ਜਿੰਨੇ ਮੂੰਹ ਓਨੇ ਨੁਸਖੇ

0
434

ਜਿੰਨੇ ਮੂੰਹ ਓਨੇ ਨੁਸਖੇ

                   -ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਪੰਜਾਬੀ ਵਿੱਚ ਇੱਕ ਕਹਾਵਤ ਮਸ਼ਹੂਰ ਹੈ ‘ਨੀਮ ਹਕੀਮ ਖ਼ਤਰਾ ਏ ਜਾਨ।’ ਅੱਜ ਕੱਲ੍ਹ ਜਣਾ-ਖਣਾ ਡਾਕਟਰ ਬਣਿਆ ਫਿਰਦਾ ਹੈ। ਕਿਸੇ ਕੋਲ ਡਿਗਰੀ ਹੈ, ਕਿਸੇ ਕੋਲ ਤਜਰਬਾ ਹੈ। ਕਿਸੇ ਨੇ ਸਿਰਫ਼ ਇੱਧਰੋਂ-ਉੱਧਰੋਂ ਸਿੱਖ ਕੇ ਡੰਗ-ਟਪਾਊ ਕੰਮ ਚਲਾ ਰੱਖਿਆ ਹੈ। ਮਰੀਜ਼ਾਂ ਨੂੰ ਭਰਮਾਉਣ ਲਈ ਹਰ ਕਿਸੇ ਨੇ ਵੱਖੋ-ਵੱਖ ਤਰੀਕੇ ਆਪਣਾਅ ਰੱਖੇ ਹਨ। ਕੋਈ ਵੱਡੇ-ਵੱਡੇ ਇਸ਼ਤਿਹਾਰ ਦਿੰਦਾ ਹੈ, ਕੋਈ ਕੰਧਾਂ ’ਤੇ ਲਿਖਵਾਈ ਜਾ ਰਿਹਾ ਹੈ ਤੇ ਕਿਸੇ ਨੇ ਪ੍ਰਚਾਰ ਕਰਨ ਵਾਲੇ ਰੱਖੇ ਹਨ। ਕਹਿਣ ਤੋਂ ਭਾਵ ਕਿ ਜਿਸ ਦਾ ਜਿਵੇਂ ਯੱਕਾ ਚੱਲਦਾ ਹੈ, ਚਲਾਈ ਜਾਂਦੇ ਹਨ। ਦੂਸਰੇ ਪਾਸੇ ਮਰੀਜ਼ ‘ਮਰਦਾ ਕੀ ਨਾ ਕਰਦਾ’ ਜਾਂ ‘ਮਰਦੀ ਨੇ ਅੱਕ ਚੱਬਿਆ’ ਦੀ ਉਦਾਹਰਨ ਦੇ ਕੇ ਅਜਿਹੇ ਨੀਮ-ਹਕੀਮਾਂ ਦੀ ਭੇਂਟ ਚੜ੍ਹ ਜਾਂਦੇ ਹਨ, ਜਿਸ ਨਾਲ ਬਿਮਾਰੀ ਦਾ ਅਸਲੀ ਰੂਪ ਤਾਂ ਖ਼ਤਮ ਹੋਣਾ ਨਹੀਂ ਹੁੰਦਾ, ਸਗੋਂ ਮੁੱਖ ਬਿਮਾਰੀ ਨਾਲ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਚਿੰਬੜ ਜਾਂਦੀਆਂ ਹਨ।

