵਿਦਰੋਹ ਜਾਰੀ ਰੱਖਦੇ ਹਨ।

1849 ਵਿਚ ਅੰਗਰੇਜ਼ਾਂ ਨੇ ਸਿੱਖਾਂ ਦੇ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਪਰ 1947 ਵਿਚ ਸਿੱਖਾਂ ਨੇ ਆਪਣੀ ਕਿਸਮਤ ਬ੍ਰਾਹਮਣਵਾਦੀਆਂ ਦੇ ਨਾਲ ਜੋੜ ਲਈ ਤੇ ਇਕ ਨਵੀਂ ਗ਼ੁਲਾਮੀ ਦਾ ਸਫਰ ਸ਼ੁਰੂ ਹੋ ਗਿਆ ਤੇ ਸਿੱਖਾਂ ਨਾਲ ਦਿੱਲੀ ਨੇ ਹਰੇਕ ਪੱਖ ਤੋਂ ਵਿਤਕਰਾ ਕੀਤਾ, ਉਹਨਾਂ ਦੀ ਬੋਲੀ, ਸੱਭਿਆਚਾਰ, ਧਾਰਮਿਕ ਰਹੁ-ਰੀਤਾਂ, ਪਰੰਪਰਾਵਾਂ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਤੇ ਬ੍ਰਾਹਮਣ ਦੀ ਕੁਟਲ ਨੀਤੀ ਦਾ ਸਿਖਰ ਉਦੋਂ ਹੋ ਨਿਬੜਿਆ ਜਦੋਂ ਜੂਨ 1984 ਵਿਚ ਸਿੱਖਾਂ ਦੇ ਧੁਰੇ ਤੇ ਮਨੁੱਖਤਾ ਦੇ ਮਾਰਗ ਦਰਸ਼ਕ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ 37 ਹੋਰ ਗੁਰਧਾਮਾਂ ਉੱਤੇ ਸਿੱਧਾ ਫੌਜੀ ਹਮਲਾ ਕਰਕੇ ਸਿੱਖ ਨਸਲਕੁਸ਼ੀ ਦੀ ਐਲਾਨੀਆ ਸ਼ੁਰੂਆਤ ਕੀਤੀ ਗਈ ਤਾਂ ਸਿੱਖਾਂ ਨੇ 20 ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ ‘ਜਦੋਂ ਦਿੱਲੀ ਸਰਕਾਰ ਸ੍ਰੀ ਦਰਬਾਰ ਸਹਿਬ ਉੱਤੇ ਹਮਲਾ ਕਰੇਗੀ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਨੂੰ ਪੂਰਾ ਕਰਨ ਹਿੱਤ 29 ਅਪਰੈਲ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਰਤ ਤੋਂ ਵੱਖਰੇ ਪ੍ਰਭੂਸੱਤਾ ਸੰਪੰਨ ਮੁਲਕ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ। ਸਿੱਖਾਂ ਨੇ ਆਪਣੀਆਂ ਪਰੰਪਰਾਵਾਂ ਅਧੀਨ ਹਥਿਆਰਬੰਦ ਸੰਘਰਸ਼ ਦੇ ਉਹ ਜੌਹਰ ਦਿਖਾਏ ਕਿ ਦੁਸ਼ਮਣ ਦੇ ਦੰਦਾਂ ਵਿਚ ਜੀਭ ਆ ਗਈ ਤਾਂ ਫਿਰ ਗੁਰਬਾਣੀ ਦੇ ਦੱਸਣ ਮੁਤਾਬਕ ਜਿਵੇਂ ਦੁਸ਼ਮਣ ਬਾਜਾਂ ਨੂੰ ਫੜਨ ਲਈ ਇਕ ਬਾਜ਼ ਨੂੰ ਸਿਖਾ ਕੇ ਹੀ ਵਰਤਦਾ ਹੈ ਤੇ ਹਿਰਨਾਂ ਨੂੰ ਫੜਨ ਲਈ ਇਕ ਹਿਰਨ ਨੂੰ ਸਿਖਾ ਕੇ ਵਰਤਦਾ ਹੈ ਉਸੇ ਤਰ੍ਹਾਂ ਹੀ ਸਿੱਖਾਂ ਨੂੰ ਫੜਨ ਲਈ ਕੁਝ ਸਿੱਖਾਂ ਨੂੰ ਹੀ ਸਿਖਾ ਕੇ ਵਰਤਿਆ ਅਤੇ ਅੱਜ ਇਹੀ ਲੋਕ ਗੁਰੂ-ਘਰਾਂ ਅਤੇ ਸਿੱਖ ਸੰਸਥਾਵਾਂ ਉੱਤੇ ਕਾਬਜ ਹਨ।

1984 ਤੋਂ ਬਾਅਦ ਜਿੱਥੇ ਸਿੱਖਾਂ ਨੂੰ ਸਰੀਰਿਕ ਰੂਪ ਵਿਚ ਖਤਮ ਕਰਨ ਦੀਆਂ ਨੀਤੀਆਂ ਅਪਣਾਈਆਂ ਗਈਆਂ ਉੱਥੇ ਨਾਲ ਹੀ ਅਗਲੀਆਂ ਨਸਲਾਂ ਨੂੰ ਆਪਣੇ ਵਿਰਸੇ ਨਾਲੋਂ ਤੋੜ ਕੇ ਨਸ਼ਿਆਂ, ਅਨੈਤਿਕਤਾ ਦੇ ਗੁਲਾਮ ਤੇ ਪੰਥਕ ਪਰੰਪਰਾਵਾਂ ਉੱਤੇ ਕਿੰਤੂ-ਪਰੰਤੂ ਕਰਨ ਦੀ ਸੋਚ ਪ੍ਰਸਾਰੀ ਜਾ ਰਹੀ ਹੈ। ਉਹਨਾਂ ਨੂੰ ਆਪਣੀ ਬੋਲੀ, ਸੱਭਿਆਚਾਰ, ਵਿੱਲਖਣ ਪਛਾਣ ਤੋਂ ਇਕ ਸਾਜ਼ਿਸ਼ ਤਹਿਤ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ ਆਪਣੇ ਸਿੱਖ ਹੋਣ ਦਾ ਮਾਣ ਗਵਾਚ ਜਾਵੇ ਤੇ ਉਹ ਦਿੱਲੀ ਦੀ ਝੋਲੀ ਵਿਚ ਪੈ ਜਾਣ। ਇਹਨਾਂ ਨੀਤੀਆਂ ਨੂੰ ਸਾਡਾ ਦੁਸ਼ਮਣ ਬੜੀ ਤੇਜੀ ਨਾਲ ਲਾਗੂ ਕਰ ਰਿਹਾ ਹੈ ਤੇ ਪੰਥਕ ਕਹਾਉਂਦੇ ਕੁਝ ਆਗੂ ਵੀ ਪੰਥ ਨੂੰ ਕੋਈ ਨਿਰੋਈ ਸੇਧ ਦੇਣ ਦੀ ਥਾਂ ਦੁਸ਼ਮਣ ਦੀਆਂ ਚਾਲਾਂ ਵਿਚ ਅਣਭੋਲ ਹੀ ਫਸ ਕੇ ਆਪਣਿਆਂ ਖਿਲਾਫ ਹੀ ਮੋਰਚਾ ਖੋਲੀ ਬੈਠੇ ਹਨ ਤੇ ਵਿਆਹ ਵਿਚ ਬੀ ਦਾ ਲੇਖਾ ਪਾ ਕੇ ਪੰਥ ਦੀ ਸ਼ਕਤੀ ਅਜਾਂਈ ਗਵਾ ਰਹੇ ਹਨ ਜਿਸ ਨਾਲ ਪੰਥ ਦਾ ਤਾਂ ਕੋਈ ਭਲਾ ਹੋਣ ਨਹੀਂ ਵਾਲਾ ਸਗੋਂ ਦੁਸ਼ਮਣ ਹੋਰ ਤਕੜਾ ਹੋਵੇਗਾ।

