JAP (Pori No.16)

0
762

ਪੰਚ ਪਰਵਾਣ; ਪੰਚ ਪਰਧਾਨੁ ॥ ਪੰਚੇ, ਪਾਵਹਿ ਦਰਗਹਿ ਮਾਨੁ ॥ ਪੰਚੇ, ਸੋਹਹਿ ਦਰਿ ਰਾਜਾਨੁ ॥ ਪੰਚਾ ਕਾ, ਗੁਰੁ ਏਕੁ ਧਿਆਨੁ ॥ ਜੇ ਕੋ ਕਹੈ, ਕਰੈ ਵੀਚਾਰੁ ॥ ਕਰਤੇ ਕੈ ਕਰਣੈ, ਨਾਹੀ ਸੁਮਾਰੁ ॥ ਧੌਲੁ ਧਰਮੁ, ਦਇਆ ਕਾ ਪੂਤੁ ॥ ਸੰਤੋਖੁ, ਥਾਪਿ ਰਖਿਆ; ਜਿਨਿ ਸੂਤਿ ॥ ਜੇ ਕੋ ਬੁਝੈ, ਹੋਵੈ ਸਚਿਆਰੁ ॥ ਧਵਲੈ ਉਪਰਿ, ਕੇਤਾ ਭਾਰੁ ? ॥ ਧਰਤੀ ਹੋਰੁ; ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ, ਤਲੈ; ਕਵਣੁ ਜੋਰੁ ॥ ਜੀਅ ਜਾਤਿ; ਰੰਗਾ ਕੇ ਨਾਵ ॥ ਸਭਨਾ, ਲਿਖਿਆ ਵੁੜੀ ਕਲਾਮ ॥ ਏਹੁ ਲੇਖਾ; ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ, ਸੁਆਲਿਹੁ ਰੂਪੁ ? ॥ ਕੇਤੀ ਦਾਤਿ, ਜਾਣੈ ਕੌਣੁ ਕੂਤੁ ? ॥ਕੀਤਾ ਪਸਾਉ, ਏਕੋ ਕਵਾਉ ॥ ਤਿਸ ਤੇ ਹੋਏ, ਲਖ ਦਰੀਆਉ ॥ ਕੁਦਰਤਿ ਕਵਣ; ਕਹਾ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ॥੧੬॥ (ਜਪੁ /ਮ: ੧/੩)

(ਨੋਟ: ਇਹ ਪਉੜੀ ‘ਜਪੁ’ ਬਾਣੀ ਦੀ ਸਭ ਤੋਂ ਵਧੀਕ ਵਿਸਥਾਰ ਮੰਗਣ ਵਾਲੀ ਅਤੇ ਸਰਲਾਰਥ ਲਈ ਸਮਾਂ ਮੰਗਦੀ ਹੈ ਕਿਉਂਕਿ ‘ਜਪੁ’ ਬਾਣੀ ਦੀਆਂ ਕੁਲ 38 ਪਉੜੀਆਂ ਵਿੱਚੋਂ ਅਗਰ ਅਧਿਆਤਮਕ ਉੱਚਤਾ (‘ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡ’) ਨੂੰ ਬਿਆਨ ਕਰਦੀਆਂ ਇਨ੍ਹਾਂ 4 ਪਉੜੀਆਂ ਨੂੰ ਅਲੱਗ ਕਰਕੇ ਵੀਚਾਰੀਏ ਤਾਂ ‘ਜਪੁ’ ਬਾਣੀ ਦੀਆਂ ਬਾਕੀ ਰਹੀਆਂ 32 ਪਉੜੀਆਂ ਦਾ ਮੱਧ (ਵਿਚਕਾਰ, ਕੇਂਦਰ) ਹੋਣ ਕਾਰਨ ਅਤੇ ਇਸ 16 ਵੀਂ ਪਉੜੀ ਤੋਂ ਪਹਿਲਾਂ 15 ਪਉੜੀਆਂ ਵਿੱਚ ਗੁਰੂ ਨਾਲ ਸੰਬੰਧਤ ਵਿਸ਼ਾ ਰੂਪਮਾਨ ਸੀ ਜਦਕਿ ਅਗਾਂਹ ਨਿਰਾਕਾਰ ਦੇ ਰੂ-ਬ-ਰੂ ਹੋਣ ਵਾਲੇ ਵਿਸ਼ੇ ਨੂੰ ਰੂਪਮਾਨ ਕੀਤਾ ਗਿਆ ਹੈ, ਇਸ ਲਈ ਇਹ 16 ਵੀਂ ਪਉੜੀ ਗੁਰੂ ਦੇ ਪ੍ਰਥਾਏ ਸ਼ਬਦ (ਪਉੜੀਆਂ) ਅਤੇ ਨਿਰਾਕਾਰ ਦੇ ਪ੍ਰਥਾਏ ਸ਼ਬਦ (ਪਉੜੀਆਂ) ਨੂੰ ਜੋੜਨ ਵਾਲੀ ਕੜੀ ਹੀ ਹੈ। ਟੀਕਾਕਾਰਾਂ ਵੱਲੋਂ ਵੀ ਇਸ ਪਉੜੀ ਦੇ ਸ਼ਬਦਾਰਥ ਕਰਦਿਆਂ ਕੁਝ ਵਿਰੋਧਾਭਾਸ ਮਹਿਸੂਸ ਹੁੰਦਾ ਜਾਪਦਾ ਹੈ। ‘ਜਪੁ’ ਬਾਣੀ ਦੀ ਸਭ ਤੋਂ ਵਧੀਕ (200) ਸ਼ਬਦਾਂ ਵਾਲੀ ਪਉੜੀ ‘ਸੋ ਦਰੁ’ (27 ਵੀਂ) ਹੈ, ਜਿਸ ਤੋਂ ਉਪਰੰਤ 136 ਸ਼ਬਦਾਂ ਨਾਲ ਦੂਸਰੇ ਨੰਬਰ ’ਤੇ ਇਹ ਪਉੜੀ ਹੀ ਆਉਂਦੀ ਹੈ ਇਸ ਲਈ ਜ਼ਰੂਰੀ ਹੈ ਕਿ ਗੁਰੂ ਸਾਹਿਬ ਜੀ ਵੀ ਇਸ ਪਉੜੀ ਵੱਲ ਵਿਸ਼ੇਸ਼ ਧਿਆਨ ਦਿਲਵਾਉਣਾ ਚਾਹੁੰਦੇ ਸਨ।)

ਉਚਾਰਨ ਸੇਧ: ਪਾਵਹਿਂ (ਪਾਵੈਂ ਵਾਙ), ਸੋਹਹਿਂ, ਪੰਚਾਂ, ਨਾਹੀਂ, ਸ਼ੁਮਾਰ, ਰੰਗਾਂ, ਨਾਂਵ, ਏਹ, ਸਭਨਾਂ, ਕਹਾਂ, ਜਾਵਾਂ।

ਪਦ ਅਰਥ: ਪੰਚ- ਗੁਰੂ ਸਿੱਖਿਆ ਸੁਣਨ ਤੇ ਮੰਨਣ ਨਾਲ ਬਣਿਆ ਉਹ ਜੀਵਨ, ਜੋ ਸਮਾਜ (ਆਕਾਰ) ਦੀ ਹੋਂਦ ਦੀ ਅਸਲੀਅਤ ਨੂੰ ਸਮਝ ਗਿਆ ਹੈ ‘‘ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥’’ (ਮ: ੫/੨੯੭)।, ਪਰਵਾਣ-ਕਬੂਲ।, ਪਰਧਾਨੁ- ਅਗਵਾਈ ਯੋਗ (ਆਗੂ, ਚੋਧਰੀ)।, ਪਾਵਹਿ-ਪਾਉਂਦੇ ਹਨ (ਬਹੁ ਵਚਨ ਕਿਰਿਆ), ਦਰਗਾਹਿ- ਰੱਬੀ ਹਜ਼ੂਰੀ ਵਿੱਚ (ਅਧਿਕਰਣ ਕਾਰਕ)।, ਸੋਹਹਿ- ਸੋਭਦੇ ਹਨ (ਬਹੁ ਵਚਨ ਕਿਰਿਆ), ਦਰਿ-(ਰੱਬੀ) ਦਰ ਉੱਤੇ (ਅਧਿਕਰਣ ਕਾਰਕ)।, ਰਾਜਾਨੁ (ਰਾਜਨ) ਪਾਤਿਸ਼ਾਹ (ਨਾਂਵ)।, ਕਰਤੇ ਕੈ ਕਰਣੈ- (ਇਸ ਜੁੜਤ ਸ਼ਬਦ ਵਿੱਚੋਂ ‘ਕਰਤੇ’ ਦਾ ਅਰਥ ਹੈ ‘ਕਰਤਾਰ’ ਅਤੇ ‘ਕਰਣੈ’ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦੇ ਅਰਥ ਕਰਦਿਆਂ ਵਿਆਕਰਣ ਅਨੁਸਾਰ ਅੰਤ ਵਿੱਚ ਸੰਬੰਧਕ ਅਰਥ ‘ਵਿੱਚ’ ਜਾਂ ‘ਰਾਹੀਂ ’ ਜ਼ਰੂਰ ਨਿਕਲੇਗਾ) ਭਾਵ ‘ਕਰਤਾਰ ਦੇ ਜਗਤ ਖਿਲਾਰੇ ਵਿੱਚ’ ਜਾਂ ‘ਕਰਤਾਰ ਦੇ ਜਗਤ ਵਿਸਥਾਰ ਰਾਹੀਂ ’।, ਸ਼ੁਮਾਰੁ- (ਸੀਮਾ ਦਾ) ਅੰਤ, ਹੱਦ-ਬੰਨਾ (ਇੱਕ ਵਚਨ ਪੁਲਿੰਗ)।, ਧੌਲੁ-ਸਫ਼ੈਦ (ਪਾਰਦਰਸੀ) ਨਿਯਮ (ਬਲਦ)।, ਧਰਮੁ- ਰੱਬੀ ਹੁਕਮ।, ਸੂਤਿ- ਸੂਤ੍ਰ (ਮਰਿਆਦਾ, ਅਨੁਸ਼ਾਸਨ) ਵਿੱਚ (ਅਧਿਕਰਣ ਕਾਰਕ)।, ਸਚਿਆਰੁ-ਬਲਦ ਵਾਙ ਸਫ਼ੈਦ (ਨਿਰਮਲ) ਜੀਵਨ (ਇੱਕ ਵਚਨ ਪੁਲਿੰਗ ਨਾਂਵ)।, ਧਵਲੈ- (ਕਲਪਿਤ ਖ਼ਿਆਲੀ ਮੰਨੇ ਜਾਂਦੇ) ਬਲਦ (ਇੱਕ ਵਚਨ ਪੁਲਿੰਗ ਨਾਂਵ)।, ਭਾਰੁ- ਵਜ਼ਨ।, ਹੋਰੁ- ਹੋਰ (ਬਲਦ, ਇੱਕ ਵਚਨ ਪੁਲਿੰਗ ਪੜਨਾਂਵ)।, ਤਲੈ- ਹੇਠਾਂ (ਸੰਬੰਧਕ), ਕੇ ਜੀਅ- ਕਈ ਜੀਵ (ਬਹੁ ਵਚਨ ਨਾਂਵ)।, ਵੁੜੀ ਕਲਾਮ- ਨਿਰੰਤਰ ਚਲਦੀ ਕਲਮ ਨਾਲ ‘‘ਜੈਸੀ ਕਲਮ ਵੁੜੀ ਹੈ ਮਸਤਕਿ, ਤੈਸੀ ਜੀਅੜੇ ਪਾਸਿ ॥’’ (ਮ: ੧/੭੪)।, ਏਹੁ ਲੇਖਾ-(‘ਵੁੜੀ ਕਲਾਮ’ ਨਾਲ ਲਿਖਿਆ ਗਿਆ) ਇਹ ਹਿਸਾਬ-ਕਿਤਾਬ।, ਕੇਤਾ- ਕਿੰਨਾ ਕੁ? (ਬਲ; ਪ੍ਰਸ਼ਨ ਵਾਚਕ ਪੁਲਿੰਗ ਪੜਨਾਵ)।, ਸੁਆਲਿਹੁ- ਸੁੰਦਰ (ਵਿਸ਼ੇਸ਼ਣ)।, ਕੇਤੀ- ਕਿੰਨੀ ਕੁ (ਬਖ਼ਸ਼ਸ਼; ਪ੍ਰਸ਼ਨ ਵਾਚਕ ਇਸਤ੍ਰੀ ਲਿੰਗ ਪੜਨਾਵ), ਕੂਤੁ-ਅੰਦਾਜ਼ਾ (ਅਨੁਮਾਨ, ਮਾਪ; ਇੱਕ ਵਚਨ ਪੁਲਿੰਗ)।, ਪਸਾਉ- ਪਸਾਰਾ (ਖਿਲਾਰਾ, ਆਕਾਰ; ਇੱਕ ਵਚਨ)। ਕਵਾਉ- ਹੁਕਮ (ਇੱਕ ਵਚਨ ਪੁਲਿੰਗ ਨਾਂਵ)।, ਲਖ ਦਰੀਆਉ- ਲੱਖਾਂ ਜ਼ਿੰਦਗੀਆਂ (ਬਹੁ ਵਚਨ)।, ਕੁਦਰਤਿ ਕਵਣ-ਇਸ ਜੁੜਤ ਸ਼ਬਦ ਵਿੱਚ ‘ਕਵਣ’, ਇਸਤ੍ਰੀ ਲਿੰਗ ਸ਼ਬਦ ‘ਕੁਦਰਤਿ’ ਦਾ ‘ਪ੍ਰਸ਼ਨ ਵਾਚਕ ਪੜਨਾਂਵ’ ਹੈ, ਜਿਨ੍ਹਾਂ ਵਿੱਚੋਂ ‘ਕਵਣ’ ਦਾ ਅਰਥ ਹੈ ‘ਕੀ’ ਜਦਕਿ ‘ਕੁਦਰਤਿ’ ਦਾ ਅਰਥ ਹੈ ‘ਤਾਕਤ’, ਭਾਵ ‘ਮੇਰੀ ਕੀ ਤਾਕਤ ਹੈ?’।, ਸਾਈ- ਉਹੀ (ਇਸਤ੍ਰੀ ਲਿੰਗ ਪੜਨਾਂਵ)।, ਕਾਰ-ਕਾਰ-ਵਿਹਾਰ (ਕੰਮ-ਕਾਜ; ਇਸਤ੍ਰੀ ਲਿੰਗ)।, ਸਦਾ ਸਲਾਮਤਿ-ਸਦਾ ਸਥਿਰ (ਵਿਸ਼ੇਸ਼ਣ)।, ਨਿਰੰਕਾਰ- ਹੇ ਨਿਰੰਕਾਰ! (ਸੰਬੋਧਨ)।

