ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ; ਸੁ ਏਕਾ ਵਾਰ ॥ ਕਰਿ ਕਰਿ ਵੇਖੈ; ਸਿਰਜਣਹਾਰੁ ॥
ਨਾਨਕ ! ਸਚੇ ਕੀ ਸਾਚੀ ਕਾਰ ॥ ਆਦੇਸੁ; ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥ (ਜਪੁ /ਮ: ੧)
ਪਦ ਅਰਥ: ਆਸਣੁ- ਟਿਕਾਣਾ, ਸਥਿਰਤਾ, ਮੌਜੂਦਗੀ (ਇੱਕ ਵਚਨ ਨਾਂਵ)।, ਲੋਇ ਲੋਇ- ਲੋਕ ਲੋਕ ਵਿੱਚ ਭਾਵ ਹਰ ਜਗ੍ਹਾ ਜਾਂ ਕਣ ਕਣ ਵਿੱਚ (ਅਧਿਕਰਣ ਕਾਰਨ, ਇੱਕ ਵਚਨ ਨਾਂਵ)।, ਸੁ-ਉਹ ਸਭ (ਇੱਕ ਵਚਨ ਪੜਨਾਂਵ)।, ਏਕਾ ਵਾਰ- ਇੱਕ ਵਾਰੀ ਭਾਵ ਇਕੱਠਾ ਹੀ (ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਕਰਿ ਕਰਿ- ਪੈਦਾ ਕਰ ਕਰਕੇ (ਕਿਰਿਆ ਵਿਸ਼ੇਸ਼ਣ)।, ਸਚੇ- ਸਦੀਵੀ ਸਥਿਰ ਕਰਤਾਰ (ਨਾਂਵ)।, ਸਾਚੀ ਕਾਰ- ਸਦੀਵੀ ਸਥਿਰ ਕਾਰ, ਨਿਰੰਤਰ ਚੱਲਣ ਵਾਲੀ ਨਿਰਵਿਘਨ ਮਰਿਆਦਾ (ਸਾਚੀ-ਵਿਸ਼ੇਸ਼ਣ, ਕਾਰ-ਇਸਤ੍ਰੀ ਲਿੰਗ ਨਾਂਵ)।
‘ਜਪੁ’ ਬਾਣੀ ਦੀਆਂ ਪਉੜੀਆਂ ਨੰਬਰ 28 ਤੋਂ 31 ਤੱਕ ‘ਜੋਗ ਮਤ’ ਨੂੰ ਆਧਾਰ ਬਣਾ ਕੇ ‘ਗੁਰਮਤਿ’ ਰੂਪ ਸਚਾਈ ਨੂੰ ਰੂਪਮਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਵਿਸ਼ਿਆਂ ਨੂੰ ਤਰਤੀਬ ਇਸ ਪ੍ਰਕਾਰ ਦਿੱਤੀ ਗਈ:
(1). ਪਉੜੀ ਨੰਬਰ 28: ਜਿਸ ਤਰ੍ਹਾਂ ‘ਜਪੁ’ ਬਾਣੀ ਦੀ ਆਰੰਭਕ ਪਉੜੀ ਨੰਬਰ 1 ’ਚ ਹਿੰਦੂ ਕਰਮਕਾਂਡਾਂ (‘ਤੀਰਥ ਇਸਨਾਨ, ਮੋਨ ਬ੍ਰਤ, ਤ੍ਰਿਸਨਾ ਦੀ ਭੁੱਖ, ਮਾਨਸਿਕ ਗਿਆਨ ਜਾਂ ਸਿਆਣਪ’ ਆਦਿ) ਦੀ ਟੇਕ ਲਈ ਗਈ ਸੀ ਉਸ ਤਰ੍ਹਾਂ ਹੀ ਇਸ ਪਉੜੀ ’ਚ ‘ਜੋਗ ਮੱਤ’ ਦੇ ਕਰਮਕਾਂਡਾਂ (ਮੁੰਦਾ, ਪਤੁ (ਖੱਪਰ) ਝੋਲੀ, ਬਿਭੂਤਿ, ਖਿੰਥਾ, ਡੰਡਾ’ ਆਦਿ) ਨੂੰ ਆਧਾਰ ਬਣਾਇਆ ਗਿਆ ਹੈ।
