ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)
ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ
ਗਿਆਨੀ ਜਗਤਾਰ ਸਿੰਘ ਜਾਚਕ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -1)
ਅਕਾਦਮਿਕ ਖੇਤਰ ਦੇ ਭਾਸ਼ਾਈ ਵਿਗਿਆਨੀ ਤੇ ਗੁਰਬਾਣੀ ਵਿਆਕਰਨ ਦੇ ਗਿਆਤਾ ਪ੍ਰੋ. ਹਰਜਿੰਦਰ ਸਿੰਘ ਘਰਸਾਣਾ ਵੀ ਮੰਨਦੇ ਹਨ ਕਿ ਵਰਤਮਾਨ ਕਾਲ ਦੀ ਅਨਪੁਰਖੀ ਕਿਰਿਆ ਹੋਣ ਕਾਰਨ ‘ਉਤਰਸਿ’ ਲਫ਼ਜ਼ ਸਿਹਾਰੀ ਸਹਿਤ ਹੀ ਸ਼ੁੱਧ ਰੂਪ ਮੰਨਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੀ ਸਲਾਹ ਨਾਲ ਜਥੇਦਾਰ ਵੇਦਾਂਤੀ ਜੀ ਨੇ ਪਾਵਨ ਬੀੜ ਦਾ ਜੋ ਖਰੜਾ ਤਿਆਰ ਕੀਤਾ ਤੇ ‘ਸਿੱਖ ਬੁੱਕ ਕਲੱਬ ਅਮਰੀਕਾ’ ਦੁਆਰਾ ਵਿਚਾਰਨ ਹਿਤ ਪੰਥ ਦੇ ਸਨਮੁਖ ਰੱਖਿਆ, ਉਸ ਵਿੱਚ ਸ਼ੁਧ ਪਾਠ ਭਾਵੇਂ ‘ਉਤਰਸਿ’ ਹੀ ਸਹੀ ਮੰਨਿਆ, ਪ੍ਰੰਤੂ ਅਜਿਹਾ ਲਿਖ ਕੇ ਵੀ ਉਨ੍ਹਾਂ ਨੇ ਪਾਠ ਦੇ ਲਿਖਤੀ ਤੇ ਉਚਾਰਨਿਕ ਰੂਪ ਦੀ ਵਿਆਕਰਣਿਕ ਸੁਧਾਈ ਤੇ ਸ਼ੁਧਤਾ ਦੀ ਹੋਰ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ । ਜਥੇਦਾਰ ਜੀ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੀ ਪ੍ਰਕਾਸ਼ਤ ਹੋਈ ਪੁਸਤਕ ‘ਗੁਰਬਾਣੀ ਲਗ–ਮਾਤ੍ਰੀ ਨਿਯਮਾਵਲੀ ਖੋਜ ਤੇ ਸੰਭਾਵਨਾ’ ਇਸ ਤੱਥ ਦੀ ਅਕੱਟ ਗਵਾਹੀ ਹੈ। ਇਸ ਪੁਸਤਕ ਵਿੱਚ ਲਗਭਗ ਉਹ ਸਾਰੇ ਲੇਖ ਹਨ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅੰਦਰਲੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’ ਦੇ ਸਹਿਯੋਗ ਨਾਲ ਤਿਆਰ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਤੇ ਪ੍ਰਸਿੱਧ ਮਾਸਕ ਪੱਤਰ ‘ਗੁਰਮਤਿ ਪ੍ਰਕਾਸ਼’ ਵਿੱਚ ਲੜੀਵਾਰ ਛਪਦੇ ਰਹੇ ਹਨ।
ਇਸ ਪੁਸਤਕ ਵਿੱਚ ਜਪੁ ਜੀ ਦੀਆਂ ‘‘ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥’’ ਤੁਕਾਂ ਸੰਬੰਧੀ ਵੱਖ ਵੱਖ ਟੀਕਾਕਾਰਾਂ ਦੇ ਅਰਥ ਤੇ ਵਿਚਾਰ ਲਿਖਣ ਉਪਰੰਤ ਪੰਨਾ 69 ’ਤੇ ‘ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ’ (ਪੰ. 237) ਕਿਤਾਬ ਮੁਤਾਬਕ ‘ਉਤਰਸੁ’ ਪਾਠ ਬਾਰੇ ਡਾ. ਹਰਕੀਰਤ ਸਿੰਘ ਦੇ ਵਿਚਾਰ ਇੰਞ ਅੰਕਿਤ ਕੀਤੇ ਹਨ :
‘ਗੁਰਬਾਣੀ ਵਿੱਚ ਕਰਮਣੀ ਰੂਪ ਵਾਲੇ ਪੜਨਾਵੀਂ ਪਿਛੇਤਰ ਵੀ ਮਿਲਦੇ ਹਨ । ਉਦਾਹਰਨ : ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥ (ਗੁਰੂ ਗ੍ਰੰਥ-ਪੰ. 967)
ਏਥੇ ‘ਸੁਧੋਸੁ’ ਦਾ ਪਿਛੇਤਰ ‘ਸੁ’ ਕਰਮਣੀ ਪਿਛੇਤਰ ਹੈ, ਅਰਥ ਹਨ : ਜਦੋਂ ਉਸ (ਲਹਿਣੇ) ਨੂੰ ਸੋਧ ਲਿਆ ਅਥਵਾ ਪਰਖ ਲਿਆ ਤਾਂ ਉਸ ਨੇ ਅਰਥਾਤ ਗੁਰੂ ਨਾਨਕ ਨੇ ਲਹਿਣੇ ਨੂੰ ਟਿਕ ਲਿਆ (ਚੁਣ ਲਿਆ) । ਇਕ ਹੋਰ ਉਦਾਹਰਨ ਸਹਿਤ ਵੇਖਿਆ ਜਾਵੇ :
‘ਪੁਤ੍ਰ ਮੀਤ ਧਨੁ ਕਿਛੂ ਨ ਰਹਿਓਸੁ ਛੋਡਿ ਗਇਆ ਸਭ ਭਾਈ ਸਾਕੁ ॥ ਮਹਲਾ 5, ਪੰਨਾ 825
‘ਨ ਰਹਿਓਸੁ’ ਦਾ ਅਰਥ ਹੈ – ਉਸ ਦਾ ਕੁਛ ਨਾ ਰਿਹਾ । ਇਹ ਵੀ ਕਰਮਣੀ ਰੂਪ ਵਾਲਾ ਪੜਨਾਵੀਂ ਪਿਛੇਤਰ ਹੈ।’
ਡਾ. ਸਾਹਿਬ ਜੀ ਦੇ ਅਜਿਹਾ ਲਿਖਣ ਦਾ ਭਾਵਾਰਥ ਹੈ ਕਿ ਜਪੁ ਜੀ ਦੇ ਛਾਪੇ ਵਾਲੇ ‘ਉਤਰਸੁ’ ਪਦ ਨੂੰ ਗੁਰਬਾਣੀ ਵਿਆਕਰਨ ਦੇ ਉਪਰੋਕਤ ਦ੍ਰਿਸ਼ਟੀਕੋਨ ਤੋਂ ਵਿਚਾਰ ਕੇ ‘ਉਤਰਸੁ’ ਪਾਠ ਵੀ ਕਾਇਮ ਰੱਖਿਆ ਜਾ ਸਕਦਾ ਹੈ । ਅਰਥ ਹੋਵਗਾ : ਉਸ (ਅੰਗ) ਦੀ ਖੇਹ ਉਤਰ ਜਾਂਦੀ ਹੈ। ਜਥੇਦਾਰ ਵੇਦਾਂਤੀ ਜੀ ਵਿਅਕਤੀਗਤ ਤੌਰ ’ਤੇ ਡਾ. ਸਾਹਿਬ ਦੀ ਸਲਾਹ ਨਾਲ ਸਹਿਮਤ ਸਨ ਅਤੇ ਟਕਸਾਲ ਭਿੰਡਰਾਂ ਦੇ ਪਦ ਛੇਦ ਰੂਪ ਨਾਲ ਅਸਹਿਮਤ। ਇਸ ਲਈ ਉਨ੍ਹਾਂ ਨੇ ‘ਗੁਰਬਾਣੀ ਲਗ-ਮਾਤ੍ਰੀ ਨਿਯਮਾਵਲੀ ਖੋਜ ਤੇ ਸੰਭਾਵਨਾ’ ਪੁਸਤਕ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਭ੍ਰਾਤਾ ਗਿ. ਇੰਦਰ ਸਿੰਘ ਦੇ ਹਵਾਲੇ ਨਾਲ ਭਰੋਸੇ ਸਹਿਤ ਲਿਖਿਆ ਕਿ ਸੰਨ 1947 ਤੱਕ ਟਕਸਾਲ ਭਿੰਡਰਾਂ ‘ਉਤਰਸੁ’ ਪਾਠ ਜੁੜਤ ਹੀ ਮੰਨਦੀ ਰਹੀ, ਪ੍ਰੰਤੂ ਉਸ ਤੋਂ ਬਾਅਦ ਪਤਾ ਨਹੀਂ ‘ਸੁ’ ਔਂਕੜ ਵੱਖ ਕਿਉਂ ਕਰਨ ਲੱਗ ਪਈ ? ਪਰ ਜਥੇਦਾਰ ਜੀ ਨੇ ਅਜਿਹਾ ਸਭ ਕੁਝ ਵਰਣਨ ਕਰਕੇ ਅੰਤ ਵਿੱਚ ਜੋ ਸ਼ਬਦਾਵਲੀ ਵਰਤੀ, ਉਹ ਪਾਠਕਾਂ ਦਾ ਵਿਸ਼ੇਸ਼ ਧਿਆਨ ਮੰਗਦੀ ਹੈ । ਆਪ ਲਿਖਦੇ ਹਨ, ‘ਫਿਰ ਵੀ ਗੁਰਮਤਿ ਜੁਗਤ ਵਿਚ ਬੈਠ, ਸਦ-ਭਾਵਨਾ ਤੇ ਸ਼ਰਧਾ ਸਹਿਤ ਪਾਠਾਂ ਦੇ ਉਚਾਰਨ ਸੰਬੰਧੀ ਵਿਚਾਰ ਕਰਨੀ ਬਣਦੀ ਹੈ ।’ (ਪੰ. 