(ਨੋਟ : ਜੋ ਮਨੁੱਖ ਗੁਰੂ ਸਿੱਖਿਆ ਸੁਣ ਕੇ ਉਸ ਅਨੁਸਾਰ ਆਪਣਾ ਜੀਵਨ ਤਬਦੀਲ ਕਰਨ ’ਚ ਕਾਮਯਾਬ ਹੋ ਜਾਂਦਾ ਹੈ ਉਹ ਮਾਇਆ ਦੀ ਪਕੜ ’ਚੋਂ ਅਜ਼ਾਦ ਹੋ ਗਿਆ। ਉਸ ਦਾ ਜੀਵਨ ਸੰਸਾਰਕ ਬੰਧਨਾਂ ਵੱਲੋਂ ਹਮੇਸ਼ਾਂ ਸੁਚੇਤ (ਅਛੋਹ) ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਅਜਿਹੇ ਜੀਵਨ ਨੂੰ ‘ਪੰਚ’ ਸ਼ਬਦ ਨਾਲ਼ ਨਿਵਾਜ ਰਹੇ ਹਨ।

‘ਪੰਚ’ ਤੇ ‘ਪਰਪੰਚ’ ਸ਼ਬਦਾਂ ’ਚ ਕਾਫ਼ੀ ਅੱਖਰੀਂ ਸਮਾਨਤਾ ਹੋਣ ਦੇ ਬਾਵਜੂਦ ਗੁਰਬਾਣੀ ’ਚ ਇਨ੍ਹਾਂ ਦੇ ਅਰਥਾਂ ’ਚ ਤੁਲਨਾਤਮਿਕ ਪੱਖ ਦਰਜ ਹੈ; ਜਿਵੇਂ ਕਿ

(1). ‘ਪਰਪੰਚ’ ਦਾ ਅਰਥ ਹੈ, ‘ਢੌਂਗ, ਵਿਖਾਵਾ, ਖਿਲਾਰਾ, ਅਡੰਬਰ, ਆਕਾਰ, ਜਗਤ, ਕੂੜ, ਛਲ-ਕਪਟ’ ਆਦਿ; ਜਿਵੇਂ ਕਿ

ਜਹ ਆਪਿ ਰਚਿਓ; ‘ਪਰਪੰਚੁ ਅਕਾਰੁ’ (ਭਾਵ ਸਮਾਜਿਕ ਖਿਲਾਰਾ)॥ (ਮਹਲਾ ੫/੨੯੧)

ਪਪੈ, ਪਾਤਿਸਾਹੁ ਪਰਮੇਸਰੁ; ਵੇਖਣ ਕਉ ‘ਪਰਪੰਚੁ’ (ਸੰਸਾਰ) ਕੀਆ ॥ (ਆਸਾ ਪਟੀ/ਮਹਲਾ ੧/੪੩੩)

ਬਹੁ ‘ਪਰਪੰਚ’ (ਛਲ-ਕਪਟ) ਕਰਿ (ਕੇ); ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ (ਇਸਤ੍ਰੀ ਪੁੱਤਰਾਂ ਅੱਗੇ); ਆਨਿ (ਲਿਆ ਕੇ) ਲੁਟਾਵੈ ॥ (ਭਗਤ ਕਬੀਰ/੬੫੬)

ਪਪੈ, ਪਾਰਿ ਨ ਪਵਹੀ ਮੂੜੇ  ! ‘ਪਰਪੰਚਿ’ (ਸੰਸਾਰ ’ਚ) ਤੂੰ ਪਲਚਿ ਰਹਿਆ (ਫਸ ਗਿਆ) ॥ (ਆਸਾ ਪਟੀ/ਮਹਲਾ ੩/੪੩੫), ਆਦਿ।

(2). ‘ਪੰਚ’ ਦਾ ਅਰਥ ਹੈ, ‘ਜੋ ਢੌਂਗੀ ਨਹੀਂ, ਛਲ ਕਪਟੀ ਨਹੀਂ, ਕੂੜ ਤੋਂ ਅਛੋਹ ਹੈ, ਸੰਸਾਰਕ ਮਲ਼ੀਨਤਾ ਦਾ ਭਾਗ ਨਹੀਂ ਭਾਵ ਨਿਰਾਕਾਰ ਵਾਙ ਨਿਰਮਲ ਵਿਚਰਦਾ ਹੈ, ਪਰਪੰਚ (ਜਗਤ ਖਿਲਾਰੇ ਦੀ ਪਕੜ) ਤੋਂ ਸੁਚੇਤ ਹੈ’, ਆਦਿ; ਜਿਵੇਂ ਕਿ

ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ‘ਪਰਪੰਚੁ॥’ (ਮਹਲਾ ੫/੨੯੭)  ਭਾਵ ਜਿਨ੍ਹਾਂ ਨੇ ਜਗਤ ਫ਼ਰੇਬ ਨੂੰ ਜਾਣ ਲਿਆ, ਮਾਇਆਵੀ ਖੇਡ ਦੀ ਅਸਲੀਅਤ ਸਮਝ ਲਈ, ਅਸਲ ’ਚ ਉਹੀ ਤੱਤਵੇਤਾ ਪੰਚ ਜਨ (ਇੱਥੇ) ਪ੍ਰਧਾਨ ਹਨ, ਬਾਕੀ ਤਾਂ ਸਭ ਖ਼ਾਕ ਛਾਣ ਰਹੇ ਹਨ।

‘ਜਪੁ’ ਬਾਣੀ ’ਚ ਅਗਾਂਹ ਪਉੜੀ ਨੰਬਰ 16 ਤੋਂ 31 ਤੱਕ ‘‘ਪੰਚਾ ਕਾ ਗੁਰੁ ਏਕੁ ਧਿਆਨੁ ॥’’ ਪਾਵਨ ਵਚਨ ਅਧੀਨ ਵਿਚਰਨ ਵਾਲ਼ੀ ‘ਪੰਚ ਬਿਰਤੀ’ ਨਿਰਾਕਾਰ ਮਾਲਕ ਦੇ ਰੂ-ਬਰੂ ਸੰਵਾਦ (ਵਿਚਾਰ-ਵਟਾਂਦਰਾ) ਕਰਦੀ, ਬਿਆਨ ਕੀਤੀ ਗਈ ਹੈ।  ਦਰਅਸਲ, ਅਕਾਲ ਪੁਰਖ ਦੇ ਸਨਮੁਖ ਹੋ ਕੇ ਉਸ ਦੇ ਗੁਣ ਗਾਉਣਾ ਹੀ ‘ਜਪੁ’ (ਸਿਮਰਨ) ਹੈ, ਜੋ ਕਿ ਇਸ ਬਾਣੀ ਦਾ ਨਾਂ/ਸਿਰਲੇਖ ਵੀ ਹੈ।)

‘‘ਪੰਚ ਪਰਵਾਣ; ਪੰਚ ਪਰਧਾਨੁ ॥’’- ਇਸ ਪਉੜੀ ’ਚ ਦਰਜ ਸ਼ਬਦ ‘ਪੰਚ’ ਬਹੁ ਵਚਨ ਦਾ ਪ੍ਰਤੀਕ ਹੈ। ਗੁਰਬਾਣੀ ਵਿੱਚ ‘ਪੰਚ’ ਸ਼ਬਦ 215 ਵਾਰ ਦਰਜ ਹੈ ਅਤੇ ਕਈ ਅਰਥਾਂ ਵਿੱਚ ਆਇਆ ਹੈ; ਜਿਵੇਂ:

(1). ‘ਪੰਚ’ ਸ਼ਬਦ ਪੰਜ ਕਾਮਾਦਿਕਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਲਈ; ਜਿਵੇਂ: ‘‘ਤਿਨ੍ ਜਨ ਕੇ ਸਭਿ ਪਾਪ ਗਏ, ਸਭਿ ਦੋਖ ਗਏ; ਸਭਿ ਰੋਗ ਗਏ, ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍ ਜਨ ਕੇ; ਹਰਿ ਮਾਰਿ ਕਢੇ ਪੰਚ ਚੋਰਾ ॥ (ਮ: ੪/੧੨੦੧), ਕਾਮ ਕ੍ਰੋਧ ਲੋਭ ਮੋਹ ਅਪਤੁ (ਅਹੰਕਾਰ), ਪੰਚ ਦੂਤ ਬਿਖੰਡਿਓ ॥’’ (ਭਟ ਭਿਖਾ/੧੩੯੬) ਆਦਿ।

(2). ‘ਪੰਚ’ ਸ਼ਬਦ ਪੰਜ ਸ਼ੁਭ (ਦੈਵੀ) ਗੁਣਾਂ (ਸਤ, ਸਤੋਖ, ਦਇਆ, ਧਰਮ ਤੇ ਧੀਰਜ) ਲਈ; ਜਿਵੇਂ: ‘‘ਪੰਚ ਮਨਾਏ; ਪੰਚ ਰੁਸਾਏ ॥ ਪੰਚ ਵਸਾਏ; ਪੰਚ ਗਵਾਏ ॥’’ (ਮ: ੫/੪੩੦) ਭਾਵ ਪੰਜ (ਸਤ, ਸਤੋਖ, ਦਇਆ, ਧਰਮ ਤੇ ਧੀਰਜ) ਮਨਾ (ਪ੍ਰਫੁਲਤ ਕਰ) ਲਏ, ਜਿਸ ਕਾਰਨ ਪੰਜ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਰੁਸ ਗਏ। ਪੰਜ ਦੈਵੀ ਗੁਣ ਹਿਰਦੇ ਵਿੱਚ ਵਸਾ ਲਏ ਤੇ ਪੰਜ ਕਾਮਾਦਿਕ (ਅੰਦਰੋਂ) ਕੱਢ ਦਿੱਤੇ।

(3). ‘ਪੰਚ’ ਸ਼ਬਦ ਪੰਜ ਗਿਆਨ ਇੰਦਿ੍ਰਆਂ (ਨੱਕ, ਕੰਨ, ਜੀਭ, ਅੱਖ ਤੇ ਤ੍ਵਚਾ (ਚਮੜੀ) ਲਈ; ਜਿਵੇਂ: ‘‘ਪੰਚ ਸਖੀ; ਹਮ ਏਕੁ ਭਤਾਰੋ ॥ ਪੰਚ ਸਖੀ; ਮਿਲਿ ਰੁਦਨੁ ਕਰੇਹਾ ॥ ਸਾਹੁ ਪਜੂਤਾ; ਪ੍ਰਣਵਤਿ ਨਾਨਕ! ਲੇਖਾ ਦੇਹਾ ॥’’ (ਮ: ੧/੩੫੯) ਭਾਵ ਮੇਰੀਆਂ ਪੰਜ ਸਤਸੰਗੀ (ਗਿਆਨ ਇੰਦ੍ਰੀਆਂ) ਦਾ ਜੀਵਾਤਮਾ ਇਕੋ ਹੀ ਖਸਮ ਹੈ (ਭਾਵ ਦੁਖ-ਸੁਖ ਇਨ੍ਹਾਂ ਦਾ ਸਾਂਝਾ ਹੈ) ਪੰਜੇ ਸਹੇਲੀਆਂ ਰੋਂਦੀਆਂ ਹਨ ਕਿਉਂਕਿ ਨਾਨਕ ਆਖਦਾ ਹੈ ਕਿ ਖਸਮ (ਜੀਵਾਤਮਾ) ਲੇਖਾ ਦੇਣ ਲਈ ਫੜਿਆ ਗਿਆ।

(4). ‘ਪੰਚ’ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੀ ‘ਪੰਜਵੀਂ’ ਜੋਤਿ (ਗੁਰੂ ਅਰਜਨ ਸਾਹਿਬ ਜੀ) ਲਈ; ਜਿਵੇਂ: ‘‘ਮੂਰਤਿ ਪੰਚ, ਪ੍ਰਮਾਣ ਪੁਰਖੁ; ਗੁਰੁ ਅਰਜੁਨੁ ਪਿਖਹੁ ਨਯਣ ॥ (ਭਟ ਮਥੁਰਾ/੧੪੦੮) ਭਾਵ ਗੁਰੂ ਨਾਨਕ ਸਾਹਿਬ ਜੀ ਦੀ ਪੰਚ (ਪੰਜਵੀਂ ) ਮੂਰਤ ਅਕਾਲ ਪੁਰਖ ਰੂਪ ਗੁਰੂ ਅਰਜਨ ਦੇਵ ਜੀ ਨੂੰ ਅੱਖਾਂ ਨਾਲ ਵੇਖੋ।

(5). ‘ਪੰਚ’ ਸ਼ਬਦ ਪਿੰਡ ਦੇ ਮੁਖੀ ਲੋਕਾਂ ਲਈ; ਜਿਵੇਂ: ‘‘ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ॥’’ (ਮ: ੪/੩੧੫)

(ਧਿਆਨ ਰਹੇ ਕਿ ਇਸ ਪੰਕਤੀ ਵਿੱਚ ਆਇਆ ‘ਪੰਚ’ ਸ਼ਬਦ ਕਿਸੇ ਜੀਵਨ ਉੱਚਤਾ (ਆਦਰਸ਼) ਨੂੰ ਬਿਆਨ ਨਹੀਂ ਕਰਦਾ ਹੈ।)

(6). ‘ਪੰਚ’ ਸ਼ਬਦ ਗੁਰੂ ਸਿੱਖਿਆ ਸੁਣਨ ਤੇ ਮੰਨਣ ਨਾਲ ਆਈ ਜਾਗਰੂਕਤਾ, ਜਿਸ ਰਾਹੀਂ ਜਗਿਆਸੂ (ਸੰਤ-ਜਨ) ਸਮਾਜਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਯੋਗ ਬਣ ਜਾਂਦਾ ਹੈ, ਲਈ; ਜਿਵੇਂ: ‘‘ਪੰਚਮਿ, ਪੰਚ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥ ਕੁਸਮ ਬਾਸ ਬਹੁ ਰੰਗੁ ਘਣੋ; ਸਭ ਮਿਥਿਆ ਬਲਬੰਚੁ ॥’’ (ਮ: ੫/੨੯੭) ਭਾਵ ਪੰਜਵੀਂ ਥਿਤਿ ਵਿੱਚ ਉਹੀ ਪੰਚ (ਸੰਤ-ਜਨ) ਸ੍ਰੇਸ਼ਟ ਹੁੰਦੇ ਹਨ ਜਿਨ੍ਹਾਂ ਨੇ ਜਗਤ ਨੂੰ ਨਾਸਵੰਤ, ਛਲ ਕਪਟ ਸਮਝ ਲਿਆ ਹੈ ਭਾਵੇਂ ਇਹ ਬਾਹਰੋਂ ਫੁੱਲਾਂ ਦੀ ਬੇਅੰਤ (ਵਿਆਪਕ) ਸੁਗੰਧੀ ਹੀ ਜਾਪੇ।

