ਉਹ ਦਿਨ ਕਦੋਂ ਆਵੇਗਾ ? ਜਦੋਂ !……

0
520

ਉਹ ਦਿਨ ਕਦੋਂ ਆਵੇਗਾ ?  ਜਦੋਂ  !……

     -ਗੁਰਪ੍ਰੀਤ ਸਿੰਘ (USA)

1.ਜਾਤ-ਪਾਤ ਦੇ ਕੋਹੜ ਨੂੰ ਹਮੇਸਾਂ ਲਈ ਮੁੱਢੋਂ ਪੁੱਟ ਕੇ ਇੱਕ ਸਿੱਖ; ਦੂਜੇ ਸਿੱਖ ਨੂੰ ਵਾਕਈ ਆਪਣਾ ਗੁਰ ਭਾਈ ਕਰ ਕੇ ਜਾਣੇਗਾ ਤੇ ਫਿਰ ਕਦੀ ਵੀ ਅਖੌਤੀ ਜਾਤ ਦੇ ਆਧਾਰ ’ਤੇ ਕੋਈ ਗੁਰਦੁਆਰਾ ਨਹੀਂ ਉਸਾਰਿਆ ਜਾਵੇਗਾ।

2. ਇੱਕ ਸਿੱਖ; ਦੂਜੇ ਸਿੱਖ ਨੂੰ ਸ਼ੱਕੀ ਨਿਗਾਹ ਨਾਲ ਨਹੀਂ ਦੇਖੇਗਾ ਅਤੇ ਭੁੱਲ ਕੇ ਵੀ ਕਿਸੇ ਸਿੱਖ ਦੀ ਦਸਤਾਰ ਨਹੀਂ ਉਤਾਰੇਗਾ।

3. ਅਸੀਂ ਇੱਕ ਸਿੱਖ ਨੂੰ, ਗੁਰੂ ਕਾ ਸਿੱਖ ਮੰਨ ਕੇ ਜਾਣਨਾ ਸਿੱਖਾਂਗੇ ਅਤੇ ਸਾਨੂੰ ਕਿਸੇ ਵੀ ਸਿੱਖ ਦੇ ਮੱਥੇ ’ਤੇ ਮਿਸ਼ਨਰੀ, ਟਕਸਾਲੀ, ਨਿਹੰਗ, ਰਵਿਦਾਸੀਏ, ਆਦਿ ਦਾ ਲੇਬਲ (ਚੇਪੀ, ਨਿਸ਼ਾਨੀ) ਦੇਖਣ ਨੂੰ ਨਹੀਂ ਮਿਲੇਗਾ।

4. ਅਸੀਂ ਜੱਟਵਾਦ ਅਤੇ ਇਲਾਕਾਵਾਦ ਦਾ ਘੇਰਾ ਤੋੜ ਕੇ, ਸਭ ਵਿੱਚ ਰੱਬੀ ਜੋਤ ਪਛਾਣ ਕੇ ਬੰਦੇ ਨੂੰ ਇਨਸਾਨ ਕਰ ਕੇ ਜਾਣਾਗੇ।

5. ਇੱਕ ਸਿੱਖ ਸਾਹਮਣੇ ਤੋਂ ਆਉਂਦੇ ਦੂਜੇ ਸਿੱਖ ਨੂੰ ਵੇਖ ਕੇ ਨੀਵੀਂ ਨਹੀਂ ਪਾਵੇਗਾ ਜਾਂ ਮੂੰਹ ਨਹੀਂ ਮੋੜੇਗਾ ਬਲਕਿ ਫ਼ਤਿਹ

ਬੁਲਾਉਣ ’ਚ ਪਹਿਲ ਕਰੇਗਾ।

6. ਅਸੀਂ ਕੋਈ ਮੱਤ ਭੇਦ ਜਾਂ ਦੁਬਿਧਾ ਦੂਰ ਕਰਨ ਲਈ ਮੰਦੀ ਭਾਸ਼ਾ ਜਾਂ ਮਜ਼ਾਕੀਆ ਅੰਦਾਜ਼ ’ਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਦੀ ਬਜਾਇ ਆਪਣੀ ਅਕਲ ਨੂੰ ਤੁੱਛ-ਬੁੱਧੀ ਸਮਝਦਿਆਂ ਗੁਰਬਾਣੀ ਦੀ ਰੌਸ਼ਨੀ ਵਿੱਚ ਮਿਲ਼ ਬੈਠ ਕੇ ਮਸਲੇ ਹੱਲ ਕਰਨ ਨੂੰ ਤਰਜੀਹ ਦੇਵਾਂਗੇ, ਕਿਉਂਕਿ ਜਿਉਂਦੀਆਂ ਜਾਗਦੀਆਂ ਕੌਮਾਂ ’ਚ ਸਾਰਥਿਕ ਵਿਵਾਦਾਂ ਦਾ ਪੈਦਾ ਹੋਣਾ ਸੁਭਾਵਕ ਹੁੰਦਾ ਹੈ ਪਰ ਕਿਸੇ ਵੀ ਕੌਮ ਦੀ ਅਸਲ ਪਹਿਚਾਣ, ਵਿਵਾਦਾਂ ਤੋਂ ਨਹੀਂ ਬਲਕਿ ਉਸ ਕੌਮ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਕਰ ਕੇ ਹੁੰਦੀ ਹੈ, ਜਿਸ ਦੀ ਤਾਜ਼ਾ ਮਿਸਾਲ ਸਿੱਖਾਂ ਵੱਲੋਂ ਸੀਰੀਆ (Syria) ’ਚ ਆਪਣੀ ਅਮਿੱਟ ਛਾਪ ਛੱਡਣਾ ਹੈ। ਬੇਲੋੜੇ ਵਾਦ-ਵਿਵਾਦ ਭਾਵ ਕਿ ਹਰ ਸਮੇਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਣ ਨੂੰ ਸਾਰਥਿਕ ਨਹੀਂ ਮੰਨਿਆ ਜਾ ਸਕਦਾ। ਅਜਿਹਾ ਵਰਤਾਉ ਆਪਣੀ ਮੂਰਖਤਾ (ਗੁਰੂ ਤੋਂ ਬੇਮੁੱਖਤਾ) ਨੂੰ ਜੱਗ ਜ਼ਾਹਰ ਕਰਨ ਦੀ ਨਿਆਈਂ ਹੈ ਤੇ ਕਦੀ ਵੀ ਕਿਸੇ ਕੌਮ ਦੇ ਸਦੀਵੀ ਵਿਕਾਸ ’ਚ ਸਹਾਈ ਨਹੀਂ ਹੋ ਸਕਦਾ।

7. ਅਸੀਂ ਜੱਥੇਬੰਦੀਆਂ, ਕਿਸੇ ਡੇਰੇ ਜਾਂ ਸੰਪਰਦਾਵਾਂ ਨਾਲ ਜੁੜਨ ਦੀ ਬਜਾਏ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੁੜਾਂਗੇ ?

8. ਅਸੀਂ ਮੰਦਿਰਾਂ ’ਚ ਟੱਲ ਖੜਕਾਉਣੇ, ਪੀਰਾਂ ਦੀਆਂ ਕਬਰਾਂ ’ਤੇ ਦੀਵੇ ਜਗਾਉਣੇ ਅਤੇ ਹਰ ਥਾਂ ਸੀਸ ਝੁਕਾਉਣੇ ਛੱਡ ਕੇ, ਆਪਣਾ ਸੀਸ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਾਵਾਂਗੇ।

9. ਅਸੀਂ ਅਖੌਤੀ ਸਾਧਾਂ (ਪਾਖੰਡੀਆਂ) ਦੇ ਡੇਰਿਆਂ ਨੂੰ ਸਦਾ ਲਈ ਤਿਆਗ ਕੇ, ਮੁੜ ਗੁਰੂ ਪੰਥ ਵਿੱਚ ਸ਼ਾਮਲ ਹੋਵਾਂਗੇ।

10. ਅਸੀਂ ਵਹਿਮ-ਭਰਮ ਤੇ ਫੋਕਟ (ਥੋਥੇ) ਕਰਮਕਾਂਡਾਂ ਦੀ ਟੇਕ ਲੈਣ ਦੀ ਬਜਾਇ ਤਹਿ ਦਿਲੋਂ ਗੁਰੂ ਦਾ ਸ਼ੁਕਰਾਨਾ ਕਰਾਂਗੇ।

11. ਅਸੀਂ ਗੁਰਬਾਣੀ ਨੂੰ ਕਿਸੇ ਫਲ਼ ਦੀ ਇੱਛਾ ਪ੍ਰਾਪਤੀ ਲਈ ਮੰਤਰ ਵਾਂਗ ਪੜ੍ਹਨ ਦੀ ਬਜਾਏ ਰੱਬੀ ਹੋਂਦ ’ਤੇ ਯਕੀਨ, ਰੱਬੀ ਡਰ-ਅਦਬ, ਰੱਬੀ ਪਿਆਰ, ਵਰਤਦੇ ਰੱਬੀ ਹੁਕਮ ਨੂੰ ਸਵੀਕਾਰਦਿਆਂ- ਵਿਚਰਦਿਆਂ ਇੱਕ ਸੰਤੋਖੀ ਜੀਵਨ ਜਾਚ ਅਪਣਾਵਾਂਗੇ।

12. ਗੁਰਦੁਆਰਿਆਂ ’ਚ ਜਗਰਾਤੇ (ਰੈਣ-ਸਬਾਈਆਂ) ਭਾਵ ਯੋਗ ਮੱਤ ਦੀ ਤਰ੍ਹਾਂ ਸਰੀਰਕ ਕਸ਼ਟ ਝੱਲਣ ਦੀ ਬਜਾਏ ਰਾਤੀਂ ਨੀਂਦਰ ਪੂਰੀ ਕਰ ਸੁਬ੍ਹਾ ਅੰਮ੍ਰਿਤ ਵੇਲੇ ਦੀ ਸਾਰ (ਸੰਭਾਲ਼) ਕਰਾਂਗੇ, ਲਵਾਂਗੇ।

13. ਅਸੀਂ ਬਿਪਰਵਾਦ ਸੋਚ (ਅੰਧ ਵਿਸ਼ਵਾਸ) ਤੋਂ ਪ੍ਰਭਾਵਤ ਹੋ ਕੇ ਆਪਣੀ ਨਿਵੇਕਲੀ ਰਹਿਤ ਨਹੀਂ ਛੱਡਾਂਗੇ; ਜਿਵੇਂ ਕਿ ਮੰਦਿਰ ਜਾਂ ਗੁਰਦੁਆਰੇ ਵਿੱਚ ਖਾਸ ਕਰ ਵੀਰਵਾਰ ਵਾਲੇ ਦਿਨ ਪੀਲੇ ਰੰਗ ਦੀ ਕੋਈ ਵਸਤੂ ਚੜ੍ਹਾਇਆਂ ਸਾਡੇ ਭਾਗ (ਨਸੀਬ) ਬਦਲਣਗੇ, ਜੋਤਸ਼ੀਆਂ ਵੱਲੋਂ ਦੱਸੀਆਂ ਨਗਾਂ ਵਾਲੀਆਂ ਮੁੰਦਰੀਆਂ ਪਾਉਣ ਨਾਲ ਭਾਗ ਬਦਲਣਗੇ, ਆਦਿ ’ਤੇ ਯਕੀਨ ਨਹੀਂ ਕਰਾਂਗੇ ਕਿਉਂਕਿ ਕੋਈ ਗ੍ਰਹਿ (ਨਛੱਤਰ) ਜਾਂ ਅਖੌਤੀ ਦੇਵੀ-ਦੇਵਤਾ; ਗੁਰਸਿੱਖ ਪਿਆਰੇ ਦੇ ਰਸਤੇ ’ਚ ਕਦੀ ਵੀ ਕੋਈ ਰੁਕਾਵਟ ਨਹੀਂ ਖੜ੍ਹੀ ਕਰ ਸਕਦਾ।

14. ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੋੜ ਤੋਂ ਵੱਧ ਮਹਿੰਗੇ ਰੁਮਾਲੇ ਚੜ੍ਹਾਉਣਾ ਅਤੇ ਪਹਿਲਾਂ ਹੀ ਲੜੀਆਂ ’ਚ ਚਲਾਏ ਜਾ ਰਹੇ ਪਾਠ ਨੂੰ ਮਾਇਆ ਭੇਂਟ ਕਰ ਆਪਣੇ ਹਿੱਤ ’ਚ ਪਾਠ ਸਮਾਪਤੀ ਦੀ ਅਰਦਾਸ ਕਰਵਾਉਣਾ, ਆਦਿ ਅਸ਼ਰਧਕ ਕਰਮ ਛੱਡ ਕੇ, ਗੁਰ-ਸਬਦ ਨੂੰ ਪ੍ਰੇਮ ਨਾਲ ਆਪ ਵਿਚਾਰਨ ਦੀ ਆਦਤ ਪਾਵਾਂਗੇ। ਅਖੰਡ ਪਾਠ, ਸੰਪਟ ਪਾਠ ਜਾਂ ਇਕੋਤਰੀਆਂ ਲੜੀਆਂ, ਆਦਿ ਦੀ ਥਾਂ ਸਹਿਜ ਪਾਠ ਰਾਹੀਂ ਬਾਣੀ ਨੂੰ ਪ੍ਰੇਮ ਨਾਲ ਵਿਚਾਰ ਕੇ, ਅਮਲ ’ਚ ਲਿਆਉਣ ਲਈ ਗੁਰੂ ਅੱਗੇ ਆਪ ਅਰਦਾਸ ਕਰਾਂਗੇ ਕਿਉਂਕਿ ਗੁਰਮਤ ਵਿੱਚ ਗਿਣਤੀਆਂ – ਮਿਣਤੀਆਂ ਲਈ ਕੋਈ ਜਗ੍ਹਾ ਨਹੀਂ ਹੈ। ਗੁਰਬਾਣੀ ਦੇ ਜਿੱਥੇ ਅੰਮ੍ਰਿਤਮਈ ਬਚਨ ਅਸੀਂ ਨਿਤਾਪ੍ਰਤੀ ‘‘ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ॥  ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ॥  ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ॥  ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ॥  ਨਾਨਕ  ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥’’ (ਆਸਾ ਕੀ ਵਾਰ/ਮ: ੧/੪੬੭) ਪੜ੍ਹਦੇ ਹਾਂ ਉੱਥੇ ‘‘ਸਹਜੇ ਗਾਵਿਆ ਥਾਇ ਪਵੈ; ਬਿਨੁ ਸਹਜੈ, ਕਥਨੀ ਬਾਦਿ ॥’’ (ਮ: ੩/੬੮)  ਬਚਨ ਵੀ ਸਾਨੂੰ ‘ਸਹਿਜ ਪਾਠ’ ਪ੍ਰਤੀ ਜਗਾਉਂਦੇ ਹਨ।

15. ਅਸੀਂ ‘ਸਬਦ ਗੁਰੂ’ ਨੂੰ ਭੋਗ ਲਵਾਉਣਾ, ਆਰਤੀ ਵੇਲੇ ਜੋਤਾਂ ਜਗਾਉਣਾ, ਫੁੱਲਾਂ ਦੀ ਵਰਖਾ ਕਰਨਾ, ਇਤਿਹਾਸਿਕ ਗੁਰਦੁਆਰਿਆਂ ਨੂੰ ਦੁੱਧ ਨਾਲ ਧੋਣਾ, ਨਿਸ਼ਾਨ ਸਾਹਿਬ ’ਤੇ ਚਾੜ੍ਹੇ ਗਏ ਕੱਪੜੇ ’ਚੋ ਬਚੀਆਂ ਕਾਤਰਾਂ ਨੂੰ ਧੱਕਾ-ਮੁੱਕੀ ਕਰ ਕੇ ਪ੍ਰਾਪਤ ਕਰਨਾ, ਥੜ੍ਹਿਆਂ (ਨਿਸ਼ਾਨ ਸਾਹਿਬ), ਸ਼ਸਤਰਾਂ, ਬੇਰੀਆਂ ਆਦਿ ਨੂੰ ਮੱਥੇ ਟੇਕਣਾ, ਦਿਵਾਲੀ ਦੀ ਰਾਤ ਨੂੰ ਦੀਵੇ ਬਾਲਣਾ, ਸਰੋਵਰ ਵਿਚਲੇ ਨੀਰ (ਪਾਣੀ, ਜਲ) ਨੂੰ ਅੰਮ੍ਰਿਤ ਸਮਝ ਕੇ ਛੱਕਣਾ, ਬੋਤਲਾਂ ’ਚ ਭਰ ਘਰ ਲਿਆ ਕੇ ਪਵਿੱਤਰਤਾ ਲਈ ਸੂਬ੍ਹਾ-ਸ਼ਾਮ ਛਿੱਟੇ ਮਾਰਨੇ, ਆਦਿ ਕਰਮਕਾਂਡ (ਪਾਖੰਡ) ਛੱਡ ਇੱਕ ਅਕਾਲ ਪੁਰਖ ਦੀ ਅਰਾਧਣਾ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਬਰਾਬਰ ਕਿਸੇ ਹੋਰ ਪੁਸਤਕ/ਗ੍ਰੰਥ ਦਾ ਪ੍ਰਕਾਸ਼ ਨਾ ਕਰਾਂਗੇ ਤੇ ਕੀਤੇ ਜਾਣ ਦਾ ਵਿਰੋਧ ਵੀ ਕਰਾਂਗੇ।

16. ਅਸੀਂ ਆਪਣੇ ਘਰ ਵਿੱਚ ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ, ਮਰਨ ਸੰਸਕਾਰ, ਆਦਿ ਕਾਰਜ ਸਮੇਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਆਸਰਾ ਲਵਾਂਗੇ ਅਤੇ ਅਨਮਤੀ ਰੀਤਾਂ, ਰਸਮਾਂ; ਜਿਵੇਂ ਕਿ ਬਾਲ ਮੁੰਡਨ, ਵਿਆਹ ਦੌਰਾਨ ਜੈ-ਮਾਲਾ, ਮਿਰਤਕ ਸਮੇਂ ਮੁੰਡਨ ਜਾਂ ਅਸਥੀਆਂ ਕਿਸੇ ਵਿਸ਼ੇਸ਼ ਥਾਂ ਪਾਉਣੀਆਂ (ਜਲ-ਪ੍ਰਵਾਹ ਕਰਨੀਆਂ), ਆਦਿ ਦਾ ਖਹਿੜਾ ਛੱਡ ਦੇਵਾਂਗੇ।