ਸੋ ਇਹ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਦਿੱਲੀ ਦੇ ਮੌਜੂਦਾ ਪ੍ਰਬੰਧ ਵਿਚ ਸਿੱਖ ਸੱਭਿਆਚਾਰ ਵਿਗਸ ਨਹੀਂ ਸਕਦਾ ਸਗੋਂ ਦਿੱਲੀ ਵਲੋਂ ਸਾਜ਼ਿਸ ਤਹਿਤ ਸਿੱਖ ਸੱਭਿਆਚਾਰ ਨੂੰ ਖਤਮ ਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਸਿੱਖ ਨਸਲਕੁਸ਼ੀ ਨੂੰ ਲਗਾਤਾਰ ਵੱਖ-ਵੱਖ ਰੂਪਾਂ-ਵੇਸਾਂ ਵਿਚ ਜਾਰੀ ਰੱਖਿਆ ਜਾ ਰਿਹਾ ਹੈ।

ਖਾਲਿਸਤਾਨ ਪ੍ਰਾਪਤੀ ਦੇ ਢੰਗ: ਖ਼ਾਲਿਸਤਾਨ ਦੀ ਪ੍ਰਾਪਤੀ ਲਈ ਅਜਿਹੇ ਢੰਗ ਤਰੀਕੇ ਅਪਣਾਏ ਜਾਣ ਤਾਂ ਜੋ ਜਿੱਥੇ ਸਿੱਖ ਸੱਭਿਆਚਾਰ ਨੂੰ ਆਪਣਾ ਘਰ ਮਿਲ ਸਕੇ ਉੱਥੇ ਗੁਰੂ-ਵਰੋਸਾਈ ਧਰਤੀ ਪੰਜਾਬ ਨੂੰ ਪਿਆਰ ਤੇ ਦੁਨੀਆਂ ਦੇ ਲੋਕਾਂ ਨੂੰ ਨਰੋਈ ਜੀਵਨ-ਜਾਚ ਮਿਲੇ।

ਖ਼ਾਲਿਸਤਾਨ ਦੀ ਪਰਾਪਤੀ ਦਾ ਸੰਘਰਸ਼ ਕਈ ਪੜਾਵਾਂ ਤੇ ਕਈ ਪੱਖਾਂ ਤੋਂ ਲੜਿਆ ਜਾਣਾ ਹੈ ਅਤੇ ਇਹਨਾਂ ਸਾਰੇ ਪੜਾਵਾਂ ਤੇ ਪੱਖਾਂ ਵਿਚ ਆਪਸੀ ਤਾਲਮੇਲ ਤੇ ਇਤਫਾਕ ਇਸ ਦੀ ਪਹਿਲੀ ਲੋੜ ਹੈ, ਤਾਂ ਹੀ ਗੁਰੂ ਦੀ ਪਰਤੀਤ ਮਿਲ ਸਕਦੀ ਹੈ। ਖਾਲਿਸਤਾਨ ਦੀ ਪ੍ਰਾਪਤੀ ਲਈ ਸਰਬਤ ਦੇ ਭਲੇ ਲਈ ਲੋਕਾਈ ਦੀ ਸੇਵਾ ਫਰੰਟ, ਰੂਹਾਨੀਅਤ ਤੇ ਸੁਚੱਜੀ ਜੀਵਨ-ਜਾਚ ਲਈ ਧਾਰਮਿਕ ਫਰੰਟ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੁਕਤਾ ਲਈ ਮਨੁੱਖੀ ਅਧਿਕਾਰ ਫਰੰਟ ਤੇ ਦੁਸ਼ਟ ਸੰਘਾਰਨ ਲਈਸੀਮਤ ਫਰੰਟ ਅਤੇ ਸਭ ਤੋਂ ਅਹਿਮ ਦੋ ਤਰ੍ਹਾਂ ਦੇ ਸਿਆਸੀ ਫਰੰਟ ਇਕ ਤਾਂ ਖਾਲਿਸਤਾਨ ਨੂੰ ਸਿਧਾਂਤਕ ਮਾਰਗ-ਦਰਸ਼ਨ ਦੇਣ ਲਈ ਫਰੰਟ ਅਤੇ ਦੂਸਰਾ ਭਾਰਤੀ ਜਾਂ ਦੂਜੇ ਮੁਲਕਾਂ ਵਿਚ ਚਲਦੀ ਵੋਟ-ਰਾਜਨੀਤੀ ਅਧੀਨ ਫਰੰਟ। ਇਹ ਇਕ ਜਾਂ ਇਕ ਤੋਂ ਵੱਧ ਬੇਸ਼ਕ ਹੋਣ ਪਰ ਇਹਨਾਂ ਵਿਚ ਕੰਮ ਕਰਦੇ ਖਾਲਸਾ ਜੀ ਲਈ ਜਰੂਰੀ ਨਹੀਂ ਕਿ ਥਾਂ-ਥਾਂ ਜਾਂ ਰੋਜ਼ਾਨਾ ਖਾਲਿਸਤਾਨ ਦੇ ਨਾਅਰੇ ਜ਼ਰੂਰ ਲਗਾਉਣ ਪਰ ਉਹਨਾਂ ਦੇ ਜੀਵਨ ਵਿਚੋਂ ਖਾਲਸੇ ਹੋਣ ਦੀ ਖੁਸ਼ਬੂ ਜਰੂਰ ਆਵੇ। ਵਰਤਮਾਨ ਸੰਸਾਰੀਹਲਾਤ ਦੇਖੀਏ ਤਾਂ ਇਹ ਹਲਾਤ ਐਸੇ ਵੀ ਬਣ ਸਕਦੇ ਹਨ ਕਿ ਅਕਾਲ ਪੁਰਖ ਆਪ ਹੀ ਖਾਲਸਾ ਜੀ ਨੂੰ ਝੋਲੀ ਵਿਚ ਹੀ ਰਾਜ ਭਾਗ ਪਾ ਦੇਵੇ ਪਰ ਕੀ ਅਸੀਂ ਪਰਮ ਪਿਤਾ ਅੱਗੇ ਝੋਲੀ ਅੱਡੀ ਹੈ ਜਾਂ ਕੀ ਸਾਡੀ ਝੋਲੀ ਮਜਬੂਤ ਹੈ ਕਿ ਜੇਕਰ ਉਸ ਵਿਚ ਰਾਜ ਭਾਗ ਪੈ ਜਾਵੇ ਤਾਂ ਅਸੀਂ ਉਸ ਨੂੰ ਸਾਂਭ ਸਕਾਂਗੇ ਭਾਵ ਕਿ ਸਾਡੀਆਂ ਰੂਹਾਂ ਐਨੀਆਂ ਬਲਸ਼ਾਲੀ ਹਨ ਕਿ ਅਸੀਂ ਸਹਿਜ ਵਿਚ ਰਹਿ ਕੇ ਹੀ ਇਸ ਦਾਤ ਨੂੰ ਸਾਂਭ ਸਕਾਂਗੇ।