ਜਦੋਂ ਕੋਈ ਮਨੁੱਖ ਬੀਮਾਰ ਹੁੰਦਾ ਹੈ ਤਾਂ ਉਸ ਦੇ ਮਨ ਵਿੱਚ ਛੇਤੀ ਠੀਕ ਹੋਣ ਦੀ ਇੱਛਾ ਜ਼ਾਹਰ ਹੁੰਦੀ ਹੈ ਪਰ ਮਰੀਜ਼ ਇਸ ਗੱਲ ਬਾਰੇ ਉੱਕਾ ਹੀ ਧਿਆਨ ਨਹੀਂ ਦਿੰਦੇ ਕਿ ਜਿਸ ਮਰਜ਼ (ਰੋਗ) ਤੋਂ ਉਹ ਪੀੜਤ ਹਨ, ਉਹ ਬਿਮਾਰੀ ਹੈ ਕੀ ਬਲਾ ? ਕੀ ਉਸ ਦਾ ਇਲਾਜ ਸੰਭਵ ਹੈ ? ਜੇ ਸੰਭਵ ਹੈ ਤਾਂ ਕਿਸ ਪ੍ਰਣਾਲੀ ਵਿੱਚ ਸੰਭਵ ਹੈ, ਪਰ ਇਹਨਾਂ ਚੀਜ਼ਾਂ ਨਾਲ ਮਰੀਜ਼ ਦਾ ਕੋਈ ਲੈਣ-ਦੇਣ ਨਹੀਂ ਹੁੰਦਾ। ਬੱਸ ਜਿੱਧਰ ਕੋਈ ਤੋਰਦਾ ਹੈ, ਮਰੀਜ਼ ਤੁਰ ਪੈਂਦਾ ਹੈ। ਫਿਰ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ, ਤਰ੍ਹਾਂ-ਤਰ੍ਹਾਂ ਦੇ ਨੁਸਖੇ, ਬਣਾ-ਬਣਾ, ਖਾ-ਖਾ ਕੇ ਮਰੀਜ਼ ਅੱਕ ਜਾਂਦਾ ਹੈ ਤੇ ਜਦ ਕੋਈ ਹੱਲ ਨਹੀਂ ਨਿਕਲਦਾ ਤਾਂ ਰੱਬ ਨੂੰ ਉਲਾਂਭੇ ਦਿੰਦਾ ਹੋਇਆ, ਹੱਡ ਘਸੀਟਦਾ ਰੱਬ ਨੂੰ ਪਿਆਰਾ ਹੋ ਜਾਂਦਾ ਹੈ।

ਕੀ ਇਹੀ ਜ਼ਿੰਦਗੀ ਦਾ ਯਥਾਰਥ ਹੈ ? ਨਹੀਂ, ਅਸੀਂ ਪੜ੍ਹੇ-ਲਿਖੇ ਹੋ ਕੇ ਵੀ ਕਈ ਵਾਰ ਅਨਪੜ੍ਹਾਂ ਨਾਲੋਂ ਅੱਗੇ ਲੰਘ ਜਾਂਦੇ ਹਾਂ। ਇੱਕ ਤਾਂ ਬੰਦਾ ਹੁੰਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਪਰ ਕਈ ਪਤਾ ਹੋਣ ਦੇ ਬਾਵਜੂਦ ਵੀ ਚਲੋ ਵੇਖੀ ਜਾਊ, ਜਾ ਕੇ ਵੇਖ ਲੈਨੇ ਆਂ ਜਾਂ ਦਵਾਈ ਖਾ ਕੇ ਵੇਖ ਲੈਨੇ ਆਂ, ਦੇ ਸਿਧਾਂਤ ’ਤੇ ਖੜ੍ਹੇ ਰਹਿੰਦੇ ਹਨ। ਅੱਜ ਕਿਸੇ ਡਾਕਟਰ ਕੋਲ, ਕੱਲ੍ਹ ਕਿਸੇ ਵੈਦ ਕੋਲ, ਪਰਸੋਂ ਕਿਸੇ ਸਿਆਣੇ ਕੋਲ। ਫਿਰ ਕਿਸੇ ਟੂਣੇ-ਟੱਪਣੇ ਵਾਲੇ ਕੋਲ, ਵਗੈਰਾ ਵਗੈਰਾ…..।

ਇੱਥੇ ਇੱਕ ਉਦਾਹਰਨ ਦੇਣੀ ਚਾਹਾਂਗਾ, ਸ਼ੂਗਰ ਇੱਕ ਭਿਆਨਕ ਰੋਗ ਹੈ, ਜੋ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਸ਼ੂਗਰ ਦੇ ਕਾਰਨਾਂ ਦਾ ਵੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ। ਇਹ ਵੀ ਪਤਾ ਹੈ ਕਿ ਇਹ ਇਕ ਲਾ-ਇਲਾਜ ਬਿਮਾਰੀ ਹੈ। ਥੋੜ੍ਹਿਆਂ ਨੂੰ ਛੱਡ ਕੇ ਬਹੁਤਿਆਂ ਵਿੱਚ ਇਸ ਦਾ ਪੱਕਾ ਹੱਲ ਨਹੀਂ। ਸਿਰਫ਼ ਪਰਹੇਜ਼ ਹੀ ਇਸ ਦਾ ਹੱਲ ਹੈ ਜਾਂ ਜਿਹੜੀ ਵੀ ਦਵਾਈ ਸ਼ੂਗਰ ਲਈ ਇੱਕ ਵਾਰ ਲੱਗ ਗਈ, ਉਹ ਲੈਣੀ ਹੀ ਪੈਂਦੀ ਹੈ। ਬਹੁਤ ਥੋੜ੍ਹੇ ਮਰੀਜ਼ ਹਨ, ਜਿਨ੍ਹਾਂ ਦੀਆਂ ਗੋਲੀਆਂ ਜਾਂ ਦਵਾਈਆਂ ਛੁੱਟ ਜਾਂਦੀਆਂ ਹਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਬਦਲ ਲਿਆ ਹੈ, ਉਹ ਬਚ ਜਾਂਦੇ ਹਨ, ਨਹੀਂ ਤਾਂ ਸ਼ੂਗਰ ਫਿਰ ਆਪਣਾ ਰੰਗ ਵਿਖਾ ਦਿੰਦੀ ਹੈ।

