JAP (Pori No. 33)

0
611

ਆਖਣਿ ਜੋਰੁ; ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ; ਦੇਣਿ ਨ ਜੋਰੁ ॥

ਜੋਰੁ ਨ ਜੀਵਣਿ; ਮਰਣਿ ਨਹ ਜੋਰੁ ॥ ਜੋਰੁ ਨ; ਰਾਜਿ, ਮਾਲਿ, ਮਨਿ ਸੋਰੁ ॥

ਜੋਰੁ ਨ ਸੁਰਤੀ; ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ; ਛੁਟੈ ਸੰਸਾਰੁ ॥

ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ; ਨ ਕੋਇ ॥੩੩॥ (ਜਪੁ /ਮ: ੧)

ਉਚਾਰਨ ਸੇਧ : ਜ਼ੋਰ, ਸ਼ੋਰ।

ਪਦ ਅਰਥ: ਆਖਣਿ- ਜ਼ਿਆਦਾ ਬੋਲਣ ਵਿੱਚ (ਕਿਰਦੰਤ, ਅਧਿਕਰਣ ਕਾਰਕ)।, ਜੋਰੁ- ਆਪਣੀ ਕੋਈ ਸਮਰੱਥਾ (ਇੱਕ ਵਚਨ ਪੁਲਿੰਗ ਨਾਂਵ)।, ਚੁਪੈ- ਮੌਨ ਵਰਤ ਰੱਖਣ ਵਿੱਚ (ਨਾਂਵ, ਅਧਿਕਰਣ ਕਾਰਕ)।, ਮੰਗਣਿ- ਦਾਨ ਮੰਗਣ ਵਿੱਚ (ਕਿਰਦੰਤ, ਅਧਿਕਰਣ ਕਾਰਕ)।, ਦੇਣਿ- ਦਾਨੀ ਬਣਨ ਵਿੱਚ (ਕਿਰਦੰਤ, ਅਧਿਕਰਣ ਕਾਰਕ)।, ਜੀਵਣਿ- ਲੰਮੀ ਉਮਰ ਭੋਗਣ ਵਿੱਚ (ਨਾਂਵ, ਅਧਿਕਰਣ ਕਾਰਕ)।, ਮਰਣਿ- ਤੁਰੰਤ ਮਰਨ ਵਿੱਚ (ਨਾਂਵ, ਅਧਿਕਰਣ ਕਾਰਕ)।, ਰਾਜਿ- ਹਕੂਮਤ ਕਰਨ ਵਿੱਚ (ਨਾਂਵ, ਅਧਿਕਰਣ ਕਾਰਕ)।, ਮਾਲਿ- ਧਨ-ਦੌਲਤ ਇਕੱਠੀ ਕਰਨ ਵਿੱਚ (ਨਾਂਵ, ਅਧਿਕਰਣ ਕਾਰਕ)।, ਮਨਿ- ਮਨ ਵਿੱਚ (ਨਾਂਵ, ਅਧਿਕਰਣ ਕਾਰਕ)।, ਸੋਰੁ- ਉੱਚੀ ਆਵਾਜ਼, ਅਹੰਕਾਰ (ਇੱਕ ਵਚਨ ਪੁਲਿੰਗ, ਨਾਂਵ)।, ਸੁਰਤੀ- ਸਮਝਦਾਰ ਬਣਨ ਵਿੱਚ (ਇਸਤ੍ਰੀ ਲਿੰਗ ਨਾਂਵ, ਅਧਿਕਰਣ ਕਾਰਕ)।, ਗਿਆਨਿ ਵੀਚਾਰਿ- ਧਾਰਮਿਕ ਚਰਚਾ ਵਿੱਚ (ਨਾਂਵ, ਅਧਿਕਰਣ ਕਾਰਕ)।, ਜੁਗਤੀ- ਜੀਵਨ ਜਾਚ ਪ੍ਰਾਪਤ ਕਰਨ ਵਿੱਚ (ਨਾਂਵ, ਅਧਿਕਰਣ ਕਾਰਕ)।, ਛੁਟੈ- ਮੁਕਤ ਹੋ ਸਕਦਾ ਹੈ (ਇੱਕ ਵਚਨ, ਵਰਤਮਾਨ ਕਿਰਿਆ)।, ਜਿਸੁ- ਜਿਸ ‘ਅਕਾਲ ਪੁਰਖ’ ਦੇ (ਪੜਨਾਂਵੀ ਵਿਸ਼ੇਸ਼ਣ)।, ਹਥਿ- ਹੱਥ ਵਿੱਚ ਜਾਂ ਅਧਿਕਾਰ ਵਿੱਚ (ਨਾਂਵ, ਅਧਿਕਰਣ ਕਾਰਕ)।, ਕਰਿ- ਕਰਕੇ (ਕਿਰਿਆ ਵਿਸ਼ੇਸ਼ਣ)।, ਸੋਇ- ਉਹੀ (ਪੜਨਾਂਵ)।, ਨਾਨਕ- ਹੇ ਨਾਨਕ ! (ਸੰਬੋਧਨ)।, ਉਤਮੁ ਨੀਚੁ- ਜੀਵਨ ਪੱਖੋਂ ਚੰਗਾ-ਮਾੜਾ (ਇੱਕ ਵਚਨ ਵਿਸ਼ੇਸ਼ਣ)।, ਕੋਇ- ਕੋਈ ਵੀ (ਅਨਿਸਚਿਤ ਪੜਨਾਂਵ)।

(ਨੋਟ : ‘ਜਪੁ’ ਬਾਣੀ ਦੀਆਂ 38 ਪਉੜੀਆਂ ਨੂੰ ਤਿੰਨ ਭਾਗਾਂ ’ਚ ਵੰਡ ਲੈਣਾ ਲਾਭਕਾਰੀ ਰਹਿੰਦਾ ਹੈ :

(1). ਪਉੜੀ ਨੰਬਰ 1 ਤੋਂ 15 ਤੱਕ ਦਾ ਵਿਸ਼ਾ, ਗੁਰੂ ਸਿੱਖਿਆ ਸੁਣਨ, ਮੰਨਣ ਤੇ ਗੁਰੂ ਦਰ ਬੇਨਤੀ ਕਰਨ ਨਾਲ਼ ਸਬੰਧਿਤ ਹੈ।

(2). ਪਉੜੀ ਨੰਬਰ 15 ਤੋਂ 33 ਤੱਕ ਦਾ ਵਿਸ਼ਾ, ਅਕਾਲ ਪੁਰਖ ਨਾਲ਼ ਸੰਵਾਦ (ਵਿਚਾਰ-ਵਟਾਂਦਰਾ ਜਾਂ ਗੋਸ਼ਟੀ) ਨੂੰ ਦਰਸਾਉਂਦਾ ਹੈ।

(3). ਪਉੜੀ ਨੰਬਰ 34 ਤੋਂ 37 ਤੱਕ ਦਾ ਵਿਸ਼ਾ, ਪੰਜ ਰੂਹਾਨੀਅਤ ਪੜਾਅ ਨੂੰ ਰੂਪਮਾਨ ਕਰਦਾ ਹੈ, ਆਦਿ।

