ਗੁਰਬਾਣੀ ਦਾ ਸ਼ੁੱਧ ਉਚਾਰਨ (ਭਾਗ-1)

0
879

ਗੁਰਬਾਣੀ ਦਾ ਸ਼ੁੱਧ ਉਚਾਰਨ   (ਭਾਗ-1)

ਪ੍ਰੀਤਮ ਸਿੰਘ, ਕਰਨਾਲ- 94164-05173

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਪਾਵਨ ਬਾਣੀ ਦੀ ਬੋਲੀ ਪੁਰਾਤਨ ਪੰਜਾਬੀ ਭਾਸ਼ਾ ਵਿੱਚ ਹੈ। ਗੁਰਬਾਣੀ ਦੀ ਲਿਖਤ ਵੀ ਲਗਪਗ ਚਾਰ ਸੌ ਸਾਲ ਪੁਰਾਣੀ ਹੈ। ਗੁਰਬਾਣੀ ਵਿਚ ਪੰਜਾਬੀ ਬੋਲੀ ਤੋਂ ਛੁਟ ਸੰਸਕਿ੍ਰਤ, ਅਰਬੀ, ਫ਼ਾਰਸੀ, ਬਿ੍ਰਜ, ਗੁਜਰਾਤੀ, ਮਾਰਵਾੜੀ, ਮਰਾਠੀ, ਸਿੰਧੀ ਆਦਿ ਬੋਲੀਆਂ ਦੇ ਸ਼ਬਦ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਕੁਝ ਆਪਣੇ ਮੂਲ (ਤੱਤ-ਸਮ) ਰੂਪ ਵਿਚ ਅਤੇ ਕੁਝ ਬਦਲਵੇਂ (ਤੱਤ-ਭਵ) ਰੂਪ ਵਿਚ।

ਗੁਰਬਾਣੀ ਦੇ ਸ਼ੁੱਧ ਉਚਾਰਣ ਵਿੱਚ ਹੇਠ ਲਿਖੇ ਤੱਥ ਸਿੱਧਾ ਪ੍ਰਭਾਵ ਪਾਉਂਦੇ ਹਨ:

  1. ਸ਼ਬਦ-ਜੋੜਾਂ ਦੇ ਭੇਦ।

  2. ਅੱਖਰਾਂ ਦਾ ਦੁੱਤ ਉਚਾਰਣ, ਅਥਵਾ ਅੱਧਕ ਸਹਿਤ ਉਚਾਰਣ।
  3. ਦੂਜੀਆਂ ਬੋਲੀਆਂ ਦੇ ਅਪਣਾਏ ਗਏ ਸ਼ਬਦਾਂ ਦਾ ਉਚਾਰਣ।
  4. ਪੈਰ-ਚਿੰਨ੍ਹਾਂ ਦਾ ਉਚਾਰਣ।
  5. ਗੁਰਬਾਣੀ ਵਿਚ ‘ਯ’ ਅੱਖਰ ਦਾ ਉਚਾਰਣ।
  6. ਗੁਰਬਾਣੀ-ਪਾਠ ਦੀ ਸਪੱਸ਼ਟਤਾ ਲਈ ਅਰਧ ਵਿਸਰਾਮ।
  7. ਗੁਰਬਾਣੀ ਵਿਚ ਬਿੰਦੀਆਂ ਦਾ ਉਚਾਰਣ ਭਾਵ ਨਾਸਕੀ ਧੁਨੀ।

ਗੁਰਬਾਣੀ ਦੇ ਉਪਰੋਕਤ ਮਸਲਿਆਂ ਵਿੱਚੋਂ ਇੱਥੇ ਕੇਵਲ ਬਿੰਦੀਆਂ ਦੇ ਉਚਾਰਣ ਵਾਲੇ ਪੱਖ ਰਾਹੀਂ ਵਿਚਾਰ ਆਰੰਭ ਕਰਦੇ ਹਾਂ।

ਗੁਰਬਾਣੀ ਵਿਚ ਬਿੰਦੀਆਂ

ਗੁਰਮੁਖੀ ਲਿਪੀ ਵਿਚ ਟਿੱਪੀ ( ੰ ) ਤੇ ਬਿੰਦੀ ( ਂ ) ਲਗਾਖਰ ਕਹੇ ਜਾਂਦੇ ਹਨ। ਇਹ ਲਗਾਖਰ ਲਗਾਂ ਵਾਂਗ ਅੱਖਰਾਂ ਨੂੰ ਲਗਦੇ ਹਨ, ਪਰ ਇਹਨਾਂ ਦਾ ਉਚਾਰਣ ਅੱਖਰਾਂ ਅਤੇ ਲਗਾਂ ਦੇ ਮਗਰੋਂ ਹੁੰਦਾ ਹੈ।

