ਸਿੱਖ ਮਿਸ਼ਨਰੀ ਪ੍ਰਚਾਰਕਾਂ ’ਤੇ ਹੁੰਦੇ ਹਮਲੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਧਾਰੀ ਚੁੱਪੀ ਸੰਦੇਹਜਨਕ

0
482

ਸਿੱਖ ਮਿਸ਼ਨਰੀ ਪ੍ਰਚਾਰਕਾਂ ’ਤੇ ਹੁੰਦੇ ਹਮਲੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਧਾਰੀ ਚੁੱਪੀ ਸੰਦੇਹਜਨਕ

ਗਿਆਨੀ ਅਵਤਾਰ ਸਿੰਘ-98140-35202

ਮਿਤੀ 7-5-2018 ਨੂੰ ਇੰਗਲੈਂਡ ਵਿਖੇ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਵਿੱਚ ਗਿਆਨੀ ਅਮਰੀਕ ਸਿੰਘ ਜੀ ਦੀ ਗੁਰੂ ਦਰਬਾਰ ਹਾਲ ਵਿੱਚ ਦਸਤਾਰ ਉਤਾਰੀ ਗਈ ਅਤੇ ਸਰੀਰਕ ਤੌਰ ’ਤੇ ਕਈ ਗੁੱਝੀਆਂ ਸੱਟਾਂ ਵੀ ਮਾਰੀਆਂ ਗਈਆਂ, ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ (ਗਿਆਨੀ ਗੁਰਬਚਨ ਸਿੰਘ ਜੀ) ਵੱਲੋਂ ਮਿਤੀ 12-5-2018 ਨੂੰ ਇਹ ਬਿਆਨ ਦੇਣਾ ਕਿ ਗੁਰਮਤਿ ਪ੍ਰਚਾਰਕ 1984 ਤੋਂ ਬਾਅਦ ਗੁਰੂ ਸਿਧਾਂਤ ਅਤੇ ਗੁਰੂ/ਸਿੱਖ ਇਤਿਹਾਸ ਉੱਤੇ ਕਿੰਤੂ-ਪਰੰਤੂ ਕਰ ਕੇ ਸੰਗਤਾਂ ਨੂੰ ਦੁਬਿਧਾ ਵਿੱਚ ਨਾ ਪਾਉਣ, ਨਹੀਂ ਤਾਂ ਸੰਗਤਾਂ ਦੇ ਵਿਰੋਧ ਦੇ ਖ਼ੁਦ ਜ਼ਿੰਮੇਵਾਰ ਹੋਣਗੇ, ਮੰਦਭਾਗਾ ਬਿਆਨ ਹੈ, ਜੋ ਕਈ ਸਵਾਲ ਪੈਦਾ ਕਰਦਾ ਹੈ।  ਸੰਗਤਾਂ ਨੂੰ ਪ੍ਰਚਾਰਕ ਟਕਰਾਅ ਅਤੇ ਹੁਕਮਨਾਮਿਆਂ ਦੇ ਪਿਛੋਕੜ ਬਾਰੇ ਜਾਣਨਾ ਅਤਿ ਜ਼ਰੂਰੀ ਹੈ, ਇਸੇ ਨੂੰ ਹੀ ਲੇਖ ਦਾ ਵਿਸ਼ਾ ਚੁਣਿਆ ਗਿਆ ਹੈ।

ਹਰ ਕੌਮ, ਆਪਣੇ ਵਿਰਸੇ ਨੂੰ ਕੌਮੀ ਸਿਧਾਂਤ ਅਤੇ ਉਸ ਉੱਤੇ ਪਹਿਰਾ ਦੇਣ ਵਾਲੇ ਮੁਰੀਦਾਂ (ਪੈਰੋਕਾਰਾਂ) ਦੁਆਰਾ ਸਿਰਜੇ ਗਏ ਇਤਿਹਾਸ ਨੂੰ ਸਾਹਮਣੇ ਰੱਖ ਮਾਣ ਮਹਿਸੂਸ ਕਰਦੀ ਹੈ, ਉਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਸਾਲ ਇਤਿਹਾਸਕ ਦਿਹਾੜੇ ਨਿਰਧਾਰਿਤ ਕਰਦੀ ਹੈ ਤਾਂ ਜੋ ਪੀੜ੍ਹੀ-ਦਰ-ਪੀੜ੍ਹੀ (ਪੁਸ਼ਤ-ਦਰ-ਪੁਸ਼ਤ) ਗੁਰੂ ਸਾਹਿਬਾਨ ਦੁਆਰਾ ਪੇਸ਼ ਕੀਤੀ ਆਦਰਸ਼ ਜੀਵਨਸ਼ੈਲੀ ਨੂੰ ਮਿਸਾਲ ਵਜੋਂ ਸਮਾਜ ਨਾਲ਼ ਸਾਂਝਾ ਕੀਤਾ ਜਾ ਸਕੇ । 

ਜੋ ਇਤਿਹਾਸ; ਕੌਮੀ ਸਿਧਾਂਤ ’ਤੇ ਨਾ ਢੁਕੇ, ਉਹ ਮਿਸਾਲ ਵਜੋਂ ਵਰਤੇ ਜਾਣ ਦੇ ਬਾਵਜੂਦ ਵੀ ਆਪਣੇ ਕੌਮੀ ਸਿਧਾਂਤ (ਗੁਰਬਾਣੀ ਦੇ ਇੱਕ ਤੋਂ ਵੱਧ ਰਾਇ ਰੱਖਣ ਵਾਲ਼ੇ ਵਿਸ਼ੇ) ਨੂੰ ਸਪਸ਼ਟ ਨਹੀਂ ਕਰ ਸਕਦਾ ਭਾਵੇਂ ਕੋਈ ਗੁਰਮਤਿ ਪ੍ਰਚਾਰਕ ਕਿੰਨੀਆਂ ਵੀ ਦਲੀਲਾਂ ਦੇਵੇ ।  ਸੰਗਤਾਂ ਸ਼ਰਧਾਵਸ ਅਜਿਹੇ ਵਿਰੋਧਾਭਾਸ ਵਿਚਾਰ ਸੁਣ ਕੇ ਆਮ ਰਾਇ ਬਣਾਉਣ ’ਚ ਵਿਫਲ ਰਹਿ ਜਾਂਦੀਆਂ ਹਨ; ਜਿਵੇਂ ਕਿ ਨਿਰੰਤਰ ਪਾਠ ਕਰਨ ਅਤੇ ਗੁਰਮਤਿ ਵਿਚਾਰਾਂ ਸੁਣਨ ਦੇ ਬਾਵਜੂਦ ਵੀ ਕੱਚੀ-ਪੱਕੀ ਬਾਣੀ ਦਾ ਅੰਤਰ, ਨਾਮ ਕੀ ਹੈ ਤੇ ਕਿਵੇਂ ਜਪੀਏ, ਸਿਮਰਨ ਕਿਵੇਂ ਕਰੀਏ, ਮੂਲ ਮੰਤਰ ਕਿੱਥੋਂ ਤੱਕ ਹੈ, ਨਿਤਨੇਮ ਦੀਆਂ ਕਿਹੜੀਆਂ-ਕਿਹੜੀਆਂ ਬਾਣੀਆਂ ਹਨ, ਰਹਰਾਸਿ ਕਿੰਨੀ ਲੰਮੀ ਜਾਂ ਕਿੰਨੀ ਸੰਖੇਪ ’ਚ ਹੈ, ਗੁਰੂ ਗ੍ਰੰਥ ਸਾਹਿਬ ’ਚ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ, ਰਾਗਮਾਲਾ ਬਾਣੀ ਹੈ ਜਾਂ ਨਹੀਂ, ਮਾਸ ਖਾਣਾ ਗ਼ਲਤ ਹੈ ਜਾਂ ਨਹੀਂ, ਆਦਿ ਵਿਸ਼ੇ ਸੰਗਤਾਂ ਲਈ ਅੱਜ ਵੀ ਵਿਵਾਦਤ ਬਣੇ ਹੋਏ ਹਨ।