ਅਜਿਹੇ ‘ਸੰਤ-ਜਨ’ ਸਮਾਜਿਕ ਸਤਿਕਾਰ ਦੇ ਭੁੱਖੇ ਨਹੀਂ ਹੁੰਦੇ; ਜਿਵੇਂ: ‘‘ਪੰਚ ਸਹਾਈ ਜਨ ਕੀ ਸੋਭਾ; ਭਲੋ ਭਲੋ ਨ ਕਹਾਵਉਗੋ॥ (ਭਗਤ ਨਾਮਦੇਵ/੯੭੩)

ਸੋ, ਸੰਬੰਧਤ ਪੰਕਤੀ ‘‘ਪੰਚ ਪਰਵਾਣ; ਪੰਚ ਪਰਧਾਨੁ ॥’’ ਵਿੱਚ ਦਰਜ ‘ਪੰਚ’ ਸ਼ਬਦ ‘ਪੰਜਿ’ (ਸੰਖਿਆਵਾਚਕ) ਲਈ ਨਹੀਂ ਬਲਕਿ ‘ਪੰਚ’ (ਸੰਤ-ਜਨਾਂ) ਲਈ ਦਰਜ ਕੀਤਾ ਗਿਆ ਹੈ। ‘ਪੰਚ’ ਸ਼ਬਦ ‘ਪੰਚ-ਜਨਾਂ’ ਦੇ ਪ੍ਰਥਾਏ ਗੁਰਬਾਣੀ ਵਿੱਚ ਸੰਬੰਧਤ ਪਉੜੀ ਤੋਂ ਇਲਾਵਾ ਕੇਵਲ ਇੱਕ ਵਾਰ ਹੋਰ ‘‘ਪੰਚਮਿ, ‘ਪੰਚ’ ਪ੍ਰਧਾਨ ਤੇ; ਜਿਹ ਜਾਨਿਓ ਪਰਪੰਚੁ ॥’’ ਵਿੱਚ ਹੀ ਦਰਜ ਕੀਤਾ ਹੋਇਆ ਮਿਲਦਾ ਹੈ।

‘ਪਰਵਾਣ’-ਇਹ ਸ਼ਬਦ ਗੁਰਬਾਣੀ ਵਿੱਚ 126 ਵਾਰ ‘ਪਰਵਾਣੁ’ (ਅੰਤ ਔਕੁੜ) ਸਰੂਪ ਵਿੱਚ ਦਰਜ ਹੈ; ਜਿਵੇਂ: ‘‘ਅਮੁਲੁ ਤੁਲੁ; ਅਮੁਲੁ ਪਰਵਾਣੁ ॥ (ਜਪੁ /ਮ: ੧) ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥ (ਜਪੁ /ਮ: ੧) ਤਿਥੈ ਸੋਹਨਿ; ਪੰਚ ਪਰਵਾਣੁ ॥ (ਜਪੁ /ਮ: ੧) ਸੋ ਗਿਆਨੀ; ਦਰਗਹ ਪਰਵਾਣੁ ॥ (ਮ: ੧/੨੫) ਆਦਿ।

ਪਰ ਸੰਬੰਧਤ ‘ਪਰਵਾਣ’ (ਅੰਤ ਮੁਕਤਾ) ਕੇਵਲ ‘ਪੰਚ’ (ਬਹੁ ਵਚਨ) ਨਾਂਵ ਦੇ ਵਿਸ਼ੇਸ਼ਣ ਕਾਰਨ ਹੀ ਅੰਤ ਮੁਕਤਾ ਹੈ।

‘ਪਰਧਾਨੁ’- ਇਹ ਸ਼ਬਦ ਗੁਰਬਾਣੀ ਵਿੱਚ 19 ਵਾਰ ਦਰਜ ਹੈ, ਜਿਸ ਦਾ ਅਲੱਗ-ਅਲੱਗ ਅਰਥ ਬਣਦਾ ਹੈ; ਜਿਵੇਂ: ‘‘ਧਨੁ ਜਨਨੀ ਜਿਨਿ ਜਾਇਆ, ਧੰਨੁ ਪਿਤਾ ‘ਪਰਧਾਨੁ’ (ਭਾਗਾਂ ਵਾਲਾ) ॥ (ਮ: ੩/੩੨), ਅਹਿਨਿਸਿ ਨਾਮੁ ਤਿਸੈ ਕਾ ਲੀਜੈ; ਹਰਿ ਊਤਮੁ ਪੁਰਖੁ ‘ਪਰਧਾਨੁ’ (ਸਭ ਤੋਂ ਵੱਡਾ) ਜੀਉ ॥ (ਮ: ੧/੪੩੮), ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ‘ਪਰਧਾਨੁ’ (ਚੌਧਰੀ ਬਣਿਆ) ਵੇ ਲਾਲੋ ॥ (ਮ: ੧/੭੨੨), ਜਿਨਿ ਭਗਤ ਭਵਜਲ ਤਾਰੇ; ਸਿਮਰਹੁ ਸੋਈ ਨਾਮੁ ‘ਪਰਧਾਨੁ’ (ਸ਼੍ਰੇਸਟ) ॥ (ਭਟ ਕਲ੍ਹ /੧੩੯੨), ਹਉ ਸੂਰਾ, ‘ਪਰਧਾਨੁ’ (ਸੂਰਵੀਰ) ਹਉ; ਕੋ ਨਾਹੀ ਮੁਝਹਿ ਸਮਾਨੀ (ਵਰਗਾ)॥ (ਮ: ੫/੨੪੨) ਆਦਿ, ਪਰ ਸੰਬੰਦਤ ਪੰਕਤੀ ’ਚ ਸ਼ਬਦ ‘ਪਰਧਾਨੁ’ ਦਾ ਅਰਥ ਹੈ ‘ਅਗਵਾਈ ਯੋਗ, ਆਗੂ, ਸਤਿਕਾਰ ਯੋਗ’ ਆਦਿ; ਜਿਵੇਂ: ‘‘ਸੋ ਪੂਰਾ ਪਰਧਾਨੁ; ਜਿਸ ਨੋ ਬਲੁ ਧਰੈ ॥ (ਮ: ੫/੯੫੮), ਗੋਵਿਦੁ ਗੋਵਿਦੁ ਗੋਵਿਦੁ ਜਪਿ; ਮੁਖੁ ਊਜਲਾ ਪਰਧਾਨੁ ॥ (ਮ: ੪/੧੩੧੩), ਜਾ ਕੈ ਹਿਰਦੈ ਹਰਿ ਵਸੈ, ਸੋ ਪੂਰਾ ਪਰਧਾਨੁ (ਮੰਨਿਆ-ਪ੍ਰਮੰਨਿਆ) ॥ (ਮ: ੫/੪੫)

(ਨੋਟ: ਵਿਆਕਰਣ ਨਿਯਮਾਂ ਅਨੁਸਾਰ ‘ਪੰਚ ਪਰਧਾਨੁ’ ਜੁੜਤ ਸ਼ਬਦਾਂ ਵਿੱਚੋਂ ‘ਪਰਧਾਨੁ’ ਸ਼ਬਦ ਦਾ ਅੰਤ ਮੁਕਤਾ ਆਉਣਾ ਚਾਹੀਦਾ ਸੀ ਕਿਉਂਕਿ ‘ਪੰਚ’ (ਨਾਂਵ) ਸ਼ਬਦ ਬਹੁ ਵਚਨ ਹੈ, ਜਿਸ ਦਾ ਇਹ ਵਿਸ਼ੇਸ਼ਣ ਹੈ; ਜਿਵੇਂ: ‘ਪੰਚ ਪਰਵਾਣ’ ਸ਼ਬਦ ਦਾ ਅੰਤ ਮੁਕਤਾ ਹੈ।

ਦਰਅਸਲ, ਗੁਰਬਾਣੀ ਲਿਖਤ ਅਨੁਸਾਰ ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਨਿਰੰਤਰ ਚਲ ਰਹੀਆਂ ਪੰਕਤੀਆਂ ਦਾ ਅੰਤ ਸ਼ਬਦ, ਅਗਰ ਔਕੁੜ ਸਹਿਤ ਆ ਰਿਹਾ ਹੈ ਤਾਂ ਉਕਤ ਨਿਯਮ ਉਪਰ ਵੀ ਉਸ ਦਾ ਕੁਝ ਪ੍ਰਭਾਵ ਪੈ ਹੀ ਜਾਂਦਾ ਹੈ; ਜਿਵੇਂ ਕਿ ‘‘ਪੰਚ ਪਰਧਾਨੁ ॥….ਦਰਗਹਿ ਮਾਨੁ ॥ …. ਦਰਿ ਰਾਜਾਨੁ ॥ …..ਗੁਰੁ ਏਕੁ ਧਿਆਨੁ ॥’’ ਆਦਿ ਪੰਕਤੀਆਂ ਅੰਤ ਔਕੁੜ ਸਹਿਤ ਆ ਰਹੀਆਂ ਹਨ, ਇਸ ਲਈ ‘ਪਰਧਾਨ’ ਤੋਂ ‘ਪਰਧਾਨੁ’ ਵੀ ਬਣ ਗਿਆ।)

ਸੋ, ‘‘ਪੰਚ ਪਰਵਾਣ; ਪੰਚ ਪਰਧਾਨੁ ॥’’ ਭਾਵ (ਗੁਰ ਸ਼ਬਦ ਦੀ ਕਮਾਈ ਅਨੁਸਾਰ ਵਿਚਰਨ ਵਾਲ਼ੇ) ਪੰਚ-ਜਨ; ਸਮਾਜਕ ਵਿਕਾਰਾਂ ਦੇ ਮੁਕਾਬਲੇ ਪ੍ਰਧਾਨ (ਅਜਿੱਤ) ਹੁੰਦੇ ਹਨ ਤੇ ਹਰ ਥਾਂ ਕਬੂਲੇ ਜਾਂਦੇ ਹਨ।

‘‘ਪੰਚੇ, ਪਾਵਹਿ ਦਰਗਹਿ ਮਾਨੁ ॥’’- ਇਸ ਪੰਕਤੀ ’ਚ ‘ਪੰਚ’ ਸ਼ਬਦ ਨੂੰ ‘ਪੰਚੇ’ ਸਰੂਪ ’ਚ ਬਦਲਿਆ ਗਿਆ ਹੈ, ਜੋ ਵੀਚਾਰਨ ਦਾ ਵਿਸ਼ਾ ਹੈ। ਗੁਰਬਾਣੀ ਲਿਖਤ ਅਨੁਸਾਰ ਜਦ ਕਿਸੇ ਸ਼ਬਦ ਵਿੱਚੋਂ ਕਿਰਿਆ ਵਿਸ਼ੇਸ਼ਣ ‘ਹੀ’ ਸ਼ਬਦ ਲੈਣਾ ਹੋਵੇ ਤਾਂ ਸ਼ਬਦ ਦੀ ਬਣਤਰ ਅੰਤ ‘ ੇ ’ (ਏ) ਬਣ ਜਾਂਦੀ ਹੈ; ਜਿਵੇਂ ਕਿ ਅਗਾਂਹ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ‘ਸਬਦਿ’ ਤੋਂ ‘ਸਬਦੇ’ ਬਣਤਰ ‘ਹੀ’ ਕਾਰਨ ਬਣੀ ਹੈ, ਜਿਸ ਦਾ ਅਰਥ ਹੈ ‘ਸ਼ਬਦ ਰਾਹੀਂ ਹੀ’: ‘‘ਸਬਦੇ ਹੀ’ ਹਰਿ ਮਨਿ ਵਸੈ; ਰਸਨਾ ਹਰਿ ਰਸੁ ਖਾਇ ॥ (ਮ: ੩/੬੮), ‘ਸਬਦੇ ਹੀ’; ਫਿਰਿ ਓਪਤਿ ਹੋਵੈ ॥ (ਮ: ੩/੧੧੭), ‘ਸਬਦੇ ਹੀ’ ਨਾਉ ਊਪਜੈ; ਸਬਦੇ ਮੇਲਿ ਮਿਲਾਇਆ ॥ (ਮ: ੩/੬੪੪), ‘ਸਬਦੇ ਹੀ’ ਸੋਝੀ ਪਈ; ਸਚੈ ਆਪਿ ਬੁਝਾਈ ॥’’ (ਮ: ੩/੯੪੯) ਆਦਿ।

ਕਾਵਿ ਤੋਲ ਕਾਰਨ ਜਦ ਪ੍ਰਗਟ ਰੂਪ ਵਿੱਚ ‘ਹੀ’ ਸ਼ਾਮਲ ਨਾ ਕਰਨਾ ਹੋਵੇ ਤਾਂ ‘ਹੀ’ ਤੋਂ ਪਹਿਲਾਂ ਦਰਜ ਹੋਣ ਵਾਲੇ ਸ਼ਬਦ ਦੀ ਬਣਤਰ ਉਹੀ (ਅੰਤ ‘ਏ’ ਵਾਲੀ ਹੀ) ਰਹਿੰਦੀ ਹੈ, ਤਾਂ ਜੋ ‘ਹੀ’ ਲੁਪਤ ਅਰਥ ਲਏ ਜਾਣ; ਜਿਵੇਂ: ‘‘ਏਕੁ ਮਰੈ, ‘ਪੰਚੇ’ ਮਿਲਿ ਰੋਵਹਿ ॥ (ਮ: ੧/੪੧੩), ਜੋ ਹਰਿ ਨਾਮੁ ਧਿਆਇਦੇ, ਮੇਰੀ ਜਿੰਦੁੜੀਏ! ਤਿਨਾ ‘ਪੰਚੇ’ ਵਸਗਤਿ ਆਏ ਰਾਮ ॥ (ਮ: ੪/੫੩੯), ਏਕੁ ਕੋਟੁ ਪੰਚ ਸਿਕਦਾਰਾ, ‘ਪੰਚੇ’ ਮਾਗਹਿ ਹਾਲਾ ॥ (ਭਗਤ ਕਬੀਰ/੭੯੩), ‘ਪੰਚੇ’ ਸਬਦ ਵਜੇ ਮਤਿ ਗੁਰਮਤਿ, ਵਡਭਾਗੀ ਅਨਹਦੁ ਵਜਿਆ ॥’’ (ਮ: ੪/੧੩੧੫) ਆਦਿ। ਇਸ ਤਰ੍ਹਾਂ ਹੀ ‘‘ਪੰਚੇ, ਪਾਵਹਿ ਦਰਗਹਿ ਮਾਨੁ ॥’’ ਵਾਕ ਰਾਹੀਂ ‘ਪੰਚੇ ਹੀ’ ਅਰਥ ਜ਼ਰੂਰ ਲੈਣੇ ਪੈਣਗੇ।

