ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-3)

0
442

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-3)

ਪ੍ਰੀਤਮ ਸਿੰਘ, ਕਰਨਾਲ-94164-05173

ਇਕ ਵਚਨ ਨਾਂਵ ਦਾ ਬਿੰਦੇ ਸਹਿਤ ਉਚਾਰਨ

ਆਮ ਤੌਰ ’ਤੇ ਬਿੰਦੀਆਂ ਬਹੁ ਵਚਨ ਨਾਂਵ ਸ਼ਬਦਾਂ ਦੇ ਅੰਤਲੇ ਕਾਰਕ ਚਿੰਨ੍ਹਾਂ ਨੂੰ ਲਗਦੀਆਂ ਹਨ, ਪਰ ਮੁਕਤਾ-ਅੰਤ ਨਾਂਵਾਂ ਦਾ ਅਪਾਦਾਨ ਕਾਰਕ ਬਣਾਉਣ ਲਈ ਉਹਨਾਂ ਦੇ ਇਕ ਵਚਨ ਨੂੰ ਲਾਇਆ ਕਾਰਕ ਚਿੰਨ੍ਹ (ਹੁ) ਜਾਂ ( ੋ ) ਬਿੰਦੇ ਸਹਿਤ ਬੋਲਦਾ ਹੈ। ਜਿਵੇਂ;

‘ਦਿਲਹੁ’ ਮੁਹਬਤਿ ਜਿੰਨ ਸੇਈ ਸਚਿਆ॥ (ਭਗਤ ਸ਼ੇਖ ਫਰੀਦ ਜੀ/ ਅੰਕ ੪੮੮)

ਚਤੁਰਾਈ ਮੋਹਿ ਨਾਹਿ, ਰੀਝਾਵਉ ਕਹਿ ‘ਮੁਖਹੁ’॥ (ਮ:੫/ਅੰਕ ੮੪੭)

ਇਕਿ ਕੁਚਲ ਕੁਚੀਲ ਵਿਖਲੀਪਤੇ, ‘ਨਾਵਹੁ’ ਆਪਿ ਖੁਆਏ॥ (ਮ:੫/ਅੰਕ ੪੨੭)

‘ਮੁਹੋਂ’ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ॥ (ਜਪੁ ਜੀ ਸਾਹਿਬ/ਅੰਕ ੨)

ਦਿਲਹੁ-ਦਿਲ ਤੋਂ, ਮੁਖਹੁ-ਮੁਖ ਤੋਂ, ਨਾਵਹੁ-ਨਾਮ ਤੋਂ, ਮੁਹੋਂ-ਮੂੰਹ ਤੋਂ। (ਅਪਾਦਾਨ ਕਾਰਕ)

ਇਨ੍ਹਾਂ ਸਾਰੇ ਇਕ ਵਚਨ ਨਾਂਵਾਂ ਦਾ ਅੰਤਲਾ ਚਿੰਨ੍ਹ (ਹੁ), (ਹੋ) ਬਿੰਦੇ ਸਹਿਤ ਬੋਲਦਾ ਹੈ। ਬੀੜਾਂ ਦੇ ਲਿਖਣ-ਢੰਗ ਤੋਂ ਨਾਵਾਕਫ਼ ਪ੍ਰਕਾਸ਼ਕਾਂ ਨੇ ‘ਮੁਹੋਂ’ ਦੀ ਥਾਂ ‘ਮੁਹੌ’ ਹੀ ਛਾਪ ਦਿਤਾ ਹੈ’।

ਕਿਧਰੇ ਕਿਧਰੇ ਕਾਵਿ ਤੋਲ ਦੇ ਅਧਾਰ ’ਤੇ ਇਹ (ਹੁ) ਚਿੰਨ੍ਹ ਬਦਲ ਕੇ ( ਾ ਹੁ) ਹੋ ਜਾਂਦਾ ਹੈ। ਜਿਵੇਂ:

ਭਲੀ ਸਰੀ ਜਿ ਉਬਰੀ ਹਉਮੈ ਮੁਈ ‘ਘਰਾਹੁ’॥ (ਮ:੧/ਅੰਕ ੧੮) – ‘ਘਰਾਹੁਂ’- ਘਰ ਤੋਂ, ਉਚਾਰਣ ਬਿੰਦੇ ਸਹਿਤ। (ਅਪਾਦਾਨ ਕਾਰਕ)

ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ‘ਸਿਰਾਹੁ’॥(ਮ:੧/ਅੰਕ ੫੫) – ‘ਸਿਰਾਹੁਂ’ – ਸਿਰ ਤੋਂ, ਉਚਾਰਣ ਬਿੰਦੇ ਸਹਿਤ। (ਅਪਾਦਾਨ ਕਾਰਕ)