ਗੁਰਮਤਿ ਸਿਧਾਂਤ ਕਿਸੇ ਇੱਕ ਵਿਸ਼ੇਸ਼ ਵਰਗ ਲਈ ਨਹੀਂ ਸਿਰਜਿਆ ਗਿਆ ਬਲਕਿ ਇਸ ਦਾ ਸਕਾਰਾਤਮਕ ਦਾਇਰਾ ਮਾਨਵਤਾ ਲਈ ਸਰਬ ਸਾਂਝਾ, ਸਰਬ ਕਾਲੀ ਹੈ, ਜੋ ਸਮਾਜ ਦੇ ਹਰ ਵਰਗ ਨੂੰ ਏਕਤਾ, ਸਮਾਨਤਾ, ਇਨਸਾਫ਼ ਤੇ ਸੁਤੰਤਰਤਾ ਬਖ਼ਸ਼ਦਾ ਹੈ, ਇਸ ਲਈ ਗੁਰਮਤਿ ਦੇ ਪ੍ਰਚਾਰਕਾਂ ਦਾ ਖ਼ੁਦ ਵੀ ਗੁਰੂ ਸਾਹਿਬਾਨ ਵਾਙ ਵਿਸ਼ਾਲ ਹਿਰਦੇ ਦਾ ਮਾਲਕ ਹੋਣਾ ਮੁੱਢਲੀ ਸ਼ਰਤ ਹੈ, ਤਾਂ ਜੋ ਇਸ ਦੀ ਵਿਚਾਰ ਕਰਦਿਆਂ ਈਰਖਾ, ਨਫ਼ਰਤ, ਆਦਿ ਬਦਬੋ ਨਾ ਆਵੇ।

ਉਕਤ ਰੂਹਾਨੀਅਤ ਫ਼ਰਜ਼; ਗੁਰੂ ਕਾਲ ਦੌਰਾਨ ਬੜੀ ਜ਼ਿੰਮੇਵਾਰੀ ਨਾਲ਼ ਨਿਭਾਇਆ ਜਾਂਦਾ ਰਿਹਾ ਸੀ ਕਿਉਂਕਿ ਤਦ ਹਰ ਗੁਰਸਿੱਖ, ਪ੍ਰਚਾਰਕ ਜਾਂ ਮਸੰਦ, ਗੁਰੂ ਦੇ ਭੈ-ਅਦਬ ’ਚ ਰਹਿੰਦਾ ਸੀ ਤੇ ਗ਼ਲਤੀ ਕਰਨ ਉਪਰੰਤ ਸਜ਼ਾ ਮਿਲਦੀ ਸੀ।  ਮਿਸਾਲ ਵਜੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਗੁਰਸਿੱਖ, ਜੋ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ (ਜਾਂ) ਜਾਣੈ ਗੁਰੁ ਸੂਰਾ ॥’’ (ਰਾਮਕਲੀ ਓਅੰਕਾਰ/ਮ: ੧/੯੩੦) ਨੂੰ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੇ (ਕੀ) ਜਾਣੈ ਗੁਰੁ ਸੂਰਾ ॥’’ ਪੜ੍ਹਦਿਆਂ ਸੁਚੇਤ ਕੀਤਾ ਗਿਆ ਅਤੇ ਡੇਹਰਾਦੂਨ (ਦੇਹਰਾਦੂਨ, ਉਤਰਾਖੰਡ) ਵਿਖੇ ਮਸੰਦਾਂ ਨੂੰ ਸੋਧਾ ਲਾਇਆ ਤੇ ਅਗਾਂਹ ਲਈ ਸਿੱਖ ਸਮਾਜ ’ਚ ਮਸੰਦ ਪ੍ਰਥਾ ਸਦਾ ਲਈ ਖ਼ਤਮ ਕਰ ਦਿੱਤੀ ਗਈ ਸੀ।

ਗੁਰਮਤ ਵਿੱਚ ਕਰਮਕਾਂਡ ਲਈ ਕੋਈ ਜਗ੍ਹਾ ਨਹੀਂ, ਇਸ ਦੇ ਬਾਵਜੂਦ ਅਨਮਤ ਦੇ ਕਰਮਕਾਂਡ ’ਤੇ ਗਹਿਰੀ (ਤਰਕ ਸੰਗਤ) ਚੋਟ ਵੀ ਕੀਤੀ ਗਈ ਹੈ, ਇਸ ਲਈ ਜਿਸ ਹਿੰਦੂ ਧਰਮ (ਸਨਾਤਨ ਮਤ) ਲਈ ਕਰਮਕਾਂਡ ਬੜੇ ਜ਼ਰੂਰੀ ਹਨ, ਉਸ ਦੇ ਪੈਰੋਕਾਰ (ਬ੍ਰਾਹਮਣ) ਸਦਾ ਤੋਂ ਹੀ ਗੁਰੂ ਘਰ ਪ੍ਰਤੀ ਸਦਾਚਾਰੀ ਨਹੀਂ ਰਹੇ ਤੇ ਲੁਕਵੇਂ ਰੂਪ ਵਿੱਚ ਪ੍ਰਚਾਰਕ ਬਣ ਜਾਂ ਸਿੱਖ ਪ੍ਰਚਾਰਕਾਂ (ਪੂਜਾਰੀਆਂ) ਨੂੰ ਲਾਲਚ ਦੇ ਕੇ ਆਪਣੀ ਸੰਕੀਰਨਤਾ (ਸੌੜੇਪਣ) ਜ਼ਾਹਰ ਕਰਦੇ ਰਹੇ ਹਨ ਭਾਵ ਗੁਰੂ ਘਰ ’ਤੇ ਹਮਲੇ ਕਰਦੇ ਰਹੇ ਹਨ।  ਗੁਰੂ ਸਾਹਿਬਾਨ ਸਮੇਂ ਇਹ ਤੰਗ-ਦਿਲੀ ਪਹਾੜੀ ਰਾਜਿਆਂ (ਬ੍ਰਾਹਮਣ ਨੂੰ ਗੁਰੂ ਮੰਨਣ ਵਾਲ਼ੇ) ਪਾਸ ਸੀ, ਜਿਨ੍ਹਾਂ ਗੁਰੂ ਸਾਹਿਬ ਉੱਤੇ ਕਈ ਹਮਲੇ ਕੀਤੇ ਅਤੇ ਅੰਗ੍ਰੇਜ਼ ਰਾਜ ’ਚ ਮੌਕਾਪ੍ਰਸਤ ਪੂਜਾਰੀ ਵੀ ਤੰਗ-ਦਿਲ ਬਣ ਗਏ, ਜਿਨ੍ਹਾਂ ਅੰਗ੍ਰੇਜ਼ਾਂ ਦੀ ਕਠਪੁਤਲੀ ਬਣ ਸਿੱਖ ਸੰਗਤ ’ਤੇ ਜ਼ੁਲਮ ਕੀਤੇ, ਮਿਸਾਲ ਵਜੋਂ ‘ਸਾਕਾ ਨਨਕਾਣਾ ਸਾਹਿਬ’ ਵਾਪਰਿਆ।

ਅੱਜ ਅਗਰ ਕਿਸੇ ਗੁਰਸਿੱਖ ਅਖਵਾਉਣ ਵਾਲ਼ੇ ਨੂੰ ਉਕਤ ਸਮਝ ਨਹੀਂ ਤਾਂ ਸਮਝੋ ਕਿ ਅਜੇ ‘ਸਬਦੁ-ਸੁਰਤਿ’ ਮਿਲਾਪ ਤੋਂ ਸੱਖਣਾ ਹੈ ਤੇ ਆਪਣਾ ਕੌਮੀ ਫ਼ਰਜ਼ ਨਿਭਾਉਣ ’ਚ ਨਾਕਾਮ ਰਹੇਗਾ ਭਾਵੇਂ ਕਿ ਦੋਵੇਂ ਵਕਤ ਅਰਦਾਸ ਰਾਹੀਂ ਉਨ੍ਹਾਂ ਸਿੰਘਾਂ-ਸ਼ਹੀਦਾਂ ਨੂੰ ਯਾਦ ਵੀ ਕਰਦਾ ਹੈ, ਜਿਨ੍ਹਾਂ ਆਪਣਾ ਕੌਮੀ ਫ਼ਰਜ਼ ਨਿਭਾਇਆ ਸੀ, ਇਸ ਫ਼ਰਜ਼ ਲਈ ਹਰ ਇੱਕ ਗੁਰਸਿੱਖ ਨੂੰ ਤਿਆਰ ਬਰ ਤਿਆਰ ਰਹਿਣ ਲਈ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪ ਕੀਰਤਨ ਕਰਨ ਦੀ ਹਦਾਇਤ ਜਾਰੀ ਕੀਤੀ ਸੀ ਤਾਂ ਜੋ ਗੁਰੂ ਘਰ ’ਚ ਕਿਸੇ ਪ੍ਰਚਾਰਕ, ਰਾਗੀ, ਆਦਿ ’ਤੇ ਨਿਰਭਰ ਨਾ ਰਹਿਣਾ ਪਵੇ।