‘ਦਰਗਾਹਿ’- ਇਹ ਸ਼ਬਦ ਗੁਰਬਾਣੀ ਵਿੱਚ 26 ਵਾਰ ਦਰਜ ਹੈ; ਜਿਵੇਂ: ‘‘ਐਥੈ ਮਿਲਹਿ ਵਡਾਈਆ; ‘ਦਰਗਹਿ’ ਪਾਵਹਿ ਥਾਉ॥ (ਮ: ੫/੪੮), ਆਗੈ ‘ਦਰਗਹਿ’ ਮੰਨੀਅਹਿ; ਮਿਲੈ ਨਿਥਾਵੇ ਥਾਉ ॥’’ (ਮ: ੫/੫੨) ਆਦਿ।

ਸੋ, ‘‘ਪੰਚੇ, ਪਾਵਹਿ ਦਰਗਹਿ ਮਾਨੁ ॥’’- ਭਾਵ (ਗੁਰ ਸ਼ਬਦ ਦੀ ਕਮਾਈ ਅਨੁਸਾਰ ਵਿਚਰਨ ਵਾਲ਼ੇ) ਪੰਚ-ਜਨ; (ਰੱਬੀ) ਇਨਸਾਫ਼ ਘਰ (ਦਰਗਹਿ) ’ਚ ਕਬੂਲ ਹੁੰਦੇ ਹਨ, ਸਤਿਕਾਰ ਪਾਂਦੇ ਹਨ ।

‘‘ਪੰਚੇ, ਸੋਹਹਿ ਦਰਿ ਰਾਜਾਨੁ ॥’’- ਇੱਥੇ ਦਰਜ ਸ਼ਬਦ ‘ਦਰਿ’ ਗੁਰਬਾਣੀ ਵਿੱਚ 244 ਵਾਰ ਹੈ, ਜੋ ‘ਦਰ ਉੱਤੇ’ (ਅਧਿਕਰਣ ਕਾਰਕ) ਦੇ ਅਰਥ ਦੇਂਦਾ ਹੈ; ਜਿਵੇਂ: ‘‘ਊਤਮ ਸੇ ‘ਦਰਿ’ ਊਤਮ ਕਹੀਅਹਿ, ਨੀਚ ਕਰਮ ਬਹਿ ਰੋਇ ॥ (ਮ: ੧/੧੫), ਨਾਨਕ! ਨਾਮਿ ਵਿਸਾਰਿਐ, ‘ਦਰਿ’ ਗਇਆ ਕਿਆ ਹੋਇ ? ॥ (ਮ: ੧/੧੭), ਪ੍ਰਭ! ਤੁਧਹੁ ਖਾਲੀ ਕੋ ਨਹੀ, ‘ਦਰਿ’ ਗੁਰਮੁਖਾ ਨੋ ਸਾਬਾਸਿ॥’’ (ਮ: ੪/੪੦) ਆਦਿ।

‘ਰਾਜਾਨੁ’-ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਰਾਜਨੁ’ ਹੈ, ਜਿਸ ਦਾ ਅਰਥ ‘ਰਾਜਾ’ ਹੈ ਅਤੇ ਗੁਰਬਾਣੀ ਵਿੱਚ 6 ਵਾਰ ਦਰਜ ਹੈ; ਜਿਵੇਂ: ‘‘ਰਾਜਨੁ’ ਜਾਣਹਿ ਆਪਣਾ; ਦਰਿ ਘਰਿ ਠਾਕ ਨ ਹੋਇ ॥ (ਮ: ੧/੫੭), ਆਪੇ ‘ਰਾਜਨੁ’; ਆਪੇ ਲੋਗਾ ॥ (ਮ: ੫/੯੭), ‘ਰਾਜਨੁ’ ਜਾਣਿ; ਪਰਮ ਗਤਿ ਪਾਵਹਿ ॥ (ਮ: ੧/੨੨੬), ਆਪੇ ਹੀ ‘ਰਾਜਨੁ’, ਆਪੇ ਹੀ ਰਾਇਆ; ਕਹ ਕਹ ਠਾਕੁਰੁ, ਕਹ ਕਹ ਚੇਰਾ ॥ (ਮ: ੫/੮੨੭), ਆਪੇ ‘ਰਾਜਨੁ’; ਪੰਚਾ ਕਾਰੀ ॥ (ਮ: ੧/੧੦੨੨), ਹਮਰਾ ‘ਰਾਜਨੁ’ ਸਦਾ ਸਲਾਮਤਿ; ਤਾ ਕੋ ਸਗਲ ਘਟਾ ਜਸੁ ਗਾਇਓ ॥’’ (ਮ: ੫/੧੨੩੫)

ਪਰ ‘ਰਾਜਨੁ’ ਸ਼ਬਦ ਨੂੰ ਸੰਬੋਧਨ ਜਾਂ ਬਹੁ ਵਚਨ ਵਿੱਚ ਦਰਜ ਕੀਤਿਆਂ ਅੰਤ ਮੁਕਤਾ ਹੋ ਜਾਂਦਾ ਹੈ, ਜੋ 16 ਵਾਰ ਦਰਜ ਹੈ; ਜਿਵੇਂ: ‘‘ਮੇਰੇ ਰਾਜਨ! ਮੈ ਬੈਰਾਗੀ ਜੋਗੀ ॥ (ਭਗਤ ਕਬੀਰ/੩੩੪), ਰਾਜਨ ਮਹਿ ਤੂੰ ਰਾਜਾ ਕਹੀਅਹਿ; ਭੂਮਨ ਮਹਿ ਭੂਮਾ ॥ (ਮ: ੫/੫੦੭), ਰਾਜਨ! ਕਉਨੁ ਤੁਮਾਰੈ ਆਵੈ ॥’’ (ਭਗਤ ਕਬੀਰ/੧੧੦੫) ਆਦਿ।

ਪਰ ਕਾਵਿ ਤੋਲ ਕਾਰਨ ‘ਰਾਜਨ’ ਸ਼ਬਦ ਇੱਕ ਵਾਰ ‘ਰਾਜਾਨ’ ਬਣ ਗਿਆ; ਜਿਵੇਂ: ‘‘ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਇਸ ਪਹਿਲੀ ਪੰਕਤੀ ਦੇ ਅੰਤ ਵਿੱਚ ਅਗਰ ਸ਼ਬਦ ‘ਬੰਧਾਨੁ’ ਨਾ ਹੁੰਦਾ ਤਾਂ ਅਗਲੀ ਪੰਕਤੀ ’ਚ ਸ਼ਬਦ ‘ਰਾਜਾਨ’ ਨਹੀਂ ਬਲਕਿ ‘ਰਾਜਨ’ ਆਉਣਾ ਸੀ।

ਇਸ ਤਰ੍ਹਾਂ ਹੀ ਦੋ ਵਾਰ (ਸੰਬੰਧਤ ਪੰਕਤੀ ਸਹਿਤ) ‘ਰਾਜਨੁ’ ਸ਼ਬਦ ਕਾਵਿ ਤੋਲ ਕਾਰਨ ‘ਰਾਜਾਨੁ’ ਬਣ ਗਿਆ; ਜਿਵੇਂ: ‘‘ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥’’ (ਮ: ੫/੨੭੫) ਇਸ ਪਹਿਲੀ ਪੰਕਤੀ ਵਿੱਚ ਅਗਰ ‘ਅਭਿਮਾਨੁ’ ਸ਼ਬਦ ਨਾ ਹੁੰਦਾ ਤਾਂ ਅਗਲੀ ਪੰਕਤੀ ਵਿੱਚ ਸ਼ਬਦ ‘ਰਾਜਾਨੁ’ ਨਹੀਂ ਬਲਕਿ ‘ਰਾਜਨੁ’ ਹੋਣਾ ਸੀ।

‘‘ਪੰਚੇ, ਸੋਹਹਿ ਦਰਿ ਰਾਜਾਨੁ।’’ ਉਕਤ ਪੰਕਤੀਆਂ ਦਾ ਨਿਰੰਤਰ ਅੰਤ ਤੁਕਾਂਤ ਅਗਰ ‘‘..ਪੰਚ ‘ਪਰਧਾਨੁ’ ॥… ਦਰਗਹਿ ‘ਮਾਨੁ’ ॥…. ਦਰਿ ‘ਰਾਜਾਨੁ’ ॥…. ਗੁਰੁ ਏਕੁ ‘ਧਿਆਨੁ’ ॥’’ ਨਾ ਹੁੰਦਾ ਤਾਂ ਇੱਥੇ ਸ਼ਬਦ ਬਣਤਰ ‘ਰਾਜਾਨੁ’ ਨਹੀਂ ਬਲਕਿ ‘ਰਾਜਨ’ ਹੋਣੀ ਸੀ ਕਿਉਂਕਿ ‘ਦਰਿ ਰਾਜਨ’ ਭਾਵ (ਪੰਚੇ ਹੀ) ‘ਰਾਜਨ’ (ਰਾਜੇ, ਪਾਤਿਸ਼ਾਹ, ਪ੍ਰਭੂ) ਦੇ ਦਰ ਉੱਤੇ (ਸ਼ੋਭਦੇ ਹਨ)।

(ਨੋਟ: ਉਕਤ ਪੰਕਤੀ ’ਚ ‘ਰਾਜਨੁ’ ਤੋਂ ‘ਰਾਜਨ’ ਸੰਬੰਧਕ ‘ਦੀ’ ਲੈਣ ਦੀ ਖ਼ਾਤਰ ਕਰਨਾ ਪਿਆ।)

‘‘ਪੰਚਾ ਕਾ, ਗੁਰੁ ਏਕੁ ਧਿਆਨੁ ॥’’-ਇਸ ਪੰਕਤੀ ’ਚ ‘ਏਕੁ ਗੁਰੁ ਦਾ ਧਿਆਨੁ’ ਅਰਥ ਨਹੀਂ ਬਣ ਸਕਦੇ ਕਿਉਂਕਿ ‘ਗੁਰੁ’ ਨੂੰ ਅੰਤ ਔਕੜ ਹੈ। ਇਸ ਲਈ ਉਨ੍ਹਾਂ ਦਾ ਧਿਆਨ ਕੇਵਲ ਗੁਰ ਸ਼ਬਦ ਕਮਾਈ ਤੱਕ ਹੈ (ਭਾਵ ਉਨ੍ਹਾਂ ਦੀ ਸੋਚ ਨਿੱਜ ਸੁਆਰਥ ਨਹੀਂ, ਤਾਂ ਜੋ ਕੋਈ ਰਾਜਾ ਵਿਰੋਧ ਕਰੇ ਬਲਕਿ ਪਰਉਪਕਾਰੀ ਹੁੰਦਿਆਂ ਸਮਾਜਿਕ ਕੰਮਾਂ ’ਚ ਮਦਦ ਕਰਦੇ ਹਨ), ਦਰੁਸਤ ਅਰਥ ਜਾਪਦੇ ਹਨ।

ਸੋ, ਪੰਚੇ ਸੋਹਹਿ, ਦਰਿ ਰਾਜਾਨੁ॥ ਪੰਚਾ ਕਾ; ਗੁਰੁ ਏਕੁ, ਧਿਆਨੁ॥   ਅਰਥ : ਪੰਚ-ਜਨ; ਦੁਨਿਆਵੀ ਰਾਜਿਆਂ ਦੇ ਦਰ ਉੱਤੇ ਸ਼ੋਭਦੇ ਹਨ ਕਿਉਂਕਿ ਉਨ੍ਹਾਂ ਦਾ ਧਿਆਨ ਕੇਵਲ ਗੁਰ ਸ਼ਬਦ ਕਮਾਈ ਤੱਕ ਹੈ (ਭਾਵ ਉਨ੍ਹਾਂ ਦੀ ਸੋਚ ਨਿੱਜ ਸੁਆਰਥ ਨਹੀਂ, ਤਾਂ ਜੋ ਕੋਈ ਰਾਜਾ ਵਿਰੋਧ ਕਰੇ ਬਲਕਿ ਪਰਉਪਕਾਰੀ ਹੁੰਦਿਆਂ ਸਮਾਜਿਕ ਕੰਮਾਂ ’ਚ ਮਦਦ ਕਰਦੇ ਹਨ)।

‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’- ਇਸ ਪੰਕਤੀ ਵਿੱਚ ਦਰਜ ਸ਼ਬਦ ‘ਕਰਣੈ’ ਨੂੰ ਵੀਚਾਰਨ ਦੀ ਜ਼ਰੂਰਤ ਹੈ। ਗੁਰਬਾਣੀ ਲਿਖਤ ਅਨੁਸਾਰ ‘ਕੈ’ (ਸੰਬੰਧਕ) ਸ਼ਬਦ ਤੋਂ ਬਾਅਦ ਇੱਕ ਵਚਨ ਪੁਲਿੰਗ ਨਾਂਵ ਜਾਂ ਕੋਈ ਵੀ ਸੰਬੰਧਕ (‘ਸੰਗਿ, ਨਿਕਟਿ, ਅੰਤਰਿ, ਉਪਰਿ, ਨਾਲਿ’ ਆਦਿ) ਸ਼ਬਦ ਹੀ ਦਰਜ ਹੋ ਸਕਦਾ ਹੈ, ਨਾ ਕਿ ਇਸਤ੍ਰੀ ਲਿੰਗ ਨਾਂਵ, ਬਹੁ ਵਚਨ ਪੁਲਿੰਗ ਨਾਂਵ, ਪੜਨਾਵ, ਵਿਸ਼ੇਸ਼ਣ ਜਾਂ ਕਿਰਿਆ ਆਦਿ, ਪਰ ਇਕ ਵਚਨ ਪੁਲਿੰਗ ਨਾਂਵ ਨੂੰ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਜ਼ਰੂਰ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਸੰਬੰਧਕ ਅਰਥ (‘ਵਿੱਚ, ਨਾਲ, ਉੱਤੇ, ਰਾਹੀਂ ’ ਆਦਿ) ਵੀ ਮਿਲਦੇ ਹਨ; ਜਿਵੇਂ: ‘‘ਖਸਮੈ ਕੈ ‘ਦਰਬਾਰਿ’ (ਵਿੱਚ), ਢਾਢੀ ਵਸਿਆ ॥ (ਮ: ੧/੧੪੮), ਮਨੁ ਤਨੁ ਰਾਤਾ, ਰਾਮ ਕੈ ‘ਰੰਗਿ’ (ਰਾਹੀਂ) ॥ (ਮ: ੫/੧੯੭), ‘ਤਿਸ ਕੈ ਪਾਲੈ’ (ਪੱਲੇ ਵਿੱਚ), ਕਛੂ ਨ ਪੜੈ ॥ (ਮ: ੫/੧੭੯), ‘ਜਾ ਕੈ ਮਾਥੈ’ (ਮੱਥੇ ਉੱਤੇ), ਏਹੁ ਨਿਧਾਨੁ ॥ (ਮ: ੫/੧੮੫) ਆਦਿ।

