JAP (Pori No. 32)

0
607

ਇਕ ਦੂ ਜੀਭੌ, ਲਖ ਹੋਹਿ; ਲਖ ਹੋਵਹਿ ਲਖ ਵੀਸ ॥ ਲਖੁ, ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥

ਏਤੁ ਰਾਹਿ, ਪਤਿ ਪਵੜੀਆ; ਚੜੀਐ ਹੋਇ ਇਕੀਸ ॥ ਸੁਣਿ, ਗਲਾ ਆਕਾਸ ਕੀ; ਕੀਟਾ ਆਈ ਰੀਸ ॥

ਨਾਨਕ ! ਨਦਰੀ ਪਾਈਐ; ਕੂੜੀ ਕੂੜੈ ਠੀਸ ॥੩੨॥ (ਜਪੁ /ਮ: ੧)

ਉਚਾਰਨ ਸੇਧ: ਜੀਭੌਂ, ਹੋਹਿਂ, ਹੋਵਹਿਂ, ਆਖੀਅਹਿਂ, ਜਗਦੀਸ਼, ਪਵੜੀਆਂ, ਚੜ੍ਹੀਐ, ਇੱਕੀਸ, ਗੱਲਾਂ, ਆਕਾਸ਼, ਕੀਟਾਂ।

ਪਦ ਅਰਥ: ਦੂ- ਤੋਂ (ਅਪਾਦਾਨ ਕਾਰਕੀ ਚਿੰਨ੍ਹ)।, ਜੀਭੌ-ਜੀਭ ਤੋਂ (ਅਪਾਦਾਨ ਕਾਰਕ)।, ਹੋਹਿ, ਹੋਵਹਿ- ਹੋ ਜਾਂਦੀਆਂ (ਬਹੁ ਵਚਨ, ਵਰਤਮਾਨ ਕਿਰਿਆਵਾਂ)।, ਵੀਸ-ਵੀਹ, 20 (ਸੰਖਿਅਕ ਸ਼ਬਦ)।, ਆਖੀਅਹਿ-ਆਖੇ ਜਾਂਦੇ (ਬਹੁ ਵਚਨ, ਵਰਤਮਾਨ ਕਿਰਿਆ)।, ਜਗਦੀਸ- ਜਗਤ+ਈਸ਼੍ਵਰ, ਜਗਤ ਦੇ ਮਾਲਕ ਦਾ (ਸਬੰਧਕੀ ਚਿੰਨ੍ਹ ‘ਦਾ’ ਸਮੇਤ, ਇੱਕ ਵਚਨ ਨਾਂਵ)।, ਏਤੁ ਰਾਹਿ- ਇਸ ਰਸਤੇ ਉੱਤੇ, ਇਸ ਤਰ੍ਹਾਂ ਦੀ ਮਰਿਆਦਾ ’ਚ (‘ਏਤੁ’ ਭਾਵ ‘ਇਸ ਵਿੱਚ’ ਪੜਨਾਂਵੀ ਵਿਸ਼ੇਸ਼ਣ, ਅਧਿਕਰਣ ਕਾਰਕ ਅਤੇ ‘ਰਾਹਿ’-ਭਾਵ ‘ਰਾਹ ਵਿੱਚ’ ਅਧਿਕਰਣ ਕਾਰਕ ‘ਨਾਂਵ’)।, ਪਤਿ-ਪਤੀ, ਖਸਮ (ਸੰਸਕ੍ਰਿਤ ਸ਼ਬਦ, ਇੱਕ ਵਚਨ ਪੁਲਿੰਗ ਨਾਂਵ)।, ਪਵੜੀਆ-ਫ਼ਾਸਲੇ ਨੂੰ ਸਮਾਪਤ ਕਰਨ ਵਾਲੀਆਂ ਪਉੜੀਆਂ (ਇਸਤ੍ਰੀ ਲਿੰਗ, ਬਹੁ ਵਚਨ ਨਾਂਵ)।, ਚੜੀਐ- ਚੜ੍ਹਿਆ ਜਾ ਸਕਦਾ ਹੈ (ਕਿਰਿਆ)।, ਹੋਇ- ਹੋ ਕੇ (ਕਿਰਿਆ ਵਿਸ਼ੇਸ਼ਣ)।, ਇਕੀਸ-ਇੱਕ ਈਸ਼੍ਵਰ ਰੂਪ, ਇੱਕ ਮਿਕਤਾ ਜਾਂ ਆਤਮਿਕ ਅਭੇਦਤਾ (ਵਿਸ਼ੇਸ਼ਣ)।, ਸੁਣਿ-ਸੁਣ ਕੇ (ਕਿਰਿਆ ਵਿਸ਼ੇਸ਼ਣ)।, ਕੀਟਾਂ- ਕੀੜਿਆਂ ਨੂੰ (ਸੰਪ੍ਰਦਾਨ ਕਾਰਨ, ਬਹੁ ਵਚਨ ਨਾਂਵ)।, ਰੀਸ-ਨਕਲ ਕਰਨ ਦੀ ਵਾਦੀ, ਬਰਾਬਰੀ ਦੀ ਅਭਿਲਾਸ਼ਾ (ਇਸਤ੍ਰੀ ਲਿੰਗ, ਇੱਕ ਵਚਨ ਨਾਂਵ)।, ਨਾਨਕ- ਹੇ ਨਾਨਕ! (ਸੰਬੋਧਨ ਕਾਰਕ, ਇੱਕ ਵਚਨ ਨਾਂਵ)।, ਨਦਰੀ- (ਪ੍ਰਭੂ ਦੀ ਦਿਆਲੂ) ਦ੍ਰਿਸ਼ਟੀ ਨਾਲ (ਕਰਣ ਕਾਰਕ ‘ਨਾਂਵ’)।, ਪਾਈਐ- ਪਾਇਆ ਜਾ ਸਕਦਾ ਹੈ (ਕਿਰਿਆ)।, ਕੂੜੈ- ਝੂਠੇ ਦੀ (ਸਬੰਧਕੀ ਕਾਰਕ, ਇੱਕ ਵਚਨ ਨਾਂਵ)।, ਕੂੜੀ ਠੀਸ- ਝੂਠੀ ਗੱਪ (‘ਕੂੜੀ’ ਵਿਸ਼ੇਸ਼ਣ ਤੇ ‘ਠੀਸ’ ਗੱਪ, ਬਕਵਾਸ, ਇਸਤ੍ਰੀ ਲਿੰਗ ਨਾਂਵ)।

