ਲਾਸਾਨੀ ਸ਼ਹੀਦ – ਸ੍ਰੀ ਗੁਰੂ ਅਰਜਨ ਦੇਵ ਜੀ

0
292

ਲਾਸਾਨੀ ਸ਼ਹੀਦ – ਸ੍ਰੀ ਗੁਰੂ ਅਰਜਨ ਦੇਵ ਜੀ

    ਡਾ. ਅਮਨਦੀਪ ਸਿੰਘ ਟੱਲੇਵਾਲੀਆ (ਬਰਨਾਲਾ)-98146-99446

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ. ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ।  ਉਹ ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਆਪ ਜੀ ਤਿੰਨ ਭਰਾ ਸਨ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਸ਼ਾਤਰ ਦਿਮਾਗ ਸੀ, ਮਹਾਂਦੇਵ ਵੈਰਾਗੀ ਸੁਭਾਅ ਦੇ ਸਨ, ਇਸ ਪ੍ਰਕਾਰ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ।  ਗੁਰੂ ਜੀ ਆਪਣੇ ਪਿਤਾ ਨਾਲ ਕੰਮ-ਕਾਜ ਵਿੱਚ ਪੂਰਾ ਹੱਥ ਵਟਾਉਦੇ ਅਤੇ ਸਰੋਵਰ ਦੀ ਸ਼ੁਰੂ ਕੀਤੀ ਹੋਈ ਸੇਵਾ ਆਪ ਜੀ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ।  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ।  ਲੰਗਰ ਦਾ ਖਰਚਾ ਸੰਗਤਾਂ ਦੁਆਰਾ ਦਿੱਤੀ ਮਾਇਆ ਨਾਲ ਚੱਲਣ ਲੱਗਾ। ਜਿਹੜੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਦੀਆਂ, ਪ੍ਰਿਥੀ ਚੰਦ ਉਨ੍ਹਾਂ ਨਾਲ ਦੁਰ-ਵਿਵਹਾਰ ਕਰਦਾ। ਇੱਕ ਦਿਨ ਭਾਈ ਗੁਰਦਾਸ ਜੀ (ਬੀਬੀ ਭਾਨੀ ਦੇ ਚਾਚੇ ਦਾ ਪੁੱਤਰ) ਜੋ ਕਿ ਧਰਮ ਪ੍ਰਚਾਰ ਲਈ ਆਗਰੇ ਕੰਮ ਕਰ ਰਹੇ ਸਨ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾ ਲਈ ਅੰਮ੍ਰਿਤਸਾਰ ਵਿਖੇ ਆਏ ਤਾਂ ਹਾਲਤ ਖ਼ਰਾਬ ਵੇਖ ਕੇ ਇੱਥੇ ਹੀ ਰਹਿਣਾ ਮੁਨਾਸਬ ਸਮਝਿਆ।  ਸਿੱਖੀ ਦਾ ਬੂਟਾ ਬਹੁਤ ਫੈਲ ਚੁੱਕਾ ਸੀ।  ਦੇਸ਼ ਦੇ ਕੋਨੇ-ਕੋਨੇ ਵਿੱਚ ਸਿੱਖ ਵਸੇ ਹੋਏ ਸਨ।  ਗੁਰੂ ਜੀ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਦਸਵੰਧ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਅਤੇ ਉਹ ਮਸੰਦ ਹਰੇਕ ਵਿਸਾਖੀ ’ਤੇ ਹਾਜ਼ਰ ਹੋ ਕੇ ਗੁਰੂ ਜੀ ਸਾਹਮਣੇ ਲੇਖਾ ਜੋਖਾ ਦੇਣ। ਇਸ ਪ੍ਰਕਾਰ ਪ੍ਰਿਥੀ ਚੰਦ ਦਾ ਸੰਗਤਾਂ ਨੂੰ ਤੰਗ ਕਰਨਾ ਥੋੜ੍ਹਾ ਘਟਿਆ ਪਰ ਗੁਰੂ ਜੀ ਨਾਲ ਉਸ ਦੀ ਰੰਜਸ਼ ਹੋਰ ਵਧ ਗਈ।

ਸੰਨ 1589 ਵਿੱਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਜਿਸ ਦੇ ਚਾਰ ਦਰਵਾਜ਼ੇ ਰੱਖੇ ਗਏ, ਜੋ ਹਰ ਮਜ਼੍ਹਬ, ਹਰ ਜਾਤ ਦੇ ਪ੍ਰਵੇਸ ਦਾ ਪ੍ਰਤੀਕ ਹਨ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਖੀ ਸਰਵਰ ਦੇ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ।  ਸਮਾਜ ਸੁਧਾਰ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਇੱਕ ਵਿਧਵਾ ਨਾਲ ਵਿਆਹ ਕਰਵਾ ਦਿੱਤਾ।

