ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ

0
2803

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ

ਸ. ਕਿਰਪਾਲ ਸਿੰਘ (ਬਠਿੰਡਾ)-98554-80797

ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਕ 19 ਜੂਨ 1595 ਈ: (ਯੂਲੀਅਨ) ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ; ਇਸੇ ਕਰਕੇ ਉਸ ਨਗਰ ਨੂੰ ਅੱਜ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਸਾਲ 2003 ਈ: ਤੋਂ ਪਹਿਲਾਂ ਸਾਰੇ ਗੁਰ ਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਸਦਕਾ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹਾੜ ਵਦੀ 7 ਨੂੰ ਮਨਾਇਆ ਜਾਂਦਾ ਸੀ, ਪਰ ਚੰਦ੍ਰ ਸਾਲ, ਸੂਰਜੀ ਸਾਲ ਤੋਂ 11 ਦਿਨ ਛੋਟਾ ਹੋਣ ਕਰਕੇ ਇਹ ਗੁਰ ਪੁਰਬ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਆਉਂਦੇ ਸਨ, ਜਿਸ ਕਾਰਨ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਚੰਦ੍ਰ ਆਧਾਰਿਤ ਕੈਲੰਡਰ ਦੀ ਬਜਾਏ ਸੂਰਜੀ ਕੈਲੰਡਰ ਦੀਆਂ ਤਰੀਖਾਂ ਅਪਣਾਈਆਂ ਗਈਆਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21 ਹਾੜ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 5 ਜੁਲਾਈ ਨੂੰ ਹੀ ਆਉਂਦਾ ਹੈ (19 ਜੂਨ ਤੋਂ 5 ਜੁਲਾਈ ਤੱਕ 16 ਦਿਨਾਂ ਦਾ ਫਰਕ ਦਾ ਇੱਕ ਕਾਰਨ ਤਾਂ 1752 ਈ: ’ਚ ਜੂਲੀਅਨ ਕੈਲੰਡਰ ਵਿੱਚ ਕੀਤੀ 11 ਦਿਨਾਂ ਦੀ ਸੋਧ ਹੈ ਅਤੇ ਦੂਸਰਾ ਕਾਰਨ ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦੀ ਲੰਬਾਈ 1964 ਤੱਕ ਮੌਸਮੀ ਸਾਲ ਤੋਂ ਤਕਰੀਬਨ 24 ਮਿੰਟ ਵੱਧ ਅਤੇ ਪੰਡਿਤਾਂ ਵੱਲੋਂ 1964 ਵਿੱਚ ਕੀਤੀ ਸੋਧ ਉਪਰੰਤ ਤਕਰੀਬਨ 20 ਮਿੰਟ ਵੱਧ ਹੋਣ ਕਾਰਨ 5 ਦਿਨਾਂ ਦਾ ਫਰਕ ਪੈ ਜਾਣਾ ਹੈ, ਜੋ ਸਮੇਂ ਦੇ ਨਾਲ ਵਧਦਾ ਹੀ ਜਾਵੇਗਾ ਪਰ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਈਸਵੀ ਸਾਲ ਦੇ ਬਿਲਕੁਲ ਬਰਾਬਰ ਅਤੇ ਰੁੱਤੀ ਸਾਲ ਦੇ ਬਹੁਤ ਹੀ ਨੇੜੇ ਰੱਖੇ ਜਾਣ ਸਦਕਾ ਹੁਣ ਭਵਿੱਖ ਵਿੱਚ ਇੱਕ ਵੀ ਦਿਨ ਦਾ ਫਰਕ ਨਹੀਂ ਪਵੇਗਾ।) ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਕੈਲੰਡਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 4 ਹਾੜ, 18 ਜੂਨ 2019 ਈ: ਵਿਖਾਇਆ ਗਿਆ ਹੈ।

ਆਪ ਜੀ ਦਾ ਵਿਆਹ ਗੁਰੂ ਮਹਿਲ ਮਾਤਾ ਨਾਨਕੀ ਜੀ ਨਾਲ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।