(ਨੋਟ- ਇਸ ਪਉੜੀ 32 ਵੀਂ ਦੀ ਵਿਚਾਰ ਕਰਨ ਤੋਂ ਪਹਿਲਾਂ ‘ਜਪੁ’ ਬਾਣੀ ਦੇ ਪਿਛੋਕੜ ਵਿਸ਼ੇ ਥੋੜ੍ਹਾ ਮੁੜ ਧਿਆਨ ਮੰਗਦੇ ਹਨ; ਜਿਵੇਂ ਕਿ

(1). (ਪਉੜੀ 1) ਤੀਰਥ ਇਸ਼ਨਾਨ, ਮੌਨ ਵਰਤ, ਭੋਜਨ ਦਾ ਤਿਆਗ, ਆਦਿ ਕਰਮਕਾਂਡ ਨੂੰ ‘‘ਸਹਸ ਸਿਆਣਪਾ ਲਖ ਹੋਹਿ..॥’’ ਸ਼ਬਦਾਂ ਰਾਹੀਂ ਅਸੀਮ ਦਰਸਾ ਕੇ ਬੰਦ ਕੀਤਾ ਗਿਆ।

(2). (ਪਉੜੀ 3) ਰੱਬੀ ਸ਼ਕਤੀ ਨੂੰ ਗਾਉਣ ਵਾਲ਼ਿਆਂ ਦੀ ਗਿਣਤੀ ਨੂੰ ‘‘ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ॥’’ ਸ਼ਬਦਾਂ ਰਾਹੀਂ ਵਿਸ਼ਾ ਬੰਦ ਕੀਤਾ ਗਿਆ।

(3). (ਪਉੜੀ 5) ‘ਗੁਰੂ’ ਬਨਾਮ ‘ਨਾਦੰ, ਵੇਦੰ, ਈਸਰੁ, ਗੋਰਖੁ, ਬਰਮਾ, ਪਾਰਬਤੀ’, ਇਤਿਆਦਿਕ ਦਾ ਵਰਣਨ ਕਰ ‘‘ਗੁਰਾ ! ਇਕ ਦੇਹਿ ਬੁਝਾਈ ॥’’ ਕਹਿ ਕੇ ਪਉੜੀ ਨੂੰ ਸੰਖੇਪ ਰੂਪ ਦਿੱਤਾ ਗਿਆ।

(4). (ਪਉੜੀ 7) 40 ਯੁੱਗਾਂ ਦੀ ਲੰਮੀ ਉਮਰ ਅਤੇ ਸਭ ’ਤੇ ਰਾਜ ਸਥਾਪਿਤ ਕਰਨ ਦੇ ਬਾਵਜੂਦ ਵੀ ਅਕਲ ਦੇਣ ਲਈ ‘‘ਤੇਹਾ ਕੋਇ ਨ ਸੁਝਈ॥’’ ਤੁਲਾਤਮਿਕ ਪੱਖੋਂ ਅਸੀਮ ਬਿਆਨ ਕੇ ਪਉੜੀ ਦੀ ਸਮਾਪਤੀ ਹੋਈ।

(5). (ਪਉੜੀ 16, 17, 18, 19) ਕੁਦਰਤ ਨੂੰ ‘ਅਸੰਖ’ ਵਰਣਨ ਦੇ ਮੁਕਾਬਲੇ ਇੱਕ ਬੰਦੇ ਦੀ ਪਾਇਆਂ ‘‘ਕੁਦਰਤਿ ਕਵਣ ? ਕਹਾ ਵੀਚਾਰੁ॥’’ ਨਾਲ਼ ਵਿਸ਼ੇ ਬੰਦ ਹੁੰਦੇ ਰਹੇ ।

(6). (ਪਉੜੀ 22, 24) ਕੁਦਰਤ ਬਾਰੇ ‘‘ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ॥’’ (ਪਉੜੀ ੨੨) ਅਤੇ ‘‘ਜੇਵਡੁ ਆਪਿ, ਜਾਣੈ ਆਪਿ ਆਪਿ॥’’ (ਪਉੜੀ ੨੪), ਆਦਿ ਵਾਕ ਰੱਬ ਅਤੇ ਉਸ ਦੀ ਕੁਦਰਤ ਨੂੰ ਅਸੀਮ ਬਿਆਨ ਕਰਦੇ ਹਨ।

(7). (ਪਉੜੀ 26) ਰੱਬੀ ਗੁਣਾਂ ਦਾ ਵਰਣਨ ‘‘ਅਮੁਲੋ ਅਮੁਲੁ, ਆਖਿਆ ਨ ਜਾਇ॥’’ ਨਾਲ਼ ਸਮਾਪਤ ਹੁੰਦਾ ਹੈ।

(8). (ਪਉੜੀ 27) ਸਾਰੀ ਕਾਇਨਾਤ, ਅਕਾਲ ਪੁਰਖ ਨੂੰ ਗਾਉਂਦੀ ਬਿਆਨ ਕਰਨ ਦੇ ਬਾਵਜੂਦ ਵੀ ‘‘ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ॥’’ ਵਚਨ ਦਰਜ ਕਰਨੇ, ਨਿਮਰਤਾ ਅਤੇ ਆਪਣੇ ਮਾਲਕ ਨੂੰ ਵੱਡਾ ਦਰਸਾਉਂਦੇ ਹਨ।

(9). (ਪਉੜੀ 30, 31, 32, 33) ਯੋਗੀ ਦੇ ਸੌੜੇ (ਗੋਰਖ) ਨਾਥ ਨੂੰ ‘‘ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥’’ ਕਹਿ ਕੇ ਸੰਕੀਰਨਤਾ ਦੇ ਵਿਕਾਸ ਲਈ ਬੇਮਿਸਾਲ ਦਲੀਲ ਹੈ, ਜੋ ਗੁਰੂ ਨਾਨਕ ਸਾਹਿਬ ਵਰਗੇ ਫ਼ਿਲਾਸਫ਼ਰ ਮੁੰਹੋਂ ਹੀ ਫਬਦੀ ਹੈ, ਆਦਿ।

ਉਕਤ ਵਿਚਾਰ ਦਾ ਮਤਲਬ ‘ਜਪੁ’ ਬਾਣੀ ਰਾਹੀਂ ਕਰਤਾਰ ਅਤੇ ਉਸ ਦੀ ਕੁਦਰਤ ਨੂੰ ਰੂਪਮਾਨ ਕਰਨ ਲਈ ਵਰਤੇ ਗਏ ਢੰਗ ਨੂੰ ਸਮਝਣ ਉਪਰੰਤ ਅਗਲੀਆਂ ਪਉੜੀਆਂ ਦੇ ਸ਼ਬਦਾਰਥ ਤੇ ਭਾਵਾਰਥ ਵਿਚਾਰਨੇ ਸਰਲ ਹੋ ਜਾਂਦੇ ਹਨ।)