ਟਿੱਪੀ ( ੰ ) ਅਤੇ ਬਿੰਦੀ ( ਂ ) ਦੀ ਆਵਾਜ਼ ਨਾਸਾਂ ਰਾਹੀਂ ਹੁੰਦੀ ਹੈ, ਇਸ ਲਈ ਇਹਨਾਂ ਨੂੰ ਅਨੁਨਾਸਿਕ ਅਥਵਾ ਨਾਸਕੀ ਚਿੰਨ੍ਹ ਆਖਿਆ ਜਾਂਦਾ ਹੈ। ਪੰਜਾਬੀ ਬੋਲੀ ਦੀ ਪ੍ਰਚੱਲਤ ਨਿਯਮਾਵਲੀ ਅਨੁਸਾਰ ( ੰ ) ਮੁਕਤਾ ਅੱਖਰਾਂ ਅਤੇ ਲਘੂ ਲਗਾਂ ਵਾਲੇ ਅੱਖਰਾਂ ਨੂੰ ਲਗਦੀ ਹੈ ਅਤੇ ਬਿੰਦੀ ਦੀਰਘ ਲਗਾਂ ਵਾਲੇ ਅੱਖਰਾਂ ਨਾਲਵਰਤੀ ਜਾਂਦੀ ਹੈ, ਪਰ ਇਸ ਪ੍ਰਚੱਲਤ ਨਿਯਮਾਵਲੀ ਦੀਆਂ ਦੋ ਉਲੰਘਣਾਵਾਂ ਹਨ:

  1. ਦੁਲੈਂਲੜੇ ਦੀਰਘ ਲਗ ਹੈ, ਪਰ ਇਸ ਨਾਲ ਬਿੰਦੀ ਦੀ ਥਾਂ ਟਿੱਪੀ ਹੀ ਆਉਂਦੀ ਹੈ। ਜਿਵੇਂ – ਬੂੰਦ, ਘੂੰਘਰ, ਪੂੰਗਰਾ, ਢੂੰਢ।

  2. ‘ੳ’ ਅੱਖਰ ਨਾਲ ਭਾਵੇਂ ਲਘੂ ਲਗ ਹੋਵੇ ਜਾਂ ਦੀਰਘ, ਇਸ ਨਾਲ ਬਿੰਦੀ ਹੀ ਲਗਦੀ ਹੈ। ਜਿਵੇਂ – ਊਂਧਾ, ਉਂਗਲ, ਊਂਘ।

ਨੋਟ – ਅਨਜਾਣ ਲਿਖਾਰੀਆਂ ਵਲੋਂ ਲਿਖੀਆਂ ਗਈਆਂ ਕੁਝ ਪੁਰਾਤਨ ਬੀੜਾਂ ਵਿਚ ਅਣਗਿਣਤ ਥਾਂ ’ਤੇ ਟਿੱਪੀ ਦੀ ਜਗ੍ਹਾ ਬਿੰਦੀ ਅਤੇ ਬਿੰਦੀ ਦੀ ਜਗਾ੍ਹ ਟਿੱਪੀ ਦੀ ਵਰਤੋਂ ਕੀਤੀ ਮਿਲਦੀ ਹੈ।

ਜਦੋਂ ਅਸੀਂ ਛਾਪੇ ਦੀ ਪ੍ਰਚੱਲਤ ਬੀੜ ਤੋਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਗੁਰਬਾਣੀ ਵਿਚ ਟਿੱਪੀ ਅਤੇ ਬਿੰਦੀ ਦੀ ਵਰਤੋਂ ਕੀਤੀ ਹੋਈ ਤਾਂ ਹੈ, ਪਰ ਬੜੀ ਸੰਕੋਚਵੀਂ। ਕਈ ਸ਼ਬਦ ਅਜਿਹੇ ਹਨ ਜੋ ਕਈ ਥਾਂ ਬਿੰਦਿਆਂ ਸਹਿਤ ਅੰਕਤ ਹਨ ਅਤੇ ਕਈ ਥਾਂ ’ਤੇ ਬਿੰਦਿਆਂ ਤੋਂ ਬਗ਼ੈਰ। ਇਹਨਾਂ ਵਿਚ ਨਾਂਵ ਵੀ ਹਨ, ਪੜਨਾਂਵ ਵੀ, ਵਿਸ਼ੇਸ਼ਣ ਵੀ ਅਤੇ ਕਿਰਿਆ ਆਦਿ ਵੀ। ਇਹ ਪੁਲਿੰਗ ਵੀ ਹਨ ਤੇ ਇਸਤ੍ਰੀ ਲਿੰਗ ਵੀ। ਗੁਰਬਾਣੀ ਵਿਚ ਅਣਗਿਣਤ ਸ਼ਬਦ ਅਜਿਹੇ ਹਨ ਜੋ ਬਿੰਦੇ ਤੋਂਬਗ਼ੈਰ ਅੰਕਿਤ ਹਨ ਅਤੇ ਜਿਨ੍ਹਾਂ ਦੇ ਉਚਾਰਣ ਬਾਰੇ ਮਤਭੇਦ ਹਨ।

