ਸਾਹਿਤ ਅਤੇ ਕਲਾ ਦੇ ਖੇਤਰ ਦਾ ਅਮਿੱਟ ਹਸਤਾਖ਼ਰ:- ਸੋਹਣ ਸਿੰਘ ਸੀਤਲ

0
679

ਸਾਹਿਤ ਅਤੇ ਕਲਾ ਦੇ ਖੇਤਰ ਦਾ ਅਮਿੱਟ ਹਸਤਾਖ਼ਰ:- ਸੋਹਣ ਸਿੰਘ ਸੀਤਲ

-ਰਮੇਸ਼ ਬੱਗਾ ਚੋਹਲਾ, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਧਾਰਮਕ ਖੇਡਰ ’ਚ ਮਾਨਸ ਜਨਮ ਨੂੰ ਬੜਾ ਦੁਰਲੱਭ ਕਹਿ ਕੇ ਵਡਿਆਇਆ ਅਤੇ ਸਲਾਹਿਆ ਗਿਆ ਹੈ। ਗੁਰਬਾਣੀ ਦੇ ਨਿਰਣੇ ਮੁਤਾਬਕ ਇਸ ਦੁਰਲੱਭ ਜਨਮ ਦੀ ਪ੍ਰਾਪਤੀ ਲਈ ਦੇਵੀ-ਦੇਵਤੇ ਅਤੇ ਰਿਸ਼ੀ-ਮੁਨੀ ਵੀ ਤਰਸਦੇ ਰਹਿੰਦੇ ਹਨ: ‘‘ਇਸ ਦੇਹੀ ਕਉ ਸਿਮਰਹਿ ਦੇਵ ॥’’ (ਭਗਤ ਕਬੀਰ/੧੧੫੯), ਪਰ ਬਹੁਤ ਸਾਰੇ ਮਨੁੱਖ ਅਜਿਹੇ ਵੀ ਹੁੰਦੇ ਹਨ, ਜੋ ਇਸ ਜਨਮ ਦੀ ਅਹਿਮੀਅਤ ਨੂੰ ਨਾ ਸਮਝਦੇ ਹੋਏ ਇਸ ਜੀਵਨ ਨੂੰ ਵਿਅਰਥ ਗੁਆ ਲੈਂਦੇ ਹਨ। ਆਪਣੇ ਪਰਿਵਾਰਕ ਅਤੇ ਸੰਸਾਰਿਕ ਝੰਮੇਲਿਆਂ ਵਿੱਚ ਉਲਝ ਕੇ ਉਹ ਆਪਣੇ ਜੀਵਨ ਦੇ ਬੇਸ਼ਕੀਮਤੀ ਪਲਾਂ ਨੂੰ ਅਜਾਈਂ ਹੀ ਗੁਆ ਦਿੰਦੇ ਹਨ। ਇਸ ਤਰ੍ਹਾਂ ਗੁਆਏ ਹੋਏ ਪਲ ਬਦਕਿਸਮਤੀ ਦੇ ਖਾਤੇ ਵਿੱਚ ਡਿਪਾਜ਼ਿਟ ਹੋ ਜਾਂਦੇ ਹਨ ਅਤੇ ਬੰਦਾ ਆਪਣੇ ਆਪ ਨੂੰ ਕੋਸਦਾ ਹੋਇਆ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ। ਮਨੁੱਖੀ ਜਨਮ ਦੀ ਮੁੜ ਪ੍ਰਾਪਤੀ ਨਾ ਹੋਣ ਕਰ ਕੇ ਹੀ ਭਗਤ ਕਬੀਰ ਜੀ ਵਚਨ ਕਰਦੇ ਹਨ: ‘‘ਕਬੀਰ ! ਮਾਨਸ ਜਨਮੁ ਦੁਲੰਭੁ ਹੈ; ਹੋਇ ਨ ਬਾਰੈ ਬਾਰ ॥ ਜਿਉ, ਬਨ ਫਲ ਪਾਕੇ ਭੁਇ ਗਿਰਹਿ; ਬਹੁਰਿ ਨ ਲਾਗਹਿ ਡਾਰ ॥’’ (ਭਗਤ ਕਬੀਰ/੧੩੬੬) ਇਨ੍ਹਾਂ ਸਤਰਾਂ ਦੀ ਰੋਸ਼ਨੀ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਨਸਾਨੀ ਜ਼ਿੰਦਗੀ ਦਾ ਮਨੋਰਥ ਕੇਵਲ ਖਾਣ-ਪੀਣ ਅਤੇ ਐਸ਼ ਆਰਾਮ ਕਰਨ ਤੱਕ ਹੀ ਸੀਮਤ ਨਹੀਂ ਰਹਿ ਜਾਂਦਾ ਸਗੋਂ ਇਸ ਦਾ ਇੱਕ ਉੱਚਾ ਅਤੇ ਸੁੱਚਾ ਮਨੋਰਥ ਖ਼ਲਕਤ ਦੀ ਸੇਵਾ ਕਰਨਾ ਵੀ ਹੁੰਦਾ ਹੈ। ਇਸ ਮਨੋਰਥ ਨੂੰ ਤਸਦੀਕ ਕਰਦੇ ਹੋਏ ਗੁਰੂ ਅੰਗਦ ਸਾਹਿਬ ਜੀ ਆਪਣੀ ਬਾਣੀ ਵਿੱਚ ਸਮਝਾਉਂਦੇ ਹਨ: ‘‘ਆਪੁ ਗਵਾਇ ਸੇਵਾ ਕਰੇ; ਤਾ ਕਿਛੁ ਪਾਏ ਮਾਨੁ ॥ ਨਾਨਕ ! ਜਿਸ ਨੋ ਲਗਾ ਤਿਸੁ ਮਿਲੈ; ਲਗਾ ਸੋ ਪਰਵਾਨੁ ॥’’ (ਮ: ੨/੪੭੪) ਪਾਵਨ ਬਚਨਾਂ ਵਾਂਗ ਹੀ ਆਪਣਾ ਆਪ ਗੁਆ (ਭਾਵ ਨਿਮਰਤਾ ’ਚ ਰਹਿ) ਕੇ ਲੋਕਾਈ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਰਹੇ ਹਨ ‘ਪੰਥਕ ਢਾਡੀ ਅਤੇ ਉੱਚ ਕੋਟੀ ਦੇ ਸਾਹਿਤਕਾਰ ਗਿਆਨੀ ਸੋਹਣ ਸਿੰਘ ਸੀਤਲ’।