(2). ਪਉੜੀ ਨੰਬਰ 29: ਕੁਦਰਤ ਦੇ ਮਾਲਕ ਦੀ ‘‘ਸੰਜੋਗੁ ਵਿਜੋਗੁ’’ ਰੂਪ ‘‘ਕਾਰ’’ ਰਾਹੀਂ ਸਮਾਜ ਦੇ ਨਿਰੰਤਰ ਹੋ ਰਹੇ ਵਿਕਾਸ ਨੂੰ ਦਰਸਾਉਣ ਲਈ ‘ਗਿਆਨੁ, ਦਇਆ, ਕਣ ਕਣ ਵਿੱਚ ਵਿਆਪਕਤਾ’ ਆਦਿ ਗੁਣਾਂ ਰਾਹੀ ਜਗਤ ਦੇ ਅਸਲ ‘ਨਾਥੁ’ ਨੂੰ ਰੂਪਮਾਨ ਕੀਤਾ ਗਿਆ ਹੈ, ਜਿਸ ਦੇ ਹੁਕਮ ’ਚ ਹੀ ‘‘ਲੇਖੇ ਆਵਹਿ ਭਾਗ॥’’ ਅਟੱਲ ਸਚਾਈ ਹੈ।
(3). ਪਉੜੀ ਨੰਬਰ 30: ਸਿੱਧ (ਸ਼ਿਵ) ਨੂੰ ਵੱਡਾ ਦਰਸਾਉਣ ਲਈ ਘੜੀ ਗਈ ‘‘ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥’’ ਰੂਪ ਮਿਥ (ਝੂਠ) ਦੇ ਮੁਕਾਬਲੇ ‘‘ਬਹੁਤਾ ਏਹੁ ਵਿਡਾਣੁ ॥’’ ਰੂਪ ਅਲੌਕਿਕ ਦ੍ਰਿਸ਼ ਬਿਆਨਿਆ ਗਿਆ ਹੈ, ਜਿਸ ਰਾਹੀਂ ‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’ ਭਾਵ ਤਿੰਨੇ ਕਾਲਪਨਿਕ ਰੱਬਾਂ ਨੂੰ ‘‘ਓਨਾ ਨਦਰਿ ਨ ਆਵੈ॥’’ ਕਹਿਣਾ, ਉਕਤ ਧਾਰਨਾ ਨੂੰ ਮਿਥਿਹਾਸ ਸਾਬਤ ਕਰਨਾ, ਦਰੁਸਤ ਜਾਪਦਾ ਸੀ।
(4). ਪਉੜੀ ਨੰਬਰ 31: ਇਸ ਪਉੜੀ ਰਾਹੀਂ ਉਪਰੋਕਤ ‘‘ਆਦੇਸੁ; ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ ਵੱਲੋਂ ਕੁਦਰਤ ਦੇ ਖ਼ਜ਼ਾਨਿਆਂ ’ਚ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ॥’’ ਨੂੰ ਰੂਪਮਾਨ ਕਰਨਾ, ਦਰੁਸਤ ਜਾਪਦਾ ਹੈ ਤਾਂ ਕਿ ‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’ ਬਾਰੇ ਥੋੜੀ ਬਹੁਤੀ ਰਹਿ ਚੁੱਕੀ ਧਾਰਨਾ ਨੂੰ ਵੀ ਮੂਲੋਂ ਹੀ ਰੱਦ ਕੀਤਾ ਜਾ ਸਕੇ। ਇਸ ਪਉੜੀ ਦਾ ਵਿਸ਼ਾ ਉਕਤ ਪਉੜੀ ’ਚ ਵਧੇਰੇ ਆਉਣ ਕਾਰਨ ਇਸ ਵਿੱਚ ਕੇਵਲ ਸੰਖੇਪ ਮਾਤ੍ਰ ਹੀ ਬਿਆਨ ਕੀਤਾ ਗਿਆ ਹੈ ਭਾਵ ਕੁੱਲ 36 ਸ਼ਬਦਾਂ ਦੇ ਸੁਮੇਲ ਵਾਲੀ ਇਹ ਪਉੜੀ ‘ਜਪੁ’ ਬਾਣੀ ਦੀ ਸਭ ਤੋਂ ਛੋਟੀ ਪਉੜੀ ਕਹੀ ਜਾ ਸਕਦੀ ਹੈ।
