ਖੂਨੀ ਘੱਲੂਘਾਰਾ ਜੂਨ 1984 (ਸਾਕਾ ਸ੍ਰੀ ਦਰਬਾਰ ਸਾਹਿਬ) ਤੇ ਸਿੱਖ ਕੌਮ

0
464

ਖੂਨੀ ਘੱਲੂਘਾਰਾ ਜੂਨ 1984 (ਸਾਕਾ ਸ੍ਰੀ ਦਰਬਾਰ ਸਾਹਿਬ) ਤੇ ਸਿੱਖ ਕੌਮ

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ-095920-93472

ਪਰਿਵਾਰਾਂ, ਸਮਾਜ ਤੇ ਕੌਮਾਂ ਅੰਦਰ ਵਾਪਰੇ ਦੁੱਖ-ਸੁੱਖ ਦੇ ਵਰਤਾਰੇ, ਜੀਵਨ ਦੀਆਂ ਅਭੁੱਲ ਯਾਦਾਂ ਬਣ ਕੇ ਸਦਾ ਹੀ ਆਪਣਾ ਚੰਗਾ ਮਾੜਾ ਪ੍ਰਭਾਵ ਪਾਉਂਦੇ ਰਹਿੰਦੇ ਹਨ। ਸਿੱਖ ਕੌਮ ਦਾ ਜੀਵਨ ਸਫ਼ਰ ਅਜਿਹੀਆਂ ਕਈ ਘਟਨਾਵਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੂੰ ਵਾਪਰਿਆਂ ਸਦੀਆਂ ਬੀਤ ਜਾਣ ’ਤੇ ਵੀ ਪੀੜਾ ਤੇ ਪ੍ਰਭਾਵ ਤਰੋਤਾਜ਼ਾ ਹਨ। ਕੌਮਾਂ ਆਪਣੀ ਪਹਿਚਾਣ ਦੀ ਲੜ੍ਹਾਈ ਲੜਨ ਲਈ ਸਦਾ ਹੀ ਅਜ਼ਾਦ ਹਨ ਅਤੇ ਅਜ਼ਾਦ ਹੀ ਰਹਿਣੀਆਂ ਜ਼ਰੂਰੀ ਹਨ। ਅੱਜ ਸਿੱਖ ਕੌਮ ਦੀ ਵਿਥਿਆ, ਭਾਰਤੀ ਜੰਗੇ ਅਜ਼ਾਦੀ ਦੇ ਸੰਘਰਸ਼ ਵਿੱਚ ਇਸ ਦੀ ਅਸਾਵੀਂ ਭਾਈਵਾਲੀ ਅਤੇ ਅਜ਼ਾਦੀ ਮੌਕੇ ਖੁੱਸੇ ਮਾਣ ਸਨਮਾਨ ਦੇ ਆਲੇ ਦੁਆਲੇ ਘੁੰਮਦੀ ਹੈ। ਦੇਸ਼ ਅੰਦਰ ਅਜ਼ਾਦੀ ਦੀ ਰੂਹ ਫੂਕਣ ਵਾਲੀ ਸ਼ਕਤੀ ਸੰਘਰਸ਼ਵਾਦੀ ਸਿੱਖ ਕੌਮ ਹੈ ਤੇ ਇਸ ਦੇ ਰਹਿਬਰ ਹਨ, ਜਿਨ੍ਹਾਂ ਸਦੀਆਂ ਦੀ ਗੁਲਾਮੀ ਦੇ ਜੂਲੇ ਲਾਹ ਸੁੱਟਣ ਲਈ ਲਗਾਤਾਰ ਜੱਦੋ-ਜ਼ਹਿਦ ਕੀਤੀ। ਸੰਨ 1947 ਵਿੱਚ ਇੱਕੋ ਦੇਸ਼, ਰਾਜਸੀ ਆਗੂਆਂ ਦੀਆਂ ਗੁਝੀਆਂ ਤੇ ਸੋਚ ਸਮਝ ਕੇ ਘੜੀਆਂ ਸਾਜਿਸ਼ਾਂ ਨਾਲ ਸਿੱਖ ਕੌਮ ਦੇ ਜਜ਼ਬਿਆਂ ਦਾ ਘਾਣ ਕਰਦਿਆਂ ਦੋ ਫਾੜ ਹੋ ਗਿਆ। ਗੈਰਤਮੰਦ ਸਿੱਖ ਕੌਮ ਦੀ ਹਿੰਮਤ ਤੇ ਹੌਂਸਲੇ ਦੀ ਕਦਰ ਕਰਨ ਵਾਲਾ ਕੋਈ ਰਾਜਸੀ ਦਲ ਨਹੀਂ ਸੀ। ਨ ਮੁਸਲਿਮ ਲੀਗ, ਨ ਹਿੰਦੂ ਭਾਈਚਾਰੇ ਦੀ ਅਗਵਾਈ ਕਰਦੀ ਕਾਂਗਰਸ। ਸਿੱਖ ਕੌਮ ਦਾ ਵਰਤਮਾਨ ਤੇ ਭਵਿੱਖ ਦੋਵਾਂ ਦੀ, ਬੁਰਕੀ ਸੀ। ਹਾਲਾਤ ਐਸੇ ਮੋੜ ’ਤੇ ਵਕਤ ਦੇ ਸਿੱਖ ਆਗੂਆਂ ਦੇ ਗੈਰ-ਜ਼ਿੰਮੇਦਾਰਨਾ ਵਰਤਾਰੇ ਨੇ ਲੈ ਆਂਦੇ ਕਿ ਹੁਣ ਦੋਵਾਂ ਪਾਸਿਆਂ ਚੋਂ ਇੱਕ ਦੀ ਚੋਣ ਕਰਨੀ, ਵਕਤ ਦੀ ਮਜ਼ਬੂਰੀ ਬਣ ਗਈ ਹੈ।

ਭਾਰਤ ਨਾਲ ਤਕਦੀਰ ਜੋੜ ਕੇ, ਕੌਮ ਦੇ ਵਾਰਸਾਂ ਪਤਾ ਨਹੀਂ ਕਿਸ ਤਰ੍ਹਾਂ ਕੌਮ ਦੇ ਸੁਪਨਿਆਂ ਨੂੰ ਚਿਤਵਿਆ ਹੋਵੇਗਾ, ਇਹ ਤਾਂ ਉਹੀ ਜਾਣਨ। ਹਾਂ ਉਸ ਵਕਤ ਦੇ ਹਾਲਾਤਾਂ ਨੂੰ ਪੜ੍ਹ ਕੇ ਭਾਰਤੀ ਰਾਜਸੀ ਆਗੂਆਂ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਵਕਤੀ ਧਰਵਾਸ ਬਾਰੇ ਜਾਣਕਾਰੀ ਮਿਲਦੀ ਹੈ। ਇਹ ਧਰਵਾਸ ਹਾਲਾਤਾਂ ਨੂੰ ਕੇਵਲ ਕਾਬੂ ਕਰਨ ਦਾ ਮਨਸੂਬਾ ਸੀ, ਦਿਲੀ ਹਮਦਰਦੀ ਜਾਂ ਅਜ਼ਾਦੀ ਦੇ ਨਿੱਘ ਨੂੰ ਸਿੱਖ ਕੌਮ ਵਾਸਤੇ ਸਤਿਕਾਰ ਨਾਲ ਪਰੋਸ ਕੇ ਦੇਣ ਦੀ ਨੇਕ ਨਿਯਮ ਨਹੀਂ ਸੀ। ਸੰਨ 1947 ਦੀ ਅਖੌਤੀ ਅਜ਼ਾਦੀ ਬਾਅਦ ਸਿੱਖ ਕੌਮ ਨੂੰ ਸਨਮਾਨ ਸਹਿਤ ਨਵੇਂ ਭਾਰਤੀ ਹਾਕਮਾਂ ਨੇ ਕੀ ਦਿੱਤਾ ? ਜੇਕਰ ਨਹੀਂ ਦਿੱਤਾ ਤਾਂ ਕਿਉਂ ਨਹੀਂ ਦਿੱਤਾ ? ਇਹ ਸਵਾਲ ਇਤਿਹਾਸ ਦੀ ਕੁੱਖ ਤੋਂ ਸਦਾ ਉੱਠਦੇ ਰਹੇ ਹਨ ਤੇ ਉੱਠਦੇ ਰਹਿਣਗੇ। ਅਸੀਂ ਜੂਨ 1984 ਦੀ ਗੱਲ ਹਰ ਸਾਲ ਇਸ ਮਹੀਨੇ ਦੀ ਆਮਦ ਤੋਂ ਪਹਿਲਾਂ ਆਪਣੇ ਭਾਸ਼ਣਾਂ, ਬਿਆਨਾਂ ਤੇ ਕੁਝ ਸਮਾਗਮਾਂ ਰਾਹੀਂ ਹਰ ਸਾਲ ਕਰਦੇ ਤੁਰੇ ਆ ਰਹੇ ਹਾਂ ਅਤੇ ਅਜਿਹਾ ਕੀਤੇ ਜਾਣ ਦਾ ਜ਼ਿੰਮਾ ਵੀ ਸਾਡੇ ਸਿਰ ਹੈ। ਕੁਝ ਇੱਕ ਬੁਨਿਆਦੀ ਸਵਾਲ ਜਿਹੜੇ ਸਿੱਖ ਕੌਮ ਅੰਦਰ ਨਸੂਰ ਬਣ ਕੇ ਸਦਾ ਰੜਕ ਰਹੇ ਹਨ ਅਤੇ ਅਣਸੁਲਝੇ ਹੋਏ ਸਾਡੇ ਲਈ ਹੋਰ ਪੀੜਾ ਦਾ ਕਾਰਨ ਹਨ, ਉਨ੍ਹਾਂ ਦੀ ਗੱਲ ਕਰਨੀ ਕੁਥਾਂ (ਬੇਲੋੜਾ) ਨਹੀਂ ਹੈ। ਇਹ ਵੀ ਸੱਚ ਹੈ ਘਟਨਾਵਾਂ ਦੇ ਬੀਤਣ ਉਪਰੰਤ ਸਮੇਂ ਦੇ ਬੀਤਦੇ ਪਲਾਂ ਨਾਲ ਨਵੀਆਂ ਪੀੜਾਂ ਲਈ, ਬੀਤੇ ਖੂਨੀ ਵਰਤਾਰੇ ਕਈ ਵਾਰ ਬਹੁਤੇ ਅਰਥ ਭਰੇ ਨਹੀਂ ਰਹਿੰਦੇ। ਇਨ੍ਹਾਂ ਸਾਕਿਆਂ ਦੀ ਪਿੱਠ-ਭੂਮੀ ਪਿੱਛੇ ਕਾਰਨਾਂ ਦਾ ਸੱਚ, ਉਨ੍ਹਾਂ ਦੀ ਸਮਝ ਵਿੱਚ ਛੇਤੀ ਕੀਤਿਆਂ ਨਹੀਂ ਆਉਂਦਾ। ਕੌਮ ਆਪਣੀ ਨਵੀਂ ਪੀੜੀ ਨੂੰ ਕੌਮੀ ਸਰੋਕਾਰਾਂ ਬਾਰੇ ਜਾਣਕਾਰੀ ਕਰਵਾਉਣ ਲਈ ਗੰਭੀਰ ਨਹੀਂ ਹੈ। ਨਵੀਂ ਪੀੜੀ ਜਾਂ ਪੀੜੀਆਂ ਦਾ ਇੱਕ ਤਰਫ਼ਾ ਧਿਆਨ ਸੰਸਾਰਕ ਸੁੱਖ ਸਾਧਨਾਂ ਤੇ ਵਕਤੀ ਮਾਣ ਸਨਮਾਨ ਹਾਸਲ ਕਰਨ ਵੱਲ ਸੇਧਤ ਰਹਿੰਦਾ ਹੈ।