ਨੋਟ:      ਮਕਤਾ-ਅੰਤ ਪੁਲਿੰਗ ਬਹੁ ਵਚਨ ਨਾਂਵਾਂ ਦੇ ਸਾਧਾਰਨ ਰੂਪ (ਭਾਵ ਮੁਕਤਾ-ਅੰਤ ਪੁਲਿੰਗ ਬਹੁ ਵਚਨ ਨਾਂਵਾਂ ਦੇ ਉਹ ਰੂਪ ਜਿਨ੍ਹਾਂ ਨਾਲ ਕੋਈ ਲੁਪਤ ਜਾਂ ਪਰਗਟ ਸੰਬੰਧਕੀ ਪਦ ਨਹੀਂ ਹੁੰਦਾ) ਨੂੰ ਵੀ ਬਹੁ ਵਚਨ ਦਾ ਕਾਰਕ ਚਿੰਨ੍ਹ ਕੰਨਾ ( ਾ ) ਲਗਦਾ ਹੈ, ਪਰ ਇਹ ਸਦਾ ਬਿੰਦੇ ਰਹਿਤ ਹੁੰਦਾ ਹੈ ਤੇ ਇਸ ਦਾ ਉਚਾਰਨ ਵੀ ਬਿੰਦੇ ਰਹਿਤ ਹੀ ਸ਼ੁੱਧ ਹੈ। ਉਦਾਹਰਣ ਦੇ ਤੌਰ ’ਤੇ;

ਹਉ ਬਲਿਹਾਰੀ ਤਿੰਨ ਕੰਉ, ਜੋ ਗੁਰਮੁਖਿ ‘ਸਿਖਾ’॥ (ਮ:੪/ਅੰਕ ੬੫੦) – ਉਚਾਰਣ ‘ਸਿਖਾ’, ਬਿੰਦੇ ਰਹਿਤ।

ਹਰਿ ‘ਸੰਤਾ’ ਹਰਿ ਸੰਤ ਸਜਨ, ਮੇਰੇ ਮੀਤ ਸਹਾਈ ਰਾਮ॥ (ਮ:੫/ਅੰਕ ੪੫੩) – ਉਚਾਰਣ ‘ਸੰਤਾ’, ਬਿੰਦੇ ਰਹਿਤ।

ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ, ਸਭਿ ਬਿਨਸੇ ਹਉਮੈ ‘ਪਾਪਾ’ ਰਾਮ॥ (ਮ:੪/ਅੰਕ ੫੭੪) – ਉਚਾਰਣ ‘ਪਾਪਾ’, ਬਿੰਦੇ ਰਹਿਤ।

ਅਨਦ ਕਰਹਿ ਤੇਰੇ ‘ਦਾਸਾ’॥ ਜਪਿ ਪੂਰਨ ਹੋਈ ਆਸਾ॥ (ਮ:੫/ਅੰਕ ੬੨੬) – ਉਚਾਰਣ ‘ਦਾਸਾ’, ਬਿੰਦੇ ਰਹਿਤ।

ਜਿਤਨੇ ਭਗਤ ਹਰਿ ‘ਸੇਵਕਾ’, ਮੁਖਿ ਅਠਿਸਠਿ ਤੀਰਥ ਤਿਨ ਤਿਲਕੁ ਕਢਾਇ॥ (ਮ:੪/ਅੰਕ ੭੩੩) – ਉਚਾਰਣ ‘ਸੇਵਕਾ’, ਬਿੰਦੇ ਰਹਿਤ।

ਗੋਵਿੰਦੁ ਊਜਲੁ ਊਜਲ ‘ਹੰਸਾ’॥ ਮਨੁ ਬਾਣੀ ਨਿਰਮਲ ਮੇਰੀ ਮਨਸਾ॥ (ਮ:੩/ਅੰਕ ੧੨੧) – ਉਚਾਰਣ ‘ਹੰਸਾ’, ਬਿੰਦੇ ਰਹਿਤ।

