ਲਫਜ਼ ‘ਹੈ’ ਅਤੇ ‘ਹੈਂ’ ਦੇ ਉਚਾਰਨ ਨਿਯਮ

0
338

ਲਫਜ਼ ‘ਹੈ’ ਅਤੇ ‘ਹੈਂ’ ਦੇ ਉਚਾਰਨ ਨਿਯਮ

ਗੁਰਬਾਣੀ ਦੇ ਸ਼ੁੱਧ ਉਚਾਰਣ ਲਈ, ਗੁਰਬਾਣੀ ਦੇ ਵਰਣਾਤਮਕ ਪੱਖ (ਬੋਲੀ ਅਤੇ ਵਿਆਕਰਣ) ਦਾ ਬੋਧ ਹੋਣਾ ਲਾਜ਼ਮੀ ਹੈ। ਨਹੀਂ ਤਾਂ ਉਚਾਰਣ ਸੰਬੰਧੀ ਸਮੱਸਿਆ ਹਲ ਨਹੀਂ ਹੋ ਸਕੇਗੀ। ਗੁਰਬਾਣੀ ਦੀ ਆਪਣੀ ਸ਼ੈਲੀ ਆਪਣਾ ਵਿਆਕਰਣ ਹੈ,ਅਜੋਕੀ ਪੰਜਾਬੀ ਦੇ ਨੇਮ ਗੁਰਬਾਣੀ ‘ਤੇ ਲਾਗੂ ਨਹੀਂ ਹੋ ਸਕਦੇ ਕਿਉਂਕਿ ਅਜੋਕੀ ਪੰਜਾਬੀ ਦੇ ਕੁਝ ਅੱਖਰ ਜਾਂ ਕੁਝ ਇਲਾਕਿਆਂ ਦੀ ਬੋਲੀ ਦਾ ਵਿਆਕਰਣਿਕ ਅਧਾਰ ਨਹੀਂ ਹੈ,ਇਸ ਕਰਕੇ ਉਹ ਲਫਜ਼ ਨਿਰਾਰਥਕ ਵਜੋਂ ਹੀ ਜਾਣੇ ਜਾਣਗੇ। ਗੁਰਬਾਣੀ ਦੇ ਲਫਜ਼ ਸਾਡੀ ਪੁਰਾਤਨ ਪੰਜਾਬੀ ਹੈ ਜਿਸ ਦੇ ਆਪਣੇ ਵਿਆਕਰਣ ਨਿਯਮ ਹਨ।

ਖ਼ੈਰ ਅੱਜ ਲਫਜ਼ ‘ਹੈ’ ਅਤੇ ‘ਹੈਂ’ ਦਾ ਉਚਾਰਣ ਅਤੇ ਅਰਥ ਸਾਂਝੇ ਕਰਨ ਦਾ ਮਨ ਬਣਾਇਆ ਹੈ।
ਗੁਰਬਾਣੀ ਵਿਚ ਲਫਜ਼ ‘ਹੈ’ ੧੭੮੦ ਵਾਰ ਆਇਆ ਹੈ ਅਤੇ ‘ਹੈਂ’ ਕੇਵਲ ੨ ਵਾਰ।

ਪਹਿਲਾਂ ਲਫਜ਼ ‘ਹੈ’ ਦਾ ਅਰਥ ਅਤੇ ਉਚਾਰਣ ਨੂੰ ਸਮਝੀਏ।

੧.ਗੁਰਬਾਣੀ ਅੰਦਰ ਕਿਸੇ ਨੂੰ ਜਦੋਂ ਵਰਤਮਾਨ ਕਾਲ ਵਿਚ ਮੋਜੂਦ ਹੋਣ ਵਾਰੇ ਇਕ ਵਚਨ ਰੂਪ ਵਿਚ ਦਸਿਆ ਜਾਏ ਤਾਂ ‘ਹੈ’ ਲਫਜ਼ ਦਾ ਪ੍ਰਯੋਗ਼ ਹੁੰਦਾ ਹੈ ਅਤੇ ਉਚਾਰਨ ਭੀ ਬਿੰਦੀ ਰਹਿਤ ਹੀ ਹੋਵੇਗਾ। ਜਿਵੇਂ :

”ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ (ਪੰਨਾ ੧)
“ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ (ਪੰਨਾ ੯)

ਉਪਰੋਕਤ ਪੰਗਤੀਆਂ ਵਿਚ ਲਫਜ਼ ‘ਹੈ’ ਵਰਤਮਾਨ ਕਾਲ ਦਾ ਵਾਚਕ ਹੈ, ਇਸ ਦਾ ਉਚਾਰਣ ਬਿੰਦੀ ਰਹਿਤ ਹੀ ਹੋਵੇਗਾ।
੨. ਜਦੋਂ ਵਰਤਮਾਨ ਕਾਲ ਵਿਚ ਅਨ-ਪੁਰਖ ਇਸਤਰੀ ਲ਼ਿੰਗ ਲਫਜ਼ ਨਾਲ ‘ਹੈ’ ਆਵੇ ਤਾਂ ਉਸ ਦਾ ਅਰਥ ‘ਵਰਤ ਰਹੀ ਹੈ’ ਹੋਵਗਾ,ਅਤੇ ਉਚਾਰਣ ਭੀ ਬਿੰਦੀ ਰਹਿਤ ਕਰਨਾ ਹੈ।ਜਿਵੇਂ :

“ਸਭ ਮਹਿ ਜੋਤਿ ਜੋਤਿ ਹੈ ਸੋਇ ॥ (ਪੰਨਾ ੧੩)

੩. ਕਿਰਿਆ ਵਰਤਮਾਨ ਕਾਲ ਅਨ-ਪੁਰਖ ਇਕ ਵਚਨ ਲਫਜ਼ ‘ਹੈ’ ਉਪਰ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ-:

“ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥ ( ਪੰਨਾ ੧੭)
“ਤਿਸੁ ਵਿਣੁ ਸਭੁ ਅਪਵਿਤ੍ਰੁ ਹੈ, ਜੇਤਾ ਪੈਨਣੁ ਖਾਣੁ ॥ ( ਪੰਨਾ ੧੬)
ਹੈ- ਉਚਾਰਣ ਬਿੰਦੀ ਰਹਿਤ।

੪.ਕਿਰਿਆ ਅਨ-ਪੁਰਖ ਵਰਤਮਾਨ ਕਾਲ ਬਹੁਵਚਨ ਵਾਚੀ ਲਫਜ਼ ‘ਹੈ’ ਦਾ ਉਚਾਰਣ ਬਿੰਦੀ ਸਹਿਤ ਹੁੰਦਾ ਹੈ,ਭਾਵ ਜਦੋਂ ਕਿਸੇ ਪੰਗਤੀ ਵਿਚ ਲਫਜ਼ ‘ਹੈ’ ਦਾ ਅਰਥ ‘ਹਨ’ ਹੋਵੇ ਤਾਂ ਉਚਾਰਣ ਬਿੰਦੀ ਸਹਿਤ ‘ਹੈਂ’ ਵਾਂਗ ਹੋਵੇਗਾ।ਜਿਵੇਂ :

“ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ ॥ ( ਪੰਨਾ ੯੮੮)
“ਜਿਸ ਕੇ ਜੀਅ ਪਰਾਣ ਹੈ, ਮਨਿ ਵਸਿਐ ਸੁਖੁ ਹੋਇ ॥੨॥ ( ਪੰਨਾ ੧੮ )
“ਏਕਾ ਸੁਰਤਿ, ਜੇਤੇ ਹੈ ਜੀਅ ॥ ( ਪੰਨਾ ੨੪)
“ਆਏ ਸੇ ਪਰਵਾਣੁ ਹੈ, ਸਭ ਕੁਲ ਕਾ ਕਰਹਿ ਉਧਾਰੁ ॥੭॥ ( ਪੰਨਾ ੬੬)
“ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ॥੩॥ (ਪੰਨਾ ੧੨੬੫)
“ਹਰਿ ਧਨੁ ਬਨਜਹੁ, ਹਰਿ ਧਨੁ ਸੰਚਹੁ, ਜਿਸੁ ਲਾਗਤ ਹੈ ਨਹੀ ਚੋਰ ॥੧॥ ( ਪੰਨਾ ੧੨੬੫)
“ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ, ਇਕ ਸਖਨੀ ਹੋਰ ਫੇਰ ਭਰੀਅਤ ਹੈ ॥ ( ਪੰਨਾ ੧੩੨੯)