ਦਾਸ ਦੇਖ ਰਿਹਾ ਹੈ ਕਿ ਸਿੱਖ ਕੌਮ ਦੀ ਕੋਈ ਰਾਜਸੀ ਜਥੇਬੰਦੀ, ਸਿੱਖ ਕੌਮ ਦੇ ਵਰਤਮਾਨ ਨੂੰ, ਕੌਮੀ ਸੋਚ ਤੇ ਕੌਮੀ ਲੋੜ ਮੁਤਾਬਕ ਮੁਖਾਤਬ ਨਹੀਂ ਹੈ। ਇਸੇ ਤਰ੍ਹਾਂ ਹੋਰ ਸਿੱਖ ਜਥੇਬੰਦੀਆਂ ਦੀ ਵਿਥਿਆ ਹੈ, ਉਹ ਦਿਨ ਦੇ ਨੇੜੇ ਆਉਣ ਤੇ ਆਪਣੀ ਆਪਣੀ ਅਲੱਗ-ਅਲੱਗ ਹੋਂਦ ਪ੍ਰਗਟਾਉਣਾ ਹੀ ਆਪਣਾ ਮਕਸਦ ਬਣਾ ਕੇ ਕੰਮ ਕਰਦੀਆਂ ਹਨ। ਧੜਿਆਂ ਵਿੱਚ ਖਲੋ ਕੇ, ਇੱਕ ਦੂਜੇ ਨੂੰ ਬੜਾ ਕੁਝ ਕਹਿ ਸੁਣਾ ਲੈਂਦੇ ਹਨ। ਵਕਤ ਲੰਘ ਜਾਂਦਾ ਹੈ। ਜ਼ਬਾਨਾਂ ਨੂੰ ਤਾਲੇ ਲੱਗ ਜਾਂਦੇ ਹਨ। ਸਿੱਖ ਵਿਦਿਅਕ ਅਦਾਰੇ, ਕੌਮੀ ਸੋਚ ਤੇ ਕੌਮੀ ਮਾਣ ਸਨਮਾਨ ਦੀ ਨਬਜ਼ ਨੂੰ ਪਹਿਚਾਨਣ ਤੋਂ ਪਿਛਾਂਹ ਹੋ ਚੁੱਕੇ ਹਨ। ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਇਮਾਰਤਾਂ ਦੀ ਬਾਹਰੀ-ਅੰਦਰੂਨੀ ਦਿੱਖ ਨੂੰ ਸਵਾਰਨ ਤੇ ਵਕਤੀ ਜਿਹੇ ਪ੍ਰਚਾਰ ਪ੍ਰਸਾਰ ਸਾਧਨਾਂ ਦੀ ਵਰਤੋਂ ਤੱਕ ਸੀਮਤ ਹੋ ਗਈਆਂ ਹਨ। ਕੌਮ ਪ੍ਰਤੀ ਸਹੀ ਸੇਧ, ਲਾਮਬੰਦੀ, ਵਰਤਮਾਨ ਦੀ ਸੰਭਾਲ ਤੇ ਭਵਿੱਖ ਤੇ ਨਿਰਮਾਣ ਦੀ ਗੱਲ ਕਰਨੀ ਨ ਬਹੁਤੇ ਪ੍ਰਬੰਧਕਾਂ ਦੀ ਸੋਚ ਦਾ ਹਿੱਸਾ ਹੈ, ਨ ਹੀ ਕੌਮ ਦੇ ਰਾਗੀ ਪ੍ਰਚਾਰਕਾਂ (ਢਾਡੀ, ਕਵੀ, ਕਵੀਸ਼ਰਾਂ) ’ਚੋਂ ਬਹੁਤਿਆਂ ਦੇ ਹਿੱਸੇ। ਹੋਰ ਸਾਡੀ ਕੌਮ ਦਾ ਅੰਦਰੂਨੀ ਡੇਰਾਵਾਦ ਇਸ ਦੇ ਬੇ-ਗਿਣਤ ਮੋਹਤਬਰ ਸਭ ਆਪਣੀ ਆਪਣੀ ਮਿਸਲ ਦੀਆਂ ਹੱਦਾਂ ਵਧਾਉਣ ਤੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਆਪਣੇ ਪਿੱਛਲੱਗ ਬਣਾਉਣ ਦੇ ਨਵੇਂ-ਨਵੇਂ ਜਾਲ ਵਿਛਾਈ ਬੈਠੇ ਹਨ। ਆਮ ਸਿੱਖ ਅਵਾਮ, ਕੁਣਬਾਂ ਪ੍ਰਸਤੀ ਦੀ ਗੂੜੀ ਨੀਂਦ ਵਿੱਚ ਸੁੱਤਾ, ਦੇਸ਼-ਵਿਦੇਸ਼ਾਂ ਵਿੱਚ ਵਿੰਗੇ ਟੇਢੇ ਹੱਥ ਕੰਡਿਆਂ ਨਾਲ ਦੁਨੀਆਂ ਦੀ ਜ਼ਰ-ਓ-ਦੌਲਤ ਇਕੱਠੀ ਕਰਨਾ ਹੀ ਆਪਣਾ ਪਰਮ ਧਰਮ ਮੰਨ ਕੇ ਵਿਚਰ ਰਿਹਾ ਹੈ। ਸਿੱਖ ਕੌਮ ਦੇ ਸਹੀ ਸਰੋਕਾਰਾਂ ਵਾਲੇ ਪਾਸੇ, ਸਾਡੇ ’ਚੋਂ ਬਹੁਤਾਤ ਦੀ ਪਿੱਠ ਹੈ। ਅਜਿਹੇ ਵਰਤਮਾਨ ਵਰਤਾਰੇ ਦੇ ਹੁੰਦਿਆਂ ਇਨ੍ਹਾਂ ਬੀਤੇ ਘੱਲੂ-ਘਾਰਿਆਂ ਦੇ ਦਰਦ ਭਰੇ ਵਰਤਾਰਿਆਂ ’ਚੋਂ, ਅਸੀਂ ਕੌਮ ਲਈ ਕੁਝ ਵੀ ਕੱਢਣ ਤੋਂ ਅਸਮਰੱਥ ਦਿੱਸਦੇ ਹਾਂ।

ਜੂਨ 2017 ਨੂੰ 6 ਜੂਨ ਦਾ ਦਿਨ ਆਉਂਦਾ ਹੈ। ਕਿਧਰੇ ਅਰਦਾਸ ਕਰ ਕੇ, ਆਪਣੇ ਆਪ ਨੂੰ ਕੂੜਾ ਧਰਵਾਸ ਦੇ ਲਵਾਂਗੇ। ਕਿਧਰੇ ਚੰਦ ਕੁ ਨਾਹਰੇ ਤੇ ਜੈਕਾਰੇ ਲੱਗ ਜਾਣਗੇ। ਕਿਧਰੇ ਅਸੀਂ ਆਪਣੀ-ਆਪਣੀ ਸੰਸਥਾ ਦੀ ਪਿੱਠ ਥਾਪੜ ਕੇ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਨਵੀਂ ਕਾਰਵਾਈ ਪਾ ਲਵਾਂਗੇ। ਅਜਿਹਾ ਵਕਤੀ ਜਿਹਾ ਕਾਰਜ ਦੇਸ਼-ਵਿਦੇਸ਼ਾਂ ਵਿੱਚ ਵੀ ਹੁੰਦਾ ਹੈ। ਕੌਮ ਦਾ ਵਰਤਮਾਨ ਹਰ ਪੱਖੋਂ ਉਲਝਿਆ ਹੈ ਤੇ ਸਮੇਂ ਨਾਲ ਹੋਰ ਉਲਝ ਜਾਵੇਗਾ। ਆਗੂਆਂ ਦੀ ਖਿੱਚੋਤਾਣ ਧੜੇ ਪੈਦਾ ਕਰਦੀ ਹੈ, ਵਕਤ ਨਾਲ ਹੋਰ ਧੜੇ ਬਣ ਜਾਣਗੇ। ਭਾਰਤ ਦੇ ਹਾਕਮਾਂ ਪਾਸੋਂ ਜਿਨ੍ਹਾਂ ਸਵਾਲਾਂ ਦਾ ਜਵਾਬ ਲੈਣ ਲਈ ਸਾਨੂੰ ਕੌਮੀ ਤੌਰ ’ਤੇ ਲਾਮਬੰਦ ਹੋਣਾ ਚਾਹੀਦਾ ਹੈ, ਇਹ ਸੁਪਨੇ ਦਾ ਸੁਪਨਾ ਅੱਗੇ ਚੱਲਦਾ ਰਹੇਗਾ। ਕੁਝ ਸਵਾਲ ਅਸੀਂ ਉਸ ਵਕਤ ਦੇ ਰਾਜਸੀ ਤੇ ਹੋਰ ਜ਼ਿੰਮੇਵਾਰਾਂ ਦੇ ਵਰਤਾਰੇ ਅਤੇ ਉਨ੍ਹਾਂ ਦੇ ਵਾਰਸ ਅਖਵਾਉਣ ਵਾਲਿਆਂ ਪਾਸੋਂ ਕਦੀ ਵੀ ਨ ਪੁੱਛ ਸਕੇ ਤੇ ਨ ਹੀ ਪੁੱਛ ਸਕਾਂਗੇ, ਕਿਉਂਕਿ ਕੌਮ ਅੰਦਰ, ਸਹੀ ਕੌਮ ਪ੍ਰਸਤ, ਜਦੋਂ ਕੌਮ ਦੇ ਹਿੱਤ ਵਿੱਚ, ਕੌਮੀ ਸੋਚ ਦੇ ਆਦਰਸ਼ਾਂ ਮੁਤਾਬਕ ਸਵਾਲ ਕਰਦਾ ਹੈ, ਤਾਂ ਉਸ ਨੂੰ ਗੱਦਾਰ, ਕੌਮੀ ਧਰੋਹੀ ਕਹਿ ਕੇ ਸਦਾ ਲਈ ਚਿੱਤ ਕਰ ਦਿੱਤਾ ਜਾਂਦਾ ਹੈ। ਕਿੱਡਾ ਦੁਖਾਂਤ ਹੈ ਸਾਡੇ ਸਾਹਮਣੇ, ਨ ਸਵਾਲ ਅਸੀਂ ਆਪਣਿਆਂ ਤੋਂ ਪੁੱਛਣ ਦੇ ਸਮਰੱਥ ਹਾਂ, ਨ ਹੀ ਹਕੂਮਤ ਪਾਸੋਂ। ਇਹ ਘੱਲੂਘਾਰਾ ਕਿਉਂ ਕੀਤਾ ਗਿਆ ? ਕੀ ਇਸ ਤੋਂ ਬਗੈਰ ਬਣੇ ਤੇ ਬਣਾਏ ਗਏ ਹਾਲਾਤਾਂ ’ਤੇ ਕਾਬੂ ਨਹੀਂ ਸੀ ਪੈ ਸਕਦਾ ? ਜੇਕਰ ਕਾਬੂ ਨਹੀਂ ਸੀ ਪੈ ਸਕਦਾ ਤੇ ਉਸ ਦੇ ਕੀ ਕੀ ਕਾਰਨ ਸਨ ? ਉਨ੍ਹਾਂ ਕਾਰਨਾਂ ਦੇ ਪਿੱਛੇ, ਕਿਧਰੇ ਕੌਮ ਦੀ ਉੱਚੀ ਸੁੱਚੀ ਵੀਚਾਰਧਾਰਾ ਤੇ ਕੌਮੀ ਮਾਣ ਸਨਮਾਨ ਨੂੰ ਵਿਸ਼ਵ ਭਾਈਚਾਰੇ ਦੀ ਨਿਗਾਹ ਵਿੱਚ ਬਦਨਾਮ ਕਰਨਾ ਤੇ ਨਹੀਂ ਸੀ ? ਅਜਿਹੇ ਹਾਲਾਤ ਬਣਾਉਣ ਲਈ 1947 ਤੋਂ 1984 ਤੱਕ ਭਾਰਤੀ ਰਾਜਸੀ ਲੋਕਾਂ ਨੇ ਇੱਕ ਲੰਬੀ ਵਿਉਂਤੀ ਹੋਈ ਸਾਜ਼ਸ਼ ਨਾਲ ਕੰਮ ਤੇ ਨਹੀਂ ਕੀਤਾ ? ਭਾਰਤ ਦੇ ਇੱਕੋ ਇੱਕ ਸਿਧਾਂਤਵਾਦੀ ਅਣਖੀਲੀ ਕੌਮ ਨੂੰ, ਇਸ ਤਰ੍ਹਾਂ ਇੱਕੋ ਵਾਰ ਵਲੂੰਧਰ ਦਿੱਤਾ ਜਾਵੇ, ਜਿਸ ਦੀ ਭਾਰਤੀ ਹਾਕਮਾਂ ਪਾਸੋਂ ਹੱਕਾਂ ਦੀ ਲੜਾਈ ਦੀ ਅਵਾਜ਼ ਸਦਾ ਲਈ ਬੰਦ ਹੋ ਜਾਵੇ। ਜਿਹੜੇ ਵਾਅਦੇ 1947 ਦੀ ਵੰਡ ਸਮੇਂ ਸਿੱਖ ਕੌਮ ਦੇ ਨਾਲ ਕੀਤੇ ਗਏ ਸਨ, ਉਨ੍ਹਾਂ ਦੇ ਦੁਆਲੇ ਸਿੱਖਾਂ ਦੀ ਬਦਨਾਮੀ ਦੀ ਅਜਿਹੀ ਕਾਲੀ ਚਾਦਰ ਤਾਣ ਦਿੱਤੀ ਜਾਵੇ, ਜਿਸ ’ਚੋਂ ਸਿੱਖ ਮੁੜ ਉਨ੍ਹਾਂ ਵਾਅਦਿਆਂ ਦੇ ਅੱਖਰ ਵੀ ਨ ਪੜ੍ਹ ਸਕਣ। ਇਹ ਕੌਮ ਆਪਣੇ ਵਰਤਮਾਨ ਦੀ ਪੀੜਾ ਨਾਲ ਚੀਕ-ਚੀਕ ਕੇ ਭਵਿੱਖ ਦੇ ਸੁਪਨਿਆਂ ਤੋਂ ਵਾਂਝੀ ਹੋ ਜਾਵੇ।

ਥੋੜ੍ਹਾ ਗਹਿਰਾਈ ਨਾਲ ਵੇਖੀਏ, ਜੂਨ 1984 ਤੇ ਇਸ ਤੋਂ ਬਾਅਦ 10 ਸਾਲ, ਸਿੱਖ ਕੌਮ ਦੀ ਨਸਲਕੁਸ਼ੀ ਦੇ ਸਾਲ ਸਨ। ਇਹ ਸਭ ਕੁਝ ਇੱਕ ਸਾਜ਼ਸ਼ ਦਾ ਹਿੱਸਾ ਹੈ ਜੋ ਭਾਰਤ ਦੇ ਸਰਕਾਰੀ ਤੰਤਰ ਵੱਲੋਂ ਬੜੀ ਵਿਧੀ ਨਾਲ ਚਲਾਇਆ ਗਿਆ। ਸਿੱਖ ਕੌਮ ਦੀਆਂ ਮੰਗਾਂ ਬਾਰੇ, ਪੰਜਾਬ ਦੇ ਸਵੈ-ਮਾਨ ਬਾਰੇ, ਨੇਕ ਨਿਯਮ ਹੋ ਕੇ ਇੱਕ ਵਾਰ ਨਹੀਂ ਸੋਚਿਆ ਗਿਆ। ਹੁਣ ਸਿੱਖ ਕੌਮ, ਆਪਣੇ ਕੌਮੀ ਮੁੱਦਿਆਂ ਬਾਰੇ ਨ ਸੁਚੇਤ ਹੈ ਤੇ ਨ ਹੀ ਲਾਮਬੰਦ। ਸੰਸਥਾਵਾਂ ਵਿੱਚ ਵਖਰੇਵਾ ਹੈ। ਸ੍ਰੀ ਅਕਾਲ ਤਖਤ ਸਾਹਿਬ ਕੌਮ ਦੀ ਇੱਕੋ ਇੱਕ ਸੰਸਥਾ ਹੈ, ਜੋ ਕੌਮ ਨੂੰ ਸਰਬ ਪੱਖੋਂ ਲਾਮਬੰਦ ਕਰ ਸਕਦੀ ਹੈ। ਮਗਰ ਇੱਥੋਂ ਦਾ ਪ੍ਰਬੰਧਕੀ ਢਾਂਚਾ, ਧੜੇਬੰਦੀ ਤੇ ਰਾਜਸੀ ਧੜੇ ਦੇ ਪ੍ਰਭਾਵ ਹੇਠ ਹੋਣ ਕਰ ਕੇ ਇੱਥੋਂ ਦੇ ਸੇਵਾਦਾਰ ਕੌਮ ਪ੍ਰਤੀ ਬਣਦੀ ਜ਼ਿੰਮੇਵਾਰੀ ਤੋਂ ਹਮੇਸ਼ਾ ਪਾਸਾ ਵੱਟ ਕੇ ਚੱਲਣ ਵਿੱਚ ਹੀ ਭਲਾ ਮਨਾ ਰਹੇ ਹਨ। ਕੌਮ ਦੇ ਵਰਤਮਾਨ ਦੀ ਨ ਚਿੰਤਾ ਹੈ, ਨ ਹੀ ਚੰਗੇ ਭਵਿੱਖ ਦੇ ਨਿਰਮਾਣ ਲਈ ਲੰਮੇਰੀ ਸੋਚ। ਚੰਦ ਕੁ ਸੰਸਥਾਵਾਂ ਕੌਮੀ ਪੱਖ ਤੋਂ ਨਿਰਪੱਖ ਤੇ ਨਿਰਭਉ ਨਿਰਵੈਰ ਹੋ ਕੇ ਸੋਚਦੀਆਂ ਹਨ ਉਨ੍ਹਾਂ ਦੀ ਅਵਾਜ਼ ਤੇ ਸਮਰੱਥਾ ਸ਼ਕਤੀ ਬੜੀ ਕਮਜ਼ੋਰ ਹੋਣ ਕਰ ਕੇ ਪ੍ਰਭਾਵ ਨਹੀਂ ਪਾ ਸਕਦੀ। ਲੋੜ ਹੈ ਸਿੱਖ ਕੌਮ ਨੂੰ ਮਿਸਲ ਕਾਲ ਵਾਂਗ ਵੱਧ ਗਈਆਂ ਮਿਸਲਾਂ ਦੇ ਜਥੇ ਤੋੜ ਕੇ ਕੇਵਲ 12 ਮਿਸਲਾਂ ਕਰ ਲੈਣ ਵਾਲੇ ਇਤਿਹਾਸਿਕ ਵਰਤਾਰੇ ਨੂੰ ਕੌਮੀ ਭਲੇ ਲਈ ਨਵੀਂ ਜੁਗਤਿ ਅਪਣਾ ਲਈਏ। ਜਾਤੀ ਜਮਾਤੀ ਹਿੱਤਾਂ ਨੂੰ ਠੋਕਰ ਮਾਰ ਕੇ, ਪੰਥਕ ਹਿੱਤ ਪਹਿਚਾਣ ਕੇ ਉਨ੍ਹਾਂ ਲਈ ਲਾਮਬੰਦ ਹੋਈਏ। ਵਕਤ ਦੀਆਂ ਸਭ ਚੁਣੌਤੀਆਂ ਅਸੀਂ ਸਰ ਕਰ ਸਕਦੇ ਹਾਂ। ਆਪਸੀ ਪਿਆਰ ਵਿਸ਼ਵਾਸ ਤੇ ਇਤਫਾਕ ਦੀ ਬਹਾਲੀ ਦੀ ਲੋੜ ਹੈ। ਸੰਨ 1984 ਦੇ ਘੱਲੂਘਾਰੇ ਨੂੰ ਵਕਤੀ ਯਾਦ ਨਹੀਂ, ਕੌਮ ਦੇ ਵਰਤਮਾਨ ਨੂੰ ਸੰਭਾਲ ਕੇ, ਭਵਿੱਖ ਦੀ ਸਿਰਜਣਾ ਸ਼ਕਤੀ ਦਾ ਪ੍ਰਤੀਕ ਬਣਾਈਏ।

ਗੁਰੂ ਪੰਥ ਦਾ ਦਾਸ ਕੇਵਲ ਸਿੰਘ