ਗੁਰਬਾਣੀ ਵਿਚ ਆਏ ਸ਼ਬਦ ਧਨ ਦੇ ਵੱਖੋ ਵੱਖਰੇ ਸਰੂਪ

0
390

ਗੁਰਬਾਣੀ ਵਿਚ ਆਏ ਸ਼ਬਦ ਧਨ ਦੇ ਵੱਖੋ ਵੱਖਰੇ ਸਰੂਪ

ਪ੍ਰੀਤਮ ਸਿੰਘ (ਕਰਨਾਲ)-94164-05173

ਧਨ – ਨ ਮੁਕਤਾ – ਇਹ ਇਸਤਰੀ ਵਾਸਤੇ ਗੁਰਬਾਣੀ ਵਿਚ ਆਇਆ ਹੈ।

ਜੇ ਧਨ ਕੰਤਿ ਨ ਭਾਵਈ, ਤ ਸਭਿ ਅਡੰਬਰ ਕੂੜੁ॥੪॥ (ਅੰਕ ੧੯)

ਜੇਕਰ ਇਸਤਰੀ ਆਪਣੇ ਪਤੀ ਨੂੰ ਚੰਗੀ ਨਹੀਂ ਲੱਗਦੀ, ਤਦ ਉਸ ਦੀਆਂ ਸਾਰੀਆਂ ਸ਼ਾਨਦਾਰ ਸਜਾਵਟਾਂ ਝੂਠੀਆਂ ਹਨ।

ਧੰਨ ਅਤੇ ਧੰਨੁ– ਨ ਮੁਕਤਾ ਅਤੇ ਨ ਨੂੰ ਅੰਕੁੜ ਨਾਲ – ਭਾਗਾਂ ਵਾਲਾ।

ਨਾਨਕ ਦਾਸ ਸੇਈ ਜਨ ਧੰਨ॥ (ਅੰਕ ੧੧੫੦)

ਹੇ ਦਾਸ ਨਾਨਕ ! ਉਹੀ ਸਾਰੇ ਬੰਦੇ ਭਾਗਾਂ ਵਾਲੇ ਹਨ।

ਧਨਿ – ਨ ਸਿਹਾਰੀ ਨਾਲ – ਧਨ ਨੇ (ਧਨ ਪਦਾਰਥ ਨੇ)।

ਧਨਿ ਜੋਬਨਿ ਜਗੁ ਠਗਿਆ, ਲਬਿ ਲੋਭਿ ਅਹੰਕਾਰਿ॥ (ਅੰਕ ੬੨)

ਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ, (ਸਾਰੇ) ਜਗਤ ਨੂੰ ਲੁੱਟ ਲਿਆ ਹੈ।

ਧਨੁ – ਨ ਨੂੰ ਅੰਕੁੜ – ਇਹ ਧਨ ਪਦਾਰਥ ਅਤੇ ਭਾਗਾਂ ਵਾਲਾ ਦੋਨਾਂ ਵਾਸਤੇ ਆਇਆ ਹੈ।

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ, ਜਿਨ ਹਿਰਦੈ ਰਹਿਆ ਸਮਾਇ॥ (ਅੰਕ ੧੫)

ਜਿਨ੍ਹ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।

ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ, ਮਿਲਿ ਜਨ ਨਾਨਕ ਨਾਮੁ ਪਰਗਾਸਿ॥ (ਅੰਕ ੧੦)

ਹੇ ਨਾਨਕ ! ਧੰਨ ਹੈ ਸਤਸੰਗ! ਧਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿੱਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ।

ਧਨੋ – ਨ ਹੋੜੇ ਨਾਲ – ਇਹ ਸਰੂਪ ਵੀ ਦੋਨਾਂ ਅਰਥਾਂ ਲਈ ਆਇਆ ਹੈ।

ਜੀਅ ਪ੍ਰਾਨ ਮੇਰਾ ਧਨੋ, ਸਾਹਿਬ ਕੀ ਮਨੀਆ॥ (ਅੰਕ ੪੦੦)

ਹੇ ਸਹੇਲੀਓ ! ਮੇਰੀ ਜਿੰਦ ਮੇਰੇ ਪ੍ਰਾਣ ਮੇਰਾ ਧਨ ਪਦਾਰਥ-ਇਹ ਸਭ ਕੁਝ ਮੈਂ ਆਪਣੇ ਮਾਲਕ ਪ੍ਰਭੂ ਦੀ ਦਿੱਤੀ ਹੋਈ ਦਾਤਿ ਮੰਨਦੀ ਹਾਂ।