1590 ’ਚ ਤਰਨਤਾਰਨ ਅਤੇ 1594 ’ਚ ਕਰਤਾਰਪੁਰ ਸ਼ਹਿਰ ਵਸਾਇਆ ਗਿਆ।  ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਸੰਮਤ 1646 ਬਿਕਰਮੀ ਨੂੰ ਮੌਂ ਸਾਹਿਬ (ਨੇੜੇ ਫਿਲੌਰ) ਦੇ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਨਾਲ ਹੋਇਆ।

ਗੰਗਾ ਦੇਈ ਦੇ ਕੁੱਖੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਿਗੋਬਿੰਦ ਸਾਹਿਬ ਨੂੰ ਮੁਕਾਉਣ ਲਈ ਕਾਫ਼ੀ ਸੰਘਰਸ਼ ਕੀਤਾ ਤਾਂ ਕਿ ਗੱਦੀ ਦਾ ਮਾਲਕ ਉਹ ਆਪ ਬਣੇ ਪਰ ਹਰ ਵਾਰ ਅਸਫਲ ਰਿਹਾ।

ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਸੰਪੂਰਨ ਕਰਨ ਲਈ ਲਾ ਦਿੱਤਾ। ਇਹ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ’।  ਗੁਰੂ ਜੀ ਪਾਸ ਬਾਣੀ ਦਾ ਸੰਗ੍ਰਹਿ ਪਹਿਲਾਂ ਤੋਂ ਹੀ ਮੌਜੂਦ ਸੀ, ਜਿਸ ਵਿੱਚ ਚਾਰ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਸ਼ਾਮਲ ਸੀ। ਗੁਰੂ ਜੀ ਪਾਸ ਕਾਨ੍ਹਾ, ਛੱਜੂ, ਸ਼ਾਹ ਹੁਸੈਨ, ਪੀਲੂ ਆਦਿ ਲੇਖਕ ਵੀ ਆਪਣੀਆਂ ਲਿਖਤਾਂ ਲੈ ਕੇ ਪਹੁੰਚੇ ਪਰ ਸਿਧਾਂਤਕ ੳੂਣਤਾਈਆਂ ਕਾਰਨ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨਾ ਉਚਿਤ ਨਾ ਸਮਝਿਆ ਗਿਆ। ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਗਈ। ਸੰਨ 1604 ਈ. ਵਿਚ ਇਹ ਕਾਰਜ ਸੰਪੂਰਨ ਹੋ ਗਿਆ, ਇਹ ਸਾਰੀ ਬਾਣੀ 30 ਰਾਗਾਂ ਵਿੱਚ ਰਚੀ ਗਈ ਸੀ।

(ਨੋਟ: ਇਕੱਤੀਵਾਂ ਰਾਗ ਜੈਜਾਵੰਤੀ ਨੌਵੇਂ ਗੁਰੂ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ, ਜੋ ਬਾਅਦ ਵਿੱਚ ਸ਼ਾਮਲ ਕੀਤਾ ਗਿਆ।)      

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉੁਸ ਵੇਲੇ ਦੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ ਹੈ, ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤਾਂ ਉਹਨੂੰ ਅਜਿਹਾ ਕੁੱਝ ਨਾ ਲੱਗਿਆ, ਸਗੋਂ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਦਾ ਰਿਹਾ, ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ।

ਅਕਬਰ ਦੀ ਮੌਤ ਤੋਂ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਿਸ ਬਣਿਆ, ਜਿਹੜਾ ਬਹੁਤ ਕੱਟੜ ਮੁਸਲਮਾਨ ਸੀ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਹਦਾ ਪੁੱਤਰ ਖੁਸਰੋ ਬਗ਼ਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰ ਕੇ ਇਹ ਗੱਲ ਪੱਕੀ ਕਰਾ ਦਿੱਤੀ ਕਿ ਖੁਸਰੋ ਦੀ ਬਗ਼ਾਵਤ ਕਰਨ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਮਦਦ ਕੀਤੀ। ਇਸ ’ਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦਾ ਬਹਾਨਾ ਮਿਲ ਗਿਆ ਤੇ ਹੁਕਮ ਕਰ ਦਿੱਤਾ ਗਿਆ।  ਸ੍ਰੀ ਗੁਰੂ ਅਰਜਨ ਦੇਵ ਜੀ ਉੱਪਰ ਹੋਰ ਦੋਸ਼ ਵੀ ਲਗਾਏ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫਲਤਾ ਲਈ ਅਰਦਾਸ ਕੀਤੀ ਅਤੇ ਉਸ ਨੂੰ ਰਕਮ ਦਿੱਤੀ।  ਇਹਨਾਂ ਕਾਰਨਾਂ ਕਰ ਕੇ ਭਾਵੇਂ ਇਹ ਝੂਠੇ ਸਨ, ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਚੰਦੂ,  ਗੁਰੂ ਘਰ ਨਾਲ ਪਹਿਲਾਂ ਤੋਂ ਹੀ ਰੰਜਸ਼ ਰੱਖਦਾ ਸੀ।  ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ੍ਹ ਦੀ ਤਪਦੀ ਦੁਪਹਿਰ ਵਿੱਚ ‘ਯਾਸ਼ਾ ਵਿਧੀ’ ਰਾਹੀਂ ਲਾਹੌਰ ਵਿਖੇ ਤੱਤੀ ਤਵੀਂ ’ਤੇ ਬਿਠਾਇਆ ਗਿਆ ਅਤੇ ਉੱਪਰੋਂ ਸੀਸ ਉੱਤੇ ਗ਼ਰਮ ਰੇਤਾ ਪਾਇਆ ਗਿਆ ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਮੁੱਖੋਂ ਰੱਬੀ ਬਾਣੀ ਦਾ ਜਾਪ ਕਰਦੇ ਰਹੇ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖ਼ਮਾਂ ਨਾਲ ਭਰ ਗਿਆ ਤਾਂ ਉਨ੍ਹਾਂ ਦੀਆਂ ਪੀੜਾਂ ਵਿੱਚ ਹੋਰ ਵਾਧਾ ਕਰਨ ਲਈ ਉਹਨਾਂ ਨੂੰ ਰਾਵੀ ਦੇ ਠੰਢੇ ਪਾਣੀ ਵਿੱਚ ਸੁੱਟ ਦਿੱਤਾ ਗਿਆ। ਇਹ ਘਟਨਾ 30 ਮਈ 1606 ਨੂੰ ਵਾਪਰੀ।  ਇੱਕ ਸ਼ਾਇਰ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਲਿਖਦਾ ਹੈ :