ਉਪਰੋਕਤ ਪੰਕਤੀਆਂ ਵਿਚਲੇ ਸ਼ਬਦ ਸਿਖਾ, ਸੰਤਾ, ਪਾਪਾ, ਦਾਸਾ, ਸੇਵਕਾ, ਹੰਸਾ ਇਹ ਸਾਰੇ ਬਹੁ ਵਚਨ ਨਾਂਵ ਹਨ, ਪਰ ਇਨ੍ਹਾਂ ਦਾ ਉਚਾਰਣ ਬਿੰਦੇ ਰਹਿਤ ਕੀਤਾ ਜਾਣਾ ਹੀ ਸ਼ੁੱਧ ਹੈ। ਕਿਉਂਕਿ ਇਨ੍ਹਾਂ ਨਾਲ ਸੰਬੰਧਕੀ ਪਦ (ਲੁਪਤ ਜਾਂ ਪਰਗਟ) ਨਹੀਂ ਆਇਆ। ਗੁਰਬਾਣੀ ਦੀ ਵਿਆਕਰਣਿਕ ਨਿਯਮਾਵਲੀ ਅਨੁਸਾਰ ਮੁਕਤਾ-ਅੰਤ ਪੁਲਿੰਗ ਨਾਂਵ ਆਪਣੇ ਅਸਲ ਰੂਪ ਵਿਚ ਬਹੁ ਵਚਨ ਹੁੰਦੇ ਹਨ ਤੇ ਇਸ ਤਰ੍ਹਾਂ ਸ਼ਬਦ ਸਿਖ, ਸੰਤ, ਪਾਪ, ਦਾਸ, ਸੇਵਕ ਅਤੇ ਹੰਸ ਇਸੇ ਰੂਪ ਵਿਚ ਹੀ ਬਹੁ ਵਚਨ ਹਨ। ਇਨ੍ਹਾਂ ਨੂੰ ‘ਕੰਨਾ’ ਪਿੰਗਲ ਦੇ ਨਿਯਮਾਂ ਅਨੁਸਾਰ ਲੱਗਾ ਹੈ, ਨਾ ਕਿ ਕਾਰਕੀ ਚਿੰਨ੍ਹ ਦੇ ਤੌਰ ’ਤੇ।

ਮੁਕਤਾ-ਅੰਤ ਪੁਲਿੰਗ ਨਾਂਵਾਂ ਦੇ ਇਕ ਵਚਨ ਸੰਬੋਧਨੀ ਰੂਪ ਨੂੰ ਵੀ ਅੰਤ ਵਿਚ ਕਾਰਕ ਚਿੰਨ੍ਹ ‘ਕੰਨਾ’ ( ਾ ) ਲੱਗਦਾ ਹੈ, ਜੋ ਸਦਾ ਬਿੰਦੇ ਰਹਿਤ ਬੋਲਦਾ ਹੈ। ਜਿਵੇਂ:

ਨਾਨਕੁ ਕਹੈ ਸੁਨਿ ਰੇ ‘ਮਨਾ’! ਕਰਿ ਕੀਰਤਨ ਹੋਇ ਉਧਾਰੁ॥ (ਮ:੫/ਅੰਕ ੨੧੪) – ਉਚਾਰਣ ਬਿੰਦੇ ਰਹਿਤ -ਮਨ ਰੇ।

‘ਭਵਰਾ’ ! ਫੂਲਿ ਭਵੰਤਿਆ, ਦੁਖੁ ਅਤਿ ਭਾਰੀ ਰਾਮ॥ (ਮ:੧/ਅੰਕ ੪੩੯) – ਉਚਾਰਣ ਬਿੰਦੇ ਰਹਿਤ – ਹੇ ਫੁਲਾਂ ਤੇ ਭਉਂਦੇ ਭਵਰੇ।

ਸਾਚੇ ‘ਸਾਹਿਬਾ’ ! ਕਿਆ ਨਹੀ, ਘਰਿ ਤੇਰੈ ? ॥ (ਮ:੩/ ਅੰਕ ੯੧੭) – ਉਚਾਰਣ ਬਿੰਦੇ ਰਹਿਤ – ਹੇ ਸੱਚੇ ਸਾਹਿਬ।

ਤਵ ਗੁਨ ਕਹਾ ਜਗਤ ‘ਗੁਰਾ’! ਜਉ ਕਰਮੁ ਨ ਨਾਸੈ॥ (ਭਗਤ ਸਧਨਾ ਜੀ/ਅੰਕ ੮੫੮) – ਉਚਾਰਣ ਬਿੰਦੇ ਰਹਿਤ – ਹੇ ਜਗਤ ਗੁਰੂ।

ਤੂੰ ਸੁਣਿ ‘ਹਰਣਾ’ ਕਾਲਿਆ ! ਕੀ ਵਾੜੀਐ ਰਾਤਾ ਰਾਮ ? ॥ (ਮ:੧/ਅੰਕ ੪੩੮) – ਉਚਾਰਣ ਬਿੰਦੇ ਰਹਿਤ – ਹੇ ਕਾਲੇ ਹਿਰਨ।