ਅਜੋਕੇ ਗੁਰਮਤਿ ਪ੍ਰਚਾਰਕਾਂ ਦਾ ਵਿਚਾਰਕ ਟਕਰਾਅ ਸ਼ੁਰੂ ਹੋਣ ਦਾ ਮੂਲ ਕਾਰਨ, ‘ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ (10 ਜੂਨ 1716) ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਥਾਪਤ ਕਰਨ (11 ਅਪਰੈਲ 1801 ਈ.) ਤੱਕ ਲਗਭਗ 85 ਸਾਲ ਸਿੱਖ ਜਾਂ ਤਾਂ ਜੰਗਲਾਂ ਵਿੱਚ ਰਹੇ ਅਤੇ ਜਾਂ ਆਪਸ ਵਿੱਚ ਹੀ ਇਲਾਕੇ ਉੱਤੇ ਵਧੇਰੇ ਕਬਜ਼ਾ ਕਰਨ ਲਈ ਲੜਦੇ ਰਹੇ।  ਇਸ ਸਮੇਂ ਦੌਰਾਨ ਗੁਰੂ ਘਰਾਂ ਦੀ ਸੇਵਾ ਸੰਭਾਲ਼ ਲਈ ਨਿਰਮਲੇ ਸਹਿਜਧਾਰੀ ਪਰਿਵਾਰ ਹੀ ਵਧੇਰੇ ਰਹੇ ਸਨ, ਜਿਨ੍ਹਾਂ ਤੋਂ ਸਮਕਾਲੀ ਸਰਕਾਰਾਂ ਨੂੰ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਗੁਰਬਾਣੀ ਦੇ ਗੂੜ੍ਹਮਈ ਰਹੱਸ ਤੋਂ ਇਹ ਲੋਕ ਬਹੁਤੇ ਵਾਕਫ਼ ਨਹੀਂ ਸਨ। ਇਸ ਸਮੇਂ ਦਾ ਫ਼ਾਇਦਾ ਉਠਾਉਂਦਿਆਂ ਵਿਦਿਆ ਵਿੱਚ ਨਿਪੁੰਨ ਬ੍ਰਾਹਮਣ ਨੇ ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਵਿਗਾੜਨ ’ਚ ਆਪਣਾ ਅਹਿਮ ਯੋਗਦਾਨ ਪਾਇਆ, ਜਿਸ ਲਈ ਉਸ ਨੇ ਦੋ ਨੁਕਤੇ ਅਪਣਾਏ (ੳ). ਆਪ ਲਿਖਾਰੀ ਬਣ ਕੇ ਗੁਰਮਤ ਦੀ ਵਿਲੱਖਣਤਾ ’ਚ ਖ਼ਾਸ-ਖ਼ਾਸ ਜਗ੍ਹਾ ਆਪਣੀ ਮਜ਼੍ਹਬੀ ਵਿਚਾਰਧਾਰਾ ਰਲ਼ਗੱਡ ਕੀਤੀ (ਅ). ਆਪਣੇ ਸਰਕਾਰੀ ਰਸੂਖ਼ (ਅਹੁਦੇ) ਨਾਲ਼ ਸਿੱਖ ਲਿਖਾਰੀਆਂ ਉੱਤੇ ਦਬਾਅ (ਲਾਲਚ ਤੇ ਡਰ) ਬਣਾ ਕੇ ਆਪਣਾ ਮਕਸਦ ਪੂਰਾ ਕਰਵਾਇਆ।

ਬ੍ਰਾਹਮਣ ਇਸ ਕੰਮ ਲਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਤਰਲੋਮੱਛੀ ਹੁੰਦਾ ਆ ਰਿਹਾ ਸੀ, ਜਿਸ ਦਾ ਨਤੀਜਾ ਇਹ ਹੋਇਆ ਕਿ ‘ਗੁਰੂ ਨਾਨਕ ਦੇਵ ਜੀ ਦੀ ਮੰਨੀ ਜਾਂਦੀ ਜੀਵਨੀ (ਬਾਲਾ ਸਾਖੀ), ਗੁਰ ਬਿਲਾਸ ਪਾਤਿਸ਼ਾਹੀ ਛੇਵੀਂ, ਦਸਮ ਗ੍ਰੰਥ, ਗੁਰ ਪ੍ਰਤਾਪ ਸੂਰਜ ਗ੍ਰੰਥ’ ਆਦਿ ਲਿਖਤਾਂ ’ਚ ਬਹੁਤ ਕੁਝ ਵਿਰੋਧਾਭਾਸ ਦਰਜ ਹੋ ਗਿਆ, ਜਿੱਥੋਂ ਅਜੋਕੇ ਸਿੱਖ ਪ੍ਰਚਾਰਕਾਂ ਦਾ ਵਿਵਾਦ ਵਧਿਆ।  ਮਿਸਾਲ ਵਜੋਂ ਲੇਖਕ ਗਿਆਨੀ ਗਿਆਨ ਸਿੰਘ; ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ, ਜੋ ਕਿ 11 ਹਾਡ਼, 10 ਜੂਨ 1716 ਈ. ’ਚ ਦਿੱਲੀ ਵਿਖੇ ਤਸੀਹੇ ਸਹਾਰ ਕੇ ਹੋਈ ਸੀ, ਨੂੰ ਨਹੀਂ ਮੰਨਦੇ ਤੇ ਉਨ੍ਹਾਂ ਅਨੁਸਾਰ ਸੰਨ 1741 ਵਿੱਚ ਬਾਬਾ ਜੀ ਇੱਕ ਆਮ ਮੌਤ ਮਰੇ ਸਨ।

ਮਹਾਰਾਜਾ ਰਣਜੀਤ ਸਿੰਘ ਨੂੰ ਜੰਮੂ ਦੇ ਡੋਗਰਿਆਂ ਰਾਹੀਂ ਬ੍ਰਾਹਮਣਾਂ ਨੇ ਚਾਰੋਂ ਤਰਫ਼ ਘੇਰਿਆ ਹੋਇਆ ਸੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗੁਰਦੁਆਰੇ ਉਸਾਰਨ ਲਈ ਵਧੇਰੇ ਸਲਾਹ ਦਿੱਤੀ, ਜਿਸ ਕਾਰਨ ਗੁਰਮਤਿ ਅਨੁਸਾਰੀ ਇਤਿਹਾਸ ਨਾ ਸੰਭਾਲਿਆ ਜਾ ਸਕਿਆ।  ਸਿੱਖ ਰਾਜ ਦੀ ਸਮਾਪਤੀ (ਸੰਨ 1849 ਈਸਵੀ) ਤੋਂ ਬਾਅਦ, ਪੰਜਾਬ ’ਚ ਵੀ ਅੰਗਰੇਜ਼ ਰਾਜ ਸਥਾਪਤ ਹੋ ਗਿਆ ਤੇ ਸਿੱਖ, ਇੰਨੇ ਨਿਰਾਸ ਹੋਏ ਕਿ ਉਹ ਅਗਲੇ 71 ਸਾਲ (1849-1920) ਤੱਕ ਗ੍ਰਹਿਸਤੀ ਜੀਵਨ ਦੇ ਫ਼ਰਜ਼ ਨਿਭਾਉਣ ਤੱਕ ਹੀ ਗੁਰਬਾਣੀ ਦੀ ਟੇਕ ਲੈਂਦੇ ਰਹੇ ।

ਬਾਬਾ ਦੀਪ ਸਿੰਘ ਜੀ, ਜੋ ਮੁਗ਼ਲ ਫ਼ੌਜਾਂ ਨਾਲ਼ ਲੜਦੇ 30 ਕੱਤਕ, 11 ਨਵੰਬਰ 1757 ਈਸਵੀ ਨੂੰ ਸ਼ਹੀਦ ਹੋਏ, ਦੀ ਮਿਸਲ ਦਾ ਡੇਰਾ ਦਮਦਮਾ ਸਾਹਿਬ (ਤਲਵੰਡੀ ਸਾਬੋ) ਸੀ, ਬਾਬਾ ਜੀ ਨੂੰ ਦਰਬਾਰ ਸਾਹਿਬ ਅਤੇ ਸਰੋਵਰ ਦੀ ਬੇਅਦਬੀ ਦੀ ਖ਼ਬਰ ਵੀ ਬਹੁਤ ਬਾਅਦ ’ਚ ਮਿਲੀ ਸੀ।  ਭਾਈ ਮਨੀ ਸਿੰਘ ਜੀ ਦੀ ਸ਼ਹੀਦੀ (25 ਹਾਡ਼, 24 ਜੂਨ 1734 ਈ.) ਤੋਂ ਲੈ ਕੇ 12 ਅਕਤੂਬਰ 1920 ਈਸਵੀ ਤੱਕ (ਲਗਭਗ 186 ਸਾਲ) ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਜ਼ਿਆਦਾਤਰ ਨਿਰਮਲੀ ਸੋਚ ਕਾਬਜ਼ ਰਹੀ ਤੇ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ (ਲਿਖਾਰੀ ਰਹਿਤ ਕਿਤਾਬ) ਦੀ ਕਥਾ ਹੁੰਦੀ, ਬਾਰੇ ਕਿਹਾ ਜਾਂਦਾ ਹੈ, ਜਿਸ ਵਿੱਚ ਬਹੁਤ ਕੁਝ ਗੁਰਮਤਿ ਵਿਰੋਧੀ ਦਰਜ ਹੈ, ਅਜਿਹਾ ਲਿਖਣ ਤੋਂ ਭਾਵ ਅਜੋਕੇ ਪ੍ਰਚਾਰਕਾਂ ਦੇ ਵਿਚਾਰਕ ਵਿਵਾਦ ਨੂੰ ਸਮਝਣਾ ਹੈ।