ਉਪਰੋਕਤ ਪੰਗਤੀਆਂ ਵਿਚ ‘ਹੈ’ ਅਨ-ਪੁਰਖ ਦੀ ਬਹੁਵਚਨੀ ਕਿਰਿਆ ਹੈ ਇਸ ਕਰਕੇ ਐਸੇ ਸ਼ਬਦਾਂ ਦਾ ਉਚਾਰਣ ਬਿੰਦੀ ਸਹਿਤ ‘ਹੈਂ’ ਵਾਂਗ ਕਰਣਾ ਚਾਹੀਦਾ ਹੈ।
ਨੋਟ: ਸਮੱਗਰ ਗੁਰਬਾਣੀ ਵਿਚ ‘ਹਨ’ ਲਫਜ਼ ‘ਹਨ’ ਦੇ ਅਰਥ ਵਿਚ ਕੇਵਲ ਇਕ ਵਾਰ ਆਇਆ ਹੈ,ਜਿਸ ਦਾ ਸਰੂਪ ‘ਹੰਨਿ’ ਹੈ। ਬਾਕੀ ਥਾਂਵਾਂ ‘ਤੇ ਇਸ ਦਾ ਰੂਪ ‘ਹੈਂ’ ਅਤੇ ‘ਹਹਿ’ ਵਰਤਿਆ ਹੈ। ਅਜੋਕੀ ਪੰਜਾਬੀ ਵਿਚ ਅਸੀਂ ਅਨ-ਪੁਰਖ ਵਿਚ ‘ਹਨ’ ਸ਼ਬਦ ਦੀ ਵਰਤੋਂ ਕਰਦੇ ਹਾਂ।
੫. ਜਦੋਂ ਕਿਸੇ ਪੰਗਤੀ ਅੰਦਰ ਪੁਰਖ-ਵਾਚੀ ਪੜਨਾਂਵੀਂ ਲਫਜ਼ ‘ਤੂ’ ਆਵੇ ਤਾਂ ਉਸੇ ਪੰਗਤੀ ਅੰਦਰ ਆਇਆ ਲਫਜ਼ ‘ਹੈ’ ਮੱਧਮ-ਪੁਰਖੀ ਕਿਰਿਆ ਦਾ ਲਖਾਇਕ ਬਣ ਜਾਂਦਾ ਹੈ, ਭਾਵ ਉਚਾਰਣ ਨਾਸਕੀ ‘ਹੈਂ’ ਹੁੰਦਾ ਹੈ। ਜਿਵੇਂ :

“ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ, ਅਤਿਭੁਜ ਭਇਓ ਅਪਾਰਲਾ ॥ (ਪੰਨਾ ੧੨੯੨)
“ਕਉਲੁ ਤੂ ਹੈ, ਕਵੀਆ ਤੂ ਹੈ, ਆਪੇ ਵੇਖਿ ਵਿਗਸੁ ॥੪॥੨੫॥ ( ਪੰਨਾ ੨੩ )
“ਜਹ ਜਹ ਦੇਖਾ, ਤਹ ਤਹ ਤੂ ਹੈ, ਤੁਝ ਤੇ ਨਿਕਸੀ ਫੂਟਿ ਮਰਾ ॥੧॥ ( ਪੰਨਾ ੨੫)

ਪਹਿਲੀ ਪੰਗਤੀ ਵਿਚ ‘ਹੈਂ ‘ ਬਿੰਦੀ ਸਹਿਤ ਆਇਆ ਹੈ। ਦੂਜੀਆਂ ਵਿਚ ‘ਹੈ’ ਉਪਰ ਬਿੰਦੀ ਦਾ ਪ੍ਰਯੋਗ਼ ਕਰਨਾ ਹੈ।

ਭੁੱਲ-ਚੁਕ ਦੀ ਖਿਮਾਂ