ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਪਹਿਲਾ)

0
612

ਗੁਰਮਤਿ ਬਨਾਮ ਹਰੀ ਸਿੰਘ ਰੰਧਾਵਾ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਮਿਤੀ 3 ਜੂਨ 2015 ਨੂੰ ਸਰੀ (ਕੈਨੇਡਾ) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋ ਰਹੇ ‘ਹਰੀ ਸਿੰਘ ਰੰਧਾਵਾ’ ਜੀ ਦੇ ਪ੍ਰੋਗਰਾਮ ਵਿੱਚ ਸੰਗਤਾਂ ਵੱਲੋਂ 5 ਸਵਾਲ ਪੁੱਛਣ ਦਾ ਵਿਸ਼ਾ ਸਾਹਮਣੇ ਆਇਆ ਹੈ, ਜਿਸ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਬਹੁਤ ਹੀ ਵਿਸਥਾਰ ਨਾਲ ਪਾਈਆਂ ਹੋਈਆਂ ਹਨ। ਸੰਗਤਾਂ ਵੱਲੋਂ ਉੱਠਾਏ ਗਏ ਸਵਾਲਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਹਰੀ ਸਿੰਘ ਰੰਧਾਵਾ, ਗੁਰੂ ਘਰਾਂ ਵਿੱਚ ਗੁਰਮਤਿ ਵੀਚਾਰ ਕਰਨ ਦੀ ਬਜਾਏ ਮਨਮਤ (ਬ੍ਰਾਹਮਣੀ ਸੋਚ) ਦਾ ਹੀ ਪ੍ਰਚਾਰ ਕਰ ਰਿਹਾ ਹੈ। ਜਿਸ ਦਾ ਜਵਾਬ ਸੰਗਤਾਂ ਨੇ ਰੰਧਾਵਾ ਪਾਸੋਂ ਮੰਗਿਆ ਪਰ ਰੰਧਾਵਾ ਵੱਲੋਂ ਦਿੱਤਾ ਗਿਆ ਜਵਾਬ ਇੱਕ ਆਮ ਗੁਰਸਿੱਖ ਨੂੰ ਬੜਾ ਹੀ ਹੈਰਾਨ (ਅਚੰਭਿਤ) ਕਰਨ ਵਾਲਾ ਹੈ, ਇਸ ਲਈ ਇਸ ਵਿਸ਼ੇ ਨੂੰ ਸਮੂਹ ਨਾਨਕ-ਨਾਮ ਲੇਵਾ ਸੰਗਤਾਂ ਨਾਲ ਸਾਂਝਾ ਕਰਨ ਦਾ ਮਨ ਬਣਾਇਆ ਹੈ।

ਸੰਗਤਾਂ ਵੱਲੋਂ ਉੱਠਾਏ ਗਏ ਤਰਤੀਬਵਾਰ (ਲੜੀਬੱਧ) ਸਵਾਲ, ਹਰੀ ਸਿੰਘ ਰੰਧਾਵਾ ਵੱਲੋਂ ਦਿੱਤਾ ਗਿਆ ਜਵਾਬ ਤੇ ਗੁਰਮਤਿ ਫ਼ਿਲਾਸਫ਼ੀ ਰਾਹੀਂ ਵੀਚਾਰਨ ਦਾ ਨਿਮਾਣਾ ਜਿਹਾ ਯਤਨ :

ਪਹਿਲਾ ਸਵਾਲ

(1). ਸੰਗਤਾਂ ਵੱਲੋਂ ਪੁੱਛਿਆ ਗਿਆ ਪਹਿਲਾ ਸਵਾਲ ਸੀ ਕਿ ‘ਰੰਧਾਵਾ ਜੀ’, ਮਹਾਵਾਰੀ ਆਉਣ ਕਾਰਨ ਔਰਤਾਂ ਨੂੰ ਅਪਵਿੱਤਰ ਮੰਨਦੇ ਹਨ ਜਦਕਿ ਗੁਰੂ ਜੀ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਉਪਦੇਸ ਬਖ਼ਸ਼ਸ਼ ਕਰ ਰਹੇ ਹਨ, ਦੇ ਜਵਾਬ ਵਿੱਚ ‘ਰੰਧਾਵਾ’ ਨੇ ਉੱਤਰ ਦਿੱਤਾ ਕਿ ਮੈਂ ਔਰਤਾਂ ਨੂੰ ਅਪਵਿੱਤਰ ਨਹੀਂ ਮੰਨਦਾ ਬਲਕਿ ਮਹਾਵਾਰੀ ਕਿਰਿਆ ਨੂੰ ਅਪਵਿੱਤਰ ਮੰਨਦਾ ਹਾਂ, ਜੋ ਹਰ ਮਹੀਨੇ ਕੇਵਲ 3 ਦਿਨ ਤੱਕ ਰਹਿੰਦੀ ਹੈ, ਇਸ ਵੀਚਾਰ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਰੰਧਾਵਾ’ ਨੇ ਗੁਰਬਾਣੀ ਦੇ ਤਿੰਨ ਪ੍ਰਮਾਣ ਇਸ ਪ੍ਰਕਾਰ ਦਿੱਤੇ ਸਨ:

(ੳ). ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਭਾਵ ਕਿਰਿਆ ਆਉਣ ਤੋਂ ਉਪਰੰਤ ਤੀਸਰੇ ਦਿਨ ਔਰਤ ਨੂੰ ਕੇਸੀਂ ਇਸ਼ਨਾਨ ਕਰਨਾ ਪੈਂਦਾ ਹੈ, ਜਿਸ ਬਾਰੇ ਗੁਰੂ ਜੀ ‘ਸਿਰਨਾਵਣੀ’ ਸ਼ਬਦ ਵਰਤ ਰਹੇ ਹਨ। ਪ੍ਰੋ. ਸਾਹਿਬ ਸਿੰਘ, ਭਾਈ ਕਾਹਨ ਸਿੰਘ ਨਾਭਾ (ਮਹਾਨ ਕੋਸ਼) ਤੇ ਗਿਆਨੀ ਕਿਰਪਾਲ ਸਿੰਘ ਆਦਿ ਤਮਾਮ ਟੀਕਾਕਾਰਾਂ ਨੇ ‘ਸਿਰਨਾਵਣੀ’ ਦਾ ਅਰਥ ਵੀ ਇਹੀ ਕੀਤਾ ਹੈ ਕਿ ਔਰਤ ਤੀਸਰੇ ਦਿਨ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੁੰਦੀ ਹੈ।

(ਅ). ਔਰਤ ਤੋਂ ਇਲਾਵਾ ਬਵਾਸੀਰ ਵਾਲਾ ਵਿਅਕਤੀ ਵੀ ਅਪਵਿੱਤਰ ਹੁੰਦਾ ਹੈ, ਜਿਸ ਦੇ, ਬਿਮਾਰੀ ਕਾਰਨ ਬਣੇ ਆਂਦਰਾਂ ਦੇ ਆਖ਼ਰੀ ਮਹੁਕਿਆਂ ਵਿੱਚੋਂ, ਖ਼ੂਨ ਵਗਦਾ ਰਹਿੰਦਾ ਹੈ, ਗੁਰਬਾਣੀ ਫ਼ੁਰਮਾਨ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ (ਮ: ੪/੯੯੮)

(ੲ). ਗੁਰਬਾਣੀ ਦੇ ਇਸ ਵਾਕ ‘‘ਮੂਤ ਪਲੀਤੀ; ਕਪੜੁ ਹੋਇ ॥ (ਜਪੁ /ਮ: ੧) ’ਚ ਦਰਜ ‘ਪਲੀਤੀ’ ਸ਼ਬਦ ਦਾ ਕੀ ਅਰਥ ਕਰੋਗੇ ? ਭਾਵ ਇਹ ਸ਼ਬਦ ਸਰੀਰਕ ਪਵਿੱਤਰਤਾ ਨੂੰ ਦਰਸਾਉਂਦਾ ਹੈ। (ਹਰੀ ਸਿੰਘ ਰੰਧਾਵਾ)

(ਨੋਟ: ਉਕਤ ਤਿੰਨੇ ਗੁਰਬਾਣੀ ਸ਼ਬਦ-ਪ੍ਰਮਾਣ ‘ਰੰਧਾਵਾ’ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ (ਸਰੀ) ਵਿਖੇ ਵੀ ਸਵਾਲ ਕਰ ਰਹੀਆਂ ਸੰਗਤਾਂ ਸਾਹਮਣੇ ਰੱਖੇ ਅਤੇ 4 ਤੇ 7 ਜੂਨ 2015 ਦੀ ਉਸ ਮੀਟਿੰਗ ਵਿੱਚ ਵੀ ਬੋਲੇ ਜਿੱਥੇ ਪ੍ਰਬੰਧਕਾਂ ਵੱਲੋਂ ਦੋਵੇਂ ਧਿਰਾਂ ਨੂੰ ਆਪਸੀ ਮਤਭੇਦ ਦੂਰ ਕਰਨ ਲਈ ਇਕੱਠਾ ਬੈਠਾਇਆ ਗਿਆ ਸੀ।)

ਗੁਰਮਤਿ ਫ਼ਿਲਾਸਫ਼ੀ :- ਉਪਰੋਕਤ ਵੀਚਾਰ ਚਰਚਾ ਦੌਰਾਨ ‘ਰੰਧਾਵਾ’ ਵੱਲੋਂ, ਜੋ ਗੁਰਬਾਣੀ ਸ਼ਬਦ ਆਪਣੀ ਸੋਚ ਦੀ ਪੁਸ਼ਟੀ ਲਈ ਵਰਤੇ ਗਏ ਹਨ, ਉਹ ‘ਰੰਧਾਵਾ’ ਵੱਲੋਂ ਅਪਣਾਈ ਗਈ ‘ਅਪਵਿੱਤ੍ਰਤਾ’ ਸੋਚ ਦਾ ਖੰਡਨ ਕਰਦੇ ਹਨ, ਨਾ ਕਿ ਸਮਰਥਨ; ਜਿਵੇਂ:

(ੳ). ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ, ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ! ਜਿਨ ਮਨਿ ਵਸਿਆ ਸੋਇ ॥’’ (ਮ: ੧/੪੭੨) ਭਾਵ ਝੂਠੇ ਮਨੁੱਖ ਦੇ ਮੂੰਹ ਵਿੱਚੋਂ ਨਿਰੰਤਰ (ਨਿਰਵਿਘਨ) ਝੂਠ ਨਿਕਲਦਾ ਰਹਿੰਦਾ ਹੈ, ਜਿਸ ਕਾਰਨ ਉਹ ਹਮੇਸ਼ਾਂ ਦੁਖੀ ਰਹਿੰਦਾ ਹੈ; ਜਿਵੇਂ ਔਰਤ ਨੂੰ ਵਾਰੋ ਵਾਰੀ (ਭਾਵ ਨਿਰਵਿਘਨ) ਸਿਰਨਾਵਣੀ (ਮਹਾਵਾਰੀ) ਆਉਂਦੀ ਰਹਿੰਦੀ ਹੈ (ਭਾਵ ਜਿਵੇਂ ਹਰ ਮਹੀਨੇ ਨਿਰੰਤਰ ਆ ਰਹੀ ਮਹਾਵਾਰੀ ਨੂੰ ਰੋਕਣਾ, ਔਰਤ ਦੇ ਵੱਸ ਵਿੱਚ ਨਹੀਂ, ਇਸ ਤਰ੍ਹਾਂ ਹੀ ਝੂਠਾ ਮਨੁੱਖ ਆਪਣੇ ਮੂੰਹੋਂ ਨਿਕਲ ਰਹੇ ਨਿਰੰਤਰ ਝੂਠ ਨੂੰ ਨਹੀਂ ਰੋਕ ਸਕਦਾ ਕਿਉਂਕਿ ਉਸ ਦੀ ਜੀਵਨਸ਼ੈਲੀ ਹੀ ਅਜਿਹੀ ਬਣ ਚੁੱਕੀ ਹੁੰਦੀ ਹੈ। )

ਗੁਰੂ ਜੀ ਦੁਆਰਾ ‘ਝੂਠੇ’ ਮਨੁੱਖ ਦੇ ਸੰਬੰਧ ’ਚ ਉਕਤ ਦਿੱਤੀ ਗਈ ਔਰਤ ਦੀ ‘ਸਿਰਨਾਵਣੀ’ ਵਾਲੀ ਉਦਾਹਰਨ ਕਾਰਨ, ਗੁਰੂ ਜੀ ਅਜਿਹਾ ਵੀ ਮਹਿਸੂਸ (ਅਭਾਸ) ਕਰਦੇ ਹਨ ਕਿ ਮਤਾਂ ਕੋਈ ਮਨੁੱਖ, ਔਰਤ ਨਾਲ ਹੀ ਨਫ਼ਰਤ ਕਰਨ ਲੱਗ ਜਾਵੇ, ਇਸ ਲਈ ਹੀ ਉਕਤ ਸ਼ਬਦ ਦਾ ਵਿਸਥਾਰ ਅਗਾਂਹ ਇਉਂ ਦਰਜ ਕੀਤਾ ਗਿਆ ਹੈ:

‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ ॥’’ (ਮ: ੧/੪੭੨) ਭਾਵ ਸਰੀਰਕ ਸਫ਼ਾਈ ਕੀਤਿਆਂ ਮਨੁੱਖ ਸੁੱਚਾ ਨਹੀਂ ਹੁੰਦਾ ਬਲਕਿ ਉਹੀ ਸੁੱਚੇ ਮੰਨੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿੱਚ ਉਹ (ਪ੍ਰਭੂ) ਵੱਸਦਾ ਹੈ।

ਨੋਟ: ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਝੂਠੇ’ ਮਨੁੱਖ ਦੀ ਤੁਲਨਾ ‘ਸਿਰਨਾਵਣੀ’ ਨਾਲ ਕਰਨਾ ਅਤੇ ਤੁਰੰਤ ‘ਸਿਰਨਾਵਣੀ’ (ਮੰਨੀ ਜਾਂਦੀ ਸਰੀਰਕ ਅਪਵਿੱਤ੍ਰਤਾ) ਦੇ ਵਿਸ਼ੇ ਨੂੰ ਸਪਸ਼ਟ ਕਰਨਾ, ਦਰਸਾਉਂਦਾ ਹੈ ਕਿ ਗੁਰੂ ਸਾਹਿਬ ਜੀ ਤੋਂ ਪਹਿਲਾਂ ‘ਸਿਰਨਾਵਣੀ’ ਸ਼ਬਦ ਰਾਹੀਂ ਵੀ ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਸੀ, ਜਿਸ ਦਾ ਜ਼ਿਕਰ ਤਮਾਮ ਟੀਕਾਕਾਰਾਂ ਨੇ ਉਕਤ ਸ਼ਬਦ ਦੇ ਅਰਥ ਕਰਦਿਆਂ ਇਉਂ ਕੀਤਾ ਹੈ:

(1). ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ) ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਵੱਸਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਰਹਿੰਦਾ ਹੈ। ਅਜਿਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ। (ਪ੍ਰੋ. ਸਾਹਿਬ ਸਿੰਘ)

(ਨੋਟ: ਪ੍ਰੋ. ਸਾਹਿਬ ਸਿੰਘ ਜੀ ਦਾ ਇਹ ਕਹਿਣਾ ਕਿ ‘ਇਹ ਅਪਵਿਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ’ ਅਤੇ ਫਿਰ ਅਗਾਂਹ ਇਸ ਸ਼ਬਦ ਦੇ ਅਰਥ ਕਰਦਿਆਂ, ਦੁਬਾਰਾ ਬਰੈਕਟ ’ਚ ਲਿਖਣਾ ਕਿ ‘ਆਪਣੇ ਵਲੋਂ ਪਵਿਤਰ ਬਣ ਕੇ ਬੈਠੇ’ ਦਰਸਾਉਂਦਾ ਹੈ ਕਿ ਪ੍ਰੋ. ਸਾਹਿਬ ਸਿੰਘ ਇਹ ਮੰਨਦੇ ਹਨ ਕਿ ਜੜ੍ਹ ਸੋਚ ਰਾਹੀਂ ਮੰਨੀ ਜਾਂਦੀ ਇਸ ਅਪਵਿੱਤ੍ਰਤਾ ਦੀ ਜ਼ਿੰਮੇਵਾਰ ਔਰਤ ਨਹੀਂ, ਬਲਕਿ ਕਰਤਾਰ ਦਾ ਨਿਯਮ ਹੀ ਹੈ ਭਾਵ ਰੱਬੀ ਨਿਯਮ (ਦ੍ਰਿਸ਼ਟੀ) ਵਿੱਚ ਕੁਝ ਵੀ ਅਪਵਿੱਤਰ ਨਹੀਂ : ‘‘ਮਨ ! ਕਹ ਅਹੰਕਾਰਿ ਅਫਾਰਾ ॥ ਦੁਰਗੰਧ, ਅਪਵਿਤ੍ਰ, ਅਪਾਵਨ ਭੀਤਰਿ; ਜੋ ਦੀਸੈ ਸੋ ਛਾਰਾ ॥’’ (ਮ: ੫/੫੩੦) ਭਾਵ ਹੇ (ਸੁਚਮਤਾ ਦੇ ਭਰਮ ’ਚ ਫਸੇ) ਮਨ! (ਤੇਰੇ) ਅੰਦਰ ਬਦ ਬੋ ਹੈ, ਗੰਦ ਹੈ, ਵਿਸ਼ਟ ਹੈ, ਜੋ ਤੇਰਾ ਸਰੀਰ ਵਿਖਾਈ ਦੇ ਰਿਹਾ ਹੈ ਇਹ ਸਭ ਹੀ ਸੁਆਹ (ਮਿੱਟੀ) ਬਣਨ ਵਾਲਾ ਹੈ ਫਿਰ ਇਸ ਨੂੰ (ਪਵਿੱਤਰ ਤੇ ਸਥਾਈ ਮੰਨ ਕੇ) ਘੁਮੰਡ- ਅਹੰਕਾਰ ਵਿੱਚ ਕਿਉਂ?