ਉਕਤ ਵੰਡ ਮੁਤਾਬਕ ਅਗਾਂਹ 33 ਵੀਂ ਪਉੜੀ, ਉਪਰੋਕਤ ਨੰਬਰ 2 ਵਾਲ਼ੇ ਵਿਸ਼ੇ ਨੂੰ ਸਮਾਪਤ ਕਰਦੀ ਹੈ, ਜਿਸ ਵਿੱਚ ਉਕਤ ਨੰਬਰ 1 ਵਿਸ਼ੇ ਵੱਲ ਵੀ ਮਾਮੂਲੀ ਇਸ਼ਾਰਾ ਕੀਤਾ ਗਿਆ ਹੈ। 29ਵੀਂ ਪਉੜੀ ’ਚ ‘‘ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ..॥’’ ਰਾਹੀਂ ਰੱਬੀ ਨਿਯਮ ਦੇ ਦੋਵੇਂ (ਨਕਾਰਤਮਕ ਤੇ ਸਕਾਰਤਮਕ) ਪੱਖ ਲਏ ਗਏ ਸਨ; ਜਿਵੇਂ ਕਿ ‘ਮਨਮੁਖ’ (ਵਿਜੋਗੁ) ਬਨਾਮ ‘ਗੁਰਮੁਖ’ (ਸੰਜੋਗੁ) ਭਾਵ ‘ਗੁਰਮੁਖ’ ਸੰਜੋਗੁ (ਰੱਬੀ ਮਿਲਾਪ) ਕਰ ਲੈਂਦਾ ਹੈ ਅਤੇ ‘ਮਨਮੁਖ’ ਵਿਜੋਗੁ ਭਾਵ ਜੂਨਾਂ ’ਚ ਜਾ ਕੇ ਰੱਬ ਤੋਂ ਵਿਛੁੜ ਜਾਂਦਾ ਹੈ।

‘ਜਪੁ’ ਬਾਣੀ ਦੀ ਪਹਿਲੀ ਪਉੜੀ ਦੇ ਵਿਸ਼ੇ ’ਚ ‘‘ਚੁਪੈ, ਚੁਪ ਨ ਹੋਵਈ॥’’ ਤੇ ਚੌਥੀ ਪਉੜੀ ਦੇ ਵਿਸ਼ਾ ’ਚ ‘‘ਆਖਹਿ, ਮੰਗਹਿ, ਦੇਹਿ ਦੇਇ॥’’ ਵਿਚਾਰ ਦਰਜ ਹਨ ਭਾਵ ਪਹਿਲੀ ਪਉੜੀ ’ਚ ਕੁਝ ਨਾ ਮੰਗਣਾ ਜਾਂ ਮੌਨ ਰਹਿਣਾ ਤੇ ਚੌਥੀ ਪਉੜੀ ’ਚ ਸਭ ਕੁੱਝ ਮੰਗਣਾ, ਇਨ੍ਹਾਂ ਦੋਵੇਂ (ਵਿਰੋਧੀ) ਪੱਖਾਂ ਨੂੰ ਅਗਲੀ 33ਵੀਂ ਪਉੜੀ ’ਚ ਮੁੜ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਇਸ ਪਉੜੀ ਤੋਂ ਅਗਾਂਹ ਰੂਹਾਨੀਅਤ ਬਾਰੇ ਵਿਚਾਰ ਦਰਜ ਹਨ।)

(ਨੋਟ : ‘ਜਪੁ’ ਬਾਣੀ ਦੇ ਸਾਰੇ ਵਿਸ਼ਿਆਂ (ਪਉੜੀ ਨੰ. 1-32 ਤੱਕ) ਨੂੰ ਸਾਮ੍ਹਣੇ ਰੱਖ ਕੇ 52 ਸ਼ਬਦਾਂ ਦੇ ਸੁਮੇਲ ਨਾਲ ਇਸ 33 ਵੀਂ ਪਉੜੀ ਨੂੰ ਸੰਪੂਰਨ ਕੀਤਾ ਗਿਆ ਹੈ। ‘ਗੁਰਮਤ’ ਅਨੁਸਾਰ ਸੰਸਾਰਕ ਜੀਵਨ ‘ਅਕਾਲ ਪੁਰਖ’ ਦਾ ਕੇਵਲ ਖੇਲ ਹੈ। ਇਸ ਖੇਲ ’ਚ ‘ਵਿਕਾਰੀ ਜੀਵਨ’ ਦੇ ਮੁਕਾਬਲੇ ‘ਸਦਾਚਾਰੀ ਜੀਵਨ’ ਨੂੰ ਮਾਨਵਤਾ ਲਈ ਸਰਬੋਤਮ ਮੰਨਿਆ ਗਿਆ ਹੈ; ਵੈਸੇ ‘ਵਿਕਾਰੀ’ ਤੇ ‘ਸਦਾਚਾਰੀ’ ਸ਼ਬਦ ਕੇਵਲ ਮਨੁੱਖੀ ਸੋਚ ਦੀ ਉਪਜ ਹਨ, ਜਿਨ੍ਹਾਂ ਦਾ ਦੂਸਰੀਆਂ ਜੂਨਾਂ ਲਈ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿਉਂਕਿ ਕੁਦਰਤ ਦੇ ਵਿਕਾਸ ਲਈ ‘ਵਿਕਾਰੀ ਜੀਵਨ’ ਵੀ ਵਿਸ਼ੇਸ਼ ਸਥਾਨ ਰੱਖਦਾ ਹੈ।

‘ਗੁਰਮਤ’ ਨੇ ‘ਵਿਕਾਰੀ’ ਤੇ ‘ਸਦਾਚਾਰੀ’ ਜੀਵਨ ਦੇ ਪਿਛੋਕੜ ’ਚ ‘ਅਕਾਲ ਪੁਰਖ’ ਦੀ ਰਜ਼ਾ ਨੂੰ ਕਬੂਲ ਕੀਤਾ ਹੈ; ਜਿਵੇਂ ਕਿ: ‘‘ਕਬੀਰ ! ਕੂਕਰੁ ਰਾਮ ਕੋ; ਮੁਤੀਆ ਮੇਰੋ ਨਾਉ ॥ ਗਲੇ ਹਮਾਰੇ ਜੇਵਰੀ; ਜਹ ਖਿੰਚੈ, ਤਹ ਜਾਉ ॥ (ਭਗਤ ਕਬੀਰ/੧੩੬੮), ਮਤਾ (ਸਲਾਹ) ਕਰੈ, ਪਛਮ ਕੈ ਤਾਈ (ਪੱਛਮ ਵੱਲ, ਪਰ ‘ਅਕਾਲ ਪੁਰਖ’); ਪੂਰਬ ਹੀ ਲੈ ਜਾਤ ॥’’ (ਮ: ੫/੪੯੬) ਆਦਿ, ਇਸ ਵਿਸ਼ੇ ਨੂੰ ਗੁਰਬਾਣੀ ’ਚ ਵਿਸਥਾਰ ਪੂਰਵਕ ਰਚਨਾਵਾਂ ਜਿਵੇਂ ਕਿ ‘ਵਾਰਾਂ’ ’ਚ ਦਰਜ ਅਖ਼ੀਰਲੀ ਪਉੜੀ ਨੂੰ ਸਾਮ੍ਹਣੇ ਰੱਖ ਕੇ ਵੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ; ਜਿਵੇਂ