ਾ- ਅੰਤ ਪੁਲਿੰਗ ਨਾਂਵ

ਪੁਲਿੰਗ ਨਾਂਵ, ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਆਪਣੇ ਮੂਲਕ ਰੂਪ ਵਿਚ ਕੰਨਾ ਲੱਗਾ ਹੋਵੇ, ਕੰਨਾ-ਅੰਤ ਨਾਂਵ ਹੁੰਦੇ ਹਨ। ਜਿਵੇਂ; ਵਣਜਾਰਾ, ਦਾਤਾ, ਮੰਗਤਾ, ਕਰਤਾ, ਭਤੀਜਾ, ਭਾਣਾ, ਪਾਂਡਾ, ਸਉਦਾ, ਬਾਜਾ ਆਦਿ।

ਵਿਆਕਰਣਿਕ ਬਿੰਦੀਆਂ ਆਮ ਤੌਰ ’ਤੇ ਨਾਂਵਾਂ ਦੇ ਅੰਤਲੇ ਅੱਖਰ ਨੂੰ ਲਗੇ ਬਹੁ ਵਚਨੀ ਕਾਰਕ ਚਿੰਨ੍ਹਾਂ ਨਾਲ ਬੋਲਦੀਆਂ ਹਨ। ਕੰਨਾ-ਅੰਤ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਸਾਧਾਰਨ ਤੌਰ ’ਤੇ ਹੇਠ ਲਿਖੇ ਚਿੰਨ੍ਹ ਲਾਏ ਜਾਂਦੇ ਹਨ:

(1). ਕੰਨਾ-ਅੰਤ ਨਾਂਵ ਦੇ ਅੰਤਲੇ ਅੱਖਰ ਨੂੰ ਲਗਾ ਕੰਨਾ ਹਟਾ ਕੇ, ਉਸ ਦੀ ਥਾਂ ਬਹੁ ਵਚਨੀ ਚਿੰਨ੍ਹ ਲਾਂਵ ( ੇ ) ਲਾਈ ਜਾਂਦੀ ਹੈ। ਜਿਵੇਂ; ਵਣਜਾਰਾ ਤੋਂ ਵਣਜਾਰੇ, ਦਾਤਾ ਤੋਂ ਦਾਤੇ, ਮੰਗਤਾ ਤੋਂ ਮੰਗਤੇ। ਇਹ ਚਿੰਨ੍ਹ ਉਸ ਵਕਤ ਲਾਇਆ ਜਾਂਦਾ ਹੈ ਜਦੋਂ ਇਸ ਚਿੰਨ੍ਹ ਦੇ ਲਾਉਣ ਨਾਲ ਬਣੇ ਬਹੁ ਵਚਨ ਨਾਂਵ ਦੇ ਅਗੇ ਕੋਈ ਸੰਬੰਧਕੀ ਪਦ (ਲੁਪਤ ਜਾਂ ਪਰਗਟ) ਨਾ ਹੋਵੇ। ਜਿਵੇਂ: ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ ॥ (ਮ: ੧/੭੬੫) (ਗੁਣਾਂ ਦਾ)

(2). ਅੰਤਲੇ ਕੰਨੇ ਨੂੰ ਬਿੰਦੀ ਲਾ ਦਿਤੀ ਜਾਂਦੀ ਹੈ। ਜਿਵੇਂ; ਰਸੀਆ ਤੋਂ ਰਸੀਆਂ।

(3). ਅੰਤਲਾ ਕੰਨਾ ਹਟਾ ਕੇ ਉਸ ਦੀ ਥਾਂ ਨਾਸਕੀ ਚਿੰਨ੍ਹ (+ਿਆਂ) ਲਾ ਦਿੱਤਾ ਜਾਂਦਾ ਹੈ। ਜਿਵੇਂ; ਵਣਜਾਰਾ ਤੋਂ ਵਣਜਾਰਿਆਂ, ਦਾਤਾ ਤੋਂ ਦਾਤਿਆਂ, ਪਾਂਡਾ ਤੋਂ ਪਾਂਡਿਆਂ। ਇਹ ਚਿੰਨ੍ਹ (+ਿਆਂ) ਓਦੋਂ ਲਾਇਆ ਜਾਂਦਾ ਹੈ ਜਦੋਂ ਇਸ ਚਿੰਨ੍ਹ ਦੇ ਲਾਉਣ ਨਾਲ ਬਣੇ ਬਹੁ ਵਚਨ ਨਾਂਵ ਦੇ ਅਗੇ ਕੋਈ ਸੰਬੰਧਕੀ ਪਦ (ਲੁਪਤ ਜਾਂਪਰਗਟ) ਹੋਵੇ। ਜਿਵੇਂ: ‘ਦਾਤਿਆਂ-ਦਾਤਿਆਂ ਨੇ, ਦਾਤਿਆਂ ਨੂੰ, ਦਾਤਿਆਂ ਲਈ, ਦਾਤਿਆਂ ਵਿਚ, ਦਾਤਿਆਂ ਤੋਂ, ਦਾਤਿਆਂ ਦਾ’ ਆਦਿ।