74)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਪੇ ਵਾਲੀ ਪ੍ਰਚਲਿਤ ਬੀੜ ਵਿੱਚ ਜਥੇਦਾਰ ਵੇਦਾਂਤੀ ਜੀ ਮੁਤਾਬਕ ਕੁੱਲ 2686 ਵਾਰ ‘ਰਹਾਉ’ ਪਦ ਦੀ ਵਰਤੋਂ ਕੀਤੀ ਮਿਲਦੀ ਹੈ। ਈਸ਼ਰ ਮਾਈਕਰੋ ਮੀਡੀਆ ਅਨੁਸਾਰ ਕੁੱਲ ਗਿਣਤੀ 2685 ਹੈ। ‘ਰਹਾਉ’ ਦੇ ਅਰਥ ਹਨ : ਰਹਿਣਾ, ਟਿਕਣਾ, ਟਿਕਾਉ । ਇਹੀ ਕਾਰਨ ਹੈ ਕਿ ਸੰਗੀਤਕ ਦ੍ਰਿਸ਼ਟੀ ਤੋਂ ‘ਰਹਾਉ’ ਦੇ ਪਦੇ ਨੂੰ ਸ਼ਬਦ ਦੀ ਟੇਕ ਤੇ ਅਸਥਾਈ ਮੰਨ ਕੇ ਵਾਰ ਵਾਰ ਦੁਹਰਾਏ ਜਾਣ ਦਾ ਵਿਧਾਨ ਹੈ। ਪਾਵਨ ਬੀੜ ਅੰਦਰ ‘ਰਹਾਉ’ ਪਦ ਇੱਕ ਵਾਰ ਸ਼ਬਦ ਦੀ ਤੁਕ ਵਜੋਂ ‘ਹੁਕਮੀ (ਭਵਿਖਤ ਕਾਲ) ਕਿਰਿਆ’ ਦੇ ਰੂਪ ਵਿੱਚ ਵੀ ਵਰਤਿਆ ਹੋਇਆ ਮਿਲਦਾ ਹੈ। ਜਿਵੇਂ ‘‘ਭਾਈ ਰੇ ! ਗੁਰਮਤਿ ਸਾਚਿ ਰਹਾਉ ॥’’ (ਪੰਨਾ 30) ਇਸ ਰੂਪ ਵਿੱਚ ‘ਰਹਾਉ’ ਦਾ ਅਰਥ ਹੈ : ਟਿਕੇ ਰਹੁ। ਇਸੇ ਤਰ੍ਹਾਂ ਇੱਕ ਵਾਰ ਸ਼ਬਦੀ ਤੁਕ ਵਜੋਂ ਇਸ ਪਦ ਦੀ ਵਰਤੋਂ ਉਤਮ ਪੁਰਖ ਇੱਕ ਵਚਨ ਕਿਰਿਆ ਵਿੱਚ ਵੀ ਮਿਲਦੀ ਹੈ। ਜਿਵੇਂ ‘‘ਮੈ ਗੁਰਬਾਣੀ ਆਧਾਰੁ ਹੈ, ਗੁਰਬਾਣੀ ਲਾਗਿ ਰਹਾਉ ॥’’ (ਪੰਨਾ 759) ਐਸੇ ਰੂਪ ਵਿੱਚ ਉਚਾਰਨ ਬਿੰਦੀ ਸਹਿਤ ‘ਰਹਾਉਂ’ ਕੀਤਾ ਜਾਂਦਾ ਹੈ ਅਤੇ ਅਰਥ ਹੁੰਦਾ ਹੈ : ਰਹਿੰਦਾ ਹਾਂ।
ਇਸ ਪ੍ਰਕਾਰ ਸ਼ਬਦਾਂ ਦੀ ਸੰਗੀਤਕ ਸੂਚਨਾ ਵਜੋਂ ‘ਰਹਾਉ’ ਪਦ ਕੁਲ 2684 ਵਾਰ ਵਰਤਿਆ ਗਿਆ ਹੈ, ਜਿਨ੍ਹਾਂ ’ਚੋਂ 256 ਸ਼ਬਦ ਐਸੇ ਹਨ, ਜਿਨ੍ਹਾਂ ਵਿੱਚ ‘ਰਹਾਉ’ ਦੇ ਪਦੇ ਦਾ ਪ੍ਰਤੀਕ ਅੰਕ ॥੧॥ ਨਹੀਂ ਛਪ ਰਿਹਾ। ਜਿਵੇਂ ਛਾਪੇ ਦੀ ਪਾਵਨ ਬੀੜ ਵਿਖੇ ‘‘ਗਉੜੀ ਮਹਲਾ ੫ ॥ ਹਰਿ ਸੰਗਿ ਰਾਤੇ ਭਾਹਿ ਨ ਜਲੈ ॥ ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥ ਰਹਾਉ ॥’’ ਪੰ. 201 ਦੇ 109ਵੇਂ ਸ਼ਬਦ ਤੋਂ ਲੈ ਕੇ ‘‘ਗਉੜੀ ਮਹਲਾ ੫ ॥ ਅਪਨੇ ਸੇਵਕ ਕਉ ਆਪਿ ਸਹਾਈ ॥ ਕਰਨ ਕਰਾਵਨ ਪੂਰਨੁ ਸਚੁ ਸੋਇ ॥ ਰਹਾਉ ॥’’ ਪੰ. 202 ਦੇ 113ਵੇਂ ਸ਼ਬਦ ਤਕ ਪੰਜਾਂ ਸ਼ਬਦਾਂ ਵਿੱਚ ਉਪਰੋਕਤ ਅੰਕ ਦੀ ਘਾਟ ਹੈ। ‘ਪਾਠ-ਭੇਦ ਸੂਚੀ’ ਦੇ ਪੰਨਾ 59 ’ਤੇ 109ਵੇਂ ਸ਼ਬਦ ਦੇ ਰਹਾਉ ਵਾਲੀ ਤੁਕ ਦਾ ਪ੍ਰਤੀਕ ਤੁਕਾਂਸ਼ ‘‘ਹਰਿ ਗੁਨ ਗਾਇ ॥ ਰਹਾਉ ॥’’ ਦੇ ਕੇ, ਇੱਕ ਵਿਸ਼ੇਸ ਨੋਟ ਇੰਞ ਲਿਖਿਆ ਹੈ :
‘ਏਥੋਂ ਅਗਾੜੀ 113ਵੇਂ ਸ਼ਬਦ ਤੱਕ, ਰਹਾਉ ਨਾਲ ਏਕਾਂਗ (ਏਕਾ-ਅੰਕ) ਨਹੀਂ । ਪਰ ਹੋਰਨਾ ਸਭਨਾ ਪੁਰਾਤਨ ਬੀੜਾਂ ਵਿੱਚ ਹੈ।’ ਉਥੇ, ਇਸ ਸਚਾਈ ਦੇ ਪ੍ਰਮਾਣ ਵਜੋਂ ਬੀੜ ਨੰ. 1, 4/3, 7, 21/34, 31/99, 32/6281, 38/173 ਅਤੇ 44 ਦਾ ਹਵਾਲਾ ਵੀ ਪੇਸ਼ ਕੀਤਾ ਹੈ।
ਜਥੇਦਾਰ ਵੇਦਾਂਤੀ ਜੀ ਨੇ ਆਪਣੀ ‘ਖੋਜ ਤੇ ਸੰਭਾਵਨਾ’ ਪੁਸਤਕ ਦੇ ਪੰਨਾ 179 ’ਤੇ ਵਿਸ਼ੇਸ਼ ਨੋਟ ਦੇ ਸਿਰਲੇਖ ਹੇਠ ਲਿਖਿਆ ਹੈ : ‘‘ਗੁਰਬਾਣੀ ਦੀ ਅੰਕ ਨਿਯਮਾਵਲੀ ਅਨੁਸਾਰ ਅੰਕ ॥੧॥ ਕਿਸੇ ਸ਼ਬਦ ਦੇ ਪਹਿਲੇ ਪਦੇ ਦੀ ਸਮਾਪਤੀ ’ਤੇ ਵੀ ਅਤੇ ਉਸ ਸ਼ਬਦ ਵਿੱਚ ਆਏ ‘ਰਹਾਉ’ ਨਾਲ ਵੀ ਅੰਕਿਤ ਕੀਤਾ ਗਿਆ ਹੈ। ਗੁਰਬਾਣੀ ਵਿੱਚ ਕੁਝ ਸ਼ਬਦਾਂ ਦੇ ਆਰੰਭ ਵਿੱਚ ‘ਰਹਾਉ’ ਪਦ ਅੰਕਿਤ ਹੈ, ਪਰੰਤੂ ਬਹੁਤੇ ਸ਼ਬਦਾਂ ਵਿੱਚ ਪਹਿਲੇ ਪਦੇ ਤੋਂ ਬਾਅਦ ਅੰਕਿਤ ਹੈ। ਸਮੁੱਚੀ ਗੁਰਬਾਣੀ ਵਿੱਚ ਹਰੇਕ ਥਾਂ ਆਏ ‘ਰਹਾਉ’ ਪਦ ਨਾਲ ਅੰਕ ॥੧॥ ਅੰਕਿਤ ਹੈ। ਪਾਵਨ ਗੁਰਬਾਣੀ ਵਿੱਚ ਆਏ ਗੁਰਮਤਿ ਸਿਧਾਂਤਾਂ, ਲਗ-ਮਾਤਰੀ ਨਿਯਮਾਵਲੀ ਅਤੇ ਅੰਕ ਨਿਯਮਾਵਲੀ ਸੰਬੰਧੀ ਗੁਰੂ ਸਾਹਿਬਾਨ ਦੀ ਆਪਸੀ ਸਮਾਨਤਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਉਤਾਰੇ ਕਰਨ ਸਮੇਂ ਲਿਖਾਰੀ ਦੀ ਕਲਮ ਦੀ ਉਕਾਈ ਕਾਰਨ ਕਈ ਥਾਵਾਂ ’ਤੇ ‘ਰਹਾਉ’ ਪਦ ਨਾਲ ਅੰਕ ॥੧॥ ਅੰਕਿਤ ਹੋਣੋ ਰਹਿ ਗਿਆ ਹੈ, ਜਿਸ ਨੂੰ ਨੀਯਮ ਨਹੀਂ ਬਣਾਇਆ ਜਾ ਸਕਦਾ। ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਗੁਰਬਾਣੀ ਅੰਦਰ ਹਰੇਕ ਥਾਂ ਆਏ ‘ਰਹਾਉ’ ਪਦ ਨਾਲ ਅੰਕ ॥੧॥ ਅੰਕਿਤ ਹੋਇਆ ਮਿਲਦਾ ਹੈ। (ਇਹੀ ਕਾਰਨ ਹੈ ਕਿ ਉਨ੍ਹਾਂ ਦੁਆਰਾ ਸੋਧੇ ਤੇ ਸਿੱਖ ਬੁੱਕ ਕਲਬ ਅਮਰੀਕਾ ਦੁਆਰਾ ਔਨਲਾਈਨ ਪ੍ਰਕਾਸ਼ਤ ਹੋਏ ਪਾਵਨ ਬੀੜ ਦੇ ਖਰੜੇ ਵਿੱਚ ‘ਰਹਾਉ’ ਦੇ ਹਰੇਕ ਪਦੇ ਨਾਲ ਅੰਕ ॥੧॥ ਦੇ ਦਰਸ਼ਨ ਹੁੰਦੇ ਹਨ, ਪ੍ਰੰਤੂ ਫਿਰ ਵੀ ਉਨ੍ਹਾਂ ਲਿਖਿਆ) ਬਿਬੇਕ ਬੁੱਧੀ ਦੇ ਧਾਰਨੀ ਗੁਰੂ ਦੇ ਸਨਮੁਖ ਰਹਿਣ ਵਾਲੇ ਵਿਦਵਾਨ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਭਾਵਨਾ ਸਹਿਤ ਸਿਰ ਜੋੜ ਕੇ ਇਸ ਕਾਰਜ ਨੂੰ ਤਰਜੀਹ ਦੇ ਕੇ ਸੰਪੂਰਨ ਕਰਨ ਵਾਸਤੇ ਅੱਗੇ ਆਉਣ ਦਾ ਉੱਦਮ ਕਰਨ।’ ਭਾਵ ਗੁਰਮੁਖ ਗੁਰਸਿੱਖ ਵਿਦਵਾਨ ਨਿਰਪੱਖਤਾ ਸਹਿਤ ਸਿਰ ਜੋੜ ਕੇ ਬੈਠਣ ਤੇ ਅਜਿਹੇ ਪਾਠਾਂਤ੍ਰਾਂ ਸੰਬੰਧੀ ਪੰਥਕ ਪੱਧਰ ਦਾ ਕੋਈ ਨਿਰਣੈਜਨਕ ਫ਼ੈਸਲਾ ਕਰਨ। ਇਸੇ ਲਈ ਉਨ੍ਹਾਂ ਨੇ ਸਿੱਖ ਬੁੱਕ ਕਲੱਬ ਵਾਲੀ ਬੀੜ ਦੇ ਖੋਜ ਖਰੜੇ ਵਿੱਚ ਸ਼੍ਰੋਮਣੀ ਕਮੇਟੀ ਦੀ ਪਦ-ਛੇਦ ਬੀੜ ਅੰਦਰਲੇ ‘ਪਰਸ ਨਪਰਸ’ (ਪੰ. 981) ਅਤੇ ‘ਪਰਸ ਨਿਪਰਸ’ (ਪੰ. 1324) ਵਰਗੇ ਕਈ ਤੁਕਾਂਸ਼ਾਂ ਨੂੰ ਸੋਧਣ ਤੋਂ ਵੀ ਸੰਕੋਚ ਕੀਤਾ ਭਾਵੇਂ ਕਿ ਉਹ ਪਾਠ-ਬੋਧ ਸਮਾਗਮਾਂ ਮੌਕੇ ਉਪਰੋਕਤ ਤੁਕਾਂਸ਼ਾਂ ਨੂੰ ‘ਪਰਸਨ ਪਰਸ’ ਤੇ ‘ਪਰਸਨਿ ਪਰਸ’ ਹੀ ਪੜ੍ਹਿਆ ਕਰਦੇ ਸਨ।
