Pronoun (Part 1, A)

0
775

ਉੱਤਮ ਪੁਰਖ ਪੜਨਾਂਵ, ਅਧਿਆਇ-1 (ੳ)

(‘ਉੱਤਮ ਪੁਰਖ’ ’ਚ ਦਰਜ ‘ਇੱਕ ਵਚਨ ਪੁਰਖਵਾਚੀ ਪੜਨਾਂਵ’ ਸ਼ਬਦ)

ਪਿਛਲੇ ਲੇਖ (ਭਾਗ-3) ’ਚ ਵਿਸ਼ਾ ਸੀ ਕਿ ‘ਨਾਉ’ ਕਿਸ ਨੂੰ ਆਖਦੇ ਹਨ ?, ਜਿਸ ਵਿੱਚ ਵਿਸ਼ੇ ਨਾਲ ਸੰਬੰਧਿਤ ‘ਨਾਂਵ ਦੀਆਂ ਕਿਸਮਾਂ’ (ਜਿਵੇਂ ‘ਖ਼ਾਸ ਨਾਂਵ, ਆਮ ਨਾਂਵ, ਵਸਤੂ ਵਾਚਕ ਨਾਂਵ, ਇਕੱਠ ਵਾਚਕ ਨਾਂਵ ਤੇ ਭਾਵ-ਵਾਚਕ ਨਾਂਵ’), ‘ਨਾਂਵ ਦਾ ਲਿੰਗ’ (ਇਸਤ੍ਰੀ ਲਿੰਗ ਜਾਂ ਪੁਲਿੰਗ), ‘ਨਾਂਵ ਦਾ ਵਚਨ’ (ਇੱਕ ਵਚਨ ਜਾਂ ਬਹੁ ਵਚਨ) ਤੇ ‘ਨਾਂਵ ਦੇ ਕਾਰਕ’ (‘ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਣ ਕਾਰਕ ਤੇ ਸੰਬੋਧਨ ਕਾਰਕ’) ਦੀ ਵੀਚਾਰ ਕੀਤੀ ਗਈ ਸੀ। ਇਸ ਹਥਲੇ ਲੇਖ ’ਚ ਅਗਲਾ ਵਿਸ਼ਾ ਹੋਵੇਗਾ ਕਿ ‘ਪੜਨਾਂਵ’ (Pronoun) ਕਿਸ ਨੂੰ ਆਖਦੇ ਹਨ?

ਜਵਾਬ: ਜੋ ਸ਼ਬਦ ਕਿਸੇ ਨਾਂਵ (ਵਿਅਕਤੀ ਜਾਂ ਵਸਤੂ) ਦੀ ਗ਼ੈਰਹਾਜ਼ਰੀ ’ਚ ਵਰਤਿਆ ਜਾਵੇ ਤੇ ਵਾਕ ਦੇ ਭਾਵਾਰਥ ’ਚ ਕੋਈ ਫ਼ਰਕ ਨਾ ਪਵੇ ਉਸ ਨੂੰ ‘ਪੜਨਾਂਵ’ ਕਿਹਾ ਜਾਂਦਾ ਹੈ; ਜਿਵੇਂ: ‘ਗੁਰਮੁਖ’ ਬੀਬਾ ਬੱਚਾ ਹੈ।, ‘ਉਹ’ ਗੁਰਬਾਣੀ ਪੜ੍ਹਦਾ ਹੈ।, ‘ਪਪੀਤਾ’ ਚੰਗਾ ਫਲ ਹੈ ‘ਇਹ’ ਪੇਟ ਨੂੰ ਸਾਫ਼ ਰੱਖਦਾ ਹੈ। ਆਦਿ ਵਾਕਾਂ ’ਚ ‘ਗੁਰਮੁਖ’ ਤੇ ‘ਪਪੀਤਾ’ ਨਾਂਵ ਹਨ ਜਦਕਿ ਅਗਲੇ ਹੀ ਉਪਵਾਕਾਂ ’ਚ ਦਰਜ ‘ਉਹ’ ਤੇ ‘ਇਹ’ (ਪੜਨਾਂਵ) ਸ਼ਬਦ ਹਨ, ਜੋ ‘ਗੁਰਮੁਖ’ ਤੇ ‘ਪਪੀਤਾ’ (ਨਾਂਵਾਂ) ਦੀ ਗ਼ੈਰਹਾਜ਼ਰੀ ’ਚ ਵਰਤੇ ਗਏ ਹਨ ਤੇ ਵਾਕ ਦੇ ਭਾਵਾਰਥ ’ਚ ਵੀ ਕੋਈ ਫ਼ਰਕ ਨਹੀਂ ਪਿਆ।

ਕਿਸੇ ਵੀ ਭਾਸ਼ਾ ਵਿੱਚ ‘ਨਾਂਵ’ ਦੇ ਮੁਕਾਬਲੇ ‘ਪੜਨਾਂਵ’ ਵਧੇਰੇ ਵਰਤੋਂ ਵਿੱਚ ਆਉਂਦੇ ਹਨ; ਜਿਵੇਂ: ‘ਗੁਰਮੁਖ’ ਬੀਬਾ ਬੱਚਾ ਹੈ, ‘ਉਹ’ ਪੜ੍ਹਦਾ ਹੈ।, ‘ਉਹ’ ਖੇਡਦਾ ਹੈ, ‘ਉਹ’ ਹੁਸ਼ਿਆਰ ਹੈ।’ ਆਦਿ, ਪਰ ਇਸ ਦੇ ਬਾਵਜੂਦ ਵੀ ‘ਨਾਂਵਾਂ’ ਦੇ ਮੁਕਾਬਲੇ ‘ਪੜਨਾਂਵ’ ਬਹੁਤ ਹੀ ਸੀਮਤ ਗਿਣਤੀ ਵਿੱਚ ਹੁੰਦੇ ਹਨ ਕਿਉਂਕਿ ਕੋਈ ਵੀ ਲਿੰਗ (ਇਸਤ੍ਰੀ ਲਿੰਗ ਜਾਂ ਪੁਲਿੰਗ) ਹੋਵੇ ਜਾਂ ਕੋਈ ਵੀ ਵਚਨ (ਇੱਕ ਵਚਨ ਜਾਂ ਬਹੁ ਵਚਨ) ਹੋਵੇ, ਉਨ੍ਹਾਂ ਸਭ ਲਈ ‘ਪੜਨਾਂਵ’ ਸ਼ਬਦ ਇੱਕੋ ਹੀ ਵਰਤੋਂ ਵਿੱਚ ਆਉਂਦਾ ਹੈ; ਜਿਵੇਂ: ‘ਉਹ ਲੜਕੀ ਹੈ, ਉਹ ਲੜਕਾ ਹੈ, ਉਹ ਲੜਕੇ ਹਨ।’, ਵਾਕਾਂ ਵਿੱਚ ਪਹਿਲਾ ‘ਉਹ’ ਲੜਕੀ (ਇਸਤ੍ਰੀ ਲਿੰਗ) ਲਈ ਆਇਆ ਹੈ, ਦੂਸਰਾ ‘ਉਹ’ ਲੜਕਾ (ਇੱਕ ਵਚਨ ਪੁਲਿੰਗ) ਲਈ ਆਇਆ ਹੈ ਤੇ ਤੀਜਾ ‘ਉਹ’ ਲੜਕੇ (ਬਹੁ ਵਚਨ ਪੁਲਿੰਗ) ਲਈ ਆਇਆ ਹੈ ਭਾਵ ਅਜੋਕੀ ਪੰਜਾਬੀ ਭਾਸ਼ਾ ਵਿੱਚ ‘ਪੜਨਾਂਵ’ (ਸ਼ਬਦ) ਕਿਸੇ ਲਿੰਗ ਜਾਂ ਵਚਨ ਅਨੁਸਾਰ ਅਲੱਗ-ਅਲੱਗ ਨਹੀਂ ਹੁੰਦੇ ਇਸ ਲਈ ‘ਨਾਂਵ’ ਸ਼ਬਦਾਂ ਦੇ ਮੁਕਾਬਲੇ ‘ਪੜਨਾਂਵ’ ਬਹੁਤ ਹੀ ਸੀਮਤ ਰਹਿ ਜਾਂਦੇ ਹਨ। ਕੁਝ ਕੁ ਅਜੋਕੀ ਪੰਜਾਬੀ ਵਿੱਚ ਦਰਜ ‘ਪੜਨਾਂਵ’ ਇਸ ਪ੍ਰਕਾਰ ਹਨ:

(1). ‘ਉੱਤਮ ਪੁਰਖ’ (First Person) :- ‘ਮੈਂ, ਅਸੀਂ, ਮੈਨੂੰ, ਸਾਨੂੰ, ਮੇਰੇ, ਸਾਡੇ, ਮੈਥੋਂ, ਸਾਥੋਂ, ਮੇਰਾ ਤੇ ਸਾਡਾ’ ਆਦਿ।

(2). ‘ਮੱਧਮ ਪੁਰਖ’ (Second Person):– ‘ਤੂੰ, ਤੁਸੀਂ, ਤੈਨੂੰ, ਤੇਰੇ, ਤੁਹਾਡੇ, ਤੈਥੋਂ, ਤੁਹਾਥੋਂ, ਤੇਰਾ ਤੇ ਤੁਹਾਡੇ’ ਆਦਿ।

(3). ‘ਅਨ੍ਯ ਪੁਰਖ’ (Third Person):- ‘ਉਹ, ਇਹ, ਇਸ, ਉਸ, ਇਨ੍ਹਾਂ, ਉਨ੍ਹਾਂ’ ਆਦਿ ‘ਪੁਰਖ ਵਾਚਕ ਪੜਨਾਂਵ’ ਹੁੰਦੇ ਹਨ ਤੇ ‘ਸਾਰਾ, ਸਾਰੇ, ਸਾਰੀ, ਕੁਝ, ਸਭ, ਕਈ, ਕੋਈ, ਵਿਰਲਾ, ਵਿਰਲੇ, ਥੋੜ੍ਹਾ, ਥੋੜ੍ਹੇ, ਅਨੇਕ, ਬਹੁਤੇ, ਹੋਰ, ਸਰਬ’ ਆਦਿ ਅਨਿਸ਼ਚਿਤ (Indefinite Pronoun) (ਸੰਦੇਹਪੂਰਨ) ਪੜਨਾਂਵ ਹੁੰਦੇ ਹਨ ਜਦਕਿ ਗੁਰਬਾਣੀ ਵਿੱਚ ਕਈ ਭਾਸ਼ਾਵਾਂ ਦਾ ਸੁਮੇਲ ਹੋਣ ਕਾਰਨ ਇਨ੍ਹਾਂ (ਪੜਨਾਂਵਾਂ) ਦੀ ਗਿਣਤੀ ਇਸ (ਅਜੋਕੀ ਪੰਜਾਬੀ) ਤੋਂ ਕਈ ਗੁਣਾਂ ਜ਼ਿਆਦਾ ਹੈ; ਜਿਵੇਂ:

(1). ‘ਉੱਤਮ ਪੁਰਖ’:- ‘ਹਉ, ਹੰਉ, ਹਂਉ, ਮੈ, ਮੋਹਿ, ਮੋਹੀ, ਮੂ, ਮੂੰ, ਅਸੀ, ਹਮ, ਅਸਾ, ਹਮਹੁ, ਹਮਹਿ, ਮੈਨੋ, ਮੋਕਉ, ਮੰਞੁ, ਮੁਝਹਿ, ਮਾਝੈ, ਮੈ ਕੂ, ਮੋ ਪੈ, ਮੰਞਹੁ, ਮੇਰਾ, ਮੇਰੇ, ਮੇਰੀ, ਮੇਰਉ, ਮੈਡਾ, ਮੈਡੇ, ਮੈਡੀ, ਹਮਰਾ, ਹਮਰੇ, ਹਮਰੈ, ਹਮਰੀ, ਹਮਾਰਾ, ਹਮਾਰੇ, ਹਮਾਰੈ, ਹਮਾਰੀ, ਅਸਾਡਾ, ਅਸਾੜਾ, ਅਸਾਡੜਾ, ਅਸਾਡੜੇ, ਮੋਰ, ਮੋਰਾ, ਮੋਰੀ, ਮੋ, ਮੁਝ’ ਆਦਿ।

(2). ‘ਮੱਧਮ ਪੁਰਖ’:– ‘ਤੂ, ਤੂੰ, ਤੈ, ਤੈਂ, ਥੈਂ, ਥੇ, ਤੂਹੈ, ਤੂਹੈਂ, ਤੁਹੀ, ਤੋਹਿ, ਤੁਹਿ, ਤੁੋਹਿ, ਤੋਹੀ, ਤੁਧ, ਤੁਧੁ, ਤੁਧੈ, ਤੁਹ, ਤੁਝ, ਤੁਝੁ, ਤੁਝੈ, ਤੁਝਹਿ, ਤੁਝਹੁ, ਤਉ, ਤੁ, ਤੁਅ, ਤਵ, ਤੋਰ, ਤੇਰਾ, ਤੇਰੇ, ਤੇਰੀ, ਤੇਰੋ, ਤੇਰਿਆ, ਤਹਿਜਾ, ਤਹਿੰਜੀ, ਤੈਡਾ, ਤੈਡੇ, ਤੈਡੈ, ਤੈਡੀ, ਥਾਰਾ, ਥਾਰੀ, ਥਾਰੇ, ਥਾਰੋ, ਤੁਮ, ਤੁਮ੍ਹ, ਤੁਮ੍ਹਾ, ਤੁਮ੍ਹੇ, ਤੁਸੀ, ਤੁਸਾ, ਤੁਮਹਿ, ਤੁਮੈ, ਤੁਮਰੇ, ਤੁਮਰੈ, ਤੁਮਰਾ, ਤੁਮਰੀ, ਤੁਮ੍ਹਰੋ, ਤੁਮ੍ਹਾਰੈ, ਤੁਮਾਰੇ, ਤੁਮਾਰੈ, ਤੁਮਾਰੋ, ਤੁਮਾਰੀ, ਤੁਮਾਰਾ, ਤੁਹਾਰਾ, ਤੁਹਾਰੇ, ਤੁਹਾਰੈ, ਤੁਹਾਰੀ, ਤੁਹਾਰਿ, ਤੁਹਾਰੋ, ਤੁਹਾਰੀਆ, ਤੁਮ ਹੀ, ਤੁਮਹਿ, ਤੁਮ੍ਹਹਿ, ਤੁਮ੍ਹਾਰਹਿ, ਤੁਮਾਰੀਆ’ ਆਦਿ।

(3). ‘ਅਨ੍ਯ ਪੁਰਖ’:- ‘ਉਹ, ਉਹੁ, ਓਹ, ਓਹੁ, ਓਹਾ, ਓਹੀ, ਉਹੀ, ਓਹਿ, ਓੁਹਿ, ਏਹ, ਏਂਹ, ਏਹੁ, ਏਹੋ, ਏਹਿ, ਏਹੀ, ਏਹਾ, ਇਹੁ, ਇਹੈ, ਇਹਿ, ਇਹੀ, ਇਹਾ, ਏਸ, ਏਸੁ, ਇਸ, ਇਸੁ, ਇਸਹਿ, ਉਸ, ਉਸੁ, ਓਸ, ਓਸੁ, ਉਨ, ਉਨ੍ਹਾ, ਉਨਿ, ਓਨ, ਓਨਾ, ਓਨ੍ਹਾ, ਓਨਿ, ਓਨ੍ਹਿ, ਓਨ੍ਹੀ, ਇਨ, ਇਨਿ, ਇਨਾ, ਇਨੀ, ਏਨਿ, ਏਨ੍ਹੀ, ਏਨ੍ਹਾ, ਏਨ੍ਹੀ, ਏਨੈ, ਸੋਈ, ਸੇਈ, ਸੋਊ, ਸਾ, ਸੇ, ਤੇ, ਉਆ, ਉਆਹਿ, ਵਾਹੀ, ਉਇ, ਓਇ, ਓਈ, ਓੁਇ, ਤਿਸ, ਤਿਸੁ, ਤਿਸਹਿ, ਤਿਸੈ, ਤਿਤੁ, ਤਿਤੈ, ਤੇਊ, ਤਿਨਹਿ, ਤਿਨੈ, ਜਿਤੁ, ਜਿਤੈ, ਇਤੁ, ਏਤ, ਏਤੈ, ਉਤੁ, ਓਤੁ, ਓਤੈ’ ਆਦਿ ‘ਪੁਰਖ ਵਾਚਕ ਪੜਨਾਂਵ’ ਹਨ ਅਤੇ ‘ਵਿਰਲਾ, ਵਿਰਲੇ, ਵਿਰਲੈ, ਵਿਰਲੋ, ਵਿਰਲੀ, ਕੋ, ਕੋਈ, ਕੋਇ, ਕੇ, ਕੇਇ, ਕੇਈ, ਕਉਣ, ਕਉਣੁ, ਕੋਊ, ਕਾ, ਕਾਹੇ, ਕਾਈ, ਕਿ, ਕਿਆ, ਕਹ, ਕਹਾ (ਕਿਸ ਲਈ), ਕਹੀ, ਕਿਹੁ, ਕਿਛੁ, ਕਛੁ, ਕਛੂ, ਕਛੂਅ, ਕਿਝ, ਕਿਝੁ, ਕੇਤੇ, ਕੇਤੀ, ਕੇਤਾ, ਕੇਤਕ, ਕਿਤੀ, ਕੇਤਿਆ, ਕੇਤੀਆ, ਕਿਸ, ਕਿਸੁ, ਕਿਸੇ, ਕਿਸੀ, ਕਿਸੈ, ਕਿਸਹਿ, ਕਿਨ, ਕਿਨਿ, ਕਿਨੈ, ਕਿਨਹੂ, ਕਿਨਹਿ, ਕਾਹੂ, ਸਭ, ਸਭੁ, ਸਭਿ, ਸਭੇ, ਸਭੈ, ਸਭੋ, ਸਭਸ, ਸਭਸੁ, ਸਭਸੈ, ਸਭਦੂ, ਸਭਾ, ਸਭਨਾ, ਸਭਨੀ, ਸਭਹਿ, ਸਭਨਾਹ, ਹਭ, ਹਭੁ, ਹਭਿ, ਹਭਾ, ਹਭੇ, ਹਭੋ, ਹਭਾਹੂੰ, ਹੋਰ, ਹੋਰੁ, ਹੋਰਿ, ਹੋਰਿਓ, ਹੋਰੇ, ਹੋਰੋ, ਹੋਰਨਿ, ਹੋਰਸੁ, ਹੋਰਤੁ, ਅਵਰ, ਅਵਰੁ, ਅਵਰਿ, ਅਵਰਹ, ਅਵਰਹਿ, ਅਵਰੇ, ਅਵਰੈ, ਅਵਰੋ, ਅਉਰ, ਅਉਰੁ, ਅਉਰਨ, ਅਉਰਾ, ਅਉਰੀ, ਅਉਰੈ, ਅਉਰੋ, ਅਨੇਕ, ਅਨਿਕ, ਅਨੇਕੰ, ਅਨੇਕਹਿ, ਅਨੇਕੈ, ਅਨੇਕਾ, ਸਗਲ, ਸਗਲੇ, ਸਗਲੀ, ਸਗਲੋ, ਸਗਲੀਆ, ਇਕ, ਇਕੁ, ਇਕਿ, ਇਕਨਾ, ਇਕਾ, ਇਕੋ, ਇਕੇ, ਇਕਹੀ, ਹਿਕ, ਹਿਕੁ, ਹਿਕਿ, ਹਿਕੋ, ਹਿਕਨੀ, ਬਹੁ, ਬਹੁਤ, ਬਹੁਤੁ, ਬਹੁਤੇ, ਬਹੁਤੇਰਾ, ਬਹੁਤੇਰੇ, ਬਹੁਤੇਰੀ, ਬਹੁਤੈ, ਬਹੁਤੋ, ਜੇਤ, ਜੇਤੀ, ਜੇਤਾ, ਜੇਤੇ, ਜੇਤੋ, ਜੇਤੀਆ, ਤੇਤ, ਤੇਤਾ, ਤੇਤੀ, ਤੇਤੇ, ਤੇਤੋ, ਤੇਤੀਆ, ਏਤਾ, ਏਤੀ, ਏਤੇ, ਇਤਨਾ, ਇਤਨੀ, ਏਕ, ਏਕਿ, ਏਕੀ, ਏਕੈ, ਏਕਹਿ, ਏਕਸ, ਏਕਸੁ, ਏਕਸੇ, ਏਕਸੈ, ਇਕਸ, ਇਕਸੁ, ਇਕਸੈ, ਇਕਨਿ, ਇਕਨੈ, ਇਕਨਾ, ਇਕਨੀ, ਅਗਲਾ, ਅਗਲੇ, ਅਗਲੀ, ਅਗਲੀਆ, ਅਗਲੋ’ ਆਦਿ ਅਨਿਸ਼ਚਿਤ (Indefinite Pronoun) (ਸੰਦੇਹਪੂਰਨ) ਪੜਨਾਂਵ ਹਨ।

ਉਪਰੋਕਤ ਤਮਾਮ ਵੀਚਾਰ ਦਾ ਭਾਵ ਇਹੀ ਸੀ ਕਿ ਬੇਸ਼ੱਕ ਅਜੋਕੀ (ਆਧੁਨਿਕ) ਪੰਜਾਬੀ ਭਾਸ਼ਾ ਦੇ ਮੁਕਾਬਲੇ ਗੁਰਮੁਖੀ ਭਾਸ਼ਾ ਵਿੱਚ ਪੜਨਾਂਵ ਸ਼ਬਦ ਵਧੇਰੇ ਮਾਤ੍ਰਾ ’ਚ ਦਰਜ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕੇਵਲ ‘ਲਿੰਗ’ ਜਾਂ ‘ਵਚਨ’ ਅਨੁਸਾਰ ਸਰੂਪ ਹੀ ਥੋੜਾ ਬਹੁਤ ਭਿੰਨ ਹੁੰਦਾ ਹੈ, ਪਰ ਫਿਰ ਵੀ ‘ਨਾਂਵ’ ਸ਼ਬਦਾਂ ਦੇ ਮੁਕਾਬਲੇ ਇਹ (ਪੜਨਾਂਵ) ਤੁਛ ਮਾਤ੍ਰ ਹੀ ਹੁੰਦੇ ਹਨ।

ਧਿਆਨ ਰਹੇ ਕਿ ਹਰ ਭਾਸ਼ਾ ਵਿੱਚ ‘ਨਾਂਵ’; ਕੇਵਲ ‘ਪੜਨਾਂਵ’ ਦੇ ਮੁਕਾਬਲੇ ਹੀ ਅਣਗਿਣਤ ਨਹੀਂ ਹੁੰਦੇ ਬਲਕਿ ‘ਵਿਸ਼ੇਸ਼ਣ, ਕਿਰਿਆ ਧਾਤੂ, ਯੋਜਕ, ਵਿਸਮਿਕ’ ਆਦਿ ਸ਼ਬਦਾਂ ਦੇ ਮੁਕਾਬਲੇ ਵੀ ਬੇਸ਼ੁਮਾਰ (ਬੇਹਿਸਾਬ) ਹੁੰਦੇ ਹਨ ਇਸ ਲਈ ਗੁਰਬਾਣੀ ਵਿੱਚ ਕੇਵਲ ‘ਨਾਂਵ’ ਨੂੰ ‘‘ਅਸੰਖ ਨਾਵ, ਅਸੰਖ ਥਾਵ ॥’’ ਬਿਆਨ ਕੇ ਰੂਪਮਾਨ (ਪ੍ਰਤੱਖ) ਕੀਤਾ ਗਿਆ ਹੈ।

ਉਕਤ ਕੀਤੀ ਗਈ ਵੀਚਾਰ ਅਨੁਸਾਰ ਕਿ ਹਰ ਭਾਸ਼ਾ ਵਿੱਚ ‘ਨਾਂਵ’ ਦੇ ਮੁਕਾਬਲੇ ‘ਪੜਨਾਂਵ’ ਸ਼ਬਦਾਂ ਨੂੰ ਵਾਰ-ਵਾਰ (ਵਧੇਰੇ ਮਾਤ੍ਰਾ ’ਚ) ਦਰਜ ਕੀਤਾ ਹੋਇਆ ਹੁੰਦਾ ਹੈ। ਇਸ ਦੇ ਬਾਵਜੂਦ ਵੀ ਗੁਰਬਾਣੀ ਵਿੱਚ ‘ਪੜਨਾਂਵ’ ਸਬਦਾਂ ਦੇ ‘ਕਾਰਕ’ ਰੂਪ ਦੀ ਪਹਿਚਾਣ ਕਰਨੀ ਬੜੀ ਹੀ ਸਰਲ ਹੁੰਦੀ ਹੈ। ਇਸ ਦੇ ਦੋ ਪ੍ਰਮੁੱਖ ਕਾਰਨ ਹਨ:

(1). ‘ਪੜਨਾਂਵ’ ਸ਼ਬਦ ਦਾ ਰੂਪ (ਬਣਤਰ) ਹਰ ‘ਕਾਰਕ’ ਲਈ ਭਿੰਨ ਹੈ; ਜਿਵੇਂ: ਗੁਰਬਾਣੀ ਵਿੱਚ ‘ਹਉ’ ਸ਼ਬਦ (789 ਵਾਰ) ਕੇਵਲ ‘ਕਰਤਾ ਕਾਰਕ’ ਰੂਪ ’ਚ ਹੀ ਦਰਜ ਹੈ।, ‘ਮੈ ਤੇ’ ਜਾਂ ‘ਹਮ ਤੇ’ (9 ਵਾਰ) ਕੇਵਲ ਅਪਾਦਾਨ ਕਾਰਕ ਹੀ ਹਨ।, ‘ਮੇਰਾ, ਮੇਰੀ, ਮੇਰੇ, ਹਮਰਾ, ਅਸਾੜਾ, ਮੈਡਾ’ ਆਦਿ ਸ਼ਬਦ ਕੇਵਲ ‘ਸੰਬੰਧ ਕਾਰਕ’ ਹੀ ਹਨ, ਆਦਿ।

(2). ਪਿਛਲੇ ਲੇਖ ਵਿੱਚ ਵੀਚਾਰ ਕੀਤੀ ਗਈ ਸੀ ਕਿ ‘ਕਰਮ ਕਾਰਕ’ ਚਿੰਨ੍ਹ ‘ਨੂੰ’; ਆਪਣੇ ਇੱਕ ਵਚਨ ਪੁਲਿੰਗ ਨਾਂਵ (ਕਰਮ ਕਾਰਕ) ਨੂੰ ਅੰਤ ਮੁਕਤਾ ਨਹੀਂ ਕਰਦਾ ਜਦਕਿ ‘ਸੰਪ੍ਰਦਾਨ ਕਾਰਕ’ ਚਿੰਨ੍ਹ ‘ਨੂੰ’; ਆਪਣੇ ਇੱਕ ਵਚਨ ਪੁਲਿੰਗ ਨਾਂਵ (ਸੰਪ੍ਰਦਾਨ ਕਾਰਕ) ਨੂੰ ਅੰਤ ਮੁਕਤਾ ਕਰ ਦਿੰਦਾ ਹੈ।

ਇਸ ਨਿਯਮ ਨੂੰ ਧਿਆਨ ’ਚ ਰੱਖ ਕੇ ਇਸ ਵਾਕ ’ਚ ਦਰਜ ‘ਪੜਨਾਂਵ’ ਨੂੰ ਸਮਝਣਾ ਸਰਲ ਹੋ ਗਿਆ ਹੈ; ਜਿਵੇਂ: ‘‘ਮੋਹਿ ਮਸਕੀਨ, ਪ੍ਰਭੁ ਨਾਮੁ ਅਧਾਰੁ ॥’’ (ਮ: ੫/੬੭੬) ਭਾਵ ਇਸ ਵਾਕ ’ਚ ‘ਮੋਹਿ’ (ਮੈਨੂੰ) ਪੜਨਾਂਵ ‘ਸੰਪ੍ਰਦਾਨ ਕਾਰਕ’ ਹੈ, ਨਾ ਕਿ ‘ਕਰਮ ਕਾਰਕ’ ਕਿਉਂਕਿ ਇਸ (ਸੰਪ੍ਰਦਾਨ ਕਾਰਕ ਚਿੰਨ੍ਹ ‘ਨੂੰ’ ਲੁਪਤ) ਨੇ ‘ਮਸਕੀਨ’ ਅੰਤ ਮੁਕਤਾ ਕਰ ਦਿੱਤਾ। ਸ਼ਬਦ ਦੇ ਅਰਥ ਬਣ ਗਏ ਕਿ ‘ਮੈਨੂੰ ਮਸਕੀਨ ਨੂੰ ਰੱਬੀ ਨਾਮ ਹੀ ਆਸਰਾ ਹੈ।’ ਜਾਂ ‘ਮੇਰੇ ਮਸਕੀਨ ਲਈ ਰੱਬੀ ਨਾਮ ਹੀ ਆਸਰਾ ਹੈ।’

‘ਪੜਨਾਂਵ’ ਸ਼ਬਦਾਂ ਦੀ ਸਰਲ ਪਹਿਚਾਣ ਲਈ ਉਪਰੋਕਤ ਤਮਾਮ ‘ਪੜਨਾਂਵ’ ਸ਼ਬਦਾਂ ਨੂੰ ਤਿੰਨ ਭਾਗਾਂ (ਉੱਤਮ ਪੁਰਖ, ਮੱਧਮ ਪੁਰਖ ਤੇ ਅਨ੍ਯ ਪੁਰਖ) ’ਚ ਵੰਡ ਕੇ ਵੀਚਾਰਿਆ ਜਾਵੇਗਾ। ਗੁਰਬਾਣੀ ਵਿੱਚ ਕੁਝ ਕੁ ‘ਪੜਨਾਂਵ’ ਹੀ ਇੱਕ ਤੋਂ ਵਧੀਕ ‘ਕਾਰਕਾਂ’ ’ਚ ਸ਼ਾਮਲ ਹੁੰਦੇ ਹਨ ਤੇ ਜ਼ਿਆਦਾਤਰ ‘ਪੜਨਾਂਵ’ ਸ਼ਬਦਾਂ ਦਾ ਆਪਣੇ ‘ਕਾਰਕ’ ਅਨੁਸਾਰ, ਆਪਣਾ ਭਿੰਨ ਹੀ ਰੂਪ ਹੁੰਦਾ ਹੈ, ਜਿਨ੍ਹਾਂ ਨੂੰ ਸਮਝਣਾ ਮੁਸ਼ਕਲ ਨਹੀਂ ਹੁੰਦਾ।

