ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ

2
364

ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਇਕ ਕਮਰੇ ਵਿਚ ਇਕ ਨਿੱਕੀ ਜਿਹੀ ਨੀਲੀ ਡੱਬੀ ਪਈ ਸੀ। ਉਸ ਸਾਧਾਰਨ ਡੱਬੀ ਉੱਤੇ ਕੁੱਝ ਲਿਖਿਆ ਨਹੀਂ ਸੀ ਹੋਇਆ। ਉਸ ਦੇ ਆਲੇ-ਦੁਆਲੇ ਬਹੁਤ ਚੋਟੀ ਦੇ ਵਿਗਿਆਨੀ ਤੇ ਬੁੱਧੀਜੀਵੀ ਬੈਠੇ ਸਨ। ਸਭ ਨੂੰ ਕਿਹਾ ਗਿਆ ਕਿ ਕਮਰੇ ਦੀ ਹਰ ਚੀਜ਼ ਘੋਖੋ, ਛੇੜੋ ਤੇ ਪਰਖੋ ਕਿਉਂਕਿ ਪੂਰਾ ਕਮਰਾ ਪੁਰਾਤਨ ਚੀਜ਼ਾਂ ਨਾਲ ਭਰਿਆ ਪਿਆ ਹੈ, ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹ ਨੀਲੀ ਡੱਬੀ ਬਿਲਕੁਲ ਨਹੀਂ ਛੇੜਨੀ। ਖੋਲ੍ਹਣ ਬਾਰੇ ਤਾਂ ਸੋਚਿਓ ਵੀ ਨਾ।

ਉਨ੍ਹਾਂ ਨੂੰ ਦੱਸੇ ਬਗ਼ੈਰ ਕਮਰੇ ਦੇ ਕੋਨਿਆਂ ਵਿਚ ਬਰੀਕ ਕੈਮਰੇ ਲਗਾ ਦਿੱਤੇ ਹੋਏ ਸਨ। ਸਾਰੇ ਜਣੇ ਆਲੇ-ਦੁਆਲੇ ਚੀਜ਼ਾਂ ਵੇਖਣ ਲੱਗੇ ਪਰ ਕੈਮਰੇ ਰਾਹੀਂ ਪਤਾ ਲੱਗਿਆ ਕਿ ਆਲੇ-ਦੁਆਲੇ ਇਕ ਨਜ਼ਰ ਘੁਮਾਉਣ ਬਾਅਦ ਹਰ ਕਿਸੇ ਨੇ ਨੀਲੀ ਡੱਬੀ ਨੂੰ ਚੰਗੀ ਤਰ੍ਹਾਂ ਨਿਹਾਰਿਆ। ਸਾਰੇ ਹੀ ਜਣੇ ਨੀਲੀ ਡੱਬੀ ਵੱਲ ਖਿੱਚੇ ਮਹਿਸੂਸ ਹੋ ਰਹੇ ਸਨ। ਕੁੱਝ ਜਣੇ ਤਾਂ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਦੂਜੇ ਪਾਸੇ ਜਾਣ ਤੋਂ ਪਹਿਲਾਂ ਉਸ ਡੱਬੀ ਦੇ ਬਿਲਕੁਲ ਨੇੜਿਓਂ ਹੋ ਕੇ ਲੰਘੇ ਤੇ ਪੂਰੀ ਨੀਝ ਲਾ ਕੇ ਤੱਕਿਆ।

ਪ੍ਰਤੱਖ ਦਿਸ ਰਿਹਾ ਸੀ ਕਿ ਨੀਲੀ ਡੱਬੀ ਨੇ ਸਭ ਨੂੰ ਆਪਣੇ ਵੱਲ ਬਦੋਬਦੀ ਖਿੱਚ ਲਿਆ ਹੋਇਆ ਸੀ। ਅਖ਼ੀਰ ਜਦੋਂ ਰਿਹਾ ਹੀ ਨਾ ਗਿਆ ਤਾਂ ਇੱਕ ਬੁੱਧੀਜੀਵੀ ਨੇ ਕਹਿ ਹੀ ਦਿੱਤਾ,‘‘ਭਲਾ ਕੀ ਹੋ ਸਕਦਾ ਹੈ ਇਸ ਨਿੱਕੀ ਜਿਹੀ ਨੀਲੀ ਡੱਬੀ ਵਿਚ, ਜਿਹੜਾ ਬਿਲਕੁਲ ਹੀ ਵਰਜਿਤ ਸਮਾਨ ਹੈ ? ਵੇਖੀਏ ਤਾਂ ਸਹੀ, ਹੈ ਕੀ ?’’

ਬਾਕੀ ਜਣੇ ਜਿਵੇਂ ਇਸੇ ਗੱਲ ਦੀ ਹੀ ਉਡੀਕ ਕਰ ਰਹੇ ਸਨ। ਸਭ ਨੇ ਹਾਮੀ ਭਰ ਦਿੱਤੀ। ਫੇਰ ਕੀ ਸੀ। ਝਟਪਟ ਦੋ ਤਿੰਨ ਜਣੇ ਅਗਾਂਹ ਹੋਏ ਤੇ ਡੱਬੀ ਦਾ ਢੱਕਣ ਚੁੱਕ ਦਿੱਤਾ। ਡੱਬੀ ਖਾਲੀ ਸੀ। ਉਨੀ ਹੀ ਦੇਰ ਨੂੰ ਤਿੰਨ ਮਨੋਵਿਗਿਆਨੀ ਬਾਹਰੋਂ ਅੰਦਰ ਵੜੇ ਤੇ ਕਹਿਣ ਲੱਗੇ, ‘‘ਅਸੀਂ ਇਸੇ ਉੱਤੇ ਹੀ ਖੋਜ ਕਰ ਰਹੇ ਸੀ। ਆਮ ਬੰਦਾ ਤਾਂ ਵਰਜਿਤ ਚੀਜ਼ ਵੱਲ ਝਟਪਟ ਦੌੜਦਾ ਹੈ। ਵੇਖਣਾ ਇਹ ਸੀ ਕਿ ਚੋਟੀ ਦੇ ਸਮਝਦਾਰ ਬੰਦੇ ਕੀ ਕਰਦੇ ਹਨ ?’’