ਸ਼ਾਇਦ ਇਹੀ ਕਾਰਨ ਹੈ ਕਿ ‘ਸਿੱਖ ਬੁੱਕ ਕਲੱਬ ਅਮਰੀਕਾ’ ਨੇ ਵਾਰ ਵਾਰ ਸਪਸ਼ਟ ਕੀਤਾ ਹੈ ਕਿ ਉਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਔਨਲਾਈਨ ਪ੍ਰਕਾਸ਼ਨਾ ਕੋਈ ਅੰਤਮ ਨਿਰਣਾ ਨਹੀਂ। ਉਸ ਦਾ ਮੁਖ ਮਨੋਰਥ ਤਾਂ ਕੇਵਲ ਪਿਛਲੇ 70 ਸਾਲਾਂ ਤੋਂ ਪਾਠ-ਭੇਦਾਂ ਦੀ ਖੋਜ ਵਿੱਚ ਲੱਗੇ ਉਪਰੋਕਤ ਵਿਦਵਾਨਾਂ ਦੀ ਖੋਜੀ ਘਾਲਣਾ ਨੂੰ ਸੰਭਾਲਣਾ ਅਤੇ ਉਸ ਪ੍ਰਤੀ ਧਾਰਮਿਕ ਤੇ ਅਕਾਦਮਿਕ ਖੇਤਰ ਦੇ ਚੋਣਵੇਂ ਵਿਦਵਾਨਾਂ ਦੀ ਨਿਰਣੈ ਜਨਕ ਸਲਾਹ ਹਾਸਲ ਕਰਨਾ ਹੈ। ਹਰੇਕ ਗੁਰਸਿੱਖ ਵਾਂਗ ਕਲੱਬ ਦੇ ਸਮੂਹ ਸੇਵਾਦਾਰਾਂ ਦੀ ਇੱਕੋ ਹੀ ਸ਼ਰਧਾ ਜਨਕ ਇੱਛਾ ਹੈ ਕਿ ਪਾਵਨ ਬੀੜ ਦੀ ਸ਼ੁਧ-ਛਪਾਈ ਲਈ ਪੰਥਕ ਪੱਧਰ ਦਾ ਕੋਈ ਸਾਂਝਾ ਉਪਰਾਲਾ ਹੋ ਸਕੇ। ਕਾਰਨ ਹੈ ਕਿ ਸਿੱਖ ਰਹਿਤ ਮਰਯਾਦਾ ਮੁਤਾਬਕ ਪੰਥ ਨੂੰ ਪਾਵਨ ਬੀੜ ਦੀ ਨਿਰੋਲਤਾ (ਸ਼ੁਧਤਾ) ਦੇ ਘੇਰੇ ਵਿੱਚ ਸੋਧ-ਸੁਧਾਈ ਤੇ ਛਪਾਈ ਆਦਿਕ ਪ੍ਰਤੀ ਗੁਰਮਤੇ ਦਾ ਅਧਿਕਾਰ ਹੈ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਨਿਰਪੱਖਤਾ ਸਹਿਤ ਸਿੱਖ ਸੰਪਰਦਾਵਾਂ, ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਅਕਾਦਮਿਕ ਖੇਤਰ ਦੇ ਵਿਦਵਾਨਾਂ ਦੀ ਕੋਈ ਭਰੋਸੇਯੋਗ ਸੋਧਕ ਕਮੇਟੀ ਬਣਾ ਕੇ ਨਿਰਣੈ ਜਨਕ ਫ਼ੈਸਲੇ ਦਾ ਉਪਰਾਲਾ ਕਰੇ ਤਾਂ ਕਲੱਬ ਵੀ ਭਵਿੱਖ ਵਿੱਚ ਆਪਣੇ ਪੱਧਰ ’ਤੇ ਸੰਗਤੀ ਸਹਿਯੋਗ ਸਦਕਾ ਗੁਰਬਾਣੀ ਦੀ ਸ਼ੁਧ ਛਪਾਈ ਪੱਖੋਂ ਕੀਤੀ ਜਾਣ ਵਾਲੀ ਹਰੇਕ ਕਾਰਵਾਈ ਬੰਦ ਕਰ ਦੇਵੇਗਾ। ਸਿੱਖ ਜਗਤ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪ੍ਰਿੰਸੀਪਲ ਜੋਧ ਸਿੰਘ ਹੁਰਾਂ ਨੇ ਅੱਜ ਤੋਂ 90 ਸਾਲ ਪਹਿਲਾਂ ਸੰਨ 1932 ਵਿੱਚ ਹੀ ਚੇਤਾਵਨੀ ਵਜੋਂ ਲਿਖ ਦਿੱਤਾ ਸੀ ਕਿ ‘ਸਸਤਾ ਵੇਚਣ ਦੀ ਦੌੜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿੱਚ ਲਗ, ਕੰਨੇ ਆਦਿ ਦੀਆਂ ਬਹੁਤ ਅਸ਼ੁੱਧੀਆਂ ਆ ਗਈਆਂ ਹਨ ਤੇ ਜੇ ਕਿਸੇ ਜਿੰਮੇਵਾਰ ਜਥੇ ਨੇ ਇਹ ਬੀੜਾਂ ਪ੍ਰਕਾਸ਼ਿਤ ਕਰਨ ਦਾ ਕੰਮ ਆਪਣੇ ਜ਼ਿੰਮੇ ਨਾ ਲਿਆ ਤਾਂ ਥੋੜ੍ਹੇ ਚਿਰ ਪਿਛੋਂ ਸ਼ੁਧ ਪਾਠ ਕਰਨਾ ਕਠਿਨ ਹੋ ਜਾਵੇਗਾ।’ (ਗੁਰਮਤਿ ਨਿਰਣਯ, ਪੰਨਾ 7)
ਦੂਜਾ ਵੱਡਾ ਮਸਲਾ ਹੈ ਮੂਲਮੰਤ੍ਰ ਅਥਵਾ ਮੰਗਲਾਚਰਣ ਦੇ ਸਥਾਨ ਅਤੇ ਉਸ ਦੇ ਸੰਪੂਰਨ ਤੇ ਸੰਖੇਪਕ ਰੂਪਾਂ ਦਾ : ਕਿਉਂਕਿ ਛਾਪੇ ਦੀ ਪ੍ਰਚਲਿਤ ਬੀੜ ਦੇ ਦਰਸ਼ਨ ਕਰਦਿਆਂ ਅਸੀਂ ਵੇਖਦੇ ਹਾਂ ਕਿ ਮੰਗਲਾਂ ਦੀ ਰੂਪਕ ਤੇ ਸਥਾਨਿਕ ਤਰਤੀਬ ਵਿੱਚ ਇਕਸਾਰਤਾ ਨਹੀਂ ਹੈ। ਜਿਵੇਂ ਛਾਪੇ ਦੀ ਬੀੜ ਵਿੱਚ 31 ਰਾਗਾਂ ਚੋਂ 27 ਰਾਗਾਂ ਦੇ ਆਰੰਭ ਵਿੱਚ ‘ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥’ ਤੱਕ ਦਾ ਸੰਪੂਰਨ ਮੰਗਲ ਹੈ, ਪਰ ਸਿਰੀਰਾਗੁ, ਜੈਤਸਰੀ, ਤੁਖਾਰੀ ਤੇ ਕੇਦਾਰਾ ਦੇ ਆਰੰਭ ਵਿੱਚ ਸੰਖੇਪ ਮੰਗਲ ‘ੴ ਸਤਿਗੁਰ ਪ੍ਰਸਾਦਿ’ ਹੈ ਭਾਵ 31 ਰਾਗਾਂ ਚੋਂ 4 ਰਾਗਾਂ ਦੇ ਮੁੱਢ ਵਿੱਚ ਸੰਖੇਪ ਮੰਗਲ ਹੈ ਜਦਕਿ ਆਸਾ ਕੀ ਵਾਰ, ਭਗਤ ਬਾਣੀ, ਸਹਸਕ੍ਰਿਤੀ ਸਲੋਕ ਮਹਲਾ ੧ ਤੇ ਮਹਲਾ ੫, ਸਵਈਏ ਮਹਲਾ ੫ ਤੇ ‘ਸਲੋਕ ਵਾਰਾਂ ਤੇ ਵਧੀਕ’ ਦੇ ਮੁੱਢ ਵਿੱਚ ਛੇ ਥਾਈਂ ਆਦਿ-ਮੰਗਲ ਸੰਪੂਰਨ ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਬਾਣੀਆਂ ਦੇ ਮੰਗਲ ਸੰਖੇਪ ਹਨ ਤੇ ਉਹ ਵੀ ਤਿੰਨ ਪ੍ਰਕਾਰ ਦੇ; ਜਿਵੇਂ ਕਿ
(1). ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ – 9 ਵਾਰ (ਪੰ. 137, 220, 235, 242, 243, 323, 340, 345, 855)
(2). ੴ ਸਤਿ ਨਾਮੁ ਗੁਰ ਪ੍ਰਸਾਦਿ ॥ – 2 ਵਾਰ (ਪੰ. 81, 544)
(3). ੴ ਸਤਿਗੁਰ ਪ੍ਰਸਾਦਿ ॥ – 524 ਵਾਰ
