ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-4)

0
429

ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-4)

ਪ੍ਰੀਤਮ ਸਿੰਘ, ਕਰਨਾਲ, ਮੋਬਾਈਲ: 94164-05173

‘ਉ’-ਅੰਤ ਪੁਲਿੰਗ ਨਾਂਵ (ਨਾਸਕੀ)

ਪਾਉਂ ਠਾਉਂ ਥਾਉਂ ਗਾਉਂ ਗਿਰਾਉਂ।

ਸ਼ਬਦ ‘ਪਾਉਂ, ‘ਠਾਉਂ’, ‘ਥਾਉਂ’, ‘ਗਾਉਂ’, ਇਹ ਸਾਰੇ ਉ-ਅੰਤ ਨਾਂਵ ਹਨ। ਇਹਨਾਂ ਸਾਰਿਆਂ ਦਾ ਅੰਤਲਾ ‘ਉ’ ਨਾਸਕੀ (ਬਿੰਦੇ ਸਹਿਤ) ਬੋਲਦਾ ਹੈ।

ਅਧਿਕਰਣ ਕਾਰਕ ਅਤੇ ਕਰਣ ਕਾਰਕ ਵਿਚ ਉ-ਅੰਤ ਪੁਲਿੰਗ ਨਾਂਵਾਂ ਦਾ ਅੰਤਲਾ ‘ਉ’ ਲਾਹ ਕੇ ਚਿੰਨ੍ਹ (ਇ) (ਏ) ਜਾਂ (ਈ) ਲਾਇਆ ਜਾਂਦਾ ਹੈ, ਜੋ ਇਕ ਵਚਨ ਤੇ ਬਹੁ ਵਚਨ ਦੋਹਾਂ ਵਿਚ ਬਿੰਦੇ ਸਹਿਤ ਬੋਲਦਾ ਹੈ। ਛਾਪੇ ਦੀ ਬੀੜ ਵਿਚ ਅਜਿਹੇ ਨਾਂਵਾਂ ਦੇ ਕਾਰਕ ਚਿੰਨ੍ਹ ਬਿੰਦੀ ਸਹਿਤ ਮਿਲਦੇ ਹਨ:

ਗਤਿ ਹੋਵੈ; ਸੰਤਹ ਲਗਿ ‘ਪਾਂਈ’॥ (ਮ:੫/੩੮੬)

ਸੂਰ ਚਰ੍ਹੈ ਪ੍ਰਿਉ ਦੇਖੈ ਨੈਨੀ; ਨਿਵ ਨਿਵ ਲਾਗੈ ‘ਪਾਂਈ’॥ (ਮ:੧/ਅੰਕ ੧੨੭੩ )

(ਸ਼ਬਦ ਪਾਉਂ ਤੋਂ ਅਧਿਕਰਣ ਕਾਰਕ, ਬਹੁ ਵਚਨ – ਪਾਂਇ, ਪਾਂਏ, ਪਾਂਈ)

ਐਸੇ ਬੇਢੀ ਬਰਨਿ ਨ ਸਾਕਉ; ਸਭ ਅੰਤਰਿ ਸਭ ‘ਠਾਂਈ’ ਹੋ॥ (ਭਗਤ ਨਾਮਦੇਵ ਜੀ/ਅੰਕ ੬੫੭)

ਗੁਰਿ ਦ੍ਰਿਸਟਾਇਆ; ਸਭਨੀ ‘ਠਾਂਈ’॥ (ਮ:੫/ਅੰਕ ੧੦੭੫) (ਬਹੁ ਵਚਨ)

ਨਾਤਰ ਗਰਦਨਿ ਮਾਰਉ ‘ਠਾਂਇ’॥ (ਭਗਤ ਨਾਮਦੇਵ ਜੀ/ਅੰਕ ੧੧੬੫) (ਇਕ ਵਚਨ)

ਰਮਤ ਰਾਮੁ ਪੂਰਨ ਸਰਬ ‘ਠਾਂਇ’॥ (ਮ:੫/ਅੰਕ ੧੨੩੬) (ਬਹੁ ਵਚਨ)

(ਸ਼ਬਦ ਠਾਂਉ ਤੋਂ ਅਧਿਕਰਣ ਕਾਰਕ, ਠਾਂਈ, ਠਾਂਇ – ਬਹੁ ਵਚਨ)

ਅਹੇਰਾ ਪਾਇਓ; ਘਰ ਕੈ ‘ਗਾਂਇ’॥ (ਮ:੫/ਅੰਕ ੧੧੩੬)