(1). ਗੁਰੂ ਨਾਨਕ ਸਾਹਿਬ ਜੀ ਦੀ ‘ਆਸਾ ਕੀ ਵਾਰ’ ’ਚ ਅਖ਼ੀਰਲੀ ਪਉੜੀ ਹੈ: ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥ ਸਾਈ (ਉਹੀ) ਕਾਰ ਕਮਾਵਣੀ; ਧੁਰਿ (ਤੋਂ) ਛੋਡੀ ਤਿੰਨੈ (ਨੇ) ਪਾਇ (ਕੇ)॥੨੪॥੧॥’’ ਸੁਧੁ (ਆਸਾ ਕੀ ਵਾਰ, ਮ: ੧/੪੭੫) ਭਾਵ ਮਨੁੱਖ ਜੋ ਕੁਝ ਵੀ ਕਰਦਾ ਹੈ ਉਸ ਦੇ ਪਿਛੋਕੜ ’ਚ ਜਗਤ ਰਚਨਾ ਦੇ ਮਾਲਕ ਦਾ ਨਿਯਮ ਕੰਮ ਕਰ ਰਿਹਾ ਹੁੰਦਾ ਹੈ।

(2). ਗੁਰੂ ਅਮਰਦਾਸ ਜੀ ਦੀ ‘ਗੂਜਰੀ ਕੀ ਵਾਰ’ ’ਚ ਅਖ਼ੀਰਲੀ ਪਉੜੀ ਹੈ: ‘‘ਆਪੇ ਜਗਤੁ ਉਪਾਇਓਨੁ; ਕਰਿ ਪੂਰਾ ਥਾਟੁ (ਬਨਾਵਟ)॥ ਆਪੇ ਸਾਹੁ, ਆਪੇ ਵਣਜਾਰਾ; ਆਪੇ ਹੀ ਹਰਿ ਹਾਟੁ ॥ ਆਪੇ ਸਾਗਰੁ, ਆਪੇ ਬੋਹਿਥਾ; ਆਪੇ ਹੀ ਖੇਵਾਟੁ (ਮਲਾਹ)॥ ਆਪੇ ਗੁਰੁ, ਚੇਲਾ ਹੈ ਆਪੇ; ਆਪੇ ਦਸੇ ਘਾਟੁ (ਪੱਤਣ ਜਾਂ ਰਸਤਾ)..॥੨੨॥੧॥’’ ਸੁਧੁ (ਗੂਜਰੀ ਕੀ ਵਾਰ, ਮ: ੩/੫੧੭)

(3). ਗੁਰੂ ਰਾਮਦਾਸ ਜੀ ਦੀ ‘ਗਉੜੀ ਕੀ ਵਾਰ’ ’ਚ ਅਖ਼ੀਰਲੀ ਪਉੜੀ ਹੈ: ‘‘ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ, ਤੂੰ ਵਡ ਵਡੇ ॥ ਜਿਸੁ ਤੂੰ ਮੇਲਹਿ, ਸੋਤੁਧੁ ਮਿਲੈ; ਤੂੰ ਆਪੇ ਬਖਸਿ ਲੈਹਿ, ਲੇਖਾ ਛਡੇ ॥ ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ, ਮਨੁ ਗਡ ਗਡੇ ..॥੩੩॥੧॥’’ ਸੁਧੁ (ਗਉੜੀ ਕੀ ਵਾਰ, ਮ: ੪/੩੧੭)

(4). ਗੁਰੂ ਅਰਜਨ ਸਾਹਿਬ ਜੀ ਦੀ ‘ਬਸੰਤੁ ਕੀ ਵਾਰ’ ’ਚ ਅਖ਼ੀਰਲੀ ਪਉੜੀ ਹੈ: ‘‘ਕਿਥਹੁ ਉਪਜੈ? ਕਹ ਰਹੈ ? ਕਹ ਮਾਹਿ ਸਮਾਵੈ ? ॥ ਜੀਅ ਜੰਤ ਸਭਿ ਖਸਮ ਕੇ, ਕਉਣੁ ਕੀਮਤਿ ਪਾਵੈ ? .. ॥੩॥੧॥’’ (ਬਸੰਤੁ ਕੀ ਵਾਰ, ਮ: ੫/੧੧੯੩) ਭਾਵ ‘ਅਕਾਲ ਪੁਰਖ’ ਦੇ ਹੁਕਮ ਤੋਂ ਬਿਨਾ ਦੱਸੋ, ਕੌਣ ਕਿੱਥੋਂ ਪੈਦਾ ਹੁੰਦਾ ਹੈ, ਕਿਸ ਦੀ ਸਲਾਹ ਨਾਲ ਕਿੱਥੇ ਰਹਿੰਦਾ ਤੇ ਅੰਤ ਨੂੰ ਕਿੱਥੇ ਅਭੇਦ ਹੋ ਜਾਂਦਾ ਹੈ? ਭਾਵ ਸਭ ਕੁਝ ‘ਅਕਾਲ ਪੁਰਖ’ ਦਾ ਖੇਲ ਹੈ ਜਾਂ ਉਸ ਦਾ ਹੁਕਮ ਵਰਤ ਰਿਹਾ ਹੈ।

(5). ਬਾਬਾ ਸੱਤਾ ਬਲਵੰਡ ਜੀ ਦੀ ‘ਰਾਮਕਲੀ ਕੀ ਵਾਰ’ ’ਚ ਅਖ਼ੀਰਲੀ ਪਉੜੀ ਹੈ: ‘‘ਆਪੇ ਪਟੀ, ਕਲਮ ਆਪਿ; ਆਪਿ ਲਿਖਣਹਾਰਾ ਹੋਆ ॥ ਸਭ ਉਮਤਿ (ਸ੍ਰਿਸ਼ਟੀ) ਆਵਣ ਜਾਵਣੀ; ਆਪੇ ਹੀ ਨਵਾ ਨਿਰੋਆ .. ॥੮॥੧॥’’ (ਰਾਮਕਲੀ ਕੀ ਵਾਰ, ਬਲਵੰਡ ਸਤਾ/੯੬੮) ਆਦਿ।

