ਸੇ ਵਡਭਾਗੀ ਜਿਨ੍ ਨਾਮੁ ਧਿਆਇਆ ॥

0
333

ਸੇ ਵਡਭਾਗੀ ਜਿਨ੍ ਨਾਮੁ ਧਿਆਇਆ ॥

ਡਾ. ਸੁਦਰਸ਼ਨ ਸਿੰਘ ਗਿੱਲ (ਐਮ. ਡੀ.), ਰਾਮਗੜ੍ਹ (ਝਾੜਖੰਡ) –099738-61183

ਇਹ ਜਨਮ; ਮਨੁੱਖ ਨੂੰ ਪਰਮ-ਪਦ ਦੀ ਪ੍ਰਾਪਤੀ ਲਈ ਮਿਲਿਆ ਹੋਇਆ ਹੈ, ਜੋ ਪ੍ਰਭੂ ਦੀ ਕਿਰਪਾ ਨਾਲ ਨਸੀਬ ਹੋਇਆ ਹੈ, ਇਸ ਲਈ ਗੋਬਿੰਦ (ਪ੍ਰਮਾਤਮਾ) ਦੀ ਪ੍ਰਾਪਤੀ ਦਾ ਇਹ ਇੱਕ ਸੁਨਿਹਰਾ ਮੌਕਾ ਹੈ: ‘‘ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ॥’’ (ਮ: ੫/੧੨) ਭਾਵ ਮਨੁੱਖਾ ਜਨਮ ਹੀ ਪ੍ਰਭੂ ਪ੍ਰਾਪਤੀ ਲਈ ਅਮੋਲਕ (ਢੁੱਕਵਾਂ) ਸਮਾਂ ਹੈ।

ਇਹ ਜਨਮ ਬਾਰ ਬਾਰ ਨਹੀਂ ਮਿਲਦਾ ਕਿਉਂਕਿ ਪੁਰਾਤਨ ਰਵਾਇਤ ਅਨੁਸਾਰ ਇਸ ਜਨਮ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਰਹਿੰਦੇ ਹਨ: ‘‘ਇਸ ਦੇਹੀ ਕਉ, ਸਿਮਰਹਿ ਦੇਵ ॥ ਸੋ ਦੇਹੀ, ਭਜੁ ਹਰਿ ਕੀ ਸੇਵ ॥’’ (ਭਗਤ ਕਬੀਰ/੧੧੫੯)

ਭਗਤ ਕਬੀਰ ਜੀ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਅਗਰ ਇੱਕ ਵਾਰ ਦਰਖ਼ਤ ਤੋਂ ਪੱਕਿਆਂ ਹੋਇਆ ਫਲ ਹੇਠਾਂ ਡਿੱਗ ਪਏ ਤਾਂ ਉਹ ਮੁੜ ਕੇ ਟਹਿਣੀ ’ਤੇ ਨਹੀਂ ਲਗ ਸਕਦਾ, ਇਸ ਤਰ੍ਹਾਂ ਹੀ ਮਨੁੱਖਾ ਜਨਮ ਦੁਬਾਰਾ ਪ੍ਰਾਪਤ ਹੋਣ ਵਾਲਾ ਨਹੀਂ: ‘‘ਕਬੀਰ ! ਮਾਨਸ ਜਨਮੁ ਦੁਲੰਭੁ ਹੈ, ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ, ਬਹੁਰਿ ਨ ਲਾਗਹਿ ਡਾਰ ॥’’ (ਭਗਤ ਕਬੀਰ/੧੩੬੬)

