ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਦੂਜਾ)

0
551

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਪਿਛਲੇ ਲੇਖ (ਭਾਗ ਪਹਿਲਾ) ਵਿੱਚ ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਸਰੀ (ਕੈਨੇਡਾ) ਵਿੱਚ ਹੋਏ ਮਿਤੀ 3-6-2015 ਨੂੰ ਹਰੀ ਸਿੰਘ ਰੰਧਾਵਾ ਜੀ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ 5 ਸਵਾਲਾਂ ਵਿੱਚੋਂ ਪਹਿਲਾ ਸਵਾਲ ‘ਸਿਰਨਾਵਣੀ’ ਸ਼ਬਦ ਪ੍ਰਤੀ ਵੀਚਾਰ ਕੀਤੀ ਗਈ ਸੀ। ਬਾਕੀ ਰਹੇ 4 ਸਵਾਲਾਂ ਵਿੱਚੋਂ 2 ਨੂੰ ਇਸ ਲੇਖ ਰਾਹੀਂ ਵੀਚਾਰਿਆ ਜਾਵੇਗਾ, ਜੋ ਕਿ ਇਸ ਪ੍ਰਕਾਰ ਹਨ:

ਸਵਾਲ ਦੂਜਾ

ਹਰੀ ਸਿੰਘ ਰੰਧਾਵਾ ਸਾਮ੍ਹਣੇ ਸੰਗਤਾਂ ਦਾ ਅਗਲਾ ਸਵਾਲ ਸੀ ਕਿ ਤੁਸੀਂ ਕੁੱਤੇ ਨੂੰ ਅੰਮ੍ਰਿਤ ਛਕਾਉਣ ਵਾਲੀ ਸਾਖੀ ਸੁਣਾਈ ਹੈ, ਬਾਰੇ ਪੁੱਛਿਆ ਕਿ, ਕੀ ਇਹ ਗੁਰਮਤਿ ਹੈ? ਦੇ ਜਵਾਬ ਵਿੱਚ ‘ਰੰਧਾਵਾ’ ਨੇ ਆਪਣੀ ਸਾਖੀ 7-6-15 ਦੀ ਮੀਟਿੰਗ ਵਿੱਚ (ਗੁਰਦੁਆਰਾ ਪ੍ਰਬੰਧਕਾਂ ਦੀ ਮੌਜੂਦਗੀ ਵਿੱਚ) ਦੁਬਾਰਾ ਇਉਂ ਸੁਣਾ ਕੇ ਸਪਸ਼ਟੀਕਰਨ ਦਿੱਤਾ: ‘ਸੰਨ 1969-70 ਈ. ’ਚ ਇੱਕ ਵਾਰ ਮੈਂ ਮੁੱਖ ਸੇਵਾਦਾਰ ਸੀ ਤੇ ਮੇਰੇ ਨਾਲ 4 ਹੋਰ ਸਿੰਘ ਅੰਮ੍ਰਿਤਪਾਨ ਕਰਵਾਉਣ ਲਈ ਤਿਆਰ ਸਨ। ਅਭਿਲਾਸ਼ੀ (ਅਭਿਲਾਖੀ, ਇੱਛਾਵਾਨ), ਅੰਮ੍ਰਿਤਪਾਨ ਕਰਨ ਲਈ ਹਾਲ ਵਿੱਚ ਆ ਰਹੇ ਸਨ; ਦੇ ਅਖ਼ੀਰ ਵਿੱਚ (ਅਭਿਲਾਸ਼ੀਆਂ ਦੇ ਨਾਲ) ਇੱਕ ਕੁੱਤਾ ਵੀ ਅੰਦਰ (ਹਾਲ ਵਿੱਚ) ਆ ਗਿਆ, ਜਿਸ ਦਾ ਮੈਂ ਦਿੱਲੋਂ ਵਿਰੋਧ ਕਰਦਾ ਸੀ। ਮੇਰੇ ਸਾਥੀਆਂ ਨੇ ਕੁੱਤੇ ਨੂੰ ਬਾਹਰ ਕੱਢਣ ਲਈ ਤਮਾਮ ਕੋਸ਼ਿਸ਼ਾਂ ਕੀਤੀਆਂ ਪਰ ਕੁੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ ਹੇਠ ਬੈਠ ਗਿਆ, ਮੈਂ (ਕੁੱਤੇ ਨੂੰ ਬਾਹਰ ਕੱਢਣ ਵਾਲੇ) ਇੱਕ ਸਿੰਘ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਇਸ ਦਾ ਪਾਪ ਸਾਨੂੰ ਲੱਗੇਗਾ, ਇਸ ਲਈ ਇਸ ਨੂੰ ਬੈਠਾ ਰਹਿਣ ਦਿਉ ਅਤੇ ਅਸੀਂ ਅੰਮ੍ਰਿਤ ਤਿਆਰ ਕਰਨ ਲੱਗ ਗਏ। ਅਰਦਾਸ ਤੋਂ ਉਪਰੰਤ ਅੰਮ੍ਰਿਤ ਛਕਾਉਣ ਸਮੇਂ ਕੁੱਤਾ ਅਚਾਨਕ ਬਾਹਰ ਨਿਕਲ ਆਇਆ ਜਦ ਕਿ ਅਸੀਂ ਤਾਂ ਭੁੱਲ ਹੀ ਗਏ ਸੀ, ਮੈਂ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਜੀ ! ਆਪ ਜੀ ਦੀ ਮਰਿਆਦਾ ਕੁੱਤੇ ਨੂੰ ਅੰਮ੍ਰਿਤ ਛਕਾਉਣ ਦੀ ਨਹੀਂ, ਇਸ ਲਈ (ਸਾਡੇ ਵੱਲੋਂ ਕੁੱਤੇ ਨੂੰ ਅੰਮ੍ਰਿਤ ਨਾ ਛਕਾਉਣ ਕਾਰਨ) ਪਾਪ ਸਾਨੂੰ ਨਹੀਂ ਲੱਗਣਾ ਚਾਹੀਦਾ। ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਧਰਤੀ ’ਤੇ ਡੁਲ੍ਹਿਆ ਅੰਮ੍ਰਿਤ, ਕੁੱਤੇ ਨੇ ਵੀ ਚੱਟ ਲਿਆ (ਛੱਕ ਲਿਆ), ਜਿਸ ਦਾ ਜ਼ਿਕਰ (ਹਵਾਲਾ) ਮੈਂ (ਬਾਅਦ ਵਿੱਚ) ਆਪਣੇ ਮਹਾਂਪੁਰਸ਼ਾਂ ਕੋਲ ਕੀਤਾ ਕਿ ਅਜਿਹੀ ਘਟਨਾ ਵਾਪਰ ਗਈ ਹੈ। ਕੀ ਕੁੱਤੇ ਨੇ ਜੋ ਅੰਮ੍ਰਿਤ ਚੱਟਿਆ (ਛੱਕਿਆ) ਹੈ, ਉਸ ਦਾ ਲਾਭ ਕੁੱਤੇ ਨੂੰ ਮਿਲੇਗਾ? ਦੇ ਜਵਾਬ ਵਿੱਚ ਮਹਾਂ ਪੁਰਸ਼ਾਂ ਨੇ ਕਿਹਾ ਕਿ ਇਹ ਅੰਮ੍ਰਿਤ ਅਜਾਈਂ ਨਹੀਂ ਜਾਂਦਾ ਅਗਲੇ ਜਨਮ ਵਿੱਚ ਇਹ (ਅੰਮ੍ਰਿਤ ਛੱਕਣ ਦੇ ਕਾਰਨ) ਕੁੱਤਾ ਜ਼ਰੂਰ ਮਨੁੱਖਾ ਜਨਮ ਵਿੱਚ ਆਵੇਗਾ। ਇਸ ਸਾਖੀ ਨੂੰ ਮੇਰੇ ਵੱਲੋਂ ਇੱਕ ਵਾਰ ਸੁਣਾਉਣ ਤੋਂ ਉਪਰੰਤ 100-200 ਪ੍ਰਾਣੀਆਂ ਨੇ ਅੰਮ੍ਰਿਤ ਛੱਕ ਲਿਆ, ਕਿ ਕਿਤੇ ਅਗਲੇ ਜਨਮ ਵਿੱਚ ਅਸੀਂ ਵੀ ਕੁੱਤੇ ਨਾ ਬਣ ਜਾਈਏ। ਦੱਸੋ, ਇਸ ਵਿੱਚ ਗੁਰਮਤਿ ਦਾ ਕੀ ਨੁਕਸਾਨ ਹੋਇਆ? (ਹਰੀ ਸਿੰਘ ਰੰਧਾਵਾ)

ਵੀਚਾਰ: ‘ਪਹਿਲੇ ਸਵਾਲ’ ਵਿੱਚ ਆਪਾਂ ਵੀਚਾਰ ਕੀਤੀ ਸੀ ਕਿ ‘ਰੰਧਾਵਾ’ ਜੀ ਅਨੁਸਾਰ ‘ਸਿਰਨਾਵਣੀ’ ਸਮੇਂ ਔਰਤ (ਅਪਵਿੱਤਰ ਹੋਣ ਕਾਰਨ) ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦੀ ਪਰ ਕੁੱਤਾ ਤਾਬਿਆ (ਭਾਵ ਪੀੜ੍ਹੇ ਹੇਠ) ਬੈਠ ਜਾਏ ‘ਰੰਧਾਵਾ ਜੀ’ ਨੂੰ ਕੋਈ ਅਣਹੋਣੀ ਘਟਨਾ ਨਹੀਂ ਜਾਪਦੀ ਕਿਉਂਕਿ ‘ਕੁੱਤੇ’ ਨੂੰ ਉਠਾ ਕੇ ਬਾਹਰ ਕੱਢਣ ਵਾਲੇ ਸਿੰਘ ਨੂੰ ਵੀ ‘ਰੰਧਾਵਾ’ ਜੀ ਇਹ ਕਹਿ ਕੇ ਰੋਕ ਦੇਂਦੇ ਹਨ ਕਿ ਕਿਤੇ ਸਾਨੂੰ ਪਾਪ ਨਾ ਲੱਗ ਜਾਵੇ। ਇਸ ‘ਸੋਚ’ ਤੋਂ ਇਹੀ ਅਨੁਮਾਨ ਲੱਗ ਰਿਹਾ ਹੈ ਕਿ ‘ਰੰਧਾਵਾ’ ਤੇ ਇਨ੍ਹਾਂ ਦੇ ਮਹਾਂ ਪੁਰਸ਼ਾਂ ਨੇ ਇਸ ਘਟਨਾ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਬੇਸ਼ੱਕ ‘ਰੰਧਾਵਾ’ ਇਹ ਵੀ ਕਹਿ ਰਿਹਾ ਹੈ ਕਿ ਮੈਂ ਇਸ ਘਟਨਾ ਨਾਲ ਅਸਹਿਮਤ ਸੀ ਪਰ ਗੁਰੂ ਘਰਾਂ ਦੀਆਂ ਸਟੇਜਾਂ ’ਤੇ ਸੁਣਾਈ ਜਾ ਰਹੀ ਇਸ ਸਾਖੀ ਤੋਂ ਉਪਰੰਤ, ਪ੍ਰਤੀਤ ਹੁੰਦਾ ਹੈ ਕਿ ਇਸ (ਕੁੱਤਾ ਸਾਖੀ ਵਾਲੀ ਸੋਚ ਸੁਣਨ) ਨਾਲ ਕਈ ਪ੍ਰਾਣੀ ਵੀ ਗੁਰੂ ਵਾਲੇ ਬਣ ਗਏ ਹਨ ਤੇ ਬਣ ਵੀ ਰਹੇ ਹਨ।

‘ਗੁਰਮਤਿ ਫ਼ਿਲਾਸਫ਼ੀ’- ‘ਅੰਮ੍ਰਿਤ’ ਦੀ ਭਾਲ ਲਈ ਵੈਸ਼ਨੋ ਦੇਵੀ ਦੀ ਯਾਤਰਾ ਕਰਦਿਆਂ, ਕੀਮਤੀ ਮਨੁੱਖਾ ਜ਼ਿੰਦਗੀ ਦਾ ਕੁਝ ਹਿੱਸਾ ਨਿਹਫਲ (ਵਿਅਰਥ) ਗਵਾ ਚੁੱਕੇ ਗੁਰੂ ਅੰਗਦ ਸਾਹਿਬ ਜੀ ਅਨੁਸਾਰ ‘ਅੰਮ੍ਰਿਤ’ (ਭਾਵ ਮ੍ਰਿਤੂ ਰਹਿਤ ਜਾਂ ਕਾਲ ਰਹਿਤ) ਕੇਵਲ ਪ੍ਰਮਾਤਮਾ (ਰੱਬੀ ‘ਵਿਸ਼ੇਸ਼ਤਾ’ ਭਾਵ ‘ਨਾਮ’ ਜਾਂ ਰੱਬੀ ‘ਹੋਂਦ’ ਭਾਵ ‘ਜੋਤਿ’) ਹੀ ਹੈ, ਜੋ ਨਿਰਾਕਾਰ (ਅਦ੍ਰਿਸ਼) ਰੂਪ ਸ਼ਕਤੀ ਧਾਰਨ ਕਰਕੇ ਕਣ-ਕਣ ਵਿੱਚ ਵਿਆਪਕ ਹੈ, ਇਸ ਲਈ ਕਿਸੇ ਵੀ ਦੂਸਰੇ ਜਾਂ ਤੀਸਰੇ ਨਾਮ ਨੂੰ ‘ਅੰਮ੍ਰਿਤ’ ਨਹੀਂ ਕਿਹਾ ਜਾ ਸਕਦਾ; ਜਿਵੇਂ: ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ ………॥’’ (ਮ: ੨/੧੨੩੮)

