JAP (Pori No. 34)

0
904

ਰਾਤੀ, ਰੁਤੀ, ਥਿਤੀ, ਵਾਰ ॥ ਪਵਣ, ਪਾਣੀ, ਅਗਨੀ, ਪਾਤਾਲ ॥ ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮਸਾਲ ॥

ਤਿਸੁ ਵਿਚਿ; ਜੀਅ ਜੁਗਤਿ, ਕੇ ਰੰਗ ॥ ਤਿਨ ਕੇ ਨਾਮ; ਅਨੇਕ ਅਨੰਤ ॥ ਕਰਮੀ-ਕਰਮੀ; ਹੋਇ ਵੀਚਾਰੁ ॥

ਸਚਾ ਆਪਿ; ਸਚਾ ਦਰਬਾਰੁ ॥ ਤਿਥੈ ਸੋਹਨਿ; ਪੰਚ ਪਰਵਾਣੁ ॥ ਨਦਰੀ ਕਰਮਿ; ਪਵੈ ਨੀਸਾਣੁ ॥

ਕਚ-ਪਕਾਈ; ਓਥੈ ਪਾਇ ॥ ਨਾਨਕ ! ਗਇਆ; ਜਾਪੈ ਜਾਇ ॥੩੪॥ (ਜਪੁ /ਮ: ੧)

ਉਚਾਰਨ ਸੇਧ: ਰਾਤੀਂ, ਰੁੱਤੀਂ, ਥਿਤੀਂ, ਧਰਮਸ਼ਾਲ਼, ਨੀਸ਼ਾਣ, ਸੱਚਾ, ਕੱਚ,  ਗਇਆਂ।

ਪਦ ਅਰਥ: ਰਾਤੀ, ਰੁਤੀ, ਥਿਤੀ – ਰਾਤਾਂ, ਰੁੱਤਾਂ ਤੇ ਥਿਤਾਂ (ਬਹੁ ਵਚਨ, ਇਸਤ੍ਰੀ ਲਿੰਗ ਨਾਂਵ)।, ਵਾਰ-ਦਿਨ (ਬਹੁ ਵਚਨ ਨਾਂਵ)।, ਤਿਸੁ ਵਿਚਿ-ਇਸ (‘ਰਾਤਾਂ, ਰੁੱਤਾਂ, ਅੱਗ, ਪਾਣੀ’ ਆਦਿ ਦੇ ਸੰਗ੍ਰਹਿ) ਵਿੱਚ (ਅਧਿਕਰਣ ਕਾਰਨ, ਇੱਕ ਵਚਨ ਪੜਨਾਂਵ)।, ਥਾਪਿ-ਟਿਕਾ ਕੇ (ਕਿਰਿਆ ਵਿਸ਼ੇਸ਼ਣ)।, ਧਰਮਸਾਲ-ਨਿਰਮਲ ਜੀਵਨ ਘੜਨ ਵਾਲੀ ਜਗ੍ਹਾ ਜਾਂ ਰੱਬੀ ਡਰ-ਅਦਬ ਗ੍ਰਹਿਣ ਕਰਵਾਉਣ ਵਾਲਾ ਮਦਰਸਾ, ਪਾਠਸ਼ਾਲਾ (ਇੱਕ ਵਚਨ, ਇਸਤ੍ਰੀ ਲਿੰਗ ਨਾਂਵ)।, ਜੀਅ ਜੁਗਤਿ-ਜੀਵਾਂ ਦੀ ਰਹਿਣੀ (‘ਜੀਅ’ ਬਹੁ ਵਚਨ ਨਾਂਵ ਤੇ ‘ਜੁਗਤਿ’-ਇੱਕ ਵਚਨ ਇਸਤ੍ਰੀ ਲਿੰਗ ਨਾਂਵ)।, ਕੇ ਰੰਗ-ਕਈ ਰੰਗਾਂ-ਨਸਲਾਂ ਦੇ (‘ਕੇ’ ਭਾਵ ‘ਕੇਇ’ ਅਨਿਸ਼ਚਿਤ ਪੜਨਾਂਵ; ਜਿਵੇਂ: ‘‘ਆਖਹਿ; ਸਿ ਭਿ ‘ਕੇਈ ਕੇਇ’ ॥’’ (ਜਪੁ) ਤੇ ‘ਰੰਗ’-ਬਹੁ ਵਚਨ ਨਾਂਵ)।, ਤਿਨ ਕੇ ਨਾਮ- ਉਨ੍ਹਾਂ (‘ਕੇ ਰੰਗ’) ਦੇ ਵਜੂਦ (‘ਤਿਨ’ ਬਹੁ ਵਚਨ ਪੜਨਾਂਵ ਤੇ ‘ਨਾਮ’ ਬਹੁ ਵਚਨ ਨਾਂਵ)।, ਅਨੇਕ ਅਨੰਤ-ਅਨ+ਏਕ (ਇੱਕ ਨਹੀਂ, ਜ਼ਿਆਦਾ), ਅਨ+ਅੰਤ ਭਾਵ ਅਣਗਿਣਤ (ਬਹੁ ਵਚਨ ਸੰਖਿਅਕ ਵਿਸ਼ੇਸ਼ਣ)।, ਕਰਮੀ ਕਰਮੀ-ਕੀਤਾ ਗਿਆ ਕਰਮ-ਅਕਰਮ (ਜਾਂ ਹਰ ਕਰਮ) ਅਨੁਸਾਰ (ਇੱਕ ਵਚਨ ਨਾਂਵ)।, ਹੋਇ- ਹੁੰਦਾ ਹੈ (ਇੱਕ ਵਚਨ, ਵਰਤਮਾਨ ਕਿਰਿਆ)।, ਦਰਬਾਰੁ-ਇਨਸਾਫ਼ ਘਰ (ਇੱਕ ਵਚਨ ਨਾਂਵ)।, ਤਿਥੈ- ਉਸ (‘ਦਰਬਾਰੁ’) ਵਿੱਚ (ਅਨ੍ਯ ਪੁਰਖ, ਇੱਕ ਵਚਨ ਪੁਲਿੰਗ ਪੜਨਾਂਵ, ਅਧਿਕਰਣ ਕਾਰਕ)।, ਸੋਹਨਿ- ਸੋਭਦੇ ਹਨ, ਸਨਮਾਨਿਤ ਕੀਤੇ ਜਾਂਦੇ ਹਨ (ਬਹੁ ਵਚਨ ਕਿਰਿਆ)।, ਪੰਚ ਪਰਵਾਣੁ-ਸਨਮਾਨਯੋਗ (ਮਾਇਆ ਦੇ ਪ੍ਰਭਾਵ ਵੱਲੋਂ) ਸੁਚੇਤ ਪੁਰਸ਼ (‘ਪੰਚ’ ਬਹੁ ਵਚਨ ਨਾਂਵ ਤੇ ‘ਪਰਵਾਣੁ’ ਵਿਸ਼ੇਸ਼ਣ; ਧਿਆਨ ਰਹੇ ਕਿ ‘ਪਰਵਾਣੁ’ ਸ਼ਬਦ ਅੰਤ ਔਂਕੜ ਹੀ 126 ਵਾਰ ਦਰਜ ਹੈ)।, ਨਦਰੀ ਕਰਮਿ-ਮਿਹਰਬਾਨ ਦੀ ਮਿਹਰ ਨਾਲ (‘ਕਰਮਿ’ ਭਾਵ ‘ਮਿਹਰ ਨਾਲ’ ਕਰਣ ਕਾਰਕ ਅਤੇ ‘ਨਦਰੀ’ ਭਾਵ ਦਿਆਲੂ ਦ੍ਰਿਸ਼ਟੀ ਦਾ ਮਾਲਕ (ਇੱਕ ਵਚਨ ਪੁਲਿੰਗ ਨਾਂਵ)।, ਨੀਸਾਣੁ-(ਮਿਹਰ ਦਾ) ਚਿੰਨ੍ਹ, ਦਾਗ਼ (ਇੱਕ ਵਚਨ ਨਾਂਵ)।, ਕਚ-ਪਕਾਈ-ਕੱਚੀ-ਪੱਕੀ ਜੀਵਨਸ਼ੈਲੀ ਜਾਂ ਮਾਇਆ ਅਧੀਨ ਅਤੇ ਮਾਇਆ ਤੋਂ ਨਿਰਮਲ ਰਹਿਣੀ (ਇਸਤ੍ਰੀ ਲਿੰਗ ਨਾਂਵ)।, ਓਥੈ- ਉਸ (‘ਦਰਬਾਰੁ’) ਵਿੱਚ (ਅਧਿਕਰਣ ਕਾਰਕ ਇੱਕ ਵਚਨ ਪੜਨਾਂਵ)।, ਪਾਇ- (‘ਕਚ-ਪਕਾਈ’ ਦਾ ਫਲ) ਪਾਈਦਾ ਹੈ (ਕਿਰਿਆ)।, ਨਾਨਕ-ਹੇ ਨਾਨਕ ! (ਸੰਬੋਧਨ)।, ਗਇਆ- ਜਾਣ ਨਾਲ, ਪਹੁੰਚਣ ਤੋਂ ਬਾਅਦ (ਕਿਰਦੰਤ)।, ਜਾਪੈ- ਉਘੜਦਾ ਹੈ, ਮਾਲੂਮ ਹੁੰਦਾ ਹੈ (ਇੱਕ ਵਚਨ ਕਿਰਿਆ)।, ਜਾਇ-ਜਾ ਕੇ (ਕਿਰਿਆ ਵਿਸ਼ੇਸ਼ਣ)।