‘ਇਕ ਦੂ ਜੀਭੌ, ਲਖ ਹੋਹਿ; ਲਖ ਹੋਵਹਿ ਲਖ ਵੀਸ ॥ ਲਖੁ, ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥’’

ਗੁਰਬਾਣੀ ਵਿਚ ਉਕਤ ਪਉਡ਼ੀ ਵਾਲ਼ਾ ਵਿਸ਼ਾ ਹੋਰ ਥਾਂ ਵੀ ਅੰਕਿਤ ਹੈ ; ਜਿਵੇਂ ਕਿ

 ਲਾਖ ਜਿਹਵਾ ਦੇਹੁ ਮੇਰੇ ਪਿਆਰੇ ! ਮੁਖੁ ਹਰਿ ਆਰਾਧੇ ਮੇਰਾ, ਰਾਮ ! ॥ (ਮ: ੫/੭੮੦)

ਹਰਿ ਗੁਨ ਗਾਵਹੁ; ਜਗਦੀਸ (ਦੇ) ॥ ਏਕਾ ਜੀਹ (ਜੀਭ); ਕੀਚੈ ਲਖ ਬੀਸ ॥ ਜਪਿ ਹਰਿ ਹਰਿ ਸਬਦਿ; ਜਪੀਸ ॥ ਹਰਿ ਹੋ ਹੋ ਕਿਰਪੀਸ ॥ਰਹਾਉ॥’’ (ਮ: ੪/੧੨੯੬)  ਭਾਵ ਹੇ ਭਾਈ ! ਜਗਦੀਸ ਹਰੀ ਦੇ ਗੁਣਾਂ ਨੂੰ ਨਿਰੰਤਰ ਉਚਾਰਨ ਕਰੋ ਭਾਵ ਆਪਣੀ ਇੱਕ ਜੀਭ ਤੋਂ 20 ਲੱਖ ਜੀਭਾਂ ਬਣਾ ਲੈ ਕਿਉਂਕਿ ਜਪਣਯੋਗ ਹਰੀ ਨੂੰ ਬਾਰ ਬਾਰ ਜਪਣ ਨਾਲ ਉਹ ਤੇਰੇ ’ਤੇ ਕਿਰਪਾਲੂ ਹੋ ਜਾਵੇਗਾ।

‘ਦੂ’- ਇਸ ਸ਼ਬਦ ਦਾ ਪੰਕਤੀ ’ਚ ਸਥਾਨ: ‘‘ਲਖ ਦੂ, ਹੋਵਹਿ ਲਖ ਵੀਸ ॥’’ ਸ਼ਬਦਾਰਥਾਂ ਲਈ ਦਰੁਸਤ ਜਾਪਦਾ ਹੈ ਕਿਉਂਕਿ ‘ਜੀਭੌ’ ਸ਼ਬਦ ਅਪਾਦਾਨ ਕਾਰਕ ਹੋਣ ਕਾਰਨ ‘ਤੋਂ’ (ਕਾਰਕੀ ਚਿੰਨ੍ਹ) ਕੱਢਣ ’ਚ ਸੁਤੰਤਰ ਹੈ ਇਸ ਲਈ ‘ਦੂ’ (ਕਾਰਕੀ ਚਿੰਨ੍ਹ) ਦੀ ਜਗ੍ਹਾ ‘ਇਕ’ ਦੇ ਨਾਲ ਹੋਣ ਦੀ ਬਜਾਏ ਅਗਲੇ ‘ਲਖ’ ਤੋਂ ਉਪਰੰਤ ਬਣਦੀ ਹੈ ਜਿੱਥੇ ਕਾਰਕੀ ਚਿੰਨ੍ਹ (‘ਦੂ’ ਭਾਵ ਤੋਂ) ਦੀ ਮੌਜੂਦਗੀ ਜ਼ਰੂਰੀ ਹੈ ਪਰ ਗੁਰਬਾਣੀ ਕਾਵਿ ਰੂਪ ’ਚ ਹੋਣ ਕਾਰਨ ਸ਼ਬਦਾਂ ਦਾ ਪਿੰਗਲ ਅਨੁਸਾਰ ਅਗੇਤਰ-ਪਿਛੇਤਰ ਦਰਜ ਹੋਣਾ ਸੁਭਾਵਕ ਹੁੰਦਾ ਹੈ।

ਧਿਆਨ ਰਹੇ ਕਿ ‘ਇਕ’ ਸ਼ਬਦ ਦਾ ਅੰਤ ਮੁਕਤਾ ‘ਦੂ’ (ਸਬੰਧਕੀ) ਨੇ ਨਹੀਂ ਕੀਤਾ ਬਲਕਿ ‘ਜੀਭੌ’ ਇਸਤ੍ਰੀ ਲਿੰਗ ਸ਼ਬਦ ਦਾ ਸੰਖਿਅਕ ਵਿਸ਼ੇਸ਼ਣ (‘ਇਕ’ ਇਸਤ੍ਰੀ ਲਿੰਗ) ਹੋਣ ਕਾਰਨ (‘ਕ’ ਅੱਖਰ) ਅੰਤ ਮੁਕਤਾ ਹੈ।

‘ਦੂ’ ਸ਼ਬਦ ਗੁਰਬਾਣੀ ’ਚ 17 ਵਾਰ ਦਰਜ ਹੈ ਤੇ ਹਰ ਵਾਰ ਇਹ ਅਪਾਦਾਨ ਕਾਰਕ ਭਾਵ ‘ਤੋਂ’ ਦੇ ਅਰਥ ਦੇਂਦਾ ਹੈ ਅਤੇ ਇਹ ਸਬੰਧਕੀ ਸ਼ਬਦ ਵੀ ਹੈ, ਜਿਸ ਕਾਰਨ ਜ਼ਿਆਦਾਤਰ ਆਪਣੇ ਤੋਂ ਪਹਿਲੇ ਸ਼ਬਦ ਨੂੰ (ਅਗਰ ਨਿਯਮਾਂ ਅਨੁਸਾਰ ਉਸ ਦੀ ਬਣਤਰ ਅੰਤ ਔਂਕੜ ਜਾਂ ਅੰਤ ਸਿਹਾਰੀ ਹੋਵੇ ਤਾਂ) ਅੰਤ ਮੁਕਤਾ ਵੀ ਕਰ ਦਿੰਦਾ ਹੈ; ਜਿਵੇਂ:

‘‘ਨਾਨਕ ! ਆਖਣਿ ਸਭੁ ਕੋ ਆਖੈ; ਇਕ ‘ਦੂ’ ਇਕੁ, ਸਿਆਣਾ ॥’’ (ਜਪੁ /ਮ: ੧)