ਇਹ ਹਕੀਕਤ ਹੈ। ਸਾਡਾ ਦਿਮਾਗ਼ ਹੈ ਹੀ ਇੰਜ ਦਾ ਕਿ ਰੋਕੀ ਹੋਈ ਚੀਜ਼ ਵੱਲ ਜ਼ਿਆਦਾ ਖਿੱਚਿਆ ਜਾਂਦਾ ਹੈ।

ਅਜਿਹੀ ਜਿਗਿਆਸਾ ਵਾਸਤੇ ਵੀ ਕੁਦਰਤ ਨੇ ਸਾਡੇ ਦਿਮਾਗ਼ ਵਿਚ ਇਕ ਕੇਂਦਰ ਬਣਾਇਆ ਹੋਇਆ ਹੈ। ਡਾ. ਮੈਥੀਅਸ ਗਰੂਬਰ ਨੇ ਡੇਵਿਸ ਵਿਚਲੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਖੇ ਇਕ ਮਜ਼ੇਦਾਰ ਖੋਜ ਕੀਤੀ। ਉਸ ਨੇ ਕਈ ਬੰਦਿਆਂ ਨੂੰ ਕੰਪਿਊਟਰ ਸਾਹਮਣੇ ਬਿਠਾ ਕੇ ਇੱਕ ਅਣਜਾਣ ਬੰਦੇ ਦੀ ਤਸਵੀਰ ਵਿਖਾਈ ਤੇ ਉਸ ਬਾਰੇ ਕੁੱਝ ਸਵਾਲ ਪੁੱਛੇ। ਹਰ ਸਵਾਲ ਦਾ ਸਹੀ ਜਵਾਬ ਕੰਪਿਊਟਰ ਵਿਚ ਆਪਣੇ ਆਪ 14 ਸਕਿੰਟ ਬਾਅਦ ਲਿਖਿਆ ਦਿਸ ਜਾਂਦਾ ਸੀ। ਉਸ ਸਮੇਂ ਵਿਚ ਸਾਰਿਆਂ ਦੀ ਐਮ. ਆਰ. ਆਈ. ਸਕੈਨ ਕੀਤੀ ਗਈ।

ਇਹ ਵੇਖਣ ਵਿਚ ਆਇਆ ਕਿ ਜਿਨ੍ਹਾਂ ਨੂੰ ਕੁੱਝ ਜਾਣਨ ਦੀ ਇੱਛਾ ਸੀ, ਉਨ੍ਹਾਂ ਨੇ ਚਿਹਰਾ ਚੰਗੀ ਤਰ੍ਹਾਂ ਘੋਖਿਆ ਸੀ, ਜ਼ਿਆਦਾ ਸਹੀ ਜਵਾਬ ਦਿੱਤੇ ਸਨ ਤੇ ਅਜਿਹੇ ਸੈਸ਼ਨ ਤੋਂ ਬਾਅਦ ਸਵਾਲਾਂ ਦੇ ਜਵਾਬਾਂ ਨੂੰ ਪੂਰੀ ਤਰ੍ਹਾਂ ਯਾਦ ਵੀ ਰੱਖ ਲਿਆ ਸੀ।

ਐਮ. ਆਰ. ਆਈ. ਸਕੈਨ ਰਾਹੀਂ ਪਤਾ ਲੱਗਿਆ ਕਿ ਵੱਧ ਜਿਗਿਆਸਾ ਵਾਲੇ ਲੋਕਾਂ ਦੇ ਦਿਮਾਗ਼ ਦੇ ਇੱਕ ਹਿੱਸੇ ਵਿਚ ਵੱਧ ਹਲਚਲ ਹੋਈ ਸੀ ਤੇ ਉਨ੍ਹਾਂ ਦੇ ਦਿਮਾਗ਼ ਵਿਚਲੇ ਸੈੱਲਾਂ ਵਿਚ ਵੀ ਵੱਧ ਹਰਕਤ ਹੋਈ ਸੀ ਜਿਸ ਨਾਲ ਸੁਣੇਹਾ ਅੱਗੇ ਤੱਕ ਯਾਨੀ ਯਾਦਾਸ਼ਤ ਸੈਂਟਰ ਤਕ ਪਹੁੰਚ ਗਿਆ ਸੀ।

ਜਿਨ੍ਹਾਂ ਨੂੰ ਜਵਾਬ ਯਾਦ ਰਹਿ ਗਏ ਸਨ, ਉਨ੍ਹਾਂ ਸਾਰਿਆਂ ਦਾ 24 ਘੰਟੇ ਬਾਅਦ ਦੁਬਾਰਾ ਐਮ. ਆਰ. ਆਈ. ਸਕੈਨ ਕੀਤਾ ਗਿਆ, ਜਿਨ੍ਹਾਂ ਨੂੰ ਜਿਗਿਆਸਾ ਵੱਧ ਸੀ, ਉਨ੍ਹਾਂ ਦੇ ਦਿਮਾਗ਼ ਵਿਚ 24 ਘੰਟੇ ਬਾਅਦ ਵੀ ਹਰਕਤ ਹੁੰਦੀ ਦਿਸੀ।

ਡਾ. ਗਰੂਬਰ ਨੇ ਨਤੀਜੇ ਕੱਢੇ ਕਿ ਜਿਸ ਨੂੰ ਵੱਧ ਜਾਨਣ ਦੀ ਚਾਹ ਹੋਵੇ, ਉਸ ਦਾ ਦਿਮਾਗ਼ ਜ਼ਿਆਦਾ ਦੇਰ ਚੁਸਤ ਦਰੁਸਤ ਰਹਿੰਦਾ ਹੈ ਤੇ ਅਜਿਹੇ ਬੱਚੇ ਜ਼ਿਆਦਾ ਚੰਗੀ ਤਰ੍ਹਾਂ ਗੱਲ ਨੂੰ ਸਮਝ ਕੇ ਲੰਮੇ ਸਮੇਂ ਤੱਕ ਯਾਦ ਰੱਖ ਸਕਦੇ ਹਨ।

ਰੱਟੂ ਤੋਤੇ ਗੱਲ ਨੂੰ ਬਹੁਤ ਦੇਰ ਯਾਦ ਨਹੀਂ ਰੱਖ ਸਕਦੇ। ਜੇ ਰੱਖਦੇ ਵੀ ਹਨ ਤਾਂ ਉਸ ਗੱਲ ਨੂੰ ਲਾਗੂ ਕਰਨ ਵਿਚ ਮਾਰ ਖਾ ਜਾਂਦੇ ਹਨ।

ਦਿਮਾਗ਼ ਵਿਚਲਾ ‘ਡੋਪਾਮੀਨ’ ਜੋ ਸੁਣੇਹੇ ਅੱਗੇ ਪਹੁੰਚਾਉਂਦਾ ਹੈ, ਤੇ ਦਿਮਾਗ਼ ਦੇ ਸੈੱਲ ਰਵਾਂ ਰੱਖਦਾ ਹੈ, ਇਨ੍ਹਾਂ ਲੋਕਾਂ ਵਿਚ, ਜੋ ਜਿਗਿਆਸੂ ਹੋਣ, ਵੱਧ ਹੁੰਦਾ ਹੈ ਤੇ ਨਵੀਆਂ ਕਾਢਾਂ ਕੱਢਣ ਵਿਚ ਸੈੱਲਾਂ ਦੇ ਸੁਣੇਹੇ ਝੱਟਪਟ ਅਗਾਂਹ ਪਿਛਾਂਹ ਭੇਜਣ ਵਿਚ ਮਦਦ ਕਰਦਾ ਹੈ ਤੇ ਨਤੀਜੇ ਕੱਢਣ ਵਿਚ ਵੀ।

ਇਕ ਹੋਰ ਚੀਜ਼ ਜੋ ਖੋਜ ਰਾਹੀਂ ਲੱਭੀ, ਉਹ ਸੀ, ਜਿਗਿਆਸੂ ਦਿਮਾਗ਼ ਵਿਚਲੇ ‘ਹਿੱਪੋਕੈਂਪਸ’ ਹਿੱਸੇ ਵਿਚ ਸਾਰੀਆਂ ਵੇਖੀਆਂ ਸੁਣੀਆਂ ਚੀਜ਼ਾਂ ਦਾ ਪਹੁੰਚ ਕੇ ਯਾਦ ਬਣਨਾ ਅਤੇ ਉੱਥੋਂ ਵਾਪਸ ਨੱਕ, ਜੀਭ, ਚਮੜੀ, ਕੰਨਾਂ ਤੇ ਅੱਖਾਂ ਨੂੰ ਸੁਣੇਹਾ ਜਾਣਾ। ਇਸ ਦਾ ਮਤਲਬ ਹੈ ਵੇਖੀ, ਸੁਣੀ, ਸੁੰਘੀ, ਛੋਹੀ ਤੇ ਚੱਖੀ ਚੀਜ਼ ਬਾਰੇ ਸਾਰੀ ਨਿੱਕੀ ਤੋਂ ਨਿੱਕੀ ਜਾਣਕਾਰੀ ਦਿਮਾਗ਼ ਤੱਕ ਪਹੁੰਚਣੀ ਤੇ ਚੋਖੀ ਦੇਰ ਟਿਕੀ ਵੀ ਰਹਿਣੀ।

ਇਸ ਖੋਜ ਦੇ ਆਧਾਰ ਉੱਤੇ ਨਾ ਸਿਰਫ਼ ਬੀਮਾਰੀਆਂ ਦਾ ਇਲਾਜ ਕਰਨਾ ਸੌਖਾ ਹੋ ਗਿਆ ਬਲਕਿ ਵਿਦਿਆਰਥੀਆਂ ਦੇ ਪੜ੍ਹਾਉਣ ਵਿਚ ਵੀ ਬਹੁਤ ਮਦਦ ਮਿਲੀ।

ਵਡੇਰੀ ਉਮਰ ਵਿਚ ਡੋਪਾਮੀਨ ਦਾ ਘਟਣਾ ਤੇ ਯਾਦਾਸ਼ਤ ਘਟਣੀ ਆਮ ਹੀ ਵੇਖਣ ਵਿਚ ਆਉਂਦੀ ਹੈ। ਇੰਜ ਹੀ ਵਿਦਿਆਰਥੀਆਂ ਨੂੰ ਪੜ੍ਹਾਉਣ ਵੇਲੇ ਕਿਸੇ ਬੋਰਿੰਗ ਲੈਕਚਰ ਦੌਰਾਨ ਡੋਪਾਮੀਨ ਕਿਤੇ ਖੂੰਜੇ ’ਚ ਵੜ ਕੇ ਬਹਿ ਜਾਂਦੀ ਹੈ ਤੇ ਵਿਦਿਆਰਥੀ ਸਿਵਾਏ ਉਬਾਸੀਆਂ ਮਾਰਨ ਜਾਂ ਸੌਣ ਤੋਂ ਇਲਾਵਾ ਕੁੱਝ ਨਹੀਂ ਕਰਦੇ। ਅਜਿਹੀ ਕਲਾਸ ਤੋਂ ਬਾਅਦ ਇਕ ਵੀ ਅਜਿਹਾ ਹਰਫ਼ (ਅੱਖਰ) ਨਹੀਂ ਜਿਹੜਾ ਪੁੱਛੇ ਜਾਣ ਉੱਤੇ ਵਿਦਿਆਰਥੀ ਯਾਦ ਕਰ ਕੇ ਦੱਸ ਸਕਣ।

ਇਸ ਖੋਜ ਤੋਂ ਬਾਅਦ ਅਨੇਕ ਦੇਸ਼ਾਂ ਵਿਚ ਯਾਦਾਸ਼ਤ ਵਧਾਉਣ ਲਈ ਖੋਜਾਂ ਕੀਤੀਆਂ ਗਈਆ ਤੇ ਹਰ ਥਾਂ ਉੱਤੇ ਇਹੀ ਨਤੀਜਾ ਨਿਕਲਿਆ ਕਿ ਜਿਗਿਆਸੂ ਹੋਣਾ ਬਹੁਤ ਜ਼ਰੂਰੀ ਹੈ।

ਜਿਗਿਆਸਾ ਵਧਾਉਣਾ ਕੋਈ ਔਖਾ ਨਹੀਂ ਤੇ ਨਾ ਹੀ ਵੱਡੇ-ਵੱਡੇ ਮਾਹਿਰ ਮਨੋਵਿਗਿਆਨੀਆਂ ਦੀ ਲੋੜ ਪੈਂਦੀ ਹੈ।

3d rendered illustration – hippocampus

ਜਿਹੜੇ ਕੁਦਰਤ ਵੱਲੋਂ ਹੀ ਜਿਗਿਆਸੂ ਹੋਣ, ਉਨ੍ਹਾਂ ਨੇ ਆਪੇ ਹੀ ਲਾਇਕ ਬਣ ਕੇ ਚੋਟੀ ਉੱਤੇ ਪਹੁੰਚ ਜਾਣਾ ਹੁੰਦਾ ਹੈ। ਕੁਦਰਤ ਨੇ ਹਰ ਬੱਚੇ ਨੂੰ ਜੰਮਣ ਸਮੇਂ ਖੋਜੀ ਸੁਭਾਓ ਦੇ ਕੇ ਭੇਜਿਆ ਹੁੰਦਾ ਹੈ। ਉਸ ਨੇ ਹਰ ਚੀਜ਼ ਉੱਤੇ ਸਵਾਲ ਪੁੱਛ-ਪੁੱਛ ਕੇ ਮਾਪਿਆਂ ਨੂੰ ਬੇਹਾਲ ਕਰ ਦੇਣਾ ਹੁੰਦਾ ਹੈ। ਜਿਹੜੇ ਮਾਪੇ ਬੱਚੇ ਦੀ ਉਤਸੁਕਤਾ ਵੱਲ ਧਿਆਨ ਨਾ ਦੇਣ ਤੇ ਝਿੜਕ ਕੇ ਚੁੱਪ ਕਰਵਾ ਦੇਣ, ਉਹ ਬੱਚੇ ਦਾ ਬੌਧਿਕ ਵਿਕਾਸ ਖ਼ਤਮ ਕਰ ਰਹੇ ਹੁੰਦੇ ਹਨ। ਜਿਹੜੇ ਮਾਪੇ ਬੱਚੇ ਦੇ ਸਵਾਲਾਂ ਦੇ ਜਵਾਬ ਵੀ ਦੇਣ ਅਤੇ ਉਸੇ ਵਰਗਾ ਕੋਈ ਹੋਰ ਸਵਾਲ ਵੀ ਅੱਗੋਂ ਕਰ ਦੇਣ, ਉਹ ਆਪਣੇ ਬੱਚੇ ਨੂੰ ਉੱਚ ਕੋਟੀ ਦਾ ਗਿਆਨੀ ਬਣਾ ਰਹੇ ਹੁੰਦੇ ਹਨ।