ਇਹ ਪਿਆਰ ਅਤੇ ਸਤਿਕਾਰ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਦਾ ਵੱਡਮੁੱਲਾ ਸਰਮਾਇਆ ਹੁੰਦਾ ਹੈ ਜਿਸ ਨੂੰ ਹਾਸਲ ਕਰਨ ਲਈ ਉਸ ਵਿਅਕਤੀ ਨੂੰ ਵਿਸ਼ੇਸ਼ ਘਾਲਣਾ ਘਾਲਣੀ ਪੈਂਦੀ ਹੈ। ਗਿਆਨੀ ਸੋਹਣ ਸਿੰਘ ਸੀਤਲ ਨੂੰ ਵੀ ਆਮ ਤੋਂ ਖਾਸ ਵਿਅਕਤੀ ਦਾ ਸਫ਼ਰ ਤਹਿ ਕਰਨ ਲਈ ਇੱਕ ਲੰਮੀ ਅਤੇ ਅਣਥੱਕ ਘਾਲਣਾ ਘਾਲਣੀ ਪਈ ਹੈ।

ਬਹੁ ਪਰਤੀ ਸ਼ਖ਼ਸੀਅਤ (ਢਾਡੀ, ਕਵੀ, ਪ੍ਰਚਾਰਕ, ਕਹਾਣੀਕਾਰ, ਗੀਤਕਾਰ, ਨਾਵਕਾਰ, ਨਾਟਕਕਾਰ ਅਤੇ ਇੱਕ ਖੋਜੀ ਇਤਹਾਸਕਾਰ) ਦੇ ਮਾਲਕ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸ. ਖੁਸ਼ਹਾਲ ਸਿੰਘ ਪੰਨੂ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਵੇਂ ਰਸਮੀ ਤਲੀਮ ਹਾਸਲ ਕਰਨ ਲਈ ਸੀਤਲ ਦੇ ਮਨ ਵਿੱਚ ਇੱਕ ਤੀਬਰ ਤਾਂਘ ਸੀ ਪਰ ਉਸ ਸਮੇਂ ਸੰਸਥਾਗਤ ਵਿਦਿਆ (ਖਾਸ ਕਰ ਕੇ ਪਿੰਡਾਂ ’ਚ) ਦੀ ਕਾਫੀ ਘਾਟ ਸੀ। ਇਸ ਘਾਟ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਇਸ ਤਾਂਘ ਨੂੰ ਮੱਠੀ ਨਹੀਂ ਪੈਣ ਦਿੱਤਾ। ਕੁੱਝ ਵਿਸ਼ੇਸ਼ ਯਤਨਾਂ ਸਦਕਾ ਸੀਤਲ ਨੇ ਆਪਣੇ ਪਿੰਡ ਦੇ ਸਾਧੂ/ਗ੍ਰੰਥੀ ਹਰੀ ਦਾਸ ਪਾਸੋਂ ਗੁਰਮੁਖੀ ਵਰਣਾਂ ਦੀ ਪਹਿਚਾਣ ਕਰਨੀ ਸਿੱਖ ਲਈ। ਇਸ ਪਹਿਚਾਣ ਨੇ ਉਸ ਦੇ ਹੌਂਸਲੇ ਨੂੰ ਅਜਿਹਾ ਵਧਾਇਆ ਕਿ ਉਹ ਕੁੱਝ ਵਡੇਰੀ (14 ਸਾਲ ਦੀ) ਉਮਰ ਦਾ ਹੋ ਜਾਣ ਦੇ ਬਾਵਜੂਦ ਵੀ ਗੁਆਂਢੀ ਪਿੰਡ ‘ਵਰਨ’ ਦੀ ਪਾਠਸ਼ਾਲਾ ਵਿੱਚ ਪ੍ਰਵੇਸ਼ ਕਰ ਗਿਆ। ਪੜ੍ਹਾਈ ਵਿੱਚ ਉਸ ਦੀ ਲਗਨ ਨੂੰ ਦੇਖਦਿਆਂ ਪਾਠਸ਼ਾਲਾ ਦੇ ਸੰਚਾਲਕਾਂ ਵੱਲੋਂ ਉਸ ਨੂੰ ਕੁਝ ਜਮਾਤਾਂ ਸਾਲਾਂ ਦੀ ਬਜਾਏ ਛਿਮਾਹੀਆਂ ਵਿੱਚ ਹੀ ਪੂਰੀਆਂ ਕਰਵਾ ਦਿੱਤੀਆਂ। ਉਸਤਾਦ ਲੋਕਾਂ ਵੱਲੋਂ ਮਿਲੇ ਵਿਸ਼ੇਸ਼ ਸਹਿਯੋਗ ਸਦਕਾ ਸੀਤਲ ਨੇ ਮੈਟ੍ਰਿਕ ਪੱਧਰ ਦੀ ਪੜ੍ਹਾਈ ਅੱਵਲ ਦਰਜੇ ਵਿੱਚ ਰਹਿ ਕੇ ਪਾਸ ਕਰ ਲਈ। ਉਸ ਸਮੇਂ ਮੈਟ੍ਰਿਕ ਵਿਚ ਇਹ ਦਰਜਾ ਕਿਸੇ ਵਿਰਲੇ-ਟਾਵੇਂ ਵਿਦਿਆਰਥੀ ਨੂੰ ਹੀ ਨਸੀਬ ਹੋਇਆ ਕਰਦਾ ਸੀ।