(ਨੋਟ: ਧਿਆਨ ਰਹੇ ਕਿ ‘ਉੱਤਮ ਪੁਰਖ, ਮੱਧਮ ਪੁਰਖ ਤੇ ਅਨ੍ਯ ਪੁਰਖ’ ’ਚ ‘ਸੰਬੋਧਨ ਕਾਰਕ’ (ਪੜਨਾਂਵ) ਸ਼ਬਦ ਦਰਜ ਨਹੀਂ ਹਨ ਕਿਉਂਕਿ ਕੇਵਲ ‘ਨਾਂਵ’ ਨੂੰ ਹੀ ਆਵਾਜ਼ ਮਾਰੀ ਜਾ ਸਕਦੀ ਹੈ, ਨਾ ਕਿ ‘ਪੜਨਾਂਵ’ ਨੂੰ; ਤੇ ‘ਉੱਤਮ ਪੁਰਖ’ ਵਿੱਚ ਤਾਂ ‘ਕਰਣ ਕਾਰਕ’ (ਪੜਨਾਂਵ) ਵੀ ਦਰਜ ਨਹੀਂ। ਇਸ ਲਈ ਬਾਕੀ ਬਚੇ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ’ਚ ਦਰਜ ਲਗਭਗ 45 ਕੁ ਪੜਨਾਂਵ ਰੂਪ ਸ਼ਬਦਾਂ ਨੂੰ ਹੀ ਤਰਤੀਬਵਾਰ (ਕ੍ਰਮਵਾਰ) ਵੀਚਾਰਿਆ ਜਾਵੇਗਾ, ਜਿਨ੍ਹਾਂ ਵਿੱਚੋਂ ਕੇਵਲ 2 (‘ਮੈ’ 752 ਵਾਰ ਤੇ ‘ਮੋਹਿ’ 345 ਵਾਰ) ਸ਼ਬਦ ਹਰ ‘ਕਾਰਕ’ ’ਚ ਦਰਜ ਹਨ ਇਸ ਲਈ ਪਹਿਲਾਂ ਇਨ੍ਹਾਂ ਦੋਵੇਂ ਸ਼ਬਦਾਂ ਬਾਰੇ ਹੀ ਸਮਝਣਾ ਲਾਹੇਵੰਦ ਹੋਵੇਗਾ।

ਪਿੱਛੇ ਕੀਤੀ ਗਈ ਵੀਚਾਰ ਕਿ ਵਾਕ ਵਿੱਚੋਂ ‘ਕਰਤਾ ਕਾਰਕ’ ਦੀ ਪਹਿਚਾਣ ਲਈ ਕਿਰਿਆ ਨਾਲ ‘ਕੌਣ’ ਤੇ ‘ਕਿਸ ਨੇ’ ਸ਼ਬਦ ਲਗਾ ਕੇ ਪ੍ਰਸ਼ਨ ਪੈਦਾ ਕਰਨ ਉਪਰੰਤ ਜੋ ਜਵਾਬ ਮਿਲੇ ਉਹ ਵਾਕ ਦਾ ‘ਕਰਤਾ’ ਹੁੰਦਾ ਹੈ; ਜਿਵੇਂ: ‘ਰਾਮ ਪੜ੍ਹਦਾ ਹੈ।, ਉਸ ਨੇ ਚੰਗੀ ਪੜ੍ਹਾਈ ਕੀਤੀ।’, ਵਾਕਾਂ ’ਚ ‘ਕੌਣ ਪੜਦਾ ਹੈ?’ ਦਾ ਜਵਾਬ ਹੈ ‘ਰਾਮ’ ਤੇ ‘ਕਿਸ ਨੇ ਪੜ੍ਹਾਈ ਕੀਤੀ ?’, ਦਾ ਜਵਾਬ ਹੈ ‘ਉਸ ਨੇ’। ਇਨ੍ਹਾਂ ਦੋਵੇਂ ਵਾਕਾਂ ਵਿੱਚੋਂ ਜਦ ‘ਕੋਣ’ ਸ਼ਬਦ ਲਗਾ ਕੇ ਜਵਾਬ ਮਿਲੇ ਤਾਂ ਉਹ ‘ਸਾਧਾਰਨ ਰੂਪ ਕਰਤਾ ਕਾਰਕ’ ਹੁੰਦਾ ਹੈ ਭਾਵ ‘ਰਾਮ’ ਸਾਧਾਰਨ ਰੂਪ ਕਰਤਾ ਕਾਰਕ ਹੈ ਪਰ ਜਦ ‘ਕਿਸ ਨੇ’ ਸ਼ਬਦ ਲਗਾ ਕੇ ਜਵਾਬ ਮਿਲੇ ਤਾਂ ਉਹ ‘ਸੰਬੰਧਕੀ ਕਰਤਾ ਕਾਰਕ ਰੂਪ’ ਹੁੰਦਾ ਹੈ ਭਾਵ ‘ਉਸ ਨੇ’ (ਸ਼ਬਦ) ‘ਸੰਬੰਧਕੀ ਕਰਤਾ ਕਾਰਕ ਰੂਪ’ ਹੈ ਕਿਉਂਕਿ ਇਸ ਵਿੱਚੋਂ ਸੰਬੰਧਕੀ ਚਿੰਨ੍ਹ ‘ਨੇ’ ਮਿਲ ਰਿਹਾ ਹੈ। ਇਹੀ ਫ਼ਾਰਮੂਲਾ ਅਗਾਂਹ ਕੇਵਲ ‘ਕਰਤਾ ਕਾਰਕ’ ਨੂੰ ਦੋ ਭਾਗਾਂ ਵਿੱਚ ਵੰਡ ਕੇ ਵੀਚਾਰਨ ਲਈ ਲਾਭਕਾਰੀ ਹੋਵੇਗਾ।)

ਉੱਤਮ ਪੁਰਖ: ਪਰਿਭਾਸ਼ਾ-ਵਾਕ ਵਿੱਚ ਵਿਸ਼ਾ (ਗੱਲ) ਆਰੰਭ ਕਰਨ ਵਾਲਾ ‘ਉੱਤਮ ਪੁਰਖ’ ਅਖਵਾਉਂਦਾ ਹੈ।

(1). ਕਰਤਾ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ (ਕੰਮ) ਕਰਨ ਵਾਲੇ ਸ਼ਬਦ (ਨਾਂਵ ਦੀ ਗ਼ੈਰਹਾਜ਼ਰੀ ’ਚ ਇਸਤੇਮਾਲ ਕੀਤਾ ਗਿਆ ਪੜਨਾਂਵ), ਵਾਕ ਵਿੱਚ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦਾ ਹੈ; ਜਿਵੇਂ: ‘ਗੁਰਮੁਖ ਪਾਠ ਕਰਦਾ ਹੈ, ‘ਉਹ’ ਨੇਕ ਇਨਸਾਨ ਹੈ, ‘ਉਸ’ ਨੇ ਬਾਣੀ ਪੜ੍ਹੀ।’, ਵਾਕਾਂ ਵਿੱਚੋਂ ਦੂਸਰੇ ਤੇ ਤੀਸਰੇ ਵਾਕ ’ਚ ‘ਗੁਰਮੁਖ’ (ਨਾਂਵ) ਦੀ ਗ਼ੈਰਹਾਜ਼ਰੀ ’ਚ ‘ਉਹ’ (ਸਾਧਾਰਨ ਰੂਪ ਕਰਤਾ ਕਾਰਕ, ਪੜਨਾਂਵ) ਤੇ ‘ਉਸ ਨੇ’ (ਸੰਬੰਧਕੀ ਰੂਪ ਕਰਤਾ ਕਾਰਕ, ਪੜਨਾਂਵ) ਹੈ, ਜੋ ਵਾਕ ਦੇ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦੇ ਹਨ।

