ਗੁਰੂ ਅਰਜਨ ਸਾਹਿਬ ਜੀ ਦੁਆਰਾ ਨਿਭਾਈ ਗਈ ਗੁਰੂ ਨਾਨਕ ਜੋਤਿ ਰੂਪ ਜ਼ਿੰਮੇਵਾਰੀ

0
574

ਗੁਰੂ ਅਰਜਨ ਸਾਹਿਬ ਜੀ ਦੁਆਰਾ ਨਿਭਾਈ ਗਈ ਗੁਰੂ ਨਾਨਕ ਜੋਤਿ ਰੂਪ ਜ਼ਿੰਮੇਵਾਰੀ

ਗਿਆਨੀ ਅਵਤਾਰ ਸਿੰਘ

ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪਰੈਲ 1563 ਈਸਵੀ ਨੂੰ ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ (ਮਗਰੋਂ ਨਾਂ ਗੁਰੂ ਰਾਮਦਾਸ ਜੀ) ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ ।  ਆਪ ਜੀ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀਚੰਦ ਜੀ (ਸੰਨ 1558-1618 ਈ.) ਅਤੇ ਬਾਬਾ ਮਹਾਂਦੇਵ ਜੀ (ਸੰਨ 1560-1605 ਈ.) ਸਨ। ਆਪ ਜੀ ਦਾ ਬਚਪਨ ਗੋਇੰਦਵਾਲ ਵਿਖੇ ਪਿਤਾ ਗੁਰੂ ਰਾਮਦਾਸ ਜੀ ਅਤੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਬੀਤਿਆ, ਇਸ ਕਾਰਨ ਆਪ ਜੀ ਵਿੱਚ ਨਾਨਾ ਜੀ ਅਤੇ ਪਿਤਾ ਜੀ ਵਾਲ਼ੀਆਂ ਸਾਰੀਆਂ ਖ਼ੁਬੀਆਂ ਸਨ।  ਸੇਵਾ, ਸਿਮਰਨ, ਸਿਆਣਪ, ਇੰਤਜ਼ਾਮ ਦੇ ਗੁਣ ਸਿੱਖਣ ਦੇ ਨਾਲ਼-ਨਾਲ਼ ਆਪ ਨੇ ਤਾਲੀਮ ਵੀ ਹਾਸਲ ਕੀਤੀ।  ਗੁਰੂ ਅਮਰਦਾਸ ਜੀ ਕੋਲ਼ ਸੰਭਾਲ਼ਿਆ ਹੋਇਆ ਸਮੁੱਚਾ ਗੁਰਬਾਣੀ ਸੰਗ੍ਰਹਿ, ਭਗਤ ਬਾਣੀ ਫ਼ਲਸਫ਼ਾ ਆਦਿ ਆਪ ਨੇ ਸਭ ਪੜ੍ਹ ਕੇ ਸਮਝ ਲਿਆ।   11 ਕੁ ਸਾਲ ਦੀ ਉਮਰ ਵਿੱਚ ਹੀ ਆਪ ਉੱਚ ਕੋਟੀ ਦੇ ਵਿਦਵਾਨ ਬਣ ਚੁੱਕੇ ਸਨ।  ਗੁਰੂ ਅਮਰਦਾਸ ਜੀ ਨੇ ਬਾਲਕ ਅਰਜਨ ਜੀ ਦੀ ਸਾਹਿਤਕ ਰੁਚੀ ਵੇਖਦਿਆਂ ਹੀ ‘ਦੋਹਤਾ ਬਾਣੀ ਕਾ ਬੋਹਿਥਾ’ ਸ਼ਬਦਾਂ ਨਾਲ਼ ਆਪ ਨੂੰ ਨਿਵਾਜਿਆ।

ਪਹਿਲੀ ਸਤੰਬਰ 1574 ਨੂੰ ਗੁਰੂ ਅਮਰਦਾਸ ਜੀ; ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਆਪ ਜੋਤਿ ਜੋਤ ਸਮਾ ਗਏ। ਇਸ ਤੋਂ ਛੇਤੀ ਹੀ ਬਾਅਦ ਗੁਰੂ ਰਾਮਦਾਸ ਜੀ (ਪਰਿਵਾਰ ਸਮੇਤ) ਗੋਇੰਦਵਾਲ ਤੋਂ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ। ਪਿਤਾ ਜੀ ਨਾਲ਼ ਰਲ਼ ਕੇ (ਗੁਰੂ) ਅਰਜਨ ਸਾਹਿਬ ਜੀ ਨੇ ਨਗਰ ਦੀ ਉਸਾਰੀ ਸ਼ੁਰੂ ਕੀਤੀ, ਇਸ ਦਾ ਤਜਰਬਾ ਆਪ ਜੀ ਨੂੰ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਜਾਂਦੀ ਆਪਸੀ ਗੱਲਬਾਤ ਦੌਰਾਨ ਪਹਿਲਾਂ ਹੀ ਹੋ ਚੁੱਕਾ ਸੀ।   19 ਜੂਨ 1589 ਦੇ ਦਿਨ (ਉਮਰ 26 ਸਾਲ 2 ਮਹੀਨੇ 5 ਦਿਨ) ਆਪ ਜੀ ਦਾ ਵਿਆਹ ਲਾਹੌਰ ਦੇ ਭਾਈ ਸੰਗਤ ਰਾਓ ਦੀ ਬੇਟੀ (ਮਾਤਾ) ਗੰਗਾ ਜੀ ਨਾਲ਼ ਹੋਇਆ, ਜਿਨ੍ਹਾਂ ਦੇ ਉਦਰ ਤੋਂ 19 ਜੂਨ 1595 ਦੇ ਦਿਨ (ਗੁਰੂ) ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

47 ਸਾਲ ਦੀ ਸੰਸਾਰਕ ਯਾਤਰਾ ਸਫਲ ਕਰ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪ ਕੇ ਗੁਰੂ ਰਾਮਦਾਸ ਜੀ 1 ਸਤੰਬਰ 1581 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ।  ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਣ ਕਾਰਨ ਆਪ ਜੀ ਦੇ ਸਭ ਤੋਂ ਵੱਡੇ ਭਰਾ ਪ੍ਰਿਥੀਚੰਦ ਅੰਦਰ ਦਿਨ ਪ੍ਰਤੀ ਦਿਨ ਸੜਨ ਵਧਦੀ ਗਈ, ਜਿਸ ਦਾ ਸਭ ਤੋਂ ਪਹਿਲਾ ਮੁਹਰਾ ਬਣਿਆ ਮੁਗ਼ਲ ਜਰਨੈਲ ਸੁਲਹੀ ਖ਼ਾਨ, ਜੋ ਪ੍ਰਿਥੀਚੰਦ ਦੁਆਰਾ ਕੰਨ ਭਰੇ ਜਾਣ ’ਤੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਆ ਰਿਹਾ ਸੀ, ਪਰ ਅਕਾਲ ਪੁਰਖ ਦੀ ਰਹਿਮਤ ਸਦਕਾ ਰਸਤੇ ਵਿੱਚ ਹੀ ਘੋੜੇ ਦੇ ਬੇਕਾਬੂ ਹੋ ਜਾਣ ’ਤੇ ਇੱਕ ਬਲਦੇ ਭੱਠੇ ਵਿੱਚ ਡਿੱਗ ਕੇ ਜਿਊਂਦਾ ਸੜ ਗਿਆ।  ਮੁਸਲਮਾਨ ਲਈ ਅੱਗ ’ਚ ਸੜ ਕੇ ਮਰਨਾ ਬਦਕਿਸਮਤੀ ਮੰਨਿਆ ਜਾਂਦਾ ਹੈ, ਪਰ ਪ੍ਰਿਥੀਚੰਦ ਨੂੰ ਫਿਰ ਨਾ ਅਕਲ ਆਈ।  ਹੁਣ ਉਹ, ਸੁਲਹੀ ਖ਼ਾਨ ਦੇ ਭਤੀਜੇ ਸੁਲਭੀ ਖ਼ਾਨ ਨੂੰ ਨਾਲ਼ ਲੈ ਕੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਚੱਲ ਪਿਆ।  ਉਹ ਵੀ ਰਸਤੇ ਵਿੱਚ ਆਪਣੇ ਹੀ ਇੱਕ ਸਿਪਾਹੀ ਨਾਲ਼ ਝਗੜਾ ਕਰਦਿਆਂ ਗੋਲ਼ੀ ਲੱਗਣ ਨਾਲ਼ ਮਰ ਗਿਆ।  ਗੁਰੂ ਘਰ ’ਤੇ ਹਮਲਾਵਰ ਹੋ ਕੇ ਆਏ ਇਨ੍ਹਾਂ ਦੁਸ਼ਮਣਾਂ ਨਾਲ਼ ਗੱਲਬਾਤ ਕਰਨ ਜਾਂ ਮੁਕਾਬਲਾ ਕਰਨ ਲਈ ਮੁਖੀ ਸਿੱਖਾਂ ਨੇ ਗੁਰੂ ਜੀ ਨਾਲ਼ ਸਲਾਹ ਮਸ਼ਵਰਾ ਕੀਤਾ, ਜਿਸ ਬਾਰੇ ਆਪ ਦਾ ਨਜ਼ਰੀਆ ਬਾਣੀ ਵਿੱਚ ਅੰਕਿਤ ਹੈ, ‘‘ਪ੍ਰਥਮੇ ਮਤਾ (ਪਹਿਲੀ ਸਲਾਹ); ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ; ਪ੍ਰਭ ! ਤੁਹੀ ਧਿਆਇਆ ॥’’ (ਆਸਾ, ਮ: ੫, ਅੰਕ ੩੭੧)