ਇਸ ਸਿੱਖਿਆ ਪ੍ਰਾਪਤੀ ਦੇ ਦੌਰ (ਅੱਠਵੀਂ ਜਮਾਤ ਵਿੱਚ) ਦੌਰਾਨ ਹੀ ਗਿਆਨੀ ਸੋਹਣ ਸਿੰਘ ਸੀਤਲ ਦੇ ਮਾਪਿਆਂ ਵੱਲੋਂ ਉਸ ਨੂੰ ਸਮਾਜਿਕ/ਪਰਿਵਾਰਕ ਜ਼ਿੰਮੇਵਾਰੀ ਦੀ ਪੰਡ ਚੁਕਾਉਂਦੇ ਹੋਏ ਉਸ ਦਾ ਵਿਆਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਕਰ ਦਿੱਤਾ। ਇਨ੍ਹਾਂ ਦੇ ਘਰ ਦੋ ਪੁੱਤਰਾਂ (ਰਘਵੀਰ ਸਿੰਘ ਅਤੇ ਸੁਰਜੀਤ ਸਿੰਘ) ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਹੁਣ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਸੀਤਲ ਨੂੰ ਆਪਣੇ ਘਰ-ਪਰਿਵਾਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪੈਂਦਾ। ਇਸ ਧਿਆਨ ਦੇ ਵੱਧ ਜਾਣ ਕਾਰਨ ਉਨ੍ਹਾਂ ਦਾ ਪੜ੍ਹਾਈ ਵਿਚਲਾ ਧਿਆਨ ਕੁੱਝ ਪਿੱਛੇ ਪੈਣ ਲੱਗ ਪਿਆ। ਇਸ ਘਾਟ ਕਾਰਨ ਉਹ ਉਚੇਰੀ ਵਿਦਿਆ ਦੇ ਤੌਰ ’ਤੇ ਸਿਰਫ ਗਿਆਨੀ ਦਾ ਇਮਤਿਹਾਨ ਹੀ ਪਾਸ ਕਰ ਸਕਿਆ।

ਗਿਆਨੀ ਸੋਹਣ ਸਿੰਘ ਸੀਤਲ ਕੁੱਝ ਸਮਾਂ ਆਪਣੇ ਪਿਤਾ-ਪੁਰਖੀ ਕਿੱਤੇ ਖੇਤੀ ਬਾੜੀ ਨਾਲ ਵੀ ਜੁੜਿਆ ਰਿਹਾ। ਇਸ ਕਿੱਤੇ ਨੂੰ ਕਰਦਿਆਂ ਹੀ ਉਸ ਦੇ ਅੰਦਰ ਕੁੱਝ ਵੱਖਰਾ ਕਰ ਕੇ ਦਿਖਾਉਣ ਦੀ ਇੱਛਾ ਵੀ ਜਵਾਨ ਹੁੰਦੀ ਗਈ। ਜੋਬਨ ਉੱਤੇ ਆਈ ਉਸ ਦੀ ਇਸ ਇੱਛਾ ਨੇ ਇੱਕ ਦਿਨ ਉਸ ਨੂੰ ਢਾਡੀ ਕਲਾ ਵੱਲ ਨੂੰ ਮੋੜ ਦਿੱਤਾ। ਇਸ ਮੋੜ ਵੱਲ ਮੁੜਦਿਆਂ ਉਸ ਨੇ ਆਪਣਿਆਂ ਸਾਥੀਆਂ (ਗੁਰਚਰਨ ਸਿੰਘ, ਅਮਰੀਕ ਸਿੰਘ ਤੇ ਹਰਨਾਮ ਸਿੰਘ) ਨੂੰ ਨਾਲ ਲੈ ਲਿਆ ਅਤੇ ਲਲਿਆਣੀ ਦੇ ਭਰਾਈ ਬਾਬਾ ਚਿਰਾਗਦੀਨ ਕੋਲੋਂ ਸਾਰੰਗੀ ਅਤੇ ਢੱਡ ਵਜਾਉਣੀ ਸਿੱਖਣ ਲੱਗ ਪਏ। ਉਸਤਾਦ ਜੀ ਕੋਲੋਂ ਢਾਡੀ-ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਗਿਆਤ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇ ਦੀਵਾਨਾਂ ਵਿੱਚ ਆਪਣੀ ਹਾਜ਼ਰੀ ਭਰਨ ਲੱਗ ਪਿਆ। ਉਸ ਵਕਤ ਢਾਡੀ ਕਲਾ ਦੇ ਖੇਤਰ ਵਿੱਚ ਸੋਹਣ ਸਿੰਘ ਘੁੱਕੇਵਾਲੀਆ, ਬਾਬਾ ਕਿਸ਼ਨ ਸਿੰਘ, ਸੋਹਣ ਸਿੰਘ ਭੀਲ਼ਾ ਅਤੇ ਨਿਰਵੈਰ ਸਿੰਘ ਦੁਆਬੀਆ, ਆਦਿ ਦੇ ਜਥੇ ਪ੍ਰਮੁੱਖ ਰੂਪ ਵਿੱਚ ਵਿਚਰ ਰਹੇ ਸਨ। ਸਿੱਖ ਸੰਗਤਾਂ ਵਿੱਚ ਇਨ੍ਹਾਂ ਜਥਿਆਂ ਦੀ ਚੰਗੀ ਭਲ ਸੀ। ਸ੍ਰੋਤਿਆਂ/ਦਰਸ਼ਕਾਂ ਦਾ ਧਿਆਨ ਇਨ੍ਹਾਂ ਜਥਿਆਂ ਵੱਲੋਂ ਹਟਾ ਕੇ ਆਪਣੇ ਵੱਲ ਲਗਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਪਰ ਇਹ ਚਮਤਕਾਰ ਗਿਆਨੀ ਜੀ ਦੇ ਜਥੇ ਨੇ ਥੋੜ੍ਹੇ ਹੀ ਸਮੇਂ ਵਿੱਚ ਕਰ ਦਿਖਾਇਆ। ਇਸ ਚਮਤਕਾਰ ਦੇ ਕਾਰਨਾਂ ਵਿੱਚ ਸੀਤਲ ਦਾ ਵਧੇਰੇ ਤਲੀਮ-ਯਾਫ਼ਤਾ ਹੋਣਾ ਅਤੇ ਵਿਆਖਿਆ ਦੇ ਨਿਵੇਕਲੇ ਅਤੇ ਨਿਰਾਲੇ ਢੰਗ ਅਪਣਾਉਣਾ ਸੀ। ਦੇਸ਼ ਵਿਦੇਸ਼ ਵਿੱਚ ਇਸ ਢਾਡੀ ਜਥੇ ਦੀ ਇੰਨੀ ਵਡਿਆਈ ਹੋਈ ਕਿ ਸ਼ਰੀਕਾਂ ਦੀ ਨਫ਼ਰਤ ਵੀ ਪਿਆਰ ਵਿੱਚ ਬਦਲ ਗਈ। ਸੋਹਣ ਸਿੰਘ ਸੀਤਲ ਨੇ ਆਪਣੇ ਢਾਡੀ ਜਥੇ ਨਾਲ ਲੱਗਭਗ ਛੇ ਦਹਾਕਿਆਂ ਤੱਕ ਪੰਥ ਅਤੇ ਪੰਜਾਬ ਦੀ ਰੱਜਵੀਂ ਸੇਵਾ ਕੀਤੀ ਲੋਕਾਂ ਨੂੰ ਆਪਣੇ ਵਿਰਸੇ ਤੋਂ ਵਾਕਿਫ਼ ਕਰਵਾਇਆ।

ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਨੂੰ ਇੱਕ ਤੂਫ਼ਾਨੀ ਅਵਸਥਾ ਮੰਨਿਆ ਹੈ। ਇਸ ਅਵਸਥਾ ਵਿੱਚ ਜਵਾਨੀ ਅੱਥਰੀ ਹੋ ਜਾਂਦੀ ਹੈ ਅਤੇ ਕਈ ਵਾਰ ਲੀਹੋਂ ਵੀ ਲਹਿ ਜਾਂਦੀ ਹੈ, ਪਰ ਗਿਆਨੀ ਸੋਹਣ ਸਿੰਘ ਸੀਤਲ ਨੇ ਇਸ ਤੂਫ਼ਾਨੀ ਅਵਸਥਾ ਨੂੰ ਠੱਲ੍ਹ ਪਾਉਣ ਲਈ ਕਲਮ ਦਾ ਸਹਾਰਾ ਲੈ ਲਿਆ। ਇਸ ਕਲਮ ਨੇ ਸੀਤਲ ਦੀਆਂ ਭਾਵਨਾਵਾਂ ਨੂੰ ਕਵਿਤਾ ਵਿੱਚ ਪਰੋ ਦਿੱਤਾ। ਉਸ ਦੀ ਪਹਿਲੀ ਕਵਿਤਾ 1924 ਈ. ਨੂੰ ‘ਅਕਾਲੀ’ ਅਖਬਾਰ ਵਿੱਚ ਛਪ ਗਈ। ਇਸ ਕਵਿਤਾ ਦੇ ਨਾਲ ਹੀ ਸੀਤਲ ਦੇ ਸਾਹਿਤਕ ਸਫ਼ਰ ਦਾ ਆਗਾਜ਼ ਹੋ ਜਾਂਦਾ ਹੈ। ਇਸ ਸਫ਼ਰ ਦੇ ਸਿੱਟੇ ਵਜੋਂ ਉਸ ਨੇ ਇੱਕ ਕਾਵਿ ਸੰਗਿ੍ਰਹ ‘ਸੱਜਰੇ ਹੰਝੂ’ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਦਿੱਤਾ। ਕਵਿਤਾ ਦੇ ਨਾਲ-ਨਾਲ ਸੋਹਣ ਸਿੰਘ ਸੀਤਲ ਨੇ ਕੁੱਝ ਕਹਾਣੀਆਂ ਵੀ ਲਿਖੀਆਂ, ਜਿਨ੍ਹਾਂ ਵਿਚ ‘ਕਦਰਾਂ ਬਦਲ ਗਈਆਂ’, ‘ਅਜੇ ਦੀਵਾ ਬਲ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਕਾਫੀ ਚਰਚਿਤ ਹੋਈਆਂ ਹਨ। ਇਹ ਸਿਰਜਣਾ ਭਾਵੇ ਉਨ੍ਹਾਂ ਦੇ ਸਾਹਿਤਕ ਜੀਵਨ ਦੇ ਪ੍ਰਾਇਮਰੀ ਪੜਾਅ ਦੀ ਹੀ ਸੀ ਪਰ ਉਸ ਦੇ ਚੰਗੇਰੇ ਅਤੇ ਪਕੇਰੇ ਕੱਲ੍ਹ ਨੂੰ ਤਸਦੀਕ ਕਰਦੀ ਸੀ।

ਇੱਕ ਨਾਵਲਕਾਰ ਦੇ ਤੌਰ ’ਤੇ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਮਹਾਨ ਦੇਣ ਰਹੀ ਹੈ। ਉਸ ਦੁਆਰਾ ਲਿਖੇ ਨਾਵਲਾਂ ਦੀ ਤਦਾਦ ਦੋ ਦਰਜ਼ਨਾਂ ਦੇ ਕਰੀਬ ਬਣਦੀ ਹੈ। ਸੈਕੰਡਰੀ ਜਮਾਤਾਂ ਨੂੰ ਇੱਕ ਪਾਠਕ੍ਰਮ ਦੇ ਤੌਰ ’ਤੇ ਪੜ੍ਹਾਇਆ ਗਿਆ ਉਨ੍ਹਾਂ ਦਾ ਨਾਵਲ ‘ਤੂਤਾਂ ਵਾਲਾ ਖੂਹ’ ਆਪਣੀ ਮਿਸਾਲ ਆਪ ਹੈ ਜੋ ਦੇਸ਼ ਦੀ ਵੰਡ ਨੂੰ ਕੁਰਣਾਮਈ ਢੰਗ ਨਾਲ ਬਿਆਨ ਕਰਦਾ ਹੈ। ‘ਜੁੱਗ ਬਦਲ ਗਿਆ’ ਸੀਤਲ ਦਾ ਇੱਕ ਹੋਰ ਚਰਿਚਤ ਨਾਵਲ ਹੈ ਜਿਸ ਨੂੰ 1974 ਈ. ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰਿਤ ਕੀਤਾ ਗਿਆ ਸੀ, ਇਨ੍ਹਾਂ ਦੋ ਨਾਵਲਾਂ ਤੋਂ ਛੁੱਟ ‘ਮੁੱਲ ਦਾ ਮਾਸ’, ‘ਜੰਗ ਜਾਂ ਅਮਨ’, ‘ਈਚੋਗਿਲ ਦੀ ਨਹਿਰ ਤੱਕ’, ‘ਵਿਯੋਗਣ’ ਅਤੇ ‘ਅੰਨੀ ਸੁੰਦਰਤਾ’ ਆਦਿ ਸੀਤਲ ਦੁਆਰਾ ਰਚਿਤ ਨਾਵਲ ਹਨ ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਾਹਿਤ ਦਾ ਮਾਣ ਵਧਾਇਆ ਹੈ।

