ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-2)

0
661

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-2)

ਪ੍ਰੀਤਮ ਸਿੰਘ ਕਰਨਾਲ-94164-05173

ਵਿਆਕਰਨਿਕ ਸ਼ਬਦਾਵਲੀ – ਸਾਧਾਰਨ ਜਾਣਕਾਰੀ

ਸ਼ਬਦ – ਅੱਖਰ ਤੇ ਲਗ ਦਾ ਸਮੂਹ ਭਾਵ ਜਿਸ ਦਾ ਪੂਰਾ ਅਰਥ ਬਣ ਸਕੇ; ਜਿਵੇਂ: ‘ਸੰਤ, ਭਗਤ, ਮਨੁੱਖ, ਸੱਚ, ਸੰਗਤ’ ਆਦਿ।

ਵਾਕ – ਸ਼ਬਦਾਂ ਦਾ ਸੰਗ੍ਰਹਿ ਜੋ ਕਿਸੇ ਭਾਵ ਨੂੰ ਪੂਰੀ ਤਰ੍ਹਾਂ ਪ੍ਰਗਟ (ਸਪਸ਼ਟ) ਕਰੇ; ਜਿਵੇਂ : ‘‘ਰਾਖੁ ਸਦਾ ਪ੍ਰਭ ! ਅਪਨੈ ਸਾਥ ॥’’ (ਮ: ੫/੮੨੮)

ਨਾਂਵ – ਕਿਸੇ ਵਿਅਕਤੀ, ਸਥਾਨ, ਵਸਤੂ ਨੂੰ ਪ੍ਰਗਟ ਕਰਨ ਵਾਲਾ ਸ਼ਬਦ; ਜਿਵੇਂ: ‘ਰਾਮ, ਲਾਹੌਰ, ਬਾਂਸ, ਟਰੱਕ’ ਆਦਿ।

ਪੜਨਾਂਵ – ਨਾਂਵ ਦੀ ਥਾਂ ਆਉਣ ਵਾਲਾ ਸ਼ਬਦ; ਜਿਵੇਂ: ‘ਮੈਂ, ਤੂੰ, ਉਹ’ ਆਦਿ।

ਵਿਸ਼ੇਸ਼ਣ – ਨਾਂਵ ਜਾਂ ਪੜਨਾਂਵ ਦੇ ਗੁਣ/ਔਗੁਣ ਪ੍ਰਗਟ ਕਰਨ ਵਾਲਾ ਸ਼ਬਦ; ਜਿਵੇਂ: ‘ਵਡਾ, ਕਾਲਾ, ਉੱਚਾ, ਵਧੀਆ, ਘਟੀਆ’।

ਕਿਰਿਆ- ਕਿਸੇ ਵਾਕ ਦੇ ਕਾਰਜ ਨੂੰ ਸਮੇਂ (ਭੂਤ, ਵਰਤਮਾਨ ਤੇ ਭਵਿੱਖ) ’ਚ ਵੰਡਣ ਵਾਲਾ ਸ਼ਬਦ, ਪੁਰਖ (ਉੱਤਮ, ਪੱਧਮ ਤੇ ਅਨ੍ਹ ਪੁਰਖ), ਵਚਨ (ਇੱਕ ਵਚਨ ਜਾਂ ਬਹੁ ਵਚਨ), ਲਿੰਗ (ਇਸਤ੍ਰੀ ਲਿੰਗ ਜਾਂ ਪੁਲਿੰਗ) ’ਚ ਵੰਡ ਕਰਨ ਵਾਲਾ ਸ਼ਬਦ; ਜਿਵੇਂ: ‘ਗਾਇਆ, ਗਾ ਰਿਹਾ, ਗਾ ਰਹੀ, ਗਾਏਗਾ, ਗਾਏਗੀ’ ਆਦਿ।

ਕਿਰਿਆ ਵਿਸ਼ੇਸ਼ਣ – ਕਿਸੇ ਕਿਰਿਆ ਦੀ ਵਿਸ਼ੇਸ਼ਤਾ ਵਰਨਣ ਕਰਨ ਵਾਲਾ ਸ਼ਬਦ; ਜਿਵੇਂ: ‘ਤੇਜ ਚੱਲਦਾ ਹੈ, ਹੋਲੀ ਚੱਲਦੀ ਹੈ, ਚੰਗਾ ਗਾਉਂਦਾ ਹੈ।’ ਆਦਿ ਵਾਕਾਂ ’ਚ ‘ਤੇਜ, ਹੋਲੀ, ਚੰਗਾ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹਨ।

ਕਾਰਕ ਵਾਕ ਦੀ ਉਹ ਤਬਦੀਲੀ ਜੋ ਵਾਕ ਦੇ ਵੱਖ ਵੱਖ ਅੰਗਾਂ: ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਆਦਿ ਦੇ ਪਰਸਪਰ ਸੰਬੰਧ ਨੂੰ ਦਰਸਾਉਣ ਲਈ ਵਾਪਰਦੀ ਹੈ; ਜਿਵੇਂ:

ਸਾਧਾਰਣ ਸ਼ਬਦ                                                ਕਾਰਕੀ ਰੂਪ

ਮਨ                            ਮਨੁ, ਮਨਹੁ, ਮਨਿ, ਮਨਹਿ, ਮਨਾ।

ਕਰਤਾ ਕਾਰਕ – ਕੰਮ ਕਰਨ ਵਾਲਾ।

ਕਰਮ ਕਾਰਕ – ਜਿਸ ਉਤੇ ਕੰਮ ਵਾਪਰੇ।

ਕਰਣ ਕਾਰਕ – ਜਿਸ ਦੇ ਰਾਹੀਂ (ਵਸੀਲੇ ਨਾਲ) ਕੰਮ ਕੀਤਾ ਜਾਵੇ।

ਸੰਪ੍ਰਦਾਨ ਕਾਰਕ – ਜਿਸ ਲਈ ਕੰਮ ਕੀਤਾ ਜਾਵੇ।

ਅਪਾਦਾਨ ਕਾਰਕ – ਜਿਸ ਤੋਂ ਕੰਮ ਆਰੰਭ ਹੋਵੇ ਜਾਂ ਕੁਝ ਵੱਖ ਕੀਤਾ ਜਾਵੇ।

ਅਧਿਕਰਣ ਕਾਰਕ – ਜੋ ਕੰਮ ਕੀਤੇ ਜਾਣ ਦਾ ਥਾਂ-ਟਿਕਾਣਾ ਦੱਸੇ।

ਸੰਬੰਧ ਕਾਰਕ – ਜੋ ਕਿਸੇ ਨਾਲ ਮਾਲਕੀ ਜਾਂ ਸੰਬੰਧ ਪ੍ਰਗਟ ਕਰੇ।

ਸੰਬੋਧਨ ਕਾਰਕ – ਜਿਸ ਨੂੰ ਆਵਾਜ਼ ਮਾਰ ਕੇ ਕੁਝ ਕਿਹਾ ਜਾਵੇ।

ਕਾਰਕ ਚਿੰਨ੍ਹ – ਉਹ ਚਿੰਨ੍ਹ ਜੋ ਕਾਰਕ ਦੇ ਤੌਰ ’ਤੇ ਵਰਤੇ ਜਾਣ।

ਲਗ ਮਾਤ੍ਰੀ ਚਿੰਨ੍ਹ – ਾ, ,ਿ ੀ, ਹਿ, ਹ, ੇ, ੈ ਆਦਿ।

ਸ਼ਬਦੀ ਚਿੰਨ੍ਹ – ਨੇ, ਨੂੰ, ਲਈ, ਤੋਂ, ਦਾ ਆਦਿ।

ਸੰਬੰਧਕੀ ਪਦ – ਜੋ ਸ਼ਬਦ ਵਾਕ ਦੇ ਵੱਖ ਵੱਖ ਅੰਗਾਂ ਦਾ ਆਪਸ ਵਿਚ ਸੰਬੰਧ ਪ੍ਰਗਟ ਕਰੇ, ਜਿਵੇਂ – ਨੇ, ਨੂੰ, ਤੋਂ, ਦਾ, ਵਿਚ, ਉੱਤੇ, ਆਦਿ।

ਪੁਲਿੰਗ – ਨਰ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ।

ਇਸਤ੍ਰੀ ਲਿੰਗ – ਮਾਦਾ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ।

ਇਕ ਵਚਨ – ਇਕ ਵਿਅਕਤੀ, ਅਸਥਾਨ, ਪਦਾਰਥ, ਹੋਂਦ ਆਦਿ ਬਾਰੇ ਜਾਣਕਾਰੀ ਦੇਣ ਵਾਲਾ ਸ਼ਬਦ।

ਬਹੁ ਵਚਨ – ਇਕ ਤੋਂ ਵਧੇਰੇ ਵਿਅਕਤੀਆਂ, ਅਸਥਾਨਾਂ, ਪਦਾਰਥਾਂ ਆਦਿ ਬਾਰੇ ਜਾਣਕਾਰੀ ਦੇਣ ਵਾਲਾ ਸ਼ਬਦ।

ਨਾਸਿਕੀ ਅੱਖਰ/ਚਿੰਨ੍ਹ – ਉਹ ਅੱਖਰ ਜਾਂ ਚਿੰਨ੍ਹ ਜਿਨ੍ਹਾਂ ਦੀ ਆਵਾਜ਼ ਨੱਕ ਰਾਹੀਂ ਹੋ ਕੇ ਲੰਘਦੀ ਹੋਵੇ; ਜਿਵੇਂ: ਅੱਖਰ -ਙ, ਞ, ਣ, ਨ, ਮ, ਚਿੰਨ੍ਹ – ਟਿੱਪੀ ( ੰ ), ਬਿੰਦੀ ( ਂ )।

ਨਾਂਵ ਦਾ ਸਾਧਾਰਨ ਰੂਪ – ਨਾਂਵ ਦਾ ਉਹ ਰੂਪ ਜਦੋਂ ਉਸ ਨਾਲ ਕੋਈ ਕਾਰਕ-ਚਿੰਨ੍ਹ ਜਾਂ ਸੰਬੰਧਕੀ ਪਦ ਨਾ ਲਗਾ ਹੋਵੇ।

ਨਾਂਵ ਦਾ ਸੰਬੰਧਕੀ ਰੂਪ – ਨਾਂਵ ਦਾ ਉਹ ਰੂਪ ਜਦੋਂ ਉਸ ਨਾਲ ਕੋਈ ਕਾਰਕ-ਚਿੰਨ੍ਹ ਜਾਂ ਸੰਬੰਧਕੀ ਪਦ ਲਗਾ ਹੋਵੇ।