‘‘ਗੁਰ ਪਉੜੀ (ਨਾਲ, ਮਨੁੱਖ); ਸਭ ‘ਦੂ’ ਊਚਾ ਹੋਇ ॥’’ (ਮ: ੩/੩੬੩)

‘‘ਸਭ ‘ਦੂ’ ਵਡੇ ਭਾਗ ਗੁਰਸਿਖਾ ਕੇ; ਜੋ, ਗੁਰ ਚਰਣੀ ਸਿਖ ਪੜਤਿਆ (ਪੈਂਦਾ)॥’’ (ਮ: ੪/੬੪੯)

‘‘ਜਿਸ ਦੈ ਵਸਿ (ਵਿੱਚ) ਸਭੁ ਕਿਛੁ, ਸੋ ਸਭ ‘ਦੂ’ ਵਡਾ; ਸੋ, ਮੇਰੇ ਮਨ ! ਸਦਾ ਧਿਅਈਐ ॥’’ (ਮ: ੪/੮੬੧) ਆਦਿ।

(ਨੋਟ : ਉਕਤ ਚਾਰੇ ਪੰਕਤੀਆਂ ’ਚ ‘ਦੂ’ ਤੋਂ ਪਹਿਲੇ ਸ਼ਬਦਾਂ ਦਾ ਨਿਯਮਾਂ ਅਨੁਸਾਰ ਸਰੂਪ ‘ਇਕੁ’ ਤੇ ‘ਸਭਿ’ ਹੋਣਾ ਸੀ ਕਿਉਂਕਿ ‘ਇਕੁ’ (ਅੰਤ ਔਂਕੜ) ਸੰਖਿਅਕ ਇੱਕ ਵਚਨ ਪੁਲਿੰਗ ਦਾ ਸੰਕੇਤ ਦੇਂਦਾ ਹੈ ਜਦਕਿ ‘ਸਭਿ’ (ਅੰਤ ਸਿਹਾਰੀ) ਸੰਖਿਅਕ ਬਹੁ ਵਚਨ ਪੁਲਿੰਗ ਵਿਸ਼ੇਸ਼ਣ ਹੈ ਪਰ ਸਬੰਧਕੀ ‘ਦੂ’ ਨੇ ‘ਇਕੁ’ ਤੇ ‘ਸਭਿ’ ਨੂੰ ‘ਇਕ’ ਤੇ ‘ਸਭ’ ਭਾਵ ਅੰਤ ਮੁਕਤੇ ਕਰ ਦਿੱਤਾ।)

‘ਲਖ’- ਗੁਰਬਾਣੀ ’ਚ ‘ਲਖ’ (ਅੰਤ ਮੁਕਤਾ, ਬਹੁ ਵਚਨ) ਸ਼ਬਦ 140 ਵਾਰ ਤੇ ‘ਲਖੁ’ (ਅੰਤ ਔਂਕੜ, ਇੱਕ ਵਚਨ) ਕੇਵਲ ਹੇਠਲੀਆਂ 3 ਪੰਕਤੀਆਂ ’ਚ ਦਰਜ ਹੈ। ਦੋਵੇਂ ਸਰੂਪਾਂ ਦਾ ਅਰਥ ਸੰਖਿਆ ਵਾਚਕ ਲੱਖ (ਇੱਕ ਵਚਨ) ਜਾਂ ਲੱਖਾਂ (ਬਹੁ ਵਚਨ) ਹੈ; ਜਿਵੇਂ:

‘‘ਪਾਤਾਲਾ ਪਾਤਾਲ ‘ਲਖ’ ਆਗਾਸਾ ਆਗਾਸ ॥’’ (ਜਪੁ /ਮ: ੧)

‘‘ਨਾਨਕ ! ਕਾਗਦ ‘ਲਖ’ ਮਣਾ; ਪੜਿ ਪੜਿ ਕੀਚੈ ਭਾਉ ॥’’ (ਮ: ੧/੧੫), ਆਦਿ।

‘ਲਖੁ ਲਖੁ’ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥ (ਜਪੁ /ਮ: ੧)

‘‘ਇਕੁ ‘ਲਖੁ’ ਲਹਨਿ੍ ਬਹਿਠੀਆ; ‘ਲਖੁ’ ਲਹਨਿ੍ ਖੜੀਆ ॥’’ (ਮ: ੧/੪੧੭)

‘‘ਇਕੁ ‘ਲਖੁ’ ਪੂਤ; ਸਵਾ ‘ਲਖੁ’ ਨਾਤੀ (ਪੋਤਰੇ)॥’’ (ਭਗਤ ਕਬੀਰ/੪੮੧)

(ਨੋਟ : ਗੁਰਬਾਣੀ ’ਚ ਆਮ ਤੌਰ ’ਤੇ ਸੰਖਿਅਕ ਸ਼ਬਦਾਂ ਨੂੰ ਅੰਤ ਸਿਹਾਰੀ ਹੁੰਦੀ ਹੈ; ਜਿਵੇਂ: ‘ਦੁਇ, ਤੀਨਿ, ਚਾਰਿ, ਪੰਜਿ’ ਆਦਿ, ਪਰ ‘ਲਖ’ ਸ਼ਬਦ ਨੂੰ ਨਹੀਂ ਕਿਉਂਕਿ ‘ਲਖਿ’ (ਅੰਤ ਸਿਹਾਰੀ) ਸ਼ਬਦ ‘ਹੁਕਮੀ ਭਵਿਖ ਕਾਲ ਕਿਰਿਆ’ ਜਾਂ ‘ਕਿਰਿਆ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਲਖਣਾ, ਸਮਝਣਾ ਜਾਂ ਸਮਝ ਕੇ, ਵੇਖਣਾ ਜਾਂ ਵੇਖ ਕੇ’; ਜਿਵੇਂ ਕੇਵਲ 2 ਵਾਰ:

(1). ‘‘ਸੋਈ ‘ਲਖਿ’; ਮੇਟਣਾ ਨ ਹੋਈ ॥’’ (ਭਗਤ ਕਬੀਰ/੩੪੦) ਭਾਵ ਉਸ ਪ੍ਰਭੂ ਨੂੰ ਸਮਝ ਕੇ (ਉੱਚੀ ਹੋਈ ਸੁਰਤ) ਮਿਟਦੀ ਨਹੀਂ, ਨੀਵੀਂ ਨਹੀਂ ਹੁੰਦੀ।

(2). ‘‘ਮੰਨ ਮਝਾਹੂ ‘ਲਖਿ’; ਤੁਧਹੁ ਦੂਰਿ ਨ, ਸੁ ਪਿਰੀ ॥’’ (ਮ: ੫/੧੧੦੦) ਭਾਵ ਹੇ ਭਾਈ ! ਆਪਣੇ ਮਨ ਵਿੱਚ (ਹਰੀ ਵਸਦੇ ਨੂੰ) ਵੇਖ (ਕਿਉਂਕਿ) ਤੈਥੋਂ ਉਹ ਪਤੀ ਦੂਰ ਨਹੀਂ।)