ਪ੍ਰਿਥੀਚੰਦ ਨੇ 1585 ਈਸਵੀ ’ਚ ਇੱਕ ਵਾਰ ਫਿਰ ਅਕਬਰ ਬਾਦਸ਼ਾਹ (1556-1605) ਦੇ ਵਜ਼ੀਰ ਮਹੇਸ਼ ਚੰਦਰ ਭੱਟ (ਪ੍ਰਸਿੱਧ ਨਾਂ ਬੀਰਬਲ 1528-1586) ਨਾਲ਼ ਗੰਢ-ਸੰਢ ਕੀਤੀ, ਜੋ ਅਕਬਰ ਦੀ ਰਾਜਪੂਤ ਬੀਬੀ ਅਤੇ ਜੋਧਪੁਰ ਦੇ ਹਿੰਦੂ ਰਾਜਪੂਤ ਰਾਜੇ ਦੀ ਧੀ, ਨਾਲ਼ ਦਾਜ ਵਿੱਚ ਆਇਆ ਸੀ। ਅਕਬਰ ਨੇ ਬੀਰਬਲ ਨੂੰ ਦਿੱਲੀ ਤੋਂ ਸਰਹੱਦੀ ਸੂਬੇ (ਲਾਹੌਰ) ਵੱਲ ਭੇਜਿਆ ਜਿੱਥੇ ਪਠਾਣਾਂ ਨੇ ਬਗ਼ਾਵਤ ਕਰ ਰੱਖੀ ਸੀ।  ਚੱਲਣ ਤੋਂ ਪਹਿਲਾਂ ਬੀਰਬਲ ਨੇ ਅਕਬਰ ਬਾਦਸ਼ਾਹ ਪਾਸੋਂ ਰਸਤੇ ਦਾ ਖ਼ਰਚ ਕੱਢਣ ਲਈ ਸਾਰੇ ਖੱਤਰੀਆਂ ਤੋਂ ਟੈਕਸ ਵਸੂਲਣ ਦੀ ਅਨੁਮਤੀ ਲੈ ਲਈ।  ਗੋਇੰਦਵਾਲ ਦੇ ਪੱਤਣ ਤੋਂ ਲੰਘਦਿਆਂ ਪ੍ਰਿਥੀਚੰਦ ਦੀ ਸ਼ਹਿ ’ਤੇ ਬੀਰਬਰ ਨੇ ਆਪਣੇ ਏਲਚੀ; ਗੁਰੂ ਜੀ ਪਾਸੋਂ ਟੈਕਸ ਲੈਣ ਲਈ ਗੁਰੂ ਕੇ ਚੱਕ ਭੇਜੇ।  ਗੁਰੂ ਜੀ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਨਾ ਕਰ ਦਿੱਤਾ ਕਿ ਸਿੱਖ; ਹਿੰਦੂ ਨਹੀਂ ਹੁੰਦੇ।  ਗੁਰੂ ਜੀ ਦਾ ਇਹ ਜਵਾਬ ਏਲਚੀਆਂ ਰਾਹੀਂ ਬੀਰਬਰ ਨੂੰ ਮਿਲਣ ’ਤੇ ਉਹ ਗੁਸੇ ਹੋਇਆ ਅਤੇ ਅਮਾਨਤ ਖ਼ਾਨ ਦੀ ਸਰ੍ਹਾਂ ਤੋਂ ਦੁਬਾਰਾ ਆਪਣੇ ਏਲਚੀ ਭੇਜ ਕੇ ਗੁਰੂ ਜੀ ਨੂੰ ਧਮਕੀ ਦਿੱਤੀ ਕਿ ਟੈਕਸ ਦੇਓ ਜਾਂ ਵਾਪਸੀ ’ਤੇ ਹਮਲਾ ਕਰ ਦਿਆਂਗਾ।  ਅਕਾਲ ਪੁਰਖ ਦੀ ਮੁੜ ਰਹਿਮਤ ਹੋਈ ਕਿ ਬੀਰਬਲ ਵੀ ਇਨ੍ਹਾਂ ਪਠਾਣਾਂ ਨਾਲ਼ ਲੜਦਿਆਂ ਫ਼ਰਵਰੀ 1586 ’ਚ ਮਰ ਗਿਆ। ਪ੍ਰਿਥੀਚੰਦ ਦੀਆਂ ਕੋਝੀਆਂ ਸਾਜ਼ਸ਼ਾਂ ਇੱਕ ਵਾਰ ਰੁਕ ਗਈਆਂ ਤੇ ਉਹ ਆਪਣੇ ਸਹੁਰੇ ਘਰ ਜ਼ਿਲ੍ਹਾ ਲਾਹੌਰ ਚਲਾ ਗਿਆ।

ਗੁਰੂ ਸਾਹਿਬ ਨੇ ਇਸੇ ਸਾਲ (1586 ’ਚ) ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕੀਤਾ।  ਦੋ ਸਾਲ ਬਾਅਦ ਸੰਤੋਖਸਰ ਸਰੋਵਰ ਪੱਕਾ ਕੀਤਾ ਗਿਆ।   3 ਜਨਵਰੀ 1588 ਨੂੰ ਆਪ ਨੇ ਅੰਮ੍ਰਿਤਸਰ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ। 

(ਨੋਟ: ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਮੁਤਾਬਕ ਦਰਬਾਰ ਸਾਹਿਬ ਦੀ ਰੱਖੀ ਇਸ ਨੀਂਹ ਤੋਂ ਲਗਭਗ 200-250 ਸਾਲ ਬਾਅਦ ਭਾਵ 19ਵੀਂ ਸਦੀ ’ਚ ਲਿਖਾਰੀ ਬੂਟੇ ਸ਼ਾਹ ਨੇ ਪਹਿਲੀ ਵਾਰ ਸਾਈਂ ਮੀਆਂ ਮੀਰ ਜੀ ਪਾਸੋਂ ਦਰਬਾਰ ਸਾਹਿਬ ਦੀ ਨੀਂਹ ਰੱਖੇ ਜਾਣ ਦਾ ਪ੍ਰਚਾਰ ਕਰਨਾ ਸੁਰੂ ਕੀਤਾ ਗਿਆ ਸੀ।)

ਗੁਰੂ ਜੀ ਦੀ ਸ਼ਾਦੀ (19 ਜੂਨ 1589) ਨੂੰ ਹੋਣ ਤੋਂ ਬਾਅਦ ਸੰਨ 1590 ’ਚ ਆਪ ਨੇ ਤਰਨ ਤਾਰਨ ਸਰੋਵਰ ਦੀ ਪੁਟਾਈ ਸ਼ੁਰੂ ਕਰਵਾਈ।  ਲੋਕਾਂ ਦੀ ਤਕਲੀਫ਼ ਨੂੰ ਵੇਖਦਿਆਂ ਸੰਨ 1592 ’ਚ ਗੁਰੂ ਕੀ ਵਡਾਲੀ ਲਾਗੇ ਛੇ ਹਰਟਾਂ ਵਾਲ਼ਾ ਖੂਹ ਲਵਾਇਆ ।  ਹੁਣ ਇਸ ਆਬਾਦੀ ਦਾ ਨਾਂ ਹੀ ਛੇਹਰਟਾ ਸਾਹਿਬ ਪੈ ਗਿਆ।  ਸੰਨ 1593 ’ਚ ਆਪ ਨੇ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖੀ।  ਸੰਨ 1597 ’ਚ ਆਪ ਨੇ ਪਿੰਡ ਰੁਹੀਲਾ ਦੀ ਜਗ੍ਹਾ ਗੋਬਿੰਦਪੁਰ (ਹੁਣ ਹਰਿਗੋਬਿੰਦਪੁਰ) ਨਗਰ ਦੀ ਨੀਂਹ ਰੱਖੀ।  ਸੰਨ 1599 ’ਚ ਲਾਹੌਰ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਸਥਾਨ (ਚੂਨਾ ਮੰਡੀ) ’ਚ ਬਾਉਲੀ ਬਣਵਾਈ ਗਈ।  ਗੁਰੂ ਕਾ ਚੱਕ ਵਿਖੇ ਸੰਗਤਾਂ ਦੀ ਨਫ਼ਰੀ ਵਧਦੀ ਵੇਖ ਆਪ ਨੇ ਸੰਨ 1602 ’ਚ ਰਾਮਦਾਸ ਸਰੋਵਰ (ਤੀਸਰਾ ਸਰੋਵਰ) ਤਿਆਰ ਕਰਵਾਇਆ।  ਪਿੰਡ ਘੁੰਕੇਵਾਲ਼ੀ ’ਚ ਇੱਕ ਬਾਗ਼ ਵੀ ਲਗਵਾਇਆ ਗਿਆ, ਜਿਸ ਨੂੰ ਹੁਣ ਗੁਰੂ ਕਾ ਬਾਗ਼ ਕਿਹਾ ਜਾਂਦਾ ਹੈ, ਇਸ ਦੀ ਆਜ਼ਾਦੀ ਲਈ ਸੰਨ 1922 ’ਚ ਮੋਰਚਾ ਵੀ ਲਗਾਇਆ ਗਿਆ ਸੀ।  ਤਰਨ ਤਾਰਨ ਵਿੱਚ ਇਕ ਕੋਹੜੀ ਆਸ਼ਰਮ ਵੀ ਬਣਾਇਆ ਗਿਆ। ਇਉਂ ਗੁਰੂ ਜੀ ਤਕਰੀਬਨ 15 ਸਾਲ ਤੱਕ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਨਾਲ਼ ਨਾਲ਼ ਆਮ ਜਨਤਾ ਦੀਆਂ ਤਕਲੀਫ਼ਾਂ ਸੁਣਦਿਆਂ ਨਗਰ, ਬਾਉਲੀਆਂ, ਖੂਹ ਅਤੇ ਸਰੋਵਰ ਆਦਿ ਬਣਾਉਂਦੇ ਰਹੇ।  ਸੰਨ 1595 ’ਚ ਰਾਵੀ ਅਤੇ ਝਨਾਂ ਵਿਚਕਾਰ ਕਾਲ ਪੈ ਗਿਆ, ਜਿੱਥੇ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਨਾਲ਼ ਲੰਗਰ ਲਗਾ ਕੇ ਲੋਕਾਂ ਦੀ ਬੜੀ ਮਦਦ ਕੀਤੀ।  ਗੁਰੂ ਜੀ ਇੱਥੇ 8 ਮਹੀਨੇ ਰਹੇ ਤੇ ਇਨ੍ਹੀਂ ਦਿਨੀਂ ਅਕਬਰ ਬਾਦਸ਼ਾਹ ਵੀ ਇੱਧਰ (ਲਾਹੌਰ ਵੱਲ) ਆਇਆ ਹੋਇਆ ਸੀ, ਜਿਸ ਨੇ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ। ਸਾਰਾ ਮਾਝਾ, ਜੋ ਪਹਿਲਾਂ ਗੁੱਗੇ, ਸਖੀ ਸਰਵਰ, ਪੀਰਾਂ-ਫਕੀਰਾਂ, ਕਾਲਪਨਿਕ ਦੇਵਤਿਆਂ ਦਾ ਪੈਰੋਕਾਰ ਸੀ, ਹੁਣ ਗੁਰੂ ਕਾ ਮਾਝਾ ਬਣ ਗਿਆ ਸੀ।