ਸੰਸਾਰ ਵਿਚ ਸਦਾ ਤੋਂ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਸੀ ਭਾਵ ਤੱਤੀ ਲੋਹ ’ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਅਵਸਥਾ ਹੁੰਦੀ ਹੈ। ਇਸ ਕੁਰਬਾਨੀ ਸਿਮਰਨ ਦਾ ਸਭ ’ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜਸੀ ਤਾਕਤ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਪਰ ਦੂਸਰੀ ਸ਼ਕਤੀ ਰਾਜਸੀ ਤਾਕਤ ਕਾਰਨ ਜਨਤਾ ਨੂੰ ਮੁਗਲ ਸਰਕਾਰ ਅੱਗੇ ਝੁਕਣਾ ਪੈਂਦਾ ਸੀ। ਗੁਰੂ ਅਰਜੁਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ, ਦੂਸਰੇ ਮਨੁੱਖ ਸਾਹਮਣੇ ਅਕਾਰਣ ਹੀ ਝੁਕਣ ਵਾਲਾ ਸੁਭਾਅ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ।  ਸੰਨ 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਇਸ ਕਲਾ ਵਿੱਚ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਜੀ ਨੂੰ ਦੇਖ ਕੇ ਮਹਾਂਬਲੀ ਯੋਧਾ ਨਾਂ ਨਾਲ ਯਾਦ ਕਰਦੇ, ਪੁਕਾਰਦੇ ਸਨ।

ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਹੰਕਾਰੀ ਵਿਰਤੀ ਦੇ ਮਾਲਕ ਚੰਦੂ ਦੀ ਲੜਕੀ ਦਾ ਰਿਸ਼ਤਾ ਸੰਗਤਾਂ ਦੀ ਬੇਨਤੀ ’ਤੇ (ਗੁਰੂ) ਹਰਿਗੋਬਿੰਦ ਜੀ ਲਈ ਪ੍ਰਵਾਨ ਕਰਨ ਤੋਂ ਨਾਂਹ ਕਰਨ ਕਰਕੇ ਗੁਰੂ ਘਰ ਦੇ ਵਿਰੋਧੀ ਬਣੇ ਚੰਦੂ ਅਤੇ ਗੁਰਗੱਦੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਰੱਖਣ ਵਾਲੇ ਬਾਬਾ ਪ੍ਰਿਥੀ ਚੰਦ ਨਾਲ ਤੁਅਸਬੀ ਅਤੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਮਿਲ ਕੇ ਝੂਠੇ ਇਲਜ਼ਾਮ ਲਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਤਾਣਾ ਬਾਣਾ ਬੁਣਨ ਉਪਰੰਤ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਤਾਂ ਗੁਰੂ ਅਰਜਨ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਸ਼ਹੀਦੀ ਅਟੱਲ ਹੈ ਤਾਂ ਲਹੌਰ ਜਾਣ ਸਮੇਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਪਿੱਛੋਂ ਗੁਰਿਆਈ ਦੀ ਗੱਦੀ ਦਾ ਮਾਲਕ ‘ਸਾਹਿਬਜ਼ਾਦਾ ਹਰਿਗੋਬਿੰਦ’ ਹੈ ਇਸ ਲਈ 25 ਮਈ 1606 ਈ: (ਯੂਲੀਅਨ)/ ਜੇਠ ਵਦੀ 14; 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ’ਤੇ ਬਿਠਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ ਕਰੀਬ 11 ਸਾਲ ਸੀ। ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ, ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ 28 ਜੇਠ ਨਿਸ਼ਚਿਤ ਕੀਤਾ ਗਿਆ ਹੈ, ਜੋ ਹਰ ਸਾਲ 11 ਜੂਨ ਨੂੰ ਆਉਂਦਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ 15 ਜੇਠ/27 ਮਈ 2019 ਈ: ਵਿਖਾਇਆ ਗਿਆ ਹੈ।

ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48 ਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ: ‘‘ਪੰਜਿ ਪਿਆਲੇ, ਪੰਜਿ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆਂ; ਰੂਪੁ ਦਿਖਾਵਣਿ ਵਾਰੋ ਵਾਰੀ। ਦਲਿ ਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।’’

ਪੰਜਿ ਪਿਆਲੇ ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ। ਪੰਜਿ ਪੀਰ ਦੇ ਅਰਥ ਹਨ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਤੱਕ ਹੋਏ ‘ਪੰਜ ਗੁਰੂ ਸਾਹਿਬਾਨ’। ‘ਦਲਿ ਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।’ ਭਾਵ ਗੁਰੂ ਹਰਿਗੋਬਿੰਦ ਸਾਹਿਬ ਧਰਮ ਦੇ ਵੈਰੀ ਦਲਾਂ ਦਾ ਖ਼ਾਤਮਾ ਕਰਨ ਵਾਲੇ ਵੱਡੇ ਯੋਧੇ, ਸੂਰਮੇ ਅਤੇ ਪਰਉਪਕਾਰੀ ਹਨ। ‘ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।’ ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ; ਸਰੀਰਾਂ ਵਿਚ ਹੀ ਭੇਦ ਸੀ, ਜੋਤਿ ਇਕੋ ਸੀ, ‘‘ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬)