ਬਿੰਦੇ ਸਹਿਤ ਉਚਾਰਨ ਕਰਨ ਦੀ ਵਿਚਾਰਧਾਰਾ

ਬਿੰਦੇ ਰਹਿਤ ਉਚਾਰਨ ਕੀਤਿਆਂ ਕੁਝ ਸ਼ਬਦ ਨਿਰਾਰਥਕ, ਰੁਖੇ ਅਤੇ ਓਪਰੇ ਜਿਹੇ ਲਗਦੇ ਹਨ। ਇਸ ਲਈ ਅਜਿਹਾ ਉਚਾਰਣ ਸ਼ੁੱਧ ਨਹੀਂ ਕਿਹਾ ਜਾ ਸਕਦਾ।ਭਾਈ ਸੰਤੋਖ ਸਿੰਘ ਜੀ ਦੇ ਸ੍ਰੀ ਜਪੁ ਜੀ ਸਾਹਿਬ ਦੇ ‘ਗਰਬ ਗੰਜਨੀ’ ਟੀਕੇ ਵਿਚ ਲਿਖਿਆ ਹੈ ਕਿ ਇਸ ਸੰਬੰਧ ਵਿਚ ਸਿਖਾਂ ਦੇ ਪ੍ਰਸ਼ਨ ਕਰਨ ਤੇ ਗੁਰੂ ਜੀ ਨੇ ਬਚਨ ਕੀਤਾ ਕਿ ਜੋ ਗੁਰਸਿਖ ਗੁਰਬਾਣੀ ਨੂੰ ਵਿਚਾਰ ਕੇ ਧਿਆਨ ਨਾਲ ਪੜ੍ਹਨਗੇ ਉਹ ਸੁਤੇ ਸਿਧ ਹੀ ਅਜਿਹੇ ਸ਼ਬਦਾਂ ਦਾ ਉਚਾਰਣ ਬਿੰਦੇ ਸਹਿਤ ਕਰਿਆ ਕਰਨਗੇ। ਸੋ, ਲੋੜੀਂਦੇ ਸ਼ਬਦਾਂ ਦੇ ਬਿੰਦੇ ਸਹਿਤ ਉਚਾਰਣ ਕਰਨ ਦੀ ਪ੍ਰਥਾ ਗੁਰੂ ਜੀ ਦੇ ਸਮੇਂ ਤੋਂ ਹੀ ਸੀਨਾ-ਬ-ਸੀਨਾ ਚਲੀ ਆ ਰਹੀ ਹੈ ਅਤੇ ਇਸ ਦਾ ਪ੍ਰਮਾਣ ਉਹ ਸ਼ਬਦ ਹਨ ਜਿਨ੍ਹਾਂ ਨੂੰ ਬਿੰਦਿਆਂ ਸਹਿਤ ਅੰਕਿਤ ਕਰਕੇ ਅਜਿਹਾ ਉਚਾਰਣ ਕਰਨ ਦੀ ਥਾਉਂ ਥਾਈਂ ਸੇਧ ਦਿੱਤੀ ਹੋਈ ਮਿਲਦੀ ਹੈ।

ਹੇਠ ਲਿਖੇ ਪ੍ਰਮਾਣਾਂ ਵਿਚ ਵੀ ਉਚਾਰਣ, ਲਿਖਿਤ ਨਾਲੋਂ ਵੱਖਰੇ ਰੂਪ ਵਿਚ ਹੀ ਕੀਤਾ ਜਾਂਦਾ ਹੈ, ਕਿਉਂਕਿ ਇਸ ਬਾਰੇ ਇਸ਼ਾਰੇ ਮਾਤ੍ਰ ਕਈ ਹੋਰ ਥਾਵਾਂ ’ਤੇ ਸੇਧ ਦਿੱਤੀ ਹੋਈ ਮਿਲਦੀ ਹੈ ਅਤੇ ਇਹ ਪ੍ਰਥਾ ਵੀ ਸੀਨਾ-ਬ-ਸੀਨਾ ਚਲੀ ਆ ਰਹੀ ਹੈ; ਜਿਵੇਂ:

(1). ਸਿਰੀ ਰਾਗੁ ਮਹਲਾ ੧ ਪਹਿਲਾ

ਇਸ ਸਿਰਲੇਖ ਵਿਚ ‘ਮਹਲਾ’ ਤੋਂ ਅੱਗੇ ਅੰਕ ੧ ਹੈ, ਜਿਸ ਦਾ ਆਮ ਤੌਰ ਤੇ ਉਚਾਰਣ ‘ਇਕ’ ਹੈ, ਪਰ ਇਸ ਤੋਂ ਅੱਗੇ ਅੱਖਰਾਂ ਵਿਚ ਦਿੱਤੇ ਸ਼ਬਦ ‘ਪਹਿਲਾ’ ਦੁਆਰਾ ਗੁਰੂ ਜੀ ਵਲੋਂ ਇਹ ਸੇਧ ਬਖ਼ਸ਼ੀ ਹੋਈ ਹੈ ਕਿ ਸਿਰਲੇਖ ਵਿਚ ਦਿੱਤੇ ਅੰਕਾਂ ਦਾ ਉਚਾਰਣ ਅੰਕਾਂ ਵਿਚ ਨਹੀਂ ਕਰਨਾ, ਸਗੋਂ ਉਪਰੋਕਤ ਉਦਾਹਰਣ ਅਨੁਸਾਰ ‘ਪਹਿਲਾ’ ਅਤੇ ਇਸੇ ਤਰ੍ਹਾਂ ਅੰਕ ੨ ਦਾ ‘ਦੂਜਾ’ ਤੇ ਅੰਕ ‘੩’ ਦਾ ‘ਤੀਜਾ’ ਆਦਿ ਕਰਨਾ ਹੈ। ਇਸ ਤੋਂ ਅਗਵਾਈ ਲੈ ਕੇ ਬਾਕੀ ਥਾਵਾਂ ’ਤੇ ਵੀ ਸਿਰਲੇਖ ਵਿਚ ਅੰਕ ਦਾ ਉਚਾਰਣ ਉਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ, ਭਾਵੇਂ ਹਰ ਥਾਂ ’ਤੇ ਹਰ ਵਾਰੀ ਅੰਕ ਅੱਖਰਾਂ ਵਿਚ ਲਿਖਿਆ ਹੋਇਆ ਨਹੀਂ ਮਿਲਦਾ ਹੈ।