ਗੁਰਬਾਣੀ ਵਿੱਚ ‘ਸੰਬੰਧਕੀ ਕਰਤਾ ਕਾਰਕ-ਰੂਪ’ ਅਤੇ ‘ਸਾਧਾਰਨ ਕਰਤਾ ਕਾਰਕ-ਰੂਪ’ ਦੋਵੇਂ ਹੀ ਉਪਲੱਬਧ ਹਨ। ਪਾਠਕਾਂ ਦੀ ਸੁਵਿਧਾ ਲਈ ਗੁਰਬਾਣੀ ਦੀਆਂ ਪੰਕਤੀਆਂ ਵਧੇਰੇ ਮਾਤ੍ਰਾ ’ਚ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਬਾਕੀ ਰਹੀਆਂ ਪੰਕਤੀਆਂ ਨੂੰ ਗੁਰਬਾਣੀ ਵਿੱਚੋਂ ਪਹਿਚਾਣ ਕਰਨਾ ਆਸਾਨ ਹੋ ਜਾਵੇ; ਜਿਵੇਂ:

(ੳ)‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’:  (1). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਰੂਪ ਹੀਨ ਬੁਧਿ ਬਲ ਹੀਨੀ, ਮੋਹਿ (ਮੈ) ਪਰਦੇਸਨਿ ਦੂਰ ਤੇ ਆਈ ॥’’ (ਮ: ੫/੨੦੪)

‘‘ਪਾਇ ਲਗਉ ਮੋਹਿ (ਮੈ) ਕਰਉ ਬੇਨਤੀ, ਕੋਊ ਸੰਤੁ ਮਿਲੈ ਬਡਭਾਗੀ ॥’’ (ਮ: ੫/੨੦੪)

‘‘ਮਨੁ ਅਰਪਉ ਧਨੁ ਰਾਖਉ ਆਗੈ, ਮਨ ਕੀ ਮਤਿ ਮੋਹਿ (ਮੈ) ਸਗਲ ਤਿਆਗੀ ॥’’ (ਮ: ੫/੨੦੪)

‘‘ਮੋਹਿ (ਮੈ) ਨਿਰਗੁਨੁ, ਸਭ ਗੁਨ ਤੇਰੇ ॥’’ (ਮ: ੫/੨੦੫)

‘‘ਮੋਹਿ (ਮੈ) ਦਾਸਰੋ ਠਾਕੁਰ ਕੋ (ਦਾ)॥’’ (ਮ: ੫/੨੧੨)

‘‘ਮੋਹਿ (ਮੈ) ਅਨਾਥ, ਤੁਮਰੀ ਸਰਣਾਈ ॥’’ (ਮ: ੫/੮੦੨)

‘‘ਮੋਹਿ (ਮੈ) ਦੀਨ ਹਰਿ ਹਰਿ ਹਰਿ ਸਰਣੀ ॥’’ (ਮ: ੫/੯੧੩)

‘‘ਮੋਹਿ (ਮੈ) ਨਿਰਗੁਣ ਅਨਾਥੁ, ਸਰਣੀ ਆਇਆ ॥’’ (ਮ: ੫/੯੨੫)

‘‘ਮੋਹਿ (ਮੈ) ਅਨਾਥ ਪ੍ਰਭ ! ਤੇਰੀ ਸਰਣ ॥’’ (ਮ: ੫/੧੧੮੩)

‘‘ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ, ਸੰਤ ਪ੍ਰਸਾਦਿ ‘ਮੋਹਿ’ (ਮੈ) ਜਾਗੀ ॥’’ (ਮ: ੫/੧੨੬੭)

‘‘ਮੋਹਿ (ਮੈ) ਅਨਾਥੁ ਦਾਸੁ ਜਨੁ ਤੇਰਾ, ਅਵਰ ਓਟ ਸਗਲੀ ਮੋਹਿ (ਮੈ) ਤਿਆਗੀ ॥’’ (ਮ: ੫/੧੩੦੧) ਆਦਿ।

(2). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ‘ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਮੈ’; ਜਿਵੇਂ:

‘‘ਤੂ ਦਰੀਆਉ ਦਾਨਾ ਬੀਨਾ, ‘ਮੈ’ ਮਛੁਲੀ ਕੈਸੇ ਅੰਤੁ ਲਹਾ ॥’’ (ਮ: ੧/੨੫)

‘‘ਤਿਨ ਕੀ ਸੰਗਤਿ ਦੇਹਿ ਪ੍ਰਭ ! ‘ਮੈ’ ਜਾਚਿਕ ਕੀ ਅਰਦਾਸਿ ॥’’ (ਮ: ੪/੪੨)

‘‘ਨਾ ਹਉ, ਨਾ ‘ਮੈ’, ਨਾ ਹਉ ਹੋਵਾ; ਨਾਨਕ ! ਸਬਦੁ ਵੀਚਾਰਿ ॥’’ (ਮ: ੧/੧੩੯)

‘‘ਮੈ’’ ਬਨਜਾਰਨਿ ਰਾਮ ਕੀ ॥’’ (ਮ: ੧/੧੫੭)

‘‘ਕਹੁ ਕਬੀਰ ! ‘ਮੈ’ ਰਾਮ ਕਹਿ (ਕੇ) ਛੂਟਿਆ ॥’’ (ਭਗਤ ਕਬੀਰ/੩੨੯)

‘‘ਮੈ’’ ਰਾਮ ਨਾਮ ਧਨੁ ਲਾਦਿਆ, ਬਿਖੁ ਲਾਦੀ ਸੰਸਾਰਿ (ਨੇ)॥’’ (ਭਗਤ ਰਵਿਦਾਸ/੩੪੬) ਆਦਿ।

(ਅ) ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ– (1). ‘ਮੋਹਿ’ ਸ਼ਬਦ, ਜਿਸ ਦਾ ਅਰਥ ਹੈ ‘ਮੈ ਨੇ’; ਜਿਵੇਂ:

(ਨੋਟ: ਧਿਆਨ ਰਹੇ ਕਿ ਆਮ ਬੋਲਚਾਲ ’ਚ ‘ਮੈ’ ਸ਼ਬਦ ਨਾਲ ‘ਨੇ’ ਸ਼ਬਦ ਵਰਤੋਂ ਵਿੱਚ ਨਹੀਂ ਆਉਂਦਾ ਪਰ ‘ਨੇ’ ਲੁਪਤ ਜ਼ਰੂਰ ਹੁੰਦਾ ਹੈ।)

‘‘ਜੋ ਤੁਮ ਕਹਹੁ, ਸੋਈ ਮੋਹਿ (ਮੈ ਨੇ) ਕਰਨਾ ॥’’ (ਮ: ੫/੧੮੧)

‘‘ਗੁਰ ਕੈ ਬਚਨਿ (ਰਾਹੀਂ) ਮੋਹਿ (ਮੈ ਨੇ) ਪਰਮ ਗਤਿ ਪਾਈ॥’’ (ਮ: ੫/੨੩੯)

(ਰੱਬੀ ਨਾਮ) ‘‘ਕਲਿਮਲ ਡਾਰਨ (ਪਾਪ ਦੂਰ ਕਰਨ ਵਾਲਾ) ਮਨਹਿ (ਮਨ ਨੂੰ) ਸਧਾਰਨ (ਸਹਾਰਾ ਦੇਣ ਵਾਲਾ), ਇਹ ਆਸਰ (ਆਸਰੇ) ਮੋਹਿ (ਮੈ ਨੇ) ਤਰਨਾ ॥’’ (ਮ: ੫/੫੩੧)

(ਗੁਰੂ ਉਪਦੇਸ਼ ਰੂਪ ਹੀ) ‘‘ਪੂਜਾ ਅਰਚਾ ਸੇਵਾ ਬੰਦਨ, ਇਹੈ ਟਹਲ ਮੋਹਿ (ਮੈ ਨੇ) ਕਰਨਾ ॥’’ (ਮ: ੫/੫੩੧)