ਗੁਰਗੱਦੀ ’ਤੇ ਬਿਰਾਜਮਾਨ ਹੋਣ ਉਪਰੰਤ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ ਗੁਰੂ ਹਰਗੋਬਿੰਦ ਜੀ ਨੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਈ:) ਵਿਚ ਇੱਕ ਥੜੇ ਦੀ ਉਸਾਰੀ ਕੀਤੀ, ਜਿਸ ’ਤੇ ਬਾਅਦ ਵਿੱਚ ‘ਅਕਾਲ ਬੁੰਗਾ’ ਉਸਾਰਿਆ ਗਿਆ ਅਤੇ ਸਮੇਂ ਸਮੇਂ ’ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ।  ਸੰਨ 1984 ਵਿੱਚ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਉਪਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਕੀਤੀ ਗਈ, ਜੋ ਮੌਜੂਦਾ ਇਮਾਰਤ ਸੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ 18 ਹਾੜ/2 ਜੁਲਾਈ 2019 ਈ: ਹੀ ਵਿਖਾਇਆ ਗਿਆ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਜੀ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ।  ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ, ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ ਹੈ।

6 ਸਾਵਣ ਸੰਮਤ 1663 (5 ਜੁਲਾਈ 1606) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿੱਚੋਂ ਇਕ ‘ਮੀਰੀ’ ਦੀ ਪ੍ਰਤੀਕ ਹੈ ਤੇ ਦੂਜੀ ‘ਪੀਰੀ’ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ: ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫ਼ਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ= ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ (ਰਾਜਸੀ ਤਾਕਤ) ਇਕੱਠੀਆਂ ਨਹੀਂ ਰਹਿ ਸਕਦੀਆਂ ਪਰ ਗੁਰੂ ਸਾਹਿਬ ਜੀ ਨੇ ਫ਼ਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ ਭਾਵ ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡੀ ਰਾਜਨੀਤੀ ਵੀ ਧਰਮ ਦਾ ਅਨਿਖੜਵਾਂ ਅੰਗ ਹੋਵੇਗੀ ਪਰ ਯਾਦ ਰਹੇ ਕਿ ਧਰਮ; ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਰੱਖੀ ਗਈ, ਜੋ ਇਸੇ ਗੱਲ ਦਾ ਪ੍ਰਤੀਕ ਵੀ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ।  6 ਸਾਵਣ ਦੇ ਦਿਹਾੜੇ ਨੂੰ ਅੱਜ ਵੀ ਸਿੱਖ ਸਮਾਜ ਵਿੱਚ ਮੀਰੀ ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਆਉਂਦਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ 27 ਹਾੜ/11 ਜੁਲਾਈ 2019 ਈ: ਵਿਖਾਇਆ ਗਿਆ ਹੈ।

ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖ਼ਾਲਸੇ ਦਾ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਸਨ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸਿਧਾਂਤ ਨੂੰ ਪਰਪੱਕ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ ਦਿਨ ਨਿਖਰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿੱਚ ਲਿਆਂਦਾ, ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ। ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੰਦਰ ਬਣਾਉਣ ਲਈ ਸਰਕਾਰੀ-ਸਹਾਇਤਾ ਪ੍ਰਵਾਨ ਨਹੀਂ ਕੀਤੀ ਸੀ, ਉਸੇ ਤਰ੍ਹਾਂ ਹੀ 1984 ਦੇ ਫੌਜੀ ਹਮਲੇ ਸਮੇਂ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੁਕਸਾਨ ਦੀ ਪੂਰਤੀ ਲਈ ਸਿੱਖ ਕੌਮ ਨੇ ਸਰਕਾਰ ਵੱਲੋਂ ਤਖ਼ਤ ਸਾਹਿਬ ਦੀ ਕੀਤੀ ਲਿਪਾ-ਪੋਚੀ ਨੂੰ ਵੀ ਨਹੀਂ ਕਬੂਲਿਆ ਤੇ ਮੁੜ ਆਪ ਸੇਵਾ ਕਰ ਕੇ ਪੁਨਰ-ਨਿਰਮਾਣ ਕੀਤਾ ਹੈ। ਗੁਰੂ ਸਾਹਿਬ ਤੋਂ ਉਪਰੰਤ ਸਮੇਂ ਦੀਆਂ ਸਰਕਾਰਾਂ ਦੇ ਰੋਕਣ ਦੇ ਬਾਵਜੂਦ ਵੀ ਸਿੱਖ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਗੁਰਮਤੇ ਕਰਦੇ ਰਹੇ। ਸਮੇਂ-ਸਮੇਂ ’ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਹੁਕਮਨਾਮੇ ਦੇ ਰੂਪ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਕਰਦੇ ਸਨ; ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੋ ਕੰਮ ਦੁਸ਼ਮਣ ਨਹੀਂ ਸੀ ਕਰ ਸਕਿਆ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਸਾਡੇ ਲੀਡਰਾਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪ ਹੀ ਕਰ ਵਿਖਾਇਆ ਹੈ। ਵੱਖ ਵੱਖ ਵੀਚਾਰਧਾਰਾ ਵਾਲੇ ਜੱਥਿਆਂ (ਮਿਸਲਾਂ) ਦੇ ਇਕੱਠ ਵੱਲੋਂ ਮੌਕੇ ’ਤੇ ਚੁਣੇ ਗਏ ਜਥੇਦਾਰਾਂ ਦੀ ਥਾਂ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਰਹਿ ਗਏ ਹਨ ਜੋ ਸੱਤਾਧਾਰੀ ਦਲ ਦੇ ਹੁਕਮਾਂ ’ਤੇ ਪਹਿਰਾ ਦੇਂਦੇ ਹੀ ਵਿਖਾਈ ਦਿੰਦੇ ਹਨ। ਜਿਸ ਅਕਾਲ ਤਖ਼ਤ ਦੀ ਸਿਰਜਣਾ ਹੀ ਧਰਮੀ ਮਨੁੱਖਾਂ ਵੱਲੋਂ ਰਾਜਸੀ ਤਾਕਤ ਅੱਗੇ ਝੁਕਣ ਦੀ ਪ੍ਰੀਵਿਰਤੀ ਨੂੰ ਠੱਲ੍ਹ ਪਾਉਣ ਲਈ ਕੀਤੀ ਸੀ, ਉਸੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੱਤਾਧਾਰੀਆਂ ਦੇ ਇਸ਼ਾਰਿਆਂ ’ਤੇ ਹੁਕਨਾਮੇ ਜਾਰੀ ਕਰਨ ਦੀ ਵਧ ਰਹੀ ਪ੍ਰੀਵਿਰਤੀ ਅਕਾਲ ਤਖ਼ਤ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਤੁਲ ਹੈ, ਜਿਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।

ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿਦਿਆ ਸਿਖਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ ਗਈ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜੁਆਨ ਆਪ ਦੀ ਸ਼ਰਨ ਵਿੱਚ ਇਕੱਠੇ ਹੋ ਗਏ। ਪੰਜਾਬ ਵਿੱਚ ਪਏ ਕਾਲ ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫ਼ੌਜ ਵਿਚ ਭਰਤੀ ਹੋ ਗਏ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ-ਧਰਮ ਦੇ ਪ੍ਰਚਾਰ ਵਿਚ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਇਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ।  ਸੰਨ 1612 ਵਿਚ ਦੁਆਬੇ ਅਤੇ ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ‘ਪੈਂਦੇ ਖਾਂ’ ’ਤੇ ਖ਼ਾਸ ਮਿਹਰ ਕੀਤੀ।  1613 ਵਿਚ ‘ਬਾਬਾ ਗੁਰਦਿਤਾ’ ਜੀ ਦਾ ਜਨਮ ਡਰੌਲੀ ਵਿਚ ਹੋਇਆ। ਇੱਥੇ ਹੀ ‘ਸਾਧਾ’ ਨਾਮ ਦਾ ਇਕ ਸਖੀ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ, ਜਿਸ ਦੇ ਘਰ ਭਾਈ ਰੂਪ ਚੰਦ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵੀ ਧਿਆਨ ਦਿੱਤਾ ਗਿਆ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਾਏ ਗਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਬਣਵਾਇਆ ਗਿਆ।

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ।  1612 ਵਿੱਚ ਉਸ ਨੇ ਆਗਰੇ ਤੋਂ ਗੁਪਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਗਵਾਲੀਆਰ ਦੇ ਕਿਲ੍ਹੇ ਵਿਚ ਕੈਦ ਕਰਨ ਦਾ ਹੁਕਮ ਦੇ ਦਿੱਤਾ, ਜਿੱਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਣੇ ਸ਼ੁਰੂ ਹੋ ਗਏ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਖੁਦ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ, ਉਹੀ ਰਵਾਇਤ ਅੱਜ ਤੱਕ ਜਾਰੀ ਹੈ।  1614 ਵਿਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖ਼ਰ ਉਸ ਨੇ ਫ਼ਕੀਰ ਮੀਆਂ ਮੀਰ ਦੇ ਕਹਿਣ ’ਤੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲ਼ੇ ਦੀਆਂ ਕਲੀਆਂ ਫੜ ਕੇ 52 ਰਾਜੇ ਵੀ ਜ਼ੇਲ੍ਹ ਵਿੱਚੋਂ ਰਿਹਾ ਹੋਣ ਵਿੱਚ ਸਫਲ ਹੋਏ ਸਨ। ਇਸੇ ਕਾਰਨ ਆਪ ਜੀ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।