20ਵੀਂ ਸਦੀ ਦੇ ਆਰੰਭ ਤੱਕ ਦਰਬਾਰ ਸਾਹਿਬ ਉੱਤੇ ਲਗਭਗ ਬ੍ਰਾਹਮਣ ਕਾਬਜ਼ ਹੋ ਚੁੱਕੇ ਸਨ, ਜਿਨ੍ਹਾਂ ਨੇ ਇਹ ਪ੍ਰਚਾਰਿਆ ਕਿ ਦਰਬਾਰ ਸਾਹਿਬ (ਸਰੋਵਰ), ਸਿੱਖ ਗੁਰੂ ਸਾਹਿਬਾਨ ਦੁਆਰਾ ਬਣਾਇਆ ਹੋਇਆ ਨਹੀਂ ਬਲਕਿ ਇਹ ਤਾਂ ਰਾਮ ਦੇ ਜ਼ਮਾਨੇ ਦਾ ਬ੍ਰਹਮ ਕੁੰਡ ਹੈ, ਜਿਸ ਵਿੱਚ ਕਾਂ ਟੁੰਬੀ ਮਾਰ ਕੇ ਹੰਸ ਬਣਦੇ ਰਹੇ ਹਨ।  ਉਸ ਸਮੇਂ ਦਰਬਾਰ ਸਾਹਿਬ ਵਿੱਚ ਦੇਵੀ ਦੀਆਂ ਮੂਰਤੀਆਂ ਵੀ ਬਣ ਚੁੱਕੀਆਂ ਸਨ, ਆਦਿ।

10 ਅਕਤੂਬਰ 1920 ਈਸਵੀ ਨੂੰ ਜਦ ਅਖੌਤੀ-ਪਛੜੀਆਂ ਜਾਤਾਂ ਦਾ ਪ੍ਰਸ਼ਾਦ ਦਰਬਾਰ ਸਾਹਿਬ ਵਿਖੇ ਬ੍ਰਾਹਮਣ (ਉੱਚ ਜਾਤ ਅਭਿਮਾਨੀ) ਪੁਜਾਰੀਆਂ ਦੁਆਰਾ ਕਬੂਲ ਕਰਨ ਤੋਂ ਮਨ੍ਹਾ ਕੀਤਾ ਗਿਆ ਤਾਂ ਸੁੰਦਰ ਸਿੰਘ ਮਜੀਠੀਆ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ, ਮੰਗਲ ਸਿੰਘ ਮਾਨ, ਬਹਾਦਰ ਸਿੰਘ ਹਕੀਮ ਆਦਿ ਸਿੱਖ ਆਗੂਆਂ ਨੇ ਸੁੱਤੀ ਪਈ ਕੌਮ ਨੂੰ ਜਗਾਇਆ ਅਤੇ ਪੰਥਕ ਸ਼ਕਤੀ ਰਾਹੀਂ ਮਤੇ ਪਾਸ ਕਰ 12 ਅਕਤੂਬਰ 1920 ਨੂੰ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ਼ ਆਪਣੇ ਹੱਥ ਲੈ ਲਈ।  ਮਿਤੀ 15-16 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਗਿਆ ਅਤੇ ਸਾਰੇ ਧਾਰਮਿਕ ਅਦਾਰਿਆਂ (ਗੁਰੂ ਘਰਾਂ) ਨੂੰ ਆਜ਼ਾਦ ਕਰਵਾਉਣ ਲਈ ਮੋਰਚੇ ਲਗਾਉਣੇ ਸ਼ੁਰੂ ਕੀਤੇ ਗਏ; ਜਿਵੇਂ ਕਿ 20 ਫ਼ਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਵਾਪਰਿਆ, 7 ਨਵੰਬਰ 1921 ਨੂੰ ਦਰਬਾਰ ਸਾਹਿਬ ਦੇ ਤੋਸ਼ੇਖ਼ਾਨੇ ਦੀਆਂ ਚਾਬੀਆਂ ਲਈਆਂ ਗਈਆਂ, ਰਾਜਨੀਤਿਕ ਸ਼ਕਤੀ ਇਕੱਤਰ ਕਰਨ ਲਈ 29 ਮਾਰਚ 1922 ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਖੜ੍ਹਾ ਕੀਤਾ ਗਿਆ, 30 ਅਕਤੂਬਰ 1922 ਸਾਕਾ ਪੰਜਾ ਸਾਹਿਬ, 17 ਨਵੰਬਰ 1922 ਨੂੰ ਗੁਰੂ ਕੇ ਬਾਗ਼ ਦਾ ਮੋਰਚਾ ਅਤੇ 23 ਦਸੰਬਰ 1924 ਨੂੰ ਜੈਤੋ ਦਾ ਮੋਰਚਾ ਫ਼ਤਿਹ ਕੀਤਾ ਗਿਆ, ਆਦਿ। 

ਇਨ੍ਹਾਂ ਸੰਘਰਸ਼ਾਂ ’ਚ ਅਨੇਕਾਂ ਸਿੰਘ-ਸਿੰਘਣੀਆਂ, ਬੱਚੇ-ਬਜ਼ੁਰਗ, ਪਰਿਵਾਰ ਆਦਿ ਸ਼ਹੀਦ ਅਤੇ ਅਪਾਹਜ ਹੋਏ।  ਇਨ੍ਹਾਂ ਵਿੱਚੋਂ ਹੀ ਇੱਕ ਗੁਰਮਤਿ ਪ੍ਰਚਾਰਕ ਵਰਗ ਅੱਗੇ ਆਇਆ, ਜਿਸ ਨੇ ਗੁਰਦੁਆਰਿਆਂ ’ਚ ਏਕਤਾ ਨੂੰ ਬਣਾਏ ਰੱਖਣ ਲਈ ਗੁਰਬਾਣੀ ਦੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਲੰਮੀ ਘਾਲਣਾ ਉਪਰੰਤ 1945 ਵਿੱਚ ਸਰਬ ਪ੍ਰਮਾਣਿਤ ‘ਸਿਖ ਰਹਿਤ ਮਰਿਆਦਾ’, ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕਰਵਾਈ।  