17. ਅਸੀਂ ਸਭ ਅਨਮਤੀ ਤਿਉਹਾਰ ਭਾਵ ਅਰਥਹੀਣ ਦਿਹਾੜੇ; ਜਿਵੇਂ ਕਿ ਕਰਵਾ ਚੌਥ, ਕੰਜਕਾਂ, ਅਸ਼ਟਮੀ, ਹੋਲੀ (ਜਾਂ ਹੋਲੇ ਮੁਹੱਲੇ ਦੇ ਨਾਂ) ’ਤੇ ਮੂੰਹ ਕਾਲੇ-ਪੀਲੇ ਕਰਨਾ, ਰੱਖੜੀ, ਲੋਹੜੀ, ਸੰਗਰਾਂਦ, ਆਦਿ ਨੂੰ ਵਿਸ਼ੇਸ਼ ਮਹੱਤਵ ਦੇਣ ਦੀ ਬਜਾਏ ਕੇਵਲ ਗੁਰੂ ਸਿਧਾਂਤ ਅਤੇ ਇਸ ’ਤੇ ਪਹਿਰਾ ਦੇ ਕੇ ਸਿਰਜੇ ਗਏ ਇਤਿਹਾਸ ਨਾਲ ਸੰਬੰਧਿਤ ਦਿਹਾੜੇ ਹੀ ਮਨਾਵਾਂਗੇ।

18. ਅਸੀਂ ਆਪਣਾ ਨਿਵੇਕਲਾਪਣ ਤੇ ਇਕਸਾਰਤਾ ਕਾਇਮ ਰੱਖਣ ਲਈ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ‘ਮੂਲ ਨਾਨਕਸਾਹੀ ਕੈਲੰਡਰ’ (2003-2010) ਅਨੁਸਾਰ ਮਨਾਵਾਂਗੇ।

(ਨੋਟ : ਅਗਾਂਹਵਧੂ ਕੌਮਾਂ ਵਾਂਗ ਅਸੀਂ ਵੀ ਆਪਣਾ ਨਵਾਂ ਸਾਲ (ਚੇਤ ਮਹੀਨੇ) ਆਪਣੇ ਕੈਲੰਡਰ ਮੁਤਾਬਕ ਸੁਤੰਤਰ ਤੌਰ ’ਤੇ (ਗੁਰਮਤ ਅਨੁਸਾਰ) ਵੱਡੀ ਪੱਧਰ ’ਤੇ ਜ਼ਰੂਰ ਮਨਾਈਏ ਤਾਂ ਜੋ ਫ਼ੈਸਲੇ ਲੈਣ ’ਚ ਖ਼ੁਦਮੁਖ਼ਤਿਆਰੀ ਪ੍ਰਤੱਖ ਨਜ਼ਰ ਆਵੇ। ਇਸ ਦੇ ਨਾਲ ਹੀ ਸਾਡੇ ਕੋਲ ਆਪਣੇ ‘ਸਿੱਖ ਨੈਸਨਲ ਐਨਥਮ’ (ਕੌਮੀ ਏਕਤਾ ਪ੍ਰਤੀਕ ਸਾਂਝੇ ਸਬਦ) ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਆਪਣੇ ਉਤਸ਼ਾਹਜਨਕ (ਪ੍ਰੇਰਨਾ ਦਾਇਕ) ‘ਸਿੱਖ ਨੈਸਨਲ ਐਨਥਮ’ ਨੂੰ  ਅੰਤਰ-ਰਾਸਟਰੀ ਪੱਧਰ ’ਤੇ ਲਗਾਤਾਰ (ਅਣਥੱਕ ਅਤੇ ਸੰਗਠਿਤ ਲਗਨ ਰਾਹੀਂ) ਫੈਲਾਉਣ ਨਾਲ ਗੁਰ-ਉਪਦੇਸਾਂ ਨੂੰ ਘਰ-ਘਰ ਪਹੁੰਚਾਉਣ ਵਿੱਚ ਕਾਫ਼ੀ ਸਫਲਤਾ ਮਿਲ ਸਕਦੀ ਹੈ। ਸਾਡਾ ‘ਕੌਮੀ ਸੰਗਠਿਤ ਸਬਦ’ ਗੁਰਮਤਿ ਦੇ ਕੇਂਦਰੀ (ਤੱਤ- Core) ਸਿਧਾਂਤ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈ; ਜਿਵੇਂ ਕਿ ‘‘ਜਾ ਕਉ, ਹਰਿ ਰੰਗੁ ਲਾਗੋ ਇਸੁ ਜੁਗ ਮਹਿ; ਸੋ ਕਹੀਅਤ ਹੈ ਸੂਰਾ॥’’ (ਮ:੫/੬੭੯)  ਜਾਂ ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ॥’’ (ਭਗਤ ਕਬੀਰ/੧੧੦੫), ਆਦਿ।  ਕੁਝ ਵੀ ਹੋਵੇ, ਸਰਬ-ਸੰਮਤੀ ਨਾਲ ਹੀ ਇਹ ਫ਼ੈਸਲਾ ਲਿਆ ਜਾਵੇ ਪਰ ਨਿਰਸੰਦੇਹ ਸਾਡਾ ‘ਕੌਮੀ ਸਬਦ’ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚੋਂ ਹੀ ਹੋਣਾ ਚਾਹੀਦਾ ਹੈ।

19. ਹੋਰਨਾਂ ਵੱਲੋਂ ਪਾਏ ਜਾਂਦੇ ਭਰਮ-ਭੁਲੇਖਿਆਂ ਨੂੰ ਅਸੀਂ ਗੁਰ ਸਬਦ ਦੀ ਕਸੌਟੀ (ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ) ’ਤੇ ਪਰਖਾਂਗੇ ਅਤੇ ਗੁਰਮਤਿ ਵਿਰੋਧੀ ਅਨਮਤੀ ਜਾਂ ਅਪ੍ਰਮਾਣਿਤ ਰਚਨਾਵਾਂ ਵੱਲ ਕੋਈ ਧਿਆਨ ਨਹੀਂ ਦੇਵਾਂਗੇ। ਅੰਨ੍ਹੀ ਸ਼ਰਧਾ ਕਾਰਨ ਪੈਦਾ ਹੋਈ ਨਿਪੁੰਸਕਤਾ (ਮਨ ਦੀ ਭੈੜੀ ਮੱਤ) ਨੂੰ ਤਿਆਗ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚੇ ਦਿਲੋਂ ਆਪਣਾ ਇਸ਼ਟ ਮੰਨਾਂਗੇ।