ਇਹ ‘ਅੰਮ੍ਰਿਤ’ (ਰੱਬੀ ਜੋਤਿ) ਕਣ-ਕਣ ਵਿੱਚ ਵਿਆਪਕ ਤੋਂ ਭਾਵ ਆਕਾਰ ਦੀ ਹਰ ਵਸਤੂ ਹੈ, ਜਿਸ ਵਿੱਚ ‘ਕੁੱਤਾ’ ਵੀ ਸ਼ਾਮਲ ਹੈ, ਪਰ ਜਿਸ ਤਰ੍ਹਾਂ ਧਰਤੀ ਹੇਠਾਂ ਪਾਣੀ ਦੀ ਮਾਤਰਾ ਮੌਜੂਦ ਹੋਣ ਦੇ ਬਾਵਜੂਦ ਵੀ ਉਸ ਨੂੰ ਬਾਹਰ ਕੱਢ ਕੇ ਇਸਤੇਮਾਲ ਕਰਨ ਲਈ ‘ਨਲਕਾ, ਟਿਊਬਵੈੱਲ ਜਾਂ ਪੰਪ’ ਆਦਿ ਯੁਕਤੀ ਦੀ ਜ਼ਰੂਰਤ ਪੈਂਦੀ ਹੈ: ‘‘ਜੈਸੀ ਧਰਤੀ ਊਪਰਿ ਮੇਘੁਲਾ (ਬੱਦਲ) ਬਰਸਤੁ ਹੈ; ਕਿਆ ਧਰਤੀ ਮਧੇ ਪਾਣੀ ਨਾਹੀ ? ॥’’ (ਮ: ੩/੧੬੨) ਇਸ ਤਰ੍ਹਾਂ ਹੀ ‘ਕਣ-ਕਣ ਵਿੱਚ ਵਿਆਪਕ (ਰੱਬੀ ਜੋਤਿ) ਅੰਮ੍ਰਿਤ’ ਨੂੰ ਪ੍ਰਾਪਤ ਕਰਨ ਲਈ ‘ਗੁਰੂ’ ਦੀ ਜ਼ਰੂਰਤ ਹੈ ਭਾਵ (‘ਗੁਰੂ’ ਸਿੱਖਿਆ ਨੂੰ ਸਮਝਣ, ਵੀਚਾਰਨ ਤੇ ਅਪਣਾਉਣ ਲਈ ਸਭ ਤੋਂ ਪਹਿਲਾਂ) ਗੁਰੂ ਪ੍ਰਤੀ ਅਥਾਹ ਸ਼ਰਧਾ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਬੇਸ਼ੱਕ ‘‘ਨਾਨਕ ! ਅੰਮ੍ਰਿਤੁ ਮਨੈ ਮਾਹਿ; (ਪਰ) ਪਾਈਐ ਗੁਰ ਪਰਸਾਦਿ ॥’’ (ਮ: ੨/੧੨੩੮)

ਭਾਈ ਗੁਰਦਾਸ ਜੀ (ਦੂਜਾ) ਅਨੁਸਾਰ ਸੰਨ 1699 ਈ. ਦੀ ਵਿਸਾਖੀ ਨੂੰ ਬਣਾਈ ਗਈ ਮਰਿਆਦਾ ਕਿ ‘‘ਪੀਵਹੁ ਪਾਹੁਲ ਖੰਡਧਾਰ; ਹੁਇ ਜਨਮ ਸੁਹੇਲਾ।’’ (ਵਾਰ ੪੧ ਪਉੜੀ ੧) ਤੋਂ ਪਹਿਲਾਂ ‘ਖੰਡੇ ਬਾਟੇ ਦੇ ਅੰਮ੍ਰਿਤ’ ਤੋਂ ਭਾਵ ‘ਚਰਣਾਮ੍ਰਿਤੁ’ ਸੀ; ਜਿਸ ਬਾਰੇ ਭਾਈ ਗੁਰਦਾਸ ਜੀ (ਪਹਿਲੇ) ਆਪਣੀ ਪਹਿਲੀ ਵਾਰ ਰਾਹੀਂ ਹੀ ਇਉਂ ਜ਼ਿਕਰ ਕਰਦੇ ਹਨ: ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩)

ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ‘ਚਰਣਾਮ੍ਰਿਤੁ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਲਗਾ ਕੇ ਪਿਲਾਉਣ ਬਾਰੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ ਹੈ; ਜਿਵੇਂ ਕਿ 1699 ਈ. ਦੀ ਵਿਸਾਖੀ ਤੋਂ ਬਾਅਦ ਤਿਆਰ ਕੀਤੇ ਜਾਂਦੇ ‘ਖੰਡੇ ਬਾਟੇ ਦੇ ਅੰਮ੍ਰਿਤ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਵਾਰੋ-ਵਾਰੀ ਲਗਾ ਕੇ ਪਿਲਾਇਆ ਜਾਂਦਾ ਹੈ, ਆਖ਼ਿਰ ਕਿਉਂ?

ਕੁਝ ਗੁਰੂ ਪਿਆਰੇ ਇਸ ਮਰਿਆਦਾ ਨੂੰ ਜਾਤ-ਪਾਤ ਦੇ ਭਰਮ ਮਿਟਾਉਣ ਨਾਲ ਜੋੜ ਕੇ ਵੇਖਦੇ ਹਨ ਪਰ ਇਹ ਵਹਿਮ-ਭਰਮ ਤਾਂ 1469 ਈ. ਦੀ ਵਿਸਾਖੀ (ਭਾਵ ਗੁਰੂ ਨਾਨਕ ਸਾਹਿਬ ਜੀ ਦੇ ਜਨਮ) ਤੋਂ ਪਹਿਲਾਂ ਵੀ ਮੌਜੂਦ ਸੀ, ਫਿਰ ਵੀ ‘ਚਰਣਾਮ੍ਰਿਤੁ’ ਨੂੰ ਇੱਕ ਦੇ ਮੂੰਹ ਨਾਲ ਲਗਾਉਣ ਤੋਂ ਉਪਰੰਤ ਦੂਸਰੇ ਦੇ ਮੂੰਹ ਨਾਲ ਲਗਾਉਣ ਦੀ ਮਰਿਆਦਾ ਨਹੀਂ ਸੀ।

ਦਰਅਸਲ, ਮੇਰੀ ਸਮਝ ਅਨੁਸਾਰ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਉਸ ਵਿੱਦਿਆ ਕੇਂਦਰ ਪ੍ਰਤੀ ਅਥਾਹ ਸ਼ਰਧਾ (ਸੋਚ) ਬਣਾਉਣੀ ਜ਼ਰੂਰੀ ਹੁੰਦੀ ਹੈ ਤਾਂ ਜੋ ਬਾਅਦ ਵਿੱਚ ਉੱਥੋਂ ਦੀ ਸਿੱਖਿਆ ਪ੍ਰਾਪਤ ਕਰਨ ਸਮੇਂ ਕੋਈ ਦੁਚਿੱਤਾਪਣ (ਦੁਬਿਧਾਗ੍ਰਸਤ ਭਾਵਨਾ) ਨਾ ਬਣੀ ਰਹੇ। ਇਸ ਲਈ ਹੀ ‘ਖੰਡੇ-ਬਾਟੇ ਦੇ ਅੰਮ੍ਰਿਤ’ ਨੂੰ ਤਮਾਮ ਅਭਿਲਾਸ਼ੀਆਂ ਦੇ ਮੂੰਹ ਨਾਲ ਲਗਾਉਣ ਵਾਲੀ ਰੀਤ ਆਰੰਭ ਹੋਈ ਜਾਪਦੀ ਹੈ। ਇਸ ਅਤੁੱਟ ਸ਼ਰਧਾ ਵਾਲੀ ਰੀਤ ਦੀ ਗੁਰੂ ਸਾਹਿਬਾਨਾਂ ਦੇ ਸਮੇਂ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਸੀ।

ਉਕਤ ਵੀਚਾਰ ਅਧੀਨ (ਕਿਸੇ ਨਿਵੇਕਲੀ ਸੋਚ ਨੂੰ ਅਪਣਾਉਣ ਵਾਲੀ) ਇਹ ਆਰੰਭਕ ਅਤੁੱਟ ਸ਼ਰਧਾ; ਕੀ ਕਿਸੇ ‘ਕੁੱਤੇ’ ਆਦਿਕ ਜਾਨਵਰ ਨੂੰ ਅੰਮ੍ਰਿਤਪਾਨ ਕਰਵਾ ਕੇ ਉਸ ਵਿੱਚ ਪੈਦਾ ਕੀਤੀ ਜਾ ਸਕਦੀ ਹੈ? ਜੇ ਨਹੀਂ, ਤਾਂ ਧਰਤੀ ’ਤੇ ਡੁੱਲ੍ਹੇ ‘ਅੰਮ੍ਰਿਤ’ ਨੂੰ ਚੱਟੇ ਜਾਣ ਉਪਰੰਤ ਵੀ ਉਸ (ਅਸ਼ਰਧਕ) ਕੁੱਤੇ ਨੂੰ ਉੱਕਾ (ਬਿਲਕੁਲ) ਹੀ ਲਾਭ ਨਹੀਂ ਹੋ ਸਕਦਾ।

ਲਗਭਗ ਸੰਨ 1980 ਤੋਂ ਲੈ ਕੇ 1990 ਤੱਕ ਪੰਜਾਬ ਦੇ ਹਰ ਪਿੰਡ-ਕਸਬੇ ਵਿੱਚ ‘ਬੱਚੇ, ਬੁੱਢੇ, ਨੌਜਵਾਨ, ਬੀਬੀਆਂ’ ਆਦਿ ਨੇ ਬਹੁਤ ਭਾਰੀ ਮਾਤਰਾ ਵਿੱਚ ਅੰਮ੍ਰਿਤਪਾਨ ਕੀਤਾ ਸੀ, ਜਿਨ੍ਹਾਂ ਵਿੱਚੋਂ ਅੱਜ ਅੱਧੇ ਤੋਂ ਵੱਧ ਅੰਮ੍ਰਿਤ ਭੰਗ ਕਰ ਚੁੱਕੇ ਹਨ ਭਾਵ ਗੁਰੂ ਨੂੰ ਬੇਦਾਵਾ ਦੇ ਚੁੱਕੇ ਹਨ। ਕੀ ਉਨ੍ਹਾਂ ਨੂੰ ‘ਡੇਰਾ ਸੋਚ’ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਾਙ ਕੁਝ ਲਾਭ ਮਿਲੇਗਾ ? ‘ਰੰਧਾਵਾ’ ਜੀ ਦੇ ਮਹਾਂਪੁਰਸ਼ਾਂ ਵੱਲੋਂ ਦਿੱਤਾ ਗਿਆ ਇਹ ਬਿਆਨ ਕਿ ‘ਕੁੱਤਾ’ ਅੰਮ੍ਰਿਤ ਛੱਕਣ ਕਾਰਨ ਅਗਲੇ ਜਨਮ ਵਿੱਚ ‘ਮਨੁੱਖ’ ਬਣੇਗਾ, ਉਸ ‘ਸੋਚ’ ਦੀ ਹੀ ਪੁਸ਼ਟੀ ਕਰਦਾ ਹੈ, ਜੋ ‘ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ. ਗੁਰਬਚਨ ਸਿੰਘ ਜੀ ਭਿੰਡਰਾਂਵਾਲਿਆਂ ਦੀ ਲਿਖਤ (ਪੁਸਤਕ) ਗੁਰਬਾਣੀ ਪਾਠ ਦਰਸਨ’ ਦੇ ਪੰਨਾ 80 ’ਤੇ ਇਉਂ ਦਰਜ ਹੈ ਕਿ ‘ਸਤਿਗੁਰੂ ਸਾਹਿਬ (ਦਸਮੇਸ਼ ਪਿਤਾ) ਜੀ ਨੇ ਬਚਨ ਕੀਤਾ ਕਿ ਜਿਸ ਦੇ ਮੁਖ ’ਚ ਇੱਕ ਵਾਰ ਅੰਮ੍ਰਿਤ ਪੈ ਗਿਆ ਉਸ ਨੂੰ ਅਸੀਂ 10, 000 ਸਾਲ ਤੱਕ ਵਾਰ-ਵਾਰ ਸਿੱਖ ਦੇ ਘਰ (ਮਨੁੱਖਾ-ਜਨਮ) ਦੇਵਾਂਗੇ ਕਿਉਂਕਿ ਉਹ ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੇਗਾ।’