ਦੂਜੇ ਪਾਸੇ ਉਹ ਨਿਰਮਲੇ, ਪੂਜਾਰੀ ਹਨ, ਜੋ ਵਕਤੀ ਦਬਾਅ ਕਾਰਨ ਸੰਨ 1920 ਤੋਂ 1970 ਤੱਕ ਤਾਂ ਸਿੱਖ ਲਹਿਰ ਸਾਹਮਣੇ ਚੁੱਪ ਰਹੇ ਅਤੇ ਬਾਅਦ ’ਚ ‘ਸਿੱਖ ਰਹਿਤ ਮਰਿਆਦਾ’ ਵਿਰੁਧ ਆਪਣੀ ਵੱਖਰੀ ਮਰਿਆਦਾ ਬਣਾ ਲਈ, ਇਨ੍ਹਾਂ ਨੂੰ ਰਾਜਨੀਤਿਕ ਸ਼ਹਿ ਵੀ ਪ੍ਰਾਪਤ ਹੋ ਗਈ ਕਿਉਂਕਿ ਲੋਕਤੰਤਰੀ ਢਾਂਚੇ ’ਚ ਵੋਟ ਦਾ ਮੁੱਲ, ਵਿਦਵਤਾ ਨਾਲੋਂ ਵੱਧ ਪੈਂਦਾ ਹੈ।  ਕਿਸੇ ਵੀ ਧਰਮ ਵਿੱਚ ਵੋਟ ਅਧਿਕਾਰ ਲਾਗੂ ਨਹੀਂ ਪਰ ਸਿੱਖ ਧਰਮ ਨੂੰ ਚੋਣ ਪ੍ਰਣਾਲੀ ਅਧੀਨ ਰੱਖਣਾ, ਸਿੱਖ ਲੀਡਰਾਂ ਲਈ ਗੁਣਕਾਰੀ ਰਿਹਾ ਹੈ।  ਸਿਤਮ (ਜ਼ੁਲਮ) ਵੇਖੀਏ ਕਿ ਜੋ ਨਿਰਮਲੇ; ਸਾਧ ਤੇ ਸੰਤ ਲਿਬਾਸ ਵਿੱਚ ਅਕਾਲ ਤਖ਼ਤ ਦੀ ‘ਸਿੱਖ ਰਹਿਤ ਮਰਿਆਦਾ’ ਦੇ ਵਿਰੋਧੀ ਹਨ, ਉਹੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨਾਲ਼ ਖੜ੍ਹੇ ਹਨ, ਜੋ ‘ਸਿੱਖ ਰਹਿਤ ਮਰਿਆਦਾ’ ਨੂੰ ਕਰੋੜਾਂ ਰੁਪਏ ’ਚ ਫਰੀ ਛਾਪ ਕੇ ਵੰਡਦੀ ਹੈ।  ਇਸੇ ਦੀ ਹੀ ਕੜੀ ਹੈ, ਗੁਰਮਤਿ ਪ੍ਰਚਾਰਕਾਂ ਉੱਤੇ ਹਮਲੇ ਹੋਣ ਦੇ ਬਾਵਜੂਦ ਵੀ ਚੁੱਪ ਰਹਿਣਾ ਜਾਂ ਇਨਸਾਫ਼ ਦੇਣ ਦੀ ਬਜਾਇ ਪੀੜਤਾਂ ਨੂੰ ਹੀ ਨਸੀਹਤ ਦੇਣਾ।  ਕੀ ਇਹ ਕਹਿਣਾ ਗ਼ਲਤ ਹੋਏਗਾ ਕਿ ਕੁੱਤੀ; ਚੋਰ ਨਾਲ਼ ਮਿਲੀ ਹੋਈ ਹੈ, ਇਸ ਲਈ ਕਿਸੇ ਪੀੜਤ ਨੂੰ ਇਨਸਾਫ਼ ਨਹੀਂ ਮਿਲਿਆ; ਜਿਵੇਂ ਕਿ

(1).  17 ਮਈ 2016 ’ਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਗੱਡੀ ’ਤੇ ਮੁੱਲਾਂਪੁਰ, ਦਾਖਾ ਨੇੜੇ ਹਮਲਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੇ ਇੱਕ ਸਾਥੀ ਭਾਈ ਭੁਪਿੰਦਰ ਸਿੰਘ ਜੀ ਖਾਸੀ ਕਲਾਂ, ਢੱਕੀ ਸਾਹਿਬ ਵਾਲਿਆਂ ਦੀ ਮੌਤ ਹੋ ਗਈ।

(2).  8 ਮਈ 2017 ਨੂੰ ਭਾਈ ਪੰਥਪ੍ਰੀਤ ਸਿੰਘ ਜੀ ਉੱਤੇ ਇਟਲੀ ’ਚ ਹਮਲਾ ਕੀਤਾ ਗਿਆ।

(3).  7 ਮਈ 2018 ਨੂੰ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲ਼ਿਆਂ ਉੱਤੇ ਇੰਗਲੈਂਡ ਦੇ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਵਿਖੇ ਹਮਲਾ ਕੀਤਾ ਗਿਆ, ਆਦਿ।

ਉਕਤ ਵੇਰਵਿਆਂ ਤੋਂ ਸਪੱਸ਼ਟ ਹੈ ਕਿ ਹਰ ਸਾਲ ਮਈ ਮਹੀਨੇ ’ਚ ਹੀ ਸਾਰੇ ਹਮਲੇ ਕੀਤੇ ਗਏ, ਕੀ ਇਹ ਸੰਯੋਗ ਹੀ ਕਿਹਾ ਜਾਏ ਜਾਂ 2014 ਦੇ ਚੁਣਾਵ ਵਿੱਚ ਅਕਾਲੀ ਦਲ ਨੂੰ ਸਿੱਖ ਪ੍ਰਚਾਰਕਾਂ ਵੱਲੋਂ ਸਹਿਯੋਗ ਨਾ ਦੇਣ ਦਾ ਨਤੀਜਾ ਹੈ, ਜਿਸ ਵਿੱਚ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ’; ਹਮਲਾ ਕਰਨ ਵਾਲ਼ੇ ਅਤੇ ਸਿੱਖ ਲੀਡਰਾਂ ਦਾ ਪਾਣੀ ਭਰਦੇ ਪ੍ਰਤੀਤ ਹੁੰਦੇ ਹਨ।  ਸੰਗਤਾਂ ਨੂੰ ਇਸ ਮੁੱਦੇ ਬਾਰੇ ਬਹੁਤ ਗੰਭੀਰਤਾ ਨਾਲ਼ ਸੋਚਣ ਦੀ ਜ਼ਰੂਰਤ ਹੈ, ਕਦੇ ਅਜਿਹਾ ਨਾ ਹੋਵੇ ਕਿ ਸਾਡੀ ਅਵਾਜ਼ ਤੇ ਵੋਟ ਸ਼ਕਤੀ ਵੀ ਕਿਸੇ ਪੀੜਤ ਨੂੰ ਇਨਸਾਫ਼ ਨਾ ਦਿਲਵਾ ਸਕੇ।

ਸੋ, ਅੰਤ ’ਚ ਇੱਕ ਹੋਰ ਮਿਸਾਲ ਦੇਣੀ ਉਚਿਤ ਸਮਝਦਾ ਹਾਂ, ਜਿਸ ਦਿਨ (20 ਫ਼ਰਵਰੀ 1921) ‘ਸਾਕਾ ਨਨਕਾਣਾ ਸਾਹਿਬ’ ਵਾਪਰਿਆ, ਉਸ ਬਾਰੇ ਹਿੰਦੂ ਸੋਚ ਨੂੰ ਸਮਰਪਿਤ ਲੇਖਕਾਂ ਨੇ ਆਪਣੇ ਅਖ਼ਬਾਰਾਂ ਵਿੱਚ ਇਉਂ ਖ਼ਬਰਾਂ ਛਾਪੀਆਂ:

(1). ਹਿੰਦੂ ਅਖ਼ਬਾਰ ‘ਪ੍ਰਤਾਪ’ ਤੇ ‘ਕੇਸਰੀ’ ਨੇ ਲਿਖਿਆ ਕਿ ‘ਗੁਰਦੁਆਰਾ ਨਨਕਾਣਾ ਸਾਹਿਬ’ ਅੰਦਰ ਸ਼ਿਵਲਿੰਗ ਬਣਿਆ ਹੋਇਆ ਹੈ, ਇਸ ਲਈ, ਇਸ ਦਾ ਇੰਤਜ਼ਾਮ ਹਿੰਦੂ ਬ੍ਰਾਹਮਣਾਂ ਪਾਸ ਹੋਣਾ ਚਾਹੀਦਾ ਹੈ।

(2). 23 ਮਾਰਚ 1921 ਨੂੰ ਸਨਾਤਨ ਸਭਾ (ਲਾਹੌਰ) ਨੇ ਵੀ ਉਕਤ ਵਿਚਾਰ ਰੱਖੇ, ਜਿਸ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਅੰਦਰ ਲੱਗੀਆਂ ਹੋਣ ਬਾਰੇ ਵੀ ਲਿਖਿਆ ਹੋਇਆ ਸੀ।

(3). ਲਾਲਾ ਲਾਜਪਤ ਰਾਇ ਨੇ ਆਪਣੇ ਪੇਪਰ ‘ਬੰਦੇ ਮਾਤਰਮ’ ਵਿੱਚ ਲਿਖਿਆ ਸੀ ਕਿ ‘ਜਿਸ ਸ਼ਖ਼ਸ (ਭਾਵ ਗੁਰੂ ਨਾਨਕ ਜੀ) ਨੇ ਆਪਣੇ ਪਿਤਾ (ਮਹਿਤਾ ਕਾਲੂ ਜੀ) ਕੇ ਸਰਮਾਇਆ (20 ਰੁਪਏ) ਕੋ ਸਾਧੂਓਂ ਕੋ ਖਿਲਾ ਦੀਆ ਅਬ ਉਸ ਕੇ ਨਾਮ ਕੇ ਮੰਦਰ ਮੇਂ ਜਾਇਦਾਦ ਵ ਆਮਦਨਾਓ ਕੋ ਅਖ਼ਤਿਆਰ ਕਾ ਝਗੜਾ ਹੋ ਰਹਾ ਹੈ’।  (ਨੋਟ : ਲਾਲਾ ਲਾਜਪਤ ਰਾਇ ਗੁਰਦੁਆਰੇ ਨੂੰ ਮੰਦਰ ਲਿਖਦਾ ਹੈ।)