ਸੀਤਲ ਦੇ ਨਾਵਲਾਂ ਦੀ ਇਹ ਵੀ ਇੱਕ ਵਿਸ਼ੇਸ਼ਤਾ ਰਹੀ ਹੈ ਕਿ ਉਸ ਦੇ ਨਾਵਲਾਂ ਦੇ ਪਾਤਰ ਕਿਸੇ ਕਲਪਨਾ ਦੇ ਕਾਰਖਾਨੇ ਵਿੱਚ ਤਿਆਰ ਨਾ ਹੋ ਕਿ ਹਕੀਕੀ ਹਲਾਤਾਂ ’ਚੋ ਉਪਜਦੇ ਹਨ। ਇੱਕ ਖੋਜੀ (ਸਿੱਖ) ਇਤਹਾਸਕਾਰ ਦੇ ਤੌਰ ’ਤੇ ਸੋਹਣ ਸਿੰਘ ਸੀਤਲ ਦਾ ਇੱਕ ਅਹਿਮਤਰੀਨ ਸਥਾਨ ਹੈ। ਉਸ ਨੇ ਪਹਿਲਾਂ ਆਪ ਨਿੱਠ ਕੇ ਸਿੱਖ ਇਤਹਾਸ ਦਾ ਵਿਸ਼ਲੇਸ਼ਣ ਕੀਤਾ ਬਾਅਦ ਵਿੱਚ ਕੁਝ ਨਵੀਆਂ ਛੋਹਾਂ ਦੇ ਕੇ ਕਿਤਾਬੀ ਰੂਪ ਵਿਚ ਮੁੜ ਪ੍ਰਕਾਸ਼ਿਤ ਕਰਵਾਇਆ। ਉਸ ਦੇ ਇਸ ਉਪਰਾਲੇ ਨੇ ਜਿੱਥੇ ਸਿੱਖ ਇਤਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਉਥੇ ਸਿੱਖ ਇਤਹਾਸ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ। ਸੀਤਲ ਦੀਆਂ ਇਤਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ‘ਦੁਖੀਏ ਮਾਂ ਦੇ ਪੁੱਤ’, ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਸ ਦੀਆਂ ਵਰਨਣਯੋਗ ਇਤਹਾਸਕ ਕਿਤਾਬਾਂ ਹਨ।

ਸੋਹਣ ਸਿੰਘ ਸੀਤਲ ਦਾ ਵਧੇਰੇ ਤਪੱਸਵੀ ਅਤੇ ਖੋਜ ਭਰਪੂਰ ਕੰਮ ‘ਸਿੱਖ ਇਤਹਾਸ ਦੇ ਸੋਮੇ’, ਪੰਜ ਜਿਲਦਾਂ ਵਿੱਚ ਤਿਆਰ ਕਰਨੇ ਹਨ। ਸੀਤਲ ਦੀ ਇਸ ਤੱਪਸਿਆ ਨੇ ਸਿੱਖ ਇਤਹਾਸ ਨੂੰ ਕਾਫੀ ਹੱਦ ਤੱਕ ਸਰਲਤਾ ਅਤੇ ਸ਼ੁੱਧਤਾ ਪ੍ਰਦਾਨ ਕੀਤੀ ਹੈ।

ਉਪਰੋਕਤ ਸੰਖੇਪ ਵਿਚਾਰ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਗਿਆਨੀ ਸੋਹਣ ਸਿੰਘ ਸੀਤਲ ਵਰਗੇ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਅਤੇ ਨੇਕ ਦਿਲ ਵਿਅਕਤੀ ਵਿਰਲੇ ਹੀ ਪੈਦਾ ਹੁੰਦੇ ਹਨ। ਪੰਥ ਦਾ ਅਮੋਲਕ ਢਾਡੀ ਅਤੇ ਪੰਜਾਬੀ ਸਾਹਿਤ ਦਾ ਅਮਿੱਟ ਹਸਤਾਖ਼ਰ ਗਿਆਨੀ ਸੋਹਣ ਸਿੰਘ ਸੀਤਲ ਆਪਣਾ ਨੌਂ ਦਹਾਕਿਆਂ ਦਾ ਜੀਵਨ ਪੰਧ ਮੁਕਾ ਕੇ ਅਖੀਰ 23 ਸਤੰਬਰ 1998 ਈ. ਵਾਲੇ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਸੀਤਲ ਦੇ ਆਪਣੇ ਬੋਲ ਸਨ :

‘ਸੀਤਲ ਸਦਾ ਜਹਾਨ ਜੀਂਵਦਾ ਏ, ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।

———੦———–