ਗੁਰਬਾਣੀ ਉਚਾਰਨ ਬਾਰੇ ਅਸਹਿਮਤ ਵਿਚਾਰ

0
430

ਗੁਰਬਾਣੀ ਉਚਾਰਨ ਬਾਰੇ ਅਸਹਿਮਤ ਵਿਚਾਰ

ਸੁਰਜਨ ਸਿੰਘ—90414-09041, ਮੋਹਾਲੀ

ਕੁਝ ਵੈਬ ਸਾਈਟਾਂ ਤੇ ਪਿਛਲੇ ਕੁਝ ਦਿਨਾਂ ਤੋਂ ਗੁਰਬਾਣੀ ਵਿਆਕਰਣ ’ਤੇ ਚਲਦੀ ਚਰਚਾ ਮੈਂ ਪੜੀ੍ਹ ਹੈ। ਇਹ ਠੀਕ ਹੈ ਕਿ ਗੁਰਬਾਣੀ ਉਸ ਵਕਤ ਦੀ ਲੋਕ ਭਾਸ਼ਾ ਵਿੱਚ ਉਚਾਰੀ ਗਈ ਹੈ ਤੇ ਇਸ ਦੀ ਵਿਆਕਰਣ ਵੀ ਉਸ ਵੇਲੇ ਦੀ ਬੋਲੀ ਅਨੁਸਾਰ ਹੀ ਹੈ। ਬੋਲੀ ਇੱਕ ਰੱਬੀ ਦੇਣ ਹੇੈ ਅਤੇ ਇਸ ਦੀ ਵਿਆਕਰਣ ਇਸ ਵਿੱਚ ਹੀ ਲੁਪਤ ਹੁੰਦੀ ਹੈ। ਉਸ ਸਮੇਂ ਦੇ ਸਿੱਖ ਜਿਨ੍ਹਾਂ ਨੂੰ ਵਿਆਕਰਣ ਦਾ ਗਿਆਨ ਨਹੀਂ ਸੀ ਉਹ ਵੀ ਗੁਰਬਾਣੀ ਦੇ ਸਹੀ ਅਰਥ ਸਮਝ ਲੈਂਦੇ ਸਨ ਕਿਉਂਕਿ ਇਹ ਸਭ ਗੁਰਬਾਣੀ ਉਹਨਾਂ ਦੀ ਸਮਕਾਲੀ ਬੋਲੀ ਵਿੱਚ ਹੋਣ ਕਰਕੇ ਸੀ। ਇਹ ਵੀ ਸੱਚ ਹੈ ਕਿ ਉਸ ਸਮੇਂ ਦੇ ਸਿੱਖ ਸਾਡੇ ਨਾਲੋਂ ਜ਼ਿਆਦਾ ਗੁਰੂ ਉਪਦੇਸ਼ ਦੇ ਨੇੜੇ ਸਨ। ਗੁਰਬਾਣੀ ਸਮਝਣ ਲਈ ਉਹਨਾਂ ਦੀ ਇਹ ਖੂਬੀ ਉਹਨਾਂ ਦੀ ਸਹਾਇਤਾ ਕਰਦੀ ਸੀ। ਗੁਰਬਾਣੀ ਫ਼ਰਮਾਉਂਦੀ ਹੈ:- ਬਾਣੀ ਬਿਰਲਉ ਬੀਚਾਰਸੀ, ਜੇ ਕੋ ਗੁਰਮੁਖਿ ਹੋਇ॥ ਮ:੧/੯੩੫॥