ਨੋਟ : ਸ਼੍ਰੋਮਣੀ ਕਮੇਟੀ ਦੀ ਸੰਨ 1952 ਵਾਲੀ ਛਾਪੇ ਦੀ ਬੀੜ ਅਤੇ ਸ਼ਬਦਾਰਥ ਦੀਆਂ ਪੋਥੀਆਂ ਵਿੱਚ ‘ਮਹਲਾ ੧’ ਅਤੇ ‘ਮਹਲਾ ੨’ ਦੇ ਸਲੋਕਾਂ ਨੂੰ ਨਿਖੇੜਣ ਲਈ ਸ੍ਰੀ ਕਰਤਾਰਪੁਰੀ ਬੀੜ ਮੁਤਾਬਕ ਅਤਿ ਸੰਖੇਪ ਮੰਗਲ ‘ੴ’ ਦਰਜ ਸੀ, ਜੋ ਹੁਣ ਸ਼੍ਰੋਮਣੀ ਕਮੇਟੀ ਤੇ ਟਕਸਾਲ ਭਿੰਡਰਾਂ ਦੀਆਂ ਪ੍ਰਕਾਸ਼ਿਤ ਬੀੜਾਂ ਤੇ ਪੋਥੀਆਂ ਵਿਚੋਂ ਅਲੋਪ ਹੈ, ਪਰ ਜਦੋਂ ਅਸੀਂ 17ਵੀਂ ਤੇ 18ਵੀਂ ਸਦੀ ਦੀਆਂ ਹੱਥ-ਲਿਖਤ ਬੀੜਾਂ ਦੇ ਬਰੀਕੀ ਨਾਲ ਦਰਸ਼ਨ ਕਰਦੇ ਹਾਂ ਤਾਂ ਭਾਈ ਬੰਨੋ ਸ਼ਾਖ ਦੀਆਂ ਬੀੜਾਂ ਨੂੰ ਛੱਡ ਕੇ ਭਾਈ ਗੁਰਦਾਸ ਤੇ ਦਮਦਮੀ ਸ਼ਾਖ ਦੀਆਂ ਵਧੇਰੇ ਬੀੜਾਂ ਵਿੱਚ ਮੰਗਲਾਂ ਦੀ ਸਥਾਨਿਕ ਤੇ ਰੂਪਕ ਇਕਸਾਰਤਾ ਦਿੱਸਦੀ ਹੈ। 31 ਮੁੱਖ ਰਾਗਾਂ ਦੇ ਅਰੰਭਕ ਮੰਗਲ ਸਾਰੇ ਸੰਪੂਰਨ ਹਨ ਅਤੇ ਉਪਰਾਗਾਂ, ਰਾਗਾਂ ਦੇ ਘਰਾਂ, ਵੱਖ ਵੱਖ ਬਾਣੀਕਾਰਾਂ ਦੀਆਂ ਬਾਣੀਆਂ ਦੇ, ਜੋ ਵਿਸ਼ੇਸ਼ ਸੰਗ੍ਰਹਿ ਹਨ, ਉਨ੍ਹਾਂ ਅੱਗੇ ਕੇਵਲ ‘ੴਸਤਿਗੁਰਪ੍ਰਸਾਦਿ’ ਦਾ ਸੰਖੇਪ ਮੰਗਲ ਹੈ, ਪਰ ਛਾਪੇ ਦੀ ਪ੍ਰਚਲਿਤ ਬੀੜ ਵਿੱਚ ਜੋ ਮੰਗਲ ਹਨ, ਉਨ੍ਹਾਂ ਵਿੱਚੋਂ ਵੀ ਕਈ ਥਾਈਂ ਮੰਗਲਾਚਰਣ ਰਾਗਾਂ ਦੀ ਅਰੰਭਤਾ ਤੇ ਸ਼ਬਦੀ ਸਿਰਲੇਖਾਂ ਤੋਂ ਪਹਿਲਾਂ ਹਨ ਅਤੇ ਕਈ ਥਾਈਂ ਪਿੱਛੋਂ। ਕਿਤੇ ਮੰਗਲ ਸਿਰਲੇਖਾਂ ਦੇ ਬਰਾਬਰ ਹਨ ਅਤੇ ਕਿਤੇ ਸੱਜੇ ਪਾਸੇ ਉੱਪਰ। ਭਾਵੇਂ ਕਿ ਇਸ ਢੰਗ ਨਾਲ ਪਾਵਨ ਬੀੜ ਦੀਆਂ ਇਲਾਹੀ ਰਚਨਾਵਾਂ ਦੇ ਬਾਣੀਕਾਰਾਂ, ਬਾਣੀਆਂ ਦੇ ਨਾਵਾਂ ਤੇ ਕਾਵਿਕ ਛੰਦਾਂ ਪ੍ਰਤੀ ਕਈ ਪ੍ਰਕਾਰ ਦੇ ਭੁਲੇਖੇ ਪੈਦਾ ਹੁੰਦੇ ਹਨ। ਖ਼ਾਸ ਕਰਕੇ ਭਗਤ ਬਾਣੀ ਦੇ ਸਿਰਲੇਖਾਂ ਅਤੇ ਸੁਖਮਨੀ ਸਾਹਿਬ ਵਾਂਗ ਕੁਝ ਹੋਰ ਵਿਸ਼ੇਸ਼ ਲੰਮੀਆਂ ਬਾਣੀਆਂ ਦੇ ਨਾਵਾਂ ਤੋਂ ਪਿੱਛੋਂ ਆਏ ਸੰਖੇਪ ਮੰਗਲਾਂ ਕਾਰਨ। ਉਦਾਹਰਨ ਵਜੋਂ ਕੁਝ ਹੇਠ ਲਿਖੇ ਸਿਰਲੇਖ ਵਾਚੇ ਜਾ ਸਕਦੇ ਹਨ :
(1). ੴ ਸਤਿਗੁਰ ਪ੍ਰਸਾਦਿ ॥
ਰਾਗੁ ਸਿਰੀਰਾਗ ਮਹਲਾ ਪਹਿਲਾ ੧ ਘਰੁ ੧ ॥
ਮੋਤੀ ਤ ਮੰਦਰ ਊਸਰਹਿ (ਪੰ. 14)
(2). ੴ ਸਤਿਗੁਰ ਪਸਾਦਿ ॥
ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥ ਆਖਿ ਆਖਿ ਮਨੁ ਵਾਵਣਾ॥ (ਪੰ. 53)
(3). ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ॥ (ਪੰ. 91)
(4). ਰਾਗ ਮਾਝ ਚਉਪਦੇ
ਘਰੁ ੧ ਮਹਲਾ ੪ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥ (ਪੰ. 94)
(5). ਗਉੜੀ ਸੁਖਮਨੀ ਮ: ੫ ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥
ਆਦਿ ਗੁਰਏ ਨਮਹ ॥ (ਪੰ. 262)
(6). ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥ ੴ ਸਤਿਨਾਮੁ ਕਰਤਾ ਪੁਰਖ ਗੁਰਪ੍ਰਸਾਦਿ ॥ ਬਾਵਨ ਅਛਰ ਲੋਕ ਤ੍ਰੈ॥ (ਪੰ. 340), ਪ੍ਰੰਤੂ ਪ੍ਰਾਚੀਨ ਹੱਥ-ਲਿਖਤੀ ਬੀੜਾਂ ਵਿੱਚ ਐਸਾ ਨਹੀਂ। ਰਾਗਾਂ ਅਤੇ ਵੱਖ ਵੱਖ ਸ਼ਬਦੀ ਸੰਗ੍ਰਹਿਆਂ ਦੇ ਮੰਗਲ ਸਭ ਥਾਈਂ ਪਤਰੇ ਅਥਵਾ ਪੰਨੇ ਦੇ ਅੱਧ ਤੋਂ ਸੱਜੇ ਪਾਸੇ ਤੇ ਸ਼ਬਦੀ ਸਿਰਲੇਖਾਂ ਤੋਂ ਉੱਚੇਰੇ ਹਨ ਭਾਵ ਸਿਰਲੇਖਾਂ ਤੋਂ ਪਹਿਲਾਂ ਲਿਖੇ ਗਏ ਹਨ। ਹਾਂ ! ਭਾਈ ਬੰਨੋ ਤੇ ਸ੍ਰੀ ਕਰਤਾਰਪੁਰੀ ਬੀੜ ਦੇ ਮੰਗਲ ਵੀ ਹਨ ਤਾਂ ਭਾਵੇਂ ਕਈ ਥਾਈਂ ਸਿਰਲੇਖਾਂ ਦੇ ਬਰਾਬਰ, ਪਰ ਹੈਨ ਉਹ ਵੀ ਵਰਕੇ ਦੇ ਸੱਜੇ ਅੱਧ ਵਿੱਚ ਅਤੇ ਕਈ ਥਾਈਂ ਸੱਜੇ ਉੱਪਰ ਵੀ। ਇਸ ਪ੍ਰਕਾਰ ਉਪਰੋਕਤ ਦੋਹਾਂ ਤਰਤੀਬਾਂ ਵਿੱਚ ਮੰਗਲਾਂ ਨੂੰ ਕਿਸੇ ਵੀ ਹਾਲਤ ਵਿੱਚ ਵਰਕੇ ਦੇ ਖੱਬੇ ਅੱਧ ਵਾਲੇ ਪਾਸੇ ਵਧਣ ਨਹੀਂ ਦਿੱਤਾ ਗਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਾਚੀਨ ਬੀੜਾਂ ਵਿੱਚ ਸਭ ਥਾਈਂ ਮੰਗਲਾਂ ਨੂੰ ਪਹਿਲ ਦਿੰਦਿਆਂ ਸਿਰਲੇਖਾਂ ਦੇ ਆਦਿ ਵਿੱਚ ਰੱਖਿਆ ਗਿਆ ਹੈ। ਕਿਸੇ ਨੂੰ ਸੱਜੇ ਪਾਸੇ ਬੈਠਾਉਣਾ ਜਾਂ ਰੱਖਣਾ, ਸੱਭਿਅਕ ਪੱਖੋਂ ਵੀ ਉਸ ਨੂੰ ਪਹਿਲ ’ਤੇ ਆਧਾਰਿਤ ਸਤਿਕਾਰ ਦੇਣਾ ਤੇ ਵਡੱਪਣ ਨੂੰ ਪ੍ਰਵਾਨ ਕਰਨ ਤੁੱਲ ਹੁੰਦਾ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਤਤਕਾਲੀ ਪ੍ਰਿੰਸੀਪਲ ਸਾਹਿਬ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦਸਵੀਂ ਪੋਥੀ ਦੇ ਅੰਤਲੇ ਭਾਗ ਵਿੱਚ ‘ਮੂਲਮੰਤ੍ਰ ਦੀ ਸਹੀ ਥਾਂ ਦਾ ਨਿਰਣਾ’ ਸਿਰਲੇਖ ਹੇਠ ਲਿਖਦੇ ਹਨ :
‘ਜਦੋਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੀੜ’ ਦੀ ਛਪਾਈ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ, ਤਾਂ ਪ੍ਰਬੰਧਕਾਂ ਨੇ ਛਪਾਈ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਨਾਲ ਸੁਧਾਈ ਕੀਤੀ। ਜਿਹੜੇ ਸੱਜਣ ਸੁਧਾਈ ਦੇ ਕੰਮ ਉੱਤੇ ਲਾਏ ਗਏ, ਉਨ੍ਹਾਂ ਨੂੰ ਉਸ ‘ਬੀੜ’ ਦਾ ਲਿਖਣ-ਢੰਗ ਵੇਖ ਕੇ ਇਹ ਨਵਾਂ ਖ਼ਿਆਲ ਸੁੱਝਿਆ ਕਿ ਉਸ ਬੀੜ ਵਿੱਚ ਮੂਲਮੰਤ੍ਰ ਹਰ ਥਾਂ ਬੀੜ ਦੇ ਪੱਤਰੇ ਉੱਤੇ ਸੱਜੇ ਪਾਸੇ ਦੇ ਅਖ਼ੀਰ ’ਤੇ ਹੀ ਲਿਖਿਆ ਹੋਇਆ ਹੈ। ਛੋਟਾ ਮੂਲਮੰਤ੍ਰ ‘ੴ ਸਤਿਗੁਰ ਪ੍ਰਸਾਦਿ’ ਤਾਂ ਸੱਜੇ ਪਾਸੇ ਇਕੋ ਹੀ ਪਾਲ ਵਿੱਚ ਮੁੱਕ ਜਾਂਦਾ ਹੈ, ਪਰ ਜਿਥੇ ਕਿਤੇ ਸਾਰਾ ਮੂਲਮੰਤ੍ਰ ਲਿਖਿਆ ਹੋਇਆ ਹੈ, ਉਹ ਉਸੇ ਸਤਰ ਵਿੱਚ ਖ਼ਤਮ ਨਹੀਂ ਹੋ ਸਕਿਆ ਕਿਉਂਕਿ ਇਹ ਹਰ ਥਾਂ ਲਿਖਣਾ ਸ਼ੁਰੂ ਹੀ ਹੁੰਦਾ ਹੈ ਪੱਤਰੇ ਦੇ ਅੱਧ ਤੋਂ ਪਿੱਛੋਂ ਸੱਜੇ ਪਾਸੇ ਵਲ। ਮੂਲਮੰਤ੍ਰ ਦੇ ਬਾਕੀ ਬਚੇ ਹਿੱਸੇ ਨੂੰ ਦੂਜੀ ਜਾਂ ਤੀਜੀ ਸਤਰ ਵਿੱਚ ਲਿਖਿਆ ਗਿਆ ਹੈ, ਪਰ ਉਹ ਵੀ ਸੱਜੇ ਪਾਸੇ ਹੀ ਉਪਰਲੀ ਸਤਰ ਦੇ ਹੇਠਵਾਰ। ਮੂਲਮੰਤ੍ਰ ਨੂੰ ਕਿਤੇ ਭੀ ਖੱਬੇ ਪਾਸੇ ਵਲ ਨਹੀਂ ਆਉਣ ਦਿੱਤਾ ਗਿਆ।