(4).  ਦਰਬਾਰ ਸਾਹਿਬ ਦੀ ਤਰਜ਼ (ਨਕਲ) ’ਤੇ 8 ਮਾਰਚ 1922 ਨੂੰ ਦੁਰਗਿਆਣਾ ਮੰਦਿਰ ਦੀ ਨੀਂਹ ਰੱਖੀ ਗਈ, ਆਦਿ।

ਉਕਤ ਉਦਾਹਰਨਾਂ ਤੋਂ ਸਪਸ਼ਟ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਦੁਆਰਾ ਕੀਤਾ ਗਿਆ ਹਿੰਦੂ ਕਰਮਕਾਂਡ ਦਾ ਖੰਡਨ, ਬ੍ਰਾਹਮਣ ਸਮਾਜ ਨੂੰ ਹਜ਼ਮ ਨਹੀਂ ਹੋ ਰਿਹਾ, ਇਸ ਦੇ ਬਾਵਜੂਦ ਅੱਜ ਬ੍ਰਾਹਮਣ, ਸਿੱਖ ਆਗੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਤੇ ਸੰਤ ਸਮਾਜ (ਨਿਰਮਲੇ), ਆਦਿ ਸਿਆਸੀ ਲੋੜਾਂ ਦੀ ਪੂਰਤੀ ਲਈ ਪਤੀ-ਪਤਨੀ ਬਣੇ ਹੋਏ ਹਨ ਕਿਉਂਕਿ ਇਨ੍ਹਾਂ ਸਭ ਜਥੇਬੰਦੀਆਂ ਉੱਤੇ ਕੇਵਲ ਇੱਕ ਪਰਿਵਾਰ ਕਾਬਜ਼ ਹੈ ਜਦਕਿ ‘ਗੁਰੂ ਗ੍ਰੰਥ ਸਾਹਿਬ’ ਅਤੇ ਸਰਬ ਪ੍ਰਮਾਣਿਤ ‘ਸਿੱਖ ਰਹਿਤ ਮਰਿਆਦਾ’ ਨੂੰ ਸਮਰਪਿਤ ਗੁਰਮਤਿ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਰਦੇ ਦੇ ਪਿੱਛੇ ਬੈਠ ਕੇ ਸਿਆਸੀ ਲੋਕ ਹਵਾ ਦੇ ਰਹੇ ਹਨ।  ਸੰਗਤਾਂ ਦੀ ਖ਼ਾਮੋਸ਼ੀ ਵੀ ਇਨ੍ਹਾਂ ਦੀਆਂ ਸਰਗਰਮੀਆਂ ਨੂੰ ਹੋਰ ਉਤੇਜਿਤ ਕਰੇਗੀ।

ਗੁਰਮਤਿ ਪ੍ਰਚਾਰਕਾਂ ਅਤੇ ਸੰਤ ਸਮਾਜ/ਟਕਸਾਲ ਵਿਚਕਾਰ ਕੁਝ ਕੁ ਸਿਧਾਂਤਕ ਮਤਭੇਦਾਂ ਬਾਰੇ ਹੇਠਾਂ ਜ਼ਿਕਰ ਕੀਤਾ ਜਾ ਰਿਹਾ ਹੈ :

(1). ਗੁਰੂ ਗ੍ਰੰਥ ਸਾਹਿਬ ’ਚ 36 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। (ਸੰਤ ਸਮਾਜ/ਟਕਸਾਲ)

ਗੁਰੂ ਗ੍ਰੰਥ ਸਾਹਿਬ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। (ਮਿਸ਼ਨਰੀ ਪ੍ਰਚਾਰਕ)

(2). ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਵੀ ਪ੍ਰਕਾਸ਼ ਹੋਣਾ ਚਾਹੀਦਾ ਹੈ। (ਸੰਤ ਸਮਾਜ/ਟਕਸਾਲ)

ਗੁਰੂ ਗ੍ਰੰਥ ਸਾਹਿਬ ਸਰਬੋਤਮ ਹਨ, ਇਨ੍ਹਾਂ ਦੇ ਮੁਕਾਬਲੇ ਕਿਸੇ ਹੋਰ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ। (ਮਿਸ਼ਨਰੀ ਪ੍ਰਚਾਰਕ)

(3). ਸਮੁੱਚਾ ‘ਦਸਮ ਗ੍ਰੰਥ’, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਹੈ।  (ਸੰਤ ਸਮਾਜ/ਟਕਸਾਲ)

‘ਦਸਮ ਗ੍ਰੰਥ’ ਵਿੱਚ ਬਹੁਤ ਕੁਝ ਗੁਰਮਤਿ ਅਨੁਕੂਲ ਨਹੀਂ, ਇਸ ਲਈ ਸਮੁੱਚੇ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਮੰਨਿਆ ਜਾ ਸਕਦਾ।  (ਮਿਸ਼ਨਰੀ ਪ੍ਰਚਾਰਕ)

(4). ਮੂਲ ਮੰਤਰ ‘‘ੴ ਤੋਂ ਨਾਨਕ ਹੋਸੀ ਭੀ ਸਚੁ॥੧॥’’ ਤੱਕ ਹੈ। (ਸੰਤ ਸਮਾਜ/ਟਕਸਾਲ)

ਮੂਲ ਮੰਤਰ ‘‘ੴ ਤੋਂ ਗੁਰ ਪ੍ਰਸਾਦਿ॥’’ ਤੱਕ ਹੈ। (ਮਿਸ਼ਨਰੀ ਪ੍ਰਚਾਰਕ)

(5). ਨਿਤਨੇਮ ਦੀਆਂ ਸਵੇਰ ਦੀਆਂ ਪੰਜ ਬਾਣੀਆਂ (ਜਪੁ, ਜਾਪ, ਸਵੱਈਏ, ਚੌਪਈ, ਅਨੰਦ ਸਾਹਿਬ) ਹਨ। (ਸੰਤ ਸਮਾਜ/ਟਕਸਾਲ)

ਨਿਤਨੇਮ ਦੀਆਂ ਸਵੇਰ ਦੀਆਂ ਤਿੰਨ ਬਾਣੀਆਂ (ਜਪੁ, ਜਾਪ, ਸਵੱਈਏ) ਹਨ। (ਮਿਸ਼ਨਰੀ ਪ੍ਰਚਾਰਕ)

(ਨੋਟ: ਇਹ ਤਿੰਨੇ ਬਾਣੀਆਂ ਹੀ ‘ਸਿੱਖ ਰਹਿਤ ਮਰਿਆਦਾ’ ਵਿੱਚ ਸਵੇਰ ਦੀਆਂ ਦਰਜ ਹਨ।)

(6). ਸਿੱਖ ਕੌਮ ਲਵ, ਕੁਸ਼ (ਕੁਸ਼ੂ) ਦੀ ਔਲਾਦ ਹੈ। (ਸੰਤ ਸਮਾਜ/ਟਕਸਾਲ)

ਸਿੱਖ ਕੌਮ ਦਸਮੇਸ਼ ਪਿਤਾ ਅਤੇ ਮਾਤਾ ਸਾਹਿਬ ਕੌਰ ਦੀ ਔਲਾਦ ਹੈ। (ਮਿਸ਼ਨਰੀ ਪ੍ਰਚਾਰਕ)

(7). ਭਾਈ ਦਇਆ ਸਿੰਘ ਜੀ ਲਊ (ਲਵ) ਦੇ ਅਵਤਾਰ ਹਨ, ਭਾਈ ਧਰਮ ਸਿੰਘ ਜੀ ਭਗਤ ਧੰਨਾ ਜੀ ਦੇ ਅਵਤਾਰ ਹਨ, ਭਾਈ ਹਿੰਮਤ ਸਿੰਘ ਜੀ ਚਤੁਰਭੁਜੀ ਨੂੰ ਕਾਬੂ ਕਰਨ ਵਾਲ਼ੇ ਫੰਧਕ ਦੇ ਅਵਤਾਰ, ਭਾਈ ਮੁਹਕਮ ਸਿੰਘ ਜੀ ਭਗਤ ਨਾਮਦੇਵ ਜੀ ਦੇ ਅਵਤਾਰ ਅਤੇ ਭਾਈ ਸਾਹਿਬ ਸਿਘ ਜੀ ਭਗਤ ਸੈਣ ਜੀ ਦੇ ਅਵਤਾਰ ਹਨ। (ਸੰਤ ਸਮਾਜ/ਟਕਸਾਲ)