‘‘ਬਜਰ ਕੁਠਾਰੁ (ਸਖ਼ਤ ਕੁਹਾੜਾ) ਮੋਹਿ (ਮੈ ਨੇ) ਹੈ ਛੀਨਾਂ (ਖੋਹ ਲਿਆ); ਕਰਿ ਮਿੰਨਤਿ ਲਗਿ (ਕੇ, ਗੁਰੂ ਦੇ) ਪਾਵਉ ॥’’ (ਭਗਤ ਨਾਮਦੇਵ/੬੯੩)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਓਟ ਲੀਤੀ ॥’’ (ਮ: ੫/੯੧੨)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਆਧਾਰਾ ॥’’ (ਮ: ੫/੯੧੩)

‘‘ਮੋਹਿ (ਮੈ ਨੇ) ਦੀਨ (ਨੇ) ਹਰਿ ਹਰਿ ਹਰਿ ਧਿਆਇਆ ॥’’ (ਮ: ੫/੯੧੩)

‘‘ਸੋਧਉ (ਪੁੱਛਦਾ ਹਾਂ, ਕਿ), ਮੁਕਤਿ ਕਹਾ ਦੇਉ ਕੈਸੀ ? (ਗੁਰੂ) ਕਰਿ ਪ੍ਰਸਾਦੁ (ਕਿਰਪਾ ਸਦਕਾ) ਮੋਹਿ (ਮੈ ਨੇ) ਪਾਈ ਹੈ ॥’’ (ਭਗਤ ਕਬੀਰ/੧੧੦੪)

‘‘ਜਬ ਤੇ ਸਾਧਸੰਗਤਿ ਮੋਹਿ (ਮੈ ਨੇ) ਪਾਈ ॥’’ (ਮ: ੫/੧੨੯੯)

‘‘ਗੁਰ ਉਪਦੇਸੁ ਮੋਹਿ (ਮੈ ਨੇ) ਕਾਨੀ (ਕੰਨਾਂ ਰਾਹੀਂ) ਸੁਨਿਆ ॥’’ (ਮ: ੫/੧੩੪੭) ਆਦਿ।

ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ– (2). ‘ਮੈ’ ਸ਼ਬਦ, ਜਿਸ ਦਾ ਅਰਥ ਹੈ ‘ਮੈ ਨੇ’; ਜਿਵੇਂ:

‘‘ਕਹੁ ਨਾਨਕ ਮੈ (ਨੇ) ਸੋ ਗੁਰੁ ਪਾਇਆ ॥’’ (ਮ: ੫/੧੮੮)

‘‘ਮੈ (ਨੇ) ਆਪਣਾ ਗੁਰੁ ਪੂਛਿ (ਕੇ) ਦੇਖਿਆ, ਅਵਰੁ ਨਾਹੀ ਥਾਉ ॥’’ (ਮ: ੧/੧੪)

‘‘ਤੂ ਭਰਪੂਰਿ, ਜਾਨਿਆ ਮੈ (ਨੇ) ਦੂਰਿ ॥’’ (ਮ: ੧/੨੫)

‘‘ਤੇਰੈ ਭਰੋਸੈ ਪਿਆਰੇ ! ਮੈ (ਨੇ) ਲਾਡ ਲਡਾਇਆ ॥’’ (ਮ: ੫/੫੧)

‘‘ਨਿਹਤੇ (ਕਾਬੂ ਕੀਤੇ) ਪੰਜਿ ਜੁਆਨ (ਕਾਮਾਦਿਕ) ਮੈ (ਨੇ), (ਜਦ) ਗੁਰਿ (ਨੇ) ਥਾਪੀ ਦਿਤੀ ਕੰਡਿ (ਮੋਢੇ ’ਤੇ) ਜੀਉ ॥’’ (ਮ: ੫/੭੪)

‘‘ਮੈ (ਨੇ) ਹਰਿ ਹਰਿ ਖਰਚੁ, ਲਇਆ ਬੰਨਿ ਪਲੈ ॥’’ (ਮ: ੪/੯੪)

‘‘ਤੂੰ ਕਾਇਆ ਮੈ (ਨੇ) ਰੁਲਦੀ ਦੇਖੀ, ਜਿਉ (ਜਿਵੇਂ) ਧਰ (ਧਰਤੀ) ਉਪਰਿ ਛਾਰੋ (ਸੁਆਹ) ॥’’ (ਮ: ੧/੧੫੪)

‘‘ਜੈਸੋ ਗੁਰਿ (ਨੇ) ਉਪਦੇਸਿਆ, ਮੈ (ਨੇ) ਤੈਸੋ ਕਹਿਆ ਪੁਕਾਰਿ (ਕੇ) ॥’’ (ਮ: ੫/੨੧੪) ਆਦਿ।

(2). ਕਰਮ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ ਦੁਆਰਾ ਪ੍ਰਗਟਾਏ ਗਏ ਕੰਮ ਦਾ ਪ੍ਰਭਾਵ (ਅਸਰ) ਜਿਸ ਸ਼ਬਦ (ਪੜਨਾਂਵ) ਉੱਤੇ ਪਵੇ, ਵਾਕ ਵਿੱਚ ਉਹ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ: ‘ਮੈਨੂੰ ਬੁਖ਼ਾਰ ਹੈ।, ਗ਼ਰੀਬੀ ਨੇ ਮੈਨੂੰ ਬੇਚੈਨ ਕਰ ਦਿੱਤਾ।, ਰਿਕਸ਼ੇ ਨੇ ਮੈਨੂੰ ਟੱਕਰ ਮਾਰੀ।, ਮੈਨੂੰ ਘਬਰਾਹਟ ਹੋ ਰਹੀ ਹੈ।’ ਆਦਿ ਵਾਕਾਂ ਵਿੱਚ ‘ਮੈਨੂੰ’ (ਸ਼ਬਦ) ‘ਕਰਮ ਕਾਰਕ ਪੜਨਾਂਵ’ ਹੈ।

(ਨੋਟ: ਕੀ ਉਪਰੋਕਤ ਤਮਾਮ ਵਾਕਾਂ ਨੂੰ ਇਉਂ ਲਿਖਿਆ ਜਾ ਸਕਦਾ ਹੈ: ‘ਮੇਰੇ ਲਈ ਬੁਖ਼ਾਰ ਹੈ।, ਗ਼ਰੀਬੀ ਨੇ ਮੇਰੇ ਲਈ ਬੇਚੈਨ ਕਰ ਦਿੱਤਾ।, ਰਿਕਸ਼ੇ ਨੇ ਮੇਰੇ ਲਈ ਟੱਕਰ ਮਾਰੀ।, ਮੇਰੇ ਲਈ ਘਬਰਾਹਟ ਆ ਰਹੀ ਹੈ।’? ਇਸ ਦਾ ਜਵਾਬ ਹੋਵੇਗਾ ‘ਨਹੀਂ’। ਇਸ ਲਈ ਇਨ੍ਹਾਂ ਵਾਕਾਂ ਵਿੱਚ ‘ਮੈਨੂੰ’ (ਪੜਨਾਂਵ) ਸ਼ਬਦ ‘ਕਰਮ ਕਾਰਕ’ ਹੈ, ਨਾ ਕਿ ‘ਸੰਪਰਦਾਨ ਕਾਰਕ’।