ਉਕਤ ‘ਪੁਸਤਕ’ ਦੇ ਹੀ ਪੰਨਾ ਨੰ. 44 ’ਤੇ ‘ਅੰਮ੍ਰਿਤ’ ਛੱਕਣ ਪ੍ਰਤੀ ਇੱਕ ਸਾਖੀ ਇਉਂ ਵੀ ਦਰਜ ਹੈ ਕਿ ‘ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਂਦਿਆਂ ਇੱਕ ਚਿੜਾ ਤੇ ਚਿੜੀ ਆਏ ਤੇ ਦਸਮੇਸ਼ ਪਿਤਾ ਜੀ ਨੇ ਉਨ੍ਹਾਂ ਲਈ ਅੰਮ੍ਰਿਤ ਇੱਕ ਬਰਤਨ ਵਿੱਚ ਪਾ ਦਿੱਤਾ, ਜਿਸ ਦੇ ਪੀਣ ਉਪਰੰਤ ਉਹ ਦੋਵੇਂ ਹੀ ਆਪਸ ਵਿੱਚ ਲੜ ਕੇ ਮਰ ਗਏ ਤਾਂ ਭਾਈ ਗੁਰਬਖ਼ਸ਼ ਸਿੰਘ ਜੀ, ਜੋ ਲੇਖਕ ਅਨੁਸਾਰ ਸਾਮ੍ਹਣੇ ਬੈਠਾ ਸਾਰਾ ਕੌਤਕ ਵੇਖ ਰਿਹਾ ਸੀ, ਨੇ ਭੱਜ ਕੇ ਮਾਤਾ ਜੀ ਨੂੰ ਇਸ ਬਾਬਤ ਦੱਸਿਆ ਤਾਂ ਮਾਤਾ ਜੀ ਨੇ ਤੁਰੰਤ ਆ ਕੇ ਤਿਆਰ ਕੀਤੇ ਜਾ ਚੁੱਕੇ ਅੰਮ੍ਰਿਤ ਵਿੱਚ ਪਤਾਸੇ ਪਾ ਦਿੱਤੇ, ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਤੂੰ ਚੰਗੇ ਵਕਤ ਆਈ ਹੈਂ, ਹੁਣ ਸਿੱਖਾਂ ਵਿੱਚ ਮਿਠਾਸ ਵੀ ਬਣੀ ਰਹੇਗੀ। ’

ਉਕਤ ਸਾਖੀ ਦੁਆਰਾ ਦਿੱਤੀ ਗਈ ਸੇਧ ਰਾਹੀਂ ਅਗਰ ਦਸਮੇਸ਼ ਪਿਤਾ ਜੀ ‘ਚਿੜਾ-ਚਿੜੀ’ ਨੂੰ ਅੰਮ੍ਰਿਤ ਛਕਾ ਸਕਦੇ ਹਨ ਤਾਂ ‘ਰੰਧਾਵਾ’ ਨੇ ‘ਕੁੱਤੇ’ ਨੂੰ ਅੰਮ੍ਰਿਤ ਛਕਾ ਕੇ ਕੀ ਅਪਰਾਧ ਕਰ ਦਿੱਤਾ, ਜਿਸ ਦੀ ਪੁਸ਼ਟੀ ਉਹ ਮਿਤੀ 7-6-15 ਨੂੰ (ਮੀਟਿੰਗ ਵਿੱਚ) ਦਿੱਤੀ ਗਈ ਆਪਣੀ ਦਲੀਲ ਰਾਹੀਂ ਕਰ ਰਿਹਾ ਹੈ ਕਿ ਮੇਰੇ ਵੱਲੋਂ ਇਹ ਸਾਖੀ ਸੁਣਾ ਕੇ ਕੀ ਮਾੜਾ ਕੀਤਾ ਗਿਆ?

(ਨੋਟ: ਭਲਾ ਹੋਵੇ ਭਾਈ ਗੁਰਬਖ਼ਸ਼ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ, ਜਿਨ੍ਹਾਂ ਨੇ ਆਪਣੀ ਸਮਝ ਅਨੁਸਾਰ ਗੁਰੂ ਗੋਬਿੰਦ ਸਿੰਘ ਦੀ ਦੁਆਰਾ ਤਿਆਰ ਕੀਤੇ ਜਾ ਚੁੱਕੇ ‘ਅੰਮ੍ਰਿਤ’ ਵਿੱਚ ਪਤਾਸਿਆਂ ਰਾਹੀਂ ਮਿਠਾਸ ਪਾ ਦਿੱਤੀ, ਨਹੀਂ ਤਾਂ ਮੁੱਖ ਸੇਵਾਦਾਰ ਹੋਣ ਦੇ ਨਾ ਤੇ ‘ਰੰਧਾਵੇ’ ਦੁਆਰਾ ਛਕਾਏ ਗਏ ‘ਕੁੱਤੇ ਨੂੰ ਅੰਮ੍ਰਿਤ’ ਤੋਂ ਉਪਰੰਤ, ਉਹ ਵੀ ਹੋਰ ਕੁੱਤਿਆਂ ਨਾਲ ਲੜ ਕੇ (ਚਿੜੇ-ਚਿੜੀ ਵਾਙ) ਮਰ ਜਾਂਦਾ।)

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਨੇ (ਸ਼ਿਵ ਜੀ ਵੱਲੋਂ ਪਾਰਬਤੀ ਨੂੰ ਸੁਣਾਈ ਗਈ ਅਮਰ ਕਥਾ, ਜੋ ਦਰਖ਼ਤ ਉੱਪਰ ਬੈਠੇ ਕਬੂਤਰ ਨੇ ਵੀ ਸੁਣ ਕੇ ਅਮਰ ਪਦਵੀ ਪਾ ਲਈ ਸੀ, ਵਾਲੀ) ਮਨਘੜਤ ਕਹਾਣੀ ਲੋਕਾਂ ਨੂੰ ਸੁਣਾ ਕੇ ਸਿੱਖੀ ਧਾਰਨ ਨਹੀਂ ਕਰਵਾਈ ਬਲਕਿ ਉਨ੍ਹਾਂ ਨੂੰ ਵੰਗਾਰ ਕੇ ਕਿਹਾ ਸੀ ਕਿ : ‘‘ਜਉ ਤਉ ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨)

ਇਸੇ ਸਿਧਾਂਤ ਵਿੱਚ ਹੋਰ ਵਿਸਥਾਰ ਕਰਦਿਆਂ ਸੰਨ 1699 ਈ. ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਸੇ ਵੀ ਸਿੱਖ ਨਾਲ ਇਹ ਵਾਅਦਾ ਨਹੀਂ ਕੀਤਾ ਕਿ ‘ਅੰਮ੍ਰਿਤ’ ਛਕਣ ਤੋਂ ਉਪਰੰਤ ਮੈਂ ਤੁਹਾਨੂੰ 10, 000 ਸਾਲ ਤੱਕ ਵਾਰ-ਵਾਰ ਸਿੱਖਾਂ ਦੇ ਘਰ ਹੀ (ਮਨੁੱਖਾ-ਜਨਮ) ਦੇਵਾਂਗਾ ਤਾਂ ਜੋ ਤੁਸੀਂ ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੋਗੇ। ਬਲਕਿ ਗੁਰੂ ਜੀ ਨੇ ਤਾਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ (ਗੁਰੂ ਨਾਨਕ ਸੋਚ ਕਿ ‘‘ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ ਅਨੁਸਾਰ) ਉਨ੍ਹਾਂ ਤੋਂ ਸਿਰਾਂ ਦੀ ਮੰਗ ਕੀਤੀ ਸੀ। ਪਰ ਇਸ ਸਿਧਾਂਤ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਵਿੱਚ ਉਕਤ (ਭਾਵਕ, ਜਜ਼ਬਾਤੀ ਕਰਨ ਵਾਲੀ ਬ੍ਰਾਹਮਣੀ) ਸੋਚ ਅਧੀਨ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ ਰਾਹੀਂ ਕੁਝ ਸੁਆਰਥੀ ਲੋਕ (ਜਿਨ੍ਹਾਂ ਵਿੱਚ ਜ਼ਿਆਦਾਤਰ ਰਾਜਨੀਤਿਕ ਤੇ ਗੁਰਦੁਆਰਾ ਪ੍ਰਬੰਧਕ ਹਨ) ਸਿੱਖੀ ਪਹਿਰਾਵੇ ’ਚ ਸ਼ਾਮਲ ਹੋ ਗਏ ਤੇ ਅਣਭੋਲ ਸਿੱਖਾਂ ਨੂੰ ਧੋਖਾ ਦੇਣ ਵਿੱਚ ਵੀ ਕਾਮਯਾਬ ਹੋ ਗਏ ਹਨ। ਇਸ ਤਰ੍ਹਾਂ ਗਿਣਤੀ ਵਧਾਉਣ ਲਈ ਧੜਾ ਧੜ (ਛੇਤੀ-ਛੇਤੀ) ਅੰਮ੍ਰਿਤ ਛਕਾ ਕੇ, ਜੋ ਨੁਕਸਾਨ ਸਿੱਖੀ ਸਰੂਪ ਦਾ ਹੋ ਰਿਹਾ ਹੈ; ਉਸ ਦਾ ਮੁਲਾਂਕਣ (ਲੇਖਾ-ਜੋਖਾ) ਕਰਨਾ ਬਹੁਤ ਮੁਸ਼ਕਲ (ਕਠਿਨ) ਹੈ।

ਭਾਈ ਕਸ਼ਮੀਰ ਸਿੰਘ ਜੀ ਨੇ ‘ਰੰਧਾਵਾ’ ਜੀ ਤੋਂ ਸਵਾਲ ਪੁੱਛਿਆ ਕਿ ਉਸ ਹਾਲ ਵਿੱਚ ਕਿੰਨੇ ਅਭਿਲਾਸ਼ੀ ਅੰਮ੍ਰਿਤਪਾਨ ਕਰਨ ਵਾਲੇ ਸਨ? ਇਸ ਸਵਾਲ ਦਾ ਪਿਛੋਕੜ ਭਾਵ ਸਮਝਣ ਦੀ ਬਜਾਏ ‘ਹਰੀ ਸਿੰਘ ਰੰਧਾਵੇ’ ਨੇ ਉੱਤਰ ਦਿੱਤਾ: 100-150, 200 ਜਾਂ 250, 300 ਤੋਂ ਘੱਟ ਹੀ ਸਨ, 50 ਵੀ ਹੋ ਸਕਦੇ ਹਨ। ਇਹ ਜਵਾਬ ਸੁਣ ਕੇ ਇੱਕ ਆਮ ਸਿੱਖ ਦੇ ਅੰਦਰ ਸੰਦੇਹ ਪੈਦਾ ਹੋਣਾ ਸੁਭਾਵਕ ਹੈ ਕਿ ਜੋ ਵਿਅਕਤੀ 50 ਤੇ 300 ਦੇ ਅੰਤਰ ਨੂੰ ਵੀ ਨਹੀਂ ਸਮਝ ਸਕਿਆ, ਉਸ ਦਾ ਧਰਤੀ ’ਤੇ ਡੁਲ੍ਹਿਆ ਅੰਮ੍ਰਿਤ ਚੱਟਣ ਵਾਲਾ ‘ਕੁੱਤਾ’ ਅਤੇ ਪੀੜ੍ਹੇ (ਮੰਜੀ) ਹੇਠਾਂ ਬੈਠਾ ਕੁੱਤਾ ਵੀ ਇੱਕ ਨਹੀਂ ਬਲਕਿ 2 ਹੋ ਸਕਦੇ ਹਨ ਕਿਉਂਕਿ ਹਾਲ ਦਾ ਕਮਰਾ ਖੁੱਲ੍ਹਾ ਹੋਣ ਕਾਰਨ ‘ਦੂਸਰਾ ਕੁੱਤਾ’ ਵੀ ਅੰਦਰ ਆ ਸਕਦਾ ਸੀ ਜਦਕਿ ‘ਰੰਧਾਵਾ’ ਖੁਦ ਵੀ ਇਹ ਮੰਨਦਾ ਹੈ ਕਿ ਅਸੀਂ ਮੰਜੀ ਹੇਠ ਬੈਠੇ ‘ਕੁੱਤੇ’ ਨੂੰ ਭੁੱਲ ਹੀ ਗਏ ਸੀ।

ਸਿੱਖ ਕੌਮ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ 1699 ਈ. ਦੀ ਵਿਸਾਖੀ ਨੂੰ 20, 000 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਸੀ, ਜੋ ਕਿ ਕੁਝ ਕੁ ਦਿਨਾਂ ਵਿੱਚ ਹੀ ਵਧ ਕੇ 80, 000 ਦੀ ਗਿਣਤੀ ਹੋ ਗਈ, ਕੁਝ ਇਤਿਹਾਸਕਾਰਾਂ ਨੇ ਲਿਖੀ ਹੈ। ਜਿਸ ਤੋਂ ਉਪਰੰਤ ਇਤਿਹਾਸ ਵਿੱਚ ਦਰਜ ਇਹ ਸਾਖੀ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਖੋਤੇ ਨੂੰ ਸ਼ੇਰ ਦੀ ਖੱਲ ਪਵਾ ਕੇ ਇਹ ਸੰਕੇਤ ਦਿੱਤਾ ਸੀ ਕਿ ਗੁਰਮਤਿ-ਸਿਧਾਂਤ ਨੂੰ ਸਮਝ-ਵੀਚਾਰ ਕੇ ਉਸ ਅਨੁਸਾਰ (ਦ੍ਰਿੜ੍ਹਤਾ ਸਹਿਤ) ਅਮਲੀ-ਜੀਵਨ ਬਤੀਤ ਕਰਨ ਤੋਂ ਬਿਨਾ, ਵਿਖਾਵੇ ਮਾਤਰ ਲਈ ਛਕਿਆ ‘ਅੰਮ੍ਰਿਤ’ ਅਤੇ ਵਿਖਾਵੇ ਮਾਤਰ ਲਈ ਪਹਿਨੀ ਗਈ ‘ਪੰਜ ਕਕਾਰੀ’ (ਵਰਦੀ); ਇਉਂ ਹੀ ਹੈ, ਜਿਵੇਂ ਖੋਤੇ ’ਤੇ ਕੇਵਲ ਸ਼ੇਰ ਦੀ ਖੱਲ ਪਾਉਣ ਨਾਲ; ਖੋਤਾ, ਸ਼ੇਰ ਵਾਙ (ਦਲੇਰਾਨਾ, ਸਾਹਸ ਭਰਿਆ) ਜੀਵਨ ਬਤੀਤ ਨਹੀਂ ਕਰ ਸਕਦਾ, ਸਗੋਂ ਫਿਰ ਵੀ ਗਧਿਆਂ ਵਾਙ ਹਿਣਕ ਕੇ ਆਪਣੀ ਸੋਚ (ਖੋਤਾ-ਸੁਭਾਉ) ਹੀ ਵਿਖਾਵੇਗਾ।