ਗੁਰਬਾਣੀ ਅਨੁਸਾਰ ਇਹ ਸਿੱਧ ਨਹੀਂ ਹੁੰਦਾ ਕਿ ਕੋਈ ਗੁਰਮੁਖ ਪਿਆਰਾ ਪਿਛਲੇ ਜਨਮ ਵਿੱਚ ਵੀ ਆਪਣੀ ਅਜੋਕੀ ਅਖੌਤੀ ਨੀਚ ਜਾਤ ਵਿੱਚ ਹੀ ਜਨਮਿਆ ਹੋਏਗਾ; ਜਿਵੇਂ ਕਿ ਭਾਈ ਧਰਮ ਸਿੰਘ ਜੱਟ ਨੂੰ ਭਗਤ ਧੰਨਾ ਜੀ ਜੱਟ ਦਾ ਅਵਤਾਰ ਕਹਿਣਾ, ਭਾਈ ਹਿੰਮਤ ਸਿੰਘ ਮਹਿਰੇ ਨੂੰ ਫੰਧਕ ਮਹਿਰੇ ਦਾ ਅਵਤਾਰ ਕਹਿਣਾ, ਭਾਈ ਸਾਹਿਬ ਸਿੰਘ ਜੀ ਛੀਂਬਾ ਨੂੰ ਭਗਤ ਸੈਣੀ ਜੀ ਛੀਂਬੇ ਦਾ ਅਵਤਾਰ ਕਹਿਣਾ, ਆਦਿ। (ਮਿਸ਼ਨਰੀ ਪ੍ਰਚਾਰਕ)

(8). ਸਿੱਖਾਂ ’ਚ ਕਛਹਿਰੇ ਦੀ ਆਰੰਭਤਾ ਹਨੂੰਮਾਨ ਤੋਂ ਹੋਈ। (ਸੰਤ ਸਮਾਜ/ਟਕਸਾਲ)

ਕਛਹਿਰੇ ਦੀ ਆਰੰਭਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ। (ਮਿਸ਼ਨਰੀ ਪ੍ਰਚਾਰਕ)

(9). ‘ਵਾਹਿਗੁਰੂ’ ਸ਼ਬਦ ’ਚ ਪਹਿਲਾ ‘ਵ’ ਅੱਖਰ (ਸਤਿਯੁਗ ’ਚੋਂ) ਵਾਸਦੇਵ ਦਾ ਅਗੇਤਰ ਅੱਖਰ ਹੈ, ਦੂਸਰਾ ‘ਹ’ ਅੱਖਰ ਹਰਕ੍ਰਿਸ਼ਨ ਦਾ (ਦੁਆਪਰ ਯੁਗ ’ਚੋਂ), ਤੀਸਰਾ ‘ਗ’ ਗੋਬਿੰਦ ਦਾ ਪਹਿਲਾ ਅੱਖਰ (ਕਲਿਯੁਗ ’ਚੋਂ) ਅਤੇ ‘ਰ’ ਰਾਮ ਦਾ (ਤ੍ਰੇਤਾਯੁਗ ’ਚੋਂ) ਅਗੇਤਰ ਅੱਖਰ ਲੈ ਕੇ ‘ਵਾਹਿਗੁਰੂ’ ਸ਼ਬਦ ਬਣਿਆ ਹੈ। (ਸੰਤ ਸਮਾਜ/ਟਕਸਾਲ)

ਉਕਤ ‘ਵਾਹਿਗੁਰੂ’ ਸ਼ਬਦ ਦੀ ਅੱਖਰ ਵੰਡ ਭਾਈ ਵੀਰ ਸਿੰਘ ਜੀ ਅਨੁਸਾਰ ਗ਼ਲਤ ਹੈ, ਜੋ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ’ਚ ਅੰਤਮ ਪਉੜੀ ਹੈ ਅਤੇ ਇਸ ਦਾ ਟੀਕਾ ਕਰਦਿਆਂ ਭਾਈ ਵੀਰ ਸਿੰਘ ਜੀ ਨੇ ਬੜਾ ਸਪਸ਼ਟ ਵੀ ਕੀਤਾ ਹੈ ਕਿਉਂਕਿ ਚਾਰੇ ਯੁਗ ਨਾ ਅੱਗੇ ਤੋਂ ਸ਼ੁਰੂ ਹੁੰਦੇ ਹਨ ਅਤੇ ਨਾ ਪਿੱਛੇ ਤੋਂ, ਇਸ ਲਈ ਇਹ ਬ੍ਰਾਹਮਣ ਦੁਆਰਾ ਕੀਤੀ ਗਈ ਰਲ਼ਗੱਡ ਦਾ ਹੀ ਨਤੀਜਾ ਹੈ। (ਮਿਸ਼ਨਰੀ ਪ੍ਰਚਾਰਕ)

(10). ਮੁਸਲਮਾਨ ਦੇ ਭਿਸ਼ਤ, ਹਿੰਦੂ ਦੇ ਸਵਰਗ ਵਾਙ ਹੀ ਆਕਾਸ਼ ਵਿੱਚ ਇੱਕ ਅਦ੍ਰਿਸ਼ ਸ਼ਹੀਦ ਨਗਰੀ ਹੈ। (ਸੰਤ ਸਮਾਜ/ਟਕਸਾਲ)

ਅਕਾਲ ਪੁਰਖ ਵਿੱਚ ਅਭੇਦਤਾ ਹੀ ਸਵਰਗ ਹੈ, ਕੋਈ ਕਾਲਪਨਿਕ ਅਦ੍ਰਿਸ਼ ਨਗਰੀ ਨਹੀਂ।  (ਮਿਸ਼ਨਰੀ ਪ੍ਰਚਾਰਕ)

 (11). ਦੇਵੀ-ਦੇਵਤਿਆਂ ਵਾਙ ‘ਸੰਤ, ਬ੍ਰਹਮ ਗਿਆਨੀ, ਸ਼੍ਰੀ ਸ਼੍ਰੀ 108’ ਆਦਿ ਵਿਸ਼ੇਸ਼ਣ ਵਰਤਣੇ ਸਹੀ ਹਨ। (ਸੰਤ ਸਮਾਜ/ਟਕਸਾਲ)

ਅਜਿਹੇ ਵਿਸ਼ੇਸ਼ਣ ਸੰਗਤਾਂ ਨਾਲੋਂ ਦੂਰੀ ਬਣਾਉਂਦੇ ਹਨ ਤੇ ਅਹੰਕਾਰ ਨੂੰ ਜਨਮ ਦਿੰਦੇ ਹਨ, ਜਿਨ੍ਹਾਂ ਤੋਂ ਬਚਿਆ ਜਾਣਾ ਜ਼ਰੂਰੀ ਹੈ।  (ਮਿਸ਼ਨਰੀ ਪ੍ਰਚਾਰਕ)

(12). ਮੱਸਿਆ, ਪੁੰਨਿਆ, ਸੰਗਰਾਂਦ, ਆਦਿ ਪਵਿੱਤਰ ਦਿਹਾੜੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ਤਾ ਮਿਲਣੀ ਚਾਹੀਦੀ ਹੈ। (ਸੰਤ ਸਮਾਜ/ਟਕਸਾਲ)

ਗੁਰਮਤਿ ਅਨੁਸਾਰ ਮੱਸਿਆ, ਪੁੰਨਿਆ, ਸੰਗਰਾਂਦ, ਆਦਿ ਸੂਰਜ, ਚੰਦ੍ਰਮਾ ਨੂੰ ਦੇਵਤਾ ਮੰਨਣ ਵਾਲ਼ੇ ਬ੍ਰਾਹਮਣ ਲਈ ਪੂਜਨੀਕ ਹਨ; ਜਿਵੇਂ ਕਿ ‘‘ਚਉਦਸ ਅਮਾਵਸ (ਮੱਸਿਆ) ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ ਕੂਪਿ ਪਰਹਿ ॥’’ (ਭਗਤ ਕਬੀਰ/੯੭੦) ਅਤੇ ਗੁਰਸਿੱਖਾਂ ਲਈ ‘‘ਥਿਤੀ ਵਾਰ ਸੇਵਹਿ; ਮੁਗਧ ਗਵਾਰ ॥’’ (ਬਿਲਾਵਲੁ ਸਤ ਵਾਰ/ਮ: ੩/੮੪੩) ਵਚਨ ਕੀਤੇ ਗਏ ਹਨ, ਜਿਸ ਕਰ ਕੇ ਹਰ ਉਹ ਦਿਨ ਪਵਿੱਤਰ ਹੈ, ਜਦ ਰੱਬ ਨੂੰ ਯਾਦ ਕੀਤਾ ਜਾਵੇ। (ਮਿਸ਼ਨਰੀ ਪ੍ਰਚਾਰਕ)