(2). ਸਿਰਨਾਵਣੀ- ਇਸਤ੍ਰੀ ਨੂੰ ਮਹੀਨੇ ਅਥਵਾ ਨਿਯਤ ਸਮੇਂ ਤੇ ਆਉਣ ਵਾਲੀ ਰਿਤੁ, ਇਹ ‘ਨਾਉਂ’ ਹੋਣ ਦਾ ਕਾਰਣ ਇਹ ਹੈ ਕਿ ਰਿਤੁ ਪਿਛੋਂ ਕੇਸੀ ਸ਼ਨਾਨ ਕਰਨਾ ਵਿਧਾਨ ਹੈ। (ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ)

(ਨੋਟ: ਭਾਈ ਕਾਹਨ ਸਿੰਘ ਜੀ ਨਾਭਾ ਇਹ ਕਹਿ ਰਹੇ ਹਨ ਕਿ ਔਰਤ ਦੇ ਮਹਾਵਾਰੀ ਦਿਨਾਂ ਨੂੰ ‘ਸਿਰਨਾਵਣੀ’ ਨਾਉ ਦੇਣਾ ਜਾਂ ਸ਼ਬਦ ਨਾਲ ਯਾਦ ਕਰਨ ਦਾ ਮਤਲਬ ਇਹ ਸੀ ਕਿ ਮਹਾਵਾਰੀ ਤੋਂ ਉਪਰੰਤ ਕੇਸੀ ਇਸ਼ਨਾਨ ਕਰਨ ਦਾ ਵਿਧਾਨ ਸੀ।

ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਇਹ ਵਿਧਾਨ (ਨਿਯਮ) ਬ੍ਰਾਹਮਣ ਸੋਚ ਦੀ ਉਪਜ ਸੀ, ਨਾ ਕਿ ਗੁਰਮਤਿ ਦੀ। ਕੁਝ ਇਲਾਕਿਆਂ ਵਿੱਚ ‘ਮਹਾਵਾਰੀ’ ਦੇ ਦਿਨਾਂ ਨੂੰ ‘ਪੈਰ ਭਾਰੀ ਹੋਣਾ’ ਸ਼ਬਦਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ, ਇਸ ਦਾ ਇਹ ਮਤਲਬ ਕਦਾਚਿਤ (ਹਰਗਿਜ਼) ਨਹੀਂ ਕਿ ਉਨ੍ਹਾਂ ਦਿਨਾਂ ’ਚ ਔਰਤ ਦੇ ਪੈਰ ਮੋਟੇ ਹੋ ਜਾਂਦੇ ਹਨ। ਅਜਿਹੇ ਸ਼ਬਦਾਂ ਦੀ ਕਾਢ (ਅਵਿਸ਼ਕਾਰ), ਕੇਵਲ ਔਰਤ ਦੀ ਗੁਪਤ ਕਿਰਿਆ ਨੂੰ ਸਮਾਜ ਵਿੱਚ ਬਿਆਨ ਕਰਨ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ। ‘ਸਿਰਨਾਵਣੀ’ ਸ਼ਬਦ ਦੀ ਹੋਂਦ, ਗੁਰੂ ਨਾਨਕ ਸਾਹਿਬ ਜੀ ਤੋਂ ਬਹੁਤ ਹੀ ਪਹਿਲਾਂ ਸਮਾਜ ਨੇ ਅਪਣਾ (ਸਵੀਕਾਰ) ਲਈ, ਜਾਪਦੀ ਹੈ। ‘ਸਿਰਨਾਵਣੀ’ ਸ਼ਬਦ ਦੇ ਅਰਥਾਂ ਬਾਰੇ ਇਹ ਧਾਰਨਾ ਬਣਾਉਣੀ, ਕਿ ਤੀਸਰੇ ਦਿਨ ਔਰਤ ਕੇਸੀ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦੀ ਹੈ, ਮਨਘੜਤ ਸੋਚ ਹੈ ਕਿਉਂਕਿ ਪਵਿੱਤ੍ਰਤਾ ਦਾ ਸਬੰਧ ਮਨ ਦੀ ਵੀਚਾਰ ਅਤੇ ਆਚਾਰ ਨਾਲ ਹੈ, ਨਾ ਕਿ ਸਰੀਰ ਧੋਣ ਨਾਲ । ਪਾਣੀ ਸਿਰਫ਼ ਸਰੀਰ ਨੂੰ ਧੋ ਸਕਦਾ ਹੈ, ਮਨ ਨੂੰ ਨਹੀਂ : ‘‘ਪਾਣੀ ਚਿਤੁ ਨ ਧੋਪਈ, ਮੁਖਿ ਪੀਤੈ ਤਿਖ ਜਾਇ ॥’’ (ਮ: ੧/੧੨੪੦) ਤਾਂ ਤੇ ‘‘ਮਨਿ ਮੈਲੈ, ਸਭੁ ਕਿਛੁ ਮੈਲਾ; (ਕਿਉਂਕਿ) ਤਨਿ ਧੋਤੈ, ਮਨੁ ਹਛਾ ਨ ਹੋਇ ॥’’ (ਮ: ੩/ ੫੫੮)

ਇਸ ਲਈ ਅਗਰ ਕੇਵਲ ਸਿਰ ਨਹਾਉਣ ਨਾਲ ਹੀ ਪਵਿੱਤ੍ਰਤਾ ਹੋ ਜਾਣੀ ਮੰਨ ਲਈਏ ਤਾਂ ਅੱਜ ਕੱਲ ਕਈ ਬੀਬੀਆਂ ਦੇ ਵਾਲ ਕੱਟੇ ਹੋਣ ਕਾਰਨ ਰੋਜ਼ਾਨਾ ਹੀ ਸਿਰ ਵਿੱਚ ਪਾਣੀ ਪਾਉਂਦੀਆਂ ਰਹਿੰਦੀਆਂ ਹਨ ਤਾਂ ਫਿਰ, ਕੀ ਅਸੀਂ ਇਹ ਮੰਨ ਲਈਏ ਕਿ ਇੱਕ ਗੁਰਸਿੱਖ ਬੀਬੀ ਨਾਲੋਂ ਵਾਲ ਕੱਟੀ ਹੋਈ ਔਰਤ ਹਰ ਰੋਜ਼ ਸਿਰ ਨਹਾਉਣ ਕਰਕੇ ਜ਼ਿਆਦਾ ਪਵਿੱਤਰ ਰਹਿੰਦੀ ਹੈ।

(3). ਸਿਰਨਾਵਣੀ-ਮਾਸਕ ਰਿਤੂ, ਮਹੀਨੇ ਅਥਵਾ ਇਕ ਨਿਸਚਿਤ ਅਵਧੀ ਬਾਅਦ ਆਉਣ ਵਾਲੀ ਰਿਤੂ, ਕਿਉਂਕਿ ਇਸ ਤੋਂ ਬਾਅਦ ਕੇਸੀ ਇਸ਼ਨਾਨ ਕਰਨ ਦਾ ਵਿਧਾਨ ਹੈ, ਇਸ ਲਈ ਇਸ ਨੂੰ ‘ਸਿਰ ਨਾਵਣੀ’ ਕਹਿੰਦੇ ਹਨ। (ਸ੍ਰੀ ਗੁਰੂ ਗ੍ਰੰਥ ਕੋਸ਼, ਡਾ. ਗੁਰਚਰਨ ਸਿੰਘ)

ਸੋ, ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਵਾਲੇ ਸ਼ਬਦ ਦੇ ਵਿਦਵਾਨਾਂ ਵੱਲੋਂ ਕੀਤੇ ਗਏ ਤਮਾਮ ਪਦ ਅਰਥਾਂ ਵਿੱਚ ਕੋਈ ਭਿੰਨਤਾ (ਮਤਭੇਦ) ਨਹੀਂ ਹਨ, ਅਗਰ ਮਤਭੇਦ ਹੁੰਦੇ ਤਾਂ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ ਆਪਣੇ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਤੁਲਨਾਤਮਿਕ ਅਧਿਐਨ’ ਸਟੀਕ ਰਾਹੀਂ ਹੋਰਨਾਂ ਟੀਕਾਕਾਰਾਂ ਦੀ ਸੋਚ ਦੇ ਮੁਕਾਬਲੇ ਕੋਈ ਆਪਣਾ ਵੀ ‘ਨਿਰਣਾ’ ਜ਼ਰੂਰ ਦੇ ਦਿੰਦੇ ਪਰ ਉਨ੍ਹਾਂ ਨੇ ਇਸ ਪੰਕਤੀ ਦੇ ਅਰਥ ਇਉਂ ਕੀਤੇ ਹਨ: ‘ਜਿਵੇਂ ਇਸਤਰੀ ਨੂੰ ਮਹਾਵਾਰੀ (ਰਿਤੂ) ਹਰੇਕ ਮਹੀਨੇ ਆਉਂਦੀ ਹੈ (ਤੇ ਓਦੋਂ ਉਹ ਅਪਵਿੱਤਰ ਗਿਣੀ ਜਾਂਦੀ ਹੈ, ਇਸੇ ਤਰ੍ਹਾਂ) ਜੂਠੇ ਮਨੁੱਖ ਦੇ ਮੂੰਹ ਵਿਚ (ਹਰ ਵੇਲੇ ਝੂਠ ਦੀ) ਜੂਠ ਵੱਸੀ ਰਹਿੰਦੀ ਹੈ, (ਉਹ) ਨਿਤਾਪ੍ਰਤੀ ਖਜਲ ਖੁਆਰ ਹੁੰਦਾ ਹੈ।’ (ਗਿਆਨੀ ਹਰਬੰਸ ਸਿੰਘ, ‘ਦਰਸਨ ਨਿਰਣੈ’ ਸਟੀਕ)

(ਨੋਟ: ਗਿਆਨੀ ਜੀ ਵੀ ਆਪਣੇ ਵੱਲੋਂ ਕੀਤੇ ਗਏ ਅਰਥਾਂ ਵਿੱਚ ਇਉਂ ਸ਼ਾਮਲ ਕਰਨਾ ਨਹੀਂ ਭੁੱਲੇ ਕਿ ‘ਓਦੋਂ ਉਹ ਅਪਵਿੱਤਰ ਗਿਣੀ ਜਾਂਦੀ ਹੈ’ ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੀ ‘ਸਿਰਨਾਵਣੀ’ ਸ਼ਬਦ ਰਾਹੀਂ ਔਰਤ ਅਪਵਿੱਤਰ ਗਿਣੀ (ਮੰਨੀ) ਜਾਂਦੀ ਸੀ। ਅਜੋਕੇ (ਵਰਤਮਾਨ) ਸਮੇਂ ਵਿੱਚ ਵੀ ਸੰਬੰਧਤ ਸ਼ਬਦ ਦੇ ਪਦ ਅਰਥਾਂ ਵਿੱਚ ਵਿਦਵਾਨਾਂ ਰਾਹੀਂ ਕੋਈ ਮਤਭੇਦ ਨਹੀਂ ਹਨ ਬਲਕਿ ਮਤਭੇਦ ਕੇਵਲ ‘ਸਿਰਨਾਵਣੀ’ ਸ਼ਬਦ ਦੇ ਪਿਛੋਕੜ ’ਚ ਬਣੀ ਉਸ ਧਾਰਨਾ ਨੂੰ ਛੱਡਣ (ਤਿਆਗਣ) ਜਾਂ ਅਪਣਾਉਣ (ਸਵੀਕਾਰਨ) ਵਿੱਚ ਹੈ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸਮਾਜ ਨੇ ‘ਸਿਰਨਾਵਣੀ’ ਸ਼ਬਦ ਦੀ ਰਾਹੀਂ ਇਸਤਰੀ ਜਾਤੀ ਪ੍ਰਤੀ ਬਣਾਈ ਹੋਈ ਸੀ, ਜਿਸ ਧਾਰਨਾ ਬਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਤਾ ਸੀ, ਇਸ ਲਈ ਉਸ ਧਾਰਨਾ ਦਾ ਖੰਡਨ ਕਰਨ ਲਈ ਉਨ੍ਹਾਂ ਨੇ ਆਪਣੇ ਸ਼ਬਦ ਦੇ ਅਖ਼ੀਰ ਵਿੱਚ ‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ ॥’’ ਪੰਕਤੀ ਦਰਜ ਕਰਨੀ ਜ਼ਰੂਰੀ ਸਮਝੀ।)

ਸੋ, ਝੂਠੇ ਮਨੁੱਖ ਦੀ ਝੂਠ ਬੋਲਣ ਵਾਲੀ ਨਿਰਵਿਘਨ ਹੁੰਦੀ ‘ਜੂਠ ਕਿਰਿਆ’ ਨੂੰ ‘ਸਿਰਨਾਵਣੀ’ ਸ਼ਬਦ ਨਾਲ ਤੁਲਨਾ ਕਰਨਾ ਤੇ ਫਿਰ ਤੁਰੰਤ ‘ਸਿਰਨਾਵਣੀ’ (ਮੰਨੀ ਜਾਂਦੀ ਸਰੀਰਕ ਅਪਵਿੱਤ੍ਰਤਾ) ਨੂੰ ਵੀ ਸਪਸ਼ਟ ਕਰਨਾ, ਗੁਰੂ ਜੀ ਦੇ ਔਰਤ ਜਾਤੀ ਪ੍ਰਤੀ ਕੀਤੇ ਉਪਦੇਸ਼ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਦੀ ਪੁਸ਼ਟੀ (ਪ੍ਰੋੜ੍ਹਤਾ, ਸਮਰਥਨ) ਕਰਨਾ ਹੈ। ਇਸ ਲਈ ਉਕਤ ਸ਼ਬਦ (‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’) ਰਾਹੀਂ ਔਰਤ ਜਾਤੀ ਨੂੰ ਪਵਿੱਤਰ ਜਾਂ ਅਪਵਿੱਤਰ ਕਿਰਿਆ ਰੂਪ ’ਚ ਮੰਨਣ ਲਈ, ਗੁਰਬਾਣੀ ਦੇ ਗ਼ਲਤ ਅਰਥ ਕਰਕੇ ਤੇ ਅਢੁੱਕਵੇਂ ਸ਼ਬਦਾਂ (ਪ੍ਰਮਾਣਾਂ) ਰਾਹੀਂ ਦਲੀਲਾਂ ਦੇ ਕੇ ਔਰਤ ਨੂੰ ਜ਼ਲੀਲ (ਅਪਮਾਨਿਤ) ਕਰਨਾ ਅਤੇ ਇਸ ਦੇ ਬਦਲੇ ਗੁਰੂ ਘਰ ਦੀ ਸਟੇਜ ਤੇ ਗੁਰੂ ਦੀ ਗੋਲਕ ਨੂੰ ਨਿਜੀ ਹਿਤਾਂ (ਭਲੇ) ਤੇ ਆਪਣੀ ਸੋਚ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਰਤਣਾ, ਗੁਰਮਤਿ ਨਹੀਂ ਬਲਕਿ ਘੋਰ ਮਨਮਤ ਹੈ।

ਸਿੱਖ ਕੌਮ ਨਾਲ ਸੰਬੰਧਿਤ ਤਮਾਮ ਪ੍ਰਚਾਰਕਾਂ ਤੇ ਬੁਧੀਜੀਵੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ॥’’ ਵਾਲੀ ਪਉੜੀ ਵਿੱਚ ਦਰਜ ਦੂਸਰੇ ਸਲੋਕ ਰਾਹੀਂ ਗੁਰੂ ਨਾਨਕ ਸਾਹਿਬ ਜੀ ਪੂਜਾਰੀ ਬ੍ਰਾਹਮਣਾਂ ਰਾਹੀਂ ਫੈਲਾਏ ਜਾਂਦੇ ਭਰਮਜਾਲ, ਕਿ ਜਜਮਾਨਾਂ ਵੱਲੋਂ ਪ੍ਰੋਹਿਤਾਂ ਨੂੰ ਦਿੱਤਾ ਜਾਂਦਾ ਦਾਨ, ਉਨ੍ਹਾਂ ਦੇ ਮਰ ਚੁੱਕੇ ਬਜ਼ੁਰਗਾਂ (ਪਿੱਤਰਾਂ) ਤੱਕ ਪਹੁੰਚ ਜਾਂਦਾ ਹੈ, ਦਾ ਖੰਡਨ ਕਰਦੇ ਹੋਏ ਬਿਆਨ ਕਰ ਰਹੇ ਹਨ ਕਿ ਐਸੇ ਦਲਾਲ, ਜੋ ਵਿਚੋਲੇ ਬਣ ਕੇ ਮਾਲ-ਸਬਾਬ (ਸਮਾਨ) ਅਗਾਂਹ ਪਹੁੰਚਾਉਣ ਦਾ ਦਾਅਵਾ ਕਰਦੇ ਹਨ; ਉਨ੍ਹਾਂ ਦੇ ਹੱਥ ਵੱਢੇ ਜਾਂਦੇ ਹਨ: ‘‘ਵਢੀਅਹਿ ਹਥ ਦਲਾਲ ਕੇ, ਮੁਸਫੀ (ਇਨਸਾਫ਼) ਏਹ ਕਰੇਇ ॥’’ (ਮ: ੧/੪੭੩)