2 ਨਵੰਬਰ 1598 ਨੂੰ ਅਕਬਰ ਦਿੱਲੀ ਤੋਂ ਦੁਬਾਰਾ ਪਿਸ਼ਾਵਰ ਵੱਲ ਜਾਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਕਰਨ ਲਈ ਦੂਜੀ ਵਾਰ ਗੋਇੰਦਵਾਲ ਆਇਆ (ਪਹਿਲੀ ਵਾਰ 1571 ’ਚ ਵੀ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਇੱਥੇ ਆਇਆ ਸੀ), ਜਿਸ ਦੇ ਨਾਲ਼ ਉਸ ਦਾ ਵਜ਼ੀਰ ਅਬੂ ਫ਼ਜ਼ਲ ਵੀ ਸੀ। ਅਹਿਲਕਾਰਾਂ ਨੇ ਬਾਦਸ਼ਾਹ ਦੇ ਬੈਠਣ ਤੁਰਨ ਲਈ ਗਲੀਚੇ ਵਿਛਾ ਦਿੱਤੇ, ਜੋ ਅਕਬਰ ਨੇ ਆਪਣੇ ਹੱਥੀਂ ਚੁੱਕਦਿਆਂ ਕਿਹਾ ਕਿ ਰੂਹਾਨੀਅਤ ਦਰਬਾਰ ਵਿੱਚ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ। ਬਾਦਸ਼ਾਹ ਨੇ ਆਮ ਸੰਗਤ ਨਾਲ਼ ਬੈਠ ਕੇ ਲੰਗਰ ਛਕਿਆ। ਜਾਣ ਲੱਗਿਆਂ ਗੁਰੂ ਕੇ ਲੰਗਰ ਲਈ ਕੁਝ ਜ਼ਮੀਨੀ ਪੱਟਾ ਦੇਣਾ ਚਾਹਿਆ ਪਰ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸੰਗਤਾਂ ਦੇ ਦਸਵੰਧ ਨਾਲ਼ ਚੱਲਣ ਨੂੰ ਹੀ ਸਹੀ ਦੱਸਿਆ। ਇਹੀ ਪ੍ਰਥਾ ਹੁਣ ਤੱਕ ਗੁਰੂ ਘਰਾਂ ਵਿੱਚ ਪ੍ਰਚਲਿਤ ਹੈ ਜਦਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਤਰਜ਼ ’ਤੇ ਬਣਾਏ ਗਏ ਦੁਰਗਿਆਣਾ ਮੰਦਿਰ ’ਚ ਲੰਗਰ ਸਮੇਤ ਹਰ ਸੁਵਿਧਾ ਸਰਕਾਰੀ ਗ੍ਰਾਂਟਾਂ ’ਤੇ ਨਿਰਭਰ ਰਹਿੰਦੀ ਹੈ, ਇਸ ਲਈ ਹਿੰਦੂਆਂ ਦਾ ਵੀ ਵਧੇਰੇ ਰੁਝਾਨ ਗੁਰੂ ਘਰ (ਦਰਬਾਰ ਸਾਹਿਬ) ਵੱਲ ਰਹਿੰਦਾ ਹੈ।  ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਤੋਂ ਇਹ ਐਲਾਨ ਜ਼ਰੂਰ ਕਰਵਾਇਆ ਕਿ ਸਿੱਖ; ਹਿੰਦੂ ਨਹੀਂ, ਇਨ੍ਹਾਂ ’ਤੇ ਜਜ਼ੀਆ (ਧਾਰਮਿਕ ਟੈਕਸ) ਨਹੀਂ ਲੱਗਣਾ ਚਾਹੀਦਾ। ਕੁਝ ਸਮੇਂ ਬਾਅਦ ਅਕਬਰ ਨੇ ਹਿੰਦੂਆਂ ’ਤੇ ਲਗਾਇਆ ਜਜ਼ੀਆ ਕਾਨੂੰਨ ਵੀ ਹਟਾ ਲਿਆ।

ਦੂਜੇ ਧਰਮ ਦੇ ਆਗੂਆਂ ਨਾਲ਼ ਵੀ ਗੁਰੂ ਸਾਹਿਬ ਦੇ ਚੰਗੇ ਸੰਬੰਧ ਬਣ ਗਏ ਸਨ।  ਸਾਈਂ ਮੀਆਂ ਮੀਰ ਜੀ (1550-11.8.1635), ਜੋ ਇਸਲਾਮ ਦੇ ਖ਼ਲੀਫ਼ੇ ਉਮਰ ਦੇ ਖ਼ਾਨਦਾਨ ਨਾਲ਼ ਸੰਬੰਧ ਰੱਖਦੇ ਸਨ ਤੇ ਉਨ੍ਹਾਂ ਦਾ ਪਿਛੋਕੜ ਸੀਸਤਾਨ (ਇਰਾਨ) ਦਾ ਸੀ, ਹੁਣ ਲਾਹੌਰ ਦੇ ਵਸਨੀਕ ਸਨ, ਨਾਲ਼ ਵੀ ਆਪ ਦੇ ਨਜਦੀਕੀ ਸੰਬੰਧ ਸਨ।  ਸਾਈਂ ਮੀਆਂ ਜੀ ਅਤੇ ਗੁਰੂ ਜੀ ਵਿਚਕਾਰ ਅਕਸਰ ਹੀ ਰੂਹਾਨੀ ਨੁਕਤਿਆਂ ’ਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ। ਬਾਦਸ਼ਾਹ ਅਕਬਰ;  ਸਾਈ ਮੀਆਂ ਮੀਰ ਜੀ ਤੋਂ ਬੜਾ ਪ੍ਰਭਾਵਤ ਸੀ।  ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਉਣ ’ਚ ਸਾਈਂ ਮੀਆਂ ਜੀ ਦਾ ਅਹਿਮ ਯੋਗਦਾਨ ਸੀ ਭਾਵੇਂ ਕਿ ਕੁਝ ਸਮੇਂ ਲਈ ਭਾਵ ਅਕਬਰ ਦੀ ਮੌਤ (16 ਅਕਤੂਬਰ 1605) ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਣ ਤੱਕ ਜਹਾਂਗੀਰ ਉੱਤੇ ਸ਼ੈਖ ਅਹਿਮਦ ਸਾਹਰਿੰਦੀ (ਸਹਰਿੰਦੀ) ਵਰਗੇ ਫਿਰਕੂ ਮੌਲਵੀਆਂ ਦਾ ਪ੍ਰਭਾਵ ਰਿਹਾ, ਇਸ ਦਾ ਇੱਕ ਕਾਰਨ ਜਹਾਂਗੀਰ ਦਾ ਰਾਜਸੀ ਹਿੱਤ ਵੀ ਸੀ, ਜਿਸ ਨੂੰ ਆਪਣੇ ਹੀ ਘਰੋਂ ਪੁੱਤਰ ਖੁਸਰੋ (ਨੇਕ ਇਨਸਾਨ) ਵੱਲੋਂ ਚੁਣੌਤੀ ਮਿਲੀ ਹੋਈ ਸੀ, ਇਸ ਲਈ ਜਹਾਂਗੀਰ ਨੂੰ ਵੀ ਫਿਰਕੂ ਮੌਲਵੀਆਂ ਦੀ ਮਦਦ ਦੀ ਲੋੜ ਸੀ, ਅਜਿਹੇ ਹਾਲਾਤਾਂ ’ਚ ਗੁਰੂ ਘਰ ਦੇ ਦੋਖੀ ਚੰਦੂ ਦੀ ਚੁਗ਼ਲੀ ਵੀ ਮਚਦੀ ’ਤੇ ਘੀ ਪਾਉਂਦੀ ਰਹੀ।

ਆਦਿ ਗ੍ਰੰਥ ਦੀ ਸੰਪਾਦਨਾ: ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ 5869 ਸ਼ਬਦ ਹਨ, ਜਿਨ੍ਹਾਂ ’ਚੋਂ 2312 ਸ਼ਬਦ ਕੇਵਲ ਗੁਰੂ ਅਰਜਨ ਸਾਹਿਬ ਜੀ ਦੇ ਹਨ ਅਤੇ ਨਾਵੇਂ ਪਾਤਿਸ਼ਾਹ ਜੀ ਦੁਆਰਾ ਰਚੇ 116 ਸ਼ਬਦ ਬਾਅਦ ’ਚ ਦਸਮੇਸ਼ ਪਿਤਾ ਜੀ ਨੇ (ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਿਖੇ) ਦਰਜ ਕਰਵਾਏ ਗਏ। ਸਮੁੱਚੀ ਗੁਰਬਾਣੀ ’ਚੋਂ ਬਾਕੀ ਰਹੀ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ, 11 ਭੱਟਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ ਦੇ ਸ਼ਬਦ ਸੰਗ੍ਰਹਿ (ਕੁੱਲ 5869-2312-116 =) 3441 ਸ਼ਬਦਾਂ ਦਾ ਬਾਰੀਕੀ ਨਾਲ਼ ਅਧਿਐਨ ਕਰਦਿਆਂ ਤੇ ਗੁਰਬਾਣੀ ਦਾ ਸੰਪਾਦਨ (ਖਰੜੇ ਦੀ ਸੁਧਾਈ ਤੇ ਤਰਤੀਬ ਦੇਣਾ) ਕਰਦਿਆਂ ਵੀ ਕੁਝ ਕੁ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣ ਕਾਰਨ ਵੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ’ਚ ਕੁਝ ਵਾਧਾ ਹੋਇਆ; ਜਿਵੇਂ ਕਿ

(1). ਬਾਬਾ ਫ਼ਰੀਦ ਜੀ ਅਤੇ ਭਗਤ ਕਬੀਰ ਜੀ ਦੇ ਕੁਝ ਸਲੋਕ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣਾ :

(ੳ). ਕਬੀਰ ! ਟਾਲੈ ਟੋਲੈ ਦਿਨੁ ਗਇਆ; ਬਿਆਜੁ ਬਢੰਤਉ ਜਾਇ ॥  ਨਾ ਹਰਿ ਭਜਿਓ, ਨ ਖਤੁ ਫਟਿਓ; ਕਾਲੁ ਪਹੂੰਚੋ ਆਇ ॥੨੦੮॥ (ਭਗਤ ਕਬੀਰ ਜੀ/ ਅੰਕ ੧੩੭੫)

ਕਬੀਰ !  ਕੂਕਰੁ ਭਉਕਨਾ; ਕਰੰਗ ਪਿਛੈ ਉਠਿ ਧਾਇ ॥ ਕਰਮੀ ਸਤਿਗੁਰੁ ਪਾਇਆ; ਜਿਨਿ ਹਉ ਲੀਆ ਛਡਾਇ ॥੨੦੯॥ (ਗੁਰੂ ਅਰਜਨ ਸਾਹਿਬ/ ਅੰਕ ੧੩੭੫)

ਕਬੀਰ ! ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥ ਧਰਤੀ ਭਾਰਿ ਨ ਬਿਆਪਈ; ਉਨ ਕਉ ਲਾਹੂ ਲਾਹਿ ॥੨੧੦॥ (ਗੁਰੂ ਅਰਜਨ ਸਾਹਿਬ/ ਅੰਕ ੧੩੭੫)

ਨੋਟ : ਕਬੀਰ ਜੀ ਨੇ ਉਕਤ 208ਵੇਂ ਸਲੋਕ ’ਚ ਸਮਝਾਇਆ ਗਿਆ ਕਿ ਬੰਦੇ ਨੇ ਨਾ ਹਰੀ ਨਾਮ ਜਪਿਆ, ਨਾ ਬੁਰੇ ਕੰਮ ਦਾ ਲੇਖਾ ਮਿਟਿਆ, ਸਗੋਂ ਵਿਆਜ ਹੋਰ ਵਧ ਗਿਆ ਕਿਉਂਕਿ ਬੰਦਾ ਨਾਮ ਜਪਣ ਵਾਲ਼ੇ ਪਾਸੇ ਮੁੜਨ ਤੋਂ ਸਦਾ ਟਾਲ-ਮਟੋਲ (ਲਾਰਾ-ਲੱਪਾ) ਕਰਦਾ ਰਿਹਾ। (ਭਗਤ ਕਬੀਰ ਜੀ/੨੦੮) ਭਾਵੇਂ ਕਿ ਇਹ ਵਿਸ਼ਾ ਅਧੂਰਾ ਨਹੀਂ ਕਿਹਾ ਜਾ ਸਕਦਾ, ਪਰ ਅੰਧੇ ਮਨੁੱਖ ਲਈ ਰੂਹਾਨੀਅਤ ਬੜਾ ਬਿਖੜਾ ਮਾਰਗ ਹੁੰਦਾ ਹੈ, ਇਸ ਲਈ ਗੁਰੂ ਜੀ ਨੇ ਦੁਨਿਆਵੀ ਮਿਸਾਲ ਨਾਲ਼ ਇਸ ਵਿਸ਼ੇ ਨੂੰ ਕੁਝ ਹੋਰ ਵਿਸਥਾਰ ਦੇਣਾ ਉਚਿਤ ਸਮਝਿਆ ਕਿ ਜਿਵੇਂ ਕੁੱਤਾ ਭੌਂਕਣ ਅਤੇ ਮੂਏ ਹੋਏ ਪਸ਼ੂ ਸਰੀਰ-ਪਿੰਜਰ ਵੱਲ ਜਾਣੋ ਨਹੀਂ ਹਟਦਾ ਭਾਵੇਂ ਕਿ ਉਸ ਨੂੰ ਪਤਾ ਹੈ ਕਿ ਇਸ ਨਾਲ ਮਾਸ ਨਹੀਂ, ਲਾਭ ਨਹੀਂ; ਇਉਂ ਮਨੁੱਖ ਵੀ ਅਰਥਹੀਣ ਮਾਯਾ ਵੱਲ ਹੀ ਦੌੜਦਾ ਰਹਿੰਦਾ ਹੈ।  ਨਸੀਬ ਨਾਲ਼ ਮੈਨੂੰ ਗੁਰੂ ਮਿਲ ਗਿਆ, ਜਿਸ ਨੇ ਇਹ ਪਾਣੀ ਰਿੜਕਣ ਵੱਲੋਂ ਮੋੜ ਲਿਆ (ਗੁਰੂ ਅਰਜਨ ਸਾਹਿਬ/209), ਧਰਤੀ; ਧਰਮਸ਼ਾਲ ਹੋਣ ਕਾਰਨ ਭਗਤਾਂ ਦੀ ਸੰਪਤੀ ਹੈ, ਪਰ ਭਾਗਹੀਣ ਅਭਗਤ ਮੱਲ ਬੈਠੇ ਹਨ ਭਾਵੇਂ ਕਿ ਧਰਮਸ਼ਾਲ (ਭਗਤਾਂ) ਨੂੰ ਕੋਈ ਨੁਕਸਾਨ ਨਹੀਂ, ਪਰ ਹੋ ਸਕਦਾ ਹੈ ਕਿ ਅਭਗਤ ਕੁਝ ਲਾਭ ਹੀ ਲੈ ਜਾਣ (ਗੁਰੂ ਅਰਜਨ ਸਾਹਿਬ/210)।

(ਅ).  ਫਰੀਦਾ ! ਮੈ ਜਾਨਿਆ ਦੁਖੁ ਮੁਝ; ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥੮੧॥ (ਭਗਤ ਫਰੀਦ ਜੀ/ ਅੰਕ ੧੩੮੨)

ਫਰੀਦਾ ! ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ (ਨੇ) ਨਿਵਾਜਿਆ; ਤਿੰਨ੍ਾ ਅੰਚ ਨ ਲਾਗ ॥੮੨॥ (ਗੁਰੂ ਅਰਜਨ ਸਾਹਿਬ/ ਅੰਕ ੧੩੮੨)

ਨੋਟ : ਬਾਬਾ ਫ਼ਰੀਦ ਜੀ ਦੇ ਇਸ 81ਵੇਂ ਸਲੋਕ ’ਚ ਵਚਨ ਹਨ ਕਿ ਸ਼ਾਇਦ ਮੈ ਸੋਚਿਆ ਦੁੱਖ ਕੇਵਲ ਮੈਨੂੰ ਹੀ ਹੈ ਪਰ ਇਨ੍ਹਾਂ ਤੋਂ ਥੋੜ੍ਹਾ ਉਤਾਂਹ ਉਠਦਿਆਂ ਪਤਾ ਲੱਗਾ ਕਿ ਸਾਰਾ ਸੰਸਾਰ ਹੀ ਦੁੱਖੀ ਹੈ (ਬਾਬਾ ਫ਼ਰੀਦ ਜੀ/81)।  ਗੁਰੂ ਅਰਜਨ ਸਾਹਿਬ ਜੀ ਇਸ ਵਿਸ਼ੇ ਨੂੰ ਥੋੜ੍ਹਾ ਹੋਰ ਵਿਸਤਾਰ ਦੇਣਾ ਚਾਹੁੰਦੇ ਹਨ ਕਿ ਧਰਤੀ ਤਾਂ ਸੋਹਣੀ (ਲਾਭਕਾਰੀ) ਸੀ ਪਰ ਇਸ ਵਿੱਚ ਇੱਕ ਜ਼ਹਿਰੀਲਾ (ਮਾਇਆਵੀ) ਬਾਗ਼ ਹੈ, ਪਰ ਜਿਸ ਬੰਦੇ ਨੂੰ (ਬਾਗ਼ ਦੇ ਮਾਲਕ) ਮਾਲੀ ਨੇ ਇਸ ਬਾਰੇ ਸਮਝਾ ਕੇ ਸੁਚੇਤ ਰੱਖਿਆ, ਉਨ੍ਹਾਂ ਨੂੰ (ਦੁੱਖਾਂ ਦਾ) ਸੇਕ ਨਹੀਂ ਲੱਗਦਾ (ਗੁਰੂ ਅਰਜਨ ਸਾਹਿਬ/82)।

(ੲ). ਫਰੀਦਾ ! ਪਿਛਲ ਰਾਤਿ ਨ ਜਾਗਿਓਹਿ; ਜੀਵਦੜੋ ਮੁਇਓਹਿ ॥ ਜੇ ਤੈ (ਨੇ) ਰਬੁ ਵਿਸਾਰਿਆ; ਤ ਰਬਿ (ਨੇ) ਨ ਵਿਸਰਿਓਹਿ ॥੧੦੭॥ (ਭਗਤ ਫਰੀਦ ਜੀ/ ਅੰਕ ੧੩੮੩)

ਫਰੀਦਾ ! ਦਿਲੁ ਰਤਾ ਇਸੁ ਦੁਨੀ ਸਿਉ; ਦੁਨੀ ਨ ਕਿਤੈ ਕੰਮਿ (’ਚ)॥ ਮਿਸਲ ਫਕੀਰਾਂ ਗਾਖੜੀ;  ਸੁ ਪਾਈਐ ਪੂਰ ਕਰੰਮਿ (ਭਾਵ ਭਾਗ ਨਾਲ਼)॥੧੧੧॥ (ਗੁਰੂ ਅਰਜਨ ਸਾਹਿਬ/ ਅੰਕ ੧੩੮੪)

ਨੋਟ : ਬਾਬਾ ਫ਼ਰੀਦ ਜੀ ਦੇ ਇਸ 107ਵੇਂ ਸਲੋਕ ’ਚ ਵਚਨ ਹਨ ਕਿ ਜਿਹੜਾ ਰਾਤ ਦੇ ਪਿੱਛਲੇ ਪਹਿਰ ਭਾਵ ਅੰਮ੍ਰਿਤ ਵੇਲ਼ੇ ਨਾ ਜਾਗਿਆ, ਸਮਝੋ ਉਹ ਜਿਊਂਦਿਆਂ ਹੀ ਮਰਿਆ ਹੋਇਆ ਹੈ। ਜੇ ਅਜਿਹੇ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਰੱਬ ਨੇ ਵੀ ਉਸ ਨੂੰ ਭੁਲਾ ਦਿੱਤਾ ਭਾਵ ਰੱਬ ਫਿਰ ਵੀ ਉਸ ਨੂੰ ਸੰਭਾਲ਼ਦਾ ਰਹਿੰਦਾ ਹੈ (ਬਾਬਾ ਫ਼ਰੀਦ ਜੀ/107)।  ਗੁਰੂ ਅਰਜਨ ਸਾਹਿਬ ਜੀ ਇਸ ਵਿਸ਼ੇ ਨੂੰ ਥੋੜ੍ਹਾ ਹੋਰ ਵਿਸਤਾਰ ਦਿੰਦਿਆਂ ਸਮਝਾਉਂਦੇ ਹਨ ਕਿ ਰੱਬ ਨੂੰ ਭੁਲਾਉਣ ਦਾ ਕਾਰਨ ਹੈ ਕਿ ਇਸ ਦਾ ਮਨ ਉਨ੍ਹਾਂ ਦੁਨੀਆਵੀ ਕੰਮਾਂ ’ਚ ਮਸਤ ਹੈ, ਜੋ ਅੰਤ ਨਾਲ਼ ਨਹੀਂ ਜਾਂਦੇ।  ਸੰਸਾਰ ਦਾ ਤਿਆਗ ਕਰਨ ਵਾਲ਼ੀ ਫ਼ਕੀਰੀ ਕਮਾਉਣੀ ਮੁਸ਼ਕਲ ਹੈ, ਭਾਗਾਂ ਨਾਲ਼ ਮਿਲਦੀ ਹੈ (ਗੁਰੂ ਅਰਜਨ ਸਾਹਿਬ/111)।

(2). ਭਗਤ ਬਾਣੀ ’ਚ ਸੰਕੇਤਕ ਸੁਧਾਰ :

(ੳ).  ਭਗਤ ਸੂਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਤੁਕ ਹੈ, ਜਿਸ ਨਾਲ਼ ਲਿਖਾਰੀ ਦਾ ਨਾਮ ਵੀ ਸ਼ਾਮਲ ਨਹੀਂ; ਜਿਵੇਂ ਕਿ, ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ॥’’ ਗੁਰੂ ਅਰਜਨ ਸਾਹਿਬ ਜੀ ਨੇ ਇਸ ਤੁਕ ਤੋਂ ਬਾਅਦ ਹੀ ਜਿੱਥੇ ਆਪਣੇ ਸ਼ਬਦ ਦੇ ਸਿਰਲੇਖ ਵਿੱਚ ਭਗਤ ਸੂਰਦਾਸ ਜੀ ਦਾ ਨਾਮ ਪਾਇਆ, ਓਥੇ ਸ਼ਬਦ ਦੀ ਸਮਾਪਤੀ ’ਚ ਅੰਕ ॥੧॥੮॥ ਭਾਵ ਆਪਣਾ ਸ਼ਬਦ ੧ ਅਤੇ ਭਗਤ ਸ਼ਬਦਾਂ ਦੀ ਲੜੀ ਸੰਖਿਆ ੮ ਵੀ ਦੇ ਕੇ ਸਪਸ਼ਟ ਕੀਤਾ ਕਿ ਇਸ ਤੋਂ ਪਹਿਲਾਂ (ਉੱਪਰ) ਆਇਆ ਭਗਤ ਸੂਰਦਾਸ ਜੀ ਦਾ ਸ਼ਬਦ ਭਗਤਾਂ ਦੀ ਸ਼ਬਦ ਸੰਖਿਆ ਦਾ ਅੰਕ ੭ ਹੈ ਕਿਉਂਕਿ ਭਗਤ ਸੂਰਦਾਸ ਜੀ ਦੀ ਇਸ ਤੁਕ ਤੋਂ ਵੀ ਪਹਿਲਾਂ ਭਗਤ ਪਰਮਾਨੰਦ ਜੀ ਦੇ ਸ਼ਬਦ ਦੀ ਸਮਾਪਤੀ ’ਚ; ਸਾਰੰਗ ਰਾਗ ਦੇ ਭਗਤਾਂ ਦੇ ਕੁੱਲ ਸ਼ਬਦਾਂ ਦੀ ਸੰਖਿਆ ॥੧॥੬॥ ਮੌਜੂਦ ਹੈ, ‘‘ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿ ਗੁਰ ਪ੍ਰਸਾਦਿ ॥ ਹਰਿ ਕੇ ਸੰਗ; ਬਸੇ ਹਰਿ ਲੋਕ ॥ ਤਨੁ ਮਨੁ ਅਰਪਿ, ਸਰਬਸੁ ਸਭੁ ਅਰਪਿਓ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥ ਦਰਸਨੁ ਪੇਖਿ, ਭਏ ਨਿਰਬਿਖਈ; ਪਾਏ ਹੈ (ਹੈਂ) ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ; ਸੁੰਦਰ ਬਦਨ ਅਲੋਕ ॥੧॥  ਸਿਆਮ ਸੁੰਦਰ ਤਜਿ (ਕੇ), ਆਨ ਜੁ ਚਾਹਤ; ਜਿਉ ਕੁਸਟੀ ਤਨਿ ਜੋਕ ॥ ਸੂਰਦਾਸ !  ਮਨੁ ਪ੍ਰਭਿ (ਨੇ) ਹਥਿ (’ਚ) ਲੀਨੋ; ਦੀਨੋ ਇਹੁ ਪਰਲੋਕ ॥੨॥੧॥੮॥ (ਸਾਰੰਗ/ਗੁਰੂ ਅਰਜਨ ਸਾਹਿਬ/ਅੰਕ ੧੨੫੩)

(ਅ). ਭਗਤਾਂ ਦੇ ਨਿਜੀ ਜੀਵਨ ਨਾਲ਼ ਜੁੜੀਆਂ ਕੁਝ ਅਸਿਧਾਂਤਕ ਗੱਲਾਂ ਨੂੰ ਆਧਾਰ ਬਣਾ ਕੇ ਭਗਤਾਂ ਦੀ ਕਥਨੀ ਤੇ ਕਰਨੀ ਨੂੰ ਗੁਰਮਤਿ ਵਿਰੋਧੀ ਦਰਸਾਉਣ ਦੀਆਂ ਕੋਝੀਆਂ ਚਾਲਾਂ ਨੂੰ ਸਦੀਵੀ ਖ਼ਤਮ ਕਰਨ ਲਈ ਗੁਰੂ ਸਾਹਿਬ ਨੇ ਭਗਤਾਂ ਦੁਆਰਾ ਕੀਤੀ ਗਈ ਗੁਰੂ ਸੰਗਤ ਅਤੇ ਰੱਬੀ ਪ੍ਰੇਮਾ ਭਗਤੀ ਨੂੰ ਆਪਣੇ ਸ਼ਬਦ ਰਾਹੀਂ ਇਉਂ ਪ੍ਰਗਟ ਕੀਤਾ, ‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ (’ਚ) ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ॥੪॥’’ (ਆਸਾ/ ਗੁਰੂ ਅਰਜਨ ਸਾਹਿਬ/ ਅੰਕ ੪੮੮)

(3). ਗੁਰੂ ਰਾਮਦਾਸ ਜੀ ਦੁਆਰਾ ਰਚਿਤ ‘ਗਉੜੀ ਕੀ ਵਾਰ’, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 300 ਤੋਂ 318 ਤੱਕ ਦਰਜ ਹੈ, ਉਸ ਦੀਆਂ ਪਹਿਲਾਂ ਕੁੱਲ 28 ਪਉੜੀਆਂ ਸਨ, ਪਰ ਪਉੜੀ ਨੰਬਰ 26 ਦਾ ਇਹ ਵਿਸ਼ ‘‘ਪਉੜੀ ॥ ਜਿਨ ਕੇ ਚਿਤ ਕਠੋਰ ਹਹਿ; ਸੇ ਬਹਹਿ ਨ ਸਤਿਗੁਰ ਪਾਸਿ ॥ ਓਥੈ ਸਚੁ ਵਰਤਦਾ; ਕੂੜਿਆਰਾ ਚਿਤ ਉਦਾਸਿ ॥ ਓਇ ਵਲੁ ਛਲੁ ਕਰਿ ਝਤਿ ਕਢਦੇ; ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥ ਵਿਚਿ ਸਚੇ, ਕੂੜੁ ਨ ਗਡਈ; ਮਨਿ ਵੇਖਹੁ ਕੋ ਨਿਰਜਾਸਿ ॥ ਕੂੜਿਆਰ, ਕੂੜਿਆਰੀ ਜਾਇ ਰਲੇ; ਸਚਿਆਰ ਸਿਖ, ਬੈਠੇ ਸਤਿਗੁਰ ਪਾਸਿ ॥੨੬॥’’ ਕੁਝ ਵਿਸਤਾਰ ਲਈ ਗੁਰੂ ਅਰਜਨ ਸਾਹਿਬ ਜੀ ਨੇ ਚੁਣਿਆ, ਜਿਨ੍ਹਾਂ ਆਪਣੇ ਵੱਲੋਂ ਪੰਜ ਪਉੜੀਆਂ 27, 28, 29, 30, ਤੇ 31 ਰਚ ਕੇ ਵਾਧਾ ਕੀਤਾ ਤੇ ਕੁਝ ਪਉੜੀ ਸਿਰਲੇਖ ਵੀ ਬਦਲਿਆ ਗਿਆ :

ਪਉੜੀ ੫ ॥.. ॥੨੭॥ (ਅੰਗ  ੩੧੫)

ਪਉੜੀ ੫ ॥.. ॥੨੮॥ (ਅੰਗ  ੩੧੫)

ਪਉੜੀ ੫ ॥.. ॥੨੯॥ (ਅੰਗ  ੩੧੫)

ਪਉੜੀ ਮ: ੫ ॥.. ॥੩੦॥ (ਅੰਗ  ੩੧੬)

ਪਉੜੀ ਮ: ੫ ॥..॥੩੧॥ (ਅੰਗ  ੩੧੭)

੨੮ ਪਉੜੀਆਂ ਵਾਲ਼ੀ ਇਸ ‘ਗਉੜੀ ਦੀ ਵਾਰ’ ’ਚ ਉਕਤ ਪੰਜ ਹੋਰ ਪਉੜੀਆਂ ਸ਼ਾਮਲ ਹੋਣ ਨਾਲ਼ ਗੁਰੂ ਰਾਮਦਾਸ ਜੀ ਦੀ ਪਉੜੀ ਸੰਖਿਆ ੨੭ਵੀਂ ਹੁਣ ੩੨ਵੀਂ ਹੋ ਗਈ ਤੇ ੨੮ਵੀਂ ਹੁਣ ਅੰਤਮ ੩੩ਵੀਂ ਹੋ ਗਈ।  ਗੁਰੂ ਅਰਜਨ ਸਾਹਿਬ ਜੀ ਦੁਆਰਾ ੨੬ਵੀਂ ਪਉੜੀ ’ਚ ਕੀਤਾ ਗਿਆ ਵਿਸਤਾਰ; ਉਕਤ ੨੬ਵੀਂ ਪਉੜੀ ਨਾਲ਼ ਜੋੜ ਕੇ ਗੁਰੂ ਅਰਜਨ ਸਾਹਿਬ ਦੀਆਂ ਹੇਠਲੀਆਂ 5 ਪਉੜੀਆਂ ਵਾਚਣ ਨਾਲ਼ ਵਿਸ਼ਾ ਵਧੇਰੇ ਸਪਸ਼ਟ ਹੋਏਗਾ :

ਪਉੜੀ ੫ ॥ ਲੈ ਫਾਹੇ ਰਾਤੀ ਤੁਰਹਿ; ਪ੍ਰਭੁ ਜਾਣੈ ਪ੍ਰਾਣੀ ! ॥ ਤਕਹਿ ਨਾਰਿ ਪਰਾਈਆ; ਲੁਕਿ ਅੰਦਰਿ ਠਾਣੀ ॥

ਸੰਨ੍ੀ ਦੇਨਿ੍ ਵਿਖੰਮ ਥਾਇ; ਮਿਠਾ ਮਦੁ ਮਾਣੀ ॥ ਕਰਮੀ ਆਪੋ ਆਪਣੀ; ਆਪੇ ਪਛੁਤਾਣੀ ॥ ਅਜਰਾਈਲੁ ਫਰੇਸਤਾ; ਤਿਲ ਪੀੜੇ ਘਾਣੀ ॥੨੭॥

ਪਉੜੀ ੫ ॥ ਨਾਰਾਇਣਿ ਲਇਆ ਨਾਠੂੰਗੜਾ; ਪੈਰ ਕਿਥੈ ਰਖੈ ?॥ ਕਰਦਾ ਪਾਪ ਅਮਿਤਿਆ; ਨਿਤ ਵਿਸੋ ਚਖੈ ॥

ਨਿੰਦਾ ਕਰਦਾ ਪਚਿ ਮੁਆ; ਵਿਚਿ ਦੇਹੀ ਭਖੈ ॥ ਸਚੈ ਸਾਹਿਬਿ (ਨੇ) ਮਾਰਿਆ; ਕਉਣੁ ਤਿਸ ਨੋ ਰਖੈ ?॥ ਨਾਨਕ ! ਤਿਸੁ ਸਰਣਾਗਤੀ; ਜੋ ਪੁਰਖੁ ਅਲਖੈ ॥੨੮॥

ਪਉੜੀ ੫ ॥ ਤੁਸਿ ਦਿਤਾ ਪੂਰੈ ਸਤਿਗੁਰੂ; ਹਰਿ ਧਨੁ ਸਚੁ ਅਖੁਟੁ ॥ ਸਭਿ ਅੰਦੇਸੇ ਮਿਟਿ ਗਏ; ਜਮ ਕਾ ਭਉ ਛੁਟੁ ॥

ਕਾਮ ਕ੍ਰੋਧ ਬੁਰਿਆਈਆਂ; ਸੰਗਿ ਸਾਧੂ ਤੁਟੁ ॥ ਵਿਣੁ ਸਚੇ, ਦੂਜਾ ਸੇਵਦੇ; ਹੁਇ ਮਰਸਨਿ ਬੁਟੁ ॥ ਨਾਨਕ ਕਉ ਗੁਰਿ (ਨੇ) ਬਖਸਿਆ; ਨਾਮੈ ਸੰਗਿ ਜੁਟੁ ॥੨੯॥

ਪਉੜੀ ਮ: ੫ ॥ ਭਗਤ ਜਨਾਂ ਕਾ ਰਾਖਾ, ਹਰਿ ਆਪਿ ਹੈ; ਕਿਆ ਪਾਪੀ ਕਰੀਐ ?॥ ਗੁਮਾਨੁ ਕਰਹਿ ਮੂੜ ਗੁਮਾਨੀਆ; ਵਿਸੁ ਖਾਧੀ ਮਰੀਐ ॥

ਆਇ ਲਗੇ ਨੀ ਦਿਹ ਥੋੜੜੇ; ਜਿਉ ਪਕਾ ਖੇਤੁ, ਲੁਣੀਐ ॥ ਜੇਹੇ ਕਰਮ ਕਮਾਵਦੇ; ਤੇਵੇਹੋ ਭਣੀਐ ॥ ਜਨ ਨਾਨਕ ਕਾ ਖਸਮੁ ਵਡਾ ਹੈ; ਸਭਨਾ ਦਾ ਧਣੀਐ ॥੩੦॥

ਪਉੜੀ ਮ: ੫ ॥ ਨਾਨਕ ! ਵੀਚਾਰਹਿ ਸੰਤ ਮੁਨਿ ਜਨਾਂ; ਚਾਰਿ ਵੇਦ ਕਹੰਦੇ ॥ ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥

ਪਰਗਟ ਪਾਹਾਰੈ ਜਾਪਦੇ; ਸਭਿ ਲੋਕ ਸੁਣੰਦੇ ॥ ਸੁਖੁ ਨ ਪਾਇਨਿ ਮੁਗਧ ਨਰ; ਸੰਤ ਨਾਲਿ ਖਹੰਦੇ ॥

ਓਇ ਲੋਚਨਿ ਓਨਾ ਗੁਣਾ ਨੋ; ਓਇ ਅਹੰਕਾਰਿ (’ਚ) ਸੜੰਦੇ ॥ ਓਇ ਵੇਚਾਰੇ ਕਿਆ ਕਰਹਿ ? ਜਾਂ ਭਾਗ ਧੁਰਿ ਮੰਦੇ ॥

ਜੋ ਮਾਰੇ ਤਿਨਿ ਪਾਰਬ੍ਰਹਮਿ (ਨੇ); ਸੇ ਕਿਸੈ ਨ ਸੰਦੇ (ਭਾਵ ਉਹ ਕਿਸੇ ਦੇ ਨਹੀਂ) ॥ ਵੈਰੁ ਕਰਨਿ ਨਿਰਵੈਰ ਨਾਲਿ; ਧਰਮਿ ਨਿਆਇ ਪਚੰਦੇ ॥

ਜੋ ਜੋ ਸੰਤਿ (ਨੇ) ਸਰਾਪਿਆ; ਸੇ ਫਿਰਹਿ ਭਵੰਦੇ ॥ ਪੇਡੁ ਮੁੰਢਾਹੂ ਕਟਿਆ; ਤਿਸੁ ਡਾਲ ਸੁਕੰਦੇ ॥੩੧॥

ਹੁਣ ਅਗਾਂਹ ੩੨ਵੀਂ ਪਉੜੀ ਨੂੰ ਵੀ ਇੱਕ ਵਾਰ ਇਸ ੩੧ਵੀਂ ਪਉੜੀ ਨਾਲ਼ ਅਤੇ ਇੱਕ ਵਾਰ ਉਕਤ ੨੬ਵੀਂ ਪਉੜੀ ਨਾਲ਼ ਮਿਲਾ ਕੇ ਵਾਚਣਾ ਵੀ ਜ਼ਰੂਰੀ ਹੈ, ‘‘ਜੇਵੇਹੇ ਕਰਮ ਕਮਾਵਦਾ; ਤੇਵੇਹੇ ਫਲਤੇ ॥ ਚਬੇ ਤਤਾ ਲੋਹ ਸਾਰੁ (ਭਾਵ ਸਖ਼ਤ ਤੇ ਗਰਮ ਲੋਹਾ); ਵਿਚਿ ਸੰਘੈ ਪਲਤੇ (ਭਾਵ ਚੁੰਭਦੇ)॥ ਘਤਿ (ਪਾ ਕੇ) ਗਲਾਵਾਂ ਚਾਲਿਆ; ਤਿਨਿ ਦੂਤਿ ਅਮਲ ਤੇ ॥ ਕਾਈ (ਭਾਵ ਕੋਈ ਵੀ) ਆਸ ਨ ਪੁੰਨੀਆ (ਪੂਰੀ ਹੋਈ); ਨਿਤ ਪਰ ਮਲੁ ਹਿਰਤੇ ॥ ਕੀਆ ਨ ਜਾਣੈ ਅਕਿਰਤਘਣ; ਵਿਚਿ ਜੋਨੀ ਫਿਰਤੇ ॥ ਸਭੇ ਧਿਰਾਂ ਨਿਖੁਟੀਅਸੁ; ਹਿਰਿ ਲਈਅਸੁ ਧਰ ਤੇ (ਧਰਤੀ ਤੋਂ)॥ ਵਿਝਣ (ਮੁੱਕਣ) ਕਲਹ ਨ ਦੇਵਦਾ; ਤਾਂ ਲਇਆ ਕਰਤੇ ॥ ਜੋ ਜੋ ਕਰਤੇ ਅਹੰਮੇਉ; ਝੜਿ ਧਰਤੀ ਪੜਤੇ ॥੩੨॥’’ (ਗੁਰੂ ਰਾਮਦਾਸ ਜੀ/ ਅੰਗ ੩੧੭)

(4). ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਆਸਾ ਕੀ ਵਾਰ’ ਦੀਆਂ 24 ਪਉੜੀਆਂ ਦੇ ਆਪਣੇ-ਆਪਣੇ ਵਿਸ਼ੇ ਅਨੁਕੂਲ ਹਰ ਪਉੜੀ ਨਾਲ਼ 2 ਤੋਂ 5 ਤੱਕ ਸਲੋਕ ਸ਼ਾਮਲ ਕਰ ਕੇ ਸਿਰਲੇਖ ਵਜੋਂ ਲਿਖਿਆ, ‘‘ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’’ ਭਾਵ ਇਹ ਲਿਖਤ ਨਿਯਮ ਗੁਰੂ ਨਾਨਕ ਜੀ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ; ਇਸ ਤੋਂ ਸੇਧ ਲੈ ਕੇ ਬਾਕੀ ਉਚਾਰਨ ਕੀਤੀਆਂ ਸਲੋਕਾਂ ਰਹਿਤ ਕੁਝ ਵਾਰਾਂ ਦੀਆਂ ਸਾਰੀਆਂ ਪਉੜੀਆਂ ਦੇ ਆਪਣੇ-ਆਪਣੇ ਵਿਸ਼ੇ ਅਨੁਕੂਲ ਹੀ ਗੁਰੂ ਅਰਜਨ ਸਾਹਿਬ ਜੀ ਨੇ ਸਲੋਕ ਦਰਜ ਕੀਤੇ ਅਤੇ ਲੋੜ ਅਨੁਸਾਰ ਆਪ ਵੀ ਕੁਝ ਹੋਰ ਸਲੋਕ ਉਚਾਰ ਕੇ ਵਾਰ ਤਰਤੀਬ ਨੂੰ ਮੁਕੰਮਲਤਾ ਬਖ਼ਸ਼ੀ ਅਤੇ ਬਾਕੀ ਬਚੇ ਸਾਰੇ ਹੀ ਸਲੋਕ; ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1410 ’ਤੇ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਦਰਜ ਕਰ ਦਿੱਤੇ ਗਏ।

(5). ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1389 ਤੋਂ 1409 ਤੱਕ 11 ਭੱਟ ਸਾਹਿਬਾਨ ਵੱਲੋਂ 123 ਸ਼ਬਦ ਪਹਿਲੇ ਪੰਜ ਗੁਰ ਨਾਨਕ ਜੋਤਿ ਦੀ ਮਹਿਮਾ ਵਜੋਂ ਉਚਾਰੇ ਹੋਏ ਹਨ ਭਾਵੇਂ ਕਿ ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ’ਚ ਗੁਰੂ ਪਦ ‘‘ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥’’ (ਮ: ੫/ਅੰਗ ੩੮੭) ਦੀ ਮਹਿਮਾ ਤਾਂ ਕੀਤੀ ਹੈ ਪਰ ਭੱਟ ਸਾਹਿਬਾਨ ਵਾਙ ਵਿਅਕਤੀ ਵਿਸ਼ੇਸ਼ (ਗੁਰੂ ਨਾਨਕ ਜੋਤਿ) ਵਜੋਂ ਆਪਣੀ ਨਹੀਂ, ਇਸ ਲਈ ਮਤਾਂ ਕੋਈ ਇਸ ਵਿਸ਼ੇ ’ਤੇ ਸੰਦੇਹ ਪ੍ਰਗਟ ਕਰੇ, ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਆਪ ਵੀ 20 (11+9) ਸਵਯੇ ਉਚਾਰ ਕੇ ਭੱਟ ਬਾਣੀ ਦੇ ਅਗੇਤਰ ਅੰਕ 1385 ਤੋਂ 1389 ਤੱਕ ਦਰਜ ਕਰ ਦਿੱਤੇ (ਨੋਟ: ਭੱਟ ਸਾਹਿਬਾਨ ਤੋਂ ਇਲਾਵਾ ਬਾਣੀ ’ਚ ਸਵਯੇ ਕੇਵਲ ਗੁਰੂ ਅਰਜਨ ਸਾਹਿਬ ਦੁਆਰਾ ਹੀ ਰਚੇ ਗਏ ਹਨ)।

ਭੱਟ ਬਾਣੀ ਦੇ ਅਰੰਭ ’ਚ ਕਲਸਹਾਰ ਜੀ ਦੇ ਵਚਨ ਹਨ, ‘‘ਇਕ ਮਨਿ; ਪੁਰਖੁ ਧਿਆਇ ਬਰਦਾਤਾ ॥ ਸੰਤ ਸਹਾਰੁ ਸਦਾ ਬਿਖਿਆਤਾ ॥ ਤਾਸੁ (ਉਸ ਦੇ) ਚਰਨ ਲੇ; ਰਿਦੈ ਬਸਾਵਉ ॥ ਤਉ ਪਰਮ ਗੁਰੂ ਨਾਨਕ (ਦੇ) ਗੁਨ ਗਾਵਉ ॥੧॥’’ (ਸਵਈਏ ਮਹਲੇ ਪਹਿਲੇ ਕੇ/ਭਟ ਕਲੵ /੧੩੮੯), ਇਸ ਛੋਟੇ ਜਿਹੇ ਸ਼ਬਦ ਦੀ ਸਮਾਪਤੀ ਵਿਅਕਤੀ ਵਿਸ਼ੇਸ਼ (ਗੁਰੂ ਨਾਨਕ ਜੋਤਿ) ਨਾਲ਼ ਹੋਣ ਕਾਰਨ ਅਰੰਭਕ ਤੁਕ ‘‘ਇਕ ਮਨਿ; ਪੁਰਖੁ ਧਿਆਇ ਬਰਦਾਤਾ ॥’’ ’ਚ ਸੰਖੇਪ ਮਾਤਰ ਹੀ ਅਕਾਲ ਪੁਰਖ ਦਾ ਜ਼ਿਕਰ ਆਇਆ ਹੈ, ਇਸ ਲਈ ਗੁਰੂ ਜੀ ਨੇ ਰੱਬ ਦੀ ਵਿਆਖਿਆ ਨੂੰ ਥੋੜ੍ਹਾ ਹੋਰ ਵਿਸਤਾਰ ਦੇਣਾ ਉਚਿਤ ਸਮਝਿਆ ਭਾਵੇਂ ਕਿ ਭੱਟ ਜੀ ਵਾਙ ‘ਪੁਰਖ’ ਸ਼ਬਦ ਦੀ ਵਰਤੋਂ ਨਾਲ਼ ਸ਼ਬਦ ਸ਼ੁਰੂ ਅਤੇ ਭੱਟ ਜੀ ਵਾਙ ਹੀ ‘ਨਾਨਕ ਜੋਤਿ’ ਮਹਿਮਾ ਨਾਲ਼ ਸ਼ਬਦ ਦੀ ਸਮਾਪਤੀ ਕੀਤਾ, ‘‘ਆਦਿ ਪੁਰਖ ਕਰਤਾਰ; ਕਰਣ ਕਾਰਣ ਸਭ ਆਪੇ ॥ ਸਰਬ ਰਹਿਓ ਭਰਪੂਰਿ; ਸਗਲ ਘਟ ਰਹਿਓ ਬਿਆਪੇ ॥ ਬੵਾਪਤੁ ਦੇਖੀਐ ਜਗਤਿ (’ਚ), ਜਾਨੈ ਕਉਨੁ ਤੇਰੀ ਗਤਿ? ਸਰਬ ਕੀ ਰਖੵਾ ਕਰੈ, ਆਪੇ ਹਰਿ ਪਤਿ ॥ ਅਬਿਨਾਸੀ ਅਬਿਗਤ; ਆਪੇ ਆਪਿ ਉਤਪਤਿ ॥ ਏਕੈ ਤੂਹੀ ਏਕੈ; ਅਨ ਨਾਹੀ, ਤੁਮ ਭਤਿ ॥ ਹਰਿ ਅੰਤੁ ਨਾਹੀ ਪਾਰਾਵਾਰੁ; ਕਉਨੁ ਹੈ ? ਕਰੈ ਬੀਚਾਰੁ; ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥ ਜਨੁ ਨਾਨਕੁ ਭਗਤੁ ਦਰਿ, ਤੁਲਿ ਬ੍ਰਹਮ ਸਮਸਰਿ; ਏਕ ਜੀਹ, ਕਿਆ ਬਖਾਨੈ ?॥  ਹਾਂ ਕਿ ਬਲਿ ਬਲਿ, ਬਲਿ ਬਲਿ; ਸਦ ਬਲਿਹਾਰਿ ॥੧॥ (ਸਵਈਏ ਸ੍ਰੀ ਮੁਖਬਾਕੵ , ਗੁਰੂ ਅਰਜਨ ਸਾਹਿਬ ਜੀ/ ਅੰਗ ੧੩੮੫)