(2). ਵਾਰਾਂ ਵਿਚ ਸਲੋਕਾਂ ਦੇ ਸਿਰਲੇਖ

ਵਾਰਾਂ ਵਿਚ ਸਲੋਕਾਂ ਦੇ ਸਿਰਲੇਖ ਪੂਰੇ ਲਿਖੇ ਹੋਏ ਨਹੀਂ ਹਨ। ਸਲੋਕ ਮ: ਤੋਂ ਅਗੇ ਸੰਬੰਧਤ ਅੰਕ ਦਿਤੇ ਹੋਏ ਹਨ। ਇਸ ‘ਮ:’ ਦਾ ਪੁਰਾਤਨ ਸੀਨਾ-ਬ-ਸੀਨਾ ਚਲੀਆ ਰਹੀ ਪ੍ਰਥਾ ਦੇ ਅਧਾਰ ਤੇ ਪੂਰਾ ਸ਼ਬਦ ‘ਮਹਲਾ’ ਹੀ ਉਚਾਰਨ ਕੀਤਾ ਜਾਂਦਾ ਹੈ, ਕਿਉਂਕਿ ਵਾਰ ਦੇ ਆਰੰਭ ਵਿਚ ਇਹ ਪੂਰਾ ਸ਼ਬਦ ‘ਮਹਲਾ’ ਲਿਖ ਕੇ ਸੇਧ ਦਿਤੀ ਹੋਈ ਹੈ। ਕਈ ਸ਼ਬਦਾਂ ਦਾ ਉਚਾਰਣ ਉਹਨਾਂ ਉਪਰ ਅੱਧਕ ( ੱ ) ਸਹਿਤ ਕੀਤਾ ਜਾਣਾ ਹੀ ਪੰਥ-ਪ੍ਰਵਾਨਿਤ ਹੈ। ਪੁਰਾਤਨ ਸੀਨਾ-ਬ-ਸੀਨਾ ਚਲੀ ਆ ਰਹੀ ਪ੍ਰਥਾ ਅਨੁਸਾਰ ਏਸੇ ਤਰ੍ਹਾਂ ਹੀ ਪਾਠ ਸ਼ੁੱਧ ਬਣਦਾ ਹੈ। ਜਿਵੇਂ ਮਸੱਕਤ, ਕੁਸੱਤ ਅਤੇ ਮੁਸੱਲਾ ਆਦਿ। ਸੋ, ਬਿੰਦੇ ਸਹਿਤ ਪਾਠ ਦੀ ਪੁਰਾਤਨ ਪ੍ਰਥਾ ਵੀ ਸੀਨਾ-ਬ-ਸੀਨਾ ਚਲੀ ਆ ਰਹੀ ਹੈ ਅਤੇ ਠੀਕ ਵੀ ਹੈ।

ਬਿੰਦਿਆਂ ਦੇ ਸੰਬੰਧ ਵਿਚ ਜਿਨ੍ਹਾਂ ਸ਼ਬਦਾਂ ਦੇ ਉਚਾਰਣ ਬਾਰੇ ਮਤਾਂ ਦਾ ਵਖਰੇਵਾਂ ਹੈ ਉਹਨਾਂ ਨੂੰ ਮੋਟੇ ਤੌਰ ਤੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:

  1. ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਵਾਲੇ ਸ਼ਬਦ।

  2. ਵਿਆਕਰਣਿਕ ਟਿੱਪੀਆਂ/ਬਿੰਦੀਆਂ ਵਾਲੇ ਸ਼ਬਦ।

ਇਹਨਾਂ ਦਾ ਵਧੇਰੇ ਵਿਸਥਾਰ ਇਸ ਪ੍ਰਕਾਰ ਹੈ:

ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਵਾਲੇ ਸ਼ਬਦ

ਇਹ ਸ਼ਬਦ ਅਜਿਹੇ ਹਨ ਜਿਨ੍ਹਾਂ ਦਾ ਟਿੱਪੀਆਂ ਅਥਵਾ ਬਿੰਦੀਆਂ ਮੂਲਕ ਅਤੇ ਅਨਿਖੜਵਾਂ ਅੰਗ ਹਨ; ਜਿਵੇਂ:

ਨਾਂਵ – ਪਲੰਘ, ਘੂੰਘਟ, ਗੋਬਿੰਦ, ਰੰਗ, ਗੰਗਾ, ਕੂੰਜ, ਪਰਪੰਚ, ਮੰਦਰ, ਸੰਦੇਸਾ, ਬੂੰਦ, ਮੁਲਾਂ, ਊਂਘ, ਆਂਗਨ, ਆਂਚ, ਸਾਂਤਿ, ਕਾਇਆਂ, ਪਾਂਡਾ, ਭਾਂਡਾ, ਆਂਧੀ ਆਦਿ।