ਖਾਲਿਸਤਾਨ ਤੇ ਵੋਟ ਰਾਜਨੀਤੀ: ਪੰਜਾਬ ਜਾਂ ਭਾਰਤ ਵਿਚ ਵੋਟ ਰਾਜਨੀਤੀ ਵਾਲੇ ਫਰੰਟ ਨੂੰ ਖਾਲਿਸਤਾਨ ਦੇ ਨਾਮ ਨੂੰ ਨਹੀਂ ਵਰਤਣਾ ਚਾਹੀਦਾ ਉਹ ਚੱਲਦੇ ਪ੍ਰਬੰਧ ਅਧੀਨ ਵੱਧ ਅਧਿਕਾਰਾਂ ਜਾਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ। ਜੇ ਵਿਆਪਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਦਿੱਲੀ ਦੇ ਪ੍ਰਬੰਧ ਅਧੀਨ ਨੂੜੇ ਵੱਖ-ਵੱਖਸੱਭਿਆਚਾਰ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਜੂਝ ਰਹੇ ਹਨ ਪਰ ਉਹ ਦਿੱਲੀ ਤਖ਼ਤ ਦੇ ਖਿਲਾਫ ਉਸ ਜਿੰਦਾ ਦਿਲੀ ਨਾਲ ਨਹੀਂ ਸੰਘਰਸ਼ ਕਰ ਸਕਦੇ ਜਿੰਨੀ ਦਲੇਰੀ ਸਿੱਖਾਂ ਕੋਲ ਹੈ ਜਿਸ ਦੀ ਉਦਾਹਰਨ ਸਪੱਸ਼ਟ ਹੈ ਜਦੋਂ 1975 ਵਿਚ ਭਾਰਤ ਵਿਚ ਐਮਰਜੈਂਸੀ ਲੱਗੀ ਸੀ ਤਾਂ ਕੇਵਲ ਸਿੱਖਾਂ ਨੇ ਹੀ ਇਸ ਦਾ ਵਿਰੋਧ ਕੀਤਾ ਸੀ ਤੇ ਭਾਰਤ ਭਰ ਵਿਚੋਂ ਵੱਖ-ਵੱਖ ਸੱਭਿਆਚਾਰਾਂ ਦੇ ਨੁੰਮਾਇੰਦਿਆਂ ਨੇ ਮਨੁੱਖਤਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸ਼ਰਨ ਲਈ ਸੀ ਅਤੇ ਜਦੋਂ ਪੰਥ ਵਲੋਂ 1982 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਵਿਚ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਲਾਇਆ ਗਿਆ ਸੀ ਤਾਂ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਵੱਖ-ਵੱਖ ਸੱਭਿਆਚਾਰਾਂ ਦੇ ਨੁੰਮਾਇੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸੁਣਨ ਲਈ ਦਰੀ ਉੱਤੇ ਆ ਕੇ ਬੈਠਦੇ ਸਨ, ਉਹਨਾਂ ਨੂੰ ਆਸ ਸੀ ਕਿ ਖ਼ਾਲਸਾ ਆਪ ਵੀ ਦਿੱਲੀ ਤੋਂ ਆਪਣੇ ਹੱਕ ਲੈ ਲਵੇਗਾ ਅਤੇ ਸਾਨੂੰ ਵੀ ਕੁਝ ਮਿਲ ਜਾਵੇਗਾ। ਇਸ ਪੱਖ ਤੋਂ ਵੀ ਦੁਬਾਰਾ ਲਾਮਬੱਧੀ ਕਰਨ ਦੀ ਲੋੜ ਹੈ। ਵਿਚਾਰਨ ਦੀ ਗੱਲ ਹੈ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਵੱਖ-ਵੱਖ ਹੋਰ ਸੰਘਰਸ਼ਸ਼ੀਲ਼ ਧਿਰਾਂ ਨਾਲ ਰਾਬਤਾ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਹੀ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਅਨੰਦਪੁਰ ਸਾਹਿਬ ਦਾ ਮਤਾ ਖ਼ਾਲਿਸਤਾਨ ਐਲਾਨਨਾਮੇ ਦੀ ਪ੍ਰਾਪਤੀ ਲਈ ਇਕ ਅਹਿਮ ਪੜਾਅ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀਆਂ ਚੋਣਾਂ ਵੀ ਖਾਲਿਸਤਾਨ ਲਈ ਇਕ ਪੜਾਅ ਤੇ ਸਾਧਨ ਤਾਂ ਹੋ ਸਕਦੀਆਂ ਹਨ ਪਰ ਖਾਲਿਸਤਾਨ ਦੇ ਨਿਸ਼ਾਨੇ ਵਜੋਂ ਇਹਨਾਂ ਨੂੰ ਵੀ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਗੁਰੂ ਘਰਾਂ ਦਾ ਪ੍ਰਬੰਧ ਸਰਬੱਤ ਦੇ ਭਲੇ ਲਈ ਕਰਨਾ ਹੈ ਤਾਂ ਜੋ ਖਾਲਸਾ ਜੀ ਕੇ ਬੋਲ-ਬਾਲੇ ਹੋ ਸਕਣ। ਵੈਸੇ ਗੁਰੂ-ਘਰਾਂ ਦਾ ਪ੍ਰਬੰਧ ਮੌਜੂਦਾ ਚੋਣ ਪ੍ਰਣਾਲੀ ਮੁਤਾਬਕ ਸਹੀ ਚੱਲ ਹੀ ਨਹੀਂ ਸਕਦਾ ਇਸ ਲਈ ਵੀ ਬਦਲਵੇਂ ਪਰੰਪਰਾ ਮੁਤਾਬਕ ਪ੍ਰਬੰਧ ਦੀਆਂ ਲੀਹਾਂ ਸ਼ੁਰੂ ਕਰਨੀਆਂ ਚਾਹੀਦੀਆਂਹਨ।