(ਨੋਟ : ਅਗਲੀਆਂ 4 ਪਉੜੀਆਂ ’ਚ ਰੂਹਾਨੀਅਤ ਦੇ 5 ਪੜਾਅ ਦਰਜ ਹਨ, ਜਿਨ੍ਹਾਂ ’ਚੋਂ ਪਹਿਲੇ 2 ਪੜਾਅ (ਧਰਮਖੰਡ/ਗਿਆਨਖੰਡ) ਰਾਹੀਂ ਬ੍ਰਹਿਮੰਡ ਸਿਰਜਣ ਦਾ ਮਕਸਦ ਸਮਝਾਇਆ ਗਿਆ ਹੈ ਭਾਵ ਅਗਰ ਕੁਦਰਤ ਰਚਣ ਦੇ ਪਿਛੋਕੜ ’ਚ ਕੋਈ ਮਨੋਰਥ ਮੰਨ ਲਈਏ, ਜਿਸ ਦਾ ਗਿਆਨ (ਅਸੰਖ ਜੂਨਾਂ ’ਚੋਂ ਕੇਵਲ) ਮਨੁੱਖ ਮਾਤ੍ਰ ਨੂੰ ਕਰਵਾਉਣ ਲਈ ਧਰਤੀ ਦਾ ਨਾਂ ‘ਧਰਮਸ਼ਾਲ਼’ ਅਤੇ ਕਈ ਧਰਤੀਆਂ ਨੂੰ ‘ਕੇਤੀਆਂ ਕਰਮ ਭੂਮੀ’ ਭਾਵ ‘ਅਣਗਿਣਤ ਧਰਮਸ਼ਾਲ਼ਾਂ’ ਕਿਹਾ ਗਿਆ ਹੈ।

ਮਨੁੱਖਾ ਜਾਤੀ ਤੋਂ ਇਲਾਵਾ ਕਿਸੇ ਹੋਰ ਜੂਨ ਲਈ ‘ਧਰਮਸ਼ਾਲ਼’ ਨਾਂ, ਕੋਈ ਮਤਲਬ (ਮਾਅਨਾ) ਨਹੀਂ ਰੱਖਦਾ, ਇਸ ਲਈ ਹੋਰ ਜੂਨਾਂ ਲਈ ਜੋ ਧਰਤੀ ਹੈ, ਮਨੁੱਖ ਲਈ ਉਹ ‘ਧਰਮਸ਼ਾਲ਼’ ਹੈ, ਜਿਸ ’ਤੇ ਬੈਠ ਕੇ ਮਨੁੱਖ ਨੇ ਕੁਦਰਤ ਰਚੇਤਾ ਦੇ ਵਜੂਦ ਨੂੰ ਸਵੀਕਾਰਨਾ ਹੈ, ਇਸੇ ਕਾਰਨ ‘ਧਰਮਸ਼ਾਲ਼’ ਦਾ ਅਰਥ ‘ਧਰਮ ਕਮਾਉਣ ਦੀ ਜਗ੍ਹਾ’ ਕਿਹਾ ਜਾਂਦਾ ਹੈ। ‘ਧਰਮ ਕਮਾਉਣ’ ਤੋਂ ਭਾਵ ਕੁਦਰਤ ਦੇ ਮਾਲਕ ਦੀ ਹੋਂਦ ਨੂੰ ਹਿਰਦੇ ’ਚ ਯਕੀਨਨ ਬਣਾਉਣਾ ਹੈ। ਇਹ ਕੰਮ ਕੋਈ ਹੋਰ ਜੂਨ ਨਹੀਂ ਕਰ ਸਕਦੀ, ਇਸ ਲਈ ਉਨ੍ਹਾਂ ਲਈ ‘ਧਰਮਸ਼ਾਲ਼’ ਵੀ ਕੇਵਲ ਧਰਤੀ ਹੈ, ਜ਼ਮੀਨ ਜਾਂ ਭੂਮੀ ਹੈ, ਜਿੱਥੋਂ ਕੇਵਲ ਪਦਾਰਥ ਪ੍ਰਾਪਤ ਕਰ ਕੇ ਭੋਗੇ ਜਾ ਸਕਦੇ ਹਨ।