ਮਸਲਨ, ਬੱਚੇ ਨੇ ਕੀੜੀ ਨੂੰ ਵੇਖ ਕੇ ਪੁੱਛਿਆ, ‘‘ਇਹ ਕੀ ?’’ ਮਾਂ ਨੇ ਦੱਸਿਆ ‘‘ਕੀੜੀ।’’ ਬੱਚੇ ਦੇ ਦਿਮਾਗ਼ੀ ਕੰਪਿਊਟਰ ਨੇ ਸ਼ਬਦ ਪਹਿਲੀ ਵਾਰ ਸੁਣਿਆ ਹੈ ਤਾਂ ਉਹ ਫੇਰ ਪੁੱਛੇਗਾ, ‘‘ਇਹ ਕੀ ?’’ ਜਿਵੇਂ ਮੋਬਾਈਲ ਵਿਚ ਲੌਕ ਭਰਨ ਸਮੇਂ ਮੋਬਾਈਲ ਵੀ ਦੋ ਜਾਂ ਤਿੰਨ ਵਾਰ ਪੁੱਛਦਾ ਹੈ ਕਿ ਉਹੀ ਲੌਕ ਦੁਬਾਰਾ ਭਰੋ, ਉਂਜ ਹੀ ਬੱਚੇ ਦਾ ਦਿਮਾਗ਼ ਫੇਰ ਪੁੱਛਦਾ ਹੈ। ਮਾਂ ਨੇ ਦੂਜੀ ਵਾਰ ਵੀ ਜਵਾਬ ਦਿੱਤਾ ਤਾਂ ਬੱਚੇ ਨੇ ਤੀਜੀ ਵਾਰ ਫੇਰ ਉਹੀ ਸਵਾਲ ਪੁੱਛਣਾ ਹੈ।

ਜੇ ਮਾਂ ਖਿੱਝ ਕੇ ਬੱਚੇ ਨੂੰ ਚੁੱਕ ਕੇ ਤੁਰ ਪਈ ਤਾਂ ਸਮਝੋ ਬੱਚੇ ਦੇ ਜਿਗਿਆਸੂ ਹੋਣ ਦੇ ਆਸਾਰ ਅੱਧੇ ਰਹਿ ਗਏ। ਜੇ ਹਮੇਸ਼ਾ ਹੀ ਇੰਜ ਹੁੰਦਾ ਰਹੇ ਤਾਂ ਬੱਚਾ ਔਸਤ ਜਾਂ ਘੱਟ ਬੁੱਧੀ ਦਾ ਬਣ ਜਾਏਗਾ।

ਜੇ ਇਸ ਦੀ ਥਾਂ ਦੱਸ ਵਾਰ ‘ਕੀੜੀ’ ਕਹਿ ਕੇ ਫੇਰ ਅੱਗੋਂ ਮਕੌੜਾ ਵਿਖਾ ਕੇ-ਵੱਡੀ ਕੀੜੀ-‘ਮਕੌੜਾ’, ਕਹਿ ਕੇ ਸਮਝਾਇਆ ਜਾਵੇ ਤੇ ਫੇਰ ਸੁੰਡੀ ਜਾਂ ਤਿਤਲੀ ਵਿਖਾਈ ਜਾਏ, ਤਾਂ ਮਾਂ ਆਪਣੇ ਬੱਚੇ ਦੀ ਹੋਰ ਜਾਣਨ ਦੀ ਚਾਹ ਵਧਾ ਰਹੀ ਹੋਵੇਗੀ ਤੇ ਡੋਪਾਮੀਨ ਵੀ। ਇਸ ਦਾ ਮਤਲਬ ਹੈ ਅਜਿਹੇ ਬੱਚੇ ਦਾ ਬੌਧਿਕ ਵਿਕਾਸ ਉੱਚ ਕੋਟੀ ਦਾ ਹੋਵੇਗਾ।

ਹੁਣ ਗੱਲ ਕਰੀਏ ਵਿਦਿਆਰਥੀਆਂ ਦੀ, ਜਿਨ੍ਹਾਂ ਨੂੰ ਬੋਰਿੰਗ ਕਲਾਸ ਪੜ੍ਹਨੀ ਪੈ ਰਹੀ ਹੈ। ਅਜਿਹੀ ਕਲਾਸ ਵਿਚ ਨਿੱਕੀ ਕਹਾਣੀ, ਚਿੱਤਰ, ਪਹੇਲੀ, ਕਲਾਸ ਦੇ ਵਿਸ਼ੇ ਨਾਲ ਆਧਾਰਿਤ ਕੋਈ ਖੋਜ ਵਗੈਰਾ ਜੇ ਕਲਾਸ ਵਿਚ ਸ਼ਾਮਲ ਕਰ ਲਈ ਜਾਏ ਤਾਂ ਹਰ ਵਿਦਿਆਰਥੀ ਦੇ ਸਿਰ ਅੰਦਰਲਾ ਹਿੱਪੋਕੈਂਪਸ ਹਰਕਤ ਕਰਦਾ ਰਹੇਗਾ ਤੇ ਨਾ ਚਾਹੁੰਦਿਆਂ ਹੋਇਆਂ ਵੀ ਬੋਰਿੰਗ ਕਲਾਸ ਯਾਦਗਾਰੀ ਬਣ ਜਾਏਗੀ।

ਜੇ ਬੁਢੇਪੇ ਦੀ ਗੱਲ ਕਰੀਏ ਤਾਂ ਉੱਥੇ ਜਿਗਿਆਸਾ ਦਾ ਵੱਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਮ ਹੀ ਲੋਕ ਆਪਣੇ ਮਾਪਿਆਂ ਨੂੰ ਸੱਤਰਿਆ ਬਹੱਤਰਿਆ ਕਹਿ ਕੇ ਖੂੰਜੇ ਲਾ ਛੱਡਦੇ ਹਨ ਤੇ ਉਨ੍ਹਾਂ ਤੋਂ ਕੁੱਝ ਸਲਾਹ ਮਸ਼ਵਰਾ ਵੀ ਲੈਣਾ ਪਸੰਦ ਨਹੀਂ ਕਰਦੇ। ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਹਿੱਪੋਕੈਂਪਸ ਅਤੇ ਡੋਪਾਮੀਨ ਆਪਣਾ ਕੰਮ ਕਾਰ ਘਟਾ ਦਿੰਦੇ ਹਨ ਤੇ ਹੌਲੀ-ਹੌਲੀ ਦਿਮਾਗ਼ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਜਿਗਿਆਸਾ ਪੈਦਾ ਕਰਨ ਨਾਲ ਜ਼ਿਆਦਾ ਦੇਰ ਤੱਕ ਦਿਮਾਗ਼ ਰਵਾਂ ਰੱਖਿਆ ਜਾ ਸਕਦਾ ਹੈ। ਇਸ ਵਾਸਤੇ ਕੁੱਝ ਵੀ ਨਵਾਂ ਕੀਤਾ ਜਾ ਸਕਦਾ ਹੈ। ਮਸਲਨ ਸ਼ੀਸ਼ੇ ਦੇ ਇੱਕ ਭਾਂਡੇ ਵਿਚ ਗਿੱਲਾ ਰੂੰ ਰੱਖ ਕੇ, ਉਸ ਵਿੱਚ ਬੀਜ ਪਾ ਦਿਓ। ਉਸ ਨੂੰ ਰੋਜ਼ ਪੁੰਗਰਦੇ ਵੇਖਣਾ ਤੇ ਪੱਤੀਆਂ ਦੇ ਨਾਲ-ਨਾਲ ਜੜਾਂ ਦਾ ਵਧਣਾ ਵੇਖਣਾ ਵੀ ਜਿਗਿਆਸਾ ਪੈਦਾ ਕਰਦਾ ਹੈ। ਕਿਸੇ ਖੇਡ ਨਾਲ ਜੁੜਨਾ ਤੇ ਉਸ ਵਿਚਲੇ ਜੇਤੂ ਬੰਦੇ ਨਾਲ ਅੰਤ ਤਕ ਜੁੜੇ ਰਹਿਣਾ, ਜਿਵੇਂ, ਚੈੱਸ, ਕੈਰਮ, ਗੀਟੀਆਂ ਜਾਂ ਕਿਸੇ ਰਹੱਸਮਈ ਨਾਵਲ ਨੂੰ ਪੜ੍ਹਨਾ, ਕਿਸੇ ਸੁੰਡੀ ਨੂੰ ਤਿਤਲੀ ਬਣਦੇ ਵੇਖਣਾ, ਵਗੈਰਾ।