(13). ਮੰਨੂ ਸਿਮਰਤੀ ਵਾਙ ਔਰਤ ਅਪਵਿੱਤਰ ਹੈ, ਜੋ ਧਰਮ ਦੇ ਸਾਰੇ ਕਾਰਜ ਨਹੀਂ ਕਰ ਸਕਦੀ; ਜਿਵੇਂ ਕਿ ਪੰਜ ਪਿਆਰਿਆਂ ’ਚ ਸ਼ਾਮਲ ਹੋਣਾ, ਦਰਬਾਰ ਸਾਹਿਬ (ਅੰਮ੍ਰਿਤਸਰ) ਸਮੇਤ ਕੁਝ ਤਖ਼ਤਾਂ ਉੱਤੇ ਕੀਰਤਨ ਨਾ ਕਰਨ ਦੇਣਾ, ਆਦਿ। (ਸੰਤ ਸਮਾਜ/ਟਕਸਾਲ)

ਗੁਰੂ ਸਾਹਿਬਾਨ ਨੇ ਔਰਤ ਅਤੇ ਬੰਦੇ ਵਿੱਚ ਕੋਈ ਅੰਤਰ ਨਹੀਂ ਰੱਖਿਆ, ਇਸ ਲਈ ਬੀਬੀਆਂ ਹਰ ਕਾਰਜ ਕਰ ਸਕਦੀਆਂ ਹਨ। (ਮਿਸ਼ਨਰੀ ਪ੍ਰਚਾਰਕ), ਆਦਿ।

ਉਕਤ ਸੰਖੇਪ ’ਚ ਵਿਚਾਰਿਆਂ ਕੀ ਅਜਿਹਾ ਨਹੀਂ ਜਾਪਦਾ ਕਿ ਅਜੋਕਾ ਸੰਤ ਸਮਾਜ (ਟਕਸਾਲ), ਹਿੰਦੂ ਵਿਚਾਰਧਾਰਾ ਤੋਂ ਪੂਰਨ ਤੌਰ ’ਤੇ ਪ੍ਰਭਾਵਤ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਅੰਧ ਵਿਸ਼ਵਾਸ ਕਿਹਾ ਹੈ, ਇਹੀ ਕਾਰਨ ਹਨ ਕਿ ਸੰਤ ਸਮਾਜ, ਟਕਸਾਲ, ਸਿੱਖ ਲੀਡਰ ਤੇ ਬ੍ਰਾਹਮਣਾਂ ਨੂੰ ਰਾਜਨੀਤਿਕ ਸਾਂਝ ਬਣਾਉਣ ਲਈ ਪਤੀ-ਪਤਨੀ ਬਣਨਾ ਗ਼ੈਰ ਸਿਧਾਂਤਕ ਨਹੀਂ ਲੱਗਾ ਜਦ ਕਿ ਸੰਤ ਸਮਾਜ, ਟਕਸਾਲ, ਆਦਿ ਗੁਰਮਤਿ ਪ੍ਰਚਾਰਕ ਬਣ ਕੇ ਬ੍ਰਾਹਮਣਾਂ ਦੀ ਬਜਾਇ ਗੁਰਮਤਿ ਪ੍ਰਚਾਰਕਾਂ ਨੂੰ ਹੀ ਵੱਡੇ ਦੁਸ਼ਮਣ ਮੰਨਦੇ ਹਨ।

ਗੁਰੂ ਰਾਮਦਾਸ ਸਾਹਿਬ ਜੀ ‘ਗੁਰਮਤਿ ਪ੍ਰਚਾਰਕਾਂ’ ਪ੍ਰਤੀ ਵਚਨ ਕਰਦੇ ਹਨ ਕਿ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮ: ੪/੩੦੬)  ਅਤੇ ਭਾਈ ਗੁਰਦਾਸ ਜੀ ਦੇ ਵਚਨ ਹਨ, ‘‘ਬਲਿਹਾਰੀ ਤਿਨ੍ਹਾਂ ਗੁਰਸਿੱਖਾਂ, ਗੁਰਮਤਿ ਬੋਲ ਬੋਲਦੇ ਮਿਠਾ।’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ ੧), ਦੇ ਬਾਵਜੂਦ ਅੱਜ ਗੁਰਮਤਿ ਪ੍ਰਚਾਰਕਾਂ ’ਤੇ ਹਮਲੇ ਕੋਈ ਪੰਥ ਦੋਖੀ ਹੀ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਸ਼ਹਿ ਦੇਣਾ ਵੀ ਉਤਨਾ ਹੀ ਮੰਦਭਾਗਾ ਹੈ।

ਮਿਤੀ 25 ਮਈ 2018 ਨੂੰ ਜਦ ਉਕਤ ਲੇਖ ਮੁਕੰਮਲ ਕੀਤਾ ਗਿਆ ਤਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਤੋਂ ਵਾਕ ਆਇਆ, ‘‘ਸਲੋਕੁ ਮ: ੩ ॥  ਪੜਣਾ ਗੁੜਣਾ ਸੰਸਾਰ ਕੀ ਕਾਰ ਹੈ; ਅੰਦਰਿ ਤ੍ਰਿਸਨਾ ਵਿਕਾਰੁ ॥  ਹਉਮੈ ਵਿਚਿ ਸਭਿ ਪੜਿ ਥਕੇ; ਦੂਜੈ ਭਾਇ ਖੁਆਰੁ ॥  ਸੋ ਪੜਿਆ, ਸੋ ਪੰਡਿਤੁ ਬੀਨਾ; ਗੁਰ ਸਬਦਿ ਕਰੇ ਵੀਚਾਰੁ ॥’’ (ਸੋਰਠਿ ਕੀ ਵਾਰ/੬੫੦) ਇਸ ਵਾਕ ਦੀ ਮੰਜੀ ਸਾਹਿਬ ਤੋਂ ਵਿਆਖਿਆ ਕਰਦਿਆਂ ਇੱਕ ਟਕਸਾਲੀ ਸੱਜਣ ਨੇ ਵਾਕ ਨਾਲ਼ ਸਬੰਧਿਤ ਤੁਕ ‘‘ਗੁਰਮੁਖਿ ਏਹੁ ਮਨੁ ਜੀਵਤੁ ਮਰੈ; ‘ਸਚਿ’ ਰਹੈ ਲਿਵ ਲਾਇ ॥’’ (ਮ: ੩/੬੫੦) ’ਚ ਦਰਜ ‘ਸਚਿ’, ਜੋ ਕਿ ਇੱਕ ਵਚਨ ਪੁਲਿੰਗ ਨਾਂਵ, ਅਧਿਕਰਣ ਕਾਰਕ ਸ਼ਬਦ ਹੈ, ਜਿਸ ਦਾ ਅਰਥ ਹੈ ‘ਸੱਚ ਵਿੱਚ’; ਪਰ ਉਕਤ ਟਕਸਾਲੀ ਸੱਜਣ ਨੇ ਇਸ (ਸਚਿ) ਦੀ ਅੰਤ ਸਿਹਾਰੀ ਨੂੰ ‘ਕਿਰਿਆ’ ਦਾ ਪ੍ਰਤੀਕ ਦੱਸਿਆ।  ਇਹ ਵਾਕ ਅੱਜ ਵੀ ਪੀ. ਟੀ. ਸੀ ’ਤੇ ਰਿਕਾਰਡ ਹੈ, ਜੋ ਸੁਣਿਆ ਜਾ ਸਕਦਾ ਹੈ।

ਇਹ ਹੈ ਇਨ੍ਹਾਂ ਦੀ ਗੁਰਬਾਣੀ ਸਿਧਾਂਤ ਪ੍ਰਤੀ ਸਮਝ!  ਜੋ ਕੇਵਲ ਮਨਘੜਤ ਸਾਖੀਆਂ ਸੁਣਾ ਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ, ਜਿਸ ਦਾ ਵਿਰੋਧ ਕਰ ਕੇ ਮਿਸ਼ਨਰੀ ਪ੍ਰਚਾਰਕ ਆਪਣੀ ਜਾਨ ਜੋਖ਼ਮ ’ਚ ਪਾ ਰਹੇ ਹਨ।