ਰੂਹਾਨੀਅਤ ਦੀਆਂ ਇਨ੍ਹਾਂ ਪਹਿਲੀਆਂ ਦੋਵੇਂ ਅਵਸਥਾਵਾਂ (ਧਰਮਖੰਡ/ਗਿਆਨਖੰਡ) ’ਚ ਵਿਚਰਦਾ ਰੱਬੀ ਆਸ਼ਕ ਇਹ ਮਹਿਸੂਸ ਕਰਦਾ ਹੈ ਕਿ ‘ਰਾਤਾਂ, ਰੁਤਾਂ, ਹਵਾ, ਪਾਣੀ, ਅੱਗ, ਸੂਰਜ, ਤਾਰੇ’ ਆਦਿ; ਧਰਮਸ਼ਾਲ਼ ਤੇ ਕੇਤੀਆ ਕਰਮ ਭੂਮੀ ਦੀ ਮਦਦ ਲਈ ਬਣਾਏ ਹਨ, ਨਾ ਕਿ ਬ੍ਰਹਿਮੰਡ ਦੀ ਮਦਦ ਲਈ ਧਰਮਸ਼ਾਲ਼ ਤੇ ਕੇਤੀਆ ਕਰਮ ਭੂਮੀ, ਕਿਉਂਕਿ ਇਨ੍ਹਾਂ ਉੱਤੇ ਬੈਠ ਕੇ ਹੀ ਕੁਦਰਤ ਦੇ ਰਚੇਤਾ (ਮਾਲਕ) ਨਾਲ਼ ਸਾਂਝ ਪੈਂਦੀ ਹੈ, ਨਾ ਕਿ ‘ਰੁਤਾਂ, ਰਾਤਾਂ, ਸੂਰਜ, ਤਾਰਿਆਂ’, ਆਦਿ ਉੱਤੇ ਬੈਠ ਕੇ।

ਧਰਮਖੰਡ ਤੇ ਗਿਆਨਖੰਡ ’ਚ ਇਹੀ ਅੰਤਰ ਹੈ ਕਿ ਧਰਮਖੰਡ ਲਈ ਜਿੰਨੀਆਂ ‘ਰਾਤਾਂ, ਰੁੱਤਾਂ, ਪਵਣ, ਪਾਣੀ, ਪਾਤਾਲ, ਸੁਰਗ, ਕ੍ਰਿਸਨ, ਸਿਵ, ਇੰਦਰ, ਦੇਵੀਆਂ’ ਆਦਿ ਹਨ, ਗਿਆਨਖੰਡ ਦੀਆਂ ‘ਕੇਤੀਆ ਕਰਮ ਭੂਮੀ’ ਲਈ ਇਸ ਤੋਂ ਕਈ ਗੁਣਾਂ ਵੱਧ ਹਨ। ਤੀਜੇ ਪੜਾਅ ‘ਸਰਮਖੰਡ’ ’ਚ ਇਸ ਸਮਝ ਨੂੰ ਯਕੀਨ ’ਚ ਬਦਲਣਾ ਹੈ ਭਾਵ ਜੀਵਨ ’ਚ ਕਮਾਉਣਾ ਹੈ, ਮਸ਼ੱਕਤ ਕਰਨੀ ਹੈ, ਮਾਨਸਿਕ ਗਿਆਨ ਨੂੰ ਜੀਵਨ ਦਾ ਭਾਗ ਬਣਾਉਣਾ ਹੈ, ਮਾਨਸਿਕ ਗਿਆਨ ਨੂੰ ਰੂਹ ਜਾਂ ਸੁਆਸਾਂ ’ਚ ਇੱਕ-ਮਿੱਕ ਕਰਨਾ ਹੈ, ਇਸ ਉਪਰੰਤ ਹੁੰਦੀ ਅੰਤਮ ਬਖ਼ਸ਼ਸ਼ ਨੂੰ ‘ਕਰਮਖੰਡ’ ਅਤੇ ਅਕਾਲ ਪੁਰਖ ’ਚ ਅਭੇਦਤਾ ਨੂੰ ‘ਸਚਖੰਡਿ’ ਨਾਂ ਦਿੱਤਾ ਗਿਆ ਹੈ। ਇਨ੍ਹਾਂ ਚਾਰੇ ਪਉੜੀਆਂ ਦਾ ਵਿਸ਼ਾ-ਵਿਸਥਾਰ, ਪੰਜੇ ਅਵਸਥਾਵਾਂ ਦਾ ਅਨੁਭਵ, ਭਾਵ ਕਰਤਾਰ, ਕਿਵੇਂ ਕੁਦਰਤ ਨੂੰ ਸੰਭਾਲ਼ਦਾ ਹੈ, ਪ੍ਰਤੱਖ ਸਮਝ ਆਉਂਦਾ ਹੈ।)

‘‘ਰਾਤੀ, ਰੁਤੀ, ਥਿਤੀ, ਵਾਰ ॥ ਪਵਣ, ਪਾਣੀ, ਅਗਨੀ, ਪਾਤਾਲ ॥ ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮਸ਼ਾਲ਼ ॥’’ ਇਸ ਪੰਕਤੀ ਦੀਆਂ ਪਹਿਲੀਆਂ ਦੋ ਤੁਕਾਂ ’ਚ ਦਰਜ ਤਮਾਮ ਸ਼ਬਦ (‘ਧਰਮਸ਼ਾਲ਼’ ਜਾਂ ਧਰਤੀ ਦੇ ਚਾਰੋਂ ਤਰਫ਼ ਮੌਸਮੀ ਸ੍ਰੋਤ ਹੋਣ ਕਾਰਨ) ਬਹੁ ਵਚਨ ਹਨ ਪਰ ਅਖ਼ੀਰਲੀ ਤੁਕ ’ਚ ਤਮਾਮ ਸ਼ਬਦ ਇੱਕ ਵਚਨ ਹਨ ਕਿਉਂਕਿ ਇਹ ਤਮਾਮ ਸ੍ਰੋਤਾਂ ਦਾ ਕੇਂਦਰ ਹੈ।