ਮੇਰੇ ਕੋਲ ਇੱਕ ਸ਼ੂਗਰ ਦਾ ਮਰੀਜ਼ ਆਇਆ, ਜਿਸ ਦੀ ਉਮਰ 55 ਕੁ ਸਾਲ ਦੇ ਲਗਭਗ ਸੀ। ਉਸ ਨੇ ਮੈਨੂੰ ਸ਼ੂਗਰ ਦੀਆਂ ਦਵਾਈਆਂ ਦੀ ਜੋ ਲਿਸਟ ਦਿਖਾਈ, ਮੈਂ ਦੇਖ ਕੇ ਹੈਰਾਨ-ਪ੍ਰੇਸ਼ਾਨ ਹੋ ਗਿਆ। ਉਸ ਦੇ ਦੱਸਣ ਮੁਤਾਬਕ ਉਸ ਨੂੰ 40 ਸਾਲ ਦੀ ਉਮਰ ਵਿੱਚ ਸ਼ੂਗਰ ਹੋ ਗਿਆ ਸੀ। ਉਹਨਾਂ ਦੇ ਪਰਿਵਾਰ ਵਿੱਚ ਸ਼ੂਗਰ ਦੀ ਬਿਮਾਰੀ ਸੀ। ਸ਼ਰਾਬ ਪੀਣ ਦਾ ਉਹ ਆਦੀ ਸੀ ਪਰ ਹੌਲ਼ੀ-ਹੌਲ਼ੀ ਸ਼ਰਾਬ ਵੀ ਛੱਡ ਦਿੱਤੀ। ਸੈਰ ਵੀ ਕਰਨ ਲੱਗ ਪਿਆ। ਸ਼ੂਗਰ ਕੰਟਰੋਲ ਵਿੱਚ ਸੀ। ਇੱਕ ਗੋਲੀ ਖਾਂਦਾ ਸੀ। ਇੱਕ ਦਿਨ ਸੈਰ ਕਰਦੇ-ਕਰਦੇ ਨੂੰ ਕਿਸੇ ਮਿੱਤਰ ਨੇ ਅਜਿਹਾ ਨੁਸਖਾ ਦਿੱਤਾ ਕਿ ਯਾਰ ਤੂੰ ਐਵੇਂ ਗੋਲੀਆਂ ਨਾਲ ਮੱਥਾ ਮਾਰਦਾ ਰਹਿਨਾ, ਆਹ ਨੁਸਖਾ ਅਜ਼ਮਾ ਕੇ ਦੇਖ। ਉਹ ਦਿਨ ਜਾਂਦੈ, ਵਿਚਾਰਾ ਅੱਜ ਤੱਕ ਤਾਬੇ (ਸਹੀ) ਨਹੀਂ ਆਇਆ। ਉਸ ਨੇ ਉਹ ਕਿਹੜੀ ਜੜ੍ਹੀ ਬੂਟੀ, ਅੱਗ ਸੁਆਹ ਜਿਹੜਾ ਨਹੀਂ ਖਾਧਾ, ਉਸ ਨੂੰ ਦਸ ਸਾਲ ਪਹਿਲਾਂ ਸਿਰਫ਼ ਸ਼ੂਗਰ ਸੀ। ਹੁਣ ਉਸ ਦੀ ਬਿਮਾਰੀ ਦੀ ‘ਘਚਲ ਚੌਦੇਂ’ ਹੋਈ ਪਈ ਹੈ। ਬਲੱਡ ਪ੍ਰੈਸ਼ਰ, ਥਾਇਰਾਇਡ, ਚਮੜੀ ਦਾ ਰੋਗ, ਗੋਡੇ ਦਰਦ, ਪਤਾ ਨਹੀਂ ਕੀ-ਕੀ। ਉਹਦੇ ਦੱਸਣ ਮੁਤਾਬਕ ਉਸ ਨੇ ਕਰੇਲਿਆਂ ਦਾ ਜੂਸ ਅਤੇ ਨਿੰਮ ਦਾ ਪਾਣੀ ਉਬਾਲ ਕੇ ਪੀਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਉਸ ਨੂੰ ਦੱਸਿਆ ਸੀ ਕਿ ਸ਼ੂਗਰ ਮਿੱਠੇ ਨਾਲ ਹੁੰਦੀ ਹੈ ਅਤੇ ਕੌੜੀਆਂ ਚੀਜ਼ਾਂ ਖਾ ਕੇ ਇਸ ਨੂੰ ਠੀਕ ਕੀਤਾ ਜਾਂਦਾ ਹੈ। ਫਿਰ ਜਾਮਣਾਂ ਦੀਆਂ ਗਿਟਕਾਂ ਰਗੜ-ਰਗੜ ਪੀਤੀਆਂ, ਅਲਸੀ ਦਾ ਤੇਲ, ਸੁੱਕੇ ਮੇਥੇ, ਔਲੇ ਬਹੇੜੇ, ਕਈ ਤਰ੍ਹਾਂ ਦੀਆਂ ਅੰਗਰੇਜ਼ੀ ਤੇ ਦੇਸੀ ਦਵਾਈਆਂ ਖਾਧੀਆਂ ਪਰ ਬਿਮਾਰੀ ਵਧਦੀ ਗਈ। ਉਹ ਹੁਣ ਵੇਲੇ ਨੂੰ ਪਛੁਤਾਉਂਦਾ ਹੈ ਕਿ ਜੇਕਰ ਉਹ ਇੱਕ ਗੋਲੀ ਖਾਂਦਾ ਰਹਿੰਦਾ ਅਤੇ ਆਪਣੇ ਮਿੱਤਰ ਦੀ ਗੱਲ ਨੂੰ ਅਣਸੁਣੀ ਕਰ ਦਿੰਦਾ ਤਾਂ ਸ਼ਾਇਦ ਬਚ ਜਾਂਦਾ।