‘ਕਰਣੈ’- ਇਹ ਸ਼ਬਦ ਗੁਰਬਾਣੀ ਵਿੱਚ 14 ਵਾਰ ਦਰਜ ਹੈ, ਜਿਸ ਵਿੱਚੋਂ 12 ਵਾਰ ‘ਕਰਣੈ ਵਾਲਾ’ ਜਾਂ ‘ਕਰਣੈ ਜੋਗੁ’ ਭਾਵ ਪ੍ਰਭੂ ਦੇ ਅਰਥਾਂ ਵਿੱਚ ਹੈ; ਜਿਵੇਂ: ‘‘ਕਰਣੈ ਵਾਲਾ ਵਿਸਰਿਆ; ਦੂਜੈ ਭਾਇ ਪਿਆਰੁ ॥ (ਮ: ੩/੩੯), ਅਵਰੁ ਨ; ਕਰਣੈ ਵਾਲਾ ਦੂਆ ॥ (ਮ: ੧/੧੫੪), ਅਵਰੁ ਨ ਦੂਜਾ; ਕਰਣੈ ਜੋਗੁ ॥ (ਮ: ੫/੧੭੬), ਪ੍ਰਭੁ ਸਚੜਾ ਹਰਿ ਸਾਲਾਹੀਐ; ਕਾਰਜੁ ਸਭੁ ਕਿਛੁ ਕਰਣੈ ਜੋਗੁ ॥ (ਮ: ੩/੫੮੨), ਓਹੁ ਅਪਰੰਪਰੁ; ਕਰਣੈ ਜੋਗੁ ॥ (ਮ: ੧/੮੪੦), ਗੁਰੁ ਕਰਤਾ; ਗੁਰੁ ਕਰਣੈ ਜੋਗੁ ॥ (ਮ: ੫/੮੬੪), ਹਰਿ ਸਰਣਾਈ ਭਜੁ ਮਨ ਮੇਰੇ! ਸਭ ਕਿਛੁ ਕਰਣੈ ਜੋਗੁ ॥’’ (ਮ: ੩/੧੩੪੭) ਆਦਿ। ਪਰ ਸੰਬੰਧਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ ‘ਕਰਣੈ’ ਸ਼ਬਦ (ਬਿਨਾ ‘ਕਰਣੈ ਵਾਲਾ’ ਜਾਂ ‘ਕਰਣੈ ਜੋਗੁ’ ਜੁੜਤ ਸ਼ਬਦ ਤੋਂ) ਇਉਂ ਦਰਜ ਹੈ ‘‘ਅੰਤੁ ਨ ਕਰਣੈ, ਦੇਣਿ ਨ ਅੰਤੁ ॥’’ (ਜਪੁ /ਮ: ੧)

ਪ੍ਰਚੱਲਤ ਤਮਾਮ ਟੀਕਾਕਾਰਾਂ ਨੇ (ਕਰਤੇ ਕੈ) ‘ਕਰਣੈ’ ਦਾ (ਕਰਤਾਰ ਦੀ) ‘ਕੁਦਰਤ ਦਾ’ ਅਰਥ ਕੀਤੇ ਹਨ, ਜੋ ਕਿ ਦਰੁਸਤ ਨਹੀਂ ਜਾਪਦੇ ਕਿਉਂਕਿ ‘ਕੈ’ ਸੰਬੰਧਕ ਸ਼ਬਦ ਤੋਂ ਉਪਰੰਤ ਆਏ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਵਿੱਚੋਂ ਸੰਬੰਧਕ (‘ਵਿੱਚ, ਨਾਲ, ਰਾਹੀਂ, ਉੱਤੇ’ ਆਦਿ) ਕਾਰਕ ਅਰਥ ਮਿਲਦੇ ਹਨ, ਨਾ ਕਿ ‘ਦਾ, ਦੇ, ਦੀ’ ਆਦਿ, ਦੂਸਰਾ ‘ਕਰਣੈ’ ਸ਼ਬਦ ਪੁਲਿੰਗ ਹੈ, ਨਾ ਕਿ ਇਸਤ੍ਰੀ ਲਿੰਗ ‘ਕੁਦਰਤ’, ‘ਕੈ’ ਸ਼ਬਦ ਦੇ ਅਰਥ ਵੀ ‘ਦੀ’ ਉਚਿਤ ਨਹੀਂ।

(ਵਧੇਰੇ ਜਾਣਕਾਰੀ ਲਈ ‘ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ’ ਲੇਖ ਪੜ੍ਹਿਆ ਜਾ ਸਕਦਾ ਹੈ।)

ਸੋ ‘‘ਜੇ ਕੋ ਕਹੈ, ਕਰੈ ਵੀਚਾਰੁ ॥ ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’- ਭਾਵ (ਅਸਲੀਅਤ ਦਾ ਗਿਆਤਾ ‘ਪੰਚ’; ‘ਨਿਰਾਕਾਰ’ ਬਾਰੇ) ਅਗਰ ਕੋਈ ਵੀਚਾਰ ਰੱਖਦਾ ਹੈ, ਕਰਦਾ ਹੈ (ਤਾਂ ਕੇਵਲ ਇੰਨਾ ਕੁ ਹੀ ਕਿ) ਕਰਤਾਰ ਦੀ ਕੁਦਰਤ (ਵਿਸਥਾਰ) ਦਾ ਅੰਤ ਨਹੀਂ।

(ਨੋਟ: ਯਾਦ ਰਹੇ ਕਿ ਪੰਚ-ਜਨ ਦੀ ਮੰਜ਼ਲ (ਮਕਸਦ) ਰੱਬ ਵਿੱਚ ਲੀਨਤਾ ਹੁੰਦੀ ਹੈ, ਨਾ ਕਿ ਉਸ ਦਾ ਅੰਤ ਪਾਉਣਾ।)

‘‘ਧੌਲੁ ਧਰਮੁ, ਦਇਆ ਕਾ ਪੂਤੁ ॥’’ ਇਸ ਪੰਕਤੀ ਵਿੱਚ ਦਰਜ ਸ਼ਬਦ ‘ਧੌਲੁ’ (ਬਣਤਰ) ਕੇਵਲ ਇੱਥੇ ਹੀ ਦਰਜ ਹੈ ਜਦਕਿ ਬਾਕੀ 2 ਵਾਰ ਇਉਂ ਦਰਜ ਹੈ ‘‘ਘਰ ਮਹਿ, ਧਰਤੀ ‘ਧਉਲੁ’ ਪਾਤਾਲਾ ॥ (ਮ: ੩/੧੨੬), ਆਪੇ, ਧਰਤੀ ‘ਧਉਲੁ’ ਅਕਾਸੰ ॥’’ (ਮ: ੧/੧੦੨੧)

‘ਪੂਤੁ’-ਇਹ ਸ਼ਬਦ ਗੁਰਬਾਣੀ ’ਚ 16 ਵਾਰ ਦਰਜ ਹੈ; ਜਿਵੇਂ: ‘‘ਪਿਤਾ ਕਾ ਜਨਮੁ, ਕਿ ਜਾਨੈ ‘ਪੂਤੁ’ ॥ (ਮ: ੫/੨੮੪), ਰੋਵੈ ‘ਪੂਤੁ’, ਨ ਕਲਪੈ ਮਾਈ ॥ (ਮ: ੧/੩੫੬), ਜੰਮਿਆ ‘ਪੂਤੁ’, ਭਗਤੁ ਗੋਵਿੰਦ ਕਾ ॥’’ (ਮ: ੫/੩੯੬) ਆਦਿ।

ਥਾਪਿ-ਇਸ ਪੰਕਤੀ ਵਿੱਚ ‘ਥਾਪਿ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ, ਜਿਸ ਦਾ ਅਰਥ ਹੈ ‘ਥਾਪ (ਟਿਕਾ) ਕੇ’ ਅਤੇ ‘ਰਖਿਆ’ ਕਿਰਿਆ’ ਸ਼ਬਦ ਹੈ।

‘ਜਿਨਿ’- ਭਾਵ ‘ਜਿਸ ਨੇ’, ਇਹ ਸ਼ਬਦ ਇੱਕ ਵਚਨ ਪੁਲਿੰਗ ਪੜਨਾਵ ਹੈ, ਜਿਸ ਦਾ ਬਹੁ ਵਚਨ ਸਰੂਪ ਹੈ ‘ਜਿਨ’ (‘ਜਿਨ੍ਹਾਂ ਨੇ’) ਭਾਵ ਅੰਤ ਮੁਕਤਾ, ‘ਜਿਨ’ (ਬਹੁ ਵਚਨ) ਸ਼ਬਦ ਗੁਰਬਾਣੀ ਵਿੱਚ 523 ਵਾਰ ਦਰਜ ਹੈ; ਜਿਵੇਂ: ‘‘ਜਿਨ’ ਹਰਿ ਜਨ ਸਤਿਗੁਰ ਸੰਗਤਿ ਪਾਈ, ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ (ਮ: ੪), ‘ਜਿਨ’ ਨਿਰਭਉ ‘ਜਿਨ’ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭੁ ਗਵਾਸੀ ॥’’ (ਮ: ੪) ਆਦਿ।, ਪਰ ‘ਜਿਨਿ’ (ਇਕ ਵਚਨ) 713 ਵਾਰ ਦਰਜ ਹੈ; ਜਿਵੇਂ: ‘‘ਜਿਨਿ’ ਸੇਵਿਆ, ਤਿਨਿ ਪਾਇਆ ਮਾਨੁ ॥ (ਜਪੁ /ਮ: ੧), ‘ਜਿਨਿ’ ਏਹਿ ਲਿਖੇ, ਤਿਸੁ ਸਿਰਿ ਨਾਹਿ ॥’’ (ਜਪੁ /ਮ: ੧) ਆਦਿ।

ਸੂਤਿ- ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਸੂਤਿ੍ਰ’ ਹੈ; ਜਿਵੇਂ: ‘‘ਸਗਲ ਸਮਗ੍ਰੀ, ਤੁਮਰੈ ‘ਸੂਤਿ੍ਰ’ ਧਾਰੀ ॥’’ (ਮ: ੫/੨੬੮) ਪਰ ਕਾਵਿ ਤੋਲ ਕਾਰਨ ‘ਸੂਤਿ’ ਬਣ ਗਿਆ, ਜੋ 13 ਵਾਰ ਦਰਜ ਹੈ; ਜਿਵੇਂ: ‘‘ਸਗਲ ਸਮਗ੍ਰੀ, ਜਾ ਕੈ ‘ਸੂਤਿ’ ਪਰੋਈ ॥ (ਮ: ੫/੩੮੭), ਜਾ ਕੈ ‘ਸੂਤਿ’, ਪਰੋਇਆ ਸੰਸਾਰੁ ॥ (ਮ: ੫/੧੧੫੦), ਜਾ ਕੈ ‘ਸੂਤਿ’ ਪਰੋਏ ਜੰਤਾ, ਤਿਸੁ ਪ੍ਰਭ ਕਾ ਜਸੁ ਗਾਵਹੁ॥’’ (ਮ: ੫/੧੨੧੮) ਆਦਿ।

ਸੋ,  ਧੌਲੁ ਧਰਮੁ, ਦਇਆ ਕਾ ਪੂਤੁ ॥ ਸੰਤੋਖੁ, ਥਾਪਿ ਰਖਿਆ; ਜਿਨਿ ਸੂਤਿ ॥ ਭਾਵ (ਮੰਨਿਆ ਜਾਂਦਾ ਧਰਤੀ ਦਾ ਸਹਾਰਾ) ਚਿੱਟਾ ਬਲ਼ਦ (ਅਸਲ ’ਚ) ਧਰਮੁ (ਭਾਵ ਰੱਬੀ ਹੁਕਮ ਹੀ) ਹੈ, ਜੋ (ਰੱਬੀ) ਦਇਆ (ਕਿਰਪਾ ਦ੍ਰਿਸ਼ਟੀ) ਦਾ ਪੁੱਤਰ ਹੈ (ਭਾਵ ਰੱਬੀ ਇੱਛਾ ਉਪਰੰਤ ‘ਹੁਕਮ’ ਚੱਲਦਾ ਹੈ, ਇਹ ਧਰਮੁ (ਹੁਕਮ) ਅਜਿਹਾ ਹੈ) ਜਿਸ ਨੇ ਆਪਣੇ ਸੂਤਰ (ਮਰਯਾਦਾ) ’ਚ (ਭਾਵ ਆਪਣੇ ਅਧੀਨ) ਸੰਤੋਖੁ (ਵਿਰੋਧੀ ਤੱਤਾਂ ’ਚ ਨੇੜਤਾ; ਜਿਵੇਂ ਕਿ ‘ਲੱਕੜੀ/ਅੱਗ, ਮਿੱਟੀ/ਪਾਣੀ, ਮਨਮੁਖ/ਗੁਰਮੁਖ’, ਆਦਿ) ਨੂੰ ਟਿਕਾ ਕੇ ਰੱਖਿਆ ਹੈ।

(ਨੋਟ : ਗੁਰਬਾਣੀ ’ਚ ‘ਧੌਲੁ’ ਸ਼ਬਦ ਕੇਵਲ ਇੱਕ ਵਾਰ, ਉਕਤ ਤੁਕ ’ਚ ਹੀ ਦਰਜ ਹੈ ਅਤੇ ‘ਧਉਲੁ’ (2 ਵਾਰ) ਤੋਂ ਇਲਾਵਾ ‘ਧਉਲ, ਧਵਲ, ਧਵਲੁ’ (ਇੱਕ-ਇੱਕ ਵਾਰ) ਵੀ ਦਰਜ ਹਨ, ਜਿਨ੍ਹਾਂ ਦੇ ਅਰਥ ‘ਸਫ਼ੈਦ, ਚਿੱਟਾ, ਧੌਲ਼ਾ’ ਹੋਣ ਕਾਰਨ ‘ਬੱਗੇ ਬਲ਼ਦ ਜਾਂ ਧਰਤੀ ਦੇ ਸਹਾਰੇ’ ਲਈ ਵੀ ਵਰਤੇ ਗਏ ਹਨ ਕਿਉਂਕਿ ਹਿੰਦੂ ਮਿੱਥ ਅਨੁਸਾਰ ਧਰਤੀ ਨੂੰ ਚਿੱਟੇ ਬਲ਼ਦ ਨੇ ਆਪਣੇ ਸਿੰਗਾਂ ਉੱਤੇ ਚੁੱਕਿਆ ਹੋਇਆ ਹੈ। ਪਾਵਨ ਵਚਨ ਹਨ :