ਸੋ ਸੰਸਾਰ ’ਚ ਅਖੌਤੀ ਦੇਹਧਾਰੀ ਗੁਰੂ ਵੀ ਪ੍ਰਗਟ ਹੁੰਦੇ ਆਏ ਹੈਂ, ਜਿਨ੍ਹਾਂ ਤੋਂ ਸੁਚੇਤ ਰਹਿਣ ਲਈ ਆਪਣੇ ਅੰਤਮ 20ਵੇਂ ਸਵੱਈਏ ’ਚ ਵਚਨ ਕੀਤੇ, ‘‘ਉਦਮੁ ਕਰਿ ਲਾਗੇ ਬਹੁ ਭਾਤੀ; ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥ ਭਸਮ ਲਗਾਇ ਤੀਰਥ ਬਹੁ ਭ੍ਰਮਤੇ; ਸੂਖਮ ਦੇਹ ਬੰਧਹਿ ਬਹੁ ਜਟੂਆ ॥ ਬਿਨੁ ਹਰਿ ਭਜਨ, ਸਗਲ ਦੁਖ ਪਾਵਤ; ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ (ਭਾਵ ਤਾਰਾਂ-ਪਖੰਡ ਦੇ ਜਾਲ) ॥ ਪੂਜਾ ਚਕ੍ਰ ਕਰਤ ਸੋਮਪਾਕਾ; ਅਨਿਕ ਭਾਂਤਿ ਥਾਟਹਿ (ਕਰਦੇ ਹਨ), ਕਰਿ ਥਟੂਆ (ਭਾਵ ਕਈ ਭੇਖ) ॥੨॥੧੧॥੨੦॥ (ਸਵਈਏ ਸ੍ਰੀ ਮੁਖਬਾਕੵ, ਗੁਰੂ ਅਰਜਨ ਸਾਹਿਬ ਜੀ/ਅੰਗ ੧੩੮੯), ਇਸ ਸ਼ਬਦ ਉਪਰੰਤ 11 ਭੱਟਾਂ ਦੀ ਬਾਣੀ ਰਾਹੀਂ ‘ਪੰਜ ਗੁਰੂ ਨਾਨਕ ਜੋਤਿ’ ਮਹਿਮਾ ਸ਼ੁਰੂ ਹੁੰਦੀ ਹੈ।

ਭੱਟ ਬਾਣੀ ਦੇ 123 ਸ਼ਬਦਾਂ ਦੀ ਸਮਾਪਤੀ ਅੰਕ 1409 ’ਤੇ ਹੁੰਦੀ ਹੈ, ਜਿੱਥੇ ਗੁਰੂ ਜੀ ਨੇ ਆਪਣੇ 20 (11+9) ਸਵਯੇ ਵੀ ਨਾਲ਼ ਹੀ ਜੋੜ ਕੇ ਅੰਕ ਸੰਖਿਆ 143 ਇਕੱਠਾ ਹੀ ਨਹੀਂ ਕੀਤੀ ਬਲਕਿ ਸਭ ਦਾ ਸਾਂਝਾ ਵਿਸ਼ਾ (ਵਿਅਕਤੀ ਵਿਸ਼ੇਸ਼ ਨਾਨਕ ਜੋਤਿ ਮਹਿਮਾ) ਵੀ ਸਿੱਧ ਕਰ ਦਿੱਤਾ, ‘‘ਕਾਟੇ ਸੁ ਪਾਪ ਤਿਨ੍ ਨਰਹੁ ਕੇ; ਗੁਰੁ ਰਾਮਦਾਸੁ ਜਿਨ੍ ਪਾਇਯਉ॥ ਛਤ੍ਰੁ ਸਿੰਘਾਸਨੁ ਪਿਰਥਮੀ; ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/ਅੰਗ ੧੪੦੯)

ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਗੁਰਬਾਣੀ ਸੰਗ੍ਰਹਿ ਨੂੰ ਇੱਕ ਜਿਲਦ ’ਚ ਲਿਆਉਣ ਲੱਗਿਆਂ ਉਸ ਦੀ ਸ਼ਬਦ ਤਰਤੀਬ, ਵਿਸ਼ਾ ਤਰਤੀਬ, ਰਾਗ ਤਰਤੀਬ, ਮੂਲ ਮੰਤਰ ਤਰਤੀਬ, ਅੰਕ ਸੰਖਿਆ ਕ੍ਰਮ, ਆਦਿ ਪੱਖ ਵਾਚਨੇ ਬੜੀ ਵੱਡੀ ਅਤੇ ਮਹੱਤਵ ਪੂਰਨ ਜ਼ਿੰਮੇਵਾਰੀ ਹੁੰਦੀ ਹੈ।  ਸੰਨ 1601 ’ਚ ਜਦ ਰਾਮਸਰ ਸਰੋਵਰ ਤਿਆਰ ਕੀਤਾ ਗਿਆ ਤਾਂ ਉਸ ਦੇ ਕਿਨਾਰੇ ਹੀ ਇੱਕ ਨਿਵੇਕਲਾ ਕਮਰਾ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਵੀ ਬਣਾਇਆ ਗਿਆ। ਇਹ ਮਹਾਨ ਕਾਰਜ ਭਾਈ ਗੁਰਦਾਸ ਜੀ ਦੀ ਮਦਦ ਨਾਲ਼ ਸੰਪੂਰਨ ਕੀਤਾ ਤੇ ਇਸ ਦੇ ਅੰਤ ਵਿੱਚ ਮੁੰਦਵਣੀ (ਮੋਹਰ) ਵੀ ਲਾਈ ਗਈ ਤਾਂ ਜੋ ਕਦੀਂ ਕੱਚੀ ਬਾਣੀ ਜੋੜਨ ਦੀ ਗੁਜਾਇਸ਼ ਨਾ ਬਚੇ।  ਇਸੇ ਮੁੰਦਾਵਣੀ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ (116 ਸ਼ਬਦ) ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੇ ਤਾਂ ਜੋ ਮੁੰਦਾਵਣੀ ਅੰਤ ’ਚ ਹੀ ਰਹੇ। ਇਹ ਕਾਰਜ 31 ਜੁਲਾਈ 1604 ਤੱਕ ਮੁਕੰਮਲ ਹੋ ਗਿਆ।  16 ਅਗਸਤ 1604 ਨੂੰ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ ਗਿਆ ਤੇ ਪਹਿਲਾ ਪਾਠ ਕਰਨ ਦਾ ਮਾਣ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ।  ਗੁਰੂ ਗ੍ਰੰਥ ਸਾਹਿਬ ਦੀ ਦਾ ਅਰੰਭਕ ਨਾਂ ‘ਆਦਿ ਗ੍ਰੰਥ’ ਰੱਖਿਆ ਗਿਆ।

ਗੁਰੂ ਸਾਹਿਬ ਜੀ ਦੀ ਸ਼ਹੀਦੀ : ਗੁਰੂ ਜੀ ਨੇ ਸੰਨ 1581 ’ਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ਼ੀ।  25 ਸਾਲ ਦੇ ਆਪਣੇ ਦੁਨਿਆਵੀ ਸਫਰ  ਦੌਰਾਨ 4 ਨਵੇਂ ਨਗਰ ਵਸਾਏ, ਕਈ ਬਾਉਲੀਆਂ ਤੇ ਖੂਹ ਲਵਾਏ, ਕਈ ਸਮਾਜਕ ਸੇਵਾ ਦੇ ਪ੍ਰਾਜੈਕਟ (ਕੋੜੀ ਆਸ਼ਰਮ, ਦਵਾਖ਼ਾਨੇ, ਕਾਲ ਪੈ ਜਾਣ ’ਤੇ ਜਗ੍ਹਾ-ਜਗ੍ਹਾ ਲੰਗਰ ਲਗਾਉਣਾ ਆਦਿ) ਨੇਪਰੇ ਚਾੜ੍ਹੇ, ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਵੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ, ਕਰਮਕਾਂਡੀਆਂ ਤੇ ਪਾਖੰਡੀਆਂ ਦੇ ਪ੍ਰਭਾਵ ਤੋਂ ਮੁਕਤ ਕਰ ਆਮ ਹਿੰਦੂ ਤੇ ਮੁਸਲਮਾਨਾਂ ਨੂੰ ਸ਼ਬਦ ਗੁਰੂ ਦੇ ਲੜ ਲਗਾ ਕੇ ਇੱਕ ਅਕਾਲ ਪੁਰਖ ਉੱਤੇ ਭਰੋਸਾ ਕਰਨਾ ਸਿਖਾਇਆ ਤਾਂ ਜੋ ਮਾਨਵਤਾ ਦੇ ਭਲੇ ਲਈ, ਸਮਾਜਕ ਸੇਵਾ ਵਿੱਚ ਸਾਰੇ ਹੀ ਇੱਕ ਦੂਸਰੇ ਦਾ ਸਾਥ ਦੇਣ ਅਤੇ ਆਪਸੀ ਪਿਆਰ ਵਧੇ।  ਅਜਿਹੀ ਮਾਨਵ ਹਿਤਕਾਰੀ ਕ੍ਰਾਂਤੀ ਵੇਖ ਕੇ ਪ੍ਰਿਥੀਚੰਦ ਸਮੇਤ ਫ਼ਿਰਕੂ ਹਿੰਦੂ ਅਤੇ ਪੱਖਪਾਤੀ ਮੌਲਵੀਆਂ ਅੰਦਰ ਸੜਨ ਪੈਦਾ ਹੋਣਾ ਸੁਭਾਵਕ ਸੀ।  16 ਅਕਤੂਬਰ 1605 ਨੂੰ ਅਕਬਰ ਬਾਦਸ਼ਾਹ ਦੀ ਮੌਤ ਹੋ ਗਈ। ਜਹਾਂਗੀਰ ਦੇ ਰਾਜ ਵਿੱਚ ਅਕਬਰ ਦੀ ਸੁਲਹਕੁਲ ਪਾਲਿਸੀ ਛੱਡ ਕੇ ਗ਼ੈਰ ਮੁਸਲਮਾਨਾਂ ਨਾਲ਼ ਧੱਕਾ ਹੋਣ ਲੱਗਾ।  ਆਪਣੇ ਨਾਨਕੇ ਰਾਜਪੂਤਾਂ (ਜੋਧਪੁਰੀਆਂ) ਨੂੰ ਛੱਡ ਕੇ ਮੁੜ ਹਰ ਜਗ੍ਹਾ ਜਜ਼ੀਆ ਲਾ ਦਿੱਤਾ ਗਿਆ ਤੇ ਮੰਦਿਰ ਢਾਹੁਣੇ ਸ਼ੁਰੂ ਕਰ ਦਿੱਤੇ ਗਏ।