ਜਦ ਗੁਰੂ ਜੀ ਰਿਹਾਈ ਤੋਂ ਬਾਅਦ ਪੰਜਾਬ ਵੱਲ ਆ ਰਹੇ ਸਨ ਤਾਂ ਜਹਾਂਗੀਰ ਵੀ ਕਸ਼ਮੀਰ ਨੂੰ ਜਾਣ ਲਈ ਗੁਰੂ ਜੀ ਦੇ ਕਾਫਲੇ ਨਾਲ ਹੀ ਸੀ।  ਜਹਾਂਗੀਰ ਤੇ ਗੁਰੂ ਜੀ ਕਾਫ਼ੀ ਦਿਨ ਇਕੱਠੇ ਸਫਰ ਕਰਦੇ ਰਹੇ। ਰਸਤੇ ਵਿੱਚ ਇਕ ਜਗ੍ਹਾ ’ਤੇ ਰੁਕੇ ਤਾਂ ਇੱਕ ਗ਼ਰੀਬ ਘਾਹੀ ਸਿੱਖ ਇਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲੈ ਕੇ ਦਰਸ਼ਨਾ ਨੂੰ ਆਇਆ।  ਦੋ ਕੈਂਪ ਲੱਗੇ ਦੇਖ ਕੇ ਉਸ ਨੇ ਜਹਾਂਗੀਰ ਦੇ ਸਿਪਾਹੀਆਂ ਕੋਲੋਂ ਪੁੱਛਿਆ ਕਿ ਉਸ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ, ਇਸ ਲਈ ਦੱਸਿਆ ਜਾਵੇ ਕਿ ਸੱਚੇ ਪਾਤਸ਼ਾਹ ਦਾ ਕੈਂਪ ਕਿਹੜਾ ਹੈ ? ਸਿਪਾਹੀ ਸਮਝ ਤਾਂ ਗਏ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹੈ ਤੇ ਉਨ੍ਹਾਂ ਦੇ ਹੀ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਉਨ੍ਹਾਂ ਨੇ ਜਾਣ ਬੁੱਝ ਕੇ ਹੀ ਜਹਾਂਗੀਰ ਦੇ ਕੈਂਪ ਵੱਲ ਇਸ਼ਾਰਾ ਕਰ ਦਿੱਤਾ ਕਿਉਂਕਿ ਜਹਾਂਗੀਰ ਦੇ ਸਿਰ ’ਤੇ ਸਜੀ ਦਸਤਾਰ ਅਤੇ ਉੱਪਰ ਲੱਗੀ ਕਲਗੀ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਭੁਲੇਖਾ ਪੈਂਦਾ ਸੀ, ਇਸ ਲਈ ਘਾਹੀ ਨੇ ਜਾਂਦਿਆਂ ਹੀ ਟਕਾ ਅਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਫਿਰ ਅਰਜ਼ੋਈ ਕੀਤੀ ਕਿ ਉਸ ਦੀ ਲੋਕ ਪਰਲੋਕ ਵਿੱਚ ਸਹਾਇਤਾ ਕੀਤੀ ਜਾਵੇ। ਜਹਾਂਗੀਰ ਵੀ ਸਮਝ ਗਿਆ ਕਿ ਉਹ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਭੁਲੇਖੇ ਨਾਲ ਉਨ੍ਹਾਂ ਕੋਲ ਪਹੁੰਚ ਗਿਆ ਹੈ। ਜਹਾਂਗੀਰ ਨੇ ਕਿਹਾ ਪਰਲੋਕ ਵਿੱਚ ਤਾਂ ਉਹ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਕਿਉਂਕਿ ਉਹ ਇਸ ਦੇਸ਼ ਦਾ ਬਾਦਸ਼ਾਹ ਹੈ ਇਸ ਲਈ ਜੇ ਚਾਹੇ ਤਾਂ ਉਸ ਦੇ ਨਾਮ ਜਾਗੀਰ ਲਿਖਵਾ ਸਕਦਾ ਹੈ। ਇਹ ਗੱਲ ਸੁਣ ਕੇ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਗ਼ਲਤ ਜਗ੍ਹਾ ’ਤੇ ਆ ਗਿਆ ਹੈ। ਟਕਾ ਅਤੇ ਘਾਹ ਦੀ ਪੰਡ ਚੁੱਕ ਕੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਂਪ ਵੱਲ ਚੱਲ ਪਿਆ ਤੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸ਼ਰਧਾ ਨਾਲ ਟਕਾ ਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ !  ਭੁਲੇਖੇ ਨਾਲ ਗ਼ਲਤ ਦਰ ’ਤੇ ਚਲਾ ਗਿਆ ਸੀ।