ਜਿਨ੍ਹਾਂ ਸ਼ਬਦਾਂ ਦੀ ਅੰਤ ਸਿਹਾਰੀ ਅਲੱਗ ਕਰਨ ਉਪਰੰਤ ਸ਼ਬਦ ਇੱਕ ਵਚਨ, ਇਸਤ੍ਰੀ ਲਿੰਗ ਨਾਂਵ ਰਹਿ ਜਾਣ ਉਹ ਸ਼ਬਦ ਅੰਤ ਸਿਹਾਰੀ ਸਮੇਤ ਬਹੁ ਵਚਨ ਬਣ ਜਾਂਦੇ ਹਨ; ਜਿਵੇਂ ‘ਰਾਤ, ਰੁਤ, ਥਿਤ’ (ਇੱਕ ਵਚਨ ਤੇ ਅੰਤ ਮੁਕਤੇ) ਦਾ ਰੂਪ ‘ਰਾਤੀ, ਰੁਤੀ, ਥਿਤੀ’ (ਅੰਤ ਸਿਹਾਰੀ ਤੇ ਬਹੁ ਵਚਨ) ਹੋਵੇਗਾ ਪਰ ‘ਪਾਣੀ’ (ਅੰਤ ਸਿਹਾਰੀ) ਸ਼ਬਦ ਦਾ ਇੱਕ ਵਚਨ ‘ਪਾਣ’ (ਅੰਤ ਮੁਕਤਾ) ਨਹੀਂ ਹੋ ਸਕਦਾ ਕਿਉਂਕਿ ਇਹ ਸ਼ਬਦ ਪੁਲਿੰਗ ਹੈ, ਨਾ ਕਿ ਇਸਤ੍ਰੀ ਲਿੰਗ।

‘‘ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮਸ਼ਾਲ਼ ॥’’-ਇਸ ਪੰਕਤੀ ’ਚ ਦਰਜ ‘ਧਰਤੀ’ ਤੇ ‘ਧਰਮਸ਼ਾਲ਼’ ਸਮਾਨ ਅਰਥਿਕ ਸ਼ਬਦ ਹਨ, ਇਸ ਲਈ ‘ਤਿਸੁ ਵਿਚਿ ਥਾਪਿ ਰਖੀ’ ‘ਧਰਤੀ-ਧਰਮਸ਼ਾਲ਼’ ਵਾਕ ਬਣ ਜਾਂਦਾ ਹੈ, ਇਸ ਵਿੱਚ ਦਰਜ ‘ਤਿਸੁ ਵਿਚਿ’ ਨੂੰ ਵੀਚਾਰਨਾ ਜ਼ਰੂਰੀ ਹੈ।

ਗੁਰਬਾਣੀ ਵਿੱਚ ‘ਤਿਸੁ ਵਿਚਿ’ (ਜੁੜਤ) ਸ਼ਬਦ 17 ਵਾਰ ਦਰਜ ਹੈ; ਜਿਵੇਂ:

(1). ‘‘ਸਤਿਗੁਰੁ ਧਰਤੀ ਧਰਮ ਹੈ; ‘ਤਿਸੁ ਵਿਚਿ’, ਜੇਹਾ ਕੋ ਬੀਜੇ; ਤੇਹਾ ਫਲੁ ਪਾਏ ॥’’ (ਮ: ੪/੩੦੨) ਭਾਵ ਸਤਿਗੁਰੂ ਧਰਤੀ ਵਾਙ ‘ਧਰਮ’ (ਭਾਵ ਉਪਜਾਉ ਹੈ, ਧਰਤੀ ਦਾ ਧਰਮ ਵੀ ਫ਼ਸਲ ਪੈਦਾ ਕਰਨਾ ਹੁੰਦਾ ਹੈ), ਇਸ (ਸਤਿਗੁਰ-ਧਰਤੀ) ਵਿੱਚ ਜਿਸ (ਭਾਵਨਾ) ਨਾਲ ਕੋਈ (ਬੀਜ) ਬੀਜਦਾ ਹੈ ਵੈਸਾ ਹੀ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ।

(2). ‘‘ਕਾਇਆ ਹਰਿ ਮੰਦਰੁ; ਹਰਿ ਆਪਿ ਸਵਾਰੇ ॥ ‘ਤਿਸੁ ਵਿਚਿ’; ਹਰਿ ਜੀਉ ਵਸੈ ਮੁਰਾਰੇ ॥ (ਮ: ੩/੧੦੫੯), ਆਦਿ।

ਧਿਆਨ ਰਹੇ ਕਿ ‘ਤਿਸੁ ਵਿਚਿ’ (ਇੱਕ ਵਚਨ) ਦਾ ਬਹੁ ਵਚਨ ‘ਤਿਨ ਮਹਿ’ ਹੁੰਦਾ ਹੈ; ਜਿਵੇਂ: ‘ਤਿਨ ਮਹਿ’; ਰਾਮੁ ਰਹਿਆ ਭਰਪੂਰ ॥ (ਜਪੁ /ਮ: ੧) ਭਾਵ ਉਨ੍ਹਾਂ ਦੇ ਅੰਦਰ ਵਿਆਪਕ ਰਾਮ ਦੀ ਯਾਦ ਵੱਸਦੀ ਹੈ।)

ਰਾਤੀ, ਰੁਤੀ, ਥਿਤੀ, ਵਾਰ॥ ਪਵਣ, ਪਾਣੀ, ਅਗਨੀ, ਪਾਤਾਲ॥  ਤਿਸੁ ਵਿਚਿ; ਧਰਤੀ ਥਾਪਿ ਰਖੀ, ਧਰਮਸਾਲ॥

ਭਾਵ- (‘ਧਰਮਸ਼ਾਲ਼/ਧਰਤੀ’ ਦੀ ਸੰਭਾਲ਼ ਲਈ ਕਰਤਾਰ ਨੇ) ਰਾਤਾਂ, ਰੁੱਤਾਂ, ਥਿੱਤਾਂ, ਦਿਨ, ਹਵਾ, ਪਾਣੀ, ਅੱਗ, ਪਾਤਾਲ, ਆਦਿ ਰਚੇ। ਇਸ (ਸੰਗ੍ਰਹਿ ਦੇ ਕੇਂਦਰ) ਵਿੱਚ (ਕੁਦਰਤ ਰਚੇਤਾ ਨੂੰ ਯਾਦ ਕਰਨ ਲਈ/ਧਰਮ ਕਮਾਉਣ ਲਈ) ਧਰਮਸ਼ਾਲ਼ (ਭਾਵ ਧਰਤੀ, ਅਦ੍ਰਿਸ਼ ਖਿੱਚ ਰਾਹੀਂ) ਸਥਾਪਿਤ ਕੀਤੀ।

‘‘ਤਿਸੁ ਵਿਚਿ; ਜੀਅ ਜੁਗਤਿ, ਕੇ ਰੰਗ ॥ ਤਿਨ ਕੇ ਨਾਮ; ਅਨੇਕ ਅਨੰਤ ॥’’-ਇਸ ਪੰਕਤੀ ’ਚ ਦਰਜ ‘ਤਿਸੁ ਵਿਚਿ’ (ਇੱਕ ਵਚਨ) ਦਾ ਸੰਬੰਧ ਵੀ ‘ਧਰਮਸ਼ਾਲ਼’ (ਇੱਕ ਵਚਨ) ਨਾਲ ਹੈ ਜਦਕਿ ‘ਜੀਅ, ਰੰਗ, ਤਿਨ, ਨਾਮ, ਅਨੇਕ, ਅਨੰਤ’ ਆਦਿ (ਬਹੁ ਵਚਨ) ਸ਼ਬਦ ਉਪਰੋਕਤ ਪੰਕਤੀ ’ਚ ਦਰਜ ‘ਰਾਤੀ, ਰੁਤੀ, ਥਿਤੀ’ ਆਦਿ ਵਾਙ ਬਹੁ ਵਚਨ ਸ਼ਬਦ ਹਨ ਭਾਵ ਇਸ ਪਉੜੀ ਦਾ ਮੂਲ ਵਿਸ਼ਾ ‘ਧਰਮਸ਼ਾਲ਼’ (ਇੱਕ ਵਚਨ) ਨਾਲ ਸੰਬੰਧਿਤ ਹੈ, ਜਿਸ ਦੇ ਵਿਸਥਾਰ ਲਈ ਬਹੁ ਵਚਨ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ।

ਉਕਤ ਕੀਤੀ ਗਈ ਵੀਚਾਰ ਕਿ ‘ਤਿਨ ਮਹਿ’ ਬਹੁ ਵਚਨ ਸ਼ਬਦ ਹਨ, ਇਸ ਲਈ ‘ਤਿਨ ਕੇ ਨਾਮ’ ਦਾ ਸ਼ਬਦਿਕ ਸੰਕੇਤ ਵੀ ਪਹਿਲੀ ਤੁਕ ’ਚ ਦਰਜ ‘ਜੀਅ’ ਤੇ ‘ਰੰਗ’ (ਬਹੁ ਵਚਨ) ਸ਼ਬਦਾਂ ਵੱਲ ਹੈ।

‘ਜੀਅ’-ਇਹ ਸ਼ਬਦ ਗੁਰਬਾਣੀ ’ਚ 410 ਵਾਰ ਦਰਜ ਹੈ; ਜਿਸ ਦਾ ਅਰਥ ਆਮ ਤੌਰ ’ਤੇ ਦੋ ਤਰ੍ਹਾਂ ਹੁੰਦਾ ਹੈ: ‘ਸਰੀਰ ਜਾਂ ਆਕਾਰ’ (ਬਹੁ ਵਚਨ) ਅਤੇ ‘ਜਿੰਦਾਂ ਜਾਂ ਰੂਹਾਂ’ (ਬਹੁ ਵਚਨ) ਪਰ ਇਸ ਨਾਲ ਸੰਬੰਧਕੀ ਸ਼ਬਦ ਆਉਣ ਉਪਰੰਤ ‘ਜਿੰਦ ਜਾਂ ਰੂਹ’ (ਇੱਕ ਵਚਨ) ਹੁੰਦਾ ਹੈ; ਜਿਵੇਂ:

(1). ‘ਜੀਅ’ ਭਾਵ ਸਰੀਰ (ਬਹੁ ਵਚਨ); ਜਿਵੇਂ:

ਹੁਕਮੀ ਹੋਵਨਿ ‘ਜੀਅ’; ਹੁਕਮਿ, ਮਿਲੈ ਵਡਿਆਈ ॥ (ਜਪੁ /ਮ: ੧)

ਸਭਨਾ ਤੇਰੀ ਆਸ ਪ੍ਰਭ ! ਸਭ ‘ਜੀਅ’ ਤੇਰੇ, ਤੂੰ ਰਾਸਿ (ਤੂੰ ਉਨ੍ਹਾਂ ਲਈ ਖ਼ੁਰਾਕ)॥ (ਮ: ੪/੪੦) ਆਦਿ।

(ਨੋਟ: ਧਿਆਨ ਰਹੇ ਕਿ ਇੱਕ ਵਚਨ ਸਰੀਰ ਲਈ ਸ਼ਬਦ ‘ਜੀਵ’ ਤੇ ‘ਪਿੰਡੁ’ ਹਨ; ਜਿਵੇਂ

‘‘ਅਚਰਜੁ ਭਇਆ; ‘ਜੀਵ’ ਤੇ ਸੀਉ ॥’’ (ਭਗਤ ਕਬੀਰ/੩੪੪) ਭਾਵ ਇੱਕ ਸਧਾਰਨ ਮਨੁੱਖ ਤੋਂ ‘ਸੀਉ’ (ਕਲਿਆਣਕਾਰੀ ਪ੍ਰਭੂ ਰੂਪ) ਬਣ ਗਿਆ, ਇਸ ਲਈ ਅਸਚਰਜ ਹੋ ਗਿਆ।

ਜੀਉ ‘ਪਿੰਡੁ’ (ਜਿੰਦ ਤੇ ਸਰੀਰ) ਸਭੁ; ਤੇਰੈ ਪਾਸਿ ॥ (ਮ: ੧/੨੫), ਆਦਿ।)

(2). (ੳ). ‘ਜੀਅ’ ਭਾਵ ਜਿੰਦਾਂ ਜਾਂ ਰੂਹਾਂ (ਬਹੁ ਵਚਨ, ਬਿਨਾ ਸੰਬੰਧਕੀ); ਜਿਵੇਂ:

ਗਾਵੈ ਕੋ; ‘ਜੀਅ’ ਲੈ (ਕੇ), ਫਿਰਿ ਦੇਹ ॥ (ਜਪੁ /ਮ: ੧)

ਜਿਸ ਕੇ ‘ਜੀਅ’ ਪਰਾਣ ਹੈ; ਮਨਿ ਵਸਿਐ ਸੁਖੁ ਹੋਇ ॥ (ਮ: ੧/੧੮) ਆਦਿ।

(ਅ). ‘ਜੀਅ’ ਭਾਵ ਜਿੰਦ ਜਾਂ ਰੂਹ (ਇੱਕ ਵਚਨ, ਸੰਬੰਧਕੀ ਚਿੰਨ੍ਹ ਸਮੇਤ); ਜਿਵੇਂ:

ਤੋਸਾ ਬੰਧਹੁ ‘ਜੀਅ ਕਾ’; ਐਥੈ ਓਥੈ ਨਾਲਿ ॥ (ਮ: ੫/੪੯)

ਸਤਿਗੁਰੁ ਦਾਤਾ ‘ਜੀਅ ਕਾ’; ਸਭਸੈ ਦੇਇ ਅਧਾਰੁ ॥ (ਮ: ੫/੫੨) ਆਦਿ।

(ਨੋਟ: ਧਿਆਨ ਰਹੇ ਕਿ ਗੁਰਬਾਣੀ ’ਚ ਇੱਕ ਵਚਨ ‘ਜਿੰਦ ਜਾਂ ਰੂਹ’ ਲਈ ਸ਼ਬਦ ‘ਜਿੰਦੁ’ (14 ਵਾਰ) ਤੇ ‘ਜੀਉ’ ਵੀ ਦਰਜ ਹਨ; ਜਿਵੇਂ

ਤਨੁ ਧਨੁ ਪ੍ਰਭ ਕਾ; ਪ੍ਰਭ ਕੀ ‘ਜਿੰਦੁ’ ॥ (ਮ: ੫/੮੬੬)

ਸੁੰਞੀ ਦੇਹ ਡਰਾਵਣੀ; ਜਾ ‘ਜੀਉ’ ਵਿਚਹੁ ਜਾਇ ॥’’ (ਮ: ੧/੧੯)

‘ਜੀਉ’ ਪਿੰਡੁ ਸਭੁ ਤਿਸ ਦਾ; ਤਿਸੈ ਦਾ ਆਧਾਰੁ ॥’’ (ਮ: ੩/੩੬), ਆਦਿ।)

ਤਿਸੁ ਵਿਚਿ; ਜੀਅ ਜੁਗਤਿ, ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥

ਭਾਵ- ਇਸ (ਧਰਤੀ) ਵਿੱਚ ਕਈ ਰੰਗਾਂ ਦੇ, ਕਈ ਨਸਲਾਂ ਦੇ ਜੀਵ-ਜੰਤ ਕਈ ਤਰੀਕਿਆਂ ਨਾਲ਼ ਪੈਦਾ ਕੀਤੇ (ਜਿਵੇਂ ਅੰਡਜ, ਜੇਰਜ, ਸੇਤਜ, ਉਤਭੁਜ, ਆਦਿ ਰਾਹੀਂ), ਇਨ੍ਹਾਂ ਦੇ ਬੇਸ਼ੁਮਾਰ/ਅੰਤ ਰਹਿਤ ਨਾਂ (ਭਾਵ ਜੂਨਾਂ) ਹਨ।

‘‘ਕਰਮੀ-ਕਰਮੀ; ਹੋਇ ਵੀਚਾਰੁ ॥ ਸਚਾ ਆਪਿ; ਸਚਾ ਦਰਬਾਰੁ ॥’’-ਇਸ ਪੰਕਤੀ ’ਚ ਦਰਜ ‘ਕਰਮੀ-ਕਰਮੀ’ (ਜੁੜਤ) ਇੱਕ ਵਚਨ ਸ਼ਬਦ ਹਨ ਕਿਉਂਕਿ ਇਨ੍ਹਾਂ ਦਾ ਸ੍ਰੋਤ ‘ਕਰਮੁ’ (ਇੱਕ ਵਚਨ ਪੁਲਿੰਗ) ਹੈ; ਜਿਵੇਂ:

ਸੋਹਾਗਣੀ, ਕਿਆ ‘ਕਰਮੁ’ ਕਮਾਇਆ ? ॥ (ਮ: ੧/੭੨) ਇਹ ‘ਕਰਮੁ’ ਸ਼ਬਦ ਕਰਣ ਕਾਰਕ ਹੋਣ ’ਤੇ ‘ਕਰਮਿ’ (ਅੰਤ ਸਿਹਾਰੀ) ਬਣ ਜਾਂਦਾ ਹੈ, ਜਿਸ ਦਾ ਅਰਥ ਹੈ: ‘ਕੰਮ ਨਾਲ ਜਾਂ ਕਰਮ ਕਰਕੇ’; ਜਿਵੇਂ:

(1). ਮਨਿ, ਬਚਨਿ, ‘ਕਰਮਿ’, ਜਿ ਤੁਧੁ ਅਰਾਧਹਿ; ਸੇ, ਸਭੇ ਫਲ ਪਾਵਹੇ ॥ (ਮ: ੫/੨੪੮) ਭਾਵ ਮਨ ਕਰਕੇ, ਬਚਨ ਕਰਕੇ ਜਾਂ ਕਰਮ ਕਰਕੇ ਜਿਹੜੇ ਤੈਨੂੰ ਯਾਦ ਕਰਦੇ ਹਨ, ਉਹ ਤਮਾਮ ਫਲ ਪ੍ਰਾਪਤ ਕਰਦੇ ਹਨ।

ਸੰਬੰਧਿਤ ਪੰਕਤੀ ਵਾਙ ‘ਕਰਮਿ’ (ਕਰਣ ਕਾਰਕ) ਵੀ ਕਾਵਿ ਤੋਲ ਕਾਰਨ ‘ਕਰਮੀ’ (ਅੰਤ ਬਿਹਾਰੀ, ਕਰਣ ਕਾਰਕ) ਬਣ ਜਾਂਦਾ ਹੈ, ਜਿਸ ਦਾ ਅਰਥ ਹੈ: ‘ਕਰਮ ਨਾਲ’; ਜਿਵੇਂ:

(2). ਹੁਕਮਿ ਚਲਾਏ ਆਪਣੈ; ‘ਕਰਮੀ’ ਵਹੈ ਕਲਾਮ ॥ (ਮ: ੧/੧੨੪੧) ਭਾਵ ਮਾਲਕ, ਤਮਾਮ ਜੀਵਾਂ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ ਹੁਕਮ ਅਧੀਨ ਕੀਤੇ ਗਏ ਕਰਮ ਦੁਆਰਾ ਫਿਰ ਰੱਬੀ ਕਲਮ ਚੱਲਦੀ ਹੈ।