ਪੜਨਾਂਵ – ਮੰਞ, ਮਹਿੰਜਾ, ਮਹਿੰਡਾ, ਤਹਿੰਜੀ ਆਦਿ।

ਵਿਸ਼ੇਸ਼ਣ – ਪੰਜ, ਅੰਧਾ, ਸੁੰਦਰ, ਨੰਗਾ, ਮੰਦਾ, ਪਾਂਚ, ਮਹਾਂ, ਨੀਵਾਂ ਆਦਿ।

ਕਿਰਿਆ – ਢੂੰਢਿਆ, ਕਾਂਢਿਆ, ਢੰਢੋਲਿਆ, ਕੰਬਿਆ ਆਦਿ।

ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਸ਼ਬਦਾਂ ਦਾ ਅਨਿਖੜਵਾਂ ਅੰਗ ਹੋਣ ਕਰਕੇ ਸ਼ਬਦ ਨਾਲ ਲਗਣੀਆਂ ਜ਼ਰੂਰੀ ਹਨ। ਨਹੀਂ ਤਾਂ ਇਹਨਾਂ ਸ਼ਬਦਾਂ ਦਾ ਉਚਾਰਣ ਬੜਾ ਰੁੱਖਾ ਅਤੇ ਓਪਰਾ ਜਿਹਾ ਲਗਦਾ ਹੈ ਤੇ ਸ਼ੁੱਧ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਬਿੰਦੀ ਸਹਿਤ ਸ਼ਬਦ ਦਾ ਹੋਰ ਅਰਥ ਬਣਦਾ ਹੈ ਅਤੇ ਬਿੰਦੀ ਰਹਿਤ ਸ਼ਬਦ ਦਾ ਹੋਰ, ਜਿਵੇਂ:

ਬਿੰਦੇ ਸਹਿਤ ਸ਼ਬਦ

  1. ਅੰਧਾ – ਅੰਨ੍ਹਾ

  2. ਨਾਂਗਾ – ਨੰਗਾ
  3. ਪਾਂਡਾ – ਪੰਡਿਤ
  4. ਪੰਜ – ਗਿਣਤੀ ਦਾ ਪੰਜਵਾਂ ਅੰਕ

ਬਿੰਦੇ ਰਹਿਤ ਸ਼ਬਦ

  1. ਅਧਾ – ਅਧੂਰਾ

  2. ਨਾਗਾ – ਫਾਕਾ, ਅਥਵਾ ਅਭਾਵ
  3. ਪਾਡਾ – ਸਿਆਣਾ
  4. ਪਜ – ਬਹਾਨਾ

ਇਹ ਮੂਲਕ ਅੰਗੀ ਨਾਸਕੀ ਚਿੰਨ੍ਹ ਆਮ ਤੌਰ ਤੇ ਗੁਰਬਾਣੀ ਵਿਚ ਸੰਬੰਧਤ ਸ਼ਬਦਾਂ ਨੂੰ ਲਗੇ ਹੋਏ ਮਿਲਦੇ ਹਨ। ਪਰ ਕਈ ਥਾਵਾਂ ’ਤੇ ਲਗੇ ਨਹੀਂ ਵੀ ਮਿਲਦੇ।ਪ੍ਰਮਾਣੀਕ ਪੁਰਾਤਨ ਹੱਥ ਲਿਖਤ ਬੀੜਾਂ ਦੇ ਆਧਾਰ ’ਤੇ ਛਾਪੇ ਦੀ ਬੀੜ ਵਿੱਚ ਛਪਣੋਂ ਰਹਿ ਗਈਆਂ ਟਿੱਪੀਆਂ/ਬਿੰਦੀਆਂ ਲਗਾ ਲੈਣਾ ਮੁਨਾਸਿਬ ਹੈ, ਇਹ ਨਿਜੀ ਰਾਏ ਹੈ। ਇਸ ਨਾਲ ਪਾਠ ਕਰਨ ਲਗਿਆਂ ਉਚਾਰਣ ਦਾ ਬਹੁਤ ਹੱਦ ਤੱਕ ਸੁਧਾਰ ਹੋ ਸਕਦਾ ਹੈ।

ਵਿਆਕਰਣਿਕ ਟਿੱਪੀਆਂ/ਬਿੰਦੀਆਂ

ਕਈ ਬਹੁ-ਵਚਨ ਨਾਵਾਂ, ਪੜਨਾਵਾਂ ਤੇ ਉਹਨਾਂ ਨਾਲ ਸੰਬੰਧਤ ਵਿਸ਼ੇਸ਼ਣਾਂ, ਕਿਰਿਆ ਵਿਸ਼ੇਸ਼ਣਾਂ ਅਤੇ ਕਿਰਿਆਵਾਂ ਨੂੰ ਲਗੇ ਬਹੁ-ਵਚਨੀ ਚਿੰਨ੍ਹਾਂ ਨਾਲ ਬਿੰਦੀਆਂ ਲਗਦੀਆਂ ਹਨ, ਜਿਵੇਂ:

ਨਾਂਵ – ਸਾਹਾਂ, ਸੰਤਾਂ, ਵਡਿਆਈਆਂ, ਅੱਖਾਂ, ਗੱਲੀਂ, ਕੂੰਜਾਂ, ਗੱਲਾਂ, ਗੰਦਲਾਂ, ਅੱਖੀਂ, ਕੱਚੀਂ, ਥਾਈਂ, ਪੁੱਤ੍ਰੀਂ, ਸੰਤਹਂ ਆਦਿ।