ਜਹਾਂਗੀਰ ਉੱਤੇ ਇਸ ਘਟਨਾ ਦਾ ਬੜਾ ਡੂੰਘਾ ਅਸਰ ਪਿਆ ਪਰ ਅਫ਼ਸੋਸ ਕਿ ਇਹ ਸਾਖੀ ਸੈਂਕੜੇ ਵਾਰ ਸੁਣੀ ਤੇ ਸੁਣਾਈ ਗਈ ਹੈ ਪਰ ਅੱਜ ਬਹੁਗਿਣਤੀ ਸਿੱਖ ਇਸ ਸਾਖੀ ਦੇ ਵਿਪਰੀਤ ਨਿਗੁਣੇ ਸੁਆਰਥਾਂ ਦੀ ਪੂਰਤੀ ਅਤੇ ਦੁਨਿਆਵੀ ਅਹੁੱਦਿਆਂ ਲਈ ਲੀਡਰਾਂ ਦੇ ਦਰ ’ਤੇ ਆਪਣੀ ਜ਼ਮੀਰ ਨੂੰ ਵੇਚਣ ਲਈ ਸਦਾ ਤਿਆਰ ਰਹਿੰਦੇ ਹਨ।

ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਪਹਿਲੀ ਜੰਗ 27 ਸਤੰਬਰ 1621 ਈ: ਨੂੰ ਰੁਹੇਲਾ ’ਤੇ ਹੋਈ, ਜਿਸ ਦਾ ਕਾਰਨ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਘੇਰੜ (ਚੰਦੂ ਦਾ ਕੁੜਮ) ਦਾ ਹੰਕਾਰ ਸੀ, ਜੋ ਗੁਰੂ ਜੀ ਦੇ ਜੇਲ੍ਹ ਜਾਣ ਉਪਰੰਤ ਗੁਰੂ ਘਰ ਦੀ ਜ਼ਮੀਨ ਦਾ ਮਾਲਕ ਬਣ ਬੈਠਾ ਸੀ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ’ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖ਼ਾਨ ਫੌਜ ਸਮੇਤ ਗੁਰੂ ਜੀ ’ਤੇ ਚੜ੍ਹਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ, ਇਸ ਲੜਾਈ ਵਿੱਚ ਭਗਵਾਨ ਦਾਸ, ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ ਮਾਰੇ ਗਏ ।

28 ਅਕਤੂਬਰ 1627 ਨੂੰ ਜਹਾਂਗੀਰ ਦੀ ਮੌਤ ਹੋ ਗਈ।  ਜਹਾਂਗੀਰ ਦਾ ਪੁੱਤਰ ਬਾਦਸ਼ਾਹ ਸ਼ਾਹਜਹਾਨ ਵੀ ਹੌਲ਼ੀ ਹੌਲ਼ੀ ਮੁਤੱਸਬੀ ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਗਿਆ। ਸਿੱਖਾਂ ਅਤੇ ਮੁਸਲਮਾਨਾਂ ਵਿੱਚ ਸ਼ਾਂਤੀ ਦੇ ਆਸਾਰ ਘਟਣ ਲੱਗੇ। ਗੁਰੂ ਜੀ ਨੇ ਆਪਣੀ ਬੇਟੀ ਬੀਬੀ ਵੀਰੋ ਜੀ ਦਾ ਵਿਆਹ 13 ਅਪਰੈਲ 1634 ਨੂੰ ਰੱਖਿਆ ਹੋਇਆ ਸੀ।  ਇਸੇ ਦਿਨ ਮੁਗ਼ਲ ਫ਼ੌਜਾਂ ਨੇ ਮੂਖ਼ਲਾਸ ਖ਼ਾਨ ਦੀ ਕਮਾਂਡ ਹੇਠ ਹਮਲਾ ਕਰ ਦਿੱਤਾ।  ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਝਬਾਲ ਪਹੁੰਚਾਇਆ ਅਤੇ ਦੂਜੇ ਪਾਸੇ ਹਮਲੇ ਦਾ ਟਾਕਰਾ ਵੀ ਕੀਤਾ। ਭਾਵੇਂ ਕਿ ਇਸ ਹਮਲੇ ਵਿੱਚ ਕਈ ਸਿੱਖ ਸ਼ਹੀਦ ਹੋ ਗਏ ਪਰ ਮੈਦਾਨ ਖਾਲਸੇ ਦੇ ਹੱਥ ਲੱਗਿਆ।