ਉਕਤ ਘਟਨਾ ਰਾਹੀਂ ਦਿੱਤਾ ਗਿਆ ਸੰਕੇਤ ਇੱਕ ਖੋਤੇ (ਅੰਮ੍ਰਿਤਧਾਰੀ ਸਿੱਖ) ਵੱਲ ਸੀ, ਨਾ ਕਿ ਕਿਸੇ ਗ਼ੈਰ ਅੰਮ੍ਰਿਤਧਾਰੀ (ਬ੍ਰਾਹਮਣ) ਵੱਲ। ਜਦ ਗੁਰਮਤਿ ਸਿਧਾਂਤ ਨੂੰ ਆਪਣੇ ਅਮਲੀ ਜੀਵਨ ਵਿੱਚ ਧਾਰਨ ਕੀਤੇ ਜਾਣ ਤੋਂ ਬਿਨਾਂ ਕੇਵਲ ਅੰਮ੍ਰਿਤਪਾਨ ਕਰਕੇ ਮਨੁੱਖ, ਖੋਤਾ ਵੀ ਰਹਿ ਸਕਦਾ ਹੈ ਤਾਂ ‘ਕੁੱਤਾ’ (ਬੇਸ਼ੱਕ ਜਾਣੇ-ਅਣਜਾਣੇ ਹੀ ਸਹੀ) ਅੰਮ੍ਰਿਤ ਛੱਕ ਕੇ ਅਗਲੇ ਜਨਮ ਵਿੱਚ ਮਨੁੱਖ ਕਿਵੇਂ ਬਣ ਸਕਦਾ ਹੈ, ਜਿਵੇਂ ਕਿ ‘ਰੰਧਾਵਾ’ ਦੀਆਂ ਨਜ਼ਰਾਂ ਵਿੱਚ ਬਣੇ ਮਹਾਂਪੁਰਸ਼ ਜੀ ਕਹਿ ਰਹੇ ਹਨ?

ਸੋ, ਅੰਮ੍ਰਿਤਪਾਨ ਕਰਨਾ ‘ਗੁਰੂ’ ਫ਼ਿਲਾਸਫ਼ੀ ਨੂੰ ਆਪਣੇ ਜੀਵਨ ਵਿੱਚ ਅਪਣਾਉਣ (ਗ੍ਰਹਿਣ ਕਰਨ) ਲਈ ਇੱਕ ਪ੍ਰਣ (ਵਾਅਦਾ, ਦ੍ਰਿੜ੍ਹ ਸੰਕਲਪ) ਹੁੰਦਾ ਹੈ। ਮਨੁੱਖ ਤੋਂ ਬਿਨਾ ਕੋਈ ਵੀ ਜੀਵ-ਜੰਤ (ਕਿਸੇ ਨਿਵੇਕਲੀ ਸੋਚ ਪ੍ਰਤੀ) ਅਜਿਹੀ ਭਾਵਨਾ ਆਪਣੇ ਅੰਦਰ ਪੈਦਾ ਨਹੀਂ ਕਰ ਸਕਦਾ। ‘ਕੁੱਤੇ’ ਜਾਂ ‘ਚਿੜੇ-ਚਿੜੀ’ ਦੀਆਂ ਸਾਖੀਆਂ ਰਾਹੀਂ ਕਿਸੇ ਮਨੁੱਖ ਨੂੰ ਭਾਵਕ (ਜਜ਼ਬਾਤੀ) ਬਣਾ ਕੇ ਛਕਾਇਆ ਗਿਆ ਅੰਮ੍ਰਿਤ (ਭਾਵ ਨਿਵੇਕਲੀ ਫ਼ਿਲਾਸਫ਼ੀ ’ਚ ਸ਼ਾਮਲ ਕੀਤਾ ਗਿਆ ਮਨੁੱਖ), ਕੌਮ ਦੇ ਕਿਸੇ ਭਲੇ ਦੀ ਬਜਾਏ ਨੁਕਸਾਨ ਵਧੇਰਾ ਕਰੇਗਾ।

ਸਵਾਲ ਤੀਜਾ

ਸੰਗਤਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਰੰਧਾਵਾ ਜੀ ਨੇ ਆਪਣੀ ਕਥਾ ਅਨੁਸਾਰ ਦਰਖ਼ਤਾਂ (ਬਿ੍ਰਛਾਂ) ਨੂੰ ਹਥਿਆਰ ਲੱਗੇ ਸਨ, ਦਾ ਜ਼ਿਕਰ ਕੀਤਾ ਹੈ, ਦੱਸੋ ਕੀ ਇਹ ਗੁਰਮਤਿ ਹੈ ?, ਦੇ ਜਵਾਬ ਵਿੱਚ ‘ਰੰਧਾਵਾ’ ਨੇ ਜੋ ਦਲੀਲ ਮੀਟਿੰਗ ਵਿੱਚ ਦਿੱਤੀ ਉਹ ਤਾਂ ਇਸ ਵਿਸ਼ੇ ਦਾ ਬਹੁਤ ਹੀ ਥੋੜਾ ਭਾਗ ਸੀ ਪਰ ‘ਰੰਧਾਵੇ’ ਦੇ ਇਸ ਵਿਸ਼ੇ ਨਾਲ ਸਬੰਧਿਤ ਪੂਰੇ ਵੀਚਾਰ ਮੈਂ ਇੱਕ ਵੀਡਿਓ ਰਾਹੀਂ ਸੁਣੇ, ਜਿਨ੍ਹਾਂ ਨੂੰ ਹੂ-ਬਹੂ (ਇੰਨ-ਬਿੰਨ) ਆਪ ਜੀ ਦੇ ਸਾਮ੍ਹਣੇ ਰੱਖ ਰਿਹਾ ਹਾਂ : (ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ) ਸੰਤ ਗਿ. ਗੁਰਬਚਨ ਸਿੰਘ ਜੀ ਭਿੰਡਰਾਂਵਾਲੇ’ ਇੱਕ ਵਾਰ ਆਪਣੇ ਰੰਗ ਵਿੱਚ ਇੰਨਾ ਆ ਕੇ, ਜੋ ਬਚਨ ਕਹਿ ਗਏ; ਉਹ ਉਨ੍ਹਾਂ ਨੂੰ ਨਹੀਂ ਕਹਿਣੇ ਚਾਹੀਦੇ ਸੀ। ਉਨ੍ਹਾਂ ਬਚਨਾਂ ਨੂੰ ਸੰਤ ਗਿਆਨੀ ਮੋਹਨ ਸਿੰਘ ਜੀ ਲਿਖ ਰਹੇ ਸਨ।

ਮਹਾਂਪੁਰਸ਼ਾਂ ਨੇ ਕਿਹਾ ਕਿ ਇੱਕ ਵਾਰ ਮੈਂ ਕੀਰਤਪੁਰ ਤੋਂ ਉੱਪਰ ਪਹਾੜੀਆਂ ’ਚ ਦੂਰ ਤੱਕ, ਇਹ ਸੋਚ ਕੇ ਚਲਾ ਗਿਆ ਕਿ ਮੈਂ ਵਾਪਸ ਮੁੜ ਕੇ ਨਹੀਂ ਆਵਾਂਗਾ। ਮੇਰਾ ਸਰੀਰ ਕੋਈ ਜੰਗਲੀ ਜਾਨਵਰ ਖਾ ਲਵੇਗਾ ਤੇ ਲੇਖੇ ਲੱਗ ਜਾਏਗਾ, ਮੁੜ ਕੇ ਕਿਸ ਨੇ ਇੱਧਰ (ਵਾਪਸ) ਆਉਣੈ ? ‘‘ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬)

ਗੁਰ ਮੰਤ੍ਰ ਦਾ ਅਭਿਆਸ ਕਰਦਿਆਂ ਤੇ ਅੱਗੇ ਹੀ ਅੱਗੇ ਜਾਂਦਿਆਂ ਇੱਕ ਬਹੁਤ ਵੱਡੀ ਸੁਰੰਗ ਆ ਗਈ, ਜਿਸ ਵਿੱਚ ਮੈਂ ਬਹੁਤ ਦੂਰ ਤੱਕ ਅਗਾਂਹ ਚਲਦਾ ਗਿਆ ਤੇ ਲੰਮੇ ਪੈਂਡੇ (ਫ਼ਾਸਲੇ) ਤੋਂ ਬਾਅਦ ਰੌਸ਼ਨੀ ਦੀ ਇੱਕ ਕਿਰਨ ਨਜ਼ਰ ਆਈ। ਸੁਰੰਗ ਤੋਂ ਬਾਹਰ ਨਿਕਲ ਕੇ ਵੇਖਿਆ ਕਿ ਇੱਕ ਕੁਦਰਤੀ ਸਰੋਵਰ ਦੇ ਚਾਰੋਂ ਤਰਫ਼ ਅਲੌਕਿਕ (ਵਿਲੱਖਣ, ਅਜੀਬ) ਬ੍ਰਿਛ ਸਨ, ਜਿਨ੍ਹਾਂ ’ਤੇ ਰਵਾਇਤੀ (ਪੁਰਾਣੇ) ਸ਼ਸਤਰ ਲਟਕ ਰਹੇ ਸਨ। ਇੱਕ-ਇੱਕ ਦਰਖ਼ਤ ਹੇਠਾਂ ਇੱਕ-ਇੱਕ ਵਿਅਕਤੀ ਦਾ ਆਸਣ ਸੀ, ਜਿਵੇਂ ਦੇਵਤਿਆਂ ਦੀਆਂ ਰੂਹਾਂ ਉਤਰੀਆਂ ਹੋਣ। ਉਹ ਕੇਵਲ ਕਛਹਿਰੇ ਤੇ ਸਿਰ ’ਤੇ ਪਗੜੀ ਤੋਂ ਸਿਵਾਏ (ਇਲਾਵਾ) ਬਾਕੀ ਸਰੀਰਕ ਤੌਰ ’ਤੇ ਨੰਗੇ ਸਨ।

ਮੈਂ ਦੁਬਿਧਾ ਕਾਰਨ ਸਹਿਮਿਆ ਹੋਇਆ ਸੀ ਕਿ ਮੈਂ ਕਿੱਥੇ ਆ ਗਿਆ ਤਦ ਤੱਕ ਉਨ੍ਹਾਂ ਵਿੱਚੋਂ ਪ੍ਰਮੁੱਖ (ਬਾਬਾ ਬੰਦਾ ਸਿੰਘ ਬਹਾਦਰ) ਨੇ ਮੈਨੂੰ ਆਵਾਜ਼ ਮਾਰੀ ਕਿ ਗਿਆਨੀ ਗੁਰਬਚਨ ਸਿਓਂ ! ਇੱਧਰ ਆ ਜਾਉ। ਮੈਂ ਜਾ ਕੇ ‘ਵਾਹਿਗੁਰੂ ਜੀ ਕੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ (ਉੱਚੀ ਆਵਾਜ਼ ਨਾਲ) ਬੁਲਾਈ ਜਿਸ ਦਾ ਮੈਨੂੰ ਗਰਜਵੀਂ ਆਵਾਜ਼ ਵਿੱਚ ਜਵਾਬ ਮਿਲਿਆ। ਮੈਨੂੰ ਆਦਰ-ਸਤਿਕਾਰ ਨਾਲ ਆਸਣ ਦਿੱਤਾ ਤੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜੀ ! ਲੋਕਾਂ ਨੂੰ ਇੰਨੀ ਕਥਾ ਸੁਣਾਉਂਦੇ ਹੋ, ਸਾਨੂੰ ਨਹੀਂ ਸੁਣਾਓਗੇ? ਮੈਂ ਅਚੰਭੇ (ਹੈਰਾਨੀ) ਵਿੱਚ ਸੀ, ਪਰ ਉਨ੍ਹਾਂ ਮੈਨੂੰ ਵੇਖ ਕੇ ਕਿਹਾ ਕਿ ਦਮਦਮੀ ਟਕਸਾਲ ਦੇ ਜਥੇਦਾਰ ਦੀ ਪਗੜੀ ਲੈ ਕੇ ਉਦਾਸ ਹੋ ਗਏ ਹੋ। ਉਦਾਸ ਨਾ ਹੋਵੋ, ਤੁਹਾਡੀ ਬੜੀ ਚੜ੍ਹਦੀ ਕਲਾ ਹੋਣੀ ਹੈ, ਪੰਥ ਦੀਆਂ ਬੜੀਆਂ ਜ਼ਿੰਮੇਵਾਰੀਆਂ ਹਨ ਤੁਹਾਡੇ ਉੱਪਰ। ਗਿਆਨੀ ਜੀ ! ਆਹ, ਜੋ ਸਿੰਘ ਖੜ੍ਹੇ ਹਨ ਸਾਮ੍ਹਣੇ, ਇਹ ਤਾਂ ਸਾਰੇ ਤੁਹਾਡੀ ਹੀ ਟਕਸਾਲ ਦੇ ਹਨ। ਇਨ੍ਹਾਂ ਦਾ ਨਾਮ ਬਾਬਾ ਦੀਪ ਸਿੰਘ ਹੈ (ਗੱਜ ਕੇ ਆਖੋ, ‘ਸਤਿਨਾਮ ਵਾਹਿਗੁਰੂ’, ਮੈਂ ਆਪਣੇ ਸਰੀਰ ’ਤੇ ਚੂੰਡੀਆਂ ਵੱਢ ਕੇ ਵੇਖੀਆਂ ਕਿ ਸ਼ਾਇਦ ਮੈ ਸੁਪਨਾ ਵੇਖ ਰਿਹਾ ਹਾਂ।), ਇਹ ਭਾਈ ਮਨੀ ਸਿੰਘ ਹੈ, ਇਹ ਭਾਈ ਤਾਰੂ ਸਿੰਘ ਹੈ ਆਦਿ ਤੇ ਅਖ਼ੀਰ ਵਿੱਚ ਕਿਹਾ ਕਿ ਮੇਰਾ ਨਾਮ ‘ਬੰਦਾ ਸਿੰਘ ਬਹਾਦਰ ਹੈ’।