ਹੁਕਮੇ; ਧਰਤੀ, ‘ਧਉਲ’ ਸਿਰਿ ਭਾਰੰ ॥ (ਮਹਲਾ ੧/੧੦੩੭)

ਘਰ ਮਹਿ; ਧਰਤੀ, ‘ਧਉਲੁ’, ਪਾਤਾਲਾ ॥ (ਮਹਲਾ ੩/੧੨੬)

ਆਪੇ; ਧਰਤੀ, ‘ਧਉਲੁ’, ਅਕਾਸੰ ॥’’ (ਮਹਲਾ ੧/੧੦੨੧)

ਸੁਣਿਐ;  ਧਰਤਿ ‘ਧਵਲ’ ਆਕਾਸ ॥ (ਜਪੁ)

ਜਿਸੁ ਧੀਰਜੁ, ਧੁਰਿ ‘ਧਵਲੁ’ ਧੁਜਾ; ਸੇਤਿ ਬੈਕੁੰਠ ਬੀਣਾ ॥ ਸਵਈਏ ਮਹਲੇ ਤੀਜੇ ਕੇ/ਭਟ ਕਲੵ /੧੩੯੩) ਅਰਥ : ਜਿਸ ਗੁਰੂ ਅਮਰਦਾਸ ਜੀ ਦਾ ਧੀਰਜ ਰੂਪ ਸਫ਼ੈਦ ਝੰਡਾ ਧੁਰ ਦਰਗਹ ਤੋਂ ਸਵਰਗ ਦੇ ਪੁਲ਼ ’ਤੇ ਬਣਿਆ ਹੈ ਭਾਵ ਗੁਰੂ ਜੀ ਦਾ ਧੀਰਜ ਗੁਣ ਸਿੱਖ-ਸੰਗਤ ਨੂੰ ਸੰਸਾਰਕ ਯਾਤਰਾ ਤੋਂ ਪਾਰ ਕਰਵਾਉਣ ਲਈ ਸੁੱਖ-ਰੂਪ ਪੁਲ਼ ਬਣਾ ਕੇ ਦਿੰਦਾ ਹੈ।)

ਜੇ ਕੋ ਬੁਝੈ, ਹੋਵੈ ਸਚਿਆਰੁ ॥ ਧਵਲੈ ਉਪਰਿ, ਕੇਤਾ ਭਾਰੁ ? ॥ ਭਾਵ ਜੇ ਕੋਈ (ਉਕਤ ਸਚਾਈ) ਨੂੰ ਮੰਨ ਲਵੇ ਤਾਂ ਉਹ ਸੱਚ (ਅਟੱਲ ਪ੍ਰਭੂ) ਤੋਂ ਨਿਰੰਤਰ ਪ੍ਰਭਾਵਤ ਰਹੇਗਾ (ਹੋਏਗਾ, ਨਹੀਂ ਤਾਂ ਸੰਦੇਹ ਬਣਿਆ ਰਹੇਗਾ ਕਿ ਕਾਲਪਨਿਕ) ਬਲ਼ਦ ਉੱਤੇ (ਕਈ ਧਰਤੀਆਂ ਦਾ) ਕਿੰਨਾ ਭਾਰ ਹੋਏਗਾ ? (ਕਿਉਂਕਿ)

‘‘ਧਰਤੀ ਹੋਰੁ; ਪਰੈ ਹੋਰੁ ਹੋਰੁ ॥’’- ਇਸ ਪੰਕਤੀ ’ਚ ਦਰਜ ‘ਹੋਰੁ’ ਸ਼ਬਦ ਇੱਕ ਵਚਨ ਪੁਲਿੰਗ ਪੜਨਾਵ ਹੈ ਜਦਕਿ ਗੁਰਬਾਣੀ ਵਿੱਚ 77 ਵਾਰ ਇਸਤ੍ਰੀ ਲਿੰਗ ਪੜਨਾਵ ‘ਹੋਰ’ (ਅੰਤ ਮੁਕਤਾ) ਵੀ ਦਰਜ ਹੈ; ਜਿਵੇਂ: ‘‘ਜੇ ਜੁਗ ਚਾਰੇ ਆਰਜਾ, ‘ਹੋਰ’ ਦਸੂਣੀ ਹੋਇ ॥ (ਜਪੁ /ਮ: ੧), ਬਾਬਾ! ‘ਹੋਰ’ ਮਤਿ ‘ਹੋਰ ਹੋਰ’ ॥ (ਮ: ੧/੧੭), ਨਾਨਕ! ਤੇ ਮੁਖ ਉਜਲੇ, ‘ਹੋਰ’ ਕੇਤੀ ਛੁਟੀ ਨਾਲਿ ॥’’ (ਮ: ੨/੧੪੬) ਆਦਿ।

‘ਹੋਰੁ’ ਇੱਕ ਵਚਨ ਪੁਲਿੰਗ ਸ਼ਬਦ ਵੀ 123 ਵਾਰ ਦਰਜ ਹੈ; ਜਿਵੇਂ: ‘‘ਹੋਰੁ’, ਆਖਿ ਨ ਸਕੈ ਕੋਇ ॥ (ਜਪੁ /ਮ: ੧/੫), ਤਿਥੈ, ‘ਹੋਰੁ’ ਨ ਕੋਈ ‘ਹੋਰੁ’ ॥ (ਜਪੁ /ਮ: ੧/੮), ਗੁਣੁ ਏਹੋ, ‘ਹੋਰੁ’ ਨਾਹੀ ਕੋਇ ॥ (ਮ: ੧/੯), ਬਾਬਾ! ‘ਹੋਰੁ’ ਖਾਣਾ, ਖੁਸੀ ਖੁਆਰੁ ॥’’ (ਮ: ੧/੧੬) ਆਦਿ।

‘‘ਤਿਸ ਤੇ ਭਾਰੁ, ਤਲੈ; ਕਵਣੁ ਜੋਰੁ ॥’’ ਇਸ ਪੰਕਤੀ ’ਚ ਦਰਜ ‘ਤਿਸ’ ਸ਼ਬਦ ਦਾ (ਅੰਤ) ਔਕੁੜ, ‘ਤੇ’ ਸੰਬੰਧਕ ਨੇ ਚੁੱਕ ਦਿੱਤਾ ਹੈ, ਨਹੀਂ ਤਾਂ ‘ਤਿਸੁ’ ਹੋਣਾ ਸੀ, ਜੋ ਗੁਰਬਾਣੀ ਵਿੱਚ 999 ਵਾਰ ਦਰਜ ਹੈ; ਜਿਵੇਂ: ‘‘ਤੀਰਥਿ ਨਾਵਾ ਜੇ ‘ਤਿਸੁ’ ਭਾਵਾ, ਵਿਣੁ ਭਾਣੇ ਕਿ ਨਾਇ ਕਰੀ ॥ (ਜਪੁ /ਮ: ੧), ਜਿਨਿ ਏਹਿ ਲਿਖੇ, ‘ਤਿਸੁ’ ਸਿਰਿ ਨਾਹਿ॥ ਜਪੁ (ਮ: ੧) ‘ਤਿਸੁ’ ਊਚੇ ਕਉ ਜਾਣੈ ਸੋਇ ॥’’ (ਜਪੁ /ਮ: ੧) ਆਦਿ।

‘ਭਾਰੁ ਤਲੈ’- ਇਹ ਜੁੜਤ ਸ਼ਬਦ ਨਹੀਂ ਹਨ, ਨਹੀਂ ਤਾਂ ‘ਭਾਰੁ’ ਦਾ ਅੰਤ ਔਕੁੜ ‘ਤਲੈ’ (ਸੰਬੰਧਕ) ਨਾਲ ਹਟ ਜਾਣਾ ਸੀ। ‘ਤਲੈ’ ਦਾ ਅਰਥ ਹੈ ‘ਹੇਠਾਂ’, ਜੋ ਗੁਰਬਾਣੀ ਵਿੱਚ 18 ਵਾਰ ਦਰਜ ਹੈ, ਜਿਸ ਦਾ ਆਪਣਾ ਹੀ ਇੱਕ ਅਲੱਗ ਅਰਥ ਹੈ; ਜਿਵੇਂ: ‘‘ਸੋ, ਕਿਸ ਕਉ; ਨਦਰਿ ਲੈ ਆਵੈ ਤਲੈ ? ॥ (ਮ: ੫/੧੮੬), ਤਲੈ ਰੇ ਬੈਸਾ, ਊਪਰਿ ਸੂਲਾ ॥ (ਭਗਤ ਕਬੀਰ/੪੮੧), ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ, ਪਾਵਕੁ ਤਲੈ ਜਰਾਵਤ ਹੇ ॥ (ਮ: ੫/੮੨੧), ਊਪਰਿ ਚਰਨ, ਤਲੈ ਆਕਾਸੁ ॥ (ਮ: ੫/੯੦੦), ਕਬੀਰ! ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਇ ॥’’ (ਭਗਤ ਕਬੀਰ/੧੩੭੦) ਆਦਿ।

ਸੋ, ‘‘ਧਰਤੀ ਹੋਰੁ; ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ, ਤਲੈ; ਕਵਣੁ ਜੋਰੁ ॥’’ ਭਾਵ ਇਸ ਧਰਤੀ (ਹੇਠਾਂ ਇੱਕ) ਹੋਰ (ਬਲ਼ਦ, ਇਸ ਤੋਂ ਹੇਠਲੀਆਂ ਸਭ ਧਰਤੀਆਂ) ਹੇਠਾਂ ਇੱਕ ਹੋਰ, ਇੱਕ ਹੋਰ (ਬਲ਼ਦ)  !  ਉਸ (ਸਭ ਤੋਂ ਹੇਠਲੇ ਬਲ਼ਦ) ਉੱਤੇ (ਉਪਰਲੀਆਂ ਸਾਰੀਆਂ ਧਰਤੀਆਂ ਦਾ ਕਿੰਨਾ) ਭਾਰ  !  (ਅਤੇ ਇੰਨੇ ਭਾਰ ਹੇਠਾਂ ਦਬੇ ਹੋਏ ਬਲ਼ਦ) ਹੇਠਾਂ ਵੀ ਕਿਹੜਾ (ਧਰਤੀ ਰੂਪ) ਸਹਾਰਾ (ਹੋਵੇਗਾ  ? ਭਾਵ ਇੱਕ ਧਰਤੀ ਨੂੰ ਚੁੱਕਣ ਵਾਲ਼ਾ ਬਲ਼ਦ ਹੋ ਸਕਦਾ ਹੈ ਕਿ ਕਿਸੇ ਹੇਠਲੀ ਧਰਤੀ ’ਤੇ ਆਪਣਾ ਸਹਾਰਾ ਬਣਾਈ ਖੜ੍ਹਾ ਹੋਵੇ, ਪਰ ਹੇਠਾਂ ਸਭ ਤੋਂ ਅੰਤਿਮ ਧਰਤੀ ਹੇਠਾਂ ਖੜ੍ਹੇ ਬਲ਼ਦ ਲਈ ਹੇਠਾਂ ਹੋਰ ਕਿਹੜਾ ਸਹਾਰਾ ਹੋਏਗਾ ? ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥’’ ਕਹਿਣ ਵਾਲ਼ਿਆਂ ਦੇ ਬਲ਼ਦ ਤੇ ਧਰਤੀਆਂ ਵੀ ਲੱਖ (ਭਾਵ ਸੀਮਤ) ਹੀ ਹੋਣਗੀਆਂ  !  ਇਸ ਲਈ ਇਹ ਮਿੱਥ ਨਿਰੀ ਕਲਪਨਾ ਜਾਪਦੀ ਹੈ, ਨਿਰਾਧਾਰ ਹੈ।)

‘‘ਜੀਅ ਜਾਤਿ; ਰੰਗਾ ਕੇ ਨਾਵ ॥’’ -ਇਸ ਤੁਕ ’ਚ ‘ਕੇ’ ਦਾ ਅਰਥ ਕਈ (ਪੜਨਾਂਵ) ਹੈ, ਨਾ ਕਿ ਸੰਬੰਧਕ ‘ਦੇ’। ਭਾਵ (‘‘ਕਰਤੇ ਕੈ ਕਰਣੈ.॥’’ ਭਾਵ ‘ਰਚੇਤੇ’ ਦੀ ਰਚਨਾ ’ਚ) ਕਈ ਰੰਗਾਂ, ਕਈ ਨਸਲਾਂ, ਕਈ ਨਾਂਵਾਂ (ਕਿਸਮਾਂ) ਵਾਲ਼ੇ ਜੀਵ-ਜੰਤ ਵੱਸਦੇ ਹਨ

(ਨੋਟ: ਹੇਠਾਂ ਤਿੰਨ ਪੰਕਤੀਆਂ ਇਕੱਠੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਦੇ ਅਰਥ ਸਮਝਣੇ ਮੁਸਕਲ ਜਾਪਦੇ ਹਨ ਜਿਸ ਕਾਰਨ ਟੀਕਾਕਾਰਾਂ ਵਿੱਚ ਵੀ ਕੁਝ ਵਿਰੋਧਾਭਾਸ ਹੈ; ਜਿਵੇਂ ਜਦ: ‘‘ਸਭਨਾ, ਲਿਖਿਆ ਵੁੜੀ ਕਲਾਮ ॥’’ (ਤਾਂ ਫਿਰ) ‘‘ਏਹੁ ਲੇਖਾ; ਲਿਖਿ ਜਾਣੈ ਕੋਇ ॥’’ ਦਾ ਅਰਥ ਭਾਵ ਸਮਝਣਾ ਮੁਸ਼ਕਲ ਹੈ ਕਿਉਂਕਿ ਇਨ੍ਹਾਂ ਦੋਵੇਂ ਪੰਕਤੀਆਂ ਦੀ ਸਰਲਤਾ ਹੀ ‘‘ਲੇਖਾ ਲਿਖਿਆ ਕੇਤਾ ਹੋਇ ॥’’ ਦਾ ਸਰਲਾਰਥ ਕਰੇਗੀ।)