‘ਗੁਰੂ ਦਰਬਾਰ ਦੀਆਂ ਰਖਵਾਈਆਂ, ਪਿਆਰ ’ਤੇ ਜਿਸ ਬੁਨਿਆਦਾਂ। ਉਸ ਦੀ ਖ਼ਾਤਰ ਤਵੀ ਤਪਾਈ, ਨਫ਼ਰਤ ਦਿਆਂ ਜਲਾਦਾਂ। ਕਰ ਤਖ਼ਲੀਕ ਕਿਤਾਬ ਮੁਕੱਦਸ, ਜਿਸ ਬਖ਼ਸ਼ੀ ਅੰਮ੍ਰਿਤ ਬਾਣੀ।  ਉਸ ਦੇ ਸੀਸ ’ਤੇ ਤਪਦਾ ਰੇਤਾ, ਇਹ ਕੀ ਕਹਿਰ ਕਹਾਣੀ ?’

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੁੱਝ ਕਾਰਨ : ਬੇਸ਼ੱਕ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ ਤਾਂ ਬਹੁਤ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਅਤੇ ਪ੍ਰਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਸੀ ਕਿਉਕਿ ਉਸ ਸਮੇਂ ਜਦੋਂ ਸਮਾਜ ਵਰਨਾਂ ਅਤੇ ਜਾਤਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣਵਾਦ ਦਾ ਦਬਦਬਾ ਸੀ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਰਾਬਰਤਾ ਦੇ ਸਿਧਾਂਤ ਦੀ ਗੱਲ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ।  ਦੂਸਰਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਜਿੱਥੇ ਬਿਨਾਂ ਕਿਸੇ ਭੇਦ-ਭਾਵ, ਕੁਲ, ਜਾਤ ਦੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਹੋਇਆ ਕਿਉਕਿ ਜਿੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਵਜੋਂ ਹੋਈ, ਉੱਥੇ ਮੌਕੇ ਦੇ ਬ੍ਰਾਹਮਣਵਾਦ ਦੀ ਆਰਥਿਕਤਾ ’ਤੇ ਸਿੱਧੀ ਸੱਟ ਵੱਜੀ।  ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ’ਤੇ ਜਾਂਦੇ ਸਨ ਅਤੇ ਚੜ੍ਹਾਵੇ ਚੜ੍ਹਾਉਦੇ ਸਨ, ਉਹ ਚੜ੍ਹਾਵਾ ਹੁਣ ਸੰਗਤ ਵਿੱਚ ਵਰਤਣਾ ਸ਼ੁਰੂ ਹੋ ਗਿਆ, ੳੂਚ-ਨੀਚ ਦਾ ਭੇਦ-ਭਾਵ ਖ਼ਤਮ ਹੋ ਗਿਆ।  ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗਿਆ। ਅਜਿਹਾ ਵੇਖ ਕੇ ਬ੍ਰਾਹਮਣਵਾਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪੈਣੇ ਹਨ ਅਤੇ ਧਰਮ ਨੂੰ ਖ਼ਤਰਾ ਹੈ।  ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ‘ਧਰਮ ਸੰਕਟ’ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ। ਖੁਸਰੋ ਦੀ ਬਗ਼ਾਵਤ, ਪ੍ਰਿਥੀ ਚੰਦ ਦੀ ਵਿਰੋਧਤਾ, ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਠੁਕਰਾਉਣਾ ਵਰਗੀਆਂ ਘਟਨਾਵਾਂ ਨੇ ਬਲ਼ਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ।