25.2 C
Jalandhar
Monday, April 6, 2026
spot_img
Home Blog Page 85

‘ਦਾਸਤਾਨ-ਏ-ਮੀਰੀ ਪੀਰੀ’ ਕਾਰਟੂਨ ਫ਼ਿਲਮ ਸਿੱਖ ਸਿਧਾਂਤਾਂ ਅਤੇ ਖ਼ਾਲਸਾ ਪੰਥ ਦੇ ਮਤੇ ਨੂੰ ਚੁਣੌਤੀ : ਪੰਥਕ ਤਾਲਮੇਲ ਸੰਗਠਨ

0

‘ਦਾਸਤਾਨ-ਏ-ਮੀਰੀ ਪੀਰੀ’ ਕਾਰਟੂਨ ਫ਼ਿਲਮ ਸਿੱਖ ਸਿਧਾਂਤਾਂ ਅਤੇ ਖ਼ਾਲਸਾ ਪੰਥ ਦੇ ਮਤੇ ਨੂੰ ਚੁਣੌਤੀ : ਪੰਥਕ ਤਾਲਮੇਲ ਸੰਗਠਨ

ਹੁਸ਼ਿਆਰਪੁਰ 1 ਜੂਨ : ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਇੱਕ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਵਿਵਾਦਤ ਕਾਰਟੂਨ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਸੰਬੰਧੀ ਕਿਹਾ ਕਿ ਛਟਮ ਪੀਰ ਪ੍ਰੋਡਕਸ਼ਨਜ਼ ਅੰਮ੍ਰਿਤਸਰ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਰਦਿਆਂ ਵਿਖਾਉਣਾ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਯਾਦ ਕਰਵਾਇਆ ਕਿ ਸੰਨ 1934 ਵਿੱਚ ਅਜਿਹੇ ਮਾਮਲਿਆਂ ਸੰਬੰਧੀ ਖ਼ਾਲਸਾ ਪੰਥ ਦੇ ਸਿਰਮੌਰ ਵਿਦਵਾਨਾਂ ਨੇ ਵਿਚਾਰ-ਵਟਾਂਦਰੇ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਸਲਾਹਕਾਰ ਕਮੇਟੀ ਵਿੱਚ ਮਤਾ ਪਾਇਆ ਸੀ। ਜਿਸ ਵਿੱਚ ਫੈਸਲਾ ਹੋਇਆ ਕਿ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ, ਸ਼ਹੀਦਾਂ, ਮਹਾਨ ਗੁਰਸਿੱਖਾਂ ਅਤੇ ਸਿੱਖ ਸੰਸਕਾਰਾਂ ਦੇ ਸਵਾਂਗ ਰਚਣ ਅਤੇ ਨਕਲਾਂ ਲਾਹੁਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸੋ ਅੱਜ ਇਸ ਫਿਲਮ ਨੂੰ ਸਵੀਕਾਰ ਕਰਨਾ ਜਾਂ ਇਸ ਉੱਪਰ ਕੋਈ ਵਿਚਾਰ-ਵਟਾਂਦਰਾ ਕਰਨਾ ਜਿੱਥੇ ਸ਼ਬਦ-ਗੁਰੂ ਸਿਧਾਂਤ ਨੂੰ ਚੁਣੌਤੀ ਹੈ, ਉੱਥੇ ਖ਼ਾਲਸਾ ਪੰਥ ਵੱਲੋਂ ਪਾਸ ਮਤੇ ਦੀ ਘੋਰ ਉਲੰਘਣਾ ਵੀ ਹੈ।

ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਆਧੁਨਿਕ ਤਕਨੀਕ ਦੇ ਤਰੀਕੇ ਵਰਤੇ ਜਾਣੇ ਚਾਹੀਦੇ ਹਨ, ਪਰ ਇਹ ਵੀ ਚੇਤੇ ਰਹਿਣਾ ਚਾਹੀਦਾ ਹੈ ਕਿ ਫ਼ਿਲਮਾਕਣ ਕਲਾ ਰੂਹਾਨੀ ਨਿਯਮਾਂ ਦੇ ਨੁਕਤਾ ਨਿਗਾਹਾਂ ਦੇ ਸਾਹਮਣੇ ਦੋਸ਼ਾਂ ਦੇ ਘੇਰੇ ਵਿੱਚ ਆਉਂਦੀ ਹੈ। ਰੂਹਾਨੀਅਤ ਕਿਸੇ ਕਲਾ ਜਾਂ ਕਲਾਕਾਰ ਦੀ ਮੁਥਾਜ ਨਹੀਂ ਹੁੰਦੀ। ਗੁਰੂ ਸਾਹਿਬਾਨ ਦੀਆਂ ਮਨਘੜਤ ਤਸਵੀਰਾਂ ਨੇ ਅੱਜ ਤੱਕ ਕਿੰਨਾ ਕੁ ਪ੍ਰਚਾਰ-ਪ੍ਰਸਾਰ ਕੀਤਾ ਹੈ, ਇਸ ਦਾ ਜਵਾਬ ਆਪਣੇ ਅੰਦਰੋਂ ਹੀ ਲੈ ਲੈਣਾ ਚਾਹੀਦਾ ਹੈ। ਸਪੱਸ਼ਟ ਜਵਾਬ ਹੈ ਕਿ ਇਸ ਰੁਝਾਨ ਨੇ ਨਾਟਕ-ਚੇਟਕ ਨੂੰ ਉਕਸਾਇਆ ਹੈ।  ਪ੍ਰੋ: ਪੂਰਨ ਸਿੰਘ, ਭਾਈ ਵੀਰ ਸਿੰਘ ਅਤੇ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੈਸੇ ਵਿਦਵਾਨਾਂ ਨੇ ਗੁਰੂ ਸਾਹਿਬਾਨ ਦੇ ਚਿੱਤਰਾਂ ਦੀ ਪਿਰਤ ਨੂੰ ਮੂਲੋਂ ਰੱਦ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਪੰਥਕ ਵਿਹੜੇ ਵਿੱਚ ਬੈਠੀ ਬੁੱਤਪ੍ਰਸਤੀ ਕੌਮ ਸਾਹਮਣੇ ਚੁਣੌਤੀ ਹੈ। ਜੇਕਰ ਬੁੱਤਪ੍ਰਸਤੀ ਨੂੰ ਉਖਾੜਿਆ ਨਾ ਗਿਆ ਤਾਂ ਭਵਿੱਖ ਵਿੱਚ ਸਿੱਖ ਕੌਮ ਦਾ ਨਿਆਰਾਪਣ; ਨਿਆਣੇਪਣ ਵਿੱਚ ਘਿਰ ਜਾਵੇਗਾ। ਕਿਸੇ ਫ਼ਿਲਮ, ਤਸਵੀਰ ਜਾਂ ਗ੍ਰਾਫ਼ ਦੁਆਰਾ ਗੁਰੂ ਸਾਹਿਬਾਨ ਦੀ ਅਸੀਮ ਦੇਣ ਨੂੰ ਕਿਸੇ ਸੀਮਾ ਵਿੱਚ ਪੇਸ਼ ਕਰਨਾ ਰੂਹਾਨੀ ਸ਼ਕਤੀ ਨੂੰ ਵੰਗਾਰਨ ਜੈਸਾ ਹੈ। ਦੁਨੀਆਂ ਦਾ ਕੋਈ ਵੀ ਕਲਾਕਾਰ ਆਪਣੀ ਤੁੱਛ ਬੁੱਧੀ ਨਾਲ ਗੁਰੂ ਸਾਹਿਬਾਨ ਦੇ ਇਲਾਹੀ ਇਲਮ ਨਾਲ ਇਨਸਾਫ਼ ਨਹੀਂ ਕਰ ਸਕਦਾ। ਕੇਵਲ ਤੇ ਕੇਵਲ ਗੁਰਬਾਣੀ ਸ਼ਬਦ-ਗੁਰੂ ਹੀ ਅਸਲ ਤੇ ਅਸਰਦਾਰ ਪ੍ਰਚਾਰ- ਪ੍ਰਸਾਰ ਕਰਨ ਦੇ ਸਮਰੱਥ ਹੈ।

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ

0

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ

ਸ. ਕਿਰਪਾਲ ਸਿੰਘ (ਬਠਿੰਡਾ)-98554-80797

ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਕ 19 ਜੂਨ 1595 ਈ: (ਯੂਲੀਅਨ) ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ; ਇਸੇ ਕਰਕੇ ਉਸ ਨਗਰ ਨੂੰ ਅੱਜ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਸਾਲ 2003 ਈ: ਤੋਂ ਪਹਿਲਾਂ ਸਾਰੇ ਗੁਰ ਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਸਦਕਾ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹਾੜ ਵਦੀ 7 ਨੂੰ ਮਨਾਇਆ ਜਾਂਦਾ ਸੀ, ਪਰ ਚੰਦ੍ਰ ਸਾਲ, ਸੂਰਜੀ ਸਾਲ ਤੋਂ 11 ਦਿਨ ਛੋਟਾ ਹੋਣ ਕਰਕੇ ਇਹ ਗੁਰ ਪੁਰਬ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਆਉਂਦੇ ਸਨ, ਜਿਸ ਕਾਰਨ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਚੰਦ੍ਰ ਆਧਾਰਿਤ ਕੈਲੰਡਰ ਦੀ ਬਜਾਏ ਸੂਰਜੀ ਕੈਲੰਡਰ ਦੀਆਂ ਤਰੀਖਾਂ ਅਪਣਾਈਆਂ ਗਈਆਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21 ਹਾੜ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 5 ਜੁਲਾਈ ਨੂੰ ਹੀ ਆਉਂਦਾ ਹੈ (19 ਜੂਨ ਤੋਂ 5 ਜੁਲਾਈ ਤੱਕ 16 ਦਿਨਾਂ ਦਾ ਫਰਕ ਦਾ ਇੱਕ ਕਾਰਨ ਤਾਂ 1752 ਈ: ’ਚ ਜੂਲੀਅਨ ਕੈਲੰਡਰ ਵਿੱਚ ਕੀਤੀ 11 ਦਿਨਾਂ ਦੀ ਸੋਧ ਹੈ ਅਤੇ ਦੂਸਰਾ ਕਾਰਨ ਬਿਕ੍ਰਮੀ ਕੈਲੰਡਰ ਦੇ ਸੂਰਜੀ ਸਾਲ ਦੀ ਲੰਬਾਈ 1964 ਤੱਕ ਮੌਸਮੀ ਸਾਲ ਤੋਂ ਤਕਰੀਬਨ 24 ਮਿੰਟ ਵੱਧ ਅਤੇ ਪੰਡਿਤਾਂ ਵੱਲੋਂ 1964 ਵਿੱਚ ਕੀਤੀ ਸੋਧ ਉਪਰੰਤ ਤਕਰੀਬਨ 20 ਮਿੰਟ ਵੱਧ ਹੋਣ ਕਾਰਨ 5 ਦਿਨਾਂ ਦਾ ਫਰਕ ਪੈ ਜਾਣਾ ਹੈ, ਜੋ ਸਮੇਂ ਦੇ ਨਾਲ ਵਧਦਾ ਹੀ ਜਾਵੇਗਾ ਪਰ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਈਸਵੀ ਸਾਲ ਦੇ ਬਿਲਕੁਲ ਬਰਾਬਰ ਅਤੇ ਰੁੱਤੀ ਸਾਲ ਦੇ ਬਹੁਤ ਹੀ ਨੇੜੇ ਰੱਖੇ ਜਾਣ ਸਦਕਾ ਹੁਣ ਭਵਿੱਖ ਵਿੱਚ ਇੱਕ ਵੀ ਦਿਨ ਦਾ ਫਰਕ ਨਹੀਂ ਪਵੇਗਾ।) ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਕੈਲੰਡਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 4 ਹਾੜ, 18 ਜੂਨ 2019 ਈ: ਵਿਖਾਇਆ ਗਿਆ ਹੈ।

ਆਪ ਜੀ ਦਾ ਵਿਆਹ ਗੁਰੂ ਮਹਿਲ ਮਾਤਾ ਨਾਨਕੀ ਜੀ ਨਾਲ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ।

ਸੰਸਾਰ ਵਿਚ ਸਦਾ ਤੋਂ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਸੀ ਭਾਵ ਤੱਤੀ ਲੋਹ ’ਤੇ ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਅਵਸਥਾ ਹੁੰਦੀ ਹੈ। ਇਸ ਕੁਰਬਾਨੀ ਸਿਮਰਨ ਦਾ ਸਭ ’ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜਸੀ ਤਾਕਤ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਪਰ ਦੂਸਰੀ ਸ਼ਕਤੀ ਰਾਜਸੀ ਤਾਕਤ ਕਾਰਨ ਜਨਤਾ ਨੂੰ ਮੁਗਲ ਸਰਕਾਰ ਅੱਗੇ ਝੁਕਣਾ ਪੈਂਦਾ ਸੀ। ਗੁਰੂ ਅਰਜੁਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ, ਦੂਸਰੇ ਮਨੁੱਖ ਸਾਹਮਣੇ ਅਕਾਰਣ ਹੀ ਝੁਕਣ ਵਾਲਾ ਸੁਭਾਅ ਬਦਲ ਲੈਣ। ਇਸ ਵਾਸਤੇ ਉਨ੍ਹਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ ਜੀ ਨੂੰ ਧਾਰਮਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ।  ਸੰਨ 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿਦਿਆ ਦਾ ਆਪ ਜੀ ਨੂੰ ਬਹੁਤ ਸ਼ੌਕ ਸੀ ਅਤੇ ਜਲਦੀ ਹੀ ਇਸ ਕਲਾ ਵਿੱਚ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਜੀ ਨੂੰ ਦੇਖ ਕੇ ਮਹਾਂਬਲੀ ਯੋਧਾ ਨਾਂ ਨਾਲ ਯਾਦ ਕਰਦੇ, ਪੁਕਾਰਦੇ ਸਨ।

ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਹੰਕਾਰੀ ਵਿਰਤੀ ਦੇ ਮਾਲਕ ਚੰਦੂ ਦੀ ਲੜਕੀ ਦਾ ਰਿਸ਼ਤਾ ਸੰਗਤਾਂ ਦੀ ਬੇਨਤੀ ’ਤੇ (ਗੁਰੂ) ਹਰਿਗੋਬਿੰਦ ਜੀ ਲਈ ਪ੍ਰਵਾਨ ਕਰਨ ਤੋਂ ਨਾਂਹ ਕਰਨ ਕਰਕੇ ਗੁਰੂ ਘਰ ਦੇ ਵਿਰੋਧੀ ਬਣੇ ਚੰਦੂ ਅਤੇ ਗੁਰਗੱਦੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਰੱਖਣ ਵਾਲੇ ਬਾਬਾ ਪ੍ਰਿਥੀ ਚੰਦ ਨਾਲ ਤੁਅਸਬੀ ਅਤੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਮਿਲ ਕੇ ਝੂਠੇ ਇਲਜ਼ਾਮ ਲਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਤਾਣਾ ਬਾਣਾ ਬੁਣਨ ਉਪਰੰਤ ਜਹਾਂਗੀਰ ਨੇ ਉਨ੍ਹਾਂ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਤਾਂ ਗੁਰੂ ਅਰਜਨ ਸਾਹਿਬ ਜੀ ਸਮਝ ਗਏ ਸਨ ਕਿ ਹੁਣ ਸ਼ਹੀਦੀ ਅਟੱਲ ਹੈ ਤਾਂ ਲਹੌਰ ਜਾਣ ਸਮੇਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਪਿੱਛੋਂ ਗੁਰਿਆਈ ਦੀ ਗੱਦੀ ਦਾ ਮਾਲਕ ‘ਸਾਹਿਬਜ਼ਾਦਾ ਹਰਿਗੋਬਿੰਦ’ ਹੈ ਇਸ ਲਈ 25 ਮਈ 1606 ਈ: (ਯੂਲੀਅਨ)/ ਜੇਠ ਵਦੀ 14; 28 ਜੇਠ ਸੰਮਤ 1663 ਬਿ: ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ’ਤੇ ਬਿਠਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਸ ਵੇਲੇ ਗੁਰੂ ਹਰਿਗੋਬਿੰਦ ਜੀ ਦੀ ਉਮਰ ਕਰੀਬ 11 ਸਾਲ ਸੀ। ਜਿਸ ਤਰ੍ਹਾਂ ਉਪਰ ਦੱਸਿਆ ਗਿਆ ਹੈ, ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ 28 ਜੇਠ ਨਿਸ਼ਚਿਤ ਕੀਤਾ ਗਿਆ ਹੈ, ਜੋ ਹਰ ਸਾਲ 11 ਜੂਨ ਨੂੰ ਆਉਂਦਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ 15 ਜੇਠ/27 ਮਈ 2019 ਈ: ਵਿਖਾਇਆ ਗਿਆ ਹੈ।

ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 48 ਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ: ‘‘ਪੰਜਿ ਪਿਆਲੇ, ਪੰਜਿ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆਂ; ਰੂਪੁ ਦਿਖਾਵਣਿ ਵਾਰੋ ਵਾਰੀ। ਦਲਿ ਭੰਜਨ ਗੁਰੁ ਸੂਰਮਾ; ਵਡ ਜੋਧਾ ਬਹੁ ਪਰਉਪਕਾਰੀ।’’

ਪੰਜਿ ਪਿਆਲੇ ਤੋਂ ਭਾਵ ਹੈ ਪੰਜ ਸ਼ੁਭ ਗੁਣ: ਸਤਿ, ਸੰਤੋਖ, ਦਇਆ, ਧਰਮ ਤੇ ਧੀਰਜ। ਪੰਜਿ ਪੀਰ ਦੇ ਅਰਥ ਹਨ: ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਤੱਕ ਹੋਏ ‘ਪੰਜ ਗੁਰੂ ਸਾਹਿਬਾਨ’। ‘ਦਲਿ ਭੰਜਨ ਗੁਰੁ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ।’ ਭਾਵ ਗੁਰੂ ਹਰਿਗੋਬਿੰਦ ਸਾਹਿਬ ਧਰਮ ਦੇ ਵੈਰੀ ਦਲਾਂ ਦਾ ਖ਼ਾਤਮਾ ਕਰਨ ਵਾਲੇ ਵੱਡੇ ਯੋਧੇ, ਸੂਰਮੇ ਅਤੇ ਪਰਉਪਕਾਰੀ ਹਨ। ‘ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ।’ ਤੋਂ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਇਕੋ ਜੋਤਿ ਦੇ ਸਰੂਪ ਸਨ; ਸਰੀਰਾਂ ਵਿਚ ਹੀ ਭੇਦ ਸੀ, ਜੋਤਿ ਇਕੋ ਸੀ, ‘‘ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬)

ਗੁਰਗੱਦੀ ’ਤੇ ਬਿਰਾਜਮਾਨ ਹੋਣ ਉਪਰੰਤ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ ਗੁਰੂ ਹਰਗੋਬਿੰਦ ਜੀ ਨੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਈ:) ਵਿਚ ਇੱਕ ਥੜੇ ਦੀ ਉਸਾਰੀ ਕੀਤੀ, ਜਿਸ ’ਤੇ ਬਾਅਦ ਵਿੱਚ ‘ਅਕਾਲ ਬੁੰਗਾ’ ਉਸਾਰਿਆ ਗਿਆ ਅਤੇ ਸਮੇਂ ਸਮੇਂ ’ਤੇ ਹਮਲਾਵਰਾਂ ਵੱਲੋਂ ਨਸ਼ਟ ਕੀਤੇ ਜਾਣ ਤੋਂ ਬਾਅਦ ਨਵੀਆਂ ਇਮਾਰਤਾਂ ਦੀ ਉਸਾਰੀ ਹੁੰਦੀ ਰਹੀ।  ਸੰਨ 1984 ਵਿੱਚ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਉਪਰੰਤ ਅਕਾਲ ਤਖ਼ਤ ਦੀ ਨਵੀਂ ਉਸਾਰੀ ਕੀਤੀ ਗਈ, ਜੋ ਮੌਜੂਦਾ ਇਮਾਰਤ ਸੁਸ਼ੋਭਿਤ ਹੈ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਹਾੜ ਹਰ ਸਾਲ 2 ਜੁਲਾਈ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੀ ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ 18 ਹਾੜ/2 ਜੁਲਾਈ 2019 ਈ: ਹੀ ਵਿਖਾਇਆ ਗਿਆ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਵਿਚ ਬੀਰ-ਰਸ ਭਰਨ ਲਈ ਅਕਾਲ ਤਖ਼ਤ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਜੀ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ।  ਆਪ ਪੰਜ ਸ਼ਸਤਰ ਪਹਿਨ ਕੇ ਸੀਸ ਉੱਪਰ ਬਾਦਸ਼ਾਹਾਂ ਵਾਂਗ ਕਲਗੀ ਸਜਾ ਕੇ ਗੁਰ-ਗੱਦੀ ਉੱਪਰ ਬੈਠਦੇ ਸਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਵ-ਉੱਚ ਤਖ਼ਤ ਹੈ, ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ ਹੈ।

6 ਸਾਵਣ ਸੰਮਤ 1663 (5 ਜੁਲਾਈ 1606) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ਰਮਾਇਆ ਕਿ ਅਸੀਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ ਜਿਨ੍ਹਾਂ ਵਿੱਚੋਂ ਇਕ ‘ਮੀਰੀ’ ਦੀ ਪ੍ਰਤੀਕ ਹੈ ਤੇ ਦੂਜੀ ‘ਪੀਰੀ’ ਦੀ। ਇਸ ਦਾ ਵਰਣਨ ਢਾਡੀ ਅਬਦੁੱਲਾ ਨੇ ਇਸ ਤਰ੍ਹਾਂ ਕੀਤਾ ਹੈ: ‘ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।’

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫ਼ਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ-(ਪੀਰੀ) ਤੇ ਸਿਪਾਹੀ (ਰਾਜਸੀ ਤਾਕਤ= ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਿਮਰਨ ਤੇ ਤਲਵਾਰ (ਰਾਜਸੀ ਤਾਕਤ) ਇਕੱਠੀਆਂ ਨਹੀਂ ਰਹਿ ਸਕਦੀਆਂ ਪਰ ਗੁਰੂ ਸਾਹਿਬ ਜੀ ਨੇ ਫ਼ਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ ਭਾਵ ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਸਾਡੀ ਰਾਜਨੀਤੀ ਵੀ ਧਰਮ ਦਾ ਅਨਿਖੜਵਾਂ ਅੰਗ ਹੋਵੇਗੀ ਪਰ ਯਾਦ ਰਹੇ ਕਿ ਧਰਮ; ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਰੱਖੀ ਗਈ, ਜੋ ਇਸੇ ਗੱਲ ਦਾ ਪ੍ਰਤੀਕ ਵੀ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸੰਸਾਰ ਨੂੰ ਨਵਾਂ ਸਿਧਾਂਤ ਦਿੱਤਾ।  6 ਸਾਵਣ ਦੇ ਦਿਹਾੜੇ ਨੂੰ ਅੱਜ ਵੀ ਸਿੱਖ ਸਮਾਜ ਵਿੱਚ ਮੀਰੀ ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 21 ਜੁਲਾਈ ਨੂੰ ਆਉਂਦਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਮੀਰੀ-ਪੀਰੀ ਦਿਵਸ 27 ਹਾੜ/11 ਜੁਲਾਈ 2019 ਈ: ਵਿਖਾਇਆ ਗਿਆ ਹੈ।

ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਸਰਬੱਤ ਖ਼ਾਲਸੇ ਦਾ ਇਕੱਠ ਬੁਲਾ ਕੇ ਅਨੇਕਾਂ ਗੁਰਮਤੇ ਪਾਸ ਕੀਤੇ ਜਾਂਦੇ ਸਨ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸਿਧਾਂਤ ਨੂੰ ਪਰਪੱਕ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਚਾਹੇ ਜ਼ਕਰੀਆ ਖਾਨ, ਮੀਰ ਮੰਨੂ ਹੋਵੇ ਜਾਂ ਅਹਿਮਦ ਸ਼ਾਹ ਅਬਦਾਲੀ ਜਾਂ 1984 ਦੀ ਭਾਰਤ ਸਰਕਾਰ, ਸਭਨਾ ਨੇ ਸਿੱਖ ਕੌਮ ਨੂੰ ਦਬਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ। ਸਮਾਂ ਬੀਤਦਾ ਗਿਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਵੀ ਦਿਨ ਪ੍ਰਤੀ ਦਿਨ ਨਿਖਰਦੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੁੰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਧਰਮ ਨੂੰ ਸਿਆਸਤ ਤੋਂ ਉੱਪਰ ਰੱਖਣ ਦੇ ਸਿਧਾਂਤ ਨੂੰ ਅਮਲ ਵਿੱਚ ਲਿਆਂਦਾ, ਜਿਸ ਨੂੰ ਕਿਸੇ ਵੀ ਸਮੇਂ ਦੀ ਸਰਕਾਰ ਖ਼ਤਮ ਨਹੀਂ ਕਰ ਸਕੀ ਤੇ ਨਾ ਹੀ ਕਰ ਸਕੇਗੀ। ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁੰਦਰ ਬਣਾਉਣ ਲਈ ਸਰਕਾਰੀ-ਸਹਾਇਤਾ ਪ੍ਰਵਾਨ ਨਹੀਂ ਕੀਤੀ ਸੀ, ਉਸੇ ਤਰ੍ਹਾਂ ਹੀ 1984 ਦੇ ਫੌਜੀ ਹਮਲੇ ਸਮੇਂ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੁਕਸਾਨ ਦੀ ਪੂਰਤੀ ਲਈ ਸਿੱਖ ਕੌਮ ਨੇ ਸਰਕਾਰ ਵੱਲੋਂ ਤਖ਼ਤ ਸਾਹਿਬ ਦੀ ਕੀਤੀ ਲਿਪਾ-ਪੋਚੀ ਨੂੰ ਵੀ ਨਹੀਂ ਕਬੂਲਿਆ ਤੇ ਮੁੜ ਆਪ ਸੇਵਾ ਕਰ ਕੇ ਪੁਨਰ-ਨਿਰਮਾਣ ਕੀਤਾ ਹੈ। ਗੁਰੂ ਸਾਹਿਬ ਤੋਂ ਉਪਰੰਤ ਸਮੇਂ ਦੀਆਂ ਸਰਕਾਰਾਂ ਦੇ ਰੋਕਣ ਦੇ ਬਾਵਜੂਦ ਵੀ ਸਿੱਖ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਗੁਰਮਤੇ ਕਰਦੇ ਰਹੇ। ਸਮੇਂ-ਸਮੇਂ ’ਤੇ ਲੋੜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੇ ਇਕੱਠ ਹੁੰਦੇ ਸਨ, ਸਿੱਖ ਕੌਮ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੁਰਮਤੇ ਕੀਤੇ ਜਾਂਦੇ ਸਨ ਜਿਸ ਨੂੰ ਹੁਕਮਨਾਮੇ ਦੇ ਰੂਪ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਕਰਦੇ ਸਨ; ਜਿਸ ਨੂੰ ਮੰਨਣ ਲਈ ਹਰ ਸਿੱਖ ਪਾਬੰਦ ਹੁੰਦਾ ਸੀ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੋ ਕੰਮ ਦੁਸ਼ਮਣ ਨਹੀਂ ਸੀ ਕਰ ਸਕਿਆ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਾਰਸ ਅਖਵਾਉਣ ਵਾਲੇ ਸਾਡੇ ਲੀਡਰਾਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪ ਹੀ ਕਰ ਵਿਖਾਇਆ ਹੈ। ਵੱਖ ਵੱਖ ਵੀਚਾਰਧਾਰਾ ਵਾਲੇ ਜੱਥਿਆਂ (ਮਿਸਲਾਂ) ਦੇ ਇਕੱਠ ਵੱਲੋਂ ਮੌਕੇ ’ਤੇ ਚੁਣੇ ਗਏ ਜਥੇਦਾਰਾਂ ਦੀ ਥਾਂ ਅੱਜ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਣ ਕੇ ਰਹਿ ਗਏ ਹਨ ਜੋ ਸੱਤਾਧਾਰੀ ਦਲ ਦੇ ਹੁਕਮਾਂ ’ਤੇ ਪਹਿਰਾ ਦੇਂਦੇ ਹੀ ਵਿਖਾਈ ਦਿੰਦੇ ਹਨ। ਜਿਸ ਅਕਾਲ ਤਖ਼ਤ ਦੀ ਸਿਰਜਣਾ ਹੀ ਧਰਮੀ ਮਨੁੱਖਾਂ ਵੱਲੋਂ ਰਾਜਸੀ ਤਾਕਤ ਅੱਗੇ ਝੁਕਣ ਦੀ ਪ੍ਰੀਵਿਰਤੀ ਨੂੰ ਠੱਲ੍ਹ ਪਾਉਣ ਲਈ ਕੀਤੀ ਸੀ, ਉਸੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੱਤਾਧਾਰੀਆਂ ਦੇ ਇਸ਼ਾਰਿਆਂ ’ਤੇ ਹੁਕਨਾਮੇ ਜਾਰੀ ਕਰਨ ਦੀ ਵਧ ਰਹੀ ਪ੍ਰੀਵਿਰਤੀ ਅਕਾਲ ਤਖ਼ਤ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਤੁਲ ਹੈ, ਜਿਸ ਵਿੱਚ ਤੁਰੰਤ ਸੁਧਾਰ ਦੀ ਲੋੜ ਹੈ।

ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿਦਿਆ ਸਿਖਾਉਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਵਰਗੇ ਚੋਣਵੇਂ ਸੂਰਮਿਆਂ ਦੀ ਨਿਗਰਾਨੀ ਹੇਠ ਗੱਭਰੂਆਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਸਿੱਖ ਫ਼ੌਜ ਦੀ ਨੀਂਹ ਰੱਖੀ ਗਈ। ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਨੌਜੁਆਨ ਆਪ ਦੀ ਸ਼ਰਨ ਵਿੱਚ ਇਕੱਠੇ ਹੋ ਗਏ। ਪੰਜਾਬ ਵਿੱਚ ਪਏ ਕਾਲ ਦੇ ਸਮੇਂ ਮੁਸਲਮਾਨ ਹਕੂਮਤ ਨੇ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰਕੇ ਕਈ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫ਼ੌਜ ਵਿਚ ਭਰਤੀ ਹੋ ਗਏ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ-ਧਰਮ ਦੇ ਪ੍ਰਚਾਰ ਵਿਚ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਇਕ ਚੰਗੀ ਜੱਥੇਬੰਦੀ ਦੀ ਸਥਾਪਨਾ ਕੀਤੀ।  ਸੰਨ 1612 ਵਿਚ ਦੁਆਬੇ ਅਤੇ ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ‘ਪੈਂਦੇ ਖਾਂ’ ’ਤੇ ਖ਼ਾਸ ਮਿਹਰ ਕੀਤੀ।  1613 ਵਿਚ ‘ਬਾਬਾ ਗੁਰਦਿਤਾ’ ਜੀ ਦਾ ਜਨਮ ਡਰੌਲੀ ਵਿਚ ਹੋਇਆ। ਇੱਥੇ ਹੀ ‘ਸਾਧਾ’ ਨਾਮ ਦਾ ਇਕ ਸਖੀ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ, ਜਿਸ ਦੇ ਘਰ ਭਾਈ ਰੂਪ ਚੰਦ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵੀ ਧਿਆਨ ਦਿੱਤਾ ਗਿਆ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਾਏ ਗਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਬਣਵਾਇਆ ਗਿਆ।

ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ।  1612 ਵਿੱਚ ਉਸ ਨੇ ਆਗਰੇ ਤੋਂ ਗੁਪਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਗਵਾਲੀਆਰ ਦੇ ਕਿਲ੍ਹੇ ਵਿਚ ਕੈਦ ਕਰਨ ਦਾ ਹੁਕਮ ਦੇ ਦਿੱਤਾ, ਜਿੱਥੇ ਹੋਰ ਰਾਜਸੀ ਕੈਦੀ ਰੱਖੇ ਹੋਏ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਣੇ ਸ਼ੁਰੂ ਹੋ ਗਏ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਖੁਦ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ, ਉਹੀ ਰਵਾਇਤ ਅੱਜ ਤੱਕ ਜਾਰੀ ਹੈ।  1614 ਵਿਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖ਼ਰ ਉਸ ਨੇ ਫ਼ਕੀਰ ਮੀਆਂ ਮੀਰ ਦੇ ਕਹਿਣ ’ਤੇ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਦੇ ਚੋਲ਼ੇ ਦੀਆਂ ਕਲੀਆਂ ਫੜ ਕੇ 52 ਰਾਜੇ ਵੀ ਜ਼ੇਲ੍ਹ ਵਿੱਚੋਂ ਰਿਹਾ ਹੋਣ ਵਿੱਚ ਸਫਲ ਹੋਏ ਸਨ। ਇਸੇ ਕਾਰਨ ਆਪ ਜੀ ਨੂੰ ਬੰਦੀ ਛੋੜ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।

ਜਦ ਗੁਰੂ ਜੀ ਰਿਹਾਈ ਤੋਂ ਬਾਅਦ ਪੰਜਾਬ ਵੱਲ ਆ ਰਹੇ ਸਨ ਤਾਂ ਜਹਾਂਗੀਰ ਵੀ ਕਸ਼ਮੀਰ ਨੂੰ ਜਾਣ ਲਈ ਗੁਰੂ ਜੀ ਦੇ ਕਾਫਲੇ ਨਾਲ ਹੀ ਸੀ।  ਜਹਾਂਗੀਰ ਤੇ ਗੁਰੂ ਜੀ ਕਾਫ਼ੀ ਦਿਨ ਇਕੱਠੇ ਸਫਰ ਕਰਦੇ ਰਹੇ। ਰਸਤੇ ਵਿੱਚ ਇਕ ਜਗ੍ਹਾ ’ਤੇ ਰੁਕੇ ਤਾਂ ਇੱਕ ਗ਼ਰੀਬ ਘਾਹੀ ਸਿੱਖ ਇਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੀ ਪੰਡ ਲੈ ਕੇ ਦਰਸ਼ਨਾ ਨੂੰ ਆਇਆ।  ਦੋ ਕੈਂਪ ਲੱਗੇ ਦੇਖ ਕੇ ਉਸ ਨੇ ਜਹਾਂਗੀਰ ਦੇ ਸਿਪਾਹੀਆਂ ਕੋਲੋਂ ਪੁੱਛਿਆ ਕਿ ਉਸ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ, ਇਸ ਲਈ ਦੱਸਿਆ ਜਾਵੇ ਕਿ ਸੱਚੇ ਪਾਤਸ਼ਾਹ ਦਾ ਕੈਂਪ ਕਿਹੜਾ ਹੈ ? ਸਿਪਾਹੀ ਸਮਝ ਤਾਂ ਗਏ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਹੈ ਤੇ ਉਨ੍ਹਾਂ ਦੇ ਹੀ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਉਨ੍ਹਾਂ ਨੇ ਜਾਣ ਬੁੱਝ ਕੇ ਹੀ ਜਹਾਂਗੀਰ ਦੇ ਕੈਂਪ ਵੱਲ ਇਸ਼ਾਰਾ ਕਰ ਦਿੱਤਾ ਕਿਉਂਕਿ ਜਹਾਂਗੀਰ ਦੇ ਸਿਰ ’ਤੇ ਸਜੀ ਦਸਤਾਰ ਅਤੇ ਉੱਪਰ ਲੱਗੀ ਕਲਗੀ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਭੁਲੇਖਾ ਪੈਂਦਾ ਸੀ, ਇਸ ਲਈ ਘਾਹੀ ਨੇ ਜਾਂਦਿਆਂ ਹੀ ਟਕਾ ਅਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਫਿਰ ਅਰਜ਼ੋਈ ਕੀਤੀ ਕਿ ਉਸ ਦੀ ਲੋਕ ਪਰਲੋਕ ਵਿੱਚ ਸਹਾਇਤਾ ਕੀਤੀ ਜਾਵੇ। ਜਹਾਂਗੀਰ ਵੀ ਸਮਝ ਗਿਆ ਕਿ ਉਹ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਭੁਲੇਖੇ ਨਾਲ ਉਨ੍ਹਾਂ ਕੋਲ ਪਹੁੰਚ ਗਿਆ ਹੈ। ਜਹਾਂਗੀਰ ਨੇ ਕਿਹਾ ਪਰਲੋਕ ਵਿੱਚ ਤਾਂ ਉਹ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਕਿਉਂਕਿ ਉਹ ਇਸ ਦੇਸ਼ ਦਾ ਬਾਦਸ਼ਾਹ ਹੈ ਇਸ ਲਈ ਜੇ ਚਾਹੇ ਤਾਂ ਉਸ ਦੇ ਨਾਮ ਜਾਗੀਰ ਲਿਖਵਾ ਸਕਦਾ ਹੈ। ਇਹ ਗੱਲ ਸੁਣ ਕੇ ਘਾਹੀ ਨੂੰ ਮਹਿਸੂਸ ਹੋਇਆ ਕਿ ਉਹ ਗ਼ਲਤ ਜਗ੍ਹਾ ’ਤੇ ਆ ਗਿਆ ਹੈ। ਟਕਾ ਅਤੇ ਘਾਹ ਦੀ ਪੰਡ ਚੁੱਕ ਕੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਂਪ ਵੱਲ ਚੱਲ ਪਿਆ ਤੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸ਼ਰਧਾ ਨਾਲ ਟਕਾ ਤੇ ਘਾਹ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਗੁਰੂ-ਚਰਨਾਂ ਨੂੰ ਪਕੜ ਕੇ ਰੋ-ਰੋ ਕੇ ਖ਼ਿਮਾ ਮੰਗਣ ਲੱਗਾ ਕਿ ਸੱਚੇ ਪਾਤਸ਼ਾਹ !  ਭੁਲੇਖੇ ਨਾਲ ਗ਼ਲਤ ਦਰ ’ਤੇ ਚਲਾ ਗਿਆ ਸੀ।

ਜਹਾਂਗੀਰ ਉੱਤੇ ਇਸ ਘਟਨਾ ਦਾ ਬੜਾ ਡੂੰਘਾ ਅਸਰ ਪਿਆ ਪਰ ਅਫ਼ਸੋਸ ਕਿ ਇਹ ਸਾਖੀ ਸੈਂਕੜੇ ਵਾਰ ਸੁਣੀ ਤੇ ਸੁਣਾਈ ਗਈ ਹੈ ਪਰ ਅੱਜ ਬਹੁਗਿਣਤੀ ਸਿੱਖ ਇਸ ਸਾਖੀ ਦੇ ਵਿਪਰੀਤ ਨਿਗੁਣੇ ਸੁਆਰਥਾਂ ਦੀ ਪੂਰਤੀ ਅਤੇ ਦੁਨਿਆਵੀ ਅਹੁੱਦਿਆਂ ਲਈ ਲੀਡਰਾਂ ਦੇ ਦਰ ’ਤੇ ਆਪਣੀ ਜ਼ਮੀਰ ਨੂੰ ਵੇਚਣ ਲਈ ਸਦਾ ਤਿਆਰ ਰਹਿੰਦੇ ਹਨ।

ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਪਹਿਲੀ ਜੰਗ 27 ਸਤੰਬਰ 1621 ਈ: ਨੂੰ ਰੁਹੇਲਾ ’ਤੇ ਹੋਈ, ਜਿਸ ਦਾ ਕਾਰਨ ਉਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਘੇਰੜ (ਚੰਦੂ ਦਾ ਕੁੜਮ) ਦਾ ਹੰਕਾਰ ਸੀ, ਜੋ ਗੁਰੂ ਜੀ ਦੇ ਜੇਲ੍ਹ ਜਾਣ ਉਪਰੰਤ ਗੁਰੂ ਘਰ ਦੀ ਜ਼ਮੀਨ ਦਾ ਮਾਲਕ ਬਣ ਬੈਠਾ ਸੀ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਦੀ ਚੁੱਕਣਾ ’ਤੇ ਜਲੰਧਰ ਦਾ ਫੌਜਦਾਰ ਅਬਦੁੱਲਾ ਖ਼ਾਨ ਫੌਜ ਸਮੇਤ ਗੁਰੂ ਜੀ ’ਤੇ ਚੜ੍ਹਾਈ ਕਰਕੇ ਆਇਆ ਤੇ ਗੁਰੂ ਜੀ ਨੂੰ ਇਲਾਕਾ ਛੱਡ ਜਾਣ ਲਈ ਕਿਹਾ, ਇਸ ਲੜਾਈ ਵਿੱਚ ਭਗਵਾਨ ਦਾਸ, ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ ਮਾਰੇ ਗਏ ।

28 ਅਕਤੂਬਰ 1627 ਨੂੰ ਜਹਾਂਗੀਰ ਦੀ ਮੌਤ ਹੋ ਗਈ।  ਜਹਾਂਗੀਰ ਦਾ ਪੁੱਤਰ ਬਾਦਸ਼ਾਹ ਸ਼ਾਹਜਹਾਨ ਵੀ ਹੌਲ਼ੀ ਹੌਲ਼ੀ ਮੁਤੱਸਬੀ ਮੁਸਲਮਾਨਾਂ ਦੇ ਪ੍ਰਭਾਵ ਹੇਠ ਆ ਗਿਆ। ਸਿੱਖਾਂ ਅਤੇ ਮੁਸਲਮਾਨਾਂ ਵਿੱਚ ਸ਼ਾਂਤੀ ਦੇ ਆਸਾਰ ਘਟਣ ਲੱਗੇ। ਗੁਰੂ ਜੀ ਨੇ ਆਪਣੀ ਬੇਟੀ ਬੀਬੀ ਵੀਰੋ ਜੀ ਦਾ ਵਿਆਹ 13 ਅਪਰੈਲ 1634 ਨੂੰ ਰੱਖਿਆ ਹੋਇਆ ਸੀ।  ਇਸੇ ਦਿਨ ਮੁਗ਼ਲ ਫ਼ੌਜਾਂ ਨੇ ਮੂਖ਼ਲਾਸ ਖ਼ਾਨ ਦੀ ਕਮਾਂਡ ਹੇਠ ਹਮਲਾ ਕਰ ਦਿੱਤਾ।  ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਝਬਾਲ ਪਹੁੰਚਾਇਆ ਅਤੇ ਦੂਜੇ ਪਾਸੇ ਹਮਲੇ ਦਾ ਟਾਕਰਾ ਵੀ ਕੀਤਾ। ਭਾਵੇਂ ਕਿ ਇਸ ਹਮਲੇ ਵਿੱਚ ਕਈ ਸਿੱਖ ਸ਼ਹੀਦ ਹੋ ਗਏ ਪਰ ਮੈਦਾਨ ਖਾਲਸੇ ਦੇ ਹੱਥ ਲੱਗਿਆ।

ਕੁਝ ਸਮਾਂ ਗੁਰੂ ਜੀ ਅੰਮ੍ਰਿਤਸਰ ਰਹਿਣ ਮਗਰੋਂ ਆਪ ਮਾਲਵੇ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਲਈ ਗਏ। ਕਾਬਲ ਦਾ ਇਕ ਸਿੱਖ-ਮਸੰਦ ਗੁਰੂ ਸਾਹਿਬ ਲਈ ਦੋ ਵਧੀਆ ਘੋੜੇ ਲੈ ਕੇ ਆ ਰਿਹਾ ਸੀ, ਜੋ ਲਾਹੌਰ ਦੇ ਤੁਰਕ ਹਾਕਮਾਂ ਨੇ ਖੋਹ ਲਏ। ਗੁਰੂ ਸਾਹਿਬ ਜੀ ਦੇ ਕਹਿਣ ’ਤੇ ਭਾਈ ਬਿਧੀ ਚੰਦ ਜੀ ਦੋਵੇਂ ਘੋੜੇ ਮੁਗ਼ਲ ਹਾਕਮਾਂ ਪਾਸੋਂ ਵਾਪਸ ਭਜਾ ਲਿਆਏ, ਇਸ ਦਾ ਬਦਲਾ ਲੈਣ ਲਈ  ਦਸੰਬਰ 1634 ਵਿੱਚ ਲੱਲਾ ਬੇਗ਼ ਅਤੇ ਕਮਰ ਬੈਗ਼ ਦੀ ਅਗਵਾਈ ਵਿੱਚ ਗੁਰੂ ਜੀ ’ਤੇ ਫਿਰ ਹਮਲਾ ਕਰ ਦਿੱਤਾ ਗਿਆ। ਇਸ ਲੜਾਈ ਵਿੱਚ ਮੁਗ਼ਲਾਂ ਦੇ ਦੋਵੇਂ ਕਮਾਂਡਰ ਮਾਰੇ ਗਏ ਅਤੇ ਇਸ ਜੰਗ ਦੀ ਜਿੱਤ ਦੀ ਯਾਦ ਵਿਚ ਗੁਰੂ ਸਾਹਿਬ ਨੇ ‘ਗੁਰੂ ਸਰ’ ਨਾਮ ਦਾ ਇਕ ਸਰੋਵਰ ਬਣਵਾਇਆ।

ਅਪਰੈਲ 1635 ਵਿੱਚ ਗੁਰੂ ਜੀ ਕਰਤਾਰ ਪੁਰ (ਜ਼ਿਲ੍ਹਾ ਜਲੰਧਰ) ਵਿੱਚ ਰਹਿ ਰਹੇ ਸਨ। ਇਨ੍ਹਾਂ ਦਿਨਾਂ ਵਿੱਚ ਆਪ ਦੇ ਇਕ ਮੁਸਲਮਾਨ ਪੈਂਦੇ ਖ਼ਾਨ ਦੇ ਜੁਆਈ ਨੇ ਗੁਰੂ ਦਰਬਾਰ ਦੀਆਂ ਕੁਝ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ। ਜਦ ਉਸ ਦੀ ਚੋਰੀ ਫੜੀ ਗਈ ਤਾਂ ਪੈਂਦੇ ਖ਼ਾਨ ਮੁਆਫ਼ੀ ਮੰਗਣ ਦੀ ਥਾਂ ਜਲੰਧਰ ਤੋਂ ਮੁਗ਼ਲ ਫ਼ੌਜਾਂ ਚੜ੍ਹਾ ਲਿਆਇਆ।  26 ਤੋਂ 28 ਅਪਰੈਲ 1635 ਤਿੰਨ ਦਿਨ ਇਹ ਲੜਾਈ ਚੱਲੀ, ਜਿਸ ਵਿੱਚ ਪੈਂਦੇ ਖ਼ਾਨ, ਮੁਗ਼ਲ ਕਮਾਂਡਰ ਅਤੇ ਬਹੁਤ ਸਾਰੇ ਸਿਪਾਹੀ ਮਾਰੇ ਗਏ। ਇਸ ਚੌਥੀ ਲੜਾਈ ਵਿੱਚ ਬਾਬਾ ਗੁਰਦਿੱਤਾ ਜੀ ਅਤੇ ਭਾਈ ਬਿਧੀ ਚੰਦ ਦੀ ਅਗਵਾਈ ਹੇਠ ਹੋਰ ਸਿੱਖ ਯੋਧਿਆਂ ਦੇ ਨਾਲ ਨਾਲ 14 ਸਾਲ ਦੇ ਤੇਗ ਮੱਲ ਜੀ ਨੇ ਵੀ ਮੈਦਾਨੇ ਜੰਗ ਵਿਚ ਤੇਗ ਦੇ ਜੌਹਰ ਵਿਖਾਏ। ਇਸ ਬਹਾਦਰੀ ਨੂੰ ਵੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਮ ਤੇਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ, ਜੋ ਬਾਅਦ ਵਿੱਚ ਨਾਵੇਂ ਗੁਰੂ ਵਜੋਂ ਸੁਸ਼ੋਭਿਤ ਹੋਏ।

ਇਸ ਲੜਾਈ ਵਿੱਚ ਇੱਕ ਬਹੁਤ ਵੀ ਦਿਲਖਿਚਵਾਂ ਨਜ਼ਾਰਾ ਗੁਰੂ ਜੀ ਅਤੇ ਆਪਣੇ ਆਪ ਨੂੰ ਯੋਧਾ ਸਮਝਦੇ ਪੈਂਦੇ ਖ਼ਾਨ ਦੀ ਆਪਸੀ ਵਾਰਤਾਲਾਪ ਦਾ ਹੈ।  ਜਦ ਪੈਂਦੇ ਖਾਂਨ ਲੜਦਾ ਹੋਇਆ ਗੁਰੂ ਸਾਹਿਬ ਜੀ ਦੇ ਸਾਮ੍ਹਣੇ ਆਇਆ ਤਾਂ ਗੁਰੂ ਜੀ, ਉਸ ’ਤੇ ਵਾਰ ਕਰਨ ਤੋਂ ਰੁਕੇ ਅਤੇ ਉਸ ਨੂੰ ਪਹਿਲਾਂ ਵਾਰ ਕਰਨ ਲਈ ਕਿਹਾ ਤੇ ਉਹ ਤਿੰਨ ਵਾਰ ਕਰਕੇ ਵੀ ਗੁਰੂ ਜੀ ਨੂੰ ਨੁਕਸਾਨ ਨਾ ਪਹੁੰਚਾ ਸਕਿਆ। ਚੌਥਾ ਵਾਰ ਗੁਰੂ ਜੀ ਨੇ ਕਰ ਕੇ ਪੈਂਦੇ ਖ਼ਾਨ ਨੂੰ ਕਿਹਾ ਵਾਰ ਇੱਦਾਂ ਕਰੀਦਾ ਹੈ, ਇਸੇ ਵਾਰ ਨਾਲ ਉਸ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਤੇ ਉਹ ਘੋੜੇ ਤੋਂ ਡਿੱਗ ਪਿਆ। ਪੈਂਦੇ ਖ਼ਾਂ ਦੇ ਦਾਮਾਦ ਕਾਲੇ ਖ਼ਾਂ ਨੇ ਵੀ ਗੁਰੂ ਜੀ ਨੂੰ ਯੁੱਧ ਲਈ ਲਲਕਾਰਿਆ ਅਤੇ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਵਾਪਸੀ ਵਾਰ ਕੀਤਾ ਅਤੇ ਆਖਿਆ ਕਿ ਕਾਲੇ ਖ਼ਾਂ ! ਵਾਰ ਇਉਂ ਨਹੀਂ, ਇਉਂ ਕਰੀਦਾ ਹੈ, ਇਸ ਵਾਰ ਨਾਲ ਕਾਲੇ ਖ਼ਾਂ ਦੇ ਮੋਢੇ ਤੋਂ ਐਸਾ ਚੀਰ ਪਇਆ ਜਿਵੇਂ ਕਿਸੇ ਨੇ ਜੰਜੂ ਪਾਇਆ ਹੋਵੇ। ਇਸ ਲੜਾਈ ਵਿੱਚੋਂ ਮੁਸਲਮਾਨੀ ਫ਼ੌਜਾਂ ਨੇ ਭੱਜ ਕੇ ਸਿੰਘਾਂ ਪਾਸੋਂ ਜਾਣ ਬਚਾਈ।

ਇਸੇ ਸਾਲ 1635 ਵਿਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਜੋ ਧਾਰਮਕ ਬੰਦਾ ਸੀ, ਜਿਸ ਕਾਰਨ 1644 ਤੱਕ ਅਮਨ ਤੇ ਸ਼ਾਂਤੀ ’ਚ ਸਿੱਖ ਧਰਮ ਦਾ ਪ੍ਰਚਾਰ ਹੁੰਦਾ ਰਿਹਾ। ਅੰਤ ਵੇਲਾ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਬਾਬਾ ਹਰਿ ਰਾਏ ਜੀ (ਸਪੁੱਤਰ ਬਾਬਾ ਗੁਰਦਿੱਤਾ ਜੀ) ਨੂੰ ਸੌਂਪੀ ਦਿੱਤੀ ਅਤੇ 6 ਚੇਤ, 3 ਮਾਰਚ 1644 ਯੂਲੀਅਨ ਨੂੰ 49 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ।  ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ 6 ਚੇਤ ਨਿਸ਼ਚਿਤ ਕੀਤਾ ਗਿਆ ਹੈ ਜੋ ਹਰ ਸਾਲ 19 ਮਾਰਚ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਸਾਲ ਦੇ ਕੈਲੰਡਰ ਵਿੱਚ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਦਾ ਦਿਹਾੜਾ 28 ਚੇਤ/10 ਅਪ੍ਰੈਲ 2015 ਈ: ਵਿਖਾਇਆ ਗਿਆ ਹੈ।

ਗੁਰੂ ਅਰਜਨ ਸਾਹਿਬ ਜੀ ਦੁਆਰਾ ਨਿਭਾਈ ਗਈ ਗੁਰੂ ਨਾਨਕ ਜੋਤਿ ਰੂਪ ਜ਼ਿੰਮੇਵਾਰੀ

0

ਗੁਰੂ ਅਰਜਨ ਸਾਹਿਬ ਜੀ ਦੁਆਰਾ ਨਿਭਾਈ ਗਈ ਗੁਰੂ ਨਾਨਕ ਜੋਤਿ ਰੂਪ ਜ਼ਿੰਮੇਵਾਰੀ

ਗਿਆਨੀ ਅਵਤਾਰ ਸਿੰਘ

ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪਰੈਲ 1563 ਈਸਵੀ ਨੂੰ ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ (ਮਗਰੋਂ ਨਾਂ ਗੁਰੂ ਰਾਮਦਾਸ ਜੀ) ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ ।  ਆਪ ਜੀ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀਚੰਦ ਜੀ (ਸੰਨ 1558-1618 ਈ.) ਅਤੇ ਬਾਬਾ ਮਹਾਂਦੇਵ ਜੀ (ਸੰਨ 1560-1605 ਈ.) ਸਨ। ਆਪ ਜੀ ਦਾ ਬਚਪਨ ਗੋਇੰਦਵਾਲ ਵਿਖੇ ਪਿਤਾ ਗੁਰੂ ਰਾਮਦਾਸ ਜੀ ਅਤੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਬੀਤਿਆ, ਇਸ ਕਾਰਨ ਆਪ ਜੀ ਵਿੱਚ ਨਾਨਾ ਜੀ ਅਤੇ ਪਿਤਾ ਜੀ ਵਾਲ਼ੀਆਂ ਸਾਰੀਆਂ ਖ਼ੁਬੀਆਂ ਸਨ।  ਸੇਵਾ, ਸਿਮਰਨ, ਸਿਆਣਪ, ਇੰਤਜ਼ਾਮ ਦੇ ਗੁਣ ਸਿੱਖਣ ਦੇ ਨਾਲ਼-ਨਾਲ਼ ਆਪ ਨੇ ਤਾਲੀਮ ਵੀ ਹਾਸਲ ਕੀਤੀ।  ਗੁਰੂ ਅਮਰਦਾਸ ਜੀ ਕੋਲ਼ ਸੰਭਾਲ਼ਿਆ ਹੋਇਆ ਸਮੁੱਚਾ ਗੁਰਬਾਣੀ ਸੰਗ੍ਰਹਿ, ਭਗਤ ਬਾਣੀ ਫ਼ਲਸਫ਼ਾ ਆਦਿ ਆਪ ਨੇ ਸਭ ਪੜ੍ਹ ਕੇ ਸਮਝ ਲਿਆ।   11 ਕੁ ਸਾਲ ਦੀ ਉਮਰ ਵਿੱਚ ਹੀ ਆਪ ਉੱਚ ਕੋਟੀ ਦੇ ਵਿਦਵਾਨ ਬਣ ਚੁੱਕੇ ਸਨ।  ਗੁਰੂ ਅਮਰਦਾਸ ਜੀ ਨੇ ਬਾਲਕ ਅਰਜਨ ਜੀ ਦੀ ਸਾਹਿਤਕ ਰੁਚੀ ਵੇਖਦਿਆਂ ਹੀ ‘ਦੋਹਤਾ ਬਾਣੀ ਕਾ ਬੋਹਿਥਾ’ ਸ਼ਬਦਾਂ ਨਾਲ਼ ਆਪ ਨੂੰ ਨਿਵਾਜਿਆ।

ਪਹਿਲੀ ਸਤੰਬਰ 1574 ਨੂੰ ਗੁਰੂ ਅਮਰਦਾਸ ਜੀ; ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਆਪ ਜੋਤਿ ਜੋਤ ਸਮਾ ਗਏ। ਇਸ ਤੋਂ ਛੇਤੀ ਹੀ ਬਾਅਦ ਗੁਰੂ ਰਾਮਦਾਸ ਜੀ (ਪਰਿਵਾਰ ਸਮੇਤ) ਗੋਇੰਦਵਾਲ ਤੋਂ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ। ਪਿਤਾ ਜੀ ਨਾਲ਼ ਰਲ਼ ਕੇ (ਗੁਰੂ) ਅਰਜਨ ਸਾਹਿਬ ਜੀ ਨੇ ਨਗਰ ਦੀ ਉਸਾਰੀ ਸ਼ੁਰੂ ਕੀਤੀ, ਇਸ ਦਾ ਤਜਰਬਾ ਆਪ ਜੀ ਨੂੰ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਜਾਂਦੀ ਆਪਸੀ ਗੱਲਬਾਤ ਦੌਰਾਨ ਪਹਿਲਾਂ ਹੀ ਹੋ ਚੁੱਕਾ ਸੀ।   19 ਜੂਨ 1589 ਦੇ ਦਿਨ (ਉਮਰ 26 ਸਾਲ 2 ਮਹੀਨੇ 5 ਦਿਨ) ਆਪ ਜੀ ਦਾ ਵਿਆਹ ਲਾਹੌਰ ਦੇ ਭਾਈ ਸੰਗਤ ਰਾਓ ਦੀ ਬੇਟੀ (ਮਾਤਾ) ਗੰਗਾ ਜੀ ਨਾਲ਼ ਹੋਇਆ, ਜਿਨ੍ਹਾਂ ਦੇ ਉਦਰ ਤੋਂ 19 ਜੂਨ 1595 ਦੇ ਦਿਨ (ਗੁਰੂ) ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

47 ਸਾਲ ਦੀ ਸੰਸਾਰਕ ਯਾਤਰਾ ਸਫਲ ਕਰ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪ ਕੇ ਗੁਰੂ ਰਾਮਦਾਸ ਜੀ 1 ਸਤੰਬਰ 1581 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ।  ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਣ ਕਾਰਨ ਆਪ ਜੀ ਦੇ ਸਭ ਤੋਂ ਵੱਡੇ ਭਰਾ ਪ੍ਰਿਥੀਚੰਦ ਅੰਦਰ ਦਿਨ ਪ੍ਰਤੀ ਦਿਨ ਸੜਨ ਵਧਦੀ ਗਈ, ਜਿਸ ਦਾ ਸਭ ਤੋਂ ਪਹਿਲਾ ਮੁਹਰਾ ਬਣਿਆ ਮੁਗ਼ਲ ਜਰਨੈਲ ਸੁਲਹੀ ਖ਼ਾਨ, ਜੋ ਪ੍ਰਿਥੀਚੰਦ ਦੁਆਰਾ ਕੰਨ ਭਰੇ ਜਾਣ ’ਤੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਆ ਰਿਹਾ ਸੀ, ਪਰ ਅਕਾਲ ਪੁਰਖ ਦੀ ਰਹਿਮਤ ਸਦਕਾ ਰਸਤੇ ਵਿੱਚ ਹੀ ਘੋੜੇ ਦੇ ਬੇਕਾਬੂ ਹੋ ਜਾਣ ’ਤੇ ਇੱਕ ਬਲਦੇ ਭੱਠੇ ਵਿੱਚ ਡਿੱਗ ਕੇ ਜਿਊਂਦਾ ਸੜ ਗਿਆ।  ਮੁਸਲਮਾਨ ਲਈ ਅੱਗ ’ਚ ਸੜ ਕੇ ਮਰਨਾ ਬਦਕਿਸਮਤੀ ਮੰਨਿਆ ਜਾਂਦਾ ਹੈ, ਪਰ ਪ੍ਰਿਥੀਚੰਦ ਨੂੰ ਫਿਰ ਨਾ ਅਕਲ ਆਈ।  ਹੁਣ ਉਹ, ਸੁਲਹੀ ਖ਼ਾਨ ਦੇ ਭਤੀਜੇ ਸੁਲਭੀ ਖ਼ਾਨ ਨੂੰ ਨਾਲ਼ ਲੈ ਕੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਚੱਲ ਪਿਆ।  ਉਹ ਵੀ ਰਸਤੇ ਵਿੱਚ ਆਪਣੇ ਹੀ ਇੱਕ ਸਿਪਾਹੀ ਨਾਲ਼ ਝਗੜਾ ਕਰਦਿਆਂ ਗੋਲ਼ੀ ਲੱਗਣ ਨਾਲ਼ ਮਰ ਗਿਆ।  ਗੁਰੂ ਘਰ ’ਤੇ ਹਮਲਾਵਰ ਹੋ ਕੇ ਆਏ ਇਨ੍ਹਾਂ ਦੁਸ਼ਮਣਾਂ ਨਾਲ਼ ਗੱਲਬਾਤ ਕਰਨ ਜਾਂ ਮੁਕਾਬਲਾ ਕਰਨ ਲਈ ਮੁਖੀ ਸਿੱਖਾਂ ਨੇ ਗੁਰੂ ਜੀ ਨਾਲ਼ ਸਲਾਹ ਮਸ਼ਵਰਾ ਕੀਤਾ, ਜਿਸ ਬਾਰੇ ਆਪ ਦਾ ਨਜ਼ਰੀਆ ਬਾਣੀ ਵਿੱਚ ਅੰਕਿਤ ਹੈ, ‘‘ਪ੍ਰਥਮੇ ਮਤਾ (ਪਹਿਲੀ ਸਲਾਹ); ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ; ਪ੍ਰਭ ! ਤੁਹੀ ਧਿਆਇਆ ॥’’ (ਆਸਾ, ਮ: ੫, ਅੰਕ ੩੭੧)

ਪ੍ਰਿਥੀਚੰਦ ਨੇ 1585 ਈਸਵੀ ’ਚ ਇੱਕ ਵਾਰ ਫਿਰ ਅਕਬਰ ਬਾਦਸ਼ਾਹ (1556-1605) ਦੇ ਵਜ਼ੀਰ ਮਹੇਸ਼ ਚੰਦਰ ਭੱਟ (ਪ੍ਰਸਿੱਧ ਨਾਂ ਬੀਰਬਲ 1528-1586) ਨਾਲ਼ ਗੰਢ-ਸੰਢ ਕੀਤੀ, ਜੋ ਅਕਬਰ ਦੀ ਰਾਜਪੂਤ ਬੀਬੀ ਅਤੇ ਜੋਧਪੁਰ ਦੇ ਹਿੰਦੂ ਰਾਜਪੂਤ ਰਾਜੇ ਦੀ ਧੀ, ਨਾਲ਼ ਦਾਜ ਵਿੱਚ ਆਇਆ ਸੀ। ਅਕਬਰ ਨੇ ਬੀਰਬਲ ਨੂੰ ਦਿੱਲੀ ਤੋਂ ਸਰਹੱਦੀ ਸੂਬੇ (ਲਾਹੌਰ) ਵੱਲ ਭੇਜਿਆ ਜਿੱਥੇ ਪਠਾਣਾਂ ਨੇ ਬਗ਼ਾਵਤ ਕਰ ਰੱਖੀ ਸੀ।  ਚੱਲਣ ਤੋਂ ਪਹਿਲਾਂ ਬੀਰਬਲ ਨੇ ਅਕਬਰ ਬਾਦਸ਼ਾਹ ਪਾਸੋਂ ਰਸਤੇ ਦਾ ਖ਼ਰਚ ਕੱਢਣ ਲਈ ਸਾਰੇ ਖੱਤਰੀਆਂ ਤੋਂ ਟੈਕਸ ਵਸੂਲਣ ਦੀ ਅਨੁਮਤੀ ਲੈ ਲਈ।  ਗੋਇੰਦਵਾਲ ਦੇ ਪੱਤਣ ਤੋਂ ਲੰਘਦਿਆਂ ਪ੍ਰਿਥੀਚੰਦ ਦੀ ਸ਼ਹਿ ’ਤੇ ਬੀਰਬਰ ਨੇ ਆਪਣੇ ਏਲਚੀ; ਗੁਰੂ ਜੀ ਪਾਸੋਂ ਟੈਕਸ ਲੈਣ ਲਈ ਗੁਰੂ ਕੇ ਚੱਕ ਭੇਜੇ।  ਗੁਰੂ ਜੀ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਨਾ ਕਰ ਦਿੱਤਾ ਕਿ ਸਿੱਖ; ਹਿੰਦੂ ਨਹੀਂ ਹੁੰਦੇ।  ਗੁਰੂ ਜੀ ਦਾ ਇਹ ਜਵਾਬ ਏਲਚੀਆਂ ਰਾਹੀਂ ਬੀਰਬਰ ਨੂੰ ਮਿਲਣ ’ਤੇ ਉਹ ਗੁਸੇ ਹੋਇਆ ਅਤੇ ਅਮਾਨਤ ਖ਼ਾਨ ਦੀ ਸਰ੍ਹਾਂ ਤੋਂ ਦੁਬਾਰਾ ਆਪਣੇ ਏਲਚੀ ਭੇਜ ਕੇ ਗੁਰੂ ਜੀ ਨੂੰ ਧਮਕੀ ਦਿੱਤੀ ਕਿ ਟੈਕਸ ਦੇਓ ਜਾਂ ਵਾਪਸੀ ’ਤੇ ਹਮਲਾ ਕਰ ਦਿਆਂਗਾ।  ਅਕਾਲ ਪੁਰਖ ਦੀ ਮੁੜ ਰਹਿਮਤ ਹੋਈ ਕਿ ਬੀਰਬਲ ਵੀ ਇਨ੍ਹਾਂ ਪਠਾਣਾਂ ਨਾਲ਼ ਲੜਦਿਆਂ ਫ਼ਰਵਰੀ 1586 ’ਚ ਮਰ ਗਿਆ। ਪ੍ਰਿਥੀਚੰਦ ਦੀਆਂ ਕੋਝੀਆਂ ਸਾਜ਼ਸ਼ਾਂ ਇੱਕ ਵਾਰ ਰੁਕ ਗਈਆਂ ਤੇ ਉਹ ਆਪਣੇ ਸਹੁਰੇ ਘਰ ਜ਼ਿਲ੍ਹਾ ਲਾਹੌਰ ਚਲਾ ਗਿਆ।

ਗੁਰੂ ਸਾਹਿਬ ਨੇ ਇਸੇ ਸਾਲ (1586 ’ਚ) ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕੀਤਾ।  ਦੋ ਸਾਲ ਬਾਅਦ ਸੰਤੋਖਸਰ ਸਰੋਵਰ ਪੱਕਾ ਕੀਤਾ ਗਿਆ।   3 ਜਨਵਰੀ 1588 ਨੂੰ ਆਪ ਨੇ ਅੰਮ੍ਰਿਤਸਰ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ। 

(ਨੋਟ: ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਮੁਤਾਬਕ ਦਰਬਾਰ ਸਾਹਿਬ ਦੀ ਰੱਖੀ ਇਸ ਨੀਂਹ ਤੋਂ ਲਗਭਗ 200-250 ਸਾਲ ਬਾਅਦ ਭਾਵ 19ਵੀਂ ਸਦੀ ’ਚ ਲਿਖਾਰੀ ਬੂਟੇ ਸ਼ਾਹ ਨੇ ਪਹਿਲੀ ਵਾਰ ਸਾਈਂ ਮੀਆਂ ਮੀਰ ਜੀ ਪਾਸੋਂ ਦਰਬਾਰ ਸਾਹਿਬ ਦੀ ਨੀਂਹ ਰੱਖੇ ਜਾਣ ਦਾ ਪ੍ਰਚਾਰ ਕਰਨਾ ਸੁਰੂ ਕੀਤਾ ਗਿਆ ਸੀ।)

ਗੁਰੂ ਜੀ ਦੀ ਸ਼ਾਦੀ (19 ਜੂਨ 1589) ਨੂੰ ਹੋਣ ਤੋਂ ਬਾਅਦ ਸੰਨ 1590 ’ਚ ਆਪ ਨੇ ਤਰਨ ਤਾਰਨ ਸਰੋਵਰ ਦੀ ਪੁਟਾਈ ਸ਼ੁਰੂ ਕਰਵਾਈ।  ਲੋਕਾਂ ਦੀ ਤਕਲੀਫ਼ ਨੂੰ ਵੇਖਦਿਆਂ ਸੰਨ 1592 ’ਚ ਗੁਰੂ ਕੀ ਵਡਾਲੀ ਲਾਗੇ ਛੇ ਹਰਟਾਂ ਵਾਲ਼ਾ ਖੂਹ ਲਵਾਇਆ ।  ਹੁਣ ਇਸ ਆਬਾਦੀ ਦਾ ਨਾਂ ਹੀ ਛੇਹਰਟਾ ਸਾਹਿਬ ਪੈ ਗਿਆ।  ਸੰਨ 1593 ’ਚ ਆਪ ਨੇ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖੀ।  ਸੰਨ 1597 ’ਚ ਆਪ ਨੇ ਪਿੰਡ ਰੁਹੀਲਾ ਦੀ ਜਗ੍ਹਾ ਗੋਬਿੰਦਪੁਰ (ਹੁਣ ਹਰਿਗੋਬਿੰਦਪੁਰ) ਨਗਰ ਦੀ ਨੀਂਹ ਰੱਖੀ।  ਸੰਨ 1599 ’ਚ ਲਾਹੌਰ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਸਥਾਨ (ਚੂਨਾ ਮੰਡੀ) ’ਚ ਬਾਉਲੀ ਬਣਵਾਈ ਗਈ।  ਗੁਰੂ ਕਾ ਚੱਕ ਵਿਖੇ ਸੰਗਤਾਂ ਦੀ ਨਫ਼ਰੀ ਵਧਦੀ ਵੇਖ ਆਪ ਨੇ ਸੰਨ 1602 ’ਚ ਰਾਮਦਾਸ ਸਰੋਵਰ (ਤੀਸਰਾ ਸਰੋਵਰ) ਤਿਆਰ ਕਰਵਾਇਆ।  ਪਿੰਡ ਘੁੰਕੇਵਾਲ਼ੀ ’ਚ ਇੱਕ ਬਾਗ਼ ਵੀ ਲਗਵਾਇਆ ਗਿਆ, ਜਿਸ ਨੂੰ ਹੁਣ ਗੁਰੂ ਕਾ ਬਾਗ਼ ਕਿਹਾ ਜਾਂਦਾ ਹੈ, ਇਸ ਦੀ ਆਜ਼ਾਦੀ ਲਈ ਸੰਨ 1922 ’ਚ ਮੋਰਚਾ ਵੀ ਲਗਾਇਆ ਗਿਆ ਸੀ।  ਤਰਨ ਤਾਰਨ ਵਿੱਚ ਇਕ ਕੋਹੜੀ ਆਸ਼ਰਮ ਵੀ ਬਣਾਇਆ ਗਿਆ। ਇਉਂ ਗੁਰੂ ਜੀ ਤਕਰੀਬਨ 15 ਸਾਲ ਤੱਕ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਨਾਲ਼ ਨਾਲ਼ ਆਮ ਜਨਤਾ ਦੀਆਂ ਤਕਲੀਫ਼ਾਂ ਸੁਣਦਿਆਂ ਨਗਰ, ਬਾਉਲੀਆਂ, ਖੂਹ ਅਤੇ ਸਰੋਵਰ ਆਦਿ ਬਣਾਉਂਦੇ ਰਹੇ।  ਸੰਨ 1595 ’ਚ ਰਾਵੀ ਅਤੇ ਝਨਾਂ ਵਿਚਕਾਰ ਕਾਲ ਪੈ ਗਿਆ, ਜਿੱਥੇ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਨਾਲ਼ ਲੰਗਰ ਲਗਾ ਕੇ ਲੋਕਾਂ ਦੀ ਬੜੀ ਮਦਦ ਕੀਤੀ।  ਗੁਰੂ ਜੀ ਇੱਥੇ 8 ਮਹੀਨੇ ਰਹੇ ਤੇ ਇਨ੍ਹੀਂ ਦਿਨੀਂ ਅਕਬਰ ਬਾਦਸ਼ਾਹ ਵੀ ਇੱਧਰ (ਲਾਹੌਰ ਵੱਲ) ਆਇਆ ਹੋਇਆ ਸੀ, ਜਿਸ ਨੇ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ। ਸਾਰਾ ਮਾਝਾ, ਜੋ ਪਹਿਲਾਂ ਗੁੱਗੇ, ਸਖੀ ਸਰਵਰ, ਪੀਰਾਂ-ਫਕੀਰਾਂ, ਕਾਲਪਨਿਕ ਦੇਵਤਿਆਂ ਦਾ ਪੈਰੋਕਾਰ ਸੀ, ਹੁਣ ਗੁਰੂ ਕਾ ਮਾਝਾ ਬਣ ਗਿਆ ਸੀ।

2 ਨਵੰਬਰ 1598 ਨੂੰ ਅਕਬਰ ਦਿੱਲੀ ਤੋਂ ਦੁਬਾਰਾ ਪਿਸ਼ਾਵਰ ਵੱਲ ਜਾਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਕਰਨ ਲਈ ਦੂਜੀ ਵਾਰ ਗੋਇੰਦਵਾਲ ਆਇਆ (ਪਹਿਲੀ ਵਾਰ 1571 ’ਚ ਵੀ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਇੱਥੇ ਆਇਆ ਸੀ), ਜਿਸ ਦੇ ਨਾਲ਼ ਉਸ ਦਾ ਵਜ਼ੀਰ ਅਬੂ ਫ਼ਜ਼ਲ ਵੀ ਸੀ। ਅਹਿਲਕਾਰਾਂ ਨੇ ਬਾਦਸ਼ਾਹ ਦੇ ਬੈਠਣ ਤੁਰਨ ਲਈ ਗਲੀਚੇ ਵਿਛਾ ਦਿੱਤੇ, ਜੋ ਅਕਬਰ ਨੇ ਆਪਣੇ ਹੱਥੀਂ ਚੁੱਕਦਿਆਂ ਕਿਹਾ ਕਿ ਰੂਹਾਨੀਅਤ ਦਰਬਾਰ ਵਿੱਚ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ। ਬਾਦਸ਼ਾਹ ਨੇ ਆਮ ਸੰਗਤ ਨਾਲ਼ ਬੈਠ ਕੇ ਲੰਗਰ ਛਕਿਆ। ਜਾਣ ਲੱਗਿਆਂ ਗੁਰੂ ਕੇ ਲੰਗਰ ਲਈ ਕੁਝ ਜ਼ਮੀਨੀ ਪੱਟਾ ਦੇਣਾ ਚਾਹਿਆ ਪਰ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸੰਗਤਾਂ ਦੇ ਦਸਵੰਧ ਨਾਲ਼ ਚੱਲਣ ਨੂੰ ਹੀ ਸਹੀ ਦੱਸਿਆ। ਇਹੀ ਪ੍ਰਥਾ ਹੁਣ ਤੱਕ ਗੁਰੂ ਘਰਾਂ ਵਿੱਚ ਪ੍ਰਚਲਿਤ ਹੈ ਜਦਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਤਰਜ਼ ’ਤੇ ਬਣਾਏ ਗਏ ਦੁਰਗਿਆਣਾ ਮੰਦਿਰ ’ਚ ਲੰਗਰ ਸਮੇਤ ਹਰ ਸੁਵਿਧਾ ਸਰਕਾਰੀ ਗ੍ਰਾਂਟਾਂ ’ਤੇ ਨਿਰਭਰ ਰਹਿੰਦੀ ਹੈ, ਇਸ ਲਈ ਹਿੰਦੂਆਂ ਦਾ ਵੀ ਵਧੇਰੇ ਰੁਝਾਨ ਗੁਰੂ ਘਰ (ਦਰਬਾਰ ਸਾਹਿਬ) ਵੱਲ ਰਹਿੰਦਾ ਹੈ।  ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਤੋਂ ਇਹ ਐਲਾਨ ਜ਼ਰੂਰ ਕਰਵਾਇਆ ਕਿ ਸਿੱਖ; ਹਿੰਦੂ ਨਹੀਂ, ਇਨ੍ਹਾਂ ’ਤੇ ਜਜ਼ੀਆ (ਧਾਰਮਿਕ ਟੈਕਸ) ਨਹੀਂ ਲੱਗਣਾ ਚਾਹੀਦਾ। ਕੁਝ ਸਮੇਂ ਬਾਅਦ ਅਕਬਰ ਨੇ ਹਿੰਦੂਆਂ ’ਤੇ ਲਗਾਇਆ ਜਜ਼ੀਆ ਕਾਨੂੰਨ ਵੀ ਹਟਾ ਲਿਆ।

ਦੂਜੇ ਧਰਮ ਦੇ ਆਗੂਆਂ ਨਾਲ਼ ਵੀ ਗੁਰੂ ਸਾਹਿਬ ਦੇ ਚੰਗੇ ਸੰਬੰਧ ਬਣ ਗਏ ਸਨ।  ਸਾਈਂ ਮੀਆਂ ਮੀਰ ਜੀ (1550-11.8.1635), ਜੋ ਇਸਲਾਮ ਦੇ ਖ਼ਲੀਫ਼ੇ ਉਮਰ ਦੇ ਖ਼ਾਨਦਾਨ ਨਾਲ਼ ਸੰਬੰਧ ਰੱਖਦੇ ਸਨ ਤੇ ਉਨ੍ਹਾਂ ਦਾ ਪਿਛੋਕੜ ਸੀਸਤਾਨ (ਇਰਾਨ) ਦਾ ਸੀ, ਹੁਣ ਲਾਹੌਰ ਦੇ ਵਸਨੀਕ ਸਨ, ਨਾਲ਼ ਵੀ ਆਪ ਦੇ ਨਜਦੀਕੀ ਸੰਬੰਧ ਸਨ।  ਸਾਈਂ ਮੀਆਂ ਜੀ ਅਤੇ ਗੁਰੂ ਜੀ ਵਿਚਕਾਰ ਅਕਸਰ ਹੀ ਰੂਹਾਨੀ ਨੁਕਤਿਆਂ ’ਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ। ਬਾਦਸ਼ਾਹ ਅਕਬਰ;  ਸਾਈ ਮੀਆਂ ਮੀਰ ਜੀ ਤੋਂ ਬੜਾ ਪ੍ਰਭਾਵਤ ਸੀ।  ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਉਣ ’ਚ ਸਾਈਂ ਮੀਆਂ ਜੀ ਦਾ ਅਹਿਮ ਯੋਗਦਾਨ ਸੀ ਭਾਵੇਂ ਕਿ ਕੁਝ ਸਮੇਂ ਲਈ ਭਾਵ ਅਕਬਰ ਦੀ ਮੌਤ (16 ਅਕਤੂਬਰ 1605) ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਣ ਤੱਕ ਜਹਾਂਗੀਰ ਉੱਤੇ ਸ਼ੈਖ ਅਹਿਮਦ ਸਾਹਰਿੰਦੀ (ਸਹਰਿੰਦੀ) ਵਰਗੇ ਫਿਰਕੂ ਮੌਲਵੀਆਂ ਦਾ ਪ੍ਰਭਾਵ ਰਿਹਾ, ਇਸ ਦਾ ਇੱਕ ਕਾਰਨ ਜਹਾਂਗੀਰ ਦਾ ਰਾਜਸੀ ਹਿੱਤ ਵੀ ਸੀ, ਜਿਸ ਨੂੰ ਆਪਣੇ ਹੀ ਘਰੋਂ ਪੁੱਤਰ ਖੁਸਰੋ (ਨੇਕ ਇਨਸਾਨ) ਵੱਲੋਂ ਚੁਣੌਤੀ ਮਿਲੀ ਹੋਈ ਸੀ, ਇਸ ਲਈ ਜਹਾਂਗੀਰ ਨੂੰ ਵੀ ਫਿਰਕੂ ਮੌਲਵੀਆਂ ਦੀ ਮਦਦ ਦੀ ਲੋੜ ਸੀ, ਅਜਿਹੇ ਹਾਲਾਤਾਂ ’ਚ ਗੁਰੂ ਘਰ ਦੇ ਦੋਖੀ ਚੰਦੂ ਦੀ ਚੁਗ਼ਲੀ ਵੀ ਮਚਦੀ ’ਤੇ ਘੀ ਪਾਉਂਦੀ ਰਹੀ।

ਆਦਿ ਗ੍ਰੰਥ ਦੀ ਸੰਪਾਦਨਾ: ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ 5869 ਸ਼ਬਦ ਹਨ, ਜਿਨ੍ਹਾਂ ’ਚੋਂ 2312 ਸ਼ਬਦ ਕੇਵਲ ਗੁਰੂ ਅਰਜਨ ਸਾਹਿਬ ਜੀ ਦੇ ਹਨ ਅਤੇ ਨਾਵੇਂ ਪਾਤਿਸ਼ਾਹ ਜੀ ਦੁਆਰਾ ਰਚੇ 116 ਸ਼ਬਦ ਬਾਅਦ ’ਚ ਦਸਮੇਸ਼ ਪਿਤਾ ਜੀ ਨੇ (ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਿਖੇ) ਦਰਜ ਕਰਵਾਏ ਗਏ। ਸਮੁੱਚੀ ਗੁਰਬਾਣੀ ’ਚੋਂ ਬਾਕੀ ਰਹੀ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ, 11 ਭੱਟਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ ਦੇ ਸ਼ਬਦ ਸੰਗ੍ਰਹਿ (ਕੁੱਲ 5869-2312-116 =) 3441 ਸ਼ਬਦਾਂ ਦਾ ਬਾਰੀਕੀ ਨਾਲ਼ ਅਧਿਐਨ ਕਰਦਿਆਂ ਤੇ ਗੁਰਬਾਣੀ ਦਾ ਸੰਪਾਦਨ (ਖਰੜੇ ਦੀ ਸੁਧਾਈ ਤੇ ਤਰਤੀਬ ਦੇਣਾ) ਕਰਦਿਆਂ ਵੀ ਕੁਝ ਕੁ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣ ਕਾਰਨ ਵੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ’ਚ ਕੁਝ ਵਾਧਾ ਹੋਇਆ; ਜਿਵੇਂ ਕਿ

(1). ਬਾਬਾ ਫ਼ਰੀਦ ਜੀ ਅਤੇ ਭਗਤ ਕਬੀਰ ਜੀ ਦੇ ਕੁਝ ਸਲੋਕ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣਾ :

(ੳ). ਕਬੀਰ ! ਟਾਲੈ ਟੋਲੈ ਦਿਨੁ ਗਇਆ; ਬਿਆਜੁ ਬਢੰਤਉ ਜਾਇ ॥  ਨਾ ਹਰਿ ਭਜਿਓ, ਨ ਖਤੁ ਫਟਿਓ; ਕਾਲੁ ਪਹੂੰਚੋ ਆਇ ॥੨੦੮॥ (ਭਗਤ ਕਬੀਰ ਜੀ/ ਅੰਕ ੧੩੭੫)

ਕਬੀਰ !  ਕੂਕਰੁ ਭਉਕਨਾ; ਕਰੰਗ ਪਿਛੈ ਉਠਿ ਧਾਇ ॥ ਕਰਮੀ ਸਤਿਗੁਰੁ ਪਾਇਆ; ਜਿਨਿ ਹਉ ਲੀਆ ਛਡਾਇ ॥੨੦੯॥ (ਗੁਰੂ ਅਰਜਨ ਸਾਹਿਬ/ ਅੰਕ ੧੩੭੫)

ਕਬੀਰ ! ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ; ਉਨ ਕਉ ਲਾਹੂ ਲਾਹਿ ॥੨੧੦॥ (ਗੁਰੂ ਅਰਜਨ ਸਾਹਿਬ/ ਅੰਕ ੧੩੭੫)

ਨੋਟ : ਕਬੀਰ ਜੀ ਨੇ ਉਕਤ 208ਵੇਂ ਸਲੋਕ ’ਚ ਸਮਝਾਇਆ ਗਿਆ ਕਿ ਬੰਦੇ ਨੇ ਨਾ ਹਰੀ ਨਾਮ ਜਪਿਆ, ਨਾ ਬੁਰੇ ਕੰਮ ਦਾ ਲੇਖਾ ਮਿਟਿਆ, ਸਗੋਂ ਵਿਆਜ ਹੋਰ ਵਧ ਗਿਆ ਕਿਉਂਕਿ ਬੰਦਾ ਨਾਮ ਜਪਣ ਵਾਲ਼ੇ ਪਾਸੇ ਮੁੜਨ ਤੋਂ ਸਦਾ ਟਾਲ-ਮਟੋਲ (ਲਾਰਾ-ਲੱਪਾ) ਕਰਦਾ ਰਿਹਾ। (ਭਗਤ ਕਬੀਰ ਜੀ/੨੦੮) ਭਾਵੇਂ ਕਿ ਇਹ ਵਿਸ਼ਾ ਅਧੂਰਾ ਨਹੀਂ ਕਿਹਾ ਜਾ ਸਕਦਾ, ਪਰ ਅੰਧੇ ਮਨੁੱਖ ਲਈ ਰੂਹਾਨੀਅਤ ਬੜਾ ਬਿਖੜਾ ਮਾਰਗ ਹੁੰਦਾ ਹੈ, ਇਸ ਲਈ ਗੁਰੂ ਜੀ ਨੇ ਦੁਨਿਆਵੀ ਮਿਸਾਲ ਨਾਲ਼ ਇਸ ਵਿਸ਼ੇ ਨੂੰ ਕੁਝ ਹੋਰ ਵਿਸਥਾਰ ਦੇਣਾ ਉਚਿਤ ਸਮਝਿਆ ਕਿ ਜਿਵੇਂ ਕੁੱਤਾ ਭੌਂਕਣ ਅਤੇ ਮੂਏ ਹੋਏ ਪਸ਼ੂ ਸਰੀਰ-ਪਿੰਜਰ ਵੱਲ ਜਾਣੋ ਨਹੀਂ ਹਟਦਾ ਭਾਵੇਂ ਕਿ ਉਸ ਨੂੰ ਪਤਾ ਹੈ ਕਿ ਇਸ ਨਾਲ ਮਾਸ ਨਹੀਂ, ਲਾਭ ਨਹੀਂ; ਇਉਂ ਮਨੁੱਖ ਵੀ ਅਰਥਹੀਣ ਮਾਯਾ ਵੱਲ ਹੀ ਦੌੜਦਾ ਰਹਿੰਦਾ ਹੈ।  ਨਸੀਬ ਨਾਲ਼ ਮੈਨੂੰ ਗੁਰੂ ਮਿਲ ਗਿਆ, ਜਿਸ ਨੇ ਇਹ ਪਾਣੀ ਰਿੜਕਣ ਵੱਲੋਂ ਮੋੜ ਲਿਆ (ਗੁਰੂ ਅਰਜਨ ਸਾਹਿਬ/209), ਧਰਤੀ; ਧਰਮਸ਼ਾਲ ਹੋਣ ਕਾਰਨ ਭਗਤਾਂ ਦੀ ਸੰਪਤੀ ਹੈ, ਪਰ ਭਾਗਹੀਣ ਅਭਗਤ ਮੱਲ ਬੈਠੇ ਹਨ ਭਾਵੇਂ ਕਿ ਧਰਮਸ਼ਾਲ (ਭਗਤਾਂ) ਨੂੰ ਕੋਈ ਨੁਕਸਾਨ ਨਹੀਂ, ਪਰ ਹੋ ਸਕਦਾ ਹੈ ਕਿ ਅਭਗਤ ਕੁਝ ਲਾਭ ਹੀ ਲੈ ਜਾਣ (ਗੁਰੂ ਅਰਜਨ ਸਾਹਿਬ/210)।

(ਅ).  ਫਰੀਦਾ ! ਮੈ ਜਾਨਿਆ ਦੁਖੁ ਮੁਝ; ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥੮੧॥ (ਭਗਤ ਫਰੀਦ ਜੀ/ ਅੰਕ ੧੩੮੨)

ਫਰੀਦਾ ! ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ (ਨੇ) ਨਿਵਾਜਿਆ; ਤਿੰਨ੍ਾ ਅੰਚ ਨ ਲਾਗ ॥੮੨॥ (ਗੁਰੂ ਅਰਜਨ ਸਾਹਿਬ/ ਅੰਕ ੧੩੮੨)

ਨੋਟ : ਬਾਬਾ ਫ਼ਰੀਦ ਜੀ ਦੇ ਇਸ 81ਵੇਂ ਸਲੋਕ ’ਚ ਵਚਨ ਹਨ ਕਿ ਸ਼ਾਇਦ ਮੈ ਸੋਚਿਆ ਦੁੱਖ ਕੇਵਲ ਮੈਨੂੰ ਹੀ ਹੈ ਪਰ ਇਨ੍ਹਾਂ ਤੋਂ ਥੋੜ੍ਹਾ ਉਤਾਂਹ ਉਠਦਿਆਂ ਪਤਾ ਲੱਗਾ ਕਿ ਸਾਰਾ ਸੰਸਾਰ ਹੀ ਦੁੱਖੀ ਹੈ (ਬਾਬਾ ਫ਼ਰੀਦ ਜੀ/81)।  ਗੁਰੂ ਅਰਜਨ ਸਾਹਿਬ ਜੀ ਇਸ ਵਿਸ਼ੇ ਨੂੰ ਥੋੜ੍ਹਾ ਹੋਰ ਵਿਸਤਾਰ ਦੇਣਾ ਚਾਹੁੰਦੇ ਹਨ ਕਿ ਧਰਤੀ ਤਾਂ ਸੋਹਣੀ (ਲਾਭਕਾਰੀ) ਸੀ ਪਰ ਇਸ ਵਿੱਚ ਇੱਕ ਜ਼ਹਿਰੀਲਾ (ਮਾਇਆਵੀ) ਬਾਗ਼ ਹੈ, ਪਰ ਜਿਸ ਬੰਦੇ ਨੂੰ (ਬਾਗ਼ ਦੇ ਮਾਲਕ) ਮਾਲੀ ਨੇ ਇਸ ਬਾਰੇ ਸਮਝਾ ਕੇ ਸੁਚੇਤ ਰੱਖਿਆ, ਉਨ੍ਹਾਂ ਨੂੰ (ਦੁੱਖਾਂ ਦਾ) ਸੇਕ ਨਹੀਂ ਲੱਗਦਾ (ਗੁਰੂ ਅਰਜਨ ਸਾਹਿਬ/82)।

(ੲ). ਫਰੀਦਾ ! ਪਿਛਲ ਰਾਤਿ ਨ ਜਾਗਿਓਹਿ; ਜੀਵਦੜੋ ਮੁਇਓਹਿ ॥ ਜੇ ਤੈ (ਨੇ) ਰਬੁ ਵਿਸਾਰਿਆ; ਤ ਰਬਿ (ਨੇ) ਨ ਵਿਸਰਿਓਹਿ ॥੧੦੭॥ (ਭਗਤ ਫਰੀਦ ਜੀ/ ਅੰਕ ੧੩੮੩)

ਫਰੀਦਾ ! ਦਿਲੁ ਰਤਾ ਇਸੁ ਦੁਨੀ ਸਿਉ; ਦੁਨੀ ਨ ਕਿਤੈ ਕੰਮਿ (’ਚ)॥ ਮਿਸਲ ਫਕੀਰਾਂ ਗਾਖੜੀ;  ਸੁ ਪਾਈਐ ਪੂਰ ਕਰੰਮਿ (ਭਾਵ ਭਾਗ ਨਾਲ਼)॥੧੧੧॥ (ਗੁਰੂ ਅਰਜਨ ਸਾਹਿਬ/ ਅੰਕ ੧੩੮੪)

ਨੋਟ : ਬਾਬਾ ਫ਼ਰੀਦ ਜੀ ਦੇ ਇਸ 107ਵੇਂ ਸਲੋਕ ’ਚ ਵਚਨ ਹਨ ਕਿ ਜਿਹੜਾ ਰਾਤ ਦੇ ਪਿੱਛਲੇ ਪਹਿਰ ਭਾਵ ਅੰਮ੍ਰਿਤ ਵੇਲ਼ੇ ਨਾ ਜਾਗਿਆ, ਸਮਝੋ ਉਹ ਜਿਊਂਦਿਆਂ ਹੀ ਮਰਿਆ ਹੋਇਆ ਹੈ। ਜੇ ਅਜਿਹੇ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਰੱਬ ਨੇ ਵੀ ਉਸ ਨੂੰ ਭੁਲਾ ਦਿੱਤਾ ਭਾਵ ਰੱਬ ਫਿਰ ਵੀ ਉਸ ਨੂੰ ਸੰਭਾਲ਼ਦਾ ਰਹਿੰਦਾ ਹੈ (ਬਾਬਾ ਫ਼ਰੀਦ ਜੀ/107)।  ਗੁਰੂ ਅਰਜਨ ਸਾਹਿਬ ਜੀ ਇਸ ਵਿਸ਼ੇ ਨੂੰ ਥੋੜ੍ਹਾ ਹੋਰ ਵਿਸਤਾਰ ਦਿੰਦਿਆਂ ਸਮਝਾਉਂਦੇ ਹਨ ਕਿ ਰੱਬ ਨੂੰ ਭੁਲਾਉਣ ਦਾ ਕਾਰਨ ਹੈ ਕਿ ਇਸ ਦਾ ਮਨ ਉਨ੍ਹਾਂ ਦੁਨੀਆਵੀ ਕੰਮਾਂ ’ਚ ਮਸਤ ਹੈ, ਜੋ ਅੰਤ ਨਾਲ਼ ਨਹੀਂ ਜਾਂਦੇ।  ਸੰਸਾਰ ਦਾ ਤਿਆਗ ਕਰਨ ਵਾਲ਼ੀ ਫ਼ਕੀਰੀ ਕਮਾਉਣੀ ਮੁਸ਼ਕਲ ਹੈ, ਭਾਗਾਂ ਨਾਲ਼ ਮਿਲਦੀ ਹੈ (ਗੁਰੂ ਅਰਜਨ ਸਾਹਿਬ/111)।

(2). ਭਗਤ ਬਾਣੀ ’ਚ ਸੰਕੇਤਕ ਸੁਧਾਰ :

(ੳ).  ਭਗਤ ਸੂਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਤੁਕ ਹੈ, ਜਿਸ ਨਾਲ਼ ਲਿਖਾਰੀ ਦਾ ਨਾਮ ਵੀ ਸ਼ਾਮਲ ਨਹੀਂ; ਜਿਵੇਂ ਕਿ, ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ ਗੁਰੂ ਅਰਜਨ ਸਾਹਿਬ ਜੀ ਨੇ ਇਸ ਤੁਕ ਤੋਂ ਬਾਅਦ ਹੀ ਜਿੱਥੇ ਆਪਣੇ ਸ਼ਬਦ ਦੇ ਸਿਰਲੇਖ ਵਿੱਚ ਭਗਤ ਸੂਰਦਾਸ ਜੀ ਦਾ ਨਾਮ ਪਾਇਆ, ਓਥੇ ਸ਼ਬਦ ਦੀ ਸਮਾਪਤੀ ’ਚ ਅੰਕ ॥੧॥੮॥ ਭਾਵ ਆਪਣਾ ਸ਼ਬਦ ੧ ਅਤੇ ਭਗਤ ਸ਼ਬਦਾਂ ਦੀ ਲੜੀ ਸੰਖਿਆ ੮ ਵੀ ਦੇ ਕੇ ਸਪਸ਼ਟ ਕੀਤਾ ਕਿ ਇਸ ਤੋਂ ਪਹਿਲਾਂ (ਉੱਪਰ) ਆਇਆ ਭਗਤ ਸੂਰਦਾਸ ਜੀ ਦਾ ਸ਼ਬਦ ਭਗਤਾਂ ਦੀ ਸ਼ਬਦ ਸੰਖਿਆ ਦਾ ਅੰਕ ੭ ਹੈ ਕਿਉਂਕਿ ਭਗਤ ਸੂਰਦਾਸ ਜੀ ਦੀ ਇਸ ਤੁਕ ਤੋਂ ਵੀ ਪਹਿਲਾਂ ਭਗਤ ਪਰਮਾਨੰਦ ਜੀ ਦੇ ਸ਼ਬਦ ਦੀ ਸਮਾਪਤੀ ’ਚ; ਸਾਰੰਗ ਰਾਗ ਦੇ ਭਗਤਾਂ ਦੇ ਕੁੱਲ ਸ਼ਬਦਾਂ ਦੀ ਸੰਖਿਆ ॥੧॥੬॥ ਮੌਜੂਦ ਹੈ, ‘‘ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿ ਗੁਰ ਪ੍ਰਸਾਦਿ ॥ ਹਰਿ ਕੇ ਸੰਗ; ਬਸੇ ਹਰਿ ਲੋਕ ॥ ਤਨੁ ਮਨੁ ਅਰਪਿ, ਸਰਬਸੁ ਸਭੁ ਅਰਪਿਓ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥ ਦਰਸਨੁ ਪੇਖਿ, ਭਏ ਨਿਰਬਿਖਈ; ਪਾਏ ਹੈ (ਹੈਂ) ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ; ਸੁੰਦਰ ਬਦਨ ਅਲੋਕ ॥੧॥  ਸਿਆਮ ਸੁੰਦਰ ਤਜਿ (ਕੇ), ਆਨ ਜੁ ਚਾਹਤ; ਜਿਉ ਕੁਸਟੀ ਤਨਿ ਜੋਕ ॥ ਸੂਰਦਾਸ !  ਮਨੁ ਪ੍ਰਭਿ (ਨੇ) ਹਥਿ (’ਚ) ਲੀਨੋ; ਦੀਨੋ ਇਹੁ ਪਰਲੋਕ ॥੨॥੧॥੮॥ (ਸਾਰੰਗ/ਗੁਰੂ ਅਰਜਨ ਸਾਹਿਬ/ਅੰਕ ੧੨੫੩)

(ਅ). ਭਗਤਾਂ ਦੇ ਨਿਜੀ ਜੀਵਨ ਨਾਲ਼ ਜੁੜੀਆਂ ਕੁਝ ਅਸਿਧਾਂਤਕ ਗੱਲਾਂ ਨੂੰ ਆਧਾਰ ਬਣਾ ਕੇ ਭਗਤਾਂ ਦੀ ਕਥਨੀ ਤੇ ਕਰਨੀ ਨੂੰ ਗੁਰਮਤਿ ਵਿਰੋਧੀ ਦਰਸਾਉਣ ਦੀਆਂ ਕੋਝੀਆਂ ਚਾਲਾਂ ਨੂੰ ਸਦੀਵੀ ਖ਼ਤਮ ਕਰਨ ਲਈ ਗੁਰੂ ਸਾਹਿਬ ਨੇ ਭਗਤਾਂ ਦੁਆਰਾ ਕੀਤੀ ਗਈ ਗੁਰੂ ਸੰਗਤ ਅਤੇ ਰੱਬੀ ਪ੍ਰੇਮਾ ਭਗਤੀ ਨੂੰ ਆਪਣੇ ਸ਼ਬਦ ਰਾਹੀਂ ਇਉਂ ਪ੍ਰਗਟ ਕੀਤਾ, ‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ (’ਚ) ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥’’ (ਆਸਾ/ ਗੁਰੂ ਅਰਜਨ ਸਾਹਿਬ/ ਅੰਕ ੪੮੮)

(3). ਗੁਰੂ ਰਾਮਦਾਸ ਜੀ ਦੁਆਰਾ ਰਚਿਤ ‘ਗਉੜੀ ਕੀ ਵਾਰ’, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 300 ਤੋਂ 318 ਤੱਕ ਦਰਜ ਹੈ, ਉਸ ਦੀਆਂ ਪਹਿਲਾਂ ਕੁੱਲ 28 ਪਉੜੀਆਂ ਸਨ, ਪਰ ਪਉੜੀ ਨੰਬਰ 26 ਦਾ ਇਹ ਵਿਸ਼ ‘‘ਪਉੜੀ ॥ ਜਿਨ ਕੇ ਚਿਤ ਕਠੋਰ ਹਹਿ; ਸੇ ਬਹਹਿ ਨ ਸਤਿਗੁਰ ਪਾਸਿ ॥ ਓਥੈ ਸਚੁ ਵਰਤਦਾ; ਕੂੜਿਆਰਾ ਚਿਤ ਉਦਾਸਿ ॥ ਓਇ ਵਲੁ ਛਲੁ ਕਰਿ ਝਤਿ ਕਢਦੇ; ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥ ਵਿਚਿ ਸਚੇ, ਕੂੜੁ ਨ ਗਡਈ; ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ, ਕੂੜਿਆਰੀ ਜਾਇ ਰਲੇ; ਸਚਿਆਰ ਸਿਖ, ਬੈਠੇ ਸਤਿਗੁਰ ਪਾਸਿ ॥੨੬॥’’ ਕੁਝ ਵਿਸਤਾਰ ਲਈ ਗੁਰੂ ਅਰਜਨ ਸਾਹਿਬ ਜੀ ਨੇ ਚੁਣਿਆ, ਜਿਨ੍ਹਾਂ ਆਪਣੇ ਵੱਲੋਂ ਪੰਜ ਪਉੜੀਆਂ 27, 28, 29, 30, ਤੇ 31 ਰਚ ਕੇ ਵਾਧਾ ਕੀਤਾ ਤੇ ਕੁਝ ਪਉੜੀ ਸਿਰਲੇਖ ਵੀ ਬਦਲਿਆ ਗਿਆ :

ਪਉੜੀ ੫ ॥.. ॥੨੭॥ (ਅੰਗ  ੩੧੫)

ਪਉੜੀ ੫ ॥.. ॥੨੮॥ (ਅੰਗ  ੩੧੫)

ਪਉੜੀ ੫ ॥.. ॥੨੯॥ (ਅੰਗ  ੩੧੫)

ਪਉੜੀ ਮ: ੫ ॥.. ॥੩੦॥ (ਅੰਗ  ੩੧੬)

ਪਉੜੀ ਮ: ੫ ॥..॥੩੧॥ (ਅੰਗ  ੩੧੭)

੨੮ ਪਉੜੀਆਂ ਵਾਲ਼ੀ ਇਸ ‘ਗਉੜੀ ਦੀ ਵਾਰ’ ’ਚ ਉਕਤ ਪੰਜ ਹੋਰ ਪਉੜੀਆਂ ਸ਼ਾਮਲ ਹੋਣ ਨਾਲ਼ ਗੁਰੂ ਰਾਮਦਾਸ ਜੀ ਦੀ ਪਉੜੀ ਸੰਖਿਆ ੨੭ਵੀਂ ਹੁਣ ੩੨ਵੀਂ ਹੋ ਗਈ ਤੇ ੨੮ਵੀਂ ਹੁਣ ਅੰਤਮ ੩੩ਵੀਂ ਹੋ ਗਈ।  ਗੁਰੂ ਅਰਜਨ ਸਾਹਿਬ ਜੀ ਦੁਆਰਾ ੨੬ਵੀਂ ਪਉੜੀ ’ਚ ਕੀਤਾ ਗਿਆ ਵਿਸਤਾਰ; ਉਕਤ ੨੬ਵੀਂ ਪਉੜੀ ਨਾਲ਼ ਜੋੜ ਕੇ ਗੁਰੂ ਅਰਜਨ ਸਾਹਿਬ ਦੀਆਂ ਹੇਠਲੀਆਂ 5 ਪਉੜੀਆਂ ਵਾਚਣ ਨਾਲ਼ ਵਿਸ਼ਾ ਵਧੇਰੇ ਸਪਸ਼ਟ ਹੋਏਗਾ :

ਪਉੜੀ ੫ ॥ ਲੈ ਫਾਹੇ ਰਾਤੀ ਤੁਰਹਿ; ਪ੍ਰਭੁ ਜਾਣੈ ਪ੍ਰਾਣੀ ! ॥ ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ ॥

ਸੰਨ੍ੀ ਦੇਨਿ੍ ਵਿਖੰਮ ਥਾਇ; ਮਿਠਾ ਮਦੁ ਮਾਣੀ ॥ ਕਰਮੀ ਆਪੋ ਆਪਣੀ; ਆਪੇ ਪਛੁਤਾਣੀ ॥ ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ॥੨੭॥

ਪਉੜੀ ੫ ॥ ਨਾਰਾਇਣਿ ਲਇਆ ਨਾਠੂੰਗੜਾ; ਪੈਰ ਕਿਥੈ ਰਖੈ ?॥ ਕਰਦਾ ਪਾਪ ਅਮਿਤਿਆ; ਨਿਤ ਵਿਸੋ ਚਖੈ ॥

ਨਿੰਦਾ ਕਰਦਾ ਪਚਿ ਮੁਆ; ਵਿਚਿ ਦੇਹੀ ਭਖੈ ॥ ਸਚੈ ਸਾਹਿਬਿ (ਨੇ) ਮਾਰਿਆ; ਕਉਣੁ ਤਿਸ ਨੋ ਰਖੈ ?॥ ਨਾਨਕ ! ਤਿਸੁ ਸਰਣਾਗਤੀ; ਜੋ ਪੁਰਖੁ ਅਲਖੈ ॥੨੮॥

ਪਉੜੀ ੫ ॥ ਤੁਸਿ ਦਿਤਾ ਪੂਰੈ ਸਤਿਗੁਰੂ; ਹਰਿ ਧਨੁ ਸਚੁ ਅਖੁਟੁ ॥ ਸਭਿ ਅੰਦੇਸੇ ਮਿਟਿ ਗਏ; ਜਮ ਕਾ ਭਉ ਛੁਟੁ ॥

ਕਾਮ ਕ੍ਰੋਧ ਬੁਰਿਆਈਆਂ; ਸੰਗਿ ਸਾਧੂ ਤੁਟੁ ॥ ਵਿਣੁ ਸਚੇ, ਦੂਜਾ ਸੇਵਦੇ; ਹੁਇ ਮਰਸਨਿ ਬੁਟੁ ॥ ਨਾਨਕ ਕਉ ਗੁਰਿ (ਨੇ) ਬਖਸਿਆ; ਨਾਮੈ ਸੰਗਿ ਜੁਟੁ ॥੨੯॥

ਪਉੜੀ ਮ: ੫ ॥ ਭਗਤ ਜਨਾਂ ਕਾ ਰਾਖਾ, ਹਰਿ ਆਪਿ ਹੈ; ਕਿਆ ਪਾਪੀ ਕਰੀਐ ?॥ ਗੁਮਾਨੁ ਕਰਹਿ ਮੂੜ ਗੁਮਾਨੀਆ; ਵਿਸੁ ਖਾਧੀ ਮਰੀਐ ॥

ਆਇ ਲਗੇ ਨੀ ਦਿਹ ਥੋੜੜੇ; ਜਿਉ ਪਕਾ ਖੇਤੁ, ਲੁਣੀਐ ॥ ਜੇਹੇ ਕਰਮ ਕਮਾਵਦੇ; ਤੇਵੇਹੋ ਭਣੀਐ ॥ ਜਨ ਨਾਨਕ ਕਾ ਖਸਮੁ ਵਡਾ ਹੈ; ਸਭਨਾ ਦਾ ਧਣੀਐ ॥੩੦॥

ਪਉੜੀ ਮ: ੫ ॥ ਨਾਨਕ ! ਵੀਚਾਰਹਿ ਸੰਤ ਮੁਨਿ ਜਨਾਂ; ਚਾਰਿ ਵੇਦ ਕਹੰਦੇ ॥ ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥

ਪਰਗਟ ਪਾਹਾਰੈ ਜਾਪਦੇ; ਸਭਿ ਲੋਕ ਸੁਣੰਦੇ ॥ ਸੁਖੁ ਨ ਪਾਇਨਿ ਮੁਗਧ ਨਰ; ਸੰਤ ਨਾਲਿ ਖਹੰਦੇ ॥

ਓਇ ਲੋਚਨਿ ਓਨਾ ਗੁਣਾ ਨੋ; ਓਇ ਅਹੰਕਾਰਿ (’ਚ) ਸੜੰਦੇ ॥ ਓਇ ਵੇਚਾਰੇ ਕਿਆ ਕਰਹਿ ? ਜਾਂ ਭਾਗ ਧੁਰਿ ਮੰਦੇ ॥

ਜੋ ਮਾਰੇ ਤਿਨਿ ਪਾਰਬ੍ਰਹਮਿ (ਨੇ); ਸੇ ਕਿਸੈ ਨ ਸੰਦੇ (ਭਾਵ ਉਹ ਕਿਸੇ ਦੇ ਨਹੀਂ) ॥ ਵੈਰੁ ਕਰਨਿ ਨਿਰਵੈਰ ਨਾਲਿ; ਧਰਮਿ ਨਿਆਇ ਪਚੰਦੇ ॥

ਜੋ ਜੋ ਸੰਤਿ (ਨੇ) ਸਰਾਪਿਆ; ਸੇ ਫਿਰਹਿ ਭਵੰਦੇ ॥ ਪੇਡੁ ਮੁੰਢਾਹੂ ਕਟਿਆ; ਤਿਸੁ ਡਾਲ ਸੁਕੰਦੇ ॥੩੧॥

ਹੁਣ ਅਗਾਂਹ ੩੨ਵੀਂ ਪਉੜੀ ਨੂੰ ਵੀ ਇੱਕ ਵਾਰ ਇਸ ੩੧ਵੀਂ ਪਉੜੀ ਨਾਲ਼ ਅਤੇ ਇੱਕ ਵਾਰ ਉਕਤ ੨੬ਵੀਂ ਪਉੜੀ ਨਾਲ਼ ਮਿਲਾ ਕੇ ਵਾਚਣਾ ਵੀ ਜ਼ਰੂਰੀ ਹੈ, ‘‘ਜੇਵੇਹੇ ਕਰਮ ਕਮਾਵਦਾ; ਤੇਵੇਹੇ ਫਲਤੇ ॥ ਚਬੇ ਤਤਾ ਲੋਹ ਸਾਰੁ (ਭਾਵ ਸਖ਼ਤ ਤੇ ਗਰਮ ਲੋਹਾ); ਵਿਚਿ ਸੰਘੈ ਪਲਤੇ (ਭਾਵ ਚੁੰਭਦੇ)॥ ਘਤਿ (ਪਾ ਕੇ) ਗਲਾਵਾਂ ਚਾਲਿਆ; ਤਿਨਿ ਦੂਤਿ ਅਮਲ ਤੇ ॥ ਕਾਈ (ਭਾਵ ਕੋਈ ਵੀ) ਆਸ ਨ ਪੁੰਨੀਆ (ਪੂਰੀ ਹੋਈ); ਨਿਤ ਪਰ ਮਲੁ ਹਿਰਤੇ ॥ ਕੀਆ ਨ ਜਾਣੈ ਅਕਿਰਤਘਣ; ਵਿਚਿ ਜੋਨੀ ਫਿਰਤੇ ॥ ਸਭੇ ਧਿਰਾਂ ਨਿਖੁਟੀਅਸੁ; ਹਿਰਿ ਲਈਅਸੁ ਧਰ ਤੇ (ਧਰਤੀ ਤੋਂ)॥ ਵਿਝਣ (ਮੁੱਕਣ) ਕਲਹ ਨ ਦੇਵਦਾ; ਤਾਂ ਲਇਆ ਕਰਤੇ ॥ ਜੋ ਜੋ ਕਰਤੇ ਅਹੰਮੇਉ; ਝੜਿ ਧਰਤੀ ਪੜਤੇ ॥੩੨॥’’ (ਗੁਰੂ ਰਾਮਦਾਸ ਜੀ/ ਅੰਗ ੩੧੭)

(4). ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਆਸਾ ਕੀ ਵਾਰ’ ਦੀਆਂ 24 ਪਉੜੀਆਂ ਦੇ ਆਪਣੇ-ਆਪਣੇ ਵਿਸ਼ੇ ਅਨੁਕੂਲ ਹਰ ਪਉੜੀ ਨਾਲ਼ 2 ਤੋਂ 5 ਤੱਕ ਸਲੋਕ ਸ਼ਾਮਲ ਕਰ ਕੇ ਸਿਰਲੇਖ ਵਜੋਂ ਲਿਖਿਆ, ‘‘ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’’ ਭਾਵ ਇਹ ਲਿਖਤ ਨਿਯਮ ਗੁਰੂ ਨਾਨਕ ਜੀ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ; ਇਸ ਤੋਂ ਸੇਧ ਲੈ ਕੇ ਬਾਕੀ ਉਚਾਰਨ ਕੀਤੀਆਂ ਸਲੋਕਾਂ ਰਹਿਤ ਕੁਝ ਵਾਰਾਂ ਦੀਆਂ ਸਾਰੀਆਂ ਪਉੜੀਆਂ ਦੇ ਆਪਣੇ-ਆਪਣੇ ਵਿਸ਼ੇ ਅਨੁਕੂਲ ਹੀ ਗੁਰੂ ਅਰਜਨ ਸਾਹਿਬ ਜੀ ਨੇ ਸਲੋਕ ਦਰਜ ਕੀਤੇ ਅਤੇ ਲੋੜ ਅਨੁਸਾਰ ਆਪ ਵੀ ਕੁਝ ਹੋਰ ਸਲੋਕ ਉਚਾਰ ਕੇ ਵਾਰ ਤਰਤੀਬ ਨੂੰ ਮੁਕੰਮਲਤਾ ਬਖ਼ਸ਼ੀ ਅਤੇ ਬਾਕੀ ਬਚੇ ਸਾਰੇ ਹੀ ਸਲੋਕ; ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1410 ’ਤੇ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਦਰਜ ਕਰ ਦਿੱਤੇ ਗਏ।

(5). ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1389 ਤੋਂ 1409 ਤੱਕ 11 ਭੱਟ ਸਾਹਿਬਾਨ ਵੱਲੋਂ 123 ਸ਼ਬਦ ਪਹਿਲੇ ਪੰਜ ਗੁਰ ਨਾਨਕ ਜੋਤਿ ਦੀ ਮਹਿਮਾ ਵਜੋਂ ਉਚਾਰੇ ਹੋਏ ਹਨ ਭਾਵੇਂ ਕਿ ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ’ਚ ਗੁਰੂ ਪਦ ‘‘ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥’’ (ਮ: ੫/ਅੰਗ ੩੮੭) ਦੀ ਮਹਿਮਾ ਤਾਂ ਕੀਤੀ ਹੈ ਪਰ ਭੱਟ ਸਾਹਿਬਾਨ ਵਾਙ ਵਿਅਕਤੀ ਵਿਸ਼ੇਸ਼ (ਗੁਰੂ ਨਾਨਕ ਜੋਤਿ) ਵਜੋਂ ਆਪਣੀ ਨਹੀਂ, ਇਸ ਲਈ ਮਤਾਂ ਕੋਈ ਇਸ ਵਿਸ਼ੇ ’ਤੇ ਸੰਦੇਹ ਪ੍ਰਗਟ ਕਰੇ, ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਆਪ ਵੀ 20 (11+9) ਸਵਯੇ ਉਚਾਰ ਕੇ ਭੱਟ ਬਾਣੀ ਦੇ ਅਗੇਤਰ ਅੰਕ 1385 ਤੋਂ 1389 ਤੱਕ ਦਰਜ ਕਰ ਦਿੱਤੇ (ਨੋਟ: ਭੱਟ ਸਾਹਿਬਾਨ ਤੋਂ ਇਲਾਵਾ ਬਾਣੀ ’ਚ ਸਵਯੇ ਕੇਵਲ ਗੁਰੂ ਅਰਜਨ ਸਾਹਿਬ ਦੁਆਰਾ ਹੀ ਰਚੇ ਗਏ ਹਨ)।

ਭੱਟ ਬਾਣੀ ਦੇ ਅਰੰਭ ’ਚ ਕਲਸਹਾਰ ਜੀ ਦੇ ਵਚਨ ਹਨ, ‘‘ਇਕ ਮਨਿ; ਪੁਰਖੁ ਧਿਆਇ ਬਰਦਾਤਾ ॥ ਸੰਤ ਸਹਾਰੁ ਸਦਾ ਬਿਖਿਆਤਾ ॥ ਤਾਸੁ (ਉਸ ਦੇ) ਚਰਨ ਲੇ; ਰਿਦੈ ਬਸਾਵਉ ॥ ਤਉ ਪਰਮ ਗੁਰੂ ਨਾਨਕ (ਦੇ) ਗੁਨ ਗਾਵਉ ॥੧॥’’ (ਸਵਈਏ ਮਹਲੇ ਪਹਿਲੇ ਕੇ/ਭਟ ਕਲੵ /੧੩੮੯), ਇਸ ਛੋਟੇ ਜਿਹੇ ਸ਼ਬਦ ਦੀ ਸਮਾਪਤੀ ਵਿਅਕਤੀ ਵਿਸ਼ੇਸ਼ (ਗੁਰੂ ਨਾਨਕ ਜੋਤਿ) ਨਾਲ਼ ਹੋਣ ਕਾਰਨ ਅਰੰਭਕ ਤੁਕ ‘‘ਇਕ ਮਨਿ; ਪੁਰਖੁ ਧਿਆਇ ਬਰਦਾਤਾ ॥’’ ’ਚ ਸੰਖੇਪ ਮਾਤਰ ਹੀ ਅਕਾਲ ਪੁਰਖ ਦਾ ਜ਼ਿਕਰ ਆਇਆ ਹੈ, ਇਸ ਲਈ ਗੁਰੂ ਜੀ ਨੇ ਰੱਬ ਦੀ ਵਿਆਖਿਆ ਨੂੰ ਥੋੜ੍ਹਾ ਹੋਰ ਵਿਸਤਾਰ ਦੇਣਾ ਉਚਿਤ ਸਮਝਿਆ ਭਾਵੇਂ ਕਿ ਭੱਟ ਜੀ ਵਾਙ ‘ਪੁਰਖ’ ਸ਼ਬਦ ਦੀ ਵਰਤੋਂ ਨਾਲ਼ ਸ਼ਬਦ ਸ਼ੁਰੂ ਅਤੇ ਭੱਟ ਜੀ ਵਾਙ ਹੀ ‘ਨਾਨਕ ਜੋਤਿ’ ਮਹਿਮਾ ਨਾਲ਼ ਸ਼ਬਦ ਦੀ ਸਮਾਪਤੀ ਕੀਤਾ, ‘‘ਆਦਿ ਪੁਰਖ ਕਰਤਾਰ; ਕਰਣ ਕਾਰਣ ਸਭ ਆਪੇ ॥ ਸਰਬ ਰਹਿਓ ਭਰਪੂਰਿ; ਸਗਲ ਘਟ ਰਹਿਓ ਬਿਆਪੇ ॥ ਬੵਾਪਤੁ ਦੇਖੀਐ ਜਗਤਿ (’ਚ), ਜਾਨੈ ਕਉਨੁ ਤੇਰੀ ਗਤਿ? ਸਰਬ ਕੀ ਰਖੵਾ ਕਰੈ, ਆਪੇ ਹਰਿ ਪਤਿ ॥ ਅਬਿਨਾਸੀ ਅਬਿਗਤ; ਆਪੇ ਆਪਿ ਉਤਪਤਿ ॥ ਏਕੈ ਤੂਹੀ ਏਕੈ; ਅਨ ਨਾਹੀ, ਤੁਮ ਭਤਿ ॥ ਹਰਿ ਅੰਤੁ ਨਾਹੀ ਪਾਰਾਵਾਰੁ; ਕਉਨੁ ਹੈ ? ਕਰੈ ਬੀਚਾਰੁ; ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥ ਜਨੁ ਨਾਨਕੁ ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ, ਕਿਆ ਬਖਾਨੈ ?॥  ਹਾਂ ਕਿ ਬਲਿ ਬਲਿ, ਬਲਿ ਬਲਿ; ਸਦ ਬਲਿਹਾਰਿ ॥੧॥ (ਸਵਈਏ ਸ੍ਰੀ ਮੁਖਬਾਕੵ , ਗੁਰੂ ਅਰਜਨ ਸਾਹਿਬ ਜੀ/ ਅੰਗ ੧੩੮੫)

ਸੋ ਸੰਸਾਰ ’ਚ ਅਖੌਤੀ ਦੇਹਧਾਰੀ ਗੁਰੂ ਵੀ ਪ੍ਰਗਟ ਹੁੰਦੇ ਆਏ ਹੈਂ, ਜਿਨ੍ਹਾਂ ਤੋਂ ਸੁਚੇਤ ਰਹਿਣ ਲਈ ਆਪਣੇ ਅੰਤਮ 20ਵੇਂ ਸਵੱਈਏ ’ਚ ਵਚਨ ਕੀਤੇ, ‘‘ਉਦਮੁ ਕਰਿ ਲਾਗੇ ਬਹੁ ਭਾਤੀ; ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥ ਭਸਮ ਲਗਾਇ ਤੀਰਥ ਬਹੁ ਭ੍ਰਮਤੇ; ਸੂਖਮ ਦੇਹ ਬੰਧਹਿ ਬਹੁ ਜਟੂਆ ॥ ਬਿਨੁ ਹਰਿ ਭਜਨ, ਸਗਲ ਦੁਖ ਪਾਵਤ; ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ (ਭਾਵ ਤਾਰਾਂ-ਪਖੰਡ ਦੇ ਜਾਲ) ॥ ਪੂਜਾ ਚਕ੍ਰ ਕਰਤ ਸੋਮਪਾਕਾ; ਅਨਿਕ ਭਾਂਤਿ ਥਾਟਹਿ (ਕਰਦੇ ਹਨ), ਕਰਿ ਥਟੂਆ (ਭਾਵ ਕਈ ਭੇਖ) ॥੨॥੧੧॥੨੦॥ (ਸਵਈਏ ਸ੍ਰੀ ਮੁਖਬਾਕੵ, ਗੁਰੂ ਅਰਜਨ ਸਾਹਿਬ ਜੀ/ਅੰਗ ੧੩੮੯), ਇਸ ਸ਼ਬਦ ਉਪਰੰਤ 11 ਭੱਟਾਂ ਦੀ ਬਾਣੀ ਰਾਹੀਂ ‘ਪੰਜ ਗੁਰੂ ਨਾਨਕ ਜੋਤਿ’ ਮਹਿਮਾ ਸ਼ੁਰੂ ਹੁੰਦੀ ਹੈ।

ਭੱਟ ਬਾਣੀ ਦੇ 123 ਸ਼ਬਦਾਂ ਦੀ ਸਮਾਪਤੀ ਅੰਕ 1409 ’ਤੇ ਹੁੰਦੀ ਹੈ, ਜਿੱਥੇ ਗੁਰੂ ਜੀ ਨੇ ਆਪਣੇ 20 (11+9) ਸਵਯੇ ਵੀ ਨਾਲ਼ ਹੀ ਜੋੜ ਕੇ ਅੰਕ ਸੰਖਿਆ 143 ਇਕੱਠਾ ਹੀ ਨਹੀਂ ਕੀਤੀ ਬਲਕਿ ਸਭ ਦਾ ਸਾਂਝਾ ਵਿਸ਼ਾ (ਵਿਅਕਤੀ ਵਿਸ਼ੇਸ਼ ਨਾਨਕ ਜੋਤਿ ਮਹਿਮਾ) ਵੀ ਸਿੱਧ ਕਰ ਦਿੱਤਾ, ‘‘ਕਾਟੇ ਸੁ ਪਾਪ ਤਿਨ੍ ਨਰਹੁ ਕੇ; ਗੁਰੁ ਰਾਮਦਾਸੁ ਜਿਨ੍ ਪਾਇਯਉ॥ ਛਤ੍ਰੁ ਸਿੰਘਾਸਨੁ ਪਿਰਥਮੀ; ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/ਅੰਗ ੧੪੦੯)

ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਗੁਰਬਾਣੀ ਸੰਗ੍ਰਹਿ ਨੂੰ ਇੱਕ ਜਿਲਦ ’ਚ ਲਿਆਉਣ ਲੱਗਿਆਂ ਉਸ ਦੀ ਸ਼ਬਦ ਤਰਤੀਬ, ਵਿਸ਼ਾ ਤਰਤੀਬ, ਰਾਗ ਤਰਤੀਬ, ਮੂਲ ਮੰਤਰ ਤਰਤੀਬ, ਅੰਕ ਸੰਖਿਆ ਕ੍ਰਮ, ਆਦਿ ਪੱਖ ਵਾਚਨੇ ਬੜੀ ਵੱਡੀ ਅਤੇ ਮਹੱਤਵ ਪੂਰਨ ਜ਼ਿੰਮੇਵਾਰੀ ਹੁੰਦੀ ਹੈ।  ਸੰਨ 1601 ’ਚ ਜਦ ਰਾਮਸਰ ਸਰੋਵਰ ਤਿਆਰ ਕੀਤਾ ਗਿਆ ਤਾਂ ਉਸ ਦੇ ਕਿਨਾਰੇ ਹੀ ਇੱਕ ਨਿਵੇਕਲਾ ਕਮਰਾ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਵੀ ਬਣਾਇਆ ਗਿਆ। ਇਹ ਮਹਾਨ ਕਾਰਜ ਭਾਈ ਗੁਰਦਾਸ ਜੀ ਦੀ ਮਦਦ ਨਾਲ਼ ਸੰਪੂਰਨ ਕੀਤਾ ਤੇ ਇਸ ਦੇ ਅੰਤ ਵਿੱਚ ਮੁੰਦਵਣੀ (ਮੋਹਰ) ਵੀ ਲਾਈ ਗਈ ਤਾਂ ਜੋ ਕਦੀਂ ਕੱਚੀ ਬਾਣੀ ਜੋੜਨ ਦੀ ਗੁਜਾਇਸ਼ ਨਾ ਬਚੇ।  ਇਸੇ ਮੁੰਦਾਵਣੀ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ (116 ਸ਼ਬਦ) ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੇ ਤਾਂ ਜੋ ਮੁੰਦਾਵਣੀ ਅੰਤ ’ਚ ਹੀ ਰਹੇ। ਇਹ ਕਾਰਜ 31 ਜੁਲਾਈ 1604 ਤੱਕ ਮੁਕੰਮਲ ਹੋ ਗਿਆ।  16 ਅਗਸਤ 1604 ਨੂੰ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ ਗਿਆ ਤੇ ਪਹਿਲਾ ਪਾਠ ਕਰਨ ਦਾ ਮਾਣ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ।  ਗੁਰੂ ਗ੍ਰੰਥ ਸਾਹਿਬ ਦੀ ਦਾ ਅਰੰਭਕ ਨਾਂ ‘ਆਦਿ ਗ੍ਰੰਥ’ ਰੱਖਿਆ ਗਿਆ।

ਗੁਰੂ ਸਾਹਿਬ ਜੀ ਦੀ ਸ਼ਹੀਦੀ : ਗੁਰੂ ਜੀ ਨੇ ਸੰਨ 1581 ’ਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ਼ੀ।  25 ਸਾਲ ਦੇ ਆਪਣੇ ਦੁਨਿਆਵੀ ਸਫਰ  ਦੌਰਾਨ 4 ਨਵੇਂ ਨਗਰ ਵਸਾਏ, ਕਈ ਬਾਉਲੀਆਂ ਤੇ ਖੂਹ ਲਵਾਏ, ਕਈ ਸਮਾਜਕ ਸੇਵਾ ਦੇ ਪ੍ਰਾਜੈਕਟ (ਕੋੜੀ ਆਸ਼ਰਮ, ਦਵਾਖ਼ਾਨੇ, ਕਾਲ ਪੈ ਜਾਣ ’ਤੇ ਜਗ੍ਹਾ-ਜਗ੍ਹਾ ਲੰਗਰ ਲਗਾਉਣਾ ਆਦਿ) ਨੇਪਰੇ ਚਾੜ੍ਹੇ, ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ, ਕਰਮਕਾਂਡੀਆਂ ਤੇ ਪਾਖੰਡੀਆਂ ਦੇ ਪ੍ਰਭਾਵ ਤੋਂ ਮੁਕਤ ਕਰ ਆਮ ਹਿੰਦੂ ਤੇ ਮੁਸਲਮਾਨਾਂ ਨੂੰ ਸ਼ਬਦ ਗੁਰੂ ਦੇ ਲੜ ਲਗਾ ਕੇ ਇੱਕ ਅਕਾਲ ਪੁਰਖ ਉੱਤੇ ਭਰੋਸਾ ਕਰਨਾ ਸਿਖਾਇਆ ਤਾਂ ਜੋ ਮਾਨਵਤਾ ਦੇ ਭਲੇ ਲਈ, ਸਮਾਜਕ ਸੇਵਾ ਵਿੱਚ ਸਾਰੇ ਹੀ ਇੱਕ ਦੂਸਰੇ ਦਾ ਸਾਥ ਦੇਣ ਅਤੇ ਆਪਸੀ ਪਿਆਰ ਵਧੇ।  ਅਜਿਹੀ ਮਾਨਵ ਹਿਤਕਾਰੀ ਕ੍ਰਾਂਤੀ ਵੇਖ ਕੇ ਪ੍ਰਿਥੀਚੰਦ ਸਮੇਤ ਫ਼ਿਰਕੂ ਹਿੰਦੂ ਅਤੇ ਪੱਖਪਾਤੀ ਮੌਲਵੀਆਂ ਅੰਦਰ ਸੜਨ ਪੈਦਾ ਹੋਣਾ ਸੁਭਾਵਕ ਸੀ।  16 ਅਕਤੂਬਰ 1605 ਨੂੰ ਅਕਬਰ ਬਾਦਸ਼ਾਹ ਦੀ ਮੌਤ ਹੋ ਗਈ। ਜਹਾਂਗੀਰ ਦੇ ਰਾਜ ਵਿੱਚ ਅਕਬਰ ਦੀ ਸੁਲਹਕੁਲ ਪਾਲਿਸੀ ਛੱਡ ਕੇ ਗ਼ੈਰ ਮੁਸਲਮਾਨਾਂ ਨਾਲ਼ ਧੱਕਾ ਹੋਣ ਲੱਗਾ।  ਆਪਣੇ ਨਾਨਕੇ ਰਾਜਪੂਤਾਂ (ਜੋਧਪੁਰੀਆਂ) ਨੂੰ ਛੱਡ ਕੇ ਮੁੜ ਹਰ ਜਗ੍ਹਾ ਜਜ਼ੀਆ ਲਾ ਦਿੱਤਾ ਗਿਆ ਤੇ ਮੰਦਿਰ ਢਾਹੁਣੇ ਸ਼ੁਰੂ ਕਰ ਦਿੱਤੇ ਗਏ।

(ਨੋਟ : ਇਹ ਜੋਧਪੁਰੀਏ ਰਾਜਪੂਤ ਉਹੀ ਸਨ, ਜਿਨ੍ਹਾਂ ਦੀ ਅਕਬਰ ਨਾਲ਼ ਵਿਆਹੀ ਧੀ ਨਾਲ਼ ਬੀਰਬਲ ਦਹੇਜ ਵਜੋਂ ਆਇਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਘਰਸ਼ ਦੌਰਾਨ ਇਨ੍ਹਾਂ ਕੋਲ਼ ਆਪਸੀ ਸੁਲਹਾ ਲਈ ਭੇਜੇ ਸਿੱਖ-ਦੂਤਾਂ ਨੂੰ ਇਨ੍ਹਾਂ ਨੇ ਮਾਰ ਦਿੱਤਾ ਸੀ।)

ਜਹਾਂਗੀਰ ਦੀ ਜਗ੍ਹਾ ਮੁਗ਼ਲ ਹਾਕਮ ਆਪ ਬਣਨ ਲਈ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗ਼ਾਵਤ ਕਰ ਦਿੱਤੀ। ਜੀਵਦਿਆਂ ਅਕਬਰ ਵੀ ਚਾਹੁੰਦਾ ਸੀ ਕਿ ਉਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਪੋਤਰਾ ਖੁਸਰੋ ਹੀ ਤਖ਼ਤ ’ਚੇ ਬੈਠੇ ਕਿਉਂਕਿ ਜਹਾਂਗੀਰ ਅੱਯਾਸ਼ੀ ਸ਼ਹਿਜ਼ਾਦਾ ਸੀ, ਪਰ ਅਜਿਹਾ ਨਾ ਹੋ ਸਕਿਆ।  ਜਹਾਂਗੀਰ, ਬਾਗ਼ੀ ਖੁਸਰੋ ਨੂੰ ਕੈਦ ਕਰਨਾ ਚਾਹੁੰਦਾ ਸੀ। ਉਹ ਮਥਰਾ ਤੋਂ ਹਜ਼ਾਰਾਂ ਫ਼ੌਜਾਂ ਨਾਲ਼ ਲੈ ਕੇ ਲਾਹੌਰ ਵੱਲ ਨਿਕਲ ਪਿਆ।  ਗੋਇੰਦਵਾਲ ਕੋਲ਼ੋਂ ਬਿਆਸ ਦਰਿਆ ਪਾਰ ਕਰਦਿਆਂ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਮਿਲਿਆ ਹੋਵੇ। ਉਹ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਸਫਲਤਾ ਨਾ ਮਿਲੀ ਤੇ ਆਖ਼ਿਰ ਪਹਿਲੀ ਮਈ 1606 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜਹਾਂਗੀਰ ਵੀ ਲਾਹੌਰ ਆ ਗਿਆ। ਖੁਸਰੋ ਦੀ ਮਦਦ ਕਰਨ ਵਾਲ਼ਿਆਂ ਦੀ ਤਲਾਸ਼ ਸ਼ੁਰੂ ਹੋਈ। ਕਈਆਂ ਨੇ ਬਦਲਾਖ਼ੋਰੀ ’ਚ ਝੂਠੀਆਂ ਸ਼ਿਕਾਈਤਾਂ ਵੀ ਕੀਤੀਆਂ। ਇਨੀਂ ਦਿਨੀਂ ਕਲਾਨੌਰ ਦਾ ਇੱਕ ਖੱਤਰੀ ਚੰਦੂ ਵੀ ਮੁਗ਼ਲਾਂ ਦਾ ਜੀਅ ਹਜ਼ੂਰ ਸੀ, ਜਿਸ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ ਸੀ, ਪਰ ਉਸ ਦੀ ਅਹੰਕਾਰੀ ਬਿਰਤੀ ਵੇਖ ਸੰਗਤਾਂ ਦੇ ਕਹਿਣ ’ਤੇ ਇਹ ਰਿਸ਼ਤਾ ਮੋੜ ਦਿੱਤਾ ਸੀ।  ਚੰਦੂ ਨੇ ਇਸ ਈਰਖਾ ਕਾਰਨ ਗੁਰੂ ਸਾਹਿਬ ਜੀ ਵੱਲੋਂ ਖੁਸਰੋ ਨੂੰ ਅਸ਼ੀਰਵਾਦ ਦੇਣ ਬਾਰੇ ਝੂਠੀ ਚੁਗ਼ਲੀ ਜਹਾਂਗੀਰ ਪਾਸ ਕੀਤੀ। ਚੰਦੂ ਨੂੰ ਇਸ ਅਪਰਾਧ ਵਿੱਚੋਂ ਸੁਰਖ਼ਰੂ ਕਰਨ ਲਈ ਬਾਅਦ ’ਚ ਚੰਦੂ ਦੀ ਨੂੰਹ/ਧੀ ਦੇ ਨਾਂ ਹੇਠ ਇਹ ਕਹਾਣੀ ਘੜੀ ਗਈ ਕਿ ਜਦ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਸਿਰ ’ਤੇ ਰੇਤ ਪਾਈ ਜਾ ਰਹੀ ਸੀ ਤਾਂ ਚੰਦੂ ਦੀ ਧੀ ਨੇ ਠੰਡਾ ਪਾਣੀ ਪਿਲਾਇਆ, ਇਸ ਕਾਰਨ ਹੀ ਅੱਜ ਛਬੀਲਾਂ ਲਾਈਆਂ ਜਾਂਦੀਆਂ ਹਨ, ਪਰ ਇਹ ਨਿਰੋਲ ਝੂਠ ਹੈ ਕਿਉਂਕਿ ਤਸੀਹੇ ਦੇਣ ਵੇਲ਼ੇ ਕੋਲ ਖੜ੍ਹਾ ਚੰਦੂ ਇਸ ਹੁਕਮ ਦਾ ਵਿਰੋਧ ਵੀ ਕਰ ਸਕਦਾ ਸੀ।

ਪਹਿਲੀ ਮਈ 1606 ਨੂੰ ਲਾਹੌਰ ਵਿਖੇ ਹੋਈ ਖੁਸਰੋ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 26 ਅਪਰੈਲ 1606 ਨੂੰ ਜਹਾਂਗੀਰ ਗੋਇੰਦਵਾਲ ਤੋਂ ਬਿਆਸ ਦਰਿਆ ਪਾਰ ਕਰਕੇ ਰਾਤ ਵੇਲ਼ੇ ਝਬਾਲ ਦੀ ਸਰਾਂ ਵਿੱਚ ਰੁਕਿਆ ਸੀ। ਇਸ ਵੇਲੇ ਤੱਕ ਉਸ ਨੇ ਗੁਰੂ ਸਾਹਿਬ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੁਣੀ ਸੀ। ਹਾਲਾਂ ਕਿ ਉਹ ਖੁਸਰੋ ਦੀ ਜ਼ਰਾ-ਮਾਸਾ ਵੀ ਮਦਦ ਕਰਨ ਵਾਲ਼ੇ ਹਰ ਸ਼ਖ਼ਸ ਨੂੰ ਸਜ਼ਾ ਸੁਣਾ ਰਿਹਾ ਸੀ।  ਅਜਿਹਾ ਜਾਪਦਾ ਹੈ ਕਿ ਗੁਰੂ ਜੀ ਦੇ ਖ਼ਿਲਾਫ਼ ਜਹਾਂਗੀਰ ਦੇ ਕੰਨ ਪਹਿਲਾਂ ਹੀ ਲਾਹੌਰ ਵਿੱਚ ਇਕੱਠੇ ਹੋਏ ਬੈਠੇ ਫ਼ਿਰਕੂ ਮੌਲਵੀਆਂ ਤੇ ਕਰਮਕਾਂਡੀ ਬ੍ਰਾਹਮਣਾਂ ਨੇ ਭਰੇ ਸਨ, ਇਨ੍ਹਾਂ ਵਿੱਚ ਚੰਦੂ ਤੇ ਸ਼ੈਖ਼ ਅਹਿਮਦ ਸਾਹਰਿੰਦੀ ਪ੍ਰਮੁੱਖ ਸਨ।  22 ਮਈ ਨੂੰ ਲਾਹੌਰ ਤੋਂ ਜਹਾਂਗੀਰ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਸੁਣਾਇਆ।  ਗੁਰੂ ਸਾਹਿਬ ਨੂੰ ਇਸ ਦਾ ਪਤਾ ਅਗਲੇ ਹੀ ਦਿਨ ਲੱਗ ਗਿਆ।  ਗੁਰੂ ਜੀ ਨੇ 25 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਆਪ ਖ਼ੁਦ ਹੀ ਅਗਲੇ ਦਿਨ 26 ਮਈ ਨੂੰ ਲਾਹੌਰ ਪੁੱਜ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ-ਓ-ਸਿਆਸਤ ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ।  ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਦਾ, ਮੁਤਾਬਕ ਗੁਰੂ ਜੀ ਨੂੰ ਚਾਰ ਦਿਨ ਰਾਵੀ ਨਦੀ ਦੇ ਕੰਢੇ ‘ਤੱਤੀ ਤਵੀ ਵਾਂਗ’ ਤਪਦੀ ਹੋਈ ਰੇਤ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ। ਮਗਰੋਂ, ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਰਾਵੀ ਦਰਿਆ ਵਿੱਚ ਰੋੜ੍ਹ ਦਿੱਤਾ ਗਿਆ। (ਚੈਪਟਰ 5, ਬੰਦ 137-39), ਜਹਾਂਗੀਰ ‘ਤੁਜ਼ਕਿ-ਜਹਾਂਗੀਰ’ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਦਾ ਖੁਸਰੋ ਨਾਲ਼ ਮੇਲ਼ ਹੋਇਆ ਅਤੇ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਿਹਾ ਸੀ।  ਇਸ ਲਈ ਉਸ ਨੇ ਗੁਰੂ ਘਰ ਨੂੰ ਝੂਠ ਦੀ ਦੁਕਾਨ ਵੀ ਕਿਹਾ ਸੀ।

ਕ੍ਰਿਪਾ ਇਸ ਲੇਖ ਬਾਰੇ ਆਪਣਾ ਸੁਝਾਅ ਦਿਓ।

ਹਿੰਦੁਸਤਾਨ ਬਨਾਮ ਭਾਰਤ

0

ਹਿੰਦੁਸਤਾਨ ਬਨਾਮ ਭਾਰਤ

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ) ਇੰਡੀਆ ਸੰਪਰਕ 98995-63906

 ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਰਚਿਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਮੁਤਾਬਕ ਮਾਨਵ-ਏਕਤਾ ਦੇ ਮੁਦੱਈ ਗੁਰੂ ਨਾਨਕ ਸਾਹਿਬ ਜੀ ਵੇਲੇ    ਰਾਸ-ਕੁਮਾਰੀ ਤੋਂ ਹਿਮਾਲਿਆ ਤੱਕ ਅਤੇ ਦਰਾ ਖ਼ੈਬਰ ਤੋਂ ਬਰਮਾ ਤੱਕ ਦੇ ਸਾਰੇ ਇਲਾਕੇ ਅਥਵਾ ਦੇਸ਼ ਨੂੰ ‘ਹਿੰਦੁਸਤਾਨ’ ਆਖਿਆ ਜਾਂਦਾ ਸੀ । ਮਹਾਨ-ਕੋਸ਼ ਅਨੁਸਾਰ ਇਸ ਦੀ ਕੁੱਲ ਲੰਬਾਈ 1900 ਮੀਲ ਅਤੇ ਚੌੜਾਈ 1500 ਮੀਲ ਸੀ । ਧਰਤਿ-ਲੋਕਾਈ ਦੇ ਸੁਧਾਰ ਹਿੱਤ ਪ੍ਰਚਾਰਕ-ਦੌਰੇ (ਉਦਾਸੀਆਂ) ਕਰਦਿਆਂ ਜਗਤ ਦਾ ਗ਼ਮਖ਼ਾਰ ਬਾਬਾ ਨਾਨਕ ਸੰਨ 1521 (ਸੰਮਤ 1578) ਨੂੰ ਭਾਈ ਲਾਲੋ ਦੇ ਘਰ ਨਗਰ ਏਮਨਾਬਾਦ (ਸੈਦਪੁਰ) ਜ਼ਿਲਾ ਗੁਜਰਾਂਵਾਲਾ ਵਿੱਚ ਸਨ, ਜਦੋਂ ਬਾਦਸ਼ਾਹ ਬਾਬਰ; ਕਾਬਲ ਤੋਂ ਹਿੰਦੁਸਤਾਨ ’ਤੇ ਹਮਲਾਵਰ ਹੋਇਆ । ਸ਼ੇਰ-ਮਰਦ ਗੁਰੂ ਬਾਬੇ ਨੇ ਜਿੱਥੇ ਬਾਬਰ ਦੀ ਜ਼ਾਲਮ ਸੈਨਾ ਨੂੰ ‘ਪਾਪ ਕੀ ਜੰਞ’ ਕਹਿਣ ਦੀ ਦਲੇਰੀ ਦਿਖਾਈ, ਉੱਥੇ ਨਾਲ ਹੀ ਦੇਸ਼ ਵਾਸੀਆਂ ਦੀ ਡਰਪੋਕ ਤੇ ਭੈ-ਭੀਤ ਮਾਨਸਕ ਦਸ਼ਾ ਪ੍ਰਗਟਾਉਣ ਅਤੇ ਹਮਲੇ ਨੂੰ ਨਾ ਭੁੱਲਣ ਵਾਲੀ ਘਟਨਾ ਦਰਸਾਉਣ ਹਿੱਤ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ ਸੀ । ਅਜਿਹੇ ਲਫ਼ਜ਼ਾਂ ਵਾਲੇ ਉਹ ਪੂਰੇ ਗੁਰਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਨਾਨਕ-ਬਾਣੀ ਅੰਦਰ ਇਸ ਪ੍ਰਕਾਰ ਅੰਕਿਤ ਹਨ : ‘‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ ॥ (ਆਸਾ, ਗੁਰੂ ਨਾਨਕ ਜੀ, ਅੰਕ ੩੬੦), ਕਾਇਆ ਕਪੜੁ ਟੁਕੁ ਟੁਕੁ ਹੋਸੀ, ਹਿਦੁਸਤਾਨੁ ਸਮਾਲਸੀ ਬੋਲਾ ॥’’ (ਤਿਲੰਗ, ਗੁਰੂ ਨਾਨਕ ਜੀ, ਅੰਕ ੭੨੩) ਪਰ ਇਸ ਦਾ ਕਦਾਚਿਤ ਵੀ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਸਮੇਂ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕਹੇ ਹੋਏ ਵਾਕਾਂ ਦੀ ਰੌਸ਼ਨੀ ਵਿੱਚ ਸਿੱਖ ਹੁਣ ਭਾਰਤ (ਇੰਡੀਆ) ਨੂੰ ਵੀ ‘ਹਿੰਦੁਸਤਾਨ’ ਕਹੀ ਜਾਣ। ਜਿਵੇਂ ਕਿ ਆਰ. ਐੱਸ. ਐੱਸ. ਵੱਲੋਂ ਸਿੱਖ ਜਗਤ ਨੂੰ ਗੁੰਮਰਾਹ ਕਰਨ ਲਈ ਬਣਾਈ ਗਈ ‘ਰਾਸ਼ਟਰੀ ਸਿੱਖ ਸੰਗਤ’ ਦੇ ਪ੍ਰਚਾਰਕ ਉਪਰੋਕਤ ਗੁਰ ਵਾਕਾਂ ਦਾ ਹਵਾਲਾ ਦਿੰਦੇ ਹੋਏ ਪ੍ਰਚਾਰ ਕਰ ਰਹੇ ਹਨ ਕਿ ‘ਸਿੱਖਾਂ ਨੂੰ ਤਾਂ ਆਪਣੇ ਆਪ ਨੂੰ ਹਿੰਦੂ-ਸਿੱਖ ਮਾਣ ਨਾਲ ਕਹਿਣਾ ਚਾਹੀਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਦਾ ਨਾਂ ‘ਹਿੰਦੁਸਤਾਨ’ ਪ੍ਰਵਾਨ ਕੀਤਾ ਹੈ ਤੇ ਪ੍ਰਚਾਰਿਆ ਹੈ, ਜਿਸ ਦਾ ਇੱਕੋ-ਇੱਕ ਅਰਥ ਹੈ : ਹਿੰਦੂਆਂ ਦੇ ਰਹਿਣ ਦਾ ਸਥਾਨ।

ਦੇਸ਼ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਨਾਲ ਦੇਸ਼ ਦੀ ਰਾਜਨੀਤਕ ਤੇ ਸਮਾਜਕ ਅਵਸਥਾ ਬਦਲਣ ਵੇਲੇ ਇਸ ਦੇ ਨਾਂ ਵੀ ਬਦਲਦੇ ਰਹੇ ਹਨ । ਜਦੋਂ ਆਰੀਆ ਲੋਕ ਮੱਧ ਏਸ਼ੀਆ ਵਿੱਚੋਂ ਉੱਠ ਕੇ ਇਸ ਦੇਸ਼ ਵਿੱਚ ਆ ਕੇ ਕਾਬਜ਼ ਹੋਏ, ਜਿਹੜੇ ਆਪਣੇ ਆਪ ਨੂੰ ਇੱਥੋਂ ਦੇ ਮੂਲ ਵਾਸੀ ਦ੍ਰਾਵੜ ਆਦਿਕਾਂ ਨਾਲੋਂ ਸ੍ਰੇਸ਼ਟ ਸਮਝਦੇ ਸਨ ਤਾਂ ਉਨ੍ਹਾਂ ਨੇ ਆਪਣੇ ਰਚਿਤ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿੱਚ ਰਿਸ਼ੀ ਮੰਨੂ ਮੁਤਾਬਕ ਮੁੱਢਲਾ ਨਾਂ ਦਿੱਤਾ ‘ਆਰੀਆਵਰਤ’; ਜਿਸ ਦਾ ਅਰਥ ਹੈ ਸ੍ਰੇਸ਼ਟ ਪੁਰਸ਼ਾਂ ਦਾ ਦੇਸ਼ ਕਿਉਂਕਿ ਆਰੀਆ ਦਾ ਅਰਥ ਹੈ : ਸ੍ਰੇਸ਼ਟ, ਉੱਤਮ ।

ਆਰੀਆ ਲੋਕ ਪਹਿਲਾਂ ਦਰਿਆ ਸਿੰਧ ਦੇ ਕੰਢੇ ਆ ਕੇ ਠਹਿਰੇ ਤੇ ਫਿਰ ਪੰਜਾਬ ਵੱਲ ਵਧੇ । ਇੱਥੋਂ ਚੱਲ ਕੇ ਅੱਗੇ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ ਵਿੱਚ ਜਾ ਵੱਸੇ । ਸਹਿਜੇ ਸਹਿਜੇ ਇਨ੍ਹਾਂ ਨੇ ਖੁਲ੍ਹੇ ਤੇ ਉਪਜਾਊ ਮੈਦਾਨਾਂ ਵਾਲੇ ਸਾਰੇ ਉੱਤਰੀ ਇਲਾਕੇ ਤੇ ਕਬਜ਼ਾ ਕਰਕੇ ਮੂਲ-ਵਾਸੀ ਦ੍ਰਾਵੜਾਂ ਨੂੰ ਦੱਖਣ ਵੱਲ ਧੱਕ ਦਿੱਤਾ ਤੇ ਫਿਰ ਆਪ ਨਿਸ਼ਚਿੰਤ ਹੋ ਕੇ ਆਪਣਾ ਸਰਬ-ਪੱਖੀ ਵਿਕਾਸ ਕਰਨ ਲੱਗ ਪਏ। ਇਸ ਪ੍ਰਕਾਰ ਜਦੋਂ ਇਨ੍ਹਾਂ ਲੋਕਾਂ ਨੇ ਵੇਦਾਂ, ਸ਼ਾਸਤਰਾਂ, ਸਿਮ੍ਰਤੀਆਂ ਤੇ ਪੁਰਾਣਾਂ ਦੇ ਰੂਪ ਸੰਸਕ੍ਰਿਤ ਸਾਹਿਤ ਦੀ ਰਚਨਾ ਕਰਕੇ ਧਾਰਮਕ ਗਿਆਨ, ਫ਼ਿਲਾਸਫ਼ੀ ਤੇ ਰਾਜਨੀਤੀ ਵਿੱਚ ਉੱਨਤੀ ਕੀਤੀ, ਉਸ ਵਕਤ ਇਸ ਦੇਸ਼ ਦਾ ਨਾਂ ‘ਭਾਰਤ’ ਪਿਆ । ਸੰਸਕ੍ਰਿਤ ਵਿੱਚ ਗਿਆਨ ਦੇ ਪ੍ਰਤੀਕ ਪ੍ਰਕਾਸ਼ ਨੂੰ ਕਹਿੰਦੇ ਹਨ ‘ਭਾ’ ਅਤੇ ਪ੍ਰੇਮ ਨੂੰ ‘ਰਤ’ । ਇਸ ਤਰ੍ਹਾਂ ‘ਭਾਰਤ’ ਦਾ ਅਰਥ ਬਣਦਾ ਹੈ : ਗਿਆਨ ਨੂੰ ਪਿਆਰ ਕਰਨ ਵਾਲਾ ਦੇਸ਼ । ਕਈ ਇਤਿਹਾਸਕਾਰਾਂ ਦੀ ਇਹ ਵੀ ਰਾਇ ਹੈ ਕਿ ਰਾਜਾ ਭਰਤ ਨੇ ਇਸ ਇਲਾਕੇ ’ਤੇ ਰਾਜ ਕੀਤਾ, ਇਸ ਲਈ ਭਰਤ ਤੋਂ ਭਾਰਤ ਨਾਂ ਪ੍ਰਚਲਿਤ ਹੋਇਆ ।

ਜਦੋਂ ਇੱਥੇ ਇਸਲਾਮਕ ਹਕੂਮਤ ਕਾਇਮ ਹੋਈ ਤਾਂ ਮੁਸਲਮਾਨ ਹਾਕਮਾਂ ਨੇ ਇੱਥੋਂ ਦੇ ਲੋਕਾਂ ਨੂੰ ‘ਹਿੰਦੂ’ ਕਹਿਣਾ ਸ਼ੁਰੂ ਕੀਤਾ ਕਿਉਂਕਿ ਉਨ੍ਹਾਂ ਦੀ ਭਾਸ਼ਾ (ਅਰਬੀ ਤੇ ਫ਼ਾਰਸੀ) ਵਿੱਚ ਕਾਲੇ ਰੰਗ ਅਤੇ ਗ਼ੁਲਾਮ ਨੂੰ ਹਿੰਦੂ ਆਖਦੇ ਹਨ । ਇਸ ਤਰ੍ਹਾਂ ਸਦੀਆਂ ਦੀ ਗ਼ੁਲਾਮੀ ਨੇ ਭਾਰਤ ਨੂੰ ਹਿੰਦੁਸਤਾਨ (ਗ਼ੁਲਾਮਾਂ ਦਾ ਦੇਸ਼) ਬਣਾ ਦਿੱਤਾ । ਇਹ ਤਾਂ ਬ੍ਰਾਹਮਣ ਦੀ ਬੇਸ਼ਰਮੀ ਤੇ ਚਲਾਕੀ ਦਾ ਸਿਖਰ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਲਈ ਲੋਹੇ ਦੇ ਜ਼ੰਜੀਰਾਂ ਨੂੰ ਵੀ ਗਹਿਣਿਆਂ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ । ਮਿਸਾਲ ਵਜੋਂ ਪੁਰਾਣਿਕ ਕਥਾ ਹੈ ਕਿ ਤ੍ਰੇਤੇ ਯੁਗ ਵਿੱਚ ਬ੍ਰਾਹਮਣ ਪਰਸ਼ੁਰਾਮ (ਭਾਵ ਕੁਹਾੜੀਧਾਰੀ ਰਾਮ) ਨੇ 21 ਵਾਰ ਧਰਤੀ ਤੋਂ ਖਤਰੀਆਂ (ਕਸ਼ਤਰੀਆਂ) ਦਾ ਖ਼ਾਤਮਾ ਕੀਤਾ, ਪਰ ਜਦ ਉਹ ਖਤਰੀ ਰਾਜੇ ਸ੍ਰੀ ਰਾਮਚੰਦਰ ’ਤੇ ਹਮਲਾਵਰ ਹੋ ਕੇ ਆਇਆ ਤਾਂ ਰਾਮ ਨੇ ਆਪਣੀ ਗੁਰਜ ਆਦਿਕ ਮਾਰ ਕੇ ਉਸ ਨੂੰ ਬੇਹੋਸ਼ ਕਰ ਲਿਆ ਤੇ ਮਾਰਨ ਦੀ ਬਜਾਇ ਉਸ ਨੂੰ ਸਿਰ ਮੁੰਨ ਕੇ ਛੱਡ ਦਿੱਤਾ ਤਾਂ ਜੋ ਸਾਰੀ ਉਮਰ ਆਪਣੇ ਦੁਸ਼ਮਣ ਸਾਹਮਣੇ ਤੇ ਸਮਾਜ ਵਿੱਚ ਸ਼ਰਮਸਾਰ ਹੁੰਦਾ ਰਹੇ, ਪਰ ਚਾਤੁਰ ਬ੍ਰਾਹਮਣ ਨੇ ਪਰਸ਼ੁਰਾਮ ਦੀ ਇਸ ਸ਼ਰਮਿੰਦਗੀ ਨੂੰ ਵੀ ‘ਮੁੰਡਨ ਸੰਸਕਾਰ’ ਵਜੋਂ ਲਾਗੂ ਕਰ ਇਸ ਨੂੰ ਧਰਮ ਦਾ ਅਹਿਮ ਅੰਗ ਬਣਾ ਦਿੱਤਾ।

ਤਿਵੇਂ ਹੀ ਮੁਸਲਮਾਨ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਲਈ ਦਿੱਤੇ ਗਏ ਨਾਂ ‘ਹਿੰਦੂ’ ਨੂੰ ਆਪਣੀ ਮਜ਼ਹਬੀ ਪਹਿਚਾਣ ਮੰਨ ਕੇ ‘ਵੈਦਿਕ ਧਰਮ’ ਨੂੰ ‘ਹਿੰਦੂ ਧਰਮ’ ਦੇ ਨਾਂ ਹੇਠ ਪ੍ਰਸਿੱਧ ਕਰ ਦਿੱਤਾ । ਵੈਸੇ ਇਨ੍ਹਾਂ ਦੇ ਪ੍ਰਾਚੀਨ ਧਾਰਮਕ ਗ੍ਰੰਥਾਂ ਵਿੱਚ ਕਿੱਧਰੇ ਵੀ ‘ਹਿੰਦੂ’ ਜਾਂ ‘ਹਿੰਦੁਸਤਾਨ’ ਲਫ਼ਜ਼ ਨਹੀਂ ਮਿਲਦਾ ।

ਜੌਨ ਡੋਸਨ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਪ੍ਰਸਿੱਧ ਪੁਸਤਕ ਹੈ ‘ਹਿੰਦੂ ਕਲਾਸੀਕਲ ਡਿਕਸ਼ਨਰੀ’ । ਭਾਸ਼ਾ ਵਿਭਾਗ ਪੰਜਾਬ ਨੇ ਰਾਜਿੰਦਰ ਸਿੰਘ ਸ਼ਾਸਤਰੀ ਪਾਸੋਂ ਇਸ ਦਾ ਪੰਜਾਬੀ ਅਨੁਵਾਦ ਕਰਵਾਇਆ ਤੇ ਸੰਨ 1963 ਵਿੱਚ ਪਹਿਲੀ ਵਾਰ ਪ੍ਰਕਾਸ਼ਤ ਕੀਤਾ । ਇਹ ਪੁਸਤਕ ਸੰਸਕ੍ਰਿਤ ਵੈਦਿਕ ਸਾਹਿਤ, ਰਾਮਾਇਣ, ਮਹਾਂਭਾਰਤ ਤੇ ਲੌਕਿਕ ਸਾਹਿਤ ਦੀ ਜਾਣਕਾਰੀ ਦਾ ਇੱਕ ਵਡਮੁੱਲਾ ਖਜ਼ਾਨਾ ਹੈ । ਇਸ ਕੋਸ਼ ਵਿੱਚ ‘ਆਰੀਆ ਵਰਤ’, ‘ਆਰੀਆ ਸਿਧਾਂਤ’, ‘ਭਾਰਤ’ ਤੇ ‘ਭਾਰਤੀ’ ਨਾਵਾਂ ਦੀ ਵਿਆਖਿਆ ਤਾਂ ਮਿਲਦੀ ਹੈ, ਪਰ ‘ਹਿੰਦੂ’ ਤੇ ‘ਹਿੰਦੁਸਤਾਨ’ ਨਾਂਵਾਂ ਨੂੰ ਕੋਈ ਥਾਂ ਪ੍ਰਾਪਤ ਨਹੀਂ । ਇਸ ਦਾ ਮੁੱਖ ਕਾਰਨ ਇਹ ਹੈ ਕਿ ਉਪਰੋਕਤ ਦੋਵੇਂ ਲਫ਼ਜ਼ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿੱਚ ਨਹੀਂ ਸਨ । ਇਹ ਤਾਂ ਵਿਦੇਸ਼ੀ ਹਾਕਮਾਂ ਦਾ ਦਿੱਤਾ ਹੋਇਆ ਨਾਂ ਹੀ ਹੈ ।

ਯੂਰਪੀਨ ਲੋਕ ਭਾਸ਼ਾਈ ਮਜ਼ਬੂਰੀ ਕਾਰਨ ‘ਸਿੰਧ’ ਦਰਿਆ ਨੂੰ ‘ਇੰਡਸ’ ਆਖਦੇ ਸਨ । ਇਸ ਲਈ ਜਦੋਂ ਉਹ ਦੇਸ਼ ’ਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ‘ਇੰਡੀਆ’ ਨਾਂ ਦਿੱਤਾ । ਦੂਜੇ ਵਿਸ਼ਵ ਜੁੱਧ ਕਾਰਨ ਕਈ ਪੱਖਾਂ ਤੋਂ ਕਮਜ਼ੋਰ ਹੋਏ ਅੰਗਰੇਜ਼ ਨੇ ਅਗਸਤ 1947 ਵਿੱਚ ਜਦੋਂ ਮਜਬੂਰੀ ਵੱਸ ਦੇਸ਼ ਨੂੰ ਅਜ਼ਾਦ ਕੀਤਾ ਤਾਂ ‘ਭਾਰਤ’ (ਇੰਡੀਆ) ਤੇ ‘ਪਾਕਿਸਤਾਨ’ ਨਾਂਵਾਂ ਹੇਠ ਦੋ ਟੁੱਕੜੇ ਕਰ ਦਿੱਤੇ ।  ਇਹੀ ਕਾਰਨ ਹੈ ਕਿ ਅੰਗਰੇਜ਼ੀ ਦੇ ‘ਇੰਡੀਆ’ ਅਤੇ ਹਿੰਦੀ ਦੇ ‘ਭਾਰਤ’ ਨਾਂਵਾਂ ’ਤੇ ਕਿਸੇ ਨੇ ਇਤਰਾਜ਼ ਨਾ ਕੀਤਾ ਕਿਉਂਕਿ ਇਹ ਨਾਂ ਨਸਲੀ ਤੇ ਮਜ਼ਹਬੀ ਪਿਛੋਕੜ ਤੋਂ ਮੁਕਤ ਸਨ। ‘ਆਰੀਆ ਵਰਤ’ ਨਾਂ ਦੱਖਣ ਵਿੱਚ ਵਸਦੇ ਦ੍ਰਾਵੜ ਨਸਲ (ਮਾਲਾਬਾਰੀ ਤੇ ਮਦਰਾਸੀ) ਦੇ ਲੋਕਾਂ ਨੂੰ ਪ੍ਰਵਾਨ ਨਹੀਂ ਸੀ ਕਿਉਂਕਿ ਇਸ ਦਾ ਪਿਛੋਕੜ ਆਰੀਆ ਨਸਲ ਨਾਲ ਜੁੜਿਆ ਸੀ । ‘ਹਿੰਦੁਸਤਾਨ’ ਨਾਂ ਵੀ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨੂੰ ਪ੍ਰਵਾਨ ਨਹੀਂ ਸੀ ਕਿਉਂਕਿ ਇੱਕ ਤਾਂ ਇਹ ਗ਼ੁਲਾਮੀ ਦੇ ਅਰਥ ਰੱਖਦਾ ਸੀ ਤੇ ਦੂਜੇ, ਬ੍ਰਾਹਮਣ ਵੱਲੋਂ ਇਸ ਨੂੰ ਮਜ਼ਹਬੀ ਰੰਗ ਚਾੜ੍ਹਿਆ ਜਾ ਚੁੱਕਾ ਸੀ ।

ਇਸ ਲਈ ਸਿੱਖ ਜਗਤ ਨੂੰ ਅਜਿਹੇ ਭਰਮ-ਜਾਲ  ਵਿੱਚ ਫਸਣ ਦੀ ਲੋੜ ਨਹੀਂ । ਉਨ੍ਹਾਂ ਨੂੰ ਖ਼ਿਆਲ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਵੇਲੇ ਦਾ ‘ਹਿੰਦੁਸਤਾਨ’ ਹੁਣ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਮਿਆਂਮਾਰ (ਬਰਮਾ) ਦੇ ਰੂਪ ਵਿੱਚ ਚੌਂਹ ਭਾਗਾਂ ਵਿੱਚ ਵੰਡ ਚੁੱਕਾ ਹੈ। ਉਹ ਇੱਕ ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਬਣ ਚੁੱਕਾ ਹੈ। ਇੱਥੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਜੈਨੀ, ਬੋਧੀ, ਸਿੱਖ, ਇਸਾਈ ਤੇ ਪਾਰਸੀਆਂ ਦੇ ਰੂਪ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਹਨ, ਜਿਹੜੇ ਵੱਖਰੇ ਵੱਖਰੇ ਇਲਾਕਿਆਂ ਵਿੱਚ  222 ਦੇ ਲਗਭਗ ਭਾਸ਼ਾਵਾਂ ਬੋਲਦੇ ਹਨ । ਇਸ ਕਰਕੇ ਦੇਸ਼ ਦਾ ਸਰਬ ਸਾਂਝਾ ਤੇ ਸੰਵਿਧਾਨਕ ਤੌਰ ’ਤੇ ਪ੍ਰਵਾਨ ਕੀਤਾ ਅੰਗਰੇਜ਼ੀ ਵਿੱਚ ਨਾਂ ਹੈ ‘ਇੰਡੀਆ’ ਅਤੇ ਹਿੰਦੀ ਵਿੱਚ : ‘ਭਾਰਤ’ । ਇਸ ਦਾ ਅਰਥ ਹੈ : ਗਿਆਨ (ਭਾ=ਪ੍ਰਕਾਸ਼) ਨੂੰ ਪਿਆਰ (ਰਤ) ਕਰਨ ਵਾਲਾ ਦੇਸ਼ । ਇਸ ਲਈ ਕੇਵਲ ਸਿੱਖਾਂ ਨੂੰ ਹੀ ਨਹੀਂ, ਸਗੋਂ ਸਾਰੇ ਦੇਸ਼ ਵਾਸੀਆਂ ਨੂੰ ਵੀ ਦੇਸ਼ ਦਾ ਨਾਂ ‘ਭਾਰਤ’ ਹੀ ਆਖਣਾ ਚਾਹੀਦਾ ਹੈ ।

ਗੁਰੂ ਨਾਨਕ ਸਾਹਿਬ ਜੀ ਨੇ ਉਪਰੋਕਤ ਗੁਰ ਵਾਕਾਂ ਵਿੱਚ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਆਪਣੇ ਵੇਲੇ ਦੇ ਦੇਸ਼ ਦਾ ਪ੍ਰਚਲਿਤ ਨਾਂ (ਹਿੰਦੁਸਤਾਨ) ਲਿਆ ਹੈ, ਜਿਹੜਾ ਕਿ ਸਦੀਆਂ ਪਹਿਲਾਂ ਤੁਰਕ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਈ ਰੱਖਣ ਲਈ ਦਿੱਤਾ ਗਿਆ ਸੀ । ਇਸ ਲਈ ਭਾਰਤੀ (ਇੰਡੀਅਨ) ਸਿੱਖ, ਭਾਰਤੀ ਮੁਸਲਮਾਨ ਤੇ ਇਸਾਈ ਆਦਿਕ ਕਹਿਣ, ਕਹਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਮੋਹਨ ਭਾਗਵਤ ਵਰਗੇ ਲੋਕ ਇਸ ਲੋਕਤੰਤਰੀ ਦੇਸ਼ ਨੂੰ ਹਿੰਦੁਸਤਾਨ ਕਹਿੰਦੇ ਹੋਏ ਹਿੰਦੂ ਸਿੱਖ, ਹਿੰਦੂ ਮੁਸਲਮਾਨ, ਹਿੰਦੂ ਇਸਾਈ ਆਖਦੇ ਹਨ ਤਾਂ ਉਨ੍ਹਾਂ ਦੀ ਡਕਟੇਟਰੀ ਸੋਚ ਦਾ ਨਿਸ਼ਾਨਾ ਸਾਰੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਬਣਾ ਕੇ ਦੇਸ਼ ਨੂੰ ਇੱਕ ਹਿੰਦੂ-ਰਾਸ਼ਟਰ ਵਜੋਂ ਉਸਾਰਨਾ ਹੈ । ਬਿਲਕੁਲ ਓਵੇਂ ਹੀ ਜਿਵੇਂ ਔਰੰਗਜ਼ੇਬ ਸਾਰਿਆਂ ਨੂੰ ਜ਼ੋਰ ਨਾਲ ਸਾਰੇ ਹਿੰਦੁਸਤਾਨ ਨੂੰ ਮੁਸਲਮਾਣ ਬਣਾ ਕੇ ਇੱਕ ਇਸਲਾਮਕ ਸਟੇਟ ਕਾਇਮ ਕਰਨਾ ਚਾਹੁੰਦਾ ਸੀ ।

ਅੰਤ ਵਿੱਚ ਫਿਰ ਸਪਸ਼ਟ ਕਰਨਾ ਚਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ‘ਹਿੰਦੁਸਤਾਨ’ ਲਫ਼ਜ਼ ਦੇਸ਼ ਦੇ ਪ੍ਰਚਲਿਤ ਨਾਂ ਵਜੋਂ ਇੰਝ ਹੀ ਵਰਤਿਆ ਸੀ, ਜਿਵੇਂ ਅੱਜ ਕੱਲ ਦੇ ਸਾਹਿਤਕਾਰ ਲੇਖਕ ਤੇ ਕਵੀ ‘ਇੰਡੀਆ’ ਤੇ ‘ਭਾਰਤ’ ਨਾਂ ਦੀ ਵਰਤੋਂ ਕਰਦੇ ਹਨ । ਜਿਹੜਾ ਸ਼ੇਰ ਮਰਦ ਸਤਿਗੁਰੂ, ਗ਼ੁਲਾਮੀ ਦੇ ਪ੍ਰਭਾਵ ਹੇਠ ਆਪਣੀ ਮਾਤ-ਭਾਸ਼ਾ ਛੱਡ ਚੁੱਕੇ ਦੇਸ਼ ਵਾਸੀਆਂ ਅੰਦਰ ਅਜ਼ਾਦੀ ਦੀ ਤਾਂਘ ਪੈਦਾ ਕਰਨ ਲਈ ‘‘ਘਰਿ ਘਰਿ ਮੀਆ, ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥’’ (ਬਸੰਤੁ, ਗੁਰੂ ਨਾਨਕ ਜੀ, ੧੧੯੧) ਕਹਿ ਕੇ ਜਾਗਰੂਕ ਕਰਨ ਦਾ ਯਤਨ ਕਰਦਾ ਹੈ, ਉਸ ਵੱਲੋਂ ਅਜਿਹੇ ਕਿਸੇ ਨਾਂ ਨੂੰ ਪ੍ਰਵਾਨ ਕਰਨ ਦਾ ਸੁਆਲ ਹੀ ਖੜ੍ਹਾ ਨਹੀਂ ਹੁੰਦਾ, ਜੋ ਦੇਸ਼ ਦੇ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਕੇ ਹਾਕਮ ਸ਼੍ਰੇਣੀ ਦਾ ਦੁਬੇਲ ਬਣਾਈ ਰੱਖਣ ਦਾ ਕਾਰਨ ਬਣੇ।

ਹੋਰ ਵੱਡਾ ਨੁਕਤਾ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਵਾਲੇ ਉਪਰੋਕਤ ਗੁਰ ਵਾਕ, ਜ਼ਿਲ੍ਹਾ ਗੁਜਰਾਂਵਾਲੇ ਜਿਸ ਇਲਾਕੇ ਵਿੱਚ ਕਹੇ, ਉਹ ਹੁਣ ਅਜੋਕੇ ਪਾਕਿਸਤਾਨ ਦਾ ਹਿੱਸਾ ਬਣ ਚੁੱਕਾ ਹੈ । ਜੇ ਕੋਈ ਹੁਣ ਪਾਕਿਸਤਾਨੀ ਭੈਣ ਭਰਾਵਾਂ ਨੂੰ ਕਹੇ ਕਿ ਤੁਸੀਂ ‘ਹਿੰਦੁਸਤਾਨੀ’ ਅਖਵਾਓ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਇਲਾਕੇ ਨੂੰ ‘ਹਿੰਦੁਸਤਾਨ’ ਦਾ ਭਾਗ ਮੰਨਿਆ ਹੈ । ਕੀ ਅਜਿਹਾ ਹੋ ਸਕਦਾ ਹੈ ? ਕਦਾਚਿਤ ਨਹੀਂ । ਸੋ ਜਿਵੇਂ ਅਜੋਕੇ ਪਾਕਿਸਤਾਨ, ਬੰਗਲਾ ਦੇਸ਼ ਤੇ ਮਿਆਂਮਾਰ (ਬਰਮਾ) ਨੂੰ ਹਿੰਦੂਸਤਾਨ ਨਹੀਂ ਆਖਿਆ ਜਾ ਸਕਦਾ, ਤਿਵੇਂ ਹੀ ਅਜੋਕੇ ਭਾਰਤ ਨੂੰ ਹਿੰਦੁਸਤਾਨ ਦਾ ਨਾਂ ਨਹੀਂ ਦਿੱਤਾ ਜਾ ਸਕਦਾ । ਅਜਿਹਾ ਕਹਿਣਾ ਤਾਂ ਭਾਰਤੀ ਸੰਵਿਧਾਨ ਦਾ ਵੀ ਨਿਰਾਦਰ ਹੈ, ਜਿਸ ਅਧੀਨ ਸਰਕਾਰੀ ਮੋਹਰ ਵਿੱਚ ਵੀ ਸਪਸ਼ਟ ਤੌਰ ’ਤੇ ‘ਭਾਰਤ ਸਰਕਾਰ’ ਲਿਖਿਆ ਜਾਂਦਾ ਹੈ ।

ਮੋਹਨ ਭਾਗਵਤ ਦੇ ਬਿਆਨ ਸੰਬੰਧੀ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਕਿ ਜਿਵੇਂ ਅੰਗਰੇਜ਼ੀ ਵਿੱਚ ਇੰਡੀਆ ਦੇ ਰਹਿਣ ਵਾਲੇ ਨੂੰ ‘ਇੰਡੀਅਨ’ ਕਹਿਆ ਜਾਂਦਾ ਹੈ, ਓਵੇਂ ਹਿੰਦੋਸਤਾਨ ਦੇ ਵਾਸੀਆਂ ਨੂੰ ਹਿੰਦੀ ਵਿੱਚ ਹਿੰਦੋਸਤਾਨੀ ਆਖਿਆ ਜਾ ਸਕਦਾ ਹੈ । ਮੇਰਾ ਖ਼ਿਆਲ ਹੈ ਕਿ ਬਾਦਲ ਸਮੇਤ ਕਿਸੇ ਵੀ ਭਾਰਤੀ ਆਗੂ ਵੱਲੋਂ ਅਜਿਹਾ ਬਿਆਨ ਦਿੱਤੇ ਜਾਣਾ, ਮੋਹਨ ਭਾਗਵਤ ਦੀ ਸੁਰ ਵਿੱਚ ਸੁਰ ਮਿਲਾਉਣ ਵਾਲੀ ਗ਼ੁਲਾਮ ਮਾਨਸਿਕਤਾ ਦੀ ਉਪਜ ਹੈ ।

ਹਿੰਦੂਤਵ ਦੇ ਮੁਦੱਈ ਆਰੀਆ ਸਮਾਜ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੰਘ (ਆਰ. ਐੱਸ. ਐੱਸ) ਵਰਗੀਆਂ ਕੱਟੜ ਹਿੰਦੂ ਸੰਸਥਾਵਾਂ ਰੂਪੀ ਅਜਗਰ ਵੱਲੋਂ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਵਾਲੀ ਨੀਤੀ ਕੋਈ ਨਵੀਂ ਨਹੀਂ । ਇਸ ਪੱਖੋਂ ਇਹ ਆਪਣੇ ਮੁੱਢਲੇ ਕਾਲ ਤੋਂ ਹੀ ਯਤਨਸ਼ੀਲ ਹਨ । ਇਹੀ ਕਾਰਨ ਸੀ ਕਿ ਸਿੱਖ ਬੁਧੀਜੀਵੀ ਵਰਗ ਦੇ ਮਹਾਨ ਆਗੂ ਭਾਈ ਕਾਨ੍ਹ ਸਿੰਘ ਨਾਭਾ ਨੂੰ ਵਿਸ਼ੇਸ਼ ਕਿਤਾਬ ਲਿਖਣੀ ਪਈ ‘ਹਮ ਹਿੰਦੂ ਨਹੀਂ’, ਪਰ ਫਿਰਕਾ ਪ੍ਰਸਤ ਸੋਚ ਵਾਲੀ ਅਜੋਕੀ ਸਰਕਾਰ ਬਣਨ ਉਪਰੰਤ ਇਨ੍ਹਾਂ ਦਾ ਡੰਗ ਤਿੱਖਾ ਹੋ ਗਿਆ ਹੈ ਅਤੇ ਹੁਣ ਉਹ ਨੰਗੇ ਹੋ ਕੇ ਨੱਚਣ ਲੱਗ ਪਏ ਹਨ । ਹਿੰਦੀ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਵੱਜੋਂ ਸਾਰੇ ਸੂਬਿਆਂ ’ਤੇ ਜ਼ਬਰਦਸਤੀ ਥੋਪ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੇ ਮੁਦੱਈ ਬਣ ਕੇ ਪੰਜਾਬੀ ਸੂਬੇ ਦੀ ਲੜਾਈ ਲੜਣ ਵਾਲੇ ਸਾਡੇ ਪੰਥਕ ਲੀਡਰ; ਭਾਜਪਾ ਨਾਲ ਆਪਣੀ ਰਾਜਨੀਤਕ ਭਿਆਲੀ ਕਾਰਨ ਇਸ ਧੱਕੇ ਵਿਰੁਧ ਵੀ ਚੁੱਪ ਰਹੇ ਹਨ। ਇਸ ਦੇ ਵਿਰੋਧ ਵਿੱਚ ਜੇ ਅਵਾਜ਼ ਉੱਠੀ ਤਾਂ ਤਾਮਿਲ, ਤੇਲਗੂ ਤੇ ਮਲਿਆਲਮ ਆਦਿਕ ਦ੍ਰਾਵੜੀ ਬੋਲੀਆਂ ਬੋਲਣ ਵਾਲੇ ਦੱਖਣੀ ਸੂਬਿਆਂ ’ਚੋਂ, ਜਿਸ ਕਰਕੇ ਕੇਂਦਰ ਸਰਕਾਰ ਨੂੰ ਇਸ ਪੱਖੋਂ ਤਾਂ ਨੀਤੀ ਤਹਿਤ ਦੜ ਵੱਟਣੀ ਪਈ, ਪਰ ਭੁੱਲਣਾ ਨਹੀਂ ਚਾਹੀਦਾ ਕਿ ਸਾਰੇ ਦੇਸ਼ ਅੰਦਰ ਸੰਸਕ੍ਰਿਤ ਹਫਤਾ ਮਨਾਉਣ ਦਾ ਆਦੇਸ਼ ਦੇਣਾ ਵੀ ਇਸੇ ਨੀਤੀ ਦਾ ਬਦਲਿਆ ਰੂਪ ਹੈ ।

ਵੱਡੇ ਅਨਿਆਂ ਦੀ ਗੱਲ ਤਾਂ ਇਹ ਹੈ ਕਿ ਮੋਹਨ ਭਾਗਵਤ ਤੇ ਤੋਗੜੀਆ ਵਰਗੇ ਜਿਹੜੇ ਲੋਕ ਭਾਰਤੀ ਸੰਵਿਧਾਨ ਦੇ ਉਲਟ ‘ਹਿੰਦੀ, ਹਿੰਦੂ, ਹਿੰਦੋਸਤਾਨ’ ਦੇ ਦਿਨ ਰਾਤ ਨਾਹਰੇ ਲਗਾਉਂਦੇ ਹੋਏ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਯਤਨਸ਼ੀਲ ਹਨ, ਉਹ ਦੇਸ਼ ਭਗਤ, ਪਰ ਜੇ ਅਜਿਹੀ ਸੰਕੀਰਨ ਸੋਚ ਤੋਂ ਦੁੱਖੀ ਹੋ ਕੇ ਘੱਟ ਗਿਣਤੀ ਲੋਕ, ਕਿਸੇ ਸੁਤੰਤਰ ਰਾਜ ਦੀ ਮੰਗ ਉਠਾਉਣ ਤਾਂ ਉਹ ਦੇਸ਼ ਧ੍ਰੋਹੀ।  ਹਿੰਦੂਤਵ ਦੇ ਭਾਜਪਾਈ ਏਜੰਡੇ ਕਾਰਨ ਵੋਟ ਬੈਂਕ ਖੁਰਦਾ ਵੇਖ ਕੇ ਕਾਂਗਰਸ ਵੀ ਹਿੰਦੁਸਤਾਨ-ਹਿੰਦੋਸਤਾਨ ਕੂਕਣ ਲੱਗ ਪਈ ਹੈ । ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਹਰੇ ਲਾਉਣ ਵਾਲੇ ਦਿੱਲੀ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਇਹੀ ਨੀਤੀ ਅਪਨਾਈ ਰੱਖੀ ਅਤੇ ਇਸ ਪੱਖੋਂ ਨਾ ਸੰਭਲੇ ਤਾਂ ਦੇਸ਼ ਨੂੰ ਟੋਟੇ-ਟੋਟੇ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ । ਇਸ ਪ੍ਰਕਾਰ ਦੇ ਕਈ ਹੋਰ ਵੀ ਨਾਹਰੇ ਲੱਗਣੇ ਸ਼ੁਰੂ ਹੋ ਜਾਣਗੇ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਭਾਈਚਾਰੇ ਨੂੰ ਬਾਕੀ ਘੱਟ ਗਿਣਤੀ ਕੌਮਾਂ ਦੇ ਸਹਿਯੋਗ ਨਾਲ ਆਰ. ਐੱਸ. ਐੱਸ ਦੀ ਅਗਵਾਈ ਵਿੱਚ ਕਾਇਮ ਹੋਈ ਮੋਦੀ ਸਰਕਾਰ ਦੀ ਉਪਰੋਕਤ ਧੱਕੇਸ਼ਾਹੀ ਵਿਰੁਧ ਯੋਜਨਾਬਧ ਤਰੀਕੇ ਨਾਲ ਸ਼ਾਂਤਮਈ ਸੰਘਰਸ਼ ਕਰਨਾ ਚਾਹੀਦਾ ਹੈ ।  ਗੁਰਬਾਣੀ ਤੇ ਗੁਰ ਇਤਿਹਾਸ ਤੋਂ ਸਾਨੂੰ ਇਹੀ ਪ੍ਰੇਰਨਾ ਮਿਲਦੀ ਹੈ ।

ਭੁੱਲ-ਚੁੱਕ ਮੁਆਫ਼ ।

ਗੁਰਮਤਿ ਅਨੁਸਾਰ ਸੰਗਤਿ ਦਾ ਸੰਕਲਪ

0

ਗੁਰਮਤਿ ਅਨੁਸਾਰ ਸੰਗਤਿ ਦਾ ਸੰਕਲਪ

ਅਵਤਾਰ ਸਿੰਘ

ਸੰਗਤਿ-ਸੰਸਕ੍ਰਿਤ ਦਾ ਲਫਜ਼ ਅਤੇ ਅਰਥ -ਸਭਾ, ਮਜਲਸ (ਮਹਿਫ਼ਲ), ਸਬੰਧ, ਗੁਰਸਿੱਖਾਂ ਦੇ ਜਮਾ ਹੋਣ ਦੀ ਥਾਂ, ਮਿਲਾਪ, ਸੁਹਬਤ ਅਤੇ ਇਕੱਠ ਆਦਿਕ ਹਨ।

ਸ਼ਬਦ ਗੁਰੂ ਗ੍ਰੰਥ ਅਨੁਸਾਰ-‘ਸਤ ਸੰਗਤਿ’ ਦਾ ਭਾਵ ਹੈ, ਜਿੱਥੇ ਇੱਕ ਪ੍ਰਮੇਸ਼ਰ ਦੇ ਨਾਮੁ ਦੀ ਵਿਆਖਿਆ ਹੋਵੇ, ‘‘ਸਤਸੰਗਤਿ ਕੈਸੀ ਜਾਣੀਐ ?॥  ਜਿਥੈ, ਏਕੋ ਨਾਮੁ ਵਖਾਣੀਐ ॥’’ (ਸਿਰੀ ਰਾਗੁ, ਗੁਰੂ ਨਾਨਕ ਜੀ, ਅੰਕ ੭੨) ਚੰਗੀ ਸੰਗਤ ਵਿੱਚ ਉੱਤਮਤਾ, ਚੰਗੇ ਗੁਣ ਮਿਲਦੇ ਅਤੇ ਅਵਗੁਣ ਧੋਤੇ ਜਾਂਦੇ ਹਨ- ‘‘ਊਤਮ ਸੰਗਤਿ, ਊਤਮੁ ਹੋਵੈ ॥  ਗੁਣ ਕਉ ਧਾਵੈ, ਅਵਗਣ ਧੋਵੈ ॥’’ (ਆਸਾ, ਗੁਰੂ ਨਾਨਕ ਜੀ, ਅੰਕ ੪੧੪) ਭਾਵ ਹੇ ਮਾਇਆ ਦੇ ਪਤੀ ਪ੍ਰਮਾਤਮਾ ਜੀ !  ਸੱਚੀ ਸੰਗਤ ਕਰਨ ਵਾਲਾ ਸੰਸਾਰ ਦੇ ਵਹਿਮਾ-ਭਰਮਾ ਦੇ ਸਾਗਰ ਤੋਂ ਤਰਦਾ ਹੈ, ਗੁਰੂ ਰਹਿਮਤ ਨਾਲ ਉੱਚੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰਾਂ ਅਤੇ ਔਗੁਣਾ ਦੀ ਤਪਸ਼ ਨਾਲ ਸੁੱਕਾ ਹੋਇਆ, ਹਿਰਦਾ ਕਾਸਟ, ਮੁੜ ਹਰਿਆ ਹੋ ਜਾਂਦਾ ਹੈ – ‘‘ਮੇਰੇ ਮਾਧਉ ਜੀ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ, ਸੂਕੇ ਕਾਸਟ ਹਰਿਆ ॥੧॥ ਰਹਾਉ ॥ (ਸੋ ਦਰੁ, ਗੂਜਰੀ, ਗੁਰੂ ਅਰਜਨ ਸਾਹਿਬ, ਅੰਕ ੧੦) ਗੁਰੂ ਦੀ ਸੱਚੀ ਸੰਗਤ ਕਰਨ ਵਾਲੇ ਦਾ ਪਿੰਗਲਾ ਹੋਇਆ ਮਨ, ਅਗਿਆਨਤਾ ਦੇ ਪਰਬਤ ਨੂੰ ਪਾਰ ਕਰ ਲੈਂਦਾ ਹੈ, ਮੂਰਖ ਵੀ ਚੰਗਾ ਵਕਤਾ ਬਣ ਜਾਂਦਾ ਹੈ, ਮਨ ਦੇ ਅੰਨ੍ਹੇ ਨੂੰ ਸਮੁੱਚੀ ਮਨੁੱਖਤਾ ਵਿੱਚ ਵਸਦੇ ਰੱਬ ਦਾ ਗਿਆਨ ਹੋ ਜਾਂਦਾ ਹੈ – ‘‘ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ ! ॥  ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ ॥੧॥ ਰਹਾਉ ॥ (ਬਿਲਾਵਲੁ, ਗੁਰੂ ਅਰਜਨ ਸਾਹਿਬ, ਅੰਕ ੮੦੯); ਜਿਵੇਂ ਚੰਦਨ ਦੇ ਨਿਕਟ ਵੱਸਦੇ ਹਿਰੰਡ ਵਿੱਚ ਵੀ ਚੰਦਨ ਦੀ ਖੁਸ਼ਬੋ ਆ ਜਾਂਦੀ ਹੈ, ਇਵੇਂ ਹੀ ਪਤਿਤ ਭਾਵ ਵਿਕਾਰਾਂ ਵਿੱਚ ਦੁਰਗੰਧਤ ਮਨੁੱਖ ਵੀ ਪਵਿਤ੍ਰ ਹੋ ਕੇ ਪ੍ਰਵਾਨ ਚੜ੍ਹ ਜਾਂਦਾ ਹੈ – ‘‘ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ, ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥’’ (ਗੋਂਡ, ਗੁਰੂ ਰਾਮਦਾਸ ਜੀ, ਅੰਕ ੮੬੧) ਸੱਚੇ ਮਾਰਗ ’ਤੇ ਚੱਲਣ ਵਾਲਿਆਂ ਗੁਰਮੁਖਾਂ ਦੀ ਸੰਗਤ ਕਰਕੇ ਈਰਖਾ, ਵੈਰ ਆਦਿਕ ਪਰਾਈ ਤਾਤ ਖ਼ਤਮ ਹੋ ਜਾਂਦੀ ਹੈ, ਕੋਈ ਵੈਰੀ ਜਾਂ ਬੇਗਾਨਾ ਨਹੀਂ ਦਿੱਸਦਾ, ਸਭ ਨਾਲ ਮਿਤ੍ਰਤਾ ਬਣ ਜਾਂਦੀ ਹੈ – ‘‘ਬਿਸਰਿ ਗਈ, ਸਭ ਤਾਤਿ ਪਰਾਈ ॥ ਜਬ ਤੇ, ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ, ਹਮ ਕਉ ਬਨਿ ਆਈ ॥੧॥’’ (ਗੁਰੂ ਅਰਜਨ ਸਾਹਿਬ, ਅੰਕ ੧੨੯੯) ਸਤਸੰਗਤਿ ਸਤਿਗੁਰੂ ਦੀ ਇੱਕ ਪਾਠਸ਼ਾਲਾ ਭਾਵ ਸਕੂਲ ਹੈ, ਜਿੱਥੇ ਰੱਬੀ ਗੁਣ ਸਿੱਖੇ ਜਾਂਦੇ ਹਨ – ‘‘ਸਤਸੰਗਤਿ ਸਤਿਗੁਰ ਚਟਸਾਲ ਹੈ, ਜਿਤੁ ਹਰਿ ਗੁਣ ਸਿਖਾ ॥’’ (ਕਾਨੜੇ ਕੀ ਵਾਰ, ਗੁਰੂ ਰਾਮਦਾਸ ਜੀ, ਅੰਕ ੧੩੧੬), ਕਬੀਰ ਜੀ ਫਰਮਾਂਦੇ ਹਨ ਕਿ ਭਲੇ ਪੁਰਖ ਦੀ ਹੀ ਸੰਗਤਿ ਕਰੀਏ ਜੋ ਅੰਤ ਤੱਕ ਨਿਰਬਾਹ ਕਰਦੀ ਹੈ ਤੇ ਸਾਕਤ (ਗੰਦੇ) ਮਨੁੱਖ ਦੀ ਸੰਗਤ ਵਿਨਾਸ, ਹਾਨੀ ਤੇ ਤਬਾਹੀ ਦਾ ਕਾਰਨ ਬਣਦੀ ਹੈ – ‘‘ਕਬੀਰ ਸੰਗਤਿ ਕਰੀਐ ਸਾਧ ਕੀ; ਅੰਤਿ ਕਰੈ ਨਿਰਬਾਹੁ ॥ ਸਾਕਤ ਸੰਗੁ ਨ ਕੀਜੀਐ; ਜਾ ਤੇ ਹੋਇ ਬਿਨਾਹੁ ॥’’ (ਸਲੋਕ, ਭਗਤ ਕਬੀਰ ਜੀ, ਅੰਕ ੧੩੬੯)

ਸੰਗਤ ਦੇ ਚੰਗੇ-ਮੰਦੇ ਪ੍ਰਭਾਵ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਹਨ ਕਿ ਜਿਵੇਂ ਜ਼ਰਾ ਕੁ ਖੱਟੇ ਦੀ ਜਾਗ (ਸੰਗਤ) ਨਾਲ ਦੁੱਧ ਦਾ ਦਹੀਂ ਬਣ ਜਾਂਦਾ ਹੈ, ਰੱਤਾ ਜਿੰਨੀ ਕਾਂਜੀ (ਦੀ ਛਿਟ/ਸੰਗਤ) ਨਾਲ ਦੁੱਧ ਫਟ ਜਾਂਦਾ ਹੈ, ਛੋਟਾ ਜਿਹਾ ਬੋਹੜ ਦਾ ਬੀ; ਮਿੱਟੀ ’ਚ ਬੀਜ (ਮਿੱਟੀ ਨਾਲ਼ ਸੰਗਤ ਕਰ) ਕੇ ਵੱਡਾ ਬ੍ਰਿਛ ਹੋ ਜਾਂਦਾ ਹੈ ਤੇ ਉਹੀ ਵੱਡਾ ਦਰਖ਼ਤ ਰਤਾ ਕੁ ਅੱਗ (ਦੀ ਸੰਗਤ) ਨਾਲ ਸੜ ਕੇ ਸਵਾਹ ਹੋ ਜਾਂਦਾ ਹੈ, ਰਤਾ ਕੁ ਜ਼ਹਰ ਖਾਣ (ਸੰਗਤ) ਨਾਲ ਮੌਤ, ਪਰ ਰਤਾ ਕੁ ਅੰਮ੍ਰਿਤ ਪੀਣ ਨਾਲ ਜ਼ਿੰਦਗੀ ਅਮਰ ਹੋ ਜਾਂਦੀ ਹੈ; ਇਉਂ ਵੇਸਵਾ ਅਤੇ ਸੁਹਾਗਣ ਦੀ ਸੰਗਤ ਵਾਙ ਗੁਰਮੁਖ ਤੇ ਮਨਮੁਖ ਦੀ ਸੰਗਤ ਹੈ, ਰਤਾ ਕੁ ਗੁਰਮੁਖ ਦੀ ਸੰਗਤ ਖੋਟੇ ਕਰਮ ਨਾਸ਼ ਕਰ ਦਿੰਦੀ ਹੈ ਜਦਕਿ ਰਤਾ ਕੁ ਹੀ ਮਨਮੁਖ ਦੀ ਸੰਗਤ ਸ਼ੁਭ ਕਰਮ (ਉਪਕਾਰ) ਨੂੰ ਨਸ਼ਟ ਕਰ ਜਾਂਦੀ ਹੈ, ‘‘ਤਨਕ ਹੀ ਜਾਵਨ ਕੈ ਦੂਧ ਦਧ ਹੋਤ ਜੈਸੇ; ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ। ਤਨਕ ਹੀ ਬੀਜ ਬੋਇ ਬਿਰਖ ਬਿਥਾਰ ਹੋਇ; ਤਨਕ ਹੀ ਚਿਨਗ ਪਰੇ ਭਸਮ ਹੁਇ ਸਮਾਤ ਹੈ। ਤਨਕ ਹੀ ਖਾਇ ਬਿਖੁ ਹੋਤ ਹੈ ਬਿਨਾਸ ਕਾਲ; ਤਨਕ ਹੀ ਅੰਮ੍ਰਿਤ ਕੈ ਅਮਰੁ ਹੋਇ ਗਾਤ ਹੈ। ਸੰਗਤਿ ਅਸਾਧ ਸਾਧ ਗਨਿਕਾ ਬਿਵਾਹਿਤਾ ਜਿਉ; ਤਨਕ ਮੈ ਉਪਕਾਰ ਅਉ ਬਿਕਾਰ ਘਾਤ ਹੈ ॥੧੭੪॥’’ (ਭਾਈ ਗੁਰਦਾਸ ਜੀ, ਕਬਿੱਤ ੧੭੪)

ਇੱਕ ਹੋਰ ਕਬਿੱਤ ਵਿੱਚ ਭਾਈ ਸਾਹਿਬ ਸਮਝਾਉਂਦੇ ਹਨ ਕਿ ਜਿਵੇਂ ਮਰਨ ਦੇ ਡਰ ਨੂੰ ਵੇਖਦਿਆਂ ਵੀ; ਚੋਰ, ਚੋਰੀ ਕਰਨੀ ਨਹੀਂ ਛੱਡਦਾ।, ਡਾਕੂ, ਆਪਣੇ ਸਾਥੀਆਂ ਨਾਲ਼ ਮਿਲ ਕੇ ਰਾਹੀਆਂ ਨੂੰ ਲੁੱਟਣਾ ਨਹੀਂ ਛੱਡਦਾ।, ਕਾਮੀ ਪੁਰਸ਼ (ਬੇਸ਼ਰਮੀ ਤੇ ਏਡਜ਼ ਨੂੰ ਵੇਖਦਿਆਂ ਵੀ) ਵੇਸਵਾ ਕੋਲ਼ ਜਾਣੋ ਨਹੀਂ ਰੁਕਦਾ।, ਜੁਆਰੀ; ਸਭ ਕੁਝ ਹਾਰ ਕੇ ਵੀ ਜੂਆ ਖੇਡਣੋ ਨਹੀਂ ਹਟਦਾ।, ਲੋਕਾਂ ਦੇ ਮੁੱਖੋਂ ਤੇ ਧਰਮ ਗ੍ਰੰਥਾਂ ਤੋਂ ਨਸ਼ੇ ਦੇ ਔਗੁਣ ਤੇ ਦੁੱਖਾਂ ਨੂੰ ਸੁਣ ਕੇ ਫਿਟਕਾਰਾਂ ਪੈਂਦਿਆਂ ਵੀ ਨਸ਼ੇੜੀ ਨਸ਼ਾ ਨਹੀਂ ਛੱਡਦਾ, ਆਦਿ ਨੀਚ ਤੇ ਖੋਟੇ ਬੰਦੇ ਜਦ ਆਪਣੇ ਔਗੁਣਾਂ ਨੂੰ ਨਹੀਂ ਛੱਡਦੇ ਤਾਂ ਗੁਰੂ ਦਾ ਆਗਿਆਕਾਰੀ ਸੇਵਕ; ਸਤਿ ਪੁਰਸ਼ਾਂ ਦੀ ਸੰਗਤ ਕਿਵੇਂ ਛੱਡ ਸਕਦਾ ਹੈ, ‘‘ਮਾਰਬੇ ਕੋ ਤ੍ਰਾਸੁ ਦੇਖਿ ਚੋਰ ਨ ਤਜਤ ਚੋਰੀ; ਬਟਵਾਰਾ ਬਟਵਾਰੀ ਸੰਗਿ ਹੁਇ ਤਕਤ ਹੈ। ਬੇਸ੍ਵਾਰਤੁ ਬ੍ਰਿਥਾ ਭਏ ਮਨ ਮੈ ਨਾ ਸੰਕਾ ਮਾਨੈ; ਜੁਆਰੀ ਨ ਸਰਬਸੁ ਹਾਰੇ ਸੈ ਥਕਤ ਹੈ। ਅਮਲੀ ਨ ਅਮਲ ਤਜਤ ਜਿਉ ਧਿਕਾਰ ਕੀਏ; ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ। ਅਧਮ ਅਸਾਧ ਸੰਗ ਛਾਡਤ ਨ ਅੰਗੀਕਾਰ; ਗੁਰਸਿਖ ਸਾਧਸੰਗ ਛਾਡਿ ਕਿਉ ਸਕਤ ਹੈ ?॥੩੨੩॥’’ (ਭਾਈ ਗੁਰਦਾਸ ਜੀ : ਕਬਿੱਤ ੩੨੩)

ਭਾਈ ਨੰਦ ਲਾਲ ਜੀ ਦੇ ਬੋਲ ਹਨ ਕਿ ਹੇ ਮਿਤ੍ਰ ! ਜੇ ਤੈਨੂੰ ਭਲੇ ਲੋਕਾਂ ਦਾ ਸੰਗ ਮਿਲੇ ਤਾਂ ਅਬਿਨਾਸ਼ੀ ਧੰਨ ਦੀ ਪ੍ਰਾਪਤੀ ਹੋਵੇ – ‘ਸੁਹਬਤੇ ਨੇਕਾਂ ਅਗਰ ਬਾਸ਼ਦ ਨਸੀਬ। ਦੌਲਤੇ ਜਾਵੀਦ ਯਾਬੀ ਐ ਹਬੀਬ॥੯॥’ (ਜਿੰਦਗੀ ਨਾਮਹ) ਸਤਸੰਗਤ ਦੇ ਪ੍ਰਭਾਵ ਕਰਕੇ ਮੈਂ ਧੂੜ ਦੇ ਕਿਣਕੇ ਨੂੰ ਸੰਸਾਰ ਦਾ ਸੂਰਜ ਹੋਇਆ ਡਿੱਠਾ ਹੈ – ‘‘ਜ਼ਰੱਹ ਰਾ ਦੀਦਮ ਕਿ ਖੁਰਸ਼ੀਦੇ ਜਹਾ। ਸ਼ੁਦ ਜ਼ਿ ਫੈਗ਼ੇ ਸੁਹਬਤੇ ਸਾਹਿਬ ਦਿਲਾਂ॥੧੨੮॥’ ਜੋ ਪ੍ਰਭੂ ਪਿਆਰਿਆਂ ਦੀ ਸੰਗਤਿ ਵਿੱਚ ਹੈ, ਦੋਹਾਂ ਲੋਕਾਂ ਦੀ ਮਾਇਆ ਉਸ ਦੇ ਘਰ ਹੈ – ‘ਈਂ ਹਮਹ ਅਜ਼ ਸੁਹਬਤੇ ਮਰਦਾਨਿ ਓਸਤ। ਦੌਲਤੇ ਹਰ ਦੋ ਜ਼ਹਾਂ ਦਰ ਖਵਾਨੇ ਓਸਤ॥੧੯੬॥’ ਉਹ ਸਤਸੰਗਤਿ ਧੰਨ ਹੈ ਜਿਸ ਨੇ ਧੂੜਿ ਨੂੰ ਰਸਾਇਣ ਬਣਾ ਦਿੱਤਾ ਤੇ ਨਿਕੰਮੇ ਮੂਰਖ ਨੂੰ ਮਹਾਂ ਚਤੁਰ ਸਿਆਣਾ ਕਰ ਦਿੱਤਾ – ‘ਐ ਜ਼ਹੈ ਸੁਹਬਤ ਕਿ ਖਾਕ ਅਕਸੀਰ ਕਰਦ।  ਨਾਕਸੇ ਰਾ ਸਾਹਿਬੇ ਤਦਬੀਰ ਕਰਦ॥੨੬੭॥’ ਉਹ ਇਕੱਠ ਭਲਾ ਹੈ ਜੋ ਸੱਚਾ ਜੀਵਨ ਹਾਸਲ ਕਰਨ ਲਈ ਹੋਵੇ ਤੇ ਉਹ ਜੋੜ ਮੇਲ ਅੱਛਾ ਹੈ, ਜੋ ਰੱਬੀ ਬੰਦਗੀ ਵਾਸਤੇ ਹੈ – ‘ਆਂ ਹਜ਼ੂਮੇ ਖੁਸ਼ ਕਿ ਬਹਿਰਿ ਜਿੰਦਗੀਸਤ। ਆਂ ਹਜੂਮੇ ਖੁਸ਼ ਕਿ ਮਹਿਜੇ ਬੰਦਗੀਸਤ॥੨੩॥’

ਡਾ. ਹਰਜਿੰਦਰ ਸਿੰਘ ਦਲਗੀਰ ਮੁਤਾਬਕ – ਸੰਗਤਿ ਲਫਜ਼ ਦੀ ਜੜ ਬੋਧੀ ਸੰਗ ਜੋ ਪਾਲੀ ਬੋਲੀ ਦਾ ਲਫਜ਼ ਤੇ ਅਰਥ ਹੈ ਇਕੱਠੇ ਹੋਣਾ।  ਧਰਮ-ਇਕੱਠ ਵਿੱਚ ਬੈਠੇ ਸਿੱਖ।  ਗੁਰੂ ਸਾਹਿਬ ਵੇਲੇ ਕਈ ਹਿੱਸਿਆਂ ਵਿੱਚ ਸੰਗਤਾਂ ਕਾਇਮ ਕੀਤੀਆਂ ਜਾਂਦੀਆਂ ਸਨ, ਦਾ ਮਤਲਬ ਸੀ ਕਿਸੇ ਇੱਕ ਇਲਾਕੇ ਦਾ ਸਿੱਖ ਭਾਈਚਾਰਾ।  ਧਾਰਮਕ ਪੱਖੋਂ ਸੰਗਤ ਦਾ ਭਾਵ ਪਵਿਤ੍ਰ, ਸਾਊ ਤੇ ਵਧੀਆ ਲੋਕਾਂ ਦਾ ਸਾਥ।  ਗੁਰਸਿੱਖਾਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਗੁਰਮੁਖਾਂ ਤੇ ਭਲੇ ਪੁਰਖਾਂ ਦੀ ਸੰਗਤਿ ’ਚ ਬਿਤਾਉਣਾ ਚਾਹੀਦਾ ਹੈ।  ਸੰਗਤ ਲਈ ਸਾਧ ਸੰਗਤ ਲਫਜ਼ ਵੀ ਵਰਤਿਆ ਜਾਂਦਾ ਹੈ, ਜੋ ਕਿਸੇ ਸੰਤ ਜਾਂ ਡੇਰੇ ਮੁਖੀ ਲਈ ਨਹੀਂ। ਸਿੱਖ ਧਰਮ ਮੁਤਾਬਕ, ਸਭ ਤੋਂ ਚੰਗੀ ਸੰਗਤ ਓਥੇ ਹੈ ਜਿੱਥੇ ਦੂਜਿਆਂ ਨਾਲ ਮਿਲ ਕੇ, ਰੱਬੀ ਸਿਫਤ ਸਲਾਹ ਕੀਤੀ ਜਾਵੇ।  ਸੰਗਤ ਦਾ ਰੋਲ ਸਿਰਫ ਧਾਰਮਕ/ਰੂਹਾਨੀ ਹੀ ਨਹੀਂ ਸਗੋਂ ਇੱਕ ਸੁਹਿਰਦ ਭਾਈਚਾਰਾ ਵੀ ਹੈ।

ਸੰਗਤ ਦੇ ਕਈ ਹੋਰ ਰੂਪ ਹਨ ਜਿਵੇਂ- ਸੱਚੇ ਗੁਰੂ ਦੀ ਸੰਗਤ, ਸ਼ਬਦ ਗੁਰਬਾਣੀ ਦੀ ਸੰਗਤ, ਸੱਚੇ-ਸੁੱਚੇ ਵਿਚਾਰਾਂ ਦੀ ਸੰਗਤ, ਰਾਗ ਤੇ ਗੀਤਾਂ ਰਾਹੀਂ ਸੱਚ ਦੀ ਸੰਗਤ, ਰੇਡੀਓ-ਟੀ ਵੀ ’ਤੇ ਚੰਗੇ ਅਤੇ ਉਸਾਰੂ ਪ੍ਰੋਗਰਾਮ ਵੇਖਣ ਅਤੇ ਵਾਚਣ ਦੀ ਸੰਗਤ, ਖੇਡਾਂ ਵਿੱਚ ਚੰਗੀਆਂ ਖੇਡਾਂ ਤੇ ਚੰਗੇ ਖਿਡਾਰੀਆਂ ਦੀ ਸੰਗਤ, ਸੱਚ ਧਰਮ ਅਤੇ ਮਨੁੱਖਤਾ ਖਾਤਰ ਸ਼ਹੀਦ ਹੋਏ ਪ੍ਰਵਾਨਿਆਂ ਦੀ ਯਾਦਾਸ਼ਤੀ ਸੰਗਤ, ਗੁਰਮੁੱਖਾਂ-ਭਲੇ ਪੁਰਖਾਂ ਦੀ ਸੰਗਤ, ਚੰਗੇ ਗ੍ਰੰਥ ਅਤੇ ਚੰਗੀਆਂ ਪੁਸਤਕਾਂ ਪੜ੍ਹਨ ਦੀ ਸੰਗਤ ਅਤੇ ਆਪਣੇ ਕੰਮ-ਕਾਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਆਦਿਕ ਸ਼ੁਭ ਕਰਮਾਂ ਦੀ ਸੰਗਤ ਨਾਲ ਜੀਵਨ ਵਿਕਾਰਾਂ ਤੋਂ ਬਚਿਆ, ਉਸਾਰੂ ਤੇ ਚੜਦੀ ਕਲਾ ਨਾਲ ਬੀਤਦਾ ਹੈ। ਜਿਸ ਇਕੱਠ ਵਿੱਚ ਸੱਚ ਦੀ ਥਾਂ ਝੂਠ ਤੇ ਜਥਾਰਥ ਦੀ ਥਾਂ ਮਿਥਿਹਾਸਕ ਤੇ ਮਨਘੜਤ ਵਿਚਾਰਾਂ ਕੀਤੀਆਂ ਤੇ ਲੋਟੂ ਡੇਰੇਦਾਰ ਸਾਧਾਂ ਸੰਤਾਂ ਦੀਆਂ ਦੰਦ ਕਥਾਵੀ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਵਹਿਮਾ-ਭਰਮਾ, ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਆਦਿਕ ਅੰਧਵਿਸ਼ਵਾਸਾਂ ਅਤੇ ਥੋਥੇ ਕਰਮਕਾਂਡਾਂ ਦੀ ਕੋਝੀ ਤੇ ਬੇ ਬੁਨਿਆਦ ਸਿੱਖਿਆ ਦਿੱਤੀ ਜਾਂਦੀ ਹੈ, ਉਸ ਨੂੰ ਸਤਸੰਗਤਿ ਨਹੀਂ ਕਿਹਾ ਜਾ ਸਕਦਾ।  ਸੋ ਸੰਗਤ ਸੁਚੇਤ ਬੰਦਿਆਂ ਦਾ ਸਮੂਹ ਹੈ, ਜਿਸ ਨੂੰ ਸੁਚੇਤ ਹੋ ਕੇ ਕਰਨਾ ਲਾਭਕਾਰੀ ਹੁੰਦਾ ਹੈ।

ਪੰਜਾਬ ਲਈ ਆਰ ਐਸ ਐਸ ਦਾ ਗੁਪਤ ਏਜੰਡਾ

0

ਦਸਵੰਧ ਦਾਨੀ ਅਖਵਾਉਂਦੇ ਸਿੱਖ; ਇਉਂ ਸੀਮਤ ਪੈਸੇ ਨਾਲ ਬੱਚੀਆਂ ਨੂੰ ਰੁਜ਼ਗਾਰ ਦੇ ਕੇ ਗੁਰਮਤਿ ਦਾ ਪ੍ਰਚਾਰ ਕਿਉਂ ਨਹੀਂ ਕਰਵਾ ਰਹੇ ?

ਸਿੱਖੀ ਨੂੰ ਨਸ਼ਟ ਕਰਦੀ ਇਸ ਏਕਲ ਵਿਦਿਆਲਿਆ ਨੂੰ ਮਿਲਦੀ ਪਿਛੋਕੜ ਮਦਦ

Most Viewed Posts