20. ਅਸੀਂ ਸਾਰੇ ਇੱਕ ਸਿੱਖ ਰਹਿਤ ਮਰਯਾਦਾ ਦੀ ਪਾਲਨਾ ਕਰਾਂਗੇ। ਮੌਜੂਦਾ ਅਰਦਾਸ ਤੇ ਰਹਿਤ ਮਰਯਾਦਾ ਨੂੰ ਸੋਧਣਾ ਵਾਸਤਵ ਵਿੱਚ ਸਮੇਂ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਪਰ ਜਿੰਨਾ ਚਿਰ ਇਹ ਸਾਂਝਾ ਕਾਰਜ ਸਮੁੱਚੇ ਪੰਥ ਵੱਲੋਂ ਸਰਬਸੰਮਤੀ ਨਾਲ ਸਿਰੇ ਨਹੀਂ ਚੜ੍ਹਦਾ, ਹਰ ਇੱਕ ਗੁਰਸਿੱਖ ਦਾ ਫ਼ਰਜ਼ ਬਣਦਾ ਹੈ ਕਿ ਵੰਨ ਸੁਵੰਨੀ ਬਣਾਈ ਮਰਯਾਦਾ ਨੂੰ ਤਿਆਗ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਗਈ ‘ਸਿੱਖ ਰਹਿਤ ਮਰਯਾਦਾ’ ’ਤੇ ਪੂਰੀ ਤਨ-ਦੇਹੀ ਨਾਲ ਪਹਿਰਾ ਦੇਵੇ।

21. ਸਾਡੇ ਕੀਰਤਨੀਏ (ਰਾਗੀ) ਫ਼ਿਲਮੀ ਧੁਨਾਂ ’ਤੇ ਸ਼ਬਦ ਗਾਇਨ ਕਰਨ ਦੀ ਬਜਾਏ ਆਪ ਮਿਹਨਤ ਕਰ ਕੇ ਗੁਰ ਸ਼ਬਦ ਨੂੰ ਨਿਰਧਾਰਿਤ ਰਾਗ ਵਿੱਚ ਗਾਉਣਗੇ। ਆਪਣੇ ਮਨ ਦੀ ਕੋਝੀ ਮੱਤ ਤਿਆਗ ਗੁਰੂ ਘਰਾਂ, ਖ਼ਾਸ ਕਰ ਇਤਿਹਾਸਿਕ ਗੁਰਦੁਆਰਿਆਂ ਵਿੱਚ ਅਨਮਤੀ ਰਚਨਾਵਾਂ ਦਾ ਗਾਇਨ ਕਰਨ ਤੋਂ ਤੋਬਾ ਕਰਨਗੇ। ਕੇਵਲ ਪੰਥ ਪ੍ਰਮਾਣਿਤ ਬਾਣੀਆਂ ਦਾ ਹੀ ਕੀਰਤਨ ਕਰਨਗੇ ਤਾਂ ਜੋ ਕੋਈ ਵਾਦ-ਵਿਵਾਦ ਖੜ੍ਹਾ ਨਾ ਹੋਵੇ ਅਤੇ ਸੰਗਤ ਵਿੱਚ ਰੋਸ਼ ਉਤਪੰਨ ਦੀ ਬਜਾਏ ਸਾਰੀ ਸੰਗਤ ਗੁਰੂ ਸ਼ਬਦ ਪਿਆਰ ਨਾਲ ਜੁੜੀ ਰਹੇ।

22. ਉਹ ਦਿਨ ਕਦੋਂ ਆਵੇਗਾ ਜਦੋਂ…. ਸਾਡੇ ਕਥਾਵਾਚਕ ਸਾਨੂੰ ਚਮਤਕਾਰ ਭਰਪੂਰ ਮਨਘੜਤ ਸਾਖੀਆਂ ਸੁਣਾ ਕੇ ਕੰਨ ਰਸ ਪਾਉਣ ਦੀ ਬਜਾਏ ਗੁਰਮਤ ਸਿਧਾਂਤਾਂ ਦੀ ਸਹੀ ਜਾਣਕਾਰੀ ਦੇਣਗੇ। ਸਾਨੂੰ ਵੀ ਬੇਝਿੱਜਕ ਹੋ ਅਨਮਤੀ ਅਤੇ ਅਪ੍ਰਮਾਣਿਤ ਰਚਨਾਵਾਂ ਨੂੰ ਗੁਰੂ ਦੀ ਕ੍ਰਿਤ ਦੱਸਣ ਦੀ ਬੱਜਰ ਗੁਸਤਾਖ਼ੀ (ਗ਼ਲਤੀ) ਕਰ ਸੰਗਤਾਂ ਨੂੰ ਹੋਰ ਦੁਬਿਧਾ ’ਚ ਪਾਉਣ ਵਾਲੇ ਕਥਾਕਾਰਾਂ ਦੀ ਬੱਕੜਵਾਹ (ਬਿਨਾਂ ਸੋਚੇ-ਸਮਝੇ ਬੋਲੇ ਸ਼ਬਦਾਂ) ਨੂੰ ਸਿਰੇ ਤੋਂ ਹੀ ਨਕਾਰ ਦੇਣਾ ਚਾਹੀਦਾ ਹੈ। ਅਜਿਹੇ ਦੁਬਿਧਾ ਪਾੳੂ ਕਥਾਵਾਚਕਾਂ ਨੂੰ ਚੁੱਪ-ਚਾਪ ਧੋਣਾਂ ਨੀਵੀਆਂ ਕਰ ਸੁਣਨ ਦੀ ਬਜਾਏ ਗੁਰਮਤ ਰੌਸ਼ਨੀ ’ਚ ਪਿਆਰ ਨਾਲ ਸਵਾਲ-ਜਵਾਬ ਕਰਨਾ ਆਰੰਭ ਕਰਨਾ ਚਾਹੀਦਾ ਹੈ। ਜੇਕਰ ਅਸੀਂ ਨਿੱਜ ਘਰਾਂ ਵਿੱਚ ਗੁਰਮੁਖੀ ਲਿਪੀ ਦੀ ਰੋਜ਼ਾਨਾ ਵਰਤੋਂ ਕਰੀਏ ਤਾਂ ਗੁਰ ਸ਼ਬਦ ਨੂੰ ਸਮਝਣ ਲਈ ਸਾਨੂੰ ਕਿਸੇ ’ਤੇ ਵੀ ਨਿਰਭਰ ਨਹੀਂ ਹੋਣਾ ਪਵੇਗਾ।