ਦੁਨਿਆਵੀ ਸੋਚ ਰੱਖਣ ਵਾਲਾ ਮਨੁੱਖ, ਆਪਣਾ ਕੀਮਤੀ ਸਮਾ ਕੇਵਲ ਦੁਨਿਆਵੀ ਮੋਹ-ਮਾਇਆ ’ਚ ਹੀ ਵਿਅਰਥ ਗਵਾ ਲੈਂਦਾ ਹੈ ਪਰ ਰੱਬੀ ਭਗਤ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਹ ਜਨਮ ਦੁਨਿਆਵੀ ਕਿਰਤ-ਕਾਰ ਕਰਦਿਆਂ ਪ੍ਰਮਾਤਮਾ ਦੀ ਪ੍ਰਾਪਤੀ ਲਈ ਵੀ ਮਿਲਿਆ ਹੈ ਭਾਵ ਪ੍ਰਮਾਤਮਾ ਦਾ ਨਾਮ ਧਿਆਉਣ ਲਈ ਤੇ ਪਰਮ-ਪਦ ਦੀ ਪ੍ਰਾਪਤੀ ਲਈ ਮਿਲਦਾ ਹੈ ਜਦਕਿ ਦੁਨਿਆਵੀ ਮਨੁੱਖ ਦੀ ਹਾਲਤ ਹੈ: ‘‘ਰੈਣਿ ਗਵਾਈ ਸੋਇ ਕੈ, ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ, ਕਉਡੀ ਬਦਲੇ ਜਾਇ ॥’’ (ਮ: ੧/੧੫੬)

ਇਸ ਦਾ ਭਾਵ ਇਹ ਨਹੀਂ ਕਿ ਸੰਸਾਰ ਵਿੱਚ ਵਿਚਰਦਿਆਂ ਕੋਈ ਕੰਮ ਹੀ ਨਹੀਂ ਕਰਨਾ ਜਾਂ ਸੌਣਾ ਵੀ ਨਹੀਂ। ਭਗਤ ਦੀ ਜ਼ਿੰਦਗੀ ਸੰਸਾਰਕ ਕੰਮ ਕਾਰ ਕਰਦਿਆਂ ਪ੍ਰਮਾਤਮਾ ਨੂੰ ਚੇਤੇ ਕਰਦੀ ਰਹਿੰਦੀ ਹੈ; ਜਿਵੇਂ ਭਗਤ ਤਿ੍ਰਲੋਚਨ ਜੀ ਸਮਝਾ ਰਹੇ ਹਨ: ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥ ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬) ਭਾਵ ‘ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ’ ਦੀ ਆਦਤ ਬਣਾਉਣੀ ਚਾਹੀਦੀ ਹੈ, ਜੋ ਪੂਰਨ ਗੁਰੂ ਦੀ ਪ੍ਰਾਪਤੀ ਨਾਲ ਹੀ ਸੰਭਵ ਹੈ: ‘‘ਨਾਨਕ ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥’’ (ਮ: ੫/੫੨੨)

ਮਨੁੱਖ ਇਸ ਜਗਤ ਪਸਾਰੇ ਵਿੱਚ ਆ ਕੇ ਸਿਰਜਨਹਾਰ (ਕਰਤਾਰ) ਨੂੰ ਭੁੱਲ ਜਾਂਦਾ ਹੈ, ਜੋ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਰੱਬੀ ਦਰ ’ਤੇ ਪਰਵਾਣਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਫ਼ੁਰਮਾਨ ਕਰਦੇ ਹਨ: ‘‘ਏ ਸਰੀਰਾ ਮੇਰਿਆ ! ਇਸੁ ਜਗ ਮਹਿ ਆਇ ਕੈ, ਕਿਆ ਤੁਧੁ ਕਰਮ ਕਮਾਇਆ ? ॥’’ (ਮ: ੩/੯੨੨), ‘‘ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ; ਜਿਨਿ, ਸਤਿਗੁਰ ਸਿਉ ਚਿਤੁ ਲਾਇਆ ॥’’ (ਮ: ੩/੯੨੨) ਆਦਿ।