ਸੋ, ਚੱਲ ਰਹੀ ਲੜੀਵਾਰ ਵੀਚਾਰ ਨੂੰ ਧਿਆਨ ਵਿੱਚ ਰੱਖੀਏ ਕਿ ਗੁਰੂ ਸਾਹਿਬ ਜੀ, ਤਮਾਮ ਉਨ੍ਹਾਂ ਗ਼ਲਤ ਧਾਰਨਾਵਾਂ; ਜਿਵੇਂ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪੁੱਤਰਾਂ ਵੱਲੋਂ ਪੰਡਿਤਾਂ ਨੂੰ ਦਿੱਤਾ ਹੋਇਆ ਦਾਨ, ਉਨ੍ਹਾਂ ਦੇ ਮਰ ਚੁੱਕੇ ਪਿੱਤਰਾਂ ਨੂੰ ਪਹੁੰਚਣ ਵਾਲਾ ਭਰਮ, ਔਰਤ ਮਹਾਂਵਾਰੀ ਦੇ ਦਿਨਾਂ ਵਿੱਚ ਅਪਵਿੱਤਰ ਹੋ ਜਾਂਦੀ ਹੈ ਤੇ ਚੌਥੇ ਦਿਨ ਸਿਰ ਨਹ੍ਹਾ ਕੇ ਹੀ ਪਵਿੱਤਰ ਹੋਣ ਵਾਲਾ ਭਰਮ ਆਦਿ ਦਾ ਭਰਪੂਰ ਖੰਡਨ ਕਰਦੇ ਹਨ। ਇਸ ਲਈ ਗੁਰੂ ਸਾਹਿਬ ਜੀ ਵੱਲੋਂ ਖੰਡਤ ਕੀਤੀ ਜਾ ਰਹੀ ਇਸ ਧਾਰਨਾ ਨੂੰ ਗੁਰਮਤਿ ਕਹਿਣਾ, ਗੁਰੂ ਸਾਹਿਬਾਨਾਂ ਦੀ ਭਾਵਨਾ ਨਾਲ ਬਹੁਤ ਵੱਡਾ ਅਨਿਆਂ (ਜ਼ੁਲਮ, ਧੱਕਾ) ਹੈ।

(ਅ). ਆਪਣੀ ‘ਸੋਚ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਹਰੀ ਸਿੰਘ ਰੰਧਾਵੇ’ ਨੇ, ਗੁਰੂ ਰਾਮਦਾਸ ਸਾਹਿਬ ਜੀ ਦੇ ਜਿਸ ਸ਼ਬਦ ਦੀ ਹੋਰ ਟੇਕ ਲਈ, ਉਹ ਇਸ ਤਰ੍ਹਾਂ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਭਾਵ ਸਰੀਰ ਦੇ 9 ਹੀ ਦੁਆਰ (ਛੇਦ, ਭਾਵ ਨੱਕ, ਕੰਨ, ਮੂੰਹ, ਅੱਖਾਂ, ਲਿੰਗ ਤੇ ਗੁੱਦਾ) ਵਿੱਚੋਂ ਮਲ-ਮੂਤਰ ਆਦਿ ਦਾ ਸਿੰਮਦੇ ਰਹਿਣਾ, ਅਪਵਿੱਤਰ ਹੈ। (ਹਰੀ ਸਿੰਘ ਰੰਧਾਵਾ)

ਗੁਰਮਤਿ ਫ਼ਿਲਾਸਫ਼ੀ- ਅਗਰ ‘ਹਰੀ ਸਿੰਘ ਰੰਧਾਵਾ’ ਅਨੁਸਾਰ ਇਹ ਮੰਨ ਲਿਆ ਜਾਵੇ ਕਿ ਗੁਰੂ ਰਾਮਦਾਸ ਜੀ, ਇਸ ਪਾਵਨ ਵਾਕ ਰਾਹੀਂ ਸਰੀਰਕ ਅਪਵਿੱਤ੍ਰਤਾ ਦੀ ਗੱਲ ਕਰ ਰਹੇ ਹਨ ਤਾਂ ਇਸ ਦੇ ਨਾਲ ਅਗਲੀ ਪੰਕਤੀ ’ਚ ਇਉਂ ਵੀ ਦਰਜ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥’’ ਭਾਵ ਕੀ ‘ਹਰੀ ਸਿੰਘ ਰੰਧਾਵਾ’ ਇਹ ਮੰਨ ਸਕਦੇ ਹਨ ਕਿ ਹਰੀ ਦਾ ਨਾਮ ਬੋਲ ਕੇ ਇਹ 9 ਸਰੀਰਕ ਗੋਲਕਾਂ ਮਲ-ਮੂਤਰ ਛੱਡਣਾ ਬੰਦ ਕਰ ਦਿੰਦੀਆਂ ਹਨ ਭਾਵ ਪਵਿੱਤਰ ਹੋ ਜਾਂਦੀਆਂ ਹਨ? ਕਿਉਂਕਿ ਗੁਰੂ ਰਾਮਦਾਸ ਜੀ ਤਾਂ ਇਸ ਸ਼ਬਦ ਦੀ ਰਾਹੀਂ ਇਹੀ ਬਿਆਨ ਕਰ ਰਹੇ ਹਨ ਕਿ ਹਰੀ ਦਾ ਨਾਮ ਬੋਲ ਕੇ ਸਾਰੇ (9) ਗੋਲਕ ਪਵਿੱਤਰ ਕਰ ਲਏ ਜਾਂਦੇ ਹਨ।

ਦਰਅਸਲ, ਇਸ ਭਾਵਾਰਥ (ਸਮੁੱਚਾ ਭਾਵ) ਨੂੰ ਸਮਝਣ ਲਈ ਮਨੁੱਖਾ ਸਰੀਰਕ ਸ਼ਕਤੀ ਨੂੰ ਦੋ ਭਾਗਾਂ ਵਿੱਚ ਵੰਡਣਾ ਉਚਿਤ (ਮੁਨਾਸਿਬ) ਰਹੇਗਾ; ਜਿਵੇਂ: ‘ਆਤਮਿਕ ਤਲ (ਮਾਰਗ)’ ਤੇ ‘ਸਰੀਰਕ ਤਲ (ਮਾਰਗ)’।

ਗੁਰਮਤਿ ਅਨੁਸਾਰ ‘ਆਤਮਿਕ ਤਲ’ ਦਾ ਮਾਰਗ ਹੈ: ‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥’’ (ਮ: ੩/੪੪੧) ਜਦਕਿ ‘ਸਰੀਰਕ ਤਲ’ ਦਾ ਮਾਰਗ ਹੈ: ‘‘ਫਰੀਦਾ ! ਗੋਰ (ਕਬਰ) ਨਿਮਾਣੀ ਸਡੁ (ਆਵਾਜ਼) ਕਰੇ, ਨਿਘਰਿਆ ਘਰਿ ਆਉ ॥’’ (ਬਾਬਾ ਫਰੀਦ ਜੀ/੧੩੮੨) ਭਾਵ ਮਨ (ਆਤਮਾ) ਦਾ ਪੈਂਡਾ ਨੂਰ (ਪ੍ਰਭੂ ਜੋਤ) ਦਾ ਮਿਲਾਪ ਹੈ ਜਦਕਿ ਸਰੀਰਕ ਪੈਂਡਾ ਮਿੱਟੀ (ਕਬਰ ਸਥਾਨ, ਸੁਆਹ) ਦਾ ਮਿਲਾਪ ਹੈ; ਜਿਵੇਂ ਕਬੀਰ ਜੀ ਫ਼ੁਰਮਾ ਰਹੇ ਹਨ: ‘‘ਚਲਤ ਕਤ, ਟੇਢੇ ਟੇਢੇ ਟੇਢੇ ॥ ਅਸਤਿ, ਚਰਮ, ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥’’ (ਭਗਤ ਕਬੀਰ ਜੀ/੧੧੨੪) ਭਾਵ ਹੇ ਮਨੁੱਖ ! ਕਿਉਂ ਆਕੜ- ਆਕੜ ਕੇ ਚਲਦਾ ਹੈਂ ਕਿਉਂਕਿ ਤੂੰ ਹੱਡੀਆਂ, ਚੰਮੜੀ, ਵਿਸ਼ਟਾ ਨਾਲ ਭਰਿਆ ਤੇ ਗੰਦਗੀ ਨਾਲ ਲਿੱਬੜਿਆ ਹੋਇਆ ਹੀ ਤਾਂ ਹੈਂ?

(ਨੋਟ: ਇਸ ਸਬਦ ਰਾਹੀਂ ਕਬੀਰ ਜੀ ‘‘ਬਿਸਟਾ ਕੇ ਮੂੰਦੇ॥’’ ਭਾਵ ਵਿਸ਼ਟਾ ਨਾਲ ਭਰਿਆ (ਸਰੀਰ), ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹਨ ਜਦਕਿ ਅਜੋਕੀ ਸਾਇੰਸ ਵੀ ਇਹ ਮੰਨਦੀ ਹੈ ਕਿ ਮਨੁੱਖਾ ਸਰੀਰ ਅੰਦਰ ਅਗਰ 800 ਗ੍ਰਾਮ ਮਲ ਨਹੀਂ ਰਹੇਗਾ, ਉਸ ਦੀ ਮੌਤ ਨਿਸ਼ਚਿਤ ਹੈ।)

ਸੰਬੰਧਤ ਸ਼ਬਦ ਦੁਆਰਾ ਗੁਰੂ ਰਾਮਦਾਸ ਜੀ ਫ਼ੁਰਮਾ ਰਹੇ ਹਨ ਕਿ ‘ਸਰੀਰਕ ਤਲ’ ’ਤੇ ਵਿਚਰਨ ਵਾਲੇ ਜੜ੍ਹ ਬੁਧੀ ਮਨੁੱਖਾਂ ਨੇ ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਮੰਨ ਲਏ ਹਨ ਪਰ ‘ਆਤਮਿਕ ਤਲ’ ’ਤੇ ਵਿਚਰਨ ਵਾਲੇ ਜਗਿਆਸੂਆਂ ਨੇ ਇਸ ਅਪਵਿੱਤ੍ਰਤਾ ਦੇ ਵਹਿਮ-ਭਰਮ ਨੂੰ ‘‘ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥’’ ਭਾਵ ‘‘ਊਚੇ ਉਪਰਿ, ਊਚਾ ਨਾਉ ॥’’ (ਜਪੁ) ਹਰੀ ਨਾਮ ਜਪ ਕੇ ਦੁਨਿਆਵੀ ਸੋਚ ਤੋਂ ਆਪਣੀ ਸੋਚ ਨੂੰ ਉੱਪਰ ਉੱਠਾ ਕੇ (ਅਪਵਿੱਤ੍ਰਤਾ ਰੂਪ ਵਹਿਮ-ਭਰਮ, ਅੰਧ-ਵਿਸ਼ਵਾਸ ਆਦਿ ’ਚੋਂ ਨਿਕਲ ਕੇ) ਪਵਿੱਤਰ ਕਰ ਲਿਆ ਹੈ ਭਾਵ ਉਨ੍ਹਾਂ ਨੂੰ ਕਿਸੇ ਪਾਸੇ ਵੀ ਅਪਵਿੱਤ੍ਰਤਾ ਵਿਖਾਈ ਨਹੀਂ ਦਿੰਦੀ ਹੈ; ਜਿਵੇਂ ਕਿ ਉੱਪਰ ਵੀਚਾਰ ਕੀਤੀ ਗਈ ਸੀ ਕਿ ਪ੍ਰਮਾਤਮਾ ਦੀ ਦ੍ਰਿਸ਼ਟੀ (ਨਿਯਮ) ਵਿੱਚ ਕੁਝ ਵੀ ਅਪਵਿੱਤਰ ਨਹੀਂ ।

ਪੂਰਾ ਪਦਾ ਇਸ ਪ੍ਰਕਾਰ ਹੈ: ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮ, ਪਵਿਤ੍ਰ ਸਭਿ ਕਿਤਾ ॥ ਜੇ ਹਰਿ ਸੁਪ੍ਰਸੰਨੁ ਹੋਵੈ, ਮੇਰਾ ਸੁਆਮੀ; ਹਰਿ ਸਿਮਰਤ, ਮਲੁ ਲਹਿ ਜਾਵੈ ਜੀਉ ॥’’ (ਮ: ੪/੯੯੮) ਇਸ ਸ਼ਬਦ ਦੇ ਅਖ਼ੀਰ ਵਿੱਚ ਗੁਰੂ ਰਾਮਦਾਸ ਜੀ ਬਿਆਨ ਕਰ ਰਹੇ ਹਨ ਕਿ ਜਿਸ ਮਨੁੱਖ ਉੱਤੇ ਮੇਰਾ ਮਾਲਕ ਤਰੁਠਦਾ (ਮਿਹਰਬਾਨ ਹੁੰਦਾ) ਹੈ ਕੇਵਲ ਉਹੀ ਜੜ੍ਹ ਬੁਧੀ ਮਨੁੱਖ, ਹਰੀ ਸਿਮਰਨ ਕਰਦਿਆਂ ਅਪਵਿੱਤ੍ਰਤਾ ਰੂਪ ਵਹਿਮ-ਭਰਮ ਵਿੱਚੋਂ ਮੁਕਤ ਹੁੰਦਾ ਹੈ ਭਾਵ ਉਸ ਦੀ ਅਪਵਿੱਤ੍ਰਤਾ ਵਾਲੀ ਸਾਰੀ ਮੈਲ (ਮਲੀਨਤਾ) ਲਹਿ ਜਾਂਦੀ ਹੈ।

ਉਕਤ ਗੁਰੂ ਉਪਦੇਸ਼ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤ ਨੂੰ ਅਪਵਿੱਤ੍ਰਤਾ ਦੀ ਦ੍ਰਿਸ਼ਟੀ ਨਾਲ ਵੇਖਣ ਵਾਲੇ ਜੜ੍ਹ ਬੁਧੀ ਮਨੁੱਖਾਂ ’ਤੇ ‘ਮੇਰਾ ਸੁਆਮੀ’ ਨਹੀਂ ਤਰੁਠਿਆ ਕਿਉਂਕਿ ਉਨ੍ਹਾਂ ਨੇ ਹਰੀ ਸਿਮਰਨ ਕਰਨ ਦੇ ਬਾਵਜੂਦ ਔਰਤ ਵਿੱਚ ਰੱਬ ਨੂੰ ਵੇਖਣ ਦੀ ਬਜਾਏ ਅਜੇ ਤੱਕ ਕੰਧਾਂ, ਦਰਵਾਜ਼ਿਆਂ, ਪਾਥੀਆਂ, ਕੁੱਤਿਆਂ ਆਦਿ ਵਿੱਚ ਹੀ ਮਾਲਕ ਦੇ ਦਰਸ਼ਨ ਕੀਤੇ ਹਨ।

ਸੋ, ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ ਵਾਲੀ ਸੋਚ, ਗੁਰੂ ਰਾਮਦਾਸ ਜੀ ਨੇ ਅਨਮਤ (ਅੰਧ-ਵਿਸ਼ਵਾਸ) ਸਮਝ ਕੇ ਖੰਡਤ ਕਰਨ ਲਈ, ਉਦਾਹਰਨ ਵਜੋਂ ਦਰਜ ਕੀਤੀ ਹੈ, ਨਾ ਕਿ ਇਹ ‘ਗੁਰਮਤਿ’ ਹੈ। ਹੇਠਾਂ ਦਿੱਤਾ ਜਾ ਰਿਹਾ ਸ਼ਬਦ, ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਪਰ ਇਸ ਨੂੰ ‘ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ’ ਮੰਨਣਾ ਮਨਮਤ ਹੈ ਕਿਉਂਕਿ ਇਹ ਜੋਗੀਆਂ ਦੀ ‘ਸੋਚ’ ਹੈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨਾਲ ਵੀਚਾਰ-ਚਰਚਾ ਕਰਦਿਆਂ ਬੋਲੀ ਗਈ ਹੈ: ‘‘ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ, ਸੁਖੁ ਫਲੁ ਪਾਈਐ; ਮੈਲੁ ਨ ਲਾਗੈ ਕਾਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ; ਜੋਗ ਜੁਗਤਿ ਬਿਧਿ ਸਾਈ ॥’’ (ਮ: ੧/੯੩੯) ਭਾਵ ਗੋਰਖ ਦਾ ਪੁੱਤਰ (ਚੇਲਾ) ਲੋਹਾਰੀਪਾ ਜੋਗੀ ਕਹਿ ਰਿਹਾ ਹੈ ਕਿ ਅਸੀਂ ਹਾਟੀ (ਸ਼ਹਿਰ) ਤੇ ਬਾਟੀ (ਰਸਤੇ ਭਾਵ ਸ਼ਹਿਰ ਤੋਂ ਬਾਹਰ) ਨਿਰਾਲੇ (ਨਿਰਲੇਪ) ਹੋ ਕੇ ਰੁੱਖ, ਬਿਰਖ ਹੇਠਾਂ ਭਾਵ ਜੰਗਲ ਵਿੱਚ ਰਹਿੰਦੇ ਹਾਂ, ਕੰਦ (ਫਲ ਆਦਿਕ) ਮੂਲ (ਮਿੱਟੀ ’ਚ ਉੱਗਣ ਵਾਲੀ ਮੂਲੀ-ਗਾਜਰ ਆਦਿਕ) ਸਾਡੀ ਖ਼ੁਰਾਕ ਹੈ, ਤੀਰਥ ਆਦਿਕ ’ਤੇ ਨਾਹੁੰਦੇ ਹਾਂ, (ਗ੍ਰਹਿਸਤ ਦੇ ਝੰਮੇਲਿਆਂ ਤੋਂ) ਸੁਖੀ ਰਹਿੰਦੇ ਹਾਂ ਭਾਵ ਗ੍ਰਹਿਸਤੀ ਹੋਣ ਵਾਲੀ ਮੈਲ ਨਹੀਂ ਲੱਗਦੀ ਆਦਿ, ਇਹ ਹੈ ਸਾਡੇ ਜੋਗ ਦੀ ਰਹਿਤ।

ਅਗਰ ਉਕਤ ਸ਼ਬਦ ਦੀ ਟੇਕ ਲੈ ਕੇ ‘ਹਰੀ ਸਿੰਘ ਰੰਧਾਵਾ’ ਵਰਗਾ ਕੋਈ ਪ੍ਰਚਾਰਕ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸਿੱਧ ਕਰੇ, ਤਾਂ ਕੀ ਇਹ ਗੁਰਮਤਿ ਹੋਵੇਗੀ ਜਾਂ ਮਨਮਤਿ?