ਉੱਤਮ ਪੁਰਖ – ਗੱਲ ਕਰਨ ਵਾਲਾ ਵਿਅਕਤੀ; ਜਿਵੇਂ: ‘ਮੈਂ, ਅਸੀਂ’ ਆਦਿ।

ਮੱਧਮ ਪੁਰਖ – ਜਿਸ ਵਿਅਕਤੀ ਨਾਲ ਗੱਲ ਕੀਤੀ ਜਾਵੇ; ਜਿਵੇਂ: ‘ਤੂੰ, ਤੁਸੀਂ’ ਆਦਿ।

ਅੱਨ ਪੁਰਖ – ਜਿਸ ਵਿਅਕਤੀ ਬਾਰੇ ਗੱਲ ਕੀਤੀ ਜਾਵੇ; ਜਿਵੇਂ: ‘ਉਹ, ਉਹਨਾਂ’ ਆਦਿ।

ਧਾਤੂ – ਉਹ ਮੂਲ ਸ਼ਬਦ ਜਿਨ੍ਹਾਂ ਤੋਂ ਕਿਰਿਆ ਤੇ ਕਿਰਦੰਤ (ਕਾਰਦੰਤਕ) ਬਣਦੇ ਹਨ; ਜਿਵੇਂ: ‘ਖਾ, ਕਰ, ਬੋਲ, ਜਾ’ ਆਦਿ।

ਭਾਵਾਰਥ – ਉਹ ਨਾਂਵ ਜੋ ਧਾਤੂ ਦੇ ਅੰਤ ਵਿਚ ‘ਨਾ’ ਜਾਂ ‘ਣਾ’ ਲਾਇਆਂ ਬਣੇ; ਜਿਵੇਂ: ‘ਖਾਣਾ, ਕਰਨਾ, ਬੋਲਣਾ, ਜਾਣਾ’ ਆਦਿ।

ਕਿਰਿਆ – ਜੋ ਸ਼ਬਦ ਕਿਸੇ ਕੰਮ ਦੇ ਕੀਤੇ ਜਾਣ ਨੂੰ ਕਾਲ ਸਹਿਤ ਪ੍ਰਗਟ ਕਰੇ; ਜਿਵੇਂ: ‘ਖਾਂਦਾ ਹੈ, ਖਾਂਦਾ ਸੀ, ਖਾਏਗਾ’ ਆਦਿ।

ਕਾਰਦੰਤਕ – ਉਹ ਸ਼ਬਦ ਜੋ ਧਾਤੂ ਤੋਂ ਬਣੇ ਪਰ ਕਿਰਿਆ ਨਾ ਹੋਵੇ; ਜਿਵੇਂ: ‘ਖਾਇਆਂ, ਖਾਧਾ ਹੋਇਆ, ਖਾਂਦਿਆਂ’ ਆਦਿ।

(ਨੋਟ – ਕਿਰਿਆਵਾਂ ਵਿਚ ਕੀਤੇ ਗਏ ਕੰਮ ਦੇ ਕਾਲ ਦਾ ਪੂਰਾ ਵੇਰਵਾ ਦਿਤਾ ਹੁੰਦਾ ਹੈ, ਪਰ ਕਾਰਦੰਤਕਾਂ ਵਿਚ ਨਹੀਂ।)

ਵਰਤਮਾਨ ਕਾਲ – ਚਲ ਰਿਹਾ ਸਮਾਂ; ਜਿਵੇਂ: ‘ਖਾਂਦਾ ਹੈ, ਖਾ ਰਿਹਾ ਹੈ।’ ਆਦਿ।

ਭੂਤ ਕਾਲ – ਬੀਤਿਆ ਸਮਾਂ; ਜਿਵੇਂ: ‘ਖਾਧਾ, ਚਲਾ ਗਿਆ।’ ਆਦਿ।

ਭਵਿਖਤ ਕਾਲ – ਯਕੀਨੀ ਤੌਰ ਤੇ ਆਉਣ ਵਾਲਾ ਸਮਾਂ; ਜਿਵੇਂ: ‘ਖਾਏਗਾ, ਜਾਵਾਂਗੇ।’ ਆਦਿ।

ਸੰਭਾਵੀ ਭਵਿਖਤ – ਆਉਣ ਵਾਲਾ ਸਮਾਂ ਜਿਸ ਦੀ ਸੰਭਾਵਨਾ ਹੈ; ਜਿਵੇਂ: ‘ਖਾਵਾਂ, ਖਾਧਾ ਜਾਵੇ।’ ਆਦਿ।

ਪੁਲਿੰਗ ਨਾਂਵ

ਜਾਣ ਪਛਾਣ –

ਲੱਛਣ : ਜਿਸ ਸ਼ਬਦ ਨੂੰ ਪੜ੍ਹਿਆਂ ਕਿਸੇ ਨਰ ਵਿਅਕਤੀ, ਨਰ ਅਸਥਾਨ, ਨਰ ਪਦਾਰਥ ਅਤੇ ਨਰ ਸੂਖਮ-ਹੋਂਦ ਦਾ ਗਿਆਨ ਹੋਵੇ ਉਸ ਨੂੰ ਪੁਲਿੰਗ ਨਾਂਵ ਆਖਦੇ ਹਨ।

ਪ੍ਰਕਾਰ : ਵਿਆਕਰਣ ਅਨੁਸਾਰ ਨਾਂਵ ਦੀਆਂ ਪੰਜ ਕਿਸਮਾਂ ਹਨ; ਖਾਸ ਨਾਂਵ, ਜ਼ਾਤੀ ਵਾਚਕ ਨਾਂਵ, ਇਕੱਠ ਵਾਚਕ ਨਾਂਵ, ਪਦਾਰਥ ਵਾਚਕ ਨਾਂਵ ਅਤੇ ਭਾਵ ਵਾਚਕ ਨਾਂਵ। ਪਰ ਜਿੱਥੋਂ ਤੱਕ ਨਾਂਵ-ਸ਼ਬਦਾਂ ਨੂੰ ਬਹੁ ਵਚਨ ਬਣਾਉਣ ਲਈ ਨਾਸਕੀ ਚਿੰਨ੍ਹ ਲੱਗਣ ਦਾ ਸੰਬੰਧ ਹੈ ਉਹ ਨਾਂਵ ਦੀ ਅੰਤਮ ਲੱਗ ਦੇ ਆਧਾਰ ’ਤੇ ਕੀਤੀ, ਹੇਠਾਂ ਦਿੱਤੀ ਵੰਡ, ਦੇ ਆਧਾਰ ’ਤੇ ਲਗਦੇ ਹਨ।

ਪੁਲਿੰਗ ਨਾਂਵ-ਸ਼ਬਦਾਂ ਦੀਆਂ ਵੱਖ ਵੱਖ ਸ਼੍ਰੇਣੀਆਂ:

ਮੂਲਕ ਤੌਰ ’ਤੇ ਲੱਗੀ ਅੰਤਮ ਲੱਗ ਦੇ ਆਧਾਰ ’ਤੇ ਨਾਂਵ-ਸ਼ਬਦ ਹੇਠ ਲਿਖੇ ਵਰਗਾਂ ਦੇ ਹੁੰਦੇ ਹਨ ਤੇ ਇਹਨਾਂ ਅੰਤਲੀਆਂ ਲਗਾਂ ਦਾ ਨਾਂਵ ਸ਼ਬਦਾਂ ਨੂੰ ਬਹੁ ਵਚਨ ਬਣਾਉਣ ਲਈ ਨਾਸਕੀ ਚਿੰਨ੍ਹ ਲੱਗਣ ਦਾ ਗੂੜ੍ਹਾ ਸੰਬੰਧ ਹੈ।

ਮੁਕਤਾ-ਅੰਤ ਪੁਲਿੰਗ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਕੋਈ ਲਗ ਲੱਗੀ ਨਾ ਹੋਵੇ; ਜਿਵੇਂ: ‘ਪ੍ਰਭ, ਗੁਰ, ਨਾਮ, ਸਿਖ, ਸੰਤ’ ਆਦਿ।

ਾ-ਅੰਤ ਪੁਲਿੰਗ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਕੰਨਾ ਲੱਗਾ ਹੋਵੇ; ਜਿਵੇਂ : ‘ਕਰਤਾ, ਦਾਤਾ, ਵਣਜਾਰਾ, ਹਿਰਦਾ, ਭਾਣਾ’ ਆਦਿ।

ਉ-ਅੰਤ ਪੁਲਿੰਗ ਨਾਂਵ ਅਤੇ ਔਂਕੜ ( ੁ ) ਅੰਤ ਨਾਂਵ: ਜਿਨ੍ਹਾਂ ਦਾ ਅੰਤਲਾ ਅੱਖਰ ‘ਉ’ ਹੋਵੇ ਜਾਂ ਅੰਤਲੇ ਅੱਖਰ ਨੂੰ ਔਂਕੜ ਲੱਗੀ ਹੋਵੇ; ਜਿਵੇਂ: ‘ਘਿਉ, ਪ੍ਰਿਉ, ਭਾਉ, ਜੀਉ, ਤੇਲੁ, ਮੀਨੁ, ਬਿੰਦੁ, ਮੇਰੁ’ ਆਦਿ।

-ਿਅੰਤ ਪੁਲਿੰਗ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ਤੇ ਸਿਹਾਰੀ ਲੱਗੀ ਹੋਵੇ; ਜਿਵੇਂ: ‘ਹਰਿ, ਆਦਿ, ਮੁਨਿ, ਜੁਗਾਦਿ’ ਆਦਿ।

ੀ-ਅੰਤ ਪੁਲਿੰਗ ਨਾਂਵ: ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਮੂਲਕ ਤੌਰ ’ਤੇ ਬਿਹਾਰੀ ਲੱਗੀ ਹੋਵੇ; ਜਿਵੇਂ: ‘ਪਾਣੀ, ਭਾਈ, ਹਰੀ, ਭਿਖਾਰੀ, ਢਾਡੀ, ਸੁਆਮੀ’ ਆਦਿ।

ਜਿੱਥੋਂ ਤੱਕ ਵਿਆਕਰਣਿਕ ਬਿੰਦੀਆਂ ਦਾ ਸੰਬੰਧ ਹੈ, ਇਹ ਆਮ ਤੌਰ ’ਤੇ ਬਹੁ-ਵਚਨ ਨਾਂਵ ਸ਼ਬਦਾਂ ਨੂੰ ਲਗਦੀਆਂ ਹਨ। ਉਪਰੋਕਤ ਵਰਗਾਂ ਦੇ ਨਾਂਵ-ਸ਼ਬਦਾਂ ਦੇ ਬਹੁ-ਵਚਨ ਬਣਾਉਣ ਲਈ ਵੱਖ ਵੱਖ ਚਿੰਨ੍ਹ ਲਾਏ ਜਾਂਦੇ ਹਨ। ਇਸ ਬਾਰੇ ਵੇਰਵਾ ਹਰੇਕ ਵਰਗ ਨਾਲ ਸੰਬੰਧਤ ਹਿੱਸੇ ਵਿਚ ਅਗੇ ਚੱਲ ਕੇ ਦਿੱਤਾ ਗਿਆ ਹੈ।

ਸ਼ਬਦਾਂ ਨੂੰ ਵਿਆਕਰਣਿਕ ਬਿੰਦੀਆਂ ਲਾਏ ਜਾਣ ਦੇ ਬਝਵੇਂ ਨਿਯਮ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਾਪੇ ਵਾਲੀ ਬੀੜ ਵਿਚ ਬਿੰਦੀਆਂ ਦੀ ਸੰਕੇਤਕ ਤੇ ਸੰਕੋਚਵੀਂ ਵਰਤੋਂ ਕੀਤੀ ਮਿਲਦੀ ਹੈ। ਇਕੋ ਸ਼ਬਦ ਕਿਧਰੇ ਬਿੰਦੀ ਸਹਿਤ ਮਿਲਦਾ ਹੈ, ਕਿਧਰੇ ਬਿੰਦੀ ਤੋਂ ਬਗ਼ੈਰ। ਬਿੰਦੇ ਸਹਿਤ ‘ਨਾਂਵ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਅਤੇ ਕਿਰਿਆ’ ਸ਼ਬਦਾਂ ਵਾਲੀਆਂ ਪੰਗਤੀਆਂ ਨੂੰ ਵਖਰਿਆਂ ਵਖਰਿਆਂ ਇਕੱਠਾ ਕਰਕੇ ਬਿੰਦੀਆਂ ਲੱਗਣ ਦੇ ਨਿਯਮਾਂ ਨੂੰ ਲੱਭਣ ਦਾ ਯਤਨ ਕੀਤਾ ਗਿਆ ਹੈ।

ਸੋ, ਇਹ ਬਿਲਕੁਲ ਉਚਿਤ ਭਾਸਦਾ ਹੈ ਕਿ ਇਹਨਾਂ ਨਿਯਮਾਂ ਤੋਂ ਸੇਧ ਲੈ ਕੇ ਜਿਹੜੇ ਅਜਿਹੇ ਸ਼ਬਦ ਬੀੜ ਵਿਚ ਬਿੰਦੇ ਰਹਿਤ ਅੰਤ ਮਿਲਦੇ ਹਨ, ਉਹਨਾਂ ਦਾ ਉਚਾਰਨ ਬਿੰਦੇ ਸਹਿਤ ਕੀਤਾ ਜਾਵੇ।

ਮੁਕਤਾ-ਅੰਤ ਪੁਲਿੰਗ ਨਾਂਵ

ਅਜਿਹੇ ਪੁਲਿੰਗ ਨਾਂਵ, ਜਿਨ੍ਹਾਂ ਦੇ ਅੰਤਲੇ ਅੱਖਰ ਨੂੰ ਆਪਣੇ ਮੂਲਕ ਰੂਪ ਵਿਚ ਕੋਈ ਲਗ ਲੱਗੀ ਨਾ ਹੋਵੇ, ਮੁਕਤਾ-ਅੰਤ ਨਾਂਵ ਹੁੰਦੇ ਹਨ; ਜਿਵੇਂ: ‘ਸਿਖ, ਸੰਤ, ਭਗਤ, ਸੇਵਕ, ਪ੍ਰਭ, ਗੁਰ, ਹੰਸ’ ਆਦਿ।

ਵਿਆਕਰਣਿਕ ਬਿੰਦੀਆਂ ਆਮ ਕਰਕੇ ਬਹੁ-ਵਚਨ ਨਾਂਵਾਂ ਦੇ ਅੰਤ ਵਿਚ ਲਗਦੀਆਂ ਅਥਵਾ ਬੋਲਦੀਆਂ ਹਨ। ਮੁਕਤਾ-ਅੰਤ ਨਾਂਵਾਂ ਨਾਲ ਜਦੋਂ ਕੋਈ ਸੰਬੰਧਕੀ ਪਦ ਨਾ ਹੋਵੇ ਤਾਂ ਉਹ ਬਹੁ-ਵਚਨ ਹੁੰਦਿਆਂ ਵੀ ਆਪਣੇ ਅਸਲ ਰੂਪ ਵਿਚ ਹੀ ਰਹਿੰਦੇ ਹਨ; ਜਿਵੇਂ:

(1). ਗੁਰੂ ਕੇ ‘ਸਿੱਖ’ ਲੋਕ ਪ੍ਰਲੋਕ ਵਿਚ ਆਦਰ ਪਾਉਂਦੇ ਹਨ।

(2). ਸਾਡੇ ਨਗਰ ਵਿਚ ‘ਭਗਤ’ ਵਸਦੇ ਹਨ।

(3). ‘ਹੰਸ’ ਮੋਤੀ ਚੁਗਦੇ ਹਨ, ਆਦਿ।

ਪਰ ਜਦੋਂ ਉਪ੍ਰੋਕਤ ਕਿਸਮ ਦੇ (ਮੁਕਤਾ-ਅੰਤ) ਨਾਂਵਾਂ ਨਾਲ ਕੋਈ ਸੰਬੰਧਕੀ ਪਦ ਹੋਵੇ (ਪਰਗਟ ਜਾਂ ਲੁਪਤ) ਤਾਂ ਉਹਨਾਂ

ਨੂੰ ਲਗੇ ਬਹੁ-ਵਚਨੀ ਕਾਰਕ-ਚਿੰਨ੍ਹ ਬਿੰਦੀ ਸਹਿਤ ਬੋਲਦੇ ਹਨ; ਜਿਵੇਂ :

(1). ‘ਸੰਤਾਂ’ ਨੇ ਦਿਨ ਰਾਤ ਇਕ ਕਰਕੇ ਧਰਮ ਪਰਚਾਰ ਕੀਤਾ।

(2). ‘ਗੁਰਸਿੱਖਾਂ’ ਅੰਦਰ ਸਤਿਗੁਰੂ ਵਰਤਦਾ ਹੈ।

(3). ‘ਭਗਤਾਂ’ ਦੇ ਭਗਵਾਨ ਸਦਾ ਅੰਗ ਸੰਗ ਵਸਦਾ ਹੈ।

(4). ਸੇਵਾ ਦਾ ਚੱਜ ਸੱਚੇ ‘ਸੇਵਕਾਂ’ ਤੋਂ ਹੀ ਸਿਖਿਆ ਜਾ ਸਕਦਾ ਹੈ।

ਗੁਰਬਾਣੀ ਵਿਚ ਮੁਕਤਾ-ਅੰਤ ਨਾਂਵਾਂ ਦੇ ਬਹੁ-ਵਚਨ ਬਣਾਉਣ ਲਈ ਹੇਠ ਲਿਖੇ ਕਾਰਕ-ਚਿੰਨ੍ਹਾਂ ਦੀ ਵਰਤੋਂ ਕੀਤੀ ਮਿਲਦੀ :

          ( ਾਂ ) ( ੀਂ ) ( ਹ ) ( ਹੁ )

ਮੁਕਤਾ-ਅੰਤ ਬਹੁ-ਵਚਨ ਨਾਂਵਾਂ ਨੂੰ ਸਾਧਾਰਨ ਬੋਲ-ਚਾਲ ਵਿਚ ਲਗਦੇ ਸ਼ਬਦੀ ਕਾਰਕ-ਚਿੰਨ੍ਹ ਅਤੇ ਗੁਰਬਾਣੀ ਵਿਚ ਵਰਤੇ ਗਏ ਲਗਮਾਤ੍ਰੀ ਕਾਰਕ-ਚਿੰਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ:

ਹਰਿ ‘ਭਗਤਾਂ’ ਹਰਿ ਆਰਾਧਿਆ, ਹਰਿ ਕੀ ਵਡਿਆਈ॥ (ਮ:੪/ਅੰਕ ੩੧੬) ‘ਭਗਤਾਂ’ – ਭਗਤਾਂ ਨੇ। (ਕਰਤਾ ਕਾਰਕ)

‘ਗੁਰਸਿਖੀ’ ਸੋ ਥਾਨੁ ਭਾਲਿਆ, ਲੈ ਧੂਰਿ ਮੁਖਿ ਲਾਵਾ॥ (ਮ:੪/ਅੰਕ ੪੫੦) ‘ਗੁਰਸਿਖੀ’ – ਉਚਾਰਨ ‘ਗੁਰਸਿਖੀਂ’ (ਬਿੰਦੇ ਸਹਿਤ) – ਗੁਰਸਿਖਾਂ ਨੇ। (ਕਰਤਾ ਕਾਰਕ)

‘ਸਿਖਾਂ ਪੁਤ੍ਰਾਂ’ ਘੋਖਿ ਕੈ, ਸਭ ਉਮਤਿ ਵੇਖਹੁ ਜਿ ਕਿਓਨੁ॥ (ਭੱਟ ਸਤਾ ਤੇ ਬਲਵੰਡ/ਅੰਕ ੯੬੭) ‘ਸਿਖਾਂ’ – ਸਿਖਾਂ ਨੂੰ, ‘ਪੁਤ੍ਰਾਂ’ – ਪੁਤ੍ਰਾਂ ਨੂੰ। (ਕਰਮ ਕਾਰਕ)

‘ਸੰਤਾਂ’ ਭਰਵਾਸਾ ਤੇਰਾ॥ (ਮ:੫/ਅੰਕ ੬੨੯) ‘ਸੰਤਾਂ’ – ਸੰਤਾਂ ਨੂੰ। (ਕਰਮ ਕਾਰਕ)