ਮਨੁੱਖ ਇਹ ਸੋਚਦਾ ਰਹਿੰਦਾ ਹੈ ਕਿ ਸਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਵਿਹਲਾ ਹੋ ਕੇ ਨਾਮ ਜਪਾਂਗਾ, ਸਿਮਰਨ ਕਰਾਂਗਾ। ਇਸ ਸੋਚ ਅਧੀਨ ਹੀ ਸਾਰੀ ਉਮਰ ਬਤੀਤ ਕਰ ਜਾਂਦਾ ਹੈ, ਜਿਸ ਕਾਰਨ ਨਾਮ ਨਹੀਂ ਜਪ ਸਕਦਾ। ਇਸ ਜਗਤ-ਮੰਡੀ ਵਿੱਚ ਮਨੁੱਖ ਨਾਮ ਰੂਪੀ ਵਾਪਾਰ ਕਰਨ ਲਈ ਆਉਂਦਾ ਹੈ ਪਰ ਦੁਚਿੱਤੀ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ। ਗੁਰਬਾਣੀ ਸਾਨੂੰ (ਗਾਫ਼ਲਾਂ) ਨੂੰ ਸੁਚੇਤ ਕਰਦੀ ਹੈ ਕਿ ‘‘ਪ੍ਰਾਣੀ ! ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ? ਸਭ ਮੁਕਦੀ ਚਲੀ ਰੈਣਿ ॥’’ (ਮ: ੫/੪੩) ਭਾਵ ਜਿਵੇਂ ਧਾਨ ਜਾਂ ਤਿਲ ਆਦਿ ਦਾ ਛਿਲਕਾ, ਦਾਣੇ (ਮੂਲ) ਤੋਂ ਬਿਨਾ ਖੋਖਲਾ ਹੁੰਦਾ ਹੈ, ਵੈਸੇ ਹੀ ਮਨੁੱਖਾ ਜੀਵਨ ਰੱਬੀ ਨਾਮ ਜਪਣ ਤੋਂ ਬਿਨਾ ਖੋਖਲਾ (ਹੌਲਾ, ਹੋਛਾ) ਹੁੰਦਾ ਹੈ: ‘‘ਕਣ ਬਿਨਾ, ਜੈਸੇ ਥੋਥਰ ਤੁਖਾ ॥ ਨਾਮ ਬਿਹੂਨ, ਸੂਨੇ ਸੇ ਮੁਖਾ ॥’’ (ਮ: ੫/੧੯੨)

ਆਦਿ ਕਾਲ ਤੋਂ ਮਨੁੱਖਾ ਸਰੀਰ ਤੋਂ ਬਿਨਾ ਤਮਾਮ ਪਸੂ-ਪੰਛੀਆਂ ਦੇ ਮਿਰਤਕ ਸਰੀਰ ਵੀ ਕਿਸੇ ਨਾ ਕਿਸੇ ਕੰਮ ਆ ਜਾਂਦੇ ਸਨ ਪਰ ਮਨੁੱਖਾ ਸਰੀਰ ਕਿਸੇ ਕੰਮ ਨਹੀਂ ਆਉਂਦਾ: ‘‘ਸਗਲ ਸਰੀਰ, ਆਵਤ ਸਭ ਕਾਮ ॥ ਨਿਹਫਲ ਮਾਨੁਖੁ, ਜਪੈ ਨਹੀ ਨਾਮ ॥’’ (ਮ: ੫/੧੯੦)

ਗੁਰੂ ਜੀ ਗੰਦੇ ਕੱਪੜਿਆਂ ਅਤੇ ਗੰਦੇ ਸਰੀਰਕ ਅੰਗਾਂ ਦੀ ਉਦਾਹਰਨ ਰਾਹੀਂ ਸਮਝਾ ਰਹੇ ਹਨ ਕਿ ਜਿਵੇਂ ਗੰਦੇ ਕੱਪੜੇ ਸਾਬਣ ਨਾਲ ਧੋ ਕੇ ਸਾਫ਼ ਕੀਤੇ ਜਾ ਸਕਦੇ ਹਨ ਤੇ ਗੰਦੇ ਸਰੀਰਕ ਅੰਗ (ਹਥ, ਪੈਰ, ਤਨ, ਕਾਇਆਂ ਆਦਿ) ਵੀ ਪਵਿੱਤਰ (ਸੁੱਚੇ) ਕੀਤੇ ਜਾ ਸਕਦੇ ਹਨ, ਉਸੇ ਤਰ੍ਹਾਂ ਹੀ ਵਿਕਾਰਾਂ ਨਾਲ ਗੰਦੀ ਹੋਈ ਮਨੁੱਖੀ ਮਾਨਸਿਕਤਾ ਵੀ ਰੱਬੀ ਨਾਮ-ਜਲ ਨਾਲ ਧੋ ਕੇ ਸਾਫ਼ (ਸ਼ੁੱਧ) ਕੀਤੀ ਜਾ ਸਕਦੀ ਹੈ ਭਾਵ ਉਸ ਦੀ ਮੈਲ ਉਤਰ ਜਾਂਦੀ ਹੈ: ‘‘ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ; ਉਤਰਸੁ ਖੇਹ ॥ ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ, ਲਈਐ ਓਹੁ ਧੋਇ ॥ ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ, ਨਾਵੈ ਕੈ ਰੰਗਿ ॥’’ (ਜਪੁ /ਮ: ੧)