ਸਰੀ (ਕੈਨੇਡਾ) ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦੋਵੇਂ ਧਿਰਾਂ ਦੇ ਵੀਚਾਰਕ ਸੰਤੁਲਨ ਨੂੰ ਬਣਾਏ ਰੱਖਣ ਲਈ ਮਿਤੀ 7-6-2015 ਨੂੰ ਬੁਲਾਈ ਗਈ ਦੂਸਰੀ ਮੀਟਿੰਗ ਵਿੱਚ ‘ਗਿਆਨੀ ਜਸਬੀਰ ਸਿੰਘ ਜੀ’ ਨੇ ਜਦ ‘ਹਰੀ ਸਿੰਘ ਰੰਧਾਵਾ’ ਪਾਸੋਂ ਇਹ ਜਾਣਨਾ ਚਾਹਿਆ ਕਿ ‘‘ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀ ਪਾਇ ॥’’ (ਮ: ੪/੭੩੩) ਵਾਕ ਰਾਹੀਂ ਗੁਰੂ ਜੀ ‘ਨੀਚ ਜਾਤਿ’ ਦਾ ਜ਼ਿਕਰ ਕਰ ਰਹੇ ਹਨ ਪਰ ਕੀ ਗੁਰੂ ਜੀ ‘ਨੀਚ ਜਾਤਿ’ ਮੰਨਦੇ ਹਨ?, ਦਾ ਜਵਾਬ ਦੇਣ ਦੀ ਬਜਾਏ ‘ਰੰਧਾਵਾ’ ਦੂਸਰੇ ਪ੍ਰੋਗਰਾਮ ਵਿੱਚ ਜਾਣ ਲਈ ਸਮਾਂ ਵਿਖਾਉਣ ਲੱਗ ਪਿਆ ਤਾਂ ਜੋ ਉੱਥੇ ਪਹੁੰਚ ਕੇ ਵੀ ਅੰਧ-ਵਿਸ਼ਵਾਸ ਫੈਲਾਇਆ ਜਾ ਸਕੇ।

‘ਭਾਈ ਅਭੈ ਸਿੰਘ’ ਜੀ ਦੁਆਰਾ ‘ਰੰਧਾਵਾ’ ਪਾਸੋਂ ਇਹ ਸਵਾਲ ਪੁੱਛਣਾ ਕਿ ਸਰੀਰ ’ਤੇ ਜਖ਼ਮ ਹੋਣਾ ਕੀ ਅਪਵਿੱਤ੍ਰਤਾ ਹੈ ਜਾਂ ਨਹੀਂ ?, ਦੇ ਜਵਾਬ ਵਿੱਚ ‘ਭਾਈ ਦਰਸਨ ਸਿੰਘ’ (ਰੰਧਾਵਾ ਹਮਾਇਤੀ) ਦਾ ਇਹ ਕਹਿਣਾ ਕਿ ਉਸ ਖ਼ੂਨ ਨੂੰ ਅਸੀਂ ਮੂੰਹ ਵੀ ਲਗਾ ਸਕਦੇ ਹਾਂ ਜਦਕਿ ‘ਸਿਰਨਾਵਣੀ’ ਰਿਤੁ ਨੂੰ ਨਹੀਂ, ਦੇ ਜਵਾਬ ਵਿੱਚ ‘ਭਾਈ ਅਭੈ ਸਿੰਘ’ ਦਾ ਜਵਾਬ ਕਿ ਮੂੰਹ ਤਾਂ ਪਾਥੀਆਂ ਨੂੰ ਵੀ ਨਹੀਂ ਲਗਾ ਸਕਦੇ, ਜਿਨ੍ਹਾਂ ਨੂੰ ਤੁਸੀਂ ਪਵਿੱਤਰ ਵੀ ਮੰਨਦੇ ਹੋ, ਦਾ ਜਵਾਬ ਵੀ ਰੰਧਾਵਾ ਸੋਚ ਨਹੀਂ ਦੇ ਸਕੀ।

(ਨੋਟ: ‘ਭਾਈ ਦਰਸਨ ਸਿੰਘ’ ਜੀ ਦੇ ਵੀਚਾਰ ਨੂੰ ਸੁਣ ਕੇ ਤਾਂ ਪਵਿੱਤਰ ਮੰਨੀ ਜਾਂਦੀ ਗੰਗਾ ਸਮੇਤ ਤਮਾਮ ਨਦੀਆਂ, ਨਾਲਿਆਂ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਹੋਣ ਕਰਕੇ ਕੋਈ ਵਿਅਕਤੀ ਮੂੰਹ ਨਹੀਂ ਲਗਾ ਸਕਦਾ ਭਾਵ ਪੀ ਨਹੀਂ ਸਕਦਾ ਫਿਰ ਉਸ ਰਾਹੀਂ ਹੁੰਦੀ ਸਰੀਰਕ ਪਵਿੱਤ੍ਰਤਾ ਵੀ ਸੰਦੇਹ ’ਚ ਆ ਸਕਦੀ ਹੈ।)

ਵੀਚਾਰਨ ਦਾ ਵਿਸ਼ਾ ਇਹ ਵੀ ਹੈ ਕਿ ਜਿਸ ਔਰਤ ਨੂੰ ਮਹਾਵਾਰੀ ਦੌਰਾਨ ਅਪਵਿੱਤਰ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਬੈਠਣ ਦਿੱਤਾ ਜਾਂਦਾ ਉਹ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਨਿਤਨੇਮ ਕਿਵੇਂ ਕਰੇਗੀ? ਕੀ ਗੁਟਕਾ ਸਾਹਿਬ ਗੁਰਬਾਣੀ ਨਹੀਂ? ਮਿਤੀ 7-6-2015 ਦੀ ਮੀਟਿੰਗ ਦੌਰਾਨ ‘ਹਰੀ ਸਿੰਘ ਰੰਧਾਵਾ’ ਆਪ ਜਦੋਂ ਗਿਆਨੀ ਜਸਬੀਰ ਸਿੰਘ ਜੀ ਤੋਂ ਗੁਰਬਾਣੀ ਦੀਆਂ ਪੰਕਤੀਆਂ ਲਿਖਿਆ ਹੋਇਆ ਕਾਗ਼ਜ ਪਕੜਦਾ ਹੈ ਤਾਂ ਉਸ ਕਾਗ਼ਜ ਦੇ ਟੁਕੜੇ ਨੂੰ ਕੱਪੜੇ ਨਾਲ ਫੜਦਾ ਹੈ, ਜਿਸ ’ਤੇ ਗੁਰਬਾਣੀ ਲਿਖੀ ਹੋਈ ਸੀ ਕਿਉਂਕਿ ‘ਰੰਧਾਵਾ’ ਅਨੁਸਾਰ ਸਾਮ੍ਹਣੇ ਟੇਬਲ ’ਤੇ ਪਈ ਪਾਣੀ ਦੀ ਬੋਤਲ ਵਿੱਚੋਂ ਪਾਣੀ ਪੀਣ ਕਾਰਨ ‘ਰੰਧਾਵਾ’ ਦੇ ਹੱਥ ਅਪਵਿੱਤਰ ਹੋ ਗਏ ਸਨ, ਫਿਰ ਗੁਰਬਾਣੀ ਦੇ ਗੁਟਕਿਆਂ ਨੂੰ ਇਹ ਸਤਿਕਾਰ ਕਿਉਂ ਨਹੀਂ? ਕੀ ਔਰਤਾਂ ਨੂੰ ਗੁਰਬਾਣੀ ਤੋਂ ਦੂਰ ਕਰਕੇ ਅਸੀਂ ਆਪਣੇ ਆਪ ਨੂੰ ਸਿੱਖ (ਪ੍ਰਚਾਰਕ) ਅਖਵਾ ਸਕਦੇ ਹਾਂ?

(ੲ). ਆਪਣੀ ‘ਸੋਚ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ‘ਹਰੀ ਸਿੰਘ ਰੰਧਾਵਾ’ ਨੇ, ਗੁਰੂ ਨਾਨਕ ਸਾਹਿਬ ਜੀ ਦੇ ਇੱਕ ਹੋਰ ਸ਼ਬਦ ਦੀ ਟੇਕ ਲਈ, ਜੋ ਇਸ ਤਰ੍ਹਾਂ ਹੈ: ‘‘ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥’’ ਭਾਵ ਪਹਿਨਿਆ ਹੋਇਆ ਕੱਪੜਾ ਮੂਤਰ ਨਾਲ ਗੰਦਾ (ਅਪਵਿੱਤਰ) ਹੋ ਜਾਂਦਾ ਹੈ, ਜਿਸ ਦਾ ਵਖਿਆਨ ਗੁਰੂ ਜੀ ‘ਪਲੀਤੀ’ ਸ਼ਬਦ ਰਾਹੀਂ ਕਰਦੇ ਹਨ। (ਹਰੀ ਸਿੰਘ ਰੰਧਾਵਾ)

ਗੁਰਮਤਿ ਫ਼ਿਲਾਸਫ਼ੀ-‘ਜਪੁ’ ਬਾਣੀ ਦੀ ਇਸ ਪਉੜੀ ਰਾਹੀਂ ਅਦ੍ਰਿਸ਼ ਵਿਸ਼ੇ ‘‘ਭਰੀਐ ਮਤਿ, ਪਾਪਾ ਕੈ ਸੰਗਿ ॥ ਓਹੁ ਧੋਪੈ, ਨਾਵੈ ਕੈ ਰੰਗਿ ॥’’ ਭਾਵ ਅਗਰ ਮਤ (ਮਨ) ਪਾਪਾਂ ਭਰੀ ਦ੍ਰਿਸ਼ਟੀ ਨਾਲ ਗੰਦੀ ਹੋ ਜਾਵੇ ਤਾਂ ਉਹ (ਪਾਪ-ਦ੍ਰਿਸ਼ਟੀ) ਰੱਬੀ ਪ੍ਰੇਮ-ਰੰਗ ਵਿੱਚ ਨਿਰੰਤਰ ਭਿੱਜ (ਰੰਗ) ਕੇ ਸਾਫ਼ ਹੋ ਜਾਂਦੀ ਹੈ।, ਨੂੰ ਸਮਝਾਉਣ ਲਈ ਦ੍ਰਿਸ਼ਮਾਨ (ਦ੍ਰਿਸ਼ਟੀਯੋਗ) ਉਦਾਹਰਨਾਂ ਦਿੱਤੀਆਂ ਗਈਆਂ ਹਨ; ਜਿਵੇਂ: ‘‘ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ, ਉਤਰਸੁ ਖੇਹ ॥ ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ, ਲਈਐ ਓਹੁ ਧੋਇ ॥’’ ਭਾਵ ਅਗਰ ਹੱਥ, ਪੈਰ, ਸਰੀਰ ਆਦਿ ਮਿੱਟੀ ਨਾਲ ਗੰਦਾ ਹੋ ਜਾਵੇ ਤਾਂ ਉਹ ਮਿੱਟੀ, ਪਾਣੀ ਨਾਲ ਧੋਤੀ (ਸਾਫ਼ ਕੀਤੀ) ਜਾ ਸਕਦੀ ਹੈ ਅਤੇ ਮੂਤਰ ਨਾਲ ਗੰਦਾ ਹੋਇਆ ਕੱਪੜਾ ਸਾਬਣ ਨਾਲ ਸਾਫ਼ ਕੀਤਾ ਜਾ ਸਕਦਾ ਹੈ।

(ਯਾਦ ਰਹੇ ਕਿ ਗੁਰਬਾਣੀ ਬਾਹਰਲੀ ਸਰੀਰਕ ਅਪਵਿੱਤ੍ਰਤਾ ਨੂੰ ਮੰਨਣ ਦੀ ਬਜਾਏ ਅੰਦਰੂਨੀ ਪੰਜੇ ਕਾਮਾਦਿਕਾਂ (ਵਿਕਾਰਾਂ) ਨੂੰ ਅਪਵਿੱਤਰ ਮੰਨਦੀ ਹੈ; ਜਿਵੇਂ: ‘‘ਬਜਾਰੀ ਸੋ, ਜੁ ਬਜਾਰਹਿ ਸੋਧੈ ॥ ਪਾਂਚ ‘ਪਲੀਤਹ’ ਕਉ, ਪਰਬੋਧੈ ॥ ਨਉ ਨਾਇਕ ਕੀ, ਭਗਤਿ ਪਛਾਨੈ ॥ ਸੋ ਬਾਜਾਰੀ, ਹਮ ਗੁਰ ਮਾਨੇ ॥’’ (ਭਗਤ ਕਬੀਰ/੮੭੨) ਭਾਵ ਅਸਲ ਬਾਜਾਰੀ (ਸ਼ਹਿਰ ਵਿੱਚ ਘੁੰਮਣ ਵਾਲਾ) ਉਹ ਹੈ, ਜਿਹੜਾ ਸਰੀਰ ਰੂਪੀ ਬਜ਼ਾਰ (ਅੰਦਰੂਨੀ ਅਪਵਿੱਤਰ ਵਿਕਾਰਾਂ) ਨੂੰ ਸੋਧਦਾ (ਕਾਬੂ, ਪਵਿੱਤਰ ਕਰਦਾ) ਹੈ ਭਾਵ ਸਰੀਰ ਅੰਦਰਲੇ ‘ਪਾਂਚ ਪਲੀਤਹ’ (ਆਰਾਮ ਨਾਲ ਕਬਜ਼ਾ ਕਰਕੇ ਸੁਤੇ ਪਏ ਪੰਜੇ ਅਪਵਿੱਤਰ ਵਿਕਾਰਾਂ) ਨੂੰ ਜਗਾਉਂਦਾ (ਆਖਦਾ) ਹੈ (ਕਿ ਮੇਰੇ ਘਰ ਵਿੱਚੋਂ ਨਿਕਲ ਜਾਵੋ)। ਨੌ ਖੰਡਾਂ ਵਾਲੀ ਧਰਤੀ ਦੇ ਮਾਲਕ ਦੀ ਬੰਦਗੀ ਦੀ ਕਦਰ ਜਾਣਦਾ ਹੈ, ਅਜਿਹੇ ਬਜਾਰੀ ਨੂੰ ਅਸੀਂ ਗੁਰ (ਵੱਡਾ ਭਾਵ ਪਵਿੱਤਰ) ਮੰਨਦੇ ਹਾਂ। )