ਜਬ ਹਮ ਏਕੋ ਏਕੁ ਕਰਿ ਮਾਨਿਆ॥ ਤਬ ‘ਲੋਗਹ’ ਕਾਹੇ ਦੁਖੁ ਮਾਨਿਆ॥ (ਭਗਤ ਕਬੀਰ ਜੀ/ਅੰਕ ੩੨੪)

‘ਲੋਗਹ’ – ਉਚਾਰਨ ‘ਲੋਗਹਂ’ (ਬਿੰਦੇ ਸਹਿਤ) – ਲੋਕਾਂ ਨੇ। ਕਿਰਿਆ ਵਾਚੀ ਸ਼ਬਦਾਂ ਨੂੰ ਛਡ ਕੇ ਅੰਤਲੇ ਮੁਕਤਾ ‘ਹ’ ਦਾ ਝੁਕਾਵ ਕੰਨੇ (ਾ) ਵਲ ਹੁੰਦਾ ਹੈ। ਇਸ ਦਾ ਉਚਾਰਨ ਹੋਵੇਗਾ ‘ਲੋਗਾਂ’। (ਕਰਤਾ ਕਾਰਕ)

‘ਗਜੀ’ ਨ ਮਿਨੀਐ ਤੋਲਿ ਨ ਤੁਲੀਐ, ਪਾਚਨ ਸੇਰ ਅਢਾਈ॥ (ਭਗਤ ਕਬੀਰ ਜੀ/ਅੰਕ ੩੩੫)

‘ਗਜੀ’ ਦਾ ਉਚਾਰਨ ‘ਗਜੀਂ’ – ਗਜਾਂ ਨਾਲ। (ਕਰਣ ਕਾਰਕ)

‘ਅਖਰੀ’ ਨਾਮੁ ‘ਅਖਰੀ’ ਸਾਲਾਹ॥ (ਜਪੁ ਜੀ ਸਾਹਿਬ/ਅੰਕ ੪)

‘ਅਖਰੀ’ ਦਾ ਉਚਾਰਨ ‘ਅਖਰੀਂ’ – ਅੱਖਰਾਂ ਦੁਆਰਾ। (ਕਰਣ ਕਾਰਕ)

ਹਰਨਾਖਸੁ ਜਿਨਿ ‘ਨਖਹ’ ਬਿਦਾਰਿਓ, ਸੁਰਿ ਨਰ ਕੀਏ ਸਨਾਥਾ॥ (ਭਗਤ ਨਾਮਦੇਵ ਜੀ/ਅੰਕ ੧੧੬੫)

‘ਨਖਹ’ – ਉਚਾਰਨ ‘ਨਖਹਂ’ (ਬਿੰਦੇ ਸਹਿਤ) – ‘ਨਖਾਂ’ – ਨਹੁਆਂ ਨਾਲ। (ਕਰਣ ਕਾਰਕ)

‘ਨੈਨਹੁ’ ਨੀਰੁ ਬਹੈ ਤਨੁ ਖੀਨਾ, ਭਏ ਕੇਸ ਦੁਧਵਾਨੀ॥ (ਭਗਤ ਭੀਖਨ ਜੀ/ਅੰਕ ੬੫੯)

‘ਨੈਨਹੁ’ – ਉਚਾਰਨ ‘ਨੈਨਹੁਂ’ (ਬਿੰਦੇ ਸਹਿਤ) – ਨੈਨਾਂ ਤੋਂ। (ਅਪਾਦਾਨ ਕਾਰਕ)

ਜੇ ਮੁਹਾਕਾ ਘਰੁ ਮੁਹੈ, ਘਰੁ ਮੁਹਿ ‘ਪਿਤਰੀ’ ਦੇਇ॥ (ਮ:੧/ਅੰਕ ੪੭੨)

‘ਪਿਤਰੀ’ – ਉਚਾਰਨ ‘ਪਿਤਰੀਂ’ (ਬਿੰਦੇ ਸਹਿਤ) – ਪਿਤਰਾਂ ਨੂੰ। (ਸੰਪ੍ਰਦਾਨ ਕਾਰਕ)

ਸਲੋਕ ਵਾਰਾਂ ਤੇ ਵਧੀਕ (ਅੰਕ ੧੪੧੦)

‘ਵਾਰਾਂ’ ਤੇ – ਵਾਰਾਂ ਤੋਂ। (ਅਪਾਦਾਨ ਕਾਰਕ)

ਸੂਖ ਸਹਜ ਆਨੰਦ ਘਨੇਰੇ, ਨਾਨਕ ! ਜੀਵੈ ਹਰਿ ‘ਗੁਣਹ’ ਵਖਾਣਿ॥ (ਮ:੫/ਅੰਕ ੮੨੬)

‘ਗੁਣਹ’ – ਉਚਾਰਨ ‘ਗੁਣਹਂ’ (ਬਿੰਦੇ ਸਹਿਤ) – ਗੁਣਾਂ ਨੂੰ।

ਕਿਰਿਆ ਵਾਚੀ ਸ਼ਬਦਾਂ ਨੂੰ ਛਡ ਕੇ ਅੰਤਲੇ ਮੁਕਤਾ ‘ਹ’ ਦਾ ਝੁਕਾਵ ਕੰਨੇ (ਾ) ਵਲ ਹੁੰਦਾ ਹੈ। ਇਸ ਦਾ ਉਚਾਰਨ ਹੋਵੇਗਾ ‘ਗੁਣਾਂ’। (ਕਰਮ ਕਾਰਕ)