ਗੁਰੂ ਰਾਮਦਾਸ ਜੀ ਸਮਝਾ ਰਹੇ ਹਨ ਕਿ ਉਸ ਮਨੁੱਖ ਦਾ ਖਾਧਾ-ਪੀਤਾ ਸਭ ਕੁਝ ਪਵਿੱਤਰ ਹੋ ਜਾਂਦਾ ਹੈ ਜੋ ਰੱਬੀ ਨਾਮ ਵਿੱਚ ਰੰਗੇ ਰਹਿੰਦੇ ਹਨ: ‘‘ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ, ਜੋ ਨਾਮਿ ਹਰਿ ਰਾਤੇ ॥’’ (ਮ: ੪/੬੪੮)

ਗੁਰੂ ਅਰਜਨ ਸਾਹਿਬ ਜੀ ਫ਼ੁਰਮਾਨ ਕਰ ਰਹੇ ਹਨ ਕਿ ਜਿੱਥੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ ਉਹ ਮਾਰੂਥਲ ਵੀ ਸੋਨੇ ਦੇ ਚੌਬਾਰਿਆਂ ਵਾਂਗ ਸੁੰਦਰ ਚਮਕਦੇ ਹਨ ਪਰ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਸ਼ਹਿਰ ਵੀ ਉਜਾੜ (ਮਾਰੂਥਲ ਵਾਂਗ) ਜਾਪਦਾ ਹੈ: ‘‘ਜਿਥੈ ਨਾਮੁ ਜਪੀਐ, ਪ੍ਰਭ ਪਿਆਰੇ ॥ ਸੇ ਅਸਥਲ ਸੋਇਨ ਚਉਬਾਰੇ ॥ ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ, ਸੇਈ ਨਗਰ ਉਜਾੜੀ ਜੀਉ ॥’’ (ਮ: ੫/੧੦੫) ਕਿਉਂਕਿ ਗੁਰੂ ਜੀ ਦ੍ਰਿਸ਼ਟਾਂਤ ਦੇਂਦੇ ਹਨ ਕਿ ਜਿੱਥੇ ‘ਮਾਤਾ, ਪਿਤਾ, ਭੈਣ, ਭਰਾ’ ਆਦਿ ਸਾਥੀ ਵੀ ਮਦਦਗਾਰ ਨਹੀਂ ਹੁੰਦਾ ਉੱਥੇ ਰੱਬ ਆਪ ਸਹਾਈ ਹੁੰਦਾ ਹੈ: ‘‘ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ, ਤਿਥੈ ਹਰਿ ਆਪਿ ਛਡਾਇਦਾ ॥’’ (ਮ: ੫/੧੦੭੬) ਗੁਰੂ ਸਾਹਿਬ ਜੀ ਇਹ ਵੀ ਸਮਝਾ ਰਹੇ ਹਨ ਕਿ ਜੋ ਰੱਬੀ ਨਾਮ ਸਿਮਰਦਾ ਹੈ, ਨਾਮ ਨੂੰ ਆਪਣੇ ਹਿਰਦੇ ’ਚ ਵਸਾ ਲੈਂਦਾ ਹੈ, ਨਾਮ ਨੂੰ ਆਪਣਾ ਸਾਥੀ ਬਣਾ ਲੈਂਦਾ ਹੈ ਉਹ ਸਾਰੀ ਹੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ: ‘‘ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮਿ ਮਨੁ ਭਿੰਨਾ ॥’’ (ਮ: ੫/੭੦੭) ਭਾਵ ਉਹੀ ਮਨੁੱਖ ਸਭ ਤੋਂ ਉਤਮ ਹੈ, ਜੋ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਹਰੀ ਦਾ ਨਾਮ ਸਿਮਰਦਾ ਹੈ। ਸਮੁੱਚੀ ਬਾਣੀ ਹੀ ਪ੍ਰਭੂ ਦਾ ਨਾਮ ਜਪਣ ਦਾ ਉਪਦੇਸ ਦੇਂਦੀ ਹੈ, ਗੁਰੂ ਅਰਜਨ ਸਾਹਿਬ ਜੀ ਤਾਂ ਇੱਥੋਂ ਤੱਕ ਬਿਆਨ ਕਰ ਰਹੇ ਹਨ ਕਿ ਮੇਰਾ ਜੀਵਨ ਹੀ ਤਾਂ ਹੈ ਜੇ ਮੈ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ: ‘‘ਨਾਨਕ ! ਨਾਮੁ ਮਿਲੈ, ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ॥’’ (ਮ: ੫/੧੪੨੯) ਭਾਵ ਗੁਰਬਾਣੀ ਦਾ ਕੋਈ ਵੀ ਅਜਿਹਾ ਸ਼ਬਦ ਨਹੀਂ ਜੋ ਨਾਮ ਜਪਣ ਦੀ ਪ੍ਰੇਰਨਾ ਨਾ ਦਿੰਦਾ ਹੋਵੇ।