(ਸ਼ਬਦ ਗਾਉਂ ਤੋਂ ਅਧਿਕਰਣ ਕਾਰਕ, ਗਾਂਇ – ਇਕ ਵਚਨ)

ਸਚੈ ਕੋਟਿ ‘ਗਿਰਾਂਏ’; ਨਿਜ ਘਰਿ ਵਸਿਆ॥ (ਮ:੧/ਅੰਕ ੧੪੬)

(ਸ਼ਬਦ ਗਿਰਾਉਂ ਤੋਂ ਅਧਿਕਰਣ ਕਾਰਕ, ਗਿਰਾਂਇ – ਇਕ ਵਚਨ)

ਗੁਰਬਾਣੀ ਦੀ ਲਿਖਾਈ ਵਿਚ ਬਿੰਦੀਆਂ ਦੀ ਸੰਕੋਚਵੀਂ ਅਤੇ ਸੰਕੇਤਕ ਵਰਤੋਂ ਕੀਤੀ ਹੋਈ ਮਿਲਦੀ ਹੈ। ਕਿਤੇ ਕਿਤੇ ਨਾਸਕੀ ਬੋਲਣ ਵਾਲੇ ਉ-ਅੰਤ ਨਾਂਵਾਂ ਦੇ ਅਧਿਕਰਣ ਕਾਰਕ ਅਤੇ ਕਰਣ ਕਾਰਕ ਸ਼ਬਦਾਂ ਦੇ ਅੰਤ ਵਿਚ ਲਗੇ ਕਾਰਕ ਚਿੰਨ੍ਹ ‘ਇ’ ਅਥਵਾ ‘ਈ’ ਨੂੰ ਬਿੰਦੀ ਲੱਗੀ ਹੋਈ ਨਹੀਂ ਮਿਲਦੀ। ਗੁਰਬਾਣੀ ਦੀਆਂ ਉਪ੍ਰੋਕਤ ਉਦਾਹਰਣਾਂ ਤੋਂ ਸੇਧ ਲੈ ਕੇ ਅਜਿਹੇ ਸ਼ਬਦਾਂ ਦਾ ਅੰਤਲੇ ਕਾਰਕ ਚਿੰਨ੍ਹ ਦਾ ਉਚਾਰਣ ਬਿੰਦੇ ਸਹਿਤ ਕੀਤਾ ਜਾਣਾ ਦਰੁਸਤ ਜਾਪਦਾ ਹੈ।

‘ਉ-ਅੰਤ’ ਪੁਲਿੰਗ ਨਾਂਵ-ਜੀਉ

‘ਅ-ਅੰਤ’ ਪੁਲਿੰਗ ਨਾਂਵ-ਜੀਅ

‘ਜੀਉ’ ਅਤੇ ‘ਜੀਅ’ ਦੋਵੇਂ ਸ਼ਬਦ, ਅਰਥ ਵਿਚਾਰ ਦੇ ਅਧਾਰ ਤੇ ਆਪਸ ਵਿਚ ਮਿਲਦੇ ਜੁਲਦੇ ਹਨ। ਵਿਆਕਰਣਿਕ ਦ੍ਰਿਸ਼ਟੀ ਕੋਣ ਤੋਂ ਵਿਚਾਰਿਆਂ ਇਹਨਾਂ ਵਿਚ ਅੰਤਰ ਹੈ, ਜਿਸ ਦੇ ਅਧਾਰ ਤੇ ਸ਼ਬਦ ‘ਜੀਅ; ਦੇ ਬਹੁ ਵਚਨ ‘ਜੀਆਂ’ ਨਾਲ ਬਿੰਦੇ ਦੀ ਵਰਤੋਂ ਹੁੰਦੀ ਹੈ। ਇਸ ਅੰਤਰ ਨੂੰ ਸਮਝਣਾ ‘ਜੀਆ’ ਸ਼ਬਦ ਦੇ ਬਿੰਦੇ ਸਹਿਤ ਉਚਾਰਣ ਕਰਨ ਦੇ ਭੇਦ ਨੂੰ ਜਾਣਨ ਲਈ ਲਾਭਦਾਇਕ ਹੋਵੇਗਾ।

ਜੀਉ:

ਸ਼ਬਦ ‘ਜੀਉ’ ‘ਉ-ਅੰਤ ਨਾਂਵ’ ਦੀ ਸ਼੍ਰੇਣੀ ਵਿਚੋਂ ਹੈ। ਇਸ ਦਾ ਅਰਥ ਹੈ ‘‘ਸਰੀਰ ਵਿਚ ਵਸਦੀ ਜਿੰਦ-ਰੂਹ’’। ਇਸ ਨਾਂਵ ਸ਼ਬਦ ਦੇ ਨਾਲ ਜਦੋਂ ਕੋਈ ਸੰਬੰਧਕੀ ਪਦ ਆਵੇ ਤਾਂ ਇਸ ਦਾ ਅੰਤਲਾ ‘ਉ’ ਬਦਲ ਕੇ ‘ਅ’ ਹੋ ਜਾਂਦਾ ਹੈ, ਭਾਵੇਂ ਇਹ ਸ਼ਬਦ ਇਕ ਵਚਨ ਹੀ ਹੋਵੇ; ਜਿਵੇ:

‘ਜੀਅ’ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ॥ (ਮ:੫/ਅੰਕ ੫੧੯)

‘ਜੀਅ’ ਕੀ, ਕੈ ਪਹਿ ਬਾਤ ਕਹਾ?॥ (ਮ:੫/ਅੰਕ ੧੦੦੩)

ਮਨਮੋਹਨੁ ਮੇਰੇ ‘ਜੀਅ’ ਕੋ ਪਿਆਰੋ; ਕਵਨ ਕਹਾ ਗੁਨ ਗਾਈ ? ॥ (ਮ:੫/ਅੰਕ ੧੨੧੪)

‘ਜੀਅ’ ਕੀ, ਏਕੈ ਹੀ ਪਹਿ ਮਾਨੀ॥ (ਮ:੫/ਅੰਕ ੬੭੧)

ਨੋਟ – ਬਾਕੀ ‘ਉ-ਅੰਤ’ ਨਾਂਵ ਸ਼ਬਦਾਂ ਦਾ ਵੀ ਇਹੋ ਹਾਲ ਹੈ। ਸੰਬੰਧਕੀ ਪਦ ਨਾਲ ਆਉਣ ਕਰਕੇ ਕਈਆਂ ਦਾ ‘ਉ’ ਬਦਲ ਕੇ ‘ਅ’ ਹੋ ਜਾਂਦਾ ਹੈ, ਕਈਆਂ ਦਾ ‘ਵ’ ਅਤੇ ਕਈਆਂ ਦੀਆਂ ਦੋ ਲਾਵਾਂ ( ੈ ); ਜਿਵੇਂ:

‘ਪ੍ਰਿਅ’ ਕੀ ਚੇਰੀ ਕਾਂਢੀਐ; ਲਾਲੀ ਮਾਨੈ ਨਾਉ॥ (ਮ:੧/ਅੰਕ ੫੪)

‘ਪ੍ਰਿਅ’ ਕੀ ਸੋਭ; ਸੁਹਾਵਨੀ ਨੀਕੀ॥ (ਮ:੫/ਅੰਕ ੧੨੭੨) (ਪ੍ਰਿਉ ਤੋਂ ਪ੍ਰਿਅ)

‘ਭੈ’ ਕੀਆ ਦੇਹਿ ਸਲਾਈਆ ਨੈਣੀ; ‘ਭਾਵ’ ਕਾ ਕਰਿ ਸੀਗਾਰੋ॥ (ਮ:੧/ਅੰਕ੭੨੨)

‘ਭੈ’ ਕੇ ਚਰਣ, ਕਰ ‘ਭਾਵ’ ਕੇ; ਲੋਇਣ ਸੁਰਤਿ ਕਰੇਇ॥ (ਮ:੨/ਅੰਕ ੧੩੯) (ਭਉ ਤੋਂ ਭੈ, ਭਾਉ ਤੋਂ ਭਾਵ)

ਜੀਅ (ਜੀਵ):

‘ਜੀਵ’ ਸ਼ਬਦ ਮੁਕਤਾ-ਅੰਤ ਨਾਂਵ ਹੈ। ਇਸ ਦਾ ਅਰਥ ਹੈ ‘‘ਜਾਨਦਾਰ ਹੋਂਦ’’।

‘ਜੀਵ’ ਸ਼ਬਦ ਇਕ ਵਚਨ ਨਾਂਵ ਵੀ ਹੈ ਅਤੇ ਇਸ ਦਾ ਬਹੁ ਵਚਨੀ ਸਰੂਪ ਵੀ ਉਹੀ ਹੈ; ਜਿਵੇਂ:

‘ਜੀਵ’ ਸੰਸਾਰ ਤੇ ਨਾਮ ਵਣਜ ਕਰਨ ਲਈ ਆਇਆ ਹੈ। (ਇਕ ਵਚਨ)

ਸਾਰੇ ‘ਜੀਵ’ ਈਸ਼ਵਰ ਦੇ ਪੈਦਾ ਕੀਤੇ ਹੋਏ ਹਨ। (ਬਹੁ ਵਚਨ)

ਗੁਰਬਾਣੀ ਵਿਚ ਬਹੁ ਵਚਨ ਨਾਂਵ ‘ਜੀਵ’ ਦੇ ਬਦਲ ਵਿਚ ਆਮ ਕਰਕੇ ‘ਜੀਅ’ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ; ਜਿਵੇਂ:

ਸਭਿ ‘ਜੀਅ’ ਤੁਮਾਰੇ ਜੀ ! ਤੂ ਜੀਆ ਕਾ ਦਾਤਾਰਾ॥ (ਮ:੪/ਅੰਕ ੧੦)

ਤੇਰੇ ‘ਜੀਅ’; ਜੀਆ ਕਾ ਤੋਹਿ॥ (ਮ:੧/ਅੰਕ ੨੫)

ਜੇਤੇ ‘ਜੀਅ’; ਤੇਤੇ ਵਾਟਾਊ॥ (ਮ:੧/ਅੰਕ ੯੫੨)

ਸਭੇ ‘ਜੀਅ’ ਸਮਾਲਿ; ਅਪਣੀ ਮਿਹਰ ਕਰੁ॥ (ਮ:੫/ਅੰਕ ੧੨੫੧)

ਜੀਆਂ:

ਪਰ ਜਦੋਂ ਬਹੁ ਵਚਨ ਨਾਂਵ ‘ਜੀਅ’ ਦੇ ਨਾਲ ਕੋਈ ਸੰਬੰਧਕੀ ਪਦ ਹੋਵੇ (ਲੁਪਤ ਜਾਂ ਪ੍ਰਗਟ) ਤਾਂ ਇਸ ਦੇ ਅੰਤਲੇ ਕੰਨੇ ’ਤੇ ਨਾਸਕੀ ਚਿੰਨ੍ਹ ਬਿੰਦੀ ( ਂ ) ਵਧਾ ਦਿੱਤੀ ਜਾਂਦੀ ਹੈ; ਜਿਵੇਂ:

‘ਜੀਆਂ’ ਕੁਹਤ; ਨ ਸੰਗੈ ਪਰਾਣੀ॥ (ਮ:੫/ਅੰਕ ੨੦੧) – ਸੰਬੰਧਕੀ ਪਦ ‘ਨੂੰ’ ਲੁਪਤ ਹੈ।

ਅਗਮ ਅਗੋਚਰੁ ਸਾਹਿਬੋ; ‘ਜੀਆਂ’ ਕਾ ਪਰਣਾ॥ (ਮ:੫/ਅੰਕ ੩੨੩) – ਸੰਬੰਧਕੀ ਪਦ ‘ਕਾ’ ਪ੍ਰਗਟ ਹੈ।

ਸਰਬ ‘ਜੀਆਂ’ ਕਾ, ਜਾਨੈ ਭੇਉ॥ (ਮ:੫/ਅੰਕ ੮੬੩) – ਸੰਬੰਧਕੀ ਪਦ ‘ਕਾ’ ਪ੍ਰਗਟ ਹੈ।

ਘਰਿ ਘਰਿ ਮੀਆ, ਸਭਨਾਂ ‘ਜੀਆਂ’; ਬੋਲੀ ਅਵਰ ਤੁਮਾਰੀ॥ (ਮ:੧/ਅੰਕ ੧੧੯੧) – ਸੰਬੰਧਕੀ ਪਦ ‘ਦੇ’ ਲੁਪਤ ਹੈ।

ਉਪ੍ਰੋਕਤ ਸਾਰੀਆਂ ਤੁਕਾਂ ਵਿਚ ਸ਼ਬਦ ‘ਜੀਆਂ’ ਦਾ ਅੰਤਲਾ ਕੰਨਾ ਨਾਸਕੀ (ਬਿੰਦੀ ਸਹਿਤ) ਹੈ ਅਤੇ ਇਸ ਦੇ ਨਾਲ ਕੋਈ ਨਾ ਕੋਈ ਸੰਬੰਧਕੀ ਪਦ ਜ਼ਰੂਰ ਹੈ, ਕਈਆਂ ਵਿਚ ਲੁਪਤ ਹੈ ਤੇ ਕਈਆਂ ਵਿਚ ਪ੍ਰਗਟ।