ਉਹਨਾਂ ਸੱਜਣਾਂ ਨੇ ਕਮੇਟੀ ਦੇ ਪ੍ਰਬੰਧਕਾਂ ਦਾ ਧਿਆਨ ਇਸ ਪਾਸੇ ਦਿਵਾਇਆ। ਪ੍ਰਬੰਧਕਾਂ ਨੇ ਪੰਥ ਦੇ ਕੁਝ ਮੁਖੀ ਵਿਦਵਾਨ ਸੱਜਣਾਂ ਦਾ ਇਕੱਠ ਕਰਕੇ ਨਿਰਣਾ ਕਰਾਇਆ । ਮੂਲਮੰਤ੍ਰ ਦੀ ਲਿਖਾਈ ਬਾਰੇ (ਹੇਠ ਲਿਖੀਆਂ) ਚਾਰ ਜ਼ਰੂਰੀ ਗੱਲਾਂ ਸਾਹਮਣੇ ਆ ਗਈਆਂ ।
(1). ਹਰੇਕ ਥਾਂ ਮੂਲਮੰਤ੍ਰ ਪੱਤ੍ਰੇ ਦੇ ਸੱਜੇ ਪਾਸੇ ਹੀ ਹੈ। ਸਾਬਤ ਮੂਲਮੰਤ੍ਰ ਦਾ ਪਹਿਲੀ ਸਤਰ ਤੋਂ ਬਚਿਆ ਹਿੱਸਾ ਲਿਖਣ ਵੇਲੇ ਭੀ ਪੱਤਰੇ ਦਾ ਸੱਜਾ ਪਾਸਾ ਹੀ ਵਰਤਿਆ ਹੈ। ਕਿਤੇ ਭੀ ਮੂਲਮੰਤ੍ਰ ਨੂੰ ਖੱਬੇ ਪਾਸੇ ਨਹੀਂ ਆਉਣ ਦਿੱਤਾ ਗਿਆ ।
(2). ਕਈ ਥਾਈਂ ਇਹ ਮੂਲਮੰਤ੍ਰ ਸ਼ਬਦ-ਸੰਗ੍ਰਹਿ ਨਾਲੋਂ ਉਚੇਰਾ ਹੈ ।
(3). ‘ਰਾਗ’ ਅਤੇ ‘ਮਹਲੇ’ ਵਾਲਾ ਸਿਰਲੇਖ ਸਦਾ ਹੀ ਪੱਤਰੇ ਦੇ ਖੱਬੇ ਪਾਸੇ ਲਿਖਿਆ ਗਿਆ ਹੈ। ਜੇ ਕਿਤੇ ਸਿਰਲੇਖ ਲੰਮਾ ਹੋ ਗਿਆ ਤਾਂ ਇਸ ਨੂੰ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ ਵਲ ਨਹੀਂ ਜਾਣ ਦਿੱਤਾ ਗਿਆ । ਸਿਰਲੇਖ ਦਾ ਬਾਕੀ ਬਚਿਆ ਹਿੱਸਾ ਮੁੜ ਖੱਬੇ ਪਾਸੇ ਹੀ ਪਹਿਲੇ ਹਿੱਸੇ ਦੇ ਹੇਠ ਲਿਖ ਦਿੱਤਾ ਹੈ ।
(4). ਸਿਰਲੇਖ ਅਤੇ ਮੂਲਮੰਤ੍ਰ – ਇਨ੍ਹਾਂ ਦੋਹਾਂ ਦੇ ਵਿਚਕਾਰ ਪੱਤਰੇ ਉੱਤੇ ਕਾਫ਼ੀ ਥਾਂ ਖ਼ਾਲੀ (ਕੋਰਾ) ਰੱਖਿਆ ਗਿਆ ਹੈ ।
ਵਿਦਵਾਨਾਂ ਦਾ ਫ਼ੈਸਲਾ :
ਇਕੱਠੇ ਹੋਏ ਵਿਦਵਾਨ ਸੱਜਣ ਇਸ ਨਤੀਜੇ ਉੱਤੇ ਅੱਪੜੇ ਹਨ ਕਿ ‘ਪੱਤਰੇ ਉੱਤੇ ਹਰ ਥਾਂ ਮੂਲਮੰਤ੍ਰ ਨੂੰ ਸੱਜੇ ਪਾਸੇ ਰੱਖ ਕੇ ਆਦਰ-ਸਤਕਾਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ ਕਰਨ ਵੇਲੇ ਸਿੱਖ ਸ੍ਰੀ ਹਰਿਮੰਦਰ ਸਾਹਿਬ ਨੂੰ ਸੱਜੇ ਹੱਥ ਹੀ ਰੱਖਦਾ ਹੈ। ਸੋ ਸ੍ਰੀ ਕਰਤਾਰਪੁਰ ਵਾਲੀ ‘ਬੀੜ’ ਵਿੱਚ ਮੂਲਮੰਤ੍ਰ ਨੂੰ ਸਦਾ ‘ਪਹਿਲ’ ਦਿੱਤੀ ਹੋਈ ਹੈ। ਪੜ੍ਹਨ ਵੇਲੇ ਪਹਿਲਾਂ ਮੂਲਮੰਤ੍ਰ ਹੀ ਪੜ੍ਹਨਾ ਹੈ । ਪੁਰਾਣੇ ਸਮੇਂ ਲਿਖਣ-ਢੰਗ ਹੀ ਇਹੀ ਸੀ ਕਿ ਆਰੰਭਕ ਮੰਗਲਾਚਰਨ ਨੂੰ ਸੱਜੇ ਪਾਸੇ ਪਹਿਲ ਦਿੱਤੀ ਜਾਏ ।
ਅਗਾਂਹ ਸਦਾ ਲਈ ਪਾਠਕਾਂ ਨੂੰ ਟਪਲੇ ਤੋਂ ਬਚਾਣ ਲਈ ਉਹਨਾ ਵਿਦਵਾਨਾਂ ਨੇ ਇਹ ਫੈਸਲਾ ਕੀਤਾ ਕਿ ‘ਬੀੜਾਂ’ ਛਾਪਣ ਵੇਲੇ ਮੂਲਮੰਤ੍ਰ ਨੂੰ ‘ਪਹਿਲਾਂ’ ਛਾਪਿਆ ਜਾਏ । ਪੰਜਾਬੀ ਦੀ ਲਿਖਾਈ ਖੱਬੇ ਪਾਸੇ ਤੋਂ ਸੱਜੇ ਵਲ ਜਾਂਦੀ ਹੈ। ਸੋ, ਇਸ ਫੈਸਲੇ ਅਨੁਸਾਰ ਮੂਲਮੰਤ੍ਰ ਪੱਤਰੇ ਦੇ ਸੱਜੇ ਪਾਸੇ ਛਾਪੇ ਜਾਣ ਦੇ ਥਾਂ ਖੱਬੇ ਪਾਸੇ ਤੋਂ ਸ਼ੁਰੂ ਕੀਤਾ ਗਿਆ । ਸਿਰਫ ਇਸੇ ਤਰੀਕੇ ਨਾਲ ਹੀ ਮੂਲਮੰਤ੍ਰ ਨੂੰ ਪਹਿਲ ਮਿਲ ਸਕਦੀ ਸੀ ।’
ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੁਰਮੇਲ ਸਿੰਘ ਵਰਗੇ ਬਰੀਕਬੀਂ ਵਿਦਵਾਨ ਦੇ ਲਿਖੇ ‘ਗੁਰਬਾਣੀ ਉਚਾਰਨ’ ਨਾਂ ਦੇ ਪਰਚੇ ਮੁਤਾਬਕ ਵੀ ‘ਮੰਗਲਾਚਰਨ (ਮੂਲ ਮੰਤ੍ਰ) ਨੂੰ ਪੜ੍ਹਨ ਦਾ ਵਿਧਾਨ ਸਿਰਲੇਖਾਂ ਤੋਂ ਪਹਿਲਾਂ ਦਾ ਹੈ । ਮੰਗਲਾਚਰਨ, ਸਿਰਲੇਖ ਤੋਂ ਉਪਰ ਤੇ ਸਜੇ ਕਰਕੇ ਹੈ, ਸੋ ਇਸ ਦਾ ਉਚਾਰਨ ਵੀ ਪਹਿਲਾਂ ਹੀ ਹੈ ।’
ਮੰਗਲਾਂ ਦੀ ਹੋਰ ਵਿਸਥਾਰਤ ਤੇ ਸਥਾਨਿਕ ਸਪਸ਼ਟਤਾ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੀ ਦਸਵੀਂ ਪੋਥੀ ਦੇ ਪੰਨਾ 711 ਤੋਂ ‘ਮੂਲਮੰਤ੍ਰ ਦੀ ਸਹੀ ਥਾਂ ਦਾ ਨਿਰਣਾ’ ਅਤੇ ‘ਸੰਪਾਦਕ ਨਿਰਣੈ ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਸੰਪਾਦਨ-ਕਲਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਤੇ ‘ਸਰਬੋਤਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਆਦਿਕ ਪੁਸਤਕਾਂ ਨੂੰ ਧੀਰਜ ਸਹਿਤ ਵਾਚਣਾ ਹੋਰ ਵੀ ਲਾਹੇਵੰਦਾ ਹੋ ਸਕਦਾ ਹੈ ।
ਜਥੇਦਾਰ ਵੇਦਾਂਤੀ ਜੀ ਦੇ ਅਤਿ ਨਿਕਟਵਰਤ ਸਾਥੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਖੋਜੀ ਪ੍ਰੋਫੈਸਰ ਡਾ. ਅਮਰ ਸਿੰਘ ਦੀ ਰਚਿਤ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ ਦੀ ਅੰਤਿਕਾ ਨੰ. 8 ਵਿਖੇ ਮੰਗਲਚਰਨ ਦੇ ਵੱਖ-ਵੱਖ ਸਥਾਨਾਂ ਵਾਲੀਆਂ ਬੀੜਾਂ ਦੀ ਵਿਵਰਨਾਤਮਿਕ ਸੂਚੀ ਇਸ ਪ੍ਰਕਾਰ ਹੈ :
ਮੰਗਲਾਚਰਨ ਦਾ ਸਥਾਨ ਬਾਣੀ ਸਿਰਲੇਖ ਤੋਂ ਪਹਿਲੀ ਪੰਕਤੀ ਵਿੱਚ ਸੱਜੇ ਪਾਸੇ : 9, 11, 13, 15, 18, 47, 51, 53, 80, 89, 98, 107, 108 (ਕੁੱਲ 13)
ਮੰਗਲਾਚਰਨ ਦਾ ਸਥਾਨ ਪਤਰੇ ਦੇ ਸੱਜੇ ਪਾਸੇ ਹੈ : 7, 12, 17, 20, 27, 30, 32, 45, 56, 57, 67, 79, 82, 87, 99, 100, 102, 104, 106, 115 (ਕੁੱਲ 20)
ਮੰਗਲਾਚਰਨ ਦਾ ਸਥਾਨ ਬਾਣੀ ਸਿਰਲੇਖ ਤੋਂ ਪਹਿਲਾਂ ਹੈ : 5, 8, 22, 26, 27, 31, 33, 34, 35, 36, 54, 62, 66, 68 (ਕੁੱਲ 14)
ਜਥੇਦਾਰ ਵੇਦਾਂਤੀ ਜੀ ਮੁਤਾਬਕ ਬੁੰਗਾ ਗਿਆਨੀਆਂ, ਸ੍ਰੀ ਅੰਮ੍ਰਿਤਸਰ ਤੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਪਹੁੰਚੀ ਬੀੜ, ਜਿਹੜੀ ਹੁਣ ਡਾ. ਅਨੁਰਾਗ ਸਿੰਘ ਲੁਧਿਆਣਾ ਦੇ ਘਰ ਦੱਸੀ ਜਾਂਦੀ ਹੈ, ਉਸ ਦੇ ਸਾਰੇ ਮੰਗਲ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਓਵੇਂ ਹੀ ਲਿਖੇ ਹਨ, ਜਿਵੇਂ ਸ਼੍ਰੋਮਣੀ ਕਮੇਟੀ ਨੇ ਸੰਨ 1952 ਵਿਚ ਛਾਪੇ ਸਨ। ਇਹ ਇੱਕ ਵਖਰਾ ਵਿਸ਼ਾ ਹੈ ਕਿ ਉਸ ਬੀੜ ਵਿੱਚ ‘ੴ’ ਦੇ ਪ੍ਰਚਲਿਤ ਰੂਪ ਦੀ ਥਾਂ ਇਉਂ ‘੧ਓ’ ਦਰਸ਼ਨ ਹੁੰਦੇ ਹਨ। ਇਸ ਬੀੜ ਦੀ ਡਿਜ਼ੀਟਲ ਕਾਪੀ ਮੇਰੀ ਲਾਇਬ੍ਰੇਰੀ ਵਿੱਚ ਮੌਜੂਦ ਹੈ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ’ਚੋਂ ਵੇਦਾਂਤੀ ਜੀ ਦੇ ਸੰਗ੍ਰਹਿ ਦਾ ਭਾਗ ਬਣੀ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ ਲਿਖਤੀ ਬੀੜਾਂ ਦੇ ਦਰਸ਼ਨ’ ਦੀ ਵਿਵਰਾਨਤਮਕ ਸੂਚੀ ਵਿੱਚ ਵੀ ਉਹ ਬੀੜ 50 ਨੰ ’ਤੇ ਦਰਜ ਹੈ ਅਤੇ ਉਸ ਦੇ ਖਾਲੀ ਪਤਰਿਆਂ ਦਾ 41 ਨੰ. ਚਿੱਤਰ ਵੀ ਪੁਸਤਕ ਦੇ ਪੰਨਾ 272 ਮੁਤਾਬਕ ਉਸ ਦਾ ਭਾਗ ਹੈ, ਜਿਸ ਉੱਤੇ ‘ੴ’ ਤੇ ‘卐’ (ਸਵਾਸਤਿਕ) ਦੇ ਗੇਰੂ ਰੰਗੇ (ਭਗਵੇ) ਨਿਸ਼ਾਨ ਲਗਾਏ ਹੋਏ ਹਨ।
ਅਸਲ ਵਿੱਚ ਕੁਝ ਇਹੋ ਕਾਰਨ ਸਨ, ਜਿਨ੍ਹਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸੰਨ 1952 ਤੋਂ 1962 ਤਕ ਪਾਵਨ ਬੀੜਾਂ ਤੇ ਸ਼ਬਦਾਰਥ ਪੋਥੀਆਂ ਦੇ ਮੰਗਲ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਛਾਪਣ ਦਾ ਉਪਕਾਰ ਕਰਦੀ ਰਹੀ। ਸ਼੍ਰੋਮਣੀ ਕਮੇਟੀ ਵੱਲੋਂ ਬੀੜ ਦੀ ਛਪਾਈ ਹੋਣ ਕਰਕੇ ਸਥਾਨਕ ਦੁਕਾਨਦਾਰ ਪ੍ਰਕਾਸ਼ਕਾਂ ਦੀ ਵਿਕਰੀ ਘਟ ਗਈ। ਉਨ੍ਹਾਂ ਦੀ ਚੁੱਕਣਾ ਅਤੇ ਮੁੱਠੀ ਗਰਮ ਕਰਨ ਵਾਲੀ ਸੁਆਰਥੀ ਸੋਚ ਅਧੀਨ ਕੁਝ ਸੰਪਰਦਾਈ ਡੇਰੇਦਾਰਾਂ ਅਤੇ ‘ਚੀਫ਼ ਖ਼ਾਲਸਾ ਦੀਵਾਨ’ ਦੇ ਆਗੂਆਂ ਵੱਲੋਂ ਅਜਿਹੀ ਜ਼ੋਰਦਾਰ ਵਿਰੋਧੀ ਸੁਰ ਅਲਾਪਣੀ ਸ਼ੁਰੂ ਕੀਤੀ ਕਿ ਸ਼੍ਰੋਮਣੀ ਕਮੇਟੀ ਨੇ ਪਾਵਨ ਬੀੜ ਦੇ ਮੰਗਲ ਬਦਲ ਦਿੱਤੇ ਹਨ। ਗੁਰਬਾਣੀ ਬਦਲ ਦਿੱਤੀ ਹੈ। ਇਹ ਘੋਰ ਅਪਰਾਧ ਹੈ ਜਦ ਕਿ ਅਜਿਹਾ ਕੁਝ ਵੀ ਨਹੀਂ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸੰਨ 1959 ਵਿੱਚ ਪ੍ਰਕਾਸ਼ਤ ‘ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ -ਬਾਰੇ- ਜ਼ਰੂਰੀ ਵਾਕਫ਼ੀਅਤ’ ਨਾਂ ਦੇ ਕਿਤਾਬਚੇ ਦੁਆਰਾ ਪੰਥਕ ਵਿਦਵਾਨਾਂ ਦੀਆਂ ਸਮੇਂ ਸਮੇਂ ਹੋਈਆਂ ਇਕੱਤ੍ਰਤਾਵਾਂ ਤੇ ਵਿਚਾਰਾਂ ਸਮੇਤ ਉਪਰੋਕਤ ਕਿਸਮ ਦੀ ਸਾਰੀ ਕਾਰਵਾਈ ਤੋਂ ਸਹਿਜੇ ਹੀ ਜਾਣੂੰ ਹੋਇਆ ਜਾ ਸਕਦਾ ਹੈ। ਇਸ ਵਿੱਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦੀਆਂ ਚੋਣਵੀਆਂ ਹੱਥ ਲਿਖਤ ਬੀੜਾਂ ਤੋਂ ਇਲਾਵਾ ਸ੍ਰੀ ਕਰਤਾਰਪੁਰੀ ਅਤੇ ਭਾਈ ਬਿਧੀਚੰਦ ਜੀ ਵਾਲੀ ਸੁਰਸਿੰਘੀ ਬੀੜ ਸਮੇਤ 51 ਬੀੜਾਂ ਦੇ ਵੇਰਵੇ ਨਾਲ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਮੰਗਲਾਂ ਦਾ ਸਹੀ ਸਥਾਨ ਸ਼ਬਦ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਹੈ।
ਜਨਵਰੀ 14 ਸੰਨ 1957 ਨੂੰ ਪੰਜਾਬ ਦੀਆਂ ਸਮਕਾਲੀ ਅਖ਼ਬਾਰਾਂ ਤੇ ਮਾਸਿਕ ਪੱਤਰਾਂ ਦੇ ਸਾਰੇ ਸੰਪਾਦਕਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੁਆਰਾ ਪਾਵਨ ਬੀੜ ਦੀ ਛਪਾਈ ਕਰਵਾਉਣ ਦੀ ਜ਼ੋਰਦਾਰ ਸ਼ਲਾਘਾ ਕੀਤੀ ਅਤੇ ਸਿੱਖ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਵਾਲੇ ਸਵਾਰਥੀ ਪ੍ਰਾਪੇਗੰਡੇ ਦੀ ਨਿਖੇਧੀ ਕਰਦਿਆਂ ਸਿੱਖ ਜਗਤ ਨੂੰ ਸੁਚੇਤ ਵੀ ਕੀਤਾ। ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚ ਸ੍ਰ. ਸਾਧੂ ਸਿੰਘ ‘ਹਮਦਰਦ’, ਸ਼ਾਦੀ ਸਿੰਘ, ਈਸ਼ਰ ਸਿੰਘ ‘ਮਝੈਲ’ ਅਤੇ ਸ੍ਰ. ਅਵਤਾਰ ਸਿੰਘ ਅਜ਼ਾਦ ਵਰਗੇ ਦਰਜਨ ਤੋਂ ਵਧੇਰੇ ਸੁਘੜ ਸੰਪਾਦਕ, ਸਾਹਿਤਕਾਰ ਤੇ ਪੰਥ-ਦਰਦੀ ਵਿਦਵਾਨ ਸ਼ਾਮਲ ਸਨ, ਜਿਨ੍ਹਾਂ ਦੀ ਘਾਟ ਪੰਥ ਨੂੰ ਸਦਾ ਹੀ ਰੜਕਦੀ ਰਹਿੰਦੀ ਹੈ।