ਖਾਲਸਾ ਤੇ ਸ਼ਸਤਰ: 20ਵੀ ਸਦੀ ਦੇ ਪੰਜਵੇਂ ਦਹਾਕੇ ਤੋਂ ਬਾਅਦ ਚੱਲੇ ਕਿਸੇ ਸੰਘਰਸ਼ ਨੇ ਵੀ ਹਥਿਆਰਬੰਦ ਸੰਘਰਸ਼ ਨੂੰ ਏਨੀ ਉਚਾਈ ਤੱਕ ਨਹੀਂ ਪਹੁੰਚਾਇਆ ਜਿੰਨਾ ਉੱਚਾ ਸਿੱਖਾਂ ਵੱਲੋਂ ਹਥਿਆਰਬੰਦ ਸੰਘਰਸ਼ ਨੂੰ ਲਿਜਾਇਆ ਗਿਆ। ਸ਼ਸਤਰ ਖ਼ਾਲਸਾ ਤਰਜ਼ੇ ਜਿੰਦਗੀ ਵਿਚ ਇਕ ਰੂਹਾਨੀ ਤਜਰਬਾ ਹੈ, ਸ਼ਸਤਰ ਤੋਂ ਬਿਨਾਂਖ਼ਾਲਸੇ ਦੀ ਸੰਪੂਰਨਤਾ ਨਹੀਂ ਕਿਆਸੀ ਜਾ ਸਕਦੀ। ਸ਼ਸਤਰ ਤੋਂ ਬਿਨਾਂ ਖ਼ਾਲਸਾ ਖ਼ਾਲਸਾ ਕਹਾਉਣ ਦਾ ਹੱਕ ਹੀ ਨਹੀਂ ਲੈ ਸਕਦਾ। ਖ਼ਾਲਸਾ ਤੇ ਸ਼ਸਤਰ ਆਪਸ ਵਿਚ ਇਸ ਤਰ੍ਹਾਂ ਘੁਲੇ-ਮਿਲੇ ਹੋਏ ਹਨ ਜਿਵੇਂ ਸ਼ਹਿਦ ਵਿਚ ਮਿਠਾਸ ਤੇ ਗੁਲਾਬ ਵਿਚ ਖੁਸ਼ਬੋ। ਸ਼ਸਤਰ ਖ਼ਾਲਸਾ ਤੇ ਖ਼ਾਲਸਾ ਸ਼ਸਤਰ ਹੈ। ਖ਼ਾਲਸੇ ਦੇ ਗਾਤਰੇ ਪਾਈਕਿਰਪਾਨ ਕੋਈ ਚਿੰਨ੍ਹ ਨਹੀਂ ਸਗੋਂ ਸ਼ਸਤਰ ਹੈ ਜੋ ਉਸ ਨੇ ਦੀਨ-ਦੁਖੀ ਦੀ ਸੇਵਾ ਵਿਚ ਵਰਤਣੀ ਹੈ ਪਰ ਤਰਾਸਦੀ ਹੈ ਕਿ ਖ਼ਾਲਸਈ ਸੱਭਿਆਚਾਰ ਦੀ ਕਿਸੇ ਭੁਗੋਲਿਕ ਖਿੱਤੇ ਚ ਮਾਨਤਾ ਨਾ ਹੋਣ ਕਾਰਨ ਅਸੀਂ ਅੱਜ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਰੋਜ਼ੀ-ਰੋਟੀ ਲਈ ਵਸਣ ਦੀ ਖਾਤਰ ਕਿਰਪਾਨ ਨੂੰ ਸ਼ਸਤਰ ਦੀ ਥਾਂਚਿੰਨ੍ਹ ਦੇ ਤੌਰ ’ਤੇ ਪੇਸ਼ ਕਰਕੇ ਵਧੇਰੇ ਖੁਸ਼ ਹੁੰਦੇ ਹਾਂ। ਇਸ ਕਾਰਨ ਖ਼ਾਲਸੇ ਨੂੰ ਸ਼ਸਤਰ ਤਿਆਗ ਦੇਣ ਦੀ ਗੱਲ ਕਹਿਣੀ ਖ਼ਾਲਸਈ ਸਿਧਾਂਤਾਂ ਤੋਂ ਮੁਨਕਰ ਹੋਣ ਲਈ ਕਹਿਣਾ ਤੇ ਖਾਲਸਈ ਸੱਭਿਆਚਾਰ ਨੂੰ ਚੁਣੌਤੀ ਦੇਣ ਤੁਲ ਹੋਵੇਗਾ ਪਰ ਇਸ ਤੋਂ ਵੱਡੀ ਅਣਹੋਣੀ ਹੋਵੇਗੀ ਜੇਕਰ ਖ਼ਾਲਸੇ ਦੇ ਸ਼ਸਤਰ ‘ਦੀਨਿਨ ਕੀ ਪ੍ਰਤਿਪਾਲ’ ਕਰਨ ਦੀ ਥਾਂ ਆਮ ਲੋਕਾਈ ਨੂੰ ਨੁਕਸਾਨ ਪਹੁੰਚਾਉਣ ਲਈ ਵਰਤੇ ਜਾਣ ਤਾਂ ਉਹ ਨਾ ਤਾਂ ਆਪਣੇ ਨਿਸ਼ਾਨਿਆਂ ਤੱਕ ਪੁੱਜ ਸਕੇਗਾ ਅਤੇ ਨਾ ਹੀ ਗੁਰੂ ਦੀ ਪਰਤੀਤ ਦਾ ਪਾਤਰ ਬਣ ਸਕੇਗਾ ਕਿਉਂਕਿ ਖ਼ਾਲਸੇ ਦੇ ਹੱਥ ਵਿਚ ਫੜੀ ਤਲਵਾਰ ਤਾਂ ਹੀ ਕਿਰਪਾਨ ਕਹਾਉਣ ਦਾ ਹੱਕ ਰੱਖਦੀ ਹੈ ਜੇਕਰ ਉਹ ਕਿਸੇ ਉੱਤੇ ਕਿਰਪਾ ਕਰਨ ਦੀ ਦ੍ਰਿਸ਼ਟੀ ਨਾਲ ਉੱਠਦੀ ਹੈ।

