‘ਹੋੜਾ’

0
524

‘ਹੋੜਾ’

ਹਰਜਿੰਦਰ ਸਿੰਘ ‘ਘੜਸਾਣਾ’-075976-43748

ਹੋੜਾ, ਅੱਖਰ ‘ਅ’ ਅਤੇ ‘ੲ’ ਤੋਂ ਬਿਨਾ ਹੋਰ ਸਾਰੇ ਵਰਣਮਾਲਾ ਦੇ ਅੱਖਰਾਂ ਉਤੇ ਲਗਦਾ ਹੈ। ਪਿੰਗਲ ਅਨੁਸਾਰ ‘ਹੋੜਾ’ ਦੀਰਘ ਮਾਤ੍ਰਾ ਦਾ ਸੂਚਕ ਹੈ। ਗੁਰਬਾਣੀ ਵਿਚ ਕਿਸੇ ਲਫਜ਼ ਦੇ ਉਚਾਰਨ ਨੂੰ ਇਕ ਮਾਤਰੀਆ ਤੋਂ ਦੋ ਮਾਤਰੀਆ ਬਨਾਉਣ ਲਈ ਹੋੜੇ ਦੀ ਵਰਤੋਂ ਵਿਸ਼ੇਸ਼ ਤੌਰ ’ਤੇ ਕੀਤੀ ਹੋਈ ਮਿਲਦੀ ਹੈ। ਗੁਰਬਾਣੀ ਵਿਚ ਹੋੜੇ ਦੀ ਵਿਆਕਰਣਿਕ ਅਤੇ ਕਾਵਿਕ ਤੌਰ ’ਤੇ ਵਰਤੋਂ ਬਾਰੇ ਵੀਚਾਰ ਸਾਂਝੇ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ:

  1. ਗੁਰਬਾਣੀ ਵਿਚ ਛੰਦ ਦੀ ਇਕਸਾਰਤਾ ਲਈ, ਤੁਕਾਂਤ ਨੂੰ ਮੇਲਣ ਲਈ, ਹੋੜੇ ਦੀ ਵਰਤੋਂ ਸੰਗਿਆਵਾਚੀ ਅਤੇ ਵਿਸ਼ੇਸ਼ਣਾਂ ਦੇ ਅੰਤਲੇ ਅੱਖਰ ਨਾਲ ਕੀਤੀ ਹੋਈ ਮਿਲਦੀ ਹੈ: ਜਿਵੇਂ ਕਿ

ਨਾਨਕੁ ਨੂੰ ਨਾਨਕੋ,

ਕਰਤਾਰੁ ਨੂੰ ਕਰਤਾਰੋ,

ਮਾਣੁ ਨੂੰ ਮਾਣੋ,

ਜਾਨਣਹਾਰੁ ਨੂੰ ਜਾਨਣਹਾਰੋ

ਤਰਣਹਾਰ ਨੂੰ ਤਰਣਹਾਰੋ ਆਦਿ।

ਉਪਰੋਕਤ ਲਫਜ਼ਾਂ ਨੂੰ ਕੇਵਲ ਤੁਕਾਂਤ ਮੇਲਣ ਲਈ ਹੀ ‘ਹੋੜੇ’ ਦੀ ਵਰਤੋਂ ਕੀਤੀ ਗਈ ਹੈ ਅਰਥਾਂ ਵਿਚ ਕੋਈ ਤਬਦੀਲੀ ਨਹੀਂ ਆਉਂਦੀ।

  1. ਅੰਤਕ ‘ਹੋੜੇ’ ਵਾਲੇ ਸ਼ਬਦਾਂ ਵਿਚੋਂ ਸੰਬੰਧਕੀ ਅਰਥ ਭੀ ਨਿਕਲਦੇ ਹਨ, ਜਿਵੇਂ ਕਿ

‘‘ਏਕੋ ਸਬਦੁ ਵੀਚਾਰੀਐ, ਅਵਰ ਤਿਆਗੈ ਆਸ॥’’ (ਪੰਨਾ ੧੮) ‘ਏਕੋ’-ਸੰਬੰਧ ਕਾਰਕ, ਇਕ ਦਾ।

‘‘ਓਹੁ ਸਭਨਾ ਕੀ ਰੇਣੁ, ਬਿਰਹੀ ਚਾਰਣੋ॥’’ (ਪੰਨਾ ੯੬੩) ‘ਚਾਰਣੋ’-ਸੰਬੰਧ ਕਾਰਕ, ਚਰਣਾਂ ਦਾ।

‘‘ਜਿਸੁ ਆਇਆ ਹਥਿ ਨਿਧਾਨੁ, ਸੁ ਰਹਿਆ ਭਾਲਣੋ॥’’ (ਪੰਨਾ ੯੬੩) ‘ਭਾਲਣੋ’-ਨਾਂਵ, ਅਪਾਦਾਨ ਕਾਰਕ, ਭਾਲਣ ਤੋਂ।

‘‘ਏਕੁ ਸਿਮਰਿ, ਏਕੋ ਮਨ ਆਹਿ॥’’ (ਪੰਨਾ ੨੮੯) ‘ਏਕੋ’-ਸੰਪਰਦਾਨ ਕਾਰਕ, ਇਕ ਨੂੰ॥

  1. ਗੁਰਬਾਣੀ ਵਿਚ ਕਿਰਿਆਵਾਚੀ ਲਫਜ਼ਾਂ ਨੂੰ ਅੰਤ ਹੋੜਾ ਵਰਤਿਆ ਹੋਇਆ ਮਿਲਦਾ ਹੈ ਅਤੇ ਜ਼ਿਆਦਾਤਰ ਭੂਤਕਾਲ ਦਾ ਸੂਚਕ ਹੁੰਦਾ ਹੈ, ਜਿਵੇਂ ਕਿ

‘‘ਸੁਨਿਬੋ ਸਖੀ ! ਕੰਤਿ ਹਮਾਰੋ ਕੀਅਲੋ ਖਸਮਾਨਾ॥’’ ( ਪੰਨਾ ੩੭੨)

‘ਕੀਅਲੋ’-ਕਿਰਿਆ, ਭੂਤਕਾਲ, ਇਕ ਵਚਨ, ਅਨ ਪੁਰਖ, ਅਰਥ ਹੈ ‘ਕੀਤਾ’।

‘‘ਜਬ ਹਮ ਹਰਿ ਸੇਤੀ ਮਨੁ ਮਾਨਿਆ, ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ॥’’ ( ਪੰਨਾ ੧੬੮)

‘ਦੀਨੋ’-ਕਿਰਿਆ, ਭੂਤਕਾਲ, ਬਹੁਵਚਨ, ਅਨਪੁਰਖ ਅਰਥ ਹੈ ‘ਦਿਤਾ’।

  1. ਅੰਤਕ ‘ਹੋੜਾ’ ਗੁਰਬਾਣੀ ਅੰਦਰ ਕਈ ਲਫਜ਼ਾਂ ਨੂੰ ਭਵਿਖ ਕਾਲ ਦੇ ਸੂਚਕ ਵਜੋਂ ਭੀ ਆਇਆ ਹੈ। ਜਦੋਂ ਭਵਿਖ ਕਾਲ ਦੀ ਕਿਰਿਆ ਉਤਮ ਪੁਰਖ ਵਿਚ ਆ ਜਾਏ ਤਾਂ ਉਸ ਲਫਜ਼ ਦਾ ਉਚਾਰਣ ਬਿੰਦੀ ਸਹਿਤ ਕੀਤਾ ਜਾਂਦਾ ਹੈ, ਜਿਵੇਂ ਕਿ

‘‘ਬੈਰਾਗੀ ਰਾਮਹਿ ਗਾਵਉਗੋ॥’’ ( ਪੰਨਾ ੯੭੩)

‘ਗਾਵਉਗੋ’-ਕਿਰਿਆ ਭਵਿਖ ਕਾਲ, ਉਤਮ ਪੁਰਖ, ਇਕਵਚਨ ਅਰਥ ਹੈ ‘ਗਾਵਾਂਗਾ’। ਉਚਾਰਣ-ਗਾਵਉਂਗੋ।

‘‘ਸਬਦਿ ਅਤੀਤ ਅਨਾਹਦਿ ਰਾਤਾ, ਆਕੁਲ ਕੈ ਘਰਿ ਜਾਉਗੋ॥’’ ( ਪੰਨਾ ੯੭੩)

‘ਜਾਉਗੋ’-ਕਿਰਿਆ, ਭਵਿਖ ਕਾਲ, ਉਤਮ ਪੁਰਖ, ਇਕ ਵਚਨ ਅਰਥ ਹੈ ‘ਜਾਵਾਂਗਾ’। ਉਚਾਰਣ-ਜਾਉਂਗੋ।

‘‘ਅਖੰਡ ਮੰਡਲ ਨਿਰੰਕਾਰ ਮਹਿ, ਅਨਹਦ ਬੇਨੁ ਬਜਾਵਉਗੋ॥’’ (ਪੰਨਾ ੯੭੩)

‘ਬਜਾਵਉਗੋ’-ਕਿਰਿਆ ਭਵਿਖ ਕਾਲ, ਉਤਮ ਪੁਰਖ, ਇਕ ਵਚਨ ਅਰਥ ਹੈ ‘ਬਜਾਵਾਂਗਾ’। ਉਚਾਰਣ-ਬਜਾਵਉਂਗੋ ।

  1. ਗੁਰਬਾਣੀ ਵਿਚ ਕਈ ਲਫਜ਼ਾਂ ਦੇ ਅੰਤ ’ਚ ‘ਲੋ’ (ਪਛੇਤਰ) ਵਰਤਿਆ ਹੋਇਆ ਮਿਲਦਾ ਹੈ। ਅਜਿਹਾ ਕਾਵਿਕ ਅਤੇ ਭਾਸ਼ਾਈ ਤੌਰ ’ਤੇ ਕੀਤਾ ਜਾਂਦਾ ਹੈ, ਜਿਵੇਂ ਕਿ

‘‘ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ॥ ਆਵਤ ਕਿਨੈ ਨ ਪੇਖਿਓ, ਕਵਨੈ ਜਾਣੈ ਰੀ ਬਾਈ॥੧॥ ਕਉਣੁ ਕਹੈ ਕਿਣਿ ਬੂਝੀਐ, ਰਮਈਆ ਆਕੁਲੁ ਰੀ ਬਾਈ॥੧॥ ਰਹਾਉ॥ ਜਿਉ ਆਕਾਸੈ ਪੰਖੀਅਲੋ, ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੈ ਮਾਛਲੋ, ਮਾਰਗੁ ਪੇਖਣੋ ਨ ਜਾਈ॥੨॥ ਜਿਉ ਆਕਾਸੈ ਘੜੂਅਲੋ, ਮਿ੍ਰਗ ਤਿ੍ਰਸਨਾ ਭਰਿਆ॥ ਨਾਮੇ ਚੇ ਸੁਆਮੀ ਬੀਠਲੋ, ਜਿਨਿ ਤੀਨੈ ਜਰਿਆ॥ ( ਪੰਨਾ ੫੨੫)

ਪਰ ਮਲ ਤੋਂ ਪਾਰ ਮਲੋ

ਪੰਖੀ ਤੋਂ ਪੰਖੀਅਲੋ

ਘੜ ਤੋਂ ਘੜੂਅਲੋ

ਮਛੁਲੀ ਤੋਂ ਮਾਛੁਲੋ ਆਦਿ।

ਭੁੱਲ-ਚੁਕ ਮੁਆਫ