ਨਮਕੀਨ ਵਰਤਾਰੇ ਦਾ ਮਿੱਠਾ ਸੁਆਦ

0
361

ਨਮਕੀਨ ਵਰਤਾਰੇ ਦਾ ਮਿੱਠਾ ਸੁਆਦ

‘ਅੱਜ ਫਿਰ ਦਾਲ ਵਿਚ ਨਮਕ ਜ਼ਿਆਦਾ ਪਾ ਦਿੱਤਾ, ਤੇਰਾ ਤਾਂ ਹੁਣ ਰੋਜ਼ ਦਾ ਹੀ ਇਹ ਕੰਮ ਹੋ ਗਿਆ ਹੈ। ਨਮਕ ਪਾਉਣ ਲੱਗੀ ਜ਼ਰਾ ਚੈਕ ਤਾਂ ਕਰ ਲਿਆ ਕਰ।’ ਸੁਖਜੀਵਨ ਨੇ ਆਪਣੀ ਘਰਵਾਲੀ ਸਵੀਟੀ ਨੂੰ ਕਿਹਾ।

‘ਮੇਰਾ ਤਾਂ ਅੱਜ ਵਰਤ ਸੀ।’ ਸਵੀਟੀ ਨੇ ਆਪਣਾ ਬਚਾਅ ਕਰਦਿਆਂ ਕਿਹਾ।

‘ਤੇਰਾ ਤਾਂ ਰੋਜ਼ ਹੀ ਵਰਤ ਹੁੰਦਾ, ਵੱਡੀ ਪੰਡਿਤਾਣੀ।’ ਸੁਖਜੀਵਨ ਦਾ ਪਾਰਾ ਵਧਣ ਲੱਗਾ।

ਸਵੀਟੀ ਦੇ ਹੱਥੋਂ ਬੇਕਾਬੂ ਹੋਇਆ ਨਮਕ ਅਕਸਰ ਉਨ੍ਹਾਂ ਦੋਹਾਂ ਦੇ ਝਗੜੇ ਦਾ ਕਾਰਨ ਬਣ ਜਾਂਦਾ ਸੀ ।

ਇੱਕ ਦਿਨ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਸਵੀਟੀ ਰਸੋਈ ਦਾ ਕੰਮ ਸਮੇਟ ਰਹੀ ਸੀ ਕਿ ਸੁਖਜੀਵਨ ਉੱਥੇ ਹੀ ਚਲਾ ਗਿਆ ਅਤੇ ਕਹਿਣ ਲੱਗਾ, ‘ਚੱਲ ਸਵੀਟੀ ! ਅੱਜ ਸ਼ਾਮ ਨੂੰ ਬਾਜ਼ਾਰ ਚੱਲਦੇ ਹਾਂ।’

‘ਕਿਉਂ ਅੱਜ ਕੀ ਗੱਲ ਹੈ ?’ ਸਵੀਟੀ ਨੇ ਹੈਰਾਨ ਹੁੰਦਿਆਂ ਕਿਹਾ।

ਸੁਖਜੀਵਨ: ‘ਮੈਂ ਸੋਚਿਆ ਤੈਨੂੰ ਨਵਾਂ ਸੂਟ ਹੀ ਲੈ ਦਿਆਂ।’

‘ਕਿਸ ਖ਼ੁਸ਼ੀ ਵਿਚ ?’ ਸਵੀਟੀ ਨੇ ਕਾਰਨ ਜਾਣਨਾ ਚਾਹਿਆ।

ਸੁਖਜੀਵਨ: ‘ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਤੇਰੀ ਦਾਲ-ਸਬਜ਼ੀ ਵਿਚਲਾ ਨਮਕ ਹੁਣ ਕੰਟਰੋਲ ਵਿਚ ਚਲ ਰਿਹਾ ਹੈ।’

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719