ਖਾਲਿਸਤਾਨੀਆਂ ਲਈ ਕੰਮ: ਖ਼ਾਲਿਸਤਾਨੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਵੀ ਅਪਸੀ ਤਾਲਮੇਲ ਕਾਇਮ ਕਰਨਾ ਪੈਣਾ ਹੈ। ਮੌਜੁਦਾ ਸਮੇ ਇਹਨਾਂ ਵਿਚ ਕਈ ਤਰ੍ਹਾ ਦੇ ਮਤਭੇਦ ਹਨ ਜਿਹਨਾਂ ਤੋਂ ਉਭਰਨਾ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਪਹਿਲੀ ਲੋੜ ਹੈ ਅਤੇ ਖਾਲਿਸਤਾਨ ਦੇ ਨਾਮ ਪਰ ਫੋਕੀਆਂ ਨਾਅਰੇਬਾਜੀਆਂ ਕਰਨ, ਨੌਜਵਾਨਾਂ ਨੂੰ ਫੂਹੜ-ਹਿੰਸਾ ਲਈ ਭੜਕਾਉਣ ਵਾਲਿਆਂ ਤੋਂ ਸੁਚੇਤ ਹੋਣ ਅਤੇ ਅਜਿਹੇ ਤੱਤਾਂ ਨੂੰ ਪੰਜਾਬ, ਭਾਰਤ ਜਾਂ ਬਾਹਰੋਂ ਖਦੇੜਨਾ ਚਾਹੀਦਾ ਹੈ। ਅਜਿਹੇ ਲੋਕਾਂ ਦਾ ਨਿਸ਼ਾਨਾ ਤਾਂ ਦੁਨਿਆਵੀ ਚੌਧਰਾਂ ਜਾਂ ਸ਼ੋਹਰਤਾਂ ਹੀ ਹੁੰਦਾ ਹੈ ਪਰ ਵਰਤਦੇ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਹਨ। ਜਿਹਨਾਂ ਦੇ ਆਪਣੇ ਚਰਿੱਤਰ ਆਮ ਮਨੁੱਖਾਂ ਨਾਲੋਂ ਵੀ ਨੀਵੇਂ ਹਨ ਅੱਜ ਉਹ ਲੋਕ ਖਾਲਿਸਤਾਨ ਪ੍ਰਤੀ ਗੱਲ ਚੱਕਵੀਂ ਕਰਕੇ ਇਸ ਦੀ ਸੁਹਿਰਦਤਾ ਤੇ ਗੰਭੀਰਤਾ ਨੂੰ ਖਤਮ ਕਰ ਦਿੰਦੇ ਹਨ।

ਖ਼ਾਲਿਸਤਾਨ ਦੀ ਸਥਾਪਨਾ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਇਸ ਦੀ ਅਗਵਾਈ ਸੰਜੀਦਾ ਲੀਡਰਸ਼ਿਪ ਕੋਲ ਹੋਵੇ ਜੋ ਬਾਣੀ-ਬਾਣੇ ਵਿਚ ਪਰਪੱਕ ਤੇ ਕਰਮ ਕਰਨ ਵਿਚ ਵਧੇਰੇ ਵਿਸ਼ਵਾਸ ਰੱਖਦੀ ਹੋਵੇ ਤੇ ਅਜਿਹੀ ਲੀਡਰਸ਼ਿਪ ਦਾ ਪਹਿਲਾ ਕਾਰਜ ਇਹ ਹੋਵੇ ਕਿ ਲੋਕਾਂ ਨੂੰ ਸਬਦ ਗੁਰੂ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਜਿੱਥੇ ਦੇਹਧਾਰੀ ਪਖੰਡੀਆਂ ਨੂੰ ਭਾਂਜ ਦਿੱਤੀ ਜਾਵੇ ਉੱਥੇ ਗੁਰੂ-ਘਰਾਂ ਦਾ ਪ੍ਰਬੰਧ ਅਜਿਹੇ ਸੁਚੱਜੇ ਹੱਥਾਂ ਵਿਚ ਲਿਆਂਦਾ ਜਾਵੇ ਤਾਂ ਜੋ ਗੁਰੂ-ਘਰ ਜਿੱਥੇ ਸੰਗਤਾਂ ਨੂੰ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਨਾਲ ਜੋੜਨ ਉੱਥੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਵੀ ਸਹਾਇਕ ਹੋਣ। ਲੋਕਾਂ ਦੇ ਮਨਾਂ ਵਿਚ ਭਾਰਤੀ ਸਟੇਟ ਵਲੋਂ ਖ਼ਾਲਿਸਤਾਨ ਪ੍ਰਤੀ ਪੈਦਾ ਕੀਤੀ ਦਹਿਸ਼ਤ ਨੂੰ ਕੱਢਣ ਲਈ ਖ਼ਾਲਿਸਤਾਨੀਆਂ ਦਾ ਆਪਣਾ ਜੀਵਨ ਨਿਮਰਤਾ, ਸਹਿਜ, ਵਿਚਾਰਵਾਨ, ਤਿਆਗ, ਬਾਣੀ-ਬਾਣੇ ਵਿਚ ਪਰਪੱਕਤਾ ਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਸਦਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ।

ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੁਹਿਰਦ ਵਿਅਕਤੀਆਂ ਦੇ ਇਕੱਤਰ ਹੋਣ ਜਾਂ ਵੱਖ-ਵੱਖ ਫਰੰਟਾਂ (ਸੇਵਾ, ਧਾਰਮਿਕ, ਸਿਆਸੀ, ਮਨੁੱਖੀ ਅਧਿਕਾਰ ਤੇ ਸ਼ਸਤਰ) ਤੇਕੰਮ ਕਰਨ ਵਾਲਿਆਂ ਵਿਚ ਤਾਲਮੇਲ ਦੀ ਕਇਮੀ ਤੋਂ ਬਾਅਦ ਦੂਜਾ ਵੱਡਾ ਕੰਮ ਹੈ ਕਿ ਖ਼ਾਲਿਸਤਾਨ ਜਿਹਨਾਂ ਲੋਕਾਂ ਨੇ ਬਣਾਉਣ ਲਈ ਤੁਰਨਾ ਹੈ ਉਹਨਾਂ ਦੀ ਸਿੱਖਿਆ ਤੇ ਤਿਆਰੀ ਕੀਤੀ ਜਾਵੇ ਤਾਂ ਜੋ ਉਹ ਜਿੱਥੇ ਖ਼ਾਲਿਸਤਾਨ ਦੇ ਸਭ ਪੱਖਾਂ ਨੂੰ ਆਪ ਸਮਝ ਸਕਣ ਉੱਥੇ ਉਹ ਲੋਕਾਂ ਨੂੰ ਵੀ ਇਸ ਦੇ ਵੱਖ-ਵੱਖ ਪੱਖਾਂ ਬਾਰੇਜਾਣਕਾਰੀ ਦੇ ਸਕਣ।