ਉਕਤ ਕੀਤੀ ਗਈ ਵੀਚਾਰ ਅਨੁਸਾਰ ‘ਜਪੁ’ ਬਾਣੀ ਦੇ ਆਰੰਭ ਤੋਂ ਲੈ ਕੇ ਤਮਾਮ ਵਿਸ਼ਿਆਂ ਦੀ ਸਮਾਪਤੀ ਇਸ ਪਉੜੀ (ਨੰ. 33) ’ਤੇ ਹੋ ਜਾਂਦੀ ਹੈ ਕਿਉਂਕਿ 34 ਵੀਂ ਪਉੜੀ ਤੋਂ ਵਿਸ਼ਾ ਅਧਿਆਤਮਕ ਪਦ ਨਾਲ ਸੰਬੰਧਿਤ ਆਰੰਭ ਹੋ ਜਾਂਦਾ ਹੈ, ਇਸ ਲਈ ਇਸ ਪਉੜੀ ਦੇ ਸ਼ਬਦਾਰਥਾਂ ਲਈ ‘ਜਪੁ’ ਦੇ ਆਰੰਭ ਤੋਂ ਵਿਸ਼ਿਆਂ ਨੂੰ ਸ਼ਾਮਲ ਕਰਨਾ, ਸਾਰਥਿਕ ਹੋਵੇਗਾ।)

‘‘ਆਖਣਿ ਜੋਰੁ; ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ; ਦੇਣਿ ਨ ਜੋਰੁ ॥’’- ਇਸ ਪਉੜੀ ’ਚ (‘ਜੋਰੁ’ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਤੋਂ ਇਲਾਵਾ) ਲਗਭਗ ਹਰ ‘ਕਿਰਦੰਤ’ ਤੇ ‘ਨਾਂਵ’ ਸ਼ਬਦ ‘ਅਧਿਕਰਣ ਕਾਰਕ’ ’ਚ ਹਨ ਭਾਵ ‘ਵਿੱਚ’ ਚਿੰਨ੍ਹ ਨੂੰ ਪ੍ਰਗਟ ਕਰਦੇ ਹਨ; ਜਿਵੇਂ ਕਿ ਇਸ ਪੰਕਤੀ ’ਚ ਦਰਜ ਹੈ: ‘ਆਖਣਿ, ਮੰਗਣਿ, ਦੇਣਿ’ (ਕਿਰਦੰਤ) ਅਤੇ ‘ਚੁਪੈ’ (ਨਾਂਵ), ਜਿਨ੍ਹਾਂ ਦੇ ਕ੍ਰਮਵਾਰ ਅਰਥ ਹਨ: ‘ਬੋਲਣ ਵਿੱਚ, ਮੰਗਣ ਵਿੱਚ, ਦੇਣ ਵਿੱਚ, ਚੁੱਪ ਰਹਿਣ ਵਿੱਚ ਜਾਂ ਮੌਨ ਵਰਤ ਧਾਰਨ ਵਿੱਚ’।

‘ਆਖਣਿ’-ਗੁਰਬਾਣੀ ’ਚ ਇਹ ਸ਼ਬਦ ਤਿੰਨ ਰੂਪਾਂ ’ਚ ਮਿਲਦਾ ਹੈ; ਜਿਵੇਂ:

(1). ‘ਆਖਣੁ’ (22 ਵਾਰ, ਇੱਕ ਵਚਨ ਪੁਲਿੰਗ ਨਾਂਵ)– ਇਸ ਦਾ ਅਰਥ ਹੈ: ‘ਬੋਲ, ਮੂੰਹ, ਬਚਨ’; ਜਿਵੇਂ:

‘ਆਖਣੁ’ (ਮੂੰਹ) ਆਖਿ (ਕੇ) ਨ ਰਜਿਆ; ਸੁਨਣਿ (ਨਾਲ) ਨ ਰਜੇ ਕੰਨ ॥ (ਮ: ੨/੧੪੭)

ਨਾਨਕ ! ‘ਆਖਣੁ’ (ਬਚਨ) ਆਖੀਐ, ਜੇ ਸੁਣਿ (ਕੇ) ਧਰੇ ਪਿਆਰੁ ? ॥ (ਮ: ੩/੪੨੮), ਆਦਿ।

(2). ‘ਆਖਣ’ (10 ਵਾਰ, ਨਾਂਵ)– ਇਸ ਸ਼ਬਦ ਨਾਲ ਸੁਮੇਲ ਜਾਂ ਸੰਬੰਧਕੀ ਸ਼ਬਦ ਵੀ ਮਿਲਦਾ ਹੈ; ਜਿਵੇਂ: ‘ਆਖਣ ਵਾਲਾ, ਆਖਣ ਵਾਲੇ ਜਾਂ ਆਖਣ ਦਾ’:

‘ਆਖਣ ਵਾਲਾ’; ਕਿਆ ਵੇਚਾਰਾ ? ॥ (ਮ: ੧/੯)

‘ਆਖਣ ਵਾਲੇ’ ਜੇਤੜੇ; ਸਭਿ ਆਖਿ ਰਹੇ, ਲਿਵ ਲਾਇ (ਕੇ) ॥ (ਮ: ੧/੫੩)

ਭੀ ਤੂੰਹੈ ਸਾਲਾਹਣਾ; ‘ਆਖਣ’ (ਦਾ) ਲਹੈ (ਉਤਰਦਾ) ਨ ਚਾਉ ॥ (ਮ: ੧/੧੪੨), ਆਦਿ।

(3). ‘ਆਖਣਿ’ (15 ਵਾਰ, ਕਿਰਦੰਤ)– ਇਸ ਦਾ ਅਰਥ ਹੈ: ‘ਆਖਣ ਵਿੱਚ, ਆਖਣ ਨਾਲ, ਆਖਣ ਨੂੰ’; ਜਿਵੇਂ:

ਕੇਤਾ ਆਖਣੁ ਆਖੀਐ? ‘ਆਖਣਿ’ (ਨਾਲ) ਤੋਟਿ ਨ ਹੋਇ ॥ (ਮ: ੧/੧੮)

‘ਆਖਣਿ’ (ਨੂੰ) ਅਉਖਾ; ਸਾਚਾ ਨਾਉ ॥ (ਆਸਾ)

‘ਆਖਣਿ’ (ਨੂੰ) ਅਉਖਾ, ‘ਸੁਨਣਿ’ (ਨੂੰ) ਅਉਖਾ; ਆਖਿ ਨ ਜਾਪੀ ਆਖਿ (ਕੇ)॥ (ਮ: ੧/੧੨੩੯), ਆਦਿ।

‘ਮੰਗਣਿ’-ਉਕਤ ਸ਼ਬਦ ਵਾਙ ਇਸ ਦੇ ਵੀ ਤਿੰਨ ਰੂਪ ਹਨ: ਜਿਵੇਂ ‘ਮੰਗਣੁ’ (3 ਵਾਰ, ਨਾਂਵ), ‘ਮੰਗਣ’ (4 ਵਾਰ, ਨਾਂਵ), ‘ਮੰਗਣਿ’ (4 ਵਾਰ, ਕਿਰਦੰਤ); ਇਹ ‘ਕਿਰਦੰਤ’ ਸੰਬੰਧਿਤ ਪੰਕਤੀ ਤੋਂ ਇਲਾਵਾ 3 ਵਾਰ ਹੋਰ ਦਰਜ ਹੈ; ਜਿਵੇਂ:

ਜੇ ਘਰਿ ਹੋਦੈ, ‘ਮੰਗਣਿ’ (ਨੂੰ) ਜਾਈਐ; ਫਿਰਿ ਓਲਾਮਾ ਮਿਲੈ ਤਹੀ (ਉਸੇ ਨੂੰ)॥ (ਮ: ੧/੯੦੩)

ਕਾਇਆ ਨਗਰੀ ਮਹਿ ‘ਮੰਗਣਿ’ (ਨੂੰ) ਚੜਹਿ; ਜੋਗੀ ! ਤਾ ਨਾਮੁ ਪਲੈ ਪਾਈ ॥ (ਮ: ੩/੯੦੮)

ਕਾਹੇ, ਭੀਖਿਆ ‘ਮੰਗਣਿ’ (ਨੂੰ) ਜਾਇ ? ॥ (ਮ: ੧/੯੫੩)

‘ਦੇਣਿ’-ਇਸ (ਕਿਰਦੰਤ) ਦਾ ਕੇਵਲ ਇਹੀ ਇੱਕ ਰੂਪ ਹੈ, ਜੋ ਸੰਬੰਧਿਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ ‘ਜਪੁ’ ਬਾਣੀ ’ਚ ਦਰਜ ਹੈ; ਜਿਵੇਂ

ਅੰਤੁ ਨ ਕਰਣੈ; ‘ਦੇਣਿ’ (ਵਿੱਚ) ਨ ਅੰਤੁ ॥ (ਜਪੁ)

ਆਖਣਿ ਜੋਰੁ, ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ, ਦੇਣਿ ਨ ਜੋਰੁ॥     

ਭਾਵ- ਜ਼ਿਆਦਾ ਬੋਲਣ ’ਚ ਜਾਂ ਮੌਨ ਧਾਰਨ ’ਚ ਮਨੁੱਖ ਦਾ ਆਪਣਾ ਵਸ ਨਹੀਂ ਹੁੰਦਾ ਭਾਵ ਐਸੀ ਪ੍ਰੇਰਨਾ ਅਲੌਕਿਕ ਸ਼ਕਤੀ ਵੱਲੋਂ ਮਿਲਦੀ ਹੈ, ਮਾਲਕ ਦੇ ਦਰ ਤੋਂ ਕੁੱਝ) ਮੰਗਣ ਵਿੱਚ (ਜਾਂ ਪ੍ਰਾਪਤ ਹੋਈ ਦਾਤ ’ਚੋਂ ਕਿਸੇ ਹੋਰ ਨੂੰ ਕੁਝ) ਦੇਣ ਵਿੱਚ ਮਨੁੱਖੀ ਬੋਧ ਕੰਮ ਨਹੀਂ ਕਰ ਰਿਹਾ ਹੁੰਦਾ।

(ਨੋਟ : 7ਵੀਂ ਪਉੜੀ ਦੇ ਵਿਸ਼ੇ ’ਚ ‘‘ਜੇ, ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਇ॥’’ ਅਤੇ ‘‘ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ॥’’ ਸ਼ਾਮਲ ਹੈ ਭਾਵ ਵੱਡੀ ਉਮਰ ਕਰਨ ਤੇ ਲੰਮਾ ਰਾਜ ਸਥਾਪਿਤ ਕਰਨ, ਵਿਸ਼ੇ ਨੂੰ ਮੁੜ ਅਗਾਂਹ ਵਿਚਾਰਿਆ ਜਾ ਰਿਹਾ ਹੈ।

ਧਿਆਨ ਰਹੇ ਕਿ ‘ਚੁਪੈ’ ਚੁਪ ਨ ਹੋਵਈ..॥ ਤੇ ‘ਚੁਪੈ’ ਨਹ ਜੋਰੁ ॥ ਪੰਕਤੀਆਂ ’ਚ ‘ਚੁਪੈ’ ਸ਼ਬਦ ਦੀ ਬਣਤਰ ਇੱਕ ਸਮਾਨ ਹੈ।)

‘‘ਜੋਰੁ ਨ ਜੀਵਣਿ; ਮਰਣਿ ਨਹ ਜੋਰੁ ॥ ਜੋਰੁ ਨ; ਰਾਜਿ, ਮਾਲਿ, ਮਨਿ ਸੋਰੁ ॥’’-ਇਸ ਪੰਕਤੀ ’ਚ ਵੀ ਉਕਤ ਕੀਤੀ ਗਈ ਵਿਚਾਰ ਅਨੁਸਾਰ ‘ਜੀਵਣਿ, ਮਰਣਿ, ਰਾਜਿ, ਮਾਲਿ, ਮਨਿ’ (ਤਮਾਮ ਸ਼ਬਦ, ਇੱਕ ਵਚਨ ਨਾਂਵ ਤੇ) ਅਧਿਕਰਣ ਕਾਰਕ ’ਚ ਹਨ ਭਾਵ ‘ਵਿੱਚ’ ਚਿੰਨ੍ਹ ਮਿਲਦਾ ਹੈ।

‘ਜੀਵਣਿ’-ਇਹ ਸ਼ਬਦ ਵੀ ਉਪਰੋਕਤ ਸ਼ਬਦਾਂ ਵਾਙ ਤਿੰਨ ਰੂਪਾਂ ’ਚ ਮਿਲਦਾ ਹੈ, ਪਰ ਤਿੰਨੇ ਹੀ ਨਾਂਵ ਹਨ, ਨਾ ਕਿ ਕੋਈ ‘ਕਿਰਦੰਤ’ ਵੀ; ਜਿਵੇਂ ‘ਜੀਵਣੁ’ 39 ਵਾਰ), ‘ਜੀਵਣ’ (21 ਵਾਰ), ‘ਜੀਵਣਿ’ (ਕੇਵਲ 4 ਵਾਰ, ਕਾਰਕੀ ਰੂਪ ਨਾਂਵ); ਇਹ ‘ਕਾਰਕੀ ਰੂਪ ਨਾਂਵ’ ਸੰਬੰਧਿਤ ਪੰਕਤੀ ਤੋਂ ਇਲਾਵਾ 3 ਵਾਰ ਹੋਰ ਦਰਜ ਹੈ; ਜਿਵੇਂ:

ਮਰਣਿ ‘ਜੀਵਣਿ’ (ਵਿੱਚ) ਆਰਾਧਣਾ; ਸਭਨਾ ਕਾ ਆਧਾਰੁ ॥ (ਮ: ੫/੧੩੬)

‘ਜੀਵਣਿ’ ਮਰਣਿ (ਵਿੱਚ) ਸੁਖੁ ਹੋਇ; ਜਿਨ੍ਾ ਗੁਰੁ ਪਾਇਆ ॥ (ਮ: ੪/੩੬੯)