 ਇਕ ਦੂ ਜੀਭੌ, ਲਖ ਹੋਹਿ; ਲਖ ਹੋਵਹਿ, ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ॥

ਭਾਵ- ਅਗਰ ਇੱਕ ਜੀਭ ਤੋਂ ਇੱਕ ਲੱਖ ਜੀਭਾਂ ਹੋ ਜਾਣ ਤੇ ਇੱਕ ਲੱਖ (ਜੀਭਾਂ) ਤੋਂ 20 ਲੱਖ ਵੀ ਹੋ ਜਾਂਦੀਆਂ (ਇਨ੍ਹਾਂ 20 ਲੱਖ ਜੀਭਾਂ ’ਚੋਂ ਹਰ ਇੱਕ ਜੀਭ ਨਾਲ਼) ਲੱਖ-ਲੱਖ ਵਾਰੀ ਕੇਵਲ ਜਗਤ ਦੇ ਮਾਲਕ ਦਾ ਨਾਮ (ਨਾਮਣਾ, ਵਡੱਪਣ) ਬਿਆਨ ਕਰਦੇ ਰਹੀਏ (ਤਾਂ ਵੀ ਉਸ ਦੀ ਪੂਰੀ ਮਹਿਮਾ ਗਾ ਨਹੀਂ ਹੁੰਦੀ।) 

‘‘ਏਤੁ ਰਾਹਿ, ਪਤਿ ਪਵੜੀਆ; ਚੜੀਐ ਹੋਇ ਇਕੀਸ ॥’’– ਇਸ ਪੰਕਤੀ ’ਚ ‘ਏਤੁ’ ਤੇ ‘ਰਾਹਿ’ ਸ਼ਬਦ ਦੀ ਲਿਖਤ ਬਣਤਰ ਨੂੰ ਸਮਝਣਾ ਜ਼ਰੂਰੀ ਹੈ।

ਗੁਰਬਾਣੀ ਲਿਖਤ ਨਿਯਮਾਂ ਅਨੁਸਾਰ ਉਹ ‘ਪੜਨਾਂਵ’ ਜਾਂ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦ ਕਾਰਕ (‘ਕਰਣ ਕਾਰਕ, ਅਧਿਕਰਣ ਕਾਰਕ’ ਆਦਿ) ਰੂਪਾਂ ’ਚ ਦਰਜ ਹੁੰਦੇ ਹਨ ਜਿਨ੍ਹਾਂ ਦੇ ਅਖ਼ੀਰ ’ਚ ‘ਤੁ’ (ਅੰਤ ਔਂਕੜ) ਲੱਗਾ ਹੋਵੇ; ਜਿਵੇਂ: ‘ਇਤੁ’ (33 ਵਾਰ), ‘ਜਿਤੁ’ (368 ਵਾਰ), ‘ਕਿਤੁ’ (63 ਵਾਰ), ‘ਉਤੁ’ (ਕੇਵਲ 1 ਵਾਰ), ‘ਓਤੁ’ (ਕੇਵਲ 1 ਵਾਰ), ‘ਤਿਤੁ’ (138 ਵਾਰ), ‘ਏਤੁ’ (16 ਵਾਰ)’ ਆਦਿ, ਇਨ੍ਹਾਂ ਤਮਾਮ ਸ਼ਬਦਾਂ ਦਾ ਅਰਥ ਕਾਰਕ ਰੂਪ ’ਚ ‘ਵਿੱਚ, ਨਾਲ, ਰਾਹੀਂ, ਉੱਤੇ’ ਆਦਿ ਬਣਦਾ ਹੈ; ਜਿਵੇਂ ਕਿ: ‘ਇਤੁ’ ਦਾ ਅਰਥ ਹੈ: ‘ਇਸ ਵਿੱਚ’ ਜਾਂ ‘ਇਸ ਨਾਲ’, ‘ਜਿਤੁ’ ਦਾ ਅਰਥ ਹੈ: ‘ਜਿਸ ਵਿੱਚ’ ਜਾਂ ‘ਜਿਸ ਨਾਲ’, ‘ਤਿਤੁ’ ਦਾ ਅਰਥ ਹੈ: ‘ਉਸ ਵਿੱਚ’ ਜਾਂ ‘ਉਸ ਨਾਲ’, ਆਦਿ।

ਉਕਤ ਤਮਾਮ ਸ਼ਬਦ ਕਾਰਕ ’ਚ ਹੋਣ ਕਾਰਨ ਹਮੇਸ਼ਾਂ ਅੰਤ ਔਂਕੜ ਦਰਜ ਹੁੰਦੇ ਹਨ ਅਤੇ ਜਦ ਇਨ੍ਹਾਂ ਨਾਲ ਸਬੰਧਤ ਨਾਂਵ ਵੀ ਉਸੇ ਕਾਰਕ ’ਚ ਹੋਵੇ ਤਾਂ ਇਹ ਸ਼ਬਦ ‘ਪੜਨਾਂਵ’ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ’ ਬਣ ਜਾਂਦੇ ਹਨ; ਜਿਵੇਂ ਕਿ ‘ਇਤੁ’ ਅਤੇ ਇਸ ਨਾਲ ਸਬੰਧਤ ‘ਨਾਂਵ’ ਨੂੰ ਇੱਕੋ ਕਾਰਕ ’ਚ ਬਿਆਨ ਕਰਨ ਵਾਲੀਆਂ ਕੁਝ ਕੁ ਪੰਕਤੀਆਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

(1). ਭਉ ਵਟੀ; ‘ਇਤੁ ਤਨਿ’ (ਵਿੱਚ) ਪਾਈਐ ॥ (ਮ: ੧/੨੫) (‘ਇਤੁ ਤਨਿ’ ਦੋਵੇਂ ਸ਼ਬਦ ਅਧਿਕਰਣ ਕਾਰਕ ’ਚ ਹਨ।)

(2). ‘ਇਤੁ ਰੰਗਿ’ (ਵਿੱਚ ਰੰਗੀਜ ਕੇ) ਨਾਚਹੁ; ਰਖਿ ਰਖਿ (ਕੇ) ਪਾਉ ॥ (ਮ: ੧/੩੫੦) (‘ਇਤੁ ਰੰਗਿ’ ਦੋਵੇਂ ਸ਼ਬਦ ਅਧਿਕਰਣ ਕਾਰਕ ’ਚ ਹਨ।)