‘‘ਸਭਨਾ, ਲਿਖਿਆ ਵੁੜੀ ਕਲਾਮ ॥ ਏਹੁ ਲੇਖਾ; ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥’’ ਇਨ੍ਹਾਂ ਤਿੰਨੇ ਪੰਕਤੀਆਂ ਵਿੱਚੋਂ ਅਗਰ ਪਹਿਲਾਂ ਵਿਚਕਾਰ ਵਾਲੀ ਤੁਕ ਵੀਚਾਰ ਲਈ ਜਾਵੇ ਤਾਂ ਅਰਥ ਸਮਝਣੇ ਆਸਾਨ ਹੋ ਸਕਦੇ ਹਨ।

‘‘ਏਹੁ ਲੇਖਾ; ਲਿਖਿ ਜਾਣੈ ਕੋਇ ॥’’- ਇਸ ਪੰਕਤੀ ’ਚ ‘ਲਿਖਿ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ, ਜਿਸ ਵਿੱਚੋਂ ‘ਲਿਖ ਕੇ’ ਦੇ ਅਰਥ ਮਿਲਦੇ ਹਨ; ਜਿਵੇਂ 62 ਵਾਰ ਇਉਂ ਦਰਜ ਹੈ ‘‘ਸੁਣਿ ਸੁਣਿ ਗੰਢਣੁ ਗੰਢੀਐ, ਲਿਖਿ ਪੜਿ ਬੁਝਹਿ ਭਾਰੁ ॥ (ਮ: ੧/੨੦), ਤੇਰਾ ਹੁਕਮੁ ਨ ਜਾਪੀ ਕੇਤੜਾ, ਲਿਖਿ ਨ ਜਾਣੈ ਕੋਇ ॥ (ਮ: ੧/੫੩), ਪੇਈਅੜੈ ਦਿਨ ਚਾਰਿ ਹੈ, ਹਰਿ ਹਰਿ ਲਿਖਿ ਪਾਇਆ ॥’’ (ਮ: ੩/੧੬੨) ਆਦਿ। ਇਨ੍ਹਾਂ ਪੰਕਤੀਆਂ ਵਿੱਚ ‘ਸੁਣਿ’ ਭਾਵ ‘ਸੁਣ ਕੇ’, ‘ਲਿਖਿ’ ਭਾਵ ‘ਲਿਖ ਕੇ’, ‘ਪੜਿ’ ਭਾਵ ‘ਪੜ੍ਹ ਕੇ’ ਸਾਰੇ ਸ਼ਬਦ ਕਿਰਿਆ ਵਿਸ਼ੇਸ਼ਣ ਹਨ, ਜਿਨ੍ਹਾਂ ਵਿੱਚੋਂ ਲੁਪਤ ‘ਕੇ’ ਮਿਲਦਾ ਹੈ। ਇਸ ਲਈ ‘ਏਹੁ ਲੇਖਾ’ ਲਿਖ ਕੇ (ਵਿਰਲਾ) ਕੋਈ ਜਾਣੈ (ਪਰ ਕੌਣ? ਗੁਰੂ ਜਾਂ ਮਨੁੱਖ)। ਕਿਉਂਕਿ ‘ਲੇਖਾ’ ਸ਼ਬਦ ਇੱਕ ਵਚਨ ਹੈ। ਅਗਰ ਪਹਿਲੀ ਪੰਕਤੀ ‘‘ਸਭਨਾ, ਲਿਖਿਆ ਵੁੜੀ ਕਲਾਮ ॥’’ ਦਾ ਅਰਥ ਪ੍ਰਚਲਤ ਵਾਙ ਕੀਤਾ ਜਾਵੇ ਤਾਂ ‘ਸਭਨਾਂ ਦੇ ਮੱਥੇ ’ਤੇ (ਪ੍ਰਭੂ ਨੇ) ਨਿਰੰਤਰ ਚਲਦੀ ਹੋਈ ਕਲਮ ਨਾਲ (ਲੇਖ) ਲਿਖੇ ਹਨ’, ਅਰਥ ਬਣਦਾ ਹੈ ਜਿਸ ਕਾਰਨ ਸਭ ਦੇ ਸਿਰ ’ਤੇ ਲਿਖੇ ਹੋਏ ‘ਲੇਖ’ ਬਹੁ ਵਚਨ ਬਣ ਜਾਂਦੇ ਹਨ; ਜਿਵੇਂ ‘‘ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ ॥੧੯॥’’ (ਜਪੁ /ਮ: ੧) ਭਾਵ ਅੱਖਰਾਂ ਦੀ ਰਾਹੀਂ ਹੀ ‘ਸੰਜੋਗੁ’ (ਭਾਗਾਂ ਦਾ ਲੇਖ) ‘ਵਖਾਣਿ’ (ਬਿਆਨ ਕੀਤਾ ਜਾਂਦਾ ਹੈ) ਪਰ ‘ਜਿਨਿ’ (ਜਿਸ ਪ੍ਰਭੂ ਨੇ) ‘ਏਹਿ’ (ਭਾਗਾਂ ਦੇ ਲੇਖ ਲਿਖੇ ਹਨ) ‘ਤਿਸੁ’ (ਉਸ ਦੇ ਆਪਣੇ) ‘ਸਿਰਿ’ (ਸਿਰ ਉੱਤੇ, ਕੋਈ ਲੇਖ, ਭਾਗ) ਨਹੀਂ।, ਵਾਕ ਵਿੱਚ ਸਪਸ਼ਟ ‘ਏਹਿ’ (ਭਾਵ ਬਹੁ ਵਚਨ ਲੇਖ ਹਨ) ਜਿਸ ਨੂੰ ‘ਲਿਖੇ’ (ਬਹੁ ਵਚਨ ਕਿਰਿਆ) ਵੀ ਮੰਨਦੀ ਹੈ। ਇਸ ਲਈ ਸੰਬੰਧਤ ਪੰਕਤੀ ਵਿੱਚ ‘ਏਹੁ ਲੇਖਾ’ (ਇੱਕ ਵਚਨ) ਨਾਲ ਨਹੀਂ ਜੋੜਿਆ ਜਾ ਸਕਦਾ।

(ਨੋਟ: ਯਾਦ ਰਹੇ ਕਿ ਪਉੜੀ ਦਾ ਉਕਤ ਪ੍ਰਸੰਗ ‘‘ਕਰਤੇ ਕੈ ਕਰਣੈ’’ ਭਾਵ ਕਰਤਾਰ ਦੇ ਆਕਾਰ (ਦ੍ਰਿਸ਼ਮਾਨ) ਦਾ ਵਿਸਥਾਰ ਬਿਆਨ ਕਰਨਾ, ਚਲਦਾ ਆ ਰਿਹਾ ਹੈ, ਜਿਸ ਨੂੰ ਅਦ੍ਰਿਸ਼ ‘ਲੇਖੇ’ ਨਾਲ ਜੋੜਨਾ ਸਾਰਥਕ ਨਹੀਂ ਹੋਵੇਗਾ।)

‘ਵੁੜੀ ਕਲਾਮ॥’- ਇਸ ਉਪਵਾਕ ਵਿੱਚ ਆਏ ‘ਕਲਾਮ’ ਸ਼ਬਦ ਦਾ ਅਰਥ ‘ਕਲਮ’ ਹੈ, ਇਸ ਦੀ ਬਣਤਰ ‘ਕਲਮ’ ਤੋਂ ‘ਕਲਾਮ’ ਬਣਨ ਦਾ ਕਾਰਨ ਉਕਤ ਪੰਕਤੀ ਵਿੱਚ ਆਇਆ ਸ਼ਬਦ ‘ਰੰਗਾ ਕੇ ਨਾਵ॥’ ਦਾ ਕਾਵਿ ਤੋਲ ਮਿਲਾਉਣਾ ਹੀ ਸੀ, ਨਹੀਂ ਤਾਂ ਮੂਲ ਸ਼ਬਦ ‘ਕਲਮ’ ਹੋਣਾ ਸੀ, ਜੋ ਗੁਰਬਾਣੀ ਵਿੱਚ 14 ਵਾਰ ਦਰਜ ਹੈ; ਜਿਵੇਂ : ‘‘ਕਾਗਦਿ; ‘ਕਲਮ’ ਨ ਲਿਖਣਹਾਰੁ ॥ (ਜਪੁ /ਮ: ੧), ਜੈਸੀ ‘ਕਲਮ’ ਵੁੜੀ ਹੈ ਮਸਤਕਿ; ਤੈਸੀ ਜੀਅੜੇ ਪਾਸਿ ॥ (ਮ: ੧/੭੪), ਦੀਬਾਨੁ ਏਕੋ, ‘ਕਲਮ’ ਏਕਾ; ਹਮਾ ਤੁਮ੍ਾ ਮੇਲੁ ॥’’ (ਮ: ੧/੪੭੩) ਆਦਿ।

ਸੋ, ‘‘ਸਭਨਾ, ਲਿਖਿਆ ਵੁੜੀ ਕਲਾਮ ॥ਏਹੁ ਲੇਖਾ; ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥’’ ਭਾਵ  (ਮਾਲਕ ਦੀ ਦਇਆ (ਕਿਰਪਾ ਦ੍ਰਿਸ਼ਟੀ) ਉਪਰੰਤ ਆਪਣੇ ਪੁੱਤਰ (ਹੁਕਮ) ਰਾਹੀਂ ਇਨ੍ਹਾਂ) ਸਭ ਦਾ ਨਸੀਬ ਨਿਰੰਤਰ ਚੱਲਦੀ ਹੋਈ ਕਲਮ (ਵੁੜੀ ਕਲਾਮ) ਨਾਲ਼ ਲਿਖਿਆ ਜਾਂਦਾ ਹੈ ਭਾਵ ਨਿੱਤ ਨਵੇਂ ਪੈਦਾ ਹੋ ਰਹੇ ਜੀਵਾਂ ਦੇ ਮਾਰਗ-ਦਰਸ਼ਨ ਲਈ ਲੇਖਾ ਲਿਖਿਆ ਜਾਂਦਾ ਹੈ, ਜਿਸ ਕਾਰਨ ਕਲਮ ਰੁਕਦੀ ਨਹੀਂ । (‘ਕਰਤਾਰ’ ਵੱਲੋਂ) ਲਿਖਿਆ ਇਹ ਨਸੀਬ (ਲੇਖਾ) ਅਗਰ ਕੋਈ (ਕਲਮ ਨਾਲ਼) ਲਿਖਣਾ ਸਿੱਖ ਲਵੇ ਤਾਂ ਇਹ ਕਿੰਨਾ (ਭਾਵ ਅਣਗਿਣਤ) ਹੋ ਸਕਦਾ ਹੈ ?

‘‘ਕੇਤਾ ਤਾਣੁ, ਸੁਆਲਿਹੁ ਰੂਪੁ ? ॥ ਕੇਤੀ ਦਾਤਿ, ਜਾਣੈ ਕੌਣੁ ਕੂਤੁ ? ॥’’- ਇਸ ਪੰਕਤੀ ਵਿੱਚ ‘ਸੁਆਲਿਹੁ’ (ਪੁਲਿੰਗ ਵਿਸ਼ੇਸ਼ਣ) ਸ਼ਬਦ ਆਇਆ ਹੈ, ਜਿਸ ਦਾ ਅਰਥ ਹੈ ‘ਸੁੰਦਰ’।, ਜੋ ਕਿ ਇੱਕ ਵਾਰ ਇੱਥੇ ਹੀ ਦਰਜ ਹੈ, ਪਰ ਗੁਰਬਾਣੀ ਵਿੱਚ ਇਸ ‘ਸੁਆਲਿਹੁ’ ਸ਼ਬਦ ਦੇ ਮੂਲ ਸਰੋਤ ਸ਼ਬਦ ‘ਸੁਆਲਿਓ’ (ਇਸਤ੍ਰੀ ਲਿੰਗ ਵਿਸ਼ੇਸ਼ਣ) ਜਾਂ ‘ਸੁਆਲਿਉ’ (ਪੁਲਿੰਗ ਵਿਸ਼ੇਸ਼ਣ) ਮਿਲਦੇ ਹਨ; ਜਿਵੇਂ (ਇਸਤ੍ਰੀ ਲਿੰਗ): ‘‘ਨਾਨਕ ! ਸਾ ‘ਸੁਆਲਿਓ’ ਸੁਲਖਣੀ; ਜਿ ਰਾਵੀ ਸਿਰਜਨਹਾਰਿ ॥’’ (ਮ: ੩/੮੯) ਅਤੇ ‘ਸੁਆਲਿਉ’ ਪੁਲਿੰਗ ਵਿਸ਼ੇਸ਼ਣ; ਜਿਵੇਂ: ‘‘ਤਿਨ ਕਾ ਕਿਆ ਸਾਲਾਹਣਾ, ਅਵਰ ‘ਸੁਆਲਿਉ’ ਕਾਇ ॥ (ਮ: ੧/੧੫), ਮੇਰਾ ਪ੍ਰਭੁ ਸਾਚਾ ਅਤਿ ‘ਸੁਆਲਿਉ’, ਗੁਰੁ ਸੇਵਿਆ ਚਿਤੁ ਲਾਗਾ ॥ (ਮ: ੩/੬੦੦), ਚੋਰੁ ‘ਸੁਆਲਿਉ’ ਚੋਰੁ ਸਿਆਣਾ ॥’’ (ਮ: ੧/੬੬੨)

ਸੋ, ‘ਸੁਆਲਿਹੁ’ (ਪੁਲਿੰਗ) ਸ਼ਬਦ ਦਾ ਉਚਾਰਨ ‘ਸੁਆਲਿਓ’ ਵਾਙ ਨਹੀਂ ਕਰਨਾ ਬਲਕਿ ‘ਸੁਆਲਿਉ’ ਵਾਙ ਕਰਨਾ ਹੈ।

‘ਕੂਤੁ’- ਇਹ ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ, ਜਿਸ ਦਾ ਅਰਥ ਹੈ ‘ਅੰਦਾਜ਼ਾ, ਮਾਪ’ ਆਦਿ।

ਸੋ, ‘‘ਕੇਤਾ ਤਾਣੁ, ਸੁਆਲਿਹੁ ਰੂਪੁ ? ॥ ਕੇਤੀ ਦਾਤਿ, ਜਾਣੈ ਕੌਣੁ ਕੂਤੁ ? ॥’’- ਭਾਵ (ਕਰਤੇ ਕੈ ਕਰਣੈ.॥ ਦਾ) ਕਿਤਨਾ ਬਲ (ਵਿਸਥਾਰ, ਜਿਸ ਦਾ ਲੇਖਾ ‘ਵੁੜੀ ਕਲਮ’ ਨਾਲ਼ ਲਿਖਿਆ ਗਿਆ, ਉਨ੍ਹਾਂ ’ਚੋਂ ਕਈ ਦਾ ਕਿੰਨਾ ਗੁਣਕਾਰੀ) ਸੁੰਦਰ ਰੂਪ ਹੈ  ! (ਇਨ੍ਹਾਂ ਨੂੰ ਪਹੁੰਚਾਈ ਗਈ) ਕਿਤਨੀ ਦਾਤ (ਰਸਦ-ਪਾਣੀ) ਹੋਏਗੀ  ? (ਇਸ ਦਾ) ਕੌਣ ਅੰਦਾਜ਼ਾ ਲਾ ਸਕਦਾ ਹੈ ?