‘ਮੈਨੂੰ’ ਸ਼ਬਦ ਨੂੰ ‘ਸੰਪਰਦਾਨ ਕਾਰਕ’ ਬਣਾਉਣ ਲਈ ਇਨ੍ਹਾਂ ਵਾਕਾਂ ਦਾ ਰੂਪਾਂਤਰਨ (ਰੂਪ ਪਰਿਵਰਤਨ ਦਾ ਭਾਵ) ਇਉਂ ਲਿਖਣਾ ਪਵੇਗਾ: ‘ਮੇਰੇ ਲਈ ਦਵਾਈ ਦਿਓ। (ਮੈਨੂੰ ਦਵਾਈ ਦਿਓ), ਮੇਰੇ ਲਈ ਭੋਜਨ ਲਿਆਵੋ। (ਮੈਨੂੰ ਭੋਜਨ ਲਿਆਵੋ)।, ਮੇਰੇ ਲਈ ਰਿਕਸ਼ਾ ਮੰਗਵਾ ਕੇ ਦਿਓ। (ਮੈਨੂੰ ਰਿਕਸ਼ਾ ਮੰਗਵਾ ਕੇ ਦਿਓ), ਮੇਰੇ ਲਈ ਹਵਾ ਝੱਲੋ। (ਮੈਨੂੰ ਹਵਾ ਝੱਲੋ)’ ਆਦਿ।

ਧਿਆਨ ਰਹੇ ਕਿ ਉਕਤ ਵਾਕਾਂ ’ਚ ‘ਦਵਾਈ ਲਿਆਓ, ਭੋਜਨ ਦੇਵੋ, ਰਿਕਸ਼ਾ ਕਰੋ, ਹਵਾ ਦੇਓ।’ ਸ਼ਬਦਾਂ ਰਾਹੀਂ ਕਿਸੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਕਿਸੇ ਨੂੰ ਕੋਈ ਚੀਜ ‘ਦੇਣੀ’ ਭਾਵ ‘ਬਖ਼ਸ਼ਸ਼ ਕਰਨ’ ਦਾ ਨਾਮ ਹੀ ‘ਸੰਪਰਦਾਨ’ ਹੁੰਦਾ ਹੈ।)

ਗੁਰਬਾਣੀ ਵਿੱਚ ‘ਗੁਰੂ, ਰੱਬ ਤੇ ਸੰਗਤ’ ਹਮੇਸਾਂ ਜਗਿਆਸੂ ਮਨੁੱਖ ਦੀ ਮਦਦ ਹੀ ਕਰਦੇ ਹਨ, ਇਸ ਲਈ ਉਦੋਂ ਇਹ ਤਮਾਮ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੋਣਗੇ ਜਦੋਂ ‘ਗੁਰੂ, ਰੱਬ ਜਾਂ ਸੰਗਤ’ ਵੱਲੋਂ ਕੁਝ ਦਿੱਤਾ ਜਾ ਰਿਹਾ ਹੋਵੇ ਤੇ ਬਾਕੀ ਤਮਾਮ ਸ਼ਬਦ ‘ਕਰਮ ਕਾਰਕ ਪੜਨਾਂਵ’ ਹੋਣਗੇ; ਜਿਵੇਂ:

(1). ਗੁਰਬਾਣੀ ਵਿੱਚ ‘ਮੋਹਿ’ ਸ਼ਬਦ 345 ਵਾਰ ਦਰਜ ਹੈ, ਜਿਸ ਵਿੱਚੋਂ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਨਾਨਕ ! ਉਨ ਸੰਗਿ ਮੋਹਿ (ਮੈਨੂੰ) ਉਧਾਰੋ ॥’’ (ਮ: ੫/੨੬੨)

‘‘ਮੋਹਿ (ਮੈਨੂੰ) ਨ ਬਿਸਾਰਹੁ, ਮੈ ਜਨੁ ਤੇਰਾ ॥’’ (ਭਗਤ ਰਵਿਦਾਸ/੩੪੫)

‘‘ਕਰਿ ਕਿਰਪਾ ਮੋਹਿ (ਮੈਨੂੰ) ਮਾਰਗਿ (ਉੱਤੇ) ਪਾਵਹੁ ॥’’ (ਮ: ੫/੮੦੧)

‘‘ਨਾਨਕ ਕੇ ਪ੍ਰਭ ! ਤੁਮ ਹੀ ਦਾਤੇ, ਸੰਤਸੰਗਿ ਲੇ ਮੋਹਿ (ਮੈਨੂੰ) ਉਧਰਹੁ ॥’’ (ਮ: ੫/੮੨੮)

‘‘ਜਹਾ ਜਹਾ ਧੂਅ ਨਾਰਦੁ ਟੇਕੇ (ਟਿਕਾਏ), (ਓਥੇ ਹੀ) ਨੈਕੁ (ਸਦਾ) ਟਿਕਾਵਹੁ ਮੋਹਿ ((ਮੈਨੂੰ)॥’’ (ਭਗਤ ਨਾਮਦੇਵ/੮੭੩)

‘‘ਕਰਿ ਦਇਆ, ਮਿਲਾਵਹੁ ਤਿਸਹਿ (ਉਸ ਨਾਲ) ਮੋਹਿ (ਮੈਨੂੰ)॥’’ (ਮ: ੫/੧੧੮੧)

‘‘ਮੋਹਿ (ਮੈਨੂੰ) ਕਿਰਪਨ ਕਉ ਕੋਇ ਨ ਜਾਨਤ, (ਪਰ ਹੁਣ) ਸਗਲ ਭਵਨ ਪ੍ਰਗਟਈ ॥’’ (ਮ: ੫/੪੦੨)

‘‘ਕਹਿ ਕਬੀਰ ! ਮੋਹਿ (ਮੈਨੂੰ) ਬਿਆਹਿ (ਕੇ) ਚਲੇ ਹੈ, ਪੁਰਖ ਏਕ ਭਗਵਾਨਾ ॥’’ (ਭਗਤ ਕਬੀਰ/੪੮੨)

‘‘ਮੋਹਿ (ਮੈਨੂੰ) ਨਿਸਤਾਰਹੁ, ਨਿਰਗੁਨੀ (ਨੂੰ) ॥’’ (ਮ: ੫/੧੧੮੬)

‘‘ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ (ਮੈਨੂੰ ਵੀ) ਤਾਰੈ ॥’’ (ਮ: ੫/੧੩੦੧) ਆਦਿ।

(2). ਗੁਰਬਾਣੀ ਵਿੱਚ ‘ਮੈ’ ਸ਼ਬਦ 652 ਵਾਰ ਦਰਜ ਹੈ, ਜਿਸ ਵਿੱਚੋਂ ‘ਕਰਮ ਕਾਰਕ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੈਨੂੰ’; ਜਿਵੇਂ:

‘‘ਦੇਹੁ ਦਰਸੁ ਸੁਖਦਾਤਿਆ ! ਮੈ (ਮੈਨੂੰ, ਆਪਣੇ) ਗਲ ਵਿਚਿ ਲੈਹੁ ਮਿਲਾਇ ਜੀਉ ॥’’ (ਮ: ੫/੭੪)

‘‘ਆਵਹੁ ਸੰਤ! ਮੈ (ਮੈਨੂੰ, ਆਪਣੇ) ਗਲਿ (ਨਾਲ) ਮੇਲਾਈਐ ॥’’ (ਮ: ੪/੯੫)

ਮੈ (ਮੈਨੂੰ) ਸਦਾ ਰਾਵੇ ਪਿਰੁ ਆਪਣਾ, ਸਚੜੈ ਸਬਦਿ (ਰਾਹੀਂ) ਵੀਚਾਰੇ (ਕੇ)॥ (ਮ: ੩/੫੮੪) ਆਦਿ।

(3). ਕਰਣ ਕਾਰਕ ਪੜਨਾਂਵ: ਇਸ ਸ਼ਬਦ ਦਾ ਕਾਰਕ ਚਿੰਨ੍ਹ ਹੁੰਦਾ ਹੈ ‘ਨਾਲ, ਰਾਹੀਂ, ਦੁਆਰਾ, ਕਰਕੇ’ ਆਦਿ, ਜੋ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਗੁਰਬਾਣੀ ਵਿੱਚ ਦਰਜ ਨਹੀਂ ਹੈ।