(3). ਸੋ ਵਸੈ ‘ਇਤੁ ਘਰਿ’ (ਇਸ ਘਰ ਵਿੱਚ); ਜਿਸੁ ਗੁਰੁ ਪੂਰਾ ਸੇਵ ॥ (ਮ: ੫/੪੩੦) (‘ਇਤੁ ਘਰਿ’ ਦੋਵੇਂ ਸ਼ਬਦ ਅਧਿਕਰਣ ਕਾਰਕ ’ਚ ਹਨ।)

(4). ‘ਇਤੁ ਸੰਜਮਿ’ (ਇਸ ਤਰੀਕੇ ਨਾਲ); ਪ੍ਰਭੁ ਕਿਨ ਹੀ ਨ ਪਾਇਆ ॥ (ਮ: ੫/੧੩੪੮) (‘ਇਤੁ ਸੰਜਮਿ’ ਦੋਵੇਂ ਸ਼ਬਦ ਕਰਣ ਕਾਰਕ ’ਚ ਹਨ।)

(5). ‘ਇਤੁ ਮਾਰਗਿ’ (ਉੱਤੇ); ਪੈਰੁ ਧਰੀਜੈ ॥ (ਮ: ੧/੧੪੧੨) (‘ਇਤੁ ਮਾਰਗਿ’ ਦੋਵੇਂ ਸ਼ਬਦ ਅਧਿਕਰਣ ਕਾਰਕ ’ਚ ਦਰਜ ਹਨ) ਆਦਿ।

‘ਪਤਿ’-ਇਹ ਸ਼ਬਦ ਸੰਸਕ੍ਰਿਤ ’ਚ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ ਹੈ: ‘ਪਤੀ, ਖਸਮ, ਮਾਲਕ’ ਆਦਿ ਪਰ ਗੁਰਬਾਣੀ ਵਿੱਚ ਇਹ ਸ਼ਬਦ 294 ਵਾਰ ਦਰਜ ਹੈ ਜਿਸ ਦਾ ਅਰਥ ‘ਇੱਜ਼ਤ, (ਜਾਤ-) ਪਾਤ ਭਾਵ ਕੁਲ ਜਾਂ ਖਾਨਦਾਨ’ ਆਦਿ ਵੀ ਅਰਥ ਦੇਂਦਾ ਹੈ; ਜਿਵੇਂ:

(1). ‘‘ਮੰਨੈ ‘ਪਤਿ ਸਿਉ’ (ਇੱਜ਼ਤ ਸਮੇਤ) ਪਰਗਟੁ ਜਾਇ ॥’’ (ਜਪੁ /ਮ: ੧)

(2). ‘‘ਜਿਤੁ ਬੋਲਿਐ, ‘ਪਤਿ’ (ਇੱਜ਼ਤ) ਪਾਈਐ; ਸੋ ਬੋਲਿਆ ਪਰਵਾਣੁ ॥’’ (ਮ: ੧/੧੫) ਆਦਿ।

(3). ‘‘ਸਾ ਜਾਤਿ ਸਾ ‘ਪਤਿ’ (ਕੁਲ) ਹੈ; ਜੇਹੇ ਕਰਮ ਕਮਾਇ ॥’’ (ਮ: ੧/੧੩੩੦) ਆਦਿ।

ਏਤੁ ਰਾਹਿ, ਪਤਿ ਪਵੜੀਆ; ਚੜੀਐ, ਹੋਇ ਇਕੀਸ॥ 

ਭਾਵ- ਮਾਲਕ ਦੇ ਰੁਤਬੇ ਵੱਲ ਲੈ ਜਾਣ ਵਾਲ਼ੇ ਇਸ ਰਸਤੇ ’ਚ ਅਭੇਦ (ਇੱਕ ਰੂਪ) ਹੋ ਕੇ ਹੀ ਚੜ੍ਹਿਆ ਜਾ ਸਕਦਾ ਹੈ (ਨਾ ਕਿ ਗਿਣਤੀ-ਮਿਣਤੀ ਦੇ ਪਾਠਾਂ ਤੱਕ ਸੀਮਤ ਰਹਿ ਕੇ)।

(ਨੋਟ : ਇਸ ਪਉੜੀ ਦੀਆਂ ਉਕਤ ਚਾਰੇ ਪੰਕਤੀਆਂ ’ਚ ਰੱਬੀ ਬਖ਼ਸ਼ਸ਼ ਨਾਲ ‘‘ਗੁਰਮੁਖਿ; ਰੋਮਿ, ਰੋਮਿ (ਨਾਲ), ਹਰਿ ਧਿਆਵੈ ॥’’ (ਮ: ੧/੯੪੧) ਵਾਲਾ ਵਿਸ਼ਾ ਚੱਲ ਰਿਹਾ ਸੀ ਪਰ ਕਰਤਾਰ ਨਾਲ ਅਭੇਦ ਹੋਈਆਂ ਇਨ੍ਹਾਂ ਜੀਵ ਇਸਤ੍ਰੀਆਂ ਵਾਙ ਅਨੰਦਤ ਰਹਿਣ ਦੀ ਤਾਂਘ ਰੱਖਣ ਵਾਲੀਆਂ ਵੀ ਕੁਝ ਗੁਣ ਵਿਹੂਣ ਜੀਵ ਇਸਤ੍ਰੀਆਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਫ਼ੁਰਮਾ ਰਹੇ ਹਨ: ‘‘ਗਲਂੀ ਅਸੀ ਚੰਗੀਆ; ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ; ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ (ਉਨ੍ਹਾਂ ਦੀਆਂ); ਜੋ ਸੇਵਹਿ ਦਰੁ ਖੜੀਆਹ ॥ ਨਾਲਿ ਖਸਮੈ ਰਤੀਆ; ਮਾਣਹਿ ਸੁਖਿ ਰਲੀਆਹ ॥’’ (ਮ: ੧/੮੫) ਭਾਵ ਗੁਣ ਵਿਹੂਣ ਇਸਤ੍ਰੀਆਂ ਲਈ ਉਕਤ ਨਕਲ ਕੇਵਲ ਆਕਾਸ਼ (ਰੂਹਾਨੀਅਤ) ਦੀਆਂ ਗੱਲਾਂ ਸੁਣਨ ਤੱਕ ਹੀ ਸੀਮਤ ਹੁੰਦੀ ਹੈ ਜਿੱਥੇ ਪਹੁੰਚਣਾ ਉਨ੍ਹਾਂ ਲਈ ਅਸੰਭਵ ਹੁੰਦਾ ਹੈ। ਅਜਿਹਾ ਹੀ ਕੁਝ ਜ਼ਿਕਰ ਗੁਰੂ ਸਾਹਿਬ ਜੀ ਅਗਲੀਆਂ ਪੰਕਤੀਆਂ ’ਚ ਕਰ ਰਹੇ ਹਨ।)