ਜੋ ਮਨੁੱਖ ਪ੍ਰਭੂ ਦਾ ਨਾਮ ਜਪਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ ਪਰ ਪ੍ਰਭੂ ਦਾ ਨਾਮ ਹਰ ਇੱਕ ਮਨੁੱਖ ਨੂੰ ਨਹੀਂ ਮਿਲ ਸਕਦਾ ਕਿਉਂਕਿ ਪ੍ਰਭੂ ਦੀ ਕਿਰਪਾ ਨਾਲ ਹੀ ਨਾਮ ਮਿਲਦਾ ਹੈ, ਭਾਗਾਂ ਨਾਲ ਹੀ ਮਿਲਦਾ ਹੈ: ‘‘ਨਾਮੁ ਸੁਣੀ, ਨਾਮੋ ਮਨਿ ਭਾਵੈ ॥ ਵਡੈ ਭਾਗਿ, ਗੁਰਮੁਖਿ ਹਰਿ ਪਾਵੈ ॥੧॥ ਨਾਮੁ ਜਪਹੁ, ਗੁਰਮੁਖਿ ਪਰਗਾਸਾ ॥ ਨਾਮ ਬਿਨਾ, ਮੈ ਧਰ ਨਹੀ ਕਾਈ; ਨਾਮੁ ਰਵਿਆ ਸਭ ਸਾਸ ਗਿਰਾਸਾ ॥’’ (ਮ: ੪/੩੬੭)

ਨਾਮ ਸਿਮਰਨ ਨਾਲ ਮਨੁੱਖ, ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਤੇ ਜਨਮ-ਮਰਨ ਦਾ ਗੇੜ ਕੱਟਿਆ ਜਾਂਦਾ ਹੈ; ਜਿਵੇਂ ਗੁਰਬਾਣੀ ਫ਼ੁਰਮਾਨ ਹਨ: ‘‘ਨਾਮੁ ਜਪਹੁ, ਤਉ ਕਟੀਅਹਿ ਫਾਸਾ ॥ ਫਿਰਿ ਫਿਰਿ, ਆਵਨ ਜਾਨੁ ਨ ਹੋਈ ॥ ਏਕਹਿ ਏਕ ਜਪਹੁ, ਜਪੁ ਸੋਈ ॥’’ (ਮ: ੫/੨੫੮), ‘‘ਹਰਿ ਏਕੁ ਸਿਮਰਿ, ਏਕੁ ਸਿਮਰਿ, ਏਕੁ ਸਿਮਰਿ ਪਿਆਰੇ ॥ ਕਲਿ ਕਲੇਸ, ਲੋਭ, ਮੋਹ; ਮਹਾ ਭਉਜਲੁ ਤਾਰੇ ॥’’ (ਮ: ੫/੬੭੯) ਆਦਿ, ਇਸ ਲਈ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਕਰ ਰਹੇ ਹਨ ਕਿ ਹੇ ਗਿਆਨਹੀਣ ਮਨੁੱਖ! ਰੱਬੀ ਨਾਮ ਨੂੰ ਸਿਮਰ, ਨਹੀਂ ਤਾਂ ਜੀਵਨ ਵਿਅਰਥ ਹੀ ਚਲਾ ਜਾਏਗਾ: ‘‘ਅੰਧੁਲੇ ! ਕਿਆ ਪਾਇਆ ਜਗਿ ਆਇ ? ॥ ਰਾਮੁ ਰਿਦੈ ਨਹੀ ਗੁਰ ਕੀ ਸੇਵਾ, ਚਾਲੇ ਮੂਲੁ ਗਵਾਇ ॥’’ (ਮ: ੧/੧੧੨੬)