ਕੁਝ ਸਮਾਂ ਗੁਰੂ ਜੀ ਅੰਮ੍ਰਿਤਸਰ ਰਹਿਣ ਮਗਰੋਂ ਆਪ ਮਾਲਵੇ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਲਈ ਗਏ। ਕਾਬਲ ਦਾ ਇਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈ ਕੇ ਆ ਰਿਹਾ ਸੀ, ਜੋ ਲਾਹੌਰ ਦੇ ਤੁਰਕ ਹਾਕਮਾਂ ਨੇ ਖੋਹ ਲਏ। ਗੁਰੂ ਸਾਹਿਬ ਜੀ ਦੇ ਕਹਿਣ ’ਤੇ ਭਾਈ ਬਿਧੀ ਚੰਦ ਜੀ ਦੋਵੇਂ ਘੋੜੇ ਮੁਗ਼ਲ ਹਾਕਮਾਂ ਪਾਸੋਂ ਵਾਪਸ ਭਜਾ ਲਿਆਏ, ਇਸ ਦਾ ਬਦਲਾ ਲੈਣ ਲਈ  ਦਸੰਬਰ 1634 ਵਿੱਚ ਲੱਲਾ ਬੇਗ਼ ਅਤੇ ਕਮਰ ਬੈਗ਼ ਦੀ ਅਗਵਾਈ ਵਿੱਚ ਗੁਰੂ ਜੀ ’ਤੇ ਫਿਰ ਹਮਲਾ ਕਰ ਦਿੱਤਾ ਗਿਆ। ਇਸ ਲੜਾਈ ਵਿੱਚ ਮੁਗ਼ਲਾਂ ਦੇ ਦੋਵੇਂ ਕਮਾਂਡਰ ਮਾਰੇ ਗਏ ਅਤੇ ਇਸ ਜੰਗ ਦੀ ਜਿੱਤ ਦੀ ਯਾਦ ਵਿਚ ਗੁਰੂ ਸਾਹਿਬ ਨੇ ‘ਗੁਰੂ ਸਰ’ ਨਾਮ ਦਾ ਇਕ ਸਰੋਵਰ ਬਣਵਾਇਆ।

ਅਪਰੈਲ 1635 ਵਿੱਚ ਗੁਰੂ ਜੀ ਕਰਤਾਰ ਪੁਰ (ਜ਼ਿਲ੍ਹਾ ਜਲੰਧਰ) ਵਿੱਚ ਰਹਿ ਰਹੇ ਸਨ। ਇਨ੍ਹਾਂ ਦਿਨਾਂ ਵਿੱਚ ਆਪ ਦੇ ਇਕ ਮੁਸਲਮਾਨ ਪੈਂਦੇ ਖ਼ਾਨ ਦੇ ਜੁਆਈ ਨੇ ਗੁਰੂ ਦਰਬਾਰ ਦੀਆਂ ਕੁਝ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ। ਜਦ ਉਸ ਦੀ ਚੋਰੀ ਫੜੀ ਗਈ ਤਾਂ ਪੈਂਦੇ ਖ਼ਾਨ ਮੁਆਫ਼ੀ ਮੰਗਣ ਦੀ ਥਾਂ ਜਲੰਧਰ ਤੋਂ ਮੁਗ਼ਲ ਫ਼ੌਜਾਂ ਚੜ੍ਹਾ ਲਿਆਇਆ।  26 ਤੋਂ 28 ਅਪਰੈਲ 1635 ਤਿੰਨ ਦਿਨ ਇਹ ਲੜਾਈ ਚੱਲੀ, ਜਿਸ ਵਿੱਚ ਪੈਂਦੇ ਖ਼ਾਨ, ਮੁਗ਼ਲ ਕਮਾਂਡਰ ਅਤੇ ਬਹੁਤ ਸਾਰੇ ਸਿਪਾਹੀ ਮਾਰੇ ਗਏ। ਇਸ ਚੌਥੀ ਲੜਾਈ ਵਿੱਚ ਬਾਬਾ ਗੁਰਦਿੱਤਾ ਜੀ ਅਤੇ ਭਾਈ ਬਿਧੀ ਚੰਦ ਦੀ ਅਗਵਾਈ ਹੇਠ ਹੋਰ ਸਿੱਖ ਯੋਧਿਆਂ ਦੇ ਨਾਲ ਨਾਲ 14 ਸਾਲ ਦੇ ਤੇਗ ਮੱਲ ਜੀ ਨੇ ਵੀ ਮੈਦਾਨੇ ਜੰਗ ਵਿਚ ਤੇਗ ਦੇ ਜੌਹਰ ਵਿਖਾਏ। ਇਸ ਬਹਾਦਰੀ ਨੂੰ ਵੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਮ ਤੇਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ, ਜੋ ਬਾਅਦ ਵਿੱਚ ਨਾਵੇਂ ਗੁਰੂ ਵਜੋਂ ਸੁਸ਼ੋਭਿਤ ਹੋਏ।