‘‘ਸੁਣਿ, ਗਲਾ ਆਕਾਸ ਕੀ; ਕੀਟਾ ਆਈ ਰੀਸ ॥ ਨਾਨਕ ! ਨਦਰੀ ਪਾਈਐ; ਕੂੜੀ ਕੂੜੈ ਠੀਸ ॥’’-ਇਨ੍ਹਾਂ ਤੁਕਾਂ ਵਿੱਚੋਂ ਅਗਰ ‘‘ਨਦਰੀ ਪਾਈਐ’’ ਸ਼ਬਦਾਂ ਨੂੰ ਅਲੱਗ ਕਰਕੇ ਵੀਚਾਰ ਕੀਤੀ ਜਾਵੇ ਤਾਂ ਸਮੂਹਿਕ ਪੰਕਤੀ ਮਨਮੁਖਾਂ ਨਾਲ ਸਬੰਧਤ ਰਹਿ ਜਾਵੇਗੀ, ਜੋ ਧਾਰਮਿਕ ਪਹਿਰਾਵੇ ਸਮੇਤ ਹੀ ਸਮਾਜ ’ਚ ਵਿਚਰਦੇ ਹਨ। ਇਸ ਲਈ ਇਹ ਕਹਿਣਾ ਦਰੁਸਤ ਹੋਵੇਗਾ ਕਿ ਇਸ ਪਉੜੀ ਦੀਆਂ ਉਪਰੋਕਤ ਤਮਾਮ ਪੰਕਤੀਆਂ ’ਚ ਦਰਜ ਭਾਵਾਰਥ ‘‘ਨਦਰੀ ਪਾਈਐ’’ (ਭਾਵ ਰੱਬੀ ਮਿਹਰ) ਨਾਲ ਸਬੰਧਤ (ਗੁਰਮੁਖਾਂ ਲਈ) ਹਨ।

‘‘ਕੀਟਾ ਆਈ ਰੀਸ॥’’- ਗੁਰਬਾਣੀ ’ਚ ਦਰਜ ‘ਕੀਟ’ ਸ਼ਬਦ (20 ਵਾਰ), ‘ਕੀਟਿ’ (1 ਵਾਰ), ‘ਕੀਟੁ’ (2 ਵਾਰ) ਤੇ ‘ਕੀਟਾ’ (2 ਵਾਰ) ਦੇ ਅਰਥਾਂ ਨੂੰ ਵੀਚਾਰਨਾ ਜ਼ਰੂਰੀ ਹੈ।

(1). ‘ਕੀਟ’ ਸ਼ਬਦ ਕੁਦਰਤ ’ਚ ਆਮ ਤੌਰ ’ਤੇ ਸਭ ਤੋਂ ਛੋਟੇ ਜਾਨਵਰ ਨਾਲ ਸਬੰਧਤ ਹੋਣ ਕਾਰਨ ਇਸ ਨੂੰ ਸਭ ਤੋਂ ਵੱਡੇ ਜਾਨਵਰ ਹਾਥੀ ਦੇ ਮੁਕਾਬਲੇ 7 ਵਾਰ ਦਰਜ ਕੀਤਾ ਗਿਆ ਹੈ; ਜਿਵੇਂ:

‘‘ਕੀਟ ਹਸਤਿ (ਹਾਥੀ) ਮਹਿ; ਪੂਰ ਸਮਾਨੇ ॥’’ (ਮ: ੫/੨੫੨) ਭਾਵ ਪ੍ਰਮਾਤਮਾ ਕੀੜੀ ਤੋਂ ਲੈ ਕੇ ਹਾਥੀ ਤੱਕ ਕਣ ਕਣ ’ਚ ਵਿਆਪਕ ਹੈ।

‘‘ਜਲਿ ਥਲਿ ਮਹੀਅਲਿ ਪੂਰਿ ਪੂਰਨ; ‘ਕੀਟ’ ਹਸਤਿ ਸਮਾਨਿਆ ॥’’ (ਮ: ੫/੪੫੮) ਆਦਿ।

(2). ਬਾਰਸ਼ ਰੁੱਤ ’ਚ ਕੀੜਿਆਂ ਦੇ ਪੰਖ ਨਿਕਲਣ ਕਾਰਨ ਉਹ ਪਤੰਗਾ ਬਣ ਕੇ ਰੋਸ਼ਨੀ ’ਤੇ ਆਪਣੀ ਜਾਨ ਗਵਾ ਲੈਂਦੇ ਹਨ, ਜਿਸ ਕਾਰਨ ‘ਕੀਟ ਪਤੰਗਾ’ ਜੁੜਤ ਸ਼ਬਦ ਵਰਤਿਆ ਗਿਆ ਹੈ; ਜਿਵੇਂ:

‘‘ਕਈ ਜਨਮ ਭਏ; ਕੀਟ ਪਤੰਗਾ ॥’’ (ਮ: ੫/੧੭੬)

‘‘ਅਸਥਾਵਰ (ਰੁੱਖ), ਜੰਗਮ ‘ਕੀਟ’ ਪਤੰਗਾ ॥’’ (ਭਗਤ ਕਬੀਰ/੩੨੫) ਆਦਿ।

(3). ਗੁਰਬਾਣੀ ’ਚ ‘ਕੀਟ’ ਸ਼ਬਦ ਅਤਿ ਦਰਜੇ ਦੇ ਕੰਗਾਲ ਜਾਂ ਗਰੀਬ ਲਈ ਵੀ ਵਰਤਿਆ ਗਿਆ ਹੈ; ਜਿਵੇਂ:

‘‘ਖਿਨ ਮਹਿ; ਨੀਚ ‘ਕੀਟ’ ਕਉ ਰਾਜ (ਦੇ ਦਿੰਦਾ)॥’’ (ਮ: ੫/੨੭੭)

‘‘ਖਿਨ ਮਹਿ ਥਾਪਿ ਨਿਵਾਜੇ ਠਾਕੁਰ; ਨੀਚ ‘ਕੀਟ’ ਤੇ ਕਰਹਿ ਰਾਜੰਗਾ (ਰਾਜੇ)॥’’ (ਮ: ੫/੮੨੪)

‘‘ਐਸੀ ਭਗਤਿ ਗੋਵਿੰਦ ਕੀ; ‘ਕੀਟਿ’ (ਨਿਮਰਤਾ ਨੇ) ਹਸਤੀ (ਹਾਥੀ, ਹੰਕਾਰ ਨੂੰ) ਜੀਤਾ ॥’’ (ਮ: ੫/੮੦੯) ਆਦਿ।