ਇਹ ਸੁਣ ਕੇ ਮੈ ਕਿਹਾ ਕਿ, ਕੀ ਤੁਸੀਂ ਸ਼ਹੀਦ ਹੋ ? ਉਨ੍ਹਾਂ ਕਿਹਾ ਕਿ ਅਸੀਂ ਅਮਰ ਹਾਂ, ਕੌਣ ਜੰਮਿਆ ਹੈ ਸਾਨੂੰ ਮਾਰਨ ਵਾਲਾ? ਇਹ ਪਦਵੀ ਤਾਂ ਰੱਬੀ ਭੇਦ ਹੈ: ‘‘ਹੋਨਿ ਨਜੀਕਿ ਖੁਦਾਇ ਦੈ, ਭੇਤੁ ਨ ਕਿਸੈ ਦੇਨਿ ॥’’ (ਬਾਬਾ ਫਰੀਦ/੧੩੮੪) ਪਰ ਤੂੰ ਵੀ ਤਾਂ ਰੱਬ ਦੇ ਨੇੜੇ ਹੈਂ, ਸਖੀਆਂ-ਸਖੀਆਂ ਤਾਂ ਆਪਸ ਵਿੱਚ ਰੱਬੀ ਭੇਦ ਬਾਰੇ ਗੱਲਾਂ ਕਰ ਸਕਦੀਆਂ ਹਨ। ਤੁਸੀਂ ਵੀ ਤਾਂ ਅਕਾਲ ਪੁਰਖ ਨੂੰ ਅਕਾਲ ਮੂਰਤਿ ਮੰਨ ਕੇ ਪਾਇਆ ਹੈ: ‘‘ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ ਨ ਜਾਇਆ ॥’’ (ਮ: ੪/੭੮) ਭਾਵ ਤੁਸੀਂ ਵੀ ਤਾਂ ਆਖ਼ਰ ਸਾਡੀਆਂ ਹੀ ਸਖੀਆਂ ਵਿੱਚੋਂ ਹੋ।

ਉਨ੍ਹਾਂ (ਬਾਬਾ ਬੰਦਾ ਸਿੰਘ ਬਹਾਦਰ) ਨੇ ਆਪਣੇ ਵੀਚਾਰਾਂ ਨੂੰ ਅਗਾਂਹ ਵਧਾਉਂਦਿਆਂ ਕਿਹਾ ਕਿ ਜਦ ਕੋਈ ਅੰਮ੍ਰਿਤਧਾਰੀ ਸਿੰਘ ਸਾਰੀ ਉਮਰ, ਰਹਿਤ ਤੇ ਨਿਤਨੇਮ ਨਿਭਾ ਜਾਏ ਤਾਂ ਜਦ ਉਸ ਦੇ ਸਵਾਸ ਪੂਰੇ ਹੁੰਦੇ ਹਨ ਤਦੋਂ ਦਸਮੇਸ਼ ਪਿਤਾ ਜੀ ਵੱਲੋਂ ਲੱਗੀ ਡਿਊਟੀ ਅਨੁਸਾਰ ਭਾਈ ਦਇਆ ਸਿੰਘ ਸਮੇਤ ਪੰਜ ਪਿਆਰੇ ਉਸ ਨੂੰ ਲੈਣ ਵਾਸਤੇ ਜਾਂਦੇ ਹਨ, ਉਸ ਨੂੰ ਲੈਣ ਵਾਸਤੇ ਦੇਵਤੇ ਨਹੀਂ ਆ ਸਕਦੇ ਕਿਉਂਕਿ ਉਸ ਨੇ ਸਵਰਗ ਵਿੱਚ ਨਹੀਂ ਜਾਣਾ, ਜਮਦੂਤ ਨਹੀਂ ਆ ਸਕਦੇ ਕਿਉਂਕਿ ਉਸ ਨੇ ਨਰਕ ਵਿੱਚ ਨਹੀਂ ਜਾਣਾ। ਜਦ ਪੰਜ ਪਿਆਰੇ ਉਸ ਨੂੰ ‘ਸੱਚ ਖੰਡ’ ਰੂਪ ਗੁਰੂ ਦੀ ਡਿਓੜੀ (ਮੁਖ ਦਵਾਰ) ’ਤੇ ਲੈ ਕੇ ਜਾਂਦੇ ਹਨ ਤਾਂ ਡਿਓੜੀਦਾਰ ਉਸ ਨੂੰ ਪੁੱਛਦੇ ਹਨ ਕਿ ਅਕਾਲ ਪੁਰਖ ਦਾ ਹੁਕਮ ਹੈ ਕਿ, ਕੀ ਤੁਸੀਂ ਸੇਵਾ-ਸਿਮਰਨ ਕਰਕੇ ਰੱਜ ਗਏ ਹੋ ਜਾਂ ਕੋਈ ਭੁੱਖ ਬਾਕੀ ਹੈ? ਇਸ ਪ੍ਰਸ਼ਨ ਦੇ ਜਵਾਬ ਵਿੱਚ, ਜੋ ਕਹਿ ਦੇਵੇ ਕਿ ਮੈ ਸੰਤੁਸ਼ਟ ਹਾਂ, ਉਸ ਨੂੰ ਤਾਂ ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਪਰ ਜੋ ਕਹਿ ਦੇਵੇ ਕਿ ਮੈਂ ਅਜੇ ਪੰਥ ਦੀ ਹੋਰ ਸੇਵਾ ਕਰਨੀ ਹੈ, ਹੋਰ ਸਿਮਰਨ ਕਰਨਾ ਹੈ, ਉਸ ਨੂੰ ਗਿਆਨੀ ਜੀ ! ਆਹ ਜਗ੍ਹਾ ਮਿਲਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਅਸੀਂ ਉਹ ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦੇ ਦਰ ’ਤੇ ਕਿਹਾ ਸੀ, ਕਿ ਸਾਨੂੰ ਪੰਥ ਦੀ ਹੋਰ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਜਾਏ।

ਇਹ ‘ਸੱਚ ਖੰਡ’ ਤਾਂ ਨਹੀਂ, ਪਰ ‘ਸੱਚ ਖੰਡ’ ਤੋਂ ਦੂਜੇ ਨੰਬਰ ਦੀ ਜਗ੍ਹਾ ਹੈ। ਅਸੀਂ ਸਾਰੀਆਂ ਸ਼ਹੀਦ ਰੂਹਾਂ ਇੱਥੇ ਇਕੱਠੀਆਂ ਰਹਿੰਦੀਆਂ ਹਾਂ ਅਤੇ ਆਪਣੀਆਂ ਤਿਆਰੀਆਂ ਕਰ ਰਹੇ ਹਾਂ, ਜਦ ਗੁਰੂ ਗੋਬਿੰਦ ਸਾਹਿਬ ਜੀ ਦਾ ਹੁਕਮ ਹੋਵੇਗਾ ਤਦ ਖਾਲਸਾ ਰਾਜ ਦਾ ਇੱਥੋਂ ਨਗਾਰਾ ਵਜਾ ਕੇ ਅਸੀਂ ਉਸ ਸੁਰੰਗ ਵਿੱਚ ਦੀ, ਜਿਸ ਵਿਚ ਦੀ ਤੁਸੀਂ ਆਏ ਹੋ, ਬਾਹਰ ਜਾਵਾਂਗੇ। ਕਿਸੇ ਮਾਂ ਦੇ ਪੇਟ ਤੋਂ ਅਸੀਂ ਜਨਮ ਨਹੀਂ ਲਵਾਂਗੇ ਕਿਉਂਕਿ ਇੱਥੋਂ ਹੀ ਪ੍ਰਗਟ ਹੋ ਜਾਣਾ ਹੈ।

ਗੁਰੂ ਨਾਨਕ ਸਾਹਿਬ ਜੀ ਦਾ ਮੱਕੇ ਵਿੱਚ ਕੀਤਾ ਗਿਆ ਬਚਨ ਕਿ ‘ਫੇਰ ਕਰੂੰਗਾ ਖਾਲਸਾ, ਵਸੈ ਵਿੱਚ ਪੰਜਾਬ। ਚਾਰ ਵਰਣ ਕਾ ਏਕ ਰੂਪ, ਦੇਖ ਕਰੂੰ ਮੈ ਆਪ।…………….ਓਦੈ ਅਰੁ ਅਸਤ ਲਉ, ਸਿੰਘ ਕਰੇਗਾ ਰਾਜ।’ ਭਾਵ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਛੁਪਦਾ ਹੈ, ਉਥੋਂ ਤੱਕ; ਸਿੰਘ ਰਾਜ ਕਰਨਗੇ। ਗੁਰੂ ਮਹਾਂਰਾਜ ਦਾ ਹੁਕਮ ਹੈ ਕਿ ‘ਆਪ ਲੜੂ ਨਹੀਂ ਫੌਜ ਲੜਾਉਂ, ਦੀਨਾਂ ਸੇਤੀ ਬਾਂਧ ਬਣਾਉਂ।’ ਇਹ ਰਾਜ ਗੱਲਾਂ ਵਾਲਿਆਂ ਨੇ ਨਹੀਂ ਲੈਣਾ, ਨ ਗੱਲਾਂ ਵਾਲਿਆਂ ਤੋਂ ਲੈ ਹੋਣੈ ਕਿਉਂਕਿ ਅਧਰਮੀ ਲੋਕ ਰਾਜ ਨਹੀਂ ਲੈ ਸਕਦੇ। (ਹਰੀ ਸਿੰਘ ਰੰਧਾਵਾ)

ਵੀਚਾਰ: ‘ਸੰਤ ਗਿਆਨੀ ਗੁਰਬਚਨ ਸਿੰਘ’ ਜੀ ਦੇ ‘ਸੁਪਨ ਸਮਾਧੀ’ ਵਾਲੇ ਅਨੁਭਵ ਰਾਹੀਂ ਹੋਂਦ ਵਿੱਚ ਆਏ ਉਕਤ ਬਚਨ, ਜਿਨ੍ਹਾਂ ਨੂੰ ‘ਸੰਤ ਗਿਆਨੀ ਮੋਹਨ ਸਿੰਘ’ ਜੀ ਲਿਖ ਰਹੇ ਹਨ ਤੇ ‘ਹਰੀ ਸਿੰਘ ਰੰਧਾਵਾ’ ਵਰਗੇ ਪ੍ਰਚਾਰਕ ਇਨ੍ਹਾਂ ਬਚਨਾਂ ਨੂੰ ਬੜੇ ਉਤਸ਼ਾਹ ਨਾਲ ਸਿੱਖ-ਸਮਾਜ ਵਿੱਚ ਪ੍ਰਚਾਰ ਕਰਦਿਆਂ ਆਪਣੀ ਸੰਸਥਾਂ ਦੇ ਮਹਾਂਪੁਰਸ਼ਾਂ ਦੀ ਅਵਸਥਾ ਨੂੰ ਪਹੁੰਚੇ ਹੋਏ ‘ਸੰਤ’ ਅਤੇ ਆਪਣੀ ਟਕਸਾਲ ਦੀ ਆਰੰਭਤਾ ‘ਬਾਬਾ ਦੀਪ ਸਿੰਘ’ ਤੇ ‘ਭਾਈ ਮਨੀ ਸਿੰਘ’ ਦੁਆਰਾ ਕੀਤੀ ਹੋਈ, ਸਿੱਧ ਕਰਨ ਦਾ ਅਸਫਲ ਯਤਨ (ਉਪਰਾਲਾ) ਕਰਦੇ ਆ ਰਹੇ ਹਨ ਅਤੇ ਕਰ ਰਹੇ ਹਨ ਕਿਉਂਕਿ ਉਕਤ ਸੋਚ ਅਧੀਨ ਬਿਆਨੇ ਜਾ ਰਹੇ ਵਿਸ਼ੇ ਵਿੱਚ ਹੀ ਅਣਗਿਣਤ ਊਣਤਾਈਆਂ (ਖ਼ਾਮੀਆਂ) ਹਨ; ਜਿਵੇਂ:

(1). ਗਿਆਨੀ ਗੁਰਬਚਨ ਸਿੰਘ ਜੀ ਕੀਰਤਪੁਰ ਦੀਆਂ ਪਹਾੜੀਆਂ ਤੋਂ ਅਗਾਂਹ ਆਤਮ ਹੱਤਿਆ ਕਰਨ ਲਈ ਜਾ ਰਹੇ ਸਨ, ਜਿਸ ਦੀ ਪੁਸ਼ਟੀ ਗਿਆਨੀ ਗੁਰਬਚਨ ਸਿੰਘ ਜੀ ਦੇ ਇਨ੍ਹਾਂ ਬਚਨਾਂ ਤੋਂ ਹੋ ਜਾਂਦੀ ਹੈ ਕਿ: ‘ਇੱਕ ਵਾਰ ਮੈਂ ਕੀਰਤਪੁਰ ਤੋਂ ਉੱਪਰ ਪਹਾੜੀਆਂ ’ਚ ਦੂਰ ਤੱਕ, ਇਹ ਸੋਚ ਕੇ ਚਲਾ ਗਿਆ ਕਿ ਮੈਂ ਵਾਪਸ ਮੁੜ ਕੇ ਨਹੀਂ ਆਵਾਂਗਾ’ ਅਤੇ ‘ਬੰਦਾ ਸਿੰਘ ਬਹਾਦਰ’ ਦੁਆਰਾ ਇਹ ਕਹਿਣਾ ਕਿ ‘ਉਦਾਸ ਨਾ ਹੋਵੋ, ਪੰਥ ਦੀਆਂ ਬੜੀਆਂ ਜ਼ਿੰਮੇਵਾਰੀਆਂ ਹਨ ਤੁਹਾਡੇ ਉੱਪਰ।’

(2). ਗਿਆਨੀ ਗੁਰਬਚਨ ਸਿੰਘ ਜੀ ਲੰਮੀ ਸੁਰੰਗ ਤੋਂ ਬਾਹਰ ਨਿਕਲਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਈ ਤਮਾਮ ਵਾਰਤਾਲਾਪ ਦੀ ਆਰੰਭਤਾ ਤੋਂ ਲੈ ਕੇ ਅੰਤ ਤੱਕ ਸਹਿਮੇ (ਡਰੇ) ਹੋਏ ਪ੍ਰਤੀਤ ਹੁੰਦੇ ਹਨ; ਕੀ ਅਜਿਹਾ ਸਹਿਮਿਆ ਹੋਇਆ ਵਿਅਕਤੀ ਉੱਚੀ (ਗਰਜਵੀਂ) ਆਵਾਜ਼ ਵਿੱਚ ‘ਵਾਹਿਗੁਰੂ ਜੀ ਕੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ ਬੁਲਾ ਸਕਦਾ ਹੈ?

(3). ਸਰੀ (ਕੈਨੇਡਾ) ਦੀਆਂ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਤੋਂ ਪੁੱਛਿਆ ਗਿਆ ਤੀਸਰਾ ਸਵਾਲ, ਕਿ ਤੁਸੀਂ ਦਰਖ਼ਤਾਂ ’ਤੇ ਸ਼ਸਤਰ ਲਟਕਣ (ਲੱਗੇ ਹੋਣ) ਦੀ ਗੱਲ ਕਹੀ ਸੀ; ਕੀ ਇਹ ਗੁਰਮਤਿ ਹੈ ?

ਇਸ ਸਵਾਲ ਦੀ ਪੁਸ਼ਟੀ, ‘ਹਰੀ ਸਿੰਘ ਰੰਧਾਵਾ’ ਜੀ ਦੁਆਰਾ ਵੀਡਿਓ ’ਚ ਦਰਜ ਉਸ ਆਵਾਜ਼ ਤੋਂ ਹੁੰਦੀ ਹੈ ਜਦ ਉਸ ਨੇ ਕਿਹਾ ਕਿ ‘ਗਿਆਨੀ ਗੁਰਬਚਨ ਸਿੰਘ ਜੀ ਨੇ ਜਦ ਲੰਮੀ ਸੁਰੰਗ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਕਿ ਇੱਕ ਕੁਦਰਤੀ ਸਰੋਵਰ ਦੇ ਚਾਰੋਂ ਤਰਫ਼ ਅਲੌਕਿਕ (ਅਜੀਬ) ਬ੍ਰਿਛ ਸਨ, ਜਿਨ੍ਹਾਂ ’ਤੇ ਰਵਾਇਤੀ (ਪੁਰਾਣੇ) ਸ਼ਸਤਰ ਲਟਕ ਰਹੇ ਸਨ।’, ਪਰ ‘ਰੰਧਾਵਾ’ ਜੀ ਨੇ ਮੀਟਿੰਗ ਵਿੱਚ ਇਹ ਵੀਚਾਰ (ਕਿ ਸ਼ਸਤਰ ਦਰਖ਼ਤਾਂ ’ਤੇ ਲਟਕ ਰਹੇ ਸਨ) ਨੂੰ ਬਦਲ ਕੇ ਇਉਂ ਸਪਸ਼ਟੀਕਰਨ ਦਿੱਤਾ ਕਿ ਰਵਾਇਤੀ ਸ਼ਸਤਰ ਦਰਖ਼ਤਾਂ ’ਤੇ ਟੰਗੇ ਹੋਏ ਸਨ।

(ਨੋਟ: ‘ਰਵਾਇਤੀ ਸ਼ਸਤਰ’ ਦਾ ਅਰਥ ਹੈ ‘ਪੁਰਾਣੇ ਹਥਿਆਰ’। ਵੀਚਾਰਨ ਦਾ ਵਿਸ਼ਾ ਹੈ ਕਿ ਕੀ ਅਜੋਕੇ ਆਧੁਨਿਕ ਯੁਗ ਵਿੱਚ ‘ਰਵਾਇਤੀ ਸ਼ਸਤਰ’ ਖ਼ਾਲਿਸਤਾਨ ਬਣਵਾ ਸਕਦੇ ਹਨ? ਜਿਨ੍ਹਾਂ ਰਾਹੀਂ (ਸ਼ਹੀਦਾਂ ਵੱਲੋਂ) ਨਿਰੰਤਰ ਹੋ ਰਿਹਾ ਅਭਿਆਸ (ਤਿਆਰੀ) ਦੀ ਗੱਲ ਵੀ ਆਖੀ ਜਾ ਰਹੀ ਹੈ? )

(4). ਗਿਆਨੀ ਗੁਰਬਚਨ ਸਿੰਘ ਜੀ ਅਨੁਸਾਰ ‘ਜਦ ਪੰਜ ਪਿਆਰੇ ਰਹਿਤਵਾਨ ਤੇ ਨਿਤਨੇਮੀ (ਮਰਯਾਦਾ ਪੁਰਸ਼ੋਤਮ) ਸਿੱਖ ਨੂੰ ‘ਸੱਚ ਖੰਡ’ ਰੂਪ ਗੁਰੂ ਦੀ ਡਿਓੜੀ (ਮੁਖ ਦਵਾਰ) ’ਤੇ ਲੈ ਕੇ ਜਾਂਦੇ ਹਨ ਤਾਂ ਡਿਓੜੀਦਾਰ ਉਸ ਨੂੰ ਪੁੱਛਦੇ ਹਨ ਕਿ ਅਕਾਲ ਪੁਰਖ ਦਾ ਹੁਕਮ ਹੈ ਕਿ ਕੀ ਤੁਸੀਂ ਸੇਵਾ-ਸਿਮਰਨ ਕਰਕੇ ਰੱਜ ਗਏ ਹੋ ਜਾਂ ਕੋਈ ਭੁੱਖ ਬਾਕੀ ਹੈ?’ (ਹਰੀ ਸਿੰਘ ਰੰਧਾਵਾ)

ਇਸ ਭਾਵਨਾ ਵਿੱਚ ਵੀਚਾਰ ਦਾ ਵਿਸ਼ਾ ਇਹ ਹੈ ਕਿ ਹੁਕਮ ਅਕਾਲ ਪੁਰਖ ਦਾ ਹੈ ਜਦਕਿ ‘ਡਿਓੜੀ’ ਗੁਰੂ ਦੀ ਹੈ?

ਉਕਤ ਵੀਚਾਰਾਂ ਅਨੁਸਾਰ ‘ਜੋ ‘ਸਿੱਖ’ ਕਹਿ ਦੇਵੇ ਕਿ ਮੈ ਸੇਵਾ-ਸਿਮਰਨ ਕਰਕੇ ਸੰਤੁਸ਼ਟ (ਰੱਜ ਗਿਆ) ਹਾਂ, ਉਸ ਨੂੰ ਤਾਂ ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਆਪਣੇ ਵਿੱਚ ਅਭੇਦ ਕਰ ਲੈਂਦੇ ਹਨ ਪਰ ਜੋ ਕਹਿ ਦੇਵੇ ਕਿ ਮੈਂ ਅਜੇ ਪੰਥ ਦੀ ਹੋਰ ਸੇਵਾ ਕਰਨੀ ਹੈ, ਹੋਰ ਸਿਮਰਨ ਕਰਨਾ ਹੈ, ਉਸ ਨੂੰ ਗਿਆਨੀ ਜੀ ! ਆਹ ਜਗ੍ਹਾ ਮਿਲਦੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ।’ (ਹਰੀ ਸਿੰਘ ਰੰਧਾਵਾ)

ਇਸ ਉਕਤ ਭਾਵਨਾ ਅਨੁਸਾਰ ਇਹ ਵੀ ਵੀਚਾਰਨਾ ਜ਼ਰੂਰੀ ਹੈ ਕਿ ‘ਡਿਓੜੀਦਾਰ’ ਕਿਸ ਕੈੱਟਾਗਿਰੀ ਵਿੱਚ ਆਉਂਦੇ ਹਨ? ਭਾਵ ਗੁਰੂ ਵਾਲੇ ‘‘ਸਚ ਖੰਡਿ ਵਸੈ ਨਿਰੰਕਾਰੁ ॥’’ ਵਿੱਚ ਜਾਂ ਸ਼ਹੀਦ ਸਥਾਨ ਵਾਲੇ ‘ਸੱਚ ਖੰਡਿ’ ਵਿੱਚ?

(5). ਉਕਤ ਵੀਚਾਰਾਂ ਅਨੁਸਾਰ ‘ਗੁਰੂ ਨਾਨਕ ਸਾਹਿਬ ਜੀ ਦਾ ਮੱਕੇ ਵਿੱਚ ਕੀਤਾ ਗਿਆ ਬਚਨ ਕਿ ‘ਫੇਰ ਕਰੂੰਗਾ ਖਾਲਸਾ, ਵਸੈ ਵਿੱਚ ਪੰਜਾਬ। ਚਾਰ ਵਰਣ ਕਾ ਏਕ ਰੂਪ, ਦੇਖ ਕਰੂੰ ਮੈ ਆਪ।…………….ਓਦੈ ਅਰੁ ਅਸਤ ਲਉ, ਸਿੰਘ ਕਰੇਗਾ ਰਾਜ।’ (ਹਰੀ ਸਿੰਘ ਰੰਧਾਵਾ)

ਕੀ ਉਕਤ (ਕੱਚੇ) ਬਚਨ ਗੁਰੂ ਨਾਨਕ ਸਾਹਿਬ ਜੀ ਦੇ ਮੂੰਹ ਵਿੱਚ ਪਾਏ ਜਾ ਰਹੇ ਹਨ? ਕਿਉਂਕਿ ਗੁਰਬਾਣੀ ਦਾ ਪਾਵਨ ਬਚਨ ਹੈ ‘‘ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ, ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥ ਕਹਦੇ ਕਚੇ, ਸੁਣਦੇ ਕਚੇ; ਕਚਂੀ ਆਖਿ ਵਖਾਣੀ ॥’’ (ਮ: ੩/੯੨੦) ਭਾਵ ਗੁਰਬਾਣੀ ਅਨੁਸਾਰ ਤਾਂ ‘ਰੰਧਾਵਾ’ ਤੇ ਇਨ੍ਹਾਂ ਦੇ ‘ਮਹਾਂਪੁਰਸ਼’; ‘ਕੱਚੇ’ ਸਿੱਧ ਹੋ ਰਹੇ ਹਨ।

ਗੁਰੂ ਪਿਆਰਿਓ ! ਵੀਚਾਰੋ, ਕਿ ਕੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ‘ਸਿੰਘ’ ਸ਼ਬਦ ਦੀ ਹੋਂਦ ਸੀ? ਜਿਸ ਨੂੰ (‘ਰੰਧਾਵੇ’ ਅਨੁਸਾਰ) ਗੁਰੂ ਜੀ ਰਾਜ ਦੇਣ ਦੀ ਵਕਾਲਤ ਕਰ ਰਹੇ ਹਨ। ਅਗਰ ਇਹ ਸੱਚ ਹੈ ਤਾਂ ‘ਗੁਰੂ ਨਾਨਕ ਸਿੰਘ, ਗੁਰੂ ਅੰਗਦ ਸਿੰਘ, ਗੁਰੂ ਅਮਰ ਸਿੰਘ’ ਆਦਿ ਨਾਵਾਂ ਨਾਲ ‘ਸਿੰਘ’ ਸ਼ਬਦਾਂ ਦਾ ਅਭਾਵ (ਕਮੀ) ਕਿਉਂ ਹੈ?

(6). ਉਕਤ ਬਿਆਨ ਕੀਤੇ ਗਏ ਤਮਾਮ ਵੀਚਾਰਾਂ ਦੀ ਸਮਾਪਤੀ ਵਿੱਚ ‘ਹਰੀ ਸਿੰਘ ਰੰਧਾਵਾ’ ਅਨੁਸਾਰ ‘ਸੰਤ ਮਹਾਂਪੁਰਸ਼ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ’ ਕਹਿ ਰਹੇ ਹਨ ‘ਕਿ ‘ਖਾਲਸਾ ਰਾਜ’ ਗੱਲਾਂ ਵਾਲਿਆਂ ਨੇ ਨਹੀਂ ਲੈਣਾ, ਨ ਗੱਲਾਂ ਵਾਲਿਆਂ ਤੋਂ ਲੈ ਹੋਣੈ ਕਿਉਂਕਿ ਅਧਰਮੀ ਲੋਕ ਰਾਜ ਨਹੀਂ ਲੈ ਸਕਦੇ। ’ (ਹਰੀ ਸਿੰਘ ਰੰਧਾਵਾ)

ਇਹ (ਉਕਤ) ਭਾਵਨਾ ਕਿ ‘ਅਧਰਮੀ ਲੋਕ ਰਾਜ ਨਹੀਂ ਲੈ ਸਕਦੇ।’ ਤੋਂ ਕੀ ਭਾਵ ਹੈ? ਕਿਉਂਕਿ ਜ਼ਮੀਨੀ ਹਾਲਾਤਾਂ ਅਨੁਸਾਰ ਤਾਂ ਹਰ ਮੁਲਕ ਵਿੱਚ ‘ਰਾਜ’ ਅਧਰਮੀ ਲੋਕ ਹੀ ਕਰ ਰਹੇ ਹਨ।

ਦਰਅਸਲ ਇੱਥੇ ‘ਰੰਧਾਵਾ’ ਉਨ੍ਹਾਂ ਨੂੰ ‘ਅਧਰਮੀ ਲੋਕ’ ਕਹਿ ਰਿਹਾ ਹੈ, ਜੋ ਇਨ੍ਹਾਂ ਦੀਆਂ ਮਨਘੜਤ ਕਹਾਣੀਆਂ ਨਾਲ ਸਹਿਮਤ ਨਹੀਂ ਹੁੰਦੇ ਹਨ। ਕਿਸੇ ਆਧੁਨਿਕ ਕੌਮ ਉੱਤੇ ਆਪਣੀ ਨਿਜੀ ਸੰਸਥਾਂ ਵੱਲੋਂ ਬਣਾਈ ਮਰਿਆਦਾ (ਅਣਉਚਿਤ ਧਾਰਨਾ) ਠੋਸਣੀ (ਤੁੰਨਣੀ) ਕਿੱਥੋਂ ਤੱਕ ਉਚਿਤ ਹੈ? (ਕਿਉਂਕਿ ਇਨ੍ਹਾਂ ਸੰਸਥਾਵਾਂ ਵਿੱਚ ਗੁਰੂ ਦੀ ਵਡਿਆਈ ਨੂੰ ਸਰਬੋਤਮ ਮੰਨਣ ਦੀ ਬਜਾਏ ਇਨ੍ਹਾਂ ਦੁਆਰਾ ਬਣਾਏ ਗਏ ਮਹਾਂਪੁਰਸ਼ਾਂ ਦੀ ਵਡਿਆਈ ਵਧੇਰੇ ਕੀਤੀ ਜਾਂਦੀ ਹੈ।)

‘ਹਰੀ ਸਿੰਘ ਰੰਧਾਵਾ’ ਨੂੰ ਨਹੀਂ ਭੁੱਲਣਾ ਚਾਹੀਦਾ ਕਿ ‘ਡੇਰੇਵਾਦੀ’ ਸੋਚ ਅਨੁਸਾਰ ‘ਸੰਨ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਂਦਿਆਂ ਜਦ ਚਿੜਾ ਤੇ ਚਿੜੀ ਨੂੰ ਦਸਮੇਸ਼ ਪਿਤਾ ਜੀ ਨੇ ਅੰਮ੍ਰਿਤ ਛਕਾ ਦਿੱਤਾ ਸੀ ਤੇ ਉਹ ਲੜ ਕੇ ਆਪਸ ਵਿੱਚ ਹੀ ਮਰ ਗਏ ਸਨ ਤਾਂ ਭਾਈ ਗੁਰਬਖ਼ਸ਼ ਸਿੰਘ ਜੀ ਦੀ ਮਦਦ ਨਾਲ ਮਾਤਾ ਸਾਹਿਬ ਕੌਰ ਜੀ ਨੇ ਪਤਾਸ਼ੇ ਸਿੱਖਾਂ ਵਿੱਚ ਮਿਠਾਸ ਭਰਨ ਲਈ ਪਾਏ ਸਨ, ਨਫ਼ਰਤ ਰੱਖਣ ਲਈ ਨਹੀਂ। ’

ਉਕਤ ਤਮਾਮ ਵੀਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਇਹ ‘ਡੇਰੇਵਾਦੀ ਸੋਚ’; ‘ਗੁਰਮਤਿ ਫ਼ਿਲਾਸਫ਼ੀ’ ਤੋਂ ਕੋਈ ਬਹੁਤਾ ਲਾਭ ਪ੍ਰਾਪਤ ਨਹੀਂ ਕਰ ਸਕੀ ਹੈ; ਜਿਸ ਕਾਰਨ ਇਨ੍ਹਾਂ ਨੂੰ ਆਪਣੀ ‘ਟਕਸਾਲ’ ਦੀ ਹੋਂਦ ਨੂੰ ਬਣਾਏ ਰੱਖਣ ਲਈ ਅਨੇਕਾਂ ਮਨਘੜਤ ਕਹਾਣੀਆਂ ਦੀ ਟੇਕ ਲੈਣੀ ਪੈਂਦੀ ਹੈ। ਚੰਗਾ ਹੁੰਦਾ ਅਗਰ ‘ਗਿਆਨੀ ਗੁਰਬਚਨ ਸਿੰਘ’ ਜੀ ਆਪਣੀ ਸੋਚ ਅਨੁਸਾਰ ਮੰਨੇ ਜਾਂਦੇ ‘ਟਕਸਾਲ’ ਦੇ ਬਜ਼ੁਰਗਾਂ (ਸਿਆਣਿਆ, ‘ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ’ ਆਦਿ) ਤੋਂ ਖ਼ਾਲਿਸਤਾਨ ਦੀ ਸਥਾਪਨਾ ਕਰਨ ਦੀ ਬਜਾਏ (‘ਸੁਪਨ ਸਮਾਧੀ’ ਦੀ ਰਾਹੀਂ ਹੀ ਸਹੀ) ਗੁਰਬਾਣੀ ਦੇ ਹੀ ਕੁਝ ਅਰਥ ਸਮਝ ਲੈਂਦੇ ਕਿਉਂਕਿ ‘ਸੁਪਨ ਸਮਾਧੀ’ ਨੂੰ ਹੀ ਸੱਚ ਮੰਨ ਕੇ ਬਾਬਾ ਠਾਕੁਰ ਸਿੰਘ ਜੀ ਨੇ 20 ਸਾਲ ਤੱਕ ‘ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ’ ਨੂੰ ਜੀਵਤ ਰੱਖਿਆ ਸੀ ਪਰ ਜਦ ‘ਸੁਪਨ ਸਮਾਧੀ’ ਨੂੰ ਅਸਲੀਅਤ ਦੀ ਕਸੌਟੀ ’ਤੇ ਪਰਖਿਆ ਗਿਆ ਤਾਂ ਮੰਨਣਾ ਪਿਆ ਕਿ ਬਾਬਾ ਜੀ ਸ਼ਹੀਦ ਹੋ ਗਏ ਹਨ ਇਸ ਲਈ ਉਨ੍ਹਾਂ ਦਾ ਸ਼ਹੀਦੀ ਸਥਾਨ ਬਣਾਇਆ ਜਾਵੇ। ‘ਡੇਰੇਦਾਰ ਪ੍ਰਚਾਰਕ’ ਹੁਣ ਵੀ ਵੀਚਾਰਨ ਕਿ ਇਸ ‘ਸੁਪਨ ਸਮਾਧੀ’ ਨੇ ਕੌਮ ਦਾ ਕੀ ਨੁਕਸਾਨ ਕੀਤਾ ਹੈ ਤੇ ਕੀ ਫ਼ਾਇਦਾ? ਇਸ ਦੀ ਇੱਕ ਉਦਾਹਰਣ (ਮਿਸਾਲ) ਹੇਠਾਂ ਦਿੱਤੀ ਜਾ ਰਹੀ ਹੈ:

ਗੁਰਮਤਿ ਫ਼ਿਲਾਸਫ਼ੀ: ਉਕਤ ‘ਸੁਪਨ ਸਮਾਧੀ’ ਨੂੰ ਸੱਚ ਮੰਨ ਕੇ ਕੀਤੀ ਜਾ ਰਹੀ ਵੀਚਾਰ ਅਨੁਸਾਰ ‘ਰੰਧਾਵਾ’ ਜੀ ਮਨੁੱਖ ਦੇ ਮਰਨ ਉਪਰੰਤ (ਅਦ੍ਰਿਸ਼) 4 ਪੜਾਅ ਭਾਵ ਅਵਸਥਾ (ਨਰਕ, ਸੁਰਗ, ਸ਼ਹੀਦਾਂ ਦੇ ਰਹਿਣ ਵਾਲਾ ‘ਸੱਚ ਖੰਡ’ ਤੇ ਗੁਰੂ ਦੇ ਰਹਿਣ ਵਾਲ ‘ਸੱਚ ਖੰਡ’।) ਦੀ ਵਕਾਲਤ ਕਰਦਾ ਹੈ, ਜਦਕਿ ਗੁਰਬਾਣੀ ਫ਼ੁਰਮਾਨ ਇਸ ਪ੍ਰਕਾਰ ਹਨ:

(1). ‘ਨਰਕ’ :- ਗੁਰਬਾਣੀ ਅਨੁਸਾਰ ‘ਨਰਕ’ ਸ਼ਬਦ ਦੇ ਦੋ ਅਰਥ ਬਣਦੇ ਹਨ (ੳ). ਆਵਾਗਵਨ (ਅ). ਸਰੀਰਕ ਦੁੱਖ।

(ੳ). ‘ਨਰਕ’ ਭਾਵ ‘ਆਵਾਗਵਨ’; ਜਿਸ ਨੂੰ ਗਰਭ-ਜੂਨੀ ਵੀ ਕਿਹਾ ਗਿਆ ਹੈ; ਜਿਵੇਂ:

‘‘ਗਰਭ ਕੁੰਡ ਨਰਕ ਤੇ ਰਾਖੈ; ਭਵਜਲੁ ਪਾਰਿ ਉਤਾਰੇ ॥’’ (ਮ: ੫/੨੧੦)

‘‘ਨਰਕ ਘੋਰ ਬਹੁ ਦੁਖ ਘਣੇ; ਅਕਿਰਤਘਣਾ ਕਾ ਥਾਨੁ ॥’’ (ਮ: ੪/੩੧੫)

‘‘ਚਉਰਾਸੀਹ ਨਰਕ; ਸਾਕਤੁ ਭੋਗਾਈਐ ॥’’ (ਮ: ੧/੧੦੨੮)

‘‘ਹੇ ਕਾਮੰ ! ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥’’ (ਮ: ੫/੧੩੫੮) ਭਾਵ ਹੇ ਕਾਮ ! ਤੂੰ ਨਰਕਾਂ ਵਿੱਚ ਵਿਸਰਾਮ (ਠਹਿਰਾਓ) ਕਰਵਾਉਂਦਾ ਹੈ ਭਾਵ ਅਣਗਿਣਤ ਜੂਨਾਂ ’ਚ ਘੁਮਾਉਂਦਾ ਹੈਂ।

‘‘ਜਨਮ ਭਵੰਤੇ ਨਰਕਿ ਪੜੰਤੇ; ਤਿਨ੍ਹ ਕੇ ਕੁਲ ਉਧਾਰੇ ॥’’ (ਮ: ੫/੪੦੬)

‘‘ਮਨਹੁ ਕਠੋਰੁ ਮਰੈ ਬਾਨਾਰਸਿ; ਨਰਕੁ ਨ ਬਾਂਚਿਆ ਜਾਈ ॥’’ (ਭਗਤ ਕਬੀਰ/੪੮੪)

‘‘ਆਗੈ ਨਰਕੁ; (ਜੇ) ਈਹਾ ਭੋਗ ਬਿਲਾਸ ॥’’ (ਭਗਤ ਕਬੀਰ/੮੭੧)

‘‘ਈਹਾਂ ਦੁਖੁ, ਆਗੈ ਨਰਕੁ ਭੁੰਚੈ; ਬਹੁ ਜੋਨੀ ਭਰਮਾਵੈ ॥’’ (ਮ: ੫/੧੨੨੪) ਆਦਿ।

(ਅ). ‘ਨਰਕ’ ਭਾਵ ‘ਸਰੀਰਕ ਦੁੱਖ’; ਜਿਵੇਂ:

‘‘ਸਾਧ ਕੈ ਸੰਗਿ; ਨਰਕ ਪਰਹਰੈ ॥’’ (ਮ: ੫/੨੭੨)

‘‘ਕਈ ਕੋਟਿ; ਨਰਕ ਸੁਰਗ ਨਿਵਾਸੀ ॥’’ (ਮ: ੫/੨੭੬)

‘‘ਨਾਨਕ ! ਨਾਮਿ ਬਿਸਾਰਿਐ; ਨਰਕ ਸੁਰਗ ਅਵਤਾਰ ॥’’ (ਮ: ੫/੨੯੮)

‘‘ਨਰਕ ਘੋਰੁ ਦੁਖ ਖੂਹੁ ਹੈ; ਓਥੈ ਪਕੜਿ ਓਹੁ ਢੋਇਆ ॥’’ (ਮ: ੪/੩੦੯)

‘‘ਸੇਜ ਸੋਹਨੀ ਚੰਦਨੁ ਚੋਆ; ਨਰਕ ਘੋਰ ਕਾ ਦੁਆਰਾ ॥’’ (ਮ: ੫/੬੪੨)

‘‘ਕਬੀਰ ! ਸੁਰਗ ਨਰਕ ਤੇ ਮੈ ਰਹਿਓ; ਸਤਿਗੁਰ ਕੇ ਪਰਸਾਦਿ ॥’’ (ਭਗਤ ਕਬੀਰ/੧੩੭੦) ਆਦਿ।

(ਨੋਟ: ਯਾਦ ਰਹੇ ਕਿ ਉਕਤ ਤਮਾਮ ਪੰਕਤੀਆਂ ਵਿੱਚ ‘ਨਰਕ’ ਦਾ ਅਰਥ ‘ਸਰੀਰਕ ਦੁੱਖ’ ਹੈ ਅਤੇ ‘ਸੁਰਗ’ ਦਾ ਅਰਥ ਵੀ ਕੋਈ ਕਾਲਪਨਿਕ ‘ਬੈਕੁਠ’ ਨਹੀਂ ਬਲਕਿ ‘ਸਰੀਰਕ ਸੁੱਖ’ ਹੈ।)

(2). ਸੁਰਗ:- ਗੁਰਬਾਣੀ, ਸੁਰਗ (ਭਾਵ ਬੈਕੁਠ) ‘ਸਾਧ ਸੰਗਤ’ ਨੂੰ ਮੰਨਦੀ ਹੈ; ਜਿਵੇਂ:

‘‘ਕਹੁ ਕਬੀਰ ! ਇਹ ਕਹੀਐ ਕਾਹਿ (ਕਿਸ ਨੂੰ, ਕਿ)॥ ਸਾਧਸੰਗਤਿ (ਹੀ) ਬੈਕੁੰਠੈ ਆਹਿ (ਹੈ)॥’’ (ਭਗਤ ਕਬੀਰ/੩੨੫)

‘‘ਮੁਕਤਿ ਬੈਕੁੰਠ ਸਾਧ ਕੀ ਸੰਗਤਿ; ਜਨ ਪਾਇਓ ਹਰਿ ਕਾ ਧਾਮ ॥’’ (ਮ: ੫/੬੮੨)

‘‘ਬੈਕੁੰਠ ਨਗਰੁ; ਜਹਾ ਸੰਤ ਵਾਸਾ ॥’’ (ਮ: ੫/੭੪੨) ਆਦਿ।

(ਨੋਟ: ਇਹ ਵੀ ਯਾਦ ਰਹੇ ਕਿ ਗੁਰਬਾਣੀ ਕਿਸੇ ਅਖੌਤੀ ਸਵਰਗ (ਬੈਕੁਠ) ਨੂੰ ਨਹੀਂ ਮੰਨਦੀ; ਜਿਵੇਂ:

‘‘ਨਾ ਜਾਨਾ ਬੈਕੁੰਠ ਕਹਾ ਹੀ ॥ ਜਾਨੁ ਜਾਨੁ; ਸਭਿ ਕਹਹਿ ਤਹਾ ਹੀ ॥’’ (ਭਗਤ ਕਬੀਰ/੩੨੫)

‘‘ਖਾਈ ਕੋਟੁ ਨ ਪਰਲ ਪਗਾਰਾ ॥ ਨਾ ਜਾਨਉ ਬੈਕੁੰਠ ਦੁਆਰਾ ॥’’ (ਭਗਤ ਕਬੀਰ/੧੧੬੧) ਭਾਵ ਇਨ੍ਹਾਂ ਦੇ ਸਵਰਗ ਦੇ ਕਿਲੇ ਦੀ ਕਿਹੋ ਜਿਹੀ ਖਾਈ ਹੈ, ਕਿਹੋ ਜਿਹੀ ਉਸ (ਬੈਕੁਠ) ਸ਼ਹਿਰ ਦੀ ਦੀਵਾਰ ਤੇ ਦਰਵਾਜ਼ਾ ਹੈ, ਮੈਂ ਨਹੀਂ ਜਾਣਦਾ।

‘‘ਜਬ ਲਗੁ (ਜਦ ਤੱਕ) ਮਨਿ; (ਕਾਲਪਨਿਕ, ਖ਼ਿਆਲੀ) ਬੈਕੁੰਠ ਕੀ ਆਸ ॥ ਤਬ ਲਗੁ ਹੋਇ ਨਹੀ; ਚਰਨ ਨਿਵਾਸੁ ॥’’ (ਭਗਤ ਕਬੀਰ/੩੨੫)

(3). ਸ਼ਹੀਦ ਸਥਾਨ:- ਗੁਰਬਾਣੀ ਵਿੱਚ ਦਰਜ ਕੋਈ ਇੱਕ ਵੀ ਸ਼ਬਦ ਇਸ ਕਾਲਪਨਿਕ ‘ਸ਼ਹੀਦਾਂ ਦੇ ਸਥਾਨ ਰੂਪ ਸੱਚ ਖੰਡ’ ਦੀ ਹੋਂਦ ਨੂੰ ਬਿਆਨ ਨਹੀਂ ਕਰਦਾ।

(4). ਸੱਚ ਖੰਡ:-ਗੁਰਬਾਣੀ ਵਿੱਚ ਦਰਜ ‘‘ਸਚ ਖੰਡਿ; ਵਸੈ ਨਿਰੰਕਾਰੁ ॥’’ (ਜਪੁ /ਮ: ੧) ਤੋਂ ਭਾਵ ਮਾਇਆ ਦੇ ਪ੍ਰਭਾਵ ਤੋਂ ਰਹਿਤ ਨਿਰਾਕਾਰ ਹੈ, ਜੋ ਕਣ-ਕਣ ਵਿੱਚ ਵਿਆਪਕ ਹੈ ‘‘ਸਭੈ ਘਟ ਰਾਮੁ ਬੋਲੈ; ਰਾਮਾ ਬੋਲੈ ॥ ਰਾਮ ਬਿਨਾ; ਕੋ ਬੋਲੈ ਰੇ ? ॥੧॥ ਰਹਾਉ ॥’’ (ਭਗਤ ਨਾਮਦੇਵ/੯੮੮)

ਗੁਰੂ ਨਾਨਕ ਸਾਹਿਬ ਜੀ ‘ਸੋ ਦਰੁ’ ਸ਼ਬਦ ਰਾਹੀਂ ‘ਸਚ ਖੰਡਿ’ ਦੀ ਵਿਆਖਿਆ ਕਰਦੇ ਹੋਏ ਕਹਿ ਰਹੇ ਹਨ ਕਿ ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ ॥’’ ਭਾਵ ਉਸ ‘ਸਚ ਖੰਡਿ’ (ਅਨੰਦਮਈ) ਰੂਪ ਵਿੱਚ ਵੱਜਦੇ ਵਾਜੇ, ਰਾਗਾਂ ਨੂੰ ਅਣਗਿਣਤ ਹੀ ਜੀਵ ਵਜਾ ਰਹੇ ਹਨ, ਗਾ ਰਹੇ ਹਨ, (ਆਨੰਦ) ਮਾਣ ਰਹੇ ਹਨ। (ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪ੍ਰਮਾਤਮਾ (‘ਸਚ ਖੰਡਿ’) ਕਣ-ਕਣ ਵਿੱਚ ਵਿਆਪਕ ਹੋਵੇ ਕਿਉਂਕਿ ਅਗਰ ਇਸ ‘ਸਚ ਖੰਡਿ’ ਦੇ ਅਰਥ ‘ਹਰੀ ਸਿੰਘ ਰੰਧਾਵਾ’ ਜਾਂ ਉਨ੍ਹਾਂ ਦੇ ‘ਮਹਾਂਪੁਰਸ਼’ ਵਾਙ ਮੰਨ ਲਈਏ ਤਾਂ ਉਨ੍ਹਾਂ ਅਨੁਸਾਰ ‘ਸੇਵਾ-ਸਿਮਰਨ ਤੋਂ ਰੱਜ ਚੁੱਕੇ ਸਿੱਖ ਨੂੰ’: ‘‘ਸਚ ਖੰਡਿ ਵਸੈ ਨਿਰੰਕਾਰੁ ॥’’ (ਜਪੁ /ਮ: ੧) ਭਾਵ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ।’, ਅਨੁਸਾਰ ਇਹ ਸੰਦੇਹ ਦਾ ਵਿਸ਼ਾ ਬਣ ਜਾਵੇਗਾ ਕਿ ਕੀ ਅਭੇਦ ਹੋਇਆ ਸਿੱਖ, ਉਕਤ ਪੰਕਤੀ ’ਚ ਦਰਜ ‘‘ਕੇਤੇ ਵਾਵਣਹਾਰੇ ॥’’ ਜਾਂ ‘‘ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥’’ ਵਿੱਚ ਸ਼ਾਮਲ ਹੋ ਸਕਦਾ ਹੈ?

ਦਰਅਸਲ ਸਬੰਧਤ ਸ਼ਬਦ ’ਚ ‘ਸਚ ਖੰਡਿ’ ਨੂੰ ਅਹਿਸਾਸ (ਮਹਿਸੂਸ) ਕਰਨ ਦੀ ਵੀਚਾਰ ਚੱਲ ਰਹੀ ਹੈ; ਜਿਵੇਂ: ‘‘ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥…….ਗਾਵਹਿ ਖਾਣੀ ਚਾਰੇ ॥….. ਹੋਰਿ ਕੇਤੇ ਗਾਵਨਿ…॥’’ ਆਦਿ।

ਪਰ ਅਸੀਂ ਬ੍ਰਾਹਮਣੀ ਸੋਚ (ਮਨਮਤ) ਦੇ ਪ੍ਰਭਾਵ ਅਧੀਨ ਆ ਕੇ ਹੇਠਾਂ ਦਿੱਤੀਆਂ ਜਾ ਰਹੀਆਂ ਪੰਕਤੀਆਂ ਦੇ ਗ਼ਲਤ ਅਰਥ ਕੱਢ ਕੇ ਉੱਪਰ ਵੱਲ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ: ‘‘ਗਾਵਹਿ, ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ, ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ, ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥’’ ਆਦਿ।

ਸੋ, ‘ਗੁਰਮਤਿ ਫ਼ਿਲਾਸਫ਼ੀ’ (ਗੁਰੂ ਗ੍ਰੰਥ ਸਾਹਿਬ); ਤਮਾਮ (ਧਾਰਮਿਕ ਤੇ ਸਮਾਜਿਕ) ਅਨਮਤਾਂ (ਸਨਾਤਨ ਸੋਚ, ਇਸਲਾਮ ਸੋਚ, ਇਸਾਈ ਸੋਚ, ਵਿਗਿਆਨਿਕ ਸੋਚ ਆਦਿ) ਦੇ ਮੁਕਾਬਲੇ ਸਮੂਹ ਮਾਨਵਤਾ ਦੇ ਕਲਿਆਣ ਲਈ ‘ਸਰਬ ਪ੍ਰਮਾਣਿਤ ਆਧੁਨਿਕ ਸੋਚ’ ਹੈ, ਜਿਸ ਦੀ ਵਿਆਖਿਆ ਕਰਨ ਲਈ ਕਿਸੇ ‘ਆਧਾਰਹੀਣ, ਕਾਲਪਨਿਕ, ਮਨਘੜਤ’ ਆਦਿ ਕਹਾਣੀ (ਸਾਖੀ) ਦੀ ਟੇਕ ਲੈਣਾ, ਬਿਲਕੁਲ ਹੀ ਵਾਜਬ (ਮੁਨਾਸਬ) ਨਹੀਂ ਕਿਉਂਕਿ ਇਨ੍ਹਾਂ ਦਾ ਸਹਾਰਾ ਉਹੀ ਲੋਕ ਲੈਂਦੇ ਹਨ, ਜਿਨ੍ਹਾਂ ਦੇ ਆਪਣੇ ਕੋਲ ਕੁਝ (ਦਲੀਲ ਭਰਪੂਰ ਸਮੱਗਰੀ) ਨਾ ਹੋਵੇ; ਜਿਵੇਂ ਕਿ ‘ਜ਼ਿਆਦਾਤਰ ਬ੍ਰਾਹਮਣੀ ਸੋਚ’। ਇਸ ਲਈ ਸਭ ਤੋਂ ਉੱਤਮ (ਸ੍ਰੇਸ਼ਠ) ਮੰਨੀ ਜਾਂਦੀ ‘ਗੁਰਮਤਿ ਫ਼ਿਲਾਸਫ਼ੀ’ ਨਾਲ ਸੰਬੰਧਿਤ ਪ੍ਰਚਾਰਕ ਵੀ ਅਗਰ ਉਕਤ ਸਾਖੀਆਂ ਦੀ ਟੇਕ ਲੈ ਰਿਹਾ ਹੋਵੇ, ਤਾਂ ਇਹ ਉਸ ਦੀ ਆਪਣੀ ਹੀ ਅਯੋਗਤਾ ਮੰਨੀ ਜਾਣੀ ਚਾਹੀਦੀ ਹੈ।