ਇਸ ਤਰ੍ਹਾਂ ਹਰੇਕ ਬਿਮਾਰੀ ਦੇ ਇਲਾਜ ਲਈ ਨੁਸਖਿਆਂ ਦੀ ਲੰਬੀ ਲਿਸਟ ਤਿਆਰ ਹੋ ਜਾਂਦੀ ਹੈ। ਹਰੇਕ ਬੰਦੇ ਦਾ ਆਪਣਾ ਤਜਰਬਾ ਹੁੰਦਾ ਹੈ। ਉਹ ਦੂਜੇ ’ਤੇ ਕੰਮ ਨਹੀਂ ਕਰਦਾ। ਜਿੰਨੇ ਮੂੰਹ ਓਨੇ ਨੁਸਖੇ ਸਭ ਤੋਂ ਵੱਧ ਨੁਸਖੇ ਗੁਪਤ ਰੋਗ ਦੇ ਮਾਮਲੇ ਵਿੱਚ ਮਿਲਦੇ ਹਨ। ਇੱਕ ਤਾਂ ਇਹੋ ਜਿਹੇ ਰੋਗੀ ਦੇ ਮਨ ਅੰਦਰ ਜ਼ਿਆਦਾ ਕਾਹਲ ਹੁੰਦੀ ਹੈ, ਠੀਕ ਹੋਣ ਦੀ, ਦੂਜਾ ਇਸ ਰੋਗ ਦਾ ਵਿਸ਼ਾ ਹੀ ਅਜਿਹਾ ਹੈ। ਜੋ ਮਰਜ਼ੀ ਕਿਸੇ ਨੂੰ ਖੁਆਈ ਜਾਓ, ਅਗਲਾ ਖਾਈ ਜਾਂਦਾ ਹੈ ਅਤੇ ਪਿੱਛੋਂ ਅਜਿਹੀਆਂ ਗਰਮ-ਠੰਢੀਆਂ ਚੀਜ਼ਾਂ ਖਾ ਕੇ ਸਰੀਰ ਨੂੰ ਜੱਗ ਜਹਾਨ ਦੇ ਸਾਰੇ ਰੋਗ ਚਿੰਬੜ ਜਾਂਦੇ ਹਨ।

ਜਦੋਂ ਕੋਈ ਬਿਮਾਰੀ ਸਰੀਰ ਨੂੰ ਲੱਗ ਜਾਵੇ ਤਾਂ ਘਬਰਾਓ ਨਾ, ਸਗੋਂ ਬਿਮਾਰੀ ਦੇ ਮੂਲ ਕਾਰਨਾਂ, ਲੱਛਣਾਂ ਅਤੇ ਇਲਾਜ ਵਿਧੀ ਨੂੰ ਜਾਣ ਕੇ ਹੀ ਉਸ ਦਾ ਇਲਾਜ ਕਰਵਾਓ, ਨਾ ਕਿ ਨੁਸਖੇ ਤੇ ਨੁਸਖਾ ਅਜ਼ਮਾਈ ਜਾਓ, ਸਗੋਂ ਆਪਣੀ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਜੀਓ।