ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-1) ਵੇਖੋ।
ਉੱਤਮ ਪੁਰਖ ਪੜਨਾਂਵ, ਅਧਿਆਇ-1 (ਅ)
(4). ਸੰਪਰਦਾਨ ਕਾਰਕ ਪੜਨਾਂਵ: ‘ਸੰਪਰਦਾਨ’ ਸ਼ਬਦ ਦਾ ਅਰਥ ਹੁੰਦਾ ਹੈ ‘ਬਖ਼ਸ਼ਸ਼’ ਭਾਵ ਕਿਸੇ ਲਈ ਕੰਮ (ਮਿਹਰ) ਕਰਨਾ, ‘ਦੇਣਾ’।
ਪਰਿਭਾਸ਼ਾ: ਜਿਸ (ਪੜਨਾਂਵ) ਲਈ ਵਾਕ ਦਾ ਕਰਤਾ ਕੰਮ ਕਰੇ ਜਾਂ ਕਿਰਿਆ ਦੁਆਰਾ ਪ੍ਰਗਟਾਇਆ ਗਿਆ ਕੰਮ ਜਿਸ ‘ਪੜਨਾਂਵ’ ਲਈ ਵਾਪਰਦਾ ਹੈ, ਉਹ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ: ‘ਮੇਰੇ ਲਈ ਭੋਜਨ ਤਿਆਰ ਕਰੋ।, ਮੈਨੂੰ ਗਿਆਨ ਬਖ਼ਸ਼ੋ।’ ਵਾਕਾਂ ’ਚ ‘ਮੇਰੇ ਲਈੇ’ ਤੇ ‘ਮੈਨੂੰ’ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹਨ।
(ੳ). ਸੰਪਰਦਾਨ ਕਾਰਕ ਪੜਨਾਂਵ- ‘ਮੋਹਿ’ ਸ਼ਬਦ, ਜਿਸ ਦਾ ਅਰਥ ਹੈ ‘ਮੈਨੂੰ’ ਜਾਂ ‘ਮੇਰੇ ਲਈ’; ਜਿਵੇਂ:
‘‘ਕਰਿ ਕਿਰਪਾ ਸੰਤ ਮਿਲੇ ਮੋਹਿ (ਮੈਨੂੰ, ਮੇਰੇ ਲਈ), ਤਿਨ ਤੇ (ਉਨ੍ਹਾਂ ਤੋਂ) ਧੀਰਜੁ ਪਾਇਆ॥’’ (ਮ: ੫/੨੦੬)
‘‘ਸੰਤੀ (ਸੰਤਾਂ ਨੇ) ਮੰਤੁ ਦੀਓ ਮੋਹਿ (ਮੈਨੂੰ) ਨਿਰਭਉ, ਗੁਰ ਕਾ ਸਬਦੁ ਕਮਾਇਆ ॥’’ (ਮ: ੫/੨੦੬)
‘‘ਜਗੁ ਐਸਾ ਮੋਹਿ (ਮੈਨੂੰ, ਮੇਰੇ ਲਈ) ਗੁਰਹਿ (ਨੇ) ਦਿਖਾਇਓ, ਤਉ ਸਰਣਿ ਪਰਿਓ ਤਜਿ (ਛੱਡ ਕੇ) ਗਰਬਸੂਆ (ਹੰਕਾਰ)॥’’ (ਮ: ੫/੨੦੬)
‘‘ਸਤਿਗੁਰ ਅਪੁਨੈ (ਨੇ) ਮੋਹਿ (ਮੈਨੂੰ) ਦਾਨੁ ਦੀਨੀ ॥’’ (ਮ: ੫/੨੩੫)
‘‘ਗੁਰ ਪਰਸਾਦਿ (ਰਾਹੀਂ) ਮੋਹਿ (ਮੈਨੂੰ) ਮਿਲਿਆ ਥਾਉ ॥’’ (ਮ: ੫/੨੩੯)
‘‘ਮੋਹਿ (ਮੈਨੂੰ) ਜਮ ਡੰਡੁ ਨ ਲਾਗਈ, (ਕਿਉਂਕਿ) ਤਜੀਲੇ (ਛੱਡ ਦਿੱਤੇ) ਸਰਬ ਜੰਜਾਲ ॥’’ (ਭਗਤ ਰਵਿਦਾਸ/੩੪੬)
‘‘ਗੁਰਿ (ਨੇ) ਹਰਿ ਹਰਿ ਨਾਮੁ, ਮੋਹਿ (ਮੈਨੂੰ) ਮੰਤ੍ਰੁ ਦ੍ਰਿੜਾਇਆ ॥’’ (ਮ: ੫/੩੭੧)
‘‘ਲਾਖ ਉਲਾਹਨੇ (ਉਲਾਂਭੇ) ਮੋਹਿ (ਮੈਨੂੰ, ਮੇਰੇ ਲਈ), ਹਰਿ ਜਬ ਲਗੁ (ਤੱਕ) ਨਹ ਮਿਲੈ ਰਾਮ ॥’’ (ਮ: ੫/੫੪੨)
‘‘ਪਤਿਤ ਉਧਾਰਣੁ ਸਤਿਗੁਰੁ ਮੇਰਾ, ਮੋਹਿ (ਮੈਨੂੰ) ਤਿਸ ਕਾ ਭਰਵਾਸਾ (ਸਹਾਰਾ)॥’’ (ਮ: ੫/੬੨੦)
‘‘ਕਰਿ ਕਿਰਪਾ ਦੀਓ ਮੋਹਿ (ਮੈਨੂੰ) ਨਾਮਾ, ਬੰਧਨ ਤੇ (ਤੋਂ) ਛੁਟਕਾਏ (ਛੁਟ ਗਏ)॥’’ (ਮ: ੫/੬੭੧)
‘‘ਮੋਹਿ (ਮੇਰੇ) ਮਸਕੀਨ (ਲਈ), ਪ੍ਰਭੁ ਨਾਮੁ ਅਧਾਰੁ (ਆਸਰਾ)॥’’ (ਮ: ੫/੬੭੬)
‘‘ਰਾਖਹੁ ਅਪਨੀ ਸਰਣਿ ਪ੍ਰਭ ! ਮੋਹਿ (ਮੈਨੂੰ) ਕਿਰਪਾ ਧਾਰੇ ॥’’ (ਮ: ੫/੮੦੯)
‘‘ਕੋਈ ਐਸਾ ਸਜਣੁ ਲੋੜਿ (ਲੱਭ) ਲਹੁ (ਦਿਓ), ਜੋ ਮੇਲੇ ਪ੍ਰੀਤਮੁ ਮੋਹਿ (ਮੇਰੇ ਲਈ)॥’’ (ਮ: ੫/੯੫੭)
‘‘ਮੋਹਿ (ਮੈਨੂੰ) ਅਧਾਰੁ ਨਾਮੁ ਨਾਰਾਇਨ (ਦਾ), ਜੀਵਨ ਪ੍ਰਾਨ ਧਨ ਮੋਰੇ ॥’’ (ਭਗਤ ਰਵਿਦਾਸ/੯੭੪)
‘‘ਪ੍ਰਭ ਦਇਆਲ ! ਮੋਹਿ (ਮੈਨੂੰ) ਦੇਵਹੁ ਦਾਨ ॥’’ (ਮ: ੫/੯੮੭)
‘‘ਮਾਣਿਕੂ ਮੋਹਿ (ਮੇਰੇ ਲਈ) ਮਾਉ (ਹੇ ਮਾਂ!), ਡਿੰਨਾ (ਦਿੱਤਾ) ਧਣੀ ਅਪਾਹਿ (ਆਪ ਹੀ ਮਾਲਕ ਨੇ)॥’’ (ਮ: ੫/੧੦੯੮)
(ਨੋਟ: ਧਿਆਨ ਰਹੇ ਕਿ ਜਦ ਕਿਸੇ ਵਾਕ ਵਿੱਚ ਕਿਰਿਆ ਨਾਲ ਦੋ ਸ਼ਬਦ (‘ਕੀ’ ਤੇ ‘ਕਿਸ ਨੂੰ’) ਲਗਾ ਕੇ ਜਵਾਬ ਰਾਹੀਂ ਵਾਕ ਵਿੱਚੋਂ ਦੋ ਸ਼ਬਦ ਸਾਹਮਣੇ ਆ ਰਹੇ ਹੋਣ ਤਾਂ ਇੱਕ ‘ਕਰਮ ਕਾਰਕ’ ਤੇ ਦੂਜਾ ‘ਸੰਪਰਦਾਨ ਕਾਰਕ’ ਹੁੰਦਾ ਹੈ ਭਾਵ ‘ਕੀ’ ਰਾਹੀਂ ਮਿਲਿਆ ਜਵਾਬ ‘ਕਰਮ ਕਾਰਕ’ ਹੁੰਦਾ ਹੈ ਤੇ ‘ਕਿਸ ਨੂੰ’ ਰਾਹੀਂ ਮਿਲਿਆ ਜਵਾਬ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:
‘‘ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ, ਅਨਦਿਨੁੋ ‘ਮੋਹਿ’ (ਮੈਨੂੰ) ਆਹੀ (ਹੈ) ‘ਪਿਆਸਾ’ ॥’’ (ਮ: ੧/੧੩)
‘‘ਮੋਹਿ (ਮੈਨੂੰ) ‘ਰੈਣਿ’ (ਰਾਤ) ਨ ਵਿਹਾਵੈ (ਬੀਤਦੀ), ਨੀਦ ਨ ਆਵੈ; ਬਿਨੁ ਦੇਖੇ ਗੁਰ (ਦਾ) ਦਰਬਾਰੇ ਜੀਉ ॥’’ (ਮ: ੫/੯੭)
‘‘ਜਉ ਰੇ ਖੁਦਾਇ ‘ਮੋਹਿ’ (ਮੈਨੂੰ) ‘ਤੁਰਕੁ’ ਕਰੈਗਾ, ਆਪਨ ਹੀ ਕਟਿ ਜਾਈ ॥’’ (ਭਗਤ ਕਬੀਰ/੪੭੭)
‘‘ਮੈ (ਮੈਨੂੰ) ਨੈਣੀ ‘ਨੀਦ’ ਨ ਆਵੈ ਜੀਉ, ਭਾਵੈ ਅੰਨੁ ਨ ਪਾਣੀ ॥’’ (ਮ: ੩/੨੪੪)
ਉਪਰੋਕਤ ਚਾਰੋਂ ਪੰਕਤੀਆਂ ’ਚ ਤਰਤੀਬਵਾਰ ‘ਅਨਦਿਨੁੋ ਕੀ ਹੈ?’ ਦਾ ਜਵਾਬ ‘ਪਿਆਸਾ’ (ਕਰਮ ਕਾਰਕ), ‘ਕੀ ਨਾ ਵਿਹਾਵੈ?’ ਦਾ ਜਵਾਬ ‘ਰੈਣਿ’ (ਕਰਮ ਕਾਰਕ), ‘ਕੀ ਕਰੈਗਾ?’ ਦਾ ਜਵਾਬ ‘ਤੁਰਕੁ’ (ਕਰਮ ਕਾਰਕ), ‘ਕੀ ਨਾ ਆਵੈ?’ ਦਾ ਜਵਾਬ ‘ਨੀਦ’ (ਕਰਮ ਕਾਰਕ) ਹੈ ਅਤੇ (ਅਨਦਿਨੁੋ ਪਿਆਸਾ) ‘ਕਿਸ ਨੂੰ ਹੈ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ‘ਕਿਸ ਨੂੰ ਨਾ (ਰੈਣਿ) ਵਿਹਾਵੈ ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ‘ਕਿਸ ਨੂੰ (ਤੁਰਕੁ) ਕਰੈਗਾ ?’ ਦਾ ਜਵਾਬ ‘ਮੋਹਿ’ (ਸੰਪਰਦਾਨ ਕਾਰਕ), ਕਿਸ ਨੂੰ (ਨੀਦ) ਨ ਆਵੈ?’ ਦਾ ਜਵਾਬ ‘ਮੈ’ ਭਾਵ ‘ਮੈਨੂੰ’ (ਸੰਪਰਦਾਨ ਕਾਰਕ) ਹੈ।)
(ਅ). ਸੰਪਰਦਾਨ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੈਨੂੰ’ ਜਾਂ ‘ਮੇਰੇ ਲਈ’; ਜਿਵੇਂ:
‘‘ਮੈ (ਮੇਰੇ ਲਈ) ਏਹਾ ਆਸ, ਏਹੋ ਆਧਾਰੁ ॥’’ (ਮ: ੧/੨੪)
‘‘ਆਵਹੁ ਮਿਲਹੁ ਸਹੇਲੀਹੋ ! ਮੈ (ਮੈਨੂੰ) ਪਿਰੁ ਦੇਹੁ ਮਿਲਾਇ ॥’’ (ਮ: ੩/੩੮)
‘‘ਮੈ (ਮੈਨੂੰ) ਧਰ (ਟੇਕ) ਤੇਰੀ ਪਾਰਬ੍ਰਹਮ ! ਤੇਰੈ ਤਾਣਿ (ਵਿੱਚ) ਰਹਾਉ ॥’’ (ਮ: ੫/੪੬)
‘‘ਮੈ (ਮੇਰੇ ਲਈ) ਧਨੁ ਨਾਮੁ ਨਿਧਾਨੁ ਹੈ, ਗੁਰਿ (ਨੇ) ਦੀਆ ਬਲਿ ਜਾਉ ॥’’ (ਮ: ੧/੫੮)
‘‘ਮੈ (ਮੈਨੂੰ) ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ! ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥’’ (ਮ: ੪/੯੫)
‘‘ਮੈ (ਮੇਰੇ ਲਈ) ਆਇ (ਕੇ) ਮਿਲਹੁ, ਜਗਜੀਵਨ ਪਿਆਰੇ ! ॥’’ (ਮ: ੪/੯੫)
‘‘ਸਚਾ ਸਾਹਿਬੁ ਮੈ (ਮੈਨੂੰ) ਅਤਿ ਪਿਆਰਾ ॥’’ (ਮ: ੩/੧੧੬)
‘‘ਵਾਹੁ ਵਾਹੁ ਸਾਚੇ ! ਮੈ (ਮੈਨੂੰ) ਤੇਰੀ ਟੇਕ ॥’’ (ਮ: ੧/੧੫੩)
‘‘ਮੈ (ਮੈਨੂੰ) ਆਧਾਰੁ ਤੇਰਾ, ਤੂ ਖਸਮੁ ਮੇਰਾ; ਮੈ ਤਾਣੁ ਤਕੀਆ ਤੇਰਓ ॥’’ (ਮ: ੧/੮੪੪)
‘‘ਨਾਨਕ ! ਲੇਹੁ ਮਿਲਾਇ, ਮੈ (ਮੈਨੂੰ) ਜਾਚਿਕ (ਲਈ) ਦੀਜੈ ਨਾਮੁ ਹਰਿ ! ॥’’ (ਮ: ੪/੧੪੨੨) ਆਦਿ।
(5). ਅਪਾਦਾਨ ਕਾਰਕ ਪੜਨਾਂਵ: ‘ਸੰਪਰਦਾਨ ਕਾਰਕ ਪੜਨਾਂਵ’ ਦਾ ਅਰਥ ਸੀ ‘ਦੇਣਾ’ (ਬਖ਼ਸ਼ਸ਼ ਕਰਨਾ) ਭਾਵ ਲੈਣ ਵਾਲੇ ਦੀ ਸ਼ਕਤੀ ਵਧਾ ਦੇਣੀ ਪਰ ‘ਅਪਾਦਾਨ’ ਦਾ ਅਰਥ ਹੈ ‘ਲੈਣਾ’ ਭਾਵ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਵਿੱਚੋਂ ਕੋਈ ਚੀਜ਼ ਅਲੱਗ ਕਰਨੀ, ਕੱਢ ਲੈਣੀ ਭਾਵ ਉਸ ਦੀ ਸ਼ਕਤੀ ਘਟਾ ਦੇਣੀ; ਜਿਵੇਂ: ਰਾਮ ‘ਮੇਰੇ ਤੋਂ’ ਛੋਟਾ ਹੈ।, ਰੱਬੀ ਮਦਦ ਬਿਨਾ ‘ਮੈਥੋਂ’ ਭਲਾ ਨਹੀਂ ਹੁੰਦਾ।, ਗੁਰੂ ਨੇ ‘ਮੇਰੇ ਪਾਸੋਂ’ ਸੇਵਾ ਲੈਣੀ ਹੈ।’, ਵਾਕਾਂ ਵਿੱਚ ‘ਮੇਰੇ ਤੋਂ, ਮੈਥੋਂ’ ਤੇ ‘ਮੇਰੇ ਪਾਸੋਂ’ ਅਪਾਦਾਨ ਕਾਰਕ ਪੜਨਾਂਵ ਹਨ।
(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਪਾਦਾਨ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚੋਂ, ਮੇਰੇ ਤੋਂ, ਮੈਥੋਂ, ਮੇਰੇ ਅੰਦਰੋਂ, ਮੇਰੇ ਕੋਲੋਂ’; ਜਿਵੇਂ:
‘‘ਜਤ ਕਤ ਦੇਖਉ, ਤਤ ਤਤ ਤੁਮ ਹੀ; ਮੋਹਿ (ਮੇਰੇ ਅੰਦਰੋਂ) ਇਹੁ ਬਿਸੁਆਸੁ ਹੋਇ ਆਇਓ ॥’’ (ਮ: ੫/੨੦੫)
‘‘ਜੈਸੇ, ਅਲਿ ਕਮਲਾ ਬਿਨੁ ਰਹਿ ਨ ਸਕੈ; ਤੈਸੇ, ਮੋਹਿ (ਮੇਰੇ ਕੋਲੋਂ ਵੀ) ਹਰਿ ਬਿਨੁ ਰਹਨੁ ਨ ਜਾਈ ॥’’ (ਮ: ੪/੩੬੯)
‘‘ਅਬ ਮੋਹਿ (ਮੈਥੋਂ), ਨਾਚਨੋ ਨ ਆਵੈ ॥’’ (ਭਗਤ ਕਬੀਰ/੪੮੩)
‘‘ਕਰਹੁ ਅਨੁਗ੍ਰਹੁ ਸੁਆਮੀ ਮੇਰੇ ! ਗਨਹੁ (ਗਿਣੋ) ਨ ਮੋਹਿ (ਮੇਰੇ ਪਾਸੋਂ, ਮੈਥੋਂ) ਕਮਾਇਓ (ਕਮਾਇਆ ਹੋਇਆ)॥’’ (ਮ: ੫/੫੦੧)
‘‘ਏਤ (ਇਤਨੀ ਹਉਮੈ) ਛਡਾਈ ਮੋਹਿ ਤੇ (ਮੇਰੇ ਤੋਂ) ; ਇਤਨੀ (ਨਿਮ੍ਰਤਾ) ਦ੍ਰਿੜਤਾਰੀ (ਦ੍ਰਿੜ ਕਰਵਾਈ)॥’’ (ਮ: ੫/੮੧੦)
‘‘ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ (ਮੇਰੇ ਪਾਸੋਂ) ॥’’ (ਭਗਤ ਨਾਮਦੇਵ/੧੨੫੨) ਆਦਿ।
(ਅ). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਪਾਦਾਨ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚੋਂ, ਮੇਰੇ ਤੋਂ, ਮੈਥੋਂ, ਮੇਰੇ ਕੋਲੋਂ’; ਜਿਵੇਂ:
‘‘ਤਹ (ਧਰਮਰਾਜ ਕੋਲ) ਕਰ (ਹੱਥਾਂ ਨਾਲ) ਦਲ ਕਰਨਿ ਮਹਾਬਲੀ; ਤਿਨ ਆਗਲੜੈ (ਉਨ੍ਹਾਂ ਅੱਗੇ) ਮੈ (ਮੇਰੇ ਪਾਸੋਂ) ਰਹਣੁ ਨ ਜਾਇ ॥’’ (ਭਗਤ ਤ੍ਰਿਲੋਚਨ/੯੨)
‘‘ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ, ਮੈ (ਮੇਰੇ ਅੰਦਰੋਂ) ਨੀਰੁ ਵਹੇ ਵਹਿ ਚਲੈ ਜੀਉ ॥’’ (ਮ: ੪/੯੪)
‘‘ਅਨਤ ਤਰੰਗੀ ਨਾਮੁ ਜਿਨ ਜਪਿਆ; (ਉਨ੍ਹਾਂ ਬਾਰੇ) ਮੈ (ਮੈ ਆਪਣੇ ਆਪ ਤੋਂ) ਗਣਤ (ਗਿਣਤੀ) ਨ ਕਰਿ ਸਕਿਆ ॥’’ (ਮ: ੪/੯੯੫)
‘‘ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ (ਮੈਥੋਂ) ਗਣਤ ਨ ਆਵੈ ਕਾਈ (ਕੋਈ) ਹੇ ॥’’ (ਮ: ੧/੧੦੨੨)
‘‘ਸਾਰਿੰਗਧਰ ਭਗਵਾਨ ਬੀਠੁਲਾ ! ਮੈ (ਮੈਥੋਂ) ਗਣਤ ਨ ਆਵੈ (ਤੇਰੇ) ਸਰਬੰਗਾ (ਸਾਰੇ ਅੰਗ ਭਾਵ ਗੁਣ ਦੀ)॥’’ (ਮ: ੫/੧੦੮੨)
‘‘ਖੰਡ ਪਤਾਲ ਅਸੰਖ; ਮੈ (ਮੇਰੇ ਤੋਂ) ਗਣਤ ਨ ਹੋਈ ॥’’ (ਮ: ੧/੧੨੮੩) ਆਦਿ।
(6). ਸੰਬੰਧ ਕਾਰਕ: ਜਦ ਕੋਈ ਇੱਕ ‘ਪੜਨਾਂਵ’ ਦੂਜੇ ‘ਨਾਂਵ’ (ਜਾਂ ਪੜਨਾਂਵ) ਉੱਤੇ ਆਪਣੀ ਮਾਲਕੀ ਦਾ ਹੱਕ ਜਤਾਵੇ ਤਾਂ ਉਸ ਨੂੰ ‘ਸੰਬੰਧ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਮੇਰਾ ਘਰ, ਮੇਰੀ ਪਤਨੀ, ਮੇਰੇ ਬੱਚੇ, ਸਾਡਾ ਪਿਤਾ, ਸਾਡੀ ਗੱਡੀ।’ ਵਾਕਾਂ ’ਚ ‘ਮੇਰਾ, ਮੇਰੀ, ਮੇਰੇ, ਸਾਡਾ, ਸਾਡੀ’ ਸੰਬੰਧ ਕਾਰਕ ਪੜਨਾਂਵ ਹਨ।
(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 8 ਵਾਰ ‘ਸੰਬੰਧ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰਾ, ਮੇਰੇ’; ਜਿਵੇਂ:
‘‘ਗੁਰ ਕਿਰਪਾ ਤੇ, ‘ਮੋਹਿ’ (ਮੇਰਾ) ਅਸਨਾਹਾ (ਪ੍ਰੇਮ ਬਣਿਆ)॥’’ (ਮ: ੫/੧੮੭)
‘‘ਮੋਹਿ’’ (ਮੇਰਾ), ਜਮ ਸਿਉ ਨਾਹੀ ਕਾਮਾ ॥’’ (ਭਗਤ ਰਵਿਦਾਸ/੬੫੯)
‘‘ਕਿਆ ਗੁਣ ਤੇਰੇ ਸਾਰਿ ਸਮ੍ਾਲੀ, ‘ਮੋਹਿ’ (ਮੇਰੇ) ਨਿਰਗੁਨ ਕੇ ਦਾਤਾਰੇ ! ॥’’ (ਮ: ੫/੭੩੮)
‘‘ਇਕ ਨਿਮਖ ਮਿਲਾਵਹੁ, ‘ਮੋਹਿ’ (ਮੇਰਾ) ਪ੍ਰਾਨਪਤੀ ਰੀ ॥’’ (ਮ: ੫/੭੩੯)
‘‘ਤੁਮ ਸਮਸਰਿ ਨਾਹੀ ਦਇਆਲੁ, ‘ਮੋਹਿ’ (ਮੇਰੇ) ਸਮਸਰਿ (ਬਰਾਬਰ) ਪਾਪੀ ॥’’ (ਭਗਤ ਕਬੀਰ/੮੫੬)
‘‘ਸਤਿਗੁਰਿ (ਨੇ) ਢਾਕਿ ਲੀਆ ‘ਮੋਹਿ’ (ਮੇਰੇ) ਪਾਪੀ (ਦਾ) ਪੜਦਾ ॥’’ (ਮ: ੫/੧੧੧੭)
‘‘ਮੋਹਿ’’ (ਮੇਰਾ) ਐਸੇ ਬਨਜ ਸਿਉ; ਨਹੀਨ ਕਾਜੁ ॥ ਜਿਹ (ਜਿਸ ਨਾਲ) ਘਟੈ ਮੂਲੁ, ਨਿਤ ਬਢੈ ਬਿਆਜੁ ॥’’ (ਭਗਤ ਕਬੀਰ/੧੧੯੪)
‘‘ਨਾਨਕ ! ਬਾਰਿਕੁ ਦਰਸੁ ਪ੍ਰਭ (ਦਾ) ਚਾਹੈ, (ਤਾਂ ਜੋ) ‘ਮੋਹਿ’ (ਮੇਰੇ) ਹ੍ਰਿਦੈ (ਵਿੱਚ) ਬਸਹਿ ਨਿਤ (ਗੁਰੂ) ਚਰਨਾ ॥’’ (ਮ: ੫/੧੨੬੬) ਆਦਿ।
(ਅ). ਸੰਬੰਧ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੇਰਾ’; ਜਿਵੇਂ:
‘‘ਮੇਰੇ ਸਤਿਗੁਰਾ ! ‘ਮੈ’ (ਮੇਰਾ) ਤੁਝ ਬਿਨੁ ਅਵਰੁ ਨ ਕੋਇ ॥’’ (ਮ: ੪/੩੯)
‘‘ਭਾਈ ਰੇ ! ‘ਮੈ’ (ਮੇਰਾ) ਮੀਤੁ ਸਖਾ ਪ੍ਰਭੁ ਸੋਇ ॥’’ (ਮ: ੪/੪੧)
‘‘ਮੇਰਾ ਤਨੁ ਅਰੁ ਧਨੁ ਮੇਰਾ; ਰਾਜ ਰੂਪ ‘ਮੈ’ (ਮੇਰਾ) ਦੇਸੁ ॥’’ (ਮ: ੫/੪੭)
‘‘ਮੇਰੇ ਪ੍ਰੀਤਮਾ ! ‘ਮੈ’ (ਮੇਰਾ) ਤੁਝ ਬਿਨੁ ਅਵਰੁ ਨ ਕੋਇ ॥’’ (ਮ: ੧/੬੧)
‘‘ਹਰਿ ! ਤੁਧੁ ਬਾਝਹੁ; ‘ਮੈ’ (ਮੇਰਾ ਸਹਾਰਾ) ਕੋਈ ਨਾਹੀ ॥’’ (ਮ: ੩/੧੧੨)
‘‘ਮੈ’’ (ਮੇਰਾ) ਸਹੁ ਦਾਤਾ ਏਕੁ ਹੈ, ਅਵਰੁ ਨਾਹੀ ਕੋਈ ॥’’ (ਮ: ੩/੩੬੫)
‘‘ਜੇ ਤੁਧੁ ਭਾਵੈ ਸਾਹਿਬਾ ! ਤੂ ‘ਮੈ’ (ਮੇਰਾ) ਹਉ ਤੈਡਾ (ਤੇਰਾ)॥’’ (ਮ: ੧/੪੧੮) ਆਦਿ।
(7). ਅਧਿਕਰਣ ਕਾਰਕ ਪੜਨਾਂਵ: ਜਿਸ ਸਹਾਰੇ ਨਾਲ (ਭਾਵ ਜਿਸ ਥਾਂ) ਕਿਰਿਆ ਦਾ ਕੰਮ ਹੋਵੇ ਉਸ (ਪੜਨਾਂਵ ਸ਼ਬਦ) ਨੂੰ ‘ਅਧਿਕਰਣ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਮੇਰੇ ਅੰਦਰ’ ਗੁਰੂ ਸ਼ਬਦ ਵੱਸਦਾ ਹੈ।, ‘ਮੇਰੇ ਉੱਤੇ’ ਪ੍ਰਭੂ ਦੀ ਮਿਹਰ ਹੈ।, ‘ਮੇਰੇ ਵਿੱਚ’ ਵਿਕਾਰ ਹਨ।, ‘ਮੇਰੇ ਹੇਠਾਂ’ ਧਰਤੀ ਹੈ।, ‘ਮੇਰੇ ਅੱਗੇ’ ਸਮੁੰਦਰ ਹੈ।, ‘ਮੇਰੇ ਪਿੱਛੇ’ ਚੋਰ ਹੈ।, ‘ਮੇਰੇ ਖੱਬੇ’ ਕੁੱਤਾ ਹੈ।, ਵਾਕਾਂ ’ਚ ‘ਮੇਰੇ’ ਸ਼ਬਦ ‘ਅਧਿਕਰਣ ਕਾਰਕ ਪੜਨਾਂਵ’ ਹੈ।
(ੳ). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ਲਗਭਗ 6 ਵਾਰ ‘ਅਧਿਕਰਣ ਕਾਰਕ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਅੰਦਰ, ਮੇਰੇ ਵਿੱਚ’; ਜਿਵੇਂ:
‘‘ਪਾਰਬ੍ਰਹਮ ! ਮੋਹਿ (ਮੇਰੇ ਉੱਤੇ) ਕਿਰਪਾ ਕੀਜੈ ॥’’ (ਮ: ੫/੧੮੧)
‘‘ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ, ਮੋਹਿ (ਮੇਰੇ ਉੱਤੇ) ਕਰਹੁ ਕ੍ਰਿਪਾ ਠਾਕੁਰ ! ਅਪੁਨੀ ॥’’ (ਮ: ੫/੮੨੭)
‘‘ਗੁਰਿ ਕ੍ਰਿਪਾਲਿ (ਨੇ) ਮੋਹਿ (ਮੇਰੇ ਉੱਤੇ) ਕੀਨੀ ਛੋਟਿ (ਬਖ਼ਸ਼ਸ਼ ਕੀਤੀ)॥’’ (ਮ: ੫/੧੩੪੭)
‘‘ਅਵਗਨ ਮੋਹਿ (ਮੇਰੇ ਵਿੱਚ) ਅਨੇਕ; ਕਤ (ਕਿਵੇਂ) ਮਹਲਿ (ਵਿੱਚ) ਬੁਲਾਈਐ ਰਾਮ ? ॥’’ (ਮ: ੫/੫੪੩)
‘‘ਚਤੁਰਾਈ ਮੋਹਿ (ਮੇਰੇ ਅੰਦਰ) ਨਾਹਿ; (ਤਾਂ ਜੋ, ਤੈਨੂੰ) ਰੀਝਾਵਉ (ਪ੍ਰਸੰਨ ਕਰਾਂ) ਕਹਿ (ਆਖ ਕੇ) ਮੁਖਹੁ ॥’’ (ਮ: ੫/੮੪੭)
‘‘ਕਰਹੁ ਕ੍ਰਿਪਾ ਸੰਤਹੁ ! ਮੋਹਿ (ਮੇਰੇ ਉੱਤੇ) ਅਪੁਨੀ; ਪ੍ਰਭ (ਦਾ) ਮੰਗਲ ਗੁਣ ਗਾਈ ॥’’ (ਮ: ੫/੧੨੦੭)
(ਅ). ਅਧਿਕਰਣ ਕਾਰਕ ਪੜਨਾਂਵ- ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਅੰਦਰ, ਮੇਰੇ ਵਿੱਚ, ਮੇਰੇ ਕੋਲ’; ਜਿਵੇਂ:
‘‘ਸਭਿ ਗੁਣ ਤੇਰੇ, ਮੈ (ਮੇਰੇ ਅੰਦਰ) ਨਾਹੀ ਕੋਇ ॥’’ (ਜਪੁ /ਮ: ੧)
‘‘ਮੈ (ਮੇਰੇ ਅੰਤਰ) ਏਹਾ ਆਸ; ਏਹੋ ਆਧਾਰੁ ॥’’ (ਮ: ੧/੨੪)
‘‘ਹਉ ਤਿਸੁ ਵਿਟਹੁ ਚਉ ਖੰਨੀਐ; (ਜੋ) ਮੈ (ਮੇਰੇ ਅੰਦਰ) ਨਾਮ (ਦਾ) ਕਰੇ ਪਰਗਾਸੁ ॥’’ (ਮ: ੪/੪੦)
‘‘ਸਭਿ ਗੁਣਵੰਤੀ ਆਖੀਅਹਿ; ਮੈ (ਮੇਰੇ ਵਿੱਚ) ਗੁਣੁ ਨਾਹੀ ਕੋਇ ॥’’ (ਮ: ੧/੫੬)
‘‘ਮੈ (ਮੇਰੇ ਕੋਲ) ਧਨੁ ਨਾਮੁ ਨਿਧਾਨੁ ਹੈ, ਗੁਰਿ (ਨੇ) ਦੀਆ ਬਲਿ ਜਾਉ ॥’’ (ਮ: ੧/੫੮)
‘‘ਤੁਧੁ ਬਿਨੁ ਅਵਰੁ ਨ ਕੋਈ ਕਰਤੇ ! ਮੈ (ਮੇਰੇ ਅੰਦਰ) ਧਰ (ਟੇਕ) ਓਟ ਤੁਮਾਰੀ ਜੀਉ ॥’’ (ਮ: ੫/੧੦੭)
‘‘ਮੈ ਵਿਚਿ’’ ਦੋਸ; ਹਉ ਕਿਉ ਕਰਿ (ਕਿਵੇਂ) ਪਿਰੁ ਪਾਵਾ ? ॥’’ (ਮ: ੪/੫੬੧)
‘‘ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ! ‘ਮੈ ਅੰਤਰਿ’ ਬਿਰਹੁ ਹਰਿ ਲਾਈਆ ਜੀਉ ॥’’ (ਮ: ੪/੧੭੪)
‘‘ਮੈ ਅੰਤਰਿ’’ ਵੇਦਨ ਪ੍ਰੇਮ ਕੀ, ਗੁਰ ਦੇਖਤ ਮਨੁ ਸਾਧਾਰਿਆ ॥’’ (ਮ: ੪/੭੭੬)
‘‘ਮੈ ਅੰਤਰਿ’’ ਪ੍ਰੇਮੁ ਪਿਰੰਮ ਕਾ, ਕਿਉ ਸਜਣੁ ਮਿਲੈ ਮਿਲਾਸਿ ? ॥’’ (ਮ: ੪/੯੯੬) ਆਦਿ।
(ਨੋਟ: ਉਪਰੋਕਤ ਕੀਤੀ ਗਈ ਤਮਾਮ ਵੀਚਾਰ ਗੁਰਬਾਣੀ ਵਿੱਚ ਦਰਜ ਉਨ੍ਹਾਂ ਦੋ (‘ਮੈ’ ਤੇ ‘ਮੋਹਿ’) ਪੜਨਾਂਵ ਸ਼ਬਦਾਂ ਤੱਕ ਸੀਮਤ ਹੈ ਜੋ ਉਕਤ 6 ਕਾਰਕਾਂ ’ਚ ਬਰਾਬਰ ਦਰਜ ਕੀਤੇ ਗਏ ਹਨ ਤੇ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਹਨ।)