‘ਮੁਕਤਾ’-ਅੱਖਰ

0
2107

‘ਮੁਕਤਾ’-ਅੱਖਰ

ਹਰਜਿੰਦਰ ਸਿੰਘ ‘ਘੜਸਾਣਾ’-075976-43748

ਲਗਾਂ-ਮਾਤਰਾਂ ਦੀ ਸਹਾਇਤਾ ਤੋਂ ਬਿਨਾ ਇੱਕਲਾ ਅੱਖਰ ਕਿਸੇ ਸਾਰਥਕ ਆਵਾਜ਼ ਨੂੰ ਨਹੀਂ ਪ੍ਰਗਟ ਕਰ ਸਕਦਾ ਪਰ ਗੁਰਬਾਣੀ ਵਿਚ ‘ਅੰਤ ਮੁਕਤੇ’ ਅੱਖਰ ਦੀ ਆਪਣੀ ਹੀ ਵਿਸ਼ੇਸ਼ਤਾ ਹੈ। ਉਹਨਾਂ ਵਿਸ਼ੇਸ਼ਤਾਵਾਂ ਨੂੰ ਸਰਲ ਰੂਪ ਵਿਚ ਸਮਝਣ ਦਾ ਯਤਨ ਕਰਦੇ ਹਾਂ:

1. ਜਿਹਨਾਂ ਨਾਂਵ ਅਤੇ ਪੜਨਾਂਵ ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਮੁਕਤਾ ਹੋਵੇ ਉਹ ਬਹੁ ਵਚਨ ਹੁੰਦੇ ਹਨ ਜਿਵੇਂ ਕਿ:

‘‘ਨਾਨਕ! ਉਠੀ ਚਲਿਆ, ਸਭਿ ਕੂੜੇ ਤੁਟੇ ਨੇਹ॥’’ ( ਪੰਨਾ ੧੬)

‘ਨੇਹ’-(ਅੰਤ ‘ਹ’ ਮੁਕਤਾ) ਨਾਂਵ ਪੁਲਿੰਗ ਬਹੁਵਚਨ ਸ਼ਬਦ ਹੈ ਜਿਸ ਦਾ ਅਰਥ ਹੈ ‘ਪਿਆਰ’।

‘‘ਸੁਣਿਐ, ਸਿਧ ਪੀਰ ਸੁਰਿ ਨਾਥ॥’’ ( ਪੰਨਾ ੨)

‘ਸਿਧ, ਪੀਰ ਤੇ ਨਾਥ’– (ਅੰਤ ਮੁਕਤੇ) ਪੁਲਿੰਗ ਨਾਂਵ ਬਹੁ ਵਚਨ ਸ਼ਬਦ ਹਨ।

‘‘ਸੁਣਿਐ, ਸੇਖ ਪੀਰ ਪਾਤਿਸਾਹ॥’’ ( ਪੰਨਾ ੩)

‘ਸੇਖ, ਪੀਰ ਤੇ ਪਾਤਿਸਾਹ’– (ਅੰਤ ਮੁਕਤੇ) ਪੁਲਿੰਗ ਨਾਂਵ ਬਹੁ ਵਚਨ ਹਨ।

ਉਪਰੋਕਤ ਲਫਜ਼ ਬਹੁ ਵਚਨ ਵਾਚੀ ਹਨ; ਇਹਨਾਂ ਨੂੰ ਇਕ ਵਚਨ ਬਨਾਉਣ ਸਮੇਂ ਅੰਤ ਔਂਕੜ ਪਾ ਦਿੱਤੀ ਜਾਂਦੀ ਹੈ। ਜਿਵੇਂ ਕਿ ‘ਪੀਰੁ, ਪਾਤਿਸਾਹੁ’ ਆਦਿ ਸ਼ਬਦ।

2. ਜਿਹੜੇ ਲ਼ਫਜ਼ ਸੰਬੋਧਨ ਵਾਚੀ ਹੁੰਦੇ ਹਨ ਉਹਨਾ ਦਾ ਭੀ ਅੰਤਲਾਂ ਅੱਖਰ ਮੁਕਤਾ ਹੀ ਹੁੰਦਾ ਹੈ, ਜਿਵੇਂ ਕਿ:

‘‘ਏਹਿ ਭਿ, ਦਾਤਿ ਤੇਰੀ, ਦਾਤਾਰ!॥’’ ( ਪੰਨਾ ੫ )

‘ਦਾਤਾਰ’-(ਅੰਤ ਮੁਕਤਾ) ਸੰਬੋਧਨ ਕਾਰਕ ਸ਼ਬਦ ਹੈ ਜਿਸ ਦਾ ਅਰਥ ਹੈ ‘ਹੇ ਅਕਾਲ ਪੁਰਖ’।

‘‘ਮੇਰੇ ਮੀਤ ਗੁਰਦੇਵ! ਮੋ ਕਉ, ਰਾਮ ਨਾਮੁ ਪਰਗਾਸਿ॥’’ ( ਪੰਨਾ ੧੦)

‘ਮੀਤ’ ਤੇ ‘ਗੁਰਦੇਵ’– (ਅੰਤ ਮੁਕਤੇ) ਸੰਬੋਧਨ ਕਾਰਕ ਸ਼ਬਦ ਹਨ ਜਿਨ੍ਹਾਂ ਦਾ ਅਰਥ ਹੈ ‘ਹੇ ਮਿੱਤਰ ਗੁਰਦੇਵ’।

‘‘ਮਨ! ਏਕੁ ਨ ਚੇਤਸਿ, ਮੂੜ ਮਨਾ॥’’ ( ਪੰਨਾ ੧੨)

‘ਮਨ’-(ਅੰਤ ਮੁਕਤਾ) ਸੰਬੋਧਨ ਕਾਰਕ ਸ਼ਬਦ ਹੈ ਜਿਸ ਦਾ ਅਰਥ ਹੈ ‘ਹੇ ਮਨ’।

3. ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ ਸ਼ਬਦਾਂ ਦਾ ਅੰਤਲਾ ਅੱਖਰ ਭੀ ਮੁਕਤਾ ਹੁੰਦਾ ਹੈ, ਜਿਵੇਂ ਕਿ:

‘‘ਜਹ ਦੇਖਾ ਤਹ ਰਵਿ ਰਹੇ, ਸਿਵ ਸਕਤੀ ਕਾ ਮੇਲੁ॥’’ (ਪੰਨਾ ੨੧)

‘‘ਜਹ ਕਹ ਤਹ ਭਰਪੂਰੁ, ਸਬਦੁ ਦੀਪਕਿ ਦੀਪਾਯਉ॥’’ (ਪੰਨਾ ੧੩੯੫)

‘ਜਹ, ਕਹ ਤੇ ਤਹ’ (ਅੰਤ ਮੁਕਤੇ) ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ ਸ਼ਬਦ ਹਨ ਜਿਨ੍ਹਾਂ ਦੇ ਅਰਥ ਹਨ ‘ਜਿੱਥੇ, ਕਿੱਥੇ ਤੇ ਉੱਥੇ’।

ਨੋਟ : ਉਕਤ ਲਫਜ਼ਾਂ ਦਾ ਉਚਾਰਣ ‘ਜਿਹ’ ਜਾਂ ‘ਜੈਂਹ’ ਵਾਂਗ ਕਰਨਾ ਅਸ਼ੁੱਧ ਹੈ ਕਿਉਂਕਿ ਇਹ ਲਫਜ਼ ‘ਜਹਾਂ, ਕਹਾਂ ਤੇ ਤਹਾਂ’ ਦੇ ਸੰਖਿਪਤ ਰੂਪ ਹਨ, ਇਸ ਲਈ ਇਹਨਾਂ ਦਾ ਉਚਾਰਣ ‘ਜ੍ਹਾਂ, ਕ੍ਹਾਂ ਤੇ ਤ੍ਹਾਂ’ ਵਾਂਗ ਕੁਝ ਹੱਦ ਤੱਕ ਕਰਨਾ ਚਾਹੀਦਾ ਹੈ ਭਾਵ ਅੰਤਕ ‘ਹ’ ਮੁਕਤੇ ਦਾ ਉਚਾਰਣ ਖੜੀ-ਤੜੀ ਧੁਨੀ ਵਿਚ।