ਕਰਮੀ ਕਰਮੀ, ਹੋਇ ਵੀਚਾਰੁ॥ ਸਚਾ ਆਪਿ, ਸਚਾ ਦਰਬਾਰੁ॥

ਭਾਵ- (ਇਨ੍ਹਾਂ ਜੀਵਾਂ ਦੁਆਰਾ) ਕੀਤੇ ਜਾਂਦੇ ਕੰਮਾਂ ਦਾ (ਰੱਬੀ ਦਰ ’ਤੇ) ਲੇਖਾ-ਜੋਖਾ (ਜ਼ਰੂਰ) ਹੁੰਦਾ ਹੈ, (ਉਹ ਨਿਆਂਕਾਰ/ਮੁਨਸਫ਼) ਆਪ ਵੀ ਸੱਚਾ ਹੈ ਤੇ ਉਸ ਦਾ ਇਨਸਾਫ਼ ਘਰ ਵੀ ਧੋਖਾ ਨਹੀਂ ਖਾਂਦਾ (ਭਾਵ ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ, ਕਿਸੈ ਥਾਇ ॥’’ ਮਹਲਾ ੫/੪੦੬)।

‘‘ਤਿਥੈ ਸੋਹਨਿ; ਪੰਚ ਪਰਵਾਣੁ ॥ ਨਦਰੀ ਕਰਮਿ; ਪਵੈ ਨੀਸਾਣੁ ॥’’– ਇਸ ਪੰਕਤੀ ’ਚ ਦਰਜ ‘ਤਿਥੈ’ (ਇੱਕ ਵਚਨ ਪੜਨਾਂਵ) ਦਾ ਸੰਕੇਤ ‘ਦਰਬਾਰੁ’ (ਇੱਕ ਵਚਨ ਪੁਲਿੰਗ) ਵੱਲ ਹੈ ਅਤੇ ‘‘ਤਿਨ ਕੇ ਨਾਮ, ਅਨੇਕ ਅਨੰਤ॥’’ ਵਿੱਚੋਂ ਹੀ ‘ਪੰਚ’ (ਬਹੁ ਵਚਨ) ਪ੍ਰਗਟ ਹੁੰਦੇ ਹਨ।

‘ਨਦਰੀ ਕਰਮਿ’- ਇਨ੍ਹਾਂ ਸਮਿਲਤ ਸ਼ਬਦਾਂ ’ਚ ਦੂਸਰਾ ਸ਼ਬਦ ‘ਕਰਮਿ’ ਦਾ ਅਰਥ ਹੈ: ‘ਮਿਹਰ ਨਾਲ’। ਧਿਆਨ ਰਹੇ ਕਿ ਇਹ ਸ਼ਬਦ ਉਕਤ ਵੀਚਾਰਿਆ ਗਿਆ ‘ਕਰਮੁ, ਕਰਮਿ, ਕਰਮੀ’ ਨਹੀਂ, ਜਿਸ ਦਾ ਅਰਥ ਹੈ: ‘ਜੀਵਾਂ ਦੁਆਰਾ ਕੀਤੇ ਗਏ ਕੰਮ ਨਾਲ’।

ਤਿਥੈ ਸੋਹਨਿ; ਪੰਚ ਪਰਵਾਣੁ॥ ਨਦਰੀ ਕਰਮਿ, ਪਵੈ ਨੀਸਾਣੁ॥ 

ਭਾਵ- ਉੱਥੇ ਕਬੂਲ ਕਰਨ ਲਾਇਕ ਪੰਚ-ਜਨ ਸ਼ੋਭਦੇ ਹਨ ਕਿਉਂਕਿ ਨਦਰੀ (ਮਿਹਰ ਦੇ ਮਾਲਕ/ਨਿਆਂਕਾਰ) ਦੀ ਕਿਰਪਾ ਨਾਲ਼ (ਉਨ੍ਹਾਂ ਦੇ ਗਲ਼) ਪ੍ਰਵਾਨਗੀ ਚਿੰਨ੍ਹ (ਸਿਰੋਪਾ) ਪੈਂਦਾ ਹੈ।

‘‘ਕਚ-ਪਕਾਈ; ਓਥੈ ਪਾਇ ॥ ਨਾਨਕ ! ਗਇਆ; ਜਾਪੈ ਜਾਇ ॥੩੪॥’’– ਇਸ ਪੰਕਤੀ ’ਚ ਦਰਜ ‘ਓਥੈ’ (ਇੱਕ ਵਚਨ ਪੜਨਾਂਵ) ਦਾ ਸੰਕੇਤ ਵੀ ‘ਦਰਬਾਰੁ’ (ਇੱਕ ਵਚਨ, ਨਾਂਵ) ਵੱਲ ਹੈ ਅਤੇ ‘ਗਇਆਂ’ (ਕਿਰਦੰਤ) ਦਾ ਅਰਥ ਹੈ: (‘ਸਚਾ ਦਰਬਾਰੁ’ ਰੂਪ ਨਿਰਮਲ ਅਵਸਥਾ ’ਚ) ਪਹੁੰਚਣ ਉਪਰੰਤ, ਨਾ ਕਿ ਕੇਵਲ ਚੁੰਚ-ਗਿਆਨ ਨਾਲ।

‘ਕਚ-ਪਕਾਈ’-ਇਹ ਜੁੜਤ ਸ਼ਬਦ ਕੇਵਲ ਇਸ ਪੰਕਤੀ ’ਚ ਹੀ ਦਰਜ ਹਨ। ਇਨ੍ਹਾਂ ਦੋਵੇਂ ਸ਼ਬਦਾਂ ਦਾ ਭਾਵਾਰਥ ਇੱਕ ਦੂਸਰੇ ਤੋਂ ਬਿਨਾ ਅਧੂਰਾ ਹੋਣ ਕਾਰਨ ਇਹ ਸਮਿਲਤ ਸ਼ਬਦ ਹਨ।

ਗੁਰੂ ਅਮਰਦਾਸ ਜੀ ਮੁਤਾਬਕ ਜੋ ਰੱਬੀ ਹੁਕਮ ’ਚ ਵਿਚਰਨਾ, ਮਹਿਸੂਸ ਕਰ ਲੈਂਦੇ ਹਨ, ਉਹ ਪੱਕੇ ਭਾਵ ਭਗਤ ਹਨ ਬਾਕੀ ਨਿਰੋਲ ਕੱਚੇ: ‘‘ਨਾਨਕ ! ਹਰਿ ਕਾ ਭਾਣਾ ਮੰਨੇ, ਸੋ ਭਗਤੁ ਹੋਇ; ਵਿਣੁ ਮੰਨੇ ਕਚੁ ਨਿਕਚੁ ॥’’ (ਮ: ੩/੯੫੦), ਗੁਰੂ ਨਾਨਕ ਸਾਹਿਬ ਜੀ ਅਨੁਸਾਰ ਵੀ ਜੋ ਰੱਬੀ ਅਦਬ-ਸਤਿਕਾਰ ’ਚ ਹਰ ਵਕਤ ਰਹਿੰਦੇ ਹਨ ਉਹ ਪੱਕੀ ਘਾੜਤ ਤੇ ਬਾਕੀ ਨਿਰੋਲ ਕੱਚੀ ਜੀਵਨਸ਼ੈਲੀ ਹੈ: ‘‘ਭੈ ਬਿਨੁ; ਘਾੜਤ ਕਚੁ ਨਿਕਚ ॥’’ (ਮ: ੧/੧੫੧), ਇਸ ਲਈ ਰੱਬੀ ਰਜ਼ਾ ਜਾਂ ਡਰ-ਅਦਬ ’ਚ ਵਿਚਰਨ ਵਾਲੇ ਜੀਵਨ ਦੀ ਪਹਿਚਾਣ ਕਰਨੀ, ਮਨੁੱਖ ਲਈ ਨਾਮੁਮਕਿਨ ਹੈ, ਤਾਂ ਤੇ ਕਿਸੇ ਦੀ ਅੰਤਮ ਅਰਦਾਸ ਸਮੇਂ ਕੇਵਲ ਲੋਕ-ਲਾਜ ਲਈ ਕਿਸੇ ਦੇ ਜੀਵਨ ਨੂੰ ਪਕਾਈ ’ਚ ਤਬਦੀਲ ਕਰਨਾ ਨਿਰੋਲ ਝੂਠ ਹੈ।