‘‘ਕੀਤਾ ਪਸਾਉ, ਏਕੋ ਕਵਾਉ ॥’’- ਇਸ ਪੰਕਤੀ ’ਚ ਆਇਆ ‘ਏਕੋ’ ਸ਼ਬਦ ਕੇਵਲ ਪਿੰਗਲ ਨਿਯਮ ਨੂੰ ਪੂਰਾ ਕਰਨ ਲਈ ਹੀ ਹੈ, ਨਹੀਂ ਤਾਂ ਇਸ ਸ਼ਬਦ ਦੀ ਬਣਤਰ ‘ਏਕੁ’ ਹੋਣੀ ਸੀ ਕਿਉਂਕਿ ‘ਪਸਾਉ’ ਤੇ ‘ਕਵਾਉ’ ਸ਼ਬਦ ਇੱਕ ਵਚਨ ਪੁਲਿੰਗ ਹਨ। ਗੁਰਬਾਣੀ ਵਿੱਚ ‘ਪਸਾਉ’ ਸ਼ਬਦ 14 ਵਾਰ ਦਰਜ ਹੈ, ਜਿਸ ਦਾ ਅਰਥ ਹੈ: ‘ਪ੍ਰਸਾਰ (ਫੈਲਾਉ), ਪ੍ਰਚਾਰ, ਕਿਰਪਾ’ ਆਦਿ; ਜਿਵੇਂ: ‘‘ਮਨੁ ਰੰਗਹੁ ਵਡਭਾਗੀਹੋ! ਗੁਰੁ ਤੁਠਾ ਕਰੇ ਪਸਾਉ (ਕਿਰਪਾ)॥ (ਮ: ੪/੪੦), ਓਥੈ ਅੰਮ੍ਰਿਤੁ ਵੰਡੀਐ, ਕਰਮੀ ਹੋਇ ਪਸਾਉ ॥ (ਮ: ੨/੧੪੬), ਢਾਢੀ ਕਰੇ ਪਸਾਉ (ਪ੍ਰਚਾਰ) ਸਬਦੁ ਵਜਾਇਆ ॥ (ਮ: ੧/੧੫੦), ਦਾਤਾ ਕਰਤਾ ਆਪਿ ਤੂੰ, ਤੁਸਿ ਦੇਵਹਿ ਕਰਹਿ ਪਸਾਉ (ਬਖ਼ਸ਼ਸ਼)॥’’ (ਮ: ੧/੪੬੩) ਆਦਿ।

‘ਕਵਾਉ’- ਇਸ ਸ਼ਬਦ ਦਾ ਅਰਥ ਹੈ ‘ਰੱਬੀ ਹੁਕਮ’, ਜੋ ਗੁਰਬਾਣੀ ਵਿੱਚ ਸੰਬੰਧਤ ਪੰਕਤੀ ਤੋਂ ਇਲਾਵਾ ਇੱਕ ਵਾਰ ਆਸਾ ਕੀ ਵਾਰ ਵਿੱਚ ਦਰਜ ਹੈ; ਜਿਵੇਂ: ‘‘ਤੂੰ ਜਾਣੋਈ ਸਭਸੈ, ਦੇ ਲੈਸਹਿ ਜਿੰਦੁ ਕਵਾਉ ॥’’ (ਮ: ੧/੪੬੩)

ਸੋ, ‘‘ਕੀਤਾ ਪਸਾਉ, ਏਕੋ ਕਵਾਉ ॥’’ ਭਾਵ ਹੇ ਨਿਰਾਕਾਰ ਮਾਲਕ  !  (ਤੇਰੀ ਇੱਛਾ ਉਪਰੰਤ) ਏਕੋ ਕਵਾਉ (ਇੱਕ ਪੁੱਤਰ-ਹੁਕਮ) ਨਾਲ਼ ਪਸਾਉ (ਪਸਾਰਾ, ਬ੍ਰਹਿਮੰਡ ਦਾ ਵਜੂਦ) ਬਣ ਗਿਆ ।

‘‘ਤਿਸ ਤੇ ਹੋਏ, ਲਖ ਦਰੀਆਉ ॥’’ ਇਸ ਪੰਕਤੀ ਵਿੱਚ ਦਰਜ ਸ਼ਬਦ ‘ਦਰੀਆਉ’ ਗੁਰਬਾਣੀ ਵਿੱਚ 16 ਵਾਰ ਦਰਜ ਹੈ, ਜਿਸ ਦੇ ਅਰਥਾਂ ਵਿੱਚ ਭਿੰਨਤਾ ਹੈ; ਜਿਵੇਂ: ‘‘ਤੂੰ ਦਰੀਆਉ (ਸਮੁੰਦਰ), ਸਭ ਤੁਝ ਹੀ ਮਾਹਿ ॥ (ਮ: ੪/੧੧), ਤੂ ਦਰੀਆਉ ਦਾਨਾ ਬੀਨਾ, ਮੈ ਮਛੁਲੀ ਕੈਸੇ ਅੰਤੁ ਲਹਾ ॥ (ਮ: ੧/੨੫), ਭੈ ਵਿਚਿ ਚਲਹਿ, ਲਖ ਦਰੀਆਉ (ਬਹੁ ਵਚਨ)॥ (ਮ: ੧/੪੬੪), ਗੁਰੁ ਨਵ ਨਿਧਿ ਦਰੀਆਉ (ਖ਼ਜਾਨਾ), ਜਨਮ ਹਮ ਕਾਲਖ ਧੋਵੈ ॥’’ (ਭਟ ਕਲੵ /੧੩੯੨) ਆਦਿ।

ਸੋ ‘‘ਤਿਸ ਤੇ ਹੋਏ, ਲਖ ਦਰੀਆਉ ॥’’ ਭਾਵ ਉਸ (ਪੁੱਤਰ-ਹੁਕਮ) ਤੋਂ (ਬਣੇ ਬ੍ਰਹਿਮੰਡ ’ਚ) ਲੱਖਾਂ ਹੀ (ਜ਼ਿੰਦਗੀ ਰੂਪ) ਵਹਾਅ ਵਹਿ ਤੁਰੇ (ਪੈਦਾ ਹੋ ਗਏ)।

‘‘ਕੁਦਰਤਿ ਕਵਣ; ਕਹਾ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥’’- ਇਸ ਪੰਕਤੀ ’ਚ ਦਰਜ ਸ਼ਬਦ ‘ਕੁਦਰਤਿ’ ਗੁਰਬਾਣੀ ਵਿੱਚ 82 ਵਾਰ ਦਰਜ ਹੈ, ਜਿਸ ਦਾ ਅਰਥ ਜ਼ਿਆਦਾਤਰ ‘ਰੱਬੀ ਤਾਕਤ’ ਜਾਂ ‘ਕੁਦਰਤ ਦਾ ਪਸਾਰਾ’ ਹੀ ਹੁੰਦਾ ਹੈ; ਜਿਵੇਂ: ‘‘ਆਪੇ ਵੇਖੈ ਸੁਣੇ ਆਪੇ ਹੀ, ਕੁਦਰਤਿ (ਤਾਕਤ ਨਾਲ) ਕਰੇ ਜਹਾਨੁੋ ॥ (ਮ: ੧/੨੫), ਆਪਣੀ ਕੁਦਰਤਿ (ਪਸਾਰਾ) ਆਪੇ ਜਾਣੈ, ਆਪੇ ਕਰਣੁ ਕਰੇਇ ॥ (ਮ: ੧/੫੩), ਕੁਦਰਤਿ (ਪਸਾਰੇ ਵਿੱਚ) ਹੈ, ਕੀਮਤਿ ਨਹੀ ਪਾਇ (ਪਰ ਬਿਆਨ ਨਹੀਂ ਕੀਤਾ ਜਾ ਸਕਦਾ)॥ (ਮ: ੧/੮੪), ਤਉ ਕੁਦਰਤਿ, ਕੀਮਤਿ ਨਹੀ ਪਾਇ ॥’’ (ਮ: ੧/੧੫੧) ਆਦਿ।

ਗੁਰਬਾਣੀ ਵਿੱਚ ‘ਜਪੁ’ ਦੀਆਂ 4 ਪਉੜੀਆਂ (16 ਤੋਂ 19) ਤੋਂ ਇਲਾਵਾ 2 ਵਾਰ ਹੋਰ ‘ਕੁਦਰਤਿ’ ਸ਼ਬਦ ਨੂੰ ਮਨੁੱਖੀ ਤਾਕਤ ਨਾਲ ਜੋੜਿਆ ਗਿਆ ਹੈ; ਜਿਵੇਂ: ‘‘ਜਿਉ ਬੋਲਾਵਹਿ ਤਿਉ ਬੋਲਹ ਸੁਆਮੀ! ‘ਕੁਦਰਤਿ ਕਵਨ ਹਮਾਰੀ’ ॥ (ਮ: ੫/੫੦੮), ਤਾ ਕੀ ਕੀਮਤਿ ਕਹਣੁ ਨ ਜਾਈ, ‘ਕੁਦਰਤਿ ਕਵਨ ਹਮ੍ਾਰੀ’ ॥’’ (ਮ: ੫/੭੦੨)

(ਨੋਟ: ਇਨ੍ਹਾਂ 6 ਪੰਕਤੀਆਂ ਵਿੱਚ ‘ਕੁਦਰਤਿ ਕਵਣ’ (ਕੀ ਤਾਕਤ ?) ਨੂੰ ਮਨੁੱਖੀ ਸ਼ਕਤੀ ਨਾਲ ਜੋੜਨ ਦਾ ਮੂਲ ਕਾਰਨ ‘ਹਮਾਰੀ’ (ਉਤਮ ਪੁਰਖ ਪੜਨਾਵ) ਅਤੇ ‘ਕਹਾ’ (ਉਤਮ ਪੁਰਖ ਕਿਰਿਆ) ਦਾ ਦਰਜ ਹੋਣਾ ਹੈ।)

ਸੋ, ‘‘ਕੁਦਰਤਿ ਕਵਣ; ਕਹਾ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥’’- ਭਾਵ  ਹੇ ਨਿਰਾਕਾਰ ਮਾਲਕ  !  (ਤੇਰੇ ਵਿਸ਼ਾਲਤਾ ਅੱਗੇ) ਮੇਰੀ ਕਿੰਨੀ ਕੁ ਕੁਦਰਤਿ (ਸਮਰੱਥਾ ਹੈ ?  ਤਾਂ ਜੋ ਤੇਰੀ ਹੋਂਦ ਬਾਰੇ ਪੂਰਾ) ਅਨੁਮਾਨ ਲਗਾ ਸਕਾਂ, ਭਾਵੇਂ ਮੈਂ ਇੱਕ ਵਾਰ (ਤੇਰੇ ’ਚ) ਵਾਰਿਆ (ਅਭੇਦ ਹੀ) ਕਿਉਂ ਨਾ ਹੋ ਜਾਵਾਂ (ਫਿਰ ਵੀ ਤੇਰਾ ਪੂਰਾ ਵਰਣਨ ਨਹੀਂ ਕਰ ਸਕਦਾ)।

‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ॥’’- ਇਸ ਅੰਤਮ ਪੰਕਤੀ ਵਿੱਚ ਦਰਜ ਸ਼ਬਦ ‘ਸਲਾਮਤਿ’, ਗੁਰਬਾਣੀ ਵਿੱਚ 15 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਮੌਜੂਦ, ਸਦਾ ਥਿਰ’ ਆਦਿ; ਜਿਵੇਂ: ‘‘ਅਵਿਨਾਸੀ ਅਵਿਗਤੁ ਅਗੋਚਰੁ; ਸਦਾ ‘ਸਲਾਮਤਿ’ ਖਸਮੁ ਹਮਾਰਾ ॥ (ਮ: ੫/੩੭੬), ਗੁਰਿ, ਚੇਲੇ ਰਹਰਾਸਿ ਕੀਈ; ਨਾਨਕਿ, ‘ਸਲਾਮਤਿ’ ਥੀਵਦੈ ॥ (ਰਾਇ ਬਲਵੰਡ ਸਤਾ ਜੀ/੯੬੬)  ਭਾਵ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਮੌਜੂਦਗੀ ਵਿੱਚ ਹੀ ਚੇਲੇ (ਗੁਰੂ ਅੰਗਦ ਸਾਹਿਬ ਜੀ) ਅੱਗੇ ਰਹਰਾਸਿ (ਨਮਸਕਾਰ) ਕੀਤੀ।

‘ਨਿਰੰਕਾਰ’- ਇਹ ਸੰਬੋਧਨ ਸ਼ਬਦ ਗੁਰਬਾਣੀ ਵਿੱਚ 36 ਵਾਰ ਦਰਜ ਹੈ; ਜਿਵੇਂ: ‘‘ਹੇ ਸੰਗੀ! ਹੇ ਨਿਰੰਕਾਰ! ਹੇ ਨਿਰਗੁਣ ਸਭ ਟੇਕ ! ॥’’ (ਮ: ੫/੨੬੧)

ਸੋ,‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ॥ ਭਾਵ ਹੇ ਨਿਰਾਕਾਰ !  ਜੋ ਤੈਨੂੰ ਪਸੰਦ ਹੈ (ਮਿਹਰ ਕਰ) ਉਹੀ ਕਾਰ-ਵਿਹਾਰ (ਮੈਨੂੰ ਵੀ) ਚੰਗਾ ਲੱਗੇ (ਕਿਉਂਕਿ ਮੈਂ ਵਕਤੀ ਮਹਿਮਾਨ ਹਾਂ ਤੇ) ਤੂੰ ਸਦੀਵੀ ਸਥਿਰ ਮਾਲਕ ।

(ਨੋਟ: ‘‘ਤੂ ਸਦਾ ਸਲਾਮਤਿ; ਨਿਰੰਕਾਰ ॥੧੬॥ (ਜਪੁ /ਮ: ੧/੩) ਪੰਕਤੀ ਦੇ ਅੰਤ ਵਿੱਚ ਅੰਕ ੧੬ ਪਉੜੀ ਦੀ ਸਮਾਪਤੀ ਨੂੰ ਦਰਸਾਉਂਦਾ ਹੈ।)