ਖਾਲਿਸਤਾਨ ਦੇ ਸੰਘਰਸ਼ ਦੀ ਮੁੱਢਲੀ ਤਿਆਰੀ ਤੋਂ ਬਾਅਦ ਜਿੱਥੇ ਖ਼ਾਲਿਸਤਾਨ ਦੀ ਸਥਾਪਨਾ ਕਰਨੀ ਹੈ ਭਾਵ ਪੰਜਾਬ ਵਿਚ, ਉੱਥੇ ਲੋਕਾਂ ਵਿਚ ਖ਼ਾਲਿਸਤਾਨ ਦੀ ਲੋੜ, ਸਥਾਪਤੀ, ਢਾਂਚੇ ਤੇ ਹੋਰ ਸਭ ਪੱਖਾਂ ਤੋਂ ਜਾਗਰੂਕ ਕਰਨਾ ਅਗਲੇਰੇ ਪੜਾਵਾਂ ਲਈ ਪਹਿਲਾਂ ਕਦਮ ਹੈ। ਇਸ ਵਾਸਤੇ ਪ੍ਰਚਾਰ ਸਾਧਨਾਂ ਜਿਵੇਂ ਰਸਾਲੇ, ਅਖਬਾਰਾਂ, ਪੈਂਫਲਿਟ, ਵੀਡਿਓ-ਆਡੀਓ ਤੇ ਸੋਸ਼ਲ ਪ੍ਰਚਾਰ ਸਾਧਨਾਂ ਆਦਿ ਵੀ ਵਰਤੋਂ ਕਰਨੀ ਪਏਗੀ। ਲੋਕਾਂ ਅੰਦਰ ਇਹ ਜਚਾਉਂਣਾ ਪਵੇਗਾ ਕਿ ਖ਼ਾਲਿਸਤਾਨ ਦੀ ਸਥਾਪਨਾ ਤੋਂ ਬਿਨਾਂ ਉਹਨਾਂ ਦੀਆਂ ਮੌਜੂਦਾ ਸਮੱਸਿਆਵਾਂ ਦਾ ਸਦੀਵ ਹੱਲ ਨਹੀਂ ਹੋ ਸਕਦਾ। ਖ਼ਾਲਿਸਤਾਨੀਆਂ ਨੂੰ ਉਹਨਾਂ ਦੇ ਹਰ ਦੁੱਖ ਵਿਚ ਉਹਨਾਂ ਨਾਲ ਖੜ੍ਹਣਾ ਪਵੇਗਾ। ਉਹਨਾਂ ਦੀਆਂ ਸਮਾਜਿਕ, ਆਰਥਿਕ ਲੋੜਾਂ ਲਈ ਵੀ ਚਿੰਤਾ ਖ਼ਾਲਿਸਤਾਨੀਆਂ ਨੂੰ ਹੀ ਕਰਨੀ ਪਏਗੀ। ਅੱਜ ਗੁਰੂ-ਵਰੋਸਾਈ ਧਰਤ ਪੰਜਾਬ ਨੂੰ ਹਰ ਪੱਖ ਤੋਂ ਦਿੱਲੀ ਤਖ਼ਤ ’ਤੇ ਪੰਜਾਬ ਸਰਕਾਰਾਂ ਵਲੋਂ ਨੁਕਸਾਨਿਆਂ ਜਾ ਰਿਹਾ ਹੈ। ਅੱਜ ਸਾਡਾ ਗੁਰੂ ਰੂਪ ਪਵਣ, ਪਿਤਾ ਰੂਪ ਪਾਣੀ ਤੇ ਮਾਂ ਰੂਪ ਧਰਤੀ ਨੂੰ ਪੰਜਾਬ ਵਿਚ ਇਕ ਸਾਜ਼ਿਸ ਤਹਿਤ ਪ੍ਰਦੂਸ਼ਤ ਤੇ ਬਿਮਾਰ ਕੀਤਾ ਜਾ ਰਿਹਾ, ਸਾਡੀ ਨੌਜਵਾਨੀ ਤੇ ਕਿਰਸਾਨੀ ਨੂੰ ਨਸ਼ੇ, ਅਸਲੀਲਤਾ ਤੇ ਅਣਖਹੀਣਤਾ ਪਰੋਸੀ ਜਾ ਰਹੀ, ਇਹਨਾਂਸਮੱਸਿਆਂ ਨਾਲ ਵੀ ਖ਼ਾਲਿਸਤਾਨੀਆਂ ਨੂੰ ਦੋ ਹੱਥ ਹੋਣਾ ਪੈਣਾ ਹੈ ਨਹੀਂ ਤਾਂ ਜਿਸ ਥਾਂ ਅਸੀਂ ਖ਼ਾਲਿਸਤਾਨ ਦੀ ਕਾਇਮੀ ਬਾਰੇ ਸੋਚ ਰਹੇ ਹਾਂ ਉਹ ਥਾਂ ਵੈਸੇ ਆਮ ਮਨੁੱਖਾਂ ਦੇ ਰਹਿਣ ਜੋਗੀ ਵੀ ਨਹੀਂ ਰਹਿਣੀ।

ਖ਼ਾਲਿਸਤਾਨ ਪ੍ਰਤੀ ਨਾਕਾਰਤਮਕ ਸੋਚ ਨੂੰ ਕੱਢਣ ਲਈ ਖ਼ਾਲਿਸਤਾਨੀਆਂ ਨੂੰ ਆਪਣੇ ਸਾਕਾਰਾਤਮਕ ਪ੍ਰੋਗਰਾਮ ਦੇਣੇ ਚਾਹੀਦੇ ਹਨ ਜਦਕਿ ਖ਼ਾਲਿਸਤਾਨੀਆਂ ਦੇ ਜਿਆਦਾ ਪ੍ਰੋਗਰਾਮ ਪ੍ਰਤੀਕਿਰਿਆਤਮਕ ਹੀ ਹੁੰਦੇ ਹਨ ਭਾਵ ਕਿ ਜਦੋਂ ਸਾਡੇ ਖਿਲਾਫ ਕੋਈ ਕੁਝ ਕਰਦਾ ਹੈ ਤਾਂ ਅਸੀਂ ਉੱਭੜਵਾਹੇ ਉੱਠ ਕੇ ਕੰਮ ਕਰਨਾ ਸ਼ੁਰੂ ਕਰਦੇ ਹਾਂ, ਭਾਵੇਂ ਕਿ ਇਹ ਵੀ ਜਰੂਰੀ ਹੈ ਕਿ ਕਿਸੇ ਕਿਰਿਆ ਦੀ ਪ੍ਰਤੀਕਿਰਿਆ ਕੀਤੀ ਜਾਵੇ ਪਰ ਇਸ ਨਾਲ ਸਾਡੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਚਲਦੀ ਲੈਅ ਨਹੀਂਟੁੱਟਣੀ ਚਾਹੀਦੀ ਭਾਵ ਸਾਡੇ ਆਪਣੇ ਸਾਕਾਰਾਤਮਕ ਪ੍ਰੋਗਰਾਮ ਬੰਦ ਨਹੀਂ ਹੋਣੇ ਚਾਹੀਦੇ। ਖਾਲਸੇ ਦੀ ਘਾੜ੍ਹਤ ਤਾਂ ਹਰ ਸਮੇਂ ਗੁਰੂ-ਲਿਵ ਨਾਲ ਜੁੜ ਕੇ ਘੜ੍ਹੀ ਹੀ ਜਾਂਦੀ ਰਹਿੰਦੀ ਹੈ ਇਹ ਇਕ ਲਗਾਤਾਰ ਕਿਰਿਆ ਹੈ।