ਗੁਰੂ ਜੀ, ਉਕਤ ਪੰਕਤੀ ’ਚ ‘ਪਲੀਤੀ’ ਸ਼ਬਦ ਦੀ ਵਰਤੋਂ, ਪਵਿੱਤ੍ਰਤਾ ਜਾਂ ਅਪਵਿੱਤ੍ਰਤਾ ਦੇ ਸੰਬੰਧ ’ਚ ਨਹੀਂ ਕਰ ਰਹੇ ਹਨ ਬਲਕਿ ਦ੍ਰਿਸ਼ਟਾਂਤ (ਇੱਕ ਅਰਥ ਅਲੰਕਾਰ) ਵਜੋਂ ਲੈ ਰਹੇ ਹਨ। ਯਾਦ ਰਹੇ ਕਿ ਕੋਈ ਵੀ ਪਹਿਨਿਆ ਹੋਇਆ ਕੱਪੜਾ ਨਿਰੰਤਰ ਪਾਕ-ਸਾਫ਼ ਨਹੀਂ ਮੰਨਿਆ ਜਾ ਸਕਦਾ ਕਿਉਂਕਿ 9 ਗੋਲਕਾਂ ਰਾਹੀਂ ਨਿਕਲਣ (ਸਿੰਮਨ) ਵਾਲੀ ਮੈਲ ਇੱਕ ਸਕਿੰਟ (ਪਲ) ’ਚ ਹੀ ਕੱਪੜੇ ਨੂੰ ਪਾਕ-ਸਾਫ਼ ਨਹੀਂ ਰਹਿਣ ਦਿੰਦੀ।

ਸੋ, ‘ਹਰੀ ਸਿੰਘ ਰੰਧਾਵਾ’ ਵੱਲੋਂ ਔਰਤ ਨੂੰ ਮਹਾਂਵਾਰੀ ਕਿਰਿਆ ਵਿੱਚ ਅਪਵਿੱਤਰ ਮੰਨਣ ਵਾਲੀ ‘ਸੋਚ’ ਨੂੰ ‘ਗੁਰਮਤਿ’ ਸਿੱਧ ਕਰਨ ਲਈ ਇਸਤੇਮਾਲ ਕੀਤੇ ਗਏ ਉਪਰੋਕਤ ਤਿੰਨੇ ਪ੍ਰਮਾਣ (‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’, ‘‘ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥’’ (ਤੇ) ‘‘ਮੂਤ ਪਲੀਤੀ; ਕਪੜੁ ਹੋਇ ॥’’) ਗੁਰੂ ਸਾਹਿਬਾਨਾਂ ਨੇ ਉਸ ‘ਸੋਚ’ ਨੂੰ ਖੰਡਤ ਕਰਨ ਲਈ ਗੁਰਬਾਣੀ ਵਿੱਚ ਦਰਜ ਕੀਤੇ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਭਾਵ ਆਪਣੇ ਵੱਲੋਂ ਗੁਰਮਤਿ ਮੰਨ ਕੇ ‘ਹਰੀ ਸਿੰਘ ਰੰਧਾਵਾ’ ਸਾਰੀ ਉਮਰ ਤੋਂ ਪ੍ਰਚਾਰ ਕਰਦਾ ਆ ਰਿਹਾ ਹੈ ਤੇ ਕਰ ਰਿਹਾ ਹੈ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਵਾਲੇ, ‘ਗੁਰਮਤਿ ਫ਼ਿਲਾਸਫ਼ੀ’ ਤੋਂ ਆਪ ਹੀ ਸੱਖਣੇ ਹਨ ਜਦਕਿ ਸੰਗਤਾਂ ਜਦ ਇਨ੍ਹਾਂ ਨੂੰ ਗੁਰਮਤਿ ਦਾ ਅਸਲ ਮਤਲਬ ਸਮਝਾਉਣ ਦਾ ਯਤਨ ਕਰਦੀਆਂ ਹਨ ਤਾਂ ਉਨ੍ਹਾਂ ਤੋਂ ਸਮਝਣ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਗੁਰਮਤਿ ਨੂੰ ਮਨਮਤ ’ਚ ਤਬਦੀਲ ਕਰਨ ਵਾਲੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਕੀ ਇਨ੍ਹਾਂ ਨੇ ਕਦੇ ਬਾਬਾ ਰਾਮਰਾਇ ਵਾਲਾ ਇਤਿਹਾਸ ਨਹੀਂ ਪੜ੍ਹਿਆ, ਜੋ ‘ਗੁਰਮਤਿ’ ਨੂੰ ‘ਮਨਮਤ’ ’ਚ ਬਦਲਨ ਦੇ ਕਾਰਨ, ਗੁਰੂ ਵੰਸ਼ਜ ਹੋਣ ਦੇ ਬਾਵਜੂਦ ਵੀ ਗੁਰੂ ਜੀ ਵੱਲੋਂ ਨਕਾਰੇ ਗਏ ਸਨ?

ਮਿਤੀ 3, 4 ਤੇ 7 ਜੂਨ 2015 ਨੂੰ ਸਰੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਪ੍ਰਬੰਧਕੀ ਮੀਟਿੰਗਾਂ ਤੱਕ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਨਾਲ ਕੀਤੇ ਗਏ ਕੁਝ ਹੋਰ ਸਵਾਲ-ਜਵਾਬ, ਪਾਠਕਾਂ ਸਾਹਮਣੇ ਰੱਖ ਰਿਹਾ ਹਾਂ, ਤਾਂ ਕਿ ‘ਹਰੀ ਸਿੰਘ ਰੰਧਾਵਾ’ ਦੀ ‘ਗੁਰਮਤਿ ਫ਼ਿਲਾਸਫ਼ੀ’ ਪ੍ਰਤੀ ਯੋਗਤਾ ਨੂੰ ਵਧੇਰੇ ਸਮਝਿਆ ਜਾ ਸਕੇ:

(ਅਗਾਂਹ ਕੀਤੀ ਜਾ ਰਹੀ ਵਾਰਤਾਲਾਪ ਵਿੱਚ ‘ਹਰੀ ਸਿੰਘ ਰੰਧਾਵਾ’ ਸੋਚ ਦੇ ਹਮਾਇਤੀ ਸਨ: ‘ਭਾਈ ਦਰਸਨ ਸਿੰਘ, ਭਾਈ ਨਾਨਕ ਸਿੰਘ’ ਆਦਿ ਜਦਕਿ ‘ਰੰਧਾਵਾ’ ਸੋਚ ਨੂੰ ਮਨਮਤ ਸਿੱਧ ਕਰਨ ਵਾਲੇ ਸੱਜਣ ਸਨ: ‘ਗਿਆਨੀ ਜਸਬੀਰ ਸਿੰਘ, ਭਾਈ ਕਸ਼ਮੀਰ ਸਿੰਘ, ਡਾ. ਪੂਰਨ ਸਿੰਘ, ਸ. ਅਭੈ ਸਿੰਘ, ਭਾਈ ਜਗਪਾਲ ਸਿੰਘ, ਕੁਝ ਬੀਬੀਆਂ’ ਆਦਿ।)

(1). ਭਾਈ ਜਗਪਾਲ ਸਿੰਘ ਨੇ ‘ਰੰਧਾਵਾ’ ਸਾਹਮਣੇ ਸਵਾਲ ਕੀਤਾ ਕਿ ਤੁਹਾਡੇ ਅਨੁਸਾਰ ‘ਮਹਾਵਾਰੀ ਕਿਰਿਆ’ ਦੌਰਾਨ ਅਪਵਿੱਤਰ ਹੋਈ ਔਰਤ, ਜਿਸ ਪਾਣੀ ਰਾਹੀਂ ਪਵਿੱਤਰ ਹੋ ਜਾਂਦੀ ਹੈ, ਉਸ ਪਾਣੀ ਵਿੱਚ ਮੈਡੀਕਲ ਸਾਇੰਸ ਕਈ ਜੀਵਾਂ ਦੀ ਔਰਤ ਵਾਙ ਹੀ ਅਪਵਿੱਤਰ ਕਿਰਿਆ ਮੌਜੂਦ, ਦੱਸਦੀ ਹੈ, ਫਿਰ ਅਸ਼ੁੱਧ ਪਾਣੀ ਨਾਲ (ਤੁਹਾਡੇ ਅਨੁਸਾਰ) ‘ਅਪਵਿੱਤਰ ਹੋਈ ਔਰਤ’ ਕਿਵੇਂ ‘ਪਵਿੱਤਰ’ ਹੋ ਸਕਦੀ ਹੈ?

‘ਰੰਧਾਵਾ’ ਨੇ ਜਵਾਬ ਦਿੱਤਾ ਕਿ ਮੈਂ ਪਾਣੀ ਨੂੰ ‘ਅਪਵਿੱਤਰ’ ਨਹੀਂ ਮੰਨਦਾ ਕਿਉਂਕਿ ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਗੁਰੂ ਵਾਕ ਮੌਜੂਦ (ਸਾਮ੍ਹਣੇ) ਹੈ।

ਗੁਰਮਤਿ ਫ਼ਿਲਾਸਫ਼ੀ- ‘ਰੰਧਾਵੇ’ ਦਾ ਉਕਤ ਜਵਾਬ, ‘ਗੁਰਮਤਿ’ ਨੂੰ ਸਾਇੰਸ ਦੇ ਮੁਕਾਬਲੇ ਅਧੂਰਾ ਬਿਆਨ ਕਰ ਰਿਹਾ ਹੈ ਜਦਕਿ ਗੁਰਬਾਣੀ ਉਕਤ ਦਿੱਤੀ ਗਈ ਦਲੀਲ ਅਨੁਸਾਰ ਭਾਵ ਸਾਇੰਸ ਵਾਙ ਹੀ ਪਾਣੀ ਨੂੰ ਅਪਵਿੱਤਰ ਮੰਨਦੀ ਹੈ।

‘ਰੰਧਾਵਾ’ ਸੋਚ ਵਾਲੇ ਬ੍ਰਾਹਮਣਾਂ ਨੇ ਭਗਤ ਕਬੀਰ ਜੀ ਅਤੇ ਭਗਤ ਰਵੀਦਾਸ ਜੀ ਨੂੰ ਵੀ ਇਸ ਤਰ੍ਹਾਂ ਹੀ ਮਨਮਤ (ਅੰਧ-ਵਿਸ਼ਵਾਸ) ਦੇ ਵਹਿਮ-ਭਰਮ ’ਚ ਉਲਝਾਉਣਾ ਚਾਹਿਆ; ਜਿਵੇਂ ਰੰਧਾਵੇ ਨੇ ‘ਸਰੀ’ ਦੀ ਸੰਗਤ ਨੂੰ। ਇਸ ਲਈ ਉਕਤ ਦੋਵੇਂ ਭਗਤਾਂ ਨੇ ਪਾਣੀ ਨੂੰ ਅਪਵਿੱਤਰ ਦਰਸਾਉਣ ਵਾਲੇ ਸ਼ਬਦਾਂ ਦੀ ਰਚਨਾ ਕੀਤੀ, ਜੋ ਗੁਰਬਾਣੀ ਵਿੱਚ ਦਰਜ ਹਨ; ਜਿਵੇਂ:

(ੳ). ਭਗਤ ਕਬੀਰ ਜੀ :- ‘‘ਕਹੁ ਪੰਡਿਤ ! ਸੂਚਾ ਕਵਨੁ ਠਾਉ ॥ ਜਹਾਂ ਬੈਸਿ, ਹਉ ਭੋਜਨੁ ਖਾਉ ॥੧॥ ਰਹਾਉ ॥’’ (ਕਿਉਂਕਿ) ‘‘ਜਿਹਬਾ ਜੂਠੀ, ਬੋਲਤ ਜੂਠਾ; ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ (ਭਾਵ ਵਿੱਦਿਆ ਦੀ ਹੰਕਾਰ-ਅੱਗ ’ਚ ਸੜੇ ਹੋਏ ਪੰਡਿਤ ! )॥੨॥ ਅਗਨਿ ਭੀ ਜੂਠੀ, ‘ਪਾਨੀ ਜੂਠਾ’; ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ; ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ; ਜੂਠੀ ਦੀਨੀ ਕਾਰਾ (ਲਕੀਰ)॥ ਕਹਿ ਕਬੀਰ! ਤੇਈ (ਉਹੀ) ਨਰ ਸੂਚੇ; ਸਾਚੀ ਪਰੀ ਬਿਚਾਰਾ ॥੪॥’’ (ਭਗਤ ਕਬੀਰ ਜੀ/੧੧੯੫) (ਭਾਵ ਜਿਨ੍ਹਾਂ ਨੇ ਰੱਬੀ ਵੀਚਾਰ ਕਰਕੇ ਆਪਣੀ ਸੋਚ ਉੱਚੀ ਕਰ ਲਈ ਉਹੀ ਸੁੱਚੇ ਹਨ।) ਇਸ ਪੂਰੇ ਸ਼ਬਦ ਦੇ ਤੀਸਰੇ ਬੰਦ ’ਚ ਕਬੀਰ ਜੀ ਪਾਣੀ ਨੂੰ ਜੂਠਾ (ਅਪਵਿੱਤਰ, ‘ਪਾਨੀ ਜੂਠਾ’) ਮੰਨ ਰਹੇ ਹਨ, ਜਿਵੇਂ ਕਿ ਅਜੋਕੀ ‘ਸਾਇੰਸ’।

(ਅ). ਭਗਤ ਰਵਿਦਾਸ ਜੀ :- ‘‘ਦੂਧੁ ਤ ਬਛਰੈ, ਥਨਹੁ ਬਿਟਾਰਿਓ ॥ ਫੂਲੁ ਭਵਰਿ, ‘ਜਲੁ ਮੀਨਿ (ਮੱਛੀ ਨੇ) ਬਿਗਾਰਿਓ’ ॥੧॥ ਮਾਈ ! ਗੋਬਿੰਦ ਪੂਜਾ, ਕਹਾ ਲੈ ਚਰਾਵਉ ॥ ਅਵਰੁ ਨ ਫੂਲੁ, ਅਨੂਪੁ ਨ ਪਾਵਉ ॥੧॥ ਰਹਾਉ ॥’’ (ਭਗਤ ਰਵਿਦਾਸ ਜੀ/੫੨੫) ਭਾਵ ਹੇ ਮੇਰੀ ਮਾਂ ! ਮੈਂ ਗੋਬਿੰਦ ਦੀ ਪੂਜਾ ਵਿੱਚ ਕਿਹੜੀ (ਪਵਿੱਤਰ ਵਸਤੂ) ਲੈ ਕੇ ਚੜ੍ਹਾਵਾਂ ਕਿਉਂਕਿ ਗਾਂ ਦੇ ਬੱਛੇ ਨੇ ਦੁੱਧ (ਗਾਂ ਦੇ) ਥਨਾਂ ਵਿੱਚ ਹੀ ਜੂਠਾ ਕਰ ਦਿੱਤਾ, ਫੁੱਲਾਂ ਨੂੰ ਭੌਰਾ ਜੂਠਾ ਕਰ ਗਿਆ ਅਤੇ ਪਾਣੀ, ਮੱਛੀ ਨੇ (ਮਲ-ਮੂਤਰ ਅਤੇ ਮਹਾਵਾਰੀ ਆਦਿਕ ਕਿਰਿਆ ਰਾਹੀਂ) ਗੰਦਾ ਕਰ ਦਿੱਤਾ।

(ਨੋਟ: ਗੁਰਬਾਣੀ ਵਿੱਚ ‘ਪਾਣੀ’ ਨੂੰ ਕਿਤੇ ਅਪਵਿੱਤਰ ਕਿਹਾ ਗਿਆ ਹੈ; ਜਿਵੇਂ : ‘‘ਜਲੁ ਮੀਨਿ ਬਿਗਾਰਿਓ ॥’’ ਅਤੇ ਕਿਤੇ ਪਵਿੱਤਰ; ਜਿਵੇਂ: ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਅਜਿਹਾ ਕਿਉਂ?, ਨੂੰ ਸਮਝਣ ਦੀ ਜ਼ਰੂਰਤ ਹੈ ਤਾਂ ਜੋ ‘ਰੰਧਾਵਾ’ ਵਰਗੇ ‘ਗੁਰੂ ਘਰਾਂ’ ’ਚ ‘ਗੁਰਮਤਿ’ ਦੀ ਬਜਾਏ ‘ਮਨਮਤ’ ਹੀ ਨਾ ਪਰੋਸੀ ਜਾਣ।

