ਗੁਰਬਾਣੀ ਚਾਨਣ ਵਿੱਚ ‘ਸ਼ਬਦ’ ਦੀ ਵਿਆਖਿਆ

0
752

ਗੁਰਬਾਣੀ ਚਾਨਣ ਵਿੱਚ ‘ਸ਼ਬਦ’ ਦੀ ਵਿਆਖਿਆ

ਅਵਤਾਰ ਸਿੰਘ ਮਿਸ਼ਨਰੀ (5104325827)

ਸ਼ਬਦ ਬਾਰੇ ਅਗਿਆਨੀ, ਡੇਰੇਦਾਰ ਅਤੇ ਸੰਪ੍ਰਦਾਈ ਲੋਕਾਂ ਨੇ ਬਹੁਤ ਭੁਲੇਖੇ ਪਾਏ ਹਨ। ਆਪਾਂ ਸ਼ਬਦ (ਲਫਜ਼) ਦੀ ਵਿਸਥਾਰ ਨਾਲ ਵਿਆਖਿਆ ਕਰਾਂਗੇ।  ਸ਼ਬਦ ਲਫਜ਼ ਕਈ ਅਰਥਾਂ ਤੇ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਆਉਂਦਾ ਹੈ। ਪ੍ਰਕਰਣ ਅਨੁਸਾਰ ਇਸ ਦੇ ਵੱਖਰੇ ਵੱਖਰੇ ਅਰਥ ਹਨ।  ਮੂਲ ਰੂਪ ਵਿੱਚ ਇਹ ਸੰਸਕ੍ਰਿਤ ਦਾ ਲਫਜ਼ ਹੈ ਤੇ ਅਰਥ ਹਨ, ‘ਧੁਨਿ, ਆਵਾਜ਼, ਸੁਰ, ਪੰਚ ਸ਼ਬਦ, ਪਦ, ਲਫਜ਼, ਗੁਫ਼ਤਗੂ, ਗੁਰ ਉਪਦੇਸ਼, ਬ੍ਰਹਮ, ਕਰਤਾਰ, ਧਰਮ, ਮਜ਼ਹਬ, ਪੈਗਾਮ, ਸੁਨੇਹਾ, ਪਦ ਰਚਨਾ ਅਤੇ ਮਕਸਦ’ ਆਦਿ ਹਨ।

ਪੰਚ ਸ਼ਬਦ ਅਤੇ ਧੁਨਿ-‘‘ਪੰਚ ਸਬਦ ਧੁਨਿ ਅਨਹਦ ਵਾਜੇ, ਹਮ ਘਰਿ ਸਾਜਨ ਆਏ॥’’ (764) ਪੰਚ ਸ਼ਬਦ ਤਾਰ, ਚੰਮ, ਦਾਂਤ, ਘੜੇ ਤੇ ਫੂਕ ਵਾਲੇ ਸਾਜਾਂ ਦੇ, ਅਨਹਦ।  ਧੁਨੀ, ਅਵਾਜ਼ ਅਤੇ ਅਲਾਪ ਦਾ ਨਾਂ ਹੈ। ਅਵਾਜ਼ ਅਤੇ ਸੁਰ-ਧੁਨਿ, ਸ਼ਬਦ, ਸੱਦ, ਪੁਕਾਰ ਜੋ ਬੋਲ ਕੇ ਸੁਣਾਈ ਜਾਂਦੀ ਹੈ। ਅਵਾਜ਼ਾ ਲੈਣਾ ਭਾਵ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਬੋਲ ਕੇ ਉੱਚੀ ਪੜ੍ਹਣਾ। ਸੁਰ ਭਾਵ ਨੱਕ ਦੇ ਰਾਹ ਸਵਾਸ ਦਾ ਆਉਣਾ ਜਾਣਾ, ਸੰਗੀਤ ਅਨੁਸਾਰ ਉਹ ਧੁਨਿ ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਨ ਹੋਵੇ, ਇਸ ਦੇ ਸੱਤ ਸੁਰ ਹੁੰਦੇ ਹਨ।  ਪਦ ਤੇ ਪਦ ਰਚਨਾ-ਪੈਰ, ਚਰਨ ਅਤੇ ਕਵਿਤਾ ਲੇਖ ਆਦਿ ਦੇ ਪਦ (ਬੰਧ) ਲਫਜ਼-ਸ਼ਬਦ, ਬੋਲ-‘‘ਭਿਸਤੁ, ਪੀਰ ਲਫਜ, ਕਮਾਇ ਅੰਦਾਜਾ ॥’’ (ਮ: ੫/੧੦੮੩) ਗੁਫਤਗੂ-‘‘ਸਬਦੌ ਹੀ ਭਗਤ ਜਾਪਦੇ; ਜਿਨ੍ ਕੀ ਬਾਣੀ ਸਚੀ ਹੋਇ ॥’’ (ਮ: ੩/੪੨੯),  ਗੁਰ ਉਪਦੇਸ਼-‘‘ਗੁਰੂ ਸਿਖੁ, ਸਿਖੁ ਗੁਰੂ ਹੈ ਏਕੋ; ਗੁਰ ਉਪਦੇਸੁ ਚਲਾਏ ॥’’ (ਮ: ੪/੪੪੪) ਬ੍ਰਹਮ ਤੇ ਕਰਤਾਰ-‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩), ਧਰਮ ਤੇ ਮਜ਼ਹਬ-‘‘ਜੋਗ ਸਬਦੰ ਗਿਆਨ ਸਬਦੰ; ਬੇਦ ਸਬਦੰ ਬ੍ਰਾਹਮਣਹ ॥’’ (ਮ: ੨/੪੬੯) ਪੈਗਾਮ ਤੇ ਸੁਨੇਹਾ-‘‘ਧਨ ਵਾਂਢੀ, ਪਿਰੁ ਦੇਸ ਨਿਵਾਸੀ; ਸਚੇ ਗੁਰ ਪਹਿ ਸਬਦੁ ਪਠਾੲਂੀ ॥’’ (ਮ: ੧/੧੨੭੩), ਮਕਸਦ-‘‘ਨ ਸਬਦੁ ਬੂਝੈ; ਨ ਜਾਣੈ ਬਾਣੀ ॥’’ (ਮ: ੩/੬੬੫)