ਇਸ ਤਰ੍ਹਾਂ ਬੁਢੇਪੇ ਵਿਚ ਵੀ ਡੋਪਾਮੀਨ ਦਾ ‘ਰਿਵਾਰਡ ਸਰਕਟ’ ਬਣਦਾ ਰਹਿੰਦਾ ਹੈ। ਰਿਵਾਰਡ ਸਰਕਟ ਵਿਚ ਬਾਹਰਲੀ ਕਿਸੇ ਨਵੀਂ ਚੀਜ਼ ਵਿੱਚੋਂ ਸਕਾਰਾਤਮਕ ਊਰਜਾ ਲੈ ਕੇ ਦਿਮਾਗ਼ ਡੋਪਾਮੀਨ ਨੂੰ ਹਿੱਪੋਕੈਂਪਸ ਵੱਲ ਧੱਕਣ ਲੱਗ ਪੈਂਦਾ ਹੈ। ਹਿੱਪੋਕੈਂਪਸ ਫੇਰ ਦਿਮਾਗ਼ ਨੂੰ ਹੋਰ ਸਿੱਖਣ ਤੇ ਯਾਦ ਰੱਖਣ ਲਈ ਤਰੋਤਾਜ਼ਾ ਕਰ ਦਿੰਦਾ ਹੈ।

ਇੱਕ ਗੱਲ ਪੱਕੀ ਹੋ ਗਈ ਕਿ ਕੁੱਝ ਨਵਾਂ ਪਨਪ ਜਾਣ ਜਾਂ ਜਿੱਤਣ ਦੇ ਇਹਸਾਸ ਨੇ ਹੀ ਵੱਡੀ ਉਮਰ ਵਿਚ ਦਿਮਾਗ਼ ਜਵਾਨ ਰੱਖਣਾ ਹੈ। ਇਹ ਖੋਜ ‘ਸਾਇੰਸ ਡੇਲੀ’ ਰਿਸਾਲੇ ਵਿਚ ਅਕਤੂਬਰ 2014 ਵਿਚ ਛਪ ਚੁੱਕੀ ਹੋਈ ਹੈ ਕਿ ਸਿਰਫ਼ ਵਧੀਆ ਸਰੀਰਕ ਸਿਹਤ ਹੀ ਨਹੀਂ ਬਲਕਿ ਦਿਮਾਗ਼ ਨੂੰ ਚੁਸਤ ਰੱਖਣ ਲਈ ਵੀ ਪ੍ਰੇਰਨਾ ਦੀ ਵੱਧ ਲੋੜ ਹੁੰਦੀ ਹੈ ਤੇ ਪ੍ਰੇਰਨਾ ਲੈਣ ਲਈ ਸਕਾਰਾਤਮਕ ਊਰਜਾ ਦੀ ਲੋੜ ਹੈ ਜੋ ਜਿਗਿਆਸਾ ਨਾਲ ਯਾਨੀ ਹੋਰ ਸਿੱਖਣ ਦੀ ਚਾਹ ਨਾਲ ਹੀ ਪੈਦਾ ਹੁੰਦੀ ਹੈ।

ਬਸ ਹੁਣ ਉਡੀਕਿਓ ਨਾ, ਝਟਪਟ ਨਵੀਆਂ ਚੀਜ਼ਾਂ ਸਿੱਖਣ ਵੱਲ ਲੱਗ ਪਵੋ। ਉਮਰ ਦਾ ਕੋਈ ਤਕਾਜ਼ਾ (ਲਿਹਾਜ਼) ਨਹੀਂ।

2 COMMENTS

  1. ਮੈ ਇਸ ਵੈਬਸਾਈਟ ਉਪਰ ਬਹੁਤੇ ਲੇਖਾਂ ਨੂੰ ਪੜ੍ਹਿਆ ਹੈ। ਗੁਰਬਾਣੀ ਨੂੰ ਪ੍ਰਮੁੱਖ ਰਖਦਿਆਂ ਬਹੁਤ ਹੀ ਸੁੰਦਰ ਵਿਚਾਰ ਪੇਸ਼ ਕੀਤੇ ਗਏ ਹਨ। ਸਾਰੇ ਵਿਚਾਰਾਂ ਵਿੱਚੋਂ ਕੁਝ ਗੱਲਾਂ ਸਾਹਮਣੇ ਆਈਆਂ ਹਨ ਜਿਹਨਾ ਬਾਰੇ ਆਪ ਸਭ ਨੂੰ (ਸਭ ਵਿਚਾਰਕਾਂ ਨੂੰ, ਨਾਂ ਕੇਵਲ ਬੀਬੀ ਹਰਸ਼ਿੰਦਰ ਕੌਰ ਨੂੰ) ਬੜੀ ਸੁਹਿਰਦਤਾ ਨਾਲ ਕੁਝ ਸਵਾਲ ਪੁਛਣੇ ਚਾਹੁੰਦਾ ਹਾਂ। ਸੁਹਿਰਦ ਅੱਖਰ ਇਸ ਕਰਕੇ ਵਰਤ ਰਿਹਾਂ ਹਾਂ ਕਿਉਂਕਿ ਕਈ ਵਾਰ ਮੈ ਨਾਸਮਝੀ ਵਿੱਚ ਆਪਣੇ ਸਵਾਲਾਂ ਨੂੰ ਚੰਗੀ ਤਰਾਂ ਨਹੀ ਘੜਦਾ ਜਿਸ ਕਰਕੇ ਮੇਰੇ ਸਵਾਲ ਸੁਹਿਰਦ ਨਹੀਂ ਪ੍ਰਤੀਤ ਹੁੰਦੇ। ਇਸ ਕਰਕੇ ਮੈ ਪਹਿਲਾਂ ਹੀ ਆਪਣੇ ਸਵਾਲਾਂ ਤੋਂ ਜਿਸ ਕਿਸੇ ਨੂੰ ਕੋਈ ਤਕਲੀਫ ਹੋਈ ਹੋਵੇ ਤਾਂ ਮੁਆਫ਼ੀ ਦਾ ਜਾਚਕ ਹਾਂ।