ਆਓ !  ਖ਼ਾਲਿਸਤਾਨ ਐਲਾਨਾਨਾਮੇ ਦੀ ਵਰ੍ਹੇਗੰਢ ਮੌਕੇ ਆਪਾਂ ਸਮੂਹ ਖ਼ਾਲਿਸਤਾਨੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਸ਼ਹੀਦਾਂ ਦੀ ਯਾਦ ਵਿਚ ਜਿੱਥੇ ਮਨ ਨੂੰ ਜੋਤ ਸਰੂਪ ਪ੍ਰਭੂ ਪਰਮਾਤਮਾ ਦੀ ਪਛਾਣ ਕਰਨ ਲਈ ਪ੍ਰੇਰਦੇ ਹੋਏ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਪ੍ਰਤੀ ਦ੍ਰਿੜ੍ਹ ਹੋਈਏ ਉੱਥੇ ਪੰਥ ਦੀ ਵਿਗੜੀ ਸਵਾਰਨ ਤੇ ਦੁਨੀਆਂ ਦੇ ਨਕਸ਼ੇ ਵਿਚ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿਧਾਤਾਂ ’ਤੇ ਆਧਾਰਤ ਰਾਜ ਪ੍ਰਬੰਧ ਖ਼ਾਲਿਸਤਾਨ ਦੀ ਸਥਾਪਤੀ ਲਈ ਵੀ ਇੱਕ-ਇੱਕ ਕਦਮ ਪੁੱਟੀਏ।

ਯੋਗ ਥਾਵਾਂ ‘ਤੇ ਵਿਸਰਾਮ ਅਤੇ ਉਚਾਰਨ ਸੇਧਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ/ਸ਼ਬਦਾਰਥ ਪੋਥੀਆਂ ਦੀ ਛਪਾਈ ਸਬੰਧੀ।

0

ਯੋਗ ਥਾਵਾਂ ‘ਤੇ ਵਿਸਰਾਮ ਅਤੇ ਉਚਾਰਨ ਸੇਧਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ/ਸ਼ਬਦਾਰਥ ਪੋਥੀਆਂ ਦੀ ਛਪਾਈ ਸਬੰਧੀ।

ਸੇਵਾ ਵਿਖੇ,

              ਸਤਿਕਾਰਯੋਗ ਸ: ਜਤਿੰਦਰ ਸਿੰਘ ਜੀ ਆਸਟ੍ਰੇਲੀਆ

              ਚੇਅਰਮੈਨ ਸਿੱਖਸ ਹੈਲਪਿੰਗ ਸਿੱਖਸ

ਵਿਸ਼ਾ :     ਯੋਗ ਥਾਵਾਂ ‘ਤੇ ਵਿਸਰਾਮ ਅਤੇ ਉਚਾਰਨ ਸੇਧਾਂ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ/ਸ਼ਬਦਾਰਥ ਪੋਥੀਆਂ ਦੀ ਛਪਾਈ ਸਬੰਧੀ।

              ਸਤਿਕਾਰਯੋਗ ਸਰਦਾਰ ਸਾਹਿਬ ਜੀ ਆਪ ਜੀ ਵੱਲੋਂ ਚਲਾਈ ਜਾ ਰਹੀ ਸਹਿਜਪਾਠ ਲਹਿਰ ਅਤੇ ਇਸ ਲਹਿਰ ਰਾਹੀਂ ਗੁਰੂ ਗ੍ਰੰਥ ਜੀ ਦੇ ਚਰਨੀਂ ਲੱਗਣ ਵਾਲਿਆਂ ਨੂੰ ਭੇਟਾ ਰਹਿਤ ਸ਼ਬਦਾਰਥ ਪੋਥੀਆਂ ਮੁਹਈਆ ਕਰਵਾਉਣ ਦੀ ਮੁਹਿੰਮ ਅਤਿ ਸ਼ਾਲਾਘਾਯੋਗ ਹੈ ਇਸ ਲਈ ਆਪ ਜੀ ਵੱਲੋਂ ਕੀਤੇ ਜਾ ਰਹੇ ਇਸ ਉੱਦਮ ਦੀ ਸ਼ਾਲਾਘਾ ਅਤੇ ਆਪ ਜੀ ਦਾ ਧੰਨਵਾਦ ਕਰਦਾ ਹਾਂ।

       ਇਸ ਦੇ ਨਾਲ ਹੀ ਆਪ ਜੀ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਸ਼ੁੱਧ ਪਾਠ ਸਿਖਾਉਣ ਲਈ ਕੌਮ ਕੋਲ ਨਾ ਤਾਂ ਇਤਨੇ ਯੋਗ ਵਿਦਵਾਨ ਹਨ ਅਤੇ ਨਾ ਹੀ ਸ਼ੁੱਧ ਪਾਠ ਸਿੱਖਣ ਦੀ ਇੱਛਾ ਰੱਖਣ ਵਾਲੇ ਕਿਰਤੀ ਜਗਿਆਸੂਆਂ ਕੋਲ ਇਤਨਾ ਸਮਾਂ ਹੈ ਕਿ ਉਹ ਕਿਸੇ ਯੋਗ ਵਿਦਵਾਨ ਪਾਸੋਂ ਸੰਥਿਆ ਲੈਣ ਲਈ ਸਮਾਂ ਕੱਢ ਸਕਣ। ਸੋ ਇਸ ਸਮੱਸਿਆ ਨੂੰ ਕਿਸੇ ਹੱਦ ਤੱਕ ਹੱਲ ਕਰਨ ਲਈ ਆਪ ਜੀ ਨੂੰ ਸੁਝਾਉ ਦੇਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਆਪ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ (ਰੋਪੜ) ਰਾਹੀਂ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਗੁਟਕੇ ਛਪਵਾ ਕੇ ਭੇਟਾ ਰਹਿਤ ਵੰਡ ਰਹੇ ਹੋ, ਜਿਨ੍ਹਾਂ ਵਿੱਚ ਆਮ ਆਦਮੀ ਦੀ ਸਮਝ ਵਿੱਚ ਆਉਣ ਵਾਲੇ ਸ਼ੱਧ ਪਾਠ ਕਰਨ ਦੀ ਸਹੂਲਤ ਦੇਣ ਲਈ ਯੋਗ ਥਾਵਾਂ ‘ਤੇ ਵਿਸਰਾਮਾਂ ਦਾ ਸੰਕੇਤ ਦੇਣ ਲਈ ਵੱਧ ਸਪੇਸ ਅਤੇ ਹੇਠ ਫੁੱਟ ਨੋਟ ਰਾਹੀਂ ਉਚਾਰਨ ਸੇਧਾਂ ਸਹਿਤ ਗੁਟਕੇ ਛਾਪੇ ਜਾ ਰਹੇ ਹਨ ਉਸੇ ਤਰ੍ਹਾਂ ਦੋ ਭਾਗਾਂ ਵਿੱਚ ਸੰਥਿਆ ਪੋਥੀਆਂ ਜਾਂ ਛੇ ਭਾਗਾਂ ਵਿੱਚ ਸੰਥਿਆ ਕਮ ਸ਼ਬਦਾਰਥ ਪੋਥੀਆਂ ਛਪਵਾਈਆਂ ਜਾਣ। ਅਜੇਹੀਆਂ ਪੋਥੀਆਂ ਦੇ ਨਮੂਨੇ ਵਜੋਂ ਦੋ ਦੋ ਪੰਨੇ ਆਪ ਜੀ ਨੂੰ ਭੇਜੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਪੋਥੀਆਂ ਤੋਂ ਪਾਠ ਸਿੱਖਣ ਵਿੱਚ ਬਹੁਤ ਆਸਾਨੀ ਹੋ ਜਾਵੇਗੀ।