‘ਜੀਵਣਿ’ ਮਰਣਿ (ਵਿੱਚ) ਹਰਿ ਨਾਮਿ (ਰਾਹੀਂ) ਸੁਹੇਲੇ; ਮਨਿ (’ਚ) ਹਰਿ ਹਰਿ ਹਿਰਦੈ (’ਚ) ਸੋਈ (ਉਹੀ)॥ (ਮ: ੪/੪੪੭)

(ਨੋਟ : ਉਕਤ ਤਿੰਨੇ ਪੰਕਤੀਆਂ ’ਚ ਦਰਜ ‘ਜੀਵਣਿ ਮਰਣਿ’ (ਸੁਮੇਲ ਸ਼ਬਦਾਂ) ਤੋਂ ਭਾਵ ‘ਜੰਮਣ ਤੋਂ ਮਰਨ ਤੱਕ’ ਹੈ।)

‘ਮਰਣਿ’-ਇਹ ਸ਼ਬਦ ਵੀ ਤਿੰਨ ਰੂਪਾਂ ’ਚ ਦਰਜ ਹੈ, ਪਰ ਤਿੰਨੇ ਹੀ ‘ਨਾਂਵ’ ਸ਼ਬਦ ਹਨ; ਜਿਵੇਂ ‘ਮਰਣੁ’ (85 ਵਾਰ), ‘ਮਰਣ’ (102 ਵਾਰ), ‘ਮਰਣਿ’ (7 ਵਾਰ, ਕਾਰਕੀ ਰੂਪ ਨਾਂਵ); ਇਹ (ਕਾਰਕੀ ਰੂਪ ਨਾਂਵ) ਸੰਬੰਧਿਤ ਪੰਕਤੀ ਤੋਂ ਇਲਾਵਾ 6 ਵਾਰ ਹੋਰ ਦਰਜ ਹੈ; ਜਿਵੇਂ

ਜਨਮੁ (ਨੂੰ) ਜੀਤਿ (ਕੇ) ‘ਮਰਣਿ’ (ਮੌਤ ਜਾਂ ਨਿਰਮੋਹ ਵਿੱਚ, ਗੁਰਸਿੱਖ ਦਾ) ਮਨੁ ਮਾਨਿਆ ॥ (ਮ: ੧/੧੫੩)

ਜਨਮਿ ‘ਮਰਣਿ’ (ਵਿੱਚ); ਨਹੀ ਧੰਧਾ ਧੈਰੁ (ਭਟਕਣਾ)॥ (ਮ: ੧/੯੩੧)

‘ਮਰਣਿ’ (ਮੌਤ ਨੇ) ਨ ਮੂਰਤੁ (ਸਮਾਂ) ਪੁਛਿਆ; ਪੁਛੀ ਥਿਤਿ ਨ ਵਾਰੁ ॥ (ਮ: ੧/੧੨੪੪), ਆਦਿ।

‘ਰਾਜਿ, ਮਾਲਿ, ਮਨਿ’- ਇਹ ਤਿੰਨੇ ਨਾਂਵ (ਸ਼ਬਦ) ਵੀ ਅਧਿਕਰਣ ਕਾਰਕ ’ਚ ਹਨ ਤੇ ਉਕਤ ਤਿੰਨੇ (ਅੰਤ ਔਂਕੜ, ਅੰਤ ਮੁਕਤਾ ਤੇ ਅੰਤ ਸਿਹਾਰੀ) ਸਰੂਪਾਂ ਵਾਙਗੁਰਬਾਣੀ ’ਚ ਦਰਜ ਹਨ; ਜਿਵੇਂ

(1). ‘ਰਾਜੁ’ (62 ਵਾਰ), ‘ਰਾਜ’ (71 ਵਾਰ), ‘ਰਾਜਿ’ (8 ਵਾਰ), ਜਿਨ੍ਹਾਂ ਵਿੱਚੋਂ ‘ਰਾਜਿ’ ਤੇ ‘ਮਾਲਿ’ ਸ਼ਬਦਾਂ ਦੇ ਭਾਵਾਰਥਾਂ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦੁਆਰਾ ਲਿਖੀ ਇਹ ਪੰਕਤੀ ਸਾਰਥਿਕ ਹੋ ਸਕਦੀ ਹੈ: ‘ਰਾਜਿ’ ਰੰਗੁ; ‘ਮਾਲਿ’ ਰੰਗੁ ॥ (ਮ: ੧/੧੪੨) ਭਾਵ ਮਨੁੱਖ ਦਾ ‘ਰਾਜ’ (ਹਕੂਮਤ ਕਰਨ) ਵਿੱਚ ਪਿਆਰ ਹੈ ਤੇ ‘ਮਾਲ’ (ਧਨ-ਦੌਲਤ ਇਕੱਠੀ ਕਰਨ) ਵਿੱਚ ਪਿਆਰ ਹੈ।

(2). ‘ਮਾਲੁ’ (39 ਵਾਰ), ‘ਮਾਲ’ (22 ਵਾਰ), ‘ਮਾਲਿ’ (ਕੇਵਲ 2 ਵਾਰ); ਇਹ (‘ਮਾਲਿ’ ਅੰਤ ਸਿਹਾਰੀ ਸ਼ਬਦ) ਸੰਬੰਧਿਤ ਪੰਕਤੀ ਤੋਂ ਇਲਾਵਾ ਦੂਸਰਾ ਉਕਤ ਪੰਕਤੀ ’ਚ ਦਿੱਤਾ ਜਾ ਚੁੱਕਾ ਹੈ।

(3). ‘ਮਨੁ’ (1513 ਵਾਰ), ‘ਮਨ’ (1509 ਵਾਰ), ‘ਮਨਿ’ (1430 ਵਾਰ) ਦਰਜ ਹੈ ਪਰ ‘ਮਨਿ’ (ਅੰਤ ਸਿਹਾਰੀ) ਦਾ ਅਰਥ ਆਮ ਤੌਰ ’ਤੇ ‘ਮਨ ਵਿੱਚ’ (ਅਧਿਕਰਣ ਕਾਰਕ) ਹੁੰਦਾ ਹੈ, ਨਾ ਕਿ ‘ਮਨ ਨਾਲ’ (ਕਰਣ ਕਾਰਕ) ਜਾਂ ‘ਮਨ ਨੇ’ (ਕਰਤਾ ਕਾਰਕ) ਆਦਿ, ਕਿਉਂਕਿ ‘ਗੁਰਮਤ’ ਵਿੱਚ ‘ਮਨ ਨਾਲ’ ਜਾਂ ‘ਮਨ ਨੇ’ ਭਾਵਾਰਥਾਂ ਨਾਲ ਸੰਬੰਧਿਤ ਕੋਈ ਵਿਸ਼ਾ ਦਰਜ ਨਹੀਂ।

ਗੁਰਬਾਣੀ ’ਚ ਲਗਭਗ 7 ਵਾਰ ‘ਮਨਿ’ ਸ਼ਬਦ ਅਪਾਦਾਨ ਕਾਰਕ ਜ਼ਰੂਰ ’ਚ ਹੈ, ਜਿਸ ਦਾ ਅਰਥ ਹੈ: ‘ਮਨ ਵਿੱਚੋਂ’ ਜਾਂ ‘ਮਨ ਤੋਂ’; ਜਿਵੇਂ:

(1). ਪੰਚ ਤਸਕਰ ਧਾਵਤ ਰਾਖੇ; ਚੂਕਾ ‘ਮਨਿ’ (ਵਿੱਚੋਂ) ਅਭਿਮਾਨੁ ॥ (ਮ: ੧/੧੩੨੯)

(2). ਗੁਰ ਸਬਦੀ ਮਨੁ ਨਿਰਮਲੁ ਹੋਆ; ਚੂਕਾ ‘ਮਨਿ’ (ਤੋਂ) ਅਭਿਮਾਨੁ ॥ (ਮ: ੩/੧੩੩੪), ਆਦਿ।

ਜੋਰੁ ਨ ਜੀਵਣਿ, ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ, ਮਨਿ ਸੋਰੁ॥ 

ਭਾਵ- ਲੰਮੀ ਉਮਰ ਭੋਗਣ ’ਚ ਜਾਂ ਤੁਰੰਤ ਮਰਨ ’ਚ (ਮਨੁੱਖ ਪਾਸ) ਕੋਈ ਸਮਰੱਥਾ ਨਹੀਂ। ਲੰਮੀ ਹਕੂਮਤ ਕਰਨ ’ਚ ਜਾਂ ਵੱਧ ਧਨ-ਪਦਾਰਥ ਇਕੱਠੇ ਕਰਨ ’ਚ ਮਨੁੱਖ ਦੀ ਪਾਇਆਂ ਕੰਮ ਨਹੀਂ ਕਰਦੀ (ਜਿਨ੍ਹਾਂ ਰਾਹੀਂ) ਮਨ ਵਿੱਚ (ਹੰਕਾਰੀ ਫੁਰਨਿਆਂ ਦਾ) ਸ਼ੋਰ-ਸ਼ਰਾਬਾ ਹੁੰਦਾ ਹੈ (ਭਾਵ ਇਹ ਸਭ ਉਤਾਰ-ਚੜ੍ਹਾਉ ਮਾਲਕ ਦੀ ਖੇਡ ਹੁੰਦੀ ਹੈ)।

(ਨੋਟ : ‘ਜਪੁ’ ਬਾਣੀ ਦੀ 13ਵੀਂ ਪਉੜੀ ’ਚ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ॥, ਮੰਨੈ ਜਮ ਕੈ ਸਾਥਿ ਨ ਜਾਇ ॥’’ ਭਾਵ ਗੁਰੂ ਸਿੱਖਿਆ ਮੰਨਣ ਨਾਲ਼ ਉੱਚੀ ਹੋਈ ਸੁਰਤ ਜਾਂ ਮਨ ’ਚ ਆਈ ਜਾਗਰੂਕਤਾ, ਜਿਸ ਕਾਰਨ ਮਨੁੱਖ ਵਿਕਾਰਾਂ ਦੀ ਪਕੜ ਤੋਂ ਅਛੋਹ ਰਹਿੰਦਾ ਹੈ, ਦਰਜ ਹੈ, ਜਿਸ ਨੂੰ ਅਗਾਂਹ ਮੁੜ ਵਿਚਾਰਿਆ ਜਾ ਰਿਹਾ ਹੈ।)

‘‘ਜੋਰੁ ਨ ਸੁਰਤੀ; ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ; ਛੁਟੈ ਸੰਸਾਰੁ ॥’’-ਇਸ ਪੰਕਤੀ ’ਚ ਦਰਜ ‘ਸੁਰਤਿ’ ਦਾ ਸੰਬੰਧ ‘ਗਿਆਨਿ ਵੀਚਾਰਿ’ ਨਾਲ ਹੈ ਕਿਉਂਕਿ ਮਨੁੱਖ ਨੂੰ ਰੱਤੀ ਭਰ ਅਕਲ ਆਉਂਦਿਆਂ ਹੀ ਇਹ ਗਿਆਨ ਚਰਚਾ ਸ਼ੁਰੂ ਕਰ ਦਿੰਦਾ ਹੈ ਤੇ ਦੂਸਰੇ ਉਪਵਾਕ ’ਚ ‘ਜੁਗਤਿ’ ਦਾ ਸੰਬੰਧ ਸੰਸਾਰਕ ਜੀਵਨ ਵੱਲੋਂ ‘ਛੁਟੈ’ ਭਾਵ ਨਿਰਮੋਹ ਹੋਣ ਨਾਲ ਹੈ। ਇਨ੍ਹਾਂ ਦੋਵੇਂ ਵਾਕਾਂ ਨੂੰ ਸੰਯੁਕਤ ਕਰਕੇ ਵੀਚਾਰਨ ਨਾਲ ਅਰਥ ਇਉਂ ਦਰੁਸਤ ਜਾਪਦੇ ਹਨ ਕਿ ‘ਗਿਆਨ ਚਰਚਾ’ ਵਾਲਾ ਜੀਵਨ ਸੰਸਾਰ ਵੱਲੋਂ ਨਿਰਮੋਹ ਨਹੀਂ ਹੋ ਸਕਦਾ ਜਦਕਿ ‘ਜੁਗਤਿ’ (ਅਨੁਸ਼ਾਸਨ) ਵਾਲਾ ਜੀਵਨ ਫ਼ਜ਼ੂਲ ‘ਗਿਆਨ ਚਰਚਾ’ ’ਚ ਭਾਗ ਨਹੀਂ ਲੈਂਦਾ; ਜਿਵੇਂ: ‘‘ਅਕਲਿ ਏਹ ਨ ਆਖੀਐ; ਅਕਲਿ ਗਵਾਈਐ ਬਾਦਿ (ਚਰਚਾ ਵਿੱਚ)॥’’ (ਮ: ੧/੧੨੪੫)

ਜੋਰੁ ਨ ਸੁਰਤੀ, ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ, ਛੁਟੈ ਸੰਸਾਰੁ॥ 

ਭਾਵ- ਗਿਆਨ ਰਾਹੀਂ ਵਿਚਾਰ ਕਰ-ਕਰ ਕੇ ਉੱਚੀ ਹੋਈ ਸੁਰਤ ਵਿੱਚ ਜਾਂ ਯੁਕਤੀ (ਅਨੁਸ਼ਾਸਨ) ਕਮਾਉਣ ਵਿੱਚ, ਮਨੁੱਖ ਦਾ ਵਸ ਨਹੀਂ (ਜਦ ਕਿ ਇਸ ਪਦ ਨਾਲ਼) ਸੰਸਾਰ ਨੂੰ ਪਾਰ ਕਰੀਦਾ ਹੈ ਭਾਵ ਵਿਕਾਰਾਂ ਵੱਲੋਂ ਨਿਰਮੋਹ ਹੋਈਦਾ ਹੈ।