ਉਪਰੋਕਤ ਤਮਾਮ ਗੁਰੂ ਉਪਦੇਸਾਂ ਦੀ ਵੀਚਾਰ ਸਾਂਝੀ ਕਰਦਿਆਂ ਹੁਣ ਫ਼ੈਸਲਾ ਮਨੁੱਖ ਨੇ ਹੀ ਕਰਨਾ ਹੈ ਕਿ ਉਹ ਲੋਕ-ਪ੍ਰਲੋਕ ’ਚ ਸੁਰਖਰੂ ਹੋਣ ਵਾਲਾ ਜੀਵਨ ਬਸਰ ਕਰਨਾ ਚਾਹੁੰਦਾ ਹੈ ਜਾਂ ਨਹੀਂ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਮਝਾ ਰਹੇ ਹਨ ਕਿ ਇਸ ਨਾਸ਼ਵਾਨ ਸੰਸਾਰ ਵਿੱਚ ਸਦੀਵੀ ਸਥਿਰ ਰੱਬੀ ਨਾਮ ਹੁੰਦਾ ਹੈ, ਗੁਰੂ (ਸਾਧੂ) ਹੁੰਦਾ ਹੈ ਜਾਂ ਜਿਸ ਨੇ ਗੁਰੂ (ਸਾਧੂ) ਦੀ ਰਾਹੀਂ ਸਥਿਰ ਮਾਲਕ ਦਾ ਨਾਮ ਜਪਿਆ ਹੈ ਉਹੀ ਸਥਿਰ ਹੁੰਦਾ ਹੈ ਭਾਵ ਪ੍ਰਭੂ ਵਿੱਚ ਲੀਨ ਰਹਿੰਦਾ ਹੈ, ਵਾਰ-ਵਾਰ ਜੂਨਾਂ ’ਚ ਜਨਮ ਲੈਂਦਾ ਤੇ ਮਰਦਾ ਨਹੀਂ; ਜਿਵੇਂ: ‘‘ਨਾਮੁ ਰਹਿਓ, ਸਾਧੂ ਰਹਿਓ, ਰਹਿਓ ਗੁਰੁ ਗੋਬਿੰਦੁ ॥ ਕਹੁ ਨਾਨਕ ! ਇਹ ਜਗਤ ਮੈ, ਕਿਨ ਜਪਿਓ ਗੁਰ ਮੰਤੁ ॥’’ (ਮ: ੯/੧੪੨੯)

ਹੇ ਮੇਰੇ ਮਨ! ਗੁਰੂ ਅਮਰਦਾਸ ਜੀ ਤੈਨੂੰ ਹੀ ਉਪਦੇਸ਼ ਕਰ ਰਹੇ ਹਨ ਕਿ ਤੂੰ ਭਾਗਾਂ ਵਾਲਾ ਬਣ ਜਾਹ ਕਿਉਂਕਿ ਜਿਨ੍ਹਾਂ ਨੇ ਰੱਬੀ ਨਾਮ ਨੂੰ ਜਪਿਆ ਹੈ ਉਨ੍ਹਾਂ ਨੇ ਹੀਸਦੀਵੀ ਸੁੱਖਾਂ ਦਾ ਘਰ ਮਾਲਕ (ਕਰਤਾਰ) ਆਪਣੇ ਮਨ ਵਿੱਚ ਸਦਾ ਵਸਾ ਕੇ ਰੱਖਿਆ ਹੈ, ਅਨੰਦ ਮਾਣਿਆ ਹੈ: ‘‘ਸੇ ਵਡਭਾਗੀ, ਜਿਨ੍ ਨਾਮੁ ਧਿਆਇਆ ॥ ਸਦਾ ਗੁਣਦਾਤਾ, ਮੰਨਿ ਵਸਾਇਆ ॥’’ (ਮ: ੩/੩੬੧)