    ਇਸ ਤਰ੍ਹਾਂ ਦੀ ਬੇਨਤੀ ਮੈਂ ਬਹੁਤ ਸਾਲ ਪਹਿਲਾਂ ਕਈ ਵਾਰ ਸ਼੍ਰੋਮਣੀ ਕਮੇਟੀ ਨੂੰ ਵੀ ਕਰ ਚੁੱਕਾ ਹਾਂ। ਉਸ ਸਮੇਂ ਦੇ ਪ੍ਰਧਾਨਾਂ ਵੱਲੋਂ ਦੋ ਚਿੱਠੀਆਂ ਰਾਹੀਂ ਦਿੱਤਾ ਗਿਆ ਜਵਾਬ ਤਾਂ ਉਤਸ਼ਾਹ ਜਨਕ ਸੀ (ਆਪ ਜੀ ਦੀ ਜਾਣਕਾਰੀ ਲਈ ਫੋਟੋ ਕਾਪੀਆਂ ਅਟੈਚ ਕੀਤੀਆਂ ਜਾ ਰਹੀਆਂ ਹਨ) ਪਰ ਹਾਲੀ ਤੱਕ ਕਾਰਵਾਈ ਕੋਈ ਨਹੀਂ ਹੋਈ ਅਤੇ ਨਾ ਹੀ ਅੱਗੇ ਤੋਂ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਹਾਲਤ ਉਸ ਸਮੇਂ ਨਾਲੋਂ ਵੀ ਬਹੁਤ ਜਿਆਦਾ ਨਿੱਘਰ ਚੁੱਕੀ ਹੈ। ਹੁਣ ਆਸ ਦੀ ਕਿਰਣ ਸਿਰਫ ਤੁਹਾਡੇ ਤੋਂ ਹੀ ਜਾਪਦੀ ਹੈ ਕਿਉਂਕਿ ਤੁਸੀ ਸਹਿਜਪਾਠ ਲਹਿਰ ਚਲਾਉਣ ਲਈ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਸ਼ਬਦਾਰਥ ਪੋਥੀਆਂ ਛਪਵਾ ਰਹੇ ਹੋ। ਛਪਵਾਈ ਲਈ ਤੁਸੀਂ ਸਾਹਿਬਜ਼ਾਦਾ ਗੁਰਮਤਿ ਮਿਸ਼ਨਰੀ ਕਾਲਜ ਦੇ ਯੋਗ ਵਿਦਵਾਨਾਂ ਤੋਂ ਇਲਾਵਾ ਗਿਆਨੀ ਜਗਤਾਰ ਸਿੰਘ ਜਾਚਕ, ਹਰਜਿੰਦਰ ਸਿੰਘ ਘੜਸਾਣਾ ਅਤੇ ਪ੍ਰੀਤਮ ਸਿੰਘ (ਕਰਨਾਲ) ਆਦਿਕ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਕੰਮ ਕਾਫੀ ਕਠਿਨ ਹੈ ਪਰ ਤੁਹਾਡੇ ਵਰਗੇ ਉਤਸ਼ਾਹੀ ਅਤੇ ਸੇਵਾ ਦੇ ਪੁੰਜ ਗੁਰਸਿਖਾਂ ਲਈ ਅਸੰਭਵ ਨਹੀਂ ਹੈ ਇਸ ਲਈ ਸਨਿਮਰ ਬੇਨਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਪ੍ਰੋਜੈਕਟ ਦੀ ਪੂਰਤੀ ਲਈ ਕਾਰਜ ਅਰੰਭਿਆ ਜਾਵੇ ਜੀ। ਅਕਾਲ ਪੁਰਖ਼ ਅਤੇ ਗੁਰੂ ਦੀ ਬਖ਼ਸ਼ਿਸ਼ ਦੁਆਰਾ ਜਰੂਰ ਸਫਲਤਾ ਮਿਲੇਗੀ। 

     ਧੰਨਵਾਦ ਸਹਿਤ

     ਗੁਰੂ ਪੰਥ ਦਾ ਦਾਸ  ਕਿਰਪਾਲ ਸਿੰਘ ਬਠਿੰਡਾ +91 9855480797

<kirpalsinghbathinda@gmail.com>

ਸਾਕਾ ਨੀਲਾ ਤਾਰਾ –ਲਾਸ਼ਾਂ ਗੰਨਿਆਂ ਵਾਂਗ ਟਰਾਲੀਆਂ ‘ਤੇ ਲਿਜਾਂਈਆਂ ਗਈਆਂ ,ਸਿੰਘਾਂ ਦੇ ਸਿਰ ਗੱਡਿਆਂ ਦੇ ਲੱਦੇ ਯਾਦ ਆ ਗਏ

0

ਸਾਕਾ ਨੀਲਾ ਤਾਰਾ –ਲਾਸ਼ਾਂ ਗੰਨਿਆਂ ਵਾਂਗ ਟਰਾਲੀਆਂ ‘ਤੇ ਲਿਜਾਂਈਆਂ ਗਈਆਂ ,ਸਿੰਘਾਂ ਦੇ ਸਿਰ ਗੱਡਿਆਂ ਦੇ ਲੱਦੇ ਯਾਦ ਆ ਗਏ   

ਸਾਕਾ ਨੀਲਾ ਤਾਰਾ

Most Viewed Posts