23. ਅਸੀਂ ਗੁਰੂ ਘਰ ਵਿੱਚ ਕੀਰਤਨ, ਕਥਾ ਜਾਂ ਨਿਤਨੇਮ ਦੇ ਪ੍ਰਵਾਹ ਚੱਲਦਿਆਂ ਦੌਰਾਨ ਆਪਣਾ ਵੱਖਰਾ ਪਾਠ (ਨਿਤਨੇਮ, ਸੁਖਮਨੀ, ਮਨਮਤੀ ਦੁਖ ਭੰਜਨੀ, ਆਦਿ ਦਾ ਪਾਠ) ਕਰ ਅਸੱਭਿਅਕ ਹੋਣ ਦਾ ਸਬੂਤ ਨਹੀਂ ਦੇਵਾਂਗੇ। ਦੀਵਾਨ ਹਾਲ ਵਿੱਚ ਬੈਠ ਕੇ ਗੱਲਾਂ ਕਰਨੀਆਂ ਜਾਂ ਫੋਨ ਆਦਿ ਦਾ ਪ੍ਰਯੋਗ ਵੀ ਅਸੱਭਿਅਕ ਕਾਰਜ ਹਨ, ਜਿਨ੍ਹਾਂ ਤੋਂ ਆਪ ਸੁਚੇਤ ਰਹਿ ਹੋਰਨਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ।

24. ਅਸੀਂ ਆਪੋ-ਆਪਣੇ ਧਾਰਮਿਕ ਅਸਥਾਨਾਂ (ਗੁਰਦੁਆਰਾ, ਮੰਦਿਰ, ਮਸਜਿਦ ਆਦਿ ਅਦਾਰਿਆਂ) ਦੇ ਸਪੀਕਰਾਂ ਰਾਹੀਂ ਹੁੰਦੇ ਆਵਾਜ਼ ਪ੍ਰਦੂਸ਼ਣ ਨੂੰ ਰੋਕਾਂਗੇ। ਸਪੀਕਰ ਆਵਾਜ਼ ਕੇਵਲ ਦੀਵਾਨ ਹਾਲ ਤੱਕ ਸੀਮਤ ਮੱਧਮ (ਮਿੱਠੀ) ਆਵਾਜ਼; ਅਸ਼ਾਂਤ ਮਾਨਸਿਕਤਾ ਨੂੰ ਗੁਰ ਸ਼ਬਦ ਰਾਹੀਂ ਸ਼ਾਂਤ ਕਰਨ ਦੇ ਚਾਹਵਾਨਾਂ ਲਈ ਜ਼ਿਆਦਾ ਅਸਰਦਾਰ ਸਾਬਤ ਹੁੰਦੀ ਹੈ।

25. ਅਸੀਂ ਆਪਣੇ ਘਰਾਂ ਅਤੇ ਦੁਕਾਨਾਂ ਵਿੱਚੋਂ ਅਨਮਤੀ ਚਿੱਤਰ ਤੇ ਮੂਰਤੀਆਂ (ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਵੀ) ਹਟਾ ਕੇ, ਆਪਣੇ ਆਸ-ਪਾਸ ਨੂੰ ਗੁਰਬਾਣੀ ਦੀਆਂ ਤੁਕਾਂ ਨਾਲ ਸ਼ਿੰਗਾਰਾਂਗੇ ਤਾਂ ਕਿ ਨਿਰੰਕਾਰ ਦੀ ਯਾਦ ਉੱਠਦਿਆਂ, ਬੈਠਦਿਆਂ ਹਿਰਦੇ ਵਿੱਚ ਨਿਰੰਤਰ ਗਤੀਸ਼ੀਲ ਰਹੇ।

26. ਅਸੀਂ ਸਵੇਰੇ ਸ਼ਾਮ ਬੱਚਿਆਂ ਨਾਲ ਮਿਲ ਬੈਠ ਕਰ ਨਿਤਨੇਮ ਕਰਾਂਗੇ ਤੇ ਬਾਕੀ ਵਿੱਦਿਆ ਦੀ ਤਰ੍ਹਾਂ ਗੁਰਬਾਣੀ ਅਧਿਐਨ ਨੂੰ ਵੀ ਤਰਜੀਹ ਦੇਵਾਂਗੇ।

27. ਅਸੀਂ ਨਸ਼ਿਆਂ ਦੀ ਦਲਦਲ ’ਚੋ ਨਿਕਲ ਕੇ, ਗੁਰੂ ਅੱਗੇ ਅੰਮ੍ਰਿਤ ਦੀ ਦਾਤ ਵਾਸਤੇ ਜੋਦੜੀ ਕਰਾਂਗੇ।

28. ਅਸੀਂ ਆਪਣੇ ਸਿੱਖੀ ਸਰੂਪ ਦੀ ਲਾਜ ਰੱਖਣ ਲਈ ਅਜਿਹੇ ਕੰਮ ਨਾ ਕਰਨ ਦਾ ਅਹਿਦ (ਵਾਅਦਾ) ਕਰਾਂਗੇ, ਜਿਸ ਨਾਲ ਸਥਾਨਿਕ ਭਾਈਚਾਰੇ ਅਤੇ ਸਮੁੱਚੀ ਸਿੱਖ ਕੌਮ ਦਾ ਸਿਰ ਨੀਵਾਂ ਹੁੰਦਾ ਹੋਵੇ।