ਪੰਥਕ ਬਦਨਸੀਬੀ ਹੀ ਮੰਨੀ ਜਾ ਸਕਦੀ ਹੈ ਕਿ (ਸੰਤ ਬਾਬਾ) ਫਤਹਿ ਸਿੰਘ ਤੇ ਚੰਨਣ ਸਿੰਘ ਦੀ ਪ੍ਰਧਾਨਗੀ ਮੌਕੇ ਸੰਪਰਦਾਈ ਸੋਚ ਅਤੇ ਰਾਜਨੀਤਕ ਵੋਟ-ਦ੍ਰਿਸ਼ਟੀ ਅਧੀਨ ਸ਼੍ਰੋਮਣੀ ਕਮੇਟੀ ਨੇ ਪਾਵਨ ਬੀੜ ਦੀ ਸ਼ੁਧ ਛਪਾਈ ਸੰਬੰਧੀ ਆਪਣਾ ਉਪਰੋਕਤ ਕਿਸਮ ਦਾ ਸਹੀ ਫੈਸਲਾ ਬਦਲ ਲਿਆ। ਗਿ. ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਸਲਾਹ ਨਾਲ ਉਨ੍ਹਾਂ ਦੇ ਪ੍ਰਮੁਖ ਵਿਦਿਆਰਥੀ ਗਿ. ਕਰਤਾਰ ਸਿੰਘ (ਜੋ ਉਨ੍ਹਾਂ ਤੋਂ ਪਿੱਛੋਂ ਡੇਰਾ ਚੌਕ ਮਹਿਤਾ ਦੇ ਮੁਖੀ ਬਣੇ) ਨੂੰ ਗੁਰੂ ਰਾਮਦਾਸ ਪ੍ਰਿਟਿੰਗ ਪ੍ਰੈਸ ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਬੀੜ ਦੀ ਪਰੂਫ਼-ਰੀਡਿੰਗ ਕਰਨ ਲਈ ਨਿਯੁਕਤ ਕੀਤਾ, ਜਿਨ੍ਹਾਂ ਆਪਣੇ ਉਸਤਾਦ ਦੀਆਂ ਹਦਾਇਤਾਂ ਅਨੁਸਾਰ ਛਾਪੇ ਦੀ ਬੀੜ ਵਿੱਚ ਮੰਗਲਾਂ ਦੀ ਬੇਤਰਤੀਬੀ ਤੋਂ ਇਲਾਵਾ ਸ਼ਬਦ ਜੋੜਾਂ ਵਿੱਚ ਵੀ ਵਾਧੇ-ਘਾਟੇ ਕੀਤੇ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ 1974-76 ਦੇ ਸ਼ੈਸ਼ਨ ਵਿੱਚ ਸਾਡੀ ਕਲਾਸ ਦੇ ਸਾਰੇ ਵਿਦਿਆਰਥੀਆਂ ਪਾਸ ਸੰਥਾ ਲਈ ਸ਼ਬਦਾਰਥ ਦੀਆਂ ਓਹੀ ਪੋਥੀਆਂ (4 ਭਾਗ) ਸਨ, ਜਿਨ੍ਹਾਂ ਦੇ ਸਾਰੇ ਮੰਗਲ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਸਨ। ਸਹਸਕ੍ਰਿਤੀ ਸਲੋਕ ਮਹਲਾ ੧ ਦੇ ਦੂਜੇ ਸਲੋਕ ਤੋਂ ਪਹਿਲਾਂ ‘ੴ’ ਦਾ ਮੰਗਲ ਸੀ ਕਿਉਂਕਿ ਅਗਲੇ ਤਿੰਨ ਸਲੋਕ ਮਹਲਾ 2 ਦੇ ਹਨ, ਜੋ ‘ਮਾਝ’ ਤੇ ਆਸਾ ਦੀ ਵਾਰ ਵਿੱਚ ਮ: ੨ ਦੇ ਸਿਰਲੇਖ ਹੇਠ ਦਰਜ ਹੋਏ ਮਿਲਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ ਦੇ ਪ੍ਰਮੁੱਖ ਖੋਜੀ ਮੈਂਬਰ ਤਲਵਾੜਾ ਜੀ ਅਤੇ ਜਥੇਦਾਰ ਵੇਦਾਂਤੀ ਜੀ ਸਾਰੇ ਮੰਗਲਾਂ ਨੂੰ ਪਤਰੇ ਦੇ ਸੱਜੇ ਪਾਸੇ ਸਿਰਲੇਖਾਂ ਤੋਂ ਉੱਪਰ ਲਿਖਣ ਦੀ ਹੀ ਵਕਾਲਤ ਕਰਦੇ ਸਨ ਕਿਉਂਕਿ ਗੁਰੂ-ਕਾਲ ਦੀਆਂ ਪ੍ਰਮਾਣਿਤ ਬੀੜਾਂ ਤੋਂ ਇਲਾਵਾ 17ਵੀਂ ਤੇ 18ਵੀਂ ਸਦੀ ਦੀਆਂ ਬਹੁ ਗਿਣਤੀ ਹੱਥ ਲਿਖਤ ਬੀੜਾਂ ਵਿੱਚ ਇਹੀ ਢੰਗ ਅਪਨਾਇਆ ਗਿਆ ਹੈ। ਉਹ ਸੋਚਦੇ ਸਨ ਕਿ ਇਹੀ ਇੱਕ ਅਜਿਹਾ ਮੂਲਿਕ ਢੰਗ ਹੈ, ਜਿਸ ਨਾਲ ਮੰਗਲ ਆਪਣੇ ਸਹੀ ਸਥਾਨ ’ਤੇ ਸ਼ੋਭਨੀਕ ਵੀ ਰਹਿੰਦੇ ਹਨ ਅਤੇ ਮੰਗਲ ਬਦਲਣ ਵਾਲੇ ਕਥਿਤ ਤੇ ਢੁਚਰੀ ਦੋਸ਼ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਟੀਮ ਮੁਤਾਬਕ ਮੰਗਲ ਹੈਨ ਵੀ ਕੇਵਲ ਦੋ ਕਿਸਮ ਦੇ, ਬਾਕੀ ਸਭ ਲਿਖਾਰੀਆਂ ਦੀਆਂ ਉਕਾਈਆਂ ਤੇ ਮਨ ਮਰਜ਼ੀਆਂ ਹਨ। 31 ਰਾਗਾਂ ਦੇ ਆਰੰਭ ਵਿੱਚ ਸੰਪੂਰਨ ਅਤੇ ਉਪਰਾਗਾਂ, ਘਰਾਂ ਅਤੇ ਵੱਖ ਵੱਖ ਬਾਣੀਕਾਰਾਂ ਦੇ ਸ਼ਬਦ ਸੰਗ੍ਰਹਿਆਂ ਅੱਗੇ ਕੇਵਲ ‘ੴਸਤਿਗੁਰਪ੍ਰਸਾਦਿ’ ਦਾ ਸੰਖੇਪ ਮੰਗਲ। ਸਾਡੇ ਪਾਸ ਕਈ ਅਜਿਹੀਆਂ ਪ੍ਰਮਾਣੀਕ ਬੀੜਾਂ ਮੌਜੂਦ ਹਨ, ਜੋ ਉਪਰੋਕਤ ਹਕੀਕਤ ਦੀ ਗਵਾਹੀ ਭਰਦੀਆਂ ਹਨ।
‘ਪਾਠ-ਭੇਦਾਂ ਦੀ ਸੂਚੀ’ ਦੇ ਪੰਨਾ 17 ਉੱਤੇ ਜਿੱਥੇ ਬੀੜ ਨੰ. 4/3, 5, 8/8, 21/34, 29/79, 32/6281, 35/116, 39/182 ਅਤੇ ਬੀੜ ਨੰ. 48 ਦੇ ਹਵਾਲੇ ਨਾਲ ਸਿਰੀਰਾਗੁ ਦੀ ਆਰੰਭਤਾ ਵਜੋਂ ਛਾਪੇ ਦੀ ਬੀੜ ਵਾਲੇ ‘ੴ ਸਤਿਗੁਰ ਪ੍ਰਸਾਦਿ ॥’ ਸੰਖੇਪ ਮੰਗਲ ਦੀ ਥਾਂ ‘ੴ ਤੋਂ ਗੁਰਪ੍ਰਸਾਦਿ’ ਤਕ ਦਾ ਸੰਪੂਰਨ ਮੰਗਲਾਚਰਨ ਲਿਖ ਕੇ ਛਾਪੇ ਦੇ ਸ਼ਬਦ ਸੰਗ੍ਰਹਿ ਦੇ ਸਿਰਲੇਖ ‘ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧’ ਦੀ ਥਾਂ ਸਹੀ ਸਿਰਲੇਖ ‘ਰਾਗੁ ਸਿਰੀਰਾਗੁ ਮਹਲਾ ੧ ਚਉਪਦੇ ਘਰੁ ੧’ ਲਿਖਿਆ ਹੈ ਕਿਉਂਕਿ ਉਸ ਸੰਗ੍ਰਹਿ ਦੇ ਸਾਰੇ ਸ਼ਬਦ ਚਉਪਦੇ ਹਨ। ਉੱਥੇ, ਇੱਕ ਵਿਸ਼ੇਸ਼ ਨੋਟ ਵੀ ਇਉਂ ਅੰਕਿਤ ਕੀਤਾ ਹੈ :
ਨੋਟ : ਪੁਰਾਤਨ ਲਿਖਤੀ ‘ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸੰਚਿਆਂ ਵਿੱਚ ਸਾਰੇ ਇਕੱਤੀਹਾਂ ਰਾਗਾਂ ਦੇ ਆਰੰਭ ਵਿੱਚ ‘ਮੰਗਲ’ ਵਜੋਂ ‘ਪੂਰਨ ਮੂਲਮੰਤ੍ਰ’ ਲਿਖੇ ਹੋਏ ਹਨ ਅਤੇ ਅੰਦਰਲੇ ਛੋਟੇ ਸਿਰਲੇਖਾਂ ਨਾਲ ਸੰਖੇਪ (ੴ ਸਤਿਗੁਰ ਪ੍ਰਸਾਦਿ ।) ਮੂਲਮੰਤ੍ਰ ‘ਕਟਹ ਕੁੰਟਲ ਨ੍ਯਾਯ’ ਅਨੁਸਾਰ ਲਿਖਣ ਦਾ ਰਿਵਾਜ ਸੀ।
(ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥) ਦੇ 9 ਵਾਰ ਆਏ ਅਤੇ (ੴ ਸਤਿ ਨਾਮੁ ਗੁਰ ਪ੍ਰਸਾਦਿ ॥) ਦੇ ਦੋ ਵਾਰ ਆਏ ਮੰਗਲਾਂ ਦੀ ਥਾਂ ਵੀ ਦਰਜਨਾਂ ਬੀੜਾਂ ਦੇ ਹਵਾਲੇ ਨਾਲ ਜਾਣਕਾਰੀ ਲਿਖੀ ਹੈ ਕਿ ਰਾਗਾਂ ਦੇ ਸਿਰਲੇਖਾਂ ਨੂੰ ਛੱਡ ਕੇ ਇਤਿਆਦਿਕ ਸਭ ਥਾਈਂ ‘ੴ ਸਤਿਗੁਰਪ੍ਰਸਾਦਿ ॥’ ਦਾ ਸੰਖੇਪ ਮੰਗਲ ਹੀ ਸਹੀ ਸਿੱਧ ਹੁੰਦਾ ਹੈ। ਜਿਵੇਂ ਛਾਪੇ ਦੀ ਪਾਵਨ ਬੀੜ ਦੇ ਪੰਨਾ 220 ਤੇ 235 ’ਤੇ ਮਹਲਾ ੧ ਤੇ ਮਹਲਾ ੫ ਦੀਆਂ ਅਸਟਪਦੀਆਂ ਵਿੱਚ ਲਿਖੇ ‘ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥’ ਮੰਗਲ ਬਾਰੇ ਬੀੜ ਨੰ. 1, 4/3, 5, 7, 21/34, 24/36, 31/99, 32/6281, 36/117, 38/ 173, 41/250 ਅਤੇ 55 ਨੰ. ਬੀੜਾਂ ਦੇ ਹਵਾਲੇ ਨਾਲ ‘ੴ ਸਤਿਗੁਰਪ੍ਰਸਾਦਿ ॥’ ਦੇ ਸੰਖੇਪ ਮੰਗਲ ਨੂੰ ਸਹੀ ਸਿੱਧ ਕੀਤਾ ਹੈ। ਇਸੇ ਤਰ੍ਹਾਂ ਪਾਵਨ ਬੀੜ ਦੇ ਪੰਨਾ 81 ਅਤੇ ਪੰ. 544 ’ਤੇ 2 ਵਾਰ ਅੰਕਿਤ ‘ੴ ਸਤਿ ਨਾਮੁ ਗੁਰਪ੍ਰਸਾਦਿ ॥’ ਦੇ ਮੰਗਲ ਬਾਰੇ ਬੀੜ ਨੰ. 5, 4/3, 7, 21/34, 32/6281, 36/117, 38/173, 40/236, 41/250, 46, 47, 48, 53/1 ਅਤੇ ਬੀੜ ਨੰ. 54 ਦੇ ਹਵਾਲੇ ਨਾਲ ਦੱਸਿਆ ਹੈ ਕਿ ਉਪਰੋਕਤ ਦੋਈਂ ਥਾਈਂ ਵੀ ਮੰਗਲ ਦਾ ਸੰਖੇਪ ਰੂਪ ‘ੴ ਸਤਿ ਗੁਰਪ੍ਰਸਾਦਿ ॥’ ਹੈ ।
‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਦੇ ਦਰਸ਼ਨ’ (ਪੰ. 274) ਪੁਸਤਕ ਦੀ ਅੰਤਿਕਾ ਨੰ. 10 ਮੁਤਾਬਕ ਯੂਨੀਵਰਸਿਟੀ ਦੇ ਉਪਰੋਕਤ ਕੇਂਦਰ ਦੀ ਲਾਇਬ੍ਰੇਰੀ ਵਿਖੇ ਹੇਠ ਲਿਖੀਆਂ 65 ਪੁਰਾਤਨ ਬੀੜਾਂ ਮੌਜੂਦ ਹਨ, ਜਿਨ੍ਹਾਂ ਵਿੱਚ ਰਾਗ ‘ਸਿਰੀਰਾਗੁ’ ਦੇ ਅਰੰਭ ਵਿੱਚ ਸੰਖੇਪ ਮੰਗਲਾਚਰਨ ‘ੴ ਸਤਿਗੁਰਪ੍ਰਸਾਦਿ ॥’ (ਪੰ. 14) ਦੀ ਥਾਂ ‘ੴ ਤੋਂ ਗੁਰਪ੍ਰਸਾਦਿ ॥’ ਤਕ ਦਾ ਸੰਪੂਰਨ ਮੰਗਲ ਹੈ । ਦਰਸ਼ਨ ਕਰੋ ! ਬੀੜ ਨੰ. 1, 2, 5, 7, 8, 13, 19, 22, 24, 25, 26, 31, 33, 34, 35, 36, 39, 42, 43, 44, 45, 48, 50, 51, 52, 53 ਆਦਿਕ ।
ਅੰਤਿਕਾ ਨੰ. 13 (ਪੰ. 275) – ਉਨ੍ਹਾਂ ਪੁਰਾਤਨ ਬੀੜਾਂ ਦੀ ਸੂਚੀ, ਜਿਨ੍ਹਾਂ ਵਿੱਚ ਛਾਪੇ ਦੀ ਪਾਵਨ ਬੀੜ ਵਿਖੇ ਰਾਗੁ ਸਿਰੀਰਾਗੁ ਮਹਲਾ ੪ ਵਣਜਾਰਾ (ਪੰ. 81) ਅਤੇ ਰਾਗੁ ਬਿਹਾਗੜਾ ਮਹਲਾ ੫ ॥ ਛੰਤ ਘਰੁ ੨ (ਪੰ. 544) ਦੇ ਸਿਰਲੇਖਾਂ ਪਿਛੋਂ ਛਪੇ ਮੰਗਲਾਚਰਨ ‘ੴ ਸਤਿ ਨਾਮੁ ਗੁਰਪ੍ਰਸਾਦਿ ॥’ ਦੀ ਥਾਂ ਅਰੰਭ ਵਿੱਚ ਮੰਗਲ ਕੇਵਲ ‘ੴ ਸਤਿਗੁਰਪ੍ਰਸਾਦਿ ॥’ ਹੈ। ਅਜਿਹੀਆਂ ਹੱਥ ਲਿਖਤਾਂ ਦੀ ਕੁਲ ਗਿਣਤੀ 87 ਹੈ; ਜਿਵੇਂ ਬੀੜ ਨੰ. 2, 3, 5, 6, 7, 8, 10, 11, 12, 13, 15, 16, 17, 19, 20, 21, 22, 24, 25, 26, 27, 31, 32, 33, 34, 35, 36, 39, 40, 41, 42, 43, 44, 45, 49, 50, 51, 52, 53, 54, 55, 56, 57, 58, 59, 60, 62, 64, 66, 67, 71, 73, 74, 75, 76, 77, 78, 80, 81, 82, 83, 84, 86, 87, 89, 90, 91, 98, 99, 100, 101, 102, 104, 108, 110, 115, 116, 117, 119, 120, 122, 125, 128, 130, 135, 140 ਤੇ 145 ।
ਅੰਤਿਕਾ ਨੰ. 14 (ਪੰ. 275) – ਉਨ੍ਹਾਂ ਬੀੜਾਂ ਦੀ ਸੂਚੀ, ਜਿਨ੍ਹਾਂ ਵਿੱਚ ਰਾਗੁ ਗਉੜੀ ਛੰਤ ਮਹਲਾ 1 (ਪੰ. 242), ਮਹਲਾ 3 (ਪੰ. 243), ਭਗਤਾਂ ਕੀ ਬਾਣੀ (ਪੰ.323), ਬਾਵਨ ਅਖਰੀ ਕਬੀਰ ਜੀ (ਪੰ. 340) ਅਤੇ ਭਗਤ ਰਵਿਦਾਸ ਜੀ ਦੀ ਬਾਣੀ (ਪੰ. 345) ਦੇ ਆਰੰਭ ਵਿੱਚ ਮੰਗਲਾਚਰਨ ‘ੴ ਸਤਿ ਨਾਮੁ ਕਰਤਾ ਪੁਰਖ ਗੁਰਪ੍ਰਸਾਦਿ ॥’ ਦੀ ਥਾਂ ਵੀ ਕੇਵਲ ‘ੴ ਸਤਿਗੁਰਪ੍ਰਸਾਦਿ ॥’ ਦਾ ਸੰਖੇਪ ਮੰਗਲ ਹੈ । ਅਜਿਹੀਆਂ ਪਾਵਨ ਬੀੜਾਂ ਦੀ ਕੁਲ ਗਿਣਤੀ 67 ਹੈ । ਜਿਵੇਂ ਬੀੜ ਨੰ. 5, 7, 8, 9, 11, 13, 14, 18, 20, 22, 23, 25, 26, 27, 30, 31, 32, 34, 35, 39, 42, 43, 44, 45, 46, 47, 51, 53, 54, 55, 56, 57, 58, 59, 60, 63, 64, 66, 67, 68, 70, 73, 74, 79, 80, 81, 82, 83, 86, 87, 91, 99, 100, 102, 104, 106, 108, 110, 115, 119, 125, 128, 135, 139, 140, 148 ਤੇ 150 (ਕੁੱਲ-67)
ਅੰਤਿਕਾ ਨੰ. 40 (ਉਹੀ ਪੁਸਤਕ, ਪੰ. 278)- ਸਲੋਕ ਸਹਸਕ੍ਰਿਤੀ ਮਹਲਾ ੧ ਦੇ ਦੂਜੇ ਸਲੋਕ ‘ਨਿਹਫਲੰ ਤਸੵ ਜਨਮਸੵ ਜਾਵਦ ਬ੍ਰਹਮ ਨ ਬਿੰਦਤੇ ॥’ ਤੋਂ ਪਹਿਲਾਂ ਮੰਗਲਾਚਰਨ ਕੇਵਲ ‘ੴ’ ਜਾਂ ‘ੴ ਸਤਿਗੁਰਪ੍ਰਸਾਦਿ ॥’ ਵਾਲੀਆਂ ਬੀੜਾਂ ਦੀ ਸੂਚੀ : 2, 4, 12, 15, 17, 18, 19, 22, 33, 40, 42, 43, 45, 53, 56, 101, 104, 107, 108, 120 (ਕੁੱਲ-20)
ਇਹੀ ਕਾਰਨ ਹੈ ਕਿ ਜਥੇਦਾਰ ਵੇਦਾਂਤੀ ਜੀ ਦੁਆਰਾ ਪਾਵਨ ਬੀੜ ਦੇ ਸੋਧੇ ਹੋਏ ਖਰੜੇ ਵਿਖੇ ਵੀ ਇਸੇ ਮੰਗਲ ਸ਼ੈਲੀ ਨੂੰ ਹੀ ਮਹੱਤਵ ਦਿੱਤਾ ਗਿਆ ਹੈ ਭਾਵ ‘ਸਿੱਖ ਬੁੱਕ ਕਲੱਬ ਅਮਰੀਕਾ’ ਵਾਲੀ ਪਾਵਨ ਬੀੜ ਦੇ ਖਰੜੇ ਵਿਖੇ 31 ਰਾਗਾਂ ਦੇ ਮੰਗਲ ਸੰਪੂਰਨ ਹਨ ਅਤੇ ਬਾਕੀ ਦੇ ਅੰਦਰਲੇ ਸਾਰੇ ਮੰਗਲ ‘ੴ ਸਤਿ ਗੁਰਪ੍ਰਸਾਦਿ ॥’ ਸੰਖੇਪ ਰੂਪ ’ਚ ਹਨ।
——ਚੱਲਦਾ—–
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)