‘‘ਅੰਤਰਜਾਮੀ ਨਾਨਕ ਕੇ ਸੁਆਮੀ! ਸਰਬਤ ਪੂਰਨ ਠਾਕੁਰੁ ਮੇਰਾ॥’’ (ਪੰਨਾ ੬੮੩)

‘ਸਰਬਤ’-(ਅੰਤ ਮੁਕਤਾ) ਸਥਾਨ ਵਾਚੀ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਭਾਵ ‘ਸਭਨੀਂ ਥਾਈਂ’।

‘‘ਈਤ ਊਤ ਜਤ ਕਤ ਤਤ; ਤੁਮ ਹੀ ਮਿਲੈ, ਨਾਨਕ! ਸੰਤ ਸੇਵਾ॥’’ (ਪੰਨਾ ੬੮੦)

‘ਈਤ, ਊਤ, ਜਤ, ਕਤ ਤੇ ਤਤ’ (ਅੰਤ ਮੁਕਤੇ) ਸਥਾਨ ਵਾਚੀ ਕਿਰਿਆ-ਵਿਸ਼ੇਸ਼ਣ ਸ਼ਬਦ ਹਨ।

‘‘ਨਾਹਿਨ ਦਰਬੁ ਨ ਜੋਬਨ ਮਾਤੀ, ਮੋਹਿ ਅਨਾਥ ਕੀ ਕਰਹੁ ਸਮਾਈ॥’’ (ਪੰਨਾ ੨੦੪)

‘ਨਾਹਿਨ’-(ਅੰਤ ਮੁਕਤਾ) ਨਿਰਨਾ ਵਾਚੀ ਕਿਰਿਆ-ਵਿਸ਼ੇਸ਼ਣ ਸ਼ਬਦ ਹੈ ਜਿਸ ਦਾ ਅਰਥ ਹੈ ‘ਨਹੀਂ’।

‘‘ਅਬ ਤਬ ਜਬ ਕਬ, ਤੁਹੀ ਤੁਹੀ॥’’ (ਪੰਨਾ ੯੬੯)

ਅਬ, ਤਬ, ਜਬ ਤੇ ਕਬ-(ਅੰਤ ਮੁਕਤੇ) ਸਮਾ ਵਾਚੀ ਕਿਰਿਆ ਵਿਸ਼ੇਸ਼ਣ ਸ਼ਬਦ ਹਨ।

4. ਇਸਤਰੀ-ਲਿੰਗ ਨਾਂਵ ਅਤੇ ਪੜਨਾਂਵ-ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਭੀ ਮੁਕਤਾ ਹੁੰਦਾ ਹੈ, ਜਿਵੇਂ ਕਿ:

‘‘ਛਾਡਿ ਸਿਆਨਪ ਬਹੁ ਚਤੁਰਾਈ॥’’ (ਪੰਨਾ ੧੯੦)

‘ਸਿਆਨਪ’– (ਅੰਤ ਮੁਕਤਾ) ਨਾਂਵ ਇਸਤਰੀ-ਲਿੰਗ ਸ਼ਬਦ ਹੈ ਜਿਸ ਦਾ ਅਰਥ ਹੈ ‘ਮਨ ਦੀ ਅਕਲਮੰਦੀ’।

‘‘ਮਤਿ ਵਿਚਿ ਰਤਨ ਜਵਾਹਰ ਮਾਣਿਕ; ਜੇ, ਇਕ ਗੁਰ ਕੀ ਸਿਖ ਸੁਣੀ॥’’ (ਪੰਨਾ ੨)

‘ਸਿਖ’-(ਅੰਤ ਮੁਕਤਾ) ਨਾਂਵ ਇਸਤਰੀ-ਲਿੰਗ ਸ਼ਬਦ ਹੈ, ਅਰਥ ਹੈ ‘ਸਿਖਿਆ’।

‘‘ਇਸ ਮਾਟੀ ਕੀ ਪੁਤਰੀ ਜੋਰੀ॥’’ (ਪੰਨਾ ੩੩੬)