29. ਅਸੀਂ ਗੁਰਦੁਆਰਿਆਂ ’ਚ ਪ੍ਰਧਾਨਗੀ (ਮੁੱਖ ਸੇਵਾਦਾਰ), ਸਕੱਤਰ, ਖ਼ਜ਼ਾਨਚੀ ਆਦਿ ਦੇ ਅਹੁਦੇ ਲੈਣ ਲਈ ਲੜਾਈ ਝਗੜਿਆਂ ’ਚ ਉਲਝਣ ਦੀ ਥਾਂ ਸਰਬ-ਸੰਮਤੀ ਨਾਲ ਇਹ ਸੇਵਾਵਾਂ ਆਪਸ ਵਿੱਚ ਵੰਡ ਲਵਾਂਗੇ ਅਤੇ ਸੰਗਤ ਦੀ ਮਾਇਆ ਨੂੰ ਸੰਸਾਰੀ ਅਦਾਲਤਾਂ ’ਚ ਰੋਲਣ ਦੀ ਬਜਾਏ ਪੰਥ ਦੀ ਬਿਹਤਰੀ ਵਾਸਤੇ ਇਸਤੇਮਾਲ ਕਰਾਂਗੇ; ਜਿਵੇਂ ਕਿ ਗੁਰਮਤ ਸਾਹਿਤ ਛਪਵਾ ਕੇ ਵੰਡਣਾ, ਮੈਡੀਕਲ ਕੈਂਪ ਲਗਾਉਣੇ, ਆਦਿ। ਵਿਵਾਦਿਤ ਤੇ ਅਸੱਭਿਅਕ ਸਮੱਗਰੀ ਸੰਗਤ ’ਚ ਵੰਡਣ ਤੋਂ ਸੰਕੋਚ ਕਰਾਂਗੇ।

30. ਉਹ ਦਿਨ ਕਦੋਂ ਆਵੇਗਾ ਜਦੋਂ…..ਅਸੀਂ ਆਪਣੇ ਗੁਰਦੁਆਰਿਆਂ ਦੇ ਪ੍ਰੋਗਰਾਮਾਂ ’ਚ ਸੁਧਾਰ ਕਰਾਂਗੇ ਤਾਂ ਕਿ ਸੰਗਤ ਵਾਕਿਆ ਈ ਹਰ ਵਾਰੀ ਕੋਈ ਨਵੀਂ ਜੀਵਨ ਜਾਚ ਸਿੱਖ ਸਕੇ। ਸਾਨੂੰ ਸਾਰਿਆਂ ਨੂੰ ਅਨੁਸ਼ਾਸਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਹੀ ਸ਼ਮੂਲੀਅਤ ਕਰਨ ਦੀ ਆਦਤ ਪਾਉਣੀ ਪਵੇਗੀ। ਇਸਾਈ ਲੋਕਾਂ ਦੇ ਗਿਰਜਾ-ਘਰਾਂ (churches) ਵਿੱਚ ਸਾਰੇ ਜਣੇ ਇੱਕੋ ਸਮੇਂ ’ਤੇ ਪ੍ਰੋਗਰਾਮ (service) ਦੀ ਸ਼ੁਰੂਆਤ ਵੇਲੇ ਹਾਜ਼ਰ ਹੁੰਦੇ ਹਨ। ਜੇ ਕੋਈ ਦੇਰ ਨਾਲ ਆਏ ਜਾਂ ਸਰਵਿਸ ਦੀ ਸਮਾਪਤੀ ਤੋਂ ਪਹਿਲਾਂ ਹੀ ਉੱਠ ਕੇ ਚਲਾ ਜਾਏ ਤਾਂ ਸਮਾਜਿਕ, ਧਾਰਮਿਕ ਅਤੇ ਰੂਹਾਨੀਅਤ ਦ੍ਰਿਸ਼ਟੀਕੋਣ ਤੋਂ ਅਜਿਹੇ ਵਤੀਰੇ ਨੂੰ ਅਸੱਭਿਅਕ ਮੰਨਿਆ ਜਾਂਦਾ ਹੈ।

31. ਸਿੱਖ ਆਪਣੇ ਜਾਤੀ ਅਤੇ ਰਾਜਸੀ ਮੁਫ਼ਾਦ ਦੀ ਖ਼ਾਤਰ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਨਹੀਂ ਕਰੇਗਾ ਅਤੇ ਪੰਥਕ ਹਿੱਤਾਂ ਨੂੰ ਦਾਅ ’ਤੇ ਲਗਾਉਣ ਤੋਂ ਤੋਬਾ ਕਰੇਗਾ। ਗੁਰੂ ਪੰਥ ਦੇ ਭਲੇ ਲਈ ਸੱਚਾ ਪੰਥ ਦਰਦੀ ਬਣ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਆਪਣੀ ਖੁਸ਼ਨਸੀਬੀ ਸਮਝੇਗਾ।

32. ਅਸੀਂ ਕੇਵਲ ਗੱਲਾਂ ਕਰ ਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਬਜਾਏ ਪੰਥਕ ਅਤੇ ਸਮਾਜਿਕ ਮਸਲਿਆਂ ਨੂੰ ਹੱਲ ਕਰਨ ਲਈ ਆਪਣੀ ਬਣਦੀ ਭੂਮਿਕਾ ਨਿਭਾਵਾਂਗੇ। ਦਾਜ (ਦਹੇਜ) ਵਰਗੀਆਂ ਅਨੇਕਾਂ ਲਾਹਨਤਾਂ ਨੂੰ ਨਿੱਜੀ ਜ਼ਿੰਮੇਵਾਰੀ ਲੈ ਕੇ ਹੀ ਦੁਰਕਾਰਿਆ ਜਾ ਸਕਦਾ ਹੈ।

33. ਅਸੀਂ ਝੂਠੀ ਸ਼ਾਨ-ਸ਼ੌਕਤ ਦਾ ਦਿਖਾਵਾ ਕਰਨ ਦੀ ਬਜਾਏ ਆਪਣੇ ਸੰਸਾਰਕ ਕਾਰ ਵਿਹਾਰ ਯਥਾ-ਸ਼ਕਤ ਹੀ ਖ਼ਰਚ ਕਰਾਂਗੇ ਤੇ ਆਪਣੇ ਆਪ ਨੂੰ ਆਤਮਿਕ ਪੱਖੋਂ ਸੰਵਾਰ ਕੇ ਅੰਤਰ ਮੁਖੀ ਹੋਇਆਂ ਹਰ ਹਾਲ ਵਿੱਚ ਸੰਤੁਸ਼ਟ ਰਹਿਣ ਦੀ ਬਿਰਤੀ ਪਾਲ਼ਾਂਗੇ।