ਸੇਧ:

ਗੁਰਬਾਣੀ ਦੀਆਂ ਉਪ੍ਰੋਕਤ ਉਦਾਹਰਣਾਂ ਅਤੇ ਉਹਨਾਂ ਦੀ ਰੋਸ਼ਨੀ ਵਿਚ ਕੀਤੀ ਗਈ ਵਿਚਾਰ ਤੋਂ ਇਹ ਸੇਧ ਮਿਲਦੀ ਹੈ ਕਿ ਗੁਰਬਾਣੀ ਵਿਚ ਬਹੁ ਵਚਨ ‘ਜੀਵ’ ਦੇ ਬਦਲ ਵਿਚ ਆਮ ਕਰਕੇ ਸ਼ਬਦ ‘ਜੀਅ’ ਦੀ ਵਰਤੋਂ ਕੀਤੀ ਗਈ ਮਿਲਦੀ ਹੈ। ਜਦੋਂ ਇਸ ਦੇ ਬਹੁ ਵਚਨ ਸ਼ਬਦ ਨਾਲ ਕੋਈ ਸੰਬੰਧਕੀ ਪਦ ਹੋਵੇ (ਲੁਪਤ ਜਾਂ ਪ੍ਰਗਟ) ਤਾਂ ਇਸ ਦਾ ਅੰਤਲਾ ਕੰਨਾ ( ਾ ) ਸਦਾ ਨਾਸਕੀ (ਬਿੰਦੀ ਸਹਿਤ) ਬੋਲਦਾ ਹੈ।

ਸਾਵਧਾਨੀ:

ਬਹੁ ਵਚਨ ਨਾਂਵ ‘ਜੀਅ ਨੂੰ ਕਾਵਿ ਤੋਲ ਅਨੁਸਾਰ ਕਿਧਰੇ ਕਿਧਰੇ ਅੰਤ ਵਿਚ ਕੰਨਾ (ਾ ) ਲਗਦਾ ਹੈ। ਇਸ ਤਰ੍ਹਾਂ ਬਣਿਆ ਸ਼ਬਦ ‘ਜੀਆ’ ਭਾਵੇਂ ਬਹੁ ਵਚਨ ਨਾਂਵ ਹੁੰਦਾ ਹੈ, ਪਰ ਜੇ ਇਸ ਦੇ ਅਗੇ ਕੋਈ ਲੁਪਤ ਜਾਂ ਪ੍ਰਗਟ ਸੰਬੰਧਕੀ ਪਦ ਨਾ ਹੋਵੇ ਤਾਂ ਇਸ ਦਾ ਅੰਤਲਾ ਕੰਨਾ ( ਾ ) ਬਿੰਦੇ ਰਹਿਤ ਬੋਲਦਾ ਹੈ, ਜਿਵੇਂ:

ਜੈ ਜੈ ਕਾਰ ਜਗਤ੍ਰ ਮਹਿ; ਲੋਚਹਿ ਸਭਿ ‘ਜੀਆ’॥ (ਮ:੫/ਅੰਕ ੮੦੮)

ਕਈ ਵਾਰੀ ਆਦਰ ਵਾਚੀ ਸ਼ਬਦ ‘ਜੀ’ ਦੇ ਅਗੇ ਕਾਵਿ ਤੋਲ ਜਾਂ ਕਾਵਿ ਰਸ ਵਜੋਂ ਚਿੰਨ੍ਹ (ਆ) ਲਗਦਾ ਹੈ। ਇਸ ਤਰ੍ਹਾਂ ਬਣੇ ਸ਼ਬਦ ‘ਜੀਆ’ ਦੇ ਅਗੇ ਵੀ ਜਦੋਂ ਕੋਈ ਲੁਪਤ ਜਾਂ ਪ੍ਰਗਟ ਸੰਬੰਧਕੀ ਪਦ ਨਾ ਹੋਵੇ ਤਾਂ ਇਸ ਦਾ ਅੰਤਲਾ ਕੰਨਾ (ਾ) ਵੀ ਬਿੰਦੇ ਰਹਿਤ ਬੋਲਦਾ ਹੈ, ਜਿਵੇਂ:

ਮਿਲਹੁ ਪਿਆਰੇ ‘ਜੀਆ”॥ (ਮ:੫/ਅੰਕ ੨੦੭)