‘ਇਸ’– (ਅੰਤ ਮੁਕਤਾ) ਪੜਨਾਂਵ ਇਸਤਰੀ-ਲਿੰਗ ਸ਼ਬਦ ਹੈ ਜਿਸ ਦਾ ਅਰਥ ਹੈ ‘ਇਹ’।

‘‘ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ, ਅਵਰਾ ਸਾਦ॥’’ (ਪੰਨਾ ੬ )

‘ਸਭ’– (ਅੰਤ ਮੁਕਤਾ) ਪੜਨਾਂਵ ਇਸਤਰੀ-ਲਿੰਗ ਸ਼ਬਦ ਹੈ, ਅਰਥ ਹੈ ‘ਸਾਰੀ’।

5. ਜੁੜਤ-ਲਫਜ਼ (ਸਮਾਸੀ-ਸ਼ਬਦਾਂ) ਦੇ ਪਹਿਲੇ ਭਾਗ ਦਾ ਅੰਤਲਾ ਅੱਖਰ ਭੀ ਸਦਾ ਮੁਕਤਾ ਹੁੰਦਾ ਹੈ, ਕਿਉਂਕਿ ਉਸ ਲਫਜ਼ ਦੇ ਪਹਿਲੇ ਭਾਗ ਵਿਚੋਂ ‘ਦਾ, ਦੀ, ਦੇ, ਨੂੰ’ ਆਦਿ (ਸਬੰਧਕੀ) ਦੇ ਅਰਥ ਨਿਕਲਦੇ ਹਨ; ਜਿਵੇਂ ਕਿ :

‘‘ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ॥’’ (ਪੰਨਾ ੬੭)

‘ਗੁਰ + ਬਾਣੀ’-(ਪਹਿਲਾ ਸ਼ਬਦ ‘ਗੁਰ’ ਅੰਤ ਮੁਕਤਾ) ਸਮਾਸ ਸ਼ਬਦ ਹੈ ਜਿਸ ਦਾ ਅਰਥ ਹੈ ‘ਗੁਰੂ ਦੀ ਬਾਣੀ’।

‘‘ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥’’ (ਪੰਨਾ ੧੬੪)

‘ਗੁਰ + ਸਿਖ’-ਸਮਾਸ ਸ਼ਬਦ ਹੈ ਜਿਸ ਦਾ ਅਰਥ ਹੈ ‘ਗੁਰੂ ਦਾ ਸਿਖ’।

‘‘ਅਸੀ ਬੋਲਵਿਗਾੜ, ਵਿਗਾੜਹ ਬੋਲ॥’’ (ਪੰਨਾ ੨੫)

‘ਬੋਲ + ਵਿਗਾੜ’-ਸਮਾਸ ਸ਼ਬਦ ਹੈ ਜਿਸ ਦਾ ਅਰਥ ਹੈ ‘ਬੋਲ ਨੂੰ ਵਿਗਾੜਣ ਵਾਲੇ’।

‘‘ਗਿਆਨ ਖੜਗੁ ਲੈ ਮਨ ਸਿਉ ਲੂਝੈ, ਮਨਸਾ ਮਨਹਿ ਸਮਾਈ ਹੇ॥’’ (ਪੰਨਾ ੧੦੨੨)

‘ਗਿਆਨ + ਖੜਗੁ’-ਸਮਾਸ ਸ਼ਬਦ ਹੈ, ਅਰਥ ਹੈ ‘ਗਿਆਨ ਦਾ ਖੰਡਾ’।

6. ਫਾਰਸੀ ਅਤੇ ਸੰਸਕਿ੍ਰਤ ਭਾਸ਼ਾ ਦੇ ਸੰਗਿਆ-ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ਭੀ ਮੁਕਤਾ ਹੁੰਦਾ ਹੈ, ਜਿਵੇਂ ਕਿ

‘‘ਨਉਬਤਿ ਵਜੀ ਸੁਬਹ ਸਿਉ, ਚਲਣ ਕਾ ਕਰਿ ਸਾਜੁ॥’’ (ਪੰਨਾ ੧੩੮੨)