ਸਤਸੰਗਤਿ ਸਤਿਗੁਰ ਧੰਨੁ ਧੰਨੁੋ, ਧੰਨ ਧੰਨ ਧਨੋ, ਜਿਤੁ ਮਿਲਿ ਹਰਿ ਬੁਲਗ ਬੁਲੋਗੀਆ॥ (ਅੰਕ ੧੩੧੩)

ਗੁਰੂ ਦੀ ਸਾਧ ਸੰਗਤ ਧੰਨ ਹੈ ਧੰਨ ਹੈ ਜਿਸ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲੇ ਜਾ ਸਕਦੇ ਹਨ। ਇੱਥੇ ਇਕ ਹੋਰ ਗਲ ਨੋਟ ਕਰਨ ਵਾਲੀ ਹੈ – ਧੰਨੁੋ ਅੱਖਰ ਨੂੰ ਦੋ ਮਾਤਰਾਂ ਲਗੀਆਂ ਹੋਈਆਂ ਹਨ। ਅਸਲ ਵਿਚ ਸ਼ਬਦ ਧੰਨੁ ਹੈ ਪਰ ਇਸ ਦਾ ਉਚਾਰਣ ਧੰਨੋ ਕਰਨਾ ਹੈ।

ਧਨੈ – ਨ ਨੂੰ ਦੁਲਾਂਵੀਆਂ ਨਾਲ – ਗੁਰਬਾਣੀ ਵਿਚ ਇਹ ਵੀ ਧਨ ਪਦਾਰਥ ਵਾਸਤੇ ਹੀ ਆਇਆ ਹੈ ਅਤੇ ਇਸ ਨਾਲ ਕੋਈ ਨਾ ਕੋਈ ਸਬੰਧਕੀ ਲਗਣ ਦੀ ਸੂਚਨਾ ਹੈ ਜਿਵੇਂ ‘‘ਨਾਲ” ਜਾਂ ‘‘ਕੀ” ਆਦਿ। ਸਬੰਧਕੀ ਲੁਪਤ ਜਾਂ ਪ੍ਰਗਟ ਰੂਪ ਵਿਚ ਕਿਸੇ ਤਰ੍ਹਾਂ ਵੀ ਹੋ ਸਕਦਾ ਹੈ।

ਹਰਿ ਧਨੁ ਰਤਨੁ ਜਵਾਹਰੁ ਮਾਣਕੁ, ਹਰਿ ਧਨੈ ਨਾਲਿ ਅੰਮਿ੍ਰਤ ਚੇਲੈ ਵਤੈ, ਹਰਿ ਭਗਤੀ ਹਰਿ ਲਿਵ ਲਾਈ॥ (ਅੰਕ ੭੩੪)

ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ ਹੈ, ਇਹ ਧਨ ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮਿ੍ਰਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ।

ਇਹ ਸ਼ਬਦ ਇਕ ਵਾਰੀ ਸਹਸਕਿ੍ਰਤੀ ਸਲੋਕਾਂ ਵਿਚ ਧਨੇ – ਨ ਨੂੰ ਲਾਂ ਨਾਲ ਵੀ ਆਇਆ ਹੈ।

ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ॥ (ਅੰਕ ੧੩੫੯)

ਪਪੀਲਕਾ=ਕੀੜੀ। ਗ੍ਰਸਟ=ਭਾਰੀ। ਤੁਯੰ=ਤੇਰਾ। ਧਨੇ=ਧਨ।

ਹੇ ਕੀੜੀ ! (ਜੇ) ਗੋਬਿੰਦ ਦਾ ਸਿਮਰਨ ਤੇਰਾ ਧਨ ਹੈ, (ਤਾਂ ਤੂੰ ਨਿੱਕੀ ਜਿਹੀ ਹੁੰਦਿਆਂ ਭੀ) ਭਾਰੀ ਹੈਂ (ਤੇਰੇ ਮੁਕਾਬਲੇ ਤੇ ਉਹ ਬਲਵਾਨ ਮਨੁੱਖ ਹੌਲਾ ਤੀਲੇ ਸਮਾਨ ਹੈ।

ਧੰਨੈ – ਧੰਨਾ ਭਗਤ ਨੇ।

ਧੰਨੈ, ਧਨੁ ਪਾਇਆ ਧਰਣੀਧਰੁ, ਮਿਲਿ ਜਨ ਸੰਤ ਸਮਾਨਿਆ॥ (ਅੰਕ ੪੮੭)

ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ।

(ਗੁਰਬਾਣੀ ਤੁਕਾਂ ਦੇ ਅਰਥਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਕਿ੍ਰਤ ਪ੍ਰੋ. ਸਾਹਿਬ ਸਿੰਘ ਜੀ ਹੈ।)