(ਨੋਟ : ਇਹ ਜੋਧਪੁਰੀਏ ਰਾਜਪੂਤ ਉਹੀ ਸਨ, ਜਿਨ੍ਹਾਂ ਦੀ ਅਕਬਰ ਨਾਲ਼ ਵਿਆਹੀ ਧੀ ਨਾਲ਼ ਬੀਰਬਲ ਦਹੇਜ ਵਜੋਂ ਆਇਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਘਰਸ਼ ਦੌਰਾਨ ਇਨ੍ਹਾਂ ਕੋਲ਼ ਆਪਸੀ ਸੁਲਹਾ ਲਈ ਭੇਜੇ ਸਿੱਖ-ਦੂਤਾਂ ਨੂੰ ਇਨ੍ਹਾਂ ਨੇ ਮਾਰ ਦਿੱਤਾ ਸੀ।)

ਜਹਾਂਗੀਰ ਦੀ ਜਗ੍ਹਾ ਮੁਗ਼ਲ ਹਾਕਮ ਆਪ ਬਣਨ ਲਈ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗ਼ਾਵਤ ਕਰ ਦਿੱਤੀ। ਜੀਵਦਿਆਂ ਅਕਬਰ ਵੀ ਚਾਹੁੰਦਾ ਸੀ ਕਿ ਉਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਪੋਤਰਾ ਖੁਸਰੋ ਹੀ ਤਖ਼ਤ ’ਚੇ ਬੈਠੇ ਕਿਉਂਕਿ ਜਹਾਂਗੀਰ ਅੱਯਾਸ਼ੀ ਸ਼ਹਿਜ਼ਾਦਾ ਸੀ, ਪਰ ਅਜਿਹਾ ਨਾ ਹੋ ਸਕਿਆ।  ਜਹਾਂਗੀਰ, ਬਾਗ਼ੀ ਖੁਸਰੋ ਨੂੰ ਕੈਦ ਕਰਨਾ ਚਾਹੁੰਦਾ ਸੀ। ਉਹ ਮਥਰਾ ਤੋਂ ਹਜ਼ਾਰਾਂ ਫ਼ੌਜਾਂ ਨਾਲ਼ ਲੈ ਕੇ ਲਾਹੌਰ ਵੱਲ ਨਿਕਲ ਪਿਆ।  ਗੋਇੰਦਵਾਲ ਕੋਲ਼ੋਂ ਬਿਆਸ ਦਰਿਆ ਪਾਰ ਕਰਦਿਆਂ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਮਿਲਿਆ ਹੋਵੇ। ਉਹ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਸਫਲਤਾ ਨਾ ਮਿਲੀ ਤੇ ਆਖ਼ਿਰ ਪਹਿਲੀ ਮਈ 1606 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜਹਾਂਗੀਰ ਵੀ ਲਾਹੌਰ ਆ ਗਿਆ। ਖੁਸਰੋ ਦੀ ਮਦਦ ਕਰਨ ਵਾਲ਼ਿਆਂ ਦੀ ਤਲਾਸ਼ ਸ਼ੁਰੂ ਹੋਈ। ਕਈਆਂ ਨੇ ਬਦਲਾਖ਼ੋਰੀ ’ਚ ਝੂਠੀਆਂ ਸ਼ਿਕਾਈਤਾਂ ਵੀ ਕੀਤੀਆਂ। ਇਨੀਂ ਦਿਨੀਂ ਕਲਾਨੌਰ ਦਾ ਇੱਕ ਖੱਤਰੀ ਚੰਦੂ ਵੀ ਮੁਗ਼ਲਾਂ ਦਾ ਜੀਅ ਹਜ਼ੂਰ ਸੀ, ਜਿਸ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ ਸੀ, ਪਰ ਉਸ ਦੀ ਅਹੰਕਾਰੀ ਬਿਰਤੀ ਵੇਖ ਸੰਗਤਾਂ ਦੇ ਕਹਿਣ ’ਤੇ ਇਹ ਰਿਸ਼ਤਾ ਮੋੜ ਦਿੱਤਾ ਸੀ।  ਚੰਦੂ ਨੇ ਇਸ ਈਰਖਾ ਕਾਰਨ ਗੁਰੂ ਸਾਹਿਬ ਜੀ ਵੱਲੋਂ ਖੁਸਰੋ ਨੂੰ ਅਸ਼ੀਰਵਾਦ ਦੇਣ ਬਾਰੇ ਝੂਠੀ ਚੁਗ਼ਲੀ ਜਹਾਂਗੀਰ ਪਾਸ ਕੀਤੀ। ਚੰਦੂ ਨੂੰ ਇਸ ਅਪਰਾਧ ਵਿੱਚੋਂ ਸੁਰਖ਼ਰੂ ਕਰਨ ਲਈ ਬਾਅਦ ’ਚ ਚੰਦੂ ਦੀ ਨੂੰਹ/ਧੀ ਦੇ ਨਾਂ ਹੇਠ ਇਹ ਕਹਾਣੀ ਘੜੀ ਗਈ ਕਿ ਜਦ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਸਿਰ ’ਤੇ ਰੇਤ ਪਾਈ ਜਾ ਰਹੀ ਸੀ ਤਾਂ ਚੰਦੂ ਦੀ ਧੀ ਨੇ ਠੰਡਾ ਪਾਣੀ ਪਿਲਾਇਆ, ਇਸ ਕਾਰਨ ਹੀ ਅੱਜ ਛਬੀਲਾਂ ਲਾਈਆਂ ਜਾਂਦੀਆਂ ਹਨ, ਪਰ ਇਹ ਨਿਰੋਲ ਝੂਠ ਹੈ ਕਿਉਂਕਿ ਤਸੀਹੇ ਦੇਣ ਵੇਲ਼ੇ ਕੋਲ ਖੜ੍ਹਾ ਚੰਦੂ ਇਸ ਹੁਕਮ ਦਾ ਵਿਰੋਧ ਵੀ ਕਰ ਸਕਦਾ ਸੀ।

ਪਹਿਲੀ ਮਈ 1606 ਨੂੰ ਲਾਹੌਰ ਵਿਖੇ ਹੋਈ ਖੁਸਰੋ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 26 ਅਪਰੈਲ 1606 ਨੂੰ ਜਹਾਂਗੀਰ ਗੋਇੰਦਵਾਲ ਤੋਂ ਬਿਆਸ ਦਰਿਆ ਪਾਰ ਕਰਕੇ ਰਾਤ ਵੇਲ਼ੇ ਝਬਾਲ ਦੀ ਸਰਾਂ ਵਿੱਚ ਰੁਕਿਆ ਸੀ। ਇਸ ਵੇਲੇ ਤੱਕ ਉਸ ਨੇ ਗੁਰੂ ਸਾਹਿਬ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੁਣੀ ਸੀ। ਹਾਲਾਂ ਕਿ ਉਹ ਖੁਸਰੋ ਦੀ ਜ਼ਰਾ-ਮਾਸਾ ਵੀ ਮਦਦ ਕਰਨ ਵਾਲ਼ੇ ਹਰ ਸ਼ਖ਼ਸ ਨੂੰ ਸਜ਼ਾ ਸੁਣਾ ਰਿਹਾ ਸੀ।  ਅਜਿਹਾ ਜਾਪਦਾ ਹੈ ਕਿ ਗੁਰੂ ਜੀ ਦੇ ਖ਼ਿਲਾਫ਼ ਜਹਾਂਗੀਰ ਦੇ ਕੰਨ ਪਹਿਲਾਂ ਹੀ ਲਾਹੌਰ ਵਿੱਚ ਇਕੱਠੇ ਹੋਏ ਬੈਠੇ ਫ਼ਿਰਕੂ ਮੌਲਵੀਆਂ ਤੇ ਕਰਮਕਾਂਡੀ ਬ੍ਰਾਹਮਣਾਂ ਨੇ ਭਰੇ ਸਨ, ਇਨ੍ਹਾਂ ਵਿੱਚ ਚੰਦੂ ਤੇ ਸ਼ੈਖ਼ ਅਹਿਮਦ ਸਾਹਰਿੰਦੀ ਪ੍ਰਮੁੱਖ ਸਨ।  22 ਮਈ ਨੂੰ ਲਾਹੌਰ ਤੋਂ ਜਹਾਂਗੀਰ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਸੁਣਾਇਆ।  ਗੁਰੂ ਸਾਹਿਬ ਨੂੰ ਇਸ ਦਾ ਪਤਾ ਅਗਲੇ ਹੀ ਦਿਨ ਲੱਗ ਗਿਆ।  ਗੁਰੂ ਜੀ ਨੇ 25 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਆਪ ਖ਼ੁਦ ਹੀ ਅਗਲੇ ਦਿਨ 26 ਮਈ ਨੂੰ ਲਾਹੌਰ ਪੁੱਜ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ-ਓ-ਸਿਆਸਤ ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ।  ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਦਾ, ਮੁਤਾਬਕ ਗੁਰੂ ਜੀ ਨੂੰ ਚਾਰ ਦਿਨ ਰਾਵੀ ਨਦੀ ਦੇ ਕੰਢੇ ‘ਤੱਤੀ ਤਵੀ ਵਾਂਗ’ ਤਪਦੀ ਹੋਈ ਰੇਤ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ। ਮਗਰੋਂ, ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਰਾਵੀ ਦਰਿਆ ਵਿੱਚ ਰੋੜ੍ਹ ਦਿੱਤਾ ਗਿਆ। (ਚੈਪਟਰ 5, ਬੰਦ 137-39), ਜਹਾਂਗੀਰ ‘ਤੁਜ਼ਕਿ-ਜਹਾਂਗੀਰ’ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਦਾ ਖੁਸਰੋ ਨਾਲ਼ ਮੇਲ਼ ਹੋਇਆ ਅਤੇ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਿਹਾ ਸੀ।  ਇਸ ਲਈ ਉਸ ਨੇ ਗੁਰੂ ਘਰ ਨੂੰ ਝੂਠ ਦੀ ਦੁਕਾਨ ਵੀ ਕਿਹਾ ਸੀ।

ਕ੍ਰਿਪਾ ਇਸ ਲੇਖ ਬਾਰੇ ਆਪਣਾ ਸੁਝਾਅ ਦਿਓ।