ਇਸ ਰੱਬੀ ਵਲਵਲੇ, ਬਾਣੀ ਨੂੰ ਉਹੀ ਵਿਚਾਰ ਸਕਦਾ ਹੈ, ਉਹ ਹੀ ਅਨੁਭਵ ਕਰ ਸਕਦਾ ਹੈ ਜੋ ਗੁਰੂ ਮਹਾਂਪੁਰਖ ਵਿੱਚ ਲੀਨ ਹੈ। ਨਹੀਂ ਤਾਂ ਜਿਸ ਦੇ ਅੰਦਰ ਇਹ ਵਲਵਲਾ ਨਹੀਂ ਉੱਠਿਆ, ਇਹ ਲਹਰ ਨਹੀਂ ਚਲੀ, ਉਹ ਇਸ ਤਰੰਗ, ਇਸ ਵਲਵਲੇ ਦੀ ਸਾਰ ਕੀ ਜਾਣ ਸਕਦਾ ਹੈ? ਇਹ ਅਗਾਧਤਾ, ਇਹ ਡੂੰਘਾਈ ‘ਭਾਵਆਤਮਕ’ ਅੰਦਰਲੇ ਉੱਚੇ ਜਜ਼ਬੇ ਵਾਸਤੇ ਹੈ। ਵਿਆਕਰਣ ਦਾ ਸੰਬੰਧ ‘ਵਰਣਾਤਮਕ ਰੂਪ’ ਨਾਲ ਹੈ, ‘ਬੋਲੀ’ ਨਾਲ ਹੈ। ਗੁਰਬਾਣੀ ਦੇ ‘ਵਰਣਾਤਮਕ ਰੂਪ’ ਤੋਂ ਨਾਵਾਕਿਫ਼ ਸੱਜਣ ਹੀ ਗੁਰਬਾਣੀ ਦੀਆਂ ਲਗਾਂ/ਮਾਤ੍ਰਾਂ ’ਤੇ ਕਿੰਤੂ ਪ੍ਰੰਤੂ ਕਰਦੇ ਸੁਣੀਦੇ ਹਨ। ਅੱਜ ਦੀ ਬੋਲੀ/ਵਿਆਕਰਣ ਤੇ ਗੁਰਬਾਣੀ ਦੀ ਬੋਲੀ/ਵਿਆਕਰਣ ਵਿੱਚ ਭਿੰਨਤਾ ਹੈ। ਇਸ ਲਈ ਗੁਰਬਾਣੀ ਦੇ ਸਹੀ ਅਰਥ ਕਰਨ ਲਈ ਗੁਰਬਾਣੀ ਵਿਆਕਰਣ ਦੀ ਸਹਾਇਤਾ ਲੈਣੀ ਜ਼ਰੂਰੀ ਹੈ।

ਪਰ ਗੁਰਬਾਣੀ ਨੂੰ ਮੌਜੂਦਾ ਬੋਲੀ/ਵਿਆਕਰਣ ਦੇ ਅਨੁਸਾਰ ਲਿਖਣ ਦੀ ਪੈਰਵੀ ਕਰਨਾ ਗ਼ਲਤ ਹੈ। ਮਾਝੇ ਦੀ ਬੋਲੀ, ਮਾਲਵੇ ਦੀ ਬੋਲੀ ਤੋਂ ਭਿੰਨ ਹੈ। ਕਲ ਮਾਝੇ ਵਾਲੇ ਕਹਿਣ ਕਿ ਅਸੀਂ ਆਪਣੀ ਬੋਲੀ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਲਿਖ ਲੈਂਦੇ ਹਾਂ ਅਤੇ ਮਾਲਵੇ ਵਾਲੇ ਕਹਿਣ ਕਿ ਅਸੀਂ ਆਪਣੀ ਬੋਲੀ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਲਿਖ ਲੈਂਦੇ ਹਾਂ ਤਾਂ ਇਸ ਹਰਕਤ ਨਾਲ ਸਿੱਖ ਜਗਤ ਵਿੱਚ ਜੋ ਖਲਬਲੀ (turmoil) ਪੈਦਾ ਹੋਵੇਗੀ ਉਸ ਦਾ ਅੰਦਾਜ਼ਾ ਪਾਠਕ ਖ਼ੁਦ ਲਗਾ ਸਕਦੇ ਹਨ।

ਜਿਨ੍ਹਾਂ ਨਿਯਮਾਂ ਅਨੁਸਾਰ, ਜਿਨ੍ਹਾਂ ਹਿੱਜਿਆਂ (spellings) ਨਾਲ ਪੰਚਮ ਅਤੇ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕੀਤੀ ਹੈ, ਇਹ ਉਸੇ ਰੂਪ ਵਿੱਚ ਰਹਿਣੀ ਚਾਹੀਦੀ ਹੈ। ਇਸ ਵਿੱਚ ਰੱਦੋ ਬਦਲ ਕਰਨ ਦੀ ਕਿਸੇ ਨੂੰ ਵੀ ਖੁੱਲ ਨਹੀਂ ਹੈ।