ਸੋ ਮੋਟੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਸ਼ਬਦ ਦੇ ਅਰਥ ਕਰਤਾਰ, ਸਤਿਗੁਰਾਂ ਦੁਆਾਰਾ ਪ੍ਰਾਪਤ ਕਰਤਾਰ ਦਾ ਹੁਕਮ (ਬਾਣੀ), ਧਰਮ, ਗੁਰ ਮੰਤ੍ਰ ਅਤੇ ਗੁਰਬਾਣੀ ਹਨ।  ਸਾਰਾ ਗੁਰੂ ਗ੍ਰੰਥ ਸਾਹਿਬ ਹੀ ਸ਼ਬਦਾਂ ਦਾ ਸੰਗ੍ਰਹਿ ਹੈ, ਜੋ ਗਿਆਨ ਰੂਪ ਵਿੱਚ ਸ਼ਬਦ ਗੁਰੂ ਹੈ-‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ ॥’’ (ਮ: ੧/੬੩੫) ਸ਼ਬਦ ਨੂੰ ਸਿੱਖਣ ਅਤੇ ਜਾਨਣ ਵਾਲਾ ਹੀ ਸਿੱਖ ਹੈ- ‘‘ਸਿਖਹੁ ਸਬਦੁ ਪਿਆਰਿਹੋ ! ਜਨਮ ਮਰਨ ਕੀ ਟੇਕ ॥’’ (ਮ: ੫/੩੨੦), ਸਬਦੁ ਨ ਜਾਣਹਿ, ਸੇ ਅੰਨੇ ਬੋਲੇ, ਸੇ ਕਿਤੁ ਆਏ ਸੰਸਾਰਾ ॥’’ (ਮ: ੩/੬੦੧)