‘ਸੁਬਹ’ (ਅੰਤ ਮੁਕਤਾ) ਨਾਂਵ ਇਕ ਵਚਨ, ਤੱਤਸਮ ਸ਼ਬਦ ਹੈ ਜਿਸ ਦਾ ਅਰਥ ਹੈ ‘ਸਵੇਰ’।

‘‘ਜਿਨ੍ਹੀ ਪਛਾਤਾ ਖਸਮੁ, ਸੇ ਦਰਗਾਹ ਮਲ॥’’ (ਪੰਨਾ ੯੬੪)

‘ਦਰਗਾਹ’ (ਅੰਤ ਮੁਕਤੀ) ਨਾਂਵ, ਇਕ ਵਚਨ, ਤੱਤਸਮ ਸ਼ਬਦ ਹੈ।

‘‘ਤੇਰੀ ਪਨਹ ਖੁਦਾਇ! ਤੂ ਬਖਸੰਦਗੀ॥ ’’ (ਪੰਨਾ ੪੮੮)

‘ਪਨਹ’ (ਅੰਤ ਮੁਕਤਾ) ਨਾਂਵ, ਇਕਵਚਨ, ਤੱਤਸਮ ਸ਼ਬਦ ਹੈ, ਅਰਥ ਹੈ ‘ਆਸਰਾ’।

(ਨੋਟ: ਉਕਤ ਲਫਜ਼ ਹੁੰਦੇ ਭੀ ਇਕਵਚਨ ਹੀ ਹਨ ਅਤੇ ਇਨ੍ਹਾਂ ਦਾ ਉਚਾਰਣ ਭਾਸ਼ਾ-ਸਾਹਿਤਕਾਰੀ ਅਨੁਸਾਰ ‘ਸੁਬ੍ਹਾ, ਦਰਗਾਹ, ਪਨਾਹ’ ਵਾਂਗ (ਭਾਵ ਅੰਤ ਹਲਕਾ ਕੰਨਾ ਧੁਨੀ ਵਾਂਙ) ਕਰਨਾ ਹੈ।

7. ਸੰਗਿਆ-ਵਾਚੀ (ਅੰਤ ਮੁਕਤੇ ਨਾਂਵ) ਲਫਜ਼ਾਂ ਵਿੱਚੋਂ ਸਬੰਧਕੀ (ਦਾ, ਦੇ, ਦੀ ਆਦਿ) ਅਰਥ ਭੀ ਨਿਕਲਦੇ ਹਨ, ਇਹ ਸਬੰਧਕੀ ਅਰਥ ਹੀ ਉਸ ਲਫਜ਼ ਦੇ ਅੰਤਲੇ ਅੱਖਰ ਨੂੰ ਲਗਿਆ ਔਂਕੜ ਹਟਾ ਦਿੰਦੇ ਹਨ, ਜਿਵੇਂ ਕਿ :

‘‘ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ॥’’ (ਪੰਨਾ ੯੨੩)

‘ਗੋਪਾਲ’-(ਅੰਤ ਮੁਕਤਾ) ਨਾਂਵ, ਸੰਬੰਧ ਕਾਰਕ ਇਕ ਵਚਨ ਸ਼ਬਦ ਹੈ ਜਿਸ ਦਾ ਅਰਥ ਹੈ ‘ਅਕਾਲ ਪਰਖ’।

ਨੋਟ : ਇਸ ਪੰਕਤੀ ’ਚ ‘ਦੇ’ ਲੁਪਤ (ਸੰਬੰਧਕ) ਅੱਖਰ ਆਉਣ ਕਾਰਣ ‘ਗੋਪਾਲ’ ਸ਼ਬਦ ਦਾ ਅੰਤ ਔਂਕੁੜ ਹਟ ਗਿਆ ਹੈ।

8. ਵਰਤਮਾਨ-ਕਾਲ, ਬਹੁਵਚਨ ਦੀ ਉਤਮ-ਪੁਰਖੀ ਕਿਰਿਆ ਦਾ ਅੰਤਲਾ ਅੱਖਰ ‘ਹ’ ਮੁਕਤਾ ਹੁੰਦਾ ਹੈ ਜਿਵੇਂ ਕਿ:

‘‘ਮਿਲਿ ਕੈ ਕਰਹ ਕਹਾਣੀਆ, ਸੰਮ੍ਰਥ ਕੰਤ ਕੀਆਹ॥’’ (ਪੰਨਾ ੧੭)

‘ਕਰਹ’-(ਅੰਤ ਮੁਕਤਾ) ਕਿਰਿਆ, ਉਤਮ-ਪੁਰਖ, ਬਹੁ ਵਚਨ, ਹੁਕਮੀ ਭਵਿਖਤ ਕਾਲ ਸ਼ਬਦ, ਅਰਥ ਹੈ ‘ਅਸੀਂ ਕਰੀਏ’।

‘‘ਸੋ ਹਮ ਕਰਹ, ਜੁ ਆਪਿ ਕਰਾਏ॥’’ (ਪੰਨਾ ੪੯੪)

‘ਕਰਹ’-ਕਿਰਿਆ, ਉਤਮ-ਪੁਰਖ, ਬਹੁ ਵਚਨ, ਵਰਤਮਾਨ ਕਾਲ ਸ਼ਬਦ ਹੈ ਭਾਵ ‘ਅਸੀਂ ਕਰਦੇ ਹਾਂ’।

‘‘ਮਿਲਿ ਗਾਵਹ, ਗੁਣ ਅਗਮ ਅਪਾਰੇ॥’’ (ਪੰਨਾ ੧੦੪)

‘ਗਾਵਹ’-(ਅੰਤ ਮੁਕਤਾ) ਕਿਰਿਆ, ਉਤਮ-ਪੁਰਖ, ਬਹੁ ਵਚਨ, ਭਵਿਖਤ ਕਾਲ ਸ਼ਬਦ ਹੈ, ਅਰਥ ਹੈ ‘ਅਸੀਂ ਗਾਈਏ’।

‘‘ਹਮ ਅੰਧੁਲੇ ਕਉ ਗੁਰ! ਅੰਚਲੁ ਦੀਜੈ, ਜਨ ਨਾਨਕ! ਚਲਹ ਮਿਲੰਥਾ॥’’ (ਪੰਨਾ ੬੯੬)

‘ਚਲਹ’ (ਅੰਤ ਮੁਕਤਾ) ਕਿਰਿਆ, ਬਹੁਵਚਨ, ਉਤਮ-ਪੁਰਖ, ਹੁਕਮੀ ਭਵਿਖਤ ਕਾਲ ਸ਼ਬਦ ਹੈ, ਅਰਥ ਹੈ ‘ਚਲੀਏ’।

‘‘ਦੁਸਟ ਸਭਾ ਮਿਲਿ ਮੰਤਰ ਉਪਾਇਆ, ਕਰਸਹ ਅਉਧ ਘਨੇਰੀ॥’’ (ਪੰਨਾ ੧੧੬੫)

‘ਕਰਸਹ’-(ਅੰਤ ਮੁਕਤਾ) ਕਿਰਿਆ, ਬਹੁ ਵਚਨ, ਉਤਮ-ਪੁਰਖ, ਭਵਿਖਤ ਕਾਲ ਸ਼ਬਦ ਹੈ, ਅਰਥ ਹੈ ‘ਅਸੀਂ ਕਰਾਂਗੇ’।

ਨੋਟ : ਉਪਰੋਕਤ ਪੰਗਤੀਆਂ ਵਿਚ ਕਿਰਿਆਵੀ ਲਫਜ਼ਾਂ ਦਾ ਉਚਾਰਣ ‘ਦੁਲਾਵਾਂ’ ਵੱਲ ਉਲ੍ਹਾਰ ਕੇ (ਕਰ੍ਹੈਂ, ਗਾਵ੍ਹੈਂ, ਚਲ੍ਹੈਂ, ਕਰਸ੍ਹੈਂ’ ਵਾਂਗ) ਭਾਵ ਅੰਤ ਬਿੰਦੀ ਸਹਿਤ ਕਰਨਾ ਚਾਹੀਦਾ ਹੈ।

ਭੁੱਲ-ਚੁਕ ਦੀ ਖਿਮਾ