(4). ਗੁਰਬਾਣੀ ’ਚ ਵਿਸ਼ਟਾ ਦੇ (ਗੰਦੇ) ਕੀੜਿਆਂ ਲਈ ਵੀ ‘ਕੀਟ’ ਸ਼ਬਦ ਵਰਤਿਆ ਗਿਆ ਹੈ; ਜਿਵੇਂ:

‘‘ਬਿਸਟਾ ਅੰਦਰਿ ‘ਕੀਟ’ ਸੇ; ਪਇ ਪਚਹਿ ਵਾਰੋ ਵਾਰ ॥’’ (ਮ: ੩/੮੫)

‘‘ਬਿਸਟਾ ਅੰਦਰਿ ‘ਕੀਟ’ ਸੇ; ਮੁਠੇ ਧੰਧੈ ਚੋਰਿ ॥’’ (ਮ: ੩/੧੨੪੭) ਆਦਿ।

‘ਜਪੁ’ ਬਾਣੀ ਦੀ ਸਬੰਧਤ ਪੰਕਤੀ ’ਚ ਵਿਸ਼ੇ ਅਨੁਸਾਰ ਨੰਬਰ 4 ਵਾਲੇ ਅਰਥ ਜ਼ਿਆਦਾ ਦਰੁਸਤ ਜਾਪਦੇ ਹਨ ਭਾਵ ਰੱਬੀ ਮਿਹਰ ਦੀ ਨਜ਼ਰ ਤੋਂ ਸੱਖਣਾ ਜੀਵਨ ਗੰਦੇ ਕੀੜਿਆਂ ਵਾਙ ਦੁਰਗੰਧ ’ਚ ਰਹਿਣ ਦਾ ਆਦੀ ਹੁੰਦਾ ਹੈ।

ਗੁਰਬਾਣੀ ’ਚ ‘ਕੀਟ’ ਸ਼ਬਦ ਨਾਲ ਜਦ ਕੋਈ ਸਬੰਧਕੀ (ਲੁਪਤ ਜਾਂ ਪ੍ਰਗਟ) ਸ਼ਬਦ ਮਿਲਦਾ ਹੋਵੇ ਤਾਂ ਇਸ ਦਾ ਸਰੂਪ ‘ਕੀਟਾ’ ਬਣ ਜਾਂਦਾ ਹੈ; ਜਿਵੇਂ 2 ਵਾਰ ਕੇਵਲ ‘ਜਪੁ’ ਬਾਣੀ ’ਚ ਦਰਜ ਹੈ:

‘ਕੀਟਾ’ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ ॥ (ਜਪੁ /ਮ: ੧)

‘‘ਸੁਣਿ ਗਲਾ ਆਕਾਸ ਕੀ; ‘ਕੀਟਾ’ (ਨੂੰ) ਆਈ ਰੀਸ ॥’’ (ਜਪੁ /ਮ: ੧)

ਸੁਣਿ, ਗਲਾ ਆਕਾਸ ਕੀ; ਕੀਟਾ ਆਈ ਰੀਸ॥

ਭਾਵ- (ਸੰਖਿਅਕ ਗਿਣਤੀ ਕਰਨੀ ਤਾਂ ਇਉਂ ਹੈ; ਜਿਵੇਂ ਧਰਤੀ ’ਤੇ ਰੀਂਗਣ ਵਾਲ਼ੇ) ਕੀੜਿਆਂ ਨੂੰ ਆਕਾਸ਼ ਦੀਆਂ ਗੱਲਾਂ ਸੁਣ ਕੇ (ਮਨ ’ਚ, ਉੱਡ ਚੜ੍ਹਨ ਦਾ) ਉਤਸ਼ਾਹ ਪੈਦਾ ਹੋ ਜਾਵੇ (ਪਰ ਉਹ ਪੰਖ ਵਿਹੂਣੇ ਦਿਮਾਗ਼ੀ ਮੰਜ਼ਲ ਤੋਂ ਬਹੁਤ ਦੂਰ ਹੀ ਰਹਿ ਜਾਂਦੇ ਹਨ।)

(ਨੋਟ : ਉਕਤ ਪੰਕਤੀ ਨਿਤਨੇਮ ’ਚ ਰੋਜ਼ਾਨਾ ਪੜ੍ਹਦੇ ਹਾਂ ਤੇ ਗਿਣਤੀ-ਮਿਣਤੀ ਦੇ ਅਖੰਡ ਪਾਠ (51, 101 ਆਦਿ) ਵੀ ਜਾਰੀ ਰਹਿੰਦੇ ਹਨ। ਕੀ ਇਹ ਉਪਦੇਸ਼ ਗ਼ੈਰਸਿੱਖਾਂ ਲਈ ਹਨ? ਜਾਂ ‘‘ਰੋਟੀਆ ਕਾਰਣਿ; ਪੂਰਹਿ ਤਾਲ ॥’’ (ਮਹਲਾ ੧/੪੬੫) ਕਲਾ ਵਰਤ ਰਹੀ ਹੈ। ਲਗਦਾ ਹੈ ਕਿ ਸਿੱਖਾਂ ਦੀ ਮਨੋਬਿਰਤੀ ਵੀ ਉਸ ਬ੍ਰਾਹਮਣੀ ਸੋਚ ਤੋਂ ਅਗਾਂਹ ਵਿਕਾਸ ਨਹੀਂ ਕੀਤੀ, ਜਿਸ ਬਾਰੇ ਪਾਵਨ ਵਚਨ ਹਨ, ‘‘ਵਢੀਅਹਿ ਹਥ ਦਲਾਲ ਕੇ; ਮੁਸਫੀ (ਨਿਆਂ) ਏਹ ਕਰੇਇ ॥’’ ਮਹਲਾ ੧/੪੭੨)

ਨਾਨਕ ! ਨਦਰੀ ਪਾਈਐ; ਕੂੜੀ ਕੂੜੈ ਠੀਸ॥ ੩੨॥

ਭਾਵ- ਹੇ ਨਾਨਕ ! (ਮਾਲਕ ਦੀ ਮਿਹਰ) ਦ੍ਰਿਸ਼ਟੀ ਨਾਲ਼ (ਹੀ ਉਸ ’ਚ ਅਭੇਦਤਾ) ਪਾਈ ਜਾ ਸਕਦੀ ਹੈ (ਗਿਣਤੀ-ਮਿਣਤੀ ਦਾ ਢੌਂਗ, ਬਖ਼ਸ਼ਸ਼ ਵਿਹੂਣੇ) ਝੂਠੇ ਮਨੁੱਖ ਦੀ (ਕੋਰੀ ਕਲਪਨਾ ਹੈ) ਝੂਠ ਹੈ, ਗੱਪ ਹੈ।