ਗੁਰਬਾਣੀ ਵਿਚ ਕੰਨਾ-ਅੰਤ ਨਾਂਵਾਂ ਦੇ ਬਹੁ ਵਚਨ ਬਣਾਉਣ ਲਈ ਹੇਠ ਲਿਖੇ ਕਾਰਕ-ਚਿੰਨ੍ਹਾਂ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ;

(1). ਜਦੋਂ ਕੋਈ ਸੰਬੰਧਕੀ ਪਦ ਨਾਲ ਨਾ ਹੋਵੇ:

ਅੰਤਲਾ ਕੰਨਾ ਲਾਹ ਕੇ ਚਿੰਨ੍ਹ ( ੇ ) ਜਾਂ (+ਿਆ) ਲਾਏ ਜਾਂਦੇ ਹਨ, ਜੋ ਬਿੰਦੇ ਰਹਿਤ ਬੋਲਦੇ ਹਨ। ਜਿਵੇਂ;

ਇਕਿ ‘ਦਾਤੇ’ ਇਕਿ ‘ਮੰਗਤੇ’, ਸਭਨਾ ਸਿਰਿ ਸੋਈ॥ (ਮ:੧/ਅੰਕ ੧੨੮੩)

ਮੁਸਨਹਾਰ ਪੰਚ ‘ਬਟਵਾਰੇ’॥ (ਮ:੫/ਅੰਕ ੧੮੨)

‘ਰਾਜੇ’ ਸੀਹ ਮੁਕਦਮ ‘ਕੁਤੇ’॥ (ਮ:੧/ਅੰਕ ੧੨੮੮)

ਦਿਲਹੁ ਮੁਹਬਤਿ ਜਿੰਨ ਸੇਈ ‘ਸਚਿਆ॥ (ਸ਼ੇਖ ਫਰੀਦ ਜੀ/ਅੰਕ ੪੮੮)

ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ‘ਵਿਸੂਰਿਆ’॥ (ਮ:੫/ਅੰਕ ੪੫੬)

ਤਿਹਟੜੇ ਬਾਜਾਰ, ਸਉਦਾ ਕਰਨਿ ‘ਵਣਜਾਰਿਆ’॥ (ਮ:੫/ਅੰਕ ੧੪੨੫)

(2). ਜਦੋਂ ਨਾਲ ਕੋਈ ਲੁਪਤ ਜਾਂ ਪਰਗਟ ਸੰਬੰਧਕੀ ਪਦ ਹੋਵੇ:

ਅੰਤਲਾ ਕੰਨਾ ਨਾਸਕੀ (ਬਿੰਦੀ ਵਾਲਾ) ਕਰ ਦਿਤਾ ਜਾਂਦਾ ਹੈ। ਜਿਵੇਂ;

ਹੰਸਾ ਵੇਖਿ ਤਰੰਦਿਆ ‘ਬਗਾਂ’ ਭਿ ਆਯਾ ਚਾਉ॥ (ਮ:੩/ਅੰਕ ੫੮੫) ਬਗਾ ਤੋਂ ਬਹੁ ਵਚਨ ‘ਬਗਾਂ’ –ਬਗਲਿਆਂ ਨੂੰ (ਸੰਪਰਦਾਨ ਕਾਰਕ)

ਨਾਗਾਂ ਮਿਰਗਾਂ ਮਛੀਆਂ ‘ਰਸੀਆ’ ਘਰਿ ਧਨੁ ਹੋਇ॥ (ਮ:੧/ਅੰਕ ੧੨੭੯) – ਰਸੀਆ ਤੋਂ ਬਹੁ ਵਚਨ ‘ਰਸੀਆਂ’। ਰਸੀਆਂ ਦੇ ਘਰ ਵਿਚ (ਸੰਬੰਧ ਕਾਰਕ)

ਅੰਤਲਾ ਕੰਨਾ ਲਾਹ ਕੇ ਬਹੁ ਵਚਨੀ ਨਾਸਕੀ ਚਿੰਨ੍ਹ (+ਿਆਂ) ਲਾ ਦਿਤਾ ਜਾਂਦਾ ਹੈ।ਜਿਵੇਂ;