ਅਜੋਕੇ ਸਾਧਾਂ, ਸੰਤਾਂ, ਡੇਰੇਦਾਰ ਸੰਪ੍ਰਦਾਈਆਂ ਨੇ ਸਬਦ (ਗਿਆਨ) ਨੂੰ ਗਿਣਤੀ ਮਿਣਤੀ ਦਾ ਮੰਤ੍ਰ ਬਣਾ ਦਿੱਤਾ ਹੈ। ਸ਼ਰਧਾਲੂਆਂ ਨੂੰ ਗਿਣਤੀ ਦੇ ਸ਼ਬਦ ਬਾਰ ਬਾਰ ਪੜ੍ਹਨ ਦਾ ਉਪਦੇਸ਼ ਦਿੰਦੇ ਹਨ। ਫਲਾਨਾ ਸ਼ਬਦ 11, 21, 31, ਜਾਂ 40 ਵਾਰ ਮੰਤ੍ਰ ਵਾਂਗ ਬਾਰ ਬਾਰ ਪੜ੍ਹੋ ਤਾਂ ਤੁਹਾਡੇ ਦੁੱਖ ਦੂਰ, ਧੰਨ ਪ੍ਰਾਪਤ, ਆਦਮੀ ਨੂੰ ਔਰਤ ਤੇ ਔਰਤ ਨੂੰ ਆਦਮੀ ਮਿਲੇ, ਔਰਤ ਸੱਤ ਵਲ ਪਾ ਕੇ ਵੀ ਤੁਹਾਡੇ ਮਗਰ ਲੱਗੇ, ਰੋਗ ਦੂਰ ਹੋਵਣ, ਦੁਸ਼ਮਣ ਮਰੇ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਮੰਨੀਆਂ ਗਈਆਂ ਰਿਧੀਆਂ ਸਿਧੀਆਂ ਪ੍ਰਾਪਤ ਹੋਵਣ। ਸ਼ਬਦ ਦਾ ਜਾਪ ਕਰ ਕੇ ਟੂਣਾ ਕਰੋ, ਦੂਸਰੇ ਦਾ ਨੁਕਸਾਨ ਹੋਵੇ। ਸ਼ਬਦ ਨੂੰ ਮਾਲਾ ਨਾਲ ਜੋੜ ਕੇ ਰਪੀਟ ਕਰਨ ਦਾ ਵੀ ਮੰਤ੍ਰ ਜਾਪ, ਇਨ੍ਹਾਂ ਭੱਦਰ ਪੁਰਸ਼ਾਂ ਦੀ ਹੀ ਦੇਣ ਹੈ। ਸ਼ਬਦ ਨੂੰ ਦੇਹਾਂ ਵਾਂਗ ਪੂਜਣਾ ਵੀ ਇਨ੍ਹਾਂ ਦਾ ਅੰਧਵਿਸ਼ਵਾਸੀ ਕਰਮ ਹੈ।

ਹੋਰ ਤਾਂ ਹੋਰ ਇਹ ਲੋਕ ਗੈਬੀ ਸ਼ਬਦ ਦਾ ਪ੍ਰਚਾਰ ਕਰਦੇ ਹਨ ਕਿ ਅਸਲੀ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਵਿਖੇ ਵੀ ਨਹੀਂ ਉਹ ਕੇਵਲ ਸੰਤਾਂ ਮਹਾਂ ਪੁਰਖਾਂ ਅਤੇ ਅਖੌਤੀ ਬ੍ਰਹਮਗਿਆਨੀਆਂ ਕੋਲੋਂ ਹੀ ਮਿਲਦਾ ਹੈ। ਦੇਹਧਾਰੀ ਗੁਰੂ ਬਣ ਕੇ ਗੁਪਤ ਮੰਤ੍ਰ ਦੇਣ ਦੀ ਰੀਤ ਵੀ ਇਨ੍ਹਾਂ ਧਰਮੀ ਠੱਗਾਂ ਦੀ ਹੀ ਦੇਣ ਹੈ।

ਸੋ ਸਾਨੂੰ ਇਨ੍ਹਾਂ ਵਹਿਮਾਂ ਭਰਮਾਂ ਅਤੇ ਅਖੌਤੀ ਸਾਧਾਂ ਸੰਤਾਂ ਸੰਪ੍ਰਦਾਈਆਂ ਤੋਂ ਦੂਰ ਰਹਿ ਕੇ, ਆਪ ਸਿੱਧੇ ‘ਸਬਦੁ ਗੁਰੂ’ ਨਾਲ ਜੁੜਨ ਦੀ ਲੋੜ ਹੈ ਵਰਨਾ ਆਪਣਾ ਕੀਮਤੀ ਮਨੁੱਖਾ ਜਨਮ ਦਾ ਸਮਾਂ, ਧੰਨ ਦੌਲਤ, ਇੱਜ਼ਤ ਆਬਰੂ ਅਤੇ ਉੱਚਾ ਸੁੱਚਾ ਜੀਵਨ ਬਰਬਾਦ ਕਰ ਲਵਾਂਗੇ। ਪੰਜਾਬੀ ਦੀ ਹੀ ਕਹਾਵਤ ਹੈ ਕਿ ‘ਸ਼ਬਦ ਨਾ ਸ਼ਲੋਕ, ਬਾਬਾ ਟਿੱਕੀਆਂ ਦਾ ਠੋਕ’ ਸੋ ਬਹੁਤੇ ਬਾਬੇ ਸਾਡੀ ਅੰਧਵਿਸ਼ਵਾਸੀ ਲੁੱਟ ਨਾਲ ਅਮੀਰੀ ਠਾਠ ਬਣਾਈ ਫਿਰਦੇ ਹਨ ਪਰ ਉਨ੍ਹਾਂ ਦੇ ਪੱਲੇ ਅਸਲੀ ਗੁਰੂ ਸ਼ਬਦ ਦਾ ਗਿਆਨ ਨਹੀਂ ਹੈ।