‘ਨੈਨੀ ਨੀਰੁ ਅਸਾਰ ਬਹੈ॥ (ਭਗਤ ਕਬੀਰ ਜੀ/ਅੰਕ ੪੭੯)

‘ਨੈਨੀ’ – ਉਚਾਰਨ ‘ਨੈਨੀਂ’ ਬਿੰਦੇ ਸਹਿਤ – ਨੈਨਾਂ ਤੋਂ। (ਅਪਾਦਾਨ ਕਾਰਕ)

ਇਕਨਾ ‘ਗਲੀਂ’ ਜੰਜੀਰ, ਬੰਦਿ ਰਬਾਣੀਐ॥ (ਮ:੧/ਅੰਕ ੧੨੮੭)

‘ਗਲੀਂ’ – ਗਲਾਂ ਵਿਚ। (ਅਧਿਕਰਣ ਕਾਰਕ)

ਨਾਨਕ ! ਅਵਗਣ ‘ਗੁਣਹ’ ਸਮਾਣੇ, ਐਸੀ ਗੁਰਮਤਿ ਪਾਈ॥ (ਮ:੧/ਅੰਕ ੧੧੧੧)

‘ਗੁਣਹ’ – ਉਚਾਰਨ ਅੰਤਲੇ ‘ਹ’ ਦਾ ਝੁਕਾਵ ਕੰਨੇ ( ਾ ) ਵਲ ਅਤੇ ਬਿੰਦੇ ਸਹਿਤ – ‘ਗੁਣਹਂ’ (ਗੁਣਾਂ) – ਗੁਣਾਂ ਵਿਚ। (ਅਧਿਕਰਣ ਕਾਰਕ)

‘ਸੰਤਾਂ ਮਧੇ’ ਗੋਬਿੰਦ ਆਛੈ, ਗੋਕਲ ਮਧੇ ਸਿਆਮ ਗੋ॥ (ਭਗਤ ਨਾਮਦੇਵ ਜੀ/ਅੰਕ ੭੧੮) ‘ਸੰਤਾਂ ਮਧੇ’ – ਸੰਤਾਂ ਵਿਚ। (ਅਧਿਕਰਣ ਕਾਰਕ)

ਹਮ ‘ਸੰਤ ਜਨਾਂ’ ਰੇਨਾਰਾ॥ (ਮ:੫/ਅੰਕ ੬੨੩) ‘ਸੰਤ ਜਨਾਂ’ – ਸੰਤ ਜਨਾਂ ਦੀ। (ਸੰਬੰਧ ਕਾਰਕ)

ਧਨੁ ‘ਲੋਕਾਂ’, ਤਨੁ ਭਸਮੈ ਢੇਰੀ॥ (ਮ:੧/ਅੰਕ ੮੩੨)  ‘ਲੋਕਾਂ’ – ਲੋਕਾਂ ਦਾ। (ਸੰਬੰਧ ਕਾਰਕ)

ਜਿਸ ਸਿਮਰਤ ਸਭਿ ਕਿਲਵਿਖ ਨਾਸਹਿ, ‘ਪਿਤਰੀ’ ਹੋਇ ਉਧਾਰੋ॥ (ਮ:੫/ਅੰਕ ੪੯੬)

‘ਪਿਤਰੀ’ – ਉਚਾਰਨ ‘ਪਿਤਰੀਂ’ (ਬਿੰਦੇ ਸਹਿਤ) ਪਿਤਰਾਂ ਦਾ। (ਸੰਬੰਧ ਕਾਰਕ) ‘ਸੰਤਹ’ ਚਰਨ ਮੋਰਲੋ ਮਾਥਾ॥ (ਮ:੫/ਅੰਕ ੧੨੦੬)

‘ਸੰਤਹ’ – ਉਚਾਰਨ ਅੰਤਲੇ ‘ਹ’ ਦਾ ਝੁਕਾਵ ਕੰਨੇ ਵਲ ਅਤੇ ਬਿੰਦੇ ਸਹਿਤ – ‘ਸੰਤਾਂ’ – ਸੰਤਾਂ ਦੇ। (ਸੰਬੰਧ ਕਾਰਕ)

ਉਪਰੋਕਤ ਉਦਾਹਰਣਾਂ ਤੋਂ ਇਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਮੁਕਤਾ-ਅੰਤ, ਪੁਲਿੰਗ ਨਾਂਵਾਂ ਦੇ ਅੰਤ ਵਿਚ ਦਰਜ ਕੀਤੇ ਗਏ ਬਹੁ-ਵਚਨੀ ਕਾਰਕ-ਚਿੰਨ੍ਹਾਂ ਾ, ੀ, ਹ, ਹੁ ਉਦੋਂ ਬਿੰਦੇ ਸਹਿਤ ਬੋਲਦੇ ਹਨ ਜਦੋਂ ਇਹਨਾਂ ਸ਼ਬਦਾਂ ਦੇ ਨਾਲ ਪਰਗਟ ਜਾਂ ਲੁਪਤ ਕੋਈ ਸੰਬੰਧਕੀ ਪਦ ਨਿਕਲਦਾ (ਮਿਲਦਾ) ਹੋਵੇ।