ਪੜਨਾਂਵ – ਜੈਂ, ਤੈਂ, ਤੂੰ, ਮੂੰ, ਆਪਹੁੰ, ਅਸਾਂ, ਹਉਂ ਆਦਿ।

ਵਿਸ਼ੇਸ਼ਣ – ਸੱਚੀਆਂ, ਵੱਡੀਆਂ, ਪੰਜਾਂ, ਤਿਹਾਂ, ਦੁਹੂੰ, ਚਹੁਆਂ, ਅਸੀਹਾਂ, ਦਸਵੇਂ ਆਦਿ।

ਕਿਰਿਆ ਵਿਸ਼ੇਸ਼ਣ – ਅਗਹੁੰ, ਪਿਛਹੁੰ, ਪਹਿਲਾਂ, ਹੋਰਿਓਂ, ਜਹਾਂ, ਕਹਾਂ, ਤਹਾਂ, ਜਾਂ, ਤਾਂ, ਜਹਂ, ਤਹਂ, ਇਉਂ, ਏਵੇਂ, ਕਿਥਾਊਂ, ਤਿਥਾਊਂ ਆਦਿ।

ਕਾਰਦੰਤਕ – ਦੇਂਦਾ, ਕੂਕੇਂਦੀ, ਮਿਲਿਆਂ, ਮਿਲਦਿਆਂ, ਹੁੰਦਿਆਂ, ਆਇਆਂ ਆਦਿ।

ਬਿੰਦੀ ਵਾਲੇ ਸ਼ਬਦਾਂ ਦੀਆਂ ਸੰਬੰਧਤ ਤੁਕਾਂ ਦੇ ਸੰਚੇ ਨੂੰ ਗਹੁ ਨਾਲ ਵਾਚਣ ’ਤੇ ਇਹ ਵੇਖਣ ਵਿਚ ਆਇਆ ਹੈ ਕਿ ਵਿਆਕਰਣਿਕ ਬਿੰਦੀਆਂ ਲਗਣ ਦੇ ਵੀ ਬਝਵੇਂ ਨੇਮ ਹਨ। ਇਹਨਾਂ ਨੇਮਾਂ ਅਧੀਨ ਵਿਆਕਰਣਿਕ ਬਿੰਦੀਆਂ ਦੀ ਸੰਕੇਤਕ ਵਰਤੋਂ ਗੁਰਬਾਣੀ ਵਿਚ ਕੀਤੀ ਮਿਲਦੀ ਹੈ।

ਮਤ-ਭੇਦ ਉਹਨਾਂ ਸ਼ਬਦਾਂ ਬਾਰੇ ਹੈ ਜਿਨ੍ਹਾਂ ਨੂੰ ਇਹ ਵਿਆਕਰਣਿਕ ਬਿੰਦੀਆਂ ਕਿਧਰੇ ਲਗੀਆਂ ਹੋਈਆਂ ਮਿਲਦੀਆਂ ਹਨ, ਕਿਧਰੇ ਨਹੀਂ ਮਿਲਦੀਆਂ। ਜੇ ਅਰਥ ਵਿਚਾਰ ਸਹਿਤ ਪਾਠ ਕੀਤਾ ਜਾਵੇ ਤਾਂ ਇਹ ਵਿਆਕਰਣਿਕ ਬਿੰਦੀਆਂ ਸੁਭਾਵਿਕ ਹੀ ਉਚਾਰਣ ਹੋ ਜਾਂਦੀਆਂ ਹਨ। ਜੇ ਇਹਨਾਂ ਸ਼ਬਦਾਂ ਨਾਲ ਬਿੰਦੀਆਂ ਉਚਾਰਣ ਨਾ ਕੀਤੀਆਂ ਜਾਣ ਤਾਂ ਇਹਨਾਂ ਦਾ ਉਚਾਰਣ ਬੜਾ ਅਜੀਬ ਜਿਹਾ ਲਗਦਾ ਹੈ। ਕਈ ਥਾਂ ਬਿੰਦੀ ਨਾ ਉਚਾਰੇ ਜਾਣ ਕਰਕੇ ਅਰਥ ਦਾ ਅਨਰਥ ਵੀ ਹੋ ਜਾਂਦਾ ਹੈ।ਇਸ ਬਾਰੇ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਗਈਆਂ ਹਨ:

  1. ਗਲੀ ਜਿਨ੍ਹਾ ਜਪ ਮਾਲੀਆ, ਲੋਟੇ ਹਥਿ ਨਿਬਗ॥ (ਭਗਤ ਕਬੀਰ ਜੀ/ਅੰਕ ੪੭੬)

ਗਲੀ=ਮਹੱਲੇ ਦੀ ਗਲੀ।

ਗਲੀ=ਗਲੀ ਸੜੀ ਹੋਈ ਚੀਜ਼।

ਗਲੀਂ=ਗਲਾਂ ਵਿਚ (ਅਧਿਕਰਣ ਕਾਰਕ, ਬਹੁ-ਵਚਨ, ਪੁਲਿੰਗ ਨਾਂਵ)

ਵੀਚਾਰ: ਸਪੱਸ਼ਟ ਹੈ ਕਿ ਇਸ ਤੁਕ ਵਿਚ ਸ਼ਬਦ ‘ਗਲੀ’ ਦਾ ਉਚਾਰਣ ਬਿੰਦੇ ਸਹਿਤ ‘ਗਲੀਂ’ ਹੀ ਸ਼ੁੱਧ ਬਣਦਾ ਹੈ।