    1) ਸਾਧ ਸੋਚ ਜਾਂ ਦਿਮਾਗ ਨਾ ਵਰਤਣਾ – ਸਾਧ ਸੋਚ ਨੂੰ ਸਿੱਖ ਧਰਮ ਦੇ ਇੱਕ ਕੋਹੜ ਵਜੋਂ ਦਰਸਾਇਆ ਗਿਆ ਹੈ। ਕਿਸੇ ਹੱਦ ਤੱਕ ਇਹ ਸੋਚ ਮਨੁੱਖ ਨੂੰ ਦਿਮਾਗ ਨਾ ਵਰਤਣ ਲਈ ਇੱਕ ਕੰਧ ਵਾਂਗ ਪ੍ਰਤੀਤ ਵੀ ਹੁੰਦੀ ਹੈ। ਪਰ ਜਿਵੇਂ ਜਰਨੈਲ ਸਿੰਘ ਭਿੰਡਰਾਂਵਾਲੇ ਨੁੰ ਇੱਕ ਲੇਖ ਦੇ ਵਿੱਚ ਤੁਸਾਂ ਇੱਕ ਗੁਰਸਿੱਖ ਸ਼ਹੀਦ ਸਿੱਧ ਕਰ ਲਿਆ ਆਪਣਾ ਪੱਖ ਪੂਰਨ ਲਈ ਤਾਂ ਸਾਧ ਸੋਚ ਇਸ ਗੱਲ ਦਾ ਕਿਉਂ ਤਿਆਗ ਕਰੇ ਜਿਸ “ਟਕਸਾਲ” ਦਾ ਮੁਖੀ ਹੋਣ ਕਰਕੇ ਉਸਦੀ ਪੁਛ ਪਰਤੀਤ ਵਧੀ।

    ਸਾਧ ਸੋਚ ਦੇ ਵਿੱਚ ਬਹੁਤ ਕੁਝ ਅਜਿਹਾ ਪ੍ਰਤੀਤ ਹੁੰਦਾ ਜੋ ਕੁਝ ਗੁਰਮਤਿ ਦੇ ਵਿਰੁਧ ਹੋਵੇ। ਪਰ ਇਸਦਾ ਮਤਲਬ ਇਹ ਨਹੀਂ ਬਣਦਾ ਕਿ ਜੋ ਕੁਝ ਵੀ ਇਤਿਹਾਸ ਜਾਂ “ਸਾਧਾਂ” ਦੀਆਂ ਪਰਾਪਤੀਆਂ ਹੋਵਣ ਉਹਨਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਜਾਵੇ। ਜੇਕਰ ਕੋਈ ਵਾਰਤਾਲਾਪ ਰਚਣਾ ਹੈ ਸਾਧ ਸੋਚ ਦੇ ਸਰਪ੍ਰਸਤਾਂ ਨਾਲ, ਉਹ ਸਾਧ ਸੋਚ ਦੇ ਵਿੱਚ ਜੇਕਰ ਕੋਈ ਚੰਗੀ ਗੱਲ ਹੈ ਉਸਨੂੰ ਮੂਹਰੇ ਰੱਖ ਕੇ ਕੀਤਾ ਜਾ ਸਕਦਾ ਹੈ। ਗੁਰਬਾਣੀ ਅਵਗੁਣ ਆਪਣੇ ਵਿੱਚ ਵੇਖਕੇ ਆਪਣੇ ਨੂੰ ਉਪਦੇਸ਼ ਕਰਦੀ ਹੈ ਨਾ ਕਿ ਇੱਕ ਤੀਸਰੀ ਧਿਰ ਬਣਾ ਕੇ ਉਸਦੇ ਕਰਮਾਂ (ਕਰਤੱਬਾਂ) ਨੂੰ ਗਲਤ ਸਾਬਤ ਕਰਕੇ ਉਸਨੂੰ ਉਪਦੇਸ਼ ਦਿੰਦੀ ਹੈ।

    ਮੈਨੂੰ ਇਸ ਗੱਲ ਬਾਰੇ ਜਾਨਣ ਦੀ ਇੱਛਾ ਹੈ ਕਿ ਸਾਧ ਸੋਚ ਦੇ ਪਛੋਕੜ ਦੀ ਕਿੰਨੀ ਕੁ ਪੜਚੋਲ ਹੋਈ ਹੈ ਤੇ ਉਸ ਵਿੱਚੋਂ ਕੋਈ ਉਸਾਰੂ ਪੱਖ ਵੀ ਮਿਲਿਆ ਕਿ ਜਿਸ ਤੋਂ ਕੁਝ ਸਾਂਝ ਪਾ ਕੇ ਸਾਧ ਸੋਚ ਨਾਲ ਵਾਰਤਾਲਾਪ ਅਰੰਭਿਆ ਜਾ ਸਕੇ।

    2) ਦਿਮਾਗ ਦੀ ਵਰਤੋਂ ਜਾਂ ਅਕਲ ਨਾਲ ਸੰਸਾਰ ਨਾਲ ਵਰਤਣ – ਮੈ ਇਸ ਗੱਲ ਦਾ ਬਹੁਤ ਧਾਰਣੀ ਹਾਂ ਕਿ ਹਰ ਕੰਮ ਅਕਲ ਵਰਤ ਕੇ ਹੋਣਾ ਚਾਹੀਦਾ ਹੈ। ਪਰ ਅੱਜਕੱਲ ਮੈ ਇਸ ਗੱਲ ਦਾ ਵੀ ਧਾਰਨੀ ਬਣਦਾ ਜਾ ਰਿਹਾਂ ਹਾਂ ਕਿ ਹਰ ਕੰਮ ਅਕਲ ਵਰਤ ਕੇ ਸੂਤ ਨਹੀਂ ਹੁੰਦਾ। ਉਦਾਹਰਣ ਦੇ ਤੌਰ ਤੇ, ਗੁਰਮਤਿ ਸੰਗੀਤ ਜੋ ਕਿ ਲਗਭਗ ਮੌਤ ਦੇ ਮੂੰਹੋ ਮੁੜ ਕੇ ਆਇਆ ਹੈ ਉਸਦਾ ਕਾਰਨ ਕੋਈ ਅਕਲ ਨਹੀਂ ਜਾਪਦੀ। ਜਿਹਨਾਂ ਸਿੱਖ ਘਰਾਣਿਆਂ ਵਿੱਚ ਗੁਰਮਤਿ ਸੰਗੀਤ ਬਚਿਆ ਹੈ ਉਸਦਾ ਵੱਡਾ ਕਾਰਨ ਸਿਰਫ ਇਹੀ ਕਿ ਉਹਨਾਂ ਨੇ ਗੁਰਮਤਿ ਸੰਗੀਤ ਨੂੰ ਨਾ ਸੁਣਿਆਂ ਜਾਣ ਕਰਕੇ ਛੱਡਿਆ ਨਹੀਂ। ਨਾ ਪੁਛ-ਪ੍ਰਤੀਤ ਵਾਲੇ ਹਾਲਾਤਾਂ ਵਿੱਚ ਅਕਲ ਵਾਲੀ ਗੱਲ ਇਹ ਹੁੰਦੀ ਕਿ ਜੋ ਸੰਗੀਤ ਪ੍ਰਚਲਿਤ ਸੀ ਉਸਨੂੰ ਅਪਣਾ ਲਿਆ ਜਾਂਦਾ ਤਾਂ ਕਿ ਮਾਇਕ ਤੌਰ ਤੇ ਤਰੱਕੀ ਹਾਂਸਲ ਕੀਤੀ ਜਾ ਸਕੇ। ਮਾਇਕ ਤੌਰ ਦੀ ਤਰੱਕੀ ਕੇਵਲ ਤੇ ਕੇਵਲ “ਅਕਲ” ਵਾਲੇ ਸੰਸਾਰ ਦਾ ਮੂਲ ਹੈ। ਇਸ ਕਰਕੇ ਸੰਪਰਦਾ ਵੀ ਕੁਝ ਆਪਣਾ ਸਥਾਨ ਰੱਖਦੀ ਹੈ ਜਿਥੇ ਕੰਮ ਕੇਵਲ ਉਹੀ ਕੀਤੇ ਜਾਂਦੇ ਹਨ ਜਿਸ ਤਰਾਂ ਪਿਤਾ ਪੁਰਖੀ ਹੁੰਦੇ ਸਨ।