34. ਅਸੀਂ ਔਰਤ ਨੂੰ ਵਾਕਿਆ ਈ ਆਪਣੇ ਬਰਾਬਰ ਦੀ ਭਾਈਵਾਲ ਸਮਝਾਂਗੇ ਤੇ ਸਾਰੇ ਇਤਿਹਾਸਿਕ ਗੁਰਦੁਆਰਿਆਂ ’ਚ ਕੀਰਤਨ ਕਰਨ ਦੀ ਸੇਵਾ ਅਤੇ ਆਪਣੇ ਤਖ਼ਤਾਂ ਤੋਂ ਰਹਿਨੁਮਾਈ ਕਰਨ ਦਾ ਖੁੱਲ੍ਹਾ ਹਾਰਦਿਕ ਸੱਦਾ ਦੇਵਾਂਗੇ। ਪੰਜਾਂ ਪਿਆਰਿਆਂ ’ਚ ਔਰਤ ਦਾ ਸ਼ਾਮਲ ਹੋਣਾ ਯਕੀਨਨ ਹੀ ਸਿੱਖ ਧਰਮ ਦੇ ਅਗਾਂਹਵਧੂ ਹੋਣ ਦਾ ਸਬੂਤ ਹੋਵੇਗਾ ਅਤੇ ਨਾਲ ਹੀ ਇਹ ਸ਼ਮੂਲੀਅਤ ਸਾਡੀਆਂ ਸਿੱਖ ਬੱਚੀਆਂ ਦੇ ਆਤਮ ਵਿਸ਼ਵਾਸ ਲਈ ਵੀ ਇੱਕ ਵਰਦਾਨ ਸਾਬਤ ਹੋਵੇਗਾ।

35. ਅਸੀਂ ਆਪਣੀ ਨੇਕ ਕਮਾਈ ’ਚੋ ਗੁਰੂ ਨਮਿਤ ਦਸਵੰਧ ਕੱਢਣ ਦੇ ਅਸੂਲ ਨੂੰ ਨੇਕ ਨੀਅਤ ਨਾਲ ਅਪਣਾਵਾਂਗੇ ਤੇ ਗੁਰਦੁਆਰਿਆਂ ਦੀਆਂ ਗੋਲਕਾਂ ’ਚ ਪਾਉਣ ਦੀ ਬਜਾਏ ਗ਼ਰੀਬਾਂ ਦਾ ਜੀਵਨ ਪੱਧਰ ਉੱਚਾ ਕਰਨ ’ਤੇ ਲਾਵਾਂਗੇ। ਦਸਵੰਧ ਦਾ ਕੁਝ ਹਿੱਸਾ ਗੁਰਮਤ ਸਾਹਿਤ ਦੀ ਛਪਾਈ ਅਤੇ ਵੰਡ ’ਤੇ ਲਗਾਉਣਾ ਵੀ ਅਤਿ ਜ਼ਰੂਰੀ ਹੈ।

36. ਅਸੀਂ ਆਪਣੇ ਗੁਰੂ ਘਰ ਦੇ ਲੰਗਰ ਹਾਲ ’ਚੋਂ ਨਿਕਲ ਕੇ ਬਹੁਤਾ ਸਮਾਂ ਦੀਵਾਨ ਹਾਲ ਵਿੱਚ ਬੈਠਣ ਦੀ ਆਦਤ ਪਾਵਾਂਗੇ ਤੇ ਅੰਮ੍ਰਿਤਮਈ ਉਪਦੇਸ਼ ਨੂੰ ਸੁਣ ਕੇ ਸਮਝਣ ਤੇ ਅਪਨਾਉਣ ਵੱਲ ਕਦਮ ਵਧਾਵਾਂਗੇ। ਸਮਾਜ ’ਚ ਹਰ ਧਰਮ ਦੇ ਲੋਕਾਂ ਨਾਲ ਮਿਲਵਰਤਨ ਵਧਾਉਣ ’ਤੇ ਜੋਰ ਦੇਵਾਂਗੇ ਤੇ ਲੋਕ ਭਲਾਈ ਦੇ ਕਾਰਜ ’ਚ ਵਧ ਚੜ੍ਹ ਕੇ ਭਾਗ ਲਵਾਂਗੇ ।

37. ਅਸੀਂ ਰੱਜਿਆਂ ’ਚ ਲੰਗਰ ਲਗਾਉਣ ਦੀ ਬਜਾਇ ਲੋੜਵੰਦ ਸਿਗਲੀਕਰ ਤੇ ਹੋਰ ਅਖੌਤੀ ਦਲਿਤ ਪਰਿਵਾਰਾਂ ਨੂੰ ਖੁੱਲ੍ਹੀਆਂ ਬਾਂਹਾਂ ਨਾਲ ਖ਼ਾਲਸਾ ਪੰਥ ’ਚ ਸ਼ਾਮਲ ਕਰਨ ਲਈ ਸੁਹਿਰਦ ਹੋ ਕੇ ਯਤਨ ਕਰਾਂਗੇ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਤਨ, ਮਨ, ਧਨ ਨਾਲ ਆਪਣਾ ਯੋਗਦਾਨ ਪਾਵਾਂਗੇ।

…….ਤੇ ਸਭ ਤੋਂ ਜ਼ਰੂਰੀ…..ਉਹ ਦਿਨ ਕਦੋਂ ਆਵੇਗਾ; ਜਦੋਂ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਹਰ ਇੱਕ ਗੁਰਸਿੱਖ ਨਿੱਜੀ ਜ਼ਿੰਮੇਵਾਰੀ ਸਮਝਦਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਪ੍ਰਚਾਰਨ (ਘਰ-ਘਰ ਪਹੁੰਚਾਉਣ) ਨੂੰ ਵੀ ਆਪਣੇ ਜੀਵਨ ਮਨੋਰਥ ਦਾ ਇੱਕ ਬੇਹੱਦ ਮਹੱਤਵ ਪੂਰਨ ਹਿੱਸਾ ਮੰਨੇਗਾ।

ਧੰਨਵਾਦ ਜੀ