ਜਪ ਮਾਲੀਆ=ਜਪ ਮਾਲੀ (ਮਾਲਾ) ਵਾਲਾ ਵਿਅਕਤੀ।

ਜਪ ਮਾਲੀਆਂ=ਮਾਲਾ ਦਾ ਬਹੁ-ਵਚਨ।

ਵੀਚਾਰ: ਇਸੇ ਤਰ੍ਹਾਂ ‘ਜਪ ਮਾਲੀਆ’ ਦਾ ਸ਼ੁੱਧ ਉਚਾਰਣ ਬਿੰਦੇ ਸਹਿਤ ‘ਜਪ ਮਾਲੀਆਂ’ ਹੀ ਬਣਦਾ ਹੈ।

  1. ਨਾਨਕ ! ਗਾਲੀ ਕੂੜੀਆ, ਬਾਝੁ ਪਰੀਤਿ ਕਰੇਇ॥ (ਮ:੩/ਅੰਕ ੫੯੪)

ਗਾਲੀ=ਗਾਲ੍ਹੀ ਗਲੋਚ (ਬੁਰਾ ਭਲਾ ਬੋਲਣਾ)।

ਗਾਲੀਂ=ਗੱਲਾਂ (ਕਰਤਾ ਕਾਰਕ, ਬਹੁ ਵਚਨ, ਇਸਤ੍ਰੀ ਲਿੰਗ)।

ਸਾਰੀ ਤੁਕ ਦੇ ਅਰਥ ਦੀ ਵੀਚਾਰ ਕਰਨ ਤੇ ਇਹ ਸਮਝ ਪੈਂਦੀ ਹੈ ਕਿ ਸ਼ਬਦ ‘ਗਾਲੀ’ ਦਾ ਉਚਾਰਣ ਬਿੰਦੇ ਸਹਿਤ ‘ਗਾਲੀਂ’ ਹੈ। ਇਸ ਬਹੁ-ਵਚਨ, ਇਸਤ੍ਰੀ ਲਿੰਗ ਨਾਂਵ ਦਾ ਵਿਸ਼ੇਸ਼ਣ ‘ਕੂੜੀਆ’ ਵੀ ਬਹੁ-ਵਚਨ ਹੈ ਤੇ ਇਸ ਦਾ ਉਚਾਰਣ ਵੀ ਬਿੰਦੇ ਸਹਿਤ ‘ਕੂੜੀਆਂ’ ਕਰਨਾ ਹੀ ਸ਼ੁੱਧ ਹੈ।

  1. ਉਗਵਣਹੁ ਤੈ ਆਥਵਣਹੁ, ਚਹੁ ‘ਚਕੀ’ ਕੀਅਨੁ ਲੋਆ॥ (ਵਾਰ ਸਤਾ ਬਲਵੰਡ/ਅੰਕ ੯੬੮)

ਚਕੀ=ਦਾਣੇ ਪੀਹਣ ਵਾਲੀ ਮਸ਼ੀਨ।

ਚਕੀਂ=ਚਕਾਂ ਵਿਚ (ਅਧਿਕਰਣ ਕਾਰਕ, ਬਹੁ-ਵਚਨ, ਪੁਲਿੰਗ ਨਾਂਵ)।

ਵੀਚਾਰ: ਸ਼ਬਦ ‘ਚਕੀ’ ਦਾ ਉਚਾਰਣ ਬਿੰਦੇ ਸਹਿਤ ‘ਚਕੀਂ’ ਕਰਨਾ ਹੀ ਸ਼ੁੱਧ ਹੈ।

  1. ਭੇਖੀ ਪ੍ਰਭੂ ਨ ਲਭਈ, ਵਿਣੁ ਸਚੀ ਸਿਖੰ॥ (ਮ:੫/ਅੰਕ ੧੦੯੯)

ਭੇਖੀ=ਭੇਖ-ਧਾਰੀ, ਬਹੁ-ਰੂਪੀਆ।

ਭੇਖੀਂ=ਭੇਖਾਂ ਦੁਆਰਾ (ਅਧਿਕਰਣ ਕਾਰਕ, ਬਹੁ-ਵਚਨ, ਪੁਲਿੰਗ ਨਾਂਵ)।

ਵੀਚਾਰ: ਬਿਨਾਂ ਸ਼ਕ ਸ਼ਬਦ ‘ਭੇਖੀ’ ਦਾ ਉਚਾਰਣ ਬਿੰਦੇ ਸਹਿਤ ‘ਭੇਖੀਂ’ ਹੀ ਸ਼ੁੱਧ ਹੈ ਅਤੇ ਬਿੰਦੇ ਰਹਿਤ ਉਚਾਰਣ ਕਰਨ ਨਾਲ ਅਰਥ ਬਦਲ ਜਾਂਦੇ ਹਨ।

  1. (ੳ) ਪਹਿਲਾ ਫਾਹਾ ਪਾਇਆ ਪਾਂਧੇ, ਪਿਛੋ ਦੇ ਗਲਿ ਚਾਟੜਿਆ॥ (ਮ:੩/ਅੰਕ ੪੩੫)

(ਅ) ਪਹਿਲਾ ਪਹਰੁ ਧੰਧੈ ਗਇਆ, ਦੂਜੈ ਭਰਿ ਸੋਇਆ॥ (ਮ:੩/ਅੰਕ ੪੩)