    ਇੱਕ ਹੋਰ ਉਦਾਹਰਣ ਗੁਰਬਾਣੀ ਕਰਤਾਵਾਂ ਦੇ ਜੀਵਨ ਨੂੰ ਵੇਖ ਕੇ ਮਿਲਦੀ ਹੈ। ਭਗਤ ਨਾਮਦੇਵ ਜੀ ਤੇ ਭਗਤ ਕਬੀਰ ਜੀ ਦੇ ਜੀਵਨਾਂ ਵਿੱਚ ਕੁੱਝ ਉਦਾਹਰਣਾ ਇਸ ਤਰਾਂ ਦੀਆਂ ਮਿਲਦੀਆਂ ਹਨ ਜਿਹਨਾਂ ਤੋਂ ਪਰਤੀਤ ਹੁੰਦਾ ਹੈ ਕਿ ਉਹ ਅਕਲ ਵਾਲੇ ਜੀਵਨ ਦੇ ਧਾਰਨੀ ਨਹੀਂ ਸਨ। ਮੈ ਮੁਆਫ਼ੀ ਚਾਹੁੰਦਾ ਹਾਂ ਅਜਿਹਾ ਲਿਖਣ ਲਈ ਪਰ ਅਕਲ ਵਾਲੀ ਦ੍ਰਿਸ਼ਟੀ ਤੋਂ ਮੈਨੂੰ (ਕੇਵਲ ਮੈਨੂੰ) ਇਹੋ ਹੀ ਪਰਤੀਤ ਹੁੰਦਾ ਹੈ। ਭਗਤ ਨਾਮਦੇਵ ਜੀ ਨੂੰ ਜਿਸ ਸਮੇ ਮੁਈ ਗਾਂ ਜੀਵਤ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਸਾਹਮਣੇ ਦੂਸਰੀ ਸ਼ਰਤ “ਖੁੱਦਾ” ਕਹਿ ਕੇ ਰੱਬ ਨੂੰ ਯਾਦ ਕਰਨ ਦੀ ਸੀ। ਉਹਨਾਂ ਦੀ ਉਸ ਸਮੇ ਪ੍ਰਸਿੱਧੀ ਹੋ ਚੁੱਕੀ ਸੀ ਜਿਸ ਕਾਰਨ ਉਹਨਾਂ ਮੂਹਰੇ (ਕੇਵਲ ਉਹਨਾਂ ਅੱਗੇ, ਕਿਸੇ ਹੋਰ ਹਿੰਦੂ ਅੱਗੇ ਨਹੀਂ) ਮੂਈ ਗਊ ਜੀਵਤ ਕਰਨ ਦੀ ਜਾਂ ਖੁਦਾ ਕਹਿਣ ਦੀ ਸ਼ਰਤ ਰੱਖੀ ਗਈ। ਅਕਲ ਤਾਂ ਇਹੋ ਕਹੇਗੀ ਕਿ ਉਹਨਾਂ ਨੂੰ ਖੁਦਾ ਕਹਿਣਾ ਚਾਹੀਦਾ ਸੀ ਤਾਂ ਕਿ ਜੀਵਨ ਵੀ ਬਚਾਇਆ ਜਾ ਸਕੇ ਤੇ ਥੋੜਾ ਯਤਨ ਕਰਕੇ ਆਪਣੇ ਲਈ ਰੁਤਬਾ ਹਾਂਸਲ ਕਰਨਾ ਚਾਹੀਏ ਤਾਂ ਕਿ ਮਾਇਕ ਤੌਰ ਤੇ ਵੀ ਤਰੱਕੀ ਹੋ ਸਕੇ। ਪਰ ਭਗਤ ਨਾਮਦੇਵ ਜੀ ਦੀ ਬਾਣੀ ਸਿੱਧ ਕਰਦੀ ਹੈ ਕਿ ਉਹਨਾਂ ਕੇਵਲ ਪਰਮਾਤਮਾ ਤੇ ਭਰੋਸਾ ਕੀਤਾ।

    ਫਿਰ ਅਜਿਹੇ ਵਿੱਚ ਕੇਵਲ ਦਿਮਾਗੀ ਤੌਰ ਤੇ ਧਰਮ ਨੂੰ ਸਮਝਣਾ ਕਿਥੋਂ ਦੀ ਸਮਝਦਾਰੀ ਹੈ।

    ਮੈ ਇਥੇ ਲੇਖਾਂ ਵਿੱਚ ਪੜਿਆ ਕਿ ਭਾਈ ਸਾਹਿਬ ਸਿੰਘ ਦੀ ਕੋਈ ਬਰਸੀ ਆਦਿਕ ਨਹੀਂ ਮਨਾਈ ਜਾਂਦੀ ਕਿਉਂਕਿ “ਤੀਸਰੀ ਸੋਚ ਵਾਲੇ” ਸਿੱਖ ਕੋਈ ਸਾਧ ਜਾਂ ਸੰਤ ਨਹੀਂ ਮੰਨਦੇ। ਮੇਰੀ ਅਕਲੇ ਬਰਸੀ ਆਦਿਕ (ਨਾਂ ਕੋਈ ਵੀ ਹੋਵੇ) ਤਾਂ ਕਿਸੇ ਮਹਾਨ ਆਦਮੀ ਦੀ, ਜਿਸਨੂੰ ਕਿ ਅਸੀਂ ਚਾਨਣ-ਮੁਨਾਰਾ ਸਮਝਦੇ ਹਾਂ, ਉਹਨਾਂ ਨੂੰ ਯਾਦ ਕਰਨ ਵਾਸਤੇ ਮਨਾਈ ਜਾਂਦੀ ਹੈ। ਭਾਈ ਸਾਹਿਬ ਸਿੰਘ, ਭਾਈ ਕਾਹਨ ਸਿੰਘ ਨਾਭਾ ਮਹਾਂਪੁਰਖ ਹੋਏ ਹਨ ਤੇ ਉਹਨਾਂ ਦੀ ਯਾਦ ਮਨਾਉਣੀ ਚਾਹੀਦੀ ਹੈ ਤਾਂ ਕਿ ਇਸ ਗੱਲ ਤੋਂ ਜਾਣੂੰ ਹੋ ਸਕੀਏ ਕਿ ਉਹਨਾਂ ਦੀ ਸਖਸ਼ੀ ਤੇ ਪੰਥਕ ਕੀ ਪਰਾਪਤੀਆਂ ਹਨ। ਜਿਥੋਂ ਤੱਕ ਮੈਨੂੰ ਗਿਆਨ ਹੈ ਮੈਨੂੰ ਇਹਨਾਂ ਮਹਾਂਪੁਰਖਾਂ ਦੀ ਕੇਵਲ ਪੰਥਕ ਪਰਾਪਤੀਆਂ ਹੀ ਪਤਾ ਹਨ, ਸਖਸ਼ੀ ਨਹੀਂ।

    3) ਸਿੱਖੀ ਜੀਵਨ – ਮੈਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਿੱਖੀ ਜੀਵਨ ਕੇਵਲ ਇੱਕ ਦ੍ਰਿੜਤਾ ਵਾਲਾ ਅਕਲ ਨਾਲ ਬਣਾਇਆ ਹੋਇਆ ਜੀਵਨ ਹੀ ਰਹਿ ਗਿਆ ਜਦੋਂ ਕਿ ਮੈਨੂੰ ਅਜਿਹਾ ਪ੍ਰਤੀਤ ਹੁੰਦਾ ਕਿ ਗੁਰਪ੍ਰਸਾਦਿ ਕੁਝ ਆਪਣੇ ਯਤਨ ਤੋਂ ਪਰੇ ਦੀ ਚੀਜ਼ ਹੈ। ਜੇਕਰ ਸੰਸਾਰਕ ਤੌਰ ਤੇ (ਮਾਇਕ ਪੱਖੋਂ ਜਾਂ ਪੰਥਕ ਪੱਖੋਂ) ਸਫਲ ਹੋਣਾ ਹੀ ਜੀਵਨ ਹੈ ਤਾਂ ਗੁਰਬਾਣੀ ਕਿਉਂ ਆਖਦੀ ਹੈ ਵਾਰ-2: ਸਿਮਰ, ਸਿਮਰ, ਸਿਮਰ। ਸਿਮਰਨ ਦੀ ਕੀ ਪਰਾਪਤੀ ਹੋ ਸਕਦੀ ਹੈ ਕੇਵਲ ਸਮਾ ਖਰਾਬ ਕਰਨ ਤੋਂ ਸਿਵਾਏ ਜਿਸ ਸਮੇ ਵਿੱਚ ਜਾਂ ਤਾਂ ਮੈ ਆਪਣੀ ਅਕਲ ਨਾਲ ਧਨ ਪ੍ਰਾਪਤ ਕਰ ਸਕਦਾਂ ਹਾਂ, ਆਪਣੀ ਸੰਤਾਨ ਨੂੰ ਉਪਦੇਸ਼ ਦੇ ਸਕਦਾ ਹਾਂ ਚੰਗੇ ਜੀਵਨ ਬਾਰੇ, ਜਾਂ ਆਪਣਾ ਮਨੋਰੰਜਨ ਕਰ ਸਕਦੇ ਹਾਂ ਅਕਲ ਦੁਆਰਾ ਪ੍ਰਾਪਤ ਹੋਏ ਸਭ ਤੋਂ ਸ਼੍ਰੇਸ਼ਟ ਸਾਧਨ ਜੋ ਪ੍ਰਧਾਨ ਕਰ ਰਹੇ ਹਨ ਆਧੁਨਿਕ ਮਨੁੱਖ ਨੂੰ (ਆਖਿਰ ਸੁੱਖ ਹੀ ਤਾਂ ਸਿਰੇ ਦੀ ਪ੍ਰਾਪਤੀ ਹੈ ਜਿਸ ਕਰਕੇ ਮਨੁੱਖ ਧਰਮ ਮਗਰ ਲੱਗਦਾ ਹੈ)।

    ਕੀ ਹੈ ਗੁਰਬਾਣੀ ਵਿੱਚ ਜੀਵਨ ਦਾ ਨਿਸ਼ਾਨਾ?

    ਅਖੀਰ ਵਿੱਚ ਮੈ ਫਿਰ ਖਿਮਾ ਦਾ ਜਾਚਿਕ ਹਾਂ ਜੇਕਰ ਉਪਰੋਕਤ ਸਵਾਲ ਕਿਸੇ ਵੀ ਤਰੀਕੇ ਨਾਲ ਠੇਸ ਪਹੁੰਚਾਉਣ ਵਾਲੇ ਹੋਵਣ। ਮੈਨੂੰ ਸਮਝ ਆਈ ਹੈ ਕਿ ਮੈ ਬਹੁਤ ਵਾਰ ਆਪਣੇ ਯਤਨਾਂ ਦੇ ਬਾਵਜੂਦ ਆਪਣੇ ਸਵਾਲਾਂ ਨੂੰ ਸੁਹਿਰਦ ਤਰੀਕੇ ਨਾਲ ਨਹੀਂ ਰੱਖ ਸਕਦਾ ਆਪਣੀ ਬੇਸਮਝੀ ਕਰਕੇ।

    • ਵੀਰ ਜੀਓ, ਆਪ ਜੀ ਦੇ ਵਿਚਾਰ ਅਤੇ ਅੰਦਰਲੀ ਨਿਮਰਤਾ ਬਹੁਤ ਚੰਗੀ ਲੱਗੀ। ਇਸ ਵੈਬਸਾਇਟ ਉਤੇ ਕੋਈ ਵੀ ਅਜਿਹਾ ਲੇਖ ਨਹੀਂ ਮਿਲੇਗਾ ਜੋ ਕਿਸੇ ਦੀ ਸ਼ਰਧਾ ਨੂੰ ਨੁਕਸਾਨ ਪਹੁੰਚਾਵੇ। ਯਤਨ ਕਰੀਦਾ ਹੈ ਕਿ ਅੰਧ ਵਿਸ਼ਵਾਸ ਅਤੇ ਤਰਕ ਤੋਂ ਬਚਿਆ ਜਾਵੇ। ਫਿਰ ਵੀ ਜੇ ਤੁਹਾਡੇ ਧਿਆਨ ਚ ਕੋਈ ਗੁਰਮਤਿ ਵਿਰੋਧੀ ਸਮੱਗਰੀ ਨਜ਼ਰ ਆਵੇ ਤਾਂ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਉਸ ਤੇ ਅਮਲ ਜ਼ਰੂਰ ਹੋਵੇਗਾ ਜੀ।

Comments are closed.