(ਨੋਟ : ਉਕਤ ਨੰਬਰ 2 ਵੰਡ ’ਚ ਵਿਸ਼ਾ ਮਾਲਕ ਨਾਲ਼ ਸੰਵਾਦ ਕਰਨਾ ਹੈ ਅਤੇ ਕਰਤਾਰ ਦੀ ਦ੍ਰਿਸ਼ਟੀ ਤੋਂ ਕੋਈ ਮੂਰਖ ਜਾਂ ਸਿਆਣਾ ਨਹੀਂ, ਇਸੇ ਕਾਰਨ ਨਕਾਰਾਤਮਕ ਤੇ ਸਕਾਰਾਤਮਕ (ਤੁਲਨਾਤਮਿਕ) ਵਿਚਾਰ ਨਹੀਂ ਹੋ ਸਕਦੀ ਅਤੇ ਪਉੜੀ ਦੀ ਅਗਾਂਹ (ਅੰਤਮ) ਤੁਕ ’ਚ ਉਕਤ ਪ੍ਰਸੰਗ ਨੂੰ ਸਮੇਟਿਆ ਗਿਆ ਹੈ।)

‘‘ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ; ਨ ਕੋਇ ॥’’-ਇਸ ਪੰਕਤੀ ’ਚ ‘ਸੋਇ’ ਸ਼ਬਦ ਨੂੰ ਵੀਚਾਰਨ ਨਾਲ ‘ਜਿਸੁ’ ਸ਼ਬਦ ਦੇ ਅਰਥ ਸਪੱਸ਼ਟ ਹੋ ਜਾਂਦੇ ਹਨ।

ਗੁਰਬਾਣੀ ’ਚ ‘ਸੋਇ’ ਸ਼ਬਦ ਦੇ ਆਮ ਤੌਰ ’ਤੇ ਤਿੰਨ ਅਰਥ ਕੀਤੇ ਜਾਂਦੇ ਹਨ: ‘ਵਡਿਆਈ ਜਾਂ ਸੋਭਾ (ਨਾਂਵ), ਸੌਣਾ (ਕਿਰਿਆ) ਤੇ ਉਹ (ਭਾਵ ਪੜਨਾਂਵ)’; ਜਿਵੇਂ:

(1). ਤਿਸ ਕੀ ‘ਸੋਇ’ (ਸੋਭਾ) ਸੁਣੀ ਮਨੁ ਹਰਿਆ; ਤਿਸੁ (ਦੇ ਚਰਨ) ਨਾਨਕ ਪਰਸਣਿ (ਛੁਹਣ ਲਈ) ਆਵੈ ॥ (ਮ: ੫/੪੦੩)

(2). ਬਾਵਰ (ਪਾਗਲ ਲੋਕ, ਮਾਇਆ ’ਚ) ‘ਸੋਇ’ (ਸੁਤੇ) ਰਹੇ ॥੧॥ ਰਹਾਉ ॥ (ਮ: ੫/੪੦੬)

(3). ਮੰਗਣ ਵਾਲੇ ਕੇਤੜੇ; ਦਾਤਾ ਏਕੋ ‘ਸੋਇ’ (ਕੇਵਲ ਉਹੀ) ॥ (ਮ: ੧/੧੮), ਆਦਿ।

ਉਕਤ ਤੀਸਰੀ ਪੰਕਤੀ ’ਚ ਦਰਜ ‘ਸੋਇ’ ਇੱਕ ਵਚਨ ਪੁਲਿੰਗ ਪੜਨਾਂਵੀ ਵਿਸ਼ੇਸ਼ਣ ਸ਼ਬਦ ਹੈ, ਇਹੀ ਸ਼ਬਦਾਰਥ ‘ਜਪੁ’ ਬਾਣੀ ਦੀ ਸੰਬੰਧਿਤ ਪੰਕਤੀ ਨਾਲ ਵੀ ਢੁੱਕਵਾਂ ਹੈ। ‘ਸੋਇ’ ਦੇ ਮੁਕਾਬਲੇ ਗੁਰਬਾਣੀ ’ਚ ‘ਸੇਇ’ ਬਹੁ ਵਚਨ ਸ਼ਬਦ ਵੀ 11 ਵਾਰ ਦਰਜ ਹੈ; ਜਿਵੇਂ:

ਜਿਸ ਨੋ ਹੋਇ ਦਇਆਲੁ; ਹਰਿ ਨਾਮੁ ‘ਸੇਇ’ ਲੇਹਿ ॥ (ਮ: ੫/੫੨੧)

ਜਿਨ ਕਉ ਲਗੀ ਪਿਆਸ; ਅੰਮ੍ਰਿਤੁ ‘ਸੇਇ’ ਖਾਹਿ ॥ (ਮ: ੫/੯੬੨), ਆਦਿ।

‘ਸੋਇ’ ਇੱਕ ਵਚਨ ਹੋਣ ਕਾਰਨ ਹੀ ‘ਜਿਸੁ’ (ਪੜਨਾਂਵ), ‘ਹਥਿ’ (ਨਾਂਵ), ‘ਵੇਖੈ’ (ਕਿਰਿਆ)’ ਸ਼ਬਦ ਵੀ ਇੱਕ ਵਚਨ ਹਨ ਤੇ ‘ਅਕਾਲ ਪੁਰਖ’ ਨਾਲ ਸੰਬੰਧਿਤ ਹਨ, ਜਿਨ੍ਹਾਂ ਦੇ ਮੁਕਾਬਲੇ ਦੁਨਿਆਵੀ ਮਨੁੱਖ ਲਈ ਵੀ ‘ਕੋਇ, ਉਤਮੁ, ਨੀਚੁ’ (ਇੱਕ ਵਚਨ) ਹੀ ਸ਼ਬਦ ਦਰਜ ਹਨ।

ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ॥ ਨਾਨਕ ! ਉਤਮੁ ਨੀਚੁ ਨ ਕੋਇ॥ ੩੩॥ 

ਭਾਵ- ਜਿਸ (ਮਾਲਕ) ਦੇ ਹੱਥ ਵਿੱਚ (ਗੁਰਮੁਖ/ਮਨਮੁਖ ਜਾਂ ਸੰਜੋਗੁ/ਵਿਜੋਗੁ ਕਾਰ ਨੂੰ ਜਾਰੀ ਰੱਖਣ ਦੀ) ਸਮਰੱਥਾ ਹੈ, ਉਹੀ (ਜਗਤ ਖੇਡ) ਬਣਾ ਕੇ (ਇਸ ਨੂੰ) ਵਾਚ ਰਿਹਾ ਹੈ, ਸੰਭਾਲ਼ ਰਿਹਾ ਹੈ। ਹੇ ਨਾਨਕ ! (ਆਖ ਕਿ ਕੇਵਲ ਆਪਣੇ ਉਦਮ ਨਾਲ਼) ਕੋਈ ਵੀ ਉੱਚੇ-ਨੀਵੇਂ ਕਿਰਦਾਰ ਵਾਲ਼ਾ ਨਹੀਂ ਬਣ ਸਕਦਾ।