ਦੁਹਾਂ ‘ਸਿਰਿਆਂ’ ਕਾ ਕਰਤਾ ਆਪਿ॥ (ਮ:੫/ਅੰਕ ੧੨੭੦) – ਸਿਰਾ ਤੋਂ ਬਹੁਵਚਨ ਸਿਰਿਆਂ-ਉਚਾਰਣ ‘ਸਿਰਿਆਂ’ ਬਿੰਦੇ ਸਹਿਤ, ਕਾ- ਸੰਬੰਧ ਕਾਰਕ ਪਰਗਟਤੌਰ ’ਤੇ ਲੱਗਾ ਹੈ।

ਅੰਤਲਾ ਕੰਨਾ ਲਾਹ ਕੇ ਬਹੁ ਵਚਨੀ ਚਿੰਨ੍ਹ (ਈਂ) ਲਾ ਦਿੱਤਾ ਜਾਂਦਾ ਹੈ ਤੇ ਉਚਾਰਣ ਨਾਸਕੀ ਹੈ। ਜਿਵੇਂ;

ਵਸਤ ਲਈ ‘ਵਣਜਾਰਈ’ ਵਖਰੁ ਬਧਾ ਪਾਇ॥ (ਮ:੫/ਅੰਕ ੧੨੩੮) – ਵਣਜਾਰਾ ਤੋਂ ਬਹੁਵਚਨ ‘ਵਣਜਾਰਈਂ’- ਉਚਾਰਣ ਬਿੰਦੇ ਸਹਿਤ (ਵਣਜਾਰਿਆਂ ਨੇ, ਕਰਤਾ ਕਾਰਕ)। ਬਹੁਵਚਨੀ ਚਿੰਨ੍ਹ ‘ਈ’ ਬਿੰਦੇ ਸਹਿਤ ਬੋਲਦਾ ਹੈ ਪਰ ਛਾਪੇ ਦੀ ਬੀੜ ਵਿਚ ਇਸ ਤਰ੍ਹਾਂ ਦੇ ਸ਼ਬਦਾਂ ਵਿਚ ਇਸ ਚਿੰਨ੍ਹ ਨੂੰ ਬਿੰਦੀ ਲਗੀ ਹੋਈ ਨਹੀਂ ਮਿਲਦੀ।

ਅੰਤਲੇ ਅੱਖਰ ਦਾ ਕੰਨਾ ਲਾਹ ਕੇ ਉਸ ਦੀ ਥਾਂ ਨਾਸਕੀ ਚਿੰਨ੍ਹ ਬਿੰਦੀ ਸਹਿਤ ਬਿਹਾਰੀ ( ੀਂ ) ਲਾ ਦਿਤੀ ਜਾਂਦੀ ਹੈ। ਜਿਵੇਂ;

ਰਤਨ ਵਿਗਾੜ ਵਿਗੋਏ ਕੁਤਂ ੀ ਮੁਇਆ ਸਾਰ ਨਾ ਕਾਈ॥ (ਮ:੧/ਅੰਕ ੩੬੦) – ਕੁੱਤਾ ਤੋਂ ਬਹੁਵਚਨ ਕੁਤਂ ੀ – ਕੁਤਿਆਂ ਨੇ (ਕਰਤਾ ਕਾਰਕ)।

ਉਪਰ ਦਿਤੀਆਂ ਉਦਾਹਰਣਾਂ ਤੋਂ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਸੰਕੋਚ ਮਾਤ੍ਰ ਵਿਚ ਬਿੰਦੀਆਂ ਦੀ ਵਰਤੋਂ ਕੀਤੀ ਮਿਲਦੀ ਹੈ ਪਰ ਕਈ ਥਾਂ ’ਤੇ ਇਹ ਸ਼ਬਦ ਬਿੰਦੇ ਰਹਿਤ ਹਨ। ਸੰਬੰਧਕੀ ਪਦ ਲੁਪਤ ਜਾਂ ਪਰਗਟ ਸ਼ਬਦਾਂ ਦਾ ਉਚਾਰਣ, ਬਿੰਦੀਆਂ ਦੀ ਵਰਤੋਂ ਵਾਲੇ ਸ਼ਬਦਾਂ ਦੀ ਅਗਵਾਈ ਲੈ ਕੇ, ਬਿੰਦੇ ਸਹਿਤ ਕਰ ਲੈਣਾ ਉਚਿਤ ਹੈ।