ਦਰਅਸਲ, ਰੱਬੀ ਬੰਦਗੀ (ਨਾਮ) ਦੇ ਮੁਕਾਬਲੇ ਪਾਣੀ ਸਮੇਤ ਸਭ ਕੁਝ ਮੈਲਾ (ਅਪਵਿੱਤਰ) ਹੈ : ‘‘ਤਿਸੁ ਵਿਣੁ ਸਭੁ ਅਪਵਿਤ੍ਰੁ ਹੈ, ਜੇਤਾ ਪੈਨਣੁ ਖਾਣੁ ॥’’ (ਮ: ੧/੧੬), ‘‘ਸਾਚ ਬਿਨਾ, ਸੂਚਾ ਕੋ ਨਾਹੀ; ਨਾਨਕ ! ਅਕਥ ਕਹਾਣੀ ॥’’ (ਮ: ੧/੯੪੬) ਆਦਿ, ਪਰ ਰੱਬੀ ਬੰਦਗੀ ਕਰਨ ਵਾਲੇ ਜਗਿਆਸੂ ਵਿੱਚ ਇਤਨੀ ਜਾਗਰੂਕਤਾ (ਉੱਚੀ ਸੁਰਤਿ) ਆ ਜਾਂਦੀ ਹੈ ਕਿ ਉਹ ਇਸ ਪਵਿੱਤਰ ਜਾਂ ਅਪਵਿੱਤ੍ਰਤਾ ਦੇ ਵਹਿਮ-ਭਰਮ (ਅੰਧ-ਵਿਸ਼ਵਾਸ) ਤੋਂ ਉੱਪਰ ਉੱਠ ਜਾਂਦਾ ਹੈ; ਜਿਵੇਂ: ‘‘ਸਾਚੀ ਬਾਣੀ (ਰਾਹੀਂ) ਸੂਚਾ ਹੋਇ ॥’’ (ਮ: ੩/੩੬੧) ਅਤੇ ਗੁਰੂ ਅਰਜੁਨ ਸਾਹਿਬ ਜੀ ‘ਸੁਖਮਨੀ ਸਾਹਿਬ’ ਵਿੱਚ ਫ਼ੁਰਮਾ ਰਹੇ ਹਨ: ‘‘ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥ (ਮ: ੫/੨੭੪) ਭਾਵ ਰੱਬ ਨਾਲ ਸਾਂਝ ਪਾ ਚੁੱਕਾ (ਬ੍ਰਹਮ ਗਿਆਨੀ) ਮਨੁੱਖ ਇਤਨਾ ਪਵਿੱਤਰ (ਉੱਚੀ ਸੁਰਤ ਵਾਲਾ) ਹੁੰਦਾ ਹੈ, (ਜਿਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ।) ਜਿਵੇਂ (ਪਾਣੀ ਨਾਲ ਮੈਲਾ ਕੱਪੜਾ ਧੋਤਿਆਂ) ਪਾਣੀ ਨੂੰ ਮੈਲ ਨਹੀਂ ਲੱਗਦੀ। ਉਸ ਅੰਦਰ ਇਤਨਾ ਪ੍ਰਕਾਸ਼ (ਜਾਗਰੂਕਤਾ, ਉਜਾਲਾ) ਹੋ ਜਾਂਦਾ ਹੈ; ਜਿਵੇਂ ਧਰਤੀ ਦੇ ਉੱਪਰ ਆਕਾਸ਼ (ਚਾਨਣ) ਹੁੰਦਾ ਹੈ।

ਸੋ, ਉਕਤ ਵੀਚਾਰ ਰਾਹੀਂ ਬੋਧ ਹੁੰਦਾ ਹੈ ਕਿ ਜਿੱਥੇ ਪ੍ਰਸੰਗ ਅਨੁਸਾਰ ‘ਪਾਣੀ’ ਨੂੰ ‘ਪਵਿੱਤਰ’ ਜਾਂ ‘ਅਪਵਿੱਤਰ’ ਵਾਲਾ ਵਿਸ਼ਾ ਚੱਲ ਰਿਹਾ ਹੁੰਦਾ ਹੈ ਉੱਥੇ ਪਾਣੀ ਨੂੰ ‘ਅਪਵਿੱਤਰ’ ਮੰਨਿਆ ਗਿਆ ਹੈ; ਜਿਵੇਂ: ‘‘ਅਗਨਿ ਭੀ ਜੂਠੀ, ‘ਪਾਨੀ ਜੂਠਾ’; ਜੂਠੀ ਬੈਸਿ ਪਕਾਇਆ ॥’’ ਅਤੇ ‘‘ਜਲੁ ਮੀਨਿ ਬਿਗਾਰਿਓ ॥’’ ਪਰ ਜਦ ‘ਪਾਣੀ’ ਦੀ ਉਦਾਹਰਨ ਰਾਹੀਂ ਕਿਸੇ ਦ੍ਰਿਸ਼ਟੀਗੋਚਰ ਗੰਦੀ ਵਸਤੂ ਨੂੰ ਸ਼ੁੱਧ (ਸਾਫ਼) ਕਰਨ ਵਾਲਾ ਪ੍ਰਸੰਗ ਚੱਲ ਰਿਹਾ ਹੋਵੇ ਉੱਥੇ ਪਾਣੀ ਨੂੰ ਉਸ ਗੰਦੀ ਵਸਤੂ ਦੇ ਮੁਕਾਬਲੇ ਪਵਿੱਤਰ (ਨਿਰਮਲ) ਕਿਹਾ ਗਿਆ ਹੈ; ਜਿਵੇਂ: ‘‘ਜੈਸੇ ਮੈਲੁ ਨ ਲਾਗੈ ਜਲਾ ॥’’

ਯਾਦ ਰਹੇ, ਕਿ ਕਿਸੇ ਗੰਦੀ ਵਸਤੂ ਦੀ ਸਫ਼ਾਈ ਲਈ ਉਦਾਹਰਨ ਦੇ ਤੌਰ ’ਤੇ ਇਸਤੇਮਾਲ ਕੀਤੇ ਗਏ ‘ਪਾਣੀ’ (ਸ਼ਬਦ) ਵਾਲੇ ਪ੍ਰਸੰਗ ਵਿੱਚ ‘ਪਾਣੀ’ ਨੂੰ ‘ਪਵਿੱਤਰ’ ਜਾਂ ‘ਅਪਵਿੱਤਰ’ ਸਿੱਧ ਕਰਨ ਵਾਲਾ ਵਿਸ਼ਾ ਨਹੀਂ ਚੱਲ ਰਿਹਾ ਹੁੰਦਾ ਹੈ।

ਪਾਠਕ-ਜਨ ਨੋਟ ਕਰਨ ਕਿ ‘‘ਜੈਸੇ ਮੈਲੁ ਨ ਲਾਗੈ ਜਲਾ ॥’’ ਵਾਲੇ ਗੁਰੂ ਵਾਕ ਰਾਹੀਂ ‘ਪਵਿੱਤਰ’ ਜਾਂ ‘ਅਪਵਿੱਤ੍ਰਤਾ’ ਵਾਲੇ ਵਿਸ਼ੇ ਨੂੰ ਆਧਾਰ ਬਣਾ ਕੇ ਗੁਰੂ ਸੰਗਤਾਂ ’ਚ ਆਪਣੇ (ਮਨਮਤੀ) ਵੀਚਾਰ ਰੱਖਣੇ ਤੇ ਉਸ ਨੂੰ ‘ਗੁਰਮਤਿ’ ਕਹਿਣ ਵਾਲੇ ‘ਹਰੀ ਸਿੰਘ ਰੰਧਾਵਾ’ ਵਰਗੇ ਪ੍ਰਚਾਰਕ, ਜਿਨ੍ਹਾਂ ਅਨੁਸਾਰ ਉਨ੍ਹਾਂ ਦੀ ਸੰਸਥਾ ਦੇ ਪੂਰਵਜਾਂ ਨੂੰ ‘ਗੁਰਬਾਣੀ ਬੋਧ’ ਆਪ ਦਸਮੇਸ਼ ਪਿਤਾ ਜੀ ਨੇ ‘ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ’ ਤੇ ‘ਮਹਾਨ ਯੋਧੇ ਬਾਬਾ ਦੀਪ ਸਿੰਘ ਜੀ’ ਰਾਹੀਂ ਬਖ਼ਸ਼ਿਆ ਹੈ, ‘ਗੁਰਮਤਿ ਫ਼ਿਲਾਸਫ਼ੀ’ ਦਾ ਘੋਰ ਨਿਰਾਦਰ ਹੈ ਅਤੇ ਕੌਮੀ ਹੀਰੇ ਮੰਨੇ ਜਾਂਦੇ ਸ਼ਹੀਦਾਂ ਦਾ ਅਪਮਾਨ ਹੈ। ਵੈਸੇ ਸੰਗਤਾਂ ਨੂੰ ਪ੍ਰਭਾਵਤ ਕਰਨ ਲਈ ਇਹ (ਡੇਰੇਦਾਰ ਪ੍ਰਚਾਰਕ) ਆਖਦੇ ਰਹਿੰਦੇ ਹਨ ਕਿ ਇਨ੍ਹਾਂ ਦੇ ਮਹਾਪੁਰਖਾਂ ਦੇ ਪ੍ਰਤਾਪ ਨਾਲ ਇਨ੍ਹਾਂ ਨੂੰ ਕੰਧਾਂ, ਪਾਥੀਆਂ, ਦਰਵਾਜ਼ਿਆਂ, ਕੁੱਤਿਆਂ ਆਦਿ ਵਿੱਚੋਂ ਰਾਮ-ਰਾਮ, ਵਾਹਿਗੁਰ-ਵਾਹਿਗੁਰੂ, ਮੂਲ ਮੰਤ੍ਰ ਆਦਿ ਦੀ ਆਵਾਜ਼ ਸੁਣਾਈ ਦੇਂਦੀ ਰਹਿੰਦੀ ਹੈ।)

‘ਰੰਧਾਵਾ’ ਜੀ ਦੇ ਹਮਾਇਤੀ ‘ਭਾਈ ਨਾਨਕ ਸਿੰਘ’ ਜੀ ਦੇ ਵੀਚਾਰ ਵੀ ਸੁਣਨ ਯੋਗ ਹਨ, ਜੋ 4-6-2015 ਦੀ ਮੀਟਿੰਗ ਵਿੱਚ ਤਮਾਮ ਸੰਗਤਾਂ ਸਮੇਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਸੁਣਾਏ ਗਏ ਕਿ ਗੁਰਬਾਣੀ ਕਿਸੇ ਵਿਗਿਆਨ ਨੂੰ ਨਹੀਂ ਮੰਨਦੀ, ਆਪਣੀ ਸੋਚ ਦੀ ਪੁਸ਼ਟੀ, ਗੁਰਬਾਣੀ ਦੀ ਇਸ ਪੰਕਤੀ ਰਾਹੀਂ ਕੀਤੀ: ‘‘ਮੁਕਤਿ ਨਹੀ ਬਿਦਿਆ ਬਿਗਿਆਨਿ ॥’’ (ਮ: ੧/੯੦੩) ਭਾਵ ਵਿਦਿਆ ਤੇ ਵਿਗਿਆਨ ਨਾਲ ਮੁਕਤੀ ਨਹੀਂ ਮਿਲਦੀ। (ਭਾਈ ਨਾਨਕ ਸਿੰਘ, ਹਮਾਇਤੀ ਹਰੀ ਸਿੰਘ ਰੰਧਾਵਾ ਸੋਚ)

(ਨੋਟ: ਸੰਗਤਾਂ ਵੱਲੋਂ ਇਨ੍ਹਾਂ ਅਕਲ ਦੇ ਦੁਸ਼ਮਣਾਂ ਤੋਂ ਪੁੱਛਣਾ ਚਾਹੀਦਾ ਸੀ ਕਿ ਜਦ ਇਹ ਪੰਕਤੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਹੋਵੇਗੀ ਤਦ ਵਿਗਿਆਨਿਕ ਕਾਢ ਦਾ ਕੀ ਮਹੱਤਵ ਹੋਵੇਗਾ; ਤਾਂ ਜੋ ਇਸ ਦਾ ਜ਼ਿਕਰ, ਗੁਰੂ ਦੀ ਆਪਣੀ ਬਾਣੀ ਵਿੱਚ ਕਰਦੇ? ਅੱਜ ਤੋਂ ਲਗਭਗ 300 ਸਾਲ ਪਹਿਲਾਂ ਮਨੁੱਖ ਨੂੰ ਇਹ ਵੀ ਪਤਾ ਨਹੀਂ ਸੀ ਕਿ ਕੋਈ ਵਸਤੂ (ਫਲ ਆਦਿ) ਧਰਤੀ ਵੱਲ ਨੂੰ ਹੀ ਕਿਉਂ ਡਿੱਗਦੀ ਹੈ ਜਦਕਿ ਗੁਰੂ ਨਾਨਕ ਸਾਹਿਬ ਜੀ ਦਾ ਉਕਤ ਸ਼ਬਦ 500 ਸਾਲ ਤੋਂ ਵੀ ਪਹਿਲਾਂ ਦਾ ਉਚਾਰਨ ਕੀਤਾ ਹੋਇਆ ਹੈ।

ਕੇਵਲ ‘ਨਾਨਕ’ ਸ਼ਬਦ ਆਪਣੇ ਨਾਮ ਨਾਲ ਲਗਾ ਲੈਣ ਕਰਕੇ ‘ਗੁਰੂ ਨਾਨਕ ਸਾਹਿਬ’ ਜੀ ਦਾ ਸਿਧਾਂਤ ਸਮਝ ਵਿੱਚ ਨਹੀਂ ਆ ਸਕਦਾ, ਕੁਝ ਸੰਗਤਾਂ ਪਾਸੋਂ ਸਿੱਖਣਾ ਚਾਹੀਦਾ ਸੀ, ਜਿਨ੍ਹਾਂ ਅੱਗੇ ਇਹ ਲੋਕ ਮਨਹਠ ਕਰ ਰਹੇ ਹਨ।

ਦਰਅਸਲ, ਉਕਤ ਸ਼ਬਦ, ਗੁਰੂ ਜੀ ਨੇ ਜੋਗੀਆਂ ਦੇ ਪ੍ਰਥਾਏ ਉਚਾਰਨ ਕੀਤਾ ਹੋਇਆ ਹੈ, ਜੋ ਵਿਦਿਆ ਤੋਂ ਸੱਖਣੇ ਕੇਵਲ ਪ੍ਰਾਣਾਯਾਮ ਆਦਿ ਕਰਮਕਾਂਢਾਂ ’ਚ ਹੀ ਮਸਤ ਰਹਿੰਦੇ ਹਨ; ਜਿਵੇਂ: ‘‘ਮੁੰਦ੍ਰਾ ਫਟਕ ਬਨਾਈ ਕਾਨਿ ॥ ਮੁਕਤਿ ਨਹੀ, ਬਿਦਿਆ ਬਿਗਿਆਨਿ ॥ ਜਿਹਵਾ ਇੰਦ੍ਰੀ ਸਾਦਿ ਲੁੋਭਾਨਾ ॥ ਪਸੂ ਭਏ, ਨਹੀ ਮਿਟੈ ਨੀਸਾਨਾ ॥’’ (ਮ: ੧/੯੦੩) ਭਾਵ ਹੇ ਜੋਗੀ ! ਤੂੰ ਫਟਕ (ਕੱਚ) ਦੀਆਂ ਮੁੰਦ੍ਰਾਂ ਬਣਾਈਆਂ ਹਨ, ਵਿੱਦਿਆ ਵੱਲੋਂ ‘ਬਿਗਿਆਨਿ’ (ਬੇ-ਗਿਆਨੀ, ਸੂਝ ਰਹਿਤ) ਹੈਂ, ਨਾ-ਸਮਝ ਹੈਂ ਇਸ ਲਈ ਇੰਦ੍ਰੀ ਦੇ ਸੁਆਦ ਵਿੱਚ ਮਸਤ ਹੈਂ, (ਤੂੰ ਇਨਸਾਨ ਨਹੀਂ) ਮਾਨੋ ਪਸ਼ੂ ਹੈਂ, ਕਿਉਂਕਿ ਇਹ (ਪਸ਼ੂ-ਪੁਣੇ ਵਾਲੇ) ਨਿਸ਼ਾਨ (ਲੱਛਣ) ਮਿਟਦੇ ਨਹੀਂ ਇਸ ਲਈ ਤੈਨੂੰ (‘ਨਾਨਕ’ ਤੇ ‘ਰੰਧਾਵੇ’ ਸੋਚ ਵਾਙ) ਮੁਕਤੀ ਵੀ ਨਹੀਂ।

ਨਾਨਕ ਨਾਮ ਲੇਵਾ ਤਮਾਮ ਸੰਗਤਾਂ ਵੀਚਾਰਨ ਕਿ ਉਕਤ ਪੰਕਤੀ ‘‘ਮੁਕਤਿ ਨਹੀ, ਬਿਦਿਆ ਬਿਗਿਆਨਿ ॥’’ ਕੀ ਵਿਗਿਆਨ ਨਾਲ ਸੰਬੰਧਤ ਹੈ; ਜਿਵੇਂ ਕਿ ‘ਭਾਈ ਨਾਨਕ ਸਿੰਘ ਜੀ’ ਬਿਆਨ ਕਰ ਰਹੇ ਹਨ? ਕੀ ਜੋਗੀ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਵਿਦਿਆ ਅਤੇ ਵਿਗਿਆਨ ਨੂੰ ਮੰਨਦੇ ਸਨ / ਹਨ? ਜਿਸ ਕਾਰਣ ਗੁਰੂ ਜੀ ਨੇ ‘‘ਮੁਕਤਿ ਨਹੀ, ਬਿਦਿਆ ਬਿਗਿਆਨਿ ॥’’ ਤੁਕ ਉਚਾਰ ਕੇ ਉਨ੍ਹਾਂ ਦੀ ਮਨੌਤ ਦਾ ਖੰਡਨ ਕੀਤਾ।

‘ਹਰੀ ਸਿੰਘ ਰੰਧਾਵਾ’ ਜੀ ਦੇ ਦੂਸਰੇ ਹਮਾਇਤੀ ‘ਭਾਈ ਦਰਸਨ ਸਿੰਘ’ ਜੀ ਦੇ ਵੀਚਾਰ ਵੀ ਸੁਣਨ ਯੋਗ ਹਨ, ਉਨ੍ਹਾਂ ਅਨੁਸਾਰ: ‘‘ਨਿਰਮਲ ਹੋਏ ਕਰਿ ਇਸਨਾਨਾ ॥’’ ਅਤੇ ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ ॥’’ ਆਦਿ ਸ਼ਬਦਾਂ ਰਾਹੀਂ ਗੁਰੂ ਜੀ ਸਰੀਰਕ ਪਵਿੱਤ੍ਰਤਾ (ਸੁੱਚਮਤਾ) ਦੀ ਗੱਲ ਕਰ ਰਹੇ ਹਨ। (ਭਾਈ ਦਰਸਨ ਸਿੰਘ)

ਗੁਰਮਤਿ ਫ਼ਿਲਾਸਫ਼ੀ- ਹਰੀ ਸਿੰਘ ਰੰਧਾਵਾ ‘ਸੋਚ’ ਤੇ ਉਸ ਦੇ ਹਮਾਇਤੀ, ਜ਼ਮੀਨੀ ਹਾਲਾਤਾਂ ਨੂੰ ਭਲੀ-ਭਾਂਤ (ਚੰਗੀ ਤਰ੍ਹਾਂ) ਸਮਝਦੇ ਹਨ ਇਸ ਲਈ ਗੁਰਮਤਿ ਮਿਸ਼ਨਰੀ ਵੀਚਾਰਕ ਮਤਭੇਦ ਨੂੰ ਦਬਾਉਣ ਲਈ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਗੁਰਬਾਣੀ ਦੇ ਅਰਥਾਂ ਨੂੰ ਸੰਗਤਾਂ (ਵੀਚਾਰਾਂ ਨਾਲ ਅਸਹਿਮਤ ਸੱਜਣਾਂ) ਸਾਮ੍ਹਣੇ ਮੁੜ-ਮੁੜ ਰੱਖ ਕੇ ਆਪਣਾ ਪਿੱਛਾ ਛੁਡਵਾਉਣ ਵਿੱਚ ਸਫਲ ਹੋ ਜਾਂਦੇ ਹਨ ਕਿਉਂਕਿ ਕੁਝ ਅਜਿਹੇ (ਮਿਸ਼ਨਰੀ ਵੀਚਾਰਧਾਰਾ ਨਾਲ ਸਹਿਮਤ) ਸੱਜਣ ਵੀ ਹੁੰਦੇ ਹਨ, ਜਿਨ੍ਹਾਂ ਨੇ ਟੀਕਾਕਾਰਾਂ ਦੁਆਰਾ ਗੁਰਬਾਣੀ ਪ੍ਰਤੀ ਰੱਖੇ ਉਨ੍ਹਾਂ ਦੇ ਵੀਚਾਰਾਂ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ-ਵੀਚਾਰਿਆ ਹੁੰਦਾ ਹੈ।

ਇਸ ਰਣਨੀਤੀ ਦੇ ਤਹਿਤ ਹੀ ‘ਹਰੀ ਸਿੰਘ ਰੰਧਾਵਾ’ ਆਪਣੇ ਵੀਚਾਰਾਂ ਦੀ ਪੁਸ਼ਟੀ ਲਈ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਗੁਰਬਾਣੀ ਦੇ ਅਰਥਾਂ ਨੂੰ ਮੀਟਿੰਗ ਵਿੱਚ ਬੈਠੇ ਤਮਾਮ ਸੱਜਣਾਂ ਸਾਮ੍ਹਣੇ ਵਾਰ-ਵਾਰ (ਮੁੜ-ਮੁੜ ਕੇ) ਵਿਖਾ ਰਿਹਾ ਹੈ। ਚੰਗਾ ਹੁੰਦਾ ਕਿ ‘ਰੰਧਾਵਾ’ ਹਮਾਇਤੀ ‘ਭਾਈ ਦਰਸਨ ਸਿੰਘ’ ਉਕਤ ਸ਼ਬਦ ਮੀਟਿੰਗ ਵਿੱਚ ਰੱਖਣ ਤੋਂ ਪਹਿਲਾਂ ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਗਏ ਇਨ੍ਹਾਂ ਪੰਕਤੀਆਂ ਦੇ ਅਰਥ ਪੜ੍ਹ ਲੈਂਦਾ, ਜੋ ਇਸ ਪ੍ਰਕਾਰ ਹਨ: ‘‘ਰਾਮ ਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ, ਕਰਿ ਇਸਨਾਨਾ ॥ ਗੁਰਿ ਪੂਰੈ, ਕੀਨੇ ਦਾਨਾ ॥੧॥ (ਮ: ੫/੬੨੫) ਭਾਵ ਜੋ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤ ਵਿੱਚ, ਨਾਮ ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ ਉਨ੍ਹਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਕੀਤੀ ਹੁੰਦੀ ਹੈ। (ਪ੍ਰੋ. ਸਾਹਿਬ ਸਿੰਘ)

(ਨੋਟ: ਗੁਰੂ ਪਿਆਰਿਓ ! ਵੀਚਾਰੋ ਕਿ, ਕੀ ‘ਭਾਈ ਦਰਸਨ ਸਿੰਘ’ ਅਨੁਸਾਰ ਗੁਰੂ ਪੂਰੇ ਨੇ ਇਹੀ ਬਖ਼ਸ਼ਸ ਕੀਤੀ ਹੈ ਕਿ ਪਾਣੀ ਨਾਲ ਇਸ਼ਨਾਨ ਕਰਕੇ ਪਵਿੱਤਰ ਹੋ ਜਾਵੋ? ਜਦਕਿ ਇਸ ਸ਼ਬਦ ਦੀ ਸਮਾਪਤੀ ’ਤੇ ਗੁਰੂ ਅਰਜੁਨ ਸਾਹਿਬ ਜੀ ਕਿਸ ਇਸ਼ਨਾਨ ਅਤੇ ਕਿੱਥੇ ਕਰਨਾ ਹੈ, ਦੀ ਵੀਚਾਰ ਇਉਂ ਦੇ ਰਹੇ ਹਨ: ‘‘ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥ ਨਾਨਕ ! ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ, ਪਾਇਆ ॥੨॥’’ (ਮ: ੫/੬੨੫) ਅਤੇ ਸ਼ਬਦ ਦੇ ‘ਰਹਾਉ’ ਬੰਦ ਵਿੱਚ ਵਿਸ਼ੇ ਦਾ ਸਾਰ ਇਉਂ ਦਰਜ ਹੈ: ‘‘ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ ਥੋਕ ਉਬਾਰੇ, ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥’’ (ਮ: ੫/੬੨੫) ਭਾਵ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਵੀਚਾਰ ਕੇ, ਜੀਵਨ ਵਿੱਚ ਕਮਾ (ਅਪਣਾ) ਕੇ ਆਪਣੇ ਆਤਮਿਕ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਨੂੰ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਦੇ ਢਹੇ ਚੜ੍ਹਨ ਤੋਂ ਬਚਾ ਲਿਆ (ਉਸ ਦੇ ਅੰਦਰ) ਪ੍ਰਭੂ ਨੇ ਸਾਰੇ ਆਤਮਿਕ ਸੁਖ, ਆਨੰਦ ਪੈਦਾ ਕਰ ਦਿੱਤੇ।) (ਪ੍ਰੋ. ਸਾਹਿਬ ਸਿੰਘ)

‘ਭਾਈ ਦਰਸਨ ਸਿੰਘ ਜੀ’ ਦੁਆਰਾ (ਸਰੀਰਕ ਪਵਿੱਤ੍ਰਤਾ ਨਾਲ ਸੰਬੰਧਿਤ) ਮੀਟਿੰਗ ਵਿੱਚ ਰੱਖਿਆ ਗਿਆ ਦੂਸਰਾ ਸ਼ਬਦ ਸੀ : ‘‘ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ, ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ ॥੧॥’’ (ਮ: ੫/੬੧੧) ਇਸ ਸ਼ਬਦ ਨੂੰ ਅਗਰ ਸਰੀਰਕ ਪਵਿੱਤ੍ਰਤਾ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਵਾਲ ਉੱਠਦਾ ਹੈ ਕਿ, ਕੀ ਸਰੀਰਕ ਇਸ਼ਨਾਨ ਕਰਕੇ ‘‘ਮਨ ਤਨ ਭਏ ਅਰੋਗਾ ॥’’ ਭਾਵ ਮਨ ਅਤੇ ਸਰੀਰਕ ਬਿਮਾਰੀ ਦੂਰ ਹੋ ਜਾਂਦੀ ਹੈ ? ਇਸ ਦਾ ਅਨੁਮਾਨ, ਆਪ ਖ਼ੁਦ ਹੀ ਬੁਖ਼ਾਰ ਜਾਂ ਕਿਸੇ ਦੁਰਘਟਨਾ ਸਮੇਂ ਮੈਡੀਕਲ ਮਦਦ ਨਾ ਲੈਣ ਦੀ ਬਜਾਏ ਇਸ਼ਨਾਨ ਕਰਕੇ ਲਗਾ ਸਕਦੇ ਹੋ।

ਦਰਅਸਲ, ਇਸ ਵਾਕ ਦੇ ਅਰਥ ਬਣਦੇ ਹਨ ਕਿ ‘ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰਕੇ ਅਤੇ ਪ੍ਰਭੂ ਨੂੰ ਯਾਦ ਕਰਕੇ ਮਨੁੱਖ, ਮਨ ਤੇ ਤਨ ਤੋਂ ਤੰਦਰੁਸਤ (ਆਲਸ ਮੁਕਤ) ਹੋ ਜਾਂਦੇ ਹਨ, ਨਰੋਏ ਹੋ ਜਾਂਦੇ ਹਨ ਕਿਉਂਕਿ ਜੀਵਨ ਵਿੱਚ ਘਟਤ (ਵਾਪਰਨ) ਵਾਲੀਆਂ ਕ੍ਰੋੜਾਂ ਰੁਕਾਵਟਾਂ ਰੱਬੀ ਸ਼ਰਨ ’ਚ ਬੈਠਣ ਨਾਲ ਦੂਰ ਹੋ ਜਾਂਦੀਆਂ ਹਨ, ਪ੍ਰਭੂ ਦੇ ਮਿਲਾਪ ਵਾਲੇ ਚੰਗੇ ਭਾਗ ਜਾਗ ਪੈਂਦੇ ਹਨ।’ (ਪ੍ਰੋ. ਸਾਹਿਬ ਸਿੰਘ)

ਇਸ ਸ਼ਬਦ ਦੇ ‘ਰਹਾਉ’ ਬੰਦ ਵਿੱਚ ਗੁਰੂ ਜੀ ‘ਵਿਸ਼ੇ ਦਾ ਸਾਰ’ ਬਿਆਨ ਕਰ ਰਹੇ ਹਨ: ‘‘ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ, ਸੁਣਹੁ, ਪੜਹੁ, ਨਿਤ ਭਾਈ! ਗੁਰ ਪੂਰੈ ਤੂ ਰਾਖਿਆ ॥ ਰਹਾਉ ॥’’ (ਮ: ੫/੬੧੧) ਭਾਵ ਹੇ ਭਾਈ! ਰੱਬੀ ਬਾਣੀ (ਗੁਰੂ) ਸ਼ਬਦ ਤੁਹਾਡੇ ਲਈ ਸੁਨਹਿਰਾ ਤੋਹਫ਼ਾ ਹੈ ਇਸ ਲਈ ਇਸ ਨੂੰ ਨਿਤਾ-ਪ੍ਰਤੀ ਗਾਵੋ, ਸੁਣੋ ਤੇ ਪੜ੍ਹੋ। ਪੂਰਨ (ਅਭੁੱਲ) ਗੁਰੂ ਨੇ ਇਸ ਬਾਣੀ ਦੀ ਰਾਹੀਂ ਹੀ ਤੈਨੂੰ ਤਮਾਮ ਸਮਾਜਿਕ ਰੁਕਾਵਟਾਂ ਪਾਸੋਂ ਰੱਖਣਾ ਹੈ, ਬਚਾਉਣਾ ਹੈ। (ਪ੍ਰੋ. ਸਾਹਿਬ ਸਿੰਘ)

ਉਕਤ ਗੁਰਬਾਣੀ ਪਦ ਅਰਥਾਂ ਰਾਹੀਂ ਕੀ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ਇਸ ਸ਼ਬਦ ਦੁਆਰਾ ਸਰੀਰਕ ਪਵਿੱਤ੍ਰਤਾ ਦੀ ਗੱਲ ਕਰ ਰਹੇ ਹਨ?

ਦਰਅਸਲ, ਡੇਰੇਵਾਦੀ ‘ਰੰਧਾਵਾ’ ਸੋਚ, ਗੁਰਬਾਣੀ ਅਤੇ ਇਸ ਵਿੱਚ (ਪ੍ਰਾਣੀ ਮਾਤ੍ਰ ਨੂੰ ਸਮਝਾਉਣ ਹਿਤ ਉਦਾਹਰਨ ਦੇ ਤੌਰ ’ਤੇ) ਦਰਜ ਅਨਮਤ (ਅੰਧ-ਵਿਸ਼ਵਾਸ) ਨੂੰ ਸਮਝਣ ਵਿੱਚ ਅਸਮਰਥ ਰਹੀ ਹੈ ਜਦਕਿ ਗੁਰਬਾਣੀ ਵਿੱਚ ਅਨਮਤ ਨੂੰ ਵੱਡੇ ਪੈਮਾਨੇ ’ਤੇ ਨਕਾਰਿਆ ਗਿਆ ਹੈ; ਜਿਵੇਂ: ‘‘ਪੰਡਿਤ ਮੁਲਾਂ, ਜੋ ਲਿਖਿ ਦੀਆ ॥ ਛਾਡਿ ਚਲੇ ਹਮ, ਕਛੂ ਨ ਲੀਆ ॥’’ (ਭਗਤ ਕਬੀਰ/੧੧੫੯) ਜਿਸ ਨੂੰ ਭਾਈ ਗੁਰਦਾਸ ਜੀ ਨਿਰਮਲ (ਅਨੋਖਾ) ਪੰਥ ਕਹਿ ਕੇ ਬਿਆਨ ਕਰ ਰਹੇ ਹਨ: ‘‘ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕ! ਨਿਰਮਲ ਪੰਥ ਚਲਾਇਆ।’’ ਭਾਈ ਗੁਰਦਾਸ ਜੀ (ਵਾਰ ੧ ਪਉੜੀ ੪੫)

ਪਰ ਡੇਰੇਵਾਦੀ ਸੋਚ ਦਾ ਬ੍ਰਾਹਮਣੀ ਸੋਚ ਤੋਂ ਇਤਨਾ ਪ੍ਰਭਾਵਤ ਹੋਣ ਪਿਛੇ ਕੀ ਕਾਰਨ ਹੈ? ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ‘ਟਕਸਾਲੀ’ ਮਰਯਾਦਾ ਹੈ ‘ਗੁਰਬਾਣੀ ਪਾਠ ਦਰਪਣ’, ਜੋ ‘ਸ੍ਰੀਮਾਨ ਪੰਥ ਰਤਨ ਵਿੱਦਿਆ ਮਾਰਤੰਡ, ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ’ ਦੁਆਰਾ ਲਿਖੀ ਗਈ ਤੇ ‘ਦਾਸਨਿ ਦਾਸ ਠਾਕੁਰ ਸਿੰਘ ਖ਼ਾਲਸਾ, ਦਮਦਮੀ ਟਕਸਾਲ, ਜਥਾ ਭਿੰਡਰਾਂ, ਮਹਿਤਾ’ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ, ਜਿਸ ਵਿੱਚ ਜੋ ਕੁਝ ਲਿਖਿਆ ਗਿਆ ਹੈ, ਉਸ ਵਿੱਚੋਂ ਕੁਝ ਕੁ (ਪੰਨਾ ਨੰਬਰ ਸਮੇਤ) ਇਸ ਪ੍ਰਕਾਰ ਹੈ:

(1) ਪੰਨਾ ਨੰਬਰ 11- ਗੁਰੂ ਨਾਨਕ ਸਾਹਿਬ ਜੀ, ਸ੍ਰੀ ਰਾਮਚੰਦ੍ਰ ਜੀ ਦੀ ਵੰਸ਼ (ਬੇਦੀ) ਵਿੱਚੋਂ ਪੈਦਾ ਹੋਏ ਹਨ।

(2) ਪੰਨਾ ਨੰਬਰ 12- ਲਛਮਣ ਦੇ ਪੁੱਤਰ ਤੱਖ ਤੋਂ ਤੇਹਣ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਪੈਦਾ ਹੋਏ ਹਨ।

(3) ਪੰਨਾ ਨੰਬਰ 13- ਸ੍ਰੀ ਰਾਮਚੰਦ੍ਰ ਜੀ ਦੇ ਭਾਈ ਭਰਥ ਦੇ ਪੁੱਤਰ ਭੱਲਣ ਤੋਂ ‘ਭੱਲੇ’ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਪੈਦਾ ਹੋਏ ਹਨ।

(4) ਪੰਨਾ ਨੰਬਰ 14- ਸ੍ਰੀ ਰਾਮਚੰਦ੍ਰ ਜੀ ਦੇ ਪੁੱਤਰ ਲਊ ਤੋਂ ‘ਸੋਢ’ ਵੰਸ਼ ਚਲੀ, ਜਿਸ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਪੈਦਾ ਹੋਏ ਹਨ।