ਪਹਿਲਾ=ਪ੍ਰਥਮ

ਇਹ ਸ਼ਬਦ ਸੰਖਿਅਕ ਵਿਸ਼ੇਸ਼ਣ ਹੈ। ਇਸ ਦਾ ਸੰਬੰਧ ਸਦਾ ਹੀ ਵਾਕ ਦੇ ਨਾਂਵ ਨਾਲ ਹੁੰਦਾ ਹੈ।

ਪਹਿਲਾਂ=ਪਹਿਲਾਂ ਪਹਿਲ।

ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹੈ ਤੇ ਇਸ ਦਾ ਸੰਬੰਧ ਸਦਾ ਹੀ ਵਾਕ ਦੀ ਕਿਰਿਆ ਨਾਲ ਹੁੰਦਾ ਹੈ।

ਵੀਚਾਰ: ਉਪਰਲੀਆਂ ਤੁਕਾਂ ਦਾ ਅਰਥ-ਵਿਚਾਰ ਨਾਲ ਪਾਠ ਕੀਤਿਆਂ ਸਮਝ ਪੈ ਜਾਂਦੀ ਹੈ ਕਿ ਤੁਕ (ੳ) ਵਿਚ ਸ਼ਬਦ ‘ਪਹਿਲਾ’ ਕਿਰਿਆ ਵਿਸ਼ੇਸ਼ਣ ਹੈ ਤੇ ਇਸ ਦਾ ਸੰਬੰਧ ‘ਪਾਇਆ’ ਕਿਰਿਆ ਨਾਲ ਹੈ। ਇਸ ਲਈ ਇਸ ਦਾ ਉਚਾਰਣ ਬਿੰਦੇ ਸਹਿਤ ‘ਪਹਿਲਾਂ’ ਕਰਨਾ ਸ਼ੁੱਧ ਹੈ। ਇਸ ਤੁਕ ਵਿਚ ਹੀ ਸ਼ਬਦ ‘ਪਿਛੋ’ ਦਾ ਉਚਾਰਣ ਵੀ ਬਿੰਦੇ ਸਹਿਤ ‘ਪਿਛੋਂ’ ਹੀ ਸ਼ੁੱਧ ਹੈ।

ਤੁਕ (ਅ) ਵਿਚ ਸ਼ਬਦ ‘ਪਹਿਲਾ’ ਦਾ ਸੰਬੰਧ ਇਸ ਤੁਕ ਵਿਚ ਆਏ ਨਾਂਵ ‘ਪਹਰੁ’ ਨਾਲ ਹੈ ਤੇ ਇਸ ਲਈ ਇਹ ਸੰਖਿਅਕ ਵਿਸ਼ੇਸ਼ਣ ਹੈ। ਇਸ ਦਾ ਉਚਾਰਣ ਬਿੰਦੇ ਰਹਿਤ ਕਰਨਾ ਹੀ ਸ਼ੁੱਧ ਹੈ।

ਉੱਪਰ ਦਿੱਤੀਆਂ ਉਦਾਹਰਣਾਂ ਤੋਂ ਸੇਧ ਮਿਲਦੀ ਹੈ ਕਿ ਬਹੁ-ਵਚਨ ਨਾਂਵ ਸ਼ਬਦਾਂ ਨੂੰ ਲਗੇ ਕਾਰਕੀ ਚਿੰਨ੍ਹਾਂ ਵਿਚੋਂ ਕੁਝ ਅਜਿਹੇ ਹਨ, ਜਿਨ੍ਹਾਂ ਦਾ ਉਚਾਰਣ ਬਿੰਦੇ ਸਹਿਤ ਹੁੰਦਾ ਹੈ ਅਤੇ ਇਹੋ ਹਾਲ ਉਹਨਾਂ ਨਾਲ ਸੰਬੰਧਤ ਕਿਰਿਆ-ਵਿਸ਼ੇਸ਼ਣਾਂ, ਕਿਰਿਆਵਾਂ, ਅਤੇ ਬਾਕੀ ਵਿਆਕਰਣਿਕ ਅੰਗਾਂ ਦਾ ਹੈ।

ਗੁਰਬਾਣੀ ਵਿਚ ਬਿੰਦੀਆਂ ਦੀ ਸੰਕੇਤਕ ਅਤੇ ਸੰਕੋਚਵੀਂ ਵਰਤੋਂ ਕੀਤੀ ਹੋਈ ਮਿਲਦੀ ਹੈ। ਸੋ, ਲੋੜ ਇਸ ਗੱਲ ਦੀ ਹੈ ਕਿ ਬਿੰਦੇ ਸਹਿਤ ਸ਼ਬਦਾਂ ਅਤੇ ਉਹਨਾਂ ਦੇ ਅਧਾਰ ’ਤੇ ਪ੍ਰਗਟ ਹੋਏ ਨੇਮਾਂ ਤੋਂ ਅਗਵਾਈ ਲੈ ਕੇ ਅਜਿਹੇ ਬਿੰਦੇ ਸਹਿਤ ਸ਼ਬਦਾਂ ਦਾ ਉਚਾਰਣ ਅਰਥ-ਵਿਚਾਰ ਨੂੰ ਮੁਖ ਰੱਖ ਕੇ ਬਿੰਦੇ ਸਹਿਤ ਕੀਤਾ ਜਾਵੇ।

ਵਿਆਕਰਣਿਕ ਸ਼ਬਦਾਵਲੀ ਦੀ ਜਾਣਕਾਰੀ ਅਗਲੇ ਲੇਖ ਵਿਚ ਦਿੱਤੀ ਜਾਵੇਗੀ।