‘‘ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ; ਸੁ ਏਕਾ ਵਾਰ ॥’’-ਇਸ ਪੰਕਤੀ ’ਚ ‘ਲੋਇ ਲੋਇ’ ਸ਼ਬਦ ਦੋ ਵਾਰ ਤੇ ਗੁਰਬਾਣੀ ਵਿੱਚ 31 ਵਾਰ ਦਰਜ ਹੈ, ਜਿਸ ਦਾ ਅਰਥ ਆਮ ਤੌਰ ਤੇ ਸਨਾਤਨ ਸੋਚ ’ਚੋਂ ਲਿਆ ਗਿਆ ‘ਤ੍ਰਿਲੋਕੀ’ (ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ) ਹੈ; ਜਿਵੇਂ:
‘‘ਭਗਤੁ, ਭਗਤੁ, ਸੁਨੀਐ ਤਿਹੁ ਲੋਇ ॥’’ (ਮ: ੫/੨੮੩)
‘‘ਜਾਪੈ ਆਪਿ ਪ੍ਰਭੂ; ਤਿਹੁ ਲੋਇ ॥’’ (ਮ: ੧/੯੩੩)
‘‘ਰਾਮ ਨਾਮੁ ਰਵਿ ਰਹਿਆ; ਤਿਹੁ ਲੋਇ ॥’’ (ਮ: ੩/੧੧੩੦), ਆਦਿ।
ਗੁਰਬਾਣੀ ’ਚ ‘ਲੋਇ’ ਦਾ ਅਰਥ ‘ਲੋਕਾਂ ਨੂੰ’ ਤੇ ‘ਜਗਤ ਵਿੱਚ’ (ਅਧਿਕਰਣ ਕਾਰਕ) ’ਚ ਵੀ ਦਰਜ ਹੈ; ਜਿਵੇਂ:
‘‘ਕਬੀਰ ! ਜਪਨੀ ਕਾਠ ਕੀ; ਕਿਆ ਦਿਖਲਾਵਹਿ ਲੋਇ ? ॥’’ (ਭਗਤ ਕਬੀਰ/੧੩੬੮) ਭਾਵ ‘ਸਿਮਰਨ’ ਲਈ ਚੁੱਕੀ ਫਿਰਦਾ ਲੱਕੜੀ (ਤੁਲਸੀ, ਰੁਦ੍ਰਾਖ ਆਦਿ) ਦੀ ਮਾਲਾ ਲੋਕਾਂ ਨੂੰ ਕਿਉਂ ਵਿਖਾ ਰਿਹਾ ਹੈਂ ?
‘‘ਕਾਮ, ਕ੍ਰੋਧਿ (ਨੇ) ਮਨੁ ਹਿਰਿ (ਲੁੱਟ) ਲਇਆ; ਮਨਮੁਖ ਅੰਧਾ ਲੋਇ (ਜਗਤ ਵਿੱਚ)॥’’ (ਮ: ੩/੧੪੧੪), ਆਦਿ।
ਸਬੰਧਿਤ ਪੰਕਤੀ ’ਚ ‘ਲੋਇ ਲੋਇ’ ਦਾ ਅਰਥ ਤਿੰਨੇ ਲੋਕ ਭਾਵ ਹਰ ਜਗ੍ਹਾ ਦਰੁਸਤ ਜਾਪਦਾ ਹੈ, ਜਿਸ ਦੀ ਪੁਸਟੀ ਅਗਲੀ ਤੁਕ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ॥’’ ਭਾਵ ਤਿੰਨੇ ਲੋਕਾਂ ’ਚ ਪਦਾਰਥਾਂ ਦਾ ਭੰਡਾਰ ਇਕ ਵਾਰੀ ਦੀ ਬਣਾ ਦਿੱਤਾ, ਕਰ ਦਿੰਦੀ ਹੈ।
ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥
ਭਾਵ- (ਜੀਵਾਂ ਲਈ ਰਿਜ਼ਕ ਦਾਤਾ ‘ਵਿਸ਼ਨੂੰ’ ਜਾਂ ‘ਮੀਕਾਇਲ ਫ਼ਰਿਸ਼ਤਾ’ ਨਹੀਂ ਬਲਕਿ) ਹਰ ਲੋਕ ਵਿੱਚ (ਭਾਵੇਂ ਉਹ ਅਕਾਸ਼ ਲੋਕ ਹੋਵੇ, ਮਾਤ ਲੋਕ ਜਾਂ ਪਤਾਲ ਲੋਕ ਹੋਵੇ, ਸਾਰੀਆਂ ਵਸਤੂਆਂ ਦਾ) ਸਟੋਰ ਸਥਾਨ ਹੈ, ਇਨ੍ਹਾਂ ਭੰਡਾਰਿਆਂ ’ਚ ਜੋ ਕੁਝ ਪਾਉਣਾ ਸੀ ਉਹ ਇੱਕ ਵਾਰੀ ਹੀ ਪਾ ਦਿੱਤਾ ਗਿਆ ਹੈ।
(ਨੋਟ : ਕੁਦਰਤ ਦੇ ਵਿਕਾਸ ’ਚ ਜ਼ਿੰਦਗੀ ਦੀ ਅਰੰਭਤਾ ਜਲ-ਜੀਵਾਂ ਤੋਂ ਹੋਈ ਹੈ, ਜੋ ਬਾਅਦ ’ਚ ਥੋੜ੍ਹਾ ਉੱਡਣ ਤੇ ਪਾਣੀ ’ਚੋਂ ਬਾਹਰ ਨਿਕਲਣ ਲੱਗੇ ਪਰ ਅਰੰਭਕ ਜੀਵ, ਪਾਣੀ ਦੀ ਕਾਈ ਤੋਂ ਖ਼ੁਰਾਕ ਲੈਣ ਲੱਗਿਆ ਭਾਵ ਪਹਿਲੇ ਜੀਵ ਦੀ ਉਤਪਤੀ ਤੋਂ ਪਹਿਲਾਂ ਹੀ ਕਾਈ (ਖ਼ੁਰਾਕ) ਸੀ, ਮਾਤਾ ਦੇ ਗਰਭ ’ਚ ਬੱਚੇ ਦੀ ਖ਼ੁਰਾਕ, ਮਾਤਾ ਦੇ ਖ਼ੂਨ ਰਾਹੀਂ ਪਹਿਲਾਂ ਬਣੀ, ਜੋ ਜਨਮ ਉਪਰੰਤ ਖ਼ੂਨ ਤੋਂ ਦੁੱਧ ਬਣਿਆ ਭਾਵ ਬੱਚੇ ਦੇ ਜਨਮ ਤੋਂ ਪਹਿਲਾਂ ਦੁੱਧ (ਖ਼ੁਰਾਕ) ਸੀ, ਇਸ ਦੀ ਪੁਸ਼ਟੀ ਗੁਰਬਾਣੀ ਇਉਂ ਕਰਦੀ ਹੈ, ‘‘ਪਹਿਲੋ ਦੇ (ਦੇ ਕੇ); ਤੈਂ ਰਿਜਕੁ ਸਮਾਹਾ (ਪਹੁੰਚਾਇਆ)॥ ਪਿਛੋ ਦੇ (ਕੇ); ਤੈਂ ਜੰਤੁ ਉਪਾਹਾ ॥’’ (ਮਹਲਾ ੫/੧੩੦)
‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ, ‘‘ਨਾਨਕ ! ਲਿਖਿਆ ਨਾਲਿ॥ ੧॥’’ ਸੰਕੇਤ ਦਰਜ ਹੈ, ਇਸ ਦਾ ਮਤਲਬ ਕਿਸੇ ਕਾਰਜ ਦੀ ਅਰੰਭਤਾ ਤੋਂ ਪਹਿਲਾਂ, ਉਸ ਕਾਰਜ ਬਾਰੇ ‘ਹੁਕਮ’ ਹੁੰਦਾ (ਯੋਜਨਾ ਬਣਦੀ) ਹੈ, ਇੱਥੇ ਜਿਸ ਹੁਕਮ ’ਚ ਚੱਲਣ ਦਾ ਸੰਕੇਤ ਹੈ ਉਹ ਪਹਿਲਾਂ ਤੋਂ ਕਾਰਜਸ਼ੀਲ ਹੈ ਭਾਵ ਬੱਚੇ ਦੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਪਹਿਲਾਂ ਹੁਕਮ ਵਰਤ ਰਿਹਾ ਹੈ, ਇਸੇ ਹੁਕਮ ’ਚ ਰਿਜ਼ਕ ਦਾ ਸਾਧਨ ਬਣਦਾ ਹੈ, ਜਿਸ ਨੂੰ ‘‘ਨਾਨਕ ! ਲਿਖਿਆ ਨਾਲਿ॥ ੧॥’’ ਕਿਹਾ ਗਿਆ ਤੇ ਇਸ ‘ਲਿਖਿਆ ਨਾਲ਼ਿ’ ਅਤੇ ‘‘ਜੋ ਕਿਛੁ ਪਾਇਆ, ਸੁ ਏਕਾ ਵਾਰ॥’’ ਨੂੰ ਮਿਲਾਈਏ ਤਾਂ ਜੀਵਨ ਦੀ ਬੁਨਿਆਦ ਤਿਆਰ ਹੋ ਜਾਂਦੀ ਹੈ ਭਾਵ ‘‘ਏਕਾ ਵਾਰ॥’’ ਪਾਉਣਾ ਤੇ ‘ਲਿਖਿਆ ਨਾਲਿ’ ਹੀ ਜ਼ਿੰਦਗੀ ਨੂੰ ਅਰੰਭ ਕਰਦੇ ਹਨ।)
‘‘ਕਰਿ ਕਰਿ ਵੇਖੈ; ਸਿਰਜਣਹਾਰੁ ॥ ਨਾਨਕ ! ਸਚੇ ਕੀ, ਸਾਚੀ ਕਾਰ ॥’’– ਇਸ ਪੰਕਤੀ ’ਚ ਦਰਜ ‘ਸਿਰਜਨਹਾਰੁ’ ਸ਼ਬਦ ਦਾ ਸਬੰਧ ਉਕਤ ਪਉੜੀ ’ਚ ‘‘ਓਹੁ ਵੇਖੈ..॥’’ ਨਾਲ ਹੈ ਤੇ ‘ਸਿਰਜਨਹਾਰੁ’ ਹੀ ‘‘ਕਰਿ ਕਰਿ ਵੇਖੈ॥’’ ਕਿਉਂਕਿ ‘‘ਓਨਾ ਨਦਰਿ ਨ ਆਵੈ..॥’’ ਨੂੰ ਤਾਂ ਵਿਖਾਈ ਹੀ ਨਹੀਂ ਦੇ ਰਿਹਾ ਫਿਰ ਵੇਖਣਗੇ ਕਿਵੇਂ? ਇਸ ਨਿਯਮ ਨੂੰ ਹੀ ‘‘ਸਚੇ ਕੀ ਸਾਚੀ ਕਾਰ ॥’’ ਕਿਹਾ ਗਿਆ ਹੈ, ਨਾ ਕਿ ਕਿਸੇ ਬ੍ਰਹਮਾ, ਵਿਸ਼ਨੂੰ ਜਾਂ ਸ਼ਿਵ ਦਾ ਇਸ ਵਿੱਚ ਕੋਈ ਰੋਲ ਹੈ।
ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ! ਸਚੇ ਕੀ, ਸਾਚੀ ਕਾਰ॥
ਭਾਵ- ਹੇ ਨਾਨਕ ! (ਕੁਦਰਤ ਦਾ ਵਿਕਾਸ ਭਾਵ ਜੀਵ) ਪੈਦਾ ਕਰ-ਕਰ ਕੇ (ਅਦ੍ਰਿਸ਼) ਜਗਤ ਰਚੇਤਾ (ਹੀ ਇਨ੍ਹਾਂ ਨੂੰ) ਸੰਭਾਲ਼ਦਾ ਹੈ (ਨਾ ਕਿ ਕੋਈ ਕਾਲਪਨਿਕ ਸ਼ਕਤੀਆਂ), ਸਥਿਰ ਮਾਲਕ ਦੀ ਇਹ ਅਟੁੱਟ (ਅਭੰਗ) ਜਗਤ ਕਾਰ-ਵਿਹਾਰ ਗਤੀਸ਼ੀਲ ਹੈ।
ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੩੧॥
ਭਾਵ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।