ਇਕ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ, ਉਹ ਇਹ ਕਿ ਜਦੋਂ ਕੰਨਾ-ਅੰਤ ਪੁਲਿੰਗ ਇਕ ਵਚਨ ਨਾਂਵਾਂ ਨੂੰ ਸੰਬੋਧਨ ਕਾਰਕ ਵਿਚ ਕੰਨਾ ਲਾਹ ਕੇ ਕਾਰਕ ਚਿੰਨ੍ਹ (+ਿਆ) ਲਾਇਆ ਜਾਂਦਾ ਹੈ ਤਾਂ ਉਸ ਦਾ ਉਚਾਰਣ ਬਿੰਦੇ ਰਹਿਤ ਹੁੰਦਾ ਹੈ। ਜਿਵੇਂ; ਦਾਤਾ ਦਾ ਦਾਤਿਆ (ਹੇ ਦਾਤਾ), ਵਣਜਾਰਾ ਦਾ ਵਣਜਾਰਿਆ (ਹੇ ਵਣਜਾਰੇ) ਆਦਿ।

ਬਿਹਾਰੀ ( ੀ)-ਅੰਤ ਪੁਲਿੰਗ ਨਾਂਵ

ਐਸੇ ਨਾਂਵ ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਰੂਪ ਵਿਚ ਬਿਹਾਰੀ ਲੱਗੀ ਹੁੰਦੀ ਹੈ, ਬਿਹਾਰੀ-ਅੰਤ ਨਾਂਵ ਆਖਦੇ ਹਨ। ਜਿਵੇਂ; ‘ਭਾਈ, ਜੁਆਈ, ਹਸਤੀ, ਪਾਣੀ, ਸੁਆਮੀ’ ਆਦਿ।

ਉਪਰੋਕਤ ਸ਼ਬਦਾਂ ਵਿੱਚ ਬਿਹਾਰੀ ਮੂਲਕ ਅੰਗ ਹੈ। ਇਸ ਤਰ੍ਹਾਂ ਦੇ ਸ਼ਬਦ ਕਿਸੇ ਵਿਸ਼ੇਸ਼ਣ ਜਾਂ ਕਿਰਿਆ ਤੋਂ ਘੜੇ ਹੋਏ ਬਨਾਉਟੀ ਨਾਂਵ ਨਹੀਂ ਹਨ। ਬਿਹਾਰੀ-ਅੰਤ ਨਾਂਵਾਂ ਦੀ ਇਕ ਹੋਰ ਕਿਸਮ ਵੀ ਗੁਰਬਾਣੀ ਵਿਚ ਮਿਲਦੀ ਹੈ; ਜਿਵੇਂ: ‘ਪਾਪੀ, ਧਰਮੀ, ਸਤੀ, ਦਾਨੀ, ਵਡਭਾਗੀ’ ਆਦਿ। ਇਹ ਬਨਾਉਟੀ ਬਿਹਾਰੀ-ਅੰਤ ਨਾਂਵ ਹਨ। ਅਸਲ ਵਿਚ ਇਹ ਵਿਸ਼ੇਸ਼ਣ ਸ਼ਬਦ ਹਨ ‘ਪਾਪ, ਧਰਮ, ਸਤ, ਦਾਨ, ਵਡਭਾਗ’। ਮੁਕਤਾ-ਅੰਤ ਸ਼ਬਦਾਂ ਦੇ ਅੰਤ ਵਿਚ ਬਿਹਾਰੀ ਲਾਉਣ ਨਾਲ ਬਣੇ ਹਨ। ਇਹ ਸ਼ਬਦ ਜਦੋਂ ਕਿਸੇ ਨਾਂਵ ਜਾਂ ਪੜਨਾਂਵ ਨਾਲ ਵਰਤੇ ਜਾਣ, ਤਦੋਂ ਇਹ ਵਿਸ਼ੇਸ਼ਣ ਹੁੰਦੇ ਹਨ, ਪਰ ਜਦੋਂ ਕਿਸੇ ਪੰਗਤੀ ਵਿਚ ਨਾਂਵ ਜਾਂ ਪੜਨਾਂਵ ਕੋਈ ਨਾ ਹੋਵੇ ਤਾਂ ਇਹ ਸ਼ਬਦ ਆਪਣੇ ਆਪ ਵਿੱਚ ਨਾਂਵ ਦਾ ਕੰਮ ਦੇਂਦੇ ਹਨ। ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ।