(ਨੋਟ: ਕੇਵਲ ਧਾਰਮਿਕ ਵੀਚਾਰ ਸੁਣਨ ਨਾਲ ਕਿਸੇ ਦੇ ਜੀਵਨ ਨੂੰ ਸਮਝਣਾ ਅਸੰਭਵ ਹੈ, ਇਸ ਲਈ ‘‘ਸੁਣਿਐ; ਈਸਰੁ ਬਰਮਾ ਇੰਦੁ ॥’’ ਵਾਕ ਦੇ ਅਰਥ: ‘ਗੁਰੂ ਸਿੱਖਿਆ ਸੁਣਨ ਨਾਲ ਸ਼ਿਵ, ਬ੍ਰਹਮਾ, ਇੰਦ੍ਰ ਆਦਿ ਦੇ ਆਚਰਨ ਦੀ ਸਮਝ ਆ ਜਾਂਦੀ ਹੈ’ ਦਰੁਸਤ ਅਰਥ ਨਹੀਂ ਜਾਪਦੇ ਜਦਕਿ ਇਹ ਕਾਲਪਨਿਕ ਜੀਵਨ ਸਾਡੇ ਸਤਸੰਗੀ ਵੀ ਨਹੀਂ।)

ਕਚ ਪਕਾਈ, ਓਥੈ ਪਾਇ॥ ਨਾਨਕ  ! ਗਇਆ ਜਾਪੈ ਜਾਇ॥ ੩੪॥ 

ਭਾਵ- ਹੇ ਨਾਨਕ  ! ਉਸ (ਇਨਸਾਫ਼ ਘਰ ’ਚ, ਜੀਵਨ ਦੀ) ਕਚਿਆਈ ਤੇ ਪਕਿਆਈ ਦਾ ਮੁੱਲ ਪੈਂਦਾ ਹੈ, ਉੱਥੇ ਜਾਣ ਉਪਰੰਤ ਹੀ (ਆਪਣੀ ਕੀਤੀ ਕਮਾਈ ਦੀ ਅਸਲ) ਸਮਝ ਆਉਂਦੀ ਹੈ।

(ਨੋਟ : ਇੱਕ ਬੱਚਾ; ਸਕੂਲ, ਕਾਲਜ ’ਚ 15-20 ਸਾਲ ਵਿਦਿਆ ਗ੍ਰਹਿਣ ਕਰਨ ਜਾਂਦਾ ਹੈ, ਇਸ ਦੌਰਾਨ ਪ੍ਰਾਪਤ ਹੋਏ ਗਿਆਨ ਰਾਹੀਂ ਮਾਤਾ-ਪਿਤਾ ਦੀ ਮਦਦ ਲਈ ਕੁਝ ਪਰਵਾਰਿਕ ਤੇ ਸਮਾਜਿਕ ਕੰਮ ਕਰ ਕੇ ਇੱਜ਼ਤ ਪਾਉਂਦਾ ਹੈ; ਜਿਵੇਂ ਕਿ ਵਚਨ ਹੈ, ‘‘ਸੁਣਿਐ; ਪੜਿ ਪੜਿ ਪਾਵਹਿ ਮਾਨੁ ॥’’ (ਜਪੁ) ਪਰ ਵਿਦਿਆ ਦਾ ਅਸਲ ਮੁੱਲ ਨੌਕਰੀ ਮਿਲਣ ਉਪਰੰਤ ਪੈਂਦਾ ਹੈ, ਇਸੇ ਤਰ੍ਹਾਂ ਕੀਤੇ ਜਾਂਦੇ ਚੰਗੇ ਕੰਮਾਂ ਦੀ ਕਦਰ ਇਸ ਲੋਕ ’ਚ ਵੀ ਪੈਂਦੀ ਹੈ, ਪਰ ਅਸਲ ਮੁੱਲ ਜੀਵਨ ਯਾਤਰਾ ਮੁਕੰਮਲ ਹੋਣ ਉਪਰੰਤ ਪੈਂਦਾ ਹੈ, ਜੋ ਕੇਵਲ ਇਸ ਲੋਕ ਤੱਕ ਸੀਮਤ ਨਹੀਂ ਭਾਵ ਇੱਥੇ ਕੀਤੇ ਜਾਂਦੇ ਕੰਮਾ ਦਾ ਲੇਖਾ-ਜੋਖਾ ਮਰਨ ਉਪਰੰਤ ਤੱਕ ਹੁੰਦਾ, ਹੋਣ ਕਾਰਨ ਅਸਲ ਮੁੱਲ ਕੇਵਲ ਇਸ ਸੰਸਾਰਕ ਯਾਤਰਾ ਤੱਕ ਸਮੇਟਿਆ ਨਹੀਂ ਜਾ ਸਕਦਾ। ਇਸ ਨਿਯਮ ਦੀ ਸਮਝ ਹੀ ‘ਧਰਮਖੰਡ’ ਹੈ ਭਾਵ ‘ਧਰਮਖੰਡ’ ’ਚ ਜੀਵਨ ਯਾਤਰਾ ਦਾ ‘ਧਰਮਸ਼ਾਲ਼’ (ਧਰਤੀ) ’ਤੇ ਆਉਣਾ ਅਤੇ ਇੱਥੋਂ (‘ਕਚ ਪਕਾਈ’ ਲੈ ਕੇ) ਚਲੇ ਜਾਣਾ, ਤੱਕ ਦੀ ਮਿਸਾਲ ਦਿੱਤੀ ਗਈ ਹੈ।)