(5) ਪੰਨਾ ਨੰਬਰ 21- ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ, ‘ਲਊ’ ਦਾ ਅਵਤਾਰ ਸਨ, ਭਾਈ ਧਰਮ ਸਿੰਘ ਜੀ ਭਗਤ ਧੰਨੇ ਜੀ ਦੇ ਅਵਤਾਰ ਸਨ, ਭਾਈ ਹਿੰਮਤ ਸਿੰਘ ਜੀ ਵਿਸ਼ਨੂੰ (ਚਤੁਰਭੁਜੀ) ਨੂੰ ਪਕੜਨ ਵਾਲੇ ਫੰਧਕ ਦੇ ਅਵਤਾਰ ਸਨ, ਭਾਈ ਮੋਹਕਮ ਸਿੰਘ ਜੀ ਸ੍ਰੀ ਨਾਮਦੇਵ ਜੀ ਦੇ ਅਵਤਾਰ ਸਨ ਤੇ ਭਾਈ ਸਾਹਿਬ ਸਿੰਘ ਜੀ ਭਗਤ ਸੈਣ ਜੀ ਦੇ ਅਵਤਾਰ ਸਨ।

(ਯਾਦ ਰਹੇ ਕਿ ਉਕਤ ਜਿਨ੍ਹਾਂ ਭਗਤਾਂ ਜਾਂ ਦੇਵਤਿਆਂ ਨਾਲ ਪੰਜਾਂ ਪਿਆਰਿਆਂ ਦਾ ਪਿਛੋਕੜ ਜੋੜਿਆ ਜਾ ਰਿਹਾ ਹੈ ਉਹ ਵੀ ਪੰਜ ਪਿਆਰਿਆਂ ਦੀ ਗੁਰੂ ਘਰ ਵਿੱਚ ਆਉਣ ਤੋਂ ਪਹਿਲੀ ਜਾਤ ਨਾਲ ਸੰਬੰਧਿਤ ਮੰਨੇ ਜਾਂਦੇ ਸਨ, ਕੀ ਇਹ ਤਮਾਮ ਭਗਤ ਮਰਨ ਉਪਰੰਤ ਵੀ ਉਸੇ ਜਾਤ ਵਿੱਚ ਜਨਮ ਲੈਂਦੇ ਰਹੇ? ਇਕ ਗੁਰਸਿੱਖ ਦੀ ਸੋਚ ਇਸ ਨੂੰ ਕਦਾਚਿਤ ਸਵੀਕਾਰ ਨਹੀਂ ਕਰੇਗੀ।)

(6) ਪੰਨਾ ਨੰਬਰ 58- ਸਿੱਖਾਂ ਨੂੰ ਬਖ਼ਸ਼ਸ਼ ਕੀਤੇ ਗਏ ਕਛਹਿਰਾ ਦੀ ਸਭ ਤੋਂ ਪਹਿਲੀ ਰਹਿਤ ਹਨੂੰਮਾਨ ਨੇ ਨਿਭਾਈ ਸੀ।

ਅਗਰ ਕਛਹਿਰਾ ਬਦਲਣ ਸਮੇਂ ਦੋਵੇਂ ਪੌਂਹਚੇ ਲਹਿ ਜਾਣ ਤਾਂ ਪੰਜ ਪਿਆਰਿਆਂ ਸਾਮ੍ਹਣੇ ਪੇਸ਼ ਹੋ ਕੇ ਘੱਟੋ-ਘੱਟ ਪੰਜ ‘ਜਪੁ’ ਪਾਠਾਂ ਦੀ ਸਜਾ ਲਗਾਈ ਜਾਵੇ। ਇਸ (ਭਿਅੰਕਰ) ਗ਼ਲਤੀ ਬਦਲੇ ਇਕੱਲਾ ਸਿੱਖ ਅਰਦਾਸ ਨਹੀਂ ਕਰ ਸਕਦਾ ਬਲਕਿ ਪੰਜ ਸਿੱਖ ਹੀ ਅਰਦਾਸ ਕਰ ਸਕਦੇ ਹਨ।

(ਨੋਟ: ਪੰਜਾਂ ਸਿੰਘਾਂ ਨੇ ਉਕਤ ਗ਼ਲਤੀ ਬਾਰੇ ਕੀ ਫ਼ੈਸਲਾ ਕਰਨਾ ਹੈ ਇਹ ਨਿਰਣਾ ਪਹਿਲਾਂ ਹੀ ਸੁਣਾ ਦਿੱਤਾ ਕਿ 5 ‘ਜਪੁ’ ਪਾਠ ਕਰਵਾਉਣੇ ਹਨ ਫਿਰ ਪੰਜਾਂ ਪਿਆਰਿਆਂ ਦੀ ਹੋਂਦ (ਗਿਣਤੀ) ਕੀ ਮਾਇਨਾ ਰੱਖਦੀ ਹੈ?)

(7) ਪੰਨਾ ਨੰਬਰ 62- ਜੋ ਤੰਮਾਕੂ ਪੀਣ ਵਾਲਾ ਬ੍ਰਹਮਣ ਦਾਨ ਲੈਂਦਾ ਹੈ ਓਹ ਸੂਰ ਬਣ ਕੇ ਵਿਸ਼ਟਾ ਖਾਂਦਾ ਹੈ।

(ਨੋਟ: ਕੀ ਇਹ ਮਰਯਾਦਾ ਬ੍ਰਾਹਮਣ ਲਈ ਲਿਖੀ ਗਈ ਹੈ ਜਾਂ ਬ੍ਰਾਹਮਣ ਦੁਆਰਾ ਲਿਖੀ ਹੈ?)

(8) ਪੰਨਾ ਨੰਬਰ 63- ‘‘ਜਿਉ ਜੋਰੂ ਸਿਰਨਾਵਣੀ, ਆਵੈ ਵਾਰੋ ਵਾਰ ॥’’ ਭਾਵ ਜਿਵੇਂ ਇਸਤਰੀ ਨੂੰ ਮਹੀਨੇ ਪਿੱਛੋਂ ਮਹਾਵਾਰੀ ਆਉਂਦੀ ਹੈ ਤੇ ਉਹ ਉਹਨਾਂ ਦਿਨਾਂ ਵਿਚ ਇੰਨੀ ਗਲੀਚ ਹੁੰਦੀ ਹੈ ਕਿ ਚੌਂਕੇ (ਰਸੋਈ-ਘਰ) ਵਿੱਚ ਨਹੀਂ ਵੜ ਸਕਦੀ।

(9) ਪੰਨਾ ਨੰਬਰ 9- ਭਾਈ ਦਇਆ ਸਿੰਘ ਆਦਿ ਮੁਖੀ ਸਿੰਘਾਂ ਦੀ ਬੇਨਤੀ ’ਤੇ ਕਲਗੀਧਰ ਪਾਤਿਸ਼ਾਹ ਮਹਾਰਾਜ ਜੀ ਨੇ 48 ਸਿੰਘਾਂ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਸਮੁੱਚਾ ਅਰਥ-ਬੋਧ ਕਰਵਾਇਆ ਤਾਂ ਜੋ ਗੁਰਮਤਿ ਦਾ ਪ੍ਰਚਾਰ ਸ਼ੁੱਧ ਤੇ ਸਪਸ਼ਟ (ਸਰਲ) ਕੀਤਾ ਜਾ ਸਕੇ ਪਰ ਉਨ੍ਹਾਂ ਵਿੱਚੋਂ 46 ਸਿੰਘ ਤਾਂ ‘ਗੁਰਬਾਣੀ ਬੋਧ’ ਪ੍ਰਾਪਤ ਕਰਕੇ ਬਿਦੇਹ ਮੁਕਤ ਹੋ ਕੇ ਆਤਮਿਕ ਅਨੰਦ ਮਾਨਣ ਲੱਗ ਗਏ ਅਤੇ ਬਾਕੀ ਦੋਵਾਂ (‘ਭਾਈ ਮਨੀ ਸਿੰਘ ਜੀ’ ਅਤੇ ‘ਬਾਬਾ ਦੀਪ ਸਿੰਘ ਜੀ’) ਨੂੰ ਦਸਮੇਸ਼ ਪਿਤਾ ਜੀ ਪਾਸੋਂ ਸੰਥਿਆ ਪ੍ਰਾਪਤ ਕਰਨ ਉਪਰੰਤ ‘ਦਮਦਮੀ ਟਕਸਾਲ’ ਚਲਾ ਕੇ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਬਖ਼ਸ਼ੀ।

(ਨੋਟ: ਉਪਰੋਕਤ ਕੀਤੀ ਗਈ ਤਮਾਮ ਵੀਚਾਰ ਤੋਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਇਨ੍ਹਾਂ ਦੇ ਪ੍ਰਚਾਰਕ ਗੁਰਮਤਿ ਅਤੇ ਅਨਮਤ (ਅੰਧ-ਵਿਸ਼ਵਾਸ) ਵਿੱਚ ਫ਼ਰਕ ਸਮਝਣ ਵਿੱਚ ਅਸਫਲ ਰਹੇ ਹਨ ਜਦਕਿ ਇਨ੍ਹਾਂ ਦੀ ਮਰਿਆਦਾ, ਇਸ ਯੋਗਤਾ ਨੂੰ ਦਸਮੇਸ਼ ਪਿਤਾ ਜੀ ਦੁਆਰਾ ਕਰਵਾਇਆ ਗਿਆ ‘ਗੁਰਬਾਣੀ ਬੋਧ’ ਸਿੱਧ ਕਰਦੀ ਹੈ, ਜੋ ਸੀਨਾ-ਬਸੀਨਾ ਇਨ੍ਹਾਂ ਦੇ ਮਹਾਪੁਰਖਾਂ ਦੁਆਰਾ ਸੰਭਾਲੀ ਗਈ ‘ਗੁਰਮਤਿ ਫ਼ਿਲਾਸਫ਼ੀ’ ਹੈ। ਇਨ੍ਹਾਂ ਅਨੁਸਾਰ ਜਿਸ ਤਰ੍ਹਾਂ ਅਸੀਂ ਪ੍ਰਕਰਮਾ ਸਮੇਂ ਗੁਰੂ ਜੀ ਨੂੰ ਸੱਜੇ ਪਾਸੇ ਰੱਖਦੇ ਹਾਂ ਇਸ ਤਰ੍ਹਾਂ ਹੀ ਮਰਦ, ਔਰਤ ਦੇ ਸੱਜੇ ਪਾਸੇ ਹੀ ਬੈਠੇਗਾ ਕਿਉਂਕਿ ਔਰਤ ਦਸਮੇਸ਼ ਪਿਤਾ ਜੀ ਦੁਆਰਾ ਮੰਗੇ ਗਏ ਪੰਜ ਸੀਸ ਲੈਣ ਸਮੇਂ ਅੱਗੇ ਨਹੀਂ ਆਈ, ਡੇਰੇਦਾਰਾਂ ਵਾਲੀ ਸੋਚ ਦਾ ਇਹ ਪ੍ਰਚਾਰ ‘ਹਰੀ ਸਿੰਘ ਰੰਧਾਵਾ’ ਆਮ ਕਰਦਾ ਵੇਖਿਆ ਜਾ ਸਕਦਾ ਹੈ। ਇਹ ਹੈ ਉਹ ਵਿੱਦਿਆ, ਜੋ ਇਨ੍ਹਾਂ ਅਨੁਸਾਰ ਸਰਬੰਸ ਦਾਨੀ ਨੇ ਕੇਵਲ ਇਨ੍ਹਾਂ ਨੂੰ ਬਖ਼ਸ਼ਸ਼ ਕੀਤੀ ਹੋਈ ਹੈ। ਸੰਗਤਾਂ ਨੂੰ ਇਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਜਦ ਤੁਹਾਡੀ ਸੰਸਥਾ ਦੇ ਪੂਰਵਜਾਂ ਨੂੰ ਗੁਰਬਾਣੀ ਬੋਧ ਦਸਮੇਸ਼ ਪਿਤਾ ਜੀ ਦੁਆਰਾ ਕਰਵਾਇਆ ਗਿਆ ਹੈ ਤਾਂ ਤੁਸੀਂ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਮਹਾਨ ਕੋਸ਼ ਆਦਿ ਦੀ ਮਦਦ ਕਿਉਂ ਲੈਂਦੇ ਹੋ?)

ਅੰਤ ਵਿੱਚ ਮੈਂ ਗੁਰੂ ਪੰਥ ਦਾ ਛੋਟਾ ਜਿਹਾ ਨੁਮਾਇੰਦਾ ਹੋਣ ਦੇ ਨਾਂ ’ਤੇ ਤਮਾਮ ਗੁਰੂ ਪਿਆਰਿਆਂ ਨੂੰ ਇਹ ਕਹਿਣਾ ਉਚਿਤ ਸਮਝਦਾ ਹਾਂ ਕਿ ਇਹ ਮਨਮਤ ਰੂਪੀ ‘ਹਰੀ ਸਿੰਘ ਰੰਧਾਵਾ ਸੋਚ’ ਨੂੰ ਪੈਦਾ ਕਰਨ ਵਾਲੇ ਡੇਰੇਦਾਰ, ਬਾਬਾ ਰਾਮਰਾਇ ਵਾਙ ਗੁਰੂ ਸਿਧਾਂਤ ਨੂੰ ਵਿਗਾੜਨ ਕਾਰਨ ਜਿੰਨੇ ਦੋਸ਼ੀ ਹਨ, ਉਤਨੇ ਹੀ ਉਹ ਤਮਾਮ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਵੀ ਬਰਾਬਰ ਦੇ ਦੋਸ਼ੀ ਹਨ, ਜਿਹੜੇ ਇਨ੍ਹਾਂ ਨੂੰ ‘ਗੁਰਬਾਣੀ ਫ਼ਿਲਾਸਫ਼ੀ’ ਦਾ ਨਿਰਾਦਰ ਕਰਨ ਵਾਲੀ ਆਪਣੀ ਮਨਮਤੀ ਵੀਚਾਰ ਸੰਗਤਾਂ ਦੇ ਸਾਮ੍ਹਣੇ ਰੱਖਣ (ਪਰੋਸਣ) ਲਈ ਸਮਾਂ ਉਪਲਬਧ ਕਰਵਾਉਂਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਾਰ-ਵਾਰ ਇਨ੍ਹਾਂ ਨੂੰ ਗੁਰੂ ਘਰਾਂ ਵਿੱਚ ਸਟੇਜਾਂ ਮੁਹੱਈਆ ਕਰਵਾਉਣ ਕਾਰਨ ਹੀ ਸਰੀ (ਕੈਨੇਡਾ) ਦੇ ਗੁਰਦੁਆਰਾ ਸਾਹਿਬ ਵਰਗੀਆਂ ਘਟਨਾਵਾਂ ’ਚ ਉੱਨਤੀ (ਵਾਧਾ) ਹੁੰਦਾ ਹੈ, ਜਿਸ ਨਾਲ ਗੁਰੂ ਸਿਧਾਂਤ ਤੇ ਸਿੱਖ ਕੌਮ ਪ੍ਰਤੀ ਸਮਾਜ ਦਾ ਨਜ਼ਰੀਆ ਨਾ-ਪੱਖੀ ਬਣ ਜਾਂਦਾ ਹੈ। ਜਾਗਰੂਕ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਮਿਲ ਕੇ ਇਹ ਉੱਦਮ ਕਰਨਾ ਚਾਹੀਦਾ ਹੈ ਕਿ ਉਹ ਹਰ ਇੱਕ ਪ੍ਰਚਾਰਕ ਤੋਂ ਸਮੂਹ ਸੰਗਤਾਂ ਦੀ ਮੌਜੂਦਗੀ ਵਿੱਚ ਸਵਾਲ-ਜਵਾਬ ਪੁੱਛਣ ਵਾਲਾ ਮਾਹੌਲ (ਵਾਤਾਵਰਨ) ਤਿਆਰ ਕਰਨ, ਤਾਂ ਜੋ ਹਰ ਇੱਕ ਪ੍ਰਚਾਰਕ ‘ਗੁਰਬਾਣੀ ਫ਼ਿਲਾਸਫ਼ੀ’ ਨੂੰ ਸਮਝਣ ਦਾ ਵਧੇਰੇ ਯਤਨ ਕਰੇ ਅਤੇ ਪ੍ਰਚਾਰਕ ਵਰਗ ਵਿੱਚ ਸਰਲਤਾ, ਸਪਸ਼ਟਤਾ ਤੇ ਆਪਸੀ ਵੀਚਾਰਕ ਤਾਲਮੇਲ ਕਾਇਮ ਰੱਖਿਆ ਜਾ ਸਕੇ।

ਸਰੀ (ਕੈਨੇਡਾ) ਦੀਆਂ ਸੰਗਤਾਂ ਵੱਲੋਂ ‘ਹਰੀ ਸਿੰਘ ਰੰਧਾਵਾ’ ਜੀ ਪਾਸੋਂ ਪੁੱਛੇ ਗਏ ਬਾਕੀ 4 ਸਵਾਲਾਂ ਨੂੰ ਅਗਲੇ ਲੇਖ ਰਾਹੀਂ ਵੀਚਾਰਿਆ ਜਾਵੇਗਾ।