‘ਵਾਪਾਰ ਨਾਂਵ ਤੋਂ ਵਾਪਾਰੀ ਵਿਸ਼ੇਸ਼ਣ, ਰੋਗ ਨਾਂਵ ਤੋਂ ਰੋਗੀ ਵਿਸ਼ੇਸ਼ਣ, ਹਠ ਤੋਂ ਹਠੀ, ਦੁਖ ਤੋਂ ਦੁਖੀ, ਸੰਤੋਖ ਤੋਂ ਸੰਤੋਖੀ’ ਆਦਿ। ਇਹ ਸਭ ਨਾਂਵ ਨਾਲ ਬਿਹਾਰੀ ਲੱਗਣ ਕਰਕੇ ਬਨਾਉਟੀ ਬਿਹਾਰੀ-ਅੰਤ ਸ਼ਬਦ ਹਨ ਜੋ ਕਿ ਮੂਲ ਰੂਪ ਵਿਚ ਬਿਹਾਰੀ-ਅੰਤਕ ਨਹੀਂ ਹਨ। ਐਸੇ ਬਨਾਵਟੀ ਸ਼ਬਦਾਂ ਦੇ ਬਹੁ ਵਚਨ ਜਦੋਂ ਕਿਸੇ ਪਰਗਟ ਜਾਂ ਲੁਪਤ ਸੰਬੰਧਕੀ ਪਦ ਤੋਂ ਬਗ਼ੈਰ ਆਉਣ ਤਾਂ ਇਹ ਇਸੇ ਤਰ੍ਹਾਂ ਹੀ ਰਹਿੰਦੇ ਹਨ ਅਤੇ ਇਹਨਾਂ ਨਾਲ ਲੱਗੀ ਬਿਹਾਰੀ ਬਿੰਦੇ ਰਹਿਤ ਬੋਲਦੀ ਹੈ। ਜਿਵੇਂ;

ਸੋ ‘ਵਡਭਾਗੀ’, ਜਿਸੁ ਨਾਮਿ ਪਿਆਰ॥ (ਮ:੫/ਅੰਕ ੧੧੫੦) – ਵਡਭਾਗੀ-ਇਕ ਵਚਨ ਵਿਸ਼ੇਸ਼ਣ

‘ਵਡਭਾਗੀ’, ਹਰਿ ਸੰਗਤਿ ਪਾਵਹਿ॥ (ਮ:੪/ਅੰਕ ੯੫) – ਵਡਭਾਗੀ-ਬਹੁਵਚਨ ਵਿਸ਼ੇਸ਼ਣ

ਸੋ ਡਰੇ ਜਿ ਪਾਪੁ ਕਮਾਵਦਾ, ‘ਧਰਮੀ’ ਵਿਗਸੇਤੁ॥ (ਮ:੪/ਅੰਕ ੮੪) – ਧਰਮੀ-ਇਕ ਵਚਨ ਵਿਸ਼ੇਸ਼ਣ

‘ਲੋਭੀ’ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ॥ (ਮ:੫/ਅੰਕ ੫੦) – ਲੋਭੀ-ਇਕ ਵਚਨ ਵਿਸ਼ੇਸ਼ਣ

‘ਲੋਭੀ ਅਨ ਕਉ ਸੇਵਦੇ, ਪੜਿ ਵੇਦਾ ਕਰਹਿ ਪੁਕਾਰ॥ (ਮ:੩)/ਅੰਕ ੩੦) – ਲੋਭੀ-ਬਹੁਵਚਨ ਵਿਸ਼ੇਸ਼ਣ

ਕਈ ਵਾਰੀ ਬਨਾਉਟੀ ਬਿਹਾਰੀ-ਅੰਤਕ ਨਾਂਵਾਂ ਦੇ ਬਹੁਵਚਨ ਬਣਾਉਣ ਲਈ ਇਹਨਾਂ ਦੇ ਅੰਤ ਵਿਚ ‘ਏ’ ਚਿੰਨ੍ਹ ਲਾਇਆ ਜਾਂਦਾ ਹੈ, ਜੋ ਬਿੰਦੇ ਰਹਿਤ ਬੋਲਦਾ ਹੈ। ਜਿਵੇਂ;

ਹੋਰੁ ਵਣਜੁ ਕਰਹਿ ‘ਵਾਪਾਰੀਏ’, ਅਨੰਤ ਤਰੰਗੀ ਦੁਖੁ ਮਾਇਆ॥ (ਮ:੪/ਅੰਕ ੧੬੫)

‘ਦੁਖੀਏ’ ਦਰਦਵੰਦ ਦਰਿ ਤੇਰੈ, ਨਾਮਿ ਰਤੇ ਦਰਵੇਸ ਭਏ॥ (ਮ:੧/੩੫੮) ਆਦਿ।