ਇਸ ਲੜਾਈ ਵਿੱਚ ਇੱਕ ਬਹੁਤ ਵੀ ਦਿਲਖਿਚਵਾਂ ਨਜ਼ਾਰਾ ਗੁਰੂ ਜੀ ਅਤੇ ਆਪਣੇ ਆਪ ਨੂੰ ਯੋਧਾ ਸਮਝਦੇ ਪੈਂਦੇ ਖ਼ਾਨ ਦੀ ਆਪਸੀ ਵਾਰਤਾਲਾਪ ਦਾ ਹੈ।  ਜਦ ਪੈਂਦੇ ਖਾਂਨ ਲੜਦਾ ਹੋਇਆ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਆਇਆ ਤਾਂ ਗੁਰੂ ਜੀ, ਉਸ ’ਤੇ ਵਾਰ ਕਰਨ ਤੋਂ ਰੁਕੇ ਅਤੇ ਉਸ ਨੂੰ ਪਹਿਲਾਂ ਵਾਰ ਕਰਨ ਲਈ ਕਿਹਾ ਤੇ ਉਹ ਤਿੰਨ ਵਾਰ ਕਰਕੇ ਵੀ ਗੁਰੂ ਜੀ ਨੂੰ ਨੁਕਸਾਨ ਨਾ ਪਹੁੰਚਾ ਸਕਿਆ। ਚੌਥਾ ਵਾਰ ਗੁਰੂ ਜੀ ਨੇ ਕਰ ਕੇ ਪੈਂਦੇ ਖ਼ਾਨ ਨੂੰ ਕਿਹਾ ਵਾਰ ਇੱਦਾਂ ਕਰੀਦਾ ਹੈ, ਇਸੇ ਵਾਰ ਨਾਲ ਉਸ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਤੇ ਉਹ ਘੋੜੇ ਤੋਂ ਡਿੱਗ ਪਿਆ। ਪੈਂਦੇ ਖ਼ਾਂ ਦੇ ਦਾਮਾਦ ਕਾਲੇ ਖ਼ਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆ ਕਿ ਕਾਲੇ ਖ਼ਾਂ ! ਵਾਰ ਇਉਂ ਨਹੀਂ, ਇਉਂ ਕਰੀਦਾ ਹੈ, ਇਸ ਵਾਰ ਨਾਲ ਕਾਲੇ ਖ਼ਾਂ ਦੇ ਮੋਢੇ ਤੋਂ ਐਸਾ ਚੀਰ ਪਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਇਸ ਲੜਾਈ ਵਿੱਚੋਂ ਮੁਸਲਮਾਨੀ ਫ਼ੌਜਾਂ ਨੇ ਭੱਜ ਕੇ ਸਿੰਘਾਂ ਪਾਸੋਂ ਜਾਣ ਬਚਾਈ।

ਇਸੇ ਸਾਲ 1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਜੋ ਧਾਰਮਕ ਬੰਦਾ ਸੀ, ਜਿਸ ਕਾਰਨ 1644 ਤੱਕ ਅਮਨ ਤੇ ਸ਼ਾਂਤੀ ’ਚ ਸਿੱਖ ਧਰਮ ਦਾ ਪ੍ਰਚਾਰ ਹੁੰਦਾ ਰਿਹਾ। ਅੰਤ ਵੇਲਾ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਬਾਬਾ ਹਰਿ ਰਾਏ ਜੀ (ਸਪੁੱਤਰ ਬਾਬਾ ਗੁਰਦਿੱਤਾ ਜੀ) ਨੂੰ ਸੌਂਪੀ ਦਿੱਤੀ ਅਤੇ 6 ਚੇਤ, 3 ਮਾਰਚ 1644 ਯੂਲੀਅਨ ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।  ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ 6 ਚੇਤ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 19 ਮਾਰਚ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਦਾ ਦਿਹਾੜਾ 28 ਚੇਤ/10 ਅਪ੍ਰੈਲ 2015 ਈ: ਵਿਖਾਇਆ ਗਿਆ ਹੈ।